ਜਿਵੇਂ ਮੈਂ ਪਹਿਲਾਂ ਵੀ
ਜਿ਼ਕਰ ਕੀਤਾ ਸੀ ਕਿ ਬੇਸ਼ੱਕ ਮੇਰਾ ਪੜ੍ਹਨ ਦਾ ਬਹੁਤ ਸ਼ੌਕ ਸੀ ਪਰ ਸਰੀਰਕ ਅਤੇ ਆਰਥਿਕ
ਮਜਬੂਰੀਆਂ ਅੱਗੇ ਮੇਰੀ ਪੜ੍ਹਾਈ ਮੰਦੀ ਪੈਂਦੀ ਗਈ। ਦੂਸਰੇ ਪਾਸੇ ਹਰ ਮਾਪੇ ਵਾਂਗ ਮੇਰੇ
ਮਾਪਿਆਂ ਨੂੰ ਵੀ ਲੱਗਣ ਲੱਗ ਪਿਆ ਸੀ ਕਿ ਸ਼ਾਇਦ ਮੈਂ “ਹੱਥੋਂ ਨਿਕਲਦਾ” ਜਾ ਰਿਹਾ ਹਾਂ।
1981 ਵਿੱਚ ਮੇਰੇ ਮਾਮਿਆਂ ਨੇ ਸੋਚਿਆ ਕਿ ਮੇਰੇ ਨਾਨੇ ਨਾਨੀ ਨੂੰ ਕੈਨੇਡਾ ਵਿਖਾਇਆ ਜਾਵੇ
ਤਾਂ ਨਾਲ਼ ਹੀ ਮੈਨੂੰ ਵੀ ਲੰਘਾਉਣ ਦੀ ਸਲਾਹ ਬਣ ਗਈ। ਉਸ ਸਮੇਂ ਅਜੇ ਕੈਨੇਡਾ ਲਈ ਵੀਜ਼ਾ
ਜ਼ਰੂਰੀ ਨਹੀਂ ਸੀ ਹੋਇਆ ਅਤੇ ਨਾ ਹੀ ਪੰਜਾਬ ਦਾ ਕਾਲ਼ਾ ਦੌਰ ਅਜੇ ਭਖਿਆ ਸੀ। ਮੇਰਾ ਨਾਨਾ
ਤਾਂ ਇਹ ਕਹਿ ਕੇ ਜਾਣ ਤੋਂ ਜਵਾਬ ਦੇ ਗਿਆ ਕਿ, “ਨਾ ਜਹਾਜ਼ ਦੇ ਥੱਲੇ ਕੋਈ ਸੜਕ ਨਾ ਵਾਸਤਾ,
ਜੇ ਰਾਹ ‘ਚ ਖਰਾਬ ਹੋ ਗਿਆ ਤਾਂ ਖਲ੍ਹਾਰਨਾ ਕਿੱਥੇ ਹੈ?” ਪਰ ਮੈਂ ਤੇ ਮੇਰੀ ਨਾਨੀ 10-10
ਹਜ਼ਾਰ ਰੁਪਏ ਦੀਆਂ ਵਾਪਸੀ ਟਿਕਟਾਂ ਲੈ ਕੇ 11 ਸਤੰਬਰ 1981 ਨੂੰ ਕੈਨੇਡਾ ਲਈ ਰਵਾਨਾ ਹੋ
ਪਏ।
ਪਰਤਾਪ ਸਿੰਘ ਕੈਰੋਂ ਕਿਹਾ ਕਰਦਾ ਸੀ ਕਿ “ਜੱਟ ਤੇ ਸੁਹਾਗੇ ‘ਤੇ ਚੜ੍ਹਿਆ ਨਹੀਂ ਮਾਣ” ਪਰ
ਏਧਰ ਤੇ “ਜੱਟ ਦਾ ਪੁੱਤ” ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਸਿੱਧਾ ਜਹਾਜ਼ ਵਿੱਚ ਆਣ
ਬੈਠਾ ਸੀ...ਸਭ ਕੁਝ ਉਲਟ-ਪੁਲਟ ਜਿਹਾ ਤੇ ਜਾਪਣਾ ਹੀ ਸੀ...ਦਿੱਲੀ ਤੋਂ ਅਸੀਂ ਜਪਾਨੀ ਏਅਰ
ਲਾਈਨ “ਝੳ਼” ਵਿੱਚ ਬੈਠੇ ਤਾਂ ਮੇਰੇ ਨਾਲ਼ ਦੀ ਸੀਟ ‘ਤੇ ਲੰਡਨ (ਇੰਗਲੈਂਡ) ਤੱਕ ਜਾਣ ਵਾਲ਼ਾ
ਪੰਜਾਬੀ ਬੰਦਾ ਬੈਠਾ ਸੀ। ਉਸਦੀ ਮਦਦ ਨਾਲ਼ ਅਸੀਂ ਸੀਟ ਬੈਲਟਾਂ ਲਾਈਆਂ ਅਤੇ ਜਹਾਜ਼ ਸਫ਼ਰ ਲਈ
ਰਵਾਨਾ ਹੋ ਪਿਆ। ਜਹਾਜ਼ ਦੌੜਦਾ ਹੋਇਆ ਬਹੁਤ ਤੇਜ਼ ਹੋਇਆ, ਉਸਦਾ ਅਗਲਾ ਪਾਸਾ ਕਾਫ਼ੀ ਦੇਰ
ਉੱਤੇ ਰਿਹਾ ਤੇ ਫਿਰ ਝਟਕਾ ਜਿਹਾ ਖਾ ਕੇ ਜਹਾਜ਼ ਹਵਾ ਵਿੱਚ ਉੱਡਣ ਲੱਗ ਪਿਆ। ਹੁਣ ਮੈਂ ਸਾਰੀ
ਸਥਿਤੀ ਨੂੰ “ਸਮਝ” ਕੇ ਨਾਨੀ ਨੂੰ ਸਮਝਾ ਰਿਹਾ ਸਾਂ: “ਜਹਾਜ਼ ਪਹਿਲਾਂ ਭੱਜਦਾ ਹੈ ਅਤੇ ਫਿਰ
ਜਿਸ ਤਰ੍ਹਾਂ ਖਿਡਾਰੀ ਪੜੁੱਲ ‘ਤੇ ਚੜ੍ਹ ਕੇ ਉੱਚੀ ਛਾਲ਼ ਮਾਰਦਾ ਹੈ ਇਵੇਂ ਹੀ ਜਹਾਜ਼ ਵੀ
ਵੱਡਾ ਸਾਰਾ ਪੜੁੱਲ ਚੜ੍ਹਦਾ ਹੈ ਤੇ ਫਿਰ ਛਾਲ਼ ਮਾਰ ਕੇ ਪੰਛੀ ਵਾਂਗ ਉੱਡਣ ਲੱਗ ਪੈਂਦਾ ਹੈ।”
ਮੈਂ ਬਹੁਤ ਖੁਸ਼ ਸੀ ਕਿ ਇੰਡੀਆ ਦੀ ਮਿੱਟੀ ਘੱਟੇ ਅਤੇ ਦੁਸ਼ਵਾਰੀਆਂ ਭਰੀ ਜਿ਼ੰਦਗੀ ਪਿੱਛੇ
ਰਹਿੰਦੀ ਜਾ ਰਹੀ ਸੀ ਤੇ ਮੈਂ ਇੱਕ ਸਵ੍ਰਗੀ ਦੇਸ਼ ਵੱਲ ਉੱਡਿਆ ਜਾ ਰਿਹਾ ਸਾਂ: ਉਹ ਦੇਸ਼
ਜਿੱਥੇ ਲੋਕ ਪਾਣੀ ਨਹੀਂ “ਫਲੂਟਾਂ ਦਾ ਜੂਸ” ਪੀਂਦੇ ਹਨ…
ਜਹਾਜ਼ ਆਪਣੀ ਉਚਾਈ ‘ਤੇ ਪਹੁੰਚ ਗਿਆ ਤਾਂ ਏਅਰ ਹੌਸਟੈੱਸ ਖਾਣ-ਪੀਣ ਦੀ ਸਰਵਿਸ ਕਰਨ ਆ ਗਈ।
ਜਹਾਜ਼ ਦਾ ਮਾਹੌਲ ਵੇਖ ਕੇ ਮੇਰਾ ਵੀ ਦਿਲ ਕੀਤਾ ਕਿ ਕੈਨੇਡੀਅਨਾਂ ਦੇ ਮੂੰਹੋਂ ਬੀਅਰ ਦੀਆਂ
ਬਹੁਤ ਸਿਫ਼ਤਾਂ ਸੁਣੀਆਂ ਹਨ, ਕਿਉਂ ਨਾ ਬੀਅਰ ਹੀ ਪੀਤੀ ਜਾਵੇ? ਪਤਾ ਲੱਗਾ ਕਿ ਬੀਅਰ ਦਾ ਕੈਨ
ਪੰਜ ਡਾਲਰ ਦਾ ਆਵੇਗਾ। ਮੇਰੇ ਕੋਲ਼ 20 ਡਾਲਰ ਸਨ ਸੋ ਮੈਂ ਇੱਕ ਬੀਅਰ ਮੰਗ ਲਈ। ਏਅਰ
ਹੋਸਟੈੱਸ ਪੈਸੇ ਲੈ ਕੇ ਬੀਅਰ ਦਾ ਕੈਨ (ਕੋਕ ਦੇ ਕੈਨ ਵਰਗਾ) ਦੇ ਗਈ। (ਮੇਰੀ ਉਮਰ ਉਸ ਵੇਲ਼ੇ
ਸਿਰਫ 17 ਸਾਲ ਅਤੇ ਪੂਰੇ ਇੱਕ ਮਹੀਨੇ ਦੀ ਸੀ। ਮੈਂ ਅੱਜ ਸੋਚਕੇ ਹੈਰਾਨ ਹੁੰਦਾ ਹਾਂ ਕਿ
ਹੋਸਟੈੱਸ ਨੇ ਮੈਨੂੰ ਬੀਅਰ ਕਿਵੇਂ ਦੇ ਦਿੱਤੀ?) ਥੋੜੀ ਦੇਰ ਮੈਂ ਘੁੰਮਾ ਘੰਮੂ ਕੇ ਢੱਕਣ
ਦੀਆਂ ਚੂੜੀਆਂ ਖੋਲ੍ਹਦਾ ਰਿਹਾ ਪਰ ਜਦੋਂ ਪੇਸ਼ ਨਾ ਗਈ ਤਾਂ ਦੂਸਰੀ ਵਾਰ ਕੋਲ਼ ਆਈ ਹੌਸਟੈੱਸ
ਵੱਲ ਕੈਨ ਵਧਾਉਂਦਿਆਂ ਅੰਗ੍ਰੇਜ਼ੀ ਕੱਢ ਮਾਰੀ, “ਓਪਨ”। (‘ਪਲੀਜ਼’ ਸ਼ਬਦ ਅਜੇ ਉਦੋਂ ਸਾਡੀ
ਸ਼ਬਦਾਵਲੀ ਦਾ ਹਿੱਸਾ ਨਹੀਂ ਸੀ ਬਣਿਆ) ਜਪਾਨੀ ਹੌਸਟੈੱਸ ਝੱਟ ਬੋਲੀ, “ਓਨੀਅਨ?” ਆਪਣੇ
ਪਹਿਲੇ ਹੀ ਸ਼ਬਦ ਦੀ ਹੋਈ ਏਨੀ ਦੁਰਗਤ ਵੇਖ ਕੇ ਮੈਂ ਆਪਣੀ ਅੰਗ੍ਰੇਜ਼ੀ ਦੇ ਹੋਰ ਸ਼ਬਦ ਸ਼ਹੀਦ
ਨਾ ਕਰਵਾ ਸਕਿਆ। ਕੋਲ਼ ਬੈਠੇ ਪੰਜਾਬੀ ਨੇ ਮੇਰੀ ਕੈਫ਼ੀਅਤ ਨੂੰ ਭਾਂਪਦਿਆਂ ਹੋਇਆਂ ਮੈਨੂੰ
ਪਹਿਲਾ ਲੈਸਨ ਇਹੋ ਹੀ ਦਿੱਤਾ ਕਿ ਬੀਅਰ ਕਿਵੇਂ ਖੋਲ੍ਹਣੀ ਹੈ।
ਬੀਅਰ ਦੀ ਪਹਿਲੀ ਘੁੱਟ ਭਰਦਿਆਂ ਹੀ ਪਤਾ ਲੱਗ ਗਿਆ ਕਿ ਗ਼ਲਤ ਚੀਜ਼ ਨਾਲ਼ ਪੰਗਾ ਲੈ ਲਿਆ ਹੈ।
ਪਰ ਵੀਹਾਂ ‘ਚੋਂ ਉੱਡ ਗਏ ਪੰਜਾਂ ਡਾਲਰਾਂ ਦੇ ਖਰਚ ਨੇ ਮਜਬੂਰ ਕਰ ਦਿੱਤਾ ਕਿ ਏਨਾ ਨੁਕਸਾਨ
ਮੁਫ਼ਤ ਵਿੱਚ ਨਹੀਂ ਕਰਵਾਉਣਾ। ਮੈਂ ਔਖਾ-ਸੌਖਾ ਕੁਝ ਘੁੱਟਾਂ ਭਰ ਗਿਆ। ਪਤਾ ਨਹੀਂ ਬਹੁਤ ਘੱਟ
ਸ਼ਰਾਬ ਪੀਤੀ ਹੋਣ ਕਰਕੇ ਜਾਂ ਬੀਅਰ ਦਾ ਸਵਾਦ ਕਰਕੇ, ਥੋੜ੍ਹੀ ਬੀਅਰ ਪੀਣ ਤੋਂ ਬਾਅਦ ਹੀ
ਮੈਨੂੰ ਲੱਗਣ ਲੱਗ ਪਿਆ ਕਿ ਜੇ ਹੋਰ ਪੀਤੀ ਤਾਂ ਮੈਂ ਸ਼ਰਾਬੀ ਹੋ ਜਾਵਾਂਗਾ।
ਬੀਅਰ ਆਪਣਾ ਅਸਰ ਕਰਨ ਲੱਗ ਪਈ ਸੀ ਅਤੇ ਮੱਧਮ ਜਿਹੀ ਰੌਸ਼ਨੀ ਵਿੱਚ ਜਹਾਜ਼ ਦਾ ਅਜਨਬੀ ਮਾਹੌਲ
ਥੋੜ੍ਹਾ ਥੋੜ੍ਹਾ ਰੰਗੀਨ ਲੱਗਣ ਲੱਗ ਪਿਆ ਸੀ। ਏਅਰ ਹੌਸਟੈੱਸ ਨੇ ਜਦੋਂ ਗੇੜਾ ਮਾਰਿਆ ਤਾਂ
ਮੇਰੀ ਨਜ਼ਰ ਉਸਦੀਆਂ ਲੱਤਾਂ ਵੱਲ ਗਈ। ਉਨ੍ਹਾਂ ਨੇ ਸਕ੍ਰਟਾਂ ਪਾਈਆਂ ਹੋਈਆਂ ਸਨ। ਮੈਨੂੰ
ਆਪਣੇ ਪਿੰਡ ਕੋਲ਼ ਦੀ ਵੇਈਂ ‘ਚੋਂ ਲੰਘਦੀਆਂ ਜਨਾਨੀਆਂ ਦੇ ਨੰਗੇ ਗਿੱਟੇ ਵੇਖਦੇ ਹੋਏ ਪਿੰਡ
ਦੇ “ਸਿਆਣੇ” ਯਾਦ ਆ ਗਏ। ਕੋਲ਼ ਬੈਠੀ ਆਪਣੀ ਨਾਨੀ ਅਤੇ ਵਲੈਤੀਏ ਤੋਂ ਨਜ਼ਰਾਂ ਬਚਾਉਂਦਿਆਂ
ਮੈਂ ਟੇਢੀ ਅੱਖ ਨਾਲ਼ ਗੋਰੀ ਜਪਾਨਣ ਦੀਆਂ ਲੱਤਾਂ ਵੇਖਣ ਦੀ ਕੋਸਿ਼ਸ਼ ਕੀਤੀ ਤਾਂ ਇਕ ਦਮ
ਤ੍ਰਬਕ ਗਿਆ। ਇੱਕ ਵਾਰ ਫਿਰ ਵੇਖਿਆ; ਜੋ ਮੈਂ ਵੇਖ ਰਿਹਾ ਸੀ ਉਹ ਸੱਚ ਹੀ ਸੀ। ਦੁਸਰੀ
ਹੌਸਟੈੱਸ ਆਈ ਤਾਂ ਮੈਂ ਫਿਰ ਉਸਦੀਆਂ ਲੱਤਾਂ ਵੱਲ ਵੇਖਿਆ। ਏਥੇ ਵੀ ਉਹੋ ਹੀ ਹਾਲ ਸੀ। ਮੇਰਾ
ਹਉਕਾ ਜਿਹਾ ਨਿਕਲ ਗਿਆ: ਕਿੰਨੀ ਵਿਡੰਬਣਾ ਹੈ ਕਿ ਇੱਕ ਪਾਸੇ ਰੱਬ ਨੇ ਇਨ੍ਹਾਂ ਗੋਰੀਆਂ ਨੂੰ
ਕਿੰਨਾ ਹੁਸਨ ਦਿੱਤਾ ਸੀ ਤੇ ਦੂਸਰੇ ਪਾਸੇ ਇਨ੍ਹਾਂ ਨਾਲ਼ ਵੀ ਮੋਰ ਵਾਲ਼ੀ ਹੋਣੀ ਵਰਤਾ ਦਿੱਤੀ
ਸੀ: ਲੱਤਾਂ ਸ਼ਾਹ ਕਾਲ਼ੀਆਂ ਲਾ ਦਿੱਤੀਆਂ ਸਨ…
ਜਦੋਂ ਖਾਣਾ ਆਇਆ ਤਾਂ ਹੋਰ ਬਿਪਤਾ ਆਣ ਪਈ। ਅਸੀਂ ਤੇ ਇੱਕ ਚਿਮਚੇ ਨਾਲ਼ ਰੋਟੀ ਸਬਜ਼ੀ ਖਾਣ
ਵਾਲ਼ੇ ਸਿੱਧੇ ਸਾਦੇ ਪੇਂਡੂ ਲੋਕ ਤੇ ਏਧਰ ਤਿੰਨ ਚਾਰ ਤਰ੍ਹਾਂ ਦੇ “ਵੰਨ-ਸੁਵੰਨੇ” ਚਮਚਿਆਂ
ਨਾਲ਼ ਉਬਲ਼ੀਆਂ ਸਬਜ਼ੀਆਂ, ਕੁਝ ਮੀਟ ਅਤੇ ਫਿੱਕੇ ਜਿਹੇ ਚੌਲ਼ ਆ ਗਏ ਸਨ। ਛੁਰੀਆਂ ਕਾਂਟੇ
ਮੈਂ ਆਪਣੇ ਮਾਸਟਰ ਚਾਚਾ ਜੀ ਦੇ ਘਰ “ਸ਼ੋਅ-ਪੀਸ” ਵਿੱਚ ਪਏ ਤਾਂ ਵੇਖੇ ਸਨ ਪਰ ਅੱਜ ਪਹਿਲੀ
ਵਾਰ ਪਤਾ ਲੱਗ ਰਿਹਾ ਸੀ ਕਿ ਇਹ ਵਾਕਿਆ ਹੀ ਖਾਣ ਦੇ ਵੀ ਕੰਮ ਆਉਂਦੇ ਹਨ...ਮੈਂ ਜੁਗਤ ਵਰਤੀ
ਅਤੇ ਆਪਣੇ ਖਾਣੇ ਦੀ ਥਾਲ਼ੀ ਨੂੰ ਏਧਰ-ਉਧਰ ਕਰਦਿਆਂ ਟੇਢੀ ਅੱਖ ਨਾਲ਼ ਵਲੈਤੀਏ ਵੱਲ ਵੇਖਣ
ਲੱਗ ਪਿਆ ਕਿ ਉਹ ਇਹ ਛੁਰੀਆਂ ਕਾਂਟੇ ਕਿਵੇਂ ਵਰਤਦਾ ਹੈ। ਕੁਝ ਦੇਰ ਬਾਅਦ ਅਤੇ ਥੋੜ੍ਹੀ
ਕੋਸਿ਼ਸ਼ ਤੋਂ ਬਾਅਦ ਮੈਂ ਛੁਰੀ ਕਾਂਟੇ ਨੂੰ ਫੜ੍ਹਨ ਅਤੇ ਵਰਤਣ ਦਾ ਵੱਲ ਸਿੱਖ ਗਿਆ…
ਪੈਂਤੀ ਛੱਤੀ ਘੰਟੇ ਦਾ ਸਫ਼ਰ ਤੈਅ ਕਰਕੇ ਜਦੋਂ ਅਸੀਂ ਟਰਾਂਟੋ ਪਹੁੰਚੇ ਤਾਂ ਭੁੱਖ ਅਤੇ
ਥਕਾਵਟ ਨਾਲ਼ ਬੁਰਾ ਹਾਲ ਹੋਇਆ ਪਿਆ ਸੀ। ਜਹਾਜ਼ ਵਿੱਚ ਮਿਲੇ ਖਾਣੇ ਤੋਂ ਤਾਂ ਇਹ ਡਰ ਲੱਗਣ
ਲੱਗ ਪਿਆ ਸੀ ਕਿ ਜੇ ਕੈਨੇਡਾ ਵਿੱਚ ਵੀ ਰੋਟੀ ਸਬਜ਼ੀ ਨਾ ਮਿਲ਼ੀ ਤਾਂ ਕੀ ਬਣੇਗਾ? ਪਰ ਅਸੀਂ
ਤੇ “ਸੈਰ” ਕਰਨ ਆਏ ਹੋਣ ਕਰਕੇ ਅਜੇ ਸਿੱਧੇ ਏਅਰਪੋਰਟ ਤੋਂ ਬਾਹਰ ਜਾਣ ਦੇ ਹੱਕਦਾਰ ਵੀ ਨਹੀਂ
ਸੀ ਹੋਏ। ਸਾਨੂੰ ਇਮੀਗ੍ਰੇਸ਼ਨ ਵੱਲੋਂ ਰੋਕ ਲਿਆ ਗਿਆ। ਕਾਫ਼ੀ ਦੇਰ ਬਾਅਦ ਪਹਿਲਾਂ ਮੇਰੀ
ਨਾਨੀ ਦੀ ਇੰਟਰਵਿਊ ਲਈ ਗਈ ਅਤੇ ਫਿਰ ਮੇਰੀ। ਸਾਡੇ ਬਿਆਨ ਮਿਲ ਗਏ: ਨਾਨੀ ਕੈਨੇਡਾ ਘੁੰਮਣ ਆ
ਰਹੀ ਸੀ…ਮੈਂ ਨਾਨਕੇ ਰਹਿੰਦਾ ਹੋਣ ਕਰਕੇ ਨਾਨੀ ਦੇ ਬਹੁਤ ਨੇੜੇ ਸੀ ਅਤੇ ਚਾਹੁੰਦਾ ਸੀ ਕਿ
ਨਾਨੀ ਦੇ ਨਾਲ਼ ਹੀ ਕੈਨੇਡਾ ਵੀ ਘੁੰਮ ਕੇ ਆਵਾਂ। ਦੁਭਾਸ਼ੀਏ ਰਾਹੀਂ ਇਮੀਗ੍ਰੇਸ਼ਨ ਅਫ਼ਸਰ ਨੇ
ਪੁੱਛਿਆ, “ਜੇ ਤੈਨੂੰ ਪੱਕਾ ਕਰ ਦੇਈਏ ਤਾਂ ਕੀ ਤੂੰ ਕੈਨੇਡਾ ਰਹੇਂਗਾ ਜਾਂ ਫਿਰ ਵੀ ਵਾਪਸ
ਚਲੇ ਜਾਵੇਂਗਾ?” ਪਤਾ ਨਹੀਂ ਕਿਵੇਂ ਅਤੇ ਕਿਉਂ ਹੋਇਆ ਪਰ ਮੈਂ ਇੱਕ-ਟੁੱਕ ਜਵਾਬ ਦਿੱਤਾ,
“ਮੈਨੂੰ ਵਾਪਸ ਜਾਣਾ ਪੈਣਾ ਹੈ ਕਿਉਂਕਿ ਮੇਰੇ ਦੋਵੇਂ ਮਾਮੇਂ ਏਥੇ ਹਨ ਅਤੇ ਪਿੱਛੇ ਨਾਨਾ
ਇਕੱਲਾ ਖੇਤੀ ਕਰਦਾ ਹੈ ਜਿਸ ਕਰਕੇ ਉਸਨੂੰ ਮੇਰੀ ਮਦਦ ਦੀ ਲੋੜ ਹੈ।” ਇਮੀਗ੍ਰੇਸ਼ਨ ਅਫ਼ਸਰ ਨੇ
ਤਿੰਨ ਮਹੀਨੇ ਦਾ ਵੀਜ਼ਾ ਲਾਇਆ ਤੇ ਸਾਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਪਾਸਪੋਰਟ ਸਾਡੇ
ਹੱਥ ਫੜਾ ਦਿੱਤੇ।
12 ਸਤੰਬਰ 1981 ਦੀ ਦੁਪਹਿਰ, ਲਾਲਾ ਜਗਤ ਨਰਾਇਣ ਦੇ ਕ਼ਤਲ ਤੋਂ ਤਿੰਨ ਦਿਨ ਬਾਅਦ, ਪੰਜਾਬ
ਵਿੱਚ ਦਹਿਸ਼ਤਗਰਦੀ ਦੀ ਅੱਗ ਭਖਣ ਤੋਂ ਤਿੰਨ ਸਾਲ ਪਹਿਲਾਂ, ਅਤੇ ਕੈਨੇਡੀਅਨ ਸਰਕਾਰ ਵੱਲੋਂ
ਵੀਜ਼ਾ ਸਿਸਟਮ ਲਾਗੀ ਕੀਤੇ ਜਾਣ ਤੋਂ ਤਕਰੀਬਨ ਤਿੰਨ ਹਫ਼ਤੇ ਪਹਿਲਾਂ ਮੈਂ ਤੇ ਮੇਰੀ ਨਾਨੀ
ਕੈਨੇਡਾ ਦੀ ਧਰਤੀ ‘ਤੇ ਆਣ ਉੱਤਰੇ ਸੀ...ਮੇਰੀ ਕਦੀ ਖ਼ਤਮ ਨਾ ਹੋਣ ਵਾਲ਼ੀ ਕੈਨੇਡਾ ਦੀ ਸੈਰ
ਸ਼ੁਰੂ ਹੋ ਚੁੱਕੀ ਸੀ।
-0-
|