ਡਾ: ਜਸਵੰਤ ਸਿੰਘ ਨੇਕੀ, ਠੀਕ ਅਪਣੇ ਤਖੱਲਸ ਵਾਂਗ ਹੀ ਇੱਕ ਨੇਕ-ਨੀਅਤ ਤੇ
ਖੁਸ਼ਮਿਜ਼ਾਜ ਸ਼ਖ਼ਸੀਅਤ ਸਨ। 1925 ‘ਚ ਪੈਦਾ ਹੋਏ ਜਸਵੰਤ ਸਿੰਘ ਜੀ 90
ਸਾਲ ਦੀ ਉਮਰ ਭੋਗ ਕੇ 11 ਸਿਤੰਬਰ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਸ਼ਾਇਦ ਸਾਡੇ ‘ਚੋਂ ਬਹੁਤ ਜਣਿਆਂ ਨੂੰ ਪਤਾ ਨਾ ਹੋਵੇ ਕਿ ਜਸਵੰਤ ਸਿੰਘ
ਨੇਕੀ, ਸੁਰਜਨ ਸਿੰਘ ਜਿ਼ਰਵੀ ਜੀ ਦੀ ਧਰਮ ਪਤਨੀ, ਅੰਮ੍ਰਿਤ ਜੀ ਦੇ ਸਭ ਤੋਂ
ਵੱਡੇ ਭਰਾ ਸਨ।
ਉਹ ਸਿਰਫ਼ ਸਾਈਕਿਐਟਰਿਸਟ ਜਾਂ ਮਾਨਸਿਕ ਰੋਗਾਂ ਦੇ ਡਾਕਟਰ ਹੀ ਨਹੀਂ, ਇੱਕ
ਜਾਣੇ ਪਛਾਣੇ ਚਿੰਤਕ, ਸਾਹਿਤਕਾਰ ਅਤੇ ਕਵੀ ਵੀ ਸਨ। ਉਨ੍ਹਾਂ ਦੀ ਪਹਿਲੀ
ਕਵਿਤਾ ਬ੍ਰਜ ਭਾਸ਼ਾ ਵਿੱਚ ਲਿਖੀ ਹੋਈ 1937 ਵਿੱਚ ਖਾਲਸਾ ਸਮਾਚਾਰ ‘ਚ ਛਪੀ
ਸੀ ਜਦੋਂ ਉਹ ਸਿਰਫ਼ ਬਾਰਾਂ ਸਾਲ ਦੇ ਸਨ। ਲਾਹੌਰ ‘ਚ ਮੋਹਨ ਸਿੰਘ ਜੀ ਨੇ
ਵੀ ਇਨ੍ਹਾਂ ਦੀ ਇੱਕ ਕਵਿਤਾ ‘ਪੰਜ ਦਰਿਆ’ ਵਿੱਚ ਛਾਪੀ।
ਜਸਵੰਤ ਸਿੰਘ ਜੀ ਦਾ ਜਨਮ ਜੇਹਲਮ ਦੇ ਪਿੰਡ ਮੁਰੀਦ ‘ਚ ਹੋਇਆ। ਉਸ ਸਮੇਂ
ਜਿਵੇਂ ਰਲੇ ਮਿਲੇ ਹਿੰਦੂ-ਸਿੱਖ ਪਰਿਵਾਰ ਹੁੰਦੇ ਸਨ, ਇਹ ਸਭ ਤੋਂ ਵੱਡਾ
ਬੇਟਾ ਅਪਣੇ ਪਰਿਵਾਰ ‘ਚੋਂ ਪਹਿਲਾ ਸਿੱਖ ਬਣਿਆ। ਬਚਪਨ ਕੁਏਟਾ ਵਿੱਚ
ਗੁਜ਼ਰਿਆ। ਜਸਵੰਤ ਨੇ ਪੂਰੇ ਬਲੋਚਿਸਤਾਨ ‘ਚੋਂ ਮੈਟਰਿਕ ਵਿੱਚ ਨੰਬਰਾਂ ਦਾ
ਨਵਾਂ ਰਿਕਾਰਡ ਕਾਇਮ ਕੀਤਾ। ਕਿਸੇ ਅੰਗ੍ਰੇਜ਼ ਡਾਕਟਰ ਨੇ ਉਨ੍ਹਾਂ ਦੇ
ਬਜ਼ੁਰਗਾਂ ਨੂੰ ਸਲਾਹ ਦਿੱਤੀ ਕਿ ਇਹਨੂੰ ਡਾਕਟਰ ਬਣਾਓ ਤੇ ਉਹ ਇਸੇ ਪਾਸੇ
ਵੱਲ ਹੋ ਤੁਰਿਆ। ਉਨ੍ਹਾਂ ਦੇ ਅਪਣੇ ਲਫ਼ਜ਼ਾਂ ਵਿੱਚ “ਦੋ ਬੁੱਢਿਆਂ ਨੇ
ਮੇਰੇ ਭਵਿੱਖ ਦਾ ਫੈਸਲਾ ਲਿਖ ਦਿੱਤਾ”। ਜਸਵੰਤ ਨੇ ਸਕੌਲਰਸਿ਼ਪ ਜਿੱਤ ਕੇ
ਪਹਿਲਾਂ ਐਡਵਰਡ ਮੈਡੀਕਲ ਕਾਲਜ ਲਾਹੌਰ ਪੜ੍ਹੇ ਤੇ ਵੰਡ ਤੋਂ ਬਾਅਦ ਵਿੱਚ
ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਮੈਡੀਕਲ ਡਿਗਰੀ ਲਈ।
ਨੌਜਵਾਨ ਜਸਵੰਤ ਜਦੋਂ ਅੰਿਮ੍ਰਤਸਰ ਆਇਆ, ਨਾ ਘਰ-ਘਾਟ ਸੀ ਤੇ ਨਾ ਕੋਈ ਪੈਸਾ
ਧੇਲਾ। ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਕੀ, ਪਰ ਪ੍ਰਮਾਤਮਾ ਦੀ ਮਿਹਰ
ਨਾਲ ਇੱਕ ਬੰਦੇ ਨੇ ਖੁੱਲ੍ਹਦਿਲੀ ਦਿਖਾਈ ਤੇ ਉਸ ਨੂੰ ਰਹਿਣ ਲਈ ਕਮਰਾ ਦੇ
ਦਿੱਤਾ ਤੇ ਕਿਹਾ, “ਜਦੋਂ ਕੋਲ ਹੋਏ ਦੇ ਦੇਈਂ”। ਫੇਰ ਉਸ ਨੌਜਵਾਨ ਨੂੰ ਇੱਕ
ਕੈਂਟੀਨ ਵਾਲਾ ਮਿਲਿਆ ਜਿਸ ਨੇ ਲਾਹੌਰ ਤੋਂ ਅੰਮ੍ਰਿਤਸਰ ਆ ਕੇ ਦੁਕਾਨ ਚਲਾਈ
ਸੀ। ਉਹ ਇਸ ਨੌਜਵਾਨ ਨੂੰ ਮੁਫ਼ਤ ਖਾਣਾ ਦਿੰਦਾ ਰਿਹਾ।
ਮੈਡੀਕਲ ਡਿਗਰੀ ਤੋਂ ਬਾਅਦ ਹਾਊਸ ਜੌਬ ਲਈ ਪੇਸ਼ਕਸ਼ ਤਾਂ ਆਈ ਪਰ ਇਨ੍ਹਾਂ
ਨੇ ਕਲਿਨਿਕ ਖੋਲ੍ਹਣ ਲਈ ਦੁਕਾਨ ਕਿਰਾਏ ‘ਤੇ ਲਈ। ਅਗਲੇ ਹੀ ਦਿਨ ਐਨੀ
ਬਾਰਿਸ਼ ਕਿ ਮਹੱਲੇ ਵਿੱਚ ਦੁਕਾਨ ਦਾ ਬਹੁਤ ਨੁਕਸਾਨ ਹੋਇਆ। ਉਨ੍ਹਾਂ ਦੇ
ਪਿਤਾ ਜੀ ਅਤੇ ਮਾਤਾ ਜੀ ਪਹਿਲਾਂ ਹੀ ਗੁਜ਼ਰ ਚੁੱਕੇ ਸਨ ਤੇ ਹੁਣ, ਚੰਗੇ
ਵੱਡੇ ਪਰਿਵਾਰ ਨੂੰ ਸੰਭਾਲਣ ਦਾ ਭਾਰ ਜਸਵੰਤ ‘ਤੇ ਪੈ ਗਿਆ। ਜਿਸ ਲਈ
ਮਨ੍ਹਾਂ ਕਰ ਦਿੱਤਾ ਸੀ, ਮੁੜ ਓਹੀ ਹਾਊਸ ਜੌਬ ਲੈ ਕੇ ਹਸਪਤਾਲ ‘ਚ
ਐਕੇਡੈਮਿਕਸ ਨਾਲ ਜਾ ਜੁੜੇ।
ਉਹ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਲੁਧਿਆਣੇ ‘ਚ ਡਾਕਟਰ ਰਹੇ। ਉਨ੍ਹਾਂ
ਸਾਈਕੌਲੋਜੀ ਦੀ ਐਮ.ਏ. ਤੇ ਬਾਅਦ ‘ਚ ਇਨਸਟੀਚਿਊਟ ਔਫ਼ ਮੈਂਟਲ ਹੈਲਥ,
ਬੈਂਗਲੌਰ ਅਤੇ ਮੈਸੂਰ ਯੂਨੀਵਰਸਿਟੀ ਤੋਂ ਡੀ ਪੀ ਐਮ ਦੀ ਡਿਗਰੀ ਲਈ ਅਤੇ
ਸਾਈਅਕਐਟਰਿਸਟ ਬਣੇ।
1978 ਤੋਂ 1981 ਤੱਕ ਪੀ ਜੀ ਆਈ ਚੰਡੀਗੜ੍ਹ ਦੇ ਡਾਇਰੈਕਟਰ ਰਹੇ ਅਤੇ ਆਲ
ਇੰਡੀਆ ਇੰਸਟੀਚਿਊਟ ਔਫ਼ ਮੈਡੀਕਲ ਸਾਇੰਸਜ਼ ਦਿੱਲੀ ਵਿੱਚ ਹੈੱਡ ਔਫ਼
ਡਿਪਾਰਟਮੈਂਟ ਵੀ ਰਹੇ। ਉਹ ਪਬਲਿਕ ਹੈਲਥ ਦੀਆਂ ਪਾਲਸੀਆਂ ਬਣਾਉਣ ਵਾਲੇ
ਐਕਸਪਰਟ ਵੀ ਬਣੇ। ਉਹਨਾਂ ਨੂੰ ਵਰਲਡ ਹੈਲਥ ਔਰਗਨਾਈਜ਼ੇਸ਼ਨ ਵੱਲੋਂੇ
ਸਲਾਹਕਾਰ ਦੇ ਤੌਰ ‘ਤੇ ਚਾਰ ਸਾਲ ਲਈ ਅਫ਼ਰੀਕਾ ਭੇਜਿਆ ਗਿਆ।
ਉਨ੍ਹਾਂ ਨੂੰ ਬਚਪਨ ਤੋਂ ਹੀ ਸਿੱਖ ਧਰਮ ਬਾਰੇ ਜਾਣਨ ਦੀ ਇੱਛਾ ਸੀ। ਉਹ ਨੌਂ
ਸਾਲ ਦੇ ਸਨ ਜਦੋਂ ਭਾਈ ਕਾਹਨ ਸਿੰਘ ਦੇ ਅਕਾਲ ਚਲਾਣੇ ਵਕਤ ਉਨ੍ਹਾਂ ਦੇ
ਦਾਦਾ ਜੀ ਕਹਿਣ ਲੱਗੇ, ‘ਅੱਜ ਅਸੀਂ ਗਰੀਬ ਹੋ ਗਏ ਹਾਂ”। ਉਦੋਂ ਤੋਂ ਹੀ
ਉਹਨਾਂ ਨੂੰ ਭਾਈ ਕਾਹਨ ਸਿੰਘ ਬਾਰੇ ਹੋਰ ਜਾਣਨ ਦੀ ਇੱਛਾ ਹੋ ਗਈ ਸੀ। ਜਦੋਂ
ਲਾਹੌਰ ਵਿੱਚ ਰਹੇ ਤਾਂ ਅਨਾਰਕਲੀ ਬਾਜ਼ਾਰ ਵਿੱਚ ਸਿੱਖ ਬਰੱਦਰਜ਼ ਤੋਂ ਭਾਈ
ਕਾਹਨ ਸਿੰਘ ਦੀ 600 ਸਫ਼ੇ ਦੀ ਕਿਤਾਬ ਖਰੀਦ ਕੇ ਪੜ੍ਹੀ ਤੇ ਉਨ੍ਹਾਂ ਦੀ
ਸੋਚ ਅਤੇ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ।
ਸਿੱਖੀ ਬਾਰੇ ਉਨ੍ਹਾਂ ਨੇ ਇੰਗਲਿਸ਼ ਅਤੇ ਪੰਜਾਬੀ, ਦੋਹਾਂ ‘ਚ ਬਹੁਤ ਕੁਝ
ਲਿਖਿਆ ਜਿਵੇਂ ਅਰਦਾਸ ਬਾਰੇ “ਦਰਸ਼ਨ, ਰੂਪ ਤੇ ਅਭਿਆਸ” ਨਾਂ ਦੀ ਕਿਤਾਬ;
“ਸਦਾ ਵਿਗਾਸ” ਵਿੱਚ ਗੁਰਬਾਣੀ ਦੀ ਵਿਆਖਿਆ; ਗੁਰਮਤਿ ਬਾਰੇ ਮਾਨਸਿਕ
ਨਜ਼ਰੀਏ ਵਾਲੀ ਕਿਤਾਬ “ਅਚੇਤਨ ਦੀ ਲੀਲ੍ਹਾ”; ਨਿੱਤਨੇਮ ਦਾ ਇੰਗਲਿਸ਼ ‘ਚ
ਅਨੁਵਾਦ; ਗੁਰੂ ਅੰਗਦ ਦੇਵ ਜੀ ਬਾਰੇ ਕਿਤਾਬ “ਫਰੋਪਹੲਟ ੋਾ ਧੲਵੋਟੋਿਨ”;
ਇੱਕ ਕੌਫ਼ੀ ਟੇਬਲ ਸਫ਼ਰਨਾਮਾ “ਫਲਿਗਰਮਿਅਗੲ ਟੋ ੍ਹੲਮਕੁਨਟ”।
ਡਾ: ਨੇਕੀ ਨੇ ਇੱਕ ਕਿਤਾਬ “ਵਿਸ਼ਵ ਅਰਦਾਸ” ਦੀ ਸੰਪਾਦਕ ਅਤੇ ਅਨੁਵਾਦਕ ਦੇ
ਤੌਰ ‘ਤੇ ਛਪਵਾਈ ਜਿਸ ਵਿੱਚ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚੋਂ ਧਰਮਾਂ
ਵੱਲੋਂ, ਕਬੀਲਿਆਂ ‘ਚੋਂ ਤੇ ਸਾਹਿਤਕਾਰਾਂ ਦੀ ਸਮੇਂ ਸਮੇਂ ਕੀਤੀ ਅਰਦਾਸ
ਜਿਵੇਂ ਉਪਨਿਸ਼ਦ ਵਿੱਚੋਂ, ਸ਼ੇਕਸਪੀਅਰ, ਮਦਰ ਟੈਰੀਸਾ, ਕਬੀਰ ਜੀ, ਬਾਬਾ
ਫ਼ਰੀਦ, ਬੁੱਲ੍ਹੇ ਸ਼ਾਹ ਤੇ ਹੋਰ ਬਹੁਤ ਸਾਰਿਆਂ ਦੀ ਅਰਦਾਸ ਦਾ ਅਨੁਵਾਦ
ਜਾਂ ਫਿਰ ਉਵੇਂ ਹੀ ਪੰਜਾਬੀ ਵਿੱਚ ਸ਼ਾਮਿਲ ਕੀਤੀਆਂ ਕਿਉਂਕਿ ਇਹਨਾਂ ਵਿੱਚ
ਅਧਿਆਤਮਿਕ ਭਾਵਨਾ ਦੇ ਕਈ ਪੱਖਾਂ ਤੋਂ ਸਾਂਝ ਮੌਜੂਦ ਦਿਸੀ।
ਸਿੱਖ ਇਤਿਹਾਸ ਬਾਰੇ ਜਾਣਕਾਰੀ ਲੈਣ ਲਈ ਬਹੁਤ ਲੋਕ ਉਨ੍ਹਾਂ ਨੂੰ ਮਿਲਦੇ
ਰਹੇ ਹਨ ਕਿਉਂਕਿ ਮੌਡਰਨ ਸਿੱਖ ਇਤਿਹਾਸ ਬਾਰੇ ਇੱਕ ਆਥੌਰਿਟੀ ਮੰਨੇ ਜਾਂਦੇ
ਸੀ। ਉਹ 1949 ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸਨ ਤੇ ਬਾਅਦ
ਵਿੱਚ ਪਿਛਲੇ ਕੁਝ ਸਾਲਾਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
‘ਧਰਮ ਪ੍ਰਚਾਰ ਕਮੇਟੀ’ ਦੇ ਸਲਾਹਕਾਰ ਅਤੇ ਦਿੱਲੀ ਵਿੱਚ “ਭਾਈ ਵੀਰ ਸਿੰਘ
ਸਦਨ” ਦੇ ਜਨਰਲ ਸੈਕਟਰੀ ਵੀ ਰਹੇ। ਛੋਲੁਮਬੁਸ, ੌਹੋਿ ਵਿੱਚ ਸਿੱਖੀ ਦੀਆਂ
ਵਰਕਸ਼ੌਪ ਵਿੱਚ ਵੀ ਉਹ ਸ਼ਾਮਿਲ ਹੁੰਦੇ ਰਹਿੰਦੇ।
ਨੇਕੀ ਜੀ ਦਾ ਇੱਕ ਹੋਰ ਦਿਲਚਸਪ ਪਹਿਲੂ ਵੀ ਹੈ। ਉਹ ਬਹੁਤ ਹੀ
ਖੁਸ਼-ਮਿਜ਼ਾਜ ਇਨਸਾਨ ਸਨ, ਹੱਸਣਾ ਹੀ ਨਹੀਂ ਹਸਾਉਣਾ ਵੀ ਜਾਣਦੇ ਸਨ।
ਰੌਣਕੀ ਸਨ ਤੇ ਹਰ ਮਹਿਫਿ਼ਲ ਦੀ ਸ਼ਾਨ ਬਣਦੇ। ਕਿਸੇ ਵੀ ਤਰ੍ਹਾਂ ਦੇ ਵਿਸ਼ੇ
‘ਤੇ ਉਹ ਸਹਿਜ ਹੀ ਗੱਲਬਾਤ ਕਰਦੇ ਅਤੇ ਉਹਨਾਂ ਦੇ ਅੰਦਾਜ਼ ਵਿੱਚ ਹਲਕਾ
ਜਿਹਾ ਹਾਸ-ਰਸ ਭਰਿਆ ਹੁੰਦਾ। ਕੋਈ ਗੱਲਬਾਤ, ਕਿੱਸੇ, ਕਹਾਣੀਆਂ ਸੁਣਾਉਣ ਦਾ
ਉਨ੍ਹਾਂ ਦਾ ਅੰਦਾਜ਼ ਇਸ ਤਰ੍ਹਾਂ ਦਾ ਸੀ ਕਿ ਤੁਹਾਡਾ ਜੀਅ ਕਰੇ ਕਿ ਉਹਨਾਂ
ਨੂੰ ਸੁਣਦੇ ਹੀ ਰਹੋ।
ਜਿਵੇਂ ਜਿ਼ਰਵੀ ਸਾਹਿਬ ਬਾਰੇ ਆਪਾਂ ਜਾਣਦੇ ਹਾਂ ਕਿ ਉਹ ਕਿਵੇਂ ਹਰ ਗੱਲ
ਵਿੱਚੋਂ ਹਲਕੀ ਫੁਲਕੀ ਹਾਸੇ ਮਜ਼ਾਕ ਵਾਲੀ ਗੱਲ ਲੱਭ ਲੈਂਦੇ ਨੇ, ਬਿਲਕੁਲ
ਇਸੇ ਤਰ੍ਹਾਂ ਦੇ ਸਨ ਨੇਕੀ ਸਾਹਿਬ। ਉਨ੍ਹਾਂ ਨੇ ਪੰਜਾਬੀ ਹਾਸ-ਰਸ ਦੀ ਇੱਕ
ਕਿਤਾਬ “ਪੰਜਾਬੀ ਹਾਸ ਵਿਲਾਸ” ਵੀ ਲਿਖੀ।
ਕਵਿਤਾ ਵਿੱਚ ਉਨ੍ਹਾਂ ਨੇ ਇੱਕ ਨਵਾਂ ਅੰਦਾਜ਼ ਲਿਆਂਦਾ, ਸਾਇੰਸ ਨੂੰ ਕਵਿਤਾ
ਵਿੱਚ ਢਾਲ ਕੇ ਲਿਖਿਆ।
‘ਇਹ ਮੇਰੇ ਸੰਸੇ, ਇਹ ਮੇਰੇ ਗੀਤ’ ਕਿਤਾਬ ਵਿੱਚ ਇਨਸਾਨ ਦੀ ਹੋਂਦ ਬਾਰੇ
ਕੁਝ ਸਤਰਾਂ ਆਰਕਿਔਲੋਜੀ ਵਾਲੀ ਖੋਜ ਤੋਂ ਸ਼ੁਰੂ ਕਰਦੇ ਨੇ -
ਮੈਂ ਢੂੰਢਦਾ ਹਾਂ ਗੁਆਚੇ ਨਿਸ਼ਾਨ ਟੋਹ ਟੋਹ ਕੇ
ਨਜ਼ਰ ਨਿਢਾਲ ਹੈ, ਪਲਕਾਂ ਦੀ ਤਾਰ ਛੋਹ ਛੋਹ ਕੇ
ਰੌਸ਼ਨੀ ਦੀ ਰਫ਼ਤਾਰ ਦਾ ਮੁਕਾਬਲਾ ਦੇਖੋ-
ਨਜ਼ਰ ਦੇ ਪੈਰ ਜੇ ਚਾਣਨ ਦੇ ਨਾਲ ਚੱਲ ਸਕਦੇ
ਤਾਂ ਮੇਰੇ ਨਾਲ ਕਾਲ ਦੇ ਹੱਥਾਂ ਦੀ ਚਾਲ ‘ਚ ਰਲ ਸਕਦੇ
ਬ੍ਰਹਿਮੰਡ ਦੀ ਜਾਣਕਾਰੀ ਬਾਰੇ ਲਿਖਦੇ ਨੇ –
ਜੋ ਮੇਰਾ ਪਲ ਹੈ, ਪਹਿਰ ਹੈ ਕਿਸੇ ਸਿਤਾਰੇ ‘ਤੇ
ਜੋ ਮੇਰਾ ਹੁਣ ਹੈ, ਭਵਿੱਖ ਹੈ ਕਿਸੇ ਕਿਨਾਰੇ ‘ਤੇ
ਧਰਤ ਤੋਂ ਧਰਤ ਪਰ੍ਹੇ, ਕਾਲ ਦੇ ਖ਼ਲਾਅ ਅੰਦਰ
ਅਨੰਤ ਥਾਵਾਂ ਦਿਸ਼ਾਵਾਂ ਨੇ, ਇੱਕ ਨਿਗਾਹ ਅੰਦਰ
ਇੱਕ ਥਾਂ ‘ਤੇ ਕਹਿੰਦੇ ਨੇ ਸਾਡੇ ਲਈ ਦੁਨੀਆਂ ਭਾਵੇਂ ਸੁੰਗੜ ਗਈ ਹੈ ਪਰ
ਸਰੀਰ ਦਾ ਹੰਢਣਾ ਜਾਰੀ ਹੈ -
ਪਾਸਾਰ ਸੁੰਗੜ ਗਿਆ, ਹੰਢਣਾ ਨਾ ਰੁਕ ਸਕਿਆ
ਮੈਂ ਹੰਢਣਾਂ ਪਲਾਂ ‘ਚ ਸੁਆਸ ਖੋ ਖੋ ਕੇ
ਨਜ਼ਰ ਨਿਢਾਲ ਹੈ, ਪਲਕਾਂ ਦੀ ਤਾਰ ਛੋਹ ਛੋਹ ਕੇ
ਜਿ਼ੰਦਗੀ ‘ਚ ਜੋ ਕੁਝ ਨਜ਼ਰ ਨਹੀਂ ਆਉਂਦਾ, ਜੋ ਰਹੱਸ ਹੈ, ਭੇਤ ਵਾਲਾ ਹੈ,
ਉਸ ਨੂੰ ਖੋਜਣ ਬਾਰੇ ਵਿਸਥਾਰ ਨਾਲ ਗੱਲ ਕਰਦੇ ਹਨ। ਉਨ੍ਹਾਂ ਨੂੰ ਅਧਿਆਤਮਿਕ
ਕਵੀ ਵਜੋਂ ਜਾਣਿਆ ਜਾਂਦਾ ਹੈ। ਗੁਰਮਤਿ ਅਤੇ ਸੂਫ਼ੀ ਲੋਰ ਵੀ ਉਨ੍ਹਾਂ ਦੀ
ਕਵਿਤਾ ਵਿੱਚ ਬੜੇ ਹੀ ਸੋਹਣੇ ਅੰਦਾਜ਼ ਵਿੱਚ ਸਮਾਏ ਹੋਏ ਨੇ।
2000 ਵਿੱਚ ਉਨ੍ਹਾਂ ਨੇ ਅਪਣੀ ਜੀਵਨੀ ਲਿਖੀ “ਕੋਈ ਨਾਉਂ ਨਾ ਜਾਣੇ ਮੇਰਾ”।
ਇਸ ਨੂੰ ਲਿਖਣ ‘ਚ ਸਮਾਂ ਬਹੁਤ ਲੱਗ ਰਿਹਾ ਸੀ। ਇੱਕ ਦਿਨ ਉਨ੍ਹਾਂ ਦੀ
ਧਰਮਪਤਨੀ, ਜੋ ਖ਼ੁਦ ਵੀ ਸੋਸਿ਼ਆਲੋਜੀ ‘ਚ ਐਮ ਏ ਤੇ ਸਾਈਕੌਲੋਜੀ ਵਿੱਚ ਪੀ
ਐੱਚ ਡੀ ਹਨ, ਨੇ ਕਿਹਾ, “ਬਹੁਤ ਸਾਲ ਹੋ ਗਏ ਨੇ ਆਟੋਬਾਇਗ੍ਰਾਫ਼ੀ
ਲਿਖਦਿਆਂ, ਹੁਣ ਖ਼ਤਮ ਵੀ ਕਰ ਦਿਓ”
ਹੱਸਦਿਆਂ ਜੁਆਬ ਦਿੱਤਾ, “ਆਟੋਬਾਇਗ੍ਰਾਫ਼ੀ ਤਾਂ ਮੌਤ ਨਾਲ ਹੀ ਖ਼ਤਮ ਹੁੰਦੀ
ਏ”।
ਅੱਗੋਂ ਜੁਆਬ ਮਿਲਿਆ, “ ਤੁਹਾਡੇ ਤੋਂ ਬਿਨਾਂ ਇਹ ਕਿਸੇ ਤੋਂ ਪੂਰੀ ਨਹੀਂ
ਹੋਣੀ, ਆਪ ਹੀ ਲਿਖ ਦਿਓ”।
ਪਰ ਖ਼ੈਰ ਪੂਰੀ ਕਰ ਹੀ ਦਿੱਤੀ ਦੋ ਕੁ ਸਾਲਾਂ ‘ਚ।
‘ਕਰੁਣਾ ਦੀ ਛੋਹ ਤੋਂ ਮਗਰੋਂ’ ਇੱਕ ਬਹੁਤ ਵੱਡੀ ਕਵਿਤਾ ਹੈ ਜਿਸ ਦੇ ਪੰਜ
ਹਿੱਸੇ ਹਨ। ਇਸ ‘ਚ ਕਵੀ ਦਾ ਮੌਤ ਨਾਲ ਸਾਹਮਣਾ ਕਰਨ ਦੀ ਗੱਲ ਹੈ। ਅਲੱਗ ਹੀ
ਅੰਦਾਜ਼ ‘ਚ ਆਪਣੀ ਆਤਮਾ ਨਾਲ ਰਚੇ ਸੰਵਾਦ ਨੇ। ਸੱਚ, ਅਸਲੀਅਤ ਤੇ ਅਨੰਤ
ਕਾਲ ਦੀ ਖੋਜ ਵੱਲ ਉੱਠੇ ਕਦਮ ਹਨ। ਪਾਠਕ ਦੀ ਇੱਛਾ ਹੋਰ ਜਾਣਨ ਦੀ, ਹੋਰ
ਪੜ੍ਹਣ ਦੀ ਹੁੰਦੀ ਹੈ ਕਿ ਇਨਸਾਨ ਦੀ ਸੋਚ ਕਿਵੇਂ ਦਿਸਹੱਦੇ ਤੋਂ ਦੂਰ ਤੱਕ
ਜਾਂਦੀ ਹੈ।
1989 ਵਿੱਚ ਉਨ੍ਹਾਂ ਨੂੰ “ਬੈਸਟ ਪ੍ਰੋਫੈਸ਼ਨਲ ਔਫ਼ ਦ ਯੀਅਰ” ਵਜੋਂ ਕੋਹਲੀ
ਮੈਮੋਰੀਅਲ ਅਵਾਰਡ ਮਿਲਿਆ। ਲੈਂਗੁਏਜ ਡਿਪਾਰਟਮੈਂਟ ਵੱਲੋਂ ਸ਼੍ਰੋਮਣੀ
ਸਾਹਿਤਕਾਰ ਅਵਾਰਡ ਅਤੇ ਪੰਜਾਬ ਅਕੈਡਮੀ ਦਿੱਲੀ ਨੇ ਉਨ੍ਹਾਂ ਦੀ ਕਿਤਾਬ
‘ਸਦਾ ਵਿਗਾਸ’ ਲਈ ਸਰਵੋਤਮ ਸਾਹਿਤਕਾਰ ਅਵਾਰਡ ਦਿੱਤਾ। ਉਹ ਸਾਹਿਤ ਅਕੈਡਮੀ
ਅਵਾਰਡ ਅਤੇ ਜਨਪੀਠ ਅਵਾਰਡ ਦੀ ਜਿਊਰੀ ਦੇ ਮੈਂਬਰ ਵੀ ਸਨ। ਪੰਜਾਬ ਅਕੈਡਮੀ
ਚੰਡੀਗੜ੍ਹ ਦੇ ਚੇਅਰਮੈਨ ਵੀ ਰਹੇ।
ਦਿੱਲੀ ਯੂਨੀਵਰਸਿਟੀ ਤੋਂ ਡਾ: ਵਿਨੀਤਾ ਉਨ੍ਹਾਂ ਬਾਰੇ ਕਿਤਾਬ ਲਿਖ ਰਹੇ
ਸੀ। ਡਾ: ਨੇਕੀ ਦੀ ਕਿਤਾਬਾਂ ਲਿਖਣ ਦੀ ਰਫ਼ਤਾਰ ਬਾਰੇ ਗੱਲ ਕਰਦਿਆਂ,
ਵਿਨੀਤਾ ਜੀ ਨੇ ਦੱਿਸਆ ਕਿ ਨੇਕੀ ਜੀ ਜਿੰਨੀ ਵਾਰ ਵੀ ਮਿਲਦੇ, ਹਰ ਵਾਰ ਇੱਕ
ਨਵੀੰਂ ਕਿਤਾਬ ਫੜਾ ਦਿੰਦੇ। ਉਨ੍ਹਾਂ ਇੱਕ ਵਾਰ ਨੇਕੀ ਜੀ ਨੂੰ ਕਿਹਾ, “ਇਸ
ਤਰ੍ਹਾਂ ਤਾਂ ਮੇਰੀ ਕਿਤਾਬ ਕਦੇ ਵੀ ਪੂਰੀ ਨਹੀਂ ਹੋਣੀ”। ਨੇਕੀ ਜੀ ਦੇ ਚਲੇ
ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਲੱਗ ਰਿਹੈ ਕਿ ਉਦੋਂ ਮੈਂ ਐਸਾ ਕਿਉਂ
ਕਿਹਾ।
ਉਨ੍ਹਾਂ ਮੁਤਾਬਿਕ ਡਾ: ਨੇਕੀ ਨੇ ਕੁੱਲ 37 ਕਿਤਾਬਾਂ ਲਿਖੀਆਂ ਜਿਨ੍ਹਾਂ
ਵਿੱਚ ਕੁਝ ਨੇ ‘ਅਸਲ ਤੋਂ ਓਹਲੇ ਤੱਕ’ (1955), ‘ਸਿਮਰਤੀ ਦੇ ਕਿਰਣ ਤੋਂ
ਪਹਿਲਾਂ’ ਯਾਨੀ ਕਿ “ਭੲਾੋਰੲ ੰਹੲਦਦਨਿਗ ੰੲਮੋਰੇ” ਤੇ ‘ਕਰੁਣਾ ਦੀ ਛੋਹ
ਮਗਰੋਂ’ ਮਤਲਬ “ਛੋਮਪਅਸਸੋਿਨਅਟੲ ਠੋੁਚਹ” – ਇਸੇ ਕਿਤਾਬ ਲਈ ਉਨ੍ਹਾਂ ਨੂੰ
1978 ਵਿੱਚ ਸਾਹਿਤ ਅਕੈਡਮੀ ਅਵਾਰਡ ਨਾਲ ਨਿਵਾਜਿਆ ਗਿਆ।
ਅੰਮ੍ਰਿਤ ਜਿ਼ਰਵੀ ਜੀ ਨੇ ਅੱਜ ਵੀ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਦੱਸਿਆ
ਕਿ ਉਨ੍ਹਾਂ ਕਾਲਜ ਵਿੱਚ ਫਰੈਂਚ ਇਲੈਕਟਿਵ ਲੈ ਲਈ ਪਰ ਕਾਲਜ ‘ਚੋਂ ਫਰੈਂਚ
ਦਾ ਪ੍ਰੋਫੈਸਰ ਚਲਾ ਗਿਆ। ਹਾਲਾਂਕਿ ਜਸਵੰਤ ਜੀ ਨੇ ਫਰੈਂਚ ਪੜ੍ਹੀ ਹੋਈ
ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਅਮ੍ਰਿਤ ਜੀ ਨੂੰ ਫਰੈਂਚ ਪੜ੍ਹਾਈ।
ਯਾਦਾਂ ਬਾਰੇ ਜਸਵੰਤ ਜੀ ਨੇ ਕਿਹਾ -
ਰੱਬ ਨੇ ਜੇ ਸਾਨੂੰ ਕਦੇ ਸਿਮਰਤੀ ਨਾ ਦਿੱਤੀ ਹੁੰਦੀ
ਆਪਣੀ ਕਹਾਣੀ ਕਿਵੇਂ ਕਰਦੇ,
ਨਾਮ ਅਪਣੇ ਦਾ ਵੀ ਹੁੰਗਾਰਾ ਕਿਵੇਂ ਭਰਦੇ
ਤੇ ਗਰਵ ਕਿਹੜੀ ਗੱਲ ਦਾ ਕਮਾਂਵਦੇ
ਕਾਈ ਵਾਂਗ ਉੱਗਦੇ ਤੇ ਕਪਾਹ ਵਾਂਗ ਛਿੰਡਦੇ
ਤੇ ਬੋਹੜ ਵਾਂਗ ਬਾਹਾਂ ਲਟਕਾਂਵਦੇ
ਕਈ ਵਾਰ ਆਪਣੀ ਕਵਿਤਾ ਵਿੱਚ ਪੁਰਾਣੇ ਲੋਕ ਗੀਤਾਂ ਵਾਲੇ ਹਲਕੇ ਫੁਲਕੇ
ਬੋਲਾਂ ਰਾਹੀੰਂ ਵੀ ਗੱਲ ਕੀਤੀ। ਉਹ ਬਹੁਤ ਵੱਡੀ ਗੱਲ ਸਹਿਜੇ ਹੀ ਕਹਿ
ਜਾਂਦੇ ਹਨ। ਜਿਵੇਂ -
ਮੇਰੀ ਦਸ਼ਾ ਹੈ ਕਿ ਚਹੁੰ ਮਾਤਰਾਂ ਦਾ ਕੀੜਾ ਹਾਂ
ਕਿਸੇ ਤਰਾਟ ‘ਚੋਂ ਜੰਮੀ ਅਨੰਤ ਪੀੜਾ ਹਾਂ
ਮੈਂ ਸੋਚਦਾ ਹਾਂ, ਕਦਮ ਨਿੱਤ ਅਗਾਂਹ ਕਰਦਾ ਹਾਂ
ਤੇ ਅਪਣੀ ਜਾਚੇ ਤਰੱਕੀ ਉਤਾਂਹ ਕਰਦਾ ਹਾਂ
ਦਿੱਲੀ ‘ਚ ਉਨ੍ਹਾਂ ਦੇ ਅੰਤਿਮ ਸਸਕਾਰ ਵੇਲੇ ਸਾਬਕਾ ਪ੍ਰਧਾਨ ਮੰਤਰੀ
ਮਨਮੋਹਣ ਸਿੰਘ ਅਪਣੀ ਪਤਨੀ ਨਾਲ ਪਹੁੰਚੇ ਸਨ। ਭੋਗ ਸ਼੍ਰੋਮਣੀ ਕਮੇਟੀ
ਵੱਲੋਂ ਪਾਇਆ ਗਿਆ ਅਤੇ ਅਕਾਲ ਤਖ਼ਤ ਦੇ ਜੱਥੇਦਾਰ ਅੰਤਿਮ ਅਰਦਾਸ ਵਿੱਚ
ਸ਼ਾਮਿਲ ਹੋਏ ਤੇ ਐਲਾਨ ਕੀਤਾ ਕਿ ਜਸਵੰਤ ਸਿੰਘ ਨੇਕੀ ਦੀ ਫ਼ੋਟੋ ਸਿੱਖ
ਮਿਊਜ਼ੀਅਮ ਵਿੱਚ ਲਗਾਈ ਜਾਵੇਗੀ।
-0- |