ਮੇਰੇ ਬਾਪੂ ਨੂੰ ਇੱਕ
ਵਾਰ ਵੀ ਮਿਲਣ ਵਾਲਾ ਬੰਦਾ ਉਸਦੇ ਦੋ ਗੁਣਾਂ ਦਾ ਹਰ ਹਾਲ ਵਿੱਚ ਕਾਇਲ ਹੋ ਜਾਂਦਾ ਸੀ- ਉਸਦੀ
ਵਿਦਵਤਾ ਤੇ ਸਾਧਾਰਣ ਤੋਂ ਸਾਧਾਰਣ ਸਥਿਤੀ ਵਿੱਚੋਂ ਵੀ, ਕੁਝ ਨਾ ਕੁਝ ਵਿਅੰਗਮਈ ਸਿਰਜ ਲੈਣ
ਦੀ ਯੋਗਤਾ। ਪਰ ਚੋਣ ਕੀਤੀ ਘਟਨਾ ਬਾਰੇ ਸੋਚਦਿਆਂ, ਉਸਦਾ ਇੱਕ ਹੋਰ ਰੂਪ ਮੇਰੇ ਸਾਹਮਣੇ
ਫੈਲਿਆ ਪਿਆ ਹੈ।
ਇੱਕ ਦਿਨ ਹਾਜ਼ਰੀ ਵੇਲੇ ਦੀ ਗੱਲ ਹੈ। ਬਾਪੂ ਰੋਟੀ ਖਾ ਕੇ ਹਟਿਆ ਸੀ। ਮੰਜੀ ਉੱਤੇ, ਜਿਸ’ਤੇ
ਉਹ ਬੈਠਾ ਸੀ, ਉਸਦੇ ਸੱਜੇ ਹੱਥ, ਬੂਟੀਦਾਰ ਰੁਮਾਲੇ ਵਿੱਚ ਲਪੇਟੀ ਗੁਰੁ ਗ੍ਰੰਥ ਸਾਹਿਬ ਦੀ
ਤੀਜੀ ਸੈਂਚੀ ਅਤੇ ਉਸ ਉੱਪਰ ਕਾਲੇ ਫਰੇਮ ਵਿੱਚ ਮੋਟੇ ਸ਼ੀਸਿ਼ਆਂ ਵਾਲੀ ਐਨਕ ਪਈ ਸੀ। ਬਾਪੂ
ਨੇ ਪਜਾਮਾ ਨਹੀਂ, ਸਿਰਫ਼ ਕਛਹਿਰਾ ਪਾਇਆ ਸੀ ਅਤੇ ਉਸਦੀਆਂ ਲੱਤਾਂ’ਤੇ, ਅਲਾਣੀ ਮੰਜੀ ਦੇ ਵਾਣ
ਦੇ ਨਿਸ਼ਾਨ ਸਾਫ਼ ਦਿੱਸਦੇ ਸਨ। ਦੋ ਤਿੰਨ ਕੁੱਤਿਆਂ ਨੂੰ ਬੁਰਕੀਆਂ ਕਰ ਕਰ ਰੋਟੀ ਪਾਉਂਦਾ
ਬਾਪੂ, ਪ੍ਰਕਾਸ਼ ਕੀਤੇ ਰੇਸ਼ਮੀ, ਸਫੈਦ ਦਾਹੜੇ ਵਾਲਾ ਦੇਵਦੂਤ ਲਗਦਾ ਸੀ। ਦੇਵਦੂਤ ਵਰਗਾ ਹੀ
ਨਿਰਛਲ, ਨਿਰਮੈਲ ਹਾਸਾ ਉਸ ਦੇ ਮੂੰਹੋਂ ਝਰਿਆ, ਜਦੋਂ ਕੁੱਤਿਆਂ ਨਾਲ ਉਸ ਨੇ ਕੋਈ ਭੇਤ ਸਾਂਝਾ
ਕੀਤਾ।
-ਮਹਾਂ ਸਿਓਂ ਕੀਹਦੇ ਨਾਲ ਗੱਲੀਂ ਲੱਗਿਐਂ ਬਈ- ਮੈਂ ਆਪਣੀ ਰੋਟੀ ਵਾਲੀ ਥਾਲੀ, ਬਾਪੂ ਦੇ
ਪੈਂਦ ਧਰਦਿਆਂ ਪੁੱਛਿਆ। ਅਸੀਂ ਉਹਦੇ ਬੜੇ ਵੱਖਰੇ- ਵੱਖਰੇ ਨਾਂ ਰੱਖਦੇ ਹੁੰਦੇ ਸੀ।ਉਹਨਾਂ
ਦਿਨਾਂ ਵਿੱਚ ਮਹਾਂ ਸਿਓਂ ਚੱਲ ਰਿਹਾ ਸੀ।
-ਕਾਲੇ ਕੁੱਤੇ ਨੂੰ ਸਮਝਾਉਨੈ- ਬਾਪੂ ਨੇ ਤਿੰਨਾਂ ਕੁੱਤਿਆਂ ਵਿੱਚੋਂ ਵੱਡੇ ਕੁੱਤੇ ਵੱਲ
ਇਸ਼ਾਰਾ ਕਰਦਿਆਂ ਕਿਹਾ- ਦੂਜਿਆਂ ਦੀ ਰੋਟੀ ਖਾਣ ਨੂੰ ਫਿਰਦੈ।
-ਫੇਰ- ਮੈਂ ਮੰਜੀ’ਤੇ ਰੁਖ ਸਿਰ ਹੋ ਕੇ ਬੈਠਦਿਆਂ ਪੁੱਛਿਆ।
-ਮੈਂ ਕਿਹਾ ਮੁਰੱਬੇਬੰਦੀ ਵਿੱਚ ਸਰਪੰਚੀ ਕੀਤੀ ਐ, ਕਿਸੇ ਇੱਕ ਨੂੰ ਦੂਏ ਦਾ ਭੋਰਾ ਨੀ ਖਾਣ
ਦਿੰਦਾ- ਬਾਪੂ ਨੇ ਇੱਕ ਬੁਰਕੀ ਦੂਰ ਸੁੱਟਦਿਆਂ ਕਿਹਾ। ਜਦ ਨੂੰ ਤਕੜਾ ਕੁੱਤਾ ਉਹ ਚੁੱਕਣ
ਗਿਆ, ਬਾਪੂ ਨੇ ਦੂਜੇ ਦੋਹਾਂ ਨੂੰ ਨੇੜੇ ਕਰਕੇ ਰੋਟੀ ਪਾ ਦਿੱਤੀ। ਕੁੱਤਿਆਂ ਨੂੰ ਰੋਟੀ ਦੀ
ਠੀਕ ਵੰਡ ਤੋਂ ਤੁਰੀ ਗੱਲ, ਬਾਪੂ ਦੇ ਸਰਪੰਚ ਵਜੋਂ ਅਨੁਭਵ ਵੱਲ ਮੁੜ ਗਈ।
ਉਹ ਪਿੰਡ ਦਾ ਪਹਿਲਾ ਸਰਪੰਚ ਸੀ ਅਤੇ ਸਾਰੀ ਪੰਚਾਇਤ ਵੀ ਉਹਦੀ ਮਰਜ਼ੀ ਦੀ, ਸਰਬ-ਸੰਮਤੀ ਨਾਲ
ਬਣੀ ਹੋਈ ਸੀ। ਸਰਬ-ਸੰਮਤੀ ਨਾਲ ਬਣਿਆ ਪਹਿਲਾ ਸਰਪੰਚ ਹੋਣ ਦੀ ਗੱਲ ਅਤਿ-ਸਾਧਾਰਨ ਲੱਗ ਸਕਦੀ
ਹੈ, ਪਰ ਮੇਰੇ ਬਾਪੂ ਦੇ ਸੰਬੰਧ ਵਿੱਚ ਇਹ ਗੱਲ ਇੰਨੀ ਸਰਲ ਨਹੀਂ। ਉਹ ਸਾਡੇ ਪਿੰਡ ਨਹੀਂ ਸੀ
ਪਲਿਆ ਅਤੇ ਲੰਮਾਂ ਸਮਾਂ ਪਿੰਡ ਦਾ ਬਾਸਿੰ਼ਦਾ ਵੀ ਨਹੀਂ ਰਿਹਾ ਸੀ। 1907 ਵਿੱਚ ਪਈ ਪਲੇਗ
ਵਿੱਚ, ਇੱਕੋ ਰਾਤ ਵਿੱਚ ਉਸਦੇ ਮਾਂ-ਬਾਪ ਮਰ ਗਏ ਸਨ। ਹੋਰ ਕੋਈ ਸਕਾ ਹੈ ਨਹੀਂ ਸੀ। ਮਾਂ-ਬਾਪ
ਮਰਨ ਤੋਂ ਤੇਰ੍ਹਵੇਂ ਦਿਨ, ਚਾਰ ਸਾਲ ਦੇ ਤੇਜੇ ਨੂੰ, ਉਹਦੇ ਬਾਬੇ ਦੀ ਭੂਆ ਲੈ ਗਈ ਸੀ। ਪਛੜ
ਕੇ ਹੋਏ ਮਸਾਂ ਦੇ ਵਿਆਹ ਤੋਂ ਬਾਅਦ, ਜਦੋਂ ਉਹ ਪਿੰਡ ਆ ਕੇ ਵੱਸਣ ਲੱਗਿਆ ਤਾਂ ‘ਅਮਲੀਆਂ ਦੇ
ਬੂਥਗੜ੍ਹ’ ਨੂੰ ਉਸਦਾ ਨਸ਼ਾ ਰਹਿਤ ਅਤੇ ਗਿਆਨੀ ਹੋਣਾ ਮਾਫ਼ਕ ਨਹੀਂ ਸੀ ਆਇਆ। ਮੇਰੀ ਮਾਂ ਦੇ
ਹੰਝੂਆਂ ਨੇ, ਮੈਨੂੰ ਬੜੀ ਵਾਰ ਉਹਨਾਂ ਵਧੀਕੀਆਂ ਦੀ ਦੱਸ ਪਾਈ ਐ, ਜਿਹੜੀਆਂ ‘ਹੱਟੀ ਵਾਲੀ
ਬੋਬੋ-ਬਾਬੇ’ ਨੂੰ ਉਹਨਾਂ ਦੀ ਔਕਾਤ ਯਾਦ ਕਰਵਾਉਣ ਲਈ ਕੀਤੀਆਂ ਜਾਂਦੀਆਂ ਸਨ ਤੇ ਫੇਰ ਉਹ
ਤੇਜਾ ਜੀਹਦੇ ਦਰਾਂ ਅੱਗੇ ਮੰਗਤਾ ਵੀ ਨਹੀਂ ਸੀ ਰੁਕਦਾ, ਸਰਪੰਚ ਬਣ ਗਿਆ ਤੇ ਜੀਹਨੂੰ ਸਰਪੰਚ
ਬਣੇ ਨੂੰ ਘਰੋਂ ਬੁਲਾਉਣ ਗਿਆ ਸਿਪਾਹੀ ਬਹੁਤੀ ਵਾਰ ਗੁਆਂਢੀਆਂ ਦੇ ਚੁਬਾਰੇ ਵਾਲੇ ਘਰ
ਆਵਾਜ਼ਾਂ ਦੇਈ ਜਾਂਦਾ ( ਬਿਨਾਂ ਤਖ਼ਤਿਆਂ ਤੋਂ ਡਿਓਢੀ, ਸਰਪੰਚ ਦਾ ਘਰ ਕਿਵੇਂ ਹੋ ਸਕਦੀ
ਸੀ)। ਉਹਦਾ ਸਰਪੰਚ ਬਣਨਾ ਇੰਨਾ ਸਾਧਾਰਨ ਨਹੀਂ ਸੀ ਕਿ ਲੰਬੜਦਾਰਾਂ ਦੇ ਜੈਬ (ਅਜਾਇਬ ਸਿੰਘ)
ਨੂੰ ਮਾਫਕ ਆ ਜਾਂਦਾ। ਜੈਬ, ਵੇਲੇ ਦੇ ਉਹਨਾਂ ਵੈਲੀਆਂ-ਬਦਮਾਸ਼ਾਂ ਵਿੱਚੋਂ ਸੀ, ਜਿਹਨਾਂ ਤੋਂ
ਹਰ ਸ਼ਰੀਫ਼ ਆਦਮੀ ਪਨ੍ਹਾ ਬਚਾ ਕੇ ਲੰਘਦਾ ਅਤੇ ਜਿਹਨਾਂ ਦੇ ਬੁਲਾਏ ਬੱਕਰੇ ਦੀ ਪਛਾਣ ਬਹੁਤੀ
ਵਾਰੀ ਬੰਨ੍ਹੇ-ਚੰਨ੍ਹੇ ਦੇ ਪਿੰਡਾਂ ਨੂੰ ਵੀ ਹੁੰਦੀ ਸੀ।
ਤੇ ਜਿਸ ਦਿਨ ਹੋਰ ਕੋਈ ਨਾ ਮਿਲਦਾ, ਸ਼ਰਾਬ ਅਫ਼ੀਮ ਨਾਲ ਰੱਜਿਆ ਜੈਬ, ਦਰਵਾਜੇ’ਚ ਖੜ੍ਹ ਕੇ (
ਦਰਵਾਜ਼ਾ ਜੈਬ ਦੇ ਘਰ ਤੋਂ 10 ਕਦਮਾਂ ਅਤੇ ਸਾਡੇ ਘਰੋਂ 20 ਕੁ ਕਦਮਾਂ ਦੀ ਦੂਰੀ’ਤੇ ਸੀ।)
‘ਬਾਬੇ ਤੇਜੇ’ ਨੂੰ ਗਾਲ੍ਹਾਂ ਕੱਢਦਾ, ਬੱਕਰੇ ਬੁਲਾਉਂਦਾ ਤੇ ‘ਸਾਲੇ ਨੰਗ ਸਰਪੰਚ’ ਦੇ
ਖਾਨਦਾਨ ਨੂੰ ਪੁਣਦਾ। ਤਿੰਨ ਮਣ ਪੱਕੇ ਦੀ, ਭਲਵਾਨੀ ਦੇਹ ਵਾਲਾ ਸਰਪੰਚ ਪਿੰਡ ਦੇ ਬਾਹਰੋਂ ਈ
ਪੁੱਛ ਲੈਂਦਾ- ‘ਜੈਬ ਕਿਮੇਂ ਐ ਅੱਜ?’
-ਲੱਗਿਆ ਹੋਇਐ ਤੈਨੂੰ ਦੱਖੂ ਦਾਣਾ ਦੇਣ, ਦਰਵਾਜ਼ੇ’ਚ- ਤੇ ਬਾਪੂ ਬਲਦਾਂ ਨੂੰ ‘ਸਿੰਗ-ਨੈੜ’
ਕਰਕੇ ਰਾਹ ਤੋਰ ਦਿੰਦਾ ਤੇ ਆਪ ‘ਇਯਾਲੀਆਂ’ ਦੇ ਘਰ ਵਿੱਚੀਂ ਲੰਘ, ਲੰਮੀ ਵੀਹੀ ਰਾਹੀਂ ਘਰ ਆ
ਜਾਂਦਾ।
-ਤੂੰ ਛੋਟੇ ਭਾਈ ਚਾਰ ਮਾਰ ਸਾਲੇ ਦੇ ਬੂਦਰੀਆਂ ਤੋਂ ਫੜ੍ਹ ਕੇ, ਤੇਰੇ ਮੂਹਰੇ ਕੀ ਐ ਜੈਬ-
ਐਮੇਂ ਗਾਲ੍ਹਾਂ ਖਾਈ ਜਾਨੈਂ- ਕੇਹਰ ਸਿਓਂ ਬਾਪੂ ਨੂੰ ਕਹਿੰਦਾ। ਉਹ ਆਪਣੇ ਵੇਲਿਆਂ ਦਾ ਦਰੜੇ
ਵਾਲਾ ਜੱਟ ਸੀ। ਬਾਪੂ ਦਾ ਜੁੱਟ। ਥਾਣਾ ਕਚਹਿਰੀ ਉਹਨੂੰ ਅੱਜ ਕੱਲ੍ਹ ਦੇ ਮੁੰਡਿਆਂ ਦੇ ਗੀਤਾਂ
ਵਿਚਲੇ ਨਾਇਕ ਵਾਂਗ, ‘ਮੇਲਾ’ ਲਗਦੇ ਸਨ।
-ਕੁੱਟ ਤਾਂ ਉਹਨੂੰ ਕੇਹਰ ਸਿਆਂ ਤੂੰ ਵਥੇਰਾ ਲਿਐ- ਫੇਰ ਕਿਹੜਾ ਉਹ ਤੈਨੂੰ ਮੰਦਾ ਬੋਲਣ ਤੋਂ
ਹਟ ਗਿਐ। ਉਸਦਾ ਕੋਈ ਇਲਾਜ ਨੀ-
-ਤਾਂ ਹੀ ਤਾਂ ਹੰਕਾਰਿਆ ਹੋਇਐ- ਕੇਹਰ ਸਿਓਂ ਨਫ਼ਰਤ ਨਾਲ ਮੂੰਹ ਵੱਟਦਾ।
-ਨਾਨਕ ਸੇ ਨਰ ਅਸਲ ਖਰ, ਜਿ ਬਿਨ ਗੁਣ ਗਰਬਿ ਕਰੇਨਿ।।
-ਬਾਪੂ ਬਾਬੇ ਨਾਨਕ ਨੂੰ ਆਪਣਾ ਗਵਾਹ ਬਣਾ ਲੈਂਦਾ। ਪਰ ਕੇਹਰ ਸਿਓਂ ਵੀ ਤਾਂ ਆਖਰ ਉਹਦਾ ਸੰਗੀ
ਸੀ, ਮੁਸਕੜੀਏਂ ਹੱਸਦਾ, ਟਕੋਰ ਕਰਦਾ-
-ਨਾਲੇ ਕਹਿਨੈ ਹੁਨੈ ਬਈ, ਜੇ ਜੀਵੈ ਪੱਤ ਲੱਥੀ ਜਾਇ……
ਕੇਹਰ ਸਿਓਂ ਤੋਂ ਅੱਧ-ਪਚੱਧਾ ਮਹਾਂਵਾਕ ਸੁਣਕੇ, ਬਾਪੂ ਚੁੱਪ ਕਰ ਜਾਂਦਾ, ਤੇ ਫੇਰ ਹੌਕਾ
ਜਿਹਾ ਭਰ ਕੇ, ਅੱਧਾ ਕੁ ਆਪਣੇ ਆਪ ਨੂੰ ਤੇ ਅੱਧਾ ਕੁ ਕੇਹਰ ਸਿਓਂ ਨੂੰ ਕਹਿੰਦਾ- ਐਹੋ ਜਿਹੇ
ਤੇ ਹੱਥ ਚੁੱਕਣਾ ਵੀ, ਪੱਤ ਲਹਾਉਣ ਬਰਾਬਰੈ ਐ-
ਪਰ ਬਾਪੂ ਦੇ ਕੇਹਰ ਸਿਓਂ ਤੇ ਜੀਤ ਚਾਚੇ ਵਰਗੇ ਹਮਾਇਤੀ, ਕਦੇ ਕਦੇ ਆਈ ਤੇ ਆਉਂਦੇ, ਗਾਲ੍ਹਾਂ
ਕੱਢਦੇ ਜੈਬ ਨੂੰ ਗੋਡਿਆਂ ਹੇਠ ਲੈ ਲੈਂਦੇ- ਹੁਣ ਕੱਢ ਗਾਲ੍ਹਾਂ- ਉਹ ਕੱਢ ਦਿੰਦਾ।
ਸੰਬੰਧਾਂ ਦੇ ਅਜਿਹੇ ਪਿਛੋਕੜ ਵਿੱਚ ਉਹ ਘਟਨਾ ਵਾਪਰ ਗਈ। ਜ਼ਮੀਨੀ ਬੰਦੋਬਸਤ ਅਧੀਨ,
ਮੁਰੱਬੇਬੰਦੀ (ਚੱਕਬੰਦੀ) ਮੁਕੰਮਲ ਹੋਈ ਸੀ। ਚੰਗੀਆਂ ਮਾੜੀਆਂ ਜ਼ਮੀਨਾਂ ਲੈਣ ਲਈ ਹੋਈ
ਖਿੱਚੋਤਾਣ ਅਜੇ ਵੀ ਪਿੰਡ ਦੀ ਹਵਾ ਵਿੱਚੋਂ ਮਹਿਸੂਸ ਕੀਤੀ ਜਾ ਸਕਦੀ ਸੀ। ਕਈ, ਕਈਆਂ ਨੂੰ
‘ਦੇਖਣ ਨੂੰ ਫਿਰਦੇ ਸਨ, ਕਈ ਕਈਆਂ ਦੇ ਅੱਖੀਂ ਰੜਕਦੇ ਸਨ, ਜਦੋਂ ਜੈਬ ਦੇ ਵਿਰੁੱਧ ਪੰਚਾਇਤ
ਬੁਲਾਈ ਗਈ।
ਜੈਬ ਨੇ, ਆਗਾਂ ਨੂੰ ਗਈ ( ਗੰਨੇ ਘੜਨ) ਮਿਸਤਰੀਆਂ ਦੀ ਨੂੰਹ ਰਾਹ ਵਿੱਚ ਘੇਰ ਲਈ ਸੀ। ਦਿਨ
ਭਰ ਗੱਲ ਸੁਲਗਦੀ ਰਹੀ। ਮਿਸਤਰੀਆਂ ਦੀ ਗਰੀਬੀ ਉਹਨਾਂ ਨੂੰ ਰੋਕਦੀ ਰਹੀ। ਪਰ ਸ਼ਾਮ ਤੱਕ ਕੁਝ
ਹਮਦਰਦਾਂ ਅਤੇ ਕੁਝ ਜੈਬ ਦੇ ਵਿਰੋਧੀਆਂ ਨੇ, ਠੰਢੀ ਹੁੰਦੀ ਗੱਲ ਨੂੰ ਹਵਾ ਦੇ ਦਿੱਤੀ। ਦਿਨ
ਦੇ ਛਿਪਾਅ ਨਾਲ ਦੋ ਤਿੰਨ ਜਣੇ ਮਿਸਤਰੀ ਨੂੰ ਲੈ ਕੇ ਬਾਪੂ ਕੋਲ ਆ ਗਏ। ਬਾਪੂ ਨੇ ਚੌਕੀਦਾਰ
ਭੇਜ ਕੇ ਪੰਚਾਂ ਅਤੇ ਜੈਬ ਨੂੰਂ, ਦੂਜੇ ਦਿਨ ਦਰਵਾਜੇ ਆਊਣ ਲਈ ਕਿਹਾ।
-ਮੂੰਹ ਕਾਲਾ ਕਰ ਕੇ ਖੜ੍ਹਾ ਸਾਲੇ ਨੂੰ ਦਿਨ ਭਰ ਦਰਵਾਜੇ’ਚ- ਜੁੱਤੀਆਂ ਦਾ ਪਾ ਦੇ ਹਾਰ ਬਣਾ
ਕਟੇ- ਕੇਹਰ ਸਿਓਂ, ਗਈ ਰਾਤ, ਬਾਪੂ ਕੋਲ ਬੈਠਾ ਮੱਤਾਂ ਦਿੰਦਾ ਰਿਹਾ- ਦੁਸ਼ਮਣ ਤੇ ਝੋਟਾ
ਨੱਥੇ ਈ ਚੰਗੇ ਹੁੰਦੇ ਨੇ।
ਅੜਿੱਕੇ ਆਏ ਦੁਸ਼ਮਣ ਦੀ ਗੱਲ ਬਾਪੂ ਦੇ ਵੀ ਖਿਆਲ ਆਉਂਦੀ ਰਹੀ- ਗਧੇ ਤੇ ਬਿਠਾ ਕੇ ਫੇਰੂੰ
ਕੰਜਰ ਨੂੰ ਪਿੰਡ’ਚ- ਸਰਪੰਚ ਦੇ ਅੰਦਰੋਂ ਤੇਜਾ ਸਿਓਂ ਬੋਲਦੈ। ਐਂ ਤਾਂ ਗਰੀਬਾਂ ਦਾ ਜਿਊਣਾ
ਦੁੱਭਰ ਕਰ ਦੇਣਗੇ ਇਹੋ ਜੇ ਮਲੰਗ ( ਜੈਬ ਛੜਾ ਸੀ)। ਉਹਦੇ ਅੰਦਰ ਬਦੀ ਜਾਗ ਪਈ ਸੀ। ਜੈਬ
ਦੀਆਂ ਗਾਲ੍ਹਾਂ ਰੜਕਣ ਲੱਗ ਪਈਆਂ ਸਨ।
ਦੂਜੇ ਦਿਨ ਦਰਵਾਜੇ ਕੱਠ ਹੋ ਗਿਆ।
-ਹਾਂ ਬਈ ਜੈਬ ਸਿਆਂ, ਸੱਚ ਸੱਚ ਦੱਸ ਕੀ ਗੱਲ ਹੋਈ ਸੀ- ਗਰਜਾ ਸਿਓਂ ਬੋਲਿਆ।
- ਮੈਂ ਚਾਚੇ ਨਗਰ ਖੇੜੇ ਖੜਾਂ……
- ਤੂੰ ਤਾਂ ਗੰਦ ਵੀ ਨਗਰ ਖੇੜੇ ਖੜ੍ਹ ਕੇ ਈ ਬਕਦੈਂ- ਕਿਸੇ ਨੇ ਜੈਬ ਦੀ ਗੱਲ ਤੁਰਦੇ ਈ ਕੱਟ
ਦਿੱਤੀ ਸੀ।
- ਸੱਚ ਦੱਸਦੈ ਇਹ, ਬੜਾ ਜਧਿਸ਼ਟਰ। ਜਦ ਤਾਂ ਗੋਲ੍ਹ ਵਰਗੀ ਤਖਾਣੀ ਮੂਹਰੇ ਖੜ੍ਹ ਗਿਆ ਰੌਣ
ਬਣਕੇ- ਸਾਲਾ ਨਗਰ ਖੇੜੇ ਦਾ ਹੋਇਐ- ਕੋਈ ਤਮਾਸ਼ਬੀਨ ਬੋਲਿਆ ਸੀ।
- ਗੱਲ ਤੇਜਾ ਸਿਆਂ ਕੀ ਪੁੱਛਣੀ ਐ, ਬਹੂ ਕਿਤੇ ਝੂਠ ਬੋਲਦੀ ਐ- ਫੈਸਲਾ ਦੇ ਕੇ ਪਰੇ ਕਰੋ-
ਕੇਹਰ ਸਿਓਂ ਨੱਥੂ ਘੁਮਿਆਰ ਨੂੰ ਸਵਾਰੀ ਤਿਆਰ ਰੱਖਣ ਲਈ ਕਹਿ ਆਇਆ ਸੀ- ਪਿੰਡ ਕਿਤੇ ਭੁੱਲਿਐ
ਜੈਬ ਨੂੰ-
- -ਠੀਕ ਐ ਫੇਰ, ਬਹੂ ਪਰ੍ਹੇ’ਚ ਆ ਕੇ ਦਵੇ ਬਿਆਨ- ਜੈਬ ਦੇ ਕਿਸੇ ਹਮਾਇਤੀ ਨੇ ਘੁੰਡੀ ਅੜਾ
ਲਈ ਸੀ।
- -‘ਆਹੋ ਫੇਰ’, ਸੱਚ ਤਾਂ ਈ ਨਿੱਤਰੂ- ਜੈਬ ਵਾਲਾ ਟੋਲਾ ਬਹੂ ਨੂੰ ਪੰਚਾਇਤ ਵਿੱਚ ਸੱਦਣ ਤੇ
ਉਤਾਰੂ ਹੋ ਗਿਆ ਸੀ। ਪਰ ਮੁਹਤਬਰ ਬੰਦੇ ਬਹੂ ਨੂੰ ਇਸ ਤਰ੍ਹਾਂ ਭਰੀ ਪੰਚਾਇਤ ਵਿੱਚ ਸੱਦਣ ਨੂੰ
ਪਿੰਡ ਸਦੀ ਨਮੋਸ਼ੀ ਮੰਨਦੇ ਸਨ। ਇੱਕ ਵਿਚਕਾਰਲਾ ਰਾਹ ਤਲਾਸਿ਼ਆ ਗਿਆ- ਦੋ ਬੰਦੇ ਘਰ ਜਾ ਕੇ
ਬਹੂ ਤੋਂ ਗੱਲ ਪੁੱਛਣ।
ਬਾਪੂ ਤੇ ਤਾਇਆ ਹਰਦਿਆਲ ਸਿਓਂ, ਮਿਸਤਰੀਆਂ ਦੇ ਘਰ ਗਏ। ਓਟੀਏ ਦੇ ਓਹਲੇ, ਘੁੰਡ ਕੱਢੀ ਬੈਠੀ
ਬਹੂ ਨੇ ਵਾਕਾ ਬਿਆਨ ਕੀਤਾ-
ਉਹ ਆਪਣੇ ਨਾਲਦੀਆਂ ਤੋਂ ਥੋੜ੍ਹੀ ਪਛੜ ਗਈ ਸੀ। ਦੋ ਗੱਠੇ ਦੇ ਪਹੇ’ਚ ਨੀਵੀਂ ਪਾਈ ਜਾਂਦੀ ਨੇ
ਪੈੜਚਾਲ ਸੁਣ ਕੇ ਸਾਹਮਣੇ ਵੇਖਿਆ ਤਾਂ ਗੰਨਾ ਚੂਪਦਾ ਜੈਬ ਉਹਦੇ ਵਾਲੇ ਪਾਸੇ ਵੱਲ ਈ ਆ ਰਿਹਾ
ਸੀ। ਉਹ ਇਕਦਮ ਦੂਜੇ ਪਾਸੇ ਹੋਈ ਤਾਂ ਜੈਬ ਵੀ ਉਹਦੇ ਮੂਹਰੇ ਹੋ ਗਿਆ। ਉਹ ਦੂਜੇ ਪਾਸੇ ਗਈ
ਤਾਂ ਜੈਬ ਫਿਰ ਉਹਦੇ ਸਾਹਮਣੇ ਆ ਗਿਆ-
-ਫੇਰ ਭਾਈ? ਤਾਏ ਹਰਦਿਆਲ ਸਿਓਂ ਨੇ ਪੁੱਛਿਆ।
- ਫੇਰ ਜੀ ਮੈਂ ਭੱਜ ਕੇ ਇੱਖ ਵਿੱਚੀਂ ਲੰਘ ਆਈ- ਉਹ ਖੜ੍ਹਾ ਰਿਹਾ।
- ਤੈਨੂੰ ਉਹਨੇ ਕੁਝ ਬੋਲਿਆ ਬੁਲਾਇਆ ਹੋਊ- ਤਾਏ ਨੇ ਪੁੱਛਿਆ।
- ਨਹੀਂ ਜੀ, ਉਹ ਬੋਲਿਆ ਕੁਛ ਨੀ- ਬਹੂ ਨੇ ਘੁੰਡ ਵਿੱਚੋ ਸਿਰ ਮਾਰਿਆ।
- ਕੋਈ ਹੱਥੋ ਪਾਈ ਕਰਨ ਦੀ ਕੋਸਿ਼ਸ਼ ਕੀਤੀ ਹੋਊ- ਬਾਪੂ ਨੇ ਪੁੱਛਿਆ। ਜੋ ਬਹੂ ਦੱਸਦੀ ਸੀ,
ਉਹ ਇਹ ਗੱਲ ਤਾਂ ਸੁਣਨ ਹੀ ਨਹੀਂ ਸੀ ਆਏ। ਬਹੂ ਦੇ ਜਵਾਬ, ਸਰਪੰਚ ਦੀਆਂ’ ਕੱਠੀਆਂ ਕੀਤੀਆਂ
ਜੁੱਤੀਆਂ ਨੂੰ ਹਾਰ’ਚ ਨਹੀਂ ਪਰੋ ਰਹੇ ਸਨ।
- ਨਾਂ ਜੀ- ਸਰਪੰਚ ਨੇ ਬਹੂ ਦਾ ਵਿਹੁ ਵਰਗਾ ਸਿਰ ਨਾਂਹ ਵਿੱਚ ਹਿੱਲਦਾ ਵੇਖਿਆ।
- ਉਹਨੇ ਹੱਥੋਪਾਈ ਵਰਗੀ ਕੋਈ ਗੱਲ ਨਹੀਂ ਕੀਤੀ। ਪਹਿਲਾਂ ਦੋ ਵਾਰੀ ਮੂਹਰੇ ਹੋਇਆ, ਫਿਰ
ਖੜ੍ਹਾ ਰਿਹਾ।
ਤਾਇਆ ਹਰਦਿਆਲ ਸਿਓਂ ਤੇ ਬਾਪੂ ਉੱਠ ਆਏ। ਉਹ ਇਸ ਗੱਲ ਤੇ ਸਹਿਮਤ ਹੋ ਗਏ ਸਨ ਕਿ ਜੈਬ ਅਤੇ
ਬਹੂ, ਬਚਾਅ ਕਰਦੇ ਈ, ਬੱਸ ਕੁਦਰਤੀ ਇੱਕ ਦੂਜੇ ਦੇ ਸਾਹਮਣੇ ਹੁੰਦੇ ਰਹੇ।
ਪੰਚਾਇਤ ਨੇ ਫੈਸਲਾ ਜੈਬ ਦੇ ਹੱਕ ਵਿੱਚ ਦੇ ਦਿੱਤਾ।
-ਤੈਂ ਤਾਂ ਜਮ੍ਹਾਂ ਖੇਹ ਕਰਤੀ ਤੇਜਾ ਸਿਆਂ- ਕੇਹਰ ਸਿਓਂ ਪਰਨਾ ਝਾੜਦਾ ਬੋਲਿਆ ਸੀ।
- ਸਮਝ ਲੈ ਬੱਦੂ ਤੋਂ ਬਿੱਲੇ ਦੀ ਪੂੰਛ ਟੁੱਟਗੀ।
- ਸਰਪੰਚ ਜਰਕ ਗਿਆ- ਦੇ ਕੁਪੱਤੇ ਦੇ ਦੋ ਪਰੋਸੇ- ਨੱਥੂ ਘੁਮਆਿਰ ਬੋਲਿਆ ਸੀ। ਕੋਈ ਹੋਰ ਕਹਿ
ਰਿਹਾ ਸੀ- ਬਾਬਾ ਜੈਬ ਹੋਰਾਂ ਤੋਂ ਦੱਬ ਕੇ ਬੇਇਨਸਾਫ਼ੀ ਕਰ ਗਿਆ- ਕਾਹਦੀ ਸਰਪੰਚੀ ਐ ਟੱਟੂਆਂ
ਦੀ।
ਬਾਪੂ ਦੇ ਘਰਾਂ’ਚਪਂ, ਕਾਕਾ ਬਾਬਾ, ਗੁੱਸੇ’ਚ ਬੋਲਿਆ ਸੀ- ਤੈਂ ਤਾਂ ਮੁੰਡਿਆ, ਲਾਣੇ ਦੀਓ
ਬੇ-ਇੱਜ਼ਤੀ ਕਰਾਤੀ-
ਬੇਇੱਜ਼ਤੀ ਤਾਂ ਚਾਚਾ ਤਾਂ ਹੁੰਦੀ ਜੇ ਮੈਂ ਬੇਇਨਸਾਫ਼ੀ ਕਰਦਾ- ਨਹੀਂ ਮੇਰਾ ਕਿਹੜਾ ਜੈਬ
ਨੇੜਿਓਂ ਲਗਤਾ ਤੀ- ਬਾਪੂ ਨੇ ਆਪਣੀ ਦਲੀਲ ਦਿੱਤੀ ਪਰ ਉੱਠਦੇ, ਪਰਨੇ ਕੱਪੜੇ ਝਾੜਦੇ ਲੋਕਾਂ
ਦੀ ਧੂੜ ਬਾਪੂ ਦੇ ਸਿਰੋਂ ਉੱਚੀ ਉੱਠ ਅਸਮਾਨੇ ਜਾ ਚੜ੍ਹੀ ਸੀ। ਅਸਮਾਨੇ ਜਾ ਚੜ੍ਹੀ ਸੀ ਬਾਪੂ
ਦੀ ਬਦਨਾਮੀ ਅਤੇ ਜੈਬ ਦੇ ਵਿਰੋਧੀਆਂ ਦਾ ਗੁੱਸਾ। ਕੇਹਰ ਸਿਓਂ ਤੇ ਦੋ ਹੋਰ ਜਣੇ, ਸਿੱਧੇ
ਮਿਸਤਰੀਆਂ ਦੇ ਘਰ ਗਏ ਸਨ।
-ਚੌਧਰੀ, ਦਰਖਾਸਤ ਦੇਣੀ ਐ ਜੈਬ ਤੇ। ਥਾਣੇ ਚੱਲੋ ਸਾਡੇ ਨਾਲ- ਦੂਜੇ ਦਿਨ ਮਿਸਤਰੀ ਸਵੇਰੇ ਈ
ਬਾਪੂ ਕੋਲ ਆ ਗਿਆ ਸੀ।
- ਦੇਖ ਕਾਰੀਗਰਾ- ਜੇ ਤਾਂ ਮੰਦੈਂ ਤੂੰ ਮੈਨੂੰ ਆਪਣਾ ਸਰਪੰਚ- ਫੇਰ ਜਿਵੇਂ ਮੈਨੂੰ ਠੀਕ
ਲੱਗਿਆ ਰੱਬ ਲਗਦੀ ਕਰਤੀ। ਤੂੰ ਪੰਚਾਇਤ ਦੀ ਮੰਨ- ਥਾਣੇ ਜਾਣੈ ਤੇਰੀ ਮਰਜ਼ੀ- ਮੈਂ ਜਾਊਂ,
ਸੱਚੀ ਗੱਲ ਕਹੂੰ, ਉਹ ਜੈਬ ਦੇ ਹੱਕ’ਚ ਭੁਗਤੂ- ( ਬਾਪੂ ਦੀ ਸਰਪੰਚੀ ਦੀਆਂ ਦੋਨੋਂ ਟਰਮਾਂ’ਚ
ਦੋ ਕੋਸ ਥਾਣੇ ਗਏ। ਮਿਸਤਰੀਆਂ ਦੀ ਬਹੂ ਦਾ ਅਤੇ ਪੰਜਾਬੀ ਭਾਸ਼ਾ ਨਾ ਲਿਖਾਉਣ ਬਦਲੇ ਹਰੀਜਨਾਂ
ਦੇ ਬਾਈਕਾਟ ਦਾ, ਬਾਪੂ ਥਾਣੇ ਇੱਕ ਵਾਰ ਵੀ ਨੀ ਗਿਆ।) ਥਾਣੇ ਕਚਹਿਰੀ ਦਾ ਕੇਹਰ ਸਿਓਂ ਮਾਹਰ
ਸੀ। ਮਿਸਤਰੀਆਂ ਨੇ ਕੇਸ ਕੀਤਾ, ਇੱਕ ਗਵਾਹ ਬਣਾ ਲਿਆ ਤੇ ਕਚਹਿਰੀ ਜਾਂਦੇ ਹੋ ਗਏ। ਜੈਬ ਦੀ
ਜ਼ਮਾਨਤ ਨਾ ਹੋਈ ਤੇ ਉਹ ਤਿੰਨ ਮਹੀਨੇ ਹਵਾਲਾਤ’ਚ ਰਿਹਾ ਅਤੇ ਦੋਸ਼ ਸਾਬਤ ਨਾ ਹੋਣ ਕਾਰਨ ਬਰੀ
ਹੋ ਕੇ ਘਰ ਆ ਗਿਆ।
ਕੁਝ ਦਿਨ ਬਾਅਦ……
ਬਾਪੂ ਸਾਡੇ ਗੁਆਂਢੀ ਪਿੰਡ ਇਸਮਾਈਲਪੁਰ ਨੂੰ ਜਾ ਰਿਹਾ ਸੀ, ਪੈਦਲ। ਉਸ ਪਗਡੰਡੀ ਵਰਗੇ ਰਸਤੇ
ਵਿੱਚ ਇੱਕ ਖੂਹੀ ਹੁੰਦੀ ਸੀ, ਉਸਨੂੰ ਅੱਧ ਦੀ ਖੂਹੀ ਕਿਹਾ ਜਾਂਦਾ ਸੀ। ਉਸ ਖੂਹੀ’ਤੇ ਬਾਪੂ
ਨੂੰ ਜੈਬ ਆਊਂਦਾ ਦਿੱਸਿਆ। ਹਵਾਲਾਤੋਂ ਛੁੱਟ ਕੇ ਆਊਣ ਤੋਂ ਬਾਅਦ, ਜੈਬ ਪਹਿਲੀ ਵਾਰ ਬਾਪੂ
ਨੂੰ ਸਾਹਮਣੇ ਟੱਕਰਿਆ ਸੀ। ਪਹਿਲਾਂ ਈ ਬਥੇਰੀ ਕੁੜੱਤਣ ਵਿੱਚ, ਹਵਾਲਾਤ ਦੀ ਜ਼ਹਿਰ ਸ਼ਾਮਿਲ
ਹੋ ਗੲੌੀ ਸੀ। ਬਾਪੂ ਸਮਝ ਗਿਆ, ਜੈਬ ਅੱਜ ਗਲ ਪਵੇਗਾ। ਬਾਪੂ ਨੇ ਟਾਲਾ ਵੱਟਣ ਲਈ ਕੋਈ
ਪਾਸਿਓਂ ਲੰਘਦੀ ਵੱਟ ਡੌਲ ਵੇਖੀ। ਆਲੇ-ਦੁਆਲੇ ਰੱਕੜ-ਜ਼ਮੀਨ, ਕਾਹੀ’ਤੇ ਪੁਠਕੰਡਾ ਖੜ੍ਹੇ ਸਨ।
ਕੋਈ ਬੰਦਾ ਵੀ ਨਜ਼ਰੀਂ ਨਹੀਂ ਆਇਆ। ਕੋਈ ਇੱਧਰ-ਓਧਰ ਨਿਕਲਦੀ ਪਗਡੰਡੀ ਵੀ ਨਹੀਂ ਸੀ। ਸਿਰਫ਼
ਸਾਹਮਣੇ, ਕਰਮ ਕੁ ਚੌੜੀ, ਵਿੰਗ ਵਲੇਵੇਂ ਖਾਦੀ, ਸਾਫ਼ ਪਗਡੰਡੀ ਸੀ ਤੇ ਉਹਦੇ’ਤੇ ਸਾਹਮਣਿਓਂ
ਜੈਬ ਤੁਰਿਆ ਆ ਰਿਹਾ ਸੀ।
‘ ਚਲ ਗਾਲ੍ਹ ਦੁੱਪੜ ਦੀ ਤਾਂ ਕੋਈ ਨੀਂ, ਪਰ ਜੇ ਹੱਥੋ ਪਾਈ ਹੋਇਆ ਤਾਂ ਇਹਨੂੰ ਮੈਥੋਂ ਛੁਡਾਊ
ਕੌਣ’- ਬਾਪੂ ਨੇ ਮਨੋਂ ਮਨੀਂ ਫਿ਼ਕਰ ਕੀਤਾ। ਫੇਰ ਸੋਚਿਆ ‘ਤੇਜਾ ਸਿਆਂ’, ਜੇ ਇਹਨੇ ਐਂ ਗਲ
ਪੈਣਾ ਈ ਹੋਇਆ, ਇਹ ਫੇਰ ਖਹਿੜੇ ਖੇਰੂ। ਦੋ ਮਾਰਕੇ ਰੱਖੜੇ, ਆਪਣੇ ਰਾਹ ਜਾਂਦਾ ਬਣ- ਬਹੁਤੀ
ਗੱਲ ਹੋਈ, ਇਹਦੇ ਪਰਨੇ ਨਾਲ ਨੈੜ ਕੇ ਸਿੱਟ ਦੂੰ-
ਬਾਪੂ ਦੇ ਅੰਦਰੋਂ ਰੋਸ ਜਾਗਿਆ। ਉਸਦਾ ਸੱਜਾ ਹੱਥ, ਜਿਹੜਾ ਪੰਜੇ’ਚ ਆਈਆਂ ਅਗਲੇ ਦੀਆਂ
ਉਂਗਲਾਂ ਦਾ ਲਹੂ ਨਿਚੋੜ ਦਿਆ ਕਰਦਾ ਸੀ, ਤਣ ਗਿਆ।
ਉਹੀ ਗੱਲ ਹੋਈ, ਜੈਬ ਪਿੱਪਲ ਹੇਠ ਬਾਪੂ ਦੇ ਸਾਹਮਣੇ, ਰਾਹ’ਚ ਖੜ੍ਹ ਗਿਆ। ਹਵਾਲਾਤ ਦੀ ਕਰੜਾਈ
ਅਤੇ ਘਰ ਆ ਕੇ ਲਗਾਤਾਰ ਪੀਤੇ ਨਸ਼ੇ ਦਾ ਝਮਬਿਆ, ਜੈਬ ਦਾ ਮੂੰਹ ਵੇਖ ਕੇ ਬਾਪੂ ਨੂੰ ਤਰਸ ਆ
ਗਿਆ। ਉਹ ਪਾਸਾ ਵੱਟ ਕੇ ਲੰਘਣ ਲੱਗਿਆ ਤਾਂ ਸਾਹਮਣੇ ਹੁੰਦਾ ਜੈਬ ਬੋਲਿਆ- “ ਚਾਚਾ, ਆਹ ਬਰਮੈ
ਮੇਰੇ ਹੱਥ’ਚ, ਜੇ ਝੂਠ ਬੋਲਾਂ- ਜੈਬ ਨੇ ਪਿੱਪਲ ਨਾਲੋਂ ਪੱਤਾ ਤੋੜ ਕੇ, ਢਾਲ ਵਾਂਗ ਆਪਣੇ
ਸਾਹਮਣੇ ਕੀਤਾ। ਭਾਪੂ ਰੁਕ ਗਿਆ।
ਮੇਰੀ ਨੀਤ’ਚ ਕੋਈ ਖੋਟ ਨੀ ਤੀ, ਮੈਂ ਮਿਸਤਰੀਆਂ ਦੀ ਬਹੂ ਨੂੰ ਕੁਛ ਨੀ ਕਿਹਾ। ਉਹ ਤਾਂ ਬੱਸ
ਕੁਦਰਤੀ ਆਹਮੋ-ਸਾਹਮਣੇ ਹੋਗੇ-
-ਫੇਰ ਮੈਂ ਤਾਂ ਜੈਬ ਸਿਆਂ, ਤੇਰਾ ਕਸੂਰ ਮੰਨਿਆ ਈ ਨੀ। ਪੰਚਾਇਤ ਨੇ ਤਾਂ ਤੈਨੂੰ ਛੱਡੇ ੲੈ
ਦਿੱਤਾ ਸੀ- ਬਾਪੂ ਦੇ ਮਨ ਦਾ ਤਣਾਅ ਅਤੇ ਉਂਗਲਾਂ ਦਾ ਕਸਾਅ ਥੋੜ੍ਹਾ ਢਿੱਲਾ ਹੋਇਆ- ਥਾਣੇ
ਤਾਂ ਤੈਨੂੰ ਤੇਰੀਆਂ ਕਰਤੂਤਾਂ ਲੈ ਕੇ ਗਈਆਂ-
- ਉਹ ਤਾਂ ਠੀਕ ਐ- ਪਰ ਮੇਰੇ ਮਨ’ਚ ਤੀ ਬਈ ਕੇਰਾਂ ਚਾਚੇ ਨੂੰ ਸੱਚ ਦੱਸਦਾਂ-
ਜੈਬ ਤੁਰ ਪਿਆ। ਬਾਪੂ ਥੋੜ੍ਹੀ ਦੇਰ ਖੜ੍ਹਾ ਰਿਹਾ ਸੀ।
……ਆਪਣੀ ਗੱਲ ਮੁਕਾ ਕੇ ਬਾਪੂ, ਕਾਮਿਆਂ ਦੀ ਹਾਜ਼ਰੀ ਲੈ ਕੇ ਖੇਤਾਂ ਨੂੰ ਤੁਰ ਪਿਆ। ਪਰ
ਮੈਨੂੰ ਕਿੰਨੀ ਦੇਰ ਪਿੱਪਲ ਦੇ ਪੱਤੇ ਉਹਲੇ ਖੜ੍ਹਾ ਜੈਬ ਦਿੱਸਦਾ ਰਿਹਾ, ਉਹਦੇ ਸਾਹਮਣੇ
ਖੜ੍ਹੇ ਬਾਪੂ ਦੇ ਮਨ ਦੇ ਉਤਰਾਅ-ਚੜ੍ਹਾਅ ਮਹਿਸੂਸ ਹੁੰਦੇ ਰਹੇ, ਮੋਟੀਆਂ ਗੱਠਾਂ ਵਾਲੀਆਂ
ਸੱਜੇ ਹੱਥ ਦੀਆਂ ਕੰਡੇਰਨੇ ਵਾਂਗ ਤਣੀਆਂ ਉਹਦੀਆਂ ਉਂਗਲਾਂ ਦਿੱਸਦੀਆਂ ਰਹੀਆਂ। ਫਿਰ ਪਤਾ ਨੀ
ਕਿਉਂ ਮੇਰੀਆਂ ਅੱਖਾਂ’ਚ ਪਾਣੀ ਸਿੰਮ ਆਇਆ। ਮੇਰੇ ਰੁੱਧੇ ਗਲੇ’ਚੋਂ ਕੋਈ ਬੋਲਿਆ-
- ਵਾਹ! ਉਏ ਤੇਜਾ ਸਿਆਂ ਤੇਰੇ- ਫਿਰ ਮੈਂ ਆਪਣੇ ਆਪ ਨੂੰ ਕਿਹਾ ‘ਤਾਂ ਇਹ ਸੀ ਮੇਰਾ ਬਾਪ,
ਜੀਹਦੇ ਸਾਹਮਣੇ ਆ ਕੇ ਸੱਚ ਕਬੂਲੇ ਬਿਨਾਂ, ਦੁਸ਼ਮਣ ਨੂੰ ਵੀ ਚੈਨ ਨਹੀਂ ਸੀ ਆਉਂਦਾ।’
(ਕੁਝ ਦਿਨਾਂ ਬਾਅਦ ਮੈਂ ਬਾਪੂ ਨੂੰ ਪੁੱਛਿਆ ਸੀ- ਉਂ ਜੈਬ ਗਾਲ੍ਹਾਂ ਫੇਰ ਵੀ ਕੱਢਦਾ ਰਿਹਾ?)
- ਵਾਧੂ, ਬਾਪੂ ਬੋਲਿਆ-ਮਰਨ ਤੱਕ।
-0-
|