ਅੰਗਰੇਜ਼ੀ ਸ਼ਬਦ ਪਾਸਪੋਰਟ ਪੰਜਾਬੀਆਂ ਲਈ ਤਲਿਸਮੀ ਸ਼ਬਦ ਹੈ – ਇਹਦੇ ਉਚਰਿਆਂ ਸਹੰਸ ਦਰ ਇਕਦਮ
ਖੁੱਲ੍ਹਣ ਲਗਦੇ ਹਨ; ਪਿੰਡ-ਗਰਾਂ ਦੇ ਦਿਸਹੱਦੇ ਤੋਂ ਪਾਰ ਦੀ ਦੁਨੀਆ ਤਕ ਪੁੱਜਣ ਦਾ ਇਹ
ਉੜਨ-ਖਟੋਲਾ ਹੈ; ਸ਼ੁਭ-ਯਾਤਰਾ ਦਾ ਤਵੀਤ। ਫ਼ਰੰਗੀ ਪੰਜਾਬੀਆਂ ਨੂੰ ਫ਼ੌਜ ਚ ਭਰਤੀ ਕਰਕੇ ਅਪਣੇ
ਸਾਮਾਰਾਜ ਦੀਆਂ ਜੜ੍ਹਾਂ ਲਾਉਣ ਲਈ ਪਰਦੇਸੀਂ ਢੋਣ ਲੱਗੇ ਸੀ। ਪਾਸਪੋਰਟ ਦੂਜੇ ਦਹਾਕੇ ਦੇ
ਸ਼ੁਰੂ ਚ ਬਣਨ ਲੱਗਾ ਸੀ, ਪਹਿਲਾਂ ਤਹਿ-ਕੀਤਾ ਕਾਗ਼ਜ਼ ਹੀ ਹੁੰਦਾ ਸੀ ਤੇ ਨਾਲ਼ ਸ਼ਨਾਖ਼ਤ ਵਾਸਤੇ
ਫ਼ੋਟੋ। ਪੰਜਾਬਣਾਂ ਦੇ ਪਹਿਲਕੇ ਪਾਸਪੋਰਟਾਂ ’ਤੇ ਉਨ੍ਹਾਂ ਦੀ ਫ਼ੋਟੋ ਨਹੀਂ ਸੀ ਲੱਗੀ ਹੁੰਦੀ।
ਉਹਦੀ ਥਾਂ ਲਿਖਿਆ ਹੁੰਦਾ ਸੀ – ਲੇਡੀ ਇਨ ਪਰਦਾ।
ਲੰਦਨ ਦੀ ਬ੍ਰਿਟਿਸ਼ ਲਾਇਬ੍ਰੇਰੀ ਚ ਸਾਂਭੇ ਪਏ ਪਾਸਪੋਰਟਾਂ ਦੀਆਂ ਇਹ ਤਸਵੀਰਾਂ ਪੰਜਾਬ ਦੇ
ਲੋਕ ਨਾਇਕਾਂ ਅਜੀਤ ਸਿੰਘ ਅਤੇ ਊਧਮ ਸਿੰਘ ਦੀਆਂ ਹਨ। ਇਕ ਤਸਵੀਰ ਦੇਸ ਵਾਪਸੀ ਦੇ ਪਾਸਪੋਰਟ
ਦੀ ਹੈ ਤੇ ਦੂਸਰੀ ਦੇਸ ਕਦੇ ਨਾ ਮੁੜਨ ਦੇ ਪਾਸਪੋਰਟ ਦੀ।
ਸੰਨ 40 ਵਿਚ ਤੀਹ ਸਾਲਾਂ ਦੀ ਜਲਵਾਤਨੀ, ਬੁਢਾਪੇ ਤੇ ਬੀਮਾਰੀ ਦੇ ਝੰਬੇ ਅਜੀਤ ਸਿੰਘ ਨਹਿਰੂ
ਜੀ ਨੂੰ ਜਨੀਵਾ ਜਾ ਕੇ ਮਿਲ਼ੇ ਸਨ, ਤਾਂ ਕਿ ਉਹ ਬਰਤਾਨਵੀ ਪਾਸਪੋਰਟ ’ਤੇ ਵਤਨ ਮੁੜ ਸਕਣ। ਇਸ
ਤਸਵੀਰ ਦੇ ਪਿੱਛੇ ਨਹਿਰੂ ਜੀ ਨੇ ਹੱਥੀਂ ਤਸਦੀਕ ਕੀਤਾ ਹੋਇਆ ਹੈ ਕਿ ਇਹ ਅਜੀਤ ਸਿੰਘ ਦੀ ਸ਼ਕਲ
ਦੀ ਅਸਲ ਨਕਲ ਹੈ। ਅੰਗਰੇਜ਼ ਹਾਕਮਾਂ ਦੀ ਅਜੀਤ ਸਿੰਘ ਨੂੰ ਬਰਤਾਨਵੀ ਪਾਸਪੋਰਟ ਦੇਣੋਂ ਨਾਂਹ
ਦਾ ਕਾਰਣ ਸਰਕਾਰੀ ਮਿਸਲ ਚ ਇਹ ਲਿਖਿਆ ਹੋਇਆ ਹੈ- ਇਹ ਹੈ ਤਾਂ ਦਿੱਲੀ ਅਸੰਬਲੀ ਚ ਬੰਬ ਸੁੱਟਣ
ਵਾਲ਼ੇ ਭਗਤ ਸਿੰਘ ਦਾ ਚਾਚਾ ਹੀ। - ਆਖ਼ਿਰ ਨਹਿਰੂ ਜੀ ਨੇ ਅਪਣੀ ਸਰਕਾਰ ਬਣਨ ਵੇਲੇ ਅਜੀਤ ਸਿੰਘ
ਨੂੰ ਵਤਨ ਬੁਲਾਇਆ ਸੀ ਤੇ ਚੌਦਾਂ-ਪੰਦਰਾਂ ਅਗਸਤ 1947 ਦੀ ਰਾਤ ਨੂੰ ਇਨ੍ਹਾਂ ਦੀ
ਜੀਵਨ-ਯਾਤਰਾ ਡਲਹੌਜ਼ੀ ਵਿਚ ਪੂਰੀ ਹੋਈ।
20 ਮਾਰਚ 1933 ਨੂੰ ਲਹੌਰ ਚ ਬਣੇ ਊਧਮ ਸਿੰਘ ਦੇ ਪਾਸਪੋਰਟ ਵਿਚ ਇਤਿਹਾਸ, ਜੀਵਨ ਤੇ
ਤਾਰੀਖ਼ਾਂ ਦਾ ਵਿਅੰਗ ਦਰਜ ਹੈ।
ਨਾਇਕ ਦਾ ਕਿੱਤਾ ਇਨਕਲਾਬ ਹੁੰਦਾ ਹੈ। ਨਾਇਕ ਦੀ ਜਨਮ ਤਾਰੀਖ਼ ਤਾਂ ਹੁੰਦੀ ਹੈ, ਪਰ ਮਰਨ
ਤਾਰੀਖ਼ ਕੋਈ ਨਹੀਂ। ਨਾਇਕ ਦਾ ਕੱਦ ਅਪਣੇ ਵਤਨ ਦੇ ਆਕਾਸ਼ ਜਿੱਡਾ ਬੁਲੰਦ ਹੁੰਦਾ ਹੈ। ਅੱਖਾਂ
ਦਾ ਰੰਗ: ਅਪਣੇ ਵਤਨ ਦੇ ਆਕਾਸ਼ ਵਰਗਾ; ਸਰੀਰ ਦਾ ਖ਼ਾਸ ਨਿਸ਼ਾਨ: ਗ਼ੁਲਾਮੀ ਦਾ ਦਾਗ਼। ਵਿਰਲੇ ਹੀ
ਬੰਦੇ ਹੁੰਦੇ ਨੇ, ਜਿਨ੍ਹਾਂ ਦੀ ਸ਼ਨਾਖ਼ਤ ਸਾਰੀ ਕੌਮ ਦੀ ਸ਼ਨਾਖ਼ਤ ਹੋ ਜਾਂਦੀ ਹੈ। ਪੰਜਾਬੀ ਕੌਮ
ਦੀ ਸ਼ਨਾਖ਼ਤ ਦੀ ਤਸਦੀਕ ਅਜੀਤ ਸਿੰਘ ਤੇ ਊਧਮ ਸਿੰਘ ਨੇ ਅਪਣੇ ਲਹੂ ਨਾਲ਼ ਕੀਤੀ।
-0-
|