ਆਪਣੀ ਗੱਲ ਸ਼ੁਰੂ ਕਰਨ
ਤੋ ਪਹਿਲਾ ਮੈ ਸਪਸ਼ਟ ਕਰ ਦੇਵਾ ਕਿ ਜੱਟ ਸ਼ਬਦ ਦੇ ਪ੍ਰਚਲਤ ਅਰਥਾਂ ਅਤੇ ਇਸ ਵਿਚੋਂ ਉਪਜੀ
ਕਿਸੇ ਵੀ ਕਿਸਮ ਦੀ ਹਾਓੁਮੇ ਨਾਲ ਇਸ ਲੇਖ ਦਾ ਕੋਈ ਸਬੰਧ ਨਹੀ ਹੈ ਅਤੇ ਨਾ ਹੀ ਇਸ ਦਾ ਮਕਸਦ
ਜਾਤ ਪਾਤ ਜਾ ਕਿਸੇ ਕਿਸਮ ਦੀ ਸ਼੍ਰੇਣੀ ਵੰਡ ਦੀ ਪੁਸ਼ਟੀ ਜਾ ਪ੍ਰੋੜ੍ਹਤਾ ਕਰਨਾ ਹੈ। ਸਿੱਖੀ
ਦੇ ਅਸੂਲਾਂ ਅਨੁਸਾਰ ਵੀ ਕਿਸੇ ਕਿਸਮ ਦੀ ਜਾਤ ਪਾਤ ਦਾ ਅਭਿਮਾਨ ਸਿੱਖੀ ਵਿਰੋਧੀ ਵਰਤਾਰਾ ਹੈ।
ਰਹਿਤਨਾਮਿਆਂ ਅਤੇ ਗੁਰੁ ਉਪਦੇਸਾ ਦੇ ਅਨੁਸਾਰ ਤਾ ਸਿੱਖੀ ਵਿਚ ਪ੍ਰਵੇਸ਼ ਕਰਨ ਉਪਰੰਤ ਕਿਸੇ
ਵੀ ਮਨੁੱਖ ਦਾ ਪਹਿਲਾ ਨਾਮ ਧਰਮ ਜਾਤ ਗੋਤ ਆਦਿ ਦਾ ਅੰਤ ਹੁੰਦਾ ਹੈ ਅਤੇ ਸਮੁੱਚੇ ਸਿੱਖਾ ਦੀ
ਇੱਕ ਹੀ ਜਾਤ ਇਨਸਾਨੀਅਤ ਬਾਕੀ ਬਚਦੀ ਹੈ। ਖਾਸ ਕਰਕੇ ਸਿੱਖ ਜਦ ਅੰਮ੍ਰਿਤਪਾਨ ਕਰਨ ਉਪਰੰਤ
ਖਾਲਸੇ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਤਾ ਉਹ ਇਹਨਾਂ ਸਾਰੀਆਂ ਪੁਰਾਤਨ ਮੰਨੂੰ ਵਾਦੀ ਕਦਰਾਂ
ਕੀਮਤਾਂ ਨੂੰ ਪਹਿਲਾ ਤਿਲਾਂਜਲੀ ਦਿੰਦਾ ਹੈ ਅਤੇ ਫਿਰ ਮਨੁੱਖਤਾ ਦੇ ਸਭ ਤੋ ਨਵੇਲੇ,
ਨਿਵੇਕਲੇ, ਨਿਆਰੇ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਪਰਨਾਏ ਅਸੂਲਾਂ ਨੂੰ ਸਮਰਪਿਤ ਹੁੰਦਾ
ਹੈ, ਜਾਂ ਕਹਿ ਲਵੋ ਹੋਣਾ ਚਾਹੀਦਾ ਹੈ, ਇਹ ਅਤਿਅੰਤ ਜਰੂਰੀ ਨਿਯਮ ਹੈ। ਪਰ ਕੀ ਹਕੀਕਤ ਵਿਚ
ਅਜਿਹਾ ਹੁੰਦਾ ਹੈ ? ਜੇਕਰ ਨਹੀ ਤਾਂ ਕਿਉ ? ਕੀ ਸਾਡੀ ਧਾਰਮਿਕ ਲੀਡਰਸਿ਼ਪ ਇਖਲਾਕੀ ਤੋਰ ਤੇ
ਏਨੀ ਕਮਜ਼ੋਰ ਨਿਮਾਣੀ ਅਤੇ ਬੇਵਸ ਹੈ ਕਿ ਉਹ ਸਿੱਖੀ ਅਸੂਲਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ
ਦੇ ਸਮਰੱਥ ਵੀ ਨਹੀ ਰਹੀ ? ਜਾਂ ਫਿਰ ਅੱਜ ਦੀ ਸਿੱਖੀ ਸਿਰਫ਼ ਬਾਣੇ ਤੀਕ ਸੀਮਤ ਹੋ ਗਈ ਹੈ ਅਤੇ
ਸਿੱਖੀ ਕਦਰਾਂ ਕੀਮਤਾਂ, ਰਵਾਇਤਾਂ ਅਤੇ ਪਰੰਪਰਾਵਾਂ ਦਾ ਕੋਈ ਅਰਥ ਬਾਕੀ ਨਹੀ ਰਹਿ ਗਿਆ ?
ਅਜਿਹੇ ਅਨੇਕਾ ਸੁਆਲ ਖੜੇ ਹੁੰਦੇ ਹਨ । ਪਰ ਇਸ ਲੇਖ ਦਾ ਮੰਤਵ ਸਿਰਫ਼ ਜੱਟ ਸਬਦ ਨੂੰ ਅਪਨਾਉਣ
ਅਤੇ ਜੱਟ ਅਖਵਾਉਣ ਵਿਚ ਜੋ ਗੌਰਵ ਸਕੂਨ ਅਤੇ ਤਸੱਲੀ ਅੱਜ ਲੋਕ ਮਹਿਸੂਸ ਕਰਦੇ ਹਨ ਉਸ ਤੀਕ ਹੀ
ਸੀਮਤ ਹੈ।
ਆਕਸਫੋਰਡ ਡਿਕਸ਼ਨਰੀ ਦੇ ਬ੍ਰਿਟਿਸ਼ ਸੰਸਕਰਨ ਅਨੁਸਾਰ ਜੱਟ ਦੇ ਲਫ਼ਾਜੀ ਅਰਥ ਵੇਖ ਕੇ ਜੱਟ
ਅਖਵਾਉਣ ਵਾਲੇ ਸ਼ਾਇਦ ਨਰਾਜ਼ ਵੀ ਹੋਣਗੇ ਅਤੇ ਇਸ ਸ਼ਬਦ ਤੋ ਕੰਨੀ ਵੀ ਕਤਰਾਉਣਗੇ, ਕਿਉਂਕਿ
ਇਸ ਅਨੁਸਾਰ ਜੱਟ ਹੋਣ ਦਾ ਅਰਥ ਅਨਪੜ੍ਹ, ਪੇਡੂ, ਅਵਾਰਾ ਤੇ ਗਵਾਰ ਹੋਣਾ ਹੈ। ਪੁਰਾਣੇ ਸਮੇਂ
ਦਾ ਤਾਂ ਪਤਾ ਨਹੀ ਕਿਉਂਕਿ ਆਮ ਜਨਤਾ ਵਧੇਰੇ ਪੜ੍ਹੀ ਲਿਖੀ ਨਾ ਹੋਣ ਕਾਰਨ ਆਕਸਫੋਰਡ ਡਿਕਸ਼ਨਰੀ
ਤਕ ਰਸਾਈ ਹੋਣਾ ਸ਼ਾਇਦ ਸੰਭਵ ਹੀ ਨਾ ਵੀ ਹੋਵੇ, ਪਰ ਅੱਜ ਦੇ ਗਿਆਨ ਦੇ ਯੁੱਗ ਵਿਚ ਖਾਸ ਕਰਕੇ
ਕੰਪਿਊਟਰ ਸਾਇੰਸ ਦੇ ਤਰੱਕੀ ਦੀਆਂ ਸਿਖਰਾਂ ਛੂਹਣ ਕਾਰਨ ਹਰੇਕ ਪੜ੍ਹਿਆ ਲਿਖਿਆ ਵਿਅਕਤੀ ਜੋ
ਜੱਟ ਵੀ ਹੋਵੇ ਅਤੇ ਇਸ ਉਪਰ ਮਾਣ ਵੀ ਕਰਦਾ ਹੋਵੇ ਸਹਿਜੇ ਹੀ ਇਹਨਾਂ ਅਰਥਾਂ ਦੇ ਡੂੰਘੇ ਭਾਵ
ਸਮਝ ਸਕਦਾ ਹੈ । ਅੱਜ ਦਾ ਹਰ ਇਕ ਪੜ੍ਹਿਆ ਲਿਖਿਆ ਵਿਅਕਤੀ ਇਹਨਾਂ ਗੱਲਾ ਬਾਰੇ ਜਾਣਕਾਰੀ ਵੀ
ਰੱਖਦਾ ਹੈ। ਫਿਰ ਵੀ ਉਹ ਜੇਕਰ ਇਹਨਾਂ ਨੂੰ ਅੱਖੋਂ ਪਰੋਖੇ ਕਰਦਾ ਹੋਇਆ ਜੱਟ ਸ਼ਬਦ ਦਾ
ਪ੍ਰਯੋਗ ਕਰਦਾ ਹੋਇਆ ਆਪਣੇ ਜੱਟ ਹੋਣ ਉਪਰ ਖੁਸ਼ ਹੈ, ਸੰਤੁਸ਼ਟ ਹੈ ਅਤੇ ਆਪਣੇ ਆਪ ਨੂੰ ਜੱਟ
ਹੋਣ ਤੇ ਭਾਗਸ਼ਾਲੀ ਅਤੇ ਗੌਰਵਮਈ ਅਹਿਸਾਸ ਅਪਣਾਉਂਦਾ ਹੈ ਤਾਂ ਇਹ ਕਹਿਣ ਲਈ ਮਜਬੂਰ ਹੋਣਾ ਹੀ
ਪਵੇਗਾ ਕਿ ਆਖਰ ਕੁਝ ਅਜਿਹਾ ਤਾਂ ਹੈ ਜੋ ਇਸ ਸ਼ਬਦ ਵਿਚ ਹੈ ਕਿ ਇਸ ਨੂੰ ਅਖਵਾਉਣ ਵਿਚ ਜਾ
ਸਮਝਣ ਵਿਚ ਆਦਮੀ ਖੁਸ਼ੀ ਮਹਿਸੂਸ ਕਰਦਾ ਹੈ।
ਆਮ ਤੋਰ ਤੇ ਇਹ ਸਮਝਿਆ ਜਾਦਾ ਹੈ ਕਿ ਜਾਤ ਗੋਤ ਦਾ ਅਭਿਮਾਨ ਮੰਨੂੰ ਸਿਮਰਤੀ ਦੀ ਵਰਨ ਵੰਡ
ਕਾਰਨ ਉਪਜਿਆ ਹੈ। ਮੰਨੂੰ ਵਾਦ ਦੀਆਂ ਜੜਾ ਸਾਡੇ ਸਮਾਜ ਵਿਚ ਕਾਫੀ ਡੂੰਘੀਆਂ ਹਨ। ਪਰ ਮੰਨੂੰ
ਦੀ ਜਾਤੀ ਵੰਡ ਅਨੁਸਾਰ ਤਾਂ ਜੱਟ ਦੀ ਗਿਣਤੀ ਸ਼ੂਦਰ ਵਿਚ ਹੁੰਦੀ ਹੈ, ਭਲਾ ਕੋਈ ਸ਼ੂਦਰ ਆਪਣੀ
ਜਾਤ ਜਾਂ ਗੋਤ ਦਾ ਏਨਾ ਮਾਣ ਕਿਵੇਂ ਕਰ ਸਕਦਾ ਹੈ? ਸਾਡੇ ਕਾਮਰੇਡ ਵੀਰਾ ਦੀ ਵਿਦਿਆ ਇਹ
ਦੱਸਦੀ ਹੈ ਕਿ ਜਾਤ ਦਾ ਮਾਣ ਖਾਸ ਕਰਕੇ ਜੱਟ ਹੋਣ ਦਾ ਮਾਣ, ਪੈਦਾਵਾਰੀ ਸਾਧਨਾ ਦੇ ਉਪਰ
ਕਾਬਜ਼ ਹੋਣ ਕਰਕੇ ਉਪਜਦਾ ਹੈ। ਭਾਰਤ ਖਾਸ ਕਰਕੇ ਪੰਜਾਬ ਦੇ ਲੋਕਾ ਦਾ ਮੁੱਖ ਪੇਸ਼ਾ ਸਦੀਆਂ
ਤੋ ਖੇਤੀ ਰਿਹਾ ਹੈ ਅਤੇ ਖੇਤਾਂ ਦੀ ਮਾਲਕੀ ਕਿਸੇ ਤਰਾ ਹਲ ਵਾਹਕਾਂ ਭਾਵ ਕਿਰਸਾਨਾ ਨੂੰ ਮਿਲ
ਗਈ। ਇਹ ਵੱਡਾ ਕੰਮ ਬਾਬਾ ਬੰਦਾ ਸਿੰਘ ਬਹਾਦਰ ਦੇ ਸੱਤ ਅੱਠ ਵਰ੍ਹਿਆਂ ਦੇ ਟੁੱਟਵੇਂ ਜਿਹੇ
ਰਾਜ ਕਾਰਨ ਸੰਭਵ ਹੋ ਸਕਿਆ ਸੀ, ਜਦੋਂ ਕਿ ਪੰਜਾਬ ਵਿੱਚੋਂ ਜਗੀਰਦਾਰੀ ਦਾ ਸਫਾਇਆ ਕਰਕੇ ਹਲ
ਵਾਹਕ (ਜੱਟ) ਨੂੰ ਜਮੀਨ ਦੀ ਮਾਲਕੀ ਦਾ ਹੱਕ ਨਸੀਬ ਹੋਇਆ ਸੀ। ਜੇਕਰ ਕਮਿਉਨਿਸਟ ਫ਼ਿਲਾਸਫ਼ਰਾਂ
ਦੇ ਇਸ ਤੱਥ ਨੂੰ ਵੀ ਮੰਨ ਲਿਆ ਜਾਵੇ ਕਿ ਪੈਦਾਵਾਰ ਦੇ ਸਾਧਨਾ ਦੀ ਮਾਲਕੀ ਦੇ ਕਾਰਨ ਜੱਟ ਏਨੇ
ਅਭਿਮਾਨੀ ਹੋ ਗਏ ਹਨ ਕਿ ਉਹ ਆਪਣੇ ਆਪ ਨੂੰ ਸਰਵ ਸ੍ਰੇਸਟ ਹੋਣ ਦਾ ਭਰਮ ਪਾਲ ਬੈਠੇ ਹਨ ਤਾਂ
ਵੀ ਇਹ ਗੱਲ ਜ਼ਮੀਨੀ ਪੱਧਰ ਤੇ ਸਚਾਈ ਦੇ ਨਜ਼ਦੀਕ ਨਹੀ ਜਾਪਦੀ। ਜੇਕਰ ਇਸ ਤਰਾ ਹੁੰਦਾ ਤਾਂ
ਸਿੱਖ ਜੱਟਾ ਤੋ ਇਲਾਵਾ ਸਮੁੱਚੇ ਭਾਰਤ ਵਿੱਚ ਖੇਤੀ ਕਰਨ ਵਾਲਾ ਹਰੇਕ ਵਿਅਕਤੀ ਅਤੇ ਪੰਜਾਬ ਦਾ
ਹਿੰਦੂ ਖੱਤਰੀ ਅਤੇ ਬ੍ਰਾਹਮਣ ਜੋ ਕਿਸੇ ਸਮੇਂ ਇਸ ਪੇਸ਼ੇ ਨਾਲ ਵੱਡੀ ਪੱਧਰ ਤੇ ਸਬੰਧਿਤ ਸੀ
ਅਤੇ ਅੱਜ ਵੀ ਟਾਂਵਾਂ ਟਾਂਵਾਂ ਹੈ, (ਅਜੋਕੇ ਸਮੇਂ ਵਿਚ ਵਧੇਰੇ ਕਰਕੇ ਇਹ ਲੋਕ ਖੇਤੀ ਨੂੰ
ਲਾਹੇਵੰਦਾ ਧੰਦਾ ਨਾ ਸਮਝ ਕੇ ਇਸ ਤੋ ਕਿਨਾਰਾ ਕਰ ਗਏ ਹਨ) ਵੀ ਅਜਿਹਾ ਹੀ ਵਤੀਰਾ ਅਪਣਾਉਂਦਾ।
ਹਾਲਾ ਕਿ ਬ੍ਰਾਹਮਣ ਅਤੇ ਖੱਤਰੀ ਵਰਗ ਹਿੰਦੂ ਰਹੁ ਰੀਤਾ ਅਤੇ ਮੰਨੂੰ ਦੀ ਸਿਮਰਤੀ ਦੀ ਵੰਡ
ਅਨੁਸਾਰ ਵੱਖਰੀ ਤਰਾ ਦੀ ਹਾਓੁਮੇ ਦਾ ਸਿ਼ਕਾਰ ਜਰੂਰ ਹੈ, ਪਰ ਜੱਟ ਵਾਦ ਵਰਗੀ ਅਖੌਤੀ
ਗੌਰਵਸ਼ਾਲੀ ਹੈਂਕੜ ਉਸ ਵਿਚ ਨਹੀ ਹੈ। ਜੇ ਕੁਝ ਕੁ ਪੋਟਿਆਂ ਤੇ ਗਿਣੇ ਜਣ ਜੋਗੇ ਵੱਡੇ
ਰਾਜਨੀਤਕ ਘਰਾਣਿਆਂ ਅਤੇ ਜਗੀਰਦਾਰਾਂ ਨੂੰ ਛੱਡ ਕੇ ਆਮ ਹਲ ਵਾਹਕ ਦੀ ਆਰਥਿਕ ਹਾਲਤ ਵੱਲ ਨੂੰ
ਵੇਖਿਆ ਜਾਵੇ ਤਾਂ ਉਹ ਪਿਛਲੀਆਂ ਤਿੰਨ ਸਦੀਆਂ ਤੋਂ, ਜਦੋਂ ਤੋ, ਮਾਲਕੀ ਦੇ ਹੱਕ ਪ੍ਰਾਪਤ ਹੋਏ
ਦੱਸੇ ਜਾਦੇ ਹਨ ਕਦੀ ਵੀ ਏਨੇ ਖੁਸ਼ਗਵਾਰ ਅਤੇ ਖੁਸ਼ਹਾਲ ਵੀ ਨਹੀ ਰਹੇ ਕਿ ਅਮੀਰੀ ਵਰਗੀ ਕਿਸੇ
ਬੀਮਾਰੀ ਨੇ ਅਜਿਹਾ ਅਭਿਮਾਨ ਭਰਿਆ ਹੋਵੇਗਾ। ਜੇ ਕੁਝ ਕੁ ਪੋਟਿਆਂ ਤੇ ਗਿਣੇ ਜਾਣ ਜੋਗੇ ਵੱਡੇ
ਰਾਜਨੀਤਕ ਘਰਾਣਿਆਂ ਨੇ ਆਪਣੀ ਹਿੱਕ ਦੇ ਜੋਰ ਅਤੇ ਭਾਰਤੀ ਕਨੂੰਨਾਂ ਦੀਆਂ ਧੱਜੀਆਂ ਉਡਾਉਦੇ
ਹੋਏ ਆਪਣੀ ਜਗੀਰਦਾਰੀ ਕਾਇਮ ਰੱਖੀ ਹੈ(ਭਾਵੇ ਕਿ ਪੰਜਾਬ ਵਿਚ ਸੀਲਿੰਗ ਐਕਟ ਆਉਣ ਕਾਰਨ
ਜਗੀਰਦਾਰੀ ਦਾ ਭੋਗ ਪੈ ਚੁੱਕਾ ਹੈ ਪਰ ਫਿਰ ਵੀ ਆਪਣੇ ਰਾਜਨੀਤਕ ਦਾਅ ਪੇਚਾਂ ਸਦਕਾ ਮੱਝ ਕੌਰ,
ਝੋਟਾ ਸਿੰਘ, ਬੈਂਗਣ ਸਿੰਘ, ਟਮਾਟਰ ਰਾਮ ਵਰਗੇ ਨਾਂਵਾਂ ਹੇਠ ਬੇਨਾਮੀਆਂ ਜ਼ਮੀਨਾਂ ਵਾਲੇ
ਜਗੀਰਦਾਰ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਹਨ) ਅੱਜ ਭਾਵੇ ਜ਼ਮੀਨਾਂ ਦੀਆ ਕੀਮਤਾਂ ਵਿਚ ਅਥਾਹ
ਵਾਧਾ ਹੋਇਆ ਹੈ ਪਰ ਜੱਟ ਦੀ ਆਰਥਿਕ ਹਾਲਤ ਹੋਰ ਵੀ ਤਰਸਯੋਗ ਹੋ ਚੁੱਕੀ ਹੈ। ਖੇਤੀ ਹਮੇਸ਼ ਦੀ
ਤਰਾਂ ਘਾਟੇ ਦਾ ਸੌਦਾ ਹੈ ਜੱਟ ਬੁਰੀ ਤਰਾ ਕਰਜ਼ੇ ਦੇ ਮੱਕੜ-ਜਾਲ ਵਿਚ ਉਲਝ ਕੇ ਖੁਦਕਸ਼ੀਆਂ
ਦੀ ਰਾਹੇ ਪਿਆ ਹੋਇਆ ਹੈ । ਖੇਤੀ ਤੋ ਸਿਵਾ ਕੋਈ ਹੋਰ ਕਾਰੋਬਾਰ ਜੱਟ ਦੇ ਵੱਸ ਦਾ ਰੋਗ ਨਹੀ
ਭਾਵੇ ਕਿ ਕੁਝ ਇਕ ਲੋਕ ਆੜ੍ਹਤ ਆਦਿ ਵਿਚ ਪੈਰ ਜਮਾਉਣ ਦੇ ਯਤਨਾਂ ਵਿਚ ਸਫਲ ਵੀ ਹੋਏ ਹਨ, ਪਰ
ਫਿਰ ਵੀ ਜੱਟ ਵਾਦ ਤੋਂ ਖਹਿੜਾ ਨਹੀ ਛੁੱਟ ਰਿਹਾ। ਜੱਟ ਸਭ ਤੋ ਸ੍ਰੇਸਟ ਕਹਿਲਾੳਂੁਦੇ
ਬ੍ਰਾਹਮਣ ਨੂੰ ਵੀ ਟਿੱਚ ਹੀ ਜਾਣਦਾ ਹੈ। ਸਮੇਂ ਦੀ ਵਡੰਮਣਾ ਇਹ ਹੈ ਕਿ ਬ੍ਰਾਹਮਣ ਵੀ ਅੱਜ
ਕਿਸੇ ਸਮੇਂ ਨੀਚ ਜਾਤ ਆਖੇ ਅਤੇ ਸਮਝੇ ਜਾਂਦੇ ਜੱਟ ਨੂੰ (ਜਦੋਂ ਕਿ ਹਕੀਕਤ ਵਿਚ ਕੋਈ ਨੀਚ
ਅਤੇ ਦੂਸਰਾ ਉਚਾ ਨਹੀ ਹੁੰਦਾ) ਮਰਾਸੀਆਂ ਅਤੇ ਭੰਡਾ ਦੀ ਨਿਆਈ ਆਪਣਾ ਜਜਮਾਨ ਅਤੇ ਪਾਲਕ ਸਮਝਣ
ਲਈ ਮਜਬੂਰ ਹੈ। ਜੇਕਰ ਇਸ ਵਰਤਾਰੇ ਨੂੰ ਮਾਰਕਸੀ ਵੀਰਾ ਦੇ ਉਪਰ ਦੱਸੇ ਤਰਕ ਤੇ ਪਰਖੀਏ ਤਾਂ
ਵੀ ਇਹ ਨਿਆਂ ਸੰਗਤ ਨਹੀ ਲਗਦਾ । ਏਥੇ ਵਿਦੇਸ਼ਾਂ ਵਿਚ ਤਾ ਕੋਈ ਜ਼ਮੀਨਾਂ ਦੀ ਮਾਲਕੀ ਦਾ ਭਰਮ
ਨਹੀ ਹੈ , ਪਰ ਫਿਰ ਵੀ ਜਾਤ ਗੋਤ ਦੀ ਵੰਡ ਬਦਸਤੂਰ ਜਾਰੀ ਹੈ, ਸਗੋਂ ਬਹੁਤ ਵੇਰਾ ਇਹ ਪੰਜਾਬ
ਨਾਲੋ ਵੀ ਅੱਗੇ ਵਧੀ ਹੋਈ ਲਗਦੀ ਨਜ਼ਰ ਆਉਂਦੀ ਹੈ।
ਇਹ ਜੱਟ ਵਾਦ ਦੇ ਗੌਰਵ ਦਾ ਅਜੀਬ ਵਰਤਾਰਾ ਪੰਜਾਬ ਵਿਚ ਖਾਸ ਕਰਕੇ ਜੱਟ ਸਿੱਖਾ ਵਿਚ ਜਿਆਦਾ
ਹੈ ਜਦੋਂ ਕਿ ਉਪਰ ਦੱਸੇ ਗੁਰਬਾਣੀ ਦੇ ਅਸੂਲਾਂ ਮੁਤਾਬਿਕ ਸਿੱਖਾਂ ਵਿਚ ਇਹ ਹੋਣਾ ਹੀ ਨਹੀ ਸੀ
ਚਾਹੀਦਾ, ਕਿਉਂਕਿ ਗੁਰੁ ਸਾਹਿਬਾ ਦੀ ਫ਼ਿਲਾਸਫ਼ੀ ਅਤੇ ਸਿੱਖ ਧਰਮ ਦੀ ਬੁਨਿਆਦ ਹੀ ਮਨੁੱਖਵਾਦ
ਅਤੇ ਸਰਬ ਸਾਝੀ਼ਂਵਾਲਤਾ ਦੇ ਅਸੂਲ ਨੂੰ ਪਰਨਾਈ ਹੋਈ ਹੈ। ਪਰ ਵੇਖਣ ਵਿਚ ਇਹ ਆਉਂਦਾ ਹੈ ਕਿ
ਜੱਟ ਵਾਦ ਦਾ ਸਭ ਤੋ ਵੱਧ ਸਿ਼ਕਾਰ ਵੀ ਸਿੱਖ ਹੀ ਹੈ। ਬਹੁਤ ਪਹਿਲਾਂ ਇੰਡੀਆ ਟੂ ਡੇ ਦਾ ਇੱਕ
ਅੰਕ ਭਾਰਤ ਵਿਚ ਜਾਤਪਾਤ ਦੇ ਵਿਸ਼ੇ ਉਪਰ ਆਇਆ ਸੀ ਜਿਸ ਨੇ ਇਹ ਸਿੱਟਾ ਕੱਢਿਆ ਸੀ ਕਿ ਪੰਜਾਬ
ਦਾ ਜੱਟ ਜੋ ਸਿੱਖ ਵੀ ਹੈ ਇਸ ਕਰੁਚੀ ਦਾ ਸਭ ਤੋ ਵੱਧ ਸਿ਼ਕਾਰ ਹੈ। ਇਸ ਅਖੌਤੀ ਜੱਟ ਵਾਦ ਦੇ
ਵਧਦੇ ਗਲਬੇ ਕਾਰਨ ਸਿੱਖਾ ਵਿਚਲੇ ਹੋਰ ਹਿੱਸੇ ਵੀ ਅਜੀਬ ਤਰਾਸਦੀ ਦਾ ਸਿ਼ਕਾਰ ਹਨ। ਸਿਵਾਏ
ਕੁਝ ਕੁ ਸਿੱਖ ਭਾਈਚਾਰਿਆ ਜਿਵੇ ਕਿ ਰਾਮਗੜ੍ਹੀਆਂ ਅਤੇ ਆਹਲੂਵਾਲੀਆਂ ਦੇ ਸਿੱਖਾ ਵਿਚ ਹੋਰ
ਕੋਈ ਵੀ ਆਪਣੀ ਗੋਤ ਨੂੰ ਖੁੱਲ ਕੇ ਨਹੀ ਲਿਖਦਾ ਅਤੇ ਦੱਸਦਾ। ਸਿੱਖ ਸਮਾਜ ਵਿਚਲੀ ਇਸ ਵੰਡ ਨੇ
ਦੂਸਰਿਆਂ ਵਿਚ ਅਹਿਸਾਸੇ ਕਮਤਰੀ ਪੈਦਾ ਕਰ ਦਿੱਤਾ ਹੈ ਜੋ ਸਿੱਖੀ ਦੀਆਂ ਮਹਾਨ ਪਰੰਪਰਾਵਾਂ ਦੇ
ਵਿਪਰੀਤ ਹੈ । ਪਰ ਇਸ ਤਰਾਂ ਦੇ ਅਹਿਸਾਸ ਦੇ ਪਸਰਨ ਅਤੇ ਪ੍ਰਫੁੱਲਤ ਹੋਣ ਕਰਕੇ ਵਧੇਰੇ ਲੋਕਾ
ਨੇ ਆਪਣੀ ਗੋਤ ਬਦਲ ਕੇ ਜੱਟ ਸਿੱਖਾ ਵਾਲੀ ਰੱਖ ਲਈ ਹੋਈ ਹੈ। ਕਈ ਵੇਰ ਸਥਿਤੀ ਬੜੀ ਅਜੀਬ ਅਤੇ
ਹਾਸੋਹੀਣੀ ਬਣ ਜਾਂਦੀ ਹੈ। ਮੇਰੇ ਪਿੰਡ ਦਾ ਇੱਕ ਪ੍ਰਵਾਰ ਸਿੱਖਾ ਦੀ ਨਾਈ ਬਰਾਦਰੀ ਵਿਚੋਂ
ਹੈ, ਸਾਰਾ ਪ੍ਰਵਾਰ ਪੜ੍ਹਿਆ ਲਿਖਿਆ ਹੈ ਅਤੇ ਮੇਰੇ ਚੰਗੇ ਮਿੱਤਰਾਂ ਵਿੱਚੋਂ ਹਨ। ਮੇਰੇ
ਇਹਨਾਂ ਮਿੱਤਰਾ ਦੇ ਪਿਤਾ ਜੀ ਮੇਰੇ ਅਧਿਆਪਕ ਵੀ ਰਹੇ ਹਨ। ਪਰਵਾਰ ਦੇ ਵਿਚਲੇ ਦੋ ਭਰਾਵਾਂ ਨੇ
ਆਪਣੇ ਪਿਛੇ ਸਾਡੇ ਪਿੰਡ ਅਤੇ ਇਲਾਕੇ ਦੀ ਪ੍ਰਚਲਤ ਗੋਤ “ਗਿੱਲ” ਲਿਖ ਲਿਆ ਅਤੇ ਤੀਸਰੇ ਨੇ
ਪਤਾ ਨਹੀ ਕੀ ਸੋਚ ਕੇ ਸੰਧੂ ਆਪਣਾ ਗੋਤ ਲਿਖ ਲਿਆ। ਉਹਨਾਂ ਦੇ ਕਿਸੇ ਘਰੇਲੂ ਸਮਾਗਮ ਦੇ ਮੌਕੇ
ਤੇ ਨਜ਼ਦੀਕੀ ਮਿੱਤਰਾ ਦੋਸਤਾਂ ਵਿਚ ਇਸ ਗੱਲ ਨੂੰ ਲੈ ਕੇ ਬਹਿਸ ਅਰੰਭ ਹੋਈ ਕਿ ਇਸ ਤਰਾਂ
ਪਿਛਲਾ ਨਾਮ ਬਦਲਕੇ ਇਸ ਰੂੜ੍ਹੀਵਾਦੀ ਸਮਾਜ ਵਿਚ ਇੱਜ਼ਤ ਨਹੀ ਵਧਾਈ ਜਾ ਸਕਦੀ, ਕਿਉਂਕਿ ਪੇਂਡੂ
ਪਿਛੋਕੜ ਕਰਕੇ ਲੋਕ ਹਰੇਕ ਖਾਨਦਾਨ ਦੀਆਂ ਪਿਛਲੀਆਂ ਕਈ ਪੁਸ਼ਤਾ ਤੋ ਜਾਣੂ ਹੁੰਦੇ ਹਨ, ਇਸ
ਕਰਕੇ ਅਜਿਹੇ ਵਰਤਾਰੇ ਨੂੰ ਆਮ ਲੋਕਾ ਵਿਚ ਮਾਨਤਾ ਨਹੀ ਮਿਲਦੀ ਸਗੋਂ ਖਿੱਲੀ ਹੀ ਉਡਾਈ ਜਾਦੀ
ਹੈ। ਦੂਸਰਾ ਸਕਿਆਂ ਭਰਾਵਾ ਵੱਲੋਂ ਵੱਖਰੀ ਵੱਖਰੀ ਗੋਤ ਨੂੰ ਅਪਨਾਉਣ ਨਾਲ ਸਗੋਂ ਭੰਬਲਭੂਸਾ
ਪੈਦਾ ਹੁੰਦਾ ਹੈ, ਇਹ ਮੇਰਾ ਤਰਕ ਸੀ। ਪਰ ਮੇਰੇ ਦੋਸਤ ਦੀ ਕਹੀ ਹੋਈ ਕਈ ਵਰ੍ਹੇ ਪਹਿਲਾ ਦੀ
ਗੱਲ ਮੈਨੂੰ ਅੱਜ ਵੀ ਬੇਚੈਨ ਕਰ ਜਾਂਦੀ ਹੈ, ਜਦੋਂ ਉਸ ਨੇ ਮੇਰੀ ਦਲੀਲ ਦੇ ਜੁਆਬ ਵਿਚ ਕਿਹਾ
ਕਿ ਤੇਰੇ ਲਈ ਇਹ ਸਭ ਕਹਿਣਾ ਬੜਾ ਆਸਾਨ ਹੈ, ਜੇਕਰ ਤੂੰ ਇਸ ਦੀ ਅਸਲੀ ਹਕੀਕਤ ਜਾਣਨੀ ਹੈ ਤਾਂ
ਇੱਕ ਵੇਰ ਨਾਈਆ ਦੇ ਘਰੇ ਜਨਮ ਲੈ ਕੇ ਵੇਖ!
ਸਿੱਖ ਗੁਰਦੁਆਰਾ ਸਾਹਿਬ ਜਿਥੋਂ ਸਾਨੂੰ ਧਰਮ ਦੀ ਸਿਖਿਆ ਅਤੇ ਸੇਧ ਮਿਲਦੀ ਹੈ ਵੀ ਅੱਜ ਇਸ ਤੋ
ਦੋਸ਼ ਮੁਕਤ ਨਹੀ ਹਨ। ਗੁਰਦੁਆਰਿਆਂ ਦੇ ਨਾਂ ਵੀ ਹੁਣ ਜਾਤਾ ਦੇ ਅਧਾਰ ਤੇ ਰੱਖੇ ਹੋਏ ਹਨ ਅਤੇ
ਇਸ ਵਿਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਖੁਦ ਮੇਰੇ ਆਪਣੇ ਪਿੰਡ ਵਿਚ ਹੀ ਜੱਟਾ ਦੀਆ 14
ਪੱਤੀਆਂ ਦੇ ਵੱਖੋ ਵੱਖਰੇ ਪੱਤੀਆਂ ਦੀ ਗਿਣਤੀ ਜਿੰਨੇ ਹੀ ਜੱਟਾ ਦੇ ਗੁਰਦੁਆਰਾ ਸਾਹਿਬ ਮੌਜੂਦ
ਹਨ, ਮਜ਼੍ਹਬੀ ਸਿੰਘਾ ਦੀਆਂ ਦੋ ਪੱਤੀਆਂ ( ਪ੍ਰਚਲਤ ਜੁਬਾਨ ਵਿਚ ਠੱਠੀਆਂ) ਦੇ ਦੋ ਵੱਖਰੇ
ਗੁਰਦੁਆਰਾ ਸਾਹਿਬ ਸ਼ਸ਼ੋਬਤ ਹਨ, ਰਾਮਗੜ੍ਹੀਆਂ ਦਾ ਇੱਕ ਅਲੱਗ ਅਤੇ ਰਹਿੰਦੀ ਕਸਰ ਛੀਬਾ
ਬਰਾਦਰੀ ਦੇ ਨਵੇ ਖੁੱਲ੍ਹੇ ਗੁਰਦੁਆਰੇ ਨੇ ਪੂਰੀ ਕਰ ਦਿੱਤੀ ਹੈ। ਖੈਰ ਉਹ ਤਾਂ ਪਿੰਡ ਹੈ
ਲੋਕਾਂ ਦੀ ਅਨਪੜ੍ਹਤਾ ਕਾਰਨ ਛੋਟੀ ਸੋਚ ਅਤੇ ਆਪਸੀ ਵਖਰੇਵੇਂ ਕਹਿ ਕੇ ਗੱਲ ਆਈ ਗਈ ਕਰ ਸਕਦੇ
ਹੋ, ਪਰ ਪੰਜਾਬ ਦੇ ਸ਼ਹਿਰਾਂ ਦੀ ਸਥਿਤੀ ਇਸ ਤੋ ਵੱਖਰੀ ਨਹੀ ਹੈ। ਹੁਣ ਤਾ ਇਥੇ ਵਿਦੇਸ਼ਾਂ ਵਿਚ
ਵੀ ਇਹ ਵਰਤਾਰਾ ਸਗੋਂ ਪੰਜਾਬ ਨਾਲੋ ਕਿਤੇ ਵੱਧ ਜੋਰਾ ਤੇ ਹੈ।
ਕੁਝ ਸਮਾਂ ਪਹਿਲਾਂ ਇੱਕ ਆਰਮੀ ਅਫਸਰ (ਜੋ ਸਿੱਖਾਂ ਵਿਚਲੀ ਲੁਬਾਣਾ ਬਰਾਦਰੀ ਨਾਲ ਸਬੰਧਿਤ
ਸਨ) ਅਤੇ ਕਰਨਲ ਦੇ ਅਹੁਦੇ ਤੇ ਬਿਰਾਜਮਾਨ ਸਨ, ਇਥੇ ਇਹ ਦੱਸਣ ਜਾਂ ਲਿਖਣ ਦੀ ਜਰੂਰਤ ਨਹੀ ਕਿ
ਉਹ ਪੜ੍ਹੇ ਲਿਖੇ ਸੂਝਵਾਨ ਹੀ ਹੋਣਗੇ। ਇਸ ਵਿਸ਼ੇ ਤੇ ਗੱਲ ਕਰਦਿਆਂ ਕਹਿ ਰਹੇ ਸਨ ਕਿ ਜੱਟ
ਸਿੱਖਾ ਨੇ ਸਿੱਖ ਧਰਮ ਨੂੰ ਅਗਵਾ ਕਰ ਲਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ
ਦੀ ਇੱਕ ਮਿਸਾਲ ਹੈ ਕਿਉਂਕਿ ਉਸ ਉਪਰ ਜੱਟਾ ਦਾ ਕਬਜ਼ਾ ਹੈ, ਮੈ ਸਮਝਦਾ ਹਾਂ ਕਿ ਸ਼ਾਇਦ ਇਸੇ
ਕਰਕੇ ਹੀ ਵੋਟ ਸਿਆਸਤ ਦੀ ਲੋੜ ਅਨੁਸਾਰ ਬਾਦਲ ਸਾਹਿਬ ਵਾਲੀ ਸਿੱਖ ਲੀਡਰਸ਼ਿਪ ਨੇ ਬਾਅਦ ਵਿਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵਾਲੀ ਕੁਰਸੀ ਤੇ ਇੱਕ ਗੈਰ ਜੱਟ ਨੂੰ
(ਜੱਟਾ ਦੀ ਜੁਬਾਨ ਵਿਚ ਭਾਪੇ ਨੂੰ) ਬਿਠਾਇਆ ਹੋਇਆ ਹੈ । ਸਵਾਲ ਉੱਠਦਾ ਹੈ ਕਿ ਇਸ ਨਾਲ
ਸਥਿਤੀ ਵਿਚ ਕੁਝ ਸੁਖਾਵਾਂ ਮੋੜ ਪਿਆ ਹੈ? ਕਿਉਂਕਿ ਕਰਨਲ ਸਾਹਿਬ ਦਾ ਸਬੰਧ ਲੁਬਾਣਾ ਬਰਾਦਰੀ
ਨਾਲ ਸੀ ਅਤੇ ਉਹ ਬੜੇ ਜੋਰ ਨਾਲ ਇਹ ਗੱਲ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਸਿੱਖੀ ਵਿਚ ਸਭ
ਤੋ ਵੱਧ ਕੁਰਬਾਨੀਆਂ ਲੁਬਾਣਾ ਬਰਾਦਰੀ ਨੇ ਹੀ ਕੀਤੀਆ ਹਨ ਅਤੇ ਉਹ ਸਿੱਖ ਕੋਮ ਦੇ ਬਹੁਤ ਸਾਰੇ
ਸ਼ਹੀਦਾਂ ਦੇ ਨਾਂ ਗਿਣਾ ਗਿਣਾ ਕੇ ਤੱਥਾ ਨਾਲ ਇਹ ਸਾਬਤ ਕਰਨ ਦੀ ਕੋਸਿ਼ਸ਼ ਕਰ ਰਹੇ ਸਨ।
ਜਿੰਨਾ ਸ਼ਹੀਦਾਂ ਦਾ ਉਹ ਜਿਕਰ ਬਾਰ ਬਾਰ ਬੜੇ ਉਤਸ਼ਾਹ ਨਾਲ ਕਰਦੇ ਹੋਏ ਉਹਨਾਂ ਨੂੰ ਲੁਬਾਣਾ
ਬਰਾਦਰੀ ਦਾ ਹਿੱਸਾ ਦੱਸ ਰਹੇ ਸਨ, ਆਮ ਜਨ ਸਧਾਰਨ ਸਿੱਖ ਨੇ ਕਦੀ ਇਤਿਹਾਸ ਅਤੇ ਸਿੱਖ
ਪਰੰਪਰਾਵਾਂ ਵਿੱਚੋਂ ਅਜਿਹਾ ਵਰਤਾਰਾ ਮਹਿਸੂਸ ਹੀ ਨਹੀ ਕੀਤਾ ਹੋਵੇਗਾ, ਘੱਟੋ ਘੱਟ ਉਸ ਦਿਨ
ਤੋ ਪਹਿਲਾ ਮੇਰੇ ਲਈ ਉਹ ਸਭ ਸਿੱਖ ਸਹੀਦ ਸਨ ਪਰ ਪਹਿਲੀ ਵੇਰ ਅਜਿਹਾ ਸੁਣ ਕੇ ਨਾ ਸਿਰਫ਼
ਅਟਪਟਾ ਲੱਗਿਆ ਸਗੋਂ ਬੁਰਾ ਵੀ ਕਿ ਹੁਣ ਅਸੀਂ ਪੁਰਾਤਨ ਸਿੱਖ ਸ਼ਹੀਦਾਂ ਦੀਆ ਜਾਤਾ ਗੋਤਾਂ ਦੀ
ਖੋਜ ਕਰਕੇ ਆਪੋ ਆਪਣੀ ਬਰਾਦਰੀ ਨਾਲ ਨੂੜ ਕੇ ਉਹਨਾਂ ਦੀਆਂ ਬੇਮਿਸਾਲ ਮਹਾਨ ਕੁਰਬਾਨੀਆਂ ਅਤੇ
ਸ਼ਹਾਦਤਾਂ ਦੇ ਮਿਸ਼ਨ ਦੇ ਪੱਧਰ ਨੂੰ ਨੀਵਿਆਂ ਕਰ ਰਹੇ ਹਾਂ। , ਪਰ ਮੇਰੀ ਇਸ ਸੋਚ ਨੂੰ ਉਹ
ਜੱਟ ਵਾਦ ਗਰਦਾਨਦੇ ਸਨ ਅਤੇ ਮੇਰੇ ਵਿੱਚੋਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਬੋਲਦੀ ਪ੍ਰਤੀਤ ਹੁੰਦੀ ਸੀ। ਅਜਿਹਾ ਰੁਝਾਨ ਅੱਜ ਕਲ ਹਰੇਕ ਭਾਈਚਾਰੇ ਵਿਚ ਬੜੀ ਤੇਜੀ
ਨਾਲ ਪਣਪ ਰਿਹਾ ਹੈ। ਵਿਦੇਸ਼ ਵਿੱਚ ਬੱਲਾ ਵਾਲੇ ਬਾਬਿਆਂ ਤੇ ਹੋਏ ਹਮਲੇ ਨਾਲ ਸਿੱਖ ਸਮਾਜ ਦਾ
ਇੱਕ ਅਤੁੱਟ ਅਤੇ ਗੌਰਵਸ਼ਾਲੀ ਇਤਿਹਾਸਿਕ ਵਿਰਸਾ ਸੰਭਾਲੀ ਬੈਠਾ ਹਿੱਸਾ “ਰੰਘਰੇਟਾ ਗੁਰੁ ਦਾ
ਬੇਟਾ” ਵੀ ਅਜੋਕੇ ਵਰਤਾਰੇ ਤੋ ਨਿਰਾਸ਼ ਹਤਾਸ਼ ਅਤੇ ਬੇਮੁੱਖ ਹੋਣ ਵਲ ਵਧ ਰਿਹਾ ਹੈ। ਤਿਲਕ
ਵਿਹਾਰ ਦਿੱਲੀ ਦੀ ਤਰੋ ਤਾਜ਼ਾ ਘਟਨਾ ਨਾਲ ਜਿਸ ਵਿਚ ਸਿੱਖ ਅਤੇ ਬਾਲਮੀਕੀਆ ਦਾ ਹਿੰਸਕ ਝਗੜਾ
ਸਿਖਰ ਤੇ ਪੁੱਜ ਗਿਆ ਹੈ। ਸਿੱਖ ਚਿੰਤਕਾਂ ਅਤੇ ਸਿੱਖ ਮਰਿਆਦਾ ਦੀ ਰੂਹ ਨੂੰ ਸਮਝਣ ਵਾਲਿਆ ਦੇ
ਹਿਰਦੇ ਦੁਖੀ ਹੋਏ ਹਨ ਕਿਉਕਿ ਸਿੱਖੀ ਤਾਂ ਹਮੇਸ਼ ਨਿਤਾਣੇ, ਮਜਲੂਮ ,ਸਮਾਜ ਵੱਲੋ ਦਬਾਏ ਅਤੇ
ਦੁਰਕਾਰੇ ਵਰਗ ਦੇ ਹੱਕ ਵਿਚ ਖੜ੍ਹਦੀ ਆਈ ਹੈ ਅਤੇ ਇਹੀ ਸਿੱਖ ਫਲਸਫੇ ਪਛਾਣ ਅਤੇੁ ਅਸਲ ਰੂਹ
ਹੈ।
ਅਜਿਹਾ ਹੀ ਇੱਕ ਵੇਰ ਮੇਰਾ ਅਨੁਭਵ ਇੱਕ ਪ੍ਰਮੁੱਖ ਸਿੱਖ ਸ਼ਖ਼ਸੀਅਤ ਨੂੰ ਨਿੱਜੀ ਮਿਲਣੀ ਸਮੇਂ
ਹੋਇਆ ਸੀ, ਜਿਸ ਦਾ ਜਿਕਰ ਮੈ ਪੁਸਤਕ ਗਾਡੀ ਰਾਹ ਵਿਚ ਵੀ ਕੀਤਾ ਸੀ। ਇਹ ਸੱਜਣ ਸਨ
ਹਿੰਦੁਸਤਾਨ ਦੇ ਮੁੱਖ ਇਲੈਕਸ਼ਨ ਕਮਿਸ਼ਨਰ ਅਤੇ ਬਾਅਦ ਵਿੱਚ ਕੇਂਦਰੀ ਸਰਕਾਰ ਵਿਚ ਖੇਡ ਮੰਤਰੀ
ਰਹੇ ਸਰਦਾਰ ਮਨੋਹਰ ਸਿੰਘ ਗਿੱਲ। ਉਹ ਵੀ ਪੰਜਾਬ ਦੀ ਕ੍ਰਿਸਾਨੀ ਦੀ ਦੁਰਦਸ਼ਾ ਬਾਰੇ ਗੰਭੀਰ
ਵਿਚਾਰ ਚਰਚਾ ਕਰਦਿਆ ਹੋਇਆ ਕਿਸੇ ਦੂਸਰੇ ਮੈਂਬਰ ਪਾਰਲੀਮੈਂਟ ਦੇ ਨਾਂ ਤੇ ਬੋਲ ਪਏ ਛੱਡੋ ਪਰੇ
ਉਹ ਵੀ ਕੋਈ …ਬੰਦਾ ਹੈ …ਛੀਬਾ ਜਿਹਾ !! ਪਰ ਅਗਲੇ ਵਾਕ ਵਿਚ ਹੀ ਸਿਆਸੀ ਲੋਕਾ ਦੀ ਤਰਾਂ
ਸੰਭਲਦੇ ਹੋਏ ਅਤੇ ਗੱਲ ਬਦਲਦੇ ਹੋਏ ਕਹਿਣ ਲੱਗੇ ਇਹ ਨਾ ਸਮਝਣਾ ਕਿ ਮੇਰੇ ਵਿਚ ਕੋਈ ਜੱਟ ਵਾਦ
ਹੈ, ਮੈ ਤਾਂ ਕ੍ਰਿਸਾਨੀ ਦੀ ਗੱਲ ਕਰਦਾ। ਹਾਲਾ ਕੇ ਉਹ ਨਾਲ ਦੀ ਨਾਲ ਸਾਡੇ ਕੋਲੋਂ ਸੁਆਲ
ਪੁੱਛ ਕੇ ਇਹ ਵੀ ਜਾਨਣਾ ਚਾਹੁੰਦੇ ਸਨ ਕਿ ਤੁਸੀ ਕੋਣ ਹੋ ਜੁਆਬ ਸੀ ਇੱਕ ਗਿੱਲ ਅਤੇ ਦੂਸਰਾ
ਸੰਧੂ। ਸਾਡੇ ਜੁਆਬ ਨਾਲ ਨਿਸਚੈ ਹੀ ਆਪਣੇ ਆਪ ਨੂੰ ਕਸੂਤੀ ਸਤਿਥੀ ਵਿਚੋਂ ਬਾਹਰ ਨਿਕਲਿਆ
ਮਹਿਸੂਸ ਕਰਦੇ ਹੋਣਗੇ।
ਇਸ ਤਰਾਂ ਦੀਆਂ ਅਨੇਕਾ ਮਿਸਾਲਾਂ ਹਰ ਵਿਅਕਤੀ ਦੇ ਨਿੱਜੀ ਅਨੁਭਵ ਦਾ ਹਿੱਸਾ ਰਹੀਆ ਹੋਣਗੀਆਂ
ਜਦੋਂ ਕਿ ਉਹ ਵੇਖਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਜੱਟ ਨਾ ਹੋ ਕੇ ਵੀ ਜੱਟ ਅਖਵਾਉਣ ਵਿਚ
ਫਖਰ ਮਹਿਸੂਸ ਕਰਦਾ ਹੈ। ਖਾਸ ਕਰਕੇ ਸਾਡੇ ਅਜੋਕੇ ਸਭਿਆਚਾਰ ਵਿਚ ਪੇਸ਼ ਕੀਤੇ ਜਾਂਦੇ ਗੀਤਾ
ਵਿਚ ਜਦੋਂ ਕਿਹਾ ਜਾਂਦਾ ਹੈ ਕਿ
“ਬਾਣੀਏ ਨੇ ਜੱਟ ਢਾਅ ਲਿਆ,
ਲੋਕੀ ਵੇਖਦੇ ਤਮਾਸ਼ਾ ਖੜਕੇ,
ਜੱਟ ਕਹਿੰਦਾ ਉੱਠ ਲੈਣ ਦੇ …।
ਇਹ ਗੀਤ ਬਾਣੀਆਂ ਦੇ ਘਰੀ ਵਿਆਹ ਸ਼ਾਦੀਆਂ ਤੇ ਆਮ ਵੱਜਦਾ ਹੈ ਅਤੇ ਕਿਸੇ ਨੂੰ ਇਸ ਵਿਚਲੇ
ਬੋਲਾਂ ਅਤੇ ਤੱਥਾਂ ਤੇ ਕੋਈ ਇਤਰਾਜ਼ ਨਹੀ। ਗੱਲ ਕੀ ਇਸ ਵਰਤਾਰੇ ਨੂੰ ਸਾਰਿਆਂ ਨੇ ਅਪਣਾ ਲਿਆ
ਹੋਇਆ ਲਗਦਾ ਹੈ। ਸਾਡੇ ਇਥੇ ਕਨੇਡਾ ਵਿਚ ਆਉਣ ਤੋ ਪਹਿਲਾ ਪ੍ਰਵਾਰ ਦੇ ਰੋਜੀ ਰੋਟੀ ਦੇ ਸਾਧਨ
ਦਾ ਇੱਕ ਹਿੱਸਾ ਇੱਕ ਛੋਟਾ ਵਪਾਰ ਵੀ ਸੀ ਜਿਸ ਦਾ ਨਾਂ “ਗਿੱਲ” ਤੋ ਸੁ਼ਰੂ ਹੁੰਦਾ ਸੀ ਸਾਡੇ
ਬਾਅਦ ਵਿਚ ਉਸ ਨੂੰ ਰਾਜੇਸ਼ ਨਾਂ ਦਾ ਇੱਕ ਹਿਮਾਚਲੀ ਪਹਾੜੀਆ ਚਲਾਉਂਦਾ ਹੈ ਅਤੇ ਉਸ ਨੇ ਆਪਣਾ
ਨਾਂ ਬਦਲ ਕੇ ਰਾਜੇਸ਼ ਗਿੱਲ ਹੀ ਰੱਖ ਲਿਆ ਹੋਇਆ ਹੈ। ਇਸੇ ਤਰਾਂ ਅੱਜ ਕਲ ਸਾਡੇ ਕੋਲ ਇਕ
ਬਹੁਤ ਚੰਗੀ ਸ਼ੁਹਰਤ, ਪੜਾਈ ਲਿਖਾਈ, ਵਧੀਆ ਆਰਥਿਕ ਹਾਲਤ ਅਤੇ ਚੰਗੇ ਸਮਾਜਿਕ ਰੁਤਬੇ ਵਾਲਾ
ਅਰੋੜਾ ਪ੍ਰਵਾਰ ਰਹਿੰਦਾ ਹੈ ਜੋ ਪੰਜਾਬ ਵਿਚ ਰਹਿੰਦਿਆਂ ਆਪਣੀ ਗੋਤ ਦੀ ਥਾਂ ਤੇ ਗਾਂਧੀ
ਲਿਖਿਆ ਕਰਦੇ ਸਨ। ਪਰ ਟੀਨ ਏਜ਼ ਦੇ ਬੱਚੇ ਨੇ ਇਥੇ ਸਾਡੇ ਵਿਚ ਰਹਿ ਕੇ ਆਪਣੇ ਨਾਮ ਨਾਲ ਜੱਟਾ
ਵਾਲਾ ਗੋਤਰ ਅਪਣਾਉਣਾ ਅਰੰਭ ਦਿੱਤਾ ਹੈ ਕਿਉਂਕਿ ਉਹਦੇ ਹਾਣੀ ਉਸ ਨੂੰ ਆਪਣਾ ਲਾਸਟ ਨਾਂ ਦੱਸਣ
ਲਈ ਜੋਰ ਪਾਉਂਦੇ ਸਨ। ਪੰਜਾਬੀ ਵਿਚ ਵਧੀਆ ਬੋਲ ਚਾਲ ਅਤੇ ਜਮਾਤ ਵਿਚ ਸਭ ਤੋ ਚੰਗਾ ਹੋਣ ਕਾਰਨ
ਟੀਚਰ ਨੇ ਸਹਿਜੇ ਹੀ ਸਮਝ ਲਿਆ ਕਿ ਇਸ ਦਾ ਪਿਛੋਕੜ ਪੰਜਾਬ ਦਾ ਕੋਈ ਪਿੰਡ ਹੋਵੇਗਾ ਅਤੇ ਬੱਚੇ
ਨੇ ਇਸ ਵਿਚ ਆਪਣੀ ਸ਼ਾਨ ਸਮਝਦਿਆਂ ਕਹਿ ਦਿੱਤਾ ਕਿ ਮੇਰਾ ਪਿੰਡ ਦਾ ਨਾਂ ਇਹ ਹੈ। ਇਹ ਪੁੱਛਣ
ਤੇ ਕਿ ਇਹ ਪਿੰਡ ਹੈ ਕਿਥੇ ਕੋਈ ਉਤਰ ਨਾ ਦੇ ਸਕਿਆ ਕਿਉਂਕਿ ਉਸਨੇ ਕਦੀ ਪਿੰਡ ਵੇਖਿਆ ਹੀ ਨਹੀ
ਹੈ। ਤੁਸੀ ਹੁੰਦੇ ਕੌਣ ਹੋ ਜੁਆਬ ਦਿੱਤਾ ਗਿੱਲ। ਪਰ ਲਿਖਦੇ ਕਿਉ ਨਹੀ ਦਾ ਜੁਆਬ ਸੀ ਪਹਿਲਾਂ
ਤੋਂ ਹੀ ਆਖਰੀ ਨਾਮ ਸਿੰਘ ਚਲਿਆ ਆ ਰਿਹਾ ਹੈ।
ਅੱਜ ਦੇ ਨੌਜਵਾਨ ਵਰਗ ਵਿਚ ਇਹ ਭਾਵਨਾ ਤੀਬਰਤਾ ਨਾਲ ਵਧੀ ਹੈ ਅਤੇ ਵਧਦੀ ਹੀ ਜਾ ਰਹੀ ਹੈ ਇਸ
ਦੇ ਕਾਰਨਾ ਦੀ ਪੈੜ ਨੱਪਦਿਆਂ ਪਹਿਲਾ ਕਾਰਨ ਤਾ ਸਾਡੇ ਸਿੱਖ ਸਮਾਜ ਦਾ ਸਿੱਖੀ ਕਦਰਾਂ ਕੀਮਤਾਂ
ਤੋ ਬੇਮੁੱਖ ਹੋਣਾ ਹੀ ਨਜ਼ਰ ਆਉਂਦਾ ਹੈ। ਅੱਜ ਦੇ ਦੌਰ ਵਿਚ ਆਰਥਿਕ ਖੁਸ਼ਹਾਲੀ ਦਾ ਅਨੰਦ
ਮਾਣਦੇ ਬਹੁਤ ਸਾਰੇ ਲੋਕਾ ਦੇ ਬੱਚਿਆ ਨੇ ਜ਼ਿਮੀਦਾਰੀ ਅਤੇ ਖੇਤੀ ਨਾਲੋ ਭਾਵੇ ਚਿਰੋਕਾ ਹੀ
ਨਾਤਾ ਤੋੜ ਰੱਖਿਆ ਹੈ ਅਤੇ ਉਹ ਜੰਮੇ ਪਲੇ, ਪੜ੍ਹੇ ਅਤੇ ਵੱਡੇ ਵੀ ਸ਼ਹਿਰੀ ਸਭਿਅਕ ਅਖਵਾਉਂਦੇ
ਸਮਾਜ ਵਿਚ ਹੀ ਹੋਏ ਹਨ। ਪਰ ਜੱਟ ਵਾਦ ਨੇ ਉਹਨਾਂ ਦਾ ਖਹਿੜਾ ਨਹੀ ਛੱਡਿਆ। ਕਾਲਜਾਂ
ਯੂਨੀਵਰਸਿਟੀਆਂ ਵਿਚ ਪੜ੍ਹਦਿਆਂ ਹੋਇਆ ਵੀ ਜੱਟ ਭਾਪੇ ਦਾ ਮੁੱਦਾ ਸਭ ਤੋ ਵੱਡੀ ਰੋਚਿਕ ਜਾਣੀ
ਜਾਦੀ ਬੇ ਸਿੱਟਾ ਬਹਿਸ ਦਾ ਭਖਵਾਂ ਮੁੱਦਾ ਰਹਿੰਦਾ ਹੈ। ਮੈ ਕਈ ਟੀਨ ਏਜ਼ਰ ਬੱਚਿਆ ਵਿਚ ਇਹ
ਜਜ਼ਬਾ ਇੱਕ ਬੀਮਾਰ ਮਾਨਸਿਕਤਾ ਦੀ ਤਰਾ ਪਨਪਿਆ ਹੋਇਆ ਪਾਇਆ ਹੈ। ਕਈਆਂ ਨੇ ਤਾਂ ਆਪਣੀਆਂ
ਕਿਤਾਬਾਂ ਕਾਪੀਆਂ ਤੋ ਇਲਾਵਾ ਘਰ ਅਤੇ ਆਪਣੇ ਕਮਰਿਆਂ ਦੀਆਂ ਕੰਧਾਂ ਤੀਕ ਵੀ ਆਪਣੀ ਜੱਟਾ
ਵਾਲੀ ਗੋਤ ਲਿਖ ਲਿਖ ਕੇ ਭਰੀਆਂ ਹੋਈਆ ਹਨ। ਇਹ ਬੀਮਾਰੀ ਹਾਈ ਸਕੂਲ ਦੇ ਬੱਚਿਆ ਵਿਚ ਇਥੇ ਵੀ
ਅਤੇ ਪਿਛਲੇ ਮੁਲਕ ਪੰਜਾਬ ਵਿਚ ਵੀ ਜੋਰਾ ਤੇ ਹੈ। ਇਸ ਮਾਨਸਿਕ ਬੀਮਾਰੀ ਦੀ ਦੂਸਰਾ ਵੱਡਾ
ਕਾਰਨ ਸਾਡੇ ਅੱਜ ਦੇ ਗੀਤਕਾਰ ਅਤੇ ਗਾਇਕ ਕਲਾਕਾਰ ਹਨ ਜੋ ਇਸ ਬੇ ਅਸੂਲੇ ਜੱਟ ਵਾਦ ਨੂੰ ਬਿਨਾ
ਵਜ੍ਹਾ ਆਪਣੇ ਗੀਤਾ ਵਿਚ ਵਧਾਅ ਚੜ੍ਹਾ ਕੇ ਪੇਸ਼ ਕਰਦੇ ਹਨ, ਹਾਲਾ ਕਿ ਵਧੇਰੇ ਕਰਕੇ ਇਹਨਾਂ
ਗੀਤਾ ਦੇ ਅਰਥ ਕਿਸੇ ਤਰਾਂ ਵੀ ਜੱਟ ਕਹਿਲਾਉਣ ਵਾਲਿਆ ਦੇ ਸਮਾਜਿਕ ਸਰੋਕਾਰਾਂ ਦੇ ਵਿਰੁੱਧ ਹੀ
ਹੁੰਦੇ ਹਨ, ਪਰ ਬੀਟ ਦੀ ਦੀਵਾਨੀ ਨੌਜਵਾਨ ਪੀੜ੍ਹੀ ਅਨਰਥ ਕਰ ਰਹੇ ਬੋਲਾ ਦੇ ਅਰਥ ਸਮਝਣ ਲਈ
ਤਿਆਰ ਹੀ ਨਹੀ ਹੁੰਦੀ। ਤੀਸਰਾ ਕਾਰਨ ਗੈਰ ਜੱਟਾ ਵੱਲੋਂ ਆਪਣੇ ਆਪ ਹੀ ਹੀਣ ਭਾਵਨਾ ਦਾ
ਸਿ਼ਕਾਰ ਹੋ ਕੇ ਆਪਣੀ ਗੋਤ ਛਿਪਾਉਣਾ ਅਤੇ ਜੱਟਾ ਵਾਲੀ ਗੋਤ ਆਪਣੇ ਨਾਂ ਪਿਛੇ ਲਿਖਣ ਵਾਲੇ
ਗੈਰ ਕੁਦਰਤੀ ਵਰਤਾਰੇ ਨੂੰ ਅਪਨਾਉਣ ਕਰਕੇ ਵੀ ਹੈ। ਕਿਤੇ ਕਿਤੇ ਅੰਨਾ ਵਿਰੋਧ ਵੀ ਇਸ ਨੂੰ
ਹਵਾ ਦੇਣ ਲਈ ਖੁਰਾਕ ਦਾ ਕੰਮ ਕਰਦਾ ਹੈ ਜਿਵੇਂ ਪਿਛੇ ਜਿਹੇ ਇੱਕ ਸੰਤ ਮਹਾਪੁਰਖ ਦੇ ਕਤਲ
ਉਪਰੰਤ ਪੰਜਾਬ ਭਰ ਵਿਚ ਉਠੇ ਬਵਾਲ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਸੀ। ਅੱਜ ਕਲ ਸ਼ੋਸਲ
ਮੀਡੀਆ (ਫੇਸ ਬੁੱਕ) ਉਪਰ ਇੱਕ ਕਮਲੇਸ਼ ਨਾ ਦੀ ਮਾਇਆਵਤੀ ਦੀ ਪਾਰਟੀ ਬਸਪਾ ਦੀ ਵਿਚਾਰਧਾਰਾ
ਵਾਲੀ, ਆਪਣੇ ਆਪ ਨੂੰ ਦਲਿਤ ਅਤੇ ਬੁੱਧ ਧਰਮ ਦੀ ਪ੍ਰਚਾਰਕ ਅਖਵਾਉਂਦੀ ਇੱਕ ਬੀਬੀ ਦੇ ਜੱਟਾ
ਅਤੇ ਸਿੱਖ ਧਰਮ ਵਿਰੋਧੀ ਭੜਕਾਊ ਅਤੇ ਇਤਰਾਜ਼ ਯੋਗ ਭਾਸ਼ਣਾਂ ਦੀ ਚਰਚਾ ਜੋਰਾ ਤੇ ਹੈ। ਇਸ ਦੇ
ਜੁਆਬ ਵੱਜੋ ਕੁਝ ਲੋਕਾ ਨੇ ਵੀ ਬੇਵਜ਼੍ਹਾ ਹੀ ਕੁਮੈਟ ਕੀਤੇ ਹਨ ਅਤੇ ਕਈਆਂ ਨੇ ਤਾਂ ਜੁਆਬ ਵਿਚ
ਵੀ ਬੀਬੀ ਵਰਗੀ ਭਾਸ਼ਾ ਦਾ ਹੀ ਪ੍ਰਯੋਗ ਕੀਤਾ ਹੈ। ਜਿਸ ਨਾਲ ਨਾ ਸਿਰਫ਼ ਸਮਾਜ਼ ਵਿਚ ਪਾੜਾ
ਵਧਦਾ ਹੈ ਸਗੋਂ ਅਜਿਹੇ ਜਾਤਪਾਤ ਵਾਲੇ ਵਰਤਾਰੇ ਨੂੰ ਹੁਲਾਰਾ ਮਿਲਦਾ ਹੈ। ਅਨੇਕਾ ਹੋਰ ਨਾਹ
ਵਾਚਕ ਕਾਰਨਾ ਦੇ ਨਾਲ ਨਾਲ ਕੁਝ ਇੱਕ ਹਾਂ ਵਾਚਕ ਪਹਿਲੂ ਵੀ ਹੋਣਗੇ ਜੋ ਇਸ ਰੁਚੀ ਨੂੰ ਏਨੀ
ਪ੍ਰਬਲਤਾ ਨਾਲ ਅੱਗੇ ਵਧਾਅ ਰਹੇ ਹੋਣਗੇ।
ਪ੍ਰਸਿੱਧ ਇਤਿਹਾਸਕਾਰ ਸਰਦਾਰ ਖੁਸਵੰਤ ਸਿੰਘ “ਸਿੱਖ ਹਿਸਟਰੀ” ਨਾਮੀ ਆਪਣੀ ਪੁਸਤਕ ਵਿਚ
ਪੰਜਾਬ ਦੇ ਲੋਕਾ ਦੇ ਪਿਛੋਕੜ ਬਾਰੇ ਚਰਦਾ ਕਰਦੇ ਹੋਏ ਲਿਖਦੇ ਹਨ ਕਿ “ ਇਹ ਬੜੀ ਮਹੱਤਵਪੂਰਨ
ਗੱਲ ਹੈ ਕਿ ਪੰਜਾਬੀ ਰਾਸ਼ਟਰਵਾਦ ਦੀ ਗੱਲ ਸਭ ਤੋਂ ਪਹਿਲਾ ਮਾਝੇ ਵਿਚ ਚੱਲੀ। ਇਹ ਪੰਜਾਬ ਦਾ
ਹਿਰਦਾ ਸੀ ਅਤੇ ਇਥੋਂ ਦੇ ਲੋਕਾ ਦੀਆਂ ਜੜ੍ਹਾਂ ਇਸ ਧਰਤੀ ਵਿਚ ਡੂਘੀਆਂ ਸਨ। ਭਾਵੇ ਇਸ
ਮੁਹਿੰਮ ਦੇ ਚਲਾਉਣ ਵਾਲੇ ਜਾਂ ਮੋਢੀ ਕਿਸਾਨ ਨਹੀ ਸਨ ਤਾਂ ਵੀ ਜ਼ਿਮੀਦਾਰ ਜੱਟ ਇਸ ਦੀ ਰੀੜ੍ਹ
ਦੀ ਹੱਡੀ ਸਨ ਅਤੇ ਕੇਂਦਰੀ ਮੈਦਾਨ ਇਸ ਦਾ ਗੜ੍ਹ ਸਨ। ਜਾਟ ਸ਼ਬਦ ਦੇ ਨਿਰੁੱਕਤ ਸਬੰਧੀ ਕਈ
ਅਨੁਮਾਨ ਹਨ ਜਿਵੇਂ ਕਿ ਨਸਲ ਦੇ ਨਿਕਾਸ ਬਾਰੇ ਹਨ। ਹੁਣ ਇਹ ਆਮ ਧਾਰਨਾ ਬਣ ਗਈ ਹੈ ਕਿ ਜਾਟ
ਜਾਂ ਜੱਟ ਜਿੰਨ੍ਹਾ ਨੇ ਭਾਰਤ ਦੇ ਉਤਰੀ ਮੈਦਾਨਾਂ ਨੂੰ ਆਪਣਾ ਘਰ ਬਣਾਇਆ ਆਰੀਆ ਨਸਲ ਵਿਚੋਂ
ਸਨ। ਅੱਗੇ ਉਹ ਲਿਖਦੇ ਹਨ ਕਿ ਆਪਣੇ ਨਾਲ ਉਹ ਕੁਝ ਸੰਸਥਾਵਾਂ ਲਿਆਏ , ਜਿਸ ਵਿਚ ਸਭ ਤੋ
ਮਹੱਤਵਪੂਰਨ ਪੰਚਾਇਤਾਂ ਸਨ, ਜਿਹੜੀ ਪੰਜ ਬਜ਼ੁਰਗਾਂ ਦੀ ਚੁਣੀ ਹੋਈ ਜਮਾਤ ਸੀ ਅਤੇ ਸਾਰੇ ਹੀ
ਇਸ ਦੀ ਵਫ਼ਾਦਾਰੀ ਦਾ ਦਮ ਭਰਦੇ ਸਨ। ਹਰ ਇੱਕ ਜੱਟਾ ਦਾ ਪਿੰਡ ਇੱਕ ਛੋਟਾ ਜਿਹਾ ਗਣਰਾਜ ਸੀ ਜੋ
ਇੱਕੋ ਹੀ ਜਾਤ ਗੋਤ ਵਿਚੋਂ ਸਨ। ਆਪਣੀ ਬਰਾਦਰੀ ਬਾਰੇ ਪੂਰੀ ਤਰਾ ਸੁਚੇਤ ਸਨ ਅਤੇ ਆਪਣੇ ਆਪ
ਨੂੰ ਉੱਚੀ ਕੁਲ ਦੇ ਮੰਨਦੇ ਸਨ।
ਆਪਣੀ ਗੱਲ ਨੂੰ ਹੋਰ ਵਿਸਥਾਰ ਦਿੰਦੇ ਹੋਏ ਉਹ ਅੱਗੇ ਲਿਖਦੇ ਹਨ ਕਿ ਜੱਟਾ ਦੇ ਆਜ਼ਾਦ ਅਤੇ
ਬਰਾਬਰੀ ਦੀ ਸਭਾ ਨੇ ਹਿੰਦੂ ਧਰਮ ਦੇ ਬ੍ਰਾਹਮਣੀ ਰੂਪ ਦੇ ਅਧਿਕਾਰ ਪਰਵਾਨ ਕਰਨ ਤੋਂ ਇਨਕਾਰ
ਕਰ ਦਿੱਤਾ। ਇਸ ਦੇ ਉਲਟ ਗੰਗਾ ਦੇ ਮੈਦਾਨਾਂ ਦੇ ਬ੍ਰਹਮਣਾ ਪ੍ਰਤੀ ਇਹ ਬੰਧੁਜ ਲਗਾ ਦਿੱਤਾ ਕਿ
ਉਹ ਆਰੀਆ ਪੰਜਾਬ ਵਿਚ ਦੋ ਦਿਨ ਤੋ ਵੱਧ ਨਹੀ ਰਹਿ ਸਕਦੇ, ਕਿਉ ਜੋ ਪੰਜਾਬ ਨੇ ਪੁਜਾਰੀ ਵਰਗ
ਦੀ ਈਨ ਮੰਨਣ ਤੋ ਇਨਕਾਰ ਕਰ ਦਿੱਤਾ । ਹਿੰਦੂਆਂ ਦੀ ਉੱਚੀ ਕੁਲ ਵਾਲਿਆ ਵੱਲੋਂ ਜੱਟਾ ਦੀ
ਬਦਨਾਮੀ ਨੇ ਵੀ ਨਾਂ ਤਾਂ ਜੱਟਾ ਨੂੰ ਆਪਣੀਆਂ ਨਜ਼ਰਾਂ ਵਿਚ ਡੇਗਿਆ ਅਤੇ ਨਾ ਹੀ ਜੱਟਾ ਦੇ
ਦਿਲਾਂ ਅੰਦਰ ਬ੍ਰਾਹਮਣਾ ਅਤੇ ਖੱਤਰੀਆਂ ਲਈ ਕੋਈ ਉੱਚਾ ਦਰਜ਼ਾ ਬਣਿਆ। ਸਗੋਂ ਇਸ ਦੇ ਉਲਟ ਉਸ
ਅੰਦਰ ਬ੍ਰਹਮਣ ਲਈ ਨੀਵਾਂ ਵਤੀਰਾ ਬਣ ਗਿਆ ਜਿਸ ਨੂੰ ਉਹ ਭਿੱਖਿਆ ਮੰਗਣ ਵਾਲਾ ਜੋਤਸ਼ੀ
ਸਮਝਦਾ। ਇਸ ਤੋ ਖੱਤਰੀ ਕੁਝ ਠੀਕ ਸੀ, ਜਿਹੜਾ ਹੱਕ ਦੀ ਕਮਾਈ ਕਰਦਾ । ਜੱਟ ਤਾਂ ਕਾਮਾਂ ਅਤੇ
ਸੂਰਮਾ ਸੀ । ਉਹ ਲੱਕ ਨਾਲ ਤਲਵਾਰ ਲਟਕਾ ਕੇ ਧਰਤੀ ਤੇ ਹਲ਼ ਵਾਹੁੰਦਾ ਅਤੇ ਦੇਸ਼ ਦੀ ਰੱਖਿਆ
ਲਈ ਖੱਤਰੀ ਤੋ ਵੱਧ ਜੰਗ ਲੜਦਾ। ਲੜਾਕੂ ਕਸੱਤਰੀ ਦੇ ਵਿਪਰੀਤ ਜੱਟ ਕਦੇ ਆਪਣੇ ਪਿੰਡ ਤੋ
ਦੌੜਿਆਂ ਨਹੀ, ਜਦੋਂ ਕੋਈ ਹਮਲਾ ਕਰ ਦੇਵੇ। ਇਸ ਕਰਕੇ ਜੱਟ ਨਾਲ ਜੇ ਕਿਸੇ ਧਾੜਵੀ ਨੇ ਹੀਣਤਾ
ਦਾ ਵਰਤਾਓ ਕੀਤਾ ਜਾਂ ਉਸ ਦੀ ਧੀ ਭੈਣ ਦੀ ਬੇਪਤੀ ਕੀਤੀ ਤਾਂ ਜੱਟ ਨੇ ਉਸ ਵੇਲੇ ਬਦਲਾ ਲੈ
ਲਿਆ ਜਦੋਂ ਉਹ ਲੁੱਟ ਮਾਰ ਕਰਕੇ ਭਾਰਤ ਤੋ ਵਾਪਸ ਪਰਤਦਾ ਤਾਂ ਜੱਟ ਉਸ ਦਾ ਮਾਲ ਖੋਹ ਲੈਦਾ।
ਪੰਜਾਬੀ ਜੱਟਾ ਨੂੰ ਸੰਸਾਰ ਦੀਆਂ ਵਸਤਾਂ ਨਾਲ ਮੋਹ ਘੱਟ ਸੀ ਪਰ ਉਹ ਆਪਣੀ ਜਾਨ ਅਤੇ ਮਾਲ
ਭਾਰੀ ਗਿਣਤੀ ਦੇ ਮੁਕਾਬਲੇ ਦਾਓ ‘ਤੇ ਲਾ ਦਿੰਦਾ। ਇਸ ਦੇ ਨਾਲ ਉਹ ਆਪਣੇ ਦੇਸ਼ ਦੀ ਰਾਖੀ ਲਈ
ਵੀ ਸੁਚੇਤ ਸੀ। ਉਸ ਦੀ ਦੇਸ਼ ਭਗਤੀ ਦੀ ਭਾਵਨਾ ਵਿਦੇਸ਼ੀਆਂ ਲਈ ਦੁਸ਼ਮਣੀ ਦੀ ਸੀ,ਪਰ ਆਪਣੇ
ਦੇਸ਼ਵਾਸੀਆਂ ਲਈ ਦਿਆਲੂ ਅਤੇ ਕਦੇ ਕਦੇ ਘ੍ਰਿਣਾ ਪੂਰਵਕ ਵੀ, ਕਿਉ ਜੋ ਉਨ੍ਹਾਂ ਦੀ ਕਿਸਮਤ ਜੱਟ
ਦੀ ਸੂਰਮਗਤੀ ਅਤੇ ਧੀਰਜ ਤੇ ਨਿਰਭਰ ਕਰਦੀ ਸੀ।
ਸਰਦਾਰ ਖੁਸਵੰਤ ਸਿੰਘ ਦੀ ਲਿਖਤ ਵਿੱਚੋਂ ਇੱਕ ਚੀਜ਼ ਜੋ ਮੈਨੂੰ ਕੁਝ ਕੁਝ ਸਚਾਈ ਦੇ ਨੇੜੇ
ਲਗਦੀ ਪ੍ਰਤੀਤ ਹੁੰਦੀ ਹੈ ਅਤੇ ਪ੍ਰਭਾਵਤ ਕਰਦੀ ਹੈ ਉਹ ਇਹ ਹੈ ਇਸ ਕੌਮ ਦਾ (ਜੱਟ ਸਿੱਖ)
ਪੰਜਾਬ ਨਾਲ ਚਿਰੋਕਣਾ ਡੂੰਘਾ ਪਿਆਰ ਅਤੇ ਸਨੇਹ ਦਾ ਰਿਸ਼ਤਾ ਜੁੜਿਆ ਹੋਇਆ ਹੈ। ਇਹ ਇਸ ਤਰਾਂ
ਕਿ ਜਿਵੇਂ ਸਿੱਖ ਹੋਣ ਦੀ ਪਛਾਣ ਵਿੱਚ ਪੰਜਾਬੀ ਹੋਣਾ ਪੁੱਛਣ ਦੀ ਕਿਸੇ ਗੈਰ ਪੰਜਾਬੀ ਨੂੰ
ਜਰੂਰਤ ਹੀ ਮਹਿਸੂਸ ਨਹੀ ਹੁੰਦੀ ਭਾਵ ਕਿ ਕਿਸੇ ਸਿੱਖ ਦਾ ਪਿਛੋਕੜ ਭਾਵੇ ਯੂ ਪੀ, ਬਿਹਾਰ,
ਗੁਜਰਾਤ, ਦਿੱਲੀ ਬੰਬਈ ਦਾ ਹੀ ਕਿਉ ਨਾ ਹੋਵੇ ਦੂਸਰੀਆਂ ਕੌਮਾਂ ਦੇ ਲੋਕ ਉਸ ਨੂੰ ਪੰਜਾਬੀ ਹੀ
ਕਹਿਣਗੇ ਅਤੇ ਸਮਝਣਗੇ। ਅੱਜ ਦੇ ਜੱਟ ਨੇ ਆਪਣੀ ਸਿੱਖੀ ਪਛਾਣ ਤਾਂ ਸਹਿਜੇ ਸਹਿਜੇ ਖਤਮ ਕਰ ਲਈ
ਹੈ ਅਤੇ ਆਪਣੇ ਆਪ ਨੂੰ ਦੂਸਰਿਆਂ ਨਾਲੋ ਵੱਖਰਰਿਆਉਣ ਦੀ ਰੁਚੀ ਦੇ ਪ੍ਰਫੁੱਲਤ ਹੋਣ ਕਾਰਨ ਅੱਜ
ਜੱਟ ਸ਼ਬਦ ਪੰਜਾਬੀ ਹੋਣ ਦਾ ਪਰਾਇਵਾਚੀ ਸ਼ਬਦ (ਬਦਲ ਵੱਜੋ) ਬਣ ਕੇ ਉਘੜਿਆ ਹੈ ਅਤੇ ਹਰੇਕ
ਨੂੰ ਇਹ ਸ਼ਬਦ ਅਪਨਾਉਣ ਵਿਚ ਆਪਣੇ ਪੰਜਾਬੀ ਹੋਣ ਦਾ (ਪੰਜਾਬ ਦਾ ਪੁੱਤਰ ਹੋਣ ਦਾ) ਅਹਿਸਾਸ
ਅਤੇ ਮਾਣ ਮਿਲਦਾ ਪ੍ਰਤੀਤ ਹੁੰਦਾ ਹੈ।
-0-
|