Welcome to Seerat.ca
Welcome to Seerat.ca

ਚਿਤ੍ਰਲੇਖ/ ਸ਼ਨਾਖ਼ਤ

 

- ਅਮਰਜੀਤ ਚੰਦਨ

ਖੀਸੇ ਚ ਟਿਮਕਦੇ ਜੁਗਨੂੰ

 

- ਇਕਬਾਲ ਰਾਮੂਵਾਲੀਆ

ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਨਵੀਂ ਦੁਨੀਆਂ

 

- ਹਰਜੀਤ ਅਟਵਾਲ

ਗੱਲਾਂ ਚੋਂ ਗੱਲ

 

- ਬਲਵਿੰਦਰ ਗਰੇਵਾਲ

ਵਲੈਤ ਦੇ ਭੱਠੇ

 

- ਸੁਖਦੇਵ ਸਿੱਧੂ

ਵਿਸ਼ਵੀਕਰਣ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ

 

- ਦੇਵਿੰਦਰ ਕੌਰ

ਘਰ ਦੇ ਜੀਅ

 

- ਮੰਗੇ ਸਪਰਾਏ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਇਤਿਹਾਸ ਬੋਲਦਾ ਏ

 

- ਦਰਸ਼ਨ ਬੁਲੰਦਵੀ

ਆਖਰ ਕੁਝ ਤਾਂ ਹੈ ਜੱਟ ਅਖਵਾਉਣ ਵਿੱਚ

 

- ਹਰਜੀਤ ਗਿੱਲ

ਲਹੂ ਦਾ ਅੱਥਰੂ

 

- ਸੰਤੋਖ ਸਿੰਘ ਸੰਤੋਖ

ਛੱਪੜ

 

- ਹਰਪ੍ਰੀਤ ਸੇਖਾ

ਪੰਜਾਬੀ ਡਾਇਸਪੋਰਾ ਦੇ ਦਿਖਦੇ ਅਣਦਿਖਦੇ ਪਾਸਾਰ
(ਵਰਿਆਮ ਸੰਧੂ ਦੀ ਕਹਾਣੀ ਜਮਰੌਦ) ਦੇ ਸੰਦਰਭ ਵਿੱਚ

 

- ਡਾ: ਗੁਰਮੀਤ ਕੌਰ

ਜਮਰੌਦ

 

- ਵਰਿਆਮ ਸਿੰਘ ਸੰਧੂ

ਇਹ ਕੇਹੀ ਅਜ਼ਾਦੀ

 

- ਗੁਲਸ਼ਨ ਦਿਆਲ

ਜੇ ਭਰਾ ਮਾੜਾ ਤਾਂ ਮਰਦਪੁਣਾ ਜੇ ਭੈਣ ਮਾੜੀ ਤਾਂ ਬਦਕਾਰ

 

- ਬੇਅੰਤ ਗਿੱਲ ਮੋਗਾ

 
Online Punjabi Magazine Seerat

ਵਲੈਤ ਦੇ ਭੱਠੇ
- ਸੁਖਦੇਵ ਸਿੱਧੂ

 

ਦੂਜੀ ਆਲਮੀ ਜੰਗ ਦੀ ਮਚਾਈ ਤਬਾਹੀ ਨਾਲ਼ ਵਲੈਤ ਚ ਕਾਮਿਆਂ ਦੀ ਭਾਰੀ ਤੋਟ ਆ ਗਈ ਸੀ। ਜੰਗ ਤੋਂ ਬਚ ਗਏ ਗੋਰੇ ਫ਼ੌਜੀ ਭੱਠਿਆਂ ਦਾ ਜਾਨ ਖ਼ੌਲਣ ਵਾਲਾ ਕੰਮ ਕਰਨ ਨੂੰ ਬਹੁਤੇ ਰਾਜ਼ੀ ਵੀ ਨਹੀਂ ਸੀ। ਕੁਲ ਵਲੈਤ ਚ ਹੀ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸੇ ਕਰਕੇ ਪਹਿਲੀਆਂ ਚ, ਸਿਰਫ਼ ਬੰਦਿਆਂ ਦੇ ਕਰਨ ਵਾਲੇ ਭਾਰੇ ਕੰਮਾਂ ਤੇ ਅੰਗਰੇਜ਼ ਔਰਤਾਂ ਨੂੰ ਵੀ ਕੰਮੀਂ ਲੱਗਣਾ ਪਿਆ ਸੀ। ਇਕ ਦੋ ਬੀਬੀਆਂ ਤਾਂ ਮੈਂ ਆਪ ਵੀ ਭੱਠਿਆਂ ਤੇ ਕੰਮ ਕਰਦੀਆਂ ਦੇਖੀਆਂ ਸੀ; ਕੁਝ ਜਾਨ ਮਾਰਕੇ ਕੰਮ ਕਰਨ ਵਾਲੀਆਂ ਵੀ ਸੀ। ਇਕ ਦੋ ਤਾਂ ਚੰਗੇ ਭਲੇ ਬੰਦਿਆਂ ਦੀਆਂ ਵੀ ਹੀਲਾਂ ਕਰਾ ਦੇਣ ਵਾਲੀਆਂ ਸੀ। ਸਾਡੇ ਭਾਈਬੰਦ ਵੀ ਉਨ੍ਹਾਂ ਨਾਲ ਕੰਮ ਕਰਨ ਤੋਂ ਕੰਨ ਭੰਨਦੇ ਸੀ ਜਾਂ ਸਿਰ ਸੁੱਟ ਕੇ ਹੇਠਾਂ ਲੱਗ ਕੇ ਕੰਮ ਕਰੀ ਜਾਂਦੇ। ਭੱਠਿਆਂ ਤੇ ਲੇਬਰ ਦੀ ਥੋੜ ਦੇ ਹੱਲ ਲਈ ਪਹਿਲਾਂ ਗੋਰਿਆਂ ਨੇ ਇਟਾਲੀਅਨ, ਯੂਗੋਸਲਾਵੀਏ, ਪੋਲਿਸ਼, ਯੁਕਰੇਨੀਏ ਕਾਮਿਆਂ ਨੂੰ ਵਰਤਿਆ। ਇਹ ਨੇੜੇ ਦੇ ਵੀ ਸੀ ਨਾਲੇ ਯੂਰਪੀਨ ਵੀ। ਪਰ ਕੰਮ ਇਨ੍ਹਾਂ ਨੂੰ ਵੀ ਉਹੀ ਦਿੱਤਾ ਜਾਂਦਾ ਸੀ ਜਿਹੜਾ ਵਲੈਤ ਦੇ ਬਸ਼ਿੰਦੇ-ਗੋਰਿਆਂ ਦੇ ਨੱਕ ਹੇਠ ਨਾ ਆਉਂਦਾ। ਇਨ੍ਹਾਂ ਦੀ ਵੀ ਅਗਲੀ ਪੀੜ੍ਹੀ ਭੱਠਿਆਂ ਤੇ ਕੰਮ ਕਰਨ ਨੂੰ ਰਾਜ਼ੀ ਨਾ ਹੋਈ ਤੇ ਉਪਰੋਂ ਨੇਟੋ ਤੇ ਵਾਰਸਾ ਪੈਕਟ ਦੀ ਨਿੱਤ ਤਿੱਖੀ ਹੁੰਦੀ ਖਿੱਚੋਤਾਣ ਨੇ ਸੋਵੀਅਤ ਬਲਾਕ ਦੀ ਲੇਬਰ ਬੰਦ ਕਰਵਾ ਦਿੱਤੀ। ਤਦ ਇਨ੍ਹਾਂ ਗੋਰਿਆਂ ਨੂੰ ਕਾਮਨਵੈਲਥ ਦਾ ਚੇਤਾ ਆ ਗਿਆ ਜਾਣੋਂ ਟੁੱਟੀ ਭੱਜੀ ਦਾ ਪੱਤਣ ਮੇਲਾ। ਕਾਮਨਵੈਲਥ ਮੁਲਕਾਂ ਚੋਂ ਵਾਊਚਰਾਂ ਤੇ ਬੰਦੇ ਸੱਦਣ ਲਈ ਵੱਡੇ ਵੱਡੇ ਸ਼ਹਿਰਾਂ ਚ ਨੁਮਾਇਸ਼ਾਂ ਲਾਈਆਂ ਗਈਆਂ ਸੀ। ਜਾਅਲੀ ਆਏ ਬੰਦਿਆਂ ਦੀਆਂ ਵੀ ਪੌਂਅ ਬਾਰਾਂ ਹੀ ਰਹੀਆਂ। ਕਾਲੇ-ਭੂਸਲੇ ਬੰਦਿਆਂ ਦੇ ਧੜਾ ਧੜ ਗੋਰੀ ਧਰਤੀ ਤੇ ਆਉਣ ਤੋਂ ਬਾਅਦ ਚ ਹੀ ਈਨੋਕ ਪਾਵੋਲ (Enoch Powell) ਨੇ ਵਲੈਤ ਦੀਆਂ ਗਲ਼ੀਆਂ ਚ ਲਹੂ ਦੀਆਂ ਨਦੀਆਂ ਵਗਣ ਵਾਲੀ ਬਦਨਾਮ ਤਕਰੀਰ ਕੀਤੀ ਸੀ। ਬਹੁਤੇ ਗੋਰੇ ਭੱਠਿਆਂ ਦਾ ਭਾਰਾ ਕੰਮ ਟਿਕ ਕੇ ਨਹੀਂ ਸੀ ਕਰਦੇ। ਜਾਂ ਤਾਂ ਛੇਤੀ ਛੱਡ ਜਾਂਦੇ ਸੀ ਜਾਂ ਛੇਤੀ ਕਿਸੇ ਹੋਰ ਰਤਾ ਹਲਕੇ ਕੰਮ ਵਾਲੇ ਪਾਸੇ ਬਦਲੀ ਕਰਵਾ ਲੈਂਦੇ ਤੇ ਜਾਂ ਮਸਾਂ ਅਪਣੇ ਤੋਰੀ ਫੁਲਕੇ ਜੋਗਾ ਹੀ ਕੰਮ ਕਰਦੇ। ਦਫ਼ਤਰ ਬਾਬੂ ਦੀ ਤਾਂ ਗੱਲ ਹੀ ਛੱਡੋ, ਟਰਾਂਸਪੋਰਟ ਤੇ ਮਕੈਨਿਕਾਂ ਦੀਆਂ ਸੱਭ ਨੌਕਰੀਆਂ ਗੋਰਿਆਂ ਲਈ ਹੀ ਸੀ। ਬੜੀ ਦੇਰ ਬਾਅਦ ਬੈੱਡਫਰਡ ਦੀ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਭਾਰਤੀ ਮਜ਼ਦੂਰ ਸਭਾ) ਦੀ ਬਰਾਂਚ ਦੇ ਹੰਭਲ਼ੇ ਨੇ ਇਹ ਰੀਤ ਤੋੜੀ ਸੀ।
ਲੇਬਰ ਦੀ ਏਨੀ ਤੰਗੀ ਸੀ ਕਿ ਮੈਨੇਜਰ ਕਈਆਂ ਬੰਦਿਆਂ ਨੂੰ ਕੰਮ ਤੋਂ ਛੁੱਟੀ ਦੇ ਕੇ ਹੋਰ ਕੰਮ ਕਰਨ ਵਾਲੇ ਬੰਦੇ ਲੱਭ ਕੇ ਲਿਆਉਣ ਲਈ ਸ਼ਹਿਰ ਨੂੰ ਭੇਜ ਦਿਆ ਕਰਦੇ ਸੀ। ਭੱਠੇ ਤੇ ਮੋਟੀ ਕਮਾਈ ਵਾਲ਼ਾ ਕੰਮ ਲੱਭਣ ਗਏ ਬੰਦਿਆਂ ਦੀਆਂ ਡਾਰਾਂ ਚੋਂ ਮੈਨੇਜਰ ਪਹਿਲਾਂ ਕਾਮਿਆਂ ਦੇ ਡੌਲ਼ੇ ਤੇ ਸਰੀਰ ਟੋਹ ਟੋਹ ਕੇ ਦੇਖਦੇ ਕਿ ਇਹ ਕੰਮ ਕਰਨ ਜੋਗੇ ਹੈਗੇ ਵੀ ਆ ਕਿ ਨਹੀਂ। ਮਾੜਕੂ ਸਰੀਰਾਂ ਵੱਲ ਤਾਂ ਉਹ ਝਾਕਦੇ ਵੀ ਨਾ। ਜਿਨ੍ਹਾਂ ਤੇ ਮੈਨੇਜਰਾਂ ਦੀ ਤਸੱਲੀ ਹੋ ਜਾਂਦੀ, ਉਨ੍ਹਾਂ ਨੂੰ ਇਹ ਕਹਿੰਦੇ: ਯੂ, ਯੂ, ਯੂ।।।।।।, ਐਂਡ ਯੂ। ਬਾਕੀਆਂ ਨੂੰ ਪਤਾ ਲੱਗ ਜਾਂਦਾ ਕਿ ਗੱਲ ਨਹੀਂ ਬਣੀ; ਉਹ ਮੁੜ ਜਾਂਦੇ ਤੇ ਅਗਲੇ ਹਫਤੇ ਫਿਰ ਆਉਂਦੇ; ਜੇ ਫਿਰ ਵੀ ਗੱਲ ਨਾ ਬਣਦੀ ਤਾਂ ਓਦੂੰ ਅਗਲੇ ਹਫਤੇ ਵੀ ਆਉਂਦੇ ਤੇ ਫਿਰ ਚ ਵੀ ਆਈ ਜਾਂਦੇ ਜਿੰਨਾ ਚਿਰ ਗੱਲ ਨਾ ਬਣ ਜਾਂਦੀ। ਯੂ, ਯੂ .......ਯੂ ਯੂ ਦਾ ਮਤਲਬ ਅਨਪੜ੍ਹ ਪੰਜਾਬੀਆਂ ਨੂੰ ਵੀ ਝੱਟ ਸਮਝ ਪੈ ਜਾਂਦਾ ਸੀ; ਇਹ ਖੁਸ਼ ਹੋ ਜਾਂਦੇ। ਮਨ ਚ ਪੁੱਠੀਆਂ ਛਾਲਾਂ ਮਾਰਦੇ। ਗੋਰਿਆਂ ਨੂੰ ਠੈਕੂ ਠੈਂਕੂ ਕਰਦੇ ਫਿਰਦੇ। ਬਹੁਤ ਸਾਰੇ ਕਾਮੇ ਪੰਜਾਬੀ ਸੀਇੰਡੀਅਨ ਤੇ ਪਾਕਿਸਤਾਨੀ- ਜਾਂ ਇਟਾਲੀਅਨ ਸੀ। ਕੁਝ ਕਾਲੇ ਜਾਂ ਹੋਰ ਯੂਗੋਸਲਾਵੀਏ, ਪੋਲਿਸ਼, ਯੁਕਰੇਨੀ ਤੇ ਲੈਟਵੀਅਨ ਆਦਿ ਵੀ। ਭਾਰਤੀ ਤੇ ਪਾਕਿਸਤਾਨੀ ਤਾਂ ਇਕੋ ਜਿਹੇ ਦਿਸਦੇ ਸੀ। ਇਟਾਲੀਅਨ ਵੀ ਮਿਹਨਤੀ ਤੇ ਸਿਰੜੀ ਸੀ। ਗੋਰੇ ਤਾਂ ਹਿਸਾਬ ਦਾ ਹੀ ਕੰਮ ਕਰਦੇ- ਮਨ ਦੀ ਮੌਜ ਨਾਲ; ਬੱਸ ਲੋੜ ਜਿੰਨਾ ਹੀ। ਜਾਨ ਮਾਰ ਕੇ ਟੁੱਟ ਟੁੱਟ ਕੇ ਮਰਨ ਨੂੰ ਇੰਡੀਅਨ ਸੀ, ਇਕ ਅੱਧਾ ਪਾਕਿਸਤਾਨੀ ਜਾਂ ਕੁਝ ਕੁ ਇਟਾਲੀਅਨ ਸੀ। ਦਸਾਂ ਨਹੁੰਆਂ ਦੀ ਕਿਰਤ ਦਾ ਫ਼ਲ ਹਫਤੇ ਦੇ ਅਖ਼ੀਰ ਤੇ ਮਿਲ ਜਾਂਦਾ ਸੀ। ਹੱਡ ਭੰਨਵੀਂ ਮਿਹਨਤ ਦਾ ਮੁੱਲ। ਰੂਹਾਂ ਖੁਸ਼ ਹੋ ਜਾਂਦੀਆਂ; ਹਫਤੇ ਭਰ ਦੀਆਂ ਸਭ ਥਕਾਵਟਾਂ ਉਡ ਪੁਡ ਜਾਂਦੀਆਂ। ਪੈਸਿਆਂ ਦੇ ਹੌਂਸਲੇ ਚ ਬੰਦੇ ਆਪ ਵੀ ਉਡੂੰ ਉਡੂੰ ਕਰਦੇ ਫਿਰਦੇ। ਕੰਮ ਏਨਾ ਭਾਰਾ ਸੀ ਕਿ ਭੱਠੇ ਤੇ ਭਾਰਾ ਕੰਮ ਕਰਨ ਵਾਲੇ ਕਈ ਕਾਮਿਆਂ ਦੀ ਪੈਨਸ਼ਨ ਹੋਣ ਤੋਂ ਸਾਲ ਦੋ ਸਾਲ ਪਹਿਲਾਂ ਜਾਂ ਸਾਲ ਦੋ ਸਾਲ ਬਾਅਦ ਹੀ ਫੂਕ ਨਿਕਲ ਜਾਂਦੀ ਸੀ। ਉਦੋਂ ਹੀ ਪਤਾ ਲਗਦਾ ਜਦੋਂ ਕੋਈ ਹੋਰ ਜਣਾ ਅਗਲੇ ਦਿਨ ਕੰਮ ਤੇ ਆ ਕੇ ਦੱਸਦਾ: ਲੈ ਬਈ ਕੱਲ ਫਲਾਨਾ ਵੀ ਚੜ੍ਹਾਈ ਕਰ ਗਿਆ। ਚੰਗਾ ਭਲਾ ਸੀ;ਰਾਤ ਵਾਲ਼ੀ ਸ਼ਿਫਟ ਤੋਂ ਗਿਆ ਸੀ। ਠੀਕ ਠਾਕ ਤੰਦਰੁਸਤ ਸੀ; ਨਾ ਬੀਮਾਰ ਨਾ ਠਿਮਾਰ। ਬੱਸ ਸੁੱਤਾ ਮੁੜ ਕੇ ਉੱਠਿਆ ਹੀ ਨਹੀਂ, ਘਰਦਿਆਂ ਨੇ ਸ਼ਾਮ ਨੂੰ ਕੰਮਾਂ ਤੋਂ ਆ ਕੇ ਦੇਖਿਆ ਤਾਂ ਖੇਡ ਖਤਮ ਹੋਈ ਪਈ ਸੀ। ਕਈ ਕਈ ਵਾਰ ਤਾਂ ਸੋਚ ਕੇ ਏਦਾਂ ਵੀ ਲੱਗਣਾ ਕਿ ਭਲਾ ਹੱਡ ਮਾਸ ਦਾ ਇਹ ਪੁਤਲਾ ਆਦਮੀ- ਕਾਹਦੇ ਲਈ ਏਨੀ ਭੱਜ-ਦੌੜ ਕਰਦਾ ਫਿਰਦਾ ਹੈ। ਪਰ ਤਮ੍ਹਾਂ ਤਾਂ ਬੰਦੇ ਚੋਂ ਕਦੇ ਨਹੀਂ ਮੁੱਕਦੀ; ਇਹੀ ਜੀਂਦੀ ਜਾਨ ਨੂੰ ਭਜਾਈ ਫਿਰਦੀ ਹੈ। ਲਾਲਚ ਲਾਲਚ ਚ ਪਤਾ ਹੀ ਨਾ ਲੱਗਦਾ। ਹਰ ਕੋਈ ਇਕ ਦੂਜੇ ਤੋਂ ਮੋਹਰੇ ਤੋਂ ਮੋਹਰੇ ਹੋ ਹੋ ਕੇ ਕੰਮ ਕਰਦੇ। ਸਾਰੀ ਉਮਰ ਕੰਮ ਕੰਮ ਚ ਹੀ ਨਿਕਲ ਜਾਂਦੀ। ਘਰੋਂ ਕੰਮ ਤੇ, ਕੰਮੋਂ ਘਰ - ਕੋਹਲੂ ਦੇ ਬੈਲ ਵਾਂਗੂੰ।
ਭੱਠਿਆਂ ਨਾਲ ਏਕੜਾਂ ਦੇ ਏਕੜ ਜ਼ਮੀਨ ਦੇ ਵੀ ਸੀ। ਇਸ ਇਲਾਕੇ ਦੀ ਚੀਕਣੀ ਮਿੱਟੀ ਇੱਟਾਂ ਲਈ ਮਸ਼ਹੂਰ ਸੀ ਔਕਸਫਰਡ ਕਲੇਅ। ਭੱਠਿਆਂ ਤੋਂ ਤਿੰਨ-ਤਿੰਨ, ਚਾਰ-ਚਾਰ ਮੀਲ ਦੂਰ ਕਰੇਨਾਂ, ਚੀਕਣੀ ਮਿੱਟੀ ਪੁੱਟ ਪੁੱਟ ਕੇ ਲਾਗੇ ਬਣਾਈ ਮਾਹਲ ਤੇ ਸੁੱਟੀ ਜਾਂਦੀਆ। ਏਸੇ ਛੱਤੀ ਹੋਈ ਮਾਹਲ ਤੋਂ ਮਿੱਟੀ ਦੇ ਢੇਲੇ ਵੱਡੇ ਵੱਡੇ ਕੋਹਲੂਆਂ ਵਿਚ ਆ ਆ ਕੇ ਪਈ ਜਾਂਦੇ। ਇਹ ਕੋਹਲੂ ਮਿੱਟੀ ਨੂੰ ਪੀਹ ਪੀਹ ਕੇ ਮੋਟੇ ਬੂਰੇ ਵਰਗੀ ਬਣਾਈ ਜਾਂਦੇ। ਪੀਹ ਹੁੰਦੀ ਮਿੱਟੀ ਚੋਂ ਵਿੱਚੋਂ ਨਿਕੰਮੇ ਪੱਥਰ ਬਾਹਰ ਕੱਢ ਦਿੱਤੇ ਜਾਂਦੇ। ਜਦੋਂ ਚਿਕਨਾਈ ਵਗੈਰਾ ਦੀ ਮਾਤਰਾ ਰੁਕ ਸਿਰ ਹੋ ਜਾਂਦੀ ਤਾਂ ਇਹ ਅੱਗੇ ਵੱਡੇ ਢੇਰਾਂ ਵੱਲ ਨੂੰ ਘੱਲ ਦਿੱਤੀ ਜਾਂਦੀ। ਇਨ੍ਹਾਂ ਢੇਰਾਂ ਚੋਂ ਹੀ ਹੌਲ਼ੀ-ਹੌਲ਼ੀ ਇਹ ਮਿੱਟੀ ਇੱਟਾਂ ਬਨਾਉਣ ਵਾਲੀਆਂ ਪਰੈੱਸਾਂ ਨੂੰ ਛੱਡੀ ਜਾਂਦੀ ਸੀ। ਵੱਡੀਆਂ ਵੱਡੀਆਂ ਭਾਰੀਆਂ ਭਰਕਮ ਪਰੈੱਸਾਂ, ਸੱਚੇ ਚ ਆਉਂਦੀ ਸਿੱਲ੍ਹੀ ਚੀਕਨੀ ਮਿੱਟੀ ਨੂੰ ਏਨੀ ਜ਼ੋਰ ਨਾਲ ਦਬਾ ਕੇ ਬਾਹਰ ਕੱਢਦੀਆਂ ਕਿ ਕੱਚੀਆਂ ਬਣੀਆਂ ਇੱਟਾਂ ਵੀ ਵਾਹਵਾ ਮਜ਼ਬੂਤ ਹੁੰਦੀਆਂ ਸੀ। ਏਨੀਆਂ ਸਖ਼ਤ ਕਿ ਮਾੜੇ ਧੀੜੇ ਬੰਦੇ ਤੋਂ ਤਾਂ ਜ਼ੋਰ ਲਾਉਣ ਤੇ ਵੀ ਨਾ ਟੁੱਟ ਸਕਦੀਆਂ। ਕੱਚੀਆਂ ਇੱਟਾਂ ਅੱਗੋਂ ਮਾਹਲਾਂ ਤੇ ਆਉਂਦੀਆਂ ਤੇ ਕਾਮੇ ਮਾਹਲਾਂ ਤੋਂ ਚੱਕ ਚੱਕ ਕੇ ਇਨ੍ਹਾਂ ਇੱਟਾਂ ਦੇ ਰੇੜ੍ਹੀਆਂ ਤੇ ਚੱਕੇ ਲਾਈ ਜਾਂਦੇ। ਸਾਰਾ ਦਿਨ ਚੱਕੇ ਤੇ ਚੱਕੇ ਲਾਈ ਜਾਂਦੇ। ਬਹੁਤੇ ਡੇੜ੍ਹ ਪਰੈੱਸ ਦੀਆਂ ਇੱਟਾਂ ਹੀ ਸਾਂਭਦੇ ਸੀ ਤੇ ਕੋਈ ਤਕੜਾ ਦੋਂਹ ਦੀਆਂ ਵੀ ਚੱਕ ਲੈਂਦਾ। ਕੋਈ ਵਿਰਲਾ ਮਾਈ ਦਾ ਲਾਲ ਤਿੰਨਾਂ ਦੀਆਂ ਵੀ ਚੱਕਦਾ; ਤਿੰਨਾਂ ਪਰੈੱਸਾਂ ਦੀਆਂ ਇੱਟਾਂ ਸਾਂਭਣਾ ਮਸ਼ੀਨ ਨਾਲ ਮਸ਼ੀਨ ਹੋਣਾ ਸੀ ਵੱਡੇ ਵੱਡੇ ਨੌਢੂ ਖਾਨਾਂ ਦੀ ਭੂਤਨੀ ਭੁਲਾਉਣ ਵਾਲ਼ਾ। ਪਰ ਇਹ ਥੋੜ੍ਹੇ ਚਿਰ ਦਾ ਕੰਮ ਸੀ। ਬਹੁਤ ਵਾਰੀ ਨਾਲ਼ ਦੇ ਸਾਥੀ ਨੂੰ ਸਾਹ ਦੁਆਉਣ ਲਈ ਹੀ ਜਾਂ ਸਿਗਰਟ ਬੱਤੀ ਦੀ ਬਰੇਕ ਲਈ ਪੰਜਾਂ ਸੱਤਾਂ ਮਿੰਟਾਂ ਲਈ ਹੀ ਕੀਤਾ ਜਾ ਸਕਦਾ ਸੀ। ਜਿਨ੍ਹਾਂ ਦੇ ਹੱਥੀਂ ਇਹ ਕੰਮ ਚੜ੍ਹ ਚੁੱਕਾ ਸੀ ਉਹ ਤਾਂ ਮਸ਼ੀਨਾਂ ਵਾਂਗ ਚੱਲਦੇ। ਥੱਬੇ ਭਰ ਭਰ ਰੱਖੀ ਜਾਂਦੇ। ਕੱਚੀਆਂ ਇੱਟਾਂ ਦੇ ਚੱਕੇ, ਰੇੜ੍ਹੀਆਂ ਤੇ ਲੱਦ ਕੇ ਚੈਂਬਰਾਂ ਚ ਲੈ ਜਾਏ ਜਾਂਦੇ, ਜਿੱਥੇ ਇਨ੍ਹਾਂ ਨੂੰ ਹੇਠੋਂ ਗੈਸ ਦੀ ਅੱਗ ਚੜ੍ਹਾਈ ਜਾਂਦੀ ਤੇ ਉੱਤੋਂ ਭੁਰਪੁਰਾ ਕੋਲਾ ਪਾ ਕੇ ਅੱਗ ਦਿੱਤੀ ਜਾਂਦੀ। ਹਫ਼ਤੇ ਬਾਅਦ ਇਹ ਇੱਟਾਂ ਪੱਕ ਜਾਂਦੀਆਂ ਟਣ ਟਣ ਕਰਦੀਆਂ -ਛਣਕਦੀਆਂ। ਬਾਹਰ ਕੱਢ ਕੇ ਇਨ੍ਹਾਂ ਇੱਟਾਂ ਦੇ ਫਿਰ ਚੱਕੇ ਲਾਏ ਜਾਂਦੇ ਤੇ ਇਹ ਮਕਾਨ ਬਣਾਉਣ ਲਈ ਤਿਆਰ ਹੋ ਜਾਂਦੀਆ। ਅੱਗੇ ਲਾਰੀਆਂ ਤੇ ਲੱਦ ਹੋ ਕੇ ਕਿਤੇ ਦੀ ਕਿਤੇ ਪਹੁੰਚ ਜਾਂਦੀਆਂ। ਸਾਫ਼ ਸਾਦੀਆਂ ਇੱਟਾਂ ਵੀ ਬਣਦੀਆਂ ਤੇ ਪੰਦਰਾਂ ਵੀਹ ਕਿਸਮ ਦੀਆਂ ਰੰਗਦਾਰ ਇੱਟਾਂ ਵੀ। ਵਲੈਤ ਦੇ ਬਹੁਤ ਸਾਰੇ ਘਰਾਂ ਨੂੰ ਇਨ੍ਹਾਂ ਭੱਠਿਆਂ ਦੀਆਂ ਇੱਟਾਂ ਨੇ ਹੀ ਸਜਾਇਆ ਹੋਇਆ ਹੈ। ਕੱਚੀਆਂ ਦੇ ਵੀ ਤੇ ਪੱਕੀਆਂ ਇੱਟਾਂ ਦੇ ਵੀ ਚੱਕੇ ਲਾਉਣ ਚ ਵੀ ਸਾਡੇ ਪੰਜਾਬੀ ਭਾਈਬੰਦਾਂ ਦੀ ਹੀ ਝੰਡੀ ਰਹੀ। ਕੱਚੀਆਂ ਇੱਟਾਂ ਦਾ ਕੰਮ ਕੁਝ ਘੱਟ ਮਿੱਟੀ ਘੱਟੇ ਦਾ ਸੀ ਪਰ ਪੱਕੀਆਂ ਇੱਟਾਂ ਦੇ ਚੱਕੇ ਲਾਉਣ-ਬੰਨਣ ਦਾ ਬਹੁਤ ਮਿੱਟੀ ਘੱਟੇ ਦਾ ਤਾਂ ਸੀ ਹੀ, ਨਾਲ ਇਹ ਬੰਦੇ ਦੀਆਂ ਚੂਲਾਂ ਢਿੱਲੀਆਂ ਕਰ ਦੇਣ ਵਾਲਾ ਵੀ ਸੀ। ਜੈਲ, ਗੁਰਮੇਲ, ਪਰਗਾਸ਼ ਤੇ ਪੋਲੋ ਪਹਿਲੇ ਪੁਰਾਣੇ ਮੰਨੇ ਦੰਨੇ ਕਾਮੇ ਸੀ। ਨਿੰਦਰ, ਤਾਰ,ਬਿੱਲਾ ਤੇ ਗਿੱਲ ਬਹੁਤ ਛੋਹਲੇ ਕਾਮੇ ਸੀ। ਨਿੰਦਰ ਤਾਂ ਸੁਭਾਅ ਦਾ ਵੀ ਬਹੁਤਾ ਠੰਡਾ ਸੀ ਅਤੇ ਇਹ ਦੇਖਣ ਨੂੰ ਵੀ ਸਹਿਜੇ ਸਹਿਜੇ ਕੰਮ ਕਰਦਾ ਲਗਦਾ ਸੀ ਪਰ ਉਦੋਂ ਹੀ ਪਤਾ ਲੱਗਦਾ ਜਦ ਇਹ ਚੱਕੇ ਲਾਉਂਦਾ-ਬੰਨ੍ਹਦਾ ਕਿਤੇ ਦੀ ਕਿਤੇ ਨਿਕਲ ਜਾਂਦਾ। ਮੀਂਹ ਨ੍ਹੇਰੀ ਵੀ ਇਹਨੂੰ ਰੋਕ ਨਾ ਸਕਦੇ, ਬੱਸ ਦੱਬੀ ਜਾਂਦਾ। ਲੰਮਾ ਸਮਾਂ ਵੱਧ ਚੱਕੇ ਲਾਉਣ ਦੀ ਇਹਦੀ ਹਮੇਸ਼ਾਂ ਝੰਡੀ ਰਹੀ। ਸਾਢੇ ਕੁ ਛੇ ਫੁੱਟੇ ਨਿੰਦਰ ਨੂੰ ਸੰਗੀ-ਸਾਥੀ ਤਿਹੁ ਨਾਲ ਲੰਮਾ ਆਖਦੇ ਸੀ। ਇਹਦੇ ਕੰਮ ਤੇ ਸੁਭਾਅ ਦੀ ਸਿਫ਼ਤ ਕਰਦੇ ਲੋਕ ਲਾਡ ਨਾਲ਼ ਕਹਿੰਦੇ: ਜਿੱਦਣ ਨਿੰਦਰ ਜੰਮਿਆਂ ਆਪਣੇ ਵਰਗੇ ਕਿਸੇ ਹੋਰ ਤਕੜੇ ਕਾਮੇ ਦੇ ਜੰਮਣ ਲਈ ਬੂਹਾ ਢੋਅ ਕੇ ਆ ਗਿਆ। ਸੱਭ ਇਹਦਾ ਲੋਹਾ ਵੀ ਮੰਨਦੇ ਰਹੇ ਤੇ ਇਹਦੇ ਭਾਰੇ ਪੇ ਪੈਕਟ (ਤਨਖਾਹ) ਦੀਆਂ ਗੱਲਾਂ ਕਰਦੇ ਰਹੇ। ਦੂਸਰੇ ਜ਼ੋਰ ਲਾ ਕੇ ਕੰਮ ਕਰਨ ਵਾਲੇ ਸੀ ਪਰ ਨਿੰਦਰ ਸਹਿਜ ਨਾਲ ਕਰਦਾ। ਹੋਰ ਵੀ ਕਈ ਛੋਹਲਾ ਕੰਮ ਕਰਦੇ ਸੀ। ਪਰ ਉਹ ਕੰਮ ਤੋਂ ਸਿੱਕ (ਮੈਡੀਕਲ ਗੈਰਹਾਜ਼ਰੀ) ਵੀ ਮਾਰ ਲੈਂਦੇ ਸੀ। ਹੁਣ ਤਾਂ ਬੈਂਕਾਂ ਚ ਸਿੱਧੇ ਪੈਸੇ ਜਾਣ ਲੱਗ ਪਏ, ਪਹਿਲੀਆਂ ਚ ਹਫਤੇ ਦੀ ਹਫਤੇ ਸ਼ੁਕਰਵਾਰ ਵਾਲ਼ੇ ਦਿਨ ਤਨਖ਼ਾਹ ਦੇ ਭਰੇ ਲਿਫ਼ਾਫ਼ੇ ਮਿਲਦੇ ਹੁੰਦੇ ਸੀ; ਤਕੜੇ ਕਾਮਿਆਂ ਦੇ ਪੇਅ ਪੈਕਟ ਤੁੰਨ ਤੁੰਨ ਕੇ ਬੰਦ ਕੀਤੇ ਹੁੰਦੇ ਸੀ। ਅਪਣੇ ਭਾਈਬੰਦਾਂ ਚੋਂ ਕਈ ਹਫ਼ਤੇ ਦੀ ਥਕਾਵਟ ਲਾਹੁਣ ਲਈ ਕੰਮ ਤੋਂ ਹਟ ਕੇ ਸ਼ੁਕਰਵਾਰ ਨੂੰ ਸਿੱਧੇ ਬੀਅਰ ਪੀਣ ਜਾਂਦੇ ਸੀ। ਪੱਬਾਂ-ਕਲੱਬਾਂ ਚ ਬਹਿ ਕੇ ਜਦੋਂ ਇਹ ਤਨਖ਼ਾਹਾਂ ਵਾਲੇ ਪੈਕਟ ਖੋਲ੍ਹ ਕੇ ਬੀਅਰ ਦੇ ਪੈਸੇ ਦੇਣ ਲਗਦੇ, ਤਾਂ ਉਥੇ ਬੈਠੇ ਅਪਣੇ ਦੇਸੀ ਭਾਈਬੰਦ ਇਨ੍ਹਾਂ ਦੇ ਪੈਸਿਆਂ ਵਾਲੇ ਲਿਫ਼ਾਫ਼ੇ ਦੇਖ ਕੇ ਪੱਟੇ ਜਾਂਦੇ। ਕਈਆਂ ਦੀਆਂ ਕੌਡੀਆਂ ਹਿੱਲ ਜਾਂਦੀਆਂ। ਹਾਂਝ ਉਭਰਦੀ ਤਾਂ ਉਹ ਵੀ ਦਬਾ ਸੱਟ ਪੈਸਿਆਂ ਦੀ ਲੁੱਟ ਕਰਨ ਭੱਠਿਆਂ ਤੇ ਜਾ ਲਗਦੇ; ਕਈ ਮਸਾਂ ਦਿਹਾੜੀ ਹੀ ਕੱਢਦੇ ਤੇ ਕਈ ਦੋ ਦਿਨ। ਕੁਝ ਤਾਂ ਸ਼ਰਮ ਦੇ ਮਾਰੇ ਦਿਹਾੜੀ ਜਾਂ ਦੋਹ ਦਿਨਾਂ ਦੇ ਪੈਸੇ ਵੀ ਲੈਣ ਨਾ ਜਾਂਦੇ। ਸਿਰੜ ਨਾਲ ਜਾਨ ਤੋੜ ਕੇ ਕੰਮ ਕਰਨਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦਾ। ਪੱਕੀਆਂ ਇੱਟਾਂ ਦੀ ਸ਼ਿਫਟ ਤਾਂ ਭਾਵੇਂ ਸਵੇਰੇ ਛੇ ਵਜੇ ਸ਼ੁਰੂ ਹੁੰਦੀ ਸੀ, ਪਰ ਕਈ ਲਾਲਚੀ ਵਾਹਵਾ ਮੂੰਹ ਨ੍ਹੇਰੇ ਵੀ ਜਾ ਲਗਦੇ। ਤੜਕੇ ਚਾਰ ਕੁ ਵਜੇ। ਵਧੀਆ ਇੱਟਾਂ ਸਾਂਭ ਲੈਂਦੇ; ਚੰਗੇ ਪੈਸੇ ਬਣਾ ਲੈਂਦੇ। ਫਿਰ ਜ਼ਿੱਦ ਜਾਂ ਲਾਲਚ ਵੱਸ ਹੋਰ ਕਈ ਅਗਲੇ ਦਿਨ ਇਨ੍ਹਾਂ ਨਾਲੋਂ ਵੀ ਤੜਕੇ ਜਾ ਲਗਦੇ ਇਹ ਜ਼ਿਦੋ ਜ਼ਿਦੀ ਦਾ ਕੰਮ ਓਨਾ ਚਿਰ ਚਲਦਾ ਰਹਿੰਦਾ ਜਿੰਨਾ ਚਿਰ ਮੈਨੇਜਰ ਸਖ਼ਤੀ ਕਰਕੇ ਇਨ੍ਹਾਂ ਨੂੰ ਨਾ ਡੱਕਦੇ। ਕਈ ਵਾਰ ਪੱਕੀਆਂ ਇੱਟਾਂ ਏਨੀਆਂ ਤੱਤੀਆਂ ਹੁੰਦੀਆਂ ਕਿ ਸਰਦੀਆਂ ਦੀ ਬਰਫ਼ਬਾਰੀ ਚ ਵੀ ਕਾਮੇ ਜੇਠ-ਹਾੜ ਵਾਂਗ ਮੁੜ੍ਹਕਿਓ-ਮੁੜ੍ਹਕੀ ਹੋ ਜਾਂਦੇ ਸੀ। ਕਾਹਲ਼ੀ ਕਾਹਲ਼ੀ ਚੱਕਦਿਆਂ ਕਈ ਵਾਰੀ ਦੋਂਹ ਇੱਟਾਂ ਵਿਚ ਉਂਗਲਾਂ ਜਾਂ ਨੌਂਹ ਆ ਜਾਂਦੇ। ਬੜਾ ਦਰਦ ਹੁੰਦਾ। ਉਂਗਲਾਂ ਟੱਸ ਟੱਸ ਕਰੀ ਜਾਂਦੀਆਂ। ਨਾ ਬੰਦਾ ਕੰਮ ਕਰਨ ਜੋਗਾ ਰਹਿੰਦਾ, ਨਾ ਬਹਿਣ ਜੋਗਾ ਚੱਤੇ ਪਹਿਰ ਦੀ ਚੀਸ ਪਰੇਸ਼ਾਨ ਕਰਦੀ। ਨਹੁੰਆਂ ਚ ਲਹੂ ਜੰਮਣ ਲੱਗਦਾ ਜਾਂ ਇਹ ਕਾਲੇ ਹੋ ਜਾਂਦੇ। ਫਿਰ ਹਸਪਤਾਲ ਜਾ ਕੇ ਨੌਂਹ ਵਿਚ ਦੋ ਛੇਕ ਕਰਵਾਉਣੇ ਪੈਂਦੇ। ਡਾਕਟਰ ਲੋਹੇ ਦੀ ਸੂਈ ਨੂੰ ਅੱਗ ਦੀ ਲਾਟ ਤੇ ਗਰਮ ਕਰਦਾ ਤੇ ਲਾਲ ਸੁਰਖ਼ ਹੋਈ ਸੂਈ ਨੂੰ ਕਾਹਲੀ ਨਾਲ ਨਹੁੰ ਚ ਖੁਭੋ ਕੇ ਦੋ ਮੋਰੀਆਂ ਕਰ ਦਿੰਦਾ। ਇਓਂ ਜੰਮਿਆਂ ਖ਼ੂਨ ਨਿਕਲ ਜਾਂਦਾ ਤਾਂ ਕਿਤੇ ਜਾ ਕੇ ਆਰਾਮ ਆਉਂਦਾ। ਨਹੀਂ ਤਾਂ ਇਹ ਟੱਸ ਟੱਸ ਮਹੀਨਾ ਭਰ ਝੱਲਣੀ ਪੈਂਦੀ। ਹਰ ਵੇਲੇ ਜਲ੍ਹਾਂਦ ਹੁੰਦੀ ਰਹਿੰਦੀ; ਨੀਂਦ ਨਾ ਆਉਣ ਦਿੰਦੀ। ਜਿੰਨਾ ਚਿਰ ਹੇਠੋਂ ਨਵਾਂ ਨੌਂਹ ਨਾ ਫੁੱਟ ਆਉਂਦਾ, ਇਹਦਾ ਬਚਾਅ ਰੱਖਣਾ ਪੈਂਦਾ ਪਰ ਦੁਖਦੇ ਥਾਂ ਤੇ ਸੱਟ ਆਹਟਾ ਲੱਗਦੀ। ਕਈ ਵਾਰੀ ਲੱਤਾਂ ਜਾਂ ਪੈਰਾਂ ਤੇ ਇੱਟਾਂ ਡਿੱਗ ਪੈਂਦੀਆਂ। ਹੋਰ ਕਈ ਤਰਾਂ ਦੀਆ ਸੱਟਾਂ ਪੇਟਾਂ ਵੀ ਲੱਗਦੀਆਂ ਰਹਿੰਦੀਆਂ ਸੀ। ਸਾਰਾ ਦਿਨ ਮੁੜ ਮੁੜ ਕੋਡੇ ਹੋ ਹੋ ਕੇ ਭਾਰ ਚੁੱਕਣਾ ਔਖਾ ਕੰਮ ਸੀ। ਲੰਮੇ ਬੰਦੇ ਲਈ ਹੋਰ ਵੀ ਔਖਾ। ਰੋਜ਼ ਦਿਹਾੜੀ ਦੇ ਇਸ ਕੰਮ ਨਾਲ ਕਾਮਿਆਂ ਦੇ ਤਿੱਕ ਦੁਖਣ ਲੱਗ ਪੈਂਦੇ, ਤੇ ਕਈਆਂ ਵਿਚਾਰਿਆਂ ਦੇ ਤਾਂ ਸਾਰੀ ਸਾਰੀ ਉਮਰ ਦੁਖਦੇ ਹੀ ਰਹਿੰਦੇ। ਕਈ ਲੱਤਾਂ ਧੂਹ ਧੂਹ ਕੇ ਤੁਰਦੇ। ਅੱਖਾਂ ਚ ਮਿੱਟੀ ਘੱਟਾ ਰੋੜ ਪੈਂਦੇ। ਦੀਦੇ ਖ਼ਰਾਬ ਹੋ ਜਾਂਦੇ। ਜਿੰਨਾ ਚਿਰ ਬੇਵਾਹ ਨਾ ਹੋ ਜਾਂਦੀ ਸਾਡੇ ਭਾਈਬੰਦ ਕੰਮ ਨੂੰ ਦੱਬੀ ਜਾਂਦੇ। ਉਦੋਂ ਹੀ ਹਟਦੇ ਜਦੋਂ ਨੱਕੋਂ ਝੁੱਲ ਕੇ ਮੂੰਹ ਨੂੰ ਆ ਪੈਦੀਂ।
ਨਸਲਵਾਦ ਉਦੋਂ ਜ਼ੋਰਾਂ ਤੇ ਸੀ। ਕਾਲੀ-ਭੂਸਲੀ ਚਮੜੀ ਵਾਲੇ ਬੰਦੇ ਗੋਰੇ ਵਸਾਰ ਰੰਗੇ ਨਸਲਵਾਦੀਆਂ ਨੂੰ ਨਾ ਭਾਉਂਦੇ। ਕੰਮਾਂ ਕਾਰਾਂ ਤੇ ਇਹ ਵਿਤਕਰਾ ਗੁੱਝੇ ਤੇ ਕਈ ਵਾਰੀ ਨੰਗੇ ਚਿੱਟੇ ਰੂਪ ਚ ਦਿਸ ਪੈਂਦਾ ਸੀ। ਭੱਠੇ ਤੇ ਬਹੁਤੇ ਬੰਦੇ ਅੰਗਰੇਜ਼ੀ ਤੋ ਕੋਰੇ ਸੀ। ਕਈਆਂ ਨੂੰ ਤਾਂ ਕੁਝ ਵੀ ਪਤਾ ਨਾ ਲੱਗਦਾ: ਇਹ ਮੋਹਰਿਓਂ, ਐਵਂੇ ਯਾਅ ਯਾਅ ਯਾਅ ਕਰੀ ਜਾਂਦੇ ਤੇ ਕੁਝ ਯੂ ਮੀ ਕਰਨ ਜੋਗੇ ਵੀ ਸੀ। ਜਦੋਂ ਅੰਗਰੇਜ਼ੀ ਬੋਲਣ ਵਾਲਾ ਪਹਿਲਾ ਮੁੰਡਾ ਕੰਮ ਤੇ ਲੱਗਣ ਗਿਆ ਤਾਂ ਕਿਸੇ ਭਲੇ ਗੋਰੇ ਨੇ ਕਿਹਾ: ਤੈਨੂੰ ਬਾਤ ਆਉਂਦੀ ਹੈ, ਤੂੰ ਮਸ਼ੀਨਾਂ ਵਾਲੀ ਵਰਕਸ਼ਾਪ ਚ ਅਪਰੈਂਟਰਸ਼ਿਪ ਕਰ ਲੈ। ਮੁੰਡੇ ਨੂੰ ਗੱਲ ਭਾਅ ਗਈ। ਉਹ ਮੰਨ ਗਿਆ, ਮਿੱਟੀ ਨਾਲ ਮਿੱਟੀ ਹੋਣ ਨਾਲੋਂ ਚੰਗਾ ਕੰਮ ਸੀ। ਸਾਫ਼ ਸੁਥਰਾ। ਇਹਨੂੰ ਵਰਕਸ਼ਾਪ ਵੀ ਦਿਖਾ ਦਿੱਤੀ ਗਈ। ਅਗਲੇ ਦਿਨ ਕੰਮ ਤੇ ਲੱਗਣ ਲਈ ਵੀ ਕਹਿ ਦਿੱਤਾ ਗਿਆ। ਜਦੋਂ ਦੂਜੇ ਦਿਨ ਗਿਆ ਤਾਂ ਕਹਿੰਦੇ ਏਥੇ ਵਾਲੀ ਜਗ੍ਹਾ ਤਾਂ ਹੋਰ ਕਿਸੇ ਨੂੰ ਦੇ ਦਿੱਤੀ ਹੈ, ਅਜੇ ਤੂੰ ਕੱਚੀਆਂ ਇੱਟਾਂ ਵਾਲੇ ਪਾਸੇ ਹੀ ਲੱਗ ਜਾਹ। ਮਗਰੋਂ ਪਤਾ ਲੱਗਾ ਕਿ ਇਹਦਾ ਭੂਸਲਾ ਰੰਗ ਦੇਖ ਕੇ ਵਰਕਸ਼ਾਪ ਦੇ ਗੋਰੇ ਸੁਪਰਵਾਈਜ਼ਰ ਨੇ ਮਨੇਜਰ ਨੂੰ ਕਹਿ ਦਿੱਤਾ ਸੀ ਕਿ ਜੇ ਤੂੰ ਇਹਨੂੰ ਏਥੇ ਲਾਉਣਾ ਹੈ ਤਾਂ ਗੋਰੇ ਮਕੈਨਿਕਾਂ ਨੇ ਮੈਨੂੰ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਕੱਲ ਨੂੰ ਕੰਮ ਤੇ ਨਹੀਂ ਆਉਣਾ।
ਪੁਰਾਣੇ ਬੰਦੇ ਨਵਿਆਂ ਨੂੰ ਅਕਸਰ ਇਹੀ ਦੱਸਦੇ-ਸਮਝਾਉਂਦੇ ਕਿ ਭਾਈ, ਤੁਸੀਂ ਤਾਂ ਕੋਈ ਪੁੰਨ ਕੀਤਾ ਹੋਇਆ; ਹੁਣ ਤਾਂ ਕੰਮ ਬਹੁਤਾ ਹੀ ਸੁਖਾਲ਼ਾ ਹੋ ਗਿਆ ਹੈ। ਕਿਤੇ ਪਹਿਲੀਆਂ ਚ ਦੇਖਦੇ, ਫਿਰ ਤੁਹਾਨੂੰ ਵਲੈਤ ਦੇ ਰੰਗਾਂ ਦਾ ਪਤਾ ਲੱਗਦਾ। ਉਦੋਂ ਕੱਚੀਆਂ ਇੱਟਾਂ ਆਪ ਹੀ ਛੋਟੇ ਛੋਟੇ ਠੇਲਿਆਂ ਤੇ ਲੈ ਜਾ ਕੇ ਚੈਂਬਰਾਂ ਚ ਖ਼ੁਦ ਹੀ ਚਿਣਨੀਆਂ ਪੈਂਦੀਆ ਸੀ। ਪੱਕ ਜਾਣ ਤੇ ਏਦਾਂ ਆਪ ਹੀ ਅੰਦਰ ਜਾ ਕੇ ਤੰਦੂਰ ਵਾਂਗੂੰ ਤਪਦੇ ਭੱਠਿਆਂ (ਚੈਂਬਰਾਂ) ਚੋਂ ਬਾਹਰ ਕੱਢਣੀਆਂ ਪੈਂਦੀਆਂ ਸੀ। ਸਰਦੀਆਂ ਨੂੰ ਤਾਂ ਸਰ ਜਾਂਦਾ ਸੀ ਕਿਉਂਕਿ ਬਾਹਰ ਠੰਢ ਹੁੰਦੀ ਸੀ ਉਦੋਂ ਠੰਢ ਪੈਂਦੀ ਵੀ ਬਹੁਤ ਹੁੰਦੀ ਸੀ। ਪਰ ਗਰਮੀਆਂ ਨੂੰ ਬੜਾ ਔਖਾ ਹੁੰਦਾ ਸੀ। ਏਦਾਂ ਦੀਆਂ ਗਰਮੀਆਂ ਨੂੰ ਪੰਜਾਬ ਚ ਲੋਕਾਂ ਨੂੰ ਧੱਕੇ ਹੋ ਜਾਇਆ ਕਰਕੇ ਸੀ; ਜਿਨ੍ਹਾਂ ਤੋਂ ਡਰਦਿਆਂ ਲੋਕਾਂ ਦੇ ਸਾਧ ਹੋ ਜਾਣ ਦੀਆਂ ਗੱਲਾਂ ਬਣੀਆਂ-ਸੁਣੀਆਂ ਹੋਈਆਂ ਨੇ। ਏਸੇ ਤਰਾਂ ਉਦੋਂ ਪੱਕੀਆਂ ਇੱਟਾਂ ਦੇ ਵੀ ਚੱਕੇ ਨਹੀਂ ਸੀ ਲਾਈਦੇ, ਸਿੱਧੀਆਂ ਹੀ ਮਾਲ ਗੱਡੀ ਦੀਆਂ ਵੈਗਨਾਂ ਤੇ ਲੱਦੀ ਦੀਆਂ ਸੀ। ਬਾਅਦ ਚ ਜਦੋਂ ਲਾਰੀਆਂ ਆ ਗਈਆਂ ਤਾਂ ਫਿਰ ਸਿੱਧੀਆਂ ਲਾਰੀਆਂ ਤੇ ਹੀ ਲੱਦਣ ਲੱਗ ਪਏ ਸੀ। ਕਦੇ ਕਦੇ ਲਾਰੀ ਇੱਟਾਂ ਤੋਂ ਦੂਰ ਖੜ੍ਹੀ ਹੁੰਦੀ ਸੀ। ਜਾਂ ਰਤਾ ਕੁ ਫਰਕ ਨਾਲ ਲਾਈ ਲਾਰੀ ਤੇ ਇੱਕ ਲੱਤ ਉੱਤੇ ਤੇ ਇੱਕ ਥੱਲੇ ਹੋਣੀ ਤਾਂ ਕਈਆਂ ਦੇ ਚੱਡੇ ਖਿੱਚੇ ਜਾਂਦੇ ਸੀ। ਫਿਰ ਕਈ ਕਈ ਦਿਨ ਕਾਮਿਆਂ ਤੋਂ ਸਿੱਧਾ ਵੀ ਨਾ ਤੁਰਿਆ ਜਾਂਦਾ। ਹਵਾ ਵਗਦੀ ਹੋਣੀ ਤਾਂ ਅੱਖਾਂ ਦੀ ਸ਼ਾਮਤ ਆ ਜਾਂਦੀ ਸੀ; ਲਾਲਚ ਚ ਲੋਕਾਂ ਅੱਖਾਂ ਚੁੰਨ੍ਹੀਆਂ ਕਰਕੇ ਹੀ ਬੁੱਤਾ ਸਾਰੀ ਜਾਣਾ। ਕਈ ਵਾਰੀ ਹੇਠੋਂ ਲਾਰੀ ਤੇ ਇੱਟਾਂ ਰੱਖਦੇ ਬੰਦੇ ਦੇ ਮੂੰਹ ਤੇ ਪਹਿਲੀਆਂ ਉਪਰ ਰੱਖੀਆਂ ਇੱਟਾਂ ਚੋਂ ਆ ਕੇ ਵੱਜਣੀ। ਥੋੜ੍ਹਾ ਚਿਰ ਹਾਲ ਪਾਹਰਿਆ ਹੋਣੀ, ਫਿਰ ਓਸੇ ਚਾਲੇ - ਚੱਲ ਸੋ ਚੱਲ। ਸਿਆਣਿਆਂ ਦੀ ਗੱਲਾਂ ਸੁਣ ਕੇ ਇਨ੍ਹਾਂ ਦੀ ਪਹਿਲੀ ਝੱਲੀ ਔਖ ਅੱਖਾਂ ਸਾਹਵੇਂ ਨਜ਼ਰ ਆਉਣ ਲੱਗ ਪੈਂਦੀ।
ਬਲੈੱਚਲੀ, ਰਿੱਜਮੌਂਟ, ਮਿੱਲਬਰੁਕ, ਲਿਡਲਿੰਗਟਨ, ਮਾਰਸਟਨ, ਸਟਿਓਟਰਬੀ, ਕੈੱਮਪਸਟੰਨ ਹਾਰਡਵਿਕ, ਐੱਲਸਟੋਅ, ਚਿਮਨੀ ਕਾਰਨਰ ਆਦਿਕ। ਭੱਠਿਆਂ ਦੇ ਇਹ ਸੱਭ ਨਾਂ ਨਾਲ ਲਗਦੇ ਪਿੰਡਾਂ ਦੇ ਨਾਵਾਂ ਤੇ ਹੀ ਰੱਖੇ ਹੋਏ ਸੀ। ਇਨਾਂ ਚੋਂ ਤਿੰਨ ਚਾਰ ਤਾਂ ਮੈਂ ਵੀ ਚਲਦੇ ਦੇਖੇ ਤੇ ਤਿੰਨਾਂ ਤੇ ਕੰਮ ਵੀ ਕੀਤਾ। ਪਹਿਲੀਆਂ ਚ ਤਾਂ ਇਹ ਸਾਰੀਆਂ ਨਿਕੀਆਂ ਨਿਕੀਆਂ ਕੰਪਨੀਆਂ ਹੀ ਸੀ। ਫਿਰ ਇਨ੍ਹਾਂ ਚੋ ਦੋਂਹ ਨੇ ਰਲ਼ ਕੇ ਲੰਡਨ ਬਰਿੱਕ ਕੰਪਨੀ (London Brick Company) ਬਣਾ ਲਈ। ਮਗਰੋਂ ਏਸੇ ਕੰਪਨੀ ਨੇ ਹੌਲ਼ੀ ਹੌਲ਼ੀ ਸਾਰੇ ਭੱਠੇ ਖਰੀਦ ਕੇ ਵੱਡੀ ਲੱਠਮਾਰ ਫ਼ਰਮ ਬਣਾ ਲਈ - ਇੱਟਾਂ ਦੀ ਸਰਦਾਰ ਕੰਪਨੀ। ਲਾਗੇ ਦੇ ਪੀਟਰਬਰੋਅ, ਆਰਲਸੀ ਤੇ ਕੈਲਵਰਟ ਹੋਰ ਭੱਠੇ ਖਰੀਦ ਕੇ ਭੱਠਿਆਂ ਦੀ ਮਾਲਕੀ ਦੀ ਕਲਗੀ ਵੀ ਸਜਾ ਲਈ। ਬਾਅਦ ਚ ਇਹੋ ਕੰਪਨੀ ਕਿਸੇ ਲਾਰਡ ਹੈਨਸਨ ਨੇ ਮੁੱਲ ਲੈ ਲਈ ਸੀ। ਕੰਪਨੀ ਦਾ ਪਸਾਰ ਏਨਾ ਵੱਡਾ ਸੀ ਕਿ ਹੈਨਸਨ ਨੇ ਹੌਲ਼ੀ-ਹੌਲ਼ੀ ਇਹਦੀ ਭੰਨ ਤੋੜ ਕਰਕੇ ਅੱਧ ਪਚੱਧੀ ਵੇਚ ਵੱਟ ਲਈ ਜਾਂ ਭੱਠੇ ਬੰਦ ਕਰ ਦਿੱਤੇ ਸੀ। ਨਵੀਂ ਤਕਨੀਕ ਦੇ ਮਕਾਨ ਬਣਨ ਨਾਲ ਇੱਟਾਂ ਦੀ ਖ਼ਪਤ ਵੀ ਘੱਟ ਹੋਣ ਲੱਗ ਪਈ ਸੀ। ਵਾਤਾਵਰਣ ਨੂੰ ਸਹੀ ਰੱਖਣ ਲਈ ਧੂੰਆਂ ਤੇ ਗੈਸ ਘਟਾਉਣ ਲਈ ਸਰਕਾਰੀ ਦਬਾਅ ਵੀ ਵਧਣਾ ਸ਼ੁਰੂ ਹੋ ਗਿਆ। ਨਹੀਂ ਤਾਂ ਭਾਰੀ ਜ਼ੁਰਮਾਨੇ ਹੋਣ ਦੇ ਆਸਾਰ ਵਧੀ ਜਾ ਰਹੇ ਸੀ। ਇਓਂ ਭੱਠੇ ਬੰਦ ਹੀ ਹੁੰਦੇ ਗਏ। ਫਿਰ ਤਾਂ ਨਾਂ ਨਿਸ਼ਾਨ ਵੀ ਮਿਟ ਗਿਆ। ਹੁਣ ਏਥੇ ਕੋਈ ਵੀ ਭੱਠਾ ਨਹੀਂ, ਪਰ ਦੇਸੀ ਭਾਈਬੰਦਾਂ ਲਈ ਇਹਦੀ ਅੱਲ ਅਜੇ ਵੀ ਭੱਠਿਆਂ ਵਾਲੇ ਬੈੱਡਫ਼ੋਰਡ ਦੀ ਹੀ ਹੈ।
ਬੈੱਡਫਰਡ ਤੋਂ ਬਲੈੱਚਲੀ ਤੀਕ, ਇਨ੍ਹਾਂ ਭੱਠਿਆਂ ਨੂੰ ਮੇਲ਼ਦੀ ਰੇਲਵੇ ਲਾਈਨ ਵੀ ਚਲਾਈ ਹੋਈ ਸੀ, ਜਿਹਦਾ ਪਹਿਲੀਆਂ ਚ ਤਾਂ ਮੁੱਖ ਮਕਸਦ ਭੱਠਿਆਂ ਤੋਂ ਇੱਟਾਂ ਚੁੱਕ ਕੇ ਗਾਂਹ ਹੋਰ ਸ਼ਹਿਰਾਂ ਪਹੁੰਚਦੀਆਂ ਕਰਨਾ ਹੀ ਹੁੰਦਾ ਸੀ। ਪਰ ਵਿਚ-ਵਿਚ, ਵਿਰਲੇ-ਵਿਰਲੇ ਸਵਾਰੀਆਂ ਢੋਣ੍ਹ ਲਈ ਟਾਈਮ ਵੀ ਲਾਏ ਹੋਏ ਸੀ; ਛੋਟੀ ਜਿਹੀ ਰੇਲ ਗੱਡੀ, ਸਿਰਫ਼ ਦੋਂਹ ਡੱਬਿਆਂ ਦੀ ਏਧਰੋਂ ਓਧਰ ਨੱਠੀ ਭੱਜੀ ਫਿਰਦੀ। ਵਿਚੇ ਹੀ ਟਿਕਟਾਂ ਦੇਣ ਵਾਲਾ ਕੰਡੱਕਟਰ ਤੁਰਿਆ ਫਿਰਦਾ ਪੰਜਾਬ ਦੀਆਂ ਬੱਸਾਂ ਵਾਂਗੂੰ। ਇਨ੍ਹਾਂ ਚ ਭੱਠਿਆਂ ਵਾਲੇ ਪਿੰਡਾਂ ਦੇ ਬਸਿ਼ੰਦੇ ਸਫ਼ਰ ਕਰਦੇ। ਕਦੇ ਕਦਾਈਂ ਕੰਮ ਕਰਨ ਵਾਲੇ ਵੀ ਸਫ਼ਰ ਕਰ ਲੈਂਦੇ। ਜਾਂ ਇਨ੍ਹਾਂ ਪਿੰਡਾਂ ਦੇ ਨਿਆਣੇ ਰੇਲ ਗੱਡੀ ਤੇ ਚੜ੍ਹ ਕੇ ਬੈੱਡਫਰਡ ਦੇ ਸਕੂਲੀਂ ਆਉਂਦੇ-ਜਾਂਦੇ। ਹੁਣ ਕਾਰਾਂ ਦਾ ਹੜ੍ਹ ਆ ਜਾਣ ਤੇ ਅਤੇ ਭੱਠਿਆਂ ਦਾ ਨਾਂ ਨਿਸ਼ਾਨ ਮਿਟ ਜਾਣ ਦੇ ਬਾਵਜੂਦ ਵੀ ਇਹ ਰੇਲ ਗੱਡੀ ਮਾਰੋ ਮਾਰ ਚੱਲੀ ਜਾਂਦੀ ਹੈ; ਬੈੱਡਫ਼ਰਡ ਨੂੰ ਮਿਲਟਨ ਕੀਨਜ਼ ਨਾਲ ਮੇਲਦੀ।
ਪਹਿਲੀ ਪੀੜ੍ਹੀ ਦੇ ਪੁਰਾਣੇ ਬੰਦੇ ਮੋਟਰਵੇਅ ਤੋਂ ਘਰ ਆਉਣ ਦੀ ਨਿਸ਼ਾਨੀ ਵੀ ਭੱਠਿਆਂ ਦੀ ਹੀ ਰੱਖਦੇ ਸੀ। ਉੱਚੀਆਂ ਲੰਮੀਆਂ ਚਿਮਨੀਆਂ ਦਿਸ ਪੈਣੀਆਂ ਤਾਂ ਐੱਮ ਵੰਨ (M1) ਮੋਟਰਵੇਅ ਤੋਂ ਉਤਰ ਕੇ ਘਰ ਪਹੁੰਚ ਜਾਂਦੇ। ਪੁਰਾਣਿਆਂ ਚੋਂ ਬਹੁਤੇ ਭਾਈਬੰਦ ਅਧਪੜ੍ਹ ਸੀ ਤੇ ਕਈ ਗੂਠਾ ਛਾਪ ਵੀ। ਸੜਕਾਂ ਤੇ ਲਿਖੇ ਸਾਈਨ ਉਠਾਲਣ ਜੋਗੇ ਵੀ ਨਹੀਂ ਸੀ। ਕਈਆਂ ਦੀ ਨਿਗ੍ਹਾ ਵੀ ਕਮਜ਼ੋਰ ਸੀ। ਪਰ ਪੈਸੇ ਬਚਾਉਣ ਦੇ ਲਾਲਚ ਚ ਜਾਂ ਤਾਂ ਐਨਕ ਹੀ ਨਹੀਂ ਸੀ ਲੁਆਉਂਦੇ ਜਾਂ ਸੁਸਤੀ ਕਰਕੇ ਇਹ ਮੁੜਕੇ ਅੱਪਡੇਟ ਨਹੀਂ ਸੀ ਕਰਵਾਉਂਦੇ। ਘੱਟ ਨਜ਼ਰ ਵਾਲਿਆਂ ਨੂੰ ਤਾਂ ਨਿਗ੍ਹਾ ਸਾਲ ਦੀ ਸਾਲ ਚੈੱਕ ਕਰਾਉਣ ਦੀ ਲੋੜ ਹੁੰਦੀ ਹੈ। ਉਦੋਂ ਸੜਕਾਂ ਤੇ ਟ੍ਰੈਫਿਕ ਵੀ ਘੱਟ ਸੀ ਤੇ ਨਿਯਮ ਵੀ ਘੱਟ ਸਖਤ ਹੋਣ ਕਰਕੇ ਸਰਦਾ ਗਿਆ, ਅੱਜਕਲ ਹੁੰਦਾ ਤਾਂ ਬੜੀਆਂ ਦਿੱਕਤਾਂ ਆਉਣੀਆਂ ਸੀ। ਕਈ ਵਿਚਾਰੇ ਸਾਊਥਾਲ ਜਾਂ ਹੀਥਰੋ ਏਅਰਪੋਰਟ ਤੋਂ ਆਉਂਦੇ ਬਹੁਤੀ ਵਾਰ ਨੇਰੇ ਚ ਭੱਠਿਆਂ ਦੀਆਂ ਚਿਮਨੀਆਂ ਉਡੀਕਦੇ ਉਡੀਕਦੇ ਹੀ ਕਿਤੇ ਦੀ ਕਿਤੇ ਨਿਕਲ ਜਾਂਦੇ। ਕਈ ਗੱਲਾਂ ਕਰਦੇ ਕਰਦੇ ਗਾਂਹ ਹੀ ਚਲੇ ਜਾਂਦੇ। ਨੌਰਥਹੈਂਪਟਨ, ਕਵੈਂਟਰੀ ਜਾਂ ਲੈੱਸਟਰ ਤੋਂ ਫਿਰ ਪਿੱਛੇ ਨੂੰ ਮੁੜਦੇ। ਕਈ ਚੌਕਸੀ ਵਰਤਦਿਆਂ ਨਾਲ਼ਦਿਆਂ ਨੂੰ ਪਹਿਲਾਂ ਹੀ ਕਹਿ ਦਿੰਦੇ: ਬਈ ਭੱਠੇ ਆਉਣ ਤੋਂ ਪੰਜ ਸੱਤ ਮਿੰਟ ਪਹਿਲਾਂ ਹੀ ਮੈਨੂੰ ਖ਼ਬਰਦਾਰ ਕਰ ਦਿਓ, ਕਿਤੇ ਗਾਂਹ ਹੀ ਨਾ ਨਿਕਲ ਜਾਈਏ।
ਜਿੰਨਾ ਚਿਰ ਵੀ ਰਹੇ, ਭੱਠਿਆਂ ਨੇ ਲੋਕਾਂ ਨੂੰ ਬੜਾ ਰਿਜ਼ਕ ਦਿੱਤਾ। ਸਾਡਿਆਂ ਨੂੰ ਰੱਜ ਕੇ। ਪਹਿਲੀਆਂ ਚ ਆਏ ਪੰਜਾਬੀਆਂ ਨੂੰ ਵੱਡੀ ਔਖ ਤਾਂ ਜ਼ੁਬਾਨ ਦੀ ਹੀ ਸੀ। ਪਰ ਇਹ ਕਾਮੇ ਤਕੜੇ ਸੀ। ਪਿੱਛੇ ਜਾਨ ਮਾਰ ਕੇ ਵਾਹੀਆਂ-ਖੇਤੀਆਂ ਦਾ ਕੰਮ ਕਰਦੇ ਆਏ ਸੀ। ਥੋੜੀਆਂ ਜ਼ਮੀਨਾਂ ਤੇ ਮਿੱਟੀ ਨਾਲ ਮਿੱਟੀ ਹੁੰਦੇ ਜਾਂ ਦਿਹਾੜੀ-ਦੱਪਾ ਕਰਦੇ। ਦੁਆਬੀਏ ਤਾਂ ਵਲੈਤਾਂ ਨੂੰ ਨਿਕਲੇ ਵੀ ਥੁੜਾਂ ਕਰਕੇ ਹੀ ਸੀ। ਭੱਠੇ ਇਨ੍ਹਾਂ ਦੇ ਰੁਕ ਬਹਿ ਗਏ। ਇਨ੍ਹਾਂ ਨੇ ਏਨੇ ਨੋਟ ਕਮਾਏ ਕਿ ਪੌਂਡੋ ਪੌਂਡੀ ਹੋ ਗਏ। ਪੈਸੇ ਬਨਾਉਣ ਵਾਲੀਆਂ ਲੂਰ੍ਹੀਆਂ ਲਾਹ ਲਈਆਂ।
ਭੱਠਿਆਂ ਦੀਆਂ ਟਰੇਡ ਯੂਨੀਅਨਾਂ ਚ ਵੀ ਸਾਡੇ ਬੰਦਿਆਂ ਕੰਮ ਕੀਤਾ। ਕਈਆਂ ਨੇ ਤਾਂ ਇਹਨੂੰ ਪੌੜੀ ਹੀ ਬਣਾ ਲਿਆ; ਜਦੋਂ ਮਾੜੀ ਜਿਹੀ ਠਾਹਰ ਬਣ ਗਈ, ਛੇਤੀ ਦੇਣੀ ਕੋਈ ਛੋਟੀ ਮੋਟੀ ਸੁਪਰਵਾਈਜਰ ਦੀ ਨੌਕਰੀ ਲੈ ਲਈ ਤੇ ਫਿਰ ਯੂਨੀਅਨ ਨਾਲ ਕੋਈ ਲੈਣ ਦੇਣ ਨਹੀਂ ਰੱਖਿਆ। ਕਈ ਮਜ਼ਦੂਰਾਂ ਦੇ ਹੱਕਾਂ ਲਈ ਤਨੋਂ ਮਨੋਂ ਤੁਲੇ ਵੀ ਰਹੇ। ਲੱਖੀ, ਸੋਹਣ, ਭਜਨ, ਸਿੱਧੂ, ਕਸ਼ਮੀਰਾ, ਚਰਨ ਮੱਖਣ ਆਦਿ ਇਨ੍ਹਾਂ ਡਟਣ ਵਾਲਿਆਂ ਚੋਂ ਸੀ। ਇਨ੍ਹਾਂ ਹੜਤਾਲਾਂ ਕੀਤੀਆਂ-ਕਰਵਾਈਆਂ ਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ਼ ਮਿਲਕੇ ਮਾਲਕਾਂ ਦੇ ਖਿਲਾਫ਼ ਕੇਸ ਲੜੇ; ਲੋਕਾਂ ਨੂੰ ਮੋਟੇ ਮੋਟੇ ਮੁਆਵਜ਼ੇ ਵੀ ਦੁਆਏ। ਕਈ ਦੋਗਲੇ ਵੀ ਚਲਦੇ ਤੇ ਕਈ ਹੜਤਾਲਾਂ ਫੇਲ ਕਰਾਉਣ ਲਈ ਬੰਦੇ ਭੰਨਣ ਦੀ ਵਾਹ ਵੀ ਲਾਉਂਦੇ।
ਵਲੈਤੋਂ ਵਾਪਿਸ ਜਾ ਕੇ ਸਾਡੇ ਬੰਦਿਆਂ ਦੀ ਫੜ੍ਹ ਮਾਰਨ ਦੀ ਗੱਲ ਵੀ ਮੰਨੀ ਦੰਨੀ ਹੋਈ ਰਹੀ ਹੈ। ਇਕ ਤਾਂ ਠੰਢੇ ਮੁਲਕ ਚ ਰਹਿਣ ਕਰਕੇ ਸਭ ਦਾ ਰੰਗ ਰਤਾ ਕੁ ਨਿਖਰ ਗਿਆ ਹੁੰਦਾ ਸੀ; ਨਾਲ਼ ਪ੍ਰਾਹੁਣਚਾਰੀ ਵਜੋਂ ਗਿਆਂ ਦੇ ਪਾਏ ਸਾਫ਼ ਸੁਥਰੇ ਕਪੜੇ ਵਲੈਤੀਆਂ ਦਾ ਹੋਰ ਵੀ ਠੁੱਕ ਬੰਨ ਦਿੰਦੇ। ਦੂਸਰੇ ਫੋਕੇ ਰੋਹਬ ਖ਼ਾਤਿਰ ਪਾਈਆਂ ਸੋਨੇ ਦੀਆਂ ਮੁੰਦੀਆਂ, ਕੜੇ, ਜ਼ੰਜੀਰੀਆਂ ਦਾ ਵਿਖਾਵਾ ਪਿਛਲੇ ਬੰਦਿਆਂ ਨੂੰ ਝੱਟ ਭਰਮਾ ਲੈਂਦਾ। ਵਿਚ ਵਿਚ ਟੁੱਟੀ ਫੁੱਟੀ ਅੰਗਰੇਜੀ ਵੀ ਠੋਕ ਦਿੰਦੇ। ਓਂ ਇਹ ਆਮ ਗੱਲਾਂ ਵਧਾਅ ਕੇ ਹੀ ਕਰਦੇ ਸੀ; ਕਈ ਤਾਂ ਬਹੁਤਾ ਮਸਾਲਾ ਲਾ ਦਿੰਦੇ ਸੀ। ਪਿੰਡਾਂ ਚ ਕੰਮ ਵਾਲਿਆਂ ਦਾ ਤਾਂ ਵਿਚਾਰਿਆਂ ਦਾ ਮੂੰਹ ਹੱਥ ਧੋਣ ਦਾ ਵਿਹਲ ਵੀ ਨਹੀ ਸੀ ਲੱਗਦਾ ਹੁੰਦਾ। ਪਰ ਵਿਹਲੜ ਬੰਦੇ ਜਰੂਰ ਤਾਸ਼ਾਂ ਖੇਡੀ ਜਾਂਦੇ ਜਾਂ ਝੱਖ ਮਾਰੀ ਜਾਂਦੇ। ਵਲੈਤੀਆਂ ਦੀਆਂ ਪੱਟਣ ਵਾਲੀਆਂ ਗੱਲਾਂ ਚ ਇਹ ਅਕਸਰ ਆ ਜਾਂਦੇ; ਕਈ ਭਰਮਾਏ ਵੀ ਜਾਂਦੇ। ਕੁਝ ਕਿੱਲਾ ਵੇਚ ਕੇ ਜਾਂ ਗਹਿਣੇ ਰੱਖ ਕੇ ਵਲੈਤਾਂ ਨੂੰ ਤੁਰਨ ਦਾ ਸਬੱਬ ਬਣਾ ਲੈਂਦੇ। ਕਈ ਅੱਡੀਆਂ ਚੁੱਕ ਕੇ ਫਾਹਾ ਵੀ ਲੈ ਲੈਂਦੇ। ਕਈਆਂ ਦੀਆਂ ਪੌਂਅ ਬਾਰਾਂ ਹੋ ਜਾਂਦੀਆਂ ਤੇ ਕਈਆਂ ਵਿਚਾਰਿਆਂ ਦੇ ਤਿੰਨ ਕਾਣੇ ਹੀ ਰਹਿੰਦੇ।
ਪਿਛਲੇ ਵੀ ਗੁੱਡੀਆਂ ਬੰਨ੍ਹਣ ਦੀ ਕਸਰ ਨਾ ਛੱਡਦੇ: ਬਈ ਸਾਡਾ ਵਲੈਤੀਆ ਤਾਂ ਫੱਟੇ ਚੱਕੀ ਜਾਂਦਾ। ਸਵੇਰੇ ਟਾਈ ਲਾ ਕੇ ਕੰਮ ਤੇ ਜਾਂਦਾ, ਸ਼ਾਮ ਨੂੰ ਘਰ ਆ ਕੇ ਫਲ਼ ਫਰੂਟ ਹੀ ਖਾਂਦਾ। ਫਿਰ ਬਾਗ ਚ ਸੈਰ ਕਰਨ ਜਾਂਦਾ ਵਲੈਤ ਚ ਬਾਗ ਬਗੀਚੇ ਬਹੁਤ ਨੇ। ਉਹਨੇ ਤਾਂ ਜਲੰਧਰ ਦੀਆਂ ਬੈਕਾਂ ਪੈਸਿਆਂ ਨਾਲ ਭਰੀਆਂ ਹੋਈਆਂ। ਉਥੇ ਬੇਹੀ ਰੋਟੀ ਨਹੀਂ ਖਾਂਦੇ, ਸ਼ਾਮਾਂ ਨੂੰ ਸਰਕਾਰ ਘਰੋ ਘਰੀਂ ਚੈੱਕ ਕਰਦੀ ਫਿਰਦੀ ਹੈ ਤੇ ਜੇ ਕਿਸੇ ਦੇ ਘਰ ਬੇਹੀ ਰੋਟੀ ਦੇਖ ਲਈ ਜਾਵੇ ਤਾਂ ਉਹਨੂੰ ਜ਼ੁਰਮਾਨਾ ਕਰਦੇ ਆ। ਏਸ ਝੂਠ ਦਾ ਭਾਂਡਾ ਉਦੋਂ ਭੱਜਦਾ, ਜਦੋਂ ਹੋਰ ਕੋਈ ਪਿੰਡੋਂ ਆ ਕੇ ਭੱਠੇ ਤੋਂ ਮਿੱਟੀ ਨਾਲ ਮਿੱਟੀ ਹੋ ਕੇ ਆਏ ਬੰਦੇ ਨੂੰ ਪਛਾਣ ਵੀ ਨਾ ਸਕਦਾ। ਫਿਰ ਪੁਰਾਣਾ ਵਲੈਤੀਆਂ ਨਵੇਂ ਆਏ ਬੰਦੇ ਦਾ ਤਰਲਾ ਕੱਢਦਾ: ਯਾਰ ਹੁਣ ਤੂੰ ਪਿੰਡ ਕਿਸੇ ਹੋਰ ਨੂੰ ਨਾ ਦੱਸ ਦਈਂ। ਪਹਿਲੀਆਂ ਚ ਲੋਕ ਤਾਂ ਹਫਤਾ ਹਫਤਾ ਬੇਹੀ ਦਾਲ ਹੀ ਖਾਈ ਜਾਂਦੇ ਹੁੰਦੇ ਸੀ। ਪੰਜਾਂ ਸੱਤਾਂ ਦਿਨਾਂ ਜੋਗੀ, ਇੱਕੋ ਵਾਰੀ ਬਣਾ ਕੇ ਫਰਿੱਜ ਚ ਰੱਖ ਲੈਂਦੇ ਸਾਰਾ ਹਫਤਾ ਉਹੀ ਗਰਮ ਕਰਕੇ ਖਾਈ ਜਾਂਦੇ।
ਮੇਰੇ ਨਾਲ ਹੀ ਭੱਠੇ ਤੇ ਕੰਮ ਕਰਦਾ ਕੋਈ ਬੰਦਾ ਦੱਸੇ ਕਿ ਇਹ ਪੰਜਾਬ ਨੂੰ ਛੁੱਟੀ ਗਿਆ ਅਪਣੇ ਵਕੀਲ ਭਰਾ ਦੇ ਖੋਖੇ ਕੋਲ ਬੈਠਾ ਧੁੱਪ ਸੇਕ ਰਿਹਾ ਸੀ। ਦੇਸ਼ ਚ ਵਲੈਤੋਂ ਗਏ ਬੰਦੇ ਦਾ ਝੱਟ ਪਤਾ ਲੱਗ ਜਾਂਦਾ ਹੈ-ਕਈ ਗੱਲਾਂ ਕਰਕੇ। ਚਾਂਭਲ ਚਾਂਭਲ ਕੇ ਗੱਲਾਂ ਕਰਦੇ ਨੂੰ, ਭਰਾ ਦੇ ਨਾਲ ਦੇ ਵਕੀਲ ਨੇ ਗੱਲੀਂ ਗੱਲੀਂ ਇਹਨੂੰ ਪੁੱਛ ਲਿਆ: ਭਾਈ ਸਾਹਿਬ ਜੀ ਤੁਸੀਂ ਵਲੈਤ ਚ ਕੀ ਕੰਮ ਕਾਰ ਕਰਦੇ ਹੋ? ਪਹਿਲਾਂ ਤਾਂ ਪੈਂਦੀ ਸੱਟੇ ਇਹਨੇ ਸੱਚੋ ਸੱਚ ਦੱਸ ਦਿੱਤਾ, ਫਿਰ ਅਪਣੇ ਵਕੀਲ ਭਰਾ ਦੇ ਰੁਤਬੇ ਦਾ ਖ਼ਿਆਲ ਕਰਕੇ ਗੱਲ ਬਦਲਣ ਲੱਗ ਪਿਆ: ਜੀ ਓਥੇ ਤਾਂ ਭੱਠੇ ਮਸ਼ੀਨਾਂ ਨਾਲ ਚਲਦੇ ਨੇ; ਅਸੀਂ ਤਾਂ ਬਟਨ ਦੱਬ ਕੇ ਕੋਲ ਕੁਰਸੀ ਤੇ ਬੈਠੇ ਹੀ ਰੲ੍ਹੀਦਾ; ਬੱਸ ਨਿਗ੍ਹਾਸਾਨੀ ਹੀ ਰੱਖੀਦੀ ਹੈ। ਕੰਮ ਆਪੇ ਹੋਈ ਜਾਂਦਾ। ਐਈਥੇ ਵਰਗੇ ਭੱਠੇ ਨਹੀਂ, ਓਹ। ਕੋਈ ਮਿੱਟੀ ਘੱਟਾ ਨਹੀਂ ਹੁੰਦਾ। ਸੁਆਲ ਪੁੱਛਣ ਵਾਲੇ ਵਕੀਲ ਨੇ ਇੱਕੋ ਤੋੜਾ ਝਾੜ ਕੇ ਗੱਲ ਮੁਕਾ ਦਿੱਤੀ: ਹੈਅਗਾ ਤਾਂ ਭੱਠਾ ਈ ਨਾ! ਇਸ ਵਲੈਤੀਏ ਦਾ ਦੱਸਿਆ ਸੱਚ ਪੂਰਾ ਨਹੀਂ ਸੀ, ਬਹੁਤਾ ਝੂਠ ਸੀ। ਜਿੰਨਾਂ ਮਿੱਟੀ ਘੱਟਾ ਭੱਠੇ ਤੇ ਹੁੰਦਾ, ਵਲੈਤ ਚ ਹੋਰ ਕਿਸੇ ਥਾਂ ਹੁੰਦਾ ਹੀ ਨਹੀਂ। ਭੱਠੇ ਤੋਂ ਮਿੱਟੀ ਘੱਟੇ ਚ ਲਿਬੜ ਕੇ ਪਹਿਲੀ ਵਾਰ ਘਰ ਆਇਆ ਬੰਦਾ ਘਰ ਦਿਆਂ ਤੋਂ ਪਛਾਣਿਆ ਵੀ ਨਹੀਂ ਸੀ ਜਾਂਦਾ। ਭੱਠੇ ਤੇ ਢੇਰਾਂ ਦੇ ਢੇਰ ਮਿੱਟੀ ਹੀ ਪਈ ਹੁੰਦੀ ਸੀ ਜਦੋਂ ਹਵਾ ਚਲਦੀ ਇਹ ਮਿੱਟੀ ਧੂੜ ਅੱਖਾਂ ਚ ਪੈ ਪੈ ਕੇ ਇਨ੍ਹਾਂ ਦਾ ਨਾਸ ਮਾਰਦੀ। ਮਸ਼ੀਨਾਂ ਤਾਂ ਬਿਲਕੁਲ ਹੈ ਸੀ ਪਰ ਇੱਟਾਂ ਬੰਦੇ ਹੱਥਾਂ ਨਾਲ ਹੀ ਚੱਕਦੇ ਸੀ। ਦੂਸਰਾ ਜੇ ਤੁਸੀਂ ਕਿਤੇ ਭੱਠੇ ਤੇ ਕੰਮ ਕਰਦੇ ਬੰਦੇ ਨਾਲ ਹੱਥ ਮਿਲਾ ਲਓ, ਤਾਂ ਝੱਟ ਪਤਾ ਲੱਗ ਜਾਂਦਾ ਹੈ। ਭਾਵੇਂ ਮਾਲਕਾਂ ਨੇ ਤਾਂ ਸੌਖ ਲਈ ਕੰਮ ਤੇ ਗਰਮ ਪਾਣੀ ਦੇ ਸ਼ਾਵਰ ਵੀ ਲਾਏ ਹੋਏ ਸੀ ਤੇ ਕੁਝ ਕਾਮੇ ਉਥੇ ਹੀ ਨਹਾ-ਧੋਅ ਕੇ ਕਪੜੇ ਬਦਲ ਕੇ ਹੀ ਘਰ ਆਉਂਦੇ ਸੀ। ਪਰ ਬਹੁਤੇ ਉਥੇ ਨਹੀਂ ਸੀ ਨਹਾਉਂਦੇ। ਲਾਲਚ ਵੱਸ ਕੰਮ ਹੀ ਕਰੀ ਜਾਂਦੇ ਸੀ ਤੇ ਕਈ ਗਰਮ ਸਰਦ ਹੋਣ ਤੋਂ ਬਚਾਅ ਕਰਨ ਲਈ ਵੀ ਘਰੇ ਆ ਕੇ ਨਹਾਉਂਦੇ ਸੀ। ਜੇ ਕੋਈ ਵਿਰਲਾ ਇਨ੍ਹਾਂ ਮੁਸ਼ਕਿਲਾਂ ਦਾ ਪਿੱਛੇ ਜਾ ਕੇ ਕੋਈ ਦੱਸ ਵੀ ਦਿੰਦਾ, ਤਾਂ ਵੀ ਪਿਛਲੇ ਪਿੰਡਾਂ ਵਾਲ਼ੇ ਵੀ ਸੱਚ ਨਹੀਂ ਸੀ ਮੰਨਦੇ। ਹੁਣ ਵਾਲਿਆਂ ਵਾਂਗੂੰ ਉਨ੍ਹਾਂ ਦਾ ਘੜਿਆ-ਘੜਾਇਆ ਤੁਰਤ-ਫੁਰਤ ਜੁਆਬ ਹੁੰਦਾ: ਬਈ ਜੇ ਉਥੇ ਹਾਲ ਏਨਾ ਹੀ ਮਾੜਾ ਹੈ ਤਾਂ ਤੁਹਾਨੂੰ ਕਿਸੇ ਨੇ ਰੱਸਾ ਪਾਇਆ ਹੋਇਆ। ਤੁਸੀਂ ਓਥੇ ਕਿਉਂ ਟਿਕੇ ਬੈਠੇ ਹੋ। ਮੁੜ ਕੇ ਆ ਕਿੳਂੁ ਨਹੀਂ ਜਾਂਦੇ, ਸਾਡੇ ਕੋਲ ਪਿੰਡ।
ਐਸੀਆਂ ਸੀਨਾ-ਬਸੀਨਾ ਤੁਰੀਆਂ ਆਉਂਦੀਆਂ ਬੜੀਆਂ ਕਹਾਣੀਆਂ ਨੇ। ਇਕ ਹੋਰ ਸੁਣ ਲਓ: ਭੱਠੇ ਤੇ ਹੀ ਕੰਮ ਕਰਦੇ ਕਿਸੇ ਬੰਦੇ ਨੇ ਪੰਜਾਬ ਬੈਠੇ ਅਪਣੇ ਬਾਪ ਲਈ ਕਿਸੇ ਹੋਰ ਵਲੈਤੀਏ ਕੋਲ ਸੁਨੇਹਾ ਘੱਲਿਆ। ਪਹਿਲੀਆਂ ਚ ਏਦਾਂ ਸੁਨੇਹੇ ਘੱਲਣ-ਘਲਾਉਣ ਦਾ ਪੱਕਾ ਰਿਵਾਜ ਸੀ। ਵਲੈਤੋਂ ਗਿਆ ਬੰਦਾ ਪਿੰਡ ਪਿੰਡ ਸੁਨੇਹੇ ਦੇਣ ਤੁਰਿਆ ਫਿਰਦਾ ਹੁੰਦਾ ਸੀ। ਜਦੋਂ ਸੁਨੇਹਾ ਦੇਣ ਵਾਲਾ ਉਨ੍ਹਾਂ ਦੇ ਘਰ ਗਿਆ ਤਾਂ ਬਾਪ ਦੁਆਲੇ ਗੱਲਾਂ ਬਾਤਾਂ ਕਰਨ ਵਾਲਿਆਂ ਦੀ ਢਾਣੀ ਜੁੜੀ ਹੋਈ ਸੀ। ਚਾਹ-ਪਾਣੀ, ਰਾਜ਼ੀ-ਬਾਜ਼ੀ ਤੇ ਸੁੱਖ-ਸਾਂਦ ਤੋਂ ਬਾਅਦ ਬੈਠੇ ਲੋਕਾਂ ਚੋਂ ਕਿਸੇ ਨੇ ਪੁੱਛਿਆ: ਵਲੈਤੀਆ ਸਾਅਬ, ਸਾਡਾ ਸਰਦਾਰ ।।।।। ਸਿਓਂ ਵਲੈਤ ਚ ਕੀ ਕੰਮ ਕਰਦਾ। ਗਏ ਵਲੈਤੀਏ ਨੇ ਬਿਨਾਂ ਕਿਸੇ ਲੁਕ ਲੁਕਾਅ ਦੇ ਸਹੀ ਸਹੀ ਜੁਆਬ ਦੇ ਦਿੱਤਾ: ਜੀ ਅਸੀਂ ਦੋਵੇਂ ਕੱਠੇ ਭੱਠੇ ਤੇ ਹੀ ਕੰਮ ਕਰਦੇਂ ਆਂ। ਮੈਂ ਬਾਹਰ ਪੱਕੀਆਂ ਇੱਟਾਂ ਚੱਕਦਾਂ ਉਹ ਅੰਦਰ ਕੱਚੀਆਂ ਚੱਕਦਾ। ਏਨੀ ਗੱਲ ਸੁਣ ਕੇ ਹੀ ਸਰਦਾਰ ।।।।। ਦੇ ਬਾਪ ਨੇ ਪਰ੍ਹਿਆ ਚ ਅਪਣਾ ਸਿਰ ਨੀਵਾਂ ਹੋ ਗਿਆ ਸਮਝਿਆ। ਉਹ ਵਿੱਚੋਂ ਉੱਠ ਕੇ ਚਲਾ ਗਿਆ। ਵੱਡੀ ਨਿਮੋਸ਼ੀ ਮੰਨੀ। ਬਾਅਦ ਚ ਅਪਣੇ ਵਲੈਤ ਚ ਬੈਠੇ ਪੁੱਤ ਨੂੰ ਬੜੀ ਨਰਾਜ਼ਗੀ ਦੀ ਚਿੱਠੀ ਲਿਖੀ: ਕਾਕਾ ਜੇ ਤੈਂ ਵਲੈਤ ਜਾ ਕੇ ਵੀ ਭੱਠੇ ਤੇ ਇੱਟਾਂ ਹੀ ਚੱਕਣੀਆਂ ਸੀ ਤਾਂ ਏਦੂੰ ਚੰਗਾ ਸੀ ਤੂੰ ਨਾ ਹੀ ਜਾਂਦਾ, ਅਈਥੇ ਹੀ ਬੁੱਤੇ ਜੋਗੀ ਵਾਹੀ ਕਰਕੇ ਥੋੜ੍ਹੀ ਖਾਈ ਜਾਂਦੇ।
ਪੰਜਾਬ ਚ ਭੱਠਿਆਂ ਦਾ ਕੰਮ ਵੀ ਹੋਰ ਤਰਾਂ ਦਾ ਹੈ ਤੇ ਕੰਮ ਕਰਨ ਵਾਲਿਆਂ ਦਾ ਜੀਵਨ ਵੀ ਤੇ ਸਮਾਜ ਚ ਰੁਤਬਾ ਵੀ। ਮਿਹਨਤ ਦੀ ਕਦਰ ਜਾਂ ਸ਼ਾਨ ਦੀ ਤਾਂ ਗੱਲ ਹੀ ਛੱਡੋ, ਇੱਥੇ ਇਨ੍ਹਾਂ ਨੂੰ ਧਰਤੀ ਦੇ ਭਾਰ ਸਮਝਿਆ ਜਾਂਦਾ ਹੈ। ਕੀੜਿਆਂ ਮਕੌੜਿਆਂ ਹਾਰ। ਕੰਮ ਕਰਨ ਵਾਲਿਆਂ ਨੂੰ ਜਿਹੜੀ ਹਿਕਾਰਤ ਝੱਲਣੀ ਪੈਂਦੀ ਹੈ, ਉਹਦਾ ਹਾਲ ਸੱਭ ਨੂੰ ਪਤਾ ਹੀ ਹੈ। ਜਣੇ ਖਣੇ ਦੀਆਂ ਝਿੜਕਾਂ ਝਾਂਬੇ। ਕਿਸੇ ਹਿਸਾਬ ਨਾਲ ਪੁਸ਼ਤ ਦਰ ਪੁਸ਼ਤ ਬੰਧੂਆ ਜ਼ਿੰਦਗ਼ੀ ਹੀ ਬਸਰ ਕਰੀ ਜਾਂਦੇ ਨੇ, ਇਹ ਭੱਠਿਆਂ ਵਾਲੇ ਕਿਰਤੀ। ਵਲੈਤ ਦੇ ਭੱਠਿਆਂ ਤੇ ਕੰਮ ਕਰਨ ਵਾਲੇ ਵੀ ਏਧਰੋਂ ਜਾ ਕੇ ਪੰਜਾਬ ਦੇ ਭੱਠਿਆਂ ਤੇ ਕੰਮ ਕਰਨ ਵਾਲ਼ਿਆਂ ਨਾਲ ਏਦਾਂ ਹੀ ਵਰਤਦੇ ਨੇ। ਜਿਹੜੇ ਆਪ ਵਲੈਤ ਚ ਵਿਤਕਰੇ ਦੀ ਹਾਅ ਲਾਅ ਲਾਅ ਕਰਦੇ ਸਾਹ ਨਹੀਂ ਲੈਂਦੇ, ਓਹੀ ਆਪ ਸੱਭ ਤੋਂ ਵੱਧ ਵਿਤਕਰਾ ਕਰਦੇ। ਬੰਦੇ ਨੂੰ ਬੰਦਾ ਨਹੀਂ ਸਮਝਦੇ।
ਬੈੱਡਫ਼ਰਡ ਦੇ ਭੱਠਿਆਂ ਨੇ ਬੜੇ ਦੁਆਬੀਆਂ ਦੀਆਂ ਗੁਰਬਤਾਂ ਦੇ ਛਕੌਂਟੇ ਚੱਕੇ। ਸਖ਼ਤ ਮਿਹਨਤਾਂ ਕਰਕੇ ਇਹ ਲੋਕ ਮਾਲੋ-ਮਾਲ ਹੋ ਗਏ। ਏਥੇ ਦੀ ਕਮਾਈ ਨਾਲ, ਵੱਡੇ ਵੱਡੇ ਕਾਰੋਬਾਰ ਖਰੀਦੇ। ਆਲੀਸ਼ਾਨ ਮਕਾਨਾਂ ਚ ਵਾਸਾ ਕੀਤਾ। ਦੁਕਾਨਾਂ ਵੀ ਲਈਆਂ ਤੇ ਫੈਕਟਰੀਆਂ ਵੀ। ਕਈ ਪਿੱਛੇ ਵੀ ਖੇਤਾਂ-ਮੁਰੱਬਿਆਂ ਦੇ ਮਾਲਕ ਬਣੇ। ਸਰਦਾਰੀਆਂ ਹੋਰ ਚਮਕਾਈਆਂ। ਮਹੱਲਾਂ ਵਰਗੀਆਂ ਕੋਠੀਆਂ ਪਾਈਆਂ। ਗੁਰਾਂ ਦੇ ਨਾਂ ਤੇ ਵਸਦੇ ਪੰਜਾਬ ਦੇ ਸਕਿਆਂ ਦੀ ਕੇਹੀ ਵਿਡੰਬਨਾ ਹੈ ਕਿ ਕਈਆਂ ਨੂੰ ਇਹ ਦੱਸਦਿਆਂ ਨਿਮੋਸ਼ੀ ਮਾਰ ਜਾਂਦੀ ਹੈ ਕਿ ਇਹ ਸੱਭ ਜਾਨ ਹੀਲ ਕੇ ਭੱਠਿਆਂ ਤੇ ਕੀਤੀ ਦਸਾਂ ਨਹੁੰਆਂ ਦੀ ਕਿਰਤ ਦੀ ਬਰਕਤ ਸਦਕੇ ਹੀ ਹੋ ਸਕਿਆ ਹੈ। ਹੋਰ ਕੰਮਾਂ ਚ ਏਨੇ ਪੈਸੇ ਨਹੀਂ ਸੀ ਮਿਲਦੇ।
ਪਹਿਲੀਆਂ ਚ ਬਹੁਤੇ ਬੰਦੇ ਭੱਠੇ ਤੇ ਹੀ ਕੰਮ ਕਰਦੇ ਸੀ। ਪੈਸਿਆਂ ਦਾ ਲਾਲਚ ਵੀ ਸੀ। ਹੋਰ ਕੋਈ ਵੀ ਹਿਸਾਬ ਕਿਤਾਬ ਦਾ ਕੰਮ ਅਨਪੜ੍ਹ ਬੰਦਿਆਂ ਦੇ ਵਿਤੋਂ ਬਾਹਰਾ ਸੀ ਨਾ ਜ਼ੁਬਾਨ ਆਉਂਦੀ ਸੀ, ਨਾ ਕਿਸੇ ਹੋਰ ਕੰਮ ਦੀ ਟਰੇਨਿੰਗ ਸੀ। ਦੇਸੀ ਬੰਦੇ ਤਾਂ ਹੋਰ ਥਾਵਾਂ ਤੋਂ ਕੰਮ ਛੱਡ ਕੇ ਭੱਠਿਆਂ ਤੇ ਆ ਆ ਕੇ ਲਗਦੇ ਸੀ। ਨਿਆਰੀਆਂ ਗੱਲਾਂ ਚੋ ਇਹ ਅਕਸਰ ਦੱਸੀ ਜਾਂਦੀ ਸੀ ਕਿ ਕੋਈ ਇਟਾਲੀਅਨ ਕੰਮ ਤੇ ਆਉਂਦਾ ਹੀ ਨਹੀਂ ਸੀ ਆਈਸ ਕਰੀਮ ਬਣਾ ਬਣਾ ਕੇ ਵੇਚਦਾ ਰਿਹਾ। ਕੰਪਨੀ ਦੇ ਕਾਗ਼ਜਾਂ ਚ ਨਾਂ ਚੱਲੀ ਜਾਂਦਾ ਰਿਹਾ। ਕੋਈ ਹੋਰ ਉਹਦੇ ਥਾਂ ਅੱਖ ਬਚਾ ਕੇ ਕਲੌੱਕ (ਹਾਜ਼ਰੀ) ਲਾਈ ਜਾਂਦਾ; ਉਹ ਸ਼ੁਕਰਵਾਰ ਨੂੰ ਆ ਕੇ ਵੇਲੇ ਨਾਲ ਅਪਣੀ ਤਨਖ਼ਾਹ ਲਈ ਜਾਂਦਾ ਰਿਹਾ। ਚਾਰ-ਪੰਜ ਹਜ਼ਾਰ ਵਰਕਰਾਂ ਚ ਇਕ ਬੰਦੇ ਦੇ ਗ਼ੈਰਹਾਜ਼ਰ ਹੋਣ ਦਾ ਕੀ ਪਤਾ ਲੱਗਣਾ ਸੀ; ਕੋਈ ਸਾਡਾ ਅਪਣਾ ਹੁੰਦਾ ਤਾਂ ਝੱਟ ਚੁਗਲੀ ਮਾਰ ਦਿੰਦਾ। ਕਈ ਵਰ੍ਹਿਆਂ ਬਾਅਦ ਜਾ ਕੇ ਪਤਾ ਲੱਗਾ ਸੀ। ਕਿਸੇ ਹੋਰ ਇਟਾਲੀਅਨ ਬਾਰੇ ਇਹ ਮਸ਼ਹੂਰ ਸੀ ਕਿ ਉਹ ਸ਼ਾਮ ਨੂੰ ਘਰ ਜਾਣ ਲੱਗਾ ਇਕ ਇੱਟ ਰੋਜ਼ ਹੱਥ ਚ ਫੜ ਕੇ ਹੀ ਲੈ ਜਾਂਦਾ ਸੀ। ਜੇ ਵੱਧ ਲੈ ਕੇ ਜਾਂਦਾ ਤਾਂ ਸ਼ੱਕ ਪੈ ਜਾਣਾ ਸੀ। ਉਹਨੇ ਇਸੇ ਇਕ-ਇਕ ਇੱਟ ਨਾਲ ਹੀ ਬਾਅਦ ਚ ਅਪਣੇ ਘਰ ਦੀ ਗੈਰਾਜ ਬਣਾ ਲਈ ਸੀ। ਸਾਡੇ ਕੁਝ ਕੁ ਬੰਦਿਆਂ ਨੇ ਸ਼ਰਾਬ ਦੀਆਂ ਬੋਤਲਾਂ ਜਾਂ ਕੋਈ ਹੋਰ ਕਿਸੇ ਤਰਾਂ ਦੇ ਤੋਹਫ਼ੇ ਦੇ ਕੇ ਕਈ ਅੰਗਰੇਜ਼ ਮਨੇਜਰ ਕਾਣੇ ਵੀ ਕੀਤੇ ਹੋਏ ਸੀ। ਕਈ ਕਰਿਸਮਿਸ ਦਾ ਪੱਜ ਪਾ ਕੇ ਕੋਈ ਨਾ ਕੋਈ ਤੋਹਫ਼ਾ ਵੀ ਦੇ ਦਿੰਦੇ ਸੀ।
ਸਾਡਿਆਂ ਦੇ ਜਦੋਂ ਪੈਰ ਲੱਗ ਗਏ ਤਾਂ ਇਹ ਭੱਠਿਆਂ ਤੇ ਹੀ ਸ਼ਰਾਬਾਂ ਪੀਣ ਲੱਗ ਪਏ। ਇਹ ਤਾਂ ਜੱਗ ਜ਼ਾਹਿਰ ਤੱਥ ਹੀ ਹੈ ਕਿ ਸ਼ਰਾਬ ਪੀਤੀ ਨਹੀਂ ਤਾਂ ਸਾਡੇ ਭਾਈਬੰਦਾਂ ਨੇ ਲੜਾਈ ਕੀਤੀ ਨਹੀਂ। ਬੱਸ ਪਹਿਲਾ ਘੁੱਟ ਅੰਦਰ ਜਾਣ ਦੀ ਦੇਰ ਹੁੰਦੀ, ਬੰਦੇ ਬਦਲ ਜਾਂਦੇ। ਬੋਲ ਉੱਚੇ ਹੋ ਜਾਂਦੇ। ਕਈ ਬੱਕਰੇ ਬੁਲਾਉਣ ਲੱਗ ਪੈਂਦੇ, ਕਈ ਬੁੱਬਾਂ ਮਾਰਦੇ। ਕਈ ਦੂਜੇ ਵੱਲ ਨੂੰ ਨੈਰ੍ਹੀਆਂ ਕੱਢਣ ਲੱਗ ਪੈਂਦੇ; ਕਿਸੇ ਨੂੰ ਪੁਰਾਣੀ ਚਿਤਾਰੀ ਯਾਦ ਆ ਜਾਂਦੀ; ਜਾਂ ਲਾ ਕੇ ਗੱਲ ਕਰਨ ਲੱਗ ਪੈਂਦੇ। ਉੱਚਾ, ਝੱਟ ਨੀਵਾਂ ਦਿਸਣ ਲੱਗ ਪੈਂਦਾ। ਹਾਥੀ, ਅੱਖ ਦੇ ਫੋਰ ਚ ਕੱਟਾ ਬਣ ਜਾਂਦਾ। ਆਮ ਪੇਂਡੂ ਪੰਜਾਬੀ ਕਹਾਵਤ ਹੈ ਕਿ ਸ਼ਰਾਬ ਪੀ ਕੇ ਜੇ ਕਿਸੇ ਦੇ ਚਾਰ ਮਾਰੀਆਂ ਨਾ, ਦੋ ਖਾਧੀਆਂ ਨਾ ਤਾਂ ਐਸੀ ਪੀਣ ਖੁਣੋਂ ਵੀ ਕੀ ਗੱਡਾ ਅੜਿਆ ਖੜਾ। ਭਾਈਬੰਦ ਬਹੁਤੀ ਵਾਰ ਪੀਤੀ ਸ਼ਰਾਬ ਦੀ ਲੱਜ ਪਾਲਦੇ। ਕਿਸੇ ਨੂੰ ਥੱਲੇ ਲਾਉਣ ਦੇ ਜਦੋਂ ਸੱਭ ਹਥਿਆਰ ਨਕਾਰੇ ਹੋ ਜਾਂਦੇ ਤਾਂ ਨੀਵਾਂ ਦਿਖਾਉਣ ਲਈ ਜ਼ਾਤਪਾਤ ਦੇ ਆਖ਼ਰੀ ਹਥਿਆਰ ਤੇ ਆ ਜਾਂਦੇ। ਚੰਗਾ ਮੰਦਾ ਬੋਲਦੇ ਇੱਕ ਦੂਜੇ ਦੀ ਧੀ ਭੈਣ ਇੱਕ ਕਰ ਦਿੰਦੇ। ਹੱਥੋ ਪਾਈ ਹੁੰਦੇ। ਹੂਰੇ ਮੁੱਕੇ ਚਲਦੇ। ਕਿਸੇ ਨੂੰ ਇੱਟ ਕੱਢ ਮਾਰਦੇ ਜਾਂ ਬੋਤਲ ਜਾਂ ਲੱਕੜੀ ਦਾ ਫੱਟਾ ਜਾਂ ਹੋਰ ਜੋ ਵੀ ਹੱਥ ਆਉਂਦਾ। ਕਈ ਤਿਆਰ ਹੋ ਕੇ ਜਾਂਦੇ: ਹਾਕੀਆਂ, ਸਰੀਏ, ਡੰਡੇ ਸੋਟੇ ਲੈ ਕੇ ਜਾਂਦੇ। ਕਈ ਲਾਗਡਾਟ ਚ ਦੂਜਿਆਂ ਦੀਆਂ ਕਾਰਾਂ ਦੇ ਟਾਇਰ ਵੱਡ ਦਿੰਦੇ। ਕੋਈ ਘਰ ਦੇ ਸ਼ੀਸ਼ੇ ਪੱਥਰ ਮਾਰ ਕੇ ਭੰਨ ਦਿੰਦਾ ਜਾਣੀ ਅਪਣੀ ਆਈ ਤੇ ਆ ਹੀ ਜਾਂਦੇ। ਸਿੱਟਾ: ਪਤਾ ਲੱਗਣ ਤੇ ਕੰਮ ਤੋਂ ਕੱਢ ਦਿੱਤੇ ਜਾਂਦੇ। ਫਿਰ ਕਿੰਨਾ ਕਿੰਨਾ ਚਿਰ ਮਸੋਸੇ ਰਹਿੰਦੇ ਤੇ ਭੱਠੇ ਦੀ ਮੋਟੀ ਕਮਾਈ ਨੂੰ ਤਰਸੀ ਜਾਂਦੇ; ਰਾਣੀ ਦੀਆਂ ਮੂਰਤਾਂ ਵਾਲ਼ੇ ਨੋਟ ਹੱਥਾਂ ਚੋ ਕਿਰੀ ਜਾਂਦੇ ਨਜ਼ਰ ਆਉਂਦੇ। ਭੱਠਿਆਂ ਦੀਆਂ ਇਹ ਲੜਾਈਆਂ ਸ਼ਹਿਰ ਚ ਵੀ ਆ ਵੜਨੀਆਂ। ਪੱਬਾਂ ਚ ਵੀ।
ਭੱਠਿਆਂ ਦਾ ਜਿ਼ਕਰ ਹੁਣ ਲਾਇਬ੍ਰੇਰੀ ਚ ਜਾ ਪਿਆ ਹੈ ਜਾਂ ਕੰਪਨੀ ਦੇ ਹੈੱਡਕੁਆਟਰ ਚ ਬੰਦ ਹੋਊਗਾ। ਅਗਲੀਆਂ ਨਸਲਾਂ ਲਈ ਜਾਣਕਾਰੀ ਦਾ ਇਹੋ ਵਸੀਲਾ ਰਹਿ ਗਿਆ ਹੈ। ਸਾਡੇ ਬੰਦੇ ਭੱਠਿਆਂ ਨੂੰ ਝੱਟ ਭੁੱਲ ਗਏ। ਲੇਬਰ ਮਾਰਕਿਟ ਚ ਇਹਦੀ ਦੇਣ ਬਹੁਤ ਵੱਡੀ ਹੈ। ਦੇਸੀ ਭਾਈਚਾਰੇ ਲਈ ਹੋਰ ਵੀ ਤਕੜੀ। ਬੈੱਡਫ਼ਰਡ ਦੇ ਬਹੁਤੇ ਪੰਜਾਬੀਆ ਦੇ ਜੀਵਨ ਚ ਭੱਠਾ ਕਿਸੇ ਨਾ ਕਿਸੇ ਤਰਾਂ ਵਸਿਆ ਹੋਇਆ ਹੈ। ਬੈੱਡਫ਼ਰਡ ਤੇ ਭੱਠੇ ਇਕ ਦੂਜੇ ਰਚੇ-ਮਿਚੇ ਰਹੇ ਨੇ। ਦੁਆਬੇ ਚ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਕੋਠੀਆਂ ਵਲੈਤ ਦੀਆਂ ਫੈਕਟਰੀਆਂ ਦੀ ਬਦੌਲਤ ਉਸਰੀਆਂ ਤੇ ਇਨ੍ਹਾਂ ਚ ਬਹੁਤ ਸਾਰੀਆਂ ਭੱਠਿਆਂ ਦੀ ਬਰਕਤ ਸਦਕੇ ਵੀ। ਦੁਆਬੇ ਚ ਇਹ ਭੱਠਿਆਂ ਦੀ ਲੁਕਵੀਂ ਹਸਤੀ ਬੈਠੀ ਹੈ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346