Welcome to Seerat.ca
Welcome to Seerat.ca

ਚਿਤ੍ਰਲੇਖ/ ਸ਼ਨਾਖ਼ਤ

 

- ਅਮਰਜੀਤ ਚੰਦਨ

ਖੀਸੇ ‘ਚ ਟਿਮਕਦੇ ਜੁਗਨੂੰ

 

- ਇਕਬਾਲ ਰਾਮੂਵਾਲੀਆ

ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਨਵੀਂ ਦੁਨੀਆਂ

 

- ਹਰਜੀਤ ਅਟਵਾਲ

ਗੱਲਾਂ ‘ਚੋਂ ਗੱਲ

 

- ਬਲਵਿੰਦਰ ਗਰੇਵਾਲ

ਵਲੈਤ ਦੇ ਭੱਠੇ

 

- ਸੁਖਦੇਵ ਸਿੱਧੂ

ਵਿਸ਼ਵੀਕਰਣ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ

 

- ਦੇਵਿੰਦਰ ਕੌਰ

ਘਰ ਦੇ ਜੀਅ

 

- ਮੰਗੇ ਸਪਰਾਏ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਇਤਿਹਾਸ ਬੋਲਦਾ ਏ

 

- ਦਰਸ਼ਨ ਬੁਲੰਦਵੀ

ਆਖਰ ਕੁਝ ਤਾਂ ਹੈ ਜੱਟ ਅਖਵਾਉਣ ਵਿੱਚ

 

- ਹਰਜੀਤ ਗਿੱਲ

ਲਹੂ ਦਾ ਅੱਥਰੂ

 

- ਸੰਤੋਖ ਸਿੰਘ ਸੰਤੋਖ

ਛੱਪੜ

 

- ਹਰਪ੍ਰੀਤ ਸੇਖਾ

ਪੰਜਾਬੀ ਡਾਇਸਪੋਰਾ ਦੇ ਦਿਖਦੇ ਅਣਦਿਖਦੇ ਪਾਸਾਰ
(ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ‘) ਦੇ ਸੰਦਰਭ ਵਿੱਚ

 

- ਡਾ: ਗੁਰਮੀਤ ਕੌਰ

ਜਮਰੌਦ

 

- ਵਰਿਆਮ ਸਿੰਘ ਸੰਧੂ

ਇਹ ਕੇਹੀ ਅਜ਼ਾਦੀ

 

- ਗੁਲਸ਼ਨ ਦਿਆਲ

ਜੇ ਭਰਾ ਮਾੜਾ ਤਾਂ ਮਰਦਪੁਣਾ ਜੇ ਭੈਣ ਮਾੜੀ ਤਾਂ ਬਦਕਾਰ

 

- ਬੇਅੰਤ ਗਿੱਲ ਮੋਗਾ

 

Online Punjabi Magazine Seerat


ਵਿਸ਼ਵੀਕਰਣ ਦੇ ਦੌਰ ਵਿਚ
ਪੰਜਾਬੀ ਭਾਸ਼ਾ ਦੀ ਸਥਿਤੀ

- ਦੇਵਿੰਦਰ ਕੌਰ
 

 

ਅੱਜ ਦੇ ਲਿਖਿਤ ਅੰਕੜੇ ਇਹ ਸਾਬਤ ਕਰਦੇ ਹਨ ਕਿ ਦੁਨੀਆ ਭਰ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 130 ਮਿਲੀਅਨ ਤਕ ਪਹੁੰਚ ਚੁੱਕੀ ਹੈ। ਇਹ ਵੀ ਲਿਖਿਤ ਤੱਥ ਮੌਜੂਦ ਹੈ ਕਿ ਪੰਜਾਬੀ, ਦੁਨੀਆ ਦੀ 10ਵੀਂ ਸਭ ਤੋਂ ਵੱਧ ਬੋਲੇ ਜਾਣ ਵਾਲੀ ਭਾਸ਼ਾ ਹੈ।ਵਿਹਾਰਕ ਪੱਧਰ ਤੇ ਦੇਖਦਿਆਂ ਪਤਾ ਲਗਦਾ ਹੈ ਕਿ ਅੱਜ ਵੀ ਪਾਕਿਸਤਾਨੀ ਪੰਜਾਬ ਵਿਚ ਵਧੇਰੇ ਗਿਣਤੀ ਪੰਜਾਬੀ ਬੋਲਣ ਵਾਲਿਆਂ ਦੀ ਹੈ। ਸਮੁੱਚੇ ਭਾਰਤ ਵਿਚ ਪੰਜਾਬੀ 11ਵੀਂ ਪੱਧਰ ਤੇ ਵੱਧ ਬੋਲਣ ਵਾਲਿਆਂ ਵਿਚੋਂ ਹੈ। ਭਾਰਤੀ ਉਪ ਮਹਾਂਦੀਪ ਵਿਚ ਇਹ ਤੀਸਰੀ ਵੱਧ ਬੋਲਣ ਵਾਲੀਆਂ ਜ਼ਬਾਨਾਂ'ਚੋਂ ਮੰਨੀ ਗਈ ਹੈ। ਇਸੇ ਤਰ੍ਹਾਂ ਇੰਗਲੈਂਡ ਅਤੇ ਕੈਨੇਡਾ ਵਿਚ ਵੀ ਇਹ ਤੀਸਰੀ ਸਭ ਤੋਂ ਵੱਧ ਬੋਲਣ ਵਾਲੀਆਂ ਜ਼ਬਾਨਾਂ'ਚੋਂ ਮੰਨੀ ਗਈ ਹੈ। ਬਾਲੀਵੁੱਡ ਵਿਚ ਪੰਜਾਬੀ ਦੀ ਵਰਤੋਂ ਦਿਨ ਬਦਿਨ ਵਧ ਰਹੀ ਹੈ। ਇਸ ਵਿਚ ਵੀ ਕੋਈ ਝੂਠ ਨਹੀਂ ਕਿ ਅੱਜ ਪੰਜਾਬੀ ਮਨੁੱਖ ਦੁਨੀਆ ਦੇ ਕੋਨੇ ਕੋਨੇ ਤੱਕ ਸਿਰਫ਼ ਪਹੁੰਚਿਆ ਹੀ ਨਹੀਂ ਸਗੋਂ ਆਬਾਦ ਵੀ ਹੋਇਆ ਹੈ। ਆਬਾਦ ਹੋਣ ਦੇ ਨਾਲ ਨਾਲ ਇਸ ਨੇ ਸਭਿਆਚਾਰ ਨੂੰ ਵੀ ਕਾਫ਼ੀ ਹੱਦ ਤੱਕ ਜ਼ਿੰਦਾ ਰੱਖਿਆ ਹੈ। ਸਭਿਆਚਾਰ ਦੇ ਨਾਲ ਨਾਲ ਪੰਜਾਬੀ ਸਾਹਿਤ ਦੇ ਮਾਧਿਅਮ ਰਾਹੀਂ ਸਾਡੇ ਪੰਜਾਬੀ ਸਾਹਿਤਕਾਰਾਂ ਨੇ ਪ੍ਰਦੇਸਾਂ ਵਿਚ ਰਹਿੰਦਿਆਂ, ਪਰਾਈਆਂ ਧਰਤੀਆਂ ਤੇ ਵਿਚਰਦਿਆਂ, ਇਕ ਐਸਾ ਸਾਹਿਤ ਸਿਰਜਿਆ ਹੈ ਜਿਸ ਨੇ ਪੰਜਾਬੀ ਸਾਹਿਤ ਦੇ ਥੀਮਕ ਘੇਰੇ ਨੂੰ ਵਿਸਤਾਰ ਦਿਤਾ ਹੈ। ਇਨ੍ਹਾਂ ਸਾਹਿਤਕਾਰਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਸਾਹਿਤਿਕ ਸਭਾਵਾਂ ਦੀ ਸਥਾਪਨਾ ਰਾਹੀਂ ਪੰਜਾਬ ਵਿਚ ਵਸਦੇ ਲੇਖਕਾਂ ਨਾਲ ਆਪਣਾ ਰਾਬਤਾ ਬਣਾਈ ਰੱਖਿਆ ਹੈ। ਇਸ ਦੇ ਨਾਲ ਨਾਲ ਪੰਜਾਬੀ ਸੱਥ ਨੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਦੁਨੀਆ ਭਰ ਵਿਚ ਵਿਸਤਾਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬੀ ਸੱਥਾਂ ਕਾਇਮ ਕਰਕੇ, ਪੰਜਾਬੀ ਵਿਚ ਪੁਸਤਕਾਂ ਪ੍ਰਕਾਸ਼ਿਤ ਕਰਾ ਕੇ, ਉਨ੍ਹਾਂ ਦੇਸ਼ਾਂ ਵਿਚ ਇਨ੍ਹਾਂ ਪੁਸਤਕਾਂ ਨੂੰ ਪਹੁੰਚਾ ਕੇ ਪੰਜਾਬੀ ਦੀ ਹੋਂਦ ਬਚਾਈ ਰੱਖਣ ਵਿਚ ਆਪਣਾ ਯੋਗਦਾਨ ਪਾਇਆ ਹੈ।ਏਥੇ ਹੀ ਬੱਸ ਨਹੀਂ 5ਆਬੀ ਡੌਟ ਕੋਮ, ਲਿਖਾਰੀ ਡੌਟ ਕੋਮ, ਸੀਰਤ, ਵਤਨ, ਸੰਵਾਦ ਅਤੇ ਮੀਡੀਆ ਪੰਜਾਬ ਵਰਗੇ ਵਿਦੇਸ਼ੀ ਪੰਜਾਬੀ ਵੈੱਬਸਾਈਟਸ ਅਤੇ ਅਖ਼ਬਾਰਾਂ, ਰਸਾਲਿਆਂ ਦੀ ਸ਼ਕਲ ਵਿਚ ਪੰਜਾਬੀ ਸਾਹਿਤ ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਬਣਦਾ ਆ ਰਿਹਾ ਹੈ।ਇਸ ਤੋਂ ਇਲਾਵਾ ਪੰਜਾਬੀ ਸੰਗੀਤ ਜਿਥੇ ਬਾਲੀਵੁੱਡ ਦੀਆਂ ਫ਼ਿਲਮਾਂ ਦੀ ਕਾਮਯਾਬੀ ਦਾ ਰਾਜ਼ ਬਣ ਰਿਹਾ ਹੈ ਓਥੇ ਵਿਦੇਸ਼ਾਂ ਵਿਚ ਵੀ ਮਿਸ਼ਰਿਤ ਢੰਗ ਨਾਲ ਪੰਜਾਬੀ ਸੰਗੀਤ ਕਾਫ਼ੀ ਮਸ਼ਹੂਰ ਹੋ ਚੁੱਕਾ ਹੈ। ਲੇਕਿਨ ਇਸ ਸੰਗੀਤ ਵਿਚੋਂ ਬਹੁਤਾ ਕਰਕੇ ਖਾਓ ਪੀਓ ਐਸ਼ ਕਰੋ ਮਿੱਤਰੋ ਵਾਲਾ ਸੁਨੇਹਾ ਹੀ ਝਲਕਦਾ ਦਿਖਾਈ ਦੇਂਦਾ ਹੈ। ਸਵਾਲ ਪੈਦਾ ਹੁੰਦਾ ਹੈ:- ਕੀ ਕਿਸੇ ਭਾਸ਼ਾ ਦੇ ਵਿਕਾਸ ਲਈ ਭਾਸ਼ਾ ਦਾ ਕੰਮ ਰੂਹ ਦੀ ਖ਼ੁਰਾਕ ਹੀ ਬਣਨਾ ਹੈ ਜਾਂ ਕਿਸੇ ਕੌਮ ਦੀ ਜੀਵਨ ਸ਼ੈਲੀ ਦਾ ਅਟੁੱਟ ਅੰਗ?


ਉੱਤਰ ਸਪੱਸ਼ਟ ਹੈ ਕਿ ਕੋਈ ਵੀ ਭਾਸ਼ਾ ਕਿਸੇ ਵੀ ਕੌਮ ਦੀ ਸਮੁੱਚੀ ਰਹਿਤਲ ਦੀ ਉਹ ਧਰਾਤਲ ਹੁੰਦੀ ਹੈ ਜਿਸ ਤੇ ਕੌਮ ਦੇ ਜ਼ਿੰਦਾ ਰਹਿਣ ਦਾ ਉਸਾਰ ਉਸਰਿਆ ਹੁੰਦਾ ਹੈ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਥੇ ਕਦੇ ਪੰਜਾਬੀ ਭਾਸ਼ਾ ਸਾਂਝੇ ਵਿਸ਼ਾਲ ਪੰਜਾਬ ਦੀ ਜੀਵਨ ਜਾਚ, ਉਸਦੇ ਸਾਹਿਤ, ਉਸਦੇ ਮਨੋਰੰਜਨ ਦਾ ਅਨਿੱਖੜ ਅੰਗ ਹੁੰਦੀ ਸੀ ਓਥੇ 1947/84 ਵਰਗੇ ਇਤਿਹਾਸਕ ਹਾਦਸਿਆਂ ਨੇ ਉਸਦੇ ਬੋਲਣ ਵਾਲਿਆਂ ਵਿਚ, ਉਸ ਦੇ ਸਾਹਿਤ ਰਚਣ ਵਾਲਿਆਂ ਵਿਚ ਰਾਜਨੀਤੀ ਅਤੇ ਧਰਮ ਦੇ ਆਧਾਰ ਤੇ ਵੰਡੀਆਂ ਪਾ ਕੇ ਉਸ ਦੀ ਸਮੁੱਚੀ ਜੀਵਨ ਜਾਚ ਨੂੰ ਖੇਰੂੰ ਖੇਰੂੰ ਕਰ ਦਿੱਤਾ ਜਿਸ ਦਾ ਸਿੱਟਾ ਅਜ ਤਕ ਇਹ ਜ਼ਬਾਨ ਭੁਗਤ ਰਹੀ ਹੈ। ਅਜ ਜਦੋਂ ਕਿ ਪੰਜਾਬੀ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚ ਚੁੱਕਾ ਹੈ ਅਤੇ ਉਹ ਭਾਰਤ ਅਤੇ ਪਾਕਿਸਤਾਨ ਦੀ ਰਾਜਨੀਤਕ ਵਲਗਣ ਵਿਚੋਂ ਵੀ ਬਾਹਰ ਨਿਕਲ ਆਇਆ ਹੈ। ਬਾਹਰਲੇ ਮੁਲਕਾਂ ਵਿਚ ਪੰਜਾਬੀ ਖੁਲ੍ਹੇ ਮਾਹੌਲ ਵਿਚ ਆ ਕੇ ਵੀ ਧਰਮ ਦੀ ਪੱਧਰ ਤੇ ਆਪਣੇ ਆਪਣੇ ਦਾਇਰਿਆਂ ਵਿਚ ਵਿਚਰ ਰਿਹਾ ਹੈ। ਅੱਜ ਵਿਦੇਸ਼ਾਂ ਵਿਚ ਵੀ ਪੰਜਾਬੀਆਂ ਦੇ ਧਰਮ ਦੇ ਆਧਾਰ ਤੇ ਵੱਖ ਵੱਖ ਇਲਾਕੇ ਹੋਂਦ ਵਿਚ ਆਏ ਹੋਏ ਹਨ। ਵੇਖਣ ਨੂੰ ਤਾਂ ਪੰਜਾਬੀ ਹਿੰਦੂ, ਸਿੱਖ ਅਤੇ ਮੁਸਲਮਾਨ ਪੰਜਾਬੀ ਬੋਲਦੇ ਦਿਖਾਈ ਦੇਂਦੇ ਹਨ ਲੇਕਿਨ ਮਜ਼ਹਬ ਦੀ ਪੱਧਰ ਤੇ ਉਹ ਇਕ ਦੂਜੇ ਤੋਂ ਕਾਫ਼ੀ ਦੂਰ ਖੜ੍ਹੇ ਦਿਖਾਈ ਦੇਂਦੇ ਹਨ।ਸਾਹਿਤਿਕ ਪੱਧਰ ਤੇ ਦੇਖਿਆਂ ਪਤਾ ਲਗਦਾ ਹੈ ਕਿ ਪੰਜਾਬੀ ਦਾ ਮੱਧ ਕਾਲ ਦਾ ਸਾਹਿਤ ਜਿਥੇ ਮਜ਼ਹਬ ਨਾਲੋਂ ਬੋਲੀ ਨਾਲ ਪਿਆਰ ਦੀ ਗਵਾਹੀ ਭਰਦਾ ਹੈ ਦਿਖਾਈ ਦੇਂਦਾ ਹੈ ਓਥੇ ਅੱਜ ਦਾ ਪੰਜਾਬੀ ਸਾਹਿਤ ਮਜ਼ਹਬ ਦੀ ਪੱਧਰ ਤੇ ਇਕ ਦੂਜੇ ਤੋਂ ਅਜੇ ਵੀ ਵਿੱਥ ਤੇ ਖੜ੍ਹਾ ਹੈ।ਏਥੋਂ ਤੱਕ ਕਿ ਪੰਜਾਬੀ ਦੀ ਉਚੇਰੀ ਵਿਦਿਆ ਦੀ ਪੱਧਰ ਤੇ ਪਾਕਿਸਤਾਨ ਵਿਚ ਪੜ੍ਹਾਈ ਜਾਣ ਵਾਲੀ ਪੰਜਾਬੀ'ਚੋਂ ਗੁਰਮਤਿ ਸਾਹਿਤ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਕ ਹੋਰ ਗੱਲ ਭਾਸ਼ਾ ਦੀ ਲਿਪੀ ਬਾਰੇ। ਹਾਲਾਂ ਕਿ ਪੰਜਾਬੀ ਭਾਸ਼ਾ ਦੀ ਪ੍ਰਕਿਰਤੀ ਸ੍ਵਰਾਤਮਕ ( ਟੋਨੳਲ ) ਹੈ। ਇਸ ਵਿਚ ਬੋਲੀਆਂ ਜਾਣ ਵਾਲੀਆਂ ਕੁਝ ਸੁਰਾਂ ਜਿਵੇਂ ਘ,ਝ,ਢ,ਧ,ਭ ਪੰਜਾਬੀ ਭਾਸ਼ਾ ਦੀਆਂ ਵਿਲੱਖਣ ਸੁਰਾਂ ਹਨ। ਇਨ੍ਹਾਂ ਨੂੰ ਲਿਖਣ ਲਈ ਗੁਰਮੁਖੀ ਲਿਪੀ ਹੀ ਢੁਕਵੀਂ ਹੈ, ਲੇਕਿਨ ਪੰਜਾਬੀ ਪਹਿਲਾਂ ਵੀ ਗੁਰਮੁਖੀ, ਸ਼ਾਹਮੁਖੀ ਅਤੇ ਦੇਵਨਾਗਰੀ ਵਿਚ ਲਿਖੀ ਜਾਂਦੀ ਰਹੀ ਅਤੇ ਅੱਜ ਇਸ ਨੂੰ ਲਿਖਣ ਲਈ ਰੋਮਨ ਲਿਪੀ ਦੀ ਵਰਤੋਂ ਵੀ ਹੋ ਰਹੀ ਹੈ ਜਿਸ ਨਾਲ ਫ਼ਾਇਦਾ ਵੀ ਹੋਇਆ ਹੈ ਅਤੇ ਨੁਕਸਾਨ ਵੀ। ਇਸ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੋਇਆ ਕਿ ਲਿਪੀ ਦੇ ਆਧਾਰ ਤੇ ਰਾਜਨੀਤੀ ਦੀਆਂ ਚਾਲਾਂ ਇਨ੍ਹਾਂ ਪੰਜਾਬੀਆਂ ਵਿਚ ਫ਼ੁੱਟ ਪਾਉਣ ਵਿਚ ਵਧੇਰੇ ਕਾਮਯਾਬ ਹੋਈਆਂ।
ਗੁਰਮੁਖੀ ਗੁਰੂ ਦੇ ਮੁੱਖ'ਚੋਂ ਨਿਕਲੀ ਮੰਨੇ ਜਾਣ ਕਾਰਨ ਧਾਰਮਿਕ ਹੋਣ ਦਾ ਸੰਕੇਤ ਦੇਂਦੀ ਰਹੀ, ਸਿੱਟੇ ਵਜੋਂ ਇਹ ਲੋਕਾਂ ਦੀ ਜ਼ਬਾਨ ਹੋਣ ਦੇ ਬਾਵਜੂਦ ਕਦੇ ਵੀ ਕਿਸੇ ਰਾਜ-ਦਰਬਾਰ ਦੀ ਭਾਸ਼ਾ ਨਾ ਬਣ ਸੱਕੀ। ਸ਼ਾਹਮੁਖੀ ਰਾਜੇ ਦੇ ਮੁੱਖ'ਚੋਂ ਨਿਕਲੀ ਹੋਣ ਕਾਰਨ ਰਾਜਨੀਤੀ ਵੱਲ ਸੰਕੇਤ ਦੇਂਦੀ ਰਹੀ ਅਤੇ ਸ਼ਾਹਮੁਖੀ ਵਿਚ ਪੰਜਾਬੀ ਸਾਹਿਤ ਤਾਂ ਭਾਵੇਂ ਰਚਿਆ ਗਿਆ ਲੇਕਿਨ ਲਿਪੀ ਦੀ ਸੀਮਾ ਕਾਰਨ ਉਹ ਸਾਂਝੇ ਪੰਜਾਬੀਆਂ ਤੱਕ ਆਪਣੀ ਪਹੁੰਚ ਕਰਨ ਤੋਂ ਅਸਮਰੱਥ ਰਿਹਾ। ਦੇਵਨਾਗਰੀ ਵੀ ਦੇਵਤਿਆਂ ਦੀ ਲਿਪੀ ਹੋਣ ਕਾਰਨ ਮਨੁੱਖ'ਤੋਂ ਵਿੱਥ ਤੇ ਵਿਚਰਦੀ ਰਹੀ।ਹਾਲਾਂਕਿ ਆਦਿ ਗ੍ਰੰਥ ਦੀ ਬਾਣੀ ਵਿਚ ਵੱਖ ਵੱਖ ਭਾਰਤੀ ਭਾਸ਼ਾਵਾਂ ਦੇ ਮਿਸ਼ਰਿਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ,ਲੇਕਿਨ ਆਧੁਨਿਕ ਯੁੱਗ ਵਿਚ ਆ ਕੇ ਰਾਜਨੀਤੀ ਨੇ ਐਸਾ


ਤਾਂਡਵ ਖੇਡਿਆ ਕਿ ਪੰਜਾਬੀ ਖ਼ੁਦ ਹੀ ਏਸ ਗੱਲ ਵੱਲੋਂ ਨਸੀਹਤਾਂ ਦੇਣ ਲੱਗੇ ਕਿ ਪੰਜਾਬੀ ਨੂੰ ਕਿਸੇ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੇ ਰਲ੍ਹੇ ਤੋਂ ਬਚਾਇਆ ਜਾਵੇ। ਬਹੁਤਾ ਇਤਰਾਜ਼ ਉਨ੍ਹਾਂ ਨੂੰ ਇਸ ਗੱਲ ਤੇ ਹੋਇਆ ਕਿ ਪੰਜਾਬੀ ਵਿਚ ਹਿੰਦੀ ਅਤੇ ਸੰਸਕ੍ਰਿਤ ਸ਼ਬਦਾਂ ਦਾ ਰਲਾਅ ਪੰਜਾਬੀ ਦੀ ਸ਼ੁੱਧਤਾ ਨੂੰ ਖ਼ਰਾਬ ਕਰ ਰਿਹਾ ਹੈ।ਇਸ ਤਰ੍ਹਾਂ ਪੰਜਾਬੀ ਦੇ ਸ਼ਬਦ-ਖੇਤਰ ਨੂੰ ਵਿਸ਼ਾਲ ਕਰਨ ਦੀ ਥਾਂ ਉਸ ਨੂੰ ਸ਼ੁੱਧਤਾ ਦੇ ਨਾਂ ਤੇ ਹੋਰ ਸੀਮਤ ਕਰਨ ਲੱਗੇ। ਕੋਈ ਵੀ ਭਾਸ਼ਾ ਸਮੇਂ ਦੀ ਚਾਲ ਦੇ ਨਾਲ ਨਾਲ ਇਕ ਵਗਦਾ ਪਰਵਾਹ ਹੁੰਦੀ ਹੈ, ਉਸ ਪਰਵਾਹ ਵਿਚ ਰੋਕ ਲਾਉਣੀ ਭਾਸ਼ਾ ਦੀ ਰਫ਼ਤਾਰ ਵਿਚ ਬੰਨ੍ਹ ਲਾਉਣ ਵਰਗਾ ਹੁੰਦਾ ਹੈ। ਵਗਦੇ ਪਰਵਾਹ ਨੂੰ ਕਾਇਮ ਰੱਖਣ ਲਈ ਸੋਚ ਦੇ ਪ੍ਰਵਾਹ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਵਿਦਵਾਨਾਂ ਵੱਲੋਂ ਤੰਗ ਨਜ਼ਰੀਆ ਅਪਨਾਉਣ ਦਾ ਸਿੱਟਾ ਇਹ ਹੋਇਆ ਕਿ ਅੱਜ ਵੀ ਹਿੰਦੀ ਅਤੇ ਉਰਦੂ ਵਿਚ ਲਿਖਣ ਵਾਲਾ ਪੰਜਾਬੀ ਲੇਖਕ ਪੰਜਾਬੀ ਨੂੰ ਮਾਂ ਬੋਲੀ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ। ਅੱਜ ਅੰਗਰੇਜ਼ੀ ਅੰਤਰ-ਰਾਸ਼ਟਰੀ ਭਾਸ਼ਾ ਮੰਨੀ ਜਾਣ ਕਰਕੇ ਅੱਜ ਦਾ ਪੰਜਾਬੀ ਮਨੁੱਖ ਇੰਟਰਨੈੱਟ ਅਤੇ ਸੋਸ਼ਲ ਸਾਈਟਸ ਤੇ ਰੋਮਨ ਲਿਪੀ ਵਿਚ ਪੰਜਾਬੀ ਲਿਖਦਾ ਵਧੇਰੇ ਦਿਖਾਈ ਦੇਂਦਾ ਹੈ। ਵਿਦੇਸ਼ਾਂ ਵਿਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਸੌਖ ਵਜੋਂ ਰੋਮਨ ਲਿਪੀ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ। ਇਸ ਦਾ ਫ਼ਾਇਦਾ ਇਹ ਹੋਇਆ ਹੈ ਕਿ ਅੱਜ ਪੰਜਾਬੀ ਸਭਿਆਚਾਰ ਦੇ ਨਾਲ ਨਾਲ ਕੁਝ ਹੱਦ ਤੱਕ ਨੌਜਵਾਨ ਪੀੜ੍ਹੀ ਪੰਜਾਬੀ ਭਾਸ਼ਾ ਨਾਲ ਜੁੜੀ ਹੋਈ ਹੈ ਲੇਕਿਨ ਨੁਕਸਾਨ ਇਹ ਹੋਇਆ ਕਿ ਉਚੇਰੀ ਵਿਦਿਆ ਲਈ ਅੰਤਰ-ਰਾਸ਼ਟਰੀ ਪੱਧਰ ਤੇ ਪੰਜਾਬੀ ਲਈ ਮਿਆਰੀਕਰਣ ਦਾ ਮਾਪ ਦੰਡ ਕਾਇਮ ਨਹੀਂ ਹੋ ਸਕਿਆ।ਇਸ ਦੇ ਉਲਟ ਯੂਰੋਪ ਦੇ ਸਾਰੇ ਦੇਸ਼ਾਂ ਦੀਆਂ ਜ਼ਬਾਨਾਂ ਲਈ ਜਿਥੇ ਲਿਪੀ ਇਕ ਹੈ ਓਥੇ ਪੰਜਾਬੀ ਇਕ ਜ਼ਬਾਨ ਲਈ ਅੱਜ ਚਾਰ ਚਾਰ ਲਿਪੀਆਂ ਹੋਂਦ ਵਿਚ ਆਈਆਂ ਹੋਈਆਂ ਹਨ।ਇਸ ਲਈ ਯੂਰੋਪ ਦੀ ਕਿਸੇ ਭਾਸ਼ਾ ਵਿਚ ਜਦ ਵੀ ਕੋਈ ਕਿਤਾਬ ਛਪਦੀ ਹੈ ਉਸ ਦੇ ਨਾਲ ਨਾਲ ਹੀ ਅੰਗਰੇਜ਼ੀ ਵਿਚ ਉਸਦਾ ਤਰਜਮਾ ਛਪ ਜਾਂਦਾ ਹੈ ਅਤੇ ਕਿਤਾਬ ਸਾਰੀ ਦੁਨੀਆ ਵਿਚ ਪਹੁੰਚ ਜਾਂਦੀ ਹੈ। ਲੇਕਿਨ ਪੰਜਾਬੀ ਭਾਸ਼ਾ ਕੋਲ ਇਸ ਤਰ੍ਹਾਂ ਦੀ ਸੁਵਿਧਾ ਨਾ ਹੋਣ ਕਰਕੇ ਪੰਜਾਬੀ ਮਨੁੱਖ ਤਾਂ ਭਾਵੇਂ ਦੁਨੀਆ ਦੇ ਹਰ ਕੋਨੇ ਵਿਚ ਪਹੁੰਚ ਚੁੱਕਾ ਹੈ ਲੇਕਿਨ ਪੰਜਾਬੀ ਦੀ ਕਿਤਾਬ ਦੁਨੀਆ ਦੇ ਹਰ ਕੋਨੇ ਤੱਕ ਨਹੀਂ ਪਹੁੰਚਦੀ। ਜਿਸ ਤਰ੍ਹਾਂ ਅੱਜ ਵਿਗਿਆਨ ਦੀ ਤਰੱਕੀ ਨਾਲ ਤਕਨਾਲੋਜੀ ਦਾ ਵਿਕਾਸ ਹੋਇਆ ਹੈ। ਵਿਗਿਆਨ, ਕੰਪਿਊਟਰ ਅਤੇ ਤਕਨੀਕੀ ਵਿਕਾਸ ਦਾ ਸਾਰਾ ਸਾਹਿਤ ਅੰਗਰੇਜ਼ੀ ਰਾਹੀਂ ਲੋਕਾਂ ਤੱਕ ਪਹੁੰਚਦਾ ਹੈ। ਪੰਜਾਬੀ ਵਿਚ ਇਸ ਤਰ੍ਹਾਂ ਦਾ ਸਾਹਿਤ ਜਾਂ ਤਾਂ ਸਿਰਜਿਆ ਨਹੀਂ ਜਾਂਦਾ ਜਾਂ ਥੋੜ੍ਹੀ ਪੱਧਰ ਤੇ ਪੰਜਾਬੀ ਯੂਨੀਵਰਸਿਟੀ ਵਿਚ ਜੇ ਤਿਆਰ ਵੀ ਹੁੰਦਾ ਹੈ ਤਾਂ ਉਹ ਸਾਰੇ ਪੰਜਾਬੀਆਂ ਦੀ ਲੋੜ ਨਹੀਂ ਬਣਦਾ। ਜਿਸ ਤਰ੍ਹਾਂ ਅੰਗਰੇਜ਼ੀ ਅਜ ਹਰ ਮਨੁੱਖ ਦੀ ਲੋੜ ਬਣੀ ਹੋਈ ਹੈ ਉਸ ਤਰ੍ਹਾਂ ਪੰਜਾਬੀ ਤਾਂ ਹਰ ਪੰਜਾਬੀ ਦੀ ਲੋੜ ਵੀ ਨਹੀਂ ਬਣ ਸਕੀ ਕਿਉਂਕਿ ਅੱਜ ਦਾ ਨੌਜਵਾਨ ਪੰਜਾਬੀ ਵੀ ਅੰਗਰੇਜ਼ੀ ਰਾਹੀਂ ਹਰ ਵਿੱਦਿਆ ਪ੍ਰਾਪਤ ਕਰ ਰਿਹਾ ਹੈ।ਕਾਰਨ, ਪੰਜਾਬੀ ਵਿਚ ਅੱਜ ਦੇ ਵਿਕਸਿਤ ਗਿਆਨ ਵਿਗਿਆਨ ਦੀਆਂ ਲੋੜਾਂ ਨੂੰ ਪੇਸ਼ ਕਰਨ ਦੇ ਯਤਨ ਨਹੀਂ ਕੀਤੇ ਜਾ ਰਹੇ ਉਸ ਤੋਂ ਵੀ ਵੱਧ ਤ੍ਰਾਸਦਿਕ ਗੱਲ ਇਹ ਹੈ ਕਿ ਸਾਡਾ ਵਿਦਵਾਨ ਪੰਜਾਬੀ ਵੀ ਕਈ ਵਾਰ ਜੋ ਪੰਜਾਬੀ ਦੇ ਵਿਕਾਸ ਅਤੇ ਬਚਾਓ ਦੀ ਦੁਹਾਈ ਪਾਉਂਦਾ ਹੈ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਲਈ ਵਿਦੇਸ਼ਾਂ ਵਿਚ ਸਿਰਫ਼ ਭੇਜ ਹੀ ਨਹੀਂ ਰਿਹਾ ਸਗੋਂ ਉਸ ਤੋਂ ਬਾਅਦ ਉਸਨੂੰ ਉਨ੍ਹਾਂ ਦੇਸ਼ਾਂ ਵਿਚ ਸੈੱਟਲ ਕਰਕੇ ਆਪ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਜਾ ਰਿਹਾ ਹੈ। ਇਸ ਤਰ੍ਹਾਂ ਪੰਜਾਬੀ ਦਾ ਘਾਣ ਉਸ ਦੇ ਆਪਣਿਆਂ ਦੇ ਹੱਥੋਂ ਹੀ ਹੋ ਰਿਹਾ ਹੈ।ਦੋਸ਼ ਕਿਸ ਨੂੰ ਦਿੱਤਾ ਜਾਏ ਇਹ ਸਵਾਲ ਹਵਾ ਵਿਚ ਲਟਕ ਰਿਹਾ ਹੈ।
within_light@yahoo.co.uk

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346