1.
ਅੱਧੀ ਰਾਤੇ ਗੱਚ ਭਰਾਤੇ, ਖ਼ਤ ਇਹ ਕਿੱਥੋਂ ਆਉਂਦੇ ਨੇ
ਕੋਸੇ ਕੋਸੇ ਚਾਨਣ ਨ੍ਹਾਕੇ, ਖ਼ਤ ਇਹ ਕਿੱਥੋਂ ਆਉਂਦੇ ਨੇ॥
ਲੀਕਾਂ, ਲੀਹਾਂ, ਰਿਸ਼ਤੇ, ਨਾਤੇ, ਲਿਖਤਾਂ, ਪੜ੍ਹਤਾਂ, ਨਾਮ-ਕੁਨਾਮ
ਸਾਰੇ ਕੁਛ ਨੂੰ ਮੇਟ ਮਿਟਾਕੇ, ਖ਼ਤ ਇਹ ਕਿੱਥੋਂ ਆਉਂਦੇ ਨੇ॥
ਉਹ ਜੋ ਤੈਨੂੰ ਲਿਖ ਨਾ ਹੋਏ ਉਹ ਜੋ ਤੈਨੂੰ ਪਾਏ ਨਾ
ਉਨ ਸਭ ਦੇ ਉੱਤਰ ਅਣ-ਪਾਤੇ, ਖ਼ਤ ਇਹ ਕਿੱਥੋਂ ਆਉਂਦੇ ਨੇ॥
ਸੁਣਿਆ ਇਕ ਖਤ ਸੁੰਨ-ਸਮਾਧੋਂ ਜ਼ੱਰਾ ਬਣਿਆ ਮਾਧੋ ਦਾਸ
ਮਾਧੋ ਦਾਸ ਨੂੰ ‘ਬੰਦਾ’ ਕਰਨੇ, ਖ਼ਤ ਇਹ ਕਿੱਥੋਂ ਆਉਂਦੇ ਨੇ॥
ਮਕਤਲ ਵੱਲ ਹੱਸਦੇ ਗਾਉਂਦੇ ਜਾਂਦੇ ਲੋਕ ਜਿਨਾਂ ਨੂੰ ਪੜ੍ਹ ਪੜ੍ਹ ਕੇ
ਥੱਈਆ ਥੱਈਆ ਬੁੱਲੇ ਨੱਚਦੇ, ਖ਼ਤ ਇਹ ਕਿੱਥੋਂ ਆਉਂਦੇ ਨੇ॥
ਅੱਗ ਦੇ ਦਰਿਆ ਅੰਦਰ ਤੱਤੀ ਲੋਹ ਦੇ ਟਾਪੂ ਉੱਤੇ
ਤੇਰੇ ਪੱਲੇ ਦੀ ਛਾਂ ਵਰਗੇ, ਖ਼ਤ ਇਹ ਕਿੱਥੋਂ ਆਉਂਦੇ ਨੇ॥
ਫੁੱਲ ਜਿਹੇ ਇੱਕ ਪਲ ਵਿੱਚ ਜੀਂਦੇ ਕਿੱਦਾਂ ਆਸਿ਼ਕ ਤਿੰਨ ਵੇਲੇ
ਪ੍ਰੀਤ-ਸੁਨੇਹੇ ਧੁਰ ਅੰਦਰ ਦੇ, ਖ਼ਤ ਇਹ ਕਿੱਥੋਂ ਆਉਂਦੇ ਨੇ॥
2.
ਧਰਤੀ ‘ਤੇ ਲਿਖਦਾ ਹੈ ਸੂਰਜ ਲੋਅ ਨਾਲ ਮੇਰਾ ਨਾਮ।
ਰੋਜ਼ ਨਵਾਂ ਦਿਨ ਆਉਂਦਾ ਹੈ ਬਣਕੇ ਤੇਰਾ ਪੈਗ਼ਾਮ॥
ਤਿਪ ਤਿਪ ਦਿਲ ‘ਤੇ ਵਰੇ ਇਉਂ ਪਲ ਪਲ ਤੇਰੀ ਯਾਦ।
ਤਿਲ ਤਿਲ ਕਰਕੇ ਕਵਿਤਾਉਂਦਾ ਹੈ ਮੈਨੂੰ ਜਿਉਂ ਇਲਹਾਮ॥
ਮਲਿ਼ਆਂ ਦੀ ਮਹਿਕ ਦਾ ਤੋਸਾ ਦੇ ਕੇ ਰੁਖ਼ਸਤ ਕੀਤਾ ਜਿਸਨੇ।
ਉਸਨੂੰ ਪਤਾ ਸੀ ਰਾਹ ‘ਚ ਪੈਣੀ ਸਿੰਮਲ-ਫੁੱਲੀ ਸ਼ਾਮ॥
ਸਾਇੰਸ,ਕਲਾ ਤੇ ਸਾਹਿਤ ਦਾ ਜਿਸ ਦਿਲ ਵਿੱਚ ਧਰਮ ਨਹੀਂ
ਉਸ ਬੇਮੁੱਖ ਨੂੰ ਰਟਣ ਦਿਓ ਅੱਲ੍ਹਾ,ਹਰ-ਹਰ, ਸਤਿਨਾਮ॥
ਖੀਸੇ ਪੈਨਸ਼ਨ, ਝੋਲੇ ਬੋਤਲ, ਪੈਰੀਂ ਲਾਲ ਦਰੀ
‘ਮਾਰਕਸ’ ਨੂੰ ਅਮਰੀਕਾ ਦੇ ਵਿਚ ਕਿੰਨਾ ਹੈ ਆਰਾਮ॥
ਏਡੇ ਸੂਖ਼ਮ ਜਾਲ਼ ਨੂੰ ਸਮਝੇ ਕਾਮੇ ਨੂੰ ਕਦ ਵਿਹਲ।
ਕਿ ਉਸਦਾ ਲੀਡਰ ਹੈ ਅੱਜਕਲ ਸਰਮਾਏ ਦਾ ਜਾਮ॥
ਸਰਕਾਰ ਏਹੋ ਜੇਹੀ ਸਾਡੇ ਹੈ ਕਿਸ ਕੰਮ ਦੀ ‘ਪ੍ਰੀਤ’।
ਜਿਸ ਵਿੱਚ ਦਿਲਮੱਤ ਰਹਿੰਦਾ ਬਹੁਮੱਤ ਅੱਗੇ ਸਦਾ ਨਾਕਾਮ॥
-0-
|