‘ਆਹ ਤਾਂ ਕਸੂਤੇ ਈ
ਫਸਗੇ,’ ਤੂੰ ਸਵਿਮਿੰਗ-ਪੂਲ ਵੱਲ ਵੇਖ ਕੇ ਸੋਚਿਆ। ਪਿਛਲੇ ਸਾਲ ਜਦ ਤੁਸੀਂ ਇਹ ਪੂਲ ਵਾਲਾ
ਮਕਾਨ ਖ੍ਰੀਦਿਆ ਸੀ ਤਾਂ ਤੇਰੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਸ ਦੀ ਐਨੀ ਦੇਖ-ਭਾਲ ਕਰਨੀ
ਪਿਆ ਕਰੇਗੀ।
ਕੰਮ ਤੋਂ ਆ ਕੇ ਤੇਰਾ ਜੀਅ ਕੀਤਾ ਕਿ ਪੂਲ ਦੇ ਕੰਢੇ ਬੈਠ ਕੇ ਆਰਾਮ ਨਾਲ ਧੁੱਪ ਸੇਕੇਂਗਾ ਪਰ
ਬੈਠਦੇ ਸਾਰ ਹੀ ਤੇਰੀ ਨਿਗ੍ਹਾ ਪੂਲ ਦੇ ਪਾਣੀ ‘ਤੇ ਜਾ ਪਈ।
ਕੰਮ ‘ਤੇ ਓਵਰਟਾਈਮ ਨਾ ਲੱਗਾ ਹੋਣ ਕਰ ਕੇ ਤੂੰ ਦਿਨ ਖੜ੍ਹੇ ਹੀ ਘਰ ਪਹੁੰਚ ਗਿਆ। ਰਸੋਈ ਵਿੱਚ
ਜਾ ਕੇ ਤੂੰ ਆਪਣੀ ਲੰਚ ਕਿੱਟ ਸਿੰਕ ਦੇ ਕੋਲ ਰੱਖ ਕੇ ਸਟੋਵ ਵੱਲ ਵੇਖਿਆ। ਤੇਰੇ ਅੰਦਰ ਚਾਹ
ਪੀਣ ਦੀ ਤਲਬ ਉੱਠੀ। ‘ਪਤਾ ਨੀ? ਕਿੱਧਰ ਗਈ ਐ,’ ਤੂੰ ਆਪਣੀ ਘਰਵਾਲੀ ਬਾਰੇ ਸੋਚਿਆ। ਇੱਕ ਪਲ
ਤੂੰ ਉਸੇ ਤਰ੍ਹਾਂ ਖੜ੍ਹਾ ਰਿਹਾ ਅਤੇ ਫਿਰ ਸ਼ਰਾਬ ਵਾਲੀ ਅਲਮਾਰੀ ਵੱਲ ਵੇਖਿਆ। ‘ਕੱਲ੍ਹ ਨੂੰ
ਕੰਮ ‘ਤੇ ਜਾਣੈ, ਜੇ ਪੀਣ ਲੱਗ ਪਿਆ ਫੇਰ ਹਟਿਆ ਨੀ ਜਾਣਾ’ ਸੋਚ ਕੇ ਤੂੰ ਫਰਿੱਜ ਖੋਲ੍ਹੀ।
ਤੇਰੀ ਨਿਗ੍ਹਾ ਬੀਅਰ ਦੀਆਂ ਬੋਤਲਾਂ ਨਾਲ ਟਕਰਾਈ। ‘ਇਹਦਾ ਕੀ ਪੀਣਾ,’ ਤੂੰ ਸੋਚਿਆ ਪਰ ਫਿਰ
ਇੱਕ ਬੋਤਲ ਚੁੱਕ ਲਈ। ਬੋਤਲ ਖੋਲ੍ਹਣ ਤੋਂ ਪਹਿਲਾਂ ਤੂੰ ਬਾਹਰ ਵੱਲ ਵੇਖਿਆ। ਅਪ੍ਰੈਲ ਮਹੀਨੇ
ਦੀ ਪਹਿਲੀ ਨਿੱਘੀ ਧੁੱਪ ਵਿੱਚ ਤੇਰਾ ਘਰ ਦੇ ਪਿਛਵਾੜੇ ਬੈਠਣ ਲਈ ਦਿਲ ਕੀਤਾ। ‘ਅਰਾਮ ਨਾਲ
ਬੈਠ ਕੇ ਪੀਵਾਂਗੇ,’ ਸੋਚ ਕੇ ਤੂੰ ਬੀਅਰ ਦੀ ਇੱਕ ਹੋਰ ਬੋਤਲ ਫਰਿੱਜ ਵਿੱਚੋਂ ਕੱਢ ਕੇ ਕੱਛ
ਵਿੱਚ ਦੇ ਲਈ। ਫਿਰ ਕੋਰਡਲੈਸ ਫੋਨ ਵੱਲ ਵੇਖਿਆ। ‘ਜੇ ਇਸ ਦੀ ਰਿੰਗ ਹੋਣ ਲੱਗ ਪਈ ਤਾਂ ਅੰਦਰ
ਵੱਲ ਭੱਜਣਾ ਪਊ,’ ਸੋਚ ਕੇ ਤੂੰ ਉਸ ਨੂੰ ਵੀ ਚੁੱਕ ਲਿਆ ਅਤੇ ਪਿਛਵਾੜੇ ਦੀਆਂ ਪੌੜੀਆਂ ਉੱਤਰ
ਗਿਆ। ਸਵਿਮਿੰਗ ਪੂਲ ਦੇ ਕਿਨਾਰੇ ਬੋਤਲਾਂ ਅਤੇ ਫੋਨ ਰੱਖ ਕੇ ਤੂੰ ਸ਼ੈੱਡ ਥੱਲੇ ਰੱਖੀਆਂ
ਪਲਾਸਟਿਕ ਦੀਆਂ ਕੁਰਸੀਆਂ ਵੱਲ ਗਿਆ। ਸਰਦੀਆਂ ਵਿੱਚ ਵਰਤੀਆਂ ਨਾ ਹੋਣ ਕਰ ਕੇ ਮੈਲੀਆਂ ਹੋਈਆਂ
ਕੁਰਸੀਆਂ ਵੱਲ ਵੇਖ ਕੇ ਤੈਨੂੰ ਆਪਣੇ ਘਰਵਾਲੀ ‘ਤੇ ਖਿਝ ਚੜ੍ਹੀ। “ਐਂ ਨੀ ਬਈ ਕੁਰਸੀਆਂ ਈ
ਸਾਫ ਕਰ ਦਿਆਂ। ਪਤੈ ਬਈ ਹੁਣ ਬਾਹਰ ਬੈਠਣ ਦੀ ਰੁੱਤ ਆ ਗਈ ਐ,” ਬੁੜਬੜਾ ਕੇ ਤੂੰ ਕੁਰਸੀਆਂ
ਸਾਫ ਕਰਨ ਲਈ ਕਿਸੇ ਪੁਰਾਣੇ ਕੱਪੜੇ ਦੀ ਤਲਾਸ਼ ਵਿੱਚ ਇੱਧਰ-ਉੱਧਰ ਵੇਖਿਆ ਪਰ ਤੇਰੀ ਨਿਗ੍ਹਾ
ਕਿਸੇ ਕੱਪੜੇ ‘ਤੇ ਨਾ ਪਈ। ਤੂੰ ਹੱਥ ਨਾਲ ਹੀ ਦੋ ਕੁਰਸੀਆਂ ਝਾੜ ਕੇ ਪੂਲ ਦੇ ਕਿਨਾਰੇ ਲਿਆ
ਰੱਖੀਆਂ ਅਤੇ ਇੱਕ ਕੁਰਸੀ ਉੱਪਰ ਬੈਠ ਕੇ ਦੂਸਰੀ ਉੱਤੇ ਲੱਤਾਂ ਟਿਕਾ ਲਈਆਂ। ਤੇਰੀ ਨਿਗ੍ਹਾ
ਪੂਲ ਦੇ ਗੰਦੇ ਹੋ ਗਏ ਪਾਣੀ ‘ਤੇ ਪਈ। ‘ਏਹਦੇ ਪਿੱਛੇ ਵੀਹ-ਪੱਚੀ ਹਜ਼ਾਰ ਮਕਾਨ ‘ਤੇ ਵਾਧੂ ਦਾ
ਖਰਚਿਆ’।
ਤੂੰ ਸਿਆਲਾਂ ਵਿੱਚ ਪੂਲ ਨੂੰ ਢਕਿਆ ਵੀ ਨਹੀਂ ਸੀ। ਸਾਰਾ ਸਿਆਲ ਇਸ ਵਿੱਚ ਮੀਂਹ ਪਿਆ ਸੀ। ਇਸ
ਵਿੱਚ ਕੋਈ ਨੁਕਸ ਪੈ ਗਿਆ ਸੀ।
‘ਜੇ ਇਹੀ ਕੋਈ ਪੂਲ ਦੇ ਬਿਨ੍ਹਾਂ ਮਕਾਨ ਲਿਆ ਹੁੰਦਾ ਤਾਂ ਓਨੇ ਡਾਲਿਆਂ ਦੀ ਹੁਣ ਜੀਪ
ਲੈਂਦੇ,’ ਤੇਰੇ ਮਨ ਵਿੱਚ ਖਿਆਲ ਆਇਆ।
ਜਦ ਤੂੰ ਕਨੇਡਾ ਆਇਆ ਸੀ, ਤੇਰੀ ਇਹ ਇੱਛਾ ਸੀ ਕਿ ਜੀਪ ਖ੍ਰੀਦ ਕੇ ਪਿੱਛੇ ‘ਜ਼ੈਲਦਾਰ’
ਲਿਖਵਾਵੇਂ, ਜਿਵੇਂ ਇੰਡੀਆ ਤੇਰੇ ਬਾਪੂ ਦੀ ਜੀਪ ਦੇ ਪਿੱਛੇ ਲਿਖਵਾਇਆ ਹੋਇਆ ਸੀ। ਪਰ ਉਦੋਂ
ਤੇਰੀ ਐਨੀਂ ਪਹੁੰਚ ਨਹੀਂ ਸੀ ਕਿ ਕੋਈ ਚੰਗੀ ਜੀਪ ਖ੍ਰੀਦ ਸਕੇਂ। ਪੰਜ-ਛੇ ਸਾਲ ਤਾਂ ਤੁਸੀਂ
ਆਪਣੇ ਘਰਵਾਲੀ ਦੀ ਪੁਰਾਣੀ,ਇੰਪਾਲਾ, ਨਾਲ ਹੀ ਸਾਰਦੇ ਰਹੇ ਸੀ। ਫਿਰ ਮਕਾਨ ਖ੍ਰੀਦਣ ਦੇ ਚੱਕਰ
ਵਿੱਚ ਤੇਰਾ ਇਹ ਸ਼ੌਂਕ ਪਿੱਛੇ ਪੈਂਦਾ ਗਿਆ । ਹੁਣ ਕੁਝ ਮਹੀਨਿਆਂ ਤਂੋ, ਜਦੋਂ ਦਾ ਤੇਰੇ
ਪੁੱਤਰ ਨੇ ਲਾਈਸੈਂਸ ਲਿਆ ਸੀ, ਤੇਰਾ ਇਹ ਸ਼ੌਂਕ ਫਿਰ ਜਾਗ ਪਿਆ। ਤੇਰੀ ਖਾਹਿਸ਼ ਸੀ ਕਿ ਅਗਲੇ
ਸਾਲ, ਜਦ ਉਹ ਯੂਨੀਵਰਸਿਟੀ ਜਾਣ ਲੱਗੇਗਾ, ਤੂੰ ਉਸ ਨੂੰ ਜੀਪ ਲੈ ਕੇ ਦੇਵੇਂਗਾ। ਜਦ ਤੂੰ
ਆਪਣੀ ਇਹ ਇੱਛਾ ਇੱਕ ਦਿਨ ਉਸ ਨਾਲ ਸਾਂਝੀ ਕੀਤੀ ਤਾਂ ਉਸ ਨੇ ਕਿਹਾ ਸੀ, “ਯੂ ਡੌਂਟ ਹੈਵ ਟੂ
ਵੇਸਟ ਮਨੀ ਆਨ ਦੈਟ।” ਤੂੰ ਨਸ਼ੇ ਦੇ ਲੋਰ ਵਿੱਚ ਆਖਿਆ, “ ਡੌਂਟ ਵਰੀ ਅਬਾਊਟ ਮਨੀ। ਆਪਾਂ
ਵਧੀਆ ਜੀਪ ਲਵਾਂਗੇ ਨਾਲੇ ਪਿੱਛੇ ‘ਜੈਲਦਾਰ’ ਲਿਖਵਾਂਵਾਂਗੇ।”
“ਆਈ ਡੌਂਟ ਲਾਈਕ ਬੰਪਰ ਸਟਿੱਕਰਸ,” ਆਪਣੇ ਪੁੱਤਰ ਦੀ ਇਹ ਰਾਇ ਸੁਣ ਕੇ ਤੂੰ ਝੱਟ ਕਿਹਾ, “ਇਹ
ਬੰਪਰ ਸਟਿੱਕਰ ਨੀਂ। ਯੂਅਰ ਗ੍ਰੇਟ ਗਰੈਂਡ ਫਾਦਰ ਵਾਜ਼ ਏ ਜੈਲਦਾਰ। ਤੈਨੂੰ ਮਾਣ ਹੋਣਾ
ਚਾਹੀਦੈ।”
“ਯਿਆ, ਯੂ ਟੋਲਡ ਮੀ ਮੈਨੀ ਟਾਈਮਜ਼। ਬਟ ਡੈਡ, ਲੋਕਾਂ ਨੂੰ ਏਹਦੇ ਨਾਲ ਕੀ,” ਆਪਣੇ ਪੁੱਤਰ ਦੀ
ਇਹ ਗੱਲ ਤੈਨੂੰ ਚੰਗੀ ਨਹੀਂ ਸੀ ਲੱਗੀ। ਤੂੰ ਸੋਚਿਆ, ‘ਪਤਾ ਨੀ ਕੀਹਦੇ ‘ਤੇ ਗਿਐ? ਚੱਲ
ਤੁਰਿਆ ਫਿਰੇ, ਜੇ ਨਹੀਂ ਮਹਿੰਗੀ ਜੀਪ ਮੰਗਦਾ ਤਾਂ। ਮੈਂ ਚਲਾ ਲਿਆ ਕਰੂੰ। ਮਾਰਦਾ ਰਿਹਾ ਕਰੂ
ਟੱਕਰਾਂ ਮੇਰੀ ਪੁਰਾਣੀ ਕਾਰ ਨਾਲ।’
ਤੇ ਜਦ ਤੈਨੂੰ ਆਪਣੇ ਪੁੱਤਰ ਦੀ ਅਗਲੇ ਸਾਲ ਤੋਂ ਯੂਨੀਵਰਸਿਟੀ ਦੀ ਪੜ੍ਹਾਈ ‘ਤੇ ਆਉਣ ਵਾਲੇ
ਖਰਚ ਬਾਰੇ ਪਤਾ ਲੱਗਿਆ ਤਾਂ ਜੀਪ ਲੈਣੀ ਤਾਂ ਇੱਕ ਪਾਸੇ, ਤੂੰ ਵੱਡਾ ਘਰ ਲੈ ਕੇ ਪਛਤਾਉਣ
ਲੱਗਾ।
ਸਵਿਮਿੰਗਪੂਲ ਵੱਲ ਵੇਖਦੇ ਹੋਏ ਤੈਨੂੰ ਇਸ ਕਾਰਣ ਮਕਾਨ ਉੱਪਰ ਖਰਚੇ ਵਾਧੂ ਡਾਲਰ ਰੜਕਣ ਲੱਗ
ਪਏ। ‘ਸਾਲੇ ਨੇ ਖਰਾਬ ਵੀ ਹੁਣ ਈ ਹੋਣਾ ਸੀ। ਠੀਕ ਕਰਾਉਣ ‘ਤੇ ਪਤਾ ਨੀ ਕਿੰਨੇ ਕੁ ਲੱਗਣਗੇ?’
ਤੂੰ ਫਿਕਰਮੰਦ ਹੋ ਗਿਆ। ‘ਦੂਜੇ-ਤੀਜੇ ਦਿਨ ਕਲੋਰੀਨ ਚੈੱਕ ਕਰੋ। ਰਾਤ ਨੂੰ ਢਕੋ। ਸਾਲੇ ਵੀਹ
ਜੱਭ ਐ,’ ਤੂੰ ਸੋਚਿਆ। ਫਿਰ ਤੈਨੂੰ ਆਪਣੇ ਪਿੰਡ ਖੇਤ ਵਾਲੀ ਖੇਲ ਚੇਤੇ ਆਈ। ਤੂੰ ਸੋਚਿਆ,
‘ਓਹਦੇ ‘ਚ ਕਿਸੇ ਕੜੀ ਕਲੋਰੀਨ ਨੂੰ ਚੈੱਕ ਕਰਨ ਦੀ ਲੋੜ ਨਹੀਂ ਸੀ ਪੈਂਦੀ। ਹੇਠਲੇ ਹਿੱਸੇ ‘ਚ
ਬਣੀ ਮੋਰੀ ‘ਚ ਪੱਤਰਾ ਅੜਾ ਦਿਓ ਤੇ ਭਰ ਗਈ। ਪੱਤਰਾ ਕੱਢ ਦਿਓ ਤੇ ਖੇਲ ਖਾਲੀ। ਜਦੋਂ
ਨ੍ਹਾਉਣ-ਧੋਣ ਲਈ ਵਰਤਣੀ ਹੋਣੀ ਬਾਪੂ ਨੇ ਸੀਰੀ ਨੂੰ ਆਖ ਕੇ ਕੱਚ ਵਾਂਗੂ ਚਮਕਾ ਲੈਣੀ।’ ਫਿਰ
ਤੂੰ ਸੋਚਿਆ, ‘ਬਾਪੂ ਦੀਆਂ ਕੀ ਰੀਸਾਂ ਸੀ।’ ਤੈਨੂੰ ਆਪਣੇ ਬਾਪੂ ਦਾ ਆਪਣਾ ਗੋਹਾ-ਕੂੜਾ
ਚੁੱਕਣ ਵਾਲੀ ਨਾਲ ਖੇਲ ‘ਚ ਨਹਾਉਣ ਵਾਲਾ ਕਿੱਸਾ ਚੇਤੇ ਆਇਆ, ਜਿਸ ਬਾਰੇ ਪਤਾ ਲੱਗਣ ‘ਤੇ
ਤੇਰੀ ਬੇਬੇ ਨੇ ਲੜਦਿਆਂ ਕਿਹਾ ਸੀ, “ਮੈਂ ਤਾਂ ਓਹਦੀ ਬਾਟੀ ਨੀ ਭਾਂਡਿਆ ‘ਚ ਰਲ਼ਣ ਦਿੰਦੀ।
ਓਹ ਵੇਖ ਲੈ ਆਲੇ ‘ਚ ਪਈ ਆ । ਤੇ ਤੂੰ----। ਸ਼ਰਮ ਦਾ ਈ ਘਾਟੈ।” ਤੂੰ ਓਹਲੇ ‘ਚ ਬੈਠੇ ਨੇ
ਆਪਣੇ ਬਾਪੂ ਦਾ ਕੜਕਵੀਂ ਆਵਾਜ਼ ‘ਚ ਕਿਹਾ ਵੀ ਸੁਣਿਆ ਸੀ, “ਐਵੈਂ ਨਾ ਮੌਰ ਭਨਾਲੀਂ। ਚਵੜ-ਚਵੜ
ਕਰੀ ਜਾਨੀ ਐਂ।” ਤੂੰ ਮੋਰੀ ਰਾਹੀਂ ਵੇਖਿਆ ਸੀ ਕਿ ਇਹ ਆਖ ਕੇ ਤੇਰਾ ਬਾਪੂ ਬਾਹਰ ਵੱਲ ਜਾਂਦਾ
ਹੋਇਆ ਮੁਸਕੜੀਏਂ ਹੱਸ ਰਿਹਾ ਸੀ। ਉਦੋਂ ਤੇਰੇ ਬਾਲ ਮਨ ਨੂੰ ਆਪਣੇ ਬਾਪੂ ਦਾ ਇਸ ਤਰ੍ਹਾਂ
ਕਰਨਾ ਸਮਝ ਨਹੀਂ ਸੀ ਆਇਆ, ਸਗੋਂ ਤੇਰੇ ਅੰਦਰ ਕਚਿਆਣ ਜਿਹੀ ਪੈਦਾ ਹੋਈ ਸੀ ਪਰ ਹੁਣ ਤੂੰ ਉਹ
ਸਾਰਾ ਕੁਝ ਯਾਦ ਕਰ ਕੇ ਸੋਚਿਆ,‘ਬਾਪੂ ਕਿਹੜਾ ਪਟਿਆਲੇ ਆਲੇ ਮ੍ਹਾਰਾਜੇ ਨਾਲੋਂ ਘੱਟ ਸੀ।’ ਇਹ
ਸੋਚਦੇ ਹੀ ਤੇਰੇ ਬੁੱਲ੍ਹਾਂ ‘ਤੇ ਮੁਸਕਾਣ ਆ ਗਈ। ਪਿਛਲੇ ਸਾਲ ਮਕਾਨ ਖ੍ਰੀਦਣ ਸਮੇਂ ਪੂਲ ਵੱਲ
ਵੇਖ ਕੇ ਤੇਰੇ ਅੰਦਰ ਇੱਕ ਗੁੱਝੀ ਖਾਹਿਸ਼ ਵੀ ਉੱਠੀ ਸੀ ਕਿ ਇਸ ਪੂਲ ਵਿੱਚ ਘਰਦਿਆਂ ਦੇ ਕਿਤੇ
ਬਾਹਰ ਗਿਆਂ ਤੂੰ ਕਿਸੇ ਆਂਢਣ-ਗੁਆਂਢਣ ਗੋਰੀ ਨਾਲ ਨਹਾਵੇਂ। ਪਰ ਇਹ ਇੱਛਾ ਪਲ ਦੀ ਪਲ ਹੀ
ਉੱਠੀ ਸੀ। ਮਕਾਨ ‘ਤੇ ਜ਼ਿਆਦਾ ਡਾਲਰ ਖਰਚਣ ਲਈ ‘ਪੂਲ ਵਾਲੇ ਮਕਾਨ ਨਾਲ ਘਰ ਦੀ ਟੌਹਰ ਬਣੂੰ’
ਵਾਲਾ ਵਿਚਾਰ ਜਿ਼ਆਦਾ ਸਹਾਈ ਹੋਇਆ ਸੀ। ਪਹਿਲਾਂ ਤਾਂ ਤੂੰ ਜੱਕਾਂ-ਤੱਕਾਂ ਕਰਦਾ ਆਖਦਾ ਸੀ, “
ਜਰੂਰ ਲਾਉਣੇ ਆਂ ਵਾਧੂ, ਨੇੜੇ-ਤੇੜੇ ਕੋਈ ਹੋਰ ਮਕਾਨ ਸੇਲ ‘ਤੇ ਲੱਗ ਜੂ, ਉਹਦਾ ਸੌਦਾ ਮਾਰ
ਲਵਾਂਗੇ।” ਪਰ ਤੇਰੇ ਘਰਵਾਲੀ ਨੇ ਕਿਹਾ ਸੀ, “ਧੀ ਰਾਣੀ ਹਾਲੇ ਚੌਥੀ ‘ਚ ਐ। ਤਿੰਨ ਸਾਲ ਹੋਰ
ਏਸ ਸਕੂਲ ‘ਚ ਜਾਣੈ ਓਹਨੇ। ਏਦੂੰ ਨੇੜੇ ਕਿਹੜਾ ਮਕਾਨ ਲੱਗੂ ਸੇਲ ‘ਤੇ? ਘਰ ਦੇ ਜਵਾਂ ਮੂਹਰੇ
ਐ। ਮੈਨੂੰ ਈ ਪਤੈ ਕਿਵੇਂ ਮੈਂ ਕੰਮ ਤੋਂ ਮੁੜਦੀ ਹਰਫਲੀ ਹੁੰਦੀ ਆਂ ਬਈ ਲੇਟ ਨਾ ਹੋ ਜਾਵਾਂ
ਕੁੜੀ ਖੜ੍ਹੀ ਉਡੀਕੂਗੀ। ਕਾਹਲੀ ‘ਚ ਕਿਸੇ ਦਿਨ ਐਕਸੀਡੈਂਟ ਕਰਾ ਬੈਠੂੰਗੀ। ਏਸ ਘਰ ‘ਚ ਜੇ
ਮੈਂ ਕੰਮ ਤੋਂ ਪੰਜ-ਸੱਤ ਮਿੰਟ ਲੇਟ ਵੀ ਹੋ ਜਾਊਂ ਤਾਂ ਇਹ ਆਪੇ ਆ ਜਿਆ ਕਰੂ। ਨਾਲੇ ਹੁਣ ਜੇ
ਅਪਗਰੇਡ ਕਰਨ ਲੱਗੇ ਹੀ ਆਂ ਤਾਂ ਚੱਜ ਨਾਲ ਕਰੀਏ। ਪੂਲ ਨਾਲ ਘਰ ਦੀ ਸ਼ਾਨ ਬਣਦੀ ਐ।” ਤੈਨੂੰ
ਇਹ ਦਲੀਲ ਜਚ ਗਈ ਸੀ ਤੇ ਤੁਸੀਂ ਮੋਰਚਾ ਮਾਰ ਲਿਆ ਸੀ। ਪਰ ਹੁਣ ਖਰਾਬ ਹੋਏ ਪੂਲ ਵੱਲ ਵੇਖ ਕੇ
ਤੂੰ ਸੋਚਿਆ, ‘ ਵੇਖਣ ਵਾਲਾ ਕਹੂ ਬਈ ਪੂਲ ਵਾਲਾ ਘਰ ਲੈਣ ਦਾ ਈ ਸ਼ੌਂਕ ਸੀ। ਹੁਣ ਪਤਾ ਲੱਗਦੈ
ਜਦੋਂ ਮੇਨਟੇਨ ਕਰਨਾ ਪੈਂਦੈ----ਇਹ ਸਾਲੇ ਵਿਕਦੇ ਵੀ ਨਹੀਂ, ਨਹੀਂ ਤਾਂ ਚਾਰ ਡਾਲਰ ਵੱਟ ਹੀ
ਲਈਏ।’ ਫਿਰ ਤੂੰ ‘ਚੱਲ ਜਿਹੜਾ ਕੁਝ ਹੋਣਾ ਸੀ ਹੋ ਗਿਆ, ਐਡੀ ਕਿਹੜੀ ਗੱਲ ਐ, ਚਲਦਾ ਈ
ਰਹਿੰਦਾ,’ ਸੋਚ ਕੇ ਆਪਣਾ ਧਿਆਨ ਪੂਲ ਵੱਲੋਂ ਪਾਸੇ ਕਰ ਲਿਆ। ਬੀਅਰ ਦੀ ਘੁੱਟ ਭਰਦਿਆਂ ਤੇਰੀ
ਨਿਗ੍ਹਾ ਸ਼ੈੱਡ ਦੇ ਹੇਠ ਪਏ ਬਾਰਬੀਕਿਊ ‘ਤੇ ਪਈ। ਤੇਰਾ ਜੀਅ ਬਾਰਬੀਕਿਊ ਕੀਤਾ ਚਿਕਨ ਖਾਣ ਲਈ
ਕੀਤਾ। ਤੇਰੇ ਚਿੱਤ ਵਿੱਚ ਇੱਛਾ ਪੈਦਾ ਹੋਈ ਕਿ ਕਿਸੇ ਭਾਈਬੰਦ ਨੂੰ ਸੱਦ ਲਵੇਂ ਅਤੇ
ਬਾਰਬੀਕਿਊ ਕਰਦਿਆਂ ਦਾਰੂ ਪੀਵੇਂ। ਤੂੰ ਆਪਣੇ ਦੋ-ਤਿੰਨ ਮਿੱਤਰਾਂ ਬਾਰੇ ਸੋਚਿਆ। ਤੈਨੂੰ
ਵੀਕਡੇਅ ਹੋਣ ਦਾ ਖਿਆਲ ਆਇਆ। ‘ਚੱਲ ਆਪ ਈ ਕਰਦੇ ਆਂ ਕੁਛ,’ ਸੋਚ ਕੇ ਤੂੰ ਆਪਣੀ ਪਤਨੀ ਦਾ
ਸੈੱਲ ਫੋਨ ਮਿਲਾਇਆ,“ਕਿੱਧਰ ਸੈਰਾਂ ਕਰਦੀ ਫਿਰਦੀ ਐਂ?”
“ਥੋਨੂੰ ਸੈਰਾਂ ਲੱਗਦੀਐਂ। ਕੰਮ ਤੋਂ ਸਿੱਧੀ ਕੁੜੀ ਨੂੰ ਸਕੂਲੋਂ ਚੁੱਕ ਕੇ ਗਰੋਸਰੀ ਕਰਨ ਆਈ
ਵੀ ਆਂ, ਮੁੱਕੀ ਪਈ ਸੀ।” “ਚੰਗਾ ਫਿਰ ਆਉਂਦੀ ਹੋਈ ਤੰਦੂਰੀ ਚਿਕਨ ਚੁੱਕੀ ਆਵੀਂ, ਬਾਰਬੀਕਿਊ
ਕਰਦੇ ਆਂ,” ਆਖ ਕੇ ਤੂੰ ਫੋਨ ਬੰਦ ਕਰਨ ਹੀ ਲੱਗਾ ਸੀ ਕਿ ਤੈਨੂੰ ਦੂਜੇ ਪਾਸਿਓਂ ਆਵਾਜ਼ ਸੁਣਾਈ
ਦਿੱਤੀ, “‘ਕੱਲੇ ਈ ਐਂ ਕਿ ਨਾਲ ਵੀ ਐ ਕੋਈ?”
“‘ਕੱਲਾ ਈ ਆਂ, ਹੋਰ ਕੀ ਫੌਜਾਂ ਹੋਣੀਐਂ ਨਾਲ।”
“ਮੈਂ ਇਸ ਕਰ ਕੇ ਪੁੱਛਿਆ ਸੀ ਬਈ ਕਿੰਨਾਂ ਕੁ ਲਿਆਵਾਂ।”
ਤੂੰ ਫੋਨ ਬੰਦ ਕਰ ਕੇ ਬੀਅਰ ਦੀ ਵੱਡੀ ਘੁੱਟ ਭਰੀ। ਫੋਨ ਦੀ ਘੰਟੀ ਖੜਕਦੀ ਸੁਣ ਤੂੰ ਸੋਚਿਆ
ਕਿ ਘਰਵਾਲੀ ਦਾ ਹੀ ਹੋਵੇਗਾ ਅਤੇ ਉਹ ਪੁੱਛੇਗੀ ਕਿ ਕੁਛ ਹੋਰ ਤਾਂ ਨਹੀਂ ਲਿਆਉਣਾ। ਫੋਨ ਔਨ
ਕਰ ਕੇ ਤੂੰ ਆਖਿਆ, “ਹਾਂ” ਪਰ ਦੂਜੇ ਪਾਸਿਓਂ ਤੈਨੂੰ ਓਪਰੀ ਆਵਾਜ਼ ਸੁਣਾਈ ਦਿੱਤੀ, “ ਬਾਈ
ਜੀ ਐਂ?”
“ਹਾਂ, ਕੌਣ?”
“ਗੁਰਜੰਟ।”
“ਗੁਰਜੰਟ?”
“ਪਿੰਡੋਂ, ਚੜ੍ਹਤ ਸਿੰਘ ਦਾ ਬੇਟਾ।”
‘ਕਿਹੜਾ ਚੜ੍ਹਤ ਸਿੰਘ?’ ਤੂੰ ਪੁੱਛਣਾ ਚਾਹੁੰਦਾ ਸੀ ਪਰ ਪੁੱਛਿਆ ਨਹੀਂ। ਅੰਦਾਜ਼ਾ ਲਾਉਣ ਲਈ
ਚੁੱਪ ਹੋ ਗਿਆ ਪਰ ਤੇਰੇ ਦਿਮਾਗ ਵਿੱਚ ਨਹੀਂ ਆਇਆ ਕਿ ਕੌਣ ਹੋਇਆ। ਦੂਜੇ ਪਾਸਿਓਂ ਤੂੰ
ਸੁਣਿਆ, “ ਬਾਈ ਜੀ, ਪਿਛਲੀ ਵਾਰ ਜਦੋਂ ਤੁਸੀਂ ਇੰਡੀਆ ਗਏ ਸੀ, ਮੇਰੀ ਬੈਂਕ ‘ਚ ਆਏ ਸੀ। ਹੁਣ
ਤਾਂ ਆ ਗਿਆ ਯਾਦ?”
‘ਸਾਲਾ ਚੜ੍ਹਤ ਸਿਓਂ ਦਾ। ਸਿੱਧਾ ਨੀ ਆਖਦਾ ਬਈ ਚੜ੍ਹਤੇ ਕਾ ਜੰਟਾ,’ ਤੂੰ ਆਖਣਾ ਚਾਹੁੰਦਾ ਸੀ
ਪਰ ਆਖਿਆ ਨਹੀਂ। ਸਗੋਂ, “ਓ, ਅੱਛਾ ਅੱਛਾ,” ਆਖ ਦਿੱਤਾ।
ਦੂਜੇ ਪਾਸਿਓਂ ਤੈਨੂੰ ਥੋੜਾ ਹੱਸਣ ਦੀ ਆਵਾਜ਼ ਤੋਂ ਬਾਅਦ ਸੁਣਿਆ, “ਮੈਂ ਤੁਹਾਡੇ ਸ਼ਹਿਰ ਆ
ਗਿਆ, ਬਾਈ ਜੀ।”
“ਅੱਛਾ,” ਤੂੰ ਆਖਿਆ। ਤੈਨੂੰ ਆਪਣੇ ਭਰਾ ਦਾ ਦੱਸਿਆ ਯਾਦ ਆਇਆ ਕਿ ਇਸ ਨੇ ਬਾਹਰਲੇ ਮੁਲਕ ਜਾਣ
ਦੀ ਝਾਕ ‘ਚ ਵਿਆਹ ਨਹੀਂ ਸੀ ਕਰਵਾਇਆ, ਪੈਂਤੀਆਂ ਸਾਲਾਂ ਦਾ ਹੋ ਗਿਆ ਸੀ। ਇਹ ਤੈਨੂੰ ਉਸ ਨੇ
ਦੋ ਕੁ ਸਾਲ ਪਹਿਲਾਂ ਇੰਡੀਆ ਗਏ ਨੂੰ ਦੱਸਿਆ ਸੀ , ਜਦੋਂ ਤੁਸੀਂ ਬੈਂਕ ਤੋਂ ਵਾਪਸ ਆ ਰਹੇ
ਸੀ, ਜਿੱਥੇ ਇਹ ਕਲਰਕ ਸੀ।
“ਪਹੁੰਚ ਹੀ ਗਿਆ ਫਿਰ? ਕਦੋਂ ਆਇਆ ਸੀ?” ਤੂੰ ਪੁੱਛਿਆ।
“ਪਿਛਲੇ ਐਤਵਾਰ।”
“ਹੋਰ ਪਿੰਡ ਦਾ ਕੀ ਹਾਲ-ਚਾਲ ਆ?” ਪਲ ਦੀ ਪਲ ਤੇਰੇ ਚਿੱਤ ‘ਚ ਆਈ ਕਿ ਆਖੇਂ ‘ਆ ਜਾ ਫਿਰ,
ਪਿੰਡ ਦੀਆਂ ਗੱਲਾਂ ਕਰਾਂਗੇ’ ਪਰ ਤੂੰ ਆਖਿਆ ਨਹੀਂ।
“ਪਿੰਡ ਨਾਲ ਬਹੁਤਾ ਵਾਹ ਨੀ ਸੀ ਮੇਰਾ ਹੁਣ। ਮੈਂ ਤਾਂ ਬਹੁਤ ਚਿਰ ਦਾ ਲੁਧਿਆਣੇ ਈ ਰਹਿੰਦਾ
ਸੀ।” ਸੁਣ ਕੇ ਤੂੰ ਆਖਿਆ, “ਕੰਮ-ਕੁੰਮ ਦੀ ਲੋੜ ਹੋਈ ਤਾਂ ਦੱਸੀਂ।” ਇਹ ਆਖਦਿਆਂ ਤੇਰਾ ਸੀਨਾ
ਮਾਣ ਨਾਲ ਫੁੱ਼ਲ ਗਿਆ।
“ਕੰਮ ਦੀ ਕੋਈ ਪ੍ਰਾਬਲਮ ਨਹੀਂ, ਬਾਈ ਜੀ। ਮੇਰੇ ਮਿਸਿਜ਼ ਇੱਥੇ ਕਿਸੇ ਫੈਕਟਰੀ ‘ਚ ਸੁਪਰਵਾਈਜ਼ਰ
ਆ। ਉਹ ਕਹਿੰਦੇ ਪਾਰਟ ਟਾਈਮ ਕੰਮ ‘ਤੇ ਨਾਲ ਈ ਲਵਾ ਲੈਣਗੇ। ਮੇਰਾ ਵਿਚਾਰ ਪੜ੍ਹਨ ਦਾ ਹੈ।
ਲੇਬਰ ਨੀ ਹੋਣੀ ਮੈਥੋਂ। ਦਸ-ਬਾਰਾਂ ਸਾਲ ਬੈਂਕ ‘ਚ ਨੌਕਰੀ ਕਰਨ ਕਰਕੇ ਦਫ਼ਤਰੀ ਕੰਮ ਦੀ ਆਦਤ
ਪੈਗੀ ਆ।”
ਸੁਣ ਕੇ ਤੇਰੇ ਅੰਦਰ ਕੁੜੱਤਣ ਭਰਨ ਲੱਗੀ। ਤੂੰ ਆਖਿਆ, “ਚੰਗਾ ਫਿਰ, ਜੇ ਕਿਸੇ ਹੈਲਪ ਦੀ ਲੋੜ
ਹੋਈ ਤਾਂ ਦੱਸੀਂ?”
ਦੂਸਰੇ ਪਾਸਿਓਂ ‘ਮੇਹਰਬਾਨੀ’ ਸੁਣ ਕੇ, “ਚੱਲ, ਚੰਗਾ ਫਿਰ,” ਆਖ ਕੇ ਤੂੰ ਫੋਨ ਬੰਦ ਕਰ
ਦਿੱਤਾ। “ਸਾਲਾ ਲੇਬਰ ਨੀ ਹੋਣੀ ਦਾ,” ਤੂੰ ਬੁੜਬੜਾਇਆ। ਤੇਰੇ ਅੰਦਰਲੀ ਕੁੜੱਤਣ ਅਚਵੀ ‘ਚ
ਬਦਲਣ ਲੱਗੀ। ਤੂੰ ਆਪਣੇ ਭਰਾ ਨੂੰ ਪਿੰਡ ਫੋਨ ਮਿਲਾ ਕੇ ਪੁੱਛਿਆ, “ਚੜ੍ਹਤੇ ਕਾ ਜੰਟਾ ਐਥੇ
ਆਇਆ ਫਿਰਦੈ। ਤੂੰ ਕਦੇ ਗੱਲੇ ਈ ਨੀ ਕੀਤੀ?”
“ਅੱਛਾ, ਪਹੁੰਚ ਗਿਆ? ਪੰਦਰਾਂ-ਵੀਹ ਦਿਨ ਪਹਿਲਾਂ ਪਿੰਡ ਆਇਆ ਸੀ। ਤੇਰਾ ਨੰਬਰ ਮੰਗਦਾ ਸੀ।”
“ਕਾਹਨੂੰ ਦੇਣਾ ਸੀ ਨੰਬਰ। ਨਾਲੇ ਗੁਰੂਆ ਪਿੰਡ ਦੀਆਂ ਗੱਲਾਂ-ਬਾਤਾਂ ਤਾਂ ਦੱਸ ਦਿਆ ਕਰ।”
“ਮੈਂ ਕਿਹਾ ਬਈ ਏਹ ਐਡੀ ਕੇੜ੍ਹੀ ਗੱਲ ਐ। ਹੋਰ ਬਥੇਰੀ ਜਨਤਾ ਬਾਹਰਲੇ ਮੁਲਕੀਂ ਤੁਰੀ ਜਾਂਦੀ
ਐ, ਵਿੱਚੇ ਚੜ੍ਹਤੇ ਕਾ ਜਾ ਵੜੂ। ਊਂ ਵਿਆਹ ਵੀ ਮਾੜਾ-ਮੋਟਾ ਜਾ ਸ਼ਹਿਰ ‘ਚ ਈ ਕੀਤੈ ਕਿਤੇ।
ਕਹਿੰਦੇ ਆ ਵਿਆਹ ਵੀ ਕਿਸੇ ਵੱਡੀ ਉਮਰ ਦੀ ਨਾਲ ਈ ਹੋਇਐ। ਛੱਡੀ ਵੀ ਸੁਣਦੇ ਆਂ। ਮਗਰ ਜਵਾਕ
ਵੀ ਦੱਸਦੇ ਆ।”
“ਹੋਰ ਓਹਨੂੰ ਕੱਚਾ ਕਰੇਵਾ ਕੋਈ ਕਿੱਥੋਂ ਦੇ ਦਿੰਦਾ,” ਆਖ ਕੇ ਤੂੰ ਫੋਨ ਬੰਦ ਕਰ ਦਿੱਤਾ।
ਆਪਣੀ ਆਖਰੀ ਕਹੀ ਗੱਲ ਬਾਰੇ ਸੋਚਦੇ ਹੋਏ ਤੇਰੇ ਅੰਦਰਲੀ ਅਚਵੀ ਖਤਮ ਹੋਣ ਲੱਗੀ। ਤੈਨੂੰ ਲਗਰ
ਵਰਗੀ ਆਪਣੀ ਘਰਵਾਲੀ ਦਾ ਖਿਆਲ ਆਇਆ, ਜਿਸ ਨੇ ਤੈਨੂੰ ਕਨੇਡਾ ਮੰਗਵਾਇਆ ਸੀ। ਕਨੇਡਾ ਪਹੁੰਚ
ਕੇ ਤੂੰ ਉਸ ਦੇ ਹੁਸਨ ਵਿੱਚ ਗੁਆਚ ਗਿਆ ਸੀ। ਤੈਨੂੰ ਯਾਦ ਆਇਆ ਕਿ ਉਹ ਤੈਨੂੰ ਬਥੇਰਾ ਕੋਈ
ਕੋਰਸ ਕਰਨ ਲਈ ਆਖਦੀ ਹੁੰਦੀ ਸੀ। ਉਦੋਂ ਤੂੰ ਆਖਦਾ ਹੁੰਦਾ ਸੀ, “ ਹੁਣ ਨੀਂ ਪੜ੍ਹਿਆ ਜਾਣਾ।
ਮੈਂ ਤਾਂ ਬੀ ਏ ਕਰ ਕੇ ਮਸਾਂ ਪੜ੍ਹਾਈ ਤੋਂ ਖਹਿੜਾ ਛਡਾਇਆ ਸੀ।” ਪਰ ਹੁਣ ਤੇਰੇ ਦਿਮਾਗ ਵਿੱਚ
ਆਇਆ ਕਿ ਜੇ ਪੜ੍ਹ ਲੈਂਦਾ ਤਾਂ ਚੰਗਾ ਈ ਸੀ। ਫਿਰ ਤੂੰ ਸੋਚਿਆ, ‘ਪੜ੍ਹ ਕੇ ਕੀ ਜੱਜ ਬਣ ਜਾਣਾ
ਸੀ। ਹੁਣ ਜਿੰਨੇ ਡਾਲਰ ਈ ਬਣਿਆ ਕਰਨੇ ਸੀ। ਹੋਰ ਛੇ ਮਹੀਨਿਆਂ ਨੂੰ ਰਾਤ ਦੀ ਸ਼ਿਫਟ ਵਾਲੇ
ਸੁਪਰਵਾਈਜ਼ਰ,ਐਲਨ, ਨੇ ਰੀਟਾਇਰ ਹੋ ਜਾਣੈ ਫੇਰ ਰਾਤ ਦੀ ਸ਼ਿਫਟ ਦਾ ਸੁਪਰਵਾਈਜ਼ਰ ਬਣਨ ਦੀ ਆਪਣੀ
ਹੀ ਵਾਰੀ ਹੈ।’ ਇਹ ਸੋਚਦੇ ਹੋਏ ਤੇਰੇ ਅੰਦਰ ਖੁਸ਼ੀ ਪੈਦਾ ਹੋਣ ਲੱਗੀ। ਫਿਰ ਤੂੰ ਸੋਚਿਆ, ‘ਇਹ
ਨਵੇਂ ਆਏ ਪਹਿਲਾਂ-ਪਹਿਲਾਂ ਕਰਦੇ ਈ ਹੁੰਦੇ ਆ ਬਈ ਆਹ ਕਰਦੂੰ, ਔਹ ਕਰਦੂੰ, ਜਦੋਂ ਅੰਗ੍ਰੇਜ਼ੀ
ਬੋਲਦੇ ਗੋਰਿਆਂ ਦਾ ਕੱਖ ਪੱਲੇ ਨੀਂ ਪੈਂਦਾ, ਫੇਰ ਛੱਡ-ਛਡਾ ਜਾਂਦੇ ਆ ਸਾਰਾ ਕੁਛ।’ ਤੂੰ
ਬੀਅਰ ਦੀ ਘੁੱਟ ਭਰੀ। ਤੈਨੂੰ ਉਹ ਬਕਬਕੀ ਜਿਹੀ ਲੱਗੀ। ਤੂੰ ਬੀਅਰ ਪਾਸੇ ਰੱਖ ਕੇ ਪੂਲ ਵੱਲ
ਵੇਖਿਆ। ਤੇਰੇ ਚਿੱਤ ਵਿੱਚ ਆਈ ਕਿ ਪੂਲ ਨੂੰ ਠੀਕ ਕਰਵਾ ਹੀ ਲੈਣਾ ਚਾਹੀਦਾ ਹੈ, ਘਰ ਦੀ ਟੌਹਰ
ਬਣਦੀ ਹੈ। ਫਿਰ ਤੂੰ ਉੱਠ ਕੇ ਅੰਦਰੋਂ ਰੰਮ ਅਤੇ ਕੋਕ ਨਾਲ ਗਲਾਸ ਭਰ ਲਿਆਇਆ। ਵਾਪਸ ਆ ਕੇ
ਬੈਠਦੇ ਨੇ ਤੂੰ ਸੋਚਿਆ, ‘ਹੁੰਦੇ ਕਿਤੇ ਇੰਡੀਆ, ਐਹੋ ਜਾ ਪੂਲ ਬਣਾਉਂਦੇ ਖੇਤ। ਚਿੱਠੇ ਈ ਤਰ
ਜਿਆ ਕਰਨੇ ਸੀ।’
“ਹਾਏ ਡੈਡ, ਆਰ ਯੂ ਕੈਚਿੰਗ ਸਮ ਫਿਸ਼ ਦੇਅਰ?” ਤੈਨੂੰ ਆਪਣੇ ਪੁੱਤਰ ਦੀ ਆਵਾਜ਼ ਸੁਣਾਈ
ਦਿੱਤੀ। ਤੂੰ ਨਜ਼ਰਾਂ ਉੱਪਰ ਚੁੱਕ ਕੇ ਸੰਨਡੈੱਕ ਵੱਲ ਵੇਖਿਆ,ਜਿੱਥੇ ਉਹ ਖੜ੍ਹਾ ਸੀ। ਤੈਨੂੰ
ਉਸ ਦੇ ਮਜ਼ਾਕ ਦੀ ਸਮਝ ਨਾ ਆਈ। ਤੂੰ ਆਖਿਆ, “ਆ ਗਿਆ? ਆ ਜਾ ਧੁੱਪੇ ਬੈਠਦੇ ਆਂ।”
“ਇਟਸ ਬਿਊਟੀਫੁੱਲ ਟੂਡੇ।”
“ਹਾਂ, ਆ ਜਾ ਕੁਰਸੀ ਚੁੱਕ ਲਿਆ ਧੁੱਪੇ।”
ਤੂੰ ਵੇਖਿਆ ਕਿ ਉਹ ਪਹਿਲਾਂ ਕੁਰਸੀਆਂ ਵੱਲ ਗਿਆ ਅਤੇ ਫਿਰ ਵਾਪਸ ਪੌੜੀਆਂ ਚੜ੍ਹਣ ਲੱਗਾ।
“ਹੁਣ ਮੁੜ ਚੱਲਿਆ?” ਤੂੰ ਪੁੱਛਿਆ।
“ ਕੋਈ ਰੈਗ ਲੈਣ ਚੱਲਿਆਂ, ਚੇਅਰਾਂ ਡਰਟੀ ਹੋਈਆਂ ਪਈਆਂ।”
“ਓ, ਆ ਜਾ ਤੂੰ। ਤੇਰੀ ਮੰਮ ਵਾਸ਼ ਕਰਦੂ ਵੀਕਐਂਡ ‘ਤੇ।” ਪਰ ਉਹ ਅੰਦਰ ਜਾ ਚੁੱਕਿਆ ਸੀ। ਉਸ
ਨੇ ਅੰਦਰੋਂ ਪੁਰਾਣਾ ਤੌਲੀਆ ਲਿਆ ਕੇ ਸਾਰੀਆਂ ਕੁਰਸੀਆਂ ਸਾਫ ਕਰ ਕੇ ਇੱਕ ਕੁਰਸੀ ਤੇਰੇ
ਬਰਾਬਰ ਲਿਆ ਰੱਖੀ।
“ਡੈਡ, ਹੁਣ ਸਮਰ ਆਉਂਦੀ ਆ। ਆਪਾਂ ਨੂੰ ਪੂਲ ਫਿਕਸ ਕਰਾਉਣਾ ਚਾਹੀਦਾ। ਆਈ ਥਿੰਕ ਸਰਕੂਲੇਟਿੰਗ
ਪੰਪ ਖਰਾਬ ਹੋ ਗਿਐ।”
“ਅੱਛਾ, ਏਹਦੇ ‘ਚ ਪੰਪ ਵੀ ਹੁੰਦੈ?”
“ਪਾਣੀ ਸਰਕੂਲੇਟ ਕਰਨ ਵਾਸਤੇ ਹੁੰਦੈ।”
“ਕਰਾਵਾਂਗੇ ਕਿਸੇ ਦਿਨ। ਬਾਰਬੀਕਿਊ ਕਰੀਏ ਫਿਰ?”
“ਸ਼ੋਅਰ।”
“ਲਾਉਣੀ ਐਂ?” ਤੂੰ ਬੀਅਰ ਦੀ ਬੋਤਲ ਵੱਲ ਇਸ਼ਾਰਾ ਕਰ ਕੇ ਪੁੱਛਿਆ।
“ਕਮ ਔਨ ਡੈਡ।”
ਤੂੰ ਹੱਸ ਕੇ ਆਖਿਆ, “ਚੱਲ ਤੇਰੀ ਮਰਜੀ।” ਤੈਨੂੰ ਯਾਦ ਆਇਆ ਕਿ ਜਦ ਤੂੰ ਇਸ ਤੋਂ ਵੀ ਛੋਟੀ
ਉਮਰ ਦਾ ਹੁੰਦਾ ਸੀ, ਤਾਂ ਤੇਰਾ ਬਾਪੂ ਤੁਹਾਨੂੰ ਦੋਹਾਂ ਭਰਾਵਾਂ ਨੂੰ ਕੋਲ ਸੱਦ ਕੇ ਗਲਾਸੀ
ਲਵਾ ਦਿੰਦਾ ਸੀ ਤੇ ਤੂੰ ਪੁੱਠੇ ਹੱਥ ਨਾਲ ਬੁੱਲ੍ਹ ਪੂੰਝਦਾ ਚੜ੍ਹੀ ਤੋਂ ਪਹਿਲਾਂ ਹੀ ਨਸ਼ਿਆ
ਜਾਂਦਾ ਸੀ। ਫਿਰ ਤੈਨੂੰ ਆਪਣੀ ਬੇਬੇ ਦਾ ਕਿਹਾ ਯਾਦ ਆਇਆ। ਉਹ ਤੇਰੇ ਬਾਪੂ ਨੂੰ ਆਖਦੀ, “ਤੂੰ
ਆਪ ਡੱਫ ਲਿਆ ਕਰ ਜੇੜ੍ਹੀ ਡੱਫਣੀ ਹੁੰਦੀ ਐ। ਜਵਾਕਾਂ ਨੂੰ ਕਾਹਨੂੰ ਪੁੱਠੇ ਪਾਸੇ ਲਾਉਣੈ।”
ਤੇਰਾ ਬਾਪੂ ਜਵਾਬ ਦਿੰਦਾ, “ਇਹ ਲੱਲੀ-ਛੱਲੀ ਦੇ ਕਰਮਾਂ ‘ਚ ਨੀ ਹੁੰਦੀ।” ਉਦੋਂ ਤੈਨੂੰ ਆਪਣੇ
ਬਾਪੂ ‘ਤੇ ਅੰਤਾਂ ਦਾ ਮੋਹ ਆਉਂਦਾ। ਹੁਣ ਤੂੰ ਆਪਣੇ ਪੁੱਤਰ ਬਾਰੇ ਸੋਚਿਆ, ‘ਚੱਲ ਜੇ ਨਹੀਂ
ਪੀਂਦਾ ਤਾਂ ਚੰਗਾ ਈ ਐ। ਕੁਝ ਪੜ੍ਹ ਲਿਖ ਜਾਵੇਗਾ।’
“ਮੈਂ ਬਾਰਬੀਕਿਊ ਦੀ ਗੈਸ ਚੈੱਕ ਕਰਦੈਂ,” ਆਖ ਕੇ ਤੇਰਾ ਪੁੱਤਰ ਉੱਠਿਆ ਅਤੇ ਬਾਰਬੀਕਿਊ ਦਾ
ਕਵਰ ਲਾਹ ਕੇ ਉਸ ਦੀ ਸਫਾਈ ਕਰਨ ਲੱਗਾ।
“ਹਾਏ, ਡੈਡ,” ਤੈਨੂੰ ਆਪਣੀ ਧੀਅ ਦੀ ਆਵਾਜ਼ ਸੁਣਾਈ ਦਿੱਤੀ। ਤੂੰ ਉੱਧਰ ਵੇਖਿਆ। ਉਸ ਨੇ
ਤੇਰੇ ਕੋਲ ਆ ਕੇ ਸਵਿਮਿੰਗ ਪੂਲ ਵੱਲ ਵੇਖਿਆ ਅਤੇ ਫਿਰ ਪੁੱਛਿਆ, “ਆਰ ਵੀ ਗੌਨਾ ਫਿਕਸ ਦਿਸ,
ਡੈਡ?” ਅਤੇ ਤੇਰਾ ਜਵਾਬ ਉਡੀਕੇ ਬਿਨ੍ਹਾਂ ਹੀ ਬੋਲੀ, “ ਆਈ ਕਾਂਟ ਵੇਟ ਟੂ ਜੰਪ ਇਨ ਇੱਟ।”
ਤੂੰ ਉਸ ਵੱਲ ਵੇਖ ਕੇ ਸੋਚਿਆ,‘ਕਿੱਡੀ ਹੋ ਗਈ ਐ ਦਿਨਾਂ ‘ਚ ਹੀ।’ ਪਿਛਲੇ ਸਾਲ ਗਰਮੀਆਂ ‘ਚ
ਇਹ ਇਸ ਪੂਲ ਵਿੱਚ ਇੱਕ-ਦੋ ਵਾਰ ਨਹਾਤੀ ਸੀ, ਤਾਂ ਤੈਨੂੰ ਓਪਰਾ ਨਹੀਂ ਸੀ ਲੱਗਾ। ਪਰ ਇੱਕ
ਸਾਲ ਵਿੱਚ ਹੀ ਉਹ ਐਨਾ ਕੱਦ-ਕਾਠ ਕਰ ਗਈ ਸੀ ਕਿ ਤੂੰ ਉਸ ਦਾ ਪੂਲ ਵਿੱਚ ਨਹਾਉਣਾ ਸੁਣ ਨਹੀ
ਸਕਿਆ। ਤੂੰ ਆਖਿਆ, “ ਪੁੱਤ, ਮੰਮ ਨਾਲ ਜਾ ਕੇ ਗਰੋਸਰੀ ਰਖਵਾ। ਕੰਮ ਕਰਿਆ ਕਰ, ਹੁਣ ਤੂੰ
ਵੱਡੀ ਹੋ ਗਈ ਐਂ। ਨਾਲੇ ਮੰਮ ਨੂੰ ਆਖੀਂ ਬਈ ਚਿਕਨ ਫੜਾ ਜਾਵੇ।” ਉਸ ਦੇ ਥੱਪ-ਥੱਪ ਕਰ ਕੇ
ਪੌੜੀਆਂ ਚੜ੍ਹਨ ਨਾਲ ਤੈਨੂੰ ਲੱਕੜ ਦੀਆਂ ਪੌੜੀਆਂ ਕੰਬਦੀਆਂ ਲੱਗੀਆਂ। ਤੂੰ ਉੱਠ ਕੇ
ਬਾਰਬੀਕਿਊ ਦੀਆਂ ਗਰਿੱਲਾਂ ਸਾਫ ਕਰ ਰਹੇ ਆਪਣੇ ਪੁੱਤਰ ਕੋਲ ਚਲਾ ਗਿਆ। ਚਿਕਨ ਫੜਾਉਣ ਆਈ
ਤੇਰੀ ਘਰਵਾਲੀ ਨੇ ਤੇਰੇ ਕੋਲੋਂ ਪੁੱਛਿਆ, “ਅੱਜ ਮੇਰੀ ਧੀਅ-ਰਾਣੀ ਮੈਕਰੋਨੀ ਸੈਲਡ ਬਣਾਊਗੀ।
ਖਾ ਲਓਂਗੇ?”
ਤੈਨੂੰ ਭਾਵੇਂ ਮੈਕਰੋਨੀ ਸੈਲਡ ਚੰਗਾ ਨਹੀਂ ਲੱਗਦਾ ਪਰ ਤੂੰ ਆਖਿਆ, “ਖਾਵਾਂਗੇ ਕਿਓਂ ਨੀ?---
ਕੁੜੀ ਵੱਡੀ ਹੁੰਦੀ ਜਾਂਦੀ ਐ। ਕੰਮ ਲਾਇਆ ਕਰ ਨਾਲ।”
“ਓਹਦਾ ਨਾ ਫਿਕਰ ਕਰੋ। ਬਥੇਰਾ ਕੰਮ ਕਰ ਲਿਆ ਕਰੂ। ਬਹੁਤ ਸਿਆਣੀ ਐ ਮੇਰੀ ਧੀ।” ਆਪਣੀ ਪਤਨੀ
ਦਾ ਇਹ ਕਿਹਾ ਸੁਣ ਕੇ ਤੈਨੂੰ ਚੰਗਾ-ਚੰਗਾ ਲੱਗਾ। ਤੂੰ ਬਾਰਬੀਕਿਊ ਚਲਾ ਕੇ ਵਿੱਚ ਚਿਕਨ ਦੇ
ਪੀਸ ਟਿਕਾਉਣ ਲੱਗਾ। ਨਾਲ-ਨਾਲ ਤੂੰ ਆਪਣੇ ਗਿਲਾਸ ਵਿੱਚੋਂ ਵੀ ਘੁੱਟਾਂ ਭਰੀ ਗਿਆ। ਫਿਰ ਤੂੰ
ਕੋਲ ਖੜ੍ਹੇ ਆਪਣੇ ਪੁੱਤਰ ਨੂੰ ਪੁੱਛਿਆ, “ ਤੇਰੀ ਪੜ੍ਹਾਈ ਕਿਵੇਂ ਚਲਦੀ ਐ?”
“ਠੀਕ।”
“ਸਿਰੇ ਦਾ ਵਕੀਲ ਬਨਣੈ, ਓ ਕੇ?” ਤੂੰ ਆਖਿਆ। ਤੂੰ ਉਸ ਨੂੰ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ
ਆਖਿਆ ਸੀ। ਜਿਸ ਦਿਨ ਤੈਨੂੰ ਪਤਾ ਲੱਗਾ ਸੀ ਕਿ ਉਹ ਵਕੀਲ ਬਨਣਾ ਚਾਹੁੰਦਾ ਹੈ ਤਾਂ ਤੇਰਾ
ਅੰਦਰ ਖੁਸ਼ੀ ਨਾਲ ਭਰ ਗਿਆ ਸੀ। ਫਿਰ ਮੌਕਾ ਮਿਲਦੇ ਹੀ ਤੂੰ ਉਸ ਨੂੰ ਇਸ ਤਰ੍ਹਾਂ ਆਖ ਦਿੰਦਾ।
ਇਸ ਤਰ੍ਹਾਂ ਕਹਿੰਦਿਆਂ ਤੈਨੂੰ ਖੁਸ਼ੀ ਹੁੰਦੀ। ਤੇਰਾ ਪੁੱਤਰ ਮੁਸਕਰਾ ਕੇ ਪੂਲ ਕਿਨਾਰੇ ਖੜ੍ਹ
ਗਿਆ।
ਤੈਨੂੰ ਉਸ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਕਿਹਾ, “ ਐਸਟੀਮੇਟ ਲੈਣ ਵਾਸਤੇ ਮੈਂ ਕਿਸੇ
ਨੂੰ ਸੱਦਾਂ?”
“ਕਾਹਦਾ ਐਸਟੀਮੇਟ?”
“ਪੂਲ ਫਿਕਸ ਕਰਨ ਦਾ। ਹੋਰ ਕਾਹਦਾ?”
“ਆਪਾਂ ਏਹਨੂੰ ਐਨਾ ਵਰਤਣਾ ਤਾਂ ਹੈਨੀ। ਏਹ ਤਾਂ ਗੋਰਿਆਂ ਦੇ ਚੋਜ ਐ। ਆਪਾਂ ਏਹਨੂੰ ਬੰਦ ਨਾ
ਕਰਵਾ ਦੇਈਏ?” “ਵਾਹਟ?”
“ਆਪਾਂ ਏਥੇ ਗਾਰਡਨ ਬਣਾ ਲਵਾਂਗੇ। ਸਬਜ਼ੀਆਂ ਹੋਇਆ ਕਰਨਗੀਆਂ।”
“ਆਹੋ ਮੇਰੇ ਵਾਸਤੇ ਹੋਰ ਵਧਾ ਦਿਓ ਕੰਮ,” ਤੁਹਾਡੇ ਕੋਲ ਆਈ ਤੇਰੀ ਪਤਨੀ ਨੇ ਕਿਹਾ।
ਤੂੰ ਉਸ ਵੱਲ ਘੂਰੀ ਵੱਟ ਕੇ ਵੇਖਿਆ।
“ਐਦਾਂ ਨਾ ਕਰਿਓ , ਡੈਡ,ਪਲੀਜ਼।”
“ਚੱਲ ਵੇਖਾਂਗੇ, ਛੁੱਟੀ ਆਲੇ ਦਿਨ ਕਰਾਂਗੇ ਕੁਛ।”
“ਡੈਡ, ਫਿਕਸ ਕਰਵਾਉਣੈ,” ਤੇਰੇ ਪੁੱਤਰ ਨੇ ਜੋ਼ਰ ਦੇ ਕੇ ਕਿਹਾ।
“ਆਹ ਮੇਰੇ ਆਸਤੇ ਆਲੂ ਵੀ ਭੁੰਨ ਦਿਓ,” ਤੇਰੀ ਪਤਨੀ ਨੇ ਆਲੂ ਫੜਾਉਂਦਿਆਂ ਕਿਹਾ। ਤੇਰੇ ਆਲੂ
ਫੜਦੇ ਸਾਰ ਹੀ ਤੇਰਾ ਪੁੱਤਰ ਬੋਲਿਆ, “ਮੰਮ, ਆਈ ਗੌਟ ਐਨ ਆਈਡੀਆ ਫਾਰ ਯੂ----ਤੁਸੀਂ ਐਵਰੀ
ਡੇ ਤੰਦੂਰੀ ਚਿਕਨ ਲੈ ਆਇਆ ਕਰੋ। ਬਾਰਬੀਕਿਊ ਕਰ ਕੇ ਡੈਡ ਥੋਡੀ ਹੈਲਪ ਕਰ ਦਿੰਦੇ ਆ। ਅਦਰ
ਵਾਈਸ ਉਹ ਜੂਠੇ ਪਾਂਡੇ (ਭਾਂਡੇ) ਵੀ ਸਿੰਕ ‘ਚ ਨੀ ਰੱਖਦੇ।”
“ਜਿਹੜਾ ਇਹ ਹੁਣ ਬਾਰਬੀਕਿਊ ਕਰ ਦਿੰਦੇ ਆ ਏਨ੍ਹਾਂ ਨੇ ਇਹ ਵੀ ਕਰਨੋ ਹਟ ਜਾਣੈ,” ਆਪਣੀ ਪਤਨੀ
ਦਾ ਕਿਹਾ ਸੁਣ ਕੇ ਤੂੰ ਆਖਿਆ, “ਜਿਹੜੇ ਬੰਦਿਆਂ ਦੇ ਕਰਨ ਵਾਲੇ ਕੰਮ ਹੁੰਦੇ ਆ, ਉਹ ਕਰ ਦੇਈ
ਦੇ ਆ। ਤੇਰੇ ਭਰਾ ਵਰਗਾ ਤਾਂ ਬਣਿਆ ਨੀ ਜਾਣਾ ਮੈਥੋਂ। ਉਹ ਗੁਰੂ ਬੁੜੀਆਂ ਵਰਗੈ। ਭਾਂਡੇ
ਸਾਫ਼ ਕਰਨ ਤੱਕ ਜਾਊ। ਪੁੱਤ, ਤੂੰ ਵੀ ਨਾ ਜਾਇਆ ਕਰ ਓਧਰ। ਇਹ ਪੁੱਠੀਆਂ ਗੱਲਾਂ ਤੂੰ ਆਵਦੇ
ਮਾਮੇ ਤੋਂ ਸਿੱਖਦੈਂ,” ਆਖ ਕੇ ਤੂੰ ਆਪਣਾ ਗਲਾਸ ਖਾਲੀ ਕਰ ਦਿੱਤਾ।
“ਮੈਂ ਤਾਂ ਆਪ ਈ ਬਥੇਰਾ ਕੰਮ ਕਰ ਲਊਂ। ਨਿੱਤ ਬਾਰਬੀਕਿਊ ਕਰਾਉਣਾ ਮਹਿੰਗਾ ਪਿਆ ਕਰੂ।
ਏਨ੍ਹਾਂ ਨੇ ਰੋਜ਼ ਈ ਬੋਤਲ ਖੋਲ੍ਹ ਕੇ ਬਹਿ ਜਿਆ ਕਰਨੈ,” ਆਖ ਕੇ ਤੇਰੀ ਪਤਨੀ ਅੰਦਰ ਚਲੀ ਗਈ।
“ਗੱਲਾਂ ‘ਚ ਐਧਰ ਮੇਰਾ ਪੀਸ ਸੜਵਾ ਦਿੱਤਾ,” ਤੂੰ ਕਾਲੇ ਹੋਏ ਪੀਸ ਨੂੰ ਪਲੇਟ ਵਿੱਚ ਰੱਖ ਕੇ
ਆਖਿਆ।
“ਏਹ ਤਾਂ ਮੱਚ ਗਿਆ,” ਤੇਰੇ ਪੁੱਤਰ ਨੇ ਕਿਹਾ।
ਤੈਨੂੰ ਉਸ ਦੇ ‘ਮੱਚ ਗਿਆ’ ਕਹਿਣ ‘ਤੇ ਇੱਕ ਚੁਟਕਲਾ ਚੇਤੇ ਆ ਗਿਆ। ਤੂੰ ਹਲਕਾ ਜਿਹਾ ਹੱਸ
ਪਿਆ। ਉਸ ਨੇ ਪੁੱਿਛਆ, “ਕੀ ਹੋਇਆ?”
“ਇੱਕ ਜੋਕ ਚੇਤੇ ਆ ਗਿਆ।”
“ਕੀ?”
“ਕਹਿੰਦੇ ਜਦੋਂ ਰੱਬ ਬੰਦੇ ਬਨਾਉਣ ਲੱਗਾ ਤਾਂ ਸਾਰਿਆਂ ਤੋਂ ਪਹਿਲਾਂ ਓਹਨੇ ਗੋਰੇ ਬਣਾਏ।
ਡਰਦੇ-ਡਰਦੇ ਬਣਾਏ ਹੋਣ ਕਰ ਕੇ ਉਨ੍ਹਾਂ ਨੂੰ ਸੇਕ ਘੱਟ ਲੱਗਿਆ ਏਸ ਕਰ ਕੇ ਕੱਚੇ-ਪਿੱਲੇ ਜਿਹੇ
ਰਹਿ ਗਏ। ਅਗਲੀ ਵੇਰ ਰੱਬ ਨੇ ਸੇਕ ਕੁਛ ਜਿ਼ਆਦਾ ਲਵਾ ‘ਤਾ ਤਾਂ ਉਹ ਮੱਚ ਗਏ। ਉਹ ਕਾਲੇ ਬਣ
ਗਏ। ਤੀਜੀ ਵਾਰ ਰੱਬ ਨੇ ਪੂਰਾ ਕੇਅਰ ਫੁੱਲ ਹੋ ਕੇ ਬਣਾਏ ਤਾਂ ਫੇਰ ਕਿਤੇ ਜਾ ਕੇ ਆਪਣੇ ਵਰਗੇ
ਵੈੱਲ ਡੰਨ ਲੋਕ ਬਣੇ,” ਤੂੰ ਹੱਸ ਕੇ ਦੱਸਿਆ।
ਤੇਰਾ ਪੁੱਤਰ ਥੋੜ੍ਹਾ ਜਿਹਾ ਮੁਸਕਰਾਇਆ ਅਤੇ ਫਿਰ ਬੋਲਿਆ, “ ਆਈ ਡੌਂਟ ਲਾਈਕ ਰੇਸ ਐਂਡ ਕਲਰ
ਜੋਕਸ।”
“ਓਹ ਗੁਰੂਆ, ਮਜ਼ਾਕ ਦੀਆਂ ਗੱਲਾਂ। ਹੱਸਣ-ਖੇਡਣ ਲਈ,” ਆਖ ਕੇ ਤੂੰ ਵੈੱਲ-ਡੰਨ ਪੀਸ ਉਸ ਦੀ
ਪਲੇਟ ਵਿੱਚ ਰੱਖ ਦਿੱਤਾ। ਫਿਰ ਤੂੰ ਉਸ ਨੂੰ ਗਰਿੱਲ ਤੋਂ ਪੀਸ ੳਥੱਲਣ ਲਈ ਆਖ ਕੇ ਆਪਣਾ ਗਲਾਸ
ਭਰਨ ਅੰਦਰ ਚਲਾ ਗਿਆ।
ਫੋਨ ਦੀ ਘੰਟੀ ਖੜਕਦੀ ਸੁਣ ਕੇ ਤੈਨੂੰ ਝੱਟ ਗੁਰਜੰਟ ਦੇ ਫੋਨ ਦਾ ਖਿਆਲ ਆ ਗਿਆ। ਤੂੰ ਸ਼ਰਾਬ
ਦੀ ਵੱਡੀ ਘੁੱਟ ਭਰੀ। ਬਾਰਬੀਕਿਊ ਵਿੱਚੋਂ ਧੂੰਆਂ ਉੱਠਿਆ। ਤੂੰ ਉਸ ਦਾ ਢੱਕਣ ਚੁੱਕ ਕੇ ਪੀਸ
ਹਿਲਾਉਂਣ ਲੱਗਾ। ਤੇਰੀ ਨਿਗ੍ਹਾ ਸੰਨਡੈੱਕ ‘ਤੇ ਖੜ੍ਹੀ ਆਪਣੀ ਪਤਨੀ ‘ਤੇ ਪਈ। ਤੈਨੂੰ ਉਹ
ਸੋਹਣੀ-ਸੋਹਣੀ ਲੱਗੀ। ਤੂੰ ਗਲਾਸ ਖਾਲੀ ਕਰ ਕੇ ਆਪਣੀ ਪਤਨੀ ਨੂੰ ਆਵਾਜ਼ ਮਾਰੀ, “ਓਹ ਆ ਬਈ
ਹੁਣ ਬਣਾ ਏਧਰ ਆ ਕੇ।” ਉਸ ਦੇ ਆਉਂਦਿਆਂ ਹੀ ਤੂੰ ਗਲਾਸ ਫਿਰ ਭਰ ਲਿਆਇਆ। ਤੇਰੇ ਉੱਪਰ ਨਸ਼ਾ
ਭਾਰੂ ਹੋਣ ਲੱਗਾ। ਤੂੰ ਆਪਣੀ ਪਲੇਟ ਵਿੱਚ ਦੋ ਲੈੱਗ ਪੀਸ ਰੱਖ ਕੇ ਪੂਲ ਦੇ ਨੇੜੇ ਪਈ ਕੁਰਸੀ
‘ਤੇ ਬੈਠ ਗਿਆ। “ਆ ਬਈ ਸ਼ੇਰਾ, ਆਪਾਂ ‘ਰਾਮ ਨਾਲ ਬਹਿ ਕੇ ਖਾਈਏ ਹੁਣ,” ਤੂੰ ਆਪਣੇ ਪੁੱਤਰ
ਨੂੰ ਆਵਾਜ਼ ਮਾਰੀ। ਉਸ ਦੇ ਤੇਰੇ ਕੋਲ ਆ ਕੇ ਬੈਠਦਿਆਂ ਹੀ ਤੂੰ ਆਖਿਆ , “ਸ਼ੇਰਾ, ਤੂੰ ਫਿਕਰ
ਨਾ ਕਰ ਤੇਰਾ ਪੂਲ ਆਪਾਂ ਐਂ ਟਿੱਚ ਕਰ ਕੇ ਵਧੀਆ ਬਣਾ ਦੇਣਾ।---- ਤੂੰ ਜਦੋਂ ਵਕੀਲ ਬਣ ਗਿਆ
ਨਾ, ਓਦੋਂ ਆਪਾਂ ਏਕੜ ਲੈ ਕੇ ਓਥੇ ਤੈਨੂੰ ਸਿਰੇ ਸੱਟ ਪੂਲ ਬਣਾ ਕੇ ਦੇਵਾਂਗੇ, ਹੈਂ। ਤੂੰ
ਪੁੱਤਰਾ ਸ਼ੌਂਕ ਪੂਰੇ ਕਰੀਂ ਆਵਦੇ। ਸਾਡੀ ਗੱਲ ਹੋਰ ਸੀ। ਮੇਰੀ ਜਵਾਨੀ ਤਾਂ ਸਾਲਾ ਕਨੇਡਾ ਖਾ
ਗਿਆ। ਤੂੰ ਆਵਦੇ ਦਾਦੇ, ਜਾਣੀ ਮੇਰੇ ਬਾਪੂ ਜੀ ਵਾਂਗੂੰ । ਯੂ ਨੋ, ਮੇਰਾ ਡੈਡ ਸਰਦਾਰ ਇੰਦਰ
ਸਿਓਂ। ਇੰਦਰ ਦੇ ‘ਖਾੜੇ ਵਾਲਾ । ਓਹਨੇ ਗੁਰੂ ਨੇ ਸਾਰੇ ਸ਼ੌਂਕ ਪੂਰੇ ਕੀਤੇ ਆ। ਤੂੰ ਵੀ
ਕਰੀਂ। ਹੈਂ, ਜਦੋਂ ਇੰਦਰ ਸਿਓਂ ਦੀ ਜੀਪ ਲੰਘਦੀ ਸੀ ਨਾ ਗਲੀਆਂ ਵਿੱਚੋਂ ਲੋਕੀਂ --- , ਹੁਣ
ਤਾਂ ਹਰੇਕ ਜੰਟੇ ਵਰਗਾ ਲੱਲੀ-ਛੱਲੀ ਮਰੂਤੀਆਂ ਲਈ ਫਿਰਦੈ। ਇੰਦਰ ਸਿਓਂ ਦੀ ਕੀਹਨੇ ਰੀਸ ਕਰਨੀ
ਐ----
“ਆਈ ਥਿੰਕ, ਯੂ ਆਰ ਡਰੰਕ, ਡੈਡ,” ਤੇਰੇ ਪੁੱਤਰ ਨੇ ਆਖਿਆ।
“ ਡਰੰਕ ਕਿੱਥੋਂ ਹੋ ਗਿਆ ਮੈਂ ਚਾਰ ਪੈੱਗਾਂ ਨਾਲ। ਮੈਂ ਤਾਂ ਬੋਤਲ ਪੀ ਜਾਂ। ਇੰਦਰ ਸਿਓਂ ਵੀ
ਪੂਰੀ ਬੋਤਲ ਪੀ ਜਾਂਦਾ ਸੀ ਗੁਰੂ---
“ਡੈਡ, ਈਟ ਫਸਟ। ਦੈਨ ਵੀ ਵਿੱਲ ਟਾਕ ਅਬਾਊਟ ਗ੍ਰੈਂਡ ਡੈਡ,” ਆਖ ਕੇ ਤੇਰੇ ਪੁੱਤਰ ਨੇ ਤੇਰੀ
ਪਲੇਟ ਤੇਰੇ ਮੂਹਰੇ ਕਰ ਦਿੱਤੀ। ਤੂੰ ਦੋ ਕੁ ਦੰਦੀਆਂ ਵੱਡ ਕੇ ਪੀਸ ਪਲੇਟ ਵਿੱਚ ਰੱਖ ਦਿੱਤਾ
ਪਰ ਉਸ ਨੇ ਫਿਰ ਪੀਸ ਚੁੱਕ ਕੇ ਤੇਰੇ ਹੱਥ ਵਿੱਚ ਫੜਾ ਦਿੱਤਾ।
“ਵੇਖ ਕਿਵੇਂ ਜਬਲੀਆਂ ਮਾਰਨ ਲੱਗੇ ਆ, ਅੱਗੇ ਵੀਕਐੱਂਡ ‘ਤੇ ਸ਼ਰਾਬੀ ਹੁੰਦੇ ਸੀ ਅੱਜ ----
ਤੈਨੂੰ ਆਪਣੀ ਪਤਨੀ ਦੀ ਆਵਾਜ਼ ਸੁਣਾਈ ਦਿੱਤੀ। “ਓਹ ਆ ਜਾ ਜੈਲਦਾਰਨੀਏ ਸਾਡੇ ਕੋਲ ਬਹਿ ਆ
ਕੇ,” ਤੂੰ ਉਸ ਨੂੰ ਕਿਹਾ।
“ਕੱਲ੍ਹ ਨੂੰ ਕੰਮ ‘ਤੇ ਨੀ ਜਾਣਾ। ਜਾਓ ਪਓ ਜਾ ਕੇ।”
ਤੇਰਾ ਪੁੱਤਰ ਤੈਨੂੰ ਬਾਹੋਂ ਫੜ ਕੇ ਉਠਾਉਣ ਲੱਗਾ ਪਰ ਤੂੰ ਉਸ ਦੀ ਬਾਂਹ ਝਟਕ ਦਿੱਤੀ ਅਤੇ
ਗੁਣਗਣਾਉਂਣ ਲੱਗਾ , “ਓਹ ਝਿੜਕਾਂ ਨਾ ਮਾਰ ਜੈਲਦਾਰਨੀਏ। ਓਹ ਝਿੜਕਾਂ--- ਇਸ ਤਰ੍ਹਾਂ
ਗੁਣਗਣਾਉਂਦਾ ਤੂੰ ਉੱਪਰ ਜਾ ਕੇ ਆਪਣੇ ਬੈੱਡ ਤੇ ਪੈ ਗਿਆ। ਅਤੇ ਫਿਰ ਬੜਬੜਾਇਆ, “ਸਾਲੇ ਸਭ
ਲੱਲੀ-ਛੱਲੀ ਕਨੇਡੇ ਨੂੰ ਤੁਰੇ ਆਉਂਦੇ ਆ---ਓਹ ਜੈਲਦਾਰਨੀਏ , ਓਹ ਜੈਲਦਾਰਨੀਏ- ਤੂੰ
ਆਵਾਜ਼ਾਂ ਮਾਰਨ ਲੱਗਾ। ਇਸ ਤਰ੍ਹਾਂ ‘ਜੈਲਦਾਰਨੀਏ’ ਆਖ ਕੇ ਬੁਲਾਉਣਾ ਤੈਨੂੰ ਚੰਗਾ-ਚੰਗਾ
ਲੱਗਾ ਅਤੇ ਫਿਰ ਤੈਨੂੰ ਪਤਾ ਹੀ ਨਹੀਂ ਲੱਗਾ ਕਿ ਤੂੰ ਕਦੋਂ ਸੌਂ ਗਿਆ।
ਸਵੇਰੇ ਜਦ ਤੇਰੇ ਘਰਵਾਲੀ ਤੈਨੂੰ ਹਲੂਣ ਕੇ ਜਗਾਇਆ ਤਾਂ ਤੈਨੂੰ ਆਪਣਾ ਸਿਰ ਭਾਰਾ-ਭਾਰਾ
ਲੱਗਾ। ਤੇਰੀ ਉੱਠਣ ਲਈ ਵੱਢੀ ਰੂਹ ਨਹੀਂ ਸੀ ਕਰਦੀ ਪਰ ਤੂੰ ਅੱਧ ਖੁਲ੍ਹੀਆਂ ਅੱਖਾਂ ਨਾਲ ਹੀ
ਮੂੰਹ ਹੱਥ ਧੋ ਕੇ ਬਰੈੱਡ ਖਾਂਦਾ ਆਪਣੀ ਕਾਰ ਵਿੱਚ ਜਾ ਬੈਠਾ। ਕੰਮ ‘ਤੇ ਜਾਂਦਿਆਂ ਤੈਨੂੰ
ਆਪਣੇ ਅੰਦਰ ਖਾਲੀਪਨ ਦਾ ਅਹਿਸਾਸ ਹੋਇਆ ਪਰ ਤੈਨੂੰ ਇਸ ਦੇ ਕਾਰਣ ਦੀ ਸਮਝ ਨਾ ਆਈ। ਤੇਰੀ ਕੰਮ
ਦੀ ਸ਼ਿਫਟ ਸ਼ੁਰੂ ਹੋਣ ਵੇਲੇ ਤੇਰੀ ਸੁਪਰਵਾਈਜ਼ਰ, ਪਿੰਕੀ ਗਿੱਲ, ਜਦ ਤੈਨੂੰ ਅੱਜ ਦੇ ਕੰਮ ਬਾਰੇ
ਦੱਸ ਕੇ ਹਟੀ ਤਾਂ ਤੇਰੇ ਅੰਦਰਲੇ ਖਾਲੀਪਨ ਦਾ ਅਹਿਸਾਸ ਹੋਰ ਤੀਖਣ ਹੋ ਗਿਆ। ਪਰ ਚਿੱਤ ਦੇ ਨਾ
ਚਾਹੁੰਦਿਆਂ ਵੀ ਤੂੰ ਕੰਮ ਵਿੱਚ ਜੁਟ ਗਿਆ। ਲੰਚ ਟਾਈਮ ਦਾ ਸਾਇਰਨ ਵਜਦਿਆਂ ਹੀ ਤੂੰ ਫੋਰਕ
ਲਿਫਿਟ ਤੋਂ ਉੱਤਰਿਆ। ਤੈਨੂੰ ਪਿੰਕੀ ਗਿੱਲ ਦੇ ਨਾਲ ਇੱਕ ਜਾਣਿਆ-ਪਹਿਚਾਣਿਆ ਚੇਹਰਾ ਦਿਸਿਆ।
ਤੈਨੂੰ ਉਸ ਨੂੰ ਪਹਿਚਾਨਣ ਵਿੱਚ ਦੇਰ ਨਹੀਂ ਲੱਗੀ। ਤੂੰ ਝੱਟ ਫੋਰਕ ਲਿਫਟ ਦੇ ਓਹਲੇ ਹੋ ਗਿਆ।
ਇੱਕ ਦਮ ਤੈਨੂੰ ਚੇਤੇ ਆਇਆ ਕਿ ਪਿੰਕੀ ਗਿੱਲ ਪਿਛਲੇ ਸਾਲ ਲੁਧਿਆਣੇ ਹੀ ਵਿਆਹ ਕਰਵਾ ਕੇ ਆਈ
ਸੀ। ਤੈਨੂੰ ਸਾਰੀ ਗੱਲ ਸਮਝਣ ਵਿੱਚ ਦੇਰ ਨਾ ਲੱਗੀ। ਤੇਰੇ ਅੰਦਰ ਗੁਬਾਰ ਉੱਠਿਆ। ਤੇਰਾ ਜੀਅ
ਕੀਤਾ ਕਿ ਤੂੰ ਇੱਥੋਂ ਅੱਖ ਦੇ ਝਪਕਾਰੇ ਵਿੱਚ ਗਾਇਬ ਹੋ ਜਾਵੇਂ। ਤੂੰ ਦੂਜੇ ਪਾਸਿਓਂ ਦੀ
ਕਾਹਲੀ-ਕਾਹਲੀ ਲੰਘ ਕੇ ਮੈਨੇਜਰ ਨੂੰ ਆਪਣਾ ਚਿੱਤ ਨਾ ਠੀਕ ਹੋਣ ਬਾਰੇ ਦੱਸ ਕੇ ਲੰਚ ਰੂਮ
ਵਿੱਚ ਚਲਿਆ ਗਿਆ। ਭੂਸਰੇਪਨ ‘ਚ ਹੀ ਤੂੰ ਉੱਥੇ ਬੈਠੇ ਕੁਝ ਸਹਿਕਾਮਿਆਂ ਨੂੰ ਆਖ ਦਿੱਤਾ,
“ਆਪਣੀ ਭਰਾਵੋ ਸਾਸਰੀਕਾਲ। ਬੱਸ ਹੋਰ ਨੀ ਕੰਮ ‘ਤੇ ਆਉਣਾ।” ਇਸ ਤਰਾਂ ਆਖਦਿਆਂ ਤੈਨੂੰ
ਆਪਣਾ-ਆਪ ਹੌਲਾ-ਹੌਲਾ ਲੱਗਾ । “ਗੱਲ ਤਾਂ ਦੱਸ ਕੀ ਹੋ ਗਈ?” ਦੋ-ਤਿੰਨ ਇਕੱਠੀਆਂ ਹੀ
ਆਵਾਜ਼ਾਂ ਤੈਨੂੰ ਸੁਣੀਆਂ।
“ਬੱਸ ਰੂਹ ਨਹੀਂ ਮੰਨਦੀ,” ਆਖ ਕੇ ਤੂੰ ਲੰਚ ਰੂਮ ਵਿੱਚੋਂ ਬਾਹਰ ਨਿਕਲ ਗਿਆ। ਕਿਸੇ ਦਾ ਕਿਹਾ
ਤੈਨੂੰ ਸੁਣਿਆ। ਆਵਾਜ਼ ਸੀ, “ਕਮਲਿਆਂ ਦੇ ਸਿਰ ਸਿੰਗ ਤਾਂ ਨੀਂ ਹੁੰਦੇ।”
“ਜੇ ਹੁੰਦੇ ਹੋਣਗੇ ਤਾਂ ਬਾਰ੍ਹਾਂ ਸਿੰਗਾ ਕੌਣ ਹੋਊ?” ਤੈਨੂੰ ਇੱਕ ਹੋਰ ਆਵਾਜ਼ ਸੁਣਾਈ
ਦਿੱਤੀ। ਫਿਰ ਤੈਨੂੰ ਕਿਸੇ ਵੱਲੋਂ ਲਿਆ ਗਿਆ ਤੇਰਾ ਨਾਂ ਸੁਣਾਈ ਦਿੱਤਾ ਅਤੇ ਫਿਰ ਕਈਆਂ ਦੇ
ਹੱਸਣ ਦੀ ਆਵਾਜ਼। ਇਹ ਤਾਂ ਤੇਰੇ ਵੱਲੋਂ ਹੀ ਤੇਰੇ ਸਹਿ ਕਾਮਿਆਂ ਵਿੱਚ ਪ੍ਰਚਲਤ ਕੀਤਾ
ਚੁਟਕਲਾ ਸੀ। ਤੇਰਾ ਜੀਅ ਕੀਤਾ ਕਿ ਵਾਪਸ ਜਾ ਕੇ ਉਨ੍ਹਾਂ ਨਾਲ ਗੱਲ ਕਰੇਂ ਪਰ ਤੈਨੂੰ ਪਿੰਕੀ
ਗਿੱਲ ਹੋਰਾਂ ਦੇ ਓਧਰ ਆ ਜਾਣ ਦਾ ਡਰ ਸੀ ਇਸ ਕਰ ਕੇ ਤੂੰ ਛੇਤੀ-ਛੇਤੀ ਆਪਣਾ ਕਵਰਆਲ ਲਾਹ ਕੇ
ਟੰਗ ਦਿੱਤਾ ਅਤੇ ਬਾਹਰ ਨਿਕਲ ਗਿਆ। ਕਾਰ ਵਿੱਚ ਬੈਠਦਿਆਂ ਤੈਨੂੰ ਪਤਾ ਨਾ ਲੱਗੇ ਕਿ ਕਿੱਧਰ
ਜਾਵੇਂ। ਪਿੰਕੀ ਗਿੱਲ ਦਾ ਚੇਹਰਾ ਤੇਰੇ ਮੂਹਰੇ ਘੁੰਮ ਰਿਹਾ ਸੀ। “ਭੈਣ ਦੇਣੀ ਚਰਮਖ ਜੀ,”
ਬੁੜਬੜਾ ਕੇ ਤੂੰ ਆਪਣੀ ਕਾਰ ਚਲਾ ਲਈ। ‘ਜੈਲਦਾਰਾਂ ਦਾ ਪੁੱਤ, ਚੱੜ੍ਹਤ ਸਿਓਂ ਦੀ ਨੂੰਹ ਥੱਲੇ
ਕੰਮ ਕਰਦੈ ਬਈ,’ ਤੈਨੂੰ ਲੱਗਾ ਜਿਵੇਂ ਕਿਸੇ ਨੇ ਕਿਹਾ ਹੋਵੇ। “ਭੈਣ ਦੇ ਚੜਤਿਆਂ ਦੇਣਾ,”
ਤੂੰ ਘਰੋੜ ਕੇ ਗਾਲ੍ਹ ਕੱਢੀ। ‘ਸਾਕ ਦੇਣੇ ਨੇ ਏਹਨੇ ਵੀ ਏਥੇ ਹੀ ਮਰਨਾ ਸੀ। ਹੋਰ ਥੋੜ੍ਹੇ
ਮੁਲਕ ਪਏ ਸੀ ਜਾਣ ਲਈ,’ ਤੂੰ ਸੋਚਿਆ। ਇਹ ਸੋਚ ਦੇ ਹੋਏ ਤੇਰਾ ਜੀਅ ਕੀਤਾ ਕਿ ਤੂੰ ਉੱਚੀ
ਸਾਰੀ ਸੰਘ ਘਰੋੜ ਕੇ ਗਾਲ੍ਹਾਂ ਕੱਢੇਂ।
ਤੇਰੀ ਕਾਰ ਆਪ ਮੁਹਾਰੀ ਹੀ ਬਾਰ ਵੱਲ ਮੁੜ ਗਈ। ਅੰਦਰ ਵੜਦਿਆਂ ਤੂੰ ਸਿੱਧਾ ਹੀ ਬਾਰ ਵੱਲ
ਗਿਆ। ਬਾਰਟੈਂਡਰ ਕੁੜੀ ਤੋਂ ਰੰਮ ਦਾ ਡਬਲ ਮੰਗ ਕੇ ਤੂੰ ਆਪਣੀ ਆਦਤ ਤੋਂ ਮਜਬੂਰ ਇੱਕ ਨਜ਼ਰ
ਬਾਰਟੈਂਡਰ ਕੁੜੀ ਦੇ ਲੋ ਕੱਟ ਬਲਾਊਜ਼ ‘ਤੇ ਮਾਰੀ ਪਰ ਤੇਰੀ ਨਿਗ੍ਹਾ ਉੱਥੇ ਨਾ ਟਿਕੀ। ਤੂੰ
ਉੱਥੇ ਖੜ੍ਹੇ ਨੇ ਹੀ ਇੱਕੋ ਡੀਕ ਨਾਲ ਆਪਣਾ ਗਲਾਸ ਖਾਲੀ ਕਰ ਦਿੱਤਾ। ਤੈਨੂੰ ਆਪਣੇ ਬਾਪੂ ਦੀ
ਕਹੀ ਗੱਲ ਚੇਤੇ ਆਈ। ਉਹ ਆਖਦਾ ਸੀ, “ਖੇਤ ਵੜੀ ਤੀਵੀਂ ਤੇ ਗਲਾਸ ‘ਚ ਪਾਈ ਦਾਰੂ ਬੱਸ ਚੱਕ
ਲਓ,” ਤੈਨੂੰ ਇਸ ਤਰ੍ਹਾਂ ਇੱਕੋ ਸਾਹੇ ਪੀਣ ਦੀ ਆਦਤ ਨਹੀਂ ਸੀ ਪਈ ਪਰ ਹੁਣ ਤੂੰ ਇੱਕੋ ਝਟਕੇ
ਨਾਲ ਗਲਾਸ ਖਾਲੀ ਕਰਕੇ ਇੱਕ ਹੋਰ ਡਬਲ ਮੰਗ ਲਿਆ। ਬਾਰਟੈਂਡਰ ਕੁੜੀ ਨੇ ਗਲਾਸ ਫੜਾਉਂਦਿਆਂ
ਤੈਨੂੰ ਕਿਹਾ, “ਇਜ਼ੀ, ਮੈਨ।” ਤੂੰ ਆਪਣਾ ਗਲਾਸ ਚੁੱਕ ਕੇ ਗੋਲ ਸਟੇਜ ਦੇ ਦੁਆਲੇ ਪਏ ਸਟੂਲ
‘ਤੇ ਬੈਠ ਗਿਆ। ਸਟੇਜ ‘ਤੇ ਸਟਰਿੱਪਰ ਡਾਂਸ ਕਰ ਰਹੀ ਸੀ ਪਰ ਤੇਰੇ ਦਿਮਾਗ ਵਿੱਚ ਪਿੰਕੀ ਗਿੱਲ
ਦੀ ਕੰਮ ਲਈ ਹੁਕਮ ਦਿੰਦੀ ਉਂਗਲ ਘੁੰਮ ਰਹੀ ਸੀ। ਤੂੰ ਆਪਣਾ ਗਲਾਸ ਛੇਤੀ ਹੀ ਖਤਮ ਕਰ ਕੇ ਇੱਕ
ਹੋਰ ਮੰਗਵਾ ਲਿਆ। ਤੈਨੂੰ ਪਤਾ ਹੀ ਨਾਂ ਲੱਗਾ ਕਿ ਕਦੋਂ ਇੱਕ ਸਟਰਿੱਪਰ ਨੇ ਆਪਣਾ ਡਾਂਸ ਖਤਮ
ਕੀਤਾ ਤੇ ਕਦੋਂ ਦੂਜੀ ਸਟਰਿੱਪਰ ਨੇ ਆ ਕੇ ਨਿਰਵਸਤਰ ਹੋਣਾ ਸ਼ੁਰੂ ਕਰ ਦਿੱਤਾ। ਤੇਰਾ ਧਿਆਨ
ਉਦੋਂ ਓਧਰ ਗਿਆ, ਜਦੋਂ ਕਿਸੇ ਨੇ ਉੱਚੀ ਸੀਟੀ ਮਾਰ ਕੇ ਕਿਹਾ, “ਆਈ ਲਵ ਚੌਕਲੇਟਸ।” ਤੈਨੂੰ
ਸਟਰਿੱਪਰ ਦੇ ਭੂਰੇ ਜਿਸਮ ਵਿੱਚੋਂ ਪਿੰਕੀ ਗਿੱਲ ਦਾ ਝਾਉਲਾ ਪੈਣ ਲੱਗਾ। ਤੇਰਾ ਨਸ਼ਾ
ਦੂਣ-ਸਵਾਇਆ ਹੋ ਗਿਆ। ਤੇਰਾ ਲਲਕਰਾ ਮਾਰਨ ਨੂੰ ਜੀਅ ਕੀਤਾ। ਤੂੰ ਆਪਣੇ ਨਾਲ ਵਾਲੇ ਸਟੂਲ ‘ਤੇ
ਬੈਠੇ ਆਦਮੀ ਦਾ ਖਾਲੀ ਗਲਾਸ ਵੇਖ ਕੇ ਆਖਿਆ, “ ਯੂਅਰ ਨੈਕਸਟ ਵਨ ਇਜ਼ ਆਨ ਮੀ।” ਤੂੰ ਵੇਟਰਸ
ਨੂੰ ਉਂਗਲ ਦੇ ਇਸ਼ਾਰੇ ਨਾਲ ਬਲਾਇਆ।ਅਤੇ ਫਿਰ ਸਟੇਜ ਵੱਲ ਵੇਖਣ ਲੱਗਾ। ਸਟਰਿੱਪਰ ਵੱਲ ਵੇਖ ਕੇ
ਤੈਨੂੰ ਲੱਗਾ ਜਿਵੇਂ ਪਿੰਕੀ ਗਿੱਲ ਨੱਚ ਰਹੀ ਹੋਵੇ। ਤੂੰ ਆਪਣੀ ਜੇਬ ਵਿੱਚੋਂ ਦਸਾਂ ਦਾ ਨੋਟ
ਕੱਢਿਆ ਅਤੇ ਝੂਮ ਕੇ ਸਟੇਜ ਉੱਪਰ ਚੜ੍ਹ ਗਿਆ। ਤੂੰ ਦਸਾਂ ਦਾ ਨੋਟ ਸਟਰਿੱਪਰ ਦੇ ਸਿਰ ਤੋਂ
ਵਾਰਨ ਹੀ ਲੱਗਾ ਸੀ ਕਿ ਦੋ ਹੱਟੇ-ਕੱਟੇ ਬਾਊਂਸਰਾਂ ਨੇ ਤੈਨੂੰ ਬਾਹਾਂ ਤੋਂ ਫੜ੍ਹ ਕੇ ਸਟੇਜ
ਤੋਂ ਧੂਹ ਲਿਆ ਅਤੇ ਬਾਰ ਤੋਂ ਬਾਹਰ ਸੁੱਟ ਦਿੱਤਾ। ਤੂੰ ਇੱਧਰ-ਉੱਧਰ ਵੇਖਿਆ ਕਿ ਕੋਈ
ਜਾਣ-ਪਹਿਚਾਣ ਵਾਲਾ ਤਾਂ ਨਹੀਂ ਸੀ ਵੇਖ ਰਿਹਾ। ਆਸੇ-ਪਾਸੇ ਕਿਸੇ ਨੂੰ ਵੀ ਨਾ ਵੇਖ ਕੇ ਤੈਨੂੰ
ਤਸੱਲੀ ਹੋਈ ਅਤੇ ਤੂੰ ਪੈਂਟ ਝਾੜ ਕੇ ਉੱਠ ਖਲੋਤਾ। ਤੂੰ ਆਪਣੀ ਕਾਰ ਵਿੱਚ ਜਾ ਕੇ ਸੋਚਿਆ,
‘ਹੁਣ ਕਿੱਧਰ ਜਾਵਾਂ?’ ਪਰ ਤੈਨੂੰ ਕੁਝ ਨਾ ਸੁੱਝਿਆ। “ਸਾਕ ਦੇਣੇ ਨੇ ਬਣੀ-ਬਣਾਈ ਖੇਡ ਵਿਗਾੜ
ਧਰੀ,” ਤੂੰ ਆਖਿਆ।
ਇਹੀ ਗੱਲ ਤੂੰ ਉਦੋਂ ਫਿਰ ਆਖੀ, ਜਦ ਘਰ ਜਾ ਕੇ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸੀ। ਉਸ ਨੇ
ਕਿਹਾ, “ਕਾਹਦੀ ਖੇਡ ਵਿਗੜ ਗਈ। ਅੱਗੇ ਵੀ ਤਾਂ ਕਰਦੇ ਈ ਸੀ। ਹੋਰ ਹੁਣ ਐਨੀ ਵਧੀਆ ਜੌਬ
ਥੋਨੂੰ ਕਿੱਥੋਂ ਮਿਲ ਜਾਊ, ਐਨੀ ਸਨਿਉਰਿਟੀ ਬਣੀ ਵੀ ਐ ------।” ਤੂੰ ਸੁਣਦੇ ਸਾਰ ਹੀ ਭੜਕ
ਪਿਆ, “ਅੱਖੀਂ ਵੇਖ ਕੇ ਮੱਖੀ ਕਿਵੇਂ ਨਿਗਲੀ ਜਾਊ। ਪਿੰਡ ਤਾਂ ਲੋਕਾਂ ਨੇ---- ਤੇਰੇ ਘਰਵਾਲੀ
ਚੁੱਪ ਕਰ ਗਈ। ਪਰ ਤੂੰ ਆਪਣਾ ਨਜਲਾ ਉਸ ‘ਤੇ ਝਾੜ ਕੇ ਵੀ ਸ਼ਾਂਤ ਨਹੀਂ ਹੋਇਆ। ਸਗੋਂ ਉਸ ਦਾ
ਇਹ ਕਿਹਾ ਕਿ ਹੁਣ ਐਨੀ ਵਧੀਆ ਜੌਬ ਕਿੱਥੋਂ ਮਿਲੂਗੀ ਤੇਰੇ ਅੰਦਰ ਹੋਰ ਅੱਗ ਬਾਲ ਗਿਆ। ਤੇ
ਤੂੰ ਇੱਕ ਪਿੱਛੋਂ ਦੂਜਾ ਰੰਮ ਤੇ ਕੋਕ ਦਾ ਗਲਾਸ ਅੰਦਰ ਸੁੱਟਦਾ ਗਿਆ। ਪਰ ਗੁਰਜੰਟ ਦਾ ਚੇਹਰਾ
ਅਤੇ ਪਿੰਕੀ ਦੀ ਕੰਮ ਲਈ ਇਸ਼ਾਰੇ ਕਰਦੀ ਉਂਗਲ ਤੇਰੇ ਚੇਤੇ ਵਿੱਚੋਂ ਖਾਰਜ ਨਾ ਹੋਈ। ਤੂੰ
ਬੁੜਬੜਾਇਆ, “ਐਹੋ ਜੀ ਨੌਕਰੀ ਨੂੰ ਢੂਈ ‘ਚ ਲੈਣੇ ਜਦੋਂ ਬੰਦੇ ਨੂੰ ਦਾਰੂ ਚੜ੍ਹਣੋ ਈ ਹਟ
ਜੇ।” ਇਸ ਤਰ੍ਹਾਂ ਦਾਰੂ ਦੇ ਆਸਰੇ ਨਾਲ ਪਿੰਕੀ, ਗੁਰਜੰਟ, ਨੌਕਰੀ ਤੇ ‘ਚੜ੍ਹਤੇ ਦੀ ਨੂੰਹ
ਥੱਲੇ ਕੰਮ ਕਰਨ’ ਵਾਲੇ ਬੋਲਾਂ ਨਾਲ ਘੁਲਦਾ ਤੂੰ ਬੇਸੁਰਤ ਹੋ ਗਿਆ।
ਪਰ ਹੁਣ ਸਵੇਰੇ ਜਦ ਤੇਰੀ ਨੀਂਦ ਖੁਲ੍ਹੀ ਤਾਂ ਤੂੰ ਖਾਲੀ-ਖਾਲੀ ਨਜ਼ਰਾਂ ਨਾਲ ਕਮਰੇ ਦੀ ਛੱਤ
ਵੱਲ ਘੂਰਨ ਲੱਗਾ। ਤੈਨੂੰ ਬਾਹਰੋਂ ਆਪਣੀ ਘਰਵਾਲੀ ਦੀ ਅਵਾਜ ਸੁਣਾਈ ਦਿੱਤੀ। ਉਸ ਨੇ ਕਿਹਾ
ਸੀ, “ਉੱਠੋ, ਅੱਜ ਛੁੱਟੀ ਐ ਤਾਂ ਪੂਲ ਦਾ ਕਰੋ ਕੁਛ। ਛੱਪੜ ਬਣਿਆ ਪਿਐ।” ਪਰ ਤੂੰ ਅਣ-ਸੁਣੀ
ਕਰ ਦਿੱਤੀ। ‘ਹੁਣ ਤਾਂ ਛੁੱਟੀਆਂ ਈ ਛੁੱਟੀਆਂ,’ ਤੂੰ ਸੋਚਿਆ । ਇਸ ਸੋਚ ਨਾਲ ਤੇਰੇ ਅੰਦਰੋਂ
ਜਿਵੇਂ ਰੁੱਗ ਭਰਿਆ ਗਿਆ। ਫਿਰ ਤੂੰ ਸੋਚਿਆ, ‘ਅੱਜ ਇਹ ਵੀ ਘਰ ਹੀ ਫਿਰਦੀ ਹੈ। ਇਹ ਤਾਂ
ਢਿੱਲੀ-ਮੱਠੀ ਹੋਈ ਤੋਂ ਵੀ ਘਰ ਨੀ ਰਹਿੰਦੀ, ਅੱਜ ਕਿਵੇਂ?’ ਤੈਨੂੰ ਧੁੰਦਲਾ ਜਿਹਾ ਚੇਤੇ ਆਇਆ
ਕਿ ਤੇਰੇ ਘਰਵਾਲੀ ਨੇ ਕਿਹਾ ਸੀ, “ਮੇਰਾ ਕੰਮ ਵੀ ਸਲੋਅ ਹੁੰਦਾ ਲੱਗਦੈ।” ਤੈਨੂੰ ਪੂਰੀ
ਤਰ੍ਹਾਂ ਯਾਦ ਨਾ ਆਇਆ ਕਿ ਇਹ ਉਸ ਨੇ ਕਦੋਂ ਕਿਹਾ ਸੀ। ਤੂੰ ਫਿਕਰਮੰਦ ਹੋ ਕੇ ਸੋਚਿਆ, “ਕਿਤੇ
ਏਹਨੂੰ ਲੇਅ-ਔਫ ਤਾਂ ਨਹੀਂ ਮਿਲ ਗਈ?’ ਤੇਰਾ ਧਿਆਨ ਇੱਕਦਮ ਕੈਲੰਡਰ ਵੱਲ ਗਿਆ। ਤੂੰ ਕੁਝ ਦੇਰ
ਉਲਝੀਆਂ ਨਜ਼ਰਾਂ ਨਾਲ ਕੈਲੰਡਰ ਵੱਲ ਵੇਖਦਾ ਰਿਹਾ, ਜਦ ਤੈਨੂੰ ਸਮਝ ਲੱਗੀ ਕਿ ਅੱਜ ਸ਼ਨਿੱਚਰਵਾਰ
ਹੈ ਤਾਂ ਤੈਨੂੰ ਥੋੜ੍ਹੀ ਜਿਹੀ ਤਸੱਲੀ ਹੋਈ ਕਿ ਅੱਜ ਛੁੱਟੀ ਦਾ ਦਿਨ ਹੀ ਹੈ। ਫਿਰ ਤੈਨੂੰ
ਲੱਗਿਆ ਜਿਵੇਂ ਤੇਰੇ ਘਰਵਾਲੀ ਨੇ ਕਿਹਾ ਸੀ, “ਜੇ ਮੈਨੂੰ ਲੇਅ-ਔਫ ਹੋ ਗਈ ਤੇ ਓਧਰੋਂ ਤੁਸੀਂ
ਕੰਮ ਛੱਡ ਦਿੱਤਾ ਤਾਂ ਕਿਵੇਂ ਮੌਰਗੇਜ਼ ਦੀ ਕਿਸ਼ਤ ਚੱਲੂ----ਨਾਲੇ ਹੋਰ ਚੁੰਹ ਮਹੀਨਿਆਂ ਨੂੰ
ਮੁੰਡੇ ਨੇ ਯੂਨੀਵਰਸਿਟੀ ਜਾਣੈ ਫੇਰ ਕੁੜੀ ਦੀ ਵਾਰੀ ਆਈ ਖੜ੍ਹੀ ਐ। ਏਹਨਾਂ ਦੇ ਵਿਆਹ ਵੀ
ਕਰਨੇ ਆ।---ਇਓਂ ਕੰਮ ਛੱਡ ਦੇਣਾ ਕਿੱਧਰ ਦੀ ਸਿਆਣਪ ਐ। ਜੇ ਬਹੁਤਾ ਈ ਐ ਤਾਂ ਰਾਤ ਦੀ ਸ਼ਿਫਟ
ਲੈ ਲੋ ਜਾਂ ਛੁੱਟੀ ਲੈ ਲੋ ਜਿੰਨਾਂ ਚਿਰ ਸੁਪਰਵਾਈਜ਼ਰ ਨੀ ਬਣਦੇ----।” ਫਿਰ ਤੈਨੂੰ ਆਪਣੇ
ਲੰਚਰੂਮ ‘ਚ ਬੈਠੇ ਸਹਿਕਾਮਿਆਂ ਦਾ ਤੈਨੂੰ ‘ਬਾਰ੍ਹਾਂਸਿੰਗਾ’ ਆਖ ਕੇ ਹੱਸਣਾ ਯਾਦ ਆਇਆ। ਪਲ
ਦੀ ਪਲ ਤੂੰ ਸੋਚਿਆ ਕਿ ਚੰਗਾ ਹੀ ਕੀਤਾ ਕਿ ਮੈਨੇਜਰ ਨੂੰ ਚਿੱਤ ਨਾ ਠੀਕ ਹੋਣ ਦਾ ਬਹਾਨਾ ਬਣਾ
ਕੇ ਆਇਆ ਸੀ। ਪਰ ਅਗਲੇ ਹੀ ਪਲ ਤੇਰੇ ਸਾਹਮਣੇ ਗੁਰਜੰਟ ਅਤੇ ਪਿੰਕੀ ਗਿੱਲ ਦੇ ਚੇਹਰੇ ਆ
ਜਾਂਦੇ ਹਨ। ਤੇਰੇ ਅੰਦਰ ਖਿੱਝ ਉੱਠੀ। ਤੂੰ ਸੋਚਿਆ, ‘ਸਾਲੇ ਨੇ ਬਣੀ-ਬਣਾਈ ਖੇਡ ਵਿਗਾੜ ਧਰੀ।
ਕਿਸੇ ਹੋਰ ਥਾਂ ਜਾ ਮਰਦਾ।’
“ਗੈੱਟ ਅਪ ਡੈਡ, ਮੈਂ ਅੱਜ ਥੋਡੇ ਵਾਸਤੇ ਸਪੈਸ਼ਲ ਬ੍ਰੇਕਫਾਸਟ ਬਣਾਇਐ,” ਤੈਨੂੰ ਆਪਣੀ ਧੀ ਦੀ
ਆਵਾਜ਼ ਸੁਣਾਈ ਦਿੱਤੀ। ਤੇਰਾ ਉੱਠਣ ਲਈ ਦਿਲ ਨਹੀਂ ਕਰਦਾ ਪਰ ਤੂੰ ਫਿਰ ਵੀ ਉੱਠ ਖਲੋਤਾ।
ਰਸੋਈ ਵਿੱਚ ਤੈਨੂੰ ਕੋਈ ਵੀ ਨਾ ਦਿਸਿਆ। ਫਿਰ ਤੇਰੀ ਨਿਗ੍ਹਾ ਪਿਛਵਾੜੇ ਵੱਲ ਗਈ। ਸਾਰਾ
ਪ੍ਰੀਵਾਰ ਪੂਲ ਦੇ ਕਿਨਾਰੇ ਪਏ ਮੇਜ਼ ਦੇ ਦੁਆਲੇ ਬੈਠਾ ਸੀ, ਜਿਸ ‘ਤੇ ਖਾਣ-ਪੀਣ ਦਾ ਸਮਾਨ ਪਿਆ
ਸੀ। “ਵੂਈ ਆਰ ਵੇਟਿੰਗ ਫਾਰ ਯੂ, ਡੈਡ,” ਆਪਣੀ ਧੀ ਦੀ ਆਵਾਜ਼ ਸੁਣ ਕੇ ਤੂੰ ਪਿਛਵਾੜੇ ਦੀਆਂ
ਪੌੜੀਆਂ ਉੱਤਰ ਗਿਆ। ਤੇਰੇ ਪੁੱਤਰ ਨੇ ਤੇਰੇ ਚੇਹਰੇ ਵੱਲ ਵੇਖ ਕੇ ਪੁੱਛਿਆ , “ਵੱਟਸ ਦਾ
ਮੈਟਰ, ਡੈਡ?” ਪਰ ਤੂੰ ਕੋਈ ਜਵਾਬ ਨਹੀਂ ਦਿੱਤਾ। ਤੂੰ ਵੇਖਿਆ ਕਿ ਉਹ ਜਵਾਬ ਦੀ ਉਡੀਕ ਵਿੱਚ
ਤੈਥੋਂ ਨਜ਼ਰਾਂ ਹਟਾ ਕੇ ਤੇਰੇ ਘਰਵਾਲੀ ਵੱਲ ਵੇਖਣ ਲੱਗਾ। ਉਸ ਨੇ ਕਿਹਾ, “ਗੱਲ ਕੀ ਹੋਣੀ ਆ।
ਤੇਰੇ ਡੈਡੀ ਦੀ ਜਿਹੜੀ ਸੁਪਰਵਾਈਜ਼ਰ ਐ ਨਾ ਪਿੰਕੀ ਗਿੱਲ ਓਹ ਤੇਰੇ ਡੈਡੀ ਦੇ ਪਿੰਡ ਦੇ
ਮਜ੍ਹਬੀਆਂ ਦੇ ਮੁੰਡੇ ਨੂੰ ਵਿਆਹੀ ਗਈ ਐ।”
ਤੂੰ ਵਿੱਚੋਂ ਹੀ ਬੋਲਿਆ, “ਚੜ੍ਹਤਾ ਸਾਰੀ ਉਮਰ ਸਾਡਾ ਸੀਰੀ ਰਿਹੈ।”
“ਸੋ ਵਾਹਟ?” ਆਪਣੇ ਪੁੱਤਰ ਦਾ ਇਸ ਤਰ੍ਹਾਂ ਕਿਹਾ ਸੁਣ ਕੇ ਤੇਰੇ ਅੰਦਰ ਅੱਗ ਮੱਚਣ ਲੱਗੀ।
‘ਸਾਲਾ ਸੋ ਵਾਹਟ ਦਾ, ਏਹਦੇ ਭਾਣੇ ਇਹ ਗੱਲ ਈ ਕੋਈ ਨੀ,’ ਤੂੰ ਸੋਚਿਆ ਪਰ ਆਖਿਆ ਕੁਝ ਨਾ।
ਤੈਨੂੰ ਉੱਥੇ ਹੋਰ ਖੜ੍ਹੇ ਰਹਿਣਾ ਅਸੰਭਵ ਲੱਗਾ। ਤੂੰ ਆਪਣੇ ਪੁੱਤਰ ਵੱਲ ਆਨੇ ਕੱਢਦਾ ਅਗਾਂਹ
ਨੂੰ ਤੁਰ ਪਿਆ। ਪੈਰ ਅੜਕਣ ਨਾਲ ਤੂੰ ਪੂਲ ਵਿੱਚ ਜਾ ਡਿੱਗਿਆ। “ਡੈਡ, ਥੋਨੂੰ ਅੱਗੇ ਵੱਲ ਵੇਖ
ਕੇ ਚੱਲਣਾ ਚਾਹੀਦੈ,” ਤੈਨੂੰ ਸੁਣਾਈ ਦਿੱਤਾ। ਕਿੰਨੀ ਦੇਰ ਤੂੰ ਆਪਣੇ ਪੁੱਤਰ ਦੇ ਮੂੰਹ ਵੱਲ
ਵਿਹੰਦਾ ਉਹਦੇ ਬੋਲ ਦੇ ਅਰਥ ਸਮਝਣ ਵਿੱਚ ਉਲਝਿਆ ਡੌਰ ਭੌਰ ਹੋਇਆ ਅਹਿੱਲ ਖੜ੍ਹਾ ਰਿਹਾ,
ਜਿਵੇਂ ਤੇਰੇ ਪੈਰ ਛੱਪੜ ਦੀ ਗਾਰ ਵਿੱਚ ਫਸ ਗਏ ਹੋਣ।
-0-
|