Welcome to Seerat.ca
Welcome to Seerat.ca

ਚਿਤ੍ਰਲੇਖ/ ਸ਼ਨਾਖ਼ਤ

 

- ਅਮਰਜੀਤ ਚੰਦਨ

ਖੀਸੇ ਚ ਟਿਮਕਦੇ ਜੁਗਨੂੰ

 

- ਇਕਬਾਲ ਰਾਮੂਵਾਲੀਆ

ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਨਵੀਂ ਦੁਨੀਆਂ

 

- ਹਰਜੀਤ ਅਟਵਾਲ

ਗੱਲਾਂ ਚੋਂ ਗੱਲ

 

- ਬਲਵਿੰਦਰ ਗਰੇਵਾਲ

ਵਲੈਤ ਦੇ ਭੱਠੇ

 

- ਸੁਖਦੇਵ ਸਿੱਧੂ

ਵਿਸ਼ਵੀਕਰਣ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ

 

- ਦੇਵਿੰਦਰ ਕੌਰ

ਘਰ ਦੇ ਜੀਅ

 

- ਮੰਗੇ ਸਪਰਾਏ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਇਤਿਹਾਸ ਬੋਲਦਾ ਏ

 

- ਦਰਸ਼ਨ ਬੁਲੰਦਵੀ

ਆਖਰ ਕੁਝ ਤਾਂ ਹੈ ਜੱਟ ਅਖਵਾਉਣ ਵਿੱਚ

 

- ਹਰਜੀਤ ਗਿੱਲ

ਲਹੂ ਦਾ ਅੱਥਰੂ

 

- ਸੰਤੋਖ ਸਿੰਘ ਸੰਤੋਖ

ਛੱਪੜ

 

- ਹਰਪ੍ਰੀਤ ਸੇਖਾ

ਪੰਜਾਬੀ ਡਾਇਸਪੋਰਾ ਦੇ ਦਿਖਦੇ ਅਣਦਿਖਦੇ ਪਾਸਾਰ
(ਵਰਿਆਮ ਸੰਧੂ ਦੀ ਕਹਾਣੀ ਜਮਰੌਦ) ਦੇ ਸੰਦਰਭ ਵਿੱਚ

 

- ਡਾ: ਗੁਰਮੀਤ ਕੌਰ

ਜਮਰੌਦ

 

- ਵਰਿਆਮ ਸਿੰਘ ਸੰਧੂ

ਇਹ ਕੇਹੀ ਅਜ਼ਾਦੀ

 

- ਗੁਲਸ਼ਨ ਦਿਆਲ

ਜੇ ਭਰਾ ਮਾੜਾ ਤਾਂ ਮਰਦਪੁਣਾ ਜੇ ਭੈਣ ਮਾੜੀ ਤਾਂ ਬਦਕਾਰ

 

- ਬੇਅੰਤ ਗਿੱਲ ਮੋਗਾ

 

Online Punjabi Magazine Seerat

ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ
- ਪ੍ਰਿੰ. ਸਰਵਣ ਸਿੰਘ

 

ਭਾਪਾ ਪ੍ਰੀਤਮ ਸਿੰਘ ਪੰਜਾਬੀ ਪ੍ਰਕਾਸ਼ਨ ਦਾ ਚੈਂਪੀਅਨ ਸੀ। ਉਸ ਨੇ ਛਪਾਈ ਦੇ ਅਨੇਕਾਂ ਅਵਾਰਡ ਜਿੱਤੇ। ਉਸ ਨੂੰ ਆਲ ਇੰਡੀਆ ਪ੍ਰਿੰਟਿੰਗ ਦਾ ਪਹਿਲਾ ਅਵਾਰਡ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸ਼ਾਦ ਨੇ ਦਿੱਤਾ ਸੀ। ਫੇਰ ਤਾਂ ਆਏ ਸਾਲ ਹੀ ਇਨਾਮ ਮਿਲਦਾ। ਪੰਜਾਬੀ ਦੇ ਕਹਿੰਦੇ ਕਹਾਉਂਦੇ ਲੇਖਕ ਨਵਯੁਗ ਤੋਂ ਆਪਣੀ ਪੁਸਤਕ ਪ੍ਰਕਾਸ਼ਤ ਕਰਵਾਉਣੀ ਆਪਣੇ ਧੰਨਭਾਗ ਸਮਝਦੇ। ਨਵਯੁਗ ਪਬਲਿਸ਼ਰਜ਼ ਦੀ ਮੋਹਰ ਹੀ ਪੁਸਤਕ ਦੀ ਕਦਰ ਕੀਮਤ ਵਧਾ ਦਿੰਦੀ ਸੀ। ਭਾਪਾ ਗੁਣਾਂ ਦੀ ਗੁਥਲੀ ਸੀ। ਕੋਈ ਉਸ ਨੂੰ ਛਪਾਈ ਦਾ ਉਸਤਾਦ ਕਹਿੰਦਾ, ਕੋਈ ਸਾਹਿਤ ਦਾ ਵਣਜਾਰਾ, ਕੋਈ ਕੁਤਬ ਮਿਨਾਰ, ਕੋਈ ਫੌਲਾਦੀ ਫੁੱਲ ਤੇ ਕੋਈ ਨਿੱਘ ਦਾ ਦਰਿਆ। ਉਹ ਸੁਹਿਰਦ ਕਰਮਯੋਗੀ ਸੀ, ਸ਼ਾਤ ਚਿੱਤ ਸੀ, ਸਿਦਕਵਾਨ ਸੀ, ਸਿਰੜੀ ਸੀ ਤੇ ਕਿੱਤੇ ਨੂੰ ਕਲਾ ਬਣਾਉਣ ਵਾਲਾ ਕਮਾਲ ਦਾ ਕਲਾਕਾਰ ਸੀ। ਉਸ ਨੇ ਲੋਹੇ ਦੇ ਸਿੱਕਿਆਂ ਨੂੰ ਸੋਨੇ ਦੇ ਹਰਫ਼ਾਂ ਵਿਚ ਢਾਲਣ ਦਾ ਕੌਤਕ ਵਰਤਾਇਆ। ਛਪਾਈ ਦੀ ਲੀਲ੍ਹਾ ਰਚੀ। ਉਹ ਸੱਚਮੁੱਚ ਮਹਾਨ ਆਤਮਾ ਵਾਲਾ ਇਨਸਾਨ ਸੀ।
ਭਾਪਾ ਜੀ ਦੇ ਅਕਾਲ ਚਲਾਣੇ ਨਾਲ ਪੰਜਾਬੀ ਪ੍ਰਕਾਸ਼ਨ ਦੇ ਇਕ ਯੁੱਗ ਦਾ ਅੰਤ ਹੋ ਗਿਆ। ਜਦੋਂ ਵੀ ਪੰਜਾਬੀ ਦੀਆਂ ਚੰਗੀਆਂ ਪੁਸਤਕਾਂ ਤੇ ਪੰਜਾਬੀ ਦੇ ਮਿਆਰੀ ਸਾਹਿਤਕ ਰਸਾਲੇ ਦੀਆਂ ਗੱਲਾਂ ਹੋਣਗੀਆਂ ਉਦੋਂ ਭਾਪਾ ਪ੍ਰੀਤਮ ਸਿੰਘ ਨੂੰ ਸਿ਼ੱਦਤ ਨਾਲ ਯਾਦ ਕੀਤਾ ਜਾਵੇਗਾ। ਏਸੇ ਕਾਰਨ ਉਹ ਮੈਨੂੰ ਫਿਰ ਯਾਦ ਆ ਗਿਆ ਹੈ ਤੇ ਉਹਦੀਆਂ ਯਾਦਾਂ ਚੇਤੇ ਚ ਉਭਰ ਆਈਆਂ ਹਨ। ਉਹ ਇਕੰਨਵੇਂ ਸਾਲਾਂ ਦੀ ਲੰਮੀ ਉਮਰ ਜਿਊਂ ਕੇ ਪੰਜਾਬੀ ਛਾਪੇਖਾਨੇ ਦੇ ਖੇਤਰ ਵਿਚ ਉਹ ਕੁਝ ਕਰ ਗਿਆ ਜੀਹਦੇ ਲਈ ਪੰਜਾਬੀ ਪਿਆਰੇ ਹਮੇਸ਼ਾਂ ਉਸ ਦੇ ਰਿਣੀ ਰਹਿਣਗੇ। ਉਮਰ ਦੇ ਆਖ਼ਰੀ ਵਰ੍ਹਿਆਂ ਤਕ ਉਹ ਪੂਰੀ ਸਰਗਰਮੀ ਨਾਲ ਪੰਜਾਬੀ ਦੀਆਂ ਪੁਸਤਕਾਂ ਪ੍ਰਕਾਸਿ਼ਤ ਕਰਨ ਦੇ ਕਾਰਜ ਵਿਚ ਜੁੱਟਿਆ ਰਿਹਾ। ਆਪਣਾ ਸਾਹਿਤਕ ਰਸਾਲਾ ਆਰਸੀ ਲਗਾਤਾਰ ਬਤਾਲੀ ਸਾਲ ਚਲਾਇਆ। ਉਹਨੇ ਗਰੀਬੀ ਵੀ ਵੇਖੀ ਤੇ ਅਮੀਰੀ ਵੀ ਮਾਣੀ। ਖ਼ੁਦ ਛਪਾਈ ਮਜ਼ਦੂਰ ਰਿਹਾ ਤੇ ਪਿੱਛੋਂ ਛਪਾਈ ਮਜ਼ਦੂਰਾਂ ਨੂੰ ਰੁਜ਼ਗਾਰ ਵੀ ਦਿੰਦਾ ਰਿਹਾ। ਜਨ ਸਾਧਾਰਨ ਤੋਂ ਲੈ ਕੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਤਕ ਮੇਲ ਜੋਲ ਵਧਾਇਆ ਅਤੇ ਪੰਜਾਬੀ ਦੇ ਵਿਕਾਸ ਲਈ ਯਾਦਗਾਰੀ ਕੰਮ ਕੀਤੇ।
ਉਹ ਬੜਾ ਨਿਮਰ, ਮਿਹਨਤੀ ਤੇ ਹਿੰਮਤੀ ਇਨਸਾਨ ਸੀ। ਸਹਿਜ ਤੇ ਸਾਦਗੀ ਦੀ ਮੂਰਤ। ਪੰਜਾਬੀ ਲੇਖਕਾਂ ਦੀ ਭਲਾਈ ਲਈ ਜੋ ਨਹੀਂ ਸੋ ਕਰਦਾ ਸੀ। ਉਸ ਦੀ ਸ਼ਖਸੀਅਤ ਪਹਿਲਾਂ ਨਾਮਧਾਰੀ ਤੇ ਪਿੱਛੋਂ ਪ੍ਰੀਤ ਲੜੀ ਦੇ ਮਾਹੌਲ ਵਿਚ ਢਲੀ ਸੀ। ਉਹ 1936 ਤੋਂ 47 ਤਕ ਗੁਰਬਖ਼ਸ਼ ਸਿੰਘ ਦੇ ਪ੍ਰੀਤ ਨਗਰ ਵਿਚ ਛਪਾਈ ਦਾ ਕੰਮ ਕਰਦਾ ਰਿਹਾ ਤੇ ਪ੍ਰੀਤ ਲੜੀ ਨਾਲ ਜੁੜਿਆ ਰਿਹਾ। ਦੇਸ਼ ਦੀ ਵੰਡ ਪਿੱਛੋਂ ਉਹ ਦਿੱਲੀ ਆ ਗਿਆ ਜਿਥੇ 57 ਸਾਲ ਰਹਿ ਕੇ ਆਖ਼ਰੀ ਸਾਹ 31 ਮਾਰਚ 2005 ਨੂੰ ਲਿਆ। 1950 ਚ ਚਾਂਦਨੀ ਚੌਕ ਦੀ ਪਲੱਈਅਰ ਗਾਰਡਨ ਮਾਰਕਿਟ ਵਿਚ ਨਵਯੁਗ ਨਾਂ ਦਾ ਪ੍ਰੈੱਸ ਚਾਲੂ ਕੀਤਾ। ਇਹ ਪ੍ਰੈੱਸ ਉਸ ਨੇ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਤੋਂ ਲਿਆ ਸੀ। ਪ੍ਰੀਤ ਲੜੀ ਨੂੰ ਪਹਿਲਾਂ ਮਹਿੰਦਰ ਸਿੰਘ ਰੰਧਾਵਾ ਦੀ ਮਿਹਰਬਾਨੀ ਨਾਲ ਮਿਲਿਆ ਸੀ। ਉਥੇ ਪ੍ਰੀਤਮ ਸਿੰਘ 1958 ਤੋਂ ਆਰਸੀ ਨਾਂਅ ਦਾ ਸਾਹਿਤਕ ਰਸਾਲਾ ਛਾਪਣ ਲੱਗਾ ਜੋ ਪੰਜਾਬੀ ਦੇ ਸਾਹਿਤਕ ਜਗਤ ਵਿਚ ਬੜਾ ਮਕਬੂਲ ਹੋਇਆ। ਉਹ ਸੋਵੀਅਤ ਦੇਸ ਦੀਆਂ ਪੰਜਾਬੀ ਪ੍ਰਕਾਸ਼ਨਾਵਾਂ ਵੀ ਛਾਪਦਾ। ਵਿਸ਼ਵ ਪ੍ਰਸਿੱਧ ਰੂਸੀ ਕਿਤਾਬਾਂ ਦੇ ਅਨੁਵਾਦ ਨਵਯੁਗ ਪ੍ਰੈੱਸ ਵਿਚ ਛਪਦੇ ਜਿਨ੍ਹਾਂ ਦੀ ਦੱਖ ਦਿਲਖਿੱਚਵੀਂ ਤੇ ਵਿਲੱਖਣ ਹੁੰਦੀ। ਉਨ੍ਹਾਂ ਦੀ ਕੀਮਤ ਵੀ ਘੱਟ ਹੁੰਦੀ। ਸਿਰਫ਼ ਦੋ ਚਾਰ ਜਾਂ ਪੰਜ ਸੱਤ ਰੁਪਏ। ਉਨ੍ਹਾਂ ਪੁਸਤਕਾਂ ਨੇ ਪੰਜਾਬੀ ਵਿਚ ਹਜ਼ਾਰਾਂ ਪਾਠਕ ਪੈਦਾ ਕੀਤੇ। ਮੈਂ ਖ਼ੁਦ ਉਨ੍ਹਾਂ ਕਿਤਾਬਾਂ ਤੋਂ ਬਹੁਤ ਕੁਝ ਸਿੱਖਿਆ।
ਉਨ੍ਹਾਂ ਕਿਤਾਬਾਂ ਤੇ ਆਰਸੀ ਰਸਾਲੇ ਰਾਹੀਂ ਹੀ ਮੈਂ ਭਾਪਾ ਪ੍ਰੀਤਮ ਸਿੰਘ ਦੇ ਸੰਪਰਕ ਵਿਚ ਆਇਆ ਸਾਂ। ਜੇ ਮੈਂ ਕਹਾਂ ਕਿ ਮੈਨੂੰ ਲਿਖਣ ਹੀ ਭਾਪਾ ਜੀ ਨੇ ਲਾਇਆ ਤਾਂ ਕੋਈ ਅਤਕਥਨੀ ਨਹੀਂ। ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦੀ ਚੇਟਕ ਲਾਉਣ ਵਾਲਾ ਵੀ ਉਹੀ ਸੀ। ਉਹ ਸਥਾਪਿਤ ਲੇਖਕਾਂ ਨੂੰ ਪ੍ਰਕਾਸਿ਼ਤ ਕਰਨ ਦੇ ਨਾਲ ਨਵੇਂ ਲੇਖਕਾਂ ਨੂੰ ਵੀ ਉਤਸ਼ਾਹਿਤ ਕਰਦਾ ਸੀ। ਮੇਰੀ ਪਹਿਲੀ ਪੁਸਤਕ ਪੰਜਾਬ ਦੇ ਉੱਘੇ ਖਿਡਾਰੀ ਨਵਯੁਗ ਪਬਲਿਸ਼ਰਜ਼ ਨੇ ਹੀ ਪ੍ਰਕਾਸਿ਼ਤ ਕੀਤੀ ਸੀ ਤੇ ਉਹਦੇ ਲਈ ਕੋਈ ਖਰਚਾ ਲੈਣ ਦੀ ਥਾਂ ਸਗੋਂ ਰਾਇਲਟੀ ਦਿੱਤੀ ਸੀ। ਉਹਨੀਂ ਦਿਨੀਂ ਮੈਨੂੰ ਇਕ ਹਜ਼ਾਰ ਰੁਪਏ ਦਾ ਚੈੱਕ ਮਿਲਿਆ ਸੀ ਜੋ ਅੱਜ ਕੱਲ੍ਹ ਦੇ ਲੱਖ ਦੇ ਬਰਾਬਰ ਹੈ। ਕਿਤਾਬ ਦੀ ਕੀਮਤ ਦਸ ਰੁਪਏ ਰੱਖੀ ਗਈ ਸੀ।

ਪ੍ਰੀਤਮ ਸਿੰਘ ਦਾ ਜਨਮ 16 ਜੁਲਾਈ 1914 ਨੂੰ ਨਾਰੋਵਾਲ ਨੇੜੇ ਪਿੰਡ ਤਲਵੰਡੀ ਭਿੰਡਰਾਂ, ਜਿ਼ਲ੍ਹਾ ਸਿਆਲਕੋਟ ਵਿਚ ਇਕ ਹਲਵਾਈ ਦੇ ਘਰ ਹੋਇਆ ਸੀ। ਉਸ ਨੇ ਪ੍ਰਾਇਮਰੀ ਦੀ ਸਿੱਖਿਆ ਆਰੀਆ ਸਕੂਲ ਗੰਜੀਬਾਰ ਤੋਂ ਹਾਸਲ ਕੀਤੀ ਤੇ ਆਰਥਿਕ ਤੰਗੀ ਕਾਰਨ ਛੇਵੀਂ ਜਮਾਤ ਤਕ ਹੀ ਪੜ੍ਹ ਸਕਿਆ। ਫਿਰ ਉਹ ਗੁਰਦਵਾਰੇ ਦਾ ਗ੍ਰੰਥੀ ਬਣ ਗਿਆ ਤੇ ਕੁਝ ਸਮਾਂ ਮੁਨੀਮੀ ਵੀ ਕੀਤੀ। ਉਸ ਨੇ ਨਾਮਧਾਰੀ ਸੰਪਰਦਾ ਦੇ ਪ੍ਰਭਾਵ ਹੇਠ ਸਫ਼ੈਦ ਖੱਦਰ ਦੇ ਵਸਤਰ ਧਾਰਨ ਕਰ ਲਏ ਤੇ ਸਾਰੀ ਉਮਰ ਨਾਮਧਾਰੀ ਬਾਣਾ ਪਾਈ ਰੱਖਿਆ। ਚਿੱਟਾ ਚੂੜੀਦਾਰ ਪਜਾਮਾ, ਚਿੱਟਾ ਕੁੜਤਾ ਤੇ ਸਫੈਦ ਪੋਚਵੀਂ ਪੱਗ। ਉਤੋਂ ਦੀ ਕਾਲੀ ਵਾਸਕਟ ਪਾ ਲੈਂਦਾ ਸੀ। ਪੱਗ ਉਹ ਨਾਮਧਾਰੀਆਂ ਵਾਂਗ ਗੋਲ ਬੰਨ੍ਹਣ ਦੀ ਥਾਂ ਸਿੱਧੀ ਪੇਚਦਾਰ ਬੰਨ੍ਹਦਾ ਸੀ। ਉਸ ਦੀ ਦਾੜ੍ਹੀ ਵੀ ਚਿੱਟੀ ਕਬੂਤਰ-ਰੰਗੀ ਸੀ ਤੇ ਹਾਸਾ ਵੀ ਚਿੱਟਾ ਸਪਾਟ ਹਸਦਾ ਸੀ। ਮੈਂ ਉਸ ਨੂੰ ਜਿੰਨੀ ਵਾਰ ਵੀ ਵੇਖਿਆ ਸਫੈਦ ਪੁਸ਼ਾਕ ਵਿਚ ਲਿਸ਼ਕਦਾ ਪੁਸ਼ਕਦਾ ਹੀ ਵੇਖਿਆ। ਉਹਨੂੰ ਵੇਖ ਕੇ ਕਦੇ ਕਦੇ ਬਗਲੇ ਭਗਤ ਦਾ ਖਿ਼ਆਲ ਤਾਂ ਆਉਂਦਾ ਪਰ ਉਹ ਬਗਲਾ ਭਗਤ ਨਹੀਂ ਸੀ।
1965-66 ਦੀ ਗੱਲ ਹੈ। ਮੈਂ ਉਦੋਂ ਦਿੱਲੀ ਦੇ ਖ਼ਾਲਸਾ ਕਾਲਜ ਵਿਚ ਲੈਕਚਰਾਰ ਸਾਂ। ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ ਅਤੇ ਮੈਂ ਨਵਯੁਗ ਤੇ ਆਰਸੀ ਪ੍ਰਕਾਸ਼ਨ ਦੀਆਂ ਕਿਤਾਬਾਂ ਖਰੀਦਦਾ ਰਹਿੰਦਾ ਸਾਂ। ਇੰਜ ਹਫ਼ਤੇ ਦੋ ਹਫ਼ਤੀਂ ਮੇਰਾ ਗੇੜਾ ਆਰਸੀ ਦੀ ਦੁਕਾਨ ਵੱਲ ਵੱਜਦਾ ਰਹਿੰਦਾ। ਕਾਲਜ ਤੋਂ ਵਿਹਲਾ ਹੋ ਕੇ ਮੈਂ 25 ਨੰਬਰ ਬੱਸ ਚੜ੍ਹਦਾ ਤੇ ਚਾਂਦਨੀ ਚੌਕ ਜਾ ਉਤਰਦਾ। ਪਹਿਲਾਂ ਗੁਰਦਵਾਰਾ ਸੀਸ ਗੰਜ ਸਾਹਿਬ ਅੱਗੇ ਸਿਰ ਨਿਵਾਉਂਦਾ ਤੇ ਫਿਰ ਚਾਂਦਨੀ ਚੌਕ ਦੇ ਰੌਲੇ ਗੌਲੇ ਵਾਲੇ ਬਜ਼ਾਰ ਵਿਚ ਪਲੱਈਅਰ ਗਾਰਡਨ ਮਾਰਕਿਟ ਵੱਲ ਹੋ ਤੁਰਦਾ। ਦੁਕਾਨਾਂ ਮੂਹਰੇ ਗਾਹਕਾਂ ਦੀਆਂ ਭੀੜਾਂ ਲੱਗੀਆਂ ਹੁੰਦੀਆਂ। ਬੰਦੇ ਨਾਲ ਬੰਦਾ ਖਹਿ ਰਿਹਾ ਹੁੰਦਾ। ਮੰਗਤੇ ਠੂਠੇ ਫੜੀ ਫਿਰਦੇ ਜਿਨ੍ਹਾਂ ਉਤੇ ਮੱਖੀਆਂ ਭਿਣ ਭਿਣਾਉਂਦੀਆਂ। ਨਾਲੀਆਂ ਚੋਂ ਮੁਸ਼ਕ ਆਉਂਦਾ। ਚਾਂਦਨੀ ਚੌਕ ਦੇ ਨਾਂ ਵਰਗੀ ਕੋਈ ਚੀਜ਼ ਨਹੀਂ ਸੀ ਓਥੇ। ਪਲੱਈਅਰ ਗਾਰਡਨ ਮਾਰਕਿਟ ਦਾ ਵੀ ਨਾਂ ਹੀ ਸੋਹਣਾ ਸੀ ਉਂਜ ਉਥੇ ਪਲੱਈਅਰ ਜਾਂ ਗਾਰਡਨ ਨਾਂ ਦੀ ਕੋਈ ਸ਼ੈਅ ਨਹੀਂ ਸੀ। ਕਿਹਾ ਜਾਂਦਾ ਸੀ, ਕਦੇ ਉਥੇ ਘੋੜਿਆਂ ਦਾ ਤਬੇਲਾ ਹੁੰਦਾ ਸੀ। ਜ਼ਰੂਰ ਹੋਵੇਗਾ, ਮੈਨੂੰ ਉਹ ਓਦੋਂ ਵੀ ਦੁਕਾਨਦਾਰਾਂ ਤੇ ਗਾਹਕਾਂ ਦਾ ਤਬੇਲਾ ਈ ਲੱਗਦਾ ਸੀ।
ਮਾਰਕਿਟ ਦੇ ਗੇਟ ਕੋਲ ਪਿਆਰਾ ਸਿੰਘ ਦਾਤਾ ਦੀ ਨੈਸ਼ਨਲ ਬੁੱਕ ਸ਼ਾਪ ਸੀ। ਕਦੇ ਕਦੇ ਮੈਂ ਉਸ ਬੁੱਕ ਸ਼ਾਪ ਤੇ ਰੁਕ ਜਾਂਦਾ। ਦਾਤਾ ਚੀਰੇ ਵਾਲੀ ਪੱਗ ਬੰਨ੍ਹੀ ਸੁਰਮਾ ਪਾਈ ਬੈਠਾ ਹੁੰਦਾ। ਮਿੰਨ੍ਹਾ ਮਿੰਨ੍ਹਾ ਮੁਸਕਰਾੳਂਦਾ। ਉਹ ਹਾਸ ਵਿਅੰਗ ਲਿਖਣ ਚ ਮਾਹਿਰ ਸੀ ਤੇ ਪਹਾੜਾਂ ਦਾ ਸੈਲਾਨੀ ਸੀ। ਉਸ ਨੇ ਸਫ਼ਰਨਾਮੇ, ਨਿਬੰਧ ਤੇ ਹਾਸ ਵਿਅੰਗ ਦੀਆਂ ਅਨੇਕਾਂ ਕਿਤਾਬਾਂ ਲਿਖੀਆਂ ਅਤੇ ਭਾਪਾ ਪ੍ਰੀਤਮ ਸਿੰਘ ਵਾਂਗ ਲੰਮੀ ਉਮਰ ਜੀਵਿਆ। ਦਾਤੇ ਦੀ ਦੁਕਾਨ ਲੰਘ ਕੇ ਘੜੀਆਂ ਵਾਲੇ ਦੀ ਦੁਕਾਨ ਸੀ ਤੇ ਫਿਰ ਮਾਰਕਿਟ ਦਾ ਖੁੱਲ੍ਹਾ ਹਾਤਾ। ਹਾਤੇ ਵਿਚ ਕਾਰਾਂ, ਸਕੂਟਰ ਤੇ ਹੋਰ ਵਾਹਣ ਖੜ੍ਹੇ ਹੁੰਦੇ। ਕੂੜ ਕਬਾੜ ਖਿਲਰਿਆ ਹੁੰਦਾ। ਆਲੇ ਦੁਆਲੇ ਚਾਹ ਦੇ ਖੋਖੇ, ਢਾਬੇ, ਭਾਂਡੇ ਟੀਂਡੇ, ਦਵਾਈਆਂ, ਮੁਨਿਆਰੀ, ਬਿਜਲੀ ਦਾ ਸਮਾਨ ਤੇ ਘੜੀਆਂ ਆਦਿ ਦੀਆਂ ਦੁਕਾਨਾਂ ਸਨ ਜਿਥੇ ਰੌਲਾ ਪੈਂਦਾ, ਧੂੰਆਂ ਉਠਦਾ ਤੇ ਧੂੜ ਉਡਦੀ। ਧੰਨ ਸੀ ਭਾਪਾ ਪ੍ਰੀਤਮ ਸਿੰਘ ਜਿਹੜਾ ਇਸ ਮਾਰਕਿਟ ਦੀ ਦੂਸਿ਼ਤ ਹਵਾ ਚ ਸਾਹ ਲੈਂਦਿਆਂ ਇਕੰਨਵੇਂ ਸਾਲ ਜੀ ਗਿਆ! ਉਹਦੀ ਹੱਡੀ ਹੀ ਚੀੜ੍ਹੀ ਸੀ।
ਉਹ ਸਵੇਰੇ ਕਾਰ ਉਤੇ ਪ੍ਰੈੱਸ ਦੇ ਦਫ਼ਤਰ ਆਉਂਦਾ ਤੇ ਸ਼ਾਮ ਨੂੰ ਦਫ਼ਤਰੋਂ ਉਠ ਕੇ ਪੌਸ਼ ਏਰੀਏ ਵਿਚ ਹੌਜ਼ ਖ਼ਾਸ ਆਪਣੇ ਘਰ ਚਲਾ ਜਾਂਦਾ। ਦਿੱਲੀ ਦੇ ਤੱਤਕਾਲੀ ਡਿਪਟੀ ਕਮਿਸ਼ਨਰ ਡਾ. ਮਹਿੰਦਰ ਸਿੰਘ ਰੰਧਾਵੇ ਨੇ ਹੌਜ਼ ਖ਼ਾਸ ਦਾ ਪਲਾਟ ਪ੍ਰੀਤਮ ਸਿੰਘ ਨੂੰ ਤੇ ਪਲੱਈਅਰ ਗਾਰਡਨ ਮਾਰਕਿਟ ਦੀ ਦੁਕਾਨ ਪ੍ਰੀਤ ਲੜੀ ਨੂੰ ਅਲਾਟ ਕੀਤੇ ਸਨ। ਰੰਧਾਵਾ ਲੇਖਕਾਂ ਲਈ ਦਰਿਆਦਿਲ ਬੰਦਾ ਸੀ। ਉਸ ਨੇ ਅੰਮ੍ਰਿਤਾ ਪ੍ਰੀਤਮ ਤੇ ਕਰਤਾਰ ਸਿੰਘ ਦੁੱਗਲ ਹੋਰਾਂ ਨੂੰ ਵੀ ਹੌਜ਼ ਖ਼ਾਸ ਵਿਚ ਪਲਾਟ ਦੇ ਕੇ ਨਿਵਾਜਿਆ ਸੀ। ਭਾਪੇ ਦੇ ਘਰ ਦੀ ਪਿੱਠ ਅੰਮ੍ਰਿਤਾ ਪ੍ਰੀਤਮ ਦੀ ਕੋਠੀ ਨਾਲ ਲੱਗਦੀ ਸੀ। ਵਾਤਾਵਰਣ ਪੱਖੋਂ ਚਾਂਦਨੀ ਚੌਕ ਤੇ ਹੌਜ਼ ਖ਼ਾਸ ਨਰਕ ਸੁਰਗ ਵਾਂਗ ਸਨ। ਦਿਨ ਉਹ ਨਰਕ ਵਿਚ ਕੱਟਦਾ ਤੇ ਰਾਤ ਸੁਰਗ ਵਿਚ। ਨਵਯੁਗ ਪ੍ਰੈਸ ਮਾਰਕਿਟ ਦੇ ਚੜ੍ਹਦੇ ਵੱਲ ਇਕ ਨੁੱਕਰ ਵਿਚ ਸੀ। ਉਥੇ ਮਸ਼ੀਨਾਂ ਚਲਦੀਆਂ, ਕਾਗਜ਼ ਕਾਲੇ ਹੁੰਦੇ, ਮਜ਼ਦੂਰਾਂ ਦੇ ਮੱਥਿਆਂ ਤੇ ਮੁੜ੍ਹਕਾ ਲਿਸ਼ਕਦਾ, ਚਾਹਾਂ ਦੇ ਪਿਆਲੇ ਠਹਿਕਦੇ ਤੇ ਆਰਸੀ ਦੀ ਦੁਕਾਨ ਤੋਂ ਕਿਤਾਬਾਂ ਵਿਕਦੀਆਂ। ਬਲਵੰਤ ਗਾਰਗੀ ਨਵਯੁਗ ਪਬਲਿਸ਼ਰਜ਼ ਦੇ ਦਫ਼ਤਰ ਦੀ ਗੱਲ ਇੰਜ ਕਰਦਾ ਹੈ:
ਜੋ ਲੇਖਕ ਪੰਜਾਬ ਤੋਂ ਆਉਂਦਾ ਹੈ ਜਾਂ ਕੈਨੇਡਾ ਤੋਂ ਜਾਂ ਇੰਗਲੈਂਡ ਤੋਂ... ਸਿੱਧਾ ਨਵਯੁਗ ਪਬਲਿਸ਼ਰਜ਼ ਪਹੁੰਚਦਾ ਹੈ, ਅਰਥਾਤ ਭਾਪਾ ਪ੍ਰੀਤਮ ਸਿੰਘ ਕੋਲ। ਹਰ ਇਕ ਕੋਲ ਨਵੀਆਂ ਕਹਾਣੀਆਂ ਜਾਂ ਨਾਵਲ ਜਾਂ ਨਾਟਕ ਜਾਂ ਕਵਿਤਾ ਦਾ ਖਰੜਾ ਹੁੰਦਾ ਹੈ। ਭਾਪਾ ਜੀ ਇਕ ਰੇਲਵੇ ਸਟੇਸ਼ਨ ਹਨ ਜਿਥੇ ਵੱਖ ਵੱਖ ਦਿਸ਼ਾਵਾਂ ਤੋਂ ਗੱਡੀਆਂ ਆਉਂਦੀਆਂ ਹਨ ਤੇ ਮੁਸਾਫਿ਼ਰ ਉਤਰਦੇ ਹਨ। ਉਹ ਸਾਰਿਆਂ ਨੂੰ ਸੰਭਾਲਦੇ ਹਨ, ਚਾਹ ਪਿਲਾਉਂਦੇ ਹਨ, ਘਰ ਦੀ ਖ਼ੈਰੀਅਤ ਪੁੱਛਦੇ ਹਨ, ਸਾਹਿਤਕ ਤੇ ਸਿਆਸੀ ਤੇ ਜਜ਼ਬਾਤੀ ਸੁਖ ਦੁਖ ਸਾਂਝੇ ਕਰਦੇ ਹਨ।
ਹਰ ਧੜੇ ਦਾ ਸਾਹਿਤਕਾਰ ਉਹਨਾਂ ਨੂੰ ਆਪਣਾ ਦੋਸਤ ਸਮਝਦਾ ਹੈ। ਵੱਖ ਵੱਖ ਧਾਰਨਾਵਾਂ ਤੇ ਵਿਚਾਰਾਂ ਦੇ ਲੇਖਕ ਆਪਣੀ ਆਪਣੀ ਗੱਲ ਉਹਨਾਂ ਨੂੰ ਸੁਣਾਉਂਦੇ ਹਨ। ਇਕ ਦੂਜੇ ਦੀਆਂ ਚੁਗਲੀਆਂ ਕਰਦੇ ਹਨ, ਖਿ਼ਲਾਫ਼ ਬੋਲਦੇ ਹਨ। ਇਸ਼ਕ ਤੇ ਧੋਖੇ ਤੇ ਸਿਆਸਤ ਤੇ ਪਿਆਰ ਤੇ ਈਰਖਾ ਦੇ ਕਿੱਸੇ। ਭਾਪਾ ਜੀ ਇਹ ਸਾਰੀਆਂ ਗੱਲਾਂ ਆਪਣੇ ਸੀਨੇ ਵਿਚ ਰਖਦੇ ਹਨ। ਹਰ ਇਕ ਦੀ ਗੱਲ ਮਹਿਫ਼ੂਜ਼। ਜਿਵੇਂ ਕੋਈ ਬੈਂਕ ਵਿਚ ਰੁਪਿਆ ਰਖ ਆਵੇ।
ਭਾਪਾ ਜੀ ਗੱਪ ਸ਼ੱਪ ਸੁਣ ਕੇ ਖ਼ੁਸ਼ ਹੁੰਦੇ ਹਨ। ਉਹ ਚੁਗਲੀ ਕਰਦੇ ਨਹੀਂ, ਚੁਗਲੀ ਸੁਣਦੇ ਹਨ। ਹਰ ਲੇਖਕ ਦਿਲ ਦੀ ਭੜਾਸ ਕੱਢ ਕੇ ਤੁਰ ਜਾਂਦਾ ਹੈ ਤੇ ਭਾਪਾ ਜੀ ਹੌਲਾ ਹੌਲਾ ਮਹਿਸੂਸ ਕਰਦੇ ਹਨ।
ਉਹਨਾਂ ਦੇ ਨਿੱਕੇ ਦਫ਼ਤਰ ਵਿਚ, ਜਿਥੇ ਪ੍ਰੈੱਸ ਦੇ ਚੱਲਣ ਦੀ ਖੜਖੜ ਤੇ ਕਾਗਜ਼ਾਂ ਨਾਲ ਲੱਦੇ ਠੇਲ੍ਹਿਆਂ ਦਾ ਰੌਲਾ ਰੱਪਾ ਹੈ, ਸ਼ਾਂਤੀ ਦਾ ਵਾਸ ਹੈ। ਇਹ ਸ਼ਾਂਤੀ ਭਾਪਾ ਪ੍ਰੀਤਮ ਸਿੰਘ ਦੀ ਸ਼ਖ਼ਸੀਅਤ ਨਾਲ ਸੰਬੰਧਿਤ ਹੈ।

ਜਦੋਂ ਮੈਂ ਕਿਤਾਬਾਂ ਲੈਣ ਆਰਸੀ ਦੀ ਦੁਕਾਨ ਤੇ ਜਾਂਦਾ ਤਾਂ ਉਥੇ ਪੰਜਾਬ ਤੋਂ ਆਇਆ ਕੋਈ ਨਾ ਕੋਈ ਲੇਖਕ ਵੀ ਮਿਲ ਪੈਂਦਾ। ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਗੁਰਦਿਆਲ ਸਿੰਘ, ਨਵਤੇਜ ਸਿੰਘ, ਬੂਟਾ ਸਿੰਘ ਸ਼ਾਦ, ਆਤਮ ਹਮਰਾਹੀ, ਕੁਲਬੀਰ ਸਿੰਘ ਕਾਂਗ, ਗੁਰਦੇਵ ਰੁਪਾਣਾ ਤੇ ਦਿੱਲੀ ਦੇ ਬਹੁਤ ਸਾਰੇ ਲੇਖਕ ਮੈਨੂੰ ਉਥੇ ਹੀ ਮਿਲੇ ਸਨ। ਉਥੇ ਬਲਵੰਤ ਗਾਰਗੀ ਵੀ ਵੇਖਿਆ, ਦਵਿੰਦਰ ਸਤਿਆਰਥੀ ਵੀ, ਬਾਵਾ ਬਲਵੰਤ ਵੀ, ਸੁਖਬੀਰ ਵੀ ਪਰ ਅੰਮ੍ਰਿਤਾ ਪ੍ਰੀਤਮ ਉਥੇ ਨਹੀਂ ਦਿਸੀ। ਨੇੜੇ ਹੀ ਤੁਰਲ੍ਹੇ ਵਾਲੇ ਚਿੱਟ ਕਪੜੀਏ ਸੋਢੀ ਦੀ ਦੁਕਾਨ ਸੀ ਜਿਥੇ ਮੇਰਾ ਪੰਜਵੀਂ ਦਾ ਜਮਾਤੀ ਮਹਿੰਦਰ ਸਿੰਘ ਪਰਵਾਨਾ ਬੈਠਾ ਹੁੰਦਾ। ਉਹ ਪਿੱਛੋਂ ਮਾਣੂੰਕਿਆਂ ਦਾ ਸੀ ਜਿਵੇਂ ਸ਼ਮਸ਼ੇਰ ਸੰਧੂ ਹੈ। ਪਰਵਾਨਾ ਸਾਹਿਤ ਦਾ ਰਸੀਆ ਸੀ ਜੋ ਆਏ ਗਏ ਲੇਖਕਾਂ ਦੀ ਬਿੜਕ ਰਖਦਾ। ਮਹਿਮਾਨ ਨਿਵਾਜ਼ ਏਨਾ ਕਿ ਚਾਹ ਪਾਣੀ ਪਿਆਏ ਬਿਨਾਂ ਕਿਸੇ ਨੂੰ ਮੁੜਨ ਨਹੀਂ ਸੀ ਦਿੰਦਾ।
ਉਥੇ ਭਾਪਾ ਪ੍ਰੀਤਮ ਸਿੰਘ ਦੇ ਦਰਸ਼ਨ ਵੀ ਹੋ ਜਾਂਦੇ। ਉਹ ਕਾਰ ਤੋਂ ਉਤਰ ਕੇ ਚਮੜੇ ਦਾ ਬੈਗ ਚੁੱਕੀ ਆਉਂਦਾ ਹੁੰਦਾ ਜਾਂ ਆਪਣੇ ਦਫ਼ਤਰ ਵਿਚ ਬੈਠਾ ਹੁੰਦਾ ਤੇ ਬੜੀ ਮਿੱਠਤ ਨਾਲ ਬੁਲਾਉਂਦਾ ਚਲਾਉਂਦਾ। ਕਦੇ ਕਦੇ ਚਾਹ ਦਾ ਕੱਪ ਵੀ ਸਾਂਝਾ ਹੋ ਜਾਂਦਾ। ਉਸ ਦੀਆਂ ਗੱਲਾਂ ਬਾਤਾਂ ਦਾ ਨਿਚੋੜ ਹੁੰਦਾ ਕਿ ਮਿਹਨਤ ਨਾਲ ਦੀ ਰੀਸ ਨਹੀਂ ਤੇ ਉਹੀ ਬੰਦਾ ਕਾਮਯਾਬ ਹੁੰਦੈ ਜੀਹਨੂੰ ਜੀਵਨ ਚ ਰਾੜ੍ਹੇ ਲੱਗੇ ਹੋਣ। ਜੀਹਨੇ ਕੋਈ ਤੰਗੀ ਤੇ ਤਕਲੀਫ਼ ਨਾ ਕੱਟੀ ਹੋਵੇ ਉਹ ਮਾੜੀ ਜਿਹੀ ਮੁਸ਼ਕਲ ਮੂਹਰੇ ਹੀ ਡੋਲ ਜਾਂਦੈ। ਉਹ ਸਾਦਾ ਰਹਿਣੀ ਬਹਿਣੀ ਦੀਆਂ ਗੱਲਾਂ ਕਰਦਾ। ਮੈਨੂੰ ਯਾਦ ਹੈ ਰਾੜ੍ਹਾ ਲਫ਼ਜ਼ ਮੈਂ ਹੀ ਬੋਲਿਆ ਸੀ ਜੋ ਉਸ ਨੂੰ ਵੀ ਭਾਅ ਗਿਆ ਤੇ ਉਸ ਦੀ ਬੋਲ ਚਾਲ ਵਿਚ ਢਲ ਗਿਆ।
ਜਿਨ੍ਹਾਂ ਦਿਨਾਂ ਵਿਚ ਮੈਂ ਨਵਯੁਗ ਵੱਲ ਜਾਣ ਲੱਗਾ ਉਹਨੀਂ ਦਿਨੀਂ ਬਲਵੰਤ ਗਾਰਗੀ ਦੀਆਂ ਪੁਸਤਕਾਂ ਛਪੀਆਂ ਸਨ ਨਿੰਮ ਦੇ ਪੱਤੇ ਤੇ ਸੁਰਮੇ ਵਾਲੀ ਅੱਖ। ਉਹਨਾਂ ਵਿਚ ਸਾਹਿਤਕਾਰਾਂ ਦੇ ਰੇਖਾ ਚਿੱਤਰ ਉਲੀਕੇ ਹੋਏ ਸਨ। ਕਿਤਾਬੀ ਰੂਪ ਵਿਚ ਛਪਣ ਤੋਂ ਪਹਿਲਾਂ ਉਹਦੇ ਆਰਟੀਕਲ ਆਰਸੀ ਵਿਚ ਛਪਦੇ। ਖਟਪਟੇ ਮਸਾਲੇ ਵਾਲੀ ਖ਼ਸਤਾ ਕਰਾਰੀ ਸ਼ੈਲੀ ਚ ਲਿਖੇ ਉਹਦੇ ਗਲਪਗੱਪੇ ਬੜੇ ਸੁਆਦੀ ਹੁੰਦੇ ਜੋ ਪਾਠਕਾਂ ਨੂੰ ਪਸੰਦ ਆਉਂਦੇ। ਮਲਵਈ ਸ਼ਬਦਾਂ ਦੀ ਚਾਸ਼ਨੀ ਉਹਦੀ ਲਿਖਤ ਚ ਜ਼ਇਕਾ ਭਰ ਦਿੰਦੀ ਜਿਸ ਚੋਂ ਬਠਿੰਡੇ ਦੇ ਕੱਕੇ ਰੇਤੇ ਦੀ ਖੁਸ਼ਬੋ ਆਉਂਦੀ। ਗਾਰਗੀ ਦੀ ਲਿਖਤ ਵਿਚ ਨਖਰਾ ਵੀ ਬਹੁਤ ਸੀ। ਪਹਿਲੇ ਫਿਕਰੇ ਤੋਂ ਹੀ ਉਹ ਪਾਠਕਾਂ ਨੂੰ ਆਪਣੀ ਜਕੜ ਵਿਚ ਲੈ ਲੈਂਦਾ ਤੇ ਪਾਠਕ ਉਹਦੀ ਲਿਖਤ ਪੂਰੀ ਪੜ੍ਹ ਕੇ ਹੀ ਉਹਦੀ ਪਕੜ ਚੋਂ ਨਿਕਲ ਸਕਦੇ। ਜਿਨ੍ਹਾਂ ਬਾਰੇ ਉਸ ਨੇ ਲਿਖਿਆ ਉਨ੍ਹਾਂ ਨੂੰ ਸਲਾਹਿਆ ਵੀ ਬਹੁਤ ਤੇ ਨਿੰਦਿਆ ਵੀ ਬਹੁਤ। ਕਈਆਂ ਦੀ ਕੋਲੋਂ ਜੋੜ ਕੇ ਬਦਖੋਹੀ ਕੀਤੀ ਤਾਂ ਕਿ ਲਿਖੇ ਦੀ ਚਰਚਾ ਹੋਵੇ। ਕਈ ਉਹਦੇ ਨਾਲ ਨਾਰਾਜ਼ ਵੀ ਹੋਏ। ਉਨ੍ਹਾਂ ਦੀ ਛੰਡ ਲਾਹੁਣ ਵਿਚ ਉਹਨੇ ਕੋਈ ਕਸਰ ਨਹੀਂ ਸੀ ਛੱਡੀ। ਅਖੇ ਨਾਨਕ ਸਿੰਘ ਮਤਲਬ ਦੀ ਗੱਲ ਤਾਂ ਸੁਣ ਲੈਂਦੈ ਤੇ ਬੇਮਤਲਬੀ ਲਈ ਬੋਲਾ ਬਣ ਜਾਂਦੈ। ਅਜੀਤ ਕੌਰ ਕਹਿੰਦੀ ਹੈ: ਦੋ ਮੈਗਜ਼ੀਨ ਕੱਢ ਰਹੀ ਹਾਂ...ਜਿਵੇਂ ਮੇਰੇ ਦੋ ਖਸਮ ਹੋਣ! ਹਾਲੇ ਤਿੰਨ ਖਸਮਾਂ ਦੀ ਹੋਰ ਲੋੜ ਐ, ਫਿਰ ਮੈਂ ਸਤੀ ਦਰੋਪਦੀ ਬਣ ਜਾਵਾਂਗੀ। ਦੱਖਣ ਵਿਚ ਦਰੋਪਦੀ ਦੀ ਪੂਜਾ ਹੁੰਦੀ ਏ। ਕਾਸ਼, ਮੇਰੇ ਪੰਜ ਖਸਮ ਹੁੰਦੇ!
ਅੰਮਿਤਾ ਪ੍ਰੀਤਮ ਬਾਰੇ ਲਿਖਿਐ, ਅੰਮ੍ਰਿਤਾ ਮਿਲੀ। ਉਸ ਅੱਖਾਂ ਵਿਚ ਕਜਲਾ ਪਾਇਆ ਹੋਇਆ ਸੀ ਜਿਸ ਦੇ ਕਾਲੇ ਡੋਰੇ ਕੰਨਾਂ ਤੀਕ ਜਾਂਦੇ ਸਨ। ਬੁੱਲ੍ਹ ਪਤਲੇ। ਦਰਮਿਆਨਾ ਕੱਦ। ਉਸ ਦੇ ਚਿਹਰੇ ਉਤੇ ਇਕ ਚੇਤੰਨ ਜ਼ਨਾਨੀ ਦਾ ਨਖ਼ਰਾ ਸੀ ਜਿਸ ਨੂੰ ਲੋਕਾਂ ਸੋਹਣੀ ਸੋਹਣੀ ਆਖ ਕੇ ਚੰਭਲਾ ਰਖਿਆ ਹੋਵੇ।
ਫਿਰ ਲਿਖਿਆ, ਅੰਮ੍ਰਿਤਾ ਪ੍ਰੀਤਮ ਨੇ ਸਿਗਰਟ ਸੁਲਗਾਈ ਤੇ ਬੋਲੀ, ਮੈਂ ਜੋ ਹਾਂ ਸੋ ਹਾਂ। ਇਹ ਮੈਂ ਹੀ ਅੰਮ੍ਰਿਤਾ ਪ੍ਰੀਤਮ ਹੈ।
ਭਾਪਾ ਪ੍ਰੀਤਮ ਸਿੰਘ ਦਾ ਰੇਖਾ ਚਿੱਤਰ ਉਲੀਕਦਿਆਂ ਗਾਰਗੀ ਹੋਰਨਾਂ ਬਾਰੇ ਲਿਖਣ ਵਰਗੀ ਖੁੱਲ੍ਹ ਨਹੀਂ ਲੈ ਸਕਿਆ। ਸ਼ਾਇਦ ਇਸ ਕਰਕੇ ਕਿ ਕਿਤਾਬ ਹੀ ਭਾਪਾ ਜੀ ਨੇ ਛਾਪਣੀ ਸੀ। ਉਹ ਲਿਖਦੈ, ਉਹ ਇਤਨੇ ਸ਼ਰੀਫ਼ ਹਨ ਕਿ ਉਹਨਾਂ ਉਤੇ ਲੇਖ ਨਹੀਂ ਲਿਖਿਆ ਜਾ ਸਕਦਾ। ਸਆਦਤ ਹਸਨ ਮੰਟੋ ਦੇ ਕਹਿਣ ਅਨੁਸਾਰ ਅਜਿਹੇ ਬੰਦੇ ਉਤੇ ਇਕੋ ਫਿ਼ਕਰਾ ਦਸ ਵਾਰ ਲਿਖ ਦਿਓ-ਉਹ ਬਹੁਤ ਸ਼ਰੀਫ਼ ਹੈ...ਉਹ ਬਹੁਤ ਸ਼ਰੀਫ਼ ਹੈ...। ਗਾਰਗੀ ਪਰੇਸ਼ਾਨ ਸੀ ਕਿ ਪ੍ਰੀਤਮ ਸਿੰਘ ਵਿਚ ਇਤਨੀ ਸ਼ਾਂਤੀ ਤੇ ਸਬਰ ਕਿਉਂ ਹੈ?

ਮੈਂ ਉਦੋਂ ਨਵਾਂ ਨਵਾਂ ਲਿਖਣ ਲੱਗਾ ਸਾਂ। ਮੈਨੂੰ ਗਾਰਗੀ ਦੀ ਨਖਰੀਲੀ ਸ਼ੈਲੀ ਨੇ ਪੱਟ ਲਿਆ ਸੀ। ਲੇਖਕ ਇਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਨੇ। ਜਿਹੜੇ ਕਹਿੰਦੇ ਨੇ ਕਿ ਉਹ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦੇ ਉਹ ਸੱਚ ਨਹੀਂ ਦੱਸਦੇ। ਲੇਖਕ ਇਕ ਦੂਜੇ ਕੋਲੋਂ ਬਹੁਤ ਕੁਝ ਸਿਖਦੇ ਨੇ। ਖ਼ਾਸ ਕਰ ਕੇ ਨਵੇਂ ਲੇਖਕ। ਕੋਈ ਲੇਖਕ ਨਹੀਂ ਹੋਵੇਗਾ ਜੀਹਦੀਆਂ ਲਿਖਤਾਂ ਵਿਚ ਕਿਸੇ ਹੋਰ ਦੀ ਲਿਖਤ ਦੇ ਮਾੜੇ ਮੋਟੇ ਅੰਸ਼ ਨਾ ਹੋਣ। ਬਲਵੰਤ ਗਾਰਗੀ ਵੀ ਹੋਰ ਲੇਖਕਾਂ ਤੋਂ ਪ੍ਰਭਾਵਿਤ ਸੀ। ਕਈ ਆਲੋਚਕ ਲੋਹਾ ਕੁੱਟ ਨੂੰ ਅੰਗਰੇਜ਼ੀ ਦੀ ਕਿਸੇ ਪੁਸਤਕ ਦੇ ਵਿਸ਼ੇ ਉਤੇ ਹੀ ਆਧਾਰਿਤ ਨਾਟਕ ਦੱਸਦੇ ਹਨ। ਮੈਂ ਉਹਦੇ ਲਿਖੇ ਲੇਖਕਾਂ ਦੇ ਰੇਖਾ ਚਿੱਤਰਾਂ ਤੋਂ ਪ੍ਰਭਾਵਿਤ ਹੋ ਕੇ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਬਾਰੇ ਸੋਚਣ ਲੱਗਾ। ਮੇਰਾ ਖਿਡਾਰੀਆਂ ਨਾਲ ਵਾਹਵਾ ਮੇਲਜੋਲ ਸੀ। ਖੁ਼ਦ ਯੂਨੀਵਰਸਿਟੀ ਚੈਂਪੀਅਨ ਸਾਂ। ਮੈਂ ਏਸ਼ੀਆ ਦੇ ਡਿਕੈਥਲਨ ਚੈਂਪੀਅਨ ਗੁਰਬਚਨ ਸਿੰਘ ਰੰਧਾਵੇ ਦਾ ਰੇਖਾ ਚਿੱਤਰ ਲਿਖਿਆ ਤੇ ਮੁੜ੍ਹਕੇ ਦਾ ਮੋਤੀ ਸਿਰਲੇਖ ਰੱਖ ਕੇ ਆਰਸੀ ਲਈ ਦੇ ਦਿੱਤਾ। ਆਰਸੀ ਵਿਚ ਆਮ ਕਰ ਕੇ ਸਥਾਪਤ ਲੇਖਕ ਹੀ ਛਪਦੇ ਸਨ। ਮੈਨੂੰ ਘੱਟ ਈ ਆਸ ਸੀ ਕਿ ਮੇਰੀ ਰਚਨਾ ਉਸ ਵਿਚ ਛਪ ਜਾਵੇਗੀ। ਨਾਲੇ ਉਹ ਕਿਹੜਾ ਕਵਿਤਾ ਜਾਂ ਕਹਾਣੀ ਸੀ?
ਪਰ ਮੈਂ ਹੈਰਾਨ ਹੋਇਆ ਜਦੋਂ ਅਗਲੇ ਹੀ ਪਰਚੇ ਵਿਚ ਮੇਰਾ ਆਰਟੀਕਲ ਛਪ ਗਿਆ। ਉਹਨੀਂ ਦਿਨੀਂ ਕਿਸੇ ਨਵੇਂ ਲੇਖਕ ਲਈ ਆਰਸੀ ਵਿਚ ਛਪਣਾ ਬੜੀ ਵੱਡੀ ਗੱਲ ਸਮਝੀ ਜਾਂਦੀ ਸੀ। ਮੈਨੂੰ ਹੋਰ ਵੀ ਵੱਡੀ ਖੁਸ਼ੀ ਹੋਈ ਜਦੋਂ ਭਾਪਾ ਪ੍ਰੀਤਮ ਸਿੰਘ ਨੇ ਮੈਨੂੰ ਕਿਹਾ ਕਿ ਮੈਂ ਹਰ ਮਹੀਨੇ ਕਿਸੇ ਖਿਡਾਰੀ ਦਾ ਰੇਖਾ ਚਿੱਤਰ ਲਿਖ ਕੇ ਦਿਆ ਕਰਾਂ। ਮੈਨੂੰ ਯਾਦ ਆ ਰਿਹੈ ਕਿ 1966-67 ਵਿਚ ਮੇਰੇ ਦਸ ਬਾਰਾਂ ਰੇਖਾ ਚਿੱਤਰ ਉਪਰੋਥਲੀ ਆਰਸੀ ਵਿਚ ਛਪੇ। ਕਦੇ ਧਰਤੀਧੱਕ, ਕਦੇ ਅੱਗ ਦੀ ਨਾਲ, ਕਦੇ ਸ਼ਹਿਦ ਦਾ ਘੁੱਟ, ਕਦੇ ਅਲਸੀ ਦਾ ਫੁੱਲ ਤੇ ਕਦੇ ਕਲਹਿਰੀ ਮੋਰ। ਉਸ ਸਾਲ ਮੈਂ ਆਰਸੀ ਵਿਚ ਸਭ ਤੋਂ ਵੱਧ ਛਪਣ ਵਾਲਾ ਲੇਖਕ ਸਾਂ। ਲਿਖਣ ਲਈ ਮੇਰਾ ਹੌਂਸਲਾ ਲਗਾਤਾਰ ਵਧਦਾ ਗਿਆ। ਉਦੋਂ ਜੇ ਭਾਪਾ ਪ੍ਰੀਤਮ ਸਿੰਘ ਮੇਰੀਆਂ ਰਚਨਾਵਾਂ ਨਾ ਛਾਪਦਾ ਤਾਂ ਸੰਭਵ ਸੀ ਮੈਂ ਲਿਖਣੋ ਮੂੰਹ ਮੋੜ ਲੈਂਦਾ ਜਾਂ ਖੇਡਾਂ ਖਿਡਾਰੀਆਂ ਬਾਰੇ ਲਿਖਣ ਦੀ ਥਾਂ ਕੁਝ ਹੋਰ ਲਿਖਣ ਵੱਲ ਤੁਰ ਪੈਂਦਾ।
ਭਾਪਾ ਪ੍ਰੀਤਮ ਸਿੰਘ ਦਾ ਭਤੀਜਾ ਗੁਰਬਚਨ ਸਿੰਘ ਆਰਸੀ ਪਬਲਿਸ਼ਰਜ਼ ਦੇ ਨਾਂ ਤੇ ਕਿਤਾਬਾਂ ਛਾਪਦਾ ਸੀ ਜਿਸ ਨੇ ਮੇਰੀ ਦੂਜੀ ਕਿਤਾਬ ਖੇਡ ਸੰਸਾਰ ਪ੍ਰਕਾਸਿ਼ਤ ਕੀਤੀ। ਅਸਲ ਵਿਚ ਭਾਪਾ ਜੀ ਨੇ ਹੀ ਆਪਣੇ ਭਤੀਜੇ ਨੂੰ ਰੁਜ਼ਗਾਰ ਦਿੱਤਾ ਹੋਇਆ ਸੀ। ਆਮ ਲੇਖਕ ਨਵਯੁਗ ਤੇ ਆਰਸੀ ਪਬਲਿਸ਼ਰਜ਼ ਨੂੰ ਇਕ ਹੀ ਸਮਝਦੇ ਸਨ। ਕਈ ਵਾਰ ਨਵਯੁਗ ਪ੍ਰੈੱਸ ਤੇ ਕੰਮ ਦਾ ਏਨਾ ਬੋਝ ਪੈ ਜਾਂਦਾ ਕਿ ਨਵਯੁਗ ਪਬਲਿਸ਼ਰਜ਼ ਦੀਆਂ ਪੁਸਤਕਾਂ ਹੋਰ ਛਾਪੇਖਾਨਿਆਂ ਤੋਂ ਛਪਵਾਉਣੀਆਂ ਪੈਂਦੀਆਂ। ਮੇਰੀ ਪਹਿਲੀ ਪੁਸਤਕ ਪੰਜਾਬ ਦੇ ਉੱਘੇ ਖਿਡਾਰੀ ਪ੍ਰੀਤ ਲੜੀ ਦੇ ਛਾਪੇਖਾਨੇ ਵਿਚ ਛਪੀ ਸੀ। ਭਾਪਾ ਜੀ ਆਪਣੇ ਪ੍ਰੈੱਸ ਤੇ ਆਇਆ ਵਾਧੂ ਕੰਮ ਗਿਆਨੀ ਜਸਵੰਤ ਸਿੰਘ ਦੇ ਜਨਤਕ ਪ੍ਰੈੱਸ ਤੇ ਪਿਆਰਾ ਸਿੰਘ ਦਾਤਾ ਦੇ ਨੈਸ਼ਨਲ ਪ੍ਰੈੱਸ ਨੂੰ ਦਿੰਦੇ ਰਹਿੰਦੇ ਸਨ। ਉਨ੍ਹਾਂ ਤਿੰਨਾਂ ਦੀ ਆੜੀ ਵੀ ਬੜੀ ਗੂੜ੍ਹੀ ਸੀ।
ਜਦੋਂ ਕਦੇ ਮੈਂ ਡੇਢ ਦੋ ਵਜੇ ਨਵਯੁਗ ਵੱਲ ਜਾਣਾ ਤਾਂ ਵੇਖਣਾ ਕਿ ਭਾਪਾ ਜੀ, ਪਿਆਰਾ ਸਿੰਘ ਦਾਤਾ ਤੇ ਗਿਆਨੀ ਜਸਵੰਤ ਸਿੰਘ ਦਫ਼ਤਰ ਦੀ ਪੜਛੱਤੀ ਤੇ ਬੈਠੇ ਕੱਠੇ ਖਾਣਾ ਛਕ ਰਹੇ ਹੁੰਦੇ। ਡੇਢ ਵਜੇ ਖਾਣਾ ਖਾਣ ਲਈ ਕੱਠੇ ਹੋਣਾ ਉਨ੍ਹਾਂ ਦਾ ਪੱਕਾ ਨਿੱਤਨੇਮ ਸੀ। ਇਕ ਦੋ ਵਾਰ ਮੈਨੂੰ ਵੀ ਉਨ੍ਹਾਂ ਨਾਲ ਖਾਣਾ ਖਾਣ ਦਾ ਮੌਕਾ ਮਿਲਿਆ। ਖਾਣਾ ਘਰੋਂ ਦੇਸੀ ਘਿਓ ਨਾਲ ਬਣਿਆ ਹੁੰਦਾ ਸੀ ਤੇ ਚਾਹ ਲਾਗਲੇ ਖੋਖੇ ਤੋਂ ਮੁੰਡੂ ਲੈ ਆਉਂਦਾ ਸੀ। ਪੜਛੱਤੀ ਤੇ ਚੜ੍ਹਨ ਲਈ ਲੱਕੜ ਦੀ ਵਿੰਗੀ ਜਿਹੀ ਪੌੜੀ ਸੀ ਜਿਸ ਉਤੇ ਬੜਾ ਸੰਭਲ ਕੇ ਚੜ੍ਹਨਾ ਪੈਂਦਾ। ਐਤਵਾਰ ਦੇ ਦਿਨ ਉਹ ਤਿੰਨੇ ਦੋਸਤ ਮਹਿਰੋਲੀ ਦੇ ਨਵਯੁਗ ਫਾਰਮ ਵਿਚ ਪਿਕਨਿਕ ਮਨਾਉਂਦੇ। ਘੁੰਮਦੇ ਫਿਰਦੇ, ਖਾਦੇ ਪੀਂਦੇ ਤੇ ਚੌਕੜੀਆਂ ਮਾਰ ਕੇ ਤਾਸ਼ ਖੇਡਦੇ। ਕਾਰੋਬਾਰੀ ਭਾਪਿਆਂ ਦੀ ਅਜਿਹੀ ਦੋਸਤੀ ਤੇ ਵੇਖਣ ਵਾਲਿਆਂ ਨੂੰ ਰਸ਼ਕ ਆਉਂਦਾ।
ਭਾਪਾ ਪ੍ਰੀਤਮ ਸਿੰਘ ਪਹਿਲਾਂ ਮੁਨੀਮ ਤੇ ਫਿਰ ਗ੍ਰੰਥੀ ਬਣਨ ਪਿੱਛੋਂ ਅਠਾਰਾਂ ਸਾਲ ਦੀ ਉਮਰ ਵਿਚ ਪ੍ਰੈੱਸ ਦਾ ਕੰਪੋਜ਼ੀਟਰ ਬਣ ਗਿਆ ਸੀ। ਅੰਮ੍ਰਿਤਸਰ ਉਹ ਚਰਨ ਸਿੰਘ ਸ਼ਹੀਦ ਦੇ ਅਖ਼ਬਾਰ ਮੌਜੀ ਵਿਚ ਕੰਮ ਕਰਨ ਲੱਗ ਪਿਆ ਸੀ। ਉਹ ਬਾਰਾਂ ਬਾਰਾਂ ਘੰਟੇ ਖੜ੍ਹਾ ਅੱਖਰ ਬੀੜਦਾ ਰਹਿੰਦਾ ਜਿਸ ਬਦਲੇ ਉਸ ਨੂੰ ਨਾਮਾਤਰ ਤਨਖਾਹ ਮਿਲਦੀ। ਪਰ ਇਸੇ ਪ੍ਰੈੱਸ ਵਿਚੋਂ ਮੁੱਢਲਾ ਤਜਰਬਾ ਹਾਸਲ ਕਰ ਕੇ ਉਹ ਅਗਾਂਹ ਵਧਿਆ। ਫਿਰ ਲਾਹੌਰ ਗਿਆਨੀ ਹੀਰਾ ਸਿੰਘ ਦਰਦ ਦੇ ਫੁਲਵਾੜੀ ਪ੍ਰੈੱਸ ਵਿਚ ਕੰਮ ਕੀਤਾ। ਉਹ ਸਿੱਕੇ ਦੇ ਅੱਖਰ ਬੀੜਦਾ, ਬੰਨ੍ਹਦਾ ਤੇ ਹੌਲੇ ਜੁੱਸੇ ਨਾਲ ਭਾਰੇ ਫਰਮੇ ਮੋਢੇ ਤੇ ਚੁੱਕ ਕੇ ਮਸ਼ੀਨ ਉਤੇ ਚਾੜ੍ਹਦਾ, ਮੁੜ੍ਹਕੋ-ਮੁੜ੍ਹਕੀ ਹੋ ਜਾਂਦਾ। ਉਹਦੇ ਦੱਸਣ ਮੂਜਬ ਉਹਨੂੰ ਰਾੜ੍ਹੇ ਲੱਗ ਰਹੇ ਸਨ।
ਅੰਮ੍ਰਿਤਸਰ ਤੇ ਲਾਹੌਰ ਦੇ ਛਾਪਖਾਨਿਆਂ ਵਿਚ ਕੰਮ ਕਰ ਕੇ ਉਹ ਕੁਝ ਸਮਾਂ ਅਕਾਲੀ ਪੱਤ੍ਰਕਾ ਅਖ਼ਬਾਰ ਨਾਲ ਰਿਹਾ ਤੇ ਫਿਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪਾਸ ਪ੍ਰੀਤ ਨਗਰ ਆ ਗਿਆ। ਗੁਰਬਖ਼ਸ਼ ਸਿੰਘ ਨੇ ਉਸ ਦੀ ਚੰਗੀ ਕਾਰਗੁਜ਼ਾਰੀ ਵੇਖ ਕੇ ਉਸ ਨੂੰ ਪ੍ਰੀਤਲੜੀ ਛਾਪੇਖਾਨੇ ਦਾ ਇਨਚਾਰਜ ਬਣਾ ਦਿੱਤਾ। ਪ੍ਰੀਤ ਨਗਰ ਵਿਚ ਹੀ ਪਿਆਰਾ ਸਿੰਘ ਸਹਿਰਾਈ, ਜਸਵੰਤ ਸਿੰਘ ਤੇ ਪਿਆਰਾ ਸਿੰਘ ਦਾਤਾ ਉਹਦੇ ਮਿੱਤਰ ਬਣ ਗਏ। ਦੇਸ਼ ਵੰਡ ਤੋਂ ਪਿੱਛੋਂ ਪ੍ਰੀਤ ਨਗਰ ਉਜੜਨਾ ਸ਼ੁਰੂ ਹੋ ਗਿਆ ਤੇ ਉਹ ਸਾਰੇ ਦਿੱਲੀ ਆ ਗਏ। ਉਹਨੀਂ ਦਿਨੀਂ ਮਹਿੰਦਰ ਸਿੰਘ ਰੰਧਾਵਾ ਦਿੱਲੀ ਦਾ ਡਿਪਟੀ ਕਮਿਸ਼ਨਰ ਸੀ। ਉਸ ਨੇ ਗੁਰਬਖ਼ਸ਼ ਸਿੰਘ ਤੇ ਪ੍ਰੀਤਮ ਸਿੰਘ ਹੋਰਾਂ ਦੀ ਬਣਦੀ ਸਰਦੀ ਮਦਦ ਕੀਤੀ। ਗੁਰਬਖ਼ਸ਼ ਸਿੰਘ ਤੇ ਨਵਤੇਜ ਹੋਰੀਂ ਛਾਪਾਖਾਨਾ ਪ੍ਰੀਤਮ ਸਿੰਘ ਨੂੰ ਵੇਚ ਕੇ ਵਾਪਸ ਪ੍ਰੀਤ ਨਗਰ ਚਲੇ ਗਏ।
ਭਾਪਾ ਜੀ ਨੇ ਪ੍ਰੈੱਸ ਦਾ ਕੰਮ ਰੇੜ੍ਹ ਲਿਆ ਤੇ ਕੇ 54, ਹੌਜ਼ ਖਾਸ, ਆਪਣਾ ਘਰ ਬਣਾ ਲਿਆ। ਨਾਲ ਹੀ ਅੰਮ੍ਰਿਤਾ ਪ੍ਰੀਤਮ ਦਾ ਘਰ ਸੀ। ਉਸੇ ਘਰ ਵਿਚ ਅੰਮ੍ਰਿਤਾ ਨੇ ਆਪਣੇ ਸੁਆਸ ਤਿਆਗੇ। ਬਾਅਦ ਵਿਚ ਉਹ ਮਕਾਨ ਅੰਮ੍ਰਿਤਾ ਦੀ ਉਲਾਦ ਨੇ ਵੇਚ ਦਿੱਤਾ। ਪੰਜਾਬੀ ਦੀ ਮਹਾਨ ਲੇਖਕਾ ਦਾ ਯਾਦਗਾਰੀ ਘਰ ਵਿਕਣ ਉਤੇ ਕਈਆਂ ਨੇ ਰੌਲਾ ਤਾਂ ਬਹੁਤ ਪਾਇਆ ਪਰ ਕੀਤਾ ਕੁਝ ਨਾ। ਭਾਪਾ ਪ੍ਰੀਤਮ ਸਿੰਘ ਦੀ ਪਤਨੀ ਦਲਜੀਤ ਕੌਰ ਘਰੇਲੂ ਸੁਆਣੀ ਸੀ ਜਿਸ ਨੇ ਅਮਨ ਲਹਿਰ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਸ ਨੇ ਅਮਨ ਦਸਤਾਵੇਜ਼ ਤੇ ਲੱਖਾਂ ਲੋਕਾਂ ਦੇ ਦਸਖ਼ਤ ਕਰਾਏ। ਭਾਪਾ ਜੋੜੀ ਦੇ ਤਿੰਨ ਧੀਆਂ ਆਸ਼ਮਾ, ਰੇਣੁਕਾ ਤੇ ਜਿਓਤਸਨਾ ਸਨ। ਆਸ਼ਮਾ ਦੀ ਮ੍ਰਿਤੂ ਹੋ ਚੁੱਕੀ ਹੈ, ਰੇਣੁਕਾ ਪ੍ਰੋਫੈਸਰ ਹੈ ਤੇ ਜਿਓਤਸਨਾ ਅਮਰੀਕਾ ਵਿਚ ਵਿਆਹੀ ਹੋਈ ਹੈ। ਦਲਜੀਤ ਕੌਰ ਪਤੀ ਤੋਂ ਪਹਿਲਾਂ ਹੀ ਪਰਲੋਕ ਸਿਧਾਰ ਗਈ ਸੀ।
ਭਾਪਾ ਜੀ ਨੇ 1948 ਚ ਪ੍ਰੈਸ ਖਰੀਦਿਆ ਸੀ ਤੇ 1951 ਵਿਚ ਨਵਯੁਗ ਪ੍ਰਕਾਸ਼ਨ ਸ਼ੁਰੂ ਕੀਤਾ ਸੀ। ਅਪ੍ਰੈਲ 1958 ਵਿਚ ਰਸਾਲਾ ਆਰਸੀ ਕੱਢਿਆ ਜੋ 2000 ਤਕ ਮਹੀਨੇਵਾਰ ਨਿਕਲਦਾ ਰਿਹਾ। ਉਸ ਦੀ ਸੰਪਾਦਨਾ ਵਿਚ ਅੰਮ੍ਰਿਤਾ ਪ੍ਰੀਤਮ ਤੇ ਸੁਖਬੀਰ ਵਰਗੇ ਸਾਹਿਤਕਾਰ ਯੋਗਦਾਨ ਪਾਉਂਦੇ ਰਹੇ। ਉਸ ਵਿਚ ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਦਵਿੰਦਰ ਸਤਿਆਰਥੀ, ਬਲਵੰਤ ਗਾਰਗੀ, ਸੰਤੋਖ ਸਿੰਘ ਧੀਰ, ਡਾ. ਹਰਿਭਜਨ ਸਿੰਘ, ਕੁਲਵੰਤ ਸਿੰਘ ਵਿਰਕ, ਸਫ਼ੀਰ, ਗੁਰਦਿਆਲ ਸਿੰਘ ਤੇ ਸਿ਼ਵ ਕੁਮਾਰ ਬਟਾਲਵੀ ਆਦਿ ਮੰਨੇ ਪ੍ਰਮੰਨੇ ਲੇਖਕਾਂ ਤੇ ਸ਼ਾਇਰਾਂ ਦੀਆਂ ਰਚਨਾਵਾਂ ਛਪਦੀਆਂ। ਨਵਯੁਗ ਪ੍ਰਕਾਸ਼ਨ ਦੀਆਂ ਕਿਤਾਬਾਂ ਦੀ ਸੂਚੀ ਤੇ ਇਸ਼ਤਿਹਾਰ ਛਪਦੇ। ਪਾਠਕ ਉਸ ਰਸਾਲੇ ਦੀ ਤੀਬਰਤਾ ਨਾਲ ਉਡੀਕ ਕਰਦੇ। ਇਕ ਵਾਰ ਭਾਪਾ ਪ੍ਰੀਤਮ ਸਿੰਘ ਨੇ ਆਪਣੀ ਡਿੱਗ ਰਹੀ ਸਿਹਤ ਦੇ ਕਾਰਨ ਆਰਸੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਪਾਠਕਾਂ ਨੇ ਬੰਦ ਨਹੀਂ ਸੀ ਹੋਣ ਦਿੱਤਾ। ਕੁਝ ਸਮਾਂ ਲਿਖਤੁਮ ਨਵਯੁਗ ਨਾਂ ਦੀ ਪੱਤ੍ਰਿਕਾ ਨਿਕਲਦੀ ਰਹੀ। ਉਂਜ ਇਹ ਸਭ ਨੂੰ ਪਤਾ ਸੀ ਕਿ ਨਵਯੁਗ ਪ੍ਰੈਸ ਤੇ ਆਰਸੀ ਭਾਪਾ ਜੀ ਦੇ ਨਾਲ ਹੀ ਜਿ਼ੰਦਾ ਹਨ।
ਭਾਪਾ ਜੀ ਦਾ ਰਹਿਣ ਬਹਿਣ ਸਾਦਾ, ਸਵੱਛ ਤੇ ਨਿਯਮਬੱਧ ਸੀ। ਉਹ ਸਵੱਖਤੇ ਉਠਦਾ, ਟਹਿਲਦਾ ਤੇ ਯੋਗ ਦੀਆਂ ਕਸਰਤਾਂ ਕਰਦਾ। ਅਸ਼ਨਾਨ ਪਾਣੀ ਉਪਰੰਤ ਦੇਸੀ ਨਾਸ਼ਤਾ ਖਾਂਦਾ ਜਿਸ ਵਿਚ ਦੁੱਧ ਦਹੀਂ ਤੇ ਫਲ ਹੁੰਦੇ। ਨਾਲ ਨਵਯੁਗ ਫਾਰਮ ਦੀਆਂ ਗਾਜਰਾਂ ਤੇ ਮੂਲੀਆਂ ਹੁੰਦੀਆਂ। ਉਸ ਕੋਲ ਮਹਿਮਾਨਾਂ ਦਾ ਆਉਣ ਜਾਣ ਬਣਿਆ ਰਹਿੰਦਾ ਸੀ। ਦਲਜੀਤ ਕੌਰ ਸੇਵਾ ਭਾਵ ਵਾਲੀ ਪਤਨੀ ਸੀ। ਭਾਪਾ ਜੀ ਦਾ ਸੋਵੀਅਤ ਅੰਬੈਸੀ ਨਾਲ ਨੇੜਲਾ ਵਾਹ ਸੀ। ਉਹ ਅੰਬੈਸੀ ਦੇ ਅਫ਼ਸਰਾਂ ਦੀ ਪ੍ਰਾਹੁਣਚਾਰੀ ਕਰਦਾ ਤੇ ਸੰਬੰਧ ਵਧਾਉਂਦਾ ਰਹਿੰਦਾ। ਸੋਵੀਅਤ ਦੇਸ ਤੇ ਸੋਵੀਅਤ ਦਰਪਨ ਨਵਯੁਗ ਪ੍ਰੈੱਸ ਤੋਂ ਛਪਦੇ। ਉਹ ਲੋੜਵੰਦ ਲੇਖਕਾਂ ਨੂੰ ਪ੍ਰਗਤੀ ਪ੍ਰਕਾਸ਼ਨ ਦੇ ਅਨੁਵਾਦ ਦਾ ਕੰਮ ਦੁਆ ਦਿੰਦਾ। ਉਹ ਸੋਵੀਅਤ ਪੁਸਤਕਾਂ ਦੇ ਅਨੁਵਾਦ ਦਾ ਵਿਚੋਲਾ ਸੀ। ਜਗਜੀਤ ਸਿੰਘ ਅਨੰਦ ਬਾਰੇ ਕਿਹਾ ਜਾਂਦਾ ਸੀ ਕਿ ਅਨੰਦ ਵਧੀਆ ਅਨੁਵਾਦਕ ਹੈ ਤੇ ਅਨੁਵਾਦ ਕਰਨ ਵਾਲੀਆਂ ਸਾਮੀਆਂ ਦਾ ਆੜ੍ਹਤੀਆ ਵੀ ਹੈ। ਮੈਨੂੰ ਲੱਗਦੈ ਅਜਿਹੀ ਗੱਲ ਬਲਵੰਤ ਗਾਰਗੀ ਨੇ ਕੀਤੀ ਹੋਵੇਗੀ। ਆੜ੍ਹਤੀਆ ਸ਼ਬਦ ਗਾਰਗੀ ਹੀ ਵਰਤ ਸਕਦੈ ਜਿਸ ਦੇ ਹੱਡਾਂ ਵਿਚ ਆੜ੍ਹਤ ਸੀ।
ਇਕ ਵਾਰ ਮੈਂ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਬਾਰੇ ਆਰਟੀਕਲ ਲਿਖਿਆ ਤੇ ਛਪਣ ਲਈ ਆਰਸੀ ਨੂੰ ਭੇਜ ਦਿੱਤਾ। ਬਾਅਦ ਵਿਚ ਮੈਨੂੰ ਖੇਲ੍ਹਾਂ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਮੈਨੂੰ ਪ੍ਰੀਤ ਲੜੀ ਨੂੰ ਭੇਜਣਾ ਚਾਹੀਦਾ ਸੀ। ਕੁਝ ਸਾਲ ਪਹਿਲਾਂ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਖੁ਼ੁਦ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵੇਖ ਗਏ ਸਨ। ਪ੍ਰਬੰਧਕ ਸਮਝਦੇ ਸਨ ਕਿ ਪ੍ਰੀਤ ਲੜੀ ਵਿਚ ਛਪਣ ਨਾਲ ਖੇਲ੍ਹਾਂ ਦਾ ਵਧੇਰੇ ਲੋਕਾਂ ਨੂੰ ਪਤਾ ਲੱਗੇਗਾ ਕਿਉਂਕਿ ਉਹਦੀ ਇਸ਼ਾਇਤ ਵੱਧ ਸੀ। ਮੈਂ ਆਪਣੇ ਆਰਟੀਕਲ ਦੀ ਇਕ ਕਾਪੀ ਪ੍ਰੀਤ ਲੜੀ ਨੂੰ ਵੀ ਭੇਜ ਦਿੱਤੀ। ਆਰਟੀਕਲ ਉਸੇ ਮਹੀਨੇ ਦੋਹਾਂ ਪਰਚਿਆਂ ਵਿਚ ਛਪ ਗਿਆ। ਬਾਅਦ ਵਿਚ ਮੈਨੂੰ ਭਾਪਾ ਜੀ ਵੱਲੋਂ ਮਿੱਠੇ ਉਲਾਂਭੇ ਦੀ ਚਿੱਠੀ ਮਿਲੀ ਕਿ ਆਰਸੀ ਵਾਲਾ ਆਰਟੀਕਲ ਹੀ ਤੁਸਾਂ ਪ੍ਰੀਤ ਲੜੀ ਨੂੰ ਭੇਜ ਦਿੱਤਾ ਹੈ। ਨਾਲ ਹੀ ਲਿਖਿਆ ਕਿ ਚਲੋ ਜਿਵੇਂ ਤੁਹਾਨੂੰ ਚੰਗਾ ਲੱਗੇ। ਮੈਂ ਇਸ਼ਾਰਾ ਸਮਝ ਗਿਆ ਕਿ ਭਾਪਾ ਜੀ ਨਹੀਂ ਚਾਹੁੰਦੇ ਪਈ ਆਰਸੀ ਵਾਲਾ ਆਰਟੀਕਲ ਕਿਤੇ ਹੋਰ ਭੇਜਿਆ ਜਾਵੇ।
ਉੱਤਰ ਵਿਚ ਮੈਂ ਅਸਲੀਅਤ ਦੱਸੀ ਕਿ ਕਿਵੇਂ ਉਹ ਪ੍ਰਬੰਧਕਾਂ ਦੇ ਕਹਿਣ ਤੇ ਭੇਜਣਾ ਪਿਆ। ਨਾਲ ਇਹ ਵੀ ਲਿਖ ਦਿੱਤਾ ਕਿ ਤੁਸੀਂ ਤਾਂ ਮੈਨੂੰ ਆਰਸੀ ਦੀ ਕੰਪਲੀਮੈਂਟਰੀ ਕਾਪੀ ਵੀ ਨਹੀਂ ਭੇਜਦੇ। ਮੈਂ ਤਾਂ ਆਪਣੇ ਛਪੇ ਹੋਏ ਆਰਟੀਕਲ ਵੀ ਆਰਸੀ ਦਾ ਪਰਚਾ ਖਰੀਦ ਕੇ ਪੜ੍ਹਦਾਂ। ਫਿਰ ਉਨ੍ਹਾਂ ਦਾ ਪੱਤਰ ਆਇਆ ਕਿ ਮੈਂ ਰਿਕਾਰਡ ਚੈੱਕ ਕਰਵਾਇਆ ਹੈ। ਸੱਚਮੁੱਚ ਹੀ ਤੁਸਾਂ ਨੂੰ ਆਰਸੀ ਨਹੀਂ ਪੁਚਾਇਆ ਜਾਂਦਾ ਰਿਹਾ। ਤੁਸਾਂ ਵੀ ਪਹਿਲਾਂ ਕਦੇ ਨਹੀਂ ਦੱਸਿਆ। ਉਨ੍ਹਾਂ ਨੇ ਆਪਣੇ ਸਟਾਫ਼ ਵੱਲੋਂ ਹੁੰਦੀ ਰਹੀ ਕੁਤਾਹੀ ਦਾ ਦਿਲੋਂ ਅਫਸੋਸ ਪਰਗਟ ਕੀਤਾ। ਫਿਰ ਆਰਸੀ ਮੈਨੂੰ ਉਦੋਂ ਤਕ ਡਾਕ ਰਾਹੀਂ ਕੰਪਲੀਮੈਂਟਰੀ ਆਉਂਦਾ ਰਿਹਾ ਜਦੋਂ ਉਹ ਚਲਦਾ ਰਿਹਾ। ਮੈਂ ਭਾਵੇਂ ਬਾਅਦ ਵਿਚ ਸਚਿੱਤਰ ਕੌਮੀ ਏਕਤਾ ਦਾ ਕਾਲਮ ਨਵੀਸ ਬਣ ਗਿਆ ਸਾਂ।
ਭਾਪਾ ਪ੍ਰੀਤਮ ਸਿੰਘ ਨੇ ਆਰਸੀ ਦਾ ਸੰਪਾਦਨ ਤੇ ਪ੍ਰਕਾਸ਼ਨ ਪੂਰੀ ਰੀਝ ਨਾਲ ਕੀਤਾ। ਪਰਚਾ ਦੇਸ਼ ਬਦੇਸ਼ ਦੂਰ ਤਕ ਪੁਚਾਇਆ। ਅਨੇਕਾਂ ਮੁਸ਼ਕਲਾਂ ਆਈਆਂ ਪਰ ਹਿੰਮਤ ਨਹੀਂ ਹਾਰੀ। ਪਰਚਾ ਬੰਦ ਹੁੰਦਾ ਹੁੰਦਾ ਵੀ ਤੋਰੀ ਜਾਂਦੇ ਤੇ ਘਾਟੇ ਵਾਧੇ ਸਹੀ ਜਾਂਦੇ। ਕਿਤਾਬਾਂ ਕਲਾਤਮਿਕ ਤੇ ਸੁੰਦਰ ਛਾਪਦੇ ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ਤੇ ਵਧੀਆ ਛਪਾਈ ਦੇ ਪੁਰਸਕਾਰ ਮਿਲਦੇ। ਇੰਜ ਪੰਜਾਬੀ ਪੁਸਤਕਾਂ ਦੇ ਮਾਨ ਸਨਮਾਨ ਵਿਚ ਵਾਧਾ ਹੁੰਦਾ। ਪੁਸਤਕਾਂ ਦੀ ਸੁੰਦਰ ਛਪਾਈ ਦੇ ਜਿੰਨੇ ਅਵਾਰਡ ਨਵਯੁਗ ਪ੍ਰੈੱਸ ਨੂੰ ਮਿਲੇ ਭਾਰਤ ਦੀ ਕਿਸੇ ਹੋਰ ਭਾਸ਼ਾ ਦੇ ਪ੍ਰੈੱਸ ਨੂੰ ਨਹੀਂ ਮਿਲੇ।
ਦਸੰਬਰ 1981 ਵਿਚ ਮੈਂ ਬੰਬਈ ਦਾ ਵਰਲਡ ਹਾਕੀ ਕੱਪ ਪੰਜਾਬੀ ਟ੍ਰਿਬਿਊਨ ਲਈ ਕਵਰ ਕਰਨ ਗਿਆ ਸਾਂ। ਮੁੜਦਿਆਂ ਦਿੱਲੀ ਰੁਕ ਗਿਆ। ਸਾਹਿਤ ਟ੍ਰੱਸਟ ਢੁੱਡੀਕੇ ਵੱਲੋਂ ਦਿੱਲੀ ਚ ਸਮਾਗਮ ਰੱਖ ਕੇ ਲੇਖਕਾਂ ਨੂੰ ਬਾਵਾ ਬਲਵੰਤ ਤੇ ਬਲਰਾਜ ਸਾਹਨੀ ਪੁਰਸਕਾਰ ਦਿੱਤੇ ਜਾਣੇ ਸਨ। ਭਾਪਾ ਪ੍ਰੀਤਮ ਸਿੰਘ ਢੁੱਡੀਕੇ ਟ੍ਰੱਸਟ ਦਾ ਮੈਂਬਰ ਸੀ। ਮੈਂ ਸਟੇਸ਼ਨ ਤੋਂ ਭਾਪੇ ਦੇ ਦਫਤਰ ਚਲਾ ਗਿਆ। ਉਥੋਂ ਅਸੀਂ ਕਾਰ ਵਿਚ ਬੈਠ ਕੇ ਸਮਾਗਮ ਵਾਲੀ ਥਾਂ ਵੱਲ ਚੱਲ ਪਏ। ਮੈਂ ਡਰਾਈਵਰ ਨਾਲ ਬਹਿ ਗਿਆ ਤੇ ਭਾਪਾ ਪ੍ਰੀਤਮ ਸਿੰਘ, ਪਿਆਰਾ ਸਿੰਘ ਸਹਿਰਾਈ ਤੇ ਪ੍ਰਿੰ. ਪ੍ਰੀਤਮ ਸਿੰਘ ਪਿੱਛੇ ਬਹਿ ਗਏ। ਤਿੰਨਾਂ ਦੀਆਂ ਚਿੱਟੀਆਂ ਦਾੜ੍ਹੀਆਂ ਤੇ ਚਿੱਟੀਆਂ ਈ ਪੱਗਾਂ। ਗੱਲਾਂ ਚੱਲ ਪਈਆਂ ਪੰਜਾਬ ਦੀਆਂ ਮੰਗਾਂ ਦੀਆਂ। ਉਨ੍ਹਾਂ ਦਿਨਾਂ ਵਿਚ ਅਕਾਲੀਆਂ ਦਾ ਮੋਰਚਾ ਜੁ ਲੱਗਾ ਹੋਇਆ ਸੀ। ਤਿੰਨੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਕੋਸ ਰਹੇ ਸਨ। ਸਹਿਮਤ ਸਨ ਕਿ ਕੇਂਦਰ ਪੰਜਾਬ ਨਾਲ ਵਿਤਕਰਾ ਕਰ ਰਿਹੈ। ਪਿਆਰਾ ਸਿੰਘ ਸਹਿਰਾਈ ਦਾ ਕਥਨ ਹਾਲੇ ਵੀ ਮੇਰੇ ਕੰਨਾਂ ਵਿਚ ਗੂੰਜ ਰਿਹੈ, ਬਾਹਮਣੀ ਨੀ ਪੰਜਾਬੀਆਂ ਤੋਂ ਚੂੰਢੀ ਵਢਾਉਂਦੀ!

ਉਂਜ ਤਾਂ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਦਾ ਬਾਨੀ ਗਿਆਨੀ ਕੁਲਦੀਪ ਸਿੰਘ ਸੀ ਤੇ ਸਭਾ ਦੀਆਂ ਮੀਟਿੰਗਾਂ ਗਿਆਨੀ ਹਰੀ ਸਿੰਘ ਦੇ ਘਰ ਹੁੰਦੀਆਂ ਸਨ। ਪਰ ਸਭਾ ਦਾ ਆਪਣਾ ਭਵਨ ਬਣਾਉਣ ਵਿਚ ਭਾਪਾ ਪ੍ਰੀਤਮ ਸਿੰਘ ਨੇ ਬੜੀ ਉਸਾਰੂ ਭੂਮਿਕਾ ਨਿਭਾਈ। ਉਸ ਨੂੰ ਪੰਜਾਬੀ ਭਵਨ ਦਾ ਬਾਨੀ ਕਿਹਾ ਜਾ ਸਕਦੈ। ਉਸ ਦਾ ਨੀਂਹ ਪੱਥਰ ਉਸ ਨੇ 1995 ਵਿਚ ਰਖਵਾਇਆ ਤੇ ਆਖ਼ਰੀ ਦਮ ਤਕ ਸਰਪ੍ਰਸਤੀ ਦਿੱਤੀ। ਸੋਵੀਅਤ ਰੂਸ ਦੇ ਕਲਾਸੀਕਲ ਸਾਹਿਤ ਨੂੰ ਪੰਜਾਬੀ ਵਿਚ ਪ੍ਰਕਾਸ਼ਤ ਕਰਨ ਦਾ ਸਿਹਰਾ ਵੀ ਉਸ ਦੇ ਸਿਰ ਹੈ। ਪੰਜਾਬੀ ਲਈ ਮਿਸਾਲੀ ਕੰਮ ਕਰਨ ਬਦਲੇ 2001 ਵਿਚ ਉਸ ਨੂੰ ਪੰਜਾਬੀ ਸਾਹਿਤ ਅਕਾਡਮੀ ਨੇ ਫੈਲੋਸਿ਼ਪ ਦੇ ਕੇ ਨਿਵਾਜਿਆ।
ਪਿਛਲੇ ਕੁਝ ਸਾਲਾਂ ਤੋਂ ਉਹ ਮਹਿਰੋਲੀ ਨੇੜੇ ਆਪਣੇ ਨਵਯੁਗ ਫਾਰਮ ਤੇ ਲੇਖਕਾਂ ਲਈ ਧੁੱਪ ਦੀ ਮਹਿਫ਼ਲ ਸਜਾਉਣ ਲੱਗ ਪਿਆ ਸੀ। ਇਹ ਮਹਿਫ਼ਲ ਜਨਵਰੀ ਫਰਵਰੀ ਦੇ ਮਹੀਨੇ ਸਜਦੀ। ਉਥੇ ਨਵੇਂ ਪੁਰਾਣੇ ਲੇਖਕ ਚੜ੍ਹਦੇ ਸਾਲ ਇਕ ਵਾਰ ਫਿਰ ਕੱਠੇ ਹੁੰਦੇ ਤੇ ਖੁਸ਼ੀਆਂ ਸਾਂਝੀਆਂ ਕਰਦੇ। ਕੋਈ ਪੰਜਾਬ ਤੋਂ ਪਹੁੰਚਦਾ, ਕੋਈ ਬਦੇਸ਼ੋਂ ਅਪੜਦਾ ਤੇ ਕੋਈ ਕਲਕੱਤੇ ਮੁੰਬਈ ਤੋਂ ਆਉਂਦਾ। ਉਥੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਹੋਰੀਂ ਵੀ ਪਹੁੰਚਦੇ ਰਹੇ। ਕੋਈ ਕਵਿਤਾ ਪੜ੍ਹਦਾ, ਕੋਈ ਗੀਤ ਗਾਉਂਦਾ, ਕੋਈ ਲਤੀਫ਼ਾ ਸੁਣਾਉਂਦਾ ਤੇ ਕੋਈ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਾ। ਲੇਖਕ ਇਕ ਦੂਜੇ ਨਾਲ ਦੁੱਖ ਸੁਖ ਫੋਲਦੇ ਤੇ ਹੌਲੇ ਹੋਏ ਮਹਿਸੂਸ ਕਰਦੇ। ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਤੇ ਲੱਸੀ ਮੱਖਣ ਦਾ ਲੰਗਰ ਲੱਗਦਾ। ਮਸਾਲੇ ਵਾਲੀ ਚਾਹਾਂ ਦੀਆਂ ਮਹਿਕਾਂ ਉਠਦੀਆਂ। ਧੁੱਪ ਦੀ ਮਹਿਫ਼ਲ ਅਗਲੇ ਸਾਲ ਮੁੜ ਮਿਲਣ ਦੇ ਇਕਰਾਰ ਨਾਲ ਵਿਛੜਦੀ।
ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਭਾਪਾ ਪ੍ਰੀਤਮ ਸਿੰਘ ਦੇ ਫਾਰਮ ਹਾਊਸ ਵਿਚ ਹੀ ਰਹਿੰਦਾ ਸੀ। ਉਹ ਮਜ਼ਾਕੀਆ ਬੰਦਾ ਸੀ। ਹੱਸਦਾ ਹਸਾਉਂਦਾ ਏਨਾ ਕਿ ਹਸਦੇ ਦੀਆਂ ਅੱਖਾਂ ਚੁੰਨ੍ਹੀਆਂ ਹੋ ਗਈਆਂ ਸਨ। ਰੰਗ ਤਾਂ ਉਹਦਾ ਪਹਿਲਾਂ ਹੀ ਪੱਕਾ ਸੀ, ਰਹਿੰਦਾ ਖੂੰਹਦਾ ਬੀੜੀਆਂ ਸਿਗਰਟਾਂ ਪੀ ਕੇ ਪਕਾ ਲਿਆ ਸੀ। ਇਕੇਰਾਂ ਉਹਨੇ ਸਿਗਰਟ ਸੁਲਗ਼ਾਈ ਤਾਂ ਉਤੋਂ ਭਾਪਾ ਜੀ ਆ ਗਏ। ਪਤਾ ਲੱਗਣ ਦੇ ਡਰੋਂ ਉਹ ਹੱਥ ਮਿਲਾਉਣ ਦੀ ਥਾਂ ਭਾਪਾ ਜੀ ਨੂੰ ਜੱਫੀ ਪਾ ਕੇ ਮਿਲਿਆ ਤਾਂ ਜੋ ਸਿਗਰਟ ਵਾਲਾ ਹੱਥ ਭਾਪੇ ਦੀ ਕੰਡ ਵੱਲ ਚਲਾ ਜਾਵੇ। ਕੰਡ ਵੱਲੋਂ ਉਸ ਨੇ ਸਿਗਰਟ ਪਰ੍ਹਾਂ ਖੁਰਲੀ ਵਿਚ ਚਲਾ ਮਾਰੀ ਜੋ ਭਾਪੇ ਦੇ ਜਾਣ ਪਿੱਛੋਂ ਮੁੜ ਲੱਭ ਲਈ। ਇਹੋ ਜਿਹੇ ਕੰਮਾਂ ਨੂੰ ਰੁਪਾਣਾ ਬੜਾ ਜੁਗਤੀ ਸੀ। ਧੁੱਪ ਦੀ ਮਹਿਫ਼ਲ ਵੇਲੇ ਯਾਰਾਂ ਦੋਸਤਾਂ ਲਈ ਉਹਦੀ ਕਿਸੇ ਖੱਲ ਖੂੰਜੇ ਦੱਬੀ ਪਈ ਹੁੰਦੀ ਸੀ। ਪੀਂਦਾ ਪਿਆਉਂਦਾ ਭਾਪੇ ਤੋਂ ਚੋਰੀ ਸੀ। ਇਕੇਰਾਂ ਉਹਨੇ ਯਾਰਾਂ ਦੋਸਤਾਂ ਨੂੰ ਪਸ਼ੂਆਂ ਦੇ ਵਾੜੇ ਵਿਚ ਈ ਖੁਰਲੀਆਂ ਉਤੇ ਬਹਾ ਕੇ ਨਿਹਾਲ ਕਰ ਦਿੱਤਾ। ਜਦੋਂ ਉਤੋਂ ਦੀ ਹੋਇਆ ਤਾਂ ਉਹਦੇ ਵੱਡੇ ਭਰਾ ਵਰਗੇ ਗੁਲਜ਼ਾਰ ਸਿੰਘ ਸੰਧੂ ਨੂੰ ਹੀ ਉਹਨੂੰ ਥਾਂ ਸਿਰ ਕਰਨਾ ਪਿਆ। ਰੁਪਾਣੇ ਨੂੰ ਓਦੋਂ ਤਕ ਟੇਕ ਨਹੀਂ ਸੀ ਆਉਂਦੀ ਜਦੋਂ ਤਕ ਕਿਸੇ ਨਾਲ ਪੰਗਾ ਨਾ ਲੈਂਦਾ।
ਉਹਨੀਂ ਦਿਨੀਂ ਰੁਪਾਣੇ ਦੀ ਕਿਸੇ ਕਹਾਣੀ ਦੇ ਬਿਨਪੁੱਛੇ ਛਾਪਣ ਬਦਲੇ ਰੁਪਾਣੇ ਦਾ ਭਾਪਾ ਪ੍ਰੀਤਮ ਸਿੰਘ ਨਾਲ ਪੰਗਾ ਪੈ ਗਿਆ ਤੇ ਮੁਕੱਦਮਾ ਅਦਾਲਤ ਵਿਚ ਚਲਾ ਗਿਆ ਜਿਹੜਾ ਗੁਲਜ਼ਾਰ ਸੰਧੂ ਹੋਰਾਂ ਤੋਂ ਵੀ ਨਾ ਨਿਬੜਿਆ। ਰੁਪਾਣੇ ਨੇ ਮੁਕੱਦਮੇ ਵਿਚੋਂ ਤਾਂ ਕੁਝ ਕੱਢਣਾ ਪਾਉਣਾ ਨੀ ਸੀ, ਬੱਸ ਟਿੰਡ ਚ ਕਾਨਾ ਪਾ ਕੇ ਟਿੰਡ ਈ ਵਜਾਉਣੀ ਸੀ ਜੋ ਉਹ ਮਿੰਨ੍ਹਾਂ ਮਿੰਨ੍ਹਾਂ ਮੁਸਕਰਾਉਂਦਾ ਵਜਾਉਂਦਾ ਰਹਿੰਦਾ। ਨਵਯੁਗ ਫਾਰਮ ਉਹਨੇ ਛੱਡ ਦਿੱਤਾ ਸੀ। ਦੋਵੇਂ ਤਰੀਕ ਭੁਗਤਣ ਜਾਂਦੇ, ਹੱਸ ਕੇ ਮਿਲਦੇ ਤੇ ਅਗਲੀ ਤਰੀਕ ਲੈ ਕੇ ਮੁੜ ਆਉਂਦੇ। ਇਹ ਸਮਝ ਲਓ ਕਿ ਮੁਕੱਦਮਾ ਉਨ੍ਹਾਂ ਦਾ ਦੋਸਤਾਨਾ ਮੈਚ ਸੀ। ਰੁਪਾਣਾ ਭਾਪੇ ਤੋਂ ਜੁਆਨ ਸੀ। ਵਾਰ ਵਾਰ ਪੈਂਦੀਆਂ ਤਰੀਕਾਂ ਨੇ ਅਖ਼ੀਰ ਭਾਪੇ ਨੂੰ ਹੰਭਾ ਲਿਆ। ਆਖ਼ਰ ਭਾਪਾ ਜੀ ਬਿਮਾਰ ਪੈ ਗਏ ਤੇ ਰੁਪਾਣੇ ਨੇ ਇਹ ਕਹਿ ਕੇ ਮੁਕੱਦਮਾ ਵਾਪਸ ਲੈ ਲਿਆ ਕਿ ਬਿਮਾਰ ਬੰਦੇ ਨਾਲ ਕਾਹਦੀ ਲੜਾਈ? ਬੱਸ ਏਨਾ ਈ ਆਖਿਆ ਕਿ ਅਗਾਂਹ ਨੂੰ ਬਿਨਾਂ ਪੁੱਛੇ ਉਹਦੀ ਕਹਾਣੀ ਨਹੀਂ ਛਾਪਣੀ। ਅਜੋਕੇ ਪ੍ਰਕਾਸ਼ਕ ਵੀ ਸਿੱਖ ਲੈਣ ਕਿ ਬਿਨਾਂ ਪੁੱਛੇ ਕਿਸੇ ਲੇਖਕ ਦੀ ਰਚਨਾ ਨਹੀਂ ਛਾਪਣੀ ਚਾਹੀਦੀ।
31 ਮਾਰਚ 2005 ਦੇ ਦਿਨ ਭਾਪਾ ਜੀ ਅਕਾਲ ਚਲਾਣਾ ਕਰ ਗਏ। ਦਿੱਲੀ ਵਿਚ ਉਸ ਦੇ ਸਸਕਾਰ ਸਮੇਂ ਦੂਰ ਨੇੜ ਦੇ ਅਨੇਕਾਂ ਲੇਖਕ ਤੇ ਮੋਹਤਬਰ ਸੱਜਣ ਸੋਗਵਾਰ ਹੋਏ ਜਿਨ੍ਹਾਂ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਸਨ। ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਦੇਸ਼ੀ ਦੌਰੇ ਤੇ ਹੋਣ ਕਾਰਨ ਉਨ੍ਹਾਂ ਨੇ ਉਥੋਂ ਹੀ ਸ਼ੋਕ ਸੰਦੇਸ਼ ਭੇਜਿਆ। ਭਾਪਾ ਜੀ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਲਾਮਿਸਾਲ ਸੇਵਾ ਕੀਤੀ। ਉਨ੍ਹਾਂ ਦੀ ਸਿਮਰਤੀ ਵਿਚ ਅਭਿਨੰਦਨ ਗ੍ਰੰਥ ਛਾਪਿਆ ਗਿਆ। ਭਾਪਾ ਜੀ ਦੇ ਜਾਣ ਪਿੱਛੋਂ ਰੁਪਾਣੇ ਦਾ ਵੀ ਦਿੱਲੀ ਵਿਚ ਦਿਲ ਨਾ ਲੱਗਾ ਤੇ ਉਹ ਦਿੱਲੀ ਛੱਡ ਕੇ ਆਪਣੇ ਪਿੰਡ ਰੁਪਾਣੇ ਆ ਗਿਆ। ਇਹ ਹੁਣ ਰੁਪਾਣਾ ਹੀ ਜਾਣੇ ਉਹਨੂੰ ਭਾਪਾ ਪ੍ਰੀਤਮ ਸਿੰਘ ਕਿੰਨਾ ਕੁ ਯਾਦ ਆਉਂਦਾ ਹੈ?
 

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346