Welcome to Seerat.ca
Welcome to Seerat.ca

ਚਿਤ੍ਰਲੇਖ/ ਸ਼ਨਾਖ਼ਤ

 

- ਅਮਰਜੀਤ ਚੰਦਨ

ਖੀਸੇ ਚ ਟਿਮਕਦੇ ਜੁਗਨੂੰ

 

- ਇਕਬਾਲ ਰਾਮੂਵਾਲੀਆ

ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਨਵੀਂ ਦੁਨੀਆਂ

 

- ਹਰਜੀਤ ਅਟਵਾਲ

ਗੱਲਾਂ ਚੋਂ ਗੱਲ

 

- ਬਲਵਿੰਦਰ ਗਰੇਵਾਲ

ਵਲੈਤ ਦੇ ਭੱਠੇ

 

- ਸੁਖਦੇਵ ਸਿੱਧੂ

ਵਿਸ਼ਵੀਕਰਣ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ

 

- ਦੇਵਿੰਦਰ ਕੌਰ

ਘਰ ਦੇ ਜੀਅ

 

- ਮੰਗੇ ਸਪਰਾਏ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਇਤਿਹਾਸ ਬੋਲਦਾ ਏ

 

- ਦਰਸ਼ਨ ਬੁਲੰਦਵੀ

ਆਖਰ ਕੁਝ ਤਾਂ ਹੈ ਜੱਟ ਅਖਵਾਉਣ ਵਿੱਚ

 

- ਹਰਜੀਤ ਗਿੱਲ

ਲਹੂ ਦਾ ਅੱਥਰੂ

 

- ਸੰਤੋਖ ਸਿੰਘ ਸੰਤੋਖ

ਛੱਪੜ

 

- ਹਰਪ੍ਰੀਤ ਸੇਖਾ

ਪੰਜਾਬੀ ਡਾਇਸਪੋਰਾ ਦੇ ਦਿਖਦੇ ਅਣਦਿਖਦੇ ਪਾਸਾਰ
(ਵਰਿਆਮ ਸੰਧੂ ਦੀ ਕਹਾਣੀ ਜਮਰੌਦ) ਦੇ ਸੰਦਰਭ ਵਿੱਚ

 

- ਡਾ: ਗੁਰਮੀਤ ਕੌਰ

ਜਮਰੌਦ

 

- ਵਰਿਆਮ ਸਿੰਘ ਸੰਧੂ

ਇਹ ਕੇਹੀ ਅਜ਼ਾਦੀ

 

- ਗੁਲਸ਼ਨ ਦਿਆਲ

ਜੇ ਭਰਾ ਮਾੜਾ ਤਾਂ ਮਰਦਪੁਣਾ ਜੇ ਭੈਣ ਮਾੜੀ ਤਾਂ ਬਦਕਾਰ

 

- ਬੇਅੰਤ ਗਿੱਲ ਮੋਗਾ

 

Online Punjabi Magazine Seerat


ਜਮਰੌਦ
- ਵਰਿਆਮ ਸਿੰਘ ਸੰਧੂ
 

 

(ਭਾਵੇਂ ਜਮਰੌਦ ਇਸਤੋਂ ਪਹਿਲਾਂ ਵੀ ਸੀਰਤ ਵਿਚ ਪ੍ਰਕਾਸ਼ਤ ਹੋ ਚੁੱਕੀ ਹੈ ਪਰ ਪ੍ਰੋ ਗੁਰਮੀਤ ਕੌਰ ਦੀ ਇਸਤੋਂ ਪਹਿਲਾਂ ਲਿਖੀ ਲਿਖਤ ਨੂੰ ਸਮਝਣ ਲਈ ਇਸਨੂੰ ਦੋਬਾਰਾ ਛਾਪਿਆ ਜਾ ਰਿਹਾ ਹੈ। ਸੰਪਾਦਕ)

ਫ਼ੋਨ ਦੀ ਘੰਟੀ ਵੱਜੀ ਤਾਂ ਪ੍ਰੋਫ਼ੈਸਰ ਬਰਾਂਡੇ ਵਿਚ ਪਏ ਫ਼ੋਨ ਨੂੰ ਸੁਣਨ ਲਈ ਅਹੁਲਿਆ। ਹੱਥ ਵਿਚ ਫੜ੍ਹਿਆ ਹੋਇਆ ਚਾਹ ਦਾ ਕੱਪ ਉਹਨੇ ਛੋਟੇ ਮੇਜ਼ ਤੇ ਰੱਖ ਦਿੱਤਾ।
ਹੈਲੋ! ਕਹਿਣ ਤੋਂ ਬਾਅਦ ਉਹ ਜੀ, ਜੀ, ਜੀਅ! ਕਰਦਾ ਅਗਲੇ ਦੀ ਗੱਲ ਸੁਣੀਂ ਗਿਆ। ਸੁਣਦਿਆਂ ਇਕਦਮ ਝਟਕਾ ਲੱਗਾ; ਉਹਦਾ ਜਿਸਮ ਥਰਥਰਾਇਆ ਤੇ ਸਦਮੇ ਨਾਲ ਜਿਵੇਂ ਸਾਹ ਸੂਤਿਆ ਗਿਆ ਹੋਵੇ, ਹੱਛਾਅ ਜੀ! ਚੁਅ ਚ!! ਚੁਅ ਚ!!!
ਥੋੜ੍ਹੀ ਦੂਰ ਮੰਜੇ ਤੇ ਬੈਠਾ ਗਲਾਸ ਵਿਚੋਂ ਚਾਹ ਦੀਆਂ ਘੁੱਟਾਂ ਭਰਦਾ ਉਹਦਾ ਬਜ਼ੁਰਗ ਬਾਪ ਫ਼ੋਨ ਸੁਣਦੇ ਪ੍ਰੋਫ਼ੈਸਰ ਨੂੰ ਬੜੇ ਗਹੁ ਨਾਲ ਵਾਚ ਰਿਹਾ ਸੀ।
ਫ਼ੋਨ ਕਰਨ ਵਾਲੇ ਦੀ ਆਵਾਜ਼ ਬੜੇ ਧਿਆਨ ਨਾਲ ਸੁਣਦਿਆਂ ਪ੍ਰੋਫ਼ੈਸਰ ਨੇ ਆਪਣੇ ਆਪ ਨੂੰ ਸੰਭਾਲਿਆ। ਚਿਹਰੇ ਦੇ ਸਿ਼ਕਨ ਸੂਤ ਕੀਤੇ। ਨਜ਼ਰਾਂ ਗੱਡੀ ਬੈਠੇ ਪਿਤਾ ਕੋਲੋਂ ਆਪਣੇ ਬੋਲਾਂ ਵਿਚਲੀ ਕੰਬਣੀਂ ਲੁਕਾ ਕੇ ਬੜੇ ਹੀ ਠਰ੍ਹੰਮੇਂ ਨਾਲ ਹੁੰਗਾਰਾ ਭਰਨ ਦੀ ਕੋਸਿ਼ਸ਼ ਕੀਤੀ।
ਓਧਰੋਂ ਆਵਾਜ਼ ਆ ਰਹੀ ਸੀ, ਤੂੰ ਛੋਟੇ ਭਰਾਵਾਂ ਵਰਗਾ ਏਂ ਸਾਡਾ। ਉਹਨਾਂ ਦੇ ਏਥੇ ਅੱਪੜਣ ਤੱਕ ਇਹ ਗੱਲ ਤੇਰੇ ਕੋਲ ਈ ਰਹਿਣੀ ਚਾਹੀਦੀ ਏ। ਅਮਰ ਸੁੰਹ ਨੂੰ ਵੀ ਸਮਝਾ ਦਈਂ ਕਿ ਗੱਲ ਦੀ ਧੁੱਖ ਕਿਤੇ ਬਾਹਰ ਨਾ ਕੱਢੇ। ਆਪਣੇ ਟੱਬਰ ਚ ਵੀ ਨਹੀਂ। ਬੁਰਜ ਤਾਂ ਉਹਨਾਂ ਦਾ ਢਹਿ ਗਿਆ ਪਰ ਹੁਣ ਇਹ ਗੱਡ ਕਿਧਰੇ ਵਿੱਚਕਾਹੇ ਨਾ ਖੁਭੀ ਰਹਿ ਜਾਏ!
ਕੋਈ ਨਾ; ਫਿਕਰ ਨਾ ਕਰੋ ਭਾ ਜੀ! ਮੈਂ ਹੁਣੇ ਜਾ ਕੇ ਦੱਸ ਆਉਨਾਂ!
ਭਾਵੇਂ ਉਸਨੇ ਆਪਣੇ ਆਪ ਨੂੰ ਸਹਿਜ ਰੱਖਣ ਦਾ ਬੜਾ ਯਤਨ ਕੀਤਾ ਪਰ ਫਿਰ ਵੀ ਉਹਦੇ ਸਮੁੱਚੇ ਵਤੀਰੇ ਵਿਚਲੀ ਅਸਹਿਜਤਾ ਭਾਂਪ ਕੇ ਟੋਂਹਦੀਆਂ ਨਜ਼ਰਾਂ ਨਾਲ ਨਿਹਾਰ ਰਹੇ ਉਸਦੇ ਬਾਪ ਨੇ ਪੁੱਛ ਹੀ ਲਿਆ, ਕੀਹਦਾ ਫ਼ੋਨ ਸੀ ਸਵੇਰੇ ਸਵੇਰੇ?
ਪਿੰਡ ਵਿਚ ਮਸਾਂ ਦਸ-ਪੰਦਰਾਂ ਘਰਾਂ ਵਿਚ ਹੀ ਅਜੇ ਟੈਲੀਫ਼ੋਨ ਲੱਗੇ ਸਨ। ਕਿਸੇ ਟੱਬਰ ਦੇ ਬਾਹਰਲੇ ਸ਼ਹਿਰ ਜਾਂ ਬਾਹਰਲੇ ਮੁਲਕ ਵਿਚ ਰਹਿੰਦੇ ਕਿਸੇ ਜੀਅ ਦਾ ਸੁਖ-ਸੁਨੇਹੇਂ ਦਾ ਫ਼ੋਨ ਇਹਨਾਂ ਘਰਾਂ ਵਿਚੋਂ ਕਿਸੇ ਨ ਕਿਸੇ ਘਰ ਆਉਂਦਾ ਰਹਿੰਦਾ। ਘਰ ਵਾਲਾ ਅਗਲਿਆਂ ਨੂੰ ਸੱਦ ਲਿਆਉਂਦਾ ਜਾਂ ਉਹਨਾਂ ਤੱਕ ਸੁਨੇਹਾ ਅੱਪੜਦਾ ਕਰ ਦਿੰਦਾ।
ਕੀਹਦਾ ਫ਼ੋਨ ਸੀ? ਬਜ਼ੁਰਗ ਨੇ ਕਾਹਲੀ ਨਾਲ ਨੰਗੇ ਸਿਰ ਤੇ ਪਰਨਾ ਲਪੇਟਦੇ ਪ੍ਰੋਫ਼ੈਸਰ ਨੂੰ ਵੇਖ ਕੇ ਫੇਰ ਪੁੱਛਿਆ।
ਚੜ੍ਹ ਕਿਆਂ ਦੇ ਅਮਰ ਸੁੰਹ ਦਾ, ਕਨੇਡਾ ਤੋਂ। ਸੁਚੇਤ ਹੋ ਕੇ ਮਸਾਂ ਏਨਾ ਹੀ ਕਹਿ ਸਕਿਆ।
ਉਹਦੇ ਮੁੰਡੇ ਦਾ ਕਿ ਕਾਮਰੇਡ ਜਰਨੈਲ ਦਾ?
ਉਹਨਾਂ ਦੇ ਏਥੇ ਅੱਪੜਣ ਤੱਕ ਇਹ ਗੱਲ ਤੇਰੇ ਕੋਲ ਈ ਰਹਿਣੀ ਚਾਹੀਦੀ ਏ! ਫ਼ੋਨ ਵਿਚਲੀ ਆਵਾਜ਼ ਦੀ ਚੇਤਾਵਨੀ ਨੇ ਘੁਰਕਿਆ। ਉਹ ਹੜਬੜਾ ਗਿਆ। ਉਹਦੇ ਮੁੰਡੇ ਬਾਰੇ ਸ਼ਬਦ ਉਹਦੇ ਸੰਘ ਵਿਚ ਹੀ ਅਟਕ ਗਏ। ਫਿਰ ਆਖਣ ਲੱਗਾ ਸੀ, ਕਾਮਰੇਡ ਦਾ।
ਪਰ ਬਹੁਤੇ ਨਿਨਵਿਆਂ ਦੇ ਡਰੋਂ ਚੁੱਪ ਹੀ ਰਿਹਾ। ਝੁੰਜਲਾ ਗਿਆ। ਕੀ ਆਖੇ, ਕੀ ਦੱਸੇ! ਸਮਝ ਨਾ ਆਈ।
ਕਾਮਰੇਡ ਦਾ ਈ ਹੋਣਾ। ਤੇਰੇ ਜੀ! ਜੀ! ਤੋਂ ਮੈਂ ਹਿਸਾਬ ਲਾ ਲਿਐ। ਕਾਮਰੇਡ ਦੀ ਵੀ ਮੈਨੂੰ ਸਮਝ ਨਹੀਂ ਆਈ। ਚੰਗਾ ਭਲਾ ਪ੍ਰੋਫ਼ੈਸਰੀ ਕਰਦਾ ਸੀ ਏਥੇ ਤੇਰੇ ਨਾਲ। ਛੱਡ ਕੇ ਕਨੇਡਾ ਜਾ ਵੜਿਆ। ਪਹਿਲਾਂ ਇੰਗਲੈਂਡ ਗਿਆ ਤਾਂ ਓਥੇ ਦੋ ਤਿੰਨ ਸਾਲ ਲਾ ਕੇ ਈ ਮੁੜ ਆਇਆ। ਉਦੋਂ ਇੰਗਲੈਂਡੋਂ ਮੁੜ ਕੇ ਆਖਿਆ ਕਰੇ, ਪਹਿਲਾਂ ਗੋਰਿਆਂ ਦੀ ਏਥੇ ਗੁਲਾਮੀ ਕੀਤੀ, ਹੁਣ ਓਥੇ ਜਾ ਕੇ ਕਰਨੀ ਬੜੀ ਔਖੀ ਐ। ਬੜਾ ਜ਼ਲੀਲ ਹੋਣਾ ਪੈਂਦੈ। ਏਥੇ ਈ ਲੜਾਂਗੇ; ਸਮਾਜਵਾਦ ਲਿਆਵਾਂਗੇ। ਲੈ ਆ ਗਿਆ ਉਹਦਾ ਤਾਂ ਸਮਾਜਵਾਦ! ਹੁਣ ਓਥੇ ਬੇਰੀਆਂ ਤੋੜਦਾ ਹੋਊ ਜਾਂ ਕਿਤੇ ਪਹਿਰੇਦਾਰੀ ਕਰਦਾ ਹੋਣਾਂ । ਹੋਰ ਇਹਨਾਂ ਲਈ ਗੋਰੇ ਓਥੇ ਖੰਡ ਪਰੀਹ ਕੇ ਬੈਠੇ ਨੇ।
ਪ੍ਰੋਫ਼ੈਸਰ ਜਾਣਦਾ ਸੀ ਕਿ ਉਹਦਾ ਬਾਪ ਕਿਹੜੇ ਸਟੇਸ਼ਨ ਤੋਂ ਬੋਲ ਰਿਹੈ। ਕਾਮਰੇਡ ਤਾਂ ਬਹਾਨਾ ਸੀ। ਸੁਣਾ ਤਾਂ ਉਹ ਉਹਨੂੰ ਰਿਹਾ ਸੀ ਜਿਸਨੇ ਪਿਛਲੇ ਕੁਝ ਚਿਰ ਤੋਂ ਨੰਬਰਾਂ ਦੇ ਆਧਾਰ ਤੇ ਕੇਸ ਤਿਆਰ ਕਰਕੇ ਸਹਿ-ਪਰਿਵਾਰ ਕਨੇਡਾ ਜਾਣ ਲਈ ਅਪਲਾਈ ਕੀਤਾ ਹੋਇਆ ਸੀ।
ਬੰਦਾ ਮਰਦਾ ਹੋਇਆ ਅੱਕ ਚੱਬੇ ਤਾਂ ਸਮਝ ਆਉਂਦੀ ਐ। ਬੰਦੇ ਦੀ ਲੋੜ ਹੋਵੇ ਜਾਂ ਮਜਬੂਰੀ; ਫਿਰ ਉਹ ਬਾਹਰ ਜਾਵੇ ਤਾਂ ਗੱਲ ਸਮਝ ਵੀ ਆਉਂਦੀ ਏ। ਪਰ ਏਥੇ ਤਾਂ ਰੱਜੇ-ਪੁਜੇ ਵੀ ਕਨੇਡਾ ਨੂੰ ਭੱਜੇ ਜਾਂਦੇ ਨੇ। ਨਰੋਏ ਚਿੱਤੜੀਂ ਅੱਕ ਚੋਂਦੇ ਫਿਰਦੇ ਨੇ!
ਉਹ ਬਥੇਰੀ ਵਾਰ ਕਹਿ ਚੁੱਕਾ ਸੀ, ਮੈਂ ਨਿਰ੍ਹਾ ਆਪਣੇ ਲਈ ਨਹੀਂ, ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਅਪਲਾਈ ਕੀਤੈ। ਏਸ ਮੁਲਕ ਦਾ ਜਿਹੜਾ ਹਾਲ ਏ; ਕੁਝ ਨਹੀਂ ਬਣਨਾਂ ਅਗਲੀਆਂ ਪੀੜ੍ਹੀਆਂ ਦਾ ਏਥੇ।
ਪਰ ਪਿਓ ਦੀਆਂ ਆਪਣੀਆਂ ਦਲੀਲਾਂ ਸਨ।
ਤੇ ਓਥੇ ਗਈਆਂ ਅਗਲੀਆਂ ਪੀੜ੍ਹੀਆਂ ਨੇ ਤੇਰੇ ਟਿੱਲੇ ਤੇ ਧਾਰ ਨਹੀਂ ਮਾਰਨੀ। ਵੇਖ ਲਈਂ! ਤੇਰੇ ਹੱਥ ਨਾ ਪੀੜ੍ਹੀਆਂ ਰਹਿਣੀਆਂ ਨੇ, ਨਾ ਪਿੱਛਾ। ਤੇਰੇ ਹੱਥ ਰਹਿ ਜੂ ਗਾ ਠੁਣਠੁਣ ਗੁਪਾਲ!

ਉਹ ਦਲੀਲਬਾਜ਼ੀ ਦੇ ਰਓਂ ਵਿਚ ਨਹੀਂ ਸੀ। ਚੁੱਪ ਰਹਿਣਾ ਈ ਮੁਨਾਸਬ ਸਮਝਿਆ।

ਸਿਰ ਤੇ ਪਰਨਾ ਬੰਨ੍ਹ ਕੇ ਪ੍ਰੋਫ਼ੈਸਰ ਨੇ ਚੱਪਲਾਂ ਲਾਹੀਆਂ; ਪੈਰੀਂ ਜੁੱਤੀ ਅੜਾਈ ਤੇ ਸੁਨੇਹਾ ਦੇਣ ਲਈ ਬੂਹਿਓਂ ਬਾਹਰ ਨਿਕਲ ਗਿਆ। ਚਾਹ ਦਾ ਕੱਪ ਜਿਵੇਂ ਉਸਨੇ ਫ਼ੋਨ ਸੁਣਨ ਤੋਂ ਪਹਿਲਾਂ ਛੋਟੇ ਮੇਜ਼ ਤੇ ਰੱਖਿਆ ਸੀ, ਓਵੇਂ ਪਿਆ ਰਿਹਾ।
ਮਾਂ ਨੇ ਉਹਨੂੰ ਜਾਂਦਿਆਂ ਵੇਖਿਆ।
ਪੁੱਤ! ਚਾਹ ਤਾਂ ਪੀ ਜਾਂਦਾ। ਤੱਤੀ ਕਰ ਦੇਂਦੀ ਆਂ! ਪਰ ਫਿਰ ਜਿ਼ਦ ਨਹੀਂ ਕੀਤੀ। ਪੁੱਤਰ ਦੀ ਕਾਹਲੀ ਵੇਖ ਕੇ ਕੁਝ ਸੋਚ ਕੇ ਚੁੱਪ ਕਰ ਗਈ।
ਕੀ ਪਤਾ ਅਗਲਿਆਂ ਦਾ ਕਿੰਨਾਂ ਕੁ ਜ਼ਰੂਰੀ ਫ਼ੋਨ ਏਂ!

ਅਮਰ ਸਿੰਘ ਦਾ ਘਰ ਉਹਨਾਂ ਦੇ ਘਰ ਤੋਂ ਦਸ-ਪੰਦਰਾਂ ਘਰ ਛੱਡ ਕੇ ਬਾਹਰਵਾਰ ਪਿੰਡ ਦੀ ਫਿ਼ਰਨੀ ਤੇ ਸੀ। ਪ੍ਰੋਫ਼ੈਸਰ ਨੇ ਦੂਰੋਂ ਹੀ ਵੇਖਿਆ; ਹਵੇਲੀ ਦੀ ਚਾਰ ਕੁ ਫੁੱਟ ਉੱਚੀ ਵਲਗਣ ਦੇ ਅੰਦਰਵਾਰ ਅਮਰ ਸਿੰਘ ਖੁਰਲੀਆਂ ਚ ਹੱਥ ਮਾਰ ਰਿਹਾ ਤੜ੍ਹਕੇ ਲਏ ਸੁਪਨੇ ਦੇ ਅਰਥ ਤਲਾਸ਼ਦਾ ਖ਼ੁਸ਼ ਹੋ ਰਿਹਾ ਸੀ।
ਕਨੇਡਾ ਦਾ ਸ਼ਹਿਰ ਵੈਨਕੂਵਰ। ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਪਹਿਲੇ ਅੱਧ ਦਾ ਪਿਛਲੇਰਾ ਸਮਾਂ। ਉਸ ਨੂੰ ਵਾਪਸ ਇੰਡੀਆ ਵੱਲ ਮੋੜਨ ਲਈ ਅੱਠ-ਦਸ ਪੁਲਿਸ ਵਾਲੇ ਜੱਫਿਆਂ ਤੇ ਧੱਕਿਆਂ ਨਾਲ ਜ਼ਬਰਦਸਤੀ ਸਮੁੰਦਰੀ ਜਹਾਜ਼ ਤੇ ਚੜ੍ਹਾ ਰਹੇ ਹਨ। ਪੁਲਸੀਆਂ ਨੇ ਉਸਦੇ ਕੋਟ ਨੂੰ ਪਿੱਛੋਂ ਚੁੱਕ ਕੇ ਉਹਦਾ ਮੂੰਹ-ਸਿਰ ਢੱਕ ਦਿੱਤਾ ਹੈ। ਵਿਰੋਧ ਕਰਨ ਲਈ ਉਹ ਲੱਤਾਂ ਅਕੜਾਉਂਦਾ ਹੈ; ਪੈਰ ਅੜਾਉਂਦਾ ਹੈ। ਏਸੇ ਯਤਨ ਵਿਚ ਰੱਸਾ ਬੰਨ੍ਹਣ ਵਾਲੀ ਲੋਹੇ ਦੀ ਕਿੱਲੀ ਨਾਲ ਉਸਦੀ ਲੱਤ ਵੱਜਦੀ ਹੈ। ਪਤਲੂਣ ਪਾਟ ਜਾਂਦੀ ਹੈ। ਪੀੜ ਦੀ ਕੰਬਣੀ ਜਿਸਮ ਵਿਚ ਫ਼ੈਲਦੀ ਹੈ। ਲਹੂ ਦੀਆਂ ਘਰਾਲਾਂ ਵਗਣ ਲੱਗਦੀਆਂ ਹਨ। ਉਹਨੂੰ ਵਾਪਸ ਮੁੜਨੋਂ ਰੋਕ ਸਕਣ ਤੋਂ ਅਸਮਰਥ, ਸਮੁੰਦਰੀ ਕੰਢੇ ਤੇ ਖਲੋਤੇ ਉਸਦੇ ਹਿੰਦੁਸਤਾਨੀ ਭਰਾਵਾਂ ਦੇ ਬੰਦੇ ਮਾਤਰਮ! ਅਤੇ ਬੋਲੇ ਸੋ ਨਿਹਾਲ! ਦੇ ਜੈਕਾਰੇ ਉਹਨੂੰ ਸੁਣਾਈ ਦੇ ਰਹੇ ਹਨ। ਜਹਾਜ਼ ਦੇ ਇੱਕ ਕਮਰੇ ਵਿਚ ਉਹਨੂੰ ਬੰਦ ਕੀਤਾ ਜਾ ਰਿਹਾ ਹੈ। ਆਵਾਜ਼ਾਂ ਸੁਣ ਕੇ ਉਹ ਜੋਸ਼ ਵਿਚ ਆਉਂਦਾ ਹੈ ਤੇ ਪੁਲਸੀਏ ਦੀ ਜੱਫ਼ੀ ਵਿਚੋਂ ਆਪਣੀ ਬਾਂਹ ਛੁਡਾ ਕੇ ਇਕ ਝਟਕੇ ਨਾਲ ਸਿਰ ਤੇ ਦਿੱਤਾ ਕੋਟ ਉਤਾਰ ਦਿੰਦਾ ਹੈ। ਉਹਨੂੰ ਜਹਾਜ਼ ਤੇ ਚੜ੍ਹਾਉਣ ਦੀ ਮੁਹਿੰਮ ਨੂੰ ਸਫ਼ਲਤਾ ਨਾਲ ਸਿਰੇ ਚਾੜ੍ਹਣ ਉਪਰੰਤ ਵਾਪਸ ਮੁੜਦੇ ਇਮੀਗ੍ਰੇਸ਼ਨ ਅਫ਼ਸਰ ਵੱਲ ਉਹ ਬਲ਼ਦੀਆਂ ਅੱਖਾਂ ਨਾਲ ਵੇਖਦਾ ਹੈ ਤੇ ਉਸ ਦਾ ਨਾਂ ਲੈ ਕੇ, ਦੋਵੇਂ ਬਾਹਵਾਂ ਉੱਚੀਆਂ ਕਰਕੇ ਲਲਕਾਰਾ ਮਾਰਦਾ ਹੈ, ਯਾਦ ਰਖੀਂ ਮਿਸਟਰ ਰੀਡ! ਮੈਂ ਪਰਤਾਂਗਾ ਕਨੇਡਾ, ਕਿਸੇ ਨਾ ਕਿਸੇ ਦਿਨ। ਆਜ਼ਾਦ ਮੁਲਕ ਦੇ ਆਪਣੇ ਜਹਾਜ਼ ਤੇ। ਰੋਟੀ ਲਈ ਲਿਲਕੜੀਆਂ ਲੈਣ ਨਹੀਂ; ਤੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣ ਲਈ। ਤੇਰੇ ਬਰਾਬਰ ਦੀ ਧਿਰ ਬਣ ਕੇ।
ਇਹ ਕੋਈ ਸੁਪਨਾ ਨਹੀਂ ਸੀ। ਉਸਦੇ ਦਾਦੇ ਨਾਲ ਵਾਪਰੀ ਹੋਈ ਹਕੀਕੀ ਕਹਾਣੀ ਸੀ। ਕਈ ਵਾਰ ਆਪਣੇ ਬਚਪਨ ਵਿਚ ਆਪਣੇ ਦਾਦੇ ਤੋਂ ਤੇ ਪਿੱਛੋਂ ਆਪਣੇ ਪਿਓ ਅਤੇ ਹੋਰ ਵਡੇਰਿਆਂ ਤੋਂ ਵਾਰ ਵਾਰ ਸੁਣੀ ਹੋਈ। ਸੁਪਨੇ ਵਿਚ ਸਿਰਫ਼ ਇਹ ਫ਼ਰਕ ਪੈ ਗਿਆ ਸੀ ਕਿ ਦਾਦੇ ਦੀ ਥਾਂ ਪੁਲਿਸ ਵਾਲੇ ਅੱਜ ਉਹਨੂੰ ਧੂਹ ਕੇ ਸਮੁੰਦਰੀ ਜਹਾਜ਼ ਤੇ ਚੜ੍ਹਾ ਰਹੇ ਸਨ। ਤੇ ਉਹ ਖ਼ੁਦ ਇਮੀਗ੍ਰੇਸ਼ਨ ਅਫ਼ਸਰ ਨੂੰ ਲਲਕਾਰ ਰਿਹਾ ਸੀ। ਅਜੀਬ ਗੱਲ ਸੀ; ਸੁਪਨੇ ਵਿਚ ਵਾਪਰੀ ਇਸ ਕਹਾਣੀ ਦਾ ਉਹ ਪਾਤਰ ਵੀ ਸੀ ਤੇ ਦਰਸ਼ਕ ਵੀ। ਉਹ ਭੋਗੀ ਵਜੋਂ ਵਿਚਰ ਵੀ ਰਿਹਾ ਸੀ ਤੇ ਸਾਰੇ ਦ੍ਰਿਸ਼ ਨੂੰ ਖ਼ੁਦ ਆਪਣੀਆਂ ਅੱਖਾਂ ਨਾਲ ਨਿਹਾਰ ਵੀ ਰਿਹਾ ਸੀ। ਲੱਤ ਤੇ ਵੱਜੀ ਲੋਹੇ ਦੀ ਕਿੱਲੀ ਵਾਲਾ ਥਾਂ ਅਜੇ ਵੀ ਦਰਦ ਕਰ ਰਿਹਾ ਸੀ। ਉਸਨੇ ਲੱਤ ਨੂੰ ਟੋਹ ਕੇ ਵੇਖਿਆ। ਸਭ ਕੁਝ ਠੀਕ ਠਾਕ ਸੀ। ਉਹ ਯਾਦ ਕਰਕੇ ਹੱਸਿਆ। ਪਾਤਰ ਤਾਂ ਉਹ ਖ਼ੁਦ ਸੀ ਪਰ ਉਸਦੇ ਧੜ ਉੱਤੇ ਚਿਹਰਾ ਉਸਦੇ ਦਾਦੇ ਦਾ ਲੱਗਾ ਹੋਇਆ ਸੀ। ਤੇਜੱਸਵੀ ਮੱਥਾ, ਬਰੀਕ ਪਰ ਸਵੈ ਭਰੋਸੇ ਨਾਲ ਲਿਸ਼ਕਦੀਆਂ ਉਹੋ ਅੱਖਾਂ।
ਉਹ ਹੈਰਾਨ ਹੋਇਆ; ਇਕਦਮ ਸੁਪਨੇ ਦਾ ਦ੍ਰਿਸ਼ ਕਿਵੇਂ ਬਦਲ ਗਿਆ ਸੀ! ਜਮਰੌਦ ਨੂੰ ਫ਼ਤਹਿ ਕਰਨ ਤੋਂ ਬਾਅਦ ਉਸ ਜੰਗ ਵਿਚ ਅੱਗੇ ਹੋ ਕੇ ਲੜਨ ਵਾਲਾ ਉਹਨਾਂ ਦੇ ਆਪਣੇ ਪਿੰਡ ਦਾ ਸ਼ਹੀਦ ਬਾਬਾ ਬਲਕਾਰ ਸਿੰਘ ਜਮਰੌਦ ਦੇ ਕਿਲ੍ਹੇ ਦੀ ਫ਼ਸੀਲ ਤੇ ਖਲੋ ਕੇ ਉਂਝ ਹੀ ਬਾਹਵਾਂ ਉਲਾਰ ਕੇ ਦੁਸ਼ਮਣ ਨੂੰ ਵੰਗਾਰ ਰਿਹਾ ਸੀ, ਆ ਉਏ! ਅਹਿਮਦ ਸ਼ਾਹ ਅਬਦਾਲੀ! ਤੂੰ ਵੀ ਆ ਨਾਦਰਸ਼ਾਹ! ਮੈਂ ਆਇਆ ਹਾਂ ਤੁਹਾਡੇ ਨਾਲ ਬਰਾਬਰ ਦੀ ਧਿਰ ਬਣ ਕੇ ਜੂਝਣ ਲਈ। ਤੁਹਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣ ਲਈ। ਆਜ਼ਾਦ ਦੇਸ਼ ਦਾ ਆਜ਼ਾਦ ਬਾਸਿ਼ੰਦਾ। ਤੇ ਹੈਰਾਨੀ ਏਸ ਗੱਲ ਦੀ ਵੀ ਸੀ ਕਿ ਬਲਕਾਰ ਸਿੰਘ ਦੀ ਸ਼ਕਲ ਵੀ ਉਸਦੇ ਬਾਬੇ ਨਾਲ ਮਿਲਦੀ ਸੀ। ਸੁਪਨੇ ਵਿਚ ਬੰਦਿਆਂ ਤੇ ਬੋਲਾਂ ਦੀ ਤਰਤੀਬ ਬਦਲ ਗਈ ਸੀ।
ਉਹਦਾ ਕਾਮਾ ਸ਼ੀਰਾ ਨਲਕੇ ਤੋਂ ਡੰਗਰਾਂ ਨੂੰ ਪਾਣੀ ਵਿਖਾ ਰਿਹਾ ਸੀ। ਸੁਰਜੀਤ ਕੌਰ ਆਪਣੇ ਧਿਆਨ ਮੱਝ ਦੀ ਧਾਰ ਕੱਢ ਰਹੀ ਸੀ। ਅਮਰ ਸਿੰਘ ਨੇ ਖੁਰਲੀ ਤੋਂ ਨਜ਼ਰ ਉੱਚੀ ਕਰਕੇ ਬਾਹਰ ਵੱਲ ਵੇਖਿਆ ਤਾਂ ਕੰਧੋਂ ਪਾਰ ਕਿਸੇ ਦਾ ਪੀਲੇ ਪਟਕੇ ਵਾਲਾ ਸਿਰ ਨਜ਼ਰ ਆਇਆ।
ਉਸਨੇ ਉਤਸ਼ਾਹ ਨਾਲ ਸੋਚਿਆ, ਸ਼ਾਇਦ ਮੰਨ੍ਹੀ ਸਾਂਹਸੀ ਹੋਵੇ; ਜੰਝ ਦਾ ਸੱਦਾ ਦੇਣ ਆਇਆ। ਮੈਂ ਵੀ ਆਖਾਂ; ਮੈਨੂੰ ਸੱਦਾ ਕਿਉਂ ਨਹੀਂ ਆਇਆ? ਪਰ ਹੁਣ ਸੱਦਾ ਭੇਜਣ ਦੀ ਭਲਾ ਕੀ ਤੁਕ ਹੋਈ! ਓਧਰੋਂ ਜੰਝ ਜਾਣ ਲਈ ਤਿਆਰ ਤੇ ਓਧਰੋਂ ਜੰਝ ਜਾਣ ਦਾ ਸੱਦਾ! ਇਹ ਤਾਂ ਛਾਪਿਆਂ ਤੋਂ ਧੂਣ ਵਾਲੀ ਗੱਲ ਐ।
ਪਰ ਮੰਨ੍ਹੀ ਸਾਂਹਸੀ ਨਹੀਂ; ਇਹ ਤਾਂ ਪ੍ਰੋਫ਼ੈਸਰ ਸੀ।
ਖ਼ੁਸ਼ ਹੋੲਆ। ਅਮਰੀਕ ਦਾ ਫ਼ੋਨ ਆਇਆ ਹੋਣੈਂ।
ਪ੍ਰੋਫ਼ੈਸਰ ਨੇ ਉਹਨੂੰ ਹਵੇਲੀ ਤੋਂ ਬਾਹਰ ਆਉਣ ਦਾ ਇਸ਼ਾਰਾ ਕੀਤਾ। ਉਹ ਉਹਦੀ ਘਰਵਾਲੀ ਤੇ ਕਾਮੇ ਦੇ ਸਾਹਮਣੇ ਗੱਲ ਨਹੀਂ ਸੀ ਖੋਲ੍ਹਣਾ ਚਾਹੁੰਦਾ। ਅਮਰ ਸਿੰਘ ਹਵੇਲੀ ਦਾ ਦਰਵਾਜ਼ਾ ਉਲੰਘ ਕੇ ਅੱਗਲਵਾਂਢੀ ਬਾਹਰ ਆ ਨਿਕਲਿਆ।
ਫ਼ੋਨ ਆਇਐ?
ਆਹੋ
ਕੀ ਕਹਿੰਦੈ?
ਦੱਸਦਾਂ
ਸੁਰਜੀਤ ਕੌਰ ਨੇ ਮੱਝ ਚੋ ਕੇ ਉੱਠਦਿਆਂ ਏਧਰ ਝਾਤ ਮਾਰੀ। ਦੁੱਧ ਲੈ ਕੇ ਅੰਦਰ ਜਾਂਦੀ ਹੋਈ ਉਹ ਅਜੇ ਵੀ ਮੁੜ ਮੁੜ ਕੇ ਜਗਿਆਸੂ ਨਜ਼ਰਾਂ ਨਾਲ ਪਿੱਛੇ ਵੇਖ ਰਹੀ ਸੀ। ਜਦੋਂ ਉਹ ਹਵੇਲੀ ਦੇ ਪਿਛਲੇ ਵਸੋਂ ਵਾਲੇ ਹਿੱਸੇ ਦੇ ਦਰਵਾਜ਼ੇ ਵਿਚੋਂ ਅੰਦਰ ਲੰਘ ਗਈ ਤਾਂ ਪ੍ਰੋਫ਼ੈਸਰ ਨੇ ਅਮਰ ਸਿੰਘ ਦੇ ਦੋਵਾਂ ਮੋਢਿਆਂ ਨੂੰ ਦੋਵਾਂ ਹੱਥਾਂ ਨਾਲ ਘੁੱਟ ਲਿਆ, ਸਮੁੰਦਰ ਜੇਡਾ ਜਿਗਰਾ ਕੱਠਾ ਕਰਕੇ ਗੱਲ ਸੁਣੀਂ ਭਾ ਅਮਰ ਸਿਅ੍ਹਾਂ!
ਇਕ ਇਕ ਸ਼ਬਦ ਹਜ਼ਾਰਾਂ ਵੱਡੇ ਪਹਾੜੀ ਪੱਥਰ ਬਣ ਕੇ ਟੁੱਟਣ ਤੇ ਡਿੱਗਣ ਲੱਗਾ। ਮਨ ਮਸਤਕ ਵਿਚ ਗੂੰਜਦੀ ਗੜਗੜਾਹਟ ਤੇ ਉੱਡਦੇ ਧੂੜ-ਧੂੰਏ ਨੇ ਸਭ ਕੁਝ ਦਿਸਣਾ-ਸੁਣਨਾ ਬੰਦ ਕਰ ਦਿੱਤਾ। ਧੁੰਦੂਕਾਰ ਹੀ ਧੁੰਦੂਕਾਰ। ਜਿਸਮ ਵੀ ਢਹਿਣ ਲੱਗਾ ਤਾਂ ਉਸਨੇ ਕੰਧ ਨੂੰ ਹੱਥ ਪਾ ਲਿਆ।
ਮੋਟੇ ਮੋਟੇ ਅੱਥਰੂ ਉਹਦੀਆਂ ਅੱਖਾਂ ਵਿਚੋਂ ਪਰਲ ਪਰਲ ਕਿਰਨ ਲੱਗੇ।
ਪ੍ਰੋਫ਼ੈਸਰ! ਕਰਮ ਹਾਰ ਦੇ ਗਏ ਸਾਡੇ! ਨਸੀਬਾਂ ਦੇ ਫ਼ਤਹਿ ਕੀਤੇ ਸਭ ਕਿਲ੍ਹੇ ਢਹਿ ਗਏ! ਵੱਜਦੀ ਧਾਹ ਉਸ ਦੰਦਾਂ ਵਿਚ ਬੁੱਲ੍ਹ ਟੁੱਕ ਕੇ ਘੁੱਟ ਲਈ।
ਬੱਅਸ! ਭਾਊ ਜੀ! ਉਸ ਡਾਢੇ ਰੱਬ ਅੱਗੇ ਕੋਈ ਜ਼ੋਰ ਨਹੀਂ; ਭਾਣਾ ਮੰਨਣ ਬਿਨਾਂ ਹੁਣ ਕੋਈ ਚਾਰਾ ਨਹੀਂ। ਪੀੜ ਦਾ ਇਹ ਸਮੁੰਦਰ ਤੁਹਾਨੂੰ ਇਕੱਲਆਂ ਨੂੰ ਈ ਚੁੱਪ-ਚਾਪ ਪੀਣਾ ਪੈਣੈਂ। ਪ੍ਰੋਫ਼ੈਸਰ ਨੇ ਕਾਮਰੇਡ ਜਰਨੈਲ ਦੀ ਫ਼ੋਨ ਤੇ ਦਿੱਤੀ ਚੇਤਾਵਨੀ ਦੁਹਰਾ ਦਿੱਤੀ।
ਅੱਥਰੂ ਗਹਿਰਾਈਆਂ ਅੱਖਾਂ ਨਾਲ ਅਮਰ ਸਿੰਘ ਨੇ ਹਵੇਲੀ ਵੱਲ ਝਾਤ ਮਾਰੀ। ਸ਼ੀਰਾ ਅਜੇ ਵੀ ਡੰਗਰਾਂ ਨੂੰ ਨਲਕੇ ਤੋਂ ਪਾਣੀ ਡਾਹ ਰਿਹਾ ਸੀ।
ਚੋਰੀ ਫੜ੍ਹੀ ਜਾਣ ਦੇ ਡਰੋਂ ਉਸ ਨੇ ਘਰ ਵੱਲ ਪਿੱਠ ਕਰ ਲਈ ਤੇ ਕਾਹਲੀ ਨਾਲ ਅੱਖਾਂ ਤੇ ਤਲ਼ੀਆਂ ਮਲ ਕੇ ਵਗਦੇ ਅੱਥਰੂ ਪੂੰਝ ਦਿੱਤੇ।
ਬੇਹਿਸਾਬੇ ਦੁੱਖ ਵਿਚ ਵੀ ਮਨ ਨੇ ਆਪਣਾ ਹਿਸਾਬ-ਕਿਤਾਬ ਕੀਤਾ। ਉਹਨੇ ਹਾਉਕੇ ਸਾਂਭੇ ਤੇ ਪ੍ਰੋਫ਼ੈਸਰ ਦਾ ਤਰਲਾ ਲਿਆ, ਬੀਬਾ ਵੀਰ! ਇਹ ਮਾੜੀ ਖ਼ਬਰ ਕਿਸੇ ਨਾਲ ਵੀ ਸਾਂਝੀ ਨਹੀਂ ਕਰਨੀਂ ਆਪਾਂ। ਹਮਾਤੜਾਂ ਦੇ ਕਰਮਾਂ ਵਿਚ ਫ਼ਤਹਿ ਨਹੀਂ ਹਾਰ ਲਿਖੀ ਹੋਈ ਸੀ। ਉਸਨੇ ਮੱਥਾ ਘੁੱਟ ਲਿਆ।
ਫਿ਼ਕਰ ਨਾ ਕਰੋ। ਇਹੋ ਗੱਲ ਤਾਂ ਸਗੋਂ ਮੈਂ ਤੁਹਾਨੂੰ ਆਖ ਰਿਹਾਂ। ਕਾਮਰੇਡ ਜਰਨੈਲ ਦੀ ਵੀ ਤਾਂ ਏਹੋ ਤਾਕੀਦ ਏ। ਉਹਨੇ ਦਸ ਕੁ ਮਿੰਟਾਂ ਤੱਕ ਤੁਹਾਨੂੰ ਸਾਡੇ ਵੱਲ ਫ਼ੋਨ ਸੁਣਨ ਲਈ ਸੱਦਿਐ। ਆ ਜੋ।
ਉਹ ਪ੍ਰੋਫ਼ੈਸਰ ਦੇ ਨਾਲ ਹੀ ਉਹਨਾਂ ਦੇ ਘਰ ਨੂੰ ਤੁਰ ਪਿਆ।

ਤਿਆਰੀਆਂ ਨੇ ਫਿਰ ਤਿਆਰੀਆਂ? ਹੋ ਗਿਐ ਜਮਰੌਦ ਦਾ ਕਿਲ੍ਹਾ ਫ਼ਤਹਿ? ਕਿੱਦਣ ਲੈਣੇ ਨੇ ਵ੍ਹਾਈ ਜਹਾਜ ਦੇ ਹੂਟੇ? ਮੌਜਾਂ ਬਣ ਗੀਆਂ ਕਿ ਮੌਜਾਂ! ਸਾਹਮਣਿਓਂ ਮੋਟੜਾਂ ਦਾ ਜੈਲਾ ਸਾਈਕਲ ਤੇ ਹੱਥ ਹਿਲਾਉਂਦਾ ਕੋਲੋਂ ਦੀ ਲੰਘ ਗਿਆ, ਉਸਨੇ ਜਵਾਬ ਉਡੀਕਣ ਦੀ ਲੋੜ ਨਹੀਂ ਸਮਝੀ।
ਸਾਰੇ ਪਿੰਡ ਵਾਲੇ ਜਾਣਦੇ ਸਨ ਕਿ ਅਮਰ ਸਿੰਘ ਹੁਰਾਂ ਦਾ ਟੱਬਰ ਹੁਣ ਛੇਤੀ ਹੀ ਕਨੇਡਾ ਜਾਣ ਵਾਲਾ ਸੀ। ਕਈ ਦਿਨਾਂ ਤੋਂ ਉਹਨਾਂ ਦੀਆਂ ਹੋ ਰਹੀਆਂ ਜਾਣ ਦੀਆਂ ਤਿਆਰੀਆਂ ਦਾ ਪਿੰਡ ਵਾਲਿਆਂ ਨੂੰ ਇਲਮ ਸੀ। ਅਮਰੀਕ ਨੇ ਸਾਰੇ ਟੱਬਰ ਦੇ ਕਾਗ਼ਜ਼ ਭਰ ਦਿੱਤੇ ਸਨ। ਕੇਸ ਪਾਸ ਹੋ ਕੇ ਸਭ ਦਾ ਮੈਡੀਕਲ ਵੀ ਹੋ ਗਿਆ ਸੀ। ਉੁਹਨਾਂ ਦੋਵਾਂ ਜੀਆਂ ਦੇ ਅਤੇ ਪੜ੍ਹ ਰਹੇ ਛੋਟੇ ਮੁੰਡੇ ਤੇ ਕੁੜੀ ਦੇ ਵੀਜ਼ੇ ਵੀ ਲੱਗ ਕੇ ਆ ਗਏ ਸਨ। ਵੱਡੀ ਕੁੜੀ ਵਿਆਹੀ ਹੋਈ ਸੀ। ਉਹ ਤਾਂ ਨਾਲ ਨਹੀਂ ਸੀ ਜਾ ਸਕਦੀ ਪਰ ਜਾਣ ਦੀਆਂ ਤਿਆਰੀਆਂ ਵਿਚ ਮਾਂ ਦਾ ਹੱਥ ਵਟਾਉਣ ਤੇ ਖ਼ਰੀਦੋ-ਫ਼ਰੋਖ਼ਤ ਕਰਨ ਲਈ ਪਰਸੋਂ ਦੀ ਪੇਕੇ ਆਈ ਹੋਈ ਸੀ। ਬੱਸ; ਦਸ-ਪੰਦਰਾਂ ਦਿਨਾਂ ਤੱਕ ਪੱਕੀ ਕਣਕ ਨੂੰ ਸਾਂਭਣ ਦੀ ਹੀ ਦੇਰ ਸੀ; ਉਹਨਾਂ ਨੇ ਧੀ-ਜਵਾਈ ਨੂੰ ਘਰ ਤੇ ਜ਼ਮੀਨ ਦੀ ਸਾਂਭ-ਸੰਭਾਲ ਕਰ ਕੇ ਤੁਰ ਜਾਣਾ ਸੀ।
ਮਿਲਣ-ਗਿਲਣ ਵਾਲਾ ਕੋਈ ਜਣਾ ਹਾਲ-ਚਾਲ ਪੁੱਛਦਾ ਤਾਂ ਅਮਰ ਸਿੰਘ ਆਖਦਾ, ਮਿਹਰਾਂ ਨੇ ਸੱਚੇ ਪਾਤਸ਼ਾਹ ਦੀਆਂ। ਬੱਸ ਸਭ ਪਾਸੇ ਹੁਣ ਤਾਂ ਫ਼ਤਹਿ ਈ ਫ਼ਤਹਿ ਹੈ। ਚਹੁੰ-ਚੱਕੀਂ ਝੰਡੇ ਝੁੱਲਦੇ ਨੇ। ਹੁਣ ਤੇ ਮੁੰਡਾ ਆਖਦੈ: ਬਈ ਛੇਤੀ ਤੋਂ ਛੇਤੀ ਕਨੇਡਾ ਪਹੁੰਚੋ। ਮੈਂ ਕਹਿੰਦੈਂ; ਸਹੁਰਿਆ! ਹੁਣ ਤਾਂ ਏਥੇ ਵੀ ਮੌਜਾਂ ਈ ਨੇ। ਹਰ ਮਦਾਨ ਫ਼ਤਹਿ ਆ ਹੁਣ ਤਾਂ। ਰਹਿਣ ਦੇ ਸਾਨੂੰ ਆਪਣੀਆਂ ਜੜ੍ਹਾਂ ਤੇ ਜ਼ਮੀਨ ਨਾਲ ਜੁੜਿਆ। ਪਿਛਲੀ ਉਮਰੇ ਸਾਡੇ ਹੱਡ ਰੋਲੇਂਗਾ ਪਰਾਈਆਂ ਧਰਤੀਆਂ ਤੇ! ਕਹਿੰਦੈ; ਤੁਸੀਂ ਫਿ਼ਕਰ ਨਾ ਕਰੋ। ਏਥੇ ਵੀ ਫ਼ਤਹਿ ਈ ਫ਼ਤਹਿ ਐ। ਚਿੱਟੇ ਕੱਪੜੇ ਪਾ ਕੇ ਹਾਣੀਆਂ ਨਾਲ ਪਾਰਕਾਂ ਚ ਤਾਸ਼ ਕੁੱਟਿਆ ਕਰਿਓ। ਗੋਰੀਆਂ ਮੇਮਾਂ ਵੇਖਿਆ ਕਰਿਓ। ਲੈ ਦੱਸ! ਹੁਣ ਆਹ ਉਮਰ ਕੋਈ ਮੇਮਾਂ ਵੇਖਣ ਦੀ ਐ! ਇਹ ਤਾਂ ਹਾਸੇ ਠੱਠੇ ਦੀਆਂ ਗੱਲਾਂ ਹੋਈਆਂ ਭਲਾ! ਅਸਲੀ ਗੱਲ ਤਾਂ ਉਹਦੇ ਮਨ ਚ ਇਹ ਵੇ, ਪਈ ਸਾਡੇ ਕਰ ਕੇ ਛੋਟੇ ਨਿਆਣੇ ਲੰਘ ਜਾਣਗੇ ਕਨੇਡਾ। ਉਹਨਾਂ ਦੀ ਜਿੰਦ ਸੌਰ ਜੂ। ਉਂਝ ਵੀ ਉਹ ਬੜਾ ਤੇਹ ਕਰਦੈ ਆਪਣੇ ਭੈਣ-ਭਰਾਵਾਂ ਦਾ। ਅਸੀਂ ਕਹਿੰਦੇ ਆਂ; ਚੰਗਾ ਭਰਾਵਾ, ਜਿਵੇਂ ਤੇਰੀ ਮਰਜੀ! ਏਥੇ ਵੀ ਕਿਹੜਾ ਹਾਲ ਚੰਗਾ ਏ। ਸੱਚੀ ਗੱਲ ਤਾਂ ਇਹ ਵੀ ਆ; ਏਥੇ ਵੀ ਕਾਹਦੀ ਜਿੰਦਗੀ ਆ। ਨਿਰ੍ਹੇ ਭੁੱਖ ਨੂੰ ਢੇਕੇ! ਮੁੰਡੇ ਜੇ ਦੋ ਅੱਖਰ ਪੜ੍ਹ ਜਾਂਦੇ ਨੇ ਤਾਂ ਬਾਬੂ ਬਣ ਕੇ ਟੂਟ ਕੱਢੀ ਰੱਖਦੇ ਨੇ। ਕੰਮ ਦਾ ਡੱਕਾ ਭੰਨ ਕੇ ਦੂਹਰਾ ਨਹੀਂ ਕਰਦੇ। ਨੌਕਰੀ ਮਿਲਦੀ ਕੋਈ ਨਹੀਂ। ਜ਼ਮੀਨਾਂ ਵੇਚ ਕੇ ਫਿਰ ਬਾਹਰ ਨੂੰ ਈ ਭੱਜਦੇ ਨੇ; ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਨਸਿ਼ਆਂ ਨੇ ਡੋਬ ਲਏ। ਵੱਡਿਆਂ ਦੇ ਨਿਆਣੇ ਵੱਡੇ ਨਸ਼ੇ ਕਰਦੇ ਨੇ ਤੇ ਛੋਟਿਆਂ ਦੇ ਛੋਟੇ। ਕੋਈ ਹੱਜ ਨਹੀਂ ਰਹਿ ਗਿਆ ਏਥੇ ਵੀ ਜਿਊਣ ਦਾ! ਹੱਸਦਾ ਸੀ, ਅਖ਼ੇ; ਸਾਰੀ ਦੁਨੀਆਂ ਹਾਇ ਕਨੇਡਾ! ਹਾਇ ਕਨੇਡਾ! ਕਰਨ ਡਹੀ ਏ ਤੇ ਤੁਸੀਂ ਮੂੰਹ ਨਹੀਂ ਕਰਦੇ ਏਧਰ ਨੂੰ! ਮੈਂ ਕਿਹਾ ਚੰਗਾ ਪੁੱਤਰਾ! ਤੂੰ ਕਰ ਲੈ ਮੋਰਚਾ ਫ਼ਤਹਿ। ਸਾਡਾ ਕੋਈ ਨਹੀਂ। ਅਸੀਂ ਔਖੇ ਹੋ ਲਾਂ ਗੇ।
ਜਦੋਂ ਉਹ ਇਹ ਗੱਲਾਂ ਕਰ ਰਿਹਾ ਹੁੰਦਾ ਤਾਂ ਉਹਦੇ ਅੰਦਰਲੇ ਗਹਿਰੇ ਤਲ ਤੇ ਬਚਪਨ ਤੋਂ ਸੁਣਿਆਂ ਤੇ ਸਿਰਜਿਆ ਦ੍ਰਿਸ਼ ਵੰਗਾਰਦਾ ਹੋਇਆ ਕਲਵਲ ਕਰਨ ਲੱਗਦਾ। ਉਹਦਾ ਦਾਦਾ ਇਮੀਗ੍ਰੇਸ਼ਨ ਅਫ਼ਸਰ ਨੂੰ ਲਲਕਾਰ ਰਿਹਾ ਹੁੰਦਾ, ਯਾਦ ਰਖੀਂ ਮਿਸਟਰ ਰੀਡ! ਮੈਂ ਪਰਤਾਂਗਾ ਕਨੇਡਾ, ਕਿਸੇ ਨਾ ਕਿਸੇ ਦਿਨ। ਆਜ਼ਾਦ ਮੁਲਕ ਦੇ ਆਪਣੇ ਜਹਾਜ਼ ਤੇ। ਰੋਟੀ ਲਈ ਲਿਲਕੜੀਆਂ ਲੈਣ ਨਹੀਂ; ਤੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣ ਲਈ। ਤੇਰੇ ਬਰਾਬਰ ਦੀ ਧਿਰ ਬਣ ਕੇ।
ਇਸਦੇ ਨਾਲ ਹੀ ਬਾਲ ਉਮਰੇ ਮਨ ਦੇ ਚਿਤਰਪੱਟ ਤੇ ਛਪੀਆਂ ਦੋ ਝਾਕੀਆਂ ਸਦਾ ਸੱਜਰੀਆਂ ਹੋ ਜਾਂਦੀਆਂ।
ਪਹਿਲੀ ਝਾਕੀ ਸੀ ਫ਼ੌਜੀ ਸਾਧਾ ਸਿੰਘ ਦੀ। ਉਹ ਜਦੋਂ ਛੁੱਟੀ ਆਇਆ ਹੁੰਦਾ ਤਾਂ ਸਵੇਰੇ-ਸ਼ਾਮ ਖੂਹੀ ਉੱਤੇ ਨਹਾਉਣ ਆਉਂਦਾ। ਕਾਰ ਦੀ ਸ਼ਕਲ ਵਰਗੀ ਸਾਬਣਦਾਨੀ ਵਿਚ ਅੰਗਰੇਜ਼ੀ ਸਾਬਣ ਦੀ ਚਾਕੀ ਤੇ ਖ਼ੁਸ਼ਬੋ ਵਾਲੇ ਤੇਲ ਦੀ ਸ਼ੀਸ਼ੀ ਉਹਦੇ ਹੱਥ ਵਿਚ ਹੁੰਦੀਆਂ। ਮੋਢੇ ਉੱਤੇ ਚਿੱਟਾ ਬੁਰਦਾਰ ਤੌਲੀਆ। ਇਹ ਤਿੰਨੇ ਚੀਜ਼ਾਂ ਪਿੰਡ ਵਾਲਿਆਂ ਲਈ ਦੁਰਲੱਭ ਝਾਕੀ ਸਨ। ਪਿੰਡ ਦੇ ਨਿਆਣੇ-ਸਿਆਣੇ ਬੜੀ ਉਤਸੁਕਤਾ ਨਾਲ ਉਹਨੂੰ ਸਵੇਰੇ-ਸ਼ਾਮ ਖੂਹੀ ਉੱਤੇ ਨਹਾਉਂਦਿਆਂ ਵੇਖਦੇ। ਵਾਤਾਵਰਣ ਵਿਚ ਖਿੱਲਰੀ ਸਾਬਣ ਦੀ ਖ਼ੁਸ਼ਬੋ ਲੰਮਾ ਸਾਹ ਲੈ ਕੇ ਫ਼ੇਫ਼ੜਿਆਂ ਵਿਚ ਭਰਦੇ। ਕੋਈ ਸਿਆਣਾ ਬੰਦਾ ਹੱਸਦਿਆਂ ਆਖਦਾ, ਫੌਜੀਆ! ਨ੍ਹਾ ਨ੍ਹਾ ਕੇ ਤੇ ਖ਼ੁਸ਼ਬੋ ਵਾਲਾ ਸਾਬਣ ਮਲ਼ ਮਲ਼ ਕੇ, ਵੇਖੀਂ ਕਿਧਰੇ, ਆਪਣਾ ਪਿੰਡਾ ਨਾ ਛਿੱਲ ਲੈਂਦਾ ਹੋਵੀਂ। ਹੋਇਆ ਬੰਦਾ ਕਿਤੇ ਚਹੁੰ-ਪੰਜੀਂ ਦਿਨੀਂ ਨ੍ਹਾ ਲਵੇ।
ਅਮਰ ਨੂੰ ਵੀ ਇਹ ਗੱਲ ਠੀਕ ਲੱਗਦੀ ਸੀ। ਦਸਾਂ ਵਰ੍ਹਿਆਂ ਦਾ ਹੋ ਚੱਲਿਆ ਸੀ ਉਹ। ਉਹਦੀ ਮਾਂ ਮੁਤਾਬਕ ਬੁੱਧ-ਬਲ੍ਹੇਟ! ਅਜੇ ਵੀ ਉਹਦੀ ਮਾਂ ਫੜ੍ਹ ਕੇ ਤੇ ਬਦੋ-ਬਦੀ ਜੂੜ ਕੇ ਐਤਵਾਰ ਦੇ ਐਤਵਾਰ ਸਿਰ ਨਹਾਉਂਦੀ ਸੀ। ਉਹ ਤਾਂ ਐਤਵਾਰ ਵਾਲੇ ਦਿਨ ਵੀ ਨਹਾਉਣੋਂ ਬਚਣ ਲਈ ਆਲਾ-ਟਾਲਾ ਵੱਟਦਾ ਰਹਿੰਦਾ ਸੀ।
ਹਮਾਰੇ ਓਥੇ ਫ਼ੌਜ ਵਿਚ ਪੀਸ ਟੈਮ ਤੇ ਰੋਜ ਨਹਾਉਣ ਦਾ ਆਡਰ ਹੈ। ਕਮਲਿਓ! ਏਸ ਸਾਬਣ ਸੇ ਪਿੰਡਾ ਨਹੀਂ ਛਿੱਲਿਆ ਜਾਂਦਾ, ਸਗੋਂ ਮੁਲਾਇਮ ਹੁੰਦਾ ਹੈ। ਨਾਗਿਨ ਫਿ਼ਲਮ ਵਿਚਲੀ ਮਨ ਡੋਲੇ, ਮੇਰਾ ਤਨ ਡੋਲੇ ਵਾਲੀ ਵਜੰਤੀ ਮਾਲਾ ਬਿਲਾ-ਨਾਗਾ ਏਸੇ ਸਾਬਣ ਕੇ ਸਾਥ ਨਹਾਤੀ ਹੈ।
ਜਦੋਂ ਫੌਜੀ ਸਾਧਾ ਸਿੰਘ ਚਿੱਟੇ ਫ਼ਲੀਟ, ਚਿੱਟੀ ਬੁਨੈਣ, ਚਿੱਟੀ ਪੈਂਟ ਪਾ ਕੇ ਤੇ ਸਿਰ ਤੇ ਚਿੱਟਾ ਰੁਮਾਲ ਬੰਨ੍ਹ ਕੇ ਫਿਕਸੋ ਲਾ ਕੇ ਬੱਧੀ ਦਾੜ੍ਹੀ ਤੇ ਕੁੰਢੀਆਂ ਮੁੱਛਾਂ ਨਾਲ ਗਲ਼ੀ ਵਿਚੋਂ ਲੰਘਦਾ ਤਾਂ ਅਮਰ ਦਾ ਵੀ ਜੀ ਮਚਲਣ ਲੱਗਦਾ ਕਿ ਵੱਡਾ ਹੋ ਕੇ ਉਹ ਵੀ ਫੌਜ ਵਿਚ ਭਰਤੀ ਹੋਵੇਗਾ।
ਉਸਨੇ ਆਪਣੇ ਤੋਂ ਪੰਜ ਕੁ ਸਾਲ ਵੱਡੇ, ਤਾਏ ਦੇ ਪੁੱਤ, ਜਰਨੈਲ ਨੂੰ ਕਿਹਾ, ਆਪਾਂ ਵੀ ਵੱਡੇ ਹੋ ਕੇ ਫੌਜੀ ਬਣਾਂਗੇ।
ਨਾ ਭਾਊ ਉਏ! ਆਪਾਂ ਤਾਂ ਨ੍ਹੀਂ ਜਾਂਦੇ ਫੌਜ ਚ, ਖਾਹ-ਮਖ਼ਾਹ ਮਰਨ ਵਾਸਤੇ! ਉਹਨੇ ਭੇਤ ਦੀ ਗੱਲ ਦੱਸੀ ਸੀ।
ਫੌਜੀ ਬਣਨ ਦੀ ਗੱਲ ਜਦੋਂ ਉਸਨੇ ਘਰ ਆ ਕੇ ਕੀਤੀ ਤਾਂ ਉਹਦੀ ਮਾਂ ਨੇ ਉਸ ਵੱਲ ਵੇਖ ਕੇ ਘੂਰੀ ਵੱਟੀ ਸੀ। ਬਾਬੇ ਨੇ ਕਿਹਾ ਸੀ, ਨਹੀਂ ਪੁੱਤ ਆਪਾਂ ਨਹੀਂ ਫੌਜ ਵਿਚ ਜਾਣਾ। ਪਹਿਲਾਂ ਈ ਬੜੀ ਮਹਿੰਗੀ ਪਈ ਏ ਫੌਜ ਆਪਾਂ ਨੂੰ।
ਚੌਂਤਰੇ ਵਿਚ ਬੈਠੀ ਉਹਦੀ ਤਾਈ ਇਹ ਗੱਲ ਸੁਣ ਕੇ ਚਿੱਟੀ ਚੁੰਨੀ ਨਾਲ ਅੱਖਾਂ ਪੂੰਝਣ ਲੱਗ ਪਈ ਸੀ।
ਉਸਨੇ ਜਦੋਂ ਵੱਖਰਿਆਂ ਹੋ ਕੇ ਮਾਂ ਦੀ ਘੂਰੀ, ਬਾਬੇ ਦੇ ਬੋਲਾਂ ਤੇ ਤਾਈ ਦੇ ਅੱਥਰੂਆਂ ਨੂੰ ਸਮਝਣ ਦੀ ਕੋਸਿ਼ਸ਼ ਕੀਤੀ ਤਾਂ ਉਹਦਾ ਅੰਦਰ ਕੰਬ ਗਿਆ। ਉਹਦਾ ਤਾਇਆ ਕਰਮ ਸਿੰਘ ਫੌਜ ਵਿਚ ਹਵਾਲਦਾਰ ਸੀ ਜਿਹੜਾ ਦੂਜੀ ਵੱਡੀ ਸੰਸਾਰ ਜੰਗ ਵਿਚ ਬਰ੍ਹਮਾਂ ਦੇ ਫਰੰਟ ਤੇ ਜਪਾਨੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ। ਜਰਨੈਲ ਨੂੰ ਤਾਂ ਇਸ ਗੱਲ ਦਾ ਇਲਮ ਸੀ। ਆਪਣੇ ਬਾਪ ਦੀ ਮੌਤ ਵੇਲੇ ਉਹ ਦੋ-ਢਾਈ ਸਾਲ ਦੀ ਉਮਰ ਦਾ ਸੀ। ਉਸਦੀ ਮਾਂ ਰਾਤ ਨੂੰ ਬਿਸਤਰੇ ਤੇ ਵੱਖਰਿਆਂ ਪੈ ਕੇ ਉਹਨੂੰ ਗਲ਼ ਨਾਲ ਘੁੱਟ ਲੈਂਦੀ। ਨਾਲੇ ਰੋਂਦੀ ਤੇ ਨਾਲੇ ਉਹਦੇ ਬਾਪ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ। ਗੱਲਾਂ ਕਰਦੀ ਕਰਦੀ ਉਹ ਫਿੱਸ ਪੈਂਦੀ। ਉਹਦੀ ਹੇਕ ਹਾਉਕਾ ਬਣਕੇ ਹਨੇਰੇ ਵਿਚ ਘੁਲ਼ ਜਾਂਦੀ, ਤੇਰਾ ਕੁੜਤਾ ਤਾਂ ਫੁੱਟੀਆਂ ਫੁੱਟੀਆਂ ਵੇ! ਤੈਨੂੰ ਸਾਹਬ ਨਾ ਦੇਂਦਾ ਛੁੱਟੀਆਂ ਵੇ! ਤੇਰਾ ਕੁੜਤਾ ਤਾਂ ਦਾਣਾ ਦਾਣਾ ਵੇ! ਤਾਹੀਓਂ ਲੜਦਾਂ, ਸਵੇਰੇ ਉੱਠ ਜਾਣਾਂ ਵੇ!
ਉਮਰਾਂ ਜੇਡਾ ਲੰਮਾ ਹਾਉਕਾ ਭਰ ਕੇ ਆਖਦੀ, ਤੇਰਾ ਪਿਓ ਐਸਾ ਲੜ ਕੇ ਗਿਆ ਸਾਡੇ ਨਾਲ, ਫੇਰ ਵੱਡੇ ਸਾਹਬ ਨੇ ਕਦੀ ਛੁੱਟੀ ਨਾ ਦਿੱਤੀ!
ਇਹੋ ਕਾਰਨ ਸੀ ਕਿ ਜਰਨੈਲ ਨੂੰ ਫੌਜ ਵਿਚ ਜਾਣਾ ਚੰਗਾ ਨਹੀਂ ਸੀ ਲੱਗਾ। ਉਹ ਤਾਂ ਸਾਧਾ ਸਿੰਘ ਫੌਜੀ ਨੂੰ ਖੂਹੀ ਤੇ ਨਹਾਉਂਦਿਆਂ ਇਸ ਕਰਕੇ ਵੇਖਣ ਜਾਂਦਾ ਸੀ ਕਿਉਂਕਿ ਉਹਦੇ ਵਿਚੋਂ ਆਪਣੇ ਪਿਓ ਦਾ ਝੌਲ਼ਾ ਪੈਂਦਾ ਸੀ। ਬਾਬੇ ਨੇ ਇਕ ਦਿਨ ਦੱਸਿਆ ਵੀ ਸੀ, ਜਦੋਂ ਤੇਰਾ ਪਿਓ ਛੁੱਟੀ ਆਉਂਦਾ ਸੀ ਤਾਂ ਇੰਝ ਹੀ ਖੂਹੀ ਤੇ ਸਾਬਣ-ਤੇਲ ਲੈ ਜਾ ਕੇ ਨਹਾਉਂਦਾ ਸੀ। ਉਸ ਨਾਲ ਵੀ ਕਦੀ ਲੋਕੀਂ ਉੱਡ ਉੱਡ ਕੇ ਬੜੀ ਚਾਹ ਨਾਲ ਗੱਲਾਂ ਕਰਨਾ ਲੋਚਦੇ ਸਨ। ਬੜੀ ਬੱਲੇ ਬੱਲੇ ਹੁੰਦੀ ਸੀ ਉਹਦੀ।
ਦੂਜੀ ਝਾਕੀ ਸੀ ਪਿੰਡ ਵਿਚ ਪਹਿਲੀ ਵਾਰ ਆਈ ਕਾਲੇ ਰੰਗ ਦੀ ਲਿਸ਼ਕਦੀ ਕਾਰ ਦੀ। ਬੱਚੇ ਧੂੜ ਉਡਾਉਂਦੀ ਕਾਰ ਦੇ ਪਿੱਛੇ ਪਿੱਛੇ ਦੌੜ ਰਹੇ ਸਨ। ਕਾਰ ਵਿਚੋਂ ਇਕ ਮੇਮਾਂ ਵਰਗੀ ਗੋਰੀ-ਚਿੱਟੀ ਜ਼ਨਾਨੀ ਬਾਹਰ ਨਿਕਲੀ। ਬੜੇ ਫ਼ੈਸ਼ਨਦਾਰ ਕੱਪੜਿਆਂ ਤੇ ਵਾਲ਼ਾਂ ਵਾਲੀ। ਇਹੋ ਜਿਹੀ ਸੋਹਣੀ ਤੇ ਫੱਬਦੇ ਕੱਪੜਿਆਂ ਵਾਲੀ ਜ਼ਨਾਨੀ ਉਹਨਾਂ ਪਹਿਲਾਂ ਕਦੀ ਨਹੀਂ ਸੀ ਵੇਖੀ। ਕਹਿੰਦੇ ਸਨ; ਇਹ ਕਨੇਡਾ ਵਾਲੇ ਬਿਸ਼ਨ ਸਿੰਘ ਦੀ ਛੋਟੀ ਧੀ ਸੀ। ਪਹਿਲੀਆਂ ਵਿਚ ਉਹਨਾਂ ਦੇ ਪਿੰਡ ਦੇ ਪੰਜ ਬੰਦੇ ਮਲਾਇਆ-ਹਾਂਗਕਾਂਗ-ਚੀਨ ਵੱਲ ਗਏ ਸਨ। ਫੇਰ ਓਥੋਂ ਕਨੇਡਾ-ਅਮਰੀਕਾ ਵੱਲ ਚਲੇ ਗਏ। ਉਹਨਾਂ ਦੇ ਬਾਬੇ ਸਮੇਤ ਤਿੰਨ ਜਣੇ ਤਾਂ ਸਭ ਕੁਝ ਛੱਡ-ਛੁਡਾ ਕੇ ਵਾਪਸ ਪਰਤ ਆਏ ਸਨ। ਬਾਕੀ ਦੋ ਜਣੇ ਉਹਨਾਂ ਮੁਲਕਾਂ ਵਿਚ ਪੱਕੇ ਤੌਰ ਤੇ ਵੱਸ ਗਏ ਸਨ। ਉਹ ਤੇ ਉਹਨਾਂ ਦੇ ਧੀਆਂ-ਪੁੱਤ ਓਧਰ ਦੇ ਹੋ ਕੇ ਈ ਰਹਿ ਗਏ ਸਨ। ਬੜੇ ਸਾਲਾਂ ਬਾਅਦ ਹੁਣ ਬਿਸ਼ਨ ਸਿੰਘ ਦੀ ਧੀ ਆਪਣੇ ਵਡੇਰਿਆਂ ਦਾ ਘਰ ਤੇ ਆਪਣੇ ਬਾਪ ਦੀ ਜਨਮ-ਭੋਇੰ ਵੇਖਣ ਆਈ ਸੀ। ਉਸ ਦਿਨ ਉਹ ਚਾਰ-ਪੰਜ ਘੰਟੇ ਹੀ ਪਿੰਡ ਵਿਚ ਠਹਿਰੀ ਸੀ। ਆਪਣੇ ਸਕੇ-ਸੋਦਰਿਆਂ ਨੂੰ ਮਿਲੀ ਸੀ। ਉਂਝ ਵੇਖਣ ਤੇ ਮਿਲਣ ਲਈ ਤਾਂ ਸਾਰਾ ਪਿੰਡ ਹੀ ਇਕੱਠਾ ਹੋ ਗਿਆ ਸੀ। ਸ਼ਾਮ ਹੁੰਦਿਆਂ ਹੀ, ਸ਼ਹਿਰੋਂ ਨਾਲ ਆਏ ਕਿਸੇ ਰਿਸ਼ਤੇਦਾਰ ਨਾਲ ਉਹ ਕਾਰ ਵਿਚ ਬੈਠ ਕੇ ਚਲੀ ਗਈ ਸੀ।
ਅਗਲੇ ਦਿਨਾਂ ਵਿਚ ਵੀ ਉਹ ਦੋ-ਚਾਰ ਵਾਰ ਫੇਰ ਪਿੰਡ ਆਈ ਸੀ। ਉਹਦੇ ਚਾਚੇ ਦੇ ਪੁੱਤ ਤਾਰੇ ਨੇ ਕਿਹਾ ਸੀ ਕਿ ਉਹ ਉਹਨੂੰ ਵੀ ਬਾਹਰ ਸੱਦ ਲਵੇ। ਸਾਰੇ ਉਹਨੂੰ ਤਾਰਾ ਨਲੀ-ਚੋਚ ਸੱਦਦੇ ਸਨ। ਕੁਝ ਸਾਲਾਂ ਬਾਅਦ ਤਾਰੇ ਨਲੀ-ਚੋਚ ਨੂੰ ਉਹਦੀ ਤਾਏ ਦੀ ਧੀ ਨੇ ਬਾਹਰ ਬੁਲਾ ਲਿਆ ਸੀ ਤੇ ਕੁਝ ਹੀ ਸਾਲਾਂ ਵਿਚ ਤਾਰਾ ਨਲੀ-ਚੋਚ ਸਰਦਾਰ ਕਰਤਾਰ ਸਿੰਘ ਬਣ ਗਿਆ ਸੀ। ਦਸ-ਬਾਰਾਂ ਸਾਲ ਬਾਅਦ ਜਦੋਂ ਉਸਨੇ ਪਿੰਡ ਗੇੜਾ ਮਾਰਿਆ ਸੀ ਤਾਂ ਉਹਦੀ ਸਰਦਾਰੀ ਸ਼ਾਨ ਨੇ ਪਿੰਡ ਦੇ ਕਈ ਲੋਕਾਂ ਦੇ ਮਨਾਂ ਵਿਚ ਬਾਹਰ ਜਾਣ ਦੀ ਰੀਝ ਜਗਾ ਦਿੱਤੀ ਸੀ।
ਇਹੋ ਬੀਜ ਅਮਰ ਦੇ ਮਨ ਵਿਚ ਵੀ ਕਿਧਰੇ ਡੂੰਘੇ ਥਾਂ ਡਿੱਗ ਪਿਆ ਸੀ। ਕਲਪਨਾ ਵਿਚ ਹੀ ਇਹ ਬੀਜ ਕਦੀ ਕਦੀ ਫੁੱਟ ਕੇ ਆਪਣੇ ਬਾਬੇ ਵੱਲੋਂ ਮਿਸਟਰ ਰੀਡ ਨੂੰ ਮਾਰੇ ਲਲਕਾਰੇ ਲਈ ਉੱਠੀਆਂ ਬਾਹਵਾਂ ਜਿੱਡਾ ਉੱਚਾ ਰੁੱਖ ਬਣ ਜਾਂਦਾ।
ਆਪਾਂ ਤਾਂ ਮਰੀਕਾ-ਕਨੇਡਾ ਜਾਵਾਂਗੇ। ਜਰਨੈਲ ਵੀ ਆਖਦਾ।
ਓਧਰ ਉਹਨਾਂ ਦਾ ਬਾਬਾ ਸ਼ਾਇਦ ਇਮੀਗ੍ਰੇਸ਼ਨ ਅਫ਼ਸਰ ਨੂੰ ਆਖੀ ਆਪਣੀ ਗੱਲ ਵਿਆਹੁਣ ਲਈ ਜੀਵਨ ਭਰ ਲਗਾਤਾਰ ਯੋਧੇ ਵਾਂਗ ਜੁੱਟਿਆ ਰਿਹਾ ਸੀ। ਆਜ਼ਾਦੀ ਤੋਂ ਪਹਿਲਾਂ ਵੀ ਤੇ ਪਿੱਛੋਂ ਵੀ।
ਕਰਜ਼ੇ ਅਤੇ ਗਰੀਬੀ ਦਾ ਮਾਰਿਆ, ਪਹਿਲਾਂ ਰੋਜ਼ੀ ਰੋਟੀ ਲਈ ਹਾਂਗਕਾਂਗ ਗਿਆ। ਓਥੋਂ ਕੋਈ ਜੁਗਾੜ ਕਰ ਕੇ ਕਨੇਡਾ ਪਹੁੰਚ ਗਿਆ। ਪਰ ਓਥੇ ਜਾ ਕੇ ਟੱਬਰ ਦੀ ਗ਼ਰੀਬੀ ਭੁੱਲ ਕੇ ਦੇਸ਼ ਦੀ ਗ਼ਰੀਬੀ ਤੇ ਗੁਲਾਮੀ ਦੀ ਜ਼ਲਾਲਤ ਧੋਣ ਦੀ ਅਜਿਹੀ ਲਗਨ ਲੱਗੀ ਕਿ ਉਹਦੇ ਕਰਮਾਂ ਤੇ ਬਚਨਾਂ ਦਾ ਸੇਕ ਹਕੂਮਤ ਤੱਕ ਵੀ ਪਹੁੰਚਣਾ ਤੇ ਲੱਗਣਾ ਸ਼ੁਰੂ ਹੋ ਗਿਆ। ਫ਼ਲਸਰੂਪ ਉਹਨੂੰ ਜਬਰੀ ਡੀਪੋਰਟ ਕਰ ਦਿੱਤਾ ਗਿਆ। ਪਿੰਡ ਪੁੱਜਾ ਤਾਂ ਉਹਦੇ ਦੋ ਹੋਰ ਸਾਥੀ ਹਰਨਾਮ ਸਿੰਘ ਤੇ ਆਤਮਾ ਸਿੰਘ ਵੀ ਅਮਰੀਕਾ ਵਿਚ ਵਿੱਢੀ ਗ਼ਦਰ ਦੀ ਜੰਗ ਲੜਣ ਲਈ ਪਿੰਡ ਪਹੁੰਚ ਗਏ ਸਨ ਤੇ ਗ਼ਦਰ ਵਿਚ ਹੋਈ ਪਹਿਲੀ ਹਾਰ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਉਹਦੇ ਸਮੇਤ ਪਿੰਡ ਦੀ ਜੂਹ ਵਿਚ ਨਜ਼ਰਬੰਦ ਕੀਤਾ ਹੋਇਆ ਸੀ। ਪਰ ਉਹ ਹਾਰ ਕੇ ਵੀ ਹਾਰੇ ਨਹੀਂ ਸਨ। ਨਵੀਂ ਲੜਾਈ ਦੀ ਤਿਆਰੀ ਲਈ ਜਿਸ ਦਿਨ ਉਹ ਵੱਲੇ ਪਿੰਡ ਲਾਗੇ ਅੰਮ੍ਰਿਤਸਰ ਵਾਲੀ ਨਹਿਰ ਦੇ ਰੇਲ ਦੇ ਪੁਲ ਉੱਤੇ ਫੌਜੀਆਂ ਕੋਲੋਂ ਹਥਿਆਰ ਖੋਹਣ ਲਈ ਗਏ ਸਨ ਤਾਂ ਉਹ ਵੀ ਉਹਨਾਂ ਦੇ ਨਾਲ ਸੀ। ਪਰ ਗਾਰਦ ਚੌਕੰਨੀ ਵੇਖ ਕੇ ਉਸ ਰਾਤ ਉਹਨਾਂ ਨੂੰ ਮੁੜਨਾ ਪੈ ਗਿਆ ਸੀ। ਇਕ ਦਿਨ ਛੱਡ ਕੇ ਜਦੋਂ ਉਹਨਾਂ ਦਾ ਟੋਲਾ ਵੱਲੇ ਨੂੰ ਚੱਲਿਆ ਤਾਂ ਉਹਦੀ ਪਤਨੀ ਨੂੰ ਪੀੜਾਂ ਸ਼ੁਰੂ ਹੋ ਗਈਆਂ। ਉਹਦੇ ਸਾਥੀਆਂ ਨੇ ਜ਼ੋਰ ਦੇ ਕੇ ਤੇ ਸਹੁੰਆਂ ਪਾ ਕੇ ਉਹਨੂੰ ਘਰੇ ਰੁਕਣ ਲਈ ਕਿਹਾ। ਉਦੋਂ ਹੋਇਆ ਸੀ ਕਰਮ ਸਿੰਘ ਪੈਦਾ, ਜਰਨੈਲ ਦਾ ਬਾਪ। ਪਰ ਏਸੇ ਡਾਕੇ ਦੇ ਕੇਸ ਵਿਚ ਫੜ੍ਹੇ ਜਾਣ ਕਰਕੇ ਉਹਦੇ ਗਿਰਾਈਂ ਹਰਨਾਮ ਸਿੰਘ ਤੇ ਆਤਮਾ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਨਾਲ ਫ਼ਾਂਸੀ ਲਾ ਦਿੱਤੇ ਗਏ।
ਪਰ ਸਭ ਕੁਝ ਬੰਦੇ ਦੇ ਆਪਣੇ ਵੱਸ ਵਿਚ ਤਾਂ ਨਹੀਂ ਹੁੰਦਾ। ਕਰਮ ਸਿੰਘ ਘਰ ਦੀ ਆਰਥਿਕ ਹਾਲਤ ਦਿਨ-ਬ-ਦਿਨ ਨਿਘਰਦੀ ਜਾਂਦੀ ਵੇਖ ਕੇ, ਪਿਓ ਤੋਂ ਬਵਾਹਰਾ ਹੋ ਕੇ, ਓਸੇ ਅੰਗਰੇਜ਼ ਦੀ ਫੌਜ ਵਿਚ ਜਾ ਭਰਤੀ ਹੋਇਆ ਸੀ, ਜਿਸ ਨੂੰ ਦੇਸ਼ੋਂ ਬਾਹਰ ਕੱਢਣ ਲਈ ਉਹਦੇ ਪਿਓ ਨੇ ਕਮਰ ਕੱਸੀ ਹੋਈ ਸੀ। ਉਸਨੇ ਮਨ ਹੀ ਮਨ ਕਿਹਾ ਸੀ, ਬਾਪੂ! ਤੇਰੀ ਲੜਾਈ ਤਾਂ ਪਤਾ ਨਹੀਂ ਕਦੋਂ ਮੁੱਕੇ; ਪਰ ਘਰ ਦੀ ਭੁੱਖ ਵੀ ਤਾਂ ਮੁੱਕਣੀ ਚਾਹੀਦੀ ਏ।
ਘਰ ਦੀ ਭੁੱਖ ਮੁਕਾਉਂਦਾ ਉਹ ਮੁੱਕ ਗਿਆ ਸੀ।
ਦੇਸ਼ ਆਜ਼ਾਦ ਹੋ ਗਿਆ ਸੀ ਪਰ ਬਾਬੇ ਵੱਲੋਂ ਵਿੱਢੀ ਲੜਾਈ ਤਾਂ ਅਜੇ ਵੀ ਜਾਰੀ ਸੀ। ਅਜੇ ਉਹ ਮਿਸਟਰ ਰੀਡ ਸਾਹਮਣੇ ਬਾਹਵਾਂ ਖੜੀਆਂ ਕਰ ਕੇ ਲਲਕਾਰਾ ਮਾਰਨ ਜੋਗਾ ਨਹੀਂ ਸੀ ਹੋਇਆ। ਪਰ ਬਾਬਾ ਖ਼ੁਸ਼ ਸੀ ਕਿ ਉਹਦਾ ਇੱਕ ਪੋਤਰਾ, ਜਰਨੈਲ, ਉਸ ਲੜਾਈ ਨੂੰ ਅਜੇ ਵੀ ਜਿ਼ੰਦਾ ਤੇ ਜਾਰੀ ਰੱਖ ਰਿਹਾ ਸੀ। ਜਰਨੈਲ ਪੜ੍ਹ ਵੀ ਗਿਆ ਸੀ ਤੇ ਅਗਾਂਹਵਧੂ ਵਿਚਾਰਾਂ ਦੇ ਲੜ ਲੱਗ ਕੇ ਆਪਣੇ ਅੰਦਾਜ਼ ਵਿਚ ਬਾਬੇ ਦੀ ਵਿੱਢੀ ਲੜਾਈ ਵੀ ਲੜ ਰਿਹਾ ਸੀ।
ਪਰ ਘਰ ਦੀ ਭੁੱਖ ਤਾਂ ਅਜੇ ਵੀ ਨਹੀਂ ਸੀ ਮੁੱਕੀ। ਆਪਣੇ ਪਿਓ ਕਰਮ ਸਿੰਘ ਵਾਂਗ ਹੀ ਬਵਾਹਰਾ ਹੋ ਕੇ ਫੌਜ ਵਿਚ ਭਰਤੀ ਹੋਣ ਵਾਂਗ ਜਰਨੈਲ ਵੀ ਇੱਕ ਦਿਨ ਚੰਗੀ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਇੰਗਲੈਂਡ ਨੂੰ ਤੁਰ ਗਿਆ ਸੀ।
ਅਮਰ ਸਿੰਘ ਭਾਵੇਂ ਦਸਵੀਂ ਤੋਂ ਪਾਰ ਨਹੀਂ ਸੀ ਲੱਗ ਸਕਿਆ ਪਰ ਘਰ ਤੇ ਖੇਤੀ ਦੇ ਕੰਮ-ਕਾਜ ਦਾ ਭਾਰ ਉਸਨੇ ਸਿਰ ਤੇ ਚੁੱਕ ਲਿਆ ਸੀ। ਪਿਓ ਤੇ ਦਾਦਾ ਵੀ ਅਜੇ ਜਿਊਂਦੇ ਸਨ। ਇਸ ਕਰਕੇ ਇਹ ਭਾਰ ਉਹਨੂੰ ਬਹੁਤਾ ਮਹਿਸੂਸ ਨਹੀਂ ਸੀ ਹੁੰਦਾ। ਨਵੀਆਂ ਖਾਦਾਂ ਤੇ ਨਵੇਂ ਬੀਆਂ ਨਾਲ ਕੀਤੀ ਜਾਣ ਵਾਲੀ ਖੇਤੀ ਦੇ ਹੁਲਾਰੇ ਨੇ ਉਹਦਾ ਬਾਹਰਲੇ ਮੁਲਕ ਜਾਣ ਦਾ ਸੁਪਨਾ ਕੁਝ ਚਿਰ ਲਈ ਥਾਪੜ ਕੇ ਸੁਆ ਦਿੱਤਾ।
ਤਿੰਨ ਕੁ ਸਾਲ ਇੰਗਲੈਂਡ ਵਿਚ ਲਾ ਕੇ ਜਰਨੈਲ ਵਾਪਸ ਪਰਤ ਆਇਆ ਸੀ। ਵਾਪਸ ਮੁੜਨ ਦੇ ਕਾਰਨ ਤਾਂ ਉਹ ਕਈ ਗਿਣਦਾ ਸੀ ਪਰ ਉਹਦਾ ਬਿਆਨ ਕੀਤਾ ਇੱਕ ਦ੍ਰਿਸ਼ ਅਜੇ ਵੀ ਅਮਰ ਸਿੰਘ ਨੂੰ ਨਹੀਂ ਸੀ ਭੁੱਲਾ।
ਇੱਕ ਦਿਨ ਇੱਕ ਬੁੱਢੇ ਅੰਗਰੇਜ਼ ਨੇ, ਜੋ ਕਦੀ ਗੁਲਾਮ ਹਿੰਦੁਸਤਾਨ ਵਿਚ ਪੰਜਾਬ ਦੀ ਪੁਲਿਸ ਦਾ ਅਫ਼ਸਰ ਰਹਿ ਚੁੱਕਾ ਸੀ, ਬੜੀ ਹਿਕਾਰਤ ਨਾਲ ਜਰਨੈਲ ਨੂੰ ਕਿਹਾ ਸੀ, ਉਦੋਂ ਤੁਸੀਂ ਚੀਕਦੇ ਸੀ; ਅੰਗਰੇਜ਼ੋ! ਤੁਸੀਂ ਜ਼ਾਲਮ ਓ, ਲੁਟੇਰੇ ਓ, ਸਾਨੂੰ ਲੁੱਟ ਕੇ ਖਾ ਗਏ ਓ; ਆਜ਼ਾਦ ਕਰੋ ਸਾਨੂੰ। ਹੁਣ ਅਸੀਂ ਤਾਂ ਤੁਹਾਨੂੰ ਛੱਡ ਆਏ ਆਂ ਪਰ ਤੁਸੀਂ ਮਾਂ ਪਿੱਛੇ ਦੁੱਧ ਚੁੰਘਣ ਲਈ ਰੀਂ ਰੀਂ ਕਰਦੇ ਨਲੀ-ਚੋਚ ਬੱਚੇ ਵਾਂਗ ਸਾਡੇ ਪਿੱਛੇ ਪਿੱਛੇ ਕਿਓਂ ਭੱਜੇ ਆਉਂਦੇ ਓ? ਕੀ ਤੁਹਾਡੀ ਭਾਰਤ ਮਾਂ ਦੇ ਥਣਾਂ ਚੋਂ, ਤੁਹਾਨੂੰ ਚੁੰਘਾਉਣ ਲਈ ਦੁੱਧ ਮੁੱਕ ਗਿਐ ਜਾਂ ਇਹ ਦੁੱਧ ਕੋਈ ਹੋਰ ਪੀ ਜਾਂਦੈ! ਕਦੀ ਤੁਸੀਂ ਸਾਨੂੰ ਆਖਦੇ ਹੁੰਦੇ ਸੀ, ਪਰ ਹੁਣ ਮੈਂ ਤੁਹਾਨੂੰ ਆਖਦਾਂ ਕਿ ਕਿਰਪਾ ਕਰ ਕੇ ਸਾਡਾ ਮੁਲਕ ਛੱਡ ਦਿਓ।
ਇਹ ਗੱਲ ਉਹਨੂੰ ਲੜ ਗਈ ਸੀ। ਹਰ ਵੇਲੇ ਉਹ ਬੁੱਢਾ ਅੰਗਰੇਜ਼ ਉੇਸਤੇ ਹਿਕਾਰਤ ਨਾਲ ਚੀਕਦਾ ਰਹਿੰਦਾ।
ਕਿਸੇ ਹੋਰ ਦਿਨ ਉਹ ਤੇ ਉਹਦਾ ਸਾਥੀ ਰਣਧੀਰ ਭਲਵਾਨ ਲੰਡਨ ਸ਼ਹਿਰ ਵਿਚ ਫੁੱਟਪਾਥ ਤੇ ਤੁਰੇ ਜਾ ਰਹੇ ਸਨ ਕਿ ਇੱਕ ਬਾਰਾਂ ਚੌਦਾਂ ਸਾਲ ਦਾ ਗੋਰਾ ਮੁੰਡਾ ਸਾਈਕਲ ਤੇ ਪਿੱਛੋਂ ਆ ਕੇ ਐਨ ਉਹਨਾਂ ਦੇ ਕੋਲੋਂ ਦੀ ਲੰਘਦਾ ਹੋਇਆ ਰਣਧੀਰ ਭਲਵਾਨ ਦੀ ਢੂਈ ਉੱਤੇ ਲੱਤ ਮਾਰ ਕੇ ਕਹਿਣ ਲੱਗਾ, ਬਲੱਡੀ, ਬਾਸਟਰਡ ਪਾਕੀਜ਼! ਤੇ ਉਹ ਸਾਈਕਲ ਭਜਾ ਕੇ ਲੈ ਗਿਆ। ਵੱਡੀਆਂ ਕੁਸ਼ਤੀਆਂ ਦਾ ਜੇਤੂ ਰਿਹਾ ਬਲੀ ਭਲਵਾਨ ਡੌਰ-ਭੌਰ ਹੋਇਆ ਕਦੀ ਉਸ ਛੋਕਰੇ ਵੱਲ ਵੇਖੇ ਤੇ ਕਦੀ ਜਰਨੈਲ ਦੇ ਮੂੰਹ ਵੱਲ। ਜਰਨੈਲ ਨੇ ਪਹਿਲਾਂ ਤਾਂ ਉਸ ਛੋਕਰੇ ਨੂੰ ਫੜ੍ਹਨ ਲਈ ਦੌੜਨ ਦੀ ਮੁਦਰਾ ਵਿਚ ਦੋ ਕੁ ਕਦਮ ਪੁੱਟੇ; ਪਰ ਅਚਨਚੇਤ ਉਹਨੂੰ ਖਿ਼ਆਲ ਆਇਆ ਕਿ ਇਹ ਮੁਲਕ ਉਹਦਾ ਨਹੀਂ, ਬੇਗ਼ਾਨਾ ਹੈ; ਓਸ ਮੁੰਡੇ ਦਾ ਹੈ; ਓਸ ਬੁੱਢੇ ਅੰਗਰੇਜ਼ ਦਾ ਹੈ। ਉਹ ਤਾਂ ਏਥੇ ਦੂਜੇ ਦਰਜੇ ਦਾ ਸ਼ਹਿਰੀ ਹੈ। ਉਸਨੇ ਮਨ ਹੀ ਮਨ ਦੇਸ਼ ਵਾਪਸ ਪਰਤਣ ਦਾ ਫ਼ੈਸਲਾ ਕਰ ਲਿਆ। ਉਸਦੇ ਸਾਥੀ ਤੇ ਸਹਿਯੋਗੀ ਕਹਿੰਦੇ ਸਨ ਕਿ ਇਹੋ ਜਿਹੀ ਜ਼ਲਾਲਤ ਤਾਂ ਉਹਨਾਂ ਸਾਰਿਆ ਨੂੰ ਉਸ ਵਾਂਗ ਹੀ ਹਰ ਰੋਜ਼ ਸਹਿਣੀ ਪੈਂਦੀ ਸੀ, ਉਸ ਨਾਲ ਕੋਈ ਅਲੋਕਾਰ ਗੱਲ ਤਾਂ ਹੋਈ ਨਹੀਂ ਸੀ! ਜਿ਼ੰਦਗੀ ਸਵਾਰਨ ਦੇ ਹੱਥੀਂ ਆਏ ਇਸ ਸੁਨਹਿਰੀ ਮੌਕੇ ਨੂੰ ਉਹ ਕਿਉਂ ਗਵਾਉਣ ਲੱਗਾ ਹੈ!
ਪਰ ਉਸਨੇ ਇਹ ਮੌਕਾ ਭੁਆਂ ਨੇ ਉਸ ਬੁੱਢੇ ਅੰਗਰੇਜ਼ ਦੇ ਮੱਥੇ ਮਾਰਿਆ ਸੀ, ਨਹੀਂ; ਮੈਂ ਇਹ ਜ਼ਲਾਲਤ ਹੋਰ ਨਹੀਂ ਸਹਿ ਸਕਦਾ! ਆਪਣੇ ਮੁਲਕ ਵਿਚ ਘੱਟ ਖਾ ਲਵਾਂਗਾ, ਪਰ ਰਹਾਂਗਾ ਤਾਂ ਸਵੈਮਾਣ ਨਾਲ ਸਿਰ ਉੱਚਾ ਚੁੱਕ ਕੇ।
ਪਰ ਜਦੋਂ ਇੰਗਲੈਂਡ ਵਾਪਸੀ ਤੋਂ ਕੋਈ ਦੋ ਦਹਾਕੇ ਬਾਅਦ ਜਰਨੈਲ ਆਪਣੇ ਭਾਰਤ ਵਿਚੋਂ ਜ਼ਲੀਲ ਹੋ ਕੇ ਕਨੇਡਾ ਜਾ ਵੱਸਿਆ ਸੀ ਤਾਂ ਅਮਰ ਸਿੰਘ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਵੀ ਅਚਵੀ ਹੋਣ ਲੱਗ ਪਈ ਸੀ।
ਇਹਨਾਂ ਦਿਨਾਂ ਤੱਕ ਉਹਦਾ ਬਾਬਾ ਤੇ ਪਿਓ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਸਨ। ਜਰਨੈਲ ਤੇ ਅਮਰ ਨੇ ਘਰ ਤੇ ਜ਼ਮੀਨ ਦੀ ਵੰਡ-ਵੰਡਾਈ ਕਰ ਲਈ ਸੀ। ਅੰਦਰਲਾ ਘਰ ਜਰਨੈਲ ਨੇ ਆਪਣੇ ਪੇਟੇ ਪਾ ਲਿਆ ਸੀ ਤੇ ਹਵੇਲੀ ਦਾ ਥਾਂ ਅਮਰ ਸਿੰਘ ਨੂੰ ਮਿਲ ਗਿਆ ਸੀ। ਜ਼ਮੀਨ ਵੰਡੀ ਜਾਣ ਕਰਕੇ ਤੇ ਵਾਹੀ ਦੇ ਵਧਦੇ ਖ਼ਰਚਿਆਂ ਨਾਲ ਸਾਵਾਂ ਨਾ ਤੁੱਲ ਸਕਣ ਕਾਰਨ ਖੇਤੀ ਦੀਆਂ ਪਹਿਲਾਂ ਵਾਲੀਆਂ ਬਰਕਤਾਂ ਗਵਾਚ ਗਈਆਂ ਸਨ। ਕਰਜ਼ੇ ਦੀਆਂ ਪੰਡਾਂ ਸਿਰ ਤੇ ਚੜ੍ਹਦੀਆਂ ਜਾ ਰਹੀਆਂ ਸਨ। ਇਸ ਹਾਲਤ ਵਿਚ ਉਸਨੇ ਵਿਦੇਸ਼ ਜਾਣ ਦੇ ਸੁਪਨੇ ਤੋਂ ਧੂੜ ਪੂੰਝੀ। ਉਹਨੂੰ ਮੁੜ ਤੋਂ ਲਿਸ਼ਕਾ ਲਿਆ। ਇਹ ਤਾਂ ਉਸ ਅੰਦਰ ਸਾਲਾਂ ਤੋਂ ਉੱਸਲਵੱਟੇ ਭੰਨ ਰਿਹਾ ਸੀ।

ਕਈ ਸਾਲ ਪਹਿਲਾਂ ਉਹ ਲੰਮਾਂ ਪੈ ਕੇ ਸਾਢੇ ਕੁ ਪੰਜ ਸਾਲ ਦੇ ਅਮਰੀਕ ਨੂੰ ਲੱਤਾਂ ਤੇ ਬਿਠਾ ਕੇ ਹੂਟੇ-ਮਾਈਂਆਂ ਦੇ ਰਿਹਾ ਸੀ।
ਹੂਟੇ, ਮਾਟੇ, ਸੋਨੇ ਦੀ ਗੱਡ ਘਰਾਟੇ,
ਮਾਈਓ, ਬੁਢੀਓ, ਭਾਂਡੇ-ਟੀਂਡੇ ਸਾਂਭ ਲੌ,
ਅਮਰੀਕ ਸੁੰਹ ਦੀ ਰੇਲ ਗੱਡੀ ਆਈ ਜੇਅ ਅਅ।
ਉਹ ਲੱਤਾਂ ਉੱਚੀਆ ਕਰਕੇ ਉਹਨੂੰ ਸਿਰ ਵੱਲ ਲੈ ਆਉਂਦਾ। ਸਾਢੇ ਕੁ ਪੰਜ ਸਾਲ ਦਾ ਅਮਰੀਕ ਖਿੜ ਖਿੜ ਹੱਸਦਾ।
ਭਾ ਜੀ ਰੇਲ ਗੱਡੀ ਕੀ ਹੁੰਦੀ ਆ?
ਤੂੰ ਬੱਸ ਵੇਖੀ ਐ ਨਾ!
ਹਾਹੋ
ਕਿੰਨ੍ਹੀਆਂ ਸਾਰੀਆਂ ਬੱਸਾਂ ਜੋੜ ਦਈਏ ਤਾਂ ਰੇਲ ਗੱਡੀ ਬਣ ਜਾਂਦੀ ਐ। ਵੇਖੀ ਤਾਂ ਸੀ ਤੂੰ; ਜਦੋਂ ਆਪਾਂ ਤਰਨਤਾਰਨ ਮੱਸਿਆ ਗਏ ਸਾਂ।
ਆਪਾਂ ਰੇਲ ਗੱਡੀ ਤੇ ਕਦੋਂ ਚੜ੍ਹਾਂਗੇ?
ਜਦੋਂ ਤੂੰ ਪੱਕੇ ਕੋਠੇ ਪਾਉਣ ਲਈ ਜਹਾਜ਼ ਤੇ ਚੜ੍ਹ ਕੇ ਦੂਅਅਅਅਰ ਗਿਓਂ ਕਮਾਈਆਂ ਕਰਨ ਤਾਂ ਆਪਾਂ ਰੇਲ ਗੱਡੀ ਤੇ ਚੜ੍ਹ ਕੇ ਤੈਨੂੰ ਜਹਾਜ਼ੇ ਚੜ੍ਹਾਉਣ ਜਾਵਾਂਗੇ।

ਅਮਰੀਕ ਬਾਹਰ ਗਿਆ ਤਾਂ ਉਸਦੀਆਂ ਆਸਾਂ ਨੂੰ ਬੂਰ ਪੈਂਦਾ ਲੱਗਾ। ਪਹਿਲੇ ਦੋ ਸਾਲ ਅਮਰੀਕ ਨੇ ਬੜੇ ਔਖੇ ਕੱਟੇ। ਕਦੀ ਏਸ ਮੁਲਕ ਚੋਂ ਜਾਨ ਬਚਾ ਕੇ ਓਸ ਮੁਲਕ ਵਿਚ। ਕਦੀ ਓਸ ਮੁਲਕ ਵਿਚੋਂ ਓਸ ਮੁਲਕ ਵਿਚ। ਹਰ ਵੇਲੇ ਫੜ੍ਹੇ ਜਾਣ ਜਾਂ ਮਾਰੇ ਜਾਣ ਦਾ ਖ਼ਤਰਾ। ਇਕ ਦੋ ਵਾਰ ਤਾਂ ਉਸਨੇ ਢੇਰੀ ਹੀ ਢਾਹ ਦਿੱਤੀ। ਕਹਿੰਦਾ, ਮੈਂ ਵਾਪਸ ਮੁੜ ਆਉਣੈਂ! ਇਹ ਸੁਣ ਕੇ ਅਮਰ ਸਿੰਘ ਦੇ ਔਸਾਣ ਮਾਰੇ ਗਏ। ਉਹਦਾ ਤਾਂ ਬਣਿਆਂ-ਬਣਾਇਆ ਸੁਪਨ-ਮਹੱਲ ਢਹਿ-ਢੇਰੀ ਹੋ ਚੱਲਿਆ ਸੀ। ਕਹਿੰਦਾ, ਵੇਖੀਂ ਕਮਲਿਆ! ਕਿਤੇ ਲੋਹੜਾ ਨਾ ਮਾਰੀਂ। ਫ਼ਤਹਿ ਕੀਤਾ ਮੋਰਚਾ ਛੱਡਣ ਨੂੰ ਫਿਰਦੈਂ! ਪਿੱਛੇ ਕੀ ਆ ਏਥੇ ਭੁੱਖ-ਨੰਗ ਤੋਂ ਸਿਵਾ। ਏਥੇ ਕਿਹੜੇ ਅੰਬ ਲੱਗੇ ਹੋਏ ਨੇ! ਹੈਥੇ ਤਾਂ ਫ਼ਤਹਿ ਈ ਫ਼ਤਹਿ ਐ। ਅੜਿਆ ਰਹਿ ਹੈਥੇ, ਅੜਿਆ ਰਹਿ। ਆਪੇ ਮਹਾਰਾਜ ਕਿਸੇ ਨਾ ਕਿਸੇ ਦਿਨ ਫ਼ਤਹਿ ਬਖ਼ਸ਼ੂਗਾ।
ਅਮਰ ਸਿੰਘ ਦੀ ਬੁੱਢੀ ਮਾਂ ਨੇ ਜ਼ਰੂਰ ਕਿਹਾ ਸੀ ਉਹਨੂੰ, ਵੇ ਜਦੋਂ ਮੁੰਡੇ ਦਾ ਜੀਅ ਜੂ ਨਹੀਂ ਲੱਗਦਾ ਬਾਹਰ; ਆਉਣ ਕਿਉਂ ਨਹੀਂ ਦੇਂਦਾ ਤੂੰ । ਉਹ ਚਿੱਠੀਆਂ ਤੇ ਫ਼ੋਨਾਂ ਚ ਰੋਂਦੈ ਕਿ ਮੈਨੂੰ ਮੁੜ ਆਉਣ ਦਿਓ। ਸੁਰਜੀਤ ਕੁਰ ਦੱਸਦੀ ਏ ਕਿ ਕਿਸੇ ਮੁਲਕ ਚੋਂ ਜੰਗਲ ਵਿਚ ਰਾਤ ਨੂੰ ਬਾਡਰ ਪਾਰ ਕਰਨ ਲੱਗੇ ਨੂੰ ਗੋਲੀ ਵੱਜ ਚੱਲੀ ਸੀ, ਮੇਰੀਆਂ ਤਾਂ ਸੁਣ ਕੇ ਆਂਦਰਾਂ ਕੱਠੀਆਂ ਹੋ ਗਈਆਂ। ਕਾਹਦਾ ਪਿਓ ਐਂ ਤੂੰ। ਜਰਨੈਲ ਨੂੰ ਵੀ ਕਨੇਡਾ! ਕਨੇਡਾ! ਲੱਗੀ ਹੋਈ ਸੀ। ਚੰਗੀ-ਭਲੀ ਸਰਦਾਰੀ ਨੌਕਰੀ ਕਰਦਾ ਸੀ ਪਰ ਕਨੇਡਾ ਜਾ ਕੇ ਈ ਠੰਢ ਪਈ ਸੂ। ਉਹੋ ਹਾਲ ਤੇਰਾ ਏ। ਕਨੇਡਾ ਮਰੀਕਾ ਜਾਣ ਲਈ ਤਾਂ ਹੀਰ ਕਮਲੀ ਹੋਈ ਪਈ ਆ। ਅਸੀਂ ਵੀ ਤਾਂ ਏਥੇ ਕੱਟੀ ਏ ਸਾਰੀ ਉਮਰ। ਬਾਹਰ ਦੀ ਪੂਰੀ ਨਾਲੋਂ ਘਰ ਦੀ ਅੱਧੀ ਚੰਗੀ।
ਬੀਬੀ! ਏਥੇ ਅੱਧੀ ਵੀ ਕਿੱਥੇ ਮਿਲਦੀ ਏ! ਮਸਾਂ ਚੱਪੇ-ਖੰਨੀ ਨਾਲ ਡੰਗ ਸਾਰਨਾ ਪੈਂਦੈ। ਉਹ ਪਿਛਲੀਆਂ ਗੱਲਾਂ ਗਈਆਂ। ਹੁਣ ਅੱਧੀ ਨਹੀਂ ਪੂਰੀ ਈ ਖਾਣੀ ਏਂ। ਨਾਲੇ ਉਦੋਂ ਕਿਹੜਾ ਨਹੀਂ ਸੀ ਲੋਕ ਬਾਹਰ ਜਾਂਦੇ। ਤਾਰਾ ਨਲੀ-ਚੋਚ ਕਦੋਂ ਦਾ ਗਿਐ। ਬਾਪੂ ਦੱਸਦਾ ਸੀ, ਨੰਗ ਹੁੰਦੇ ਸਨ ਉਹ। ਹੁਣ ਸਰਦਾਰੀਆਂ ਵੇਖ। ਮੁਰੱਬਿਆਂ ਦੇ ਮਾਲਕ। ਕਾਰਾਂ ਕੋਠੀਆਂ ਵਾਲੇ। ਪਿਛਲਿਆਂ ਦੀ ਜੂਨ ਵੀ ਸਵਾਰ ਤੀ। ਉਹਦਾ ਭਤੀਜਾ ਪਿੰਡ ਦਾ ਸਰਪੰਚ! ਗਿਆ ਤਾਂ ਸਾਡਾ ਬਾਬਾ ਵੀ ਰੋਟੀ ਕਮਾਉਣ ਈ ਸੀ ਨਾ! ਇਹ ਵੱਖਰੀ ਗੱਲ ਏ ਕਿ ਉਹ ਰੋਟੀ ਦੀ ਥਾਂ ਅਣਖ਼ ਤੇ ਆਜ਼ਾਦੀ ਦਾ ਨਾਅ੍ਹਰਾ ਚੁੱਕ ਲਿਆਇਆ। ਪਰ ਹੁਣ ਨਾ ਤਾਂ ਏਥੇ ਕੋਈ ਆਜ਼ਾਦੀ ਏ ਤੇ ਨਾ ਹੀ ਅਣਖ਼ ਨਾਲ ਜਿਊਣਾ ਬਚਿਐ। ਜੇ ਏਦਾਂ ਈ ਜਿਊਣਾ ਏਂ ਤਾਂ ਨਿਰ੍ਹੀ ਰੋਟੀ ਲਈ ਕਿਉਂ ਨਾ ਜੀਵੀਏ!
ਚੰਗਾ; ਤੂੰ ਖਾ ਲਈਂ ਪੂਰੀ। ਮੁੰਡੇ ਨੂੰ ਭਾਵੇਂ ਡਬੱ੍ਹਕੇ ਨਾਲ ਕੁਛ ਹੋ ਜੇ।

ਬਰੂਹਾਂ ਵਿਚ ਖਲੋਤੀ ਪ੍ਰੋਫ਼ੈਸਰ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਅਮਰ ਸਿੰਘ ਨੂੰ ਫ਼ੋਨ ਸੁਣਨ ਆਇਆ ਵੇਖ ਕੇ ਪੁੱਛਣ ਲੱਗੀ, ਵੀਰ ਅਮਰ ਸਿਅ੍ਹਾਂ! ਕਾਕੇ ਦਾ ਸੁਖ ਸੁਨੇਹਾ ਤਾਂ ਆ ਜਾਂਦਾ ਹੋਊ? ਜਿਊਂਦਾ ਵੱਸਦਾ ਰਹੇ! ਧੀਆਂ ਪੁੱਤਾਂ ਵੱਲੋਂ ਸਦਾ ਠੰਢੀਆਂ ਵਾਵਾਂ ਆਉਂਦੀਆਂ ਰਹਿਣ! ਚਲੋ; ਹੁਣ ਤਾਂ ਸੁੱਖ ਨਾਲ ਕੋਲ ਹੀ ਚਲੇ ਜਾਣੈ ਤੁਸੀਂ। ਬਹੁਤ ਚੰਗੈ। ਸਾਰਾ ਪਰਿਵਾਰ ਇੱਕ ਥਾਂ ਮਿਲ ਬੈਠੋਗੇ! ਵਾਹਗੁਰੂ ਰਾਖਾ!
ਪ੍ਰੋਫ਼ੈਸਰ ਨੇ ਬੁੱਲ੍ਹਾਂ ਤੇ ਉਂਗਲ ਰੱਖ ਕੇ ਮਾਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ।
ਕਿਵੇਂ ਆਉਣੇ ਹੋਏ ਅਮਰ ਸਿਹਾਂ! ਹਲਾ; ਕਾਕੇ ਦਾ ਫ਼ੋਨ ਆਉਣਾ ਹੋਣੈਂ! ਕੋਲ ਗਏ ਤਾਂ ਵਰਾਂਡੇ ਚ ਬੈਠੇ ਪ੍ਰੋਫ਼ੈਸਰ ਦੇ ਪਿਤਾ ਨੇ ਰਸਮੀ ਤੌਰ ਤੇ ਪੁੱਛਿਆ।
ਅਮਰ ਸਿੰਘ ਦਾ ਤਾਂ ਗਲ਼ਾ ਸੂਤਿਆ ਪਿਆ ਸੀ। ਕੀ ਜਵਾਬ ਦੇਵੇ!
ਪ੍ਰੋਫ਼ੈਸਰ ਉਸਦੇ ਬੈਠਣ ਲਈ ਕੁਰਸੀ ਅੱਗੇ ਕਰਨ ਲੱਗਾ ਤਾਂ ਫ਼ੋਨ ਦੀ ਘੰਟੀ ਖੜਕ ਪਈ। ਹੱਥ ਦੇ ਇਸ਼ਾਰੇ ਨਾਲ ਆਪਣੇ ਪਿੱਛੇ ਆਉਣ ਲਈ ਆਖ ਕੇ ਉਹ ਵਰਾਂਡੇ ਵਿਚਲੇ ਫ਼ੋਨ ਦੀ ਥਾਂ, ਫ਼ੋਨ ਸੁਣਨ ਲਈ, ਉਹਨੂੰ ਅੰਦਰਲੇ ਕਮਰੇ ਵਿਚ ਪਏ ਫ਼ੋਨ-ਸੈੱਟ ਕੋਲ ਲੈ ਗਿਆ। ਉਸਦੇ ਮਨ ਵਿਚ ਸੀ ਕਿ ਉਹ ਘਰ ਦੇ ਦੂਜੇ ਜੀਆਂ ਤੋਂ ਵੱਖਰਾ ਹੋ ਕੇ ਪਰਦੇ ਨਾਲ ਸਾਰੀ ਗੱਲ-ਬਾਤ ਕਰ-ਸੁਣ ਲਵੇ।
ਫ਼ੋਨ ਸੁਣ ਕੇ ਅਤੇ ਆਪਣੇ ਆਪ ਨੁੰ ਚੰਗੀ ਤਰ੍ਹਾਂ ਸਾਂਭ ਕੇ ਅਮਰ ਸਿੰਘ ਕਮਰੇ ਚੋਂ ਬਾਹਰ ਨਿਕਲਿਆ ਤਾਂ ਪ੍ਰੋਫ਼ੈਸਰ ਦੇ ਪਿਓ ਨੇ ਪੁੱਛਿਆ, ਠੀਕ ਠਾਕ ਤਾਂ ਹੈ ਨਾ ਕਾਕਾ ਆਪਣਾ?
ਉਸਨੇ ਦੋਵੇਂ ਹੱਥ ਹਿੱਕ ਤੱਕ ਉੱਚੇ ਕਰਕੇ ਠੀਕ ਠਾਕ ਹੋਣ ਦਾ ਪ੍ਰਭਾਵ ਦਿੱਤਾ। ਫਿਰ ਅਸਮਾਨ ਵੱਲ ਹੱਥ ਕੀਤੇ, ਉਹਦੀਆਂ ਓਹੋ ਜਾਣੇਂ!
ਕਾਮਰੇਡ ਜਰਨੈਲ ਨਾਲ ਗੱਲ ਨਹੀਂ ਹੋਈ? ਲੈ ਐਥੇ ਮੇਰੇ ਮੁੰਡੇ ਨੂੰ ਵੀ ਕਦੀ ਚੈਨ ਨਾਲ ਬਹਿਣ ਨਹੀਂ ਸੀ ਦਿੰਦਾ। ਕਦੀ ਯੂਨੀਅਨ ਦੇ ਕੰਮ ਚੱਲ ਜਲੰਧਰ, ਕਦੀ ਚੱਲ ਚੰਡੀਗੜ੍ਹ। ਹੁਣ ਇਹਨੂੰ ਕਹਿੰਦੈ, ਤੂੰ ਵੀ ਬਾਹਰ ਆ ਜਾ ਕਨੇਡਾ। ਅਖ਼ੇ; ਇਹਨਾਂ ਮੁਲਕਾਂ ਦੀਆਂ ਬੜੀਆਂ ਮੌਜਾਂ। ਅਖ਼ੇ: ਏਥੇ ਬੜਾ ਕਾਨੂੰਨ, ਬੜਾ ਨਿਆਂ, ਬੜੀਆਂ ਸਹੂਲਤਾਂ ਨੇ, ਨਿਰ੍ਹਾ ਸੁਰਗ ਈ ਆ!
ਚੁੱਪ ਵੀ ਕਰੋ ਤੁਸੀਂ। ਵੇਲਾ-ਕੁਵੇਲਾ ਵੇਖ ਲਿਆ ਕਰੋ। ਪ੍ਰੋਫ਼ੈਸਰ ਨੇ ਕੁਝ ਸਖ਼ਤੀ ਨਾਲ ਕਿਹਾ। ਪਰ ਉਹਨੂੰ ਵੇਲੇ-ਕੁਵੇਲੇ ਦਾ ਕੀ ਪਤਾ ਸੀ। ਬਾਹਰਲਾ ਦਰਵਾਜ਼ਾ ਲੰਘਦੇ ਅਮਰ ਸਿੰਘ ਦੇ ਕੰਨਾਂ ਵਿਚ ਅਜੇ ਵੀ ਪ੍ਰੋਫ਼ੈਸਰ ਦੇ ਪਿਓ ਦੀ ਆਵਾਜ਼ ਗੂੰਜ ਰਹੀ ਸੀ।
ਕਨੇਡਾ ਜਾ ਕੇ ਉਹਦਾ ਤਾਂ ਆ ਗਿਐ ਇਨਕਲਾਬ! ਲੈ ਬਈ ਬੰਦਾ ਪੁੱਛੇ ਤੁਹਾਨੂੰ ਦੋਵਾਂ ਨੂੰ, ਹੁਣ ਏਥੇ ਪਿੱਛੇ ਕੀ ਬਣੂ ਤੁਹਾਡੇ ਬਿਨਾ ਤੁਹਾਡੇ ਇਨਕਲਾਬ ਦਾ! ਸਿੱਧ ਛੁਪ ਬੈਠੇ ਪਰਬਤੀਂ, ਕੌਣ ਜਗਤ ਕੋ ਪਾਰ ਉਤਾਰਾ!

ਘਰ ਨੂੰ ਮੁੜਦਿਆਂ ਜਰਨੈਲ ਦੇ ਬੋਲ ਉਹਦੇ ਕੰਨਾਂ ਵਿਚ ਗੜਗੜਾਹਟ ਪਾ ਰਹੇ ਸਨ। ਅਮਰੀਕ ਦਾ ਟਰੱਕ ਤਿਲਕ ਕੇ ਡੂੰਘੀ ਖੱਡ ਵਿਚ ਜਾ ਡਿੱਗਾ ਸੀ ਤੇ ਪਲਾਂ-ਛਿਣਾਂ ਵਿਚ ਸਾਰੀ ਕਹਾਣੀ ਮੁੱਕ ਗਈ ਸੀ। ਜਰਨੈਲ ਨੇ ਆਪਣੇ ਟੱਬਰ ਨਾਲ ਤੇ ਇੱਕ ਦੋ ਜਿਗਰੀ ਮਿੱਤਰਾਂ ਨਾਲ ਸਲਾਹ ਕੀਤੀ ਸੀ; ਉਹੋ ਸਲਾਹ ਹੁਣ ਉਸਨੇ ਅਮਰ ਨੂੰ ਹਦਾਇਤ ਵਜੋਂ ਸੁਣਾਈ ਸੀ।
ਜੇ ਉਹ ਆਪਣੇ ਟੱਬਰ ਨੂੰ ਕਨੇਡਾ ਲੰਘਾਉਣਾ ਚਾਹੁੰਦਾ ਹੈ ਤਾਂ ਇਸ ਪਰਬਤੋਂ ਭਾਰੇ ਦੁੱਖ ਨੂੰ ਕਸੀਸ ਵੱਟ ਕੇ ਅੰਦਰੇ-ਅੰਦਰ ਜੀਰ ਜਾਵੇ ਅਤੇ ਅਮਰੀਕ ਦੀ ਮੌਤ ਦੀ ਖ਼ਬਰ ਦਾ ਕਿਧਰੇ ਧੂੰ ਤੱਕ ਵੀ ਨਾ ਨਿਕਲਣ ਦੇਵੇ। ਹੋ ਸਕੇ ਤਾਂ ਆਪਣੇ ਟੱਬਰ ਕੋਲੋਂ ਵੀ ਗੱਲ ਲੁਕਾ ਕੇ ਰੱਖੇ। ਜੇ ਘਰ ਵਿਚ ਪਤਾ ਲੱਗ ਗਿਆ ਤਾਂ ਰੋਣ-ਕੁਰਲਾਉਣ ਸ਼ੁਰੂ ਹੋ ਜਾਣਾ ਤੇ ਚੀਕ-ਚਿਹਾੜਾ ਮੱਚ ਜਾਣਾ। ਗੱਲ ਪਿੰਡ ਤੇ ਇਲਾਕੇ ਵਿਚ ਖਿੱਲਰ ਜਾਣੀ ਐਂ। ਅੱਗੇ ਸੌ ਸੱਜਣ, ਸੌ ਦੁਸ਼ਮਣ! ਕੋਈ ਅੰਬੈਸੀ ਨੂੰ ਸਿ਼ਕਾਇਤ ਕਰ ਸਕਦੈ ਕਿ ਜਿਹੜੇ ਮੁੰਡੇ ਨੇ ਮਾਪਿਆਂ ਨੂੰ ਸਾਂਭਣ ਲਈ ਕਾਗ਼ਜ਼ ਭਰੇ ਸਨ, ਜਦੋਂ ਉਹੋ ਈ ਨਹੀਂ ਰਿਹਾ ਤਾਂ ਉਹਦੇ ਮਾਪੇ ਤੇ ਭੈਣ-ਭਰਾ ਕਨੇਡਾ ਕਿਵੇਂ ਜਾ ਸਕਦੇ ਨੇ! ਪੱਕੇ ਕਾਨੂੰਨ ਦਾ ਤਾਂ ਉਹਨੂੰ ਵੀ ਨਹੀਂ ਸੀ ਪਤਾ। ਪਰ ਜਰਨੈਲ ਸਿੰਘ ਤੇ ਉਸਦੇ ਨੇੜਲੇ ਸਲਾਹਕਾਰਾਂ ਦੀ ਸਾਂਝੀ ਸਮਝ ਇਹੋ ਹੀ ਬਣੀ ਸੀ ਕਿ ਇਸ ਗੱਲ ਦਾ ਬਾਹਰ ਨਿਕਲਣਾ ਘਾਟੇਵੰਦਾ ਸੌਦਾ ਹੋ ਸਕਦੈ।
ਘਾਟਵੰਦਾ ਸੌਦਾ! ਉਸ ਆਪਣੇ ਆਪ ਨੂੰ ਜਰਨੈਲ ਦੇ ਬੋਲ ਆਖੇ।
ਉਹਦੇ ਅੰਦਰ ਝੱਖੜ ਤੇ ਹਨੇਰ ਝੁੱਲ ਰਹੇ ਸਨ। ਸ਼ੂਕਦੇ, ਚੀਕਦੇ, ਫਰਾਟੇ ਮਾਰਦੇ। ਟਾਹਣ ਟੁੱਟ ਰਹੇ ਸਨ, ਜੜ੍ਹਾਂ ਹਿੱਲ ਰਹੀਆਂ ਸਨ। ਹੜ੍ਹਿਆਇਆ ਪਾਣੀ ਸਿਰੋਂ ਉੱਚਾ ਹੋ ਗਿਆ ਸੀ। ਉਹ ਉੱਡ ਚੱਲਿਆ ਸੀ, ਡੁੱਬ ਚੱਲਿਆ ਸੀ। ਤਰਕ, ਦਲੀਲ, ਸਬਰ, ਸੰਤੋਖ ਦੀਆਂ ਕੰਨੀਆਂ ਹੱਥੋਂ ਛੁੱਟਦੀਆਂ ਜਾਂਦੀਆਂ ਸਨ। ਇਸਤੋਂ ਪਹਿਲਾਂ ਕਿ ਉਹ ਰੁੜ੍ਹ ਜਾਂਦਾ, ਡੁੱਬ ਜਾਂਦਾ ਉਸਨੇ ਇੱਕ ਕੰਨੀ ਫਿਰ ਵੀ ਘੁੱਟ ਕੇ ਫੜ੍ਹ ਲਈ।
ਉਹ ਪੁੱਤ ਦੀ ਮੌਤ ਤੇ ਉੱਚੀ ਧਾਹਾਂ ਮਾਰ ਕੇ ਕਨੇਡਾ ਨਾ ਜਾਣ ਦਾ ਖ਼ਤਰਾ ਮੁੱਲ ਨਹੀਂ ਸੀ ਲੈਣਾ ਚਾਹੁੰਦਾ।
ਜੇ ਕਨੇਡਾ ਜਾਣਾ ਸੌਦੇਬਾਜ਼ੀ ਹੀ ਹੈ ਤਾਂ ਫਿਰ ਪੁੱਤ ਦੀ ਮੌਤ ਦਾ ਸਦਮਾ ਚੁੱਪ-ਚਾਪ ਇਕੱਲਿਆਂ ਸਹਿ ਕੇ ਕਨੇਡਾ ਪਹੁੰਚਣ ਦਾ ਸੌਦਾ ਵੀ ਕਰਨਾ ਈ ਪੈਣੈਂ!
ਜਰਨੈਲ ਨੇ ਦੱਸਿਆ ਸੀ ਕਿ ਉਸ ਨੇ ਖ਼ੁਦ ਉਹਨਾਂ ਦੇ ਸਾਰੇ ਟੱਬਰ ਦੀਆਂ ਟਿਕਟਾਂ ਅੱਜ ਹੀ ਖ਼ਰੀਦਣ ਦਾ ਪ੍ਰਬੰਧ ਕਰਨ ਲਈ ਕਿਸੇ ਏਅਰਲਾਈਨ ਨਾਲ ਗੱਲ ਮੁਕਾ ਲਈ ਹੈ। ਉਹ ਸ਼ਾਮ ਤੱਕ ਉਹਨੂੰ ਫ਼ੋਨ ਤੇ ਦੱਸ ਦੇਵੇਗਾ ਕਿ ਟਿਕਟਾਂ ਕਿੱਥੋਂ ਚੁੱਕਣੀਆਂ ਹਨ! ਉਹ ਸਾਰਾ ਟੱਬਰ, ਬੱਸ, ਇੱਕ ਅੱਧੇ ਦਿਨ ਵਿਚ ਹੀ ਜਾਣ ਲਈ ਤਿਆਰ ਹੋ ਛੱਡਣ। ਜਿ਼ਆਦਾ ਦਿਨਾਂ ਦੀ ਵਿੱਥ ਪਾਉਣੀ ਠੀਕ ਨਹੀਂ। ਗੱਲ ਬਾਹਰ ਨਿਕਲ ਸਕਦੀ ਹੈ। ਉਂਜ ਵੀ ਅਗਲੇ ਹਫ਼ਤੇ ਮੁੰਡੇ ਦੇ ਅੰਤਿਮ-ਸੰਸਕਾਰ ਦਾ ਦਿਨ ਨਿਯਤ ਸੀ। ਅੰਤਿਮ-ਸੰਸਕਾਰ ਤੋਂ ਪਹਿਲਾਂ ਉਹਨਾਂ ਦਾ ਓਥੇ ਪੁੱਜਣਾ ਜ਼ਰੂਰੀ ਸੀ।

ਤੁਰੇ ਜਾਂਦੇ ਨੂੰ ਝਟਕਾ ਵੱਜਾ। ਬੈਂਡ ਵਾਜਿਆਂ ਦੇ ਵੱਜਣ ਤੇ ਸ਼ਹਿਨਾਈ ਦੇ ਗੂੰਜਣ ਦੀ ਆਵਾਜ਼ ਆਈ। ਸਾਹਮਣੇ ਗਲੀ ਵਿਚੋਂ ਬੈਂਡ ਦੇ ਪਿੱਛੇ-ਪਿੱਛੇ ਰੰਗ-ਬ-ਰੰਗੇ ਕੱਪੜਿਆਂ ਵਿਚ ਸੱਜੇ ਮਰਦ-ਔਰਤਾਂ ਤੇ ਬੱਚਿਆਂ ਦੀ ਭੀੜ ਨਿਕਲ ਰਹੀ ਸੀ। ਅੱਗੇ ਸਿਹਰੇ ਤੇ ਕਲਗ਼ੀ ਨਾਲ ਸੱਜਿਆ ਉਹਦੇ ਸਕਿਆਂ ਚੋਂ ਲੱਗਦੇ ਤਾਏ ਦੇ ਪੁੱਤ ਭਰਾ ਦਲੀਪ ਸਿੰਘ ਦਾ ਮੁੰਡਾ ਪਰਗਟ ਸੀ। ਉਹਦੇ ਅਮਰੀਕ ਦਾ ਹਮ-ਉਮਰ ਤੇ ਹਮ-ਜਮਾਤੀ।
ਪਿਛਲੇ ਡੇਢ ਕੁ ਸਾਲ ਤੋਂ ਦੋਵਾਂ ਟੱਬਰਾਂ ਦਾ ਸਾਂਝੇ ਖਾਲ਼ ਦਾ ਝਗੜਾ ਅਦਾਲਤ ਵਿਚ ਚੱਲ ਰਿਹਾ ਸੀ। ਜਦੋਂ ਅਮਰੀਕ ਨੂੰ ਬਾਹਰ ਭੇਜਣਾ ਸੀ ਤਾਂ ਅਮਰ ਸਿੰਘ ਨੇ ਘਰ ਦੀ ਹਿੱਸੇ ਆਉਂਦੀ ਸੱਤ ਏਕੜ ਜ਼ਮੀਨ ਵਿਚੋਂ ਤਿੰਨ ਏਕੜ ਦਲੀਪ ਸਿੰਘ ਕੋਲ ਗਹਿਣੇ ਧਰ ਦਿੱਤੀ ਸੀ। ਉਹਨਾਂ ਦੇ ਖ਼ੇਤ ਟੇਲ ਤੇ ਹੋਣ ਕਰ ਕੇ ਨਹਿਰੀ ਪਾਣੀ ਤਾਂ ਕਈ ਸਾਲਾਂ ਤੋਂ ਓਥੋਂ ਤੱਕ ਪਹੁੰਚਦਾ ਹੀ ਨਹੀਂ ਸੀ। ਦੋਵਾਂ ਪਰਿਵਾਰਾਂ ਦੇ ਖ਼ੇਤਾਂ ਦੀ ਵੱਟ ਸਾਂਝੀ ਸੀ। ਖਾਲ਼ ਵਿਚੋਂ ਦੀ ਲੰਘਦਾ ਸੀ। ਪੈਲ਼ੀ ਗਹਿਣੇ ਹੋਣ ਕਰਕੇ ਕਬਜ਼ਾ ਉਹਨੀਂ ਦਿਨੀਂ ਸਾਰੇ ਖ਼ੇਤ ਤੇ ਦਲੀਪ ਸਿੰਘ ਦਾ ਸੀ।
ਖਾਲ਼ ਢਾਹ ਨਾ ਦਈਏ। ਐਵੇਂ ਵਾਧੂ ਦੀ ਜ਼ਮੀਨ ਰੋਕੀ ਬੈਠਾ। ਦਲੀਪ ਸਿੰਘ ਨੇ ਪੁੱਛਿਆ ਤਾਂ ਖਾਲ਼ ਦੀ ਲੋੜ ਨਾ ਸਮਝਦੇ ਹੋਏ ਅਮਰ ਸਿੰਘ ਨੇ ਵੀ ਹਾਮੀ ਭਰ ਦਿੱਤੀ। ਜਦੋਂ ਜ਼ਮੀਨ ਛੁਡਾਈ ਤਾਂ ਦਲੀਪ ਸਿੰਘ ਖਾਲ਼ ਢਾਹ ਕੇ ਵਾਹੀ ਜ਼ਮੀਨ ਤੇ ਕਬਜ਼ਾ ਕਰ ਬੈਠਾ। ਅਮਰ ਸਿੰਘ ਦੀ ਦਲੀਲ ਸੀ ਕਿ ਕਿੱਲੇ ਦੀ ਬੁਰਜੀ ਦੀ ਸੇਧ ਨੂੰ ਵੇਖਿਆਂ ਖਾਲ਼ ਤਾਂ ਉਸਦੀ ਜ਼ਮੀਨ ਵਿਚ ਪੈਂਦਾ ਸੀ। ਜਾਂ ਤਾਂ ਖਾਲ਼ ਪਹਿਲਾਂ ਵਾਂਗ ਪਿਆ ਰਹੇ ਪਰ ਜੇ ਢਾਹੁਣਾ ਹੀ ਹੈ ਤਾਂ ਉਹ ਉਸਦੀ ਜ਼ਮੀਨ ਦਾ ਹਿੱਸਾ ਹੈ।
ਪਟਵਾਰੀ ਨੂੰ ਨਿਸ਼ਾਨਦੇਹੀ ਲਈ ਆਖਿਆ ਤਾਂ ਉਹ ਅੱਗੋਂ ਹੂੰ ਹਾਂ; ਅੱਜ-ਭਲਕ ਕਰ ਛੱਡਦਾ। ਦਲੀਪ ਸਿੰਘ ਦੀ ਧੌਂਸ ਸੀ ਪਿੰਡ ਵਿਚ। ਅਫ਼ਸਰਾਂ ਤੇ ਕਰਮਚਾਰੀਆਂ ਨਾਲ ਸਾਂਝਾਂ ਸਨ। ਦਹਿਸ਼ਤ ਦੇ ਦੌਰ ਵਿਚ ਲੈਫਟੀਨੈਂਟ ਜਨਰਲ ਬਣੇ ਪੁੱਤ ਦੇ ਬਲ-ਬੁੱਤੇ ਉਹ ਪਿੰਡ ਦੇ ਗੁਰਦਵਾਰੇ ਦਾ ਪ੍ਰਧਾਨ ਬਣ ਕੇ ਗੁਰਦਵਾਰੇ ਦੀ ਵੀਹ ਏਕੜ ਜ਼ਮੀਨ ਤੇ ਚੜ੍ਹਾਵੇ ਦਾ ਮਾਲਕ ਬਣ ਬੈਠਾ ਸੀ। ਕਮੇਟੀ ਵਿਚ ਖਾਊ-ਯਾਰਾਂ ਦੀ ਜੁੰਡਲੀ ਨਾਲ ਰਲ਼ਾ ਲਈ ਹੋਈ ਸੀ। ਹੁਣ ਮੌਕੇ ਦੀ ਸਿਆਸਤ ਨਾਲ ਤਾਲ-ਮੇਲ ਰੱਖਣ ਕਰ ਕੇ ਵੀ ਉਸਦੀ ਪਿੰਡ ਤੇ ਇਲਾਕੇ ਵਿਚ ਬੱਲੇ! ਬੱਲੇ! ਸੀ! ਮੁੰਡਾ ਲੋਕਾਂ ਨੂੰ ਲੁੱਟ ਕੇ ਘਰ ਭਰਨ ਤੋਂ ਬਾਅਦ ਕਨੇਡਾ ਜਾ ਬੈਠਾ ਸੀ ਤੇ ਓਥੋਂ ਦੇ ਗੁਰਦੁਆਰੇ ਤੇ ਕਬਜ਼ੇ ਦੀ ਲੜਾਈ ਲੜ ਰਿਹਾ ਸੀ।।
ਲੋਕ ਆਖਦੇ, ਤੂੰ ਕਹਿੰਦੈਂ; ਜਥੇਦਾਰ ਸਾਂਝਾ ਖਾਲ਼ ਖਾ ਗਿਐ! ਭਲਿਆ ਲੋਕਾ! ਉਹ ਤਾਂ ਸਾਂਝਾ ਗੁਰੂ-ਘਰ, ਸਾਂਝੀ ਗੋਲਕ ਤੇ ਗੁਰਦਵਾਰੇ ਦੀ ਜ਼ਮੀਨ ਵੀ ਖਾ ਗਿਐ। ਤੈਨੂੰ ਉਹ ਕੀ ਦੇਹ-ਦਵਾਲ ਆ! ਤੂੰ ਝੋਟਿਆਂ ਵਾਲੇ ਘਰੋਂ ਕੀ ਲੱਸੀ ਭਾਲਦੈਂ!
ਪਰ ਹਾਰ ਮੰਨਣੀ ਉਹਦੇ ਸੁਭਾ ਦਾ ਹਿੱਸਾ ਨਹੀਂ ਸੀ। ਉਹ ਅਦਾਲਤੇ ਜਾ ਚੜ੍ਹਿਆ ਸੀ।
ਬਿਨਾਂ ਲੜਿਆਂ ਈ ਮੋਰਚਾ ਛੱਡ ਜਾਣਾ ਸੂਰਮਗਤੀ ਨਹੀਂ ਹੁੰਦੀ। ਅਦਾਲਤਾਂ ਦੀ ਫ਼ਤਹਿ ਆਪਣੇ ਵੱਸ ਦੀ ਗੱਲ ਤਾਂ ਭਾਵੇਂ ਨਹੀਂ ਪਰ ਲੜਾਈ ਤਾਂ ਪੂਰੀ ਲੜੂੰ ਮੈਂ!
ਅਦਾਲਤ ਵਿਚ ਮੁਕੱਦਮਾ ਲੜਨ ਦੇ ਬਾਵਜੂਦ ਦੋਵਾਂ ਧਿਰਾਂ ਦਾ ਬੋਲ-ਚਾਲ ਤੇ ਮਿਲਵਰਤਣ ਬੰਦ ਨਹੀਂ ਸੀ ਹੋਇਆ। ਤਰੀਕ ਭੁਗਤਣ ਜਾਂਦਿਆਂ ਵੀ ਦੋਵੇਂ ਧਿਰਾਂ ਆਪਸ ਵਿਚ ਬੋਲਦੇ-ਚਾਲਦੇ। ਹਾਸਾ-ਠੱਠਾ ਵੀ ਕਰ ਲੈਂਦੇ। ਤਾਰੇ ਦੇ ਢਾਬੇ ਤੋਂ ਰੋਟੀ ਖਾਂਦਿਆਂ ਇਕ ਦੂਜੇ ਨੂੰ ਸੁਲ੍ਹਾ ਵੀ ਮਾਰ ਲੈਂਦੇ।
ਇੱਕ ਦਿਨ ਸ਼ੀਰੇ ਨੇ ਅਮਰੀਕ ਤੋਂ ਛੋਟੇ ਗੁਰਮੇਲ ਨੂੰ ਡੰਗਰਾਂ ਵਾਲੇ ਅੰਦਰ ਲੁਕ ਕੇ ਸਮੈਕ ਪੀਂਦਿਆਂ ਫੜ੍ਹ ਲਿਆ। ਅਮਰ ਸਿੰਘ ਨੇ ਖੜਕਾਈਆਂ ਤਾਂ ਬਕ ਪਿਆ, ਪਰਗਟ ਨੇ ਮੈਨੂੰ ਦਿੱਤੀ ਸੀ, ਕਹਿੰਦਾ ਸੀ, ਪੀ ਕੇ ਵੇਖੀਂ, ਸੁਰਗਾਂ ਦੇ ਨਜ਼ਾਰੇ ਆ ਜਾਣਗੇ।
ਉਸਨੇ ਦਲੀਪ ਸਿੰਘ ਨੂੰ ਉਲ੍ਹਾਮਾਂ ਦਿੱਤਾ, ਭਾਊ! ਚਾਰ ਘਰ ਤਾਂ ਡੈਣ ਵੀ ਛੱਡ ਦਿੰਦੀ ਏ। ਸਮੈਕ ਤੇ ਲਾਉਣ ਲਈ ਪਰਗਟ ਨੂੰ ਮੇਰਾ ਮੁੰਡਾ ਈ ਲੱਭਾ ਸੀ।
ਦਲੀਪ ਸਿੰਘ ਨੇ ਉਸਦੇ ਮੋਢੇ ਤੇ ਹੱਥ ਰੱਖਦਿਆਂ ਦਿਲਾਸਾ ਦਿੱਤਾ, ਛੋਟੇ ਵੀਰ! ਮੈਂ ਉਹਦੇ ਛਿੱਤਰ ਮਾਰੂੰ ਸਿਰ ਚ! ਤੂੰ ਫਿ਼ਕਰ ਨਾ ਕਰ। ਪੈਸੇ ਦੱਸ ਕਿੰਨੇ ਲਏ ਨੇ? ਉਸਨੇ ਸਮੈਕ ਦਾ ਮੁੱਲ ਮੋੜਨ ਲਈ ਜੇਬ ਵਿਚ ਹੱਥ ਪਾਇਆ।
ਅਮਰ ਸਿੰਘ ਨੇ ਤਾਂ ਗੁੱਸੇ ਨਾਲ ਮੂੰਹ ਮੋੜ ਲਿਆ ਪਰ ਘਰ ਜਾ ਕੇ ਦਲੀਪ ਸਿੰਘ ਨੇ ਪਰਗਟ ਨੂੰ ਹੱਸ ਕੇ ਆਖਿਆ, ਕੰਜਰਾ! ਤੇਰਾ ਇਕ ਗਾਹਕ ਤਾਂ ਬਣਦਾ ਬਣਦਾ ਤੇਰੇ ਹੱਥੋਂ ਖਿਸਕ ਗਿਆ।
ਭੁੱਲੀ ਤਾਂ ਅਮਰ ਸਿੰਘ ਨੂੰ ਪਰਗਟ ਤੋਂ ਵੱਡੇ ਲੈਫਟੀਨੈਂਟ ਜਨਰਲ ਸਰਤਾਜ ਦੀ ਚੜ੍ਹੋਖ਼ਤੀ ਵੀ ਨਹੀਂ ਸੀ ਪਰ ਉਹ ਅੰਦਰੇ-ਅੰਦਰ ਹੀ ਸਾਰਾ ਜ਼ਹਿਰ ਪੀ ਗਿਆ ਸੀ। ਪਰ ਪਿਛਲੇ ਦਿਨੀਂ ਪਰ੍ਹੇ ਵਿਚ ਬੈਠਿਆਂ ਗੱਲ ਕੁਝ ਜਿ਼ਆਦਾ ਹੀ ਵਧ ਗਈ।
ਤਖ਼ਤਪੋਸ਼ ਤੇ ਵਿਹਲੇ ਵੇਲੇ ਪੰਜ-ਸੱਤ ਬੰਦੇ ਤਾਸ਼ ਕੁੱਟ ਰਹੇ ਸਨ ਤੇ ਪੰਜ-ਚਾਰ ਆਪਣੇ ਗੱਪ-ਗਿਆਨ ਵਿਚ ਮਸਤ। ਦਲੀਪ ਸਿੰਘ ਤੇ ਅਮਰ ਸਿੰਘ ਵੀ ਓਥੇ ਸਨ। ਕਿਸੇ ਨੇ ਸਹਿਵਨ ਹੀ ਪੁੱਛ ਲਿਆ, ਅਮਰ ਸਿਹਾਂ! ਯਾਰ ਬਾਬੇ ਤੁਹਾਡੇ ਦਾ ਨਾਂ ਤਾਂ ਚੜ੍ਹਤ ਸੁੰਹ ਸੁਣੀਂਦਾ ਸੀ ਪਰ ਚੜ੍ਹ ਸਿਹੁੰ ਕਿੳਂੁ ਆਖਦੇ ਸਨ?
ਉਂਜ ਈ, ਐਵੇਂ। ਜਿਵੇਂ ਬੇਸੁਰਿਆਂ ਦੇ ਭਗਤ ਸੁੰਹ ਨੂੰ ਭਗ ਸੁੰਹ ਆਖ ਦੇਂਦੇ ਨੇ। ਏਦਾਂ ਈ ਹੋਣੈਂ। ਅਮਰ ਸਿੰਘ ਆਪਣਾ ਅਨੁਮਾਨ ਦੱਸ ਹੀ ਰਿਹਾ ਸੀ ਕਿ ਦਲੀਪ ਸਿੰਘ ਨੇ ਉਸਦੇ ਮੂੰਹੋਂ ਗੱਲ ਖੋਹ ਲਈ।
ਤੂੰ ਮੈਨੂੰ ਪੁੱਛ! ਮੇਰਾ ਵੀ ਤਾਂ ਬਾਬਾ ਸੀ ਉਹ।
ਉਹਦੀ ਗੱਲ ਠੀਕ ਸੀ। ਅਮਰ ਸਿਘ ਦਾ ਦਾਦਾ ਚੜ੍ਹਤ ਸਿੰਘ ਉਰਫ਼ ਮੋਹਣ ਸਿੰਘ ਅਤੇ ਦਲੀਪ ਸਿੰਘ ਦਾ ਦਾਦਾ ਸੋਹਣ ਸਿੰਘ ਸਕੇ ਭਰਾ ਸਨ। ਦਲੀਪ ਸਿੰਘ ਚੜ੍ਹਤ ਸਿੰਘ ਦੇ ਵੱਡੇ ਭਰਾ ਸੋਹਣ ਸਿੰਘ ਦੇ ਪੁੱਤ ਸ਼ਰਮ ਸਿੰਘ ਦੀ ਔਲਾਦ ਸੀ। ਅਮਰ ਸਿੰਘ ਦੇ ਪਿਓ ਧਰਮ ਸਿੰਘ ਤੇ ਦਲੀਪ ਸਿੰਘ ਦੇ ਪਿਓ ਸ਼ਰਮ ਸਿੰਘ ਵਿਚ ਤਾਂ ਭਰਾਵਾਂ ਵਰਗਾ ਹੀ ਪੀਚਵਾਂ ਰਿਸ਼ਤਾ ਰਿਹਾ ਸੀ। ਆਖ਼ਰ ਉਹ ਚਾਚੇ-ਤਾਏ ਦੇ ਪੁੱਤ ਭਰਾ ਸਨ। ਸ਼ਰਮ ਸਿੰਘ ਅਜੇ ਜਿਊਂਦਾ ਸੀ ਤੇ ਉਹ ਤਾਂ ਅਜੇ ਵੀ ਅਮਰ ਸਿੰਘ ਨੂੰ ਆਪਣੇ ਪੁੱਤਾਂ ਦੀ ਥਾਂ ਸਮਝਦਾ ਸੀ। ਭਰਾ ਤਾਂ ਅਮਰ ਸਿੰਘ ਤੇ ਦਲੀਪ ਸਿੰਘ ਵੀ ਲੱਗਦੇ ਹੀ ਸਨ। ਅਕਸਰ ਉਹਨਾਂ ਦੇ ਦਾਦੇ ਸਕੇ ਭਰਾ ਸਨ ਤੇ ਪੜਦਾਦਾ ਤਾਂ ਇੱਕੋ ਸੀ ਪਰ ਇਸ ਇੱਕ ਹੋਣ ਦੀ ਸਾਂਝ ਦਲੀਪ ਸਿੰਘ ਤੇ ਅਮਰ ਸਿੰਘ ਤੱਕ ਪਹੁੰਚਦਿਆਂ ਤਿੜਕ ਗਈ ਸੀ।
ਗੱਲ ਉਂਝ ਹੈ ਥੋੜ੍ਹੀ ਕੁ ਹਾਸੇ ਵਾਲੀ ਪਰ ਮੇਰੇ ਸੁਣਨ ਵਿਚ ਤਾਂ ਇੰਝ ਈ ਆਈ ਐ। ਗੱਲ ਅੱਗੇ ਤੋਰਦਿਆਂ ਦਲੀਪ ਸਿੰਘ ਨੇ ਗਾਤਰੇ ਪਾਈ ਕਿਰਪਾਨ ਸੂਤ ਕੀਤੀ, ਦਾਹੜੀ ਤੇ ਹੱਥ ਫੇਰਿਆ ਤੇ ਆਸੇ-ਪਾਸੇ ਸੂਹ ਲੈਣ ਵਾਂਗ ਝਾਤ ਮਾਰੀ।
ਇਹ ਗੱਲ ਛੋਟੇ ਭਾ ਨੇ ਤੁਹਾਨੂੰ ਦੱਸਣੀ ਨਹੀਂ। ਉਸਨੇ ਇਕ ਵਾਰ ਫਿਰ ਪੁਸ਼ਟੀ ਕਰਨ ਲਈ ਆਸੇ ਪਾਸੇ ਵੇਖ ਕੇ ਦੱਬਵੀਂ ਜ਼ਬਾਨ ਵਿਚ ਕਿਹਾ, ਦਫ਼ੇਦਾਰਾਂ ਦੀ ਪੜਦਾਦੀ ਨਾਲ ਉਹਦਾ ਟਾਂਕਾ ਫਿੱਟ ਸੀ। ਗਰਮੀਆਂ ਚ ਰਾਤ-ਬਰਾਤੇ ਉਹਨਾਂ ਦੇ ਚੁਬਾਰੇ ਚ ਵੇਲਾ ਤਕਾ ਕੇ ਪਿਛਲੇ ਕੋਠੇ ਤੋਂ ਪੌਡਿਆਂ ਚ ਪੈਰ ਅੜਾ ਕੇ ਉੱਤੇ ਜਾ ਚੜ੍ਹਦਾ ਸੀ। ਘਰਵਾਲਾ ਤਾਂ ਉਹਦਾ ਫੌਜ ਚ ਹੁੰਦਾ ਸੀ। ਇਕ ਵਾਰ ਉਹਦੇ ਘਰ ਵਾਲੇ ਦੇ ਛੁੱਟੀ ਆਏ ਤੋਂ ਵੀ ਜਾ ਚੜ੍ਹਿਆ। ਓਸ ਮਾਈ ਨੇ।
ਉਹ ਹੱਸਿਆ, ਯਾਰ! ਸਾਡੀ ਤਾਂ ਮਾਈ ਹੀ ਲੱਗਦੀ ਹੋਈ ਨਾ! ਉਹਨੇ ਬਾਬੇ ਨੂੰ ਵਰਜਿਆ ਵੀ ਸੀ ਕਿ ਰਾਤ ਨੂੰ ਨਾ ਆਵੇ। ਪਰ ਉਸਤੋਂ ਰਿਹਾ ਨਾ ਗਿਆ। ਆਪਣੀ ਇੱਜ਼ਤ-ਪਤ ਦਾ ਖਿ਼ਆਲ ਕਰਦਿਆਂ ਮਾਈ ਨੇ ਉੱਪਰ ਆਉਂਦਿਆਂ ਵੇਖ ਕੇ ਚੋਰ! ਚੋਰ! ਆਖ ਕੇ ਸਿਰੇ ਤੇ ਅੱਪੜੇ ਨੂੰ ਉੱਤੋਂ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਬਾਬਾ ਪਿੱਠ ਪਰਨੇ ਧੜ੍ਹੰਮ ਥੱਲੇ ਡਿੱਗਾ ਤਾਂ ਼ਲੱਕ ਤੇ ਸੱਟ ਲੱਗ ਗਈ। ਕਈ ਮਹੀਨੇ ਲੰਗਾ ਕੇ ਤੁਰਦਾ ਰਿਹਾ। ਦੱਸਣ ਵਾਲੇ ਦੱਸਦੇ ਨੇ; ਕਹਿੰਦਾ ਹੁੰਦਾ ਸੀ, ਉਹ ਈ ਸਹੁਰੀ ਦਗਾ ਦੇ ਗੀ। ਉਤਲੇ ਸਿਰੇ ਤੋਂ ਧੱਕਾ ਦੇ ਦਿੱਤਾ! ਨਹੀਂ; ਮੈਂ ਤਾਂ ਕੋਠੇ ਤੇ ਚੜ੍ਹ ਈ ਗਿਆ ਸਾਂ! ਬੱਸ; ਉਦੋਂ ਤੋਂ ਲੋਕਾਂ ਉਹਦਾ ਨਾਂ ਚੜ੍ਹ ਸੁੰਹ ਧਰ ਦਿੱਤਾ ਤੇ ਇਹ ਚੜ੍ਹ ਸੁੰਹ ਕੇ ਵੱਜਣ ਲੱਗ ਪਏ। ਏਸੇ ਕਰ ਕੇ ਉਹਦਾ ਨਾਂ ਚੜ੍ਹ ਸੁੰਹ ਪਿਆ। ਉਂਝ ਉਹਦਾ ਨਾਂ ਚੜ੍ਹਤ ਸੁੰਹ ਥੋੜ੍ਹਾ ਸੀ। ਅਸਲੀ ਨਾਂ ਤਾਂ ਉਹਦਾ ਮੋਹਣ ਸੁੰਹ ਸੀ। ਮੇਰਾ ਦਾਦਾ ਸੋਹਣ ਸੁੰਹ ਤੇ ਉਹ ਮੋਹਣ ਸੁੰਹ। ਸਕੇ ਭਰਾ।
ਹਾਸਾ ਮਖ਼ੌਲ ਤਾਂ ਉਹਨਾਂ ਦਾ ਆਪਸ ਵਿਚ ਚੱਲਦਾ ਰਹਿੰਦਾ ਸੀ ਪਰ ਅੱਜ ਦੀ ਗੱਲ ਕੁਝ ਹੋਰ ਸੀ। ਆਪਣੇ ਬਾਬੇ ਨੂੰ ਅਮਰ ਸਿੰਘ ਬੜੀ ਉੱਚੀ ਥਾਂ ਤੇ ਰੱਖਦਾ ਸੀ। ਬੜੀ ਕਦਰ ਸੀ ਉਹਦੇ ਮਨ ਵਿਚ ਓਸ ਬਜ਼ੁਰਗ ਦੀ। ਉਹਦੇ ਮਨ ਵਿਚ ਹੀ ਨਹੀਂ, ਪਿੰਡ ਤੇ ਇਲਾਕੇ ਵਿਚ ਵੀ ਬੜੀ ਕਦਰ ਸੀ ਉਹਦੀ। ਬਾਬੇ ਦੀ ਅਜਿਹੀ ਬੇਇਜ਼ਤੀ ਉਸ ਤੋਂ ਬਰਦਾਸ਼ਤ ਨਾ ਹੋਈ।
ਸ਼ਰਮ ਕਰ ਕੁਝ ਜਥੇਦਾਰਾ! ਤੇਰਾ ਵੀ ਬਾਪੂ ਲੱਗਦਾ ਸੀ ਉਹ। ਲੱਖ-ਲਾਹਨਤ ਤੇਰੇ ਇਹੋ ਜਿਹੇ ਸਿੰਘ ਹੋਣ ਦੇ! ਬਾਬਾ ਵੀ ਆਂਹਦੈਂ ਤੇ ਉਹਦੀ ਦਾੜ੍ਹੀ ਵੀ ਪੁੱਟਦੈਂ। ਓਸ ਸੂਰਮੇ ਬਾਪੂ ਦੀਆਂ ਕਹਾਣੀਆਂ ਤਾਂ ਇਤਿਹਾਸ ਦਾ ਹਿੱਸਾ ਬਣ ਗਈਆਂ ਨੇ।
ਉਹ ਠੀਕ ਸੀ। ਗ਼ਦਰ ਪਾਰਟੀ ਬਣਨ ਸਮੇਂ ਕਨੇਡਾ ਤੋਂ ਉਹਦੀ ਵਾਪਸੀ ਤੇ ਏਥੇ ਲੜੀ ਆਜ਼ਾਦੀ ਦੀ ਲੜਾਈ ਦੇ ਕਈ ਵੇਰਵੇ ਤੇ ਵਿਸਥਾਰ ਲੋਕਾਂ ਦੇ ਚੇਤੇ ਵਿਚ ਅਜੇ ਵੀ ਜਿਊਂਦੇ ਸਨ।
ਮੈਨੂੰ ਅਜੇ ਵੀ ਤੇਰੀ ਆਪਣਾ ਖੂਨ ਹੋਣ ਦੀ ਸ਼ਰਮ ਮਾਰਦੀ ਐ। ਨਹੀਂ ਤਾਂ, ਸੱਚ ਜਾਣੀਂ ਮੈਂ ਹੁਣ ਤੱਕ ਤੇਰਾ ਖੂਨ ਪੀ ਗਿਆ ਹੁੰਦਾ ਤੇ ਤੇਰੇ ਵਾਲਾ ਕੰਮ ਹੁਣ ਤੱਕ ਤਮਾਮ ਕਰ ਕੇ ਮੋਰਚਾ ਫ਼ਤਹਿ ਕੀਤਾ ਹੁੰਦਾ! ਅਮਰ ਸਿੰਘ ਨੇ ਆਪਣੀ ਗਾਤਰੇ ਪਈ ਕਿਰਪਾਨ ਨੂੰ ਹੱਥ ਪਾਇਆ ਹੋਇਆ ਸੀ।
ਕਮਲੇ ਹੋ ਗਏ ਜੇ! ਇੱਕੋ ਟੱਬਰ, ਇੱਕੋ ਲਹੂ। ਸ਼ਰਮ ਕਰੋ ਕੁਝ। ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਨੱਥਾ ਸਿੰਘ ਨੇ ਦੋਵਾਂ ਨੂੰ ਉੱਚੀ ਆਵਾਜ਼ ਵਿਚ ਝਿੜਕਿਆ।
ਕਲਜੁਗ ਵਿਚ ਠੱਗਾਂ ਤੇ ਚੋਰਾਂ ਦੀ ਈ ਸਦਾ ਫ਼ਤਹਿ ਨਹੀਂ ਹੁੰਦੀ ਦਲੀਪ ਸਿਅ੍ਹਾਂ! ਕਦੀ ਕਦੀ ਸਾਧਾਂ ਦੀ ਫ਼ਤਹਿ ਵੀ ਹੋ ਜਾਂਦੀ ਐ। ਖਾਲ਼ ਦੀ ਲੜਾਈ ਦਾ ਚਿੱਕੜ ਮੇਰੇ ਉੱਜਲੇ ਬਾਬੇ ਤੇ ਨਾ ਸੁੱਟ।
ਉਸਨੇ ਮੋਢੇ ਤੇ ਪਰਨਾ ਸੁੱਟਿਆ ਤੇ ਤਖ਼ਤਪੋਸ਼ ਤੋਂ ਹੇਠਾਂ ਉੱਤਰ ਆਇਆ।
ਉਹਦੇ ਤੁਰ ਜਾਣ ਤੋਂ ਬਾਅਦ ਬਾਬੇ ਨੱਥਾ ਸਿੰਘ ਨੇ ਦਲੀਪ ਸਿੰਘ ਨੂੰ ਡਾਂਟਿਆ, ਦਲੀਪ ਸਿਹਾਂ! ਗੁਰਸਿੱਖ ਹੋ ਕੇ ਤੈਨੂੰ ਅਜਿਹੀਆਂ ਗੱਲਾਂ ਕਰਨੀਆਂ ਸੋਂਹਦੀਆਂ ਨਹੀਂ। ਫੇਰ ਓਸ ਗੁਰਮੁਖ ਆਦਮੀ ਬਾਰੇ!
ਦਲੀਪ ਸਿੰਘ ਨੇ ਵੀ ਜੁੱਤੀ ਪੈਰੀਂ ਅੜਾਈ ਤੇ ਛਿੱਥਾ ਜਿਹਾ ਹੋ ਕੇ ਤਖ਼ਤਪੋਸ਼ ਤੋਂ ਉੱਤਰ ਕੇ ਘਰ ਵੱਲ ਤੁਰ ਪਿਆ।
ਦੋਵਾਂ ਦੇ ਤੁਰ ਜਾਣ ਤੋਂ ਬਾਅਦ ਬਾਬਾ ਨੱਥਾ ਸਿੰਘ ਦੱਸਣ ਲੱਗਾ, ਇਹ ਤਾਂ ਐਵੇਂ ਮੁਸ਼ਟੰਡਿਆਂ ਸ਼ਰੀਕਾਂ ਦੀਆਂ ਘੜੀਆਂ ਕਹਾਣੀਆਂ ਨੇ। ਉਹ ਤਾਂ ਬੜਾ ਦਨਾਅ ਤੇ ਸੂਰਮਾ ਆਦਮੀ ਸੀ। ਨਾਂ ਤਾਂ ਉਹਦਾ ਪਹਿਲਾਂ ਵਾਕਿਆ ਈ ਮੋਹਣ ਸੁੰਹ ਹੁੰਦਾ ਸੀ। ਚੜ੍ਹਤ ਸੁੰਹ ਵਾਲੀ ਘਾਣੀ ਤਾਂ ਕੁਝ ਇੰਝ ਸੀ।
ਬਾਬਾ ਨੱਥਾ ਸਿੰਘ ਖੂੰਡੇ ਨੂੰ ਸਵਾਰ ਕੇ ਵੱਖੀ ਨਾਲ ਟਿਕਾਉਂਦਾ ਹੋਇਆ ਨਿੱਠ ਕੇ ਬਹਿ ਗਿਆ।
ਮੋਹਣ ਸੁੰਹ ਉਦੋਂ ਹਾਂਗਕਾਂਗ ਸੀ ਜਦੋਂ ਉਹਦੀ ਪਛਾਣ ਬੇਲਾ ਸੁੰਹ ਦੁਆਬੀਏ ਨਾਲ ਹੋ ਗਈ। ਬੇਲਾ ਸਿੰਘ ਨੇ ਆਪਣੇ ਕਨੇਡਾ ਵਿਚ ਰਹਿੰਦੇ ਰਿਸ਼ਤੇਦਾਰ ਚੜ੍ਹਤ ਸਿੰਘ ਦੇ ਨਾਂ ਤੇ ਉਸਦੇ ਕਾਗ਼ਜ਼ ਕਨੇਡਾ ਲਈ ਭਰਾ ਦਿੱਤੇ। ਮਤਲਬ ਕਨੇਡਾ ਦੇ ਅਫ਼ਸਰਾਂ ਨੂੰ ਇਹ ਦੱਸਣਾ ਸੀ ਕਿ ਉਹ ਪਹਿਲਾਂ ਵੀ ਕਨੇਡਾ ਜਾ ਚੁੱਕਾ ਹੈ ਤੇ ਹੁਣ ਵੀ ਉਹਨੂੰ ਕਨੇਡਾ ਜਾਣ ਦਾ ਹੱਕ ਏ। ਉਦੋਂ ਇਹ ਹੱਕ ਕਿਸੇ ਨਵੇਂ ਬੰਦੇ ਨੂੰ ਨਹੀਂ ਸੀ ਮਿਲ ਸਕਦਾ। ਬੇਲਾ ਸਿੰਘ ਕਨੇਡਾ ਵਿਚ ਸਰਕਾਰ ਦਾ ਝੋਲੀ-ਚੁੱਕ ਸੀ ਤੇ ਉਸ ਲਈ ਕੰਮ ਕਰਦਾ ਸੀ। ਬੇਲਾ ਸਿੰਘ ਉਹਨੂੰ ਵੀ ਨਾਲ ਲਿਜਾ ਕੇ ਕਨੇਡਾ ਵਿਚ ਸਰਕਾਰੀ ਪੱਖ ਦੀ ਧਿਰ ਬਣਾ ਕੇ ਭੁਗਤਾਉਣਾ ਚਾਹੁੰਦਾ ਸੀ। ਪਰ ਮੋਹਣ ਸਿੰਘ ਨੂੰ ਤਾਂ ਏਥੇ ਹਾਂਗਕਾਂਗ ਵਿਚ ਈ ਦੇਸ਼-ਭਗਤੀ ਦੀ ਲਗਨ ਲੱਗ ਗਈ ਸੀ। ਕਨੇਡਾ ਜਾ ਕੇ ਵੀ ਦੇਸ਼-ਭਗਤਾਂ ਨਾਲ ਰਲ ਗਿਆ। ਛੇਤੀ ਈ ਉਹ ਤਾਂ ਲੀਡਰਾਂ ਵਿਚ ਗਿਣਿਆਂ ਜਾਣ ਲੱਗਾ। ਦੁਖੀ ਹੋ ਕੇ ਕਨੇਡਾ ਸਰਕਾਰ ਨੇ ਉਹਨੂੰ ਵਾਪਸ ਭੇਜਣ ਦਾ ਫ਼ੈਸਲਾ ਕਰ ਲਿਆ। ਸੁਪਰੀਮ ਕੋਰਟ ਵੱਲੋਂ ਉਹਦੀ ਰਿੱਟ ਪਾਸ ਹੋਣ ਦਾ ਹੁਕਮ ਮਿਲ ਜਾਣ ਤੋਂ ਬਾਅਦ ਵੀ ਅਫ਼ਸਰਾਂ ਨੇ ਉਹਨੂੰ ਜਬਰਦਸਤੀ ਜਹਾਜ਼ ਤੇ ਚੜ੍ਹਾ ਕੇ ਮੁਲਕ ਬਦਰ ਕਰ ਦਿੱਤਾ। ਓਥੇ ਕਨੇਡਾ ਵਿਚ ਕਿਉਂਕਿ ਉਹਦਾ ਨਾਂ ਚੜ੍ਹਤ ਸਿੰਘ ਈ ਵੱਜਦਾ ਸੀ, ਇਸ ਲਈ ਉਸਨੇ ਗੁਰਦਵਾਰੇ ਵਿਚ ਅੰਮ੍ਰਿਤ ਛਕ ਕੇ ਆਪਣਾ ਨਾਂ ਮੋਹਣ ਸਿੰਘ ਤੋਂ ਚੜ੍ਹਤ ਸਿੰਘ ਈ ਰੱਖ ਲਿਆ।
ਜੇ ਇਹ ਨਾਂ ਅੰਗਰੇਜ਼ਾਂ ਨਾਲ ਮੇਰੀ ਲੜਾਈ ਤੇ ਚੜ੍ਹਾਈ ਵਿਚ ਮੇਰੇ ਨਾਲ ਖਲੋਤੈ, ਇੱਕ ਦੇਸ਼-ਭਗਤ ਵਜੋਂ ਮੇਰੀ ਪਛਾਣ ਬਣ ਗਿਐ ਤੇ ਅੰਗਰੇਜ਼ਾਂ ਲਈ ਭੈਅ ਦਾ ਨਿਸ਼ਾਨ ਤਾਂ ਹੁਣ ਮੈਨੂੰ ਵੀ ਇਸ ਨਾਂ ਨਾਲ ਖਲੋਣਾ ਚਾਹੀਦੈ। ਸਰਕਾਰੀ ਕਾਗ਼ਜ਼ਾਂ ਵਿਚ ਬਾਗ਼ੀ ਬਣ ਚੁੱਕੇ ਏਸ ਨਾਂ ਦੀ ਕਦਰ ਕਰਨੀ ਚਾਹੀਦੀ ਏ।
ਮੋਹਣ ਸਿੰਘ ਤੋਂ ਚੜ੍ਹਤ ਸਿੰਘ ਬਣ ਜਾਣ ਦਾ ਤਰਕ ਉਹਨਾਂ ਦੇ ਬਾਬੇ ਕੋਲ ਇਹੋ ਹੀ ਸੀ।
ਉਹ ਤਾਂ ਆਪਣੇ ਨਾਂ ਨਾਲ ਖਲੋਣ ਵਾਲਾ ਤੇ ਸ਼ਾਨ ਨਾਲ ਜਿਊਣ ਵਾਲਾ ਬੰਦਾ ਸੀ। ਬਾਬੇ ਨੱਥਾ ਸਿੰਘ ਨੇ ਤੋੜਾ ਝਾੜਿਆ।
ਚੜ੍ਹਤ ਸੁੰਹ ਤੋਂ ਚੜ੍ਹ ਸੁੰਹ ਬਣਨ ਵਾਲਾ ਟੋਟਕਾ ਵੀ ਸੁਣ ਲੌ। ਮੈਂ ਆਪ ਸਾਰੀ ਹੋਈ ਬੀਤੀ ਦਾ ਚਸ਼ਮਦੀਦ ਗਵਾਹ ਆਂ। ਪੰਜਾਬੀ ਸੂਬੇ ਦੇ ਮੋਰਚੇ ਵੇਲੇ ਉਹ ਅਜੇ ਕਾਇਮ-ਦਾਇਮ ਸੀ। ਪਿਛਲੀ ਉਮਰ ਸੀ ਪਰ ਜੋਸ਼ ਅਜੇ ਵੀ ਪੂਰਾ ਸੂਰਾ। ਜਥੇ ਵਿਚ ਸਭ ਤੋਂ ਅੱਗੇ। ਮੈਂ ਵੀ ਓਸ ਜੱਥੇ ਵਿਚ ਸਾਂ। ਜੇਲ੍ਹ ਵਿਚ ਇਕ ਦਿਨ ਕੀ ਹੋਇਆ, ਇਖ਼ਲਾਕੀ ਕੈਦੀਆਂ ਵਿਚ ਸੋਲਾਂ ਸਤਾਰਾਂ ਸਾਲਾਂ ਦਾ ਨਾਬਾਲਗ਼ ਮੁੰਡਾ ਸੀ ਨਾਲ਼ ਦੀ ਬੈਰਕ ਵਿਚ; ਉਹਨੇ, ਸਵੇਰੇ ਜਦੋਂ ਬੰਦੀ ਖੁੱਲ੍ਹੀ ਤਾਂ, ਜੇਲ੍ਹ ਵਿਚ ਬੀਜੀਆਂ ਮੂਲੀਆਂ ਵਿਚੋਂ ਰੋਟੀ ਨਾਲ ਖਾਣ ਲਈ ਇਕ ਮੂਲੀ ਪੁੱਟ ਲਈ। ਵਾਰਡਰ ਨੇ ਮੂਲੀ ਖੋਹ ਲਈ ਤੇ ਏਨਾ ਝੰਬਿਆ ਸੋਟੀਆਂ ਨਾਲ ਕਿ ਮੁੰਡੇ ਦਾ ਪਿੰਡਾ ਨੀਲੋ-ਨੀਲ ਹੋ ਗਿਆ। ਮੁੰਡਾ ਅੱਗੇ ਵੀ ਸਾਡੇ ਕੋਲ ਆ ਕੇ ਬਹਿ ਜਾਂਦਾ ਹੁੰਦਾ ਸੀ। ਫਸਾਇਆ ਵੀ ਪੁਲਿਸ ਵਾਲਿਆਂ ਨੇ ਨਜਾਇਜ਼ ਕੇਸ ਵਿਚ ਈ ਸੀ। ਸਾਡੀ ਉਹਦੇ ਨਾਲ ਪਹਿਲਾਂ ਈ ਹਮਦਰਦੀ ਸੀ। ਅੱਜ ਵੀ ਉਹ ਰੋਂਦਾ ਰੋਂਦਾ ਸਾਡੇ ਕੋਲ ਆਇਆ। ਨਾਲੇ ਭੁੱਬਾਂ ਮਾਰੀ ਜਾਏ ਨਾਲੇ ਪਿੰਡੇ ਤੇ ਲੱਤਾਂ ਤੇ ਪਈਆਂ ਲਾਸਾਂ ਵਿਖਾਏ। ਏਨੇ ਚਿਰ ਨੂੰ ਰੋਟੀ ਵਰਤਾਉਣ ਵਾਲੇ ਆ ਗਏ। ਸਾਰੇ ਆਪੋ ਆਪਣੀਆਂ ਬਾਟੀਆਂ ਤੇ ਮੱਘ ਲੈਣ ਲਈ ਭੱਜੇ ਤੇ ਰੋਟੀ ਲੈਣ ਲਈ ਲਾਈਨ ਵਿਚ ਖਲੋ ਗਏ। ਚੜ੍ਹਤ ਸੁੰਹ ਨੇ ਮੁੰਡੇ ਨੂੰ ਗ਼ਲ ਨਾਲ ਲਾਇਆ ਤੇ ਉਹਦੇ ਅੱਥਰੂ ਪੂੰਝੇ। ਉਹਨੂੰ ਪਿਆਰਿਆ, ਪੁਚਕਾਰਿਆ ਤੇ ਹੌਸਲਾ ਦਿੱਤਾ ਪਰ ਮੁੰਡਾ ਬੁਸਕਣੋਂ ਨਾ ਹਟੇ। ਏਨੇ ਚਿਰ ਵਿਚ ਰੋਟੀ ਵਰਤ ਗਈ। ਰੋਟੀ ਵਰਤਾਉਣ ਵਾਲੇ ਵਿੰਹਦੇ ਪਏ ਸਨ ਕਿ ਬਾਬੇ ਨੇ ਅਜੇ ਰੋਟੀ ਪਵਾਉਣੀ ਏਂ। ਇਕ ਜਣੇ ਨੇ ਕਿਹਾ, ਬਾਬਾ! ਲਿਆ ਦਾਲ ਪਵਾ ਲਾ। ਤੇ ਛੱਡ ਇਹਨੂੰ ਮਾਂ ਦੇ ਖ਼ਸਮ ਨੂੰ, ਜਾਵੇ ਆਪਣੀ ਬੈਰਕ ਚ। ਚੱਲ ਉਏ ਹਰਮ ਦਿਆ! ਨਾਲੇ ਚੋਰੀਆਂ ਕਰਨੀਆਂ, ਨਾਲੇ ਰੋ ਰੋ ਵਿਖਾਉਣਾ। ਬਾਬਾ ਉਹਨੂੰ ਅੱਗੋਂ ਪੈ ਨਿਕਲਿਆ। ਕਹਿੰਦਾ, ਆਪਣੀ ਜ਼ਬਾਨ ਨੂੰ ਲਗਾਮ ਦੇ ਉਏ ਵੱਡੇ ਚੌਧਰੀਆ! ਜਾਹ ਮੈਂ ਨਹੀਂ ਰੋਟੀ ਖਾਣੀ। ਮੇਰੀ ਓਨਾ ਚਿਰ ਭੁੱਖ ਹੜਤਾਲ ਰਹੂ ਜਿੰਨਾਂ ਚਿਰ ਵਾਰਡਰ ਆ ਕੇ ਮਾਫ਼ੀ ਨਹੀਂ ਮੰਗਦਾ। ਗੱਲ ਡਿਓੜ੍ਹੀ ਚ ਪੁੱਜੀ ਤਾਂ ਡਿਪਟੀ ਆਇਆ ਭੱਜਾ ਭੱਜਾ। ਬਾਬੇ ਨੂੰ ਕਹਿੰਦਾ, ਰੋਟੀ ਖਾਣੀ ਐਂ ਕਿ ਕੁੱਟ ਕੇ ਖਵਾਵਾਂ? ਉਹ ਦਿਨ ਭੁੱਲ ਗਏ ਤੈਨੂੰ?
ਬਾਬਾ ਕਹਿੰਦਾ, ਜੇ ਏਡਾ ਈ ਸੂਰਮਾ ਐਂ ਤਾਂ ਤੂੰ ਹੁਣ ਕੁੱਟ ਕੇ ਈ ਰੋਟੀ ਖਵਾ ਵੇਖ। ਤਣਾ-ਤਣੀ ਵਧੀ ਵੇਖ, ਰੋਟੀ ਖਾਂਦਿਆਂ ਦੀਆਂ ਸਾਡੀਆਂ ਤਾਂ ਬੁਰਕੀਆਂ ਹੱਥਾਂ ਵਿਚ ਫੜ੍ਹੀਆਂ ਰਹਿ ਗਈਆਂ। ਬਾਬਾ ਸਾਰਿਆਂ ਵੱਲ ਮੂੰਹ ਕਰਕੇ ਕਹਿੰਦਾ, ਲਓ ਜਿਨ੍ਹਾਂ ਦਿਨਾਂ ਦੀ ਇਹ ਗੱਲ ਚੇਤੇ ਕਰਾਉਂਦੈ, ਮੈਂ ਆਪ ਈ ਦੱਸ ਦੇਨਾਂ। ਵੰਡ ਤੋਂ ਪਹਿਲਾਂ ਦੀ ਗੱਲ ਐ, ਇਹ ਛੋਟਾ ਠਾਣੇਦਾਰ ਹੁੰਦਾ ਸੀ ਉਦੋਂ। ਮੈਨੂੰ ਗ੍ਰਿਫ਼ਤਾਰ ਕਰਨ ਆਇਆ ਤਾਂ ਮੈਂ ਨਾਅ੍ਹਰੇ ਲਾਉਂਦਾ ਨਾਲ ਤੁਰ ਪਿਆ। ਅਗਲੇ ਦਿਨ ਕਚਹਿਰੀ ਪੇਸ਼ ਕਰਨਾ ਸੀ। ਕਚਹਿਰੀ ਵੱਲ ਤੁਰਦਿਆਂ ਮੈਨੂੰ ਕਹਿੰਦਾ, ਜੇ ਅੱਜ ਨਾਅ੍ਹਰੇ ਲਾਏ ਤਾਂ ਮੈਂ ਬੁਰਾ ਹਾਲ ਕਰੂੰ ਤੇਰਾ। ਮੈਂ ਆਖਿਆ, ਕੀ ਕਰ ਲੇਂਗਾ ਵੱਧ ਤੋਂ ਵੱਧ? ਮੈਂ ਤਾਂ ਲਾਊਂ ਨਾਅ੍ਹਰੇ। ਇਹ ਅੱਗੋਂ ਕਹਿੰਦਾ, ਚੱਲ ਵੇਖ ਲੈ ਸਵਾਦ! ਜੇ ਤੂੰ ਨਾਅ੍ਹਰੇ ਲਾ ਗਿਆ ਤਾਂ ਮੇਰੀ ਦਾੜ੍ਹੀ ਮੂਤ ਨਾਲ ਮੁੰਨ ਛੱਡੀਂ। ਮੈਂ ਆਖਿਆ, ਭਾਈ ਸਿੱਖਾ! ਦਾੜ੍ਹੀ ਕੇਸ ਤਾਂ ਗੁਰੂ ਦੀ ਦੇਣ ਨੇ। ਇਹਨਾਂ ਨੂੰ ਆਪਣੇ ਵਿਚ ਨਾ ਲਿਆ। ਉਂਜ ਦਾੜ੍ਹੀ ਰੱਖਣੀ ਜਾਂ ਮਨਾਉਣੀ ਤੇਰੀ ਮਰਜ਼ੀ; ਪਰ ਮੈਂ ਲੱਗਾ ਈ ਨਾਅ੍ਹਰੇ ਲਾਉਣ। ਇਹ ਮੈਨੂੰ ਕੁੱਟਦਾ ਗਿਆ, ਮੈਂ ਨਾਅ੍ਹਰੇ ਲਾਉਂਦਾ ਰਿਹਾ। ਹਾਰ ਕੇ ਕਚਹਿਰੀ ਨੇੜੇ ਆ ਗਈ ਵੇਖ ਕੇ ਆਪ ਈ ਡਰਦਾ ਹਟ ਗਿਆ ਕਿ ਜੱਜ ਨਾ ਪੁੱਛ-ਗਿੱਛ ਕਰਨ ਲੱਗ ਪਏ। ਸੰਗਤੇ! ਤੁਸੀਂ ਆਪ ਈ ਵੇਖ ਲੌ! ਇਹ ਕਮੀਣਾ! ਅਜੇ ਵੀ ਕਿਹੜੇ ਮੂੰਹ ਨਾਲ ਆਪਣੇ ਮੂੰਹ ਤੇ ਦਾੜ੍ਹੀ ਰੱਖੀ ਫਿਰਦੈ? ਤੇ ਲੈ; ਮੈਂ ਹੁਣ ਵੀ ਨਾਅ੍ਹਰੇ ਲਾਉਣ ਲੱਗਾ ਈ, ਪੁਲਿਸ ਤਸ਼ੱਦਦ, ਮੁਰਦਾਬਾਦ! ਬਾਬੇ ਚੜ੍ਹਤ ਸੁੰਹ ਨੇ ਬਾਂਹ ਉੱਚੀ ਕੀਤੀ ਤਾਂ ਸੰਗਤ ਵੀ ਬਾਹਵਾਂ ਖੜੀਆਂ ਕਰਕੇ ਮੁਰਦਾਬਾਦ ਕਹਿੰਦੀ ਉੱਠ ਖਲੋਤੀ। ਭੁੱਖ ਹੜਤਾਲ ਦਾ ਐਲਾਨ ਹੋ ਗਿਆ। ਮੁਰਦਾਬਾਦ! ਮੁਰਦਾਬਾਦ! ਨਾਲ ਜੇਲ੍ਹ ਦੀਆਂ ਕੰਧਾਂ ਗੂੰਜਣ ਲੱਗੀਆਂ। ਅਜੇ ਕੁਝ ਦਿਨ ਹੋਏ ਬਠਿੰਡਾ ਜੇਲ੍ਹ ਵਿਚ ਗੋਲੀ ਚੱਲਣ ਕਰ ਕੇ ਸਿੰਘ ਸ਼ਹੀਦ ਹੋ ਗਏ ਸਨ। ਸਰਕਾਰ ਦੀ ਬੜੀ ਬਦਨਾਮੀ ਹੋ ਰਹੀ ਸੀ। ਡਿਪਟੀ ਡਰ ਗਿਆ ਕਿ ਏਥੇ ਵੀ ਗੱਲ ਵਧ ਗਈ ਤਾਂ ਲੈਣੇ ਦੇ ਦੇਣੇ ਨਾ ਪੈ ਜਾਣ। ਮਾਫ਼ੀ ਮੰਗ ਕੇ ਛੁੱਟਿਆ। ਬੈਰਕ ਵਿਚ ਲੱਗਦੇ ਰਾਤ ਦੇ ਦੀਵਾਨ ਬਲੀ ਸੁੰਹ ਕਵੀਸ਼ਰ ਨੇ ਬਾਬੇ ਚੜ੍ਹਤ ਸੁੰਹ ਬਾਰੇ ਕਵਿਤਾ ਜੋੜ ਕੇ ਸੁਣਾ ਦਿੱਤੀ। ਮੈਂ ਸੁਣਾਉਂਦਾਂ ਤੁਹਾਨੂੰ, ਜੇ ਵਿਚੋਂ ਵਿਚੋਂ ਚੇਤੇ ਆ ਗਈ ਤਾਂ
ਨੱਥਾ ਸਿੰਘ ਨੇ ਮੱਥਾ ਸਿਕੋੜਿਆ ਤੇ ਰੁਕ ਰੁਕ ਕੇ ਚੇਤੇ ਵਿਚੋਂ ਕੁਝ ਸਤਰਾਂ ਕੱਢ ਲਈਆਂ:
ਉਦੋਂ ਚੜ੍ਹ ਸੁੰਹ! ਚੜ੍ਹ ਸੁੰਹ! ਹੋ ਗੀ ਵਿਚ ਕਨੇਡਾ ਦੇ,
ਬਾਬੇ ਝੰਡਾ ਜਦੋਂ ਆਜ਼ਾਦੀ ਦਾ ਝੁਲਾਇਆ।
ਗੋਰਾ ਡਰਦਾ ਆਖੇ, ਇਸਤੋਂ ਡਾਢਾ ਖ਼ਤਰਾ ਏ,
ਧੱਕੇ ਨਾਲ ਸੀ ਜਹਾਜ਼ ਤੇ ਚੜ੍ਹਾਇਆ।
ਬਾਬਾ ਘਰ ਨ੍ਹੀਂ ਬੈਠਾ ਲਾ ਤੀ ਜਿ਼ੰਦਗੀ ਜੂਝਦਿਆਂ,
ਆਖ਼ਰ ਗੋਰਾ ਘਰ ਨੂੰ ਦੁੜਕੀ-ਚਾਲ ਭਜਾਇਆ।
ਹੁਣ ਵੀ ਲੜਦਾ ਯੋਧਾ ਨਾਲ ਕਾਲੇ਼ ਅੰਗਰੇਜ਼ਾਂ ਦੇ,
ਸਾਰਾ ਜੀਵਨ ਉਹਨੇ ਲੋਕਾਂ ਲੇਖੇ ਲਾਇਆ।
ਡਿਪਟੀ ਰੇਤ ਦੀ ਢੇਰੀ, ਢਹਿ ਗਿਆ ਭਰੇ ਅਖਾੜੇ ਚ,
ਮੱਥਾ ਆਣ ਕੇ ਜਦੋਂ ਨਾਲ ਪਹਾੜ ਦੇ ਲਾਇਆ।
ਉਹਦਾ ਨਾਂ ਲੈ ਲੈ ਕੇ ਹੋਣ ਸਲਾਮਾਂ ਬਾਪੂ ਨੂੰ,
ਚੜ੍ਹ ਸੁੰਹ! ਚੜ੍ਹ ਸੁੰਹ! ਹੋ ਗੀ, ਗੀਤ ਕਵੀ ਨੇ ਗਾਇਆ।
ਸਾਹ ਲੈ ਕੇ ਨੱਥਾ ਸਿੰਘ ਨੇ ਤੋੜਾ ਝਾੜਿਆ, ਬੱਸ ਉਸ ਦਿਨ ਤੋਂ ਜੇਲ੍ਹ ਵਿਚ ਚੜ੍ਹ ਸੁੰਹ ਚੜ੍ਹ ਸੁੰਹ ਹੋਣ ਲੱਗੀ ਤੇ ਉਹਦਾ ਨਾਂ ਈ ਪੱਕ ਗਿਆ ਚੜ੍ਹ ਸੁੰਹਦਲੀਪ ਸਿੰਘ ਮੁੰਡੇ ਦੇ ਸਿਰ ਤੋਂ ਸੋਟ ਕਰ ਰਿਹਾ ਸੀ। ਚਿੱਟੇ ਦੁੱਧ ਕੱਪੜੇ। ਕਾਲੀ ਦਸਤਾਰ। ਗਲ਼ ਵਿਚ ਗਾਤਰੇ ਕਿਰਪਾਨ। ਅੱਗੇ ਪੈਸੇ ਲੁੱਟਦੀ ਮੁੰਡ੍ਹੀਰ, ਪਿੱਛੇ ਭਾਈਚਾਰੇ ਦੇ ਲੋਕ। ਅਮਰ ਸਿੰਘ ਦਾ ਵੀ ਤਾਂ ਇਹੋ ਭਾਈਚਾਰਾ ਸੀ। ਉਹਦੇ ਆਪਣੇ ਸੱਕੇ-ਸੋਦਰੇ! ਸਾਰੇ ਸਾਂਝੀ ਖ਼ੁਸ਼ੀ ਵਿਚ ਸ਼ਾਮਲ ਸਨ। ਫਿਰਨੀ ਤੇ ਪਰ੍ਹੇ ਕਰਕੇ ਧੂੜ ਉਡਾਉਂਦੀਆਂ ਕਾਰਾਂ ਦੀ ਭੀੜ। ਉਸ ਸਾਰੀ ਭੀੜ ਵਿਚ ਉਹ ਕਿਧਰੇ ਵੀ ਨਹੀਂ ਸੀ। ਉੱਡਦੀ ਧੂੜ ਦਾ ਹਿੱਸਾ ਬਣ ਗਿਆ ਸੀ ਉਹ।
ਜੰਝ ਚੜ੍ਹਣ ਤੋਂ ਪਹਿਲਾਂ ਮੁੰਡੇ ਨੂੰ ਫਿਰਨੀਓਂ ਪਾਰ ਸ਼ਹੀਦਾਂ ਦੇ ਗੁਰਦਵਾਰੇ ਮੱਥਾ ਟਿਕਾਉਣ ਲਿਜਾਇਆ ਜਾ ਰਿਹਾ ਸੀ।
ਅੱਜ ਉਹਦਾ ਪੁੱਤ ਉਹਦਾ ਸਾਥ ਛੱਡ ਗਿਆ ਸੀ ਤਾਂ ਹੋਰ ਵੀ ਸਾਰੇ ਆਪਣਿਆਂ ਨੇ ਉਸਤੋਂ ਮੂੰਹ ਫੇਰ ਲਿਆ ਸੀ! ਕਿੰਨਾਂ ਇਕੱਲਾ ਰਹਿ ਗਿਆ ਸੀ ਉਹ! ਉਹ ਤਾਂ ਰਾਤ ਤੱਕ ਵਿਆਹ ਵਾਲੇ ਘਰੋਂ ਸੱਦਾ ਉਡੀਕਦਾ ਰਿਹਾ ਸੀ। ਪੱਗ ਨੂੰ ਮਾਇਆ ਲਵਾ ਕੇ, ਕੱਪੜੇ ਪ੍ਰੈੱਸ ਕਰਵਾ ਕੇ ਰੱਖੇ ਹੋਏ ਸਨ। ਜੁੱਤੀ ਪਾਲਸ਼ ਕਰਕੇ ਲਿਸ਼ਕਾਈ ਹੋਈ ਸੀ। ਪਿਛਲੇ ਦਿਨੀਂ ਦੋ-ਚਾਰ ਵਾਰ ਮੰ੍ਹਨੀ ਸਾਂਹਸੀ ਉਹਨਾਂ ਦੇ ਘਰ ਅੱਗੋਂ ਲੰਘਿਆ ਤਾਂ ਭਰਮ ਜਿਹਾ ਵੀ ਹੋਇਆ ਸੀ ਕਿ ਉਹ ਹੁਣ ਵੀ ਵਿਆਹ ਦਾ ਸੱਦਾ ਦੇਣ ਲਈ ਉਹਨਾਂ ਦੀਆਂ ਬਰੂਹਾਂ ਲੰਘਿਆ ਕਿ ਲੰਘਿਆ! ਸਕਿਆਂ ਦੇ ਘਰਾਂ ਵਿਚ ਆਪਸੀ ਮਨ-ਮੁਟਾਓ ਵੀ ਹੁੰਦੇ ਰਹੇ ਸਨ, ਲੜਾਈ-ਝਗੜਾ ਵੀ ਹੁੰਦਾ ਰਹਿੰਦਾ ਸੀ। ਪਰ ਇਹ ਤਾਂ ਕੋਈ ਗੱਲ ਨਾ ਹੋਈ ਕਿ ਕੋਈ ਆਪਣਿਆਂ ਨੂੰ ਵਿਆਹ-ਸ਼ਾਦੀ ਤੇ ਵੀ ਨਾ ਬੁਲਾਵੇ! ਦਿਨ-ਸੁਧ ਤੇ ਤਾਂ ਰੁੱਸੇ ਹੋਇਆਂ ਵਿਚ ਵੀ ਮੰਨ-ਮਨੌਤੀ ਹੋ ਜਾਂਦੀ ਸੀ!
ਜਿੰਨਾਂ ਚਿਰ ਜੰਝ ਗੁਰਦਵਾਰੇ ਵੱਲ ਜਾਂਦਾ ਮੋੜ ਮੁੜ ਨਾ ਗਈ, ਉਹ ਪਿੱਛੇ ਜਿਹੇ ਗਲੀ ਦੀ ਕੰਧ ਨਾਲ ਲੱਗ ਕੇ ਖਲੋਤਾ ਰਿਹਾ। ਲੱਗਦਾ ਸੀ ਕਿਤੇ ਅਮਰੀਕ ਦੀ ਮੌਤ ਦੀ ਖ਼ਬਰ ਉਹਦੇ ਮੂੰਹ ਤੋਂ ਪੜ੍ਹ ਕੇ ਦਲੀਪ ਸਿੰਘ ਮੁੰਡੇ ਦਾ ਵਿਆਹ ਵਿਚੇ ਛੱਡ ਕੇ ਅੰਬੈਸੀ ਨੂੰ ਫ਼ੋਨ ਕਰਨ ਨਾ ਤੁਰ ਜਾਂਦਾ ਜਾਵੇ! ਇਹ ਵੀ ਹੋ ਸਕਦਾ ਸੀ ਕਿ ਉਹ ਕਨੇਡਾ ਰਹਿੰਦੇ ਸਰਤਾਜ ਨੂੰ ਫ਼ੋਨ ਕਰਕੇ ਸਾਰੀ ਗੱਲ ਦੱਸ ਦੇਵੇ। ਅਗਲਾ ਕੰਮ ਤਾਂ ਸਰਤਾਜ ਨੇ ਆਪੇ ਸਾਂਭ ਲੈਣਾ ਸੀ! ਸ਼ਰੀਕ ਕਦੋਂ ਕਿਸੇ ਦੀ ਭਲੀ ਚਾਹੁੰਦਾ ਏ! ਉਂਝ ਵੀ ਉਹਨਾਂ ਨੂੰ ਤਕਲੀਫ਼ ਸੀ ਕਿ ਸਰਤਾਜ ਤਾਂ ਪੁਲਿਸ ਤੋਂ ਡਰਦਾ ਜਦੋਂ ਦਾ ਗਿਆ ਸੀ, ਅਜੇ ਤੱਕ ਪਿੰਡ ਫੇਰਾ ਨਹੀਂ ਸੀ ਪਾ ਸਕਿਆ ਤੇ ਅਮਰੀਕ ਤਾਂ ਪੱਕਾ ਹੋਣ ਬਾਅਦ ਕੁਝ ਮਹੀਨੇ ਪਹਿਲਾਂ ਗੇੜਾ ਵੀ ਮਾਰ ਗਿਆ ਸੀ। ਤੇ ਹੁਣ ਉਹਨੇ ਸਾਰੇ ਟੱਬਰ ਨੂੰ ਕਨੇਡਾ ਵੀ ਬੁਲਾ ਲਿਆ ਸੀ!
ਉਹ ਗਲੀ ਦੇ ਮੋੜ ਤੇ ਓਥੇ ਹੀ ਖਲੋਤਾ ਪੈਰ ਮਲ਼ੀ ਜਾ ਰਿਹਾ ਸੀ। ਕਦਮ ਅੱਗੇ ਨਹੀਂ ਸੀ ਉੱਠ ਰਹੇ। ਪੈਰਾਂ ਨਾਲ ਪਹਾੜ ਬੱਝਾ ਹੋਇਆ ਸੀ। ਕੀ ਦੱਸੇਗਾ ਘਰਦਿਆਂ ਨੂੰ ਜਾ ਕੇ!
ਸਵੇਰੇ ਪ੍ਰੋਫ਼ੈਸਰ ਨਾਲ ਗੱਲਾਂ ਕਰਦਿਆਂ ਤਾਂ ਉਹਨੂੰ ਸੁਰਜੀਤ ਕੌਰ ਨੇ ਵੇਖ ਲਿਆ ਸੀ। ਹੁਣ ਉਹ ਗਏ ਨੂੰ ਪੁੱਛੇਗੀ ਕਿ ਫ਼ੋਨ ਤੇ ਕੀ ਸੁਣ ਕੇ ਆਇਆ ਹੈ; ਤਾਂ ਕੀ ਜਵਾਬ ਦੇਵੇਗਾ ਉਹ ਉਹਨੂੰ! ਜਦੋਂ ਦਾ ਅਮਰੀਕ ਵਿਦੇਸ਼ ਗਿਆ ਸੀ, ਉਹ ਤਾਂ ਉਸਦੇ ਨਾਂ ਦਾ ਜਿ਼ਕਰ ਹੋਣ ਤੇ ਈ ਫਿੱਸ ਪੈਂਦੀ ਸੀ। ਆਨੇ ਬਹਾਨੇ ਉਹਨੂੰ ਯਾਦ ਕਰਦੀ ਅੱਖਾਂ ਭਰ ਲੈਂਦੀ ਸੀ, ਹਾਇ ਰੱਬਾ! ਮੇਰਾ ਪੁੱਤ ਪਰਦੇਸ ਵਿਚ ਕਿਹੜੇ ਹਾਲੀਂ ਹੋਊਗਾ!
ਕਈ ਵਾਰ ਛੋਟੀ ਕੁੜੀ ਹਰਿੰਦਰ ਉਸਦੇ ਰੋਣ ਦਾ ਮਜ਼ਾਕ ਉਡਾਉਂਦੀ ਆਖਦੀ, ਆਲੂਆਂ ਵਾਲੇ ਪਰੌਂਠੇ ਪੱਕਣ ਤਾਂ ਮੰਮੀ ਰੋ ਕੇ ਆਖੂ, ਮੇਰਾ ਪੁੱਤ ਏਥੇ ਹੁੰਦਾ ਸੀ ਤਾਂ ਕਿੰਨੇ ਸਵਾਦ ਨਾਲ ਖਾਂਦਾ ਹੁੰਦਾ ਸੀ। ਚੁੰਨੀ ਸੁਕਾਉਂਦੇ ਹੋਈਏ ਤਾਂ ਚੁੰਨੀ ਦੇ ਰੰਗ ਵੱਲ ਵੇਖ ਕੇ ਰੋਂਦੀ ਹੋਈ ਆਖੂ, ਨੀਂ ਤੇਰੇ ਵੀਰ ਦੇ ਸਿਰ ਤੇ ਬੱਝੀ ਉਨਾਭੀ ਪੱਗ ਕਿਵੇਂ ਫੱਬ ਫੱਬ ਪੈਂਦੀ ਹੁੰਦੀ ਆ। ਗੁਰਮੇਲ ਵੱਲ ਵੇਖ ਕੇ ਆਖੂ, ਵੇ ਝਾਂਵਿਆਂ ਜਿਹਾ! ਤੂੰ ਤਾਂ ਲੱਗਦੈ ਘਸਿਆ ਜਿਹਾ ਈ ਰਹਿ ਜਾਣੈਂ। ਮੇਰਾ ਅਮਰੀਕ ਤਾਂ ਏਡਾ ਗੱਭਰੂ ਜਵਾਨ ਨਿਕਲਿਐ ਕਿ ਮੈਨੂੰ ਤਾਂ ਉਹਦਾ ਮੱਥਾ ਚੁੰਮਣ ਲਈ ਵੀ ਅੱਡੀਆਂ ਚੁੱਕਣੀਆਂ ਪੈਂਦੀਆਂ ਨੇ। ਤੇ ਫੇਰ ਓਂ ਈ ਹਵਾ ਵਿਚ ਫਲਾਈਂਗ ਕਿੱਸ ਮਾਰ ਕੇ ਮੋਟੇ ਮੋਟੇ ਗਲੇਡੂ ਸੁੱਟਣ ਲੱਗ ਜੂ। ਮੰਮੀ ਨੂੰ ਰੁਆਉਣਾ ਹੋਏ ਤਾਂ ਵੀਰ ਦਾ ਨਾਂ ਲੈ ਕੇ ਆਖ ਦਿਓ, ਮੰਮੀ, ਜੇ ਇਸ ਵੇਲੇ ਏਥੇ ਕਿਤੇ ਵੀਰ ਹੁੰਦਾ! ਤਾਂ ਓਸੇ ਵੇਲੇ ਅੱਖਾਂ ਚੋਂ ਪਰਨਾਲੇ ਛੁੱਟ ਪੈਣਗੇ। ਬੰਦਾ ਪੁੱਛੇ, ਪਈ ਮਾਤਾ ਜੀ ਕੀ ਤੁਹਾਡਾ ਲਾਲ ਈ ਇਕੱਲਾ ਪਰਦੇਸ ਬੈਠਾ ਏ! ਹੋਰ ਕਿਸੇ ਦੇ ਪੁੱਤ ਭਲਾ ਕਾਹਨੂੰ ਪਰਦੇਸ ਗਏ ਨੇ!
ਨੀ ਕੁੜੀਏ! ਕਿਉਂ ਮਖ਼ੌਲਾਂ ਕਰਦੀ ਏਂ। ਆਂਦਰਾਂ ਨੇ ਮੇਰੀਆਂ। ਮੇਰੇ ਅੰਦਰ ਦਾ ਟੋਟਾ ਮੈਥੋਂ ਟੁੱਟ ਕੇ ਸੱਤ ਸਮੁੰਦਰੋਂ ਪਾਰ ਬੈਠਾ। ਪੁੱਤਾਂ ਦੇ ਵਿਛੋੜੇ ਦਾ ਦੁੱਖ ਮਾਵਾਂ ਤੋਂ ਵੱਧ ਕੌਣ ਜਾਣ ਸਕਦੈ! ਉਹਦੇ ਓਥੇ ਸਿਰ ਪੀੜ ਹੁੰਦੀ ਹੋਵੇ, ਮੇਰੀਆਂ ਆਂਦਰਾਂ ਨੂੰ ਐਥੇ ਪਤਾ ਲੱਗ ਜਾਂਦੈ। ਕਲੇਜੇ ਤੇ ਹੱਥ ਰੱਖ ਕੇ ਉਹ ਚੁੰਨੀ ਨਾਲ ਅੱਖਾਂ ਪੂੰਝਣ ਲੱਗਦੀ।
ਅਮਰ ਸਿੰਘ ਪੁੱਤ ਦੇ ਸਦੀਵੀ ਵਿਛੋੜੇ ਦੀ ਇਸ ਮਹਾਂ-ਪੀੜ ਨੂੰ ਸੁਰਜੀਤ ਕੌਰ ਤੋਂ ਕਿਵੇਂ ਲੁਕਾਵੇ! ਉਹ ਉਹਦਾ ਸਾਹਮਣਾ ਕਰ ਸਕਣ ਦੀ ਹਾਲਤ ਵਿਚ ਨਹੀਂ ਸੀ। ਉਹ ਤਾਂ ਕਿਸੇ ਦਾ ਵੀ ਸਾਹਮਣਾ ਨਹੀਂ ਸੀ ਕਰਨ ਜੋਗਾ। ਉਸ ਕੋਲੋਂ ਤਾਂ ਆਪਣੇ ਆਪ ਦਾ ਸਾਹਮਣਾ ਕਰਨਾ ਮੁਸ਼ਕਲ ਸੀ। ਲੱਗਦਾ ਸੀ; ਹੁਣੇ ਕੋਈ ਉਸਦੇ ਸਾਹਮਣੇ ਹੋਇਆ ਤਾਂ ਉਹ ਉਹਦੇ ਗਲ਼ ਲੱਗ ਕੇ ਭੁੱਬਾਂ ਮਾਰਨ ਲੱਗ ਜਾਵੇਗਾ!
ਅਮਰੀਕ ਨੇ ਬੜਾ ਆਖਿਆ ਸੀ ਕਿ ਘਰ ਵਿਚ ਆਪਣਾ ਫ਼ੋਨ ਲਵਾ ਲਓ। ਪਰ ਬਾਹਰ ਜਾਣ ਦਾ ਕੇਸ ਅਪਲਾਈ ਹੋ ਜਾਣ ਤੇ ਅਮਰ ਸਿੰਘ ਨੇ ਸੋਚਿਆ ਸੀ ਕਿ ਐਵੇਂ ਕਾਹਨੂੰ ਵਾਧੂ ਦਾ ਖ਼ਰਚਾ ਕਰਨਾ ਹੋਇਆ! ਉਹ ਘੌਲ਼ ਕਰ ਗਿਆ ਸੀ। ਪਰ ਹੁਣ ਘਰ ਦੀ ਗੱਲ ਘਰ ਚ ਨਹੀਂ ਸੀ ਰਹਿ ਗਈ। ਪ੍ਰੋਫ਼ੈਸਰ ਤੱਕ ਪਹੁੰਚ ਗਈ ਸੀ। ਉਸਤੋਂ ਕਿਤੇ ਅੱਗੇ ਵੀ ਗੱਲ ਹੋ ਸਕਦੀ ਸੀ। ਖੁੜਕ ਤਾਂ ਪ੍ਰੋਫ਼ੈਸਰ ਦਾ ਪਿਓ ਵੀ ਰੱਖ ਰਿਹਾ ਸੀ। ਡਰ ਸੀ ਕਿ ਕਿਤੇ ਗੱਲ ਖਿੱਲਰ ਨਾ ਜਾਏ!
ਉਸ ਨੇ ਏਧਰ ਓਧਰ ਵੇਖਿਆ। ਉੱਡਦੀ ਜਿਹੀ ਤਸੱਲੀ ਹੋਈ, ਸ਼ੁਕਰ ਏ ਕਿ ਨਿੱਕੇ ਜਿਹੇ ਪਿੰਡ ਚੋਂ ਬਹੁਤੇ ਬੰਦੇ ਵਿਆਹ ਚ ਰੁੱਝੇ ਹੋਏ ਨੇ। ਇਸ ਵੇਲੇ ਉਹਦੇ ਵੱਲ ਵੇਖਣ ਵਾਲਾ ਤੇ ਉਹਦੇ ਚਿਹਰੇ ਤੋਂ ਦਰਦ ਨੂੰ ਪੜ੍ਹਨ ਵਾਲਾ ਕੋਈ ਨੇੜੇ ਤੇੜੇ ਨਹੀਂ। ਨਹੀਂ ਤਾਂ ਖ਼ਬਰੇ ਹੁਣੇ ਈ ਭੇਤ ਖੁੱਲ੍ਹ ਜਾਂਦਾ!
ਘਰ ਨੂੰ ਜਾਣ ਦੀ ਥਾਂ ਉਹ ਸਿੱਧਾ ਡਾਂਡੇ-ਮੀਂਡੇ ਆਪਣੇ ਖੇਤਾਂ ਨੂੰ ਤੁਰ ਪਿਆ। ਪਿੰਡੋਂ ਪੰਦਰਾਂ ਵੀਹ ਕਿੱਲੇ ਹੀ ਦੂਰ ਸੀ ਉਸਦੀ ਜ਼ਮੀਨ। ਉਹ ਮੋਟਰ ਵਾਲੇ ਕੋਠੇ ਕੋਲ ਜਾ ਕੇ ਬੰਬੀ ਦੇ ਚੁਬੱਚੇ ਦੀ ਬੰਨੀਂ ਤੇ ਬਹਿ ਗਿਆ। ਅੰਬ ਦੇ ਬੂਟੇ ਦੀ ਵਿਰਲ ਵਿਚੋਂ ਧੁੱਪ ਛਣ ਕੇ ਉਹਦੇ ਚਿਹਰੇ ਤੇ ਪੈ ਰਹੀ ਸੀ।
ਉਹਦਾ ਤਾਂ ਸੂਰਜ ਡੁੱਬ ਗਿਆ ਸੀ! ਚਾਰ-ਚੁਫ਼ੇਰੇ ਜੱਗ ਚ ਹਨੇਰ ਪੈ ਗਿਆ!
ਕਿਥੋਂ ਲੱਭਾਂ ਉਏ ਤੈਨੂੰ ਮੇਰਿਆ ਹੀਰਿਆ ਪੁੱਤਾ! ਉਸ ਧਾਹ ਮਾਰੀ ਤੇ ਸਿਸਕ ਸਿਸਕ ਕੇ ਰੋਣ ਲੱਗਾ। ਅੱਥਰੂ ਘਰਾਲਾਂ ਬਣ ਕੇ ਚਿਹਰੇ ਤੋਂ ਵਹਿ ਕੇ ਦਾੜ੍ਹੀ ਵਿਚ ਡੁੱਲ੍ਹਣ ਲੱਗੇ। ਪਤਾ ਨਹੀਂ ਕਿੰਨਾਂ ਚਿਰ ਬੈਠਾ ਉਹ ਰੋਂਦਾ ਰਿਹਾ। ਰੋਣਾ ਰੁਕਿਆ ਤਾਂ ਦਿਲ ਕਰੇ ਛਾਤੀ ਵਿਚਕਾਰੋਂ ਚੀਰਾ ਦੇ ਕੇ ਦੋਵਾਂ ਪਾਸਿਆਂ ਤੋਂ ਮਾਸ ਖਿੱਚ ਕੇ ਆਪਣਾ ਅੰਦਰ ਪਾੜ ਕੇ ਬਾਹਰ ਕੱਢ ਸੁੱਟੇ। ਸਿਰ ਵਿਚ ਵਦਾਨਾਂ ਦੀਆਂ ਸੱਟਾਂ ਵੱਜ ਰਹੀਆਂ ਸਨ। ਹਾਇ! ਕਿਸੇ ਆਪਣੇ ਦਾ ਮੋਢੇ ਹੋਵੇ ਤੇ ਉਹਦੇ ਤੇ ਸਿਰ ਰੱਖ ਕੇ ਰੋਵੇ ਉਹ! ਕੋਈ ਤਾਂ ਆਪਣਾ ਕੋਲ ਹੋਵੇ ਜਿਹੜਾ ਗਲ਼ ਨਾਲ ਲਾ ਕੇ ਉਹਦੀ ਪੀੜ ਚੂਸ ਲਵੇ!
ਉਹ ਸਾਹਮਣੇ ਅੰਬ ਦੇ ਬੂਟੇ ਵੱਲ ਵੇਖਣ ਲੱਗਾ। ਬੂਟੇ ਨੂੰ ਬੂਰ ਤਾਂ ਪਿਛਲੇ ਸਾਲ ਵੀ ਪਿਆ ਸੀ ਪਰ ਅੰਬ ਕੋਈ ਨਹੀਂ ਸੀ ਲੱਗਾ। ਬੂਰ ਸੁੱਕ ਕੇ ਝੜ ਗਿਆ ਸੀ। ਪਰ ਇਸ ਵਾਰ ਤਾਂ ਨਿੱਕੀਆਂ-ਨਿੱਕੀਆਂ ਹਰੀਆਂ ਅੰਬੀਆਂ ਵੀ ਮਹਿਕਦੇ ਬੂਰ ਵਿਚੋਂ ਲਿਸ਼ਕ ਉੇੱਠੀਆਂ ਸਨ।
ਉਸ ਦੀਆਂ ਅੱਖਾਂ ਅੱਗੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਛੋਟਾ ਜਿਹਾ ਅਮਰੀਕ ਫਿਰਨ ਲੱਗਾ।

ਉਹਨਾਂ ਨੂੰ ਉਸ ਦਿਨ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਮਿਲਿਆ ਸੀ। ਅਮਰੀਕ ਪਿੰਡੋਂ ਰੂੜੀਆਂ ਤੋਂ ਉੱਗਿਆ ਅੰਬ ਦਾ ਕੂਲਾ ਜਿਹਾ ਬੂਟਾ ਖੱਗ ਕੇ ਨਾਲ ਲਿਆਇਆ ਸੀ। ਕਹਿੰਦਾ ਸੀ, ਆਪਾਂ ਆਪਣੀ ਮੋਟਰ ਤੇ ਲਾਵਾਂਗੇ।
ਬਿਜਲੀ ਮਹਿਕਮੇ ਦੇ ਬੰਦੇ ਤਾਰਾਂ ਜੋੜਨ ਲਈ ਖੰਭੇ ਤੇ ਚੜ੍ਹੇ। ਅਮਰੀਕ ਰੰਬਾ ਲੈ ਕੇ ਖੱਗ ਕੇ ਲਿਆਂਦੇ ਅੰਬ ਦੇ ਕੂਲੇ ਭੂਰੀ-ਲਾਲ ਭਾਹ ਮਾਰਦੇ ਬੂਟੇ ਨੂੰ ਟੋਆ ਪੁੱਟ ਕੇ ਜ਼ਮੀਨ ਵਿਚ ਗੱਡਣ ਲੱਗਾ।
ਬਿਜਲੀ ਦੇ ਖੰਭੇ ਤੋਂ ਮੋਟਰ ਨਾਲ ਤਾਰਾਂ ਜੋੜਨ ਤੋਂ ਬਾਅਦ ਅਰਦਾਸ ਕੀਤੀ ਗਈ। ਲੱਡੂ ਵੰਡ ਕੇ ਮੋਟਰ ਦਾ ਸੁੱਚ ਨੱਪਿਆ ਤਾਂ ਪਾਣੀ ਦੀ ਚਾਂਦੀ ਰੰਗੀ ਧਾਰ ਉੱਛਲ ਕੇ ਚੁਬੱਚੇ ਵਿਚ ਡਿੱਗੀ। ਅਮਰੀਕ ਨੇ ਝੱਟ ਨਾਲ ਡੋਲੂ ਵਿਚ ਪਾਣੀ ਭਰਿਆ ਤੇ ਜ਼ਮੀਨ ਵਿਚ ਗੱਡੇ ਅੰਬ ਦੇ ਬੂਟੇ ਨੂੰ ਪਾਣੀ ਦੇ ਕੇ ਲਲਕਾਰਿਆ, ਲੈ ਓ ਭਾ ਜੀ! ਆਪਾਂ ਆਪਣੇ ਅੰਬ ਦੀ ਛਾਵੇਂ ਬਿਹਾ ਕਰਾਂਗੇ। ਇਹਦੇ ਮਿੱਠੇ-ਮਿੱਠੇ ਅੰਬ ਚੂਪਿਆ ਕਰਾਂਗੇ।

ਪਤਾ ਨਹੀਂ ਕੀ ਵਲੇਲ ਉੱਠਿਆ ਉਹਦੇ ਮਨ ਵਿਚ! ਉੱਠਿਆ ਤੇ ਜਾ ਕੇ ਅੰਬ ਦੇ ਤਣੇ ਨੂੰ ਗਲਵੱਕੜੀ ਵਿਚ ਘੁੱਟ ਲਿਆ। ਉੱਚੀ ਸਾਰੀ ਧਾਹ ਮਾਰੀ ਤੇ ਵਿਲਕ ਵਿਲਕ ਕੇ ਰੋਣ ਲੱਗਾ, ਆ, ਲੱਗ ਜਾ ਮੇਰੇ ਗਲ ਨਾਲ ਮੇਰਿਆ ਛਿੰਦਿਆ ਪੁੱਤਾ! ਕਿੱਥੇ ਲੈ ਗਿਆਂ ਉਏ ਆਪਣੀਆਂ ਠੰਢੀਆਂ ਛਾਵਾਂ! ਛੱਡ ਗਿਆ ਸਾਨੂੰ ਧੁੱਪਾਂ ਵਿਚ ਸੜਨ ਲਈ। ਅਜੇ ਤੇ ਤੈਨੂੰ ਬੂਰ ਪਿਆ ਈ ਸੀ ਮੇਰਿਆ ਹੀਰਿਆ ਹਰਨਾ!
ਤਣੇ ਨੂੰ ਕਦੀ ਜੱਫੀ ਵਿਚ ਘੁੱਟ ਲਵੇ, ਕਦੀ ਛੱਡ ਲਵੇ। ਵਿਰੜ੍ਹੇ ਕਰੀ ਜਾਵੇ। ਹਟ ਹਟ ਕੇ ਅਮਰੀਕ ਨੂੰ ਜੱਫੀ ਵਿਚ ਘੁੱਟੇ!
ਤਣੇ ਨੂੰ ਜੱਫ਼ੀ ਵਿਚ ਘੁੱਟੀ ਆਪਣੀਆਂ ਬਾਹਵਾਂ ਤੇ ਸਿਰ ਸੁੱਟੀ ਉਹ ਕਿੰਨਾਂ ਚਿਰ ਵਿਲਕਦਾ ਰਿਹਾ। ਫਿਰ ਹੌਲੀ ਹੌਲੀ ਉਹਦਾ ਢਿਲਕਦਾ ਜਿਸਮ ਖਿਸਕ-ਖਿਸਕ ਕੇ ਅੰਬ ਦੇ ਮੁੱਢ ਕੋਲ ਢਹਿ ਪਿਆ। ਕੋਈ ਸੁਰਤ ਨਹੀਂ ਸੀ ਆਪਣੇ ਆਪ ਦੀ। ਆਸੇ ਪਾਸੇ ਖਲੋਤੀਆਂ ਪੱਕੀਆਂ ਕਣਕਾਂ ਬੁੱਕਲ ਵਿਚ ਲੁਕੋਈ ਬੈਠੀਆਂ ਸਨ।
ਅੰਬ ਦੇ ਮੁੱਢ ਵਿਚ ਪਿਆਂ ਉਸਦੀ ਵੱਖੀ ਵਿਚ ਕੁਝ ਲਗਾਤਾਰ ਚੁਭ ਰਿਹਾ ਸੀ। ਸੁਰਤ ਪਰਤਣ ਤੇ ਪੀੜ ਵਧੀ ਤਾਂ ਉਸਨੇ ਪਏ-ਪਏ ਉਸ ਥਾਂ ਨੂੰ ਟੋਹ ਕੇ ਵੇਖਿਆ। ਉਹਦੀ ਗਾਤਰੇ ਪਾਈ ਕਿਰਪਾਨ ਦੇ ਮਿਆਨ ਦੀ ਨੁੱਕਰ ਉਹਦੀ ਵੱਖੀ ਵਿਚ ਖੁਭੀ ਪਈ ਸੀ।
ਅਚਨਚੇਤ ਕੁਝ ਭੁੱਲਾ ਹੋਇਆ ਚੇਤਾ ਆਇਆ।
ਸੱਚੇ ਪਾਤਸ਼ਾਹ! ਜੇ ਅੰਮ੍ਰਿਤ ਦੀ ਦਾਤ ਦਿੱਤੀ ਸੀ ਤਾਂ ਆਪਣੇ ਵਾਂਗ ਪੁੱਤ ਦੀ ਮੌਤ ਦਾ ਦੁੱਖ ਸਹਿਣ ਦੀ ਤਾਕਤ ਵੀ ਬਖ਼ਸ਼ਣੀ ਸੀ।
ਫਿਰ ਖਿ਼ਆਲ ਆਇਆ; ਅੰਮ੍ਰਿਤ ਕਿਹੜਾ ਉਸਨੇ ਰੂਹ ਦੀ ਕਿਸੇ ਪਿਆਸ ਵਿਚੋਂ ਆਪਣੀ ਮਰਜ਼ੀ ਨਾਲ ਛਕਿਆ ਸੀ, ਅੰਮ੍ਰਿਤ ਛਕਣਾ ਤਾਂ ਉਹਦੀ ਮਜਬੂਰੀ ਬਣਾ ਦਿੱਤਾ ਗਿਆ ਸੀ।

ਤੇ ਫਿਰ ਉਹਦੇ ਜਿ਼ਹਨ ਵਿਚ ਦਗੜ! ਦਗੜ! ਹੋਈ। ਉਹ ਡੰਗਰਾਂ ਅੱਗੇ ਸੁੱਤਾ ਹੋਇਆ ਸੀ ਜਦੋਂ ਸੱਤ-ਅੱਠ ਜਣੇ ਉਹਨਾਂ ਦੀ ਹਵੇਲੀ ਦੀ ਕੰਧ ਟੱਪ ਕੇ ਉਹਦੇ ਸਿਰਹਾਣੇ ਆਣ ਖਲੋਤੇ ਤੇ ਹਥਿਆਰਾਂ ਦੀਆਂ ਹੁੱਝਾਂ ਮਾਰ ਕੇ ਮੰਜੇ ਤੋਂ ਉਠਾ ਲਿਆ।
ਤੂੰ ਸੁਣਿਐਂ ਸ਼ਰਾਬ ਕੱਢ ਕੇ ਵੇਚਦੈਂ? ਤੈਨੂੰ ਪਤਾ ਨਹੀਂ ਸਿੰਘਾਂ ਨੇ ਸ਼ਰਾਬ ਕੱਢਣੀ-ਪੀਣੀ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਨੇ। ਕੱਢ ਕੇ ਲਿਆ ਖਾਂ ਸਾਰੇ ਜੀਆਂ ਨੂੰ ਬਾਹਰ। ਤੈਨੂੰ ਦਈਏ ਦਾਖੂਦਾਣਾ!
ਪਲਾਂ ਵਿਚ ਸਾਰਾ ਟੱਬਰ ਲਾਈਨ ਵਿਚ ਖਲੋਤਾ ਜਾਨ-ਬਖ਼ਸ਼ੀ ਲਈ ਲਿਲਕੜੀਆਂ ਕੱਢ ਰਿਹਾ ਸੀ।
ਜਥੇਦਾਰੋ! ਗਰੀਬੀ ਐ ਘਰੇ। ਇਹਦੇ ਤੇ ਫ਼ਤਹਿ ਨਹੀਂ ਪੈਂਦੀ, ਇਸ ਕਰਕੇ ਗਰਜ ਸਾਰਨ ਲਈ ਕਦੀ ਕਦੀ ਕੱਢ ਕੇ ਵੇਚ ਲੈਨਾਂ। ਮੁੱਕਰਦਾ ਨਹੀਂ ਮੈਂ। ਇਸ ਵਾਰ ਬਖ਼ਸ਼ ਦਿਓ। ਅੱਗੇ ਤੋਂ ਸਾਰੀ ਉਮਰ ਮੂੰਹ ਨਹੀਂ ਕਰਦਾ ਏਧਰ!
ਗਰੀਬੀ ਆ ਤਾਂ ਏਹਨੂੰ ਤੋਰ ਸਾਡੇ ਨਾਲ। ਆਪਣਾ ਰਾਜ ਆਇਆ ਤਾਂ ਸਭ ਧੋਣੇ ਧੋਤੇ ਜਾਣਗੇ! ਉਹਨਾਂ ਵਿਚੋਂ ਇੱਕ ਨੇ ਜਵਾਨ-ਜਹਾਨ ਅਮਰੀਕ ਦੀ ਵੱਖੀ ਵਿਚ ਸਟੇਨ ਦੀ ਨਾਲੀ ਦੀ ਹੁੱਝ ਮਾਰੀ।
ਰੌਲਾ ਨਾ ਪਾਇਓ; ਨਹੀਂ ਤਾਂ ਇਹ ਬਚ ਕੇ ਨਹੀਂ ਆਉਣ ਲੱਗੇ। ਉਹਨਾਂ ਪਿਓ ਪੁੱਤਾਂ ਨੂੰ ਅੱਗੇ ਲਾ ਕੇ ਉਹਨਾਂ ਨੇ ਅੰਦਰਲੇ ਘਰੋਂ ਜਰਨੈਲ ਨੂੰ ਉਠਾ ਲਿਆ, ਕਾਮਰੇਡ! ਤੂੰ ਸਾਡੇ ਖਿ਼ਲਾਫ਼ ਪਰਚਾਰ ਕਰਦੈਂ। ਦੱਸ ਜਾਨ ਲੋੜੀਂਦੀ ਐ ਕਿ ਨਹੀਂ?
ਜਾਨ ਭਲਾ ਕਿਸਨੂੰ ਨਹੀਂ ਲੋੜੀਂਦੀ ਹੁੰਦੀ!
ਕੁਝ ਚਿਰ ਦੀਆਂ ਧਮਕੀਆਂ ਤੋਂ ਬਾਅਦ ਉਹਨਾਂ ਦੇ ਆਗੂ ਨੇ ਆਖ਼ਰਕਾਰ ਫ਼ੈਸਲਾ ਸੁਣਾ ਦਿੱਤਾ।
ਜਾਨ ਚਾਹੀਦੀ ਏ ਤਾਂ ਤੂੰ ਸਾਡੇ ਖਿ਼ਲਾਫ਼ ਪਰਚਾਰ ਕਰਨਾ ਛੱਡ ਦੇ ਤੇ ਤੂੰ ਸ਼ਰਾਬ ਕੱਢਣੀ। ਤੁਹਾਡੇ ਦੋਵਾਂ ਭਰਾਵਾਂ ਲਈ ਇਹ ਪਹਿਲੀ ਤੇ ਆਖ਼ਰੀ ਵਾਰਨਿੰਗ ਐ। ਇਹ ਰਿਆਇਤ ਵੀ ਇਸ ਕਰਕੇ ਐ ਕਿ ਤੁਸੀਂ ਜਥੇਦਾਰ ਦਲੀਪ ਸਿੰਘ ਦੇ ਭਰਾ ਤੇ ਲੈਫ਼ਟੀਨਂੈਟ ਜਨਰਲ ਸਰਤਾਜ ਸਿੰਘ ਦੇ ਚਾਚੇ ਲੱਗਦੇ ਜੇ। ਦੋ ਦਿਨ ਦੇ ਵਿਚ-ਵਿਚ ਅੰਬਰਸਰ ਆ ਕੇ ਪਰਿਕਰਮਾ ਦੇ ਪੰਜਤਾਲੀ ਨੰਬਰ ਕਮਰੇ ਚ ਸਾਨੂੰ ਮਿਲੋ ਤੇ ਸਾਰਾ ਟੱਬਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਓ। ਨਹੀਂ ਤਾਂ ਤੀਜੇ ਦਿਨ ਨੂੰ ਅਗਲੇ ਜਹਾਨ ਦੀ ਤਿਆਰੀ ਰੱਖਿਓ।
ਉਹ ਸਵੇਰੇ ਹੀ ਦਲੀਪ ਸਿੰਘ ਵੱਲ ਭੱਜੇ ਗਏ ਸਨ ਤੇ ਛੇਤੀ ਤੋਂ ਛੇਤੀ ਸਰਤਾਜ ਨੂੰ ਲੱਭ ਕੇ ਸੁਨੇਹਾ ਪਹੁੰਚਾਉਣ ਲਈ ਆਖਿਆ ਸੀ। ਉਹਨਾਂ ਦੇ ਟੱਬਰਾਂ ਦਾ ਕਾਹਲੀ ਵਿਚ ਕਿਧਰੇ ਕੋਈ ਨੁਕਸਾਨ ਨਾ ਹੋ ਜਾਵੇ!
ਦਲੀਪ ਸਿੰਘ ਨੇ ਤਸੱਲੀ ਦਿੱਤੀ, ਓ ਕੁਝ ਨਹੀਂ ਹੁੰਦਾ। ਤੁਸੀਂ ਚਾਹ ਦਾ ਘੁੱਟ ਪੀਓ ਰਾਮ ਨਾਲ। ਮੈਂ ਆਪ ਜਾਊਂ ਤੁਹਾਡੇ ਨਾਲ ਅੰਬਰਸਰ। ਕਿਤੇ ਕੋਈ ਪੈਸਾ-ਧੇਲਾ ਤਾਂ ਨਹੀਂ ਨਾ ਮੰਗਿਆ?
ਅਮਰ ਸਿੰਘ ਨੂੰ ਖਿ਼ਆਲ ਆਇਆ; ਉਹ ਤਾਂ ਸੌਖਾ ਹੀ ਛੁੱਟ ਗਿਆ ਸੀ! ਜੇ ਸੱਚਮੁਚ ਉਸਤੋਂ ਪੈਸੇ ਮੰਗ ਲੈਂਦੇ ਤਾਂ ਉਸਨੇ ਕਿੱਥੋਂ ਦੇ ਲੈਣੇ ਸਨ! ਉਸ ਕੋਲੋਂ ਤਾਂ ਲੋੜ ਵੇਲੇ ਜੇਬ ਚੋਂ ਸੌ ਰੁਪੈ ਕੱਢਣੇ ਮੁਸ਼ਕਲ ਸਨ ਤੇ ਉਹ ਤਾਂ ਲੱਖਾਂ ਤੋਂ ਉਰ੍ਹਾਂ ਗੱਲ ਨਹੀਂ ਸਨ ਕਰਦੇ।
ਨਹੀਂ; ਪੈਸਾ ਕੋਈ ਨਹੀਂ ਮੰਗਿਆ। ਉਹਨਾਂ ਨੂੰ ਪਤਾ ਈ ਹੋਣੈ ਕਿ ਏਸ ਨੰਗ ਜੱਟ ਕੋਲ ਕੀ ਏ ਦੇਣ-ਦਿਵਾਣ ਜੋਗਾ।
ਚੱਲ ਸ਼ੁਕਰ ਆ ਫੇਰ ਵੀ! ਪ੍ਰੋਫ਼ੈਸਰ ਸਾਹਿਬ! ਮੈਨੂੰ ਤਾਂ ਐਂ ਲੱਗਦੈ, ਉਹ ਅਸਲ ਵਿਚ ਤੈਨੂੰ ਦਬਕਾਉਣ ਆਏ ਸਨ। ਤੂੰ ਹਾਲ ਦੀ ਘੜੀ ਆਪਣੀ ਕਾਮਰੇਡੀ ਨੂੰ ਅੰਮ੍ਰਿਤ ਦਾ ਓਹਲਾ ਕਰ ਲਾ। ਪਿੱਛੋਂ ਜੋ ਹੋਊ, ਵੇਖੀ ਜਾਊ।

ਦਲੀਪ ਸਿੰਘ ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਗਿਆ ਤੇ ਸ਼ਾਮ ਤੱਕ ਸਭ ਨੂੰ ਮਿਲ-ਮਿਲਵਾ ਕੇ, ਅੰਮ੍ਰਿਤ ਛਕਣ ਦਾ ਦਿਨ ਮਿਥ ਕੇ ਸੁਰਖ਼ਰੂ ਕਰਵਾ ਲਿਆਇਆ। ਜਿਸ ਦਿਨ ਅਕਾਲ ਤਖ਼ਤ ਤੇ ਉਹਨਾਂ ਨੂੰ ਜਬਰੀ ਅੰਮ੍ਰਿਤ ਛਕਾਇਆ ਗਿਆ ਉਸ ਦਿਨ ਅਮਰ ਸਿੰਘ ਨੇ ਵੇਖਿਆ ਸਰਤਾਜ ਨਿਸ਼ਾਨ ਸਾਹਿਬਾਂ ਕੋਲ ਉਹਨਾਂ ਘਰ ਚੜ੍ਹ ਕੇ ਆਏ ਆਗੂ ਮੁੰਡੇ ਨਾਲ ਹੱਸ ਹੱਸ ਗੱਲਾਂ ਕਰ ਰਿਹਾ ਸੀ। ਅਮਰ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, ਸਾਲਾ! ਖ਼ਰੈਤੀ ਭੈਂਗਾ! ਸਰਤਾਜ ਦੀਆਂ ਅੱਖਾਂ ਕਿਸੇ ਹੋਰ ਪਾਸੇ ਵੇਖਦੀਆਂ ਤੇ ਡੇਲੇ ਕਿਸੇ ਹੋਰ ਪਾਸੇ ਹੁੰਦੇ।
ਉਸ ਦਿਨ ਸਰਤਾਜ ਉਹਨਾਂ ਨੂੰ ਮਿਲੇ ਬਿਨਾਂ ਅੱਖ ਚੁਰਾ ਕੇ ਖਿਸਕ ਗਿਆ ਸੀ।
ਕੰਜਰ ਦੇ ਮਨ ਚ ਚੋਰ ਆ; ਤਾਂ ਈ ਨਹੀਂ ਮਿਲਿਆ ਸਾਨੂੰ। ਅਮਰ ਸਿੰਘ ਨੇ ਤੁਰੇ ਜਾਂਦੇ ਸਰਤਾਜ ਵੱਲ ਇਸ਼ਾਰਾ ਕਰ ਕੇ ਜਰਨੈਲ ਨੂੰ ਹੌਲੀ ਜਿਹੀ ਕਿਹਾ।
ਅਮਰ ਸਿੰਘ ਨੇ ਜਬਰੀ ਅੰਮ੍ਰਿਤ ਛਕਾਏ ਜਾਣ ਦਾ ਮਨ ਤੇ ਏਨਾ ਬਹੁਤਾ ਭਾਰ ਨਹੀਂ ਸੀ ਪਾਇਆ ਜਿੰਨਾਂ ਭਾਰ ਸਰਤਾਜ ਦੇ ਹਾਸੇ ਨੇ ਉਹਦੀ ਆਤਮਾ ਤੇ ਪਾ ਦਿੱਤਾ ਸੀ। ਪਰ ਜਰਨੈਲ ਤਾਂ ਨਮੋਸ਼ੀ ਨਾਲ ਅਸਲੋਂ ਗਰਕਦਾ ਜਾ ਰਿਹਾ ਸੀ। ਗਾਤਰੇ ਪਈ ਕਿਰਪਾਨ ਵੇਖੀ ਤਾਂ ਉਹਦਾ ਜੀ ਕੀਤਾ ਉਹਨੂੰ ਆਪਣੇ ਢਿੱਡ ਵਿਚ ਖੋਭ ਲਵੇ।
ਇਹ ਸਭ ਸਾਡੇ ਸ਼ਰੀਕ ਭਰਾ ਦਲੀਪ ਸੁੰਹ ਦੀ ਕਰਤੂਤ ਆ। ਇਹਨੇ ਟੇਢੀ ਨਜ਼ਰ ਵਾਲੇ ਖ਼ਾਲਿਸਤਾਨੀ ਪੁੱਤ ਖ਼ਰੈਤੀ ਭੈਂਗੇ ਨੂੰ ਸਾਡੀ ਜ਼ਮੀਰ ਮਾਰਨ ਲਈ ਹਥਿਆਰ ਬਣਾ ਕੇ ਵਰਤਿਆ ਏ।
ਉਹ ਦੰਦ ਕਰੀਚਦਾ, ਇਹ ਤਾਂ ਨਵੇਂ ਔਰੰਗਜ਼ੇਬ ਹੋ ਗਏ। ਜਬਰੀ ਧਰਮ ਪਰਿਵਰਤਨ! ਮੈਂ ਤਾਂ ਆਪਣੀਆਂ ਨਜ਼ਰਾਂ ਚ ਆਪ ਈ ਮਰ ਗਿਆਂ ਅਮਰ ਸਿਹਾਂ! ਨਿਕਲ ਜਾਈਏ ਏਸ ਮੁਲਕ ਚੋਂ। ਕੋਈ ਹੱਜ ਨਹੀਂ ਜਿਊਣ ਦਾ ਏਥੇ!
ਆਪਣਾ ਧਰਮ ਛੱਡਣਾ ਉਹਨੂੰ ਗਵਾਰਾ ਨਹੀਂ ਸੀ। ਉਹਨੂੰ ਲੱਗਾ, ਇਹ ਮੇਰਾ ਮੁਲਕ, ਜਿਸ ਵਿਚ ਖ਼ੁਦਦਾਰੀ ਨਾਲ ਜਿਊਣ ਦੀ ਭਾਵਨਾ ਹੀ ਉਹਨੂੰ ਇੰਗਲੈਂਡ ਤੋਂ ਵਾਪਸ ਮੋੜ ਲਿਆਈ ਸੀ; ਹੁਣ ਉਹਦਾ ਨਹੀਂ ਸੀ ਰਹਿ ਗਿਆ। ਇਹ ਤਾਂ ਬੇਗ਼ਾਨਾ ਹੋ ਗਿਆ ਸੀ। ਉਹ ਤਾਂ ਏਥੇ ਵੀ ਦੂਜੇ ਦਰਜੇ ਦਾ ਸ਼ਹਿਰੀ ਬਣ ਗਿਆ ਸੀ। ਜੇ ਦੂਜੇ ਦਰਜੇ ਦਾ ਸ਼ਹਿਰੀ ਬਣ ਕੇ ਹੀ ਜਿਉਣਾ ਏਂ ਤਾਂ ਫੇਰ ਉਹ ਭਾਵੇਂ ਕਿਸੇ ਵੀ ਮੁਲਕ ਵਿਚ ਕਿਉਂ ਨਾ ਜਾ ਰਵ੍ਹੇ!
ਉਹ ਵਾਰ ਵਾਰ ਸੋਚਦਾ; ਇਸਤਰ੍ਹਾਂ ਜ਼ਲੀਲ ਹੋਣ ਨਾਲੋਂ ਤਾਂ ਉਹ ਮਰ ਜਾਵੇ ਜਾਂ ਏਥੋਂ ਭੱਜ ਜਾਵੇ।
ਭੱਜ ਜਾਣ ਲਈ ਉਸਨੇ ਕੁਝ ਹੀ ਦਿਨਾਂ ਵਿਚ ਲੋੜੀਂਦੇ ਦਸਤਾਵੇਜ਼ ਬਣਵਾਏ ਤੇ ਕਨੇਡੀਅਨ ਅੰਬੈਸੀ ਵਿਚ ਵੀਜ਼ਾ ਲਵਾਉਣ ਲਈ ਜਾ ਪੁੱਜਾ। ਪਹਿਲਾਂ ਕੁਝ ਸਾਲ ਇੰਗਲੈਂਡ ਲਾ ਕੇ ਵਾਪਸ ਮੁੜ ਆਇਆ ਹੋਣ ਕਰਕੇ ਤੇ ਏਥੇ ਵੀ ਜ਼ਮੀਨ-ਜਾਇਦਾਦ ਤੇ ਨੌਕਰੀ ਕਰਦਾ ਹੋਣ ਕਰ ਕੇ ਉਹਦਾ ਵੀਜ਼ਾ ਲੱਗ ਗਿਆ। ਗਾਤਰੇ ਵਾਲੀ ਕਿਰਪਾਨ ਟਰੰਕ ਵਿਚ ਸੁੱਟ ਕੇ ਉਹ ਦੋ ਹਫ਼ਤਿਆਂ ਦੇ ਵਿਚ ਵਿਚ ਕਨੇਡਾ ਜਾ ਪੁੱਜਾ।

ਅਮਰ ਸਿੰਘ ਨੇ ਮੁੰਡਿਆਂ ਵੱਲੋਂ ਪੈਸੇ ਨਾ ਮੰਗੇ ਜਾਣ ਦਾ ਆਪਣੇ ਨੰਗ ਜੱਟ ਹੋਣ ਦਾ ਜਿਹੜਾ ਤਰਕ ਸਿਰਜਿਆ ਸੀ, ਉਸ ਪਲ਼ ਤਾਂ ਇਹ ਉਹਨੂੰ ਬੜਾ ਢੁਕਵਾਂ ਲੱਗਾ ਸੀ ਪਰ ਉਸ ਦਿਨ?
ਉਹ ਕਿਵੇਂ ਰਿੱਝਿਆ ਤੇ ਉੱਬਲਿਆ ਸੀ ਉਸ ਦਿਨ!
ਗੁਰਦੁਆਰੇ ਦੇ ਤਖ਼ਤਪੋਸ਼ ਤੇ ਇਕ ਦਿਨ ਉਸ ਨੇ ਖਿ਼ਆਲ-ਉਡਾਰੀ ਭਰੀ ਸੀ, ਆਪਣੇ ਅਮਰੀਕ ਸੁੰਹ ਨੂੰ ਕਨੇਡਾ ਚੋਂ ਰਿਸ਼ਤਾ ਆਉਂਦੈ। ਕੁੜੀ ਬੜੀ ਜਵਾਨ ਤੇ ਪੜ੍ਹੀ ਲਿਖੀ ਐ। ਔਧਰ ਮਾਲਵੇ ਚੋਂ ਬੜਾ ਸਰਦਾਰੀ ਟੱਬਰ ਐ। ਐਧਰ ਵੀ ਸੌ ਕਿੱਲੇ ਜ਼ਮੀਨ ਏਂ ਜੱਟ ਦੀ, ਮੁੰਡਾ ਪੜ੍ਹ ਲਿਖ ਕੇ ਕਨੇਡਾ ਚਲਾ ਗਿਆ। ਟੱਬਰ ਵੀ ਨਾਲ ਈ। ਪਰ ਅਮਰੀਕ ਸੁੰਹ ਆਪਣਾ ਲੱਤ ਈ ਨਹੀਂ ਲਾਉਂਦਾ। ਕਹਿੰਦੈ, ਮੈਂ ਤਾਂ ਅਜੇ ਹੋਰ ਪੜ੍ਹਨੈ। ਮੈਂ ਆਖਿਆ, ਕਰ ਲਾ ਮੋਰਚਾ ਫ਼ਤਹਿ। ਮੰਨਦਾ ਈ ਨਹੀਂ। ਪੜ੍ਹ ਕੇ ਪਤਾ ਨਹੀਂ ਕਿੱਡਾ ਕੁ ਅਫ਼ਸਰ ਬਣ ਜਾਣਾ ਸੋ ਏਥੇ। ਪਤਾ ਨਹੀਂ ਕਿਹੜਾ ਜਮਰੌਦ ਦਾ ਕਿਲ੍ਹਾ ਫ਼ਤਹਿ ਕਰਨਾ ਸੂ।
ਤਖ਼ਤਪੋਸ਼ ਤੋਂ ਉੱਤਰ ਕੇ ਘਰ ਨੂੰ ਤੁਰਿਆ ਤਾਂ ਪਿੱਛੋਂ ਕਿਸੇ ਦੀ ਟਾਂਚ ਸੁਣੀ, ਨੰਗ ਜੱਟ ਗੱਲਾਂ ਕਿਹੋ ਜਿਹੀਆਂ ਕਰਦੈ! ਮੁੰਡਾ ਜਿਵੇਂ ਇਹਦਾ ਕੱਲ੍ਹੇ ਦਾ ਈ ਕਾਲਜ ਵਿਚ ਪੜ੍ਹਦੈ। ਤੇ ਅਫ਼ਸਰੀਆਂ ਤਾਂ ਜਿਵੇਂ ਰੁੱਖਾਂ ਨੂੰ ਲੱਗੀਆਂ ਹੋਈਆਂ ਨੇ ਏਥੇ। ਹੇ ਖਾਂ! ਕਰਜ਼ੇ ਨਾਲ ਵਾਲ ਵਾਲ ਪਰੁੱਚਾ ਹੋਇਆ ਸੋ ਤੇ ਗੱਲਾਂ ਐਂ ਕਰਦੈ ਜਿਵੇਂ ਰਾਜਾ ਰਸਾਲੂ ਹੋਵੇ।
ਗੱਲਾਂ ਸੁਣ ਕੇ ਉਹਦਾ ਕਲੇਜਾ ਮੱਚ ਉੱਠਿਆ ਪਰ ਜਿਸਮ ਠੰਢਾ ਪੈ ਗਿਆ। ਬੋਲੀ ਮਾਰਨ ਵਾਲੇ ਨਾਲ ਪਿੱਛੇ ਮੁੜ ਕੇ ਲੜਨ ਦੀ ਉਹਦੀ ਹਿੰਮਤ ਨਹੀਂ ਸੀ। ਉਹਦੀ ਆਖੀ ਕਿਹੜੀ ਗੱਲ ਨੂੰ ਉਹ ਝੂਠੀ ਸਾਬਤ ਕਰਦਾ! ਬੋਲੀ ਮਾਰਨ ਵਾਲੇ ਦੀ ਗੱਲ ਨੂੰ ਤਾਂ ਅਮਰੀਕ ਹੀ ਵਿਆਹ ਸਕਦਾ ਸੀ। ਉਹੋ ਹੀ ਇਸ ਮਿਹਣੇ ਦਾ ਦਾਗ਼ ਧੋ ਸਕਦਾ ਸੀ।
ਪੁਤ ਅਮਰੀਕ! ਇਹ ਮਿਹਣਾ ਹੁਣ ਤੂੰ ਈ ਧੋਵੇਂਗਾ। ਸਾਰੇ ਟੱਬਰ ਦੀਆਂ ਅੱਖਾਂ ਹੁਣ ਤੇਰੇ ਤੇ ਈ ਨੇ ਸੋਹਣਿਆਂ! ਆਹ ਸਾਲ ਲਾ ਕੇ ਨਿਕਲ ਜਾ ਕਿਧਰੇ ਬਾਹਰਲੇ ਮੁਲਕ ਵੱਲ। ਜਹਾਜ਼ ਤੇ ਸ਼ੂੰਅ ਕਰ ਕੇ ਉੱਡ ਜਾ ਅਸਮਾਨਾਂ ਚ। ਪਾ ਲੈ ਅੰਬਰਾਂ ਤੇ ਫ਼ਤਹਿ। ਬਿਠਾ ਦੇ ਸਾਨੂੰ ਵੀ ਉਡਣ ਖਟੋਲਿਆਂ ਚ।
ਉਡਣ ਖਟੋਲਿਆਂ ਵਿਚ ਉੱਡਣ ਦੀ ਰੀਝ ਤਾਂ ਅਮਰੀਕ ਦੇ ਮਨ ਵਿਚ ਵੀ ਬੜੀ ਸੀ। ਪਰ ਆਪਣੇ ਤੋਂ ਦੋ ਸਾਲ ਪਿੱਛੇ ਪੜ੍ਹਦੀ ਰਣਜੀਤ ਦੀ ਮੁਹੱਬਤ ਤੇ ਉਸ ਨਾਲ ਕੱਚੀ ਉਮਰੇ ਕੀਤੇ ਪੱਕੇ ਵਾਅਦਿਆਂ ਦੀ ਖਿੱਚ ਬੜੀ ਡਾਢੀ ਸੀ। ਰਣਜੀਤ ਦੀਆਂ ਲੰਮੀਆਂ ਬਾਹਵਾਂ ਉਹਨੂੰ ਉੱਡਦੇ ਜਹਾਜ਼ ਤੋਂ ਫੜ੍ਹ ਕੇ ਸਦਾ ਹੇਠਾਂ ਲਾਹ ਲੈਂਦੀਆਂ। ਉਹ ਇਕ ਦੂਜੇ ਦੀ ਗੱਲਵੱਕੜੀ ਵਿਚ ਘੁੱਟੇ ਜਾਂਦੇ।
ਕੋਈ ਨਹੀਂ ਭਾ ਜੀ, ਦੋ ਸਾਲ ਹੋਰ ਲਾ ਲੈਣ ਦਿਓ ਕਾਲਜ ਵਿਚ। ਫੇਰ ਕੋਈ ਨੌਕਰੀ ਲੱਭਣ ਦਾ ਹੀਲਾ-ਵਸੀਲਾ ਕਰ ਲੈਂਨੇ ਆਂ।
ਮਨ ਉਹਦਾ ਇਹ ਵੀ ਆਖਦਾ, ਨਾਲੇ ਉਦੋਂ ਤੱਕ ਰਣਜੀਤ ਵੀ ਬੀ ਏ ਕਰ ਲਏਗੀ।
ਪਰ ਸਿੰਘਾਂ ਨਾਲ ਹੋਈ ਉਸ ਰਾਤ ਦੀ ਡਰਾਉਣੀ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਲਾਲਚ ਨਾਲ ਹੁਣ ਭੈਅ ਵੀ ਸ਼ਾਮਲ ਹੋ ਗਿਆ ਸੀ। ਸਗੋਂ ਭੈਅ ਦੀ ਸਿ਼ੱਦਤ ਬੜੀ ਗੂੜ੍ਹੀ ਹੋ ਗਈ ਸੀ। ਮਨ ਪਾਰੇ ਵਾਂਗ ਡੋਲਦਾ ਰਹਿੰਦਾ। ਦੁਸ਼ਮਣ ਤਾਂ ਘਰ ਵਿਚ ਬੈਠਾ ਹੋਇਆ ਸੀ। ਕਿਸੇ ਵੇਲੇ ਵੀ ਖ਼ਰੈਤੀ ਦੀ ਅੱਖ ਦਾ ਭੈਂਗ ਉਹਨਾਂ ਦੇ ਘਰ ਦੀ ਸੁੱਖ-ਸਾਂਦ ਦਾ ਚਿਹਰਾ ਮੁਹਰਾ ਵਿਗਾੜ ਸਕਦਾ ਸੀ। ਲੱਗਦਾ; ਹੁਣ ਵੀ ਉਹ ਕੰਧ ਟੱਪ ਕੇ ਆਏ ਤੇ ਸਟੇਨ ਦੀ ਨਾਲੀ ਨਾਲ ਧੱਕਦੇ ਹੋਏ ਅਮਰੀਕ ਨੂੰ ਆਪਣੇ ਨਾਲ ਅੱਗੇ ਲਾ ਕੇ ਲੈ ਗਏ!
ਉਸ ਦਿਨ ਤੋਂ ਹੀ ਅਮਰ ਸਿੰਘ ਨੇ ਅਮਰੀਕ ਨੂੰ ਬਾਹਰ ਭੇਜਣ ਦਾ ਪੱਕਾ ਨਿਰਣਾ ਕਰ ਲਿਆ। ਜਰਨੈਲ ਨੇ ਕਨੇਡਾ ਜਾ ਕੇ ਰਾਹ ਵੀ ਵਿਖਾ ਦਿੱਤਾ ਸੀ। ਅਮਰੀਕ ਨੂੰ ਵੀ ਲੱਗਣ ਲੱਗਾ, ਉਹ ਘਰ ਰਿਹਾਂ ਵੀ ਮਰਦਾ ਸੀ ਤੇ ਉਹਨਾਂ ਨਾਲ ਤੁਰਿਆਂ ਵੀ। ਪਰ ਰਣਜੀਤ ਨੂੰ ਛੱਡ ਕੇ ਤੁਰ ਜਾਣਾ ਉਹਦੇ ਜਿਸਮ ਨੂੰ ਝੂਠਾ ਪਾ ਦਿੰਦਾ। ਉਹਦੇ ਮਨ ਵਿਚ ਹਨੇਰੇ ਵਾ-ਵਰੋਲ਼ੇ ਉੱਠਣ ਲੱਗਦੇ। ਉਂਝ ਤਾਂ ਅਮਰ ਸਿੰਘ ਦਾ ਮਨ ਵੀ ਕਰਦਾ ਸੀ ਕਿ ਅਮਰੀਕ ਨੂੰ ਕਲੇਜੇ ਨਾਲੋਂ ਵੱਖ ਨਾ ਕਰੇ। ਏਥੇ ਹੀ ਸ਼ਾਇਦ ਕਿਧਰੇ ਉਹਦਾ ਤੇ ਅਮਰੀਕ ਦਾ ਸੁਪਨਾ ਪੂਰਾ ਹੋ ਜਾਏ! ਉਹ ਹੋਰ ਪੜ੍ਹ ਜਾਵੇ ਤਾਂ ਖ਼ਬਰੇ ਏਥੇ ਹੀ ਕੋਈ ਚੰਗੀ ਨੌਕਰੀ ਵੀ ਮਿਲ ਜਾਵੇ!
ਪਰ ਨੌਕਰੀਆਂ ਵੀ ਕਿੱਥੇ ਰੱਖੀਆਂ ਪਈਆਂ ਸਨ! ਪੰਜਾਬ ਤਾਂ ਜੰਗ ਦਾ ਅਖਾੜਾ ਬਣਿਆਂ ਪਿਆ ਸੀ। ਇਸ ਅੱਗ ਚੋਂ ਜਿੰਨੀ ਛੇਤੀ ਹੋ ਸਕੇ, ਅਮਰੀਕ ਨੂੰ ਬਚ ਕੇ ਬਾਹਰ ਨਿਕਲ ਜਾਣਾ ਚਾਹੀਦਾ ਸੀ।
ਉਹਨਾਂ ਦਲੀਪ ਸਿੰਘ ਕੋਲ ਤਿੰਨ ਕਿੱਲੇ ਗਹਿਣੇ ਧਰ ਕੇ ਪੈਸੇ ਚੁੱਕ ਲਏ। ਪੈਸੇ ਦੇਣ ਸਰਤਾਜ ਆਪ ਆਇਆ ਸੀ। ਏਜੰਟ ਨਾਲ ਗੱਲ ਗਿਣ-ਮਿਥ ਕੇ ਦੋ ਕੁ ਮਹੀਨੇ ਦੇ ਵਿਚ-ਵਿਚ ਅਮਰੀਕ ਨੂੰ ਬਾਹਰ ਭੇਜ ਦਿੱਤਾ ਗਿਆ। ਮਾਸਕੋ ਰਾਹੀਂ ਹੁੰਦਾ ਹੋਇਆ, ਮਰਦਾ-ਜਿਊਂਦਾ, ਕਈ ਚਿਰ ਬਾਅਦ ਉਹ ਇਟਲੀ ਪੁੱਜਾ ਤੇ ਫਿਰ ਇਸਤਰ੍ਹਾਂ ਹੀ ਲੁਕਦਾ-ਲੁਕਾਉਂਦਾ, ਏਧਰ-ਓਧਰ ਤੁਰਦਾ-ਫਿਰਦਾ, ਜਾਨ ਬਚਾਉਂਦਾ, ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ ਆਖ਼ਰਕਾਰ ਕਨੇਡਾ ਵਿਚ ਗੈ਼ਰਕਾਨੂੰਨੀ ਦਾਖ਼ਲਾ ਲੈਣ ਵਿਚ ਕਾਮਯਾਬ ਹੋ ਗਿਆ ਸੀ।

ਅਮਰ ਸਿੰਘ ਨੇ ਆਪਣੇ ਆਪ ਨੂੰ ਆਖਿਆ, ਮਰਜ਼ੀ ਦੀ ਥਾਂ ਮਜਬੂਰੀ ਨਾਲ ਛਕਿਆ ਅੰਮ੍ਰਿਤ ਦੁੱਖ ਸਹਿਣ ਦੀ ਤਾਕਤ ਕਿੱਥੋਂ ਦੇਵੇ!
ਉਂਝ ਵੀ ਸਾਰੇ ਟੱਬਰ ਵਿਚੋਂ ਹੁਣ ਉਹਦੀ ਵੱਡੀ ਵਿਆਹੀ ਧੀ ਛਿੰਦਰ ਤੇ ਉਹ ਆਪ ਹੀ ਅੰਮ੍ਰਿਤਧਾਰੀ ਰਹਿ ਗਏ ਸਨ। ਬਾਕੀ ਸਾਰਿਆਂ ਨੇ ਕਿਰਪਾਨਾਂ ਲਾਹ ਕੇ ਪੇਟੀ ਵਿਚ ਰੱਖ ਦਿੱਤੀਆਂ ਸਨ। ਅੰਮ੍ਰਿਤ ਛਕਾਉਣ ਤੇ ਮਰਜ਼ੀ ਪੁਗਾਉਣ ਵਾਲੇ ਸਰਕਾਰ ਦਾ ਜ਼ੋਰ ਪੈਣ ਤੇ ਤਿੱਤਰ-ਬਿੱਤਰ ਹੋ ਗਏ ਸਨ।

ਆਪਣੇ ਆਪ ਨੂੰ ਜ਼ਮੀਨ ਤੇ ਬੈਠਾ ਵੇਖ ਕੇ ਉਸਨੇ ਸੋਚਿਆ, ਜੇ ਕੋਈ ਏਧਰ ਆ ਨਿਕਲਿਆ ਤਾਂ!
ਉਸ ਉੱਠਣ ਲਈ ਹੰਭਲਾ ਮਾਰਿਆ। ਇੱਕ ਹੱਥ ਅੰਬ ਦੇ ਬੂਟੇ ਨੂੰ ਪਾ ਕੇ ਉੱਠਣ ਦਾ ਯਤਨ ਕੀਤਾ ਪਰ ਉਸਤੋਂ ਉੱਠਿਆ ਨਾ ਜਾ ਸਕਿਆ। ਉਹ ਤਾਂ ਜਿਵੇਂ ਧਰਤੀ ਵਿਚ ਹੀ ਕਿਧਰੇ ਗ਼ਰਕਦਾ ਜਾ ਰਿਹਾ ਸੀ।

ਜਿਸ ਦਿਨ ਬੰਬੀ ਦਾ ਬੋਰ ਮੁਕੰਮਲ ਹੋਇਆ ਸੀ ਤਾਂ ਅਮਰ ਸਿੰਘ ਨੇ ਪਾਈਪ ਵਿਚ ਸਿਰ ਨਿਵਾ ਕੇ ਪਾਣੀ ਦਾ ਤਲ਼ ਵੇਖਣ ਦੀ ਕੋਸਿ਼ਸ਼ ਕੀਤੀ। ਪਿੱਛੇ ਹਟਿਆ ਤਾਂ ਛੋਟੇ ਜਿਹੇ ਅਮਰੀਕ ਨੇ ਭੱਜ ਕੇ ਆਪਣਾ ਮੂੰਹ ਪਾਈਪ ਵਿਚ ਪਾ ਦਿੱਤਾ। ਵੀਰੂ ਮਿਸਤਰੀ ਨੇ ਉਹਨੂੰ ਝਿੜਕਦਿਆਂ ਕਿਹਾ, ਅਮਰ ਸਿਅ਼੍ਹਾਂ! ਕਾਕੇ ਨੂੰ ਕਰ ਪਿੱਛੇ। ਕਿਤੇ ਬੋਰ ਵਿਚ ਨਾ ਡਿਗ ਪੈਂਦਾ ਹੋਵੇ! ਵੀਰੂ ਨੇ ਬੋਰ ਕਰਨ ਸਮੇਂ ਵਰਤੋਂ ਵਿਚ ਲਿਆਂਦੀ ਖ਼ਾਲੀ ਗਿੱਲੀ ਬੋਰੀ ਫੜ੍ਹੀ ਤੇ ਉਹਨੂੰ ਪਾਈਪ ਦੇ ਮੂੰਹ ਉੱਤੇ ਘੁੱਟ ਕੇ ਬੰਨ੍ਹ ਦਿੱਤਾ।
ਅਮਰ ਸਿੰਘ ਹੱਸਦਿਆਂ ਹੱਸਦਿਆਂ ਆਪਣੇ ਕਿਸੇ ਵੇਲੇ ਸਕੂਲ ਵਿਚ ਜਮਾਤੀ ਰਹਿ ਚੁੱਕੇ ਵੀਰੂ ਨੂੰ ਕਹਿਣ ਲੱਗਾ, ਯਾਦ ਈ ਵੀਰੂ! ਜਦੋਂ ਸਕੂਲੇ ਪੜ੍ਹਦੇ ਹੁੰਦੇ ਸਾਂ ਤਾਂ ਮਾਸਟਰ ਤੇਲੂ ਰਾਮ ਤਾਰੀਖ਼-ਜੁਗ਼ਰਾਫ਼ੀਆ ਪੜ੍ਹਾਉਂਦਿਆਂ ਗਲੋਬ ਜਾਂ ਨਕਸ਼ੇ ਤੇ ਅਮਰੀਕਾ-ਕਨੇਡਾ ਦੀ ਨਿਸ਼ਾਨ-ਦੇਹੀ ਵੀ ਕਰਦਾ ਤੇ ਫਿਰ ਹੱਥ ਵਿਚ ਫੜ੍ਹੇ ਰੂਲ ਦਾ ਸਿਰਾ ਜ਼ਮੀਨ ਤੇ ਟਿਕਾ ਕੇ ਹਥੇਲੀ ਨਾਲ ਉਪਰਲੇ ਸਿਰੇ ਨੂੰ ਦੱਬ ਦੇ ਕੇ ਆਖਦਾ, ਜੇ ਇਸ ਡੰਡੇ ਨੂੰ ਵਰਮੇਂ ਵਾਂਗ ਜ਼ਮੀਨ ਚ ਖੋਭੀ ਜਾਈਏ, ਖੋਭੀ ਈ ਜਾਈਏ ਤਾਂ ਇਸਦਾ ਦੂਜਾ ਸਿਰਾ ਧਰਤੀ ਦੇ ਹੇਠਾਂ ਜਾ ਕੇ ਅਮਰੀਕਾ-ਕਨੇਡਾ ਚ ਨਿਕਲ ਆਉਂਦੈ। ਜਦੋਂ ਹੁਣ ਰੋਜ਼ ਬੋਰ ਕਰਨ ਲਈ ਪਾਈਪਾਂ ਵਿਚ ਬੋਕੀਆਂ ਵਹਾਉਂਦੈਂ ਤਾਂ ਸੋਚਦਾ ਤਾਂ ਹੋਵੇਂਗਾ ਕਿ ਕਿਤੇ ਜੇ ਬੋਰ ਕਰੀ ਜਾਈਏ, ਬੋਰ ਕਰੀ ਜਾਈਏ ਤਾਂ ਹੇਠਾਂ ਕਨੇਡਾ-ਮਰੀਕਾ ਚ ਜਾ ਨਿਕਲੀਏ ਕਰਤਾਰੇ ਨਲੀ-ਚੋਚ ਵਾਂਗੂੰ।
ਏਨੇ ਚਿਰ ਵਿਚ ਅਮਰੀਕ ਮੁੜ ਤੋਂ ਬੋਰ ਵੱਲ ਵਧਿਆ। ਅਮਰ ਸਿੰਘ ਨੇ ਉਹਨੂੰ ਫੇਰ ਜ਼ੋਰ ਨਾਲ ਦਬਕਾਇਆ। ਉਹ ਭੈ ਨਾਲ ਕੰਬ ਗਿਆ। ਜੇ ਸੱਚਮੱਚ ਅਮਰੀਕ ਕਿਧਰੇ ਬੋਰ ਵਿਚ ਡਿੱਗ ਪਵੇ!
ਸਰਰਅ! ਘਰਰਅ!
ਇਕ ਪਲ਼ ਲਈ ਉਹਨੂੰ ਖ਼ੁਦ ਨੂੰ ਹੇਠਾਂ ਬੋਰ-ਪਾਈਪ ਵਿਚ ਖਿਸਕਦੇ ਜਾਣ ਦਾ ਅਹਿਸਾਸ ਹੋਇਆ। ਉਸਨੇ ਬੋਰ-ਪਾਈਪ ਦੇ ਸਿਰੇ ਨੂੰ ਘੁੱਟ ਕੇ ਫੜ੍ਹ ਲਿਆ। ਪਰ ਉਸਦੇ ਤਾਂ ਹੱਥ ਛੁੱਟ ਛੁੱਟ ਪੈ ਰਹੇ ਸਨ। ਹੇਠਾਂ ਗੂੜ੍ਹੇ ਕਾਲੇ ਹਨੇਰੇ ਵਿਚ ਪਾਣੀ ਦੀ ਨਿੱਕੀ ਜਿਹੀ ਟਿੱਕੀ ਲਿਸ਼ਕਦੀ ਦਿਸ ਰਹੀ ਸੀ।
ਵੀਰੂ ਦੇ ਬੋਲਾਂ ਨੇ ਗਰਕਦੇ ਜਾਂਦੇ ਨੂੰ ਬਾਹੋਂ ਫੜ੍ਹ ਕੇ ਬਾਹਰ ਕੱਢ ਲਿਆ, ਜੱਟਾ! ਤੇਰੀ ਬੰਬੀ ਲੱਗ ਗਈ। ਫ਼ਸਲਾਂ ਨੂੰ ਪਾਣੀ ਮਿਲਿਆ; ਤੂੰ ਜਾਣ ਤੇਰਾ ਮਰੀਕਾ-ਕਨੇਡਾ ਏਥੇ ਈ ਆ ਗਿਆ।
ਪਰ ਆਉਣ ਵਾਲੇ ਵਰ੍ਹਿਆਂ ਵਿਚ ਫ਼ਸਲਾਂ ਨੇ ਸਾਥ ਨਹੀਂ ਸੀ ਦਿੱਤਾ। ਲੋੜਾਂ ਤੇ ਇਛਾਵਾਂ ਵੱਡੀਆਂ ਸਨ ਤੇ ਫ਼ਸਲਾਂ ਛੋਟੀਆਂ। ਬੜਾ ਫ਼ਰਕ ਸੀ ਦੋਵਾਂ ਵਿਚ। ਉਹਦੇ ਸੁਪਨੇ ਟੁੱਟਣ-ਖਿੰਡਣ ਲੱਗੇ। ਪਰ ਇਕ ਸੁਪਨਾ ਅਕਸਰ ਆਉਣ ਲੱਗਾ। ਉਹ ਬੋਰ ਵਿਚ ਡਿਗ ਪਿਆ ਹੈ। ਸਰਰਅ! ਘਰਰਅ! ਦੀ ਆਵਾਜ਼ ਨਾਲ ਉਹ ਹੇਠਾਂ ਖਿਸਕਦਾ ਜਾ ਰਿਹਾ ਹੈ। ਪਾਈਪ ਦੇ ਸਿਰਿਆਂ ਨਾਲ ਲੱਤਾਂ ਬਾਹਵਾਂ ਅੜਾ ਕੇ ਰੁਕਣ ਦਾ ਅਸਫ਼ਲ ਯਤਨ ਕਰਦਿਆਂ ਉਹਦੀ ਡਰ ਕੇ ਅੱਖ ਖੁੱਲ੍ਹ ਜਾਂਦੀ।

ਹੁਣ ਵੀ ਬੋਰ-ਪਾਈਪ ਵਿਚ ਹੇਠਾਂ ਹੀ ਹੇਠਾਂ ਗ਼ਰਕਣ ਤੋਂ ਬਚਣ ਲਈ ਅਮਰ ਸਿੰਘ ਨੇ ਅੰਬ ਦੇ ਤਣੇ ਨੂੰ ਘੁੱਟ ਕੇ ਹੱਥ ਪਾਇਆ ਤੇ ਉੱਠਣ ਦੀ ਕੋਸਿ਼ਸ਼ ਕਰਦਿਆਂ ਹਾਉਕਾ ਲਿਆ, ਹਾਇ ਮਾਂ!
ਅੰਬ ਦੇ ਮੁੱਢ ਨਾਲੋਂ ਉੱਠ ਕੇ ਉਸ ਕੱਪੜੇ ਝਾੜੇ ਤੇ ਮਾਂ ਨੂੰ ਜੱਫੀ ਪਾ ਲਈ। ਉਹ ਰੋਈ ਜਾ ਰਿਹਾ ਸੀ। ਰੋਈ ਜਾ ਰਿਹਾ ਸੀ। ਮਾਂ ਆਪਣੇ ਗਲ਼ ਨਾਲ ਲਾਈ ਖਲੋਤੀ ਸੀ। ਅੰਬ ਦਾ ਤਣਾ ਉਸਨੇ ਅਜੇ ਵੀ ਬਾਹਵਾਂ ਵਿਚ ਘੁੱਟਿਆ ਹੋਇਆ ਸੀ।
ਕੂਅ ਕੂ! ਕੂਅ ਕੂ!! ਅੰਬ ਦੇ ਬੂਟੇ ਤੋਂ ਕੋਇਲ ਦੀ ਦਰਦ-ਰੰਝਾਣੀ ਮਿੱਠੀ ਸੁਰ ਗੂੰਜੀ।

ਉਹਨੂੰ ਪਿੰਡ ਵਿਚੋਂ ਭੰਗੜੇ ਦੀ ਤਾਲ ਤੇ ਢੋਲ ਵੱਜਦਾ ਸੁਣਿਆਂ। ਸ਼ਹਿਨਾਈ ਗੂੰਜ ਰਹੀ ਸੀ।

ਢੋਲ ਦੀ ਤਾਲ ਤੇ ਭੰਗੜਾ ਪੈ ਰਿਹਾ ਸੀ। ਅਮਰੀਕ ਦੇ ਦੋਸਤ ਵੈਨ ਵਿਚ ਬੈਠੇ ਭੰਗੜੇ ਦੀ ਮੁਦਰਾ ਵਿਚ ਬਾਹਵਾਂ ਹਿਲਾ ਕੇ ਗਾ ਰਹੇ ਸਨ। ਉਹ ਅਮਰੀਕ ਨੂੰ ਏਅਰਪੋਰਟ ਤੇ ਛੱਡਣ ਜਾ ਰਹੇ ਸਨ। ਸਟੀਰੀਓ ਤੇ ਉੱਚੀ ਆਵਾਜ਼ ਵਿਚ ਟੇਪ ਚੱਲ ਰਹੀ ਸੀ। ਪਤਾ ਨਹੀਂ ਇਹ ਗੀਤ ਟੈਕਸੀ ਵਾਲੇ ਦੀ ਚੋਣ ਸੀ ਜਾਂ ਅਮਰੀਕ ਦੇ ਕਿਸੇ ਦੋਸਤ ਦੀ। ਪਰਵੇਜ਼ ਮਹਿਦੀ ਗਾ ਰਿਹਾ ਸੀ।
ਗੋਰੀਏ! ਮੈਂ ਜਾਣਾ ਪਰਦੇਸ।
ਜਵਾਬ ਵਿਚ ਰੇਸ਼ਮਾ ਨੇ ਆਵਾਜ਼ ਚੁੱਕੀ ਤਾਂ ਅਮਰੀਕ ਦੇ ਕਿਸੇ ਯਾਰ ਨੇ ਸ਼ਰਾਰਤ ਨਾਲ ਉਸਦੀਆਂ ਵੱਖੀਆਂ ਕੁਤਕੁਤਾਈਆਂ।
ਮੈਂ ਜਾਣਾ ਤੇਰੇ ਨਾਲ
ਮਾਹੀ ਵੇ!
ਨਾ ਜਾਵੀਂ ਪਰਦੇਸ
ਅਮਰੀਕ ਨੇ ਉਦਾਸ ਮੁਸਕਾਨ ਨਾਲ ਉਹਦਾ ਹੱਥ ਪਾਸੇ ਧੱਕਿਆ।
ਅਮਰ ਸਿੰਘ ਆਪ ਡਰਾਈਵਰ ਨਾਲ ਬੈਠਾ ਹੋਇਆ ਸੀ। ਮੁੰਡੇ ਪਿਛਲੀਆਂ ਸੀਟਾਂ ਤੇ ਸਨ। ਖੁਸ਼ੀ ਵਿਚ ਨੱਚਦੇ, ਚੜਗਿੱਲ੍ਹੀਆਂ ਪਾਉਂਦੇ। ਫੇਰ ਸਟੀਰੀਓ ਬੰਦ ਕਰਵਾ ਕੇ ਜਿ਼ਦ-ਜਿ਼ਦ ਕੇ ਬੋਲੀਆਂ ਪਾਉਣ ਲੱਗੇ। ਕਦੀ ਇਕ ਜਣਾ ਬੋਲੀ ਚੁੱਕਦਾ, ਕਦੀ ਦੂਜਾ।
ਅਮਰੀਕ! ਬੋਲਦਾ ਕਿਉਂ ਨਹੀਂ ਤੂੰ? ਪਾ ਬੋਲੀ।
ਅਮਰੀਕ ਚੁੱਪ ਸੀ। ਕੀ ਕੀ ਹਸਰਤਾਂ ਮਨ ਵਿਚ ਦੱਬੀਆਂ ਹੋਈਆਂ ਰਹਿ ਗਈਆਂ ਸਨ ਉਸਦੇ! ਲੋਕ ਤਾਂ ਬਾਹਰਲੇ ਮੁਲਕਾਂ ਵੱਲ ਖ਼ੁਸ਼ੀ ਖ਼ੁਸ਼ੀ ਭੱਜਦੇ ਸਨ ਪਰ ਤਾਂ ਲੱਗਦਾ ਸੀ ਜਿਵੇਂ ਉਹਨੂੰ ਧੱਕੇ ਨਾਲ ਦੇਸ਼-ਨਿਕਾਲਾ ਦਿੱਤਾ ਜਾ ਰਿਹਾ ਹੋਵੇ! ਕੌਣ ਧੱਕਾ ਦੇ ਰਹੇ ਸਨ ਉਹਨੂੰ!

ਸਾਹਮਣੇ ਤਾਂ ਸਟੇਨਾਂ ਵਾਲੇ ਹੀ ਦਿਸਦੇ ਸਨ ਪਰ ਉਹਨਾਂ ਦੇ ਪਿੱਛੇ ਤਾਂ ਉਸਦੇ ਆਪਣੇ ਘਰ ਦੇ ਜੀਅ ਵੀ ਖਲੋਤੇ ਹੋਏ ਸਨ; ਉਹਨੂੰ ਦੋਵਾਂ-ਦੋਵਾਂ ਹੱਥਾਂ ਨਾਲ ਬਾਹਰ ਨੂੰ ਧੱਕਦੇ ਹੋਏ! ਆਪਣੇ ਹੀ ਘਰ ਦੀਆਂ ਕੱਚੀਆਂ ਕੰਧਾਂ ਉਸਤੇ ਉੱਲਰ ਉੱਲਰ ਕੇ ਉਹਨੂੰ ਧੱਕ ਰਹੀਆਂ ਸਨ। ਉਹਦੀਆਂ ਤੇ ਭੈਣਾਂ-ਭਰਾਵਾਂ ਦੀਆਂ ਸਮੇਂ ਸਿਰ ਨਾ ਤਰਦੀਆਂ ਰਹੀਆਂ ਫ਼ੀਸਾਂ ਖ਼ਾਤਰ ਵੱਜੀਆਂ ਝਿੜਕਾਂ ੳੇਹਨੂੰ ਖਿੱਚ ਕੇ ਘਰੋਂ ਬਾਹਰ ਕੱਢ ਰਹੀਆਂ ਸਨ! ਕਾਲਜ ਜਾਂਦਿਆਂ ਵਾਰ ਵਾਰ ਧੋ ਕੇ ਗਲ਼ ਪਾਉਣ ਵਾਲੀ ਕਾਲਰਾਂ ਤੋਂ ਉੱਡੀ ਇੱਕੋ ਇੱਕ ਕਮੀਜ਼ ਫੜਫੜਾਉਂਦੀ ਝੰਡੀ ਬਣ ਕੇ ਉਹਦੀ ਗੱਡੀ ਨੂੰ ਪਲੇਟਫ਼ਾਰਮ ਤੋਂ ਤੁਰਨ ਦਾ ਇਸ਼ਾਰਾ ਕਰ ਰਹੀ ਸੀ। ਹਰ ਛੇ ਮਹੀਨੇ ਬਾਅਦ ਕਰਜ਼ਾ ਉਗਰਾਹੁਣ ਆਏ ਸੋਸਾਇਟੀ ਦੇ ਇੰਸਪੈਕਟਰ ਦੀ ਉਹਦੇ ਪਿਓ ਨੂੰ ਦਿੱਤੀ ਧਮਕੀ ਤੇ ਗਹਿਣੇ ਪਈ ਜ਼ਮੀਨ ਦਾ ਭਾਰ ਉਹਦੀ ਪਿੱਠ ਤੇ ਸੀ। ਭਰਾ ਤੇ ਭੈਣਾਂ ਦੀਆਂ, ਉਹਦੇ ਬਹਾਨੇ ਬਦੇਸ਼ਾਂ ਵਿਚ ਜਾਣ ਦੀ ਤਾਂਘ ਨਾਲ ਲਬਰੇਜ਼ ਲਿਸ਼ਕਦੀਆਂ ਅੱਖਾਂ ਬਾਹਰ ਜਾਣ ਦਾ ਰਾਹ ਵਿਖਾ ਰਹੀਆਂ ਸਨ!
ਉਹਦਾ ਅਧਿਆਪਕ ਬਾਹਰ ਜਾਣ ਦੇ ਕਾਰਨਾਂ ਨੂੰ ਗਿਣਦਾ ਹੋਇਆ ਤੋੜਾ ਝਾੜ ਰਿਹਾ ਸੀ, ਜੇਕਰ ਮੈਨੂੰ ਰੱਜਵੀਂ ਰੋਟੀ ਦੇਂਦਾ ਮੇਰਾ ਦੇਸ, ਤਾਂ ਮੈਂ ਕਿਉਂ ਜਾਂਦਾ ਪਰਦੇਸ!
ਉੇਹਦੇ ਪਿਓ ਦੇ ਬੋਲ ਉਹਦੇ ਪੈਰਾਂ ਨੂੰ ਪਹੀਏ ਲਾ ਕੇ ਦਿੱਲੀ ਵੱਲ ਧੱਕ ਰਹੇ ਸਨ , ਅਮਰੀਕ ਸਿਅ੍ਹਾਂ ਪੁੱਤ! ਏਹ ਤਾਂ ਬਹਾਨਾ ਵੀ ਬਣ ਗਿਆ ਪਰ ਮੇਰੀ ਤਾਂ ਬੜੀ ਚਿਰੋਕਣੀ ਰੀਝ ਸੀ ਕਿ ਸਾਡੇ ਚੋਂ ਵੀ ਕੋਈ ਬਾਹਰਲੇ ਮੁਲਕ ਨੂੰ ਫ਼ਤਹਿ ਕਰਦਾ। ਜਿਨ੍ਹਾਂ ਜਿਨ੍ਹਾਂ ਦੇ ਜੀਅ ਬਾਹਰ ਗਏ ਨੇ ਉਹਨਾਂ ਦੇ ਉਸਰਦੇ ਮਹਿਲ ਤੇ ਵਧਦੇ ਸਿਆੜ ਵੇਖ ਕੇ ਮੈਂ ਦਿਨ-ਰਾਤ ਆਪਣੀ ਕੋਠੀ ਉਸਰਦੀ ਵਿੰਹਦਾਂ। ਜ਼ਮੀਨ ਦੀਆਂ ਰਜਿਸਟਰੀਆਂ ਕਰਵਾਉਂਦਾ ਹਰ ਮੈਦਾਨ ਫ਼ਤਹਿ ਦੇ ਝੰਡੇ ਲਹਿਰਾਉਂਦਾ ਫਿਰਦਾਂ। ਮੇਰਾ ਟੁੱਟਾ ਸਾਈਕਲ ਕਈ ਵਾਰ ਮੇਰੇ ਜਾਗਦੇ ਸੁਪਨੇ ਵਿਚ ਮੇਰੇ ਹੇਠਾਂ ਜੀਪ ਤੇ ਕਾਰ ਬਣ ਕੇ ਘੂਕਣ ਲੱਗਦਾ ਏ। ਬਾਹਰ ਜਾਹ ਤੇ ਸਾਨੂੰ ਵੀ ਸੱਦ ਸਾਰੇ ਟੱਬਰ ਨੂੰ ਆਪਣੇ ਕੋਲ। ਤੇਰੀਆਂ ਭੈਣਾਂ ਵੀ ਸਰਦਾਰਨੀਆਂ ਬਣਨ ਤੇ ਭਰਾ ਤੇਰਾ ਵੀ ਲਵੇ ਹਵਾਈ ਜਹਾਜ਼ਾਂ ਦੇ ਹੂਟੇ। ਤੇਰਾ ਤਾਇਆ, ਤਾਂ, ਜਰਨੈਲ ਸੁੰਹ ਸੁਣਿਐਂ, ਪੱਕਾ ਵੀ ਹੋ ਗਿਐ ਕਨੇਡਾ ਵਿਚ। ਮੈਂ ਤਾਂ ਵੀ ਆਖਿਐ, ਸਾਡੀ ਬਾਂਹ ਫੜ੍ਹ। ਪਰ ਉਹ ਪਹਿਲਾਂ ਆਪਣਾ ਟੱਬਰ ਬਾਹਰ ਮੰਗਵਾਊ ਕਿ ਸਾਡੀ ਬਾਂਹ ਫੜ੍ਹੂ? ਆਪਣਿਆਂ ਤੋਂ ਬਿਨਾਂ ਕੌਣ ਬਾਂਹ ਫੜ੍ਹਦਾ! ਹੁਣ ਤੂੰ ਈ ਫੜ੍ਹਨੀ ਏ ਸਾਡੀ ਬਾਂਹ। ਤੂੰ ਮੇਰਾ ਸੁਪਨਾ ਪੂਰਾ ਕਰ ਦੇ ਹੀਰਿਆ! ਕਰ ਦੇ ਮੋਰਚਾ ਫ਼ਤਹਿ! ਆਹ ਤਾਂ ਸਮਝ ਲੈ ਕੁੱਬੇ ਨੂੰ ਲੱਤ ਕਾਰ ਆ ਗਈ। ਇਹ ਵੀ ਸ਼ੁਕਰ ਏ ਕਿ ਜੱਥੇਦਾਰ ਜ਼ਮੀਨ ਗਹਿਣੇ ਲੈਣੀ ਮੰਨ ਗਿਆ। ਵੇਲੇ ਦੇ ਵੇਲੇ ਬੰਦਾ ਕੰਮ ਤਾਂ ਆ ਗਿਆ, ਭਾਵੇਂ ਹੈ ਜਿਵੇਂ ਦਾ ਮਰਜ਼ੀ!
ਭਾ ਜੀ! ਜ਼ਮੀਨ ਲੈਣ ਵਿਚ ਕੀ ਮਾੜਾ ਏ! ਉਸ ਮਨ ਹੀ ਮਨ ਵਿਚ ਆਖਿਆ ਤੇ ਫੇਰ ਪਤਾ ਨਹੀਂ ਉਸਦੇ ਮਨ ਵਿਚ ਕੀ ਆਇਆ! ਹੁਣ ਤੱਕ ਗਲ਼ ਵਿਚ ਪਾਈ ਕਿਰਪਾਨ ਉਸ ਲਾਹ ਕੇ ਆਪਣੇ ਪਿਤਾ ਵੱਲ ਵਧਾਈ, ਲੈ ਭਾ ਜੀ! ਆਹ ਕਿਰਪਾਨ ਅਗਲਿਆਂ ਹਵਾਈ ਜਹਾਜ਼ ਵਿਚ ਤਾਂ ਊਂ ਵੀ ਨਾਲ ਨਹੀਂ ਲਿਜਾਣ ਦੇਣੀ। ਏਥੋਂ ਦੀ ਸਿੱਖੀ ਏਥੇ ਹੀ ਰੱਖ ਲਓ!

ਬੋਲ ਅਮਰੀਕ! ਕੁਝ ਬੋਲ! ਚੁੱਪ ਕਿਓਂ ਏਂ? ਸੀਟੀ ਮਾਰ ਅਰਜਨਾਂ ਵੇ! ਭੁੱਲ ਗਈ ਮੋੜ ਨਸੀਬੋ ਘਰ ਦਾ। ਹਾਅ ਆ ਆ! ਉਹਦੇ ਕਿਸੇ ਮਿੱਤਰ ਨੇ ਲਲਕਾਰਾ ਮਾਰਿਆ।
ਅਮਰੀਕ ਨੇ ਵੇਖਿਆ ਮੋੜ ਤੇ ਖਲੋਤੀ ਉਹਦੀ ਨਸੀਬੋ ਕੁਰਲਾਉਂਦੀਆਂ ਨਜ਼ਰਾਂ ਨਾਲ ਜਾਂਦੇ ਨੂੰ ਵੇਖ ਰਹੀ ਸੀ।
ਉਹਨੂੰ ਆਪਣੇ ਬੋਲ ਚੇਤੇ ਆਏ, ਰਣਜੀਤ! ਮੈਂ ਯੂ ਪੀ ਜਾਣੈਂ ਛੁੱਟੀਆਂ ਚ, ਦੋ ਮਹੀਨੇ ਲਈ। ਆਪਣੀ ਭੂਆ ਕੋਲ!
ਝੂਠਿਆ! ਜਹਾਨ ਦਿਆ! ਮੋੜ ਤੇ ਆ ਕੇ ਮੈਨੂੰ ਰਾਹ ਤਾਂ ਭੁੱਲਣਾ ਈ ਸੀ। ਚੱਲਿਆ ਕਿੱਥੇ ਏਂ ਤੇ ਦੱਸ ਕੇ ਕਿੱਥੇ ਗਿਐਂ! ਹੁਣ ਸੱਚ ਦੱਸ, ਆਵੇਂਗਾ ਵੀ ਕਿ ਨਹੀਂ ਮੁੜ ਕੇ?
ਆਵਾਂਗਾ ਮੁੜ ਕੇ, ਹਰ ਹਾਲ ਵਿਚ ਤੇਰੇ ਕੋਲ। ਤੇਰੇ ਬਿਨਾਂ ਤਾਂ ਮੈਂ ਅੱਧਾ ਅਧੂਰਾ ਵਾਂ। ਆਹ ਪਿਐ ਮੇਰਾ ਅੱਧ ਵਿਚਕਾਰੋਂ ਚੀਰਿਆ ਹੋਇਆ ਟੋਟਾ। ਮੁਰਦਾ ਮਾਸ ਦਾ ਲੋਥੜਾ। ਇਕੱਲ ਵਿਚ ਪਿਆ ਇਹ ਅੱਧਾ ਅਧੂਰਾ ਟੋਟਾ ਤੇਰੇ ਨਾਲ ਜੁੜਨ ਲਈ ਹਰ ਪਲ਼ ਵਿਲਕਦਾ ਰਹੂ। ਤੇਰੇ ਨਾਲ ਜੁੜ ਕੇ ਈ ਇਸ ਵਿਚ ਜਿੰਦ ਧੜਕਣੀ ੲਂੇ। ਨਹੀਂ ਤਾਂ ਪਿਆ ਰਹੇਗਾ ਇਹ ਟੁਕੜਾ ਕਿਸੇ ਸੁੰਨ-ਮਸਾਣ ਵਿਚ ਬੇਜਾਨ, ਬੇਹਰਕਤ ਤੇਰੇ ਬਾਝੋਂ! ਪਰ ਆਪਾਂ ਮੁਹੱਬਤ ਦਾ ਇਹ ਰਣ ਜਿੱਤ ਈ ਲੈਣਾ ਏਂ ਆਖ਼ਰਕਾਰ ਰਣਜੀਤ ਪਿਆਰੀਏ! ਕਿਸੇ ਕਿਸਮ ਦੀ ਚਿੰਤਾ ਨਾ ਕਰ ਤੂੰ।
ਝੂਠਿਆ! ਦਗ਼ੇਬਾਜਾ਼!! ਜਾਣ ਲੱਗਿਆਂ ਤੈਥੋਂ ਸੱਚ ਦੇ ਦੋ ਬੋਲ ਸਾਂਝੇ ਕਰਨੇ ਤਾਂ ਸਰੇ ਨਹੀਂ! ਨਾਲੇ ਕਹਿੰਦੈਂ, ਰਣ ਜਿੱਤਣੈਂ, ਨਾਲੇ ਮੈਦਾਨ ਚੋਂ ਪਿੱਠ ਕੀਤੀ ਭੱਜਾ ਜਾ ਰਿਹਾ ਏਂ। ਏਦਾਂ ਮੂੰਹ ਮੋੜ ਕੇ ਨਹੀਂ ਜਾਣ ਦੇਂਦੀ ਮੈਂ ਤੈਨੂੰ।
ਰਣਜੀਤ ਪੂਰੇ ਜ਼ੋਰ ਨਾਲ ਆਪਣੀਆਂ ਨਾਜ਼ਕ ਬਾਹਵਾਂ ਦੇ ਜ਼ੋਰ ਸਦਕਾ ਉਹਨੂੰ ਪਿਛਾਂਹ ਵੱਲ ਖਿੱਚ ਰਹੀ ਸੀ। ਉਸਨੇ ਰਣਜੀਤ ਦੀਆਂ ਬਾਹਵਾਂ ਤੋੜ ਕੇ ਮਸਾਂ ਹੀ ਲੱਕ ਨਾਲੋਂ ਲਾਹੀਆਂ!
ਇਹ ਕੀ ਹੋਇਆ? ਉਹਦੇ ਕਲੇਜੇ ਚੋਂ ਭਰਿਆ ਗਿਆ ਰੁੱਗ ਰਣਜੀਤ ਦੀਆਂ ਮੁੱਠਾਂ ਵਿਚ ਨਾਲ ਹੀ ਚਲਿਆ ਗਿਆ ਸੀ!

ਕਿਸੇ ਨੇ ਬੋਲੀ ਚੁੱਕੀ, ਜਾਂਦਾ ਹੋਇਆ ਦੱਸ ਨਾ ਗਿਓਂ ਵੇ ਮੈਂ ਚਿੱਠੀਆਂ ਕਿਧਰ ਨੂੰ ਪਾਵਾਂ?

ਪਰ ਅਮਰੀਕ ਤਾਂ ਮੋੜ ਤੋਂ ਪਿੱਛਾ ਭੌਂ ਕੇ ਸ਼ਗਨ ਲਈ ਪਾਣੀ ਦੀ ਗੜਵੀ ਹੱਥ ਵਿਚ ਫੜ੍ਹੀ ਬਾਹਰਲੇ ਬੂਹੇ ਚ ਖਲੋਤੀ ਆਪਣੀ ਮਾਂ ਦੇ ਤਿੱਪ! ਤਿੱਪ! ਡੁੱਲ੍ਹਦੇ ਵੈਰਾਗੇ ਨੈਣਾਂ ਨੂੰ ਵੇਖਣ ਲੱਗ ਪਿਆ ਸੀ; ਜਿਸਨੇ ਪੁੱਤ ਦੇ ਮੋੜ ਮੁੜ ਕੇ ਅੱਖਾਂ ਤੋਂ ਉਹਲੇ ਹੋਣ ਤੋਂ ਪਹਿਲਾਂ ਹੀ ਡਿੱਗਣ ਤੋਂ ਬਚਣ ਲਈ ਬਾਹਰਲੇ ਦਰਵਾਜ਼ੇ ਦੀ ਬੁਰਜੀ ਨੂੰ ਘੁੱਟ ਕੇ ਫੜ੍ਹ ਲਿਆ ਸੀ ਤੇ ਵਿਲਕ ਵਿਲਕ ਕੇ ਰੋਣ ਲੱਗੀ ਸੀ। ਮੋੜ ਮੁੜ ਕੇ ਅੱਗੇ ਆ ਕੇ ਵੈਨ ਵਿਚ ਬਹਿਣ ਲੱਗੇ ਅਮਰੀਕ ਨੇ ਵੇਖਿਆ। ਮਾਂ ਦੇ ਹੱਥ ਉਹਨੂੰ ਬਾਹਰ ਵੱਲ ਧੱਕਣ ਲਈ ਵਧਦੇ ਵਧਦੇ ਲੁੜਕ ਕੇ ਉਸਦੇ ਆਪਣੇ ਹੀ ਪੱਟਾਂ ਤੇ ਵਾਪਸ ਆਣ ਡਿੱਗੇ ਸਨ!
ਉਸਦੇ ਅੰਦਰ ਇੱਕ ਝੱਖੜ ਝੁੱਲਿਆ। ਉੱਤਰਦੀ ਸ਼ਾਮ ਦੇ ਘੁਸਮੁਸੇ ਵਿਚ ਉਹਦੀਆਂ ਅੱਖਾਂ ਚ ਛਲਕਦੇ ਅੱਥਰੂ ਕਿਸੇ ਨੂੰ ਨਾ ਦਿਸੇ। ਵੈਨ ਦਿੱਲੀ ਨੂੰ ਭੱਜੀ ਜਾ ਰਹੀ ਸੀ।

ਵੈਨ ਦੀ ਘੂਕਰ ਬੰਦ ਹੋਈ ਤਾਂ ਅਮਰ ਸਿੰਘ ਨੂੰ ਖਿ਼ਆਲ ਆਇਆ, ਵੱਜਦੇ ਬੈਂਡ ਦੀਆਂ ਸੁਰਾਂ ਵੀ ਖ਼ਾਮੋਸ਼ ਹੋ ਗਈਆਂ ਸਨ। ਜੰਝ ਤੁਰ ਗਈ ਲੱਗਦੀ ਸੀ। ਤੁਰ ਗਈਆਂ ਕਾਰਾਂ ਦੀ ਗਰਦ ਹੌਲੀ ਹੌਲੀ ਬੈਠ ਗਈ ਸੀ।
ਸ਼ਹੀਦਾਂ ਦੇ ਗੁਰਦਵਾਰੇ ਵਿਚ ਰੱਖੇ ਆਖੰਡਪਾਠ ਦੀ ਆਵਾਜ਼ ਹਵਾ ਵਿਚ ਤੈਰ ਰਹੀ ਸੀ।
ਘਰ ਦੇ ਫਿ਼ਕਰ ਕਰਦੇ ਹੋਣਗੇ!
ਉਹ ਆਪਣੇ ਆਪ ਨੂੰ ਸੰਭਾਲ ਕੇ ਪਿੰਡ ਨੂੰ ਤੁਰ ਪਿਆ।
ਫਿਰਨੀ ਤੇ ਚੜ੍ਹਿਆ ਹੀ ਸੀ ਕਿ ਸ਼ਹੀਦਾਂ ਦੇ ਗੁਰਦਵਾਰੇ ਵੱਲੋਂ ਆਉਂਦੇ ਰਾਹ ਤੋਂ ਫਿਰਨੀਏਂ ਪੈ ਕੇ ਦਲੀਪ ਸਿੰਘ ਦਾ ਪਿਤਾ ਸ਼ਰਮ ਸਿੰਘ ਦੁੱਧ ਚਿੱਟੇ ਕੱਪੜੇ ਪਾਈ ਡੰਗੋਰੀ ਨਾਲ ਜ਼ਮੀਨ ਟੋਂਹਦਾ ਅਮਰ ਸਿੰਘ ਦੇ ਐਨ ਸਾਹਮਣੇ ਆਣ ਖਲੋਤਾ। ਅਮਰ ਸਿੰਘ ਨੇ ਪਹਿਲਾਂ ਤਾਂ ਚੁੱਪ ਕਰਕੇ ਕੋਲ ਦੀ ਲੰਘ ਜਾਣਾ ਚਾਹਿਆ ਪਰ ਉਹਦਾ ਮਨ ਮੰਨਿਆਂ ਨਾ। ਫ਼ਤਹਿ ਬੁਲਾ ਕੇ ਪੁੱਛਿਆ, ਤਾਇਆ! ਤੂੰ ਜੰਝੇਂ ਨਹੀਂ ਗਿਆ?
ਤੇ ਤੂੰ ਏਥੇ ਫਿਰਦਾ ਏਂ ਉਏ; ਤੂੰ ਕਿਉਂ ਨ੍ਹੀਂ ਗਿਆ ਭਾਈ? ਸ਼ਰਮ ਸਿੰਘ ਨੇ ਹੰਮੇ ਨਾਲ ਪੁੱਛਿਆ।
ਮੈਨੂੰ ਕੋਈ ਡਾਢਾ ਈ ਮੋਰਚਾ ਫ਼ਤਹਿ ਕਰਨਾ ਪੈ ਗਿਐ, ਤਾਂ ਕਰ ਕੇ। ਉਸਨੇ ਵੱਡਾ ਸਾਰਾ ਹਾਉਕਾ ਲਿਆ।
ਏਡਾ ਕਿਹੜਾ ਤੂੰ ਜਮਰੌਦ ਦਾ ਕਿਲ੍ਹਾ ਫ਼ਤਹਿ ਕਰਨਾ ਸੀ! ਤੇਰਾ ਫ਼ਰਜ਼ ਬਣਦਾ ਸੀ ਜਾਣ ਦਾ! ਫਿਰ ਸਾਹ ਲੈ ਕੇ ਬੋਲਿਆ, ਹਲਾ! ਛੋਟਾ ਕਾਕਾ ਗਿਆ ਹੋਣੈਂ ਫੇਰ ਜੰਝ ਨਾਲ?
ਆਹੋ! ਅਮਰ ਸਿੰਘ ਨੇ ਸ਼ਰਮ ਸਿੰਘ ਨੂੰ ਨਿਰਾਸ਼ ਕਰਨਾ ਠੀਕ ਨਾ ਜਾਤਾ।
ਚਲੋ ਚੰਗੈ! ਤਸੱਲੀ ਦਾ ਸਾਹ ਲੈ ਕੇ ਸ਼ਰਮ ਸਿੰਘ ਡੰਗੋਰੀ ਸੰਭਾਲਦਾ ਨਿੱਕੇ ਕਦਮੀ ਤੁਰਨ ਲੱਗਾ।
ਹੋਰ ਸਭ ਸੁੱਖ-ਸਾਂਦ ਏ ਨਾ! ਮੈਨੂੰ ਆਂਹਦੇ ਸੀ ਨਾਲ ਜਾਣ ਵਾਸਤੇ। ਮੈਂ ਈ ਨਹੀਂ ਗਿਆ। ਅੱਜ-ਕੱਲ੍ਹ ਦੇ ਵਿਆਹ ਕਾਹਦੇ ਨੇ! ਨਿਰ੍ਹਾ ਨੱਚਣ-ਗਾਉਣ ਵਾਲੇ ਲੁੱਚਿਆਂ ਦਾ ਰੌਲਾ। ਕੋਈ ਕਿਸੇ ਦੀ ਸੁਣੇ ਨਾ ਸਮਝੇ। ਗੁਰਦਵਾਰੇ ਤੱਕ ਮੱਥਾ ਟੇਕਣ ਉਹਨਾਂ ਨਾਲ ਆ ਗਿਆ ਸਾਂ। ਕਹਿੰਦੇ ਸੀ ਕਾਰ ਤੇ ਘਰ ਲਾਹ ਜਾਂਦੇ ਆਂ। ਮੈਂ ਆਖਿਆ; ਨਹੀਂ, ਘੜੀ-ਪਲ ਪਾਠ ਸੁਣ ਕੇ ਆਪੇ ਤੁਰ ਜੂੰ ਹੌਲ਼ੀ ਹੌਲ਼ੀ ਬਾਬਾ ਨਾਲੇ ਘਰ ਵੱਲ ਫਿਰਨੀਏਂ ਫਿਰਨੀ ਤੁਰੀ ਗਿਆ ਨਾਲੇ ਗੱਲਾਂ ਕਰੀ ਗਿਆ।
ਸ਼ਰਮ ਸਿੰਘ ਨੇ ਰੁਕ ਕੇ ਇੱਕ ਵਾਰ ਐਨਕਾਂ ਨੂੰ ਠੀਕ ਕੀਤਾ ਤੇ ਅਮਰ ਸਿੰਘ ਵੱਲ ਗਹੁ ਨਾਲ ਵੇਖਿਆ, ਵੱਡੇ ਕਾਕੇ ਦੀ ਸੁਣਾ। ਖ਼ੈਰੀਂ ਮਿਹਰੀ ਏ ਨਾ?
ਸਵਾਲ ਸੁਣ ਕੇ ਅਮਰ ਸਿੰਘ ਧੁਰ ਅੰਦਰ ਤੱਕ ਹਿੱਲ ਗਿਆ। ਹੰਝੂਆਂ ਨਾਲ ਧੁੰਦਲੀਆਂ ਹੋਈਆਂ ਅੱਖਾਂ ਵਿਚੋਂ ਉਹਨੂੰ ਤਾਏ ਸ਼ਰਮ ਸਿੰਘ ਦਾ ਚਿਹਰਾ ਆਪਣੇ ਬਾਬੇ ਚੜ੍ਹਤ ਸਿੰਘ ਵਰਗਾ ਲੱਗਾ। ਕਿੰਨੇ ਨਕਸ਼ ਮਿਲਦੇ ਸਨ। ਇੱਕੋ ਲਹੂ ਸੀ, ਇੱਕੋ ਵਡੇਰੇ ਦੀ ਆਲ-ਔਲਾਦ। ਜੇ ਚੜ੍ਹਤ ਸਿੰਘ ਉਹਦਾ ਸਕਾ ਦਾਦਾ ਸੀ ਤਾਂ ਸ਼ਰਮ ਸਿੰਘ ਦਾ ਵੀ ਤਾਂ ਉਹ ਸਕਾ ਚਾਚਾ ਸੀ। ਨਕਸ਼ ਮਿਲਦੇ ਵੀ ਕਿਉਂ ਨਾ!
ਪਰ ਸ਼ਰਮ ਸਿੰਘ ਦੇ ਸਵਾਲ ਦਾ ਜਵਾਬ ਦੇਣ ਦੀ ਥਾਂ ਅਮਰ ਸਿੰਘ ਨੇ ਹੋਰ ਹੀ ਸਵਾਲ ਕਰ ਦਿੱਤਾ।
ਤਾਇਆ! ਸਾਡੇ ਬਾਪੂ ਨੂੰ, ਚੜ੍ਹਤ ਸੁੰਹ ਨੂੰ, ਚੜ੍ਹ ਸਿਹੁੰ ਕਿਉਂ ਆਂਹਦੇ ਸਨ? ਕੀ ਇਹ ਠੀਕ ਗੱਲ ਏ, ਜਿਵੇਂ ਲੋਕੀਂ ਆਂਹਦੇ ਨੇ ਕਿ ਕਿਸੇ ਦੇ ਕੋਠੇ ਤੇ ਚੋਰੀ ਚੜ੍ਹਦਿਆਂ ਉਹ ਭੁੰਜੇ ਡਿੱਗ ਪਿਆ ਸੀ ਤੇ ਲੋਕਾਂ ਨੇ ਚੜ੍ਹ ਸੁੰਹ ਉਹਦੀ ਛੇੜ ਬਣਾ ਲਈ ਸੀ? ਦਲੀਪ ਸਿੰਘ ਵੱਲੋਂ ਲਾਈ ਊਜ ਦਾ ਕੁਝ ਹਿੱਸਾ, ਸੁਨਾਉਣ ਲੱਗਿਆਂ, ਉਹ ਵੀ ਚੋਰੀ ਕਰ ਗਿਆ।
ਸ਼ਰਮ ਸਿੰਘ ਫੇਰ ਰੁਕ ਗਿਆ ਤੇ ਅਮਰ ਸਿੰਘ ਨੂੰ ਘੂਰ ਕੇ ਵੇਖਿਆ। ਐਨਕਾਂ ਦੇ ਫਰੇਮ ਹੇਠੋਂ ਉਹਦੀਆਂ ਤਿਊੜੀਆਂ ਉੱਭਰ ਆਈਆਂ, ਤੈਨੂੰ ਕਿਹੜਾ ਸਾਲਾ ਇਹ ਗੱਲ ਆਂਹਦੈ! ਓ ਸਾਡੇ ਓਸ ਸੂਰਮੇ ਚਾਚੇ ਦੀਆਂ ਰੀਸਾਂ ਕਿਹੜੀ ਲੰਡੀ-ਬੁੱਚੀ ਕਰ ਜੂ! ਸਾਰੀ ਜਿੰ਼ਦਗੀ ਲਾ ਤੀ ਲੋਕਾਂ ਦੇ ਲੇਖੇ; ਕਦੀ ਜੇਲ੍ਹਾਂ ਚ, ਕਦੀ ਮੋਰਚਿਆਂ ਚ ਤੇ ਲੋਕ ਭੌਂਕਦੇ ਨੇ ਕਿ ਉਹ ਚੋਰ ਸੀ। ਉਹ ਤਾਂ ਸਾਰੀ ਉਮਰ ਮਰਦੇ ਦਮ ਤੱਕ ਚੋਰਾਂ ਨਾਲ ਲੜਿਆ। ਉਹੋ ਜਿਹੇ ਬੰਦੇ ਹੁਣ ਰਹੇ ਨਹੀਂ ਨਾ, ਤਦੇ ਤਾਂ ਚੋਰਾਂ-ਉਚੱਕਿਆਂ ਦੀਆਂ ਚੜ੍ਹਾਂ ਮੱਚੀਆਂ ਹੋਈਆਂ ਨੇ। ਓਧਰੋਂ ਉਹ ਜੰਗ ਦੇ ਖਿ਼ਲਾਫ਼ ਪਰਚਾਰ ਕਰਨ ਕਰ ਕੇ ਜੇਲ੍ਹ ਚ ਬੰਦ ਸੀ ਤੇ ਓਧਰੋਂ ਉਹਦਾ ਪੁੱਤ ਕਰਮ ਸੁੰਹ, ਤੇਰਾ ਤਾਇਆ, ਜਰਨੈਲ ਦਾ ਬਾਪ ਜੰਗ ਵਿਚ ਮਾਰਿਆ ਗਿਆ। ਸਰਕਾਰ ਕਹਿੰਦੀ ਸੀ ਮਾਫ਼ੀ ਮੰਗ ਲਵੇ ਤਾਂ ਛੱਡਿਆ ਜਾ ਸਕਦਾ ਹੈ ਪਰ ਓਸ ਸੂਰਮੇ ਨੇ ਦਿਲ ਤੇ ਪੱਥਰ ਰੱਖ ਲਿਆ ਪਰ ਮਾਫ਼ੀ ਨਹੀਂ ਸੀ ਮੰਗੀ।
ਮੈਂ ਕਿਵੇਂ ਦਿਲ ਤੇ ਪੱਥਰ ਰੱਖ ਲਾਂ? ਆਪ ਮੁਹਾਰੇ ਅਮਰ ਸਿੰਘ ਦੇ ਮੂੰਹੋਂ ਨਿਕਲ ਗਿਆ।
ਕੀ ਆਖਿਆ? ਸ਼ਰਮ ਸਿੰਘ ਹੈਰਾਨ ਸੀ।
ਨਹੀਂ; ਮੇਰਾ ਮਤਲਬ ਦਿਲ ਤੇ ਪੱਥਰ ਰੱਖਣਾ ਵੀ ਬੜੀ ਸੂਰਮਗਤੀ ਦਾ ਕੰਮ ਏਂ।
ਪੁੱਤ! ਜਿੰਨ੍ਹਾਂ ਨੂੰ ਵੱਡੇ ਦੁੱਖ ਪੈਂਦੇ ਨੇ ਉਹਨਾਂ ਨੂੰ ਸਹਿਣ ਲਈ ਜਿਗਰੇ ਵੀ ਵੱਡੇ ਕਰਨੇ ਪੈਂਦੇ ਨੇ। ਨਾਲੇ ਸੂਰਮਗਤੀ ਕਾਹਦੀ ਸੋਹਣਿਆਂ! ਸਭ ਸਿਰ ਪਈਆਂ ਦੇ ਸੌਦੇ ਨੇ। ਵੱਡੀਆਂ ਵੱਡੀਆਂ ਮੁਸ਼ਕਲਾਂ ਬੰਦਿਆਂ ਦੇ ਸਿਰ ਈ ਪੈਂਦੀਆਂ ਆਈਆਂ ਨੇ ਤੇ ਬੰਦੇ ਈ ਉਹਨਾਂ ਨੂੰ ਸਿਰ ਤੇ ਝੱਲਦੇ ਅਤੇ ਸਹਿੰਦੇ ਆਏ ਨੇ। ਉਂਝ ਸੂਰਮਗਤੀ ਭਲੀ ਉਹੋ ਈ ਏ ਜਿਹੜੀ ਕਿਸੇ ਦੇ ਦੁੱਖ ਦਾ ਭਾਰ ਹੌਲਾ ਕਰਨ ਲਈ ਉਹਦੇ ਦੁੱਖ ਦਾ ਪਹਾੜ ਆਪਣੇ ਸਿਰ ਤੇ ਚੁੱਕ ਲਵੇ। ਜਿਵੇਂ ਬਾਬੇ ਨੇ ਆਖਿਐ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਦੂਜੇ ਤੇ ਦਇਆ ਕਰਨੀ ਤੇ ਆਪ ਸੰਤੋਖ ਕਰਨਾ। ਇਹਨਾਂ ਦੋਵਾਂ ਪੈਰਾਂ ਤੇ ਧਰਤੀ ਖਲੋਤੀ ਏ। ਸਿਰਫ਼ ਆਪਣੇ ਭਲੇ ਜਾਂ ਲਾਲਚ ਲਈ ਦੁੱਖ ਝੱਲਣਾ ਸੂਰਮਗਤੀ ਨਹੀਂ ਹੁੰਦੀ। ਉਹ ਤਾਂ ਆਪਣੀ ਗਰਜ਼ ਹੁੰਦੀ ਏ ਪੁੱਤਰਾ!।
ਜਦੋਂ ਅਮਰ ਸਿੰਘ ਨੇ ਗੱਲ ਮੁਕਾਈ ਉਹ ਅਮਰ ਸਿੰਘ ਦੀ ਹਵੇਲੀ ਦੇ ਦਰਵਾਜ਼ੇ ਅੱਗੇ ਖਲੋਤੇ ਸਨ। ਸੁਲ੍ਹਾ ਮਾਰਨ ਤੇ ਵੀ ਸ਼ਰਮ ਸਿੰਘ ਚਾਹ-ਪਾਣੀ ਪੀਣ ਲਈ ਰੁਕਿਆ ਨਹੀਂ। ਸਿੱਧਾ ਲੰਘ ਗਿਆ ਤੇ ਗਲੀ ਦਾ ਮੋੜ ਮੁੜ ਕੇ ਆਪਣੇ ਘਰ ਨੂੰ ਤੁਰ ਗਿਆ।
ਅਮਰ ਸਿੰਘ ਭਬੰਤਰਿਆ ਖੜਾ ਸੀ। ਲੱਗਾ ਜਿਵੇਂ ਸ਼ਰਮ ਸਿੰਘ ਜਾਣੀ-ਜਾਣ ਹੋਵੇ ਤੇ ਉਹਦੀ ਕਿਸੇ ਲੁਕਵੀਂ ਪੁੱਛ ਦਾ ਹੀ ਉੱਤਰ ਦੇ ਰਿਹਾ ਹੋਵੇ।

ਬਾਹਰਲੇ ਦਰਵਾਜ਼ੇ ਚ ਚੁੱਪ-ਚਾਪ ਖਲੋਤਾ ਉਹ ਘਰ ਵਿਚ ਹੋ ਰਿਹਾ ਨਾਟਕ ਵੇਖਣ ਲੱਗਾ।
ਛੋਟਾ ਗੁਰਮੇਲ ਹਵੇਲੀ ਵਿਚ ਅੱਗੇ-ਅੱਗੇ ਤੇ ਛੋਟੀ ਕੁੜੀ ਹਰਿੰਦਰ ਉਹਦੇ ਪਿੱਛੇ-ਪਿੱਛੇ ਭੱਜੇ ਫਿਰਦੇ ਸਨ। ਕਨੇਡਾ ਜਾਣ ਦੇ ਚਾਅ ਵਿਚ ਦੋਵਾਂ ਨੇ ਪਿਛਲੇ ਦਿਨਾਂ ਤੋਂ ਸਕੂਲ ਜਾਣਾ ਬੰਦ ਕਰ ਦਿੱਤਾ ਹੋਇਆ ਸੀ। ਘਰਦਿਆਂ ਨਾਲ ਉਹ ਵੀ ਆਪਣੀ ਮਰਜ਼ੀ ਦਾ ਕੱਪੜਾ-ਲਤਾ ਖ਼ਰੀਦ ਰਹੇ ਸਨ। ਮੁੰਡਾ ਤਾਂ ਪੂਰਾ ਕਨੇਡੀਅਨ ਦਿਸਣ ਲਈ ਆਪਣੇ ਵਾਲ ਵੀ ਮੁੰਨਵਾ ਆਇਆ ਸੀ। ਵੱਡੀ ਭੈਣ ਦੋਵਾਂ ਨੂੰ ਝਿੜਕ ਰਹੀ ਸੀ, ਵੇ ਨਾ ਭੱਜੋ! ਸੱਟ ਲੱਗ ਜੂ। ਤੁਹਾਡਾ ਵੀ ਹੁਣ ਤਾਂ ਸਾਹੇ ਬੱਧਿਆਂ ਵਾਲਾ ਕੰਮ ਏਂ। ਵੇ ਗੁਰਮੇਲ, ਲਾਹ ਪੈਂਟ।
ਗੁਰਮੇਲ ਪਿੱਛੇ ਭੱਜੀ ਫਿਰਦੀ ਹਰਿੰਦਰ ਨੂੰ ਝਕਾਨੀ ਦੇ ਕੇ ਵੱਡੀ ਛਿੰਦਰ ਦੇ ਸਾਹਮਣੇ ਆਣ ਖਲੋਤਾ, ਭੈਣ ਛਿੰਦੀਏ! ਮਿੰ੍ਹਦੀਏ! ਕੀ ਆਂਹਦੀ ਏਂ ਪੈਂਟ ਲਾਹ ਦਿਆਂ! ਕੁਝ ਤਾਂ ਸੋਚ ਕੀ ਆਖੀ ਜਾਂਦੀ ਏਂ!
ਵੇ ਦੁਰ ਫਿੱਟੇ ਮੂੰਹ ਤੇਰਾ। ਕਿਵੇਂ ਗੱਲਾਂ ਚੋਂ ਗੱਲਾਂ ਕੱਢਦਾ ਏ। ਚੱਲ ਮੇਰਾ ਬੀਬਾ ਵੀਰ ਲਾਹ ਦੇ। ਤੰਗ ਨਾ ਕਰ, ਤੇਰੀ ਵੱਡੀ ਭੈਣ ਏਂ।
ਗੁਰਮੇਲ ਨੇ ਹਰਿੰਦਰ ਦੀ ਨਵੀਂ ਖ਼ਰੀਦੀ ਜ਼ੀਨ ਆਪਣੀ ਪੈਂਟ ਤੇ ਚੜ੍ਹਾਈ ਹੋਈ ਸੀ। ਭਾਵੇਂ ਉਹ ਹਰਿੰਦਰ ਤੋਂ ਦੋ ਸਾਲ ਛੋਟਾ ਸੀ ਤੇ ਨੌਵੀਂ ਵਿਚ ਪੜ੍ਹਦਾ ਸੀ ਪਰ ਪਲੱਸ ਵੰਨ ਵਿਚ ਪੜ੍ਹਦੀ ਹਰਿੰਦਰ ਦੀ ਪੈਂਟ ਉਹਨੂੰ ਪੂਰੀ ਨਹੀਂ ਸੀ ਆ ਰਹੀ। ਉਹ ਉਹਨੂੰ ਤੇੜ ਅੜਾ ਕੇ ਨਾਲੇ ਭੱਜਾ ਫਿਰਦਾ ਸੀ ਨਾਲੇ ਕਹਿੰਦਾ ਸੀ, ਹੁਣੇ ਕਨੇਡਾ ਦੀ ਅੱਗ ਲੱਗ ਗਈ ਐ ਏਹਨੂੰ। ਟੌਪ ਤੇ ਪੈਂਟਾਂ ਖ਼ਰੀਦਦੀ ਏ। ਕਹਿੰਦੀ ਏ ਕਨੇਡਾ ਵਿਚ ਕੁੜੀਆਂ ਇੰਝ ਦੇ ਕੱਪੜੇ ਈ ਪਾਉਂਦੀਆਂ। ਕੱਠੀ ਮੇਮ ਬਣ ਬਣ ਬਹਿੰਦੀ ਏ।
ਚੱਲ ਵੇ ਚੱਲ। ਮੂੰਹ ਸੰਭਾਲ ਆਪਣਾ ਬਿੱਜੂਆ ਜਿਹਾ! ਸਿਰ ਵੇਖ ਕਿਵੇਂ ਰੋਡ ਭੋਡ ਕਰਵਾ ਲਿਆਇਐ, ਜਿਵੇਂ ਹੇਮੂ ਬਾਣੀਏਂ ਦੀ ਟਿੰਡ ਹੁੰਦੀ ਐ। ਕਾਂ ਨਾ ਠੂੰਗੇ ਮਾਰਨ ਲੱਗ ਜਾਣ ਵੱਡੇ ਸਲਮਾਨ ਖਾਨ ਨੂੰ। ਜੇ ਤੈਨੂੰ ਨਾਈਕੀ ਦੇ ਸ਼ੂ ਤੇ ਟੀ-ਸ਼ਰਟਾਂ ਚਾਹੀਦੀਆਂ ਤਾਂ ਮੇਰੇ ਦੋ ਟੌਪ ਤੇ ਜੀਨ ਵੇਖ ਕੇ ਤੇਰੇ ਕਿਉਂ ਢਿੱਡ ਪੀੜ ਹੁੰਦੀ ਏ! ਜੇ ਮੈਂ ਮੇਮ ਨਹੀਂ ਤਾਂ ਤੂੰ ਵੀ ਜਾ ਕੇ ਕਿਹੜਾ ਸਾਹਬ ਬਣ ਚੱਲਿਐਂ। ਕਨੇਡਾ ਜਾ ਕੇ ਤਾਂ ਟਰੱਕ ਈ ਚਲਾਉਣੈਂ। ਉਸਨੇ ਗੁਰਮੇਲ ਵੱਲੋਂ ਲਾਹ ਕੇ ਸੁੱਟੀ ਜ਼ੀਨ ਚੁੱਕੀ। ਮੂੰਹ ਵਿੰਗਾ ਕਰਕੇ ਤੇ ਜੀਭ ਕੱਢ ਕੇ, ਯਾਰਾਂ ਦਾ ਟਰੱਕ ਬੱਲੀਏ! ਕਿਹਾ ਤੇ ਭੱਜ ਉੱਠੀ।
ਗੁਰਮੇਲ ਫੇਰ ਉਸਦੇ ਪਿੱਛੇ ਦੌੜਿਆ, ਖਲੋ ਤੇਰੇ ਦੀ! ਵੱਡੀ ਐਸ਼ਵਰੀਆ ਰਾਏ!
ਜਦੋਂ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਹੁੰਦੇ ਸਨ ਤਾਂ ਗੁਰਮੇਲ ਬਾਲ-ਸਭਾ ਵਿਚ ਸਦਾ ਇਹੋ ਈ ਗੀਤ ਗਾਉਂਦਾ ਹੁੰਦਾ ਸੀ, ਜੀ ਟੀ ਰੋਡ ਤੇ ਦੁਹਾਈਆਂ ਪਾਵੇ, ਯਾਰਾਂ ਦਾ ਟਰੱਕ ਬੱਲੀਏ! ਉਦੋਂ ਤੋਂ ਹਰਿੰਦਰ ਨੇ ਉਹਨੂੰ ਮਖ਼ੌਲ ਨਾਲ ਟਰੱਕ ਡਰਾਈਵਰ ਕਹਿਣਾ ਸ਼ੁਰੂ ਕਰ ਦਿੱਤਾ ਸੀ।
ਨੀ ਕੁੜੀਏ! ਕਨੇਡਾ ਦੇ ਟਰੱਕ ਡਰੈਵਰ ਕਿਤੇ ਐਵੇਂ ਕਿਵੇਂ ਹੁੰਦੇ ਨੇ! ਵੀਰ ਦੇ ਟਰੱਕ ਦੀ ਕਮਾਈ ਨਾਲ ਈ ਕਨੇਡਾ ਚੱਲੀ ਏਂ। ਓਥੇ ਜਾ ਕੇ ਫੇਰ ਭਾਵੇਂ ਏਧਰੋਂ ਵੱਡੇ ਤੋਂ ਵੱਡੇ ਡਾਕਟਰ ਇੰਜੀਨੀਅਰ ਨੂੰ ਵਿਆਹ ਕੇ ਲੈ ਜਾਈਂ!
ਹੋਰ ਕੀ, ਏਥੇ ਤਾਂ ਇਹਨੂੰ ਕਾਣੇ ਗੇਜੂ ਵਰਗਾ ਮੁੰਡਾ ਵੀ ਮੁਸ਼ਕਲ ਨਾਲ ਮਿਲਣਾ ਸੀ!
ਗੁਰਮੇਲ ਚੋਟ ਕਰਕੇ ਅੰਦਰਲੇ ਵਸੋਂ ਵਾਲੇ ਹਿੱਸੇ ਵੱਲ ਭੱਜਾ। ਬਦਲਾ ਲੈਣ ਲਈ ਪਿੱਛੇ ਪਿੱਛੇ ਹਰਿੰਦਰ ਦੌੜ ਪਈ।
ਭੈਣ ਭਰਾ ਵੱਲੋਂ ਵਿਹਲੀ ਹੋ ਕੇ ਛਿੰਦਰ ਨੇ ਡੌਰ ਭੌਰ ਹੋਏ ਪਿਤਾ ਵੱਲ ਵੇਖਿਆ।
ਭਾ ਜੀ! ਕਿੱਥੇ ਚਲੇ ਗਏ ਸੀ ਤੁਸੀਂ। ਅਸੀਂ ਤਾਂ ਹੁਣ ਗੁਰਮੇਲ ਨੂੰ ਪ੍ਰੋਫ਼ੈਸਰ ਵੱਲ ਘੱਲਣ ਲੱਗੇ ਸਾਂ। ਉਹ ਪਿਛਲੇ ਵਿਹੜੇ ਵਿਚ ਖੁੱਲ੍ਹਦਾ ਦਰਵਾਜ਼ਾ ਲੰਘ ਕੇ ਅੰਦਰ ਵੱਲ ਹੋਏ। ਸੁਰਜੀਤ ਕੌਰ ਚੌਂਤਰੇ ਵਿਚੋਂ ਕਾਹਲੀ ਨਾਲ ਉੱਠ ਕੇ ਉਹਨਾਂ ਵੱਲ ਵਧੀ।
ਹੱਦ ਹੋ ਗਈ ਤੁਹਾਡੀ। ਕਿੱਥੇ ਚਲੇ ਗਏ ਸੀ!
ਐਥੇ ਈ ਸਾਂ। ਜਾਣਾ ਕਿੱਥੇ ਐ। ਮੈਂ ਜ਼ਰਾ ਪੈਲੀਆਂ ਵੱਲ ਗੇੜਾ ਮਾਰਨ ਨਿਕਲ ਗਿਆ ਸਾਂ। ਸੋਚਿਆ; ਵੇਖਾਂ ਕਣਕ ਕਿਸ ਦਿਨ ਤੱਕ ਵੱਢਣ ਦੇ ਵੱਤਰ ਤੇ ਹੋਊ। ਕੱਲ੍ਹ ਵਿਸਾਖੀ ਆ ਤੇ ਅਜੇ ਫ਼ਸਲ ਨੂੰ ਦਾਤਰੀ ਫਿਰਨ ਦਾ ਕੋਈ ਲੱਲ੍ਹ ਨਹੀਂ ਲੱਗਦਾ। ਮੇਰੇ ਮਨ ਚ ਸੀ ਕਿ ਕਣਕ ਸਾਂਭ ਕੇ ਈ ਕਨੇਡਾ ਜਾਵਾਂਗੇ, ਪਰ ਓਧਰੋਂ ਅਮਰੀਕ ਜ਼ੋਰ ਤੇ ਜ਼ੋਰ ਪਾਈ ਜਾਂਦੈ ਕਿ ਛੇਤੀ ਤੋਂ ਛੇਤੀ ਆਓ। ਘਰ ਦਾ ਸਰਦਾ ਨਹੀਂ। ਉਹ ਤਾਂ ਅੱਜ-ਭਲਕ, ਅੱਜ-ਭਲਕ ਈ ਕਰੀ ਜਾਂਦੈ। ਸਵੇਰੇ ਵੀ ਏਹੋ ਫ਼ੋਨ ਆਇਐ ਪ੍ਰੋਫ਼ੈਸਰ ਵੱਲ। ਤੁਸੀਂ ਤਿਆਰ ਹੋ ਜੋ।
ਉਸਨੇ ਇੱਕੋ ਵਾਰ ਸਾਰੀਆਂ ਪੁੱਛਾਂ ਦਾ ਉੱਤਰ ਦੇਣ ਦੀ ਕੋਸਿ਼ਸ਼ ਕੀਤੀ। ਫਿਰ ਛਿੰਦਰ ਨੂੰ ਮੁਖ਼ਾਤਬ ਹੋਇਆ, ਛਿੰਦਰ! ਜਿਸ ਹਿਸਾਬ ਨਾਲ ਅਮਰੀਕ ਨੇ ਕਾਹਲੀ ਪਾਈ ਹੋਈ ਐ; ਕਣਕ ਮੈਨੂੰ ਲੱਗਦੈ, ਪਿੱਛੋਂ ਤੁਹਾਨੂੰ ਈ ਸਾਂਭਣੀ ਪੈਣੀ ਏਂ। ਤੁਸੀਂ ਆਪਣਾ ਡੇਰਾ-ਡੰਡਾ ਚੁੱਕ ਕੇ ਹੁਣ ਅੱਜ-ਭਲਕ ਚ ਏਥੇ ਆਉਣ ਦੀ ਕਰੋ। ਪ੍ਰਾਹੁਣੇ ਨੂੰ ਮੈਂ ਸਵੇਰੇ ਆਉਣ ਲਈ ਪਹਿਲਾਂ ਈ ਸੱਦ ਘੱਲਿਐ। ਤੇ ਮਾਂ ਆਪਣੀ ਨੂੰ ਆਖ ਨਾਲ ਲਿਜਾਣ ਵਾਲਾ ਸਮਾਨ ਸਾਂਭ-ਸਭਾ ਲਵੇ, ਜੋ ਕੁਝ ਸਾਂਭਣੈਂ। ਤੁਸੀਂ ਤਿਆਰੀ ਫੁੱਲ ਰੱਖੋ। ਇਹ ਵੀ ਹੋ ਸਕਦੈ ਕੱਲ੍ਹ ਜਾਂ ਪਰਸੋਂ ਈ ਤੁਰਨਾ ਪੈ ਜਾਏ।
ਲੈ ਹਾਇ! ਏਨੀ ਵੀ ਕਾਹਲੀ ਕੀ ਆਖ! ਹੋਰ ਪੰਜਾਂ ਦਸਾਂ ਦਿਨਾਂ ਤੱਕ ਕੀ ਅਸਮਾਨ ਢਹਿ ਚੱਲਿਐ! ਨਾਲੇ ਕਣਕ ਸਾਂਭੀ ਜਾਂਦੀ। ਤਿਆਰੀ ਨੂੰ ਤਾਂ ਊਂ ਤਿਆਰੀ ਈ ਏ। ਪਰ ਅਜੇ ਤਾਂ ਮੁੰਡੇ ਲਈ ਤਿੱਲੇ ਵਾਲੀ ਜੁੱਤੀ ਵੀ ਨਹੀਂ ਲਿਆਂਦੀ। ਅਮਰੀਕ ਨੇ ਤੈਨੂੰ ਆਖਿਆ ਵੀ ਹੋਇਐ। ਪਰ ਤੇਰਾ ਤਾਂ ਟੈਮ ਈ ਨਹੀਂ ਲੱਗਦਾ। ਦੋ ਤਾਂ ਸਾਰੀਆਂ ਚੀਜਾਂ ਮੰਗੀਐਂ ਉਹਨੇ। ਕਾਲਾ ਚਾਦਰਾ ਲਾਉਣ ਲਈ ਤੇ ਪਾਉਣ ਲਈ ਤਿੱਲੇ ਵਾਲੀ ਜੁੱਤੀ। ਬੜਾ ਸ਼ੌਕ ਐ ਦੋਵੇਂ ਚੀਜ਼ਾਂ ਪਾਉਣ ਦਾ।
ਉਹ ਵਿਹੜੇ ਵਿਚ ਲੱਗੇ ਲਸੂੜ੍ਹੇ ਦੇ ਛੋਟੇ ਜਿਹੇ ਰੁੱਖ ਹੇਠਾਂ ਡੱਠੇ ਮੰਜੇ ਤੇ ਬਹਿ ਗਿਆ। ਸੁਰਜੀਤ ਕੌਰ ਦੀ ਗੱਲ ਦੇ ਜਵਾਬ ਵਿਚ ਆਖਿਆ, ਅਸਮਾਨ ਡਿੱਗਣ ਲੱਗਿਆਂ ਪੰਜ ਦਸ ਦਿਨ ਤਾਂ ਬੜੇ ਹੁੰਦੇ ਨੇ ਕਮਲੀਏ! ਅਸਮਾਨ ਤਾਂ ਪਲ਼-ਛਿਣ ਵਿਚ ਢਹਿ ਪੈਂਦੈ, ਜਦੋਂ ਢਹਿਣਾ ਹੋਵੇ! ਹੁਣ ਜੁੱਤੀਆਂ ਤੇ ਚਾਦਰੇ ਖ਼ਰੀਦਣ ਜੋਗਾ ਟੈਮ ਨਹੀਂ ਮੇਰੇ ਕੋਲ।
ਕਿਹੋ ਜਿਹੀਆਂ ਢੱਠੀਆਂ ਗੱਲਾਂ ਕਰਨ ਡਹੇ ਜੇ। ਸ਼ੁਭ ਸ਼ੁਭ ਬੋਲੋ।
ਸੁਰਜੀਤ ਕੌਰ ਥਾਲੀ ਵਿਚ ਰੋਟੀ ਪਾ ਕੇ ਲਿਆਈ ਤਾਂ ਬੁਰਕੀ ਉਹਦੇ ਸੰਘ ਵਿਚੋਂ ਥੱਲੇ ਨਾ ਉੱਤਰੇ। ਉਸਨੇ ਆਚਾਰ ਮੰਗਿਆ। ਸ਼ਾਇਦ ਉਸ ਨਾਲ ਲਾ ਕੇ ਹੀ ਵਿਖਾਵੇ ਵਾਸਤੇ ਕੋਈ ਗਰਾਹੀ ਨਿਗਲ਼ ਲਵੇ। ਪਰ ਦਿਲ ਨਹੀਂ ਮੰਨਿਆਂ। ਥਾਲੀ ਉਹਨੇ ਮੰਜੇ ਤੇ ਪਰ੍ਹਾਂ ਨੂੰ ਧੱਕ ਦਿੱਤੀ।
ਨਾ ਗੱਲ ਕੀ ਏ? ਮੂੰਹ ਕਿਵੇਂ ਰੋਣਾ ਜਿਹਾ ਬਣਾਇਐ। ਉੱਘ ਦੀਆਂ ਪਤਾਲ ਮਾਰੀ ਜਾਂਦੇ ਓ। ਜੇ ਰੋਟੀ ਸਵਾਦ ਨਹੀਂ ਲੱਗੀ ਤਾਂ ਕਾਲੀ ਲੂਣ-ਮਿਰਚ ਪਾ ਕੇ ਪਰੌਂਠੀ ਲਾਹ ਦਿਆਂ ਚਾਹ ਨਾਲ। ਸੁਰਜੀਤ ਕੌਰ ਨੇ ਥਾਲੀ ਚੁੱਕਦਿਆਂ ਕਿਹਾ।
ਓਂ ਈ ਸਰੀਰ ਕੁਝ ਵੱਲ ਨਹੀਂ ਸਵੇਰ ਦਾ। ਫਿ਼ਕਰ ਵਾਲੀ ਉਂਝ ਏਡੀ ਕੋਈ ਗੱਲ ਨਹੀਂ। ਉਹ ਓਥੇ ਈ ਮੰਜੀ ਤੇ ਟੇਢਾ ਹੋ ਗਿਆ ਤੇ ਸੱਜੀ ਬਾਂਹ ਅੱਖਾਂ ਉੱਤੇ ਰੱਖ ਲਈ।
ਸੁਰਜੀਤ ਕੌਰ ਚੁੱਲ੍ਹੇ-ਚੌਂਕੇ ਦੇ ਕੰਮ ਜਾ ਲੱਗੀ ਤੇ ਛਿੰਦਰ ਉਹਦੀ ਪੁਆਂਦੀ ਆਣ ਬੈਠੀ।
ਥੋੜ੍ਹੀ ਦੇਰ ਬਾਦ ਸੁਰਜੀਤ ਕੌਰ ਵੀ ਥਾਲੀ ਫੜ੍ਹ ਲਿਆਈ ਤੇ ਉਹਨਾਂ ਦੇ ਨੇੜੇ ਹੀ ਲਸੂੜੇ ਦੀ ਛਾਵੇਂ ਪੀੜ੍ਹੀ ਰੱਖ ਕੇ ਬਹਿ ਗਈ।
ਅਮਰੀਕ ਦੇ ਭਾ, ਜੇ ਬਹੁਤੀ ਕਾਹਲੀ ਕਰਦਾ ਏ ਅਮਰੀਕ; ਤਾਂ ਐਂ ਨਾ ਕਰੀਏ ਅਸੀਂ ਮਾਵਾਂ-ਧੀਆਂ ਸ਼ਹਿਰੋਂ ਗੇੜਾ ਮਾਰ ਆਈਏ। ਦੋ-ਚਾਰ ਚੀਜ਼ਾਂ ਜਿਹੜੀਆਂ ਰਹਿੰਦੀਆਂ ਨੇ ਲੈ ਆਈਏ।
ਜਾਓ, ਜਿੱਥੇ ਜਾਣਾ ਐਂ, ਜਾ ਆਓ। ਉਹਨੂੰ ਉਹਨਾਂ ਦਾ ਇਹ ਫ਼ੈਸਲਾ ਵੀ ਠੀਕ ਹੀ ਲੱਗਾ। ਉਹਨਾਂ ਦੇ ਸਾਹਮਣੇ ਹੋਣ ਨਾਲ ਆਪਣਾ ਆਪ ਸੰਭਾਲਣਾ ਔਖਾ ਹੋ ਰਿਹਾ ਸੀ।
ਪਰ ਮੈਨੂੰ ਇੱਕ ਚਾਦਰ ਲਿਆ ਦਿਓ। ਉੱਤੇ ਲੈ ਕੇ ਘੜੀ ਪਲ਼ ਆਰਾਮ ਕਰ ਲਵਾਂ। ਜਾਣੀਦਾ, ਬੁਖ਼ਾਰ ਜਿਹਾ ਨਾ ਹੋ ਜਾਵੇ। ਉੱਠ ਕੇ ਫੇਰ ਬਿਹਾਰੀ ਡਾਕਟਰ ਵੱਲ ਜਾਂਦਾਂ।
ਛਿੰਦਰ ਉੱਠ ਕੇ ਗਈ ਤੇ ਅੰਦਰੋਂ ਚਾਦਰ ਫੜ੍ਹ ਲਿਆਈ।
ਜੇ ਤੁਹਾਡਾ ਜੀ ਰਾਜ਼ੀ ਨਹੀਂ ਤਾਂ ਨਹੀਂ ਜਾਂਦੇ। ਸੁਰਜੀਤ ਕੌਰ ਨੇ ਉਹਦੀ ਬਾਂਹ ਫੜ੍ਹ ਕੇ ਨਬਜ਼ ਟੋਹੀ, ਤਾਪ ਤਾਂ ਨਹੀਂ ਲੱਗਦਾ।
ਓ ਨਹੀਂ, ਐਹੋ ਜਿਹੀ ਕੋਈ ਗੱਲ ਨਹੀਂ। ਸਗੋਂ ਜਾਓ ਤੁਸੀਂ। ਛੇਤੀ ਮੁੜਨ ਵਾਲੀਆਂ ਬਣੋਗੀਆਂ। ਕੱਲ੍ਹ ਵਿਸਾਖੀ ਕਰਕੇ ਓਂ ਵੀ ਸ਼ਹਿਰ ਚ ਭੀੜ ਹੋਣੀ ਐਂ। ਆਪਣੇ ਕੋਲ ਦਿਨ ਵੀ ਨਹੀਂ ਹੈਗੇ।
ਬੀਬੀ, ਮੈਂ ਵੀ ਜਾਣੈ ਨਾਲ। ਇੱਕ ਤਾਂ ਮੈਂ ਵੀਰ ਵਰਗੀਆਂ ਕਾਲੀਆਂ ਰੇ-ਬੈਨ ਦੀਆਂ ਐਨਕਾਂ ਲੈਣੀਆਂ ਨੇ। ਇੱਕ ਜੰਜੀਰੀ ਵਾਲੀ ਬੈਲਟ ਲੈਣੀ ਏਂ। ਕੁਝ ਹੋਰ ਚੀਜ਼ਾਂ ਵੀ ਲੈਣੀਆਂ ਨੇ। ਗੁਰਮੇਲ ਨੇ ਉਹਨਾਂ ਦਾ ਪ੍ਰੋਗਰਾਮ ਸੁਣ ਕੇ ਆਪਣਾ ਆਪ ਵੀ ਵਿਚ ਸ਼ਾਮਲ ਕਰ ਲਿਆ।
ਇੱਕ ਲੈਣੀਆਂ ਨੇ ਜਰਦੇ ਦੀਆਂ ਪੁੜੀਆਂ, ਤਲੀ ਤੇ ਰੱਖਕੇ ਮਲਣ ਲਈ ਤੇ ਡਰੈਵਰ ਦੀ ਸੀਟ ਤੇ ਬਹਿਣ ਤੋਂ ਪਹਿਲਾਂ ਫੱਕਾ ਮਾਰਨ ਨੂੰ। ਲੈ ਜਾਓ, ਲੈ ਜੋ ਇਹਨੂੰ ਯਾਰਾਂ ਦੇ ਟਰੱਕ ਨੂੰ। ਇਹਦੀ ਬੱਲੀ ਕਨੇਡਾ ਦੀ ਜੀ ਟੀ ਰੋਡ ਤੇ ਖਲੋਤੀ ਇਹਨੂੰ ਉਡੀਕਣ ਡਹੀ ਏ। ਹਰਿੰਦਰ ਨੇ ਛੇੜਿਆ, ਹੋਰ ਗੱਲ ਦੱਸਾਂ ਤੁਹਾਨੂੰ। ਪਿਛਲੇ ਦਿਨੀਂ ਜਦੋਂ ਗਿਆਨੀ ਪ੍ਰੀਤਮ ਸਿੰਘ ਨੇ ਕਲਾਸ ਵਿਚ ਸਭ ਨੂੰ ਪੁੱਛਿਆ ਕਿ ਉਹ ਵੱਡੇ ਹੋ ਕੇ ਜਿ਼ੰਦਗੀ ਵਿਚ ਕੀ ਬਣਨਾ ਚਾਹੁੰਦੇ ਨੇ; ਤਾਂ ਮੇਰੇ ਵੀਰ ਜੀ, ਸਲਮਾਨ ਖਾਨ ਜੀ ਕਹਿੰਦੇ, ਮੈਂ ਜੀ, ਕਨੇਡਾ ਵਿਚ ਜਾ ਕੇ ਟਰੱਕ ਡਰੈਵਰ ਬਣਨਾ ਚਾਹੁੰਦਾਂ। ਬੜੀ ਕਮਾਈ ਆ ਉਹਨਾਂ ਨੂੰ। ਥੋੜ੍ਹੇ ਚਿਰ ਬਾਅਦ ਗਿਆਨੀ ਨੇ ਫ਼ਰੀਦ ਦੇ ਸਲੋਕਾਂ ਦੇ ਅਰਥ ਪੁੱਛਣੇ ਸ਼ੁਰੂ ਕੀਤੇ ਤਾਂ ਸਾਹਿਬ ਜੀ ਨੂੰ ਆਏ ਨਾ। ਗਿਆਨੀ ਨੇ ਇਹਦੀ ਅੱਖਾਂ ਤੱਕ ਆਈ ਪੱਗ ਦੇ ਪੱਲੇ ਨੂੰ ਹੱਥ ਨਾਲ ਉਤਾਂਹ ਚੁੱਕਿਆ ਤੇ ਗੱਲ੍ਹ ਨੰਗੀ ਕਰਕੇ ਵੱਟ ਕੇ ਚਪੇੜ ਮਾਰੀ। ਕਹਿੰਦਾ, ਭੂਤਨੀ ਦਿਆ! ਉਂਝ ਤਾਂ ਕਹਿੰਦੈਂ, ਮੈਂ ਟਰੱਕ ਡਰਾਈਵਰ ਬਣਨਾ ਏਂ! ਪਹਿਲਾਂ ਆਹ ਪੱਗ ਵਾਲਾ ਹਵਾਈ ਜਹਾਜ਼ ਜਿਹਾ ਤਾਂ ਤਾਂਹ ਕਰ; ਕੰਜਰਾ! ਕਿਤੇ ਗੱਡੀ ਖੱਡਿਆਂ ਚ ਮਾਰੇਂਗਾ! ਪਿਓ ਵਾਲਾ ਟਰੱਕ ਡਰਾਈਵਰ ਨਾ ਹੋਵੇ ਤੇ!
ਮੰਮੀ ਹਟਾ ਲੌ ਇਹਨੂੰ। ਆਪਣੀ ਵਾਰੀ ਚੀਕਦੀ ਏ।
ਨਾ ਨੀ ਧੀਏ, ਮੈਂ ਨਹੀਂ ਆਪਣੇ ਪੁੱਤ ਨੂੰ ਟਰੱਕ ਡਰੈਵਰ ਬਣਨ ਦੇਣਾ। ਡਰੈਵਰ ਦਾ ਤਾਂ ਹਰ ਵੇਲੇ ਸੱਟ-ਫੇਟ ਲੱਗ ਜਾਣ ਦਾ ਸਹਿਮ ਈ ਬਣਿਆਂ ਰਹਿੰਦੈ। ਮੈਂ ਤਾਂ ਪੜ੍ਹਾਊਂ ਕਨੇਡਾ ਜਾ ਕੇ ਓਥੋਂ ਦੀ ਪੜ੍ਹਾਈ, ਤੇ ਸਾਹਬ ਬਣਾਊਂ ਆਪਣੇ ਪੁੱਤ ਨੂੰ।
ਤੇ ਤੈਨੂੰ ਕਿਸੇ ਕਾਲੇ ਹਬਸ਼ੀ ਨਾਲ ਵਿਅ੍ਹਾਵਾਂਗੇ, ਕਰੜ-ਝੋਟ ਜਿਹੇ ਨਾਲ। ਗੁਰਮੇਲ ਨੇ ਟੋਣਾ ਮਾਰਿਆ।
ਹਲਾ ਜੀ, ਤੇ ਪਰਚੀਆਂ ਪਾੜ ਕੇ ਕਿਹੜਾ ਪੁਚਾਊ ਤੈਨੂੰ ਇਮਤਿਹਾਨਾਂ ਵਿਚ ਨਕਲ ਮਾਰਨ ਵਾਸਤੇ। ਕੱਲ੍ਹੀਆਂ ਬੂਟ-ਜੁਰਾਬਾਂ ਨਾਲ ਤਾਂ ਸਰਨਾ ਨਹੀਂ। ਆਪਣੀ ਪੱਗ ਦਾ ਤਾਂ ਇਹ ਟੈਂਟਾ ਹੀ ਮੁਕਾ ਆਇਆ ਸਿਰ ਮੁਨਾ ਕੇ, ਜਿਹੜੀ ਸਭ ਤੋਂ ਵੱਡੀ ਰੱਖ ਸੀ ਪਰਚੀਆਂ ਲੁਕਾਉਣ ਵਾਸਤੇ। ਇੱਕ ਪਰਚੀ ਐਸ ਪੇਚ ਵਿਚ, ਇਕ ਐਸ ਵਿਚ, ਇਕ ਓਸ ਵਿਚ। ਉਹ ਖਿ਼ਆਲੀ ਪਰਚੀਆਂ ਖਿ਼ਆਲੀ ਪੱਗ ਵਿਚ ਤੁੰਨ ਤੁੰਨ ਕੇ ਵਿਖਾਉਣ ਲੱਗੀ, ਅਠਵੀਂ ਦੇ ਪੱਕੇ ਇਮਤਿਹਾਨਾਂ ਵਿਚ ਗਿਆਨੀ ਮਾਸਟਰ ਇਹਦੇ ਕੋਲ ਖਲੋ ਕੇ ਸਾਰੀ ਜਮਾਤ ਨੂੰ ਬੋਲ ਕੇ ਪਰਚਾ ਹੱਲ ਕਰਾ ਰਿਹਾ ਸੀ; ਉਹਨੇ ਇਹਦੇ ਪਰਚੇ ਵੱਲ ਵੇਖਿਆ ਤੇ ਇਹਨੂੰ ਕਹਿੰਦਾ, ਉਏ! ਕੱਕੇ ਨੂੰ ਸਿਹਾਰੀ ਪਾ। ਇਹ ਅੱਗੋਂ ਬਣਾ ਸਵਾਰ ਕੇ ਕਹਿੰਦਾ ਜੀ, ਸੱਜੇ ਪਾਸੇ ਕਿ ਖੱਬੇ ਪਾਸੇ ਜੀ? ਉਹਨੇ ਅੱਗੋਂ ਆਪਣੇ ਮੱਥੇ ਤੇ ਹੱਥ ਮਾਰਿਆ। ਕਹਿੰਦਾ, ਨਕਲਾਂ ਮਾਰ ਕੇ ਪਾਸ ਹੋਏ ਇਹੋ ਜਿਹੇ ਪੜ੍ਹਾਕੂ ਡੀ ਸੀ ਤੋਂ ਘੱਟ ਨੌਕਰੀ ਕਿਹੜੀ ਕਰਨਗੇ!
ਅਮਰ ਸਿੰਘ ਨੇ ਵੇਖਿਆ; ਡੀ ਸੀ ਵਾਲੀ ਕਾਰ ਚੋਂ ਉੱਤਰ ਕੇ ਗੁਰਮੇਲ ਡੰਗਰਾਂ ਵਾਲੇ ਅੰਦਰ ਲੁਕ ਕੇ ਸਮੈਕ ਪੀਣ ਲੱਗਾ। ਧੁਆਂਖਿਆ ਚਿਹਰਾ, ਹੜਬਾਂ ਨਿਕਲੀਆਂ ਹੋਈਆਂ, ਲਾਲ-ਸੁਰਖ਼ ਅੱਖਾਂ ਤੇ ਖਿੱਲਰੇ ਵਾਲ।
ਗੁਰਮੇਲ ਹਰਿੰਦਰ ਤੇ ਚੀਕਿਆ, ਖਲੋ ਜਾ ਐਸਵਰੀਆ ਰਾਇ! ਜਾਂਦੀ ਨੀ ਬਚ ਕੇ।
ਉਹ ਉਹਨੂੰ ਫੜ੍ਹਨ ਲਈ ਅਹੁਲਿਆ।
ਉਹ ਛਾਲ ਮਾਰ ਕੇ ਭੁੜਕ ਕੇ ਔਹ ਗਈ।
ਉਹ ਵਿਹੜੇ ਵਿਚ ਅੱਗੜ-ਪਿੱਛੜ ਦੌੜ ਰਹੇ ਸਨ।
ਵੇ ਨਾ ਵੇ, ਅਕਲ ਕਰੋ ਕੁਛ। ਕਿਤੇ ਡਿਗ ਕੇ ਸੱਟ-ਫੇਟ ਲਵਾ ਲਓਗੇ। ਸੁਰਜੀਤ ਕੌਰ ਨੇ ਤਰਲਾ ਲੈਣ ਵਰਗੀ ਡਾਂਟ ਮਾਰੀ।
ਉਹਨਾਂ ਨੂੰ ਇਸਤਰ੍ਹਾਂ ਸ਼ਰਾਰਤਾਂ ਕਰਦਿਆਂ ਵੇਖ ਕੇ ਛਿੰਦਰ ਨੂੰ ਅਮਰੀਕ ਦਾ ਚੇਤਾ ਆ ਗਿਆ। ਉਹਦਾ ਅਮਰੀਕ ਨਾਲੋਂ ਛੇ ਸੱਤ ਸਾਲ ਦੀ ਉਮਰ ਦਾ ਫ਼ਰਕ ਸੀ। ਕਈ ਚਿਰ ਉਹ ਕੱਦ ਦੀ ਮਧਰੀ ਜਿਹੀ ਹੀ ਰਹੀ। ਚੌਦਾਂ ਪੰਦਰਾਂ ਸਾਲਾਂ ਦੀ ਹੋ ਕੇ ਹੀ ਉਸਨੇ ਕੁਝ ਕੱਦ ਕੱਢਿਆ। ਅਮਰੀਕ ਤਾਂ ਚੌਦਾਂ ਪੰਦਰਾਂ ਸਾਲਾਂ ਦਾ ਈ ਚੰਗਾ ਹੁੰਦੜਹੇਲ ਸੀ। ਪਲੇਠੀ ਦਾ ਪੁੱਤ। ਖੁੱਲ੍ਹੇ ਹੱਡਾਂ-ਪੈਰਾਂ ਵਾਲਾ।
ਬੀਬੀ, ਤੈਨੂੰ ਯਾਦ ਏ, ਵੀਰ ਮੈਨੂੰ ਨਿੱਕੀ ਹੁੰਦੀ ਨੂੰ ਲਸੂੜੇ ਦੀ ਐਸ ਡਾਹਣੀ ਤੇ ਚੁੱਕ ਕੇ ਬਿਠਾ ਦੇਂਦਾ ਹੁੰਦਾ ਸੀ। ਉਹਨੇ ਮੰਜੀ ਤੋਂ ਉੱਠ ਕੇ ਉਸ ਹੇਠਲੀ ਟਾਹਣੀ ਨੂੰ ਹੱਥ ਲਾਇਆ, ਜਿਹੜੀ ਉਹਨੂੰ ਉਦੋਂ ਅੱਧ ਅਸਮਾਨ ਜਾਪਦੀ ਹੁੰਦੀ ਸੀ।
ਮੈਨੂੰ ਬਿਠਾ ਕੇ ਆਪ ਜਾਣ-ਬੁੱਝ ਕੇ ਅੰਦਰ ਨੂੰ ਚਲੇ ਜਾਣਾ। ਮੈਂ ਡਰਦੀ ਬਹੁਤ ਸਾਂ, ਨਾਲੇ ਚੀਕਾਂ ਮਾਰਨੀਆਂ, ਨਾਲੇ ਗਾਲ੍ਹਾਂ ਕੱਢਣੀਆਂ। ਮੈਨੂੰ ਡਾਡਾਂ ਮਾਰਦਿਆਂ ਵੇਖ ਉਸਨੇ ਅੰਦਰੋਂ ਬਾਹਰ ਨਿਕਲਣਾ। ਵੇਖ ਵੇਖ ਹੱਸੀ ਜਾਣਾ। ਤੂੰ ਹੁਣ ਵਾਂਗ ਈ, ਵੇ ਨਾ ਵੇ, ਕੁੜੀ ਨੂੰ ਡਰ ਨਾਲ ਕੁਝ ਹੋ ਜੂ ਕਰੀ ਜਾਣਾ। ਉਹਨੇ ਆਖਣਾ, ਡਾਹਣੀ ਨਾਲ ਹੇਠਾਂ ਨੂੰ ਲਮਕ ਜਾ। ਮੈਂ ਤਾਂ ਤੇਰੇ ਭਲੇ ਲਈ ਤੈਨੂੰ ਉੱਤੇ ਚੜ੍ਹਾਇਐ। ਲਮਕ ਲਮਕ ਕੇ ਲੰਮੀ ਹੋ ਜੇਂ ਗੀ। ਨਹੀਂ ਤਾਂ ਮੇਰੇ ਵਿਆਹ ਤੇ ਤੈਨੂੰ ਰੰਗ ਕਰਨ ਵਾਲੀ ਪੌੜੀ ਲਿਆ ਕੇ ਸਿਹਰਾ ਬੰਨ੍ਹਣਾ ਪੈਣਾ। ਘੋੜੀ ਦੀ ਵਾਗ ਗੁੰਦਣ ਲਈ ਵੀ ਹੇਠਾਂ ਮੇਜ਼ ਰੱਖਣਾ ਪਊ।
ਉਹ ਕੁਝ ਚਿਰ ਚੁੱਪ ਬੈਠੀ ਰਹੀ, ਚੁਅ! ਸਾਨੂੰ ਤਾਂ ਨਾ ਵੀਰ ਦਾ ਸਿਹਰਾ ਬੰਨ੍ਹਣਾ ਨਸੀਬ ਹੋਇਆ, ਨਾ ਘੋੜੀਆਂ ਗਾਉਣੀਆਂ। ਹੁਣ ਤੁਸੀਂ ਵੀ ਤੁਰ ਚੱਲੇ ਜੇ। ਮੈਂ ਕੱਲ੍ਹੀ ਪਿੱਛੇ ਕੀਹਦਾ ਮੂੰਹ ਵੇਖਿਆ ਕਰੂੰ।
ਛਿੰਦਰ ਅੱਖਾਂ ਭਰ ਆਈ।
ਮਾਂ ਵੀ ਸੋਚਣ ਲੱਗੀ, ਮੈਂ ਵੀ ਕਿਹੜਾ ਉਹਦੇ ਸਿਰ ਤੋਂ ਪਾਣੀ ਵਾਰ ਕੇ ਪੀਤੈ! ਅਜੇ ਤੱਕ ਤਾਂ ਆਪਣੀ ਨੂੰਹ ਨੂੰ ਵੀ ਸਿਰਫ਼ ਫੋਟੋਆਂ ਵਿਚ ਈ ਵੇਖਿਐ। ਮਿਲੀ ਵੀ ਨਹੀਂ।
ਤੁਸੀਂ ਤਾਂ ਬੀ ਜੀ ਫਿਰ ਵੀ ਜਾ ਕੇ ਵੀਰ ਨੂੰ ਮਿਲ ਲੋ ਗੇ। ਸਾਰੇ ਜੀਅ ਕੱਠੇ ਹੋ ਕੇ ਬੈਠਿਆ ਕਰੋਗੇ। ਪਰ ਮੈਂ! ਉਸ ਅੱਖਾਂ ਚ ਗਲੇਡੂ ਭਰ ਲਏ। ਪਰਿਵਾਰ ਨਾਲੋਂ ਪੈਣ ਵਾਲੇ ਵਿਛੋੜੇ ਨੂੰ ਕਲਪ ਕੇ ਉਹਦੀਆਂ ਅੱਖਾਂ ਡੁੱਲ੍ਹਣ ਲੱਗੀਆਂ।
ਚੁੰਨੀਂ ਨਾਲ ਹੰਝੂ ਪੂੰਝਦੀ ਮਾਂ ਨੇ ਧੀ ਨੂੰ ਬੁੱਕਲ ਵਿਚ ਲੈ ਲਿਆ।
ਮਾਵਾਂ-ਧੀਆਂ ਆਪਣੇ ਆਪਣੇ ਅੰਦਰ ਉੱਤਰ ਗਈਆਂ। ਚਾਦਰ ਹੇਠਾਂ ਚੁੱਪ-ਚਾਪ ਅੱਥਰੂ ਕੇਰਦਾ ਹੋਇਆ ਅਮਰ ਸਿੰਘ ਆਪਣੇ ਦੁੱਖ ਨਾਲ ਘੁਲ਼ ਰਿਹਾ ਸੀ। ਅਮਰੀਕ ਉਹਦੇ ਨਾਲ ਨਾਲ ਫਿਰ ਰਿਹਾ ਸੀ, ਉਸ ਨਾਲ ਗੱਲਾਂ ਕਰ ਰਿਹਾ, ਹੱਸਦਾ ਖੇਡਦਾ, ਫ਼ੋਨ ਕਰਦਾ। ਫ਼ੋਨਾਂ ਵਿਚ ਕਦੀ ਚਿੰਤਾ ਦੀ ਖ਼ਬਰ ਹੁੰਦੀ, ਕਦੀ ਖ਼ੁਸ਼ੀ ਦੀ।

ਉਹ ਫ਼ੋਨ ਤੇ ਸੂਚਨਾ ਦੇ ਰਿਹਾ ਸੀ, ਹੁਣ ਰਫਿ਼ਊਜੀਆਂ ਦੇ ਕੇਸ ਵੀ ਸੁਣਿਐਂ ਕਨੇਡਾ ਵਾਲੇ ਰਫਿ਼ਊਜ਼ ਕਰਨ ਲੱਗ ਪਏ ਨੇ। ਕਹਿੰਦੇ ਨੇ, ਹੁਣ ਤਾਂ ਪੰਜਾਬ ਵਿਚ ਕੋਈ ਗੜਬੜ ਨਹੀਂ, ਸਭ ਅਮਨ-ਚੈਨ ਏਂ। ਡਰ ਲੱਗਦਾ ਏ; ਜੇ ਕੇਸ ਫ਼ੇਲ ਹੋ ਗਿਆ ਤਾਂ--?
ਕਨੇਡਾ ਵਿਚ ਪੱਕੀ ਠਹਿਰ ਦਾ ਜੁਗਾੜ ਬਨਾਉਣ ਲਈ ਉਸਨੇ ਰਫਿ਼ਊਜੀ ਵਜੋਂ ਕੇਸ ਦਾਖ਼ਲ ਕੀਤਾ ਹੋਇਆ ਸੀ।
ਅਮਰ ਸਿੰਘ ਸੁਣ ਕੇ ਘਬਰਾ ਗਿਆ।
ਮਸਾਂ ਤਾਂ ਤੂੰ ਟਿਕਾਣੇ ਪੁੱਜੈਂ। ਭਲਿਆ ਲੋਕਾ! ਮੱਕੇ ਪਹੁੰਚ ਕੇ ਵੀ ਵਾਪਸ ਮੁੜ ਆਇਓਂ ਤਾਂ ਏਨੀ ਖ਼ੇਚਲ ਤੇ ਦੁੱਖ ਝੱਲਣ ਦਾ ਕੀ ਫਾਇਦਾ! ਤੇਰਾ ਤਾਇਆ ਕਹਿੰਦਾ ਏ; ਬੜੇ-ਬੜੇ ਤਰੀਕੇ ਨੇ ਏਥੇ ਟਿਕੇ ਰਹਿਣ ਦੇ। ਤੂੰ ਵੀ ਕਰ ਲੈ ਕੋਈ ਨਾ ਕੋਈ ਰਾੜਾ-ਬੀੜਾ; ਜਿਵੇਂ ਲੋਕੀਂ ਕਰਦੇ ਨੇ। ਜਿਵੇਂ ਕਿਵੇਂ ਵੀ ਹੁੰਦੈ ਮੋਰਚਾ ਫ਼ਤਹਿ ਕਰ ਲੈ। ਮੈਦਾਨ ਨਹੀਂ ਛੱਡਣਾ ਆਪਾਂ ਹੁਣ ਕਿਸੇ ਵੀ ਸੂਰਤ ਵਿਚ। ਝੁਲਾ ਦੇ ਝੰਡਾ ਜਮਰੌਦ ਦੇ ਕਿਲ੍ਹੇ ਤੇ!
ਤੇ ਉਸਨੇ ਮੋਰਚਾ ਫ਼ਤਹਿ ਕਰਨ ਲਈ ਰਾੜਾ-ਬੀੜਾ ਕਰ ਲਿਆ। ਕਿਸੇ ਦੋਸਤ ਨੇ ਵਿਚ ਪੈ ਕੇ ਕਿਸੇ ਤਲਾਕ-ਸ਼ੁਦਾ ਲੜਕੀ ਨਾਲ, ਜਿਸਦਾ ਦੋ ਸਾਲ ਦਾ ਬੱਚਾ ਵੀ ਸੀ, ਉਸਦੀ ਸ਼ਾਦੀ ਕਰਵਾ ਦਿੱਤੀ ਸੀ। ਕੁੜੀ ਲੋੜਵੰਦ ਸੀ। ਸੋਹਣੀ ਵੀ ਸੀ। ਉਹਦਾ ਪਹਿਲਾ ਪਤੀ ਛੱਡ ਗਿਆ ਸੀ। ਕੁੜੀ ਉਸ ਮੁੰਡੇ ਨੂੰ ਇੰਡੀਆ ਤੋਂ ਵਿਆਹ ਕੇ ਲਿਆਈ ਸੀ। ਮੁੰਡਾ ਪੱਕਾ ਹੋਇਆ ਤਾਂ ਆਪਣੀ ਮਾਸ਼ੂਕ ਨੂੰ ਇੰਡੀਆ ਤੋਂ ਕਿਸੇ ਬਹਾਨੇ ਕਨੇਡਾ ਬੁਲਾ ਕੇ ਉਹਦੇ ਨਾਲ ਰਹਿਣ ਲੱਗਾ। ਕੁੜੀ ਨੂੰ ਪਤਾ ਲੱਗਾ ਤਾਂ ਪਹਿਲਾਂ ਰੋਣ-ਧੋਣ ਤੇ ਲੜਾਈ-ਝਗੜਾ ਹੋਇਆ। ਫਿਰ ਕੁੱਟ-ਮਾਰ ਵੀ ਹੋਈ। ਪੁਲਿਸ ਵੀ ਸੱਦਣੀ ਪਈ। ਤੇ ਆਖ਼ਰਕਾਰ ਨੌਬਤ ਤਲਾਕ ਤੱਕ ਆ ਪਹੁੰਚੀ।
ਵਿਆਹ ਰਜਿਸਟਰ ਕਰਵਾਉਣ ਤੋਂ ਕਈ ਦਿਨ ਬਾਅਦ ਵੀ ਅਮਰੀਕ ਨੇ ਇਹ ਖ਼ੁਸ਼ਖ਼ਬਰੀ ਘਰ ਦਿਆਂ ਨਾਲ ਸਾਂਝੀ ਨਹੀਂ ਸੀ ਕੀਤੀ। ਇਹ ਵੀ ਕੋਈ ਵਿਆਹ ਸੀ! ਨਾ ਅਮਰੀਕ ਨੇ ਤੇ ਨਾ ਉਹਦੇ ਪਰਿਵਾਰ ਨੇ ਅਜਿਹੇ ਵਿਆਹ ਦੀ ਕਦੀ ਕਲਪਨਾ ਕੀਤੀ ਸੀ। ਜਿਸ ਦਿਨ ਪਤਾ ਲੱਗਾ; ਮਾਵਾਂ-ਧੀਆਂ ਖ਼ੁਸ਼ ਹੋਣ ਦੀ ਥਾਂ ਖ਼ਬਰ ਸੁਣ ਕੇ ਰੋਣ ਲੱਗੀਆਂ। ਉਹਨਾਂ ਦੀਆਂ ਬੜੀਆਂ ਰੀਝਾਂ ਤੇ ਚਾਅ ਜੁੜੇ ਹੋਏ ਸਨ ਅਮਰੀਕ ਦੇ ਵਿਆਹ ਨਾਲ। ਚਾਅ ਅਮਰੀਕ ਦੇ ਵੀ ਕਿਹੜੇ ਘੱਟ ਸਨ! ਉਸਨੇ ਤਾਂ ਹਰ ਸਾਹ ਨਾਲ ਰਣਜੀਤ ਨੂੰ ਆਪਣੇ ਅੰਗ-ਸੰਗ ਵੇਖਿਆ ਸੀ। ਰਣਜੀਤ ਅੱਗੇ ਝੂਠਾ ਹੋਣਾ ਰੱਬ ਅੱਗੇ ਝੂਠਾ ਹੋਣ ਵਾਂਗ ਲੱਗਿਆ ਸੀ। ਪਰ ਹਾਲਾਤ ਦੀ ਮੰਗ ਈ ਕੁਝ ਹੋਰ ਬਣ ਗਈ ਸੀ। ਇਸ਼ਕ ਨੂੰ ਸਿਰੇ ਚਾੜ੍ਹਨਾ ਪਹਿਲਾ ਕੰਮ ਸੀ ਜਾਂ ਕਨੇਡਾ ਵਿਚ ਸੈੱਟ ਹੋਣਾ! ਉਸਦੇ ਮਨ ਨੇ ਹਜ਼ਾਰ ਵਾਰ ਮੁਹੱਬਤ ਵਿਚ ਵਫ਼ਾ ਪਾਲਣ ਨੂੰ ਪਹਿਲ ਦਿੱਤੀ ਸੀ ਪਰ ਫ਼ੈਸਲਾ ਫਿਰ ਵੀ ਉਸਦੇ ਨਿਸਚੈ ਦੇ ਉਲਟ ਹੋ ਗਿਆ ਸੀ। ਉਸਤੋਂ ਆਪਣੇ ਆਪ ਨਾਲ ਝੂਠ ਬੋਲਿਆ ਗਿਆ ਸੀ।
ਵਿਆਹ ਦੇ ਫ਼ੈਸਲੇ ਨੇ ਉਹਨੂੰ ਕਨੇਡਾ ਵਿਚ ਪੱਕਾ ਹੋਣ ਦੀ ਖ਼ੁਸ਼ੀ ਤਾਂ ਦਿੱਤੀ ਸੀ ਪਰ ਨਾਲ ਹੀ ਡੂੰਘੇ ਪਛਤਾਵੇ ਦੀ ਚੰਗਿਆੜੀ ਵੀ ਅੰਦਰ ਬਾਲ ਧਰੀ ਸੀ। ਰੂਹ ਦਾ ਸੱਚ ਦੁਨਿਆਵੀ ਝੂਠ ਦੇ ਭਾਰ ਹੇਠਾਂ ਦੱਬੀ ਹੋਈ ਧੂਣੀ ਵਾਂਗ ਧੁਖਦਾ ਰਹਿੰਦਾ। ਹਰ ਵੇਲੇ ਉਹਦੇ ਅੰਦਰੋਂ ਧੂੰਆਂ ਉੱਠਦਾ ਰਹਿੰਦਾ। ਇਸ ਧੂੰਏਂ ਦੀ ਸਵਾਹ ਫੋਲਦਾ ਉਹ ਲੁਕ ਕੇ ਅੱਥਰੂ ਕੇਰਦਾ ਰਹਿੰਦਾ। ਰਣਜੀਤ ਬਿਨਾਂ ਕਨੇਡਾ ਤਾਂ ਸੀ ਪਰ ਜਿ਼ੰਦਗੀ ਕਿੱਥੇ ਸੀ! ਰਣਜੀਤ ਲਈ ਤੋੜੇ ਸੁਪਨਿਆਂ ਦੇ ਤਾਰੇ ਉਹਦੀ ਝੋਲੀ ਵਿਚੋਂ ਡਿੱਗ ਕੇ ਚਿੱਕੜ ਵਿਚ ਡੁੱਲ੍ਹ ਗਏ ਸਨ।
ਉਸਨੇ ਡੁੱਲ੍ਹੇ ਹੋਏ ਸੁਪਨਿਆਂ ਨੂੰ ਹੌਲੀ ਹੌਲੀ ਚੁਗਣਾ, ਪੂੰਝਣਾ ਤੇ ਧੋਣਾ-ਸਵਾਰਨਾ ਸ਼ੁਰੂ ਕੀਤਾ। ਇੱਕ ਦਿਨ ਸਾਰੇ ਲਿੱਬੜੇ-ਮੁਰਝਾਏ ਸੁਪਨੇ ਚਿੱਠੀ ਦੇ ਅੱਖਰਾਂ ਵਿਚ ਸਜਾ ਕੇ ਚਿੱਠੀ ਰਣਜੀਤ ਦੇ ਪਤੇ ਤੇ ਰਵਾਨਾ ਕਰ ਦਿੱਤੀ। ਆਪਣੀ ਚੁੱਪ-ਚੁਪੀਤੀ ਰਵਾਨਗੀ ਦੀ ਹਕੀਕਤ ਨੂੰ ਖਾੜਕੂਆਂ ਦੀ ਧਮਕੀ ਹੇਠਾਂ ਲੁਕਾ ਲਿਆ। ਮੁੜ ਤੋਂ ਜਾਨ ਨਾਲ ਵਫ਼ਾ ਨਿਭਾਉਣ ਦਾ ਪ੍ਰਣ ਕੀਤਾ। ਆਪਣੇ ਵਿਆਹ ਦੀ ਖ਼ਬਰ ਲੁਕਾ ਕੇ ਹਾੜੇ ਪਾਏ, ਬਹੁੜੀਆਂ ਕੀਤੀਆਂ। ਕਿਤੇ ਉਹ ਖੇੜਿਆਂ ਦੀ ਡੋਲ਼ੀ ਵਿਚ ਨਾ ਪੈ ਜਾਵੇ! ਉਹ ਤਾਂ ਸਦਾ ਸਦਾ ਲਈ ਉਹਦਾ ਹੈ! ਉਸਦੀ ਉਡੀਕ ਕਰ ਲੈਣ ਦਾ ਤਰਲਾ ਲਿਆ। ਬੱਸ ਥੋੜ੍ਹਾ ਕੁ ਸਮਾਂ ਹੋਰ, ਉਹ ਆਪਣੇ ਮਾਪਿਆਂ ਨੂੰ ਮਨਾ ਲਵੇ। ਉਹ ਕਨੇਡਾ ਲਿਜਾ ਕੇ ਉਹਨੂੰ ਉਮਰ ਭਰ ਦਿਲ ਨਾਲ ਲਾ ਕੇ ਰੱਖੇਗਾ।
ਪਰ ਇਹ ਸਾਰਾ ਕੁਝ ਕਹਿੰਦਿਆਂ-ਕਰਦਿਆਂ ਸਮਝ ਨਾ ਪੈਂਦੀ ਕਿ ਉਹ ਕਿਸ ਨਾਲ ਝੂਠ ਬੋਲ ਰਿਹਾ ਹੈ! ਨਵ-ਵਿਆਹੀ ਪਤਨੀ ਨਾਲ, ਰਣਜੀਤ ਨਾਲ ਜਾਂ ਖ਼ੁਦ ਆਪਣੇ ਆਪ ਨਾਲ! ਅੰਤਰ-ਆਪਾ ਆਖਦਾ, ਉਹ ਸਭ ਨਾਲ ਝੂਠ ਬੋਲ ਰਿਹਾ ਸੀ। ਸਭ ਝੂਠ ਹੀ ਝੂਠ ਸੀ। ਜੇ ਕੁਝ ਸੱਚ ਸੀ ਤਾਂ ਉਹ ਸੀ ਹਰ ਹਾਲਤ ਵਿਚ ਕਨੇਡਾ ਵਿਚ ਪੱਕਾ ਹੋਣ ਦੀ ਹਕੀਕਤ।
ਪੱਕਾ ਹੋਣ ਤੋਂ ਤੇ ਟੱਬਰ ਦਾ ਕੇਸ ਅਪਲਾਈ ਕਰਨ ਤੋਂ ਬਾਅਦ ਉਹ ਜਦੋਂ ਕੁਝ ਮਹੀਨੇ ਪਹਿਲਾਂ ਇੰਡੀਆ ਆਇਆ ਸੀ ਤਾਂ ਟੱਬਰ ਵਿਚ ਬੈਠਾ ਨਾਲੇ ਤਾਂ ਆਪਣੀ ਪਤਨੀ ਤੇ ਉਸਦੇ ਬੱਚੇ ਨਾਲ ਵੱਖ ਵੱਖ ਪੋਜ਼ਾਂ ਤੋਂ ਖਿੱਚੀਆਂ ਫ਼ੋਟੋਆਂ ਵਿਖਾ ਰਿਹਾ ਸੀ ਤੇ ਨਾਲੇ ਕਹਿੰਦਾ ਸੀ, ਪਤਾ ਨਹੀਂ ਕਿਉਂ; ਮੇਰਾ ਮਨ ਕਦੀ ਵੀ ਖ਼ੁਸ਼ ਨਹੀਂ ਰਹਿੰਦਾ। ਉਹ ਚੰਗੀ ਵੀ ਬੜੀ ਏ। ਪਹਿਲਾਂ ਸੱਟ ਲੱਗੀ ਹੋਣ ਕਰ ਕੇ ਪਿਆਰ ਵੀ ਬੜਾ ਕਰਦੀ ਏ। ਮੈਨੂੰ ਕਿਸੇ ਸੂਰਤ ਵਿਚ ਵੀ ਗਵਾਉਣਾ ਨਹੀਂ ਚਾਹੁੰਦੀ। ਮੁੰਡਾ ਵੀ ਡੈਡੀ, ਡੈਡੀ ਕਰਦਾ ਮੇਰੇ ਅੱਗੇ ਪਿੱਛੇ ਫਿਰਦਾ ਰਹਿੰਦੈ। ਪਿਆਰਾ ਵੀ ਬੜਾ ਲੱਗਦੈ। ਪਰ ਜਦੋਂ ਰਾਤ ਨੂੰ ਇਕੱਲਾ ਪੈ ਕੇ ਸੋਚਦਾਂ ਤਾਂ ਇਹ ਵਿਆਹ ਇੰਝ ਲੱਗਦੈ ਜਿਵੇਂ ਕਿਸੇ ਦਾ ਪਾਇਆ, ਹੰਢਾਇਆ ਤੇ ਲਾਹਿਆ ਹੋਇਆ ਅਣਧੋਤਾ ਕੱਪੜਾ ਆਪਣੇ ਗਲ਼ ਪਾਈ ਫਿਰਦਾਂ। ਮੈਨੂੰ ਇਸ ਕੱਪੜੇ ਚੋਂ ਕਿਸੇ ਹੋਰ ਦੀ ਬੋ ਆਉਂਦੀ ਰਹਿੰਦੀ ਏ। ਕਦੀ ਕਦੀ ਤਾਂ ਜੀ ਕਰਦੈ, ਮੁਸ਼ਕ ਮਾਰਿਆ ਇਹ ਕੁੜਤਾ ਖਿੱਚ ਕੇ ਪਾੜ ਦਿਆਂ ਤੇ ਗਲੋਂ ਲਾਹ ਕੇ ਔਹ ਦੂਰ ਵਗਾਹ ਮਾਰਾਂ।
ਹੱਥ ਵਿਚ ਫੜ੍ਹਿਆ ਤਸਵੀਰਾਂ ਦਾ ਰੁੱਗ ਉਸ ਫ਼ਰਸ਼ ਤੇ ਵਗਾਹ ਮਾਰਿਆ।
ਵੇ ਨਾ ਪੁੱਤ! ਇਹ ਲੋਹੜਾ ਨਾ ਮਾਰੀਂ ਵਿਚਾਰੀ ਗਰੀਬਣੀ ਨਾਲ!
ਬੁੱਢੀ ਦਾਦੀ-ਮਾਂ ਨੇ ਤਰਲਾ ਲਿਆ।
ਸੁਰਜੀਤ ਕੌਰ ਭੁੰਜੇ ਡਿੱਗੀਆਂ ਤਸਵੀਰਾਂ ਇਕੱਠੀਆਂ ਕਰਨ ਲੱਗੀ।
ਟੈਲੀਫ਼ੋਨ ਤੇ ਮਾਂ ਜੀ, ਮਾਂ ਜੀ, ਬੀਬੀ ਜੀ, ਬੀਬੀ ਜੀ, ਕਹਿੰਦਿਆਂ ਦਾ ਮਾਂ-ਪੁੱਤਾਂ ਦਾ ਮੂੰਹ ਨਹੀਂ ਥੱਕਦਾ। ਸੁਰਜੀਤ ਕੌਰ ਦੀ ਵੋਟ ਵੀ ਨੂੰਹ ਦੇ ਨਾਲ ਹੋ ਗਈ ਸੀ।
ਅਮਰੀਕ ਅੱਖਾਂ ਤੇ ਬਾਂਹ ਰੱਖ ਕੇ ਸਿਸਕਣ ਲੱਗਾ।
ਅੱਖਾਂ ਅੱਗੇ ਰਣਜੀਤ ਆਣ ਖੜੋਤੀ। ਉਹ ਉਹਨੂੰ ਸਵੇਰੇ ਹੀ ਮਿਲ ਕੇ ਆਇਆ ਸੀ। ਤ੍ਰਿਪ! ਤ੍ਰਿਪ!! ਰਣਜੀਤ ਦੀਆਂ ਅੱਖਾਂ ਡੁੱਲ੍ਹ ਰਹੀਆਂ ਸਨ। ਉਹ ਡੁੱਲ੍ਹਦੇ ਮੋਤੀਆਂ ਨੂੰ ਆਪਣੀਆਂ ਤਲ਼ੀਆਂ ਵਿਚ ਲੁਕਾ ਕੇ, ਪਲੋਸ ਕੇ ਉਹਨਾਂ ਨੂੰ ਮੁੜ ਤੋਂ ਤਾਰੇ ਬਨਾਉਣ ਲੱਗਾ। ਕੁੜੀ ਦੀਆਂ ਉਦਾਸੀਆਂ ਅੱਖਾਂ ਵਿਚ ਹੁਣ ਤੱਕ ਬੁਝ ਚੁੱਕੇ ਤਾਰਿਆਂ ਦੀ ਲਿਸ਼ਕ ਇਕ ਵਾਰ ਫੇਰ ਚਮਕ ਉੱਠੀ।
ਉਹ ਸਮੇਂ ਸਮੇਂ ਚਿੱਠੀਆਂ ਤੇ ਫ਼ੋਨਾਂ ਰਾਹੀਂ ਉਹਨੂੰ ਧਰਵਾਸਾ ਦਿੱਤੀ ਰੱਖਦਾ ਤਦ ਵੀ ਰਣਜੀਤ ਦੇ ਧੁਰ ਅੰਦਰ ਸਦਾ ਵਿਸਵਿਸਾ ਰਿਹਾ ਸੀ। ਉਹਦਾ ਬਾਪ ਉਹਦੀ ਮਾਂ ਨੂੰ ਕਹਿੰਦਾ ਰਹਿੰਦਾ ਸੀ, ਮੁੰਡਾ ਸੱਚ ਨਹੀਂ ਬੋਲਦਾ ਲੱਗਦਾ। ਜੇ ਉਹਦੀ ਪੱਕੀ ਮਰਜ਼ੀ ਏ ਤਾਂ ਆਪਣੇ ਮਾਪਿਆਂ ਨੂੰ ਸਾਡੇ ਘਰ ਘੱਲੇ। ਇੱਕ ਵਾਰ ਗੱਲ ਪੱਕੀ ਹੋ ਜਾਏ ਬੰਦਿਆਂ ਵਿਚ, ਫਿਰ ਭਾਵੇਂ ਵਿਆਹ ਸਾਲ-ਛੇ ਮਹੀਨੇ ਠਹਿਰ ਕੇ ਵੀ ਹੋ ਜਾਵੇ। ਇਸਤਰ੍ਹਾਂ ਮੈਂ ਕਿਹੜੇ ਭਰੋਸੇ ਤੇ ਕੁੜੀ ਨੂੰ ਬੁੱਢੜੀ ਕਰਨ ਲਈ ਘਰ ਵਿਚ ਬਿਠਾਈ ਰੱਖਾਂ।

ਅਮਰੀਕ ਨੇ ਅਗਲੇ ਸਾਲ ਅਗਲੇ ਫ਼ੇਰੇ ਤੇ ਹਰ ਹਾਲਤ ਵਿਚ ਵਿਆਹ ਕੇ ਲੈ ਜਾਣ ਦਾ ਵਚਨ ਦਿੱਤਾ। ਉਸਨੇ ਮਨ ਹੀ ਮਨ ਲਾਈ ਨੂੰ ਤੋੜ ਨਿਭਾਉਣ ਦਾ ਨਿਸਚਾ ਕਰ ਲਿਆ ਸੀ। ਰਣਜੀਤ ਵੀ ਤਰਲੇ ਲੈਂਦੀ ਸੀ, ਤੂੰ ਡੈਡੀ ਨਾਲ ਇਕ ਵਾਰ ਮਿਲ ਤਾਂ ਸਹੀ। ਜਿਹੜੀ ਗੱਲ ਉਹ ਕਹਿੰਦੇ ਨੇ ਉਹਦੇ ਵਿਚ ਝੂਠ ਵੀ ਕੀ ਹੈ! ਭੇਜ ਖਾਂ ਆਪਣੇ ਮੰਮੀ ਡੈਡੀ ਨੂੰ ਸਾਡੇ ਵੱਲ। ਗੱਲ ਪੱਕੀ ਕਰ ਜਾਣ।
ਅਮਰੀਕ ਨੇ ਭੇਤ ਭਰੀਆਂ ਨਿਗਾਹਾਂ ਉਸਦੇ ਚਿਹਰੇ ਤੇ ਗੱਡ ਦਿਤੀਆਂ, ਤੂੰ ਮੇਰੇ ਤੇ ਭਰੋਸਾ ਰੱਖ। ਅਜੇ ਮੈਂ ਆਪਣੇ ਮਾਂ ਪਿਓ ਨੂੰ ਨਹੀਂ ਭੇਜ ਸਕਦਾ। ਤੈਨੂੰ ਅੰਦਰਲੀ ਗੱਲ ਦਾ ਨਹੀਂ ਪਤਾ।
ਰਣਜੀਤ ਦੇ ਬਾਰ ਬਾਰ ਪੁੱਛਣ ਤੇ ਵੀ ਉਸਨੇ ਅੰਦਰਲੀ ਗੱਲ ਉਹਨੂੰ ਨਹੀਂ ਸੀ ਦੱਸੀ। ਕਿਵੇਂ ਦੱਸਦਾ! ਕੱਲ੍ਹ ਦੱਸਣ ਦਾ ਵਾਅਦਾ ਕਰ ਕੇ ਤੁਰ ਆਇਆ।

ਦਾਦੀ ਮਾਂ ਨੇ ਬੁਸਕਦੇ ਹੋਏ ਅਮਰੀਕ ਨੂੰ ਬੁੱਕਲ ਵਿਚ ਲੈ ਲਿਆ। ਅਮਰੀਕ ਨੇ ਧਾਹ ਕੇ ਦਾਦੀ ਨੂੰ ਜੱਫ਼ੀ ਵਿਚ ਘੁੱਟ ਲਿਆ। ਹੁਣ ਉਸਦੀਆਂ ਅੱਖਾਂ ਅੱਗੇ ਉਹਦੀ ਕਨੇਡਾ ਵਿਚ ਉਡੀਕ ਰਹੀ ਪਤਨੀ ਅੱਖਾਂ ਚ ਗਲੇਡੂ ਭਰੀ ਖਲੋਤੀ ਸੀ।
ਦਾਦੀ ਦੇ ਬੋਲ ਫਿ਼ਜ਼ਾ ਵਿਚ ਗੂੰਜ ਰਹੇ ਸਨ।
ਵੇ ਨਾ ਪੁੱਤ! ਸੋਹਣਿਆਂ ਇਹ ਕਹਿਰ ਨਾ ਕਮਾਈਂ। ਵਿਚਾਰੀ ਕਿਸੇ ਦੀ ਬਦਕਿਸਮਤ ਧੀ ਨੂੰ ਦੂਹਰਾ ਦੁੱਖ ਨਾ ਦੇਈਂ। ਉਹ ਤਾਂ ਲੁੱਟੀ ਜਾਊ। ਤਬਾਹ ਹੋ ਜੂ ਵਿਚਾਰੀ। ਉਹਦਾ ਕੀ ਕਸੂਰ ਜੇ ਉਹਨੇ ਤੈਨੂੰ ਡਿੱਗੇ ਪਏ ਨੂੰ ਉਠਾ ਕੇ ਪੈਰਾਂ ਸਿਰ ਖੜਿਆਂ ਕਰ ਦਿੱਤਾ ਤਾਂ? ਵਾਰ ਵਾਰ ਧੋਖਾ ਤੇ ਧੱਕਾ ਖਾਣਾ ਉਹਦੀ ਕਿਸਮਤ ਵਿਚ ਈ ਕਿਉਂ ਲਿਖਿਆ ਜਾਏ!
ਯਾਦ ਆਇਆ, ਉਹ ਤਾਂ ਆਪਣੀ ਪਤਨੀ ਦੇ ਪੇਟ ਵਿਚ ਆਪਣੀਆਂ ਜੜ੍ਹਾਂ ਵੀ ਲਾ ਆਇਆ ਸੀ। ਇਹ ਖ਼ੁਸ਼ਖ਼ਬਰੀ ਸੁਣਾਉਂਦੀ ਉਸਦੀ ਪਤਨੀ ਦੀਆਂ ਹੱਸਦੀਆਂ ਅੱਖਾਂ ਉਸਦੇ ਅੰਦਰਲੇ ਤੇ ਝਾਤ ਪੈਂਦਿਆਂ ਹੀ ਤ੍ਰਿਪ! ਤ੍ਰਿਪ! ਡੁੱਲ੍ਹਣ ਲੱਗੀਆਂ।
ਉਸਨੇ ਰਣਜੀਤ ਲਈ ਇਕੱਠੇ ਕੀਤੇ ਤਾਰੇ ਪਤਨੀ ਦੀ ਬੁੱਕਲ ਵਿਚ ਢੇਰੀ ਕਰ ਦਿੱਤੇ।
ਕੁਝ ਚਿਰ ਖ਼ਾਮੋਸ਼ ਬੈਠਾ ਮਨ ਨਾਲ ਗਿਣਤੀਆਂ-ਮਿਣਤੀਆਂ ਕਰਦਾ ਰਿਹਾ ਤੇ ਫਿਰ ਉੱਠ ਕੇ ਫ਼ਰਸ਼ ਤੇ ਖਿੱਲਰੀਆਂ ਤਸਵੀਰਾਂ ਮਾਂ ਨਾਲ ਰਲ ਕੇ ਇਕੱਠੀਆਂ ਕਰਨ ਲੱਗਾ।
ਕੁਝ ਦਿਨਾਂ ਬਾਅਦ ਉਹ ਕਨੇਡਾ ਚਲਾ ਗਿਆ।
ਉਹਦੇ ਜਾਣ ਤੋਂ ਬਾਅਦ ਪਿੰਡ ਦੇ ਪਤੇ ਤੇ ਅਮਰੀਕ ਦੇ ਨਾਂ ਰਣਜੀਤ ਦੀ ਚਿੱਠੀ ਆਈ। ਲਿਖਿਆ ਸੀ, ਅਮਰੀਕ! ਤੂੰ ਉਸ ਦਿਨ ਤੋਂ ਬਾਅਦ ਮਿਲਿਆ ਈ ਨਹੀਂ। ਮੰਮੀ ਵੀ ਪੁੱਛਦੀ ਸੀ ਤੇਰੇ ਬਾਰੇ। ਡੈਡੀ ਮੰਨ ਤਾਂ ਗਏ ਨੇ ਪਰ ਕਹਿੰਦੇ ਨੇ; ਬੱਸ, ਜਾਣ ਤੋਂ ਪਹਿਲਾਂ ਇਕ ਵਾਰ ਮੁੰਡਾ ਉਹਨਾਂ ਨੂੰ ਮਿਲ ਜਾਏ। ਮੁੰਡਿਆ! ਹੁਣ ਚਿੱਠੀ ਮਿਲਦਿਆਂ ਸਾਰ ਹੀ ਮਿਲਣ ਆ ਜਾਹ। ਤੈਨੂੰ ਮੇਰੀ ਸਹੁੰ! ਮੈਂ ਬੜੇ ਫਿ਼ਕਰ ਚ ਆਂ। ਨਾਲੇ ਤੂੰ ਅਜੇ ਅੰਦਰਲੀ ਗੱਲ ਵੀ ਮੈਨੂੰ ਦੱਸਣੀ ਏਂ।
ਪਰ ਉਹਨੂੰ ਅੰਦਰਲੀ ਗੱਲ ਕਿਸੇ ਨਾ ਦੱਸੀ। ਪਤਾ ਨਹੀਂ ਉਸਨੇ ਆਪੇ ਬੁੱਝ ਲਈ ਹੋਵੇਗੀ ਜਾਂ ਅਜੇ ਵੀ ਮੁੰਡੇ ਨੂੰ ਉਡੀਕ ਰਹੀ ਹੋਵੇਗੀ!

ਤਿੰਨੇ ਬੱਚੇ ਤੇ ਸੁਰਜੀਤ ਕੌਰ ਸ਼ਹਿਰ ਨੂੰ ਤੁਰ ਗਏ ਸਨ। ਅਮਰ ਸਿੰਘ ਉੱਠ ਕੇ ਕਮਰੇ ਅੰਦਰ ਜਾ ਲੰਮਾ ਪਿਆ। ਕਦੀ ਅੱਖਾਂ ਭਰ ਲਵੇ ਕਦੇ ਪੂੰਝ ਲਵੇ। ਸਾਹਮਣੇ ਅੰਗੀਠੀ ਉੱਤੇ ਪਈਆਂ ਤਸਵੀਰਾਂ ਵਿਚ ਇੱਕ ਪਾਸੇ ਅਮਰੀਕ ਦੀ ਤਸਵੀਰ ਮੁਸਕਰਾ ਰਹੀ ਸੀ। ਦੂਜੇ ਪਾਸੇ ਅਮਰ ਸਿੰਘ ਦੀ ਮਾਂ ਦੀ ਝੁਰੜੀਆਂ ਵਾਲੀ ਤਸਵੀਰ ਬਰੀਕ ਅੱਖਾਂ ਵਿਚੋਂ ਉਸ ਵੱਲ ਵੇਖ ਰਹੀ ਸੀ। ਕੁਝ ਮਹੀਨੇ ਪਹਿਲਾਂ ਮਾਂ ਵੀ ਤੁਰ ਗਈ ਸੀ। ਅਮਰੀਕ ਦੀ ਤਸਵੀਰ ਵੱਲ ਵੇਖ ਕੇ ਉਸਨੇ ਮਾਂ ਕੋਲੋਂ ਢਾਰਸ ਮੰਗੀ।
ਹਾਇ ਮਾਂ! ਮੈਂ ਕਿਵੇਂ ਲੁਕਾ ਲਾਂ ਟੱਬਰ ਤੋਂ ਟੁੱਟ ਗਿਆ ਆਪਣੇ ਅੰਦਰਲਾ ਭਾਖੜਾ ਬੰਨ੍ਹ! ਉਸਦੀ ਪਏ ਪਏ ਦੀ ਭੁੱਬ ਨਿਕਲ ਗਈ।
ਅੱਥਰੂਆਂ ਨਾਲ ਧੁੰਦਲੀਆਂ ਹੋ ਗਈਆਂ ਅੱਖਾਂ ਵਿਚੋਂ ਮਾਂ ਦਾ ਆਕਾਰ ਉਭਰਿਆ।
ਮਾਂ ਉਹਦੀਆਂ ਅੱਖਾਂ ਅੱਗੇ ਆ ਖਲੋਤੀ। ਹੂ-ਬ-ਹੂ। ਗਲ਼ ਨਾਲ ਲਾਉਣ ਲਈ ਬਾਹਵਾਂ ਖੋਲ੍ਹੀਆਂ ਹੋਈਆਂ।
ਜੇ ਮੈਂ, ਤੇਰੀ ਮਾਂ, ਦੁੱਖ ਜਰ ਸਕਦੀ ਹਾਂ ਤਾਂ ਤੈਨੂੰ ਕੀ ਹੋਇਐ! ਹਿੰਮਤ ਧਾਰ! ਮੇਰਾ ਪੁੱਤ ਬਣ!

ਉਹਦਾ ਪਿਤਾ ਧਰਮ ਸਿੰਘ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਪਿਆ ਸੀ। ਬੇਹੋਸ਼! ਆਕਸੀਜਨ ਲੱਗੀ ਹੋਈ। ਬੀਬੀ ਸਿਰਹਾਣੇ ਬੈਠੀ ਹੋਈ ਸਟੂਲ ਤੇ। ਅਮਰ ਤੇ ਉਹਦਾ ਦੋਸਤ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰੀਪੋਰਟ ਲੈਣ ਗਏ। ਨੌਂ-ਦਸ ਵਜੇ ਦੇ ਗਿਆਂ ਨੂੰ ਰੀਪੋਰਟ ਲੈਂਦਿਆਂ-ਕਰਦਿਆਂ ਡੇਢ-ਦੋ ਦਾ ਸਮਾਂ ਹੋ ਗਿਆ। ਵਾਪਸ ਪਰਤੇ ਤਾਂ ਬੀਬੀ ਬਾਪੂ ਦੇ ਸਿਰਹਾਣਿਓਂ ਉੱਠ ਕੇ ਅੱਗਲਵਾਂਢੀ ਉਹਨਾਂ ਨੂੰ ਕਮਰੇ ਤੋਂ ਬਾਹਰ ਹੀ ਆਣ ਮਿਲੀ।
ਰਿਪੋਟ ਲੈ ਆਂਦੀ? ਚੱਲੋ ਚੰਗਾ ਹੋਇਆ! ਉਸਨੇ ਅਮਰ ਦੇ ਹੱਥ ਵਿਚ ਫੜ੍ਹੇ ਲਿਫ਼ਾਫ਼ੇ ਵੱਲ ਵੇਖਿਆ। ਫਿਰ ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ ਹੋਵੇ। ਆਖਣ ਲੱਗੀ, ਹੈਂ ਅਮਰ ਸਿਅ੍ਹਾਂ! ਪੁੱਤ, ਲੌਢਾ ਵੇਲਾ ਹੋ ਚੱਲਿਐ; ਤੁਸੀਂ ਕੁਝ ਖਾਧਾ ਪੀਤਾ ਵੀ ਹੈ ਕਿ ਨਹੀਂ?
ਉਹਨਾਂ ਦਾ ਜਵਾਬ ਨਾਂਹ ਵਿਚ ਸੁਣ ਕੇ ਕਹਿੰਦੀ, ਜਾਓ ਮੇਰੇ ਪੁੱਤ! ਪਹਿਲਾਂ ਜਾ ਕੇ ਰੋਟੀ ਖਾ ਕੇ ਆਵੋ। ਕਿਵੇਂ ਸਵੇਰ ਦੇ ਭੁੱਖਣ-ਭਾਣੇ ਤੁਰੇ ਫਿਰਦੇ ਜੇ! ਉਹਦਾ ਚਿਹਰਾ ਮਮਤਾ ਵਿਚ ਮੋਮ ਬਣਿਆ ਹੋਇਆ ਸੀ।
ਉਹਨਾਂ ਕਮਰੇ ਵੱਲ ਵਧਦਿਆਂ ਅਗਲੇ ਇਲਾਜ ਲਈ ਪਹਿਲਾਂ ਡਾਕਟਰ ਨੂੰ ਰੀਪੋਰਟ ਦਿਖਾਉਣ ਲਈ ਕਿਹਾ ਤਾਂ ਕਹਿੰਦੀ, ਕੋਈ ਨਹੀਂ ਰਪੋਟ ਮੈਂ ਵਿਖਾ ਲੈਂਦੀ ਆਂ। ਤੁਸੀਂ ਪਹਿਲਾਂ ਢਿੱਡ ਨੂੰ ਝੁਲਕਾ ਦੇ ਆਓ। ਤੁਹਾਡੇ ਬਾਪੂ ਕੋਲ ਮੈਂ ਬੈਠੀ ਆਂ। ਉਹਦਾ ਫਿ਼ਕਰ ਨਾ ਕਰੋ ਤੁਸੀਂ।
ਉਸਦੇ ਜ਼ੋਰ ਦੇਣ ਤੇ ਉਹ ਲਾਗਲੇ ਢਾਬੇ ਤੇ ਰੋਟੀ ਖਾਣ ਤੁਰ ਗਏ। ਰੋਟੀ ਖਾ ਕੇ ਪਰਤੇ ਤਾਂ ਪਿਤਾ ਦੇ ਸਿਰਹਾਂਦੀ ਬੈਠੀ ਮਾਂ ਉੱਠ ਕੇ ਖਲੋ ਗਈ ਅਤੇ ਉਸਦੀਆਂ ਅੱਖਾਂ ਚ ਤੈਰ ਆਇਆ ਪਾਣੀ ਬੇਵੱਸ ਹੋ ਕੇ ਉਹਦੇ ਚਿਹਰੇ ਤੇ ਟਿੱਪ! ਟਿੱਪ! ਵਰ੍ਹਨ ਲੱਗਾ।
ਜਾਓ ਪੁੱਤ! ਕੋਈ ਟੈਕਸੀ ਲੈ ਆਓ! ਤੁਹਾਡਾ ਬਾਪੂ ਪੂਰਾ ਹੋ ਗਿਆ। ਉਸਨੇ ਬੁੱਲ੍ਹ ਚਿੱਥਦਿਆਂ ਆਪਣੀ ਭੁੱਬ ਅੰਦਰੇ ਡੱਕ ਲਈ।
ਫਿਰ ਅੱਥਰੂ ਪੂੰਝਦਿਆਂ ਕਹਿਣ ਲੱਗੀ, ਪੂਰਾ ਤਾਂ ਇਹ ਉਦੋਂ ਈ ਹੋ ਗਿਆ ਸੀ ਜਦੋਂ ਤੁਸੀਂ ਰਪੋਟ ਲੈ ਕੇ ਆਏ ਸੀ। ਪਰ ਮੈਂ ਤੁਹਾਨੂੰ ਜਾਣ-ਬੁੱਝ ਕੇ ਨਹੀਂ ਸੀ ਦੱਸਿਆ। ਮੈਂ ਸੋਚਿਆ ਜੇ ਤੁਹਾਨੂੰ ਹੁਣੇ ਦੱਸ ਦਿੱਤਾ ਤਾਂ ਤੁਸੀਂ ਉਂਜ ਹੀ ਦੇਹ ਲੈ ਕੇ ਪਿੰਡ ਨੂੰ ਤੁਰ ਪੈਣਾ ਏਂ! ਫਿਰ ਰੋਣ ਕੁਰਲਾਉਣ ਵਿਚ ਪਏ ਮੇਰੇ ਲਾਲਾਂ ਨੂੰ ਪਤਾ ਨਹੀਂ ਕਦੋਂ ਰੋਟੀ ਦਾ ਟੁੱਕ ਨਸੀਬ ਹੋਣਾ ਏਂ! ਤੁਹਾਡੀਆਂ ਭੁੱਖੀਆਂ ਵਿਲਕਦੀਆਂ ਆਂਦਰਾਂ ਦਾ ਸੋਚ ਕੇ ਹੀ ਮੈਂ ਤੁਹਾਨੂੰ ਰੋਟੀ ਖਾਣ ਤੋਰਿਆ ਸੀ।
ਏਨੀ ਆਖ ਕੇ ਉਸਨੇ ਅਮਰ ਨੂੰ ਬਾਹੋਂ ਫੜ੍ਹ ਕੇ ਅੱਗੇ ਕੀਤਾ, ਆ! ਹੁਣ ਆਪਣੇ ਤੁਰ ਗਏ ਪਿਓ ਦਾ ਮੂੰਹ ਵੇਖ ਲੈ। ਉਸਨੇ ਪਤੀ ਦੇ ਚਿਹਰੇ ਤੇ ਦਿੱਤਾ ਕੱਪੜਾ ਚੁਕਿਆ ਅਤੇ ਉਸਦੇ ਸਦਾ ਲਈ ਸੌਂ ਗਏ ਸ਼ਾਂਤ ਚਿਹਰੇ ਨੂੰ ਨਿਹਾਰਦੀ ਨੇ ਅਮਰ ਨੂੰ ਛੋਟੇ ਬਾਲ ਵਾਂਗ ਆਪਣੀ ਛਾਤੀ ਨਾਲ ਘੁੱਟ ਲਿਆ। ਮਾਂ ਦੀ ਉਮਰ ਉਦੋਂ ਇਕਤਾਲੀ-ਬਤਾਲੀ ਸਾਲ ਦੀ ਸੀ ਅਤੇ ਪਿਓ ਦੀ ਪੰਜਤਾਲੀ-ਛਿਆਲੀ ਸਾਲ। ਉਹਦਾ ਸੁਹਾਗ ਉਹਨੂੰ ਸਦਾ ਲਈ ਛੱਡ ਕੇ ਤੁਰ ਗਿਆ ਸੀ। ਪਤੀ ਤੋਂ ਬਿਨਾਂ ਉਸ ਅੱਗੇ ਦੂਰ ਤੱਕ ਬ੍ਰਿਹਾ ਦੀ ਮਾਰੂਥਲ ਵਾਂਗ ਭੁੱਜਦੀ ਵਿਛੀ ਜਿ਼ੰਦਗੀ ਪਈ ਸੀ। ਉਹਦਾ ਜਹਾਨ ਲੁੱਟਿਆ ਗਿਆ ਸੀ।
ਅਮਰ ਸਿੰਘ ਮਾਂ ਦੀ ਤਸਵੀਰ ਵੱਲ ਇਕ ਵਾਰ ਫੇਰ ਝਾਤ ਮਾਰੀ। ਮਾਂ ਦੇ ਚਿਹਰੇ ਤੇ ਆਪਣੇ ਬੱਚਿਆਂ ਖ਼ਾਤਰ ਦੁੱਖ ਦੇ ਉਸ ਅਣਤੋਲੇ ਤੇ ਅਣਮਿਣੇ ਭਾਰ ਨੂੰ ਸਹਿ ਜਾਣ ਦੀ ਤਾਕਤ ਦਾ ਜਲੌਅ ਚਮਕਦਾ ਦਿਖਾਈ ਦਿੱਤਾ।
ਬੀਬੀ! ਰੱਬ ਆਪਣੇ ਟੱਬਰ ਦਾ ਹੀ ਕਿਉਂ ਅਜਿਹਾ ਇਮਤਿਹਾਨ ਬਾਰ ਬਾਰ ਲੈਂਦਾ ਹੈ! ਉਹ ਫੇਰ ਫੁੱਟ ਫੁੱਟ ਕੇ ਰੋਣ ਲੱਗਾ।

ਸ਼ਾਮ ਉੱਤਰਦੀ ਨਾਲ ਬਾਕੀ ਸਾਰਾ ਟੱਬਰ ਸ਼ਹਿਰੋਂ ਮੁੜ ਆਇਆ। ਉਹਨਾਂ ਨੂੰ ਬੱਸ ਤੋਂ ਉੱਤਰਦਿਆਂ ਤੇ ਚਹਿਕਦਿਆਂ ਵੇਖ ਕੇ ਆਪਣੇ ਘਰ ਦੇ ਮੋੜ ਤੇ ਖਲੋਤੇ ਉਹਨਾਂ ਦੇ ਕਾਮੇ ਸ਼ੀਰੇ ਨੂੰ ਉਹਦੀ ਮਾਂ ਦਾਤੋ ਨੇ ਆਖਿਆ, ਵੇਖੀਂ ਪੁੱਤ ਸ਼ੀਰਿਆ! ਕਿਤੇ ਕੁਛ ਪੁੱਛ-ਦੱਸ ਨਾ ਬਹੀਂ ਸਰਦਾਰ ਨੂੰ। ਗੱਲ ਨਾ ਕਰ ਦੀਂ ਕੋਈ। ਬਦਸ਼ਗਨੀ ਹੁੰਦੀ ਏ। ਤੈਨੂੰ ਵੀ ਸਵੇਰੇ ਗੱਲ ਸੁਣਨ ਚ ਭੁਲੇਖਾ ਲੱਗਾ ਜਾਪਦੈ। ਐਵੇਂ ਝੂਠੀ ਅਵਾਈ ਹੀ ਉੱਡ ਗਈ ਜਾਪਦੀ ਏ। ਸਾੜੇ ਦੇ ਮਾਰੇ ਕਿਸੇ ਸ਼ਰੀਕ ਦੀ ਕਰਤੂਤ ਲੱਗਦੀ ਏ ਇਹ ਤਾਂ। ਜੇ ਕੋਈ ਗੱਲ ਹੁੰਦੀ, ਆਂਦਰਾਂ ਨੇ ਇਹਨਾਂ ਦੀਆਂ। ਇਹਨਾਂ ਦੀ ਖ਼ੁਸ਼ੀ ਐਂ ਥੋੜਾ ਡੁੱਲ੍ਹ ਡੁੱਲ੍ਹ ਪੈਣੀ ਸੀ! ਅੜਿਆ! ਸੱਥਰ ਵਿਛ ਜਾਣੇ ਸੀ।
ਬੀਬੀ, ਮੈਨੂੰ ਤਾਂ ਭੁਲੇਖਾ ਲੱਗਾ ਹੋਊ; ਪਰ ਪ੍ਰੋਫ਼ੈਸਰ ਦੇ ਪਿਓ ਨੇ ਆਪ ਇਹ ਗੱਲ ਨੰਬਰਦਾਰ ਕੋਲ ਕੀਤੀ ਲੱਗਦੀ ਏ। ਘੜੀ ਕੁ ਹੋਈ ਮੈਨੂੰ ਨੰਬਰਦਾਰ ਨੇ ਆਪ ਪੁੱਛਿਆ ਸੀ, ਉਏ ਫ਼ਤਹਿ ਦੇ ਘਰ ਸਭ ਸੁਖ-ਸਾਂਦ ਐ ਨਾ! ਮੈਂ ਕੀ ਦੱਸਦਾ, ਚੁੱਪ ਰਿਹਾ। ਪਰ ਗੱਲ ਹੈ ਜਰੂਰ ਕੋਈ ਨਾ ਕੋਈ। ਭਾਊ ਅਮਰ ਸੁੰਹ ਵੀ ਲੰਮਾ ਪਿਆ ਹੋਇਐ ਸਵੇਰ ਦਾ। ਬੁਝਿਆ, ਬੁਝਿਆ। ਅੱਗੋਂ ਮਹਾਰਾਜ ਜਾਣੇ!
ਵੇ ਸ਼ੀਰਿਆ! ਤੂੰ ਏਥੇ ਫਿਰਦੈਂ ਮਾਲ-ਡੰਗਰ ਨੂੰ ਕੀਹਨੇ ਸਾਂਭਣੈਂ। ਨੇੜੇ ਆ ਕੇ ਸੁਰਜੀਤ ਕੌਰ ਨੇ ਪੁੱਛਿਆ ਤਾਂ ਉਹ ਕਹਿੰਦਾ, ਚਾਚੀ ਪੱਠੇ ਕੁਤਰ ਕੇ ਪਾ ਵੀ ਆਇਆਂ। ਭਾਊ ਤਾਂ ਲੰਮੇ ਪਿਆ ਸੀ। ਮੈਂ ਆਖਿਆ; ਉਹਦੇ ਉੱਠਦਿਆਂ ਤੱਕ ਘਰੋਂ ਗੇੜਾ ਮਾਰ ਆਉਂਦਾਂ। ਬੱਸ ਓਧਰ ਨੂੰ ਈ ਚੱਲਿਆ ਵਾਂ।
ਸਰਦਾਰਨੀ! ਵਧਾਈਆਂ ਹੋਣ। ਸੁਣਿਐਂ ਅੱਜ-ਭਲਕ ਈ ਕਨੇਡਾ ਜਾ ਰਹੇ ਓ। ਨਾ ਚਾਹੁੰਦਿਆਂ ਵੀ ਪਿੰਡ ਵਿਚੋਂ ਸੁਣਿਆਂ ਸੱਚ ਅੱਧ-ਪਚੱਧਾ ਦਾਤੋ ਦੇ ਮੂੰਹੋਂ ਨਿਕਲ ਗਿਆ। ਉਹ ਡਰ ਗਈ ਕਿ ਅਗਲੀ ਗੱਲ ਵੀ ਕਿਤੇ ਮੂੰਹੋਂ ਨਾ ਨਿਕਲ ਜਾਵੇ। ਪਰ ਗੁਰਮੇਲ ਦੇ ਮਖ਼ੌਲ ਨੇ ਉਸਦੇ ਡਰ ਨੂੰ ਨੱਪ ਲਿਆ।
ਭਾਊ ਸ਼ੀਰੇ ਦਾ ਭਾਬੀ ਬਿਨਾ ਮਨ ਓਦਰ ਜਾਂਦਾ ਏ। ਘੜੀ-ਮੁੜੀ ਘਰ ਨੂੰ ਭੱਜਦਾ ਏ। ਨਵਾਂ-ਨਵਾਂ ਵਿਆਹ ਹੋਇਐ ਨਾ!
ਸ਼ੀਰਾ ਉਹਨਾਂ ਦੇ ਪਿੱਛੇ ਪਿੱਛੇ ਤੁਰ ਪਿਆ।

ਘਰ ਆ ਕੇ ਖ਼ਰੀਦੀਆਂ ਵਸਤਾਂ ਵਾਲੇ ਲਿਫ਼ਾਫ਼ੇ ਉਹਨਾਂ ਬੈੱਡ ਤੇ ਰੱਖੇ। ਸੁਰਜੀਤ ਕੌਰ ਨੇ ਛੇਤੀ ਛੇਤੀ ਪਤੀਲੇ ਵਿਚ ਚਾਹ ਧਰਨ ਲਈ ਕੁੜੀਆਂ ਨੂੰ ਹਦਾਇਤ ਕੀਤੀ। ਰੋਟੀਆਂ ਵਾਲੀ ਚੰਗੇਰ ਵੇਖੀ। ਦੁਪਹਿਰੇ ਅਮਰ ਸਿੰਘ ਦੇ ਖਾਣ ਲਈ ਪਾ ਕੇ ਰੱਖੀ ਰੋਟੀ ਉਂਝ ਦੀ ਉਂਝ ਪਈ ਸੀ।
ਮੈਂ ਆਖਿਆ ਤੁਸੀਂ ਠੀਕ ਤਾਂ ਓ। ਡਾਕਟਰ ਵੱਲ ਗਏ ਵੀ ਸੀ ਕਿ ਸਵੇਰ ਦੇ ਇੰਝ ਹੀ ਮੰਜੇ ਤੇ ਪਏ ਜੇ। ਰੋਟੀ ਵੀ ਨਹੀਂ ਖਾਧੀ। ਹੋ ਕੀ ਗਿਐ ਤੁਹਾਨੂੰ? ਕੋਈ ਗੱਲ ਹੈ ਜ਼ਰੂਰ। ਤੁਸੀਂ ਦੱਸਦੇ ਨਹੀਂ ਮੈਨੂੰ।
ਅਮਰ ਸਿੰਘ ਨੇ ਉੱਠ ਕੇ ਬੈਠਦਿਆਂ ਆਕੜ ਭੰਨੀ ਤੇ ਚਿਹਰੇ ਤੇ ਬਨਾਵਟੀ ਮੁਸਕਾਨ ਲਿਆਂਦੀ, ਲੈ ਹੈ! ਕਮਲੀ ਨਾ ਹੋਵੇ। ਮੈਨੂੰ ਕੀ ਹੋਣਾ ਏਂ। ਡਾਕਟਰ ਬਿਹਾਰੀ ਕੋਲ ਗਿਆ ਸਾਂ। ਉਸ ਹਾਜ਼ਮੇ ਦੀ ਦਵਾਈ ਦਿੱਤੀ ਐ। ਓਥੇ ਦੁਕਾਨ ਤੇ ਈ ਉਹਦਾ ਮੁੰਡਾ ਆਇਆ, ਦੁਪਹਿਰ ਦੀ ਰੋਟੀ ਲੈ ਕੇ। ਅਸੀਂ ਦੋਵੇਂ ਈ ਸਾਂ। ਹੋਰ ਮਰੀਜ਼ ਕੋਈ ਨਹੀਂ ਸੀ। ਮੈਨੂੰ ਕਹਿੰਦਾ, ਆ ਅਮਰ ਸਿਅ੍ਹਾਂ! ਹੁਣ ਫੁਲਕਾ ਛਕ ਕੇ ਈ ਜਾਈਂ। ਮੈਂ ਬੜੀ ਨਾਂਹ-ਨੁੱਕਰ ਕੀਤੀ। ਉਸ ਦੋ ਫੁਲਕੇ ਬਦੋ ਬਦੀ ਮੇਰੇ ਹੱਥ ਤੇ ਰੱਖ ਦਿੱਤੇ ਤੇ ਉੱਤੇ ਆਲੂ ਮੂੰਗਰਿਆਂ ਦੀ ਸਬਜ਼ੀ ਪਾ ਤੀ।
ਏਨੇ ਚਿਰ ਵਿਚ ਛਿੰਦਰ ਚਾਹ ਬਣਾ ਕੇ ਲੈ ਆਈ। ਦੋਵੇਂ ਛੋਟੇ ਬੱਚੇ ਦੂਜੇ ਕਮਰੇ ਵਿਚ ਟੀ ਵੀ ਲਾ ਕੇ ਬਹਿ ਗਏ।
ਚਾਹ ਪੀ ਕੇ ਸੁਰਜੀਤ ਕੌਰ ਨੇ ਪਲਾਸਟਿਕ ਦੇ ਵੱਡੇ ਲਿਫ਼ਾਫ਼ੇ ਵਿਚੋਂ ਖ਼ਾਕੀ ਕਾਗ਼ਜ਼ ਦਾ ਛੋਟਾ ਲਿਫ਼ਾਫ਼ਾ ਬਾਹਰ ਕੱਢਿਆ ਤੇ ਉਸ ਵਿਚੋਂ ਤਿੱਲੇ ਨਾਲ ਮੜ੍ਹੀ ਲਿਸ਼ ਲਿਸ਼ ਕਰਦੀ ਸੁਨਹਿਰੀ ਜੁੱਤੀ ਬਾਹਰ ਕੱਢ ਕੇ ਹੱਥਾਂ ਵਿਚ ਫੜ੍ਹ ਕੇ ਨਿਹਾਰਨ ਲੱਗੀ।
ਆਹ ਵੇਖੋ ਖਾਂ ਭਲਾ ਪੈਰੀਂ ਪਾ ਕੇ। ਤੁਹਾਡੇ ਮੇਚ ਆਉਂਦੀ ਐ ਕਿ ਨਹੀਂ। ਮੈਂ ਅਮਰੀਕ ਲਈ ਲੈ ਕੇ ਆਈ ਆਂ। ਇੱਕੋ ਮੇਚਾ ਏ ਤੁਹਾਡਾ ਪਿਓ-ਪੁੱਤਾਂ ਦਾ। ਤੁਹਾਡੀ ਜੁੱਤੀ ਦਾ ਮੇਚਾ ਕਾਗ਼ਜ਼ ਤੇ ਵਾਹ ਕੇ ਲੈ ਗਈ ਸਾਂ। ਜੇ ਠੀਕ ਨਾ ਹੋਈ ਤਾਂ ਭਾਈ ਕਹਿੰਦਾ ਸੀ ਸਵੇਰੇ ਵਟਾ ਲਿਜਾਇਓ। ਤੁਹਾਨੂੰ ਤਾਂ ਵਿਹਲ ਈ ਨਹੀਂ ਲੱਗਦੀ। ਮੈਂ ਆਖਿਆ, ਮੇਰਾ ਪੁੱਤ ਆਖੂ; ਮੈਂ ਦੋ ਈ ਤਾਂ ਚੀਜ਼ਾਂ ਮੰਗੀਆਂ ਸੀ ਝੁੱਗੇ ਚੋਂ। ਕਾਲਾ ਚਾਦਰਾ ਤੇ ਤਿੱਲੇ ਵਾਲੀ ਜੁੱਤੀ। ਮੇਰੇ ਮਾਂ-ਪਿਓ ਉਹ ਵੀ ਨਾ ਲਿਆਏ। ਮੈਂ ਤਾਂ ਤਰੀਜ਼ਾਂ ਵਾਲਾ ਬਣਿਆਂ ਬਣਾਇਆ ਚਿੱਟਾ ਕੁੜਤਾ ਵੀ ਲੈ ਆਈ ਆਂ ਉਹਦੇ ਪਾਉਣ ਵਾਸਤੇ। ਭਾਵੇਂ ਉਹਨੇ ਸਿਰ ਮੁਨਾ ਲਿਐ ਪਰ ਮੈਂ ਤਾਂ ਲੈ ਆਈ ਆਂ ਆਹ ਕਾਲੀ ਪੱਗ ਵੀ। ਵੇਖੀਂ ਮੇਰੇ ਪੁੱਤ ਨੇ ਪਾਈ ਜਦੋਂ ਪੈਰੀਂ ਤਿੱਲੇਦਾਰ ਲਿਸ਼ ਲਿਸ਼ ਕਰਦੀ ਜੁੱਤੀ ਤੇ ਚਿੱਟੇ ਕੁੜਤੇ ਨਾਲ ਕਾਲਾ ਚਾਦਰਾ ਲਾ ਕੇ ਬੰਨ੍ਹੀ ਕਾਲੀ ਪੱਗ ਸਿਰ ਤੇ ਤਾਂ ਡੁੱਲ੍ਹ ਡੁੱਲ੍ਹ ਪਊਗਾ ਨੂਰ ਉਹਦੇ ਚਿਹਰੇ ਤੋਂ।
ਅਮਰ ਸਿੰਘ ਨੇ ਉਹਦਾ ਦਿਲ ਰੱਖਣ ਲਈ ਪਹਿਲਾਂ ਜੁੱਤੀ ਹੱਥਾਂ ਵਿਚ ਫੜ੍ਹ ਕੇ ਟੋਹ ਕੇ ਵੇਖੀ। ਫਿਰ ਪੈਰੀਂ ਅੜਾਈ ਤੇ ਲਾਹ ਕੇ ਉਹਦੇ ਹੱਥ ਵਿਚ ਫੜਾ ਕੇ ਕਹਿੰਦਾ, ਮੇਚੇ ਐ। ਕੱਪੜੇ ਵੀ ਸੋਹਣੇ ਨੇ। ਪਰ ਕਮਲੀਏ! ਓਥੇ ਦੇ ਮੌਸਮ ਵਿਚ ਇਹ ਕੱਪੜੇ ਨਹੀਂ ਪੈਂਦੇ। ਨਾ ਹੀ ਰਵਾਜ ਆ ਇਹੋ ਜਿਹੇ ਕੱਪੜਿਆਂ ਦਾ। ਕੀਹਨੇ ਪਾਉਣੇ ਨੇ ਏਹ ਕੱਪੜੇ!
ਉਹਦਾ ਹਾਉਕਾ ਨਿਕਲ ਗਿਆ।
ਲੈ ਸ਼ੁਭ ਸ਼ੁਭ ਬੋਲੋ। ਮੇਰਾ ਪੁੱਤ ਪਾਊ, ਹੋਰ ਕੀਹਨੇ ਪਾਉਣੇ ਨੇ। ਉਹ ਕਹਿੰਦਾ ਸੀ ਛੁੱਟੀ ਵਾਲੇ ਦਿਨ, ਕਿਸੇ ਦਿਨ-ਦਿਹਾਰ ਤੇ, ਗੁਰਦਵਾਰੇ ਗਿਆਂ ਕੱਪੜੇ ਪਾਏ ਜਾ ਸਕਦੇ ਨੇ। ਪਾਏ ਜਾ ਸਕਦੇ ਨੇ ਤਾਂ ਈ ਉਹਨੇ ਲਿਆਉਣ ਲਈ ਆਖਿਐ। ਤੇਰੀ ਸੁਰਤ ਨੂੰ ਵੀ ਪਤਾ ਨਹੀਂ ਕੀ ਹੋ ਗਿਐ!
ਉਹ ਲਿਫ਼ਾਫ਼ੇ ਖੋਲ੍ਹ ਖੋਲ੍ਹ ਹੋਰ ਲਿਆਂਦੀਆਂ ਚੀਜ਼ਾਂ ਤੇ ਕੱਪੜੇ ਵੀ ਵਿਖਾਈ ਜਾ ਰਹੀ ਸੀ। ਪਰ ਅਮਰ ਸਿੰਘ ਵੇਖਦਾ ਹੋਇਆ ਵੀ ਵੇਖ ਨਹੀਂ ਸੀ ਰਿਹਾ। ਸੁਣਦਾ ਹੋਇਆ ਵੀ ਸੁਣ ਨਹੀਂ ਸੀ ਰਿਹਾ।
ਲਿਫ਼ਾਫ਼ੇ ਮੁੜ ਤੋਂ ਸਾਂਭ ਕੇ ਦੋਵੇਂ ਮਾਵਾਂ-ਧੀਆਂ ਰਾਤ ਦੇ ਟੁੱਕ-ਪਾਣੀ ਲਈ ਚੌਂਤਰੇ ਵਿਚ ਜਾ ਵੜੀਆਂ। ਅਮਰ ਸਿੰਘ ਉੱਠ ਕੇ ਹਵੇਲੀ ਵਿਚ ਸ਼ੀਰੇ ਨੂੰ ਮਾਲ-ਡੰਗਰ ਨੂੰ ਪੱਠਾ-ਦੱਥਾ ਪਾਉਣ ਦੀ ਹਦਾਇਤ ਕਰਨ ਲਈ ਵਸੋਂ ਵਾਲੇ ਵਿਹੜੇ ਦੇ ਦਰਵਾਜ਼ੇ ਤੋਂ ਬਾਹਰ ਹੀ ਨਿਕਲਣ ਵਾਲਾ ਸੀ ਕਿ ਅੱਗੋਂ ਅੰਦਰ ਨੂੰ ਆਉਂਦਾ ਸ਼ੀਰਾ ਟੱਕਰ ਗਿਆ।
ਭਾਊ! ਪ੍ਰੋਫ਼ੈਸਰ ਦੇ ਘਰੋਂ ਮੁੰਡਾ ਆਇਆ ਸੀ, ਹੁਣੇ। ਕਹਿੰਦਾ ਸੀ ਵੀਹਾਂ ਕੁ ਮਿੰਟਾਂ ਤੱਕ ਕਨੇਡਾ ਤੋਂ ਫ਼ੋਨ ਆਉਣ ਵਾਲੈ।
ਇਸ ਵਾਰੀ ਫ਼ੋਨ ਸੁਣਨ ਗਏ ਨੂੰ ਪ੍ਰੋਫ਼ੈਸਰ ਦੇ ਪਿਓ ਨੇ ਕੋਈ ਸਵਾਲ ਨਹੀਂ ਸੀ ਕੀਤਾ। ਉਹਨੂੰ ਆਉਂਦੇ-ਜਾਂਦਿਆਂ ਬਿਟ ਬਿਟ ਝਾਕਦਾ ਈ ਰਿਹਾ ਸੀ। ਪ੍ਰੋਫ਼ੈਸਰ ਦੀ ਮਾਂ ਨੇ ਠੰਢਾ ਹਾਉਕਾ ਭਰ ਕੇ ਆਪਣੇ ਆਪ ਨਾਲ ਗੱਲ ਕਰਨ ਵਾਂਗ ਕਿਹਾ ਸੀ, ਵਾਹਿਗੁਰੂ! ਤੂੰ ਈ ਏਂ ਸਭ ਦਾ!
ਫ਼ੋਨ ਤੇ ਜਰਨੈਲ ਨੇ ਹਦਾਇਤ ਕੀਤੀ ਸੀ ਕਿ ਉਹਨੇ ਏਅਰਲਾਈਨ ਵਾਲਿਆਂ ਨਾਲ ਗੱਲ ਕਰ ਲਈ ਹੈ ਤੇ ਟਿਕਟਾਂ ਦੇ ਪੈਸੇ ਵੀ ਤਾਰ ਦਿੱਤੇ ਨੇ। ਉਹ ਸਵੇਰੇ ਜਲੰਧਰ ਜਾ ਕੇ ਏਅਰ ਲਾਈਨ ਦੇ ਦਫ਼ਤਰੋਂ ਪਾਸਪੋਰਟ ਤੇ ਵੀਜ਼ੇ ਦਿਖਾ ਕੇ ਟਿਕਟਾਂ ਚੁੱਕ ਲਵੇ। ਵਿਸਾਖੀ ਤੋਂ ਇੱਕ ਦਿਨ ਛੱਡ ਕੇ ਫ਼ਲਾਈਟ ਸੀ। ਦੋ ਦਿਨ ਰਹਿ ਗਏ ਸਨ ਜਾਣ ਵਿਚ।
ਇਹ ਦੋ ਦਿਨ ਉਸ ਲਈ ਅੱਗ ਦਾ ਦਰਿਆ ਸਨ, ਤਰ ਕੇ ਲੰਘਣ ਲਈ। ਅੰਦਰ ਮੱਚਦੇ ਭਾਬੜ ਦੀ ਕੋਈ ਛੋਟੀ ਜਿਹੀ ਲਾਟ ਵੀ ਬਾਹਰ ਨਹੀਂ ਸੀ ਨਿਕਲਣ ਦੇਣੀ।
ਉਸਨੇ ਘਰ ਆਕੇ ਖ਼ਬਰ ਦਿੱਤੀ ਤਾਂ ਗੁਰਮੇਲ ਭੰਗੜਾ ਪਾਉਣ ਲੱਗ ਪਿਆ, ਉਏ ਬੱਲੇ, ਵੀਰ ਜੀ ਬੱਲੇ! ਓ ਬੱਲੇ, ਕਨੇਡਾ ਬੱਲੇ! ਉਏ ਕਾਲਾ ਹਬਸ਼ੀ ਬੱਲੇ, ਮੇਰੀ ਭੈਣ ਦਾ ਪ੍ਰਾਹੁਣਾ ਬੱਲੇ!
ਹਰਿੰਦਰ ਚਿੜ ਕੇ ਝੂਠੀ ਮੂਠੀ ਰੋਣ ਦਾ ਨਾਟਕ ਕਰਨ ਲੱਗੀ ਤੇ, ਊਂਅ ਊਂ! ਕਰ ਕੇ ਗੁਰਮੇਲ ਦੀ ਪਿੱਠ ਵਿਚ ਮੁੱਕੀਆਂ ਮਾਰਨ ਲੱਗੀ। ਪਰ ਉਹ ਹੱਸੀ ਗਿਆ, ਨੱਚੀ ਗਿਆ ਤੇ ਬੋਲੀ ਗਿਆ।
ਛੋਟੇ ਦੋਵਾਂ ਭੈਣ-ਭਰਾਵਾਂ ਨੂੰ ਨੱਚਦਿਆਂ ਟੱਪਦਿਆਂ ਵੇਖ ਕੇ ਛਿੰਦਰ ਨੂੰ ਪੇਕੇ ਪਰਿਵਾਰ ਤੋਂ ਵਿਛੜ ਜਾਣ ਦੇ ਗ਼ਮ ਨੇ ਫੇਰ ਆਣ ਘੇਰਿਆ ਤੇ ਉਹਦੀਆਂ ਅੱਖਾਂ ਛੰਮ ਛੰਮ ਵਰ੍ਹਨ ਲੱਗ ਪਈਆਂ।
ਕਿਨਾਂ ਚਾਅ ਚੜ੍ਹਿਐ ਇਹਨਾਂ ਨੂੰ ਵੱਡੀ ਭੈਣ ਨੂੰ ਛੱਡ ਕੇ ਤੁਰ ਜਾਣ ਦਾ। ਮੈਨੂੰ ਤਾਂ ਤੋੜ ਕੇ ਸੁੱਟ ਚਲੇ ਓ ਨਾ ਪਿੱਛੇ। ਤੁਸੀਂ ਤਾਂ ਸਾਰੇ ਕੱਠੇ ਹੋ ਕੇ ਬਹਿੰਦੇ ਤੇ ਮਿਲਦੇ ਰਵ੍ਹੋਗੇ। ਪਰ ਮੈਂ ਤਾਂ ਨਹੀਂ ਹੋਵਾਂਗੀ ਨਾ ਤੁਹਾਡੇ ਵਿਚ। ਖ਼ੁਸ਼ੀਆਂ-ਗ਼ਮੀਆਂ ਵੇਲੇ ਕੱਲ੍ਹੀ ਬਹਿ ਕੇ ਰੋਇਆ ਕਰਾਂਗੀ ਏਥੇ ਵਿਛੜੀ ਕੂੰਜ ਵਾਂਗ ਕੁਰਲਾਉਂਦੀ ਹੋਈ। ਜੇ ਰਹਿੰਦੀ ਜਿ਼ੰਦਗੀ ਵਿਚ ਪੰਜ-ਸੱਤ ਵਾਰ ਪੂਰੇ ਦੇ ਪੂਰੇ ਟੱਬਰ ਨੂੰ ਕਿਧਰੇ ਮਿਲ ਵੀ ਲਊਂ ਤਾਂ ਕੀ ਮਿਲਣਾ ਹੋਇਆ! ਠੀਕ ਕਹਿੰਦੇ ਨੇ; ਬੰਦੇ ਨੂੰ ਆਪਣੀ ਖ਼ੁਸ਼ੀ ਨਾਲ ਈ ਹੁੰਦੈ, ਕਿਸੇ ਦੇ ਦੁੱਖ ਨਾਲ ਨਹੀਂ।
ਉਹ ਹੁਬਕੀਂ ਰੋਣ ਲੱਗੀ। ਮਾਪਿਆਂ ਤੇ ਭੈਣਾਂ-ਭਰਾਵਾਂ ਨਾਲ ਵਿਛੋੜੇ ਨੂੰ ਕਲਪ ਕੇ, ਉਹ ਜਿਸ ਦਿਨ ਦੀ ਆਈ ਸੀ, ਗੱਲ ਗੱਲ ਤੇ ਅੱਖਾਂ ਭਰ ਕੇ ਡੋਲ੍ਹਣ ਲੱਗ ਪੈਂਦੀ ਸੀ।
ਸੁਰਜੀਤ ਕੌਰ ਨੇ ਬੁੱਕਲ ਵਿਚ ਲੈ ਲਿਆ, ਕਮਲੀ ਧੀ! ਤੇਰਾ ਦੁਖ-ਸੁਖ ਭਲਾ ਸਾਡਾ ਕਿਉਂ ਨਾ ਹੋਇਆ! ਹੁਣ ਵੇਖ ਇਹ ਤਾਂ ਦੁਨੀਆਂ ਦਾ ਰਵਾਜ ਜਿਹਾ ਈ ਬਣ ਗਿਐ। ਟੱਬਰਾਂ ਦੇ ਟੱਬਰ ਬਾਹਰ ਤੁਰ ਗਏ ਨੇ। ਧੀਆਂ-ਪੁੱਤ, ਕੋਈ ਕਿਤੇ, ਕੋਈ ਕਿਤੇ। ਕਈ ਤਾਂ ਕਈ ਕਈ ਮੁਲਕਾਂ ਵਿਚ ਵੰਡੇ ਹੋਏ ਨੇ। ਜੱਟ ਛੱਟਾ ਦੇ ਕੇ ਜਿਵੇਂ ਬੀ ਖਿਲਾਰਦਾ ਏ। ਜੀਆਂ ਦਾ ਛੱਟਾ ਦਿੱਤਾ ਪਿਐ। ਧੀਏ ਮੇਰੀਏ ਵਿਛੜਣ-ਮਿਲਣ ਦੀ ਤਾਂ ਰੀਤ ਬਣੀ ਆਈ ਏ। ਤੂੰ ਤਾਂ ਅੰਮ੍ਰਿਤ ਛਕਿਐ, ਪਾਠ ਵੀ ਕਰਦੀ ਏਂ। ਸਾਨੂੰ ਮੱਤਾਂ ਦੇਣ ਵਾਲੀ ਏਂ। ਸਾਡਾ ਕਿਤੇ ਤੈਨੂੰ ਛੱਡ ਕੇ ਜਾਣ ਤੋਂ ਮਨ ਨਹੀਂ ਓਦਰਦਾ ਭਲਾ! ਪਰ ਕੀ ਕਰੀਏ! ਔਂਤਰੇ ਕਨੂੰਨ ਈ ਏਹੋ ਜਿਹੇ ਨੇ। ਵਿਆਹੀ ਕੁੜੀ ਮਾਪਿਆ ਨਾਲ ਜਾ ਨਹੀਂ ਸਕਦੀ! ਨਹੀਂ ਤਾਂ ਡੱਡੀਏ ਅਸੀਂ ਕਲੇਜੇ ਨਾਲੋਂ ਲਾਹ ਕੇ ਤੈਨੂੰ ਇੰਝ ਸੁੱਟ ਕੇ ਕਦੀ ਵੀ ਨਾ ਜਾਂਦੇ।
ਮਾਂ ਵੀ ਬੁਸਕਣ ਲੱਗੀ। ਮਾਵਾਂ-ਧੀਆਂ ਨੂੰ ਰੋਂਦਿਆਂ ਵੇਖ ਅਮਰ ਸਿੰਘ ਨੇ ਵੀ ਚਾਰ ਅੱਥਰੂ ਉਹਨਾਂ ਦੇ ਬਹਾਨੇ ਨਾਲ ਵਹਾ ਲਏ। ਪਰ ਉਸ ਵੱਲ ਕਿਸੇ ਦਾ ਧਿਆਨ ਨਾ ਗਿਆ।
ਮਾਵਾਂ-ਧੀਆਂ ਆਪਸ ਵਿਚ ਰੁੱਝੀਆਂ ਹੋਈਆਂ ਸਨ। ਮਾਂ ਧੀ ਦਾ ਮੱਥਾ ਚੁੰਮ ਰਹੀ ਸੀ। ਲਾਡ ਲਡਾ ਰਹੀ ਸੀ। ਤੇ ਅਗਲਾ ਪ੍ਰੋਗਰਾਮ ਸਮਝਾ ਰਹੀ ਸੀ।
ਲੈ! ਤੂੰ ਆਹ ਕੱਪੜੇ ਅਟੈਚੀ ਵਿਚ ਪਾ ਮੇਰੀ ਡੱਡ। ਮੈਂ ਰੋਟੀ ਟੁੱਕ ਦਾ ਆਹਰ ਕਰਾਂ। ਫਿਰ ਸਾਰੇ ਰਲ ਕੇ ਪੈਕਿੰਗ ਕਰਦੇ ਆਂ। ਦਿਨ ਤੇ ਝੁੱਗੇ ਚੋਂ ਕੱਲ੍ਹ ਦਾ ਰਹਿ ਗਿਆ। ਸਵੇਰੇ ਛਿੰਦਰ ਦਾ ਪ੍ਰਾਹਣਾ ਆਉਂਦੈ ਤਾਂ ਉਹਨੂੰ ਪਿੱਛੋਂ ਦਾ ਸਾਰਾ ਕੰਮ-ਕਾਰ ਤੇ ਜਿ਼ੰਮੇਵਾਰੀ ਚੰਗੀ ਤਰ੍ਹਾਂ ਸਮਝਾ ਦਿਓ। ਸੁਰਜੀਤ ਕੌਰ ਪਹਿਲਾਂ ਵੱਡੀ ਧੀ ਨੂੰ ਤੇ ਪਿੱਛੋਂ ਪਤੀ ਨੂੰ ਸੰਬੋਧਿਤ ਹੋਈ।
ਦੂਜੇ ਕਮਰੇ ਵਿਚ ਚੱਲਦੇ ਟੈਲੀਵੀਯਨ ਦੀ ਉੱਚੀ ਕੀਤੀ ਆਵਾਜ਼ ਇਸ ਕਮਰੇ ਤੱਕ ਵੀ ਗੂੰਜ ਪਾ ਰਹੀ ਸੀ। ਸੋਚਨਾ ਕਿਆ! ਜੋ ਭੀ ਹੋਗਾ, ਦੇਖਾ ਜਾਏਗਾ!
ਛਿੰਦਰ ਮਾਂ ਵੱਲੋਂ ਸਮਝਾਇਆ ਸਮਾਨ ਤੇ ਕੱਪੜੇ ਅਟੈਚੀਆਂ ਵਿਚ ਪਾਉਣ ਲੱਗੀ।
ਅਮਰ ਸਿੰਘ ਮਨ ਨੂੰ ਟਿਕਾਣੇ ਕਰਨ ਲਈ ਮੰਜੀ ਤੇ ਬਹਿ ਕੇ ਪਾਠ ਕਰਨ ਲੱਗਾ।
ਛਿੰਦਰ ਨੇ ਧਿਆਨ ਕੀਤਾ, ਉਹਦਾ ਪਿਓ ਉਖੜਿਆ-ਉਖੜਿਆ ਪਾਠ ਕਰ ਰਿਹਾ ਸੀ। ਪਾਠ ਕਰਦਾ-ਕਰਦਾ ਭੁੱਲ ਜਾਂਦਾ। ਫਿਰ ਮੁੱਢੋਂ-ਸੁੱਢੋਂ ਸ਼ੁਰੂ ਕਰਦਾ। ਫਿਰ ਭੁੱਲ ਜਾਂਦਾ। ਫਿਰ ਸ਼ੁਰੂ ਕਰਦਾ। ਉਹਦਾ ਤਾਂ ਅੰਦਰ ਪਾਟਣ ਨੂੰ ਆਇਆ ਪਿਆ ਸੀ। ਲੁਕਾਇਆ ਹੋਇਆ ਅੰਗਿਆਰ ਮੱਚ ਕੇ ਬਾਹਰ ਫਟਣ ਨੂੰ ਕਾਹਲਾ ਸੀ। ਕੀ ਕਰੇ ਉਹ! ਦੁੱਖ ਉਹਦੇ ਅੰਦਰੋਂ ਬਾਹਰ ਨਿਕਲ ਕੇ ਵਹਿਣਾ ਚਾਹੁੰਦਾ ਸੀ। ਉਹਨੂੰ ਕੋਈ ਨਿਕਾਸ ਨਹੀਂ ਸੀ ਮਿਲ ਰਿਹਾ। ਉਹ ਅੰਦਰ ਹੀ ਗਲ਼-ਗਲ਼ ਤੱਕ, ਮੂੰਹ-ਮੂੰਹ ਤੱਕ, ਸਿਰ-ਸਿਰ ਤੱਕ ਅਕਹਿ ਤੇ ਅਸਹਿ ਅਗਨ-ਪੀੜਾ ਵਿਚ ਡੁੱਬ ਚੱਲਿਆ ਸੀ। ਏਦਾਂ ਤਾਂ ਉਹ ਝੁਲਸ ਕੇ, ਦਮ ਘੁੱਟ ਕੇ ਮਰ ਜਾਏਗਾ।
ਵਿਚੋਂ ਹੀ ਪਾਠ ਛੱਡ ਕੇ ਉਸਨੇ ਛਿੰਦਰ ਨੂੰ ਵਾਜ ਮਾਰੀ, ਪੁੱਤ! ਐਥੇ ਬਹਿ ਜਾ ਮੇਰੇ ਕੋਲ। ਮੈਂ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਏਂ।
ਉਹ ਮਨ ਨਾਲ ਘੁਲਣ ਲੱਗਾ, ਦੱਸਾਂ ਕਿ ਨਾ ਦੱਸਾਂ ਇਹਨੂੰ?
ਭਾ ਜੀ, ਤੁਹਾਨੂੰ ਹੋ ਕੀ ਗਿਐ? ਦੱਸਦੇ ਕਿਉਂ ਨਹੀਂ? ਧੀ ਨੇ ਪਿਓ ਦਾ ਹੱਥ ਮੋਹ ਤੇ ਤਰਸ ਨਾਲ ਘੁੱਟ ਲਿਆ।
ਗੱਲ ਐਂਜ ਏ ਉਸ ਨੇ ਗਲ਼ਾ ਖੰਘੂਰਿਆ। ਮਨ ਨਾਲ ਫਿਰ ਫ਼ੈਸਲਾ ਕੀਤਾ।
ਚੱਲ ਛੱਡ, ਕੋਈ ਗੱਲ ਨਹੀਂ।
ਪਾਠ ਭੁੱਲ ਕੇ ਉਹ ਤਾਂ ਇਮੀਗ੍ਰੇਸ਼ਨ ਅਧਿਕਾਰੀ ਨਾਲ ਗੱਲ-ਬਾਤ ਵਿਚ ਲੱਗਾ ਹੋਇਆ ਸੀ। ਤਰਲੇ ਕਰਦਾ, ਇਕ ਤਾਂ ਸਾਡਾ ਪੁੱਤ ਸਾਡੇ ਨਾਲ ਧੱਕਾ ਕਰ ਗਿਆ। ਹੁਣ ਤੁਸੀਂ ਤਾਂ ਧੱਕਾ ਨਾ ਕਰੋ। ਪਰ ਅਫ਼ਸਰ ਤਾਂ ਮੰਨ ਹੀ ਨਹੀਂ ਸੀ ਰਿਹਾ। ਉਸਨੇ ਹੋਰ ਦੋ ਬੰਦਿਆਂ ਨੂੰ ਵੀ ਕੋਲ ਬੁਲਾ ਲਿਆ ਸੀ। ਅਫ਼ਸਰ ਨੇ ਕਿਸੇ ਵੱਲੋਂ ਕੀਤੀ ਸਿ਼ਕਾਇਤ ਵਾਲਾ ਕਾਗ਼ਜ਼ ਉਹਨਾਂ ਨੂੰ ਫੜਾਇਆ। ਉਹ ਬੋਲੀ ਜਾ ਰਿਹਾ ਸੀ, ਜੀ ਏਹ ਤਾਂ ਸਾਡੇ ਸ਼ਰੀਕ ਦੀ ਕਰਤੂਤ ਏ। ਸਾਡਾ ਖਾਲ਼ ਦਾ ਝਗੜਾ ਏ ਉਹਦੇ ਨਾਲ! ਉਹ ਤਿੰਨੇ ਘੁਸਰ-ਮੁਸਰ ਕਰਨ ਤੋਂ ਬਾਅਦ ਨਾਂਹ ਵਿਚ ਸਿਰ ਹਿਲਾ ਕੇ ਕਹਿਣ ਲੱਗੇ, ਤੁਹਾਡਾ ਹੋਵੇਗਾ ਝਗੜਾ ਪਰ ਗੱਲ ਉਹਨੇ ਠੀਕ ਲਿਖੀ ਏ। ਅਸੀਂ ਪਤਾ ਕਰ ਲਿਐ ਸਾਰਾ ਫ਼ੋਨ ਤੇ। ਅਮਰੀਕ ਦੀ ਮੌਤ ਹੋ ਚੁੱਕੀ ਏ। ਜਦੋਂ ਤੁਹਾਨੂੰ ਸਪੌਂਸਰ ਕਰਨ ਵਾਲਾ ਹੀ ਇਸ ਦੁਨੀਆਂ ਚ ਨਹੀਂ ਰਿਹਾ ਤਾਂ ਤੁਸੀਂ ਕਨੇਡਾ ਵਿਚ ਦਾਖ਼ਲ ਹੋਣ ਦਾ ਅਧਿਕਾਰ ਆਪਣੇ ਆਪ ਗਵਾ ਬੈਠੇ ਓ!
ਪਾਠ ਛੱਡ ਕੇ ਅੱਖਾਂ ਮੀਟੀ ਗੁੰਮ-ਸੁੰਮ ਬੈਠੇ ਨੂੰ ਛਿੰਦਰ ਨੇ ਮੋਢੇ ਤੋਂ ਫੜ੍ਹ ਕੇ ਹਲੂਣਿਆਂ,ਨਹੀਂ, ਗੱਲ ਤਾਂ ਕੋਈ ਹੈ ਜ਼ਰੂਰ। ਭਾ ਜੀ ਦੱਸੋ ਵੀ।
ਪੁੱਤ! ਤੂੰ ਮੇਰੀ ਅੰਮ੍ਰਿਤਧਾਰੀ ਧੀ ਏਂ। ਵੱਡੀ ਵੀ ਏਂ, ਸਿਆਣੀ ਵੀ ਏਂ। ਤੇਰੇ ਤੇ ਗੁਰੂ ਮਹਾਰਾਜ ਦੀ ਮਿਹਰ ਵੀ ਏ। ਤੇਰੇ ਤੋਂ ਬਿਨਾ ਇਹ ਗੱਲ ਕਿਸੇ ਹੋਰ ਨਾਲ ਕਰ ਵੀ ਨਹੀਂ ਸਕਦਾ। ਆਪਣੇ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਵਾਅਦਾ ਕਰ ਕਿ ਇਹ ਗੱਲ ਆਪਣੀ ਮਾਂ ਨੂੰ ਨਹੀਂ ਦੱਸਣੀ।
ਕੀ, ਗੱਲ ਕੀ ਏ? ਛੇਤੀ ਦੱਸੋ। ਦੱਸੋ ਵੀ ਨਾ ਕੁਝ।
ਪਹਿਲਾਂ ਵਾਅਦਾ ਕਰ ਕਿ ਗੱਲ ਦਾ ਧੂੰ ਬਾਹਰ ਨਹੀਂ ਕੱਢੈਂਗੀ।
ਵਾਅਦਾ ਰਿਹਾ; ਪਰ ਤੁਸੀਂ ਗੱਲ ਤਾਂ ਦੱਸੋ ਛਿੰਦਰ ਨੇ ਉਸਦੇ ਦੋਵੇਂ ਮੋਢੇ ਘੁੱਟ ਲਏ।
ਗੱਲ ਏਹ ਵੇ ਪਈ, ਤੇਰੇ ਵੀਰ ਅਮਰੀਕ ਦਾ ਐਕਸੀਡੈਂਟ ਹੋ ਗਿਆ ਪਰਸੋਂ। ਉਸਦੇ ਸਿਰ ਚ ਸੱਟ ਲੱਗੀ ਏ।
ਹੈਂਅ! ਕੁੜੀ ਨੇ ਡਾਡ ਮਾਰਨੀ ਚਾਹੀ ਪਰ ਅਮਰ ਸਿੰਘ ਨੇ ਉਹਦੇ ਮੂੰਹ ਤੇ ਹੱਥ ਰੱਖ ਦਿੱਤਾ, ਕਮਲੀ ਨਾ ਬਣ। ਉਂਝ ਠੀਕ-ਠਾਕ ਐ ਉਹ। ਖ਼ਤਰੇ ਵਾਲੀ ਗੱਲ ਨਹੀਂ। ਕੁਝ ਦਿਨ ਹਸਪਤਾਲ ਵਿਚ ਰਹਿਣਾ ਪਊ। ਫਿ਼ਕਰ ਨਾ ਕਰ। ਜਰਨੈਲ ਸੁੰਹ ਨੇ ਦੱਸਿਐ ਕਿ ਫਿ਼ਕਰ ਵਾਲੀ ਮੂਲੋਂ ਕੋਈ ਗੱਲ ਨਹੀਂ। ਅਗਲੇ ਹਫ਼ਤੇ ਤੱਕ ਹਸਪਤਾਲ ਚੋਂ ਛੁੱਟੀ ਮਿਲ ਜਾਊ। ਪਰ ਫਿਰ ਵੀ ਆਪਣੀਆਂ ਆਂਦਰਾਂ ਨੇ। ਫਿ਼ਕਰ ਤਾਂ ਆਉਂਦੈ ਈ ਏ ਨਾ! ਤੇਰੀ ਮਾਂ ਦਾ ਇਕ ਤਾਂ ਦਿਲ ਬੜਾ ਹੌਲ਼ਾ ਏ। ਉਹਨੇ ਸੁਣ ਲਿਆ ਤਾਂ ਕੁਝ ਹੋ ਨਾ ਜਾਏ । ਦਿਨ ਤਾਂ ਸਾਰੇ ਦੋ ਨੇ ਵਿਚੋਂ ਜਾਣ ਵਿਚ। ਸਾਂਭਦੇ ਫਿਰਾਂਗੇ ਕਿ ਤਿਆਰੀ ਕਰਾਂਗੇ। ਤੂੰ ਵੇਖਿਆ ਨਹੀਂ ਜਦੋਂ ਉਹ ਪਹਿਲੀ ਵਾਰ ਬਾਹਰ ਨੂੰ ਤੁਰਿਆ ਸੀ ਤਾਂ ਤੁਸੀਂ ਆਪ ਈ ਦੱਸਦੀਆਂ ਸੋ ਕਿ ਕਿਵੇਂ ਉਹ ਬੇਹੋਸ਼ ਹੋ ਕੇ ਡਿੱਗ ਪਈ ਸੀ। ਦੰਦਲਾਂ ਪੈ ਪੈ ਜਾਂਦੀਆਂ ਸਨ। ਐਤਕੀਂ ਜਦੋਂ ਉਹ ਤੁਰਿਆ ਤਾਂ ਕਿਵੇਂ ਕਈ ਦਿਨ ਫੇਰ ਯਾਦ ਕਰ ਕਰ ਵਿਲਕਦੀ ਰਹੀ ਸੀ। ਤੈਨੂੰ ਆਪਣੇ ਗੁਰੂ ਦੀ ਸਹੁੰ, ਜੇ ਕਿਸੇ ਨਾਲ ਗੱਲ ਕਰੇਂ।
ਕੁੜੀ ਦੀਆਂ ਅੱਖਾਂ ਵਿਚੋਂ ਪਰਲ ਪਰਲ ਅੱਥਰੂ ਕਿਰਨ ਲੱਗੇ, ਭਾ ਜੀ, ਵੀਰ ਮੇਰਾ ਠੀਕ ਠਾਕ ਏ ਨਾ ਉਂਝ? ਮੇਰੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਓ। ਉਸਨੇ ਆਪਣਾ ਸਿਰ ਅੱਗੇ ਕੀਤਾ।
ਜਦੋਂ ਮੈਂ ਤੈਨੂੰ ਆਪਣੇ ਗੁਰੂ ਨੂੰ ਜਾਮਨ ਬਣਾ ਕੇ ਕਿਹੈ ਕਿ ਉਹ ਠੀਕ-ਠਾਕ ਐ ਤਾਂ ਤੂੰ ਮੰਨਦੀ ਕਿਉਂ ਨਹੀਂ।
ਨਹੀਂ, ਮੇਰੇ ਸਿਰ ਤੇ ਹੱਥ ਰੱਖ ਕੇ ਦੱਸੋ। ਗੁਰੂ ਤਾਂ ਲੋਕਾਂ ਨੇ ਮੰਨਣ ਲਈ ਨਹੀਂ ਸਹੁੰ ਖਾਣ ਨੂੰ ਈ ਰੱਖਿਐ!
ਲੈ ਉਸਨੇ ਕੰਬਦਾ ਹੋਇਆ ਹੱਥ ਉਸਦੇ ਸਿਰ ਤੇ ਧਰ ਦਿੱਤਾ, ਕੁਝ ਨਹੀਂ ਹੋਇਆ ਤੇਰੇ ਵੀਰ ਨੂੰ। ਅੱਗੇ ਵੀ ਤਾਂ ਇੱਕ ਵਾਰ ਉਹਨੇ ਬਾਂਹ ਤੇ ਸੱਟ ਲਵਾ ਲਈ ਸੀ ਤੇ ਓਨਾ ਚਿਰ ਦੱਸਿਆ ਨਹੀਂ ਸੀ ਸਾਨੂੰ, ਜਿੰਨਾਂ ਚਿਰ ਸੱਟ ਤੇ ਫ਼ਤਹਿ ਨਹੀਂ ਸੀ ਪਾ ਲਈ। ਰਾਜ਼ੀ ਹੋ ਕੇ ਈ ਖ਼ਬਰ ਦਿੱਤੀ ਸੀ। ਉਹਦਾ ਖਿ਼ਆਲ ਸੀ ਕਿ ਅਸੀਂ ਐਵੇਂ ਫਿ਼ਕਰ ਕਰਾਂਗੇ। ਉਹਨੇ ਤਾਂ ਹੁਣ ਵੀ ਆਪਣੇ ਤਾਏ ਨੂੰ ਕਿਹਾ ਸੀ ਕਿ ਸਾਨੂੰ ਨਾ ਦੱਸੇ, ਪਰ ਤਾਏ ਤੇਰੇ ਦੇ ਮੂੰਹੋਂ ਸਭਾਉਕੀ ਫ਼ੋਨ ਤੇ ਗੱਲ ਨਿਕਲ ਗਈ। ਵੀਰ ਤੇਰਾ ਵਿਚਾਰਾ ਤਾਂ ਸਗੋਂ ਏਸ ਗੱਲੋਂ ਪਰੇਸ਼ਾਨ ਏਂ ਕਿ ਉਹਦੇ ਮਾਂ-ਬਾਪ ਤੇ ਭੈਣ-ਭਰਾ ਪਹਿਲੀ ਵਾਰ ਕਨੇਡਾ ਆ ਰਹੇ ਨੇ ਤੇ ਉਹ ਇਸ ਹਾਲਤ ਵਿਚ ਉਹਨਾਂ ਨੂੰ ਏਅਰਪੋਰਟ ਤੇ ਲੈਣ ਵੀ ਨਹੀਂ ਆ ਸਕਦਾ! ਤੂੰ ਹੁਣ ਪੱਲੇ ਗੰਢ ਬੰਨ੍ਹ ਲੈ ਕਿ ਕਿਸੇ ਨਾਲ ਗੱਲ ਨਹੀਂ ਕਰਨੀ। ਓਥੇ ਜਾ ਕੇ ਤਾਂ ਆਪੇ ਪਤਾ ਲੱਗ ਜਾਣੈ। ਪਰ ਜਦੋਂ ਪੁੱਤ ਠੀਕ ਠਾਕ ਵੇਖ ਲਿਆ, ਆਪੇ ਤਸੱਲੀ ਹੋ ਜੂ ਮਾਂ ਦੀ। ਪਰ ਏਥੇ ਤਾਂ ਫਿ਼ਕਰ ਬਣਿਆਂ ਰਹੂ ਓਨੇ ਦਿਨ ਸਭ ਲਈ।
ਉਹਨੇ ਇਕ ਵਾਰ ਫਿਰ ਧੀ ਦੇ ਸਿਰ ਤੇ ਹੱਥ ਰੱਖਿਆ, ਵਾਹਗੁਰੂ! ਸੱਚਿਆ ਪਾਤਸ਼ਾਹ! ਮਿਹਰ ਦਾ ਹੱਥ ਰੱਖੀਂ ਸਭ ਦੇ ਸਿਰ ਤੇ। ਭੁੱਲਾਂ ਬਖ਼ਸ਼ੀਂ ਸਭ ਦੀਆਂ। ਮੰਜੇ ਤੇ ਕੋਲ ਆਣ ਬੈਠੀ ਧੀ ਨੂੰ ਉਸਨੇ ਉੱਤੋਂ ਦੀ ਬਾਂਹ ਵਲ਼ ਕੇ ਗਲ਼ ਨਾਲ ਘੁੱਟ ਲਿਆ, ਸਿੱਖੀ ਸਿਦਕ ਕਾਇਮ ਰੱਖੀਂ ਧੀਏ!
ਧੀ ਦੇ ਗਲ਼ ਲੱਗ ਕੇ ਤੇ ਦੁੱਖ ਦਾ ਕੁਝ ਹਿੱਸਾ ਉਹਦੇ ਸਿਰ ਤੇ ਰੱਖ ਕੇ ਉਸਨੇ ਆਪਣੇ ਆਪ ਨੂੰ ਥੋੜ੍ਹਾ ਹੌਲ਼ਾ ਹੋ ਗਿਆ ਮਹਿਸੂਸ ਕੀਤਾ।
ਪੁੱਤ! ਗੱਲ ਇਹ ਆਪਾਂ ਬਾਹਰ ਤਾਂ ਕੀ ਟੱਬਰ ਵਿਚ ਵੀ ਨਹੀਂ ਨਿਕਲਣ ਦੇਣੀ। ਜੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਫਿਰ ਤਿਆਰੀਆਂ ਕਰਾਂਗੇ ਕਿ ਮੁੰਡੇ ਦੀ ਸੁੱਖ-ਸਾਂਦ ਪੁੱਛਣ ਵਾਲਿਆਂ ਨੂੰ ਚਾਹਵਾਂ ਪਿਆਉਂਦੇ ਜਵਾਬ ਦਿੰਦੇ ਫਿਰਾਂਗੇ! ਨਾਲੇ ਤੇਰੀ ਮਾਂ ਦੇ ਦਿਲ ਦਾ ਤਾਂ ਤੈਨੂੰ ਪਤਾ ਈ ਏ।

ਚੱਲ ਅਕੇਲਾ, ਚੱਲ ਅਕੇਲਾ। ਤੇਰਾ ਮੇਲਾ ਪੀਛੇ ਛੂਟਾ ਰਾਹੀ ਚੱਲ ਅਕੇਲਾ!
ਉਹ ਖਿਝ ਗਿਆ ਤੇ ਵਿਚ ਦੂਜੇ ਕਮਰੇ ਵਿਚ ਬੈਠੇ ਗੁਰਮੇਲ ਨੂੰ ਉੱਚੀ ਆਵਾਜ਼ ਵਿਚ ਝਿੜਕਿਆ।
ਓ ਤੁਖ਼ਮਾਂ! ਟੀ ਵੀ ਬੰਦ ਕਰ ਉਏ। ਇਕ ਤਾਂ ਏਸ ਟੀ ਵੀ ਦੀ ਆਵਾਜ਼ ਨੇ ਪਿੰਡ ਸਿਰ ਤੇ ਚੁੱਕਣਾ ਲਿਆ।
ਓਧਰੋਂ ਸੁਰਜੀਤ ਕੌਰ ਨੇ ਆਵਾਜ਼ ਦਿੱਤੀ, ਨੀਂ ਹਰਿੰਦਰ! ਐਧਰ ਆ। ਜਿਦਣ ਦੀ ਵੱਡੀ ਭੈਣ ਆਈ ਏ, ਤੂੰ ਅਸਲੋਂ ਈ ਹੱਡ ਹਰਾਮ ਹੋ ਗਈ ਏਂ। ਰੋਟੀ ਫੜਾ ਵੀਰ ਆਪਣੇ ਨੂੰ। ਫਿਰ ਪਿਓ ਆਪਣੇ ਦੇ ਹੱਥ ਧੁਆ।
ਥੋੜ੍ਹੀ ਦੇਰ ਬਾਅਦ ਸੁਰਜੀਤ ਕੌਰ ਰੋਟੀ ਵਾਲੀ ਥਾਲੀ ਫੜ੍ਹੀ ਅੰਦਰ ਆਈ, ਲਓ ਉੱਠੋ! ਰੋਟੀ ਖਾਓ ਗਰਮਾ ਗਰਮ। ਤੁਹਾਡੀ ਪਸੰਦ ਦੀ ਛੋਲਿਆਂ ਦੀ ਦਾਲ ਕੱਦੂ ਪਾ ਕੇ ਬਣਾਈ ਏ। ਗੰਢਿਆਂ ਨੂੰ ਚੀਰ ਕੇ ਨਿੰਬੂ ਵੀ ਪਾਇਐ। ਹਰੀਆਂ ਮਿਰਚਾਂ ਨਾਲ। ਨਾਲ ਅੰਬੀਆਂ ਦੀ ਚਟਣੀ। ਕੱਲ੍ਹ ਗੁਰਮੇਲ ਆਪਣੇ ਬੰਬੀ ਵਾਲੇ ਅੰਬ ਤੋਂ ਲਾਹ ਕੇ ਤਾਜ਼ੀਆਂ ਅੰਬੀਆਂ ਲਿਆਇਐ। ਹੁਣ ਤਾਂ ਮੇਰੇ ਪੁੱਤ ਦਾ ਲਾਇਆ ਅੰਬ ਵੀ ਫ਼ਲ ਦੇਣ ਲੱਗ ਪਿਐ ਸੁੱਖ ਨਾਲ।
ਅਮਰ ਸਿੰਘ ਨੇ ਹੱਥ ਧੋਤੇ ਤੇ ਅਣਮੰਨੇ ਮਨ ਨਾਲ ਥਾਲੀ ਫੜ੍ਹ ਲਈ। ਸਾਰੀ ਦਿਹਾੜੀ ਉਹਨੇ ਅੰਨ ਦਾ ਦਾਣਾ ਮੂੰਹ ਨੂੰ ਨਹੀਂ ਸੀ ਲਾਇਆ। ਪਿਛਲੀ ਰਾਤ ਏਸ ਵੇਲੇ ਦੀ ਰੋਟੀ ਖਾਧੀ ਹੋਈ ਸੀ। ਰੋਟੀ ਦੀ ਬੁਰਕੀ ਤੋੜ ਕੇ ਮੂੰਹ ਵਿਚ ਪਾਈ ਤੇ ਡੂੰਘੀਆਂ ਸੋਚਾਂ ਵਿਚ ਉੱਤਰ ਗਿਆ। ਸੋਚਦਿਆਂ ਸੋਚਦਿਆਂ ਤੇ ਬੁਰਕੀਆਂ ਚਬੋਲਦਿਆਂ ਚਬੋਲਦਿਆਂ ਉਹਨੂੰ ਪਤਾ ਨਾ ਚੱਲਿਆ; ਉਹ ਤਾਂ ਢਾਈ ਫੁਲਕੇ ਖਾ ਗਿਆ ਸੀ। ਆਪਣੇ ਆਪ ਤੇ ਹੈਰਾਨ ਹੋਇਆ।
ਠੀਕ ਹੀ ਸੀ; ਨਾ ਅੰਨ-ਪਾਣੀ ਛੁੱਟਦਾ ਹੈ ਨਾ ਦੁਨੀਆਂ ਦੇ ਕਾਰ-ਵਿਹਾਰ ਰੁਕਦੇ ਨੇ!
ਕੀ ਦੁੱਖ ਵੀ ਏਦਾਂ ਘਟਦਾ ਘਟਦਾ ਘਟ ਜਾਂਦਾ ਤੇ ਮੁੱਕ ਜਾਂਦਾ ਏ?
ਉਸਨੇ ਇਸਤੋਂ ਪਹਿਲਾਂ ਆਪਣੇ ਬਾਬੇ ਤੇ ਮਾਂ-ਬਾਪ ਦੀਆਂ ਮੌਤਾਂ ਹੀ ਇਸ ਘਰ ਵਿਚ ਵੇਖੀਆਂ ਸਨ। ਰੋਇਆ ਤਾਂ ਉਹ ਬਾਬੇ ਦੀ ਮੌਤ ਤੇ ਵੀ ਸੀ ਪਰ ਆਪਣੇ ਪਿਤਾ ਦੀ ਲਗਭਗ ਜਵਾਨੀ ਚ ਹੋਈ ਮੌਤ ਤੇ ਤਾਂ ਉਹ ਬਹੁਤ ਰੋਇਆ ਸੀ ਤੇ ਦੁਖ ਦਾ ਕੰਡਾ ਬੜੇ ਸਾਲ ਉਹਦੇ ਦਿਲ ਵਿਚ ਰੜਕਦਾ ਰਿਹਾ ਸੀ। ਪਰ ਮਾਂ ਦਾ ਤੁਰ ਜਾਣਾ ਤਾਂ ਉਹਨੂੰ ਬੜਾ ਸਹਿਜ ਲੱਗਾ ਸੀ। ਹੁਣ ਤਾਂ ਪਿਓ ਦੀ ਮੌਤ ਦਾ ਦੁੱਖ ਵੀ ਧੋਤਾ ਗਿਆ ਸੀ। ਪਰ ਕਿੰਨੇ ਸਾਲ ਲੰਘੇ ਸਨ ਇਸਨੂੰ ਧੋਣ ਵਿਚ! ਹੁਣ ਪੁੱਤ ਦੀ ਮੌਤ ਦਾ ਦੁੱਖ ਧੋਣ ਵਾਸਤੇ ਜਿੰਨੇ ਸਾਲ ਉਹਨੂੰ ਚਾਹੀਦੇ ਸਨ ਕੀ ਓਨੇ ਸਾਲ ਉਹਦੀ ਜਿ਼ੰਦਗੀ ਦੇ ਬਾਕੀ ਹੈ ਵੀ ਸਨ? ਨਹੀਂ, ਉਹਦਾ ਦੁੱਖ ਭੁੱਲਣ ਲਈ ਤਾਂ ਇੱਕ ਹੋਰ ਪੂਰੀ ਉਮਰ ਚਾਹੀਦੀ ਸੀ।
ਕੁਝ ਘਰ ਛੱਡ ਕੇ ਦਲੀਪ ਸਿੰਘ ਦੇ ਘਰ ਦੇ ਬਨੇਰੇ ਤੇ ਸਪੀਕਰ ਵੱਜ ਰਿਹਾ ਸੀ। ਉਹ ਮੁੰਡਾ ਵਿਆਹ ਕੇ ਮੁੜੇ ਸਨ।

ਰੋਟੀ-ਟੁੱਕ ਤੋਂ ਵਿਹਲੇ ਹੋ ਕੇ ਸਾਰੇ ਬਿਸਤਰਿਆਂ ਤੇ ਜਾ ਪਏ। ਕੁੜੀਆਂ ਤੇ ਮੁੰਡਾ ਦੂਜੇ ਕਮਰੇ ਵਿਚ ਤੇ ਅਮਰ ਸਿੰਘ ਤੇ ਸੁਰਜੀਤ ਕੌਰ ਆਪਣੇ ਕਮਰੇ ਵਿਚ।
ਮੈਂ ਕਿਹਾ, ਅਮਰੀਕ ਦੇ ਭਾ ਜੀ, ਵਹੁਟੀ ਵੀ ਹੁਣ ਦਿਨਾਂ ਤੇ ਹੁਣੀ ਆਂ। ਅਮਰੀਕ ਨੇ ਕੋਈ ਖ਼ਬਰ ਨਹੀਂ ਦਿੱਤੀ।
ਖ਼ਬਰ ਹੁੰਦੀ ਤਾਂ ਆਪੇ ਪਤਾ ਲੱਗ ਜਾਂਦੀ। ਏਸੇ ਕਰਕੇ ਤਾਂ ਉਹ ਛੇਤੀ ਆਉਣ ਨੂੰ ਜ਼ੋਰ ਲਾਉਂਦੈ। ਕਹਿੰਦੈ; ਵਹੁਟੀ ਢਿੱਲੀ ਹੋਣ ਕਰ ਕੇ ਘਰ ਵਿਚ ਜੀਆਂ ਦੀ ਲੋੜ ਏ।
ਸ਼ੁਕਰ ਐ। ਸੱਚਿਆ ਪਾਤਸ਼ਾਹ! ਤੇਰਾ ਲੱਖ ਲੱਖ ਸ਼ੁਕਰ! ਸਭ ਕੁਝ ਠੀਕ-ਠਾਕ ਨਜਿੱਠਿਆ ਜਾਏ। ਸਾਡੇ ਪੈਰ ਕਨੇਡਾ ਦੀ ਧਰਤੀ ਤੇ ਸੁਲੱਖਣੇ ਪੈਣ। ਸਾਡੀ ਜੜ੍ਹ ਲੱਗੇ।
ਕੁਝ ਚਿਰ ਜਾਣ ਦੀਆਂ ਤਿਆਰੀਆਂ ਦਾ ਵੇਰਵਾ ਵਿਚਾਰਿਆ ਜਾਂਦਾ ਰਿਹਾ। ਤੇ ਫਿਰ ਡੂੰਘੀ ਰਾਤ ਗਈ ਨਾਲ ਦੋਵੇਂ ਪਾਸਾ ਬਦਲ ਕੇ ਅੱਖਾਂ ਮੀਚ ਕੇ ਚੁੱਪ ਹੋ ਗਏ।
ਅਮਰ ਸਿੰਘ ਬਿਸਤਰੇ ਤੇ ਪਿਆ ਬੇਚੈਨੀ ਵਿਚ ਪਾਸੇ ਬਦਲਣ ਲੱਗਾ। ਉੱਸਲਵੱਟੇ ਲੈਂਦਾ, ਮਨ ਭਰਦਾ, ਹਿਚਕੀਆਂ ਰੋਕ ਕੇ ਰੋਂਦਾ। ਸਿਰਹਾਣਾ ਗਿੱਲਾ ਹੁੰਦਾ ਰਿਹਾ। ਦ੍ਰਿਸ਼ ਅੱਖਾਂ ਅੱਗੋਂ ਲੰਘਦੇ ਗਏ।

ਉਹ ਲਸੂੜੇ ਹੇਠਾਂ ਮੰਜੀ ਤੇ ਲੇਟਿਆ ਹੋਇਆ ਸੀ। ਉਦਾਸ ਜਿਹਾ ਮੂੰਹ ਲੈ ਕੇ ਅਮਰੀਕ ਉਹਦੀ ਮੰਜੀ ਕੋਲ ਆਣ ਖਲੋਤਾ। ਉਹ ਅੰਦਰਲੇ ਘਰੋਂ ਤਾਏ ਜਰਨੈਲ ਸਿੰਘ ਦੇ ਹਾਣੀ ਮੁੰਡਿਆਂ ਨਾਲ ਖੇਡਦਾ ਆਇਆ ਸੀ। ਚਾਚੇ-ਤਾਏ ਦੇ ਪੁੱਤ ਭਰਾਵਾਂ ਵਿਚ ਵੰਡ-ਵੰਡਾਈ ਹੋ ਜਾਣ ਤੋਂ ਪਿੱਛੋਂ ਉਹ ਪਿਛਲੇ ਦਿਨਾਂ ਤੋਂ ਹਵੇਲੀ ਵਿਚ ਰਿਹਾਇਸ਼ ਲੈ ਆਏ ਸਨ, ਪਰ ਏਥੇ ਅਮਰੀਕ ਦਾ ਜੀ ਨਹੀਂ ਸੀ ਲੱਗਦਾ। ਉਹ ਦਿਨ ਚੜ੍ਹਦਿਆਂ ਅੰਦਰਲੇ ਘਰ ਵੱਲ ਭੱਜ ਜਾਂਦਾ। ਪਰ ਉਥੋਂ ਉਦਾਸ ਹੋ ਕੇ ਘਰ ਪਰਤਦਾ। ਕੋਈ ਨਾ ਕੋਈ ਸਵਾਲ ਉਹਦੀ ਜ਼ਬਾਨ ਤੇ ਹੁੰਦਾ। ਉਸਨੇ ਅੰਦਰਲੇ ਘਰ ਈ ਜਨਮ ਲਿਆ ਸੀ। ਓਥੇ ਹੀ ਰਿੜ੍ਹਨਾ, ਤੁਰਨਾ ਤੇ ਤੁਤਲਾਉਣਾ ਸਿਖਿਆ ਸੀ। ਸਮਝ ਨਹੀਂ ਸੀ ਪੈਂਦੀ ਕਿ ਹੁਣ ਉਹ ਆਪਣੇ ਕਮਰੇ ਵਿਚ ਰਾਤ ਨੂੰ ਕਿਉਂ ਨਹੀਂ ਸੀ ਸੌਂ ਸਕਦਾ। ਉਹਦੇ ਮਾਂ-ਬਾਪ ਰਾਤ ਨੂੰ ਉਸ ਘਰ ਜਾਂਦੇ ਕਿਉਂ ਨਹੀਂ ਸਨ। ਉਹਦੀ ਬੀ ਜੀ ਉਹਦੀ ਤਾਈ ਨਾਲ ਮਿਲ ਕੇ ਤੰਦੂਰੇ ਰੋਟੀਆਂ ਕਿਉਂ ਨਹੀਂ ਲਾਉਂਦੀ। ਉਹਨਾਂ ਕੋਲ ਹਵੇਲੀ ਵਿਚ ਇੱਕ ਬਲ਼ਦ, ਬੂਰੀ ਮੱਝ ਤੇ ਕੱਟਾ ਹੀ ਕਿਉਂ ਰਹਿ ਗਏ ਨੇ। ਦੂਜੇ ਡੰਗਰਾਂ ਤੋਂ ਵਿਛੜ ਕੇ ਇਹਨਾਂ ਦਾ ਜੀਅ ਏਥੇ ਕਿਵੇਂ ਲੱਗਦਾ ਹੋਏਗਾ!
ਅਮਰ ਸਿੰਘ ਉਸਦੇ ਬਾਲ-ਮਨ ਦੀ ਉਦਾਸੀ ਨੂੰ ਸਮਝਦਾ ਸੀ। ਉਸਨੇ ਚੁੱਕ ਕੇ ਹਿੱਕ ਤੇ ਬਿਠਾ ਲਿਆ। ਲਾਡ ਲਡਾਉਣ ਲੱਗਾ, ਅਮਰੀਕ ਸੁੰਹ ਸਰਦਾਰ। ਘੋੜੇ ਪੰਜ, ਬੰਦੂਕਾਂ ਚਾਰ। ਵਾਹੀ ਕਰਦਾ ਨਹਿਰੋਂ ਪਾਰ।
ਅਮਰੀਕ ਨੂੰ ਅਚਨਚੇਤ ਕੁਝ ਚੇਤਾ ਆ ਗਿਆ।
ਭਾ ਜੀ! ਨਵਤੇਜ ਆਖਦਾ ਸੀ, ਨਹਿਰੋਂ ਪਾਰ ਵਾਲੀ ਜਮੀਨ ਹੁਣ ਉਹਨਾਂ ਦੀ ਹੋ ਗਈ ਏ। ਆਪਣੇ ਕੋਲ ਖੂਹ ਵਾਲੀ ਜਮੀਨ ਈ ਰਹਿ ਗਈ ਏ। ਉਹ ਆਖਦਾ ਸੀ ਅੰਦਰਲੇ ਪੱਕੇ ਘਰ ਵੀ ਹੁਣ ਸਾਡੇ ਨਹੀਂ ਰਹਿ ਗਏ।
ਕੋਈ ਨਹੀਂ, ਸਾਡਾ ਸੋਹਣਾ ਤੇ ਸ਼ੇਰ ਪੁੱਤ ਏਥੇ ਹਵੇਲੀ ਚ ਈ ਪੱਕੇ ਕੋਠੇ ਛੱਤ ਲਊਗਾ। ਨਵੇਂ ਤੇ ਸੋਹਣੇ। ਅੰਦਰਲਾ ਪੱਕਾ ਘਰ ਤਾਂ ਗੰਦਾ ਤੇ ਪੁਰਾਣਾ ਹੋ ਗਿਐ।
ਅਮਰ ਸਿੰਘ ਨੇ ਉਹਦਾ ਧਿਆਨ ਪਾਸੇ ਪਾਉਣ ਲਈ ਲੇਟੇ ਲੇਟੇ ਨੇ ਆਪਣੀਆਂ ਲੱਤਾਂ ਇਕੱਠੀਆਂ ਕੀਤੀਆਂ ਤੇ ਅਮਰੀਕ ਨੂੰ ਢਿੱਡ ਤੋਂ ਚੁੱਕ ਕੇ ਲੱਤਾਂ ਉੱਤੇ ਬਿਠਾ ਲਿਆ। ਅਮਰੀਕ ਨੇ ਉਹਦੇ ਗੋਡਿਆਂ ਨੂੰ ਕਰਿੰਘੜੀ ਮਾਰ ਲਈ। ਉਹ ਲੱਤਾਂ ਹੇਠ ਉੱਤੇ ਕਰਨ ਲੱਗਾ।
ਹੂਟੇ, ਮਾਟੇ, ਸੋਨੇ ਦੀ ਗੱਡ ਘਰਾਟੇ,
ਮਾਈਓ, ਬੁਢੀਓ, ਭਾਂਡੇ-ਟੀਂਡੇ ਸਾਂਭ ਲੌ,
ਅਮਰੀਕ ਸੁੰਹ ਦੀ ਰੇਲ ਗੱਡੀ ਆਈ ਜੇਅ ਅਅ।
ਉਹ ਲੱਤਾਂ ਉੱਚੀਆ ਕਰਕੇ ਸਿਰ ਵੱਲ ਲੈ ਆਉਂਦਾ। ਅਮਰੀਕ ਖਿੜ ਖਿੜ ਹੱਸਦਾ।
ਭਾ ਜੀ ਰੇਲ ਗੱਡੀ ਕੀ ਹੁੰਦੀ ਆ?
ਤੂੰ ਬੱਸ ਵੇਖੀ ਐ ਨਾ!
ਹਾਹੋ
ਕਿੰਨ੍ਹੀਆਂ ਸਾਰੀਆਂ ਬੱਸਾਂ ਜੋੜ ਦਈਏ ਤਾਂ ਰੇਲ ਬਣ ਜਾਂਦੀ ਐ।
ਆਪਾਂ ਰੇਲ ਗੱਡੀ ਤੇ ਕਦੋਂ ਚੜ੍ਹਾਂਗੇ?
ਜਦੋਂ ਤੂੰ ਪੱਕੇ ਕੋਠੇ ਪਾਉਣ ਲਈ ਜਹਾਜ਼ ਤੇ ਚੜ੍ਹ ਕੇ ਦੂਅਅਅਅਰ ਗਿਓਂ ਕਮਾਈਆਂ ਕਰਨ ਤਾਂ ਆਪਾਂ ਰੇਲ ਗੱਡੀ ਤੇ ਚੜ੍ਹ ਕੇ ਤੈਨੂੰ ਜਹਾਜ਼ੇ ਚੜ੍ਹਾਉਣ ਜਾਵਾਂਗੇ।
ਅਮਰੀਕ ਦਾ ਧਿਆਨ ਪਿਤਾ ਵੱਲੋਂ ਲਮਕਾ ਕੇ ਆਖੇ ਸ਼ਬਦ ਦੂਅਅਅਅਰ ਤੇ ਅਟਕ ਗਿਆ ਸੀ।
ਜਦੋਂ ਮੈਂ ਦੂਅਅਅਅਰ ਚਲਾ ਗਿਆ ਤਾਂ ਕੱਲ੍ਹਾ ਮੁੜ ਕੇ ਕਿਵੇਂ ਆਊਂਗਾ?

ਅਮਰ ਸਿੰਘ ਦੀ ਭੁੱਬ ਨਿਕਲਣ ਨੂੰ ਆਈ ਪਰ ਉਸਨੇ ਇਸ ਨੂੰ ਨਕਲੀ ਖੰਘ ਵਿਚ ਬਦਲ ਲਿਆ। ਸੁਰਜੀਤ ਕੌਰ ਨੂੰ ਸੁੱਤੀ ਜਾਣ ਕੇ ਉਸਨੇ ਖੰਘ ਗਲ਼ ਵਿਚ ਹੀ ਘੁੱਟਣੀ ਚਾਹੀ। ਪਰ ਸੁਰਜੀਤ ਕੌਰ ਤਾਂ ਜਾਗਦੀ ਪਈ ਸੀ, ਜੀ ਪਾਣੀ ਦਿਆਂ।
ਨਹੀਂ, ਸੌਂ ਜਾ। ਸੁਤੀ ਕਿਉਂ ਨਹੀਂ ਅਜੇ ਤਾਈਂ?
ਨੀਂਦ ਜਿਹੀ ਨਹੀਂ ਆਉਂਦੀ। ਜਾਣੀਦਾ, ਮਨ ਨੂੰ ਟਿਕਾਅ ਜਿਹਾ ਨਹੀਂ।
ਅੱਖਾਂ ਮੀਚ ਤੇ ਰੱਬ ਦਾ ਧਿਆਨ ਧਰ। ਵਾਹਗੁਰੂ! ਵਾਹਗੁਰੂ! ਆਖ। ਨੀਂਦ ਆ ਜੂ। ਤੇ ਉਸਨੇ ਵਾਹਿਗੁਰੂ! ਕਹਿੰਦਿਆਂ ਪਾਸਾ ਪਰਤ ਲਿਆ।
ਥੋੜ੍ਹੀ ਦੇਰ ਬਾਅਦ ਸੁਰਜੀਤ ਕੌਰ ਦੇ ਸਾਹਵਾਂ ਦੀ ਆਵਾਜ਼ ਆਉਣ ਲੱਗੀ।
ਉਸ ਆਪਣੇ ਆਪ ਨੂੰ ਸਵਾਲ ਕੀਤਾ, ਨੀਂਦ ਤਾਂ ਕਹਿੰਦੇ ਨੇ ਸੂਲਾਂ ਦੀ ਸੇਜ ਤੇ ਵੀ ਆ ਜਾਂਦੀ ਹੈ। ਪਰ ਮੈਨੂੰ ਨੀਂਦ ਕਿਉਂ ਨਹੀਂ ਆਉਂਦੀ! ਕੀ ਮੇਰੀ ਸੇਜ ਨੂੰ ਨੀਂਦ ਆਉਣ ਲਈ ਅਜੇ ਹੋਰ ਸੂਲਾਂ ਦੀ ਲੋੜ ਹੈ!
ਯਤਨ ਦੇ ਬਾਵਜੂਦ ਨੀਂਦ ਨਹੀਂ ਆਈ। ਆਪਣੀ ਹਿੱਕ ਨੂੰ ਘੋੜਾ ਬਣਾ ਕੇ ਬੈਠੇ ਅਮਰੀਕ ਦੀ ਨਿੱਕੀ ਜਿਹੀ ਤਲ਼ੀ ਨੂੰ ਉਸਨੇ ਆਪਣੀਆਂ ਸੱਜੇ ਹੱਥ ਦੀਆਂ ਉਂਗਲਾਂ ਦੇ ਪੋਟਿਆਂ ਨਾਲ ਛੂਹਿਆ। ਉਹ ਉਹਦੇ ਨਿੱਕੇ ਜਿਹੇ ਹੱਥ ਤੇ ਚੂਰੀ ਕੁੱਟਣ ਲੱਗਾ।
ਦਹੀਂ ਦੀ ਫੁੱਟੀ, ਚੂਰੀ ਕੁੱਟੀ।
ਹਾਲ਼ੀਓ! ਪਾਲ਼ੀਓ! ਐਥੇ ਮੇਰਾ ਪੁਤ ਅਮਰੀਕ ਸੁੰਹ
ਕਿਤੇ ਮਾਲ-ਡੰਗਰ ਚਾਰਦਾ ਐ ਭਈ ਉਏ!
ਮੈਂ ਉਹਦੀ ਰੋਟੀ ਲੈ ਕੇ ਆਇਆਂ
ਤੇ ਫਿਰ ਉਹ ਲੱਭ ਲੈਣ ਦਾ ਨਾਟਕ ਕਰਦਾ ਉਹਦੀਆਂ ਵੱਖੀਆਂ ਕੁਤਕਤਾਉਂਦਾ, ਲੱਭ ਲਿਆ! ਲੱਭ ਲਿਆ!
ਅਮਰੀਕ ਖਿੜ ਖਿੜ ਹੱਸਦਾ ਉਹਦੀ ਹਿੱਕ ਤੇ ਲੋਟ ਪੋਟ ਹੋਣ ਲੱਗਾ।

ਅਮਰ ਸਿੰਘ ਨੇ ਮੱਚਦੇ ਕਲੇਜੇ ਨੂੰ ਘੁੱਟਿਆ। ਅਮਰੀਕ ਨੂੰ ਲੱਭਣ ਲਈ ਆਪਣੀ ਹਿੱਕ ਨੂੰ ਟੋਹਿਆ। ਉਹ ਤਾਂ ਏਥੇ ਕਿਧਰੇ ਵੀ ਨਹੀਂ ਸੀ। ਉਹ ਲੱਭਣ ਲੱਗਾ। ਪਰ ਉਹ ਤਾਂ ਉਹਨਾਂ ਦੇ ਟੱਬਰ ਦੀ ਰੋਟੀ ਲੱਭਣ ਕਿਤੇ ਦੂਅਅਅਅਰ ਨਿਕਲ ਗਿਆ ਸੀ। ਉਹ ਉਹਨੂੰ ਕਿੱਥੋਂ ਲੱਭਦਾ!
ਅਮਰੀਕ ਨੂੰ ਲੱਭਦਿਆਂ ਲੱਭਦਿਆਂ ਉਹ ਹਨੇਰੇ ਵਿਚ ਦੌੜ ਰਿਹਾ ਸੀ ਕਿ ਗੁਰਦਵਾਰੇ ਵਿਚੋਂ ਸਪੀਕਰ ਤੇ ਬਾਬੇ ਦੀ ਆਵਾਜ਼ ਗੂੰਜ ਉੱਠੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ! ਖ਼ਾਲਸਾ ਜੀ! ਸਵੇਰੇ ਵਿਸਾਖੀ ਦੇ ਸ਼ੁਭ-ਦਿਹਾੜੇ ਤੇ ਜਮਰੌਦ ਦੇ ਕਿਲ੍ਹੇ ਤੇ ਕੇਸਰੀ ਝੰਡੇ ਝੁਲਾਉਣ ਵਾਲੇ ਸ਼ਹੀਦ ਬਾਬਾ ਬਲਕਾਰ ਸਿੰਘ ਦੀ ਯਾਦ ਵਿਚ ਰੱਖੇ ਗਏ ਸ਼੍ਰੀ ਆਖੰਡ-ਪਾਠ ਸਾਹਿਬ ਦੇ ਭੋਗ ਸਵੇਰੇ ਦਸ ਵਜੇ ਪੈਣਗੇ। ਉਪਰੰਤ ਦੀਵਾਨ ਸੱਜਣਗੇ। ਸਭ ਮਾਈ ਭਾਈ ਨੂੰ ਬੇਨਤੀ ਹੈ ਕਿ ਸ੍ਰੀ ਆਖੰਡ-ਪਾਠ ਸਾਹਿਬ ਦੇ ਭੋਗ ਸਮੇਂ ਹੁੰਮ-ਹੁਮਾਂ ਕੇ ਦਰਸ਼ਨ ਦਿਓ ਤੇ ਸ਼ਹੀਦ ਸਿੰਘਾਂ ਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖ਼ਾਲਸਾ! ਵਾਹਿਗੁਰੂ ਜੀ ਕੀ ਫ਼ਤਹਿ!
ਉਹਨਾਂ ਦੇ ਪਿੰਡ ਦੇ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਵਿਸਾਖੀ ਦਾ ਮੇਲਾ ਲੱਗਦਾ ਸੀ। ਆਖੰਡ ਪਾਠ ਦਾ ਭੋਗ ਪੈਂਦਾ। ਦੀਵਾਨ ਲੱਗਦਾ। ਰਾਤ ਨੂੰ ਆਤਿਸ਼ਬਾਜ਼ੀ ਚੱਲਦੀ। ਲੋਕ ਘਰਾਂ ਦੇ ਬਨੇਰਿਆਂ ਤੇ ਦੀਵੇ ਬਾਲਦੇ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਦੀਆਂ ਤੋਂ ਭਾਰਤ ਤੇ ਹੜ੍ਹਿਆਏ ਤੁਫ਼ਾਨਾਂ ਵਾਂਗ ਹਮਲਾਵਰ ਹੁੰਦੇ ਆਏ ਅਫ਼ਗ਼ਾਨਾਂ ਨੂੰ ਉਹਨਾਂ ਦੇ ਘਰ ਦੀਆਂ ਬਰੂਹਾਂ ਤੋਂ ਅੰਦਰਵਾਰ ਪਿੱਛੇ ਧੱਕ ਕੇ ਹਰੀ ਸਿੰਘ ਨਲੂਏ ਦੀ ਅਗਵਾਈ ਵਿਚ ਜਮਰੌਦ ਦੇ ਕਿਲ੍ਹੇ ਤੇ ਕਬਜ਼ਾ ਕੀਤਾ ਸੀ ਤਾਂ ਉਹਨਾਂ ਦੇ ਪਿੰਡ ਦਾ ਬਾਬਾ ਬਲਕਾਰ ਸਿੰਘ ਨਲੂਏ ਦੇ ਨਾਲ ਹੀ ਉਸ ਜੰਗ ਵਿਚ ਲੱਗੇ ਜ਼ਖ਼ਮਾਂ ਕਾਰਨ ਸ਼ਹੀਦੀ ਪਾ ਗਿਆ ਸੀ। ਪਰ ਸ਼ਹੀਦ ਹੋਣ ਤੋਂ ਪਹਿਲਾਂ ਜਮਰੌਦ ਦੇ ਕਿਲ੍ਹੇ ਤੇ ਪੰਜਾਬੀਆਂ ਦਾ ਝੰਡਾ ਝੁਲਦਾ ਵੇਖ ਗਿਆ ਸੀ। ਜਮਰੌਦ ਦੇ ਕਿਲ੍ਹੇ ਤੇ ਝੰਡਾ ਝੁੱਲਦਾ ਵੇਖ ਕੇ ਪਹਿਲੀ ਵਾਰ ਪੰਜਾਬ ਹੁਲਾਸ ਨਾਲ ਭਰ ਗਿਆ ਸੀ। ਪੰਜਾਬੀਆਂ ਨੂੰ ਪਹਿਲੀ ਵਾਰ ਆਪਣਾ ਘਰ ਆਪਣਾ ਘਰ ਲੱਗਣ ਲੱਗਾ ਸੀ। ਜ਼ੰਜੀਰਾਂ ਵਿਚ ਜਕੜਿਆ ਪਿੱਛੇ ਖਲੋਤਾ ਹਿੰਦੁਸਤਾਨ ਹਸਰਤ ਨਾਲ ਇਸ ਝੰਡੇ ਵੱਲ ਵੇਖ ਰਿਹਾ ਸੀ।
ਪੰਜਾਬੀਆਂ ਵਾਂਗ ਅਮਰ ਸਿੰਘ ਦੇ ਗਿਰਾਈਂਆਂ ਦੇ ਮਨ ਵਿਚ ਵੀ ਇਹ ਹਸਰਤ ਸਦਾ ਰੜਕਦੀ ਰਹਿੰਦੀ ਸੀ ਕਿ ਕਾਸ਼! ਉਹਨਾਂ ਦਾ ਘਰ ਸੁਰੱਖਿਅਤ ਰਹਿੰਦਾ ਤਾਂ ਖ਼ਬਰੇ ਉਹਨਾਂ ਨੂੰ ਰੋਟੀ ਲੱਭਣ ਲਈ ਹੋਰਨਾਂ ਦੇ ਦਰ-ਘਰ ਵੱਲ ਨਾ ਵੇਖਣਾ ਪੈਂਦਾ!
ਗੁਰਦਵਾਰਾ ਸ਼ਹੀਦਾਂ ਸ਼ਹੀਦ ਬਾਬਾ ਬਲਕਾਰ ਸਿੰਘ ਤੇ ਜਮਰੌਦ ਦੇ ਕਿਲ੍ਹੇ ਤੇ ਉਹਨਾਂ ਦੀ ਜਿੱਤ ਦੇ ਮਾਣ ਦਾ ਪ੍ਰਤੀਕ ਸੀ। ਪਿੰਡ ਵਾਲਿਆਂ ਲਈ ਇਤਿਹਾਸਕ ਗੌਰਵ ਦਾ ਨਿਸ਼ਾਨ। ਸਦੀਆਂ ਤੋਂ ਰੁਲਦੇ ਤੇ ਡਿੱਗੇ ਢੱਠੇ ਪੰਜਾਬ ਦੇ ਸਿਰ ਤੇ ਪੱਗ ਧਰਨ ਵਾਲੀ ਧਿਰ ਦਾ ਜਲੌਅ। ਪਿੰਡ ਵਾਲਿਆਂ ਦੀ ਵੱਡੀ ਧਿਰ ਅਤੇ ਧਰਵਾਸਾ। ਇਸ ਸ਼ਹੀਦੀ ਦਾ ਮਾਣ ਹੀ ਸੀ ਕਿ ਜਮਰੌਦ ਦਾ ਕਿਲ੍ਹਾ ਉਹਨਾਂ ਦੀ ਗੱਲ-ਬਾਤ ਵਿਚ ਅਕਸਰ ਸਿਰ ਉੱਚਾ ਚੁੱਕ ਕੇ ਖਲੋ ਜਾਂਦਾ ਸੀ। ਜਦੋਂ ਬਾਬੇ ਚੜ੍ਹਤ ਸਿੰਘ ਨੇ ਮਿਸਟਰ ਰੀਡ ਨੂੰ ਲਲਕਾਰਿਆ ਸੀ, ਯਾਦ ਰਖੀਂ ਮਿਸਟਰ ਰੀਡ! ਮੈਂ ਪਰਤਾਂਗਾ ਕਨੇਡਾ, ਕਿਸੇ ਨਾ ਕਿਸੇ ਦਿਨ। ਆਜ਼ਾਦ ਮੁਲਕ ਦੇ ਆਪਣੇ ਜਹਾਜ਼ ਤੇ। ਰੋਟੀ ਲਈ ਲਿਲਕੜੀਆਂ ਲੈਣ ਨਹੀਂ; ਤੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣ ਲਈ। ਤੇਰੇ ਬਰਾਬਰ ਦੀ ਧਿਰ ਬਣ ਕੇ। ਤਾਂ ਉਸ ਅੰਦਰੋਂ ਉਦੋਂ ਉਹਦੇ ਸ਼ਹੀਦ ਬਾਬੇ ਬਲਕਾਰ ਸਿੰਘ ਦਾ ਭਰੋਸਾ ਹੀ ਬੋਲਿਆ ਸੀ ਜਿਹੜਾ ਸਦੀਆਂ ਤੋਂ ਪੰਜਾਬ ਤੇ ਚੜ੍ਹ ਕੇ ਆਉਂਦੇ ਧਾੜਵੀਆਂ ਨੂੰ ਦਿਲ-ਜਿਗਰੇ ਨਾਲ ਵੰਗਾਰ ਰਿਹਾ ਸੀ, ਆ ਉਏ! ਅਹਿਮਦ ਸ਼ਾਹ ਅਬਦਾਲੀ! ਤੂੰ ਵੀ ਆ ਨਾਦਰਸ਼ਾਹ! ਮੈਂ ਆਇਆ ਹਾਂ ਤੁਹਾਡੇ ਨਾਲ ਬਰਾਬਰ ਦੀ ਧਿਰ ਬਣ ਕੇ ਜੂਝਣ ਲਈ। ਤੁਹਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣ ਲਈ। ਆਜ਼ਾਦ ਦੇਸ਼ ਦਾ ਆਜ਼ਾਦ ਬਾਸਿ਼ੰਦਾ।
ਪਿੰਡ ਦੇ ਮੇਲੇ ਤੇ ਸੁਣੀ ਸ਼ਹੀਦੀ-ਵਾਰ ਅਮਰ ਸਿੰਘ ਦੇ ਜਿ਼ਹਨ ਵਿਚ ਗੂੰਜੀ। ਬਾਬਾ ਬਲਕਾਰ ਸਿੰਘ ਜਮਰੌਦ ਦੇ ਜੰਗ ਵਿਚ ਘਾਤਕ ਜ਼ਖ਼ਮ ਲੱਗਣ ਤੋਂ ਬਾਅਦ ਆਪਣੇ ਸਾਥੀਆਂ ਨੂੰ ਕਹਿ ਰਿਹਾ ਸੀ, ਮੇਰਾ ਚਿਖ਼ਾ-ਸਿੰਘਾਸਣ ਆਖ਼ਰੀ ਵਿਚ ਕਿਲ੍ਹੇ ਬਣਾਣਾ। ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ ਲੰਬੂ ਲਾਣਾ। ਮੈਂ ਨਾਲ ਤੁਹਾਡੇ ਹੋਵਾਂਗਾ ਤੁਸੀਂ ਨਹੀਂ ਘਬਰਾਣਾ।

ਸ਼ਹੀਦ ਸਿੰਘੋ! ਮੇਰੇ ਨਾਲ ਹੋਵੋ। ਮੇਰੇ ਅੰਗ-ਸੰਗ। ਸੱਚੇ ਪਾਤਸ਼ਾਹ! ਮੇਰੀ ਟੇਕ ਬਣੋ। ਮੈਂ ਆਪਣੇ ਮਨ ਤੇ ਲੱਦੇ ਪਹਾੜ ਦਾ ਭਾਰ ਝੱਲ ਸਕਾਂ।
ਪਤਾ ਨਹੀਂ ਕਦੋਂ ਤੇ ਕਿਵੇਂ ਪਲ ਕੁ ਲਈ ਅੱਖ ਲੱਗੀ। ਜਾਗੋਮੀਟੀ ਜਿਹੀ ਵਿਚ ਉਹਨੂੰ ਮਹਿਸੂਸ ਹੋਇਆ ਉਹ ਧਰਤੀ ਵਿਚ ਹੋਏ ਛੇਕ ਵਿਚ ਡਿਗ ਪਿਆ ਹੈ। ਹੇਠਾਂ ਡਿਗਣੋਂ ਬਚਣ ਲਈ ਉਹ ਬੰਨੇ ਨੂੰ ਹੱਥ ਪਾਉਂਦਾ ਹੈ। ਹੱਥ ਛੁਟਕ ਛੁਟਕ ਜਾ ਰਹੇ ਹਨ। ਉਹਦੇ ਸਿਰ ਉਪਰ ਖਲੋਤਾ ਸ਼ਹੀਦ ਬਾਬਾ ਬਲਕਾਰ ਸਿੰਘ, ਉਹਦਾ ਬਾਬਾ ਚੜ੍ਹਤ ਸਿੰਘ ਤੇ ਉਹਦੀ ਆਪਣੀ ਮਾਂ ਉਸ ਵੱਲ ਵੇਖ ਕੇ ਮੁਸਕਰਾ ਰਹੇ ਹਨ। ਉਹ ਉਹਨਾਂ ਕੋਲ ਤਰਲਾ ਲੈਂਦਾ ਹੈ ਕਿ ਉਸਦੀਆਂ ਬਾਹਵਾਂ ਤੋਂ ਫੜ੍ਹ ਕੇ ਉਹਨੂੰ ਜ਼ਮੀਨ ਵਿਚ ਗ਼ਰਕਣੋਂ ਬਚਾ ਲੈਣ। ਪਰ ਉਹ ਉਸਦੀ ਸਹਾਇਤਾ ਕਰਨ ਦੀ ਥਾਂ ਖਿੜਖਿੜਾ ਕੇ ਹੱਸਣ ਲੱਗ ਪੈਂਦੇ ਹਨ। ਡਰ ਕੇ ਉਸਦੀ ਅੱਖ ਖੁੱਲ੍ਹ ਗਈ।

ਦਿਨੇ ਉੱਠ ਕੇ ਨਹਾਉਂਦਿਆਂ, ਪਾਠ ਕਰਦਿਆਂ ਨੂੰ ਰੋਟੀ ਤਿਆਰ ਹੋ ਗਈ। ਏਨੇ ਚਿਰ ਵਿਚ ਛਿੰਦਰ ਦੇ ਪ੍ਰਾਹੁਣੇ ਗੁਰਮੁਖ ਨੇ ਵੀ ਆਣ ਫ਼ਤਹਿ ਗਜਾਈ। ਉਹ ਪਾਸਪੋਰਟ ਤੇ ਹੋਰ ਲੋੜੀਂਦੇ ਕਾਗ਼ਜ਼-ਪੱਤਰ ਲੈ ਕੇ ਵਸੋਂ ਵਾਲੇ ਵਿਹੜੇ ਦੇ ਦਰ ਤੋਂ ਬਾਹਰ ਹੋਣ ਲੱਗੇ ਤਾਂ ਅੱਗੇ ਸੁਰਜੀਤ ਕੌਰ ਸ਼ਗਨ ਕਰਨ ਲਈ ਪਾਣੀ ਦੀ ਗੜਵੀ ਫੜ੍ਹੀ ਸਾਹਮਣੇ ਖਲੋਤੀ ਸੀ।
ਆਉਂਦੇ ਹੋਏ ਟੈਮ ਲੱਗਾ ਤਾਂ ਤਰਨਤਾਰਨ ਵੀ ਬਾਬੇ ਦੇ ਮੱਥਾ ਟੇਕ ਆਇਓ। ਸੁੱਖ ਮੰਗਿਓ ਸਾਰੇ ਟੱਬਰ ਦੀ। ਸੁੱਖ-ਸੁਖਾਂ ਨਾਲ ਸਾਰੇ ਕੰਮ ਨੇਪਰੇ ਚੜ੍ਹਨ। ਪ੍ਰਸ਼ਾਦ ਵੀ ਕਰਾਇਓ। ਗੱਲ ਕਰਦੀ ਨੇ ਦਰਵਾਜ਼ੇ ਚੋਂ ਹਵੇਲੀ ਵੱਲ ਵੇਖਿਆ ਤਾਂ ਖ਼ੁਸ਼ ਹੋ ਗਈ। ਸਾਹਮਣੇ ਸ਼ੀਰਾ ਹਰੇ ਦੀ ਟੋਕਰੀ ਭਰੀ ਪਸ਼ੂਆਂ ਨੂੰ ਪੱਠੇ ਪਾਉਣ ਲੱਗਾ ਸੀ। ਹੱਥ ਦੇ ਇਸ਼ਾਰੇ ਨਾਲ ਸ਼ੀਰੇ ਨੂੰ ਰੋਕ ਕੇ ਕਹਿਣ ਲੱਗੀ, ਖਲੋ ਜਾਹ ਹੈਥੇ। ਇਹਨਾਂ ਨੂੰ ਲੰਘ ਲੈਣ ਦੇ। ਹਰੇ ਦਾ ਭਰਿਆ ਟੋਕਰਾ ਅੱਗੋਂ ਮੱਥੇ ਲੱਗਣਾ ਚੰਗਾ ਸ਼ਗਨ ਏਂ।
ਸ਼ੀਰਾ ਰੁਕ ਗਿਆ। ਕੋਲ ਜਾਣ ਤੇ ਉਸਨੇ ਦੋਵਾਂ ਨੂੰ ਸਤਿ ਸ੍ਰੀ ਆਕਾਲ ਆਖੀ ਤੇ ਬੜੀ ਨੀਝ ਨਾਲ ਅਮਰ ਸਿੰਘ ਦੇ ਚਿਹਰੇ ਵੱਲ ਵੇਖਣ ਲੱਗਾ। ਪਿੰਡ ਵਿਚ ਉੱਡ ਚੁੱਕੀ ਖ਼ਬਰ ਉਹ ਅਮਰ ਸਿੰਘ ਦੇ ਚਿਹਰੇ ਤੋਂ ਪੜ੍ਹਨਾ ਚਾਹੁੰਦਾ ਸੀ।
ਕੀ ਵਿੰਹਦੈਂ ਉਏ ਮੇਰੇ ਮੂੰਹ ਤੋਂ? ਅਮਰ ਸਿੰਘ ਦਾ ਸਵਾਲ ਸੁਣ ਕੇ ਡੌਰ-ਭੌਰ ਹੋਏ ਸ਼ੀਰੇ ਦੇ ਮੂੰਹੋਂ ਸਹਿਵਨ ਨਿਕਲਿਆ, ਭਾਊ ਜੀ, ਮੈਨੂੰ ਤਾਂ ਕੁਝ ਨਹੀਂ ਦੀਹਦਾ।
ਉਹਨਾਂ ਦਾ ਵਾਰਤਾਲਾਪ ਸੁਣ ਕੇ ਗੁਰਮੁਖ ਹੱਸ ਪਿਆ।
ਪਿੰਡੋਂ ਬਾਹਰਵਾਰ ਸ਼ਹੀਦਾਂ ਦੇ ਗੁਰਦਵਾਰੇ ਆਖੰਡ ਪਾਠ ਦਾ ਭੋਗ ਪੈਣ ਵਾਲਾ ਸੀ। ਸਪੀਕਰ ਤੇ ਨਾਵੇਂ ਮਹੱਲੇ ਦੇ ਸਲੋਕ ਗੂੰਜ ਰਹੇ ਸਨ।
ਚਿੰਤਾ ਤਾ ਕੀ ਕੀਜੀਐ, ਜੋ ਅਨਹੋਣੀ ਹੋਇ।
ਅਮਰ ਸਿੰਘ ਨੇ ਮਨ ਹੀ ਮਨ ਸਵਾਲ ਕੀਤਾ, ਸੱਚੇ ਪਾਤਸ਼ਾਹ! ਕੀ ਅਜੇ ਹੋਰ ਅਨਹੋਣੀ ਹੋਣੀਂ ਬਾਕੀ ਏਂ?
ਵਿਰਲੇ ਟਾਵੇਂ ਲੋਕ ਪਿੰਡੋਂ ਨਿਕਲ ਕੇ ਗੁਰਦਵਾਰੇ ਵਾਲੀ ਪਹੀ ਤੇ ਤੁਰੇ ਜਾ ਰਹੇ ਸਨ। ਰੰਗ-ਬਰੰਗੇ ਕੱਪੜਿਆਂ ਵਿਚ ਮੇਲਾ ਵੇਖਣ ਜਾਂਦੇ ਬੱਚਿਆਂ ਦੀ ਟੋਲੀ ਉਹਨਾਂ ਸਾਹਮਣਿਓਂ ਗਲੀ ਵਿਚੋਂ ਨਿਕਲ ਕੇ ਗੁਰਦਵਾਰੇ ਵਾਲੇ ਰਾਹ ਪੈ ਗਈ।
ਸਾਹਮਣੇਂ ਫਿ਼ਰਨੀ ਤੇ ਤੁਰੇ ਆਉਂਦੇ ਕਿਸੇ ਬੰਦੇ ਨੂੰ ਵੇਖ ਕੇ ਉਹ ਗੁਰਮੁਖ ਨਾਲ ਇਸ ਅੰਦਾਜ਼ ਵਿਚ ਗੱਲੀਂ ਰੁੱਝ ਗਿਆ ਕਿ ਅਗਲੇ ਨਾਲ ਅੱਖ ਹੀ ਨਾ ਮਿਲਾਉਣੀ ਪਏ। ਪਰ ਨੰਬਰਦਾਰ ਜਿਵੇਂ ਵਲ਼ ਭੰਨ ਕੇ ਉਹਦੇ ਸਾਹਮਣੇ ਆਣ ਖਲੋਤਾ, ਅਮਰ ਸਿਅ੍ਹਾਂ! ਕੀ ਭਾਣਾ ਵਾਪਰ ਗਿਆ!
ਉਹ ਹਰਫ਼ਲ ਗਿਆ। ਆਪਣੇ ਆਪ ਨੂੰ ਸਾਂਭਿਆ।
ਕਾਹਦਾ ਭਾਣਾ? ਕੀ ਹੋਇਐ? ਕੁਝ ਵੀ ਨਹੀਂ। ਕੀ ਗੱਲ ਕਰਦਾ ਏਂ ਤੂੰ ਨੰਬਰਦਾਰਾ!
ਨੰਬਰਦਾਰ ਵੀ ਠਠੰਬਰ ਗਿਆ।
ਕੁਛ ਨਹੀਂ। ਮੈਂ ਤਾਂ ਊਂ ਈ ਪੁੱਿਛਆ ਸੀ ਕਿ ਅੱਜ ਮੇਲਾ ਏ ਤੇ ਤੂੰ ਕਿਧਰੇ ਬਾਹਰ ਜਾਣ ਦੀ ਤਿਆਰੀ ਕੱਸੀ ਜਾਪਦੀ ਏ!
ਨੰਬਰਦਾਰਾ! ਬੰਦੇ ਨੂੰ ਮੇਲਾ ਵੇਖਣ ਤੋਂ ਬਿਨਾਂ ਹੋਰ ਵੀ ਤਾਂ ਸੌ ਕੰਮ ਧੰਦੇ ਹੁੰਦੇ ਨੇ। ਹੂੰਅ! ਉਹਦੇ ਬੋਲਾਂ ਵਿਚ ਖਿਝ, ਭੈਅ ਤੇ ਹੈਰਾਨੀ ਮਿਲੀ ਹੋਈ ਸੀ।
ਕੀ ਕਿਤੇ ਨੰਬਰਦਾਰ ਨੂੰ ਗੱਲ ਦਾ ਪਤਾ ਤਾਂ ਨਹੀਂ ਲੱਗ ਗਿਆ? ਇਹ ਤਾਂ ਦਲੀਪ ਸੁੰਹ ਦਾ ਯਾਰ ਐ। ਕਿਤੇ ਨਾ ਦੱਸ ਦੇਵੇ!
ਉਸਨੇ ਸਿਰ ਝਟਕਿਆ ਤੇ ਸਾਵਧਾਨ ਹੋ ਕੇ ਕਾਗ਼ਜ਼-ਪੱਤਰਾਂ ਵਾਲਾ ਛੋਟਾ ਬੈਗ਼ ਟੋਹਣ ਲੱਗਾ।

ਜਲੰਧਰੋਂ ਮੁੜ ਕੇ ਆਉਂਦੇ ਹੋਏ ਉਹ ਤਰਨਤਾਰਨ ਗੁਰਦਵਾਰੇ ਮੱਥਾ ਟੇਕਣ ਲਈ ਰੁਕ ਗਏ ਸਨ। ਪ੍ਰਸ਼ਾਦ ਚੜ੍ਹਾ ਕੇ ਮੱਥਾ ਟੇਕਿਆ। ਅਰਦਾਸ ਕੀਤੀ, ਪੰਜਵੇਂ ਪਾਤਸ਼ਾਹ! ਭਾਣੇ ਨੂੰ ਮਿੱਠਾ ਕਰ ਕੇ ਮਂੰਨਣ ਦਾ ਬਲ ਆਪਣੇ ਇਸ ਨਿਮਾਣੇ ਸੇਵਕ ਨੂੰ ਵੀ ਬਖ਼ਸ਼। ਫੇਰ ਲੱਗਿਆ, ਉਸਤੋਂ ਕਿੰਨੀ ਭਾਰੀ ਭੁੱਲ ਹੋ ਗਈ ਸੀ, ਸੱਚਿਆ ਪਾਤਸ਼ਾਹ! ਤੂੰ ਕੀ ਨਹੀਂ ਕਰ ਸਕਦਾ। ਮੁਰਦਾ-ਘਰ ਵਿਚ ਬੇਜਾਨ ਪਏ ਮੇਰੇ ਪੁੱਤਰ ਦੇ ਸਾਹ ਚੱਲਣੇ ਸ਼ੁਰੂ ਕਰ ਦੇਹ। ਅਸੀਂ ਜਾ ਕੇ ਵੇਖੀਏ ਤੇ ਉਹ ਅੱਗੋਂ ਅੱਖਾਂ ਖੋਲ੍ਹ ਲਵੇ!
ਪਰਿਕਰਮਾ ਕਰਦਿਆਂ ਕਈ ਵਾਰ ਇਹ ਭਰਮ ਹੋਇਆ ਕਿ ਅਮਰੀਕ ਸਾਹ ਲੈਣ ਲੱਗ ਪਿਆ ਹੈ! ਇਹ ਸੋਚਦਿਆਂ ਉਹਦੇ ਪੈਰ ਕਾਹਲੇ ਵਗਣ ਲੱਗਦੇ। ਜੀ ਕਰੇ ਉੱਡ ਕੇ ਘਰ ਪਹੁੰਚ ਜਾਵੇ। ਸੁਰਜੀਤ ਕੌਰ ਤੋਂ ਗੱਲ ਲੁਕਾਉਣ ਦੀ ਮਾਫ਼ੀ ਮੰਗ ਕੇ ਉਹਨੂੰ ਦੱਸੇ ਕਿ ਉਹਨਾਂ ਦਾ ਪੁੱਤ ਜਿ਼ੰਦਾ ਹੋ ਗਿਐ।
ਮੰਜੀ ਸਾਹਿਬ ਦੇ ਕੋਲੋਂ ਲੰਘਦਿਆਂ ਸਪੀਕਰ ਵਿਚ ਕਿਸੇ ਢਾਡੀ ਦੀ ਆਵਾਜ਼ ਆ ਰਹੀ ਸੀ, ਸ਼ਹੀਦ ਕੀ ਜੋ ਮੌਤ ਹੈ, ਵੋਹ ਕੌਮ ਕੀ ਹਯਾਤ ਹੈ। ਹਯਾਤ ਤੋ ਹਯਾਤ, ਯੇਹ ਮੌਤ ਵੀ ਹਯਾਤ ਹੈ। ਸ਼ਹੀਦ ਕਦੇ ਮਰਦੇ ਨਹੀਂ। ਉਹਨਾਂ ਦੀ ਮੌਤ ਕੌਮਾਂ ਦੀ ਜਿੰ਼ਦਗੀ ਬਣ ਜਾਂਦੀ ਹੈ। ਜਿ਼ੰਦਗੀ ਤਾਂ ਜਿ਼ੰਦਗੀ ਹੁੰਦੀ ਹੀ ਏ ਸਗੋਂ ਉਹਨਾਂ ਦੀ ਤਾਂ ਮੌਤ ਵੀ ਜਿ਼ੰਦਗੀ ਬਣ ਜਾਂਦੀ ਹੈ। ਉਹ ਮਰ ਕੇ ਵੀ ਸਦਾ ਲਈ ਜਿਊਂਦੇ ਹੋ ਜਾਂਦੇ ਨੇ।
ਖਿ਼ਆਲ ਆਇਆ। ਉਹਦਾ ਪੁੱਤ ਵੀ ਸ਼ਹੀਦ ਹੋ ਗਿਐ। ਪਰ ਉਹਦੇ ਪੁੱਤ ਦੀ ਕੌੰਮ ਵਿਚ ਤਾਂ ਸਾਰੇ ਛੇ ਕੁ ਜੀਅ ਹੀ ਸ਼ਾਮਲ ਸਨ! ਚਾਰ ਏਥੋਂ ਵਾਲੇ ਤੇ ਦੋ ਕਨੇਡਾ ਵਿਚਲੇ। ਏਡੀ ਕੁ ਕੌਮ ਲਈ ਮਰਨ ਵਾਲਾ ਸ਼ਹੀਦ ਕਿਹੜੇ ਖ਼ਾਤੇ ਦਾ ਸ਼ਹੀਦ ਹੁੰਦਾ ਹੈ!
ਪਿੰਡ ਅੱਪੜਦਿਆਂ ਤੱਕ ਤਰਕਾਲਾਂ ਪੈ ਗਈਆਂ ਸਨ। ਸ਼ਹੀਦਾਂ ਦੇ ਗੁਰਦਵਾਰੇ ਵਾਲਾ ਮੇਲਾ ਵਿੱਝੜ ਗਿਆ ਸੀ। ਲੋਕ ਘਰਾਂ ਨੂੰ ਪਰਤ ਗਏੇ ਸਨ। ਉਹ ਰਾਹ ਵਿਚ ਮਿਲਣ ਵਾਲਿਆਂ ਤੋਂ ਨਜ਼ਰਾਂ ਚੁਰਾ ਕੇ ਦੂਰੋਂ ਹੀ ਇਸ ਅੰਦਾਜ਼ ਵਿਚ ਹੱਥ ਖੜਾ ਕਰ ਦਿੰਦਾ ਜਿਵੇਂ ਉਹਦੇ ਕੋਲ ਰੁਕ ਕੇ ਗੱਲ ਕਰਨ ਦਾ ਟਾਈਮ ਨਾ ਹੋਵੇ। ਅਗਲਾ ਵੀ ਉਸ ਨਾਲ ਗੱਲ ਕਰਨ ਲਈ ਉਚੇਚ ਨਾ ਕਰਦਾ।
ਅਮਰੀਕ ਦੀ ਮੌਤ ਦੀ ਖ਼ਬਰ ਪ੍ਰੋਫ਼ੈਸਰ ਦੇ ਘਰ ਤੋਂ ਤੁਰਦੀ ਤੁਰਦੀ ਮੇਲੇ ਦੀਆਂ ਲੋਕ-ਮਿਲਣੀਆਂ ਦੀ ਬਹੁਤਾਤ ਕਾਰਨ ਅੱਜ ਬਹੁਤ ਸਾਰੇ ਲੋਕਾਂ ਦੀ ਜ਼ਬਾਨ ਤੇ ਆ ਗਈ ਸੀ। ਸਭ ਨੂੰ ਕੰਨੋ ਕੰਨ ਇਹ ਖ਼ਬਰ ਵੀ ਹੋ ਗਈ ਸੀ ਕਿ ਇੱਕ ਦਿਨ ਛੱਡ ਕੇ ਉਹ ਕਨੇਡਾ ਜਾਣ ਵਾਲੇ ਸਨ। ਸਾਰਾ ਪਿੰਡ ਉਹਨਾਂ ਦੇ ਦਰਦ ਵਿਚ ਭਿੱਜਾ ਪਿਆ ਸੀ। ਆਖ਼ਰ ਪਿੰਡ ਦੇ ਪੁੱਤ ਦੀ ਮੌਤ ਹੋਈ ਸੀ! ਪਰ ਘਰਦਿਆਂ ਵੱਲੋਂ ਪੁੱਤ ਦੀ ਮੌਤ ਨੂੰ ਲੁਕਾਉਣ ਦਾ ਕਾਰਨ ਜਾਣ ਕੇ ਕੋਈ ਜਣਾ ਉਹਨਾਂ ਦੀ ਦੁਖ਼ਦੀ ਰਗ਼ ਨੂੰ ਨਹੀਂ ਸੀ ਛੇੜਨੀ ਚਾਹੁੰਦਾ। ਅਮਰ ਸਿੰਘ ਪਿੰਡ ਤੋਂ ਅੱਖਾਂ ਚੁਰਾ ਰਿਹਾ ਸੀ ਤੇ ਪਿੰਡ ਉਸਤੋਂ ਟੇਢ ਵੱਟ ਰਿਹਾ ਸੀ। ਦੋਵੇਂ ਧਿਰਾਂ ਇਕ-ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਤੋਂ ਡਰਦੇ ਸਨ।

ਘਰ ਪਹੁੰਚਦਿਆਂ ਨੂੰ ਉਸਨੇ ਵੇਖਿਆ, ਸੁਰਜੀਤ ਕੌਰ ਥਾਲੀ ਵਿਚ ਮਿੱਟੀ ਦੇ ਦੀਵੇ ਰੱਖ ਕੇ ਉਹਨਾਂ ਵਿਚ ਸਰ੍ਹੋਂ ਦਾ ਤੇਲ ਪਾ ਰਹੀ ਸੀ। ਰਵਾਇਤ ਅਨੁਸਾਰ ਵਿਸਾਖੀ ਵਾਲੇ ਦਿਨ ਬਨੇਰਿਆਂ ਤੇ ਦੀਵੇ ਜਗਾਉਣ ਦਾ ਰਿਵਾਜ ਤਾਂ ਉਹਨਾਂ ਦੇ ਪਿੰਡ ਵਿਚ ਸਦੀਆਂ ਤੋਂ ਚੱਲਿਆ ਆ ਰਿਹਾ ਸੀ।
ਹਨੇਰਾ ਉੱਤਰਦਿਆਂ ਛਿੰਦਰ, ਹਰਿੰਦਰ ਤੇ ਸੁਰਜੀਤ ਕੌਰ ਦੀਵੇ ਲੈ ਕੇ ਕੋਠੇ ਤੇ ਚੜ੍ਹ ਗਈਆਂ। ਗੁਰਮੇਲ ਸਦਾ ਵਾਂਗ ਟੀ ਵੀ ਅੱਗੇ ਬੈਠਾ ਹੋਇਆ ਸੀ।
ਕੋਠੇ ਤੇ ਦੀਵੇ ਜਗਾ ਕੇ ਉੱਤਰਦਿਆਂ ਹੀ ਸੁਰਜੀਤ ਕੌਰ ਨੇ ਐਲਾਨ ਕਰ ਦਿੱਤਾ, ਕੁੜੇ ਛਿੰਦਰ! ਪਹਿਲਾਂ ਤੇਰੇ ਭਾ ਜੀ ਤੇ ਗੁਰਮੁਖ ਸੁੰਹ ਨੂੰ ਰੋਟੀ ਖਵਾ ਲਈਏ। ਫੇਰ ਬਾਹਰ ਸ਼ਹੀਦਾਂ ਦੇ ਗੁਰਦਵਾਰੇ ਦੀਵੇ ਜਗਾ ਆਵਾਂਗੀਆਂ।
ਗੁਰਮੁਖ ਸਿੰਘ ਆਇਆ ਹੋਣ ਕਰਕੇ ਉਹਨਾਂ ਨੇ ਉਚੇਚ ਵਜੋਂ ਜ਼ਰਦਾ ਬਣਾਇਆ ਹੋਇਆ ਸੀ ਤੇ ਨਾਲ ਵੇਸਣ ਦੀਆਂ ਘਰ ਤਲ਼ੀਆਂ ਪਕੌੜੀਆਂ ਵਾਲਾ ਨਮਕੀਨ ਦਹੀਂ। ਭਰ ਕੇ ਬਣਾਏ ਟਿੰਡਿਆਂ ਦੀ ਸਬਜ਼ੀ।
ਰੋਟੀ-ਟੁੱਕ ਦਾ ਕੰਮ ਮੁਕਾ ਕੇ ਉਹਨਾਂ ਨੇ ਥਾਲੀ ਵਿਚ ਦੀਵੇ ਧਰੇ। ਵਿਚ ਤੀਲਾਂ ਵਾਲੀ ਡੱਬੀ ਰੱਖੀ ਤੇ ਵਾਹਿਗੁਰੂ ਕਹਿ ਕੇ ਸ਼ਹੀਦਾਂ ਦੇ ਗੁਰਦਵਾਰੇ ਨੂੰ ਜਾਣ ਲਈ ਤੁਰੀਆਂ। ਅਮਰ ਸਿੰਘ ਨੇ ਉਹਨਾਂ ਨੂੰ ਰੋਕਿਆ ਨਹੀਂ ਪਰ ਮਨ ਹੀ ਮਨ ਆਖਿਆ, ਕਮਲੀਏ! ਕਾਹਦੀਆਂ ਸੁੱਖਾਂ ਮੰਗਦੀ ਫਿਰਦੀ ਏਂ!
ਜਿਹੜੇ ਗੁਰਦਵਾਰੇ ਵਿਚ ਸਵੇਰੇ ਬੰਦਿਆਂ ਦੀ ਭੀੜ ਸੀ, ਇਸ ਵੇਲੇ ਓਥੇ ਗੁਰਦਵਾਰੇ ਵਾਲਾ ਭਾਈ ਤੇ ਹੋਰ ਤਿੰਨ-ਚਾਰ ਕੁ ਬੰਦੇ ਹੀ ਏਧਰ ਓਧਰ ਤੁਰੇ ਫਿਰਦੇ ਸਨ। ਉਹ ਸ਼ਾਇਦ ਲੇਟ ਹੋ ਗਈਆਂ ਸਨ। ਸ਼ਹੀਦ ਦੀਆਂ ਸਮਾਧ ਤੇ ਬਹੁਤ ਸਾਰੇ ਦੀਵੇ ਪਹਿਲਾਂ ਹੀ ਜਗਦੇ ਪਏ ਸਨ।
ਦੀਵੇ ਜਗਾਉਣ ਤੋਂ ਬਾਅਦ ਉਹਨਾਂ ਨੇ ਮੱਥਾ ਟੇਕਿਆ। ਛਿੰਦਰ ਨੇ ਅਰਦਾਸ ਕਰਦਿਆਂ ਬਾਬੇ ਸ਼ਹੀਦਾਂ ਦੇ ਸੁੱਖਣਾ ਸੁੱਖੀ ਕਿ ਉਹਦੇ ਪਿਓ ਦੇ ਘਰ ਲੱਗਾ ਬੂਟਾ ਹਰਿਆ-ਭਰਿਆ ਤੇ ਰਾਜ਼ੀ ਖ਼ੁਸ਼ੀ ਰਹੇ। ਉਹਦਾ ਵੀਰ ਠੀਕ ਹੋ ਜਾਵੇ ਤਾਂ ਉਹ ਬਾਬੇ ਦੇ ਬਗ਼ੀਚੇ ਵਿਚ ਬੂਟਾ ਲਾਵੇਗੀ। ਆਪ ਪਾਣੀ ਦੇ ਕੇ ਸਿੰਜਿਆ ਕਰੇਗੀ, ਆਪਣੀ ਹੱਥੀਂ ਪਾਲੇਗੀ। ਹੁਣ ਉਹਨੇ ਏਥੇ ਹੀ ਤਾਂ ਰਿਹਾ ਕਰਨਾ ਸੀ। ਫੇਰ ਉਹਦੇ ਮਨ ਵਿਚ ਅਚਨਚੇਤ ਫੁਰਨਾ ਫੁਰਿਆ; ਕਿਤੇ ਉਸਦੇ ਵੀਰ ਨੂੰ ਰਣਜੀਤ ਦਾ ਸਰਾਪ ਨਾ ਲੱਗਾ ਹੋਵੇ! ਉਹਨੇ ਮਨ ਬਣਾਇਆ ਕਿ ਉਹ ਸਵੇਰੇ ਹੀ ਰਣਜੀਤ ਨੂੰ ਲਿਖੇਗੀ ਤੇ ਉਹਨੂੰ ਆਖੇਗੀ ਕਿ ਉਹਦੇ ਵੀਰ ਨੂੰ ਮਾਫ਼ ਕਰ ਦੇਵੇ। ਉਸਦੀ ਭੁੱਲ ਬਖ਼ਸ਼ ਦੇਵੇ।
ਹੁਣ ਤੱਕ ਤਾਂ ਗੁਰਦਵਾਰੇ ਵਿਚ ਆਤਿਸ਼ਬਾਜ਼ੀ ਚੱਲਣ ਦਾ ਟਾਈਮ ਵੀ ਹੋ ਗਿਆ ਸੀ! ਆਤਿਸ਼ਬਾਜ਼ੀ ਚੱਲਣੀ ਹੁੰਦੀ ਤਾਂ ਏਥੇ ਰੌਣਕ ਹੋਣੀ ਸੀ। ਸੁਰਜੀਤ ਕੌਰ ਨੇ ਭਾਈ ਨੂੰ ਪੁੱਛ ਹੀ ਲਿਆ, ਬਾਬਾ ਜੀ, ਐਤਕੀਂ ਅਸਤਬਾਜੀ ਨਹੀਂ ਚਲਾਉਣੀ?
ਨਹੀਂ ਬੀਬੀ ਜੀ।
ਕਿਉਂ?
ਬਾਬਾ ਅਸਲੀ ਗੱਲ ਲੁਕਾ ਗਿਆ। ਕੀ ਦੱਸਦਾ ਉਹਨਾਂ ਨੂੰ!
ਪ੍ਰਧਾਨ ਸਾਹਬ ਦਾ ਹੁਕਮ ਐਂ।
ਹੁਕਮ ਤਾਂ ਭਾਵੇਂ ਪ੍ਰਧਾਨ ਦਲੀਪ ਸਿੰਘ ਦਾ ਹੀ ਸੀ ਪਰ ਕੀਤਾ ਗਿਆ ਸੀ ਕਮੇਟੀ ਤੇ ਪਿੰਡ ਦੀ ਸਾਂਝੀ ਸਲਾਹ ਨਾਲ ਹੀ। ਪਿੰਡ ਦੇ ਜਵਾਨ ਪੁੱਤ ਦੀ ਮੌਤ ਹੋਈ ਸੀ। ਆਤਿਸ਼ਬਾਜ਼ੀ ਕਿਉਂਕਿ ਪਹਿਲਾਂ ਹੀ ਲਿਆਂਦੀ ਹੋਈ ਸੀ, ਇਸ ਲਈ ਫ਼ੈਸਲਾ ਹੋਇਆ ਸੀ ਕਿ ਅਮਰ ਸਿੰਘ ਹੁਰਾਂ ਦੇ ਕਨੇਡਾ ਤੁਰ ਜਾਣ ਤੋਂ ਬਾਅਦ ਹੀ ਆਤਿਸ਼ਬਾਜ਼ੀ ਚਲਾਈ ਜਾਏ।
ਘਰ ਨੂੰ ਤੁਿਰਆਂ ਆਉਂਦਿਆਂ ਸੁਰਜੀਤ ਕੌਰ ਕਹਿੰਦੀ, ਪ੍ਰਧਾਨ ਨੂੰ ਕੀ ਕਾਲੀ ਕੀੜੀ ਪੈ ਗਈ! ਆਪਣਾ ਘਰ ਈ ਭਰਨਾ ਲਿਆ ਸੂ। ਗੁਰਦਵਾਰੇ ਲਈ ਸਾਲ ਪਿੱਛੋਂ ਅਸਤਬਾਜੀ ਚਲਾਉਣ ਦਾ ਖ਼ਰਚਾ ਵੀ ਇਹਨੂੰ ਦੁਖ਼ਦਾ!
ਸਾਹਮਣੇ ਉਹਨਾਂ ਦੇ ਕਾਮੇ ਸ਼ੀਰੇ ਕਾ ਘਰ ਸੀ। ਛਿੰਦਰ ਦਾ ਧਿਆਨ ਗਿਆ, ਸ਼ੀਰੇ ਹੁਰਾਂ ਦੇ ਘਰ ਦੇ ਬਨੇਰੇ ਤੇ ਵੀ ਦੀਵੇ ਨਹੀਂ ਸਨ ਜਗਦੇ ਪਏ। ਅੱਗੇ ਤਾਂ ਇਸਤਰ੍ਹਾਂ ਕਦੀ ਨਹੀਂ ਸੀ ਹੋਇਆ। ਫਿਰ ਉਸਨੇ ਪਿੰਡ ਵੱਲ ਦੂਰ ਤੱਕ ਝਾਤੀ ਮਾਰੀ। ਦੂਜੀ ਪੱਤੀ ਵਿਚ ਦੂਰ ਕਰਕੇ ਕੁਝ ਘਰਾਂ ਦੇ ਬਨੇਰਿਆਂ ਤੇ ਦੀਵੇ ਜਗਦੇ ਪਏ ਸਨ। ਪਰ ਉਹਨਾਂ ਦੀ ਆਪਣੀ ਪੱਤੀ ਦੇ ਬਹੁਤੇ ਘਰਾਂ ਦੇ ਬਨੇਰਿਆਂ ਤੇ ਹਨੇਰਾ ਸੀ।
ਹੈਂ ਬੀ ਜੀ, ਇਹ ਕੀ ਗੱਲ ਹੋਈ। ਕਿੰਨ੍ਹੇ ਘਰਾਂ ਨੇ ਐਤਕੀਂ ਦੀਵੇ ਨਹੀਂ ਬਾਲੇ!
ਸੁੱਖ ਹੋਵੇ ਸਹੀ! ਕਿਸੇ ਦੇ ਘਰ ਕੋਈ ਭਾਣਾ ਨਾ ਵਾਪਰ ਗਿਆ ਹੋਵੇ! ਪਰ ਕੋਈ ਗੱਲ ਹੁੰਦੀ ਤਾਂ ਪਤਾ ਲੱਗ ਜਾਣਾ ਸੀ। ਮਾੜੀ ਗੱਲ ਕਿਤੇ ਲੁਕੀ ਥੋੜਾ ਰਹਿੰਦੀ ਏ ਕਮਲੀਏ!
ਲੰਘਦਿਆਂ ਉਹਨਾਂ ਉਚੇਚੇ ਤੌਰ ਤੇ ਗਲੀ ਵਿਚ ਝਾਤੀ ਮਾਰ ਕੇ ਦਲੀਪ ਸਿੰਘ ਕੇ ਵਿਆਹ ਵਾਲੇ ਘਰ ਵੱਲ ਵੀ ਵੇਖਿਆ। ਉਹਨਾਂ ਦੇ ਬਨੇਰੇ ਤੇ ਵੀ ਕੋਈ ਦੀਵਾ ਨਹੀਂ ਸੀ ਬਲਦਾ ਪਿਆ।
ਘਰ ਜਾ ਕੇ ਜਦੋਂ ਉਹਨਾਂ ਇਹ ਗੱਲ ਬਾਕੀ ਟੱਬਰ ਨੂੰ ਦੱਸੀ ਤਾਂ ਗੁਰਮੇਲ ਹੱਸਣ ਲੱਗਾ, ਅਸਲ ਚ ਨਾ ਪਤੈ ਕੀ ਗੱਲ ਹੋਈ ਹੁਣੀ ਆਂ। ਤਾਏ ਦੇ ਮੁੰਡੇ ਦੇ ਨਸ਼ੱਈ ਤੇ ਡਰੱਗੀ ਹੋਣ ਦਾ ਪਤਾ ਉਹਦੇ ਸਹੁਰਿਆਂ ਨੂੰ ਲੱਗ ਗਿਆ ਹੋਣੈਂ। ਉਹਨਾਂ ਕੁੜੀ ਤੋਰਨ ਤੋਂ ਨਾਂਹ ਕਰ ਤੀ ਹੋਣੀ ਏਂ। ਮੁੰਡਾ ਚਿੱਟਾ ਬਰੰਗ ਘਰ ਵਾਪਸ ਆ ਗਿਐ। ਘਰ ਤਾਂ ਸੋਗ ਪਿਐ; ਕਿੱਥੋਂ ਚਲਾਵੇ ਵਿਚਾਰਾ ਅਸਤਬਾਜੀਆਂ!
ਉਹ ਤੇ ਹਰਿੰਦਰ ਹੱਥ ਤੇ ਹੱਥ ਮਾਰ ਕੇ ਹੱਸਣ ਲੱਗ ਪਏ।
ਵੇ ਫਿਟੇ-ਮੂੰਹ ਤੇਰਾ। ਚੱਜ ਦੀ ਗੱਲ ਨਹੀਂ ਤੇਰੇ ਮੂੰਹੋਂ ਨਹੀਂ ਨਿਕਲਦੀ। ਬਦਸ਼ਗਨੀਆਂ ਗੱਲਾਂ ਕਿਉਂ ਮੂੰਹੋਂ ਕੱਢਦੇ ਓ। ਸੁੱਖ ਨਾਲ ਅਗਲੇ ਦਾ ਘਰ ਵੱਸਿਐ। ਤਾਇਆ ਏ ਤੁਹਾਡਾ। ਭਾਵੇਂ ਸੌ ਲੜ-ਭਿੜ ਪੈਣ; ਆਪਣੇ ਤਾਂ ਆਪਣੇ ਈ ਹੁੰਦੇ ਨੇ। ਤੇ ਤੂੰ ਨੀਂ! ਬੁੱਧ ਬਲੇਟ ਜਿਹੀਏ! ਹਰ ਗੱਲ ਤੇ ਤੌੜੀ ਮਾਰ ਕੇ ਤੇਰਾ ਹੱਸਣਾ ਜ਼ਰੂਰੀ ਏ!
ਅਮਰ ਸਿੰਘ ਨੇ ਨਾ ਬੱਚਿਆਂ ਨੂੰ ਰੋਕਿਆ-ਟੋਕਿਆ ਤੇ ਨਾ ਸੁਰਜੀਤ ਕੌਰ ਨੂੰ। ਉਹ ਦਰਸ਼ਕ ਵਾਂਗ ਸਾਰੇ ਵਰਤਾਰੇ ਨੂੰ ਨਿਹਾਰ ਰਿਹਾ ਸੀ।

ਅਗਲੇਰੇ ਦਿਨ ਸਾਰਾ ਟੱਬਰ ਸਮਾਨ ਬੰਨ੍ਹੀਂ ਜਾਣ ਲਈ ਤਿਆਰ ਬੈਠਾ ਸੀ। ਗੁਰਮੁਖ ਰਾਤੀ ਆਪਣੇ ਪਿੰਡ ਗਿਆ ਸੀ ਤੇ ਸਵੇਰੇ ਵੱਡੀ ਵੈਨ ਕਿਰਾਏ ਤੇ ਕਰ ਕੇ ਲੈ ਆਇਆ ਸੀ। ਉਹਦੇ ਮਾਂ-ਬਾਪ ਵੀ ਕਨੇਡਾ ਤੁਰਦੇ ਕੁੜਮਾਂ ਨੂੰ ਵਿਦਾ ਕਰਨ ਲਈ ਪਹੁੰਚ ਗਏ ਸਨ। ਪ੍ਰੋਫ਼ੈਸਰ ਸਵੇਰੇ ਸਵੇਰੇ ਮਿਲ ਗਿਆ ਸੀ। ਪਿੰਡ ਦਾ ਹੋਰ ਕੋਈ ਬੰਦਾ ਉਚੇਚੇ ਤੌਰ ਤੇ ਮਿਲਣ ਨਹੀਂ ਸੀ ਆਇਆ। ਅਮਰ ਸਿੰਘ ਹੁਰਾਂ ਨੂੰ ਭਰਮ ਵੀ ਸੀ ਤੇ ਇਸ ਗੱਲ ਦੀ ਤਸੱਲੀ ਵੀ ਕਿ ਪਿੰਡ ਦੇ ਹੋਰ ਲੋਕਾਂ ਤੋਂ ਉਹ ਆਪਣੇ ਜਾਣ ਦੀ ਗੱਲ ਲੁਕਾਈ ਰੱਖਣ ਵਿਚ ਸਫ਼ਲ ਹੋ ਗਏ ਸਨ। ਛਿੰਦਰ ਸਭ ਦੇ ਗਲ਼ ਲੱਗ ਲੱਗ ਕੇ ਭੁੱਬਾਂ ਮਾਰ ਕੇ ਰੋ ਰਹੀ ਸੀ। ਤੁਰਨ ਲੱਗੇ ਤਾਂ ਸ਼ੀਰਾ ਵੀ ਅਮਰ ਸਿੰਘ ਦੇ ਗਲ ਲੱਗ ਕੇ ਰੋ ਪਿਆ। ਅਮਰ ਸਿੰਘ ਦਾ ਵੀ ਰੋਣ ਨਿਕਲ ਗਿਆ। ਪਰ ਇਸ ਰੋਣ ਨੂੰ ਸਭ ਨੇ ਧਰਤੀ ਤੇ ਜੜ੍ਹਾਂ ਨਾਲੋਂ ਟੁੱਟਣ ਦੇ ਵੈਰਾਗ ਨਾਲ ਜੋੜ ਲਿਆ। ਸ਼ੀਰੇ ਦੀ ਮਾਂ ਚੁੰਨੀ ਨਾਲ ਅੱਥਰੂ ਪੂੰਝਦੀ ਆਖ ਰਹੀ ਸੀ, ਸਰਦਾਰਨੀ! ਤੈਨੂੰ ਸੱਤੇ ਖ਼ੈਰਾਂ! ਸਾਨੂੰ ਗਰੀਬਾਂ ਨੂੰ ਭੁੱਲ ਨਾ ਜਾਵੀਂ ਜਾ ਕੇ।
ਵੈਨ ਵਿੱਚ ਸਵਾਰ ਹੋਣ ਲਈ ਸਾਰਾ ਟੱਬਰ ਘਰੋਂ ਬਾਹਰ ਨਿਕਲੇ ਤਾਂ ਸੱਜੇ-ਖੱਬੇ ਵਾਲੇ ਦੋ ਚਾਰ ਗਵਾਂਢੀ ਘਰਾਂ ਦੇ ਜੀਅ ਵੀ ਬਾਹਰ ਨਿਕਲ ਆਏ। ਜਿਵੇਂ ਉਹ ਉਡੀਕਦੇ ਹੀ ਪਏ ਸਨ। ਖ਼ਬਰੇ ਉਹਨਾਂ ਦੇ ਕੰਨ ਵਿਚ ਹਵਾ ਨੇ ਉਹਨਾਂ ਦੀ ਤਿਆਰੀ ਦੀ ਖ਼ਬਰ ਚੋ ਦਿੱਤੀ ਸੀ। ਸਾਰਿਆਂ ਦੀਆਂ ਅੱਖਾਂ ਛਲਕ ਪਈਆਂ। ਅਮਰ ਸਿੰਘ ਨੇ ਪਛਤਾਵੇ ਵਜੋਂ ਗਵਾਂਢੀਆਂ ਨੂੰ ਕਿਹਾ, ਜਾਣ ਲਈ ਕੰਮ ਧੰਦੇ ਵਿਚ ਈ ਏਨੇ ਰੁੱਝੇ ਰਹੇ ਆਂ ਕਿ ਤੁਹਾਨੂੰ ਜਾਣ ਬਾਰੇ ਦੱਸਣਾ ਵੀ ਭੁੱਲ ਗਏ।
ਸੁਰਜੀਤ ਕੌਰ ਨੇ ਤਰਲਾ ਲਿਆ, ਪਿੱਛੋਂ ਛਿੰਦਰ ਨੂੰ ਆਪਣੀ ਧੀ ਕਰ ਕੇ ਈ ਜਾਣਿਓਂ। ਇਹਦਾ ਆਸਰਾ ਬਣਿਓਂ
ਗਵਾਂਢਣ ਨੇ ਛੰਮ ਛੰਮ ਰੋਂਦੀ ਛਿੰਦਰ ਨੂੰ ਗਲਵੱਕੜੀ ਵਿਚ ਘੁੱਟ ਲਿਆ।
ਵੈਨ ਘੱਟਾ ਉਡਾਉਂਦੀ ਤੁਰ ਪਈ। ਹੌਲੀ ਹੌਲ਼ੀ ਉੱਡਦੀ ਧੂੜ ਬਹਿਣ ਲੱਗੀ। ਛਿੰਦਰ ਦੀਆਂ ਸਿਸਕੀਆਂ ਥੰਮੀਆਂ। ਛਿੰਦਰ ਆਪਣੇ ਸੱਸ-ਸਹੁਰੇ ਨਾਲ ਅੰਦਰ ਵੱਲ ਹੋ ਤੁਰੀ। ਗੁਰਮੁਖ ਨੇ ਦਿੱਲੀ ਤੱਕ ਨਾਲ ਜਾਣਾ ਸੀ। ਫਿਰਨੀ ਤੇ ਖਲੋਤੇ ਦਾਤੋ ਤੇ ਸ਼ੀਰਾ ਅਜੇ ਵੀ ਦੂਰ ਉੱਡਦੀ ਧੂੜ ਵੱਲ ਵੇਖ ਰਹੇ ਸਨ। ਆਪਣੇ ਦਰਵਾਜ਼ੇ ਚ ਖਲੋਤੀ ਗਵਾਂਢਣ ਵੱਲ ਵੇਖ ਕੇ ਦਾਤੋ ਨੇ ਕਿਹਾ, ਮਹਾਰਾਜ! ਕਿਸੇ ਦੁਸ਼ਮਣ ਨਾਲ ਵੀ ਇਹੋ ਜਿਹੀ ਨਾ ਕਰੇ!
ਭੈਣਾਂ! ਕੌਣ ਸਾਹਿਬ ਨੂੰ ਆਖੇ, ਐਂ ਨਹੀਂ ਐਂਜ ਕਰ! ਗਵਾਂਢਣ ਨੇ ਵੀ ਅੱਖਾਂ ਭਰ ਲਈਆਂ।

ਦਿੱਲੀ ਤੋਂ ਜਹਾਜ਼ ਨੇ ਉਡਾਣ ਭਰੀ ਤਾਂ ਅਮਰ ਸਿੰਘ ਨੇ ਤਸੱਲੀ ਦਾ ਸਾਹ ਲਿਆ। ਤਸੱਲੀ ਇਸ ਗੱਲ ਦੀ ਸੀ ਕਿ ਉਹ ਅਮਰੀਕ ਦੀ ਮੌਤ ਦੀ ਭਿਣਕ ਪਰਿਵਾਰ ਦੇ ਕੰਨਾਂ ਵਿਚ ਪੈਣ ਤੋਂ ਬਿਨਾਂ ਟੱਬਰ ਨੂੰ ਜਹਾਜ਼ੇ ਚੜ੍ਹਾ ਲਿਆਇਆ ਸੀ। ਇਸ ਹਿੰਮਤ ਲਈ ਉਸਨੇ ਪ੍ਰਮਾਤਮਾਂ ਦਾ ਸ਼ੁਕਰਾਨਾ ਕੀਤਾ। ਫਿਰ ਅੱਖਾਂ ਖੋਲ੍ਹੀਆਂ ਤੇ ਲੰਮਾ ਹਾਉਕਾ ਲਿਆ, ਚੱਲੋ! ਇੱਕ ਮੋਰਚਾ ਤਾਂ ਫ਼ਤਹਿ ਹੋਇਆ।
ਲਾਗੇ ਬੈਠੀ ਸੁਰਜੀਤ ਕੌਰ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ, ਪਰ ਚੁੱਪ ਰਹੀ।

ਕਨੇਡਾ ਪਹੁੰਚੇ ਤਾਂ ਏਅਰਪੋਰਟ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇਮੀਗ੍ਰੇਸ਼ਨ ਅਫ਼ਸਰ ਨੇ ਉਹਨਾਂ ਨੂੰ ਇੱਕ ਪਾਸੇ ਸੱਦ ਕੇ ਕੈਬਿਨ ਵਿਚ ਬਿਠਾ ਲਿਆ। ਉਸਨੇ ਅਮਰ ਸਿੰਘ ਦੇ ਹੱਥੋਂ ਦਸਤਾਵੇਜ਼ ਫੜ੍ਹ ਲਏ ਤੇ ਕਿੰਨ੍ਹਾਂ ਚਿਰ ਕੰਪਿਊਟਰ ਤੇ ਏਧਰ ਓਧਰ ਉਂਗਲਾਂ ਮਾਰਦਾ ਰਿਹਾ। ਅਮਰ ਸਿੰਘ ਦੇ ਕੰਨ ਸ਼ਾਂ!ਸ਼ਾਂ! ਕਰਨ ਲੱਗੇ। ਦਿਲ ਦੀ ਧੜਕਣ ਵਧ ਗਈ। ਸਿਰ ਵਿਚ ਧੁੰਦ ਤੇ ਧੂੰਆਂ ਇਕੱਠਾ ਹੋ ਗਿਆ। ਇਸ ਧੁੰਦ ਵਿਚ ਦੂਰ ਕਿਧਰੇ ਉਹਦੇ ਦਾਦੇ ਨੇ ਬਾਹਵਾਂ ਉੱਚੀਆਂ ਚੁੱਕ ਕੇ ਇਮੀਗ੍ਰੇਸ਼ਨ ਅਫ਼ਸਰ ਨੂੰ ਲਲਕਾਰ ਮਾਰੀ, ਯਾਦ ਰਖੀਂ ਮਿਸਟਰ ਰੀਡ! ਮੈਂ ਪਰਤਾਂਗਾ ਕਨੇਡਾ, ਕਿਸੇ ਨਾ ਕਿਸੇ ਦਿਨ। ਅਗਲੀਆਂ ਸਤਰਾਂ ਉਹਦੇ ਸੰਘ ਵਿਚ ਹੀ ਅੜੀਆਂ ਰਹਿ ਗਈਆਂ ਤੇ ਫਿਰ ਉਹਦੀ ਚੀਕ ਨਿਕਲ ਗਈ। ਉੱਚੀਆਂ ਕੀਤੀਆਂ ਬਾਹਵਾਂ ਟੁੱਟ ਕੇ ਉਹਦੇ ਪੱਟਾਂ ਤੇ ਢਹਿ ਪਈਆਂ ਸਨ।
ਸਿਰ ਝਟਕ ਕੇ ਅਮਰ ਸਿੰਘ ਨੇ ਕਾਗਜ਼-ਪੱਤਰ ਪੜਤਾਲ ਰਹੇ ਅਫ਼ਸਰ ਤੇ ਨਜ਼ਰਾਂ ਗੱਡ ਲਈਆਂ। ਜਾਪਿਆ; ਉਹ ਹੁਣੇ ਉਹਨਾਂ ਨੂੰ ਵਾਪਸ ਮੁੜ ਜਾਣ ਦਾ ਹੁਕਮ ਚਾੜ੍ਹ ਦੇਵੇਗਾ। ਆਪ ਮੁਹਾਰੇ ਉਹਦੇ ਹੱਥ ਜੁੜ ਗਏ। ਉਹ ਬੁੜਬੁੜਾਇਆ, ਸੱਚਿਆ! ਪਾਤਸ਼ਾਹ! ਹਰ ਮੈਦਾਨ ਫ਼ਤਹਿ ਬਖ਼ਸ਼ੀਂ।
ਅਫ਼ਸਰ ਨੇ ਉਸ ਵੱਲ ਗਹੁ ਨਾਲ ਵੇਖਿਆ ਤੇ ਫੇਰ ਆਪਣੇ ਕੰਮ ਵਿਚ ਰੁੱਝ ਗਿਆ। ਫਿਰ ਕੁਝ ਛੋਟੇ ਛੋਟੇ ਸਵਾਲ-ਜਵਾਬ ਹੋਏ। ਜਿੰਨਾਂ ਚਿਰ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਵਿਚੋਂ ਗੁਜ਼ਰਨਾ ਪਿਆ, ਅਮਰ ਸਿੰਘ ਦੇ ਸਾਹ ਸੂਤੇ ਰਹੇ। ਪਰ ਅਜਿਹਾ ਕੁਝ ਵੀ ਨਾ ਹੋਇਆ ਜਿਸਦਾ ਉਹਨੂੰ ਭੈਅ ਸੀ।
ਕੰਮ ਮੁਕਾ ਕੇ ਇਮੀਗ੍ਰੇਸ਼ਨ ਅਫ਼ਸਰ ਨੇ ਕਾਗਜ਼ ਉਹਨਾਂ ਦੇ ਹੱਥ ਫੜਾਏ। ਮੁਸਕਰਾਇਆ ਤੇ ਖੜਾ ਹੋ ਕੇ ਬੜੀ ਗਰਮਜੋਸ਼ੀ ਨਾਲ ਅਮਰ ਸਿੰਘ ਨਾਲ ਹੱਥ ਮਿਲਾ ਕੇ ਕਿਹਾ, ਵੈਲਕਮ ਟੂ ਕਨੇਡਾ!
ਫਿਰ ਖਲੋਤੇ ਖਲੋਤੇ ਹੀ ਉਹਨਾਂ ਨੂੰ ਬਾਹਰ ਜਾਣ ਦਾ ਰਾਹ ਸਮਝਾਇਆ।
ਓਥੋਂ ਵਿਹਲੇ ਹੋ ਕੇ ਅੱਗੇ ਨਿਕਲੇ ਤਾਂ ਅਮਰ ਸਿੰਘ ਨੇ ਫਿਰ ਕਿਹਾ, ਚੱਲੋ! ਇਹ ਮੋਰਚਾ ਵੀ ਫ਼ਤਹਿ ਹੋ ਗਿਆ। ਹੁਣ ਆਪਾਂ ਸਮਝੋ, ਆ ਗਏ ਕਨੇਡਾ।
ਉਹਨਾਂ ਆਪਣਾ ਸਮਾਨ ਪਟੇ ਤੋਂ ਲਾਹਿਆ ਤੇ ਟਰਾਲੀਆਂ ਵਿਚ ਲੱਦ ਕੇ ਏਅਰਪੋਰਟ ਦੀ ਅੰਦਰਲੀ ਹਦੂਦ ਤੋਂ ਬਾਹਰ ਆ ਗਏ। ਸਾਹਮਣੇ ਜਰਨੈਲ ਸਿੰਘ ਤੇ ਉਹਦੇ ਦੋਵੇਂ ਪੁੱਤ ਉਹਨਾਂ ਨੂੰ ਲੈਣ ਆਏ ਹੋਏ ਸਨ। ਸੁਰਜੀਤ ਕੌਰ ਤੇ ਦੋਵੇਂ ਬੱਚੇ ਉਹਨਾਂ ਦੇ ਆਸੇ ਪਾਸੇ, ਏਧਰ ਓਧਰ ਅਮਰੀਕ ਨੂੰ ਭਾਲ ਰਹੇ ਸਨ। ਜਰਨੈਲ ਸਿੰਘ ਦਾ ਵੱਡਾ ਲੜਕਾ ਅੱਗੇ ਵਧ ਕੇ ਸੁਰਜੀਤ ਕੌਰ ਹੱਥੋਂ ਟਰਾਲੀ ਫੜ੍ਹਨ ਲੱਗਾ ਤਾਂ ਸੁਰਜੀਤ ਕੌਰ ਨੇ ਚਿੰਤਾ ਨਾਲ ਪੁੱਛਿਆ, ਨਵਤੇਜ! ਅਮਰੀਕ ਕਿੱਥੇ ਏ? ਉਹ ਨਹੀਂ ਆਇਆ?
ਨਵਤੇਜ ਨੇ ਪੁੱਛਦੀਆਂ ਨਜ਼ਰਾਂ ਨਾਲ ਜਰਨੈਲ ਸਿੰਘ ਵੱਲ ਵੇਖਿਆ। ਜਰਨੈਲ ਸਿੰਘ ਨੇ ਸਵਾਲੀਆ ਨਜ਼ਰਾਂ ਅਮਰ ਸਿੰਘ ਵੱਲ ਮੋੜੀਆਂ। ਅੱਖਾਂ ਹੀ ਅੱਖਾਂ ਵਿਚ ਕੁਝ ਸੰਕੇਤ ਹੋਏ। ਜਰਨੈਲ ਸਿੰਘ ਨੇ ਬੱਚਿਆਂ ਦੇ ਹੱਥੋਂ ਉਹਨਾਂ ਦੀ ਟਰਾਲੀ ਫੜ੍ਹ ਲਈ ਤੇ ਅੱਗੇ ਨੂੰ ਤੁਰਦਿਆਂ ਅੱਖ ਬਚਾ ਕੇ ਹੌਲੀ ਜਿਹੀ ਏਨਾ ਈ ਆਖਿਆ, ਉਹ ਨਹੀਂ ਸੀ ਆ ਸਕਦਾ!
ਕਿਉਂ? ਕੀ ਗੱਲ? ਕੰਮ ਤੇ ਗਿਐ? ਸੁਰਜੀਤ ਕੌਰ ਨੇ ਕਾਹਲੀ ਨਾਲ ਪੁੱਛਿਆ। ਪਰ ਜਵਾਬ ਦੇਣ ਵਾਲੇ ਏਨੇ ਚਿਰ ਵਿਚ ਜਾਣ-ਬੁੱਝ ਕੇ ਅੱਗੇ ਨਿਕਲ ਗਏ ਸਨ। ਸੁਰਜੀਤ ਕੌਰ ਨੇ ਪਤੀ ਦੀ ਬਾਂਹ ਝੰਜੋੜੀ, ਮੈਂ ਕਿਹਾ ਜੀ, ਅਮਰੀਕ ਕਿਉਂ ਨਹੀਂ ਆਇਆ? ਪੁੱਛਦੇ ਕਿਉਂ ਨਹੀਂ ਤੁਸੀਂ।
ਪੁੱਛ ਲੈਂਦੇ ਆਂ, ਏਅਰਪੋਰਟ ਤੋਂ ਬਾਹਰ ਤਾਂ ਨਿਕਲ ਲਈਏ।
ਪਾਰਕਿੰਗ ਲੌਟ ਵਿਚ ਲਿਆਂਦੀਆਂ ਦੋ ਕਾਰਾਂ ਵਿਚ ਜਰਨੈਲ, ਨਵਤੇਜ ਤੇ ਨਵਰੂਪ ਹੁਰੀਂ ਬਿਨਾਂ ਕੋਈ ਗੱਲ ਕੀਤਿਆਂ ਕਾਹਲ਼ੀ ਕਾਹਲ਼ੀ ਸਮਾਨ ਲੱਦਣ ਲੱਗੇ। ਅਮਰ ਸਿੰਘ ਤੇ ਗੁਰਮੇਲ ਵੀ ਹੱਥ ਪਵਾ ਰਹੇ ਸਨ। ਫਿਰ ਸਵਾਰੀਆਂ ਵੰਡਣ ਦਾ ਨਿਰਣਾ ਲਿਆ ਗਿਆ। ਦੋਵੇਂ ਬੱਚੇ ਨਵਤੇਜ ਨਾਲ ਕਾਰ ਵਿਚ ਬਹਿ ਗਏ। ਅਮਰ ਸਿੰਘ, ਸੁਰਜੀਤ ਕੌਰ, ਜਰਨੈਲ ਸਿੰਘ ਤੇ ਨਵਰੂਪ ਦੂਜੀ ਕਾਰ ਵਿਚ ਸਵਾਰ ਹੋ ਗਏ।
ਨਵਰੂਪ ਕਾਰ ਚਲਾ ਰਿਹਾ ਸੀ। ਉਸ ਨਾਲ ਅਗਲੀ ਸੀਟ ਤੇ ਜਰਨੈਲ ਬੈਠ ਗਿਆ। ਪਿਛਲੀ ਸੀਟ ਤੇ ਅਮਰ ਸਿੰਘ ਤੇ ਸੁਰਜੀਤ ਕੌਰ ਨੇ ਦੱਸਣ ਅਨੁਸਾਰ ਬੈਲਟਾਂ ਲਾ ਲਈਆਂ। ਸੁਰਜੀਤ ਕੌਰ ਦਾ ਅੰਦਰ ਤਾਂ ਪਹਿਲਾਂ ਹੀ ਕਾਹਲਾ ਪਿਆ ਹੋਇਆ ਸੀ। ਬੈਲਟ ਲਾਉਣ ਨਾਲ ਲੱਗਾ ਜਿਵੇਂ ਕਿਸੇ ਨੇ ਨਾਗ਼-ਵਲ਼ ਪਾ ਕੇ ਜੂੜ ਲਿਆ ਹੋਵੇ। ਬੇਬਸੀ ਜਿਹੀ ਦੀ ਹਾਲਤ ਵਿਚ ਸੁਰਜੀਤ ਕੌਰ ਨੇ ਚੀਕ ਕੇ ਪੁੱਛਿਆ, ਮੈਂ ਕਿਹਾ ਜੀ, ਅਮਰੀਕ?
ਅਮਰ ਸਿੰਘ ਬੇਸੁਰਤੀ ਜਿਹੀ ਦੇ ਆਲਮ ਵਿਚ ਸੀ। ਮਾਸਟਰ ਤੇਲੂ ਰਾਮ ਹੱਥਲੇ ਰੂਲ ਨਾਲ ਧਰਤੀ ਵਿਚ ਛੇਕ ਕਰਨ ਲਈ ਵੀਰੂ ਮਿਸਤਰੀ ਨੂੰ ਇਸ਼ਾਰਾ ਰਿਹਾ ਸੀ। ਵੀਰੂ ਬੋਰ ਕਰ ਰਿਹਾ ਸੀ। ਛੇਕ ਚੌੜਾ ਤੇ ਡੂੰਘਾ ਹੋਈ ਜਾ ਰਿਹਾ ਸੀ। ਧਰਤੀ ਵਿਚੋਂ ਨਿਕਲਦੀ ਮਿੱਟੀ ਦਾ ਪਹਾੜ ਬਣਦਾ ਜਾ ਰਿਹਾ ਸੀ। ਅਮਰ ਸਿੰਘ ਨੇ ਬੋਰ ਵਿਚ ਮੂੰਹ ਪਾ ਕੇ ਹੇਠਾਂ ਲਿਸ਼ਕਦੀ ਪਾਣੀ ਦੀ ਟਿੱਕੀ ਵੇਖਣੀ ਚਾਹੀ। ਉਹਦਾ ਪੈਰ ਤਿਲਕ ਗਿਆ। ਧਰਤੀ ਵਿਚਲੇ ਹਜ਼ਾਰਾਂ ਮੀਲ ਲੰਮੇਂ ਟੋਏ ਵਿਚ ਤਿਲਕਦੇ, ਡਿੱਗਦੇ, ਡੁੱਬਦੇ ਦੀ ਜਰਨੈਲ ਸਿੰਘ ਨੇ ਬਾਂਹ ਫੜ੍ਹ ਲਈ , ਵੀਰ ਅਮਰ ਸਿਅ੍ਹਾਂ! ਤੁਹਾਡੇ ਲਈ ਇਕ ਚੰਗੀ ਖ਼ਬਰ ਵੀ ਏ।
ਜਾਪਿਆ; ਤਰਨਤਾਰਨ ਗੁਰਦਵਾਰੇ ਕੀਤੀ ਉਸਦੀ ਅਰਦਾਸ ਪੂਰੀ ਹੋ ਗਈ ਹੈ। ਅਮਰੀਕ ਦੇ ਸਾਹ ਚੱਲਣ ਲੱਗ ਪਏ ਹਨ!
ਸੁਰਜੀਤ ਕੌਰ ਹੈਰਾਨ, ਪਰੇਸ਼ਾਨ ਸੀ। ਅਮਰੀਕ ਦੀ ਰਹੱਸਮਈ ਗ਼ੈਰਹਾਜ਼ਰੀ ਨੇ ਉਹਨੂੰ ਬੌਂਦਲਾ ਛੱਡਿਆ ਸੀ। ਕੋਈ ਉਸਦੇ ਸਵਾਲ ਦਾ ਸਿੱਧਾ ਜਵਾਬ ਕਿਉਂ ਨਹੀਂ ਸੀ ਦਿੰਦਾ! ਉਸਨੇ ਜਰਨੈਲ ਦੇ ਬੋਲਾਂ ਵੱਲ ਧਿਆਨ ਦਿੱਤਾ, ਤੁਹਾਡੇ ਲਈ ਇਕ ਚੰਗੀ ਖ਼ਬਰ ਵੀ ਏ।
ਤਾਂ ਕੀ ਕੋਈ ਮਾੜੀ ਖ਼ਬਰ ਵੀ ਏ? ਸੁਰਜੀਤ ਕੌਰ ਦੇ ਪਿੰਡੇ ਚੋਂ ਸੀਤ ਨਿਕਲ ਗਈ। ਪਰ ਜਰਨੈਲ ਦੇ ਬੋਲਾਂ ਨੇ ਉਹਨੂੰ ਕੋਸਾ ਕਰ ਦਿੱਤਾ, ਤੁਹਾਡੇ ਘਰ ਅੱਜ ਸਵੇਰੇ ਪੋਤਰੇ ਨੇ ਜਨਮ ਲਿਐ।
ਉਹ ਸਮਝ ਗਈ। ਅਮਰੀਕ ਆਪਣੀ ਪਤਨੀ ਕੋਲ ਹੋਵੇਗਾ। ਜ਼ੱਚੇ-ਬੱਚੇ ਦੀ ਦੇਖ-ਭਾਲ ਲਈ। ਏਸੇ ਕਰਕੇ ਤਾਂ ਏਨੀ ਕਾਹਲ਼ੀ ਪਾਈ ਹੋਈ ਸੀ ਆਉਣ ਦੀ!
ਖ਼ੁਸ਼ੀ ਵਿਚ ਉਸਨੇ ਪਤੀ ਦਾ ਮੋਢਾ ਘੁੱਟ ਲਿਆ। ਜੇਠ ਨੂੰ ਕਿਹਾ, ਜੀ ਤੁਹਾਡੇ ਮੂੰਹ ਵਿਚ ਘਿਓ-ਸ਼ੱਕਰ! ਵਧਾਈਆਂ ਹੋਣ ਕਾਕੇ ਦੇ ਵੱਡੇ ਬਾਪੂ ਨੂੰ ਵੀ ਤੇ ਛੋਟਿਆਂ ਨੂੰ ਵੀ।
ਉਹਦਾ ਚਾਅ ਠੱਲ੍ਹਿਆ ਨਹੀਂ ਸੀ ਜਾ ਰਿਹਾ। ਪਰ ਉਹਦੀ ਵਧਾਈ ਦਾ ਤਾਂ ਕਿਸੇ ਨੇ ਵੀ ਉੱਤਰ ਨਹੀਂ ਸੀ ਮੋੜਿਆ।
ਉਹਨਾਂ ਦੀ ਭੇਤ-ਭਰੀ ਚੁੱਪ ਨੇ ਉਹਨੂੰ ਫੇਰ ਕੰਬਣੀ ਛੇੜ ਦਿੱਤੀ। ਤਸੱਲੀ ਕਰਨ ਲਈ ਉਸਨੇ ਫਿਰ ਪੁੱਛਿਆ, ਜੀ ਅਮਰੀਕ ਆਇਆ ਕਿਉਂ ਨਹੀਂ? ਕੀ ਵਹੁਟੀ ਤੇ ਕਾਕੇ ਕੋਲ ਏ?
ਹਾਲ ਦੀ ਘੜੀ ਉਹਨੂੰ ਟਾਲਣ ਲਈ ਜਰਨੈਲ ਸਿੰਘ ਨੂੰ ਹਾਂ ਆਖਣਾ ਢੁਕਵਾਂ ਲੱਗਾ ਪਰ ਉਸ ਆਖਿਆ ਨਾ। ਉਸਨੇ ਧੌਣ ਮੋੜ ਕੇ ਅਮਰ ਸਿੰਘ ਵੱਲ ਵੇਖਿਆ।
ਕੋਈ ਕੁਝ ਨਹੀਂ ਬੋਲਿਆ। ਇਸ ਰਹੱਸਮਈ ਖ਼ਾਮੋਸ਼ੀ ਨੇ ਸੁਰਜੀਤ ਕੌਰ ਦਾ ਮਨ ਕਾਹਲਾ ਪਾ ਦਿੱਤਾ।
ਮੈਂ ਬਾਰ ਬਾਰ ਪੁੱਛਦੀ ਆਂ, ਅਮਰੀਕ ਕਿਉਂ ਨਹੀਂ ਆਇਆ, ਅਮਰੀਕ ਕਿਉਂ ਨਹੀਂ ਆਇਆ? ਜੀ, ਤੁਸੀਂ ਦੱਸਦੇ ਕਿਉਂ ਨਹੀਂ ਕੁਝ? ਹੱਦ ਹੋ ਗੀ!
ਅਮਰ ਸਿੰਘ ਨੇ ਡੁਬਡੁਬਾਉਂਦੀਆਂ ਅੱਖਾਂ ਨਾਲ ਜਰਨੈਲ ਸਿੰਘ ਵੱਲ ਵੇਖਿਆ।
ਦੱਸਦੇ ਆਂ। ਜਰਨੈਲ ਸਿੰਘ ਨੇ ਹੌਲ਼ੀ ਜਿਹੀ ਕਿਹਾ। ਉਸਨੇ ਨਵਰੂਪ ਨੂੰ ਰਾਹ ਵਿਚ ਪੈਂਦੇ ਇੱਕ ਪਾਰਕਿੰਗ ਲੌਟ ਵੱਲ ਮੋੜ ਕੇ ਕਾਰ ਖੜੀ ਕਰਨ ਦਾ ਇਸ਼ਾਰਾ ਕੀਤਾ।
ਕਾਰ ਕਿਉਂ ਰੋਕ ਤੀ? ਮੇਰਾ ਅਮਰੀਕ ਕਿਉਂ ਨਹੀਂ ਆਇਆ? ਕੁਝ ਦੱਸੋ ਵੀ? ਮੈਂ ਕਦੋਂ ਦੀ ਭੌਂਕੀ ਜਾਂਦੀ ਆਂ। ਸੁਰਜੀਤ ਕੌਰ ਅਮਰ ਸਿੰਘ ਨੂੰ ਹਲੂਣ ਰਹੀ ਸੀ।
ਅਮਰ ਸਿੰਘ ਨੇ ਉਸ ਦੁਆਲੇ ਬਾਂਹ ਵਲ਼ ਕੇ ਕਿਹਾ, ਕਮਲੀਏ! ਮਹਾਰਾਜ ਗਰੀਬਾਂ ਦੀ ਕਦੀ ਹਰ ਮੈਦਾਨ ਫ਼ਤਹਿ ਨਹੀਂ ਕਰਦਾ ਹੁੰਦਾ! ਤੇਰੇ ਅਮਰੀਕ ਨੇ ਨਹੀਂ ਸੀ ਆਉਣਾ ਤੈਨੂੰ ਅੱਗੋਂ ਲੈਣ। ਉਹ ਤੇਰੇ ਆਉਣ ਤੋਂ ਪਹਿਲਾਂ ਈ ਅਗਲੇ ਜਹਾਨ ਨੂੰ ਤੁਰ ਗਿਐ!
ਬਾਰੂਦ ਫਟਿਆ; ਲਾਟਾਂ ਉੱਠੀਆਂ। ਪਲ ਵਿਚ ਸਭ ਕੁਝ ਸੜ ਕੇ ਸਵਾਹ ਹੋ ਗਿਆ। ਜਿ਼ਹਨ ਵਿਚ ਰਾਖ਼ ਉੱਡਣ ਲੱਗੀ। ਬੋਲੇ ਗਏ ਸ਼ਬਦਾਂ ਵਿਚ ਕੁਝ ਵੀ ਅਸਪਸ਼ਟ ਨਹੀਂ ਸੀ ਪਰ ਸੁਰਜੀਤ ਕੌਰ ਨੇ ਫਿਰ ਵੀ ਭੁਲੇਖਾ ਦੂਰ ਕਰਨਾ ਚਾਹਿਆ, ਕੀ ਦੱਸਿਆ? ਕਿੱਥੇ ਚਲਾ ਗਿਐ ਮੇਰਾ ਲਾਲ! ਉਹਦੀ ਡਾਡ ਨਿਕਲ ਗਈ।
ਰੋਂਦਿਆਂ ਅਮਰ ਸਿੰਘ ਨੇ ਅਸਮਾਨ ਵੱਲ ਹੱਥ ਉੱਚਾ ਕੀਤਾ।
ਅਗਲੇ ਪਲ ਹੀ ਉੱਠਿਆ ਹੱਥ ਨੀਂਵਾਂ ਕਰ ਕੇ ਉਸਨੇ ਬੋਰ-ਪਾਈਪ ਦੇ ਸਿਰਿਆਂ ਨੂੰ ਦੋਵਾਂ ਹੱਥਾਂ ਨਾਲ ਘੁੱਟ ਲਿਆ। ਉਹ ਧਰਤੀ ਹੇਠਲੇ ਮੀਲਾਂ ਲੰਮੇ ਖੂਹ ਵਿਚ ਮੁੜ ਤਿਲਕ ਚੱਲਿਆ ਸੀ।
ਸੁਰਜੀਤ ਕੁਰੇ! ਤੁਰ ਗਏ ਨੂੰ ਤਾਂ ਹਫ਼ਤਾ ਹੋ ਚੱਲਿਐ। ਐਕਸੀਡੈਂਟ ਹੋ ਗਿਆ ਸੀ ਟਰੱਕ ਦਾ। ਜਰਨੈਲ ਸਿੰਘ ਦੇ ਬੋਲ ਅੱਥਰੂਆਂ ਨਾਲ ਭਿੱਜੇ ਹੋਏ ਸਨ।
ਸੁਰਜੀਤ ਕੌਰ ਪਾਗ਼ਲਾਂ ਵਾਂਗ ਪਹਿਲਾਂ ਛਾਤੀ ਪਿੱਟਣ ਲੱਗੀ ਤੇ ਫੇਰ ਅਮਰ ਸਿੰਘ ਦਾ ਕਮੀਜ਼ ਮੋਢੇ ਤੋਂ ਫੜ੍ਹ ਕੇ ਹਲੂਣਨ ਲੱਗੀ, ਜ਼ਾਲਮਾਂ! ਤੈਨੂੰ ਪਤਾ ਸੀ ਏਸ ਗੱਲ ਦਾ? ਹਾਇ ਵੇ ਵੈਰੀਆ! ਮੈਥੋਂ ਕਿਉਂ ਲੁਕਾਉਂਦਾ ਰਿਹੋਂ। ਮੇਰੇ ਤਾਂ ਕਲੇਜੇ ਵਿਚ ਉਦੋਂ ਈ ਮੁੱਕੀ ਵੱਜੀ ਸੀ ਜਦੋਂ ਓਦਣ ਸਵੇਰੇ ਪ੍ਰੋਫ਼ੈਸਰ ਦੇ ਟੈਲੀਫ਼ੋਨ ਸੁਣਨ ਗਿਆ ਕਿੰਨ੍ਹਾਂ ਚਿਰ ਬਹੁੜਿਆ ਨਹੀਂ ਸੈਂ ਤੇ ਫੇਰ ਚਾਦਰ ਲੈ ਕੇ ਲੰਮਾਂ ਪੈ ਗਿਆ ਸੈਂ। ਗੱਲ ਗੱਲ ਤੇ ਫਿੱਸ ਪੈਂਦਾ ਸੈਂ। ਹਾਇ! ਨੀ! ਛਿੰਦਰ ਤੇਰਾ ਵੀਰ! ਵੇ ਲੋਕੋ, ਮੇਰਾ ਲਾਲ!
ਉਹ ਕਮਲਿਆਂ ਵਾਂਗ ਏਧਰ ਓਧਰ ਸਿਰ ਮਾਰਨ ਲੱਗੀ।
ਤੂੰ ਮੈਥੋਂ ਕਿਉਂ ਗੱਲ ਲੁਕਾਈ? ਦੱਸ ਮੈਨੂੰ ਵੈਰੀਆ! ਕਿਉਂ ਲੁਕਾਈ ਮੈਥੋਂ ਗੱਲ?
ਅਮਰ ਸਿੰਘ ਰੋਂਦਾ ਰੋਂਦਾ ਉਹਨੂੰ ਸਮਝਾਉਣ ਦੀ ਕੋਸਿ਼ਸ਼ ਕਰਨ ਲੱਗਾ, ਆਪਾਂ ਚੋਰੀ ਆਏ ਆਂ ਕਨੇਡਾ। ਸਾਡੇ ਕਾਗ਼ਜ਼ ਭਰਨ ਤੇ ਸਾਨੂੰ ਸਾਂਭਣ ਵਾਲਾ ਤਾਂ ਚਲਾ ਗਿਆ। ਜੇ ਗੱਲ ਬਾਹਰ ਨਿਕਲ ਜਾਂਦੀ ਤਾਂ ਸਾਨੂੰ ਅਗਲਿਆਂ ਕਨੇਡਾ ਨਹੀਂ ਸੀ ਵੜਨ ਦੇਣਾ।
ਅਮਰ ਸਿੰਘ ਨੇ ਉਹਦੇ ਹੱਥ ਘੁੱਟ ਲਏ।
ਵੇ ਮੈਂ ਪੁੱਤ ਬਿਨਾਂ ਅੱਗ ਲਾਉਣੀ ਸੀ ਕਨੇਡਾ ਨੂੰ!
ਉਸਨੇ ਅਮਰ ਸਿੰਘ ਨੂੰ ਕਾਲਰਾਂ ਤੋਂ ਫੜ੍ਹ ਲਿਆ ਤੇ ਖਿੱਚ ਕੇ ਉਸਦੀ ਕਮੀਜ਼ ਦੇ ਬਟਨ ਤੋੜਦਿਆਂ ਚੀਕ ਮਾਰੀ, ਪਾਪੀਆਂ ਫ਼ਤਹਿ ਸਿਅ੍ਹਾਂ! ਕਰ ਲਈ ਊ ਕਨੇਡਾ ਫ਼ਤਹਿ? ਪੈ ਗਈ ਤੇਰੇ ਕਲੇਜੇ ਨੂੰ ਠੰਢ?
ਚੀਕ ਮਾਰਦਿਆਂ ਈ ਉਹ ਬੇਹੋਸ਼ ਹੋ ਕੇ ਅਮਰ ਸਿੰਘ ਦੇ ਮੋਢੇ ਤੇ ਡਿਗ ਪਈ।
ਅਮਰ ਸਿੰਘ ਹੱਥ ਵਿਚ ਫੜ੍ਹਿਆ ਝੰਡਾ ਜਮਰੌਦ ਦੇ ਕਿਲ੍ਹੇ ਦੇ ਬੁਰਜ ਤੇ ਟੰਗਣ ਲਈ ਸਾਹੋ-ਸਾਹ ਹੋਇਆ ਚੜ੍ਹਾਈ ਚੜ੍ਹ ਰਿਹਾ ਸੀ ਕਿ ਉਸਦੇ ਪੈਰ ਤਿਲਕ ਗਏ। ਉਹ ਸਿਰ ਪਰਨੇ ਡਿੱਗਿਆ।
ਸਰਰਅ-ਘਰਰਅ! ਸਰਰਅ-ਘਰਰਅ!
ਬੁਰਜ ਦੇ ਸਿਖ਼ਰੋਂ ਤਿਲਕਿਆ ਉਹ ਵਰਮੇਂ ਨਾਲ ਧਰਤੀ ਚ ਉਰਾਰ-ਪਾਰ ਹੋਏੇ ਛੇਕ ਵਿਚ ਤਾਰੇ ਨਲੀ-ਚੋਚ ਨੂੰ ਲੱਭਦਾ ਲੱਭਦਾ ਹੇਠਾਂ ਹੀ ਹੇਠਾਂ ਗ਼ਰਕਣ ਲੱਗਾ। ਉਹ ਬਥੇਰੇ ਹੱਥ ਪੈਰ ਅੜਾਉਣ ਦੀ ਕੋਸਿ਼ਸ਼ ਕਰ ਰਿਹਾ ਸੀ ਪਰ ਡੂੰਘੇ ਤਿਲਕਣੇ ਖੂਹ ਵਿਚ ਡੁੱਬਣੋਂ ਬਚਣ ਲਈ ਉਸਦੇ ਹੱਥ-ਪੈਰ ਕਿਤੇ ਵੀ ਅੜ ਨਹੀਂ ਸੀ ਰਹੇ। ਆਖ਼ਰ ਨਿਢਾਲ ਹੋ ਕੇ ਉਸਨੇ ਯਤਨ ਕਰਨਾ ਹੀ ਛੱਡ ਦਿੱਤਾ।
ਸਰਰਅ-ਘਰਰਅ! ਸਰਰਅ-ਘਰਰਅ!
ਹਨੇਰੇ ਚ ਹੇਠਾਂ ਹੀ ਹੇਠਾਂ ਗ਼ਰਕਦਿਆਂ ਖਿ਼ਆਲ ਆਇਆ ਧਰਤੀ ਦੇ ਇਸ ਦੂਜੇ ਪਾਸੇ, ਪਤਾਲ ਦੀ ਇਸ ਧਰਤੀ ਹੇਠਾਂ ਇੱਕ ਧੌਲ ਸੁਣੀਂਦਾ ਹੈ। ਉਹ ਧੌਲ ਆਪਣੇ ਸਿੰਗਾਂ ਤੇ ਜ਼ਰੂਰ ਉਹਨੂੰ ਬੋਚ ਲਵੇਗਾ! ਉਹਨੂੰ ਡਿੱਗਦੇ ਨੂੰ ਸੰਭਾਲ ਲਏਗਾ!
ਪਲ-ਛਿਣ ਵਿਚ ਕਾਲੇ ਹਨੇਰੇ ਖੂਹ ਵਿਚ ਹਜ਼ਾਰਾਂ ਮੀਲਾਂ ਦਾ ਪੈਂਡਾ ਤੈਅ ਕਰ ਕੇ ਉਹ ਪਤਾਲ ਦੀ ਧਰਤੀ ਤੇ ਡਿੱਗਾ ਤਾਂ ਉਹਨੂੰ ਸਾਂਭਣ ਵਾਲਾ ਧੌਲ ਤਾਂ ਕਿਧਰੇ ਵੀ ਨਹੀਂ ਸੀ!
ਨਾ ਆਕਾਸ਼ ਨਾ ਪਾਤਾਲ! ਉਹ ਖਿ਼ਲਾਅ ਵਿਚ ਲਟਕਿਆ ਹੋਇਆ। ਉਹਦਾ ਆਪਾ ਸੁਦਰਸ਼ਨ ਚੱਕਰ ਵਾਂਗ ਆਪਣੀ ਧੁਰੀ ਦੁਆਲੇ ਘੁੰਮੀ ਜਾ ਰਿਹਾ ਸੀ ਤੇ ਚੱਲਦਾ ਹੋਇਆ ਉਹਦੇ ਆਪਣੇ ਜਿਸਮ ਨੂੰ ਹੀ ਕੱਟੀ ਵੱਢੀ ਜਾ ਰਿਹਾ ਸੀ। ਉਹਦੇ ਆਪਣੇ ਅੰਗ ਦੂਜੇ ਅੰਗਾਂ ਤੇ ਵਾਰ ਕਰ ਰਹੇ ਸਨ। ਤਨ ਮਨ ਦੇ ਟੋਟੇ ਹੋ ਕੇ ਖਿ਼ਲਾਅ ਵਿਚ ਬੋਟੀ ਬੋਟੀ ਉੇੱਡ ਰਹੇ ਸਨ। ਜਮਰੌਦ ਦੇ ਕਿਲ੍ਹੇ ਤੇ ਝੁਲਾਉਣ ਲਈ ਉਹਦੇ ਹੱਥ ਵਿਚ ਫੜ੍ਹਿਆ ਝੰਡਾ ਲੀਰਾਂ-ਲੀਰਾਂ, ਤੂੰਬਾ-ਤੂੰਬਾ ਹੋ ਕੇ ਖਿੱਲਰ ਗਿਆ ਸੀ। ਹਰ ਵੇਲੇ ਧਰਤੀ ਦੇ ਆਰ-ਪਾਰ ਹੋਏ ਛੇਕ ਵਿਚ ਵੇਖਦੀਆਂ ਰਹਿਣ ਵਾਲੀਆਂ ਉਹਦੀਆਂ ਲਲਸਾਈਆਂ ਅੱਖਾਂ ਚੀਥੜਿਆਂ ਵਾਂਗ ਕੱਟੇ-ਵੱਢੇ ਜਾ ਰਹੇ ਜਿਸਮ ਵਿਚੋਂ ਬੁੜ੍ਹਕ ਕੇ ਬਾਹਰ ਡਿੱਗੀਆਂ। ਇਸਤੋਂ ਪਹਿਲਾਂ ਕਿ ਉਹ ਟੁੱਟਦੀਆਂ, ਫੁੱਟਦੀਆਂ; ਦੋ ਨਿੱਕੇ, ਕੂਲੇ ਗੁਲਾਬੀ ਨਵ-ਜਨਮੇਂ ਹੱਥਾਂ ਨੇ ਉਹਨਾਂ ਅੱਖਾਂ ਨੂੰ ਬੋਚ ਕੇ ਆਪਣੀਆਂ ਤਲੀਆਂ ਵਿਚ ਘੁੱਟ ਲਿਆ।
ਦੋਵਾਂ ਨਰਮ, ਨਾਜ਼ੁਕ ਤਲੀਆਂ ਵਿਚ ਸਾਂਭੀਆਂ ਅੱਖਾਂ ਨੇ ਨੰਨ੍ਹੇ ਪਾਰਦਰਸ਼ੀ ਹੱਥਾਂ ਦੇ ਪਾਰ ਵੇਖਿਆ। ਮਿਸਟਰ ਰੀਡ ਦਾ ਚਿਹਰਾ ਵਿਅੰਗਆਤਮਕ ਮੁਸਕਰਾਹਟ ਨਾਲ ਲਿੱਬੜਿਆ ਹੋਇਆ ਸੀ। ਉਹਦੇ ਪਿੱਛੇ ਕਨੇਡਾ ਦੇ ਮਹਾਂਨਗਰ ਦੀਆਂ ਰੌਸ਼ਨੀਆਂ ਰਾਤ ਦੇ ਹਨੇਰੇ ਨੂੰ ਚੀਰਨ ਦੀ ਕੋਸਿ਼ਸ਼ ਵਿਚ ਲੱਗੀਆਂ ਹੋਈਆਂ ਸਨ।

waryamsandhu@gmail.com

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346