ਚੁੰਮ ਕੇ ਸੂਲੀ
ਸ਼ਹਾਦਤ ਜੋ ਪਾ ਗਿਆ
ਉਹ ਡੁੱਬਿਆ ਸੂਰਜ ਨਹੀਂ ਹੁੰਦਾ
ਬੈਨ ਹੋਏ ਸ਼ਬਦ
ਬੁਝ ਗਿਆ ਦੀਵਾ ਨਹੀਂ ਹੁੰਦੇ
ਦਫ਼ਾ ਇਕ ਸੌ ਚੁਤਾਲੀ ਨਾਲ
ਕੋਈ ਕਾਫ਼ਲਾ ਨਹੀਂ ਖਿੰਡ ਜਾਂਦਾ
ਹਿੰਸਾ ਦੀ ਦੀਵਾਰ
ਹਵਾਵਾਂ ਨੂੰ ਕਦ ਰੋਕ ਸਕਦੀ ਹੈ
ਸਾਥੀਓ ਤੁਸੀਂ ਚਲੇ ਰਹਿਣਾ
ਇਤਿਹਾਸ ਬੋਲਦਾ ਏ
ਇਨ੍ਹਾਂ ਦਾ ਕੀ ਪਤਾ
ਕਿਸੇ ਵਕਤ ਵੀ
ਇਹ ਨਾਗਾਂ ਦੇ ਡੰਗ ਲੈ ਕੇ
ਤੁਹਾਡਿਆਂ ਚੁਰੱਸਤਿਆਂ ਨੂੰ ਮੱਲ ਲੈਣ
ਤੁਹਾਡੀਆਂ ਉਮੀਦਾਂ ਦੇ ਮੰਚ ਤੇ
ਜ਼ਹਿਰ ਆ ਕੇ ਧੂੜ ਦੇਣ
ਸੰਨ ਸੰਤਾਲੀ ਜਾਂ ਚੁਰਾਸੀ ਨਾਲ
ਦਸਤਕਾਂ ਲਈ ਆ ਧਮਕਣ
ਲਹੂ ਦੇ ਚੁਬੱਚਿਆਂ ਚ ਡੋਬ ਦੇਣ
ਸਰਬੱਤ ਦੇ ਭਲੇ ਦੀ ਅਰਦਾਸ
ਤਲੀ ਤੇ ਟਿਕਾਈ ਸਰਬ ਸਾਂਝੀ ਜੋਤ
ਅਪਣੇ ਪਸੀਨੇ ਚੋਂ ਮਹਿਕਦੀ ਗੁਲਜ਼ਾਰ
ਤੇ ਸਦੀਆਂ ਤੋਂ ਪਕ ਰਹੇ
ਅਪਣੇ ਰਿਸ਼ਤਿਆਂ ਦੀ ਖੁਸ਼ਬੋ
ਤੁਸੀਂ ਲੱਭਦੇ ਫਿਰੋ
ਅਪਣੇ ਘਰ ਚੋਂ ਅਪਣੀ ਪਛਾਣ
ਤ੍ਰੱਬਕਦੇ ਫਿਰੋ
ਅਪਣੇ ਹੀ ਬੂਹੇ ਤੇ ਲੱਗੀ
ਅਪਣੇ ਨਾਂ ਦੀ ਤਖਤੀ ਤੋਂ
ਤੇ ਅਪਣੇ ਅੰਗ ਸੰਗ ਤੁਰਦੇ
ਅਪਣੇ ਹੀ ਪ੍ਰਛਾਵੇਂ ਤੋਂ।
ਸਾਥੀਓ ਤੁਸੀਂ ਚਲਦੇ ਰਹਿਣਾ
ਚਲਦਿਆਂ ਹੀ ਰਾਹ ਬਣਦੇ ਹਨ
ਚਲਦਿਆਂ ਨੂੰ ਹੀ ਉਡੀਕਦੀ ਏ ਮੰਜ਼ਿਲ
ਚਲਦਿਆਂ ਹੀ ਸਫ਼ਰ ਸੰਪੂਰਨ ਹੁੰਦਾ ਹੈ
ਕੀ ਹੋਇਆ ਜੇ ਰਸਤੇ ਵਿਚ
ਫਿਰ ਕੋਈ ਬਜ ਬਜ ਘਾਟ ਏ
ਸੀਸ ਮੰਗਦਾ ਕੋਈ ਚਾਂਦਨੀ ਚੌਕ ਏ
ਸ਼ਿਗਾਰੀਆਂ ਹੋਈਆਂ ਸਲੀਬਾਂ
ਤੇ ਬੁਝੇ ਹੋਏ ਚਿਰਾਗ ਹਨ
ਪੈਰਾਂ ਚ ਕੁਰਕੀਆਂ ਦੇ ਜਾਲ
ਤੇ ਅੱਗੇ
ਹਰ ਮੀਲ ਪੱਥਰ ਹੈ ਸੰਗੀਨ ਹੋਇਆ।
ਪਰ ਚਲਦਿਆਂ ਹੀ
ਪੈਰੋਂ ਤਿੜਕਦੀ ਏ ਜੰਜ਼ੀਰ
ਕਾਲ਼ੇ ਪਾਣੀਆਂ ਦਾ ਲੋਹਾ ਪਿਘਲਦਾ ਹੈ
ਮਿੱਟੀ ਪੈਰਾਂ ਲਈ ਵਰਦਾਨ ਬਣਦੀ ਹੈ
ਸਾਥੀਓ, ਤੁਸੀਂ ਚਲਦੇ ਰਹਿਣਾ
ਇਤਿਹਾਸ ਬੋਲਦਾ ਏ
ਤੁਸੀਂ ਅਪਣਾ ਦਿਲ ਅਪਣੇ ਹੱਥੀਂ ਨਾ ਤੋੜਿਓ
ਟੁੱਟੇ ਦਿਲਾਂ ਨੂੰ ਕੌਣ ਧਰਵਾਸ ਦਿੰਦਾ ਏ
ਰਿਸਦੇ ਜ਼ਖ਼ਮਾਂ ਦੀ ਕੌਣ ਖ਼ੈਰ ਮੰਗਦਾ ਏ
ਇਨਾਂ ਦਾ ਹਨੇਰਾ ਤਾਂ ਸਦਾ ਹੀ
ਮਜ਼ਲੂਮਾਂ ਦੇ ਹੰਝੂਆਂ ਨਾਲ ਹੱਥ ਧੋਂਦਾ ਏ
ਤੇ ਉਨਾਂ ਦੀ ਹਿੱਕ ਤੇ
ਅਪਣੀ ਤਾਕਤ ਦੇ ਅਨਾਰ ਚਲਾਉਂਦਾ ਏ
ਤੇ ਆਓ ਖੋਲ੍ਹੀਏ ਅਪਣੇ ਅੰਦਰੋਂ
ਫਿਰ ਯੁਗਾਂਤਰ ਆਸ਼ਰਮ ਦਾ ਬੂਹਾ
ਜਿੱਥੇ ਲੱਕੜੀ ਦਾ ਹੱਥ
ਅੱਜ ਫਿਰ ਵੰਗਾਰਦਾ ਏ
ਸ਼ਹੀਦਾਂ ਦੇ ਬੋਲ ਚਿਤਾਰਦਾ ਏ
ਸਾਥੀਓ, ਤੁਸੀਂ ਚਲਦੇ ਰਹਿਣਾ
ਇਤਿਹਾਸ ਬੋਲਦਾ ਏ।
ਚਲਦੇ ਰਹਿਣਾ
ਜਦ ਤੱਕ ਮਾਵਾਂ ਦੇ ਪੁੱਤ
ਪੁਲਸ ਮੁਕਾਬਲਿਆਂ ਤੋਂ
ਘਰਾਂ ਨੂੰ ਪਰਤ ਨਹੀਂ ਆਉਂਦੇ
ਜਦ ਤੱਕ ਫੁੱਟਪਾਥਾਂ ਦੀ ਅਣਹੋਈ
ਕਿਸੇ ਬਸਤੀ ਦਾ ਗੀਤ ਨਹੀਂ ਬਣਦੀ
ਜਦ ਤੱਕ ਲੋਕਤੰਤਰ
ਦਲਾਲਾਂ ਦੀ ਮੰਡੀ ਤੋਂ ਵੱਧ ਕੁਝ ਨਹੀਂ
ਜਿੱਥੇ ਜੀਣ ਦਾ ਮੁੱਲ ਰੀਂਗ ਕੇ
ਤਾਰਿਆ ਜਾਂਦਾ
ਜਦ ਤੱਕ ਆਜ਼ਾਦੀ
ਪਰਿੰਦਿਆਂ ਦੇ ਪਰ ਕੁਤਰਨ ਦਾ ਨਾਂ ਏ
ਲੁੱਟਾਂ ਖੋਹਾਂ ਲਈ ਸੁਰੱਖਿਅਤ ਥਾਂ ਏ
ਲਾਲ ਕਿਲੇ ਤੇ ਝੂਲਦੇ ਤਿਰੰਗੇ ਦੇ
ਤਿੰਨੇ ਰੰਗਾਂ ਦਾ ਹੀ ਕਤਲੇਆਮ ਏ
ਜਿਸਦੀ ਛਾਂ ਹੇਠ ਹੁਣ ਤੱਕ
ਰੰਡਾ ਕਨੂੰਨ ਪ੍ਰਧਾਨ ਏ
ਸਾਥੀਓ, ਤੁਸੀਂ ਚਲਦੇ ਰਹਿਣਾ
ਇਤਿਹਾਸ ਬੋਲਦਾ ਏ
ਅਗਸਤ 2013
-0-
|