"ਆਹ ਕੰਸ ਤੇ ਪਏ ਡੋਲੂ
ਵਾਲਾ ਈ ਦੁੱਧ ਪਾਉਣੈ..."
ਰਸੋਈ ਤੋਂ ਬਾਹਰ ਖੜ੍ਹੀ ਮੇਰੀ ਪਤਨੀ ਵੱਲ ਮੂੰਹ ਕਰਕੇ, ਰਸੋਈ ਚੋਂ ਲੋੜੋਂ ਵੱਧ ਉੱਚੀ
ਬੋਲਦੀ,ਇੰਗਲੈਂਡੋਂ ਆਈ ਮੇਰੀ ਵੱਡੀ ਬੇਟੀ,ਕਮਲ ਦੀ ਕੰਬਦੀ ਜਿਹੀ ਆਵਾਜ਼ ਸੁਣਕੇ ਮੇਰੇ ਹੌਲ
ਪਿਆ।ਜੇ ਇਹੀ ਗੱਲ ਇਹਨੇ ਆਪਣੀ ਚਾਚੀ ਨੂੰ ਜਾਂ ਮੇਰੀ ਵਿਚਕਾਰਲੀ ਭੈਣ ਨੂੰ ਪੁੱਛਣੀ ਹੁੰਦੀ
ਤਾਂ ਇਹਦੀ ਆਵਾਜ਼ ‘ਚ ਅੰਤਾਂ ਦੀ ਮਿਠਾਸ ਹੋਣੀ ਸੀ।ਸਹਿਜ ਭਾਅ ਇਹਨੇ ਪੁੱਛਣਾ ਸੀ-
"ਮੰਮੀ!ਆਹ ਕੰਸ ਤੇ ਪਏ ਡੋਲੂ ਵਾਲਾ ਈ ਦੁੱਧ ਪਾਉਣੈ ਨਾ!"
ਮੈਨੂੰ ਪਤਾ ਹੈ ਕਿ ਇਹ ਗੱਲ ਇਹ ਵੀ ਨਹੀਂ ਜਾਣਦੀ ਕਿ ਸੁਚੇਤ ਤੌਰ ਤੇ ਜਿਹੜੀ ਗੱਲ ਇਹਨੇ
ਆਪਣੇ ਆਪ ਨਾਲ ਨਜਿੱਠ ਲਈ ਹੈ ਤੇ ਸਾਨੂੰ ਮੁਆਫ ਕਰ ਦਿੱਤਾ ਹੈ, ਉਸ ਸਬੰਧ ‘ਚ ਇਹਦੇ ਧੁਰ
ਅੰਦਰ ਬੈਠੀ ਸਾਡੀ ਧੀ ਨੇ ਇਹਦਾ ਕੋਈ ਤਰਕ ਸਵੀਕਾਰ ਨਹੀਂ ਕੀਤਾ।ਇਹ ਅਜੇ ਵੀ, ਕਦੇ ਇਕ ਵਾਰ
ਵੀ,ਸੰਬੋਧਨ ਕਰਨ ਵੇਲੇ ਮੈਨੂੰ ‘ਡੈਡੀ‘ ਤੇ ਆਪਣੀ ਮਾਂ ਨੂੰ ‘ਮੰਮੀ‘ ਨਹੀਂ ਕਹਿ
ਪਾਉਂਦੀ।ਸ਼ਾਇਦ ਇਸ ਰਿਸ਼ਤੇ ‘ਚ ਵਰਤਣ ਵੇਲੇ ਸਾਡੇ ਨਾਲ ਸਹਿਜ ਵੀ ਨਾ ਰਹਿ ਪਾਉਂਦੀ ਹੋਵੇ। ਪਰ
ਇਕ ਦਮ ਭਾਵੁਕ ਹੋ ਕੇ ਡੁੱਲ੍ਹ ਪੈਣ ਤੋਂ ਪਹਿਲਾਂ ਈ ਮੇਰੀ ਸੁਰਤ ਕਈ ਵਰ੍ਹੇ ਪਿੱਛੇ ਪਰਤ
ਗਈ।ਭਾਵੇਂ ‘ਇਕ ਵਾਰ ਦੀ ਗੱਲ‘ ਹੈ ਜਿੰਨੀ ਪਿੱਛੇ ਤਾਂ ਨਹੀਂ ਫਿਰ ਵੀ ‘ਇਕ ਦਿਨ ਕੀ ਹੋਇਆ…‘
ਤਾਂ ਕਿਹਾ ਹੀ ਜਾ ਸਕਦਾ ਹੈ…ਉਹਨਾ ਦਿਨਾ ਦੀ ਗੱਲ ਹੈ ਜਦੋਂ ਮੇਰੀ ਛੋਟੀ ਬੇਟੀ ਜਗਦੀਪ ਦਾ
ਜਨਮ ਹੋਇਆ ਤਾਂ ਮੇਰਾ ਮਨ ਡੋਲਿਆ ਸਮਝ ਕੇ ਕਹਾਣੀਕਾਰ ਗੁਰਪਾਲ ਸਿੰਘ ਲਿੱਟ ਦੀ ਜੀਵਨ ਸਾਥਣ
ਗੁਰਪਾਲ ਕੌਰ ਨੇ ਕਿਹਾ ਸੀ:
"ਐਵੇਂ ਨਾ ਡੋਲ ਜੀਂ ਵੇ ਮੁੰਡਿਆ!ਇਹ ਕੁੜੀ ਅਸੀਂ ਲੈ ਲੈਣੀ ਐ"
ਉਸ ਦਿਨ ਲਿੱਟ ਹੋਰਾਂ ਦੇ ਘਰ ਗੁਰਬਚਨ ਸਿੰਘ ਭੁੱਲਰ ਤੇ ਰਾਮ ਸਰੂਪ ਅਣਖੀ ਠਹਿਰੇ ਹੋਏ
ਸਨ।ਵੱਡੇ ਬੰਦਿਆਂ ਦੀ ‘ਹਜ਼ੂਰੀ‘ ‘ਚ ਹੋਣ ਦੇ ਅਹਿਸਾਸ ਨਾਲ ਭਰਿਆ ਮੈਂ ਟਹਿਲੂਏ ਵਜੋਂ ਉਹਨਾ
ਦੀ ਟਹਿਲ ਸੇਵਾ ਦਾ ਆਨੰਦ ਮਾਣ ਰਿਹਾ ਸਾਂ-
"ਪੱਗ ਲਾਹੇ ਤੋਂ ਤਾਂ ਤੂੰ ਜਮ੍ਹਾਂ ਈ ਕਲਾਸੀਕਲ ਬਾਹਮਣ ਨਿਕਲ ਆਇਆ ਅਣਖੀ!" ਪੱਗ ਲਾਹ ਕੇ
ਆਪਣੇ ਬੱਗੇ ਸਿਰ ਤੇ ਹੱਥ ਫੇਰਦੇ ਅਣਖੀ ਸਾਹਬ ਨੇ ਭੁੱਲਰ ਹੋਰਾਂ ਦੀ ਟਿੱਚਰ ਦਾ ਜਵਾਬ ਦੇਣ
ਦੀ ਥਾਂ ਮੈਨੂੰ ਸਵਾਲ ਕੀਤਾ-
"ਕਿੰਨੇ ਬੱਚੇ ਨੇ ਤੇਰੇ"
"ਹੁਣ ਤਾਂ ਇਕੋ ਕੁੜੀ ਰਹਿ ਗਈ।ਵੱਡੀ ਪਹਿਲਾਂ ਈ ਆਪਣੀ ਭੂਆ ਕੋਲ ਰਹਿੰਦੀ ਐ…ਛੋਟੀ ਥੋਡੇ
ਸਾਹਮਣੇ ਮੈਡਮ ਨੇ ਸਾਂਭ ਲਈ"
"ਜਾਣੀ ਡਿਸਟਰੀਬਿਊਟ ਕੀਤੇ ਹੋਏ ਨੇ", ਅਣਖੀ ਸਾਹਿਬ ਨੇ ਆਪਣੇ ਕਿਸੇ ਮਿੱਤਰ ਦੀ ਅਜਿਹੀ ਹੀ
ਗੱਲ ਵੀ ਸੁਣਾਈ ਸੀ।
ਭੁੱਲਰ ਹੋਰੀਂ ਘੱਟ ਤੇ ਮੈਂ ਉਹਨਾ ਦੀ ਗੱਲ ਤੇ ਵੱਧ ਹਸਿਆ ਸਾਂ…
ਓਹ ਹੀ ਹਾਸਾ ਹੁਣ ਹੌਲ ਬਣਕੇ ਪ੍ਰਗਟ ਹੋਇਆ ਸੀ।ਹੌਲ ਇਸ ਗੱਲ ਦਾ ਕਿ ਬੰਬਾਂ,ਬੰਦੂਕਾਂ ਜਾਂ
ਸਮਾਜੀ, ਘਰੇਲੂ ਹਿੰਸਾ ਦੀ ਉਚਾਈ ਤੇ ਪਹੁੰਚੇ ਹੋਇਆਂ ਨੇ ਅਸੀਂ ਕਿੰਨੀਂ ਕਿਸਮ ਦੀ ਹਿੰਸਾ
ਨੂੰ ਹੀ ਸੰਕਲਪ ਦੇ ਦਾਇਰੇ ‘ਚੋਂ ਬਾਹਰ ਕੱਢ ਮਾਰਿਆ ਹੈ ਜਿਵੇਂ ਬਹਤਾ ਮਿੱਠਾ ਪੀਣ ਵਾਲੇ ਨੂੰ
ਸਾਧਾਰਨ ਮਿੱਠੀ ਚੀਜ਼ ਫਿੱਕੀ ਲੱਗਣ ਲੱਗ ਜਾਂਦੀ ਹੈ ਜਾਂ ਐਮ.ਡੀ.ਐਚ ਮਸਾਲਿਆਂ ਨੂੰ ਹੀ ਭਾਰਤ
ਦਾ ਇਕੋ ਇਕ ਸਵਾਦ ਸਮਝਣ ਲੱਗ ਪਈ ਸਾਡੀ ਰਸਨਾ ਚੀਜ਼ਾਂ ਦੇ ਅਸਲ ਸੁਆਦ ਨੂੰ ਭੁੱਲ ਹੀ ਗਈ
ਹੈ।ਇਹ ਗੱਲ ਤਾਂ ਸ਼ਾਇਦ ਵੱਧ ਸੂਖਮ ਹੋਵੇ, ਅਸੀਂ ਤਾਂ ਆਪਣੇ ਬੱਚਿਆਂ ਨਾਲ ਕਈ ਵਾਰ ਅਜਿਹਾ
ਵਰਤ ਜਾਂਦੇ ਹਾਂ ਕਿ, ਜਿਵੇਂ ਜਸਵਿੰਦਰ ਕਹਿੰਦਾ ਹੈ:
ਜਦੋਂ ਤੱਕ ਹੋਸ਼ ਆਉਂਦੀ ਕੁੱਝ ਨਹੀਂ ਬਚਦਾ ਸੰਭਾਲਣ ਨੂੰ
ਪਤਾ ਮੁੱਠੀ ਚੋਂ ਕਿਰਦੀ ਰੇਤ ਦਾ ਛੇਤੀ ਨਹੀਂ ਲਗਦਾ
ਮੈਨੂੰ ਮੇਰੇ ਮਿੱਤਰ ਡਾ. ਸੁਰਜੀਤ ਦੀ ਦੱਸੀ ਇਕ ਗੱਲ ਯਾਦ ਆਈ।ਉਹਨਾ ਦੇ ਬੇਟਾ ਹੋਇਆ।ਨਾਂ
ਰੱਖਣ ਲੱਗੇ ਮਾਂ-ਬਾਪ ਦੀ ਥਾਂ ਸੁਰਜੀਤ ਅਤੇ ਜਗਦੀਸ਼ ਦੇ ਅੰਦਰਲੇ ਵਿਦਵਾਨਾਂ ਦੀ ਸਿਆਣਪ ਨੇ
ਜ਼ੋਰ ਮਾਰਿਆ।ਜਾਤਾਂ,ਗੋਤਾਂ,ਧਰਮਾਂ,ਇਲਾਕਿਆਂ ਦੀਆਂ ਵਲਗਣਾ ਤੋੜ ਕੇ , ਨਿਰੋਲ ਮਾਨਵੀ ਗੂੰਜ
ਉਪਜਾਉਣ ਵਾਲਾ ਨਾਂ ਰੱਖਿਆ ‘ਆਮੀਨ‘।ਨਾ ਸਿੰਘ ਨਾ ਰਾਮ ਨਾ ਮੁਹੰਮਦ ਨਾ ਹੀ ਕਿਸੇ ਹੋਰ ਧਰਮ
ਨਾਲ ਮਿਲਦਾ ਸਰਨੇਮ।ਬੱਸ ਆਮੀਨ।ਆਮੀਨ ਜਾਣੀ ਪ੍ਰਮਾਤਮਾ ਦਾ ਫਾਰਸੀ ਨਾਂ।ਆਮੀਨ ਜਾਣੀ ਜੋ ਇੱਛਾ
ਕੀਤੀ ਸੀ ਓਹੀ ਪ੍ਰਾਪਤ ਹੋਣ ਦੀ ਸ਼ੁਭ ਇੱਛਾ! ਆਮੀਨ ਥੋੜ੍ਹਾ ਵੱਡਾ ਹੋਇਆ ਤਾਂ ਛੋਟਾ ਨਾਂ
ਮਿਲਿਆ ‘ਅਮੂ‘।‘ਅਮੂ‘ ਨੇ ਬੜੀ ਦੇਰ ਓਹਲਾ ਬਣਾਈ ਰੱਖਿਆ।ਕਦੇ ਕਦਾਈਂ ਕਿਸੇ ਨੇ ਪੂਰਾ ਨਾਂ
ਲਿਖਿਆ ਪੜ੍ਹਨਾ ਤਾਂ ਕਹਿਣਾ ‘ਇਹ ਤਾਂ ਮੁਸਲਮਾਨੀ ਨਾਂ ਏ‘।ਵੱਡਿਆਂ ਦੇ ਭਾਅ ਦੀ ‘ਹੂੰ‘
‘ਹਾਂ‘ ਜਾਂ ਵਿਦਵਤਾ ਭਰਪੂਰ ਵਿਆਖਿਆ ਨਾਲ ਗੱਲ ਮੁੱਕ ਜਾਣੀ।ਅਮੂ ਅੱਠਵੀਂ ‘ਚ ਹੋਇਆ ਤਾਂ ਭਰਨ
ਲਈ ਉਹਨੂੰ ਪ੍ਰੀਖਿਆ ਫਾਰਮ ਦਿੱਤਾ ਗਿਆ-
"ਅਮੂ! ਏਨੀ ਦੇਰ ਫਾਰਮ ਭਰਨ ਨੂੰ", ਗਹਿਰੀ ਸੋਚ ‘ਚ ਡੁੱਬੇ ਅਮੂ ਨੂੰ ਮੈਡਮ ਨੇ ਦੂਜੀ ਵਾਰ
ਪੁੱਛਿਆ-
"ਬੱਸ ਭਰ ਰਿਹਾਂ ਮੈ‘ਮ", ਬਿਨਾ ਹਿੱਲੇ ਅਮੂ ਨੇ ਜਵਾਬ ਦਿੱਤਾ।ਮੈਡਮ ਨੇੜੇ ਆਈ।ਅਮੂ ਦੇ
ਸਾਹਮਣੇ ਖੁਸ਼ਖਤ ਲਿਖਾਈ ‘ਚ ਭਰੇ ਫਾਰਮ ਵੱਲ ਦੇਖਿਆ-
"ਤੈਨੂੰ ਆਪਣਾ ਨਾਂ ਨੀ ਪਤਾ…ਕਾਲਮ ਖਾਲੀ ਛੱਡਿਐ?" ਐਨੇ ਹੁਸ਼ਿਆਰ ਅਮੂ ਦੀ ਐਨੀ ਵੱਡੀ
ਅਣਗਹਿਲੀ ਤੇ ਮੈਡਮ ਨੂੰ ਸੱਚੀਂ ਖਿਝ ਆਈ-
"ਇਹੀ ਸੋਚ ਰਿਹਾਂ ਮੈ‘ਮ ", ਅਮੂ ਦੇ ਗੰਭੀਰ ਹੋ ਕੇ ਦਿੱਤੇ ਜਵਾਬ ਤੇ ਮੈਡਮ ਹੈਰਾਨ ਹੋ ਗਈ।
ਅਸੀਂ ਜਿਹੜੇ ਬੱਸ ਹੈਰਾਨ ਹੋਣਾ ਹੀ ਜਾਣਦੇ ਹਾਂ, ਇਹ ਕਦੇ ਨਹੀਂ ਜਾਣ ਸਕਦੇ ਕਿ ਗਭਰੀਟ ਉਮਰ
ਦੀ ਮੁਢਲੀ ਦਹਿਲੀਜ਼ ਤੇ ਖੜ੍ਹਾ ਇਹ ਬੱਚਾ ਕਿਸ ਸਮੱਸਿਆ ਨਾਲ ਦੋ ਚਾਰ ਹੋ ਰਿਹਾ ਸੀ।ਉਹ ਜਾਣਦਾ
ਸੀ ਕਿ ਅੱਜ,ਹੁਣ ਉਹ ਘੜੀ ਸੀ ਜਿਸ ਨੇ ਉਹਦੇ ਨਾਂ ਨੂੰ ਆਖਰੀ ਵਾਰ ਤਸਦੀਕ ਕਰ ਦੇਣਾ ਸੀ।ਉਹਦੀ
ਪਹਿਚਾਣ ਨਾਲ ਜੁੜੀ ਹਰ ਵਸਤੂ ਹਰ ਸਰਟੀਫਿਕੇਟ ਤੇ ਛਪ ਜਾਣਾ ਸੀ।ਇਹ ਹੀ ਉਹ ਘੜੀ ਸੀ ਜਿਹੜੀ
ਆਪਣੇ ਨਾਂ ਤੇ ਉੱਠੇ ਸਵਾਲਾਂ ਤੋਂ ਉਹਦਾ ਖਹਿੜਾ ਛੁਡਾ ਸਕਦੀ ਸੀ।ਸਵਾਲ ਜਿਹੜੇ ਕਈ ਵਾਰ ਦਿਲ
ਦੁਖਾ ਦੇਣ ਦੀ ਹੱਦ ਤੱਕ ਚੁਭਵੇਂ ਹੁੰਦੇ ਸਨ।ਉਹ ਫਾਰਮ ‘ਚ ਆਪਣਾ ਫੇਸ ਬੁੱਕ ਤੇ ਪ੍ਰਚਾਰਿਆ
ਨਾਂ ‘ਅਮਿਤੋਜ‘ ਫਾਰਮ ਤੇ ਲਿਖ ਸਕਦਾ ਸੀ।ਇਮਤੋਜ ਨਾਲ ਸਿੰਘ ਵੀ ਲਿਖ ਸਕਦਾ ਸੀ।ਇਹੀ ਤਾਂ ਉਹ
ਪਿਛਲੇ ਅੱਧੇ ਘੰਟੇ ਤੋਂ ਸੋਚ ਰਿਹਾ ਸੀ।ਹੁਣ ਤੱਕ ਉਹ ਆਪਣਾ ਨਾਂ ਰੱਖਣ ਪਿੱਛੇ ਲੁਕੇ ਸੰਕਲਪ
ਦੀ ਰਾਖੀ ਕਰਦਾ ਆਇਆ ਸੀ…ਕਦੇ ਇਸ ਰਾਖੀ ਤੋਂ ਪਾਸਾ ਵੀ ਵੱਟਦਾ ਆਇਆ ਸੀ।ਨਾਂ ਦੇ ਆਸਰੇ ਧਰਮ
ਦੀ ਮਲੱਕੀ ਸਪੇਸ ਨਾਲ ਲੜਨ ਦਾ ਸੁਪਨਾ ਲੈਣ ਵਾਲੇ ਵਿਦਵਾਨ ਮਾਪੇ ਕਦੇ ਨਾ ਜਾਣ ਸਕੇ ਕਿ ਬੱਚੇ
ਨੂੰ ਕਿੰਨੀ ਵਾਰ ਉਹਨਾ ਦਾ ਰੱਖਿਆ ਨਾਂ ‘ਭੁਗਤਣਾ‘ ਪਿਆ ਸੀ।
ਅਮੂ ਉਸ ‘ਭੁਗਤੇ‘ ਹੋਏ ਨਾਲ ਹੀ ਜੂਝ ਰਿਹਾ ਸੀ।ਸਭ ਸਮਝਦਾ ਵੀ ਸੀ।ਭਰੀ ਜਮਾਤ ਵਿਚ ਇਕੱਲੇ
ਰਹਿ ਗਏ ਅਮੂ ਨੇ ਡੂੰਘਾ ਸਾਹ ਭਰਿਆ ਤੇ ਪੈਨ ਚੁੱਕ ਲਿਆ ,ਜਿਵੇਂ ਕੋਈ ਇਕ ਹੀ ਐਕਸ਼ਨ ਵਿਚ ਢਾਲ
‘ਤੇ ਵਾਰ ਰੋਕਣ ਲਈ ਗੋਡਣੀ ਵੀ ਲਾਵੇ ਤੇ ਵਾਰ ਕਰਨ ਲਈ ਉੱਠ ਵੀ ਖੜ੍ਹਾ ਹੋਵੇ-
"ਆਮੀਨ" ਉਹਦੀ ਰੂਹ ਕਲਮ ‘ਚ ਉੱਤਰੀ।ਬਾਪ ਦੇ ਵਿਚਾਰ ਨੂੰ ਕਵਚ ਵਾਂਗ ਰੂਹ ਦੁਆਲੇ ਲਪੇਟ ਉਹ
ਫਾਰਮ ਲੈ ਕੇ ਖੜ੍ਹਾ ਹੋ ਗਿਆ।
ਫੈਸਲੇ ਦੀ ਉਸ ਘੜੀ ‘ਚ ਛੁਪੀ ਪੀੜ ਤੇ ਹਿੰਸਾ ਨੂੰ ਕਾਸ਼ ਅਸੀਂ ਸਮਝ ਸਕਦੇ…ਸਮਝ ਸਕਦੇ ਕਿ
ਮੰਮੀ ਜਾਂ ਡੈਡੀ,ਜਿਹਦੀ ਅਸੀਂ ਮੰਗ ਕਰਦੇ ਹਾਂ, ਇਹ ਸ਼ਬਦ ਮੇਰੀ ਬੇਟੀ ਦੀ ਰੂਹ ‘ਚ ਕਦੇ
ਪੁੰਗਰੇ ਹੀ ਨਹੀਂ,ਬਸ ‘ਛੱਡੇ ਜਾਣ‘ ਦੀ ਇਕ ਪੀੜ ਉਪਜਦੀ ਹੈ।ਅਪਰਾਧ ਦਾ ਬੋਧ ਤਾਂ ਕੋਈ ਸਾਡੇ
ਅੰਦਰ ਵੀ ਹੋਣਾ ਈ ਐ ਨਾ ਜਿਹੜਾ ਜਦੋਂ ਵੀ ਉਹ ਬਿਨਾ ਸੰਬੋਧਨ ਸਾਨੂੰ ਸੰਬਧਿਤ ਹੁੰਦੀ ਹੈ,
ਅਸੀਂ ਸਮਝ ਜਾਂਦੇ ਹਾਂ…
ਜਦ ਨੂੰ ਕਮਲ, ਚਾਹ ਬਣਾ ਕੇ ਲੈ ਕੇ ਆਈ ਤਾਂ ਮੈਂ ਅਮਰੀਕਾ ਦੇ ਉਸ ਮੁੰਡੇ ਦੀਆਂ ਉਦਾਸ ਅੱਖਾਂ
‘ਚ ਦੇਖ ਰਿਹਾਂ ਸਾਂ ਜਿਹੜੀਆਂ ਵੀਹ ਬੱਚਿਆਂ ,ਛੇ ਅਧਿਆਪਕਾਵਾਂ ਦੀਆਂ ਲਾਸ਼ਾਂ ਦੇਖ ਕੇ ਵੀ
ਹੋਰ ਵੱਧ ਦੁਖੀ ਨਹੀਂ ਸੀ ਹੋ ਸਕੀਆਂ।ਟੀ.ਵੀ ਅਤੇ ਅਖਬਾਰ ਵਿਚ, ਭਰੇ ਮਨ ਅਤੇ ਰੋਂਦੀਆਂ
ਅੱਖਾਂ ਪੂੰਝਦੇ,ਦੁਨੀਆਂ ਦੇ ਸਭ ਤੋਂ ਤਾਕਤਵਰ ਬੰਦੇ,ਅਮਰੀਕਾ ਦੇ ਰਾਸ਼ਟਰਪਤੀ, ਅਬਾਮਾ ਦਾ
ਬਿਆਨ ਮੇਰੇ ਯਾਦ ਆ ਰਿਹਾ ਸੀ-
"ਅਸੀਂ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕੇ"
ਉਦੋਂ ਸ਼ਾਇਦ ਮੈਂ ਵੀ ਅਬਾਮਾ ਦੀ ਸੰਵੇਦਨਸ਼ੀਲਤਾ ਦਾ ਕਾਇਲ ਹੋਇਆ ਹੋਵਾਂ।ਪਰ ਹੁਣ…ਉਹ ਸਾਰੀਆਂ
ਲਾਸ਼ਾਂ ਵੀਹ ਵਰ੍ਹਿਆਂ ਦੇ ਉਸ ਇਕੋ ਮੁੰਡੇ ਦੀ ਲਾਸ਼ ਵਿਚ ਸਮਾ ਗਈਆਂ ਸਨ ਜਿਹਨੇ ਦੋਹਾਂ ਹੱਥਾਂ
‘ਚ ਮਾਰੂ ਹਥਿਆਰ ਫੜੇ ਹੋਏ ਸਨ, ਬੁਲਿਟ ਪਰੂਫ ਜੈਕਿਟ ਪਹਿਨੀ ਹੋਈ ਸੀ ਤੇ ਜਿਹਨੇ
‘ਅੰਨ੍ਹੇਵਾਹ‘ ਗੋਲ਼ੀ ਚਲਾਉਣ ਤੋਂ ਬਾਅਦ ਆਪਣੇ ਸਿਰ ਵਿਚ ਗੋਲੀ ਮਾਰ ਲਈ ਸੀ…
ਦੁਖੀ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਅਬਾਮਾ ‘ਆਪਣੇ ਬੱਚੇ‘ ਕਹਿੰਦਾ ਹੈ ਤਾਂ ਉਸ ਇੱਕੀਵੇਂ
ਨੂੰ ਵਿਚ ਸ਼ਾਮਿਲ ਨਹੀਂ ਕਰਦਾ।ਉਹ ਕਿਸਦਾ ਬੱਚਾ ਹੈ? ਕੀਹਨੇ ਉਹਨੂੰ ਅੰਨ੍ਹੇਵਾਹ ਗੋਲੀਆਂ
ਚਲਾਉਣ ਜਿੰਨਾ ‘ਅੰਨ੍ਹਾਂ‘ ਕਰ ਦਿੱਤਾ ਹੈ?ਕੌਣ ਹੈ ਜਿਹਨੇ ਆਪਣੀ ਮਾਂ ਤੇ ਗੋਲ਼ੀ ਚਲਾਉਣ ਵੇਲੇ
ਉਹਦਾ ਕੰਬਦਾ ਹੱਥ ਸਿੱਧਾ ਰੱਖਿਆ ਹੈ?9/11 ਤੋਂ ਬਾਅਦ ਅੰਦਰੂਨੀ ਤੇ ਬਾਹਰੀ ਸੁਰੱਖਿਆ ਦੇ
ਕਿਲੇ ‘ਚ ਬੈਠੇ ਅਮਰੀਕਾ ਦੇ ਬੱਚਿਆਂ ਦੀਆਂ ਸਿਰਾਂ ‘ਚ ਇਹ ਬਾਰੂਦ ਕਿਥੋਂ ਆ ਗਿਆ ਹੈ?
ਬੜੇ ਸਵਾਲ ਉੱਠਦੇ ਹਨ ਮਨ ‘ਚ।ਸਾਹਮਣੇ ਕਮਲ ਚਾਹ ਲਈਂ ਖੜ੍ਹੀ ਮੁਸਕਰਾ ਰਹੀ ਹੈ।ਮੈਂ ਵੀ
ਮੁਸਕਰਾਉਣਾ ਚਾਹੁੰਦਾ ਹਾਂ ਪਰ ਮੁਸਕਰਾ ਨਹੀਂ ਸਕਦਾ ਕਿਉਂਕਿ ਮੈਨੂੰ ਉਸਦੀ ਮੁਸਕਰਾਹਟ ‘ਚੋਂ
ਉਸ ਮੁੰਡੇ ਦੀ ‘ਬੁਲਿਟ ਪਰੂਫ‘ ਜੈਕਿਟ ਦਿਸਦੀ ਹੈ…
-0-
|