ਉਸ ਸ਼ਾਮ ਹੋਟਲ ਵਿਚ
ਹੋਈ ਪਾਰਟੀ ਵਿਚ ਮਹਾਂਰਾਜਾ ਸਭ ਲਈ ਖਿੱਚ ਦਾ ਕਾਰਨ ਬਣਿਆਂ ਪਿਆ ਸੀ। ਭਾਵੇਂ ਲੌਰਡ ਮੌਲੇਅ
ਵਰਗੇ ਉਸ ਨੂੰ ਪਸੰਦ ਨਹੀਂ ਸਨ ਕਰ ਰਹੇ ਪਰ ਫਿਰ ਵੀ ਉਹ ਉਹਨਾਂ ਲਈ ਵਿਸ਼ੇਸ਼ ਵਿਅਕਤੀ ਸੀ।
ਲੇਡੀ ਬਰਨਬੀ ਤਾਂ ਉਸ ਵਲ ਲਗਾਤਾਰ ਦੇਖਦੀ ਹੀ ਜਾ ਰਹੀ ਸੀ। ਮਹਾਂਰਾਜੇ ਦੇ ਸੋਨੇ ਦੀ ਕਢਾਈ
ਵਾਲੇ ਕਪੜੇ, ਮਹਾਂਰਾਜੇ ਦੀ ਪੱਗ, ਪੱਗ ਉਪਰ ਹੀਰਿਆਂ ਦੀਆਂ ਮਾਲਾਵਾਂ। ਇਹਨਾਂ ਸਭ ਤੋਂ
ਵੱਧ ਮਹਾਂਰਾਜੇ ਦੀਆਂ ਅੱਖਾਂ। ਬਰਨਬੀ ਸੋਚ ਰਹੀ ਸੀ ਕਿ ਜੇ ਉਹ ਉਮਰ ਵਿਚ ਉਸ ਦੇ ਹਾਣ ਦਾ
ਹੁੰਦਾ ਤਾਂ ਜ਼ਰੂਰ ਉਸ ਨਾਲ ਪਿਆਰ ਹੋ ਗਿਆ ਹੁੰਦਾ। ਪਾਰਟੀ ਤੋਂ ਬਾਅਦ ਵਿਦਾਇਗੀ ਸਮੇਂ
ਲੇਡੀ ਬਰਨਬੀ ਨੇ ਆ ਕੇ ਉਸ ਨੂੰ ਕਲਾਵੇ ਵਿਚ ਲੈ ਲਿਆ ਤੇ ਉਸ ਦੇ ਮੋਢ੍ਹਿਆਂ ਦੇ ਹੱਥ
ਫੇਰਦੀ ਉਸ ਦੀ ਪਗੜੀ ਨੂੰ ਛੂਹ ਕੇ ਦੇਖਣ ਲਗੀ। ਫਿਰ ਉਸ ਦੀਆਂ ਗੱਲ੍ਹਾਂ ਨੂੰ ਛੋਂਹਦੀ
ਬੋਲੀ,
“ਮਹਾਂਰਾਜਾ, ਤੁਸੀਂ ਬਹੁਤ ਹੈਂਡਸਮ ਹੋ, ਮੇਰੀ ਦੁਆ ਏ ਕਿ ਜੀਸਸ ਸਦਾ ਹੀ ਤੁਹਾਡੇ ਨਾਲ
ਨਾਲ ਰਹਿਣ!”
“ਥੈਂਕਸ ਮੈਅਮ!”
ਮਹਾਂਰਾਜੇ ਨੇ ਉਸ ਦਾ ਹੱਥ ਫੜਦਿਆਂ ਆਖਿਆ। ਉਸ ਨੂੰ ਵੀ ਲੇਡੀ ਬਰਨਬੀ ਵਿਚ ਖਾਸ ਕਿਸਮ ਦੀ
ਕਸਿ਼ਸ਼ ਜਿਹੀ ਮਹਿਸੂਸ ਹੋਈ। ਰਾਤ ਨੂੰ ਸੌਣ ਵੇਲੇ ਤਕ ਉਹ ਆਪਣੇ ਚਿਹਰੇ ਉਪਰ ਉਸ ਦੀਆਂ
ਛੋਹਾਂ ਮਹਿਸੂਸ ਕਰਦਾ ਰਿਹਾ। ਲੌਰਡ ਮੌਲੇਅ ਦੇ ਆਪਣੇ ਬਾਰੇ ਕਹੇ ਬੁਰੇ ਸ਼ਬਦ ਉਸ ਨੇ ਨਹੀਂ
ਸਨ ਸੁਣੇ। ਜੇ ਸੁਣ ਵੀ ਲਏ ਹੁੰਦੇ ਤਾਂ ਉਸ ਨੇ ਅਣਗੌਲ ਜਾਣੇ ਸਨ ਕਿਉਂਕਿ ਸਾਰਾ ਬਚਪੱਨ ਹੀ
ਲੰਘ ਗਿਆ ਸੀ ਅਜਿਹੇ ਭੈੜੇ ਸ਼ਬਦਾਂ ਨੂੰ ਸੁਣਦਿਆਂ। ਕੋਈ ਉਸ ਨੂੰ ਝੀਉਰ ਦਾ ਪੁੱਤਰ ਕਹਿ
ਜਾਂਦਾ ਤੇ ਕੋਈ ਉਸ ਨੂੰ ਨੀਮ-ਪਾਗਲ ਤੇ ਕੋਈ ਕੁਝ ਹੋਰ। ਸਭ ਤੋਂ ਵੱਧ ਡਲਹੌਜ਼ੀ ਨੇ ਉਸ
ਨਾਲ ਕੀਤੀ ਹੋਈ ਸੀ ਪਰ ਉਹ ਅਜਿਹੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਨਾ ਸਿਖ ਗਿਆ ਹੋਇਆ
ਸੀ। ਲੌਰਡ ਮੌਲੇਅ ਦੀ ਗੱਲ ਲੇਡੀ ਬਰਨਬੀ ਨੇ ਵੀ ਸੁਣ ਲਈ ਸੀ। ਉਸ ਨੇ ਉਸ ਦੇ ਨਜ਼ਦੀਕ
ਜਾਂਦਿਆਂ ਹੌਲੇ ਜਿਹੇ ਕਹਿ ਦਿਤਾ ਸੀ,
“ਲੌਰਡ ਮੌਲੇਅ, ਤੁਹਾਡੇ ਰੁਤਬੇ ਨੂੰ ਇਹ ਘਟੀਆ ਜਿਹੇ ਬੋਲ ਸ਼ੋਬਦੇ ਨਹੀਂ।”
ਲੌਰਡ ਮੌਲੇਅ ਉਸ ਨੂੰ ਭੈੜੀ ਜਿਹੀ ਤੱਕਣੀ ਦੇ ਕੇ ਆਪਣੇ ਰਾਹ ਪੈ ਗਿਆ ਸੀ।
ਮਹਾਂਰਾਜਾ ਆਪਣੇ ਕਮਰੇ ਵਿਚ ਆ ਗਿਆ। ਡਾਕਟਰ ਲੋਗਨ ਤੇ ਮਿਸਜ਼ ਲੋਗਨ ਉਸ ਨੂੰ ਸ਼ੁਭ ਰਾਤਰੀ
ਕਹਿ ਕੇ ਚਲੇ ਗਏ। ਨੀਲਕੰਠ ਵੀ ਉਸ ਨੂੰ ਕਪੜੇ ਬਦਲਣ ਵਿਚ ਮੱਦਦ ਕਰਕੇ ਤੇ ਸਾਰੇ ਲਿਬਾਸ
ਸਾਂਭ ਕੇ ਆਪਣੇ ਕਮਰੇ ਵਿਚ ਸੌਂ ਗਿਆ। ਮਹਾਂਰਾਜਾ ਆਪਣੇ ਬਿਸਤਰ ‘ਤੇ ਬੈਠ ਗਿਆ ਤੇ ਕਿੰਨੀ
ਦੇਰ ਤਕ ਬੈਠਾ ਰਿਹਾ। ਨੀਂਦ ਉਸ ਦੇ ਨੇੜੇ-ਤੇੜੇ ਵੀ ਨਹੀਂ ਸੀ। ਇਕ ਤੇ ਸ਼ਾਮ ਨੂੰ ਉਸ ਨੇ
ਕੁਝ ਦੇਰ ਸੌਂ ਲਿਆ ਸੀ ਤੇ ਦੂਜੇ ਥਾਂ ਵੀ ਓਪਰਾ ਸੀ। ਉਸ ਨੇ ਪਰਦੇ ਹਟਾ ਕੇ ਬਾਹਰ ਦੇਖਿਆ।
ਡੂੰਘਾ ਹਨੇਰਾ ਸੀ। ਖੜਕੇ ਤੋਂ ਪਤਾ ਚਲ ਰਿਹਾ ਸੀ ਕਿ ਮੀਂਹ ਪੈ ਰਿਹਾ ਹੈ। ਮੀਂਹ ਦਾ ਪਤਾ
ਲਗਦਿਆਂ ਉਸ ਨੂੰ ਠੰਡ ਜਿਹੀ ਲਗਣ ਲਗ ਪਈ। ਜਹਾਜ਼ ਵਿਚ ਹੀ ਉਸ ਸਮਝ ਗਿਆ ਸੀ ਕਿ ਇੰਗਲੈਂਡ
ਵਿਚ ਮਈ ਮਹੀਨੇ ਵੀ ਠੰਡ ਹੀ ਹੋਵੇਗੀ। ਨੀਂਦ ਨਾ ਆਉਂਦੀ ਦੇਖ ਕੇ ਉਸ ਨੇ ਬਾਈਬਲ ਖੋਹਲ
ਲਿਆ।
ਸਵੇਰੇ ਐਤਵਾਰ ਸੀ। ਛੁੱਟੀ ਦਾ ਦਿਨ ਸੀ। ਬਾਈਬਲ ਅਨੁਸਾਰ ਰੱਬ ਨੇ ਦੁਨੀਆਂ ਨੂੰ ਛੇ ਦਿਨਾਂ
ਵਿਚ ਬਣਾਇਆ ਸੀ ਤੇ ਸਤਵੇਂ ਦਿਨ ਅਰਾਮ ਕੀਤਾ ਸੀ, ਇਸੇ ਲਈ ਹੀ ਐਤਵਾਰ ਛੁੱਟੀ ਦਾ ਦਿਨ
ਹੋਇਆ ਕਰਦਾ ਹੈ। ਇਸ ਦਿਨ ਰੱਬ ਵੀ ਆਪਣੇ ਘਰ ਅਰਾਮ ਕਰ ਰਿਹਾ ਹੁੰਦਾ ਹੈ। ਇਹੋ ਦਿਨ ਹੁੰਦਾ
ਹੈ ਰੱਬ ਦੇ ਘਰ ਜਾਣ ਦਾ। ਭਾਰਤ ਵਿਚ ਹੁੰਦਾ ਤਾਂ ਉਸ ਨੇ ਇਵੇਂ ਹੀ ਕਰਨਾ ਸੀ। ਸਵੇਰੇ ਦੀ
ਸਰਵਿਸ ਵਿਚ ਉਹ ਹਾਜ਼ਰੀ ਲਗਾਇਆ ਕਰਦਾ ਸੀ। ਚਰਚ ਵਿਚ ਵੜਦਿਆਂ ਹੀ ਉਹ ਰੁਕ ਕੇ ‘ਅੱਜ ਦਾ
ਵਾਕ’ ਪੜਿਆ ਕਰਦਾ। ਹੁਣ ਇਥੇ ਕੀ ਕਰਨਾ ਹੈ ਇਸ ਬਾਰੇ ਮਿਸਜ਼ ਲੋਗਨ ਨੇ ਸਵੇਰੇ ਹੀ ਦੱਸਣਾ
ਸੀ। ਹਾਲੇ ਕੋਈ ਵੀ ਪਰੋਗਰਾਮ ਤੈਅ ਨਹੀਂ ਸੀ ਹੋਇਆ। ਉਸ ਦਾ ਤਾਂ ਦਿਲ ਕਰਦਾ ਸੀ ਕਿ
ਮਹਾਂਰਾਣੀ ਵਿਕਟੋਰੀਆ ਨੂੰ ਮਿਲੇ ਪਰ ਇਹ ਸੌਖਾ ਨਹੀਂ ਸੀ ਜਾਪ ਰਿਹਾ। ਉਸ ਨੇ ਸੁਣ ਰੱਖਿਆ
ਸੀ ਕਿ ਮਹਾਂਰਾਣੀ ਹਰ ਕਿਸੇ ਨੂੰ ਨਹੀਂ ਮਿਲਦੀ। ਹਿੰਦੁਸਤਾਨ ਹੁੰਦਿਆਂ ਜਦ ਉਹ ਆਪਣੀ ਇਹ
ਇਛਿਆ ਕਿਸੇ ਨਾਲ ਸਾਂਝੀ ਕਰਦਾ ਤਾਂ ਅਗਲਾ ਝੱਟ ਕਹਿ ਦਿੰਦਾ ਕਿ ਕਿਥੇ ਮਹਾਂਰਾਣੀ
ਵਿਕਟੋਰੀਆ ਤੇ ਕਿਥੇ ਤਖਤੋਂ ਲੱਥਾ ਸਧਾਰਣ ਮਹਾਂਰਾਜਾ। ਕਿੰਨੇ ਹੀ ਮਹਾਂਰਾਜੇ ਇੰਗਲੈਂਡ
ਤੁਰੇ ਰਹਿੰਦੇ ਸਨ ਪਰ ਮਹਾਂਰਾਣੀ ਵਿਕਟੋਰੀਆ ਹਰ ਕਿਸੇ ਨੂੰ ਨਹੀਂ ਸੀ ਮਿਲਿਆ ਕਰਦੀ।
ਸ਼ਾਹੀ ਰਸਮ ਅਨੁਸਾਰ ਖੋਹੇ-ਰਾਜਾਂ ਵਾਲੇ ਰਾਜਿਆਂ ਨੂੰ ਮਹਾਂਰਾਣੀ ਦੀ ਹਜ਼ੂਰੀ ਵਿਚ
ਅਧੀਨਾਂ ਵਾਂਗ ਖੜਨਾ ਪੈਂਦਾ ਸੀ ਤੇ ਉਸ ਤੋਂ ਬਾਅਦ ਮਹਾਂਰਾਣੀ ਵਿਕਟੋਰੀਆ ਕਿਸ ਨੂੰ ਮਿਲਦੀ
ਹੈ ਇਹ ਉਸ ਦੀ ਮਰਜ਼ੀ ‘ਤੇ ਨਿਰਭਰ ਹੈ। ਅਜਿਹੇ ਵੇਲੇ ਮਿਸਜ਼ ਲੋਗਨ ਉਸ ਦਾ ਹੌਂਸਲਾ
ਵਧਾਉਂਦੀ ਕਿ ਮਹਾਂਰਾਣੀ ਵਿਕਟੋਰੀਆ ਨੂੰ ਉਹ ਜ਼ਰੂਰ ਮਿਲ ਸਕੇਗਾ।
ਸਵੇਰੇ ਨੀਲਕੰਠ ਗੋੜੇ ਦੀ ਦਸਤਨ ਨਾਲ ਹੀ ਨੀਂਦ ਖੁਲ੍ਹੀ। ਕੁਝ ਦੇਰ ਬਾਅਦ ਬਹਿਰਾ ਨਾਸ਼ਤਾ
ਲੈ ਕੇ ਆ ਗਿਆ। ਨੀਲਕੰਠ ਨੇ ਕਿਹਾ,
“ਮਹਾਂਰਾਜਾ, ਡਾਕਟਰ ਸਾਹਿਬ ਦਾ ਸੁਨੇਹਾ ਆਇਆ ਏ ਕਿ ਅਜ ਆਪਾਂ ਸਰਵਿਸ ਤੇ ਜਾਣਾ ਏ, ਸੇਂਟ
ਪੌਲ ਕਥੀਡਰਲ ਵਿਚ, ਤਿਆਰ ਹੋ ਜਾਣਾ”
ਚਰਚ ਜਾਣ ਦੇ ਨਾਂ ਤੇ ਉਹ ਇਕ ਦਮ ਉਠ ਖੜਿਆ। ਚਰਚ, ਉਹ ਵੀ ਸੇਂਟ ਕੈਥੀਡਰਲ ਵਿਚ। ਚਾਹ
ਪੀਂਦਿਆਂ ਉਹ ਫਿਰ ਖਿੜਕੀ ਮੁਹਰੇ ਜਾ ਖੜਿਆ। ਹਾਲੇ ਵੀ ਮੀਂਹ ਪੈ ਰਿਹਾ ਸੀ। ਹਾਈਡ ਪਾਰਕ
ਤਾਂ ਨਜ਼ਰ ਹੀ ਨਹੀਂ ਸੀ ਆ ਰਿਹਾ। ਉਸ ਨੂੰ ਪਤਾ ਸੀ ਕਿ ਅਜਿਹੇ ਮੌਸਮ ਵਿਚ ਘੋੜੇ ਵੀ ਉਥੇ
ਨਹੀਂ ਹੋਣੇ। ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਉਸ ਨੂੰ ਘੋੜ ਸਵਾਰੀ ਕੀਤਿਆਂ। ਨੀਲਕੰਠ
ਉਸ ਕਪੜੇ ਤਿਆਰ ਕਰ ਰਿਹਾ ਸੀ। ਉਹ ਮਹਾਂਰਾਜੇ ਨੂੰ ਖਿੜਕੀ ਵਿਚ ਇਵੇਂ ਖੜੇ ਨੂੰ ਦੇਖ ਕੇ
ਉਤਸੁਕਤ ਦੇਖ ਪੁੱਛਣ ਲਗਿਆ,
“ਮਹਾਂਰਾਜਾ, ਕੁਝ ਖਾਸ ਏ?”
“ਦੇਖੋ ਨੀਲਕੰਠ, ਉਹ ਸਾਹਮਣੇ ਹਾਈਡ ਪਾਰਕ ਏ, ਕੱਲ ਮੈਂ ਇਥੇ ਬਹੁਤ ਸੁਹਣੇ ਅਰਬੀ ਘੋੜੇ
ਦੇਖੇ ਸਨ ਪਰ ਹੁਣ ਮੀਂਹ ਕਾਰਨ ਨਹੀਂ ਦਿਸ ਰਹੇ, ਸ਼ਾਇਦ ਨਾ ਹੋਣ, ਮਿਸਜ਼ ਲੋਗਨ ਕਹਿ ਰਹੇ
ਸਨ ਕਿ ਸ਼ਾਹੀ ਘੋੜੇ ਨੇ।”
“ਜ਼ਰੂਰ ਹੋਣਗੇ, ਮਹਾਂਰਾਜਾ, ਤੁਸੀਂ ਤਿਆਰ ਹੋਣਾ ਸ਼ੁਰੂ ਕਰੋ, ਡਾਕਟਰ ਸਾਹਿਬ ਆਉਂਦੇ ਹੀ
ਹੋਣਗੇ।”
ਨੀਲਕੰਠ ਮਿਸਟਰ ਲੋਗਨ ਨੂੰ ਡਾਕਟਰ ਸਹਿਬ ਹੀ ਕਿਹਾ ਕਰਦਾ ਸੀ ਕਿਉਂਕਿ ਮਿਸਟਰ ਲੋਗਨ ਦਾ
ਅਸਲੀ ਕਿੱਤਾ ਡਾਕਟਰੀ ਹੀ ਸੀ। ਉਹ ਬਰਤਾਨਵੀ ਮਿਲਟਰੀ ਵਿਚ ਡਾਕਟਰ ਸੀ ਜਿਥੋਂ ਉਸ ਨੂੰ
ਮਹਾਂਰਾਜੇ ਦਾ ਸੁਪਰਡੈਂਟ ਬਣਾ ਦਿਤਾ ਗਿਆ ਸੀ ਤੇ ਆਪਣੇ ਫਰਜ਼ ਨੂੰ ਉਸ ਨੇ ਬਹੁਤ ਹੀ
ਬਾਖੂਬੀ ਨਾਲ ਨਿਭਾਇਆ ਸੀ ਤੇ ਨਿਭਾ ਵੀ ਰਿਹਾ ਸੀ। ਨੀਲਕੰਠ ਨੇ ਪੁੱਛਿਆ,
“ਮਹਾਂਰਾਜਾ, ਕਿਹੜੇ ਕਪੜੇ ਤਿਆਰ ਕਰਾਂ?”
“ਦੇਖ ਲਓ ਨੀਲਕੰਠ, ਢੁਕਵੇਂ ਕਿਹੜੇ ਨੇ।”
“ਡਾਕਟਰ ਸਾਹਿਬ ਕਹਿ ਕੇ ਗਏ ਨੇ ਕਿ ਸੂਟ ਤੇ ਟਾਈ।”
“ਠੀਕ ਏ, ਸੂਟ ਨਾਲ ਪੱਗ ਵੀ ਤਿਆਰ ਕਰ ਲਓ।”
ਆਪਣੇ ਕੰਮ ਵਿਚ ਰੁਝ ਗਿਆ। ਮਹਾਂਰਾਜਾ ਤਿਆਰ ਹੋ ਹੀ ਰਿਹਾ ਸੀ ਕਿ ਮਿਸਟਰ ਤੇ ਮਿਸਜ਼ ਲੋਗਨ
ਪੁੱਜ ਗਏ। ਮਿਸਟਰ ਲੋਗਨ ਨੂੰ ਮਹਾਂਰਾਜੇ ਦੀ ਪਗੜੀ ਪਹਿਨਣਾ ਚੰਗੀ ਨਹੀਂ ਸੀ ਲਗ ਰਿਹਾ। ਉਹ
ਚਾਹੁੰਦਾ ਸੀ ਕਿ ਮਹਾਂਰਾਜਾ ਹੈਟ ਪਹਿਨ ਕੇ ਜਾਵੇ ਪਰ ਉਹ ਚੁੱਪ ਰਿਹਾ। ਮਹਾਂਰਾਜੇ ਨੇ
ਕਾਲੇ ਰੰਗ ਦਾ ਸੂਟ ਪਹਿਨਿਆਂ। ਪਿੰਨੀਆਂ ਤੋਂ ਘੁਟਦੀ ਟਰਾਊਜ਼ਰ, ਥੋੜਾ ਉਚਾ ਜਿਹਾ
ਬਲੇਜ਼ਰ, ਸਫੈਦ ਰੰਗ ਦੀ ਕਮੀਜ਼ ਤੇ ਕਰੀਮ ਰੰਗ ਦੀ ਟਾਈ। ਉਪਰ ਹਲਕੇ ਪੀਲੇ ਰੰਗ ਦੀ ਪੱਗ
ਤੇ ਪੱਗ ਉਪਰੋਂ ਦੀ ਹੀਰਿਆਂ ਦੀ ਮਾਲਾ ਤੇ ਆਮ ਵਾਂਗ ਕੁਝ ਮਾਲਾਵਾਂ ਗਲ਼ ਵਿਚ। ਹੱਥ ਵਿਚ
ਸੁਨਿਹਰੀ ਤਲਵਾਰ। ਉਸ ਨੇ ਤਿਆਰ ਹੋ ਕੇ ਉਹ ਸ਼ੀਸ਼ੇ ਸਾਹਮਣੇ ਜਾ ਖੜਾ ਹੋਇਆ ਤੇ ਫਿਰ
ਮਿਸਜ਼ ਲੋਗਨ ਤੋਂ ਪੁੱਛਣ ਲਗਿਆ,
“ਮੈਅਮ, ਕਿਵੇਂ ਲਗ ਰਿਹਾਂ?”
“ਬਿਲਕੁਲ ਮਹਾਂਰਾਜ, ਜਿਵੇਂ ਮਹਾਰਾਜ ਨੂੰ ਲਗਣਾ ਹੀ ਚਾਹੀਦਾ ਏ।”
ਕੁਝ ਪਲਾਂ ਵਿਚ ਹੀ ਸੱਦਾ ਆ ਗਿਆ ਕਿ ਸਵਾਰੀ ਤਿਆਰ ਹੈ। ਉਹ ਹੋਟਲ ਦੀਆਂ ਪੌੜੀਆਂ ਉਤਰਦੇ
ਹੇਠਾਂ ਆ ਗਏ। ਮਿਸਟਰ ਲੋਗਨ ਨੇ ਕਾਊਂਟਰ ‘ਤੇ ਖੜੇ ਕਰਮਚਾਰੀ ਨੂੰ ਕੁਝ ਕਿਹਾ ਤੇ ਉਹ ਚਾਰੇ
ਹੋਟਲ ਵਿਚੋਂ ਬਾਹਰ ਆ ਗਏ। ਮਹਾਂਰਾਜੇ ਨੇ ਆਲਾ ਦੁਆਲਾ ਬਹੁਤ ਧਿਆਨ ਨਾਲ ਦੇਖਿਆ, ਕੱਲ ਤਾਂ
ਉਹ ਏਨਾ ਥਕਿਆ ਹੋਇਆ ਸੀ ਕਿ ਕੁਝ ਯਾਦ ਹੀ ਨਹੀਂ ਸੀ। ਬਾਹਰ ਬੱਘੀ ਤਿਆਰ ਖੜੀ ਸੀ ਜਿਸ ਨੂੰ
ਚਾਰ ਸਫੈਦ ਘੋੜੇ ਜੁੜੇ ਹੋਏ ਸਨ। ਬੱਘੀ ਦੀਆਂ ਚਾਰ ਸੀਟਾਂ ਸਨ, ਦੋ ਦੋ ਆਮੋ ਸਾਹਮਣੇ। ਇਕ
ਪਾਸੇ ਮਹਾਂਰਾਜਾ ਤੇ ਮਿਸਜ਼ ਲੋਗਨ ਬੈਠ ਗਏ ਤੇ ਦੂਜੇ ਪਾਸੇ ਨੀਲਕੰਠ ਤੇ ਮਿਸਟਰ ਲੋਗਨ।
ਨੀਲਕੰਠ ਵੈਸੇ ਤਾਂ ਜਾਤ ਦਾ ਬ੍ਰਾਹਮਣ ਸੀ ਪਰ ਉਸ ਨੇ ਵੀ ਇਸਾਈ ਧਰਮ ਗ੍ਰਹਿਣ ਕਰ ਲਿਆ ਹੋਣ
ਕਰਕੇ ਉਹ ਵੀ ਹਰ ਐਤਵਾਰ ਚਰਚ ਜਾਇਆ ਕਰਦਾ ਸੀ। ਬੱਘੀ ਦਾ ਗਾਡੀਵਾਨ ਹਿੰਦੁਸਤਾਨ ਦੀਆਂ
ਘੋੜਾ-ਬਘੀਆਂ ਤੋਂ ਉਲਟ ਬੱਘੀ ਦੇ ਇਕ ਦਮ ਪਿੱਛੇ ਬੈਠਦਾ ਸੀ। ਗਾਡੀਵਾਨ ਨੇ ਬੱਘੀ ਤੋਰੀ।
ਬੱਘੀ ਲੰਡਨ ਦੀਆਂ ਸੜਕਾਂ ਤੇ ਦੌੜਨ ਲਗੀ। ਮਹਾਂਰਾਜੇ ਲਈ ਇਹ ਸਭ ਤਜਰੁਬੇ ਵਾਂਗ ਸੀ। ਏਹੋ
ਜਿਹੀਆਂ ਇਮਾਰਤਾਂ ਉਸ ਨੇ ਪਹਿਲਾਂ ਨਹੀਂ ਸੀ ਦੇਖੀਆਂ। ਹਾਂ, ਮਸੂਰੀ ਵਿਚ ਕੁਝ ਅਜਿਹੀ
ਇਮਾਰਤਸਾਜ਼ੀ ਸੀ ਪਰ ਇਮਾਰਤਾਂ ਛੋਟੀਆਂ ਸਨ। ਥੋੜੇ ਅਜੀਬ ਘਰ ਤੇ ਸੜਕਾਂ ਉਪਰ ਪੂਰੀ ਸਫਾਈ।
ਘੋੜਿਆਂ ਦੀ ਲਿੱਦ ਹਟਾਉਣ ਲਈ ਵੀ ਕਰਮਚਾਰੀਆਂ ਦਾ ਵਿਸ਼ੇਸ਼ ਦਸਤਾ ਕੰਮ ਕਰ ਰਿਹਾ ਸੀ।
ਰਸਤੇ ਵਿਚ ਦੋ ਕੁ ਥਾਂਵੇਂ ਭਾਰਤੀ ਲੋਕ ਵੀ ਖੜੇ ਦਿਸੇ ਪਰ ਉਹਨਾਂ ਦੀ ਹਾਲਤ ਬਹੁਤ ਵਧੀਆ
ਨਹੀਂ ਸੀ। ਮਹਾਂਰਾਜੇ ਨੂੰ ਹਾਲੇ ਇਹ ਨਹੀਂ ਸੀ ਪਤਾ ਕਿ ਇਹ ਮਲਾਹ ਲੋਕ ਸਨ ਜੋ ਵਾਪਸ
ਹਿੰਦੁਸਤਾਨ ਜਾਣ ਦਾ ਕੋਈ ਰਾਹ ਲੱਭ ਰਹੇ ਸਨ। ਮਲਾਹਾਂ ਨੂੰ ਵੀ ਮਹਾਂਰਾਜੇ ਬਾਰੇ ਕੁਝ
ਨਹੀਂ ਸੀ ਪਤਾ। ਉਹਨਾਂ ਬੱਘੀ ਵਿਚ ਬੈਠੇ ਪੱਗ ਵਾਲੇ ਬੰਦੇ ਨੂੰ ਦੇਖਿਆ ਤੇ ਬਸ, ਇਸ ਤੋਂ
ਅਗੇ ਮਹਾਂਰਾਜੇ ਦਾ ਉਹਨਾਂ ਲਈ ਕੋਈ ਮਹੱਤਵ ਨਹੀਂ ਸੀ।
ਸੇਂਟ ਪੌਲ ਕੈਥੀਡਰਲ ਪੁੱਜ ਕੇ ਮਹਾਂਰਾਜਾ ਇਮਾਰਤ ਦੇਖ ਕੇ ਹੈਰਾਨ ਰਹਿ ਗਿਆ। ਚਰਚ ਉਸ ਨੇ
ਕਈ ਦੇਖੇ ਸਨ, ਮਸੂਰੀ ਵਿਚ ਵੀ ਤੇ ਕਲਕੱਤੇ ਵਿਚ ਵੀ ਪਰ ਇਸ ਚਰਚ ਦੇ ਮੁਕਾਬਲੇ ਸਭ ਬਹੁਤ
ਫਿੱਕੇ ਸਨ। ਫਤਿਹਗੜ੍ਹ ਵਾਲਾ ਚਰਚ ਤਾਂ ਛੋਟਾ ਹੀ ਸੀ। ਚਰਚ ਦੁਆਲੇ ਵਾਹਵਾ ਭੀੜ ਸੀ।
ਉਹਨਾਂ ਵਰਗੀਆਂ ਅਣਗਿਣਤ ਬੱਘੀਆਂ ਖੜੀਆਂ ਸਨ। ਕੁਝ ਅਖਬਾਰਾਂ ਵਾਲੇ ਮਹਾਂਰਾਜੇ ਨਾਲ ਗੱਲਾਂ
ਕਰਨੀਆਂ ਚਾਹੁੰਦੇ ਸਨ ਪਰ ਮਿਸਟਰ ਲੋਗਨ ਨੇ ਰੋਕ ਦਿਤਾ। ਮਹਾਂਰਾਜੇ ਨੂੰ ਭੀੜ ਵਿਚੋਂ ਦੋ
ਪਗੜੀਆਂ ਦਿਖਾਈ ਦਿਤੀਆਂ ਪਰ ਭੀੜ ਏਨੀ ਸੀ ਕਿ ਉਹ ਚਿਹਰੇ ਨਹੀਂ ਸੀ ਦੇਖ ਸਕਦਾ। ਅਚਾਨਕ
ਕਿਸੇ ਨੇ ਉਚੀ ਅਵਾਜ਼ ਵਿਚ ਕਿਹਾ: ‘ਮਹਾਂਰਾਜਾ ਦਲੀਪ ਸਿੰਘ ਦੀ; ਜੈ।’ ਮਹਾਂਰਾਜੇ ਨੇ
ਜਿਧਰੋਂ ਅਵਾਜ਼ ਆਈ ਸੀ ਓਧਰ ਦੇਖਿਆ ਪਰ ਓਥੇ ਕੁਝ ਵੀ ਨਹੀਂ ਸੀ। ਉਸ ਦੇ ਮਨ ਨੂੰ ਕੁਝ ਹੋਣ
ਲਗਿਆ ਪਰ ਮਿਸਜ਼ ਲੋਗਨ ਨੇ ਉਸ ਨੂੰ ਬਾਹੋਂ ਫੜ ਕੇ ਬੱਘੀ ਵਿਚੋਂ ਉਤਾਰਿਆ ਤੇ ਚਰਚ ਵਲ ਨੂੰ
ਲੈ ਤੁਰੀ। ਮਿਸਟਰ ਲੋਗਨ ਤੇ ਨੀਲਕੰਠ ਵੀ ਮਗਰੇ ਹੀ ਸਨ। ਭੀੜ ਨੂੰ ਰੋਕਣ ਲਈ ਪੁਲੀਸ ਵੀ
ਕਾਫੀ ਮਾਤਰਾ ਵਿਚ ਸੀ। ਚਰਚ ਵੜਦਿਆਂ ਹੀ ਬੋਰਡ ਉਪਰ ਅੱਜ ਦਾ ਵਿਚਾਰ ਲਿਖਿਆ ਹੋਇਆ ਸੀ ਤੇ
ਅੰਦਰ ਵੀ ਮੋਟੇ ਅੱਖਰਾਂ ਵਿਚ ਦਿਸ ਰਿਹਾ ਸੀ। ਅੱਜ ਸਵੇਰ ਦੀ ਸਰਵਿਸ ਨਿਭਾਉਣ ਫਾਦਰ ਹੈਨਰੀ
ਲੇਅਟਨ ਨੇ ਨਿਭਾਉਣੀ ਸੀ। ਡਾਕਟਰ ਲੋਗਨ ਉਸ ਨੂੰ ਸੇਂਟ ਪੌਲ ਦੇ ਇਤਿਹਾਸ ਬਾਰੇ ਦਸਦਾ ਜਾ
ਰਿਹਾ ਸੀ। ਉਹਨਾਂ ਅੰਦਰ ਜਾ ਕੇ ਸੀਟਾਂ ਸੰਭਾਲ ਲਈਆਂ। ਉਹਨਾਂ ਦੇ ਸਾਹਮਣੇ ਅੱਜ ਦੀ
ਪ੍ਰਾਰਥਨਾ ਵਾਲੇ ਕਤਾਬਚੇ ਪਏ ਸਨ। ਫਾਦਰ ਹੈਨਰੀ ਲੇਅਟਨ ਸਰਵਿਸ ਨਿਭਾਉਣ ਲਈ ਮੰਚ ਉਪਰ ਆ
ਗਿਆ। ਸਭ ਨੇ ਆਪਣੇ ਆਪਣੇ ਸਾਹਮਣੇ ਪਏ ਕਿਤਾਬਚੇ ਖੋਹਲ ਲਏ। ਫਾਦਰ ਨੇ ਵਰਸਿਜ਼ ਪੜਨੀਆਂ
ਸ਼ੁਰੂ ਕੀਤੀਆਂ ਤਾਂ ਸਾਰਾ ਚਰਚ ਹੀ ਉਸ ਦਾ ਸਾਥ ਦੇਣ ਲਗਿਆ। ਮਹਾਂਰਾਜੇ ਨੇ ਵੀ ਕਿਤਾਬਚਾ
ਖੋਹਲਿਆ ਹੋਇਆ ਸੀ। ਪਰ ਉਸ ਦੀਆਂ ਅੱਖਾਂ ਮੁਹਰੇ ਬਾਹਰ ਦਿਸੀਆਂ ਪੱਗਾਂ ਘੁੰਮ ਰਹੀਆਂ ਸਨ।
ਬਿਜਲੀ ਦੀ ਤੇਜ਼ੀ ਨਾਲ ਉਸ ਨੂੰ ਲਹੌਰ ਵਿਖੇ ਗਿਆਨੀ ਦਾ ਚਿਰਹਾ ਉਸ ਦੇ ਅਗੋਂ ਦੀ ਲੰਘ ਗਿਆ
ਜਿਸ ਤੋਂ ਉਹ ਪਾਠ ਸਿਖਿਆ ਕਰਦਾ ਸੀ। ਅਜਿਹੇ ਝਾਉਲੇ ਕਦੇ ਕਦੇ ਫਤਹਿਗੜ੍ਹ ਪਿਆ ਕਰਦੇ ਸਨ
ਪਰ ਗੁਰਬਾਣੀ ਤਾਂ ਉਸ ਨੂੰ ਬਿਲਕੁਲ ਹੀ ਵਿਸਰ ਚੁੱਕੀ ਸੀ। ਉਹ ਫਾਦਰ ਹੈਨਰੀ ਲੇਅਟਨ ਦੀ
ਅਵਾਜ਼ ਨਾਲ ਅਵਾਜ਼ ਮਿਲਾਉਂਦਾ ਪ੍ਰਾਰਥਨਾ ਕਰਨ ਲਗਿਆ।
ਸਰਵਿਸ ਤੋਂ ਬਾਅਦ ਮਿਸਟਰ ਲੋਗਨ ਨੇ ਪੱਬ ਜਾਣ ਦੀ ਸਲਾਹ ਬਣਾਈ ਹੋਈ ਸੀ। ਕੈਥੀਡਰਲ ਦੇ ਨਾਲ
ਹੀ ਪੱਬ ਸੀ ਜਿਥੇ ਸਰਵਿਸ ਤੋਂ ਬਾਅਦ ਆਮ ਤੌਰ ਤੇ ਲੌਰਡਜ਼ ਲੋਕ ਚਲੇ ਜਾਇਆ ਕਰਦੇ ਸਨ। ਕਈ
ਨਵੇਂ ਪੁਰਾਣੇ ਵਾਕਫ ਮਿਲ ਵੀ ਪੈਂਦੇ। ਪੱਬ ਵਿਚ ਉਹਨਾਂ ਨੂੰ ਲੌਰਡ ਤੇ ਲੇਡੀ ਔਸਟਨ ਮਿਲ
ਪਏ ਜਿਹੜੇ ਪਿਛਲੀ ਰਾਤ ਕਲੇਰਿੱਜ ਹੋਟਲ ਵਿਚ ਪਾਰਟੀ ਸਮੇਂ ਹਾਜ਼ਰ ਸਨ। ਉਹ ਸਭ ਨੂੰ ਬਹੁਤ
ਹੀ ਖੁਸ਼ ਹੋ ਕੇ ਮਿਲੇ। ਸਭ ਲਈ ਬੀਅਰ ਮੰਗਵਾਈ ਗਈ ਪਰ ਮਹਾਂਰਾਜੇ ਨੇ ਬੀਅਰ ਨਾ ਪੀਤੀ ਪਰ
ਗੱਲਾਂ ਵਿਚ ਸ਼ਾਮਲ ਰਿਹਾ। ਮਿਸਜ਼ ਲੋਗਨ ਅਚਾਨਕ ਕੁਝ ਚੇਤੇ ਆਉਣ ਤੇ ਬੋਲੀ,
“ਲੌਰਡ ਔਸਟਨ, ਸਾਡੇ ਮਹਾਂਰਾਜੇ ਨੂੰ ਘੋੜ ਸਵਾਰੀ ਦਾ ਬਹੁਤ ਸ਼ੌਂਕ ਏ, ਸ਼ੌਂਕ ਈ ਨਹੀਂ
ਖੱਬਤ ਏ, ਬਲਕਿ ਮੁਹਾਰਤ ਵੀ ਏ ਪਰ ਹਾਲੇ ਇਹਨਾਂ ਨੂੰ ਸੈੱਟਲ ਹੋ ਕੇ ਅਸਤਬਲ ਬਣਾਉਣ ਵਿਚ
ਵਕਤ ਲਗੇਗਾ।”
ਲੌਰਡ ਔਸਟਨ ਗੱਲ ਨੂੰ ਸਮਝਦਾ ਹੋਇਆ ਕਹਿਣ ਲਗਿਆ,
“ਮੈਅਮ, ਏਹਦੇ ਵਿਚ ਕਿਹੜੀ ਗੱਲ ਏ, ਮੇਰਾ ਅਸਤਬਲ ਵੀ ਤਾਂ ਮਹਾਂਰਾਜੇ ਦਾ ਈ ਏ, ਜਦੋਂ
ਚਾਹੁਣ ਆ ਕੇ ਘੋੜ ਸਵਾਰੀ ਕਰਨ, ਸਗੋਂ ਅਸੀਂ ਵੀ ਦੇਖਣਾ ਚਾਹਾਂਗੇ ਕਿ ਕਿੰਨੀ ਕੁ ਮਹਾਰਤ
ਹਾਸਲ ਏ ਇਹਨਾਂ ਨੂੰ, ਅਸੀਂ ਇਹਨਾਂ ਨੂੰ ਤੇ ਤੁਹਾਨੂੰ ਵੀ ਆਪਣੇ ਫਾਰਮ ਵਿਚ ਆਉਣ ਦਾ ਸੱਦਾ
ਦਿੰਦੇ ਹਾਂ, ਦੱਸੋ ਕਦੋਂ ਆਉਣਾ ਚਾਹੋਂਗੇ?”
ਅਸਤਬਲ ਦੇ ਨਾਂ ਤੇ ਮਹਾਂਰਾਜੇ ਦਾ ਚਿਹਰਾ ਖਿੜ ਉਠਿਆ। ਕਿੰਨਾ ਚਿਰ ਹੋ ਗਿਆ ਸੀ ਕੰਮ ਦੇ
ਘੋੜੇ ਦੀ ਸਵਾਰੀ ਕੀਤਿਆਂ। ੳਸ ਨੂੰ ਆਪਣੇ ਅਸਤਬਲ ਦੇ ਘੋੜੇ ਯਾਦ ਆੳਣ ਲਗੇ। ਮਸੂਰੀ ਵਿਚ
ਇਕ ਘੋੜਾ ਉਸ ਨੂੰ ਬਹੁਤ ਪਸੰਦ ਆਇਆ ਸੀ ਪਰ ਲਾਲੀ ਦੇ ਮੁਕਾਬਲੇ ਦਾ ਘੋੜਾ ਉਸ ਨੇ ਹਾਲੇ ਤਕ
ਵੀ ਕਿਧਰੇ ਨਹੀਂ ਸੀ ਦੇਖਿਆ। ਅਜ ਬੱਘੀ ਨੂੰ ਜੁੜੇ ਹੋਏ ਘੋੜਿਆਂ ‘ਤੇ ਵੀ ਉਸ ਦੀ ਨਿਗਾਹ
ਪਈ ਸੀ ਇਹ ਘੋੜੇ ਘੋੜ ਸਵਾਰੀ ਵਾਲੇ ਨਹੀਂ ਸਨ, ਇਹਨਾਂ ਦੇ ਪੈਰ ਹੀ ਇੰਨੇ ਮੋਟੇ ਸਨ ਕਿ
ਸਾਫ ਦਿਸਦਾ ਸੀ ਕਿ ਇਹ ਭਾਰ ਖਿਚਣ ਵਾਲੇ ਜਾਨਵਰ ਸਨ। ਕੁਝ ਪਲ ਲਈ ਉਸ ਨੂੰ ਲਹੌਰ ਵਾਲੇ
ਅਸਤਬਲ ਦੀ ਧੁੰਦਲੀ ਜਿਹੀ ਯਾਦ ਆਈ। ਕੱਲ ਹਾਈਡ ਪਾਰਕ ਵਿਚਲੇ ਘੋੜੇ ਦੇਖਣੇ ਉਸ ਨੂੰ ਚੰਗੇ
ਲਗੇ ਸਨ। ਕੁਝ ਦੇਰ ਪੱਬ ਵਿਚ ਬੈਠ ਕੇ ਉਹ ਉਠ ਆਏ ਪਰ ਮਹਾਂਰਾਜੇ ਦੇ ਦਿਮਾਗ ਵਿਚ ਘੋੜੇ ਹੀ
ਦੌੜੇ ਫਿਰਦੇ ਸਨ। ਸੁਫਨਿਆਂ ਵਿਚ ਹੀ ਉਹ ਲਹੌਰ ਦੇ ਅਸਤਬਲ ਵਿਚ ਹੀ ਫਿਰਦਾ ਰਿਹਾ। ਕਦੇ
ਲਾਲੀ ਦੀ ਸਵਾਰੀ ਕਰ ਰਿਹਾ ਹੁੰਦਾ ਤੇ ਕਦੇ ਨੀਲੇ ਦੀ। ਬੀਬੀ ਜੀ ਉਸ ਨੂੰ ਦੂਰ ਜਾਣ ਤੋਂ
ਰੋਕ ਰਹੇ ਹੁੰਦੇ।
ਦੋ ਦਿਨਾਂ ਬਾਅਦ ਲੌਰਡ ਔਸਟਨ ਦਾ ਕਰਮਚਾਰੀ ਮਹਾਂਰਾਜੇ ਨੂੰ ਸੱਦਣ ਉਸ ਦੇ ਕਮਰੇ ਵਿਚ ਆ
ਗਿਆ। ਮਹਾਂਰਾਜਾ ਪਹਿਲਾਂ ਹੀ ਜੌਕੀ ਵਾਲੇ ਕਪੜੇ ਪਾਈ ਤਿਆਰ ਬੈਠਾ ਸੀ। ਸਿਰ ਉਪਰ ਵੀ ਪੱਗ
ਦੀ ਥਾਂ ਜੌਕੀਆਂ ਵਾਲੀ ਟੋਪੀ ਸੀ। ਸਭ ਕੁਝ ਪਹਿਲਾਂ ਤਹਿ ਹੋ ਚੁੱਕਾ ਸੀ। ਅਜ ਲੌਰਡ ਔਸਟਨ
ਨੇ ਮਹਾਂਰਾਜੇ ਨੂੰ ਆਪਣੇ ਫਾਰਮ ‘ਤੇ ਸੱਦਿਆ ਹੋਇਆ ਸੀ। ਕੁਝ ਹੋਰ ਲੌਰਡਜ਼ ਵੀ ਆ ਰਹੇ ਸਨ।
ਮਹਾਂਰਾਜਾ ਬਾਹਰ ਉਡੀਕ ਰਹੀ ਘੋੜਾ-ਬੱਘੀ ਵਿਚ ਆ ਬੈਠਾ। ਗਾਡੀਵਾਨ ਨੇ ਉਸ ਨੂੰ ਸ਼ੁਭ ਸਵੇਰ
ਕਹਿ ਕੇ ਬੱਘੀ ਤੋਰ ਲਈ। ਲੰਡਨ ਦੀਆਂ ਸੜਕਾਂ ਤੋ ਦੌੜਦੀ ਬੱਘੀ ਲੰਡਨ ਤੋਂ ਬਾਹਰ ਆ ਗਈ ਤੇ
ਫਿਰ ਜੰਗਲ ਜਿਹੇ ਵਿਚ ਜਾ ਵੜੀ। ਅਗੇ ਸਰੀ ਦਾ ਵੱਡਾ ਸਾਰਾ ਇਲਾਕਾ ਆਇਆ ਤੇ ਜਿਸ ਮੋੜ ਤੇ
ਔਸਟਨ ਫਾਰਮ ਬੋਰਡ ਲਗਿਆ ਹੋਇਆ ਸੀ ਬੱਘੀ ਖੱਬੇ ਮੁੜ ਗਈ। ਕੁਝ ਪਲਾਂ ਬਾਅਦ ਹੀ ਗਾਡੀਵਾਨ
ਨੇ ਬੱਘੀ ਇਕ ਜਗਾਹ ਰੋਕ ਲਈ। ਮਹਾਂਰਾਜੇ ਨੇ ਬੱਘੀ ਤੋਂ ਪੈਰ ਬਾਹਰ ਪਾਇਆ ਹੀ ਸੀ ਕਿ ਲੌਰਡ
ਔਸਟਨ ਸਾਹਮਣੇ ਤੁਰਿਆ ਆਉਂਦਾ ਦਿਸਿਆ। ਉਸ ਦੇ ਨਾਲ ਕੁਝ ਹੋਰ ਲੋਕ ਵੀ ਸਨ। ਲੌਰਡ ਔਸਟਨ
ਮਹਾਂਰਾਜੇ ਨੂੰ ਪੂਰੇ ਸਤਿਕਾਰ ਨਾਲ ਮਿਲਿਆ। ਇਕ ਮੁੰਡੇ ਜਿਹੇ ਨੂੰ ਏਨਾ ਮਾਣ ਦਿੰਦਿਆਂ
ਦੇਖ ਕੇ ਹਾਜ਼ਰ ਕਈ ਲੋਕ ਈਰਖਾ ਵੀ ਕਰ ਰਹੇ ਸਨ। ਮਹਾਂਰਾਜਾ ਸਭ ਨਾਲ ਹੱਥ ਮਿਲਾਉਂਦਾ ਗਿਆ
ਤੇ ਸ਼ੁਭ-ਸਵੇਰ ਆਖਦਾ ਗਿਆ। ਲੌਰਡ ਔਸਟਨ ਸਭ ਨਾਲ ਤੁਆਰਫ ਵੀ ਕਰਾਉਂਦਾ ਜਾ ਰਿਹਾ ਸੀ।
ਬਹੁਤੇ ਲੋਕ ਮਹਾਂਰਾਜੇ ਵਲ ਦੇਖ ਕੇ ਉਸ ਦੀ ਘੋੜ-ਸਵਾਰੀ ਉਪਰ ਸ਼ੱਕ ਕਰ ਰਹੇ ਸਨ। ਅਸਤਬਲ
ਦੇ ਕਰਮਚਾਰੀ ਨੇ ਚਾਰ ਘੋੜੇ ਲਿਆਂਦੇ। ਇਕ ਘੋੜੇ ਦੀ ਵਾਗ ਲੌਰਡ ਔਸਟਨ ਨੂੰ ਲਿਆ ਫੜਾਈ ਤੇ
ਇਕ ਦੀ ਮਹਾਂਰਾਜੇ ਨੂੰ ਤੇ ਦੋ ਹੋਰ ਹਾਜ਼ਰ ਲੌਰਡਜ਼ ਨੂੰ। ਮਹਾਂਰਾਜੇ ਨੇ ਆਪਣੇ ਵਾਲੇ
ਘੋੜੇ ਦੁਆਲੇ ਘੁੰਮ ਕੇ ਦੇਖਿਆ ਫੇਰ ਉਸ ਦੀ ਗਰਦਨ ‘ਤੇ ਹੱਥ ਫੇਰਿਆ ਤੇ ਫਿਰ ਉਸ ਦੀ ਵਾਗ
ਫੜ ਕੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਲਗਿਆ ਜਿਵੇਂ ਘੋੜੇ ਨਾਲ ਆਪਣੀ
ਵਾਕਫੀਅਤ ਕਰਾ ਰਿਹਾ ਹੋਵੇ। ਫਿਰ ਉਸ ਘੋੜੇ ਨੂੰ ਹਲਕਾ ਜਿਹਾ ਦੁੜਾਉਣ ਲਗਿਆ ਤੇ ਨਾਲ ਹੀ
ਆਪ ਵੀ ਭੱਜ ਰਿਹਾ ਸੀ। ਇਹ ਸਰੀਰਾਂ ਨੂੰ ਗਰਮ ਕਰਨ ਦਾ ਤਰੀਕਾ ਸੀ। ਮਹਾਂਰਾਜੇ ਦੇ ਨਾਲ
ਦੌੜ ਲਾਉਣ ਵਾਲੇ ਸਵਾਰ ਪਹਿਲਾਂ ਹੀ ਤਿਆਰ ਖੜੇ ਸਨ। ਮਹਾਂਰਾਜੇ ਨੇ ਤਿਆਰ ਹੋ ਕੇ ਆਪਣਾ
ਘੋੜਾ ਉਹਨਾਂ ਦੇ ਬਰਾਬਰ ਲਿਆ ਖੜਾ ਕੀਤਾ ਪਰ ਉਸ ਉਪਰ ਨਾ ਚੜਿਆ। ਦੌੜ ਦਾ ਇਸ਼ਾਰਾ
ਹੁੰਦਿਆਂ ਹੀ ਮਹਾਂਰਾਜਾ ਘੋੜੇ ਦੇ ਬਰਾਬਰ ਦੌੜਨ ਲਗਿਆ। ਸਾਰੇ ਹੈਰਾਨ ਸਨ ਕਿ ਉਹ ਇਹ ਕੀ
ਕਰ ਰਿਹਾ ਸੀ। ਜਦ ਦੌੜ ਜ਼ਰਾ ਕੁ ਤੇਜ ਹੋਈ ਤਾਂ ਮਹਾਂਰਾਜਾ ਪਲਾਕੀ ਮਾਰ ਕੇ ਸਿੱਧਾ ਹੀ
ਘੋੜੇ ਉਪਰ ਜਾ ਚੜ੍ਹਿਆ। ਸਾਰੇ ਦੇਖਦੇ ਰਹਿ ਗਏ। ਬਾਕੀ ਸਵਾਰਾਂ ਦੇ ਕੋਲ ਦੀ ਬਰਾਬਰ
ਹੁੰਦਾ, ‘ਮੁਆਫ ਕਰਨਾ ਜੈਂਟਲਮੈੱਨ’ ਕਹਿ ਕੇ ਅਗੇ ਲੰਘ ਗਿਆ। ਲੰਮਾ ਗੇੜਾ ਕੱਢ ਕੇ ਸਭ ਤੋਂ
ਪਹਿਲਾਂ ਆਪਣੇ ਥਾਂ ਵਾਪਸ ਵੀ ਪੁੱਜ ਗਿਆ। ਸਭ ਨੇ ਤਾੜੀਆਂ ਵਜਾ ਦਿਤੀਆਂ। ਉਸ ਨੇ ਘੋੜੇ
ਤੋਂ ਉਤਰ ਕੇ ਸਭ ਨਾਲ ਹੱਥ ਮਿਲਾਇਆ। ਜਦ ਤਕ ਲੌਰਡ ਔਸਟਨ ਤੇ ਹੋਰ ਵੀ ਆ ਗਏ। ਲੌਰਡ ਔਸਟਨ
ਘੋੜੇ ਤੇ ਬੈਠਾ ਹੀ ਕਹਿਣ ਲਗਿਆ,
“ਯੋਅਰ ਹਾਈਨੈੱਸ, ਤੁਹਾਡੇ ਵਰਗੇ ਜੌਕੀ ਸਹਿਜੇ ਕੀਤੇ ਨਹੀਂ ਮਿਲਦੇ, ਅਸੀਂ ਤਾਂ ਤੁਹਾਡੀ
ਉਮਰ ਵਿਚ ਕੁਝ ਵੀ ਨਹੀਂ ਸਾਂ।”
“ਸ਼ੁਕਰੀਆ ਮਾਈ ਡੀਅਰ ਲੌਰਡ। ਤੁਹਾਡੇ ਜਾਨਵਰ ਦੇਖ ਕੇ ਵੀ ਮਨ ਖੁਸ਼ ਹੋ ਗਿਆ, ਬਹੁਤ ਦੇਰ
ਹੋ ਗਈ ਏਨੀ ਵਧੀਆ ਨਸਲ ਦੇ ਸਟੱਡ ਦੇਖੇ ਨੂੰ।”
“ਸ਼ੁਕਰੀਆ ਯੋਅਰ ਹਾਈਨੈੱਸ, ਇਹ ਫਾਰਮ ਤੁਹਾਡੀ ਸੇਵਾ ਲਈ ਸਦਾ ਹਾਜ਼ਰ ਰਹੇਗਾ, ਤੁਸੀਂ ਜਦ
ਵੀ ਚਾਹੋਂ ਆ ਸਕਦੇ ਹੋ ਤੇ ਕਿਸੇ ਵੀ ਘੋੜੇ ਨੂੰ ਵਰਤ ਸਕਦੇ ਹੋ।”
“ਸ਼ੁਕਰੀਆ ਮਾਈ ਡੀਅਰ ਲੌਰਡ! ਇਹ ਮੇਰੀ ਖੁਸ਼ਕਿਸਮਤੀ ਹੋਵੇਗੀ।”
“ਮਹਾਂਰਾਜਾ, ਇਹ ਸਾਡੀ ਵੀ ਖੁਸ਼ਕਿਸਮਤੀ ਹੋਵੇਗੀ, ਤੁਹਾਡੇ ਵਲ ਦੇਖ ਕੇ ਸਾਡੇ ਨੌਜਵਾਨ
ਘੋੜ-ਸਵਾਰੀ ਕਰਨ ਵਲ ਪ੍ਰੇਰਤ ਹੋਣਗੇ, ਨਹੀਂ ਤਾਂ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ
ਰਹੀਆਂ।”
ਮਹਾਂਰਾਜਾ ਆਪਣੀ ਤਰੀਫ ਸੁਣ ਕੇ ਬਹੁਤ ਖੁਸ਼ ਹੋ ਰਿਹਾ ਸੀ। ਹਾਜ਼ਰ ਹੋਰ ਵਿਅਕਤੀਆਂ ਵਿਚੋਂ
ਭਾਵੇਂ ਕੁਝ ਇਕ ਮਹਾਂਰਾਜੇ ਨਾਲ ਈਰਖਾ ਵੀ ਕਰਦੇ ਹੋਣਗੇ ਪਰ ਉਸ ਦੀ ਘੋੜ-ਸਵਾਰੀ ਤੇ ਖਾਸ
ਤੌਰ ਤੇ ਉਸ ਦੇ ਗੱਲਬਾਤ ਦੇ ਲਹਿਜ਼ੇ ਤੋਂ ਸਾਰੇ ਹੈਰਾਨ ਹੋ ਰਹੇ ਸਨ। ਮਹਾਂਰਾਜਾ ਆਪਣੀ
ਉਮਰ ਤੋਂ ਬਹੁਤ ਵੱਡੀਆਂ ਗੱਲਾਂ ਕਰ ਰਿਹਾ ਸੀ। ਅਜ ਦੀ ਇਸ ਘਟਨਾ ਨੇ ਮਹਾਂਰਾਜੇ ਨੂੰ ਕਈ
ਨਵੇਂ ਦੋਸਤ ਦੇ ਦਿਤੇ। ਉਹ ਨੂੰ ਹੋਰਨਾਂ ਲੌਰਡਾਂ ਵਲੋਂ ਵੀ ਆਪਣੇ ਫਾਰਮ ਵਿਚ ਆਉਣ ਲਈ
ਸੱਦੇ ਆਉਣ ਲਗੇ। ਇਹ ਵੀ ਸੱਚ ਨਿਕਲਿਆ ਕਿ ਉਸ ਵਲ ਦੇਖ ਕੇ ਕਈ ਨੌਜਵਾਨ ਉਸ ਵਲ ਦੇਖ ਕੇ
ਘੋੜ-ਸਵਾਰੀ ਵਲ ਜਿ਼ਆਦਾ ਖਿੱਚੇ ਜਾਣ ਲਗੇ। ਲੌਰਡ ਔਸਟਨ ਨੇ ਆਪਣੀ ਬੱਘੀ ਉਸ ਦੇ ਘੁੰਮਣ
ਫਿਰਨ ਲਈ ਉਸ ਦੀ ਸੇਵਾ ਵਿਚ ਹਾਜ਼ਰ ਕਰ ਦਿਤੀ। ਭਾਵੇਂ ਮਹਾਂਰਾਜੇ ਦੀ ਸਾਰੀ ਜਿ਼ੰਮੇਵਾਰੀ
ਲੋਗਨ ਦੰਪਤੀ ਦੀ ਸੀ ਪਰ ਲੌਰਡ ਔਸਟਨ ਵਲੋਂ ਮਿਲੀ ਬੱਘੀ ਤੇ ਗਾਡੀਵਾਨ ਨਾਲ ਮਹਾਂਰਾਜੇ ਲਈ
ਲੰਡਨ ਤੇ ਲੰਡਨ ਦੇ ਆਲੇ ਦੁਆਲੇ ਦਾ ਇਲਾਕਾ ਦੇਖਣਾ ਸੌਖਾ ਹੋ ਗਿਆ। ਮਹਾਂਰਾਜੇ ਦੇ ਮਨ ਨੂੰ
ਇੰਗਲੈਂਡ ਦਾ ਪੇਂਡੂ ਇਲਾਕਾ ਜਿ਼ਆਦਾ ਧੂ ਪਾ ਰਿਹਾ ਸੀ। ਉਸ ਨੂੰ ਇਕ ਗੱਲ ਹੋਰ ਬਹੁਤ ਚੰਗੀ
ਲਗਦੀ ਇਕ ਇਥੇ ਫਤਹਿਗੜ੍ਹ ਵਾਂਗ ਕਿਸੇ ਕਿਸਮ ਦੀ ਵਿਸ਼ੇਸ਼ ਸੁਰੱਖਿਆ ਦੀ ਲੋੜ ਨਹੀਂ ਸੀ
ਪੈਂਦੀ।
ਹੋਟਲ ਕਲੇਰਿੱਜ ਵਿਚ ਰਹਿੰਦਿਆਂ ਮਹਾਂਰਾਜਾ ਛੇਤੀ ਹੀ ਉਕਤਾਉਣ ਲਗ ਪਿਆ। ਮਿਸਟਰ ਤੇ ਮਿਸਜ਼
ਲੋਗਨ ਨੇ ਆਪਣੇ ਰਹਿਣ ਲਈ ਕਿਊ ਦੇ ਇਲਾਕੇ ਵਿਚ ਇੰਤਜ਼ਾਮ ਕਰ ਲਿਆ ਤੇ ਮਹਾਂਰਾਜੇ ਲਈ ਵੀ
ਇੰਡੀਆ ਹਾਊਸ ਵਲੋਂ ਵਿੰਬਲਡਨ ਦੇ ਇਲਾਕੇ ਵਿਚ ਇਕ ਘਰ ਦੇਖ ਲਿਆ ਗਿਆ। ਵਿੰਬਲਡਨ ਵਾਲਾ ਘਰ
ਖੁਲ੍ਹਾ ਤਾਂ ਕਾਫੀ ਸੀ ਪਰ ਅਸਤਬਲ ਦਾ ਕੋਈ ਇੰਤਜ਼ਾਮ ਨਹੀਂ ਸੀ। ਮਿਸਟਰ ਲੋਗਨ ਸਮਝਦਾ ਤਾਂ
ਸੀ ਪਰ ਹਰ ਗੱਲ ਨੂੰ ਵਕਤ ਲਗਣਾ ਸੀ। ਸਰਕਾਰੀ ਹੁਕਮਾਂ ਨੇ ਕਈ ਦਫਤਰਾਂ ਵਿਚ ਦੀ ਨਿਕਲ ਕੇ
ਆਉਣਾ ਹੁੰਦਾ ਹੈ। ਮਹਾਂਰਾਜੇ ਦੀ ਜੀਵਨ-ਭਰ ਲਈ ਸਾਂਭ-ਸੰਭਾਲ ਦਾ ਕੰਮ ਇੰਡੀਆ ਹਾਊਸ
ਜਿ਼ੰਮੇ ਸੀ। ਸਾਰੇ ਭੱਤਿਆਂ ਤੇ ਖਰਚੇ ਦਾ ਇੰਤਜ਼ਾਮ ਇੰਡੀਆ ਹਾਊਸ ਨੇ ਹੀ ਕਰਨਾ ਸੀ ਤੇ
ਇੰਡੀਆ ਹਾਊਸ ਵਿਚ ਲੌਰਡ ਡਲਹੌਜ਼ੀ ਦਾ ਦਬਦਬਾ ਸੀ। ਭਾਵੇਂ ਲੌਰਡ ਡਲਹੌਜ਼ੀ ਮਹਾਂਰਾਜੇ ਦੇ
ਇਸਾਈ ਬਣ ਜਾਣ ਉਪਰ ਖੁਸ਼ ਸੀ, ਉਸ ਪ੍ਰਤੀ ਆਪਣਾ ਪਿਆਰ ਵੀ ਜਤਾਇਆ ਸੀ ਪਰ ਦਿਲੋਂ ਉਹ ਹਾਲੇ
ਵੀ ਮਹਾਂਰਾਜੇ ਨੂੰ ਪਸੰਦ ਨਹੀਂ ਸੀ ਕਰਦਾ। ਇਸ ਲਈ ਇੰਡੀਆ ਹਾਊਡ ਵਾਲੇ ਮਹਾਂਰਾਜੇ ਲਈ
ਬਹੁਤੇ ਮੱਦਦਗਾਰ ਸਿੱਧ ਨਹੀਂ ਸਨ ਹੋ ਰਹੇ। ਕਦੇ ਕਦੇ ਮਹਾਂਰਾਜਾ ਕਾਹਲਾ ਪੈਣ ਲਗਦਾ ਸੀ ਪਰ
ਡਾਕਟਰ ਲੋਗਨ ਜੋ ਕੁਝ ਕਰ ਸਕਦਾ ਸੀ ਕਰ ਰਿਹਾ ਸੀ। ਜਦ ਤਕ ਮਹਾਂਰਾਜੇ ਨੂੰ ਭੱਤੇ ਦੇ ਤੌਰ
‘ਤੇ ਇਕ ਪੱਕੀ ਰਕਮ ਨਹੀਂ ਸੀ ਮਿਲਣ ਲਗ ਜਾਂਦੀ ਤਦ ਤਕ ਆਰਜ਼ੀ ਜਿਹੀ ਰਕਮ ਵਸੂਲ ਕਰਨ ਦੀ
ਉਹ ਪੂਰੀ ਕੋਸਿ਼ਸ਼ ਕਰਦਾ ਰਹਿੰਦਾ।
ਜੂਨ ਦਾ ਮਹੀਨਾ ਸੀ। ਹਿੰਦੁਸਤਾਨ ਤੋਂ ਉਲਟ ਇਹ ਧੁੱਪ ਨਿੱਘੀ ਸੀ, ਇਸ ਵਿਚ ਘੁੰਮਣਾ ਚੰਗਾ
ਲਗਦਾ ਸੀ। ਉਸ ਨੂੰ ਇਹ ਮੌਸਮ ਬਹੁਤ ਚੰਗਾ ਲਗ ਰਿਹਾ ਸੀ। ਇੰਗਲੈਂਡ ਦੇ ਮੌਸਮ ਬਾਰੇ ਉਸ ਨੇ
ਸੁਣ ਤਾਂ ਬਹੁਤ ਕੁਝ ਦੇਖ ਰੱਖਿਆ ਸੀ ਪਰ ਇਸ ਨੂੰ ਅਨੁਭਵ ਕਰਨਾ ਹੋਰ ਗੱਲ ਸੀ। ਲੌਰਡ ਔਸਟਨ
ਦੀ ਦਿਤੀ ਬੱਘੀ ਵਿਚ ਉਹ ਲੰਡਨ ਘੁੰਮਣ ਚਲੇ ਜਾਇਆ ਕਰਦਾ ਸੀ। ਤਕਰੀਬਨ ਬਹੁਤਾ ਲੰਡਨ ਉਸ ਨੇ
ਦੇਖ ਲਿਆ ਸੀ। ਲੰਡਨ ਵਿਚ ਘੁੰਮਦਿਆਂ ਉਸ ਨੂੰ ਕਈ ਵਾਰ ਹਿੰਦੁਸਤਾਨੀ ਲੋਕ ਦਿਸ ਜਾਂਦੇ। ਉਹ
ਵਾਧੂ ਜਿਹੇ ਇਧਰ-ਓਧਰ ਖੜੇ ਹੁੰਦੇ। ਇਹਨਾਂ ਬਾਰੇ ਉਸ ਨੂੰ ਪਤਾ ਲਗ ਚੁੱਕਿਆ ਸੀ ਕਿ ਇਹ
ਮਲਾਹ ਸਨ ਜਿਹੜੇ ਸਿ਼ਪਿੰਗ ਕੰਪਨੀਆਂ ਨੇ ਕੰਮ ਤੋਂ ਵਿਹਲੇ ਕੀਤੇ ਹੋਏ ਸਨ। ਇੰਗਲੈਂਡ ਪੁੱਜ
ਕੇ ਇਹਨਾਂ ਦੀ ਨੌਕਰੀ ਦੀ ਮਿਆਦ ਖਤਮ ਹੋ ਜਾਂਦੀ ਤੇ ਇਹਨਾਂ ਕੋਲ ਵਾਪਸ ਜਾਣ ਲਈ ਕਿਰਾਇਆ
ਵੀ ਨਾ ਹੁੰਦਾ ਤੇ ਇਹ ਮਾਰੇ-ਮਾਰੇ ਫਿਰਨ ਲਗਦੇ। ਕਿਤੇ ਨੌਕਰੀ ਮਿਲ ਜਾਂਦੀ, ਕਿਰਾਇਆ
ਇਕੱਠਾ ਕਰਕੇ ਵਾਪਸ ਚਲੇ ਜਾਂਦੇ। ਇਹਨਾਂ ਤੋਂ ਬਿਨਾਂ ਲੰਡਨ ਘੁੰਮਦਿਆਂ ਉਸ ਦੀਆਂ ਨਜ਼ਰਾਂ
ਉਹ ਦੋ ਪਗੜੀਆਂ ਲਭਦੀਆਂ ਰਹਿੰਦੀਆਂ ਜਿਹੜੀਆਂ ਉਸ ਨੇ ਸੇਂਟ ਪੌਲ ਕੈਥੀਡਰਲ ਜਾਣ ਸਮੇਂ
ਦੇਖੀਆਂ ਸਨ।
ਅਖਬਾਰਾਂ ਵਾਲੇ ਮਹਾਂਰਾਜੇ ਬਾਰੇ ਜਾਨਣ ਲਈ ਪੱਬਾਂ ਭਾਰ ਹੋਏ ਬੈਠੇ ਸਨ। ਇਕ ਦਿਨ
ਮਹਾਂਰਾਜੇ ਦੀ ਵਿੰਬਲਡਨ ਵਾਲੀ ਰਿਹਾਇਸ਼ ‘ਤੇ ਕੁਝ ਅਖਬਾਰਾਂ ਵਾਲੇ ਲੋਕ ਆਏ। ਉਹ
ਮਹਾਂਰਾਜੇ ਨਾਲ ਮੁਲਾਕਾਤ ਕਰਕੇ ਸਵਾਲ ਜਵਾਬ ਕਰਨੇ ਚਾਹੁੰਦੇ ਸਨ ਤੇ ਕੁਝ ਤਸਵੀਰਾਂ
ਲੈਣੀਆਂ ਚਾਹੁੰਦੇ ਸਨ। ਜਿਸ ਦਿਨ ਮਹਾਂਰਾਜਾ ਸੇਂਟ ਪੌਲ ਕੈਥੀਡਰਲ ਵਿਚ ਸਰਵਿਸ ਲਈ ਗਿਆ ਸੀ
ਤਾਂ ਇਕ ਪੱਤਰਕਾਰ ਨੇ ਉਸ ਦੀਆਂ ਤਸਵੀਰਾਂ ਲਈਆਂ ਸਨ ਪਰ ਕੈਮਰਾ ਹਾਲੇ ਨਵਾਂ ਨਵਾਂ ਈਜਾਦ
ਹੋਇਆ ਹੋਣ ਕਰਕੇ ਤਸਵੀਰਾਂ ਠੀਕ ਨਹੀਂ ਸਨ ਆਈਆਂ। ਹੁਣ ਉਹ ਤਜਰਬੇਕਾਰ ਫੋਟੋਗ੍ਰਾਫਰ ਨਾਲ
ਲੈ ਕੇ ਆਏ ਸਨ। ਲੰਡਨ ਦੀਆਂ ਅਖਬਾਰਾਂ ਹੀ ਨਹੀਂ, ਬ੍ਰਤਾਨੀਆਂ ਭਰ ਦੀਆਂ ਅਖਬਾਰਾਂ ਹੀ
ਮਹਾਂਰਾਜੇ ਵਿਚ ਦਿਲਚਸਪੀ ਰਖਦੀਆਂ ਸਨ। ਉਸ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਛਪ ਰਹੀਆਂ
ਸਨ। ਕੋਈ ਕਹਿੰਦਾ ਕਿ ਕੋਹੇਨੂਰ ਹੀਰੇ ਦਾ ਅਸਲੀ ਮਾਲਕ ਲੰਡਨ ਆ ਗਿਆ ਹੈ। ਕੋਈ ਕਹਿੰਦਾ ਕਿ
ਹਿੰਦੁਸਤਾਨ ਦੇ ਰਾਜ ਦਾ ਆਖਰੀ ਥੰਮ ਲੰਡਨ ਵਿਚ ਆ ਡਿਗਿਆ ਹੈ। ਕੋਈ ਕਹਿੰਦਾ ਕਿ
ਹਿੰਦੁਸਤਾਨੀ ਕਿੰਨੇ ਉਜੱਡ ਹਨ ਕਿ ਇਕ ਬੱਚੇ ਨੂੰ ਹੀ ਆਪਣਾ ਮਹਾਂਰਾਜਾ ਸਮਝੀ ਜਾ ਰਹੇ ਹਨ।
ਕੋਈ ਕੁਝ ਤੇ ਕੋਈ ਕੁਝ। ਮਹਾਂਰਾਜੇ ਇਹ ਗੱਲਾਂ ਪੁੱਜਦੀਆਂ ਰਹਿੰਦੀਆਂ ਸਨ। ਉਸ ਨੂੰ ਚੰਗਾ
ਲਗਦਾ ਕਿ ਉਸ ਦੀ ਕੋਈ ਅਹਿਮੀਅਤ ਹੈ। ਹਿੰਦੁਸਤਾਨ ਵਿਚ ਰਹਿੰਦਿਆਂ ਤਾਂ ਉਹ ਗੁਮਨਾਮੀ ਦੀ
ਜਿ਼ੰਦਗੀ ਹੀ ਜਿਊ ਰਿਹਾ ਸੀ। ਪਰ ਮਿਸਟਰ ਲੋਗਨ ਕਿਸੇ ਨੂੰ ਵੀ ਉਸ ਨਾਲ ਮੁਲਕਾਤ ਦਾ ਮੌਕਾ
ਨਹੀਂ ਸੀ ਦੇ ਰਿਹਾ। ਪਹਿਲੇ ਦਿਨ ਦੀ ਸਰਵਿਸ ਤੋਂ ਬਾਅਦ ਵੀ ਉਹ ਮਹਾਂਰਾਜੇ ਨੂੰ ਕਿਸੇ
ਲੁਕਵੇਂ ਜਿਹੇ ਚਰਚ ਵੀ ਪਰਦੇ ਜਿਹੇ ਨਾਲ ਲੈ ਜਾਂਦਾ ਤਾਂ ਜੋ ਅਖਬਾਰਾਂ ਵਾਲਿਆਂ ਨੂੰ ਕੁਝ
ਪਤਾ ਹੀ ਨਾ ਚਲੇ। ਮਿਸਟਰ ਲੋਗਨ ਤੇਜ਼ ਵਿਅਕਤੀ ਸੀ। ਲੋਕਾਂ ਦੀ ਮਹਾਂਰਾਜੇ ਵਿਚ ਬੇਹੱਦ
ਦਿਲਚਸਪੀ ਸੀ। ਉਸ ਬਾਰੇ ਲਿਖਿਆ ਲੋਕਾਂ ਨੇ ਲੱਭ ਲੱਭ ਕੇ ਪੜ੍ਹਨਾ ਸੀ। ਇਹ ਵਾਹਵਾ ਵਿਕਣਾ
ਸੀ। ਮਹਾਂਰਾਜੇ ਬਾਰੇ ਲਿਖ ਕੇ ਖੂਬ ਪੈਸੇ ਕਮਾਏ ਜਾ ਸਕਦੇ ਸਨ। ਫਿਰ ਉਹ ਤੇ ਮਹਾਂਰਾਜੇ
ਬਾਰੇ ਸਭ ਤੋਂ ਵੱਧ ਜਾਣਦਾ ਸੀ, ਕਿਉਂ ਨਾ ਉਹ ਆਪ ਉਸ ਬਾਰੇ ਲਿਖੇ ਤੇ ਪੈਸੇ ਕਮਾਵੇ। ਇਸ
ਲਈ ਜਦ ਵੀ ਕੋਈ ਮਹਾਂਰਾਜੇ ਤਕ ਪਹੁੰਚ ਕਰਨ ਦੀ ਕੋਸਿ਼ਸ਼ ਕਰਦਾ ਤਾਂ ਉਹ ਸਖਤੀ ਨਾਲ ਨਾਂਹ
ਕਰ ਦਿੰਦਾ। ਪਤਰਕਾਰ ਵੀ ਡਾਕਟਰ ਲੋਗਨ ਦੀ ਮਨਸ਼ਾ ਨੂੰ ਸਮਝਣ ਲਗ ਪਏ ਸਨ। ਇਕ ਸਿਆਣਾ ਜਿਹਾ
ਪਤਰਕਾਰ ਡਾਕਟਰ ਲੋਗਨ ਨੂੰ ਇਕ ਪਾਸੇ ਕਰ ਕੇ ਕਹਿਣ ਲਗਿਆ,
“ਡਾਕਟਰ ਲੋਗਨ, ਸ਼ਾਇਦ ਮੈਂ ਤੁਹਾਡੇ ਮਨ ਦੀ ਗੱਲ ਸਮਝ ਰਿਹਾਂ, ਸ਼ਾਇਦ ਤੁਸੀਂ ਵਿਸ਼ੇਸ਼
ਕਾਰਨਾਂ ਕਰਕੇ ਮਹਾਂਰਾਜੇ ਨਾਲ ਸਾਡੀ ਮੁਲਾਕਾਤ ਨਹੀਂ ਕਰਾਉਣੀ ਚਾਹੁੰਦੇ। ਗੁੱਸਾ ਨਾ ਕਰਨਾ
ਡੌਕ, ਜੇ ਤੁਸੀਂ ਕੁਝ ਵੇਚਣਾ ਹੋਵੇ ਤਾਂ ਉਸ ਦੀ ਨੁਮਾਇਸ਼ ਤਾਂ ਕਰਨੀ ਪਵੇਗੀ। ਥੈਲੇ ਵਿਚ
ਬੰਦ ਕਰਕੇ ਕੁਝ ਨਹੀਂ ਵੇਚਿਆ ਜਾ ਸਕਦਾ।”
ਮਿਸਟਰ ਲੋਗਨ ਨੇ ਬਹੁਤ ਹੀ ਕੌੜੀਆਂ ਨਜ਼ਰਾਂ ਨਾਲ ਪੱਤਰਕਾਰ ਵਲ ਦੇਖਿਆ ਪਰ ਸੱਚ ਨੂੰ ਹਜ਼ਮ
ਕਰਨ ਵਿਚ ਬਹੁਤੀ ਮੁਸ਼ਕਲ ਨਾ ਆਈ। ਉਹ ਹਾਲੇ ਵੀ ਦੁਚਿੱਤੀ ਵਿਚ ਹੀ ਸੀ ਕਿ ਪੱਤਰਕਾਰ ਨੇ
ਫਿਰ ਕਿਹਾ,
“ਡਾਕਟਰ ਲੋਗਨ, ਹੋ ਸਕਦਾ ਏ ਇਹ ਅਖਬਾਰਾਂ ਵਾਲੇ ਤੁਹਾਡੇ ਮਾਲ ਦੀ ਕੀਮਤ ਘਟਾ ਵੀ ਦੇਣ,
ਇਹਨਾਂ ਤਾਂ ਕਲਮ ਹੀ ਘੁੰਮਾਉਣੀ ਏਂ। ਜੇ ਕੀਮਤ ਵਧਾਉਣੀ ਏਂ ਤਾਂ ਮਹਾਂਰਾਜੇ ਵਿਚ ਲੋਕਾਂ
ਦੀ ਦਿਲਚਸਪੀ ਪੈਦਾ ਕਰੋ।”
ਡਾਕਟਰ ਲੋਗਨ ਕੁਝ ਸੋਚਦਾ ਹੋਇਆ ਬੋਲਿਆ,
“ਠੀਕ ਏ, ਤੁਸੀਂ ਤਸਵੀਰਾਂ ਲੈ ਸਕਦੇ ਹੋ ਪਰ ਕੋਈ ਗੱਲਬਾਤ ਨਹੀਂ ਹੋਵੇਗੀ।”
ਪੱਤਰਕਾਰ ਏਨੇ ਨਾਲ ਹੀ ਖੁਸ਼ ਸਨ। ਮਹਾਂਰਾਜੇ ਦੀਆਂ ਤਸਵੀਰਾਂ ਮਿਲ ਜਾਣ ਬਾਕੀ ਦੀ ਕਹਾਣੀ
ਉਹਨਾਂ ਆਪ ਹੀ ਘੜ ਲੈਣੀ ਸੀ। ਡਾਕਟਰ ਲੋਗਨ ਨੇ ਮਹਾਂਰਾਜੇ ਨੂੰ ਤਿਆਰ ਕਰਵਾ ਕੇ ਘਰ ਦੇ
ਬਗੀਚੇ ਵਿਚ ਲੈ ਆਂਦਾ ਤੇ ਫੋਟੋਗਰਾਫਰ ਉਸ ਦੇ ਆਲੇ ਦੁਆਲੇ ਜਮ੍ਹਾਂ ਹੋ ਕੇ ਉਸ ਦੀਆਂ
ਤਸਵੀਰਾਂ ਲੈਣ ਲਗੇ। ਕੁਝ ਸਵਾਲ ਵੀ ਕਰ ਰਹੇ ਸਨ ਪਰ ਮਹਾਂਰਾਜਾ ਚੁੱਪ ਸੀ। ਡਾਕਟਰ ਲੋਗਨ
ਨੇ ਉਸ ਨੂੰ ਚੁੱਪ ਰਹਿਣ ਲਈ ਹੀ ਕਿਹਾ ਹੋਇਆ ਸੀ। ਅੱਧਾ ਘੰਟਾ ਤਸਵੀਰਾਂ ਲੈਣ ਦਾ ਕੰਮ
ਚਲਦਾ ਰਿਹਾ। ਮਹਾਂਰਾਜਾ ਹੁਣ ਕਾਹਲਾ ਜਿਹਾ ਪੈਣ ਲਗਿਆ ਸੀ। ਡਾਕਟਰ ਲੋਗਨ ਨੇ ਸਭ ਦਾ
ਧੰਨਵਾਦ ਕੀਤਾ ਤੇ ਮਹਾਂਰਾਜੇ ਨੂੰ ਵਾਪਸ ਅੰਦਰ ਭੇਜ ਦਿਤਾ ਗਿਆ। ਅਗਲੇ ਦਿਨ ਅਖਬਾਰਾਂ ਵਿਚ
ਮਹਾਂਰਾਜੇ ਦੀਆਂ ਤਸਵੀਰਾਂ ਛਪੀਆਂ ਸਨ ਤੇ ਨਾਲ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ
ਹੋਈਆਂ ਸਨ। ਜਿਹੜੀ ਟਿੱਪਣੀ ਇੰਡੀਆ ਹਾਊਸ ਤੇ ਬ੍ਰਤਾਨਵੀ ਸਰਕਾਰ ਨੂੰ ਬਹੁਤੀ ਚੁੱਭ ਰਹੀ
ਸੀ ਉਹ ਮਹਾਂਰਾਜੇ ਦੀ ਤਸਵੀਰ ਦੇ ਹੇਠ ਇਸ ਤਰ੍ਹਾਂ ਦਿਤੀ ਹੋਈ ਸੀ;
“ਇਹੋ ਹੈ ਉਹ ਬੱਚਾ ਜਿਸ ਦਾ ਬ੍ਰਤਾਨਵੀ ਸਰਕਾਰ ਅਪਹਰਣ ਕਰ ਕੇ ਲੈ ਆਈ ਹੈ।”
ਇਕ ਹੋਰ ਟਿੱਪਣੀ ਜਿਸ ਨੇ ਸ਼ਾਹੀ ਪਰਿਵਾਰ ਨੂੰ ਬਹੁਤ ਤਕਲੀਫ ਦਿਤੀ, ਜੋ ਆਇਰਸ਼ ਅਖਬਾਰ
ਵਿਚ ਛਪੀ ਸੀ ਇਵੇਂ ਸੀ;
“ਇਹੋ ਹੈ ਓਹ ਬੱਚਾ ਜਿਸ ਦਾ ਹੀਰਾ ਮਹਾਂਰਾਣੀ ਵਿਕਟੋਰੀਆ ਨੇ ਚੁਰਾਇਆ ਹੈ।”
(ਤਿਆਰੀ ਅਧੀਨ ਨਾਵਲ ‘ਸਾਡਾ ਮਹਾਂਰਾਜਾ: ਦਲੀਪ ਸਿੰਘ ਵਿਚੋਂ)
-0- |