ਨਿੱਕੇ ਹੁੰਦਿਆਂ ਤੋਂ ਹੁਣ
ਤੱਕ ਔਰਤ ਮਰਦ ਦੇ ਬਰਾਬਰ ਦੇ ਹੱਕਾਂ ਬਾਰੇ ਅਨੇਕਾ ਗੱਲਾਂ ਸੁਣੀਆਂ ,ਬਥੇਰੇ ਜਲਸੇ
ਹੁੰਦੇ ਦੇਖੇ,ਅਣਗਿਣਤ ਫਿਲਮਾਂ ਵਿੱਚ ਇਸ ਵਿਸ਼ੇ ਤੇ ਹੁੰਦੀ ਬਹਿਸ ਸੁਣੀ ਤੇ ਵੱਖੋ ਵੱਖ
ਚੈਨਲਾਂ ਤੇ ਚੱਲਣ ਵਾਲੇ ਨਾਟਕ ਵੀ ਦੇਖੇ ਪਰ ਇਹਨਾਂ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ
ਵੀ ਕਦੇ ਇਸ ਗੱਲ ਤੇ ਅਮਲ ਕਰਦੇ ਨਹੀਂ ਦੇਖਿਆਂ ਸਗੋਂ ਬਹੁਤੇ ਲੋਕ ਤਾਂ ਦੁਨੀਆਂ ਦੀ
ਨਜ਼ਰ ਵਿੱਚ ਚੰਗੇ ਬਣਨ ਲਈ ਹੀ ਅਜਿਹਾ ਕੁਝ ਕਰਦੇ ਰਹੇ ਤੇ ਇਹ ਸਭ ਕੁਝ ਅੱਜ ਵੀ ਜਾਰੀ
ਹੈ ।
ਬਹੁਤੇ ਮਾਂ ਬਾਪ ਦੇ ਮੂੰਹੋਂ ਆਪਣੇ ਜਵਾਨ ਪੁੱਤਰ ਬਾਰੇ ਇੱਕ ਗੱਲ ਆਮ ਹੀ ਸੁਣ ਨੂੰ ਮਿਲ
ਜਾਂਦੀ ਹੈ ਕਿ "ਅਸੀਂ ਤਾਂ ਕਹਿਤਾ ਕਿ ਭਾਈ ਜੇ ਤੈਨੂੰ ਕੋਈ ਕੁੜੀ ਪਸੰਦ ਆ ਤਾਂ ਦੱਸਦੇ,
ਬਾਅਦ ਚ ਨਾ ਆਖੀ ,ਜਿੱਥੇ ਕਹੇਂਗਾ ਅਸੀਂ ਤਾਂ ਉੱਥੇ ਹੀ ਵਿਆਹਦਾਂਗੇ " ਪਰ ਕਦੇ ਕੋਈ
ਮਾਂ ਬਾਪ ਆਪਣੀ ਧੀ ਨੂੰ ਇਹ ਗੱਲ ਕਦੇ ਨੀ ਨਹੀਂ ਕਹਿੰਦਾ ਕਿ ਤੂੰ ਜਿੱਥੇ ਕਰਾਉਣਾ
ਦੱਸਦੇ ।ਕਿਉਂਕਿ ਉਹ ਕੁੜੀ ਹੈ ਤੇ ਜੇ ਸਾਡੀ ਕੁੜੀ ਨੇ ਆਪਣੇ ਆਪ ਵਿਆਹ ਕਰਵਾ ਲਿਆ ਤਾਂ
ਲੋਕ ਕੀ ਕਹਿਣਗੇ ਕਿ ਕੁੜੀ ਨੇ ਆਪਣੇ ਆਪ ਵਿਆਹ ਕਰਵਾਇਆ ,ਅਸੀਂ ਤਾਂ ਮੁੰਹ ਦਿਖਾਉਣ
ਯੋਗੇ ਨੀ ਰਹਿਣਾ ।ਅਸਲ ਗੱਲ ਤਾਂ ਇਹ ਹੈ ਕਿ ਲੋਕ ਲੱਜ ਨੂੰ ਜਾਂ ਆਪਣੀ ਅੜੀ ਪਗਾਉਣ ਨੂੰ
ਸਾਡੇ ਲੋਕ ਆਪਣੀ ਧੀ ਨੂੰ ਕਿਸੇ ਮਾੜੇ ਘਰ ਤਾਂ ਵਿਆਹ ਦੇਣਗੇ ਪਰ ਉਸਦੀ ਮਰਜੀ ਨਾਲ ਕਿਸੇ
ਚੰਗੇ ਘਰ ਵਿੱਚ ਵਿਆਹ ਕਰਨ ਨੂੰ ਤਿਆਰ ਨਹੀਂ ਹੋਣਾ। ਇਸੇ ਅੜੀ ਜਾਂ ਇੱਜਤ ਅਣਖ ਦੀ ਅੱਗ
ਵਿੱਚ ਸੜੀਆਂ ਸਾਡੀਆਂ ਅਨੇਕਾ ਧੀਆਂ ਅੱਜ ਨਸ਼ੇੜੀ ਜਾ ਗਰੀਬ ਦੇ ਘਰ ਸੰਤਾਪ ਭੋਗ ਰਹੀਆਂ
ਹਨ ।
ਜਿਸ ਤਰਾਂ ਅੱਜ ਦੇ ਮਾਂ ਬਾਪ ਪੁਰਾਣੀਆਂ ਹੀ ਗੱਲਾਂ ਨੂੰ ਆਪਣੇ ਮਨਾਂ ਵਿੱਚ ਵਸਾਈ
ਇੱਜ਼ਤ ,ਅਣਖ ਦਾ ਰੌਲਾ ਪਾਉਂਦੇ ਆ ਰਹੇ ਹਨ ਉਸੇ ਤਰਾਂ ਅੱਜ ਦੀ ਨੌਜੁਵਾਨ ਪੀੜ੍ਹੀ ਵੀ
ਆਪਣੇ ਮਰਦਪੁਣੇ ਨੂੰ ਔਰਤ ਜਾਤ ਤੇ ਭਾਰੂ ਸਿੱਧ ਕਰਦੀ ਆ ਰਹੀ ਹੈ ।ਅਨੇਕਾ ਕਿਤਾਬਾਂ
ਪੜ੍ਹਨ ਤੋਂ ਬਾਅਦ ਵੀ ਉਹ ਅੱਜ ਤੱਕ ਔਰਤ ਨੂੰ ਪੁਰਾਣੇ ਮਰਦਾਂ ਵਾਂਗ ਪੈਰ ਦੀ ਜੁੱਤੀ ਹੀ
ਸਮਝ ਰਹੇ ਹਨ । ਇਹਨਾਂ ਪੜ੍ਹੇ ਲਿਖਿਆਂ ਦੀ ਸੋਚ ਇਹ ਹੈ ਕਿ ਸਾਡੀ ਭੈਣ ਸਾਰੀ ਜਿੰਦਗੀ
ਸ਼ਰੀਫ ਬਣਕੇ ਹੀ ਰਹੇ ਤੇ ਲੋਕਾਂ ਦੀਆਂ ਸ਼ਰੀਫ ਕੁੜੀਆ ਸਾਡੇ ਨਾਲ ਖੇਹ ਖਾਦੀਆਂ ਫਿਰਨ ।
ਜਿਵੇਂ ਕਹਿੰਦੇ ਹਨ ਕਿ ਗਰੀਬ ਦੀ ਘਰਵਾਲੀ ਸਭ ਦੀ ਭਾਬੀ ਹੁੰਦੀ ਆ ਉਸੇ ਤਰਾਂ ਸਾਡੀ
ਨੌਜੁਵਾਨ ਪੀੜ੍ਹੀ ਇਹ ਕਹਿੰਦੀ ਹੈ ਕਿ ਸਾਡੀ ਭੈਣ ਭੈਣ ਹੈ ਤੇ ਬਾਕੀਆਂ ਦੀਆਂ ਭੈਣਾ
ਮਸ਼ੂਕਾਂ ਹਨ ।
ਕਾਲਿਜ ਪੜ੍ਹਦੇ ਜਾ ਕਿਸੇ ਮੋੜ ਤੇ ਖੜੇ ਮੁੰਡੇ ਅਕਸਰ ਹੀ ਇੱਕ ਦੂਜੇ ਦੇ ਭਰਾਵਾਂ ਦੀ
ਗੱਲ ਕਰਦੇ ਰਹਿੰਦੇ ਹਨ ਕਿ ਤੇਰਾ ਭਾਈ ਫਲਾਣਿਆਂ ਦੀ ਕੁੜੀ ਨਾਲ ਫਿਰਦਾ ਹੁੰਦਾ ਤਾਂ
ਅਗਲਾ ਵੀ ਅੱਗੋਂ ਚੌੜਾ ਹੋ ਕੇ ਕਹਿ ਦਿੰਦਾ a ਕੋਈ ਨਾ ਉਹ ਤੋਂ ਹੋਰ ਵੀ ਕਈਆਂ ਨਾਲ
ਜਾਂਦਾ ਪਰ ਜੇ ਉਹੀ ਗੱਲ ਕੋਈ ਉਸਦੀ ਭੈਣ ਬਾਰੇ ਆਖ ਦੇਵੇ ਤਾਂ ਇਹ ਗੱਲ ਕਤਲ ਤੱਕ ਪਹੁੰਚ
ਜਾਂਦੀ ਹੈ ਭਾਵ ਇਹ ਹੈ ਕਿ ਸਾਡੇ ਮੁੰਡੇ ਸੋਚਦੇ ਨੇ ਕਿ ਸਾਡਾ ਭਾਈ ਜਾਂ ਅਸੀਂ ਆਪ
ਲੋਕਾਂ ਦੀਆਂ ਕੁੜੀਆਂ ਨਾਲ ਘੁੰਮ ਫਿਰ ਕੇ ਉਹਨਾਂ ਨੂੰ ਬੇਇੱਜਤ ਕਰ ਦਈਏ ਪਰ ਸਾਡੀ ਭੈਣ
ਬਾਰੇ ਕੋਈ ਐਹੋ ਜਿਹੀ ਗੱਲ ਨਾ ਆਖੇ ।ਪਰ ਇਹਨਾਂ ਨੌਜੁਵਾਨਾਂ ਨੂੰ ਇਹ ਗੱਲ ਸਮਝ ਲੈਣੀ
ਚਾਹੀਦੀ ਹੈ ਕਿ ਜੇ ਤੁਸੀ ਚਾਹੁੰਦੇ ਹੋ ਕਿ ਕੋਈ ਤੁਹਾਡੀ ਇੱਜ਼ਤ ਨੂੰ ਹੱਥ ਨਾ ਪਾਵੇ
ਤਾਂ ਤੁਹਾਨੂੰ ਖੁਦ ਨੂੰ ਵੀ ਲੋਕਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣਾ ਬੰਦ ਕਰਨਾ ਪਵੇਗਾ
।
ਸੋ ਇਸ ਵਿਸ਼ੇ ਤੇ ਗੱਲ ਤਾਂ ਬਹੁਤ ਲੰਮੀ ਹੋ ਸਕਦੀ ਹੈ ਪਰ ਸਮਝਣ ਵਾਲੇ ਇਸ ਲੇਖ ਦੀ
ਮੁੱਢਲੀ ਸਤਰ ਪੜ੍ਹਕੇ ਹੀ ਸਮਝ ਗਏ ਹੋਣਗੇ ਪਰ ਫਿਰ ਵੀ ਅੰਤ ਵਿੱਚ ਇਹ ਕਹਿ ਸਕਦੇ ਹਾਂ
ਕਿ ਜੇ ਅਸੀਂ ਆਪਣੇ ਪਰਿਵਾਰ ਨੂੰ ਇੱਜ਼ਤ ਵਾਲਾ ਪਰਿਵਾਰ ਬਣਾਉਣਾ ਚਾਹੁੰਣੇ ਹਾਂ ਤਾਂ
ਸਾਨੁੰ ਖੁਦ ਨੂੰ ਵੀ ਇਸ ਦਾ ਹਿੱਸਾ ਬਣਨਾ ਪਵੇਗਾ । ਸਾਨੂੰ ਆਪਣੀ ਇੱਜ਼ਤ ਦੇ ਨਾਲ ਨਾਲ
ਬਾਕੀ ਸਭ ਦੀ ਇੱਜ਼ਤ ਦਾ ਵੀ ਖਿਆਲ ਰੱਖਣਾ ਪਵੇਗਾ ਤੇ ਕਿਸੇ ਦੀ ਇੱਜ਼ਤ ਰੋਲਣ ਤੋਂ
ਪਹਿਲਾਂ ਇੱਕ ਵਾਰ ਆਪਣੇ ਘਰ ਦੀ ਇੱਜ਼ਤ ਬਾਰੇ ਜਰੂਰ ਸੋ ਲਿਆ ਜਾਵੇ ਕਿਉਂਕਿ ਸਾਡੇ ਵਾਂਗ
ਹੀ ਹੋ ਸਕਦਾ ਹੈ ਕਿ ਕੋਈ ਹੋਰ ਸਾਡੀ ਇੱਜ਼ਤ ਨੂੰ ਹੱਥ ਪਾ ਰਿਹਾ ਹੋਵੇ ਤੇ ਅਜਿਹਾ ਹੋਣ
ਤੇ ਸਾਡੇ ਪੱਲੇ ਪਛਤਾਵੇ ਬਿਨਾਂ ਕੁਝ ਵੀ ਨਹੀਂ ਬਚੇਗਾ ।
94649-56457
-0- |