ਸਾਡੇ ਬਾਪੂ ਨੂੰ ਕੁੱਤੇ
ਰੱਖਣ ਦਾ ਬੜਾ ਸ਼ੌਕ ਸੀ। ਆਪਣੇ ਬਚਪਨ ਤੋਂ ਹੀ ਅਸੀਂ ਘਰ ਚ ਕੁੱਤੇ ਦੇਖਦੇ ਆਏ ਹਾਂ। ਕਈ ਵਾਰੀ
ਇੱਕ ਵੀ ਤੇ ਕਈ ਵਾਰੀ ਇੱਕ ਤੋਂ ਵੱਧ ਵੀ। ਸਾਨੂੰ ਸੱਭ ਤੋਂ ਵੱਧ ਜੋਤੀ ਤੇ ਕਾਲੂ ਪਿਆਰੇ ਸੀ।
ਇਹ ਇਕ ਦੂਜੇ ਤੋਂ ਸਾਲ, ਡੇਢ ਸਾਲ ਛੋਟੇ ਵੱਡੇ ਸੀ। ਕਾਲੂ ਸੀ ਤਾਂ ਛੋਟਾ, ਪਰ ਬੜਾ ਛੋਹਲਾ
ਸੀ। ਜੋਤੀ ਵੱਡਾ ਤੇ ਤਕੜਾ ਸੀ; ਇਹ ਲੜਨ ਭਿੜਨ ਨੂੰ ਵੀ ਤੇਜ਼ ਸੀ। ਇਹ ਕਿਸੇ ਤੋਂ ਡਰਦਾ ਨਹੀਂ
ਸੀ – ਪੂਰਾ ਨਿੱਡਰ। ਵੱਡਾ ਸਾਰਾ ਮੂੰਹ ਸੀ। ਇਹਦੇ ਸਾਰੇ ਸਰੀਰ ਤੇ ਚਿੱਟੇ ਤੇ ਭੂਰੇ ਡੱਬ
ਸੀ। ਇਹ ਪੂਰੀ ਸ਼ਾਨ ਨਾਲ ਤੁਰਦਾ, ਭਲਵਾਨਾਂ ਵਾਗੂੰ। ਲੜਨ ਲੱਗਿਆਂ ਇਹਦੇ ਕੰਨ ਖੜੇ ਹੋ
ਜਾਂਦੇ। ਪਰ ਇਹਦਾ ਵੱਡਾ ਗੁਣ ਦਰਵੇਸ਼ਾਂ ਵਾਲਾ ਸਬਰ ਸੀ।
ਕਾਲੂ ਦਾ ਰੰਗ ਭੂਰਾ ਸੀ। ਏਸੇ ਕਰਕੇ ਇਹਦਾ ਨਾਂ ਕਾਲੂ ਪਾ ਲਿਆ ਸੀ। ਇਹ ਪਤਲਾ ਸੀ, ਛੀਂਟਕਾ
ਜਿਹਾ। ਦਰਮਿਆਨੇ ਕੱਦ ਤੇ ਖੜੇ ਕੰਨਾਂ ਵਾਲਾ। ਇਹ ਹਰ ਵੇਲੇ ਟਪੂੰ ਟਪੂੰ ਕਰਦਾ ਰਹਿੰਦਾ ਸੀ।
ਜੋਤੀ ਨੂੰ ਸਤਾਉਂਦਾ ਰਹਿੰਦਾ; ਉਹ ਚੁਪ ਚਾਪ ਅੱਖਾਂ ਮੀਟੀ ਲੇਟਿਆ ਰਹਿੰਦਾ। ਇਹਨੇ ਕਦੇ ਉਹਦੇ
ਉੱਤੇ ਚੜ੍ਹ ਜਾਣਾ, ਕਦੇ ਪੂਛ ਖਿੱਚਣੀ ਜਾਂ ਲੱਤ ਤੇ ਦੰਦੀ ਵੱਢ ਦੇਣੀ। ਵਿਚ ਵਿਚ ਜੋਤੀ ਨੇ
ਇਹਦੇ ਵੱਲ ਨੂੰ ਘੁਰਕਣਾ ਤਾਂ ਇਹਨੇ ਚੁੱਪ ਕਰਕੇ ‘ਰਾਮ ਨਾਲ ਬਹਿ ਜਾਣਾ। ਆਪਸ ਵਿਚ ਇਹਨਾਂ ਦਾ
ਏਨਾ ਕੁ ਹੀ ਮਨ ਮੁਟਾਵ ਦੇਖਿਆ। ਜੋਤੀ ਕਾਲੂ ਦਾ ਵੱਡਾ ਭਾਈ ਹੋ ਕੇ ਰਿਹਾ। ਕਾਲੂ ਬਹੁਤ ਤੇਜ਼
ਦੌੜਦਾ ਸੀ। ਏਨਾ ਤੇਜ਼, ਕਿ ਚੰਗੇ ਚੰਗੇ ਸਿਖਲਾਈ ਪ੍ਰਾਪਤ ਨਾਢੂ ਖਾਨਾਂ ਦੇ ਕੁੱਤਿਆਂ ਦੀਆਂ
ਘੀਸੀਆਂ ਕਰਾ ਦਿੰਦਾ ਸੀ। ਦੋਵੇਂ ਸਾਡੇ ਲਾਡ, ਚਾਅ ਵੀ ਸਮਝ ਲੈਂਦੇ ਸੀ ਤੇ ਘੂਰਾਂ ਨੂੰ ਵੀ।
ਕੋਈ ਭਾਸ਼ਾ ਦੀ ਸਾਂਝ ਜਰੂਰ ਹੋਣੀ ਹੈ।
ਸਾਡੇ ਘਰ ਦਾ ਵਿਹੜਾ ਖੁੱਲਾ ਡੁੱਲਾ ਸੀ। ਘਰਾਂ ਚ ਰੋਟੀ ਪਾਣੀ ਲਈ ਰਸੋਈਆਂ ਦਾ ਰਿਵਾਜ ਨਹੀਂ
ਸੀ ਪਿਆ ਅਜੇ। ਚੁੱਲੇ ਚੌਂਕੇ ਹੁੰਦੇ ਸੀ, ਉਦੋਂ। ਮੇਰੀ ਮਾਂ ਨੇ ਕੰਮ ਕਰਦਿਆਂ ਕੋਈ ਚੀਜ਼
ਅੰਦਰੋਂ ਲੈਣ ਜਾਣੀ, ਤਾਂ ਜੋਤੀ ਨੂੰ ਤਕੀਦ ਕਰ ਦੇਣੀ : ਖਿਆਲ ਰੱਖਿਓ, ਕਾਂ ਰੋਟੀਆਂ ਨਾਂ ਲੈ
ਜਾਣ। ਇਹਨੇ ਰਤਾ ਕੁ ਹੋਰ ਲਾਗੇ ਹੋ ਜਾਣਾ ਤੇ ਆਲੇ ਦੁਆਲੇ ਪੂਰੀ ਨਿਗ੍ਹਾ ਰੱਖਣੀ। ਜੇ ਕਿਸੇ
ਕਾਂ ਨੇ ਲਾਗੇ ਆਉਣਾ, ਤਾਂ ਕਾਲੂ ਨੇ ਦੂਰ ਤਾਈਂ ਭਜਾ ਕੇ ਆਉਣਾ। ਕਾਂ ਮਗਰ ਪਿਆ ਕਾਲੂ 5-7
ਫੁੱਟ ਉਚੀ ਕੰਧ ਤੇ ਚੜ੍ਹ ਜਾਂਦਾ ਸੀ। ਇਹ ਤਾਂ ਮੰਨੀ ਹੋਈ ਗੱਲ ਹੈ ਕਿ ਕੁੱਤਾ ਆਪਣੀ ਰੋਟੀ
ਕਿਸੇ ਨੂੰ ਨਹੀਂ ਦਿੰਦਾ, ਪਰ ਜੋਤੀ ਦੀ ਰੋਟੀ ਕਾਲੂ ਖਾ ਜਾਂਦਾ ਸੀ। ਇਸ ਦਰਵੇਸ਼ ਨੇ ਕਦੀ
ਬੁਰਾ ਨਹੀਂ ਸੀ ਮਨਾਇਆ। ਏਸੇ ਲਈ ਮਾਂ ਕਈ ਵਾਰ ਜੋਤੀ ਨੂੰ ਵਾਧੂ ਰੋਟੀ ਪਾ ਦਿੰਦੀ ਸੀ। ਕਦੇ
ਕਦੇ ਇਹ ਆਪਣੀ ਰੋਟੀ ਲੈ ਕੇ ਘਰ ਦੇ ਕਿਸੇ ਖੂੰਜੇ ਚ ਜਾ ਕੇ ਖਾ ਲੈਂਦਾ ਸੀ। ਇਹ ਸਾਰੇ ਟੱਬਰ
ਦਾ ਪਿਆਰਾ ਸੀ। ਪਰ ਬਾਪ ਦਾ ਵਧੇਰੇ ਮੋਹ ਕਾਲੂ ਨਾਲ਼ ਸੀ।
ਇਕ ਵਾਰ ਮੇਰੇ ਮਾਮੇ ਦਾ ਪੁੱਤ ਵਲੈਤੋਂ ਆਇਆ। ਹਾਸੇ ਹਾਸੇ ਚ ਉਹਨੇ ਮੇਰੀ ਭੈਣ ਦਾ ਗਲ ਫੜ੍ਹ
ਲਿਆ। ਦੇਖਦਿਆਂ ਹੀ ਜੋਤੀ ਨੇ ਮਾਮੇ ਦੇ ਪੁੱਤ ਨੂੰ ਸੰਘੋ ਫੜ੍ਹ ਹੀ ਲਿਆ ਸੀ, ਜੇ ਮੇਰੀ ਮਾਂ
ਵਿੱਚ ਪੈ ਕੇ ਨਾ ਰੋਕਦੀ। ਬਾਅਦ ਚ ਜਿੰਨਾ ਚਿਰ ਜੋਤੀ ਜੀਂਦਾ ਰਿਹਾ, ਮੇਰੇ ਮਾਮੇ ਦੇ ਪੁੱਤ
ਵੱਲ ਕੈੜਾ ਕੈੜਾ ਹੀ ਦੇਖਦਾ ਰਿਹਾ ਤੇ ਮਾਮੇ ਦਾ ਪੁੱਤ ਵੀ ਇਹਤੋਂ ਡਰਦਾ ਘਰ ਨਹੀਂ ਵੜਿਆ;
ਆਪਣੀ ਕੋਠੀ ਤੇ ਖੜੋ ਕੇ ਹੀ ਗੱਲ ਕਰ ਲੈਂਦਾ।
ਅੱਤਵਾਦ ਦੇ ਦਿਨਾਂ ਚ ਜਦੋਂ ਕਾਲੇ ਕੱਛਿਆਂ ਦਾ ਜ਼ੋਰ ਸੀ ਤਾਂ ਸਾਡੇ ਬਾਪ ਨੇ ਕਹਿਣਾ: ਜਿੰਨਾ
ਚਿਰ ਆਪਣਾ ਜੋਤੀ ਹੈ, ਤੁਸੀਂ ਬੇਫਿਕਰ ਹੋ ਕੇ ਸੌਂਇਆ ਕਰੋ। ਇਹ ਸੱਚ ਹੀ ਸੀ। ਇਨ੍ਹਾਂ ਦੇ
ਹੁੰਦਿਆਂ ਸਾਡੇ ਮਨ ਚ ਡਰ ਘੱਟ ਹੀ ਹੁੰਦਾ ਸੀ। ਕਿਸੇ ਦੀ ਹਿੰਮਤ ਵੀ ਨਹੀਂ ਸੀ ਪੈਂਦੀ।
ਜੋਤੀ ਦੀ ਤਕੜਾਈ ਦਾ ਆਲਮ ਇਹ ਸੀ ਕਿ ਇਹ ਪੰਜਾਂ ਸੱਤਾਂ ਕੁੱਤਿਆਂ ਚ ਘਿਰਿਆ ਵੀ ਭੱਜਦਾ ਨਹੀਂ
ਸੀ। ਅੜ ਕੇ ਖੜੋ ਜਾਂਦਾ। ਇਹਦਾ ਰੋਹਬ ਹੀ ਏਨਾ ਸੀ ਕਿ ਇਹਨੂੰ ਘੇਰੀ ਖੜ੍ਹੇ ਕੁੱਤੇ, ਆਪੇ ਹੀ
ਇੱਕ ਇੱਕ ਕਰਕੇ ਖਿਸਕ ਜਾਂਦੇ ਸੀ। ਇਹ ਆਪਣੀ ਮਸਤ ਚਾਲੇ ਸ਼ਾਨ ਨਾਲ ਘਰ ਆ ਜਾਂਦਾ। ਇੱਕੋ ਇੱਕ
ਕੁੱਤਾ ਸਾਡੇ ਗੁਆਂਢ ਸੀ, ਜੋ ਇਹਦੇ ਮੋਹਰੇ ਅੜਦਾ ਸੀ। ਓਹਦੀ ਵੀ ਡੀਲ ਡੌਲ ਜੋਤੀ ਵਰਗੀ ਸੀ।
ਨਾਂ ਇਹ ਭੱਜਦਾ ਸੀ, ਨਾ ਓਹ। ਗਲੀ ਚ ਓਨਾ ਚਿਰ ਅੜਕੇ ਖੜੇ ਰਹਿੰਦੇ, ਜਿੰਨਾ ਚਿਰ ਕੋਈ ਨਾ
ਕੋਈ ਆ ਕੇ ਛੁਡਾ ਨਾ ਦਿੰਦਾ। ਦੋਹਾਂ ਨੇ ਇਕ ਦੂਜੇ ਨੂੰ ਵੱਡਿਆ ਨਹੀਂ ਸੀ। ਇਨ੍ਹਾਂ ਦੀ ਲੜਾਈ
ਚੌਧਰ ਦੀ ਸੀ, ਜਾਂ ਸਵੈਮਾਣ ਦੀ।
ਪਰ ਕਾਲੂ ਦੌੜਨ ਨੂੰ ਬਹੁਤ ਤੇਜ਼ ਸੀ। ਸ਼ਿਕਾਰ ਖੇਡਣ ਗਏ ਸਾਡੇ ਬਾਪ ਨੇ ਮਾਣ ਨਾਲ ਆ ਕੇ
ਦੱਸਣਾ, ਕਿ ਫਲਾਨੇ ਫਲਾਨੇ ਦੇ ਕੁੱਤੇ ਨੇ ਐਨੇ ਸੈਹੇ ਫੜੇ ਤੇ ਸਾਡੇ ਕਾਲੂ ਇੱਕਲੇ ਨੇ ਐਨੇ;
ਸੱਭ ਤੋਂ ਵੱਧ। ਬਾਪ ਦੇ ਸਾਥੀ ਵੀ ਕਾਲੂ ਦੀ ਫ਼ੁਰਤੀ ਨੂੰ ਦੇਖ ਕੇ ਹੈਰਾਨ ਹੋਏ ਰਹਿੰਦੇ
ਕਿਉਂਕਿ ਇਹ ਸ਼ਿਕਾਰੀ ਕੁੱਤਿਆਂ ਦੀ ਨਸਲ ਚੋਂ ਨਹੀਂ ਸੀ।
ਜੋਤੀ ਤੇ ਕਾਲੂ ਦੇ ਹੁੰਦਿਆਂ ਹੀ ਅਸੀਂ ਇਕ ਬਿੱਲੀ ਵੀ ਲਿਆਂਦੀ। ਲਾਡ ਨਾਲ ਅਸੀਂ ਇਹਦਾ ਨਾਂ
ਨੂਰੀ ਰੱਖਿਆ। ਸ਼ੁਰੂ ਸ਼ੁਰੂ ਚ ਜੋਤੀ ਤੇ ਕਾਲੂ ਇਹਨੂੰ ਚੰਗਾ ਨਹੀਂ ਸੀ ਸਮਝਦੇ। ਜਦੋਂ ਦੇਖਦੇ
ਇਹਨੂੰ ਫੜਨ ਦੌੜਦੇ। ਪਰ ਬਿੱਲੀ ਤਾਂ ਬਿੱਲੀ ਸੀ। ਓਹ ਅਹਿਜੀਆਂ ਥਾਵਾਂ ਚ ਲੁਕ ਜਾਂਦੀ,
ਜਿੱਥੇ ਇਹ ਨਾ ਪਹੁੰਚ ਸਕਦੇ। ਹੌਲੀ ਹੌਲੀ ਇਹ ਰਚ ਮਿਚ ਗਏ। ਬਹੁਤ ਘੁਲ ਮਿਲ ਗਏ। ਬਾਅਦ ਚ
ਤਾਂ ਨੂਰੀ, ਜੋਤੀ ਤੇ ਢਿੱਡ ਤੇ ਵੀ ਸੌਂ ਜਾਇਆ ਕਰਦੀ ਸੀ। ਕਾਲੂ ਨਾਲ ਵੀ ਇਹਦਾ ਮੋਹ ਪੈ
ਗਿਆ। ਨੂਰੀ ਤੇ ਕਾਲੂ ਰਲ ਕੇ ਸ਼ਰਾਰਤਾਂ ਕਰਦੇ। ਇਕ ਦੂਜੇ ਦੇ ਮਗਰ ਦੋੜਦੇ। ਨੂਰੀ ਕਦੇ ਕਿੱਕਰ
ਤੇ ਚੜ੍ਹ ਜਾਂਦੀ ਕਦੇ ਕੋਠੇ ਤੇ ਚੜ ਜਾਂਦੀ ਤੇ ਉੱਤੋਂ ਕਾਲੂ ਨੂੰ ਚਿੜਾਉਂਦੀ। ਜੋਤੀ ਮੌਜ
ਨਾਲ ਪਿਆ ਰਹਿੰਦਾ। ਜਦੋਂ ਬਾਹਰ ਕੁੱਿਤਆਂ ਨੇ ਨੂਰੀ ਨੂੰ ਘੇਰ ਲੈਣਾ ਤਾਂ ਜੋਤੀ ਤੇ ਕਾਲੂ
ਦੋਹਾਂ ਨੇ ਭੱਜ ਕੇ ਇਹਦੀ ਮਦਦ ਲਈ ਜਾਣਾ। ਇੱਕ ਨੇ ਓਧਰ ਹੋ ਜਾਣ ਇੱਕ ਨੇ ਓਧਰ ਤੇ, ਤੇ ਨੂਰੀ
ਨੇ ਵਿਚਾਲੇ ਤੁਰੀ ਆਉਣਾ; ਜਿਵੇਂ ਰਾਣੀ ਆਪਣੇ ਬਾਡੀਗਾਰਡਾਂ ਚ ਤੁਰੀ ਜਾਂਦੀ ਹੋਵੇ।
ਸਾਡੇ ਲਾਗਲੇ ਪਿੰਡਾਂ ਚ ਮਹੰਤਾਂ ਦੀ ਕੋਈ ਸੌ ਕੁ ਏਕੜ ਜ਼ਮੀਨ ਬੇਆਬਾਦ ਪਈ ਸੀ। ਏਥੇ ਹਰ ਸਾਲ
ਕੁੱਤਿਆਂ ਦੀਆਂ ਦੌੜਾਂ ਹੋਇਆ ਕਰਦੀਆਂ ਸੀ। ਸਾਡੇ ਬਾਪ ਨੂੰ ਬੜਾ ਸ਼ੌਕ ਸੀ ਕਿ ਕਾਲੂ ਵੀ ਵੀ
ਇਹਨਾਂ ਦੋੜਾਂ ਚ ਹਿੱਸਾ ਲਵੇ। ਪਰ ਓਥੇ ਇਹ ਸ਼ਰਤ ਲੱਗਭਗ ਤੈਅ ਹੀ ਸੀ ਕਿ ਕੁੱਤਿਆਂ ਵਾਲੇ
ਸਰਦੇ ਪੁੱਜਦੇ ਸਰਦਾਰ ਹੋਣ। ਸਿੱਧਾ ਸਿੱਧਾ ਮਤਲਬ ਤਾਂ ਇਹੋ ਸੀ ਕਿ ਮਹਿੰਗੇ ਭਾਅ ਖਰੀਦੇ,
ਨਸਲ ਦੇ ਕੁੱਤੇ ਹੀ ਦੌੜਨ ਤੇ ਮਾਲਕ ਵੀ ਰੁੱਤਬਿਆਂ ਵਾਲੇ ਹੋਣ। ਪੂਰੀ ਠਾਠ ਬਾਠ ਵਾਲੇ। ਸਾਡਾ
ਬਾਪ ਦੌੜਾਂ ਦੇਖਣ ਗਿਆ ਕਾਲੂ ਨੂੰ ਐਵੇਂ ਹੀ ਹਰ ਵਾਰੀ ਨਾਲ ਲੈ ਜਾਂਦਾ ਸੀ। ਕਦੇ ਕਦੇ ਇਹਨੇ
ਕਾਲੂ ਨੂੰ ਦੌੜਾਉਣ ਦੀ ਗੱਲ ਵੀ ਕਰ ਦੇਣੀ। ਉਹਨਾਂ ਮੋਹਰਿਓਂ ਇਹਨੂੰ ਤਰ੍ਹਾਂ ਤਰ੍ਹਾਂ ਦੇ
ਮਖ਼ੌਲ ਕਰਨੇ। ਇਕ ਵਾਰ ਸਾਡਾ ਬਾਪ ਸ਼ਰਾਬੀ ਸੀ ਤੇ ਇਹਨੇ ਗੁੱਸੇ ਚ ਆਏ ਨੇ ਪੁਚਕਾਰ ਕੇ ਕਾਲੂ
ਨੂੰ ਵੀ ਛੱਡ ਦਿੱਤਾ। ਕਾਲੂ ਨੇ ਸਹਿਆ ਫਾਈਨਲ ਵਾਲੇ ਦੋਹਾਂ ਕੁੱਤਿਆਂ ਤੋਂ ਪਹਿਲਾਂ ਹੀ ਜਾ
ਫੜਿਆ। ਹੋ ਹੱਲਾ ਮੱਚ ਗਿਆ। ਕੁੱਤਿਆਂ ਦੀ ਘੱਟ ਪਰ ਰੁਤਬੇ ਵਾਲ਼ਿਆਂ ਦੀ ਜ਼ਿਆਦਾ ਲਹਿ ਗਈ
ਸੀ-ਸੱਭ ਦੇ ਸਾਹਮਣੇ। ਚੌਧਰੀਆਂ ਸਾਡੇ ਬਾਪ ਤੇ ਕਾਲੂ ਦੋਹਾਂ ਨੂੰ ਫੜ ਕੇ ਬਿਠਾ ਲਿਆ। ਉਹ
ਕਹਿਣ ਸਾਡਾ ਬਾਪ ਨੂੰ ਤਾਂ ਛੱਡਾਂਗੇ ਜੇ ਇਹ ਜੁਰਮਾਨਾ ਦੇਵੇ, ਤੇ ਕਾਲੂ ਨੂੰ ਗੋਲੀ ਹੀ
ਮਾਰਨੀ ਹੈ। ਬਾਪੂ ਮੁੜ ਮੁੜ ਕੇ ਇੱਕੋ ਗੱਲ ਹੀ ਕਹੀ ਜਾਵੇ: ਹੁਣ ਤੁਸੀਂ ਜੋ ਮਰਜੀ ਕਰ ਲਓ;
ਗੋਲੀ ਤਾਂ ਭਾਵੇਂ ਮੈਨੂੰ ਵੀ ਮਾਰ ਦਿਓ। ਪਰ ਮੇਰੇ ਕਾਲੂ ਨੇ ਤੁਹਾਡੇ ਲੱਖ ਲੱਖ ਦੇ ਕੁੱਤਿਆਂ
ਦੀ ਅਹੀ ਤਹੀ ਤਾਂ ਫੇਰ ਹੀ ਦਿੱਤੀ ਆ, ਕਿ ਨਹੀਂ। ਅਖ਼ੀਰ ਚ, ਲਾਗਲੇ ਪਿੰਡਾਂ ਦੇ ਮੋਹਤਬਰਾਂ
ਵਿੱਚ ਪੈ ਕੇ ਗੱਲ ਰਫਾ ਦਫਾ ਕਰਵਾ ਦਿੱਤੀ। ਓਦਣ ਬਾਪ ਪਿੰਡ ਨੂੰ ਬਾਘੀਆਂ ਪਾਉਂਦਾ ਮੁੜਿਆ।
ਕਹਿੰਦਾ: ਓਏ ਮੇਰਾ ਕਾਲੂ ਜਿੱਤ ਗਿਆ, ਓਏ ਮੇਰਾ ਕਾਲੂ ਜਿੱਤ ਗਿਆ। ਬਾਪ ਨੇ ਏਸੇ ਖੁਸ਼ੀ ਚ
ਆਪਣੇ ਆੜੀਆਂ-ਬੇਲੀਆਂ ਨੂੰ ਪਿਆਈ ਵੀ।
ਬਾਪ ਦੇ ਲਾਡਲੇ ਕਾਲੂ ਦੀ ਮੌਤ ਵੀ ਸਹੇ ਮਗਰ ਭੱਜਦਿਆਂ ਹੋਈ। ਭੱਜਾ ਜਾਂਦਾ ਇਹ ਖੇਤ ਵਾਹੁੰਣ
ਵਾਲੀਆਂ ਟਰੈਕਟਰ ਦੀਆਂ ਤਵੀਆਂ ਜਾ ਵੱਜਾ। ਵਿਚਾਲਿਓਂ ਲੱਕ ਵੱਢਿਆ ਗਿਆ। ਡੂੰਘਾ ਕੱਟ ਸੀ
ਬਾਪੂ ਦੇ ਦੇਖਦੇ ਦੇਖਦੇ ਥਾਂ ਤੇ ਹੀ ਪੂਰਾ ਹੋ ਗਿਆ। ਓਦਣ ਬਾਪ ਬੜਾ ਰੋਇਆ। ਕਿੰਨਾ ਚਿਰ
ਵਰਲਾਪ ਕਰਦਾ ਰਿਹਾ। ਕਿਹਾ ਕਰੇ: ਮੇਰਾ ਕਾਲੂ ਸੱਭ ਤੋਂ ਤਕੜਾ ਸੀ। ਚੰਗੇ ਤੋਂ ਚੰਗੇ
ਕੁੱਤਿਆਂ ਨੂੰ ਅੱਗੇ ਨਹੀ ਸੀ ਲੰਘਣ ਦਿੱਤਾ, ਮੇਰਾ ਸ਼ੇਰ ਪੁੱਤ ਸੀ, ਓਹ।
ਜੋਤੀ ਦੀ ਮੌਤ ਵੀ ਏਦਾਂ ਹੀ ਹੋਈ, ਤੌੜੀ ਦੇ ਗਲਮੇਂ ਕਾਰਨ। ਲੱਸੀ ਪੀਂਦੇ ਨੇ ਤੌੜੀ ਧੌਣ ਚ
ਫਸਾ ਲਈ। ਭੱਜੇ ਫਿਰਦੇ ਤੋਂ ਤੌੜੀ ਦਾ ਹੇਠਲਾ ਹਿੱਸਾ ਭੱਜ ਕੇ ਲਹਿ ਗਿਆ ਤੇ ਗਲ਼ਵਾਂ ਇਹਦੇ ਗਲ਼
ਚ ਫਸਿਆ ਰਹਿ ਗਿਆ। ਇਹਨੂੰ ਕੱਢਦਿਆਂ ਜੋਤੀ ਦੇ ਗਲ਼ੇ ਤੇ ਜ਼ਖਮ ਹੋ ਗਿਆ। ਅਸੀਂ ਬੜਾ ਓਹੜ ਪੋਹੜ
ਕੀਤਾ, ਪਰ ਗੱਲ ਨਾ ਬਣੀ। ਧੌਣ ਦਾ ਇਕ ਪਾਸਾ ਤੇ ਅੱਖ ਗਲ਼ ਹੀ ਗਈ। ਇਹ ਕੰਧਾਂ ਚ ਵਜਦਾ
ਫਿਰਿਆਂ ਕਰੇ। ਆਖ਼ਰੀ ਦਿਨ ਘਰੇ ਰਿਹਾ। ਕਦੇ ਕਿਸੇ ਜੀਅ ਵੱਲ ਜਾਵੇ, ਕਦੇ ਕਿਸੇ ਵੱਲ। ਜਿਵੇਂ
ਕਹਿ ਰਿਹਾ ਹੋਵੇ, ਮੈਨੂੰ ਕਿਸੇ ਤਰ੍ਹਾਂ ਬਚਾ ਲਓ। ਅਸੀਂ ਉਹਨੂੰ ਡਾਕਟਰਾਂ ਕੋਲ ਲਿਜਾਣ ਜੋਗੇ
ਵੀ ਨਹੀਂ ਸੀ। ਬੱਸ ਘਰ ਦਾ ਓਹੜ ਪੋਹੜ ਹੀ ਸੀ। ਘਰ ਦੇ ਕਿਸੇ ਜੀਅ ਨੂੰ ਇਹਦੇ ਤੋਂ ਕਚਿਆਣ
ਨਹੀਂ ਸੀ ਆਈ। ਪੂਰਾ ਹੋਇਆ ਤਾਂ ਹੱਥੀਂ ਦੱਬ ਕੇ ਆਏ। ਓਦਣ ਸਾਡੇ ਘਰ ਨਾ ਰੋਟੀ ਪੱਕੀ, ਨਾ
ਕਿਸੇ ਨੇ ਖਾਧੀ। ਕਿੰਨੇ ਦਿਨ ਘਰ ਭਾਂਅ ਭਾਂਅ ਕਰਦਾ ਰਿਹਾ। ਫਿਰ ਬਲਵਾਨ ਸਮੇਂ ਨੇ ਕਾਲੂ ਤੇ
ਜੋਤੀ ਬਿਨਾਂ ਹੀ ਰਹਿਣ ਦੀ ਆਦਤ ਪਾ ਦਿੱਤੀ।
ਜੋਤੀ ਤੇ ਕਾਲੂ ਦੇ ਬਾਅਦ ਅਸੀਂ ਇਕ ਹੋਰ ਕੁੱਤਾ ਵੀ ਲਿਆਂਦਾ। ਓਹਦਾ ਨਾਂ ਬਿੱਲੂ ਰੱਖਿਆ।
ਹੁਣ ਨੂਰੀ ਇਹਦੇ ਪੈਰ ਨਾ ਲੱਗਣ ਦੇਵੇ। ਫਿਰ ਹੌਲੀ ਹੌਲੀ ਇਹ ਰਚ ਮਿਚ ਗਏ। ਮੈਂ ਮਾਂ ਤੋਂ
ਚੋਰੀ ਆਪਣੇ ਹਿੱਸੇ ਦਾ ਦੁੱਧ ਵੀ ਇਨ੍ਹਾ ਨੂੰ ਪਿਲਾ ਦਿੰਦਾ ਸੀ। ਸਿਆਲਾਂ ਦੇ ਦਿਨੀਂ ਇਹ
ਦੋਵੇਂ ਮੇਰੀ ਰਜਾਈ ਚ ਵੜ ਜਾਂਦੇ ਤੇ ਆਪਸ ਵਿਚ ਝਗੜਦੇ ਰਹਿੰਦੇ। ਮੈਂ ਗੁਰੂ ਨਾਨਕ ਦੇਵ
ਯੂਨੀਵਰਸਿਟੀ ਚਲੇ ਗਿਆ ਤੇ ਓਥੇ ਹੀ ਹੋਸਟਲ ਚ ਰਹਿਣ ਲੱਗ ਪਿਆ। ਜਦੋਂ ਵਿਚ ਵਿਚਾਲੇ ਘਰ ਆਉਣਾ
ਤਾਂ ਘਰ ਦਿਆਂ ਦੱਸਣਾ ਕਿ ਇਹ ਦੋਵੇਂ ਮੇਰੇ ਵਾਲੇ ਮੰਜੇ ਤੇ ਪੈਂਦੇ ਸੀ ਤੇ ਕਿਸੇ ਨੂੰ ਲਾਗੇ
ਨਹੀਂ ਸੀ ਆਉਣ ਦਿੰਦੇ। ਜਦੋਂ ਮਂੈ ਘਰ ਆਉਣਾਂ, ਤਾਂ ਇਨ੍ਹਾਂ ਨੇ ਪੈਣ ਤੋਂ ਆਪਸ ਵਿਚ ਵੀ ਝਗੜ
ਪੈਣਾ। ਨੂਰੀ ਸਾਡੇ ਗੁਆਂਢੀਆਂ ਦੇ ਮੁੰਡੇ ਨੇ ਮਾਰੀ, ਅਖੇ: ਇਹਨੇ ਮੇਰਾ ਕਬੂਤਰ ਖਾ ਲਿਆ ਸੀ।
ਬਿੱਲੂ ਨੂੰ ਮੇਰੇ ਤਾਏ ਦਾ ਪੁੱਤ ਧੱਕੇ ਨਾਲ ਲੈ ਗਿਆ। ਜਦੋਂ ਅਸੀਂ ਮਿਲਣ ਜਾਣਾ ਤਾਂ ਇਹਨੇ
ਬੜਾ ਖੌਰੂ ਪਾਉਣਾ। ਮੇਰੇ ਪੁੱਤਾਂ ਨਾਲ ਲਾਡ ਕਰਨੇ। ਫੇਰ ਤਾਏ ਦੇ ਪੁੱਤ ਚੁੱਪ ਚੁਪੀਤੇ
ਬਿੱਲੂ ਗਾਂਹ ਤੋਰ ਦਿੱਤਾ।
ਹੁਣ ਹੋਰ ਜਾਨਵਰ ਰੱਖਣ ਲਈ ਸਮਾਂ ਨਹੀਂ। ਪਰ ਜੋਤੀ, ਕਾਲੂ ਤੇ ਨੂਰੀ ਨਾ ਭੁੱਲਣਹਾਰ ਨੇ। •
-0-
|