ਪੰਜਾਬੀ ਦਾ ਅਖਾਣ ਹੈ ਕਿ ਕਿਸੇ ਬੰਦੇ ਨੂੰ ਚੰਗੀ ਤਰਾਂ ਜਾਨਣ ਲਈ ਦੋ ਅਹਿਮ
ਸਰੋਤ ਹਨ । “ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ” । ਮੈਂ ਡਾਂ
ਜਗਤਾਰ ਨੂੰ ਦੋਵੇਂ ਤਰਾਂ ਜਾਨਣ ਦੀ ਕੋਸਿ਼ਸ਼ ਕੀਤੀ ਹੈ । ਉਸ ਨਾਲ ਵਾਹ ਪਾ
ਕੇ ਵੀ ਦੇਖਿਆ ਹੈ ਅਤੇ ਰਾਹ ਪੈ ਕੇ ਸਫਰ ਵੀ ਇਕੱਠਿਆਂ ਕੀਤਾ ਹੈ । ਜਿੰਦਗੀ
ਦੇ 55 ਸਾਲਾ ਦੀ ਸੰਾਂਝ ਦੀ ਲੰਮੀ ਕੜੀ ਰਹੀ ਹੈ । ਮੇਰਾ ਜਗਤਾਰ ਤੇ ਭਰੋਸਾ
ਰਿਸ਼ਤੇਦਾਰਾਂ ਤੋਂ ਵਧ ਰਿਹਾ ਹੈ । ਉਹਦੇ ਨਾਲ ਹਰ ਮਸਲੇ ਸਬੰਧੀ ਗਲਬਾਤ,
ਭੇਤ ਸਾਂਝ ਇਹੋ ਜਿਹੇ ਰੂਪ ਵਿਚ ਰਿਹਾ ਹੇ, ਜਦੋਂ ਕੋਈ ਆਪਣੇ ਆਪ ਨਾਲੋਂ
ਆਪਣੇ ਦੋਸਤ ਨੂੰ ਵਧ ਮਾਣ ਦਿੰਦਾ ਹੋਵੇ ।
ਸਾਡੀ ਦੋਸਤੀ ਦੀ ਸ਼ੁਰੂਆਤ 1964 ਵਿਚ “ਕਵਿਤਾ” ਰਸਾਲੇ ਦੇ ਸਲਾਨਾ ਅਤੇ
ਕਵਿਤਾ ਅੰਕ ਨਾਲ ਹੋਈ । ਉਸ ਅੰਕ ਵਿਚ ਪੰਜਾਬੀ ਦੇ ਸਾਰੇ ਚੋਟੀ ਦੇ ਕਵੀ
ਸ਼ਾਮਲ ਸਨ । ਉਸ ਪਰਚੇ ਦੀ ਦਿਖ ਤੇ ਮੈਟਰ ਦਾ ਮਿਆਰ ਏਨਾ ਚੰਗਾ ਸੀ ਜੋ ਕਿ
ਕਈ ਸਾਲ ਬਾਅਦ ਤਕ ਵੀ ਉਸ ਦਾ ਜਿ਼ਕਰ ਚਲਦਾ ਰਿਹਾ । ਕਵਿਤਾ ਦਾ ਐਡੀਟਰ
ਕਰਤਾਰ ਸਿੰਘ ਬਲੱਗਨ ਸੀ ਅਤੇ ਕਵਿਤਾ ਦੇ ਸਲਾਨਾ ਅਤ ਕਵਿਤਾ ਨੰਬਰ ਦੇ
ਐਡੀਟਰ ਜਗਤਾਰ ਸਨ ।
ਪੰਜਾਬੀ ਕਾਵਿ ਜਗਤ ਵਿਚ ਦੁੱਧ ਪੱਥਰੀ ਦੇ ਛਪਣ ਤੋਂ ਲੈ ਕੇ ਜਗਤਾਰ ਦਾ
ਜਿ਼ਕਰ ਹਮੇਸ਼ਾ ਮੋਹਰੀ ਸ਼ਾਇਰਾਂ ਵਿਚ ਹੁੰਦਾ ਰਿਹਾ ਹੈ । ਉਸ ਨੂੰ ਕਿਸੇ
ਲਹਿਰ ਜਾਂ ਕਿਸੇ ਅਖੌਤੀ ਵਾਦ ਜਾਂ ਧਾਰਾ ਦਾ ਕਵੀ ਨਹੀਂ ਗਰਦਾਨਿਆ ਜਾ ਸਕਦਾ
। ਜਗਤਾਰ ਦੀ ਕਵਿਤਾ ਦੀ ਧਰਾਤਲ ਹਮੇਸ਼ਾ ਪ੍ਰਗਤੀਵਾਦੀ ਰਹੀ ਹੈ । ਇਹੀ ਮਾਣ
ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਦਾ ਰਿਹਾ ਹੈ ।
ਸ਼ੇਰ ਜੰਗ ਜਾਂਗਲੀ ਭਾਰਤ ਸਮੇਂ ਤੋਂ ਹੀ ਜਗਤਾਰ ਤੇ ਜਸਵੰਤ ਸਿੰਘ ਕੰਵਲ ਦਾ
ਮਿੱਤਰ ਸੀ । ਉਹ ਦੇਸ ਪ੍ਰਦੇਸ਼ ਦੇ ਦਫੱਤਰ ਵਿਚ ਕੰਮ ਕਰਦਾ ਸੀ । ਤਰਸੇਮ
ਪੁਰੇਵਾਲ ਨਾਲ ਮੇਰੀ ਵੀ ਦੋਸਤੀ ਸੀ । ਅਸੀਂ ਸਲਾਹ ਕਰਕੇ ਇਹਨਾਂ ਦੋਹਾਂ
ਜਗਤਾਰ ਤੇ ਕੰਵਲ ਨੂੰ ਇੰਗਲੈਂਡ ਆਉਣ ਦਾ ਸੱਦਾ ਭੇਜਿਆ । ਹਵਾਈ ਟਿਕਟਾ ਦੇ
ਪੈਸੇ ਤਰਸੇਮ ਪੁਰੇਵਾਲ ਨੇ ਦੇਣੇ ਮੰਨ ਲਏ । ਉਸ ਨੇ ਇਕ ਹਵਾਈ ਟਿਕਟਾਂ ਦੇ
ਛਪਦੇ ਇਸ਼ਤਾਰ ਵਾਲੇ ਤੋਂ ਪੈਸੇ ਲੈਣੇ ਸਨ । ਉਸ ਤੋਂ ਦੋ ਟਿਕਟਾ ਲੈ ਕੇ
ਅਸੀਂ ਉਹਨਾਂ ਨੂੰ ਭੇਜ ਦਿਤੀਆਂ । ਜੋ ਕਿ ਬਾਅਦ ਵਿਚ ਕਲੀਅਰ ਨਾ ਹੋ ਸਕੀਆਂ
। ਟਿਕਟਾ ਦੇ ਕਲੀਅਰ ਨਾ ਹੋਣ ਦਾ ਪਤਾ ਪੰਜਾਬ ਟਾਈਮ ਅਖਬਾਰ ਨੂੰ ਲਗਾ ਤਾਂ
ਊਹਨਾਂ ਪਹਿਲੇ ਸਫੇ ਤੇ ਇਹ ਖੱਬਰ ਛਾਪ ਦਿਤੀ । ਜਿਸਨੁੰ ਅਧਾਰ ਬਣਾ ਕੇ
ਪੰਜਾਬ ਦੀਆਂ ਪਜਾਬੀ ਅਖਬਾਰਾ ਨੇ ਵੀ ਛਾਪਿਆ । ਸਾਡੀ ਦੋੁਸਤੀ ਨੇ ਪੰਜਾਬੀ
ਲੇਖਕਾ ਦੇ ਕਈ ਰੰਗ ਦੇਖੇ ਹਨ । ਜਿਹੜੇ ਕਦੇ ਜਗਤਾਰ ਦਾ ਨਾਂ ਸੁਣਕੇ ਹੀ ਉਸ
ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਸਨ, ਕੁਝ ਸਮੇਂ ਪਿਛੋਂ ਜਗਤਾਰ ਦੀ
ਕਵਿਤਾ ਦੀ ਸਿਫਤ ਵਿਚ ਜਗਤਾਰ ਨੂੰ ਲਿਖੇ ਖੱਤ ਵੀ ਦੇਖੇ ਹਨ । ਇਹ ਖੁਸ਼
ਕਿਸਮਤੀ ਰਹੀ ਹੈ ਕਿ ਉਹ ਇੰਗਲੈਂਡ ਕਿਸੇ ਵੀ ਵਾਦ-ਵਿਵਾਦੀ ਝੰਜਟ ਸਮੇਂ
ਨਹੀਂ ਆਇਆ ਤੇ ਜਦੋਂ ਆਇਆ ਤਾਂ ਚੁਪ ਚਾਪ ਅਮਰੀਕਾ ਤੇ ਕਨੇਡਾ ਤੋਂ ਪਰਤਦਾ ਆ
ਗਿਆ । ਏਥੇ ਆ ਕੇ ਕਈ ਹੋਰਾਂ ਵਾਂਗ ਨਾ ਪੈਸਿਆਂ ਲਈ ਹੱਥ ਅਡਿਆ । ਨਾ ਸਭਾ
ਸੁਸਾਇਟੀਆਂ ਤੋਂ ਮਾਣ ਸਨਮਾਨ ਲਈ ਤਰਲੇ ਕੀਤੇ ਤੇ ਨਾ ਹੀ ਗੁਰਦੁਆਰਿਆਂ ਵਿਚ
ਕਵਿਤਾ ਪੜ੍ਹ ਕੇ ਪੈਸੇ ਵਸੂਲਣ ਗਿਆ । ਜਿਹਨਾ ਦੋਸਤਾਂ ਨਾਲ ਜਾਣ ਪਹਿਚਾਣ
ਸੀ, ਉਹਨਾਂ ਕੋਲ ਠਹਿਰਿਆ ਅਤੇ ਉਹਨਾਂ ਨਾਲ ਹੀ ਘੁੰਮਿਆ ਫਿਰਿਆ ।
ਜਗਤਾਰ ਨੰ ੂਜਿੰਦਗੀ ਵਿਚ ਅਣਕਿਆਸੇ ਅਜਿਹੇ ਹਾਦਸੇ ਵਾਪਰੇ ਜੋ ਨਿੱਕੀ ਤੋਂ
ਨਿੱਕੀ ਗਲ ਦਾ ਇਹਸਾਸ ਕਰਨ ਵਾਲੇ ਸ਼ਾਇਰ ਲਈ ਸਦਾ ਸਦਾ ਲਈ ਰੋਗ ਵੀ ਲਾ
ਸਕਦੇ ਸਨ । ਅਤੇ ਉਸ ਨੂੰ ਕਾਵਿ ਖੇਤਰ ਤੋਂ ਵੀ ਭਜਾ ਸਕਦੇ ਸਨ । ਬੰਦੇ ਦੀ
ਇਹੋ ਮਹਾਨਤਾ ਹੈ ਜੋ ਅਣਹੋਣੀ ਹੋਈ ਤੇ ਵੀ ਸਹਿਜਤਾ ਨਾਲ ਵਿਚਰ ਸਕੇ । ਭਰ
ਜਵਾਨੀ ਵਿਚ ਛੋਟੇ ਭਰਾ, ਭੈਣ, ਭਣਵਈਏ ਦੀਆਂ ਮੌਤਾਂ ਅਤੇ ਸਰੀਕਾਂ ਨਾਲ
ਲੰਮਾ ਮੁਕੱਦਮਾ ਝੱਗੜ ਕੇ ਵੀ ਜੇ ਜਗਤਾਰ ਚੰਗਾ ਕਵੀ ਹੈ ਤਾਂ ਉਸ ਦੀ ਇਸ
ਦੇਣ ਅੱਗੇ ਸੀਸ ਨਿਵਾਇਆਂ ਹੀ ਬਣਦਾ ਹੈ ।
ਸਕੂਲ ਮਾਸਟਰੀ ਤੋਂ ਡਾਕਟਰੀ ਤੱਕ ਦਾ ਸਫ਼ਰ ਇਕ ਮਾਹਰਕੇ ਦੀ ਕਾਮਯਾਬੀ ਹੈ ।
ਉਸ ਨੇ ਤਿੰਨ ਐਮ ਏ ਪੰਜਾਬ ਯੂਨੀਵਰੱਸਟੀ ਵਿਚੋਂ ਪਹਿਲੇ ਸਥਾਨ ਤੇ ਪਾਸ
ਕੀਤੀਆਂ ਅਤੇ ਪਾਕਿਸਤਾਨ ਦੀ ਪੰਜਾਬੀ ਕਵਿਤਾ ਤੇ ਪੀ ਐਚ ਡੀ ਦਾ ਥੀਸਸ ਲਖਿਆ
। ਮੈਨੂੰ ਪਤਾ ਹੈ ਕਿ ਉਸ ਨੇ ਜਿਸ ਵਿਸ਼ੇ ਬਾਰੇ ਵੀ ਕੁਝ ਜਾਨਣਾ ਹੁੰਦਾ
ਸੀ, ਉਸ ਦੀ ਪੂਰੀ ਲਗਨ ਨਾਲ ਸਟੱਡੀ ਕਰਦਾ ਸੀ । ਜੋ ਕੁਝ ਵੀ ਕੀਤਾ ਹੈ
ਆਪਣੀ ਸ਼ਾਇਰੀ ਨੂੰ ਹੋਰ ਗਹਿਰਾਈ ਧਾਰਨ ਤੇ ਬਲੰਦੀਆਂ ਤੇ ਪੁਹਚਾਣ ਲਈ ਕੀਤਾ
ਹੈ । ਉਸ ਨੇ ਆਪਣੀ ਅੱਣਖ ਕਾਇਮ ਰਖੀ ਹੈ । ਉਸ ਨੇ ਆਪਣੀ ਜ਼ਮੀਰ ਤੋਂ ਡਿੱਗ
ਕੇ ਕੁਰੱਪਟ ਸਮਾਜ ਵਿਚ ਕੋਈ ਸੌਦੇਬਾਜੀ ਨਹੀਂ ਕੀਤੀ । ਨਹੀਂ ਤਾਂ ਕੋਈ
ਕਾਰਨ ਨਹੀਂ, ਉਹ ਵੀ ਕਈ ਸਰਕਾਰੀ ਗੈਰ-ਸਰਕਾਰੀ ਪਰਪੰਚ ਰੱਚ ਸਕਦਾ ਸੀ ਅਤੇ
ਕਿਸੇ ਯੂਨੀਵਰਸਟੀ ਦੀ ਬੇਪਾਵਾ ਕੁਰਸੀ ਤੇ ਬੈਠ ਸਕਦਾ ਸੀ ।
ਪਾਕਿਸਤਾਨ ਦੀ ਪੰਜਾਬੀ ਕਵਿਤਾ ਤੇ ਡਾਕਟਰੇਟ ਕਰਨ ਸਮੇਂ ਸਿੱਧੀ ਡਾਕ ਸੇਵਾ
ਬੰਦ ਹੋਣ ਕਾਰਨ ਉਸ ਦੀ ਖ਼ੱਤ-ਪੱਤਰੀ ਮੇਰੇ ਰ੍ਰਾਹੀਂ ਹੀ ਹੁੰਦੀ ਸੀ । ਜਿਸ
ਕਾਰਨ ਮੇਰਾ ਰਾਬਤਾ ਵੀ ਪਾਕਿਸਤਾਨੀ ਪੰਜਾਬੀ ਲੇਖਕਾਂ ਨਾਲ ਬਣ ਗਿਆ
ਸੀ । ਏਸੇ ਤਰਾਂ ਪੁਰਾਣੇ ਕਿਲਿਆਂ ਅਤੇ ਕੰਧ ਚਿੱਤਰਾਂ ਦੀ ਫੋਟੋਗਰਾਫੀ ਦਾ
ਸ਼ੌਕ ਪੂਰਾ ਕਰਨ ਸਮੇਂ ਫਿਲਮਾਂ ਖਿੱਚ ਕੇ ਮੈਨੂੰ ਭੇਜਦਾ ਸੀ ਅਤੇ ਮੈਂ
ਉਹਨਾਂ ਨੂੰ ਧੁਆ ਕੇ ਵਾਪਸ ਭੇਜਦਾ ਸੀ । ਇਕ ਫਿਲਮ ਤੇ ਭਾਰਤ ਦੇ ਇੰਨਕਮ
ਟੈਕਸ ਵਾਲਿਆਂ 10000 ਰੁਪਏ ਦੀ ਮੰਗ ਕੀਤੀ ਤਾਂ ਉਸ ਨੇ ਵਸੂਲ ਕਰਨ ਤੋਂ
ਨਾਂਹ ਕਰ ਦਿਤੀ । ਉਹ ਵਾਪਸ ਡਾਕ ਰਾਹੀਂ ਮੇਰੇ ਪਾਸ ਆ ਗਈ । ਭਾਰਤ ਦੀ
ਸਧਾਰਨ ਡਾਕ ਦੀ ਗਰੰਟੀ ਨਾ ਹੋਣ ਕਾਰਨ ਮੈਂ ਹਮੇਸ਼ਾ ਰਜਿਸਟਰਡ ਡਾਕ ਹੀ
ਭੇਜਦਾ ਸੀ । ਏਸੇ ਤਰਾਂ ਇਕ ਫਿਲਮ ਪੂਰੇ ਚਾਰ ਸਾਲ ਬਾਅਦ ਮਿੱਲੀ ।
ਹੁਣ ਸ਼ਾਇਦ ਹੀ ਕਿਸੇ ਨੂੰ ਇਹ ਪਤਾ ਹੋਵੇ ਜਗਤਾਰ ਦਾ ਇਹ ਸਿ਼ਅਰ ਭਾਰਤ ਤੇ
ਪਾਕਿਸਤਾਨ ਦੋਹਾਂ ਪੰਜਾਬਾਂ ਵਿਚ ਜਗਤਾਰ ਦੀ ਪਛਾਣ ਸੀ ।
ਪੈਰਾ ਨੂੰ ਲਾਕੇ ਮਹਿੰਦੀ ਮੇਰੀ ਕਬਰ ਤੇ ਕੋਈ
ਕਲੀਆਂ ਚੜ੍ਹੌਣ ਆਇਆ ਪਰ ਅੱਗ ਲਾ ਗਿਆ
ਜਿਸ ਤਰਾਂ ਹੁਣ ਜਗਤਾਰ ਦਾ ਇਹ ਸਿ਼ਅਰ ਉਸ ਦੀ ਪਛਾਣ ਬਣਿਆ ਹੋਇਆ ਹੈ_
ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ
ਜਗਤਾਰ ਕਈ ਛਿਣਾਂ ਵਿਚ ਅਜੀਬ ਜਾਪਦਾ ਸੀ । ਕਾਹਲੀ, ਅਲਗਰਜੀ, ਕਿਸੇ ਚੀਜ
ਨੂੰ ਦੇਖਦਿਆਂ ਆਪਣਾ ਆਪ ਭੁੱਲ ਜਾਣਾ ਇਕੋ ਸਮੇਂ ਵਾਪਰ ਜਾਦਾ ਸੀ । ਅਸੀਂ
ਐਮਸਟਰਾਡੈਮ ਸਟੇਸ਼ਨ ਤੋਂ ਪ੍ਰਸਿੱਧ ਚਿੱਤਰਕਾਰ ਬੈਨਗਾਗ ਦਾ ਮਿਊਜ਼ੀਅਮ
ਦੇਖਣ ਜਾ ਰਹੇ ਸਾਂ । 16 ਨੰਬਰ ਦੀ ਬੱਸ ਵਿਚ ਉਸ ਦੇ ਹੱਥ ਵਿਚ ਇਕ ਡਾਇਰੀ
ਸੀ, ਜਿਸ ਵਿਚ ਉਹ ਸਫਰ ਦੇ ੇਨਿੱਕੇ ਨਿੱਕੇ ਵੇਰਵੇ ੇਦਰਜ ਕਰੀ ਜਾਂਦਾ ਸੀ ।
ਜਦੋਂ ਅਸੀਂ ਬੱਸ ਵਿਚੋਂ ਉਤਰੇ ਤਾਂ ਉਹ ਨੋਟ ਬੁੱਕ ਬੱਸ ਵਿਚ ਹੀ ਭੁੱਲ ਆਇਆ
ਸੀ । ਮਿਊਜ਼ੀਅਮ ਵਿਚ ਜਾ ਕੇ ਉਹਨੂੰ ਪਤਾ ਲਗਾ ਕਿ ਉਹ ਨੋਟ ਬੁੱਕ ਭੁੱਲ
ਆਇਆ ਹੈ । ਬੜਾ ਸਟਪਟਾਇਆ । ਅਸੀਂ ਵਾਪਸ ਸਟੇਸ਼ਨ ਤੇ ਗਏ ਅਤੇ ਉਥੇ ਬੱਸਾਂ
ਵਾਲਿਆਂ ਤੋਂ ਡਾਇਰੀ ਬਾਰੇ ਜਦੋਂ ਪੁੱਛ ਗਿੱਛ ਕਰਨ ਲਗੇ ਤਾ ਜਗਤਾਰ ਝੱਟ
ਪੱਟ ਕਹਿਣ ਲਗਾ “ਬੱਸ ਨੰਬਰ ਸੋਲਾਂ” । ਮੈਂ ਕਿਹਾ ਏਥੇ ਅੰਗਰੇਜੀ ਬੋਲ ਜਾਂ
ਡੱਚ, ਤਾਂ ਸ਼ਾਇਦ ਇਹ ਕੁਝ ਸਮਝ ਸਕਣ । ਤੇਰੇ ਪੰਜਾਬੀ 16 ਨੂੰ ਕੌਣ
ਜਾਣੇਗਾ ? ਤਦ ਇਸ ਨੂੰ ਦੂਜੇ ਦੇਸ਼ ਦਾ ਖਿਆਲ ਆਇਆ ਤਾਂ ਅੰਗਰੇਜੀ ਵਿਚ
ਆਪਣੀ ਗੱਲ ਦਸੀ ਤੇ ਦੂਜੇ ਦਿਨ ਫਿਰ ਪਤਾ ਕਰਨ ਦਾ ਕਹਿ ਕੇ ਵਾਪਸ ਆ ਗਏ ।
ਏਸੇ ਤਰਾਂ ਅਸੀਂ ਝਾਂਸੀ ਤੋਂ ਆਗਰੇ ਰੇਲ ਰਾਹੀਂ ਆ ਰਹੇ ਸੀ । ਰਸਤੇ ਵਿਚ
ਉਹ ਉਪਰਲੇ ਫੱਟੇ ਤੇ ਚੜ੍ਹ ਕੇ ਲੰਮਾ ਪੇ ਗਿਆ । ਕੁਝ ਚਿਰ ਪਿਛੋਂ ਆਖਣ ਲਗਾ
ਕਿ ਮੇਰੀ ਕੋਟੀ ਬੈਗ ਵਿਚੋਂ ਕੱਢ ਕੇ ਫੜਾਈਂ ਮੈਂ ਸਰਾਹਣੇ ਰੱਖਣੀ ਹੈ ।
ਮੈਂ ਕਿਹਾ ਕਿ ਸਾਰਾ ਬੈਗ ਹੀ ਰਖ ਲੈ । ਮੰਨਿਆ ਨਹੀਂ । ਕੋਟੀ ਕੱਢ ਕੇ ਮੈਂ
ਫੜਾ ਦਿਤੀ । ਆਗਰੇ ਆ ਕੇ ਗੱਡਿਓਂ ਉੱਤਰਕੇ ਜਦੋਂ ਟੈਕਸੀ ਫੜਨ ਲਗੇ ਤਾਂ ਉਸ
ਨੂੰ ਕੋਟੀ ਦਾ ਖਿਆਲ ਆਇਆ ਤੱਦ ਗੱਡੀ ਦਿੱਲੀ ਨੂੰ ਰਵਾਨਾ ਹੋ ਚੁੱਕੀ ਸੀ ।
ਮਗਰੋਂ ਪਛਤਾਇਆਂ ਨਾ ਕੋਟੀ ਮੁੜ ਸਕਦੀ ਸੀ ਤੇ ਨਾ ਹੀ ਅਮਰੀਕਾ ਤੇ ਕਨੇਡਾ
ਦੇ ਸਫਰ ਦੀ ਡਾਇਰੀ । ਏਸੇ ਤਰਾਂ ਅਮਰੀਕਾ ਵਿਚ ਦੋਸਤਾਂ ਦੇ ਪਤਿਆਂ ਵਾਲੀ
ਡਾਇਰੀ ਪਹਿਲਾਂ ਭੁੱਲ ਚੁੱਕਾ ਸੀ ।
ਗੌਰਮਿੰਟ ਕਾਲਜ ਹੁਸਿ਼ਆਰਪੁਰ ਵਿਖੇ ਜਗਤਾਰ ਵਿਰਦੀ ਅਤੇ ਪਰਬਿੰਦਰ ਇਕੱਠੇ
ਪੜਾਉਂਦੇ ਸਨ । ਤਿੰਨਾਂ ਦੀ ਬੜੀ ਸਾਂਝ ਸੀ । ਵਿਰਦੀ ਅਤੇ ਜਗਤਾਰ ਹਮੇਸ਼ਾ
ਆਪਣੀ ਲਿੱਖਤ ਤੇ ਫੱਖਰ ਕਰਦੇ ਸਨ । ਉਥੇ ਹੀ ਡਾਕਟਰ ਰਣਧੀਰ ਸਿੰਘ ਚੰਦ ਇਕ
ਸਮੇਂ ਇਹਨਾਂ ਦਾ ਪ੍ਰੰਸੀਪਲ ਬਣਕੇ ਆਇਆ । ਜੋਕਿ ਇਹਨਾ ਤੋਂ ਕਾਫੀ ਜੂਨੀਅਰ
ਸੀ । ਕਿਉਕਿ ਉਹ ਨਕੋਦਰ ਕਾਲਜ ਦਾ ਪ੍ਰੰਸੀਪਲ ਰਹਿ ਚੁੱਕਾ ਸੀ । ਇਹਨਾਂ ਉਸ
ਨੂੰ ਪੂਰਾ ਸਹਿਜੋਗ ਦਿਤਾ ।
ਇਕ ਵਾਰ ਡਾਕਟਰ ਨੂਰ ਨੇ ਦਿੱਲੀ ਯੂਨੀਵਰਸਟੀ ਵਿਚ ਤਿੰਨ ਕਵੀਆਂ ਦੇ ਮਾਣ
ਵਿਚ ਫੰਕਸ਼ਨ ਰਖਿਆ । ਪੰਜਾਬ ਤੋਂ ਜਗਤਾਰ, ਸਵਿੱਟਜਰਲੈਂਡ ਤੋਂ ਦੇਵ ਅਤੇ
ਇੰਗਲੈਂਡ ਤੋਂ ਮੈਂ । ਉਹਨੀਂ ਦਿਨੀਂ ਇਕ ਇੰਗਲੈਂਡੀਏ ਨੇ ਦਿੱਲੀ ਦੀ
ਪੰਜਾਬੀ ਲੇਖਕਾ ਨਾਲ ਨਵੀਂ ਨਵੀਂ ਸ਼ਾਦੀ ਕਰਾਈ ਸੀ । ਲੇਖਿਕਾ ਦੇ ਪਤੀ ਨੂੰ
ਵੀ ਦਿੱਲੀ ਵਾਲਿਆਂ ਮਾਣ ਵਜੋਂ ਸਟੇਜ ਤੇ ਬਿਠਾਇਆ । ਜਦੋਂ ਜਗਤਾਰ ਨੂੰ
ਕਵਿਤਾ ਪੜ੍ਹਣ ਲਈ ਕਿਹਾ ਉਸ ਨੇ ਹਾਲੇ ਇਕ ਸਤਰ ਹੀ ਬੋਲੀ ਸੀ । ਸਟੇਜ ਤੇ
ਬੈਠਾ ਵਲੈਤਿਆ ਗਲਾਂ ਕਰ ਰਿਹਾ ਸੀ । ਜਗਤਾਰ ਨੇ ਕਿਹਾ ਜਾਂ ਗਲਾਂ ਕਰੋ ਜਾਂ
ਕਵਿਤਾ ਸੁਣੋ । ਉਹ ਚੁੱਪ ਕਰ ਗਏ ਪਰ ਜਦੋਂ ਫੇਰ ਉਸਨੇ ਓਹੋ ਸਤਰ ਬੋਲੀ ਤਾਂ
ਉਹ ਫੇਰ ਗਲੀਂ ਲਗ ਗਏ । ਜਗਤਾਰ ਉਸੇ ਸਮੇਂ ਸਟੇਜ ਤੋਂ ਉਤਰਿਆ ਤੇ ਮੇਰੇ
ਕੋਲ ਆਇਆ । ਅਸੀਂ ਦੋਵੇਂ ਹਾਲ ਵਿਚੋਂ ਬਾਹਰ ਨਿਕਲ ਆਏ ।
ਕੇਂਦਰੀ ਪੰਜਾਬੀ ਲਿਖਾਰੀ ਸਭਾ ਦਾ ਜਗਤਾਰ ਦੋ ਸਾਲ ਪ੍ਰਧਾਨ ਰਿਹਾ । ਉਸ
ਨੂੰ ਪ੍ਰਧਾਨਗੀ ਸਰਵਸੰਮਤੀ ਨਾਲ ਮਿਲੀ ਸੀ ਬਿਨਾਂ ਚੋਣ ਲੜਣ ਤੋਂ । ਦੂਜੀ
ਵਾਰੀ ਪ੍ਰਧਾਨ ਬਨਣ ਤੋਂ ਨਾਹ ਕਰ ਦਿੱਤੀ ਪਰ ਉਸ ਦੀ ਉਤਰ-ਅਧਿਕਾਰੀ ਟੀਮ ਲਈ
ਜਦੋਂ ਵੋਟਾਂ ਮੰਗਣ ਮਾਲਵਾ ਖੇਤਰ ਦਾ ਦੌਰਾ ਕਰਨ ਗਿਆ ਤਾਂ ਮੇਂ ਵੀ ਉਹਦੇ
ਨਾਲ ਗਿਆ । ਮੇਰੇ ਲਈ ਵੀ ਇਹ ਨਵਾਂ ਤਜਰਬਾ ਸੀ । ਲੇਖਕਾਂ ਅਤੇ ਵੋਟਰਾਂ
ਨੂੰ ਮਿਲਣ ਦਾ ਜੋ ਇੰਗਲੈਂਡ ਰਹਿੰਦਿਆਂ ਨਹੀਂ ਸੀ ਜਾਣਿਆਂ ਜਾ ਸਕਦਾ ।
ਜਲੰਧਰ ਇਕ ਵੇਰ ਰਾਮ ਸਰੂਪ ਅਣਖੀ ਮਿਲਿਆ ਤਾਂ ਜਗਤਾਰ ਬਾਰੇ ਗਲ ਚੱਲੀ । ਉਹ
ਦਸ ਰਿਹਾ ਸੀ ਕਿ ਜਗਤਾਰ ਦਾ ਇਕ ਗੀਤ “ਤਿੱਤਰਾਂ ਵਾਲੀ ਫੁਲਕਾਰੀ” ਖੁੱਸਰੇ
ਗਾਉਂਦੇ ਫਿਰਦੇ ਹਨ । ਕੁਝ ਦਿਨਾਂ ਬਾਅਦ ਜਗਤਾਰ ਤੇ ਮੈਂ ਇਕ ਗਾਉਣ ਵਾਲੀ
ਬੀਬੀ ਨੂੰ ਮਿਲੇ ਤਾ ਉਹ ਜਗਤਾਰ ਦੇ ਗੀਤ ਦੀ ਪ੍ਰਸੰਸਾ ਕਰ ਰਹੀ ਸੀ ਜੋ ਉਸ
ਨੇ ਟੀ ਵੀ ਤੇ ਗਾਇਆ ਸੀ । ਮੈਂ ਪੁਛਿਆ ਕਿਹੜਾ ਗੀਤ ਸੀ ਜਦ ਉਸ ਨੇ ਕਿਹਾ
“ਤਿੱਤਰਾਂ ਵਾਲੀ ਫੁਲਕਾਰੀ” ਤਦ ਮੇਰਾ ਮਲੋਮਲੀ ਹਾਸਾ ਨਿਕਲ ਗਿਆ । ਜਦੋਂ
ਜਗਤਾਰ ਨੇ ਜਿੱਦ ਕਰਕੇ ਪੁਛਿਆ ਤਾਂ ਮੈਂ ਅਣਖੀ ਦਾ ਹਵਾਲਾ ਦਿਤਾ ਕਿ ਉਹੋ
ਗੀਤ ਖੁਸਰੇ ਗਾਉਂਦੇ ਹਨ ਤੇ ਉਹੋ ਹੀ ਇਸ ਬੀਬੀ ਨੇ ਗਾਇਆ । ਜਗਤਾਰ ਨੇ ਉਸ
ਦੀ ਸਾਦਗੀ ਬਾਰੇ ਦਸਿਆ ਤੇ ਉਸ ਬੀਬੀ ਨੇ ਉਸ ਦੀ ਲੋਕ ਪਸੰਦੀ ਬਾਰੇ ।
ਜਗਤਾਰ ਦੀਆਂ ਗਜ਼ਲਾਂ ਚੰਗੇ ਤੋਂ ਚੰਗੇ ਆਰਟਿਸਟਾ ਨੇ ਗਾਈਆਂ ਹਨ । ਏਥੇ
ਇੰਗਲੈਂਡ ਵਿਚ ਵੀ ਕਈ ਆਰਟਿਸਟ ਉਹਦੀਆਂ ਗ਼ਜ਼ਲਾਂ ਗਾਉਦੇ ਹਨ । ਖੱਬੇ ਪੱਖੀ
ਸੋਚ ਵਾਲੇ ਆਮ ਹੀ “ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ” ਵਾਲੀ ਗਜ਼ਲ
ਨਾਲ ਮੀਟਿੰਗ ਸ਼ੁਰੂ ਕਰਦੇ ਹਨ । ਇਸ ਗਜ਼ਲ ਨੂੰ ਅਵਤਾਰ ਉਪਲ ਨੇ ਆਪਣੀ
ਕੈਸਟ ਵਿਚ ਸ਼ਾਸ਼ਤਰੀ ਸੰਗੀਤ ਅਨੁਸਾਰ ਗਾਇਆ ਹੈ ।
“ਮੇਰੇ ਅੰਦਰ ਇਕ ਸਮੁੰਦਰ” ਜਗਤਾਰ ਦੀਆਂ ਗਜ਼ਲਾਂ ਦੀ ਪੁਸਤਕ 2001 ਵਿਚ
ਛਪੀ । ਇਸ ਵਿਚ ਮੁਖਬੰਦ ਦੇ ਤੌਰ ਤੇ ਪ੍ਰੋਫੈਸਰ ਊਧਮ ਸਿੰਘ ਸ਼ਾਹੀ ਵਲੋਂ
ਲਿਖਿਆ “ਜ਼ਮਾਨਾ ਆਏਗਾ ਜਗਤਾਰ ਜਦ ਲੋਕ ਸਮਝਣਗੇ” ਜਗਤਾਰ ਦੀਆਂ ਗਜ਼ਲਾਂ
ਨੂੰ ਸਮਝਣ ਲਈ ਕੁੰਜੀ ਦਾ ਕੰਮ ਦਿੰਦਾ ਹੈ । 384 ਸਫਿਆਂ ਦੀ ਇਸ ਪੁਸਤਕ
ਵਿਚ 268 ਗਜ਼ਲਾਂ ਸ਼ਾਮਲ ਹਨ । ਜਿੰਨੀ ਵਿਦਵਤਾ ਅਤੇ ਗਹਿਰਾਈ ਨਾਲ ਇਹ
ਲਿਖਿਆ ਗਿਆ ਹੈ ਓਨਾ ਜਗਤਾਰ ਬਾਰੇ ਮੈਂ ਹੋਰ ਕਿਸੇ ਲੇਖਕ ਦਾ ਲੇਖ ਨਹੀਂ
ਪੜ੍ਹਿਆ । ਇਸ ਸੰਗ੍ਰਿਹ ਵਿਚ ਮੇਰੇ ਅੰਦਰ ਇਕ ਸਮੁੰਦਰ, ਸ਼ੀਸ਼ੇ ਦਾ ਜੰਗਲ,
ਜਜ਼ੀਰਿਆਂ ਵਿਚ ਘਿਰਿਆ ਸਮੁੰਦਰ, ਜੁਗਨੂੰ ਦੀਵਾ ਤੇ ਦਰਿਆ ਅਤੇ ਅੱਖਾਂ
ਵਾਲੀਆਂ ਪੈੜਾਂ ਸ਼ਾਮਲ ਹਨ । ਇਹ ਕਿਤਾਬ ਦੀਪਕ ਪੱਬਲੀਸ਼ਰ ਨੇ ਛਾਪੀ ਹੈ ।
ਜਗਤਾਰ ਓਦੋਂ ਅਜੇ ਸਕੂਲ ਮਾਸਟਰ ਸੀ । ਉਹ ਤੇ ਕਰਨੈਲ ਸਿੰਘ ਨਿੱਝਰ
ਕੁਲਾਰੀਂ ਪੜਾਊਂਦੇ ਸਨ । ਇਹਨਾਂ ਨੇ ਉਥੇ ਕਵੀੇ ਦਰਬਾਰ ਰਖਿਆ ਸੀ । ਜਿਸ
ਵਿਚ ਪੰਜਾਬ ਭਰ ਵਿਚੋਂ ਚੋਣਵੇਂ ਕਵੀ ਸੱਦੇ ਸਨ । ਉਹਨੀ ਦਿਨੀਂ ਮੇਰੀ
ਪਹਿਲੀ ਭਾਰਤ ਫੇਰੀ ਸੀ । ਕਵੀ ਦਰਬਾਰ ਤੋਂ ਇਕ ਦਿਨ ਪਹਿਲਾਂ ਬੰਗਲਾ ਦੇਸ਼
ਵਾਲੀ ਜੰਗ ਸ਼ੁਰੂ ਹੋ ਗਈ । ਮੈਂ ਮਿੱਥੇ ਪ੍ਰੋਗਰਾਮ ਅਨੁਸਾਰ ਜਲੰਧਰ ਬੱਸ
ਅੱਡੇ ਤੇ ਅੱਪੜ ਗਿਆ । ਓਦੋਂ ਤੱਕ ਮੈਂ ਜਗਤਾਰ ਨੂੰ ਮਿਲਿਆ ਨਾ ਸੀ । ਸ਼ਾਮ
ਨੂੰ ਇਕੋ ਬੱਸ ਕੁਲਾਰਾਂ ਨੂੰ ਜਾਂਦੀ ਸੀ । ਮੈਂ ਉਸ ਬੱਸ ਦਾ ਪਤਾ ਕਰਕੇ ਉਸ
ਵਿਚ ਬੈਠ ਗਿਆ । ਮੈਂ ਆਰਸੀ ਦਾ ਪਰਚਾ ਪੜ੍ਹ ਰਿਹਾ ਸੀ ਜਦੋਂ ਜਗਤਾਰ ਦੇ
ਛੋਟੇ ਭਰਾ ਨੇ ਪੁਛਿਆ ਕੀ ਆਪ ਦਾ ਨਾਂ ਸੰਤੋਖ ਸਿੰਘ ਸੰਤੋਖ ਹੈ । ਮੇਰੇ
ਹਾਂ ਕਹਿਣ ਤੇ ਉਹ ਜਗਤਾਰ ਤੇ ਸਰਵਨ ਰਾਹੀ ਂਨੂੰ ਵੀ ਸੱਦ ਲਿਆਇਆ । ਜੰਗ
ਸ਼ੁਰੂ ਹੋਣ ਕਰਕੇ ਬੱਸਾਂ ਗਾਰੇ ਨਾਲ ਲਿਪੀਆਂ ਹੋਇਆਂ ਸਨ ਅਤੇ ਉਪਰ ਰੁਖਾਂ
ਦੀਆਂ ਟਾਹਣੀਆਂ ਰਖੀਆਂ ਹੋਇਆਂ ਸਨ । ਉਸ ਬੱਸ ਵਿਚ ਹੀ ਪਹਿਲੀ ਵੇਰ ਮੈਂ
ਜਗਤਾਰ ਨੂੰ ਮਿਲਿਆ । ਕਵੀ ਦਰਬਾਰ ਪਿੰਡ ਦੇ ਸਕੂਲ ਵਿਚ ਸੀ । ਕਵੀ ਦਰਬਾਰ
ਤੋਂ ਪਹਿਲਾਂ ਚਾਹ ਵਾਲੀ ਕੇਤਲੀ ਵਿਚੌਂ ਦੇਸੀ ਦਾਰੂ ਵਰਤਾਈ ਗਈ । ਸਰਕਾਰੀ
ਤੌਰ ਤੇ ਬਲੈਕ-ਆਉਟ ਹੋਣ ਕਰਕੇ ਲਾਲਟੈਣ ਦੀ ਰੋਸ਼ਨੀ ਵਿਚ ਕਵੀ ਦਰਬਾਰ
ਪੜ੍ਹਿਆ ਗਿਆ । ਦਸ ਵਜੇ ਤੱਕ 27 ਕਵੀ ਆਪਣੀਆਂ ਕਵਿਤਾਵਾਂ ਪੜ੍ਹ ਚੁਕੇ ਸਨ
। ਬੁਹ-ਗਿਣਤੀ ਕਵੀਆਂ ਦੀਆਂ ਖੁਲੀਆਂ ਕਵਿਤਾਵਾਂ ਸਨ । ਜਿਹੜੀਆਂ ਪੇਂਡੂ
ਸਰੋਤਿਆਂ ਦੀ ਸਮਝ ਤੋਂ ਬਾਹਰ ਸਨ । ਏਸੇ ਲਈ ਉਹਨਾਂ ਦੀ ਤ੍ਰਿਪਤੀ ਲਈ ਪਿੰਡ
ਦੇ ਇਕ ਕਵੀ ਨੇ ਆਪਣਾ ਅਖਾੜਾ ਲਾਇਆਂ ਜੋ ਸਵੇਰੇ ਚਾਰ ਵਜੇ ਤੱਕ ਆਪਣੀ
ਕਵੀਸ਼ਰੀ ਸੁਣਾਉਂਦਾ ਰਿਹਾ । ਅਸੀਂ ਸਾਰੇ ਸਵੇਰੇ ਓਸੇ ਰਾਤ ਵਾਲੀ ਬੱਸ ਵਿਚ
ਜਲੰਧਰ ਤੱਕ ਆਏ ਅਤੇ ਆਪੋ ਆਪਣੇ ਟਿਕਾਣਿਆਂ ਨੂੰ ਤੁਰ ਗਏ ।
ਦੀਪਕ ਪੱਬਲੀਸ਼ਰ ਜਲੰਧਰ ਦੇ ਪੰਡਤ ਚਰੰਜੀਤ ਨਾਲ ਜਗਤਾਰ ਦੀ ਯਾਰੀ ਸੀ ।
ਦੀਪਕ ਤੇ ਉਸ ਦੇ ਭੈਣ ਭਰਾ ਜਗਤਾਰ ਨੂੰ ਚਾਚੂ ਸੱਦਦੇ ਸਨ । ਸ਼ਨਿਚਰ ਤੇ
ਐਤਵਾਰ ਆਮ ਤੌਰ ਤੇ ਉਹਨਾਂ ਦੀ ਦੁਕਾਨ ਤੇ ਬੇਠਦਾ ਸੀ । ਆਏ ਗਏ ਅਤੇ ਲੇਖਕਾ
ਨੂੰ ਉਥੇ ਹੀ ਮਿਲਦਾ ਸੀ । ਹੁਸਿ਼ਆਰਪੁਰ ਰਹਿੰਦਿਆਂ ਵੀ ਉਥੇ ਆਉਂਦਾ ਸੀ ।
ਉਸ ਦੀਆਂ ਪਹਿਲਾਂ ਸਾਰੀਆਂ ਕਿਤਾਬਾਂ ਦੀਪਕ ਪੱਬਲੀਸ਼ਰ ਤੋਂ ਹੀ ਛੱਪਦੀਆਂ
ਸਨ । ਮੇਰੀਆ ਕਿਤਾਬਾਂ ਵੀ ਜਗਤਾਰ ਉਹਨਾਂ ਪਾਸੋਂ ਹੀ ਛਪਵਾਉਂਦਾ ਸੀ ਸਵਾਏ
ਇਕ ਕਿਤਾਬ ਰੰਗ ਰੂਪ ਦੇ ਜਿਹੜੀ ਨਵਯੁਗ ਦਿੱਲੀ ਤੋਂ ਛੱਪੀ ਸੀ । ਮਗਰੋਂ ਹੀ
ਉਸ ਨੇ ਚੇਤਨਾ ਅਤੇ ਲੋਕ ਗੀਤ ਵਾਲਿਆਂ ਤੋਂ ਕਿਤਾਬਾਂ ਛੱਪਵਾਈਆਂ ਸਨ ।
ਕਲਾ ਸਿਰਜਕ ਪਰਚਾ ਕੱਢਣ ਬਾਰੇ ਮੇਰੀ ਤੇ ਮੁਸ਼ਤਾਕ ਦੀ ਰਾਏ ਸੀ ਕਿ ਪਰਚਾ
ਨਾ ਕੱਢਿਆ ਜਾਏ । ਜਗਤਾਰ ਦੀ ਸਿਹਤ ਨੂੰ ਧਿਆਨ ਵਿਚ ਰਖਦਿਆਂ ਸਾਡਾ ਵਿਚਾਰ
ਸੀ ਕਿ ਇਸ ਦੀ ਸਿਰਦਰਦੀ ਅਤੇ ਸਮਾਂ ਨੱਸ਼ਟ ਹੋਵੇਗਾ । ਜਿਥੋਂ ਤੱਕ ਜਗਤਾਰ
ਦੇ ਛੱਪਣ ਦਾ ਸਵਾਲ ਹੈ ਉਸਨੂੰ ਹਰ ਪਰਚਾ ਮਾਣ ਨਾਲ ਛਾਪਦਾ ਸੀ । ਹੁਣ ਵੀ
ਜੇ ਦੇਖਿਆ ਜਾਏ ਤਾਂ ਕਲਾ ਸਿਰਜਕ ਨੇ ਕੋਈ ਨਾ ਤਾਂ ਨਵੀਂ ਲੀਹ ਹੀ ਪਾਈ ।
ਜਿਹੋ ਜਿਹੇ ਹੋਰ ਪਰਚੇ ਨਿਕਲਦੇ ਸਨ । ਉਹੋ ਜਿਹਾ ਹੀ ਇਹ ਪਰਚਾ ਸੀ । ਇਹ
ਉਸ ਦੀ ਜਿੱਦ ਸੀ । ਪਰਚੇ ਕਾਰਨ ਉਸ ਦੇ ਘਰਦਿਆਂ ਉਤੇ ਵੀ ਵਾਧੂ ਭਾਰ ਸੀ ।
ਅਖੀਰਲੇ ਦੋ ਤਿੰਨ ਸਾਲ ਉਹਦੀ ਸਿਹਤ ਕਾਫੀ ਕਮਜੋਰ ਹੋ ਗਈ ਸੀ । ਦਮੇਂ ਤੇ
ਸ਼ੂਗਰ ਦੀ ਬਿਮਾਰੀ ਨੇ ਉਸ ਨੂੰ ਪੂਰੀ ਤਰਾਂ ਜਕੜਿਆ ਹੋਇਆ ਸੀ । ਦਿੱਲ ਦੇ
ਦੌਰੇ ਤੋਂ ਬਾਅਦ ਤਾ ਉਹ ਆਪਣੇ ਇਸ ਸਿ਼ਅਰ ਦਾ ਹੂ-ਬ-ਹੂ ਨਮੂੰਨਾ ਸੀ ।
ਸੁਬ੍ਹਾ ਲਗਦੈ ਗੁਲਾਬ ਅਰਗਾ ਮਗਰ ਸ਼ਾਮੀਂ ਬੁਝਣ ਵੇਲੇ
ਲਹੂ ਦਾ ਅੱਥਰੂ ਲਗਦੈ ਰਵੀ ਸਾਗਰ ਦੀ ਅੱਖ ਅੰਦਰ
-0- |