ਪੰਜਾਬੀ ਡਾਇਸਪੋਰਾ ਭਾਰਤੀ
ਮੂਲ ਦੀ ਧਰਤੀ ਤੋਂ ਪ੍ਰਵਾਸ ਹੋਕੇ ਵਿਦੇਸ਼ੀ ਧਰਤੀ ਉਪਰ ਸਪੇਸ ਦੀ ਤਲਾਸ਼ ਵਿੱਚ ਘੁੰਮਦਾ
ਨਿਰੰਤਰ ਸੰਘਰਸ਼ਕਾਰੀ ਪ੍ਰਸਥਿਤੀਆਂ ਵਿਚੋਂ ਲੰਘ ਰਿਹਾ ਹੈ। ਸਮਾਜ ਸਭਿਆਚਾਰ,
ਸਥਿਤੀਆਂ/ਪ੍ਰਸਥਿਤੀਆਂ, ਅਨੁਕੂਲ/ਪ੍ਰਤਿਕੂਲ, ਇੱਛਤ/ਅਣਇਛਿਤ, ਮਜਬੂਰੀ/ਸੌਂਕ ਆਦਿ ਦੀ ਪੜ੍ਹਤ
ਵਿੱਚ ਪੰਜਾਬੀ ਡਾਇਸਪੋਰਾ, ਪਰਾ ਰਾਸ਼ਟਰੀ ਸਥਿਤੀਆਂ/ਹਾਲਤਾਂ ਦੀ ਉਪਜ ਨਾ ਰਹਿ ਕੇ ਆਪਣੇ ਦੇਸ਼
ਦੀਆਂ ਸਮਾਜਕ, ਪੁਲਿਟੀਕਲ ਬਣਤਰਾਂ ਦੀ ਹਕੀਕਤ ਨਾਲ ਜਾ ਜੁੜਦਾ ਹੈ। ਜ਼ਰੂਰੀ ਨਹੀਂ ਕਿ ਬੇਗਾਨੀ
ਧਰਤੀ, ਬੇਗਾਨੇ ਮੁਲਕ ਵਿਚ ਰਹਿੰਦਾ ਵਿਅਕਤੀ ਹੀ ਆਪਣੀ ਸਪੇਸ ਦੀ ਤਲਾਸ਼ ਵਿੱਚ ਘੁੰਮਦਾ
ਆਪਣੀਆਂ ਜੜ੍ਰਾਂ ਨਾਲੋਂ ਟੁੱਟਣ ਦੇ ਸੰਤਾਪ ਨੂੰ ਭੋਗਦਾ ਹੈ। ਕਈ ਵਾਰ ਆਪਣੀ ਮੂਲ ਧਰਤੀ,
ਆਪਣੇ ਘਰ, ਆਪਣੇ ਭਾਈਚਾਰੇ, ਆਪਣੀ ਜਾਤ, ਧਰਮ, ਕੌਮ, ਨਸਲ, ਰੰਗ ਵਿਚ ਰਹਿੰਦਾ ਹੋਇਆ ਅਲਗਾਵ
ਨੂੰ ਹੰਢਾਉਂਦਾ ਹੈ। ਵਿਕਰਾਲ ਸਥਿਤੀਆਂ ਉਸਦੀ ਚੋਣ ਨਹੀਂ ਹੁੰਦੀਆਂ ਸਗੋਂ ਆਪ ਮੁਹਾਰੇ
ਵਾਪਰਦੀਆਂ ਹਨ। ਇਹ ਆਪ ਮੁਹਾਰੇ ਵਾਪਰਨ ਵਾਲੀਆਂ ਸਥਿਤੀਆਂ ਹੀ ਵਿਅਕਤੀ ਦੀ ਆਪਣੀ ਜੜ੍ਹ,
ਆਪਣੀ ਮੂਲ ਧਰਤੀ ਨਾਲ attachment ਤੇ deattachment ਨੂੰ ਇਕ ਵਖਰੇ ਕੋਣ ਤੋਂ ਨਿਰਧਾਰਿਤ
ਕਰਦੀਆਂ ਹਨ। ਉਪਰੋਕਤ ਭਾਂਤ ਦੇ ਪੈਰਾਡਾਈਮ ਵਿਚ ਆਪਣੀ ਤੇ ਬੇਗਾਨੀ ਧਰਤੀ ਤੇ ਹੋਂਦ ਸੰਕਟ
ਨਾਲ ਜੂਝਦਾ ਪੰਜਾਬੀ ਡਾਇਸਪੋਰਾ ਆਪਣੇ ਆਲੇ ਦੁਆਲੇ ਵਾਪਰ ਰਹੇ ਹਰ ਵਰਤਾਰੇ ਤੇ ਰਿਸ਼ਤੇ ਨੂੰ
ਵਿਭਿੰਨ ਪ੍ਰਕਰਣਾਂ ਵਿਚ ਦੇਖਦਾ, ਸਮਝਦਾ ਤੇ ਵਰਤਣ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਅਜੀਬ ਕਿਸਮ
ਦੇ ਸੰਤਾਪ ਦਾ ਭਾਗੀਦਾਰ ਬਣਦਾ ਹੈ। ਇਸ ਸੰਦਰਭ ਵਿਚ ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ‘ ਦਾ
ਜ਼ਿਕਰ ਵਿਸ਼ੇਸ਼ ਹੈ।
ਇਹ ਕਹਾਣੀ ਇਤਿਹਾਸ, ਸਮਕਾਲ ਤੇ ਭਵਿੱਖੀ ਵਰਤਾਰਿਆਂ ਦੇ ਹਾਂ ਪੱਖੀ ਤੇ ਨਾਂਹ ਪੱਖੀ ਸੰਕੇਤਾਂ
ਨੂੰ ਸਮਾਨਾਂਤਰ ਰੂਪ ਵਿਚ ਸਿਰਜਤ ਕਰਦੀ ਹੈ। ਹਰੀ ਸਿੰਘ ਨਲੂਏ ਦੀ ਮੌਤ ਨੂੰ ਲੁਕੋ ਕੇ
ਸਿੰਘਾਂ ਵਲੋਂ ਫਤਿਹ ਕੀਤੇ ਗਏ ਜਮਰੌਦ ਦੇ ਕਿਲ੍ਰੇ ਦੀ ਇਤਿਹਾਸਕ ਘਟਨਾ ਨੂੰ ਕਹਾਣੀਕਾਰ ਇਸ
ਕਹਾਣੀ ਦੇ ਪਾਤਰ ਅਮਰ ਸਿੰਘ ਦੁਆਰਾ ਆਪਣੇ ਕੈਨੇਡਾ ਰਹਿੰਦੇ ਪੁੱਤਰ ਦੀ ਮੌਤ ਨੂੰ ਲੁਕੋ ਕੇ
ਕੈਨੇਡਾ ਪਹੁੰਚਣ ਦਾ ਕਿਲ੍ਹਾ ਫਤਿਹ ਕਰਨ ਦੀ ਇੱਛਾ ਦੇ ਨਾਲ ਜੋੜ ਕੇ ਪੇਸ਼ ਕਰਦਾ ਹੈ। ਓਹਲੇ
ਦੇ ਬਿਰਤਾਂਤ ਨਾਲ ਪ੍ਰਣਾਈ ਸਾਰੀ ਕਹਾਣੀ ਓਹਲੇ ਅਤੇ ਸਪੱਸ਼ਟਤਾ ਦਾ ਇੱਕ ਸਮਾਨਾਂਤਰ ਪ੍ਰਵਚਨ
ਸਿਰਜਦੀ ਹੈ। ਇਹ ਕਹਾਣੀ ਇਤਿਹਾਸ ਵਿਚ ਅੰਗਰੇਜ਼ੀ ਸਾਮਾਰਾਜ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ
ਦੀ ਜਦੋ ਜਹਿਦ ਅਤੇ ਪ੍ਰਸਥਿਤੀਆਂ ਦੇ ਬਦਲਦੇ ਸੰਦਰਭਾਂ ਤਹਿਤ ਸਿੱਧੇ/ਅਸਿੱਧੇ ਢੰਗ ਨਾਲ
ਦੁਬਾਰਾ ਤੋਂ ਆਪਣੀ ਖੁਸ਼ੀ ਜਾਂ ਮਜਬੂਰੀ ਨਾਲ ਅੰਗਰੇਜ਼ੀ ਸਾਮਰਾਜ ਦੀ ਗੁਲਾਮ ਹੋ ਰਹੀ ਪੰਜਾਬੀ
ਮਾਨਸਿਕਤਾ ਦੀ ਪੇਸ਼ਕਾਰੀ ਕਰਦੀ ਹੈ। ਬਦਲਣ ਦੇ ਇਸ ਵਿਲੱਖਣ ਰੂਪਾਂਤਰਣ ਨੁੰ ਇਕ ਵਿਦੇਸ਼ੀ
ਬਾਸ਼ਿੰਦੇ ਦਾ ਇਹ ਡਾਇਲਾਗ ਪੰਜਾਬੀ ਜ਼ਮੀਰ ਤੇ ਇਕ ਤਿੱਖੇ ਨਸ਼ਤਰ ਵਾਂਗ ਆਰ ਲਾਉਂਦਾ ਹੈ:-
‘‘ੳਦੋਂ ਤੁਸੀ ਚੀਕਦੇ ਸੀ; ਅੰਗਰੇਜ਼ੋ ਤੁਸੀ ਜਾਲਮ ਓ, ਲੁਟੇਰੇ ਓ ਸਾਨੂੰ ਲੁੱਟ ਕੇ ਖਾ ਗਏ;
ਆਜ਼ਾਦ ਕਰੋ ਸਾਨੂੰ। ਹੁਣ ਅਸੀਂ ਤਾਂ ਤੁਹਾਨੂੰ ਛੱਡ ਆਏ ਹਾਂ ਪਰ ਤੁਸੀਂ ਮਾਂ ਪਿਛੇ ਦੁੱਧ
ਚੁੰਘਣ ਲਈ ਰੀਂ-ਰੀਂ ਕਰਦੇ ਨਲੀ ਚੋਚ ਬੱਚੇ ਵਾਂਗ ਸਾਡੇ ਪਿਛੇ ਪਿਛੇ ਕਿਉਂ ਭੱਜੇ ਆਉਂਦੇ ਓ?
ਕੀ ਭਾਰਤ ਮਾਤਾ ਦੇ ਥਣਾਂ‘ ਚੋਂ ਤੁਹਾਨੂੰ ਦੁੱਧ ਚੁੰਘਾਵੁਣ ਲਈ ਦੁੱਧ ਮੁੱਕ ਗਿਆ ਜਾਂ ਇਹ
ਦੁੱਧ ਕੋਈ ਹੋਰ ਪੀ ਜਾਂਦੈ। ਕਦੀ ਤੁਸੀ ਸਾਨੂੰ ਆਖਦੇ ਹੁੰਦੇ ਸੀ, ਪਰ ਹੁਣ ਮੈਂ ਤੁਹਾਨੂੰ
ਆਖਦਾ ਹਾਂ ਕਿ ਕਿਰਪਾ ਕਰਕੇ ਸਾਡਾ ਮੁਲਕ ਛੱਡ ਦਿਓ।”
ਸਥਿਤੀ ਦੇ ਇਸ ਰੂਪਾਂਤਰਣ ਵਿਚਲੇ ਇਹ ਸ਼ਬਦ ਇਕ ਤਿੱਖੇ ਨਸ਼ਤਰ ਵਾਂਗ ਪਰਵਾਸ ਦੀ ਧਰਤੀ ਤੇ ਰਹਿ
ਰਿਹਾ ਲਗਭਗ ਹਰ ਪੰਜਾਬੀ ਆਪਣੇ ਹੱਡਾਂ ਤੇ ਹੰਢਾਉਂਦਾ ਹੈ। ਬੇਗਾਨੀ ਧਰਤੀ ਤੇ ਓਪਰੇਪਨ ਤੇ
ਜ਼ਲਾਲਤ ਦੇ ਅਹਿਸਾਸ ਵਿਚ ਆਪਣੀ ਜ਼ਮੀਰ ਮਾਰ ਕੇ ਜਿਉਂ ਰਿਹਾ ਪੰਜਾਬੀ ਡਾਇਸਪੋਰਾ ਵਿਦੇਸ਼ੀ ਧਰਤੀ
ਤੇ ਦੂਜੇ ਦਰਜੇ ਦੇ ਵਿਅਕਤੀ ਦਾ ਸੰਤਾਪ ਹੰਢਉਂਦਾ ਹੈ।
‘‘ ਇੱਕ ਬਾਰਾਂ ਚੌਦਾਂ ਸਾਲ ਦਾ ਗੋਰਾ ਮੁੰਡਾ ਸਇਕਲ ਤੇ ਪਿਛੋਂ ਆ ਕੇ ਐਨ ਉਹਨਾਂ ਦੇ ਕੋਲੋਂ
ਦੀ ਲੰਘਦਾ ਹੋਇਆ ਰਣਧੀਰ ਭਲਵਾਨ ਦੀ ਢੂਈ ਤੇ ਉੱਤੇ ਲੱਤ ਮਾਰ ਕੇ ਕਹਿਣ ਲੱਗਾ ‘ ਬਲੱਡੀ
ਬਾਸਟਰਡ ਪਾਕੀਜ਼। ਤੇ ਉਹ ਸਾਇਕਲ ਭਜਾ ਕੇ ਲੈ ਗਿਆ। ਵੱਡੀਆਂ ਕੁਸ਼ਤੀਆਂ ਦਾ ਜੇਤੂ ਰਿਹਾ ਬਲੀ
ਭਲਵਾਨ ਡੌਰ-ਭੌਰ ਹੋਇਆ ਕਦੀ ਉਸ ਛੋਕਰੇ ਵੱਲ ਵੇਖੇ ਤੇ ਕਦੇ ਜਰਨੈਲ ਦੇ ਮੂੰਹ ਵੱਲ। ਜਰਨੈਲ
ਨੇ ਪਹਿਲਾਂ ਤਾਂ ਉਸ ਛੋਕਰੇ ਨੁੰ ਫੜਨ ਲਈ ਦੌੜਨ ਦੀ ਮੁਦਰਾ ਵਿਚ ਦੋ ਕੁ ਕਦਮ ਪੁੱਟੇ;, ਪਰ
ਅਚਨਚੇਤ ਉਹਨੂੰ ਖਿਆਲ ਆਇਆ ਕਿ ਇਹ ਮੁਲਕ ਉਹਦਾ ਨਹੀਂ; ਬੇਗਾਨਾ ਹੈ; ਉਸ ਮੁੰਡੇ ਦਾ ਹੈ; ਉਸ
ਬੁੱਢੇ ਅੰਗਰੇਜ਼ ਦਾ ਹੈ। ਉਹ ਤਾਂ ਏਥੇ ਦੂਜੇ ਦਰਜੇ ਦਾ ਸ਼ਹਿਰੀ ਹੈ।......ਉਸਦੇ ਸਾਥੀ ਤੇ
ਸਹਿਯੋਗੀ ਕਹਿੰਦੇ ਸਨ ਕਿ ਇਹੋ ਜਿਹੀ ਜ਼ਲਾਲਤ ਤਾਂ ਉਹਨਾਂ ਸਾਰਿਆਂ ਨੂੰ ਉਸ ਵਾਂਗ ਹੀ ਰੋਜ਼ ਹੀ
ਸਹਿਣੀ ਪੈਂਦੀ ਹੈ.................
ਇਹ ਬਹੁਤ ਹੀ ਹਿਰਦੇਵੇਧਕ ਤੇ ਖਤਰਨਾਕ ਸਥਿਤੀ ਹੈ ਕਿ ਆਪਣੀ ਜਨਮ ਭੌਇ ਤੇ ਮਾਣ ਸਤਿਕਾਰ ਨਾਲ
ਰਹਿਣ ਵਾਲਾ ਵਿਅਕਤੀ ਓਪਰੀ ਧਰਤੀ ਤੇ ਬੇਇਜ਼ਤੀ ਹੰਢਾਉਂਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ
ਅਜਿਹਾ ਕਿਉਂ ਹੈ? ਇਸ ਸਵਾਲ ਦੇ ਜਵਾਬ ਵਿਚ ਆਰਥਿਕਤਾ ਸਭ ਤੋਂ ਵੱਡਾ ਕਾਰਨ ਬਣ ਕੇ ਉਭਰਦੀ
ਹੈ। ਜਿਸ ਕਾਰਨ ਪੰਜਾਬੀ ਡਾਇਸਪੋਰਾ ਇਹ ਜ਼ਲਾਲਤ ਸਹਿੰਦਾ ਹੈ। ਆਪਣੀ ਧਰਤੀ ਦੀ ਅਸੰਗਠਿਤ ਤੇ
ਅਸਾਵੀਂ ਆਰਥਿਤਾ ਉਸਨੂੰ ਬੇਗਾਨੀ ਧਰਤੀ ਦਾ ਬਾਸ਼ਿਦਾ ਬਣਨ ਲਈ ਮਜ਼ਬੂਰ ਕਰਦੀ ਹੈ। ਆਪਣੇ ਬਾਪ
ਦਾਦਿਆਂ ਦੇ ਆਜ਼ਾਦੀ ਪਾਉਣ ਲਈ ਅੰਗਰੇਜ਼ਾਂ ਨਾਲ ਕੀਤੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰ ਦੁਬਾਰਾ
ਤੋਂ ਅੰਗਰੇਜਾਂ ਦੀ ਅਧੀਨਗੀ ਸਹਿਣ ਦਾ ਸਮੇਂ ਤੇ ਸਥਿਤੀ ਨਾਲ ਜੁੜਿਆ ਹਕੀਕਤੀ ਖੁਲਾਸਾ ਇਸ
ਕਹਾਣੀ ਦਾ ਇਕ ਪਾਤਰ ਕੁਝ ਇਸ ਤਰ੍ਹਾਂ ਕਰਦਾ ਹੈ:-
ਬਾਪੂ ਤੇਰੀ ਲੜਾਈ ਪਤਾ ਨਹੀਂ ਕਦੋਂ ਮੁੱਕੇ ਪਰ ਘਰ ਦੀ ਭੁੱਖ ਵੀ ਤਾਂ
ਮੁੱਕਣੀ ਚਾਹੀਦੀ ਏ....................................
ਪਰ ਘਰ ਦੀ ਭੁੱਖ ਅਜੇ ਵੀ ਨਹੀਂ ਸੀ ਮੁੱਕੀ। ਆਪਣੇ ਪਿਓ ਕਰਮ ਸਿੰਘ
ਵਾਂਗ ਹੀ ਬੇਵਾਹਰਾ ਹੋ ਕੇ ਫੌਜ ਵਿਚ ਭਰਤੀ ਹੋਣ ਵਾਂਗ ਜਰਨੈਲ ਵੀ ਇਕ
ਦਿਨ ਰੋਜ਼ੀ ਰੋਟੀ ਦੀ ਤਲਾਸ਼ ਵਿਚ ਇੰਗਲੈਂਡ ਨੂੰ ਤੁਰ ਗਿਆ।
ਨਾ ਤਾਂ ਏਥੇ ਕੋਈ ਆਜ਼ਾਦੀ ਏ ਤੇ ਨਾ ਹੀ ਅਣਖ ਨਾਲ ਜਿਊਣਾ ਬਚਿਆ।
ਜੇ ਏਦਾਂ ਹੀ ਜਿਉਣਾ ਏ ਤਾਂ ਨਿਰੀ ਰੋਟੀ ਲਈ ਹੀ ਕਿਉਂ ਨਾ ਜੀਵੀਏ।”
ਆਰਥਿਕਤਾ ਨੂੰ ਸਾਵੀ ਕਰਨ ਲਈ, ਅਣਖ ਅਤੇ ਆਜ਼ਾਦੀ ਨਾਲ ਜਿਊਣ ਲਈ, ਕਰਜ਼ੇ ਦੀ ਭਾਰੀ ਪੰਡ ਸਿਰ
ਤੋਂ ਲਾਹੁਣ ਵਰਗੇ ਕਈ ਕਾਰਨਾਂ ਤਹਿਤ ਵਿਦੇਸ਼ੀ ਧਰਤੀ ਤੇ ਘੁੰਮਦੇ ਪੰਜਾਬੀ ਡਾਇਸਪੋਰਾ ਦੀ
ਆਪਣੀ ਧਰਤੀ ਤੇ ਹੋ ਰਹੀ ਦੁਰਗਤੀ ਦਾ ਬਿਆਨ ਕਰਦੀ ਇਹ ਕਹਾਣੀ ਵਿਅਕਤੀ ਅੰਦਰ ਪਨਪ ਰਹੇ ਵਿਦੇਸ਼
ਜਾਣ ਦੇ ਸੁਪਨੇ ਨੂੰ ਕਿਤੇ ਨਾ ਕਿਤੇ ਸਹੀ ਠਹਿਰਾਉਂਦੀ ਹੈ:-
‘‘ ਸੱਚੀ ਗੱਲ ਤਾਂ ਇਹ ਵੀ ਆ; ਏਥੇ ਕਾਹਦੀ ਜ਼ਿੰਦਗੀ ਆ।ਨਿਰੇ
ਭੁੱਖ ਨੂੰ ਢੇਕੇ। ਮੁੰਡੇ ਜੇ ਦੋ ਅੱਖਰ ਪੜ੍ਹ ਜਾਂਦੇ ਨੇ ਤਾਂ ਬਾਬੂ ਬਣ ਕੇ ਟੂਟ ਕੱਢੀਂ
ਰੱਖਦੇ ਨੇ। ਕੰਮ ਦਾ ਡੱਕਾ ਭੰਨ ਕੇ ਦੂਹਰਾ ਨਹੀਂ ਕਰਨਾ। ਨੌਕਰੀ ਮਿਲਦੀ ਕੋਈ
ਨਹੀਂ। ਜ਼ਮੀਨ ਵੇਚ ਕੇ ਫਿਰ ਬਾਹਰ ਨੂੰ ਈ ਭੱਜਦੇ ਨੇ ਜਿਹੜੇ ਪਿੱਛੇ ਰਹਿ
ਜ਼ਾਂਦੇ ਨੇ ਉਹ ਨਸ਼ਿਆ ਨੇ ਡੋਬ ਲਏ। ਵੱਡਿਆ ਦੇ ਨਿਆਣੇ ਵੱਡਾ ਨਸ਼ਾ
ਕਰਦੇ ਨੇ ਤੇ ਛੋਟਿਆਂ ਦੇ ਛੋਟੇ। ਕੋਈ ਹੱਜ ਨਹੀਂ ਰਹਿ ਗਿਆ ਏਥੇ
ਵੀ ਜਿਉਣ ਦਾ।”
ਪੰਜਾਬੀ ਡਾਇਸਪੋਰਾ ਦੇ ਵਿਦੇਸ਼ੀ ਧਰਤੀ ਤੇ ਪੱਕੇ ਪੈਂਰੀ ਖੜੇ ਹੋਣ ਦੀ ਲਾਲਸਾ ਦਾ ਇਕ ਹੋਰ
ਕਾਰਨ ਕਿਸੇ ਸਮੇਂ ਪੰਜਾਬ ਵਿਚ ਉੱਠੀ ਖਾੜਕੂਵਾਦੀ ਲਹਿਰ ਵੀ ਬਣਦੀ ਹੈ ਤੇ ਨਾਲ ਹੀ ਰੂਜ਼ਗਾਰ
ਪ੍ਰਾਪਤੀ ਲਈ ਵਰਤੀ ਜਾ ਰਹੀ ਰਾਜਨੀਤਿਕ ਸਾਂਝ ਵੀ ਉਸ ਵਿਚ ਆਪਣੀ ਧਰਤੀ ਤੋਂ ਮੋਹ ਭੰਗ ਦੀ
ਪ੍ਰਵਿਰਤੀ ਨੂੰ ਭਾਰੂ ਕਰ ਰਹੀ ਹੈ:-
ਇਹ ਤਾਂ ਨਵੇਂ ਅੰਗਰੇਜ਼ ਹੋ ਗਏ। ਜ਼ਬਰੀ ਧਰਮ ਪਰਿਵਰਤਨ ਮੈਂ
ਤਾਂ ਆਪਣੀਆਂ ਈ ਨਜ਼ਰਾਂ ਵਿਚ ਮਰ ਗਿਆ ਅਮਰ ਸਿਆਂ। ਨਿੱਕਲ
ਜਾਈਏ ਏਸ ਮੁਲਕ, ਚਂੋ। ਕੋਈ ਹੱਜ ਨਹੀਂ ਏਥੇ ਜਿਊਣ ਦਾ।”
ਆਪਣਾ ਧਰਮ ਛੱਡਣਾ ਉਸਨੂੰ ਗਵਾਰਾ ਨਹੀਂ ਸੀ।
ਉਹਨੂੰ-ਲੱਗਾ ਇਹ ਮੇਰਾ ਮੁਲਕ ਜਿਸ ਵਿਚ ਖੁਦਾਰੀ ਨਾਲ ਜਿਊਣ ਦੀ ਭਾਵਨਾ ਹੀ ਉਸ ਨੂੰ ਇੰਗਲੈਂਡ
ਤੇ ਮੋੜ ਲਿਆਈ ਸੀ; ਹੁਣ ਉਹਦਾ ਨਹੀਂ ਸੀ ਰਹਿ ਗਿਆ ਇਹ ਤਾਂ ਬੇਗਾਨਾ ਹੋ ਗਿਆ ਸੀ। ਜੇ ਦੂਜੇ
ਦਰਜ਼ੇ ਦਾ ਸ਼ਹਿਰੀ ਬਣ ਕੇ ਈ ਰਹਿਣਾ ਏ ਤਾਂ ਫੇਰ ਉਹ ਭਾਵੇਂ ਕਿਸੇ ਵੀ ਮੁਲਕ ਵਿਚ ਕਿਉਂ ਨਾ ਜਾ
ਰਵ੍ਹੇ।
ਪਰ ਨੌਕਰੀਆਂ ਵੀ ਕਿੱਥੇ ਰੱਖੀਆਂ ਪਈਆਂ ਸਨ। ਪੰਜਾਬ ਤਾਂ ਜੰਗ ਦਾ ਅਖਾੜਾ ਬਣਿਆ ਪਿਆ ਸੀ। ਇਸ
ਅੱਗ‘ ਚੋਂ ਜਿੰਨੀ ਛੇਤੀ ਹੋ ਸਕੇ ਬਚ ਕੇ ਨਿੱਕਲ ਜਾਣਾ ਚਾਹੀਦਾ ਏ।
ਉਹਦਾ ਅਧਿਆਪਕ ‘ਬਾਹਰ‘ ਜਾਣ ਦੇ ਕਾਰਨਾਂ ਨੂੰ ਗਿਣਦਾ ਹੋਇਆ ਤੋੜਾ ਝਾੜ ਰਿਹਾ ਸੀ, ‘‘ ਜੇਕਰ
ਮੈਨੂੰ ਰੱਜਵੀਂ ਰੋਟੀ ਦਿੰਦਾ ਮੇਰਾ ਦੇਸ, ਤਾਂ ਮੈਂ ਕਿਉਂ ਜਾਂਦਾ ਪਰਦੇਸ।‘
ਏਥੇ ਪਹੁੰਚ ਕੇ ਕਹਾਣੀ ਵਿਚ ਇਕ ਪ੍ਰਸ਼ਨ ਧੁਨੀ ਉਪਜਦੀ ਹੈ ਕਿ ਜਦੋਂ ਆਪਣੀ ਮੂਲ ਧਰਤੀ ਤੇ ਆਮ
ਬੰਦੇ ਨੂੰ ਆਪਣੀ ਕੋਈ ਹੋਂਦ ਪਛਾਣ ਜਾਂ ਸਾਰਥਕਤਾ ਨਜਰ ਨਹੀਂ ਆਉਂਦੀ ਤਾਂ ਕੀ ਆਪਣੀਆਂ
ਜੜ੍ਹਾਂ ਨਾਲੋਂ ਟੁੱਟੇ ਵਿਅਕਤੀ ਲਈ ਓਪਰੀ ਧਰਤੀ ਇੱਕ ਠੋਸ ਪਨਾਹਦਾਤਾ ਬਣ ਕੇ ਉੱਭਰੇਗੀ? ਪਰ
ਇਸ ਕਹਾਣੀ ਵਿਚੋਂ ਇੱਕ ਜਵਾਬ ਵੀ ਜ਼ਰੂਰ ਲੱਭਦਾ ਹੈ ਕਿ ੳਪਰੀ ਧਰਤੀ ਆਮ ਬੰਦੇ ਨੂੰ ਪਨਾਹ ਜਾਂ
ਪਛਾਣ ਦੇਵੇ ਨਾ ਦੇਵੇ ਪਰ ਉਸਦੇ ਰੋਜ਼ੀ ਰੋਟੀ ਦੇ ਮਸਲੇ ਨੂੰ ਹੱਲ ਜ਼ਰੂਰ ਕਰਦੀ ਹੈ। ਤੇ ਜਦੋਂ
ਵਿਅਕਤੀ ਆਪਣੀ ਮੂਲ ਧਰਤੀ ਤੇ ਹੀ ਆਰਥਿਕਤਾ ਜਾਂ ਕਿਸੇ ਹੋਰ ਕਾਰਨ ਕਰਕੇ ਦੂਜ਼ੇ ਦਰਜ਼ੇ ਦਾ
ਸੰਤਾਪ ਹੰਢਾਉਂਦਾ ਹੋਇਆ ਇਕ ਦਮਿਤ ਜ਼ਿੰਦਗੀ ਜਿਉਂ ਰਿਹਾ ਹੋਵੇ ਤਾਂ ਆਪਣੀ ਜਾਂ ਓਪਰੀ ਧਰਤੀ
ਦਾ ਸੰਕਲਪ ਉਸ ਲਈ ਕੋਈ ਮਾਅਨੇ ਨਹੀਂ ਰੱਖਦਾ।
ਵਿਦੇਸ਼ ਜਾਣ ਦਾ ਕਾਰਨ ਚਾਹੇ ਕੋਈ ਵੀ ਹੋਵੇ ਪਰ ਸੱਚ ਗੱਲ ਤਾਂ ਇਹ ਹੈ ਕਿ ਪੰਜਾਬੀ ਡਾਇਸਪੋਰਾ
ਦੀ ਆਪਣੀ ਜਨਮ ਭੌਂਇ ਵਿਚਲੀ ਆਰਥਿਕਤਾ, ਰਾਜਨੀਤੀ, ਧਰਮ ਤੇ ਸਮਾਜ ਦੀ ਵਿਗਠਿਤ ਬਣਤਰ ਨੇ
ਠ.;ਦਹ ਆਪਣੀ ਧਰਤੀ ਨਾਲੋਂ ਤੋੜ ਵਿਦੇਸ਼ੀ ਧਰਤੀ ਨਾਲ ਜੋੜ ਦਿੱਤੀ ਹੈ।ਆਪਣਾ ਭਵਿੱਖ ਸੰਵਾਰਨ
ਦੀ ਮਾਨਸਿਕਤਾ ਅਤੇ ਆਪਣੀ ਅਗਲੀ ਜਨਰੇਸ਼ਨ ਲਈ ਵਧੀਆ ਮਾਹੌਲ, ਵਧੀਆ ਮੌਕੇ ਅਤੇ ਚੰਗੀ ਪਛਾਣ ਦਾ
ਉਸਨੂੱ ਇਕੋ ਇਕ ਰਾਹ ਵਿਦੇਸ਼ੀ ਧਰਤੀ ਨਜਰ ਆਉਂਦੀ ਹੈ। ਇਸਦੀ ਪ੍ਰਾਪਤੀ ਲਈ ਉਹ ਆਪਣੀ ਹਰ
ਇੱਛਾ, ਤਾਂਘ,ਸੱਧਰ,ਪਿਆਰ ਆਦਿ ਨੂੰ ਤਿਲਾਂਜਲੀ ਦੇ ਵਿਦੇਸ਼ੀ ਧਰਤੀ ਤੇ ਪੱਕੇ ਪੈਰੀ ਖੜਨ ਲਈ
ਹਰ ਹੀਲ ਹਰਬਾ ਵਰਤਦਾ ਹੈ। ਜਿਵੇਂ ਇਸ ਕਹਾਣੀ ਦਾ ਪਾਤਰ ਅਮਰੀਕ ਕੈਨੇਡਾ ਦੀ ਪੱਕੀ ਵਸਨੀਕ
ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾ ਕੇ ਪੱਕਾ ਹੁੰਦਾ ਹੈ ਪਰ ਪੱਕੇ ਹੋਣ ਦੇ ਇਸ ਜੋੜ ਤੋੜ ਵਿਚ
ਉਹ ਆਪਣੇ ਪਿਆਰ ਰਣਜੀਤ ਨੂੰ ਗਵਾ ਲੈਂਦਾ ਹੈ:-
‘ਵਿਆਹ ਦੇ ਫੈਸਲੇ ਨੇ ਉਹਨੂੰ ਕੈਨੇਡਾ ਪੱਕੇ ਹੋਣ ਦੀ ਖੁਸ਼ੀ ਤਾਂ ਦਿੱਤੀ
ਪਰ ਨਾਲ ਹੀ ਡੁੰਘੇ ਪਛਤਾਵੇ ਦੀ ਚੰਗਿਆੜੀ ਵੀ ਅੰਦਰ ਬਾਲ ਧਰੀ ਸੀ।...........
ਰਣਜੀਤ ਬਿਨਾਂ ਕੈਨੇਡਾ ਤਾਂ ਸੀ ਪਰ ਜ਼ਿੰਦਗੀ ਕਿੱਥੇ ਸੀ।”
ਪਰ ਪਛਤਾਵੇ ਦੇ ਇਸ ਅਸਰ ਹੇਠ ਜ਼ਿੰਦਗੀ ਰੁਕਦੀ ਨਹੀਂ ਕਿਉਂਕਿ ਮਨੁੱਖ ਦੀ ਇਹ ਆਦਿ ਕਾਲੀਨ
ਪ੍ਰਵਿਰਤੀ ਹੈ ਕਿ ਉਹ ਲੱਖਾਂ ਉਤਰਾਵਾਂ/ਚੜਾਵਾਂ ਤੇ ਜਿੰਦਗੀ ਦੇ ਕੂਹਣੀ ਮੋੜ ਕੱਟਾਂ ਦੇ
ਬਾਵਜੂਦ ਦੁਬਾਰਾ ਜਿੰਦਗੀ ਸ਼ੁਰੂ ਕਰ ਲੈਂਦਾ ਹੈ:-
‘ਉਸਨੇ ਡੁੱਲ੍ਹੇ ਹੋਏ ਸੁਪਨਿਆਂ ਨੂੰ ਹੌਲੀ ਹੌਲੀ ਚੁਗਣਾ, ਪੂੰਝਣਾ ਤੇ
ਧੋਣਾਂ-ਸੰਵਾਰਨਾ ਸ਼ੁਰੂ ਕਰ ਦਿੱਤਾ।...............ਉਸਨੇ ਰਣਜੀਤ ਲਈ ਇੱਕਠੇ
ਕੀਤੇ ਸਾਰੇ ਤਾਰੇ ਆਪਣੀ ਪਤਨੀ ਦੀ ਬੁੱਕਲ ਵਿੱਚ ਢੇਰੀ ਕਰ ਦਿੱਤੇ।‘
ਅਸਲ ਵਿਚ ਅਜੋਕੇ ਪੂੰਜੀਵਾਦੀ ਨਿਜ਼ਾਮ ਵਿਚ ਬੰਦੇ ਦੀ ਸਭ ਤੋਂ ਪਹਿਲੀ ਜ਼ਰੂਰਤ ਆਰਥਿਕ ਸਾਵਾਂਪਣ
ਹੈ ਜਿਸਦੇ ਅਸਰ ਹੇਠ ਉਸਦੀ ਹਰ ਸੂਖਮ ਭਾਵਨਾ ਦਬ ਕੇ ਰਹਿ ਜਾਂਦੀ ਹੈ। ਇਸੇ ਕਰਕੇ ਆਰਥਿਕ
ਸਾਂਵੇਪਣ ਦੀ ਪ੍ਰਾਪਤੀ ਲਈ ਆਪਣੀ ਹਰ ਸੰਵੇਦਨਾਂ ਨੂੰ ਅੰਤਰਗਠਿਤ ਕਰ ਪੂੰਜੀ ਦੇ ਸੌਦੇਬਾਜ਼ੀ
ਵਾਲੇ ਚਿਹਰੇ ਦੀ ਕਿਸੇ ਵੀ ਸੀਮਾ ਤੋਂ ਪਾਰ ਜਾ ਸਕਦਾ ਹੈ। ਜਿਵੇਂ ਇਸ ਕਹਾਣੀ ਦਾ ਪਾਤਰ ਅਮਰ
ਸਿੰਘ ਆਪਣੇ ਪੁੱਤਰ ਅਮਰੀਕ ਦੀ ਮੌਤ ਦਾ ਸੱਚ ਲੁਕਾ ਕੇ ਕਨੇਡਾ ਪਹੁੰਚਦਾ ਹੈ:-
‘ਉਹ ਪੁੱਤ ਦੀ ਮੌਤ ਤੇ ਉੱਚੀ ਧਾਹਾਂ ਮਾਰ ਕੇ ਕਨੇਡਾ ਨਾ ਜਾਣ
ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਸੀ।‘
‘‘ ਜੇ ਕਨੇਡਾ ਜਾਣਾ ਸੌਦੇਬਾਜ਼ੀ ਹੀ ਹੈ ਤਾਂ ਫਿਰ ਪੁੱਤ ਦੀ ਮੌਤ
ਦਾ ਸਦਮਾ ਚੁੱਪ ਚਾਪ ਇਕੱਲਿਆਂ ਸਹਿ ਕੇ ਕਨੇਡਾ ਪਹੁੰਚਣ ਦਾ
ਸੌਦਾ ਵੀ ਕਰਨਾ ਹੀ ਪੈਣੇਂ।”
ਇਕ ਪਿਓ ਦਾ ਸੌਦੇਬਾਜ਼ੀ ਵਾਲਾ ਇਹ ਚਿਹਰਾ ਬੜਾ ਕਰੂਰ ਜਾਪਦਾ ਹੈ ਪਰ ਮਜਬੂਰੀ ਵੱਸ ਬਣੇ ਇਸ
ਕਰੂਰ ਚਿਹਰੇ ਦੀ ਉਪਜ ਵਿਚਲੇ ਅਸਲ ਕਾਰਨ ਜ਼ਿਆਦਾ ਕਰੂਰ ਹਨ। ਕਰਮ ਸਿੰਘ ਦੁਆਰਾ ਅਜਿਹਾ
ਸੌਦੇਬਾਜ਼ੀ ਵਾਲਾ ਕਾਰਜ ਕਰਨ ਦੇ ਬਾਵਜੂਦ ਵੀ ਉਸਦਾ ਪੁੱਤਰ ਮੋਹ ਕਹਾਣੀ ਵਿਚ ਕਿਤੇ ਵੀ ਖਤਮ
ਹੋਇਆ ਨਹੀਂ ਜਾਪਦਾ ਸਗੋਂ ਉਸਦਾ ਪੁੱਤਰ ਉਸ ਲਈ ਇੱਕ ਸ਼ਹੀਦ ਦਾ ਦਰਜਾ ਰਖਦਾ ਹੈ:-
‘‘ਖਿਆਲ ਆਇਆ। ਉਸਦਾ ਪੁੱਤ ਵੀ ਸ਼ਹੀਦ ਹੋ ਗਿਆ। ਪਰ ਉਹਦੇ
ਪੁੱਤ ਦੀ ਕੌਮ ਵਿਚ ਤਾਂ ਸਾਰੇ ਛੇ ਕੁ ਜੀਅ ਹੀ ਸ਼ਾਮਿਲ ਹਨ। ਚਾਰ ਏਥੋਂ ਵਾਲੇ
ਤੇ ਦੋ ਕਨੇਡਾ ਵਿਚਲੇ। ਏਡੀ ਕੁ ਕੌਮ ਲਈ ਮਰਨ ਵਾਲਾ ‘ਸ਼ਹੀਦ‘ ਕਿਹੜੇ ਖਾਤੇ
ਦਾ ‘ਸ਼ਹੀਦ, ਹੁੰਦਾ ਹੈ।”
ਇਹ ਅਜੋਕੇ ਸਮੇਂ ਦਾ ਸੱਚ ਹੈ ਕਿ ਆਧੁਨਿਕਤਾ ਦੇ ਇਸ ਤੇਜ਼ ਪ੍ਰਚਲਣ ਵਿਚ ਆਮ ਬੰਦੇ ਦੀ ਲੜਾਈ
ਦਾ ਰਣ ਖੇਤਰ ਤਬਦੀਲ ਹੋ ਚੁੱਕਾ ਹੈ।ਉਸਦੀ ਲੜਾਈ ਸਵੈ-ਕੇਂਦਰਿਤ ਬਣ ਗਈ ਹੈ। ਅੱਜ ਦਾ ਆਮ
ਬੰਦਾ ਕਿਸੇ ਕੌਮ ਲਈ ਨਹੀਂ ਸਗੋਂ ਆਪਣੇ ਆਪ ਲਈ ਲੜ ਰਿਹਾ ਹੈ। ਜਿਸ ਕਰਕੇ ਉਸਦੀ ਲੜਾਈ
ਸੰਗਠਿਤ ਨਾ ਹੋ ਕੇ ਇਕਹਰੀ ਬਣਤਰ ਵਾਲੀ ਬਣ ਗਈ ਹੈ। ਇਸੇ ਲਈ ਉਸਦੀ ਕੌਮ ਪੂਰਾ ਦੇਸ਼ ਨਾ ਹੋ
ਕੇ ਪਰਿਵਾਰ ਤੱਕ ਸੀਮਿਤ ਹੋ ਗਈ ਹੈ। ਆਰਥਿਕਤਾ ਅਤੇ ਸਮੇਂ ਦੇ ਅਜੀਬ ਵਹਾਅ ਵਿਚ ਫਸਿਆ ਆਮ
ਬੰਦਾ ਸਮਾਜ ਵਿਚ ਪਰਿਵਾਰ ਦੀ ਸਥਾਪਤੀ ਲਈ ਕਿਤੇ ਨਾ ਕਿਤੇ ਸ਼ਹੀਦ ਹੋ ਰਿਹਾ ਹੈ ਪਰ ਇਹ ਤੈਅ
ਕਰਨਾ ਮੁਸ਼ਕਿਲ ਹੈ ਕਿ ਸ਼ਹਾਦਤ ਦਾ ਇਹ ਵਰਗ ਕਿਹੜਾ ਹੈ?
ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਵਰਿਆਮ ਸੰਧੂ ਦੁਆਰਾ ਰਚਿਤ ਇਹ
ਕਹਾਣੀ ਸ਼ਹਾਦਤ ਦਾ ਇਕ ਨਵਾਂ ਰੂਪ ਪੇਸ਼ ਕਰਦੀ ਹੋਈ ਵਿਦੇਸ਼ੀ ਅਤੇ ਪੰਜਾਬੀ ਧਰਤੀ ਤੇ ਭਟਕਦੇ
ਪੰਜਾਬੀ ਡਾਇਸਪੋਰਾ ਦੇ ਮਨੋਸੰਤਾਪਾਂ,ਮਨੋਦਵੰਦਾਂ, ਸਮੱਸਿਆਵਾਂ ਤੇ ਮਨੁੱਖ ਵਿਰੋਧੀ ਹਾਲਤਾਂ
ਦਾ ਇਕ ਮਾਅਨੇਖੇਜ਼ ਵਰਤਾਰਾ ਸਿਰਜਦੀ ਹੈ। ਇਹ ਕਹਾਣੀ ਪੰਜਾਬੀ ਬੰਦੇ ਦੇ ਪਰਵਾਸ ਤੇ ਮੂਲ ਧਰਤੀ
ਨਾਲ ਜੁੜੇ ਸੰਕਟਾਂ ਦੀ ਸਮਾਨਾਂਤਰ ਪੇਸ਼ਕਾਰੀ ਕਰਦੀ ਹੋਈ ਪੰਜਾਬੀ ਡਾਇਸਪੋਰਾ ਨੂੰ ਹੱਦਾ
ਸਰਹੱਦਾਂ ਦੀ ਸੀਮਾਂ ਤੋਂ ਪਾਰ ਜਾ ਕੇ ਦੇਖਦੀ , ਸਮਝਦੀ ਤੇ ਪ੍ਰਸਤੁਤ ਕਰਦੀ ਹੈ ਤੇ ਨਾਲ ਹੀ
ਪਰਵਾਸ ਦੇ ਅਸਲ ਕਾਰਨਾਂ ਦਾ ਇਕ ਡੂੰਘਾਈਪਰਕ ਵਿਸ਼ਲੇਸ਼ਣ ਵੀ ਪੇਸ਼ ਕਰਦੀ ਹੈ।
ਅਸਿਸਟੈਂਟ ਪ੍ਰੋਫੈਸਰ,
ਪੰਜਾਬੀ ਵਿਭਾਗ,
ਦੇਸ਼ ਭਗਤ ਕਾਲਜ ਬਰੜਵਾਲ,
ਧੂਰੀ।
-0-
|