Welcome to Seerat.ca
Welcome to Seerat.ca

ਚਿਤ੍ਰਲੇਖ/ ਸ਼ਨਾਖ਼ਤ

 

- ਅਮਰਜੀਤ ਚੰਦਨ

ਖੀਸੇ ਚ ਟਿਮਕਦੇ ਜੁਗਨੂੰ

 

- ਇਕਬਾਲ ਰਾਮੂਵਾਲੀਆ

ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਨਵੀਂ ਦੁਨੀਆਂ

 

- ਹਰਜੀਤ ਅਟਵਾਲ

ਗੱਲਾਂ ਚੋਂ ਗੱਲ

 

- ਬਲਵਿੰਦਰ ਗਰੇਵਾਲ

ਵਲੈਤ ਦੇ ਭੱਠੇ

 

- ਸੁਖਦੇਵ ਸਿੱਧੂ

ਵਿਸ਼ਵੀਕਰਣ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ

 

- ਦੇਵਿੰਦਰ ਕੌਰ

ਘਰ ਦੇ ਜੀਅ

 

- ਮੰਗੇ ਸਪਰਾਏ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਇਤਿਹਾਸ ਬੋਲਦਾ ਏ

 

- ਦਰਸ਼ਨ ਬੁਲੰਦਵੀ

ਆਖਰ ਕੁਝ ਤਾਂ ਹੈ ਜੱਟ ਅਖਵਾਉਣ ਵਿੱਚ

 

- ਹਰਜੀਤ ਗਿੱਲ

ਲਹੂ ਦਾ ਅੱਥਰੂ

 

- ਸੰਤੋਖ ਸਿੰਘ ਸੰਤੋਖ

ਛੱਪੜ

 

- ਹਰਪ੍ਰੀਤ ਸੇਖਾ

ਪੰਜਾਬੀ ਡਾਇਸਪੋਰਾ ਦੇ ਦਿਖਦੇ ਅਣਦਿਖਦੇ ਪਾਸਾਰ
(ਵਰਿਆਮ ਸੰਧੂ ਦੀ ਕਹਾਣੀ ਜਮਰੌਦ) ਦੇ ਸੰਦਰਭ ਵਿੱਚ

 

- ਡਾ: ਗੁਰਮੀਤ ਕੌਰ

ਜਮਰੌਦ

 

- ਵਰਿਆਮ ਸਿੰਘ ਸੰਧੂ

ਇਹ ਕੇਹੀ ਅਜ਼ਾਦੀ

 

- ਗੁਲਸ਼ਨ ਦਿਆਲ

ਜੇ ਭਰਾ ਮਾੜਾ ਤਾਂ ਮਰਦਪੁਣਾ ਜੇ ਭੈਣ ਮਾੜੀ ਤਾਂ ਬਦਕਾਰ

 

- ਬੇਅੰਤ ਗਿੱਲ ਮੋਗਾ

 

Online Punjabi Magazine Seerat


ਖੀਸੇ ਚ ਟਿਮਕਦੇ ਜੁਗਨੂੰ
- ਇਕਬਾਲ ਰਾਮੂਵਾਲੀਆ

 

"ਜਾਵੇ" ਦਾ ਮੂਹਰਲਾ ਚੱਕਾ, ਜਦੋਂ ਨੂੰ, ਮੁੱਲਾਂਪੁਰ ਤੋਂ ਸੁਧਾਰ ਵੱਲ ਨੂੰ ਜਾਂਦੀ ਸੜਕ ਤੋਂ, ਖ਼ਾਲਸਾ ਕਾਲਜ ਦੇ ਮੇਨ ਗੇਟ ਵੱਲੀਂ ਮੁੜਿਆ, ਰਾਤ ਆਪਣੇ ਸਿਖ਼ਰ ਤੋਂ ਐਵੇਂ ਪੰਦਰਾਂ ਕੁ ਮਿੰਟ ਉਰਲੇ ਪਾਸੇ ਸੀ। ਖੱਬੇ ਪਾਸੇ ਬਣੀ ਕਾਲਜ ਦੀ ਵਿਸ਼ਾਲ ਬਿਲਡਿੰਗ ਦੀ ਨੀਂਦਰ ਨੂੰ ਘਰੂਟਦਾ ਹੋਇਆ, ਅਤੇ ਸੱਜੇ ਪਾਸੇ ਸੰਘਣਾ ਹਨੇਰਾ ਓੜ ਕੇ ਸੁੱਤੇ ਓਪਨ-ਏਅਰ ਸਟੇਡੀਅਮ ਨੂੰ ਝੰਜੋੜਦਾ ਹੋਇਆ, ਸਾਡਾ ਜਾਵਾ ਜਿਉਂ ਹੀ ਪ੍ਰੋਫ਼ੈਸਰਾਂ ਲਈ ਬਣੇ ਰਹਾਇਸ਼ੀ ਕੁਆਅਟਰਾਂ ਦੇ ਝੁੰਡ ਵੱਲੀਂ ਵਧਿਆ, ਉਹਦੇ ਭੂਖਣੇ ਚੋਂ ਨਿੱਕਲ਼ਦੀ ਗੁੱਡ-ਗੁੱਡ, ਗੁੱਡ-ਗੁੱਡ, ਫ਼ਲੈਟਾਂ ਦੇ ਵਰਾਂਡਿਆਂ ਨਾਲ਼ ਟਕਰਾਅ ਕੇ ਸਾਡੇ ਵੱਲੀਂ ਜਵਾਬੀ-ਲਲਕਾਰੇ ਸੁੱਟਣ ਲੱਗੀ। ਘੂਕ ਸੁੱਤੇ ਇਸ ਰਹਇਸ਼ੀ ਸਮੂਹ ਵਿੱਚ ਖੁੜਦੁੰਬ ਮੱਚਣ ਲੱਗਾ।
ਜਾਵਾ ਅਖ਼ੀਰ, ਸਾਡੇ ਫ਼ਲੈਟ ਦੇ ਸਾਹਮਣੇ ਖਲੋਤਾ ਸੀ! ਉਸ ਦੇ ਇੰਜਣ ਦੀ ਕੁੰਜੀ ਖੱਬੇ ਪਾਸੇ ਵੱਲ ਨੂੰ ਗਿੜੀ ਹੀ ਸੀ ਕ ਜਾਵੇ ਦੇ ਮੱਥੇ ਚ ਦਗਦੀ ਪੂਰਨਮਾਸ਼ੀ ਚ ਕਾਲ਼ੀ ਰੇਤ ਭੁੱਕੀ ਗਈ! ਦਸ-ਪੰਦਰਾਂ ਸਕਿੰਟਾਂ ਲਈ ਸਾਡੇ ਫ਼ਲੈਟ ਦਾ ਆਲ਼ਾ-ਦੁਆਲ਼ਾ ਕਾਲ਼ੀ ਧੁੰਦ ਵਿੱਚ ਲਿਪਟ ਗਿਆ। ਮੈਨੂੰ ਆਪਣੇ ਹੱਥ ਵੀ ਨਜ਼ਰ ਆਉਣੋ ਬੰਦ ਹੋ ਗਏ। ਜਾਵੇ ਦੇ ਚੁੱਪ ਹੁੰਦਿਆਂ ਹੀ, ਫ਼ਲੈਟਾਂ ਦੇ ਸਮੂਹ ਚ ਪੱਸਰੇ ਹਨੇਰੇ ਨੂੰ ਝੰਬ ਰਹੀ ਜਵਾਬੀ ਗੁੱਡ-ਗੁੱਡ ਨੇ ਵੀ ਹਥਿਆਰ ਸੁੱਟ ਦਿੱਤੇ।
-ਉਏ ਮੁੜ ਵੀ ਆਏ ਐਡੀ ਛੇਤੀ? ਫ਼ਲੈਟ ਦਾ ਦਰਵਾਜ਼ਾ ਖੁਲ੍ਹਦਿਆਂ ਹੀ ਰਛਪਾਲ ਦੀਆਂ ਅੱਖਾਂ ਚ ਸੁਆਲ ਬੁੜਬੁੜਾਇਆ।
ਬਲਵੰਤ ਆਪਣੇ ਬੈਗ਼ ਨੂੰ ਡਰਾਇੰਗਰੂਮ ਵਿੱਚ ਪਈਆਂ ਕੁਰਸੀਆਂ ਦੇ ਪੈਰਾਂ ਚ ਬਿਠਾਅ ਕੇ, ਬਾਥਰੂਮ ਵਿੱਚ ਜਾ ਵੜਿਆ।
ਫ਼ਲੈਟ ਦੇ ਦਰਵਾਜ਼ੇ ਚ ਹੋ ਰਹੀ ਕੜਿੱਕ-ਕੜਿੱਕ ਤੇ ਦਗੜ-ਦਗੜ ਸੁਣ ਕੇ, ਅੱਖਾਂ ਨੂੰ ਮਲ਼ਦਾ ਹੋਇਆ ਪ੍ਰੋਫ਼ੈਸਰ ਸੁਰਿੰਦਰ ਵੀ ਡਰਾਇੰਗਰੂਮ ਵਿੱਚ ਆ ਗਿਆ।
-ਪਈ ਐ ਘੁੱਟ? ਮੈਂ ਰਛਪਾਲ ਵੱਲੀਂ ਝਾਕਿਆ।
-ਤੂੰ ਪਹਿਲਾਂ, ਯਾਰ, ਇਹ ਦੱਸ ਬਈ ਪਿਆਰਾ ਪੰਨੂੰ ਮਿਲ਼ ਗਿਆ ਕਿ ਨਹੀਂ ਫ਼ੋਨ ਤੇ! ਰਛਪਾਲ ਆਪਣੇ ਜੂੜੇ ਨੂੰ ਸੰਵਾਰਦਿਆਂ ਬੋਲਿਆ।
ਮੈਂ ਆਪਣੀ ਦਾਹੜੀ ਦੀ ਗੁੱਟੀ ਉਦਾਲਿਓਂ ਧਾਗੇ ਨੂੰ ਉਧੇੜਣ ਲੱਗਾ।
-ਪਈ ਮਿਹਨਤ ਪੱਲੇ? ਸੁਰਿੰਦਰ ਨੇ ਆਪਣੇ ਪੰਜੇ ਨਾਲ਼ ਆਪਣੀ ਉਬਾਸੀ ਨੂੰ ਬੋਚਦਿਆਂ ਪੁੱਛਿਆ।
-ਪਹਿਲਾਂ ਲਾ ਤਾਂ ਲਈਏ ਘੁੱਟ!
ਮੇਰਾ ਜਵਾਬ ਸੁਣ ਕੇ ਰਛਪਾਲ ਕਿਚਨ ਵੱਲ ਨੂੰ ਹੋ ਤੁਰਿਆ।
-ਪੈਸੇ ਇਕੱਠੇ ਕਰਨੇ ਪੈਣੇ ਐਂ, ਸੁਰਿੰਦਰ ਸਿਅ੍ਹਾਂ! ਮੈਂ ਆਪਣੀਆਂ ਅੱਖਾਂ ਵਿਚਲਾ ਸਵਾਲੀਆ-ਨਿਸ਼ਾਨ ਸੁਰਿੰਦਰ ਵੱਲੀਂ ਮੋੜਿਆ।
ਏਨੇ ਨੂੰ ਰੰਮ ਦੀ ਬੋਤਲ ਤੇ ਪਾਣੀ ਦੀ ਗੜਵੀ ਕਾਫ਼ੀ-ਟੇਬਲ ਉੱਪਰ ਹਾਜ਼ਰ ਹੋ ਗਈਆਂ, ਤੇ ਰਛਪਾਲ ਕੱਚ ਦੇ ਗਲਾਸਾਂ ਨੂੰ ਚੁੱਕਣ ਲਈ ਕਿਚਨ ਵੱਲ ਨੂੰ ਮੁੜ ਗਿਆ।
-ਓਏ ਪੈਸੈ ਤਾਂ ਕਰਲਾਂਗੇ ਕੱਠੇ, ਰਲ਼-ਮਿਲ਼ ਕੇ! ਸੁਰਿੰਦਰ ਆਪਣੀਆਂ ਤਲ਼ੀਆਂ ਨੂੰ ਮਲਣ ਲੱਗਾ। -ਪਹਿਲਾਂ ਤੂੰ ਇਹ ਦੱਸ ਬਈ ਪਿਆਰਾ ਕੀ ਕਹਿੰਦੈ!
ਮੈਂ ਰੰਮ ਦੀ ਬੋਤਲ ਨੂੰ ਟੇਢੀ ਕਰ ਕੇ, ਉਸ ਵਿੱਚੋਂ ਕਾਲ਼ੇ ਰੰਗ ਦੀ ਬਸੰਤਰ, ਦੋਹਾਂ ਗਲਾਸਾਂ ਚ ਉਤਾਰ ਦਿੱਤੀ।
ਰਛਪਾਲ ਪਾਣੀ ਵਾਲ਼ੀ ਗੜਵੀ ਦੇ ਕਿੰਗਰੇ ਨੂੰ ਨਜ਼ਰਾਂ ਨਾਲ਼ ਜੋਖਣ ਲੱਗਾ।
ਏਨੇ ਨੂੰ ਆਪਣੇ ਪਜਾਮੇਂ ਨੂੰ ਖੱਬੇ ਮੋਢੇ ਉੱਪਰ ਟੰਗੀ, ਬਲਵੰਤ ਵੀ ਬਾਥਰੂਮ ਚੋਂ ਡਰਾਇੰਗਰੂਮ ਵੱਲ ਨੂੰ ਆਉਂਦਾ ਦਿਸਿਆ।
-ਪਤੰਦਰੋ, ਇਹ ਤਾਂ ਦੱਸ ਦਿਓ ਬਈ ਕਾੱਸੇ ਚ ਆਟੇ ਦੀ ਮੁੱਠੀ ਡਿੱਗੀ ਕਿੰਨੀ ਕੁ ਐ! ਗੜਵੀ ਨੂੰ ਗਲਾਸਾਂ ਵੱਲ ਨੂੰ ਧਕਦਿਆਂ ਰਛਪਾਲ ਬੋਲਿਆ।
ਮੈਂ ਗਲਾਸ ਨੂੰ ਆਪਣੇ ਮੱਥੇ ਦੇ ਸਾਹਮਣੇ ਲਿਆਂਦਾ, ਤੇ ਆਪਣੀਆਂ ਅੱਖਾਂ ਵਿਚਲਾ ਸਰੂਰ ਰਛਪਾਲ ਵੱਲੀਂ ਫੈਲਾਅ ਦਿੱਤਾ।
-ਉਏ ਪੈਸੇ ਤਿਆਰ ਕਰਨ ਲੱਗਣੈ ਕੱਲ੍ਹ ਤੋਂ, ਰਛਪਾਲ ਸਿਅ੍ਹਾਂ, ਪੈਸੇ! ਮੇਰੇ ਖੱਬੇ ਪਾਸੇ ਵਾਲ਼ੀ ਕੁਰਸੀ ਦੇ ਢੋਅ ਉੱਪਰ ਆਪਣਾ ਪਜਾਮਾ ਟੰਗਦਾ ਹੋਇਆ ਬਲਵੰਤ ਬੋਲਿਆ।

ਅਗਲੀ ਸਵੇਰ ਸਾਢੇ ਅੱਠ ਵਜਦੇ ਨੂੰ ਸਾਡਾ ਜਾਵਾ, ਦੋ ਕੁ ਸਾਲ ਪਹਿਲਾਂ ਸਾਡੇ ਖੇਤ-ਵਿੱਚ-ਉਸਾਰੇ, ਸਾਡੇ ਘਰ ਦੇ ਵਿਹੜੇ ਚ ਖਲੋਤਾ, ਘਰਕ ਰਿਹਾ ਸੀ: ਸੱਜੀ ਲੱਤ ਨੂੰ ਮੋਟਰਸਾਈਕਲ ਦੇ ਕੈਰੀਅਰ ਉੱਪਰੋਂ ਦੀ ਵਲ਼ ਕੇ ਮੈਂ ਕਾਠੀ ਤੋਂ ਉੱਤਰ ਗਿਆ, ਤੇ ਬਲਵੰਤ ਦਾ ਸੱਜਾ ਪੈਰ, ਮੋਟਰ ਸਾਈਕਲ ਦੇ ਹੇਠਾਂ, ਸਟੈਂਡ ਨੂੰ ਟਟੋਲਣ ਲੱਗਾ।
ਪੈਸੇ ਇਕੱਠੇ ਕਰਨ ਦੀ ਗੱਲ ਸੁਣਦਿਆਂ ਹੀ, ਵਿਹੜੇ ਚ ਮੁੰਜ ਦੇ ਮੰਜੇ ਉੱਪਰ ਬੈਠੇ ਬਾਪੂ ਪਾਰਸ ਦੇ ਹੱਥ ਚ ਫੜਿਆ ਚਾਹ ਦਾ ਗਲਾਸ ਥਿੜਕਣ ਲੱਗਾ।
-ਵੱਡੀ ਰਕਮ ਐ, ਮੁੰਡਿਓ! ਬਾਪੂ ਨੇ ਗਲਾਸ ਨੂੰ ਦੋ ਮੰਜਿਆਂ ਵਿਚਕਾਰ ਖਲੋਤੇ ਸਟੂਲ ਤੇ ਟਿਕਾਇਆ ਅਤੇ ਉਹ ਆਪਣੀਆਂ ਉਂਗਲ਼ਾਂ ਦੀ ਕੰਬਣੀ ਨੂੰ ਆਪਣੀ ਦਾਹੜੀ ਚ ਘਸਾਉਣ ਲੱਗਾ। -ਐਸ ਮਕਾਨ ਨੂੰ ਉਸਾਰਨ ਲਈ ਪੈਸੇ ਫੜੇ ਸੀ ਆਪਾਂ ਆੜ੍ਹਤੀਏ ਤੋਂ... ਦੋ ਰੁਪਏ ਸੈਂਕੜੇ ਤੇ! ਬਾਪੂ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗਾ। -ਕਿਸ਼ਤਾਂ ਕਰਲੀਆਂ ਸੀ ਮੈਂ ਆੜ੍ਹਤੀਏ ਨਾਲ਼... ਪਰ ਡੇਢ ਸਾਲ ਚ ਪੰਜਵਾਂ ਕੁ ਹਿੱਸਾ ਈ ਮੁੜਿਐ!
ਗੁਰਦਵਾਰੇ ਸਿਰ ਜੋੜੀ ਖਲੋਤੇ ਦਰਖ਼ਤਾਂ ਵਿੱਚੋਂ ਰੁਕ-ਰੁਕ ਕੇ ਕੂਅ-ਕੂਅ ਦੀਆਂ ਪਿਚਕਾਰੀਆਂ ਸੁਟਦੀ ਕੋਇਲ ਮੇਰੀ ਛਾਤੀ ਚ ਮੋਰੀਆਂ ਕਰਨ ਲੱਗੀ।
ਬਲਵੰਤ ਨੇ ਬੈਗ਼ ਚੋਂ ਕਾਪੀ ਕੱਢੀ, ਅਤੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨਾਮ ਲੱਭਣ ਲਈ, ਅੱਖਾਂ ਮੀਟ ਕੇ, ਉਹ ਆਪਣੇ ਦਿਮਾਗ਼ ਵਿੱਚ ਦੌੜਨ ਲੱਗਾ।
ਬਾਪੂ ਦੀਆਂ ਅੱਖਾਂ ਚ ਪਲ ਪਲ ਸੰਘਣੇ ਹੋ ਰਹੇ ਸੰਸੇ ਨੂੰ ਦੇਖ ਕੇ, ਮੈਂ ਦੋ ਸਾਲ ਪਹਿਲਾਂ, ਜੂਨ 1970 ਦੀ ਇੱਕ ਆਥਣ ਵੱਲ ਨੂੰ ਪਰਤ ਗਿਆ: ਸਾਡੀ ਖੇਤ ਚ, ਮੋਟਰ ਦੇ ਲਾਗੇ ਖਲੋਤੇ ਤੂਤਾਂ ਕੋਲ਼, ਧਰਤੀ ਉੱਪਰ ਵਿਛੀਆਂ ਪੱਟੀਆਂ ਅਤੇ ਚਾਦਰਾਂ ਉਜਾਗਰ ਹੋਣ ਲੱਗੀਆਂ: ਪੱਟੀਆਂ-ਚਾਦਰਾਂ ਉੱਤੇ, ਇੱਕ ਪਾਸੇ ਚੌਂਕੜੀਆਂ ਮਾਰੀ ਬੈਠੀਆਂ ਔਰਤਾਂ ਤੇ ਕੁੜੀਆਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਅਤੇ ਕੁੜਤੀਆਂ, ਤੇ ਉਨ੍ਹਾਂ ਚੋਂ ਇੱਕ-ਦੂਜੀ ਚ ਇੱਕ-ਮਿੱਕ ਹੋ ਰਹੀ ਪਸੀਨੇ ਅਤੇ ਟੈਲਕਮ ਪਾਊਡਰ ਦੀ ਗੰਧ-ਸੁਗੰਧ! ਦੂਸਰੇ ਪਾਸੇ, ਮੋਢਿਆਂ-ਬਗ਼ਲਾਂ ਕੋਲ਼ ਪਸੀਨੇ ਨਾਲ਼ ਸਿੱਲ੍ਹੀਆਂ ਹੋਈਆਂ ਕਮੀਜ਼ਾਂ ਵਾਲ਼ੇ ਮੇਰੇ ਦੋਸਤ ਤੇ ਰਿਸ਼ਤੇਦਾਰ ਆਪਣੀਆਂ ਟੂਟੀਦਾਰ ਪੱਗਾਂ ਦੇ ਅੱਖਾਂ ਲਾਗਲੇ ਲੜਾਂ ਦੀ ਸਿੱਲ੍ਹ ਉੱਪਰ ਰੁਮਾਲ ਫੇਰਦੇ ਹੋਏ, ਜਾਂ ਪਰਨਿਆਂ ਦੀ ਝੱਲ ਮਾਰ ਮਾਰ ਕੇ ਪਸੀਨੇ ਨੂੰ ਸੁਕਾਉਣ ਦਾ ਭਰਮ ਪਾਲ਼ਦੇ ਹੋਏ! ਮੇਰੇ ਸਾਹਮਣੇ ਚੌਂਕੜੀ ਮਾਰੀ ਬੈਠਾ ਬਾਪੂ ਪਾਰਸ, ਲਗਾਤਾਰ ਹੇਠਾਂ-ਉੱਪਰ ਹਿੱਲ ਰਹੇ ਆਪਣੇ ਗੋਡਿਆਂ ਤੋਂ ਬੇਖ਼ਬਰ! ਉਦ੍ਹਾ ਉੱਪਰ ਵੱਲ ਨੂੰ ਖਿੱਚਿਆ ਹੋਇਆ ਮੱਥਾ ਅਤੇ ਹਲਕੀ ਜਿਹੀ ਮੁਸਕਾਣ ਬਣਨ ਦੀ ਕੋਸ਼ਿਸ਼ ਕਰ ਰਹੀਆਂ ਬੁਲ੍ਹਾਂ ਦੀਆਂ ਕੰਨੀਆਂ! ਬੁੱਲ੍ਹਾਂ ਲਾਗਲੇ ਵਾਲ਼ਾਂ ਦੀ ਕਰੜ-ਬਰੜਤਾ ਨੂੰ ਆਪਣੀ ਉਂਗਲ਼ ਤੇ ਅੰਗੂਠੇ ਚ ਮਸਲ਼ਦਾ ਹੋਇਆ ਬਾਪੂ ਪਾਰਸ ਕਦੇ ਮੇਰੇ ਵੱਲ ਤੇ ਕਦੇ ਘੁਡਾਣੀ ਵਾਲ਼ੇ ਬਾਪੂ ਜੀ (ਮੇਰੇ ਸਹੁਰਾ ਜੀ) ਵੱਲ ਦੇਖੀ ਜਾ ਰਿਹਾ ਸੀ।
ਮੇਰੀ ਵੱਡੀ ਭੈਣ ਚਰਨਜੀਤ ਨੇ ਡੇਢ ਕੁ ਗਜ਼ ਲੰਮੇ ਪਰਨੇ ਦੀ ਸੁਫ਼ੈਦੀ ਦਾ ਇੱਕ ਸਿਰਾ ਮੇਰੀ ਗੋਦੀ ਉੱਤੇ ਵਿਛਾਅ ਦਿੱਤਾ ਤੇ ਦੂਸਰੇ ਸਿਰੇ ਨੂੰ ਮੇਰੇ ਮੋਢੇ ਤੋਂ ਮੇਰੀ ਪਿੱਠ ਵੱਲ ਲਮਕਾਅ ਕੇ ਉਹ ਮੇਰੀ ਮਾਂ ਕੋਲ਼ ਜਾ ਬੈਠੀ। ਘੁਡਾਣੀ ਵਾਲ਼ੇ ਬਾਪੂ ਜੀ ਨੇ, ਆਪਣੀਆਂ ਨਜ਼ਰਾਂ ਨੂੰ, ਉਨ੍ਹਾਂ ਦੇ ਨਾਲ਼ ਆਏ, ਸਰਪੰਚ ਚਾਚਾ ਜੀ (ਗੁਰਬਚਨ ਸਿੰਘ) ਵੱਲੀਂ ਫੇਰਿਆ। ਚਿੱਟ-ਕੱਪੜੀਏ ਲਾਗੀ ਨੇ ਆਪਣਾ ਹੱਥ ਵਾਰੋ-ਵਾਰੀ ਦੋ ਤਿੰਨ ਝੋਲ਼ਿਆਂ ਵਿੱਚੋਂ ਇੱਕ ਚ ਉਤਾਰ ਦਿੱਤਾ ਤੇ ਉਨ੍ਹਾਂ ਚੋਂ ਭਰੀਆਂ, ਛੁਹਾਰਿਆਂ, ਬਦਾਮਾਂ, ਮਖਾਣਿਆਂ ਤੇ ਸੌਗੀ ਦੇ ਮਿਲ਼ਗੋਭੇ ਦੀਆਂ ਮੁੱਠਾਂ, ਘੁਡਾਣੀਓਂ ਆਈਆਂ ਗਿਆਰਾਂ ਥਾਲ਼ੀਆਂ ਚ ਖੁਲ੍ਹਣ ਲੱਗ ਪਈਆਂ। ਫੇਰ ਉਸ ਨੇ ਇੱਕ ਤਕੜਾ ਬੁੱਕ ਮੇਰੇ ਪਰਨੇ ਦੀ ਝੋਲ਼ੀ ਚ ਵੀ ਕੇਰ ਦਿੱਤਾ। ਘੁਡਾਣੀ ਵਾਲ਼ੇ ਬਾਪੂ ਜੀ ਨੇ ਸੋਨੇ ਦੇ ਕੜੇ ਅਤੇ ਮੁੰਦਰੀ ਨੂੰ ਸਰਪੰਚ ਚਾਚਾ ਜੀ ਵੱਲੀਂ ਵਧਾਉਣ ਤੋਂ ਮਗਰੋਂ, ਲਾਗੀ ਦੇ ਹੱਥਾਂ ਚ ਪਕੜੀ ਥਾਲ਼ੀ ਵਿੱਚੋਂ ਇੱਕ ਛੁਹਾਰਾ ਚੁੱਕ ਕੇ ਮੇਰੇ ਮੂੰਹ ਕੋਲ਼ ਲੈ ਆਂਦਾ। ਸਰਪੰਚ ਚਾਚਾ ਜੀ ਨੇ ਮੁੰਦੀ ਨੂੰ ਮੇਰੀ ਉਂਗਲ਼ ਉਦਾਲ਼ੇ ਲਪੇਟ ਦਿੱਤਾ, ਤੇ ਫਿਰ ਕੜੇ ਨੂੰ ਮੇਰੇ ਖੱਬੇ ਪੰਜੇ ਕੋਲ਼ ਲਿਜਾਅ ਕੇ ਮੈਨੂੰ ਆਖਣ ਲੱਗੇ: ਉਂਗਲ਼ਾਂ ਨੂੰ ਕੱਠੀਆਂ ਕਰੋ, ਕਾਕਾ ਜੀ!
ਦੂਸਰੀ ਮੁੰਦਰੀ ਘੁਡਾਣੀ ਵਾਲ਼ੇ ਬਾਪੂ ਜੀ ਦੇ ਹੱਥ ਵਿੱਚੋਂ ਸਰਪੰਚ ਚਾਚਾ ਜੀ ਦੀਆਂ ਉਂਗਲ਼ਾਂ ਵੱਲ ਵਧੀ। ਚਾਚਾ ਜੀ ਦੀ ਮੁਸਕਾਣ ਹੁਣ ਬਾਪੂ ਪਾਰਸ ਵੱਲੀਂ ਮੁੜੀ। ਬਾਪੂ ਪਾਰਸ ਦੇ ਬੁੱਲ੍ਹ ਖੱਬੇ-ਸੱਜੇ ਨੂੰ ਫੈਲ ਗਏ। ਮੁੰਦੀ ਪੁਆਉਣ ਤੋਂ ਪਹਿਲਾਂ ਬਾਪੂ ਪਾਰਸ ਨੇ ਆਪਣੀਆਂ ਛਲਕ ਰਹੀਆਂ ਅੱਖਾਂ ਨੂੰ ਮਲ਼ਿਆ ਅਤੇ ਘੁਡਾਣੀ ਵਾਲ਼ੇ ਬਾਪੂ ਜੀ ਨੂੰ ਆਪਣੀਆਂ ਬਾਹਾਂ ਵਿੱਚ ਵਗਲ਼ ਲਿਆ ਲਿਆ।
-ਕਰਨੈਲ ਦੀ ਝੋਲੀ ਤੂੰ ਆਵਦੀ ਪਰੋਅਅਫੈਸਰ ਕੁੜੀ ਪਾਤੀ, ਰਣਧੀਰ ਸਿਅ੍ਹਾਂ! ਬਾਪੂ ਘੁੱਟੇ-ਹੋਏ ਗਲ਼ੇ ਚੋਂ ਘਗਿਆਇਆ। -ਬਹੁਤ ਵੱਡਾ ਕਰਜ਼ਾ ਚਾੜ੍ਹਤੈ ਤੂੰ ਮੇਰੇ ਤੇ, ਰਣਧੀਰ ਸਿਅ੍ਹਾਂ!
-ਤੁਸੀਂ ਸਾਨੂੰ ਐਨਾ ਲਾਇਕ ਲੜਕਾ ਦੇਤਾ, ਸਰਦਾਰ ਜੀ, ਘੁਡਾਣੀ ਵਾਲ਼ੇ ਬਾਪੂ ਜੀ ਨੇ ਹੱਥ ਜੋੜ ਕੇ ਆਪਣੀਆਂ ਅੱਖਾਂ ਮੀਟ ਲਈਆਂ।
-ਇੱਕ ਬੇਨਤੀ ਕਰਨੀ ਐਂ ਘੁਡਾਣੀ ਵਾਲ਼ੀ ਪੰਚਾਇਤ ਨੂੰ, ਬਾਪੂ ਪਾਰਸ ਨੇ ਵੀ ਹੱਥ ਜੋੜ ਲਏ...
ਆਪਣੇ ਸਿਰ ਨੂੰ ਝਟਕਾ ਮਾਰ ਕੇ ਮੈਂ ਸਾਡੇ ਤੂਤਾਂ ਹੇਠ ਜੁੜੀ ਰੌਣਕ ਵਿੱਚੋਂ ਬਾਹਰ ਨਿੱਕਲ਼ਿਆ।
ਸਟੂਲ ਤੇ ਖਲੋਤੇ ਪਾਰਸ ਬਾਪੂ ਦੇ ਚਾਹ ਵਾਲ਼ੇ ਗਲਾਸ ਉੱਪਰ ਮੱਖੀਆਂ ਭਿਣਕ ਰਹੀਆਂ ਸਨ: ਕਦੇ ਉਹ ਗਲਾਸ ਦੇ ਕਿਨਾਰਿਆਂ ਉੱਪਰ ਝੁਰਮਟ ਬਣਾ ਲੈਂਦੀਆਂ ਤੇ ਕਦੇ ਸਾਰੀਆਂ ਹੀ ਉੱਡ ਕੇ ਪਾਸਿਆਂ ਵੱਲ ਨੂੰ ਖਿੱਲਰ ਜਾਂਦੀਆਂ।
-ਐਸ ਮਕਾਨ ਦਾ ਪੰਗਾ, ਬਾਪੂ ਜੀ, ਆਪਾਂ ਸਾਲ, ਦੋ ਸਾਲ ਅਟਕ ਕੇ ਲੈ ਲੈਂਦੇ ਤਾਂ ਵਧੀਆ ਰਹਿਣਾ ਸੀ! ਮੈਂ ਗਲਾਸ ਤੋਂ ਮੱਖੀਆਂ ਉਡਾਉਣ ਲਈ ਆਪਣਾ ਪੰਜਾ ਸਟੂਲ ਉੱਤੇ ਝੱਲਿਆ। -ਮੇਰੇ ਮੰਗਣੇ ਤੇ ਤੁਸੀਂ ਐਵੇਂ ਈ ਜਜ਼ਬਾਤੀ ਹੋ ਕੇ ਹੱਥ ਜੋੜ ਲਏ ਤੇ ਘੁਡਾਣੀ ਵਾਲ਼ੀ ਪੰਚਾਇਤ ਨੂੰ ਆਖਣ ਲੱਗ ਪੇ ਅਖੇ ਸੁਖਸਾਗਰ ਦੀ ਡੋਲੀ ਮੈਂ ਖੇਤ ਚ ਨਵਾਂ ਘਰ ਉਸਾਰ ਕੇ ਉਤਾਰਨੀ ਐ! ਮੈਂ ਆਪਣੇ ਪੰਜੇ ਨੂੰ ਆਪਣੇ ਮੱਥੇ ਉੱਪਰ ਘਸਾਉਣ ਲੱਗਾ। -ਪਿੰਡ ਵਿਚਲਾ ਘਰ ਭਲਾ ਕੀ ਵਢਦਾ ਸੀ? ਦੋਹਾਂ ਵੱਡਿਆਂ ਦੇ ਤੇ ਬੀਬੀ ਚਰਨਜੀਤ ਦੇ ਵਿਆਹ ਵੀ ਤਾਂ ਉਸੇ ਘਰ ਚ ਈ ਹੋਏ ਸੀ!
ਬਾਪੂ ਪਾਰਸ ਨੇ ਆਪਣੇ ਭਰਵੱਟਿਆਂ ਨੂੰ ਉੱਪਰ ਵੱਲ ਨੂੰ ਉਠਾਲ਼ ਕੇ, ਮੀਟੀਆਂ ਹੋਈਆਂ ਅੱਖਾਂ ਨੂੰ ਰਤਾ ਕੁ ਖੋਲ੍ਹਿਆ ਤੇ ਤੁਰਤ ਮੁੰਦ ਲਿਆ। ਮੈਨੂੰ ਪਤਾ ਸੀ ਕਿ ਆਪਣੇ ਹੇਠਲੇ ਬੁੱਲ੍ਹ ਨੂੰ ਦੰਦਾਂ ਵਿਚਕਾਰ ਜਕੜ ਕੇ ਬੈਠਾ ਬਾਪੂ ਹੁਣ ਆਪਣੇ ਸਿਰ ਵਿੱਚ, ਇੱਕ ਰਿਸ਼ਤੇਦਾਰḲਦੋਸਤ ਦੇ ਘਰ ਚੋਂ ਨਿਕਲ਼ ਕੇ ਦੂਸਰੇ ਚ ਵੜ ਰਿਹਾ ਸੀ, ਤੇ ਦੂਸਰੇ ਚੋਂ ਤੀਸਰੇ ਚ। ਮੈਨੂੰ ੲਹ ਵੀ ਪਤਾ ਸੀ ਕਿ ਹਰ ਘਰ ਦੇ ਖੀਸੇ ਚੋਂ ਬਾਪੂ ਨੂੰ ਬੁਝੀਆਂ ਹੋਈਆਂ ਮੋਮਬੱਤੀਆਂ ਤੋਂ ਸਿਵਾ ਕੁਝ ਵੀ ਨਹੀਂ ਲਭ ਰਿਹਾ ਹੋਣਾ!
-ਪੰਜ ਹਜ਼ਾਰ ਹਵਾਈ ਜਹਾਜ਼ ਦੇ ਟਿਕਟ ਲਈ... ਤੇ ਨੌਂ ਹਜ਼ਾਰ ਰੁਪੈਆ ਡਾਲਰਾਂ ਲਈ, ਬਲਵੰਤ ਮੱਥੇ ਉੱਪਰ ਪੰਜਾ ਘਸਾਉਂਦਿਆਂ ਬੁੜਬੁੜਾਇਆ। -ਪੰਜ ਜਮ੍ਹਾਂ ਨੌਂ... ਇਹ ਬਣਗੇ ਚੌਦਾਂ... ਤੇ ਏਹਨਾਂ ਚ ਇੱਕ ਹਜ਼ਾਰ ਜੋੜਲੋ ਫੁਟਕਲ! ਰੁਪਈਆ ਚਾਹੀਦੈ ਆਪਾਂ ਨੂੰ ਘੱਟੋ-ਘੱਟ... ਪੰਦਰਾਂ ਹਜ਼ਾਰ!
-ਤੂੰ ਦੱਸ, ਢੋਲਾ, ਕਿੰਨੇ ਲੈ ਕੇ ਆਵੇਂਗਾ ਘੁਡਾਣੀਓਂ? ਬਾਪੂ ਪਾਰਸ ਅੱਖਾਂ ਸੁੰਗੇੜ ਕੇ ਮੇਰੇ ਵੱਲੀਂ ਝਾਕਿਆ।
ਬਾਪੂ ਦਾ ਸੁਆਲ ਸੁਣਦਿਆਂ ਹੀ ਮੈਂ ਘੁਡਾਣੀ ਵਾਲ਼ੇ ਬੀ ਜੀ ਦੇ ਸਾਹਮਣੇ ਜਾ ਬੈਠਾ। -ਬੀ ਜੀ, ਰਛਪਾਲ ਦੀ ਮੱਦਦ ਕਰਨੀ ਐਂ ਕਿਰਾਏ ਵਗੈਰਾ ਲਈ!
ਬੀ ਜੀ ਸੌਣ-ਕਮਰੇ ਵਾਲ਼ੀ ਅਲਮਾਰੀ ਦੇ ਜਿੰਦਰੇ ਦੀ ਚਾਬੀ ਲੱਭਣ ਲਈ ਆਪਣੇ ਪਰਸ ਨੂੰ ਫਰੋਲਣ ਲੱਗ ਪਏ।
-ਬੋਲ ਬਈ ਇਕਬਾਲ ਸਿਅ੍ਹਾਂ! ਬਾਪੂ ਪਾਰਸ ਨੇ ਆਪਣੀਆਂ ਅੱਖਾਂ ਨੂੰ ਸੁੰਗੇੜ ਲਿਆ। -ਚੁੱਪ ਕਿਉਂ ਕਰ ਗਿਆ?
-ਪੱਚੀ ਸੌ ਲਿਖ ਲੋ ਘੁਡਾਣੀਓਂ, ਮੈਂ ਆਪਣੇ ਸਿਰ ਨੂੰ ਉੱਪਰੋਂ ਹੇਠਾਂ ਵੱਲ ਨੂੰ ਹਿਲਾਇਆ। -ਤੇ ਪੰਜ ਪੰਜ ਸੌ ਸੁਧਾਰ ਵਾਲ਼ੇ ਪ੍ਰੋਫ਼ੈਸਰ ਸੁਰਿੰਦਰ ਤੇ ਹਰਦਿਆਲ ਦਾ ਵੀ ਲਿਖ ਲੋ।
ਬਾਪੂ ਦੇ ਚਿਹਰੇ ਚ ਲਾਲੀ ਘੁਲਣ ਲੱਗੀ।
-ਬਾਕੀ ਰਹਿ ਗਿਆ ਸਾਢੇ ਗਿਆਰਾਂ ਹਜ਼ਾਰ, ਬਲਵੰਤ ਆਪਣੀਆਂ ਭਰਵੱਟੀਆਂ ਨੂੰ ਫੈਲਾਉਂਦਾ ਹੋਇਆ ਬੋਲਿਆ। -ਇਹਦਾ ਇੰਤਜ਼ਾਮ ਕਰਨਾ ਪੈਣੈ ਦੋ ਚਾਰ ਦਿਨਾਂ ਚ!
ਮੇਰਾ ਜੀ ਕੀਤਾ ਮੈਂ ਕਹਿ ਦਿਆਂ: ਓਏ ਏਨੇ ਦਿਨਾਂ ਚ ਕਿਤੇ ਕਨੇਡਾ ਆਪਣੇ ਬੂਹੇ ਨਾ ਭੇੜ ਲਵੇ!
ਬਲਵੰਤ ਵੱਲ ਟਿਕ-ਟਿਕੀ ਲਾ ਕੇ ਦੇਖ ਰਿਹਾ ਬਾਪੂ ਪਾਰਸ ਆਪਣੇ ਮੱਥੇ ਚ ਹੁਣ ਹੋਰ ਡੂੰਘਾ ਉੱਤਰ ਗਿਆ: ਜੌਹਰੀ ਮੱਲ ਆੜ੍ਹਤੀ ਆਪਣੀ ਵਹੀ ਲੈ ਕੇ ਬਾਪੂ ਪਾਰਸ ਦੇ ਮੱਥੇ ਚ ਆ ਵੜਿਆ।
-ਅੱਠ ਹਜ਼ਾਰ ਬਕਾਇਆ ਪਿਐ ਮਕਾਨ ਵਾਲ਼ੀ ਰਕਮ ਚੋਂ, ਕਰਨੈਲ ਸਿਅ੍ਹਾਂ, ਉਹ ਆਪਣੀਆਂ ਐਨਕਾਂ ਦੇ ਫਰੇਮ ਉੱਪਰੋਂ ਦੀ ਬਾਪੂ ਵੱਲੀਂ ਝਾਕਿਆ। -ਬਾਕੀ ਮੁੰਡਾ ਜੇ ਤੇਰਾ ਐ ਤਾਂ ਸਾਡਾ ਵੀ ਤਾਂ ਕੁਸ਼ ਲਗਦੈ; ਆਪਣਾ ਵਿਅ੍ਹਾਰ ਐ ਕਿੰਨੇ ਵਰ੍ਹਿਆਂ ਤੋਂ... ਕਨੇਡਾ ਘੱਲਣੈ ਤਾਂ ਲੈ ਲਾ, ਪੰਜ ਹਜਾਰ... ਸੱਤ ਹਜਾਰ... ਘਾਣੀ ਕੋਈ ਨੀ!
ਬਾਪੂ ਨੇ ਮੱਥੇ ਨੂੰ ਝਟਕਾ ਮਾਰ ਕੇ ਆਪਣੀਆਂ ਅੱਖਾਂ ਖੋਲ੍ਹੀਆਂ।
-ਚੱਲੋ ਜੌਹਰੀ ਮੱਲ ਦੇ ਹੁਣੇ ਈਂ! ਉਹ ਚੁਟਕੀ ਮਾਰ ਕੇ ਬੋਲਿਆ।
ਤੀਜੇ ਦਿਨ ਆਥਣ ਦੀ ਧੁੱਪ ਚ ਪਸੀਨਾ ਪੂੰਝਦਾ ਹੋਇਆ ਰਛਪਾਲ ਵੀ ਟੈਂਪੂ ਤੋਂ ਉੱਤਰ ਕੇ ਘਰ ਵੱਲ ਨੂੰ ਆਉਂਦਾ ਦਿਸਿਆ। ਰੁਮਾਲ ਵਿੱਚ ਬੰਨ੍ਹੀ ਰੁਪਈਆਂ ਦੀ ਥੱਬੀ ਨੂੰ, ਆਪਣੇ ਬੈਗ਼ ਵਿੱਚੋਂ ਕੱਢ ਕੇ ਬਾਪੂ ਵੱਲੀਂ ਵਧਾਉਂਦਿਆਂ, ਉਹ ਬੋਲਿਆ: ਰਾਤ ਮੈਂ ਡਾਲ਼ੇ { ਡਾਲ਼ਾ, ਮੋਗਾ-ਬਰਨਾਲ਼ਾ ਸੜਕ ਉੱਪਰ ਵਾਕਿਆ ਹੈ; ਇਸ ਪਿੰਡੋਂ ਬੱਸੋਂ ਉੱਤਰ ਕੇ ਅਸੀਂ ਤਿੰਨ ਕਿਲੋਮੀਟਰ ਪੈਦਲ ਆਪਣੇ ਪਿੰਡ ਨੂੰ ਜਾਇਆ ਕਰਦੇ ਸਾਂ} ਰਹਿ ਪਿਆ ਸੀ, ਰਜਿੰਦਰ {ਰਛਪਾਲ ਦੀ ਮੰਗੇਤਰ} ਦੇ ਮਾਮਾ ਜੀ ਸੁਦਾਗਰ ਸਿਓਂ ਕੋਲ਼; ਉਨ੍ਹਾਂ ਨੇ ਆਹ ਰਕਮ ਭੇਜੀ ਐ ਜਹਾਜ਼ ਦੇ ਕਿਰਾਏ ਲਈ!
-ਉਏ ਓਹਨਾਂ ਤੋਂ ਕਾਹਨੂੰ ਲੈਣੇ ਸੀ, ਬਾਪੂ ਨੇ ਆਪਣਾ ਸਿਰ ਹਿਲਾਇਆ। -ਕੱਚੇ ਰਿਸ਼ਤੇ ਚ ਪੈਸੇ ਦਾ ਲੈਣ-ਦੇਣ ਨੀ ਕਰੀਦਾ ਹੁੰਦਾ, ਕਾਕਾ!
-ਮੈਂ ਬਥੇਰੀ ਨਾਂਹ, ਨਾਂਹ ਕੀਤੀ, ਬਾਪੂ ਜੀ, ਰਛਪਾਲ ਨੇ ਆਪਣੇ ਬੈਗ਼ ਦੀ ਜ਼ਿੱਪਰ ਨੂੰ ਸੱਜੇ ਪਾਸੇ ਵੱਲ ਨੂੰ ਖਿੱਚਿਆ। -ਪਰ ਉਹ ਨੀ ਮੰਨੇ; ਕਹਿੰਦੇ: ਕਨੇਡਾ ਜਾਣ ਤੋਂ ਪਹਿਲਾਂ ਤੁਹਾਡਾ ਵਿਆਹ ਵੀ ਕਰ ਦੇਣੈ; ਕੀ ਪਤੈ ਕਿੰਨਾਂ ਚਿਰ ਲੱਗਜੇ ਤੈਨੂੰ ਪੱਕਾ ਹੋਣ ਨੂੰ! ਅਖੇ ਆਹ ਰਕਮ ਬੱਸ ਸਾਡੇ ਵੱਲੋਂ ਵਿਆਹ ਦਾ ਸ਼ਗਨ ਹੀ ਸਮਝ ਲੈ।
-ਕਿੰਨੇ ਐਂ? ਬਲਵੰਤ ਰੁਪਈਆਂ ਵਾਲ਼ੇ ਰੁਮਾਲ ਨੂੰ ਆਪਣੇ ਹੱਥ ਚ ਤੋਲਦਿਆਂ ਬੋਲਿਆ।
-ਸਾਢੇ ਪੰਜ ਹਜ਼ਾਰ! ਰਛਪਾਲ ਨੇ ਆਪਣੀ ਪਗੜੀ ਉਤਾਰ ਕੇ ਟਾਂਡ ਉੱਪਰ ਟਿਕਾਅ ਦਿੱਤੀ। -ਤੇ ਇੱਕ ਮੇਰਾ ਮਿੱਤਰ ਐ ਰੂਪ ਸਿੰਘ ਧੂੜਕੋਟ ਤੋਂ; ਉਹਨੇ ਪੱਚੀ ਸੌ ਦਾ ਇਕਰਾਰ ਕੀਤੈ: ਪਰਸੋਂ ਨੂੰ ਮਿਲ਼ ਜਾਣਗੇ ਉਹਦੇ ਵਾਲ਼ੇ ਪੈਸੇ ਵੀ!
ਤੀਜੇ ਦਿਨ ਰਛਪਾਲ ਦਾ ਅਨੰਦ ਕਾਰਜ ਦਸ ਕੁ ਬੰਦੇ ਸੱਦ ਕੇ ਕਰ ਦਿੱਤਾ ਗਿਆ ਤੇ ਵਿਆਹ ਤੋਂ ਅਗਲੀ ਰਾਤ ਉਹ ਹੱਥ ਚ ਟਿਕਟ ਤੇ ਪਾਸਪੋਰਟ ਫੜੀ ਤੇ ਮੋਢੇ ਉੱਪਰ ਹੈਂਡਬੈਗ਼ ਲਟਕਾਈ, ਦਿੱਲੀ ਹਵਾਈ ਅੱਡੇ ਦੇ ਅੰਦਰ, ਚੈੱਕ-ਇਨ ਕਾਊਂਟਰ ਦੇ ਸਾਹਮਣੇ, ਯਾਤਰੀਆਂ ਦੀ ਕਤਾਰ ਚ ਖਲੋਤਾ ਆਪਣੀ ਵਾਰੀ ਉਡੀਕ ਰਿਹਾ ਸੀ।
ਰਛਪਾਲ ਦੇ ਜਹਾਜ਼ ਚੜ੍ਹਨ ਤੋਂ ਅਗਲੇ ਦਿਨ ਬਾਪੂ ਨੇ, ਟਹਿਲ ਸਿੰਘ ਦੇ ਘਰ ਦਾ ਬੂਹਾ ਜਾ ਖੜਕਾਇਆ।
-ਕਿੰਨੇ ਵਜੇ ਆ ਜਾਂਦੀ ਐ ਡਾਕ ਆਪਣੇ ਪਿੰਡ, ਟਹਿਲ ਸਿਅ੍ਹਾਂ?
-ਕੀ ਗੱਲ ਬਾਈ, ਕੋਈ ਖ਼ਾਸ ਚਿੱਠੀ ਆਉਣੀ ਐਂ? ਟਹਿਲ ਸਿੰਘ ਨੇ ਡਾਕ ਵਾਲ਼ੇ ਖਾਲੀ ਥੈਲੇ ਨੂੰ ਝਾੜ ਕੇ ਮੇਜ਼ ਉੱਪਰ ਟਿਕਾਅ ਦਿੱਤਾ।
-ਕੱਲ੍ਹ ਚਾੜ੍ਹਿਐ ਰਛਪਾਲ ਨੂੰ ਕਨੇਡਾ ਨੂੰ, ਟਹਿਲ ਸਿਅ੍ਹਾਂ, ਤੇ ਰਾਤ ਦੀ ਅਚਵੀ ਜਈ ਲੱਗੀ ਪਈ ਐ!
-ਤਾਰ ਈ ਪਾਊ ਉਹ ਤਾਂ, ਟਹਿਲ ਸਿੰਘ, ਬਾਪੂ ਪਾਰਸ ਦੀਆਂ ਅੱਖਾਂ ਚ ਕੰਬਦੇ ਸੰਸੇ ਵੱਲ ਝਾਕਿਆ।
-ਹਾਂ, ਮੈਂ ਉਹਨੂੰ ਵਾਰ ਵਾਰ ਤਾਕੀਦ ਕੀਤੀ ਸੀ ਬਈ ਕਨੇਡਾ ਉੱਤਰਨ ਸਾਰ ਤਾਰ ਕਰਦੀਂ!

ਰਛਪਾਲ ਨੂੰ ਮੈਂ ਵੀ ਪੱਕੀ ਹਦਾਇਤ ਕਰ ਦਿੱਤੀ ਸੀ ਕਿ ਜਿਉਂ ਹੀ ਟਰਾਂਟੋ ਦੇ ਏਅਰਪੋਟ ਤੋਂ ਬਾਹਰ ਨਿੱਕਲ਼ੇਂ, ਮੈਨੂੰ ਸੁਧਾਰ ਕਾਲਜ ਦੇ ਸਿਰਨਾਵੇਂ ਤੇ ਟੈਲੀਗਰਾਮ ਭੇਜ ਦੇਵੀਂ!
ਰਛਪਾਲ ਦੇ ਜਹਾਜ਼ ਚੜ੍ਹਨ ਤੋਂ ਤੀਜੇ ਦਿਨ ਮੇਰੀ ਨੀਂਦਰ ਤੜਕੇ ਦੋ ਢਾਈ ਵਜੇ ਹੀ ਤਿੜਕ ਗਈ। ਛੱਤ ਤੋਂ ਲਟਕਦਾ ਪੱਖਾ ਕਮਰੇ ਅੰਦਰਲੇ ਸੰਘਣੇ ਹਨੇਰੇ ਨੂੰ ਰਿੜਕਣ ਦੇ ਨਾਲ਼ ਨਾਲ਼ ਮੇਰੇ ਅੰਦਰ ਵੀ ਵਾਵਰੋਲ਼ੇ ਘੁੰਮਾਉਣ ਲੱਗਾ। ਮੈਂ ਆਪਣੀਆਂ ਅੱਖਾਂ ਨੂੰ ਚੌੜੀਆਂ ਕਰ-ਕਰ ਕੇ ਸੰਘਣੀ ਕਾਲ਼ੋਂ ਵਿੱਚ ਪੱਖੇ ਨੂੰ, ਕੁਰਸੀ ਨੂੰ ਅਤੇ ਬੁਝੀ ਹੋਈ ਬੱਤੀ ਨੂੰ ਲੱਭਣ ਲੱਗਾ!
ਵੀਜ਼ਾ ਰਫ਼ਿਊਜ਼ ਵੀ ਤਾਂ ਹੋ ਸਕਦੈ, ਰਛਪਾਲ ਨੂੰ? ਸੰਘਣਾ ਹਨੇਰਾ ਮੇਰੇ ਮੱਥੇ ਚ ਕਾਨਾਫੂਸੀ ਕਰਨ ਲੱਗਾ। ਮੇਰੇ ਅੰਦਰੋਂ ਜਿਵੇਂ ਜਿਵੇਂ ਸਾਰਾ ਕੁਝ ਹੀ ਬਾਹਰ ਵੱਲ ਨੂੰ ਵਹਿਣ ਲੱਗ ਪਿਆ ਸੀ! ਅਪੀਲ ਕਰਨੀ ਪਊ ਜੇ ਵੀਜ਼ਾ ਨਾ ਮਿਲਿਆ! ਹਨੇਰਾ ਬੁੜਬੁੜਾਇਆ। ਪਰ ਹੋ ਸਕਦੈ ਪਿਆਰਾ ਪੰਨੂੰ ਏਅਰਪੋਟ ਤੇ ਪਹੁੰਚਿਆ ਈ ਨਾ ਹੋਵੇ?
ਮੇਰੇ ਸਾਹ ਲੰਮੇ ਹੋਣ ਲੱਗੇ, ਤੇ ਮੱਥੇ ਉੱਪਰ ਉੱਭਰ ਰਿਹਾ ਪਸੀਨਾ ਮੇਰੇ ਕੰਨਾਂ ਵੱਲ ਨੂੰ ਵਗਣ ਲੱਗਾ। -ਕੀ ਕਰੂ ਰਛਪਾਲ ਪਰਾਏ ਮੁਲਕ ਚ? ਕਿੱਥੇ ਜਾਊ? ਕੀਹਦੇ ਕੋਲ਼ ਕੱਟੂ ਰਾਤਾਂ? ਕਿਸ ਤੋਂ ਲਊ ਸਲਾਹ-ਮਸ਼ਵਰਾ? ਕਿਵੇਂ ਲੱਭੂ ਕੰਮ?
ਮੇਰੀਆ ਅੱਖਾਂ ਦੀਆਂ ਪਲਕਾਂ ਭਾਰੀਆਂ ਭਾਰੀਆਂ ਹੋਣ ਲੱਗੀਆਂ। ਪਤਾ ਹੀ ਨਾ ਲੱਗਿਆ ਕਦੋਂ ਮੇਰੇ ਆਲ਼ੇ ਦੁਆਲ਼ੇ ਤਣਿਆਂ ਹਨੇਰਾ ਮੇਰੇ ਮੱਥੇ ਦੇ ਅੰਦਰਲੇ ਪਾਸੇ ਸੰਘਣੀ ਧੁੰਦ ਬਣ ਕੇ ਲਟਕ ਗਿਆ, ਲੁੱਕ ਵਰਗੀ ਚਿਪਚਿਪੀ ਕਾਲ਼ੀ ਧੁੰਦ। ਉਸ ਧੁੰਦ ਚ ਹੁਣ ਮੈਨੂੰ ਰਛਪਾਲ ਦਿਸਣ ਲੱਗਾ, ਢਿਲ਼ਕਿਆ ਹੋਇਆ ਮੂੰਹ ਤੇ ਕਿਰੂੰ-ਕਿਰੂੰ ਕਰਦੇ ਪਗੜੀ ਦੇ ਲੜ! ਉਹ ਕਾਲਜ ਦੇ ਗੇਟ ਤੋਂ ਸਟੇਡੀਅਮ ਦੇ ਕੋਲ਼ ਦੀ ਹੁੰਦਾ ਹੋਇਆ ਸਾਡੇ ਫ਼ਲੈਟ ਵੱਲ ਨੂੰ ਡਿਕਡੋਲੇ ਖਾਂਦਾ ਆ ਰਿਹਾ ਸੀ-ਮੋਢੇ ਉੱਪਰ ਲਮਕਾਏ ਹੈਂਡਬੈਗ਼ ਦੀ ਵੱਧਰੀ ਨੂੰ ਵਾਰ ਵਾਰ ਉੱਪਰ ਵੱਲ ਨੂੰ ਖਿਚਦਾ ਹੋਇਆ। ਉਹ ਹੁਣ ਫ਼ਲੈਟ ਦੇ ਦਰਵਾਜ਼ੇ ਕੋਲ਼ ਅੱਪੜ ਗਿਆ ਸੀ। ਮੇਰੀ ਅਰਧ-ਸੁਰਤ ਅਵਸਥਾ ਚ ਜੌਹਰੀ ਮੱਲ ਦੀ ਵਹੀ ਦੇ ਵਰਕੇ ਖੜਕਣ ਲੱਗੇ-ਦੋ ਰੁਪਏ ਸੈਂਕੜਾ ਸਾਲਾਨਾ ਵਿਆਜ; ਬਾਪੂ ਪਾਰਸ ਦੀ ਪੱਗੜੀ ਦੇ ਪੇਚਾਂ ਵਿੱਚੋਂ ਘੁਣਾ ਕਿਰਨ ਲੱਗਾ।
-ਮਸਾਂ ਛੁਡਾਈ ਸੀ ਜ਼ਮੀਨ ਗਿਰਵੀਦਾਰਾਂ ਤੋਂ! ਮੈਂ ਮੇਰੇ ਮੱਥੇ ਚ ਗਸ਼ਤ ਕਰ ਰਹੇ ਹਨੇਰੇ ਨੂੰ ਦੱਸਣ ਲੱਗਾ।
ਜ਼ਮੀਨ ਦਾ ਚੇਤਾ ਆਉਂਦਿਆ ਹੀ, ਸਾਡੇ ਖੂਹ ਲਾਗਲੇ ਦੋ ਕਿੱਲਿਆਂ ਚ ਸੁਦਾਗਰ ਸਿਓ੍ਹਂ ਸਰਮਾਏਦਾਰ ਦੇ ਸੀਰੀ ਉਸ ਦੇ ਬਲ਼ਦਾਂ ਅਤੇ ਹਲ਼ਾਂ ਨੂੰ ਲੈ ਆਏ; ਹਲ਼ਾਂ ਦੀਆਂ ਚੌਆਂ ਨਾਲ਼ ਬਾਪੂ ਪਾਰਸ ਦੀ ਖੋਪੜੀ ਚ ਸਿਆੜ ਨਿਕਲਣ ਲੱਗੇ। ਫਿਰ ਤਾਏ ਸੁੱਚਾ ਸਿਓ੍ਹਂ ਜਹਾਜ ਦੇ ਘਰ ਦੇ ਪਿਛਾੜੀ ਵਾਲ਼ੀਆਂ ਸਾਡੀਆਂ ਦੋ ਕਨਾਲ਼ਾਂ ਉਦਾਲ਼ੇ ਤਾਏ ਦੇ ਮੁੰਡੇ ਨੀਹਾਂ ਪੱਟਣ ਲੱਗੇ: ਨੀਹਾਂ ਚੋਂ ਲੱਕ-ਲੱਕ ਉੱਚਾ ਵਾਗਲ਼ਾ ਉੱਗ ਖੜ੍ਹਿਆ, ਤੇ ਵਾਗਲ਼ੇ ਦੇ ਅੰਦਰ ਇੱਟਾਂ-ਸ਼ਤੀਰੀਆਂ ਤੇ ਸਿਮੈਂਟ ਦੀਆਂ ਬੋਰੀਆਂ ਦੇ ਢੇਰ ਲੱਗਣ ਲੱਗੇ। ਵਾਗਲ਼ੇ ਵੱਲ ਪਿੱਠ ਕਰ ਕੇ ਮੈਂ ਆਪਣੀਆਂ ਅੱਖਾਂ ਪੂੰਝਣ ਲੱਗਾ।
ਮੇਰਾ ਸਿਰ ਕੰਬਿਆ!
ਫ਼ਿਰ ਜਾਗੋ-ਮਿੱਟੀ ਚ ਕਦੇ ਮੇਰਾ ਬਟੂਆ ਗੁਆਚ ਜਾਂਦਾ, ਕਦੇ ਸਾਡੇ ਪਿੰਡ ਵਾਲ਼ੇ ਘਰ ਚ ਬਿਜਲੀ ਦੇ ਬਲਬ ਟੁੱਟੇ ਹੋਏ ਦਿਸਦੇ, ਤੇ ਕਦੇ ਬਾਪੂ ਦੇ ਖੀਸੇ ਚ ਮੋਰੀਆਂ ਹੋ ਜਾਂਦੀਆਂ।
-ਕੀ ਗੱਲ ਉੱਠਣਾ ਨੀ ਅੱਜ? ਸੁਰਿੰਦਰ ਨੇ ਮੇਰਾ ਮੋਢਾ ਹਲੂਣਿਆਂ।
ਮੈਂ ਅੱਖਾਂ ਪੱਟ ਕੇ ਕਾਹਲ਼ੀ-ਕਾਹਲ਼ੀ ਸੱਜੇ-ਖੱਬੇ ਵੱਲ ਝਾਕਣ ਲੱਗਾ।
-ਉੱਠ ਕੇ ਨਹਾ ਲੈ, ਸੁਰਿੰਦਰ ਆਪਣੀ ਫ਼ਿਫ਼ਟੀ ਨੂੰ ਥਾਂ-ਸਿਰ ਕਰਦਿਆਂ ਬੋਲਿਆ। -ਚਾਹ ਬਣਾਲੀ ਐ ਮੈਂ ਤੇਰੇ ਵਾਸਤੇ ਵੀ!
-ਮੈਂ ਨੀ ਜਾਣਾ ਅੱਜ ਕਾਲਜ, ਉਬਾਸੀ ਲੈਂਦਿਆਂ, ਚਾਹ ਦੀ ਪਿਆਲੀ ਵੱਲ ਨਿਗ੍ਹਾ ਮੋੜ ਕੇ ਮੈਂ ਆਪਣਾ ਸਿਰ ਸੱਜੇ-ਖੱਬੇ ਫੇਰਿਆ। -ਨੀਂਦ ਟੁਟਦੀ ਰਹੀ ਸਾਰੀ ਰਾਤ, ਭੈੜੇ ਭੈੜੇ ਸੁਪਨਿਆਂ ਨਾਲ਼!
-ਓੁਏ ਐਨਾ ਫ਼ਿਕਰ ਨਾ ਕਰ ਤੂੰ ਰਛਪਾਲ ਦਾ!
-ਫ਼ਿਕਰ ਤਾਂ ਹੈ ਈ! ਮੈਂ ਸੁੜ੍ਹਾਕਾ ਮਾਰ ਕੇ ਆਪਣੇ ਹਾਉਕੇ ਨੂੰ ਆਪਣੇ ਫੇਫੜਿਆਂ ਵੱਲ ਨੂੰ ਧੱਕ ਦਿੱਤਾ। -ਜ਼ਿੰਦਗੀ ਮੌਤ ਦਾ ਸਵਾਲ ਐ ਸਾਡੀ ਫ਼ੈਮਿਲੀ ਲਈ!
-ਦਾਲ਼ ਪਈ ਐ ਪਤੀਲੀ ਚ, ਰਾਤ ਵਾਲ਼ੀ, ਸੁਰਿੰਦਰ ਨੇ ਆਪਣੀਆਂ ਕਿਤਾਬਾਂ ਚੁੱਕ ਲਈਆਂ। -ਮੈਂ ਮੁੜਨੈਂ ਅੱਜ ਇੱਕ ਵਜੇ; ਤੂੰ ਰੋਟੀਆਂ ਲਾਹ ਲੀਂ ਸਾਢੇ ਕੁ ਬਾਰਾਂ ਵਜੇ!
ਸੁਰਿੰਦਰ ਫ਼ਲੈਟ ਤੋਂ ਬਾਹਰ ਹੋਇਆ ਹੀ ਸੀ ਕਿ ਗੁਸਲਖ਼ਾਨੇ ਚ ਟੂਟੀ ਚੋਂ ਬਾਲ਼ਟੀ ਵਿੱਚ ਤ੍ਰਿਪ ਤ੍ਰਿਪ ਕਿਰਦੇ ਤੁਪਕੇ ਆ ਜਾ ਅੰਦਰ, ਆ ਜਾ ਅੰਦਰ! ਕਰਨ ਲੱਗੇ।
ਗੁਸਲਖ਼ਾਨੇ ਚੋਂ ਨਿਕਲ਼ ਕੇ, ਡਰਾਇੰਗਰੂਮ ਵਿੱਚ ਮੈਂ ਕੁਰਸੀ ਉੱਪਰ ਬੈਠਣ ਬਾਰੇ ਸੋਚ ਹੀ ਰਿਹਾ ਸਾਂ ਕਿ ਦਰਵਾਜ਼ੇ ਉੱਪਰ ਹੋ ਰਹੀ ਠੱਕ ਠੱਕ ਨਾਲ ਮੇਰਾ ਸੱਜਾ ਹੱਥ ਤਖ਼ਤੇ ਦੀ ਅਰਲ ਵੱਲੀਂ ਖਿੱਚਿਆ ਗਿਆ।
ਦਰਵਾਜ਼ਾ ਖੁਲ੍ਹਦਿਆਂ ਹੀ ਮੇਰਾ ਸਰੀਰ ਕੰਬ ਉੱਠਿਆ: ਸੁਧਾਰ ਦੇ ਡਾਕਖ਼ਾਨੇ ਵਾਲ਼ੇ ਵੱਡੇ ਬਾਬੂ ਜੀ ਦੀ ਨੀਲੀ ਦਸਤਾਰ ਦੇ ਸਲੀਕੇ ਨਾਲ਼ ਚਿਣੇ ਲੜਾਂ ਚੋਂ ਖ਼ੌਫ਼ ਡੁੱਲ੍ਹਣ ਲੱਗਾ। ਬਾਬੂ ਜੀ ਨੇ, ਫ਼ੌਜੀ-ਅੰਦਾਜ਼ ਵਿੱਚ ਪੁੱਠੇ-ਲੋਟ ਚਾੜ੍ਹੀ ਦਾੜ੍ਹੀ ਨੂੰ ਆਪਣੇ ਪੰਜਿਆਂ ਨਾਲ਼ ਥਪ-ਥਪਾਇਆ, ਅਤੇ ਸਾ ਸ੍ਰੀ ਕਾਲ ਪ੍ਰੋਫ਼ੈਸਰ ਸਾਹਬ ਆਖ ਕੇ ਉਹ ਡਰਾਇੰਗਰੂਮ ਦੀ ਕੁਰਸੀਆਂ ਵੱਲ ਨੂੰ ਵਧ ਆਏ।
-ਸੁੱਖ ਐ, ਬਾਬੂ ਜੀ? ਮੈਂ ਲੰਮਾਂ ਸਾਹ ਭਰ ਕੇ ਕਰ ਕੇ ਪੁੱਛਿਆ।
-ਕੀ ਗੱਲ ਕਾਲਜ ਨੀ ਗਏ ਅੱਜ, ਪ੍ਰੋਫ਼ੈਸਰ ਸਾਹਿਬ?
-ਤਬੀਅਤ ਠੀਕ ਨੀ, ਬਾਬੂ ਜੀ! ਤੁਸੀਂ ਕਿਵੇਂ ਤਕਲੀਫ਼ ਕੀਤੀ?
-ਮੈਂ ਸੋਚਿਆ ਡਾਕੀਏ ਨੂੰ ਕਾਹਨੂੰ ਘੱਲਣੈ; ਆਪ ਈ ਚਲਦੇ ਆਂ!
ਤੇ ਬਾਬੂ ਜੀ ਨੇ ਇੱਕ ਖਾਕੀ ਲਿਫ਼ਾਫ਼ਾ ਮੇਰੇ ਵੱਲ ਵਧਾਅ ਦਿੱਤਾ।
-ਇਹ ਕੀ? ਮੈਂ ਤਿੜਕਦੀ ਆਵਾਜ਼ ਚ ਪੁੱਛਿਆ, ਅਤੇ ਮੇਰੀਆਂ ਉਂਗਲ਼ਾਂ ਲਿਫ਼ਾਫ਼ੇ ਦੇ ਫ਼ਲੈਪ ਨੂੰ ਉੱਪਰ-ਨੀਚੇ ਕਰਨ ਲੱਗੀਆਂ।
-ਖੋਲ੍ਹਣ ਦੀ ਲੋੜ ਨੀ, ਗਿੱਲ ਸਾਅ੍ਹਬ! ਬਾਬੂ ਜੀ ਦੀਆਂ ਉਂਗਲ਼ਾਂ ਉਹਨਾਂ ਦੀਆਂ ਮੁੱਛਾਂ ਉੱਤੇ ਫਿਰਨ ਲੱਗੀਆਂ।
-ਸਮਝ ਤਾਂ ਮੈਂ ਗਿਆਂ, ਬਾਬੂ ਜੀ, ਮੈਂ ਆਪਣੇ ਸਿਰ ਨੂੰ ਉੱਪਰ-ਹੇਠਾਂ ਹਿਲਾਇਆ। -ਪਰ ਲਿਖਿਆ ਕੀ ਐ ਟੈਲੀਗਰਾਮ ਚ?
-ਅੱਜ ਸ਼ਾਮ ਨੂੰ ਮਹਿਫ਼ਲ ਦਾ ਇੰਤਜ਼ਾਮ ਕਰੋ, ਸਰ ਜੀ!
-ਅੱਛਾਅ? ਮੇਰੀਆਂ ਅੱਖਾਂ ਸੂਰਜਮੁਖੀ ਜੇਡੀਆਂ ਹੋ ਗਈਆਂ।
-ਹਾਂਅਅਅ ਜੀ! ਅੱਜ ਮੱਛੀ ਤੇ ਰੰਮ ਉੱਡਣੀ ਚਾਹੀਦੀ ਐ ਐਸ ਫ਼ਲੈਟ ਚ!
-ਐਥੇ ਮਹਿਫ਼ਲ ਲਾਵਾਂਗੇ, ਬਾਬੂ ਜੀ, ਪਰਸੋਂ ਨੂੰ, ਭਰਵੀਂ! ਮੈਂ ਟੈਲੀਗਰਾਮ ਨੂੰ ਲਿਫ਼ਾਫ਼ੇ ਚੋਂ ਕੱਢ ਕੇ ਮੱਥੇ ਨਾਲ਼ ਲਾਇਆ।
-ਪਰ ਬਣਦੀ ਤਾਂ ਅੱਜ ਈ ਐ, ਗਿੱਲ ਸਾਅ੍ਹਬ! ਅੱਗੇ ਥੋਡੀ ਮਰਜ਼ੀ!
-ਨਹੀਂ, ਬਾਬੂ ਜੀ, ਅੱਜ ਤਾਂ ਮਹਿਫ਼ਲ ਲੱਗੂਗੀ ਰਾਮੂੰਵਾਲ਼ੇ! ਓਥੇ ਸਾਰਾ ਟੱਬਰ ਫ਼ਿਕਰ ਚ ਡੁੱਬਿਆ ਪਿਆ ਹੋਣੈ!
ਬਾਬੂ ਜੀ ਦੇ ਚਲੇ ਜਾਣ ਤੋਂ ਬਾਅਦ ਮੈਨੂੰ ਬਾਪੂ ਪਾਰਸ ਦੇ ਖੀਸੇ ਚ ਜੁਗਨੂੰਆਂ ਦੀਆਂ ਟਿਮਕਣੀਆਂ ਨਜ਼ਰ ਆਉਣ ਲੱਗੀਆਂ।
(ramoowalia@gmail.com)
Phone 905-792-7357)

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346