Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਮੇਰੀ ਖੇਡ ਵਾਰਤਾ ਦੀ ਵਾਰਤਾ

 

- ਪ੍ਰਿੰ. ਸਰਵਣ ਸਿੰਘ

ਰਾਣੀ ਜਿੰਦ ਕੋਰ ਇੰਗਲੈਂਡ ਵਿਚ

 

- ਹਰਜੀਤ ਅਟਵਾਲ

ਸਵਰਨ ਚੰਦਨ, ਦਰਸ਼ਨ ਗਿੱਲ ਤੇ ਗੋਰੀਆ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਲਿਖੀ-ਜਾ-ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ / ਪਾਨੀਪਤ ਦੀ ਪਹਿਲੀ ਲੜਾਈ

 

- ਇਕਬਾਲ ਰਾਮੂਵਾਲੀਆ

ਸਦੀ ਪੁਰਾਣੀ ਰਹਿਤਲ ਦੀਆਂ ਝਲਕਾਂ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ ਇਸ ਅੰਗੂਰ ਕੀ ਬੇਟੀ ਨੇ!

 

- ਐਸ ਅਸ਼ੋਕ ਭੌਰਾ

ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਟੇਕ ਮੀ ਬੈਕ

 

- ਗੁਰਮੀਤ ਪਨਾਗ

ਜੁਗਨੂੰ

 

- ਸੁਰਜੀਤ

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ

 

- ਹਰਮੰਦਰ ਕੰਗ

ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼

 

- ਡਾ. ਜਗਮੇਲ ਸਿੰਘ ਭਾਠੂਆਂ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਨਹੀਂ ਤਾਂ ਲੋਕ ਗੀਤ ਮਰ ਜਾਣਗੇ !

 

- ਬੇਅੰਤ ਗਿੱਲ ਮੋਗਾ

ਭਾਸ਼ਾ ਦਾ ਸਾਮਰਾਜਵਾਦ

 

- ਨਗੂਗੀ ਵਾ ਥਯੋਂਗੋਂ

ਗਜ਼ਲ (ਦੁਖਾਂ ਤੋਂ ਹਾਂ ਕੋਹਾਂ ਦੂਰ)

 

- ਮਲਕੀਅਤ ਸੁਹਲ

 ਗ਼ਜ਼ਲ

 

- ਅਜੇ ਤਨਵੀਰ

ਪੈਰਾਂ ਦੇ ਨਿਸ਼ਾਨ

 

- ਬਰਜਿੰਦਰ ਗੁਲਾਟੀ

ਦੋ ਗੀਤ

 

- ਅਮਰੀਕ ਮੰਡੇਰ

ਨਾਮ ਵਿੱਚ ਕੀ ਰਖਿਆ ਹੈ ?

 

- ਗੁਲਸ਼ਨ ਦਿਆਲ

ਰਾਜਨੀਤੀ ਬਨਾਮ ਕਦਰਾਂ

 

- ਕੁਲਜੀਤ ਮਾਨ

ਨੇਕੀ ਦੀ ਬਦੀ ਤੇ ਜਿੱਤ? ਬਾਰੇ ਇਕ ਪ੍ਰਤੀਕਰਮ

 

- ਸਾਧੂ ਬਿਨਿੰਗ

 ਹੁੰਗਾਰੇ
 

Online Punjabi Magazine Seerat

ਮੇਰੀ ਖੇਡ ਵਾਰਤਾ ਦੀ ਵਾਰਤਾ
- ਪ੍ਰਿੰ. ਸਰਵਣ ਸਿੰਘ

 

ਸੋਹਣ ਸਿੰਘ ਸੀਤਲ ਦੀਆਂ ਬਹੁਤੀਆਂ ਕਿਤਾਬਾਂ ਦੇ ਨਾਂ ਮੂਹਰੇ ਸੀਤਲ ਲੱਗਦਾ ਹੈ। ਸੀਤਲ ਪ੍ਰਸੰਗ, ਸੀਤਲ ਤਾਂਘਾਂ, ਤਰੰਗਾਂ, ਉਮੰਗਾਂ, ਰਮਜ਼ਾਂ, ਸੁਗਾਤਾਂ, ਕਿਰਨਾਂ ਤੇ ਸੀਤਲ ਵਲਵਲੇ ਆਦਿ। ਮੇਰੀਆਂ ਵੀ ਬਹੁਤੀਆਂ ਕਿਤਾਬਾਂ ਦੇ ਨਾਂ ਖੇਡ ਨਾਲ ਸ਼ੁਰੂ ਹੁੰਦੇ ਹਨ। ਖੇਡ ਸੰਸਾਰ, ਖੇਡ ਜਗਤ ਵਿਚ ਭਾਰਤ, ਖੇਡ ਮੈਦਾਨ ਚੋਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ ਤੇ ਖੇਡਾਂ ਦੀ ਦੁਨੀਆ। ਇਸ ਪੁਸਤਕ ਦਾ ਨਾਂ ਖੇਡ ਵਾਰਤਾ ਰੱਖ ਦਿੱਤਾ ਹੈ। ਹੋ ਸਕਦੈ ਕਦੇ ਖੇਡ ਵਿਥਿਆ, ਖੇਡ ਚਰਚਾ, ਖੇਡ ਕਥਾ ਤੇ ਖੇਡ ਲੀਲ੍ਹਾ ਵੀ ਰੱਖੇ ਜਾਣ। ਰੱਖਣ ਨੂੰ ਤਾਂ ਖੇਡ ਖਿਡਾਰੀ ਵੀ ਰੱਖਿਆ ਜਾ ਸਕਦੈ ਕਿਉਂਕਿ ਇਨ੍ਹਾਂ ਪੁਸਤਕਾਂ ਦਾ ਵਿਸ਼ਾ ਹੀ ਖੇਡਾਂ ਤੇ ਖਿਡਾਰੀ ਹਨ।

ਖੇਡਾਂ ਤੇ ਖਿਡਾਰੀਆਂ ਬਾਰੇ ਮੈਂ 1966 ਤੋਂ ਲਿਖਦਾ ਆ ਰਿਹਾਂ। ਅਜੇ ਵੀ ਲੱਗਦਾ ਹੈ ਜਿਵੇਂ ਗੋਹੜੇ ਚੋਂ ਪੂਣੀ ਹੀ ਕੱਤੀ ਗਈ ਹੋਵੇ। ਅਸਲ ਵਿਚ ਖੇਡਾਂ ਦੀ ਦੁਨੀਆ ਬੜੀ ਵਿਸ਼ਾਲ ਹੈ। ਵਿਸ਼ਵ ਦੀਆਂ ਹਜ਼ਾਰਾਂ ਖੇਡਾਂ ਹਨ ਜੋ ਜਲ, ਥਲ, ਬਰਫ਼ਾਂ ਤੇ ਹਵਾ ਵਿਚ ਖੇਡੀਆਂ ਜਾਂਦੀਆਂ ਹਨ। ਸੌ ਤੋਂ ਵੱਧ ਤਾਂ ਪੰਜਾਬ ਦੀਆਂ ਦੇਸੀ ਖੇਡਾਂ ਹੀ ਹਨ ਜਿਨ੍ਹਾਂ ਚੋਂ ਸਤਾਸੀ ਖੇਡਾਂ ਦਾ ਵੇਰਵਾ ਮੈਂ ਪੁਸਤਕ ਪੰਜਾਬ ਦੀਆਂ ਦੇਸੀ ਖੇਡਾਂ ਵਿਚ ਦਿੱਤਾ ਹੈ। ਖੇਡਾਂ ਖੇਡਦੇ ਖਿਡਾਰੀਆਂ ਦਾ ਕੋਈ ਲੇਖਾ ਹੀ ਨਹੀਂ ਤੇ ਨਾ ਖੇਡ ਮੁਕਾਬਲਿਆਂ ਦਾ ਕੋਈ ਅੰਤ ਹੈ।
ਮੈਂ ਕਿਤੇ ਲਿਖਿਆ ਸੀ, ਸ੍ਰਿਸ਼ਟੀ ਇਕ ਵੱਡਾ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁੱਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ:
-ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ।

ਇਸ ਪੁਸਤਕ ਵਿਚ ਤੀਹ ਕੁ ਨਿਬੰਧ ਹਨ ਜੋ ਖੇਡਾਂ, ਖਿਡਾਰੀਆਂ ਤੇ ਕਬੱਡੀ ਦੇ ਤਿੰਨ ਵਿਸ਼ਵ ਕੱਪਾਂ ਦੀ ਜਾਣਕਾਰੀ ਦੇਣ ਵਾਲੇ ਹਨ। ਪਹਿਲੇ ਲੇਖ ਵਿਚ ਪੰਜਾਬੀ ਖੇਡ ਸਾਹਿਤ ਤੇ ਝਾਤ ਪੁਆਈ ਹੈ ਕਿ ਕਿਹੋ ਜਿਹੀਆਂ ਖੇਡ ਪੁਸਤਕਾਂ ਰਚੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਖਿਡਾਰੀਆਂ ਦੀਆਂ ਜੀਵਨੀਆਂ, ਸਵੈਜੀਵਨੀਆਂ, ਰੇਖਾ ਚਿੱਤਰ, ਕਹਾਣੀਆਂ, ਖੇਡ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡ ਤਬਸਰੇ, ਖੇਡਾਂ ਦੀ ਜਾਣ ਪਛਾਣ, ਖੇਡਾਂ ਦੀਆਂ ਬਾਤਾਂ, ਖੇਡਾਂ ਦੇ ਨਿਯਮ, ਖੇਡਾਂ ਦਾ ਕਾਵਿ-ਸੰਸਾਰ, ਖੇਡ ਸਾਹਿਤ ਬਾਰੇ ਖੋਜ ਨਿਬੰਧ ਤੇ ਖੋਜ ਪ੍ਰਬੰਧ, ਖੇਡ ਚਿੰਤਨ, ਅਲੋਪ ਹੋ ਰਹੀਆਂ ਦੇਸੀ ਖੇਡਾਂ ਤੇ ਖੇਡੀਆਂ ਜਾਂਦੀਆਂ ਅਜੋਕੀਆਂ ਖੇਡਾਂ ਬਾਰੇ ਬਹੁਪੱਖੀ ਜਾਣਕਾਰੀ ਦੇਣ ਵਾਲੀਆਂ ਪੁਸਤਕਾਂ ਹਨ। ਐਸੇ ਪੰਜਾਹ ਕੁ ਲੇਖਕ ਹਨ ਜਿਨ੍ਹਾਂ ਦੀਆਂ ਇਕ ਜਾਂ ਵੱਧ ਖੇਡ ਪੁਸਤਕਾਂ ਛਪ ਚੁੱਕੀਆਂ ਹਨ। ਭਾਵੇਂ ਅਜਿਹੀਆਂ ਸੌ ਕੁ ਕਿਤਾਬਾਂ ਹੀ ਛਪੀਆਂ ਹਨ ਪਰ ਇਨ੍ਹਾਂ ਨਾਲ ਪੰਜਾਬੀ ਸਾਹਿਤ ਵਿਚ ਇਕ ਨਵੀਂ ਵਿਧਾ ਸਥਾਪਤ ਹੋ ਗਈ ਹੈ। ਜਿਵੇਂ ਖੇਡਾਂ ਖੇਡਣ ਤੇ ਵੇਖਣ ਵਾਲੇ ਬਹੁਤ ਸਾਰੇ ਲੋਕ ਹਨ ਉਵੇਂ ਖੇਡਾਂ ਤੇ ਖਿਡਾਰੀਆਂ ਬਾਰੇ ਛਪੀਆਂ ਪੁਸਤਕਾਂ ਪੜ੍ਹਨ ਵਾਲੇ ਪਾਠਕ ਵੀ ਮੌਜੂਦ ਹਨ।
ਦੂਜਾ ਲੇਖ ਖੇਡਾਂ ਵਿਚ ਪੰਜਾਬੀਆਂ ਦੀ ਭੂਮਿਕਾ ਬਾਰੇ ਹੈ। ਖੇਡਾਂ ਪੰਜਾਬੀਆਂ ਦਾ ਇਸ਼ਕ ਹਨ। ਉਹ ਜਿੰਨੇ ਜ਼ੋਰ ਨਾਲ ਹਲ ਵਾਹੀ ਕਰਦੇ ਤੇ ਜੰਗਾਂ ਯੁੱਧਾਂ ਚ ਜੂਝਦੇ ਹਨ ਉਨੇ ਹੀ ਜ਼ੋਰ ਨਾਲ ਖੇਡਦੇ ਹਨ। ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡ ਮੁਕਾਬਲੇ। ਉਹ ਮੁੱਢ ਕਦੀਮ ਤੋਂ ਜੁੱਸੇ ਤਕੜੇ ਬਣਾਉਣ ਦੇ ਸ਼ੁਕੀਨ ਰਹੇ ਹਨ। ਤਕੜਾ ਜੁੱਸਾ ਸੋਹਣੇ ਲੱਗਣ, ਸਿ਼ਕਾਰ ਮਾਰਨ, ਲੜਾਈ ਲੜਨ, ਮਾਲ ਡੰਗਰ ਸੰਭਾਲਣ, ਖੇਤੀਬਾੜੀ ਕਰਨ ਤੇ ਖੇਡਾਂ ਖੇਡਣ ਲਈ ਵਧੇਰੇ ਕਾਮਯਾਬ ਸੀ। ਹਰ ਮਾਪੇ ਦਾ ਚਾਅ ਸੀ ਕਿ ਉਹਨਾਂ ਦਾ ਬੱਚਾ ਤਕੜਾ ਜੁਆਨ ਬਣੇ। ਜੁੱਸੇ ਤਕੜੇ ਕਰਨ ਲਈ ਖੁਰਾਕਾਂ ਤੇ ਕਸਰਤਾਂ ਉਤੇ ਉਚੇਚਾ ਜ਼ੋਰ ਦਿੱਤਾ ਜਾਂਦਾ ਸੀ। ਪੰਜਾਬੀਆਂ ਦੀਆਂ ਖੁਰਾਕਾਂ ਵਿਚ ਦੁੱਧ-ਘਿਓ, ਅਧਰਿੜਕੇ-ਤਿਓੜਾਂ, ਮੱਖਣ-ਮਲਾਈਆਂ, ਖੋਏ-ਪੰਜੀਰੀਆਂ, ਬਦਾਮ-ਛੁਹਾਰੇ, ਸ਼ਰਬਤ ਤੇ ਯਖਣੀਆਂ ਸ਼ਾਮਲ ਸਨ। ਗੁੜ-ਸ਼ੱਕਰ, ਖੰਡ-ਘਿਓ, ਦੋੜਾਂ-ਪਰਾਉਂਠੇ ਤੇ ਸਾਗ-ਮੱਖਣ ਰੱਜ ਕੇ ਖਾਧਾ ਜਾਂਦਾ। ਹਕੀਮਾਂ ਤੋਂ ਕੁਸ਼ਤੇ ਮਰਵਾਏ ਜਾਂਦੇ। ਬਦਾਮਾਂ ਤੇ ਮਗਜ਼ਾਂ ਦੀਆਂ ਸ਼ਰਦਾਈਆਂ ਰਗੜ ਕੇ ਪੀਤੀਆਂ ਜਾਂਦੀਆਂ। ਡੰਡ ਕੱਢਣੇ, ਬੈਠਕਾਂ ਮਾਰਨੀਆਂ, ਦੌੜਨਾ, ਡੱਡੂ-ਛੜੱਪੇ, ਮੂੰਗਲੀਆਂ ਫੇਰਨੀਆਂ, ਪੱਥਰ, ਵੱਟੇ, ਵੇਲਣੇ, ਅਹਿਰਨਾਂ ਤੇ ਮੁਗਦਰ ਚੁੱਕਣੇ, ਰੱਸੇ ਖਿੱਚਣੇ ਤੇ ਖੂਹ ਗੇੜਨੇ ਪੰਜਾਬੀਆਂ ਦੀਆਂ ਮੁੱਖ ਕਸਰਤਾਂ ਸਨ।
ਤੀਜੇ ਲੇਖ ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਦਾ ਲੇਖਾ ਜੋਖਾ ਪੇਸ਼ ਕੀਤਾ ਹੈ। ਇਨ੍ਹਾਂ ਖੇਡਾਂ ਵਿਚ 204 ਮੁਲਕਾਂ ਦੇ 10820 ਖਿਡਾਰੀਆਂ ਨੇ ਭਾਗ ਲਿਆ ਸੀ। ਮੁਕਾਬਲੇ ਲਈ 26 ਸਪੋਰਟਸ ਦੀਆਂ 39 ਵੰਨਗੀਆਂ ਦੇ 302 ਈਵੈਂਟ ਸਨ। 302 ਸੋਨੇ, 304 ਚਾਂਦੀ ਤੇ 356 ਤਾਂਬੇ ਦੇ ਤਗ਼ਮੇ ਜੇਤੂਆਂ ਦੇ ਗਲੀਂ ਪਏ। 962 ਤਗ਼ਮਿਆਂ ਵਿਚੋਂ 54 ਮੁਲਕ ਸੋਨੇ ਤੇ 85 ਮੁਲਕ ਚਾਂਦੀ ਜਾਂ ਤਾਂਬੇ ਦੇ ਤਗ਼ਮੇ ਹਾਸਲ ਕਰ ਸਕੇ। 119 ਮੁਲਕ ਖਾਲੀ ਹੱਥ ਰਹੇ। 2008 ਵਿਚ ਬੀਜਿੰਗ ਦੀਆਂ ਓਲੰਪਿਕ ਖੇਡਾਂ ਵਿਚੋਂ 86 ਮੁਲਕ ਇਕ ਜਾਂ ਵੱਧ ਮੈਡਲ ਜਿੱਤੇ ਸਨ ਜਦ ਕਿ 118 ਮੁਲਕ ਕੋਈ ਵੀ ਮੈਡਲ ਨਹੀਂ ਸੀ ਜਿੱਤ ਸਕੇ। ਉਥੇ ਚੀਨ ਸਭ ਤੋਂ ਉਪਰ ਸੀ ਤੇ ਅਮਰੀਕਾ ਦੂਜੇ ਨੰਬਰ ਤੇ ਸੀ। ਲੰਡਨ ਵਿਚ ਅਮਰੀਕਾ ਉਪਰ ਚਲਾ ਗਿਆ ਤੇ ਚੀਨ ਦੂਜੇ ਨੰਬਰ ਤੇ ਆ ਗਿਆ। ਬੀਜਿੰਗ ਦੀ ਤਗ਼ਮਾ ਸੂਚੀ ਵਿਚ ਭਾਰਤ ਦਾ 50ਵਾਂ ਨੰਬਰ ਸੀ। ਲੰਡਨ ਦੀ ਸੂਚੀ ਵਿਚ 55ਵੇਂ ਥਾਂ ਰਿਹਾ। ਉਂਜ ਮੈਡਲ ਤਿੰਨਾਂ ਤੋਂ ਛੇ ਹੋ ਗਏ ਪਰ ਸੋਨੇ ਦਾ ਕੋਈ ਨਹੀਂ ਹਾਸਲ ਹੋ ਸਕਿਆ। ਬੀਜਿੰਗ ਵਿਚ ਇਕ ਸੋਨੇ ਦਾ ਵੀ ਸੀ। ਉਦਘਾਟਨੀ ਸਮਾਰੋਹ ਦੀ ਸਭ ਤੋਂ ਮਹਿੰਗੀ ਟਿਕਟ 2012 ਪੌਂਡ ਦੀ ਸੀ। 20 ਪੌਂਡ ਤੋਂ ਲੈ ਕੇ 2012 ਪੌਂਡ ਤਕ ਦੀਆਂ 80 ਲੱਖ ਟਿਕਟਾਂ ਸਨ ਜੋ ਲਗਭਗ ਸਾਰੀਆਂ ਹੀ ਵਿਕ ਗਈਆਂ ਸਨ।
ਅਗਲੇ ਲੇਖ ਵਿਚ ਦੱਸਿਆ ਗਿਐ ਕਿ ਬਾਬਾ ਫੌਜਾ ਸਿੰਘ ਨਾਲ ਦੌੜਾਂ ਲਾਉਣ ਵਾਲੇ ਬਾਬੇ ਹੋਰ ਵੀ ਹਨ। ਉਨ੍ਹਾਂ ਚੋਂ ਇਕ ਦਾ ਨਾਂਅ ਹੈ ਅਜੀਤ ਸਿੰਘ ਤੇ ਦੂਜੇ ਦਾ ਅਮਰੀਕ ਸਿੰਘ। ਉਨ੍ਹਾਂ ਨੇ ਦੌੜ-ਦੌੜ ਕੇ ਸਕਾਟਲੈਂਡ ਦੇ ਪਾਰਕ ਘਸਾ ਦਿੱਤੇ ਹਨ। ਉਹ ਲੰਡਨ, ਨਿਊਯਾਰਕ, ਬਰਲਿਨ, ਟੋਰਾਂਟੋ, ਲਾਹੌਰ, ਬੈਲਜੀਅਮ, ਹਾਲੈਂਡ, ਫਰਾਂਸ ਤੇ ਹੋਰਨੀਂ ਥਾਈਂ ਵੀ ਦੌੜ ਚੁੱਕੇ ਹਨ। ਜਦੋਂ ਉਹ ਫੌਜਾ ਸਿੰਘ ਨਾਲ ਦੌੜਦੇ ਹਨ ਤਾਂ ਉਨ੍ਹਾਂ ਦੀ ਟੀਮ ਦਾ ਨਾਂ ਸਿੱਖਸ ਇਨ ਸਿਟੀ ਹੁੰਦਾ ਹੈ।
ਬੰਦਾ ਕਿੰਨਾ ਕੁ ਤੇਜ਼ ਦੌੜ ਸਕਦੈ? ਦੇ ਜਵਾਬ ਵਿਚ ਲਿਖਿਐ, ਉਸੈਨ ਬੋਲਟ 100 ਮੀਟਰ ਦੀ ਦੌੜ 9.58 ਸੈਕੰਡ ਵਿਚ ਲਾ ਗਿਐ! ਕੀ ਇਸ ਦੌੜ ਵਿਚ ਕਦੇ ਨੌਂ ਸੈਕੰਡ ਦੀ ਸੀਮਾ ਵੀ ਟੁੱਟੇਗੀ? ਵੀਹਵੀਂ ਸਦੀ ਦੇ ਸ਼ੁਰੂ ਚ ਭਵਿੱਖਬਾਣੀ ਕੀਤੀ ਗਈ ਸੀ ਕਿ ਇਸ ਧਰਤੀ ਦਾ ਬੰਦਾ 100 ਮੀਟਰ ਦੀ ਦੌੜ ਕਦੇ ਵੀ 10 ਸੈਕੰਡ ਤੋਂ ਘੱਟ ਸਮੇਂ ਵਿਚ ਨਹੀਂ ਦੌੜ ਸਕੇਗਾ। ਪਰ ਇਹ ਸੀਮਾ ਮੈਕਸੀਕੋ ਦੀਆਂ ਓਲੰਪਿਕ ਖੇਡਾਂ ਸਮੇਂ 1968 ਵਿਚ ਹੀ ਟੁੱਟ ਗਈ!
ਕੋਈ ਮੰਨੇਗਾ ਕਿ ਹੱਡ-ਮਾਸ ਦਾ ਬਣਿਆ ਬੰਦਾ ਆਪਣੇ ਸਰੀਰਕ ਵਜ਼ਨ ਨਾਲੋਂ ਤਿੰਨ ਗੁਣਾਂ ਵੱਧ ਵਜ਼ਨ ਆਪਣੀਆਂ ਬਾਹਾਂ ਉਤੇ ਤੋਲ ਦੇਵੇ? ਜੀ ਹਾਂ। ਅਜਿਹਾ ਹੋ ਗਿਐ। 24 ਅਪ੍ਰੈਲ 2001 ਨੂੰ ਸਲੋਵਾਕੀਆ ਦੇ ਸ਼ਹਿਰ ਟ੍ਰੈਂਚਨ ਵਿਚ ਤੁਰਕੀ ਦੇ ਭਾਰਚੁਕਾਵੇ ਹਲੀਲ ਮੁਤਲੂ ਨੇ ਇਹ ਕੁਝ ਵੀ ਕਰ ਵਿਖਾਇਐ। ਉਸ ਨੇ 56 ਕਿਲੋ ਵਜ਼ਨ ਵਰਗ ਚ 168 ਕਿਲੋ ਭਾਰ ਭੁੰਜਿਓਂ ਚੁੱਕ ਕੇ ਬਾਹਾਂ ਉਤੇ ਖੜ੍ਹਾ ਕਰ ਦਿੱਤਾ! ਚੀਨ ਦਾ ਲਿਓ ਹੂਈ 69 ਕਿਲੋ ਵਜ਼ਨ ਵਰਗ ਵਿਚ 198 ਕਿਲੋਗਰਾਮ ਦਾ ਬਾਲਾ ਕੱਢ ਕੇ ਦੋ ਕੁਇੰਟਲ ਦੀ ਹੱਦ ਪਾਰ ਕਰਨ ਵਾਲਾ ਹੈ। ਔਰਤਾਂ ਨੂੰ ਨਾਜ਼ਕ ਮਲੂਕ ਸਮਝਿਆ ਜਾਂਦੈ। ਤੁਰਕੀ ਦੀ ਨੁਰਕਨ ਤੇਲਾਨ, ਜਿਸ ਦਾ ਆਪਣਾ ਵਜ਼ਨ 48 ਕਿਲੋਗਰਾਮ ਤੋਂ ਘੱਟ ਹੈ, ਉਸ ਨੇ 121 ਕਿਲੋ ਵਜ਼ਨ ਬਾਹਾਂ ਉਤੇ ਚੁੱਕਣ ਦਾ ਵਿਸ਼ਵ ਰਿਕਾਰਡ ਰੱਖਿਆ ਹੈ। ਕਜ਼ਾਖਸਤਾਨ ਦੀ ਸਵੇਤਲਾਨਾ ਪਾਡੋਵੇਦੋਵਾ ਦਾ ਸਰੀਰਕ ਵਜ਼ਨ 75 ਕਿਲੋ ਤੋਂ ਘੱਟ ਹੈ ਪਰ ਉਹ 134 ਕਿਲੋ ਦੀ ਸਨੈਚ ਤੇ 161 ਕਿਲੋ ਦੀ ਜਰਕ ਲਾ ਗਈ ਹੈ। ਉਸ ਨੇ ਚਾਰ ਮਣ ਤੋਂ ਵੱਧ ਵਜ਼ਨ ਬਾਹਾਂ ਉਤੇ ਤੋਲ ਦਿੱਤੈ!
ਤੁਰੋ ਤੇ ਤੰਦਰੁਸਤ ਰਹੋ ਸਿਹਤ ਨਰੋਈ ਰੱਖਣ ਦਾ ਸੰਦੇਸ਼ ਦੇਣ ਵਾਲਾ ਲੇਖ ਹੈ, ਜਿਥੋਂ ਤਕ ਸੁਹੱਪਣ ਦੀ ਗੱਲ ਹੈ ਸੋਹਣੇ ਸੁਡੌਲ ਜੁੱਸੇ ਪੈਰੀਂ ਤੁਰਨ ਤੇ ਕਸਰਤ ਕਰਨ ਵਾਲਿਆਂ ਦੇ ਹੀ ਹੁੰਦੇ ਹਨ। ਜਿਨ੍ਹਾਂ ਨੇ ਤੁਰਨ ਦੇ ਰਾਹ ਨਹੀਂ ਪੈਣਾ ਉਨ੍ਹਾਂ ਦਾ ਮਾਸ ਥਲਥਲ ਹੀ ਕਰਨਾ ਹੈ। ਉਸ ਵਿਚ ਖਿੱਚ ਨਹੀਂ ਰਹਿਣੀ। ਬਿਊਟੀ ਪਾਰਲਰ ਵਾਲੇ ਸਿਹਲੀਆਂ ਘੜ ਦੇਣਗੇ, ਨਹੁੰ ਪਾਲਸ਼ ਲਾ ਦੇਣਗੇ, ਕਰੀਮਾਂ ਪੌਡਰਾਂ ਨਾਲ ਰੰਗ ਗੋਰਾ ਕਰ ਦੇਣਗੇ ਪਰ ਸਰੀਰ ਦਾ ਸੁਹੱਪਣ ਤਦ ਹੀ ਨਿਖਰੇਗਾ ਜਦੋਂ ਜੁੱਸੇ ਨੂੰ ਛਾਂਟ ਕੇ ਸਡੌਲਤਾ ਵਿਚ ਢਾਲਿਆ ਗਿਆ। ਜੁੱਸੇ ਨੂੰ ਛਾਂਟਵਾਂ ਬਣਾਉਣ ਲਈ ਲੰਮੀਆਂ ਵਾਟਾਂ ਦੀ ਸੈਰ ਅਹਿਮ ਹੈ। ਸੈਰ ਕਰਨ ਤੇ ਕੁਝ ਵੀ ਨਹੀਂ ਲੱਗਦਾ ਜਦ ਕਿ ਬਿਊਟੀ ਦੇ ਨਾਂ ਤੇ ਵਿਕਣ ਵਾਲੀਆਂ ਵਸਤਾਂ ਜੇਬਾਂ ਖਾਲੀ ਕਰ ਦਿੰਦੀਆਂ ਨੇ। ਸੁੰਦਰਤਾ ਮਹਿੰਗੇ ਕਪੜਿਆਂ, ਗਹਿਣਿਆਂ, ਫੈਸ਼ਨਾਂ ਤੇ ਲਿਪਸਟਿਕਾਂ ਵਿਚ ਨਹੀਂ ਸਗੋਂ ਸਰੀਰ ਦੀ ਸਡੌਲਤਾ ਵਿਚ ਹੈ। ਸਡੌਲ ਬਦਨ ਉਤੇ ਪਹਿਨੀ ਸਾਦੀ ਪੁਸ਼ਾਕ ਵੀ ਸਿਲਮੇ ਸਤਾਰੇ ਵਾਲੇ ਸੂਟ ਨਾਲੋਂ ਵਧੇਰੇ ਜਚਦੀ ਹੈ।
ਪੰਜਾਬ ਵਿਚ ਧਾਰਮਿਕ ਸਥਾਨ ਬਹੁਤ ਹਨ ਜੋ ਇਕ ਦੂਜੇ ਤੋਂ ਨੇੜੇ ਵੀ ਹਨ ਤੇ ਦੂਰ ਵੀ। ਸ਼ਰਧਾਲੂ ਗੱਡੀਆਂ ਚ ਤੇਲ ਬਾਲਦੇ ਵਾਤਾਵਰਨ ਚ ਧੂੰਆਂ ਫੈਲਾਉਂਦੇ ਯਾਤਰਾਵਾਂ ਕਰਦੇ ਹਨ। ਯਾਤਰਾ ਕਰਦਿਆਂ ਰਾਹਾਂ ਵਿਚ ਹਾਦਸੇ ਵੀ ਹੁੰਦੇ ਹਨ। ਇਨ੍ਹਾਂ ਯਾਤਰਾਵਾਂ ਨੂੰ ਦੌੜਨ/ਵਗਣ ਵਿਚ ਬਦਲਣ ਦੀ ਲੋੜ ਹੈ ਜਿਸ ਨਾਲ ਔਰਤਾਂ ਤੇ ਮਰਦ ਲੰਮੀ ਉਮਰ ਤਕ ਫਿੱਟ ਰਹਿ ਸਕਣ। ਧਾਰਮਿਕ ਸ਼ਰਧਾ ਨੂੰ ਗੁਰੂਘਰ ਤੋਂ ਗੁਰੂਘਰਾਂ ਤਕ ਦੌੜਾਂ ਵਿਚ ਬਦਲ ਦਿੱਤਾ ਜਾਵੇ ਤਾਂ ਕਿਆ ਬਾਤਾਂ!
ਪੰਜਾਬ ਦੇ ਉਹ ਵੀ ਦਿਨ ਸਨ ਜਦੋਂ ਬੀਹੀਆਂ ਤੇ ਵਿਹੜਿਆਂ ਵਿਚ ਲੋਕ ਖੇਡਾਂ ਦੇ ਝੁਰਮਟ ਪਏ ਰਹਿੰਦੇ ਸਨ। ਬੱਚੇ ਚੰਨ ਚਾਨਣੀਆਂ ਵਿਚ ਖੇਡਦੇ ਤੇ ਵਡੇਰੇ ਖੁੱਲ੍ਹੀਆਂ ਰੌੜਾਂ ਨੂੰ ਰੰਗ ਭਾਗ ਲਾਉਂਦੇ। ਕਿਧਰੇ ਲੁਕਣ ਮੀਚੀਆਂ ਖੇਡੀਆਂ ਜਾਂਦੀਆਂ, ਕਿਧਰੇ ਛੂਹਣ ਛੁਹਾਈਆਂ ਤੇ ਕਿਧਰੇ ਵਡਉਮਰੇ ਬੰਦੇ ਬਾਰਾਂ ਡੀਟੀ ਤੇ ਬੋੜਾ ਖੂਹ ਖੇਡਦੇ। ਕਿਤੇ ਪੂਰ ਨੱਕਾ ਤੇ ਪਾਸਾ ਖੇਡਿਆ ਜਾਂਦਾ। ਕਿਧਰੇ ਜੁਆਨਾਂ ਦੇ ਜ਼ੋਰ ਹੁੰਦੇ ਤੇ ਛਿੰਝਾਂ ਪੈਦੀਆਂ। ਕਿਧਰੇ ਮੂੰਗਲੀਆਂ ਫੇਰੀਆਂ ਜਾਂਦੀਆਂ ਤੇ ਮੁਗਦਰ ਚੁੱਕੇ ਜਾਂਦੇ। ਢੋਲ ਵਜਦੇ, ਬਾਜ਼ੀਆਂ ਪੈਂਦੀਆਂ ਤੇ ਸੌਂਚੀਆਂ ਚੜ੍ਹਦੀਆਂ। ਦੇਸੀ ਖੇਡਾਂ ਦਾ ਉਹ ਰੰਗਲਾ ਰੁਮਾਂਸ ਤਰੱਕੀ ਦੀ ਦੌੜ ਵਿਚ ਅਲੋਪ ਹੋਈ ਜਾ ਰਿਹੈ।
1947 ਵਿਚ ਦੇਸ਼ ਆਜ਼ਾਦ ਹੋਇਆ ਤਾਂ ਪੰਜਾਬ ਖੇਡਾਂ ਵਿਚ ਦੇਸ਼ ਦਾ ਮੀਰੀ ਸੂਬਾ ਸੀ। 1948 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਸਮੇਂ ਪੰਜਾਬੀ ਖਿਡਾਰੀਆਂ ਦੀ ਕਾਰਗੁਜ਼ਾਰੀ ਹੋਰਨਾਂ ਸੂਬਿਆਂ ਦੇ ਖਿਡਾਰੀਆਂ ਨਾਲੋਂ ਕਿਤੇ ਬਿਹਤਰ ਸੀ। 1951 ਦੀਆਂ ਪਹਿਲੀਆਂ ਏਸਿ਼ਆਈ ਖੇਡਾਂ ਚੋਂ ਭਾਰਤ ਨੇ ਜਿੰਨੇ ਮੈਡਲ ਜਿੱਤੇ ਉਨ੍ਹਾਂ ਚੋਂ ਬਹੁਤੇ ਪੰਜਾਬੀ ਖਿਡਾਰੀਆਂ ਰਾਹੀਂ ਹੀ ਜਿੱਤੇ ਗਏ। ਖੇਡਾਂ ਦੇ ਪ੍ਰਬੰਧ ਵਿਚ ਵੀ ਪੰਜਾਬੀ ਮੋਹਰੀ ਸਨ। 1954 ਤੇ 58 ਦੀਆਂ ਏਸਿ਼ਆਈ ਖੇਡਾਂ ਸਮੇਂ ਤਾਂ ਜਿੰਨੀ ਵਾਰ ਵੀ ਜਿੱਤ-ਮੰਚ ਤੇ ਭਾਰਤ ਦਾ ਤਿਰੰਗਾ ਲਹਿਰਾਇਆ ਤੇ ਜਨ ਗਨ ਮਨ ਗੂੰਜਿਆ ਉਹ ਸਭ ਜੂੜਿਆਂ ਵਾਲੇ ਖਿਡਾਰੀਆਂ ਦੀ ਬਦੌਲਤ ਸੀ!
1962 ਦੀਆਂ ਏਸਿ਼ਆਈ ਖੇਡਾਂ ਵਿਚ ਅਥਲੈਟਿਕਸ ਦੇ ਸੋਨ-ਤਮਗ਼ੇ ਜਿੱਤਣ ਵਾਲੇ ਸਭ ਅਥਲੀਟ ਪੰਜਾਬੀ ਸਨ। ਭਾਰਤ ਏਸ਼ੀਅਨ ਖੇਡਾਂ ਵਿਚ ਫੁਟਬਾਲ ਦਾ ਇਕੋ ਵਾਰ ਗੋਲਡ ਮੈਡਲ ਜਿੱਤ ਸਕਿਆ ਜਿਸ ਦਾ ਸਿਹਰਾ ਜਰਨੈਲ ਸਿੰਘ ਸਿਰ ਸੀ। 1966 ਦੀਆਂ ਏਸਿ਼ਆਈ ਖੇਡਾਂ ਚੋਂ ਭਾਰਤ ਨੇ ਹਾਕੀ ਦਾ ਸੋਨ-ਤਮਗ਼ਾ ਜਿੱਤਿਆ ਤਾਂ ਮੈਦਾਨ ਚ ਖੇਡਣ ਵਾਲੇ ਗਿਆਰਾਂ ਚੋਂ ਦਸਾਂ ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਸ਼ੋਭ ਰਹੇ ਸਨ। ਪਰ 2011 ਤਕ ਪਹੁੰਚਦਿਆਂ ਹਾਲਤ ਇਥੋਂ ਤਕ ਆ ਪਹੁੰਚੀ ਹੈ ਕਿ ਪੰਜਾਬ, ਭਾਰਤ ਦੀਆਂ ਕੌਮੀ ਖੇਡਾਂ ਵਿਚ ਵੀ ਮਸਾਂ 9ਵਾਂ ਸਥਾਨ ਲੈ ਸਕਿਆ ਹੈ! ਗੁਆਂਢੀ ਸੂਬਾ ਹਰਿਆਣਾ, ਜਿਸ ਦਾ ਖੇਡਾਂ ਵਿਚ ਕਿਤੇ ਨਾਂ ਥਾਂ ਨਹੀਂ ਸੀ, ਪੰਜਾਬ ਤੋਂ ਅੱਗੇ ਨਿਕਲ ਗਿਆ ਹੈ। ਕੇਰਲਾ, ਦਿੱਲੀ, ਮਹਾਰਾਸ਼ਟਰ, ਮਨੀਪੁਰ ਤੇ ਆਂਧਰਾ ਵਰਗੇ ਸੂਬੇ ਖੇਡਾਂ ਦੇ ਮੈਡਲ ਜਿੱਤਣ ਵਿਚ ਪੰਜਾਬ ਨੂੰ ਮਾਤ ਪਾ ਗਏ ਹਨ। ਪੰਜਾਬ ਦੀ ਕੌਮੀ ਤੇ ਕੌਮਾਂਤਰੀ ਖੇਡਾਂ ਵਿਚ ਪਹਿਲਾਂ ਵਾਲੀ ਬੱਲੇ-ਬੱਲੇ ਨਹੀਂ ਰਹੀ। ਪੰਜਾਬ ਦੇ ਲੋਕਾਂ ਨੂੰ, ਸਿਆਸੀ ਪਾਰਟੀਆਂ ਦੇ ਨੇਤਾਵਾਂ ਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦੈ। ਪੰਜਾਬ ਦੀਆਂ ਖੇਡ ਜਥੇਬੰਦੀਆਂ ਤੇ ਖੇਡ ਅਦਾਰਿਆਂ ਨੂੰ ਘੋਖਣਾ ਚਾਹੀਦੈ ਕਿ ਪੰਜਾਬ ਦੇ ਖੇਡਾਂ ਵਿਚ ਪਛੜ ਜਾਣ ਦੇ ਕੀ ਕਾਰਨ ਹਨ? ਜਦੋਂ ਹੋਰ ਸੂਬੇ ਤਰੱਕੀ ਕਰ ਰਹੇ ਹਨ ਤਾਂ ਪੰਜਾਬ ਕਿਉਂ ਪਛੜਦਾ ਜਾ ਰਿਹੈ?
ਜਿਹੜਾ ਬੰਦਾ ਕਿਰਤ ਤੇ ਕਸਰਤ ਦੇ ਲੜ ਲੱਗਾ ਹੋਵੇ ਉਹਤੋਂ ਕੁਦਰਤ ਵੀ ਬਲਿਹਾਰੇ ਜਾਂਦੀ ਹੈ। ਉਹ ਉਸ ਨੂੰ ਲੰਮੀ ਉਮਰ ਬਖ਼ਸ਼ਦੀ ਹੈ। ਅਜਿਹਾ ਵਿਅਕਤੀ ਆਮ ਬਿਮਾਰੀਆਂ ਠਮਾਰੀਆਂ ਤੋਂ ਬਚਿਆ ਰਹਿੰਦਾ ਹੈ ਅਤੇ ਸੁਖੀ ਤੇ ਸੰਤੁਸ਼ਟ ਜੀਵਨ ਭੋਗਦਾ ਹੈ। ਕਿਰਤ ਤੇ ਕਸਰਤ ਕਰਨ ਨਾਲ ਨੌਜੁਆਨ ਨਸਿ਼ਆਂ ਦੀ ਲੱਤ ਤੋਂ ਬਚ ਸਕਦੇ ਹਨ। ਜੁੱਸੇ ਤਕੜੇ ਤੇ ਹੰਢਣਸਾਰ ਬਣਾ ਕੇ ਖੇਡਾਂ ਦੇ ਮੈਡਲ ਜਿੱਤ ਸਕਦੇ ਹਨ। ਸਰੀਰਕ ਕਸਰਤ ਕਰਨ ਦੀ ਜਿੰਨੀ ਜ਼ਰੂਰਤ ਇੱਕੀਵੀਂ ਸਦੀ ਵਿਚ ਹੈ ਏਨੀ ਪਹਿਲੀਆਂ ਸਦੀਆਂ ਵਿਚ ਨਹੀਂ ਸੀ। ਪਹਿਲਾਂ ਏਨੀਆਂ ਮਸ਼ੀਨਾਂ ਮਨੁੱਖ ਦੀ ਸੌਖ ਲਈ ਈਜਾਦ ਨਹੀਂ ਸਨ ਹੋਈਆਂ। ਹੱਥੀਂ ਕਿਰਤ ਕਰਨੀ ਤੇ ਪੈਰੀਂ ਪੈਂਡਾ ਮਾਰਨਾ ਮਨੁੱਖ ਦੀ ਮਜਬੂਰੀ ਸੀ। ਇਹ ਮਜਬੂਰੀ ਮਨੁੱਖ ਲਈ ਕੁਦਰਤੀ ਵਰਦਾਨ ਸਾਬਤ ਹੁੰਦੀ ਰਹੀ।
ਕਿਹਾ ਜਾਂਦੈ, ਜਿਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ, ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ। ਕਬੱਡੀ ਅਮਰੀਕਾ ਦੀ ਸਟੇਟ ਓਹਾਈਓ ਦੇ ਸ਼ਹਿਰ ਕਲੀਵਲੈਂਡ ਵੀ ਪਹੁੰਚ ਗਈ ਹੈ। ਉਥੋਂ ਦੇ ਪੰਜਾਬੀ ਪਰਿਵਾਰਾਂ ਨੇ 23 ਜੂਨ 2012 ਦਾ ਦਿਨ ਪੰਜਾਬੀ ਖੇਡ ਮੇਲੇ ਵਜੋਂ ਮਨਾਇਆ ਤੇ ਰੋਜ਼ ਦਿਹਾੜੀ ਦੇ ਕੰਮਾਂ ਧੰਦਿਆਂ ਤੋਂ ਛੁਟਕਾਰਾ ਪਾਇਆ। ਮੇਲੇ ਦੇ ਰੂਪ ਵਿਚ ਸਮੁੱਚੇ ਪਰਿਵਾਰਾਂ ਨੇ ਪਿਕਨਿਕ ਮਨਾਉਂਦਿਆਂ ਆਪਣੇ ਅਕੇਵੇਂ-ਥਕੇਵੇਂ ਨੂੰ ਲਾਹਿਆ। ਇਹ ਉਨ੍ਹਾਂ ਦਾ ਸਾਲਾਨਾ ਖੇਡ ਮੇਲਾ ਸੀ ਜਿਸ ਵਿਚ ਕਬੱਡੀ, ਵਾਲੀਬਾਲ, ਦੌੜਾਂ ਤੇ ਰੱਸਾ-ਕਸ਼ੀ ਦੀਆਂ ਖੇਡਾਂ ਸਨ। ਗੁਰੂ ਕਾ ਲੰਗਰ ਸੀ, ਠੰਢੇ-ਮਿੱਠੇ ਦੀ ਛਬੀਲ ਸੀ, ਬਾਬਿਆਂ ਦੀਆਂ ਝੂਲਦੀਆਂ ਦਾੜ੍ਹੀਆਂ ਤੇ ਬੀਬੀਆਂ ਦੇ ਉਡਦੇ ਦੁਪੱਟੇ ਸਨ। ਧੁੱਪ-ਛਾਂ ਤੇ ਰੰਗਾਂ ਦਾ ਨਜ਼ਾਰਾ ਸੀ। ਬੱਚਿਆਂ ਦੀਆਂ ਟਪੂਸੀਆਂ, ਨੂੰਹਾਂ ਸੱਸਾਂ ਦੀਆਂ ਚੁਗਲੀਆਂ ਤੇ ਪੰਜਾਬਣਾਂ ਦੇ ਨਵੇਂ ਸਿਵਾਏ ਸੂਟਾਂ ਦੀ ਪ੍ਰਦਰਸ਼ਨੀ ਸੀ।
ਪੰਜਾਬ ਵਿਚ ਖੇਡਾਂ ਦੇ ਕੋਚਿੰਗ ਕੇਂਦਰ ਘਟ ਰਹੇ ਹਨ ਪਰ ਟੂਰਨਾਮੈਂਟ ਵਧ ਰਹੇ ਹਨ। ਸਾਰਾ ਸਿਆਲ ਟੂਰਨਾਮੈਂਟ ਉਤੇ ਟੂਰਨਾਮੈਂਟ ਚੜ੍ਹੇ ਰਹਿੰਦੇ ਹਨ ਖ਼ਾਸ ਕਰ ਕੇ ਕਬੱਡੀ ਦੇ ਟੂਰਨਾਮੈਂਟ। ਲੱਖਾਂ ਦੇ ਇਨਾਮਾਂ ਵਾਲੇ ਕਬੱਡੀ ਕੱਪ ਹਰ ਸਾਲ ਸੌ ਤੋਂ ਵੱਧ ਹੋਣ ਲੱਗ ਪਏ ਹਨ। ਪੇਂਡੂ ਟੂਰਨਾਮੈਂਟਾਂ ਦੀ ਗਿਣਤੀ ਹਜ਼ਾਰਾਂ ਤਕ ਚਲੀ ਗਈ ਹੈ। ਦਸੰਬਰ ਤੋਂ ਮਾਰਚ ਤਕ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਣ ਕਿਤੇ ਲੱਖ ਰੁਪਏ ਦੇ ਇਨਾਮ ਵਾਲਾ ਕਬੱਡੀ ਕੱਪ ਨਾ ਹੋ ਰਿਹਾ ਹੋਵੇ ਜਾਂ ਅੱਠ ਦਸ ਪੇਂਡੂ ਕਬੱਡੀ ਟੂਰਨਾਮੈਂਟ ਨਾ ਹੋ ਰਹੇ ਹੋਣ। ਖਿਡਾਰੀ ਖੇਡ ਸਿਖਲਾਈ ਲੈਣ ਤੇ ਅਭਿਆਸ ਕਰਨ ਦੀ ਥਾਂ ਟੂਰਨਾਮੈਂਟਾਂ ਵਿਚ ਹੀ ਭੱਜੇ ਫਿਰਦੇ ਹਨ ਕਿਉਂਕਿ ਉਥੋਂ ਇਨਾਮ ਮਿਲਦੇ ਹਨ। ਪਰਵਾਸੀ ਖੇਡ ਪ੍ਰਮੋਟਰ ਵੀ ਆਪਣੇ ਪਿੰਡਾਂ ਤੇ ਇਲਾਕਿਆਂ ਵਿਚ ਖੇਡਾਂ ਦੇ ਕੋਚਿੰਗ ਕੇਂਦਰ ਸਥਾਪਤ ਕਰਨ ਦੀ ਥਾਂ ਖੇਡਾਂ ਦੇ ਟੂਰਨਾਮੈਂਟ ਹੀ ਕਰਾਈ ਜਾਂਦੇ ਹਨ। ਉਹ ਬਾਗੋ-ਬਾਗ ਹਨ ਕਿ ਇਉਂ ਉਨ੍ਹਾਂ ਦੀ ਵਧੇਰੇ ਬੱਲੇ-ਬੱਲੇ ਹੁੰਦੀ ਹੈ!
ਇਮਤਿਹਾਨਾਂ ਵਿਚ ਨਕਲ ਮਾਰਨੀ ਤੇ ਖੇਡ ਮੁਕਾਬਲਿਆਂ ਵਿਚ ਡੋਪਿੰਗ ਕਰਨੀ ਦੋਵੇਂ ਮਿੱਠੀਆਂ ਜ਼ਹਿਰਾਂ ਹਨ। ਜੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੋਵੇ ਤਾਂ ਉਹਦੇ ਪੜ੍ਹਾਈ ਕਰਦੇ ਮੁੰਡੇ ਕੁੜੀ ਨੂੰ ਇਮਤਿਹਾਨਾਂ ਵਿਚ ਨਕਲ ਮਰਵਾ ਦਿਓ। ਖਿਡਾਰੀ ਹੋਵੇ ਤਾਂ ਡਰੱਗ ਤੇ ਲਾ ਦਿਓ! ਬਿਨਾਂ ਕਿਸੇ ਡਾਂਗ ਸੋਟੇ ਤੇ ਕੁੱਟ ਮਾਰ ਦੇ ਦੁਸ਼ਮਣ ਦਾ ਏਨਾ ਨੁਕਸਾਨ ਹੋ ਜਾਵੇਗਾ ਕਿ ਅਗਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਪੰਜਾਬ ਦੇ ਪਾੜ੍ਹਿਆਂ ਨੂੰ ਨਕਲਾਂ ਤੇ ਖਿਡਾਰੀਆਂ ਨੂੰ ਨਸ਼ਾਵਰ ਦਵਾਈਆਂ ਲੈ ਬੈਠੀਆਂ ਹਨ।
ਪਹਿਲਵਾਨ ਕਰਤਾਰ ਸਿੰਘ ਵੱਲੋਂ ਸੋਲ੍ਹਵਾਂ ਗੋਲਡ ਮੈਡਲ ਜਿੱਤਣਾ ਕੁਸ਼ਤੀ ਦਾ ਨਵੇਕਲਾ ਰਿਕਾਰਡ ਹੈ। ਉਸ ਨੇ ਤਿੰਨ ਓਲੰਪਿਕ ਖੇਡਾਂ, ਤਿੰਨ ਏਸਿ਼ਆਈ ਖੇਡਾਂ, ਤਿੰਨ ਕਾਮਨਵੈਲਥ ਖੇਡਾਂ, ਤਿੰਨ ਏਸਿ਼ਆਈ ਚੈਂਪੀਅਨਸਿ਼ਪਾਂ ਤੇ ਸਤਾਰਾਂ ਵਿਸ਼ਵ ਵੈਟਰਨ ਚੈਂਪੀਅਨਸਿ਼ਪਾਂ ਵਿਚ ਭਾਗ ਲਿਆ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਚੋਂ ਸੋਨੇ, ਚਾਂਦੀ ਤੇ ਤਾਂਬੇ ਦੇ 27 ਤਮਗ਼ੇ ਜਿੱਤੇ ਹਨ। ਉਸ ਨੇ ਪੰਜਾਬ ਕੇਸਰੀ ਤੋਂ ਲੈ ਕੇ ਭਾਰਤ ਕੁਮਾਰ, ਭਾਰਤ ਕੇਸਰੀ, ਮਹਾਪੌਰ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਤਕ ਸਾਰੇ ਖਿ਼ਤਾਬ ਹਾਸਲ ਕੀਤੇ ਹਨ।
ਮੁਹੰਮਦ ਅਲੀ ਬਾਰੇ ਲਿਖਣਾ ਲਫ਼ਜ਼ਾਂ ਨਾਲ ਘੁਲਣਾ ਹੈ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇਥੋਂ ਤਕ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਰਲਡ ਚੈਂਪੀਅਨ ਬਣਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ ਦਾ ਬਾਪ ਕਹਿਲਾਇਆ। ਅਠਾਰਾਂ ਸਾਲਾਂ ਦੀ ਉਮਰ ਵਿਚ ਉਸ ਨੇ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਿਆ ਤੇ ਚੁਤਾਲੀ ਸਾਲਾਂ ਦੀ ਉਮਰ ਵਿਚ ਅਠਾਈ ਸਾਲਾਂ ਦੀ ਮਨੋਵਿਗਿਆਨੀ ਯੋਲੰਡਾ ਨਾਲ ਚੌਥਾ ਵਿਆਹ ਕੀਤਾ। ਉਹਦੀ ਆਪਣੀ ਧੀ ਲੈਲਾ ਵੀ ਤਕੜੀ ਮੁੱਕੇਬਾਜ਼ ਬਣੀ।
ਕਬੱਡੀ ਦੇ ਧਨੰਤਰ ਧਾਵੀ ਹਰਜੀਤ ਬਾਜਾਖਾਨਾ ਦਾ ਨਾਂਅ ਕਦੇ ਮੈਂ ਕਬੱਡੀ ਦਾ ਚੜ੍ਹਦਾ ਸੂਰਜ ਰੱਖਿਆ ਸੀ। ਉਦੋਂ ਕੀ ਪਤਾ ਸੀ ਕਿ ਸਾਡਾ ਇਹ ਸੂਰਜ ਸਿਖਰ ਦੁਪਹਿਰੇ ਹੀ ਛਿਪ ਜਾਵੇਗਾ। ਮੈਂ ਉਸ ਨੂੰ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਇੰਗਲੈਂਡ, ਅਮਰੀਕਾ ਤੇ ਕੈਨੇਡਾ ਦੇ ਖੇਡ ਮੈਦਾਨਾਂ ਵਿਚ ਕਬੱਡੀਆਂ ਪਾਉਂਦੇ ਵੇਖਿਆ ਸੀ। ਉਹਦੀ ਹਰ ਥਾਂ ਬੱਲੇ-ਬੱਲੇ ਸੀ। ਉਹਦੀ ਇਕ-ਇਕ ਕਬੱਡੀ ਤੇ ਲੱਖ-ਲੱਖ ਰੁਪਏ ਦੇ ਇਨਾਮ ਲੱਗ ਜਾਂਦੇ। ਉਹਦੇ ਜੁੱਸੇ ਵਿਚ ਕਰੋੜਾਂ ਦੀ ਕਬੱਡੀ ਛੁਪੀ ਪਈ ਸੀ ਪਰ ਉਹ ਅਚਣਚੇਤੀ ਚੱਲ ਵਸਿਆ।
ਅਪ੍ਰੈਲ 2010 ਵਿਚ ਹੋਇਆ ਕਬੱਡੀ ਦਾ ਪਹਿਲਾ ਵਰਲਡ ਕੱਪ ਮੈਂ ਨੇੜਿਓਂ ਵੇਖਿਆ ਸੀ। ਮੈਂ ਇਸ ਦੇ ਹਰ ਮੈਚ ਸਮੇਂ ਹਾਜ਼ਰ ਰਹਿੰਦਾ ਸਾਂ ਕਿਉਂਕਿ ਮੇਰੀ ਡਿਊਟੀ ਕੁਮੈਂਟੇਟਰਾਂ ਵਿਚ ਸੀ। ਕੱਪ ਲਈ ਕੀਤੀਆਂ ਮੀਟਿੰਗਾਂ ਵਿਚ ਵੀ ਮੇਰੀ ਸ਼ਮੂਲੀਅਤ ਹੁੰਦੀ ਰਹੀ। ਇਸ ਦਾ ਬਜਟ ਛੇ ਕਰੋੜ ਤੋਂ ਟੱਪ ਗਿਆ। ਏਨਾ ਮਹਿੰਗਾ ਕਬੱਡੀ ਟੂਰਨਾਮੈਂਟ ਪਹਿਲੀ ਵਾਰ ਹੋਇਆ। ਇਸ ਦੇ 20 ਮੈਚਾਂ ਵਿਚ 1729 ਕਬੱਡੀਆਂ ਪਈਆਂ ਜਿਨ੍ਹਾਂ ਚ 447 ਜੱਫੇ ਲੱਗੇ। ਰੇਡਾਂ ਦੇ ਅੰਕ 1282 ਬਣੇ। ਚਾਲੀ ਮਿੰਟਾਂ ਦੇ ਇਕ ਮੈਚ ਵਿਚ ਔਸਤਨ 86 ਧਾਵੇ ਹੋਏ ਤੇ 22 ਜੱਫੇ ਲੱਗੇ। ਉਂਜ ਸਭ ਤੋਂ ਵੱਧ ਕਬੱਡੀਆਂ ਕੈਨੇਡਾ ਤੇ ਸਪੇਨ ਵਿਚਕਾਰ ਹੋਏ ਮੈਚ ਵਿਚ ਪਈਆਂ ਜਿਨ੍ਹਾਂ ਦੀ ਗਿਣਤੀ 94 ਸੀ ਤੇ ਸਭ ਤੋਂ ਘੱਟ ਪਾਕਿਸਤਾਨ ਤੇ ਇੰਗਲੈਂਡ ਦੀ ਟੀਮ ਵਿਚਾਲੇ ਪਈਆਂ ਜੋ ਸਿਰਫ਼ 73 ਸਨ।
ਦੂਜੇ ਕਬੱਡੀ ਵਿਸ਼ਵ ਕੱਪ ਦੀ ਮਲਾਈ ਬਾਲੀਵੁੱਡ ਦੇ ਸਿਤਾਰਿਆਂ ਨੇ ਲਾਹੀ। ਸ਼ਾਹਰੁਖ ਖਾਨ ਤੇ ਅਕਸ਼ੈ ਕੁਮਾਰ ਹੋਰੀਂ ਕਬੱਡੀ ਕੱਪ ਰਾਹੀਂ ਆਪੋ ਆਪਣੀਆਂ ਫਿਲਮਾਂ ਦੀ ਮਸ਼ਹੂਰੀ ਵੀ ਕਰ ਗਏ ਤੇ ਕਰੋੜਾਂ ਰੁਪਏ ਵਸੂਲਦੇ ਬੱਲੇ-ਬੱਲੇ ਵਾਧੂ ਦੀ ਕਰਵਾ ਗਏ। ਉਨ੍ਹਾਂ ਦੀ ਬੁਲਾਈ ਸਾਸਰੀ ਕਾਲ ਲੱਖਾਂ ਚ ਪਈ। ਦੀਪਕਾ ਪਾਦੂਕੋਣ ਤੇ ਚਿਤਰਾਂਗਦਾ ਦੀ ਮੂੰਹ ਵਿਖਾਈ ਹੀ ਕਬੱਡੀ ਦੀਆਂ ਖਿਡਾਰਨਾਂ ਦੇ ਇਨਾਮਾਂ ਤੋਂ ਵਧ ਗਈ! ਟੀ. ਵੀ. ਤੋਂ ਕਬੱਡੀ ਦੇ ਨਜ਼ਾਰੇ ਵੇਖ ਕੇ ਬੱਚੇ ਬੀਹੀਆਂ, ਵਿਹੜਿਆਂ ਤੇ ਖੇਡ ਮੈਦਾਨਾਂ ਵਿਚ ਕੌਡੀ-ਕੌਡੀ ਕਰਨ ਲੱਗੇ। ਕਬੱਡੀ ਕੱਖਾਂ ਤੋਂ ਲੱਖਾਂ ਦੀ ਹੁੰਦੀ ਹੋਈ ਕਰੋੜਾਂ ਦੀ ਹੋ ਗਈ। ਦੋ ਕਰੋੜ ਦਾ ਪਹਿਲਾ ਇਨਾਮ ਕਹਿ ਦੇਣੀ ਗੱਲ ਹੈ। ਕੁ਼ਲ ਇਨਾਮ ਪੰਜ ਕਰੋੜ ਰੁਪਏ ਦੇ ਕਰੀਬ ਸਨ!
2012 ਵਿਚ ਹੋਏ ਤੀਜੇ ਕਬੱਡੀ ਕੱਪ ਵਿਚ ਮਰਦਾਂ ਦੀਆਂ 15 ਟੀਮਾਂ ਨੇ 25 ਮੈਚ ਖੇਡੇ, 2194 ਕਬੱਡੀਆਂ ਪਈਆਂ ਜਿਨ੍ਹਾਂ ਦੀ ਔਸਤ 88 ਰੇਡਾਂ ਪਈ। 701 ਜੱਫੇ ਲੱਗੇ ਜਿਨ੍ਹਾਂ ਦੀ ਔਸਤ ਪ੍ਰਤੀ ਮੈਚ 28 ਜੱਫੇ ਬਣਦੀ ਹੈ। ਜੱਫਿਆਂ ਦੀ ਗਿਣਤੀ ਤਿੰਨ ਵਿਸ਼ਵ ਕੱਪਾਂ ਵਿਚ ਲਗਾਤਾਰ ਵਧਦੀ ਗਈ ਹੈ। ਦਰਸ਼ਕਾਂ ਨੂੰ ਕਬੱਡੀ ਦਾ ਉਦੋਂ ਵਧੇਰੇ ਸੁਆਦ ਆਉਂਦਾ ਹੈ ਜਦੋਂ ਜੱਫਾ ਲੱਗੇ। ਜੱਫੇ ਲਾਉਣ ਦੀ ਤਕਨੀਕ ਚ ਨਵੇਂ ਦਾਅ ਪੇਚ ਆ ਰਹੇ ਹਨ ਜੋ ਕਬੱਡੀ ਦੀ ਖੇਡ ਲਈ ਸ਼ੁਭ ਸ਼ਗਨ ਹੈ।
ਕਬੱਡੀ ਦੇ ਜਿਹੜੇ ਖਿਡਾਰੀ ਤਕੜੇ ਹੋਣ ਲਈ ਡਰੱਗਾਂ ਦੇ ਟੀਕੇ ਲੁਆਈ ਤੇ ਕੈਪਸੂਲ ਲਈ ਜਾਂਦੇ ਹਨ ਉਨ੍ਹਾਂ ਨੂੰ ਪਤਾ ਉਦੋਂ ਲੱਗੇਗਾ ਜਦੋਂ ਨਿਪੁੰਸਕ ਹੋ ਗਏ। ਜਿਹੜੇ ਐਨਾਬੌਲਿਕ ਸਟੇਰੌਇਡਜ਼ ਦਸਾਂ ਦਿਨਾਂ ਵਿਚ ਵੀਹ ਪੌਂਡ ਭਾਰ ਵਧਾਉਂਦੇ ਤੇ ਮਸਲ ਬਣਾਉਂਦੇ ਨੇ ਉਨ੍ਹਾਂ ਦੀ ਫੂਕ ਨਿਕਲਣ ਲੱਗਿਆਂ ਵੀ ਦਸ ਦਿਨ ਨਹੀਂ ਲੱਗਦੇ। ਟਾਇਰ ਚੋਂ ਹਵਾ ਨਿਕਲਣ ਵਾਲੀ ਹਾਲਤ ਹੋ ਜਾਂਦੀ ਹੈ। ਨਸ਼ੇ ਵਾਲਾ ਸਪੀਡ ਪੌਡਰ ਗਿਣਤੀ ਦੀਆਂ ਕਬੱਡੀਆਂ ਹੀ ਸਪੀਡ ਨਾਲ ਪੁਆਉਂਦੈ ਤੇ ਮਗਰੋਂ ਇਹ ਹਿੱਲਣ ਜੋਗਾ ਨਹੀਂ ਛੱਡਦਾ। ਫਿਰ ਨਾ ਗੋਡੇ ਭਾਰ ਝੱਲਦੇ ਹਨ ਤੇ ਨਾ ਗਿੱਟੇ। ਅੱਖਾਂ ਪੀਲੀਏ ਦੇ ਰੋਗੀ ਵਾਂਗ ਹੋ ਜਾਂਦੀਆਂ ਹਨ ਤੇ ਡੇਲੇ ਬੱਗੇ-ਬੱਗੇ ਦਿਸਦੇ ਹਨ।
ਕਈ ਇਸ ਨੂੰ ਗੱਪ ਸਮਝ ਸਕਦੇ ਹਨ ਪਰ ਹੈ ਸੱਚ। ਸੋਨੀ ਸੁਨੇਤ ਨੂੰ ਦੋ ਜੱਫਿਆਂ ਦੇ ਦੋ ਲੱਖ ਰੁਪਏ ਮਿਲੇ। ਇਕ ਜੱਫਾ ਲਾਉਣ ਚ ਮਸਾਂ ਦਸ ਕੁ ਸੈਕੰਡ ਦੀ ਪਕੜ ਹੁੰਦੀ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਕਾਰੋਬਾਰ ਹੋਵੇ ਜੀਹਦੇ ਵਿਚ ਵੀਹ ਸੈਕੰਡ ਚ ਦੋ ਲੱਖ ਰੁਪਏ ਬਣਦੇ ਹੋਣ। ਐਪਰ ਪੰਜਾਬ ਦੀ ਦੇਸੀ ਖੇਡ ਕਬੱਡੀ ਵਿਚ ਬਣੇ ਹਨ। ਬਣ ਤਾਂ ਦਸ ਲੱਖ ਵੀ ਜਾਣੇ ਸਨ ਪਰ ਮੈਚ ਦਾ ਸਮਾਂ ਹੀ ਮੁੱਕ ਗਿਆ। ਜੇ ਇਕ ਜੱਫਾ ਹੋਰ ਲੱਗ ਜਾਂਦਾ ਤਾਂ ਦਸ ਲੱਖ ਰੁਪਿਆਂ ਦੀ ਵੀ ਪੌਂ ਬਾਰਾਂ ਸੀ!
1970 ਦੇ ਆਸ ਪਾਸ ਜਦੋਂ ਜਸਵੰਤ ਸਿੰਘ ਕੰਵਲ ਤੇ ਮੈਂ ਢੁੱਡੀਕੇ ਦੇ ਖੇਡ ਮੇਲੇ ਚ ਕਬੱਡੀ ਦੀ ਕੁਮੈਂਟਰੀ ਕਰਦੇ ਤਾਂ ਮੈਂ ਅਕਸਰ ਆਖਦਾ, ਆਹ ਕਬੱਡੀ ਲੱਖ ਰੁਪਏ ਦੀ ਐ! ਵੇਖ ਕੇ ਸੇਰ ਲਹੂ ਵਧ ਜਾਂਦੈ!! ਨਾਲ ਹੀ ਮੇਰਾ ਮਨ ਟੋਕਦਾ, ਕਿਉਂ ਐਡੇ ਗੱਪ ਮਾਰੀ ਜਾਨੈਂ? ਕੌਡੀ ਤਾਂ ਹਾਲੇ ਕੱਖ ਦੀ ਵੀ ਨਹੀਂ, ਲਹੂ ਕਾਹਦੇ ਨਾਲ ਵਧਣੈਂ?
ਉਦੋਂ ਕਬੱਡੀ ਦੇ ਖਿਡਾਰੀਆਂ ਨੂੰ ਜੱਫਾ ਲਾਉਣ ਉਤੇ ਇਨਾਮ ਨਹੀਂ ਸੀ ਮਿਲਦੇ। ਟੂਰਨਾਮੈਂਟ ਜਿੱਤਣ ਵਾਲੀਆਂ ਟੀਮਾਂ ਨੂੰ ਕੱਛੇ, ਬੁਨੈਣਾਂ, ਤੌਲੀਏ, ਸਾਬਣਦਾਨੀਆਂ ਤੇ ਰੁਮਾਲ ਮਿਲਦੇ ਸਨ। ਵੱਡੀ ਤੋਂ ਵੱਡੀ ਛਾਲ ਜੱਗਾਂ, ਡੋਲਣਿਆਂ ਤੇ ਬਾਲਟੀਆਂ ਤਕ ਵੱਜਦੀ ਸੀ। ਅਟੈਚੀ ਕੇਸ ਕਈ ਸਾਲ ਬਾਅਦ ਮਿਲਣ ਲੱਗੇ ਤੇ ਉਹ ਵੀ ਖਾਲੀ। ਪਰ ਧੰਨ ਸਨ ਉਦੋਂ ਦੇ ਖਿਡਾਰੀ ਜਿਹੜੇ ਸੁੱਕੇ ਹੱਡ ਰਗੜਾਉਂਦੇ ਰਹੇ। ਕਬੱਡੀ ਖਿਡਾਰੀਆਂ ਦੀ ਅਜੋਕੀ ਪੀੜ੍ਹੀ ਪੁਰਾਣੇ ਖਿਡਾਰੀਆਂ ਦਾ ਬੀਜਿਆ ਹੀ ਵੱਢ ਰਹੀ ਹੈ।
ਓਲੰਪਿਕ ਖੇਡਾਂ ਲਈ ਸਪੋਰਟਸ ਦੀ ਚੋਣ ਦਾ ਬਾਕਾਇਦਾ ਵਿਧਾਨ ਹੈ। 28 ਸਪੋਰਟਸ ਨੂੰ ਕੋਰ ਸਪੋਰਟਸ ਦਾ ਦਰਜਾ ਹਾਸਲ ਹੈ ਜਿਨ੍ਹਾਂ ਦੀ ਸੂਚੀ ਛਪੀ ਹੋਈ ਹੈ। ਉਨ੍ਹਾਂ ਵਿਚੋਂ 25 ਸਪੋਰਟਸ ਸ਼ਾਮਲ ਕਰਨੀਆਂ ਲਾਜ਼ਮੀ ਹਨ। 3 ਸਪੋਰਟਸ ਰੀਕਗਨਾਈਜ਼ਡ ਖੇਡਾਂ ਵਿਚੋਂ ਲਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਕਬੱਡੀ ਅਜੇ ਸ਼ਾਮਲ ਨਹੀਂ ਹੋਈ। ਜਿਸ ਸਪੋਰਟ ਦੀ ਅੰਤਰਰਾਸ਼ਟਰੀ ਫੈਡਰੇਸ਼ਨ ਨੂੰ ਆਈ. ਓ. ਸੀ. ਮਾਨਤਾ ਦੇ ਦੇਵੇ ਉਹੀ ਸਪੋਰਟ ਰੀਕਗਨਾਈਜ਼ਡ ਬਣਦੀ ਹੈ। ਕਬੱਡੀ ਸਰਕਲ ਸਟਾਈਲ ਦੀ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਫੈਡਰੇਸ਼ਨ ਹਾਲੇ ਵਜੂਦ ਵਿਚ ਨਹੀਂ ਆਈ। ਕੁਝ ਮੁਲਕਾਂ ਵਿਚ ਕਬੱਡੀ ਖੇਡੀ ਤਾਂ ਜਾਣ ਲੱਗੀ ਹੈ ਪਰ ਉਨ੍ਹਾਂ ਮੁਲਕਾਂ ਚ ਵੀ ਮੁਲਕੀ ਪੱਧਰ ਦੀਆਂ ਕਬੱਡੀ ਫੈਡਰੇਸ਼ਨਾਂ ਵਜੂਦ ਚ ਨਹੀਂ ਆਈਆਂ। ਅਜੇ ਸਥਾਨਕ ਕਲੱਬਾਂ ਤੇ ਸਥਾਨਕ ਫੈਡਰੇਸ਼ਨਾਂ ਨਾਲ ਹੀ ਬੁੱਤਾ ਸਾਰਿਆ ਜਾ ਰਿਹੈ
ਦੀ ਗੋਲਡਨ ਹੈਟ ਟ੍ਰਿਕ ਹਾਕੀ ਦੇ ਮਸ਼ਹੂਰ ਖਿਡਾਰੀ ਬਲਬੀਰ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਸਵੈਜੀਵਨੀ ਹੈ। ਇਸ ਨੂੰ ਕਲਮਬੱਧ ਕੀਤਾ ਸੀ ਪ੍ਰਸਿੱਧ ਖੇਡ ਲੇਖਕ ਸੈਮੁਅਲ ਬੈਨਰਜੀ ਨੇ। ਇਹ ਸਚਿੱਤਰ ਪੁਸਤਕ ਵਿਕਾਸ ਪਬਲਿਸਿ਼ੰਗ ਹਾਊਸ ਦਿੱਲੀ ਨੇ ਪਹਿਲੀ ਵਾਰ 1977 ਵਿਚ ਛਾਪੀ ਸੀ। ਪੰਜਾਬੀ ਦੇ ਪਾਠਕ ਚਾਹੁਣਗੇ ਕਿ ਹਾਕੀ ਦੇ ਮਹਾਨ ਖਿਡਾਰੀ ਦੀ ਹੱਡਬੀਤੀ ਉਨ੍ਹਾਂ ਨੂੰ ਪੰਜਾਬੀ ਵਿਚ ਵੀ ਪੜ੍ਹਨ ਨੂੰ ਮਿਲੇ। ਇਹ ਕਾਰਜ ਕਿਸੇ ਖੇਡ ਅਦਾਰੇ ਜਾਂ ਪੰਜਾਬੀ ਪ੍ਰਕਾਸ਼ਕ ਦੇ ਕਰਨ ਦਾ ਹੈ।
ਸ਼ੌਂਕੀ ਬਲਦਾਂ ਦੇ ਪੁਸਤਕ ਪੰਜਾਬੀ ਖੇਡ ਸਾਹਿਤ ਵਿਚ ਨਵਾਂ ਵਾਧਾ ਹੈ। ਜਦੋਂ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਉਦੋਂ ਪੰਜਾਬੀ ਵਿਚ ਖੇਡ ਪੁਸਤਕਾਂ ਨਹੀਂ ਸਨ ਹੁੰਦੀਆਂ। ਮੇਰੇ ਵੇਖਦਿਆਂ ਕਾਫੀ ਖੇਡ ਪੁਸਤਕਾਂ ਪ੍ਰਕਾਸਿ਼ਤ ਹੋਈਆਂ ਹਨ। ਇਹ ਪੁਸਤਕ ਬੈਲ ਗੱਡੀਆਂ ਦੇ ਸ਼ੌਂਕੀਆਂ ਨੂੰ ਤਾਂ ਪਸੰਦ ਆਵੇਗੀ ਹੀ, ਆਮ ਪਾਠਕਾਂ ਵਿਚ ਵੀ ਮਕਬੂਲ ਹੋਵੇਗੀ। ਅਮਰੀਕ ਭਾਗੋਵਾਲੀਏ ਨੂੰ ਨਵੇਕਲੀ ਪੁਸਤਕ ਲਿਖਣ ਦੀ ਵਧਾਈ ਦੇਣ ਦੇ ਨਾਲ ਮੈਂ ਸਲਾਹ ਵੀ ਦਿੰਦਾ ਹਾਂ ਕਿ ਉਹ ਆਪਣਾ ਸ਼ੌਂਕ ਹੋਰ ਅੱਗੇ ਵਧਾਵੇ ਅਤੇ ਕੁੱਤਿਆਂ, ਕਬੂਤਰਾਂ ਤੇ ਘੋੜੇ ਘੋੜੀਆਂ ਦੇ ਸ਼ੌਂਕੀਆਂ ਬਾਰੇ ਵੀ ਲਿਖੇ। ਨਾ ਸਿਰਫ਼ ਉਹੀ ਲਿਖੇ ਬਲਕਿ ਹੋਰ ਲੇਖਕ ਵੀ ਲਿਖਣ ਕਿਉਂਕਿ ਖੇਡਾਂ ਦਾ ਖੇਤਰ ਅਸਗਾਹ ਹੈ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346