(ਕੁਲਜੀਤ ਮਾਨ ਦੀ ਇਹ
ਲਿਖਤ ਪਿਛਲੇ ਮਹੀਨੇ ਗ਼ਲਤੀ ਨਾਲ ‘ਸੀਰਤ’ ਵਿਚ ਲੱਗਣੋਂ ਰਹਿ ਗਈ ਸੀ-ਸੰਪਾਦਕ)
ਤਾਜ਼ਾ ਸੂਰਤੇ ਹਾਲ ਤੇ ਨਜ਼ਰ ਮਾਰੀ ਜਾਵੇ ਤਾਂ ਬਹੁਤ ਹੀ ਲੰਮੇ ਸਮੇਂ ਤੋਂ ਬਾਦ, ਇੱਕ ਟੌਪਿਕ
ਜੋ ਭਖਿਆ ਪਿਆ ਹੈ, ਉਹ ਹੈ ਆਮ ਪਾਰਟੀ ਤੇ ਕੇਜਰੀਵਾਲ। ਬੇਸ਼ਕ, ਆਮ ਪਾਰਟੀ ਕੁਝ ਨਹਾਇਤ ਚੇਤਨ
ਵਰਗ ਦਾ ਸਮੂਹ ਹੈ ਪਰ ਚਿਨ੍ਹਾਂਤਮਕ ਤੌਰ ਤੇ ਨਾਮ ਉਭਰਕੇ ਕੇਜਰੀਵਾਲ ਦਾ ਆਇਆ ਹੈ। ਕੀ ਕਾਰਣ
ਹੈ ਕਿ ਅੱਜ ਸਿਧੇ ਤੇ ਅਸਿਧੇ ਰੂਪ ਨਾਲ ਜੁੜੇ ਹੋਏ ਲੋਕ ਅੱਜ ਇੰਡੀਆ ਦੀ ਰਾਜਨੀਤੀ ਦੀ ਪਲ ਪਲ
ਖਬਰ ਰੱਖ ਰਹੇ ਹਨ ਤੇ ਨਵੇਂ ਅਯਾਮਾਂ ਤੇ ਤਪਸਰੇ ਕਰ ਰਹੇ ਹਨ। ਮੋਟੇ ਤੌਰ ਤੇ ਲੋਕਾਈ ਦੋ
ਵਿਚਾਰਾਂ ਵਿਚ ਵੰਡੀ ਹੋਈ ਦਿਸਦੀ ਹੈ। ਇੱਕ ਉਹ ਜੋ ਕੇਜਰੀਵਾਲ ਦੇ ਹੱਕ ਵਿਚ ਹਨ ਤੇ ਇੱਕ ਉਹ
ਹਨ ਜੋ ਇਹ ਕਹਿ ਰਹੇ ਹਨ ਕਿ ਕੇਜਰੀਵਾਲ ਇੱਕ ਭਰਮ ਹੈ, ਜੋ ਜਲਦੀ ਹੀ ਬੁਲਬੁਲੇ ਵਾਂਗ ਖੰਡਿਤ
ਹੋ ਜਾਵੇਗਾ। ਸੰਵਾਦ ਚਲਾਉਣ ਦਾ ਮਤਲਬ ਹੈ ਕੋਈ ਬਹਿਸ ਛੇੜ ਲੈਣੀ, ਕਿਉਂਕਿ ਦੋਵੇਂ ਤਰ੍ਹਾਂ
ਦੇ ਵਿਚਾਰਾਂ ਵਾਲੇ ਸ਼ੋਸ਼ਲ ਨੈੱਟਵਰਕ ਤੇ ਆਏ ਹੀ ਇਸ ਕਰਕੇ ਹਨ ਤਾਂ ਕਿ ਆਪਣਾ ਮੰਥਨੀ ਵਿਚਾਰ
ਦੇ ਸਕਣ, ਇਸ਼ ਮੰਥਨੀ ਵਿਚਾਰ ਨੂੰ ਪ੍ਰਭਾਵਿਤ ਨਹੀ ਕੀਤਾ ਜਾ ਸਕਦਾ ਤੇ ਨਾ ਹੀ ਮੇਰਾ ਕੋਈ
ਮਕਸਦ ਹੈ, ਨਾਂ ਹੀ ਮੈਂ ਉਹ ਸੋਚ ਰਿਹਾ ਹਾਂ ਜੋ ਕੇਜਰੀਵਾਲ ਦੇ ਹੱਕ ਵਿਚ ਹਾਂ- ਪੱਖੀ ਜਾਂਦਾ
ਹੈ, ਮੈਂ ਤਾਂ ਸਿਰਫ ਉਹੋ ਪ੍ਰਭਾਵ ਦੇਣ ਲੱਗਾ ਹਾਂ ਜਿਨ੍ਹਾਂ ਨਾਲ ਮੈਂ ਸਹਿਮਤ ਹੋਇਆ ਹਾਂ ਤੇ
ਇਹ ਸਹਿਮਤੀ ਕੋਈ ਸਹਿਜਤਾ ਨਾਲ ਨਹੀ ਹੋਈ। ਮੈਂ ਵੀ ਭਾਰਤੀ ਰਾਜ਼ਨੀਤੀ ਦੇ ਬੜੇ ਮੰਜ਼ਰ ਵੇਖੇ
ਹਨ ਤੇ ਵਾਇਦਿਆਂ ਨੂੰ ਸੁਣਿਆ ਹੈ, ਐਸੇ ਵਾਇਦੇ ਜੋ ਲੂੰ ਕੰਡੇ ਖੜੇ ਕਰਨ ਵਾਲੇ ਸਨ, ਜੋ
ਵਾਇਦੇ ਉਮੀਦ ਜਗਾਉਣ ਵਾਲੇ ਸਨ।
ਮੇਰਾ ਇਹ ਮੰਨਣਾ ਹੈ ਕਿ ਕੋਈ ਕਿਸੇ ਤਰ੍ਹਾਂ ਦਾ ਇਨਕਲਾਬ ਨਹੀ ਹੁੰਦਾ। ਇਨਕਲਾਬ ਕੋਈ ਐਸੀ
ਸ਼ੈਅ ਨਹੀ ਜਿਸਨੂੰ ਛੋਹ ਕੇ ਵੇਖਿਆ ਜਾ ਸਕੇ, ਜਾਂ ਕਿਸੇ ਅੰਦੋਲਨ ਦੀ ਕਾਮਯਾਬੀ ਨੂੰ ਇਨਕਲਾਬ
ਨਾਲ ਜੋੜ ਦਿੱਤਾ ਜਾਵੇ। ਇਨਕਲਾਬ ਤੇ ਇੱਕ ਚੇਤਨਾ ਦਾ ਨਾਮ ਹੈ, ਐਸੀ ਚੇਤਨਾ ਜਿਸ ਵਿਚ
ਨਾਗਰਿਕ , ਆਪਣੇ ਖਿੱਤੇ ਦੇ ਸਿਸਟਮ ਨਾਲ ਭਾਵਨਾਤਮਕਤਾ ਨਾਲ ਜੁੜ ਜਾਵੇ ਪਰ ਐਸਾ ਸਮਾਜ, ਜੰਗ
ਜਿੱਤਣ ਨਾਲ ਨਹੀ ਆਉਂਦਾ, ਇਹ ਤੇ ਇੱਕ ਪ੍ਰਤੀਕਿਰਿਆ ਦਾ ਨਾਮ ਹੈ, ਸੋ, ਸਤਾ ਦਾ ਪਰਿਵਰਤਨ
ਕੋਈ ਇਨਕਲਾਬ ਨਹੀ ਹੁੰਦਾ, ਸਿਰਫ ਨਾਹਰਾ ਹੀ ਹੋ ਸਕਦਾ ਹੈ, ਜਿਸਦੀ ਬੁਨਿਆਦ ਤੇ ਚੰਗਾ ਤੇ
ਗੁਣੀ ਸਮਾਜ ਸਿਰਜਿਆ ਜਾ ਸਕਦਾ ਹੈ, ਇਸ ਆਦਰਸ਼ਕ ਪਹੁੰਚ ਨੂੰ ਸਮਝਣ ਦੀ ਲੋੜ ਹੈ।
ਮਸਲਾ ਖਿਲਰ ਨਾ ਜਾਵੇ, ਇਸਲਈ ਸਭਤੋਂ ਪਹਿਲਾਂ ਤਾਂ ਅਸੀਂ ਸਿਸਟਮ ਤੋਂ ਸ਼ੁਰੂ ਕਰਦੇ ਹਾਂ-;;
ਦੇਸ਼ ਦੇ ਚਾਰ ਤੱਤ ਤੇ ਸਰਕਾਰ ਕਿਵੇਂ ਵਿਚਰਦੀ ਹੈ ਤੇ ਸਾਰੇ ਤੰਤਰ ਦਾ ਦਾਰੋਮਦਾਰ ਕੀ ਹੈ?
ਸਿਸਟਮ ਨੂੰ ਅਸੀਂ ਤਿੰਨ ਹਿੱਸਿਆਂ ਵਿਚ ਵੰਡ ਕੇ ਸਮਝ ਸਕਦੇ ਹਾਂ
ਪਾਰਲੀਮੈਂਟ
ਜੁਡੀਸ਼ਰੀ ਤੇ
ਐਕਜ਼ੈਟਿਵ
ਸਾਡਾ ਇੱਕ ਸੰਵਿਧਾਨ ਹੈ ਜਿਸਨੂੰ ਦੇਸ਼ ਦਾ ਕਾਨੂੰਨ ਕਰਕੇ ਸਮਝ ਸਕਦੇ ਹਾਂ ਤੇ ਪਾਰਲੀਮੈਂਟ
ਯਾਨਿ ਚੁਣੇ ਹੋਏ ਨੇਤਾ, ਸੰਸਦ ਅੰਦਰ ਕਾਨੂੰਨ ਬਣਾਉਂਦੇ ਹਨ ਤੇ ਉਹ ਕਾਨੂੰਨ ਲਾਗੂ ਹੁੰਦਾ
ਹੈ, ਸੰਸਦ ਸੰਵਿਧਾਨ ਵਿਚ ਸੋਧ ਵੀ ਕਰਦਾ ਹੈ ਤੇ ਨਵੇ ਕਾਨੂੰਨ ਵੀ ਬਣਾਊਂਦਾ ਹੈ
ਦੁਨੀਆਂ ਦੇ ਹਰ ਖਿੱ ਤੇ ਦੇਸ਼ ਦੇ ਆਪਣੇ ਕਾਨੂੰਨ ਹਨ ਸਾਡੇ ਵੀ ਹਨ ਤੇ ਇਹ ਕਾਨੂੰਨ
ਨਾਗਰਿਕਾਂ ਦੇ ਕੁਝ ਬੁਨਿਆਦੀ ਹੱਕਾਂ ਤੇ ਜ਼ਿੰਮੇਵਾਰੀਆਂ ਦੀ ਰਾਖੀ ਵੀ ਕਰਦਾ ਹੈ।
ਦੇਸ਼ ਦੇ ਬਹੁਤੇ ਅੰਦੋਲਨ , ਇਨ੍ਹਾਂ ਨਾਗਰਿਕ ਹੱਕਾਂ ਦੀ ਰਾਖੀ ਲਈ ਹੀ ਹੁੰਦੇ ਹਨ, ਐਸ਼ੇ
ਕਾਨੂੰਨ ਜੋ ਪਹਿਲਾਂ ਹੀ ਹਨ, ਉਨ੍ਹਾਂ ਦਾ ਸ਼ੋਸ਼ਣ ਰੋਕਣ ਲਈ ਹੀ ਬਹੁਤੇ ਅੰਦੋਲਨ ਹੁੰਦੇ ਹਨ,
ਕਈ ਵਾਰ ਅਸੀਂ ਇਹ ਪ੍ਰਭਾਵ ਵੀ ਲੈ ਲੈਂਦੇ ਹਾਂ ਕਿ ਕੁਝ ਨਵਾ ਪ੍ਰਾਪਤ ਕਰਨਾ ਹੈ, ਪਰ ਅਸਲ
ਵਿਚ ਉਹ ਪਹਿਲਾਂ ਹੀ ਮੌਜੂਦ ਹੁੰਦਾ ਹੈ, ਜਿਵੇਂ ਨਾਗਰਿਕ ਦੇ ਮੌਲਿਕ ਅਧਿਕਾਰ ਜਾਂ ਐਕਜੈਕਟਿਵ
ਮਸ਼ੀਂਨਰੀ ਲਈ ਡਾਇਰੈਕਟਿਵ ਪ੍ਰਿੰਸੀਪਲ, ਜੋ ਲਿਖੇ ਹੋਏ ਹਨ, ਪਰ ਉਨ੍ਹਾਂ ਤੇ ਅਮਲ ਹੀ ਨਹੀ
ਹੁੰਦਾ। ਹਾਂ ਕਈ ਵਾਰ ਦੇਸ਼ ਦੀ ਸੁਰਖਿਆ ਲਈ, ਕਾਨੂੰਨ ਦਾ ਕੋਈ ਏਸਾ ਢਾਂਚਾ ਖੜਾ ਕਰ ਲਿਆ
ਜਾਂਦਾ ਹੈ ਜੋ ਵਕਤਨ ਜ਼ਰੂਰੀ ਸਮਝ ਲਿਆ ਜਾਂਦਾ ਹੈ ਤੇ ਇਸਦਾ ਸੰਵਿਧਾਨ ਵਿਚ ਉਲੇਖ ਵੀ ਹੈ।
ਇਸੇ ਤਰ੍ਹਾਂ ਹੀ ਜੁਡੀਸ਼ਰੀ ਜੋ ਸੰਵਿਧਾਨ ਦੇ ਮੱਦੇ ਨਜ਼ਰ ਆਪਣੇ ਫੈਸਲੇ ਲਿਖਦੀ ਹੈ ਤੇ ਫਿਰ
ਐਸੇ ਲਿਖੇ ਫੈਸਲੇ ( ਪਰੀਸੀਡੈਂਟ) ਨੂੰ ਨਵੇਂ ਫੈਸਲਿਆਂ ਲਈ ਕੋਟ ਕੀਤਾ ਜਾਂਦਾ ਹੈ।
ਇਸੇਤਰਾਂ ਤੀਸਰੀ ਧਿਰ ਹੈ ਐਕਜੈਕਟਿਵ, ਜਿਸਨੂੰ ਅਫਸਰ ਸ਼ਾਹੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ
ਜੋ ਸਿਸਟਮ ਨੂੰ ਲਾਗੂ ਕਰਦੀ ਹੈ।
ਬਿਲਕੁਲ ਜਨਾਬ, ਤੁਸੀਂ ਸੋਚ ਸਕਦੇ ਹੋ ਤੇ ਪੁੱਛ ਸਕਦੇ ਹੋ ਕਿ ਮੈਂ ਇਹ ਕਿਉਂ ਦਸ ਰਿਹਾ ਹਾਂ
ਤੇ ਇਸਦੀ ਕੀ ਲੋੜ ਹੈ?
ਇਸਦੇ ਦੋ ਕਾਰਣ ਹਨ—
ਪਹਿਲਾ—ਇਸ ਸਾਰੇ ਢਾਂਚੇ ਨੂੰ ਹੀ ਅਸੀਂ ਸਾਰੇ ਭੁਲ ਚੁੱਕੇ ਹਾਂ ਤੇ ਸਿਸਟਮ ਕੰਮ ਤੇ ਕਰ ਰਿਹਾ
ਹੈ ਪਰ ਸਾਡਾ ਯਕੀਨ ਜੇ ਉੱਠ ਨਹੀ ਗਿਆ ਤਾਂ ਹਿੱਲ ਜ਼ਰੂਰ ਗਿਆ ਹੈ।
1977 ਵਿਚ ਜਦੋਂ ਜਨਤਾ ਪਾਰਟੀ ਬਣੀ ਸੀ ਤਾਂ ਕਾਂਗਰਸ ਵਿਚੋਂ ਹੀ ਆਏ ਇੱਕ ਬਹੁਤ ਵਡੇ ਨੇਤਾ
ਨੂੰ ਅੰਮ੍ਰਿਤਸਰ ਸੁਣਿਆ ਸੀ ਤੇ ਉਸਦੀ ਇੱਕ ਲਾਇਨ ਮੈਨੂੰ ਅੱਜ ਵੀ ਯਾਦ ਹੈ, ਉਹ ਇੰਝ ਸੀ,,”
ਹਮ ਚੁਨਾਵ ਜੀਤ ਚੁੱਕੇ ਹੈਂ ਸਿਰਫ ਮੋਹਰ ਲਗਾਨਾ ਹੀ ਬਾਕੀ ਹੈ।“
ਇਹ ਲਾਇਨ ਉਸਨੇ ਕਿਉਂ ਕਹੀ, ਇਸਨੂੰ ਸਮਝਣ ਦੀ ਲੋੜ ਹੈ। ਉਹ ਇੱਕ ਭਰਿਸ਼ਟ ਨੇਤਾ ਸੀ ਤੇ ਆਪਣੀ
ਹੀ ਪਾਰਟੀ ਵਿਚੋਂ ਲਾਇਨ ਕਰਾਸ ਕਰਕੇ ਇਹ ਕਹਿੰਦਾ ਦਿਸ ਰਿਹਾ ਸੀ ਕਿ ਮੈਂ ਉਥੇ ਸੀ ਪਰ ਮੇਰਾ
ਮੰਨ ਉਚਾਟ ਸੀ, ਹੁਣ ਮੈਂ ਤੁਹਾਡੇ ਕੋਲ (ਲੋਕਾਂ ਕੋਲ) ਆ ਗਿਆ ਹਾਂ।ਲੋਕਾਂ ਨੇ ਉਸਦਾ ਯਕੀਨ
ਕੀਤਾ, ਉਹ ਦੁਬਾਰਾ ਫਿਰ ਮਨਿਸਟਰ ਬਣ ਗਿਆ, ਇੱਥੋਂ ਤੱਕ ਕਿ ਉਸਦਾ ਮੁੰਡਾ ਵੀ ਚੁਣਾਵ ਜਿੱਤ
ਗਿਆ। ਬਾਦ ਵਿਚ ਦੇਸ਼ ਨੂੰ ਰਜ ਕੇ ਲੁਟਿਆ।
ਇਸ ਘਟਨਾ ਦਾ ਜ਼ਿਕਰ ਕਰਕੇ ਮੈਂ ਸਿਰਫ ਇਹ ਕਹਿੰਣਾ ਚਾਹੁੰਦਾ ਹਾਂ ਕਿ ਭਾਰਤੀ ਨਾਗਰਿਕ ਦੀ ਅੱਜ
ਸਭਤੋਂ ਵਡੀ ਦੁਬਿਧਾ ‘ਯਕੀਨ’ ਹੈ। ਯਕੀਨ ਤਿੜਕਿਆ ਹੀ ਨਹੀ ਕੱਚ ਵਾਂਗ ਖਿਲਰ ਗਿਆ ਹੈ। ਹੁਣ
ਮਸਲਾ ਇਹ ਨਹੀ ਕਿ ਵਿਚਾਰ ਜਾਂ ਫਿਲਾਸਫੀ ਕੀ ਹੈ? ਕੋਣ ਕਾਮਰੇਡ ਹੈ, ਕੋਣ ਸੰਪਰਦਾਇਕ ਹੈ ਤੇ
ਕੌਣ ਅਖੰਡ ਭਾਰਤ ਦੀ ਸਥਿਰਤਾ ਲਈ ਕੰਮ ਕਰਨ ਵਾਲਾ, ਕੋਈ ਵੀ ਨਾਹਰਾ ਲਾ ਦੇਵੋ, ਲੋਕੀ ਯਕੀਨ
ਨਹੀ ਕਰਦੇ। ਇਹ ਰਾਜਨੀਤੀ ਵਾਨ ਸਿਰਫ ਅਮੀਰ ਹਨ। ਕੋਈ ਵੀ ਆਪਣੇ ਧਰਮ ਦੇ ਲੋਕਾਂ ਵਾਸ਼ਤੇ ਅਥਰੂ
ਵਹਾਉਣ ਵਾਲਾ ਆਪਣੇ ਧਰਮ ਦੇ ਕਿਸੇ ਗਰੀਬ ਦੀ ਮਦਦ ਨਹੀ ਕਰਦਾ।
ਅੱਜ ਇਤਨੇ ਸਮੇਂ ਬਾਦ, ਜਦੋਂ ਲੋਕਾਂ ਦੇ ਸੁਪਨੇ ਵੀ ਮਰ ਚੁੱਕੇ ਹਨ ਤਾਂ ਆਮ ਪਾਰਟੀ ਨੇ ਇੱਕ
ਵਾਰ ਫੇਰ ਹਲੂਣਾ ਦਿੱਤਾ ਹੈ ਤੇ ਫੇਰ ਯਕੀਨ ਦੀ ਤਲਾਸ਼ ਵਿਚ ਆਮ ਪਾਰਟੀ ਵੱਲ ਵੇਖਣ ਲੱਗ ਪਏ
ਹਨ। ਮਸਲਾ ਇਹ ਨਹੀ ਹੈ ਕਿ ਕੇਜਰੀਵਾਲ ਤੇ ਉਸਦੀ ਪਾਰਟੀ ਦੀ ਫਿਲਾਸਫੀ ਕੀ ਹੈ? ਜੇ ਉਹ ਸਿਰਫ
ਫਿਲਾਸਫੀ ਦੀ ਹੀ ਗੱਲ ਕਰਦੇ ਤਾਂ ਲੋਕਾਂ ਨੇ ਕਦੇ ਵੀ ਮਗਰ ਨਹੀ ਸੀ ਲਗਣਾ। ਉਨ੍ਹਾਂ ਦੀ
ਕਾਮਯਾਬੀ( ਜੇ ਦਿੱਲੀ ਦੀ ਜਿੱਤ ਕਾਮਯਾਬੀ ਹੈ) ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ
ਫਿਰ ਤੋਂ ਯਕੀਨ ਕਰਨ ਦੇ ਰਾਹ ਤੋਰ ਲਿਆ ਹੈ।
ਵਡੇ ਵਡੇ ਨੇਤਾ, ਵਡੇ ਵਡੇ ਰਾਜਨੀਤੀਵਾਨ, ਧਾਰਮਿਕ ਤੇ ਹੋਰ ਇਨਸਾਨੀ ਸੂਰਵੀਰ, ਕੀ ਨਹੀ
ਜਾਣਦੇ ਕਿ ਦੇਸ਼ ਵਿਚ ਕੀ ਹੋ ਰਿਹਾ ਹੈ? ਅੱਜ ਚੋਣ ਹੈ ਤੇ ਕਲ ਚੋਣ ਖਤਮ ਹੈ, ਬਸ ਵਿਚਲੇ
ਫਾਸਲੇ ਵਾਸਤੇ ਹੀ ਹੈ ਸੰਵੇਦਨਾ।
ਸੰਵੇਦਨਾ ਹੁੰਦੀ ਕੀ ਹੈ? ਅੱਜ ਤੋਂ ਚਾਲੀ ਸਾਲ ਪਹਿਲਾਂ ਦੇਸ਼ ਦੇ ਤਿੰਰਗੇ ਦਾ ਸਤਿਕਾਰ
ਹੁੰਦਾ ਸੀ, ਫਿਲਮ ਖਤਮ ਹੋਣ ਤੌਂ ਬਾਦ ਨੈਸ਼ਨਲ ਐਨਥਮ ਤੇ ਤਿਰੰਗੇ ਦਾ ਲਹਿਰਾਇਆ ਜਾਣਾ ਤੇ
ਲੋਕਾਂ ਦਾ ਸ਼ਰਧਾ ਵਸ ਖੜੇ ਰਹਿੰਣਾ, ਫਿਲਮ ਤੋਂ ਪਹਿਲਾਂ ਦੇਸ਼ ਦੀ ਹਾਲਤ ਬਾਰੇ ਡਾਕੂਮੈਟਰੀ
ਚਲਦੀ ਸੀ। ਰਿਸ਼ਵਤ ਦੇਣ ਲਈ ਸਿਫਾਰਸ਼ ਲਭੀ ਜਾਂਦੀ ਸੀ ਤੇ ਇਹ ਨਿੰਦਿਕ ਵਰਤਾਰਾ ਸੀ। ਪਿੰਡ
ਦੇ ਸਕੂਲ ਟੀਚਰ ਦੀ ਇਜ਼ਤ ਹੁੰਦੀ ਸੀ ਤੇ ਟੀਚਰ ਵੀ ਆਦਰਸ਼ਕ ਹੁੰਦਾ ਸੀ, ਮਾਂ ਬੋਲੀ ਦਾ
ਸਤਿਕਾਰ ਸੀ, ਲੋਕਾਂ ਵਿਚ ਪਿਆਰ ਸੀ ਤੇ ਭਾਈਚਾਰਾ ਕਾਇਮ ਸੀ। ਅੱਜ ਸ਼ਰੇਆਮ ਕਿਹਾ ਜਾ ਰਿਹਾ ਹੈ
ਕਿ ਲੋਕ ਪਾਲ ਬਿਲ ਨਾਲ ਚਾਲੀ ਪਰਸੈਂਟ ਭਰਿਸ਼ਟਾਚਾਰ ਖਤਮ ਹੋ ਜਾਵੇਗਾ।
ਇਕੋਨੋਮੀ ਵਾਂਗ ਇਨ੍ਹਾਂ ਕਦਰਾਂ ਕੀਮਤਾਂ ਵਿਚ ਇੰਨਫਲੇਸ਼ਨ ਆ ਗਈ। ਕੌਣ ਜ਼ਿੰਮੇਵਾਰ ਹੈ? ਕਿਸੇ
ਵਲ ਉਂਗਲ ਨਹੀ ਹੈ, ਅਸੀਂ ਜ਼ਿੰਮੇਵਾਰ ਹਾਂ,ਮੈਂ ਜ਼ਿੰਮੇਵਾਰ ਹਾਂ। ਨਿੱਕੇ ਨਿੱਕੇ ਫਾਇਦੇ
ਲੈਂਦਿਆਂ ਅਸੀਂ ਗਲਤ ਅਨਸਰ ਦਾ ਇਹੋ ਜਿਹਾ ਨੈੱਟਵਰਕ ਖੜਾ ਕਰ ਲਿਆ ਜੋ ਸਿਊਂਕ ਵਾਂਗ ਸਾਡੇ
ਫੇਫੜੇ ਹੀ ਖਾ ਗਿਆ।
ਸੋ ਦੋਸਤੋ ਇਹ ਆਮ ਪਾਰਟੀ ਦਾ ਵਰਤਾਰਾ ਤੇ ਕੇਜਰੀਵਾਲ ਨੂੰ ਜੇ ਸਿਰਫ ਇੱਕ ਸ਼ਬਦ ਨਾਲ ਹੀ ਜੋੜ
ਕੇ ਵੇਖਣਾ ਹੋਵੇ ਤਾਂ ਉਹ ਸ਼ਬਦ ਹੈ “ਯਕੀਨ’ ਉਸਨੇ ਸਾਨੂੰ ਫੇਰ ਉਸ ਮੁਹਾਜ਼ ਤੇ ਖੜਾ ਕਰ
ਦਿੱਤਾ ਹੈ ਕਿ ਅਸੀ ‘ਯਕੀਨ’ ਸ਼ਬਦ ਵੱਲ ਵੇਖਣ ਲੱਗ ਪਏ ਹਾਂ।
ਹੋ ਸਕਦਾ ਹੈ ਕਿ ਆਮ ਪਾਰਟੀ ਤੇ ਇਹ ਕੇਜਰੀਵਾਲ ਵੀ ਕਲ ਨੂੰ ਯਕੀਨ ਨੂੰ ਤਰੇੜ ਦੇਣ ਪਰ ਇਹ
ਉਨ੍ਹਾਂ ਨਾਲੋਂ ਤੇ ਚੰਗੇ ਹਨ ਜਿਨ੍ਹਾਂ ਕੋਲ ਕੁਝ ਤਰੇੜਿਆ ਹੋਇਆ ਵੀ ਨਹੀ ਹੈ।
ਹਿੰਦੀ ਮੂਵੀਆਂ ਵਾਂਗ ਰਾਜਨੀਤੀ ਨੂੰ ਚਲਾਉਂਦੇ ਹਨ, ਹੁਣ ਇਹ ਪਤਾ ਨਹੀ ਕਿ ਇਨ੍ਹਾਂ ਵਲ
ਵੇਖਕੇ ਮੂਵੀ ਬਣਦੀ ਹੈ ਜਾਂ ਮੂਵੀ ਵੇਖਕੇ ਇਹ ਇਹੋ ਜਿਹੇ ਹਥਕੰਡੇ ਅਜਮਾਉਂਦੇ ਹਨ। ਕੋਈ
ਕਹਿੰਦਾ ਹੈ ਕਿ ਕੇਜਰੀਵਾਲ ਕਾਂਗਰਸ ਦਾ ਏਜੰਟ ਹੈ, ਕੋਈ ਕਹਿੰਦਾ ਹੈ ਕਿ ਇਹ ਸਰਮਾਏਦਾਰੀ ਦਾ
ਹੱਥਠੋਕਾ ਹੈ। ਪਰ ਮੇਰੇ ਲਈ ਕੇਜਰੀਵਾਲ ਸਿਰਫ ਯਕੀਨ ਦੀ ਉਮੀਦ ਹੈ। ਬਹੁਤ ਵਡੀਆਂ ਆਸਾਂ ਦੀ
ਅਸੀਂ ਉਮੀਦ ਹੀ ਕਿਉਂ ਕਰਦੇ ਹਾਂ? ਵੇਖਾਂਗੇ ਜਦੋਂ ਇਹ ਵਾਇਦੇ ਪੂਰੇ ਕਰੇਗਾ?
ਲੋੜ ਕੀ ਹੈ ਵਾਇਦੇ ਪੂਰੇ ਕਰਨ ਦੀ? ਕੀ ਇਹ ਕਾਫੀ ਨਹੀ ਕਿ ਉਸਨੇ ਇੱਕ ਨਵੀਂ ਆਸ ਪੈਦਾ ਕਰ
ਦਿੱਤੀ ਹੈ? ਹੋ ਸਕਦਾ ਹੈ ਕਲ ਨੂੰ ਸਰਮਾਏਦਾਰੀ ਦੇ ਹੱਥਕੰਡੇ, ਕੁਝ ਇਹੋ ਜਿਹਾ ਕਰਨ, ਜਿਸ
ਨਾਲ ਕੇਜਰੀਵਾਲ ਇੱਕ ਕਲਰਕ ਬਣਿਆ ਦਿਸੇ।
ਇਸ ਨਾਲ ਕੋਈ ਫਰਕ ਨਹੀ ਪੈਂਦਾ ਕਿ ਜਨਰਲ ਇਲੈਕਸ਼ਨ ਵਿਚ ਆਮ ਪਾਰਟੀ ਜਿਤਦੀ ਹੈ ਜਾਂ ਨਹੀ।
ਅਸਲ ਮੁੱਦਾ ਹੈ ਕਿ ਆਮ ਪਾਰਟੀ ਨੇ ਸਦਾਚਾਰੀ ਦਾ ਜੋ ਪਰਚਮ ਚੁੱਕਿਆ ਹੈ, ਉਹ ਕਾਇਮ ਰਹੇ। ਲਾਲ
ਬਹਾਦਰ ਸ਼ਾਸਤਰੀ ਨੇ ਇੱਕ ਵਾਰ ਸਾਰੇ ਦੇਸ਼ ਨੂੰ ਅਪੀਲ ਕੀਤੀ ਸੀ ਕਿ ਸੋਮਵਾਰ ਦੀ ਸ਼ਾਮ ਨੂੰ
ਖਾਣਾ ਨਾ ਖਾਵੋ। ਲੋਕਾਂ ਨੇ ਉਸਦਾ ਸੰਦੇਸ਼ ਸੁਣਿਆ ਸੀ। ਇਹੋ ਕੁਝ ਕਰਨ ਦੀ ਲੋੜ ਹੈ।
ਗੱਲ ਇਲੈਕਸ਼ਨ ਦੀ ਹੈ ਹੀ ਨਹੀ, ਗੱਲ ਜਿੱਤ ਹਾਰ ਦੀ ਹੈ ਹੀ ਨਹੀ। ਪਿੱਛੇ ਜਿਹੇ ਹੀ ਇੱਕ
ਨੇਤਾ ਦਾ ਬਿਆਨ ਆਇਆ, ਲਵੋਂ ਜੀ ਮੋਦੀ ਨੂੰ ਤੇ ਆਪਾਂ ਬਾਹੋਂ ਫੜ ਕੇ ਕੰਮ ਕਰਵਾ ਲਵਾਂਗੇ।
ਕਿਹੜਾ ਕੰਮ? ਕੀ ਸਾਨੂੰ ਕੰਮ ਚਾਹੀਦਾ ਹੈ ਕਿ ਸਿਸਟਮ? ਕੀ ਜੇ ਜਾਤੀ ਤੌਰ ਤੇ ਕੋਈ ਨੇਤਾ ਕੰਮ
ਕਰੇਗਾ ਤਾਂ ਜ਼ਰੂਰ ਹੀ ਕਿਸੇ ਹੋਰ ਦਾ ਹੱਕ ਮਾਰ ਕੇ ਹੀ ਕਰੇਗਾ?
ਨਵੀਆਂ ਲੀਹਾਂ ਪਾਊਣ ਦੀ ਲੋੜ ਹੈ। ਦੋਸਤੋ ਇਨਕਲਾਬ ਤੇ ਸੜਕ ਤੇ ਪਏ ਕੇਲੇ ਦੇ ਛਿਲਕੇ ਨੂੰ
ਚੁੱਕ ਕੇ ਗਾਰਬੇਜ਼ ਵਿਚ ਪਾਉਣ ਦਾ ਨਾਮ ਹੈ। ਤਾਕਤ ਦੀ ਤਬਦੀਲੀ ਕੋਈ ਮਾਇਨਾ ਨਹੀ ਰਖਦੀ।
ਸਾਨੂੰ ਤੇ ਆਪਣੇ ਗੁਆਂਡੀ ਨਾਲ ਪਿਆਰ, ਸੂਬੇ ਨਾਲ ਹਿਤ ਤੇ ਦੇਸ਼ ਨਾਲ ਲਗਾਵ ਦੀ ਲੋੜ ਹੈ।
ਬੇਹੱਦ ਕੁਰਪਸ਼ਨ ਦੇ ਬਾਵਜੂਦ ਕਈ ਨੇਤਾ ਕਈ ਵਾਰੀ ਕੋਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ
ਕਰਦੇ ਹੋਏ ਇਹੋ ਜਿਹੇ ਮੁੱਦੇ ਸਾਹਮਣੇ ਲੈ ਆਉਂਦੇ ਹਨ, ਜਿਨ੍ਹਾਂ ਤੋਂ ਲਗਦਾ ਹੈ ਕਿ ਨੇਤਾ
ਭੋਲਾ ਭਾਲਾ ਹੈ। ਉਦਾਹਰਣ ਦੇਣ ਦੀ ਲੋੜ ਨਹੀ ਸਿਰਫ ਮਹਿਸੂਸ ਕਰਨ ਦੀ ਗੱਲ ਹੈ, ਤੇ ਅਕਸਰ
ਅਸੀਂ ਅਕਸ ਵੀ ਭੁਲ ਜਾਂਦੇ ਹਾਂ ਤੇ ਮੁਕਤੀ ਲਈ ਮਗਰ ਲੱਗ ਤੁਰਦੇ ਹਾਂ। ਵਡੀਆਂ ਵਡੀਆਂ
ਸਟੋਰੀਆਂ ਸਾਹਮਣੇ ਲੈ ਆਉਂਦੇ ਹਨ, ਮੀਡੀਏ ਦਾ ਕੰਟਰੌਲ ਇਨ੍ਹਾਂ ਦੇ ਜੇਬ ਵਿਚ ਹੁੰਦਾ ਹੈ।
ਪ੍ਰਭਾਵੀ ਰਿਪੋਰਟਾਂ ਨਾਲ ਲੋਕ ਫਿਰ ਤਰਲ ਹੋਕੇ ਜਜ਼ਬਾਤੀ ਹੋ ਜਾਂਦੇ ਹਨ, ਵਡੇ ਵਡੇ
ਸਕੈਂਡਲਾਂ ਤੋਂ ਧਿਆਨ ਹੀ ਪਰੇ ਚਲਾ ਜਾਂਦਾ ਹੈ।
ਇਹ ਮਖੌਟੇ ਸਿਰਫ ਸਾਡਾ ਯਕੀਨ ਖਤਮ ਕਰਨ ਵਿਚ ਦਿਲਚਸਪੀ ਰਖਦੇ ਹਨ। ਸਾਡਾ ਯਕੀਨ ਸਮਾਜ ਵਿਚ,
ਸਮਾਜ ਦੀ ਆਰਥਿਕਤਾ ਵਿਚ ਬਣਿਆ ਰਹਿੰਣਾ ਚਾਹੀਦਾ ਹੈ। ਇਹ ਵਿਸ਼ਵਾਸ਼ ਹੀ ਹੈ ਜੋ ਸਬੰਧ
ਬਣਾਉਂਦਾ ਹੈ, ਇਹ ਸਬੰਧ ਹੀ ਹਨ ਜੋ ਯੋਜਨਾਬੱਧ ਕੀਤਾ ਜਾ ਸਕਦਾ ਹੈ ਤੇ ਹਰ ਰੋਜ਼ ਦੀ ਕਾਰਵਾਈ
ਇਸਤੇ ਹੀ ਮੁਨਸਰ ਕਰਦੀ ਹੈ। ਕਿਸੇ ਵੀ ਚੀਜ਼ ਨੂੰ ਮੂਲੋਂ ਰੱਦ ਕਰਨਾ ਕਿਸੇ ਦੇ ਹੱਕ ਵਿਚ ਵੀ
ਨਹੀ ਜਾਂਦਾ, ਉਹ ਭਾਵੇਂ ਲੁਟੇਰੇ ਹੋਣ ਜਾਂ ਲੁਟ ਹੋਣ ਵਾਲੇ। ਲੁਟੇਰਿਆਂ ਨੁੰ ਪਤਾ ਹੈ ਤੇ
ਲੁਟ ਹੋਣ ਵਾਲੇ, ਰੱਦ ਕਰਨ ਵਾਲਿਆਂ ਦੇ ਝਾਂਸਿਆਂ ਵਿਚ ਆ ਜਾਂਦੇ ਹਨ। ਅੱਜ ਕਲ ਹੀ ਇਹ ਵੇਖਕੇ
ਹੈਰਾਨੀ ਹੁੰਦੀ ਹੈ ਕਿ ਕਈ ਵਿਅਕਤੀਤੱਵ ਇਸ ਦਿਸਾ ਵਿਚ ਕੰਮ ਕਰ ਰਹੇ ਹਨ, ਅਸਲ ਵਿਚ ਉਨ੍ਹਾਂ
ਦਾ ਮਕਸਦ ਹੀ ਕੋਈ ਨਹੀ ਸਿਵਾਏ ਆਪਣੇ ਗਿਆਨ ਦਾ ਵਿਖਾਲਾ ਕਰਨ ਦੇ।
ਡੈਮੋਕਰੇਸੀ ਜੇ ਸਹੀ ਕੰਮ ਨਹੀ ਕਰ ਰਹੀ ਤਾਂ ਇਸਦਾ ਇਹ ਮਤਲਬ ਨਹੀ ਕਿ ਇਹ ਥੌਟ ਹੀ ਗਲਤ ਹੈ।
ਕੋਈ ਵੀ ਖਿੱਤਾ ਅਰਾਜਕਤਾ ਨਾਲ ਨਹੀ ਚਲਦਾ, ਇਹ ਵਿਚਾਰ ਨਹੀ ਹਕੀਕਤ ਹੈ, ਇੱਕ ਇਤਿਹਾਸ
ਹੈ,ਇਸਦੇ ਮਗਰ। ਅਰਾਜਕਤਾ ਕਿਸੇ ਵੀ ਵਿਚਾਰ ਨੂੰ ਸਹੀ ਨਹੀ ਬੈਠ ਸਕਦਾ। ਚੌਖਟੇ ਵਿਚ ਰਹਿ ਕੇ
ਹੀ ਵਿਚਰਿਆ ਜਾ ਸਕਦਾ ਹੈ। ਮਨੁੱਖੀ ਖੂਨ ਦੀ ਬੂੰਦ ਬੂੰਦ ਕੀਮਤੀ ਹੈ।
ਦੁਨੀਆ ਨੂੰ ਚਲਾਉਣ ਲਈ ਪੈਸੇ ਨਾਲੋਂ ਜ਼ਿਆਦਾ ਯਕੀਨ ਦੀ ਲੋੜ ਹੈ, ਕਿਸੇ ਵੀ ਸਿਸਟਮ ਵਿਚ ਯਕੀਨ
ਹੀ ਉਸਦੇ ਪਰਿਵਰਤਨ ਦੀ ਦਹਾਨੀ ਹੋ ਸਕਦਾ ਹੈ,ਨਾ ਕਿ ਕੋਠੇ ਢਾਹ ਕੇ ਮਹਿਲ ਉਸਾਰੇ ਜਾ ਸਕਦੇ
ਹਨ।
ਯਕੀਨ ਨੂੰ ਕਿਸੇ ਅਕਾਉਂਟ ਵਿਚ ਵਿਖਾਇਆ ਨਹੀ ਜਾ ਸਕਦਾ ਪਰ ਯਕੀਨ ਦਾ ਪੱਲਾ, ਕਿਸੇ ਨਿਵੇਸ਼
ਤੋਂ ਘਟ ਨਹੀ ਹੈ। ਦੁਨੀਆਂ ਦਾ ਕੋਈ ਰੋਬੋਟ, ਕੋਈ ਮਸ਼ੀਨ, ਕੋਈ ਹਥਿਆਰ, ਖਿੱਤੇ ਦੇ ਵਿਸ਼ਵਾਸ
ਦਾ ਮੁਕਾਬਲਾ ਨਹੀ ਕਰ ਸਕਦੀ, ਜੇ ਕਰ ਸਕਦੀ ਹੁੰਦੀ ਤਾਂ ਅਮਰੀਕਾ ਦੇ ਕਈ ਮਾਰੂ ਪਰੋਜੈਕਟ ਫੇਲ
ਨਾ ਹੁੰਦੇ।
-0-
|