ਸਵਰਨ ਚੰਦਨ ਦਾ ਖ਼ਤ
ਸਵਰਨ ਚੰਦਨ ਦਾ ਨਾਂ ਬਰਤਾਨੀਆਂ ਵਿਚ ਪਰਵਾਸੀ ਪੰਜਾਬੀ ਸਾਹਿਤ ਦੀ ਬੁਨਿਆਦ ਰੱਖਣ ਵਾਲੇ
ਮੋਢੀ ਲੇਖਕਾਂ ਦੀ ਢਾਣੀ ਵਿਚ ਗਿਣਿਆ ਜਾਂਦਾ ਹੈ। ਗਲਪ ਅਤੇ ਆਲੋਚਨਾ ਦੋਹਾਂ ਹੀ ਖੇਤਰਾਂ
ਵਿਚ ਉਸ ਨੇ ਚੰਗਾ ਨਾਮਣਾ ਖੱਟਿਆ। ਮੇਰੀ ਉਸ ਨਾਲ ਮੁੱਢਲੀ ਸਾਂਝ ਇਕ ਪਾਠਕ ਵਜੋਂ ਹੀ ਬਣੀ।
ਜਦੋਂ ਬਰਤਾਨੀਆਂ ਤੋਂ ਵਾਪਸ ਆ ਕੇ ਉਸ ਨੇ ਦਿੱਲੀ ਤੋਂ ‘ਸਾਹਿਤਕ ਸੂਰਜ‘ ਨਾਂ ਦਾ ਰਸਾਲਾ
ਕੱਢਿਆ ਤਾਂ ਸਾਂਝ ਹੋਰ ਪੱਕੀ ਹੋ ਗਈ। ਫਿਰ 1992 ਵਿਚ ਉਸ ਦਾ ਨਾਵਲ ‘ਕੰਜਕਾਂ‘ ਛਪਿਆ ਤਾਂ
ਸਵਰਨ ਚੰਦਨ ਦੀ ਚਾਰੇ ਪਾਸੇ ਧੁੰਮ ਪੈ ਗਈ। ਮੈਂ ਵੀ ਉਸ ਨੂੰ ਪ੍ਰਸ਼ੰਸਾ ਦੀ ਚਿੱਠੀ ਲਿਖੀ
ਤੇ ਉਸ ਨੇ ਜਵਾਬ ਲਿਖਿਆ। 1997 ਵਿਚ ਮੈਂ ਮਿਲਵਾਕੀ (ਅਮਰੀਕਾ) ਵਾਲੀ ਵਿਸ਼ਵ ਪੰਜਾਬੀ
ਕਾਨਫਰੰਸ ਤੋਂ ਮੁੜਦਿਆਂ ਵੀਹ ਕੁ ਦਿਨ ਲਈ ਇੰਗਲੈਂਡ ਰੁਕਿਆ ਤਾਂ ਇਕ ਦਿਨ ਸਵਰਨ ਚੰਦਨ ਦੀ
ਸੰਗਤ ਵੀ ਮਾਣੀ। ਪਰ ਇਹ ਮੇਲ ਕੁਝ ਖਟਾਸ ਭਰਿਆ ਹੋ ਨਿਬੜਿਆ। ਫਿਰ ਆਪਣੇ ਆਖਰੀ ਸਾਹਾਂ ਤੱਕ
ਉਸ ਨੇ ਮੇਰੇ ਨਾਲ ਚੁੱਪ ਵੱਟੀ ਰੱਖੀ। ਨਿੱਜੀ ਸਬੰਧ ਤਿੜਕ ਜਾਣ ਦੇ ਬਾਵਜੂਦ ਵੀ ਮੇਰੇ ਮਨ
ਵਿਚ ਅੱਜ ਤੱਕ ਲੇਖਕ ਸਵਰਨ ਚੰਦਨ ਪ੍ਰਤੀ ਸਤਿਕਾਰ ਕਾਇਮ ਹੈ। ਇਹ ਇਕਲੌਤੀ ਚਿੱਠੀ ਸਾਡੇ
ਚੰਗੇ ਸਬੰਧਾਂ ਦੇ ਸਮੇਂ ਦੀ ਅਮੁੱਲ ਨਿਸ਼ਾਨੀ ਹੈ।
25 Spencer Avenue
Hayes, Middx UB4 Oqx U.K
7.6.96
ਪਿਆਰੇ ਡਾ. ਬਲਦੇਵ ਧਾਲੀਵਾਲ,
ਯਾਦ ! ਦੁਆ ਸਲਾਮਤੀ !
ਤੁਹਾਡਾ ਪੱਤਰ ਮਿਲ ਗਿਆ ਸੀ। ਧੰਨਵਾਦੀ ਹਾਂ। ਹੌਸਲਾ ਅਫਜ਼ਾਈ ਕਰਨ ਲਈ ਹੋਰ ਵੀ ਵਧੇਰੇ।
ਤੁਹਾਡੇ ਵਰਗੇ ਦੋਸਤਾਂ ਦੇ ਖ਼ਤਾਂ ਦੇ ਆਸਰੇ ਹੀ ਤਾਂ ਹਿੰਮਤ ਬਣੀ ਰਹਿੰਦੀ ਹੈ ਨਹੀਂ ਤਾਂ
ਪੰਜਾਬੀ ਵਿਚ ਜੋ ਕੁਝ ਹੋ ਰਿਹਾ ਹੈ ਤੁਹਾਨੂੰ ਪਤਾ ਹੀ ਹੈ।
ਇੰਗਲੈਂਡ ਵਿਚ ਤੁਹਾਡੀ ਯੂਨੀਵਰਸਿਟੀ ਦੀ ਪੰਜਾਬੀ ਦੀ ਐਮ.ਏ. ਮੈਂ ਅਤੇ ਦੇਵਿੰਦਰ ਪੜ੍ਹਾ
ਰਹੇ ਹਾਂ। ਹੁਣੇ ਹੀ ਅੰਮ੍ਰਿਤਾ ਪ੍ਰੀਤਮ ਬਾਰੇ ਤੁਹਾਡੇ ਨੋਟਸ ਪੜ੍ਹਕੇ ਹਟਿਆ ਹਾਂ। ਬਹੁਤ
ਅੱਛੇ ਹਨ। ਪਹਿਲੀ ਵਾਰ ਮੈਨੂੰ ਕਿਸੇ ਦੇ ਨੋਟਸ ਏਡੇ ਚੰਗੇ ਲੱਗੇ ਹਨ। ਨਾਂ ਕੀ ਲੈਣਾ ਹੈ,
ਬਹੁਤ ਲੋਕਾਂ ਦੇ ਨੋਟਸਾਂ ਦਾ ਬੁਰਾ ਹਾਲ ਹੈ। ਇਹ ਗੱਲ ਮੈਂ ਏਥੇ ਆਏ ਜੁਗਿੰਦਰ ਪੁਆਰ ਨੂੰ
ਵੀ ਕਹੀ ਸੀ। ਖੈਰ !
‘ਕੰਜਕਾਂ‘ ਨਾਵਲ ਤੁਹਾਨੂੰ ਭਿਜਵਾਉਣ ਦਾ ਬੰਦੋਬਸਤ ਕਰ ਰਿਹਾ ਹਾਂ। ਤੁਸੀਂ ਮੁੱਲ ਨਾ
ਲੈਣਾ। ਜਲਦੀ ਹੀ ਮੇਰਾ ਪਬਲਿਸ਼ਰ ਤੁਹਾਨੂੰ ਇਕ ਕਾਪੀ ਘੱਲ ਰਿਹਾ ਹੈ। ਇਸਨੂੰ ਪੜ੍ਹਕੇ ਆਪਣੇ
ਤਾਅਸਰਾਤ ਜ਼ਰੂਰ ਦੇਣਾ। ਮੈਨੂੰ ਉਡੀਕ ਰਹੇਗੀ। ਕਦੇ ਏਧਰ ਦਾ ਗੇੜਾ ਮਾਰਨ ਦਾ ਪ੍ਰੋਗਰਾਮ ਵੀ
ਬਣਾਉ। ਏਸ ਸਾਲ ਸ਼ਾਇਦ ਜਗਬੀਰ ਆਵੇ। ਪਤਾ ਲੱਗਾ ਹੈ। ਤੁਹਾਡਾ ਸੁਨੇਹਾ ਮੈਂ ਬਲਦੇਵ ਨੂੰ ਦੇ
ਦਿੱਤਾ ਹੈ ਕਿ ਉਹ ਆਪਣੇ ਨਾਮ ਨਾਲ ਲੰਡਨ ਲਿਖਿਆ ਕਰੇ।
ਬਾਕੀ ਸਭ ਖ਼ੈਰੀਅਤ ਹੈ -
ਤੁਹਾਡਾ,
ਸਵਰਨ ਚੰਦਨ
ਦਰਸ਼ਨ ਗਿੱਲ ਦਾ ਖ਼ਤ
ਦਰਸ਼ਨ ਗਿੱਲ ਪਰਵਾਸੀ
ਪੰਜਾਬੀ ਕਵੀ ਅਤੇ ਚਿੰਤਕ ਦੇ ਤੌਰ ਤੇ ਪ੍ਰਸਿੱਧ ਸੀ। ਮੈਂ ਉਸ ਦਾ ਪਾਠਕ ਤਾਂ ਸਾਂ ਪਰ ਮੇਲ
ਕਦੇ ਨਹੀਂ ਸੀ ਹੋਇਆ। 1996 ਵਿਚ ਮੇਰੇ ਕਹਾਣੀ-ਸੰਗ੍ਰਹਿ ‘ਓਪਰੀ ਹਵਾ‘ ਨੂੰ ਗੁਰੂ ਨਾਨਕ
ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ ਦਿੱਤਾ ਜਾਣਾ ਸੀ
ਤਾਂ ਉਸ ਸਮਾਗਮ ਵਿਚ ਕਨੇਡਾ ਤੋਂ ਆਏ ਦਰਸ਼ਨ ਗਿੱਲ ਨਾਲ ਮੁਲਾਕਾਤ ਹੋਈ ਜੋ ਚੰਗੀ ਸਾਂਝ ਵਿਚ
ਬਦਲ ਗਈ। ਉਸ ਵੱਲੋਂ ਭੇਟ ਕੀਤੀ ਗਈ ਕਾਵਿ-ਪੁਸਤਕ ਦਾ ਜ਼ਿਕਰ ਮੈਂ ਆਪਣੇ ‘ਨਵਾਂ ਜ਼ਮਾਨਾ‘
ਵਿਚ ਛਪਦੇ ਕਾਲਮ ‘ਅਦਬਨਾਮਾ‘ ਵਿਚ ਉਚੇਚ ਨਾਲ ਕੀਤਾ। ਦਰਸ਼ਨ ਗਿੱਲ ਨੇ ਇਵਜ਼ ਵਿਚ ਮੋਹ ਭਰੀ
ਚਿੱਠੀ ਲਿਖੀ ਜਿਸ ਨੇ ਸਾਨੂੰ ਹੋਰ ਵੀ ਨੇੜੇ ਕਰ ਦਿੱਤਾ। ਆਪਣੇ ਆਖਰੀ ਸਾਹਾਂ ਤੱਕ ਉਸ ਨੇ
ਇਹ ਨੇੜਤਾ ਸ਼ਿੱਦਤ ਨਾਲ ਬਣਾਈ ਰੱਖੀ। ਉਸ ਸਾਂਝ ਦੀ ਪ੍ਰਤੀਕ ਇਹ ਚਿੱਠੀ ਹਾਜ਼ਰ ਹੈ।
9970-159ST.
Surrey, B.C.
V4N 2k8 Canada
30 ਅਪ੍ਰੈਲ, 1996
ਪਿਆਰੇ ਬਲਦੇਵ,
ਆਦਾਬ !
ਤੇਰਾ 7 ਅਪ੍ਰੈਲ ਦਾ ‘ਅਦਬਨਾਮਾ‘ ਪੜ੍ਹਿਆ - ਚੰਗਾ ਲੱਗਿਆ ਹੈ। ਜੇਕਰ ਕਵਿਤਾ ਬਾਰੇ
ਥੋੜ੍ਹਾ ਜਿਹਾ ਹੋਰ ਫਗਜਵਜਫ਼; ਹੋ ਕੇ ਲਿਖਦਾ ਤਾਂ ਚੰਗਾ ਸੀ। ਤੇਰੀ ‘ਓਪਰੀ ਹਵਾ‘ ਮੈਂ
ਪੜ੍ਹ ਵੀ ਲਈ ਹੈ ਤੇ ਜਰਨੈਲ ਸਿੰਘ ਨੂੰ ਭੇਜ ਵੀ ਦਿੱਤੀ ਹੈ। ਅਸ਼ਕੇ ਤੇਰੀ ਮਲਵਈ ਦੇ !
ਤੇਰੀ ਬੋਲੀ ਵਿਚ ਬਹੁਤ ਸਮਰੱਥਾ ਹੈ। ਤੈਨੂੰ ਕਹਾਣੀ ੳਤੇ ਵਧੇਰੇ ਕੇਂਦ੍ਰਿਤ ਹੋਣਾ ਚਾਹੀਦਾ
ਹੈ ਤੇ ਫਗਜਵਜਫਜਤਠ ਵੱਲ ਘੱਟ। ਸਿਰਜਣਾਤਮਿਕਤਾ ਤਾਂ ਦੋਹਾਂ ਪਹਿਲੂਆਂ ਵਿਚ ਹੀ ਹੈ ਪਰ ਜੋ
ਪਿੰਡ ਤੇ ਸ਼ਹਿਰ ਵਿਚਕਾਰ ਦਾ ਦਵੰਦ ਤੂੰ ਕਹਾਣੀਆਂ ‘ਚ ਫੜ੍ਹਿਆ ਹੈ - ਇਹ ਅਸਲੋਂ ਹੀ ਨਵਾਂ
ਵਿਸ਼ਾ ਹੈ। ਤੇਰੀ ‘ਓਪਰੀ ਹਵਾ‘ ਮੈਨੂੰ ਏਨੀ ਓਪਰੀ ਨਹੀਂ ਲੱਗੀ।
ਤੈਨੂੰ ਮਿਲਕੇ ਤੇ ਤੇਰੀਆਂ ਕਹਾਣੀਆਂ ਪੜ੍ਹਕੇ ਮੈਨੂੰ ਇੰਞ ਹੀ ਲੱਗਿਆ ਹੈ ਕਿ ਮੈਂ ਤੈਨੂੰ
ਮੁੱਦਤਾਂ ਤੋਂ ਜਾਣਦਾ ਹਾਂ। ਉਂਝ ਤਾਂ ‘ਅਦਬਨਾਮਾ‘ ਨਾਲ ਹੀ ਤੇਰੀ ਵਾਕਫੀਅਤ ਹੋਈ ਸੀ।
ਤੈਨੂੰ ‘ਦੇਸ਼ ਸੇਵਕ‘ ਲਈ ਵੀ ਲਿਖਣਾ ਚਾਹੀਦਾ ਹੈ ਕਿਉਂਕਿ ਉਹਦੀ ਘੱਟੋ ਘੱਟ ਦੋ ਹਜ਼ਾਰ ਕਾਪੀ
ਬਾਹਰਲੇ ਦੇਸ਼ਾਂ ‘ਚ ਆਉਣੀ ਸ਼ੁਰੂ ਹੋ ਜਾਣੀ ਹੈ। ਇਹ ਪਰਚਾ ਤੋਰਨ ਵਿਚ ਪਰਵਾਸੀਆਂ ਦਾ ਹੀ
ਯੋਗਦਾਨ ਬਹੁਤਾ ਹੈ।
ਕਦੀ ਕਦੀ ਖ਼ਤ ਲਿਖਦਾ ਰਿਹਾ ਕਰ।
‘ਦਿਲ ਦੇ ਸਾਰੇ ਮੋਹ ਨਾਲ‘
ਤੇਰਾ,
ਦਰਸ਼ਨ ਗਿੱਲ
ਗੁਲਜ਼ਾਰ ਮੁਹੰਮਦ ਗੋਰੀਆ ਦੇ ਖ਼ਤ
ਗੁਲਜ਼ਾਰ ਮੁਹੰਮਦ ਗੋਰੀਆ
ਅਜ਼ਾਦ ਭਾਰਤ ਦੇ ਮੁਸਲਿਮ ਭਾਈਚਾਰੇ ਦੇ ਪੰਜਾਬੀ ਗਲਪਕਾਰਾਂ ਦੀ ਕੀਮਤੀ ਨਿਸ਼ਾਨੀ ਸੀ।
ਕਹਾਣੀਕਾਰ ਖਾਲਿਦ ਹੁਸੈਨ ਦੇ ਨਾਲ ਨਾਲ ਗੋਰੀਆ ਦਾ ਨਾਂ ਇਸ ਪੱਖੋਂ ਵਿਸ਼ੇਸ਼ ਮਹੱਤਵ ਦਾ
ਧਾਰਨੀ ਹੈ। ਉਹ ਬਹੁਤ ਮਿਲਾਪੜਾ ਅਤੇ ਪੰਜਾਬੀ ਸਾਹਿਤਕ ਸਰਗਰਮੀਆਂ ਵਿਚ ਬੜੇ ਚਾਅ ਨਾਲ
ਹਿੱਸਾ ਲੈਣ ਵਾਲਾ ਅਦੀਬ ਦੋਸਤ ਸੀ। ਸਾਹਿਤਕ ਗੋਸ਼ਟੀਆਂ ਵਿਚ ਉਸ ਨਾਲ ਮੇਲ-ਮਿਲਾਪ ਅਕਸਰ
ਹੁੰਦਾ ਰਹਿੰਦਾ ਸੀ। ਮੇਰੇ ਕਹਾਣੀ-ਸੰਗ੍ਰਹਿ ‘ਓਪਰੀ ਹਵਾ‘ ਛਪਣ ਤੋਂ ਬਾਅਦ ਗੋਰੀਆ ਨੇ ਉਸ
ਬਾਰੇ ਇਕ ਰੀਵਿਊ ਲੇਖ ਵੀ ਲਿਖ ਕੇ ‘ਦੇਸ਼ ਸੇਵਕ‘ ਵਿਚ ਛਪਵਾਇਆ। ਇਸ ਨਾਲ ਅਸੀਂ ਹੋਰ ਨੇੜੇ
ਹੋ ਗਏ। ਸਦਾ ਲਈ ਵਿੱਛੜ ਜਾਣ ਤੱਕ ਗੁਲਜ਼ਾਰ ਮੁਹੰਮਦ ਗੋਰੀਆ ਬੜੀ ਅਪਣੱਤ ਨਾਲ ਮਿਲਦਾ
ਰਿਹਾ। ਇਹ ਖ਼ਤ ਉਸ ਪਿਆਰੇ ਮਿੱਤਰ ਦੇ ਨਿੱਘੇ ਸੁਭਾਅ ਦੀ ਝਲਕ ਦੇਣ ਵਾਲੇ ਹਨ।
ਬੀ-10/2, ਨੇੜੇ ਪਨਸਪ ਗੋਦਾਮ,
ਸਮਰਾਲਾ-141114
25.5.96
ਪਿਆਰੇ ਮਿੱਤਰ ਡਾ.
ਬਲਦੇਵ ਧਾਲੀਵਾਲ ਜੀ,
ਸਤਿ ਸ੍ਰੀ ਅਕਾਲ !
ਮੈਂ ਤਾਂ ਆਪ ਹੀ ਤੁਹਾਨੂੰ ਧੰਨਵਾਦ ਪੱਤਰ ਲਿਖਣ ਵਾਲਾ ਸਾਂ ਕਿ ਤੁਹਾਡਾ ਖ਼ਤ ਮਿਲਿਆ - ਯਾਦ
ਕਰਨ ਲਈ ਸ਼ੁਕਰੀਆ। ਪੰਜਾਬੀ ਟ੍ਰਿਬਿਊਨ ਵਾਲੀ ਖ਼ਬਰ ਸਾਡੇ ਵੱਲੋਂ ਨਹੀਂ ਭੇਜੀ ਗਈ ਸਗੋਂ ਉਸ
ਦਿਨ ਇਸਦੇ ਸਹਾਇਕ ਸੰਪਾਦਕ ਨਰਿੰਦਰ ਭੁੱਲਰ ਹਾਜ਼ਰ ਸਨ ਉਨ੍ਹਾਂ ਨੇ ਆਪਣੇ ਤੌਰ ‘ਤੇ ਬਣਾ ਕੇ
ਲਾ ਦਿੱਤੀ। ਕਾਫੀ ਠੀਕ ਹੀ ਹੈ - ਤੁਹਾਡੀ ਗੱਲ ਵੀ ਦਰੁਸਤ ਹੈ। ਅਸਲ ਵਿਚ ਤਸਵੀਰਾਂ ਦੋ
ਤਿੰਨ ਬੰਦੇ ਲੈ ਰਹੇ ਸਨ। ਕਰਮ ਗਿਰੀ ਚੰਡੀਗੜ੍ਹੋ ਅਮਰ ਗਿਰੀ ਦਾ ਛੋਟਾ ਭਰਾ ਹੈ। ਉਸਦਾ
ਕੈਮਰਾ ਬੜਾ ਵਧੀਆ ਹੈ - ਇਸ ਕਰਕੇ ਉਸ ਵੱਲੋਂ ਤਸਵੀਰਾਂ ਦੀ ਉਡੀਕ ਕਰਦੇ ਰਹੇ - ਹਾਲੇ ਤੱਕ
ਨਹੀਂ ਅਪੜੀਆਂ। ਹੁਣ ਮੈਂ ਰਮਨ ਨੂੰ ਚਿੱਠੀ ਲਿਖੀ ਹੈ ਕਿ ਆਪਣੀਆਂ ਫੋਟੋਆਂ ਜਿਵੇਂ ਵੀ ਹਨ
- ਉਨ੍ਹਾਂ ਸਮੇਤ ਖ਼ਬਰ ਭੇਜ ਦੇ। ਮਿਤੀ 19.5.96 ਨੂੰ ਪਲਾਹੀ ਵਿਚ ਕਹਾਣੀ ਦਰਬਾਰ ਸੀ। ਮੈਂ
ਵੀ ਕਹਾਣੀ ਪੜ੍ਹਨੀ ਸੀ। ਉਥੇ ਸਾਰੇ ਮਿਲੇ ਸਨ। ਵਰਿਆਮ ਸੰਧੂ, ਜੌੜਾ, ਭੋਗਲ ਜੀ ਪ੍ਰਧਾਨਗੀ
‘ਚ ਸਨ। ਬਲੀ, ਸੁਰਜੀਤ ਭੱਟੀ, ਗੁਰਬਖ਼ਸ਼ ਬਲੋਆਣਾ ਤੋਂ ਬਿਨਾਂ ਜਲੰਧਰ ਵਾਲੇ ਸਾਰੇ ਵਿਦਵਾਨ
ਸਨ। ਤੁਹਾਡੀਆਂ ਗੱਲਾਂ ਵੀ ਹੋਈਆਂ। ਸਾਰਿਆਂ ਨੂੰ ਤੁਹਾਡੀ ਨਵੀਂ ਕਹਾਣੀਆਂ ਦੀ ਪੁਸਤਕ
‘ਓਪਰੀ ਹਵਾ‘ ਬਾਰੇ ਅਖ਼ਬਾਰਾਂ ਤੋਂ ਹੀ ਪਤਾ ਲੱਗਾ ਹੈ। ਇਸ ਮੁਤਾਬਿਕ ਆਪਾਂ ਆਪਣੇ ਮਿਸ਼ਨ ‘ਚ
ਕਾਮਯਾਬ ਹੀ ਸਮਝੋ। ਹੋਰ ਰਿਪੋਰਟਾਂ ਵੀ ਕੁਝ ਦਿਨ ‘ਚ ਛਪਣ ਦੀ ਆਸ ਹੈ।
ਮੇਰੀ ਰਾਇ ਅਨੁਸਾਰ ਡਾ. ਜਸਵਿੰਦਰ ਸਿੰਘ ਦਾ ਪੇਪਰ ਭੂਮਿਕਾ ‘ਚ ਦੇਣ ਨਾਲੋਂ ਬਾਅਦ ਵਿਚ
ਛਪਦਾ ਤਾਂ ਹੋਰ ਵੀ ਚੰਗਾ ਹੁੰਦਾ। ਹੁਣ ਵੀ ਜੇ ਇਉਂ ਕਰੋਂ ਬਈ ਇਸਨੂੰ ਇੰਨ-ਬਿੰਨ ਕਾਪੀ
ਕਰਕੇ ‘ਨਵਾਂ ਜ਼ਮਾਨਾ‘ ਵਿਚ ਛਪਵਾ ਦੇਵੋਂ ਤਾਂ ਚੰਗਾ ਹੋਵੇ। ਪਾਠਕਾਂ ਲਈ ਇਹ ਲਾਹੇਵੰਦ
ਰਵ੍ਹੇਗਾ। ਕਹਾਣੀ ਤੇ ਕੰਮ ਕਰ ਰਹੇ ਹੋਰ ਲੋਕਾਂ ਲਈ ਵੀ ਲਾਭਦਾਇਕ ਹੋ ਸਕਦਾ ਹੈ। ਮੈਂ
ਕਿਤਾਬ ਦਾ ਸਹਿਜ ਪਾਠ ਮੁਕਾ ਲਿਆ ਹੈ। ਇਕ ਵਾਰ ਦੁਬਾਰਾ ਪੜ੍ਹ ਕੇ ਆਪਣੇ ਵਿਚਾਰ ਲਿਖਾਂਗਾ।
ਹਾਂ, ਜੇ ਚੰਡੀਗੜ੍ਹ ਇਸ ‘ਤੇ ਗੋਸ਼ਟੀ ਹੋਵੇ ਤਾਂ ਵਧੀਆ ਗੱਲ ਹੈ। ਉਥੇ ਆਸਾਨੀ ਨਾਲ ਚੰਗੇ
ਪਾਠਕਾਂ ਤੇ ਲੇਖਕਾਂ ਦਾ ਇਕੱਠ ਜੁੜ ਜਾਂਦਾ ਹੈ। ਮੇਰਾ ਖ਼ਿਆਲ ਹੈ ਬਈ ਤੁਸੀਂ ਸਾਹਿਤ ਦੀ
ਐਨੀ ਕੁ ਸੇਵਾ ਤਾਂ ਕਰ ਹੀ ਚੁੱਕੇ ਹੋ ਕਿ ਕੋਈ ਵੀ ਵਿਦਵਾਨ ਤੁਹਾਡਾ ਆਖਾ ਮੋੜਨ ਨਹੀਂ
ਲੱਗਾ।
ਤੁਹਾਡੀ ਆਮਦ ਨਾਲ ਭੰਡਾਰੀ ਜੀ ਦਾ ਪ੍ਰੋਗਰਾਮ ਬੜੇ ਸਲੀਕੇ ਨਾਲ ਨੇਪਰੇ ਚੜ੍ਹ ਗਿਆ।
ਤੁਹਾਨੂੰ ਸਾਡੀ ਕੀਤੀ ਮਾੜੀ ਮੋਟੀ ਸੇਵਾ ਕਬੂਲ ਹੋਈ ਇਹ ਪ੍ਰਸੰਨਤਾ ਵਾਲੀ ਗੱਲ ਹੈ। ਅਸੀਂ
ਕੋਈ ਚੰਦਾ ਵਗੈਰਾ ਵੀ ਇਕੱਠਾ ਨਹੀਂ ਕਰਦੇ ਬਸ ਆਪਸੀ ਸਮਝ ਨਾਲ ਕੰਮ ਚਲਾ ਲੈਂਦੇ ਹਾਂ।
ਮਹੀਨਾ ਕੁ ਅਟਕ ਕੇ ਫਿਰ ਕੋਈ ਪ੍ਰੋਗਰਾਮ ਉਲੀਕਾਂਗੇ।
ਸਮਰਾਲੇ ਵੀ ਅਸੀਂ ਕਹਾਣੀ ਤੇ ਇਕ ਪ੍ਰੋਗਰਾਮ ਕਰਨ ਬਾਰੇ ‘ਪੰਜਾਬੀ ਲੇਖਕ ਮੰਚ‘ ਵੱਲੋਂ ਮਤਾ
ਪਾਸ ਕੀਤਾ ਹੋਇਆ ਹੈ। ਉਸਦੀ ਤਾਰੀਖ ਜਦੋਂ ਪੱਕੀ ਹੋ ਗਈ ਤੁਹਾਡੀ ਹਾਜ਼ਰੀ ਦੀ ਪ੍ਰਵਾਨਗੀ
ਟੈਲੀਫ਼ੋਨ ਕਰਕੇ ਲੈ ਲਵਾਂਗਾ। ਆਉਣ ਜਾਣ ਦਾ ਕਿਰਾਇਆ ਤੇ ਥੋੜ੍ਹਾ ਜਿਹਾ ਮਾਣ ਭੇਟਾ ਅਸੀਂ
ਜ਼ਰੂਰ ਕਰਾਂਗੇ। ਤੁਸੀਂ ਆਪ ਮਹਿਸੂਸ ਕੀਤਾ ਹੋਵੇਗਾ ਕਿ ਕਈ ਵਾਰੀ ਐਵੇਂ ਸਾਹਿਤਕ ਫੰਕਸ਼ਨਾਂ
ਤੇ ਜਾਈ ਜਾਣਾ ਚੰਗਾ ਵੀ ਨੀ ਲਗਦਾ। ਏਥੇ ਮੈਨੂੰ ਹੀ ਪ੍ਰੋਗਰਾਮ ਲਈ ਬਹੁਤੀ ਨੱਠ-ਭੱਜ ਕਰਨੀ
ਪੈਂਦੀ ਹੈ - ਇਸ ਕਰਕੇ ਮੈਂ ਮਹੀਨੇ ਕੁ ਦਾ ਦਮ ਮਾਰਕੇ ਫਿਰ ਕੰਮ ਸ਼ੁਰੂ ਕਰਨ ਬਾਰੇ ਸੋਚ
ਰੱਖਿਆ ਹੈ। ਉਮੀਦ ਹੈ ਚੜ੍ਹਦੀ ਕਲਾ ਵਿਚ ਹੋਵੋਂਗੇ। ਪਰਿਵਾਰ ਲਈ ਆਦਰ।
ਮੋਹ ਨਾਲ ਤੁਹਾਡਾ,
ਗੁਲਜ਼ਾਰ ਮੁਹੰਮਦ ਗੋਰੀਆ
ਪੀ.ਐਸ. - ਪੁਸਤਕ
ਰਿਲੀਜ਼ ਦੀਆਂ ਫੋਟੋਆਂ ਪ੍ਰਾਪਤ ਕਰਕੇ ਮੈਂ ਸਾਂਭ ਲਵਾਂਗਾ। ਤੁਹਾਨੂੰ ਡਾਕ ਰਾਹੀਂ ਜਾਂ
ਜਿਵੇਂ
ਵੀ ਹੋਇਆ ਪਹੁੰਚ ਜਾਣਗੀਆਂ। ਇਸ ਬਾਰੇ ਨਿਸਚਿੰਤ ਰਹਿਣਾ।
ਬੀ-10/2, ਪਿੱਛੇ ਪਨਸਪ
ਗੋਦਾਮ,
ਸਮਰਾਲਾ-141114 (ਲੁਧਿਆਣਾ)
5.6.96
ਪਿਆਰੇ ਮਿੱਤਰ ਡਾ.
ਬਲਦੇਵ ਧਾਲੀਵਾਲ ਜੀ,
ਸਤਿ ਸ੍ਰੀ ਅਕਾਲ !
ਉਮੀਦ ਹੈ ਚੰਗੇ ਰੌਂ ਵਿਚ ਛੁੱਟੀਆਂ ਬਿਤਾ ਰਹੇ ਹੋਵੋਂਗੇ। ਜਿਆਦਾ ਗਰਮੀ ਤੋਂ ਬਾਅਦ ਅੱਜ
ਕੁਝ ਛਿੱਟੇ ਪਏ ਹਨ - ਦਿਮਾਗ ਥੋੜ੍ਹਾ ਜਿਹਾ ਟਿਕਾਣੇ ਆਇਆ ਹੈ ਤਾਂ ਤੈਨੂੰ ਚਿੱਠੀ ਲਿਖਣ
ਬੈਠਿਆ ਹਾਂ। ਨਾਭੇ ਵਾਲੀ ਮੀਟਿੰਗ ਤੁਹਾਡੀ ਅਤੇ ਕਜ਼ਾਕ ਜੀ ਦੀ ਹਾਜ਼ਰੀ ਕਾਰਨ ਯਾਦਗਾਰੀ ਹੋ
ਨਿਬੜੀ। ਸਾਹਿਤਕ ਸਮਾਗਮਾਂ ਦਾ ਇਹ ਵੀ ਇਕ ਲਾਭ ਹੀ ਹੈ ਕਿ ਬੰਦਾ ਬੇਹੱਦ ਰੁਝੇਵਿਆਂ ਵਿਚੋਂ
ਕੁਝ ਰਾਹਤ ਦੇ ਪਲ ਲੱਭ ਲੈਂਦਾ ਹੈ। ਪਿਆਰੇ ਮਿੱਤਰਾਂ ਦੀ ਹਾਜ਼ਰੀ ਵਿਚ ਆਪਣੇ ਮਨ ਨੂੰ ਹੌਲ਼ਾ
ਕਰਕੇ ਫਿਰ ਕੰਮ ਲਈ ਤਿਆਰ ਹੋ ਜਾਂਦਾ ਹੈ। ਕਜ਼ਾਕ ਹੋਰਾਂ ਦਾ ਆਪਣੀ ਬੇਤੁਕੱਲਫ਼ ਮੀਟਿੰਗ ਵਿਚ
ਹਾਜ਼ਰ ਹੋਣਾ ਉਨ੍ਹਾਂ ਦੀ ਵਡੱਤਣ ‘ਚ ਹੀ ਵਾਧਾ ਕਰਦਾ ਹੈ। - ਇਸ ਚਿੱਠੀ ਨਾਲ ਪੁਸਤਕ ਰੀਲੀਜ਼
ਦੀਆਂ ਤਸਵੀਰਾਂ ਭੇਜ ਰਿਹਾ ਹਾਂ। ਇਹੋ ਦੋ ਮਿਲੀਆਂ ਹਨ - ਕੁਝ ਅਖ਼ਬਾਰਾਂ ‘ਚ ਭੇਜ ਦਿੱਤੀਆਂ
ਸਨ। ਰਮਨ ਤੁਹਾਨੂੰ ਯਾਦ ਕਰਦਾ ਸੀ। ਨਾਭੇ ਵਾਲੀ ਮੀਟਿੰਗ ਦਾ ਹਾਲ ਦੱਸਿਆ - ਮੈਂ ਕਿਹਾ
ਬਾਈ ਬਲਦੇਵ ਪ੍ਰਸੰਨ ਸੀ। ਅਸੀਂ ਅਗਲੇ ਪ੍ਰੋਗਰਾਮਾਂ ‘ਚ ਵੀ ਤੁਹਾਡੀ ਸ਼ਮੂਲੀਅਤ ਚਾਹਾਂਗੇ।
ਹੁਣ ਕੁਝ ਦਮ ਮਾਰਾਂਗੇ ਤੇ ਪੜ੍ਹਾਂ-ਲਿਖਾਂਗੇ। ਸਾਹਿਤਕ ਪ੍ਰੋਗਰਾਮਾਂ ‘ਚ ਸ਼ਮੂਲੀਅਤ ਵੀ
ਹੁਣ ਗਾਉਣ ਵਾਲਿਆਂ ਦੇ ਸਾਈਆਂ ਤੇ ਜਾਣ ਵਾਂਗ - ਕਿਸੇ ਨਿੱਘੇ ਮਿੱਤਰ ਦੇ ਹੁਕਮਨਾਮੇ ‘ਤੇ
ਕਰਨੀ ਪੈਂਦੀ ਹੈ। ਤੁਹਾਡੀ ਪੁਸਤਕ (ਓਪਰੀ ਹਵਾ) ਤੇ ਆਪਣੀ ਬੁੱਧੀ ਮੂਜਬ ਆਪਣੇ ਵਿਚਾਰ ਲਿਖ
ਕੇ ‘ਨਵਾਂ ਜ਼ਮਾਨਾ‘ ‘ਚ ਭੇਜ ਦੇਵਾਂਗਾ, ਕੁਝ ਦਿਨਾਂ ਵਿਚ ਹੀ। ਜੇ ਤੁਸੀਂ ਪਟਿਆਲੇ ਹੋਏ ਤੇ
ਇਹ ਚਿੱਠੀ ਤੁਹਾਨੂੰ ਜਲਦੀ ਪ੍ਰਾਪਤ ਹੋ ਗਈ ਤਾਂ ਇਕ ਪੋਸਟ ਕਾਰਡ ਲਿਖ ਦੇਣਾ ਬਈ ਪੇਪਰ
‘ਨਵਾਂ ਜ਼ਮਾਨਾ‘ ਨੂੰ ਭੇਜਣਾ ਠੀਕ ਰਵ੍ਹੇਗਾ ਕਿ ਤੁਹਾਨੂੰ ਭੇਜ ਦੇਵਾਂ। ਪਰਿਵਾਰ ਲਈ ਆਦਰ।
ਮੋਹ ਨਾਲ ਤੇਰਾ,
ਗੁਲਜ਼ਾਰ ਮੁਹੰਮਦ ਗੋਰੀਆ
ਪੀ.ਐਸ.- ਬਲਦੇਵ
ਸੜਕਨਾਮੇ ਨਾਲ ਤੁਹਾਡੀ ਲੰਮੀ ਮੁਲਾਕਾਤ ਸ਼ਿਲਾਲੇਖ ਵਿਚ ਅਜੇ ਦੇਖੀ ਹੀ ਹੈ। ਉਸਦਾ ਪਾਠ
ਕਰਾਂਗਾ। ਉਸਦਾ ਨਿੱਜੀ ਤਜ਼ਰਬਾ ਜਿਆਦਾ ਹੈ ਇਸ ਕਰਕੇ ਗੱਲ ਲੰਮੀ ਚਲੀ ਗਈ ਲਗਦੀ ਹੈ। ਛਾਪਣ
ਵਾਲੇ ਵੀ ਧੰਨ ਹਨ।
-0- |