ਕਲਪਨਾ ਸਿੰਘ ਅਪਣੇ
ਤੀਹਵੇਂ ਜਨਮ ਦਿਨ ਤੱਕ ਪਹੁੰਚ ਜੋ ਵੀ ਜਿ਼ੰਦਗੀ ’ਚ ਹਾਸਿਲ ਕਰਨਾ ਚਾਹੁੰਦੀ ਸੀ, ਕਰ ਚੁੱਕੀ
ਸੀ। ਇੱਕ ਲੰਮੀ ਸੂਚੀ ਜੋ ਉਸ ਨੇ ਅਪਣੇ ਟੀਚਿਆਂ ਦੀ ਬਣਾਈ ਸੀ, ਇੱਕ ਇੱਕ ਕਰਕੇ ਸਭ ਨੂੰ
ਟਿੱਕ ਕਰ ਚੁੱਕੀ ਸੀ। ਇਸ ਮੁਕਾਮ ਤੇ ਉਸ ਕੋਲ ਘਰ, ਦੋ ਪ੍ਰਾਪਰਟੀਆਂ, ਸਟਾਕ ਤੇ ਚੰਗਾ ਬੈਂਕ
ਬੈਲੈਂਸ ਸੀ। ਕਈ ਸਭਾਵਾਂ ਦੀ ਆਨਰੇਰੀ ਪ੍ਰਧਾਨ ਸੀ ਤੇ ਚੰਗੇ ਦੋਸਤਾਂ ਦਾ ਦਾਇਰਾ ਵੀ। ਇਸ
ਸਮੇਂ ਉਹ ਕਿਸੇ ਨਾਲ ਈਰਖਾ ਨਹੀਂ ਸੀ ਕਰ ਸਕਦੀ ਕਿ ਫਲਾਣੇ ਦੀ ਜਿ਼ੰਦਗੀ ਉਹਦੇ ਨਾਲੋਂ ਬੇਹਤਰ
ਹੈ। ਕਮਾਉਂਦੀ ਵੀ ਉਹ ਅਪਣੀਆਂ ਸਾਰੀਆਂ ਸਹੇਲੀਆਂ ’ਚੋਂ ਸਭ ਤੋਂ ਵੱਧ।
ਅਪਣੇ ਆਫਿ਼ਸ ’ਚ ਬਿਜ਼ਨਸ ਸੂਟ ਪਾਈ ਬੈਠੀ ਉਹ ਸਵੈਅਭਿਮਾਨ ਤੇ ਸਵੈਵਿਸ਼ਵਾਸ ਦੀ ਮੂਰਤ ਹੀ
ਲੱਗਦੀ ਸੀ। ਪ੍ਰੋਫੈਸ਼ਨ ਵੀ ਉਹਨੇ ਅਪਣਾ ਮਨ ਭਾਉਂਦਾ ਹੀ ਚੁਣਿਆ ਸੀ – ਕੌਰਪੋਰੇਟ ਲਾਅ।
ਪੱਚੀ ਸਾਲ ਦੀ ਉਮਰ ’ਚ ਉਹ ਇੱਕ ਬੱਚੀ ਦੀ ਮਾਂ ਸੀ ਤੇ ਅਪਣੀ ਪ੍ਰੈਕਟਿਸ ਵੀ ਸ਼ੁਰੂ ਕਰ
ਦਿੱਤੀ ਸੀ ਉਸਨੇ। ਵਕੀਲਾਂ ਦੇ ਦਾਇਰੇ ’ਚ ਅਕਸਰ ਗੱਲਾਂ ਹੁੰਦੀਆਂ ਕਿ ਇਸ ਖੇਤਰ ’ਚ ਬਹੁਤ
ਦੇਰ ਲੱਗ ਜਾਂਦੀ ਹੈ ਅਗਾਂਹ ਵਧਦਿਆਂ ਪਰ ਇਸ ਔਰਤ ਦੀ ਲਿਆਕਤ, ਯੋਗਤਾ ਤੇ ਕਿਸਮਤ ਦੇ ਮੇਲ ਨੇ
‘ਕਲਪਨਾ ਐਂਡ ਐਸੋਸੀਏਟਸ’ ਨਾਂ ਦੀ ਲਾਅ ਫਰਮ ਨੂੰ ਬਹੁਤ ਥੋੜ੍ਹੇ ਸਮੇਂ ’ਚ ਹੀ ਪਹਿਲੀ ਕਤਾਰ
’ਚ ਲਿਆ ਖੜਾ ਕੀਤਾ।
ਆਫਿਸ ਦੀ ਇੱਕ ਦੀਵਾਰ ਤੇ ਲੱਗਾ ਪੋਸਟਰ “ਈਵਨ ਸਕਾਈ ਇਜ਼ ਨੌਟ ਦ ਲਿਮਿਟ” ਉਹਦੇ ਨਿਜੀ
ਫਲਸਫ਼ੇ ਦੀ ਹੀ ਪ੍ਰਤੀਨਿਧਤਾ ਕਰ ਰਿਹਾ ਸੀ। ਬੈਠੀ ਬੈਠੀ ਉਹ ਚੇਤਿਆਂ ’ਚ ਫੇਰ ਕਿਤੇ ਦੀ
ਕਿਤੇ ਪਹੁੰਚ ਗਈ...
ਪੰਦਰਾਂ ਸਾਲ ਦੀ ਸੀ ਜਦੋਂ ਉਹ ਅਪਣੀ ਮਾਂ ਨਾਲ ਕਨੇਡਾ ਆਈ। ਥੋੜ੍ਹੇ ਜਿਹੇ ਡਾਲਰ ਸਨ ਉਹਨਾਂ
ਦੇ ਬੋਝੇ ’ਚ। ਮਹੀਨਾ ਕੁ ਕਿਸੇ ਜਾਣ ਪਛਾਣ ਦਿਆਂ ਕੋਲ ਰਹਿਣ ਤੋਂ ਬਾਅਦ ਉਹਨਾਂ ਨੇ ਕਿਸੇ ਘਰ
ਦਾ ‘ਭੋਰਾ’ ਕਿਰਾਏ ਤੇ ਲੈ ਲਿਆ। ਉਹ ਬੇਸਮੈਂਟ ਨੂੰ ਭੋਰਾ ਹੀ ਤਾਂ ਕਹਿੰਦੀਆਂ ਸਨ। ਹੁਣ ਮਾਂ
ਕੋਲ ਫੈਕਟਰੀ ਦੀ ਨੌਕਰੀ ਸੀ, ਰਾਤ ਦੀ ਸਿ਼ਫ਼ਟ। ਉਹ ਆਪ ਨਾਲ ਹੀ ਪੈਂਦੇ ਸਕੂਲ ’ਚ ਨੌਵੀਂ
ਕਲਾਸ ਕਰਨ ਲੱਗ ਪਈ ਸੀ। ਸਾਲ ਕੁ ਬਾਅਦ ਉਹਨੂੰ ਇਥੇ ਦੇ ਨਿਆਣਿਆਂ ਦੇ ਤੌਰ ਤਰੀਕੇ ਚੰਗੀ
ਤਰ੍ਹਾਂ ਸਮਝ ਆਉਣ ਲੱਗ ਪਏ ਸਨ ਤੇ “ਪੀਅਰ ਪ੍ਰੈਸ਼ਰ” ਤੋਂ ਵੀ ਉਹ ਭਲੀ ਭਾਂਤ ਜਾਣੂੰ ਹੋ ਗਈ
ਸੀ ਜਿਸ ਤਹਿਤ ਤੁਹਾਨੂੰ ‘ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ’ ਬਣਨਾ ਪੈਂਦਾ ਹੀ ਹੈ
ਕਿਸੇ ਹੱਦ ਤੱਕ। ਐਨਾ ਅਸਾਨ ਕੰਮ ਤਾਂ ਨਹੀਂ ਸੀ ਇਹ। ਅਪਣੇ ਮਾਂ ਬਾਪ ਦੀਆਂ ਫੈਂਸੀ ਕਾਰਾਂ
ਨੂੰ ਜਦੋਂ ਬੱਚੇ ਸਕੂਲ ਲਿਆਉਂਦੇ ਤਾਂ ਉਸ ਨੂੰ ਵੀ ਈਰਖਾ ਹੁੰਦੀ। ਉਹਨਾਂ ਦੇ ਡਿਜ਼ਾਈਨਰ
ਕਪੜੇ ਦੇਖ ਲੱਗਦਾ ਕਿ ਉਹ ਤਾਂ ਸੋਚ ਵੀ ਨਹੀਂ ਸਕਦੀ ਕਦੇ ਅਪਣੀ ਮੰਮਾ ਨੂੰ ਕਹਿਣ ਦਾ ਕਿ
ਮੈਨੂੰ ਅੱਸੀ ਡਾਲਰ ਦੀ ਸ਼ਰਟ ਲੈ ਦਿਓ। ਐਨੇ ਤਾਂ ਮਾਂ ਸਾਰੀ ਰਾਤ ਲਗਾ ਕੇ ਨਹੀਂ ਬਣਾਉਂਦੀ
ਸੀ। ਪਰ ਫੇਰ ਵੀ ਉਹਨੂੰ ਜਿ਼ੱਦ ਜਿਹੀ ਕਰਕੇ ਕਦੇ ਤਾਂ ਮਾਂ ਨੂੰ ਕਹਿਣਾ ਹੀ ਪੈਂਦਾ ਕਿ
ਸ਼ੌਪਿੰਗ ਲਈ ਜਾਣਾ ਹੈ।
“ਜ਼ਰੂਰੀ ਚਾਹੀਦੀ ਐ ਕੋਈ ਚੀਜ਼ ਬੇਟੇ? ਸਰ ਨ੍ਹੀ ਸਕਦਾ? ਮੈਂ ਤਾਂ ਟੈਲੀਫੋਨ ਦੇ ਬਿੱਲ ਲਈ
ਦੋ ਕੁ ਸੌ ਪਰ੍ਹੇ ਕਰਕੇ ਰੱਖਿਐ, ਕਰਾਇਆ ਦੇਣ ਤੋਂ ਬਾਅਦ”।
“ਹਾਂ ਜੀ, ਜ਼ਰੂਰੀ ਚਾਹੀਦੀ ਐ ਇੱਕ ਡਰੈੱਸ... ਮੇਰੇ ਕੋਲ ਇੱਕ ਵੀ ਨ੍ਹੀ” ਉਹ ਮਾਂ ਨੂੰ
ਪਿਆਰ ਨਾਲ ਘੂਰਦੀ ਜਿਹੀ ਆਖਦੀ। ਫਿਰ ਇੱਕ ਦਿਨ ਜਦੋਂ ਉਹਨੇ ਮਾਂ ਦੀ ਕਪੜਿਆਂ ਵਾਲੀ ਅਲਮਾਰੀ
ਖੋਲ੍ਹ ਕੇ ਦੇਖੀ ਤਾਂ ਉਥੇ ਘਸੇ ਫਿਟੇ ਜਿਹੇ ਤਿੰਨ ਚਾਰ ਸੂਟ ਤੇ ਦੋ ਕੁ ਕੰਮ ਵਾਲੀ ਵਰਦੀ
ਦੀਆਂ ਕਮੀਜ਼ਾਂ ਲਮਕਦੀਆਂ ਸਨ। ਉਸ ਨੂੰ ਯਾਦ ਆਇਆ ਕਿ ਮਾਂ ਨੇ ਤਾਂ ਕਦੇ ਵੀ ਨਹੀਂ ਕੁਝ ਲਿਆ
ਅਪਣੇ ਲਈ ਜਦੋਂ ਵੀ ਉਹ ਇਕੱਠੀਆਂ ਮਾਲ ’ਚ ਗਈਆਂ ਸਨ। ਉਸ ਦਿਨ ਤੋਂ ਬਾਅਦ ਉਹਨੇ ਅਪਣੇ ਲਈ
ਪਾਰਟ ਟਾਈਮ ਕੰਮ ਲੱਭ ਲਿਆ। ਅਪਣੇ ਖਰਚੇ ਆਪ ਚੁੱਕਦੀ, ਕਦੇ ਕਦੇ ਮਾਂ ਲਈ ਵੀ ਕੋਈ ਤੋਹਫ਼ਾ
ਤੇ ਘਰ ’ਚ ਖਾਣ ਪੀਣ ਦਾ ਸਮਾਨ ਵੀ ਅਕਸਰ ਲੈ ਆਉਂਦੀ।
ਕਲਪਨਾ ਦੇ ਪਤੀ ਅਮਰ ਦੀ ਫੈਮਿਲੀ ਕੀਨੀਆ ਤੋਂ ਕਨੇਡਾ ਸੈੱਟ ਹੋਣ ਲਈ ਆਈ ਸੀ। ਦੋਹਾਂ ਦੀ
ਮੁਲਾਕਾਤ ਵੀ ਯੂਨੀਵਰਸਿਟੀ ਪੜ੍ਹਦਿਆਂ ਹੀ ਹੋਈ। ਦੋਹਾਂ ’ਚ ਕਾਫ਼ੀ ਪਿਆਰ ਸੀ ਪਰ ਫੇਰ ਵੀ
ਅਮਰ ਲਈ ਕਈ ਵਾਰ ਕਲਪਨਾ ਦੀ ਰਫ਼ਤਾਰ ਨਾਲ ਗ੍ਰਹਿਸਥੀ ਦੀ ਗੱਡੀ ਨੂੰ ਚਲਾਉਣਾ ਔਖਾ ਹੋ
ਜਾਂਦਾ। ਕਲਪਨਾ ਹੁਣ ਦੂਜੀ ਵਾਰ ਮਾਂ ਬਣਨ ਵਾਲੀ ਸੀ। ਉਹਦਾ ਜਨਮ ਦਿਨ ਵੀ ਆਉੁਣ ਵਾਲਾ ਸੀ।
“ਯੂ ਡਿੰਡਟ ਨੀਡ ਟੂ... ਸੋਨੇ ਦਾ ਕੜਾ ਲਿਆਉਣ ਦੀ ਕੀ ਲੋੜ ਸੀ ਜਨਮ ਦਿਨ ਤੇ” ਉਸ ਨੇ
ਤੋਹਫ਼ੇ ਨੂੰ ਖੋਲ੍ਹਦਿਆਂ ਕਿਹਾ।
“ਮੈਂ ਅਪਣੀ ਮਰਜ਼ੀ ਨਹੀਂ ਸੀ ਕਰ ਸਕਦਾ ਸਵੀਟਹਾਰਟ?”
‘ਮੇਰੀ ਖ਼ਾਹਿਸ਼ ਤਾਂ ਡਾਇਮੰਡ ਰਿੰਗ ਦੀ ਸੀ ਜਿਹੜੀ ਵਿਆਹ ਤੇ ਮਿਲਣੀ ਚਾਹੀਦੀ ਸੀ ਮੈਨੂੰ’
ਉਹਨੇ ਮਨ ਹੀ ਮਨ ਸੋਚਿਆ ਤੇ ਕੜੇ ਨੂੰ ਜਾ ਕੇ ਉੱਪਰ ਮਾਸਟਰ ਬੈੱਡਰੂਮ ਦੇ ਦਰਾਜ਼ ’ਚ ਰੱਖ
ਆਈ। ਮੁੜ ਕਿਸੇ ਨੇ ਕਦੇ ਉਹ ਕੜਾ ਉਹਨੂੰ ਪਾਇਆ ਨਾ ਦੇਖਿਆ।
ਅੱਜ ਉਹ ਕਿਸੇ ਕਲਾਇੰਟ ਨਾਲ ਮੀਟਿੰਗ ਤੇ ਜਾਣ ਲਈ ਤਿਆਰ ਹੋ ਰਹੀ ਸੀ ਸਵੇਰੇ ਸਵੇਰੇ। ਦਿਲ ਵੀ
ਘਾਊਂ ਮਾਊਂ ਹੋ ਰਿਹਾ ਸੀ ਪਰ ਉਹ ਕਿੱਥੇ ਸੀ ਮਾਂ ਦੀ ਧੀ ਭੋਰਾ ਅਰਾਮ ਕਰਨ ਵਾਲੀ? ਪਹਿਲੀ
ਬੱਚੀ ਵਾਰੀ ਤਾਂ ਪੂਰੇ ਨੌ ਮਹੀਨੇ ਕੰਮ ਤੇ ਗਈ ਸੀ ਤੇ ਉਪਰਲੇ ਦਿਨਾਂ ’ਚ ਵੀ ਨਹੀਂ ਸੀ ਹਟੀ।
ਅਪਣਾ ਹਸਪਤਾਲ ਲਈ ਬੰਨ੍ਹਿਆ ਬੈਗ ਕਾਰ ’ਚ ਨਾਲ ਰੱਖਦੀ ਸੀ। ਬੱਸ ਇੱਕ ਦਿਨ ਸਿੱਧਾ ਆਫਿਸ ਤੋਂ
ਹੀ ਜਦੋਂ ਦਰਦਾਂ ਉੱਠੀਆਂ ਤਾਂ ਹਸਪਤਾਲ ਆਪੇ ਕਾਰ ਚਲਾ ਕੇ ਪਹੁੰਚ ਗਈ। ਉਥੇ ਪਹੁੰਚ ਕੇ ਜੋ
ਹੋਇਆ ਉਸ ਤੋਂ ਬਾਅਦ ਉਹਨੇ ਪੱਕਾ ਸੋਚ ਲਿਆ ਕਿ ਉਹ ਅਪਣੇ ਆਪ ਨੂੰ ਫਿਰ ਜੋਖਮ ’ਚ ਨਹੀਂ
ਪਾਵੇਗੀ... ਪਰ ਜਿਉਂ ਹੀ ਬੱਚੀ ਉਹਦੀ ਗੋਦੀ ’ਚ ਆਈ ਤਾਂ ਉਹ ਸਭ ਕੁਝ ਭੁੱਲ ਗਈ। ਉਹ ਵਕਤ
ਯਾਦ ਕਰ ਕੇ ਅੱਜ ਇੱਕ ਵਾਰ ਫੇਰ ਸੋਚਿਆ ਕਿ ਕੀ ਲੋੜ ਸੀ ਐਵੇਂ ਅਪਣੇ ਆਪ ਨੂੰ ਇੰਨੀ ਤੜਫਣਾ,
ਦਰਦ ਤੇ ਦੋਜ਼ਖ ’ਚ ਪਾਉਣ ਦੀ। ਇੱਕ ਬੱਚਾ ਕਾਫ਼ੀ ਨਹੀਂ ਸੀ?
ਕਲਪਨਾ ਦੀ ਤੇਜ਼ ਤੱਰਾਰ ਕੰਮ ਕਰਨ ਦੀ ਆਦਤ ਕਰਕੇ ਹੀ ਉਹ ਐਨੀ ਅੱਗੇ ਵਧ ਗਈ ਸੀ। ਹੁਣ ਵੀ ਉਹ
ਥੱਬਾ ਕਾਗਜ਼ਾਂ ਦਾ ਅਪਣੀ ਸੈਕਟਰੀ ਨੂੰ ਫੜਾ ਆਪ ਨਾਲ ਦੇ ਕੈਫ਼ੇ ਤੋਂ ਲਿਆਂਦਾ ਸੈਂਡਵਿਚ ਖਾਣ
ਲੱਗੀ ਸੀ। ਐਨ੍ਹ ਪਿਛਲੀ ਵਾਰ ਦੀ ਤਰ੍ਹਾਂ ਐਤਕੀਂ ਵੀ ਉਸ ਨੂੰ ਕੁਝ ਪਚ ਨਹੀਂ ਸੀ ਰਿਹਾ। ਆਹ
ਸੈਂਡਵਿਚ ਖਾਣ ਤੋਂ ਬਾਅਦ ਵੀ ਉਹਨੂੰ ਪਤਾ ਸੀ ਕਿ ਕੀ ਹੋਣ ਵਾਲਾ ਹੈ। ਪਰ ਫੇਰ ਵੀ ਉਹਨੇ
ਪਾਣੀ ਦੀਆਂ ਘੁੱਟਾਂ ਨਾਲ ਕਈ ਗਰਾਹੀਆਂ ਅੰਦਰ ਕਰ ਲਈਆਂ ਤੇ ਨਾਲ ਹੀ ਭੱਜੀ ਫੇਰ ਲੇਡੀਜ਼
ਵਾਸ਼ਰੂਮ...
ਪਰ ਅੱਜ ਸਾਰਾ ਦਿਨ ਉਹਦਾ ਅਪੁਆਇੰਟਮੈਂਟਾਂ ਨਾਲ ਬੁੱਕ ਸੀ। ਅਗਲੀ ਮੀਟਿੰਗ ਅੱਜ ਉਹਦੀ ਦੋ ਕੁ
ਬਲਾਕ ਛੱਡ ਕੇ ‘ਕਿਰੇਨ’ਜ਼ ਕੈਫ਼ੇ ਲਿਮਿਟਡ’ ਨਾਲ ਸੀ ਜਿਹਨਾਂ ਦੇ ਦੋ ਸੌ ਤੋਂ ਵੱਧ ਕੈਫ਼ੇ
ਸਾਰੇ ਕਨੇਡਾ ’ਚ ਮਾਰੋ ਮਾਰ ਚੱਲ ਰਹੇ ਸਨ। ਕਿਰਨ ਅਹੂਜਾ ਬੜੇ ਜੋਸ਼ ਨਾਲ ਕਲਪਨਾ ਨੂੰ ਮਿਲੀ
ਤੇ ਆਫਿ਼ਸ ਦੇ ਉੱਪਰ ਬਣੇ ਅਪਣੇ ਫ਼ਲੈਟ ’ਚ ਲੈ ਗਈ। ਅੰਦਰ ਵੜਦਿਆਂ ਹੀ ਸਿਲਕ ਦੇ ਪਰਦੇ,
ਵੱਡਾ ਸਾਰਾ ਲਿਵਿੰਗ ਰੂਮ ਜਿਸ ਦੇ ਸੈਂਟਰ ’ਚ ਪਿਆ ਟੇਬਲ ਅਲੱਗ ਅਲੱਗ ਆਕਾਰਾਂ ’ਚ ਤਰਾਸ਼ੀਆਂ
ਮੋਮਬੱਤੀਆਂ ਨਾਲ ਸਜਾਇਆ ਹੋਇਆ ਸੀ। ਪਰਸ਼ੀਅਨ ਗਲੀਚੇ ਤੇ ਚੀਲ੍ਹ ਦੀ ਲੱਕੜੀ ਦਾ ਫਰਨੀਚਰ
ਅਪਣੇ ਆਪ ’ਚ ਹੀ ਬਹੁਤ ਕੁਝ ਬੋਲ ਰਿਹਾ ਸੀ। ਇੱਕ ਬੈੱਡਰੂਮ ’ਚ ਬੇਹੱਦ ਸੋਹਣਾ ਤਰਾਸਿ਼ਆ ਡਬਲ
ਬੈੱਡ।
ਬਿਜ਼ਨਸ ਦੀ ਦੁਨੀਆਂ ਦੀਆਂ ਦੋ ਸਫ਼ਲ ਔਰਤਾਂ ਇੱਕ ਦੂਜੇ ਦੇ ਆਹਮੋ ਸਾਹਮਣੇ ਲਿਵਿੰਗ ਰੂਮ ’ਚ
ਬੈਠੀਆਂ ਅਕਾਊਂਟਸ ਦੀਆਂ ਗੱਲਾਂ ਵੀ ਕਰ ਰਹੀਆਂ ਸਨ ਤੇ ਐੱਸਪ੍ਰੈਸੋ ਦਾ ਅਨੰਦ ਵੀ ਮਾਣ ਰਹੀਆਂ
ਸਨ।
ਮੀਟਿੰਗ ਬੜੀ ਕਾਮਯਾਬ ਰਹੀ। ਕਲਪਨਾ ‘ਕਿਰੇਨ’ਜ਼’ ਦਾ ਬਿਜ਼ਨਸ ਲੈਣ ’ਚ ਕਾਮਯਾਬ ਹੋਈ। ਉਪਰੋਂ
ਰੱਬ ਦਾ ਸ਼ੁਕਰ ਕਿ ਉਹਦਾ ਦਿਲ ਵੀ ਕੱਚਾ ਨਹੀਂ ਹੋਇਆ। ਖਿਆਲ ਜੋ ਸਾਰਾ ਦੂਜੇ ਪਾਸੇ ਲੱਗਾ
ਹੋਇਆ ਸੀ।
ਉੱਧਰ ਅਪਣੇ ਕਬੂਤਰਖਾਨੇ ਵਰਗੇ ਇਨਸ਼ੋਅਰੈਂਸ ਦੇ ਦਫ਼ਤਰ ’ਚ ਬੈਠੇ ਦਿਲ ਤਾਂ ਅਮਰ ਦਾ ਵੀ
ਕੱਚਾ ਹੋ ਰਿਹਾ ਸੀ। ਸਾਰੀਆਂ ਤਾਕੀਆਂ ਬੰਦ, ਏਸੀ ਤਾਂ ਚੱਲ ਰਿਹਾ ਹੀ ਸੀ ਪਰ ਦੋ ਸੌ ਬੰਦੇ
ਜਿਸ ਦਫ਼ਤਰ ’ਚ ਡੱਬਿਆਂ ਜਿਹਿਆਂ ’ਚ ਬੈਠੇ ਹੋਣ ਤਾਂ ਸਿੱਲ੍ਹ ਤੇ ਗਰਮੀ ਨਾਲ ਤਾਂ ਓਦਾਂ ਹੀ
ਮੱਤ ਮਾਰੀ ਜਾਂਦੀ ਹੈ। ਕਹਿਣ ਨੂੰ ਤਾਂ ਉਹ ਉਸ ਆਫਿ਼ਸ ਦਾ ਜਨਰਲ ਮੈਨੇਜਰ ਸੀ ਪਰ ਉਹਦੇ ਤੇ
ਬਾਕੀਆਂ ’ਚ ਕੋਈ ਬਹੁਤਾ ਫ਼ਰਕ ਨਹੀਂ ਸੀ। ਉਹ ਬਾਰ ਬਾਰ ਕੰਪਿਊਟਰ ਦੀ ਸਕਰੀਨ ਤੇ ਕੰਪਨੀ
ਵੱਲੋਂ ਦਿੱਤੇ ਟੀਚਿਆਂ ਤੇ ਨਿਗਾਹ ਮਾਰ ਲੈਂਦਾ। ਮਹੀਨਾ ਖ਼ਤਮ ਹੋਣ ਨੂੰ ਸੀ ਪਰ ਉਥੋਂ ਦੀ
ਬਰਾਂਚ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਅਪਣੇ ਨਿਸ਼ਾਨੇ ਦੇ, ਜਿਸ ਦੀ ਮੰਗ ਸੀ ਕੰਪਨੀ ਨੂੰ।
ਉਹਨੇ ਸਾਹਮਣੇ ਰੱਖੇ ਕੌਫ਼ੀ ਦੇ ਕੱਪ ’ਚੋਂ ਇੱਕ ਘੁੱਟ ਭਰਿਆ। ਅਪਣੀ ਐਨਕ ਨੂੰ ਸੱਜੇ ਹੱਥ ’ਚ
ਫੜ ਤੇਜ਼ ਤੇਜ਼ ਘੁਮਾਉਣ ਲੱਗਾ ਜਿਵੇਂ ਐਦਾਂ ਕਰਨ ਨਾਲ ਅਚਾਨਕ ਹੀ ਕੋਈ ਰਸਤਾ ਮਿਲ ਜਾਵੇਗਾ।
ਨਿਢਾਲ ਜਿਹਾ ਹੋ ਕੇ ਅਪਣੀ ਕੁਰਸੀ ’ਚ ਲੁੜ੍ਹਕ ਗਿਆ। ਹੁਣ ਉਹ ਘਰ ਜਾਣਾ ਚਾਹੁੰਦਾ ਸੀ ਪਰ
ਹਾਲੇ ਤਾਂ ਇੱਕ ਹੀ ਵੱਜਿਆ ਸੀ ਦੁਪਹਿਰ ਦਾ ਤੇ ਟੀਚਾ ਵੀ ਤਲਵਾਰ ਦੀ ਤਰ੍ਹਾਂ ਉਹਦੇ ਸਿਰ ਤੇ
ਲਟਕ ਰਿਹਾ ਸੀ। ਇੱਕ ਵਾਰ ਫੇਰ ਜਰਬਾਂ ਤਕਸੀਮਾਂ ਕਰਨੀਆਂ ਸ਼ੁਰੂ ਕੀਤੀਆਂ।
ਬੌਸ ਦੀ ਈਮੇਲ ਦੀ ‘ਟਿੰਗ’ ਨੇ ਧਿਆਨ ਅਪਣੇ ਵੱਲ ਖਿੱਚਿਆ। ਇਹ ਇੱਕ ਵਾਰ ਫੇਰ ਉਹਨੂੰ ਯਾਦ
ਕਰਵਾਇਆ ਗਿਆ ਸੀ ਕਿ ਮਹੀਨੇ ਦੇ ਅੰਤ ਤੱਕ ਕਿੰਨਾ ਬਿਜ਼ਨਸ ਉਹਨਾਂ ਨੂੰ ਉਸ ਬਰਾਂਚ ਤੋਂ
ਚਾਹੀਦਾ ਹੈ।
ਕਈ ਵਾਰ ਉਹ ਸੋਚਦਾ ਕਿ ਕਿਉਂ ਆਇਆ ਉਹ ਇਸ ਖੇਤਰ ’ਚ। ਹਾਈ ਸਕੂਲ ’ਚ ਮੈਥ ’ਚੋਂ ਨੰਬਰ ਚੰਗੇ
ਆ ਗਏ ਤੇ ਸੋਚਿਆ ਕਿ ਕਰ ਲਓ ਕੰਪਿਊਟਰ ਐਂਡ ਬਿਜ਼ਨਸ ਦੀ ਡਿਗਰੀ। ਪਰ ਹੁਣ ਤਾਂ ਭਲਾ ਕੀ ਹੋ
ਸਕਦੈ, ਹੁਣ ਡਾਕਟਰ ਬਣਨੋਂ ਤਾਂ ਰਿਹਾ। ਚਲੋ, ਕਲਪਨਾ ਚੰਗ ਪੈਸਾ ਕਮਾਉਂਦੀ ਹੈ ਪਰ ਖਰਚਿਆਂ
ਤੇ ਸਾਨੂੰ ਹੁਣ ਕਾਬੂ ਕਰਨਾ ਪਵੇਗਾ। ਸਿਰ ਤੇ ਕਰਜ਼ਾ ਮਣਾਂਮੂੰਹੀਂ ਚੜ੍ਹਿਆ ਪਿਆ ਹੈ। ਉਹਦੇ
ਨਿਜੀ ਤੌਰ ਤੇ ਲਏ ਚਾਰ ਕਰਜ਼ੇ ਜਿਹਨਾਂ ਦੀਆਂ ਕਿਸ਼ਤਾਂ ਉਹ ਕਲਪਨਾ ਦੇ ਕਰੈਡਿਟ ਕਾਰਡ ਤੇ
ਭੁਗਤਾ ਰਿਹਾ ਸੀ। ਇੱਕ ਦੋ ਹੋਰ ਕਰਜਿ਼ਆਂ ਦਾ ਕਲਪਨਾ ਨੂੰ ਇਲਮ ਹੀ ਨਹੀਂ ਸੀ। ਉਪਰੋਂ ਇੱਕ
ਬੱਚੀ ਤੇ ਦੂਜਾ ਹੋਣ ਵਾਲਾ।
ਆਹ ਦੋ ਬੱਚਿਆਂ ਤੱਕ ਦੇ ਸਫ਼ਰ ਨੇ ਕਲਪਨਾ ਨੂੰ ਕਿੰਨਾ ਬਦਲ ਦਿੱਤਾ ਸੀ। ਹੁਣ ਤਾਂ ਰਹੀ ਹੀ
ਨਹੀਂ ਸੀ ਉਹ ਜਿਹਨੂੰ ਉਹਨੇ ਡੇਟ ਕੀਤਾ, ਪਿਆਰ ਕੀਤਾ ਤੇ ਵਿਆਹ ਕੀਤਾ। ਉਹ ਜਿਵੇਂ ਦੋ ਸਾਲ
’ਚ ਹੀ ਅਲੋਪ ਹੋ ਗਈ ਹੋਵੇ ਤੇ ਉਹਦੀ ਜਗ੍ਹਾ ਉਹਦੇ ਵਰਗੀ ਦਿੱਖ ਵਾਲੀ, ਓਦਾਂ ਦੇ ਹੀ ਕਪੜੇ
ਪਾਉਂਦੀ, ਕੰਮਾਂ ਦੀਆਂ ਲੰਮੀਆਂ ਸੂਚੀਆਂ ਬਣਾਉਂਦੀ ਤੇ ਆਫਿ਼ਸ ਦੇ ਕੰਮ ਕਾਜ ਵੀ ਰੋਬੋਟ ਦੀ
ਤਰ੍ਹਾਂ ਤੇਜ਼ੀ ਨਾਲ ਕਰਦੀ ਇੱਕ ਹੋਰ ਹੀ ਔਰਤ ਨੂੰ ਉਹ ਸਾਰਾ ਦਿਨ ਦੇਖਦਾ ਹੋਵੇ ਜਿਹਨੂੰ ਬੱਸ
ਉਹ ਥੋੜ੍ਹਾ ਜਿਹਾ ਜਾਣਦਾ ਹੋਵੇ।
ਕਿੰਨੀ ਵਾਰ ਉਹ ਉਹਨੂੰ ਕਹਿ ਚੁੱਕਾ ਸੀ ਕਿ ਜੇ ਉਹਦਾ ਦਿਲ ਠੀਕ ਨਹੀਂ ਹੁੰਦਾ ਤਾਂ ਕਿਉਂ
ਜਾਂਦੀ ਐ ਆਫਿ਼ਸ। ਕਈ ਵਾਰ ਉਹ ਸੋਚਦਾ ਕਿ ਕਿੰਨਾ ਚੰਗਾ ਹੁੰਦਾ ਤਾਂ ਜੇ ਬੱਚਾ ਉਹਨੂੰ ਹੋਣ
ਵਾਲਾ ਹੁੰਦਾ, ਘੱਟੋ ਘੱਟ ਮੈਟਰਨਿਟੀ ਲੀਵ ਤੇ ਘਰ ਤਾਂ ਬੈਠਦਾ।
ਅਪਣੇ ਦਫ਼ਤਰ ’ਚ ਬੈਠਾ ਅਮਰ ਫੇਰ ਹਿਸਾਬ ਕਿਤਾਬ ਲਗਾ ਰਿਹਾ ਸੀ ਕਿ ਕਿੰਨੇ ਦਿਨ ਬਾਕੀ ਨੇ,
ਕਿੰਨਾ ਬਿਜ਼ਨਸ ਪੈਦਾ ਕਰਨ ਵਾਲਾ ਪਿਆ ਹੈ। ਜਿਵੇਂ ਹੀ ਕੰਪਿਊਟਰ ਤੇ ਉੱਗੇ ਹਿੰਦਸੇ ਉਹਨੂੰ
ਡਰਾਉਂਦੇ ਉਦਾਂ ਹੀ ਉਹਨੂੰ ਅਪਣੀ ਛੁੱਟੀ ਹੋਣ ਦਾ ਡਰ ਅੰਦਰੋਂ ਅੰਦਰ ਹਿਲਾ ਕੇ ਰੱਖ ਦਿੰਦਾ।
ਫੇਰ ਬੌਸ ਦਾ ਫ਼ੋਨ ਆ ਰਿਹਾ ਸੀ ਪਰ ਉਹਨੇ ਢੀਠ ਜਿਹਾ ਬਣ ਕੇ ਕੋਟ ਚੁੱਕਿਆ ਤੇ ਬਿਨਾਂ ਫ਼ੋਨ
ਸੁਣੇ ਹੀ ਬਾਹਰ ਨਿਕਲ ਗਿਆ।
ਸਾਹ ਜਿਹਾ ਆਇਆ ਉਹਨੂੰ ਬਾਹਰ ਆ ਕੇ। ਉਹ ਕੰਮ ਤੋਂ ਬਹੁਤ ਦੂਰ ਚਲਾ ਜਾਣਾ ਚਾਹੁੰਦਾ ਸੀ ਪੈਦਲ
ਚੱਲ ਕੇ ਤਾਂ ਕਿ ਤਾਜ਼ੀ ਹਵਾ ਖਾ ਸਕੇ ਤੇ ਫਰੀ ਜਿਹਾ ਮਹਿਸੂਸ ਕਰ ਸਕੇ। ਪਰ ਕੰਮ ਦੀ ਉਲਝਣ
ਤਾਂ ਉਹਦਾ ਪਿੱਛਾ ਕਰ ਰਹੀ ਸੀ। ਸਾਹਮਣੇ ਇੱਕ ਸਪੋਰਟਸ ਬਾਰ ਦਿਖਾਈ ਦਿੱਤੀ। ਡਰਿੰਕ ਲੈਣ ਲਈ
ਉਥੇ ਰੁਕ ਗਿਆ। ਬਾਹਰ ਨਿਕਲ ਕੇ ਉਹਦੇ ਮਨ ਨੇ ਥੋੜ੍ਹਾ ਢਾਰਸ ਜਿਹਾ ਬੰਨ੍ਹਿਆ ਤੇ ਜਦੋਂ
‘ਕਿਰੇਨ’ਜ’਼ ਕੋਲੋਂ ਲੰਘਿਆ ਤਾਂ ਮਨ ਕੁਝ ਚੰਚਲ ਜਿਹਾ ਹੋ ਗਿਆ। ਸੋਚਿਆ ਕਿ ਦੇਖੀਏ ਅੰਦਰ
ਬੈਠੀ ਹੈ ਉਹ ਹੂਰਪਰੀ ਜਿਹੜੀ ਕਈ ਵਾਰ ਕੌਫ਼ੀ ਬ੍ਰੇਕ ’ਚ ਦੇਖੀ ਸੀ ...
ਕਿਰਨ ਬੈਠੀ ਫ਼ੋਨ ਤੇ ਗੱਲਾਂ ਕਰਦੀ ਇਉਂ ਲੱਗਦੀ ਜਿਵੇਂ ਕਿਸੇ ਕੰਪਨੀ ਨੂੰ ਕੋਈ ਆਰਡਰ ਲਿਖਾ
ਰਹੀ ਹੋਵੇ। ਉਹਦੀਆਂ ਮਾਡਲਾਂ ਵਰਗੀਆਂ ਲੱਤਾਂ ਮੇਜ਼ ਦੇ ਹੇਠਾਂ ਇੱਕ ਪਾਸੇ ਨੂੰ ਟੇਢੀਆਂ
ਜਿਹੀਆਂ ਪਈਆਂ ਦੇਖ ਉਸ ਨੂੰ ਬਹੁਤ ਚੰਗਾ ਲੱਗਾ। ਕਾਲੇ ਘੁੰਗਰਾਲੇ ਵਾਲ ਉਸ ਦੇ ਚਿਹਰੇ ਤੇ
ਡਿੱਗਦੇ ਤਾਂ ਉਹ ਹੱਥ ਨਾਲ ਪਿੱਛੇ ਨੂੰ ਕਰ ਲੈਂਦੀ। ਅੱਜ ਉਹ ਹੌਸਲਾ ਜਿਹਾ ਕਰਕੇ ਉਹਦੇ
ਦਫ਼ਤਰ ’ਚ ਹੀ ਪਹੁੰਚ ਗਿਆ।
“ਓਹ, ਹੈਲੋ” ਕਿਰਨ ਨੇ ਫ਼ੋਨ ਬੰਦ ਕਰਦਿਆਂ ਅਪਣੀਆਂ ਕੱਜਲ ਨਾਲ ਲੱਦੀਆਂ ਮੋਟੀਆਂ ਮੋਟੀਆਂ
ਅੱਖਾਂ ਨਾਲ ਉੱਪਰ ਨੂੰ ਦੇਖਦੇ ਹੋਏ ਕਿਹਾ।
ਉਹ ਬੱਸ ਮੁਸਕਰਾਇਆ। ਕਿਰਨ ਦੇ ਚਿੱਤ ਚੇਤਿਆਂ ’ਚ ਵੀ ਨਹੀਂ ਸੀ ਕਿ ਉਹ ‘ਓਸੇ’ ਵਕੀਲ ਨਾਲ
ਵਿਆਹਿਆ ਹੋਇਆ ਹੈ। ਉਹ ਕੁਰਸੀ ਤੋਂ ਉੱਠੀ ਤੇ ਉਸ ਥੋੜ੍ਹਾ ਕੋਲ ਆ ਕੇ ਬੋਲੀ, “ਕੈਨ ਆਈ ਹੈਲਪ
ਯੂ?”
ਹੁਣ ਉਸ ਦੇ ਲਾਏ ਬਾਥ ਐਂਡ ਬੌਡੀ ਵਰਕ ਦੇ ‘ਮੂਨਲਾਈਟ ਪਾਥ’ ਲੋਸ਼ਨ ਦੀ ਸੁਗੰਧ ਅਮਰ ਨੂੰ ਆਈ।
ਦੋਹਾਂ ਦੀਆਂ ਅੱਖਾਂ ਨੇ ਇੱਕ ਪਲ ’ਚ ਹੀ ਇੱਕ ਦੂਜੇ ਨੂੰ ਕੁਝ ਕਿਹਾ... ਉਹ ਪਿੱਛੇ ਨਹੀਂ ਸੀ
ਹਟਣਾ ਚਾਹੁੰਦਾ। ਉਸੇ ਸਮੇਂ ਉਸ ਦੀ ਨਿਗਾਹ ਕਿਰਨ ਦੇ ਲੋਅਕੱਟ ਬਲਾਊਜ਼ ਦੇ ਖੱਬੇ ਪਾਸੇ ਬਣੇ
ਨਿੱਕੇ ਜਿਹੇ ਤਿਤਲੀ ਦੇ ਟੈਟੂ ਤੇ ਪਈ। ਦੋਹਾਂ ਦੀਆਂ ਅੱਖਾਂ ਨੇ ਇੱਕ ਪਲ ’ਚ ਹੀ ਇੱਕ ਦੂਜੇ
ਨੂੰ ਜੋ ਵੀ ਕਿਹਾ, ਬੱਸ ਸ਼ੁਰੂਆਤ ਸੀ...
ਪੂਰਾ ਇੱਕ ਹਫ਼ਤਾ ਅਮਰ ਕੰਮ ਤੇ ਨਾ ਗਿਆ। ਇੱਕ ਸ਼ਾਮ ਜਦੋਂ ਕਲਪਨਾ ਬਾਹਰ ਕਿਤੇ ਗਈ ਹੋਈ ਸੀ,
ਉਹ ਕਿਚਨ ਟੇਬਲ ਤੇ ਬੈਠਾ ਬੀਅਰ ਪੀ ਜਾ ਰਿਹਾ ਸੀ। ਅਪਣੀ ਹੀ ਦੁਨੀਆਂ ’ਚ ਗੁਆਚੇ ਨੇ
‘ਕਿਰੇਨ’ਜ਼’ ਦਾ ਨੰਬਰ ਘੁਮਾਇਆ। ਕਿਰਨ ਦੀ ਰਿਕਾਰਡ ਕੀਤੀ ਆਵਾਜ਼ ਸੁਣਨ ਨੂੰ ਮਿਲੀ। ਘੱਗੀ
ਜਿਹੀ ਆਵਾਜ਼ ਉਸ ਦੇ ਕੰਨਾਂ ’ਚ ਰਸ ਘੋਲਦੀ ਜਾਪੀ। ਉਹਦਾ ਦਿਲ ਕਰੇ ਕਿ ਬਾਰ ਬਾਰ ਉਹ ਨੰਬਰ
ਘੁਮਾਈ ਜਾਵੇ ਤੇ ਉਹ ਆਵਾਜ਼ ਉਸ ਨੂੰ ਖੀਵਾ ਕਰੀ ਜਾਵੇ। ਦੱਸ ਕੁ ਵਾਰ ਇਹ ਕਰਨ ਤੋਂ ਬਾਅਦ
ਉਹਨੂੰ ਹੋਸ਼ ਜਿਹੀ ਆਈ ਕਿ ਕੱਲ੍ਹ ਜਦੋਂ ਉਹ ਫ਼ੋਨ ਚੈੱਕ ਕਰੇਗੀ ਤਾਂ ਕਿੰਨੀ ਪਾਗਲਪੁਣੇ
ਵਾਲੀ ਹਰਕਤ ਲੱਗੇਗੀ ਉਹਨੂੰ। ਕਿਰਨ ਲਈ ਬਹੁਤ ਬੇਚੈਨ ਤੇ ਬੇਕਰਾਰ ਸੀ ਪਰ ਕੀ ਉਹਦਾ ਵੀ ਇਹੀ
ਹਾਲ ਸੀ? ਕਿਤੇ ਉਹ ਮਜ਼ਾਕ ਹੀ ਤਾਂ ਨ੍ਹੀ ਕਰ ਰਹੀ ਸੀ ਕੋਲ ਨੂੰ ਆ ਕੇ?
ਉਸ ਨੂੰ ਅਪਣੀ ਹੋਂਦ ਬੇਕਾਰ ਜਿਹੀ ਲੱਗਣ ਲੱਗ ਪਈ ਸੀ ਹੁਣ। ਘਰ ’ਚ ਕੋਈ ਗੱਲਬਾਤ ਵੀ ਸਾਂਝੀ
ਨਹੀਂ ਸੀ ਕਰਨ ਵਾਲਾ ਤੇ ਕੰਮ ਦਾ ਪ੍ਰੈਸ਼ਰ ਉਸ ਦੇ ਵੱਸ ਦਾ ਨਹੀਂ ਸੀ। ਜੇ ਟਿਕਿਆ ਵੀ ਰਿਹਾ
ਕੰਮ ਤੇ ਹੋਰ ਵੀਹ ਪੱਚੀ ਸਾਲ ਤਾਂ ਫੇਰ ਕੀ ਹੋਜੂ?ਰਿਟਾਇਰ ਹੋ ਜਾਵਾਂਗਾ ਜਾਂ ਹੋ ਸਕਦੈ ਉਦੋਂ
ਤੱਕ ਹਾਰਟਅਟੈਕ ਹੀ ਹੋ ਜਾਵੇ ਤੇ ਸਾਰੀ ਲੀਲ੍ਹਾ ਹੀ ਖ਼ਤਮ ਫੇਰ ਤਾਂ... ਕੀ ਖੱਟਿਆ ਉਹਨੇ ਵੀ
ਜਹਾਨ ਤੇ ਆ ਕੇ? ਕੀ ਨਿਸ਼ਾਨ ਛੱਡ ਜਾਵੇਗਾ ਅਮਰ ਧਾਲੀਵਾਲ ਪਿੱਛੇ ਦੁਨੀਆਂ ’ਚ? ਅਪਣਾ ਵੰਸ਼?
ਉਹਦੀ ਇੱਕ ਸਾਲ ਦੀ ਬੱਚੀ ਸ਼ਾਇਦ ਉਹਦੀ ਤਰ੍ਹਾਂ ਮੈਥ ’ਚ ਚੰਗੀ ਨਿਕਲੇ ਤੇ ਦੱਸ ਹਫਤਿਆਂ ਦਾ
ਭਰੂਣ ਸ਼ਾਇਦ ਫੁੱਟਬਾਲ ’ਚ ਦਿਲਚਸਪੀ ਨਾ ਲਏ, ਇਹੀ ਨਾ? ਦੁਰ ਫਿਟੇ ਮੂੰਹ ਤੇਰਾ ਅਮਰ! ਕੀ ਬਣ
ਸਕਦਾ ਸੀ... ਤੇ ਤੂੰ ਨਾ ਬਣਿਆ...
ਸਾਹਮਣੇ ਕਿਚਨ ਦੀ ਕੰਧ ਤੇ ਕਲਪਨਾ ਨੇ ਉਹਦੇ ਲਈ ਘਰ ਦੇ ਕੰਮਾਂ ਦੀ ਲਿਸਟ ਚਿਪਕਾਈ ਹੋਈ ਸੀ।
ਉਹਨੇ ਦੋ ਰੋਟੀਆਂ ਟੇਬਲ ’ਤੇ ਪਏ ਡੱਬੇ ’ਚੋਂ ਕੱਢੀਆਂ ਤੇ ਲਿਸਟ ਤੇ ਵਗਾਹ ਮਾਰੀਆਂ। ਲਿਸਟ
ਹੇਠ ਡਿੱਗ ਪਈ ਤੇ ਰੋਟੀਆਂ ਦਾ ਭੋਰਾ ਚੂਰਾ ਵੀ ਖਿੱਲਰ ਗਿਆ। ਕਲਪਨਾ ਕਿੰਨਾ ਕਲਪੇਗੀ ਇਹ ਦੇਖ
ਕੇ, ਸੋਚ ਉਸ ਨੂੰ ਹਾਸਾ ਆਇਆ। ਫੇਰ ਉਸ ਨੇ ‘ਕਿਰੇਨ’ਜ਼’ ਦਾ ਫ਼ੋਨ ਘੁਮਾਇਆ। ਕਮਾਲ ਹੀ ਹੋ
ਗਈ ਇਸ ਵਾਰ ਤਾਂ। ਇਹ ਤਾਂ ਅਸਲੀ ਜੀਂਦੀ ਜਾਗਦੀ ਆਵਾਜ਼ ਸੀ...
“ਆਈ ਨੋ, ਯੂ ਮਿੱਸ ਮੀ... ਵਾਨਾ ਕਮ ਓਵਰ?”
ਅਮਰ ਦਾ ਸਾਹ ਉੱਖੜ ਗਿਆ। ਉਹ ਹਕਲਾ ਕੇ ਬੱਸ ਐਨਾ ਹੀ ਕਹਿ ਸਕਿਆ, “ਬ.ਬ..ਬੱਟ, ਆਈ ਐਮ
ਮੈਰਿਡ”।
ਕਿਰਨ ਨੇ ਉਸ ਨੂੰ ਸੋਚਣ ਦਾ ਟਾਈਮ ਦਿੱਤਾ ਤੇ ਕਿਹਾ ਕਿ ਅਗਲੀ ਵਾਰ ਫ਼ੈਸਲਾ ਕਰਨ ਤੋਂ ਬਾਅਦ
ਹੀ ਫ਼ੋਨ ਕਰੇ। ਅਪਰਾਧ ਭਾਵਨਾ ਤਾਂ ਕਿਰਨ ਦੇ ਅੰਦਰ ਵੀ ਪੱਸਰੀ ਜਿਹਨੂੰ ਉਹਨੇ ਇਹ ਸੋਚ ਕੇ
ਕੁਚਲ ਦਿੱਤਾ ਕਿ ਜੇ ਉਹ ਅਪਣੀ ਵਾਈਫ਼ ਨੂੰ ਐਨਾ ਹੀ ਪਿਆਰ ਕਰਦਾ ਹੁੰਦਾ ਤਾਂ ਕੀ ਲੋੜ ਸੀ ਉਸ
ਨੂੰ ਦੱਸ ਵਾਰ ਉਹਦਾ ਨੰਬਰ ਘੁਮਾਉਣ ਦੀ। ਇਹ ਰਿਸ਼ਤਾ ਠੋਸ ਤਾਂ ਹੋ ਹੀ ਨਹੀਂ ਸਕਦਾ ਉਹਦਾ...
ਤਾਂ ਕਰਕੇ ਮੈਨੂੰ ਨ੍ਹੀ ਕੋਈ ਦੋਸ਼ ਦੇ ਸਕਦਾ।
ਉਸਨੇ ਅਪਣੇ ਬੈੱਡਰੂਮ ’ਚ ਮੋਮਬੱਤੀਆਂ ਜਗਾਈਆਂ। ਸਾਰਾ ਕਮਰਾ ਮੱਠੇ ਜਿਹੇ ਚਾਨਣ ਤੇ ਸੁਗੰਧ
ਨਾਲ ਭਰ ਗਿਆ। ਇੱਕ ਦੋ ਮੋਮਬੱਤੀਆਂ ਦੀ ਲਾਟ ’ਚੋਂ ਦੀ ਉਹਨੇ ਹੱਥ ਲੰਘਾ ਕੇ ਖੇਲ ਕੇ ਵੀ
ਦੇਖਿਆ।
ਫ਼ੋਨ ਫੇਰ ਖੜਕਿਆ।
ਦੋਹਾਂ ਦੀਆਂ ਗੱਲਾਂ ’ਚ ਕਿਤੇ ਕਿਤੇ ਚੁੱਪ, ਕਿਤੇ ਕਿਤੇ ਹਾਸਾ ਤੇ ਕਿਤੇ ਕਿਤੇ ਬਿਜਲੀ ਵਰਗੀ
ਝੁਣਝੁਣਾਹਟ... ਕਿਸੇ ਵਰਜਿਤ ਹੱਦ ਨੂੰ ਪਾਰ ਕਰਨ ਦਾ ਅਹਿਸਾਸ... ਅਮਰ ਨੂੰ ਆਖਰ ’ਚ ਇੱਕ
ਵਾਰ ਫੇਰ ‘ਮੋਮਬੱਤੀਆਂ ਦੇ ਦੇਸ’ ਦਾ ਬੁਲਾਵਾ।
ਕਲਪਨਾ ਬੈੱਡ ’ਚ ਬੈਠੀ ਵੀ ਅਪਣੇ ਲੈਪਟੌਪ ਤੇ ਅਗਲੇ ਦਿਨ ਦੇ ਕੰਮਾਂ ਦੀ ਲਿਸਟ ਬਣਾ ਰਹੀ ਸੀ
ਤੇ ਅਗਲੇ ਦਿਨ ਦਾ ਕੰਮ ਥੋੜ੍ਹਾ ਮੋਟਾ ਰਾਤ ਨੂੰ ਹੀ ਖ਼ਤਮ ਕਰ ਕੇ ਸੌਣਾ ਚਾਹੁੰਦੀ ਸੀ। “ਅਮਰ
ਨੇ ਤਾਂ ਨਾਈਟ ਸਿ਼ਫ਼ਟ ਲੈ ਲਈ ਐ ਹੁਣ, ਜੇ ਉਹ ਰਾਤ ਨੂੰ ਥੱਕ ਕੇ ਆਇਆ ਤਾਂ ਦਿਨੇ ਬੱਚੀ ਨੂੰ
ਕਿਵੇਂ ਸਾਂਭੇਗਾ? ਕੱਲ੍ਹ ਜਿਹੜੇ ਕੰਮ ਕਰਨ ਨੂੰ ਉਹਨੂੰ ਕਿਹਾ ਸੀ, ਉਹ ਵੀ ਨ੍ਹੀ ਹੋਏ ਉਹਦੇ
ਕੋਲੋਂ... ਪਤਾ ਨਹੀਂ ਕਿਉਂ ਐਨਾ ਆਲਸੀ ਐ। ਮੇਰੇ ਮੂਹਰੇ ਤਾਂ ਕੰਮ ਭੱਜਿਆ ਫਿਰਦੈ” ਇਹ
ਸੋਚਦੀ ਉਹ ਪਤਾ ਨਹੀਂ ਕਦੋਂ ਸੌਂ ਗਈ।
ਕਿਰਨ ਦੇ ਬੈੱਡਰੂਮ ’ਚ ਉਹ ਸ਼ਹਿਜ਼ਾਦਿਆਂ ਵਾਂਗ ਪੱਸਰਿਆ ਪਿਆ ਸੀ। ਅੱਧਖੁਲ੍ਹੀਆਂ ਜਿਹੀਆਂ
ਅੱਖਾਂ ਨਾਲ ਉਸ ਨੇ ਕਿਰਨ ਵੱਲ ਦੇਖਿਆ। ਸਵੇਰ ਦੇ ਚਾਰ ਵੱਜ ਚੁੱਕੇ ਸਨ ਤੇ ਕਲਪਨਾ ਤੋਂ ਬਾਅਦ
ਕਿਰਨ ਪਹਿਲੀ ਔਰਤ ਸੀ ਜਿਹਨੂੰ ਉਸਨੇ ਛੂਹ ਕੇ ਦੇਖਿਆ ਸੀ। ਬਹੁਤ ਚੰਗਾ ਲੱਗ ਰਿਹਾ ਸੀ
ਉਹਨੂੰ। ਕਿੱਥੇ ਹੁਣ ਕਲਪਨਾ ਦੀ ਕਮਰ ਜਿਹਦਾ ਹੁਣ ਕਮਰਾ ਬਣਿਆ ਪਿਆ ਸੀ ਤੇ ਕਿੱਥੇ ਕਿਰਨ ਦਾ
ਮੁੰਦਰੀ ਵਰਗਾ ਲੱਕ, ਛਮਕਛੱਲੋ! ਉਹਦੇ ਸੋਹਣੇ ਵਧਾਏ ਹੋਏ ਨਹੁੰ ਤੇ ਉਹਦੀ ਬੁੱਕਲ ਦਾ ਨਿੱਘ!!
ਖ਼ੁਸ਼ ਸੀ ਉਹ ਕਿ ਕਿਰਨ ਨੇ ਉਹਦੀ ਭਟਕਣ ਸ਼ਾਂਤ ਕਰ ਕੇ ਰੱਖ ਦਿੱਤੀ। ਦਿਲ ਦਿਮਾਗ ਦੇ ਕਿਸੇ
ਕੋਨੇ ’ਚ ਅਪਰਾਧ ਭਾਵਨਾ ਜਿਹੀ ਵੀ ਜਾਗੀ ਪਰ ਉਹਨੇ ਫਟਾਫਟ ਉਹ ਸਵਿੱਚ ਔਫ਼ ਕਰ ਲਿਆ।
ਹੁਣ ਉਹਨੂੰ ਅਪਣੀ ਹਰੇਕ ਰਾਤ ਘਰ ਦੇ ਤੇ ਬਾਹਰ ਦੇ ਕੰਮਾਂ ਦੀ ਫਿ਼ਕਰ ਕਰਦੇ ਗੁਜ਼ਾਰਨ ਦੀ
ਕੋਈ ਲੋੜ ਨਹੀਂ ਤੇ ਨਾ ਹੀ ਕਲਪਨਾ ਦੀਆਂ ਉਲਟੀਆਂ ਵਰਗੀ ਬੂਅ ਜਿਹੜੀ ਕਦੇ ਕਦੇ ਬੈੱਡ ’ਚੋਂ
ਵੀ ਆਉਣ ਲੱਗਦੀ ਹੈ, ਉਸ ’ਚ ਹਮੇਸ਼ਾਂ ਹੀ ਸੌਣ ਦੀ ਲੋੜ ਕਿਉਂਕਿ ਉਹ ਰਾਤ ਦੀ ਸਿ਼ਫਟ ਤੇ
‘ਕੰਮ’ ਤੇ ਜਾਣਾ ਸ਼ੁਰੂ ਕਰ ਦਿੱਤਾ ਹੈ ਤੇ ‘ਮੂਨਲਾਈਟ ਪਾਥ’ ਦੀਆਂ ਸੁਗੰਧਾਂ ’ਚ ਹਮੇਸ਼ਾਂ
ਮਦਹੋਸ਼ ਰਹੇਗਾ।
ਮਨ ਕਿਰਨ ਤੇ ਫਿ਼ਦਾ ਹੁੰਦਾ ਹੀ ਚਲਾ ਗਿਆ। ਹਫ਼ਤੇ ’ਚ ਕਈ ਰਾਤਾਂ ਮੋਮਬੱਤੀਆਂ ਦੇ ਨਿੱਘ ’ਚ
ਗੁਜ਼ਰਨ ਲੱਗੀਆਂ। ਕੰਮ ਦਾ ਭਾਰ ਟਾਈਮ ਸਿਰ ਨਾ ਹੋਣ ਕਰਕੇ ਹੋਰ ਵਧਦਾ ਗਿਆ।
ਕਲਪਨਾ ਦੋ ਕੁ ਮਹੀਨੇ ਬਾਅਦ ਕਿਸੇ ਬਿਜ਼ਨਸ ਮੀਟਿੰਗ ਲਈ ‘ਕਿਰੇਨ’ਜ਼ ਦੇ ਪਾਸੇ ਗਈ ਹੋਈ ਸੀ।
ਮੀਟਿੰਗ ਮੁਲਤਵੀ ਹੋ ਗਈ। ਹੁਣ ਉਹ ਕੀ ਕਰੇ? ਚੱਲੋ, ਕਿਰਨ ਨੂੰ ਦੇਖਦੇ ਆਂ ਕੀ ਕਰ ਰਹੀ ਹੈ?
“ਹੈਲੋ, ਹਾਊ ਆਰ ਯੂ” ਕਰਨਾ ਵੀ ਕਈ ਵਾਰ ਬਿਜ਼ਨਸ ਲਈ ਵਧੀਆ ਹੁੰਦਾ ਹੈ, ਸੋਚ ਉਹ ਅੰਦਰ ਵੜ
ਗਈ।
ਕਿਰਨ ਆਫਿਸ ’ਚ ਬੈਠੀ ਪ੍ਰੋਟੀਨ ਸ਼ੇਕ ਪੀ ਰਹੀ ਸੀ। ਹਲਕਾ ਜਿਹਾ ਸੰਗੀਤ ਫਿ਼ਜ਼ਾ ’ਚ ਰੰਗ
ਘੋਲ ਰਿਹਾ ਸੀ।
“ਮੌਰਨਿੰਗ, ਆਈ ਥੌਟ ਆਈ ਸ਼ੁੱਡ ਡਰੌਪ ਬਾਇ ਐਂਡ ਸੀ ਹਾਓ ਯੂ ਵਰ ਡੂਇੰਗ” ਕਲਪਨਾ ਅਪਣੇ
ਬਿਜ਼ਨਸ ਸੂਟ ’ਚ ਬੈਗ ਫੜੀ ਮੁਸਕਰਾਉਂਦੀ ਹੋਈ ਦਰਵਾਜ਼ੇ ਤੇ ਖੜੀ ਸੀ।
ਕਿਰਨ ਤੋਂ ਤਾਂ ਮੁਸਕਰਾਇਆ ਵੀ ਨਾ ਗਿਆ। ਹਾਲੇ ਦੋ ਕੁ ਹਫ਼ਤੇ ਤੋਂ ਹੀ ਉਹਨੂੰ ਪਤਾ ਲੱਗਾ ਸੀ
ਕਿ ਕਲਪਨਾ ਅਮਰ ਦੀ ਪਤਨੀ ਹੈ। ‘ਅੱਜ ਅਚਾਨਕ ਕਿਵੇਂ ਆ ਧਮਕੀ... ਓਹ ਮਾਈ ਗੌਡ... ਬੱਚਾ ਹੋਣ
ਵਾਲਾ ਐ? ਉਹਨੇ ਤਾਂ ਦੱਸਿਆ ਵੀ ਮੈਨੂੰ...’
“ਸਾਨੂੰ 2010 ਦੀਆਂ ਟੈਕਸ ਰਿਟਰਨ ਦੀਆਂ ਕਾਪੀਆਂ ਵੀ ਚਾਹੀਦੀਆਂ ਹੋਣਗੀਆਂ ਤੁਹਾਡੀ ਅਗਲੀ
ਬਿਜ਼ਨਸ ਪਲੈਨ ਲਿਖਣ ਲਈ” ਕਲਪਨਾ ਜਿਵੇਂ ਅਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਸੀ।
ਕਿਰਨ ਤਾਂ ਉਸ ਤੋਂ ਨਜ਼ਰ ਚੁਰਾਉਂਦੀ ਅਪਣੇ ਸ਼ੇਕ ਵਾਲੇ ਕੱਪ ਨੂੰ ਹੀ ਹੱਥਾਂ ’ਚ ਘੁਮਾਉਂਦੀ
ਰਹੀ ਜਾਂ ਫੇਰ ਅਪਣੇ ਚਿਹਰੇ ਤੇ ਡਿੱਗਦੀਆਂ ਜ਼ੁਲਫ਼ਾਂ ਨੂੰ ਪਿੱਛੇ ਕਰ ਲੈਂਦੀ। ਅਚਾਨਕ ਹੀ
ਉਸ ਦੀ ਨਜ਼ਰ ਕਿਰਨ ਦੇ ਖੱਬੇ ਹੱਥ ’ਚ ਪਾਏ ਕੜੇ ਤੇ ਪਈ। ਹੂ-ਬ-ਹੂ ਓਦਾਂ ਦਾ ਹੀ ਜਿੱਦਾਂ ਦਾ
ਅਮਰ ਨੇ ਉਹਨੂੰ ਜਨਮ ਦਿਨ ਤੇ ਦਿੱਤਾ ਸੀ।
“ਮੈਂ, ਮੈਂ ਕੋਈ ਹੋਰ ਫ਼ਰਮ ਲੱਭ ਲਈ ਹੈ ਅਪਣੇ ਅਕਾਊਂਟਸ ਲਈ... ਤੁਸੀਂ ਮੈਨੂੰ ਹੁਣ ਤੱਕ ਦਾ
ਬਣਦਾ ਬਿੱਲ ਭੇਜ ਦਿਓ” ਕਿਰਨ ਨੇ ਬੌਂਦਲੀ ਜਿਹੀ ਨੇ ਕਿਹਾ। ਕਲਪਨਾ ਹਾਲੇ ਵੀ ਉਹਦੇ ਸਾਹਮਣੇ
ਹੀ ਖੜੀ ਸੀ।
‘ਕੜਾ... ਜੋ ਮੇਰੇ ਲਈ ਸਪੈਸ਼ਲ ਬਣਵਾ ਕੇ ਲਿਆਇਆ ਸੀ ਓਹ, ਉਹਦੇ ’ਚ ਲੱਗੇ ਕੁਝ ਨੀਲਮ ਕਢਵਾ
ਕੇ ਰੁਬੀ ਲਗਵਾਏ ਸਨ ਉਹਨੇ... ਜਿਹੜੇ ਸਾਡੇ ਦੋਹਾਂ ਦੇ ‘ਬਰਥ ਸਟੋਨ’ ਨੇ... ਫੇਰ ਇਸ ਕੜੇ
ਤੇ ਓਹ ਕਿਵੇਂ ਲੱਗ ਗਏ?’ ਉਹਨੇ ਅਪਣੀ ਖੱਬੀ ਬਾਂਹ ਨੂੰ ਸੱਜੇ ਹੱਥ ਦੀਆਂ ਉਂਗਲਾਂ ਨਾਲ
ਠੋਰਿਆ। ਇੱਕ ਬੁਝਾਰਤ ਜਿਹੀ ਉਹਦੇ ਮਨ ’ਚੋਂ ਉੱਠ ਚਿਹਰੇ ਤੇ ਫੈਲ ਗਈ। ਕਿਉਂ ਨਾ ਸੁਆਲ ਕਰ
ਹੀ ਲਿਆ ਜਾਵੇ... ਟਾਲਣ ਦੀ ਕੀ ਲੋੜ ਹੈ?
“ਮੇਰੇ ਕੋਲ ਵੀ ਬਿਲਕੁਲ ਇਹਦੇ ਨਾਲ ਦਾ ਕੜਾ ਹੈ” ਕਹਿੰਦਿਆਂ ਕਲਪਨਾ ਦੀ ਉਂਗਲ ਤੀਰ ਵਾਂਗ
ਕੜੇ ਦੀ ਦਿਸ਼ਾ ’ਚ ਤੈਨਾਤ ਹੋ ਗਈ।
“ਮੇਰੇ ਹਸਬੈਂਡ ਨੇ ਮੈਨੂੰ ਜਨਮ ਦਿਨ ਤੇ ਬਣਵਾ ਕੇ ਦਿੱਤਾ ਸੀ ਪਰ ਮੈਂ ਪਾਇਆ ਕਦੇ ਨ੍ਹੀ।
ਕਿੱਥੇ ਪਾਈਆਂ ਜਾਂਦੀ ਐ ਜਿਊਲਰੀ ਜਦੋਂ ਰਹਿਣਾ ਤਾਂ ਸਾਰਾ ਦਿਨ ਆਫਿਸ ’ਚ ਹੀ ਹੋਇਆ” ਹੁਣ
ਉਹਦੀਆਂ ਅੱਖਾਂ ਵੀ ਤੁਹਮਤ ਨਾਲ ਭਰੀਆਂ ਪਈਆਂ ਸਨ।
ਕਿਰਨ ਨੇ ਤਾਂ ਚੁੱਪ ਹੀ ਵੱਟ ਲਈ।
ਬਾਅਦ ’ਚ ਉਹਨੇ ਅਪਣੇ ਆਪ ਨੂੰ ਬਥੇਰਾ ਕੋਸਿਆ ਕਿ ਕੁਝ ਤਾਂ ਕਹਿ ਦਿੰਦੀ ਉਹ ਜੁਆਬ ’ਚ ਜਿਵੇਂ
‘ਓਹ, ਇਹਦਾ ਮਤਲਬ ਅਪਣਾ ਜਿਊਲਰੀ ਡੀਜ਼ਾਈਨਰ ਵੀ ਲੱਗਦੈ ਇੱਕੋ ਐ... ਖ਼ੈਰ, ਉਹਨੇ ਮੇਰੇ ਫੱਕ
ਹੋਏ ਚਿਹਰੇ ਤੋਂ ਜਾਂ ਚੁੱਪ ਤੋਂ ਅਨੁਮਾਨ ਤਾਂ ਲਗਾ ਹੀ ਲਿਆ ਹੋਣੈ’ ਉਹਦੇ ਅੰਦਰੋਂ ਆਵਾਜ਼
ਆਈ ਪਰ ਉਹਦੀਆਂ ਅੱਖਾਂ ’ਚੋਂ ਕਿਰਦੀ ਅੱਗ ਅੱਗੇ ਜਿਵੇਂ ਉਹ ਰਾਖ ਦੀ ਢੇਰੀ ਜਿਹੀ ਬਣ ਗਈ ਸੀ।
“ਮੈਂ ਦਫ਼ਤਰ ਪਹੁੰਚਦੇ ਤੁਹਾਡਾ ਅਕਾਊਂਟ ਬੰਦ ਕਰ ਬਿੱਲ ਭੇਜਦੀ ਹਾਂ” ਕਹਿ ਕਲਪਨਾ ਨੇ ਬਿਨਾਂ
ਉਸ ਵੱਲ ਦੇਖੇ ਟਿੱਕ ਟਿੱਕ ਦੀ ਤਾਨ ’ਚ ਬਾਹਰ ਨੂੰ ਚਾਲੇ ਪਾ ਲਏ। ਬਥੇਰਾ ਉਹਨੇ ਅਪਣੇ ਆਪ
ਨੂੰ ਕਰਾਰ ਦਿੱਤਾ ਕਿ ਹਿਰਖ ਨੂੰ ਪਾਸੇ ਰੱਖ ਪਹਿਲਾਂ ਕੰਮ ਤੇ ਪਹੁੰਚੇ ਪਰ ਪੈਰ ਜੁਆਬ ਦਿੰਦੇ
ਉਹਨੂੰ ਸਾਹਮਣੇ ਇੱਕ ਸਟੋਰ ’ਚ ਲੈ ਵੜੇ।
“ਮੇਰਾ ਨਾਂ ਕਲਪਨਾ ਹੈ, ਪਲੀਜ਼ ਟੈਕਸੀ ਨੂੰ ਫ਼ੋਨ ਕਰ ਦਿਓ ਕਿਉਂਕਿ ਮੇਰਾ ਸਿਰ ਚਕਰਾ ਰਿਹਾ
ਹੈ” ਕਹਿੰਦਿਆਂ ਹੀ ਉਹ ਫਰਸ਼ ਤੇ ਡਿੱਗ ਪਈ।
ਰਾਤ ਦੀ ‘ਸਿ਼ਫਟ’ ਤੋਂ ਵਾਪਸ ਆ ਥੋੜ੍ਹਾ ਆਰਾਮ ਕਰ ਅਮਰ ਕਿਚਨ ਟੇਬਲ ਤੇ ਬੈਠਾ ਆਉਣ ਵਾਲੀ
ਰਾਤ ਬਾਰੇ ਸੋਚਦਾ ਇੱਕ ਡੂੰਘੇ ਸਕੂਨ ’ਚ ਉੱਤਰ ਚੁੱਕਾ ਸੀ।
ਫ਼ੋਨ ਦੀ ਘੰਟੀ ਵੱਜੀ –
“ਆਈ ਕੈਂਟ ਸੀ ਯੂ ਐਨੀ ਮੋਰ... ਪਹਿਲੀ ਗੱਲ ਤਾਂ ਆਪਾਂ ਨੂੰ ਇਹ ਕੁੱਤੇ ਕੰਮ ਕਰਨੇ ਹੀ ਨਹੀਂ
ਸੀ ਚਾਹੀਦੇ... ਚੱਲੋ ਇਟਸ ਨੈਵਰ ਟੂ ਲੇਟ... ਲੈਟਸ ਸਟੌਪ ਇਟ ਹੇਅਰ, ਬਾਏ”।
ਉਹਨੇ ਬੜੀਆਂ ਮਿੰਨਤਾਂ ਤਰਲੇ ਕੀਤੇ, ਲੜਖੜਾਇਆ, ਵਿਰੋਧ ਕੀਤਾ ਪਰ ਅੰਤ ’ਚ “ਬਾਏ ਦੈੱਂਨ”
ਕਹਿ ਜ਼ੋਰ ਦੀ ਰਿਸੀਵਰ ਵਾਪਸ ਸੈੱਟ ਤੇ ਮਾਰਿਆ। ਥੋੜ੍ਹੀ ਦੇਰ ਲਈ ਤਾਂ ਉਹ ਵੀ ਉਹਨੂੰ ਕਲਪਨਾ
ਵਰਗੀ ਲੱਗੀ... ਕਿਵੇਂ ਉਹ ਪੱਥਰ ਹੋ ਗਈ ਸੀ ਐਨੀ ਛੇਤੀ...
‘ਚੱਲੋ, ਚੰਗਾ ਹੀ ਹੋਇਆ। ਚੋਰਾਂ ਦੀ ਤਰ੍ਹਾਂ ਰਹਿਣਾ ਕਿਹੜਾ ਸੌਖੈ... ਜੇ ਕਿਤੇ ਫੜੇ ਜਾਂਦੇ
ਤਾਂ ਕੀ ਮੂੰਹ ਦਿਖਾਉਂਦਾ ਕਲਪਨਾ ਨੂੰ... ਵਧੀਆ ਹੋਇਆ... ਬਰੇਕ ਜਿਹੀ ਵੀ ਮਿਲ ਗਈ ਰੋਜ਼ ਦੇ
ਰੁਝਾਨ ਤੋਂ ਤੇ ਬਚਾਅ ਵੀ ਹੋ ਗਿਆ। ਉਹਨੇ ਆਪੇ ਤੋੜ ਦਿੱਤਾ, ਇਹ ਹੋਰ ਵੀ ਚੰਗਾ ਹੋਇਆ ਨਹੀਂ
ਤਾਂ ਖਹਿੜਾ ਛੁੜਾਉਣਾ ਔਖਾ ਹੋ ਜਾਂਦੈ ਕਈ ਵਾਰ। ਜੇ ਕਿਤੇ ਕਲਪਨਾ ਨੂੰ ਸੂਹ ਮਿਲ ਜਾਂਦੀ,
ਸਾਰੀ ਉਮਰ ਅੱਖਾਂ ਨੀਵੀਆਂ ਕਰਕੇ ਰਹਿਣਾ ਪੈਂਦਾ ਘਰ ’ਚ’।
ਮੂਹਰਲਾ ਦਰਵਾਜ਼ਾ ਖੁਲ੍ਹਿਆ ਤੇ ਠਾਹ ਕਰਕੇ ਬੰਦ ਹੋਇਆ। ਸ਼ਾਇਦ ਸਫ਼ਾਈਆਂ ਕਰਨ ਵਾਲੀ ਆ ਗਈ
ਹੈ। ਥੱਪ ਥੱਪ ਪੌੜੀਆਂ ਚੜ੍ਹਣ ਦੀ ਆਵਾਜ਼... ਬੈੱਡਰੂਮ ਦਾ ਦਰਵਾਜ਼ਾ ਥਾੜ੍ਹ ਬੰਦ ਹੋਣ ਦੀ
ਆਵਾਜ਼।
‘ਲਓ ਜੀ... ਅੱਜ ਸਫ਼ਾਈਆਂ ਕਰਨ ਵਾਲੀ ਵੀ ਘਰੋਂ ਲੜ ਕੇ ਆਈ ਲੱਗਦੀ ਐ...’ ਉਹ ਅਪਣੀ ਕੁਰਸੀ
’ਚ ਖਿਸਕਦਾ ਲੇਟ ਜਿਹਾ ਗਿਆ। ਪਰ ਜਿ਼ਹਨ ’ਚ ਹਾਲੇ ਵੀ ਉਹੀ ਬੈੱਡਰੂਮ, ਮੋਮਬੱਤੀਆਂ ਤੇ ਉਹੀ
ਛਮਕਛੱਲੋ...
ਉਪਰੋਂ ਆਉਣ ਵਾਲੀਆਂ ਆਵਾਜ਼ਾਂ ਹੋਰ ਵੀ ਉੱਚੀਆਂ ਹੋ ਗਈਆਂ। ਸ਼ਾਇਦ ਫਰਨੀਚਰ ਨੂੰ ਧੂਹ ਘੜੀਸ
ਕੇ ਹੇਠੋਂ ਸਾਫ਼ ਕਰ ਰਹੀ ਹੋਵੇ...
ਪਰ ਕਲਪਨਾ ਤਾਂ ਪਾਗਲਾਂ ਵਾਂਗ ਉਸ ਦੇ ਸਾਰੇ ਦਰਾਜ਼ ਪਟਕਾ ਕੇ ਸੁੱਟ ਰਹੀ ਸੀ। ਉਹਨੂੰ ਹੋਰ
ਸਬੂਤ ਵੀ ਚਾਹੀਦੇ ਸੀ ਅਮਰ ਦੀ ਬੇਵਫਾੲ਼ੀ ਦੇ... ਪਤਾ ਨਹੀਂ ਹੋਰ ਕਿੰਨੀਆਂ... ਕਿੱਥੇ ਤੇ
ਕਦੋਂ... ਵਰਗੇ ਸੁਆਲਾਂ ਦੀ ਹਨੇਰੀ ਝੁੱਲ ਚੁੱਕੀ ਸੀ ਉਸ ਦੇ ਅੰਦਰ। ਹਾਂ, ਕੜਾ ਜ਼ਰੂਰ
ਗ਼ਾਇਬ ਸੀ... ਉਹਨੂੰ ਹਰੇਕ ਚੀਜ਼ ਸਲੀਕੇ ਨਾਲ ਰੱਖਣ ਦੀ ਆਦਤ ਸੀ ਤੇ ਸਭ ਚੀਜ਼ਾਂ ਅਪਣੀ
ਜਗ੍ਹਾ ਤੇ ਹੋਣ ਦੇ ਬਾਵਜੂਦ ਕੜੇ ਨੂੰ ਜਿਵੇਂ ਜ਼ਮੀਨ ਨਿਗਲ ਗਈ ਹੋਵੇ।
ਹੁਣ ਉਹਨੇ ਉਹਦੀ ਪੈਂਟ ਦੀਆਂ ਸਾਰੀਆਂ ਜੇਬਾਂ ਫਰੋਲ ਮਾਰੀਆਂ, ਕੁਝ ਵੀ ਹੱਥ ਨਾ ਲੱਗਾ।
ਕਪੜਿਆਂ ਦੇ ਮੂਹਰੇ ਪਏ ਢੇਰ ’ਚ ਵੈਲੇਨਟਾਈਨ ਵਾਲੇ ਦਿਨ ਅਮਰ ਨੂੰ ਗਿਫ਼ਟ ਕੀਤੀਆਂ ਨਿੱਕਰਾਂ
ਉਹਨੇ ਚੁੱਕ ਕੇ ਬਾਹਰ ਮਾਰੀਆਂ ਤੇ ਫੁੱਟ ਫੁੱਟ ਕੇ ਰੋਣ ਲੱਗ ਪਈ।
ਕੁਝ ਹੋਰ ਕਰਨ ਹੀ ਲੱਗੀ ਸੀ ਕਿ ਉਹਦੀ ਨਿਗਾਹ ਅਮਰ ਦੇ ਬਰੀਫਕੇਸ ਤੇ ਪਈ। ਪਹਿਲਾਂ ਉਹਨੇ ਕਦੇ
ਉਹਨੂੰ ਹੱਥ ਵੀ ਨਹੀਂ ਸੀ ਲਾਇਆ। ਉੱਪਰ ਪਈ ਫ਼ਾਈਲ ਦੇ ਬਾਹਰ ਲਿਖਿਆ ਸੀ “ਪ੍ਰਾਈਮੈਰਿਕਾ
ਬਿਜ਼ਨਸ ਰਿਵੀਊ” ਪਰ ਖੋਲ੍ਹਣ ਤੇ ਉਹਦੇ ’ਚ ਕਿਰਨ ਦੀਆਂ ਫੋਟੋਆਂ ਦਾ ਢੇਰ।
ਇੱਕ ਵਾਰ ਫੇਰ ਉਹ ਚਕਰਾਉਂਦੇ ਸਿਰ ਨੂੰ ਫੜ ਡਿੱਗਦੀ ਡਿੱਗਦੀ ਬਚੀ। ਥੋੜ੍ਹਾ ਸੰਭਲ ਕੇ ਉਹ
ਪੌੜੀਆਂ ਉੱਤਰੀ ਤੇ ਜਦੋਂ ਕਿਚਨ ’ਚ ਦਾਖ਼ਲ ਹੋਈ ਤਾਂ ਅਮਰ ਨੇ ਹਾਲੇ ਉਹਨੂੰ ਦੇਖਿਆ ਨਹੀਂ
ਸੀ। ਪਹਿਲੀ ਪਲੇਟ ਠਾਹ ਕਰਕੇ ਦੀਵਾਰ ’ਚ ਵੱਜੀ ਤਾਂ ਉਹ ਤ੍ਰਭਕ ਕੇ ਉੱਠਿਆ। ਫੇਰ ਤਾਂ ਬੱਸ
ਕੁਝ ਹੀ ਪਲਾਂ ’ਚ ਕਿਚਨ ਟੁੱਟੇ ਹੋਏ ਗਿਲਾਸ, ਟਮਾਟਰ ਸੌਸ ਦੀਆਂ ਬੋਤਲਾਂ, ਟੁੱਟੇ ਆਂਡੇ ਤੇ
ਬੋਲਾਂ ਦੇ ਅੰਗਿਆਰ, ਮਾਫ਼ੀਆਂ ਦੀ ਮੰਗ ਦਾ ਗੜ੍ਹ ਬਣ ਗਈ।
“ਯੂ ਆਰ ਏ ਲਾਇਰ... ਅ ਚੀਟਰ” ਉਹ ਚੀਖੀ। ਗੁੱਸੇ ਦੇ ਭਾਂਬੜ ਉਹਦੀਆਂ ਅੱਖਾਂ ਨੂੰ ਪਾੜ ਕੇ
ਨਿਕਲਦੇ ਸਾਫ਼ ਦਿਖਾਈ ਦੇ ਰਹੇ ਸਨ।
“ਮੈਂ ਤੈਨੂੰ ਇੱਕ ਮਿੰਟ ਨਹੀਂ ਰੱਖਣਾ ਚਾਹੁੰਦੀ ਅਪਣੇ ਘਰ ’ਚ... ਕਾਰਾਂ, ਸ਼ੇਅਰ, ਕੈਸ਼,
ਘਰ, ਕਿਸੇ ਵੀ ਚੀਜ਼ ਵੱਲ ਤੂੰ ਦੇਖ ਵੀ ਨਹੀਂ ਸਕਦਾ। ਤੈਨੂੰ ਨਿੱਕਰ ’ਚ ਤੇਰੇ ਕਰਜ਼ੇ ਸਮੇਤ
ਘਰੋਂ ਕੱਢੂੰ...” ਗੁੱਸੇ ਨਾਲ ਉਸ ਨੂੰ ਗਸ਼ ਪੈਣ ਵਾਲੀ ਹੋ ਗਈ ਸੀ।
ਚਾਰੇ ਪਾਸੇ ਖ਼ੌਫ਼ਨਾਕ ਚੁੱਪ ਪੱਸਰ ਗਈ।
ਅਮਰ ਨੇ ਕੁਝ ਹਿੰਮਤ ਜੁਟਾ ਮੁਆਫ਼ੀ ਮੰਗੀ... ਮੰਗਦਾ ਰਿਹਾ ਥੋੜ੍ਹੀ ਥੋੜ੍ਹੀ ਦੇਰ ਬਾਅਦ ਪਰ
ਐਨੀ ਆਸਾਨੀ ਨਾਲ ਕਿਵੇਂ ਮਿਲ ਜਾਂਦੀ?
ਉਹ ਅਲੱਗ ਹੋ ਗਏ। ਛੇ ਮਹੀਨੇ ਮਾਫ਼ੀ ਮੰਗਣ ਦਾ ਦੌਰ ਚੱਲਿਆ ਪਰ ਉਹ ਓਦਾਂ ਹੀ ਰੁੱਖੀ ਤੇ
ਖਿੱਚੀ ਖਿੱਚੀ ਰਹੀ। ਆਖਰ ’ਚ ਪੂਰਾ ਸੱਚ ਕਲਪਨਾ ਨੂੰ ਦੱਸਣ ਤੋਂ ਬਾਅਦ ਕਿੰਨੀਆਂ ਹੀ
ਤਕਰਾਰਾਂ ਤੇ ਮੈਰਿਜ ਕਾਊਂਸਲਰਾਂ ਨਾਲ ਸੈਸ਼ਨ ਸ਼ੁਰੂ ਹੋ ਹੀ ਗਏ।
ਕਲਪਨਾ ਜਦੋਂ ਕਾਊਂਸਲਰ ਗਲੈਡਵੈੱਲ ਦੇ ਆਫਿਸ ’ਚ ਦਾਖਲ ਹੋਈ ਤਾਂ ਅਮਰ ਪਹਿਲਾਂ ਹੀ ਉੱਥੇ
ਬੈਠਾ ਸੀ। ਉਹ ਇੱਕ ਸਰਸਰੀ ਜਿਹੀ ਨਿਗਾਹ ਕਲਪਨਾ ਵੱਲ ਮਾਰ ਗਲੈਡਵੈੱਲ ਵੱਲ ਦੇਖਣ ਲੱਗਾ।
“ਤੁਸੀਂ ਅੱਜ ਕਲਪਨਾ ਨੂੰ ਕੀ ਕਹਿਣਾ ਚਾਹੁੰਦੇ ਹੋ ਅਮਰ?”
“ਸਰ, ਮੈਂ ਗਲਤੀ ਕੀਤੀ ਹੈ... ਵਿਸ਼ ਆਈ ਕੁੱਡ ਗੋ ਬੈਕ ਇਨ ਟਾਈਮ ਐਂਡ...” ਕਹਿੰਦੇ ਉਹ
ਭਾਵੁਕ ਹੋ ਗਿਆ।
ਕਲਪਨਾ ਨੇ ਕੁਰਸੀ ਤੇ ਬੈਠੇ ਅਪਣੇ ਆਪ ਨੂੰ ਠੀਕ ਜਿਹਾ ਕੀਤਾ ਤੇ ਰੋਹ ਨਾਲ ਉਹਦਾ ਚਿਹਰਾ ਲਾਲ
ਹੋ ਗਿਆ।
“ਮੁੱਠੀ ’ਚੋਂ ਕਿਰਦੀ ਰੇਤ ਵਾਂਗ ਹੌਲੀ ਹੌਲੀ ਨਿੱਘ ਤੇ ਅਪਣਾਪਨ ਸਾਡੇ ਵਿੱਚੋਂ ਅਲੋਪ ਹੋ
ਗਿਆ। ਕਲਪਨਾ ਨੇ ਕੰਮ ’ਚ ਹੀ ਅਪਣੇ ਆਪ ਨੂੰ ਇੰਨਾ ਕੁ ਡੁਬੋ ਲਿਆ ਕਿ ਕੋਈ ਗੱਲ ਬਾਤ, ਕੋਈ
ਸਲਾਹ, ਕੋਈ ਖੁਸ਼ੀ... ਕੁਝ ਵੀ ਸਾਂਝਾ ਹੋਣਾ ਬੰਦ ਹੋ ਗਿਆ... ਹਾਂ, ਬੱਚੀ ਹੈ ਜਿਸ ਨੇ
ਸਾਨੂੰ ਇੱਕ ਦੂਜੇ ਨਾਲ ਜੋੜੀ ਰੱਖਿਆ। ਪਿਛਲੇ ਛੇ ਮਹੀਨੇ ਤਾਂ ਮੇਰੇ ਲਈ ਇਕੱਲਿਆਂ ਜੀਣੇ ਘੋਰ
ਨਰਕ ਦੀ ਤਰ੍ਹਾਂ ਸਨ। ਮੈਂ ਬੜੀ ਸਿ਼ੱਦਤ ਨਾਲ ਮਹਿਸੂਸ ਕੀਤਾ ਕਿ ਮੈਂ ਕਿੰਨਾ ਜੁੜਿਆ ਹੋਇਆ
ਹਾਂ ਅਪਣੇ ਪਰਿਵਾਰ ਨਾਲ... ਬਹੁਤ ਸੋਚਿਆ ਅਪਣੇ ਸੁਭਾਅ ਬਾਰੇ, ਅਪਣੀਆਂ ਹਰਕਤਾਂ ਬਾਰੇ ਤੇ
ਅਪਣੀ ਬੱਚੀ ਬਾਰੇ...ਕਲਪਨਾ ਬਾਰੇ। ਮੈਂ ਨਹੀਂ ਰਹਿ ਸਕਾਂਗਾ ਅਪਣੀ ਫੈਮਿਲੀ ਤੋਂ ਬਿਨਾਂ”
ਕਹਿੰਦਿਆਂ ਉਸ ਨੀਵੀਂ ਪਾ ਲਈ।
ਕਲਪਨਾ ਨੇ ਇੱਕ ਲੱਤ ਦੂਜੀ ’ਤੇ ਰੱਖ ਅਪਣੇ ਪੈਰ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ’ਤੇ
ਬੋਲੀ, “ਮੇਰੇ ਨਾਲ ਗੱਲ ਤਾਂ ਕਰਨੀ ਬਣਦੀ ਸੀ ਕਿ ਨਹੀਂ?”
“ਜਦੋਂ ਘਰ ’ਚ ਮੇਰੀ ਕਿਸੇ ਗੱਲ ਦਾ ਮੁੱਲ ਹੀ ਨਹੀਂ, ਸਭ ਓਪਰਾ ਓਪਰਾ ਲੱਗੇ ਤਾਂ ਕਿਸ ਨਾਲ
ਕਰਦਾ ਮੈਂ ਗੱਲ?”
ਗਲੈਡਵੈੱਲ ਨੇ ਅਪਣੇ ਪੈੱਨ ਨਾਲ ਫ਼ਾਈਲ ’ਚ ਕੁਝ ਝਰੀਟਿਆ ਤੇ ਦੋਹਾਂ ਨੂੰ ਕਹਿਣ ਲੱਗਾ, “ਯੂ
ਸਟਿੱਲ ਮੇਕ ਅ ਵੰਡਰਫੁੱਲ ਕੱਪਲ, ਮੇਰੇ ਖਿਆਲ ਨਾਲ ਅਮਰ ਦਾ ਪਸ਼ਚਾਤਾਪ ਸੱਚਾ ਹੈ ’ਤੇ ਜੇ
ਕਲਪਨਾ ਤੈਨੂੰ ਵੀ ਇਸੇ ਤਰ੍ਹਾਂ ਮਹਿਸੂਸ ਹੋਇਆ ਹੋਵੇ ਤਾਂ ਛੇਤੀ ਹੀ ਆਪਾਂ ਅੱਜ ਦਾ ਸੈਸ਼ਨ
ਖ਼ਤਮ ਕਰ ਸਕਦੇ ਹਾਂ”।
“ਸੋ, ਵੱਟ ਡੂ ਯੂ ਵਾਂਟ?” ਕਲਪਨਾ ਨੇ ਸੁਆਲੀਆ ਨਜ਼ਰਾਂ ਨਾਲ ਉਸ ਵੱਲ ਤੱਕਿਆ।
“ਜਸਟ ਵੱਨ ਮੋਰ ਚਾਂਸ” ਅਮਰ ਨੇ ਬੜੀ ਧੀਮੀ ਜਿਹੀ ਆਵਾਜ਼ ’ਚ ਕਿਹਾ।
ਕਲਪਨਾ ਅੰਦਰੋਂ ਅੰਦਰ ਆਪ ਵੀ ਪਤਾ ਨਹੀਂ ਕਿੰਨੀ ਕੁ ਉਦਾਸੀ ਦਾ ਸਿ਼ਕਾਰ ਹੋ ਗਈ ਸੀ ਜਦੋਂ
ਤੋਂ ਉਸ ਦਾ ਘਰ ਟੁੱਟਿਆ ਸੀ। ਬਹੁਤੀ ਵਾਰ ਦੋਸ਼ੀ ਹੋਣ ਦਾ ਅਹਿਸਾਸ ਵੀ ਉਸ ਨੂੰ ਟੁੰਬਦਾ ਕਿ
ਸ਼ਾਇਦ ਉਹਦੇ ਪੈਰੋਂ ਹੀ ਇਹ ਸਭ ਹੋਇਆ।
‘ਬੱਚਿਆਂ ਨੂੰ ਕਿਵੇਂ ਸਮਝਾਏਗੀ ਉਹ ਕਿ ਕੀ ਹੋਇਆ ’ਤੇ ਕਿਉਂ ਉਹਦੇ ਬੱਚੇ ਬਿਨਾਂ ਬਾਪ ਦੇ
ਪਲਣ ਤੇ ਵੱਡੇ ਹੋਣ, ਕੀ ਦੋਸ਼ ਹੈ ਉਹਨਾਂ ਦਾ?’ ਇਹ ਸੋਚ ਉਹ ਬੋਲੀ,
“ਮੇ ਬੀ, ਵੀ ਵਿੱਲ ਟੇਕ ਵੱਨ ਡੇਅ ਐਟ ਏ ਟਾਈਮ”
ਅਮਰ ਦੇ ਚਿਹਰੇ ਤੇ ਰੰਗ ਵਾਪਸ ਪਰਤ ਆਇਆ। ਉਹਨੇ ਜੇ ਹਾਂ ਨਹੀਂ ਕੀਤੀ ਤਾਂ ਨਾਂਹ ਵੀ ਤਾਂ
ਨਹੀਂ ਕੀਤੀ...
ਵੱਨ ਡੇਅ ਐਟ ਏ ਟਾਈਮ ਦੁਹਰਾਉਂਦਾ ਉਹ ਉੱਠ ਖੜਾ ਹੋਇਆ ਤੇ ਕਲਪਨਾ ਨੂੰ ਸਹਾਰਾ ਦੇ ਕੇ
ਉਠਾਇਆ।
ਗਲੈਡਵੈੱਲ ਉਨ੍ਹਾਂ ਨੂੰ ਦੂਰ ਤੱਕ ਜਾਂਦੇ ਤੱਕਦਾ ਰਿਹਾ।
-0-
|