Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਮੇਰੀ ਖੇਡ ਵਾਰਤਾ ਦੀ ਵਾਰਤਾ

 

- ਪ੍ਰਿੰ. ਸਰਵਣ ਸਿੰਘ

ਰਾਣੀ ਜਿੰਦ ਕੋਰ ਇੰਗਲੈਂਡ ਵਿਚ

 

- ਹਰਜੀਤ ਅਟਵਾਲ

ਸਵਰਨ ਚੰਦਨ, ਦਰਸ਼ਨ ਗਿੱਲ ਤੇ ਗੋਰੀਆ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਲਿਖੀ-ਜਾ-ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ / ਪਾਨੀਪਤ ਦੀ ਪਹਿਲੀ ਲੜਾਈ

 

- ਇਕਬਾਲ ਰਾਮੂਵਾਲੀਆ

ਸਦੀ ਪੁਰਾਣੀ ਰਹਿਤਲ ਦੀਆਂ ਝਲਕਾਂ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ ਇਸ ਅੰਗੂਰ ਕੀ ਬੇਟੀ ਨੇ!

 

- ਐਸ ਅਸ਼ੋਕ ਭੌਰਾ

ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਟੇਕ ਮੀ ਬੈਕ

 

- ਗੁਰਮੀਤ ਪਨਾਗ

ਜੁਗਨੂੰ

 

- ਸੁਰਜੀਤ

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ

 

- ਹਰਮੰਦਰ ਕੰਗ

ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼

 

- ਡਾ. ਜਗਮੇਲ ਸਿੰਘ ਭਾਠੂਆਂ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਨਹੀਂ ਤਾਂ ਲੋਕ ਗੀਤ ਮਰ ਜਾਣਗੇ !

 

- ਬੇਅੰਤ ਗਿੱਲ ਮੋਗਾ

ਭਾਸ਼ਾ ਦਾ ਸਾਮਰਾਜਵਾਦ

 

- ਨਗੂਗੀ ਵਾ ਥਯੋਂਗੋਂ

ਗਜ਼ਲ (ਦੁਖਾਂ ਤੋਂ ਹਾਂ ਕੋਹਾਂ ਦੂਰ)

 

- ਮਲਕੀਅਤ “ਸੁਹਲ”

 ਗ਼ਜ਼ਲ

 

- ਅਜੇ ਤਨਵੀਰ

ਪੈਰਾਂ ਦੇ ਨਿਸ਼ਾਨ

 

- ਬਰਜਿੰਦਰ ਗੁਲਾਟੀ

ਦੋ ਗੀਤ

 

- ਅਮਰੀਕ ਮੰਡੇਰ

ਨਾਮ ਵਿੱਚ ਕੀ ਰਖਿਆ ਹੈ ?

 

- ਗੁਲਸ਼ਨ ਦਿਆਲ

ਰਾਜਨੀਤੀ ਬਨਾਮ ਕਦਰਾਂ

 

- ਕੁਲਜੀਤ ਮਾਨ

ਨੇਕੀ ਦੀ ਬਦੀ ’ਤੇ ਜਿੱਤ? ਬਾਰੇ ਇਕ ਪ੍ਰਤੀਕਰਮ

 

- ਸਾਧੂ ਬਿਨਿੰਗ

 ਹੁੰਗਾਰੇ
 

Online Punjabi Magazine Seerat

ਨੇਕੀ ਦੀ ਬਦੀ ’ਤੇ ਜਿੱਤ? ਬਾਰੇ ਇਕ ਪ੍ਰਤੀਕਰਮ
- ਸਾਧੂ ਬਿਨਿੰਗ

 

ਸੀਰਤ ਦੇ ਫਰਵਰੀ ਅੰਕ ਵਿਚ ਛਪੀ ਜਸਵਿੰਦਰ ਸੰਧੂ ਦੀ ਕਹਾਣੀ 'ਨੇਕੀ ਦੀ ਬਦੀ ’ਤੇ ਜਿੱਤ?' ਪੜ੍ਹਨ ਦਾ ਮੌਕਾ ਮਿਲਿਆ। ਸੀਰਤ ਦੇ ਬਾਕੀ ਅੰਕਾਂ ਵਾਂਗ ਇਸ ਅੰਕ ਵਿਚ ਵੀ ਪੜ੍ਹਨ ਵਾਲੀ ਬਹੁਤ ਦਿਲਚਸਪ ਸਮੱਗਰੀ ਸ਼ਾਮਲ ਹੈ, ਖਾਸ ਕਰ ਨ੍ਰਿਪਇੰਦਰ ਰਤਨ ਜੀ ਦਾ ਪੰਜਾਬੀ ਭਾਸ਼ਾ ਬਾਰੇ ਲੇਖ। ਜਸਵਿੰਦਰ ਦੇ ਨਾਂਅ ਥੱਲੇ ਛਪੀ ਕਹਾਣੀ ਵਲ ਧਿਆਨ ਇਸ ਕਰਕੇ ਗਿਆ ਕਿ ਪਹਿਲਾਂ ਉਹਦੇ ਕਈ ਲੇਖ ਪੜ੍ਹੇ ਹਨ ਤੇ ਮੈਨੂੰ ਉਹਦੀ ਵਿਗਿਆਨਕ ਸੂਝ ਅਕਸਰ ਪ੍ਰਭਾਵਿਤ ਕਰਦੀ ਹੈ। ਕਹਾਣੀ ਦੇ ਪੱਖੋਂ ਭਾਵੇਂ ਨਾ ਸਹੀ, ਪਰ ਵਿਚਾਰਾਂ ਪੱਖੋਂ 'ਨੇਕੀ ਦੀ ਬਦੀ ’ਤੇ ਜਿੱਤ?' ਨੇ ਵੀ ਨਿਰਾਸ਼ ਨਹੀਂ ਕੀਤਾ। ਸ਼ੁਰੂ ਸ਼ੁਰੂ ਵਿਚ ਤਾਂ ਕਹਾਣੀ ਪੱਖੋਂ ਵੀ ਵਧੀਆ ਲੱਗੀ ਖਾਸ ਕਰ ਬਾਬੇ ਪੋਤੇ ਦੀ ਨੇੜਤਾ ਦਰਸਾਉਂਦਾ ਬਿਰਤਾਂਤ ਤੇ ਸੰਵਾਦ। ਜਸਵਿੰਦਰ ਵਲੋਂ ਬਾਬੇ ਰਾਹੀਂ ਬੱਚਿਆਂ ਨੂੰ ਡੰਡੇ ਨਾਲੋਂ ਪਿਆਰ ਨਾਲ ਪਾਲਣ ਦੀ ਸਿਫਾਰਿਸ਼ ਵਾਲੀ ਗੱਲ ਚੰਗੀ ਲੱਗੀ। ਬੱਚੇ ਨੂੰ ਮੁੱਢਲੀ ਸਿੱਖਿਆ ਉਸ ਦੀ ਮਾਂ ਬੋਲੀ ਵਿਚ ਦੇਣ ਦਾ ਵਿਚਾਰ ਪੜ੍ਹ ਕੇ ਇਸ ਕਹਾਣੀ ਵਿਚ ਮੇਰੀ ਦਿਲਚਸਪੀ ਵਧ ਗਈ।
ਇਹ ਠੀਕ ਹੈ ਕਿ ਹੌਲੀ ਹੌਲੀ ਵਿਚਾਰ ਜ਼ਿਆਦਾ ਹਾਵੀ ਹੋ ਗਏ ਤੇ ਕਹਾਣੀ ਸਾਹਿਤਕ ਪੱਖੋਂ ਕਮਜ਼ੋਰ ਪੈ ਗਈ। ਪਰ ਮੈਂ ਇਸ ਕਹਾਣੀ ਨੂੰ ਜੀਅ ਆਇਆਂ ਇਸ ਕਰਕੇ ਆਖ ਰਿਹਾ ਹਾਂ ਕਿ ਪੰਜਾਬੀ ਵਿਚ ਇਸ ਕਿਸਮ ਦੀਆਂ ਕਹਾਣੀਆਂ ਏਨੀਆਂ ਨਹੀਂ ਲਿਖੀਆਂ ਜਾ ਰਹੀਆਂ ਜੋ ਕਿਸੇ ਵਿਚਾਰ ’ਤੇ ਧਿਆਨ ਕੇਂਦਰਤ ਕਰਕੇ ਲਿਖੀਆਂ ਗਈਆਂ ਹੋਣ। ਬਹੁਤੀ ਅਜੋਕੀ ਪੰਜਾਬੀ ਕਹਾਣੀ, ਮੇਰੀ ਜਾਚੇ, ਪੂੰਜੀਵਾਦ ਤੇ ਉਸ ਤੋਂ ਅੱਗੇ ਵਿਸ਼ਵੀਕਰਨ ਦੇ ਮਨੁੱਖੀ ਰਿਸ਼ਤਿਆਂ ਉੱਪਰ ਪੈ ਰਹੇ ਮਾਰੂ ਅਸਰਾਂ ਬਾਰੇ ਹੈ। ਮੈਂ ਇਹ ਗੱਲ ਆਲੋਚਨਾ ਵਜੋਂ ਨਹੀਂ ਸਗੋਂ ਸਿਫਤ ਵਜੋਂ ਕਹਿ ਰਿਹਾ ਹਾਂ। ਇਹ ਚੰਗੀ ਗੱਲ ਹੈ ਕਿ ਪੰਜਾਬੀ ਸਾਹਿਤ ਅਜੋਕੇ ਜੀਵਨ ਬਾਰੇ ਹੈ। ਪੰਜਾਬੀ ਸਾਹਿਤਕਾਰ, ਖਾਸ ਕਰ, ਗਲਪ (ਫਿਕਸ਼ਨ) ਲਿਖਣ ਵਾਲੇ, ਆਪਣੇ ਸਮਾਜ ਦੇ ਨਾਲ ਨਾਲ ਚੱਲ ਰਹੇ ਹਨ, ਇਸ ਦਾ ਦਰਦ ਮਹਿਸੂਸਦੇ ਵੀ ਹਨ ਅਤੇ ਉਸ ਨੂੰ ਸਾਹਿਤ ਵਿਚ ਅੰਕਤਿ ਵੀ ਕਰ ਰਹੇ ਹਨ। ਪਰ ਇਹ ਗੱਲ ਰੜਕਦੀ ਜ਼ਰੂਰ ਹੈ ਕਿ ਪੰਜਾਬੀ ਕਹਾਣੀ ਦੇ ਵਿਸ਼ਿਆਂ ਵਿਚ ਉਨੀ ਭਿੰਨਤਾ ਨਹੀਂ ਹੈ ਜਿੰਨੀ ਸ਼ਾਇਦ ਹੋਣੀ ਚਾਹੀਦੀ ਹੈ, ਜਾਂ ਘੱਟੋ ਘੱਟ ਮੈਨੂੰ ਇਸ ਤਰ੍ਹਾਂ ਜ਼ਰੂਰ ਲਗਦਾ ਹੈ। ਇਸ ਪੱਖੋਂ ਦੇਖਿਆਂ ਮੈਨੂੰ ਜਸਵਿੰਦਰ ਦੀ ਇਹ ਕਹਾਣੀ ਇਕ ਚੰਗੀ ਕੋਸ਼ਿਸ਼ ਲੱਗੀ ਹੈ।
ਇਸ ਕਹਾਣੀ ਵਿਚ ਜਸਵਿੰਦਰ ਨੇ ਮੁੱਖ ਤੌਰ ’ਤੇ ਇਹ ਸਵਾਲ ਉਠਾਇਆ ਹੈ ਕਿ ਸਾਡੇ ਆਮ ਵਿਸ਼ਵਾਸ ਮੁਤਾਬਕ ਕੀ ਸੱਚ ਮੁੱਚ ਨੇਕੀ ਦੀ ਬਦੀ ’ਤੇ ਜਿੱਤ ਹੁੰਦੀ ਹੈ? ਕਹਾਣੀ ਰਾਹੀਂ ਉਹ ਇਸ ਸਵਾਲ ਦਾ ਜਵਾਬ ਇਹ ਦਿੰਦਾ ਹੈ ਕਿ ਅਸਲ ਵਿਚ ਨੇਕੀ ਨਹੀਂ ਸਗੋਂ ਬਦੀ ਜਿੱਤਦੀ ਹੈ। ਆਪਣੀ ਇਸ ਗੱਲ ਦੇ ਸਬੂਤ ਵਜੋਂ ਲੇਖਕ ਹੋਰ ਉਦਾਹਰਣਾਂ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ ਤੇ ਚੇ ਗੁਵਾਰਾ ਵਲੋਂ ਨੇਕੀ ਲਈ ਕੀਤੀ ਲੜਾਈ ਅਤੇ ਅੰਤ ਵਿਚ ਹੋਈ ਉਨ੍ਹਾਂ ਦੀ 'ਹਾਰ' ਪੇਸ਼ ਕਰਦਾ ਹੈ। ਖੁਦ ਭਗਤ ਸਿੰਘ ਤੇ ਗੁਰੂ ਗੋਬਿੰਦ ਸਿੰਘ ਕਹਾਣੀ ਦੇ ਪਾਤਰ ਜਰਨੈਲ ਸਿੰਘ ਦੇ ਸੁਪਨੇ ਵਿਚ ਆ ਕੇ ਇਹ ਗੱਲ ਕਹਿੰਦੇ ਹਨ - ਸ਼ਹੀਦ ਭਗਤ ਸਿੰਘ ਨੇ ਬਾਬੇ ਨੂੰ ਕਿਹਾ “ਜਰਨੈਲ ਸਿੰਘ ਜੀ, ਸੁਕੀਰਤ ਠੀਕ ਤਾਂ ਕਹਿੰਦੈ, ਅਸੀਂ ਕਿੱਥੇ ਜਿੱਤ ਸਕੇ ਸੀ ਕੁਕਰਮੀ ਅੰਗਰੇਜ਼ਾਂ ਤੋਂ?”। ਏਸੇ ਤਰ੍ਹਾਂ - “ਫੇਰ ਘੋੜੇ ਤੇ ਸਵਾਰ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ “ਤੇਰਾ ਪੋਤਾ ਠੀਕ ਹੀ ਕਹਿੰਦੈ, ਅਸੀਂ ਧਰਮ ਦੀ ਲੜਾਈ ਲੜੀ ਪਰ ਸਭ ਕੁੱਝ ਬਿੱਖਰ ਗਿਆ। ਸਭ ਸਿੰਘ ਸਾਥੀ ਸ਼ਹੀਦ ਹੋ ਗਏ ਅਤੇ ਪਰਵਾਰ ਵਿੱਛੜ ਗਿਆ ਸੀ”। ਅਖੀਰ ਵਿਚ ਬਾਬੇ ਦੇ ਕਤਲ ਤੋਂ ਬਾਅਦ ਸੁਕੀਰਤ ਨੇ ਆਪਣੇ ਬਾਪ ਨੂੰ ਜਦੋਂ ਕਿਹਾ ਕਿ “ਪਾਪਾ, ਐਵੇਂ ਕਹਿੰਦੇ ਨੇ ਨੇਕੀ ਦੀ ਬਦੀ ਤੇ ਜਿੱਤ ਹੁੰਦੀ ਹੈ, ਹਰ ਵਾਰ ਤਾਂ ਬਦੀ ਜਿੱਤਦੀ ਹੈ।” “ਹਾਂ ਪੁੱਤ” ਤੋਂ ਜਿਆਦਾ ਸਰਬਜੀਤ ਕੁੱਝ ਨਾ ਕਹਿ ਸਕਿਆ ਅਤੇ ਉਸਦਾ ਗਲ਼ ਭਰ ਆਇਆ”।
ਕੀ ਲੇਖਕ ਦਾ ਇਹ ਵਿਚਾਰ ਠੀਕ ਹੈ? ਕੀ ਨੇਕੀ ਨਹੀਂ ਸਗੋਂ ਹਰ ਵਾਰ ਬਦੀ ਹੀ ਜਿੱਤਦੀ ਹੈ? ਕੀ ਉਹਦੀ ਇਹ ਗੱਲ ਮੰਨ ਲਈ ਜਾਵੇ?
ਨਹੀਂ! ਮੈਂ ਜਸਵਿੰਦਰ ਦੇ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਨਹੀਂ।
ਇਹ ਗੱਲ ਸ਼ਾਇਦ ਛੋਟੇ ਪੱਧਰ ’ਤੇ ਵਾਪਰ ਸਕਦੀ ਹੈ। ਉਦਾਹਰਣ ਵਜੋਂ, ਪਿੰਡ ਵਿਚ ਦੋ ਆਮ ਵਿਅਕਤੀਆਂ ਦੀ ਲੜਾਈ, ਜਿਹਦੇ ਵਿਚ ਇਕ ਵਿਅਕਤੀ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਤੇ ਦੂਜਾ ਮਾੜਾ ਹੋ ਸਕਦਾ ਹੈ, ਵਿਚ ਸੰਭਵ ਹੈ ਕਿ ਮਾੜਾ ਬੰਦਾ ਚੰਗੇ ਨੂੰ ਮਾਰ ਜਾਵੇ ਤਾਂ ਇਸ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਬਦੀ ਦੀ ਨੇਕੀ ’ਤੇ ਜਿੱਤ ਹੋ ਗਈ। ਪਰ ਜੇ ਗੱਲ ਵੱਡੀ ਪੱਧਰ ’ਤੇ ਚਲਦੀਆਂ ਸਮਾਜਿਕ ਲਹਿਰਾਂ ਦੀ ਹੋਵੇ ਤਾਂ ਲੇਖਕ ਦੀ ਗੱਲ ਕਿਸੇ ਤਰ੍ਹਾਂ ਸਹੀ ਨਹੀਂ ਜਾਪਦੀ। ਮੇਰੇ ਵਿਚਾਰ ਵਿਚ ਜਸਵਿੰਦਰ ਦੀ ਪਹੁੰਚ ਵਿਚ ਨੁਕਸ ਇਹ ਹੈ ਕਿ ਏਥੇ ਉਹ ਨੇਕੀ ਤੇ ਬਦੀ ਦੀ ਲੜਾਈ ਨੂੰ ਵਿਅਕਤੀ (ਗੁਰੂ ਗੋਬਿੰਦ ਸਿੰਘ, ਭਗਤ ਸਿੰਘ ਤੇ ਚੇਅ ਗੁਵਾਰਾ) ਦੀ ਪੱਧਰ ’ਤੇ ਰੱਖ ਕੇ ਹੀ ਦੇਖ ਰਿਹਾ ਹੈ। ਉਦਾਹਰਣਾਂ ਵਿਚ ਆਏ ਇਨ੍ਹਾਂ ਵਿਅਕਤੀਆਂ ’ਚੋਂ ਇਹ ਕਿਸੇ ਦੀ ਵੀ ਜਾਤੀ ਲੜਾਈ ਨਹੀਂ ਸੀ ਤੇ ਨਾ ਹੀ ਇਹ ਇਕੱਲੇ ਇਸ ਲੜਾਈ ਵਿਚ ਰੁੱਝੇ ਹੋਏ ਸਨ। ਇਹ ਸਮਾਜ ਦੀ ਬੇਹਤਰੀ ਲਈ ਸਮਾਜ ਵਲੋਂ ਲੜੀ ਜਾ ਰਹੀ ਲੜਾਈ ਸੀ ਜਿਸ ਵਿਚ ਸਮਾਜ ਦੇ ਹੋਰ ਲੋਕ ਵੀ ਸ਼ਾਮਲ ਸਨ। ਇਹ ਵਿਅਕਤੀ ਵੱਡੀ ਲੜਾਈ ਦਾ ਛੋਟਾ ਹਿੱਸਾ ਸਨ। ਇਨ੍ਹਾਂ ਵਿਅਕਤੀਆਂ ਦਾ ਕਤਲ, ਫਾਂਸੀ ਜਾਂ ਮੌਤ ਕਿਸੇ ਤਰ੍ਹਾਂ ਵੀ ਇਸ ਗੱਲ ਦਾ ਸੰਕੇਤ ਨਹੀਂ ਕਿ ਇਨ੍ਹਾਂ ਦੀ ਲੜਾਈ ਵਿਚ ਹਾਰ ਹੋਈ। ਦਿਲਚਸਪੀ ਦੀ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਹੀ ਵਿਅਕਤੀਆਂ ਦੀ ਮੌਤ ਉਨ੍ਹਾਂ ਦੀਆਂ ਲਹਿਰਾਂ ਲਈ ਵੱਡੀ ਜਿੱਤ ਸੀ। ਗੁਰੂ ਗੋਬਿੰਦ ਸਿੰਘ ਵਲੋਂ ਲੋਕਾਂ ਵਿਚ ਇਕ ਨਵੀਂ ਰੂਹ ਫੂਕੀ ਗਈ, ਉਨ੍ਹਾਂ ਵਿਚ ਨਵਾਂ ਸਵੈ-ਭਰੋਸਾ ਪੈਦਾ ਕੀਤਾ ਗਿਆ। ਇਸ ਤਬਦੀਲੀ ਨੂੰ ਸ਼ਾਇਦ ਏਨਾ ਵੱਡਾ ਹੁੰਗਾਰਾ ਨਾ ਮਿਲਦਾ ਜੇ ਇਸ ਲੜਾਈ ਵਿਚ ਖੁਦ ਗੁਰੂ ਗੋਬਿੰਦ ਸਿੰਘ ਤੇ ਉਸਦਾ ਪਰਿਵਾਰ ਸ਼ਾਮਿਲ ਨਾ ਹੁੰਦੇ। ਉਨ੍ਹਾਂ ਦੀ ਆਪਣੀ ਉਦਾਹਰਣ ਨੇ ਲੋਕਾਂ ਵਿਚ ਜੋ ਹੱਕ ਤੇ ਸੱਚ ਲਈ ਲੜਨ ਦੀ ਹਿੰਮਤ ਪੈਦਾ ਕੀਤੀ ਉਹ ਅਜੇ ਤੱਕ ਕਾਇਮ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਜਿੱਤ ਦੀ ਨਿਸ਼ਾਨੀ ਹੈ ਨਾ ਕਿ ਹਾਰ ਦੀ। ਏਸੇ ਤਰ੍ਹਾਂ ਭਗਤ ਸਿੰਘ ਤੇ ਚੇਅ ਗੁਵਾਰਾ ਦੀਆਂ ਉਦਾਹਰਣਾਂ ਹਨ ਕਿ ਉਨ੍ਹਾਂ ਦੀਆਂ ਮੌਤਾਂ ਨਾਲ ਉਨ੍ਹਾਂ ਦੀਆਂ ਸਮਾਜਿਕ ਲਹਿਰਾਂ ’ਤੇ ਕੀ ਅਸਰ ਪਿਆ। ਭਗਤ ਸਿੰਘ ਲਈ ਵੀ ਤੇ ਚੇਅ ਗੁਵਾਰਾ ਲਈ ਵੀ ਆਪਣੇ ਲਕਸ਼ ਲਈ ਮੌਤ ਉਨ੍ਹਾਂ ਦੀ ਜੀਉਂਦੇ ਰਹਿਣ ਨਾਲੋਂ ਵੀ ਵੱਡੀ ਜਿੱਤ ਸੀ। ਉਹ ਖੁਦ ਵੀ ਇਹ ਸੋਚ ਰੱਖਦੇ ਸਨ ਤੇ ਉਨ੍ਹਾਂ ਨੂੰ ਜਾਨਣ ਤੇ ਸਤਿਕਾਰਨ ਵਾਲੇ ਲੋਕ ਵੀ ਏਸੇ ਤਰ੍ਹਾਂ ਸੋਚਦੇ ਹਨ। ਭਗਤ ਸਿੰਘ ਦੀਆਂ ਲਿਖਤਾਂ ਰਾਹੀਂ ਉਹਦੀ ਸੋਚ ਦੀ ਥਾਹ ਰੱਖਣ ਵਾਲਾ ਵਿਅਕਤੀ ਕਦੇ ਵੀ ਭਗਤ ਸਿੰਘ ਦੇ ਮੂੰਹੋਂ ਅਜਿਹਾ ਬਿਆਨ ਨਹੀਂ ਦੁਆਵੇਗਾ ਜਿਹੋ ਜਿਹਾ ਕਹਾਣੀ ਦੇ ਪਾਤਰ ਜਰਨੈਲ ਸਿੰਘ ਦੇ ਸੁਪਨੇ ਵਿਚ ਭਗਤ ਸਿੰਘ ਦਿੰਦਾ ਹੈ।
ਇਸ ਸਵਾਲ ਨੂੰ ਅਸੀਂ ਇਕ ਹੋਰ ਤਰੀਕੇ ਨਾਲ ਵੀ ਦੇਖ ਸਕਦੇ ਹਾਂ। ਜੇ ਅਸੀਂ ਡਾਰਵਿਨ ਦੇ ਸਿਧਾਂਤ ਨਾਲ ਸਹਿਮਤ ਹਾਂ ਕਿ ਇਸ ਸ੍ਰਿਸ਼ਟੀ ਨੂੰ ਤੇ ਇਨਸਾਨ ਨੂੰ ਕੁਝ ਹਜ਼ਾਰ ਸਾਲ ਪਹਿਲਾਂ (ਇਸਾਈ ਮੱਤ ਅਨੁਸਾਰ) ਰੱਬ ਨੇ ਨਹੀਂ ਸੀ ਸਿਰਜਿਆ ਸਗੋਂ ਇਹ ਸਫਰ ਕ੍ਰੋੜਾਂ ਵਰ੍ਹਿਆਂ ਦੌਰਾਨ ਪੂਰਾ ਹੋਇਆ ਹੈ। ਇਸ ਸਫਰ ਦੌਰਾਨ ਬੰਦੇ ਨੂੰ (ਢਾਈ ਤਿੰਨ ਲੱਖ ਸਾਲ ਤੋਂ ਅਜੋਕੇ ਰੂਪ ਵਿਚ ਆਉਣ ਬਾਅਦ) ਕੁਦਰਤੀ ਆਫਤਾਂ, ਬੀਮਾਰੀਆਂ ਅਤੇ ਉਸ ਤੋਂ ਜਿਸਮਾਨੀ ਤੌਰ ’ਤੇ ਤਕੜੇ ਤੇ ਤੇਜ਼ ਦੌੜਨ ਵਾਲੇ ਜਾਨਵਰਾਂ ਦੇ ਪੰਜੇ ਤੋਂ ਬਚਣ ਲਈ ਕਿੰਨੀਆਂ ਔਖੀਆਂ ਲੜਾਈਆਂ ਲੜਨੀਆਂ ਪਈਆਂ ਹੋਣਗੀਆਂ। ਜੇ ਇੱਕੀਵੀਂ ਸਦੀ ਵਿਚ ਸੱਤ ਬਿਲੀਅਨ ਲੋਕ ਜੀਅ ਰਹੇ ਹਨ ਅਤੇ ਸੈਂਕੜੇਂ ਸਾਲ ਪਹਿਲਾਂ ਦੇ ਜੀਵਨ ਨਾਲੋਂ ਮੁਕਾਬਲਤਨ ਕਾਫੀ ਹੱਦ ਤੱਕ ਸੁਖਾਲਾ ਤੇ ਸੁਰੱਖਿਅਤ ਜੀਵਨ ਜੀਅ ਰਹੇ ਹਨ ਤਾਂ ਇਹ ਨੇਕੀ ’ਤੇ ਬਦੀ ਦੀ ਜਿੱਤ ਵੱਲ ਨਹੀਂ ਸਗੋਂ ਬਦੀ ’ਤੇ ਨੇਕੀ ਦੀ ਜਿੱਤ ਵਲ ਇਸ਼ਾਰਾ ਹੈ। ਇਨਸਾਨ ਇਕ ਦੂਜੇ ਨਾਲ ਲੜਾਈ ਦੇ ਸਿੱਟੇ ਵਜੋਂ ਏਥੇ ਨਹੀਂ ਪਹੁੰਚਿਆ, (ਭਾਵੇਂ ਇਨਸਾਨ ਦੀ ਇਨਸਾਨ ਨਾਲ ਲੜਾਈ ਵੀ ਇਸ ਦੇ ਵਿਕਾਸ ਦੌਰਾਨ ਇਕ ਸਚਾਈ ਰਹੀ ਹੈ ਤੇ ਅਜੇ ਵੀ ਹੈ) ਸਗੋਂ ਇਕ ਦੂਜੇ ਨਾਲ ਮਿਲਵਰਤਣ ਦੇ ਨਤੀਜੇ ਵਜੋਂ ਇਸ ਮੁਕਾਮ ’ਤੇ ਪਹੁੰਚਿਆ ਹੈ। ਦੂਜੇ ਸ਼ਬਦਾਂ ਵਿਚ ਸਮਾਜ ਵਿਚਲੇ ਨੇਕ ਇਨਸਾਨਾਂ (ਜੋ ਸਿਰਫ ਆਪਣਾ ਹੀ ਨਹੀਂ ਸਮਾਜ ਦਾ ਵੀ ਭਲਾ ਚਾਹੁੰਦੇ ਹੋਣਗੇ) ਦੇ ਸੰਘਰਸ਼ ਦਾ ਨਤੀਜਾ ਹੈ ਅਜੋਕਾ ਸਮਾਜ। ਲੇਖਕ ਦੀ ਇਹ ਗੱਲ ਇਕ ਨੁਕਤੇ ’ਤੇ ਠੀਕ ਸਾਬਤ ਹੋ ਸਕਦੀ ਹੈ ਕਿ ਜੇ ਅਜੋਕਾ ਮਨੁੱਖ ਆਪਣੇ ਹੱਥ ਆਏ ਮਾਰੂ ਹਥਿਆਰਾਂ ਦੀ ਵਰਤੋਂ ਨਾਲ ਸਮੁੱਚੀ ਮਨੁੱਖਤਾ ਨੂੰ ਖਤਮ ਕਰ ਦੇਵੇ। ਇਸ ਹਾਲਤ ਵਿਚ ਜਸਵਿੰਦਰ ਠੀਕ ਸਾਬਤ ਹੋਵੇਗਾ ਪਰ ਫੇਰ ਇਸ ਬਾਰੇ ਬਹਿਸ ਕਰਨ ਲਈ ਅਸੀਂ ਦੋਵੇਂ ਵੀ ਤੇ ਨਾ ਹੀ ਕੋਈ ਤੀਸਰਾ ਹੋਵੇਗਾ। ਪਰ ਮੈਨੂੰ ਘੱਟੋ ਘੱਟ ਬੰਦੇ ਦੀ ਚੰਗਿਆਈ ’ਤੇ ਯਕੀਨ ਹੈ ਕਿ ਇਹ ਸਥਿਤੀ ਪੈਦਾ ਨਹੀਂ ਹੋਵੇਗੀ।
ਕਹਾਣੀ ਵਿਚ ਛੋਟੇ ਸੁੱਕੀ - ਸੁਕੀਰਤ - ਦੇ ਮਨ ਵਿਚ ਇਹ ਵਿਚਾਰ ਪੈਦਾ ਕਰਕੇ ਕਿ ਹਮੇਸ਼ਾ ਨੇਕੀ ਹਰਦੀ ਹੈ ਤੇ ਬਦੀ ਜਿੱਤਦੀ ਹੈ - ਲੇਖਕ ਨੇ ਬਹੁਤ ਹੀ ਨਾਂ-ਪੱਖੀ ਤੇ ਖਤਰਨਾਕ ਗੱਲ ਕੀਤੀ ਹੈ। ਪਰ ਜੇ ਜਸਵਿੰਦਰ ਨੇ ਇਹ ਗੱਲ ਜਾਣ ਬੁੱਝ ਕੇ ਇਕ ਬਹਿਸ ਦੀ ਸ਼ੁਰੂਆਤ ਵਜੋਂ ਕੀਤੀ ਹੈ (ਜਸਵਿੰਦਰ ਦੇ ਵਿਚਾਰਾਂ ਨਾਲ ਵਾਕਫੀ ਹੋਣ ਕਰਕੇ ਮੈਨੂੰ ਇਹ ਗੱਲ ਠੀਕ ਜਾਪਦੀ ਹੈ) ਤਾਂ ਉਹ ਇਸ ਵਿਚ ਕਾਮਯਾਬ ਹੈ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346