ਲ਼ੋਕ ਗੀਤਾਂ ਦੀ ਗੱਲ ਕਰਨ
ਲੱਗੇ ਸਾਨੂੰ ਸਭ ਤੋਂ ਪਹਿਲਾਂ ਅਸੀਂ ਲੋਕ ਗੀਤਾਂ ਦੇ ਅਰਥ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ
ਕਿ ਲੋਕ ਗੀਤ ਕੀ ਹੁੰਦੇ ਹਨ ਜਾਂ ਲੋਕ ਗੀਤ ਕਿਸ ਨੂੰ ਕਹਿੰਦੇ ਹਨ । ਲੋਕ ਗੀਤ ਦੇ ਅਰਥ
ਸਿੱਧੇ ਰੂਪ ਵਿੱਚ ਅਸੀਂ ਇਹ ਲੈ ਸਕਦੇ ਹਾਂ ਕਿ ਲੋਕ ਗੀਤ ਉਹ ਗੀਤ ਹੁੰਦੇ ਹਨ ਜਿੰਨ੍ਹਾਂ
ਵਿੱਚ ਕਿਸੇ ਲੇਖਕ ਦਾ ਨਾਮ ਨਹੀਂ ਹੰਦਾ ਤੇ ਜੋ ਗੀਤ ਲੋਕ ਸਮੂਹ ਦੀ ਪਰਵਾਨਗੀ ਨਾਲ ਪੀੜ੍ਹੀ
ਦਰ ਪੀੜ੍ਹੀ ਅੱਗੇ ਚੱਲਦੇ ਹਨ ਲੋਕ ਗੀਤਾਂ ਵਿੱਚ ਸਿੱਠਣੀਆਂ ,ਸੁਹਾਗ ,ਘੋੜੀਆਂ ਆਦਿ ਆ ਜਾਂਦੇ
ਹਨ । ਬੇਸ਼ੱਕ ਲੋਕ ਗੀਤ ਦਾ ਰਚੇਤਾ ਵੀ ਕੋਈ ਇੱਕ ਵਿਅਕਤੀ ਹੋਵੇਗਾ ਪਰ ਫਿਰ ਹੌਲੀ ਹੌਲੀ ਲੋਕ
ਸਮੂਹ ਦੀ ਪ੍ਰਵਾਨਗੀ ਨਾਲ ਉਹ ਗੀਤ ਲੋਕ ਗੀਤ ਦਾ ਹਿੱਸਾ ਬਣ ਗਿਆ ।
ਲ਼ੋਕ ਗੀਤਾਂ ਵਿੱਚ ਕਿਸੇ ਕੌਮ ਦੇ ਜਾਂ ਦੇਸ਼ ਦੇ ਸੱਭਿਆਚਾਰ ਦੀ ਝਲਕ ਹੁੰਦੀ ਹੈ । ਲੋਕ
ਗੀਤਾਂ ਵਿੱਚੋਂ ਅਸੀਂ ਕਿਸੇ ਦੇਸ਼ ,ਪਿੰਡ ਜਾਂ ਕੌਮ ਦੇ ਸੁਭਾਅ ,ਖਾਣ-ਪੀਣ, ਪਹਿਰਾਵਾ ,ਬੋਲ
ਚਾਲ ,ਪਿਆਰ ਆਦਿ ਬਾਰੇ ਜਾਣ ਸਕਦੇ ਹਾਂ । ਲੋਕ ਗੀਤਾਂ ਨੂੰ ਲੋਕ ਗੀਤ ਕਹਿੰਦੇ ਹੀ ਇਸ ਕਰਕੇ
ਹਨ ਕਿਉਂਕਿ ਇਸ ਵਿੱਚ ਕਿਸੇ ਸਮੂਹ ਦੇ ਲੋਕਾਂ ਦੀ ਝਲਕ ਹੰਦੀ ਹੈ ।
ਲ਼ੋਕ ਗੀਤਾਂ ਦੀ ਰਚਨਾ ਅੱਜ ਦੇ ਗੀਤਾਂ ਵਾਂਗ ਦਿਮਾਗ ਖਰਚ ਕਰਕੇ ਜਾਂ ਸਖਤ ਮਿਹਨਤ ਕਰਕੇ
ਨਹੀਂ ਹੁੰਦੀ ਸਗੋਂ ਲੋਕ ਗੀਤ ਤਾਂ ਆਪ ਮੁਹਾਰੇ ਸਿਰਜੇ ਜਾਂਦੇ ਹਨ ।ਖੇਤ ਵਿੱਚ ਹਲ ਵਾਹੁੰਦਾ
ਕਿਰਸਾਨ ਖੁਸ਼ੀ ਵਿੱਚ ਆਪ ਮੁਹਾਰੇ ਹੀ ਆਪਣੀ ਮਿਹਨਤ ਜਾਂ ਫਸਲ ਬਾਰੇ ਕੁਝ ਗਾਉਂਦਾ ਹੈ ਤੇ ਜਦ
ਲੋਕਾਂ ਦਾ ਸਮੂਹ ਉਸਨੂੰ ਪ੍ਰਵਾਨਗੀ ਦੇਕੇ ਅੱਗੇ ਤੋਰ ਦਿੰਦੇ ਹਨ ਤਾਂ ਉਹ ਲੋਕ ਗੀਤ ਦਾ
ਦਰਜਾਂ ਹਾਸਿਲ ਕਰ ਲੈਂਦਾ ਹੈ ।ਪਰ ਜਿਸ ਰਚਨਾ ਨੂੰਲੋਕਾਂ ਦੀ ਪਰਵਾਨਗੀ ਨਹੀਂ ਮਿਲਦੀ ਉਸਨੂੰ
ਉਸੇ ਵੇਲੇ ਖਾਰਿਜ ਕਰ ਦਿੱਤਾ ਜਾਂਦਾ ਹੈ ।
ਲ਼ੋਕ ਗੀਤਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਦਾ ਕੋਈ ਲਿਖਤੀ ਰੂਪ ਨਹੀਂ ਹੈ । ਸਦੀਆਂ ਤੋਂ
ਲੋਕ ਗੀਤ ਮੌਖਿਕ ਰੂਪ ਵਿੱਚ ਹੀ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰੇ ਆਂਉਂਦੇ ਹਨ ਤੇ ਸਮੇਂ
ਸਮੇਂ ਤੇ ਇਹਨਾਂ ਵਿੱਚ ਕਿਤੇ ਨਾ ਕਿਤੇ ਪਰਿਵਰਤਨ ਵੀ ਆਉਂਦਾ ਰਹਿੰਦਾ ਹੈ । ਇਸ ਪਰਿਵਰਤਨ ਦਾ
ਕਾਰਨ ਵੀ ਇਹੀ ਹੈ ਕਿ ਲੋਕ ਗੀਤਾਂ ਦੀ ਲਿਖਤ ਵਿੱਚ ਕਿਸੇ ਲੇਖਕ ਦਾ ਨਾਮ ਨਹੀਂ ਹੁੰਦਾ ਇਸ ਲਈ
ਸਮੂਹ ਹੀ ਇਸ ਵਿੱਚ ਸਮੇਂ ਸਮੇਂ ਤੇ ਲੋੜ ਅਨੁਸਾਰ ਕੋਈ ਨਾ ਕੋਈ ਪਰਿਵਰਤਨ ਕਰਕੇ ਇਹਨਾਂ ਨੂੰ
ਅਗਲੀ ਪੀੜ੍ਹੀ ਤੱਕ ਸੌਪਂ ਦਿੰਦਾ ਹੈ ।
ਲ਼ੋਕ ਗੀਤਾਂ ਦੇ ਪ੍ਰਚਾਰ ਦਾ ਸਾਧਨ ਵੀ ਮੌਖਿਕਤਾ ਹੀ ਹੈ ।ਅੱਜ ਦੇ ਗੀਤਾਂ ਵਾਂਗ ਇਹਨਾਂ ਨੂੰ
ਕਿਤਾਬਾਂ ਜਾਂ ਕੈਸਿਟਾਂ ਆਦਿ ਵਿੱਚ ਨਹੀਂ ਰੱਖਿਆ ਜਾਂਦਾਂ ਸਿਰਫ ਕਿਸੇ ਵਿਆਹ ਆਦਿ ਖੁਸ਼ੀ ਦੇ
ਮੌਕੇ ਤੇ ਹੀ ਇਹਨਾਂ ਨੂੰਉਚਾਰਿਆ ਜਾਂਦਾ ਹੈ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਏਨੇ ਛੋਟੇ
ਪੱਧਰ ਤੇ ਉਚਾਰਨ ਹੋਣ ਕਾਰਨ ਵੀ ਇਹ ਗੀਤ ਸਦੀਆਂ ਤੋਂ ਜਿਊਂਦੇ ਜਾਗਦੇ ਸਾਡੇ ਤੱਕ ਪਹੁੰਚ
ਚੁੱਕੇ ਹਨ ਪਰ ਹੁਣ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਨਹੀਂ ਤਾਂ ਇਹ ਗੀਤ ਇੱਕ ਦਿਨ ਸਦਾ ਲਈ
ਮਰ ਜਾਣਗੇ ਕਿਉਂਕਿ ਜਿਵੇਂ ਜਿਵੇਂ ਅਸੀਂ ਤਰੱਕੀ ਕਰ ਰਹੇ ਹਾਂ ਉਵੇਂ ਉਵੇਂ ਅਸੀਂ ਆਪਣੇ
ਸੱਭਿਆਚਾਰ ਨਾਲੋਂ ਟੁੱਟ ਰਹੇ ਹਾਂ ਤੇ ਜੇ ਇਸੇ ਹਾਲਾਤ ਅਧੀਨ ਜਿਵੇਂ ਵਿਆਹ ਆਦਿ ਪ੍ਰੋਗਰਾਮ
ਘਰ ਦੀ ਥਾਂ ਪੈਲੇਸਾਂ ਵਿੱਚ ਹੋ ਰਹੇ ਹਨ ਤਾਂ ਇਸ ਹਿਸਾਬ ਨਾਲ ਲੋਕ ਗੀਤ ਗਾਉਣ ਦਾ ਰਿਵਾਜ਼
ਬਿਲਕੁਲ ਹੀ ਖਤਮ ਹੋ ਜਾਵੇਗਾ । ਨਵੀਂ ਪੀੜ੍ਹੀ ਦੀਆਂ ਕੁੜ੍ਹੀਆਂ ਨੂੰ ਨਾ ਤਾਂ ਵਿਆਹ ਵਿੱਚ
ਗਾਏ ਜਾਣ ਵਾਲੇ ਗੀਤ ਯਾਦ ਹੋਣਗੇ ਤੇ ਨਾ ਹੀ ਉਹਨਾਂ ਨੂੰ ਇਹ ਗੀਤ ਗਾਉਣੇ ਪਸੰਦ ਹਨ । ਸੋ
ਹੁਣ ਲੋੜ ਹੈ ਇਹਨਾਂ ਗੀਤਾਂ ਨੂੰ ਕਲਮਬੱਧ ਕਰਨ ਦੀ ਕਿਉਂਕਿ ਇਹਨਾਂ ਗੀਤਾਂ ਦੀ ਕੋਈ ਗਿਣਤੀ
ਵੀ ਨਹੀਂ ਹੈ ਕਿਉਂਕਿ ਹਰ ਪਿੰਡ,ਹਰ ਰਾਜ,ਹਰ ਦੇਸ਼ ਵਿੱਚ ਵੱਖਰੋ ਵੱਖਰੇ ਗੀਤ ਗਾਏ ਜਾਂਦੇ ਹਨ
ਤੇ ਪੰਜਾਬੀ ਦੁਨੀਆਂ ਦੇ ਹਰ ਹਿੱਸੇ ਵਿੱਚ ਹਨ ਸੋ ਇਹ ਕਾਰਜ ਏਨਾ ਸੌਖਾ ਵੀ ਨਹੀਂ ਪਰ ਫੇਰ ਵੀ
ਕੋਈ ਤਾਂ ਹੀਲਾ ਕਰਨਾ ਹੀ ਪਵੇਗਾ ਨਹੀਂ ਤਾਂ ਅਸੀਂ ਆਪਣੇ ਸੱਭਿਆਚਾਰ ਦਾ ਅਨਮੋਲ ਹਿੱਸਾ ਐਵੇਂ
ਹੀ ਗਵਾ ਲਵਾਂਗੇ ।
-0- |