ਨਸ਼ੱਈ ਦੀ ਪਤਨੀ ਨਾ ਵਿਧਵਾ ਹੁੰਦੀ ਹੈ, ਨਾ ਸੁਹਾਗਣ। ਨਸ਼ਿਆਂ ਦੇ ਮਾਮਲੇ ਵਿਚ ਜੋ ਹਾਲਤ ਅੱਜ
ਪੰਜਾਬ ਦੀ ਹੈ, ਉਸ ਤੋਂ ਅੰਦਾਜ਼ਾ ਲਾਉਣਾ ਔਖਾ ਹੈ ਕਿ ਮਾਂਵਾਂ ਤੇ ਪਤਨੀਆਂ ਦੀ ਮਾਨਸਿਕ ਦਸ਼ਾ
ਕੀ ਹੋਵੇਗੀ? ਪੀ.ਜੀ.ਆਈ. ਦੇ ਹਾਲੀਆ ਅੰਕੜਿਆਂ ਅਨੁਸਾਰ ਉਥੇ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ
ਵਿਚ 50% ਤੋਂ ਵੱਧ ਉਹ ਹਨ ਜੋ ਸ਼ਰਾਬ ਪੀ ਕੇ ਜਿ਼ਗਰ ਖਰਾਬ ਹੋਣ ਅਤੇ ਹੋਰ ਬੀਮਾਰੀਆਂ ਤੋਂ
ਪੀੜਤ ਹਨ। ਜਵਾਨੀ ਆਉਣ ਤੋਂ ਪਹਿਲਾਂ ਹੀ ਚਿਹਰੇ ਮੁਰਝਾ ਰਹੇ ਹਨ। ਸ੍ਰੀ ਆਨੰਦਪੁਰ ਸਾਹਿਬ ਦੇ
ਮਤੇ ਮੁਤਾਬਕ ਸ਼ਰਾਬ ਬੰਦ ਹੋਣੀ ਚਾਹੀਦੀ ਸੀ ਪਰ ਇਸ ਮਤੇ ਦੀ ਪ੍ਰੋੜ੍ਹਤਾ ਕਰਨ ਵਾਲੇ ਪੰਜਾਬ
ਵਿਚ ਅਗਲੇ ਵਿੱਤੀ ਸਾਲ ਵਿਚ 3200 ਕਰੋੜ ਰੁਪਏ ਦੀ ਸ਼ਰਾਬ 29 ਕਰੋੜ ਬੋਤਲਾਂ ਜ਼ਰੀਏ ਵੇਚਣ ਦਾ
ਟੀਚਾ ਮਿਥਿਆ ਗਿਆ ਹੈ, ਪਿਛਲੇ ਸਾਲ ਨਾਲੋਂ 728 ਕਰੋੜ ਰੁਪਏ ਦਾ ਵਾਧੂ ਭਾਰ। ਸ਼ਰਾਬ ਦੀ ਬੋਤਲ
ਘੱਟੋ-ਘੱਟ ਦਸ ਰੁਪਏ ਮਹਿੰਗੀ ਹੋਵੇਗੀ। ਉਂਜ ਹਰ ਪੰਜਾਬੀ ਦੇ ਹਿੱਸੇ ਦਸ ਬੋਤਲਾਂ ਸਾਲ ਦੀਆਂ
ਆਉਂਦੀਆਂ ਹਨ, ਜੇ ਬੱਚਿਆਂ ਤੇ ਔਰਤਾਂ ਨੂੰ ਛੱਡ ਲਈਏ ਤਾਂ ਹਰ ਮਰਦ ਨੂੰ ਸਾਲਾਨਾ ਡੇਢ ਸੌ
ਤੋਂ ਦੋ ਸੌ ਬੋਤਲਾਂ ਖ਼ਾਲੀ ਕਰਨੀਆਂ ਪੈਣਗੀਆਂ। ਸ਼ਰਾਬ ਕਰਿਆਨੇ ਤੋਂ ਸੌਖੀ ਮਿਲਣ ਲੱਗ ਪਈ ਹੈ।
ਇਉਂ ਲਗਦਾ ਹੈ ਕਿ ਹਰ ਘਰ ਦੇ ਸਾਹਮਣੇ ਠੇਕਾ ਖੁੱਲ੍ਹ ਚੁੱਕਾ ਹੈ। ਬੰਦਾ ਜੰਗਲ-ਪਾਣੀ ਗਿਆ,
ਬੋਤਲ ਫੜ ਲਿਆਉਂਦਾ ਹੈ। ਹੈਰਾਨ ਹੋਵੋਂਗੇ ਕਿ ਬੁਰੇ ਕੰਮ ਤੋਂ ਭਲਾ ਕਿਵੇਂ ਹੋਣ ਲੱਗਾ ਹੈ?
ਹਰ ਬੋਤਲ ਪਿੱਛੇ ਪੰਜਾਹ ਪੈਸੇ ਖੇਡਾਂ ਲਈ ਵਸੂਲੇ ਜਾਣਗੇ, ਯਾਨਿ ‘ਪਹਿਲਾਂ ਪੀ ਤੇ ਫਿਰ
ਜੀਅ।’ ਮੱਥੇ ‘ਤੇ ਹੱਥ ਕਿੰਨੇ ਵੀ ਮਾਰ ਲਵੋ, ਪਰਿਵਾਰ ਨੂੰ ਤਬਾਹ ਕਰਨ ਦੇ ਸਾਰੇ ਗੇਟ ਜਿਵੇਂ
ਭਾਖੜਾ ਵਿਚੋਂ ਪਾਣੀ ਛੱਡਣ ਵਾਂਗ ਇਕੋ ਵੇਲੇ ਖੋਲ੍ਹ ਦਿੱਤੇ ਗਏ ਹਨ। ਅਸਲ ਵਿਚ ਵਿਚਾਰਾ
ਪੁੰਨੂੰ ਹੁਣ ਬਲੋਚਾਂ ਦੀ ਦਾੜ੍ਹ ਹੇਠ ਬੁਰੀ ਤਰ੍ਹਾਂ ਆਇਆ ਹੋਇਆ ਹੈ।
ਸਰਕਾਰਾਂ ਨੂੰ ਅਕਲਮੰਦ ਤੇ ਮੂਰਖ, ਦੋਵਾਂ ਤਰ੍ਹਾਂ ਦੇ ਲੋਕਾਂ ਦੀ ਲੋੜ ਹੁੰਦੀ ਹੈ ਪਰ ਇਹ
ਲੋਕਾਂ ਨੂੰ ਆਪ ਮੂਰਖ ਬਣਾਉਣ ਦਾ ਕੰਮ ਕਿਵੇਂ ਕਰਦੀਆਂ ਹਨ, ਸ਼ਾਇਦ ਕਿਸੇ ਦਾ ਧਿਆਨ ਇਸ ਪਾਸੇ
ਕਦੇ ਗਿਆ ਹੀ ਨਹੀਂ। ਸ਼ਰਾਬ ਦੀ ਬੋਤਲ ਉਤੇ ਸ਼ਰਾਬ ਪੀ ਪੀ ਕੇ ਪਿੰਜਰ ਬਣੇ ਜਾਂ ਸੜਕਾਂ,
ਰੂੜੀਆਂ ਉਤੇ ਕਿਸੇ ਕੁੱਤੇ ਤੋਂ ਮੂੰਹ ਚਟਾਉਂਦੇ ਸ਼ਰਾਬੀ ਦੀ ਫੋਟੋ ਲਾ ਦਿੱਤੀ ਜਾਵੇ ਤਾਂ
ਸ਼ਾਇਦ ਕਿਸੇ ਨੂੰ ਕੁਝ ਸ਼ਰਮ ਆਉਣ ਲੱਗ ਪਵੇ ਪਰ ਇਨ੍ਹਾਂ ਬੋਤਲਾਂ ਉਤੇ ਤਾਂ ਅਰਧ ਨਗਨ ਹੁਸੀਨ
ਮੁਟਿਆਰਾਂ ਜਾਂ ਭੰਗੜਾ ਪਾਉਂਦੇ ਗੱਭਰੂ ਦੀ ਫੋਟੋ ਇਸ ਕਰਕੇ ਲਾਈ ਜਾ ਰਹੀ ਹੈ ਕਿ ਵੱਧ ਸ਼ਰਾਬ
ਵੇਚਣ ਦੇ ਟੀਚੇ ਨੂੰ ਸੌਖਿਆਂ ਪੂਰਾ ਕੀਤਾ ਜਾ ਸਕੇ।
ਐਸ. ਅਸ਼ੋਕ ਭੌਰਾ
ਲੱਭੂ ਰਾਮ ਨੇ ਡੱਬ ਵਿਚੋਂ ਬੋਤਲ ਕੱਢ ਕੇ ਢਿਚਕੂੰ-ਢਿਚਕੂੰ ਕਰਦੇ ਮੇਜ਼ ‘ਤੇ ਠਾਹ ਦੇਣੀ
ਰੱਖਦਿਆਂ ਰ੍ਹੋਬ ਝਾੜਿਆ, “ਏ ਪਰਮੇਸ਼ਰੀਏ ਕਿੱਥੇ ਮਰ ਗਈ ਤੂੰ? ਕੁਸਕਦੀ ਨਾ ਵਿਸਕਦੀ...।”
“ਤੇਰੇ ਜਣਦਿਆਂ ਦੇ ਸਿਰ ‘ਚ, ਤੇ ਹਨੂਮਾਨ ਵਾਂਗ ਸੰਜੀਵਨੀ ਬੂਟੀ ਵਾਲਾ ਪਹਾੜ ਕਾਹਤੋਂ ਸਿਰ
‘ਤੇ ਚੱਕਿਆ ਹੋਇਐ?”
“ਭਲੀਏਮਾਣਸੇ ਜੋ ਮੈਂ ਸਿਰ ‘ਤੇ ਚੱਕਿਆ ਹੋਇਐ, ਉਹ ਕਿਸੇ ਪਤੰਦਰ ਤੋਂ ਚੱਕਿਆ ਨ੍ਹੀਂ ਜਾਣਾ।”
“ਬਹਿ ਜਾ ਰਮਾਨ ਨਾਲ, ਤੈਨੂੰ ਤਾਂ ਪੋਤੜਿਆਂ ਤੋਂ ਜਾਣਦੀ ਆਂ। ਤੈਂ ਪੀ-ਪੀ ਕੇ ਕਿਰਲੇ ਵਾਂਗ
ਧੌਣ ਈ ਅਕੜਾਈ ਰੱਖੀ ਐ, ਸਾਰੀ ਉਮਰ ਕੀਤਾ ਈ ਕੀ ਐ?”
“ਹਰ ਗੱਲ ਨਾਲ ਆਂਹਦੀ ਐ ਅਖੇ ਮੈਂ ਕੀਤਾ ਕੀ ਐ। ਅੱਜ ਮੈਂ ਤੈਨੂੰ ਦੱਸਾਂਗਾ... ਕੀਤਾ ਕੀ
ਐ?”
“ਢਕਿਆ ਰਹਿ, ਕਦੇ ਨਾਲੀ ਵਿਚ ਡਿੱਗ ਪਿਆ, ਕਦੇ ਦੌਣ ਵਿਚ ਸਿਰ ਫਸਾ ਲਿਆ। ਕਦੇ ਬਾਂਹ ਤੁੜਾ
ਲਈ, ਕਦੇ ਗੋਡਾ। ਕਿਤੇ ‘ਮਰੀਕਾ ਨੂੰ ਲਦੇਨ ਲੱਭ ਕੇ ਦੇ‘ਤਾ? ਐਵੇਂ ਲਾਹੌਰ ਦੀ ਜੁੱਤੀ ਵਾਂਗ
‘ਤਾਂਹ ਨੂੰ ਚੜ੍ਹੀ ਜਾਨੈਂ।”
“ਗੋਲੀ ਮਾਰ ਲਦੇਨ ਨੂੰ, ਨਾਲੇ ‘ਮਰੀਕਾ ਨੂੰ। ਆਪਣਾ ਮੁਲਕ ਜਾਣੀ ਕਿ ਪੰਜਾਬ ਸਾਡੇ ਸਿਰ ‘ਤੇ
ਚੱਲਦੈ।”
“ਕਿਉਂ ਬਾਦਲ ਤੇ ਕੈਪਟਨ ਭੱਜ ਗਏ ਆ!”
“ਭੱਜੇ ਤਾਂ ਨ੍ਹੀਂ, ਸਰਕਾਰ ਤਾਂ ਸਾਡੇ ਸਿਰ ‘ਤੇ ਚਲਾਉਂਦੇ ਆ।”
“ਤੇਰੇ ਸਿਰ ਵਿਚੋਂ ਡਾਲਰ ਡਿੱਗਦੇ ਆ?”
“ਅੱਜ ਬੋਹੜ ਥੱਲੇ ਬੈਠਿਆਂ ਆਪਣਾ ਮਾਹਟਰ ਜਗਨ ਨਾਥ ਕਹਿਣ ਲੱਗਾ ਕਿ ਲੱਭੂ ਰਾਮਾ, ਐਤਕੀਂ
ਸਰਕਾਰ ਨੇ ਤੇਰੀ ਡਿਊਟੀ ਹੋਰ ਸਖ਼ਤ ਲਾ‘ਤੀ...।”
“ਡੀ.ਸੀ. ਲਾ‘ਤਾ ਤੈਨੂੰ ਸਰਕਾਰ ਨੇ ਬਠਿੰਡੇ?”
“ਅਸੀਂ ਐਤਕੀਂ ਸਰਕਾਰ ਨੂੰ ਸਵਾ ਸੱਤ ਸੌ ਕਰੋੜ ਕਮਾ ਕੇ ਦੇਣੈ।”
“ਢਾਈ ਸੌ ਰੁਪਏ ਬੁੱਢੇ ਲੰਗੂਰ ਨੂੰ ਸਰਕਾਰੀ ਪੈਨਸ਼ਨ ਲੰਙੇ ਡੰਗ ਮਿਲਦੀ ਐ, ਗੀਜੇ ‘ਚ ਟਕਾ
ਨ੍ਹੀਂ... ਧੀ ਦੇ ਵਿਆਹ ਦਾ ਕਰਜ਼ਾ ਨ੍ਹੀਂ ਉਤਰਿਆ। ਜਲੰਧਰ ਟੱਪਿਆ ਨ੍ਹੀਂ, ਸ੍ਰੀਨਗਰ ਦੇ
ਬਦਾਮਾਂ ਦੀਆਂ ਗੱਲਾਂ ਕਰਦੈ... ਗੂਠਾ ਟੇਕ...ਸੌ ਗਿਣ ਨ੍ਹੀਂ ਸਕਦਾ, ਕਰੋੜਾਂ ਦੀਆਂ ਗੱਲਾਂ
ਕਰਦੈ! ਕੀ ਬੁਝਾਰਤਾਂ ਜਿਹੀਆਂ ਪਾਈ ਜਾਨੈ?”
“ਮਾਹਟਰ ਨੇ ਹੁਣ ਗੱਲ ਖ਼ਾਨੇ ਪਾਈ ਐ, ਪਈ ਆਪਣਾ ਬਚੜੂ...।”
“ਕਿਹੜਾ ਬਚੜੂ?”
“ਵੱਡੇ ਬਾਦਲ ਸਾਹਿਬ ਦਾ ਮੁੰਡਾ।”
“ਦਰਵੇਸ਼ ਬੰਦਿਆ! ਬਾਦਸ਼ਾਹਾਂ ਦੀਆਂ ਗੱਲਾਂ ਨ੍ਹੀਂ ਕਰੀ ਦੀਆਂ।”
“ਸੁਣ ਤਾਂ ਲੈ। ਚੰਗਾ-ਭਲਾ ਸੀ, ਜਿੱਦਣ ਦਾ ਬਾਦਲ ਤੋਂ ਛੋਟੇ ਥਾਂ ‘ਤੇ ਬਣਿਐ, ਸੁੱਕ ਕੇ
ਤੀਲਾ ਹੋ ਗਿਐ। ਪੰਜਾਬ ਦੇ ਫ਼ਿਕਰਾਂ ਨੇ ਦਾੜ੍ਹੀ ਚਿੱਟੀ ਕਰ‘ਤੀ... ਕਹਿੰਦਾ ਖ਼ਜ਼ਾਨਾ ਖ਼ਾਲੀ ਹੋ
ਗਿਐ, ਤੇ ਮੈਂ ਮਾਹਟਰ ਨੂੰ ਕਿਹਾ, ਤੂੰ ਉਹਨੂੰ ਸੁਨੇਹਾ ਘੱਲ, ਚਿੰਤਾ ਨਾ ਕਰੇ, ਐਤਕੀਂ
ਨੱਕੋ-ਨੱਕ ਭਰ ਦਿਆਂਗੇ।”
“ਨਾ ਵਿਚਲੀ ਬਾਤ ਕੀ ਐ?”
“ਲੈ ਆਪਣਾ ਆ ਗਿਆ ਪਟਵਾਰੀ ਚਮਨ ਲਾਲ। ਇਹ ਤੈਨੂੰ ਦੱਸੂ, ਸਾਰੀ ਖੋਲ੍ਹ ਕੇ ਵਿਥਿਆ।”
“ਪੁੱਤ ਚਮਨ, ਇਹ ਤੇਰੇ ਤਾਏ ਨੂੰ ਕੀ ਹੋ ਗਿਆ। ਅੱਜ ਇਹ ਪਤਝੜ ਵਿਚ ਬਸੰਤ ਵਾਂਗ ਲੁੱਡੀਆਂ
ਪਾਉਂਦਾ ਫਿਰਦੈ!”
“ਤਾਈ, ਸਰਕਾਰ ਨੇ ਅਗਲੇ ਸਾਲ ਬੱਤੀ ਸੌ ਕਰੋੜ ਰੁਪਏ ਦੀ ਸ਼ਰਾਬ ਵੇਚਣ ਦਾ ਫ਼ੈਸਲਾ ਕੀਤੈ,
ਪਿਛਲੇ ਸਾਲ ਨਾਲੋਂ 728 ਕਰੋੜ ਰੁਪਏ ਵੱਧ ਦੀ।”
“ਹਾਏ ਉਇ ਰੱਬਾ! ਇਨ੍ਹਾਂ ਸਰਕਾਰਾਂ ਨੂੰ ਸਾਡੇ ਘਰ ਨ੍ਹੀਂ ਦੀਂਹਦੇ। ਛੱਤ ਡਿੱਗਣ ਵਾਲੀ ਐ,
ਭੜੋਲੇ ਵਿਚ ਦਾਣੇ ਨ੍ਹੀਂ। ਕਾਹਨੂੰ ਇਨ੍ਹਾਂ ਗ਼ਰੀਬੜਿਆਂ ਦੇ ਸਿਰ ਲਿੱਦ ਚੁਕਾਈ ਜਾਂਦੇ ਐ!”
“ਤਾਈ ਅੱਗੇ ਤਾਂ ਸਾਲ ਬਾਅਦ ਸਵਾ ਕੁ ਸੌ ਕਰੋੜ ਰੁਪਏ ਦੀ ਵਾਧੂ ਸ਼ਰਾਬ ਵੇਚਣ ਦੀ ਗੱਲ ਹੁੰਦੀ
ਸੀ, ਐਤਕੀਂ ਤਾਂ ਪੰਜ ਗੁਣਾ ਚੱਕ‘ਤਾ ਕੰਮ।”
“ਬੱਸ ਫਿਰ ਜਿਹੜੇ ਪਿੰਡਾਂ ਵਿਚ ਪੰਜ-ਸੱਤ ਜੁਆਕ ਬਚਦੇ ਐ, ਲਾ ਲਏ ਮਗਰ। ਇਹ ਟੁੱਟ ਪੈਣਾ
ਅੱਗੇ ਤਾਂ ਪੰਜ ਮੀਲ ਸੈਕਲ ‘ਤੇ ਡੱਫਣ ਜਾਂਦਾ ਸੀ, ਹੁਣ ਤਾਂ ਪਿੰਡੋਂ ਮੋੜ ਤੋਂ ਫੜ
ਲਿਆਉਂਦੈ।”
“ਤਾਈ, ਐਤਕੀਂ ਤਾਂ ਲੱਗਦੈ, ਸਰਕਾਰ ਘਰੇ ਦੇ ਜਾਇਆ ਕਰੂ!!”
“ਪੁੱਤ ਚਮਨ, ਇਕ ਹੋਰ ਗੱਲ ਦੱਸ? ਪਈ ਪਿੱਛੇ ਜਿਹੇ ਮਾਹਟਰਨੀਆਂ ਘਰੇ ਵੋਟਾਂ ਬਣਾਉਣ ਆਈਆਂ
ਤਾਂ ਦੱਸਣ ਪਈ, ‘ਕਾਲੀ ਪਾਰਟੀ ‘ਚ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਿਚ ਮੈਂਬਰ ਬਣਨ ਲਈ ਸ਼ਰਾਬ
ਪੀਣ ਦੀ ਮਨਾਹੀ ਐ ਤੇ ਫਿਰ ਇਹ ਜ਼ਹਿਰ ਸਾਡੇ ਸ਼ਰੀਫ਼ਾਂ ਦੇ ਘਰਾਂ ਵਿਚ ਕਾਹਨੂੰ ਘੋਲੀ ਜਾਂਦੇ
ਆ?”
“ਦੱਸ ਤਾਇਆ?”
“ਉਹ ਇਸ ਅਨਪੜ੍ਹ ਟੱਬਰ ਨੂੰ ਕੀ ਸਮਝਾਵਾਂ! ਜੇ ਅਸੀਂ ਨਾ ਪੀਈਏ ਤਾਂ ਮਾਹਟਰਾਂ, ਡਾਕਟਰਾਂ
ਨੂੰ ਤਨਖ਼ਾਹ ਕਿੱਥੋਂ ਮਿਲੂ! ਰਿਸ਼ਵਤਾਂ ਕਿਵੇਂ ਚੱਲਣ। ਲਾਲ ਬੱਤੀਆਂ ਵਾਲੀਆਂ ਕਾਰਾਂ ਕਿਵੇਂ
ਦੌੜਨ? ਇਹ ਮੰਤਰੀ ਸਾਡੇ ਸਿਰ ‘ਤੇ ਟੌਹਰਾਂ ਮਾਰਦੇ ਐ।”
“ਢਕਿਆ ਰਹਿ, ਅਨਪੜ੍ਹ ਦੱਸਦਾ ਸਾਨੂੰ! ਤੂੰ ਲੈਲਪੁਰ ਕਾਲਜ ਵਿਚ ਪੜ੍ਹਾਉਨੈਂ!! ਮੈਂ ਪੁੱਛਦੀ
ਤਾਂ ਇਹ ਸੀ ਕਿ ਇਨ੍ਹਾਂ ਲਈ ਮਾਂਹ ਵਾਦੀ ਐ ਤੇ ਸਾਡੇ ਲਈ ਸੁਆਦੀ।”
“ਭਲੀਏ ਲੋਕੇ, ਕਮੇਟੀਆਂ ਆਲੇ ਤਾਂ ਚਲੋ ਨਾ ਵੀ ਪੀਂਦੇ ਹੋਣ, ਪਰ ਬਾਕੀ ਤਾਂ ਪੀਂਦੇ ਹੋਣੇ ਐ।
ਲੱਗਦੈ ਮੈਨੂੰ ਡਾਲਰਾਂ ਆਲੀ ਪੀਂਦੇ ਹੋਣੇ ਐ... ਪੈਸੇ ਤਾਂ ਇਹ ਵੀ ਵਟਾਉਂਦੇ ਆ ਪਰ ਇਹ
ਬਾਹਰਲੇ ਮੁਲਕਾਂ ਨੂੰ ਵਟਾਉਂਦੇ ਆ। ਮਾਹਟਰ ਦੱਸਦਾ ਸੀ, ਇਹ ਪੀਂਦੇ ਆ ਜੈਨੀ ਵਾਕਰ,
ਰੀਗਲ-ਰੂਗਲ ਕੋਈ। ਰੈਲ ਸਲੂਟ ਤੇ ਹੋਰ ਪਤਾ ਨ੍ਹੀਂ ਪੀਟਰ-ਪੂਟਰ।”
“ਤਾਈ, ਐਤਕੀਂ 29 ਕਰੋੜ ਬੋਤਲਾਂ ਵਿਕਣਗੀਆਂ ਤੇ ਚਾਹੇ ਕੋਈ ਬੱਚਾ, ਚਾਹੇ ਔਰਤ ਤੇ ਭਾਵੇਂ
ਮਰਦ... ਦਸ ਬੋਤਲਾਂ ‘ਕੱਲੇ ‘ਕੱਲੇ ਪੰਜਾਬੀ ਦੇ ਹਿੱਸੇ ਆਉਣਗੀਆਂ।”
“ਮੇਲੇ ਬੰਦ ਕਰ ਦਿਓ। ਇਨ੍ਹਾਂ ਲੀਡਰਾਂ ਨੂੰ ਕਹੋ, ਹੁਣ ਠੇਕਿਆਂ ਮੂਹਰੇ ਹੀ ਭਾਸ਼ਣ ਦੇ ਜਾਇਆ
ਕਰਨ। ਏਦੂੰ ਵੱਡਾ ‘ਕੱਠ ਤਾਂ ਹੋਰ ਕਿਤੇ ਹੁੰਦਾ ਈ ਨ੍ਹੀਂ। ਇਹ ਫਿਰ ਬੱਚਿਆਂ ਤੇ ਤੀਵੀਆਂ ਦੇ
ਹਿੱਸੇ ਦੀ ਮਰਦਾਂ ਨੂੰ ਈ ਪੀਣੀ ਪੈਣੀ ਐ। ਭਲਾ ਇਸ ਕੁਲੱਛਣੀ ਬਿਨਾਂ ਸਰਦਾ ਨ੍ਹੀਂ! ਊਂ ਮਗਰ
ਤਾਂ ਬੰਦੇ ਇਹ ਵੋਟਾਂ ਆਲੇ ਦਿਨਾਂ ਵਿਚ ਈ ਲਾ ਲੈਂਦੇ ਆ।”
“ਤਾਈ, ਤਾਇਆ ਬੋਲਦਾ ਤਾਂ ਸੱਚ ਈ ਐ। ਜੇ ਸ਼ਰਾਬ ਪੰਜਾਬ ਵਿਚੋਂ ਵਿਕਣੀ ਬੰਦ ਹੋ ਜੇ ਤਾਂ
ਮਹੀਨਿਆਂ ਵਿਚ ਬਿਹਾਰ ਵਾਲਾ ਹਾਲ ਹੋ ਜੂ। ਤੇ ਮੈਂ ਚੱਲਦਾਂ, ਤੂੰ ਮਾਰ ਮੱਥਾ ਤਾਏ ਨਾਲ।”
“ਪਰਮੇਸ਼ਰੀਏ, ਹਾਲੇ ਤਾਂ ਤੈਨੂੰ 29 ਕਰੋੜ ਬੋਤਲਾਂ ਪਟਵਾਰੀ ਨੇ ਕਾਗ਼ਤਾਂ ਵਿਚ ਦੱਸੀਆਂ।
ਜਿਹੜੀਆਂ ਠੇਕੇਦਾਰਾਂ ਨੇ ਕੈਪਸੂਲ ਤੇ ਟੀਕੇ ਰਲਾ ਕੇ ਇਕ ਦੀਆਂ ਚਾਰ ਵੇਚਣੀਆਂ, ਉਹ ਅਲੱਗ ਨੇ
ਤੇ ਜਿਹੜੀ ਰੂੜੀ ਮਾਰਕਾ... ਉਹਦਾ ਤਾਂ ਹਿਸਾਬ ਈ ਨ੍ਹੀਂ।”
“ਤੈਨੂੰ ਸ਼ਰਮ ਨ੍ਹੀਂ ਆਉਂਦੀ। ਸਰਕਾਰ ਤਾਂ ਤੁਹਾਡੀਆਂ ਜੜ੍ਹਾਂ ਵਿਚ ਅੱਕ ਠੋਕਣ ਲੱਗੀ ਪਈ ਐ
ਤੇ ਤੂੰ ਕੱਛਾਂ ਵਜਾਉਂਦਾ ਫਿਰਦੈਂ!”
“ਤੇ ਜਿਹੜੇ ਪੀਂਦੇ ਨ੍ਹੀਂ, ਇਨ੍ਹਾਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਐ। ਪਈ ਘੱਟੋ-ਘੱਟ
ਜਿਹੜੇ ਸਰਕਾਰੀ ਨੌਕਰ ਐ, ਸਾਡੇ ਸਿਰੋਂ ਜੁਆਕ ਪਾਲਦੇ ਐ, ਉਹ ਤਾਂ ਕਿਤੇ ਪੇਟੀਆਂ ਦੋ ਪੇਟੀਆਂ
ਘਰ ਛੱਡ ਜਾਇਆ ਕਰਨ।”
“ਤੈਨੂੰ ਤਾਂ ਬਾਘੜ ਬਿੱਲੇ ਨੂੰ ਮੁਰਗੇ ਵੀ ਤਲ਼ ਕੇ ਦੇ ਕੇ ਜਾਣਗੇ!”
“ਮੂੰਹ ਆਲੇ ਜਿੱਡਾ ਬਣਾਉਂਦੀ ਐ, ਅਖੇ ਮੁਰਗੇ ਤਲ਼ ਕੇ ਦੇ ਕੇ ਜਾਣਗੇ। ਮੈਂ ਤਾਂ ਮਾਹਟਰ ਨੂੰ
ਕਿਹਾ, ਹੁਣ ਜਿੱਦਣ ਚੰਡੀਗੜ੍ਹ ਨੂੰ ਨਾਹਰੇ-ਨੂਹਰੇ ਲਾਉਣ ਗਏ, ਸਾਨੂੰ ਵੀ ਨਾਲ ਲੈ ਕੇ
ਜਾਇਓ।”
“ਤੇਰੀ ਬਲੀ ਦੇਣੀ ਆਂ ਉਥੇ ਮਾਹਟਰਾਂ ਨੇ!”
“ਧੇਲਾ ਨ੍ਹੀਂ ਅਕਲ। ਗੱਲ ਪੂਰੀ ਸੁਣ ਵੀ ਲਿਆ ਕਰ। ਅਸੀਂ ਪਿੰਡ ਦੇ ਤੀਹ-ਪੈਂਤੀ ਜਣੇ ਆਂ।
ਰੋਜ਼ ਬੋਤਲ ਨ੍ਹੀਂ ਤਾਂ ਪੌਣੀ ਬੋਤਲ ਪੀਂਦੇ ਹੋਵਾਂਗੇ। ਅਸੀਂ ਜਾ ਕੇ ਸਰਕਾਰ ਦੇ ਕੰਨ
ਖੋਲਾਂਗੇ; ਪਈ ਬਾਦਲ ਸਾਹਿਬ! ਛੱਬੀ-ਛੁੱਬੀ ਜਨਵਰੀ ਨੂੰ ਜਾਂ ਕਿਤੇ ਹੋਰ ਚੰਡੀਗੜ੍ਹ ਸੱਦ ਕੇ
ਸਾਨੂੰ ਵੀ ਕੋਈ ‘ਵਾਰਡ (ਐਵਾਰਡ) ਵੂਰਡ ਜੇ, ਮਾਣ-ਸਨਮਾਨ ਦਿਓ। ਪੰਜਾਬ ਤਾਂ ਸਹੁਰੀ ਦਾ
ਚੱਲਦਾ ਸਾਡੇ ਸਿਰ ‘ਤੇ ਐ।”
“ਜਾ ਆਈਂ ਚੰਡੀਗੜ੍ਹ, ਡਾਂਗਾਂ ਖਾ ਕੇ ਆਈਂ, ਤੇਰੇ ਗਲ ਵਿਚ ਤਾਂ ਕੈਂਠਾ ਪਾਉਣਗੇ?”
“ਨਾਲੇ ਪਿੰਡ ਦੇ ਚਾਰ ਜਣੇ ਜਿਹੜੇ ਖੇਲਾਂ-ਖੂਲਾਂ ਕਰਾਉਣ ਲਈ ਪੈਸੇ ਮੰਗਣ ਆਉਂਦੇ ਆ, ਹੁਣ ਆਏ
ਤਾਂ ਕਹਿ ਦਈਂ, ਪਈ ਸਰਕਾਰ ਸਾਥੋਂ ਪਹਿਲਾਂ ਈ ਬੋਤਲ ਪਿੱਛੇ ਪੰਜਾਹ ਪੈਸੇ ਲੈ ਲੈਂਦੀ ਹੈ,
ਪੂਰੇ ਪੰਝੀ ਕਰੋੜ ਦੇਣੇ ਆਂ ਅਸੀਂ ਸਾਲ ਵਿਚ। ਅਸੀਂ ਪੈਸੇ ਜਮ੍ਹਾਂ ਕਰਵਾ‘ਤੇ ਆ। ਡੀ.ਸੀ.
ਤੋਂ ਮੰਗੋ ਜਾ ਕੇ! ਪਰਮੇਸ਼ਰੀਏ ਹੱਦ ਈ ਹੋਈ ਪਈ ਐ, ਸਰਕਾਰ ਹਰ ਕੰਮ ਸਾਡੇ ਸਿਰੋਂ ਕਰਨ ‘ਤੇ
ਤੁਲੀ ਪਈ ਆ।”
“ਕਿੰਨੀਆਂ ਗੱਲਾਂ ਬਣਾਈ ਜਾਨੈਂ, ਪੈ ਜਾਏ ਤੈਨੂੰ ਦਗਾੜਾ। ਮਰ ਜਾਏਂ ਕਿਤੇ ਖੂਹ-ਖ਼ਾਤੇ ਵਿਚ
ਡਿੱਗ ਕੇ।”
“ਹੱਦ ਕਰ‘ਤੀ ਪਰਮੇਸ਼ਰੀਏ ਤੂੰ ਵੀ! ਜੇ ਅਸੀਂ ਮਰ ਗਏ ਤਾਂ ਫਿਰ ਜਿਉਂਦਾ ਕੌਣ ਰਹੂ। ਸਰਕਾਰ ਦੇ
ਤਾਂ ਅਸਤ ਤਰ ਜਾਣੇ ਐ! ਇਹ ਮੁੱਖ ਮੰਤਰੀ ਸਾਹਿਬ ਜਿਹੜੇ ਜਹਾਜ਼ਾਂ ‘ਚ ਉਡ ਕੇ ਪਿੰਡਾਂ ਵਿਚ
ਗੇੜੇ ਮਾਰਦੇ ਆ, ਇਨ੍ਹਾਂ ਨੂੰ ਸਾਡੇ ਪਰ ਲੱਗੇ ਹੋਏ ਆ, ਇਹ ਸਾਨੂੰ ਸਿਆਨਣ ਜਾਂ ਨਾ ਸਿਆਨਣ!”
“ਜਾਨੀ ਆਂ ਮੈਂ ਵੀ, ਫੱਤੋ ਵਾਲੇ ਦੇ ਡੇਰੇ ‘ਤੇ, ਵਢਾਉਨੀ ਆਂ ਤੇਰਾ ਫ਼ਾਹਾ। ਕਹਿੰਦੇ ਨੇ ਇਕ
ਪੁੜੀ ਦੇਂਦੈ ਸ਼ਰਾਬ ‘ਚ ਪਾ ਕੇ ਪੀਣੇ ਨੂੰ ਸਾਧ। ਬੰਦਾ ਮੁੜ ਕੇ ਮੂੰਹ ਨ੍ਹੀਂ ਲਾਉਂਦਾ।”
“ਅਖੇ ਮੂੰਹ ਨ੍ਹੀਂ ਲਾਉਂਦਾ। ਜਾ ਆਈਂ ਤੂੰ ਵੀ ਗੋਰਖ ਦੇ ਟਿੱਲੇ ‘ਤੇ। ਕਰ ਆਵੀਂ ਚਿੱਤ
ਰਾਜ਼ੀ। ਹਾਅ ਤਾਂ ਤੈਨੂੰ ਦੱਸਣਾ ਈ ਭੁੱਲ ਗਿਆ!”
“ਕੀ?”
“ਇਹ ਡੇਰੇ ਤੇ ਸਾਧ ਵੀ ਪਾਲਟੀਆਂ (ਪਾਰਟੀਆਂ) ਨੂੰ ਨੋਟਾਂ ਦੇ ਥੱਬੇ ਵੋਟਾਂ ਵਿਚ ਪਤਾ ਕਿਉਂ
ਦਿੰਦੇ ਆ, ਆਂਹਦੇ ਆ ਹੋਰ ਪੀਣ ਲਾਓ।”
“ਓ! ਰੱਬ ਦਾ ਘਰ ਤਾਂ ਛੱਡ ਦੇਹ ਰੱਬ ਦਿਆ ਬੰਦਿਆ!”
“ਦੇਖ ਹਰ ਘਰ ਵਿਚ ਦੋ-ਚਾਰ ਮਰਦ ਸ਼ਰਾਬ ਪੀਂਦੇ ਆ। ਕਿਸੇ ਦੀ ਮਾਂ ਦੁਹਾਈਆਂ ਪਾਉਣ ਲੱਗੀ ਹੋਈ
ਐ, ਕਿਸੇ ਦੀ ਘਰਵਾਲੀ। ਉਹ ਫਿਰ ਇਨ੍ਹਾਂ ਦੀ ਸ਼ਰਾਬ ਛੁਡਾਉਣ ਲਈ ਡੇਰਿਆਂ ਵੱਲ ਭੱਜੀਆਂ
ਆਉਂਦੀਆਂ ਨੇ, ਮੁੱਠੀ ਚਾਪੀ ਕਰਨ ਦੇ ਨਾਲ ਨਾਲ ਪੰਜ-ਸੱਤ ਸੌ ਦਾ ਟੂਣਾ-ਟਾਮਣ ਤੇ ਚੜ੍ਹਾਵਾ
ਵੀ ਚੜ੍ਹਾਉਂਦੀਆਂ ਹੋਣਗੀਆਂ ਤੇ ਫਿਰ ਅਕਲ ਦੀਏ ਅੰਨ੍ਹੀਏ, ਸਮਝਦੀ ਕਿਉਂ ਨ੍ਹੀਂ... ਇਹ ਡੇਰੇ
ਵੀ ਸਾਡੇ ਸਿਰਾਂ ‘ਤੇ ਚੱਲਦੇ ਆ।”
“ਓ ਮੇਰਿਆ ਮਾਲਕਾ! ਹੁਣ ਖੁੱਲ੍ਹੀਆਂ ਡਮਾਕ ਦੀਆਂ ਗੱਠਾਂ! ਸਭ ਕੁਰਸੀਆਂ ਬਚਾਉਣ ਦਾ ਰੌਲਾ ਐ,
ਨਸ਼ਿਆਂ ਦਾ ਛੇਵਾਂ ਦਰਿਆ ਨੱਕੋ-ਨੱਕ ਭਰਿਆ ਪਿਐ ਤਾਹੀਓਂ! ਇਨ੍ਹਾਂ ਵਰਜਣਾ ਤਾਂ ਕੀ, ਇਹ ਤਾਂ
ਕਹੀ ਜਾਂਦੇ ਆ, ਹੋਰ ਪੀ, ਹੋਰ ਪੀ। ਗੁਰੂਆਂ-ਪੀਰਾਂ ਦੀ ਧਰਤੀ ‘ਤੇ ਕਾਫ਼ਰਾਂ ਦਾ ਪਹਿਰੈ!!”
...ਤੇ ਦੁਹੱਥੜਾ ਮਾਰਦੀ ਪ੍ਰਮੇਸ਼ਰੀ ਅੰਦਰ ਜਾ ਵੜੀ। ਤੇ ਲੱਭੂ ਰਾਮ “ਫ਼ਿਕਰ ਨਾ ਕਰ ਸਰਕਾਰੇ,
ਕਰ ਦਿਆਂਗੇ ਵਾਰੇ-ਨਿਆਰੇ” ਪਾਈਆ ਇਕੋ ਸਾਹੇ ਸੜ੍ਹਾਕ ਕੇ ਨਾਅਰੇ ਮਾਰਨ ਲੱਗ ਪਿਆ।
ਅੰਤਿਕਾ:
ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ
ਇਸ ਅੰਗੂਰ ਕੀ ਬੇਟੀ ਨੇ।
ਸ਼ੁਕਰ ਹੈ ਖ਼ੁਦਾ ਕਾ,
ਇਸ ਕੇ ਬੇਟਾ ਨਾ ਥਾ।
-0-
|