ਦੁਖਾਂ ਤੋਂ ਹਾਂ ਕੋਹਾਂ
ਦੂਰ।
ਸੁਖਾਂ ਦੇ ਅੰਬਾਰ ਬੜੇ ਨੇ।
ਜੋ ਹੰਝੂ ਨੇ ਅੱਖੌਂ ਕਿਰਦੇ
ਦੁੱਖ ਪਰੋਤੇ ਹਾਰ ਬੜੇ ਨੇ।
ਸ਼ਾਹੂਕਾਰ ਦੇ ਕਰਜੇ ਵਰਗੇ
ਸਿਰ ਉਤੇ ਹੁਦਾਰ ਬੜੇ ਨੇ।
ਪੈਸੇ ਦਾ ਜੋ ਮਾਣ ਕਰੇਂਦੇ
ਦਿਲਾਂ ‘ਚ ਹੰਕਾਰ ਬੜੇ ਨੇ।
ਮੁਸੀਬਤ ਵੇਲੇ ਪਿਠ ਵਿਖਾਣ
ਏਹੋ ਜਿਹੇ ਦਿਲਦਾਰ ਬੜੇ ਨੇ।
ਆਪਣੇ ਦੁਖ਼ ਦਾ ਗਮ ਬੜਾ
ਦੂਜੇ ਦੁਖ ਤੋਂ ਪਾਰ ਖੜੇ ਨੇ।
ਹੈ ਪੈਸੇ ਦਾ ਸਭ ਰੋਣਾ-ਧੋਣਾ
ਬਣਕੇ ਰਾਜ ਕੁਮਾਰ ਖੜੇ ਨੇ।
ਅੰਦਰੋਂ ਹੋਰ ਤੇ ਬਾਹਰੋਂ ਹੋਰ
ਯਾਰ ਤੇ ਰਿਸ਼ਤੇਦਾਰ ਬੜੇ ਨੇ।
ਦੁੱਖਾਂ ਦੇ ਨੇ ਮੌਸਮ ਵਖਰੇ
ਸੁੱਖਾਂ ਦੇ ਸ਼ਿੰਗਾਰ ਬੜੇ ਨੇ।
ਰੱਬ ਰਾਖਾ ਹੈ ਆਪਣੇ ਲਈ
ਦੂਜੇ ਲਈ ਹਥਿਆਰ ਬੜੇ ਨੇ।
ਰੇਤਾ ਉਸਰੇ ਸੋਚਾਂ ਦੇ ਪੁਲ
ਵਸਦੇ ਮਹਿਲ ਉਜਾੜ ਖੜੇ ਨੇ।
ਉਹ ਲੋਕਾਚਾਰੀ ਫ਼ਫੜੇ ਕਰਦੇ
ਜਾਪਣ ਜਿਉਂ ਸਰਦਾਰ ਬੜੇ ਨੇ।
ਮੀਆਂ -ਮਿੱਠੂ ਬਣ ਕੇ ਲੋਕੀਂ
ਵਿਖਾਉਂਦੇ ਚਮਤਕਾਰ ਬੜੇ ਨੇ।
“ਸੁਹਲ” ਭਰੋਸਾ ਕੀ ਕਰਨਾ
ਜੋ ਸਾਡੇ ਵਿਚਕਾਰ ਖੜੇ ਨੇ।
ਨੋਸ਼ਹਿਰਾ ਬਹਾਦਰ,ਡਾ-ਤਿੱਬੜੀ(ਗੁਰਦਾਸਪੁਰ)
ਮੋਬਾ-98728-48610
-0- |