Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਮੇਰੀ ਖੇਡ ਵਾਰਤਾ ਦੀ ਵਾਰਤਾ

 

- ਪ੍ਰਿੰ. ਸਰਵਣ ਸਿੰਘ

ਰਾਣੀ ਜਿੰਦ ਕੋਰ ਇੰਗਲੈਂਡ ਵਿਚ

 

- ਹਰਜੀਤ ਅਟਵਾਲ

ਸਵਰਨ ਚੰਦਨ, ਦਰਸ਼ਨ ਗਿੱਲ ਤੇ ਗੋਰੀਆ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਲਿਖੀ-ਜਾ-ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ / ਪਾਨੀਪਤ ਦੀ ਪਹਿਲੀ ਲੜਾਈ

 

- ਇਕਬਾਲ ਰਾਮੂਵਾਲੀਆ

ਸਦੀ ਪੁਰਾਣੀ ਰਹਿਤਲ ਦੀਆਂ ਝਲਕਾਂ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ ਇਸ ਅੰਗੂਰ ਕੀ ਬੇਟੀ ਨੇ!

 

- ਐਸ ਅਸ਼ੋਕ ਭੌਰਾ

ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਟੇਕ ਮੀ ਬੈਕ

 

- ਗੁਰਮੀਤ ਪਨਾਗ

ਜੁਗਨੂੰ

 

- ਸੁਰਜੀਤ

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ

 

- ਹਰਮੰਦਰ ਕੰਗ

ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼

 

- ਡਾ. ਜਗਮੇਲ ਸਿੰਘ ਭਾਠੂਆਂ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਨਹੀਂ ਤਾਂ ਲੋਕ ਗੀਤ ਮਰ ਜਾਣਗੇ !

 

- ਬੇਅੰਤ ਗਿੱਲ ਮੋਗਾ

ਭਾਸ਼ਾ ਦਾ ਸਾਮਰਾਜਵਾਦ

 

- ਨਗੂਗੀ ਵਾ ਥਯੋਂਗੋਂ

ਗਜ਼ਲ (ਦੁਖਾਂ ਤੋਂ ਹਾਂ ਕੋਹਾਂ ਦੂਰ)

 

- ਮਲਕੀਅਤ “ਸੁਹਲ”

 ਗ਼ਜ਼ਲ

 

- ਅਜੇ ਤਨਵੀਰ

ਪੈਰਾਂ ਦੇ ਨਿਸ਼ਾਨ

 

- ਬਰਜਿੰਦਰ ਗੁਲਾਟੀ

ਦੋ ਗੀਤ

 

- ਅਮਰੀਕ ਮੰਡੇਰ

ਨਾਮ ਵਿੱਚ ਕੀ ਰਖਿਆ ਹੈ ?

 

- ਗੁਲਸ਼ਨ ਦਿਆਲ

ਰਾਜਨੀਤੀ ਬਨਾਮ ਕਦਰਾਂ

 

- ਕੁਲਜੀਤ ਮਾਨ

ਨੇਕੀ ਦੀ ਬਦੀ ’ਤੇ ਜਿੱਤ? ਬਾਰੇ ਇਕ ਪ੍ਰਤੀਕਰਮ

 

- ਸਾਧੂ ਬਿਨਿੰਗ

 ਹੁੰਗਾਰੇ
 

Online Punjabi Magazine Seerat

ਰਾਣੀ ਜਿੰਦ ਕੋਰ ਇੰਗਲੈਂਡ ਵਿਚ
- ਹਰਜੀਤ ਅਟਵਾਲ

 

1861 ਦੀਆਂ ਗਰਮੀਆਂ ਨੂੰ ਰਾਣੀ ਜਿੰਦ ਕੋਰ ਇਕ ਜਲਾਵਤਨੀ ਤੋਂ ਦੂਜੀ ਜਲਾਵਤਨੀ ਵਲ ਤੁਰ ਪਈ। ਇਸ ਦੂਜੀ ਜਲਾਵਤਨੀ ਦਾ ਉਸ ਨੂੰ ਬਹੁਤਾ ਦੁੱਖ ਨਹੀਂ ਸੀ ਕਿਉਂਕਿ ਉਸ ਨੇ ਆਪਣੇ ਪੁੱਤ ਦੇ ਨਾਲ ਹੋਣਾ ਸੀ। ਜਲਾਵਤਨੀ ਉਸ ਨੂੰ ਮਨਜ਼ੂਰ ਸੀ, ਘੱਟੋ ਘੱਟ ਉਸ ਦੀ ਗਿਆਰਾਂ ਸਾਲ ਦੀ ਇਕੱਲ ਤਾਂ ਟੁੱਟੀ ਸੀ। ਨਿਪਾਲ ਵਿਚਲੀ ਜਿ਼ੰਦਗੀ ਨਾਲ ਜੁੜੀ ਔਖਿਆਈ ਦਾ ਦੌਰ ਵੀ ਖਤਮ ਹੋਇਆ ਸੀ।
ਅੰਗਰੇਜ਼ ਸਰਕਾਰ ਰਾਣੀ ਜਿੰਦ ਕੋਰ ਦੇ ਇੰਗਲੈਂਡ ਆਉਣ ‘ਤੇ ਬਿਲਕੁਲ ਖੁਸ਼ ਨਹੀਂ ਸੀ ਪਰ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਪਹਿਲਾਂ ਹੀ ਇਕ ਬੱਚੇ ਤੋਂ ਮਾਂ ਨੂੰ ਦੂਰ ਕਰਨ ਕਰਕੇ ਅਖ਼ਬਾਰਾਂ ਵਿਚ ਤੇ ਪਾਰਲੀਮੈਂਟ ਵਿਚ ਵੀ ਸਰਕਾਰ ਦੀ ਬਹੁਤ ਅਲੋਚਨਾ ਹੁੰਦੀ ਰਹੀ ਸੀ। ਹੁਣ ਉਹਨਾਂ ਇਹ ਫੈਸਲਾ ਕਰ ਲਿਆ ਸੀ ਕਿ ਰਾਣੀ ਇੰਗਲੈਂਡ ਆ ਕੇ ਮਹਾਂਰਾਜੇ ਦੇ ਨਾਲ ਨਹੀਂ ਰਹੇਗੀ ਬਲਕਿ ਉਹ ਅਲੱਗ ਰਹੇਗੀ। ਉਸ ਨੂੰ ਆਮ ਸ਼ਹਿਰੀਆਂ ਨੂੰ ਮਿਲਣ ਦੀ ਪੂਰੀ ਖੁਲ੍ਹ ਨਹੀਂ ਹੋਵੇਗੀ ਤੇ ਅਖ਼ਬਾਰਾਂ ਵਾਲਿਆਂ ਨੂੰ ਵੀ ਦੂਰ ਰੱਖਿਆ ਜਾਵੇਗਾ। ਡਰ ਸੀ ਕਿ ਰਾਣੀ ਕੋਈ ਵੀ ਬਿਆਨ ਦੇ ਸਕਦੀ ਹੈ।
ਸਰ ਲੋਗਨ ਨੂੰ ਰਾਣੀ ਜਿੰਦ ਕੋਰ ਦੇ ਆਉਣ ਦਾ ਪਤਾ ਚਲਦਿਆਂ ਹੀ ਉਸ ਦੇ ਰਹਿਣ ਦੇ ਇੰਤਜ਼ਾਮ ਵਿਚ ਰੁਝ ਗਿਆ। ਇਹਨਾਂ ਦਿਨਾਂ ਵਿਚ ਲੋਗਨ ਪਰਿਵਾਰ ਲੰਡਨ ਦੀ ਲੈਂਕਾਸਟਰ ਰੋਡ ਉਪਰ ਰਹਿ ਰਿਹਾ ਸੀ। ਸਰ ਲੋਗਨ ਚਾਹੁੰਦਾ ਸੀ ਕਿ ਰਾਣੀ ਲਈ ਘਰ ਵੀ ਉਸ ਦੇ ਕਿਧਰੇ ਨਜ਼ਦੀਕ ਹੀ ਹੋਵੇ ਤਾਂ ਜੋ ਸੰਭਾਲ ਸਹਿਜੇ ਹੋ ਸਕੇ। ਕੋਸਿ਼ਸ਼ ਕਰਕੇ ਉਸ ਨੇ ਲੈਂਕਾਸਟਰ ਰੋਡ ਉਪਰ ਹੀ ਇਕ ਘਰ ਲੱਭ ਲਿਆ ਜੋ ਕਿ ਸਰ ਲੋਗਨ ਦੇ ਘਰ ਤੋਂ ਦੋ ਘਰ ਛੱਡ ਕੇ ਹੀ ਪੈਂਦਾ ਸੀ। ਜਿਸ ਦਿਨ ਮਹਾਂਰਾਜਾ ਬੀਬੀ ਜੀ ਨੂੰ ਲੈ ਕੇ ਇੰਗਲੈਂਡ ਪੁੱਜਿਆ ਤਾਂ ਸਰ ਲੋਗਨ ਆਪ ਬੰਦਰਗਾਹ ਉਪਰ ਉਹਨਾਂ ਨੂੰ ਲੈਣ ਪੁਜਿਆ ਹੋਇਆ ਸੀ। ਉਸ ਨੇ ਰਾਣੀ ਦੇ ਸਾਰੇ ਗਹਿਣੇ, ਹੀਰੇ-ਜਵਾਹਰਾਤ ਬਿਨਾਂ ਕਿਸੇ ਕਸਟਮ ਤੋਂ ਸਹੀ ਸਲਾਮਤ ਲੰਘਵਾ ਦਿਤੇ। ਨਵੇਂ ਘਰ ਵਿਚ ਸੈਟਲ ਹੋਰ ਲਈ ਵੀ ਜਿੰਨੀ ਹੋ ਸਕੇ ਮੱਦਦ ਕੀਤੀ। ਸਰ ਲੋਗਨ ਹੁਣ ਰਿਟਾਇਰ ਹੋ ਚੁੱਕਾ ਸੀ ਤੇ ਪਹਿਲਾਂ ਵਾਂਗ ਭੱਜ-ਦੌੜ ਨਹੀਂ ਸੀ ਕਰ ਸਕਦਾ ਪਰ ਰਾਣੀ ਜਿੰਦਾਂ ਦੇ ਮਾਮਲੇ ਵਿਚ ਉਹ ਆਪਣੀ ਵਿਤ ਤੋਂ ਬਾਹਰਦ ਨਹੀਂ ਸੀ ਆਉਂਦੀ ਤੇ ਨਾ ਹੀ ਹਿੰਦੁਸਤਾਨ ਜਾਣ ਦੀ ਏਨੀ ਖੱਬਤ ਸੀ ਪਰ ਹੁਣ ਜਦ ਤੋਂ ਉਸ ਦਾ ਹਿੰਦੁਸਤਾਨੀ ਲੋਕਾਂ ਨਾਲ ਮੇਲ-ਜੋਲ ਵਧਿਆ ਸੀ ਤਾਂ ਉਸ ਦਾ ਮਨ ਕਾਹਲਾ ਪੈਣ ਲਗਿਆ ਸੀ। ਸਮੁੰਦ ਸਿੰਘ ਤੇ ਕਾਬਲ ਸਿੰਘ ਤਾਂ ਉਸ ਨੂੰ ਮਿਲਣ ਆਉਂਦੇ ਹੀ ਰਹਿੰਦੇ ਸਨ ਪਰ ਹੋਰ ਲੋਕ ਵੀ ਉਸ ਕੋਲ ਆਉਣ ਲਗੇ ਸਨ। ਪੰਜਾਬ ਦੇ ਸਿੱਖ ਸਰਦਾਰਾਂ ਨੇ ਉਸ ਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿਤੇ ਸਨ। ਉਸ ਨੇ ਪੌਲ ਸ਼ੀਨ ਨਾਲ ਸਲਾਹ ਕੀਤੀ ਤਾਂ ਪੌਲ ਨੇ ਉਸ ਨੂੰ ਕੁਝ ਬਹਾਨੇ ਜਿਹੇ ਘੜ ਦਿਤੇ ਸਨ ਕਿ ਸਰਕਾਰ ਲਈ ਵੀ ਉਸ ਦੇ ਹਿੰਦੁਸਤਾਨ ਦੇ ਸਫਰ ਲਈ ਨਾਂਹ ਕਰਨੀ ਔਖੀ ਹੋ ਰਹੀ ਸੀ। ਆਪਣੀ ਮਾਂ ਨੂੰ ਮਿਲਣ ਤੋਂ ਵੱਧ ਕਾਰਗਰ ਕਾਰਨ ਤਾਂ ਕੋਈ ਹੋ ਹੀ ਨਹੀਂ ਸੀ ਸਕਦਾ। ਹੋਰ ਵੀ ਬਹਾਨੇ ਸਨ; ਉਹ ਇਕ ਹਿੰਦੁਸਤਾਨੀ ਸੀ ਪਰ ਉਸ ਨੂੰ ਹਿੰਦੁਸਤਾਨ ਦੇ ਰਸਮਾਂ-ਰਿਵਾਜਾਂ ਦਾ ਕੁਝ ਵੀ ਨਹੀਂ ਸੀ ਪਤਾ, ਉਹ ਕੁਝ ਦੇਰ ਉਹਨਾਂ ਲੋਕਾਂ ਵਿਚ ਰਹਿ ਕੇ ਇਹ ਸਭ ਸਮਝਣਾ ਚਾਹੁੰਦਾ ਸੀ। ਉਹ ਸੁਭਾਅ ਵਜੋਂ ਸਿ਼ਕਾਰੀ ਸੀ ਪਰ ਸ਼ੇਰ ਦਾ ਸਿ਼ਕਾਰ ਉਹ ਹਾਲੇ ਤਕ ਨਹੀਂ ਸੀ ਕਰ ਸਕਿਆ ਜਿਹੜੀ ਕਿ ਉਸ ਦੀ ਤਮੰਨਾ ਸੀ, ਹਿੰਦੁਸਤਾਨ ਜਾ ਕੇ ਸ਼ੇਰ, ਚੀਤੇ ਤੇ ਹੋਰ ਜਾਨਵਰਾਂ ਦਾ ਸਿ਼ਕਾਰ ਵੀ ਕਰਨਾ ਚਾਹੁੰਦਾ ਸੀ ਜਿਹੜੇ ਯੌਰਪ ਵਿਚ ਨਹੀਂ ਸਨ ਮਿਲਦੇ। ਹਿੰਦੁਸਤਾਨ ਜਾਣ ਤੇ ਆਪਣੀ ਮਾਂ ਨੂੰ ਮਿਲਣ ਲਈ ਮਹਾਂਰਾਣੀ ਵੀ ਉਸ ਦੀ ਮੱਦਦ ਕਰਨ ਲਗੀ ਸੀ। ਅੰਤ ਸਰਕਾਰ ਨੇ ਫੈਸਲਾ ਕਰ ਲਿਆ ਕਿ ਮਹਾਂਰਾਣੀ ਜਿੰਦਾਂ ਨੂੰ ਕਲਕੱਤੇ ਹੀ ਬੁਲਾ ਲਿਆ ਜਾਵੇ। ਮਹਾਂਰਾਜਾ ਉਥੋਂ ਹੀ ਉਸ ਨੂੰ ਮਿਲ ਕੇ ਵਾਪਸ ਆ ਜਾਵੇਗਾ। ਜੇ ਹਿੰਦੁਸਤਾਨ ਜਾ ਕੇ ਕੋਈ ਗੜਬੜ ਕਰਨ ਦੀ ਕੋਸਿ਼ਸ਼ ਕਰੇਗਾ ਤਾਂ ਉਸ ਨੂੰ ਕੈਦ ਵੀ ਕੀਤਾ ਜਾ ਸਕੇਗਾ। ਸਰਕਾਰ ਦੇ ਵਿਦੇਸ਼ ਵਿਭਾਗ ਨੇ ਮਹਾਂਰਾਜੇ ਦੇ ਹਿੰਦੁਸਤਾਨ ਜਾਣ ਬਾਰੇ ਵੀ ਉਹੀ ਨੀਤੀ ਅਪਣਾਈ ਜਿਹੜੀ ਸਦਾ ਅਪਣਾਉਂਦੇ ਹੀ ਸਨ, ਉਸ ਨੂੰ ਮਹਾਂਰਾਜਾ ਬਣਾ ਕੇ ਵੀ ਰੱਖਦੇ ਤੇ ਨਾਲ ਹੀ ਇਹ ਵੀ ਚੇਤੇ ਕਰਾਉਂਦੇ ਰਹਿੰਦੇ ਕਿ ਅਸਲੀ ਬੌਸ ਅੰਗਰੇਜ਼ ਹੀ ਹਨ।
1861 ਦੀ ਫਰਬਰੀ ਦੇ ਸ਼ੁਰੂ ਵਿਚ ਹੀ ਮਹਾਂਰਾਜਾ ਕਲਕੱਤੇ ਬੰਦਰਗਾਹ ‘ਤੇ ਜਾ ਉਤਰਿਆ ਪੂਰੇ ਸੱਤ ਸਾਲ ਬਾਅਦ ਉਹ ਹਿੰਦੁਸਤਾਨ ਆਇਆ ਸੀ। ਬੰਦਰਗਾਹ ਵਿਚ ਵੜਦਿਆਂ ਹੀ ਉਸ ਨੇ ਦੇਖਿਆ ਕਿ ਇਹ ਲੋਕ ਤਾਂ ਸਾਰੇ ਦੇ ਸਾਰੇ ਹੀ ਉਹਨਾਂ ਮਲਾਹਾਂ ਵਰਗੇ ਸਨ ਜੋ ਲੰਡਨ ਦੀਆਂ ਸੜਕਾਂ ਤੇ ਖੜੇ ਹੁੰਦੇ ਸਨ ਜਿਵੇਂ ਭੁੱਖ ਦੇ ਮਾਰੇ ਹੋਏ ਹੋਣ। ਉਹ ਬੋਲੀ ਵੀ ਅਜੀਬ ਜਿਹੀ ਬੋਲ ਰਹੇ ਸਨ। ਮਹਾਂਰਾਜੇ ਨੂੰ ਇਕ ਵੀ ਲਫਜ਼ ਸਮਝ ਨਹੀਂ ਸੀ ਆ ਰਿਹਾ। ਇੰਗਲੈਂਡ ਨਾਲੋਂ ਇਥੇ ਸਭ ਕੁਝ ਵੱਖਰਾ ਸੀ। ਸਫਾਈ ਤਾਂ ਬਿਲਕੁਲ ਹੀ ਨਹੀਂ ਸੀ। ਪਹਿਲੀ ਨਜ਼ਰੇ ਉਸ ਨੂੰ ਹਿੰਦੁਸਤਾਨ ਉਹੋ ਜਿਹਾ ਨਹੀਂ ਸੀ ਲਗਿਆ ਜਿਹੋ ਜਿਹਾ ਉਹ ਸੁਫਨਿਆਂ ਵਿਚ ਦੇਖਿਆ ਕਰਦਾ ਸੀ। ਜਿੰਨਾ ਕੁ ਉਸ ਨੂੰ ਚੇਤਾ ਸੀ ਪੰਜਾਬ ਇਸ ਤੋਂ ਬਹੁਤ ਬਿਹਤਰ ਸੀ। ਉਸ ਨੂੰ ਪੌਲ ਸ਼ੀਨ ਨੇ ਦੱਸਿਆ ਹੋਇਆ ਸੀ ਕਿ ਉਸ ਨੂੰ ਪੰਜਾਬ ਕਿਸੇ ਵੀ ਹਾਲਤ ਵਿਚ ਨਹੀਂ ਜਾਣ ਦਿਤਾ ਜਾਵਗੇ ਇਸ ਲਈ ਕਿਸੇ ਕਿਸਮ ਦੀ ਜਿ਼ੱਦ ਕਰਨ ਦੀ ਕੋਸਿ਼ਸ਼ ਨਹੀਂ ਕਰਨੀ ਹੋਵੇਗੀ।
ਗਵਰਨਰ ਜਨਰਲ ਲੌਰਡ ਕੈਨਿੰਗ ਕਲਕੱਤੇ ਵਿਚ ਹੀ ਸੀ। ਉਸ ਦਾ ਵਿਸ਼ੇਸ਼ ਏ. ਡੀ. ਸੀ. ਉਸ ਨੂੰ ਲੈਣ ਗਿਆ। ਇੱਕੀ ਤੋਪਾਂ ਦੀ ਉਸ ਨੂੰ ਸਲਾਮੀ ਦਿਤੀ ਗਈ। ਮਹਾਂਰਾਜਾ ਇਸ ‘ਤੇ ਬਹੁਤ ਖੁਸ਼ ਸੀ। ਕਲਕੱਤੇ ਦੇ ਇਕ ਵਧੀਆ ਹੋਟਲ ਵਿਚ ਉਸ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਸੀ। ਉਸ ਦੇ ਪੁੱਜਣ ਦੇ ਪਹਿਲੇ ਦਿਨ ਹੀ ਉਸ ਨੂੰ ਐਂਗਲੋ-ਸੈਕਸਨ ਜਥੇਬੰਦੀ ਵਲੋਂ ਰਾਤ ਦੇ ਭੋਜ ਦਾ ਸੱਦਾ-ਪੱਤਰ ਆ ਗਿਆ। ਸਰਕਾਰ ਉਸ ਨੂੰ ਖੁਸ਼ ਵੀ ਰੱਖਣਾ ਚਾਹੁੰਦੀ ਸੀ। ਉਸ ਦਾ ਬਣਦਾ ਮਾਣ-ਤਾਣ ਦਿਤਾ ਜਾ ਰਿਹਾ ਸੀ। ਉਸ ਦੇ ਹਿੰਦੁਸਤਾਨ ਆਉਣ ਦੀ ਖ਼ਬਰ ਨੂੰ ਬ੍ਰਤਾਨੀਆਂ ਸਰਕਾਰ ਨੇ ਬਹੁਤਾ ਨਹੀਂ ਸੀ ਫੈਲਣ ਦਿਤਾ। ਲੋਕਾਂ ਦੇ ਭੜਕ ਪੈਣ ਦਾ ਵੀ ਖਤਰਾ ਹੋ ਸਕਦਾ ਸੀ।
ਹੁਣ ਸਰਕਾਰ ਦੇ ਮੁਹਰੇ ਸਮੱਸਿਆ ਸੀ ਰਾਣੀ ਜਿੰਦ ਕੋਰ। ਉਸ ਨੂੰ ਮਹਾਂਰਾਜੇ ਨੂੰ ਮਿਲਾਉਣਾ ਤਾਂ ਪੈਣਾ ਹੀ ਸੀ। ਮਹਾਂਰਾਜੇ ਨੂੰ ਨਿਪਾਲ ਜਾਣ ਨਹੀਂ ਸੀ ਦਿਤਾ ਜਾ ਸਕਦਾ। ਇਸ ਲਈ ਰਾਜਮਾਤਾ ਨੂੰ ਕਲਕੱਤੇ ਸੱਦ ਲਿਆ ਗਿਆ। ਜਿਸ ਦਿਨ ਮਹਾਂਰਾਜਾ ਪੁੱਜਿਆ ਸੀ ਉਸੇ ਦਿਨ ਹੀ ਰਾਜਮਾਤਾ ਨੂੰ ਵੀ ਸੁਨੇਹਾ ਭੇਜ ਦਿਤਾ ਗਿਆ ਸੀ। ਰਾਜਮਾਤਾ ਜਿੰਦ ਕੋਰ ਕਠਮੰਡੂ ਤੋਂ ਤੁਰਨ ਲੱਗੀ ਤਾਂ ਉਥੋਂ ਦੇ ਰਾਜੇ ਜੰਗ ਬਹਾਦੁਰ ਨੇ ਸਾਫ ਕਰ ਦਿਤਾ ਸੀ ਕਿ ਜੇ ਇਕ ਵਾਰ ਉਹ ਨਿਪਾਲ ਛੱਡ ਗਈ ਤਾਂ ਮੁੜ ਕੇ ਨਿਪਾਲ ਵਿਚ ਨਹੀਂ ਵੜ੍ਹਨ ਦਿਤਾ ਜਾਵੇਗਾ ਪਰ ਹੁਣ ਮੁੜ ਕੇ ਨਿਪਾਲ ਆਉਣ ਦਾ ਕਿਸ ਨੂੰ ਫਿਕਰ ਸੀ। ਉਹ ਤਾਂ ਉਡ ਕੇ ਆਪਣੇ ਪੁੱਤ ਨੂੰ ਜਾ ਮਿਲਣਾ ਚਾਹੁੰਦੀ ਸੀ।
ਇਹਨਾਂ ਦਿਨਾਂ ਵਿਚ ਮਹਾਂਰਾਜਾ ਸਿ਼ਕਾਰਗਾਹਾਂ ਦੀ ਤਲਾਸ਼ ਕਰ ਰਿਹਾ ਸੀ। ਉਸ ਨੇ ਇਸ ਕੰਮ ਲਈ ਖਾਸ ਬੰਦੂਕਾਂ ਤੇ ਤਿੰਨ ਸਹਾਇਕ ਸਿ਼ਕਾਰੀ ਵੀ ਨਾਲ ਲਿਆਂਦੇ ਸਨ। ਰਬੜ ਦੀਆਂ ਕਿਸ਼ਤੀਆਂ ਵੀ ਸਨ। ਸੇ਼ਰ ਦੇ ਸਿ਼ਕਾਰ ‘ਤੇ ਜਾਣਾ ਏਨਾ ਸੌਖਾ ਨਹੀਂ ਸੀ ਜਿੰਨਾ ਉਸ ਸੋਚੀ ਬੈਠਾ ਸੀ। ਉਸ ਨੇ ਆਪਣੇ ਭਤੀਜੇ ਸ਼ਹਿਜ਼ਾਦਾ ਸਿ਼ਵਦੇਵ ਸਿੰਘ ਨੂੰ ਵੀ ਕਲਕੱਤੇ ਪੁਜਦਿਆਂ ਹੀ ਸੁਨੇਹਾ ਭੇਜ ਦਿਤਾ ਸੀ। ਸਿ਼ਵਦੇਵ ਸਿੰਘ ਆਪਣੀ ਮਾਂ ਦੁਖਨਾ ਨਾਲ ਉਤਰੀ ਹਿੰਦੁਸਤਾਨ ਵਿਚ ਮਿਲੀ ਜਗੀਰ ਵਿਚ ਰਹਿੰਦਾ ਸੀ। ਉਹ ਜਲਦੀ ਹੀ ਉਸ ਨੂੰ ਮਿਲਣ ਆ ਗਿਆ। ਦੋਨੋਂ ਹੀ ਇਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਸਿ਼ਵਦੇਵ ਸਿੰਘ ਸੁਹਣਾ ਜਵਾਨ ਨਿਕਲਿਆ ਸੀ। ਉਸ ਦਾ ਵਿਆਹ ਵੀ ਹੋ ਚੁੱਕਿਆ ਸੀ। ਅਜਕੱਲ ਇਕ ਹੋਰ ਵਿਆਹ ਕਰਾਉਣ ਦੀ ਸੋਚ ਰਿਹਾ ਸੀ। ਉਹ ਮਹਾਂਰਾਜੇ ਨੂੰ ਕਹਿਣ ਲਗਿਆ,
“ਚਾਚਾ ਜੀ, ਮੈਨੂੰ ਉਸ ਵਕਤ ਹੀ ਤੁਹਾਡੇ ਨਾਲ ਚਲੇ ਜਾਣਾ ਚਾਹੀਦਾ ਸੀ ਪਰ ਬੀਬੀ ਜੀ ਨਹੀਂ ਸਨ ਮੰਨਦੇ, ਹੁਣ ਮੈਂ ਚਾਹੁੰਨਾ ਕਿ ਤੁਹਾਡੇ ਨਾਲ ਇੰਗਲੈਂਡ ਜਾਵਾਂ।”
“ਸ਼ਹਿਜ਼ਾਦੇ, ਮੈਂ ਤੁਹਾਨੂੰ ਇਹ ਸਲਾਹ ਨਹੀਂ ਦੇਵਾਂਗਾ। ਇਹ ਅੰਗਰੇਜ਼ ਇਨਸਾਫ ਪਸੰਦ ਲੋਕ ਨਹੀਂ। ਮੇਰੀ ਕਹਾਣੀ ਸੁਣੋਂਗੇ ਤਾਂ ਤੁਸੀਂ ਇੰਗਲੈਂਡ ਜਾਣ ਦਾ ਨਾਂ ਵੀ ਨਹੀਂ ਲਵੋਂਗੇ।”
ਮਹਾਂਰਾਜੇ ਨੇ ਉਥੇ ਦਰਪੇਸ਼ ਆ ਰਹੀਆਂ ਤਕਲੀਫਾਂ ਗਿਣਾ ਧਰੀਆਂ ਕਿ ਕਿਵੇਂ ਉਸ ਨਾਲ ਪੈਰ ਪੈਰ ‘ਤੇ ਫਰਕ ਕੀਤਾ ਜਾ ਰਿਹਾ ਸੀ। ਉਸ ਦੇ ਕਲੇਮ ਨੂੰ ਜਾਣਬੁੱਝ ਕੇ ਅਖੋਂ-ਪਰੋਖੇ ਕੀਤਾ ਜਾ ਰਿਹਾ ਸੀ। ਸ਼ਹਿਜ਼ਾਦਾ ਸਿ਼ਵਦੇਵ ਸਿੰਘ ਫਿਰ ਵੀ ਆਪਣਾ ਮਨ ਇੰਗਲੈਂਡ ਜਾਣ ਦਾ ਬਣਾਉਂਦਾ ਰਿਹਾ। ਰਾਣੀ ਦੁਖਨਾ ਨੂੰ ਆਪਣੇ ਪੁੱਤ ਦੇ ਇਰਾਦੇ ਬਾਰੇ ਪਤਾ ਸੀ। ਉਹ ਉਸ ਦੇ ਪਿੱਛੇ ਹੀ ਕਲਕੱਤੇ ਆ ਗਈ ਤੇ ਸਿ਼ਵਦੇਵ ਸਿੰਘ ਨੂੰ ਵਾਪਸ ਲੈ ਗਈ। ਉਸ ਨੇ ਮਹਾਂਰਾਜਾ ਦਲੀਪ ਸਿੰਘ ਨੂੰ ਇਸਾਈ ਬਣ ਜਾਣ ਕਾਰਨ ਹਾਲੇ ਤਕ ਮੁਆਫ ਨਹੀਂ ਸੀ ਕੀਤਾ।
ਇਕ ਦਿਨ ਲੌਰਡ ਕੈਨਿੰਗ ਨੇ ਪੁੱਛਿਆ,
“ਮਹਾਂਰਾਜਾ, ਕੋਈ ਹੋਰ ਤੁਹਾਡੀ ਇਛਿਆ ਹੈ ਤਾਂ ਦੱਸੋ?”
“ਸਰ, ਮੈਂ ਆਪਣੇ ਦੇਸ਼ ਪੰਜਾਬ ਜਾਣਾ ਚਾਹੁੰਨਾ ਇਕ ਵਾਰ।”
“ਨਹੀਂ ਮਹਾਂਰਾਜਾ, ਇਹ ਨਹੀਂ ਹੋ ਸਕਣਾ।”
“ਕਿਉਂ ਨਹੀਂ ਹੋ ਸਕਣਾ?”
“ਯੋਅਰ ਹਾਈਨੈੱਸ, ਸਾਡੀ ਰਿਪ੍ਰੋਟ ਅਨੁਸਾਰ ਪੰਜਾਬ ਜਾਣਾ ਸੁਰੱਖਿਅਤ ਨਹੀਂ ਏ, ਪੰਜਾਬ ਦੇ ਬਹੁਤੇ ਸਿੱਖ ਤੁਹਾਡੇ ਖਿਲਾਫ ਨੇ, ਕੁਝ ਸਿੱਖ ਤਾਂ ਤੁਹਾਡੀ ਘਰੇਲੂ ਕਤਲੋ-ਗਾਰਤ ਕਾਰਨ ਤੁਹਾਡੇ ਤੋਂ ਬਦਲਾ ਲੈਣਾ ਚਾਹੁੰਦੇ ਨੇ, ਬਹੁਤ ਸਾਰੇ ਸਿੱਖ ਤੁਹਾਡੇ ਇਸਾਈ ਬਣਨ ਕਰਕੇ ਤੁਹਾਡੇ ਬਹੁਤ ਖਿਲਾਫ ਨੇ, ਤੁਹਾਡੀ ਜਾਨ ਨੂੰ ਪੰਜਾਬ ਵਿਚ ਖਤਰਾ ਏ। ਮਹਾਂਰਾਜਾ, ਸੱਚ ਤਾਂ ਇਹ ਵੇ ਕਿ ਸਾਨੂੰ ਇਥੇ ਵੀ ਤੁਹਾਡੇ ਲਈ ਵਿਸ਼ੇਸ਼ ਸੁਰੱਖਿਆ ਮੁਹੱਈਆ ਕਰ ਰਹੇ ਆਂ, ਇਥੇ ਵੀ ਬਹੁਤ ਖਤਰਾ ਏ।”
ਮਹਾਂਰਾਜੇ ਨੇ ਆਪਣੀ ਗੱਲ ਉਪਰ ਬਹੁਤਾ ਜ਼ੋਰ ਵੀ ਨਾ ਪਾਇਆ। ਉਸ ਨੂੰ ਪਤਾ ਸੀ ਕਿ ਉਸ ਨੂੰ ਨਹੀਂ ਜਾਣ ਦਿਤਾ ਜਾਣਾ। ਪੰਜਾਬ ਦੇ ਲੋਕ ਉਸ ਬਾਰੇ ਕੀ ਸੋਚਦੇ ਸਨ ਇਹ ਸਮੁੰਦ ਸਿੰਘ ਤੇ ਕਾਬਲ ਸਿੰਘ ਉਸ ਨੂੰ ਦੱਸ ਗਏ ਸਨ। ਇਹਨਾਂ ਦਿਨਾਂ ਵਿਚ ਹੀ ਇਕ ਹੋਰ ਅਜਿਹੀ ਘਟਨਾ ਵਾਪਰੀ ਕਿ ਮਹਾਂਰਾਜੇ ਨੂੰ ਸਾਫ ਹੋ ਗਿਆ ਕਿ ਸਿੱਖ ਉਸ ਨੂੰ ਕਿੰਨਾ ਪਿਆਰ ਕਰਦੇ ਸਨ। ਸਿੱਖ ਸਿਪਾਹੀਆਂ ਦੀ ਇਕ ਰਜਮੈਂਟ ਚੀਨ ਦੀ ਸਰਹੱਦ ‘ਤੇ ਲੜਾਈ ਵਿਚ ਸ਼ਾਮਲ ਸੀ। ਸਰਹੱਦ ਤੋਂ ਵਾਪਸ ਆਏ ਸਿੱਖ ਸਿਪਾਹੀ ਕਲਕੱਤੇ ਪੁੱਜੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਪਤਾ ਚੱਲ ਗਿਆ ਕਿ ਮਹਾਂਰਾਜਾ ਦਲੀਪ ਸਿੰਘ ਕਲਕੱਤੇ ਵਿਚ ਹੀ ਹਾਜ਼ਰ ਹੈ ਤੇ ਕਿਸੇ ਹੋਟਲ ਵਿਚ ਠਹਿਰਿਆ ਹੋਇਆ ਹੈ। ਸਿੱਖਾਂ ਦੇ ਝੁੰਡਾਂ ਦੇ ਝੁੰਡ ਮਹਾਂਰਾਜੇ ਦੇ ਦਰਸ਼ਨ ਕਰਨ ਲਈ ਕਾਹਲੇ ਪੈਣ ਲਗੇ। ਸੈਂਕੜਿਆਂ ਦੀ ਗਿਣਤੀ ਵਿਚ ਇਹ ਫੌਜੀ ਮਹਾਂਰਾਜੇ ਦੇ ਹੋਟਲ ਦੇ ਬਾਹਰ ਪੁੱਜ ਗਏ ਤੇ ਘੰਟਿਆਂ ਬੱਧੀ ਉਥੇ ਖੜੇ ਰਹੇ। ਮਹਾਂਰਾਜੇ ਨੇ ਆਕੇ ਉਹਨਾਂ ਨੂੰ ਦਰਸ਼ਨ ਦਿਤੇ, ਉਹ ਸਲਾਮ-ਦੁਆ ਕਰਦੇ ਚਲੇ ਗਏ। ਇਵੇਂ ਹੀ ਉਹ ਹਰ ਰੋਜ਼ ਸਿੱਖ ਗਰੁੱਪ ਬਣਾ ਕੇ ਆਉਂਦੇ ਤੇ ਸ਼ਾਂਤੀ ਨਾਲ ਹੋਟਲ ਦੇ ਬਾਹਰ ਖੜੇ ਰਹਿੰਦੇ। ਮਹਾਂਰਾਜਾ ਆ ਕੇ ਉਸ ਦਾ ਹਾਲ-ਚਾਲ ਪੁੱਛਦਾ ਤੇ ਉਹ ਚਲੇ ਜਾਂਦੇ। ਅੰਗਰੇਜ਼ ਅਫਸਰਾਂ ਨੂੰ ਹੋਰ ਹੀ ਡਰ ਪੈ ਗਿਆ ਤੇ ਉਹਨਾਂ ਨੇ ਕਾਹਲੀ ਨਾਲ ਉਸ ਰਜਮੈਂਟ ਨੂੰ ਕਲਕੱਤੇ ਤੋਂ ਕਿਸੇ ਹੋਰ ਜਗਾਹ ਭੇਜ ਦਿਤਾ।
ਰਾਣੀ ਜਿੰਦ ਕੋਰ ਨੂੰ ਨਿਪਾਲ ਤੋਂ ਕਲਕੱਤੇ ਪੁੱਜਣ ਵਿਚ ਕਈ ਦਿਨ ਲਗ ਗਏ। ਇਕ ਤਾਂ ਉਹਦੀ ਸਿਹਤ ਪਹਿਲਾਂ ਹੀ ਬਹੁਤ ਕਮਜ਼ੋਰ ਸੀ ਤੇ ਉਪਰੋਂ ਲੰਮੇ ਸਫਰ ਨੇ ਵੀ ਨਿਢਾਲ ਕਰ ਦਿਤਾ। ਰਾਣੀ ਜਿੰਦ ਕੋਰ ਕੋਲ ਮਹਾਂਰਾਜੇ ਬਾਰੇ ਸਹੀ ਖਬਰ ਨਹੀਂ ਸੀ ਪੁੱਜਿਆ ਕਰਦੀ ਪਰ ਏਨਾ ਜ਼ਰੂਰ ਪਤਾ ਚੱਲ ਗਿਆ ਸੀ ਕਿ ਮਹਾਂਰਾਜਾ ਇਸਾਈ ਬਣ ਗਿਆ ਸੀ। ਇਹ ਖ਼ਬਰ ਵੀ ਜਾਣ ਬੁੱਝ ਕੇ ਉਸ ਨੂੰ ਮਾਨਸਿਕ ਪੀੜ ਦੇਣ ਦਿਤੀ ਗਈ ਸੀ। ਇਸ ਗੱਲ ਦਾ ਰਾਣੀ ਜਿੰਦ ਕੋਰ ਬਹੁਤ ਦੁੱਖ ਮੰਨਿਆਂ ਸੀ। ਇਸ ਕਾਰਨ ਰਾਣੀ ਕਈ ਦਿਨ ਤਕ ਰੋਂਦੀ ਰਹੀ ਸੀ। ਰਾਣੀ ਆਪਣੀ ਕਿਸਮਤ ‘ਤੇ ਹਰ ਵੇਲੇ ਹੀ ਰੋਂਦੀ ਰਹਿੰਦੀ ਸੀ। ਰੋ ਰੋ ਕੇ ਤਾਂ ਉਸ ਨੇ ਆਪਣੀਆਂ ਅੱਖਾਂ ਖਰਾਬ ਕਰ ਲਈਆਂ ਹੋਈਆਂ ਸਨ। ਸਾਰੇ ਰਾਹ ਉਹ ਇਹੋ ਹੀ ਸੋਚਦੀ ਆਈ ਸੀ ਕਿ ਉਹ ਜਲਦੀ ਤੋਂ ਜਲਦੀ ਮਹਾਂਰਾਜੇ ਨੂੰ ਮੁੜ ਸਿੰਘ ਸਜਾ ਦੇਵੇਗੀ। ਸਭ ਤੋਂ ਪਹਿਲਾਂ ਤਾਂ ਉਸ ਨੇ ਮਹਾਂਰਾਜੇ ਦਾ ਸਿਰ ਟੋਹ ਕੇ ਦੇਖਣਾ ਸੀ। ਉਹ ਚਾਹ ਰਹੀ ਸੀ ਕਿ ਰੱਬ ਕਰੇ ਕਿ ਇਹ ਖ਼ਬਰ ਝੂਠੀ ਹੀ ਹੋਵੇ।
ਰਾਣੀ ਦੇ ਪੁੱਜਣ ਦੀ ਖ਼ਬਰ ਮਹਾਂਰਾਜੇ ਨੂੰ ਕਮਰੇ ਵਿਚ ਹੀ ਮਿਲੀ। ਉਹ ਭਜ ਕੇ ਹੋਟਲ ਦੀ ਲੌਂਜ ਵਿਚ ਆ ਗਿਆ। ਉਸ ਨੇ ਦੇਖਿਆ ਕਿ ਦੋ ਔਰਤਾਂ ਇਕ ਬਿਜ਼ੁਰਗ ਔਰਤ ਨੂੰ ਸਹਾਰਾ ਦੇ ਕੇ ਲਈ ਆ ਰਹੀਆਂ ਸਨ। ਮਹਾਂਰਾਜੇ ਨੂੰ ਆਪਣੀ ਮਾਤਾ ਨੂੰ ਪਛਾਨਣ ਵਿਚ ਦੇਰ ਨਾ ਲਗੀ। ਉਹ ਭੱਜ ਕੇ ਮਾਂ ਦੇ ਗਲ ਨੂੰ ਆ ਚੁੰਬੜਿਆ ਤੇ ਰੋਂਦਾ ਹੋਇਆ ਕਹਿਣ ਲਗਿਆ,
“ਬੀਬੀ ਜੀ, ਮੈਂ ਆ ਗਿਆਂ, ...ਬੀਬੀ ਜੀ, ਮੈਂ ਆ ਗਿਆਂ!”
ਰਾਣੀ ਜਿੰਦ ਕੋਰ ਵੀ ਏਨੀ ਭਾਵੁਕ ਸੀ ਕਿ ਗੱਲ ਕਰਨ ਜੋਗੀ ਨਹੀਂ ਸੀ। ਮਹਾਂਰਾਜੇ ਦੀ ਅਵਾਜ਼ ਵਿਚ ਸ਼ੇਰੇ ਪੰਜਾਬ ਦੀ ਅਵਾਜ਼ ਦਾ ਝਾਉਲਾ ਸੀ। ਉਸ ਨੇ ਪੁੱਤ ਦੇ ਮੋਢ੍ਹੇ ਟੋਹੇ ਤੇ ਫਿਰ ਸਿਰ ਮੂੰਹ ‘ਤੇ ਹੱਥ ਫੇਰਿਆ। ਸਿਰ ਤੋਂ ਸਿੱਖੀ ਗਾਇਬ ਮਹਿਸੂਸ ਕਰਕੇ ਰਾਣੀ ਨੂੰ ਇਕ ਧੱਕਾ ਜਿਹਾ ਵੱਜਿਆ ਪਰ ਇਹ ਧੱਕਾ ਪੁੱਤਰ ਦੇ ਮਿਲ ਪੈਣ ਕਾਰਨ ਏਨਾ ਵੱਡਾ ਨਹੀਂ ਸੀ ਮਹਿਸੂਸ ਹੋ ਰਿਹਾ। ਮਾਂ-ਪੁੱਤ ਦੇ ਇਸ ਮਿਲਨ ਨੂੰ ਦੇਖਣ ਵਾਲਿਆਂ ਦੀਆਂ ਵੀ ਅੱਖਾਂ ਭਰੀਆਂ ਹੋਈਆਂ ਸਨ। ਕੁਝ ਦੇਰ ਬਾਅਦ ਸਾਵਾਂ ਹੋ ਕੇ ਮਹਾਂਰਾਜੇ ਨੇ ਕਿਹਾ,
“ਬੀਬੀ ਜੀ, ਹੁਣ ਆਪਾਂ ਇਕੱਠੇ ਰਹਾਂਗੇ, ਹੁਣ ਸਾਨੂੰ ਕੋਈ ਅਲੱਗ ਨਹੀਂ ਕਰ ਸਕੇਗਾ।”
“ਬੇਟਾ ਜੀ, ਸਤਿਗੁਰੂ ਏਵੇਂ ਹੀ ਕਰਨਗੇ!”
ਰਾਜਮਾਤਾ ਥੋੜੇ ਜਿਹੇ ਸ਼ਬਦਾਂ ਵਿਚ ਹੀ ਗੱਲ ਮੁਕਾ ਦਿਤੀ। ਉਹਦੇ ਕੋਲੋਂ ਹਾਲੇ ਵੀ ਬੋਲਿਆ ਨਹੀਂ ਸੀ ਜਾ ਰਿਹਾ। ਮਹਾਂਰਾਜਾ ਉਸ ਨੂੰ ਉਸ ਦੇ ਕਮਰੇ ਵਿਚ ਲੈ ਗਿਆ। ਉਥੇ ਜਾ ਕੇ ਉਹ ਕਾਫੀ ਦੇਰ ਤਕ ਗੱਲਾਂ ਕਰਦੇ ਰਹੇ। ਰਾਣੀ ਜਿੰਦ ਕੋਰ ਨੂੰ ਸੰਭਾਲਣ ਵਾਲੇ ਸਾਰੇ ਕਰਮਚਾਰੀ ਸਰਕਾਰ ਦੇ ਆਪਣੇ ਸਨ। ਉਹ ਮਾਂ-ਪੁੱਤ ਦੀ ਹਰ ਗੱਲ ਦੀ ਵਾਕਫੀ ਰੱਖਣੀ ਚਾਹੁੰਦੇ ਸਨ। ਲੌਰਡ ਕੈਨਿੰਗ ਨੇ ਆਪਣੇ ਮਤਿਹਤਾਂ ਨੂੰ ਰਾਣੀ ਉਪਰ ਨਜ਼ਰ ਰੱਖਣ ਲਈ ਹੁਕਮ ਦਿੰਦਿਆਂ ਕਿਹਾ,
“ਇਹ ਇਕ ਸ਼ੈਤਾਨ ਔਰਤ ਏ, ਮਹਾਂਰਾਜੇ ਦੀ ਕਮਜ਼ੋਰ ਸ਼ਖਸੀਅਤ ਉਪਰ ਗਲਤ ਪ੍ਰਭਾਵ ਪਾ ਸਕਦੀ ਏ। ਉਸ ਨੂੰ ਕੋਈ ਵੀ ਉਲਟੀ ਪੱਟੀ ਪੜ੍ਹਾ ਸਕਦੀ ਏ, ਜਿਥੇ ਕੁਝ ਗਲਤ ਲਗੇ, ਉਥੇ ਹੀ ਅਸਿਧੇ ਤੌਰ ‘ਤੇ ਦਖਲ ਦੇ ਕੇ ਗਲਬਾਤ ਖਤਮ ਕਰਨ ਦੀ ਕੋਸਿ਼ਸ਼ ਕੀਤੀ ਜਾਵੇ।”
ਮਹਾਂਰਾਜਾ ਸਵੇਰੇ ਉਠਦਾ ਹੀ ਬੀਬੀ ਜੀ ਕੋਲ ਆ ਜਾਂਦਾ ਤੇ ਮਾਂ-ਪੁੱਤ ਕਈ ਘੰਟੇ ਇਕੱਠੇ ਗੁਜ਼ਾਰਦੇ। ਸਰਕਾਰੀ ਕਰਮਚਾਰੀ ਨੌਕਰਾਂ ਦੇ ਭੇਸ ਵਿਚ ਉਹਨਾਂ ਦੇ ਆਲੇ-ਦੁਆਲੇ ਹੁੰਦੇ। ਬੀਬੀ ਜੀ ਇਹਨਾਂ ਗੱਲਾਂ ਤੋਂ ਭਲੀਭਾਂਤ ਵਾਕਫ ਸੀ ਇਸ ਲਈ ਸਾਰੀ ਗੱਲ ਹਿਸਾਬ ਨਾਲ ਹੀ ਕਰਦੀ। ਇਕ ਦਿਨ ਉਹ ਮਹਾਂਰਾਜੇ ਦੇ ਸਿਰ ਉਪਰ ਹੱਥ ਫੇਰਦੀ ਰੋਣ ਲਗ ਪਈ ਤੇ ਕੁਝ ਦੇਰ ਬਾਅਦ ਬੋਲੀ,
“ਬੇਟਾ ਜੀ, ਇਹ ਤੁਸੀਂ ਬਹੁਤ ਬੁਰਾ ਕੀਤਾ ਏ, ਆਪਣੇ ਪਿਤਾ, ਬਾਬੇ, ਆਪਣੇ ਖਾਨਦਾਨ ਦੀ ਸਿੱਖੀ ਵਿਰਾਸਤ ਦਾ ਕਤਲ ਕਿਉਂ ਕਰਵਾ ਦਿਤਾ ਏ?”
ਮਹਾਂਰਾਜੇ ਨੇ ਕੋਈ ਜਵਾਬ ਨਾ ਦਿਤਾ। ਉਸ ਦੀਆਂ ਅੱਖਾਂ ਜ਼ਮੀਨ ਵਿਚ ਗੱਡੀਆਂ ਹੋਈਆਂ ਸਨ। ਰਾਣੀ ਨੇ ਫਿਰ ਕਿਹਾ,
“ਫਿਰੰਗੀਆਂ ਨੇ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਏ।”
“ਬੀਬੀ ਜੀ, ਇਹ ਇਸਾਈ ਧਰਮ ਬਹੁਤ ਚੰਗਾ ਏ, ਏਹ ਸੱਚਾਈ ਦੇ ਨੇੜੇ ਵੇ, ਮੈਂ ਆਪਣੀ ਮਰਜ਼ੀ ਨਾਲ ਈ ਇਸ ਪਾਸੇ ਆਇਆਂ ਉਹ ਵੀ ਬਹੁਤ ਸੋਚ ਵਿਚਾਰ ਕੇ।”
“ਬੇਟਾ ਜੀ, ਤੁਸੀਂ ਬਹੁਤ ਬੱਚੇ ਸਾਓ, ਤੁਹਾਨੂੰ ਫਰੰਗੀਆਂ ਦੀਆਂ ਚਾਲਾਂ ਦਾ ਕੁਝ ਪਤਾ ਨਹੀਂ ਚੱਲਿਆ, ਤੁਸੀਂ ਬਹੁਤ ਵੱਡੀ ਗਲਤੀ ਕਰ ਗਏ।”
“ਬੀਬੀ ਜੀ, ਹੁਣ ਜੋ ਹੋ ਗਿਆ ਸੋ ਹੋ ਗਿਆ, ਹੁਣ ਭੁੱਲ ਜਾਓ।”
“ਕਿਵੇਂ ਭੁੱਲ ਜਾਈਏ, ਸਾਡਾ ਆਪਣਾ ਬੱਚਾ ਕਿਸੇ ਹੋਰ ਧਰਤੀ ਦੇ ਧਰਮ ਮਗਰ ਲਗ ਤੁਰਿਆ, ਕਿਵੇਂ ਭੁੱਲ ਜਾਈਏ!”
“ਹੁਣ ਹੋ ਵੀ ਕੀ ਸਕਦਾ ਏ?”
“ਕਿਉਂ ਨਹੀਂ ਹੋ ਸਕਦਾ? ਸਭ ਕੁਝ ਹੋ ਸਕਦਾ ਏ, ਤੁਸੀਂ ਮੁੜ ਕੇ ਆਪਣਾ ਧਰਮ ਅਪਣਾਓ, ਆਪਣੀ ਭੁੱਲ ਬਖਸ਼ਾ ਕੇ ਮੁੜ ਕੇ ਸਿੰਘ ਸਜ ਜਾਓ, ਸਤਿਗੁਰੂ ਬਹੁਤ ਦਿਆਲ ਨੇ, ਉਹ ਜ਼ਰੂਰ ਤੁਹਾਨੂੰ ਮੁਆਫ ਕਰ ਦੇਣਗੇ।”
ਮਹਾਂਰਾਜੇ ਪਾਸ ਕੋਈ ਜਵਾਬ ਨਹੀਂ ਸੀ। ਉਹ ਚੁੱਪ ਸੁਣਦਾ ਜਾ ਰਿਹਾ ਸੀ। ਰਾਣੀ ਜਿੰਦ ਕੋਰ ਆਪਣੀ ਗੱਲ ਕਰਦੀ ਗਈ,
“ਸਿਰ ਦਾ ਸਾਈਂ ਤੁਰ ਗਿਆ, ਮੈਂ ਝੱਲ ਲਿਆ, ਰਾਜ-ਭਾਗ ਖੁਸ ਗਿਆ, ਮੈਂ ਝੱਲ ਲਿਆ, ਪੁੱਤ ਦੇ ਦੂਰ ਰਹਿਣ ਦਾ ਵਿਛੋੜਾ ਵੀ ਝੱਲ ਲਿਆ ਪਰ ਇਹ ਨਹੀਂ ਝੱਲ ਹੁੰਦਾ ਕਿ ਮੇਰਾ ਪੁੱਤ ਕਿਸੇ ਹੋਰ ਧਰਮ ਵਿਚ ਆਸਥਾ ਰੱਖੇ ਤੇ ਆਪਣੇ ਬਾਪ-ਦਾਦੇ ਦੇ ਧਰਮ ਨੂੰ ਭੁੱਲ ਜਾਵੇ!”
ਕਹਿੰਦੀ ਰਾਣੀ ਜਿੰਦ ਕੋਰ ਰੋਣ ਲਗ ਪਈ। ਮਹਾਂਰਾਜੇ ਨੇ ਆਪਣੀ ਮਾਤਾ ਨੂੰ ਗਲ਼ ਨਾਲ ਲਾਇਆ ਤੇ ਕਿਹਾ,
“ਬੀਬੀ ਜੀ, ਮੈਂ ਹੋਰ ਤ ਕੁਝ ਨਹੀਂ ਕਰ ਸਕਦਾ, ਤੁਹਾਡਾ ਰਾਜ-ਭਾਗ ਵਾਪਸ ਨਹੀਂ ਦੇ ਸਕਦਾ ਪਰ ਮੈਂ ਮੁੜ ਕੇ ਸਿੱਖ ਜ਼ਰੂਰ ਬਣ ਜਾਵਾਂਗਾ, ਵਾਅਦਾ ਕਰਦਾਂ ਕਿ ਇਕ ਦਿਨ ਸਿੱਖ ਜ਼ਰੂਰ ਬਣ ਜਾਵਾਂਗਾ।”
ਮਹਾਂਰਾਜੇ ਨੇ ਕਿਹਾ। ਰਾਣੀ ਨੇ ਉਸ ਨੂੰ ਆਪਣੀ ਹਿੱਕ ਨਾਲ ਲਾ ਲਿਆ ਤੇ ਠੰਡਾ ਸਾਹ ਲਿਆ।
ਉਸ ਰਾਤ ਹੀ ਮਹਾਂਰਾਜੇ ਨੂੰ ਉਹੋ ਸੁਫਨਾ ਫਿਰ ਦਿਸਿਆ। ਜਿਸ ਵਿਚ ਉਸ ਨੇ ਟੋਕਰੀ ਵਿਚ ਕੁਝ ਪਾਇਆ ਹੁੰਦਾ ਹੈ ਤੇ ਉਹ ਇਸ ਟੋਕਰੀ ਨੂੰ ਕਿਸੇ ਨੂੰ ਭੇਂਟ ਕਰਨ ਜਾ ਰਿਹਾ ਹੁੰਦਾ ਹੈ। ਉਹ ਉਠ ਕੇ ਬੈਠ ਗਿਆ ਤੇ ਕਿੰਨੀ ਦੇਰ ਤਕ ਹੀ ਇਸ ਸੁਫਨੇ ਬਾਰੇ ਸੋਚਦਾ ਰਿਹਾ। ਸਾਰਾ ਬਚਪੱਨ ਉਸ ਨੂੰ ਅਜੀਬ ਅਜੀਬ ਸੁਫਨੇ ਆਉਂਦੇ ਰਹੇ ਸਨ। ਹੁਣ ਭਾਵੇਂ ਪਹਿਲਾਂ ਜਿਹੇ ਸੁਫਨੇ ਘੱਟ ਆਉਂਦੇ ਪਰ ਇਹ ਸੁਫਨਾ ਉਸ ਨੂੰ ਹਾਲੇ ਵੀ ਕਦੇ ਕਦੇ ਆ ਜਾਇਆ ਕਰਦਾ ਸੀ। ਜਦੋਂ ਸਮੁੰਦ ਸਿੰਘ ਤੇ ਕਾਬਲ ਸਿੰਘ ਉਸ ਨੂੰ ਮਿਲਣ ਆਉਂਦੇ ਤਾਂ ਅਜਿਹਾ ਸੁਫਨਾ ਜ਼ਰੂਰ ਆਉਂਦਾ।
ਇਕ ਦਿਨ ਰਾਣੀ ਜਿੰਦ ਕੋਰ ਨੇ ਮਹਾਂਰਾਜੇ ਨੂੰ ਇਕੱਲਿਆਂ ਕਰ ਕੇ ਕਿਹਾ,
“ਪੰਜਾਬ ਵਿਚ ਤੁਹਾਡੇ ਬਾਪ-ਦਾਦਾ ਦੀ ਬਹੁਤ ਜਾਇਦਾਦ ਏ, ਜਿਸ ਦਾ ਅੰਗਰੇਜ਼ਾਂ ਨਾਲ ਹੋਈ ਟਰੀਟੀ ਦਾ ਕੋਈ ਰੌਲ਼ਾ ਨਹੀਂ, ਇਹ ਤੁਹਾਡੀ ਜੱਦੀ ਜਾਇਦਾਦ ਏ, ਤੁਸੀਂ ਏਹਦੇ ਤਾਂ ਹੀ ਸਹੀ ਵਾਰਿਸ ਬਣੋਂਗੇ ਜੇ ਮੁੜ ਕੇ ਸਿੰਘ ਸਜੋਂਗੇ।”
“ਜ਼ਰੂਰ ਬੀਬੀ ਜੀ, ਜ਼ਰੂਰ!”
ਮਹਾਂਰਾਜੇ ਨੇ ਯਕੀਨ ਦੁਆਉਂਦਿਆਂ ਕਿਹਾ। ਉਸ ਦਿਨ ਤੋਂ ਬਾਅਦ ਜਦ ਵੀ ਵਕਤ ਲਗਦਾ ਰਾਣੀ ਜਿੰਦ ਕੋਰ ਮਹਾਂਰਾਜੇ ਨੂੰ ਉਹਨਾਂ ਦੀਆਂ ਖਾਨਦਾਨੀ ਜਾਇਦਾਦਾਂ ਬਾਰੇ ਦੱਸਣ ਲਗ ਪੈਂਦੀ।
ਮਹਾਂਰਾਜਾ ਆਪਣੀ ਮਾਤਾ ਨੂੰ ਪਾ ਕੇ ਬਹੁਤ ਖੁਸ਼ ਸੀ। ਹੁਣ ਉਹ ਆਪਣੇ ਆਪ ਨੂੰ ਇਕੱਲਾ ਨਹੀਂ ਸੀ ਸਮਝਦਾ। ਮਾਤਾ ਦੀਆਂ ਗੱਲਾਂ ਤੋਂ ਉਸ ਨੂੰ ਬਹੁਤ ਹੌਂਸਲਾ ਮਿਲਦਾ ਸੀ। ਮਾਤਾ ਨੂੰ ਮਿਲ ਕੇ ਭਾਵੇਂ ਉਹ ਖੁਸ਼ ਸੀ ਪਰ ਹਿੰਦੁਸਤਾਨ ਵਿਚ ਰਹਿੰਦਿਆਂ ਉਸ ਦੀ ਪੂਰੀ ਤਸੱਲੀ ਜਿਹੀ ਨਹੀਂ ਸੀ। ਅੰਦਰੋ-ਅੰਦਰ ਉਹ ਬਹੁਤ ਅਣਸੁਖਾਵਾਂ ਮਹਿਸੂਸ ਕਰਨ ਲਗਦਾ। ਬਹੁਤਾ ਕੁਝ ਅਜਿਹਾ ਵਾਪਰ ਰਿਹਾ ਸੀ ਜਿਹੜਾ ਉਸ ਦੇ ਸੁਭਾਅ ਦੇ ਅਨੁਕੂਲ ਨਹੀਂ ਸੀ। ਇੰਗਲੈਂਡ ਵਰਗਾ ਇਥੇ ਕੁਝ ਵੀ ਨਹੀਂ ਸੀ। ਕਲਕੱਤਾ ਸ਼ਹਿਰ ਹੀ ਬਹੁਤ ਭਿੰਨ ਸੀ। ਉਸ ਦੇ ਬਹੁਤ ਸਾਰੇ ਮਨਸੂਬੇ ਅਧੂਰੇ ਰਹਿ ਰਹੇ ਸਨ। ਸਿ਼ਕਾਰ ਖੇਡਣ ਦਾ ਕੋਈ ਵੀ ਸ਼ੌਂਕ ਪੂਰਾ ਨਹੀਂ ਸੀ ਹੋ ਰਿਹਾ। ਕਲਕੱਤੇ ਵਿਚ ਜਾਂ ਉਸ ਦੇ ਆਲੇ ਦੁਆਲੇ ਕੋਈ ਵੀ ਵਿਸ਼ੇਸ਼ ਸਿ਼ਕਾਰਗਾਹ ਨਹੀਂ ਸੀ। ਸਾਰੇ ਕੁਦਰਤੀ ਜੰਗਲ ਹੀ ਸਨ ਤੇ ਜਿਥੇ ਕਿਹੋ ਜਿਹੇ ਜਾਨਵਰ ਹੋਣੇ ਸਨ ਇਸ ਬਾਰੇ ਵੀ ਬਹੁਤਾ ਨਹੀਂ ਸੀ ਪਤਾ। ਯੌਰਪ ਵਾਂਗ ਰਾਖਵੀਆਂ ਸਿ਼ਕਾਰਗਾਹਾਂ ਨਹੀਂ ਸਨ। ਕੁਝ ਕੁ ਵਾਰ ਉਹ ਸਿ਼ਕਾਰ ਲਈ ਨਿਕਲਿਆ ਵੀ ਪਰ ਤਸੱਲੀ ਜਿਹੀ ਨਹੀਂ ਸੀ ਹੋ ਰਹੀ। ਇਕ ਵਾਰ ਉਸ ਨੇ ਇਕ ਅੰਗਰੇਜ਼ ਕਰਨਲ ਨਾਲ ਰਲ ਕੇ ਸਿ਼ਕਾਰ ‘ਤੇ ਜਾਣ ਦੀ ਵੱਡੀ ਮੁਹਿੰਮ ਬਣਾਈ, ਇਸ ਵਿਚ ਉਹ ਆਪਣੀ ਮਾਤਾ ਨੂੰ ਵੀ ਨਾਲ ਹੀ ਲੈ ਜਾਣਾ ਚਾਹੁੰਦਾ ਸੀ ਪਰ ਕੁਝ ਅਫਸਰਾਂ ਦੀਆਂ ਚਾਲਾਂ ਕਾਰਨ ਤੇ ਕੁਝ ਮਾਤਾ ਦੀ ਸਿਹਤ ਕਾਰਨ ਇਹ ਮੁਹਿੰਮ ਸਿਰੇ ਨਾ ਚੜ੍ਹ ਸਕੀ। ਇਕ ਹੋਰ ਗੱਲ ਇਹ ਹੋਈ ਕਿ ਸਰਕਾਰ ਨੇ ਰਾਣੀ ਜਿੰਦ ਕੋਰ ਦਾ ਕਲਕੱਤੇ ਤੋਂ ਬਾਹਰ ਜਾਣਾ ਬੰਦ ਕਰ ਦਿਤਾ ਸੀ। ਮਹਾਂਰਾਜੇ ਨੇ ਪੂਰਬੀ ਬੰਗਾਲ ਵਿਚ ਇਕ ਸਿ਼ਕਾਰਗਾਹ ਖਰੀਦਣ ਦੀ ਸਕੀਮ ਵੀ ਬਣਾਈ ਜਿਸ ਨੂੰ ਉਹ ਆਪਣ ਹੈੱਡ-ਕੁਆਟਰ ਵਜੋਂ ਵਰਤ ਸਕੇ ਪਰ ਇਹ ਵੀ ਸਿਰੇ ਨਾ ਚੜ੍ਹੀ। ਸ਼ੇਰ ਦੇ ਸਿ਼ਕਾਰ ‘ਤੇ ਜਾਣਾ ਵੀ ਏਨਾ ਅਸਾਨ ਨਹੀਂ ਸੀ ਜਿੰਨਾ ਉਹ ਸਮਝਦਾ ਆ ਰਿਹਾ ਸੀ। ਕਦੇ ਉਹ ਮਸੂਰੀ ਜਾਣ ਦਾ ਪ੍ਰੋਗਰਾਮ ਬਣਾਉਣ ਲਗਦਾ ਤੇ ਕਦੇ ਬੰਬੇ ਪਰ ਕੁਝ ਵੀ ਪੂਰਾ ਨਾ ਹੁੰਦਾ। ਇਕ ਇਕ ਕਰਕੇ ਉਸ ਦੇ ਬਣਾਏ ਪ੍ਰੋਗਰਾਮ ਫੇਹਲ ਹੋ ਰਹੇ ਸਨ ਜਿਸ ਕਰਕੇ ਉਸ ਦਾ ਮਨ ਹਿੰਦੁਸਤਾਨ ਵਿਚੋਂ ਉਖੜਨ ਲਗਦਾ। ਕਦੇ ਕਦੇ ਤਾਂ ਉਸ ਨੂੰ ਹਿੰਦੁਸਤਾਨ ਦੀ ਕੋਈ ਵੀ ਚੀਜ਼ ਪਸੰਦ ਨਹੀਂ ਸੀ ਆਉਂਦੀ। ਉਸ ਦਾ ਦਿਲ ਕਰਨ ਲਗਦਾ ਕਿ ਇਸੇ ਵਕਤ ਹੀ ਇੰਗਲੈਂਡ ਵਾਪਸ ਮੁੜ ਜਾਵੇ। ਕਲਕੱਤੇ ਵਿਚ ਅੰਗਰੇਜ਼ਾਂ ਦੀਆਂ ਕਈ ਕਲੱਬਾਂ ਸਨ। ਉਸ ਨੇ ਬਹੁਤ ਵਾਰ ਕੋਸਿ਼ਸ਼ ਕੀਤੀ ਕਿ ਕਿਸੇ ਕਲੱਬ ਦਾ ਹੀ ਮੈਂਬਰ ਬਣ ਜਾਵੇ ਪਰ ਉਸ ਨੂੰ ਨਾਂਹ ਹੋ ਗਈ ਕਿਉਂਕਿ ਇਹ ਕਲੱਬਾਂ ਸਿਰਫ ਗੋਰਿਆਂ ਲਈ ਹੀ ਸਨ। ਇਥੋਂ ਦੇ ਬਹੁਤੇ ਗੋਰਿਆਂ ਲਈ ਉਹ ਮਹਾਂਰਾਜਾ ਨਹੀਂ ਬਲਕਿ ਇਕ ਸਾਧਾਰਨ ਹਿੰਦੁਸਤਾਨੀ ਸੀ ਜਿਸ ਨੂੰ ਉਹ ਘਟੀਆ ਇਨਸਾਨ ਸਮਝਦੇ ਸਨ। ਕਲਕੱਤੇ ਦੇ ਉਪਰਲੀ ਸੁਸਾਇਟੀ ਵਿਚ ਵੀ ਉਸ ਦੀ ਬਹੁਤੀ ਕਦਰ ਨਹੀਂ ਸੀ ਪੈ ਰਹੀ। ਹਾਲਤ ਅਜਿਹੀ ਹੋਈ ਕਿ ਉਸ ਲਈ ਇਕ-ਇਕ ਦਿਨ ਕੱਢਣਾ ਵੀ ਔਖਾ ਹੋਣ ਲਗਿਆ। ਇਕ ਦਿਨ ਬੈਠਿਆਂ ਬੈਠਿਆਂ ਉਸ ਨੇ ਹਿਸਾਬ ਲਾਇਆ ਕਿ ਡਰਬੀ ਤੋਂ ਪਹਿਲਾਂ ਪਹਿਲਾਂ ਉਸ ਨੂੰ ਵਾਪਸ ਇੰਗਲੈਂਡ ਪੁੱਜ ਜਾਣਾ ਚਾਹੀਦਾ ਹੈ ਤਾਂ ਜੋ ਉਹ ਘੋੜ-ਦੌੜ ਵਿਚ ਭਾਗ ਲੈ ਸਕੇ। ਘੋੜ-ਦੌੜ ਵਿਚ ਉਸ ਨੂੰ ਸਦਾ ਹੀ ਆਸ ਹੁੰਦੀ ਕਿ ਉਹ ਜਿੱਤ ਜਾਵੇਗਾ ਇਸ ਲਈ ਖੂਬ ਪੈਸੇ ਲਗਾਇਆ ਕਰਦਾ ਸੀ। ਅਜਿਹੀ ਹੀ ਹਾਲਤ ਵਿਚ ਇਕ ਦਿਨ ਉਸ ਨੂੰ ਸਰ ਲੋਗਨ ਦੀ ਚਿੱਠੀ ਮਿਲੀ। ਸਰ ਲੋਗਨ ਉਸ ਦੀ ਗੈਰ-ਹਾਜ਼ਰੀ ਵਿਚ ਉਸ ਦੇ ਕਲੇਮ ਵਾਲਾ ਕੇਸ ਦੇਖ ਰਿਹਾ ਸੀ। ਸਰ ਲੋਗਨ ਨੇ ਲਿਖਿਆ;
‘...ਸਰ ਚਾਰਲਸ ਫਿਪਸ ਨੇ ਕਿਹਾ ਹੈ ਕਿ ਜੇ ਕਰ ਅਸੀਂ ਥੋੜਾ ਜ਼ੋਰ ਲਾਈਏ ਤੇ ਧਿਆਨ ਦੇਈਏ ਤਾਂ ਕੇਸ ਜਿੱਤ ਸਕਦੇ ਹਾਂ, ਮੈਂ ਤਾਂ ਆਪਣੇ ਤੌਰ ਤੇ ਜ਼ੋਰ ਲਾਵਾਂਗਾ ਹੀ..., ਤੇ ਇਕ ਹੋਰ ਖ਼ਬਰ ਕਿ ਉਪਰ ਪਹਾੜੀਆਂ ਵਿਚ ਐਪਲਕਰੌਸ ਨਾਂ ਦੀ ਬਹੁਤ ਹੀ ਵਧੀਆ ਸਿ਼ਕਾਰਗਾਹ ਰੌਸਸ਼ਾਇਰ ਦੇ ਇਲਾਕੇ ਵਿਚ ਮਿਲ ਰਹੀ ਹੈ।’
ਚਿੱਠੀ ਲੰਮੀ ਸੀ ਪਰ ਸਰ ਲੋਗਨ ਦਾ ਸੁਨੇਹਾ ਪਹਿਲੀਆਂ ਸਤਰਾਂ ਵਿਚ ਹੀ ਮਹਾਂਰਾਜੇ ਤਕ ਪੁੱਜ ਗਿਆ। ਉਸ ਨੇ ਕਾਹਲੀ ਵਿਚ ਸਰ ਲੋਗਨ ਦੀ ਚਿੱਠੀ ਦਾ ਜਵਾਬ ਦਿਤਾ;
‘...ਮੈਂ ਆਪਣੀ ਮਾਤਾ ਕਰਕੇ ਇਥੇ ਹਾਂ, ਮੈਂ ਤਾ ਇਕ ਦਿਨ ਵੀ ਵਾਧੂ ਨਹੀਂ ਰੁਕਣਾ ਚਾਹੁੰਦਾ, ਤੁਸੀ ਮੈਨੂੰ ਬਹੁਤ ਜਲਦੀ ਵਾਪਸ ਆਇਆ ਦੇਖੋਂਗੇ। ...ਹਿੰਦੁਸਤਾਨ ਬਹੁਤ ਭੈੜੀ ਜਗਾਹ ਹੈ। ...ਮੈਂ ਇਥੇ ਆ ਕੇ ਪਛਤਾ ਰਿਹਾ ਹਾਂ, ਮੈਨੂੰ ਇਕ ਪਲ ਲਈ ਵੀ ਇਥੇ ਸ਼ਾਂਤੀ ਨਹੀਂ ਮਿਲੀ, ਜਿਧਰ ਜਾਵਾਂ ਲੋਕ ਮੇਰਾ ਪਿੱਛਾ ਕਰਨ ਲਗਦੇ ਹਨ, ...ਮੇਰੇ ਆਪਣੇ ਪੁਰਾਣੇ ਨੌਕਰ ਸਵਾਲ ਕਰ ਕੇ ਮੇਰੀ ਜਾਨ ਕੱਢ ਰਹੇ ਹਨ। ...ਗਰਮੀ ਹੁਣੇ ਹੀ ਏਨੀ ਹੈ ਕਿ ਸੋਚਦਾ ਹਾਂ ਕਿ ਹੋਰ ਮਹੀਨੇ ਬਾਅਦ ਕੀ ਹੋਵੇਗਾ। ਮੈਂ ਇਥੇ ਦੇ ਸਥਾਨਕ ਲੋਕਾਂ ਨੂੰ ਨਫਰਤ ਕਰਦਾ ਹਾਂ, ਇਹ ਝੂਠੇ ਤੇ ਧੋਖੇਬਾਜ਼ ਹਨ। ਮੈਂ ਆਪਣੇ ਪਿਆਰੇ ਇੰਗਲੈਂਡ ਤੇ ਆਪਣੇ ਦੋਸਤਾਂ ਵਿਚ ਵਾਪਸ ਆਉਣ ਲਈ ਕੁਝ ਵੀ ਕਰ ਸਕਦਾ ਹਾਂ, ...ਇਕੋ ਗੱਲ ਚੰਗੀ ਹੋਈ ਕਿ ਇਹਨਾਂ ਲੋਕਾਂ ਨੇ ਮੈਨੂੰ ਇੱਕੀ ਤੋਪਾਂ ਦੀ ਸਲਾਮੀ ਦਿਤੀ। ...ਇਹ ਐਪਲਕਰੌਸ ਵਾਲੀ ਇਸਟੇਟ ਹੁਣ ਮੇਰੀ ਹੈ।’
ਐਪਲਕਰੌਸ ਵਾਲੀ ਸਿ਼ਕਾਰਗਾਹ ਬਾਰੇ ਮਹਾਂਰਾਜਾ ਜਾਣਦਾ ਸੀ। ਇਹ ਹਜ਼ਾਰਾਂ ਮੀਲਾਂ ਵਿਚ ਫੈਲਿਆ ਜੰਗਲ ਸੀ ਜਿਸ ਵਿਚ ਅਣਗਿਣਤ ਹਿਰਨ ਤੇ ਹੋਰ ਜਾਨਵਰ ਰਹਿੰਦੇ ਸਨ। ਉਹ ਇਹ ਸਿ਼ਕਾਰਗਾਹ ਹਰ ਹਾਲਤ ਵਿਚ ਖਰੀਦ ਲੈਣੀ ਚਾਹੁੰਦਾ ਸੀ। ਇਹਨਾਂ ਦਿਨਾਂ ਵਿਚ ਇਕ ਗੱਲ ਚੰਗੀ ਹੋਈ ਕਿ ਹਿੰਦੁਸਤਾਨੀ ਕੁਝ ਰਾਜੇ ਉਸ ਨਾਲ ਮੇਲ-ਜੋਲ ਵਧਾਉਣ ਲਗੇ। ਭਾਵੇਂ ਉਹ ਮਹਾਂਰਾਜੇ ਦੇ ਬਰਾਬਰ ਦੇ ਸਿ਼ਕਾਰੀ ਨਹੀਂ ਸਨ ਪਰ ਸਥਾਨਕ ਜਗਾਵਾਂ ਬਾਰੇ ਜਿ਼ਆਦਾ ਵਾਕਫੀ ਰੱਖਦੇ ਸਨ। ਆਪਣੇ ਨਵੇਂ ਦੋਸਤਾਂ ਨਾਲ ਰਲ ਕੇ ਮਹਾਂਰਾਜਾ ਪਹਾੜਾਂ ਵਲ ਸ਼ੇਰ ਦੇ ਸਿ਼ਕਾਰ ਲਈ ਜਾਣ ਦਾ ਪ੍ਰੋਗਰਾਮ ਬਣਾਉਣ ਲਗਿਆ। ਇਥੇ ਨਵੀਂ ਦਿੱਕਤ ਇਹ ਆਈ ਕਿ ਸ਼ੇਰ ਦੇ ਸਿ਼ਕਾਰ ਲਈ ਹਾਥੀ ਦੀ ਲੋੜ ਸੀ। ਉਸ ਨੇ ਸਰਕਾਰ ਤੋਂ ਹਾਥੀ ਦੀ ਮੰਗ ਕੀਤੀ ਜਿਹੜੀ ਕਿ ਪੂਰੀ ਕਰਨ ਵਿਚ ਸਰਕਾਰ ਹਊ-ਪਰੇ ਕਰਨ ਲਗੀ। ਜਿਸ ਕਾਰਨ ਸਿ਼ਕਾਰ ‘ਤੇ ਜਾਣ ਵਾਲੀ ਗੱਲ ਲਮਕ ਗਈ। ਇਸ ਦੇ ਨਾਲ ਹੀ ਉਹ ਹੁਣ ਰਾਣੀ ਜਿੰਦ ਕੋਰ ਇਕੱਲੀ ਨਹੀਂ ਸੀ ਰਹਿਣਾ ਚਾਹੁੰਦੀ। ਉਸ ਨੇ ਸਾਫ ਕਹਿ ਦਿਤਾ,
“ਬੇਟਾ ਜੀ, ਹੁਣ ਅਸੀਂ ਇਕੱਲਿਆਂ ਨਹੀਂ ਰਹਿਣਾ, ਤੁਸੀਂ ਕਿਤੇ ਨਾ ਜਾਓ, ਸਾਡੇ ਕੋਲ ਹੀ ਰਹੋ। ਹੁਣ ਇਕੱਲੇ ਰਹਿਣ ਨਾਲੋਂ ਤਾਂ ਸਤਿਗੁਰੂ ਤੋਂ ਮੌਤ ਮੰਗ ਲਵਾਂਗੇ।”
ਇਹਨਾਂ ਦਿਨਾਂ ਵਿਚ ਹੀ ਸਰ ਚਾਰਲਸ ਫਿਪਸ ਦੀ ਇਕ ਗੁਪਤ ਚਿੱਠੀ ਲੌਰਡ ਕੈਨਿੰਗ ਨੂੰ ਮਿਲੀ। ਜਿਸ ਵਿਚ ਲਿਖਿਆ ਸੀ ਕਿ ਮਹਾਂਰਾਜਾ ਜੋ ਕਰਦਾ ਹੈ ਉਸ ਨੂੰ ਕਰ ਲੈਣ ਦਿਓ, ਅਜਿਹਾ ਕੁਝ ਵੀ ਉਸ ਦੇ ਮਨ ਵਿਚ ਨਾ ਰਹੇ ਕਿ ਜਿਸ ਨੂੰ ਕਰਨ ਦੀ ਇਛਿਆ ਨਾਲ ਉਹ ਹਿੰਦੁਸਤਾਨ ਵਾਪਸ ਮੁੜਨਾ ਚਾਹੇ। ਅਜਿਹੇ ਹਾਲਾਤ ਪੈਦਾ ਕਰ ਦਿਓ ਕਿ ਮਹਾਂਰਾਜਾ ਮੁੜ ਕੇ ਹਿੰਦੁਸਤਾਨ ਵਲ ਮੂੰਹ ਨਾ ਕਰੇ। ਲੌਰਡ ਕੈਨਿੰਗ ਨੇ ਜਵਾਬ ਵਿਚ ਲਿਖਿਆ ਕਿ ਮਹਾਂਰਾਜੇ ਨੂੰ ਕਿਸੇ ਵੀ ਗੱਲੋਂ ਰੋਕਿਆ ਨਹੀਂ ਜਾ ਰਿਹਾ ਪਰ ਰਾਣੀ ਜਿੰਦ ਕੋਰ ਹਾਲੇ ਵੀ ਬਹੁਤ ਖਤਰਨਾਕ ਔਰਤ ਹੈ, ਉਸ ਦਾ ਆਮ ਲੋਕਾਂ ਵਿਚ ਵਿਚਰਨਾ ਖਤਰੇ ਤੋਂ ਖਾਲੀ ਨਹੀਂ ਹੈ। ਉਸ ਵਿਚ ਹਾਲੇ ਵੀ ਕਿਸੇ ਨੂੰ ਆਪਣੀ ਜੱ਼ਦ ਵਿਚ ਲੈ ਸਕਣ ਦੀ ਬਹੁਤ ਵੱਡੀ ਸਮਰਥਾ ਹੈ।
ਜਿਸ ਕਿਸੇ ਨੂੰ ਵੀ ਰਾਣੀ ਜਿੰਦ ਕੋਰ ਦੇ ਕਲਕੱਤੇ ਵਿਚ ਹੋਣ ਦਾ ਪਤਾ ਚਲਦਾ ਸੀ ਉਹ ਉਸ ਨੂੰ ਮਿਲਣ ਦੀ ਕੋਸਿ਼ਸ਼ ਕਰਨ ਲਗਦਾ ਸੀ। ਰਾਣੀ ਜਿੰਦ ਕੋਰ ਦੇ ਆਲੇ-ਦੁਆਲੇ ਦੇ ਲੋਕ ਤੇ ਨੌਕਰ-ਚਾਕਰ ਸਾਰੀ ਰਿਪ੍ਰੋਟ ਉਪਰ ਪੁੱਜਦੀ ਕਰ ਰਹੇ ਸਨ। ਜਿਸ ਕਾਰਨ ਸਰਕਾਰ ਰਾਣੀ ਜਿੰਦ ਕੋਰ ਵਲ ਸਖਤੀ ਵਾਲਾ ਰੁਖ਼ ਅਪਣਾ ਰਹੀ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮਹਾਂਰਾਜੇ ਨੂੰ ਇਹਨਾਂ ਦਿਨਾਂ ਵਿਚ ਸਰਕਾਰ ਵਲੋਂ ਇਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਸੀ ਕਿ ਹੁਣ ਰਾਣੀ ਜਿੰਦ ਕੋਰ ਨੂੰ ਕਿਸੇ ਵੀ ਹਾਲਤ ਵਿਚ ਹਿੰਦੁਸਤਾਨ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਉਹ ਚਾਹੇ ਤਾਂ ਲੰਕਾ ਵਿਚ ਰਹਿ ਸਕਦੀ ਹੈ। ਉਸ ਦੀ ਪੈਨਸ਼ਨ ਬਹਾਲ ਕਰ ਦਿਤੀ ਜਾਵੇਗੀ। ਮਹਾਂਰਾਜੇ ਨੇ ਉਜਰ ਕੀਤਾ ਕਿ ਲੰਕਾ ਵਿਚ ਰਹਿਣਾ ਤਾਂ ਨਿਪਾਲ ਵਿਚ ਰਹਿਣ ਵਾਂਗ ਹੀ ਹੋਵੇਗਾ। ਇਹਨਾਂ ਦਿਨਾਂ ਵਿਚ ਹੀ ਰਾਣੀ ਜਿੰਦ ਕੋਰ ਦੇ ਕਲਕੱਤੇ ਵਿਚ ਹੋਣ ਦੀ ਖਬਰ ਪੰਜਾਬ ਤਕ ਵੀ ਪੁੱਜ ਗਈ ਸੀ ਤੇ ਬਹੁਤ ਸਾਰੇ ਲੋਕ ਰਾਣੀ ਨੂੰ ਦੇਖਣ ਲਈ ਉਥੋਂ ਤੁਰ ਪਏ। ਸਰਕਾਰ ਲਈ ਇਹ ਖਤਰੇ ਦੀ ਘੰਟੀ ਸੀ ਇਸ ਲਈ ਉਹ ਰਾਜਮਾਤਾ ਨੂੰ ਜਲਦ ਤੋਂ ਜਲਦ ਹਿੰਦੁਸਤਾਨ ਤੋਂ ਬਾਹਰ ਕੱਢਣ ਦੇ ਆਹਰ ਵਿਚ ਲਗ ਗਈ। ਉਸ ਦੇ ਸਾਰੇ ਗਹਿਣੇ ਵਾਪਸ ਕਰ ਦਿਤੇ ਗਏ। ਤਿੰਨ ਹਜ਼ਾਰ ਰੁਪਏ ਸਲਾਨਾ ਪੈਨਸ਼ਨ ਵੀ ਜਾਰੀ ਕਰ ਦਿਤੀ ਗਈ।
ਮਹਾਂਰਾਜੇ ਨੇ ਆਪਣੀ ਮਾਤਾ ਨੂੰ ਇੰਗਲੈਂਡ ਲੈ ਆਉਣ ਦੀ ਇਜਾਜ਼ਤ ਮੰਗੀ। ਸਰਕਾਰ ਇਸ ਲਈ ਤਿਆਰ ਤਾਂ ਨਹੀਂ ਸੀ ਪਰ ਆਉਣ ਵਾਲੇ ਹਾਲਾਤ ਖਰਾਬ ਦਿਸ ਰਹੇ ਸਨ ਇਸ ਲਈ ਮਨਜ਼ੂਰੀ ਦੇ ਦਿਤੀ ਗਈ। ਇਹਨਾਂ ਦਿਨਾਂ ਵਿਚ ਹੀ ਗਰਮੀ ਪੈਣੀ ਵੀ ਸ਼ੁਰੂ ਹੋ ਗਈ ਸੀ ਜਿਹੜੀ ਕਿ ਮਹਾਂਰਾਜੇ ਲਈ ਅਸਹਿ ਸੀ। ਉਹ ਵੀ ਮਾਤਾ ਨੂੰ ਨਾਲ ਲੈ ਕੇ ਇੰਗਲੈਂਡ ਲਈ ਤੁਰਨ ਦੀ ਕਾਹਲੀ ਕਰਨ ਲਗਿਆ।
(ਨਾਵਲ: ‘ਆਪਣਾ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346