ਲੰਚਰੂਮ 'ਚ ਵੜੇ ਹੀ ਸਾਂ
ਕਿ ਮੇਰੀਆਂ ਤੇ ਰਣਜੀਤ ਦੀਆਂ ਨਜ਼ਰਾਂ ਖੱਬੇ ਹੱਥ ਵਾਲ਼ੀ ਕੰਧ ਨੇ ਤੁਣਕ ਲਈਆਂ: ਮੇਰੇ ਬੁੱਲ੍ਹ
ਮੇਰੇ ਕੰਨਾਂ ਵੱਲ ਨੂੰ ਖਿੰਡਰਨ ਲੱਗੇ। -ਔਧਰ ਕੀ ਦੇਖੀ ਜਾਨੈਂ, ਪ੍ਰੋਫ਼ੈਸਰਾ? ਰਣਜੀਤ
ਬੁੜਬੁੜਾਇਆ। ਬੂਟ ਫ਼ੈਕਟਰੀ ਵਾਲ਼ੀਆਂ 'ਸਨ-ਸ਼ਾਈਨ ਗਰਲਜ਼' ਇਸ ਆਰਾ ਫ਼ੈਕਟਰੀ ਦੇ ਲੰਚਰੂਮ 'ਚ ਵੀ
ਪੂਰੀ ਕੰਧ 'ਤੇ ਕਾਬਜ਼ ਸਨ।
ਫ਼ੋਰਮੈਨ ਦੀਆਂ ਕੂਹਣੀਆਂ ਟੇਬਲ ਉੱਤੇ ਅਤੇ ਮੱਥਾ ਦੋਹਾਂ ਹੱਥਾਂ ਦੀਆਂ ਉਂਗਲ਼ਾਂ ਨੇ ਥੰਮਿਆਂ
ਹੋਇਆ: ਉਹ ਸੱਜੇ ਹੱਥ ਖਲੋਤੇ ਕਾਫ਼ੀ-ਮਗ ਤੋਂ ਬੇਖ਼ਬਰ! ਟੇਬਲ ਉੱਪਰ ਝੁਕਿਆ ਹੋਇਆ ਉਸਦਾ
ਚਿਹਰਾ; ਸੈਂਡਵ੍ਹਿਚ ਦੇ ਨਾਲ਼ ਨਾਲ਼ ਉਹ Ḕਟਰਾਂਟੋ ਸਨ' ਦੀਆਂ ਮਸਾਲੇਦਾਰ ਸੁਰਖ਼ੀਆਂ ਨੂੰ ਵੀ
ਚਿੱਥ ਰਿਹਾ ਸੀ। ਅੱਠ-ਨੌਂ ਅਫ਼ਰੀਕਨ ਵਿਅਕਤੀਆਂ ਦੀਆਂ ਉਂਗਲ਼ਾਂ ਦੀ ਮੋਟਾਈ, ਲਾਕਰਾਂ 'ਚੋਂ
ਡਾਂਗਰੀਆਂ ਕੱਢ ਕੇ, ਸਨੋਅ-ਬੂਟਾਂ ਦੇ ਤਸਮੇਂ ਖੋਲ੍ਹਣ 'ਚ ਰੁੱਝੀ ਹੋਈ ਸੀ।
ਸਾਡੀ ਪੈੜਚਾਲ ਸੁਣ ਕੇ ਫ਼ੋਰਮੈਨ ਨੇ ਆਪਣੀਆਂ ਅੱਖਾਂ 'ਟਰਾਂਟੋ ਸਨ' ਤੋਂ ਪੱਟ ਕੇ ਸਾਡੇ ਵੱਲ
ਗੇੜੀਆਂ।
-ਹੈਲੋ, ਪੀਟਰ! ਮੈਂ ਰਤਾ ਕੁ ਝੁਕਿਆ।
-ਗੁਡਮੋਰਨਿੰਗ, ਬੋਅਏਜ਼! ਫ਼ੋਰਮੈਨ, ਕਾਫ਼ੀ ਵਾਲ਼ੇ ਮਗ ਨੂੰ ਉੱਪਰ ਵੱਲ ਨੂੰ ਚੁਕਦਿਆਂ, ਬੋਲਿਆ।
ਅਗਲੇ ਪਲੀਂ ਆਪਣੇ ਦਸਤਾਨਿਆਂ ਨੂੰ ਚੁੱਕ ਕੇ, ਉਹ ਸਾਨੂੰ ਈਅਰ-ਪ੍ਰੋਟੈਕਟਰਾਂ ਤੇ ਦਸਤਾਨਿਆਂ
ਵਾਲ਼ੇ ਬਾਕਸਾਂ ਕੋਲ਼ ਲੈ ਗਿਆ।
-ਆਹ ਮਾਸਕ ਵੀ ਚਾੜ੍ਹ ਲੋ ਨੱਕਾਂ ਉੱਤੇ!
ਹੁਣ, ਚੋਰ-ਅੱਖੇ ਆਪਣੀ ਹੈਰਤ ਨੂੰ ਸੱਜੇ-ਖੱਬੇ ਬੀੜੇ ਹੋਏ ਆਰਿਆਂ ਵੱਲ ਨੂੰ ਘੁਮਾਉਂਦੇ ਹੋਏ,
ਅਸੀਂ ਫ਼ੋਰਮੈਨ ਦੇ ਮਗਰ ਮਗਰ ਤੁਰੇ ਜਾ ਰਹੇ ਸਾਂ।
-ਕਿੱਧਰ ਨੂੰ ਲਈ ਜਾਂਦੈ ਇਹ ਗੰਜਾ ਸਾਨੂੰ? ਲੱਕੜ ਦੀ ਗੰਧ ਨੂੰ ਸੁੰਘਦਿਆਂ ਮੈਂ ਸੋਚਣ ਲੱਗਾ।
-ਜਿਵੇਂ ਬੱਕਰੇ ਨੂੰ ਝਟਕੇ ਵਾਲ਼ੇ ਦੇ ਵਾੜੇ ਵੱਲ ਨੂੰ ਲਿਜਾਇਆ ਜਾ ਰਿਹਾ ਹੋਵੇ।
ਕਈ ਆਰਿਆਂ ਦੇ ਕੋਲ਼ ਦੀ ਲੰਘਦਾ ਲੰਘਦਾ ਉਹ ਆਖ਼ਰੀ ਆਰੇ ਦੇ ਲਾਗੇ ਰੁਕਿਆ: ਕਦੇ ਪਰਲੇ ਪਾਸੇ ਇਕ
ਖਾਲੀ ਮਸ਼ੀਨ ਵੱਲ ਦੇਖੇ ਤੇ ਕਦੇ ਐਸ ਆਖ਼ਰੀ ਮਸ਼ੀਨ ਵੱਲੀਂ।
-ਲੈਟ'ਸ ਵਰਕ ਆਨ ਦਿਸ ਵਨ, ਫ਼ੋਰਮੈਨ ਨੇ ਆਪਣੇ ਗੰਜ ਉੱਤੇ ਹੱਥ ਫੇਰਿਆ। ਉਹਦੇ ਲਾਗ ਹੀ
ਮੋਟੇ-ਮੋਟੇ ਬਾਲਿਆਂ ਨਾਲ਼ ਲਿਫ਼ੀ ਹੋਈ ਸਕਿੱਡ ਵੱਲ ਦੇਖ ਕੇ ਮੇਰੀ ਛਾਤੀ ਵਿੱਚੋਂ ਇਕ ਵਾਵਰੋਲ਼ਾ
ਮੇਰੇ ਸੰਘ ਵੱਲ ਨੂੰ ਉੱਠਿਆ, ਤੇ ਮੈਨੂੰ ਇੰਝ ਜਾਪਣ ਲੱਗਾ ਜਿਵੇਂ ਬਾਲਿਆਂ ਦੇ ਬੋਝ ਹੇਠ
ਸਕਿੱਡ ਦੇ ਨਾਲ਼ ਨਾਲ਼ ਮੈਂ ਵੀ ਲਿਫ਼ ਰਿਹਾ ਹੋਵਾਂ। ਫ਼ੋਰਮੈਨ ਨੇ ਕਾਫ਼ੀ ਵਾਲ਼ੇ ਮੱਗ ਨੂੰ ਬਾਲਿਆਂ
ਉੱਪਰ ਟਿਕਾਅ ਕੇ, ਆਰਾ-ਮਸ਼ੀਨ ਦੇ ਪਟੇ ਉੱਪਰ ਲੇਟੀਆਂ ਸੇਫ਼ਟੀ-ਐਨਕਾਂ ਮੇਰੇ ਵੱਲ ਵਧਾਅ
ਦਿੱਤੀਆਂ।
-ਦਿਸ'ਜ਼ 'ਆਨ' ਐਂਡ 'ਆਫ਼' ਸਵਿੱਚ, ਬੋਅਏਜ਼! ਆਪਣੇ ਪੰਜੇ ਨੂੰ ਆਰੇ ਦੇ ਸੱਜੇ ਪਾਸੇ ਵੱਲ
ਸੇਧਦਿਆਂ, ਆਪਣੀ ਪਹਿਲੀ ਉਂਗਲ਼ ਨੂੰ ਉਸ ਨੇ ਲਾਲ ਰੰਗ ਦੇ ਇਕ ਬਟਨ ਦੀ ਗੋਲਾਈ ਉੱਪਰ ਟਿਕਾਅ
ਦਿੱਤਾ।
-ਇਹਨੂੰ ਇੱਕ ਵਾਰ ਦਬਾਉਣ ਨਾਲ਼ ਆਰੇ ਦਾ ਬਲੇਡ ਘੁੰਮਣ ਲੱਗ ਜਾਵੇਗਾ, ਤੇ ਦੁਬਾਰਾ ਦਬਾਉਣ ਨਾਲ਼
ਆਰਾ ਮਸ਼ੀਨ ਬੰਦ ਹੋ ਜਾਵੇਗੀ। ਸਮਝੇ?
ਦਸਤਾਨਿਆਂ ਉੱਪਰੋਂ ਗਰਦ ਨੂੰ ਝਾੜਦਿਆਂ, ਮੈਂ ਆਪਣੇ ਸਿਰ ਨੂੰ ਹੇਠਾਂ-ਉੱਪਰ ਹਿਲਾਇਆ।
-ਇਨ ਕੇਸ ਕੋਈ ਪਰਾਬਲਮ ਆ ਜਾਵੇ ਤਾਂ ਬੱਸ ਐਸ ਬਟਨ ਨੂੰ ਦਬਾਅ ਦੇਣਾ ਹੈ।
ਫ਼ੋਰਮੈਨ ਨੇ ਸਕਿੱਡ ਉੱਪਰਲੇ ਚੱਠੇ (ਗਰੇ) ਤੋਂ ਇੱਕ ਬਾਲਾ ਚੁੱਕ ਕੇ ਲੋਹੇ ਦੇ ਅੱਠ ਕੁ ਗਿੱਠ
ਚੌੜੇ ਪਲੈਟਫ਼ੋਰਮ ਉੱਪਰ ਟਿਕਾਇਆ ਅਤੇ ਪਲੈਟਫ਼ੋਰਮ ਦੀ ਸੱਜੇ ਹੱਥ ਵਾਲ਼ੀ ਅੱਠ ਕੁ ਉਂਗਲ਼ਾਂ ਉੱਚੀ
ਕੰਧ ਨੂੰ ਟਿਕਾਣੇ ਸਿਰ ਕਰ ਕੇ, ਬਾਲੇ ਦੇ ਪਰਲੇ ਸਿਰੇ ਨੂੰ ਆਰੇ ਦੇ ਦੰਦੇਦਾਰ ਬਲੇਡ ਵੱਲ
ਨੂੰ ਖਿਸਕਾਅ ਦਿੱਤਾ।
-ਲੈ ਹੁਣ ਮੈਂ ਆਰੇ ਨੂੰ ਚਲਾਉਣ ਲੱਗਿਆਂ, ਤੇ ਤੂੰ ਐਸ ਬਾਲੇ ਨੂੰ ਹੌਲ਼ੀ ਹੌਲ਼ੀ ਬਲੇਡ ਵੱਲੀਂ
ਧੱਕੀ ਜਾਣਾ ਹੈ; ਬਹੁਅਅਤ ਚੌਕਸ ਰਹਿਣੈ; ਇਹਨਾਂ ਬਾਲਿਆਂ ਨਾਲ਼ੋਂ ਤੇਰੀਆਂ ਉਂਗਲ਼ਾਂ ਬਹੁਤ
ਕੀਮਤੀ ਹਨ, ਜੈਂਟਲਮੈਨ! ਸਮਝਿਆ?
ਸਵਿੱਚ ਦੱਬਣ ਦੀ ਦੇਰ ਸੀ ਕਿ ਚੁੱਪ-ਚਾਪ ਖਲੋਤਾ ਗੋਲ਼ਾਈਦਾਰ ਬਲੇਡ ਉੱਪਰੋਂ ਨੀਚੇ ਵੱਲ ਨੂੰ
ਘੁਕਾਟ ਪਾਉਣ ਲੱਗਾ: ਏਨਾ ਤੇਜ਼ ਕਿ ਮੈਂ ਕਾਫ਼ੀ ਦੇਰ ਇਹੀ ਸਮਝੀ ਗਿਆ ਕਿ ਬਲੇਡ ਸ਼ਾਇਦ ਅਹਿੱਲ
ਖਲੋਤਾ ਸੀ। ਫ਼ੋਰਮੈਨ ਨੇ ਬਾਲੇ ਨੂੰ ਆਰੇ ਦੇ ਦੰਦਿਆਂ ਵੱਲ ਨੂੰ ਰਤਾ ਕੁ ਧੱਕਿਆ, ਤੇ
'ਚਿਰਰਰਰਰ' ਦੀ ਆਵਾਜ਼ ਮੇਰੀ ਪੱਗ ਨੂੰ ਚੀਰਦੀ ਹੋਈ ਬਾਲੇ ਨੂੰ ਤੇ ਮੈਨੂੰ ਐਨ ਵਿਚਕਾਰੋਂ
ਦੋਫ਼ਾੜ ਕਰਨ ਲੱਗੀ।
-ਲੈ ਹੁਣ ਤੂੰਅਅ ਚੀਰ ਬਾਕੀ ਬਾਲਿਆਂ ਨੂੰ, 'ਤੂੰ' ਲਫ਼ਜ਼ ਨੂੰ ਲਮਾਉਂਦਿਆਂ ਫ਼ੋਰਮੈਨ ਆਪਣਾ
ਕਾਫ਼ੀ-ਮਗ ਚੁੱਕ ਕੇ ਆਰੇ ਦੇ ਦੂਸਰੇ ਪਾਸੇ ਜਾ ਖਲੋਤਾ।
ਦੂਸਰੇ ਬਾਲੇ ਦਾ ਸਿਰਾ ਜਿਓਂ ਹੀ ਆਰੇ ਦੇ ਦੰਦਿਆਂ ਦੇ ਕਰੀਬ ਹੋਇਆ ਤਾਂ 'ਚਿਰਰਰਰਰਰ' ਦੀ
ਆਵਾਜ਼ ਮੇਰੀਆਂ ਉਂਗਲ਼ਾਂ ਨੂੰ ਥਿੜਕਾਉਣ ਲੱਗੀ; ਮੈਨੂੰ ਜਾਪਿਆ ਬਾਲਾ ਕੁਰਲਾਅ ਰਿਹਾ ਸੀ, ਕਸਾਈ
ਦੇ ਅੱਡੇ ਉੱਪਰ ਧਰੇ ਕੁੱਕੜ ਵਾਂਗੂੰ!
ਦੂਸਰੇ ਪਾਸੇ ਖਲੋਤੇ ਰਣਜੀਤ ਨੂੰ ਆਰੇ ਦੇ ਨੇੜ ਵੱਲ ਨੂੰ ਹੋਣ ਦਾ ਇਸ਼ਾਰਾ ਕਰਨ ਤੋਂ ਬਾਅਦ,
ਫ਼ੋਰਮੈਨ ਮੇਰੇ ਵਾਲ਼ੇ ਪਾਸਿਓਂ ਉਹਦੇ ਪਾਸੇ ਵੱਲੀਂ ਵਧ ਰਹੇ ਬਾਲੇ ਨੂੰ ਸਹਿਜੇ ਸਹਿਜੇ ਆਪਣੇ
ਵੱਲ ਖਿੱਚਣ ਲੱਗਾ। ਜਿਓਂ ਹੀ ਪੂਰਾ ਬਾਲਾ ਦੋਫ਼ਾੜ ਹੋਇਆ, ਫ਼ੋਰਮੈਨ ਨੇ ਬਾਲੇ ਦੇ ਦੋਹਾਂ
ਟੁਕੜਿਆਂ ਨੂੰ ਪਰਲੇ ਪਾਸੇ ਰੱਖੇ ਸਕਿੱਡ ਉੱਪਰ ਟਿਕਾਅ ਦਿੱਤਾ, ਂ ਮੁਰਦੇ ਨੂੰ ਸਿੜ੍ਹੀ ਉੱਪਰ
ਲੰਮਿਆਂ ਲੰਮਿਆਂ ਪਾਉਣ ਵਾਂਗੂੰ।
ਕੁਝ ਕੁ ਮਿੰਟਾਂ ਬਾਅਦ ਹੁਣ ਸਾਇਰਨ ਦੀ 'ਟਰਰਰਰਰ' ਨੇ ਸਾਰੀਆਂ ਮਸ਼ੀਨਾਂ ਦੇ ਕੰਨ ਖੜ੍ਹੇ ਕਰ
ਦਿੱਤੇ ਤੇ ਲੰਚਰੂਮ ਦੀਆਂ ਕੁਰਸੀਆਂ ਖ਼ਾਲੀ ਹੋਣ ਲੱਗੀਆਂ। ਪਲਾਂ ਵਿੱਚ ਹੀ ਆਲ਼ੇ-ਦੁਆਲ਼ੇ ਦੇ
ਸਾਰੇ ਆਰਿਆਂ 'ਚੋਂ 'ਚਿਰਰਰਰ, ਚਿਰਰਰਰ' ਦੇ ਪਿੱਟ-ਸਿਆਪੇ ਉੱਠਣ ਲੱਗੇ। ਆਰਿਆਂ ਦੀ
ਕਾਵਾਂ-ਰੌਲ਼ੀ ਤੇ ਕੁਰਲਾਹਟ ਨਾਲ਼ ਗੁੱਥ-ਮਗੁੱਥਾ ਹੋ ਰਹੇ ਮੇਰੇ ਈਅਰ-ਪ੍ਰੋਟੈਕਟਰ, ਹਥਿਆਰ
ਸੁੱਟਣ ਲੱਗੇ। 'ਘੂੰਅਅਅਅ, ਘੂੰਅਅਅਅ, ਚਿਰਰਰਰ, ਚਿਰਰਰਰ, ਕੜੱਕ-ਕੜੱਕ!!' ਮੇਰੇ ਕੰਨਾਂ ਦੇ
ਪੜਦਿਆਂ ਉੱਪਰ ਜੰਮੀ ਮੈਲ਼ ਕੰਬਣ ਲੱਗੀ। ਆਰਿਆਂ ਦੇ ਆਲ਼ੇ ਦੁਆਲ਼ੇ ਲੱਗ ਰਹੀਆਂ ਬੂਰੇ ਦੀਆਂ
ਢੇਰੀਆਂ 'ਚੋਂ ਹਵਾ ਵਿੱਚ ਰਲ਼ ਰਹੀ ਮਹੀਨ ਗਰਦ ਸਾਡੇ ਮੱਥਿਆਂ, ਮਾਸਕਾਂ ਅਤੇ ਸੇਫ਼ਟੀ ਐਨਕਾਂ
ਉੱਪਰ ਕਾਬਜ਼ ਹੋਣ ਲੱਗੀ। ਇੱਕ ਤੋਂ ਬਾਅਦ ਦੂਜਾ ਬਾਲਾ ਦੋਫ਼ਾੜ ਹੋਈ ਜਾ ਰਿਹਾ ਸੀ ਅਤੇ ਮੇਰੇ
ਅੰਦਰ ਢੱਡਾਂ ਅਤੇ ਤੂੰਬੀਆਂ ਦੀਆਂ ਡੰਡੀਆਂ, ਕੀਲੀਆਂ, ਤੇ ਕੱਦੂ ਚੂਰਾ ਹੋਈ ਜਾ ਰਹੇ ਸਨ!
ਮੈਂ ਇੱਕ ਤੋਂ ਬਾਅਦ ਦੂਸਰੇ ਬਾਲੇ ਨੂੰ ਆਰੇ ਵੱਲ ਨੂੰ ਧੱਕੀ ਜਾਂਦਾ ਤੇ ਰਣਜੀਤ, ਦੋਫ਼ਾੜ ਹੋਏ
ਬਾਲਿਆਂ ਨੂੰ ਖਿੱਚ ਕੇ, ਸਕਿੱਡ ਉੱਪਰ ਚਿਣੀ ਜਾਂਦਾ। ਮੇਰੇ ਸੱਜੇ ਹੱਥ ਵਾਲ਼ਾ, ਨੀਵਾਂ ਹੋ
ਰਿਹਾ ਸਕਿੱਡ, ਮੈਨੂੰ ਵੀ ਬੌਣਾ ਕਰੀ ਜਾ ਰਿਹਾ ਸੀ। ਇੱਕ ਸਕਿੱਡ ਖਾਲੀ ਹੁੰਦਾ ਤਾਂ
ਫ਼ੋਰਕ-ਲਿਫ਼ਟ ਦੀਆਂ ਅੱਗੇ ਵੱਲ ਨੂੰ ਵਧੀਆਂ ਹੋਈਆਂ ਦੋਹਰੀਆਂ ਜੀਭਾਂ ਉੱਪਰ ਟਿਕਿਆ ਇੱਕ ਹੋਰ
ਚੱਠਾ ਪਹਿਲੇ ਵਾਲ਼ੇ ਦੀ ਥਾਂ 'ਤੇ ਆਣ ਟਿਕਦਾ। ਮੇਰੇ ਪੱਲੇ ਬੱਸ ਹੁਣ ਇਹੀ ਰਹਿ ਗਿਆ ਸੀ ਪਈ
ਇਸ 'ਚਿਰਰਰ ਚਿਰਰਰ' ਦੇ ਸ਼ੋਰ 'ਚ ਆਪਣੇ ਆਪ ਨੂੰ ਚੀਰੀ ਜਾਵਾਂ।
ਦੋ ਘੰਟੇ ਬਾਅਦ ਪਹਿਲੀ ਕਾਫ਼ੀ ਬ੍ਰੇਕ ਦਾ ਸਾਇਰਨ ਚੀਕਿਆ, ਤੇ ਸਾਰੇ ਕਾਮਿਆਂ ਦੀਆਂ ਉਂਗਲ਼ਾਂ
ਆਰਿਆਂ ਦੇ 'ਆਨ-ਆਫ਼' ਬਟਨਾਂ ਉੱਤੇ ਹਥੌੜਿਆਂ ਵਾਂਗ ਜਾ ਡਿੱਗੀਆਂ। ਸਾਰਿਆਂ ਦੇ ਚਿਹਰਿਆਂ
ਉੱਤੋਂ ਈਅਰ-ਪ੍ਰੋਟੈਕਟਰ, ਮਾਸਕ, ਅਤੇ ਸੇਫ਼ਟੀ ਐਨਕਾਂ, ਆਰਿਆਂ ਦੇ ਪਲੈਟਫ਼ੋਰਮਾਂ ਉੱਪਰ,
ਛਲਾਂਗਾਂ ਲਾਉਣ ਲੱਗੇ। ਸਿਰ ਉੱਪਰ ਵੀਹ-ਪੱਚੀ ਫੁੱਟ ਦੀ ਉਚਾਈ 'ਤੇ, ਢਲ਼ਵੇਂ ਰੁਖ਼ ਵਿਛੀ ਟੀਨ
ਦੀ ਛੱਤ ਹੇਠਲੇ ਐਂਗਲ-ਆਇਰਨਾਂ ਦਾ ਕਾਂਬਾ ਸ਼ਾਂਤ ਹੋ ਗਿਆ, ਤੇ ਆਰਾ ਮਸ਼ੀਨਾਂ ਦੇ ਉਦਾਲ਼ੇ
ਸੰਨਾਟਾ ਪਸਰਨ ਲੱਗਾ।
ਡਾਂਗਰੀਆਂ ਤੋਂ ਗਰਦ ਝਾੜਦੇ ਹੋਏ ਅੱਧੇ ਕੁ ਵਰਕਰ ਬਾਹਰ ਕਾਫ਼ੀ-ਟਰੱਕ ਵੱਲ ਨੂੰ ਵਗਣ ਲੱਗੇ,
ਅਤੇ ਬਾਕੀ ਦੇ ਲੰਚਰੂਮ ਵੱਲ ਨੂੰ ਹੋ ਤੁਰੇ।
-ਕਿਵੇਂ ਐਂ ਪ੍ਰੋਫ਼ੈਸਰਾ? ਥਰਮੋਸ ਦਾ ਢੱਕਣ ਖੋਲ੍ਹਦਿਆਂ ਰਣਜੀਤ ਬੋਲਿਆ।
ਮੇਰੇ ਮੱਥੇ 'ਚ ਹਾਲੇ ਵੀ 'ਚਿਰਰਰ ਚਿਰਰਰ' ਦੀ ਆਵਾਜ਼ ਧੂੜਾਂ ਉਡਾਅ ਰਹੀ ਸੀ, ਤੇ
ਬੰਦ-ਹੋ-ਚੁੱਕਿਆ ਚੀਕ-ਚਿਹਾੜਾ, ਮੇਰੇ ਕੰਨਾਂ 'ਚ, ਹਾਲੇ ਵੀ ਗਸ਼ਤ ਕਰ ਰਿਹਾ ਸੀ। ਮੈਨੂੰ
ਜਾਪਿਆ ਰਣਜੀਤ ਜਿਵੇਂ ਕੱਚ ਦੀ ਕੰਧ ਦੇ ਪਰਲੇ ਪਾਸਿਓਂ ਬੋਲ ਰਿਹਾ ਹੋਵੇ।
-ਕੀ ਗੱਲ ਬੋਲਦਾ ਨੀ, ਪ੍ਰੋਫ਼ੈਸਰਾ?
ਮੈਂ ਆਪਣੇ ਸਿਰ ਨੂੰ ਸੱਜੇ-ਖੱਬੇ ਹਿਲਾਈ ਜਾ ਰਿਹਾ ਸੀ।
-ਖੋਲ੍ਹ ਲਾ ਹੁਣ ਥਰਮੋਸ ਬੋਤਲ ਨੂੰ! ਰਣਜੀਤ ਆਪਣੀ ਬੋਤਲ ਦਾ ਢੱਕਣ ਬੰਦ ਕਰਨ ਲੱਗਾ।
-ਬੱਸ ਹੋਗੀ, ਰਣਜੀਤ ਸਿਅ੍ਹਾਂ, ਮੇਰੀ ਤਾਂووو
-ਏਥੇ ਤਾਂ ਏਵੇਂ ਈ ਐਂ, ਮੱਲਾ! ਕਨੇਡਾ ਕਨੇਡਾ ਕਰਦੇ ਐ ਲੋਕ ਪੰਜਾਬ 'ਚ ਬੈਠੇ; ਆਹ ਦੇਖ ਲਾ
ਕਨੇਡਾ; ਤੇਰੀ ਪ੍ਰਫ਼ੈਸਰੀ ਦੀਆਂ ਫਾਕੜਾਂ ਕਰੀ ਜਾਂਦੈ ਆਰਿਆਂ ਨਾਲ਼!
-ਕੰਨਾਂ 'ਚੋਂ ਲਹੂ ਨਿਕਲਣ ਲੱਗਜੂ ਜੇ ਦੋ ਘੰਟੇ ਹੋਰ ਖੜ੍ਹਨਾ ਪਿਆ ਐਸ 'ਚਿਰਰਰ ਚਿਰਰਰ' 'ਚ,
ਰਣਜੀਤ ਸਿਅ੍ਹਾਂ!
-ਓ ਕੁੱਛ ਨੀ ਹੁੰਦਾ, ਇਕਬਾਲ ਸਿਅ੍ਹਾਂ; ਚਹੁੰ ਦਿਨਾਂ 'ਚ ਗਿੱਝ ਜਾਣੈ ਆਪਣਿਆਂ ਕੰਨਾਂ ਨੇ!
ਮੈਂ ਲਾਕਰ 'ਚੋਂ ਆਪਣੀ ਸਨੋਅ-ਜੈਕਟ ਚੁੱਕੀ ਤੇ ਰਣਜੀਤ ਦੇ ਸਾਹਮਣੇ ਖਲੋਅ ਕੇ ਆਪਣੀਆਂ ਬਾਹਾਂ
ਨੂੰ ਜੈਕਟ ਦੀਆਂ ਬਾਹਾਂ ਅੰਦਰਲੇ ਖ਼ਿਲਾਅ ਵਿੱਚ ਵਾੜਨ ਲੱਗਾ।
-ਕੀ ਕਰਨ ਲੱਗੈਂ, ਪ੍ਰੋਫ਼ੈਸਰਾ?
ਮੈਂ ਚੁੱਪ-ਚਾਪ ਆਪਣਾ ਮਫ਼ਲਰ ਆਪਣੇ ਗਲ਼ ਦੁਆਲ਼ੇ ਲਪੇਟੀ ਗਿਆ। ਜੈਕਟ ਦੇ ਜ਼ਿੱਪਰ ਨੂੰ ਬੰਦ ਕਰ
ਕੇ ਮੈਂ ਆਪਣੀਆਂ ਨਜ਼ਰਾਂ ਨੂੰ ਰਣਜੀਤ ਵੱਲੀਂ ਗੇੜਿਆ।
-ਤੂੰ ਦੱਸ, ਰਣਜੀਤ, ਚੱਲਣੈ ਘਰ ਨੂੰ ਕਿ ਕੰਨਾਂ ਦੇ ਪੜਦੇ ਪੜਵਾਉਣੇ ਐਂ?
ਰਣਜੀਤ ਦੀਆਂ ਅੱਖਾਂ ਫੁੱਲ ਕੇ ਬਾਹਰ ਡਿੱਗਣ ਵਾਲ਼ੀਆਂ ਹੋ ਗਈਆਂ।
-ਜੀ ਤਾਂ, ਯਾਰ, ਮੇਰਾ ਵੀ ਕਰਦੈ ਬਈ ਨਿੱਕਲ਼ ਜਾਵਾਂ ਤੇਰੇ ਨਾਲ਼ ਈ ਬਾਹਰ ਨੂੰ, ਪਰووو
-ਪਰ-ਪੁਰ ਛੱਡ ਪਰ੍ਹਾਂ, ਰਣਜੀਤ ਸਿਅ੍ਹਾਂ
-ਨe੍ਹੀਂ ਯਾਰ, ਨਿਆਣਿਆਂ ਦੇ ਡਾਈਪਰ ਤੇ ਗਰੋਸਰੀ ਸਾਲੀ ਗੌਰਮਿੰਟ ਮੁਫ਼ਤ ਨੀ ਦੇਣ ਲੱਗੀ
ਹਾਲੇ!
ਮੈਂ ਆਪਣਾ ਲੰਚ ਬਾਕਸ ਚੁੱਕਿਆ ਤੇ ਦਫ਼ਤਰ ਵੱਲ ਨੂੰ ਜਾਂਦਾ ਦਰਵਾਜ਼ਾ ਖੋਲ੍ਹ ਕੇ ਰਸੈਪਸ਼ਨਿਸਟ
ਦੇ ਸਾਹਮਣੇ ਜਾ ਖਲੋਤਾ।
-ਹਾਏ, ਇੱਕਬਲ!
-ਹਾਏ!
-ਵੱਟ੍ਹ ਹੈਪਨਡ, ਇਕਬਾਲ?
-ਆਈ ਹੈਵ ਟੂ ਗੋ, ਮੈਡਮ! ਮੈਂ ਲੰਚ ਬਾਕਸ ਨੂੰ ਉੱਪਰ ਵੱਲ ਨੂੰ ਚੁੱਕਦਿਆਂ ਬੋਲਿਆ।
-ਗੋਇੰਗ ਹੋਮ, ਇੱਕਬਲ? ਰਸੈਪਸ਼ਨਿਸਟ ਨੇ ਆਪਣੇ ਭਰਵੱਟੇ ਸੁੰਗੇੜੇ।
-ਮੇਰੇ ਅੰਦਰੋਂ ਸਭ ਕੁਝ ਨਿਕਲ਼ਦਾ ਜਾਂਦੈ! ਮੈਂ ਆਪਣਾ ਪੰਜਾ ਆਪਣੇ ਮੂੰਹ ਦੇ ਸਾਹਮਣੇ ਫੈਲਾਅ
ਦਿੱਤਾ।
-ਓਅਅ, ਰਸੈਪਸ਼ਨਿਸਟ ਨੇ ਆਪਣੇ ਚਿਹਰੇ ਦੀਆਂ ਤਣੀਆਂ ਢਿੱਲੀਆਂ ਕਰ ਲਈਆਂ। -ਇਟ'ਸ ਡਿਊ ਟੂ ਦ
ਕੋਲਡ! ਸੋ ਮੈਨੀ ਪੀਪਲ ਫ਼ਾਲਿੰਗ ਸਿੱਕ!
ਤੇ ਸੜਕ ਵੱਲ ਨੂੰ ਜਾਂਦਾ ਦਰਵਾਜ਼ਾ ਖੋਲ੍ਹ ਕੇ ਮੈਂ ਬਸ ਸਟਾਪ ਵੱਲ ਨੂੰ ਤੁਰ ਪਿਆ।
(ਚਲਦਾ)
(905-792-7357)
-0-
|