Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਮੇਰੀ ਖੇਡ ਵਾਰਤਾ ਦੀ ਵਾਰਤਾ

 

- ਪ੍ਰਿੰ. ਸਰਵਣ ਸਿੰਘ

ਰਾਣੀ ਜਿੰਦ ਕੋਰ ਇੰਗਲੈਂਡ ਵਿਚ

 

- ਹਰਜੀਤ ਅਟਵਾਲ

ਸਵਰਨ ਚੰਦਨ, ਦਰਸ਼ਨ ਗਿੱਲ ਤੇ ਗੋਰੀਆ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਲਿਖੀ-ਜਾ-ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ / ਪਾਨੀਪਤ ਦੀ ਪਹਿਲੀ ਲੜਾਈ

 

- ਇਕਬਾਲ ਰਾਮੂਵਾਲੀਆ

ਸਦੀ ਪੁਰਾਣੀ ਰਹਿਤਲ ਦੀਆਂ ਝਲਕਾਂ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ ਇਸ ਅੰਗੂਰ ਕੀ ਬੇਟੀ ਨੇ!

 

- ਐਸ ਅਸ਼ੋਕ ਭੌਰਾ

ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਟੇਕ ਮੀ ਬੈਕ

 

- ਗੁਰਮੀਤ ਪਨਾਗ

ਜੁਗਨੂੰ

 

- ਸੁਰਜੀਤ

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ

 

- ਹਰਮੰਦਰ ਕੰਗ

ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼

 

- ਡਾ. ਜਗਮੇਲ ਸਿੰਘ ਭਾਠੂਆਂ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਨਹੀਂ ਤਾਂ ਲੋਕ ਗੀਤ ਮਰ ਜਾਣਗੇ !

 

- ਬੇਅੰਤ ਗਿੱਲ ਮੋਗਾ

ਭਾਸ਼ਾ ਦਾ ਸਾਮਰਾਜਵਾਦ

 

- ਨਗੂਗੀ ਵਾ ਥਯੋਂਗੋਂ

ਗਜ਼ਲ (ਦੁਖਾਂ ਤੋਂ ਹਾਂ ਕੋਹਾਂ ਦੂਰ)

 

- ਮਲਕੀਅਤ “ਸੁਹਲ”

 ਗ਼ਜ਼ਲ

 

- ਅਜੇ ਤਨਵੀਰ

ਪੈਰਾਂ ਦੇ ਨਿਸ਼ਾਨ

 

- ਬਰਜਿੰਦਰ ਗੁਲਾਟੀ

ਦੋ ਗੀਤ

 

- ਅਮਰੀਕ ਮੰਡੇਰ

ਨਾਮ ਵਿੱਚ ਕੀ ਰਖਿਆ ਹੈ ?

 

- ਗੁਲਸ਼ਨ ਦਿਆਲ

ਰਾਜਨੀਤੀ ਬਨਾਮ ਕਦਰਾਂ

 

- ਕੁਲਜੀਤ ਮਾਨ

ਨੇਕੀ ਦੀ ਬਦੀ ’ਤੇ ਜਿੱਤ? ਬਾਰੇ ਇਕ ਪ੍ਰਤੀਕਰਮ

 

- ਸਾਧੂ ਬਿਨਿੰਗ

 ਹੁੰਗਾਰੇ
 

Online Punjabi Magazine Seerat


ਭਾਸ਼ਾ ਦਾ ਸਾਮਰਾਜਵਾਦ
- ਨਗੂਗੀ ਵਾ ਥਯੋਂਗੋਂ
 

 

ਅੰਗਰੇਜ਼ੀ, ਸੰਸਾਰ ਲਈ ਇੱਕ ਭਾਸ਼ਾ?
(ਕੀਨੀਆ ਦੇ ਮਸ਼ਹੂਰ ਲੇਖਕ ਨਗੂਗੀ ਵਾ ਥਯੋਂਗੋ ਆਪਣੀ ਲੋਕ-ਪੱਖੀ ਲੇਖਣੀ ਕਰਕੇ ਕੀਨੀਆਈ ਹਾਕਮ ਜਮਾਤਾਂ ਦੀਆਂ ਨਜ਼ਰਾਂ ‘ਚ ਸਦਾ ਹੀ ਚੁਭਦੇ ਰਹੇ। ਆਪਣੀ ਲੇਖਣੀ ਕਰਕੇ ਉਹਨਾਂ ਨੂੰ ਕਈ ਵਾਰੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਸਾਲਾਂ ਬੱਧੀ ਜੇਲ੍ਹ ‘ਚ ਰਹੇ। 22 ਵਰ੍ਹਿਆਂ ਦੇ ਦੇਸ਼ ਨਿਕਾਲੇ ਨੂੰ ਝੱਲ ਕੇ 8 ਅਗਸਤ 2004 ਨੂੰ ਉਹ ਵਤਨ ਪਰਤੇ। ਕੀਨੀਆਈ ਲੋਕਾਂ ਨੇ ਆਪਣੇ ਹਰਮਨ ਪਿਆਰੇ ਲੇਖਕ ਨੂੰ ਸਿਰ-ਅੱਖਾਂ ‘ਤੇ ਬਿਠਾਇਆ ਪਰ ਜਾਲਮ ਹਾਕਮਾਂ ਨੂੰ ਅਜੇ ਵੀ ਤੱਸਲੀ ਨਹੀਂ ਹੋਈ ਸੀ। ਨਗੂਗੀ ਦੇ ਵਾਪਸ ਪਰਤਣ ਦੇ ਕੁਝ ਦਿਨ ਮਗਰੋਂ 11 ਅਗਸਤ ਨੂੰ ਨਗੂਗੀ ਅਤੇ ਉਹਨਾਂ ਦੀ ਪਤਨੀ ‘ਤੇ ਗੁੰਡਿਆਂ ਨੇ ਹਮਲਾ ਕਰ ਦਿੱਤਾ। ਪਤਣਸ਼ੀਲ ਹਾਕਮ ਜਮਾਤਾਂ ਦੀ ਸੜਾਂਦ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ 58 ਵਰ੍ਹਿਆਂ ਦੀ ਨਜੀਰੀ ਨਾਲ਼ ਬਲਾਤਕਾਰ ਕੀਤਾ। ਉਹਨਾਂ ਨੇ ਨਗੂਗੀ ਨੂੰ ਕੁੱਟਿਆ, ਸਿਗਰਟ ਨਾਲ਼ ਜਲਾਇਆ ਅਤੇ ਉਹਨਾਂ ਦੇ ਘਰ ਲੁੱਟਮਾਰ ਮਚਾਈ। ਇਸ ਤੋਂ ਇਹ ਸਾਬਤ ਹੋ ਗਿਆ ਕਿ ਹਾਕਮ ਜਮਾਤਾਂ ਦੇ ਮਨਾਂ ‘ਚ ਨਗੂਗੀ ਦੀ ਲੋਕਾਂ ਨੂੰ ਜਗਾਉਣ ਵਾਲ਼ੀ ਕਲਮ ਦਾ ਭੈਅ ਕਿਸ ਕਦਰ ਸਮਾਇਆ ਹੋਇਆ ਹੈ ਅਤੇ ਨਵੀਂ ਚੁਣੀ ਗਈ ਸਰਮਾਏਦਾਰਾ ਸਰਕਾਰ ਪਹਿਲਾਂ ਦੀ ਤਾਨਾਸ਼ਾਹੀ ਤੋਂ ਜਿਆਦਾ ਭਿੰਨ ਨਹੀਂ ਹੈ।
ਨਗੂਗੀ ਨੇ ਭਾਸ਼ਾਈ ਗੁਲਾਮੀ ਵਿਰੁੱਧ ਵਿਆਪਕ ਰੂਪ ‘ਚ ਲਿਖਿਆ ਹੈ ਅਤੇ ਭਾਸ਼ਾ ਤੇ ਸੱਭਿਆਚਾਰ ਦੇ ਧਰਾਤਲ ‘ਤੇ ਸਾਮਰਾਜਵਾਦ ਦੀਆਂ ਹਰਕਤਾਂ ਨੂੰ ਕਾਰਗਰ ਢੰਗ ਨਾਲ਼ ਬੇਨਕਾਬ ਕੀਤਾ। ਉਹਨਾਂ ਨੇ ਬਸਤੀ ਰਹੇ ਮੁਲਕਾਂ ਦੇ ਲੋਕਾਂ ਦੀ ਜਾਗ੍ਰਿਤੀ ਵਿੱਚ ਮਾਤ ਭਾਸ਼ਾ ਦੀ ਮਹਤੱਤਾ ‘ਤੇ ਰੌਸ਼ਨੀ ਪਾਈ ਹੈ। ਅਸੀਂ ਇੱਥੇ ਉਹਨਾਂ ਦੀ ਕਿਤਾਬ ‘ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ — ਸਿੱਖਿਆ ਅਤੇ ਸੱਭਿਆਚਾਰ ਦੀ ਸਿਆਸਤ’ ਦਾ ਇੱਕ ਹਿੱਸਾ ਪ੍ਰਕਾਸ਼ਤ ਕਰ ਰਹੇ ਹਾਂ।
— ਸੰਪਾਦਕ)
ਦੁਨੀਆਂ ਵਿੱਚ ਹਰ ਇਨਸਾਨ ਕੋਲ ਇੱਕ ਭਾਸ਼ਾ ਹੈ ਜੋ ਜਾਂ ਤਾਂ ਉਸਦੀ ਹੈ, ਉਸਦੇ ਮਾਤਾ-ਪਿਤਾ ਦੀ ਹੈ ਜਾਂ ਜਿਸਨੂੰ ਉਸਨੇ ਜਨਮ ਤੋਂ ਜਾਂ ਫਿਰ ਜੀਵਨ ਵਿੱਚ ਅੱਗੇ ਚੱਲ ਕੇ ਕਿਤੇ ਅਪਣਾ ਲਿਆ ਹੈ। ਇਸ ਲਈ ਜਦੋਂ ਅਸੀਂ ਇੱਕ ਸੰਭਾਵਿਤ ਸੰਸਾਰ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ‘ਤੇ ਵਿਚਾਰ ਕਰਦੇ ਹਾਂ ਤਾਂ ਅਸੀਂ ਇਹ ਸਿੱਟਾ ਉਨ੍ਹਾਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਵਿੱਚੋਂ ਕੱਢਦੇ ਹਾਂ ਜਿਹਨਾਂ ਵਿੱਚ ਸਾਡੀਆਂ ਜੜ੍ਹਾਂ ਹਨ। ਇਹ ਵਿਸ਼ਾ ਕਈ ਭਾਸ਼ਾਵਾਂ ਵਿੱਚੋਂ ਇੱਕ ਭਾਸ਼ਾ ਦੀ ਚੋਣ ਕਰਨ ਦਾ ਸਵਾਲ ਵੀ ਸਾਹਮਣੇ ਲਿਆਉਂਦਾ ਹੈ। ਇਸ ਲਈ ਜਿਸ ਮਸਲੇ ‘ਤੇ ਅਸੀਂ ਵਿਚਾਰ ਕਰਨਾ ਹੈ ਉਸਦਾ ਸਰੋਕਾਰ ਅੰਗਰੇਜ਼ੀ ਅਤੇ ਸੰਸਾਰ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚਲੇ ਸਬੰਧ ਤੋਂ ਹੈ। ਸੰਖੇਪ ਵਿੱਚ ਕਹੀਏ ਤਾਂ ਅਸਲ ਵਿੱਚ ਅਸੀਂ ਵੱਖ-ਵੱਖ ਭਾਸ਼ਾਵਾਂ ਦੇ ਤਾਲਮੇਲ ਬਾਰੇ ਗੱਲਬਾਤ ਕਰ ਰਹੇ ਹਾਂ।
ਹਰੇਕ ਭਾਸ਼ਾ ਦੇ ਦੋ ਪੱਖ ਹੁੰਦੇ ਹਨ। ਇੱਕ ਪੱਖ ਸਬੰਧਤ ਭਾਸ਼ਾ ਦੀ ਉਸ ਭੂਮਿਕਾ ਨੂੰ ਦੱਸਦਾ ਹੈ ਜੋ ਸਾਨੂੰ ਆਪਣੀ ਹੋਂਦ ਲਈ ਕੀਤੇ ਜਾਣ ਵਾਲ਼ੇ ਸੰਘਰਸ਼ ਦੇ ਦੌਰਾਨ ਇੱਕ-ਦੂਜੇ ਨਾਲ਼ ਸੰਚਾਰ ਦੇ ਯੋਗ ਬਣਾਉਂਦਾ ਹੈ। ਇਸਦੀ ਦੂਜੀ ਭੂਮਿਕਾ ਉਸ ਇਤਿਹਾਸ ਅਤੇ ਸੱਭਿਆਚਾਰ ਦੀ ਵਾਹਕ ਹੈ ਜੋ ਇੱਕ ਲੰਬੇ ਸਮੇਂ ਤੱਕ ਸੰਚਾਰ ਦੀ ਪ੍ਰਕ੍ਰਿਆ ਦੌਰਾਨ ਬਣਦੀ ਹੈ। ਆਪਣੀ ਪੁਸਤਕ ਡੀ ਕੋਲੋਨਾਈਜ਼ਿੰਗ ਦੀ ਮਾਇੰਡ (ਬਸਤੀਵਾਦੀ ਮਾਨਸਿਕਤਾ ਤੋਂ ਮੁਕਤੀ – ਅਨੁ.) ਵਿੱਚ ਮੈਂ ਭਾਸ਼ਾ ਨੂੰ ਵੱਡੇ ਲੋਕ-ਸਮੂਹ ਦੀ ਸਮੂਹਿਕ ਯਾਦ ਦਾ ਕੋਸ਼ ਦੱਸਿਆ ਹੈ। ਇਹ ਦੋਨੋਂ ਪੱਖ ਇੱਕ ਦੂਜੇ ਤੋਂ ਅਟੁੱਟ ਹਨ, ਇਹਨਾਂ ਵਿੱਚ ਇੱਕ ਦਵੰਦਾਤਮਕ ਏਕਤਾ ਕਾਇਮ ਹੁੰਦੀ ਹੈ।
ਤਾਂ ਵੀ ਇਹਨਾਂ ਦੋਨਾਂ ਪੱਖਾਂ ਵਿੱਚੋਂ ਕੋਈ ਵੀ ਇੱਕ ਪੱਖ ਦੂਜੇ ਮੁਕਾਬਲੇ ਜਿਆਦਾ ਭਾਰੂ ਹੋ ਸਕਦਾ ਹੈ। ਇਹ ਉਹਨਾਂ ਹਾਲਾਤਾਂ ‘ਤੇ ਨਿਰਭਰ ਕਰਦਾ ਹੈ ਜੋ ਭਾਸ਼ਾ ਦੀ ਵਰਤੋਂ ਦੇ ਨੇੜੇ-ਤੇੜੇ ਹੁੰਦੀਆਂ ਹਨ ਅਤੇ ਖਾਸ ਤੌਰ ‘ਤੇ ਉਹਨਾਂ ਹਲਾਤਾਂ ਉੱਤੇ ਜਿਨ੍ਹਾਂ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਇੱਕ-ਦੂਜੇ ਨਾਲ਼ ਸਾਹਮਣਾ ਹੁੰਦਾ ਹੈ। ਮਿਸਾਲ ਵਜੋਂ ਕੀ ਦੋਵਾਂ ਭਾਸ਼ਾਵਾਂ ਦਾ ਮਿਲਾਪ ਬਰਾਬਰੀ ਅਤੇ ਅਜ਼ਾਦੀ ਦੇ ਅਧਾਰ ‘ਤੇ ਹੋ ਰਿਹਾ ਹੈ? ਅਤੀਤ ਵਿੱਚ ਅਤੇ ਅੱਜ ਦੇ ਸੰਸਾਰ ਦੀਆਂ ਭਾਸ਼ਾਵਾਂ ਵਿੱਚ ਜਿਸ ਤਰ੍ਹਾਂ ਦਾ ਟਕਰਾਅ ਹੈ ਅਤੇ ਇਸੇ ਲੜੀ ਵਿੱਚ ਕਹੀਏ ਤਾਂ ਇੱਕ ਨਿਸ਼ਚਿਤ ਸਮਾਂ-ਸੀਮਾ ਅੰਦਰ ਦੂਜੇ ‘ਤੇ ਪਹਿਲੇ ਪੱਖ ਦਾ ਜੋ ਦਬਦਬਾ ਕਾਇਮ ਹੈ ਉਹ ਸਬੰਧਤ ਕੌਮਾਂ ਵਿੱਚ ਅਜ਼ਾਦੀ ਦੀ ਮੌਜੂਦਗੀ ਜਾਂ ਇਸਦੀ ਅਣਹੋਂਦ ਦੀ ਗੁਣਵੱਤਾ ਨਾਲ਼ ਤੈਅ ਹੁੰਦਾ ਹੈ।
ਇਸ ਸਬੰਧੀ ਮੈਂ ਇੱਕ-ਦੋ ਉਦਾਹਰਣਾਂ ਦੇਣਾ ਚਾਹਾਂਗਾ। ਸਕੈਂਡੇਨੇਵੀਆਈ ਦੇਸ਼ਾਂ ਦੇ ਲੋਕ ਅੰਗਰੇਜ਼ੀ ਜਾਣਦੇ ਹਨ ਪਰ ਉਹ ਇਸ ਲਈ ਅੰਗਰੇਜ਼ੀ ਨਹੀਂ ਸਿੱਖਦੇ ਤਾਂਕਿ ਆਪਣੇ ਦੇਸ਼ ਅੰਦਰ ਇਸਨੂੰ ਆਪਸੀ ਸੰਚਾਰ ਦਾ ਸਾਧਨ ਬਣਾ ਸਕਣ। ਉਹ ਇਸ ਲਈ ਵੀ ਅੰਗਰੇਜ਼ੀ ਨਹੀਂ ਸਿੱਖਦੇ ਜਿਸ ਨਾਲ਼ ਅੰਗਰੇਜ਼ੀ ਉਹਨਾਂ ਦੇ ਆਪਣੇ ਕੌਮੀ ਸੱਭਿਆਚਾਰਾਂ ਦੀ ਵਾਹਕ ਬਣੇ ਜਾਂ ਫਿਰ ਇੱਕ ਐਸਾ ਸਾਧਨ ਬਣੇ ਜਿਸ ਰਾਹੀਂ ਵਿਦੇਸ਼ੀ ਸੱਭਿਆਚਾਰ ਉਹਨਾਂ ‘ਤੇ ਥੋਪ ਦਿੱਤਾ ਜਾਵੇ।
ਉਹ ਅੰਗਰੇਜ਼ੀ ਸਿੱਖਦੇ ਹਨ ਤਾਂ ਕਿ ਅੰਗਰੇਜ਼ਾਂ ਨਾਲ਼ ਜਾਂ ਅੰਗਰੇਜ਼ੀ-ਭਾਸ਼ੀ ਲੋਕਾਂ ਨਾਲ਼ ਆਪਸੀ ਮੇਲਜੋਲ ਵਿੱਚ ਉਹਨਾਂ ਨੂੰ ਸਹਾਇਤਾ ਮਿਲ ਸਕੇ। ਵਪਾਰ, ਵਣਜ, ਸੈਰ-ਸਪਾਟਾ ਅਤੇ ਵਿਦੇਸ਼ਾਂ ਦੇ ਨਾਲ਼ ਸਬੰਧ ਵਿਕਸਿਤ ਕਰਨ ਵਿੱਚ ਸਹੂਲਤ ਹੋਵੇ! ਉਹਨਾਂ ਲਈ ਅੰਗਰੇਜ਼ੀ ਬਾਹਰ ਦੀ ਦੁਨੀਆਂ ਨਾਲ਼ ਸੰਚਾਰ ਦਾ ਸਿਰਫ਼ ਸਾਧਨ ਹੈ। ਇਹੀ ਹਾਲ ਜਪਾਨੀਆਂ, ਪੱਛਮੀ ਜਰਮਨੀ ਦੇ ਲੋਕਾਂ ਅਤੇ ਅਨੇਕ ਦੇਸ਼ਾਂ ਦੇ ਲੋਕਾਂ ਦਾ ਹੈ। ਇਹਨਾਂ ਦੇਸ਼ਾਂ ਵਿੱਚ ਅੰਗਰੇਜ਼ੀ ਨੇ ਕਦੇ ਉਹਨਾਂ ਦੀ ਆਪਣੀ ਭਾਸ਼ਾ ਦੀ ਜਗ੍ਹਾ ਨਹੀਂ ਲਈ।
ਜਦੋਂ ਵੱਖ-ਵੱਖ ਕੌਮਾਂ ਅਜ਼ਾਦੀ ਅਤੇ ਬਰਾਬਰੀ ਦੀਆਂ ਸ਼ਰਤਾਂ ‘ਤੇ ਇੱਕ ਦੂਜੇ ਨੂੰ ਮਿਲਦੀਆਂ ਹਨ ਤਾਂ ਉਹ ਇੱਕ-ਦੂਜੇ ਦੀ ਭਾਸ਼ਾ ਵਿੱਚ ਸੰਚਾਰ ਦੀ ਜਰੂਰਤ ‘ਤੇ ਜ਼ੋਰ ਦਿੰਦੀਆਂ ਹਨ। ਉਹ ਇੱਕ-ਦੂਜੇ ਦੀ ਭਾਸ਼ਾ ਸਿਰਫ ਇਸ ਲਈ ਮਨਜ਼ੂਰ ਕਰਦੀਆਂ ਹਨ ਤਾਂ ਜੋ ਆਪਸੀ ਸਬੰਧ ਵਿਕਸਿਤ ਕਰਨ ਵਿੱਚ ਮਦਦ ਮਿਲ ਸਕੇ। ਪਰ ਜਦੋਂ ਇਹੀ ਕੌਮਾਂ ਪਸਿਤੀ ਤੇ ਜ਼ਾਬਰ ਦੇ ਰੂਪ ਵਿੱਚ ਮਿਲਦੀਆਂ ਹਨ, ਉਦਾਹਰਣ ਦੇ ਤੌਰ ‘ਤੇ ਸਾਮਰਾਜਵਾਦ ਦੇ ਅਧੀਨ, ਤਾਂ ਉਹਨਾਂ ਦੀਆਂ ਭਾਸ਼ਾਵਾਂ ਕਦੇ ਵੀ ਅਸਲੀ ਜਮਹੂਰੀ ਮੇਲ ਦਾ ਅਨੁਭਵ ਨਹੀਂ ਕਰ ਸਕਦੀਆਂ। ਜਾਬਰ ਕੌਮ ਆਪਣੀ ਭਾਸ਼ਾ ਦੀ ਵਰਤੋਂ ਪਸਿਤੀ ਕੌਮ ਵਿੱਚ ਆਪਣੀ ਘੇਰੇਬੰਦੀ ਹੋਰ ਮਜ਼ਬੂਤ ਬਣਾਉਣ ਲਈ ਕਰਦੀ ਹੈ। ਭਾਸ਼ਾ ਦੇ ਹਥਿਆਰ ਨੂੰ ਬਾਈਬਲ ਤੇ ਤਲਵਾਰ ਦੇ ਨਾਲ਼ ਸ਼ਾਮਿਲ ਕਰ ਲਿਆ ਗਿਆ ਹੈ – ਉਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਜਿਸਨੂੰ 19ਵੀਂ ਸਦੀ ਦੇ ਸਾਮਰਾਜਵਾਦ ਦੇ ਸੰਦਰਭ ਵਿੱਚ ਡੇਵਿਡ ਲੀਵਿੰਗਸਟੋਨ ਨੇ ‘ਇਸਾਈਅਤ ਦੇ ਨਾਲ਼ ਪੰਜ ਫੀਸਦੀ ਹੋਰ’ ਕਿਹਾ ਸੀ। ਡੇਵਿਡ ਲੀਵਿੰਗਸਟੋਨ ਜੇਕਰ ਅੱਜ ਜਿਉਂਦੇ ਹੁੰਦੇ ਤਾਂ ਸੰਭਵ ਤੌਰ ‘ਤੇ ਉਹ ਇਸ ਪ੍ਰਕ੍ਰਿਆ ਦਾ ਇਸ ਤਰ੍ਹਾਂ ਵਰਣਨ ਕਰਦੇ— ਇਸਾਈਅਤ, ਕਰਜ਼ ਅਤੇ ਨਾਲ਼ ਹੀ ਚਾਲੀ ਫੀਸਦੀ ਕਰਜ਼ ਦਾ ਭੁਗਤਾਨ। ਇਸ ਤਰ੍ਹਾਂ ਦੀ ਸਥਿਤੀ ਵਿੱਚ ਜੇਕਰ ਕੋਈ ਚੀਜ਼ ਦਾਅ ‘ਤੇ ਲੱਗੀ ਹੈ ਤਾਂ ਉਹ ਭਾਸ਼ਾ ਹੈ ਜੋ ਸਿਰਫ ਸੰਚਾਰ ਦਾ ਸਾਧਨ ਨਹੀਂ ਰਹਿ ਜਾਂਦੀ।
ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅੰਗਰੇਜ਼ੀ ਅਤੇ ਅਖੌਤੀ ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਭਾਸ਼ਾਵਾਂ ਦਾ ਮੁਕਾਬਲਾ ਬਰਾਬਰੀ ਅਤੇ ਅਜ਼ਾਦੀ ਦੀਆਂ ਹਾਲਤਾਂ ਵਿੱਚ ਨਹੀਂ ਹੋਇਆ। ਅੰਗਰੇਜ਼, ਫਰਾਂਸੀਸੀ ਅਤੇ ਪੁਰਤਗਾਲੀ ਲੋਕ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਵਿੱਚ ਬਾਈਬਲ ਅਤੇ ਤਲਵਾਰ ਦੇ ਆਉਣ ਦੇ ਐਲਾਨ ਦੇ ਨਾਲ਼ ਦਾਖਿਲ ਹੋਏ। ਉਹ ਇੱਥੇ ਸੋਨੇ ਦੀ ਭਾਲ਼ ਵਿੱਚ ਆਏ, ਕਾਲ਼ੇ ਸੋਨੇ ਨੂੰ ਜੰਜ਼ੀਰਾਂ ਵਿੱਚ ਜਕੜਣ ਆਏ, ਕਾਰਖਾਨੇ ਅਤੇ ਬਾਗ਼ਾਂ ਵਿੱਚ ਮੁੜ੍ਹਕੇ ਦੇ ਰੂਪ ਵਿੱਚ ਚਮਕਦੇ ਸੋਨੇ ਨੂੰ ਕੈਦ ਕਰਨ ਲਈ ਆਏ। ਜੇਕਰ ਬੰਦੂਕ ਨੇ ਇਸ ਸੋਨੇ ਦੇ ਖਣਨ ਵਿੱਚ ਉਹਨਾਂ ਦੀ ਮਦਦ ਕੀਤੀ ਜਿਸ ਰਾਹੀਂ ਉਹਨਾਂ ਨੇ ਇਹਨਾਂ ਖਾਣਾਂ ਦੇ ਮਾਲਕਾਂ ਨੂੰ ਸਿਆਸੀ ਕੈਦੀ ਬਣਾ ਲਿਆ ਤਾਂ ਭਾਸ਼ਾ ਨੇ ਇਹਨਾਂ ਕੈਦੀਆਂ ਦੇ ਸੱਭਿਆਚਾਰ, ਉਹਨਾਂ ਦੀਆਂ ਕਦਰਾਂ-ਕੀਮਤਾਂ ਅਤੇ ਇਸ ਤਰ੍ਹਾਂ ਉਹਨਾਂ ਦੇ ਦਿਮਾਗ਼ ‘ਤੇ ਕਬਜ਼ਾ ਕਰਨ ਦਾ ਕੰਮ ਕੀਤਾ। ਇਹ ਯਤਨ ਦੋ ਢੰਗਾਂ ਨਾਲ਼ ਕੀਤਾ ਗਿਆ ਅਤੇ ਇਹ ਦੋਵੇਂ ਢੰਗ ਇੱਕ ਹੀ ਪ੍ਰਕ੍ਰਿਆ ਦੇ ਵੱਖ-ਵੱਖ ਰੂਪ ਹਨ।
ਪਹਿਲੀ ਪ੍ਰਕ੍ਰਿਆ ਗੁਲਾਮ ਦੇਸ਼ਾਂ ਦੀਆਂ ਭਾਸ਼ਾਵਾਂ ਨੂੰ ਦਬਾਉਣ ਨਾਲ਼ ਸਬੰਧਿਤ ਸੀ। ਇਸ ਤਰ੍ਹਾਂ ਇਹਨਾਂ ਭਾਸ਼ਾਵਾਂ ਦੁਆਰਾ ਸੰਚਾਲਿਤ ਸੱਭਿਆਚਾਰ ਅਤੇ ਇਤਿਹਾਸ ਨੂੰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਗਿਆ ਅਤੇ ਉੱਥੇ ਬਰਬਾਦ ਹੋਣ ਲਈ ਛੱਡ ਦਿੱਤਾ ਗਿਆ। ਇਹਨਾਂ ਭਾਸ਼ਾਵਾਂ ਨੂੰ ਬੇਬੇਲ ਦੀ ਹਨੇਰੀ ਮੀਨਾਰ ਨਾਲ਼ੋਂ ਸਮਝੋਂ ਬਾਹਰ ਮਹਿਸੂਸ ਕੀਤਾ ਗਿਆ। ਕੀਨੀਆ ਦੇ ਜਿਸ ਮਿਡਲ ਸਕੂਲ ਵਿੱਚ ਮੈਂ ਪੜ੍ਹਨ ਗਿਆ, ਉੱਥੇ ਸਾਨੂੰ ਇੱਕ ਪ੍ਰਾਰਥਨਾ ਸਿਖਾਈ ਜਾਂਦੀ ਸੀ ਜਿਸ ਵਿੱਚ ਹਨੇਰੇ ਤੋਂ ਮੁਕਤੀ ਦੀ ਚੀਕ ਸੀ। ਹਰ ਰੋਜ਼ ਸਾਨੂੰ ਯੂਨੀਅਨ ਜੈਕ ਦੇ ਸਾਹਮਣੇ ਖੜ੍ਹੇ ਹੋ ਕੇ ਪਹਿਲਾਂ ਆਪਣੀ ਸਰੀਰਕ ਸਫ਼ਾਈ ਦੀ ਜਾਂਚ ਕਰਵਾਉਣੀ ਪੈਂਦੀ ਸੀ ਅਤੇ ਉਸਦੇ ਬਾਅਦ ਸਾਰਾ ਸਕੂਲ ਗਿਰਜੇ ਵਿੱਚ ਦਾਖਲ ਹੁੰਦਾ ਸੀ। ਜਿੱਥੇ ਅਸੀਂ ਗਾਉਂਦੇ ਸੀ ‘ਚਾਰੇ ਪਾਸੇ ਫੈਲੇ ਹਨੇਰੇ ਵਿੱਚੋਂ ਨਿਕਲਣ ਦਾ ਸਾਨੂੰ ਚਾਨਣ ਵਖਾ, ਰੱਬਾ, ਸਾਨੂੰ ਰਾਹ ਵਖਾ।’ ਸਾਡੀਆਂ ਆਪਣੀਆ ਭਾਸ਼ਾਵਾਂ ਉਸ ਹਨੇਰੇ ਦਾ ਹਿੱਸਾ ਬਣ ਗਈਆਂ ਸਨ। ਸਾਡੀਆਂ ਭਾਸ਼ਾਵਾਂ ਨੂੰ ਦਬਾ ਦਿੱਤਾ ਗਿਆ ਸੀ ਤਾਂ ਕਿ ਅਸੀਂ ਗੁਲਾਮ ਲੋਕ ਆਪਣੇ ਖੁਦ ਦੇ ਸ਼ੀਸ਼ੇ ਵਿੱਚ ਨਾ ਤਾਂ ਆਪਣੇ ਆਪ ਨੂੰ ਦੇਖ ਸਕੀਏ ਅਤੇ ਨਾ ਹੀ ਆਪਣੇ ਦੁਸ਼ਮਣਾਂ ਨੂੰ।
ਗੁਲਾਮ ਬਣਾਉਣ ਦਾ ਦੂਜਾ ਢੰਗ ਜੇਤੂ ਦੀ ਭਾਸ਼ਾ ਦੇ ਮਹੱਤਵ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨਾ ਸੀ। ਇਸਨੂੰ ਜਿੱਤੇ ਹੋਏ ਦੀ ਭਾਸ਼ਾ ਬਣਾ ਦਿੱਤਾ ਗਿਆ ਸੀ। ਲੋਕਾਂ ਦੇ ਸਮੂਹ ਤੋਂ ਅਲੱਗ ਕਰਕੇ ਜਿਨ੍ਹਾਂ ਨੂੰ ਸਕੂਲੀ ਢਾਂਚੇ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ ਉਹਨਾਂ ਨੂੰ ਨਵੇਂ ਦਰਪਣ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਉਹ ਆਪਣੀਆਂ ਅਤੇ ਆਪਣੇ ਲੋਕਾਂ ਦੀਆਂ ਤਸਵੀਰਾਂ ਅਤੇ ਨਾਲ਼ ਹੀ ਉਹਨਾਂ ਦੀਆਂ ਤਸਵੀਰਾਂ ਵੀ ਦੇਖ ਸਕਣ ਜਿਹਨਾਂ ਨੇ ਉਹ ਦਰਪਣ ਦਿੱਤੇ ਸਨ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਉਹਨਾਂ ਨੂੰ ਇੱਕ ਭਾਸ਼ਾ ਦਿੱਤੀ ਗਈ-ਅੰਗਰੇਜ਼ੀ ਜਾਂ ਫਰਾਂਸੀਸੀ ਜਾਂ ਪੁਰਤਗਾਲੀ। ਇਸ ਤਰ੍ਹਾਂ ਬੇਬੇਲ ਦੀ ਹਨੇਰੀ ਮੀਨਾਰ ਤੋਂ ਬਚ ਨਿਕਲਣ ਲਈ ਭਾਸ਼ਾਈ ਸਾਧਨਾਂ ਨਾਲ਼ ਲੈਸ ਨਵੇਂ ਢਾਂਚੇ ਦੇ ਚਾਕਰਾਂ ਦੇ ਰੂਪ ਵਿੱਚ ਜਿਹਨਾਂ ਨੂੰ ਮੰਤਰਮੁਗਧ ਕੀਤਾ ਗਿਆ ਜਾਂ ਫਿਰ ਜੋ ਮੰਤਰਮੁਗਧ ਹੋਣ ਲਈ ਤਿਆਰ ਹੋਏ ਉਹਨਾਂ ਦੇ ਮਨ ਨੂੰ ਉਸ ਦੁਨੀਆਂ ਅਤੇ ਉਸ ਇਤਿਹਾਸ ਤੋਂ ਯੋਜਨਾਬੱਧ ਢੰਗ ਨਾਲ਼ ਅਲੱਗ ਕਰ ਦਿੱਤਾ ਜਿਸਦੀਆਂ ਵਾਹਕ ਉਹਨਾਂ ਦੀਆਂ ਮੂਲ ਭਾਸ਼ਾਵਾਂ ਸਨ। ਉਹ ਕਿਤੇ ਦੂਰ ਪਹਾੜੀ ‘ਤੇ ਮੱਧਮ ਰੌਸ਼ਨੀ ਵਿੱਚ ਚਮਕਦੇ ਇੱਕ ਅੱਖਰ ‘ਯੂਰਪ’ ਨੂੰ ਤੱਕਣ ਲੱਗੇ ਜਾਂ ਫਿਰ ਇਸ ਅੱਖਰ ਨੂੰ ਦੇਖਣ ਲਈ ਪ੍ਰੇਰਿਤ ਕੀਤੇ ਗਏ। ਇਸ ਤੋਂ ਬਾਅਦ ਯੂਰਪ ਅਤੇ ਇਸਦੀਆਂ ਭਾਸ਼ਾਵਾਂ ਸਮੁੱਚੇ ਬ੍ਰਹਿਮੰਡ ਦੇ ਕੇਂਦਰ ਵਿੱਚ ਸਥਾਪਿਤ ਹੋ ਗਈਆਂ।
ਫਰਾਂਸੀਸੀ ਭਾਸ਼ਾ ਨੇ, ਜੋ ਆਪਣੇ ਸੱਭਿਆਚਾਰ ਦੇ ਫਲਸਫਾਨਾ ਅਤੇ ਸੁੰਦਰਤਾਬੋਧੀ ਰਿਵਾਇਤਾਂ ਵੱਲ ਸ਼ਰਧਾਵਾਨ ਸੀ, ਸਮੁੱਚੀ ਪ੍ਰਕ੍ਰਿਆ ਨੂੰ ਇੱਕ ਨਾਂ ਦਿੱਤਾ – ‘ਏਸੀਮੀਲੇਸ਼ਨ’ ਯਾਨੀ ਸਵਾਂਗੀਕਰਨ। ਅੰਗਰੇਜ਼ੀ ਭਾਸ਼ਾ, ਜਿਸਦਾ ਫਲਸਫਾਨਾ ਅਤੇ ਸੁੰਦਰਤਾਬੋਧੀ ਰੁਝਾਣ ਮੁਕਾਬਲਤਨ ਘੱਟ ਸੀ, ਇਸਨੇ ਨਾਂ ਦਿੱਤਾ ‘ਸਿੱਖਿਆ’। ਪਰਪਰ ਫੌਜੀ ਤੋਂ ਪ੍ਰਸ਼ਾਸਕ ਦੀ ਯੋਗਤਾ ਵਿੱਚ ਆਏ ਲੁਗਾਰਡ ਨੇ, ਜਿਸਦੀ ਸ਼ਖਸ਼ੀਅਤ ਵਿੱਚ ਇੱਕ ਫੌਜੀ ਦਾ ਅੱਖੜਪੁਣਾ ਬਰਕਰਾਰ ਸੀ, ਇਸ ਅਮਲੀ ਸਿੱਖਿਆ ਕਾਰਜਕ੍ਰਮ ਪਿੱਛੇ ਲੁਕੇ ਉਦੇਸ਼ ਨੂੰ ਯਾਨੀ ‘ਅਸਿੱਧੇ ਰਾਜ’ ਨੂੰ ਸਮਝਣ ਦੀ ਕੁੰਜੀ ਦਿੱਤੀ, ਜਿਸਨੂੰ ਬਾਅਦ ਵਿੱਚ ਟੋਟਿਆਂ ਵਿੱਚ ਪ੍ਰਭਾਸ਼ਿਤ ਕੀਤਾ ਗਿਆ। ਇਸਨੇ ਅਫ਼ਰੀਕੀ ਕਬੀਲਿਆਂ ਦੇ ਸਰਦਾਰਾਂ ਨੂੰ ਆਪਣੇ ਸੱਭਿਆਚਾਰ ਵਿੱਚ ਸ਼ਾਮਿਲ ਕਰਨ ਦੇ ਇਸ ਢੰਗ ਨੂੰ ਹੀ ਇਹ ਨਾਂ ਦਿੱਤਾ ਸੀ ਅਤੇ ਇਸੇ ਢੰਗ ਨੇ ਹੀ ਅੰਗਰੇਜ਼ਾਂ ਨੂੰ ਅਫ਼ਰੀਕਾ ਵਿੱਚ ਰਾਜ ਕਰਨਾ ਅਸਾਨ ਬਣਾਇਆ। ਸੱਚਾਈ ਇਹ ਹੈ ਕਿ ਸ਼ੁਰੂ ਵਿੱਚ ਲੁਗਾਰਡ ਨੇ ਜਿਨ੍ਹਾਂ ਲੋਕਾਂ ਨੂੰ ਨਿਯੁਕਤ ਕੀਤਾ ਸੀ ਉਸਦੇ ਮੁਕਾਬਲੇ ਬਾਅਦ ਦੇ ਸਿੱਖਿਆ ਢਾਂਚੇ ਨੇ ਹੋਰ ਵੀ ਜਿਆਦਾ ਸ਼ਰਧਾਵਾਨ ਸਰਦਾਰ ਪੈਦਾ ਕੀਤੇ। ਅਸਲ ਗੱਲ ਇਹ ਸੀ ਕਿ ਅੰਗਰੇਜ਼ੀ ਭਾਸ਼ਾ ਵਿੱਚ ਜਿਸਨੂੰ ਜਿੰਨੀ ਵੀ ਜਿਆਦਾ ਮੁਹਾਰਤ ਹਾਸਿਲ ਸੀ ਉਸਨੂੰ ਓਨਾ ਹੀ ਯੋਗ ਮੰਨਿਆ ਜਾਣ ਲੱਗਾ।
ਡੀਕੋਲੋਨਾਈਜ਼ਿੰਗ ਦੀ ਮਾਇੰਡ ਨਾਮੀ ਕਿਤਾਬ ਵਿੱਚ ਮੈਂ ਇਹ ਦੱਸਿਆ ਹੈ ਕਿ ਨਵੀਂ ਭਾਸ਼ਾ ਅਪਨਾਉਣ ਨਾਲ਼ ਸਾਡੀਆਂ ਖੁਦ ਦੀਆਂ ਭਾਸ਼ਾਵਾਂ ਨਾਲ਼ ਬੇਗਾਨਗੀ ਦੀ ਪ੍ਰਕ੍ਰਿਆ ਕਿਵੇਂ ਸ਼ੁਰੂ ਹੋ ਗਈ। ਮੈਂ ਉਹਨਾਂ ਘਟਨਾਵਾਂ ਦਾ ਜਿਕਰ ਕੀਤਾ ਹੈ ਜਿਨ੍ਹਾਂ ਵਿੱਚ ਅਫ਼ਰੀਕੀ ਭਾਸ਼ਾਵਾਂ ਬੋਲਣ ਵਾਲ਼ੇ ਬੱਚਿਆਂ ਨੂੰ ਸਜ਼ਾ ਮਿਲਦੀ ਸੀ। ਆਮ ਤੌਰ ‘ਤੇ ਸਾਨੂੰ ਡੰਡਿਆਂ ਨਾਲ਼ ਮਾਰਿਆ ਜਾਂਦਾ ਸੀ ਜਾਂ ਇੱਕ ਤਖਤੀ ਫੜਾ ਦਿੱਤੀ ਜਾਂਦੀ ਸੀ ਜਿਸਨੂੰ ਅਸੀਂ ਆਪਣੇ ਨਾਲ਼ ਲੈ ਕੇ ਘੁੰਮਦੇ ਸੀ ਅਤੇ ਉਸ ਤਖਤੀ ‘ਤੇ ਲਿਖਿਆ ਹੁੰਦਾ ਸੀ-’ਮੈਂ ਮੂਰਖ਼ ਹਾਂ’ ਜਾਂ ‘ਮੈਂ ਇੱਕ ਗਧਾ ਹਾਂ।’ ਕੁਝ ਮਾਮਲਿਆਂ ਵਿੱਚ ਰੱਦੀ ਦੀ ਟੋਕਰੀ ਵਿੱਚੋਂ ਕਾਗਜ਼ ਦੇ ਟੁਕੜੇ ਕੱਢ ਕੇ ਸਾਡੇ ਮੂੰਹ ਵਿੱਚ ਤੁੰਨ ਦਿੱਤੇ ਜਾਂਦੇ ਸਨ ਅਤੇ ਫਿਰ ਇਹਨਾਂ ਟੁਕੜਿਆਂ ਨੂੰ ਇੱਕ ਦੇ ਮੂੰਹ ਵਿੱਚੋਂ ਕੱਢ ਕੇ ਦੂਜੇ ਮੁੰਡੇ ਦੇ ਮੂੰਹ ਵਿੱਚ ਪਾਇਆ ਜਾਂਦਾ ਸੀ ਅਤੇ ਇਹ ਸਿਲਸਿਲਾ ਉਸ ਆਖਰੀ ਮੁੰਡੇ ਤੱਕ ਚੱਲਦਾ ਸੀ ਜੋ ਆਪਣੀ ਭਾਸ਼ਾ ਬੋਲਣ ਦਾ ਦੋਸ਼ੀ ਪਾਇਆ ਜਾਂਦਾ ਸੀ। ਸਾਡੀਆਂ ਭਾਸ਼ਾਵਾਂ ਦੇ ਸੰਦਰਭ ਵਿੱਚ ਅਪਮਾਨ ਦੀ ਇਹ ਲੜੀ ਇੱਕ ਖਾਸ ਗੱਲ ਸੀ। ਜੋ ਗੱਲ ਲਗਾਤਾਰ ਸਾਡੇ ਕੰਨਾਂ ਤੱਕ ਪਹੁੰਚਦੀ ਸੀ ਉਹ ਸੀ ‘ਉਸ ਪਹਾੜੀ ਨੂੰ ਧਿਆਨ ਨਾਲ਼ ਦੇਖੋ’ ਅਤੇ ਇਹ ਉਹੀ ਪਹਾੜੀ ਸੀ ਜਿੱਥੇ ‘ਯੂਰਪ’ ਸ਼ਬਦ ਚਮਕ ਰਿਹਾ ਸੀ ਅਤੇ ਜਿਸਦੇ ਦਾਖਲੇ ਦਾ ਬੂਹਾ ਅੰਗਰੇਜ਼ੀ ਭਾਸ਼ਾ ਵਿੱਚੋਂ ਹੋ ਕੇ ਜਾਂਦਾ ਸੀ। ਵਾਦ-ਵਿਵਾਦ ਅਤੇ ਵਿਗਿਆਨ ਦੇ ਸਮੁੱਚੇ ਗਿਆਨ ਦੀ ਵਾਹਕ ਦੇ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਸਥਾਪਿਤ ਕੀਤਾ ਗਿਆ। ਯੂਨਾਨੀ ਰਿਵਾਇਤ ਅਨੁਸਾਰ ਆਰਕਮੇਡੀਜ਼ ਨੇ ਦੁਨਿਆਂ ਹਿਲਾ ਦਿੱਤੀ ਹੁੰਦੀ ਬਸ਼ਰਤੇ ਉਸ ਕੋਲ ਖੜ੍ਹੇ ਹੋਣ ਲਈ ਠੋਸ ਜਮੀਨ ਹੁੰਦੀ। 20ਵੀਂ ਸਦੀ ਦੇ ਅਫ਼ਰੀਕਾ ਵਿੱਚ ਦੁਨਿਆਂ ਨੂੰ ਹਿਲਾਉਣ ਲਈ ਉਹਨਾਂ ਨੂੰ ਇਹੋ ਸਲਾਹ ਦਿੱਤੀ ਗਈ ਹੁੰਦੀ ਕਿ ਉਹ ਅੰਗਰੇਜ਼ੀ ਭਾਸ਼ਾ ਦੀ ਠੋਸ ਜਮੀਨ ‘ਤੇ ਖੜ੍ਹੇ ਹੋਣ। ਨਿਸ਼ਚਿਤ ਹੀ ਸਾਡੇ ਵਿੱਚੋਂ ਕੁਝ ਲੋਕਾਂ ਨੂੰ ਅੰਗਰੇਜ਼ੀ ਬਾਰੇ ਇਹ ਲੱਗਣ ਲਾ ਦਿੱਤਾ ਗਿਆ ਜਿਵੇਂ ਕਿ ਇਹ ਇੱਕ ਅਜਿਹੀ ਭਾਸ਼ਾ ਹੋਵੇ ਜਿਸਦੀ ਵਰਤੋਂ ਰੱਬ ਕਰਦਾ ਹੋਵੇ।
ਅੰਗਰੇਜ਼ੀ ਦੇ ਸਾਡੇ ਜੋ ਅਧਿਆਪਕ ਸਨ (ਇਹ ਵਿਡੰਬਨਾ ਹੀ ਹੈ ਕਿ ਉਹਨਾਂ ਵਿੱਚੋਂ ਇੱਕ ਸਕਾਟਲੈਂਡ ਦੇ ਸਨ) ਉਹ ਸਾਨੂੰ ਕਹਿੰਦੇ ਸਨ ਕਿ ਅੰਗਰੇਜ਼ੀ ਦੀ ਵਰਤੋਂ ਕਰ ਕੇ ਅਸੀਂ ਈਸਾ ਮਸੀਹ ਦੀਆਂ ਪੈੜਾਂ ਪਿੱਛੇ ਚੱਲੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਜਦੋਂ ਕੋਈ ਵੀ ਮਨੁੱਖ ਕਿਸੇ ਭਾਸ਼ਾ ਨੂੰ ਨਵਾਂ-ਨਵਾਂ ਸਿੱਖਦਾ ਹੈ ਤਾਂ ਉਸਦੇ ਅੰਦਰ ਇਹ ਪ੍ਰਵਿਰਤੀ ਹੁੰਦੀ ਹੈ ਕਿ ਉਹ ਭਾਰੇ-ਭਾਰੇ ਅਤੇ ਲੰਮੇ-ਚੌੜੇ ਸ਼ਬਦਾਂ ਦੀ ਵਰਤੋਂ ਕਰੇ ਕਿਉਂਕਿ ਇਸ ਨਾਲ਼ ਉਸਦੇ ਵਿਦਵਾਨ ਹੋਣ ਦਾ ਸੰਕੇਤ ਮਿਲਦਾ ਹੈ। ਅਧਿਆਪਕ ਸਾਨੂੰ ਦੱਸਦੇ ਸਨ ਕਿ ਈਸਾ ਮਸੀਹ ਬਹੁਤ ਸਰਲ ਅੰਗਰੇਜ਼ੀ ਬੋਲਦੇ ਸਨ। ਬਾਈਬਲ ਵਿੱਚ ਅੰਗਰੇਜ਼ੀ ਸਾਹਿਤ ਦੇ ਸਭ ਤੋਂ ਲੰਮੇ ਅਤੇ ਸਭ ਤੋਂ ਛੋਟੇ ਵਾਕ ਦੇਖਣ ਨੂੰ ਮਿਲਦੇ ਹਨ। ਫਿਰ ਕੋਈ ਵਿਦਿਆਰਥੀ ਉਹਨਾਂ ਨੂੰ ਯਾਦ ਦਿਵਾਉਂਦਾ ਸੀ ਕਿ ਈਸਾ ਮਸੀਹ ਸੰਭਵ ਤੌਰ ‘ਤੇ ਹੇਬਰੂ ਭਾਸ਼ਾ ਬੋਲਦੇ ਸਨ ਅਤੇ ਇਹ ਕਿ ਜਿਸ ਬਾਈਬਲ ਦਾ ਅਨੁਵਾਦ ਕਿੰਗ ਜੇਮਸ ਐਡੀਸ਼ਨ ਦੇ ਰੂਪ ਵਿੱਚ ਉਪਲਭਧ ਹੈ ਉਹ ਸੰਭਵ ਤੌਰ ‘ਤੇ ਹੇਬਰੂ ਭਾਸ਼ਾ ਵਿੱਚ ਲਿਖੀ ਗਈ ਹੋਵੇਗੀ।
ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਅੰਗਰੇਜ਼ੀ ਭਾਸ਼ਾ ਬਾਰੇ ਉਹਨਾਂ ਪ੍ਰਵਿਰਤੀਆਂ ਦਾ ਜ਼ਿਕਰ ਕਰ ਰਿਹਾ ਹਾਂ ਜੋ 30 ਸਾਲ ਪਹਿਲਾਂ ਪ੍ਰਚਲਿਤ ਸਨ। ਤੁਹਾਡਾ ਇਹ ਸੋਚਣਾ ਬਿਲਕੁਲ ਗਲਤ ਹੈ। ਹਾਲੇ ਹੁਣੇ ਹੀ ਜਦੋਂ ਮੈਂ ਬਰਲਿਨ ਜਾ ਰਿਹਾ ਸੀ ਅਤੇ ਮੇਰੇ ਮਨ ਵਿੱਚ ਇੱਕ ਸੈਮੀਨਾਰ ਦਾ ਵਿਸ਼ਾ ਗੂੰਜ ਰਿਹਾ ਸੀ, ਮੇਰੇ ਹੱਥ 7 ਅਕਤੂਬਰ, 1988 ਦਾ ਅਖਬਾਰ ਈਵਨਿੰਗ ਸਟੈਂਡਰਡ ਲੱਗਿਆ ਜੋ ਲੰਦਨ ਤੋਂ ਪ੍ਰਕਾਸ਼ਿਤ ਹੁੰਦਾ ਹੈ। ਇਸ ਵਿੱਚ ਮੈਨੂੰ ਇੱਕ ਲੇਖ ਦਿਖਾਈ ਦਿੱਤਾ ਜੋ ਬ੍ਰਿਟਿਸ਼ ਸਿੱਖਿਆ ਮੰਤਰੀ ਕੇਨੇਥ ਬੇਕਰ ਦੀ ਸੋਵੀਅਤ ਯਾਤਰਾ ਨਾਲ਼ ਸਬੰਧਿਤ ਸੀ। ਲੇਖ ਵਿੱਚ ਇਹ ਦੱਸਿਆ ਗਿਆ ਸੀ ਕਿ ਬੇਕਰ ਨੂੰ ਇਹ ਦੇਖ ਕੇ ਕਿੰਨੀ ਹੈਰਾਨੀ ਹੋਈ ਕਿ ਸੋਵੀਅਤ ਸੰਘ ਦੇ ਕੁਝ ਇਲਾਕਿਆਂ ਵਿੱਚ ਹਾਲੇ ਵੀ ਅੰਗਰੇਜ਼ੀ ਬੋਲੀ ਜਾਂਦੀ ਹੈ: ‘ਜਰਾ ਖੁਦ ਸੋਚੋ। ਮੈਂ ਉਸ ਸਮੇਂ ਨੋਵੋਸੀਬਿਰਸਕ ਵਿੱਚ ਸੀ। ਕਿਸੇ ਵੀ ਸਥਾਨ ਤੋਂ ਦੋ ਹਜ਼ਾਰ ਮੀਲ ਦੀ ਦੂਰੀ ‘ਤੇ ਅਤੇ ਫਿਰ ਵੀ ਇਥੋਂ ਦੇ ਲੋਕ ਬੜੇ ਅਰਾਮ ਨਾਲ਼ ਅੰਗਰੇਜ਼ੀ ਬੋਲ ਸਕਦੇ ਸਨ। ਇਹ ਲੋਕ ਨਾ ਤਾਂ ਕਦੇ ਇੰਗਲੈਂਡ ਗਏ ਅਤੇ ਨਾ ਅਮਰੀਕਾ ਪਰ ਇਹਨਾਂ ਨੇ ਸਾਡੀਆਂ ਸਰਵੋਤਮ ਕਿਤਾਬਾਂ ਪੜ੍ਹੀਆਂ ਸਨ।’ ਗੱਲ ਸਹੀ ਹੈ। ਕੋਈ ਵੀ ਸਮੂਹ ਜੇਕਰ ਕਿਸੇ ਦੂਜੇ ਸਮੂਹ ਦੀ ਭਾਸ਼ਾ ਸਿੱਖਦਾ ਹੈ ਤਾਂ ਇਹ ਇੱਕ ਵਧਿਆ ਗੱਲ ਹੈ। ਪਰ ਕੀ ਕਾਰਨ ਹੈ ਕਿ ਨੋਵੋਸੀਬਿਰਸਕ ਵਾਸੀ ਅੰਗਰੇਜ਼ੀ ਦੀ ਯੋਗਤਾ ਵਿਕਸਿਤ ਕਰਨ ਲਈ ਏਨੀ ਮਿਹਨਤ ਕਰ ਰਹੇ ਹਨ? ਈਵਨਿੰਗ ਸਟੈਂਡਰਡ ਦੇ ਉਸੇ ਅੰਕ ਤੋਂ ਕੇਨੇਥ ਬੇਕਰ ਦੀ ਟੂਕ ਲਈ ਜਾਵੇ ਜਾਵੇ ਤਾਂ ਪਤਾ ਲਗਦਾ ਹੈ ਕਿ ਇਸਦੇ ਪਿੱਛੇ ਇੱਕ ਗੰਭੀਰ ਉਦੇਸ਼ ਹੈ : ‘ਰੂਸੀ ਲੋਕ ਇੰਗਲੈਂਡ ਨੂੰ ਉੱਨਤੀ ਨਾਲ਼ ਜੋੜ ਕੇ ਦੇਖਦੇ ਹਨ ਇਸ ਲਈ ਉਹਨਾਂ ਨੇ ਉਹਨਾਂ ਦੀ ਭਾਸ਼ਾ ‘ਤੇ ਖੂਬ ਮਿਹਨਤ ਕੀਤੀ। ਉਹ ਚਾਹੁੰਦੇ ਹਨ ਕਿ ਪੁਰਾਣੇ ਘਿਸੇ-ਪਿਟੇ ਤਾਨਾਸ਼ਾਹੀ ਵਾਲ਼ੇ ਰਾਜ ਦੁਆਰਾ ਕੰਟਰੋਲ ਸਮਾਜ ਤੋਂ ਛੁਟਕਾਰਾ ਮਿਲੇ।’ ਹੁਣ ਤੁਸੀਂ ਇਸਨੂੰ ਆਪ ਹੀ ਸਮਝੋ। ਸਮਾਜਵਾਦ ਨੂੰ ਜੋ ਸਿਰਫ 70 ਸਾਲ ਪੁਰਾਣਾ ਹੈ, ਘਿਸਿਆ-ਪਿਟਿਆ ਪ੍ਰਬੰਧ ਕਿਹਾ ਗਿਆ ਹੈ ਅਤੇ ਸਰਮਾਏਦਾਰੀ ਪ੍ਰਬੰਧ ਨੂੰ, ਜੋ 400 ਸਾਲ ਪੁਰਾਣਾ ਹੈ, ਆਧੁਨਿਕ ਮੰਨ ਲਿਆ ਗਿਆ ਹੈ। ਪਰ ਇੱਥੇ ਵਿਚਾਰਨ ਯੋਗ ਮਸਲਾ ਇਹ ਹੈ ਕਿ ਅੱਜ ਅੰਗਰੇਜ਼ੀ ਨੂੰ ਉਹ ਸਾਧਨ ਬਣਾ ਦਿੱਤਾ ਗਿਆ ਹੈ ਜੋ ਸਮਾਜਵਾਦ ਦੇ ‘ਹਨੇਰੇ’ ਤੋਂ ਲੋਕਾਂ ਨੂੰ ਆਧੁਨਿਕ ਸਰਮਾਏਦਾਰੀ ਦੇ ‘ਚਾਨਣ’ ਦੇ ਵੱਲ ਲੈ ਜਾਵੇ।
ਹੁਣ ਮੈਂ ਤੁਹਾਨੂੰ ਸੰਖੇਪ ਵਿੱਚ ਇਹ ਦੱਸਣਾ ਚਾਹਾਂਗਾ ਕਿ ਸਾਡੇ ਵਿੱਚੋਂ ਕੁਝ ਨੂੰ ਅੰਗਰੇਜ਼ੀ ਭਾਸ਼ਾ ਦੀ ਮਦਦ ਨਾਲ਼ 19ਵੀਂ ਸਦੀ ਵਾਲ਼ੇ ਅਫਰੀਕਾ ਦੀਆਂ ਹਨੇਰੀਆਂ ਮੀਨਾਰਾਂ ਵਿੱਚੋਂ ਕੱਢ ਕੇ 20ਵੀਂ ਸਦੀ ਵਾਲ਼ੇ ਗੁਲਾਮ ਅਫਰੀਕਾ ਦੀ ਆਧੁਨਿਕਤਾ ਦੇ ਸੰਸਾਰ ਵਿੱਚ ਲੈ ਜਾਇਆ ਗਿਆ। ਜਿਨ੍ਹਾਂ ਦਿਨਾਂ ਵਿੱਚ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਸਾਨੂੰ ਇੱਕ ਕਿਤਾਬ ਔਕਸਫੋਰਡ ਰੀਡਰਜ਼ ਫਾਰ ਅਫਰੀਕਾ ਵਿੱਚੋਂ ਅੰਗਰੇਜ਼ੀ ਪੜ੍ਹਾਈ ਜਾਂਦੀ ਸੀ। ਅਸੀਂ ਜੌਹਨ ਨਾਮੀ ਇੱਕ ਮੁੰਡੇ ਦੀ ਅਤੇ ਜੋਨ ਨਾਮੀ ਇੱਕ ਕੁੜੀ ਦੀ ਕਹਾਣੀ ਪੜ੍ਹਦੇ ਸੀ ਅਤੇ ਹੋਇਆ ਇਹ ਕਿ ਆਪਣੇ ਪਿੰਡ ਵਿੱਚ ਵੀ ਰਹਿੰਦੇ ਹੋਏ ਮੈਂ ਇਹ ਤਾਂ ਜਾਣ ਗਿਆ ਸੀ ਕਿ ਔਕਸਫੋਰਡ ਨਾਂ ਦੀ ਇੱਕ ਜਗ੍ਹਾ ਹੈ ਜਿੱਥੇ ਦੋਵੇਂ ਬੱਚੇ ਪੈਦਾ ਹੋਏ ਸੀ ਅਤੇ ਰੀਡਿੰਗ ਨਾਂ ਦੀ ਇੱਕ ਥਾਂ ਹੈ ਜਿੱਥੇ ਜੌਹਨ ਅਤੇ ਜੋਨ ਪੜ੍ਹਾਈ ਵਾਸਤੇ ਸਕੂਲ ਜਾਂਦੇ ਸੀ ਪਰ ਮੈਂ ਕੀਨੀਆ ਦੇ ਕਿਸੇ ਹੋਰ ਕਸਬੇ ਜਾਂ ਸ਼ਹਿਰ ਦਾ ਨਾਂ ਨਹੀਂ ਜਾਣਦਾ ਸੀ। ਸਾਨੂੰ ਇਸ ਕਿਤਾਬ ਦੇ ਨਵੇਂ ਪਾਠਕਾਂ ਨੂੰ ਜੌਹਨ ਅਤੇ ਜੋਨ ਦੇ ਪਿੱਛੇ-ਪਿੱਛੇ ਹਰ ਜਗ੍ਹਾ ਲਿਜਾਇਆ ਜਾਂਦਾ ਸੀ। ਇੱਕ ਦਿਨ ਸਾਨੂੰ ਇੱਕ ਹੋਰ ਸ਼ਹਿਰ ਵਿੱਚ ਲਿਜਾਇਆ ਗਿਆ ਜਿਸਦਾ ਨਾਂ ਲੰਡਨ ਸੀ। ਫਿਰ ਇੱਕ ਵਾਰ ਅਸੀਂ ਚਿੜੀਆਘਰ ਗਏ ਅਤੇ ਟੇਮਜ਼ ਨਦੀ ਦੇ ਤੱਟ ‘ਤੇ ਘੁੰਮਦੇ ਰਹੇ। ਇਹ ਗਰਮੀਆਂ ਦੀਆਂ ਛੁੱਟੀਆਂ ਸਨ। ਪਤਾ ਨਹੀਂ ਕਿੰਨੀ ਵਾਰ ਅੰਗਰੇਜ਼ੀ ਦੀ ਇਸ ਪਾਠ-ਪੁਸਤਕ ਦੇ ਪਾਠਾਂ ਦੇ ਮਾਧਿਅਮ ਨਾਲ਼ ਸਾਨੂੰ ਟੇਮਜ਼ ਦਰਿਆ ਅਤੇ ਬ੍ਰਿਟੇਨ ਦੇ ਸੰਸਦ ਭਵਨ ਦੀ ਚਮਕ ਦਿਖਾਈ ਦਿੱਤੀ। ਇਥੋਂ ਤੱਕ ਕਿ ਹੁਣ ਵੀ ਜਦੋਂ ਮੈਂ ਟੇਮਜ਼ ਨਦੀ ਦਾ ਨਾਮ ਸੁਣਦਾ ਹਾਂ ਜਾਂ ਇਸਦੇ ਆਸਪਾਸ ਦਾ ਸਫ਼ਰ ਕਰਦਾ ਹਾਂ ਤਾਂ ਮੈਨੂੰ ਜੌਹਨ ਅਤੇ ਜੋਨ ਦੀ ਯਾਦ ਆ ਜਾਂਦੀ ਹੈ। ਅੱਜ ਵੀ ਔਕਸਫੋਰਡ ਦਾ ਮਤਲਬ ਜਿੰਨਾ ਵਿਦਵਤਾ ਲਈ ਹੋਣਾ ਚਾਹੀਦਾ ਹੈ ਜੋ ਕਿ ਸੱਚਮੁਚ ਹੈ ਵੀ, ਇਸਤੋਂ ਜਿਆਦਾ ਇਸਦਾ ਮਤਲਬ ਮੇਰੇ ਲਈ ਪ੍ਰਾਇਮਰੀ ਸਕੂਲ ਦੀ ਪਾਠ-ਪੁਸਤਕ ਵਿੱਚ ਦਰਜ ਜੌਹਨ ਅਤੇ ਜੋਨ ਦੇ ਨਿਵਾਸ ਸਥਾਨ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।
ਮੈਨੂੰ ਤੁਸੀਂ ਗਲਤ ਨਾ ਸਮਝੋ। ਮੈਂ ਇਸ ਗੱਲ ਨੂੰ ਬਿਲਕੁਲ ਹੀ ਬੁਰਾ ਨਹੀਂ ਮੰਨਦਾ ਕਿ ਕਿਸੇ ਭਾਸ਼ਾ ਨੂੰ ਉਸ ਭੂਗੋਲਕ, ਸੱਭਿਆਚਾਰਕ ਅਤੇ ਇਤਿਹਾਸਕ ਘੇਰੇ ਵਿੱਚ ਰੱਖ ਕੇ ਪੜ੍ਹਾਇਆ ਜਾਵੇ ਜਿਸ ਵਿੱਚੋਂ ਉਹ ਉਪਜੀ ਹੈ। ਆਖਰ ਕਿਸੇ ਭਾਸ਼ਾ ਦੇ ਸੰਚਾਰ ਪੱਖ ਨੂੰ ਇਸਦੇ ਸੱਭਿਆਚਰਕ ਪ੍ਰਤੀਕਾਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਅੰਗਰੇਜ਼ੀ ਭਾਸ਼ਾ ਨੂੰ ਟੇਮਜ਼ ਤੋਂ, ਫਰਾਂਸੀਸੀ ਭਾਸ਼ਾ ਨੂੰ ਆਇਫਲ ਟਾਵਰ ਤੋਂ, ਇਤਾਲਵੀ ਨੂੰ ਪੀਜਾ ਦੀ ਟੇਢੀ ਮਿਨਾਰ ਤੋਂ, ਚੀਨੀ ਭਾਸ਼ਾ ਨੂੰ ਚੀਨ ਦੀ ਮਹਾਨ ਕੰਧ ਤੋਂ, ਅਰਬੀ ਨੂੰ ਮੱਕੇ ਤੋਂ ਜਾਂ ਕਿਸਵਾਹਿਲੀ ਨੂੰ ਮੋਂਬਾਸਾ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਕਿਸੇ ਭਾਸ਼ਾ ਨੂੰ ਉਸਦੇ ਸੱਭਿਆਚਾਰ ਦੇ ਸੰਦਰਭ ਵਿੱਚ ਜਾਣਨਾ ਉਹਨਾਂ ਲੋਕਾਂ ਪ੍ਰਤੀ ਸ਼ਰਧਾਂਜਲੀ ਪ੍ਰਗਟਾਉਣਾ ਹੈ ਜਿਹਨਾਂ ਦੀ ਇਹ ਭਾਸ਼ਾ ਹੈ ਅਤੇ ਇਹ ਇੱਕ ਚੰਗੀ ਗੱਲ ਹੈ। ਸਾਡੇ ਲੋਕਾਂ ਲਈ, ਜੋ ਸਾਬਕਾ ਬਸਤੀਆਂ ਦੇ ਹਨ, ਭਾਸ਼ਾਵਾਂ ਨਾਲ਼ ਸੁਭਾਵਿਕ ਸਬੰਧ ਵਿਕਸਿਤ ਕਰਨ ਵਿੱਚ ਗੜਬੜ ਇਸ ਤੱਥ ਨੇ ਪੈਦਾ ਕੀਤੀ ਕਿ ਯੂਰਪ ਦੀ ਭਾਸ਼ਾ ਨੂੰ, ਇੱਥੇ ਅੰਗਰੇਜ਼ੀ ਨੂੰ, ਇਸ ਤਰ੍ਹਾਂ ਪੜ੍ਹਾਇਆ ਗਿਆ ਜਿਸ ਤਰ੍ਹਾਂ ਇਹ ਸਾਡੀ ਆਪਣੀ ਭਾਸ਼ਾ ਹੋਵੇ, ਇਸ ਤਰ੍ਹਾਂ ਪੜਾ੍ਹਇਆ ਗਿਆ ਜਿਵੇਂ ਕਿ ਅਫਰੀਕਾ ਕੋਲ ਸਾਮਰਾਜਵਾਦੀਆਂ ਦੁਆਰਾ ਲਿਆਂਦੀ ਗਈ ਭਾਸ਼ਾ ਤੋਂ ਇਲਾਵਾ ਜਿਸ ‘ਤੇ ‘ਮੇਡ ਇਨ ਯੂਰਪ’ (ਯੂਰਪ ਵਿੱਚ ਬਣੀ- ਅਨੁ.) ਲਿਖਿਆ ਹੋਵੇ ਆਪਣੀ ਕੋਈ ਖੁਦ ਦੀ ਜੁਬਾਨ ਹੀ ਨਾ ਹੋਵੇ।
ਇਸ ਪ੍ਰਕਾਰ ਅੰਗਰੇਜ਼ੀ ਅਤੇ ਅਫਰੀਕੀ ਭਾਸ਼ਾਵਾਂ ਵਿੱਚ ਇਸ ਤਰ੍ਹਾਂ ਦਾ ਕੋਈ ਮੇਲ ਨਹੀਂ ਹੋਇਆ ਜੋ ਬਰਾਬਰੀ, ਅਜ਼ਾਦੀ ਅਤੇ ਜਮਹੂਰੀ ਸਥਿਤੀਆਂ ਵਿੱਚ ਹੋਇਆ ਹੋਵੇ। ਬਾਅਦ ਵਿੱਚ ਜਿੰਨੇ ਵੀ ਵਿਗਾੜ ਵੇਖਣ ਨੂੰ ਮਿਲੇ ਉਹਨਾਂ ਦੀ ਜੜ੍ਹ ਵਿੱਚ ਇਹ ਤੱਥ ਸੀ। ਸਾਡੀਆਂ ਭਾਸ਼ਾਵਾਂ ਅੰਗਰੇਜ਼ੀ ਨਾਲ਼ ਇਸ ਤਰ੍ਹਾਂ ਮਿਲੀਆਂ ਜਿਵੇਂ ਅੰਗਰੇਜ਼ੀ ਕਿਸੇ ਜੇਤੂ ਕੌਮ ਦੀ ਭਾਸ਼ਾ ਹੋਵੇ ਅਤੇ ਸਾਡੀ ਭਾਸ਼ਾ ਕਿਸੇ ਹਾਰੇ ਹੋਏ ਦੇਸ਼ ਦੀ। ਕੋਈ ਵੀ ਜ਼ਾਬਰ ਭਾਸ਼ਾ ਖਾਸ ਤੌਰ ‘ਤੇ ਆਪਣੇ ਸਾਹਿਤ ਵਿੱਚ ਯਕੀਨਨ ਜਿੱਤੀ ਗਈ ਕੌਮ ਦੀ ਨਸਲਵਾਦੀ ਅਤੇ ਨਾਂਹ-ਪੱਖੀ ਤਸਵੀਰ ਪੇਸ਼ ਕਰਦੀ ਹੈ ਅਤੇ ਇਸ ਮਾਮਲੇ ਵਿੱਚ ਅੰਗਰੇਜ਼ੀ ਛੋਟ ਨਹੀਂ ਹੈ। ਮੈਂ ਭਾਸ਼ਾ ਦੇ ਇਸ ਪੱਖ ਬਾਰੇ ਇੱਥੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਇਸ ਸੰਦਰਭ ਵਿੱਚ ਕੀਤੇ ਗਏ ਅਨੇਕ ਅਧਿਅਨਾਂ ਵਿੱਚ ਇਸਨੂੰ ਸਪੱਸ਼ਟ ਕੀਤਾ ਗਿਆ ਹੈ। ਇੱਥੇ ਏਨਾ ਹੀ ਕਹਿਣਾ ਕਾਫੀ ਹੋਵੇਗਾ ਕਿ ਇਸ ਹਮਲਾਵਰ ਤਸਵੀਰ ਨੂੰ ਦੇਖਣ ਲਈ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਗਈਆਂ ਕੁਝ ਸਕੂਲੀ ਪਾਠ-ਪੁਸਤਕਾਂ ‘ਤੇ ਨਜ਼ਰ ਮਾਰ ਲਓ ਜੋ ਏਲਸਪੇਥ ਹਕਸਲੇ, ਕੈਰੇਨ ਬਿਲਕਸੇਨ, ਰਾਏਡਰ ਹੇਗਰਡ, ਰਾਬਰਟ ਰੂਅਰਕ, ਨਿਕੋਲਸ ਮੋਂਸਾਰਰਾਟ ਆਦਿ ਦੁਆਰਾ ਤਿਆਰ ਕੀਤੀਆਂ ਗਈਆਂ ਹਨ। ਇੱਥੇ ਕਲਪਨਾ ਕਰੋ ਕਿ ਜੇਕਰ ਸਾਰੀਆਂ ਅਫਰੀਕੀ ਭਾਸ਼ਾਵਾਂ ਖ਼ਤਮ ਹੋ ਗਈਆਂ ਹੁੰਦੀਆਂ ਤਾਂ ਅਫਰੀਕਾ ਦੇ ਲੋਕਾਂ ਨੂੰ ਖੁਦ ਨੂੰ ਇੱਕ ਅਜਿਹੀ ਭਾਸ਼ਾ ਵਿੱਚ ਪਰਿਭਾਸ਼ਤ ਕਰਨਾ ਪੈਂਦਾ ਜਿਸਨੂੰ ਅਫਰੀਕਾ ਬਾਰੇ ਏਨੀ ਨਾਂਹ-ਪੱਖੀ ਧਾਰਨਾ ਵਿਰਸੇ ‘ਚ ਮਿਲੀ ਹੈ।
ਅੰਗਰੇਜ਼ੀ ਅਤੇ ਹੋਰ ਜ਼ਾਬਰ ਭਾਸ਼ਾਵਾਂ ਦੁਆਰਾ ਸਾਡੀਆਂ ਭਾਸ਼ਾਵਾਂ ਨੂੰ ਪੂਰੀ ਤਰ੍ਹਾਂ ਨਿਗਲ ਲੈਣ ਤੋਂ ਪਿੰਡਾਂ ਅਤੇ ਕਸਬਿਆਂ ਵਿੱਚ ਰਹਿਣ ਵਾਲ਼ੇ ਉਸ ਲੋਕ ਸਮੂਹ ਨੇ ਬਚਾਇਆ ਜਿਸਨੇ ਸਿਆਸੀ ਅਤੇ ਆਰਥਿਕ ਖੇਤਰਾਂ ਵਿੱਚ ਪੂਰੀ ਤਰ੍ਹਾਂ ਆਤਮ-ਸਮਰਪਣ ਤੋਂ ਇਨਕਾਰ ਕਰ ਦਿੱਤਾ, ਜਿਸਨੇ ਸਾਡੀਆਂ ਆਪਣੀਆਂ ਭਾਸ਼ਾਵਾਂ ਵਿੱਚ ਸਾਹ ਲੈਣਾ ਜਾਰੀ ਰੱਖਿਆ ਅਤੇ ਇਸ ਤਰ੍ਹਾਂ ਇਹਨਾਂ ਭਾਸ਼ਾਵਾਂ ਵਿੱਚ ਰਚੇ ਗਏ ਇਤਿਹਾਸਾਂ ਅਤੇ ਸੱਭਿਆਚਾਰਾਂ ਨੂੰ ਜੀਵਤ ਰੱਖਿਆ। ਇਸ ਤਰ੍ਹਾਂ ਤੀਜੀ ਦੁਨੀਆਂ ਦੇ ਲੋਕਾਂ ਨੇ ਆਪਣੀ ਆਤਮਾ ਨੂੰ ਅੰਗਰੇਜ਼ੀ, ਫਰਾਂਸੀਸੀ ਜਾਂ ਪੁਰਤਗਾਲੀ ਭਾਸ਼ਾਵਾਂ ਅੱਗੇ ਆਤਮ-ਸਮਰਪਣ ਕਰਨ ਤੋਂ ਹਮੇਸ਼ਾਂ ਰੋਕਿਆ।
ਪਰ ਤੀਜੀ ਦੁਨੀਆਂ ਇਕੱਲਾ ਉਹ ਸਥਾਨ ਨਹੀਂ ਸੀ ਜਿੱਥੇ ਅੰਗਰੇਜ਼ੀ ਨੇ ਦੂਜੇ ਲੋਕਾਂ ਦੀਆਂ ਭਾਸ਼ਾਵਾਂ ਦੇ ਕਬਰਸਤਾਨ ‘ਤੇ ਵਧਣ-ਫੁੱਲਣ ਦੀ ਕੋਸ਼ਿਸ਼ ਕੀਤੀ। ਇਥੋਂ ਤੱਕ ਕਿ ਬ੍ਰਿਟੇਨ ਵਿੱਚ ਵੀ ਮੈਂ ਉਹਨਾਂ ਖੇਤਰਾਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ ਜਿੱਥੇ ਉਹਨਾਂ ਖੇਤਰਾਂ ਦੀਆਂ ਮੂਲ ਭਾਸ਼ਾਵਾਂ ਨੂੰ ਅੰਗਰੇਜ਼ੀ ਨੇ ਨਿਗਲ ਲਿਆ ਜਾਂ ਐਸੇ ਖੇਤਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਹਨ ਜਿੱਥੇ ਉਹ ਆਪਣੀਆਂ ਆਪਣੀਆਂ ਭਾਸ਼ਾਵਾਂ ਨੂੰ ਮਾਰੇ ਜਾਣ ਅਤੇ ਸਦਾ ਲਈ ਦਫਨਾਉਣ ਖਿਲਾਫ਼ ਫੈਸਲਾਕੁਨ ਸੰਘਰਸ਼ ਵਿੱਚ ਲੱਗੇ ਹੋਏ ਹਨ।
ਇੱਕ ਵਾਰ ਫਿਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਉਹਨਾਂ ਸ਼ਿਕਾਇਤਾਂ ਦੀ ਗੱਲ ਨਹੀਂ ਕਰ ਰਿਹਾ ਜੋ ਕਈ ਸਾਲ ਪੁਰਾਣੀਆਂ ਹਨ। ਪੱਛਮੀ ਬਰਲਿਨ ਤੋਂ ਵਾਪਿਸ ਮੁੜਦੇ ਸਮੇਂ ਮੇਰੇ ਹੱੱਥ ਵਿੱਚ 21 ਅਕਤੂਬਰ, 1988 ਦਾ ਅਖਬਾਰ ਮਾਰਨਿੰਗ ਸਟਾਰ ਲੱਗਿਆ ਜਿਸ ਵਿੱਚ ਵੇਲਸ਼ ਲੈਂਗੁਏਜ ਸੋਸਾਈਟੀ ਦੇ ਲਿਨ ਮੇਰੀਏਰਿਡ ਦਾ ਇੱਕ ਲੇਖ ਸੀ। ਇਸ ਲੇਖ ਵਿੱਚ ਉਹਨਾਂ ਨੇ ਵੇਲਸ਼ ਭਾਸ਼ਾ ਦੇ ਲਗਾਤਾਰ ਪਤਣ ‘ਤੇ ਦੁੱਖ ਪ੍ਰਗਟਾਇਆ :
ਹਾਲ ਦੇ ਸਾਲਾਂ ਵਿੱਚ ਪੇਂਡੂ ਖੇਤਰਾਂ ਦਾ, ਜਿਨ੍ਹਾਂ ਨੂੰ ਦਹਾਕਿਆਂ ਤੋਂ ਇਸ ਭਾਸ਼ਾ ਦਾ ਗੜ੍ਹ ਮੰਨਿਆ ਜਾਂਦਾ ਸੀ, ਪੂਰੀ ਤਰ੍ਹਾਂ ਅੰਗਰੇਜ਼ੀਕਰਨ ਹੋ ਗਿਆ। ਇੱਥੋਂ ਦੇ ਆਮ ਮਜ਼ਦੂਰ ਨੂੰ ਵੀ ਬੜੇ ਯੋਜਨਾਬੱਧ ਢੰਗ ਨਾਲ਼ ਉਸਦੇ ਮੂਲ ਨਿਵਾਸ ਤੋਂ ਹਟਾ ਦਿੱਤਾ ਗਿਆ ਹੈ।
ਸ਼ਾਇਦ ਕੁਝ ਪਾਠਕ ਇਹ ਪੁੱਛ ਰਹੇ ਹੋਣ ਕਿ ਵੇਲਸ਼ ਜਿਹੀਆਂ ਭਾਸ਼ਾਵਾਂ ਨੂੰ ਕਾਇਮ ਰੱਖਣਾ ਏਨਾ ਮਹੱਤਵਪੂਰਣ ਕਿਉਂ ਹੋਣਾ ਚਾਹੀਦਾ ਹੈ।
ਜੇਕਰ ਅਸੀਂ ਇਹ ਮੰਨਦੇ ਹਾਂ ਕਿ ਕਿਸੇ ਵੀ ਲੋਕਾਂ ਕੋਲ ਆਪਣੇ ਭਵਿੱਖ ਨੂੰ ਅਕਾਰ ਦੇਣ ਲਈ ਆਪਣੇ ਅਤੀਤ ਦੀ ਜਾਣਕਾਰੀ ਹੋਣਾ ਮਹੱਤਵਪੂਰਣ ਹੈ ਤਾਂ ਇਹ ਗੱਲ ਪ੍ਰਸੰਗਕ ਹੋ ਜਾਂਦੀ ਹੈ। ਅਨੇਕਾਂ ਪੀੜ੍ਹੀਆਂ ਤੋਂ ਵੇਲਸ਼ ਦੀ ਮਜ਼ਦੂਰ ਜਮਾਤ ਪੂਰੀ ਤਰ੍ਹਾਂ ਵੇਲਸ਼ ਭਾਸ਼ਾ ਅਤੇ ਸੱਭਿਆਚਾਰ ‘ਤੇ ਨਿਰਭਰ ਰਿਹਾ ਹੈ।
ਹੁਣ ਲੱਗਦਾ ਹੈ ਵੇਲਸ਼ ਵਿੱਚ ਵੇਲਸ਼ ਭਾਸ਼ਾ ਦੇ ਜੀਵਨ ਦੇ ਲਈ ਖਤਰਾ ਪੈਦਾ ਹੋ ਗਿਆ ਹੈ। ਨਿਸਚਿਤ ਹੀ ਇਹ ਬ੍ਰਿਟੇਨ ਦੇ ਖ਼ਾਸ ਹਿੱਸੇ ਵਿੱਚ ‘ਯੱਪੀਕਰਨ’ ਦਾ ਬੁਰਾ ਨਤੀਜਾ ਹੈ। ਜੇਕਰ ਇਹ ਭਾਸ਼ਾ ਮਰ ਗਈ ਤਾਂ ਅਨੇਕਾਂ ਲੋਕਾਂ ਲਈ ਇੱਥੋਂ ਦੇ ਸਮੁੱਚੇ ਲੋਕਾਂ ਦਾ ਇਤਿਹਾਸ ਇੱਕ ਬੰਦ ਪੁਸਤਕ ਵਾਂਗ ਹੋ ਜਾਵੇਗਾ।
ਇੱਕ ਸਮਾਜਵਾਦੀ ਹੋਣ ਨਾਤੇ ਅਸੀਂ ਜਾਣਦੇ ਹਾਂ ਕਿ ਸਰਮਾਏਦਾਰਾ ਸੱਭਿਆਚਾਰ ਹਮੇਸ਼ਾਂ ਮਜ਼ਦੂਰ ਜਮਾਤ ਨੂੰ ਉਸਦੇ ਖੁਦ ਦੇ ਇਤਿਹਾਸ ਵਿੱਚ ਸਹੀ ਜਗ੍ਹਾ ਮਿਲਣ ਤੋਂ ਵਾਂਝਾ ਰੱਖਣਾ ਚਾਹੁੰਦਾ ਹੈ ਤਾਂ ਕਿ ਵਰਤਮਾਨ ਵਿੱਚ ਜੋ ਸੰਘਰਸ਼ ਦੀ ਲਗਾਤਾਰਤਾ ਹੈ ਉਸਦੇ ਲਈ ਪ੍ਰੇਰਣਾ-ਸ੍ਰੋਤ ਨਾ ਬਣ ਸਕੇ।
ਇਹਨਾਂ ਕਾਰਨਾਂ ਵਜੋਂ ਭਾਸ਼ਾ ਤੋਂ ਵੀ ਉਹਨਾਂ ਨੂੰ ਵਾਂਝਾ ਰੱਖਿਆ ਜਾਂਦਾ ਹੈ।
ਭਾਸ਼ਾਵਾਂ ਨਾ ਤਾਂ ਕਦੇ ਬੁੱਢੀਆਂ ਹੁੰਦੀਆਂ ਹਨ ਤੇ ਨਾ ਹੀ ਕਦੇ ਮਰਦੀਆਂ ਹਨ। ਉਹ ਆਪਣੀ ਬਣਤਰ ਵਿੱਚ ਕਿਸੇ ਤੱਤ ਸਬੰਧੀ ਦੋਸ਼ ਦੇ ਕਾਰਨ ‘ਅਧੁਨਿਕ ਯੁੱਗ’ ਲਈ ਅਪ੍ਰਸੰਗਗਕ ਵੀ ਨਹੀਂ ਹੁੰਦੀਆਂ।
ਉਹ ਉਦੋਂ ਹੀ ਗੁੰਮ ਹੁੰਦੀਆਂ ਹਨ ਜਦੋਂ ਸਮਾਜ ਦੀ ਭਾਰੂ ਜਮਾਤ ਨੂੰ ਉਸਦੀ ਕੋਈ ਲੋੜ ਨਹੀਂ ਰਹਿ ਜਾਂਦੀ।
ਵੇਲਸ਼ ਭਾਸ਼ਾ ਦੇ ਪਤਣ ਦੀਆਂ ਜੜ੍ਹਾਂ ਉਹਨਾਂ ਕੌਮਾਂ ਵਿਚਕਾਰ ਮੌਜੂਦ ਗੈਰਬਰਾਬਰੀ ਵਿੱਚ ਹਨ ਜੋ ਦੋਨਾਂ ਭਾਸ਼ਾਈ ਖੇਤਰਾਂ ਵਿੱਚ ਨਿਵਾਸ ਕਰਦੀਆਂ ਹਨ। ਇੱਥੋਂ ਤੱਕ ਕਿ ਕੇਨੇਥ ਬੇਕਰ ਨੇ ਵੀ ਰੂਸ ਵਿੱਚ ਅੰਗਰੇਜ਼ੀ ਦੇ ਪ੍ਰਸਾਰ ਦੀ ਚਰਚਾ ਕਰਦੇ ਹੋਏ ਇਹ ਨਹੀਂ ਕਿਹਾ ਸੀ ਕਿ (ਈਵਨਿੰਗ ਸਟੈਂਡਰਡ ਦੀ ਰਿਪੋਰਟ ਤੋਂ ਤਾਂ ਇਹ ਪਤਾ ਨਹੀਂ ਲੱਗਦਾ) ਸੋਵੀਅਤ ਲੋਕ ਤਰੱਕੀ ਲਈ ਬ੍ਰਿਟੇਨ ਵੱਲ ਦੇਖਦੇ ਸਨ। ਉਹ ਅੰਗਰੇਜ਼ੀ ਭਾਸ਼ਾ ਦੇ ਮੂਲ ਸਥਾਨ ਦੇ ਰੂਪ ਵਿੱਚ ਇੰਗਲੈਂਡ ਨੂੰ ਤੱਕਦੇ ਸਨ।
ਅੱਜ ਪੱਛਮੀ ਯੂਰਪੀ ਭਾਸ਼ਾਵਾਂ ਅਤੇ ਅਫਰੀਕੀ ਭਾਸ਼ਾਵਾਂ ਇੱਕ-ਦੂਜੇ ਦੇ ਸੰਦਰਭ ਵਿੱਚ ਜਿੱਥੇ ਹਨ ਉੱਥੇ ਇਸ ਲਈ ਨਹੀਂ ਹਨ ਕਿਉਂਕਿ ਉਹ ਮੂਲ ਰੂਪ ਵਿੱਚ ਅਗਾਂਹਵਧੂ ਜਾਂ ਪਿਛਾਂਹਖਿੱਚੂ ਹਨ ਸਗੋਂ ਇਸ ਲਈ ਹਨ ਕਿਉਂਕਿ ਇੱਕ ਪਾਸੇ ਜ਼ਬਰ ਦਾ ਇਤਿਹਾਸ ਹੈ ਅਤੇ ਦੂਜੇ ਪਾਸੇ ਉਸ ਜ਼ਬਰ ਖਿਲਾਫ਼ ਮੁਕਾਬਲੇ ਦਾ ਇਤਿਹਾਸ ਹੈ। ਜ਼ਬਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਪਰ ਇਹ ਪ੍ਰਤੀਕਾਤਮਕ ਰੂਪ ਵਿੱਚ ਸਭ ਤੋਂ ਜਿਆਦਾ ਸਪੱਸ਼ਟ 1884 ਦੇ ਬਰਲਿਨ ਸੰਮੇਲਨ ਵਿੱਚ ਹੋਇਆ ਜਦੋਂ ਅਫਰੀਕਾ ਨੂੰ ਯੂਰਪ ਦੇ ਦੇਸ਼ਾਂ ਨੇ ਵੱਖ-ਵੱਖ ‘ਪ੍ਰਭਾਵ ਖੇਤਰਾਂ’ ਵਿੱਚ ਵੰਡ ਦਿੱਤਾ। ਅੱਜ ਅਸੀਂ ਦੇਖ ਸਕਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਨੇ ਬ੍ਰਿਟੇਨ ਅਤੇ ਅਮਰੀਕਾ ਦੇ ਆਪਣੇ ਘਰੇਲੂ ਖੇਤਰ ਵਿੱਚੋਂ ਬਾਹਰ ਨਿਕਲ ਕੇ ਸੰਸਾਰ ਦੇ ਉਹਨਾਂ ਹੀ ਹਿੱਸਿਆਂ ਵਿੱਚ ਪੂਰੀ ਤਰ੍ਹਾਂ ਜੜ੍ਹ ਜਮਾ ਲਈ ਹੈ ਜੋ ਪੂਰੀ ਤਰ੍ਹਾਂ ਮਹਾਰਾਣੀ ਵਿਕਟੋਰੀਆ ਤੋਂ ਲੈ ਕੇ ਰੋਨਾਲਡ ਰੀਗਨ ਤੱਕ ਫੈਲੇ ਆਂਗਲ-ਅਮਰੀਕੀ ਆਰਥਿਕ ਅਤੇ ਸਿਆਸੀ ਸਾਮਰਾਜ ਅੰਦਰ ਹਨ ਅਤੇ ਇਹ ਹਿੱਸੇ ਵਰਣਨਯੋਗ ਹਨ। ਇਹੀ ਉਹ ਖੇਤਰ ਵੀ ਹਨ ਜਿਨ੍ਹਾਂ ਵਿੱਚ ਨਵ-ਬਸਤੀਵਾਦ ਨੇ ਡੂੰਘੀਆਂ ਜੜ੍ਹਾਂ ਜਮਾ ਰੱਖੀਆਂ ਹਨ। ਇਹਨਾਂ ਨਵ-ਬਸਤੀਆਂ ਦੇ ਹਾਕਮ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਨਜ਼ਰੀਆ ਵੀ ਉਹੀ ਹੈ ਜੋ ਅਮਰੀਕਾ ਅਤੇ ਬ੍ਰਿਟੇਨ ਦੇ ਹਾਕਮਾਂ ਦਾ ਨਜ਼ਰਿਆ ਹੈ ਕਿਉਂਕਿ ਅਨੇਕ ਮਾਮਲਿਆਂ ਵਿੱਚ ਅਲੱਗ ਹੁੰਦੇ ਹੋਏ ਵੀ ਉਹਨਾਂ ਵਿੱਚ ਇੱਕ ਸਮਾਨਤਾ ਹੈ ਅਤੇ ਉਹ ਇਹ ਕਿ ਉਹ ਇੱਕ ਹੀ ਭਾਸ਼ਾ ਬੋਲਦੇ ਹਨ ਅਤੇ ਸਾਰੀ
ਦੁਨੀਆਂ ਵਿੱਚ ਅੰਗਰੇਜ਼ੀ-ਭਾਸ਼ੀ ਸੱਤਾਧਾਰੀ ਜਮਾਤਾਂ ਦੀਆਂ ਕਦਰਾਂ-ਕੀਮਤਾਂ ਦੇ ਹਿੱਸੇਦਾਰ ਹਨ।
ਉਸ ਗੈਰਬਰਾਬਰੀ ਅਤੇ ਜ਼ਬਰ ਦੇ ਇਤਿਹਾਸ ਦੇ ਬੁਰੇ ਨਤੀਜਿਆਂ ਨੂੰ ਅਫਰੀਕਾ ਦੇ ਹਰ ਪ੍ਰਭਾਵਿਤ ਦੇਸ਼ ਵਿੱਚ ਦੇਖਿਆ ਜਾ ਸਕਦਾ ਹੈ—ਖਾਸ ਤੌਰ ‘ਤੇ ਵੱਖ-ਵੱਖ ਜਮਾਤਾਂ ਵਿੱਚ ਅੰਦਰੂਨੀ ਸਬੰਧਾਂ ਅਤੇ ਹੋਰ ਦੇਸ਼ਾਂ ਨਾਲ਼ ਬਾਹਰਲੇ ਸਬੰਧਾਂ ਦੇ ਸੰਦਰਭ ਵਿੱਚ। ਇਹਨਾਂ ਦੋਨਾਂ ਵਿੱਚ ਅੰਗਰੇਜ਼ੀ, ਫਰਾਂਸੀਸੀ ਅਤੇ ਪੁਰਤਗਾਲੀ ਭਾਸ਼ਾ ਨੂੰ ਮੁੱਖ ਸਥਾਨ ਹਾਸਿਲ ਹੈ। ਹੁਕਮ, ਪ੍ਰਸ਼ਾਸਨ, ਵਣਜ, ਵਪਾਰ, ਨਿਆਂ ਅਤੇ ਵਿਦੇਸ਼ੀ ਸੰਚਾਰ ਦੇ ਖੇਤਰ ਵਿੱਚ ਉਹਨਾਂ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਸੰਖੇਪ ਵਿੱਚ ਕਹੀਏ ਤਾਂ ਇਹ ਭਾਸ਼ਾਵਾਂ ਸੱਤਾ ਦੀਆਂ ਭਾਸ਼ਾਵਾਂ ਹਨ। ਪਰ ਅੱਜ ਵੀ ਇਹਨਾਂ ਦੇਸ਼ਾਂ ਵਿੱਚ ਰਹਿਣ ਵਾਲ਼ੀਆਂ ਕੌਮਾਂ ਅੰਦਰ ਇਹਨਾਂ ਭਾਸ਼ਾਵਾਂ ਨੂੰ ਇੱਕ ਘੱਟਗਿਣਤੀ ਸਮੂਹ ਹੀ ਬੋਲ਼ਦਾ ਹੈ। ਅਫਰੀਕਾ ਦੀ ਬਹੁ-ਗਿਣਤੀ ਮਜ਼ਦੂਰ ਜਮਾਤ ਸਾਡੀਆਂ ਅਫ਼ਰੀਕੀ ਭਾਸ਼ਾਵਾਂ ਨੂੰ ਬਚਾ ਕੇ ਰੱਖ ਰਹੀ ਹੈ ਅਤੇ ਉਹਨਾਂ ਵਿੱਚ ਇਹਨਾਂ ਦਾ ਹੀ ਪ੍ਰਚਲਣ ਹੈ। ਇਸ ਲਈ ਅਬਾਦੀ ਦਾ ਬਹੁਮਤ ਕੇਂਦਰੀ ਸੱਤਾ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਕਿਉਂਕਿ ਸੱਤਾ ਦੀ ਭਾਸ਼ਾ ‘ਤੇ ਉਸਨੂੰ ਮੁਹਾਰਤ ਹਾਸਿਲ ਨਹੀਂ ਹੈ। ਉਸਨੂੰ ਆਧੁਨਿਕ ਖੋਜਾਂ ਵਿੱਚ ਸਾਰਥਕ ਢੰਗ ਨਾਲ਼ ਭਾਗ ਲੈਣ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਅੰਗਰੇਜ਼ੀ, ਫਰਾਂਸੀਸੀ ਅਤੇ ਪੁਰਤਗਾਲੀ ਉਹ ਭਾਸ਼ਾਵਾਂ ਹਨ ਜਿਨ੍ਹਾਂ ਵਿੱਚ ਅਫ਼ਰੀਕੀ ਲੋਕਾਂ ਨੂੰ ਸਿੱਖਿਅਤ ਕੀਤਾ ਗਿਆ ਹੈ। ਇਸ ਲਈ ਵਿਗਿਆਨ ਅਤੇ ਤਕਨਾਲੌਜੀ ਵਿੱਚ ਸਾਡੀ ਖੋਜ ਦੇ ਨਤੀਜੇ ਤੇ ਇਸੇ ਤਰ੍ਹਾਂ ਸਿਰਜਣ ਕਲਾ ਵਿੱਚ ਸਾਡੀਆਂ ਪ੍ਰਾਪਤੀਆਂ ਇਹਨਾਂ ਭਾਸ਼ਾਵਾਂ ਵਿੱਚ ਸੰਭਾਲ ਕੇ ਰੱਖ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਵਿਆਪਕ ਗਿਆਨ ਦਾ ਇੱਕ ਬਹੁਤ ਵੱਡਾ ਹਿੱਸਾ ਅੰਗਰੇਜ਼ੀ, ਫਰਾਂਸੀਸੀ ਅਤੇ ਪੁਰਤਗਾਲੀ ਦੀਆਂ ਭਾਸ਼ਾਈ ਜ਼ੇਲ੍ਹਾਂ ਵਿੱਚ ਕੈਦ ਹੈ। ਇੱਥੋਂ ਤੱਕ ਕਿ ਸਾਡੀਆਂ ਲਾਈਬ੍ਰੇਰੀਆਂ ਵੀ ਸਹੀ ਅਰਥਾਂ ਵਿੱਚ ਅੰਗਰੇਜ਼ੀ ਭਾਸ਼ਾ (ਜਾਂ ਫਰਾਂਸੀਸੀ ਜਾਂ ਪੁਰਤਗਾਲੀ) ਦੇ ਕਿਲੇ ਹਨ ਜਿਨ੍ਹਾਂ ਵਿੱਚ ਦੇਸ਼ ਦੀ ਅਬਾਦੀ ਦੀ ਬਹੁਗਿਣਤੀ ਪਹੁੰਚ ਹੀ ਨਹੀਂ ਸਕਦੀ। ਇਸ ਲਈ ਇਹਨਾਂ ਭਾਸ਼ਾਵਾਂ ਨੂੰ ਪਾਲਣ-ਪੋਸਣ ਨਾਲ਼ ਕੇਵਲ ਕੁਲੀਨ ਜਮਾਤ ਅਤੇ ਕੌਮਾਂਤਰੀ ਅੰਗਰੇਜ਼ੀ ਭਾਸ਼ੀ ਸਰਮਾਏਦਾਰ ਜਮਾਤ ਵਿੱਚ ਹੀ ਕਾਰਗਾਰ ਢੰਗ ਨਾਲ਼ ਸੰਚਾਰ ਹੋ ਪਾਉਂਦਾ ਹੈ। ਸੰਖੇਪ ਵਿੱਚ ਕਹੀਏ ਤਾਂ ਅਫ਼ਰੀਕਾ ਦੀ ਕੁਲੀਨ ਜਮਾਤ ਭਾਸ਼ਾ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਅਫ਼ਰੀਕਾ ਦੇ ਲੋਕਾਂ ਤੋਂ ਟੁੱਟੀ ਹੋਈ ਹੈ ਅਤੇ ਨਾਲ਼ ਹੀ ਪੱਛਮ ਨਾਲ਼ ਬੱਝੀ ਹੋਈ ਹੈ।
ਜਿੱਥੋਂ ਤੱਕ ਅਫ਼ਰੀਕਾ ਦਾ ਸੰਸਾਰ ਨਾਲ਼ ਬਾਹਰੀ ਸਬੰਧਾਂ ਦਾ ਸਵਾਲ ਹੈ, ਅਫ਼ਰੀਕੀ ਭਾਸ਼ਾਵਾਂ ਨੂੰ ਸ਼ਾਇਦ ਹੀ ਮਾਣ ਦਾ ਰੁਤਬਾ ਹਾਸਿਲ ਹੈ। ਇੱਥੇ ਵੀ ਉਹਨਾਂ ਦਾ ਸਥਾਨ ਅੰਗਰੇਜ਼ੀ, ਫਰਾਂਸੀਸੀ ਜਾਂ ਪੁਰਤਗਾਲੀ ਭਾਸ਼ਾ ਨੇ ਲੈ ਲਿਆ ਹੈ। ਸਯੁੰਕਤ ਰਾਸ਼ਟਰ ਵਿੱਚ ਵੀ ਅਫ਼ਰੀਕੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਨਹੀਂ ਪ੍ਰਾਪਤ ਹੈ। ਇਹ ਇੱਕ ਦਿਲਚਸਪ ਤੱਥ ਹੈ ਕਿ ਪੰਜਾਂ ਮਹਾਂਦੀਪਾਂ ਵਿੱਚੋਂਂ ਅਫਰੀਕਾ ਹੀ ਇਕੱਲਾ ਉਹ ਮਹਾਂਦੀਪ ਹੈ ਜਿਸਦਾ ਭਾਸ਼ਾ ਦੇ ਪੱਧਰ ‘ਤੇ ਸੰਯੁਕਤ ਰਾਸ਼ਟਰ ਵਿੱਚ ਨੁਮਾਇੰਦਗੀ ਨਹੀਂ ਹੈ। ਨਿਸ਼ਚਿਤ ਹੀ ਹੁਣ ਸਮਾਂ ਆ ਗਿਆ ਹੈ ਕਿ ਕਿਸਵਾਹਿਲੀ, ਜਾਂ ਹੋਜ਼ਾ, ਵੋਲੋਫ, ਸ਼ੋਨਾ, ਅਮਹਰਿਕ, ਜਾਂ ਸੋਮਾਲੀ ਨੂੰ ਸੰਯੁਕਤ ਰਾਸ਼ਟਰ ਸੰਗਠਨ ਅਤੇ ਇਸ ਨਾਲ਼ ਸਬੰਧਿਤ ਸਭ ਜਥੇਬੰਦੀਆਂ ਵਿੱਚ ਅਧਿਕਾਰਤ ਭਾਸ਼ਾਵਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇ ਪਰ ਇਹ ਕਿਸੇ ਹੋਰ ਸੈਮੀਨਾਰ ਦਾ ਵਿਸ਼ਾ ਹੈ। ਫਿਲਹਾਲ ਅਸੀਂ ਸੰਭਾਵਿਤ ਸੰਸਾਰ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਬਾਰੇ ਵਿਚਾਰ ਕਰ ਰਹੇ ਹਾਂ।
ਮੈਂ ਹੁਣ ਤੱਕ ਅੰਗਰੇਜ਼ੀ ਭਾਸ਼ਾ ਦੀ ਨਸਲਵਾਦੀ ਪ੍ਰੰਪਰਾ ‘ਤੇ ਵਿਚਾਰ ਕੀਤਾ ਹੈ ਜਾਂ ਇਸ ਵੱਲ ਇਸ਼ਾਰਾ ਕੀਤਾ ਹੈ। ਸਾਮਰਾਜਵਾਦ ਦੀ ਇੱਕ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਨਾਲ਼ ਕੁਝ ਬਿਮਾਰੀਆਂ ਦਾ ਜੁੜੇ ਹੋਣਾ ਵੀ ਲਾਜ਼ਮੀ ਹੈ। ਪਰ ਬ੍ਰਿਟੇਨ ਅਤੇ ਅਮਰੀਕਾ ਦੇ ਲੋਕਾਂ ਦੀ ਭਾਸ਼ਾ ਦੇ ਰੂਪ ਵਿੱਚ ਇਸਦੀ ਇੱਕ ਜਮਹੂਰੀ ਪੰ੍ਰਪਰਾ ਵੀ ਹੈ ਜੋ ਬ੍ਰਿਟਿਸ਼ ਅਤੇ ਅਮਰੀਕੀ ਲੋਕਾਂ ਦੇ ਜਮਹੂਰੀ ਸੰਘਰਸ਼ਾਂ ਅਤੇ ਉਹਦੇ ਵਿਰਸੇ ਨੂੰ ਪ੍ਰਗਟਾਉਂਦੀ ਹੈ। ਆਪਣੀ ਜਮਹੂਰੀ ਰਵਾਇਤਾਂ ਵਿੱਚ ਇਸਨੇ ਮਾਨਵੀ ਸਿਰਜਣਾਤਮਿਕਤਾ ਦੇ ਸਮੂਹਿਕ ਕੋਸ਼ ਵਿੱਚ ਯੋਗਦਾਨ ਕੀਤਾ ਹੈ। ਮਿਸਾਲ ਦੇ ਤੌਰ ‘ਤੇ ਸ਼ੈਕਸਪੀਅਰ, ਮਿਲਟਨ, ਬਲੇਕ, ਸ਼ੈਲੀ ਨਡਕੇਨਸ, ਕੋਨਾਰਡ, ਬਰਨਾਰਡ ਸ਼ਾ, ਗ੍ਰਾਹਮ ਗ੍ਰੀਨ ਆਦਿ ਕੁਝ ਅਜਿਹੇ ਨਾਂ ਹਨ ਜਿਨ੍ਹਾਂ ਨੇ ਕਲਾ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ। ਮੈਨੂੰ ਹੈਰਾਨੀ ਨਹੀਂ ਹੋਈ ਕਿ ਜਦੋਂ ਕੇਨੇਥ ਬੇਕਰ ਨੇ ਦੇਖਿਆ ਕਿ ਸਾਇਬੇਰੀਆ ਵਿੱਚ ਸੋਵੀਅਤ ਬੱਚੇ ਅੰਗਰੇਜ਼ੀ ਭਾਸ਼ਾ ਦੇ ਇਹਨਾਂ ਵਿਦਵਾਨਾਂ ਦੇ ਸਾਹਿਤ ਦਾ ਅਧਿਐਨ ਕਰ ਰਹੇ ਹਨ। ਜੇਕਰ ਉਹਨਾਂ ਨੂੰ ਅਫ਼ਰੀਕਾ ਦੇ ਦੂਰ ਦਰਾਜ ਦੇ ਪਿੰਡਾਂ ਵਿੱਚ ਵੀ ਜਾਣ ਦਾ ਮੌਕਾ ਮਿਲਦਾ ਤਾਂ ਉਹ ਦੇਖ ਪਾਉਂਦੇ ਕਿ ਇੱਥੋਂ ਦੇ ਵੀ ਬੱਚੇ ਕਿਸ ਤਰ੍ਹਾਂ ਡਿਕਨਜ਼ ਦੇ ਨਾਲ਼-ਨਾਲ਼ ਬ੍ਰੈਖ਼ਤ, ਬਾਲਜ਼ਾਕ, ਸ਼ੋਲੋਖੋਵ, ਅਤੇ ਬੇਸ਼ੱਕ ਸੇਮਬੇਨ ਅੋਸਮਾਨ, ਅਲੇਕਸ ਲਾ ਗੁਮਾ, ਵਿਏਰਾ ਅਤੇ ਹੋਰ ਅਫ਼ਰੀਕੀ ਲੇਖਕਾਂ ਦੀਆਂ ਕਿਤਾਬਾਂ ਪੜ੍ਹਣ ਵਿੱਚ ਲੱਗੇ ਹੋਏ ਹਨ। ਇਹਨਾਂ ਲੇਖਕਾਂ ਦੀਆਂ ਅਨੇਕਾਂ ਰਚਨਾਵਾਂ ਅੰਗਰੇਜ਼ੀ ਅਨੁਵਾਦ ਦੇ ਰੂਪ ਵਿੱਚ ਉਪਲਬਧ ਹਨ। ਅੰਗਰੇਜ਼ੀ ਭਾਸ਼ਾ ਦਾ ਇਹ ਪੱਖ ਮਹੱਤਵਪੂਰਣ ਹੈ ਅਤੇ ਅਫਰੀਕੀ ਭਾਸ਼ਾਵਾਂ ਸਹਿਤ ਹੋਰ ਭਾਸ਼ਾਵਾਂ ਦੇ ਲੇਖਕਾਂ ਨੇ ਮਾਨਵਤਾ ਦੇ ਸਮੂਹਿਕ ਵਿਰਸਾ ਅਮੀਰ ਕਰਨ ਵਿੱਚ ਵਰਣਨਯੋਗ ਭੂਮਿਕਾ ਅਦਾ ਕੀਤੀ ਹੈ ਉਸਦਾ ਇਹ ਵੀ ਇੱਕ ਹਿੱਸਾ ਹੈ। ਪਰ ਜਿੱਥੋਂ ਤੱਕ ਸੰਸਾਰ ਭਾਸ਼ਾ ਦੇ ਰੂਪ ਵਿੱਚ ਅੰਗਰੇਜ਼ੀ ਦਾ ਸਵਾਲ ਹੈ, ਉਹ ਇੱਕ ਅਲੱਗ ਮਾਮਲਾ ਹੈ।
ਅੰਗਰੇਜ਼ੀ ਸੰਸਾਰ ਲਈ ਇੱਕ ਭਾਸ਼ਾ? ਜੇਕਰ ਅਜਿਹਾ ਹੋ ਜਾਵੇ ਕਿ ਆਪਣੀਆਂ ਹੱਦਾਂ ਵਿੱਚ ਰਹਿਣ ਵਾਲ਼ੇ ਸਾਰੇ ਦੇਸ਼ਾਂ ਲਈ ਇੱਕੋ ਭਾਸ਼ਾ ਹੋਵੇ ਤਾਂ ਨਿਸਚਿਤ ਹੀ ਦੁਨੀਆਂ ਦੇ ਹਰੇਕ ਦੇਸ਼ ਲਈ ਇਹ ਬਹੁਤ ਚੰਗਾ ਹੋਵੇਗਾ। ਅਤੇ ਜੇਕਰ ਸੰਸਾਰ ਵਿੱਚ ਕੋਈ ਅਜਿਹੀ ਭਾਸ਼ਾ ਹੋਵੇ ਜਿਸ ਨਾਲ਼ ਧਰਤੀ ਦੀਆਂ ਕੌਮਾਂ ਇੱਕ ਦੂਜੇ ਨਾਲ਼ ਸੰਵਾਦ ਕਰ ਸਕਣ ਤਾਂ ਇਹ ਤਾਂ ਹੋਰ ਵੀ ਚੰਗਾ ਹੋਵੇਗਾ। ਦੇਸ਼ ਅੰਦਰ ਸੰਚਾਰ ਦੀ ਇੱਕ ਭਾਸ਼ਾ, ਸੰਸਾਰ ਅੰਦਰ ਸੰਚਾਰ ਦੀ ਇੱਕ ਭਾਸ਼ਾ : ਇਹ ਸੱਚ-ਮੁੱਚ ਆਦਰਸ਼ ਸਥਿਤੀ ਹੈ, ਅਤੇ ਸਾਨੂੰ ਇਸਦੇ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਪਰ ਉਸ ਭਾਸ਼ਾ ਨੂੰ—ਚਾਹੇ ਜੋ ਵੀ ਹੋਵੇ—ਕਿਸੇ ਦੇਸ਼ ਵਿੱਚ ਜਾਂ ਸੰਸਾਰ ਵਿੱਚ ਹੋਰ ਭਾਸ਼ਾਵਾਂ ਦੇ ਕਬਰਸਤਾਨ ਵਿੱਚ ਨਹੀਂ ਬੀਜਿਆ ਜਾਣਾ ਚਾਹੀਦਾ। ਸੰਸਾਰ ਵਿੱਚ ਅੱਜ ਜੋ ਅੰਗਰੇਜ਼ੀ ਦੀ ਸਥਿਤੀ ਹੈ, ਉਸ ਸਥਿਤੀ ਤੱਕ ਪਹੁੰਚਣ ਦੀ ਆਪਣੀ ਮੁਹਿੰਮ ਵਿੱਚ ਅੰਗਰੇਜ਼ੀ ਨੇ ਹੋਰ ਭਾਸ਼ਾਵਾਂ ਅਤੇ ਸੱਭਿਆਚਾਰਾਂ ‘ਤੇ ਜੋ ਕਹਿਰ ਢਾਹਿਆ ਹੈ, ਉਸ ਤੋਂ ਬਚਣਾ ਹੋਵੇਗਾ। ਕਿਸੇ ਇੱਕ ਭਾਸ਼ਾ ਦੀ ਜ਼ਿੰਦਗੀ ਲਈ ਅਨੇਕ ਭਾਸ਼ਾਵਾਂ ਦੀ ਮੌਤ ਕਦੇ ਵੀ ਸ਼ਰਤ ਨਹੀਂ ਬਣ ਸਕਦੀ। ਇਸਦੇ ਉਲਟ ਲੋਕਾਂ ਵਿਚਕਾਰ ਸੰਚਾਰ ਲਈ ਜੇਕਰ ਕੋਈ ਅੰਤਰ-ਦੇਸ਼ੀ ਜਾਂ ਸੰਸਾਰ ਭਾਸ਼ਾ ਤਿਆਰ ਹੁੰਦੀ ਹੈ ਤਾਂ ਉਸਨੂੰ ਹੋਰ ਭਾਸ਼ਾਵਾਂ ਦੇ ਜੀਵਨ ਵਿੱਚ ਸਾਹ ਮਿਲਣਾ ਚਾਹੀਦਾ ਹੈ। ਸਾਨੂੰ, ਮੌਜੂਦਾ ਪੀੜ੍ਹੀ ਦੇ ਲੋਕਾਂ ਨੂੰ ਸਾਮਰਾਜਵਾਦ ਦੁਆਰਾ ਥੋਪੇ ਗਏ ਵਿਕਾਸ ਸਿਧਾਂਤ ਦੇ ਝੂਠ ਅਤੇ ਖ਼ੂਨੀ ਤਰਕ ਤੋਂ ਖੁਦ ਨੂੰ ਦੂਰ ਰੱਖਣਾ ਚਾਹੀਦਾ ਹੈ : ਇਹ ਦਾਅਵਾ ਕਿ ਇੱਕ ਆਦਮੀ ਦੀ ਸਫ਼ਾਈ ਦੂਜਿਆਂ ‘ਤੇ ਧੂੜ ਸੁੱਟਣ ‘ਤੇ ਨਿਰਭਰ ਕਰਦੀ ਹੈ, ਕਿ ਕੁਝ ਵਿਅਕਤੀਆਂ ਦੀ ਸਿਹਤ ਇਸ ‘ਤੇ ਨਿਰਭਰ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣਾ ਕੋਹੜ ਕਿਸ ਹੱਦ ਤੱਕ ਦੂਜਿਆਂ ‘ਤੇ ਪਾਉਂਦੇ ਹਨ ਕਿ ਕੁਝ ਲੋਕਾਂ ਜਾਂ ਕੁਝ ਕੌਮਾਂ ਦੀ ਖੁਸ਼ਹਾਲੀ ਦੀਆਂ ਜੜ੍ਹਾਂ ਵਿਆਪਕ ਲੋਕ-ਸਮੂਹ ਜਾਂ ਕੌਮਾਂ ਦੀ ਗਰੀਬੀ ਵਿੱਚ ਹੋਣੀਆਂ ਚਾਹੀਦੀਆਂ ਹਨ।
ਸੋ ਸੰਸਾਰ ਲਈ ਕਿਸੇ ਇੱਕ ਭਾਸ਼ਾ ਦੇ ਹੋਂਦ ਵਿੱਚ ਆਉਣ ਅਤੇ ਉਸਨੂੰ ਵਿਆਪਕ ਮਨਜ਼ੂਰੀ ਮਿਲਣ ਦੀ ਕੀ ਯੋਗ ਬੁਨਿਆਦ ਹੋਵੇਗੀ?
ਸਭ ਤੋਂ ਪਹਿਲਾਂ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਸਭ ਕੌਮਾਂ ਨੂੰ ਸੰਪੂਰਣ ਅਜ਼ਾਦੀ ਅਤੇ ਬਰਾਬਰੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਬਰਾਬਰੀ ਨਿਸਚਿਤ ਹੀ ਭਾਸ਼ਾਵਾਂ ਦੀ ਬਰਾਬਰੀ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਅਸੀਂ ਇੱਕ ਸੰਸਾਰ ਵਿੱਚ ਰਹਿੰਦੇ ਹਾਂ। ਦੁਨਿਆਂ ਦੀਆਂ ਸਭ ਭਾਸ਼ਾਵਾਂ ਮਨੁੱਖੀ ਇਤਿਹਾਸ ਦੀਆਂ ਅਸਲ ਪੈਦਾਵਾਰ ਹਨ।
ਉਹ ਸਾਡੀ ਸਮੁਹਿਕ ਵਿਰਾਸਤ ਹਨ। ਅਨੇਕ ਭਾਸ਼ਾਵਾਂ ਵਾਲ਼ਾ ਸੰਸਾਰ ਵੱਖ-ਵੱਖ ਰੰਗਾਂ ਵਾਲ਼ੇ ਫੁੱਲਾਂ ਦੇ ਮੈਦਾਨ ਵਰਗਾ ਹੋਣਾ ਚਾਹੀਦਾ ਹੈ। ਕੋਈ ਅਜਿਹਾ ਫੁੱਲ ਨਹੀਂ ਹੈ ਜੋ ਆਪਣੇ ਰੰਗ ਜਾਂ ਅਕਾਰ ਵਜੋਂ ਹੋਰਨਾਂ ਫੁੱਲਾਂ ਤੋਂ ਵੱਧ ਕੇ ਹੋਵੇ। ਅਜਿਹੇ ਸਭ ਫੁੱਲ ਆਪਣੇ ਰੰਗਾਂ ਅਤੇ ਅਕਾਰਾਂ ਦੇ ਵੱਖਰੇਪਣ ਵਿੱਚ ਆਪਣੇ ਸਮੂਹਿਕ ਸਾਰਤੱਤ ਨੂੰ ਪ੍ਰਗਟ ਕਰਦੇ ਹਨ। ਇਸ ਤਰ੍ਹਾਂ ਸਾਡੀਆਂ ਵੱਖ-ਵੱਖ ਭਾਸ਼ਾਵਾਂ ਸਮੂਹਿਕਤਾ ਦੇ ਬੋਧ ਨੂੰ ਪ੍ਰਗਟ ਕਰ ਸਕਦੀਆਂ ਹਨ ਅਤੇ ਉਹਨਾਂ ਨੂੰ ਇਹ ਕਹਿਣਾ ਵੀ ਚਾਹੀਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਡੀਆਂ ਸਭ ਭਾਸ਼ਾਵਾਂ ਧਰਤੀ ਦੇ ਲੋਕਾਂ ਦੀ ਏਕਤਾ, ਸਾਡੀ ਬਰਾਬਰ ਮਾਨਵਤਾ ਅਤੇ ਸਭ ਤੋਂ ਵੱਧਕੇ ਸ਼ਾਂਤੀ, ਬਰਾਬਰਤਾ, ਅਜ਼ਾਦੀ ਅਤੇ ਸਮਾਜਿਕ ਨਿਆਂ ਦੇ ਗੀਤ ਗਾਉਣ। ਸਾਡੀਆਂ ਸਭ ਭਾਸ਼ਾਵਾਂ ਨੂੰ ਇੱਕ ਨਵੇਂ ਕੌਮੀ ਆਰਥਿਕ, ਸਿਆਸੀ ਅਤੇ ਸਮਾਜਿਕ ਪ੍ਰਬੰਧ ਦੀ ਮੰਗ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਦੁਭਾਸ਼ੀਆਂ ਅਤੇ ਅਨੁਵਾਦਾਂ ਦੇ ਮਾਧਿਅਮ ਨਾਲ਼ ਇੱਕ ਦੂਜੇ ਨਾਲ਼ ਗੱਲਬਾਤ ਕਰਨ। ਹਰੇਕ ਦੇਸ਼ ਨੂੰ ਪੰਜਾਂ ਮਹਾਂਦੀਪਾਂ ਦੀਆਂ ਭਾਸ਼ਾਵਾਂ ਦੇ ਅਧਿਐਨ ਨੂੰ ਹੱਲਾਸ਼ੇਰੀ ਦੇਣੀ ਚਾਹਿਦੀ ਹੈ। ਕੋਈ ਕਾਰਨ ਨਹੀਂ ਕਿ ਕੋਈ ਬੱਚਾ ਘੱਟ ਤੋਂ ਘੱਟ ਤਿੰਨ ਭਾਸ਼ਾਵਾਂ ਦਾ ਅਧਿਐਨ ਕਰੇ। ਅਨੁਵਾਦ ਅਤੇ ਵਿਆਖਿਆ ਕਰਨ ਦੀ ਕਲਾ ਨੂੰ ਸਕੂਲਾਂ ਵਿੱਚ ਇੱਕ ਜਰੂਰੀ ਵਿਸ਼ਾ ਹੋਣਾ ਚਾਹੀਦਾ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਅੰਗਰੇਜ਼ੀ ਸਿੱਖਿਆ ਪ੍ਰਣਾਲੀ ਅਤੇ ਆਮ ਤੌਰ ‘ਤੇ ਅੰਗਰੇਜ਼ੀ ਸੱਭਿਆਚਾਰ ਵਿੱਚ ਅਨੁਵਾਦ ਦੀ ਕਲਾ ਨੂੰ ਉਹ ਮਹੱਤਵ ਪ੍ਰਾਪਤ ਨਹੀਂ ਜੋ ਹੋਰ ਕਲਾਵਾਂ ਨੂੰ ਪ੍ਰਾਪਤ ਹੈ। ਅਨੁਵਾਦਾਂ ਦੀ ਮਦਦ ਨਾਲ਼ ਦੁਨੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਇੱਕ ਦੂਜੇ ਨਾਲ਼ ਗੱਲ ਕਰ ਸਕਦੀਆਂ ਹਨ। ਯੂਰਪ ਦੀਆਂ ਭਾਸ਼ਾਵਾਂ ਨੇ ਇੱਕ ਦੂਜੇ ਨਾਲ਼ ਐਸਾ ਸੰਵਾਦ ਬਣਾਈ ਰੱਖਿਆ ਕਿ ਅੱਜ ਰੂਸੀ, ਫਰਾਂਸੀਸੀ ਜਾਂ ਜਰਮਨ ਸਾਹਿਤ ਅਤੇ ਫਲਸਫੇ ਦੇ ਸਭ ਮਹੱਤਵਪੂਰਣ ਗ੍ਰੰਥ ਅਨੁਵਾਦਾਂ ਵਜੋਂ ਇਹਨਾਂ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਉਪਲੱਬਧ ਹਨ। ਪਰ ਅਫ਼ਰੀਕੀ ਭਾਸ਼ਾਵਾਂ ਅਤੇ ਅੰਗਰੇਜ਼ੀ ਜਾਂ ਫਰਾਂਸੀਸੀ ਵਿੱਚ ਆਪਸ ‘ਚ ਅਨੁਵਾਦ ਹੋਈਆਂ ਰਚਨਾਵਾਂ ਬਹੁਤ ਘੱਟ ਉਪਲਬਧ ਹਨ। ਨਾਲ਼ੇ ਅਫਰੀਕੀ ਜੀਵਨ ‘ਤੇ ਅੰਗਰੇਜ਼ੀ ਅਤੇ ਫਰਾਂਸੀਸੀ ਦੇ ਬਸਤੀਵਾਦੀ ਦਾਬੇ ਨੇ ਅਫਰੀਕੀ ਭਾਸ਼ਾਵਾਂ ਨੂੰ ਇੱਕ ਦੂਜੇ ਪ੍ਰਤੀ ਏਨਾ ਸ਼ੱਕੀ ਬਣਾ ਦਿੱਤਾ ਜਿਸ ਨਾਲ਼ ਸ਼ਾਇਦ ਹੀ ਕੋਈ ਅੰਤਰ-ਅਫ਼ਰੀਕੀ ਸੰਵਾਦ ਬਣਾਇਆ ਜਾ ਸਕਿਆ। ਜੋ ਵੀ ਹੋਵੇ, ਕੌਮੀ ਜਾਂ ਕੌਮਾਂਤਰੀ ਪੱਧਰ ‘ਤੇ ਜੇਕਰ ਕਦੇ ਸੰਭਵ ਵੀ ਹੋਇਆ ਤਾਂ ਬਹੁਤ ਥੋੜ੍ਹੇ ਸਾਧਨਾਂ ਨੂੰ ਅਫ਼ਰੀਕੀ ਭਾਸ਼ਾਵਾਂ ਦੇ ਵਿਕਾਸ ‘ਤੇ ਲਗਾਇਆ ਗਿਆ। ਪੜ੍ਹੇ-ਲਿਖੇ ਅਫ਼ਰੀਕੀਆਂ ਦੀਆਂ ਸਰਵੋਤਮ ਪ੍ਰਤਿਭਾਵਾਂ ਅੰਗਰੇਜ਼ੀ, ਫਰਾਂਸੀਸੀ ਅਤੇ ਪੁਰਤਗਾਲੀ ਵਿਕਸਿਤ ਕਰਨ ਵਿੱਚ ਲੱਗੀਆਂ ਰਹੀਆਂ। ਪਰ ਇਹ ਕੰਮ ਭਾਂਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਅਨੁਵਾਦ ਦੇ ਮਾਧਿਅਮ ਨਾਲ਼ ਇਹਨਾਂ ਭਾਸ਼ਾਵਾਂ ਵਿੱਚ ਆਪਸੀ ਸੰਚਾਰ ਬਹੁਤ ਮਹੱਤਵਪੂਰਣ ਹੈ। ਜੇਕਰ ਇਹਨਾਂ ਸਾਰਿਆਂ ਤੋਂ ਉੱਪਰ ਕੋਈ ਇੱਕੋ ਭਾਸ਼ਾ ਹੁੰਦੀ ਤਾਂ ਸੰਸਾਰ ਦੀਆਂ ਦੀਆਂ ਵੱਖ-ਵੱਖ ਭਾਸ਼ਾਵਾਂ ਇਸ ਇੱਕੋ ਕੌਮਾਂਤਰੀ ਭਾਸ਼ਾ ਦੀ ਮਦਦ ਨਾਲ਼ ਇੱਕ ਦੂਜੇ ਦੇ ਨਾਲ਼ ਸੰਵਾਦ ਕਾਇਮ ਕਰ ਲੈਂਦੀਆਂ। ਜੇਕਰ ਅਜਿਹਾ ਹੁੰਦਾ ਤਾਂ ਅਸੀਂ ਇੱਕ ਅਜਿਹੇ ਇਕੋਂ ਤਰ੍ਹਾਂ ਦੇ ਸੰਸਾਰ ਸੱਭਿਆਚਾਰ ਲਈ ਅਸਲ ਬੁਨੀਆਦ ਰੱਖ ਪਾਉਂਦੇ ਜਿਸ ਦੀਆਂ ਜੜ੍ਹਾਂ ਖਾਸ ਅਨੁਭਵਾਂ ਅਤੇ ਭਾਸ਼ਾਵਾਂ ਵਾਲ਼ੇ ਸੰਸਾਰ ਭਾਈਚਾਰੇ ਅੰਦਰ ਡੂੰਘੀਆਂ ਜੰਮੀਆਂ ਹੁੰਦੀਆਂ ਅਤੇ ਜੋ ਇਸ ਤੋਂ ਹੀ ਆਪਣੇ ਲਈ ਜੀਵਨ-ਤਾਕਤ ਲੈਂਦਾ। ਸਾਡੇ ਕੌਮਾਂਤਰੀਵਾਦ ਦੀਆਂ ਜੜ੍ਹਾਂ ਸਹੀ ਅਰਥਾਂ ਵਿੱਚ ਸੰਸਾਰ ਦੇ ਲੋਕਾਂ ਵਿੱਚ ਹੋਣੀਆਂ ਚਾਹੀਦੀਆਂ ਹਨ।
ਜਦੋਂ ਕੋਮਾਂ ਵਿਚਕਾਰ ਸਭ ਅਰਥਾਂ ਵਿੱਚ ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਬਰਾਬਰੀ ਹੋਵੇਗੀ, ਅਤੇ ਜਮਹੂਰੀਅਤ ਦੀ ਹੋਂਦ ਹੋਵੇਗੀ ਤਾਂ ਕੋਈ ਕਾਰਨ ਨਹੀਂ ਕਿ ਸੰਸਾਰ ਭਾਸ਼ਾ ਦੇ ਰੂਪ ਵਿੱਚ ਕਿਸੇ ਭਾਸ਼ਾ ਨੂੰ ਵਿਕਸਿਤ ਹੋਣ ਤੋਂ ਕਿਸੇ ਦੇਸ਼, ਕੌਮ ਜਾਂ ਲੋਕਾਂ ਨੂੰ ਡਰ ਲੱਗੇ—ਭਾਂਵੇਂ ਸੰਸਾਰ ਭਾਸ਼ਾ ਦੇ ਰੂਪ ਵਿੱਚ ਕਿਸਵਾਹਿਲੀ, ਚੀਨੀ, ਮਾਅੋਰੀ, ਸਪਾਨੀ ਜਾਂ ਅੰਗਰੇਜ਼ੀ ਹੀ ਕਿਉਂ ਨਾ ਹੋਵੇ। ਸੰਸਾਰ ਲਈ ਇੱਕ ਭਾਸ਼ਾ? ਭਾਸ਼ਾਵਾਂ ਦਾ ਇੱਕ ਸੰਸਾਰ! ਦੋਵੇਂ ਧਾਰਨਾਵਾਂ ਇੱਕ ਦੂਜੇ ਤੋਂ ਅਲੱਗ ਨਹੀਂ ਹਨ ਬਸ਼ਰਤੇ ਕਿ ਦੇਸਾਂ ਵਿਚਕਾਰ ਅਜ਼ਾਦੀ, ਬਰਾਬਰੀ, ਜਮਹੂਰੀਅਤ ਅਤੇ ਸ਼ਾਂਤੀ ਹੋਵੇ।
ਇਸ ਤਰ੍ਹਾਂ ਦੇ ਸੰਸਾਰ ਵਿੱਚ ਹੋਰ ਭਾਸ਼ਾਵਾਂ ਦੀ ਤਰ੍ਹਾਂ ਅਗੰਰੇਜ਼ੀ ਆਪਣੀ ਅਰਜ਼ੀ ਪੇਸ਼ ਕਰ ਸਕਦੀ ਹੈ ਅਤੇ ਹੋਰ ਭਾਸ਼ਾਵਾਂ ਤੇ ਲੋਕਾਂ ਵਿਰੁੱਧ ਸਾਮਰਾਜਵਾਦੀ ਹਮਲੇ ਦੇ ਇਤਿਹਾਸ ਦੇ ਬਾਵਜੂਦ ਅੰਗਰੇਜ਼ੀ ਇੱਕ ਭਰੋਸੇਯੋਗ ਉਮੀਦਵਾਰ ਹੋ ਸਕਦੀ ਹੈ। ਇਸ ਵਿਚਕਾਰ ਇਸ ਤਰ੍ਹਾਂ ਦੀ ਅਰਜ਼ੀ ਦੇ ਵਾਲ਼ਿਆਂ ਨੂੰ ਆਪਣੀਆਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਅਣਥੱਕ ਕੋਸ਼ਿਸ਼ ਕਰਨੀ ਹੋਵੇਗੀ ਜਿਨ੍ਹਾਂ ਵਜੋਂ ਉਹ ਬਦਨਾਮ ਹਨ ਮਿਸਾਲ ਵਜੋਂ ਨਸਲਵਾਦ, ਯੌਨਵਾਦ, ਅੰਨ੍ਹਾ- ਕੌਮਵਾਦ ਅਤੇ ਹੋਰ ਕੌਮੀਅਤਾਂ ਅਤੇ ਭਾਈਚਾਰਿਆਂ ਦੀ ਨਾਂਹ-ਪੱਖੀ ਤਸਵੀਰ ਪੇਸ਼ ਕਰਨਾ ਆਦਿ ਤਾਂ ਕਿ ਸੰਸਾਰ ਦੀ ਭਾਸ਼ਾ ਦੇ ਰੂਪ ਵਿੱਚ ਮਨਜ਼ੂਰ ਹੋਣ ਦੇ ਮਾਪਦੰਡਾਂ ਨੂੰ ਪੂਰਾ ਕਰ ਸਕਣ। ਇਸ ਮਾਮਲੇ ਵਿੱਚ ਸੰਸਾਰ ਭਾਸ਼ਾ ਵਾਸਤੇ ਕਿਸਵਾਹਿਲੀ ਇੱਕ ਸ਼ਾਨਦਾਰ ਉਮੀਦਵਾਰ ਹੋ ਸਕਦੀ ਹੈ। ਇਸ ਨੂੰ ਇੱਕ ਲਾਭ ਤਾਂ ਪ੍ਰਾਪਤ ਹੈ ਕਿ ਇਸਨੇ ਦੂਜੀਆਂ ਭਾਸ਼ਾਵਾਂ ਦੇ ਕਬਰਸ਼ਤਾਨ ‘ਤੇ ਕਦੇ ਆਪਣੇ ਆਪ ਨੂੰ ਵਿਕਸਿਤ ਨਹੀਂ ਕੀਤਾ। ਕਿਸੇ ਤਰ੍ਹਾਂ ਨਾਲ਼ ਅੰਨ੍ਹੇ-ਕੌਮਵਾਦ ਦਾ ਮੁਜਾਹਰਾ ਕੀਤੇ ਬਿਨਾਂ ਕਿਸਵਾਹਿਲੀ ਨੇ ਅਫਰੀਕਾ ਵਿੱਚ ਅਤੇ ਸੰਸਾਰ ਵਿੱਚ ਆਪਣੇ ਲਈ ਥਾਂ ਬਣਾਈ। ਕਿਸਵਾਹਿਲੀ ਦੀ ਤਾਕਤ ਇਸਦੇ ਆਰਥਿਕ, ਸਿਆਸੀ ਜਾਂ ਸੱਭਿਆਚਾਰਕ ਬੜਬੋਲੇਪਣ ਵਿੱਚ ਨਹੀਂ ਟਿਕੀ ਹੈ। ਇਸਦਾ ਹੋਰ ਸੱਭਿਆਚਾਰਾਂ ‘ਤੇ ਜ਼ਬਰ ਜਾਂ ਦਾਬੇ ਦਾ ਕੋਈ ਇਤਿਹਾਸ ਨਹੀਂ ਹੈ। ਅਤੇ ਫਿਰ ਵੀ ਕਿਸਵਾਹਿਲੀ ਅੱਜ ਪੂਰਬੀ, ਮੱਧ ਅਤੇ ਦੱਖਣੀ ਅਫਰੀਕਾ ਵਿੱਚ ਅਤੇ ਸੰਸਾਰ ਦੇ ਹੋਰ ਹਿੱਸਿਆਂ ਵਿੱਚ ਇੱਕ ਮੁੱਖ ਭਾਸ਼ਾ ਦੇ ਰੂਪ ਵਿੱਚ ਬੋਲੀ ਜਾਂਦੀ ਹੈ।
ਮੈਂ ਅੰਗਰੇਜ਼ੀ, ਫਰਾਂਸੀਸੀ, ਪੁਰਤਗਾਲੀ ਜਾਂ ਹੋਰ ਕਿਸੇ ਵੀ ਭਾਸ਼ਾ ਖਿਲਾਫ ਨਹੀਂ ਹਾਂ। ਜਦੋਂ ਤੱਕ ਉਹਨਾਂ ਦਾ ਰੂਪ ਭਾਸ਼ਾ ਦਾ ਹੈ ਅਤੇ ਜਦੋਂ ਤੱਕ ਉਹ ਹੋਰ ਦੇਸ਼ਾਂ, ਕੌਮੀਅਤਾਂ ਅਤੇ ਭਾਸ਼ਾਵਾਂ ‘ਤੇ ਜ਼ਬਰ ਨਹੀਂ ਕਰਦੀਆਂ, ਇਹ ਠੀਕ ਹੈ। ਪਰ ਜੇਕਰ ਕਿਸਵਾਹਿਲੀ ਜਾਂ ਕਿਸੇ ਦੂਜੀ ਅਫਰੀਕੀ ਭਾਸ਼ਾ ਨੂੰ ਸੰਸਾਰ ਦੀ ਭਾਸ਼ਾ ਬਣਨ ਦਾ ਮੌਕਾ ਮਿਲ ਸਕੇ ਤਾਂ ਇਹ ਅਫਰੀਕਾ ਦੇ ਦੇਸ਼ਾਂ ਅਤੇ ਉਥੋਂ ਦੇ ਲੋਕਾਂ ਅਤੇ ਹੋਰ ਮਹਾਂਦੀਪਾਂ ਵਿਚਕਾਰ ਮਾਨਵੀ ਸਬੰਧਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ। ਇਹਨਾਂ ਹੀ ਕਾਰਨਾਂ ਕਰਕੇ ਮੈਂ ਕਿਸਵਾਹਿਲੀ ਨੂੰ ਸੰਸਾਰ ਦੀ ਭਾਸ਼ਾ ਬਣਾਏ ਜਾਣ ਦਾ ਜ਼ਿਕਰ ਕਰਦਾ ਹਾਂ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346