'ਵੇ ਨਾ ਰੋ ਬਾਬਲਾ ਭਿੱਜ ਗਏ ਕਲੀਰੇ ਮੇਰੇ' ਵਰਗੇ ਹਨੋਰਿਆਂ ਤੇ ਝੋਰਿਆਂ ਨਾਲ ਕੁੜੀਆਂ ਡੋਲੀ
ਬੈਠਦੀਆਂ। ਵਿਆਹ ਦੀਆਂ ਰਸਮਾਂ ਪਿੱਛੋਂ ਇਹੋ ਜਿਹੇ ਗੀਤ ਗਾਏ ਜਾਂਦੇ। ਸ਼ਗਨਾਂ ਵਾਲੇ ਘਰੀਂ
ਕਈ-ਕਈ ਦਿਨ ਪਹਿਲਾਂ ਗਾਉਣ ਬਹਿ ਜਾਂਦੇ। ਕੁੜੀਆਂ, ਮੁਟਿਆਰਾਂ ਸੁਹਾਗ ਗਾ-ਗਾ ਮਨ ਦੇ
ਵਲਵਲਿਆਂ ਦੇ ਪ੍ਰਗਟਾਵੇ ਕਰਦੀਆਂ। ਕੋਠਿਆਂ ਤੋਂ ਢੋਲਕੀ ‘ਤੇ ਡੀਟੀ ਵੱਜਦੀ ਦੇਰ ਰਾਤ ਤੱਕ
ਸੁਣਦੀ। ਮਿਰਾਸਨਾਂ ਸੁਹਾਗਾਂ, ਸਿਠਨੀਆਂ ਤੇ ਬੋਲੀਆਂ ਦੀ ਅਗਵਾਈ ਕਰਦੀਆਂ। ਵਿਆਹ ਵਾਲੀ ਰਾਤ
ਨਾਨਕਿਆਂ ਤੇ ਦਾਦਕਿਆਂ
ਦਾ ਪੂਰੇ ਢੋਲ-ਢਮੱਕੇ ਨਾਲ ਬੋਲੀਆਂ ਤੇ ਸਿੱਠਨੀਆਂ ਦਾ ਪਿੜ ਬੱਝਦਾ। ਖੂਬ ਹਾਸੇ ਪੈਂਦੇ।
ਗਲ਼ੀਆਂ ‘ਚ ਫਿਰਦੀ ਜਾਗੋ ਅਮਲੀਆਂ ਵਿਚਾਰਿਆਂ ਦੇ ਮੰਜੇ ਓਲਟਾ ਉਹਨਾਂ ਸੁਰਗੀ ਝੂਟੇ
ਖੇਰੂੰ-ਖੇਰੂੰ ਕਰ ਦਿੰਦੀ। ਕਪੜੇ ਝਾੜਦੇ ਅਮਲੀ ਦੀ ਬੋਲ-ਬਾਣੀ ਹਾਸਿਆਂ ਦੀ ਛਹਿਬਰ ਲਾ
ਦਿੰਦੀ। ਤਮਾਸ਼ਬੀਨ ਮੁੰਡੀਰ ਚੰਗੇ ਮਸ਼ਕੂਲੇ ਲਾਉਂਦੀ।
ਖਾਰੇ ਤੋਂ ਮਾਮਾ ਭਾਣਜੀ/ਭਾਣਜੇ ਨੂੰ ਲਾਹੁੰਦਾ। ਖਾਰਾ ਲੁਹਾਈ ਮਾਮੇ ਕੋਲੋਂ ਵੱਡੀ ਰਕਮ ਅੜਕੇ
ਝਾੜੀ ਜਾਂਦੀ। ਕੋਈ ਸੌ ਕੁ ਬਰਾਤੀ ਸਜੇ ਹੋਏ ਬੌਲਦ-ਗੱਡੀਆਂ, ਟਾਂਗਿਆਂ ਅਤੇ ਰੱਥਾਂ ‘ਤੇ
ਪਿੰਡ ਵਿੱਚ ਆ ਢੁਕਦੇ। ਬਰਾਤ ਦਾ ਗੁਰਦਵਾਰੇ ਜਾਂ ਧਰਮਸਾਲਾ ਵਿੱਚ ਉਤਾਰਾ ਹੁੰਦਾ। ਲਾਗੀਆਂ
ਦੇ ਨਾਲ ਸਾਰਾ ਪਿੰਡ ਹੀ ਪ੍ਰਾਹੁਣਾਚਾਰੀ ਵਿੱਚ ਜੁਟਿਆ ਹੁੰਦਾ। ਦੋ ਤਿੰਨ ਦਿਨ ਤੋਂ ਲੈਕੇ
ਹਫਤਾ ਹਫਤਾ ਬਰਾਤਾਂ ਰੱਖੀਆਂ ਜਾਂਦੀਆਂ। ਬਰਾਤ ਨੂੰ ਲੈਕੇ ਆਏ ਪਸ਼ੂਆਂ ਦੀ ਵੀ ਚੰਗੀ ਸੇਵਾ
ਹੁੰਦੀ। ਕਈ ਵਾਰੀ ਉਨ੍ਹਾਂ ਨੂੰ ਪੈਲੀਆਂ ਵਿੱਚ ਖੁੱਲ੍ਹਾ ਵੀ ਛੱਡ ਦਿੱਤਾ ਜਾਂਦਾ।
ਮੁਸਲਿਮ ਬਰਾਦਰੀ ਬਰਾਤਾਂ ਵਿੱਚ ਵੀ ਅਤੇ ਕੁੜੀ ਵਾਲਿਆਂ ਵੱਲੋਂ ਵੀ ਸ਼ਾਮਲ ਹੁੰਦੀ। ਉਨ੍ਹਾਂ
ਦੇ ਚਾਹ-ਪਾਣੀ ਤੇ ਪਕਵਾਨਾਂ ਦੇ ਪ੍ਰਬੰਧ ਵੀ ਉਨ੍ਹਾਂ ਦੀ ਰਹਿਤਲ ਅਨੁਸਾਰ ਕਰ ਦਿੱਤੇ ਜਾਂਦੇ।
ਕਈਆਂ ਪਿੰਡਾਂ ਵਿੱਚ ਅਣਪੱਕੇ ਚੌਲ, ਸੂਜੀ, ਘਿਉ ਤੇ ਖੰਡ ਦੀ ਭਾਜੀ ਵੰਡ ਦਿੱਤੀ ਜਾਂਦੀ। ਤੇਲ
ਵਾਲੇ ਗੈਸਾਂ ਦੇ ਚਾਨਣ ਵਿੱਚ ਬਰਾਤ ਰੋਟੀ ਖਾਣ ਆਉਂਦੀ। ਕੋਰਿਆਂ ‘ਤੇ ਪੰਗਤ ਲੱਗ ਜਾਂਦੀ।
ਕੁੜੀਆਂ ਬਨੇਰਿਆਂ ‘ਤੇ ਬੈਠ ਬਰਾਤੀਆਂ ਨਾਲ ਮਖੌਲ, ਮਸਕਰੀਆਂ ਕਰਦੀਆਂ। ਬਰਾਤ ਦੀ ਸੇਵਾ ਵਿੱਚ
ਘਿਉ-ਸ਼ੱਕਰ ਨਾਲ ਕਈ ਕਿਸਮ ਦੀਆਂ ਭਾਜੀਆਂ ਵਗੈਰਾ ਵਰਤਾਈਆਂ ਜਾਂਦੀਆਂ। ਸਰਦੇ-ਪੁਜਦੇ ਘਰਾਂ
ਦੀਆਂ ਬਰਾਤਾਂ ਨੇ ਆਤਸ਼ਬਾਜ਼ੀ ਦਾ ਵੀ ਪ੍ਰਬੰਧ ਕੀਤਾ ਹੁੰਦਾ। ਦੇਰ ਰਾਤ ਤੱਕ ਸਾਰਾ ਪਿੰਡ
ਇਹਦਾ ਆਨੰਦ ਮਾਣਦਾ। ਅਗਲੇ ਦਿਨ ਸਵੇਰੇ ਆਨੰਦ ਕਾਰਜ ਪਿੱਛੋਂ ਬਰਾਤ ਡੇਰਿਆਂ ‘ਚ ਡੱਠੇ
ਮੰਜਿਆਂ ‘ਤੇ ਜਾਂਝੀ ਆ ਸਜਦੇ। ਭੰਡ ਆਪਣੇ ਪ੍ਰੋਗਰਾਮ ਅਰੰਭ ਕਰ ਖੂਬ ਟਾਂਚਾਂ ਲਾਉਂਦੇ,
ਹਸਾਉਂਦੇ ਤੇ ਪੈਸੇ ਝਾੜਦੇ। ਦਿਨ ਢਲੇ਼ ਲਾੜੇ ਨੂੰ ਘਰ ਵਿੱਚ ਮੰਜੀ ‘ਤੇ ਬਿਠਾ ਔਰਤਾਂ ਆਪਣੇ
ਸ਼ਗਨ ਵਗੈਰਾ ਕਰਦੀਆਂ ਤੇ ਫਿਰ ਡੋਲੀ ਤੋਰਨ ਦੀ ਤਿਆਰੀ ਹੋ ਜਾਂਦੀ। ਕੋਹਾਰ ਜਦੋਂ ਡੋਲੀ ਤਿਆਰ
ਕਰ ਲੈ ਆਉਂਦੇ, ਉਦੋਂ ਫਿਰ ਮਾਵਾਂ-ਧੀਆਂ, ਪਿਉ-ਧੀ, ਭਰਾ-ਭਰਜਾਈਆਂ ਤੇ ਸਹੇਲੀਆਂ ਦਾ
ਵਿਆਂਹਦੜ ਕੁੜੀ ਦੇ ਵਿਛੋੜੇ ਦੇ ਪਲ਼ ਹਰਇੱਕ ਦੀਆਂ ਪਲਕਾਂ ਗਿੱਲੀਆਂ ਕਰ ਦਿੰਦੇ। ਆਖੀਰ ਮਾਮਾ
ਚੁੱਕਕੇ ਕੁੜੀ ਨੂੰ ਡੋਲ਼ੀ ਵਿੱਚ ਬਿਠਾਉਂਦਾ। ਇਹ ਸੀਨ ਪੂਰੇ ਉਦਰੇਵੇਂ ਤੇ ਉਦਾਸੀ ਭਰੇ
ਹੁੰਦੇ। ਉਦੋਂ ਇੰਦਰਜੀਤ ਤੁਲਸੀ ਦਾ ਗੀਤ 'ਏਧਰ ਕਣਕਾਂ ਓਧਰ ਕਣਕਾਂ ਵਿੱਚ ਕਣਕਾਂ ਦੇ ਬੂਰ
ਪਿਆ ਮੁਟਿਆਰੇ ਜਾਣਾ ਦੂਰ ਪਿਆ' ਬੜਾ ਪ੍ਰਸਿੱਧ ਹੁੰਦਾ। ਕੁੜੀ ਸਭ ਨਾਲ ਮਿਲਦੀ ਰੋ ਰੋ ਫਾਵੀ
ਹੋ ਜਾਂਦੀ। 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਅਤੇ 'ਵੇਖੀਂ ਵੀਰਾ ਭੁੱਲ ਨਾ
ਜਾਈਂ ਭੈਣ ਵਰਗਾ ਸਾਕ ਨਾ ਕੋਈ' ਕਰਾਉਂਦੀ ਅਤੇ ਆਖੀਰ ਵਿੱਚ 'ਡੋਲੀ ਚੁੱਕ ਲਓ ਕੋਹਾਰੋ ਮੇਰੀ
ਰੋਂਦਿਆਂ ਨੂੰ ਰੋ ਲੈਣ ਦਿਉ'। ਇਹੋ ਜਿਹੇ ਵਿਛੋੜੇ ਭਰੇ ਵਲਵਲਿਆਂ ਦੀ ਹੂਕ
ਵਿੱਚ ਕੋਹਾਰ ਡੋਲੀ ਚੁੱਕ ਤੁਰਦੇ ਅਤੇ
ਨਾਲ ਹੀ ਤੁਰ ਪੈਂਦਾ ਨੀਂਗਰ ਚੰਦ ਤੇ ਬਰਾਤ।
ਅਧੁਨੀਕਰਨ ਨੇ ਸਾਡੇ ਪੰਜ ਦਰਿਆਵਾਂ ਦੀਆਂ ਵੱਡ ਮੁੱਲੀਆਂ ਕਦਰਾਂ ਦਾ ਮਲੀਆਮੇਟ ਕਰਕੇ ਰੱਖ
ਦਿੱਤੈ। ਜੇ ਲਾੜੀ ਦਾ ਪਰਿਵਾਰ ਕੋਈ ਚੰਗਾ ਜੁਰਕੇ ਵਾਲਾ ਨਾ ਹੁੰਦਾ, ਪੂਰਾ ਪਿੰਡ ਬਰਾਤ ਦੀ
ਸੇਵਾ ਪਾਣੀ ਅਤੇ ਲੜਕੀ ਦਾ ਦਾਜ-ਦਹੇਜ ਬਣਾਉਣ ਵਿੱਚ ਯੋਗਦਾਨ ਪਾਉਂਦਾ। ਕੁੜੀ ਨੂੰ ਪਿੰਡ ਦੀ
ਧੀ-ਧਿਆਣੀ ਸਮਝਿਆ ਜਾਂਦਾ। ਉਦੋਂ ਬਿਜਲੀ ਵਰਗੀਆਂ ਸਹੂਲਤਾਂ ਨਹੀਂ ਸਨ ਹੁੰਦੀਆਂ। ਸਰੋਂ ਦੇ
ਤੇਲ ਦੀਆਂ ਮਿਸ਼ਾਲਾਂ ਨਾਲ ਚਾਣਨ ਕੀਤਾ ਜਾਂਦਾ। ਪਿੱਛੋਂ ਆਏ ਸਨ ਮਿੱਟੀ ਦੇ ਤੇਲ ਵਾਲੇ ਪੰਪ
ਗੈਸ। ਭਾਵੇਂ ਚਾਨਣ ਘੱਟ ਹੁੰਦਾ ਪਰ ਪਿੰਡ ਦੇ ਲੋਕਾਂ ਦੀਆਂ ਨਿਯਤਾਂ ਚਮਕਾਂ ਮਾਰਦੀਆਂ ਅਤੇ
ਦ੍ਰਿਸ਼ਟੀਆਂ ਸੂਰਜੀ ਰਿਸ਼ਮਾਂ ਛੱਡਦੀਆਂ। ਪ੍ਰਾਹੁਣਿਆਂ ਨੂੰ ਰੱਜਕੇ ਸਤਿਕਾਰ ਦਿੱਤਾ ਜਾਂਦਾ
ਅਤੇ ਸੇਵਾ ਕੀਤੀ ਜਾਂਦੀ। ਵਿਆਹ ਭਾਵੇਂ ਦੋ ਜੀਆਂ, ਦੋ ਪਰਿਵਾਰਾਂ ਵਿਚਾਲੇ ਇੱਕ ਰਿਸ਼ਤਾ
ਬਣਾਉਂਦਾ ਹੁੰਦਾ, ਪਰ ਦੋਹਾਂ ਪਰਿਵਾਰਾਂ ਦੀ ਇਜ਼ਤ ਨੂੰ ਪਿੰਡ ਦੀ ਇਜ਼ਤ ਮੰਨਿਆ ਜਾਂਦਾ। ਇਸ
ਨਾਲ ਸਿਹਤਮੰਦ ਨਰੋਏ ਤੇ ਸਦੀਵੀ ਰਿਸ਼ਤੇ ਬਣਦੇ। ਇੱਕ ਦੂਸਰੀ ਜ਼ਾਤ ਤੇ ਦੀਨ ਦਾ ਸਤਿਕਾਰ
ਹੁੰਦਾ। ਕਿਸੇ ਵੀ ਸੰਕਟ ਤੇ ਝਗੜੇ ਨੂੰ ਪਿੰਡਾਂ ਦੇ ਵਡਾਰੂ ਨਜਿਠ ਲੈਂਦੇ। ਕੋਈ ਹੱਲ ਕੱਢ
ਲਿਆ ਜਾਂਦਾ। ਮੁੰਡੇ ਵੀ ਉਨ੍ਹਾਂ ਦੇ ਫੈਸਲਿਆ ਦਾ ਸਤਿਕਾਰ ਕਰਦੇ। ਇਸ ਯੁੱਗ ਨੂੰ ਭਾਵੇਂ ਅੱਜ
ਆਦਰਸ਼ਕ ਕਿਹਾ ਜਾਵੇ, ਪਰ ਉਦੋਂ ਪੰਜਾਬੀ ਸਮਾਜ ਦੀਆਂ ਇਹ ਕਦਰਾਂ-ਕੀਮਤਾਂ ਹੁੰਦੀਆਂ ਸਨ।
ਬੱਲੀ ਕੋਲੋਂ ਉਸ ਯੁੱਗ ਦੀ ਇੱਕ ਬਰਾਤ ਵਿੱਚ ਸ਼ਾਮਲ ਹੋਣਾ ਦੱਸਣੋਂ ਰਹਿ ਨਹੀਂ ਹੁੰਦਾ। ਬੱਲੀ
ਦੇ ਮਾਮੇ ਦੇ ਸਾਲੇ ਦਾ ਵਿਆਹ ਸੀ। ਬਰਾਤ ਵਿੱਚ ਮਾਮੇ ਨੇ ਸ਼ਾਮਲ ਹੋਣਾ ਸੀ। ਫਿਰ ਬੱਲੀ
ਕਿਵੇਂ ਪਿੱਛੇ ਰਹਿ ਜਾਂਦਾ। ਉਹ ਹਮੇਸ਼ ਹੀ ਮਾਮੇ ਦਾ ਸਰਬਾਲਾ ਬਣਿਆ ਰਹਿੰਦਾ। ਮਾਮੇ ਨੇ
ਆਪਣੇ ਮਾਮੇ ਨੂੰ ਬਰਾਤੇ ਜਾਣ ਲਈ ਊਠ ਲੈਕੇ ਆਉਣ ਦੇ ਜੁਗਾੜ ਦਾ ਪੱਕ-ਠੱਕ ਕੀਤਾ ਹੋਇਆ ਸੀ।
ਅਸੀਂ ਦੁਪਹਿਰ ਤੱਕ ਉਹਦੀ ਉਡੀਕ ਕਰਦੇ ਰਹੇ। ਉੱਧਰ ਭੈਣਾਂ ਵਾਗ ਫੜਾਈ ਤੇ ਭਾਬੀ ਸੁਰਮਾ ਪਵਾਈ
ਦੇ ਸ਼ਗਨ ਕਰ ਰਹੀਆਂ ਸਨ। ਹਰਇੱਕ ਦਾ ਪੂਰਾ ਮਾਨ-ਤਾਨ ਕੀਤਾ ਜਾ ਰਿਹਾ ਸੀ। ਪਰ ਬੱਲੀ ਹੋਰਾਂ
ਦੀ ਸਵਾਰੀ ਨਾ ਅਪੜੀ। ਬਰਾਤ ਦੀ ਤਿਆਰੀ ਹੋ ਚੁੱਕੀ ਹੋਈ ਸੀ। ਆਖੀਰ ਪਿੰਡੋਂ ‘ਚੋਂ ਹੀ ਘੋੜੀ
ਦਾ ਪ੍ਰਬੰਧ ਕੀਤਾ ਗਿਆ। ਬੱਲੀ ਨੂੰ ਲਾੜੇ ਤੇ ਉਹਦੇ ਭਣੂਜੇ ਵਾਲੀ ਘੋੜੀ ‘ਤੇ ਦੋਹਾਂ ਵਿਚਾਲੇ
ਅੜਾ ਦਿੱਤਾ ਗਿਆ। ਸਵੇਰੇ ਮੀਂਹ ਪਿਆ ਸੀ। ਬੱਦਲ ਹਾਲੀ ਵੀ ਮੰਡਰਾ ਰਹੇ ਸਨ। ਅਥਰੀਆਂ ਘੋੜੀਆਂ
ਗਿੱਲੀਆਂ ਪੈਲੀਆਂ ਵਿੱਚ ਏਧਰ ਉੱਧਰ ਛੱਪਲ-ਛੱਪਲ ਕਰਦੀਆਂ ਤੁਰਨ ਨੂੰ ਕਾਹਲੀਆਂ ਸਨ। ਬਰਾਤੀਆਂ
ਦੀਆਂ ਘੋੜੀਆਂ ਜੁ ਸਨ। ਬੱਲੀ ਦੇ ਅੱਗੇ ਪਿੱਛੇ ਸਾਲਾ, ਭਣੂਜਾ ਪੂਰੇ ਜੱਟ ਬਰਾਤੀ ਰੌਂਅ ਵਿੱਚ
ਸਨ। ਉਨ੍ਹਾਂ ਨੇ ਪਹਿਲੇ ਤੋੜ ਦੀ ਨੌਂ ਰਤਨੀ ਦੇ ਘੁੱਟ ਲਾਏ ਹੋਏ ਸਨ। ਰਹਿੰਦੀ ਹਦਵਾੜ ਚਾਦਰੇ
ਦੀ ਡੱਬ ਵਿੱਚ ਟੁੰਗੀ ਹੋਈ ਸੀ। ਦਾਰੂ ਦੇ ਲੋਰ ‘ਚ ਤਿੱਖੀ ਘੋੜੀ ਨੂੰ ਲੱਗੀ ਅੱਡੀ ਨੇ ਹਵਾ
ਨੂੰ ਗੰਡਾਂ ਦੇਣ ਲਾ ਦਿੱਤਾ। ਬਰਾਤੀਆਂ ਦੇ ਲਲਕਰਿਆਂ ਤੇ ਹਾਸਿਆਂ ਨਾਲ ਬਰਾਤ ਨੇ ਚਾਲੇ ਪਾਏ।
ਰਾਹ ਵਿੱਚ ਸਾਲਾ-ਭਣੂਜਾ ਗੁੱਟ ਨਾਲ ਬੱਧੀ ਠੂਠੀ ਨਾਲ ਹੀ ਨਸ਼ੇ ਨੂੰ ਹੋਰ ਤਿੱਖਾ ਕਰੀ ਜਾ
ਰਹੇ ਸਨ। ਠੂਠੀ ‘ਚ ਪਾ ਬਿੱਨ ਪਾਣੀਓਂ ਪੀਤੀ ਦਾਰੂ ਉਨ੍ਹਾਂ ਨੂੰ ਹਵਾ ‘ਚ ਉਡਾਈ ਜਾ ਰਹੀ ਸੀ।
ਉਹ ਸੱਤਵੇਂ ਆਕਾਸ਼ ‘ਚ ਉੱਡ ਰਹੇ ਸਨ। ਉਹ ਦ੍ਰਿਸ਼ ਬੱਲੀ ਦੇ ਜਿ਼ਹਨ ‘ਚ ਹਾਲੀ ਵੀ ਛਾਇਆ
ਹੋਇਐ। ਪਰ ਉਹ ਚਿੱਚੜ ਵਾਂਗ ਉਹਨਾਂ ਨਾਲ ਚੁੰਬੜਿਆ ਰਿਹਾ।
ਲੋਕਾਂ ਦਾ ਪਹਿਰਾਵਾ ਤੇ ਖਾਣ-ਪੀਣ ਬੜਾ ਹੀ ਸਾਦਾ ਹੁੰਦਾ। ਘਰ ਦਾ ਦੁੱਧ, ਮੱਖਣ, ਘਿਉ,
ਲੱਸੀ, ਸਾਗ, ਮੱਕੀ ਤੇ ਕਣਕ ਦੀਆਂ ਤੰਦੂਰੀ ਰੋਟੀਆਂ ਦਾ ਬੋਲ ਬਾਲਾ ਸੀ। ਆਮ ਪਹਿਣਨ ਵਾਲੇ
ਕਪੜੇ ਘਰ ਦੀ ਕੱਤੀ ਕਪਾਹ ਨਾਲ ਤਿਆਰ ਕੀਤੇ ਖੱਦਰ ਦੇ ਹੁੰਦੇ। ਖ਼ੱਦਰ ਦੇ ਹੀ ਕੁੜਤੇ, ਚਾਦਰੇ
ਤੇ ਪਰਨੇ ਹੁੰਦੇ। ਮੇਲਿਆਂ, ਵਿਆਹ-ਸ਼ਾਦੀਆਂ ‘ਤੇ ਜਾਣ-ਆਉਣ ਲਈ ਮਿੱਲ ਦੇ ਲੱਠੇ ਦੇ ਕਪੜੇ
ਵੱਖਰੇ ਹੁੰਦੇ। ਮਾਵਾ ਲੱਗੀ ਚਿੱਟੀ ਵੈਲ਼ ਦੀ ਪੱਗ ਹੁੰਦੀ। ਮੁੰਡੇ-ਖੁੰਡੇ ਲਲਾਰੀਆਂ ਕੋਲੋਂ
ਪੱਗਾਂ ਨੂੰ ਰੰਗਾ ਲੈਂਦੇ। ਅਬਰਕ ਲੱਗੀਆਂ ਪੱਗਾਂ ਦੇ ਫਰਲੇ ਤਾਰਿਆਂ ਵਾਂਗ ਚਮਕਦੇ। ਭੋਲੇ
ਜੱਟਾਂ ਨੇ ਕੱਛਾ-ਨਿੱਕਰ ਵਗੈਰਾ ਸ਼ਾਇਦ ਹੀ ਕਿਤੇ ਪਾਇਆ ਹੋਵੇ। ਕਿਸੇ ਨੂੰ ਕਛਿਹਰੇ ਜਾਂ
ਪਜਾਮੇ ਦਾ ਨਾਲਾ ਵੀ ਨਹੀਂ ਸੀ ਬੰਨ੍ਹਣਾ ਆਉਂਦਾ। ਚਾਦਰੇ ਲੜ ਛੱਡ ਬੰਨੇ ਜਾਂਦੇ। ਪਰਨੇ ਦੇ
ਲੜ ਨੂੰ ਧੁੰਨੀ ਕੋਲ ਮਰੋੜੀ ਦੇ ਫਸਾਕੇ ਕੰਮੀਂ-ਧੰਦੀਂ ਲੱਗੇ ਰਹਿੰਦੇ। ਲੱਭੂ ਇੱਕ ਵੇਰ
ਦੁਪਹਿਰੇ ਯਾਰਾਂ ਬੇਲੀਆਂ ‘ਚ ਆਪ ਹੀ ਦੱਸੇ। ਯਾਰੋ! ਅੱਜ ਸੂਰਜ ਚੜ੍ਹੇ ਜਿਹੇ ਨਾਲ ਭਾਦੋਂ ਦੀ
ਗਰਮੀ ‘ਚ ਮੈਂ ਹਲ਼ ਵਾਹ ਰਿਹਾ ਸੀ। ਕੁੜਤਾ ਵੀ ਲਾਹਿਆ ਹੋਇਆ ਸੀ। ਤੇੜ ਨਿਰਾ ਪਰਨਾ ਹੀ ਸੀ।
ਅੱਗੋਂ ਮੋਢੇ ‘ਤੇ ਬੁਚਕੀ ਲਟਕਾਈ ਮਸਤ ਮਲੰਗ ਸਾਈਂ ਸੋਹਣੇ ਸ਼ਾਹ ਘੁੰਗਰੂਆਂ ਵਾਲੀ ਡਾਂਗ
ਖੜਕਾਉਂਦਾ ਇੱਕਦੱਮ ਮੱਕੀ ਉਹਲਿਓਂ ਨਿਕਲ ਪਿਆ। ਉੱਤਲਾ ਵਹਿੜਕਾ ਤ੍ਰਹਿਕੇ ਭੱਜ ਪਿਆ। ਮੈਥੌਂ
ਹਲ਼ ਦੀ ਜੰਗੀ ਛੁੱਟ ਗਈ। ਬੌਲਦ ਕਿਤੇ ਫਾਲੇ ਨਾ ਜਾਣ, ਮੈਂ ਮਗਰੇ ਹੀ ਭੱਜਿਆ। ਪੈਰ ‘ਤੇ
ਭੱਜਣ ਨਾਲ ਪਰਨਾ ਖੁੱਲ੍ਹ ਗਿਆ। ਹੁਣ ਕੀ ਕਰਾਂ। ਬੌਲਦਾ ਦੇ ਫਾਲੇ ਜਾਣ ਦਾ ਡਰ ਖਾਵੇ।
ਏਧਰ-ਉਧਰ ਵੇਖਾਂ ਕੋਈ ਵੇਖ ਨਾ ਲਵੇ। ਹਲ਼ ਦੀ ਜੰਗੀ ਨੂੰ ਹੱਥ ਪਾਵਾਂ, ਬੌਲਦ ਸੰਭਾਲਣ ਲਈ
ਮਗਰ ਭੱਜਾਂ ਕਿ ਪਰਨਾ ਚੁੱਕ ਬੰਨ੍ਹਾਂ। ਪਰਨਾ ਵੀ ਪਿੱਛੇ ਕਿਤੇ ਡਿੱਗ ਪਿਆ ਹੋਇਆ ਸੀ। ਵੇਖਣ
ਵਾਲਾ ਕੀ ਆਖੂ 'ਲੱਭੂ ਨੰਗਾ ਹੀ ਬੌਲਦਾ ਪਿੱਛੇ ਭੱਜਾ ਫਿਰਦੈ।' ਹਰਫਲੇ ਨੇ ਭਾਅ ਵਿਰਸੇ ਨੂੰ
ਵਾਜਾਂ ਮਾਰੀਆਂ। ਉਨ੍ਹੇ ਜੋਗ ਸੰਭਾਲੀ ਅਤੇ ਮੈਂ ਪਰਨਾ ਬੰਨ੍ਹਿਆ। ਤਾਂ ਹੀ ਭਰਾਵੋ ਆਖਦਾਂ
ਕੱਛਿਹਰੇ ਪਾਉਣੇ ਤੇ ਨਾਲ਼ੇ ਬੰਨ੍ਹਣੇ ਸਿੱਖੀਏ। ਇਹ ਇਜ਼ਤ ਦੇ ਵਾਹਵਾ ਭਾਈਵਾਲ ਜਾਪਦੇ ਨੇ।
ਬੈੲਠੀ ਮੁੰਡੀਰ ਚਾਚੇ ਲੱਭੂ ਨੂੰ ਮਖੌਲ ਕਰਨੋ ਨਾ ਹਟੇ ਅਤੇ ਉਹ ਵੀ ਹੱਸੀ ਜਾਵੇ।
ਇਸ ਭੋਲੇਪੰਨ ‘ਚ
ਸਿਹਰਿਆਂ ਵਾਲੀ ਪੱਗ ਦਾ ਕਿੱਕਰ ‘ਤੇ ਟੰਗੇ ਜਾਣ ਦਾ ਇੱਕ ਰੌਚਿੱਕ ਕਿੱਸਾ
ਵੀ ਦੱਸਣੋਂ ਰਿਹਾ ਨਹੀਂ ਜਾਂਦਾ। ਦੱਸਦੇ ਕਿ ਜੱਟ ਦੇ ਸਿਹਰੇ ਬੰਨ੍ਹੇ ਹੋਏ ਸਨ। ਵਿਆਹ ਵੇਲੇ
ਜਦੋਂ ਜੱਟ ਇੱਕ ਵਾਰ ਸਜ ਜਾਂਦਾ, ਉਹ ਘਰ ਆਉਣ ਤੱਕ ਉਸੇ ਲਿਬਾਸ ਵਿੱਚ ਸਜਿਆ ਰਹਿੰਦਾ। ਸਵੇਰੇ
ਬਾਹਰ ਅੰਦਰ ਗਏ ਤਾਂ ਵਗਦੇ ਖੂਹ ਕੋਲ ਬਰਾਤੀ ਦਾਤਨਾਂ ਕਰਨ ਲੱਗ ਪਏ। ਆਮ ਕਿਹੜਾ ਉਨ੍ਹਾਂ ਨੂੰ
ਦਾਤਨਾਂ ਕਰਨ ਦਾ ਵਕਤ ਮਿਲਦੈ। ਸਿੱਧੜ ਲਾੜੇ ਨੇ ਵੀ ਦੂਜਿਆਂ ਵਾਂਗ ਕਿੱਕਰ ਦੀ ਟਾਹਣੀ ਫੜ
ਦਾਤਨ ਤੋੜ ਲਈ ਤੇ ਟਾਹਣੀ ਛੱਡ ਦਿੱਤੀ। ਟਾਹਣੀ ਵਾਪਸ ਜਾਂਦੀ ਉਹਦੀ ਸਿਹਰਿਆਂ ਵਾਲੀ ਪੱਗ ਵੀ
ਅੜਾ ਲੈਗਈ। ਚਾਰੇ-ਚੁਫੇਰੇ ਖੜ੍ਹੇ ਬੰਦੇ ਹੱਸ-ਹੱਸ ਦੂਹਰੇ ਹੋਈ ਜਾਣ। ਆਖੀਰ ਟਾਹਣੀ ਤੋਂ ਪੱਗ
ਲਾਹੀ ਗਈ ਅਤੇ ਲਾੜੇ ਨੂੰ ਫਿਰ ਪਹਿਲੇ ਰੂਪ ‘ਚ ਲਿਆਂਦਾ। ਵਿਆਹ ਪਿੱਛੋਂ ਇਸ ਗੱਲ ਦਾ ਪਿੰਡ
‘ਚ ਆਮ ਹੀ ਮਸਕੂਲਾ ਲੱਗਦਾ। ਬੱਲੀ ਦਾ ਵੱਡਾ ਭਰਾ ਦੱਸਦਾ ਹੁੰਦੈ ਕਿ ਇੱਕ ਵਾਰੀ ਸਾਡੇ ਪਿੰਡ
ਦੇ ਭਲਵਾਨਾਂ ਦੇ ਅਮਰੂ ਦੀ ਬਰਾਤੇ ਉਹ ਗਿਆ ਹੋਇਆ ਸੀ। ਗੁਰੂ ਮਹਾਰਾਜ ਦੁਆਲੇ ਲਾਵਾਂ
ਲੈਂਦਿਆਂ ਉਸਦੀ ਲੱਕ ਬੱਧੀ ਲੱਠੇ ਦੀ ਚਾਦਰ ਢਿੱਲੀ ਹੋ ਥੱਲੇ ਡਿੱਗ ਪਈ। ਬਰਾਤੀ ਨਾਲੇ ਹੱਸਣ
ਤੇ ਨਾਲੇ ਫਟਾਫਟ ਉੱਠ ਉਹਦੇ ਦੁਆਲੇ ਹੋ ਉਹਨੂੰ ਢੱਕ ਲਿਆ। ਦੁਆਲੇ ਬੈਠੇ ਜਾਂਝੀਆਂ, ਮਾਂਝੀਆਂ
ਵਿੱਚ ਹਾਸਾ ਮਸੀਂ ਹੀ ਥੱਮਿਆ। ਚਾਦਰੇ ਨੂੰ ਕੱਸਕੇ ਬੱਧਾ ਤੇ ਕਾਰਜ ਸਿਰੇ ਲੱਗਿਆ।
ਕਿਰਤ ਕਮਾਈ ਦਾ ਓੜਕਾਂ ਦਾ ਸਤਿਕਾਰ ਕੀਤਾ ਜਾਂਦਾ। ਵਿਸਾਖੀ ਦੇ ਨੇੜੇ-ਤੇੜੇ ਸੋਣੇ ਰੰਗੀਆਂ
ਕਣਕਾਂ ਨੂੰ ਦਾਤੀ ਪੈ ਜਾਂਦੀ। ਉਸ ਨੂੰ ਵੇਖ ਜੱਟ ਮਾਣ ‘ਚ ਫੁੱਲ ਜਾਂਦਾ। ਪਰ ਨਾਲ ਹੀ 'ਪੱਕੀ
ਖੇਤੀ ਵੇਖ ਗਰਬ ਕਰੇ ਕਿਰਸਾਨ, ਝੱਖੜ-ਝਾਂਜੇ ਤੋਂ ਬਚਕੇ ਘਰ ਆਵੇ ਤਾਂ ਜਾਣ' ਅਖੌਤ ਵੀ ਯਾਦ ਆ
ਜਾਂਦੀ। ਤਾਂ ਹੀ ਇਸੇ ਮਹੀਨੇ ਵਿੱਚ ਜੱਟ ਦਿਨ ਰਾਤ ਮਾਰੋ-ਮਾਰ ਕੰਮ ਕਰਦੇ। ਬੜੇ ਤਾੜ ਦਾ
ਵੇਲਾ ਹੁੰਦਾ। ਹਨੇਰੀ ਝੱਖੜ ਜਿਹੜੇ ਉਦੋਂ ਆਮ ਹੀ ਆਉਂਦੇ ਰਹਿੰਦੇ ਸਨ ਤੋਂ ਬਚਾਕੇ ਸਾਲ ਭਰ
ਦੀ ਕਮਾਈ ਨੂੰ ਘਰੀਂ ਲਿਆਉਣਾ ਹੁੰਦਾ। ਇਸ ਕਮਾਈ ‘ਤੇ ਹੀ ਵਿਆਹ ਸ਼ਾਦੀਆਂ ਤੇ ਹੋਰ ਸਮਾਜਕ
ਕਾਰਜ ਨਿਰਭਰ ਕਰਦੇ। ਕਈ ਵਾਰੀ ਤਾਂ ਸੁਣੀਦਾ ਸੀ ਕਿ ਕਣਕ ਦੇ ਦਾਣੇ ਉਨ੍ਹਾਂ ਦੇ ਸਿਰ ਵਿੱਚ
ਹੀ ਉੱਗ ਪੈਂਦੇ। ਨਹਾਉਣ ਦਾ ਕੀਹਨੁੰ ਵਿਹਲ ਹੁੰਦਾ। ਮੂੰਹ ਝਾਖ਼ਰੇ ਹੀ ਕਣਕਾਂ ਵੱਢਣ ਲੱਗ
ਜਾਂਦੇ। ਵੱਢੀ ਕਣਕ ਦੀਆਂ ਭਰੀਆਂ ਬੰਨ੍ਹ ਇੱਕ ਥਾਂ ਮਰਲੀਆਂ ਵਿੱਚ ਇਕੱਠੇ ਕਰਦਿਆਂ ਤਾਰੇ
ਚੜ੍ਹ ਪੈਂਦੇ। ਛੇਤੀ ਨਾਲ ਕੰਮ ਨਿਪਟਾਉਣ ਲਈ ਮਾਂਗੀਆਂ ਵੀ ਪਾਈਆਂ ਜਾਂਦੀਆਂ। ਮਰਲੀ ਦੇ
ਵਿਚਕਾਰਲੇ ਥਾਂ ਦੀਆਂ ਵੱਟਾਂ ਨੂੰ ਸੁਹਾਗਕੇ ਪੱਧਰਾ ਕਰ ਲਿਆ ਜਾਂਦਾ। ਘੱਟਾ ਮਿਟੀ ਨੂੰ
ਜਮਾਉਣ ਲਈ ਪਾਣੀ ਤਰੌਂਕ ਦਿੱਤਾ ਜਾਂਦਾ। ਕਣਕ ਨੂੰ ਗਾਹੁਣ ਲਈ ਫਲੇ ਦੀ ਵਰਤੋਂ ਕੀਤੀ ਜਾਂਦੀ।
ਫਲ਼ਾ ਇੱਕ ਬਹੁਤ ਹੀ ਸਾਦਾ ਜਿਹਾ ਸੰਦ ਹੁੰਦਾ ਸੀ। ਦਰਖਤਾਂ ਦੀਆਂ ਲੰਮੀਆਂ-ਲੰਮੀਆਂ ਛਿੱਟੀਆਂ
ਜਾਂ ਬਾਂਸਾਂ ਨੂੰ ਬੰਨ੍ਹਕੇ ਉਸ ਵਿੱਚ ਕਣਕ ਦਾ ਨਾੜ ਗੁੰਦ ਦਿੱਤਾ ਜਾਂਦਾ। ਫਲ੍ਹੇ ਦਾ ਭਾਰ
ਵਧਾਉਣ ਲਈ ਉਸ ‘ਤੇ ਭਰੀ ਰੱਖ ਦਿੱਤੀ ਜਾਂਦੀ। ਬੱਲੀ ਦਾ ਨਾਨਾ ਫਲ੍ਹਾ ਬੰਨ੍ਹਣ ਦਾ ਮਾਹਰ ਸੀ।
ਇਨ੍ਹਾਂ ਫਲਿਆਂ ਅੱਗੇ ਬੌਲਦ ਜੋੜ ਕਣਕ ਦੀ ਗਹਾਈ ਸ਼ੁਰੂ ਹੋ ਜਾਂਦੀ। ਨਾਨਾ ਤੇ ਬੱਲੀ ਆਮ ਤੌਰ
ਤੇ ਫਲੇ ਹੱਕਦੇ। ਪਹਿਲੇ ਗੇੜਿਆਂ ਵੇਲੇ ਕਣਕ ਦੇ ਨਾੜ ‘ਤੇ ਤੁਰਨਾ ਔਖਾ ਹੁੰਦਾ। ਬੱਲੀ ਫਲੇ
ਤੇ ਚੜ੍ਹ ਜਾਂਦਾ। ਮਾਮਾ ਗਹਾਈ ਵੇਲੇ ਦੁਸਾਂਗ ਨਾਲ ਕਣਕ ਦਾ ਨਾੜ ਫਲ੍ਹਿਆਂ ਅੱਗੇ ਕਰੀ
ਜਾਂਦਾ। ਜਦੋਂ ਨਾੜ ਕੁਝ ਬਰੀਕ ਹੋ ਜਾਂਦਾ ਤਾਂ ਤੰਗਲੀ ਫੜ੍ਹ ਫੋਲੀ ਸ਼ੁਰੂ ਹੋ ਜਾਂਦੀ। ਥੱਲੇ
ਦੱਬੇ ਨਾੜ ਨੂੰ ਉਪਰ ਕਰਨਾ ਪੈਂਦਾ। ਅਣਗਹੇ ਨਾੜ ਨੂੰ ਏਧਰੋਂ ਉਧਰੋਂ ਖਿੱਚਕੇ ਫਲਿਆਂ ਹੇਠ
ਕੀਤਾ ਜਾਂਦਾ। ਤਿਖ਼ੜ ਦੁਪਿਹਰ ਦੀ ਅਤਿ ਦੀ ਤਪਸ਼ ਵਿੱਚ ਕਣਕ ਵਧੀਆਂ ਗਹਿੰਦੀ। ਸ਼ਾਮ ਤੱਕ
ਫਲੇ ਵਗਦੇ ਰਹਿੰਦੇ। ਗਾਹ ਨੂੰ ਫਿਰ ਤੰਗਲੀ ਨਾਲ ਵਿਚਕਾਰ ਇਕੱਠਾ ਕਰ ਦਿੱਤਾ ਜਾਂਦਾ ਜਿਸ ਨੂੰ
ਧੜ ਕਿਹਾ ਜਾਂਦਾ। ਅਗਲੇ ਗਾਹ ਲਈ ਦੁਆਲੇ ਲੱਗੀਆਂ ਮੰਡਲੀਆਂ ‘ਚੋਂ ਭਰੀਆਂ ਧੜ ਦੁਆਲੇ ਖਿਲਾਰ
ਦਿੱਤੀਆਂ ਜਾਂਦੀਆਂ। ਇਹ ਧੜ ਹਰ ਰੋਜ਼ ਵੱਡੀ ਹੋਈ ਜਾਂਦੀ। ਉਸ ਮੌਸਮ ‘ਚ ਹਨੇਰੀਆਂ ਵੀ
ਕਾਲੀਆਂ ਬੋਲ਼ੀਆਂ ਧੂੜ ਭਰੀਆਂ ਕਈ ਵਾਰੀ ਵੇਖੀ ਦੀਆਂ ਸਨ। ਕਈ ਵਾਰੀ ਹਨੇਰੀ ਪਿੱਛੋਂ ਛਰਾਟੇ
ਵੀ ਆ ਜਾਂਦੇ। ਇਹ ਬੜਾ ਨੁਕਸਾਨ ਕਰ ਜਾਂਦੇ। ਸ਼ਾਮ ਨੂੰ ਬੇਬੇ ਮਿੱਠੇ ਸੱਤੂ ਖੂਹ ਦੇ ਠੰਡੇ
ਪਾਣੀ ਵਿੱਚ ਘੋਲਕੇ ਛੰਨਿਆਂ ਵਿੱਚ ਪਿਆਉਂਦੀ। ਉਹ ਬੜੇ ਸੁਆਦੀ ਹੁੰਦੇ ਜਿਨ੍ਹਾਂ ਦਾ ਸੁਆਦ
ਹਾਲੀ ਤੱਕ ਜ਼ਬਾਨ ‘ਚ ਮਹਿਸੂਸ ਹੁੰਦੈ। ਪਿਆਸ ਲੱਥ ਜਾਂਦੀ ਤੇ ਗਰਮੀ ਤੋਂ ਵੀ ਰਾਹਤ ਮਿਲਦੀ।
ਪਿੜ ਦੀ ਰਾਖੀ ਲਈ ਨਾਨਾ ਪਿੜ ਵਿੱਚ ਹੀ ਮੰਜਾ ਬਿਸਤਰਾ ਰੱਖਦਾ। ਰਾਤ ਨੂੰ ਜਦੋਂ ਉਸ ਲਈ ਮਾਮੇ
ਨਾਲ ਰੋਟੀ ਦੇਣ ਜਾਣਾ ਤਾਂ ਖੁੱਲ੍ਹੇ ਖੇਤਾਂ ਤੇ ਉਪਰ ਵਿਸ਼ਾਲ ਅਸਮਾਨੀ ਦ੍ਰਿਸ਼ ਬੜਾ ਹੀ
ਸੋਹਣਾ ਲੱਗਦਾ। ਮੱਛਰ ਦਾ ਕਿਤੇ ਨਾ ਨਿਸ਼ਾਨ ਨਹੀਂ ਸੀ ਹੁੰਦਾ। ਕਈ ਵਾਰੀ ਪਿੜ ਵਿੱਚ ਨਾਨੇ
ਕੋਲ ਹੀ ਸੌਣ ਨੂੰ ਜੀ ਕਰਦਾ। ਪਰ ਮਾਮੇ ਤੋਂ ਬਗੈਰ ਵੀ ਨਹੀਂ ਸੀ ਰਹਿ ਸਕਦਾ। ਸਾਰੀ ਕਣਕ ਦੀ
ਗਹਾਈ ਪਿੱਛੋਂ ਈਸਾਈ ਉਡਾਵੇ ਛੱਜਾਂ ਨਾਲ ਹਵਾ ਦੇ ਰੁਖ ‘ਚ ਧੜ ਉਡਾਉਂਦੇ। ਤੇਜ਼ ਚੱਲਦੀ ਹਵਾ
ਸਮੇਂ ਰੁਕ ਜਾਂਦੇ। ਥੋੜ੍ਹੀ ਹਵਾ ਦਾਣਾ ਤੂੜੀ ਅੱਡ ਨਾ ਕਰਦੀ। ਇਸ ਵਿੱਚ ਉਡਾਵਿਆਂ ਦਾ ਸਾਰਾ
ਪਰਿਵਾਰ ਲੱਗਾ ਵੇਖੀਦਾ ਸੀ। ਦੋ ਚਾਰ ਦਿਨਾਂ ਵਿੱਚ ਬੋਹਲ ਲੱਗ ਜਾਂਦਾ।
ਬੋਹਲ ਦਾ ਬਾਹਲਾ ਹੀ ਸਤਿਕਾਰ ਕੀਤਾ ਜਾਂਦਾ। ਸਾਲ ਭਰ ਦੀ ਕਮਾਈ ਦੇ ਸਤਿਕਾਰ ਵੱਜੋਂ ਕੋਈ ਵੀ
ਨੰਗੇ ਸਿਰ ਨੇੜੇ-ਤੇੜੇ ਨਹੀਂ ਸੀ ਆ ਸਕਦਾ। ਬੋਹਲ ਨੂੰ ਖੇਸਾਂ ਨਾਲ ਢੱਕ ਦਿੱਤਾ ਜਾਂਦਾ। ਉਸ
ਦੇ ਪੱਛਮ ਵਾਲੇ ਪਾਸੇ ਇੱਕ ਮੰਜੀ ਹੀਅ ਭਾਰ ਟੇਢੀ ਕਰ ਉਸ ‘ਤੇ ਵੀ ਚਾਦਰ ਪਾ ਦਿੱਤੀ ਜਾਂਦੀ।
ਬੋਹਲ ਦਾ ਮੂੰਹ ਪੂਰਬ ਵੱਲ ਹੁੰਦਾ। ਬੋਹਲ ਦੀ ਮਿਣਤੀ ਦੜੋਪੇ ਨਾਲ ਹੁੰਦੀ। ਦੜੋਪਾ ਦੋ ਸੇਰ
ਦਾ ਹੁੰਦਾ ਤੇ ਟੋਪਾ ਇੱਕ ਸੇਰ ਦਾ। ਬੋਹਲ ਦੀ ਮਿਣਾਈ ਵਾਲੇ ਪਿੰਡ ਵਿੱਚ ਖਾਸ-ਖਾਸ ਬੰਦੇ
ਹੁੰਦੇ। ਚੜਦੇ ਵੱਲ ਮੂੰਹ ਕਰ ਬੈਠਣ ਲਈ ਖੱਬੜ ਜਾਂ ਖੇਸ ਦਾ ਗੋਲ ਇੱਨੂੰ ਬਣਾ ਮਿਣਤੀ ਵਾਲਾ
ਬੈਠ ਜਾਂਦਾ। ਚਿੜੀ ਜਨੌਰ, ਸਾਧੂ ਸੰਤਾਂ, ਪੀਰਾਂ, ਫਕੀਰਾਂ, ਮਲੰਗਾਂ ਆਦਿ ਦਾ ਇਸ਼ਟ ਧਿਆਕੇ
ਬੋਹਲ ਦੀ ਮਿਣਤੀ ਸ਼਼ੁਰੂ ਹੋ ਜਾਂਦੀ। ਪਹਿਲੇ ਤੋਲ ਨੂੰ ਬਰਕਤ, ਦੂਜੇ ਨੂੰ ਵਾਹ ਦੇਹਿ ਤੇ
ਤੀਜੇ ਨੂੰ ਤੇਰਾ ਕਹਿ ਗਿਣਤੀ ਦਾ ਅਮਲ ਚੱਲ ਪੈਂਦਾ। ਅਨਾਜ ਨੂੰ ਮਜ਼ਬੂਤ ਭਾਰੇ ਖੇਸਾਂ ‘ਚ
ਬੰਨਿਆ ਜਾਂਦਾ। 25 ਦੜੋਪਿਆਂ (ਦੋ ਮਣ ਤੋਂ ਉੱਪਰ ਭਾਵ ਅੱਧਾ ਕੁਇੰਟਲ) ਦੀਆਂ ਪੰਡਾਂ
ਬੰਨ੍ਹੀਆਂ ਜਾਂਦੀਆਂ। ਘਰਾਂ ਨੂੰ ਲਿਜਾਣ ਲਈ ਪਿੰਡ ਦੇ ਗੱਭਰੂ ਇਕੱਠੇ ਹੋਏ ਹੁੰਦੇ। ਉਹ ਪੰਜ
ਪੰਜ, ਛੇ ਛੇ ਦੀ ਟੋਲੀ ਵਿੱਚ ਪੰਡਾਂ ਚੁੱਕ ਮਾਲਕਾਂ ਦੇ ਘਰੀਂ ਸੁੱਟ ਆਉਂਦੇ। ਕਣਕ ਦਾ ਢੇਰ
ਆਮ ਤੌਰ ਤੇ ਘਰ ਦੇ ਪਸਾਰ ਵਿੱਚ ਲਾਇਆ ਜਾਂਦਾ। ਢਾਈ ਮਣ ਦੀ ਬੋਰੀ ਚੁੱਕਣ ਵਾਲੇ ਚੁਣਵੇਂ ਹੀ
ਮੁੰਡੇ ਹੁੰਦੇ। ਕਈ ਵਾਰੀ ਮੁਕਾਬਲੇ ਵਿੱਚ ਡਿਉਢੀਆਂ ਪੰਡਾਂ ਦੇ ਮੁਕਾਬਲੇ ਹੋ ਜਾਂਦੇ।
ਮੁਕਾਬਲੇ ਵਿੱਚ ਪੰਡ ਨੂੰ ਸਿਰ ‘ਤੇ ਹੀ ਰੱਖਣਾ ਹੁੰਦਾ। ਮੌਰਾਂ ‘ਤੇ ਕਰਨਾ ਹਾਰ ਮੰਨੀ
ਜਾਂਦੀ। ਬੋਹਲ ਚੁਕਾਈ-ਤੁਲਾਈ ਵੇਲੇ ਸੇਪੀ ਵੀ ਹਾਜ਼ਰ ਹੁੰਦੇ। ਲ਼ੁਹਾਰ, ਤਖਾਣ, ਘੁਮਿਆਰ,
ਨਾਈ, ਸਾਂਝੀ ਤੇ ਛੀਂਬੇ/ਝਿਊਰ ਸਭ ਪਿੰਡ ਦੇ ਰਵਾਜ ਮੁਤਾਬਕ ਉੱਥੇ ਪਹੁੰਚ ਆਪਣੀ ਸੇਪ ਲੈ
ਲੈਂਦੇ। ਗੁਰਦੁਵਾਰੇ ਮੰਦਰ ਮਸੀਤ ਦੇ ਹਿੱਸੇ ਵੀ ਕੱਢੇ ਜਾਂਦੇ। ਤੁਲਾਈ ਤੇ ਢੁਆਈ ਦੇ ਆਖ਼ਰੀ
ਗੇੜ ‘ਚ ਗੁੜ ਦੀਆਂ ਰੋੜੀਆਂ ਵੰਡੀਆਂ ਜਾਂਦੀਆਂ। ਪਰਾਤ ਭਰ ਘਰ ਦੀ ਵਡੇਰੀ ਜਨਾਨੀ ਲੈ ਆਉਂਦੀ
ਤੇ ਸਭ ਨੂੰ ਵੰਡਦੀ। ਇਸ ਗੁੜ੍ਹ ਨੂੰ ਬਹੁਤ ਵੱਡੀ ਮਿਠਆਈ ਸਮਝਿਆ ਜਾਂਦਾ।
ਘਰ ਆਈ ਕਣਕ ਨੂੰ ਕੁਝ ਦਿਨ ਠੰਡਾ ਹੋਣ ਦਿੱਤਾ ਜਾਂਦਾ। ਫਿਰ ਸੁਆਣੀਆਂ ਭੜੋਲਿਆਂ ਵਿੱਚ ਸਾਂਭ
ਲੈਂਦੀਆਂ ਤੇ ਵਾਧੂ ਨੂੰ ਵਪਾਰੀ ਘਰੋਂ ਹੀ ਆਕੇ ਖ਼ਰੀਦ ਲਿਜਾਂਦੇ। ਮੰਡੀਆਂ ਦੂਰ ਦੁਰਾਡੇ ਹੀ
ਹੁੰਦੀਆਂ ਸਨ। ਵੇਚਣ ਵਾਲੀ ਫਸਲ ਥੋੜ੍ਹੀ ਹੀ ਹੁੰਦੀ ਸੀ। ਘਰ ਦੀਆਂ ਆਮ ਲੋੜਾਂ ਲਈ ਹੀ
ਹੁੰਦੀ। ਹੱਟੀਓਂ ਤੇਲ ਸਾਬਣ ਲੂਣ ਹਲਦੀ ਮਸਾਲੇ ਲਈ ਅਨਾਜ ਹੀ ਦਿੱਤਾ ਜਾਂਦਾ। ਕਈ ਵਾਰੀ
ਬਹੁਤੀ ਫਸਲ ਵਾਲੇ ਵਪਾਰੀ ਪਿੜ ‘ਚੋਂ ਹੀ ਚੁੱਕ ਲਿਜਾਂਦੇ। ਫੇਰੀਆਂ ਵਾਲਿਆਂ ਕੋਲੋਂ ਵੀ
ਖ਼ਰੀਦਦਾਰੀ ਇਸ ਅਨਾਜ ਵੱਟੇ ਕੀਤੀ ਜਾਂਦੀ। ਕਿੰਨੀ ਸਾਧ-ਮੁਰਾਧ ਜਿ਼ੰਦਗੀ ਸੀ। ਦੁੱਧ, ਗੁੜ,
ਕਪਾਹ, ਮਿਰਚਾਂ, ਤੇਲ, ਆਦਿ ਘਰ ਦੀਆਂ ਫਸਲਾਂ ਦੇ ਹੀ ਹੁੰਦੇ। ਕਿਸੇ ਜ਼ਹਿਰੀਲੀ ਮਿਲਾਵਟ ਦਾ
ਕੋਈ ਖ਼ਤਰਾ ਨਹੀਂ ਸੀ ਹੁੰਦਾ। ਕੋਈ ਰਸਾਇਣਕ ਖਾਧ ਨਹੀਂ ਸੀ ਹੁੰਦੀ। ਬਿਮਾਰ ਵੀ ਕੋਈ ਘੱਟ
ਵੱਧ ਹੀ ਹੁੰਦਾ ਵੇਖਿਆ ਸੀ। ਛੋਟੀ ਮੋਟੀ ਔਹਰ ਦੇ ਇਲਾਜ ਘਰੇਲੂ ਨੁਖਸੇ ਹੀ ਕੰਮ ਆ ਜਾਂਦੇ
ਸਨ। ਇਸ ਤਰ੍ਹਾਂ ਜੱਟ ਫਸਲ ਸਾਂਭ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਦਾ ਬੰਦ ਗਾਉਂਦਿਆਂ,
ਝੂੰਮਦਿਆਂ ਦਾ ਦ੍ਰਿਸ਼ ਪੇਸ਼ ਕਰਦੈ: ਤੂੜੀ ਤੰਦ ਸਾˆਭ ਹਾੜੀ ਵੇਚ ਵੱਟ ਕੇ, ਲੰਬੜਾˆ ਤੇ
ਸ਼ਾਹਾˆ ਦਾ ਹਿਸਾਬ ਕੱਟ ਕੇ, ਮੀਹਾˆ ਦੀ ਉਡੀਕ ਤੇ ਸਿਆੜ ਕੱਢ ਕੇ, ਮਾਲ ਧੰਦਾ ਸਾˆਭਣੇ ਨੂੰ
ਚੂੜਾ ਛੱਡ ਕੇ, ਪੱਗ ਝੱਗਾ ਚਾਦਰਾ ਨਵਾˆ ਸਵਾਇ ਕੇ, ਸੰਮਾˆ ਵਾਲੀ ਡਾˆਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਪਿੰਡ ਦਾ ਗੁਰਦੁਵਾਰਾ ਛੋਟਾ ਸੀ। ਵਿਹੜਾ ਕੱਚਾ। ਪਰ ਇਸ ਦੀ ਰਹਿਤਲ 'ਸਭਿ ਸਾਂਝੀਵਾਲ ਸਦਾਇਨ
ਕੋਈ ਨਾ ਦੀਸੈ ਬਾਹਰਾ ਜੀਉ' ਦਾ ਸਾਖਸ਼ਾਤ ਸਰੂਪ ਹੁੰਦਾ। ਬੜੀਆਂ ਉੱਚੀਆਂ, ਸੁੱਚੀਆਂ ਕਦਰਾਂ
ਦਾ ਪਾਲਕ। ਉਹਨਾਂ ਅੱਗੇ ਅੱਜ ਅਸੀਂ ਬੌਣੇ ਜਿਹੇ ਲੱਗਦੇ ਹਾਂ। ਗੁਰਦੁਵਾਰੇ ਦੇ ਪ੍ਰੋਗਰਾਮਾਂ
ਦੀ ਇੱਕ ਕਮਾਲ ਦੀ ਵਿਲੱਖਣਤਾ ਵੇਖਦਾ ਹੁੰਦਾ। ਦਿਨ-ਦਿਹਾਰ, ਸੰਗਰਾਂਦ ਜਾਂ ਗੁਰਪੁਰਬਾਂ ‘ਤੇ
ਲੋਕ ਆ ਜੁੜਦੇ। ਸੰਗਤ ‘ਚ ਜੱਟ ਸਿੱਖਾਂ ਤੋਂ ਇਲਾਵਾ ਮੁਸਲਮਾਨ ਘੁਮਿਆਰ, ਮਿਸਤਰੀ, ਤਖਾਣ,
ਕੰਮੀਂ-ਕਮੀਨ, ਕਾਰੀਗਰ, ਮਰਾਸੀ, ਇਸਾਈ, ਆਦਿ ਹੁੰਦੇ। ਭਾਈ ਵਾਜੇ ‘ਤੇ ਸ਼ਬਦ ਪੜ੍ਹਦਾ ਤੇ
ਮੁਸਲਮਾਨ ਘੁਮਿਆਰ ਭਰਾ ਅਸਗਰ ਤੇ ਸਬਦਰ ਢੋਲਕੀ ਤੇ ਚਿੱਮਟਾ ਵਜਾਉਂਦੇ। ਸ਼ਬਦ ਦੇ ਬੰਦ ਨੂੰ
ਉਹ ਹੀ ਮਗਰ ਦੁਹਰਾਉਂਦੇ। 'ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਉਹ ਥਾਂ ਸੁਹਾਵਾ ਰਾਮ ਰਾਜੇ',
'ਮੇਰੇ ਸਤਿਗੁਰ ਨੇ ਜਹਾਜ ਬਣਾਇਆ, ਆ ਜਾਉ ਜਿੰਨੇ ਪਾਰ ਲੰਘਣਾ', 'ਨਾਮ ਜਪ ਲੈ ਨਿਮਾਣੀ
ਜਿੰਦੇ ਮੇਰੀਏ ਸਵਰਗਾਂ ਨੂੰ ਸਿੱਧੀ ਜਾਏਂਗੀ', ਆਦਿ, ਸਾਦਾ ਜਿਹੀਆਂ ਧਾਰਨਾਂ ਲਾਈਆਂ
ਜਾਂਦੀਆਂ। ਆਮ ਲੋਕ ਇਸ ਨੂੰ ਦੁਹਰਾ ਵੀ ਨਾ ਸਕਦੇ। ਭੋਗ ਪਿੱਛੋਂ ਗੁੜ ਵਾਲਾ ਕੜਾਹ ਪ੍ਰਸ਼ਾਦ
ਵਰਤਾਇਆ ਜਾਂਦਾ। ਉਸ ਪ੍ਰਸ਼ਾਦ ਦਾ ਸੁਆਦ ਹਾਲੀ ਵੀ ਜ਼ਬਾਨ ‘ਤੇ ਮਹਿਸੂਸ ਹੁੰਦੈ। ਕਿਰਤੀ ਲੋਕ
ਮਿੱਠੇ ਦੇ ਬਹੁਤੇ ਸ਼ੌਕੀਨ ਹੁੰਦੇ। ਕਦੀ ਵੀ ਕੋਈ ਅੱਜ ਵਾਂਗ ਭੋਰਾ ਕੁ ਪ੍ਰਸ਼ਾਦ ਤਲੀ ‘ਤੇ
ਰੱਖਣ ਦਾ ਸੰਕੇਤ ਨਾ ਦਿੰਦਾ। ਪਿੰਡਾਂ ‘ਚ ਫਿਰਕੂ ਸਦਭਾਵਨਾ ਚੋਟੀ ‘ਤੇ ਸੀ। ਸਭ ਇੱਕ ਦੂਜੇ
ਧਰਮ ਦਾ ਸਤਿਕਾਰ ਕਰਦੇ। ਅਜੋਕੇ ਯੁਗ ਨਾਲੋਂ ਬਿਲਕੁੱਲ ਹੀ ਓਲਟ। ਹੁਣ ਗੁਰਦੁਵਾਰੇ ਉੱਚੇ ਤੇ
ਪੱਕੇ ਜ਼ਰੂਰ ਹਨ, ਖੰਡ ਸੂਜੀ ਦੇ ਵਧੀਆ ਕੜਾਹ ਪ੍ਰਸ਼ਾਦ, ਲੰਗਰ ‘ਚ ਵੰਨ-ਸੁਵੰਨੇ ਭੋਜਨ
ਵਰਤਾਏ ਜਾਂਦੇ ਹਨ, ਪਰ ਮਾਨਵੀ ਸਦਭਾਵਨਾ ਅਲੋਪ ਹੋ ਚੁੱਕੀ ਹੈ। ਨਿਰੋਲ ਕਾਰੋਬਾਰੀ ਮਨਸ਼ੇ
ਨਾਲ ਦਿਨ ਦਿਹਾਰ ਬੜੇ ਹੀ ਵਿਸ਼ਾਲ ਪੱਧਰ ‘ਤੇ ਮਨਾਏ ਜਾਂਦੇ ਹਨ। ਪਰ ਸੰਗਤ ਬਾਣੀ ਤੋਂ ਅਭਿੱਜ
ਮਹਿਸੂਸ ਹੁੰਦੀ ਹੈ।
ਲੋਕਾਂ ਦਾ ਆਮ ਕਰਕੇ ਗੁਰਦਵਾਰੇ ਜਾਣ ਦਾ ਰੁਝਾਣ ਬਹੁਤਾ ਹੀ ਘੱਟ ਹੁੰਦਾ। ਮੈਨੂੰ ਤਾਂ ਉਹ
ਚੁੱਟਕਲਾ ਇਹੋ ਜਿਹੇ ਪਿੰਡ ਦੇ ਕੱਚੇ ਵਿਹੜੇ ਵਾਲੇ ਗੁਰਦਵਾਰੇ ਵਿੱਚ ਹੀ ਵਾਪਰਿਆ ਲੱਗਦੈ।
ਕਹਿੰਦੇ ਮੀਂਹ ਪਿੱਛੋਂ ਇੱਕ ਸਾਨ੍ਹ ਗੁਰਦੁਵਾਰੇ ਦੇ ਕੱਚੇ ਵਿਹੜੇ ‘ਚ ਆ ਵੜਿਆ। ਗਿੱਲਾ
ਵਿਹੜਾ ਪੱਟਿਆ ਗਿਆ। ਚਾਰੇ-ਚੁਫੇਰੇ ਦਲਦਲ ਹੋ ਗਈ। ਭਾਈ ਜੀ ਸੱਥ ਵਿੱਚ ਬੈਠੇ ਬੰਦਿਆਂ ਕੋਲ
ਆਕੇ ਗੁੱਸਾ ਜ਼ਾਹਰ ਕਰਨ ਲੱਗ ਪਏ। ਬੰਦਿਆਂ ਨੇ ਬੜੇ ਭੋਲੇ-ਭਾਅ ‘ਚ ਕਿਹਾ: ਭਾਈ ਜੀ ਕਾਹਨੂੰ
ਨਾਰਾਜ਼ ਹੁੰਦੇ ਹੋ ... ਬੇਜ਼ਬਾਨ ਪਸ਼ੂ ਸੀ ... ਵਿਚਾਰਾ ਜਾ ਵੜਿਐ ... ਕੋਈ ਗੱਲ ਨਹੀਂ ...
ਵੇਖੋ ਨਾ! ... ਧਰਮ ਨਾਲ ... ਅਹੀਂ ਤਾਂ ਗੁਰਦੁਵਾਰੇ ਕਦੇ ਹੀ ... ਆਉਂਦੇ ਹਾਂ ... ।
ਕਿਸੇ ਨੇ ਇਸ ਗੱਲ ਨੂੰ ਅੱਗੇ ਸੁਣਾਕੇ ਇੱਕ ਚੁਟਕਲਾ ਬਣਾ ਲਿਆ। ਕਿੰਨੇ ਨਿਰਛਲ ਤੇ
ਸਿੱਧੇ-ਸਾਦੇ ਸਨ ਉਹ ਲੋਕ! ਪੜ੍ਹਿਆਂ ਲਿਖਿਆਂ ਵਿੱਚ ਇਹ ਚੁਟਕਲਾ ਹਾਸੇ ਦੀ ਮਤਾਬੀ ਬਣ
ਜਾਂਦੈ।
ਸਰਦੀਆਂ ਵਿੱਚ ਗੱਭਰੂ, ਚੋਬਰਾਂ ਦੇ ਸ਼ੌਂਕਾਂ ਦੀ ਗੱਲ ਕਰਨੋਂ ਵੀ ਨਹੀਂ ਰਹਿ ਸਕਦਾ। ਸਿਆਲ
‘ਚ ਲੋਕ ਕਾਫੀ ਵਿਹਲੇ ਹੁੰਦੇ। ਗੱਭਰੂ ਖੁਰਾਕਾਂ ਖਾਂਦੇ, ਤੇਲ ਮਲ਼ਦੇ, ਡੰਡ ਬੈਠਕਾਂ ਮਾਰਦੇ।
ਘਰਾਂ ‘ਚ ਦੁੱਧ, ਘਿਉ ਦੀ ਕੋਈ ਘਾਟ ਨਹੀਂ ਸੀ ਹੁੰਦੀ। ਕਮਾਦ ਪੀੜਨ ਲਈ ਵੇਲਣੇ ਵਗਦੇ। ਗੁੜ,
ਰਸ ਦੇ ਗੱਫੇ ਛਕਦੇ। ਤੇਲ ਨਾਲ ਜਵਾਨਾਂ ਦੇ ਕਪੜੇ ਵੀ ਤੇਲੀ ਵਰਗੇ ਬਣੇ ਹੁੰਦੇ। ਮੁੱਛਫੁੱਟ
ਗੱਭਰੂ ਆਪਣੀ ਤਾਕਤ ਦੇ ਜੌਹਰ ਦਿਖਾਉਣ ਲਈ ਸ਼ਾਮ ਨੂੰ ਇੱਕ ਹਵੇਲੀ ਵਿੱਚ ਇਕੱਠੇ ਹੋ ਜਾਂਦੇ
ਜਿੱਥੇ ਭਾਰੇ ਸੁਹਾਗੇ, ਪੱਥਰ ਤੇ ਮੁਗਦਰ ਪਏ ਹੁੰਦੇ। ਜਿਦ ਜਿਦਕੇ ਸੁਹਾਗੇ ਤੇ ਪੱਥਰ ਦੇ
ਬਾਲੇ ਕੱਢਦੇ। ਸੁਹਾਗੇ ਨੂੰ ਭਾਰਾ ਕਰਨ ਲਈ ਉਸ ‘ਤੇ ਭਾਰ ਬੰਨ੍ਹ ਦਿੱਤਾ ਜਾਂਦਾ। ਮੁਕਾਬਲੇ
‘ਚ ਮੁੰਡੇ ਹੋਰ ਜੋ਼ਰ ਕਰਦੇ ਤੇ ਆਪਣੇ ਡੌਲਿਆਂ ਤੇ ਪੱਟਾਂ ਦੀ ਤਾਕਤ ਵਿੱਚ ਵਾਧਾ ਕਰਦੇ।
ਜਿੱਥੇ ਉਸ ਯੁਗ ਵਿੱਚ ਬਹੁਤ ਚੰਗੀਆਂ ਭਰਪਣੀ ਰਵਾਇਤਾਂ ਸਨ ਉੱਥੇ ਜ਼ਾਤ-ਪਾਤ ਦੇ ਆਧਾਰ ‘ਤੇ
ਭਿੱਟ ਦੀ ਇੱਕ ਬੜੀ ਬੇਹੂਦਾ ਤੇ ਸ਼ਰਮਨਾਕ ਪ੍ਰਥਾ ਪ੍ਰਚੱਲਤ ਸੀ। ਮੁਸਲਮਾਨ ਤੇ ਈਸਾਈਆਂ ਦੀ
ਛੋਹ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦਾ ਭਿੱਟੇ ਜਾਣ ਦਾ ਭਰਮ ਪਾਲਿਆ ਜਾਂਦਾ। ਜਿਸਦਾ ਜੋਖ਼ਮ
ਬੱਲੀ ਨੂੰ ਕੁਝ ਬਹੁਤਾ ਹੀ ਸਹਿਣਾ ਪੈਂਦਾ। ਭੋਲ੍ਹੇ, ਨਿਰਛਲ ਬੱਚਿਆਂ ਲਈ ਤਾਂ 'ਮਾਣਸ ਕੀ
ਇੱਕੋ ਜਾਤ' ਹੀ ਦਿੱਸਦੀ ਸੀ। ਬਾਹਰ ਬੱਲੀ, ਬੌਲ੍ਹਾ, ਸਦੀਕ ਤੇ ਰਸੂਲਾ ਇਕੱਠੇ ਖੇਡਦੇ
ਫਿਰਦੇ। ਮੁਸਲਮਾਨ ਫਕੀਰਾਂ ਦੇ ਦਾਇਰਿਆਂ, ਕਬਰਾਂ, ਖਾਨਗਾਹਾਂ, ਮਸੀਤਾਂ ਵਿੱਚ ਚੜ੍ਹਦੇ ਰੋਟ
(ਰੋਟੀ ਵਰਗਾ ਗੁੜ, ਆਟੇ, ਘਿਉ ਵਿੱਚ ਗੁੰਨਿਆ ਤੇ ਪਕਾਇਆ ਵੱਡਾ ਸਾਰਾ ਰੋਟ) ਆਮ ਚੜ੍ਹਦੇ ਤੇ
ਪ੍ਰਸ਼ਾਦ ਵਾਂਗ ਲੋਕਾਂ ਵਿੱਚ ਵੰਡਿਆ ਜਾਂਦਾ। ਬੱਲੀ ਆਪਣੇ ਯਾਰਾਂ ਨਾਲ ਹੀ ਰੋਟ ਦਾ ਆਨੰਦ
ਮਾਣਦਾ। ਪਰ ਘਰ ਵਿੱਚ ਸੁੱਚ ਵਰਗੇ ਵਹਿਮ ਭਰਮ ਦੀ ਪੂਰੇ ਪਿੰਡ ਵਿੱਚ ਧੁੰਮ ਪਈ ਹੋਈ ਸੀ।
ਬੱਲੀ ਦੇ ਪਹੁੰਚਣ ਤੋਂ ਪਹਿਲਾਂ ਹੀ ਚੁਗਲੀ ਪਹੁੰਚ ਗਈ ਹੁੰਦੀ। ਭਰਮੀ ਜੀਅ ਬਿਫਰਕੇ ਭੋਲੇ
ਬੱਲੀ ‘ਤੇ ਵਰ ਪੈਂਦੇ। ਬੇਬੇ, ਮਾਸੀ ਤੇ ਬੀਬੀ ਕੋਲੋਂ ਵਾਹਵਾ ਝੰਡ ਹੁੰਦੀ। ਸਿਆਲਾਂ ਵਿੱਚ
ਠੰਡੇ ਪਾਣੀ ਨਾਲ ਚੂਲੀਆਂ ਕਰਾਈਆਂ ਜਾਂਦੀਆਂ ਅਤੇ ਨੁਹਾਇਆ ਜਾਂਦਾ। ਪਰ ਇਹ ਗੱਲ ਬੱਲੀ ਅੱਜ
ਦੱਸਣ ਲੱਗਾ ਜੇ। ਹੁਣ ਸੋਝੀ ਵੀ ਕਾਫੀ ਆ ਚੁੱਕੀ ਹੈ। ਕੋਈ ਡਰ ਭੈਅ ਨਹੀਂ। ਪਰ ਵਿਚਾਰੀਆਂ
ਸੁੱਚ ਵਹਿਮਣਾਂ ਕਦੇ ਦੀਆਂ ਤੁਰ ਗਈਆਂ ਹੋਈਆਂ ਹਨ। ਇੱਕ ਵਿਡੰਬਣਾ ਵੀ ਦੱਸਣ ਵਾਲੀ ਹੈ। ਇੱਕ
ਪਾਸੇ ਸੁੱਚ ਦਾ ਇਹ ਆਲਮ ਤੇ ਦੂਜੇ ਪਾਸੇ ਬੱਲੀ ਤੇ ਸਦੀਕ ਦੀ ਇੱਕ ਆਦਤ ਬਾਰੇ ਵੀ ਸੁਣੋ
ਯਾਰੋ! ਸਦੀਕ ਮੇਰੇ ਕੋਲੋਂ ਦੁਪਹਿਰ ਦੀ ਰੋਟੀ ਪਿੱਛੋਂ ਘਰੋਂ ਅੰਬ ਦਾ ਅਚਾਰ ਮੰਗਵਾ ਲੈਂਦਾ।
ਭਿੱਟੇ ਜਾਣ ਦੀਆਂ ਬੰਦਸ਼ਾਂ ਦੇ ਬਾਵਜੂਦ ਅਸੀਂ ਬਾਜ ਨਾ ਆਉਂਦੇ। ਬੱਲੀ ਘਰ ਤੋਂ ਆਕੀ ਤਾਂ
ਨਹੀਂ ਲੱਗਦਾ ਪਰ ਇਹੋ ਜਿਹੀਆਂ ਗੱਲਾਂ ਫਜ਼ੂਲ ਲੱਗਦੀਆਂ। ਅਸੀਂ ਦੋਵੇਂ ਯਾਰ ਤਪਦੀ ਦੁਪਹਿਰੇ
ਖਰਾਸਾਂ ਪਿੱਛੇ ਲੁਕਾਕੇ ਲਿਆਂਦਾ ਆਚਾਰ ਦੁਨੀਆਂ ਤੋਂ ਲੁਕਕੇ ਵਾਰੋ-ਵਾਰੀ ਚੂਸਦੇ। ਗਰੀਬਾਂ
ਲਈ ਆਚਾਰ ਵੀ ਬੜੀ ਨਿਆਮਤ ਸੀ। ਸਾਡੇ ਘਰੀਂ ਚਾਟੀਆਂ ਭਰੀਆਂ ਹੁੰਦੀਆਂ। ਅੱਜ ਇਹੋ ਜਿਹੀ ਬਾਲ
ਵਰੇਸ ਦੀ ਨਿਰਛਲਤਾ ਤੇ ਯਾਰੀ ‘ਤੇ ਮਾਣ ਮਹਿਸੂਸ ਹੁੰਦੈ।
ਜ਼ਾਤ-ਪਾਤ ਦੀ ਇੱਕ ਹੋਰ ਦਕਿਅਨੂਸੀ ਰਵਾਇਤਾ ਵੀ ਸਾਂਝੀ ਕਰਨੋਂ ਨਹੀਂ ਰਿਹਾ ਜਾਂਦਾ। ਵੱਡਿਆਂ
ਵੱਲੋਂ ਇੱਕ ਰਵਾਇਤ ਪ੍ਰਚਾਰੀ ਜਾਂਦੀ ਅਤੇ ਉਸ ‘ਤੇ ਅਮਲ ਕਰਾਉਣ ਦੀ ਕੋਸਿ਼ਸ਼ ਕੀਤੀ ਜਾਂਦੀ।
ਨੀਵੀਂਆਂ ਜਾਤਾਂ ਵਾਲਿਆਂ ਲਈ ਵਗਦੇ ਖੂਹ ਦੇ ਪਾਣੀ ਨੂੰ ਪੀਣ ਦੀਆਂ ਨਿਸ਼ਚਤ ਥਾਵਾਂ ਦੱਸੀਆਂ
ਜਾਂਦੀਆਂ। ਹਿੰਦੂ-ਸਿੱਖ ਨਸਾਰ ਤੋਂ ਪਾਣੀ ਪੀ ਸਕਦੇ ਸਨ। ਮੁਸਲਮਾਨਾਂ ਨੂੰ ਔਲੂ ‘ਚੋਂ ਤੇ
ਈਸਾਈਆਂ ਤੇ ਹੋਰ ਪਛੜੀਆਂ ਜਾਤਾਂ ਨੂੰ ਆਡ ‘ਚੋਂ ਪਾਣੀ ਪੀਣ ਦਾ ਰਿਵਾਜ ਹੁੰਦਾ। ਕਿੱਡੇ ਵੱਡੇ
ਵਹਿਮਾਂ ਭਰਿਆ ਸੀ ਉਹ ਸਮਾਂ! ਸਭ ਜਾਣਦੇ ਹਨ ਕਿ ਆਜ਼ਾਦੀ ਤੋਂ ਪਹਿਲਾਂ ਰੇਲਵੇ ਸਟੇਸ਼ਨਾਂ
‘ਤੇ ਪਾਣੀ ਪੀਣ ਵਾਲੇ ਘੜਿਆਂ ‘ਤੇ ਬਾਕਾਇਦਾ ਲਿੱਖਿਆ ਹੁੰਦਾ - ਮੁਸਲਮਾਨ ਪਾਣੀ, ਹਿੰਦੂ
ਪਾਣੀ। ਪਿੰਡ ਦੀ ਤਾਂ ਗੱਲ ਹੀ ਛੱਡੋ, ਵੇਖੋ ਬਾਹਰ ਰੇਲ ਗੱਡੀਆਂ ਵਿੱਚ ਸਫ਼ਰ ਕਰਦੇ ਲੋਕ ਵੀ
ਵਹਿਮ-ਭਰਮ ਦੇ ਸਿ਼ਕਾਰ ਸਨ। ਪਰ ਅੰਗਰੇਜ਼ ਸ਼ਾਸਕਾਂ ਨੇ ਇਸ ਵੰਡ ਨੂੰ ਪੜ੍ਹਾਈ ਦੇ ਨਾਲ
ਘਟਾਉਣ ਦੀ ਬਜਾਏ ਬੜ੍ਹਾਵਾ ਦਿੱਤਾ। ਪਾੜੋ ਤੇ ਰਾਜ ਕਰੋ ਨੀਤੀ ਨਹੀਂ ਤਾਂ ਹੋਰ ਕੀ ਸੀ!
ਭਿੱਟ ਦਾ ਆਲਮ ਇਸ ਹੱਦ ਤੱਕ ਫੈਲਿਆ ਹੋਇਆ ਸੀ ਕਿ ਮਾਮੇ ਨਾਲ ਕੰਮ ਕਰਦੇ ਠੱਠੀ ਦੇ ਈਸਾਈ ਦੇ
ਭਾਂਡੇ ਅੱਡ ਘਰ ਦੇ ਬਾਹਰਲੇ ਦਰਵਾਜੇ ਨਾਲ ਬਣੇ ਆਲ਼ੇ ‘ਚ ਰੱਖਵਾਏ ਜਾਂਦੇ। ਉਸਨੂੰ ਉਨ੍ਹਾਂ
‘ਚ ਹੀ ਰੋਟੀ ਮਿਲਦੀ। ਉਹ ਖਾਕੇ, ਧੋ-ਧਾਅਕੇ ਉੱਥੇ ਹੀ ਰੱਖ ਜਾਂਦਾ। ਲੱਗਦੈ 'ਆਲ੍ਹੇ ‘ਚ ਪਿਆ
ਭਾਂਡਾ' ਆਪਣੇ ਆਪ ਵਿੱਚ ਪੂਰੇ ਪੰਜਾਬ ਭਰ ਵਿੱਚ ਇੱਕ ਸੰਕਲਪ ਬਣਿਆ ਹੋਇਆ ਸੀ। ਬੀ.ਐੱਡ.
ਕਾਲਜ ਸੁਧਾਰ ਦੇ ਸਟਾਫ ਨੇ ਇੱਕ ਰਵਾਇਤ ਤੋਰੀ ਹੋਈ ਸੀ। ਰੀਸੈੱਸ ਵਿੱਚ ਪ੍ਰਿੰਸੀਪਲ ਤੇ ਸਟਾਫ
ਸਟਾਫਰੂਮ ਵਿੱਚ ਇਕੱਠੇ ਚਾਹ ਪੀਂਦੇ। ਪ੍ਰੋ. ਜਗਤਾਰ ਸਿੰਘ ਢਿੱਲੋਂ ਓਰਫ ਢਾਹੂ ਤੇ ਪ੍ਰੋ.
ਕੋਮਲ ਸਿੰਘ ਦੀ ਆਪਸ ਵਿੱਚ ਸ਼ਬਦੀ ਚੁੰਝ-ਪਹੁੰਚਾ ਆਮ ਚੱਲਦਾ ਰਹਿੰਦਾ। ਜਿਹਦਾ ਵੀ ਦਾਅ
ਲੱਗਦਾ ਠਿੱਬੀ ਲਾਉਣੋਂ ਕਦੀ ਨਾ ਖੁੰਝਦਾ। ਇੱਕ ਦਿਨ ਚਾਹ ਲਈ ਜਗਤਾਰ ਕਿਤੇ ਲੇਟ ਹੋ ਗਿਆ।
ਚਾਹ ਪੀਤੀ ਜਾ ਰਹੀ ਸੀ। ਉਹਦੇ ਅੰਦਰ ਵੜਦਿਆਂ ਹੀ ਕੋਮਲ ਕਹਿੰਦਾ: ਓਏ ਬਾਈ! ਆਲੇ਼ ‘ਚੋਂ
ਆਪਣਾ ਭਾਂਡਾ ਚੱਕ ਲੈ ... ਤੇ ਆਜਾ ਪੀ ਲੈ ...। ਸਟਾਫ ‘ਚ ਹਾਸਾ ਇੱਕ ਫੁਹਾਰੇ ਵਾਂਗ ਫੁੱਟ
ਪਿਆ। ਬਾਈ ਜਗਤਾਰ ਬਥੇਰੇ ਮੋੜੇ ਦੇਵੇ, ਪਰ ਹਾਸੇ ਦੇ ਛਣਕਾਟੇ ‘ਚ ਕੋਈ ਗੱਲ ਨਾ ਬਣੀ।
ਕਮਾਨੋਂ ਤੀਰ ਨਿਕਲ ਪਹਿਲ ਕਰ ਗਿਆ ਹੋਇਆ ਸੀ।
ਸਦੀਕ ਦਾਈ ਦਿੱਤੀ ਕਸ਼ਮੀਰਨ ਅਤੇ ਰਸੂਲਾ ਭੂਆ ਜੀਵਾਂ ਮਿਰਾਸਣ ਦਾ ਮੁੰਡਾ ਸੀ। ਇਨ੍ਹਾਂ ਦੇ
ਘਰਾਂ ਦੀ ਅੱਤਿ ਦੀ ਗਰੀਬੀ ਦਾ ਨਕਸ਼ਾ ਅੱਜ ਵੀ ਅੱਖਾਂ ਅੱਗੇ ਆ ਜਾਂਦੈ। ਘਰ ਦੇ ਸਾਰੇ ਭਾਂਡੇ
ਮਿੱਟੀ ਦੇ ਹੁੰਦੇ। ਘਰ ‘ਚ ਘੜਾ, ਕਨਾਲੀ, ਹਾਂਡੀ, ਕਟੋਰਾ ਤੇ ਛਾਬਾ ਹੀ ਦਿੱਸਦਾ। ਇੱਕ ਦੋ
ਟੁੱਟੀਆਂ ਭੱਜੀਆਂ ਮੰਜੀਆਂ, ਮੈਲੀਆਂ, ਕੁਚੈਲੀਆਂ ਫਟੀਆਂ-ਪੁਰਾਣੀਆਂ ਰਜਾਈਆਂ, ਤਲਾਈਆਂ
ਵੇਖੀਦੀਆਂ ਸਨ। ਰੋਟੀ ਵੀ ਉਹਨਾਂ ਦੀ ਸੁਕੇ ਡਖੱਲ, ਲੂਣ ਮਿਰਚ ਲਾਕੇ ਖਾਂਦੇ ਵੇਖੀਦੇ ਸਨ। ਘਰ
ਵਿੱਚ ਕਦੀ ਹੀ ਹਾਂਡੀ ਚੜ੍ਹਦੀ, ਰੋਟੀ ਪੱਕਦੀ ਵੇਖੀਦੀ ਸੀ। ਜੋ ਵੀ ਜੱਟਾਂ ਦੇ ਘਰਾਂ ‘ਚੋਂ
ਆਉਂਦਾ ਵਿਚਾਰੇ ਖਾ ਪੀ ਲੈਂਦੇ। ਸ਼ਾਇਦ ਪੇਟ ਦੀ ਅੱਗ ਬੁਝਾਉਣ ਲਈ ਉਹਨਾਂ ਨੂੰ ਏਧਰ-ਓਧਰ
ਦੀਆਂ ਚਲਾਕੀਆਂ ਮਾਰਨੀਆਂ ਬੜੀਆਂ ਆਉਂਦੀਆਂ ਸਨ। ਹੁਣ ਉਹ ਬੱਲੀ ਨੂੰ ਅੱਜ-ਕੱਲ੍ਹ ਦੇ ਲੀਡਰਾਂ
ਵਾਂਗ ਚਾਲਬਾਜ਼ ਜਾਪਦੇ ਨੇ। ਇੱਕ ਵਾਰੀ ਬਾਪ ਛੁੱਟੀ ਆਇਆ। ਉਹਨੇ ਮੋਟੇ ਤੋਤਾ ਅੰਬ ਲਿਆਂਦੇ।
ਬੱਲੀ ਇੱਕ ਲੈਕੇ ਆਪਣੇ ਯਾਰਾਂ ਨੂੰ ਜਾ ਮਿਲਿਆ। ਸ਼ਾਇਦ ਉਹ ਉਡੀਕਦੇ ਹੀ ਸਨ। ਸਦੀਕ ਰਸੂਲੇ
ਨਾਲੋਂ ਕੁੱਝ ਤਿੱਖਾ ਸੀ। ਅੰਬ ਵੇਖਕੇ ਕਹਿੰਦਾ: ਉਏ ਬੱਲੀ, ਚੱਲ ਇਹਨੂੰ ਤਿਆਡੀ ਬਾਹਰਲੀ
ਵੇਹਲੀ ... ‘ਚ ਬੀਜ ਦਈਏ ... ਇਹ ਵੱਡਾ ਹੋਵੇਗਾ ... ਫਿਰ ਇਹਨੂੰ ਹੋਰ ... ਏਦਾਂ ਦੇ ਬੜੇ
ਅੰਬ ... ਲੱਗਿਆ ਕਰਨਗੇ ... ਰੱਜਕੇ ਖਾਇਆ ਕਰਾਂਗੇ ... । ਹਵੇਲੀ ‘ਚ ਜਾ ਟੋਇਆ ਪੱਟ ਅੰਬ
ਬੀਜ ਦਿੱਤਾ, ਅਤੇ ਪਾਣੀ ਪਾ ਘਰਾਂ ਨੂੰ ਤੁਰ ਗਏ। ਮਨ ‘ਚ ਉਤਸਕਤਾ ਸੀ ਵੇਖਾਂ ਕਿੱਡਾ ਕੁ
ਵੱਡਾ ਹੋ ਗਿਐ। ਜਾ ਟੋਇਆ ਵੇਖਿਆ। ਟੋਇਆ ਵਿਚਾਰਾ ਮੂੰਹ ਅੱਡੀ ਪਿਆ ਮੇਰੇ ਸਿਧਰੇਪਨ ‘ਤੇ ਹੱਸ
ਰਿਹਾ ਸੀ। ਹੁਣ ਮਹਿਸੂਸ ਹੁੰਦੈ ਉਹ ਕਿੰਨੇ ਚੁਸਤ, ਚਲਾਕ, ਤੇਜ਼ ਬੁੱਧੀ ਵਾਲੇ ਛਾਤਰ ਮੁੰਡੇ
ਸਨ। ਉਨ੍ਹਾਂ ਦੇ ਮੁਕਾਬਲੇ ਮੈਂ ਤਾਂ ਬੁੱਧੂ ਨਾਥ ਈ ਲੱਗਦਾਂ। ਗੁੰਨੇ ਆਕੇ ਵੀ ਮਿਹਰਿਆਂ ਦੇ
ਮੁੰਡੇ ਵੀ ਮੇਰੇ ਨਾਲ ਇਹੋ ਜਿਹੀ ਠੱਗੀਆਂ ਮਾਰ ਜਾਂਦੇ।
ਦੋਹਤਿਆਂ ਨਾਲ ਹੋਏ ਮੋਹ ਭਰੇ ਚੋਹਲ-ਮੋਹਲ ਵੀ ਸੁਣ ਲਓ ਦੋਸਤੋ! ਇਹ ਘਟਨਾ 'ਬਾਲੋ ਸ਼ਾਹਣੀ ਦਾ
ਚੋਰ ਬੱਲੀ' ਕਿਵੇਂ ਬਣਿਆ ਸਬੰਧੀ ਹੈ। “ਨੀ ਚਾਚੀ…ਲਿਆ ਕੱਢ ਜਰਾ ਬਾਹਰ ਮੇਰੇ ਚੋਰ…ਬੱਲੀ
ਨੂੰ…ਵੇਖ ਆਪਣੇ ਦੋਹਤੇ ਦੀ ਕਰਤੂਤ…ਗਰਕ ਜਾਣੇ ਨੇ … ਆਹ ਵੇਖ ਜਾਮਣੂ ਦਾ ਟਾਹਣ ਭੰਨ੍ਹ ਦਿੱਤਾ
ਈ … ਅੱਜ ਮੈਂ ਇਹਨੂੰ ਛੱਡਣਾ ਨਹੀਂ .... ਪਾੜ ‘ਤੇ ਈ ਫ਼ੜ ਲਿਆ ਈ…ਅੱਜ ਜੇ ਮੈਂ ਇਹਦਾ ਮੱਕੂ
ਨਾ ਠੱਪਿਆ…ਮੈਨੂੰ ਵੀ ਬਾਲੋ ਸ਼ਾਹਣੀ ਕੌਣ ਆਖੂ …”। ਬਦਕਿਸਮਤੀ ਬੱਲੀ ਦੀ! ਚੋਰ ਦਰਵਾਜ਼ੇ ਦੇ
ਮੋਹਰੇ, ਸਾਹਮਣੇ ਬਰਾਂਡੇ ‘ਚ ਮੰਜੇ ‘ਤੇ ਲੱਤਾਂ ਲਮਕਾਈ ਕੌਲੀ ‘ਚ ਲੂਣ ਲਾ ਅੱਧ ਕੱਚੇ-ਪੱਕੇ
ਜਾਮਣੂ ਖਾ ਰਿਹਾ ਸੀ। ਹਨ੍ਹੇਰੀ ਵਾਂਗ ਚੜ੍ਹੀ ਬਾਲੋ ਨੂੰ ਵੇਖ ਬੱਲੀ ਸਹਿਮ ਗਿਆ। ਕੱਚਾ
ਹੋਇਆ, ਡਰਿਆ ਹੋਇਆ ਕੌਲੀ ਪਿੱਠ ਪਿੱਛੇ ਲੁਕਾਈ ਜਾਵੇ। ਮੌਕੇ ‘ਤੇ ਰੰਗੇ ਹੱਥੀਂ ਫੜਿਆ ਗਿਆ।
ਅਣਭੋਲ ਚੋਰ ਦਾ ਰੰਗ ਫੁੱਕ ਹੋ ਗਿਆ। ਓਵੇਂ ਹੀ 'ਕੱਚੀ ਹੋ ਗਈ ਲਿੱਲ੍ਹ ਵਰਗੀ ਜਦੋਂ ਵੇਖ ਲਈ
ਕੰਧ ‘ਤੇ ਚੜਦੀ।'
ਬੇਬੇ ਨੇ ਕਿਹਾ: ‘ਨੀ ਅੜੀਏ ਬਾਲੋ! ਠਹਿਰ ਜਾ ਪੁੱਛ ਤਾਂ ਲਈਏ…ਐਵੇਂ ਨਾ ਕਿਤੇ ਬੇਕਸੂਰੇ ਨੂੰ
ਫੰ਼ਡ ਧਰੀਂ…ਆਪਣੇ ਭਣੇਵੇਂ ਨੂੰ…”। ਬੱਲੀ ਸਹਿਮਿਆ ਹੋਇਆ ਬੋਲਿਆ: “ਨਈਂ ਬੇਬੇ…ਨਈਂ
ਬੇਬੇ…ਸਵੇਰੇ ਜਦੋਂ ਮੈਂ ਤੇ ਬੌਲ੍ਹਾ ਬਾਹਰ ਗਏ ... ਔਹ ਟਹਿਣੀ ਨੇਰ੍ਹੀ ਨਾਲ ... ਟੁੱਟਕੇ
ਡਿੱਗੀ ਪਈ ਸੀ… ਧਰਮ ਨਾਲ ... ਔਹ ਜਿਹੜੀ …ਅਹੀਂ ਜਾਮਨੂੰ ਨਾਲੋਂ ਭੰਨੀ ਕੋਈ ਨਹੀਂ…ਪੁੱਛ ਲਓ
ਭਾਵੇਂ ਲੰਬੜਾਂ ਦੇ ਦਿਆਲ ਨੂੰ … ਉਹ ਖ਼ੂਹ ‘ਤੇ ਖੜ੍ਹਾ ਸੀ … ਇਹ ਜਾਮ੍ਹਣ ਮੈਂ ਤੇ ਬੌਲ੍ਹੇ
ਨੇ ਲਾਹ ਲਏ … ਅਸੀਂ ਨਾ ਤਾਂ ਜਾਮ੍ਹਣ ‘ਤੇ ਚੜ੍ਹੇ ... ਨਾ ਹੀ ਟਹਿਣੀ ਤੋੜੀ … ਰਾਤ ਦੀ
ਹਨੇਰੀ ‘ਚ ... ਟਾਹਣੀ ਟੁੱਟਕੇ ਥੱਲੇ ... ਡਿੱਗੀ ਪਈ ਸੀ … ਸੱਚ ਕਹਿੰਨਾ…ਬੇਬੇ …ਸੱਚੀਂ
ਅਸੀਂ ਨਈਂ ਤੋੜੀ…”।
ਸਚਾਈ ਤਾਂ ਸ਼ਾਇਦ ਉਨ੍ਹਾਂ ਨੂੰ ਪਤਾ ਹੀ ਸੀ ਕਿ ਬਾਲੋ ਚੋਹਲ-ਮੋਹਲ ਕਰ ਰਹੀ ਹੈ। ਬੱਲੀ ਦੇ
ਸਾਹ ਐਸੇ ਸੁੱਕੇ ਜਿਹੜੇ ਉਸ ਨੂੰ ਕਦੀ ਨਹੀਂ ਭੁੱਲਦੇ। ਹੁਣ ਮਹਿਸੂਸ ਹੁੰਦੈ, ਉਹ ਤਾਂ ਬੱਲੀ
ਨਾਲ ਲਾਡ ਪਿਆਰ ਵਿੱਚ ਚੋਹਲ-ਮੋਹਲ ਕਰ ਰਹੀ ਸੀ। ਵਿੱਚੋਂ ਬੇਬੇ ਵੀ ਸਮਝਦੀ ਸੀ। ਪਰ ਉਸ ਨੇ
ਪਤਾ ਨਾ ਲੱਗਣ ਦਿੱਤਾ। ਸਾਡੇ ‘ਤੇ ਹੱਸਦਿਆਂ ਉਹ ਏਧਰ ਉੱਧਰ ਦੀਆਂ ਗੱਲਾਂ ਵਿੱਚ ਪੈ ਗਈਆਂ।
ਉਹੀ ਜਾਮਣੂੰ ਜਿਹੜੇ ਸੁਆਦ ਲੱਗ ਰਹੇ ਸਨ, ਹੁਣ ਉਹ ਸੰਘੋਂ ਨਹੀਂ ਸਨ ਲੱਥ ਰਹੇ। ਪਹਿਲਾਂ
ਵਰਗਾ ਸੁਆਦ ਫਿਰ ਨਾ ਆਇਆ…।
ਬਾਲੋ, ਨਿਰੀ ਨਾਨਕਿਆਂ ਦੀ ਹੀ ਨਹੀਂ, ਪੂਰੇ ਇਲਾਕੇ ‘ਚ ਇੱਕ ਮੰਨੀ ਪ੍ਰਮੰਨੀ ਹਸਤੀ ਸੀ।
ਉਸਦਾ ਸਰੂਪ ਅੱਜ ਵੀ ਬੱਲੀ ਦੇ ਚੇਤਿਆਂ ਵਿੱਚ ਚਿਤਰਿਐ ਪਿਐ। ਉੱਚੀ ਲੰਮੀ ਬਹੁਤ ਹੀ ਸੋਹਣੀ
‘ਤੇ ਦਲੇਰ ਔਰਤ ਸੀ ਉਹ। ਉਸ ਦਾ ਸਾਖਸ਼ਾਤ ਸਰੂਪ ਬੱਲੀ ਦੀਆਂ ਅੱਖਾਂ ਅੱਗੇ ਹੁਣ ਵੀ ਫਿਰ
ਰਿਹੈ। ਕਣਕ ਭਿੰਨਾ ਰੰਗ, ਤਿੱਖੇ ਨੈਣ ਨਕਸ਼। ਨੱਕ ਦੇ ਇੱਕ ਪਾਸੇ ਚਮਕਦੀ ਤੀਲ੍ਹੀ, ਅੱਖਾਂ
‘ਤੇ ਸੁਨਹਿਰੀ ਫਰੇਮ ਵਾਲੀ ਚਮਕਦੀ ਐਨਕ ਲੱਗੀ ਹੁੰਦੀ। ਮਾਵਾ ਲੱਗਾ ਦੁਪੱਟਾ, ਚਿੱਟੀ ਸਲਵਾਰ
ਤੇ ਚਿੱਟੀਆਂ ਬੂਟੀਆਂ ਵਾਲੀ ਕਾਲੀ ਕਮੀਜ਼। ਬੜੀ ਰੋਹਬ-ਦਾਅਬ ਵਾਲੀ ਆਵਾਜ਼ ਸੀ ਉਹਦੀ। ਬਾਹਰ
ਅੰਦਰ ਜਾਣ ਲਈ ਉਸ ਹੇਠ ਵਧੀਆ ਘੋੜਾ ਹੁੰਦਾ। ਘੋੜੇ ‘ਤੇ ਚੜ੍ਹੀ ਦੀ ਡੈਸ਼ ਝੱਲ੍ਹੀ ਨਹੀਂ ਸੀ
ਜਾਂਦੀ। ਸਰਕਾਰੇ ਦਰਬਾਰੇ ਉਸ ਦੀ ਚੰਗੀ ਪੈਂਹਠ ਬਣੀ ਹੋਈ ਸੀ। ਬਾਲੋ ਸ਼ਾਹਣੀ ਠਾਣੇ ਵਿੱਚ
ਸਣੇ ਘੋੜੇ ਪ੍ਰਵੇਸ਼ ਕਰਨ ਦਾ ਅਧਿਕਾਰ ਰੱਖਦੀ ਸੀ। ਠਾਣੇਦਾਰ ਅੱਗੋਂ ਉੱਠਕੇ ਮਿਲਦਾ ਅਤੇ ਉਸ
ਦੇ ਘੋੜੇ ਨੂੰ ਸਿਪਾਹੀ ਸੰਭਾਲਣ ਲੱਗ ਪੈਂਦੇ।
ਬਾਲੋ ਦੇ ਪਤੀ ਸ਼ਾਹ ਦੀ ਮੌਤ ਹੋ ਚੁੱਕੀ ਹੋਈ ਸੀ। ਉਹ ਇੱਕ ਵੱਡੀ ਮਿਲਖ਼, ਜਾਇਦਾਦ ਦਾ ਮਾਲਕ
ਸੀ। ਉਸ ਦਾ ਪਿੰਡ ਦੇ ਵਿਚਕਾਰ ਵੱਡਾ ਸਾਰਾ ਘਰ ਸੀ। ਉੱਪਰ ਜਾਲੀਆਂ ਵਾਲੀਆਂ ਬਾਰੀਆਂ ਵਾਲਾ
ਚੁਬਾਰਾ। ਪਿੰਡ ‘ਚ ਇਹ ਹੀ ਇੱਕੋ ਇੱਕ ਚੁਬਾਰਾ ਸੀ। ਸ਼ਾਹ ਦੀ ਮੌਤ ਪਿੱਛੋਂ ਬਾਲੋ ਹੀ ਸਾਰੀ
ਜਾਇਦਾਦ ਦੀ ਮਾਲਕ ਬਣ ਗਈ। ਹਰ ਵਰਗ ਨਾਲ ਗੱਲ ਕਰਨ ਦਾ ਉਸ ਦਾ ਸਲੀਕਾ ਬੜਾ ਪ੍ਰਭਾਵਿਕ
ਹੁੰਦਾ। ਹਾਣ ਦੀਆਂ ਨਾਲ ਗੱਲਾਂ ਬੜੇ ਸਨੇਹ ਤੇ ਰਾਜ਼ ਭਰੇ ਇਸ਼ਾਰਿਆਂ ਨਾਲ ਕਰਦੀ। ਵਡੇਰੀਆਂ
ਨਾਲ ਬੇਬੇ, ਚਾਚੀ, ਤਾਈ ਕਹਿ ਇਜ਼ਤ ਨਾਲ ਪੇਸ਼ ਆਉਂਦੀ। ਪਰ੍ਹੇ ਪੰਚਾਇਤ ‘ਚ ਬੜੇ ਠਰੰਮ੍ਹੇ
ਤੇ ਦਲੇਰੀ ਨਾਲ ਗੱਲ ਕਰਦੀ। ਕਈ ਵਾਰੀ ਵੰਗਾਰ ਕੇ ਕਹਿੰਦੀ, ‘ਸੁਣ ਵੇ, ਮੈਨੂੰ ਤੀਵੀਂਆਂ ਨਾਲ
ਬਾਹਰ ਹੱਗਣ ਜਾਣ ਦੀ ਆਦਤ ਨਹੀਂ… ਮੈਂ ਬੰਦਿਆਂ ‘ਚ ... ਉੱਠਣਾ ਬੈਠਣਾ ਜਾਣਦੀ ਆਂ… ਗੱਲ
ਕਰਨੀ ਵੀ ਜਾਣਦੀ ਆਂ ...’। ਉਹਦੀਆਂ ਅੱਖਾਂ ਦੇ ਤੇਜ਼ ਤੇ ਮਨੋਬਲ ਰਾਟੀਖਾਨਾਂ ਨੂੰ ਵੀ
ਨੀਵੀਂ ਪਵਾ ਦਿੰਦਾ।
ਕਹਿੰਦੇ ਹਨ ਕਿ ਬਾਲੋ ਲਹਿੰਦੇ ਵਾਲੇ ਪਾਸੇ ਇੱਕ ਛੋਟੇ ਜਿਹੇ ਪਿੰਡ ਲੁੱਧੜਾਂ ਤੋਂ ਸੀ। ਸ਼ਾਹ
ਦੀ ਪਹਿਲੀ ਘਰਵਾਲੀ ਦੇ ਪੂਰੇ ਹੋਣ ਪਿੱਛੋਂ ਉਸ ਦੇ ਸੁਹੱਪਣ ਕਰਕੇ ਹੀ ਸ਼ਾਹ ਨੇ ਉਸ ਨੂੰ
ਛੋਟੀ ਉਮਰੇ ਵਿਆਹ ਲਿਆਂਦਾ ਸੀ। ਉਸ ਦੇ ਮਾਪੇ ਸਧਾਰਨ ਜੱਟ ਸਨ। ਸ਼ਾਹ ਦੇ ਪੂਰੇ ਹੋ ਜਾਣ ‘ਤੇ
ਬਾਲੋ ਨੇ ਮੜੀਆਂ ‘ਚ ਉਸ ਦੀ ਮੜੀ ‘ਤੇ ਪੱਕੀਆਂ ਇੱਟਾਂ ਦੀ ਸਫੈਦ ਮਾਤਾ ਰਾਣੀ ਬਣਾਈ ਹੋਈ ਸੀ।
ਇਸ ਵਿੱਚ ਹੀ ਸਕੂਲ ਜਾਣ ਤੋਂ ਬੱਚਣ ਲਈ ਬੱਲੀ ਜਾ ਲੁੱਕਿਆ ਸੀ।
ਕੰਨਸੋਆਂ ਸਨ … ਉਸਦਾ ਇਲਾਕੇ ਦੇ ਮੰਨੇ ਪ੍ਰਮੰਨੇ ਮੁਨਸ਼ੀ ਬਦਮਾਸ ਨਾਲ ਕਦੀ ਮੇਲ ਮਿਲਾਪ
ਹੁੰਦਾ ਸੀ। ਪਰ ਪਿੱਛੋਂ ਵਿਗੜ ਗਈ। ਛੱਡੋ ਸੁਣੀ ਸੁਣਾਈ ਗੱਲ ਕਾਹਨੂੰ ਕਰਨੀ ਏ। ਮੁਨਸ਼ੀ
ਬਾਰੇ ਲੋਕਕਥਾ ਸੀ ਕਿ ਉਹ ਆਪਣੇ ਬਾਹਰੇ ‘ਚ ਕੋਈ ਅਪਰਾਧ ਨਾ ਕਰਦਾ ਤੇ ਨਾ ਹੋਣ ਦਿੰਦਾ।
ਚੁਫੇਰ ਦੇ ਪਿੰਡਾਂ ਦੇ ਗਰੀਬ ਗੁਰਬੇ ਦੀ ਮਦਦ ਕਰਦਾ। ਆਪਣੀ ਵਾਰਦਾਤ ਦਾ ਨਿਸ਼ਾਨਾ ਉਹ ਦੂਰ
ਦਰਾਜ਼ ਦੇ ਸ਼ਾਹੂਕਾਰਾਂ ਨੂੰ ਹੀ ਬਣਾਉਂਦਾ।
ਇਹੋ ਜਿਹੇ ਰੋਹਬ-ਦਾਅਬ ਤੇ ਠਾਠ-ਬਾਠ ਸੀ ਨਿੰਦੋਕਿਆਂ ਦੀ ਬਾਲੋ ਸ਼ਾਹਣੀ ਦਾ! ਬੱਲੀ ਦੀ ਤਾਂ
ਲੱਗਦੀ ਸੀ ਮਾਸੀ! ਵੱਡਾ ਹੋਇਆ ਬੱਲੀ ਜਦੋਂ ਵੀ ਨਾਨਕੇ ਜਾਂਦਾ ਉਹ ਬੜੇ ਮੋਹ ਨਾਲ ਆਪਣੇ ਬੱਲੀ
ਚੋਰ ਨੂੰ ਮਿਲਦੀ। ਪਾਕਿਸਤਾਨ ਬਣਨ ਪਿੱਛੋਂ ਇੱਕ ਵਾਰੀ ਉਹ ਮਾਮੇ ਕੋਲ ਪਿੰਡ ਬਸੰਤਕੋਟ
(ਬਟਾਲਾ) ਆਈ ਹੋਈ ਸੀ। ਕੁਦਰਤੀ ਬੱਲੀ ਵੀ ਉੱਥੇ ਪਹੁੰਚ ਗਿਆ। ਬੱਲੀ ਦੇ ਮਾਮੇ ਦੇ ਵਿਚਕਾਰਲੇ
ਪ੍ਰੋਫੈਸਰ ਪੁੱਤ ਭਰਾ ਦੀ ਵਿਚੋਲਣ ਜਿਹੀ ਬਣੀ ਫਿਰਦੀ ਸੀ। ਉਹਦੀ ਉਮਰ ਵਾਹਵਾ ਢਲ਼ ਚੁੱਕੀ
ਹੋਈ ਸੀ। ਚਿੱਟੇ ਕੱਪੜਿਆਂ ਵਿੱਚ ਹਾਲੀ ਵੀ ਵਾਹਵਾ ਫੱਬ ਰਹੀ ਸੀ। 'ਖੰਡਰਾਤ ਬਤਾਤੇ ਹੈਂ ਕਿ
ਇਮਾਰਤ ਕਭੀ ਅਜ਼ੀਮ ਥੀ'। ਹੁੱਭ ਕੇ ਮਿਲੀ ਤੇ ਜਾਮਣੂੰਆਂ ਵਾਲੇ ਕਿੱਸੇ ਨੂੰ ਦੁਹਰਾਇਆ ਗਿਆ।
ਉਸ ਰੌਚਿੱਕ ਅਤੀਤ ਵਿੱਚ ਸਾਰੇ ਹੀ ਰੁੜਨ ਲੱਗ ਪਏ। “ਵੇ ਸੁਣਿਆ ਹੁਣ ਤੂੰ ਪ੍ਰੋਫੈਸਰ ਬਣਿਆਂ
ਹੋਇਐਂ… ਹੁਣ ਤਾਂ ਨਈਂ ... ਜਾਮਣੂੰ ਖਾਣ ਨੂੰ ਚਿੱਤ ਕਰਦਾ…।” ਕਿੰਨੀ ਦੇਰ ਨਿੰਦੋਕਿਆਂ
ਦੀਆਂ ਹੇਰਵੇ ਭਰਪੂਰ ਗੱਲਾਂ ਕਰਦੇ ਰਹੇ। ਉਸ ਪਿੱਛੋਂ ਉਸ ਨਾਲ ਮੇਲ ਨਹੀਂ ਹੋ ਸਕਿਆ। ਮੇਰੇ
ਚੇਤਿਆਂ ਦੇ ਸਦਾ ਚਹਿ-ਚਹਾਉਂਦੇ ਫੁੱਲਾਂ ਵਰਗੇ ਉਹ ਪਲ਼ ਅਤੇ ਨਾਨਕਿਆਂ ਦੀ ਬਾਲੋ ਦੀ
ਸ਼ਖਸੀਅਤ ਦੇ ਪ੍ਰਭਾਵ ਅਮਿਟ ਬਣ ਚੁੱਕੇ ਹੋਏ ਹਨ ਤੇ ਬਣੇ ਰਹਿਣਗੇ।
ਤਿਆਰੀ ਅਧੀਨ 'ਚੇਤਿਆਂ ਦੀ ਫੁਲਕਾਰੀ' 'ਚੋਂ
ਫੋਨ: 647-402-2170
-0-
|