“ਸ਼ੁਕਰ ਐ ਰੱਬਾ! ਦੀਪ ਦੋ
ਸਾਲ ਬਾਅਦ ਘਰ ਆ ਰਿਹੈ। ਕਿੰਨਾ ਖੁਸ਼ੀ ਵਾਲਾ ਦਿਨ ਐ, ਅੱਜ ਮੇਰੇ ਲਈ”, ਆਪਣੇ ਆਪ ਨਾਲ
ਗੱਲਾਂ ਕਰਦੀ, ਉਸ ਦੇ ਕਮਰੇ ਦੀਆਂ ਚੀਜ਼ਾਂ ਨੂੰ ਸਾਫ਼ ਕਰ ਕੇ ਥਾਂ ਸਿਰ ਰੱਖ ਰਹੀ ਸਾਂ।
ਸ਼ੋਅ ਕੇਸ ਵਿੱਚੋਂ ਇੱਕ ਇੱਕ ਡੈਕੋਰੇਸ਼ਨ ਪੀਸ ਕੱਢਦੀ, ਕਿੱਥੋਂ ਤੇ ਕਦੋਂ ਲਿਆ ਸੀ, ਸੋਚਦੀ
ਅਤੇ ਗੁਜ਼ਰੇ ਸਮੇਂ ਨੂੰ ਯਾਦ ਕਰਦੀ। ਸਾਹਮਣੇ ਪਏ ਅੱਧੀ ਉਂਗਲੀ ਜਿੰਨੇ ਛੋਟੇ ਛੋਟੇ, ਤਾਰ
ਨਾਲ ਜੁੜੇ ਹੋਏ ਬੂਟਾਂ ਦੇ ਜੋੜੇ ਨੂੰ ਬਾਹਰ ਕੱਢਿਆ। ਕਪੜਾ ਲੈ ਬੜੇ ਹੀ ਪਿਆਰ ਨਾਲ ਸਾਫ਼
ਕੀਤਾ ਅਤੇ ਹੱਥ ਤੇ ਰੱਖ ਨਿਹਾਰਨ ਲੱਗੀ - ਐਨੇ ਛੋਟੇ ਜਿਹੇ ਬੂਟ!
ਦੀਪ ਦੇ ਡੈਡੀ, ਸਾਗਰ ਹਾਲੇ ਤਿੰਨ ਕੁ ਸਾਲ ਦੇ ਹੀ ਸਨ ਜਦੋਂ ਉਨ੍ਹਾਂ ਦੇ ਪਾਪਾ ਜੀ ਨੇ ਕਮਰੇ
ਦੀ ਦਹਿਲੀਜ਼ ਦੇ ਤਾਜ਼ੇ ਹੋਏ ਪਲੱਸਤਰ ਵਿੱਚ ਸਾਗਰ ਦੇ ਨਿੱਕੇ ਨਿੱਕੇ ਪੈਰਾਂ ਦੇ ਨਿਸ਼ਾਨ
ਲਗਵਾ ਦਿੱਤੇ ਸਨ। ਸਾਗਰ ਦੇ ਮਨ ’ਚ ਇਹ ਧਾਰਨਾ ਘਰ ਕਰ ਗਈ ਸੀ ਕਿ ਸਾਨੂੰ ਆਪਣੀ ਜਿ਼ੰਦਗੀ
ਵਿੱਚ ਆਪਣੇ ਪੈਰਾਂ ਦੇ ਨਿਸ਼ਾਨ ਛੱਡ ਕੇ ਜਾਣਾ ਚਾਹੀਦਾ ਹੈ। ਬਚਪਨ ਵਿੱਚ ਜਦ ਵੀ ਵੱਸ ਚੱਲਦਾ
ਉਹ ਆਪਣੇ ਪੈਰਾਂ ਦੇ ਨਿਸ਼ਾਨ ਚਿੱਕੜ ਜਾਂ ਰੇਤ ਵਿੱਚ ਲਗਾ ਕੇ ਬਹੁਤ ਖੁਸ਼ ਹੁੰਦੇ। ਸ਼ਾਇਦ
ਇਸੇ ਲਈ ਜਦੋਂ ਪਹਿਲੀ ਵਾਰ ਇੰਗਲੈਂਡ ਗਏ ਤਾਂ ਦੀਪ ਲਈ ਇਹ ਬੂਟ ਲੈ ਕੇ ਆਏ, ਉਹ ਵੀ ਤਿੰਨ
ਜੋੜੇ। ਮੈਂ ਪੁੱਛਿਆ, “ਤਿੰਨ ਜੋੜੇ ਲਿਆਉਣ ਦੀ ਕੀ ਲੋੜ ਸੀ?”
“ਮੈਡਮ, ਜਦੋਂ ਦੂਜਾ ਬੱਚਾ ਹੋਏਗਾ, ਉਹਦੇ ਲਈ... ਉਦੋਂ ਤੱਕ ਦੀਪ ਆਪਣੇ ਵਾਲੇ ਤਾਂ ਤੋੜ ਈ
ਚੁੱਕਾ ਹੋਏਗਾ”।
“ਤੇ... ਤੀਸਰਾ ਜੋੜਾ?” ਪੂਰੀ ਗੱਲ ਪੁੱਛੇ ਬਿਨਾਂ ਚੁੱਪ ਰਹਿਣ ਵਾਲੀ ਮੈਂ ਵੀ ਨਹੀਂ ਸੀ।
“ਆਪੇ ਕਹਿੰਨੀ ਹੁੰਨੀ ਏਂ ਕਿ ਘਰ ’ਚ ਦੋ ਬੱਚੇ ਪਾਲ ਰਹੀ ਆਂ? ਇਹ, ਉਸ ਵੱਡੇ ਬੱਚੇ ਲਈ” ਕਹਿ
ਸ਼ਰਾਰਤ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਦੇ ਹੱਸ ਕੇ ਬੋਲੇ, “ਇਹ ਮੇਰੇ ਦਫ਼ਤਰ ’ਚ
ਰਹਿਣਗੇ”।
ਸਾਗਰ ਨੂੰ ਇਹ ਬੂਟ ਬਹੁਤ ਚੰਗੇ ਲੱਗਦੇ ਸਨ। ਦਫ਼ਤਰ ਵਿੱਚ ਬੈਠੇ ਵੀ ਜਦੋਂ ਜੀਅ ਕਰਦਾ, ਜ਼ਰਾ
ਜਿੰਨੀ ਚਾਬੀ ਘੁਮਾਉਂਦੇ ਤੇ ਬੂਟ ਤੁਰਨ ਲੱਗ ਪੈਂਦੇ। ਅਸੀਂ ਉਦੋਂ ਚੰਡੀਗੜ੍ਹ ਰਹਿੰਦੇ ਹੁੰਦੇ
ਸਾਂ। ਦੀਪ ਹਾਲੇ ਛੋਟਾ ਜਿਹਾ ਸੀ। ਉਸ ਲਈ ਇਹ ਸਭ ਤੋਂ ਵਧੀਆ ਖਿਡੌਣਾ ਸੀ। ਮੌਕਾ ਮਿਲਣ ਤੇ
ਦੋਵੇਂ ਪਾਪਾ ਬੇਟਾ ਚਾਬੀ ਘੁਮਾ ਦਿੰਦੇ। ਕੈਨੇਡਾ ਆਉਣ ਵੇਲੇ, ਸਾਂਭ ਕੇ ਰੱਖਿਆ ਹੋਇਆ ਇੱਕ
ਜੋੜਾ ਨਾਲ ਲੈ ਆਏ। ਮੈਂ ਉਨ੍ਹਾਂ ਬੂਟਾਂ ਨੂੰ ਘੁੱਟ ਕੇ ਫੜ ਲਿਆ। ਇੰਜ ਲੱਗਾ ਜਿਵੇਂ ਮੈਂ
ਆਪਣੇ ਪਤੀ ਅਤੇ ਬੱਚੇ ਦੋਹਾਂ ਨੂੰ ਹੱਸਦਿਆਂ ਖੇਡਦਿਆਂ ਮਹਿਸੂਸ ਕਰ ਰਹੀ ਹੋਵਾਂ। ਡਾਇਨਿੰਗ
ਟੇਬਲ ਤੇ ਰੱਖ ਮੈਂ ਬੂਟਾਂ ਨੂੰ ਚਾਬੀ ਦਿੱਤੀ ਤੇ ਉਹ ਚੱਲਣ ਲੱਗੇ ਜਿਵੇਂ ਕੋਈ ਅਣਦਿਸਿਆ
ਬੌਣਾ ਰੰਗੀਨ ਬੂਟ ਪਾਈ ਤੁਰ ਰਿਹਾ ਹੋਵੇ। ਮੈਂ ਕੌਲੀ ’ਚ ਪਾਣੀ ਪਾ ਲਿਆਈ ਅਤੇ ਉਸ ’ਚ
ਥੋੜ੍ਹਾ ਜਿਹਾ ਬਰਾਊਨ ਰੰਗ ਪਾਇਆ। ਇੱਕ ਗੱਤੇ ਉੱਤੇ ਸਫ਼ੇਦ ਕਾਗਜ਼ ਰੱਖ, ਬੂਟਾਂ ਨਾਲ ਖੇਡਣ
ਲੱਗੀ। ਬੂਟਾਂ ਨੂੰ ਮਿੱਟੀ ਰੰਗੇ ਪਾਣੀ ’ਚ ਡੁਬੋਂਦੀ ਅਤੇ ਬੂਟਾਂ ਦੇ ਮਿੱਟੀ ਵਰਗੇ ਛਾਪੇ
ਕਾਗਜ਼ ਤੇ ਪੈ ਜਾਂਦੇ। ਸ਼ਾਇਦ ਸਾਗਰ ਨੂੰ ਯਾਦ ਕਰਦਿਆਂ ਆਪਣੇ ਬਚਪਨ ’ਚ ਚਿੱਕੜ ਭਰੀਆਂ
ਚੱਪਲਾਂ ਨਾਲ ਘਰ ਅੰਦਰ ਵੜਣਾ ਵੀ ਯਾਦ ਕਰ ਰਹੀ ਸਾਂ, ਜਦੋਂ ਇਸ ਕਾਰਿਸਤਾਨੀ ਲਈ ਬੀ ਜੀ ਤੋਂ
ਝਾੜਾਂ ਮਿਲਦੀਆਂ ਸਨ। ਬਥੇਰੀ ਕੋਸਿ਼ਸ਼ ਕਰਦੇ ਕਿ ਸਾਡੇ ਆਉਣ ਦਾ ਪਤਾ ਨਾ ਲੱਗੇ ਪਰ ਹਰ ਵਾਰ
ਫੜੇ ਜਾਂਦੇ ਸੀ। ਅਸੀਂ ਅਕਸਰ ਹੈਰਾਨ ਹੁੰਦੇ ਕਿ ਇਨ੍ਹਾਂ ਵੱਡਿਆਂ ਨੂੰ ਪਤਾ ਕਿਵੇਂ ਲੱਗ
ਜਾਂਦਾ ਹੈ? ਇਸ ਪਲ ਮੈਂ ਭੁੱਲ ਗਈ ਸਾਂ ਕਿ ਇਨ੍ਹਾਂ ਗੱਲਾਂ ਨੂੰ ਅੱਜ ਇੱਕ ਉਮਰ ਬੀਤ ਚੁੱਕੀ
ਹੈ। ਹੁਣ ਨਾ ਮੈਂ ਬੱਚੀ ਹਾਂ ਅਤੇ ਨਾ ਮਾਂ ਪਿਓ ਦਾ ਸਾਇਆ ਹੀ ਰਿਹਾ ਹੈ। ਸਾਗਰ ਤੋਂ ਬਾਅਦ
ਬਹੁਤ ਇਕੱਲੀ ਹੋ ਗਈ ਹਾਂ।
ਦੀਪ ਉਸ ਵਕਤ ਬਾਰਾਂ ਸਾਲ ਦਾ ਸੀ ਜਦੋਂ ਸਾਗਰ ਸਾਨੂੰ ਛੱਡ ਗਏ ਸਨ। ਇੱਕ ਦਿਨ ਸੈਰ ਕਰਦਿਆਂ
ਨੂੰ ਫੁੱਟਪਾਥ ਤੇ ਹੀ ਕਿਸੇ ਸ਼ਰਾਬੀ ਡਰਾਈਵਰ ਦੀ ਕਾਰ ਵਿੱਚ ਆ ਵੱਜੀ ਤੇ ਮੇਰੀ ਦੁਨੀਆਂ
ਉਜਾੜ ਗਈ ਸੀ। ਸਾਗਰ ਦੇ ਸਿਰ ਤੇ ਐਸੀ ਸੱਟ ਲੱਗੀ ਕਿ ਦੋ-ਚਾਰ ਦਿਨ ਹੀ ਬੜੀ ਮੁਸ਼ਕਿਲ ਨਾਲ
ਕੱਟ ਸਕੇ ਸੀ। ਮੇਰਾ ਦਿਮਾਗ ਤਾਂ ਜਿਵੇਂ ਸੁੰਨ ਹੋ ਗਿਆ ਸੀ। ਬਹੁਤ ਵਾਰ ਦੀਪ ਤੇ ਮੈਂ ਗਲੇ
ਲੱਗ ਰੋ ਲੈਂਦੇ। ਇਕੱਲਿਆਂ ਬੱਚੇ ਨੂੰ ਪਾਲਣਾ ਬਹੁਤ ਔਖਾ ਲੱਗਦਾ ਸੀ। ਆਪਣੇ ਵੱਲੋਂ ਮੈਂ
ਪੂਰੀ ਕੋਸਿ਼ਸ਼ ਕਰਦੀ ਕਿ ਉਸ ਨੂੰ ਸਾਗਰ ਦੀ ਕਮੀ ਮਹਿਸੂਸ ਨਾ ਹੋਣ ਦਿਆਂ। ਛੋਟੀ ਉਮਰ ਦੇ
ਬਾਵਜੂਦ ਦੀਪ ਨੇ ਵੀ ਮੇਰੇ ਉਦਾਸ ਪਲਾਂ ’ਚ ਪੂਰਾ ਸਾਥ ਦਿੱਤਾ। ਰੱਬ ਦੇ ਦਿੱਤੇ ਇਸ ਭਾਣੇ
ਨੂੰ ਮੰਨਣ ਤੋਂ ਬਿਨਾ ਹੋਰ ਕੋਈ ਚਾਰਾ ਵੀ ਤਾਂ ਨਹੀਂ, ਸਿਵਾਏ ਇਸ ਦੇ ਕਿ ਜਿਵੇਂ ਵੀ ਹੋਵੇ,
ਸਹਿਣ ਕਰੋ। ਆਖਿਰ, ਰੋਣ ਨਾਲ ਜਿ਼ੰਦਗੀ ਤਾਂ ਨਹੀਂ ਕੱਟਦੀ। “ਉਹੋ, ਮੈਂ ਫਿਰ ਉਦਾਸੀ ਵੱਲ
ਤੁਰ ਪਈ, ਛੱਡੋ ਅੱਜ ਵਿੱਚ ਰਹਿਣਾ ਚਾਹੀਦਾ ਐ”, ਕਹਿ ਮੈਂ ਫਿਰ ਬੂਟਾਂ ਵੱਲ ਆਪਣਾ ਧਿਆਨ
ਲਗਾਇਆ।
“ਇਹ ਬੂਟ ਮੈਂ ਇੰਗਲੈਂਡ ਤੋਂ ਲਿਆਂਦੇ ਸਨ, ਰਾਈਟ?” ਕਿਚਨ ਵਿੱਚ ਖੜੀ ਮੈਂ ਪਿਓ ਪੁੱਤਰ ਦੀਆਂ
ਗੱਲਾਂ ਸੁਣ ਰਹੀ ਸੀ। ਸਾਹਮਣੇ ਇੰਗਲੈਂਡ ਦਾ ਪੁਰਾਣਾ ਜਿਹਾ ਨਕਸ਼ਾ ਰੱਖ ਸਾਗਰ ਦੀਪ ਨੂੰ ਦੱਸ
ਰਹੇ ਸੀ, “ਪਤਾ ਐ, ਮੁਢਲੇ ਬਰੌਂਜ਼ ਏਜ ਵਿੱਚ ਡੈਵੱਨ ਅਤੇ ਕੌਰਨਵਾਲ ਦੇ ਇਲਾਕੇ ’ਚ ਪਿਕਸੀਜ਼
ਰਹਿੰਦੇ ਹੁੰਦੇ ਸੀ, ਉਹ ਵੀ, ਜ਼ਮੀਨ ਵਿਚ ਦੱਬੇ ਹੋਏ ਪੱਥਰਾਂ ਵਿੱਚ ਜਾਂ ਕਬਰਾਂ ਉੱਤੇ ਬਣੇ
ਮਿੱਟੀ ਦੇ ਢੇਰਾਂ ਤੇ... ਹੋ ਸਕਦਾ ਹੈ, ਇਹ ਬੂਟ ਪਿਕਸੀਜ਼ ਨੂੰ ਲੈ ਕੇ ਬਣਾਏ ਹੋਣ”।
ਦੀਪ ਹੈਰਾਨ ਜਿਹਾ ਬੈਠਾ ਸਾਗਰ ਦੀਆਂ ਗੱਲਾਂ ਸੁਣ ਰਿਹਾ ਸੀ। ਮੈਥੋਂ ਬੋਲੇ ਬਿਨਾ ਰਿਹਾ ਨਾ
ਗਿਆ, “ਲੈ ਉਹਨੂੰ ਛੋਟੇ ਜਿਹੇ ਬੱਚੇ ਨੂੰ ਬੜਾ ਇਹ ਕੁਝ ਸਮਝ ਆਉਣਾ ਐ। ਨਾਲੇ, ਇਹ ਵੀ ਕੀ
ਪਤੈ, ਇਹ ਕੋਈ ਅਸਲੀਅਤ ਸੀ ਵੀ ਜਾਂ ਸਿਰਫ਼ ਕਥਾਵਾਂ ਹੀ ਹਨ”।
ਸਾਗਰ ਤੋਂ ਬਾਅਦ, ਇਕੱਲੇਪਨ ਨੂੰ ਦੂਰ ਕਰਨ ਲਈ ਮੈਂ ਕਿਤਾਬਾਂ ਪੜ੍ਹਣ ਦਾ ਸ਼ੌਕ ਪਾ ਲਿਆ।
ਲਾਇਬ੍ਰੇਰੀ ’ਚੋਂ ਕਿਤਾਬਾਂ ਲਿਆ ਕੇ ਜਾਂ ਇੰਟਰਨੈੱਟ ਤੇ ਕੁਝ ਨਾ ਕੁਝ ਪੜ੍ਹਦੀ ਰਹਿੰਦੀ ਹਾਂ
ਜਿਸ ਨਾਲ ਵਕਤ ਸੁਹਣਾ ਬੀਤ ਜਾਂਦਾ ਹੈ। ਕਿੰਨੇ ਅਨੋਖੇ ਅਤੇ ਕਮਾਲ ਦੇ ਕਿਰਦਾਰ ਘੜਦੇ ਹਨ ਇਹ
ਲੇਖਕ! ਆਇਰਿਸ਼ ਲੇਖਕ ਜੋਨਾਥਨ ਸਵਿਫ਼ਟ ਨੇ ਗੁਲਿਵਰ ਟ੍ਰੈਵਲਜ਼ ਲਿਖੇ ਜਿਨ੍ਹਾਂ ਵਿੱਚ
ਲੈਮੁਇਲ ਗੁਲਿਵਰ ਬਰਮੂਦਾ ਜਾਂਦਾ ਹੋਇਆ ਹਿੰਦ ਮਹਾਂ ਸਾਗਰ ਵਿੱਚ ਇੱਕ ਕਲਪਿਤ ਟਾਪੂ,
ਲਿੱਲੀਪੁੱਟ ਤੇ ਪਹੁੰਚ ਜਾਂਦਾ ਹੈ। ਉਥੇ ਉਸ ਨੂੰ ਛੋਟੇ ਛੋਟੇ ਲੋਕ ਮਿਲਦੇ ਹਨ। ਮੇਰੇ ਹੱਥ
ਵਾਲੇ ਬੂਟ ਸ਼ਾਇਦ ਉਨ੍ਹਾਂ ਬੌਣਿਆਂ ਦੇ ਪੈਰਾਂ ਵਿੱਚ ਪੂਰੇ ਆ ਜਾਂਦੇ। ਅੱਜ ਮੈਂ ਵੀ ਸਾਗਰ
ਵਾਂਗ ਆਪਣੀ ਸੋਚ ਦੇ ਘੋੜੇ ਦੌੜਾ ਰਹੀ ਹਾਂ, ਮੇਰੇ ਚਿਹਰੇ ਤੇ ਮੁਸਕਾਨ ਆ ਗਈ।
“ਲੱਗਦੈ, ਬਾਹਰ ਕੋਈ ਕਾਰ ਆਈ ਐ”, ਬਾਹਰੋਂ ਆਵਾਜ਼ ਸੁਣ ਮੈਂ ਸਾਹਮਣੇ ਦਰਵਾਜ਼ੇ ਵੱਲ ਹੋ
ਤੁਰੀ। ਪੜੋਸ ’ਚ ਰਹਿੰਦੀ ਮੈਰੀ ਕਾਰ ਪਾਰਕ ਕਰ ਰਹੀ ਸੀ।
“ਹਾਇ ਮੈਰੀ, ਗੁੱਡ ਟੂ ਸੀ ਯੂ”
“ਆਈ ਥੌਟ ਆਇ’ਲ ਚੈੱਕ ਔਨ ਯੂ!” ਮੇਰੇ ਵੱਲ ਆਉਂਦਿਆਂ ਬੋਲੀ।
“ਥੈਂਕਸ ਫੌਰ ਦਾ ਕਨਸਰਨ”
ਸੜਕ ਤੋਂ ਲੰਘਦਿਆਂ, ਮੈਰੀ ਅਕਸਰ ਹੀ ਮੈਨੂੰ ਮਿਲ ਕੇ ਜਾਂਦੀ ਹੈ। ਉਸ ਦੀ ਬੇਟੀ, ਸੈਂਡਰਾ
ਅਤੇ ਸਾਡਾ ਦੀਪ ਬਚਪਨ ਤੋਂ ਹੀ ਇਕੱਠੇ ਪੜ੍ਹਦੇ, ਖੇਡਦੇ ਰਹੇ ਹਨ। ਬਹੁਤ ਵਾਰ ਸਮੋਸੇ ਅਤੇ
ਆਲੂ ਦੇ ਪਰੌਂਠੇ ਵੀ ਇਕੱਠਿਆਂ ਬੈਠ ਖਾਧੇ ਹੋਣਗੇ। ਉਨ੍ਹਾਂ ਵਿੱਚ ਹੁਣ ਤੱਕ ਵੀ ਚੰਗੀ ਦੋਸਤੀ
ਹੈ। ਸੈਂਡਰਾ ਜਦੋਂ ਵੀ ਆਉਂਦੀ ਹੈ, ਮੈਨੂੰ ਮਿਲੇ ਬਿਨਾਂ ਵਾਪਸ ਨਹੀਂ ਜਾਂਦੀ। ਅਸਲ ਵਿੱਚ,
ਮੇਰਾ ਪੇਕਾ ਪਰਿਵਾਰ ਲੁਧਿਆਣੇ ਰਹਿੰਦਾ ਹੁੰਦਾ ਸੀ ਅਤੇ ਬ੍ਰਿਟਿਸ਼ ਰਾਜ ਸਮੇਂ ਮੈਰੀ ਦੇ ਡੈਡ
ਲੁਧਿਆਣੇ ਦੇ ਕ੍ਰਿਸੀਚੀਅਨ ਮੈਡੀਕਲ ਕਾਲਜ ਵਿੱਚ ਡਾਕਟਰ ਸਨ। ਜਦੋਂ ਦੀ ਮੈਰੀ ਇੰਗਲੈਂਡ ਤੋਂ
ਕੈਨੇਡਾ ਆ ਵੱਸੀ ਸੀ, ਉਸ ਦੇ ਡੈਡ ਵੀ ਕੈਨੇਡਾ ਆਉਂਦੇ ਰਹਿੰਦੇ। ਕਈ ਵਾਰ ਉਹ ਸਾਡੇ ਘਰ ਆ
ਬੈਠਦੇ, ਚਾਹ ਦੀ ਫ਼ਰਮਾਇਸ਼ ਕਰਦੇ ਅਤੇ ਪੁਰਾਣੀਆਂ ਗੱਲਾਂ ਬੜੇ ਚਾਅ ਨਾਲ ਸੁਣਾਉਂਦੇ। ਉਹ
ਥੋੜ੍ਹੀ ਥੋੜ੍ਹੀ ਪੰਜਾਬੀ ਬੋਲ ਵੀ ਲੈਂਦੇ ਸਨ। ਜਦੋਂ ਮੈਂ ਦੱਸਿਆ ਕਿ ਮੇਰੇ ਨਾਨਾ ਜੀ
ਮਿਲਟ੍ਰੀ ’ਚ ਡਾਕਟਰ ਸਨ ਅਤੇ ਵਰਲਡ ਵਾਰ ਟੂ ਵਕਤ ਬਰਮਾ ਭੇਜੇ ਗਏ ਸਨ, ਸਾਡਾ ਰਿਸ਼ਤਾ ਹੋਰ
ਵੀ ਅਪਣੱਤ ਵਾਲਾ ਬਣ ਗਿਆ ਸੀ।
“ਮਿਸਿੰਗ ਸਾਗਰ, ਏਹ?” ਅੰਦਰ ਮੇਜ਼ ਤੇ ਪਏ ਬੂਟ ਦੇਖ ਮੇਰੇ ਵੱਲ ਧਿਆਨ ਨਾਲ ਦੇਖਦਿਆਂ ਪੁੱਛਣ
ਲੱਗੀ। ਮੈਂ ਕੀ ਕਹਿਣਾ ਸੀ, ਇੱਕ ਹੌਕਾ ਜ਼ਰੂਰ ਭਰ ਲਿਆ। ਮੇਰੇ ਮੋਢੇ ਤੇ ਹੱਥ ਰੱਖ ਬੋਲੀ,
“ਕਮ ਔਨ, ਦਿਸ ’ਜ਼ ਨੌਟ ਦ ਟਾਇਮ ਟੂ ਬੀ ਸੈਡ... ਚੀਅਰ ਅੱਪ। ਲਿੱਸਨ, ਆਇ’ਮ ਗੋਇੰਗ ਟੂ ਦ
ਸਟੋਰ...ਵਾਂਟ ਮੀ ਟੂ ਪਿੱਕ ਸਮਥਿੰਗ ਫ਼ੌਰ ਯੂ?” ਪਲਾਜ਼ਾ ਸਾਡੇ ਘਰਾਂ ਤੋਂ ਦੂਰ ਹੋਣ ਕਾਰਨ
ਅਸੀਂ ਜਦੋਂ ਸ਼ੌਪਿੰਗ ਲਈ ਜਾਂਦੀਆਂ, ਇੱਕ ਦੂਜੇ ਦੀ ਜ਼ਰੂਰਤ ਦਾ ਸਮਾਨ ਵੀ ਲੈ ਆਉਂਦੀਆਂ।
ਅੱਜ ਤਾਂ ਸਾਡੇ ਲਈ ਖਾਸ ਦਿਨ ਸੀ।
“ਨੋ, ਐਵਰੀਥਿੰਗ ਇਜ਼ ਗੁੱਡ”, ਮੈਂ ਉਹਨੂੰ ਕਿਹਾ ਕਿ ਜਦੋਂ ਉਹ ਆਵੇਗਾ, ਮੈਂ ਤੈਨੂੰ ਫ਼ੋਨ
ਕਰ ਦਿਆਂਗੀ।
ਉਹ ਫਟਾਫਟ ਬੋਲੀ ਕਿ ਫ਼ੋਨ ਸੁਣਦੇ ਸਾਰ ਉੁਹ ਇਥੇ ਪਹੁੰਚ ਜਾਵੇਗੀ ਅਤੇ “ਸੀ ਯੂ ਲੇਟਰ” ਕਹਿ
ਆਪਣੀ ਕਾਰ ਲੈ ਖੱਬੇ ਨੂੰ ਮੁੜ ਗਈ।
ਡਰਾਈਵ ਵੇਅ ਤਾਂ ਮੈਂ ਸਾਫ਼ ਕਰਵਾ ਲਿਆ ਸੀ ਪਰ ਬਾਕੀ ਸਾਰੇ ਪਾਸੇ ਬਰਫ਼ ਦੀ ਤਹਿ ਵਿਛੀ ਹੋਈ
ਐ, ਸਫ਼ੇਦੀ ਹੀ ਸਫ਼ੇਦੀ। ਆਲੇ ਦੁਆਲੇ ਰੁੰਡ ਮਰੁੰਡ ਦਰੱਖਤਾਂ ਦੀਆਂ ਟਹਿਣੀਆਂ ਤੇ ਵੀ
ਥੋੜ੍ਹੀ ਜਿਹੀ ਬਰਫ਼ ਨਜ਼ਰ ਆ ਰਹੀ ਹੈ। ਦੀਪ ਤੇ ਸੈਂਡਰਾ ਦਾ ਬਰਫ਼ ’ਚ ਖੇਡਣਾ ਯਾਦ ਆ ਗਿਆ।
“ਸੀ, ਮਾਇ ਫੁੱਟਪ੍ਰਿੰਟਸ” ਸੈਂਡਰਾ ਕਹਿੰਦੀ।
“ਮਾਈਨ ਆਰ ਬਿੱਗਰ ਦੈਨ ਯੂਅਰਜ਼” ਦੀਪ ਉਸ ਨੂੰ ਚਿੜਾਉਂਦਾ।
“ਸੋ ਵੱਟ?”
ਦੋਵਾਂ ਨੂੰ ਮੈਂ ਅੰਦਰ ਬੁਲਾਉਂਦੀ ਅਤੇ ਬੇਕ ਕੀਤੇ ਕੱਪ ਕੇਕ ਅਤੇ ਕਦੀ ਚੌਕਲੇਟ ਚਿੱਪ
ਕੁੱਕੀਜ਼ ਬਣਾ ਕੇ ਖੁਆਉਂਦੀ, ਦੋਵੇਂ ਬਹੁਤ ਖੁਸ਼ ਹੁੰਦੇ। ਸਾਨੂੰ, ਮਾਂਵਾਂ ਨੂੰ ਆਪਣੇ
ਬੱਚਿਆਂ ਦਾ ਬਚਪਨ ਅਤੇ ਉਨ੍ਹਾਂ ਦੀਆਂ ਤੋਤਲੀਆਂ ਗੱਲਾਂ ਯਾਦ ਕਰ ਕੇ ਬਹੁਤ ਖੁਸ਼ੀ ਹੁੰਦੀ ਐ।
“ਅੱਜ, ਮੇਰੇ ਦੀਪ ਦੇ ਪੈਰਾਂ ਦੇ ਨਿਸ਼ਾਨ...”, ਬੋਲ ਆਪਮੁਹਾਰੇ ਮੇਰਾ ਹੌਕਾ ਨਿਕਲ ਗਿਆ।
ਅੱਜ ਕਲ੍ਹ ਉਸ ਦਾ ਬਚਪਨ ਕੁਝ ਜਿ਼ਆਦਾ ਹੀ ਯਾਦ ਆਉਂਦਾ ਰਿਹਾ ਹੈ।
ਮੇਰਾ ਜੀਅ ਕਰਦਾ ਸੀ ਦੀਪ ਡਾਕਟਰ ਬਣੇ, ਸ਼ਾਇਦ ਇਸੇ ਲਈ ਮੈਂ ਬਾਰ ਬਾਰ ਆਪਣੇ ਨਾਨਾ ਜੀ ਬਾਰੇ
ਗੱਲਾਂ ਕਰਦੀ ਰਹਿੰਦੀ। ਦੀਪ ਨੇ ਡਾਕਟਰ ਬਣ ਕੇ ਮੇਰੀ ਤੇ ਸਾਗਰ ਦੀ ਰੀਝ ਪੂਰੀ ਕਰ ਦਿੱਤੀ।
ਤਿੰਨ ਕੁ ਸਾਲ ਪਹਿਲਾਂ, ਉਸ ਨੇ ਰੌਇਲ ਮਿਲਟਰੀ ਕਾਲਜ ਵਿੱਚੋਂ ਟਰੌਮਾ ਦੀ ਇਨਟੈਂਸਿਵ
ਟ੍ਰੇਨਿੰਗ ਲੈ ਲਈ। ਫਿਰ ਅਫ਼ਗਾਨਿਸਤਾਨ ’ਚ ਕੰਧਾਰ ਬੇਸ ਵਾਲੇ ਹਸਪਤਾਲ ਲਈ ਆਪਣਾ ਨਾਂ ਦਿੱਤਾ
ਅਤੇ ਓਥੇ ਚਲਾ ਗਿਆ। ਅਸੀਂ ਫ਼ੋਨ ਤੇ ਤਾਂ ਗੱਲਾਂ ਕਰਦੇ ਹੀ ਸੀ, ਈਮੇਲ ਨੇ ਹੋਰ ਵੀ ਨੇੜਤਾ
ਬਣਾਈ ਰੱਖੀ। ਉਹ ਦੱਸਦਾ ਕਿ ਕਈ ਵਾਰ ਉਹ ਫਰੰਟ ਲਾਈਨ ਤੇ ਜ਼ਖਮੀ ਸਿਪਾਹੀਆਂ ਦੀ ਮਦਦ ਲਈ ਵੀ
ਗਿਆ ਹੈ, ਕਈ ਵਾਰ ਖ਼ੂਨ ਵੀ ਦਿੱਤਾ ਹੈ। ਉਸ ਦੱਸਿਆ ਸੀ ਕਿ ਕਨੇਡੀਅਨ ਸਿਵਲ ਡਾਕਟਰ ਵੀ ਛੇ
ਹਫ਼ਤੇ ਦੀ ਡਿਊਟੀ ਲਈ ਉਥੇ ਜਾ ਸਕਦੇ ਨੇ ਅਤੇ ਉਥੇ ਦਾ ਕੰਮ ਇੱਕ ਕਿਸਮ ਦੇ ਕ੍ਰੈਸ਼ ਕੋਰਸ
ਵਾਂਗ ਹੋ ਜਾਂਦਾ ਹੈ।
“ਮੈਂ ਪਿੰਡਾਂ ਦੇ ਲੋਕਾਂ ਨੂੰ ਵੀ ਮਿਲਿਆ ਹਾਂ। ਮੌਮ, ਤੁਹਾਨੂੰ ਯਾਦ ਐ ਫ਼ਰਜ਼ਾਨਾ ਆਂਟੀ?”
“ਹਾਂ, ਹਾਂ, ਯਾਦ ਕਿਉਂ ਨਹੀਂ?”
“ਕਿੰਨੇ ਸੁਆਦੀ ਸਟੱਫਡ ਪਿਸ਼ਾਵਰੀ ਨਾਨ ਬਣਾਉਂਦੇ ਸੀ ਉਹ। ਯਾਦ ਕਰ ਕੇ ਹੁਣ ਵੀ ਮੂੰਹ ’ਚ
ਪਾਣੀ ਆ ਗਿਐ” ਕਹਿ ਹੱਸਣ ਲੱਗਾ,
“ਇਥੋਂ ਦੀਆਂ ਔਰਤਾਂ ਦੇਖ ਮੈਨੂੰ ਫ਼ਰਜ਼ਾਨਾ ਆਂਟੀ ਬਹੁਤ ਯਾਦ ਆਉਂਦੇ ਨੇ”, ਇੱਕ ਵਾਰ ਫ਼ੋਨ
ਤੇ ਗੱਲ ਕਰਦਿਆਂ ਉਸ ਦੱਸਿਆ।
“ਉਸ ਨੇ ਤਾਂ ਤੈਨੂੰ ਪਸ਼ਤੋ ਵੀ ਸਿਖਾ ਦਿੱਤੀ ਸੀ...ਕਿੰਨੀ ਕੁ ਕੰਮ ਆਈ ਐ ਤੇਰੇ?”
ਜਦੋਂ ਅਸੀਂ ਟਰੌਂਟੋ ਡਾਊਨਟਾਊਨ ਰਹਿੰਦੇ ਅਤੇ ਜੌਬ ਕਰਦੇ ਸੀ, ਦੀਪ ਨੂੰ ਡੇਅ-ਕੇਅਰ ’ਚ ਛੱਡ
ਕੇ ਜਾਂਦੇ ਸੀ। ਸਾਡੇ ਗੁਆਂਢ ’ਚ ਪਿਸ਼ਾਵਰ ਤੋਂ ਆਇਆ ਇੱਕ ਜੋੜਾ ਰਹਿੰਦਾ ਹੁੰਦਾ ਸੀ। ਉਹ
ਔਰਤ ਦੀਪ ਨੂੰ ਅਤੇ ਗੁਆਂਢੀਆਂ ਦੇ ਦੋ ਹੋਰ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੋਣ ਤੇ ਲੈ
ਆਉਂਦੀ ਅਤੇ ਤਿੰਨੋਂ ਬੱਚੇ ਉਸ ਦੇ ਘਰ ਡੇਅ-ਕੇਅਰ ਵਾਂਗ ਰਹਿੰਦੇ। ਦੀਪ ਉਸ ਕੋਲੋਂ ਥੋੜ੍ਹੀ
ਬਹੁਤ ਪਸ਼ਤੋ ਸਿੱਖ ਗਿਆ ਸੀ। ਇੱਕ ਵਾਰ ਟੋਰੌਂਟੋ ’ਚੋਂ ਬਾਹਰ ਨਿਕਲਣ ਤੋਂ ਬਾਅਦ ਉਸ ਨਾਲ
ਕਦੀ ਵੀ ਮੇਲ ਨਾ ਹੋ ਸਕਿਆ।
“ਮੌਮ, ਵੈਸੇ ਤਾਂ ਅਫ਼ਗਾਨਿਸਤਾਨ ’ਚ ਦੱਰੀ ਬੋਲਦੇ ਨੇ ਪਰ ਪਸ਼ਤੋ ਵੀ ਬੋਲਦੇ, ਸਮਝਦੇ ਨੇ।
ਐਥੇ ਕੰਮ ਕਰਦੇ ਅਫ਼ਗਾਨੀਆਂ ਨਾਲ ਗੱਲਾਂ ਕਰਦਿਆਂ ਥੋੜ੍ਹੀ ਬਹੁਤ ਦੱਰੀ ਵੀ ਸਿੱਖ ਲਈ ਸੀ।
ਸੱਚ ਮੌਮ, ਜਿੱਥੇ ਵੀ ਰਹਿਣਾ ਹੋਵੇ, ਉਥੋਂ ਦੀ ਬੋਲੀ ਆਵੇ ਤਾਂ ਗੱਲ ਸਮਝਣੀ, ਸਮਝਾਉਣੀ ਬਹੁਤ
ਇਜ਼ੀ ਹੁੰਦੀ ਐ। ਮੈਨੂੰ ਤਾਂ ਕਈ ਦੋਸਤ ਇਥੇ ਇੰਟਰਪ੍ਰੈਟਰ ਵੀ ਕਹਿਣ ਲੱਗ ਜਾਂਦੇ ਨੇ”।
“ਬਹੁਤੇ ਲੋਕਾਂ ਦੀ ਜਿ਼ੰਦਗੀ ਤਾਂ ਉੱਥੇ ਮੁਸੀਬਤਾਂ ਭਰੀ ਹੋਣੀ ਐ। ਫ਼ਰਜ਼ਾਨਾ ਉਦੋਂ ਵੀ
ਕਿੰਨਾ ਕੁਝ ਦੱਸਦੀ ਹੁੰਦੀ ਸੀ... ਅੱਜ ਤਾਂ ਹਾਲਾਤ ਹੋਰ ਵੀ ਵਿਗੜ ਚੁੱਕੇ ਨੇ”।
“ਜੀ ਮੌਮ, ਬੜਾ ਤਰਸ ਆਉਂਦਾ ਐ, ਖ਼ਾਸ ਕਰ ਔਰਤਾਂ, ਬੱਚਿਆਂ ਤੇ”।
“ਕਰਨ ਵੀ ਕੀ, ਵਿਚਾਰੇ? ਸਦੀਆਂ ਤੋਂ ਇਹ ਇਲਾਕਾ ਹਮਲਾਵਰਾਂ ਦੀ ਚਪੇਟ ’ਚ ਰਿਹਾ ਐ। ਅੱਜ
ਕਿਹੜਾ ਇਨ੍ਹਾਂ ਦੀ ਸੁਣੀ ਜਾਂਦੀ ਐ? ਸਭ ਤਾਕਤਾਂ ਆਪਣੀ ਧੌਂਸ ਜਮਾਉਣ ’ਚ ਲੱਗੀਆਂ ਰਹਿੰਦੀਆਂ
ਨੇ”।
“ਮੌਮ, ਬਾਹਰੋਂ ਤਾਂ ਆਏ ਸੋ ਆਏ, ਆਪਣੇ ਕਿਹੜਾ ਛੱਡਦੇ ਨੇ? ਨਾ ਕੁੜੀਆਂ ਨੂੰ ਪੜ੍ਹਣ ਦਿੰਦੇ
ਨੇ ਤੇ ਨਾ ਹੀ ਔਰਤਾਂ ਨੂੰ ਕੋਈ ਖੁਲ੍ਹ ਐ? ਪਹਿਲਾਂ ਬੰਬ ਸੁੱਟ ਕੇ ਨਿਹੱਥਿਆਂ ਨੂੰ ਜ਼ਖ਼ਮੀ
ਕਰ ਦਿੰਦੇ ਨੇ ਤੇ ਫੇਰ ਐਨਾ ਵੀ ਹੁਕਮ ਨਹੀਂ ਕਿ ਉਹ ਆਪਣਾ ਇਲਾਜ ਕਰਵਾ ਸਕਣ”।
“ਆਮ ਤੌਰ ਤੇ ਕਿਸ ਤਰ੍ਹਾਂ ਦੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ?” ਗੱਲ ਬਦਲਾਉਂਦਿਆਂ ਮੈਂ
ਪੁੱਛਿਆ।
“ਮਰੀਜ਼ ਕਨੇਡੀਅਨ ਜਾਂ ਕੋਅਲੀਸ਼ਨ ਦੇ ਸਿਪਾਹੀ ਵੀ ਹੋ ਸਕਦੇ ਹਨ ਅਤੇ ਅਫ਼ਗਾਨਿਸਤਾਨੀ
ਸਿਪਾਹੀ ਵੀ ਜਾਂ ਫਿਰ ਹਾਲਾਤ ਵਕਤ ਫ਼ਸ ਗਏ ਆਮ ਲੋਕ। ਮੌਮ, ਲੱਕ ਦੁਖਣ ਦੀ ਸਿ਼ਕਾਇਤ ਤਾਂ ਆਮ
ਹੀ ਹੈ। ਫੌਜੀ ਕਰਨ ਵੀ ਤਾਂ ਕੀ, ਉਨ੍ਹਾਂ ਨੂੰ 40 ਪਾਊਂਡ ਅਸਲਾ ਅਤੇ 50 ਕੁ ਪਾਊਂਡ ਦਾ ਹੋਰ
ਭਾਰ ਚੁੱਕਣਾ ਪੈਂਦਾ ਹੈ। ਲਗਾਤਾਰ ਬੰਬਾਂ ਦੇ ਧਮਾਕਿਆਂ ਦੀ ਆਵਾਜ਼ ਨਾਲ ਸਿਰ ਦਰਦ ਵੀ ਅਕਸਰ
ਰਹਿੰਦੀ ਹੈ”। ਕਈ ਵਾਰ ਫੌਜੀਆਂ ਦੀ ਗੱਲ ਦੱਸਦਾ ਜਿਹੜੇ ਕਦੀ ਡਿਪਰੈਸ਼ਨ, ਐਂਗਜ਼ਾਇਟੀ ਜਾਂ
ਕਿਸੇ ਹੋਰ ਮਾਨਸਿਕ ਤਕਲੀਫ਼ ਨਾਲ ਪੀੜਿਤ ਰਹਿੰਦੇ।
“ਹਸਪਤਾਲ ’ਚ ਕਿੰਨੀ ਕੁ ਦੇਰ ਮਰੀਜ਼ ਨੂੰ ਰੱਖ ਸਕਦੇ ਓ?”
“ਕੰਧਾਰ ਏਅਰਫ਼ੀਲਡ ਵਿੱਚ ਅਮਰੀਕਨ ਸਿਪਾਹੀ ਇੱਕ ਦੋ ਦਿਨ ਹੀ ਰਹਿੰਦੇ ਨੇ ਉਹ ਵੀ ਕਈ ਵਾਰ
ਬੇਹੋਸ਼ ਜਾਂ ਫਿਰ ਵੈਂਟੀਲੇਟਰ ਤੇ। ਫਿਰ ਉਹਨਾਂ ਨੂੰ ਬੈਗਰਾਨ ਏਅਰ ਬੇਸ ਤੇ ਭੇਜ ਦਿੱਤਾ
ਜਾਂਦਾ ਹੈ ਜਾਂ ਸਿੱਧਾ ਜਰਮਨੀ ’ਚ ਲੈਂਡਜ਼ਟੁਹਲ ਵਿੱਚ। ਅੱਧੇ ਮਰੀਜ਼ ਤਾਂ ਆਮ ਅਫ਼ਗਾਨੀ ਹੀ
ਹੁੰਦੇ ਨੇ ਜਿਨ੍ਹਾਂ ਨੂੰ ਕੁਝ ਦਿਨਾਂ ਬਾਅਦ ਸਿਵਲ ਹਸਪਤਾਲਾਂ ’ਚ ਭੇਜ ਦਿੰਨੇ ਹਾਂ”।
“ਇਲਾਜ ਲਈ ਅਫ਼ਗਾਨੀ ਔਰਤਾਂ ਵੀ ਆਉਂਦੀਆਂ ਨੇ ਤੁਹਾਡੇ ਕੋਲ?”
“ਹਾਂ ਜੀ, ਕਈ ਵਾਰ ਆਈਆਂ ਨੇ। ਇੱਕ ਔਰਤ ਇਕੱਲੀ ਆਪਣੇ ਬੱਚੇ ਨੂੰ ਚੈੱਕ-ਅੱਪ ਲਈ ਲਿਆਈ ਸੀ।
ਮੌਮ, ਉਸਦੀਆਂ ਨਜ਼ਰਾਂ ਤੋਂ ਇੰਜ ਲੱਗਦਾ ਸੀ ਜਿਵੇਂ ਮਦਦ ਦੀ ਭੀਖ ਮੰਗ ਰਹੀ ਹੋਵੇ। ਉਸ ਦੇ
ਨਾਲ ਕੋਈ ਮਰਦ ਨਹੀਂ ਸੀ, ਸ਼ਾਇਦ ਘਰ ਦੇ ਸਾਰੇ ਮਰਦ ਮਰ ਚੁੱਕੇ ਸਨ”।
“ਉਸ ਨੇ ਬੁਰਕਾ ਪਾਇਆ ਹੋਣਾ ਐ?”
“ਜੀ, ਬੁਰਕਾ ਤਾਂ ਪਾਇਆ ਸੀ ਪਰ ਉਠਾ ਲਿਆ ਸੀ ਚੈੱਕ-ਅੱਪ ਸਮੇਂ। ਜਦੋਂ ਜਾਣ ਲੱਗੀ, ਮੈਂ
ਉਹਦੇ ਹੱਥ ਤੇ ਵੀਹ ਡਾਲਰ ਰੱਖ ਦਿੱਤੇ, ਹੋਰ ਤਾਂ ਮੈਂ ਕੁਝ ਕਰ ਨਹੀਂ ਸਕਦਾ ਸੀ” ਕਹਿ ਉਸ
ਹੌਕਾ ਭਰਿਆ।
“ਜਿਹੜੇ ਵਿਚਾਰੇ ਉੱਥੇ ਹੀ ਸੁਆਸ ਤਿਆਗ ਦਿੰਦੇ ਨੇ, ਉਨ੍ਹਾਂ ਦਾ ਕੀ ਕਰਦੇ ਓ?” ਮੈਂ
ਪੁੱਛਿਆ।
“ਮੌਮ, ਚੰਗੀ ਗੱਲ ਇਹ ਹੈ ਕਿ ਏਥੇ ਸਭ ਦੇ ਧਾਰਮਿਕ ਵਿਚਾਰਾਂ ਦਾ ਪੂਰਾ ਮਾਣ ਕੀਤਾ ਜਾਂਦੈ”।
“ਕੀ ਮਤਲਬ?”
“ਜਿਵੇਂ ਕੋਈ ਲਾਵਾਰਿਸ ਅਫ਼ਗਾਨੀ ਮਰੀਜ਼ ਮਰ ਜਾਵੇ ਤਾਂ ਉਹਦਾ ਮੂੰਹ ਮੱਕੇ ਵੱਲ ਕਰ ਕੇ,
ਪੈਰਾਂ ਦੇ ਅੰਗੂਠੇ ਕਪੜੇ ਨਾਲ ਬੰਨ੍ਹ ਕੇ ਦਫ਼ਨਾਉਣ ਵੇਲੇ ਕਿਸੇ ਨੂੰ ਕਲਮਾ ਪੜ੍ਹਣ ਲਈ ਬੁਲਾ
ਲੈਂਦੇ ਹਾਂ”।
ਉਥੋਂ ਦੇ ਫੌਜੀ ਇਲਾਕੇ ਬਾਰੇ ਪੁੱਛਣ ਤੇ ਦੱਸਣ ਲੱਗਾ, “ਮੌਮ, ਪੰਜਵਈ ਫੌਰਵਰਡ ਓਪਰੇਟਿੰਗ
ਬੇਸ ਹੈ ਤੇ ਕੰਧਾਰ ਤੋਂ ਪੰਜਵਈ ਤੱਕ ਦੀ ਇਸ ਸੜਕ ਨਾਲੋਂ ਵੱਧ ਖਤਰਨਾਕ ਅਫ਼ਗਾਨਿਸਤਾਨ ’ਚ
ਕੁਝ ਵੀ ਨਹੀਂ। ਇਸ ਸੜਕ ਹੇਠ ਬਹੁਤ ਮਾਈਨਜ਼ ਵਿਛੀਆਂ ਹੋਈਆਂ ਨੇ। ਕਈ ਵਾਰ ਉਸ ਪਾਸੇ ਜਾਂਦਾ
ਹਾਂ ਤਾਂ ਸ਼ੁਕਰ ਮਨਾਉਂਦਾ ਹਾਂ ਕਿ ਲੱਤਾਂ ਬਾਹਵਾਂ ਸਲਾਮਤ ਹਨ। ਉਹ ਦੱਸਦਾ ਕਿ ਕਈ
ਕੋਅਲੀਸ਼ਨ ਸਿਪਾਹੀ ਸਿਵਿਲੀਅਨ ਦੇ ਨਾਲ ਹੀ ਤਾਲਿਬਾਨ ਜ਼ਖ਼ਮੀਆਂ ਦੀ ਮਦਦ ਵੀ ਕਰਦੇ ਰਹਿੰਦੇ
ਨੇ। ਉਹਨਾਂ ਦਾ ਕਹਿਣਾ ਐ - ਜ਼ਖ਼ਮੀ ਹੋਣ ਜਾਂ ਨਾ, ਉਹ ਵੀ ਇੱਕ ਤਰ੍ਹਾਂ ਦੇ ਮਰੀਜ਼ ਹੀ ਨੇ।
ਇਹੀ ਜ਼ਖ਼ਮੀ ਠੀਕ ਹੋ ਕੇ ਸਭ ਨੂੰ ਦੱਸਣਗੇ ਕਿ ਅਸੀਂ ਉਨ੍ਹਾਂ ਨਾਲ ਕਿੰਨਾ ਚੰਗਾ ਵਤੀਰਾ
ਕਰਦੇ ਹਾਂ – ਮੌਮ, ਇਹ ਤਾਂ ਭਾਈ ਘਨੱਈਆ ਜੀ ਵਾਲੀ ਸੋਚ ਹੀ ਹੋਈ ਨਾ”।
ਸਾਲ ਕੁ ਪਹਿਲਾਂ, ਦੀਪ ਅਤੇ ਦੋ ਤਿੰਨ ਮੈਡਿਕ ਪੰਜਵਈ ਵਾਲੀ ਸੜਕ ਤੇ ਜੀਪ ਵਿੱਚ ਜਾ ਰਹੇ ਸਨ
ਕਿ ਜੀਪ ਖਰਾਬ ਹੋ ਗਈ ਅਤੇ ਉਹਨਾਂ ਨੂੰ ਹੇਠਾਂ ਉੱਤਰਨਾ ਪਿਆ। ਦੀਪ ਦਾ ਪੈਰ ਕਿਸੇ ਦੱਬੀ ਹੋਈ
ਮਾਈਨ ਤੇ ਜਾ ਪਿਆ। ਇਸ ਤੋਂ ਪਹਿਲਾਂ ਕਿ ਉਹ ਕੋਈ ਬਚਾਅ ਕਰ ਸਕਦਾ, ਉਹ ਪੂਰੇ ਜ਼ੋਰ ਨਾਲ
ਅਸਮਾਨ ਵੱਲ ਨੂੰ ਉਛਾਲਿਆ ਗਿਆ। ਜ਼ੋਰ ਦੇ ਧਮਾਕੇ ਨਾਲ ਮਿੱਟੀ ਘੱਟਾ ਐਨਾ ਉੱਡਿਆ ਕਿ ਕੁਝ ਵੀ
ਦਿਸ ਨਹੀਂ ਰਿਹਾ ਸੀ। ਦੀਪ ਦੱਸਦਾ ਸੀ ਕਿ 30 ਕੁ ਸਕਿੰਟ ਤਾਂ ਉਸ ਨੂੰ ਖ਼ੁਦ ਨੂੰ ਵੀ ਪਤਾ
ਨਾ ਲੱਗਾ ਕਿ ਕੀ ਹੋਇਆ ਸੀ। ਉਸ ਨੇ ਆਪਣੇ ਸਾਥੀਆਂ ਨੂੰ ਪੁੱਛਿਆ, “ਕੌਣ ਜ਼ਖ਼ਮੀ ਹੋਇਐ?”
“ਤੂੰ” ਉਨ੍ਹਾਂ ਜਵਾਬ ਦਿੱਤਾ।
ਦੀਪ ਤੋਂ ਇਹ ਸੁਣ, ਮੈਨੂੰ ਉਹ ਵਕਤ ਯਾਦ ਆਇਆ ਜਦੋਂ ਅਸੀਂ ਚੰਡੀਗੜ੍ਹ ਸੀ ਅਤੇ ਮੈਨੂੰ ਮਿਲਣ
ਮੇਰੇ ਮੰਮੀ ਆ ਰਹੇ ਸਨ। ਲੋਕਲ ਬੱਸ ਵਿਚੋਂ ਉਤਰਨ ਲੱਗਿਆਂ ਉਨ੍ਹਾਂ ਸਹਾਰਾ ਲੈਣ ਲਈ ਸਲਾਖ
ਨੂੰ ਹੱਥ ਪਾਇਆ ਪਰ ਉਹ ਟੁੱਟੀ ਸੀ ਅਤੇ ਉਨ੍ਹਾਂ ਦੀ ਮੁੰਦਰੀ ਸਲਾਖ ਨਾਲ ਅੜ ਗਈ। ਮੁੰਦਰੀ ਦੇ
ਨਾਲ ਨਾਲ ਉਹਨਾਂ ਦੀ ਉਂਗਲ ਵੀ ਹੱਥ ਨਾਲੋਂ ਟੁੱਟ ਕੇ ਡਿੱਗ ਪਈ ਜਿਸ ਬਾਰੇ ਉਨ੍ਹਾਂ ਨੂੰ ਉਸ
ਵਕਤ ਪਤਾ ਲੱਗਾ ਜਦੋਂ ਬੱਸ ਵਿਚੋਂ ਇੱਕ ਸਵਾਰੀ ਨੇ ਟੁੱਟੀ ਹੋਈ ਉਂਗਲ ਫੜਾਉਂਦਿਆਂ ਕਿਹਾ,
“ਬੀ ਜੀ, ਤੁਹਾਡੀ ਉਂਗਲ...”। ਉਸ ਸਮੇਂ ਮੰਮੀ ਨੇ ਦੇਖਿਆ ਕਿ ਉਨ੍ਹਾਂ ਦੇ ਹੱਥ ’ਚੋਂ ਖ਼ੂਨ
ਦੀ ਧਤੀਰੀ ਵਗਣ ਲੱਗ ਪਈ ਸੀ। ਸ਼ਾਇਦ ਦੀਪ ਦੀ ਹਾਲਤ ਉਸੇ ਤਰ੍ਹਾਂ ਦੀ ਹੋਈ ਹੋਵੇ ਜਿਸ
ਤਰ੍ਹਾਂ ਦੀ ਮੈਂ ਮੰਮੀ ਦੀ ਦੇਖੀ ਸੀ।
ਦੀਪ ਦੇ ਸਾਥੀਆਂ ਨੇ ਵਗਦੀ ਖ਼ੂਨ ਦੀ ਧਤੀਰੀ ਨੂੰ ਰੋਕਣ ਦੀ ਪੂਰੀ ਵਾਹ ਲਾਈ। ਹੈਲੀਕੌਪਟਰ
ਰਾਹੀਂ ਉਸ ਨੂੰ ਕੰਧਾਰ ਏਅਰਫੋਰਸ ਹਸਪਤਾਲ ਪੁਚਾਇਆ ਜਿੱਥੇ ਜ਼ਖ਼ਮ ਨੂੰ ਸਾਫ਼ ਕਰਕੇ ਖੁਲ੍ਹਾ
ਛੱਡ ਦਿੱਤਾ। ਉਹ ਕਹਿੰਦੇ ਜੇ ਜ਼ਖ਼ਮ ਬੰਦ ਕਰ ਦੇਈਏ ਤਾਂ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਹੋ
ਸਕਦਾ ਹੈ। ਉਸ ਦੀ ਬਾਂਹ ਤੋਂ ਕਾਫ਼ੀ ਮਾਸ ਉੱਡ ਗਿਆ ਸੀ, ਇੱਕ ਪੈਰ ਤਕਰੀਬਨ ਸਾਰਾ ਹੀ ਗ਼ਾਇਬ
ਹੋ ਗਿਆ ਸੀ ਅਤੇ ਦੂਸਰੇ ਪੈਰ ਤੇ ਕਾਫ਼ੀ ਡੂੰਘਾ ਜ਼ਖ਼ਮ ਸੀ। ਸਰੀਰ ਤੇ ਹੋਰ ਵੀ ਬਹੁਤ ਜ਼ਖ਼ਮ
ਸਨ ਅਤੇ ਇੱਕ ਹੱਥ ਦਾ ਮਾਸ ਵੀ ਸੜ ਗਿਆ ਸੀ।
ਜਦੋਂ ਕਿੰਨੇ ਦਿਨਾਂ ਤੱਕ ਕੋਈ ਈਮੇਲ ਨਾ ਆਈ ਤਾਂ ਬਹੁਤ ਫਿ਼ਕਰ ਹੋਇਆ। ਉਸ ਦੇ ਦੋਸਤ ਨੂੰ
ਫ਼ੋਨ ਕਰਨ ਤੇ ਐਕਸੀਡੈਂਟ ਬਾਰੇ ਪਤਾ ਲੱਗਾ, ਮੇਰਾ ਤਾਂ ਜਿਵੇਂ ਸਾਹ ਹੀ ਰੁਕ ਗਿਆ। ਉਸ ਦੇ
ਦੋਸਤ ਨੇ ਦੱਸਿਆ ਕਿ ਉਸ ਦੇ ਦੋਵੇਂ ਗੋਡਿਆਂ ਅਤੇ ਲੱਤਾਂ ਤੇ ਕੁਝ ਜ਼ਖ਼ਮ ਹਨ। ਭਾਵੇਂ ਪਤਾ
ਹੁੰਦਾ ਵੀ ਹੈ ਕਿ ਲੜਾਈ ਦੇ ਮੈਦਾਨ ’ਚ ਕੁਝ ਵੀ ਹੋ ਸਕਦਾ ਹੈ ਪਰ ਮਨ ਇਹ ਕੁਝ ਸੁਣਨ ਲਈ
ਤਿਆਰ ਨਹੀਂ ਹੁੰਦਾ। ਮੈਂ ਤਾਂ ਸ਼ੁਕਰ ਕੀਤਾ ਕਿ ਜਾਨ ਸਲਾਮਤ ਸੀ। ਉਸ ਦੇ ਸਾਥੀ ਵੀ ਜ਼ਖ਼ਮੀ
ਹੋਏ ਸਨ, ਪਰ ਆਪਣੀ ਫਿ਼ਕਰ ਨਾ ਕਰਦਿਆਂ ਉਨ੍ਹਾਂ ਦੀਪ ਦੀ ਪੂਰੀ ਮਦਦ ਕੀਤੀ ਅਤੇ ਦੀਪ ਨੂੰ
ਕੰਧਾਰ ਏਅਰਫ਼ੀਲਡ ਹਸਪਤਾਲ ਲੈ ਗਏ। ਫਿ਼ਕਰ ਨਾਲ ਹਰ ਵਕਤ ਮੈਂ ਪਰੇਸ਼ਾਨ ਘਰ ’ਚ ਤੁਰੀ
ਫਿਰਦੀ, ਨੀਂਦ ਕਿੱਥੇ ਆਉਣੀ ਸੀ। ਪ੍ਰਾਰਥਨਾ ਕਰਦੀ ਇਹੀ ਸੋਚਦੀ, ‘ਹਾਏ ਰੱਬਾ! ਸਾਗਰ ਵੀ
ਨਹੀਂ, ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਕੀ ਕਰਾਂਗੀ?’ ਮੈਂ ਉਸ ਦੇ ਦੋਸਤ ਰਾਹੀਂ ਪਤਾ
ਕੀਤਾ ਕਿ ਦੀਪ ਦਾ ਇਲਾਜ ਕਿਸ ਹਸਪਤਾਲ ਵਿੱਚ ਕੀਤਾ ਜਾਵੇਗਾ। ਉਸ ਦੇ ਦੋਸਤ ਨੇ ਮੇਰੀ ਗੱਲ ਹੀ
ਦੀਪ ਨਾਲ ਕਰਵਾ ਦਿੱਤੀ। ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਆਵਾਜ਼ ਨੂੰ ਕੰਬਣ ਨਾ ਦਿੱਤਾ,
“ਕਾਕਾ, ਗੱਲ ਕਰਨ ਵਿੱਚ ਕੋਈ ਮੁਸ਼ਕਿਲ ਤਾਂ ਨਹੀਂ ਹੋ ਰਹੀ?” ਮੈਂ ਪੁੱਛਿਆ।
“ਨਹੀਂ ਮੌਮ, ਮੈਂ ਠੀਕ ਹਾਂ”।
ਉਸ ਦੀ ਆਵਾਜ਼ ਵਿੱਚ ਦਰਦ ਮੈਂ ਦੂਰ ਬੈਠੀ ਵੀ ਮਹਿਸੂਸ ਕਰ ਰਹੀ ਸਾਂ। ਜਦੋਂ ਮੈਂ ਦੋ ਚਾਰ
ਸੁਆਲ ਕੀਤੇ ਤਾਂ ਆਪੇ ਮੰਨਿਆ ਅਤੇ ਦੱਸਣ ਲੱਗਾ, “ਨਹੀਂ ਮੌਮ, ਖ਼ੂਨ ਵਾਲੀ ਥਾਂ ਤੇ ਕੈਥੀਟਰ
ਪਾ ਕੇ ਐਨ ਦਰਦ ਵਾਲੀ ਥਾਂ ਤੇ ਦਵਾਈ ਪਾਉਂਦੇ ਨੇ ਤਾਂ ਦਰਦ ਕੁਝ ਕੰਟ੍ਰੋਲ ਵਿੱਚ ਹੋ ਜਾਂਦਾ
ਹੈ”।
“ਮੇਰਾ ਤੁਹਾਡੇ ਕੋਲ ਆਉਣ ਨੂੰ ਬਹੁਤ ਦਿਲ ਕਰਦਾ ਹੈ”, ਮੈਂ ਡਰਦੀ ਡਰਦੀ ਨੇ ਕਹਿ ਹੀ ਦਿੱਤਾ।
“ਹਾਲੇ ਤਾਂ ਮੈਂ ਕੰਧਾਰ ਏਅਰਫੋਰਸ ਦੇ ਹਸਪਤਾਲ ਰੋਲ-3 ਵਿੱਚ ਹਾਂ ਪਰ ਦੋ ਕੁ ਦਿਨਾਂ ਵਿੱਚ
ਮੈਨੂੰ ਯੂ.ਐਸ. ਦੇ ਜਰਮਨੀ ’ਚ ਬਣੇ ਲੈਂਡਸਟੁਹਲ ਰਿਜਨਲ ’ਚ ਭੇਜ ਦੇਣਗੇ ਜਿੱਥੇ ਪੰਜ ਸੱਤ
ਦਿਨ ਰੱਖਣਗੇ। ਤੁਸੀਂ ਰਹਿਣ ਹੀ ਦਿਓ, ਐਵੇਂ ਭੱਜ-ਦੌੜ ਕਰੋਗੇ”।
ਜਦ ਮੈਂ ਕੋਈ ਜਵਾਬ ਨਾ ਦਿੱਤਾ ਤਾਂ ਬੋਲਿਆ, “ਓ.ਕੇ., ਜੇ ਤੁਸੀਂ ਆਉਣਾ ਹੀ ਹੈ ਤਾਂ ਮੈਂ
ਏਥੇ ਕਹਿ ਦਿੰਨਾ ਆਂ... ਉਹ ਆਪੇ ਦੱਸ ਦੇਣਗੇ ਕਿ ਤੁਸੀਂ ਕਦੋਂ ਲੈਂਡਸਟੁਹਲ ਪਹੁੰਚੋ”।
“ਦੀਪ, ਤੂੰ ਅਫ਼ਗਾਨਿਸਤਾਨ ਨਾ ਈ ਜਾਂਦਾ ਤਾਂ...” ਉਸ ਮੈਨੂੰ ਵਿਚੋਂ ਈ ਟੋਕ ਦਿੱਤਾ।
“ਨੋ ਮੌਮ, ਇਸ ਤਰ੍ਹਾਂ ਨਾ ਕਹੋ। ਮੇਰੇ ਖਿਆਲ ’ਚ ਵਰਲਡ ਵਾਰ ਟੂ ਤੋਂ ਬਾਅਦ ਸਭ ਤੋਂ ਜਿ਼ਆਦਾ
ਨੋਬਲ ਕੰਮ ਕੈਨੇਡਾ ਨੇ ਇਹੀ ਤਾਂ ਕੀਤਾ ਹੈ ਕਿਉਂਕਿ 1939 ਤੋਂ ਬਾਅਦ, ਮੌਰਲ ਵਾਰ ਦੀ ਇਹੀ
ਬੈਸਟ ਐਗਜ਼ੈਂਪਲ ਐ”।
“ਚੱਲ, ਹੁਣ ਲੈਕਚਰ ਨਹੀਂ ਸਿਰਫ਼ ਆਰਾਮ ਕਰ... ਪ੍ਰਮਾਤਮਾ ਤੈਨੂੰ ਸਲਾਮਤ ਰੱਖੇ”।
“ਲਿੱਸਨ ਮੌਮ, ਦਿਲ ਛੋਟਾ ਨਹੀਂ ਕਰਨਾ, ਮੈਂ ਠੀਕ ਹਾਂ... ਓ.ਕੇ.”, ਮੈਂ ਸਿਰ ਹੀ ਹਿਲਾ
ਸਕੀ। ਪਰ ਅੰਦਰੋਂ ਮੈਨੂੰ ਖੁੜਕ ਰਿਹਾ ਸੀ ਕਿ ਕੁਝ ਹੋਰ ਵੀ ਹੈ ਜੋ ਮੈਨੂੰ ਦੱਸਿਆ ਨਹੀਂ ਜਾ
ਰਿਹਾ।
ਕੁਝ ਦਿਨਾਂ ’ਚ ਹੀ ਮੈਂ ਲੁਫ਼ਥੈਂਸਾ ਏਅਰਲਾਈਨਜ਼ ਰਾਹੀਂ ਫ਼ਰੈਂਕਫ਼ਰਟ ਪਹੁੰਚ ਗਈ। ਸਾਰਾ
ਰਸਤਾ ਮੈਨੂੰ ਦੀਪ ਦਾ ਫਿ਼ਕਰ ਸਤਾਉਂਦਾ ਰਿਹਾ। ਮੇਰਾ ਬੱਚਾ ਜਿਸ ਲਈ ਮੈਂ ਕਿੰਨੇ ਸੁਪਨੇ
ਬੁਣੇ ਹੋਏ ਸੀ, ਅੱਜ ਪਤਾ ਨਹੀਂ ਕਿਹੜੀ ਹਾਲਤ ਵਿੱਚ ਬੈਠਾ ਸੀ। ਏਅਰਪੋਰਟ ਤੇ ਲੈਣ ਵਾਸਤੇ
ਇੱਕ ਮੈਡਿਕ ਪਹੁੰਚੀ ਹੋਈ ਸੀ। ਮੈਂ ਉੱਥੇ ਪਹਿਲੀ ਯੂਨੀਫਾਰਮ ਵਾਲੀ ਕਨੇਡੀਅਨ ਔਰਤ ਦੇਖੀ ਸੀ।
ਉਸ ਨੇ ਇੱਕ ਬਾਂਹ ਤੇ ਮੇਪਲ ਲੀਫ਼ ਵਾਲੀ ਪੱਟੀ ਜਿਹੀ ਬੰਨ੍ਹੀ ਹੋਈ ਸੀ। ਉਸ ਬਹੁਤ ਹੀ
ਹਮਦਰਦੀ ਵਾਲਾ ਰਵੱਈਆ ਦਿਖਾਇਆ। ਕੁਝ ਦੇਰ ਬਾਅਦ ਮੈਂ ਉਸ ਨੂੰ ਪੁੱਛਿਆ, “ਇਜ਼ ਹੀ ਆਊਟ ਔਫ਼
ਦਾ ਵੁੱਡਜ਼?”
ਉਹ ਮੇਰਾ ਹੱਥ ਫੜ ਕੇ ਬੋਲੀ, “ਟੁ ਟੈੱਲ ਯੂ ਦ ਟਰੁੱਥ, ਆਇ ਕੈਂਟ ਸੇ ਯੇੈੱਸ ਔਰ ਨੋ ਰਾਈਟ
ਨਾਓ... ਹੀ ਹੈਜ਼ ਸਮ ਬਰਨਜ਼ ਟੂ਼, ਬੱਟ ਹੀ ਇਜ਼ ਅ ਡਾਕਟਰ ਐਂਡ ਨੋਜ਼ ਹਾਓ ਟੂ ਹੈਂਡਲ
ਇੱਟ”, ਉਸ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਉਹ ਸਹੀ ਪੋਜ਼ੀਸ਼ਨ ਦੱਸ ਰਹੀ ਹੈ। ਰਸਤਾ ਲੰਬਾ
ਸੀ, ਉਹ ਦੱਸਣ ਲੱਗੀ ਕਿ ਪਹਿਲਾਂ ਮਰੀਜ਼ ਨੂੰ ਅਫ਼ਗਾਨਿਸਤਾਨ ਤੋਂ ਸੀ-17 ਜੈੱਟ ਤੇ ਜਰਮਨੀ
ਦੇ ਰੈਮਸਟੀਨ ਏਅਰ ਬੇਸ ਤੇ ਪਹੁੰਚਣ ਲਈ ਅੱਠ ਕੁ ਘੰਟੇ ਲੱਗ ਜਾਂਦੇ ਹਨ। ਏਥੋਂ ਇੱਕ ਮੈਟਲ ਦੇ
ਰੈਂਪ ਤੋਂ ਰੈੱਡ ਕਰੌਸ ਦੀ ਬੱਸ ਤੇ ਲੈਂਡਜ਼ਟੁਹਲ ਮੈਡੀਕਲ ਸੈਂਟਰ ਲਿਜਾਂਦੇ ਹਨ। ਸਾਨੂੰ
ਤਕਰੀਬਨ ਡੇਢ ਕੁ ਘੰਟਾ ਲੱਗ ਹੀ ਗਿਆ ਐੱਚ ਦੀ ਸ਼ਕਲ ’ਚ ਬਣੇ ਹੋਏ ਹਸਪਤਾਲ ਤੱਕ ਪਹੁੰਚਣ ’ਚ।
ਉਥੇ ਬਣੇ ਫਿ਼ਸ਼ਰ ਹਾਊਸ ਵਿੱਚ ਮਰੀਜਾਂ ਦੇ ਪਰਿਵਾਰ ਆ ਕੇ ਥੋੜ੍ਹੀ ਦੇਰ ਲਈ ਠਹਿਰ ਸਕਦੇ ਨੇ।
ਕਨੇਡੀਅਨ ਫ਼ਲੈਗ ਅਤੇ ਚਿਹਰੇ ਦੇਖ ਕੇ ਤਸੱਲੀ ਹੋਈ ਹਾਲਾਂਕਿ ਹੋਰ ਦੇਸ਼ਾਂ ਦੇ ਲੋਕ ਵੀ ਉਥੇ
ਸਨ। ਫਿ਼ਸ਼ਰ ਹਾਊਸ ਵਿੱਚ ਉਸ ਸਮੇਂ ਜਗ੍ਹਾ ਨਾ ਹੋਣ ਕਾਰਨ ਮੈਂ ਦੱਸ ਕੁ ਮਿੰਟ ਪੈਦਲ ਚੱਲਣ
ਦੀ ਦੂਰੀ ਤੇ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਹੋਇਆ ਸੀ। ਮੈਨੂੰ ਲੈਣ ਆਈ ਮੈਡਿਕ ਨੇ
ਪਹਿਲਾਂ ਹੀ ਡਾਕਟਰ ਨੂੰ ਪੁੱਛ ਕੇ ਮੈਨੂੰ ਦੀਪ ਕੋਲ ਕੁਝ ਦੇਰ ਰਹਿਣ ਦੀ ਇਜਾਜ਼ਤ ਲੈ ਦਿੱਤੀ
ਸੀ। ਹੋਟਲ ਵਿੱਚ ਬੈਗ ਰੱਖ ਕੇ ਉਹ ਮੈਨੂੰ ਦੀਪ ਕੋਲ ਲੈ ਗਈ। ਕੁਝ ਕਨੇਡੀਅਨ ਪਰਿਵਾਰ ਆਲੇ
ਦੁਆਲੇ ਦਿਸੇ ਤਾਂ ਲੱਗਾ ਜਿਵੇਂ ਮਨੋ-ਬਲ ਵਧਾਉਣ ਲਈ ਸਭ ਇੱਕ ਦੂਸਰੇ ਦਾ ਸਹਾਰਾ ਬਣ ਰਹੇ
ਹੋਣ।
ਦੀਪ ਦੇ ਕਮਰੇ ’ਚ ਵੜਦਿਆਂ ਹੀ ਮੈਡਿਕ ਕਹਿਣ ਲੱਗੀ, “ਲੁੱਕ ਡੌਕ, ਹੂ ਇਜ਼ ਹੀਅਰ”, ਮੇਰੇ
ਵੱਲ ਮੂੰਹ ਕਰ ਕੇ ਬੋਲੀ, “ਮਿਸਜ਼ ਸਾਗਰ, ਆਇ’ਲ ਬੀ ਬੈਕ ਆਫਟਰ ਸਮ ਟਾਇਮ”।
ਜਦੋਂ ਮੈਂ ਦੀਪ ਨੂੰ ਦੇਖਿਆ ਉਸ ਦੇ ਮੱਥੇ ਅਤੇ ਬਾਂਹਵਾਂ ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ
ਅਤੇ ਕੰਬਲ ਇੱਕ ਸਟੈਂਡ ਜਿਹੇ ਤੇ ਉੱਚਾ ਕਰ ਕੇ ਲੱਤਾਂ ਤੇ ਦਿੱਤਾ ਹੋਇਆ ਸੀ। ਉਸ ਦਾ ਹੌਂਸਲਾ
ਭਾਵੇਂ ਬੁਲੰਦ ਸੀ ਪਰ ਆਪਣੇ ਬੱਚੇ ਦੀ ਹਾਲਤ ਦੇਖ ਮੇਰੇ ਮੱਥੇ ਤੇ ਤ੍ਰੇਲੀ ਆ ਗਈ। ਮੇਰੀਆਂ
ਅੱਖਾਂ ਦਾ ਵਹਿਣ ਰੁਕ ਨਹੀਂ ਰਿਹਾ ਸੀ਼, ਉਹ ਆਪਣਾ ਦਰਦ ਛੁਪਾਉਣ ਦੀ ਕੋਸਿ਼ਸ ’ਚ ਮੁਸਕਰਾ ਕੇ
ਬੋਲਿਆ, “ਲੁੱਕ ਮੌਮ, ਮੈਂ ਠੀਕ ਨਹੀਂ ਲੱਗ ਰਿਹਾ?”
ਮੈਂ ਹਾਮੀ ਵਿੱਚ ਸਿਰ ਤਾਂ ਹਿਲਾ ਦਿੱਤਾ ਪਰ ਅੰਦਰੋਂ ਮੈਂ ਬੇਚੈਨ ਸੀ ਇਹ ਜਾਣਨ ਲਈ ਕਿ
ਕਿੱਥੇ ਕਿੱਥੇ ਸੱਟ ਲੱਗੀ ਹੈ ਉਸ ਨੂੰ, ਇਹ ਸਮਝ ਨਹੀਂ ਸੀ ਆ ਰਹੀ ਕਿ ਸ਼ੁਰੂ ਕਿਵੇਂ ਕਰਾਂ।
ਕੁਝ ਦੇਰ ਤਾਂ ਅਸੀਂ ਦੋਵੇਂ ਚੁੱਪ-ਚਾਪ ਬੈਠੇ ਰਹੇ, ਫਿਰ ਉਸ ਨੇ ਦੱਸਿਆ ਕਿ ਲੱਤਾਂ ਦਾ
ਥੋੜ੍ਹਾ ਮਾਸ ਸੜ ਗਿਆ ਹੈ, ਇਸੇ ਲਈ ਕੰਬਲ ਉੱਚਾ ਕਰ ਕੇ ਦਿੱਤਾ ਹੈ। ਮੈਂ ਕੰਬਲ ਚੁੱਕ ਕੇ
ਦੇਖਣਾ ਚਾਹੁੰਦੀ ਸਾਂ ਕਿ ਕੀ ਉਹ ਸੱਚ ਬੋਲ ਰਿਹਾ ਹੈ। ਉਸੇ ਸਮੇਂ ਉਸ ਦਾ ਦੋਸਤ ਹੈਰੀ ਆਉਂਦਾ
ਦਿਸਿਆ ਤੇ ਮੈਂ ਫੇਰ ਕੁਰਸੀ ਤੇ ਬੈਠ ਗਈ। ਜਦੋਂ ਹੈਰੀ ਨੂੰ ਮੈਂ ਸੱਚ ਬੋਲਣ ਵਾਸਤੇ ਕਿਹਾ,
ਉਸ ਨੇ ਦੀਪ ਵੱਲ ਦੇਖਿਆ। ਦੀਪ ਕਹਿਣ ਲੱਗਾ, “ਮੌਮ, ਜੋ ਪੁੱਛਣਾ ਹੈ, ਮੈਨੂੰ ਪੁੱਛੋ। ਮੈਂ
ਤੁਹਾਨੂੰ ਦੱਸ ਰਿਹਾਂ ਬਈ ਮੇਰੀ ਲੱਤ ਦਾ ਮਾਸ ਸੜ ਗਿਆ ਐ। ਹੋਰ ਕੀ ਦੱਸਾਂ?”। ਦੀਪ ਦੇ ਗੱਲ
ਕਰਨ ਦੇ ਅੰਦਾਜ਼ ਤੋਂ ਮੈਂ ਸਮਝ ਗਈ ਕਿ ਇਥੇ ਹੋਰ ਕੁਝ ਪਤਾ ਨਹੀਂ ਲੱਗਣਾ। ਇਹ ਕਿਹੜਾ ਇੰਡੀਆ
ਹੈ ਜਿੱਥੇ ਡਾਕਟਰ ਨੂੰ ਤਾਂ ਪੁੱਛ ਲੈਂਦੇ ਸੀ। ਏਥੇ ਤਾਂ ਡਾਕਟਰ ਵੀ ਜਿੰਨਾ ਚਿਰ ਮਰੀਜ਼ ਨਾ
ਕਹੇ, ਕੁਝ ਨਹੀਂ ਦੱਸਣ ਲੱਗੇ। ਮੈਂ ਸਿਰਫ਼ ਐਨਾ ਹੀ ਪੁੱਛਿਆ, “ਬੇਟਾ, ਦਵਾਈ ਤਾਂ ਟਾਈਮ ਤੇ
ਲੈਂਦਾ ਐਂ ਨਾ?”
“ਔਫ਼ ਕੋਰਸ ਮੌਮ, ਤੁਹਾਡਾ ਬੇਟਾ ਡਾਕਟਰ ਐ, ਆਪਣਾ ਧਿਆਨ ਰੱਖ ਸਕਦਾ ਐ” ਕਹਿ ਹੱਸਣ ਲੱਗਾ ਪਰ
ਉਸ ਦਾ ਹਾਸਾ ਓਪਰਾ ਜਿਹਾ ਲੱਗਾ।
“ਆਂਟੀ, ਦੀਪ ਸਾਡਾ ਹੀਰੋ ਐ। ਯੂ ਨੋਅ, ਇਹਨੇ ਬਹੁਤ ਲੋਕਾਂ ਦੀ ਮਦਦ ਕੀਤੀ ਐ... ਅਫ਼ਗਾਨੀ
ਲੋਕਾਂ ਦੀ ਵੀ” ਦੀਪ ਦਾ ਦੋਸਤ, ਹੈਰੀ ਆਉਂਦਿਆਂ ਹੀ ਬੋਲਿਆ। ਉਹ ਹਾਲੇ ਹੋਰ ਵੀ ਕੁਝ ਦੱਸਣ
ਵਾਲਾ ਸੀ ਕਿ ਦੀਪ ਨੇ ਵਿੱਚੋਂ ਹੀ ਟੋਕ ਦਿੱਤਾ, “ਮੌਮ, ਇਹ ਤਾਂ ਐਵੇਂ ਹੀ ਬੋਲੀ ਜਾਂਦਾ ਐ”।
ਦੀਪ ਕੋਲ ਮੇਰੇ ਦੋ ਦਿਨ ਕਿਵੇਂ ਬੀਤ ਗਏ, ਪਤਾ ਹੀ ਨਾ ਲੱਗਾ। ਦਿਨ ਵਿੱਚ ਕਈ ਵਾਰ ਡਾਕਟਰਾਂ,
ਨਰਸਾਂ ਦੇ ਚੱਕਰ ਲੱਗਦੇ, ਕਦੀ ਡ੍ਰੈਸਿੰਗ ਲਈ ਅਤੇ ਕਦੀ ਚੈੱਕ-ਅੱਪ ਲਈ। ਰਾਤ ਵਕਤ ਤਾਂ
ਹਸਪਤਾਲ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਸੀ। ਅਖੀਰਲੇ ਦਿਨ ਜਦੋਂ ਮੈਂ ਉਸ ਕੋਲ ਬੈਠੀ ਤਾਂ
ਕਹਿਣ ਲੱਗਾ, “ਮੈਂ ਕੁਝ ਦੇਰ ’ਚ ਟਰੌਂਟੋ ਪਹੁੰਚ ਜਾਵਾਂਗਾ ਰੀਹੈਬ ’ਚ ... ਫਿਰ ਖੁਲ੍ਹ ਕੇ
ਗੱਲਾਂ ਕਰਾਂਗੇ ਆਪਾਂ, ਓ.ਕੇ., ਡੋਂਟ ਵਰੀ”। ਐਨੇ ’ਚ ਹੀ ਕੁਝ ਡਾਕਟਰਾਂ ਦੀ ਟੀਮ ਰਾਊਂਡ ਲਈ
ਆ ਗਈ ਅਤੇ ਮੈਂ “ਓ.ਕੇ. ਬੇਟਾ, ਟੇਕ ਕੇਅਰ” ਕਹਿ ਕੇ ਬਾਹਰ ਲੌਬੀ ’ਚ ਜਾ ਬੈਠੀ। ਨਾ
ਚਾਹੁੰਦਿਆਂ ਹੋਇਆਂ ਵੀ ਮੈਨੂੰ ਵਾਪਸ ਟੋਰੌਂਟੋ ਆਉਣਾ ਪਿਆ। ਫ਼ੋਨ ਤੇ ਦੀਪ ਮੇਰੇ ਨਾਲ
ਥੋੜ੍ਹੀ ਬਹੁਤ ਗੱਲ ਕਰਦਾ ਰਿਹਾ।
ਇੱਕ ਵਾਰ ਕਿਸੇ ਬਾਰੇ ਗੱਲ ਕਰਦਿਆਂ ਦੀਪ ਨੇ ਦੱਸਿਆ ਸੀ ਕਿ ਜਦ ਨਰਵ ਡੈਮੇਜ ਹੋ ਜਾਂਦੀ ਹੈ
ਤਾਂ ਦਰਦ ਐਨੀ ਹੁੰਦੀ ਹੈ ਕਿ ਰੂੰ ਵੀ ਛੁਹਾਓ ਤਾਂ ਚੁਭਦੀ ਹੈ। ਲੰਘਦੇ ਜਹਾਜ਼ ਦੀ ਆਵਾਜ਼
ਅਤੇ ਕਈ ਵਾਰ ਕਮਰੇ ’ਚ ਅਖ਼ਬਾਰ ਦਾ ਖੜਕਾ ਵੀ ਸਹਿਣ ਨਹੀਂ ਹੁੰਦਾ। ਅੱਜ ਉਹੀ ਦਰਦ ਦੀਪ ਖ਼ੁਦ
ਮਹਿਸੂਸ ਕਰ ਰਿਹਾ ਸੀ।
ਜਦੋਂ ਦੀਪ ਸੇਂਟ ਜੌਹਨ ਰੀਹੈਬ ਟੋਰੌਂਟੋ ’ਚ ਪਹੁੰਚਿਆ ਤਾਂ ਪਹਿਲੀ ਵਾਰ ਮੈਨੂੰ ਪਤਾ ਲੱਗਾ
ਕਿ ਉਸ ਦਾ ਇੱਕ ਪੈਰ ਤਕਰੀਬਨ ਖ਼ਤਮ ਹੋ ਗਿਆ ਸੀ। ਇਸ ਗੱਲ ਦੀ ਪਹਿਲਾਂ ਮੈਨੂੰ ਉਹਨੇ ਭਿਣਖ
ਤੱਕ ਨਹੀਂ ਪੈਣ ਦਿੱਤੀ। ਮੇਰਾ ਬੜਾ ਦਿਲ ਟੁੱਟਿਆ ਪਰ ਪਹਿਲਾਂ ਹੀ ਦੁਖ ਨਾਲ ਜੂਝ ਰਹੇ ਬੱਚੇ
ਨੂੰ ਕੀ ਕਵ੍ਹਾਂ, ਸਮਝ ਨਹੀਂ ਸੀ ਆਉਂਦੀ। ਰੀਹੈਬ ’ਚ ਹਰ ਰੋਜ਼ ਮੈਂ ਉਸ ਨੂੰ ਮਿਲਣ ਜਾਂਦੀ
ਸੀ। ਉਸ ਦੇ ਸਾਹਮਣੇ ਤਾਂ ਮੈਂ ਬਨਾਵਟੀ ਜਿਹੀ ਮੁਸਕਰਾਹਟ ਲਈ ਫਿਰਦੀ ਪਰ ਵਾਪਸੀ ਤੇ ਘਰ
ਆਉਂਦਿਆਂ ਮੇਰੀਆਂ ਅੱਖਾਂ ਧੁੰਦਲੀਆਂ ਹੋ ਜਾਂਦੀਆਂ। ਦੀਪ ਦੀ ਆਉਣ ਵਾਲੀ ਜਿ਼ੰਦਗੀ ਬਾਰੇ
ਬਹੁਤ ਫਿ਼ਕਰਮੰਦ ਹੋ ਗਈ ਸੀ ਪਰ ਹਿੰਮਤ ਤਾਂ ਰੱਖਣੀ ਈ ਪੈਣੀ ਸੀ। ਉਸ ਦੇ ਸਾਹਮਣੇ ਕਮਜ਼ੋਰ
ਮੈਂ ਹੋਣਾ ਨਹੀਂ ਸੀ ਚਾਹੁੰਦੀ। ਹਾਂ, ਸਾਗਰ ਦੀ ਫ਼ੋਟੋ ਸਾਹਮਣੇ ਬੈਠ ਮੈਂ ਰੋ ਲੈਂਦੀ ਸੀ।
ਰੀਹੈਬ ਵਿੱਚ ਔਰਗਨ ਟਰਾਂਸਪਲਾਂਟ ਅਤੇ ਸੜ ਗਈ ਚਮੜੀ ਦੇ ਇਲਾਜ ਦਾ ਇੰਤਜ਼ਾਮ ਹੈ। ਮਰੀਜ਼ਾਂ
ਲਈ ਔਖਾ ਦੌਰ ਸ਼ੁਰੂ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਪ੍ਰੌਸਥੈਟਿਕ ਲੱਤਾਂ ਜਾਂ ਪੈਰਾਂ ਨਾਲ
ਮੁੜ ਤੁਰਨਾ ਸਿਖਾਇਆ ਜਾਂਦਾ ਹੈ। ਕੁਝ ਮਹੀਨੇ ਤਾਂ ਦੀਪ ਦੀ ਸ਼ਕਲ ਦੇਖ ਕੇ ਮੈਂ ਸਮਝ ਜਾਂਦੀ
ਸਾਂ ਕਿ ਉਸ ਨੂੰ ਕਿੰਨੀ ਦਰਦ ਹੁੰਦੀ ਹੈ। ਠੀਕ ਹੋਣ ਤੋਂ ਬਾਅਦ ਉਹ ਦੱਸਦਾ ਸੀ, “ਮੌਮ, ਕਈ
ਵਾਰ ਤਾਂ ਦਰਦ ਐਨੀ ਹੁੰਦੀ ਸੀ ਜਿਵੇਂ ਮੇਰਾ ਪੈਰ ਅੱਗ ਵਿੱਚ ਸੜ ਰਿਹਾ ਹੋਵੇ”।
“ਹੋਰ ਸਟ੍ਰੌਂਗ ਦਵਾਈ ਨਹੀਂ ਸੀ ਦੇ ਸਕਦੇ?”
“ਦਵਾਈ ਦੀ ਜਿੰਨੀ ਵੱਡੀ ਡੋਜ਼ ਦੇ ਸਕਦੇ ਸੀ, ਦਿੰਦੇ ਨੇ। ਸਟ੍ਰੌਂਗ ਡੋਜ਼ ਦੇ
ਸਾਈਡ-ਇਫੈੱਕਟਸ ਵੀ ਬਹੁਤ ਨੇ ਪਰ ਕੀ ਕੀਤਾ ਜਾ ਸਕਦਾ ਹੈ। ਮੇਰੇ ਨਾਲ ਹੀ ਇੱਕ ਮੇਜਰ ਹੈ ਜਿਸ
ਦੀ ਇੱਕ ਲੱਤ ਤਾਂ ਪੂਰੀ ਉੱਡ ਗਈ ਸੀ ਅਤੇ ਦੁਸਰੀ ਕੁਝ ਘਸੀ, ਟੁੱਟੀ ਹੱਡੀ ਅਤੇ ਟਿਸ਼ੂ ਦੇ
ਕੁਝ ਸਟ੍ਰੈਂਡਜ਼ ਨਾਲ ਗੋਡੇ ਤੱਕ ਜੁੜੀ ਹੋਈ ਸੀ... ਮੌਮ, ਕਈ ਵਾਰ ਐਨੀ ਦਰਦ ਹੁੰਦੀ ਹੈ ਕਿ
ਸਹਿਣੀ ਔਖੀ ਹੋ ਜਾਂਦੀ ਹੈ, ਉਦੋਂ ਕਹਿ ਉੱਠਦਾ ਹੈ – ਓ ਗੌਡ, ਮੈਨੂੰ ਚੁੱਕ ਲੈ - ਮੇਰਾ ਦਰਦ
ਤਾਂ ਉਸ ਦੇ ਸਾਹਮਣੇ ਬਹੁਤ ਘੱਟ ਹੈ”।
ਮੈਂ ਖਾਮੋਸ਼ ਸਭ ਸੁਣੀ ਜਾ ਰਹੀ ਸੀ ਅਤੇ ਸੋਚ ਰਹੀ ਸੀ ਕਿਉਂ ਇਹ ਲੜਾਈਆਂ ਕਰਨ ਦੀ ਲੋੜ
ਮਹਿਸੂਸ ਹੁੰਦੀ ਹੈ ਇਨਸਾਨ ਨੂੰ... ਜ਼ਰੂਰ ਰੱਬ ਨੂੰ ਵੀ ਤਾਂ ਆਪਣੇ ਬਣਾਏ ਇਨਸਾਨ ਇੱਕ
ਦੂਸਰੇ ਦਾ ਖ਼ਾਤਮਾ ਕਰਦੇ ਬੁਰੇ ਲੱਗਦੇ ਹੋਣਗੇ।
ਜਦੋਂ ਕਦੀ ਦੀਪ ਠੀਕ ਮਹਿਸੂਸ ਕਰਦਾ ਤਾਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਮਚਾਈ ਤਬਾਹੀ
ਬਾਰੇ ਦੱਸਦਾ ਕਿ ਕਿਵੇਂ ਸਕੂਲ ਜਾਂਦੇ ਬੱਚਿਆਂ ਨੂੰ ਮਾਰ ਦਿੰਦੇ ਨੇ ਅਤੇ ਮੈਡੀਕਲ ਸੈਂਟਰ ਵੀ
ਬੰਦ ਕਰ ਦਿੱਤੇ। ਬਹੁਤ ਲੋਕ ਹਨ ਜਿਨ੍ਹਾਂ ਦੇ ਫਰੈਕਚਰ ਹਾਲੇ ਵੀ ਠੀਕ ਨਹੀਂ ਹੋਏ ਕਿਉਂਕਿ
ਲੋਕਾਂ ਨੂੰ ਮਦਦ ਮੰਗਣ ਦਾ ਹੁਕਮ ਨਹੀਂ। ਐਨੇ ਜ਼ੁਲਮ ਸਹਿ ਰਹੇ ਨੇ ਉਹ ਲੋਕ ਜਿਨ੍ਹਾਂ ਬਾਰੇ
ਅਸੀਂ ਕੈਨੇਡਾ ਵਿੱਚ ਕਦੀ ਸੁਣਿਆ, ਸੋਚਿਆ ਵੀ ਨਹੀਂ ਹੋਣਾ। ਉਹ ਕਹਿੰਦਾ, “ਮੈਨੂੰ ਲੱਗਦੈ
ਮੈਂ ਓਥੇ ਜਾ ਕੇ ਠੀਕ ਕੀਤਾ ਹੈ। ਛੁਪ ਛੁਪ ਕੇ ਹੀ ਸਹੀ, ਪਰ ਮੈਂ ਕੁਝ ਲੋਕਾਂ ਦੀ ਮਦਦ ਤਾਂ
ਕਰ ਸਕਿਆਂ, ਉਨ੍ਹਾਂ ਤੱਕ ਦਵਾਈਆਂ ਵੀ ਭਿਜਵਾਉਂਦਾ ਰਿਹਾਂ। ਕੁਝ ਬੱਚਿਆਂ ਲਈ ਪੜ੍ਹਾਈ ਦਾ
ਖਰਚਾ ਵੀ ਦਿੱਤਾ ਹੈ ਕਿਉਂਕਿ ਹੋ ਸਕਦੈ ਕਿ ਪੜ੍ਹਾਈ ਹੀ ਓਥੇ ਕੋਈ ਤਬਦੀਲੀ ਲਿਆ ਸਕੇ।
ਤਾਲਿਬਾਨ ਤਾਂ ਅਫ਼ਗਾਨੀ ਫੌਜੀਆਂ ਨੂੰ ਵੀ ਫੜ ਕੇ ਤਸੀਹੇ ਦਿੰਦੇ ਨੇ। ਇਥੋਂ ਤੱਕ ਕਿ ਸਾਡੇ
ਕੁਝ ਸਾਥੀ ਜਦੋਂ ਬਾਹਰ ਜਾਂਦੇ, ਆਪਣੀ ਜੇਬ ’ਚ ਗੋਲੀਆਂ ਲੈ ਜਾਂਦੇ ਨੇ ਤਾਂ ਜੋ ਤਾਲਿਬਾਨ
ਵੱਲੋਂ ਫੜੇ ਜਾਣ ਤੇ ਆਪਣੇ ਆਪ ਨੂੰ ਮਾਰ ਸਕਣ”। ਇਸ ਤੋਂ ਵੱਧ ਸੁਣਨ ਦੀ ਮੇਰੀ ਹਿੰਮਤ ਨਹੀਂ
ਸੀ ਹੁੰਦੀ। ਮੇਰੇ ਲਈ ਤਾਂ ਐਨਾ ਹੀ ਬਹੁਤ ਸੀ ਕਿ ਮੇਰਾ ਬੇਟਾ ਲੋਕਾਂ ਲਈ ਐਨਾ ਸੋਚਦਾ ਸੀ।
ਹੌਲੀ ਹੌਲੀ ਦੀਪ ਦੇ ਜ਼ਖ਼ਮ ਠੀਕ ਹੋ ਰਹੇ ਸਨ ਅਤੇ ਹੁਣ ਉਸ ਨੂੰ ਪ੍ਰੌਸਥੈਟਿਕ ਬੂਟ ਪੁਆਉਣੇ
ਸਨ ਤਾਂ ਜੋ ਉਹ ਮੁੜ ਤੁਰਨਾ ਫਿਰਨਾ ਸ਼ੁਰੂ ਕਰ ਸਕੇ। ਮੈਨੂੰ ਪਤਾ ਲੱਗਾ ਕਿ ਡਾਕਟਰ ਅਤੇ ਦੀਪ
ਨੇ ਜਿਹੜੇ ਬੂਟ ਚੁਣੇ ਹਨ, ਉਹ 70, 000 ਡਾਲਰ ਦੇ ਹਨ। ਮੈਂ ਡਾਕਟਰ ਨਾਲ ਇਸ ਬਾਰੇ ਗੱਲ ਕਰਨ
ਲਈ ਅਪੁਔਂਇਟਮੈਂਟ ਲਈ। ਡਾਕਟਰ ਨੇ ਮੈਨੂੰ ਬੜੇ ਹੀ ਵਿਸਥਾਰ ਨਾਲ ਬੂਟਾਂ ਬਾਰੇ ਜਾਣਕਾਰੀ
ਦਿੱਤੀ। ਕਹਿਣ ਲੱਗੇ, “ਪ੍ਰੌਸਥੈਟਿਕ ਡਿਵਾਈਸ ਦੇ ਉੱਪਰ ਵਾਲੇ ਹਿੱਸੇ ਵਿੱਚ ਇੱਕ ਖੁਲ੍ਹੀ
ਜਿਹੀ ਮੋਰੀ (ਸੌਕੱਟ) ਵਿੱਚ ਪੈਰ ਦੇ ਹਿੱਸੇ (ਸਟੰਪ) ਨੂੰ ਨਿਓਪ੍ਰੀਨ ਦੇ ਬਣੇ ਕਲੈਂਪ ਜਿਹੇ
ਨਾਲ ਜੋੜ ਦਿਆਂਗੇ ਅਤੇ ਪੈਰ ਦੇ ਪੱਬ ਵਾਲੇ ਹਿੱਸੇ ਤੇ ਜੁਰਾਬ ਅਤੇ ਬੂਟ ਪੁਆ ਦਿਆਂਗੇ”।
“ਥੈਂਕ ਗੌਡ! ਅੱਜਕਲ੍ਹ ਐਹੋ ਜਿਹੀਆਂ ਸਹੂਲਤਾਂ ਮੌਜੂਦ ਹਨ” ਅਪਣੇ ਆਪ ਮੇਰੇ ਹੱਥ ਸ਼ੁਕਰਾਨੇ
ਵਜੋਂ ਜੁੜ ਗਏ।
“ਇਹ ‘ਬਾਇਔਨਿਕ ਪੈਰ ਅਤੇ ਗਿੱਟਾ’ ਹੈ। ਇੱਕ ਪਾਸਿਓਂ ਲੱਤ ਨਾਲ ਲੱਗਦਾ ਹੈ ਅਤੇ ਕਾਰਬਨ
ਫਾਈਬਰ ਦਾ ਹਿੱਸਾ ਥੋੜ੍ਹਾ ਮੁੜਿਆ ਹੁੰਦਾ ਹੈ। ਜਦੋਂ ਲੱਤ ਦਾ ਪੂਰਾ ਭਾਰ ਪੈਂਦਾ ਹੈ ਤਾਂ ਉਹ
ਮੁੜਿਆ ਹਿੱਸਾ ਯੀਲਡ ਕਰਦਾ ਹੈ। ਬਿਲਕੁਲ ਸਾਡੀਆਂ ਅਸਲੀ ਲੱਤਾਂ ਵਰਗੀ ਤਾਕਤ ਨਾਲ ਹੀ ਕੰਮ
ਕਰਦਾ ਹੈ। ਹਾਂ, ਮਹਿੰਗਾ ਜ਼ਰੂਰ ਹੈ”।
“ਮਹਿੰਗਾ ਹੈ ਤਾਂ ਵੀ ਕੋਈ ਗੱਲ ਨਹੀਂ ਪਰ ਤੁਹਾਨੂੰ ਯਕੀਨ ਐ ਕਿ ਇਹੀ ਦੀਪ ਲਈ ਠੀਕ ਹੈ?”
“ਯੈੱਸ ਔਫ਼ ਕੋਰਸ, ਇਟਸ ਦਾ ਲੇਟੈਸਟ... ਯੂ ’ਇੱਲ ਸੀ ਦਾ ਡਿਫ਼ਰੈਂਸ... ਡੋਂਟ ਯੂ ਵਰੀ”,
ਡਾਕਟਰ ਪੂਰਾ ਯਕੀਨ ਦੁਆ ਰਿਹਾ ਸੀ।
ਕਹਿਣ ਨੂੰ ਸ਼ਾਇਦ ਸੌਖਾ ਲੱਗਦਾ ਹੈ, ਪਰ ਦਰਦ ਦੀ ਇੰਤਹਾ ਹੋ ਜਾਂਦੀ ਹੈ ਜਦੋਂ ਇਸ ਨਾਲ
ਤੁਰਨਾ ਸ਼ੁਰੂ ਕਰਨਾ ਹੁੰਦਾ ਹੈ। ਇੱਕ ਦੋ ਵਾਰ ਮੈਂ ਖ਼ੁਦ ਦੀਪ ਨੂੰ ਛੁਪ ਕੇ ਰੋਂਦੇ ਦੇਖਿਆ
ਸੀ। ਰੀਹੈਬਲੀਟੇਸ਼ਨ ਸੈਂਟਰ ਦੇ ਮਰੀਜ਼ਾਂ ਵਾਲੇ ਕਮਰਿਆਂ ਵਿੱਚ ਲੱਗੇ ਸੈਂਸਰ ਤੋਂ ਪਤਾ
ਲੱਗਦਾ ਰਹਿੰਦਾ ਹੈ ਕਿ ਮਰੀਜ਼ ਕਿੰਨਾ ਕੁ ਤੁਰ ਫਿਰ ਰਿਹਾ ਹੈ। ਦੀਪ ਨੇ ਪੂਰੀ ਹਿੰਮਤ ਕੀਤੀ
ਅਤੇ ਮਿਹਨਤ ਨਾਲ ਡਾਕਟਰਾਂ ਦੇ ਕਹੇ ਮੁਤਾਬਿਕ ਚੱਲ ਕੇ ਦੁਬਾਰਾ ਤੁਰਨਾ ਸ਼ੁਰੂ ਕਰ ਦਿੱਤਾ
ਸੀ। ਅੱਜ, ਐਨੀ ਦੇਰ ਬਾਅਦ ਆਪਣੇ ਘਰ ਆ ਰਿਹਾ ਸੀ। ਸੜਕ ਤੇ ਕਾਰਾਂ ਦੀਆਂ ਲਾਈਟਾਂ ਦੇਖ ਮੈਂ
ਸਮਝ ਗਈ ਕਿ ਆ ਗਏ ਮੇਰੇ ਬੱਚੇ ਨੂੰ ਲੈ ਕੇ ਉਸ ਦੇ ਸਾਥੀ। ਕਾਰਾਂ ਬਾਹਰ ਰੁਕੀਆਂ, ਸੈਂਡਰਾ
ਆਪਣੀ ਕਾਰ ਪਾਰਕ ਕਰ ਕੇ ਦੀਪ ਦੀ ਕਾਰ ਵੱਲ ਗਈ। ਹੈਰੀ ਦੀਪ ਲਈ ਦਰਵਾਜ਼ਾ ਖੋਲ੍ਹਣ ਲੱਗਾ।
ਦੀਪ ਦਾ ਇੱਕ ਪੈਰ ਬਾਹਰ ਦੇਖਦਿਆਂ ਹੀ ਮੇਰਾ ਦਿਲ ਧੜਕ ਗਿਆ, “ਪ੍ਰਮਾਤਮਾ, ਠੀਕ ਰਹੇ ਮੇਰਾ
ਬੱਚਾ”।
ਦੀਪ ਨੇ ਬਾਹਰ ਨਿਕਲ ਕੇ ਇੱਕ ਹੱਥ ’ਚ ਸੋਟੀ ਫੜੀ ਤੇ ਰੁਕ ਕੇ ਆਲੇ ਦੁਆਲੇ ਦੇਖਣ ਲੱਗਾ
ਜਿਵੇਂ ਸਭ ਕੁਝ ਨਾਪ ਤੋਲ ਰਿਹਾ ਹੋਵੇ। ਉਸ ਦੀ ਨਜ਼ਰ ਸਾਹਮਣੇ ਲਾਅਨ ਵਿੱਚ ਬਰਫ਼ ਤੇ ਪਈ ਤੇ
ਉਸ ਨੇ ਹੌਲੀ ਜਿਹੀ ਆਪਣੇ ਦੋਸਤਾਂ ਨੂੰ ਕੁਝ ਕਿਹਾ। ਉਹ ਸਭ ਬਰਫ਼ ਵੱਲ ਹੋ ਤੁਰੇ। ਦੀਪ ਬਰਫ਼
’ਚੋਂ ਕੁਝ ਕਦਮ ਲੰਘ ਕੇ ਹੀ ਬੜਾ ਫ਼ਖ਼ਰ ਮਹਿਸੂਸ ਕਰਦਾ ਲੱਗ ਰਿਹਾ ਸੀ। ਮੇਰੇ ਗਲ਼ੇ
ਮਿਲਦਿਆਂ ਬੋਲਿਆ, “ਮੌਮ, ਤੁਹਾਡਾ ਬੇਟਾ ਆਪਣੇ ਪੈਰਾਂ ਦੇ ਨਿਸ਼ਾਨ ਅਫ਼ਗਾਨਿਸਤਾਨ ਵਿੱਚ ਵੀ
ਛੱਡ ਕੇ ਆਇਆ ਹੈ, ਸਿਰਫ਼ ਇਸ ਬਰਫ਼ ’ਚ ਹੀ ਨਹੀਂ”।
“ਹਾਂ, ਤੇ ਉਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਛਾਪ ਵੀ” ਸੁਭਾਵਿਕ ਹੀ ਹੈਰੀ ਦੇ
ਮੂੰਹੋਂ ਨਿਕਲਿਆ।
“ਆਇ’ਮ ਸੋ ਪਰਾਊਡ ਔਫ਼ ਯੂ, ਮਾਈ ਸੱਨ” ਕਹਿ ਮੈਂ ਉਸ ਦਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ
ਫੜ, ਫ਼ਖ਼ਰ ਮਹਿਸੂਸ ਕਰ ਰਹੀ ਸਾਂ।
-0- |