Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਮੇਰੀ ਖੇਡ ਵਾਰਤਾ ਦੀ ਵਾਰਤਾ

 

- ਪ੍ਰਿੰ. ਸਰਵਣ ਸਿੰਘ

ਰਾਣੀ ਜਿੰਦ ਕੋਰ ਇੰਗਲੈਂਡ ਵਿਚ

 

- ਹਰਜੀਤ ਅਟਵਾਲ

ਸਵਰਨ ਚੰਦਨ, ਦਰਸ਼ਨ ਗਿੱਲ ਤੇ ਗੋਰੀਆ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਲਿਖੀ-ਜਾ-ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ / ਪਾਨੀਪਤ ਦੀ ਪਹਿਲੀ ਲੜਾਈ

 

- ਇਕਬਾਲ ਰਾਮੂਵਾਲੀਆ

ਸਦੀ ਪੁਰਾਣੀ ਰਹਿਤਲ ਦੀਆਂ ਝਲਕਾਂ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ ਇਸ ਅੰਗੂਰ ਕੀ ਬੇਟੀ ਨੇ!

 

- ਐਸ ਅਸ਼ੋਕ ਭੌਰਾ

ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਟੇਕ ਮੀ ਬੈਕ

 

- ਗੁਰਮੀਤ ਪਨਾਗ

ਜੁਗਨੂੰ

 

- ਸੁਰਜੀਤ

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ

 

- ਹਰਮੰਦਰ ਕੰਗ

ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼

 

- ਡਾ. ਜਗਮੇਲ ਸਿੰਘ ਭਾਠੂਆਂ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਨਹੀਂ ਤਾਂ ਲੋਕ ਗੀਤ ਮਰ ਜਾਣਗੇ !

 

- ਬੇਅੰਤ ਗਿੱਲ ਮੋਗਾ

ਭਾਸ਼ਾ ਦਾ ਸਾਮਰਾਜਵਾਦ

 

- ਨਗੂਗੀ ਵਾ ਥਯੋਂਗੋਂ

ਗਜ਼ਲ (ਦੁਖਾਂ ਤੋਂ ਹਾਂ ਕੋਹਾਂ ਦੂਰ)

 

- ਮਲਕੀਅਤ “ਸੁਹਲ”

 ਗ਼ਜ਼ਲ

 

- ਅਜੇ ਤਨਵੀਰ

ਪੈਰਾਂ ਦੇ ਨਿਸ਼ਾਨ

 

- ਬਰਜਿੰਦਰ ਗੁਲਾਟੀ

ਦੋ ਗੀਤ

 

- ਅਮਰੀਕ ਮੰਡੇਰ

ਨਾਮ ਵਿੱਚ ਕੀ ਰਖਿਆ ਹੈ ?

 

- ਗੁਲਸ਼ਨ ਦਿਆਲ

ਰਾਜਨੀਤੀ ਬਨਾਮ ਕਦਰਾਂ

 

- ਕੁਲਜੀਤ ਮਾਨ

ਨੇਕੀ ਦੀ ਬਦੀ ’ਤੇ ਜਿੱਤ? ਬਾਰੇ ਇਕ ਪ੍ਰਤੀਕਰਮ

 

- ਸਾਧੂ ਬਿਨਿੰਗ

 ਹੁੰਗਾਰੇ
 

Online Punjabi Magazine Seerat


ਜੁਗਨੂੰ
- ਸੁਰਜੀਤ
 

 

ਰਾਤ ਤੋਂ ਲਗਾਤਾਰ ਬਰਫ਼ ਪੈ ਰਹੀ ਹੈ । ਇਹੋ ਜਿਹੇ ਮੌਸਮ ਵਿਚ ਬਾਹਰ ਵੇਖੋ ਤਾਂ ਸੱਭ ਪਾਸੇ ਚਿੱਟਾ ਹੀ ਚਿੱਟਾ ਨਜ਼ਰ ਆਉਂਦਾ ਹੈ। ਹਾਇ ਇਹ ਵ੍ਹਾਈਟ ਥਿੰਗ ! ਕੁਛ ਕਰਨ ਨੂੰ ਵੀ ਤਾਂ ਜੀਅ ਨਹੀਂ ਕਰਦਾ ! ਮਿਸੀਸਾਗਾ ਵਿਚ ਸਥਿੱਤ ਆਪਣੀ ਅਪਾਰਟਮੈਂਟ ਬਿਲਡਿੰਗ ਦੀ ਬਾਈਵੀਂ ਮੰਿਜ਼ਲ ਤੇ ਰਹਿੰਦਿਆਂ ਇੰਝ ਲੱਗਣ ਪਿਆ ਹੈ ਜਿਵੇਂ ਧਰਤੀ ਤੇ ਅਸਮਾਨ ਵਿਚਾਲੇ ਟੰਗੇ ਗਏ ਹੋਈਏ । ਕਿਤੇ ਬਾਹਰ ਅੰਦਰ ਵੀ ਤਾਂ ਨਹੀਂ ਜਾ ਹੁੰਦਾ । ਬਸ ਇਹੀ ਡਰ ਲਗਿੱਆ ਰਹਿੰਦਾ ਹੈ ਕਿ ਜੇ ਕਿਤੇ ਤਿਲਕ ਕੇ ਲੱਤ ਬਾਂਹ ਟੁੱਟ ਗਈ ਤਾਂ ਲੈਣੇ ਦੇ ਦੇਣੇ ਪੈ ਜਾਣੇ ਨੇ । ਅਕਸਰ ਖਿੜਕੀ ਵਿਚ ਖੜੀ ਹੋ ਜਾਂਦੀ ਹਾਂ ਤੇ ਸੋਚਦੀ ਹਾਂ ਕਿ ਜੇ ਸ਼ੀਸਿ਼ਆਂ ਵਿਚੋਂ ਆਹ ਹਾਈਵੇਅ ਅਤੇ ਸ਼ਾਪਿੰਗ ਮਾਲ ਨਾ ਦਿਸਦੇ ਹੁੰਦੇ ਤਾਂ ਕਮਰਿਆਂ ਵਿਚ ਬੰਦ ਰਹਿ ਕੇ ਦਿਲ ਕਿਵੇਂ ਲਗਦਾ ? ਜਦ ਵੀ ਇੱਥੇ ਖੜੀ ਹੋ ਕੇ ਬਾਹਰ ਵੱਲ ਵੇਖਦੀ ਹਾਂ ਤਾਂ ਦਿਲ ਨੂੰ ਜਰਾ ਤਸੱਲੀ ਹੁੰਦੀ ਹੈ ਕਿ ਮੈਂ ਅਜੇ ਬਾਹਰਲੀ ਦੁਨੀਆ ਨਾਲ ਜੁੜੀ ਹੋਈ ਹਾਂ । ਦੇਸ ਯਾਦ ਆਉਂਦਾ ਰਹਿੰਦੈ –ਉਹ ਖੁੱਲੀ ਹਵਾ ਵਿਚ ਫਿਰਨਾ, ਵਿਹੜਿਆਂ ਵਿਚ ਬੈਠ ਕੇ ਧੁੱਪ ਸੇਕਣਾ ਤੇ ਕਿੱਥੇ ਇਹ ਕਮਰਿਆਂ ਦੀ ਕੈਦ । ਸੋਚਦੀ ਹਾਂ ਜਿਹੜੇ ਬੰਦੇ ਨੇ ਬਰਫਾਂ ਲੱਦੀ ਇਸ ਧਰਤੀ ਨੂੰ ਪਹਿਲਾਂ ਆਬਾਦ ਕੀਤਾ ਹੋਵੇਗਾ ਉਸ ਨੂੰ ਵੀ ਕੀ ਸੁੱਝੀ ਹੋਵੇਗੀ ਭਲਾ ! ਇੱਡੀ ਵੱਡੀ ਧਰਤੀ ਛੱਡ ਲੱਭ ਲਈ ਆਹ ਥਾਂ ਤੇ ਇਸਨੇ ਸਾਰੀ ਦੁਨੀਆ ਕਰ ਦਿਤੀ ਕਮਲੀ ! ਇੰਡੀਆ ਦਾ ਤਾਂ ਤਕਰੀਬਨ ਹਰ ਆਦਮੀ ਹੀ ਬੋਰੀਆ-ਬਿਸਤਰਾ ਬੰਨੀ ਬੈਠਾ ਹੈ ਇੱਧਰ ਆਉਣ ਨੂੰ ! ਆਕੇ ਈ ਪਤਾ ਲੱਗੂ ਕੈਨੇਡਾ ਕਿਹੜੇ ਭਾਅ ਵਿਕਦੀ ਹੈ !
ਮਨ ਤਾਂ ਉਦੋਂ ਦਾ ਹੀ ਪਰੇਸ਼ਾਨ ਹੈ ਜਦੋਂ ਦਾ ਫੇਸ ਬੁਕ ਤੇ ‘ਆਰ ਆਈ ਪੀ ਜੁਗਨੂੰ’ ਲਿਖਿਆ ਪੜਿਆ ਹੈ । ਆਲੇ ਦੁਆਲੇ ਸਾਰਾ ਕੁਛ ਅਸਤ ਵਿਅਸਤ ਹੋਇਆ ਲਗਦਾ ਹੈ । ਫਿਰ ਬਾਹਰ ਦੇਖਣ ਲੱਗੀ ਹਾਂ । ਦੇਖ ਰਹੀ ਹਾਂ ਕਿ ਬਰਫ਼ ਪਈ ਹੋਣ ਕਰਕੇ ਹਾਈਵੇਅ ‘ਤੇ ਕਿੰਨੇ ਐਕਸੀਡੈਂਟ ਹੋਏ ਹੋਏ ਹਨ ਤੇ ਥਾਂ ਥਾਂ ਤੇ ਪੁਲੀਸ ਦੀਆਂ ਗੱਡੀਆਂ ਦੀਆਂ ਬੱਤੀਆਂਾਂ ਚਮਕ ਰਹੀਆਂ ਹਨ । ਮਨ ਵਿਚ ਕਈ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਚੱਲ ਰਹੀਆਂ ਹਨ । ਸੋਚਣ ਲੱਗੀ ਹਾਂ, ਦੇਸ ਵਿਚ ਦੋਵੇਂ ਪ੍ਰੋਫੈਸਰ ਸਾਂ ! ਚੰਗੀ ਚੋਖੀ ਤਨਖਾਹ ਮਿਲਦੀ ਸੀ ! ਹਜ਼ਾਰਾਂ ਲੋਕਾਂ ਨਾਲ ਮਿਲਣਾ ਜੁਲਣਾ ਸੀ । ਪਤਾ ਨਹੀਂ ਕਿਹੜਾ ਸੁਪਨਾ ਸਾਕਾਰ ਕਰਨ ਨੂੰ ਆ ਗਏ ਇਸ ਜੇਲ ਅੰਦਰ ! ਮੈਂ ਇਹਨਾਂ ਸੋਚਾਂ ਵਿਚ ਹੀ ਗੁਆਚੀ ਹੋਈ ਹਾਂ ਕਿਂ ਪਿੱਛੋਂ ਬੱਚਿਆਂ ਦੀਆਂ ਆਵਾਜਾਂ਼ ਸੁਣਨ ਲੱਗੀਆਂ ਹਨ । ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਮੇਰੇ ਦੋਵੇਂ ਬੇਟੇ ਕੰਪਿਊਟਰ ਪਿੱਛੇ ਲੜ ਰਹੇ ਹਨ ।
“ਮੈਂ ਹੋਮ ਵਰਕ ਕਰਨੈ, ਪਹਿਲਾਂ ਮੈਨੂੰ ਚਾਹੀਦਾ ਹੈ ਕੰਪਿਊਟਰ !”
“ਮੇਰੇ ਦੋਸਤ ਨੇ ਮੇਰੇ ਇੰਡੀਆ ਦੇ ਸਕੂਲ ਦੀਆਂ ਫੋਟੋਆਂ ਭੇਜੀਆਂ ਨੇ, ਦੇਖ ਕੇ ਇਕ ਮਿਨਟ ‘ਚ ਵਾਪਸ ਕਰ ਦੇਵਾਂਗਾ ।”
ਮੈਂ ਗੁੱਸੇ ਵਿਚ ਭੜਕ ਗਈ ਹਾਂ,“ਤੁਸੀਂ ਕੀ ਐਵੇਂ ਆਪਣੀ ਕਾਂਵਾਂ ਰੌਲੀ ਪਾਈ ਐ ? ਅੱਗੇ ਕਿਹੜੀਆਂ ਘੱਟ ਮੁਸੀਬਤਾਂ ਨੇ ਇੱਥੇ ? ਤੁਸੀਂ ਹੁਣ ਬੱਚੇ ਤਾਂ ਨਹੀਂ ਰਹੇ, ਆਰਾਮ ਨਾਲ ਸੌਲਵ ਕਰਨੀਆਂ ਸਿੱਖੋ ਆਪਣੀਆਂ ਪਰੌਬਲਮਜ਼ ।”
“ਮਾਂ, ਨਵੀ ਨੂੰ ਆਖੋ ਮੈਨੂੰ ਆਪਣੀ ਫੇਸਬੁੱਕ ਚੈੱਕ ਕਰ ਲੈਣ ਦੇਵੇ। ਮੇਰੇ ਫਰੈਂਡਸ ਨੇ ਨਵੀਆਂ ਪਿਕਚਰਜ਼ ਭੇਜੀਆਂ ਨੇ।”
“ ਮੈਂ ਆਪਣਾ ਹੋਮਵਰਕ ਖਤਮ ਕਰਕੇ ਦਊਂਗਾ । ਇਹਨੂੰ ਕਹੋ ਇੰਤਜ਼ਾਰ ਕਰੇ... ” ਨਵੀ ਬੋਲਿਐ ।
“ਹਅਅ...ਆ ! ਇਹ ਫੇਸਬੁੱਕ ਵੀ ਬੱਸ...! ਬੰਟੀ ਤੂੰਂ ਵੱਡਾ ਏਂ ਸਬਰ ਕਰ, ਕਰ ਲੈਣ ਦੇ ਹੋਮ ਵਰਕ ਉਸਨੂੰ, ਦੇ ਦਿੰਦੈ ਥੋੜੀ ਦੇਰ ਬਾਅਦ ਤੈਨੂੰ... ! ਥੋੜਾ ਸੈੱਟ ਹੋ ਲਈਏ, ਲੈ ਦੇਵਾਂਗੇ ਦੋਹਾਂ ਨੂੰ ਵੱਖਰੇ ਵੱਖਰੇ ਕੰਪਿਊਟਰ... ਓ ਕੇ...।” ਮੈਂ ਉਹਨਾਂ ਦਾ ਝਗੜਾ ਨਿਬੇੜਣ ਦੀ ਕੋਸਿ਼ਸ਼ ‘ਚ ਹਾਂ ।
“ਤੁਸੀਂ ਹਮੇਸ਼ਾ ਹੀ ਨਵੀ ਦੀ ਫੇਵਰ ਕਰਦੇ ਓ,” ਬੰਟੀ ਰੁਆਂਸਾ ਜਿਹਾ ਹੋਕੇ ਦੌੜ ਕੇ ਅੰਦਰ ਚਲਾ ਗਿਆ ਹੈ ਤੇ ਆਪਣੀ ਪੀ. ਐਸ. ਪੀ. ਖੇਡਣ ਵਿਚ ਗੁਆਚ ਗਿਆ ਹੈ ।

ਨਵੀ ਬੜੇ ਧਿਆਨ ਨਾਲ ਕੰਪਿਊਟਰ ਤੇ ਲਗਿਆ ਹੋਇਆ ਹੈ । ਮੈਂ ਕਦੇ ਅੰਦਰ ਆ ਜਾਂਦੀ ਹਾਂ ਅਤੇ ਕਦੇ ਬਾਰੀ ਕੋਲ ਖੜੀ ਹੋ ਜਾਂਦੀ ਹਾਂ । ਉਹ ਤਾਂ ਖੈਰ ਬੱਚੇ ਨੇ ਪਰ ਸੱਚੀ ਗੱਲ ਇਹ ਹੈ ਕਿ ਅੰਦਰੋਂ ਅੱਚਵੀ ਤਾਂ ਮੈਨੂੰ ਵੀ ਲੱਗੀ ਹੋਈ ਹੈ । ਮੈਂ ਵੀ ਇੰਤਜ਼ਾਰ ਵਿਚ ਹਾਂ ਕਿ ਕਦੋਂ ਕੰਪਿਊਟਰ ਵਿਹਲਾ ਹੋਵੇ ਤੇ ਕਦੋਂ ਮੈਂ ਆਪਣੀ ਫੇਸਬੁਕ ਚੈੱਕ ਕਰਾਂ । ਹੁਣ ਇਸ ਬਰਫ਼ੀਲੇ ਰੇਗਿਸਤਾਨ ਵਿਚ ਇਕ ਫੇਸਬੁੱਕ ਦਾ ਹੀ ਤਾਂ ਸਹਾਰਾ ਹੈ । ਨਹੀਂ ਤਾਂ ਬਿਲਕੁਲ ਹੀ ਜਹਾਨ ਨਾਲੋਂ ਟੁਟ ਜਾਈਏ । ਨਵੀ ਜਰਾ ਉਠ ਕੇ ਵਾਸ਼ਰੂਮ ਵਲ ਗਿਆ ਤਾਂ ਮੈਂ ਝੱਟ ਦੇਣੀ ਇਹ ਵੇਖਣ ਲਈ ਕਿ ਜੁਗਨੂੰ ਦਾ ਕੋਈ ਮੈਸੇਜ ਤਾਂ ਨਹੀਂ ਆਇਆ ਹੋਇਆ, ਫੇਸਬੁੱਕ ਖੋਹਲ ਲਈ । ਅਜੇ ਆਪਣੀ ਵਾਲ ਤੇ ਵੀ ਨਹੀਂ ਗਈ ਸੀ ਕਿ ਨਵੀ ਦੌੜਾ ਦੌੜਾ ਆਇਆ ਤੇ ਮੇਰੇ ਹੱਥੋਂ ਲੈਪਟੌਪ ਫੜ ਕੇ ਕਹਿ ਰਿਹਾ ਹੈ,
‘‘ਲਉ ਹੁਣ ਤੁਸੀਂ ਲਗ ਗਏ ਮਾਂ, ਪਤੈ ਮੇਰੀ ਅਸਾਈਨਮੈਂਟ ਨਹੀਂ ਪੂਰੀ ਹੋਣੀ ,‘ ਉਹ ਫਿਰ ਆਪਣੇ ਕੰਮ ਵਿਚ ਮਸਤ ਹੋ ਗਿਆ । ਮੈਂ ਥੋੜਾ ਜਿਹਾ ਸ਼ਰਮਿੰਦੀ ਹੋ ਗਈ ਹਾਂ ਪਰ ਇਕ ਵਾਰ ਜੁਗਨੂੰ ਦੀ ਖਬਰ ਵੇਖਣਾ ਚਾਹੁੰਦੀ ਹਾਂ । ਪਰ...ਮੈਨੂੰ ਤਾਂ ਸਬਰ ਕਰਨਾ ਹੀ ਪੈਣੈ । ਮੈਂ ਤਾਂ ਮਾਂ ਹਾਂ ਨਾ !

ਮੈਂ ਉਥੋਂ ਪਰੇ ਹਟ ਗਈ ਹਾਂ । ਆਪਣੀ ਬੇਸਬਰੀ ਤੋਂ ਖਹਿੜਾ ਛੁਡਾਉਣ ਲਈ ਕਮਰੇ ਦੀਆਂ ਖਿਲਰੀਆਂ ਹੋਈਆਂ ਚੀਜ਼ਾਂ ਸਾਂਭਣ ਲਗ ਪਈ ਹਾਂ । ਨਾਲ ਹੀ ਨਾਲ ਸੋਚ ਰਹੀ ਹਾਂ ਕਿ ਇਹ ਇੱਕੀਵੀਂ ਸਦੀ ਕਾਹਦੀ ਚੜ੍ਹੀ, ਫੇਸਬੁਕ ਨੇ ਤਾਂ ਲੋਕਾਂ ਨੂੰ ਕਮਲੇ ਹੀ ਕਰ ਦਿਤਾ ਹੈ। ਕਾਲਜ ਦੇ ਸਟਾਫ ਰੂਮ ਵਿਚ ਵੀ ਇਹੀ ਕੁਛ ਹੁੰਦਾ ਹੁੰਦਾ ਸੀ । ਸਾਰੇ ਪ੍ਰੋਫੈਸਰ ਆਉਂਦੇ ਹੀ ਬੈਠ ਜਾਂਦੇ ਸਨ ਆਪਣੇ ਆਪਣੇ ਲੈਪਟੌਪ ‘ਤੇ । ਆਪਸ ਵਿਚ ਕੋਈ ਗਲ ਹੀ ਨਹੀਂ ਸੀ ਕਰਦਾ । ਕਈ ਵਾਰੀ ਸਟਾਫ਼ ਰੂਮ ਵਿਚ ਬੈਠੇ ਆਪਸ ਵਿਚ ਹੀ ਫੇਸਬੁਕ ਤੇ ਚੱੈਟ ਕਰ ਰਹੇ ਹੁੰਦੇ ਸਨ । ਅਜਕੱਲ ਤਾਂ ਜਿਨ੍ਹਾਂ ਲੋਕਾਂ ਨੂੰ ਕੰਪਿਊਟਰ ਖੋਲ੍ਹਣਾ ਵੀ ਨਹੀਂ ਆਉਂਦਾ, ਉਨ੍ਹਾਂ ਨੇ ਵੀ ਮਾੜਾ ਮੋਟਾ ਇੱਧਰ ਉਧਰ ਹੱਥ ਮਾਰਨਾ ਸਿਖ ਕੇ ‘ਫੇਸਬੁਕ’ ਤੇ ਆਪਣਾ ਆਪਣਾ ਘਰ ਪਾ ਲਿਆ ਹੋਇਐ...।

ਅਜੇ ਨਿੱਕੇ ਨਿੱਕੇ ਕੰਮ ਕਰ ਹੀ ਰਹੀ ਹਾਂ ਕਿ ਦੇਵ ਆ ਗਏ ਨੇ ।
“ਚਾਹ ਬਣਾਵਾਂ ?” ਪੁੱਛ ਕੇ ਮੈਂ ਕਿਚਨ ਵਿਚ ਆ ਗਈ ਹਾਂ । ਚਾਹ ਦਾ ਕੱਪ ਲਿਆ ਕੇ ਮੇਜ ‘ਤੇ ਰਖਦਿਆਂ ਦੂਜਾ ਸਵਾਲ ਕਰ ਦਿੰਦੀ ਹਾਂ, “ਕਿਵੇਂ ਮਿਲਿਆ ਕੋਈ ਕੰਮ?”
“ਹਾਂ ਇਕ ਨਿਊਜ਼ ਪੇਪਰ ਦੇ ਆਫਿ਼ਸ ਵਿਚ ਮਿਲਿਆ ਤਾਂ ਹੈ...ਪਰ ਹੈ ‘ਪਾਰਟ ਟਾਈਮ’...” ਕਹਿੰਦਿਆਂ ਦੇਵ ਮੇਰੇ ਮੂੰਹ ਵਲ ਵੇਖ ਰਹੇ ਹਨ । ਮੇਰੇ ਢਿੱਡ ਵਿਚ ਹੌਲ ਜਿਹਾ ਪਿਆ ਹੈ ਪਰ ਮੈਂ ਕਹਿ ਕੁਝ ਨਹੀਂ ਸਕੀ ਹਾਂ । ਉਹ ਜਿਵੇਂ ਮੇਰੇ ਦਿਲ ਦੀ ਗਲ ਸਮਝ ਗਏ ਹਨ, “ਇਹ ਤਾਂ ‘ਸਰਵਾਈਵਲ ਜੌਬ’ ਹੈ...ਕਿਹੜਾ ਹਮੇਸ਼ਾ ਇਹੀ ਕਰਦੇ ਰਹਿਣੈ...ਦੇਖਦੇ ਰਹਾਂਗੇ ਹੋਰ ਕੁਛ ਵੀ...।”

ਸਭ ਕੁਛ ਹੋਣ ਦੇ ਬਾਵਜੂਦ ਵੀ ਮੇਰੀ ਸੁਰਤ ਉਸੇ ਖਬਰ ਤੇ ਟਿਕੀ ਹੋਈ ਹੈ । ਮੈਂ ਚੋਰ ਅੱਖ ਨਾਲ ਨਵੀ ਵਲ ਵੇਖ ਲੈਂਦੀ ਹਾਂ ਕਿ ਉਹ ਕਦੋਂ ਲੈਪਟੌਪ ਛੱਡਦਾ ਹੈ । ਮੈਂ ਜੁਗਨੂੰ ਵਾਲੀ ਖਬਰ ਪੜ੍ਹਣਾ ਚਾਹੁੰਦੀ ਹਾਂ । ਦੇਵ ਚਾਹ ਪੀ ਕੇ ਅੰਦਰ ਚਲੇ ਗਏ ਹਨ । ਭਾਂਡੇ ਧੋਂਦਿਆਂ ਮੈਂ ਸੋਚਾਂ ਦੇ ਜੰਗਲ ਵਿਚ ਪਿਛਲਖੁਰੀ ਤੁਰ ਪੈਂਦੀ ਹਾਂ । ਪਿਛਲੇ ਸਾਲ ਜਦੋਂ ਅਸੀਂ ਕੈਨੇਡਾ ਨਵੇਂ ਨਵੇਂ ਆਏ ਸਾਂ ਤਾਂ ਸਾਰਾ ਦਿਨ ਘਰ ਇਕੱਲੀ ਹੁੰਦੀ ਸਾਂ । ਦੇਵ ਨੂੰ ਆਉਂਦਿਆਂ ਹੀ ਇਕ ‘ਵੇਅਰਹਾਊਸ’ ਵਿਚ ਜੌਬ ਮਿਲ ਗਈ ਸੀ ਤੇ ਬੱਚੇ ਸਕੂ਼ਲ ਚਲੇ ਜਾਂਦੇ ਸਨ । ਮੈਂ ਅਕਸਰ ਹੇਠਾਂ ਬਿਲਡਿੰਗ ਦੀ ਲੌਬੀ ਵਿਚ ਆਕੇ ਬੈਠ ਜਾਂਦੀ ਹੁੰਦੀ ਸਾਂ । ਘੱਟੋ ਘਟ ਇਥੇ ਆਉਂਦੇ ਜਾਂਦੇ ਲੋਕ ਤਾਂ ਦਿਸਦੇ ਸਨ । ਇਕ ਦਿਨ ਸਾਡੀ ਬਿਲਡਿੰਗ ਵਿਚ ਰਹਿੰਦੀ ਇਕ ਭਾਰਤੀ ਦਿਸਦੀ ਔਰਤ ਨੇ ਮੈਨੂੰ ਬੁਲਾ ਲਿਆ,
“ਆਪ ਨਏ ਆਏ ਹੈਂ ?”
“ਹਾਂ...ਔਰ ਆਪ ?”
ਮੈਂ ਦੋ ਸਾਲ ਸੇ ਯਹਾਂ ਹੂੰ । ਆਪ ਇੰਡੀਆ ਸੇ ਹੈਂ ? ਮੈਂ ਫੀਜੀ ਸੇ ਹੂੰ...”
“ਹਾਂ” ਮੈਂ ਅਜੇ ਕੁਛ ਕਹਿਣਾ ਹੀ ਸੀ ਕਿ ਉਹ ਬੋਲੀ, “ਮੈਂ ਆਪਕੋ ਰੋਜ ਦੇਖਤੀ ਹੂੰ ਯਹਾਂ ਪੇ । ਲਗਤਾ ਹੈ ਅਭੀ ਆਪਕਾ ਦਿਲ ਨਹੀਂ ਲਗਾ ।”
ਮੈਂ ਸਿਰ ਹਿਲਾ ਕੇ ਉਸਦੀ ਹਾਂ ‘ਚ ਹਾਂ ਮਿਲਾਈ ।
“ਆਪ ਮੇਰੇ ਸਾਥ ਅੰਗ੍ਰੇਜੀ ਕਲਾਸ ਮੇਂ ਚਲਾ ਕਰੇਂ । ਆਪਕਾ ਦਿਲ ਭੀ ਲਗ ਜਾਏਗਾ । ਵਹਾਂ ਕੰਪਿਊਟਰ ਭੀ ਸਿਖਾਤੇ ਹੈਂ । ਔਰ ਦੋਸਤ ਭੀ ਮਿਲ ਜਾਂਏਂਗੇ ।”

“ਠੀਕ ਹੈ ਆਪ ਮੁਝੇ ਅਪਨਾ ਟੈਲੀਫੂਨ ਨੰਬਰ ਦੇ ਦੇਂ, ਘਰ ਜਾਕਰ ਅਪਨੇ ਹਸਬੈਂਡ ਸੇ ਪੂਛ ਕਰ ਬਤਾਊਂਗੀ ।”
ਉਸਨੇ ਦਸਿਆ ਕਿ ਇਥੇ ਨਵੇਂ ਇਮੀਗਰਾਂਟਾਂ ਨੂੰ ਮੁਫ਼ਤ ਇੰਗਲਿਸ਼ ਦੀਆਂ ਕਲਾਸਾਂ ਦਿੰਦੇ ਹਨ । ਮੈਨੂੰ ‘ਆਈਡੀਆ’ ਚੰਗਾ ਲਗਿਆ ਤੇ ਮੈਂ ਉਹਦੇ ਨਾਲ ਇਕ ‘ਸੈਟਲਮੈਂਟ ਏਜੰਸੀ’ ਜਾਣਾ ਸ਼ੁਰੂ ਕਰ ਦਿਤਾ ।

ਇੰਡੀਆ ਤੋਂ ਦੋਸਤਾਂ ਦੇ ਫੋਨ ਆਉਂਦੇ ਤੇ ਕਹਿੰਦੇ ਫੇਸਬੁਕ ਤੇ ਆਪਣੀਆਂ ਕੈਨੇਡਾ ਦੀਆਂ ਫੋਟੋਆਂ ਪਾਉ, ਅਸੀਂ ਵੇਖਣੀਆਂ ਹਨ । ਊਹਨਾਂ ਨੂੰ ਕੀ ਪਤਾ ਇੱਥੇ ਕੀ ਸੰਝੇ ਪਏ ਹੋਏ ਨੇ । ਮੈਂ ਫੇਸਬੁਕ ਦੇ ਝੰਜਟ ਵਿਚ ਵੀ ਪੈਣਾ ਨਹੀਂ ਸੀ ਚਾਹੁੰਦੀ । ਵਿਹਲਾ ਵਕਤ ਅਤੇ ਨਵੀਂ ਥਾਂ ! ਹੁਣ ਲੱਗਣ ਲਗ ਗਿਆ ਸੀ ਕਿ ਫੇਸਬੁਕ ਤੋਂ ਬਿਨਾ ਸਰਨਾ ਨਹੀਂ । ਜਿਸਦੇ ਨਾਲ ਗੱਲ ਕਰੋ ਉਹੀ ਫੇਸਬੁੱਕ ਦੀ ਗਲ ਕਰਣ ਲਗਦਾ ਸੀ ।

ਕੰਪਿਊਟਰ ਸਿਖਦਿਆਂ ਸਿਖਦਿਆਂ ਇਕ ਦਿਨ ਫੇਸਬੁਕ ਤੇ ਆਪਣਾ ਅਕਾਊਂਟ ਖੋਹਲ ਹੀ ਲਿਆ । ਦੋਸਤੀਆਂ ਦੇ ਨਵੇਂ ਨਵੇਂ ਸਿਰਨਾਂਵੇਂ ਲਭ ਪਏ । ਇਥੇ ਹੀ ਸਾਹਿਤਕ ਚਰਚਾਵਾਂ ਛਿੜਣ ਲਗੀਆਂ । ਨਿਤ ਨਵੀਆਂ ਨਵੀਆਂ ਕਵਿਤਾਵਾਂ ਇਕ ਦੂਜੇ ਦੀ ਕੰਧ ਤੇ ਲਿੱਪੀਆਂ ਹੋਈਆਂ ਵੇਖਾਂ । ਇਕ ਕਵਿਤਾ ਤੇ ਕਿੰਨੇ ਕਿੰਨੇ ‘ਕੁਮੈਂਟਸ’ ਆਉਂਦੇ ਵੇਖ ਹੈਰਾਨੀ ਹੋਵੇ । ਆਪਣੇ ਲਈ ਲਿਖੇ ‘ਕੁਮੈਂਟਸ’ ਪੜ੍ਹ ਕੇ ਦਿਲ ਬਾਗ ਬਾਗ ਹੁੰਦਾ ਸੀ । ਨਿੱਕੀ ਨਿੱਕੀ ਗਲ ਤੇ ਦੋਸਤ ‘ਧੰਨਵਾਦ’, ‘ਮਿਹਰਬਾਨੀ’ ਤੇ’ ਥੈਂਕਯੂ ਦੋਸਤੋ’, ਕਹਿੰਦੇ ਫੁੱਲੇ ਨਾ ਸਮਾਉਂਦੇ । ਕਈ ਤਾਂ ਦੇਖਦਿਆਂ ਦੇਖਦਿਆਂ ‘ਫੇਸਬੁਕ ‘ਸਿਲੇਬ੍ਰਿਟੀ’ ਬਣ ਗਏ ਤੇ ਕਈ ਸੁਪ੍ਰਸਿੱਧ ਕਵੀ । ਮੈਂ ਵੀ ਰੀਸੋ ਰੀਸੀ ਦੋ ਚਾਰ ਲਾਈਨਾਂ ਝਰੀਟਣੀਆਂ ਸ਼ੁਰੂ ਕਰ ਦਿਤੀਆਂ । ਹੁਣ ਕੀ ਜਰੂਰਤ ਸੀ ਫੇਸਬੁਕੀਆਂ ਨੂੰ ਮੈਗਜ਼ੀਨਾਂ ਤੇ ਅਖਬਾਰਾਂ ਦੀ ! ਹੁਣੇ ਰਚਨਾ ਲਿਖਦੇ ਤੇ ਸਿੱਧੀ ਫੇਸਬੁੱਕ ਤੇ ਆਪਣੀ ਕੰਧ ਤੇ ਲਿਪ ਦਿੰਦੇ, ਜਿਵੇਂ ਦੇਸ ਵਿਚ ਕੰਧਾਂ ‘ਤੇ ਪਾਥੀਆਂ ਲਿੱਪੀਦੀਆਂ ਸਨ । ਠਾਹ ਕਰਦੇ ‘ਕੁਮੈਂਟਸ’ ਤੇ ‘ਕੁਮੈਂਟਸ’ ਆਉਣੇ ਸ਼ੁਰੂ – ‘ਵਾਹ ਜੀ, ਖੂਬਸੂਰਤ, ਕਮਾਲ ਆ ਜੀ, ਤੁਹਾਡੀ ਕਲਮ ਨੂੰ ਸਲਾਮ ਐ ਜੀ, ਅੱਤ ਆ ਜੀ... ’ ਆਦਿ ਆਦਿ ।

ਫੇਸਬੁਕ ਖੋਲ੍ਹਦੀ ਸਾਂ ਤੇ ਸਾਰੀ ਦੁਨੀਆਂ ਦੀਆਂ ਖਬਰਾਂ ਇਕ ਮਿਨਟ ਵਿਚ ਪਹੁੰਚ ਜਾਂਦੀਆਂ । ਦੇਸ ਤੋਂੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਾਂ ਬਾਤਾਂ ਹੋਣ ਲਗੀਆਂ । ਫੋਟੋਆਂ ਦਾ ਆਦਾਨ-ਪ੍ਰਦਾਨ ਹੋਣ ਲਗਾ । ਸਮਕਾਲੀ ਸਾਹਿਤ ਪੜ੍ਹਿਆ ਜਾਣ ਲਗਾ । ਲੋਕਾਂ ਨੇ ‘ਫੇਸਬੁਕ ਗਰੁਪ’ ਬਣਾ ਲਏ ਤੇ ਮੈਨੂੰ ‘ਐਡ’ ਕਰਨਾ ਸ਼ੁਰੂ ਕਰ ਦਿਤਾ । ਆਪਣਾ ਆਪ ‘ਇੰਪੌਰਟੈਂਟ’ ਲੱਗਣ ਲੱਗਾ । ‘ਨੋਟੀਫਿਕੇਸ਼ਨਾਂ’ ਨਾਲ ਈਮੇਲਾਂ ਭਰ ਗਈਆਂ । ਲੋਕ ਆਪਣੀ ਕਵਿਤਾ ਲਿਖ ਮੈਨੂੰ ‘ਟੈਗ’ ਕਰਨ ਲੱਗੇ । ਹੌਲੀ ਹੌਲੀ ਕੁਛ ਲੋਕ ਇਨ੍ਹਾਂ ‘ਨੋਟੀਫਿਕੇਸ਼ਨਾਂ’ ਅਤੇ ‘ਟੈਗਸ’ ਤੋਂ ਦੁਖੀ ਵੀ ਹੋ ਗਏ । ਇਕ ਦਿਨ ਇਕ ਸੱਜਣ ਨੇ ਆਪਣੀ ਕੰਧ ਤੇ ਲਿਖਿਆ ਹੋਇਆ ਸੀ - ‘ਰੱਬ ਦਾ ਵਾਸਤਾ ਮੈਨੂੰ ਕੋਈ ਟੈਗ ਨਾ ਕਰੇ, ਮੈਨੂੰ ਕਿਸੇ ਗਰੁਪ ਵਿਚ ਐਡ ਨਾ ਕੀਤਾ ਜਾਵੇ।’ ਬਹਿਸਾਂ, ਲੜਾਈਆਂ ਤੇ ਕਈ ਮਸਲੇ ਭੱਖਣ ਲਗੇ । ਕਈਆਂ ਦੇ 5000 ਤੋਂ ਉਪਰ ਦੋਸਤ ਹੋ ਗਏ ਸਨ ਤੇ ਉਨ੍ਹਾਂ ਲਿਖ ਦਿਤਾ – ‘ਪਲੀਜ਼ ਮੈਨੂੰ ਹੋਰ ਫਰੈਂਡ ਰਿਕੁਐਸਟ ਨਾ ਭੇਜੀ ਜਾਵੇ ।’ ਪੂਰਾ ਮਨੋਰੰਜਨ ਹੋ ਰਿਹਾ ਸੀ ਘਰ ਬੈਠਿਆਂ ਮੇਰਾ ਤਾਂ । ਬੜਾ ਮਜ਼ਾ ਆ ਰਿਹਾ ਸੀ । ਫੇਸਬੁੱਕ ਦਾ ਸੁਆਦ ਹੀ ਅਨੋਖਾ ਸੀ । ਨਾ ਫੋਨ ਕਰੋ, ਨਾ ਖਤ ਲਿਖੋ, ਸੈਆਂ ਦੋਸਤਾਂ ਨਾਲ ਗੱਲਾਂ ਬਾਤਾਂ ਕਰੋ । ਬਸ ਆਪਣੀ ਕੰਧ ਤੇ ਦੋ ਕੁ ਝਰੀਟਾਂ ਮਾਰ ਦਿਉ ਤੇ ਕੰਮ ਹੋ ਗਿਆ ! ਤੁਸੀਂ ਵੀ ਕਿਸੇ ਨੂੰ ਦੱਸੇ ਬਿਨਾ ਉਸਦੇ ਘਰ ਜਾਕੇ ਉਸ ਦੀ ਕੰਧ ‘ਤੇ ਝਾਤੀ ਮਾਰ ਆਉ ।
ਧਿਆਨ ਫਿਰ ਲੈਪਟੌਪ ਵੱਲ ਚਲਾ ਗਿਆ ਹੈ । ਅਜ ‘ਸਨੋ ਸਟੌਰਮ’ ਆਇਆ ਹੋਣ ਕਰਕੇ ਸਾਰੇ ਘਰ ਹਨ ਤੇ ਲੈਪਟੌਪ ਮੇਰੀ ਪਹੁੰਚ ਤੋਂ ਬਾਹਰ ਹੈ । ਇਸ ਲਈ ਬਾਰ ਬਾਰ ਖਿੜਕੀ ਕੋਲ ਜਾਕੇ ਖੜੀ ਹੋ ਜਾਂਦੀ ਹਾਂ । ਨਵੀ ਹੈ ਕਿ ਕੰਪਿਊਟਰ ਛੱਡ ਹੀ ਨਹੀਂ ਰਿਹਾ ।
ਉਹ ਦਿਨ ਯਾਦ ਆ ਰਿਹਾ ਹੈ ਜਿਸ ਦਿਨ ਫੇਸਬੁਕ ਤੇ ਇਕ ਨਵਾਂ ਗਰੁਪ ਬਣਿਆ ਸੀ- ‘ਅੱਜ ਦੀ ਕਵਿਤਾ- ਹਾਇਕੂ’ । ਉਸ ਦਿਨ ਮੈਂ ‘ਹਾਇਕੂ’ ਦਾ ਨਾਂ ਪਹਿਲੀ ਵਾਰ ਸੁਣਿਆ ਸੀ । ਇਹ ਵੀ ਫੇਸਬੁਕ ਦੀ ਹੀ ਦੇਣ ਹੈ ਮੈਨੂੰ । ਰੋਜ ‘ਹਾਇਕੂ’ ਪੜ੍ਹਣੇ । ਪਹਿਲਾਂ ਪਹਿਲਾਂ ਤਾਂ ਇਹਨਾਂ ਦੀ ਸਮਝ ਨਾ ਆਈ । ਇੰਝ ਲਗੇ ਜਿਵੇਂ ਬਸ ਕੋਈ ਵੀ ਤਿੰਨ ਸਤਰਾਂ ਲਿਖ ਦਿਉ ਤੇ ‘ਹਾਇਕੂ’ ਬਣ ਗਿਆ । ਨਿੱਕੇ ਹੁੰਦੇ ਅੰਗ੍ਰੇਜ਼ੀ ਦੇ ਸ਼ਬਦ ਨਾ ਸੁੱਝਣੇ ਤਾਂ ਪੰਜਾਬੀ ਦੇ ਸ਼ਬਦਾਂ ਨੂੰ ‘ਇੰਗ’ ਲਾ ਕੇ ਸਾਰ ਲਈਦਾ ਸੀ ਜਿਵੇਂ ‘ਪੀਈਂਗ, ਖਾਈਇੰਗ, ਸੌਇੰਗ’ ਆਦਿ । ਬਿਲਕੁਲ ਇਸੇ ਤਰ੍ਹਾਂ ਮੈਂ ਤੇ ਦੇਵ ਨੇ ਘਰ ਬਹਿ ਕੇ ਹਾਇਕੂ ਦਾ ਮਜ਼ਾਕ ਉਡਾਉਣਾ ਤੇ ਹੱਸਦਿਆਂ ਹੱਸਦਿਆਂ ਗਲ ਗਲ ਤੇ ਹਾਇਕੂ ਬਨਾਉਣੇ –
ਸਵੇਰ ਵੇਲਾ
ਚਾਹ ਦੇ ਦੋ ਕਪ
ਇਕ ਡੁੱਲ੍ਹ ਗਿਆ
ਦੇਵ ਨੇ ਕਹਿਣਾ, “ਨਹੀਂ, ਵਿਚ ਮੱਖੀ ਪੈ ਗਈ” । “ਮੱਖੀਆਂ ਤਾਂ ਕੈਨੇਡਾ ‘ਚ ਹੈ ਹੀ ਨਹੀ,ਂ” ਮੈਂ ਆਖਣਾ ।

ਪਰ ਹੌਲੀ ਹੌਲੀ ‘ਹਾਇਕੂ’ ਦੀ ਗੰਭੀਰਤਾ ਦੀ ਸਮਝ ਆਉਣ ਲਗੀ । ਇਸ ‘ਗਰੁਪ’ ਦੇ ‘ਐਡਮਿਨਜ’਼ ਮੇਰੇ ਫੇਸਬੁੱਕ ਦੋਸਤ ਬਣ ਗਏ । ‘ਗਰੁਪ’ ਨਾਲ ਗੂੜ੍ਹੀ ਸਾਂਝ ਪੈ ਗਈ । ‘ਹਾਇਕੂ’ ਕਿਵੇਂ ਲਿਖੀਦਾ ਹੈ, ਬਾਰੇ ਬਹੁਤ ਜਾਣਕਾਰੀ ਭਰਪੂਰ ਲੇਖ ਇਸੇ ‘ਗਰੁਪ’ ਦੇ ‘ਡੌਕਸ’ ‘ਚੋਂ ਪੜ੍ਹੇ ।

ਅਚਾਨਕ ਇਸ ‘ਗਰੁਪ’ ਵਿਚ ਇਕ ਨਵਾਂ ਨਾਂ ਚਮਕਣ ਲਗਿਆ-‘ਜੁਗਨੂੰ’ । ਕਿਸੇ ਕੁੜੀ ਦਾ ਇਹ ਨਾਂ ਤਾਂ ਸੁਣਿਆ ਨਹੀਂ ਸੀ ਪਹਿਲਾਂ ਕਦੇ। ਪਰ ਫਿਰ ਵੀ ਨਾਂ ਵਿਚ ਕੋਈ ਖਿੱਚ ਜਰੂਰ ਸੀ । ਉਸਨੇ ‘ਗਰੁਪ’ ਵਿਚ ਬੜੇ ਹੀ ਖੂਬਸੂਰਤ ‘ਹਾਇਕੂ’ ਲਿਖਣੇ ਤੇ ਦੂਜਿਆਂ ਦੇ ਹਾਇਕੂਆਂ ਤੇ ਵੀ ਬੜੇ ਵਧੀਆ ‘ਕੁਮੈਂਟਸ’ ਕਰਨੇ । ਕੁਛ ਲੋਕਾਂ ਦੇ ਗਲਤ ‘ਹਾਇਕੂ’ ਉਸਨੇ ਦਰੁਸਤ ਵੀ ਕਰਣੇ ਤੇ ਵਧੀਆਂ ਵਧੀਆ ਸੁਝਾਅ ਦੇਣੇ । ਫਿਰ ਉਹ ਵੀ ਇਸ ‘ਗਰੁਪ’ ਦੀ ‘ਐਡਮਿਨ’ ਬਣਾ ਦਿਤੀ ਗਈ । ਉਸ ਦੀ ਭਾਸ਼ਾ ਮੈਨੂੰ ਭਾਉਣ ਲਗੀ । ਕੋਈ ਗੈ਼ਬੀ ਖਿੱਚ ਮੈਨੂੰ ਉਸ ਵਲ ਖਿੱਚਣ ਲਗੀ । ਡਰਦਿਆ ਡਰਦਿਆਂ ਮੈਂ ਵੀ ਆਪਣਾ ਪਹਿਲਾ ਹਾਇਕੂ ਇਸ ‘ਗਰੁੱਪ’ਦੀ ‘ਵਾਲ’ ਤੇ ਥੱਪ ਹੀ ਦਿਤਾ-
ਸੰਝ ਵੇਲਾ
ਉਦਾਸ ਘਰ
ਇਕ ਮੋਮਬੱਤੀ ਜਲੇ
ਪਸੰਦ ਕਰਣ ਵਾਲਿਆਂ ਦੀਆਂ ਕਤਾਰਾਂ ਲਗ ਗਈਆਂ । ਮੈਨੂੰ ਤਾਂ ਨਸ਼ਾ ਹੀ ਚੜ੍ਹ ਗਿਆ । ਮੈਨੂੰ ਲਗਿਆ ਆਪਣੀ ਇਕੱਲਤਾ ਦੀ ਵਿਥਿਆ ਮੈਂ ਬੜੀ ਸੁਹਣੀ ਬਿਆਨ ਕੀਤੀ ਹੈ । ਆਪਣੇ ਤੇ ਮਾਣ ਜਿਹਾ ਹੋਇਆ । ਜੁਗਨੂੰ ਨੇ ਲਿਖਿਆ, ‘ਦੀਦੀ ਤੁਹਾਡਾ ਪਹਿਲਾ ਹਾਇਕੂ ਬੜਾ ਸੁਹਣਾ ਹੈ, ਹੋਰ ਲਿਖਿਆ ਕਰੋ ।’ ਮੈਂ ਇਕ ਦਿਨ ਵਿਚ ਹੀ ਹਾਇਕੂ ਲੇਖਕਾਂ ਦੀ ਕਤਾਰ ਵਿਚ ਆ ਖੜੀ ਹੋਈ ਸਾਂ । ਇਹ ਸੀ ਫੇਸਬੁਕ ਦਾ ਕਮਾਲ !

ਹੌਲੀ ਹੌਲੀ ਕੁਛ ਦੋਸਤੀਆਂ ‘ਹਾਇਕੂ ਗਰੁਪ’ ਤੋਂ ਵਧ ਕੇ ‘ਇਨ ਬਾਕਸ’ ਵਿਚ ਆ ਗਈਆਂ, ਜਿਨ੍ਹਾਂ ਵਿਚੋਂ ਜੁਗਨੂੰ ਵੀ ਇਕ ਸੀ । ਅੰਗ੍ਰੇਜੀ ਕਲਾਸਾਂ ਤਿੰਨ ਮਹੀਨਿਆਂ ਬਾਅਦ ਖਤਮ ਹੋ ਗਈਆਂ ਸਨ । ਬਸ ਕੰਪਿਊਟਰ ਆਨ ਕਰ ਲੈਣਾ । ਘਰ ਦਾ ਕੰਮ ਵੀ ਕਰੀ ਜਾਣਾ ਤੇ ਆਉਂਦੇ ਜਾਂਦੇ ਫੇਸਬੁੱਕ ਤੇ ਨਜ਼ਰ ਵੀ ਮਾਰ ਲੈਣੀ । ਫੇਸਬੁੱਕ ਜਿਵੇਂ ਸ਼ੁਗਲ ਹੀ ਬਣ ਗਿਆ ਸੀ । ਇੰਝ ਲਗਦਾ ਸੀ ਫੇਸਬੁੱਕ ਦੇ ਦੋਸਤਾਂ ਦਾ ਸਾਡਾ ਇਕ ਵੱਡਾ ਸਾਰਾ ਪਰਿਵਾਰ ਹੈ । ਇਕ ਅੰਤਰਰਾਸ਼ਟਰੀ ਸਮਾਜ ! ਕੋਈ ਵੀ ਦੂਰ ਨਹੀਂ ਸੀ ਲਗਦਾ ।

ਜੁਗਨੁੰ ਅਕਸਰ ‘ਇਨ ਬਾਕਸ ਚੈਟ’ ਤੇ ਆ ਜਾਂਦੀ ਤੇ ਅਸੀਂ ਇਕ ਦੂਜੇ ਦਾ ਹਾਲ ਚਾਲ ਪੁੱਛਦੀਆਂ ਰਹਿੰਦੀਆਂ । ਉਸਨੇ ਮੈਨੂੰ ਦੱਸਿਆ ਕਿ ਉਹ ਅਮਰੀਕਾ ਦੇ ‘ਲਾਸ ਏਂਜਲੇਸ’ ਸ਼ਹਿਰ ਵਿਚ ਰਹਿੰਦੀ ਸੀ । ਮੈਂ ਉਹ ਸ਼ਹਿਰ ਬਹੁਤ ਵਾਰੀ ਦੇਖਿਆ ਹੋਇਆ ਹੈ । ਮੈਂ ਉਸਦਾ ਥਹੁ ਟਿਕਾਣਾ ਪੁੱਛਿਆ ਤੇ ਉਸਨੇ ਮੈਨੁੰ ਦਸਿਆ ਕਿ ਉਹ ‘ਔਰੈਂਜ ਕਾਊਂਟੀ’ ਵਿਚ ਰਹਿੰਦੀ ਸੀ । ਮੇਰੇ ਇਕ ਰਿਸ਼ਤੇਦਾਰ ਉਥੇ ਰਹਿੰਦੇ ਹਨ । ਵਾਇਦੇ ਹੋਏ ਕਿ ਮੈਂ ਜਦ ਵੀ ‘ਲਾਸ ਏਂਜਲਸ’ ਜਾਵਾਂਗੀ ਉਸ ਨੁੰ ਜਰੂਰ ਮਿਲਾਂਗੀ ।

ਜੁਗਨੂੰ ਨਾਲ ਸੱਚਮੁਚ ਹੀ ਮੈਨੂੰ ਪਿਆਰ ਹੋ ਗਿਆ ਸੀ । ਉਹ ਮੈਨੂੰ ਆਪਣੇ ਬੱਚਿਆਂ ਵਾਂਗ ਜਾਪਦੀ । ਮੈਂਨੂੰ ਲਗਦਾ ਸੀ ਕਿ ਉਹ ਮੇਰੀ ਦੂਰ ਵਿਆਹੀ ਹੋਈ ਧੀ ਸੀ। ਘਰ ਵੀ ਅਕਸਰ ਉਸਦੀਆਂ ਗੱਲਾਂ ਕਰਦੀ ਰਹਿੰਦੀ । ਦੇਵ ਤੇ ਬੱਚੇ ਅਕਸਰ ਮੈਨੂੰ ਛੇੜਦੇ ਕਿ ਮੈਂ ‘ਫੇਸਬੁੱਕੀਆ’ ਹੋ ਗਈ ਸਾਂ । ਪਹਿਲਾਂ ਮੈਂ ਬੱਚਿਆਂ ਨੂੰ ਫੇਸਬੁੱਕ ਤੋਂ ਵਰਜਦੀ ਸਾਂ ਹੁਣ ਉਹ ਮੈਨੂੰ ਕਹਿੰਦੇ ਸਨ, ‘ਮਾਂ ਫੇਸਬੁੱਕ ਨਾਲ ਇੰਨਾ ‘ਅਡਿਕਟ’ ਨਾ ਹੋਵੋ । ਧਿਆਨ ਰੱਖਿਆ ਕਰੋ । ਬਹੁਤ ਕੁਛ ਗਲਤ ਵੀ ਹੁੰਦਾ ਹੈ ਇਥੇ ।’ ਮੈਂਨੂੰ ਖਿਝ ਚੜ੍ਹਦੀ ਤੇ ਸੋਚਦੀ ਦਸੋ ਭਲਾ ਫੇਸਬੁੱਕ ਤੇ ਕਾਹਦਾ ਼ਖਤਰਾ ? ਇਹ ਤਾਂ ਤੁਹਾਡੇ ਤੇ ਹੈ ਨਾ ਤੁਸੀਂ ਸਮੁੰਦਰ ਵਿਚੋਂ ਕੀ ਚੁਨਣਾ ਹੈ । ਮੈਂ ਤੇ ਬੜੇ ਵਧੀਆ ਦੋਸਤ ਚੁਣੇ ਨੇ ਤੇ ਨਾ ਹੀ ਮੈਂ ਕਿਸੇ ਵਾਦ-ਵਿਵਾਦ ਵਿਚ ਪੈਂਦੀ ਹਾਂ । ਮੈਨੂੰ ਕਾਹਦਾ ਡਰ ?
ਸਿਲਸਿਲਾ ਇਵੇਂ ਹੀ ਚਲਦਾ ਰਿਹਾ । ਸਹੇਲੀਆਂ ਨੂੰ ਫੋਨ ਕਰਨੇ ਬੰਦ ਹੋ ਗਏ । ਕਿਤਾਬਾਂ ਅਲਮਾਰੀਆਂ ਵਿਚ ਪਈਆਂ ਮੈਨੂੰ ਉਡੀਕਦੀਆਂ ਰਹੀਆਂ । ਬਸ ‘ਫੇਸਬੁਕੀਏ’ ਦੋਸਤ ਹੀ ਰਹਿ ਗਏ ਸਨ ਹੁਣ ਤਾਂ !
ਇਕ ਬਾਰ ਕਈ ਦਿਨ ਜੁਗਨੂੰ ‘ਫੇਸਬੁਕ’ ਤੇ ਨਾ ਦਿਸੀ । ਮੈਂਨੂੰ ਫਿਕਰ ਹੋਇਆ । ਮੈਂ ਉਸਨੂੰ ਕਿੰਨੇ ਹੀ ‘ਮੈਸੇਜਸ’ ਘੱਲੇ । ਕਾਫ਼ੀ ਦਿਨਾਂ ਬਾਅਦ ‘ਇਨ ਬਾਕਸ’ ਉਸਦਾ ਮੈਸੇਜ ਚਮਕ ਪਿਆ,
“ਕਿਵੇਂ ਹੋ ਦੀਦੀ ?”
ਮੈਂ ਤਾਂ ਠੀਕ ਹਾਂ, ਤੂੰ ਦਸ ਇੰਨੇ ਦਿਨਾਂ ਤੋਂ ਆਈ ਨੀ ?
“ਬਸ ਐਵੇਂ ਹੀ ! ਜਰਾ ਠੀਕ ਨਹੀਂ ਸੀ !”
ਕੀ ਹੋਇਆ ?
“ਬਸ ਗਲਾ ਖਰਾਬ ਸੀ”
ਧਿਆਨ ਰਖਿਆ ਕਰ ਆਪਣਾ । ਕਿੰਨਾ ਕੁਛ ਹੋਰ ਸਾਂਝਾ ਹੋ ਹੀ ਰਿਹਾ ਸੀ ਕਿ ਅਚਾਨਕ ਬਾਹਰ ਖੜਕਾ ਹੋਇਆ । ਬੱਚੇ ਸਕੂਲੋਂ ਆ ਗਏ ਸਨ । ਮੈਂ ਜਲਦੀ ਦੇਣੀ ਫੇਸਬੁਕ ਬੰਦ ਕਰ ਦਿਤੀ ਤੇ ਬੱਚਿਆਂ ਦੇ ਆਹਰ ਵਿਚ ਲਗ ਗਈ । ਫਿਰ ਕਈ ਦਿਨ ਉਸ ਨਾਲ ਗਲ ਹੀ ਨਾ ਹੋ ਸਕੀ । ਇਕ ਦਿਨ ਜਦੋਂ ਫੇਸਬੁਕ ਖੋਲ੍ਹੀ ਤਾਂ ਸਭ ਤੋਂ ਉਪਰ ਜੁਗਨੂੰ ਦੀ ਕਵਿਤਾ ਮੈਨੂੰ ਆਵਾਜਾਂ ਮਾਰ ਰਹੀ ਸੀ । ਕਵਿਤਾ ਕੁਛ ਇੰਝ ਸੀ,

‘ਜਦੋ ਮੇਂ ਸੌਣ ਲਗਦੀ ਹਾਂ ਅਖਾਂ ਬੰਦ ਕਰ ਕਿਧਰੇ
ਤੂੰ ਆਣ ਕੇ ਮਾਏ ਨੀ ਮੇਰੇ ਸਾਹਮਣੇ ਬਹਿੰਦੀ

ਮੇਰਾ ਹਥ ਫੜਕੇ, ਘੁਟ ਕੇ, ਮਥਾ ਮੇਰਾ ਚੁੰਮ ਕੇ
ਹੌਲੀ ਜੇਹੀ ਨੀ ਮਾਂ ਮੈਨੂੰ ਤੂੰ ਜਾਪਦੀ ਕਹਿੰਦੀ

ਬੜੀ ਪਤਲੀ ਹੋ ਗਈ ਜੁਗਨੀਏ, ਪੁਤ ਇੱਦਾ ਤਾਂ ਸਰਨਾ ਨਹੀ
ਜੇ ਤੈਨੂ ਕੁਛ ਹੋਇਆ ਸੋਨਾ, ਮੈ ਤਾਂ ਮਰੀ ਨੇ ਵੀ ਜ਼ਰਨਾ ਨਹੀ

ਉਠ ਮਿਠੀਏ ਨੀ ਵੇਖ ਕੀ ਹਾਲ ਹੈ ਘਰ ਦਾ ਭਲਾਂ
ਮਰ ਗਿਆਂ ਦੇ ਨਾਲ ਵੀ ਕੋਈ ਕਮਲੀਏ ਮਰਦਾ ਭਲਾਂ

ਔਹ ਵੇਖ ਬਚੀ ਅਹੁ ਵੇਲ ਆਪਣੀ ਕੰਧ ਤੇ ਹੈ ਚੜ ਚੱਲੀ
ਪਾਣੀ ਨਹੀ ਨਾ ਪਾਉਂਦੀ ਤੂੰ ਮੇਰੀ ਲਾਲ ਪੱਤੀ ਸੜ ਚੱਲੀ

ਪੜ੍ਹਦਿਆਂ ਪੜ੍ਹਦਿਆਂ ਮੈਂ ਤਾਂ ਬਹੁਤ ਹੀ ਭਾਵੁਕ ਹੋ ਗਈ । ਮੈਨੂੰ ਉਸਦੀ ਕਵਿਤਾ ਦੀ ਸੁਰ ਬੇਹੱਦ ਉਦਾਸ ਜਾਪੀ । ਮੈਂ ਉਸ ਨੂੰ ਸੁਨੇਹਾ ਘੱਲਿਆ,
ਜੁਗਨੂੰ ਕਿਵੇਂ ਆਂ ?
ਉਹ ਝੱਟ ‘ਆਨ ਲਾਈਨ’ ਆ ਗਈ ।
“ਹਾਂ ਜੀ ਦੀਦੀ !”
ਕੀ ਗਲ ਐਡੀ ਉਦਾਸ ਕਵਿਤਾ ਕਿਉਂ ਲਿਖੀ ?
“ਬਸ ਦੀਦੀ ਐਵੈਂ ਹੀ !”
“ਇਥੇ ਵਿਆਹ ਕਰਵਾਕੇ ਆਈ ਸੀ ?” ਮੈਂ ਉਸਦੀ ਮਾਨਸਿਕਤਾ ਨੂੰ ਸਮਝਣਾ ਚਾਹਿਆ ।
“ਜੀ ਦੀਦੀ”
ਸਹੁਰੇ ਚੰਗੇ ਨਹੀਂ ਨਿਕਲੇ ?
“ਜੀ ਦੀਦੀ , ਮੈਂ ‘ਕਲੀ ਰਹਿੰਦੀ ਹਾਂ ।”
ਨਾਜ਼ੁਕ ਮਸਲਾ ਮੈਂ ਅੱਗੇ ਨਹੀਂ ਵਧਾਉਣਾ ਚਾਹੁੰਦੀ ਸਾਂ ਤੇ ਚੁੱਪ ਹੋ ਗਈ । ਤੇਰੇ ਮੰਮੀ ਡੈਡੀ ਕਿੱਥੇ ਨੇ ? ਮੈਂ ਵਿਸ਼ਾ ਬਦਲ ਲਿਆ ।
“ਹੈ ਨੀਂ ਦੀਦੀ”
“ਹੈ ਨੀ ? ਕੀ ਮਤਲਬ ?”
“ਮੇਰੇ ਪਾਪਾ ਤਾਂ ਮੇਰੇ ਜਨਮ ਤੋਂ ਵੀ ਪਹਿਲਾਂ ਗੁਜਰ ਗਏ ਸਨ ।”
“ਅਛੱਾ ! ਵੈਰੀ ਸੌਰੀ, ਤੇ ਮੰਮੀ ?”
“ਕੁਛ ਵਰ੍ਹੇ ਪਹਿਲਾਂ ਉਹਨਾਂ ਦੀ ਵੀ ਡੈੱਥ ਹੋ ਗਈ ਸੀ”
“ਉਹ ਮਾਈ ਗੌਡ !”
ਉਸਨੇ ਆਪ ਹੀ ਲਿਖ ਦਿਤਾ,
“ਮੇਰਾ ਪਤੀ ਬਹੁਤ ਵੱਡੀ ਉਮਰ ਦਾ ਸੀ, ਧੋਖਾ ਹੋਇਆ ਮੇਰੇ ਨਾਲ !”
“ਪਹਿਲਾਂ ਨਹੀਂ ਪਤਾ ਸੀ ?”
“ਨਹੀਂ ਦੀਦੀ”
ਵਿਆਹ ਤੋਂ ਪਹਿਲਾਂ ਦੇਖਿਆ ਨਹੀਂ ਸੀ ?
“ਦੀਦੀ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ । ਮਾਂ ਬਿਮਾਰ ਸੀ । ਕੋਈ ਰਿਸ਼ਤੇਦਾਰ ਵੀ ਨਹੀਂ ਸੀ । ਚਾਚਿਆਂ ਨੇ ਸਾਰੀ ਜਾਇਦਾਦ ਵੀ ਸਾਂਭ ਲਈ ਹੋਈ ਹੈ । ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ।”
“ਹੂੰ...!”
ਇਥੇ ਕੀ ਕੰਮ ਕਰਦੀ ਏਂ ?
“ਮੈਂ ਸਾਈਕੈਟਰਿਸਟ ਹਾਂ ।”
‘ਵੈਰੀ ਗੁਡ ! ਚਲੋ ਫਿਰ ਤਾਂ ਚੰਗਾ ਹੈ... ।’ ਮੈਂਨੂੰ ਤਸੱਲੀ ਸੀ ਕਿ ਉਹ ਆਰਥਿਕ ਤੌਰ ਤੋਂ ਕਿਸੇ ਦੀ ਮੁਹਤਾਜ ਨਹੀਂ ਸੀ ।
‘ਜੇ ਕਦੇ ਕਿਸੇ ਮਦਦ ਦੀ ਜਰੂਰਤ ਹੋਵੇ ਤਾਂ ਦਸੀਂ ਮੇਰੇ ਰਿਸ਼ਤੇਦਾਰ ਰਹਿੰਦੇ ਨੇ ਤੇਰੇ ਸ਼ਹਿਰ ।’
“ਜੀ ਜਰੂਰ ਦਸਾਂਗੀ, ਦੀਦੀ ।”
ਅਚਾਨਕ ਫੋਨ ਦੀ ਘੰਟੀ ਵੱਜੀ । ਮੇਰੀ ਬਿਲਡਿੰਗ ਵਿਚ ਰਹਿੰਦੀ ਇਕ ਦੋਸਤਦਾ ਫੋਨ ਸੀ । ਜਲਦੀ ਜਲਦੀ ਜੁਗਨੂੰ ਨੂੰ ਕਿਹਾ, “ਚਲੋ ਫਿਰ ਕਲ ਗਲ ਕਰਦੇ ਹਾਂ,” ਤੇ ਫੋਨ ‘ਤੇ ਗੱਲ ਕਰਣ ਲੱਗੀ ।
ਉਸ ਨੇ ਪੁਛਿਆ ਕੀ ਕਰਦੀ ਸੀ । ਮੈਂ ਊਸਨੂੰ ਜੁਗਨੂੰ ਬਾਰ ਦਸਿਆ,
“ ਯਾਰ ਇਕ ਕੁੜੀ ਹੈ ਵਿਚਾਰੀ...ਉਸ ਨਾਲ ਬੜਾ ਧੋਖਾ ਹੋਇਆ ! ਉਸ ਨਾਲ ਗੱਲਾਂ ਕਰਦਿਆਂ ਟਾਈਮ ਦਾ ਪਤਾ ਹੀ ਨਹੀਂ ਲਗਿਆ ।”
“ਇਹ ਕਿਹੜੀ ਨਵੀਂ ਗਲ ਆ । ਦੇਸੋਂ ਅਕਸਰ ਸਾਡੀਆਂ ਕੁੜੀਆਂ ਬਾਹਰ ਆਉਣ ਦੇ ਲਾਲਚ ਵਿਚ ਬੁੱਢਿਆਂ ਨਾਲ ਵਿਆਹ ਕਰਾ ਕੇ ਆ ਜਾਂਦੀਆਂ ਨੇ। ਅਮਰੀਕਾ ਆਉਣਾ ਸੀ, ਆ ਗਈ । ਕਾਹਦੀ ਹਮਦਰਦੀ ? ਐਵੈਂ ਨਾ ਲੋਕਾਂ ਦੀਆਂ ਗੱਲਾਂ ਸੁਣਿਆ ਕਰੋ ।”
ਮੈਨੂੰ ਜੁਗਨੂੰ ਨਾਲ ਹਮਦਰਦੀ ਸੀ ਤੇ ਮੈਂ ਇਸਤਰ੍ਹਾਂ ਨਹੀਂ ਸੀ ਸੋਚਦੀ ਜੁਗਨੂੰ ਬਾਰੇ । ਕਾਸ਼ ! ਮੈਂ ਉਸ ਦਿਨ ਉਸ ਨਾਲ ਹੋਰ ਗਲ ਕਰ ਸਕਦੀ...‘ਆਰ. ਆਈ. ਪੀ. ਜੁਗਨੂੰ’ ਲਫ਼ਜ਼ ਮੇਰੇ ਦਿਲ ਵਿਚ ਤੀਰਾਂ ਵਾਂਗ ਚੁੱਭ ਰਹੇ ਹਨ ।
‘ਨਵੀ ਲੈਪਟੌਪ ਖਾਲੀ ਹੋਇਆ ਕਿ ਨਹੀਂ ?’ ਮੈਂ ਨਵੀ ਨੂੰ ਆਵਾਜ਼ ਮਾਰੀ ।
“ਬਸ ਦਸ ਮਿਨਟ ਠਹਿਰੋ, ਥੋੜਾ ਜਿਹਾ ਹੋਮਵਰਕ ਰਹਿ ਗਿਐ ।” ਮੈਂ ਚੁੱਪ ਕਰ ਕੇ ਰੋਟੀ ਟੁੱਕ ਦੇ ਆਹਰ ਵਿਚ ਲਗ ਗਈ ਹਾਂ ।
ਮੇਰੇ ਤੇ ਜੁਗਨੂੰ ਵਿਚਾਲੇ ਅਕਸਰ ਦੁਖ ਸੁਖ ਦੀਆਂ ਗੱਲਾ ਹੁੰਦੀਆਂ ਰਹਿੰਦੀਆਂ ਸਨ । ਮੈਂ ਸੋਚਦੀ ਰਹਿੰਦੀ, ਵਿਚਾਰੀ ਜੁਗਨੂੰ ! ਨਾ ਮਾਂ ਨਾ ਪਿਉ । ਸਹੁਰੇ ਮਿਲੇ ਤਾਂ ਉਹੋ ਜਿਹੇ ...ਇੰਨੀ ਜ਼ਹੀਨ ਕੁੜੀ...ਖੋਰੇ ਕਿੰਝ ਪਰਦੇਸਾਂ ਵਿਚ ਰੁਲਦੀ ਹੈ । ਮੈਂ ਅਕਸਰ ਉਸਦੀਆਂ ਫੋਟੋਆਂ ਖੋਲ ਕੇ ਬੈਠ ਜਾਂਦੀ ਸੀ । ਇਕ ਦੋ ਹੀ ਫੋਟੋਆਂ ਸਨ ਉਸਦੀਆਂ, ਉਸਦੇ ਪ੍ਰੋਫਾਈਲ ਵਿਚ । ਬੜੀ ਸੁਹਣੀ ਭੋਲੀ ਜਿਹੀ ਮੁਟਿਆਰ ਜਾਪਦੀ ਸੀ ਫੋਟੋਆਂ ਤੋਂ । ਵਾਹ, ਨੀ ਕਿਸਮਤ ਰੂਪ ਰੋਵੇ ਤੇ ਕਰਮ ਖਾਵੇ !
ਅਚਾਨਕ ਉਹ ਫੇਸਬੁਕ ਤੋਂ ਫਿਰ ਗੈਰਹਾਜਰ ਹੋ ਗਈ । ਇਕ ਦਿਨ ਮੇਰੀ ਇਕ ਹੋਰ ਫੇਸਬੁਕ ਦੋਸਤ ਦਾ ਫੋਨ ਆਇਆ, ਉਹ ਕਹਿੰਦੀ,
“ਇਕ ਬੁਰੀ ਖਬਰ ਹੈ ।”
“ਕੀ ?”
“ਜੁਗਨੂੰ ਨੂੰ ਗਲੇ ਦਾ ਕੈਂਸਰ ਹੈ...‘ਲਾਸਟ ਸਟੇਜ’ ‘ਤੇ !”
“ਕੈਂਸਰ ? ਕਦੋਂ ਤੋਂ ?”
“ਹਾਂ ...! ਉਦੋਂ ਤੋਂ ਹੀ ਜਦੋਂ ਤੋਂ ਉਹ ਫੇਸਬੁਕ ਤੇ ਹੈ । ਡਾਕਟਰ ਨੇ ਕਿਹਾ ਬਹੁਤ ਥੋੜਾ ਸਮਾਂ ਹੈ ਉਸ ਕੋਲ... ।”
ਮੇਰੇ ਕੋਲੋਂ ਕੁਛ ਕਹਿ ਨਾ ਹੋਇਆ । ਜਿਵੇਂ ਕਿਸੇ ਨੇ ਮੇਰੀ ਜਾਨ ਕੱਢ ਲਈ ਹੋਵੇ । ਰਾਤ ਨੂੰ ਨੀਂਦ ਨਾ ਆਉਂਦੀ । ਦਿਲ ਵਿਚ ਹੌਲ ਪੈਂਦੇ । ਹਰ ਵੇਲੇ ਉਸਦਾ ਖਿਆਲ ਆਉਂਦਾ । ਫੇਸਬੁਕ ਤੇ ਉਸਦੀਆਂ ਫੋਟੋਆਂ ਅਨੁਸਾਰ ਉਹ 25/26 ਸਾਲਾਂ ਦੀ ਨੌਜੁਆਨ ਕੁੜੀ ...! ਸੋਚਦੀ, ਬਸ ਇੰਨੀ ਹੀ ਕਹਾਣੀ ਸੀ ਉਸਦੀ ! ਇੰਨੀ ਛੋਟੀ ਉਮਰ !
ਮੈਂ ਕੀ ਕਰ ਸਕਦੀ ਸਾਂ । ਬਸ ਉਸ ਲਈ ਦੁਆਵਾਂ ਕਰਦੀ ਰਹਿੰਦੀ । ਇਕ ਦਿਨ ਮਨ ਵਿਚ ਸੋਚਿਆ ਕਿ ਅਰਦਾਸ ਵਿਚ ਬਹੁਤ ਦਮ ਹੁੰਦਾ ਹੈ ਤੇ ਮੈਂ ਫੇਸਬੁਕ ਤੇ ਉਸ ਲਈ ‘ਪ੍ਰੇਅ ਫਾਰ ਜੁਗਨੂੰ’ ਗਰੁਪ ਵੀ ਬਣਾ ਦਿਤਾ ।
ਮੈਂ ਉਸ ‘ਗਰੁਪ’ ਜਾਕੇ ਵਿਚ ਰੋਜ ਇਕ ਅਰਦਾਸ ਲਿਖਦੀ । ਕਿੰਨੇ ਹੀ ਦੋਸਤਾਂ ਨੂੰ ਸੱਦਾ ਦਿਤਾ ਹੋਇਆ ਸੀ, ਉਹ ਵੀ ਸੁਹਿਰਦਤਾ ਨਾਲ ਰੋਜ਼ ਉਸ ਨੂੰ ਲੰਮੀ ਉਮਰ ਦੀਆਂ ਦੁਆਵਾਂ ਦਿੰਦੇ । ਕਿੰਨਿਆਂ ਨੇ ਉਸਨੂੰ ਕੈਂਸਰ ਦਾ ਸ਼ਰਤੀਆਂ ਇਲਾਜ ਕਰਨ ਵਾਲੇ ਦੇਸੀ ਤੇ ਹੋਮਿਉਪੈਥਿਕ ਡਾਕਟਰਾਂ ਦੇ ਨੰਬਰ ਵੀ ਭੇਜੇ । ਹੋਰ ਬਹੁਤ ਸਾਰੇ ਸੁਝਾਅ ਆਏੇ ।
ਜੁਗਨੂੰ ਤਾਂ ਵਿਚਾਰੀ ਕਦੇ ਵੀ ਗਰੁੱਪ ਵਿਚ ਆ ਹੀ ਨਾ ਸਕੀ । ਉਹ ਤਾਂ ਧੰਨਵਾਦ ਤੱਕ ਵੀ ਨਹੀਂ ਕਰ ਪਾ ਰਹੀ ਸੀ ਕਿਸੇ ਦਾ । ਪਤਾ ਨਹੀਂ ਵੇਖ ਵੀ ਸਕਦੀ ਸੀ ਕਿ ਨਹੀਂ, ਕਿ ਉਸ ਲਈ ਕਿੰਨੇ ਲੋਕ ਦੁਆਵਾਂ ਕਰਦੇ ਸਨ । ਕਈ ਕੁੜੀਆਂ ਭਾਵੁਕ ਹੋ ਕੇ ਉਸ ਨੂੰ ਹਾਕਾਂ ਮਾਰਦੀਆਂ- ‘ਜੁਗਨੂੰ ਦੀਦੀ ਵਾਪਸ ਆ ਜਾਉ ਪਲੀਜ਼’ । ਕਈ ਰੋਜ ਉਸਨੂੰ ਫੁੱਲਾਂ ਦੇ ਗੁਲਦਸਤੇ ਭੇਜਦੀਆਂ । ਕਈ ਕੁੜੀਆਂ ਜੁਗਨੂੰ ਦੀਦੀ ਲਈ ਕਵਿਤਾਵਾਂ ਲਿਖਦੀਆਂ । ਗਰੁਪ ਦੇ ਲੋਕਾਂ ਦੇ ਹੰਝੂ ਤੇ ਹਮਦਰਦੀਆਂ ਵਾਲ ਤੇ ਦਿਸਦੇ ਰਹਿੰਦੇ ਸਨ ।
ਇਨ੍ਹਾਂ ਦਿਨਾਂ ਵਿਚ ਮੈਨੁੰ ਉਦਾਸ ਵੇਖ ਕੇ ਘਰ ਦੇ ਪੁੱਛਦੇ ਰਹਿੰਦੇ ਸਨ ਕਿ ਮੈਨੂੰ ਕੀ ਹੋਇਐ ਤੇ ਮੈਂ ਹੱਸ ਕੇ ਆਖ ਦਿੰਦੀ ਸਾਂ ‘ਕੁਛ ਵੀ ਨਹੀਂ’ । ਪਰ ਅੰਦਰ ਕੁਛ ਕੁਤਰ ਕੁਤਰ ਹਰ ਵੇਲੇ ਹੁੰਦੀ ਰਹਿੰਦੀ ਸੀ ।... ਅਚਾਨਕ ਜੁਗਨੂੰ ਇਕ ਵਾਰ ਫੇਰ ਕਿਸੇ ਦੇਵਤੇ ਵਾਂਗ ਪ੍ਰਗਟ ਹੋ ਗਈ ਸੀ । ਮੇਰੇ ਸਾਹ ਵਿਚ ਸਾਹ ਆਇਆ ।
‘ਜੁਗਨੂੰ ਕਿਵੇਂ ਹੈਂ ਹੁਣ?”
“ਠੀਕ ਹਾਂ ਹੁਣ, ਦੀਦੀ ।”
“ਬੇਟਾ, ਮੈਨੂੰ ਆਪਣਾ ਟੈਲੀਫੂਨ ਨੰਬਰ ਦੇ, ਮੈਂ ਤੇਰੇ ਨਾਲ ਗਲ ਕਰਨਾ ਚਾਹੁੰਦੀ ਹਾਂ ।”
“ਦੀਦੀ !ਦੀਦੀ ! ਮੇਰੀ ਪਿਆਰੀ ਦੀਦੀ ! ਮੈਂ ਬੋਲ ਨਹੀਂ ਸਕਦੀ । ਤੁਸੀਂ ਪਹਿਲਾਂ ਵੀ ਇਕ ਵਾਰ ਨੰਬਰ ਮੰਗਿਆ ਸੀ ਤੇ ਮੈਂ ਇਸੇ ਲਈ ਤੁਹਾਡੀ ਗਲ ਇਗਨੋਰ ਕਰ ਦਿਤੀ ਸੀ ।”
ਮੇਰੀ ਚੀਕ ਨਿਕਲ ਗਈ । ਉਨ੍ਹਾਂ ਦਿਨਾਂ ਵਿਚ ਉਸਨੇ ਫੇਸਬੁ ‘ਤੇ ਬੜੇ ਖੂਬਸੂਰਤ ਹਾਇਕੂ ਤੇ ਕਵਿਤਾਵਾਂ ਲਿਖੇ । ਉਹਨਾਂ ਵਿਚੋਂ ਕੁਛ ਇੰਝ ਸਨ,
ਘਟਦਾ ਚੰਨ
ਮੇਰੇ ਸਿਰਾਹਣੇ ‘ਤੇ
ਵਾਲਾਂ ਦਾ ਗੁੱਛਾ

ਮੈਨੂੰ ਕੈਂਸਰ ਨਾਲ ਝੜ ਰਹੇ ਉਸਦੇ ਵਾਲ ਦਿਸਦੇ ।

ਥੱਕਿਆ ਰਾਹੀ
ਬਲਦ ਦੇ ਸਿੰਗਾਂ ‘ਤੇ
ਸ਼ਾਮ ਦਾ ਸੂਰਜ

ਮੈਨੂੰ ਉਸਦਾ ਥੱਕਿਆ ਚਿਹਰਾ ਨਜ਼ਰ ਆਉਂਦਾ ।

ਹਟ ਲਲਾਰੀ
ਚੁੰਨੀਆਂ ਰੰਗ ਬਰੰਗੀਆਂ ‘ਚੋਂ
ਮੈਂ ਚੁਣਿਆ ਰੰਗ ਮਜੀਠੜਾ

ਹਾਇ ਨੀ ਕੁੜੀਏ ਤੇਰੀ ਕਿਸਮਤ ? ਮੈਂ ਹਉਕਾ ਭਰਦੀ ।

ਉਸਦੀਆਂ ਰਚਨਾਵਾਂ ਵਿਚੋਂ ਉਸਦੇ ਅੰਦਰ ਦਾ ਦੁਖ ਡੁਲ੍ਹ ਡੁੱਲ੍ਹ ਪੈਂਦਾ ਸੀ । ਅਸੀਂ ਉਸ ਲਈ ਅਰਦਾਸਾਂ ਕਰਦੇ ਰਹੇ ਤੇ ਜੁਗਨੂੰ ਇਕ ਵਾਰ ਫੇਰ ਚੁੱਪ ਹੋ ਗਈ ਸੀ । ਮੈਂਨੂੰ ਲਗਿਆ ਕਿ ਇਸਦਾ ਨਾਂ ਜੁਗਨੂੰ ਨਹੀਂ ਹੋਣਾ ਚਾਹੀਦਾ ਸੀ । ਜੁਗਨੂੰ ਦੀ ਉਮਰ ਬਹੁਤ ਛੋਟੀ ਹੁੰਦੀ ਹੈ । ਸੋ ਮੈਂ ਉਸਨੂੰ ਅਰਦਾਸ ਗਰੁੱਪ ਵਿਚ ਜੁਗਨੰਦਨ ਕਹਿ ਕੇ ਮੁਖਾਤਿਬ ਹੋਣ ਲਗੀ । ਉਸਦੇ ਇਕ ਦੋਸਤ ਨੇ ਲਿਖਿਆ ਕਿ ਉਸਦਾ ਅਸਲ ਨਾਮ ਤਨਵੀਰ ਕੌਰ ਵਿਰਕ ਹੈ, ਮੈਂ ਇਹ ਵੀ ਲਿਖ ਸਕਦੀ ਸਾਂ ।

ਲੰਮੀ ਚੁਪ ਪੱਸਰ ਗਈ ਸੀ । ਜੁਗਨੂੰ ਗਾਇਬ ਸੀ ਤੇ ਜੁਗਨੂੰ ਦੀ ਕਨਸੋਅ ਵੀ । ਉਸਦੇ ਸਾਰੇ ਦੋਸਤਾਂ ਨੂੰ ਪੁੱਛਿਆ ਕਿਸੇ ਨੂੰ ਕੋਈ ਖਬਰ ਨਹੀਂ ਸੀ । ‘ਗੂਗਲ’ ਤੇ ਜਾ ਕੇ ‘ਸਰਚ’ਕਰਣ ਦੀ ਕੋਸਿ਼ਸ਼ ਕੀਤੀ, ਪਰ ਜੁਗਨੂੰ ਦਾ ਕੋਈ ਪਤਾ ਨਾ ਲੱਭਿਆ । ਫਿਰ ਉਸਦਾ ਅਸਲੀ ਨਾਂ ਤਨਵੀਰ ਕੌਰ ਵਿਰਕ ਵੇਖਿਆ, ਉਹ ਵੀ ਨਾ ਲੱਭਿਆ । ਫਿਰ ਉਸਦੇ ਉਸੇ ਦੋਸਤ ਨੇ ਦਸਿਆ ਕਿ ਉਹ ਅਮਰੀਕਾ ਵਿਚ ਇਮੀਗਰੇਸ਼ਨ ਤੋਂ ਬਿਨਾ ਰਹਿ ਰਹੀ ਸੀ । ਉਸਦੇ ਪਤੀ ਨੇ ਉਸਨੂੰ ਧਮਕੀ ਦਿਤੀ ਹੋਈ ਸੀ ਕਿ ਉਹ ਉਸਨੂੰ ਅਮਰੀਕਾ ਵਿਚੋਂ ਦੇਸ ਨਿਕਾਲਾ ਦੁਆ ਦੇਵੇਗਾ । ਇਸ ਲਈ ਉਹ ਲੁਕ ਛਿਪ ਕੇ ਇਕ ਫਰਜ਼ੀ ਨਾਮ- ਟੀਨਾ, ਤਹਿਤ ਅਮਰੀਕਾ ਵਿਚ ਰਹਿੰਦੀ ਹੈ। ਪਰ ਜੁਗਨੂੰ, ਬਨਾਮ ਤਨਵੀਰ ਕੌਰ ਵਿਰਕ, ਬਨਾਮ ਟੀਨਾ ਕਿਤੇ ਵੀ ਲੱਭੀ ਨਾ ।
ਕਈ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਜੁਗਨੂੰ ਕੋਮਾ ਵਿਚ ਹੈ । ਪਰ ਮੈਨੂੰ ਆਸ ਸੀ ਕਿ ਪਿਛਲੀ ਵਾਰੀ ਵਾਂਗ ਇਕ ਦਿਨ ਅਚਾਨਕ ਜੁਗਨੂੰ ਫਿਰ ਆ ਜਾਏਗੀ । ਕੈਂਸਰ ਦਾ ਅਜਕਲ ਇਲਾਜ ਹੋ ਜਾਂਦਾ ਹੈ । ਮੈਂ ਉਡੀਕ ਰਹੀ ਸਾਂ । ਕਾਸ਼ ! ਕਿਸੇ ਦਾ ਫ਼ੋਨ ਹੁੰਦਾ ਤੇ ਜੁਗਨੂੰ ਦਾ ਪਤਾ ਲੈ ਲੈਂਦੀ । ਫੇਸਬੁਕ ਦੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਕਈ ਵਾਰ ਪੁਛਿੱਆ ਕਿ ਜੁਗਨੂੰ ਕਿਵੇਂ ਹੈ । ਸਾਰੇ ਜਣੇ ਉਸਦੀ ਖਬਰ ਉਡੀਕ ਰਹੇ ਸਨ । ਤੇ ਉਸੇ ਜੁਗਨੂੰ ਦੀ ਇਕ ਅਜੀਬੋ ਗਰੀਬ ਖਬਰ ਹੈ ਉਸ ਲੈਪਟੌਪ ਵਿਚ, ਜਿਸ ‘ਤੇ ਨਵੀ ਕਬਜ਼ਾ ਕਰੀ ਬੈਠਾ ਹੈ।
ਆਖਰ, ਮੇਰੀ ਵਾਰੀ ਆ ਹੀ ਗਈ । ਨਵੀ ਲੈਪਟੌਪ ਲੈ ਕੇ ਕਿਚਨ ਵਿਚ ਆ ਗਿਆ, “ਲਉ ਦੇਖ ਲਉ...। ਮੈਂ ਬੇਸਬਰੀ ਨਾਲ ਫੇਸਬੁਕ ਖੋਹਲੀ । ਵੇਖਿਆ ਤਾਂ ਸਾਰੀ ਫੇਸਬੁਕ ਜੁਗਨੂੰ ਦੀਆਂ ਖਬਰਾਂ ਨਾਲ ਭਰੀ ਹੋਈ ਹੈ । ਮੇਰੀਆਂ ‘ਨੋਟੀਫਿਕੇਸ਼ਨਜ਼’ ਵਿਚ ਕੁਛ ਨਵੇਂ ਗਰੁਪਾਂ ਦੇ ਨਵੇਂ ਸਿਰਨਾਵੇਂ ਦਿਸ ਰਹੇ ਹਨ – ‘ਜੁਗਨੂੰ ਰੈਸਟ ਇਨ ਪੀਸ’, ‘ਜੁਗਨੂੰ ਆਰ. ਆਈ. ਪੀ’....! ਮੈਂ ਕਾਹਲੀ ਕਾਹਲੀ ਇਧਰ ਉਧਰ ਦੂਜਿਆਂ ਦੇ ‘ਪ੍ਰੋਫਾਈਲਜ਼’ ਖੋਲ ਕੇ ਵੇਖਦੀ ਹਾਂ ..ਸਾਰੇ ਹੀ ਸੋਗ ਮਨਾ ਰਹੇ ਹਨ... ਲੋਕ ਉਸਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ । ਮੈਂ, ਜਿਸਦੀ ਕਿ ਉਸ ਨਾਲ ਇੰਨੀ ਸਾਂਝ ਸੀ, ਬਸ ਇੰਨਾ ਹੀ ਲਿਖ ਸਕੀ- ‘ਜੁਗਨੂੰ ਰੈਸਟ ਇਨ ਪੀਸ !’ ‘ਚਲੀ ਗਈ ਵਿਚਾਰੀ ਜੁਗਨੂੰ...!” ਅੱਖਾਂ ਵਿਚੋਂ ਹੰਝੂ ਕਿਰ ਰਹੇ ਹਨ । ਮੇਰੀ ਤੇ ਜੁਗਨੂੰ ਦੀ ਗੂੜ੍ਹੀ ਸਾਂਝ, ਇਸ ਖਬਰ ਨਾਲ ਹੀ ਖਤਮ ਹੋ ਗਈ ਹੈ । ਕੌਣ ਜਾਣਦੈ ਮੇਰਾ ਤੇ ਉਹਦਾ ਕੀ ਰਿਸ਼ਤਾ ਸੀ । ਮੈਂ ਕੁਦਰਤ ਦੀ ਇਸ ਮਰਜ਼ੀ ਅੱਗੇ ਸਿਰ ਝੁਕਾ ਕੇ ‘ਪ੍ਰੇਅਰ ਗਰੁਪ’ ਨੂੰ ਬੰਦ ਕਰਨ ਲਗੀ ਹਾਂ । ਫੇਸਬੁਕ ਖਾਲੀ ਖਾਲੀ ਲਗਣ ਲਗੀ ਹੈ । ਕਹਾਣੀ ਖਤਮ ਹੋ ਗਈ ਹੈ । ਮੈਂ ਕੰਪਿਊਟਰ ਚੁੱਕ ਕੇ ਪਾਸੇ ਰਖ ਦਿੱਤਾ ਤੇ ਖਿੜਕੀ ਕੋਲ ਆਕੇ ਖੜੋ ਗਈ ਹਾਂ ।
ਚੰਗਾ ਭਲਾ ਦੁਪਹਿਰੇ ਮੌਸਮ ਠੀਕ ਹੋ ਗਿਆ ਸੀ ਹੁਣ ਫਿਰ ਬਰਫ਼ ਪੈਣ ਲਗ ਪਈ ਹੈ । ਅਜੇ ਪੰਜ ਵੱਜੇ ਨਹੀਂ ਕਿ ਹਨੇਰਾ ਵੀ ਹੋਣ ਲਗ ਪਿਆ ਹੈ । ਮਨ ਨੂੰ ਤਸੱਲੀ ਨਹੀਂ ਹੋ ਰਹੀ । ਥੋੜੀ ਦੇਰ ਪਿੱਛੋਂ ਮੈਂ ਇਸ ਖਬਰ ਨੂੰ ਦੁਬਾਰਾ ਪੜ੍ਹਣ ਲਈ ਇਕ ਵਾਰ ਫੇਰ ਫੇਸਬੁਕ ਖੋਹਲ ਕੇ ਬੈਠ ਗਈ ਹਾਂ । ਇਕ ਹੋਰ ‘ਗਰੁਪ’ ਬਣ ਗਿਆ ਨਜ਼ਰ ਆ ਰਿਹਾ ਹੈ । ਆਹ ਕੀ ? ਹੈਂ..., ਇਸ ਵਿਚ ਆਹ ਕੀ ਲਿਖਿਆ ਹੋਇਆ ਹੈ ? ਮੈਂ ਹੈਰਾਨ ਹੋ ਕੇ ਪੜ੍ਹਣ ਲਗੀ ਹਾਂ:
“ਦੋਸਤੋ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੁਗਨੂੰ ਇਕ ‘ਫ਼ੇਕ ਆਈ. ਡੀ.’ ਸੀ, ਜਿਸਨੇ ਸਾਰਿਆਂ ਦੇ ਜਜ਼ਬਾਤਾਂ ਨਾਲ ਖੇਡਿਆ । ਇਨ੍ਹਾਂ ਲਿੰਕਾਂ ਤੇ ਕਲਿਕ ਕਰਕੇ ਵੇਖੋ । ਜੁਗਨੂੰ ਦੀ ਆਈ.ਡੀ. ਬਨਾਉਣ ਲਈ ਸਾਰੀਆਂ ਤਸਵੀਰਾਂ ਇਸ ‘ਅਡਲਟ ਸਾਈਟ’ ਤੋਂ ਲਈਆ ਗਈਆਂ ਸਨ ।”
ਮੈਂ ਕਾਹਲੀ ਕਾਹਲੀ ਉਸ ਲਿੰਕ ਨੂੰ ਖੋਲ੍ਹਿਆ ਹੈ । ਉਥੇ ਉਹੀ ਫੋਟੋਆਂ ਪਈਆਂ ਹਨ ਜਿਨ੍ਹਾਂ ਨੂੰ ਵੇਖ ਕੇ ਮੇਰੇ ਸਾਹਮਣੇ ਉਸ ਭੋਲੀ ਜਿਹੀ ਕੁੜੀ, ਜੁਗਨੂੰ ਦਾ ਅਕਸ ਉਭਰਦਾ ਹੁੰਦਾ ਸੀ । ਜਿਨ੍ਹਾਂ ਤਸਵੀਰਾਂ ਵਿਚਲੀ ਕੁੜੀ ਨੂੰ ਭਰ ਜਵਾਨੀ ਵਿਚ ਤਿਲ ਤਿਲ ਮਰਦਿਆਂ ਵੇਖ, ਮੈਂ ਰੋ ਪੈਂਦੀ ਸਾਂ । ਮੈਂ ਹੱਕੀ ਬੱਕੀ ਕਦੇ ਉਹਨਾਂ ਤਸਵੀਰਾਂ ਵਲ ਵੇਖ ਲੈਂਦੀ ਹਾਂ ਅਤੇ ਕਦੇ ਜੁਗਨੂੰ ਦੀ ਵਾਲ ਵਲ, ਜਿਸ ਤੇ ਉਸਦੀਆਂ ਉਦਾਸ ਰਚਨਾਵਾਂ ਪਈਆਂ ਰੋ ਰਹੀਆਂ ਹਨ । ਸੁਭਾਵਿਕ ਹੀ ਮੇਰੇ ਮੂੰਹੋਂ ਨਿਕਲ ਜਾਂਦਾ ਹੈ, ‘ਹਾਇ ਨੀ ਜੁਗਨੀਏ!!’
ਨੋਟ :- ਇਸ ਕਹਾਣੀ ਵਿਚ ਵਰਤੀਆਂ ਸਾਰੀਆਂ ਰਚਨਾਵਾਂ ਫੇਸਬੁਕ ਵਾਲੀ ਜੁਗਨੂੰ ਦੀਆਂ ਹੀ ਹਨ ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346