Welcome to Seerat.ca
Welcome to Seerat.ca

ਦੋ ਕਵਿਤਾਵਾਂ

 

- ਸੁਰਜੀਤ ਪਾਤਰ

ਮੇਰੀ ਖੇਡ ਵਾਰਤਾ ਦੀ ਵਾਰਤਾ

 

- ਪ੍ਰਿੰ. ਸਰਵਣ ਸਿੰਘ

ਰਾਣੀ ਜਿੰਦ ਕੋਰ ਇੰਗਲੈਂਡ ਵਿਚ

 

- ਹਰਜੀਤ ਅਟਵਾਲ

ਸਵਰਨ ਚੰਦਨ, ਦਰਸ਼ਨ ਗਿੱਲ ਤੇ ਗੋਰੀਆ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਲਿਖੀ-ਜਾ-ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ / ਪਾਨੀਪਤ ਦੀ ਪਹਿਲੀ ਲੜਾਈ

 

- ਇਕਬਾਲ ਰਾਮੂਵਾਲੀਆ

ਸਦੀ ਪੁਰਾਣੀ ਰਹਿਤਲ ਦੀਆਂ ਝਲਕਾਂ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਸਾਰਾ ਜ਼ਮਾਨਾ ਸਰ ਪਰ ਉਠਾ ਰੱਖਾ ਹੈ ਇਸ ਅੰਗੂਰ ਕੀ ਬੇਟੀ ਨੇ!

 

- ਐਸ ਅਸ਼ੋਕ ਭੌਰਾ

ਸ਼ਾਹ ਦੀ ਕੰਜਰੀ

 

- ਅੰਮ੍ਰਿਤਾ ਪ੍ਰੀਤਮ

ਟੇਕ ਮੀ ਬੈਕ

 

- ਗੁਰਮੀਤ ਪਨਾਗ

ਜੁਗਨੂੰ

 

- ਸੁਰਜੀਤ

ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ

 

- ਹਰਮੰਦਰ ਕੰਗ

ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼

 

- ਡਾ. ਜਗਮੇਲ ਸਿੰਘ ਭਾਠੂਆਂ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਨਹੀਂ ਤਾਂ ਲੋਕ ਗੀਤ ਮਰ ਜਾਣਗੇ !

 

- ਬੇਅੰਤ ਗਿੱਲ ਮੋਗਾ

ਭਾਸ਼ਾ ਦਾ ਸਾਮਰਾਜਵਾਦ

 

- ਨਗੂਗੀ ਵਾ ਥਯੋਂਗੋਂ

ਗਜ਼ਲ (ਦੁਖਾਂ ਤੋਂ ਹਾਂ ਕੋਹਾਂ ਦੂਰ)

 

- ਮਲਕੀਅਤ “ਸੁਹਲ”

 ਗ਼ਜ਼ਲ

 

- ਅਜੇ ਤਨਵੀਰ

ਪੈਰਾਂ ਦੇ ਨਿਸ਼ਾਨ

 

- ਬਰਜਿੰਦਰ ਗੁਲਾਟੀ

ਦੋ ਗੀਤ

 

- ਅਮਰੀਕ ਮੰਡੇਰ

ਨਾਮ ਵਿੱਚ ਕੀ ਰਖਿਆ ਹੈ ?

 

- ਗੁਲਸ਼ਨ ਦਿਆਲ

ਰਾਜਨੀਤੀ ਬਨਾਮ ਕਦਰਾਂ

 

- ਕੁਲਜੀਤ ਮਾਨ

ਨੇਕੀ ਦੀ ਬਦੀ ’ਤੇ ਜਿੱਤ? ਬਾਰੇ ਇਕ ਪ੍ਰਤੀਕਰਮ

 

- ਸਾਧੂ ਬਿਨਿੰਗ

 ਹੁੰਗਾਰੇ
 

Online Punjabi Magazine Seerat


ਜਗਦੇ-ਬੁਝਦੇ ਦੀਵੇ
- ਵਰਿਆਮ ਸਿੰਘ ਸੰਧੂ
 

 

ਲਿਖ਼ਤ ਅਤੇ ਲਿਖ਼ਤ ਨਾਲ ਜੁੜੀ ਸੋਚ ਨੇ ਮੈਨੂੰ ਤੇ ਸਾਰੇ ਪਰਿਵਾਰ ਨੂੰ ਸਮੇਂ ਸਮੇਂ ਸੰਕਟ ਵਿੱਚ ਵੀ ਪਾਇਆ ਪਰ ਇਸਦੇ ਨਾਲ ਹੀ ਲਿਖ਼ਤ ਦੇ ਨਾਲ ਜੁੜਿਆ ਇੱਕ ਗੌਰਵ ਵੀ ਸਦਾ ਮੇਰੇ ਅੰਗ-ਸੰਗ ਰਿਹਾ। ਆਪਣੇ ਪਾਠਕਾਂ ਵਿੱਚ ਮਹੱਤਵਪੂਰਨ ਹੋਣ ਦਾ ਅਤੇ ਸਥਾਪਤੀ ਦੀਆਂ ਅੱਖਾਂ ਵਿੱਚ ਰੜਕਣ ਵਾਲੀਆਂ ਲਿਖ਼ਤਾਂ ਰਚਣ ਦਾ ਸੂਖ਼ਮ ਜਿਹਾ ਮਾਣ-ਮੱਤਾ ਅਹਿਸਾਸ ਵੀ ਮੈਨੂੰ ਸਰਸ਼ਾਰ ਕਰੀ ਰੱਖਦਾ।
ਪਰ ਇਸ ਮਾਣ ਨਾਲ ਭਰੇ ਗੁਬਾਰੇ ਦੀ ਫ਼ੂਕ ਵਾਰ ਵਾਰ ਨਿਕਲਣ ਨਾਲ ਮੇਰੇ ਪੈਰ ਧਰਤੀ ਉੱਤੇ ਆ ਗਏ ਅਤੇ ਲੇਖਕ ਵਜੋਂ ਮਹੱਤਵਪੂਰਨ ਹੋਣ ਦਾ ਭਰਮ ਜਾਂਦਾ ਰਿਹਾ।
ਪ੍ਰਾਇਮਰੀ ਸਕੂਲ ਵਿੱਚ ਕੁੱਝ ਚਿਰ ਨੌਕਰੀ ਕਰਕੇ ਮੈਂ ਬੀ ਐਡ ਕੀਤੀ ਅਤੇ ਹਾਈ ਸਕੂਲ ਵਿੱਚ ਆ ਗਿਆ। ਐਮ ਏ ਪਹਿਲੇ ਦਰਜੇ ਵਿੱਚ ਅਤੇ ਡਿਸਟਿੰਕਸ਼ਨ ਨਾਲ ਐਮ ਫ਼ਿਲ ਕਰਨ ਤੋਂ ਪਿੱਛੋਂ ਮੈਨੂੰ ਲੱਗਣ ਲੱਗਾ ਕਿ ਸ਼ੁਰੂ ਤੋਂ ਅੰਤ ਤੱਕ ਬਹੁਤ ਚੰਗਾ ਅਕਾਦਮਿਕ ਰੀਕਾਰਡ ਹੋਣ ਕਰ ਕੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਨੌਕਰੀ ਪ੍ਰਾਪਤ ਕਰ ਸਕਣ ਦਾ ਯੋਗ ਪਾਤਰ ਹਾਂ। ਦੂਜਾ ਮੇਰਾ 'ਨਾਮਵਰ' ਲੇਖਕ ਹੋਣਾ ਸੋਨੇ ਤੇ ਸੁਹਾਗਾ ਬਣ ਕੇ ਚਮਕੇਗਾ! ਅਗਲੇ ਮੈਨੂੰ ਖ਼ੁਸ਼ੀ ਖ਼ੁਸ਼ੀ ਨੌਕਰੀ ਦੇਣ ਲਈ 'ਉਤਾਵਲੇ' ਹੋਣਗੇ। ਚੋਣ-ਕਮੇਟੀਆਂ ਵਿੱਚ ਬੈਠਣ ਵਾਲੇ ਯੂਨੀਵਰਸਿਟੀਆਂ ਦੇ ਵਿਦਵਾਨ ਮੇਰੀਆਂ ਲਿਖ਼ਤਾਂ ਦੇ ਹਵਾਲੇ ਨਾਲ ਮੈਨੂੰ ਜਾਨਣ ਲੱਗ ਪਏ ਸਨ। ਕਿਸੇ ਨਾ ਕਿਸੇ ਸਾਹਿਤਕ ਇਕੱਤਰਤਾ ਵਿੱਚ ਉਹਨਾਂ ਵੱਲੋਂ ਮੇਰੀਆਂ ਲਿਖਤਾਂ ਦੀ ਪਰਸੰਸਾ ਸੁਣਨ ਦਾ ਮੌਕਾ ਵੀ ਅਕਸਰ ਮਿਲਦਾ ਰਹਿੰਦਾ ਸੀ।
'ਯਥਾਰਥਵਾਦੀ' ਲੇਖਕ ਹੋਣ ਦਾ ਦਾਅਵਾ ਕਰਨ ਵਾਲਾ ਮੈਂ ਅਕਾਦਮਿਕ ਹਲਕਿਆਂ ਵਿਚਲੇ ਯਥਾਰਥ ਤੋਂ ਬਿਲਕੁਲ ਅਨਜਾਣ ਸਾਂ। ਇਸੇ ਅਣਜਾਣਤਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲੈਕਚਰਾਰ ਦੀ ਅਸਾਮੀ ਲਈ ਬਿਨੈ-ਪੱਤਰ ਭੇਜ ਦਿੱਤਾ ਅਤੇ ਬਿਨਾਂ ਕਿਸੇ ਨੂੰ 'ਮਿਲਿਆਂ-ਮਿਲਾਇਆਂ' ਸਿੱਧਾ ਇੰਟਰਵਿਊ 'ਤੇ ਜਾ ਵੱਜਾ। ਮੇਰੇ ਸਰਟੀਫ਼ਿਕੇਟਾਂ ਅਤੇ 'ਮੇਰੀ ਲੇਖਣੀ ਦਾ ਗੌਰਵ' ਮੇਰੇ ਨਾਲ ਸੀ। ਚੋਣ-ਕਮੇਟੀ ਦੇ ਵਿਦਵਾਨਾਂ ਵਿੱਚੋਂ ਸਾਰੇ ਚਿਹਰੇ ਮੇਰੀਆਂ ਲਿਖ਼ਤਾਂ ਦੇ ਜਾਣੂ ਨਜ਼ਰ ਆ ਰਹੇ ਸਨ। ਇਹਨਾਂ ਵਿੱਚ ਹੀ ਦਿੱਲੀ ਦਾ ਉਹ ਪ੍ਰਸਿੱਧ ਵਿਦਵਾਨ ਵੀ ਬੈਠਾ ਸੀ ਜਿਸਦਾ 'ਅਸ਼ਵਮੇਧ ਯੱਗ ਵਾਲਾ ਘੋੜਾ' ਉਹਨੀਂ ਦਿਨੀਂ ਦਿੱਲੀ ਤੋਂ ਲੈ ਕੇ ਪੰਜਾਬ ਦੇ ਅਕਾਦਮਿਕ ਅਦਾਰਿਆਂ ਵਿੱਚ ਜਿੱਤ ਦੇ ਡੰਕਿਆਂ ਨਾਲ ਹਿਣਕਦਾ ਫ਼ੁੰਕਾਰਦਾ ਫ਼ਿਰਦਾ ਸੀ। ਕੁੱਝ ਸਾਲ ਹੋਏ ਉਸ ਨੇ ਅਗਾਂਹਵਧੂ ਵਿਚਾਰਧਾਰਾ ਅਤੇ ਜੁਝਾਰਵਾਦੀ ਕਵਿਤਾ ਦਾ ਮਜ਼ਾਕ ਉਡਾਇਆ ਸੀ। 'ਇਹ ਕੇਹੀ ਸ਼ਾਇਰੀ ਹੈ!' ਆਖਦਿਆਂ 'ਲਾਲ ਝੰਡੇ' ਨੂੰ 'ਲਾਲ ਟਾਕੀ' ਕਹਿ ਕੇ ਛੁਟਿਆਇਆ ਸੀ। ਉਸਦੇ ਜੁਆਬ ਵਿੱਚ ਮੈਂ ਇੱਕ ਨਜ਼ਮ ਲਿਖੀ ਸੀ ਜੋ ਨਵਤੇਜ ਸਿੰਘ ਨੇ ਪ੍ਰੀਤ-ਲੜੀ ਵਿੱਚ ਛਾਪੀ।
ਅੱਜ ਅਸੀਂ ਆਹਮੋ-ਸਾਹਮਣੇ ਸਾਂ। ਪਹਿਲਾਂ ਦੂਜੇ ਵਿਦਵਾਨਾਂ ਨੇ ਇੱਕ-ਇੱਕ ਦੋ-ਦੋ ਸਵਾਲ ਪੁੱਛੇ। ਮੈਂ ਤਸੱਲੀ ਨਾਲ ਜੁਆਬ ਦਿੱਤੇ। ਫ਼ਿਰ ਉਸਨੇ ਵਾਗ-ਡੋਰ ਆਪਣੇ ਹੱਥ ਵਿੱਚ ਲੈ ਲਈ ਤੇ ਵਿੰਗੇ-ਟੇਢੇ ਸਵਾਲਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਮੈਂ ਨਹੀਂ ਕਹਿੰਦਾ ਕਿ ਅਜਿਹਾ ਕਰ ਕੇ ਉਹ ਮੇਰੇ ਵੱਲੋਂ ਦਿੱਤੇ ਉਸਦੀ ਕਵਿਤਾ ਦੇ ਤੇਜ਼-ਤਿੱਖੇ ਜੁਆਬ ਦਾ ਬਦਲਾ ਲੈ ਰਿਹਾ ਸੀ। ਉਹ ਤਾਂ ਯੂਨੀਵਰਸਿਟੀ ਦੇ 'ਮਾਪ-ਦੰਡਾਂ' ਅਨੁਸਾਰ ਮੇਰੀ 'ਵਿਦਵਤਾ' ਦੀ ਟੋਹ ਲਾ ਰਿਹਾ ਸੀ! ਐਵੇਂ ਕੋਈ ਅਯੋਗ ਉਮੀਦਵਾਰ ਨਾ ਅਸਾਮੀ ਲਈ ਚੁਣਿਆ ਜਾਵੇ! ਆਖ਼ਰ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਸੀ! ਉਹ ਮੈਨੂੰ ਅਹਿਸਾਸ ਕਰਵਾਉਣ 'ਤੇ ਤੁਲਿਆ ਹੋਇਆ ਸੀ ਕਿ ਇੰਟਰਵਿਊ ਵਿੱਚ ਦਿੱਤੇ ਜਾਂਦੇ ਜਵਾਬ 'ਕਵਿਤਾ ਦੇ ਕਵਿਤਾ ਦੇ ਰੂਪ ਵਿੱਚ ਦਿੱਤੇ ਜਾਂਦੇ ਜਵਾਬਾਂ' ਤੋਂ ਵੱਖਰੇ ਹੁੰਦੇ ਹਨ! ਮੈਨੂੰ ਭੋਲੇ ਪੰਛੀ ਨੂੰ ਉਦੋਂ ਅਜੇ ਇਹ ਵੀ ਪਤਾ ਨਹੀਂ ਸੀ ਕਿ ਉਮੀਦਵਾਰ ਤਾਂ ਇੰਟਰਵਿਊ ਕਰਨ ਤੋਂ ਪਹਿਲਾਂ ਹੀ ਰੱਖੇ ਹੁੰਦੇ ਹਨ। ਇੰਟਰਵਿਊ ਤਾਂ ਬਾਕੀ ਉਮੀਦਵਾਰਾਂ ਨੂੰ ਭਜਾਉਣ, ਟਰਕਾਉਣ ਅਤੇ ਉਹਨਾਂ ਨੂੰ 'ਅਯੋਗ' ਠਹਿਰਾਉਣ ਲਈ ਹੀ ਕੀਤੀ ਜਾਂਦੀ ਹੈ!
ਕਈ ਸਾਲਾਂ ਬਾਅਦ ਉਪ੍ਰੋਕਤ ਵਿਦਵਾਨ ਨਾਲ ਜਲੰਧਰ ਵਿੱਚ ਕਰਵਾਏ ਇੱਕ ਰੂਬਰੂ ਪ੍ਰੋਗਰਾਮ ਵਿੱਚ ਜਦੋਂ ਮੈਂ ਉਸਨੂੰ ਸਵਾਲਾਂ ਦਾ ਘੇਰਾ ਪਾਇਆ ਤਾਂ ਉਸਨੂੰ ਫਸਿਆ ਵੇਖ ਕੇ ਉਸਦੇ ਪ੍ਰਸੰਸਕ ਪ੍ਰਬੰਧਕ ਕੁੱਝ ਪਰੇਸ਼ਾਨ ਹੋਣ ਲੱਗੇ। ਉਹ ਸੋਚਦੇ ਸਨ ਕਿ ਇਸ ਵਿਦਵਾਨ ਦੀ ਵਿਦਵਤਾ ਦੀ ਤਾਂ ਸਿਰਫ਼ ਇੱਜ਼ਤ ਹੀ ਕੀਤੀ ਜਾ ਸਕਦੀ ਹੈ, ਟੇਢੇ ਸਵਾਲ ਪੁੱਛਣੇ ਤਾਂ ਕਿਸੇ ਤਰ੍ਹਾਂ ਵੀ ਵਾਜਬ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਵਿਦਵਾਨ ਬਹੁਤ ਹੀ ਮੰਨਿਆਂ-ਦੰਨਿਆਂ ਆਲੋਚਕ, ਕਵੀ ਤੇ ਜਾਦੂ ਪ੍ਰਭਾਵ ਵਾਲਾ ਬੁਲਾਰਾ ਸੀ। ਉਸਦੀ ਵਿਦਵਤਾ ਦਾ ਮੈਂ ਵੀ ਧੁਰ ਅੰਦਰੋਂ ਕਦਰਦਾਨ ਹੀ ਸਾਂ ਪਰ ਪਿਛਲੀ 'ਖੁੰਦਕ' ਕਰਕੇ ਮੇਰਾ ਜੀ ਕਰਦਾ ਸੀ ਕਿ ਪ੍ਰਬੰਧਕਾਂ ਦੀ ਨਰਾਜ਼ਗੀ ਮੁੱਲ ਲੈ ਕੇ ਵੀ ਉਸਨੂੰ ਇੱਕ ਹੋਰ ਟੇਢਾ ਸਵਾਲ ਪੁੱਛ ਹੀ ਲਵਾਂ।
"ਡਾਕਟਰ ਸਾਹਿਬ! ਮੇਰਾ ਇੱਕ ਆਖ਼ਰੀ ਸਵਾਲ ਹੈ: ਜਦੋਂ ਭਾਰਤੀ ਫੌਜਾਂ ਪੂਰਬੀ ਪਾਕਿਸਤਾਨ 'ਤੇ ਹਮਲਾ ਕਰਨ ਜਾ ਰਹੀਆਂ ਸਨ ਤਾਂ ਤੁਸੀਂ ਉਹਨਾਂ ਦੇ ਹੱਕ ਵਿੱਚ ਪਰਸੰਸਾ-ਗੀਤ ਗਾਉਂਦੇ ਹੋਏ 'ਪਦਮਾ' ਨਦੀ ਨੂੰ ਆਖ ਰਹੇ ਸੀ ਕਿ 'ਉਹ ਰਤਾ ਕੁ ਨੀਵੀਂ ਹੋ ਜਾਵੇ' ਤਾਕਿ ਇਹ ਹਮਲਾਵਰ ਫੌਜਾਂ ਆਰਾਮ ਨਾਲ ਲੰਘ ਸਕਣ! ਪਰ ਜਦੋਂ ਉਹੋ ਫੌਜਾਂ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਹਮਲਾ ਕਰਦੀਆਂ ਹਨ ਤਾਂ ਤੁਸੀਂ ਪੁੱਛਦੇ ਹੋ, "ਫੌਜਾਂ ਕੌਣ ਦੇਸ ਤੋਂ ਆਈਆਂ!" ਦੇਸ ਵੀ ਓਹੋ ਹੈ ਤੇ ਫੌਜਾਂ ਵੀ ਉਹੋ। ਇੱਕ ਥਾਂ 'ਤੇ ਫੌਜਾਂ ਦਾ ਜਾਣਾ ਤੁਹਾਨੂੰ ਬੜਾ ਚੰਗਾ ਲੱਗਦਾ ਹੈ ਤੇ ਦੂਜੀ ਥਾਂ 'ਤੇ ਆਉਣਾ ਬਹੁਤ ਦੁੱਖ ਦਿੰਦਾ ਹੈ! ਇਸ ਬਦਲੇ ਹੋਏ ਨਜ਼ਰੀਏ ਬਾਰੇ ਤੁਹਾਡੀ ਕੀ ਰਾਇ ਹੈ?"
ਉਸਨੂੰ ਨਿਰ-ਉੱਤਰ ਵੇਖ ਕੇ ਤੇ ਬੜੇ ਚਿਰ ਤੋਂ ਮੇਰੇ ਸਵਾਲ ਸੁਣ ਸੁਣ ਕੇ ਭਰੀ ਪੀਤੀ ਬੈਠੀ ਉਸਦੀ ਪਤਨੀ ਉੱਠ ਕੇ ਖਲੋ ਗਈ ਤੇ ਕਹਿਣ ਲੱਗੀ, "ਉਹਨਾਂ ਨੂੰ ਅੱਗੇ ਹੀ ਹਾਰਟ ਦੀ ਪਰੌਬਲਮ ਹੈ। ਜੇ ਉਹਨਾਂ ਨੂੰ ਕੁੱਝ ਹੋ ਗਿਆ ਤਾਂ!"
ਅਸੀਂ ਉਸ ਵਿਦਵਾਨ ਦੀ ਚੰਗੀ ਸਿਹਤ ਤੇ ਲੰਮੀ ਉਮਰ ਦੇ ਚਾਹਵਾਨ ਸਾਂ। ਉਸਦੀ ਪਤਨੀ ਦੀ ਇੱਛਾ ਦਾ ਸਤਿਕਾਰ ਕਰਦਿਆਂ ਹੱਸ ਕੇ ਚੁੱਪ ਕਰ ਜਾਣਾ ਹੀ ਬਿਹਤਰ ਸਮਝਿਆ। ਪਰ ਪਤਾ ਲੱਗ ਗਿਆ ਸੀ ਕਿ ਕਿਸੇ ਵੀ ਇੰਟਰਵੀਊ ਵਿੱਚ ਅਗਲੇ ਨੂੰ ਅਯੋਗ ਠਹਿਰਾਉਣਾ ਕਿੰਨਾਂ ਸੌਖਾ ਹੈ!
ਯੂਨੀਵਰਸਿਟੀ ਵਾਲੇ ਇਸੇ ਇੰਟਰਵਿਊ ਵਿੱਚ ਜਦੋਂ ਕਿਸੇ ਹੋਰ ਵਿਦਵਾਨ ਨੇ ਮੇਰਾ ਖੋਜ-ਕਾਰਜ ਪੁੱਛਿਆ ਤਾਂ ਮੈਂ 'ਕੁਲਵੰਤ ਸਿੰਘ ਵਿਰਕ' ਦੀ ਕਹਾਣੀ-ਕਲਾ ਬਾਰੇ ਲਿਖੀ ਆਪਣੀ ਪੁਸਤਕ ਸਾਹਮਣੇ ਕੀਤੀ। ਉਸਨੇ ਇਸ ਤੋਂ ਇਲਾਵਾ ਮੇਰੇ ਕੀਤੇ 'ਖੋਜ-ਕਾਰਜ' ਬਾਰੇ ਜਾਨਣਾ ਚਾਹਿਆ ਤਾਂ ਮੈਂ ਆਪਣੀਆਂ ਸਿਰਜਣਾਤਮਕ ਪੁਸਤਕਾਂ ਅੱਗੇ ਕਰ ਦਿੱਤੀਆਂ ਤਾਂ ਕਿ ਉਹ ਹੁਣ ਹੀ ਚੇਤੇ ਕਰ ਲੈਣ ਕਿ ਮੈਂ ਇੱਕ ਜਾਣਿਆ-ਪਛਾਣਿਆ ਲੇਖਕ ਵੀ ਹਾਂ। ਉਸ ਵਿਦਵਾਨ ਨੇ ਮੇਰੀਆਂ ਪੁਸਤਕਾਂ ਨੂੰ ਹੱਥ ਨਾਲ ਪਿੱਛੇ ਕਰਦਿਆਂ ਹਿਕਾਰਤ ਨਾਲ ਆਖਿਆ, "ਸਾਡੇ ਲਈ ਇਹਨਾਂ ਲਿਖ਼ਤਾਂ ਦਾ ਕੋਈ ਅਰਥ ਨਹੀਂ। ਕੋਈ 'ਖੋਜ-ਕਾਰਜ' ਹੈ ਤਾਂ ਦੱਸੋ………"
ਮੇਰੇ ਲੇਖਕ ਹੋਣ ਦੇ ਮਾਣ ਦੀ ਸਾਰੀ ਫ਼ੂਕ ਨਿਕਲ ਗਈ।
ਜਦੋਂ 1988 ਵਿੱਚ ਅਜੀਤ ਕੌਰ ਨੇ ਭਾਰਤ-ਪਾਕਿਸਤਾਨ ਦੇ ਲੇਖਕਾਂ ਦਾ ਸਾਂਝਾ ਕਹਾਣੀ-ਦਰਬਾਰ ਦਿੱਲੀ ਵਿੱਚ ਕਰਵਾਇਆ ਤਾਂ ਮੈਂ ਇਸ ਵਿੱਚ ਆਪਣੀ ਕਹਾਣੀ 'ਚੌਥੀ-ਕੂਟ' ਪੜ੍ਹੀ। ਉਸ ਕਹਾਣੀ ਨੂੰ ਸਰੋਤਿਆਂ ਨੇ ਬੇਹੱਦ ਸਲਾਹਿਆ। ਚਾਹ ਦੀ ਬਰੇਕ ਸਮੇਂ ਤਾਂ ਮੈਨੂੰ ਹੱਥ ਮਿਲਾਉਣ ਅਤੇ ਵਧਾਈਆਂ ਦੇਣ ਵਾਲਿਆਂ ਨੇ ਇੱਕ ਤਰ੍ਹਾਂ ਨਾਲ ਘੇਰ ਹੀ ਲਿਆ। ਪ੍ਰਿੰਸੀਪਲ ਸੁਜਾਨ ਸਿੰਘ ਨੇ ਮੇਰੀ ਪਿੱਠ 'ਤੇ ਥਾਪੀ ਦੇ ਕੇ ਮੈਨੂੰ ਗਲ ਨਾਲ ਲਾ ਲਿਆ। ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤ ਤੇ ਮੇਰੀਆਂ ਸਿਰਜਣਾਤਮਕ ਲਿਖਤਾਂ ਨੂੰ ਹੱਥ ਨਾਲ ਧੱਕ ਕੇ ਪਿੱਛੇ ਕਰਨ ਵਾਲਾ ਅਤੇ ਕੇਵਲ ਤੇ ਕੇਵਲ ਮੇਰੇ 'ਖੋਜ-ਕਾਰਜ' ਉੱਤੇ ਜ਼ੋਰ ਦੇਣ ਵਾਲਾ ਉਪਰੋਕਤ ਵਿਦਵਾਨ ਵੀ ਕੋਲ ਹੀ ਖਲੋਤਾ ਸੀ। ਉਹ ਪੂਰੇ ਮਾਣ ਵਿੱਚ ਭਰ ਕੇ ਕਹਿਣ ਲੱਗਾ, "ਵਰਿਆਮ ਸਿੰਘ ਸੰਧੂ ਤਾਂ ਪੰਜਾਬੀ ਕਹਾਣੀ ਦੀ ਸ਼ਾਨ ਹੈ। ਅਸੀਂ ਤਾਂ ਅੱਠ-ਨੌਂ ਸਾਲ ਪਹਿਲਾਂ ਇਸਦੀ ਪ੍ਰਤਿਭਾ ਨੂੰ ਪਛਾਣ ਕੇ ਇਹਨੂੰ ਆਪਣੀ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ……ਇੱਥੇ ਤਾਂ ਤੁਸੀਂ ਇਹਨੂੰ ਅੱਜ ਵਧਾਈਆਂ ਦਿੰਦੇ ਜੇ, ਅਸੀਂ ਤਾਂ ਉਦੋਂ……।"
ਪਰ ਉਸਦੇ ਉਦੋਂ ਆਖੇ ਬੋਲ ਤਾਂ ਮੈਨੂੰ ਸਦਾ ਚੇਤੇ ਰਹਿਣੇ ਸਨ, "ਸਾਡੇ ਲਈ ਇਹਨਾਂ ਲਿਖ਼ਤਾਂ ਦਾ ਕੋਈ ਅਰਥ ਨਹੀਂ!"
ਯੂਨੀਵਰਸਿਟੀ ਦੀ ਇਸ ਇੰਟਰਵਿਊ ਤੋਂ ਪਿੱਛੋਂ ਦਿੱਲੀ ਰਹਿੰਦੇ ਮੇਰੇ ਇੱਕ ਕਵੀ ਮਿੱਤਰ ਦੀ ਚਿੱਠੀ ਮਿਲੀ। ਉਸਨੇ ਦੱਸਿਆ ਕਿ ਉਹ ਪਿਛਲੇ ਦਿਨੀਂ 'ਬਾਬਿਆਂ' (ਦਿੱਲੀ ਵਾਲੇ ਵਿਦਵਾਨ) ਨੂੰ ਮਿਲਿਆ ਤਾਂ ਉਹਨਾਂ ਤੋਂ ਪਤਾ ਲੱਗਾ ਕਿ ਤੂੰ ਯੂਨੀਵਰਸਿਟੀ ਇੰਟਰਵਿਊ 'ਤੇ ਗਿਆ ਸੀ। ਬਾਬਿਆਂ ਦਾ ਬਚਨ ਸੀ ਕਿ ਬੰਦੇ ਤਾਂ ਪਹਿਲਾਂ ਹੀ ਰੱਖੇ ਹੋਏ ਸਨ। ਵਰਿਆਮ ਨੂੰ ਦੱਸੋ ਕਿ ਇੰਟਰਵਿਊ ਤੇ ਆਉਣਾ ਹੋਵੇ ਤਾਂ ਕਿਸੇ 'ਯੋਜਨਾਬੰਦੀ' ਨਾਲ ਆਇਆ ਜਾਂਦਾ ਹੈ!
ਮੈਨੂੰ ਉਸ ਵਿਦਵਾਨ ਦੀ ਕਵੀ ਮਿੱਤਰ ਨਾਲ ਕੀਤੀ ਗੱਲ ਅਤੇ ਦਿੱਤੀ ਸਲਾਹ ਚੰਗੀ ਲੱਗੀ। ਸ਼ਾਇਦ ਉਹਦੇ ਅਚੇਤ ਵਿੱਚ ਮੇਰੇ ਨਾਲ ਹੋਈ 'ਵਧੀਕੀ' ਦਾ ਕੋਈ ਬੇਮਲੂਮਾ ਜਿਹਾ ਪਸ਼ਚਾਤਾਪ ਹੀ ਹੋਵੇ! ਮੈਂ ਇਹ ਭਰਮ ਪਾਲੀ ਰੱਖਣਾ ਚਾਹੁੰਦਾ ਸਾਂ। ਏਸੇ ਕਰਕੇ ਸ਼ਾਇਦ ਉਸਨੇ ਮੈਨੂੰ ਇੰਟਰਵਿਊ ਤੋਂ ਪਹਿਲਾਂ ਕੀਤੀ ਜਾਣ ਵਾਲੀ 'ਯੋਜਨਾਬੰਦੀ' ਬਾਰੇ ਸੁਚੇਤ ਕੀਤਾ ਸੀ। ਪਰ 'ਯੋਜਨਾਬੰਦੀ' ਕਰ ਸਕਣਾ ਮੇਰੇ ਸੁਭਾ ਵਿੱਚ ਹੀ ਨਹੀਂ ਸੀ। ਮੈਨੂੰ ਨੌਕਰੀ ਲੈਣ ਲਈ ਚੋਣ-ਕਮੇਟੀ ਦੇ ਮੈਂਬਰਾਂ ਨੂੰ ਪਹਿਲਾਂ ਮਿਲਣਾ ਜਾਂ ਸਿਫ਼ਾਰਿਸ਼ ਕਰਵਾਉਣਾ ਆਪਣੇ ਸਵੈ-ਮਾਣ ਨੂੰ ਠੇਸ ਪਹੁੰਚਾਉਣ ਵਾਂਗ ਲੱਗਦਾ ਸੀ। ਮੈਂ ਸ਼ਾਇਦ ਜ਼ਮਾਨੇ ਦੇ ਅਨੁਕੂਲ ਨਹੀਂ ਸੀ। ਬਿਨਾਂ 'ਯੋਜਨਾਬੰਦੀ' ਤੋਂ ਐਵੇਂ ਹੀ ਇੰਟਰਵਿਊ ਵਿੱਚ ਮੂੰਹ ਚੁੱਕ ਕੇ ਤੁਰੇ ਜਾਣ ਦਾ ਕੀ ਮਤਲਬ! ਪਰ ਮੈਂ ਆਪਣੀ ਆਈ ਤੋਂ ਬਾਜ਼ ਨਾ ਆਇਆ।
ਇਹਨੀਂ ਦਿਨੀ ਹੀ ਪੰਜਾਬ ਵਿੱਚ ਅਕਾਲੀ ਸਰਕਾਰ ਵੱਲੋਂ ਆਦਰਸ਼ ਸਕੂਲ ਖੋਲ੍ਹਣ ਦੀ ਸਕੀਮ ਅਧੀਨ ਲੈਕਚਰਾਰਾਂ ਦੀਆਂ ਅਸਾਮੀਆਂ ਨਿਕਲੀਆਂ। ਕਾਲਜ ਲੈਕਚਰਾਰ ਨਾਲੋਂ ਵੀ ਵੱਧ ਗਰੇਡ। ਸਰਕਾਰ ਇਹਨਾਂ ਸਕੂਲਾਂ ਬਾਰੇ ਬੜੀ ਗੰਭੀਰ ਸੀ। ਇੱਕ ਦੋ ਇੰਟਰਵਿਊਜ਼ ਵਿੱਚ ਤਾਂ ਕਹਿੰਦੇ ਸਨ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪ ਵੀ ਬੈਠਾ ਸੀ। ਐਜੂਕੇਸ਼ਨ ਸੈਕਟਰੀ ਤਾਂ ਚੋਣ-ਕਮੇਟੀ ਵਿੱਚ ਬੈਠਦਾ ਹੀ ਸੀ।
ਇੰਟਰਵੀਊ ਚੰਡੀਗੜ੍ਹ ਹੋਈ। ਮੈਂ ਫੇਰ ਬਿਨਾਂ ਕਿਸੇ 'ਯੋਜਨਾਬੰਦੀ' ਦੇ ਨੰਗੇ ਧੜ ਹਾਜ਼ਰ ਸਾਂ। ਆਵਾਜ਼ ਪਈ ਤਾਂ ਮੈਂ ਅੰਦਰ ਜਾ ਕੇ ਕੁਰਸੀ 'ਤੇ ਬੈਠ ਕੇ ਖੱਬੇ ਪਾਸਿਓਂ ਚੋਣ-ਕਮੇਟੀ ਦੇ ਮੈਂਬਰਾਂ ਵੱਲ ਨਜ਼ਰ ਘੁਮਾ ਕੇ ਸਭ ਨੂੰ ਵਾਰੀ ਵਾਰੀ ਵੇਖ ਹੀ ਰਿਹਾ ਸਾਂ ਕਿ ਮੇਰੇ ਸੱਜੇ ਪਾਸਿਓਂ ਬੜੀ ਅਪਣੱਤ ਭਰੀ ਆਵਾਜ਼ ਆਈ, "ਹੈਲੋ, ਵਰਿਆਮ ਤੂੰ ਏਂ?"
ਮੇਰੇ ਸਾਹਮਣੇ ਡਾ: ਅਤਰ ਸਿੰਘ ਬੈਠਾ ਸੀ। ਉਹਦੇ ਬੋਲਾਂ ਵਿੱਚ ਅਪਣੱਤ ਅਤੇ ਖ਼ੁਸ਼ੀ ਦੇ ਭਾਵ ਪਰਤੱਖ ਸਨ।
ਮੈਂ ਮੁਸਕਰਾ ਕੇ 'ਸਤਿ ਸ੍ਰੀ ਅਕਾਲ' ਆਖੀ।
ਐਜੂਕੇਸ਼ਨ ਸੈਕਟਰੀ ਮਨਮੋਹਨ ਸਿੰਘ ਸੀ। ਪੰਜਾਬੀ ਵਿੱਚ ਕਵਿਤਾਵਾਂ ਅਤੇ ਕੁੱਝ ਕਹਾਣੀਆਂ ਲਿਖਣ ਵਾਲਾ। ਨਾਗਮਣੀ ਵਿੱਚ ਛਪਦਾ ਰਹਿੰਦਾ ਸੀ। ਉਸਨੇ ਥੋੜ੍ਹਾ ਪੁੱਛਦੀਆਂ ਨਜ਼ਰਾਂ ਨਾਲ ਅਤਰ ਸਿੰਘ ਵੱਲ ਵੇਖਿਆ। ਸ਼ਾਇਦ ਉਹ ਜਾਣਨਾ ਚਾਹੁੰਦਾ ਸੀ ਕਿ ਅਤਰ ਸਿੰਘ ਨੇ ਮੈਨੂੰ ਕਿਉਂ ਏਨੀ ਅਪਤਣੱਤ ਨਾਲ ਬੁਲਾਇਆ ਹੈ। ਉਹਦਾ ਭਾਵ ਸਮਝਦਿਆਂ ਅਤਰ ਸਿੰਘ ਨੇ ਕਿਹਾ, "ਆਪਣਾ ਵਰਿਆਮ ਹੈ……ਤੁਸੀਂ ਨਹੀਂ ਜਾਣਦੇ ਵਰਿਆਮ ਨੂੰ? ਤੁਹਾਡੇ ਡੀਪਾਰਟਮੈਂਟ ਦਾ ਦੂਸਰਾ ਗੁਰਦਿਆਲ ਸਿੰਘ…"
ਅਤਰ ਸਿੰਘ ਦੇ ਬੋਲਾਂ ਵਿੱਚੋਂ ਮੇਰੇ ਲਈ ਮੋਹ ਅਤੇ ਮਾਣ ਡੁੱਲ੍ਹਦਾ ਵੇਖ ਕੇ ਮਨਮੋਹਣ ਸਿੰਘ ਨੂੰ ਇਹ ਦੱਸਣ ਦੀ ਲੋੜ ਨਹੀਂ ਸੀ ਰਹਿ ਗਈ ਕਿ ਉਹ ਮੈਨੂੰ ਜਾਣਦਾ ਹੈ ਜਾਂ ਨਹੀਂ!
ਫ਼ਿਰ ਇੰਟਰਵਿਊ ਸ਼ੁਰੂ ਹੋਈ। ਅਤਰ ਸਿੰਘ ਨੇ ਨਿੱਕੇ ਨਿੱਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਕੁਲਵੰਤ ਸਿੰਘ ਵਿਰਕ ਤੋਂ ਮੇਰੇ ਨਾਲ ਗੱਲ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਮੇਰੀ ਕਹਾਣੀ ਤੱਕ ਪੁੱਜ ਗਿਆ। ਮੈਨੂੰ ਪਤਾ ਹੀ ਨਾ ਲੱਗਾ ਕਿ ਮੈਂ ਇੰਟਰਵਿਊ ਦੇ ਰਿਹਾਂ। ਮੈਂ ਤਾਂ ਆਪਣੇ ਕਿਸੇ ਹਿਤੈਸ਼ੀ ਨਾਲ, ਆਪਣੇ ਸਨੇਹੀ ਨਾਲ ਅੰਤਰੰਗ ਗੱਲ-ਬਾਤ ਵਿੱਚ ਰੁੱਝਿਆ ਹੋਇਆ ਸਾਂ। ਇੰਟਰਵਿਊ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ!
ਮੈਂ ਉੱਠਿਆ ਤਾਂ ਅਤਰ ਸਿੰਘ ਕਹਿਣ ਲੱਗਾ, "ਵਰਿਆਮ ਜਾਣਾ ਨਹੀਂ, ਕੁੱਝ ਦੇਰ ਰੁਕ ਕੇ ਫ਼ੈਸਲਾ ਸੁਣ ਕੇ ਹੀ ਜਾਵੀਂ…"
ਮੈਂ ਚੁਣ ਲਿਆ ਗਿਆ ਸਾਂ।
ਅਤਰ ਸਿੰਘ ਨੇ ਮੇਰੇ ਅੰਦਰਲੇ ਡਿੱਗੇ ਹੋਏ ਲੇਖਕ ਦੇ ਪੈਰਾਂ ਹੇਠਾਂ ਤਲੀਆਂ ਦੇ ਕੇ ਫ਼ਿਰ ਉੱਚਾ ਚੁੱਕ ਦਿੱਤਾ ਸੀ। ਲੱਗਾ 'ਮੇਰੀਆਂ ਲਿਖ਼ਤਾਂ ਦੇ ਵੀ ਕੋਈ ਅਰਥ ਹਨ!' ਐਵੇਂ ਝੱਖ ਨਹੀਂ ਸਾਂ ਮਾਰਦਾ ਪਿਆ।
ਅਤਰ ਸਿੰਘ ਨੇ ਮੇਰੀ ਪਹਿਲੀ ਕੁੜੱਤਣ ਧੋ ਦਿੱਤੀ ਸੀ। ਉਸਦੀ ਕਦਰ-ਸਨਾਸ਼ੀ ਦਾ ਸ਼ਹਿਦ ਮੇਰੀ ਰੂਹ ਵਿੱਚ ਘੁਲ ਗਿਆ ਸੀ। ਏਸੇ ਮਾਣ ਦੇ ਸਿਰ 'ਤੇ ਮੈਂ ਇੱਕ ਵਾਰ ਫੇਰ ਆਪਣਾ ਇਮਤਿਹਾਨ ਲੈਣ ਦਾ ਨਿਰਣਾ ਕਰ ਲਿਆ।
ਸਰਕਾਰੀ ਕਾਲਜਾਂ ਵਿੱਚ ਲੈਕਚਰਾਰ ਦੀ ਅਸਾਮੀ ਵਾਸਤੇ 'ਪਬਲਿਕ ਸਰਵਿਸ਼ ਕਮਸ਼ਿਨ' ਦੀ ਇੰਟਰਵਿਊ ਦੇਣ ਪਟਿਆਲੇ ਜਾ ਵੱਜਿਆ। ਅਤਰ ਸਿੰਘ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਸਿਰਜਣਾਤਮਕ ਸਾਹਿਤ ਦੇ ਕਦਰਦਾਨ ਖ਼ਤਮ ਨਹੀਂ ਹੋ ਗਏ। ਐਤਕੀਂ ਪ੍ਰੋ ਪ੍ਰੀਤਮ ਸਿੰਘ ਵਿਸ਼ਾ ਮਾਹਿਰ ਸਨ। ਪ੍ਰੋ ਸਾਹਿਬ ਦਾ ਰੁਖ਼ ਦਿੱਲੀ ਵਾਲੇ ਪ੍ਰੋਫ਼ੈਸਰ ਵਾਂਗ ਹਮਲਾਵਰ ਨਹੀਂ ਸੀ। ਉਹਨਾਂ ਸਵਾਲ ਬੜੇ ਠਰ੍ਹੰਮੇ ਨਾਲ ਪੁੱਛੇ। ਮੈਂ ਠਰ੍ਹੰਮੇ ਨਾਲ ਜਵਾਬ ਦਿੱਤੇ। ਇੰਟਰਵਿਊ ਦੇ ਕੇ ਆਇਆ ਤਾਂ ਪੂਰੀ ਆਸ ਸੀ ਕਿ ਸੀਲੈਕਟ ਹੋ ਹੀ ਜਾਵਾਂਗਾ।
ਇਹ ਵੀ ਅਫ਼ਸੋਸ ਨਹੀਂ ਸੀ ਕਿ ਕੋਈ 'ਯੋਜਨਾਬੰਦੀ' ਕਿਉਂ ਨਹੀਂ ਸੀ ਕੀਤੀ! ਸੁਣਿਆਂ ਸੀ ਕਿ ਪ੍ਰੋਫ਼ੈਸਰ ਸਾਹਿਬ ਕਿਸੇ ਦੀ ਸਿਫ਼ਾਰਸ਼ ਨਹੀਂ ਮੰਨਦੇ/ਕਰਦੇ। ਇਹ ਤਾਂ ਮਗਰੋਂ ਪਤਾ ਲੱਗਾ ਕਿ ਉਹ ਵੀ ਸਿਰਜਣਾਤਕ ਲੇਖਕਾਂ ਦੇ ਕਦਰਦਾਨ ਸਨ ਤੇ ਕਿਸੇ ਲੇਖਕ ਦੀ ਸਹਾਇਤਾ ਕਰਨ ਲਈ ਕਦੀ ਕਦੀ ਅਸੂਲਾਂ ਦੀ ਕੱਸ ਢਿੱਲੀ ਵੀ ਕਰ ਲੈਂਦੇ ਸਨ। ਭੂਸ਼ਨ ਨੇ ਓਸੇ ਇੰਟਰਵੀਊ ਵਿੱਚ ਪ੍ਰੋਫ਼ੈਸਰ ਸਾਹਿਬ ਵੱਲੋਂ ਕੀਤੀ ਉਸਦੀ ਮਦਦ ਦਾ ਖੁਲਾਸਾ ਲਿਖ ਕੇ ਕੀਤਾ ਹੋਇਆ ਹੈ। ਪਰ ਨਤੀਜਾ ਆਇਆ ਤਾਂ ਲਿਸਟ ਵਿੱਚ ਮੇਰਾ ਨਾਮ ਨਹੀਂ ਸੀ। ਸ਼ਾਇਦ ਮੇਰੀ ਇੰਟਰਵੀਊ ਹੀ ਚੰਗੀ ਨਾ ਹੋਈ ਹੋਵੇ! ਇਹ ਵੀ ਹੋ ਸਕਦਾ ਹੈ ਕਿ ਮੈਂ 'ਓਸ ਪੱਧਰ' ਦਾ ਲੇਖਕ ਹੀ ਨਾ ਹੋਵਾਂ! ਇਹ ਤਾਂ ਸ਼ਾਇਦ ਪਿੱਛੋਂ ਜਾਕੇ ਹੀ ਚੰਗੀਆਂ ਕਹਾਣੀਆਂ ਲਿਖੀਆਂ ਹੋਣੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਮੈਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ 'ਤੇ ਪ੍ਰੋਫ਼ੈਸਰ ਸਾਹਿਬ ਨੇ ਲਿਖਿਆ ਸੀ, "ਤੁਹਾਡੀ ਤਾਂ ਇਕੱਲੀ ਇਕੱਲੀ ਕਹਾਣੀ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਜਾ ਸਕਦਾ ਹੈ!"
ਮੈਨੂੰ ਸਮਝ ਪੈ ਗਈ ਕਿ ਅਤਰ ਸਿੰਘ ਵਰਗੀ ਇੰਟਰਵੀਊ ਵਾਲਾ ਬਟੇਰਾ ਕਦੀ ਕਦੀ ਹੀ ਪੈਰ ਹੇਠਾਂ ਆਉਂਦਾ ਹੈ!
ਇਸਤੋਂ ਬਾਅਦ ਮੈਂ ਨਿਰਣਾ ਕਰ ਲਿਆ ਕਿ ਜੇ ਮੇਰੇ ਅੰਦਰ ਏਨਾ ਹੀ ਸਵੈਮਾਣ ਹੈ ਕਿ ਕਿਸੇ ਨੂੰ ਨੌਕਰੀ ਲਈ ਕਹਿਣਾ ਹੀ ਨਹੀਂ ਤਾਂ ਫਿਰ ਚੁੱਪ-ਚਾਪ ਆਪਣੇ ਘਰ ਬੈਠਾਂ। ਆਪਣਾ ਲਿਖਣ-ਪੜ੍ਹਨ ਦਾ ਕੰਮ ਕਰਾਂ। ਦੋਵੇਂ ਜੀਅ ਸਕੂਲ ਅਧਿਆਪਕ ਤਾਂ ਲੱਗੇ ਹੀ ਹੋਏ ਹਾਂ। ਜ਼ਮੀਨ ਵੀ ਹੈ। ਹੁਣ ਭੁੱਖੇ ਤਾਂ ਮਰਦੇ ਨਹੀਂ। ਐਵੇਂ ਕਿਸੇ ਦੇ ਤਰਲੇ ਕਰਕੇ ਜ਼ਲੀਲ ਕਿਉਂ ਹੋਵਾਂ!
ਮੈਂ ਹੁਣ ਦੁਬਾਰਾ ਇੰਟਰਵਿਊ ਦੇ ਕੇ ਆਪਣੇ ਸੁਆਦ ਨੂੰ ਕੌੜਾ ਨਹੀਂ ਸਾਂ ਕਰਨਾ ਚਾਹੁੰਦਾ। ਸੋਚ ਲਿਆ ਸੀ, "ਵਰਿਆਮ ਸਿਹਾਂ! ਇਹ ਦੁਨੀਆਂ ਤੇਰੇ ਜਿਹੇ ਬੰਦਿਆਂ ਦੇ ਮੇਚ ਨਹੀਂ। ਤੂੰ ਇਹਦੇ ਹਾਣ ਦਾ ਹੋ ਨਹੀਂ ਸਕਦਾ। ਸਾਂਭੀ ਫ਼ਿਰ ਆਪਣਾ ਸਵੈ-ਮਾਣ ਅਤੇ ਖ਼ੁਦਦਾਰੀ! ਜਿੱਥੇ ਹੈਗਾ ਏਂ ਓਥੇ ਸੰਤੁਸ਼ਟ ਰਹਿਣ ਦੀ ਕੋਸ਼ਿਸ਼ ਕਰ।"
ਤੇ ਮੈਂ ਆਪਣੇ ਆਪ ਨੂੰ ਸੱਚਮੁੱਚ ਹੀ ਸੰਤੁਸ਼ਟ ਕਰ ਲਿਆ ਸੀ। ਦੋ ਕੁ ਸਾਲ ਬਾਅਦ ਆਦਰਸ਼ ਸਕੂਲ ਦੀ ਲੈਕਚਰਾਰਸ਼ਿਪ ਤੋਂ ਵੀ ਅਸਤੀਫ਼ਾ ਦੇ ਕੇ ਪਿੰਡ ਦੇ ਹਾਈ ਸਕੂਲ ਵਿੱਚ ਵਾਪਸ ਆਣ ਲੱਗਾ। 'ਪਬਲਿਕ ਸਰਵਿਸਜ਼ ਕਮਿਸ਼ਨ' ਦੀਆਂ ਅਸਾਮੀਆਂ ਦੁਬਾਰਾ ਪ੍ਰਕਾਸ਼ਿਤ ਹੋਈਆਂ। ਮੈਂ ਬਿਨੈ-ਪੱਤਰ ਹੀ ਨਾ ਭੇਜੀ। ਕੀ ਲੈਣਾ ਸੀ ਬਾਰ-ਬਾਰ ਬੇਇੱਜ਼ਤ ਹੋ ਕੇ!
ਪਰ ਹੈਰਾਨੀ ਦੀ ਗੱਲ ਸਾਲ-ਡੇਢ ਸਾਲ ਬਾਅਦ ਮੈਨੂੰ ਮੇਰੇ ਮਿੱਤਰ ਜਗੀਰ ਸਿੰਘ ਕਾਹਲੋਂ ਨੇ ਦੱਸੀ। ਹਰਭਜਨ ਸਿੰਘ ਦਿਓਲ ਉਦੋਂ ਕਮਿਸ਼ਨ ਦਾ ਮੈਂਬਰ ਸੀ। ਮੈਂ ਉਸਨੂੰ ਉਸ ਸਮੇਂ ਤੱਕ ਕਦੀ ਵੀ ਮਿਲਿਆ ਨਹੀਂ ਸਾਂ। ਪਰ ਉਹ ਕਿਧਰੇ ਮੇਰੀਆਂ ਕਹਾਣੀਆਂ ਦਾ ਪਾਠਕ-ਪ੍ਰਸ਼ੰਸਕ ਸੀ। ਉਸਨੂੰ ਇਹ ਵੀ ਪਤਾ ਸੀ ਕਿ ਮੈਨੂੰ ਪਿਛਲੀ ਵਾਰ ਕਮਿਸ਼ਨ ਵੱਲੋਂ ਚੁਣਿਆ ਨਹੀਂ ਸੀ ਗਿਆ। ਐਤਕੀਂ ਉਹ ਮਨ ਹੀ ਮਨ ਫ਼ੈਸਲਾ ਕਰੀ ਬੈਠਾ ਸੀ ਕਿ ਮੈਨੂੰ ਜ਼ਰੂਰ ਚੁਣਨਾ ਹੈ। ਇੰਟਰਵਿਊ ਰੋਜ਼ ਹੁੰਦੀ ਸੀ। ਜਿਸ ਦਿਨ ਅੱਖਰ-ਕ੍ਰਮ ਅਨੁਸਾਰ ਮੇਰੇ ਨਾਮ ਦੇ ਪਹਿਲੇ ਅੱਖਰ ਵਾਲੇ ਨਾਮ ਸ਼ੁਰੂ ਹੋਏ ਤਾਂ ਉਹਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਮੇਰਾ ਤਾਂ ਨਾਮ ਹੀ ਇੰਟਰਵਿਊ ਦੇਣ ਵਾਲੇ ਉਮੀਦਵਾਰਾਂ ਦੀ ਸੂਚੀ ਵਿੱਚ ਨਹੀਂ। ਇਸ ਗੱਲੋਂ ਨਿਰਾਸ਼ ਹੋ ਕੇ ਉਸਨੇ ਮੇਰੇ ਜਾਣੂ ਮਿੱਤਰਾਂ ਨੂੰ ਉਲਾਹਮਾ ਦਿੱਤਾ ਕਿ ਮੈਂ ਐਤਕੀਂ 'ਅਪਲਾਈ' ਕਿਓਂ ਨਹੀਂ ਕੀਤਾ! ਉਹ ਤਾਂ ਲਿਸਟ ਵਿੱਚੋਂ ਮੇਰਾ ਨਾਮ ਹੀ ਲੱਭਦਾ ਰਹਿ ਗਿਆ! ਪਿੱਛੋਂ ਹਰਭਜਨ ਸਿੰਘ ਦਿਓਲ ਨਾਲ ਮਿੱਤਰਚਾਰਾ ਬਣ ਜਾਣ 'ਤੇ ਵੀ ਉਸਨੇ ਖ਼ੁਦ ਕਦੀ ਇਹ ਗੱਲ ਮੈਨੂੰ ਨਹੀਂ ਜਤਾਈ ਤੇ ਨਾ ਹੀ ਮੈਂ ਉਸ ਨਾਲ ਸਾਂਝੀ ਕੀਤੀ। ਜੋ ਹੋ ਹੀ ਨਹੀਂ ਸੀ ਸਕਿਆ; ਉਸ ਬਾਰੇ ਪੁੱਛਣਾ ਦੱਸਣਾ ਕਾਹਦਾ! ਪਰ ਦਿਓਲ ਲਈ ਮੇਰੇ ਮਨ ਵਿੱਚ ਕਦਰਦਾਨੀ ਦਾ ਅਹਿਸਾਸ ਘਰ ਕਰ ਗਿਆ ਤੇ ਇਹ ਵੀ ਲੱਗਾ ਕਿ ਅਕਾਦਿਮਕ ਹਲਕਿਆਂ ਵਿੱਚ ਸਾਰੇ ਲੋਕ ਇਕੋ ਜਿਹੇ ਨਹੀਂ ਹੁੰਦੇ। ਕੁੱਝ ਅਤਰ ਸਿੰਘ ਤੇ ਹਰਭਜਨ ਸਿੰਘ ਦਿਓਲ ਵਰਗੇ ਵੀ ਹੁੰਦੇ ਨੇ! ਇਸ ਨਾਲ ਮੇਰੇ ਲੇਖਕ ਹੋਣ ਦਾ ਢੱਠਾ ਮਾਣ ਫਿਰ ਸਿਰ ਚੁੱਕ ਖਲੋਤਾ।
ਇਹਨਾਂ ਦਿਨਾਂ ਵਿੱਚ ਤਾਂ ਮੈਂ ਐਮ ਏ ਪਾਠ-ਕ੍ਰਮ ਵਿੱਚ ਵੀ ਪੜ੍ਹਾਇਆ ਜਾਣ ਲੱਗਾ ਸਾਂ। ਪ੍ਰੋ ਪ੍ਰੀਤਮ ਸਿੰਘ ਅਨੁਸਾਰ 'ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਕਰਨ-ਯੋਗ ਇਕੱਲੀਆਂ ਇਕੱਲੀਆਂ ਕਈ ਕਹਾਣੀਆਂ' ਵੀ ਲਿਖ ਚੁੱਕਾ ਸਾਂ। ਸੋਚਿਆ ਇੱਕ ਵਾਰ ਫੇਰ ਤਜਰਬਾ ਕਰਕੇ ਵੇਖੀਏ! ਅੰਮ੍ਰਿਤਸਰ ਦੇ ਇੱਕ ਕਾਲਜ ਵਿੱਚ ਪੰਜਾਬੀ ਦੇ ਲੈਕਚਰਾਰ ਦੀ ਅਸਾਮੀ ਲਈ ਜਾ ਹਾਜ਼ਰ ਹੋਇਆ। ਡੀ ਪੀ ਆਈ ਦੇ ਨੁਮਾਇੰਦਿਆਂ ਵਿਚੋਂ ਮੁੱਖ ਨੁਮਾਇੰਦੇ ਨਾਲ ਆਇਆ ਦੂਜਾ ਪ੍ਰੋਫ਼ੈਸਰ ਮੇਰਾ ਬਹੁਤ ਚੰਗੀ ਤਰ੍ਹਾਂ ਜਾਣੂ ਸੀ। ਮੇਰੀਆਂ ਕਹਾਣੀਆਂ ਦਾ ਪ੍ਰਸੰਸਕ ਵੀ। ਅਸੀਂ ਕਈ ਵਾਰ ਸਮਾਗਮਾਂ 'ਤੇ ਮਿਲੇ ਸਾਂ ਤੇ ਉਹ ਬੜੇ ਖੁੱਲ੍ਹੇ ਦਿਲ ਨਾਲ ਮੇਰੀ ਤਾਰੀਫ਼ ਕਰਿਆ ਕਰਦਾ ਸੀ। ਪਰ ਮੈਨੂੰ ਇੰਟਰਵੀਊ 'ਤੇ ਆਇਆ ਵੇਖ ਕੇ ਉਹ ਤਾਂ ਜਿਵੇਂ ਗੁੰਗਾ ਹੀ ਹੋ ਗਿਆ। ਉਸਨੇ ਤਾਂ ਮੈਨੂੰ ਕੋਈ ਸਵਾਲ ਵੀ ਨਾ ਪੁੱਛਿਆ। ਸ਼ਾਇਦ ਆਪਣੀ ਵੱਲੋਂ ਸੱਚਾ ਰਹਿਣਾ ਚਾਹੁੰਦਾ ਹੋਵੇ! ਡੀ ਪੀ ਆਈ ਦਾ ਮੁੱਖ ਨੁਮਾਇੰਦਾ ਤੇ ਪ੍ਰਿੰਸੀਪਲ ਕੁੱਝ ਲੋੜੀਂਦੇ ਸਵਾਲ ਪੁੱਛਣ ਤੋਂ ਬਾਅਦ ਇਸ ਗੱਲ 'ਤੇ ਜ਼ੋਰ ਦੇਈ ਜਾਣ ਕਿ ਜਦੋਂ ਮੈਂ ਸਕੂਲ ਵਿੱਚ ਪਹਿਲਾਂ ਹੀ ਪੜ੍ਹਾ ਰਿਹਾ ਹਾਂ ਤਾਂ ਕਾਲਜ ਵਿੱਚ ਕਿਉਂ ਆਉਣਾ ਚਾਹੁੰਦਾ ਸਾਂ! ਉਹਨਾਂ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਸਕੂਲ ਵਿੱਚ ਤਾਂ ਅਧਿਆਪਕ ਪੜ੍ਹਾਉਂਦੇ ਨਹੀਂ, ਕਾਲਜ ਵਿੱਚ ਕੀ ਪੜ੍ਹਾਉਣਗੇ!
ਮਨ ਹਰਾਮੀ ਤੇ ਹੁਜਤਾਂ ਢੇਰ ਵਾਲੀ ਗੱਲ ਬਣੀ ਹੋਈ ਸੀ। ਬੰਦਾ ਤਾਂ ਏਥੇ ਵੀ ਪਹਿਲਾਂ ਹੀ ਰੱਖੇ ਹੋਏ ਹੋਣ ਦੀ ਸੂਹ ਮਿਲ ਗਈ ਸੀ। ਉਸ ਉਮੀਦਵਾਰ ਨੇ ਤਾਂ ਇੰਟਰਵੀਊ 'ਤੇ ਮੈਨੂੰ ਆਇਆ ਵੇਖ ਕੇ ਸਗੋਂ ਇਹ ਆਖਿਆ ਸੀ, "ਬਾਬਿਓ! ਤੁਸੀਂ ਆ ਕੇ ਮੇਰੀ ਸਾਰੀ ਕੀਤੀ 'ਮਿਹਨਤ' 'ਤੇ ਪਾਣੀ ਫੇਰ ਦਿੱਤਾ ਹੈ। ਤੁਹਾਡੇ ਹੁੰਦਿਆਂ ਹੁਣ ਮੈਨੂੰ ਕੌਣ ਰੱਖਣ ਲੱਗਾ ਹੈ! ਅੰਦਰ ਤਾਂ ਇੱਕ ਐਕਸਪਰਟ ਵੀ ਤੁਹਾਡਾ 'ਮਿੱਤਰ' ਬੈਠਾ ਹੋਇਆ ਹੈ।" ਪਰ ਉਹ ਭੁਲੇਖੇ ਵਿੱਚ ਸੀ। ਓਸੇ ਦੀ 'ਮਿਹਨਤ' ਨੇ ਹੀ ਰੰਗ ਲਿਆਉਣਾ ਸੀ!
ਕੁਝ ਚਿਰ ਬਾਅਦ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਤੇ ਮੇਰੇ ਪੁਰਾਣੇ ਮਿੱਤਰ ਨਿਰੰਜਨ ਸਿੰਘ ਢੇਸੀ ਨੇ ਮੈਨੂੰ ਚਿੱਠੀ ਲਿਖੀ ਕਿ ਉਸਦੇ ਕਾਲਜ ਵਿੱਚ ਪੰਜਾਬੀ ਦੀਆਂ ਕੁੱਝ ਅਸਾਮੀਆਂ ਨਿਕਲਣ ਵਾਲੀਆਂ ਹਨ ਤੇ ਮੈਂ ਓਥੇ ਹਰ ਹਾਲਤ ਵਿੱਚ ਅਪਲਾਈ ਕਰਨਾ ਹੈ! ਇੰਟਰਵੀਊਆਂ ਵਿੱਚ ਮੇਰੇ ਨਾਲ ਜਿਵੇਂ ਹੋ ਰਹੀ ਸੀ, ਉਸਨੂੰ ਮੁੱਖ ਰੱਖ ਕੇ ਮੈਂ ਉਸਦੀ ਚਿੱਠੀ ਦਾ ਜਵਾਬ ਦੇਣਾ ਵੀ ਵਾਜਬ ਨਾ ਸਮਝਿਆ। ਮੇਰੇ ਵੱਲੋਂ 'ਹੁੰਗਾਰਾ' ਨਾ ਮਿਲਣ 'ਤੇ ਉਸਨੇ ਸਾਡੇ ਦੋਹਾਂ ਦੇ ਸਾਂਝੇ ਮਿੱਤਰ ਹਰਭਜਨ ਹਲਾਵਰਵੀ ਨੂੰ ਚਿੱਠੀ ਲਿਖੀ ਕਿ ਉਹ ਮੈਨੂੰ ਮਨਾਵੇ। ਹਲਵਾਰਵੀ ਅਤੇ ਉਹਦੀ ਪਤਨੀ ਕੁੱਝ ਦਿਨਾਂ ਬਾਅਦ ਮੇਰੇ ਕੋਲ ਮੇਰੇ ਪਿੰਡ ਆਏ। ਉਹਨੀਂ ਦਿਨੀਂ ਅੱਤਵਾਦ ਸਿਖ਼ਰ ਉੱਤੇ ਸੀ। ਸਵੇਰ ਵੇਲੇ ਜਦੋਂ ਉਸਦਾ ਡਰਾਈਵਰ ਜੰਗਲ-ਪਾਣੀ ਲਈ ਬਾਹਰ ਗਿਆ ਤਾਂ ਉਸਦੇ ਨੇੜੇ ਹੀ ਕਿਧਰੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਾਹੋ-ਸਾਹ ਹੋਇਆ ਉਹ ਘਰ ਆਇਆ।
ਮੇਰਾ ਪਿੰਡ ਤਾਂ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਸੀ। ਹਲਵਾਰਵੀ ਪਿਛਲੇ ਸਾਲਾਂ ਵਿੱਚ ਮੁੰਡਿਆਂ ਤੇ ਪੁਲਿਸ ਕੋਲੋਂ ਮਸਾਂ ਬਚਣ ਦੀਆਂ ਮੇਰੀਆਂ ਕਹਾਣੀਆਂ ਤੋਂ ਵਾਕਫ਼ ਸੀ। ਅਜਿਹੀ ਸਥਿਤੀ ਵਿੱਚ ਹਲਵਾਰਵੀ ਨੇ ਮੇਰੇ ਪਿੰਡ ਵਿੱਚ ਰਹਿਣ ਦੇ ਖ਼ਤਰੇ ਨੂੰ ਚਿਤਾਰਦਿਆਂ ਇਹ ਵੀ ਕਿਹਾ ਕਿ ਅਗਲੇ ਕੁੱਝ ਸਾਲਾਂ ਵਿੱਚ ਬੱਚੇ ਵੱਡੇ ਹੋ ਜਾਣ ਕਰਕੇ ਪੜ੍ਹਾਈ ਵਾਸਤੇ ਸ਼ਹਿਰ ਦਾ ਰੁਖ਼ ਤਾਂ ਕਰਨਾ ਹੀ ਪੈਣਾ ਹੈ। ਇਸ ਲਈ ਮਿਲਿਆ ਮੌਕਾ ਹੱਥੋਂ ਨਾ ਗਵਾਵਾਂ। ਹੁਣ ਵੀ ਤਾਂ ਪਿੰਡਾਂ ਵਿੱਚ ਪੜ੍ਹਾਈ ਦਾ ਬੁਰਾ ਹਾਲ ਸੀ।
ਅਸੀਂ ਸਾਰੇ ਲੰਮਾਂ ਸਮਾਂ ਇਸ 'ਤੇ ਵਿਚਾਰ ਕਰਦੇ ਰਹੇ। ਆਖ਼ਰਕਾਰ ਮੈਂ ਇਸ ਸ਼ਰਤ 'ਤੇ ਮੰਨ ਗਿਆ ਕਿ ਮੈਂ ਨੌਕਰੀ ਲਈ ਕਿਸੇ ਨੂੰ ਆਪ ਆਖਣ ਨਹੀਂ ਜਾਣਾ। ਮੇਰੇ ਤੋਂ ਆਪਣੇ ਬਾਰੇ ਆਖਿਆ ਹੀ ਨਹੀਂ ਜਾ ਸਕਦਾ! ਉਸਨੇ ਵਿਸ਼ਵਾਸ ਦਿਵਾਇਆ ਕਿ ਮੇਰਾ ਸਵੈਮਾਣ ਕਾਇਮ ਰਹੇਗਾ ਤੇ ਮੈਨੂੰ ਕਿਸੇ ਨੂੰ ਨਹੀਂ ਆਖਣ ਦੀ ਲੋੜ ਨਹੀਂ ਪਵੇਗੀ।। ਹੋਇਆ ਵੀ ਇੰਜ ਹੀ। ਪ੍ਰੋ: ਢੇਸੀ ਤਾਂ ਪਿੱਛੋਂ ਇੰਗਲੈਂਡ ਯਾਤਰਾ ਉੱਤੇ ਚਲਾ ਗਿਆ ਪਰ ਉਸ ਵੱਲੋਂ ਸ਼ੁਰੂ ਕੀਤੀ ਗੱਲ-ਬਾਤ ਦੀ ਵਾਗ-ਡੋਰ ਮੇਰੇ ਸਾਂਝੇ ਮਿੱਤਰਾਂ ਹਰਭਜਨ ਹਲਾਵਰਵੀ, ਜੋਗਿੰਦਰ ਸਿੰਘ ਪੁਆਰ ਅਤੇ ਡਾ ਸਾਧੂ ਸਿੰਘ ਨੇ ਸਾਂਭ ਲਈ। ਤੇ ਜਿਵੇਂ ਹੁੰਦਾ ਹੀ ਹੈ, ਮੈਂ ਇੱਕ ਤਰ੍ਹਾਂ ਨਾਲ ਇੰਟਰਵਿਊ ਹੋਣ ਤੋਂ ਪਹਿਲਾਂ ਹੀ ਰੱਖ ਲਿਆ ਗਿਆ ਸਾਂ। ਤਿੰਨ ਅਸਾਮੀਆਂ ਸਨ ਅਤੇ ਤਿੰਨਾਂ ਖ਼ਾਸ ਬੰਦਿਆਂ ਦੇ ਰੱਖੇ ਜਾਣ ਦਾ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ।
ਇੱਥੇ ਇੱਕ ਬਹੁਤ ਦਿਲਚਸਪ ਘਟਨਾ ਵਾਪਰੀ ਜਿਸ ਨੇ ਮੈਨੂੰ ਧੁਰ-ਅੰਦਰ ਤੱਕ ਹਲੂਣ ਦਿੱਤਾ। ਤਿੰਨਾਂ ਅਸਾਮੀਆਂ ਲਈ ਸਾਰੇ ਪੰਜਾਬ ਵਿੱਚੋਂ ਸੱਤਰ ਅੱਸੀ ਦੇ ਲਗਭਗ ਉਮੀਦਵਾਰ ਇੰਟਰਵਿਊ ਦੇਣ ਆਏ ਸਨ। ਇੰਟਰਵਿਊ ਚੱਲ ਰਹੀ ਸੀ। ਚੁਣੇ ਜਾਣ ਵਾਲੇ ਉਮੀਦਵਾਰਾਂ ਬਾਰੇ ਕਿਆਸ ਅਰਾਈਆਂ ਹੋ ਰਹੀਆਂ ਸਨ। ਏਨੇ ਨੂੰ ਕੁੱਝ ਉਮੀਦਵਾਰਾਂ ਨੂੰ ਪਤਾ ਲੱਗਾ ਕਿ ਮੈਂ ਵੀ ਇੰਟਰਵਿਊ ਦੇਣ ਆਇਆ ਹੋਇਆ ਸਾਂ। 'ਕੀ ਅਜੇ ਤੱਕ ਮੈਨੂੰ ਕਾਲਜ ਵਿੱਚ ਨੌਕਰੀ ਨਹੀਂ ਮਿਲ ਸਕੀ!' ਉਹਨਾਂ ਵਿੱਚੋਂ ਬਹੁਤਿਆਂ ਨੇ ਮੈਨੂੰ ਬਤੌਰ ਲੇਖਕ ਐਮ ਏ ਦੇ ਪਾਠਕ੍ਰਮ ਵਿੱਚ ਪੜ੍ਹਿਆ ਹੋਇਆ ਸੀ ਅਤੇ ਮੇਰੀ ਕਹਾਣੀ-ਕਲਾ ਦੇ ਪ੍ਰਸ਼ੰਸਕ ਸਨ। ਮੇਰੇ ਬਾਰੇ ਜਾਣ-ਸੁਣ ਕੇ ਪੰਦਰਾਂ-ਵੀਹ ਜਣਿਆਂ ਦਾ ਟੋਲਾ ਮੇਰੇ ਕੋਲ ਆ ਪੁੱਜਾ। ਉਹ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਿਲੇ। ਅਕਾਦਮਿਕ ਅਦਾਰਿਆਂ ਵੱਲੋਂ ਯੋਗਤਾ ਦੀ ਹੁੰਦੀ ਬੇਕਦਰੀ ਦਾ ਦਰਦ ਸਾਂਝਾ ਕਰਦਿਆਂ ਹੁਣ ਤੱਕ ਮੈਨੂੰ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਕੋਈ ਥਾਂ ਨਾ ਮਿਲਣ ਉੱਤੇ ਅਫ਼ਸੋਸ ਜ਼ਾਹਿਰ ਕੀਤਾ। ਉਹ ਆਪਸ ਵਿੱਚ ਕੋਈ ਸਲਾਹ ਕਰਕੇ ਆਏ ਸਨ ਤੇ ਮੇਰੇ ਨਾਲ ਉਸਨੂੰ ਸਾਂਝਿਆਂ ਕਰਨਾ ਚਾਹੁੰਦੇ ਸਨ। ਮੈਂ ਉਹਨਾਂ ਦੀ ਰਾਇ ਜਾਨਣ ਦੀ ਹਾਮੀ ਭਰੀ ਤਾਂ ਉਹਨਾਂ ਨੇ ਬੜੀ ਅਜੀਬ, ਦਿਲਚਸਪ ਅਤੇ ਮੇਰਾ ਮਨ ਮੋਹ ਲੈਣ ਵਾਲੀ ਪੇਸ਼ਕਸ਼ ਕੀਤੀ:
"ਜੇ ਤੁਸੀਂ ਸਾਨੂੰ ਆਗਿਆ ਦਿਓ ਤਾਂ ਅਸੀਂ ਸਾਰੇ ਸਮੂਹਿਕ ਰੂਪ ਵਿੱਚ ਚੋਣ ਕਮੇਟੀ ਕੋਲ ਜਾ ਕੇ ਇਹ ਆਖਣ ਲਈ ਤਿਆਰ ਹਾਂ ਕਿ ਜੇ ਚੋਣ-ਕਮੇਟੀ ਵਰਿਆਮ ਸਿੰਘ ਸੰਧੂ ਹੁਰਾਂ ਨੂੰ ਰੱਖਣ ਦੀ ਗਰੰਟੀ ਦਿੰਦੀ ਹੈ ਤਾਂ ਸਾਡੇ ਵਿੱਚੋਂ ਕੋਈ ਵੀ ਇੰਟਰਵਿਊ ਲਈ ਪੇਸ਼ ਨਹੀਂ ਹੋਏਗਾ।"
ਇਹ ਕੋਈ ਛੋਟੀ ਪੇਸ਼ਕਸ਼ ਨਹੀਂ ਸੀ। ਬੇਰੁਜ਼ਗਾਰੀ ਦੇ ਇਸ ਯੁਗ ਵਿੱਚ ਉਹ ਖ਼ੁਦ ਮੇਰੀ ਖ਼ਾਤਰ ਇੰਟਰਵਿਊ ਨਾ ਦੇਣ ਲਈ ਤਿਆਰ ਸਨ, ਪਰ ਮੇਰੀ ਚੋਣ ਹੋਈ ਵੇਖਣਾ ਚਾਹੁੰਦੇ ਸਨ। ਉਹਨਾਂ ਦੀ ਇਸ ਪੇਸ਼ਕਸ਼ ਨੇ ਮੇਰਾ ਮਨ ਜਿੱਤ ਲਿਆ। ਕਿਸੇ ਲੇਖਕ ਲਈ ਉਸਦੀਆਂ ਲਿਖਤਾਂ ਦਾ ਇਸ ਤੋਂ ਵੱਡਾ ਕੀ ਸਨਮਾਨ ਹੋ ਸਕਦਾ ਸੀ! ਉਹਨਾਂ ਨੂੰ ਤਾਂ ਮੈਂ ਕਹਿ ਦਿੱਤਾ, "ਤੁਹਾਡੀ ਬਹੁਤ ਹੀ ਮਿਹਰਬਾਨੀ ਸੱਜਣੋ! ਜੇ ਚੋਣ-ਕਮੇਟੀਆਂ ਤੁਹਾਡੇ ਜਿੰਨੀਆਂ ਹੀ ਕਦਰ-ਸਨਾਸ਼ ਹੁੰਦੀਆਂ ਤਾਂ ਮੈਂ ਹੁਣ ਤੱਕ ਸਕੂਲ ਮਾਸਟਰੀ ਨਾ ਕਰਦਾ ਹੁੰਦਾ! ਕਮੇਟੀਆਂ ਤਾਂ ਆਪਣੀ ਮਰਜ਼ੀ ਅਨੁਸਾਰ ਹੀ ਫ਼ੈਸਲਾ ਕਰਨਗੀਆਂ। ਪਰ ਤੁਹਾਡੇ ਇਸ ਮੁਹੱਬਤੀ-ਇਸ਼ਾਰੇ ਨੇ ਮੈਨੂੰ ਜੋ ਮਾਣ ਦਿੱਤਾ ਹੈ, ਉਹ ਮੇਰਾ ਉਮਰ ਭਰ ਦਾ ਸਰਮਾਇਆ ਬਣ ਗਿਆ ਹੈ।"
ਅੱਜ ਵੀ ਉਹਨਾਂ ਦੀ ਸੁਹਿਰਦ ਪੇਸ਼ਕਸ਼ ਯਾਦ ਕਰਦਾ ਹਾਂ ਤਾਂ ਧੁਰ ਅੰਦਰ ਤੱਕ ਹਲੂਣਿਆ ਜਾਂਦਾ ਹਾਂ।
ਇਸ ਇੰਟਰਵੀਊ ਵਿੱਚ ਹਾਜ਼ਰ ਹੋਇਆ ਤਾਂ ਅੱਗੇ ਚੋਣ-ਕਮੇਟੀ ਵਿੱਚ ਜੋਗਿੰਦਰ ਸਿੰਘ ਪੁਆਰ ਨੂੰ ਬੈਠਾ ਵੇਖ ਕੇ ਹੈਰਾਨ ਹੋਇਆ। ਅਜੇ ਪਿਛਲੇ ਦਿਨੀ ਹੀ ਉਸਨੂੰ ਮਿੱਤਰਤਾ ਦੇ ਮਾਣ ਨਾਲ ਕਿਹਾ ਸੀ ਕਿ ਮੈਂ ਆਪਣੇ ਸੁਭਾਅ ਅਨੁਸਾਰ ਕਿਸੇ ਵੀ ਚੋਣ-ਕਮੇਟੀ ਦੇ ਮੈਂਬਰ ਦਾ ਨਾ ਪਤਾ ਕਰਨਾ ਹੈ ਤੇ ਨਾ ਹੀ ਕਿਸੇ ਨੁੰ ਤਰਲਾ ਮਾਰਨਾ ਹੈ। ਜੇ ਉਹ ਚਾਹੁੰਦੇ ਹਨ ਕਿ ਮੈਂ ਇੰਟਰਵੀਊ 'ਤੇ ਜਾਵਾਂ ਤਾਂ 'ਉਤਲੀ' ਜ਼ਿੰਮੇਵਾਰੀ ਵੀ ਉਹਨਾਂ ਦੀ ਹੀ ਹੋਵੇਗੀ। ਉਹ ਮੁਸਕਰਾਇਆ ਸੀ ਤੇ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਨਾਲ ਇੱਕ ਵਾਰ ਜਾ ਕੇ ਕਾਲਜ ਦੇ ਪ੍ਰਿੰਸੀਪਲ ਨੂੰ ਜ਼ਰੂਰ ਮਿਲ ਲੈ ਤਾਕਿ ਉਸਨੂੰ ਇਤਬਾਰ ਹੋ ਸਕੇ ਕਿ ਤੂੰ ਇੰਟਰਵੀਊ ਤੇ ਆ ਰਿਹੈਂ। ਪੁਆਰ ਉਦੋਂ ਲਾਇਲਪੁਰ ਖ਼ਾਲਸਾ ਕਾਲਜ ਦੀ ਸਟਾਫ਼ ਕਾਲੋਨੀ ਵਿੱਚ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਦੇ ਗੁਆਂਢ ਹੀ ਰਹਿੰਦਾ ਸੀ। ਪ੍ਰਿੰਸੀਪਲ ਨੇ ਕਿਹਾ, "ਜੇ ਤੁਹਾਡੇ ਮਿੱਤਰ ਪੁਆਰ ਤੇ ਹਲਵਾਰਵੀ ਦੀ ਇੱਛਾ ਹੈ ਕਿ ਤੁਸੀਂ ਇਸ ਕਾਲਜ ਵਿੱਚ ਆਵੋ ਤਾਂ ਜ਼ਰੂਰ ਆਵੋਗੇ। ਤੁਸੀਂ ਹੁਣ ਇਹ ਵਿਚਾਰ ਕਰ ਲਓ ਕਿ ਸਕੂਲ ਦੀ ਡਿਊਟੀ ਤੋਂ ਕਿਵੇਂ ਵਿਹਲਾ ਹੋ ਕੇ ਏਥੇ ਆਉਣਾ ਹੈ। ਇੰਗਲੈਂਡ ਜਾਂਦਾ ਹੋਇਆ ਢੇਸੀ ਵੀ ਤੁਹਾਡੇ ਬਾਰੇ ਮੈਨੂੰ ਆਖ ਗਿਆ ਸੀ।"
ਇਸ ਵਾਰੀ ਮੇਰਾ ਚੁਣੇ ਜਾਣਾ ਕੋਈ ਰਹੱਸ ਨਹੀਂ ਸੀ ਰਹਿ ਗਿਆ। ਇਹ ਚੋਣ ਵੀ 'ਪਹਿਲਾਂ ਹੀ ਬੰਦੇ ਰੱਖੇ ਹੋਣ' ਵਾਲੀ ਅਕਾਦਮਿਕ ਜਗਤ ਦੀ ਜਾਣੀ-ਪਛਾਣੀ ਰਵਾਇਤ ਦਾ ਹੀ ਹਿੱਸਾ ਸੀ। ਇਸ ਵਿੱਚ ਮੇਰੀ ਯੋਗਤਾ ਨਾਲੋਂ ਮੇਰੇ ਦੋਸਤਾਂ ਦੀ ਅਕਾਦਮਿਕ ਹਲਕਿਆਂ ਵਿੱਚ ਜਾਣ-ਪਛਾਣ ਅਤੇ ਪਹੁੰਚ ਹੀ ਸਹਾਈ ਹੋਈ ਸੀ! ਜਿਹੜੀਆਂ ਮੇਰੀਆਂ ਲਿਖਤਾਂ 'ਕੋਈ ਅਰਥ ਨਹੀਂ ਸਨ ਰੱਖਦੀਆਂ; ਓਹੋ ਹੀ ਲਿਖਤਾਂ ਇਸ ਇੰਟਰਵੀਊ ਵਿੱਚ ਅਰਥਵਾਨ ਹੋ ਗਈਆਂ ਸਨ। ਇਸ ਇੰਟਰਵੀਊ ਵਿੱਚ ਵੀ ਡੀ ਪੀ ਆਈ ਦਾ ਮੁਖ ਨੁਮਾਇੰਦਾ ਅੰਮ੍ਰਿਤਸਰ ਕਾਲਜ ਵਿਚਲੀ ਇੰਟਰਵੀਊ ਵਾਲਾ ਵਿਦਵਾਨ ਹੀ ਸੀ ਤੇ ਉਹਨੇ ਮੇਰੀ ਚੰਗੀ ਇੰਟਰਵੀਊ ਦੇ ਬਾਵਜੂਦ ਏਥੇ ਵੀ ਕਿਹਾ ਕਿ ਸਕੂਲ ਮਾਸਟਰ ਨੂੰ ਨੌਕਰੀ ਦੇਣ ਨਾਲੋਂ ਕਿਸੇ ਹੋਰ ਕੈਂਡੀਡੇਟ ਨੂੰ ਵਿਚਾਰ ਲਿਆ ਜਾਵੇ! ਪਰ ਦੂਜੇ ਸਾਰੇ ਮੈਂਬਰਾਂ ਦੀ ਰਾਇ ਸੀ, ਏਡੇ 'ਨਾਂ ਵਾਲੇ ਲੇਖਕ' ਦੇ ਇਸ ਕਾਲਜ ਵਿੱਚ ਆਉਣ ਨਾਲ ਤਾਂ ਕਾਲਜ ਦਾ ਮਾਣ ਵਧੇਗਾ! ਇਹ ਗੱਲ ਸਾਡੇ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਬਲਬੀਰ ਸਿੰਘ ਨੇ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਣ 'ਤੇ ਕਾਲਜ ਵੱਲੋਂ ਕੀਤੇ ਮੇਰੇ ਸਨਮਾਨ-ਸਮਾਗਮ ਵਿੱਚ ਸਟੇਜ ਉੱਤੇ ਮੇਰੀ ਪਰਸੰਸਾ ਵਿੱਚ ਬੋਲਦਿਆਂ ਖ਼ੁਦ ਦੱਸੀ ਸੀ।
ਇਸਤੋਂ ਬਾਅਦ ਮੈਂ ਫੇਰ ਕਿਸੇ ਵੀ ਇੰਟਰਵੀਊ 'ਤੇ ਜਾਣ ਦੀ ਚਾਹ ਨਾ ਕੀਤੀ ਭਾਵੇਂ ਕਿ ਕਿਸੇ ਕਾਲਜ ਦਾ ਪ੍ਰਿੰਸੀਪਲ ਬਣਨ ਜਾਂ ਕਿਸੇ ਯੂਨੀਵਰਸਿਟੀ ਵਿੱਚ ਰੀਡਰ ਲੱਗਣ ਦੀਆਂ ਪੂਰੀਆਂ 'ਸੰਭਾਵਨਾਵਾਂ' ਹੋਣ ਕਰ ਕੇ ਮਿੱਤਰਾਂ ਵੱਲੋਂ ਸਦਾ ਬੜਾ ਜ਼ੋਰ ਲਾਇਆ ਜਾਂਦਾ ਰਿਹਾ।
ਇਹ ਸਾਰੀ ਕਹਾਣੀ ਪਾਉਣ ਤੋਂ ਮੇਰਾ ਮਤਲਬ ਹੈ ਕਿ ਸਿਰਜਣਾਤਮਕ ਲੇਖਕਾਂ ਨੂੰ ਯੂਨੀਵਰਸਿਟੀਆਂ ਵਿੱਚ ਬੈਠੇ ਬਹੁਤੇ ਵਿਦਵਾਨ 'ਖੋਜ ਕਰਨ ਜਾਂ ਪੜ੍ਹਾ ਸਕਣ' ਦੇ ਯੋਗ ਹੀ ਨਹੀਂ ਸਮਝਦੇ! ਇਸ ਕੰਮ ਨੂੰ ਉਹ ਆਪਣੇ ਅਧਿਕਾਰ ਖੇਤਰ ਦੀ ਚੀਜ਼ ਹੀ ਸਮਝਦੇ ਹਨ। ਇਸ ਪਿੱਛੇ ਇੱਕ ਕਾਰਨ ਤਾਂ ਸਿਰਜਣਾਤਮਕ ਲੇਖਕ ਨੂੰ ਉਹਨਾਂ ਨਾਲੋਂ ਵੱਧ ਮਿਲਣ ਵਾਲੀ ਸੋਭਾ ਵੀ ਹੋ ਸਕਦੀ ਹੈ। ਵਿਦਿਅਕ ਅਦਾਰਿਆਂ ਵਿੱਚ ਕੁਰਸੀਆਂ 'ਤੇ ਬੈਠੇ ਵਿਦਵਾਨ ਆਪਣੇ ਨਾਲੋਂ ਵੱਧ ਕਿਸੇ ਹੋਰ ਨੂੰ ਸੋਭਾ ਦਾ ਪਾਤਰ ਮੰਨਣ ਜਾਂ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੁੰਦੇ। ਦੂਜੀ ਗੱਲ ਇਹ ਵੀ ਕੁੱਝ ਹੱਦ ਤੱਕ ਸਹੀ ਹੈ ਕਿ ਆਮ ਸਿਰਜਣਾਤਮਕ ਲੇਖਕ ਜ਼ਰੂਰੀ ਨਹੀਂ ਕਿ 'ਖੋਜ ਕਰਨ ਜਾਂ ਪੜ੍ਹਾ ਸਕਣ' ਦੀਆਂ ਸਾਰੀਆਂ ਖੂਬੀਆਂ ਦਾ ਮਾਲਕ ਹੀ ਹੋਵੇ! ਪਰ ਜੇ ਉਸ ਕੋਲ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਵਾਲੇ ਵਿਦਵਾਨਾਂ ਵਾਲੀ ਬਰਾਬਰ ਦੀ ਅਕਾਦਮਿਕ ਯੋਗਤਾ ਹੈ ਤਾਂ ਉਸਨੂੰ ਸਿਰਫ਼ ਸਿਰਜਣਾਤਮਕ ਲੇਖਕ ਹੋਣ ਕਰਕੇ ਹੀ ਇਸ ਮੌਕੇ 'ਤੋਂ ਵਾਂਝਿਆਂ ਕਿਉਂ ਰੱਖਿਆ ਜਾਵੇ!
ਮੌਕਾ ਮਿਲਣ 'ਤੇ ਬੰਦਾ ਆਪਣੇ ਅੰਦਰ ਸੁੱਤੀਆਂ ਸੰਭਾਵਨਾਵਾਂ ਨੂੰ ਜਗਾ ਸਕਣ ਦੀ ਸਮਰੱਥਾ ਵੀ ਰੱਖਦਾ ਹੈ। ਮੈਂ ਆਪਣੇ ਹਵਾਲੇ ਨਾਲ ਗੱਲ ਕਰ ਸਕਦਾ ਹਾਂ। ਕਾਲਜ ਵਿੱਚ ਜਾ ਕੇ ਮੈਂ ਫ਼ੈਸਲਾ ਕਰ ਲਿਆ ਕਿ ਏਥੇ ਵੀ ਆਪਣੇ ਆਪ ਨੂੰ ਆਪਣੀ ਮਿਹਨਤ ਨਾਲ ਬਹੁਤ ਚੰਗੇ ਅਧਿਆਪਕ ਵਜੋਂ ਸਥਾਪਤ ਕਰਨਾ ਹੈ। ਮੈਂ ਪੂਰੀ ਤਿਆਰੀ ਨਾਲ ਜਮਾਤ ਵਿੱਚ ਜਾਂਦਾ ਤੇ ਆਪਣੇ ਵਿਸ਼ੇ 'ਤੇ ਪੂਰੇ ਅਧਿਕਾਰ ਨਾਲ ਬੋਲਦਾ। ਆਪਣੇ ਮੂੰਹ ਮੀਆਂ ਮਿੱਠੂ ਬਣਨਾ ਤਾਂ ਚੰਗਾ ਨਹੀਂ ਲੱਗਦਾ। ਕਿਹੋ ਜਿਹਾ ਅਧਿਆਪਕ ਸਾਂ ਇਸ ਬਾਰੇ ਤਾਂ ਮੇਰੇ ਵਿਦਿਆਰਥੀ ਹੀ ਬਿਹਤਰ ਦੱਸ ਸਕਦੇ ਹਨ। ਪਰ ਇੱਕ ਉਦਾਹਰਣ ਜ਼ਰੂਰ ਦੇਣਾ ਚਾਹੁੰਦਾ ਹਾਂ। ਨਵੇਂ ਸਾਲ ਲਈ ਐੱਮ ਏ ਦੇ ਦਾਖ਼ਲੇ ਹੋ ਰਹੇ ਸਨ। ਇਹਨੀ ਦਿਨੀ ਕਾਲਜ ਵਿੱਚ ਈਵਨਿੰਗ ਦੀਆਂ ਜਮਾਤਾਂ ਵੀ ਸ਼ੁਰੂ ਹੋ ਚੁੱਕੀਆਂ ਸਨ। ਅਸੀਂ ਪੰਜਾਬੀ ਵਿਭਾਗ ਵਿੱਚ ਬੈਠੇ ਹੋਏ ਸਾਂ। ਇੱਕ ਵਿਦਿਆਰਥੀ ਅੰਦਰ ਆਇਆ ਤਾਂ ਮੁਖੀ ਨਿਰੰਜਨ ਸਿੰਘ ਢੇਸੀ ਨੇ ਉਸਨੂੰ ਕਿਹਾ ਕਿ ਸਵੇਰ ਦੀ ਕਲਾਸ ਦੀਆਂ ਸੀਟਾਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਇਸ ਲਈ ਉਸਨੂੰ ਦਾਖ਼ਲਾ ਈਵਨਿੰਗ ਕਲਾਸ ਵਿੱਚ ਹੀ ਮਿਲ ਸਕਦਾ ਹੈ। ਵਿਦਿਆਰਥੀ ਬੜੇ ਭਰੋਸੇ ਨਾਲ ਕਹਿਣ ਲੱਗਾ, "ਜੀ ਭਾਵੇਂ ਮੌਰਨਿੰਗ 'ਚ ਦਿਓ ਤੇ ਭਾਵੇਂ ਈਵਨਿੰਗ ਵਿਚ; ਦਾਖ਼ਲ ਮੈਂ ਏਥੇ ਹੀ ਹੋਣਾ ਹੈ।"
ਢੇਸੀ ਨੇ ਪੁੱਛਿਆ ਕਿ ਏਥੇ ਏਡੀ ਕਿਹੜੀ ਵਿਸ਼ੇਸ਼ ਗੱਲ ਹੈ ਜੋ ਉਹ ਏਸੇ ਹੀ ਕਾਲਜ ਵਿੱਚ ਦਾਖ਼ਲ ਹੋਣ ਲਈ ਜ਼ੋਰ ਦੇ ਰਿਹਾ ਹੈ!
"ਜੀ ਇਸ ਕਾਲਜ ਵਿੱਚ ਵਰਿਆਮ ਸੰਧੂ ਹੁਰੀਂ ਪੜ੍ਹਾਉਂਦੇ ਹਨ।"
"ਸੰਧੂ ਹੁਰਾਂ ਨੂੰ ਮਿਲਿਆ ਹੋਇਐਂ? ਜਾਣਦਾ ਏਂ ਉਹਨਾਂ ਨੂੰ?" ਢੇਸੀ ਨੇ ਫਿਰ ਪੁੱਛਿਆ ਤਾਂ ਉਸਨੇ ਕਿਹਾ, "ਨਹੀਂ ਜੀ; ਨਾ ਵੇਖਿਆ ਹੋਇਐ ਤੇ ਨਾ ਹੀ ਉਹਨਾਂ ਨੂੰ ਮਿਲਿਆ ਹੋਇਆ ਹਾਂ। ਪਰ ਉਹਨਾਂ ਬਾਰੇ ਸੁਣਿਆਂ ਤੇ ਪੜ੍ਹਿਆ ਹੋਇਆ ਬਹੁਤ ਹੈ!"
"ਔਹ ਬੈਠੇ ਈ ਫਿਰ ਸੰਧੂ ਸਾਹਿਬ।" ਢੇਸੀ ਨੇ ਮੇਰੇ ਵੱਲ ਇਸ਼ਾਰਾ ਕੀਤਾ। ਮੁੰਡਾ ਲਪਕ ਕੇ ਮੇਰੇ ਗੋਡਿਆਂ ਨੂੰ ਹੱਥ ਲਾਉਣ ਲਈ ਅੱਗੇ ਵਧਿਆ।
ਕਹਿੰਦੇ ਤਾਂ ਹਰ ਸਾਲ ਮੈਨੂੰ ਕਈ ਵਿਦਿਆਰਥੀ ਵਿਦਿਆਰਥਣਾ ਸਨ ਕਿ ਉਹ ਇਸ ਕਾਲਜ ਵਿੱਚ ਮੇਰੇ ਕਰਕੇ ਦਾਖ਼ਲ ਹੋਏ ਨੇ ਪਰ ਅੱਜ ਇਹ ਨਜ਼ਾਰਾ ਮੈਂ ਆਪਣੀਂ ਅੱਖੀਂ ਵੇਖ ਲਿਆ ਸੀ।
ਜਿੱਥੋਂ ਤੱਕ ਖੋਜ-ਕਾਰਜ ਦਾ ਸੰਬੰਧ ਹੈ ਮੇਰੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ-ਕਲਾ ਬਾਰੇ ਛਪੀ ਪੁਸਤਕ ਪੜ੍ਹ ਕੇ ਵਿਰਕ ਨੇ ਕਿਸੇ ਇੰਟਰਵੀਊ ਵਿੱਚ ਆਪਣੇ ਬਾਰੇ ਹੋਏ ਸਾਰੇ ਖੋਜ-ਕਾਰਜ ਨਾਲੋਂ ਮੇਰੇ ਕੰਮ ਨੂੰ ਬਿਹਤਰ ਮੰਨਿਆਂ ਸੀ। ਏਸੇ ਤਰ੍ਹਾਂ ਆਪਣੀਆਂ ਕਹਾਣੀਆਂ ਬਾਰੇ ਮਹਿੰਦਰ ਸਿੰਘ ਸਰਨਾ ਨੇ ਮੇਰੇ ਵੱਲੋਂ ਲਿਖਿਆ ਲੰਮਾਂ ਲੇਖ ਪੜ੍ਹ ਕੇ ਮੈਨੂੰ ਚਿੱਠੀ ਲਿਖੀ ਸੀ, "ਤੁਹਾਡੇ ਵਰਗੇ ਸੰਵੇਦਨਸ਼ੀਲ ਤੇ ਸਾਹਿਤ ਦੀ ਡੂੰਘੀ ਸੂਝ ਰੱਖਣ ਵਾਲੇ ਲੇਖਕ ਵੱਲੋਂ ਮੇਰੀਆਂ ਕਹਾਣੀਆਂ ਨੂੰ ਏਨੀ ਬਰੀਕੀ ਨਾਲ ਪੜ੍ਹਕੇ ਉਹਨਾਂ ਦੀ ਅਜਿਹੀ ਵਿਆਖਿਆ ਕਰਨਾ ਮੇਰੇ ਲਈ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਕਰਨ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ!" ਉਦੋਂ ਅਜੇ ਉਸਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਨਹੀਂ ਸੀ ਮਿਲਿਆ। ਮੈਂ ਆਪਣੇ ਓਸੇ ਲੇਖ ਵਿੱਚ ਅਜਿਹੇ ਚੰਗੇ ਕਹਾਣੀਕਾਰ ਨੂੰ ਹੁਣ ਤੱਕ ਵਿਸਾਰੀ ਰੱਖਣ ਲਈ ਸਾਹਿਤ ਅਕਾਦਮੀ ਦੇ ਕਰਤਿਆਂ-ਧਰਤਿਆਂ ਨੂੰ ਮਿਹਣਾ ਵੀ ਮਾਰਿਆ ਸੀ। ਉਸਤੋਂ ਅਗਲੇ ਸਾਲ ਹੀ ਉਸਨੂੰ ਇਹ ਪੁਰਸਕਾਰ ਵੀ ਮਿਲ ਗਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346