Welcome to Seerat.ca
Welcome to Seerat.ca

ਸੁਖ਼ਨ ਸੁਰਜੀਤ ਪਾਤਰ ਦੇ/ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆਂ

 

- ਸੁਰਜੀਤ ਪਾਤਰ

ਬਟਾਲਵੀ ਦੀ ਬਰਸੀ ਉਤੇ
ਸਿ਼ਵ ਕੁਮਾਰ ਬਟਾਲਵੀ ਦੀ ਯਾਦ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਾਂਬਾ

 

- ਹਰਜੀਤ ਅਟਵਾਲ

ਅਵਤਾਰ ਜੰਡਿਆਲਵੀ, ਤਲਵਿੰਦਰ ਅਤੇ ਰਾਮ ਸਰੂਪ ਅਣਖੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਸਾਡਾ ਵੱਡਾ ਮੰਜਾ

 

- ਸੁਖਦੇਵ ਸਿੱਧੂ

ਸਾਡੀ ਬੀਬੀ-ਸਾਡੀ ਮਾਂ

 

- ਰਜਵੰਤ ਕੌਰ ਸੰਧੂ

40ਵੀਂ ਬਰਸੀ ਤੇ / ਸਿ਼ਵ ਤੇ ਮੈਂ

 

- ਬਲਬੀਰ ਮੋਮੀ

ਸੁਰ ਸਿ਼ੰਗਾਰ

 

- ਪੂਰਨ ਸਿੰਘ ਪਾਂਧੀ

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਇੱਕ ਹੋਰ ਚਾਰਦੀਵਾਰੀ

 

- ਸੁਖਬੀਰ

ਥੱਲੀ ਦੀ ਵਿਰਾਸਤ

 

- ਸੁਭਾਸ਼ ਰਾਬਰਾ

ਹਲਫ਼ੀਆ ਬਿਆਨ

 

- ਰਾਜਪਾਲ ਬੋਪਾਰਾਇ

ਸੁਰਾਲ

 

- ਅਮਰਜੀਤ ਟਾਂਡਾ

ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ

 

- ਡਾ. ਰਵਿੰਦਰ ਕੌਰ ‘ਰਵੀ‘

ਅਥਰੂਆਂ ਦਾ ਦਿੱਤਾ ਦਰਦ

 

- ਬੇਅੰਤ ਗਿੱਲ ਮੋਗਾ

ਲੰਮੀ ਲੰਮੀ ਨਦੀ ਵਹੈ

 

- ਜੌਨ੍ਹ ਬਰਜਰ

ਕਤਲਗਾਹ

 

- ਵਰਿੰਦਰ

ਆਮ ਆਦਮੀ

 

- ਜਸਪ੍ਰੀਤ ਸਿੰਘ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਤੇਰੇ ਨਾਂ

 

- ਦਿਲਜੋਧ ਸਿੰਘ

ऐसे ही किसी दिन

 

- गाब्रिएल गार्सिया मार्केज

ਗ਼ਜ਼ਲ

 

- ਅਜੇ ਤਨਵੀਰ

ਕਾਮਾਗਾਟਾ ਮਾਰੂ

 

- ਵਰਿਆਮ ਸਿੰਘ ਸੰਧੂ

 

Online Punjabi Magazine Seerat

ਸੁਖ਼ਨ ਸੁਰਜੀਤ ਪਾਤਰ ਦੇ
ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆਂ
- ਸੁਰਜੀਤ ਪਾਤਰ

 

ਕਪੂਰਥਲੇ ਤੋਂ ਬੀ ਏ ਕੀਤੀ ਤਾਂ ਮੈਂ ਅੰਗੇਰਜ਼ੀ ਐਮ ਏ ਕਰਨ ਲਈ ਇੱਕ ਗੇੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਰਿਆ ਪਰਂ ਚੰਡੀਗੜ੍ਹ ਦੀ ਮੈਥੋਂ ਤਾਬ ਨਾ ਝੱਲੀ ਗਈ, ਓਥੇ ਮੈਨੂੰ ਆਪਣੇ ਚੰਗੇ ਭਲੇ ਕੱਪੜੇ ਪੁਰਾਣੇ ਪੁਰਾਣੇ ਲੱਗਣ ਲੱਗ ਪਏ ਤੇ ਫੈਸ਼ਨੇਬਲ ਮੁੰਡੇ ਕੁੜੀਆਂ ਨੂੰ ਵੇਖ ਕੇ ਮੇਰੇ ਸਾਹ ਹੀ ਸੂਤੇ ਗਏ, ਵਾਪਸ ਕਪੂਰਥਲੇ ਆ ਗਿਆ। ਫਿਰ ਮੈ ਅਂਤੇ ਮੇਰੇ ਸਾਲਮ ਹਮਜਮਾਤੀ ਵੀਰ ਸਿੰਘ ਰੰਧਾਵਾ ਨੇ ਪੰਜਾਬੀ ਐਮ ਏ ਕਰਨ ਦੀ ਸਲਾਹ ਕੀਤੀ। ਮੈਂ ਕਿਹਾ ਪੰਜਾਬੀ ਐਮ ਏ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਾਂਗੇ, ਜਿੱਥੇ ਦਲੀਪ ਕੌਰ ਟਿਵਾਣਾ ਹੈ, ਜਿੱਥੇ ਗੁਲਵੰਤ ਸਿੰਘ ਹੈ। ਵੀਰ ਸਿੰਘ ਕਹਿਣ ਲੱਗਾ: ਤੇਰਾ ਦਿਮਾਗ ਖ਼ਰਾਬ ਐ, ਆਪਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾਖ਼ਲ ਹੁੰਦੇ ਆਂ, ਸਵੇਰੇ ਘਰੋਂ ਰੋਟੀ ਖਾ ਕੇ ਸਾਈਕਲਾਂ ਤੇ ਜਾਇਆ ਕਰਾਂਗੇ ਤੇ ਆ ਕੇ ਘਰ ਦੀ ਪੱਕੀ ਖਾ ਕੇ ਲਿਆ ਕਰਾਂਗੇ। ਪਰ ਮੇਰੇ ਦਿਲ ਨੂੰ ਪਟਿਆਲੇ ਦੀ ਖਿੱਚ ਪੈ ਰਹੀ ਸੀ। ਵੀਰ ਸਿੰਘ ਕਹਿਣ ਲੱਗਾ: ਚੱਲ ਪਰਚੀਆਂ ਬਣਾ, ਟੌਸ ਕਰ ਲੈਨੇ ਆਂ। ਟੌਸ ਵਿੱਚ ਜਲੰਧਰ ਦੀ ਪਰਚੀ ਨਿਕਲ ਆਈ। ਪਰ ਮੈਂ ਟੌਸ ਨੂੰ ਰੱਦ ਕਰ ਦਿੱਤਾ ਤੇ ਤੀਜੇ ਦਿਨ ਕਰਤਾਰ ਬੱਸ ਫੜ ਕੇ ਕੱਲਾ ਹੀ ਪਟਿਆਲੇ ਜਾ ਦਾਖ਼ਲ ਹੋਇਆ। ਕੁਝ ਦਿਨਾਂ ਬਾਅਦ ਮੇਰੇ ਪਿੱਛੇ ਵੀਰ ਸਿੰਘ ਵੀ ਪਟਿਆਲੇ ਪਹੁੰਚ ਗਿਆ।
ਪਟਿਆਲਾ ਮੇਰੇ ਲਈ ਇੱਕ ਅਲੋਕਾਰ ਦੁਨੀਆ ਦੇ ਦਰਵਾਜ਼ੇ ਵਾਂਗ ਖੁੱਲ੍ਹਾ। ਕਈ ਸਾਲ ਮੈਂ ਇਸ ਦੀ ਅਲੋਕਾਰਤਾ ਦੇ ਮੇਲੇ ਵਿੱਚ ਗੁਆਚਾ ਰਿਹਾ। ਏਥੇ ਦੇ ਮਾਹੌਲ ਦਾ ਕੁੱਝ ਐਸਾ ਜਾਦੂ ਸੀ ਕਿ ਏਥੇ ਆ ਕੇ ਕੇ ਮੈ ਅਤੇ ਵੀਰ ਸਿੰਘ ਇੱਕ ਦੂਜੇ ਤੋਂ ਵਿਛੜ ਗਏ। ਮੈਂ ਭੂਤਾਂ ਦੇ ਵੱਸ ਪੈ ਗਿਆ ਪਰ ਵੀਰ ਸਿੰਘ ਸਿੰਘ ਆਪਣੀ ਸਿਆਣਪ ਦੇ ਜੋਰਂ ਬਚਿਆ ਰਿਹਾ।
ਏਥੇ ਇੱਕ ਭੂਤਵਾੜਾ ਹੁੰਦਾ ਸੀ ਜੋ ਹੁਣ ਉਜੜ ਗਿਆ ਸੀ ਪਰ ਭੂਤ ਏਧਰ ਤੁਹਾਨੂੰ ਮਿਲ ਸਕਦੇ ਹਨ। ਮੈਨੂੰ ਜਿਹੜਾ ਪਹਿਲਾ ਭੂਤ ਮਿਲਿਆ, ਉਹ ਲਾਲੀ ਸੀ। ਉਹਦਾ ਪਿਛਲੇ ਜਨਮ ਦਾ ਨਾਮ ਹਰਦਿਲਜੀਤ ਸਿੰਘ ਸਿੱਧੂ ਸੀ, ਵੱਡੇ ਜਗੀਰਦਾਰ ਦਾ ਪੁੱਤਰ, ਪਰ ਆਪਣੇ ਰਾਜਭਾਗ ਨੂੰ ਤਿਆਗ ਕੇ ਨਿਕਲਿਆ ਹੋਇਆ, ਹੁਣ ਉਹ ਜਿਵੇਂ ਸਿੱਧਾਰਥ ਸੀ। ਅੰਗਰੇਜ਼ੀ ਦੀ ਐਮ ਏ, ਦਿੱਲੀ ਦੱਖਣ ਘੁੰਮਿਆ ਹੋਇਆ। ਬੰਬਈ ਦੀ ਮਾਇਆ ਨਗਰੀ ਦੀ ਵੀ ਥਾਹ ਪਾ ਆਇਆ ਸੀ ਤੇ ਕਲਕੱਤਾ ਯੂਨੀਵਰਸਿਟੀ ਵਿੱਚ ਬੰਗਾਲੀ ਦਾਨਿਸ਼ਵਰਾਂ ਨਾਲ ਵੀ ਗੋਸ਼ਟਾਂ ਰਚਾ ਆਇਆ ਸੀ।
ਸਾਡੀ ਅਧਿਆਪਕਾ ਡਾ ਦਲੀਪ ਟਿਵਾਣਾ ਮੈਡਮ ਟਿਵਾਣਾ ਸਨ ਜੋ ਸਾਨੂੰ ਆਪਣੇ ਪਰਵਾਰ ਦੇ ਜੀਆਂ ਵਾਂਗ ਹੀ ਸਮਝਦੇ ਸਨ, ਉਨ੍ਹਾਂ ਸਾਨੂੰ ਮੋਹ ਅਤੇ ਅਪਣੱਤ ਨਾਲ ਭਰ ਦਿੱਤਾ ਤੇ ਸਾਨੂੰ ਸਿਆਣੇ ਆਖ ਆਖ ਜ਼ਿੰਦਗੀ ਭਰ ਲਈ ਚਮਲਾ ਦਿੱਤਾ ਸੀ। ਉਨ੍ਹਾਂ ਨੇ ਹੀ ਮੈਨੂੰ ਲਾਲੀ ਜੀ ਨਾਲ ਮਿਲਾਇਆ: ਲਾਲੀ, ਇਹ ਸੁਰਜੀਤ ਐ, ਮੇਰਾ ਵਿਦਿਆਰਥੀ, ਇਹ ਵੀ ਤੁਹਾਡੇ ਹੀ ਕਬੀਲੇ ਦਾ ਬੰਦਾ ।
ਇੱਕ ਸ਼ਾਮ ਲਾਲੀ ਜੀ ਕਹਿਣ ਲੱਗੇ: ਚੱਲ ਕਵੀ, ਸ਼ਹਿਰ ਚੱਲੀਏ? ਪਟਿਆਲਾ ਸ਼ਹਿਰ ਯੂਨੀਵਰਸਿਟੀ ਤੋਂ ਪੰਜ ਕੁ ਕਿਲੋਮੀਟਰ ਦੂਰ ਹੈ। ਮੈਂ ਕਿਹਾ: ਲਾਲੀ ਜੀ, ਪੈਦਲ ਈ? ਕਹਿਣ ਲੱਗੇ: ਨਹੀ, ਂਕਥਾ ਤੇ ਸਵਾਰ ਹੋ ਕੇ ਚੱਲਾਂਗੇ।
ਉਸ ਦਿਨ ਤੋਂ ਬਾਅਦ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗੇ। ਸਦਾ ਕਥਾ ਤੇ ਸਵਾਰ ਰਿਹਾ। ਅਸਲ ਵਿੱਚ ਹਰ ਭੂਤ ਕਿਸੇ ਨਾ ਕਿਸੇ ਕਥਾ ਤੇ ਸਵਾਰ ਸੀ।
ਦੁਨੀਆ ਦੀਆਂ ਮਹਾਨ ਕਿਤਾਬਾਂ ਪੜ੍ਹਨ ਵਿੱਚ ਦਿਨ ਰਾਤ ਰੁੱਝੇ ਹੋਏ ਭੂਤ ਨਾਵਲਾਂ ਕਹਾਣੀਆਂ ਦੇ ਪਾਤਰਾਂ ਨੂੰ ਜਿਵੇਂ ਨਾਲ ਨਾਲ ਲਈ ਫਿਰਦੇ। ਭੂਤ ਵਿਸ਼ਵ ਸਾਹਿਤ ਤੋਂ ਉਰੇ ਦੀ ਗੱਲ ਨਹੀਂ ਕਰਦੇ ਸੀ। ਓਥੇ ਲੋਰਕਾ, ਸੋਫ਼ੋਕਲੀਸ, ਸਾਰਤਰ, ਕਾਮੂ ਇਉਂ ਹੀ ਸਨ ਜਿਵੇ ਕਪੂਰਥਲੇ ਬਾਵਾ ਬਲਵੰਤ, ਹਰਿਭਜਨ ਸਿੰਘ, ਸ਼ਿਵ ਕੁਮਾਰ, ਮੀਸ਼ਾ ਹੁੰਦੇ ਸੀ।
ਬ੍ਰੈੁਖ਼ਤ, ਨੇਰੂਦਾ, ਪਾਜ਼ ਪਹਿਲਾਂ ਪਹਿਲ ਮੈਨੂੰ ਲਾਇਬ੍ਰੇਰੀ ਦੀਆਂ ਸ਼ੈਲਫ਼ਾਂ ਤੇ ਨਹੀਂ ਮਿਲੇ, ਪਟਿਆਲੇ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਲਾਲੀ ਜੀ ਨਾਲ ਤੁਰੇ ਫਿਰਦਿਆਂ ਮਿਲੇ। ਲਾਲੀ ਜੀ ਰਾਤ ਦਿਨ ਨਾਵਲਕਾਰਾਂ ਦੇ ਕਿਰਦਾਰਾਂ ਤੇ ਕਵੀਆਂ ਦੇ ਬਿੰਬਾਂ ਵਿਚਕਾਰ ਰਹਿੰਦੇ। ਉਨ੍ਹਾਂ ਦਾ ਹਰ ਵਾਕ ਕਵਿਤਾ, ਸਿਆਣਪ ਜਾਂ ਵਿਨੋਦ ਨਾਲ ਜਗਦਾ ਹੁੰਦਾ। ਉਨ੍ਹਾਂ ਦੇ ਨਾਲ ਤੁਰਨ ਦਾ ਮਤਲਬ ਸੀ ਕਲਪਨਾ ਦੀਆਂ ਗਲੀਆਂ ਵਿਚੋਂ ਲੰਘਣਾ ਜਿੱਥੇ ਸੁਪਨਾ, ਅਸਲੀਅਤ, ਦੇਸ ਬਿਦੇਸ ਸਾਰੇ ਇਕੱਠੇ ਹੀ ਰਹਿੰਦੇ। ਉਹ ਕਦੀ ਵੀ ਕਿਤੇ ਵੀ ਧੂਣੀ ਬਾਲ ਲੈਦੇ, ਕਿਤੇ ਸਿਵਾ ਜਗਾ ਲੈਦੇ ਤੇ ਕਿਰਦਾਰਾਂ ਤੇ ਗਾਥਾਵਾਂ ਨੂੰ ਪਰਗਟ ਕਰ ਲੈਦੇ। ਉਹ ਆਪਣੀਆਂ ਗੱਲਾਂ ਨਾਲ ਦੁਪਹਿਰਾਂ ਨੂੰ ਸ਼ਾਮਾਂ ਵਿੱਚ ਬਦਲ ਦਿੰਦੇ, ਸ਼ਾਮਾਂ ਨੂੰ ਡੂੰਘੀਆਂ ਰਾਤਾਂ ਵਿੱਚ ਤੇ ਡੂੰਘੀਆਂ ਰਾਤਾਂ ਨੂੰ ਸਵੇਰਾਂ ਵਿਚ।
ਇੱਕ ਵਾਰ ਮੇਰੇ ਕੋਲ ਮੋਹਨਜੀਤ ਆਇਆ ਹੋਇਆ ਸੀ; ਅਸੀਂ ਹੋਸਟਲ ਦੇ ਕਮਰੇ ਵਿੱਚ ਰਾਤ ਨੂੰ ਗਿਆਰਾਂ ਕੁ ਵਜੇਂ ਬੱਤੀ ਬੁਝਾ ਕੇ ਰਜਾਈਆਂ ਵਿੱਚ ਵੜੇ ਹੀ ਸਾਂ ਕਿ ਦਰਵਾਜ਼ੇ ਤੇ ਦਸਤਕ ਹੋਈ ਤੇ ਆਵਾਜ਼ ਆਈ:
ਕਿਓਂ ਬਈ? ਕਬਰਾਂ ਚ ਪੈਣ ਲੱਗੇ ਓਂ, ਓਏ ਕਬਰਾਂ ਤਾਂ ਵੀਹ ਵਰ੍ਹੇ ਡੂੰਘੀਆਂ ਹੋ ਗਈਆਂ। ਕਬਰਾਂ ਤੇ ਕੋਈ ਦੀਵਾ ਈ ਜਗਾ ਦਿਓ ਼ ਼ ਼
ਮੈਂ ਬੱਤੀ ਜਗਾਈ, ਦਰਵਾਜ਼ਾ ਖੋਲ੍ਹਿਆ, ਲਾਲੀ ਸਾਹਿਬ ਖੜੇ ਸਨ: ਸਟੋਵ ਬਾਲ ਕਵੀ, ਤੱਤਾ ਪਾਣੀ ਧਰ, ਅਲਖ ਜਗਾਈਏ, ਬੜੀ ਉਦਾਸ ਹੈ ਰਾਤ।
ਪੜੇ ਮਜ਼ਾਰ ਪੇ ਕੁਛ ਹੈਂ ਦੀਏ ਯੇ ਟੂਟੇ ਹੂਏ
ਇਨ੍ਹੀਂ ਸੇ ਕਾਮ ਚਲਾਓ, ਬੜੀ ਉਦਾਸ ਹੈ ਰਾਤ
ਇਹ 1967 ਦੀ ਗੱਲ ਹੈ, ਸ਼ਾਇਦ। ਓਦੋਂ ਵੀਹ ਸਾਲ ਹੋਏ ਸਨ ਪੰਜਾਬ ਦੇ ਬਟਵਾਰੇ ਨੂੰ, 20 ਵਰ੍ਹੇ ਡੂੰਘੀਆਂ ਕਬਰਾਂ ਦਾ ਇਸ਼ਾਰਾ ਏਹੀ ਸੀ। ਫ਼ਿਰਾਕ ਗੋਰਖਪੁਰੀ ਦੀ ਉਦਾਸ ਰਾਤ ਤੋਂ ਸ਼ੁਰੂ ਹੋਈ ਲਾਲੀ ਜੀ ਦੀ ਗੱਲ ਸੁਖਬੀਰ ਦੀ ਰਾਤ ਦੇ ਚਿਹਰੇ ਤੱਕ ਪਹੁੰਚ ਗਈ, ਓਥੋਂ ਗੁਲਜ਼ਾਰ ਦੀ ਚੌਰਸ ਰਾਤ ਤੱਕ, ਗੁਲਜ਼ਾਰ ਤੋ ਗੱਲ ਬੰਬਈ ਫਿਲਮ ਉਦਯੋਗ ਵੱਲ ਮੁੜਨ ਲੱਗੀ ਸੀ ਪਰ ਰਾਹ ਵਿੱਚ ਲਾਹੌਰ ਆ ਗਿਆ, ਲਾਹੌਰ ਦੀਆਂ ਪੰਜਾਬੀ ਫਿਲਮਾਂ ਆ ਗਈਆਂ, ਇਕ ਵਾਰ ਫੇਰ ਵੀਹ ਵਰ੍ਹੇ ਡੂੰਘੀਆਂ ਕਬਰਾਂ ਕੋਲੋਂ ਲੰਘ ਕੇ ਫਿਰ ਬੰਬਈ ਆਈ, ਫਿਰ ਗੁਲਜ਼ਾਰ ਤੇ ਗੱਲ ਜ਼ਰਾ ਕੁ ਰੁਕ ਕੇ ਮੀਨਾ ਕੁਮਾਰੀ ਵੱਲ ਮੁੜ ਗਈ, ਮੀਨਾ ਕੁਮਾਰੀ ਤੋਂ ਮਧੂਬਾਲਾ ਤੱਕ, ਮਧੂਬਾਲਾ ਤੋਂ ਮੈਰੇਲਿਨ ਮਨਰੋ ਤੱਕ, ਮਨਰੋ ਤੋਂ ਅਮਰੀਕਾ ਦੀਆਂ ਫਿਲਮਾਂ ਤੱਕ, ਫਿਲਮਾਂ ਤੋਂ ਚਾਰਲੀ ਚੈਪਲਿਨ ਤੱਕ, ਚਾਰਲੀ ਚੈਪਲਨ ਤੋਂ ਉਸ ਦੀ ਫਿਲਮ ਗ੍ਰੇਟ ਡਿਕਟੇਟਰ ਤੱਕ , ਗਲੋਬ ਨੂੰ ਫੁੱਟਬਾਲ ਬਣਾ ਕੇ ਖੇਡ ਰਹੇ ਹਿਟਲਰ ਤੱਕ, ਓਹੀ ਫੁੱਟਬਾਲ ਉਡਿਆ, ਸਾਡੇ ਹੋਸਟਲ ਦੇਂ ਉਪਰੋਂ ਦੀ, ਪੂਰਬ ਵਿੱਚ ਸੂਰਜ ਬਣ ਕੇ ਉਡਿਆ, ਇਉਂ ਸਾਡੀ ਸਵੇਰ ਹੋਈ, ਲਾਲੀ ਜੀ ਸਾਨੂੰ ਕਥਾ ਦੇ ਉਡਣ ਖਟੋਲੇ ਤੇ ਸਵਾਰ ਕਰਾ ਕੇ ਇੱਕ ਰਾਤ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਜਹਾਨ ਦਿਖਾ ਲਿਆਏ।
ਇੱਕ ਸ਼ਾਮ ਉਹ ਨੀਤਸ਼ੇ ਦੀ ਮਸ਼ਹੂਰ ਪੁਸਤਕ ਦੱਸ ਸਪੇਕ ਜ਼ਰਦੁਸਤ ਦਾ ਉਰਦੂ ਅਨੁਵਾਦ ਲੈ ਆਏ: ਜ਼ਰਦੁਸਤ ਨੇ ਕਹਾ ਥਾ। ਤਿੰਨ ਰਾਤਾਂ ਵਿੱਚ ਉਸ ਦਾ ਸਾਰਾ ਪਾਠ ਉਨ੍ਹਾਂ ਨੇ ਸਾਨੂੰ ਪੜ੍ਹ ਕੇ ਸੁਣਾਇਆ।
ਲਾਲੀ ਦੀ ਸਿਰਜਣਾ ਸ਼ਕਤੀ, ਚੇਤਾ, ਹਾਜ਼ਰ ਜਵਾਬੀ ਕਮਾਲ ਸੀ। ਉਹ ਆਪਣੀਆਂ ਗੱਲਾਂ ਨਾਲ ਤ੍ਰੈਕਾਲ ਦਰਸ਼ਨ ਕਰਾ ਦਿੰਦੇ। ਇਤਿਹਾਸ ਮਿਥਿਹਾਸ, ਮਹਾਨਗਰੀਆਂ, ਮਹਾਕਾਵਿ, ਬ੍ਰਹਿਮੰਡ, ਇਕ ਛਿਣ ਦਾ ਵਿਰਾਟ ਰੂਪ ਼ ਼ ਼
ਅਸੀਂ ਲਾਲੀ ਜੀ ਨੂੰ ਇੱਕ ਵਾਰ ਪੁੱਛਿਆ: ਤੁਸੀਂ ਕੁੱਝ ਲਿਖਦੇ ਕਿਉਂ ਨਹੀਂ -ਮੈਂ ਕਿਵੇਂ ਲਿਖਾਂ, ਮੇਰੇ ਇੱਕ ਪਾਸੇ ਬੁੱਲ੍ਹੇ ਸ਼ਾਹ ਖੜਾ, ਕਹਿੰਦਾ ਦਿਖਾ ਖਾਂ ਕੀ ਲਿਖਿਆ? ਦੂਜੇ ਪਾਸੇ ਬਾਬੇ ਖੜ੍ਹੇ ਐ।
ਮੈਨੂੰ ਕਿਸੇ ਦੀ ਦੱਸੀ ਇੱਕ ਗੱਲ ਸੁਪਨੇ ਵਾਂਗੂੰ ਯਾਦ ਐ, ਪਤਾ ਨਹੀਂ ਸੱਚ ਐ ਕਿ ਦੰਤ-ਕਥਾ। ਕਹਿੰਦੇ ਨੇ ਲਾਲੀ ਜੀ ਦਾ ਇੱਕ ਮਾਮਾ ਬਹੁਤ ਪੜ੍ਹਿਆ ਲਿਖਿਆ ਸੀ, ਉਸ ਦੇ ਇੱਕ ਹੱਥ ਵਿੱਚ ਜਾਮ ਹੁੰਦਾ ਤੇ ਦੂਜੇ ਹੱਥ ਵਿੱਚ ਕਿਤਾਬ। ਜਦੋਂ ਲਾਲੀ ਜੀ ਬੀ ਏ ਵਿੱਚ ਪੜ੍ਹਦੇ ਸਨ ਤਾਂ ਇੱਕ ਕਹਾਣੀ ਲਿਖ ਕੇ ਉਹਨੂੰ ਦਿਖਾਉਣ ਗਏ। ਉਹ ਪੜ੍ਹ ਕੇ ਕਹਿਣ ਲੱਗੇ: ਜਦੋਂ ਕੁੱਝ ਦੋਸਤੋਵਸਕੀ ਵਰਗਾ ਲਿਖ ਸਕੇਂ ਤਾਂ ਮੇਰੇ ਕੋਲ ਲੈ ਕੇ ਆਈਂ।
ਇੱਕ ਸ਼ਾਮ ਲਾਲੀ ਜੀ ਸਾਨੂੰ ਪ੍ਰੋਫੈਸਰ ਰਾਜ਼ਦਾਂ ਦੇ ਡੇਰੇ ਲੈ ਗਏ, ਨਵੀਆਂ ਨਵੇਲੀਆਂ ਕਿਤਾਬਾਂ ਨਾਲ ਭਰਿਆ ਘਰ, ਮੋਹ ਭਰੀਆਂ ਨਿਰਮਲ ਹੱਸਦੀਆਂ ਅੱਖਾਂ ਵਾਲਾ ਚੰਚਲ ਤੇ, ਪਵਿੱਤਰ ਜਿਹੇ ਹਾਸੇ ਵਾਲਾ ਰਾਜ਼ਦਾਂ, ਕੱਚ ਦੇ ਗਲਾਸਾਂ ਵਿੱਚ ਸੋਨੇ ਰੰਗਾ ਪਾਗਲ ਪਾਣੀ, ਪਾਣੀ ਦੀ ਘੁੰਮਣਘੇਰੀ ਵਾਂਗ ਘੁੰਮ ਰਿਹਾ ਐਲ ਼ਪੀ ਼ ਯਹੂਦੀ ਧੁਨਾਂ (ਜੀਊਇਸ਼ ਮੈਲੋਡੀਜ਼)
ਮੈਂ ਉਨ੍ਹਾਂ ਧੁਨਾਂ ਨੂੰ ਅੱਖਾਂ ਮੀਟ ਕੇ ਸੁਣਨ ਲੱਗਾ ਤਾਂ ਉਹ ਅਜੀਬ ਦ੍ਰਿਸ਼ਾਂ ਵਿੱਚ ਅਨੁਵਾਦ ਹੋਣ ਲੱਗੀਆਂ।
ਮੇਰੀਆਂ ਯਾਦਾਂ ਦਾ ਪਟਿਆਲਾ ਇੱਕ ਸੁਰ-ਰੀਅਲ ਜਿਹਾ ਸ਼ਹਿਰ ਹੈ, ਓਥੇ ਸੂਰਜ ਮੁੰਦਰਾਂ ਪਹਿਨ ਕੇ ਆਉਦਾ ਹੈ, ਚੰਦ ਕਾਲੇ ਚਸ਼ਮੇ ਲਾ ਕੇ, ਦਰਖ਼ਤਾਂ ਦੀਆਂ ਸ਼ਾਖ਼ਾਂ ਰਾਗ ਵਾਂਗ ਉਤਾਂਹ ਉਠਦੀਆਂ ਹਨ, ਵਲਾਇਤੀ ਅੱਕ ਦੇ ਫੁੱਲ ਛੋਟੇ ਛੋਟੇ ਜਾਮਨੀ ਸਪੀਕਰ ਹੁੰਦੇ ਹਨ, ਜਿਸ ਪਾਣੀ ਦੇ ਕੰਢੇ ਉਹ ਉਗੇ ਹੁੰਦੇ, ਉਸ ਪਾਣੀ ਵਿੱਚ ਕੋਈ ਕੱਖ ਪੱਤਾ ਡਿਗਣ ਨਾਲ ਜੋ ਛੋਟੇ ਛੋਟੇ ਭੰਵਰ ਪੈਦਾ ਹੁੰਦੇ ਉਹ ਐਲ ਪੀ ਰਿਕਾਰਡ ਜਿਹੇ ਲਗਦੇ।
ਏਥੇ ਹੀ ਕੁਲਵੰਤ ਗਰੇਵਾਲ ਮਿਲਿਆ
ਜਿਹਦੀਆਂ ਇਹ ਸਤਰਾਂ ਮੇਰੀ ਰੂਹ ਵਿੱਚ ਵਸਦੀਆਂ ਨੇ:
ਇਕ ਪਲ ਜਾਗੇ ਵੇਦਨਾ, ਸਾਡੇ ਲੱਖ ਪਲ ਹੋਣ ਹਰੇ
ਗੁਰਭਗਤ ਮਿਲਿਆ
ਜਿਸ ਨੇ ਸਿਖਾਇਆ ਕਿਵੇ ਆਪਣੀ ਸਿਰਜਣਾ ਨੂੰ ਉਮਰ ਸਮਰਪਿਤ ਕਰੀਦੀ ਹੈ
ਡਾ ਹਰਜੀਤ ਸਿੰਘ ਗਿੱਲ ਮਿਲਿਆ
ਜੋ ਨਵਾਂ ਨਵਾਂ ਫਰਾਂਸ ਤੋਂ ਆਇਆ ਸੀ
ਜਿਸ ਨੇ ਸਾਨੂੰ ਨਵੀਂ ਚੇਤਨਾ ਨਾਲ ਭਰ ਦਿੱਤਾ
ਸੁਰਜੀਤ ਲੀ ਮਿਲਿਆ
ਜਿਸ ਦੀ ਖੁੱਲ੍ਹੀ ਦਾੜੀ ਤੇ ਖੁੱਲ੍ਹੇ ਵਾਲ ਰਹੱਸਮਈ ਤੇ ਕਾਵਿਕ ਲੱਗਦੇ ਸੀ
ਪ੍ਰੇਮ ਪਾਲੀ ਮਿਲਿਆ
ਜੋ ਕਦੀ ਕਦੀ ਫਰੀਦਕੋਟ ਤੋਂ ਆਉਦਾ ਤੇ ਆਪਣੀ ਤਨਖਾਹ ਸਾਡੇ ਤੇ ਲੁਟਾ ਕੇ ਚਲਾ ਜਾਂਦਾ
ਨਵਤੇਜ ਭਾਰਤੀ ਮਿਲਿਆ
ਜਿਸਦੀ ਚੁੱਪ ਵਿੱਚ ਕੋਈ ਵੱਡੀ ਕਵਿਤਾ ਪਲ ਰਹੀ ਸੀ
ਜੋਗਿੰਦਰ ਹੀਰ ਮਿਲਿਆ
ਟਿਕੀ ਰਾਤ ਵਿੱਚ ਜਿਸਦੀ ਗਾਈ ਹੀਰ
ਵਾਘਿਓਂ ਪਾਰ ਸੁਣਦੀ
ਹਰਿੰਦਰ ਮਹਿਬੂਬ ਮਿਲਿਆ
ਜਿਸਦਾ ਬੋਲ ਮੈਂ ਜ਼ਿੰਦਗੀ ਵਿੱਚ ਕਿੰਨੀ ਵਾਰ ਦੁਹਰਾਇਆ:
ਕੋਈ ਜ਼ਾਮਨ ਬਣੇ ਫ਼ਕੀਰ ਦਾ ਇਸ ਹਸ਼ਰ ਦੀ ਰੁੱਤੇ
ਸਤਿ ਸੁਹਾਣ ਸਦਾ ਮਨ ਚਾਉ ਜਿਹਾ
ਨੂਰ ਮਿਲਿਆ
ਜਿਸ ਨੂੰ ਮਿਲਿਆਂ ਅਸੀਂ ਸਾਰੇ ਚਾਅ ਨਾਲ ਭਰ ਜਾਂਦੇ
ਡਾ ਰਵੀ ਮਿਲਿਆ
ਜੋ ਉਦੋਂ ਡਾ ਜੱਗੀ ਦੀ ਅਗਵਾਈ ਵਿੱਚ ਪੰਜਾਬੀ ਵਿੱਚ ਰਾਮ-ਕਾਵਿ ਤੇ ਪੀ ਐਚ ਡੀ ਕਰ ਰਿਹਾ ਸੀ। ਉਦੋਂ ਮੈਂ ਸੋਚ ਨਹੀਂ ਸਕਦਾ ਸੀ ਕਿ ਡਾ ਰਵੀ ਏਨਾ ਰੌਸ਼ਨ ਹੋ ਜਾਵੇਗਾ ਕਿ ਹਨ੍ਹੇਰੇ ਨੂੰ ਉਸਦੀ ਹੱਤਿਆ ਕਰਨੀ ਪਵੇਗੀ
ਦਰਸ਼ਨ ਜੈਕ ਮਿਲਿਆ
ਜੋ ਮੈਲੀ ਜਿਹੀ ਮਿਆਨ ਵਿੱਚ ਤਿੱਖੀ ਸ਼ਮਸ਼ੀਰ ਜਿਹਾ ਸੀ
ਪ੍ਰੋ ਭੁਪਿੰਦਰ ਮਿਨਹਾਸ ਮਿਲਿਆ ਜੋ ਸ਼ਾਮਾਂ ਨੂੰ ਸਰਵਣ ਬਣ ਜਾਂਦਾ ਸੀ
ਤੇ ਇੰਦਰਜੀਤ ਬਿੱਟੂ ਜੋ ਪਟਿਆਲੇ ਮਿਲਿਆ ਸੀ
ਉਹ ਲੁਧਿਆਣੇ ਨਹੀਂ ਮਿਲਿਆ
ਪੋਜ਼ੀਅਰ ਮਿਲਿਆ
ਜੋ ਕਵਿਤਾ ਨੂੰ ਇਸ਼ਕ ਕਰਦਾ ਕਵਿਤਾ ਹੀ ਹੋ ਗਿਆ ਹੈ
ਪੋਜ਼ੀਅਰ, ਉਹਦਾ ਅਸਲੀ ਨਾਮ ਸੁਰਜੀਤ ਮਾਨ ਐ, ਪ੍ਰੋ ਸੁਰਜੀਤ ਮਾਨ, ਹਾਂ ਓਹੀ ਕਾਵਿਮਈ ਵਾਰਤਕ ਲਿਖਣ ਵਾਲਾ। ਪੋਜ਼ੀਅਰ ਉਸਦਾ ਨਾਮ ਕਿਵੇਂ ਪਿਆ ਇਹ ਵੀ ਬਹੁਤ ਦਿਲਚਸਪ ਕਿੱਸਾ ਹੈ।
ਇੱਕ ਸ਼ਾਮ ਹੋਸਟਲ ਵਿੱਚ ਫੈਸਲਾ ਹੋਇਆ ਕਿ ਸਭ ਦੋਸਤਾਂ ਦੇ ਤਖ਼ੱਲਸ ਰੱਖੇ ਜਾਣ, ਤੇ ਉਨ੍ਹਾਂ ਦੇ ਤਖ਼ੱਲਸ ਦਾ ਪਹਿਲਾ ਅੱਖਰ ਉਨ੍ਹਾਂ ਦੇ ਸ਼ਹਿਰ ਜਾਂ ਪਿੰਡ ਜਾਂ ਜਿਲੇ ਦੇ ਨਾਮ ਦਾ ਵੀ ਪਹਿਲਾ ਅੱਖਰ ਹੋਵੇ। ਡਾ ਰਵੀ ਦਾ ਨਾਮ ਰੱਖਿਆ ਗਿਆ: ਲੇਕਿਨ ਲੁਧਿਆਣਵੀ। ਉਹ ਹਰ ਵਾਕ ਵਿੱਚ ਲੇਕਿਨ ਜ਼ਰੂਰ ਲੈ ਆਉਦੇ: ਕਵਿਤਾ ਬਹੁਤ ਅੱਛੀ ਹੈ ਲੇਕਿਨ ਇਸ ਦਾ ਕੋਈ ਸਿੱਧਾਂਤਕ ਆਧਾਰ ਨਹੀਂ। ਮੇਰਾ ਨਾਮ ਜਸਟੀਫਾਇਡ ਜਲੰਧਰੀ ਰੱਖਿਆ ਗਿਆ। ਵੀਰ ਸਿੰਘ ਕਹਿਣ ਲੱਗਾ ਤੂੰ ਆਪਣੀ ਗੱਲ ਨੂੰ ਜਸਟੀਫਾਈ ਕਰ ਲੈਨਾਂ। ਸੁਰਜੀਤ ਮਾਨ ਦਾ ਨਾਮ ਪੋਜ਼ੀਅਰ ਪਟਿਆਲਵੀ ਰੱਖਿਆ ਗਿਆ। ਉਹ ਸੁਹਣਾ ਵੀ ਬਹੁਤ ਸੀ ਤੇ ਸੁਹਣੀਆਂ ਕੁੜੀਆਂ ਨੂੰ ਮੋਹਣ ਲਈ ਉਹ ਪੋਜ਼ ਵੀ ਬਹੁਤ ਕਰਦਾ ਸੀ। ਨੂਰ ਸਾਹਿਬ ਓਦੋਂ ਢੋਲਾ ਗਾਉਦੇ ਹੁੰਦੇ ਸੀ:
ਕੰਗਣਾਂ ਦੇ ਨਾਲ
ਊਹਾ ਗੱਲ ਕੀਤੀ ਅੱਜ ਯਾਰ ਕੰਗਣਾਂ ਦੇ ਨਾਲ,
ਉਨ੍ਹਾਂ ਦਾ ਨਾਮ ਰੱਖਿਆ ਗਿਆ: ਕੰਗਣ ਕੋਟਕਪੂਰਵੀ। ਉਜ ਮੈਂ ਤੇ ਪੋਜ਼ੀਅਰ ਨੇ ਡਾ ਨੂਰ ਦਾ ਨਾਮ ਪੈਗੂਅਨ ਪਾਤਸ਼ਾਹ ਵੀ ਰੱਖਿਆ ਹੋਇਆ ਸੀ। ਨੂਰ ਦੇ ਹੱਥ ਵਿੱਚ ਅਕਸਰ ਪੈਗੂਅਨ ਦੀਆਂ ਪ੍ਰਕਾਸ਼ਿਤ ਕਿਤਾਬਾਂ ਹੁੰਦੀਆਂ ਤੇਂ ਸਰਦੀਆਂ ਵਿੱਚ ਨੀਵੀਂ ਕੋਟੀ ਪਾ ਕੇ ਨੂਰ ਦੀ ਤੋਰ ਵੀ ਪੈਗੂਅਨ ਵਰਗੀ ਹੋ ਜਾਂਦੀ। ਨੂਰ ਦਾ ਇੱਕ ਨਾਮ ਸਪਨੋਂ ਕਾ ਸੌਦਾਗਰ ਵੀ ਸੀ; ਉਸ ਕੋਲ ਹਰੇਕ ਲਈ ਕੋਈ ਖੁਸ਼ਖ਼ਬਰੀ ਹੁੰਦੀ, ਸੁਣਨ ਵਾਲੇ ਦੇ ਸੁਪਨੇ ਵਰਗੀ ਖੁਸ਼ਖ਼ਬਰੀ।
ਹੋਰ ਵੀ ਬੜੇ ਦਿਲਚਸਪ ਨਾਮ ਰੱਖੇ ਗਏ ਪਰ ਪ੍ਰਚਲਿਤ ਨਾਮ ਸਿਰਫ਼ ਪੋਜ਼ੀਅਰ ਦਾ ਹੀ ਹੋਇਆ। ਜਦੋਂ ਉਸਦੀ ਕਿਸੇ ਕੁੜੀ ਨਾਲ ਦੋਸਤੀ ਹੁੰਦੀ, ਉਹ ਸਾਨੂੰ ਘੱਟ ਹੀ ਮਿਲਦਾ। ਪਰ ਫਿਰ ਕਿਸੇ ਸ਼ਾਮ ਆਪਣੀਆਂ ਸ਼ਰਬਤੀ ਅੱਖਾਂ ਨੂੰ ਗੁਲਾਬੀ ਕਰੀ ਯਾਰਾਂ ਦੇ ਬੂਹੇ ਆ ਜਾਂਦਾ, ਅਸੀਂ ਸਮਝ ਜਾਂਦੇ ਸੱਜਰੇ ਟੁੱਟੇ ਨਿਹੁੰ ਦੀ ਕਹਾਣੀ। ਉਹ ਕੁੱਝ ਦਿਨ ਉਦਾਸ ਰਹਿੰਦਾ ਤੇ ਫਿਰ ਨੌ ਬਰ ਨੌ ਹੋ ਕੇ ਝਨਾਂ ਦੇ ਪੱਤਣ ਤੇ ਆ ਜਾਂਦਾ।
ਮੈਂ ਉਹਨੂੰ ਅਕਸਰ ਛੇੜਦਾ ਹੁੰਨਾਂ ਕਿ ਇਹ ਸ਼ੇਅਰ ਮੈਂ ਤੇਰੇ ਬਾਰੇ ਹੀ ਲਿਖਿਆ ਸੀ:
ਅੱਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ
ਕੱਲ੍ਹ ਰਾਤੀਂ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ
ਹੋਸਟਲ ਵਿੱਚ ਅਕਸਰ ਮਾਝੇ ਮਾਲਵੇ ਦੁਆਬੇ ਦੀ ਬਹਿਸ ਚੱਲਦੀ ਰਹਿੰਦੀ। ਪੋਜ਼ੀਅਰ ਕਹਿੰਦਾ ਮਲਵਈ ਹੈਮਲੈਟ ਵਰਗੇ ਹੁੰਦੇ, ਮਝੈਲ ਓਥੈਲੋ ਵਰਗੇ ਤੇ ਦੁਆਬੀਏ ਇਬਸਨ ਦੇ ਕਿਰਦਾਰਾਂ ਵਰਗੇ।
ਸਾਡੇ ਵਿੱਚ ਘੋਰ ਮਝੈਲ ਜੋਗਿੰਦਰ ਸਿੰਘ ਕੈਰੋਂ ਸੀ। ਉਹਦੇ ਨਾਲ ਮੇਰੀ ਦੋਸਤੀ ਸ਼ਾਇਦ ਕਦੀ ਨਾ ਹੁੰਦੀ, ਜੇ ਉਹ ਮੈਨੂੰ ਆਪਣੇ ਸੁਪਨੇ ਨਾ ਸੁਣਾਉਂਦਾ। ਉਹ ਸਵੇਰੇ ਸਵੇਰੇ ਚਾਹ ਦਾ ਕੱਪ ਫੜੀ ਮੇਰੇ ਕਮਰੇ ਵੱਲ ਆ ਜਾਂਦਾ ਤੇ ਕਹਿੰਦਾ: ਯਾਰ ਮੈਨੂੰ ਰਾਤੀਂ ਸੁਪਨਾ ਬੜਾ ਕਮਾਲ ਦਾ ਆਇਆ। ਇਕ ਦਿਨ ਉਹਨੇ ਸੁਪਨਾ ਸੁਣਾਇਆ: ਸਾਡੇ ਪਿੰਡ ਚੋਰੀ ਹੋ ਗਈ। ਪੰਚਾਇਤ ਕੱਠੀ ਹੋਈ, ਸਾਰੇ ਤਰਕੀਬਾਂ ਸੋਚਣ ਲੱਗੇ ਚੋਰ ਕਿਵੇਂ ਫੜੇ ਜਾਣ। ਇੱਕ ਜਾਣਾ ਕਹਿਣ ਲੱਗਾ: ਤੁਸੀਂ ਉਹ ਅਖਾਣ ਨਹੀਂ ਸੁਣਿਆ ਪਈ ਚੋਰਾਂ ਨੂੰ ਮੋਰ ਪੈ ਗਏ। ਸਾਰੇ ਕਹਿਣ ਲੱਗੇ ਹਾਂ ਬਈ ਇਹਦੀ ਗੱਲ ਤਾਂ ਠੀਕ ਐ। ਅਗਲੇ ਪਲ ਪਿੰਡ ਦੀ ਨਹਿਰ ਦੇ ਕਿਨਾਰੇ ਤੇ ਦੂਰ ਤੱਕ ਹਜ਼ਾਰਾਂ ਮੋਰ ਆਪਣੇ ਪੰਖ ਖੋਲ੍ਹੀ ਖੜ੍ਹੇ ਸਨ ਤੇ ਉਨ੍ਹਾਂ ਦੇ ਰੰਗਲੇ ਅਕਸ ਨਹਿਰ ਦੇ ਸ਼ੱਫ਼ਾਫ਼ ਪਾਣੀ ਵਿੱਚ ਪੈ ਰਹੇ ਸਨ।
ਕੈਰੋਂ ਦਾ ਅਰਧ-ਚੇਤਨ ਮਨ ਉਸ ਦੇ ਚੇਤਨ ਮਨ ਨਾਲੋਂ ਵੱਧ ਸਿਰਜਣਸ਼ੀਲ ਹੈ।
ਦੂਜਾ ਮਿੱਠਾ ਮਝੈਲ ਓਥੇ ਸਭਰਾਵਾਂ ਦਾ ਰਣਜੀਤ ਸੀ, ਦੀਵਾਨਗੀ ਤੇ ਮੋਹ ਦਾ ਭਰਿਆ। ਉਹਦਾ ਇੱਕ ਦ੍ਰਿਸ਼ ਕਦੀ ਨਾ ਭੁੱਲਣ ਵਾਲਾ ਹੈ। ਉਹਦੀ ਇੱਕ ਜਮਾਤਣ ਮੁਸਲਮਾਨ ਕੁੜੀ ਸਰਵਰੀ ਭੱਟੀ ਉਹਨੂੰ ਬਹੁਤ ਚੰਗੀ ਲੱਗਦੀ ਸੀ। ਰੰਗੀਲੇ ਨੇ ਚਾਰ ਚਿੱਟੀਆਂ ਪੱਗਾਂ ਖਰੀਦੀਆਂ ਤੇ ਕੁੜੀਆਂ ਦੇ ਹੋਸਟਲ ਜਾ ਕੇ ਸਰਵਰੀ ਨੂੰ ਕਹਿਣ ਲੱਗਾ: ਇਹ ਚਾਰੇ ਪੱਗਾਂ ਰੰਗਵਾ ਦੇ, ਆਪਣੀ ਪਸੰਦ ਦੀਆਂ। ਸਾਰੀਆਂ ਕੁੜੀਆਂ ਕੱਠੀਆਂ ਹੋ ਗਈਆਂ, ਉਹ ਸਰਵਰੀ ਨੂੰ ਛੇੜਨ ਲੱਗੀਆਂ: ਨੀ ਤੇਰਾ ਜਮਾਤੀ ਤਾਂ ਬੜਾ ਰੰਗੀਲਾ।
ਹੋਸਟਲ ਵਿੱਚ ਹੋਸਟਲ ਤਰਾਨਾ ਵੀ ਕਈ ਵਾਰ ਗਾਇਆ ਜਾਂਦਾ:
ਗੱਤੇ ਦੀ ਤਲਵਾਰ
ਕੁੱਝ ਨਾ ਸਕੀ ਸਵਾਰ
ਇੱਕ ਗੋਲੀ ਵਿਦਰੋਹੀਆਂ ਮਾਰੀ
ਇੱਕ ਮਾਰੀ ਸਰਕਾਰ
ਹਾਹਾਕਾਰ ਹਾਹਾਕਾਰ ਹਾਹਾਕਾਰ

ਤੇ ਮਸ਼ਹੂਰ ਕਵੀਆਂ ਦੀਆਂ ਕਵਿਤਾਵਾਂ ਦੀਆਂ ਪੈਰੋਡੀਆਂ ਵੀ:

ਮਾਏਂ ਨੀ ਮਾਂਏਂ, ਮੈਨੂੰ ਗ਼ਮ ਦਾ ਸੂਟ ਸਮਾ ਦੇ
ਆਹਾਂ ਦੇ ਕਾਲਰ
ਤੇ ਹੰਝੂਆਂ ਦੀ ਝਾਲਰ
ਵਿੱਚ ਬਟਨ ਬਿਰਹੋਂ ਦੇ ਲਾ ਦੇ।

ਰਾਸ਼ਟਰੀਗਾਨ ਵੀ ਨਾ ਬਖਸ਼ਿਆ ਜਾਂਦਾ:
ਦਾਣੇ ਦਾਣੇ ਮੰਗਣ ਲਾਇਕ ਹੈ ਯੇਹ ਼

ਬਿਰਖ ਮੇਰੀਆਂ ਗ਼ਜ਼ਲਾਂ ਵਿੱਚ ਰੂਪ ਪਲਟ ਕੇ ਵਾਰ ਵਾਰ ਆਉਂਦਾ ਹੈ ਪਰ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਉਹ ਪਾਪਲਰ ਦਾ ਦਰਖ਼ਤ ਹੈ ਜਿਹੜਾ ਉਸ ਦਿਨ ਹਵਾ ਵਿੱਚ ਝੂਲ ਰਿਹਾ ਸੀ, ਜਿਸ ਦੇ ਹੇਠੋਂ ਦੀ ਹੀਰਾਂ ਦਾ ਝੁੰਡ ਲੰਘਿਆ ਜਿਸ ਵਿੱਚ ਉਹ ਸੁਪਨੇ ਜਿਹੀ ਨੁਹਾਰ ਵੀ ਸੀ ਜਿਸ ਦੇ ਲੰਘਦਿਆਂ ਮੈਨੂੰ ਲੱਗਾ ਕਿ ਹਵਾ ਜਿਹੜੇ ਬਿਰਖ ਦੇ ਵਜੂਦ ਨੂੰ ਝੰਜੋੜ ਕੇ ਲੰਘ ਰਹੀ ਹੈ, ਉਹ ਬਿਰਖ ਮੈਂ ਹੀ ਹਾਂ, ਇਹ ਮੇਰੇ ਹੀ ਪੱਤੇ ਨੇ ਜਿਹੜੇ ਉਡ ਉਡ ਕੇ ਉਹਦੀਆਂ ਪੈੜਾਂ ਤੇ ਡਿਗ ਰਹੇ ਨੇ। ਇਹ ਹੀ ਉਹ ਸ਼ਹਿਰ ਹੈ ਜਿੱਥੇ ਮੈਂ ਪਹਿਲੀ ਵਾਰ ਬਿਰਖ ਬਣਿਆਂ। ਤੇ ਮੈਂ ਉਹ ਗ਼ਜ਼ਲ ਲਿਖੀ:
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ

ਪੈੜਾਂ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ

ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈਂ ਪਾਣੀ ਕਦੇ ਵਾ ਬਣ ਕੇ ਼ ਼ ਼ ਼ ਼
ਏਥੇ ਰਹਿੰਦਿਆਂ ਹੀ ਉਹ ਲਾਲ ਹਨ੍ਹੇਰੀ ਝੁੱਲੀ ਜਿਸ ਨੂੰ ਨਕਸਲਾਈਟ ਲਹਿਰ ਕਹਿੰਦੇ ਹਨ। ਇਸ ਬਾਰੇ ਹੋਸਟਲਾਂ ਵਿੱਚ ਖ਼ੂੰਖ਼ਾਰ ਬਹਿਸਾਂ ਹੁੰਦੀਆਂ। ਏਥੇ ਹੀ ਸਾਡੇ ਕੋਲ ਇੱਕ ਰਾਤ ਰੂਪੋਸ਼ ਅਮਰਜੀਤ ਚੰਦਨ ਆਇਆ।
ਅਨੇਕ ਚਿਹਰੇ ਜੋ ਬਾਅਦ ਵਿੱਚ ਹੋਰ ਸ਼ਹਿਰਾਂ ਦੀ ਜ਼ੀਨਤ ਬਣ ਗਏ, ਪਹਿਲੀ ਵਾਰ ਮੈਂ ਏਥੇਂ ਹੀ ਦੇਖੇ - ਡਾ ਅਤਰ ਸਿੰਘ, ਜੋਗਾ ਸਿੰਘ, ਸੂਬਾ ਸਿੰਘ। ਤ੍ਰੈਲੋਚਨ ਵੀ ਆਪਣੀਆਂ ਬੇਚੈਨੀਆਂ ਸਮੇਤ ਏਥੇ ਹੀ ਮਿਲਿਆ। ਏਥੇ ਹੀ ਮਿਲਿਆ ਰਣਜੀਤ ਸਿੰਘ ਬਾਜਵਾ ਜਿਹੜਾ ਹਰ ਭਾਸ਼ਨ ਪ੍ਰਤਿਯੋਗਤਾ ਵਿੱਚ ਅੱਵਲ ਰਹਿੰਦਾ। ਭਾਸ਼ਨ ਭਾਂਵੇਂ ਧਰਮ ਬਾਰੇ ਹੋਵੇ, ਭਾਂਵੇਂ ਵਿਗਿਆਨ ਬਾਰੇ ਭਾਂਵੇਂ ਸ਼ਹੀਦ ਭਗਤ ਸਿੰਘ ਬਾਰੇ। ਉਹ ਹਰ ਭਾਸ਼ਨ ਇਉਂ ਸ਼ੁਰੂ ਕਰਦਾ: ਪ੍ਰਧਾਨ ਜੀ, ਨਿਰਣਾਇਕ ਗਨ ਤੇ ਪਿਆਰੇ ਵਿਦਿਆਰਥੀਓ, ਸਮੇਂ ਦੇ ਰੂਪਾਤਮਕ ਗਤੀਸ਼ੀਲ ਪ੍ਰਪੰਚ ਵਿਚ, ਜ਼ਮੀਨ ਤੇ ਅਸਮਾਨ ਵਿਚਕਾਰ ਲਟਕਦਾ, ਪੱਛਮੀ ਪੌਣਾਂ ਦੇ ਸੰਗੀਤ ਨੂੰ ਸੁਣਦਾ, ਹੋਦ ਤੇ ਅਣਹੋਦ ਦੇ ਤਾਣੇ ਬਾਣੇ ਵਿੱਚ ਉਲਝਿਆ, ਵਸਤੂਆਂ ਨੂੰ ਪ੍ਰਤੀਕਾਂ ਤੇ ਮਾਨਵ ਨੂੰ ਮਸ਼ੀਨ ਵਿੱਚ ਪਰਵਰਤਿਤ ਕਰਦਾ ਆਦਮੀ ਦਾ ਪੁਤਲਾ ਕਿੱਧਰ ਨੂੰ ਜਾ ਰਿਹਾ ਹੈ? ਼ ਼ ਼ ਉਸ ਦੀ ਸ਼ਾਬਦਿਕ ਹਨ੍ਹੇਰੀ ਅੱਗੇ ਕੋਈ ਨਾ ਠਹਿਰਦਾ। ਇਹ ਪਹਿਰਾ ਸਾਨੂੰ ਸਾਰਿਆਂ ਨੂੰ ਯਾਦ ਹੋ ਗਿਆ ਸੀ।
ਤੇ ਫਿਰ ਉਹ ਦਿਨ ਆਇਆ ਜੋ ਇਸ ਸਾਰੇ ਝੁੰਡ ਵਿਚੋਂ ਬਹੁਤਿਆਂ ਦੇ ਖਿੰਡ ਪੁੰਡ ਜਾਣ ਦਾ ਸਬੱਬ ਬਣਿਆਂ। ਯੂਨੀਵਰਸਿਟੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ ਜਨਮ ਸ਼ਤਾਬਦੀ ਮਨਾਈ ਜਾ ਰਹੀ ਸੀ, ਪੰਡਾਲ ਸਜਿਆ ਹੋਇਆ ਸੀ, ਕੋਈ ਕੇਦਰੀ ਮੰਤਰੀ, ਸ਼ਾਇਦ ਚਵਾਨ ਭਾਸ਼ਨ ਦੇ ਰਿਹਾ ਸੀ, ਪਹਿਲਾਂ ਮਿਥੇ ਪ੍ਰੋਗਰਾਮ ਮੁਤਾਬਕ ਇੱਕ ਗਰਮ ਵਿਦਿਆਰਥੀ ਨੇ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਫੜਾ ਦਫੜੀ ਮਚ ਗਈ। ਜਿਹੜੇ ਪਹਿਲਾਂ ਹੀ ਤਿਆਰ ਸਨ, ਦੌੜ ਗਏ ਪਰ ਕੁੱਝ ਅਨਭੋਲ ਵਿਦਿਆਰਥੀ ਸਿਪਾਹੀਆਂ ਦੇ ਹੱਥ ਆ ਗਏ, ਜਿਨ੍ਹਾਂ ਵਿੱਚ ਰਣਜੀਤ ਰੰਗੀਲਾ ਵੀ ਸੀ। ਇਕ ਸਿਪਾਹੀ ਨੇ ਕਿਸੇ ਵਿਦਿਆਰਥੀ ਨੂੰ ਗਾਲ੍ਹ ਕੱਢ ਦਿੱਤੀ। ਰੰਗੀਲੇ ਨੇ ਸਿਪਾਹੀ ਨੂੰ ਕਿਹਾ: ਭਾਈ ਸਾਹਿਬ, ਤੁਸੀਂ ਆਪਣੇ ਸ਼ਬਦ ਵਾਪਸ ਲਵੋ। ਉਸ ਨੇ ਸ਼ਬਦ ਤਾਂ ਕੀ ਵਾਪਸ ਲੈਣੇ ਸਨ, ਉਨ੍ਹਾਂ ਸ਼ਬਦਾਂ ਦਾ ਲਾਠੀਆਂ ਵਿੱਚ ਅਨੁਵਾਦ ਕਰਨਾ ਸ਼ੁਰੂ ਕਰ ਦਿੱਤਾ। ਰੰਗੀਲੇ ਦੇ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਉਹ ਰੰਗੀਲਾ ਹੁਣ ਮੈਸੂਰ ਵਿੱਚ ਹੂੈ -ਭਾਸ਼ਾ ਵਿਗਿਆਨ ਦਾ ਅਧਿਆਪਕ। ਸ਼ਾਇਦ ਸ਼ਬਦਾਂ ਨਾਲ ਇਸ ਰਿਸ਼ਤੇ ਨੇ ਉਹਨੂੰ ਭਾਸ਼ਾ ਵਿਗਿਆਨੀ ਬਣਾ ਦਿੱਤਾ।

ਵਿਦਿਆਰਥੀਆਂ ਦੀ ਬਹੁਤ ਵੱਡੀ ਹੜਤਾਲ ਹੋਈ। ਹੜਤਾਲ ਖ਼ਤਮ ਹੋਈ ਤਾਂ ਡਾ ਨੂਰ ਦੀ ਨੌਕਰੀ ਤੇ ਮੇਰੀ ਰੀਸਰਚ ਸਕਾਲਿਰਸ਼ਿਪ ਖ਼ਤਮ ਕਰ ਦਿੱਤੀ, ਦਲੀਪ ਕੌਰ ਟਿਵਾਣਾ ਨੂੰ ਖਾਲਸਾ ਕਾਲਜ ਦੇ ਈਵਨਿੰਗ ਸੈਸ਼ਨ ਵਿੱਚ ਬਦਲ ਦਿੱਤਾ। ਹੋਰ ਵੀ ਜਿਸ ਜਿਸ ਅਧਿਆਪਕ ਜਾਂ ਰੀਸਰਚ ਸਕਾਲਰ ਉਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਵਿਦਿਆਰਥੀਆਂ ਦਾ ਹਮਦਰਦ ਹੋਣ ਦਾ ਸ਼ੱਕ ਪਿਆ, ਉਸ ਉਸ ਤੱਕ ਉਨ੍ਹਾਂ ਦੀ ਕਰੋਪੀ ਦਾ ਸੇਕ ਪਹੁੰਚਾ।
ਯੂਨੀਵਰਸਿਟੀ ਤੋਂ ਜਲਾਵਤਨ ਹੋ ਕੇ ਕੁੱਝ ਚਿਰ ਮੈਂ ਤੇ ਡਾ ਨੂਰ ਪਟਿਆਲੇ ਇੱਕ ਘਰ ਵਿੱਚ ਕਮਰਾ ਲੈ ਕੇ ਰਹੇ। ਉਸ ਘਰ ਵਿੱਚ ਕਈ ਜੀਅ ਸਨ ਇੱਕ ਚਾਲੀ ਕੁ ਸਾਲ ਦੀ ਸੁਆਣੀ ਵੀ ਸੀ, ਉਹ ਜਮਾਂਦਰੂ ਹੀ ਕੁੱਬੀ ਸੀ, ਉਹ ਉਸ ਘਰ ਦੀ ਧੀ ਸੀ, ਉਸ ਦਾ ਵਿਆਹ ਨਹੀਂ ਹੋਇਆ ਸੀ, ਉਸ ਦਾ ਨਾਮ ਤੇਜੋ ਸੀ। ਉਹ ਕਈ ਵਾਰ ਆ ਕੇ ਸਾਡੇ ਨਾਲ ਗੱਲਾਂ ਕਰਨ ਲੱਗ ਪੈਦੀ। ਇਕ ਦਿਨ ਮੈਂ ਉਹਨੂੰ ਸਰਸਰੀ ਪੁੱਛਿਆ: ਤੇਜੋ ਤੇਰੀ ਉਮਰ ਕਿੰਨੀ ਐਂ? ਉਹ ਕੁੱਝ ਚਿਰ ਚੁੱਪ ਰਹੀ, ਫਿਰ ਕਹਿਣ ਲੱਗੀ: ਕਾਕਾ ਗੱਲ ਉਹ ਕਰੀਦੀ ਐ, ਜਿਹਦੇ ਨਾਲ ਦਿਲ ਨੂੰ ਠੰਢ ਪਵੇ।
ਮੈਨੂੰ ਉਸ ਦੇ ਜਵਾਬ ਤੋਂ ਅਹਿਸਾਸ ਹੋਇਆ ਕਿ ਮੇਰੇ ਸਵਾਲ ਨਾਲ ਉਹਦੇ ਉਦਾਸ ਦਿਲ ਨੂੰ ਕਿੰਨਾ ਦੁੱਖ ਪਹੁੰਚਾ ਹੋਵੇਗਾ। ਤੁਹਾਡੇ ਭਾਣੇ ਤੁਹਾਡਾ ਮਾਸੂਮ ਜਿਹਾ ਸਵਾਲ ਵੀ ਕਿਸੇ ਲਈ ਕਿੰਨਾ ਨਿਰਦਈ ਹੋ ਸਕਦਾ ਹੈ, ਤੁਹਾਨੂੰ ਨਹੀਂ ਪਤਾ ਹੁੰਦਾ।
ਤੇਜੋ ਦਾ ਉਹ ਵਾਕ ਉਨ੍ਹਾਂ ਗਹਿਰੇ ਅਖਾਣਾਂ , ਸ਼ੇਅਰਾਂ ਸੰਵਾਦਾਂ ਵਿੱਚ ਸ਼ਾਮਲ ਹੋ ਗਿਆ ਜਿਹੜੇ ਮੈਨੂੰ ਸਦਾ ਯਾਦ ਰਹਿੰਦੇ ਹਨ। ਤੇ ਫਿਰ ਅਸੀਂ ਸਾਰੇ ਯਾਰ ਪਟਿਆਲੇ ਤੋਂ ਉਜੜ ਗਏ। ਜਦੋ ਪਹਿਲਾਂ ਪਹਿਲ ਪਟਿਆਲੇ ਆਏ ਸੀ ਤਾਂ ਕਈ ਦਿਨ ਜੀਅ ਨਹੀਂ ਲੱਗਾ ਸੀ, ਫਿਰ ਐਸਾ ਜੀਅ ਲੱਗਾ ਕਿ ਕਈ ਕਈ ਮਹੀਨੇ ਘਰ ਨਾ ਜਾਂਦੇ, ਫਿਰ ਇਉਂ ਲੱਗਣ ਲੱਗਾ ਅਸੀਂ ਕਿੰਨੇ ਬਦਲ ਗਏ ਆਂ, ਏਥੇ ਅਸੀਂ ਕੀ ਕੁੱਝ ਪੜ੍ਹਿਆ, ਦੇਖਿਆ, ਝੱਲਿਆ, ਇਨ੍ਹਾਂ ਦਿਨਾਂ ਵਿੱਚ ਹੀ ਮੈਂ ਉਹ ਨਜ਼ਮ ਲਿਖੀ:
ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ
ਕੌਣ ਪਹਿਚਾਣੇਗਾ ਸਾਨੂੰ
ਮੱਥੇ ਉਤੇ ਮੌਤ ਦਸਖ਼ਤ ਕਰ ਗਈ ਹੈ
ਚਿਹਰੇ ਉਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ
ਅੱਖਾਂ ਵਿੱਚ ਕੋਰੀ ਲਿਸ਼ਕ ਹੈ
ਕਿਸੇ ਢੱਠੇ ਘਰ ਦੀ ਛੱਤ ਚੋਂ ਆਉਦੀ ਹੋਈ ਲੋਅ ਜਿਹੀ ਼ ਼ ਼

ਏਨੇ ਡੁਬ ਚੁੱਕੇ ਨੇ ਸੂਰਜ
ਏਨੇ ਮਰ ਚੁੱਕੇ ਨੇ ਸੂਰਜ
ਜਿਊਦੀ ਮਾਂ ਨੂੰ ਦੇਖ ਕੇ
ਆਪਣੇ ਜਾਂ ਓਸਦੇ
ਪ੍ਰੇਤ ਹੋਵਣ ਦਾ ਹੋਏਗਾ ਤੌਖ਼ਲਾ ਼ ਼ ਼ ਼ ਼ ਼ ਼

ਜਦੋਂ ਚਾਚੀ ਈਸਰੀ ਸਿਰ ਪਲੋਸੇਗੀ ਅਸੀਸਾਂ ਨਾਲ ਮੇਰਾ
ਕਿਸਤਰਾਂ ਦੱਸਾਂਗਾ ਮੈਂ
ਏਸ ਸਿਰ ਵਿੱਚ ਕਿਸਤਰਾਂ ਦੇ ਛੁਪੇ ਹੋਏ ਨੇ ਖ਼ਿਆਲ ਼ ਼ ਼ ਼

ਜਿਨ੍ਹਾਂ ਅੱਖਾਂ ਨਾਲ ਦੇਖੇ ਨੇ ਦੁਖਾਂਤ
ਕਿਸਤਰਾਂ ਮੇਲਾਂਗਾ ਅੱਖਾਂ
ਆਪਣੇ ਬਚਪਨ ਦੀ ਮੈਂ ਤਸਵੀਰ ਨਾਲ
ਅਪਣੇ ਨਿੱਕੇ ਵੀਰ ਨਾਲ ਼ ਼ ਼

ਇਸ ਕਵਿਤਾ ਵਿੱਚ ਮੈਥੋਂ ਚੋਰੀ ਉਨ੍ਹਾਂ ਦੋਸਤਾਂ ਦਾ ਦੁੱਖ ਵੀ ਸ਼ਾਮਲ ਹੋ ਗਿਆ ਸੀ, ਜਿਹੜੇ ਦੇਸ਼ ਦੀ ਤਕਦੀਰ ਬਦਲਣ ਲਈ ਘਰੋਂ ਬੇਘਰ ਹੋਏ ਫਿਰਦੇ ਸਨ। ਮੈਂ ਵਾਕਈ ਮੁੜ ਕੇ ਉਸ ਘਰ ਨਾ ਪਰਤ ਸਕਿਆ। ਇਸ ਘਰ ਤੇ ਪਿੰਡ ਨੂੰ ਯਾਦ ਕਰਦਿਆਂ ਇਹ ਗੀਤ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲ ਵਿੱਚ ਹੀ ਲਿਖਿਆ ਸੀ:

ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ

ਦੂਰ ਇੱਕ ਪਿੰਡ ਵਿੱਚ ਛੋਟਾ ਜਿਹਾ ਘਰ ਸੀ
ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ
ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ
ਓਦੋਂ ਮੇਰੀ ਅਉਧ ਯਾਰੋ ਮਸਾਂ ਫੁੱਲ ਭਰ ਸੀ ਼ ਼

਼ਇਸ ਦੌਰਾਨ ਬੀ ਜੀ ਗੁਜ਼ਰ ਗਏ, ਉਪਕਾਰ, ਮੇਰਾ ਛੋਟਾ ਵੀਰ, ਜੋ ਬੀ ਜੀ ਕੋਲ ਰਹਿੰਦਾ ਸੀ, ਹੋਸਟਲ ਵਿੱਚ ਚਲਾ ਗਿਆ। ਉਸ ਘਰ ਨੂੰ ਤਾਲਾ ਲੱਗ ਗਿਆ। ਹੁਣ ਉਹ ਘਰ ਮਲਬਾ ਹੈ।
ਪਟਿਆਲੇ ਛੱਡਣ ਦੇ ਆਖ਼ਰੀ ਦਿਨਾਂ ਵਿੱਚ ਹੀ ਇੱਕ ਸ਼ਾਮ ਮੈਂ ਉਹ ਗ਼ਜ਼ਲ ਲਿਖੀ:
ਮੇਰਾ ਸੂਰਜ ਡੁੱਬਿਆ ਹੈ ਤੇਰੀ ਸ਼ਾਮ ਨਹੀਂ ਹੈ
ਤੇਰੇ ਸਿਰ ਤੇ ਤਾਂ ਸਿਹਰਾ ਹੈ ਇਲਜ਼ਾਮ ਨਹੀਂ ਹੈ

ਏਨਾ ਹੀ ਬਹੁਤ ਹੈ ਕਿ ਮੇਰੇ ਖ਼ੂਨ ਨੇ ਰੁੱਖ ਸਿੰਜਿਆ
ਕੀ ਹੋਇਆ ਜੇ ਪੱਤਿਆਂ ਦੇ ਮੇਰਾ ਨਾਮ ਨਹੀਂ ਹੈ

ਮੇਰੇ ਹੱਤਿਆਰੇ ਨੇ ਗੰਗਾ ਚ ਲਹੂ ਧੋਤਾ
ਗੰਗਾ ਦੇ ਪਾਣੀਆਂ ਵਿੱਚ ਕੁਹਰਾਮ ਨਹੀਂ ਹੈ

ਮੇਰਾ ਨਾ ਫ਼ਿਕਰ ਕਰੀਂ ਜੀ ਕੀਤਾ ਤਾਂ ਮੁੜ ਜਾਵੀਂ
ਸਾਨੂੰ ਤਾਂ ਰੂਹਾਂ ਨੂੰ ਆਰਾਮ ਨਹੀਂ ਹੈ

ਹੁਣ ਪਟਿਆਲੇ ਜਾਵਾਂ ਤਾਂ ਮੈਨੂੰ ਮੇਰੀਆਂ ਯਾਦਾਂ ਦਾ ਪਟਿਆਲਾ ਨਹੀਂ ਮਿਲਦਾ। ਹੁਣ ਵੀ ਓਥੇ ਸਾਡੇ ਵਰਗੀਆਂ ਬੇਆਰਾਮ, ਬੇਚੈਨ ਰੂਹਾਂ ਜ਼ਰੂਰ ਹੋਣਗੀਆਂ। ਹੁਣ ਵੀ ਦਰਖ਼ਤਾਂ ਦੇ ਪੱਤੇ ਉਡ ਉਡ ਕੇ ਕਿਸੇ ਦੀਆਂ ਪੈੜਾਂ ਤੇ ਡਿਗਦੇ ਹੋਣਗੇ ਪਰ ਮੇਰਾ ਪਟਿਆਲਾ ਹੁਣ ਮੇਰੇ ਮਨ ਵਿੱਚ ਹੀ ਵਸਦਾ ਹੈ, ਧਰਤੀ ਉਤੇ ਨਹੀਂ।
ਜਦ ਪਹਿਲੇ ਦਿਨ ਸਾਨੂੰ ਮੈਡਮ ਟਿਵਾਣਾ ਪੜ੍ਹਾਉਣ ਆਏ ਤਾਂ ਉਨ੍ਹਾਂ ਨੇ ਕਿਹਾ: ਇੱਕ ਦੁਨੀਆ ਵਿੱਚ ਅਸੀਂ ਵਸਦੇ ਹਾਂ ਤੇ ਇੱਕ ਦੁਨੀਆ ਸਾਡੇ ਅੰਦਰ ਵਸਦੀ ਹੈ। ਇਸ ਵਾਕ ਦੀ ਪੂਰੀ ਸਮਝ ਹੁਣ ਹੀ ਆਈ।

-0-
 

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346