ਤੇਰਾ ਜੋਗ ਹੰਢਾਦੀ ਮੋਈ
ਅੱਗ ਸੇਕੀ ਅੱਗ ਦੀ ਹੋਈ
ਪਾਣੀ ਵੰਹਿਦੇ ਲਾਈ ਦੋਸਤੀ
ਵਾਂਗ ਨਦੀਆਂ ਮੈਂ ਵੀ ਰੋਈ ।
ਮੈਂ ਕਿੱਥੇ ਕਿੰਝ ਰਾਹ ਭੁੱਲ ਗਈ
ਮੇਰੇ ਤੱਨ ਦੀ ਮਿੱਟੀ ਰੁਲ ਗਈ
ਕੋਈ ਸਮਝਾਂ ਕਮ ਨਾਂ ਆਈਆਂ
ਸੱਭ ਪੋਲ ਅਕਲਾਂ ਦੀ ਖੁੱਲ ਗਈ ।
ਇੱਕ ਤਾਰਾ ਟੁਟਦਾ ਤੱਕਿਆ
ਮੰਨ ਡਰਿਆ ਕਲੇਜਾ ਫੱਟਿਆ
ਉਹ ਕਿੱਥੇ ਜਾ ਕੇ ਡਿੱਗਿਆ
ਇਹ ਰੱਬ ਵੀ ਸਮਝ ਨਾਂ ਸੱਕਿਆ ।
ਜੱਗ ਜਿਉਣਾ ਕਿੰਝ ਸਮਝਾਵਾਂ
ਗੱਲ ਲੰਮੀ ਕਿੰਝ ਮੁਕਾਵਾਂ
ਤੈਨੂੰ ਕਾਹਲੀ ਧੁੱਪ ਫੜਣ ਦੀ
ਤੂੰ ਤੱਕੇਂ ਨਾਂ ਪਰਛਾਵਾਂ ।
ਮੈਂ ਤਾਰੇ ਚੁਣਦੀ ਰਾਤ ਨੂੰ
ਮੰਨ ਢੂੰਡੇ ਗੁੱਝੀ ਬਾਤ ਨੂੰ
ਤੇਰੀ ਬੇਪਰਵਾਹੀ ਚੁੱਮ ਲਈ
ਮੈਂ ਭੁੱਲ ਗਈ ਆਪਣੀ ਜਾਤ ਨੂੰ ।
ਤੂੰ 'ਤੇ ਮੈਂ ਦੀ ਗੱਲ ਸੀ
ਇਹ ਬੇਇਲਾਜੇ ਸੱਲ ਸੀ
ਮੈਂ ਰਾਹ ਦੇ ਵਿਚ ਗਵਾਚ ਗਈ
ਮੇਰੀ ਬੇਸਮਝੀ ਦਾ ਫੱਲ ਸੀ ।
ਤੰਨ ਮਿੱਟੀਓ-ਮਿੱਟੀ ਹੋਇਆ
ਮੰਨ ਨੇ ਬਸ ਕੂੜਾ ਢੋਇਆ
ਜਿਸ ਸੁਪਨੇਂ ਤੰਨ ਮੰਨ ਖਾਦਾ
ਖੁਦਕ੍ਸ਼ੀ ਦੀ ਮੌਤੇ ਮੋਇਆ ।
-0-
|