Welcome to Seerat.ca
Welcome to Seerat.ca

ਸੁਖ਼ਨ ਸੁਰਜੀਤ ਪਾਤਰ ਦੇ/ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆਂ

 

- ਸੁਰਜੀਤ ਪਾਤਰ

ਬਟਾਲਵੀ ਦੀ ਬਰਸੀ ਉਤੇ
ਸਿ਼ਵ ਕੁਮਾਰ ਬਟਾਲਵੀ ਦੀ ਯਾਦ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਾਂਬਾ

 

- ਹਰਜੀਤ ਅਟਵਾਲ

ਅਵਤਾਰ ਜੰਡਿਆਲਵੀ, ਤਲਵਿੰਦਰ ਅਤੇ ਰਾਮ ਸਰੂਪ ਅਣਖੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਸਾਡਾ ਵੱਡਾ ਮੰਜਾ

 

- ਸੁਖਦੇਵ ਸਿੱਧੂ

ਸਾਡੀ ਬੀਬੀ-ਸਾਡੀ ਮਾਂ

 

- ਰਜਵੰਤ ਕੌਰ ਸੰਧੂ

40ਵੀਂ ਬਰਸੀ ਤੇ / ਸਿ਼ਵ ਤੇ ਮੈਂ

 

- ਬਲਬੀਰ ਮੋਮੀ

ਸੁਰ ਸਿ਼ੰਗਾਰ

 

- ਪੂਰਨ ਸਿੰਘ ਪਾਂਧੀ

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਇੱਕ ਹੋਰ ਚਾਰਦੀਵਾਰੀ

 

- ਸੁਖਬੀਰ

ਥੱਲੀ ਦੀ ਵਿਰਾਸਤ

 

- ਸੁਭਾਸ਼ ਰਾਬਰਾ

ਹਲਫ਼ੀਆ ਬਿਆਨ

 

- ਰਾਜਪਾਲ ਬੋਪਾਰਾਇ

ਸੁਰਾਲ

 

- ਅਮਰਜੀਤ ਟਾਂਡਾ

ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ

 

- ਡਾ. ਰਵਿੰਦਰ ਕੌਰ ‘ਰਵੀ‘

ਅਥਰੂਆਂ ਦਾ ਦਿੱਤਾ ਦਰਦ

 

- ਬੇਅੰਤ ਗਿੱਲ ਮੋਗਾ

ਲੰਮੀ ਲੰਮੀ ਨਦੀ ਵਹੈ

 

- ਜੌਨ੍ਹ ਬਰਜਰ

ਕਤਲਗਾਹ

 

- ਵਰਿੰਦਰ

ਆਮ ਆਦਮੀ

 

- ਜਸਪ੍ਰੀਤ ਸਿੰਘ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਤੇਰੇ ਨਾਂ

 

- ਦਿਲਜੋਧ ਸਿੰਘ

ऐसे ही किसी दिन

 

- गाब्रिएल गार्सिया मार्केज

ਗ਼ਜ਼ਲ

 

- ਅਜੇ ਤਨਵੀਰ

ਕਾਮਾਗਾਟਾ ਮਾਰੂ

 

- ਵਰਿਆਮ ਸਿੰਘ ਸੰਧੂ

 
Online Punjabi Magazine Seerat

ਅਵਤਾਰ ਜੰਡਿਆਲਵੀ, ਤਲਵਿੰਦਰ ਅਤੇ ਰਾਮ ਸਰੂਪ ਅਣਖੀ ਦੇ ਖ਼ਤ
- ਬਲਦੇਵ ਸਿੰਘ ਧਾਲੀਵਾਲ

 

ਅਵਤਾਰ ਜੰਡਿਆਲਵੀ ਦਾ ਖ਼ਤ
ਇਕ ਪ੍ਰਸਿੱਧ ਪਰਵਾਸੀ ਪੰਜਾਬੀ ਕਵੀ ਦੇ ਤੌਰ ਤੇ ਅਵਤਾਰ ਜੰਡਿਆਲਵੀ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸਾਂ ਪਰ 1997 ਦੀ ਇੰਗਲੈਂਡ ਫੇਰੀ ਸਮੇਂ ਮੇਲ-ਮਿਲਾਪ ਦਾ ਸਬੱਬ ਨਾ ਬਣਿਆਂ। ਉਸ ਦੇ ਨੇੜਲੇ ਦੋਸਤਾਂ ਹਰਬਖਸ਼ ਮਕਸੂਦਪੁਰੀ ਅਤੇ ਪ੍ਰੀਤਮ ਸਿੱਧੂ ਨੂੰ ਮਿਲਿਆ ਤਾਂ ਅਵਤਾਰ ਹੋਰਾਂ ਬਾਰੇ ਵੀ ਕਈ ਗੱਲਾਂ ਪਤਾ ਲੱਗੀਆਂ। ਉਸ ਨਾਲ ਪਹਿਲੀ ਮੁਲਾਕਾਤ ਉਸ ਸਮੇਂ ਹੋਈ ਜਦੋਂ ਅਗਲੇ ਸਾਲ ਉਹ ਮਕਸੂਦਪੁਰੀ ਅਤੇ ਸਿੱਧੂ ਹੋਰਾਂ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇਕ ਪੰਜਾਬੀ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਆਇਆ ਅਤੇ ਸ਼ਾਮ ਦੀ ਮਹਿਫ਼ਲ ਵਿਚ ਖੁੱਲ੍ਹ ਕੇ ਗੱਲ-ਬਾਤ ਹੋਈ। ਫਿਰ ਜਦੋਂ ਉਸ ਨੇ ਧੜੱਲੇਦਾਰ ਢੰਗ ਨਾਲ ‘ਹੁਣ‘ ਰਸਾਲਾ ਕੱਢਣਾ ਸ਼ੁਰੂ ਕੀਤਾ ਤਾਂ ਸਾਂਝ ਹੋਰ ਗੂੜ੍ਹੀ ਹੋ ਗਈ। ਉਸ ਦੇ ਅੰਤਿਮ ਸਮੇਂ ਤੱਕ ਬੜਾ ਨਿੱਘਾ ਸਾਹਿਤਕ ਸਬੰਧ ਬਣਿਆਂ ਰਿਹਾ ਜਿਸ ਦੀ ਗਵਾਹੀ ਇਹ ਖ਼ਤ ਵੀ ਭਰਦਾ ਹੈ।

ਲੈਂਗਲੀ (ਯੂ.ਕੇ.)

5.02.06

ਪਿਆਰੇ ਬਲਦੇਵ,
ਸ.ਸ. ਅਕਾਲ।
ਉਮੀਦ ਹੈ ਰਾਜ਼ੀ ਖੁਸ਼ੀ ਹੋਵੇਂਗਾ।
ਮੈਂ ਲੰਡਨ ਚਲਾ ਗਿਆ ਹਾਂ। ਪਰ ਮਾਰਚ ਦੇ ਅੰਦਰ ਅੰਦਰ ਮੁਹਾਲੀ ਆ ਜਾਵਾਂਗਾ।
‘ਹੁਣ‘ ਦੇ ਨਿਕਲੇ ਦੋਵੇਂ ਅੰਕ ਤੈਨੂੰ ਭਿਜਵਾਏ ਸੀ। ਪਰ ਤੂੰ ਅਜੇ ਕੁਝ ਕੁਸਕਿਆ ਨਹੀਂ।
ਤੇਰੇ ਬਾਰੇ ਮੈਂ ਸੋਚਦਾ ਰਹਿੰਦਾ ਹਾਂ। ‘ਕਾਰਗਿਲ‘ ਵਰਗੀ ਕਹਾਣੀ ਲਿਖਣ ਵਾਲਾ ਬਲਦੇਵ ਕਿੱਥੇ ਚਲਾ ਗਿਆ ਹੈ ? ਡਾਕਟਰੀ ਲੇਖਾਂ ਨੂੰ ਛੱਡਕੇ ਕੋਈ ਉਹੋ ਜਿਹੀ ਮੌਲਿਕ ਰਚਨਾ ਕਰੇਂ ਤਾਂ ਖੁਸ਼ ਹੋਵਾਂਗਾ।
‘ਹੁਣ‘ ਦਾ ਅਗਲਾ ਅੰਕ ਅਪ੍ਰੈਲ ਵਿਚ ਨਿਕਲਣਾ ਹੈ। ਇਸ ਵਾਸਤੇ ਤੇਰੇ ਕੋਲੋਂ ‘ਕਾਰਗਿਲ‘ ਤੋਂ ਵੀ ਵਧੀਆ ਕਹਾਣੀ ਦੀ ਲੋੜ ਹੈ। ਪੰਨੇ ਖਾਲੀ ਪਏ ਹਨ। ਪਿੜ ਬਣਿਆ ਹੋਇਆ ਹੈ। ਬੱਸ ਤੇਰੇ ਲੰਗੋਟੀ ਲਾਉਣ ਦੀ ਜ਼ਰੂਰਤ ਹੈ।
ਭਾਈ ਆ ਕੋਈ ਚਮਤਕਾਰ ਕਰ ਤੇ ਤੇਰੇ ਪੈਰੀਂ ਹੱਥ ਲਾਈਏ। ਹੁਣ ਮੈਂ ਫੇਰ ਨਹੀਂ ਕਹਿਣਾ।

ਉਡੀਕ ਵਿਚ
ਤੇਰਾ
ਅਵਤਾਰ

***

ਤਲਵਿੰਦਰ ਦੇ ਖ਼ਤ
ਤਲਵਿੰਦਰ ਨਾਲ ਮੇਰੀ ਦੋਸਤੀ ਦਾ ਮੁੱਢ ਉਸ ਸਮੇਂ ਬੱਝਿਆ ਜਿਸ ਵਕਤ ਮੈਂ ਪੰਜਾਬੀ ਕਹਾਣੀਕਾਰਾਂ ਦੇ ਨਵੇਂ ਪੋਚ ਬਾਰੇ ਲੇਖ ਲਿਖ ਕੇ ਜਲੰਧਰ ਕਹਾਣੀ ਉਤਸਵ ਵਿਚ ਪੜ੍ਹਿਆ। ਉਸ ਵਿਚ ਤਲਵਿੰਦਰ ਦੀ ਕਹਾਣੀ ਅਤੇ ਸ਼ੈਲੀ ਦਾ ਉਚੇਚ ਨਾਲ ਜ਼ਿਕਰ ਕੀਤਾ ਗਿਆ ਸੀ। ਉਹੀ ਲੇਖ ਅੰਗਰੇਜ਼ੀ ਟ੍ਰਿਬਿਊਨ ਵਿਚ ਛਪਿਆ ਤਾਂ ਉਸ ਨਾਲ ਤਲਵਿੰਦਰ ਦੀ ਫੋਟੋ ਵੀ ਛਪੀ, ਅਸੀਂ ਹੋਰ ਨੇੜੇ ਹੋ ਗਏ। ਤਲਵਿੰਦਰ ਦੀ ਮੱਦਦ ਨਾਲ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ, ਉਸ ਫੇਰੀ ਨੇ ਸਾਨੂੰ ਜਿਗਰੀ ਯਾਰ ਬਣਾ ਦਿੱਤਾ। ਗੱਲ-ਬਾਤ ਦਾ ਸਿਲਸਿਲਾ ਭਾਵੇਂ ਵਧੇਰੇ ਕਰਕੇ ਫੋਨ ਰਾਹੀਂ ਹੀ ਚਲਦਾ ਪਰ ਕਦੇ ਕਦੇ ਸਬੱਬਵੱਸ ਅਸੀਂ ਇਕ ਦੂਜੇ ਨੂੰ ਖ਼ਤ ਵੀ ਲਿਖਦੇ। ਤਲਵਿੰਦਰ ਦੇ ਬੇਵਕਤ ਸਦਾ ਲਈ ਵਿੱਛੜ ਜਾਣ ਤੱਕ ਅਸੀਂ ਅਨੇਕਾਂ ਸਾਹਿਤਕ ਸਰਗਰਮੀਆਂ ਵਿਚ ਰਲ ਕੇ ਸ਼ਿਰਕਤ ਕੀਤੀ। ਇਹ ਖ਼ਤ ਸਾਡੀ ਸਾਂਝ ਵੱਲ ਭਰਵਾਂ ਇਸ਼ਾਰਾ ਕਰਦੇ ਹਨ।

ਅੰਬਰਸਰ
15.10.01

ਪਿਆਰੇ ਬਲਦੇਵ,
ਬੜੇ ਦਿਨ ਮੈਂ ਏਸ ਸ਼ਸੋਪੰਚ ‘ਚ ਪਿਆ ਰਿਹਾ ਕਿ ਤੇਰੇ ਕਾਰਡ ਦਾ ਕੀ ਜੁਆਬ ਦੇਵਾਂ। ਤੇਰੇ ਜਿਹੇ ਵੱਡੇ ਕੱਦ ਦੇ ਲੇਖਕ ਤੇ ਚਿੰਤਕ ਸਾਹਮਣੇ ਇਹ ਗਿਲਾ ਬੇਹੱਦ ਨਿਗੂਣਾ ਸੀ। ਤੇਰੇ ਨਾਲ ਹਮੇਸ਼ਾਂ ਮੈਂ ਆਪਣੇ ਆਪ ਨੂੰ ਮਾਣ ਵਿਚ ਮਹਿਸੂਸ ਕੀਤਾ। ਤੈਨੂੰ ਦੋਸਤ ਆਖਕੇ ਮੈਨੂੰ ਫਖ਼ਰ ਹੁੰਦਾ। ਮੈਂ ਕੀ ਜਾਣਾ ਤੈਨੂੰ ਕਿਹਨੇ ਇਹ ਆਖਿਆ ਕਿ ਡਲਹੌਜ਼ੀ ਕਹਾਣੀ ਗੋਸ਼ਟੀ ਤੇ ਮੈਂ ਤੈਨੂੰ ਜਾਣ ਬੁੱਝ ਕੇ ਇਗਨੋਅਰ ਕੀਤਾ। ਨਹੀਂ, ਇਹ ਉਕਾ ਹੀ ਦਰੁਸਤ ਨਹੀਂ। ਸਿਰਫ਼ ਏਨਾ ਹੀ ਸੀ ਕਿ ਤੂੰ ਏਥੇ ਅੰਬਰਸਰ ਕਹਾਣੀ ਉਤਸਵ ਤੇ ਆਉਣਾ ਤੇ ਪੇਪਰ ਪੜ੍ਹਨਾ ਸੀ, ਇਹ ਪਹਿਲਾਂ ਤੈਅ ਸੀ, ਤੇ ਮੈਂ ਤੈਨੂੰ ਮਹਿਜ਼ ਵਿਚਾਰ ਚਰਚਾ ਲਈ ਕਹਿਣਾ ਮੁਨਾਸਿਬ ਨਾ ਸਮਝਿਆ। ਬੱਸ ਏਨੀ ਕੁ ਗੱਲ ਸੀ, ਪਰ ਤੂੰ ਗੱਲ ਏਨੀ ਦਿਲ ਤੇ ਲਾ ਲਈ।
ਮੇਰੇ ਮਨ ਵਿਚ ਤੇਰੇ ਲਈ ਮਿੱਤਰਤਾ ਦਾ ਨਿੱਘ ਹਮੇਸ਼ਾਂ ਰਿਹਾ ਏ। ਤੂੰ ਭਰਾਵਾ ਜਿਹੜੀ ਸਜ਼ਾ ਸੁਣਾਏਂਗਾ ਮੈਂ ਅੰਗੂਠਾ ਲਾ ਦਊਂ, ਪਰ ਕੋਈ ਗੱਲ ਦਿਲ ‘ਚ ਨਾ ਰੱਖੀਂ। ਬਾਕੀ ਅੰਬਰਸਰ ਮਿਲਣ ਤੇ...

ਤੇਰਾ
ਤਲਵਿੰਦਰ

***

ਅੰਮ੍ਰਿਤਸਰ
20.10.05

ਪਿਆਰੇ ਡਾ. ਧਾਲੀਵਾਲ,
ਯਾਦ !
ਕੀ ਗੱਲ ਬੜੀ ਦੇਰ ਤੋਂ ਕਦੇ ਯਾਦ ਨਹੀਂ ਕੀਤਾ ? ਮੇਰਾ ਕਹਾਣੀ ਸੰਗ੍ਰਹਿ ‘ਜਲ ਧਾਰਾ‘ ਛਪ ਰਿਹਾ ਹੈ। ਕਹਾਣੀਆਂ ਤਾਂ ਤੇਰੀ ਨਜ਼ਰ ‘ਚੋਂ ਗੁਜ਼ਰੀਆਂ ਹੀ ਨੇ। ਦਸ ਕੁ ਲਾਈਨਾਂ ਟਾਈਟਲ ਦੀ ਬੈਕ ਲਈ ਜਨਰਲ ਜਿਹਾ ਵਿਊ ਬਣਾ ਕੇ ਲਿਖ ਭੇਜ। ਦਸਾਂ ਕੁ ਦਿਨਾਂ ਵਿਚ।
ਹੋਰ ਨਵੀਂ ਤਾਜ਼ੀ ?
ਤ੍ਰੈਮਾਸਿਕ ‘ਚਿਰਾਗ‘ ਦਾ ਅਗਲਾ ਅੰਕ ਪਾਕਿਸਤਾਨੀ ਪੰਜਾਬੀ ਕਹਾਣੀ ਵਿਸ਼ੇਸ਼ ਅੰਕ ਹੋਵੇਗਾ ਤੇ ਮੈਂ ਇਸਨੂੰ ਸੰਪਾਦਤ ਕਰਾਂਗਾ। ਤੇਰਾ ਲੇਖ ਜਿਹੜਾ ਪਹਿਲਾਂ ‘ਚਿਰਾਗ‘ ਵਿਚ ਛਪਿਆ ਸੀ ਬਹੁਤ ਜਾਣਕਾਰੀ ਭਰਪੂਰ ਸੀ। ਜੇ ਮੈਂ ਇਸ ਅੰਕ ਵਿਚ ਸ਼ਾਮਲ ਹੋਣ ਵਾਲੀਆਂ ਕਹਾਣੀਆਂ ਭੇਜਾਂ ਤਾਂ ਕੀ ਉਹਨਾਂ ਨੂੰ ਆਧਾਰ ਬਣਾ ਕੇ ਇਕ ਲੇਖ ਲਿਖਿਆ ਜਾ ਸਕੇਗਾ ? ਤੇਰੀ ਹਾਮੀ ਭਰਨ ਤੋਂ ਬਾਅਦ ਹੀ ਕੰਪੋਜਡ ਮੈਟਰ ਤੈਨੂੰ ਮੇਲ ਕਰਾਂਗਾ।

ਤੇਰਾ
ਤਲਵਿੰਦਰ ਸਿੰਘ

***

ਰਾਮ ਸਰੂਪ ਅਣਖੀ ਦੇ ਖ਼ਤ
ਰਾਮ ਸਰੂਪ ਅਣਖੀ ਪੰਜਾਬੀ ਨਾਵਲ ਦਾ ਬਹੁਤ ਵੱਡਾ ਨਾਂ ਹੈ। ਆਪਣੇ ਵੱਡੇ ਸਾਹਿਤਕ ਕੱਦ-ਬੁੱਤ ਦੇ ਬਾਵਜੂਦ ਉਸ ਦਾ ਆਮ ਲੋਕਾਂ ਅਤੇ ਪੁੰਘਰਦੇ ਲੇਖਕਾਂ ਨਾਲ ਵਰਤ-ਵਿਹਾਰ ਬਹੁਤ ਮੇਲ-ਜੋਲ ਵਾਲਾ ਸੀ। ਇਸ ਲਈ ਮੈਨੂੰ ਅਨੇਕਾਂ ਵਾਰ ਉਸ ਸਾਧ-ਸੁਭਾਅ ਲੇਖਕ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮੇਰੇ ਲੈਕਚਰਾਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਸਾਡਾ ਮੇਲ-ਮਿਲਾਪ ਹੋਰ ਵਧ ਗਿਆ। ਉਸ ਦੀ ਯੂਨੀਵਰਸਿਟੀ ਵਿਚ ਗੇੜੀ ਲਗਦੀ ਹੀ ਰਹਿੰਦੀ ਅਤੇ ਅਕਸਰ ਮਿਲਣ ਦਾ ਸਬੱਬ ਬਣ ਜਾਂਦਾ। ਫਿਰ ‘ਕਹਾਣੀ ਪੰਜਾਬ‘ ਰਸਾਲਾ ਕੱਢਿਆ ਤਾਂ ਛਪਣ-ਛਪਾਉਣ ਦੀਆਂ ਆਪਣੀਆਂ ਵਿਹਾਰੀ ਲੋੜਾਂ ਕਰਕੇ ਅਸੀਂ ਹੋਰ ਨੇੜੇ ਹੋ ਗਏ। ਉਸ ਦੇ ਬਹੁਤੇ ਖ਼ਤ ਰਸਾਲੇ ਦੀਆਂ ਜ਼ਰੂਰਤਾਂ ਨਾਲ ਜੁੜੇ ਹੋਏ ਹੁੰਦੇ ਸਨ ਪਰ ਫਿਰ ਵੀ ਉਹ ਖ਼ਤ ਰਾਮ ਸਰੂਪ ਅਣਖੀ ਦੇ ਸੁਭਾਅ ਬਾਰੇ ਕਈ ਸੰਕੇਤ ਕਰਦੇ ਹਨ। ਉਸ ਦੇ ਅੰਤਿਮ ਸਮੇਂ ਤੱਕ ਸਾਡੀ ਸਾਹਿਤਕ ਸਾਂਝ ਬੜੇ ਸਹਿਜ ਢੰਗ ਨਾਲ ਅੱਗੇ ਵਧਦੀ ਰਹੀ। ਇਹ ਖ਼ਤ ਉਸ ਕਾਰ-ਵਿਹਾਰੀ ਸਾਂਝ ਦੀ ਗਵਾਹੀ ਭਰਦੇ ਹਨ।

ਕੱਚਾ ਕਾਲਜ ਰੋਡ,
ਬਰਨਾਲਾ-148101 (ਪੰਜਾਬ)

15.4.93

ਪਿਆਰੇ ਬਲਦੇਵ,
ਉਮੀਦ ਹੈ, ਪਰਿਵਾਰ ਸਮੇਤ ਰਾਜ਼ੀ-ਖੁਸ਼ੀ ਹੋਵੋਗੇ। ਕਰਾਂਤੀਪਾਲ ਨੇ ਗੱਲ ਕੀਤੀ ਹੈ, ਤੁਸੀਂ ਆਪਣਾ ਲੇਖ ‘ਨੌਵੇਂ ਦਹਾਕੇ ਦੀ ਪੰਜਾਬੀ ਕਹਾਣੀ‘ ਸੋਧ-ਸੰਵਾਰ ਕੇ ਤੇ ਥੋੜ੍ਹਾ ਵੱਡਾ ਕਰਕੇ 25 ਅਪ੍ਰੈਲ ਤੱਕ ਮੈਨੂੰ ਭੇਜ ਦਿਓ। ਪ੍ਰੈਸ ਨੂੰ ਮੈਟਰ 25 ਅਪ੍ਰੈਲ ਤੋਂ ਬਾਅਦ ਭੇਜ ਰਹੇ ਹਾਂ। ਇਸ ਲੇਖ ਨੂੰ ਹੋਰ ਕਿਧਰੇ ਛਪਣ ਲਈ ਨਹੀਂ ਭੇਜਣਾ। ਮੈਂ ਇਹ ‘ਚੜ੍ਹਦੀ ਕਲਾ‘ ਵਿਚ ਪੜ੍ਹ ਲਿਆ ਸੀ। ਲੇਖ ਚੰਗਾ ਲੱਗਿਆ। 25/4 ਤੋਂ ਪਹਿਲਾਂ ਭੇਜ ਸਕੋਂ ਤਾਂ ਚੰਗੀ ਗੱਲ ਹੈ।
‘ਪਰਤਾਪੀ‘ ਪੜ੍ਹਕੇ ਸੱਤ-ਅੱਠ ਸਫੇ ਲਿਖ ਭੇਜੋ। ਚਾਹੇ ਮਈ ਦੇ ਪਹਿਲੇ ਹਫਤੇ ਤੱਕ। ਮੈਨੂੰ ਭੇਜ ਦਿਓ। ਇਹ ਮੈਂ ‘ਪੰਜਾਬੀ ਟ੍ਰਿਬਿਊਨ‘ ਵਿਚ ਦੇ ਦਿਆਂਗਾ। ਜਾਂ ਹੋਰ ਕਿਧਰੇ ਛਪ ਜਾਏਗਾ। ਇਹ ਕੰਮ ਵੀ ਜ਼ਰੂਰ ਕਰਨਾ ਹੈ। ਹੋਵੇਗੀ ਤਾਂ ਤਕਲੀਫ ਹੀ।

ਤੁਹਾਡਾ ਆਪਣਾ,
ਰਾਮ ਸਰੂਪ ਅਣਖੀ

ਪੀ.ਐਸ.- ਕਹਾਣੀ ਵਾਲਾ ਲੇਖ ਕਰਾਂਤੀ ਤੁਹਾਡੇ ਕੋਲੋਂ 25/4 ਤੱਕ ਲੈ ਜਾਵੇਗਾ।

***

22.4.93

ਪਿਆਰੇ ਬਲਦੇਵ ਜੀ,
ਮੇਰਾ ਪਹਿਲਾ ਖ਼ਤ ਮਿਲਿਆ ਹੋਵੇਗਾ। ਮੇਰੇ ਘਰੇਲੂ ਹਾਲਾਤ ਠੀਕ ਨਹੀਂ। ਮਾਨਸਿਕ ਤਣਾਓ ਲਗਾਤਾਰ ਬਣਿਆ ਰਹਿੰਦਾ ਹੈ। ਇਹ ਤਬਦੀਲੀ ਅਚਾਨਕ ਹੋਈ। ਇਸ ਹਾਲਤ ਵਿਚ ਮੈਗਜ਼ੀਨ ਸ਼ੁਰੂ ਕਰਨਾ ਔਖਾ ਲਗਦਾ ਹੈ। ਸੋ ਤੁਸੀਂ ਆਪਣਾ ਕਹਾਣੀ ਵਾਲਾ ਲੇਖ ਮੈਨੂੰ ਨਾ ਭੇਜਣਾ। ‘ਪਰਤਾਪੀ‘ ਜ਼ਰੂਰ ਪੜ੍ਹਨਾ। ਉਸ ਬਾਰੇ 6-7 ਸਫ਼ੇ ਲਿਖਕੇ ਮੈਨੂੰ ਡਾਕ ਰਾਹੀਂ ਭੇਜ ਦਿਓ। ਹੋਵੇਗੀ ਤਾਂ ਤਕਲੀਫ। ਇਹ ਮੈਂ ਪੰਜਾਬੀ ਟ੍ਰਿਬਿਊਨ ਜਾਂ ਹੋਰ ਕਿਧਰੇ ਛਪਵਾ ਲਵਾਂਗਾ।

ਤੁਹਾਡਾ ਆਪਣਾ,
ਰਾਮ ਸਰੂਪ ਅਣਖੀ

***

ਬਰਨਾਲਾ
3.5.93

ਪਿਆਰੇ ਬਲਦੇਵ ਜੀ,
ਤੁਹਾਡਾ 29/4 ਦਾ ਖ਼ਤ ਮਿਲ ਗਿਆ ਸੀ। ‘ਪਰਤਾਪੀ‘ ਬਾਰੇ ਲਿਖਿਆ ਭੇਜ ਦਿਓ।
ਇਸ ਦੌਰਾਨ ਤੁਹਾਨੂੰ ਕਰਾਂਤੀਪਾਲ ਦਾ ਇਕ ਖ਼ਤ ਮਿਲਿਆ ਹੋਵੇਗਾ। ਐਵੇਂ ਘਰੇਲੂ ਮਾਹੌਲ ਨੂੰ ਲੈ ਕੇ ਮਾਨਸਿਕ ਤਣਾਓ ਆਇਆ ਸੀ। ਹੁਣ ਮੈਂ ਠੀਕ ਹਾਂ। ਮੈਗਜ਼ੀਨ ਨੂੰ ਲੈ ਕੇ ਕੋਈ ਤਣਾਓ ਨਹੀਂ ਸੀ। ਹੁਣ ਇਹ ਛਪੇਗਾ ਤੇ ਪੱਕੇ ਪੈਰੀਂ ਤੁਰੇਗਾ। ਸਾਰੇ ਇੰਤਜ਼ਾਮ ਕਰ ਲਏ ਹਨ। ਕੁਝ ਇਕ ਕਾਨੂੰਨੀ ਅੜਚਣਾਂ ਹਨ। ਇਹ ਛੇਤੀ ਹੀ ਦੂਰ ਹੋ ਜਾਣਗੀਆਂ। ‘ਪਰਤਾਪੀ‘ ਵਾਲੇ ਲੇਖ ਦੀ ਕਾਪੀ ਆਪਣੇ ਕੋਲ ਰੱਖ ਲਿਓ। ‘ਸਿਰਜਣਾ‘ ਵਾਲੇ ਜੇ ਪਿਛਲੇ ਦਹਾਕੇ ਦੀ ਕਹਾਣੀ ਵਾਲਾ ਲੇਖ ਮੋੜ ਦੇਣ ਤਾਂ ਏਧਰ ਭੇਜ ਦੇਣਾ। ਏਥੇ ਤਾਂ ਛਪੇਗਾ ਹੀ ਸਗੋਂ ਪੱਕਾ ਛਪੇਗਾ। ਇਕ ਵਾਰ ਪਰਚਾ ਕੱਢਕੇ ਬੰਦ ਨਹੀਂ ਕਰਾਂਗੇ। ਇਹ ਪੱਕਾ ਇਰਾਦਾ ਹੈ।

ਤੁਹਾਡਾ,
ਰਾਮ ਸਰੂਪ ਅਣਖੀ

***

15.5.93

ਪਿਆਰੇ ਬਲਦੇਵ,
ਲੇਖ ਮਿਲ ਗਿਆ ਸੀ। ਕੁਝ ਗੱਲਾਂ ਨਾਲ ਬੇਸ਼ੱਕ ਮੈਂ ਸਹਿਮਤ ਨਹੀਂ ਤੇ ਉਹਨਾਂ ਦਾ ਜਵਾਬ ਨਾਵਲ ਵਿਚ ਹੀ ਹੈ, ਪਰ ਧੰਨਵਾਦੀ ਹਾਂ ਕਿ ਤੂੰ ਬਾਰੀਕੀ ਨਾਲ ਨਾਵਲ ਪੜ੍ਹਿਆ ਤੇ ਇਸ ਬਾਰੇ ਲਿਖਿਆ। ਰਲਾ ਮਿਲਾ ਕੇ ਇਹ ਇਕ ਸੰਤੁਲਤ ਲੇਖ ਹੈ। ਜੋ ਤੂੰ ਨੁਕਤੇ ਉਠਾਏ ਹਨ, ਬਹਿਸ ਤਲਬ ਹਨ। ਪਾਠਕ ਆਪੇ ਨਿਬੇੜਾ ਕਰਨਗੇ। ਪੂਰੇ ਦਾ ਪੂਰਾ ਲੇਖ ਹੁਣ ਇਹ ‘ਮਹਿਰਮ‘ ਵਿਚ ਛਪ ਰਿਹਾ ਹੈ। ਉਹਨਾਂ ਦੀ ਚਿੱਠੀ ਆ ਗਈ ਹੈ। ਫੋਟੋਸਟੈਟ ਉਹਨਾਂ ਨੂੰ ਭੇਜੀ ਸੀ, ਹੱਥ ਲਿਖਤ ਮੈਂ ਸੰਭਾਲ ਲਈ ਹੈ। ਇਹ ਮੇਰੇ ਕੋਲ ਸੁਰਖਿਅਤ ਹੈ।
ਲੇਖ ਲਈ ਬਹੁਤ ਸ਼ੁਕਰੀਆ।

ਤੇਰਾ ਆਪਣਾ,
ਰਾਮ ਸਰੂਪ ਅਣਖੀ

***

5.5.95

ਪਿਆਰੇ ਧਾਲੀਵਾਲ,
ਤੁਹਾਡਾ ਖ਼ਤ ਮਿਲ ਗਿਆ ਸੀ। ਖੁਸ਼ੀ ਹੈ ਕਿ ਤੁਹਾਡੀ ਕਹਾਣੀ (ਔਤ) ਦੀ ਐਨੀ ਪ੍ਰਸ਼ੰਸਾ ਹੋਈ, ਤੁਹਾਡੇ ਕੋਲ ਖ਼ਤ ਆਏ। ਇਹਦਾ ਮਤਲਬ ਕਹਾਣੀ ਨੂੰ ਪਹਿਲੇ ਨੰਬਰ ‘ਤੇ ਕੱਢਣ ਦਾ ਸਾਡਾ ਫੈਸਲਾ ਠੀਕ ਸੀ। ਵਧਾਈਆਂ ਹੋਣ।
ਅੱਗੇ ਤੋਂ ਕਹਾਣੀ ਮੁਕਾਬਲਾ ਬੰਦ ਕਰ ਦਿੱਤਾ ਹੈ। ਇਸ ਦੀ ਥਾਂ ਸਾਲ ਦੀ ਕਿਸੇ ਇਕ ਵਧੀਆ ਕਹਾਣੀ ਨੂੰ 3100/- ਰੁਪਿਆ ਇਨਾਮ ਦਿਆ ਕਰਾਂਗੇ। 1995 ਵਿਚ ਛਪੀਆਂ ਕਹਾਣੀਆਂ (ਮੈਗਜ਼ੀਨਾਂ ਤੇ ਅਖਬਾਰਾਂ ਵਿਚ) ਵਿਚੋਂ ਨਿਰਣਾ ਜਨਵਰੀ 96 ਵਿਚ ਕਰਾਵਾਂਗੇ।
‘ਕਹਾਣੀ ਪੰਜਾਬ‘ ਵਿਚ ਪਹਿਲਾਂ ਹੀ ਪੰਜ ਕਾਲਮ ਲਗਾਤਾਰ ਛਪ ਰਹੇ ਹਨ - ਕਹਾਣੀ-ਯਾਤਰਾ, ਉਰਦੂ ਕਹਾਣੀਕਾਰ, ਪਹਿਲੀ ਮੁਹੱਬਤ, ਸ਼ਾਹਕਾਰ ਪਾਤਰ ਤੇ ਸ਼ੁਰੂਆਤ। ‘ਨਵੇਂ ਲੇਖਕਾਂ‘ ਬਾਰੇ ਤੁਹਾਡਾ ਕਾਲਮ ਮੇਰੇ ਦਿਮਾਗ ਵਿਚ ਹੈ। ਪਰ ਇਹ ਗੁਰਬਚਨ ਭੁੱਲਰ ਦੇ ਕਾਲਮ ਖਤਮ ਹੋਣ ਤੋਂ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਉਹਨੇ 21 ਕਹਾਣੀਕਾਰਾਂ ਬਾਰੇ ਲਿਖਣਾ ਹੈ।
‘ਆਰਸੀ‘ ਵਿਚੋਂ ਤੁਹਾਡੀ ਕਹਾਣੀ ‘ਐਡਮ ਤੇ ਈਵ‘ ਪੜ੍ਹੀ ਸੀ। ਚੰਗੀ ਲੱਗੀ। ਤੁਸੀਂ ਚੰਗਾ ਵਿਸ਼ਾ ਉਠਾਇਆ ਹੈ। ਇਹ ਕਹਾਣੀ ਮੈਂ ‘ਸੰਭਾਲ‘ ਲਈ ਹੈ।
ਅੰਕ-8 ਛਪ ਰਿਹਾ ਹੈ। ਜੂਨ ਦੇ ਪਹਿਲੇ ਹਫਤੇ ਪੋਸਟ ਕਰ ਦਿਆਂਗੇ।
‘ਪੰਜਾਬੀ ਕਹਾਣੀ-1994‘ ਕਿਤਾਬ ਛਪ ਗਈ ਹੈ। ਕਿਸੇ ਆਉਂਦੇ-ਜਾਂਦੇ ਹੱਥ ਦੋ ਕਾਪੀਆਂ ਭੇਜਾਂਗਾ।

ਤੁਹਾਡਾ,
ਰਾਮ ਸਰੂਪ ਅਣਖੀ

***

ਬਰਨਾਲਾ
26.6.95

ਪਿਆਰੇ ਬਲਦੇਵ,
‘ਮੁੱਲ ਦੀ ਤੀਵੀਂ‘ ਬਾਰੇ ਲੇਖ ਮਿਲ ਗਿਆ ਹੈ। ਪੜ੍ਹ ਲਿਆ ਹੈ। ਇਹ ਛਾਪ ਲਵਾਂਗੇ। ਅੰਕ-9 ਪ੍ਰੈਸ ਨੂੰ ਚਲਿਆ ਗਿਆ ਹੈ। ਅੰਕ-10 ਵਿਚ ਇਕ ਲੇਖ ਪਹਿਲਾਂ ਹੀ ਨਿਸ਼ਚਿਤ ਹੈ। ਤੁਹਾਡਾ ਲੇਖ ਅੰਕ-11 ਵਿਚ ਲਾਵਾਂਗੇ। ਚਾਹਿਆ ਸੀ, ਲੇਖ ਬਿਲਕੁਲ ਬੰਦ ਕਰ ਦੇਈਏ। ਪਰ ਹੁਣ ਇਕ ਲੇਖ ਲਾਇਆ ਕਰਾਂਗੇ। ਕਈ ਲੇਖ ਪਏ ਹਨ, ਉਹ ਸਭ ਇਕ-ਇਕ ਕਰਕੇ ਲਾਵਾਂਗੇ। ਤੁਹਾਡਾ ਲੇਖ ਵਾਰੀ ਤੋੜ ਕੇ ਲਾ ਰਿਹਾ ਹਾਂ। ਕਾਹਲ ਨਾ ਮਚਾਉਣਾ। ਇਹ ਹੁਣ ਛਪੇਗਾ।
ਵੀਨਾ ਦੀ ਇੱਕ ਮੁਲਾਕਾਤ ਮੈਂ ਰਿਕਾਰਡ ਕਰਕੇ ਲਿਆਇਆ ਸੀ। ਇਹ ‘ਕਹਾਣੀ ਪੰਜਾਬ‘ ਵਿਚ ਛਾਪਣ ਦੀ ਸਲਾਹ ਸੀ। ਪਰ ਫੇਰ ਮੈਂ ਸਫ਼ਰਨਾਮੇ ਵਿਚ ਫਿੱਟ ਕਰ ਦਿੱਤੀ। ਅਗਲੀ ਕਿਸੇ ਕਿਸ਼ਤ ਵਿਚ ਛਪੇਗੀ। ‘ਕਹਾਣੀ ਪੰਜਾਬ‘ ਵਿਚ ਤੁਹਾਡਾ ਲੇਖ ਹੋ ਗਿਆ। ਅੱਗੇ ਤੋਂ ਆਪਣੇ ਆਪ ਲੇਖ ਨਾ ਭੇਜਣਾ। ਮੋੜਦੇ ਹਾਂ ਤਾਂ ਸੁਆਦ ਨਹੀਂ ਰਹਿੰਦਾ। ਜਦੋਂ ਕਿਸੇ ਲੇਖ ਦੀ ਲੋੜ ਪਈ, ਮੈਂ ਆਪ ਤੁਹਾਨੂੰ ਲਿਖਾਂਗਾ।

ਤੁਹਾਡਾ,
ਅਣਖੀ
 

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346