ਸਿ਼ਵ ਕੁਮਾਰ ਬਟਾਲਵੀ
ਬਾਰੇ ਸ਼ਾਇਦ ਮੈਂ ਨਾ ਲਿਖਦਾ ਜੇ ਮੇਰੇ ਹੱਥੋਂ ਅਖ਼ਬਾਰ ਦਾ ਵਰਕਾ ਨਾ ਉਡਦਾ। ਅਖ਼ਬਾਰ ਦੇ
ਉਡੇ ਵਰਕੇ ਮਗਰ ਮੈਂ ਕਾਫ਼ੀ ਦੂਰ ਤਕ ਦੌੜਿਆ। ਜਦ ਨੇੜੇ ਪਹੁੰਚਦਾ ਤਾਂ ਤੇਜ਼ ਹਵਾ ਉਸ ਨੂੰ
ਹੋਰ ਦੂਰ ਉਡਾ ਦਿੰਦੀ। ਆਖ਼ਰ ਉਹ ਵਰਕਾ ਮੇਰੇ ਕਾਬੂ ਆ ਹੀ ਗਿਆ। ਕਾਬੂ ਕਰਾਉਣ ਵਿਚ ਇਕ
ਸੁੱਕੇ ਬੂਟੇ ਨੇ ਸਾਥ ਦਿੱਤਾ ਜਿਸ ਨੂੰ ਥ੍ਹੋਰ ਵੀ ਕਿਹਾ ਜਾ ਸਕਦੈ। ਮੌਕਾ ਮੇਲ ਐਸਾ ਸੀ ਕਿ
ਉਸੇ ਹਫ਼ਤੇ ਸਿ਼ਵ ਦੀ 40ਵੀਂ ਬਰਸੀ ਸੀ। ਬਰਸੀ ਕਰਕੇ ਹੀ ਅਖ਼ਬਾਰ ਵਿਚ ਉਹਦੇ ਬਾਰੇ ਲੇਖ
ਛਪਿਆ ਸੀ। ਤੁਰੇ ਜਾਂਦਿਆਂ ਜਦ ਮੈਂ ਉਹ ਲੇਖ ਪੜ੍ਹਨ ਲੱਗਾ ਸਾਂ ਤਾਂ ਕਾਹਲੀ ਹਵਾ ਦੇ ਬੁੱਲੇ
ਨਾਲ ਉਹੋ ਵਰਕਾ ਹੀ ਅਖ਼ਬਾਰ ‘ਚੋਂ ਉਡ ਗਿਆ ਸੀ। ਮੈਂ ਉਸ ਨੂੰ ਫੜਨ ਲਈ ਨੱਠਦਾ ਰਿਹਾ ਸਾਂ ਪਰ
ਉਹ ਅੱਗੇ ਹੀ ਅੱਗੇ ਉਡਦਾ ਜਾਂਦਾ ਸੀ। ਮੈਨੂੰ ਇਓਂ ਲੱਗਾ ਜਿਵੇਂ ਸਿ਼ਵ ਹੀ ਮੇਰੇ ਅੱਗੇ
ਭੱਜਿਆ ਜਾ ਰਿਹਾ ਹੋਵੇ! ਆਖ਼ਰ ਉਹ ਵਰਕਾ ਇਕ ਥ੍ਹੋਰ ਵਰਗੇ ਬੂਟੇ ਨਾਲ ਜਾ ਰੁਕਿਆ ਜਿਥੇ ਹਵਾ
ਦਾ ਜ਼ੋਰ ਨਹੀਂ ਸੀ ਚੱਲਿਆ।
ਮੈਂ ਹੁਣ 74ਵੇਂ ਸਾਲ ‘ਚ ਹਾਂ। ਜੇ ਸਿ਼ਵ ਕੁਮਾਰ ਜਿਊਂਦਾ ਰਹਿੰਦਾ ਤਾਂ 78ਵੇਂ ਸਾਲ ‘ਚ
ਹੋਣਾ ਸੀ। 78 ਸਾਲ ਦੀ ਉਮਰ ਕੋਈ ਬਹੁਤੀ ਨਹੀਂ ਹੁੰਦੀ। ਜਸਵੰਤ ਸਿੰਘ ਕੰਵਲ 95 ਸਾਲ ਦੀ ਉਮਰ
ਵਿਚ ਵੀ ਚੰਗਾ ਭਲਾ ਹੈ। ਖੁਸ਼ਵੰਤ ਸਿੰਘ 99 ਸਾਲ ਜੀ ਗਿਐ। ਸੇਖੋਂ, ਸਤਿਆਰਥੀ, ਦੁੱਗਲ,
ਅੰਮ੍ਰਿਤਾ ਤੇ ਗਾਰਗੀ ਵਰਗੇ ਹੋਰ ਕਈ ਸਾਹਿਤਕਾਰ ਅੱਸੀਆਂ ਨੱਬਿਆਂ ਸਾਲਾਂ ਤੋਂ ਵੱਧ ਜੀਵੇ।
ਉਡਿਆ ਵਰਕਾ ਮੁੜ ਪੜ੍ਹਦਿਆਂ ਮੈਂ ਸਿ਼ਵ ਕੁਮਾਰ ਬਟਾਲਵੀ ਦੀਆਂ ਯਾਦਾਂ ਵਿਚ ਖੋ ਗਿਆ। ਜਿਵੇਂ
ਮੈਂ ਪ੍ਰੋਫੈਸਰੀ/ਪ੍ਰਿੰਸੀਪਲੀ ਕਰਦਾ ਰਿਟਾਇਰ ਹੋਣ ਪਿੱਛੋਂ ਆਪਣੇ ਪੁੱਤਰ ਪਾਸ ਕੈਨੇਡਾ ਪੁੱਜ
ਗਿਆ ਹਾਂ ਉਵੇਂ ਸੰਭਵ ਸੀ ਸ਼ਾਇਰੀ ਕਰਦਾ ਸਿ਼ਵ ਕੁਮਾਰ ਵੀ ਆਪਣੀ ਧੀ ਪੂਜਾ ਕੋਲ ਅਮਰੀਕਾ
ਪੁੱਜ ਜਾਂਦਾ। ਫਿਰ ਉਹ ਵੀ ਮੇਰੇ ਵਾਂਗ ਸਵੇਰੇ ਸੈਰ ਕਰਦਾ ਪੰਜਾਬੀ ਅਖ਼ਬਾਰ ਚੁੱਕ ਲਿਆਉਂਦਾ।
ਉਹ ਵੀ ਤੁਰਿਆ ਜਾਂਦਾ ਅਖ਼ਬਾਰ ‘ਤੇ ਨਜ਼ਰ ਮਾਰਦਾ। ਤੇਜ਼ ਵਗਦੀ ਹਵਾ ‘ਚ ਉਹਦੇ ਹੱਥੋਂ ਵੀ
ਮੇਰੇ ਵਾਂਗ ਅਖ਼ਬਾਰ ਦਾ ਵਰਕਾ ਉਡ ਜਾਂਦਾ ਤੇ ਉਹ ਉਹਨੂੰ ਫੜਨ ਲਈ ਨੱਠਦਾ...।
ਸਿ਼ਵ ਬਾਰੇ ਸੋਚਦਾ ਮੈਂ 55 ਸਾਲ ਪਿੱਛੇ ਪਰਤ ਗਿਆ। ਫਰਵਰੀ 1959 ਦੇ ਦਿਨ ਸਨ। ਮੈਂ ਐੱਮ ਆਰ
ਕਾਲਜ ਫਾਜਿ਼ਲਕਾ ਦਾ ਵਿਦਿਆਰਥੀ ਸਾਂ। ਅਸੀਂ ਪੰਜਾਬੀ ਸਾਹਿਤ ਸਭਾ ਬਣਾਈ ਸੀ ਤੇ ਸਭਾ ਵੱਲੋਂ
ਕਵੀ ਦਰਬਾਰ ਕਰਵਾਇਆ ਸੀ। ਕਵੀ ਦਰਬਾਰ ਲਈ ਸੱਦੇ ਕਵੀਆਂ ਵਿਚ ਸਿ਼ਵ ਕੁਮਾਰ ਬਟਾਲਵੀ ਵੀ ਸੀ।
ਉਹ ਮੈਥੋਂ ਚਾਰ ਸਾਲ ਵੱਡਾ ਸੀ ਜਿਸ ਕਰਕੇ ਕਾਲਜੀਏਟ ਹੀ ਲੱਗ ਰਿਹਾ ਸੀ। ਉਸ ਨੇ ਖੁੱਲ੍ਹੀ
ਮੂਹਰੀ ਦਾ ਚਿੱਟਾ ਪਜਾਮਾ ਤੇ ਚਿੱਟਾ ਹੀ ਕੁੜਤਾ ਪਹਿਨਿਆ ਹੋਇਆ ਸੀ। ਮੋਢੇ ‘ਤੇ ਲੋਈ ਤੇ
ਪੈਰੀਂ ਚਪਲਾਂ ਪਾਈਆਂ ਹੋਈਆਂ ਸਨ। ਰੰਗ ਗੋਰਾ ਨਿਛੋਹ ਤੇ ਵਾਲ ਘੁੰਗਰਾਲੇ ਸਨ। ਅੱਖਾਂ
ਮੋਟੀਆਂ, ਸਿਹਲੀਆਂ ਸੰਘਣੀਆਂ, ਨੱਕ ਤਿੱਖਾ ਤੇ ਬੁੱਲ੍ਹ ਪਤਲੇ ਸਨ। ਸੁਣਿਆਂ ਸੀ ਕਿ ਉਹ ਕਿਤੇ
ਪਟਵਾਰੀ ਲੱਗਾ ਹੋਇਆ ਸੀ ਪਰ ਪਟਵਾਰੀਆਂ ਵਾਲਾ ਤਾਂ ਉਹਦੇ ‘ਚੋਂ ਕੁਝ ਵੀ ਨਹੀਂ ਸੀ ਦਿਸਦਾ।
ਨਾ ਵੱਡਾ ਢਿੱਡ ਸੀ, ਨਾ ਵੱਡਾ ਝੋਲਾ ਤੇ ਨਾ ਗੁੱਝੀਆਂ ਜੇਬਾਂ। ਉਥੇ ਦੋਵੇਂ ਰਾਮਪੁਰੀ ਕਵੀ
ਸਨ, ਸੰਤੋਖ ਸਿੰਘ ਧੀਰ ਸੀ, ਬਰਕਤ ਰਾਮ ਯੁਮਨ ਤੇ ਗੁਰਦਾਸ ਰਾਮ ਆਲਮ ਸਨ। ਹੋਰ ਵੀ ਕਵੀ ਸਨ
ਜਿਨ੍ਹਾਂ ਨਾਲ ਸਟੇਜ ਭਰੀ ਪਈ ਸੀ। ਜਸਵੰਤ ਸਿੰਘ ਕੰਵਲ ਪ੍ਰਧਾਨਗੀ ਕਰ ਰਿਹਾ ਸੀ।
ਸਿ਼ਵ ਕੁਮਾਰ ਦੀ ਵਾਰੀ ਆਈ ਤਾਂ ਉਸ ਨੇ ਅੱਖਾਂ ਮੁੰਦ ਕੇ ਇਕ ਹੱਥ ਕੰਨ ‘ਤੇ ਧਰਿਆ, ਦੂਜਾ
ਉਪਰ ਉਠਾਇਆ ਤੇ ਮਾਈਕ ਤੋਂ ਦਰਦ ਭਰੀ ਹੂਕ ਵਿਚ ਕਵਿਤਾ ਸੁਣਾਈ-ਮੈਂ ਕੰਡਿਆਲੀ ਥੋਰ੍ਹ ਵੇ
ਸੱਜਣਾਂ ਉੱਗੀ ਵਿਚ ਉਜਾੜਾਂ...। ਉਸ ਨੇ ਗੀਤ ਵੀ ਗਾਏ-ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ
ਵਿਚੋਂ ਬਿਰਹੋਂ ਦੀ ਰੜਕ ਪਵੇ...। ਮਾਏ ਨੀ ਮਾਏ ਮੈਂ ਇਕ ਸਿ਼ਕਰਾ ਯਾਰ ਬਣਾਇਆ, ਇਕ ਉਡਾਰੀ
ਐਸੀ ਮਾਰੀ ਉਹ ਮੁੜ ਵਤਨੀ ਨਾ ਆਇਆ...।
ਉਸ ਦੀਆਂ ਦਿਲ ‘ਚ ਲਹਿ ਜਾਣ ਵਾਲੀਆਂ ਹੂਕਾਂ ਨੇ ਸਰੋਤਿਆਂ ‘ਤੇ ਟੂਣਾ ਕਰ ਦਿੱਤਾ ਤੇ ਪੰਡਾਲ
ਵਿਚ ਸੱਨਾਟਾ ਛਾ ਗਿਆ। ਵਾਰ ਵਾਰ ਉਹਦੀ ਸ਼ਾਇਰੀ ਦੀ ਮੰਗ ਹੋਣ ਲੱਗੀ। ਅਸੀਂ ਕਾਲਜੀਏਟ ਮੁੰਡੇ
ਸਿ਼ਵ ਦੀ ਸ਼ਾਇਰੀ ‘ਤੇ ਪੱਟੇ ਗਏ ਤੇ ਉਹਦੀ ਜਿੰਨੀ ਵੀ ਸੇਵਾ ਹੋ ਸਕਦੀ ਸੀ ਕੀਤੀ। ਉਹਦੇ
ਸੁਹੱਪਣ ਦਾ, ਸ਼ਾਇਰੀ ਦਾ ਤੇ ਉਹਦੀ ਸੁਰੀਲੀ/ਦਰਦੀਲੀ ਗਾਇਕੀ ਦਾ ਬਿੰਬ ਹਾਲੇ ਵੀ ਮੇਰੇ ਦਿਲੋ
ਦਿਮਾਗ਼ ਵਿਚ ਤਾਜ਼ਾ ਹੈ। ਮੈਨੂੰ ਉਹ ਫਿਲਮਾਂ ਵਾਲੇ ਦੇਵਦਾਸ ਵਰਗਾ ਦਿਸਿਆ ਸੀ। ਜਦੋਂ ਉਹਦੀ
ਕਿਤਾਬ ‘ਕੰਡਿਆਲੀ ਥ੍ਹੋਰ’ ਛਪੀ ਤਾਂ ਉਹ ਫਾਜਿ਼ਲਕਾ ਵਿਚ ਨਾ ਮਿਲੀ ਜਿਸ ਕਰਕੇ ਕਿਤਾਬ ਲੈਣ
ਮੈਂ ਉਚੇਚਾ ਜਲੰਧਰ ਗਿਆ। ਐਨੀ ਖਿੱਚ ਸੀ ਉਹਦੀ ਕਵਿਤਾ ਦੀ! ਜਿਸ ਰਸਾਲੇ ਵਿਚ ਉਹਦੀਆਂ
ਕਵਿਤਾਵਾਂ ਛਪਦੀਆਂ ਮੈਂ ਸਾਂਭ ਸਾਂਭ ਰੱਖਦਾ। ਉਸ ਦੀ ਸ਼ਾਇਰੀ ਨੇ ‘ਕੱਲੀਆਂ ਕੁੜੀਆਂ ਹੀ
ਨਹੀਂ ਸਨ ਪੱਟੀਆਂ ਮੇਰੇ ਵਰਗੇ ਅਨੇਕਾਂ ਕਾਲਜੀਏਟ ਮੁੰਡੇ ਵੀ ਪੱਟੇ ਸਨ।
1965 ਵਿਚ ਜਦੋਂ ਮੈਂ ਦਿੱਲੀ ਦੇ ਖ਼ਾਲਸਾ ਕਾਲਜ ਵਿਚ ਲੈਕਚਰਾਰ ਲੱਗਾ ਤਾਂ ਉਥੇ ਵੀ ਅਸੀਂ
ਕਵੀ ਦਰਬਾਰ ਕਰਵਾਇਆ ਜਿਸ ਵਿਚ ਸਿ਼ਵ ਕੁਮਾਰ ਬਟਾਲਵੀ ਨੂੰ ਸੱਦਿਆ। ਤਦ ਤਕ ਉਹ ਕਵੀ ਦਰਬਾਰਾਂ
ਦਾ ਹੀਰੋ ਬਣ ਚੁੱਕਾ ਸੀ। ਉਹਦੀ ਥਾਓਂ ਥਾਈਂ ਮੰਗ ਸੀ। ਕੁੜੀਆਂ ਆਟੋਗਰਾਫ ਲੈਣ ਲਈ ਉਹਦੇ
ਮੋਢਿਆਂ ਉਤੋਂ ਦੀ ਉਲਰਦੀਆਂ। ਉਹਦੇ ਕੀਤੇ ਦਸਖ਼ਤ ਚੁੰਮਦੀਆਂ ਤੇ ਹਿੱਕ ਨਾਲ ਲਾਉਂਦੀਆਂ।
ਦਿੱਲੀ ਉਹ ਕੁੜਤੇ ਪਜਾਮੇ ਵਿਚ ਨਹੀਂ ਸਗੋਂ ਹਲਕੇ ਨਸਵਾਰੀ ਸੂਟ ਵਿਚ ਸੀ। ਪੈਰੀਂ ਮਹਿੰਗੇ
ਬੂਟ ਸਨ। ਐਕਟਰਾਂ ਵਾਂਗ ਸਜਿਆ ਹੋਇਆ ਸੀ। ਸਟੇਜ ਭਾਵੇਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ
ਕਾਲਜ ਦੀ ਸੀ ਪਰ ਸਿ਼ਵ ਸਿਗਰਟ ਤੇ ਸ਼ਰਾਬ ਪੀਣੋਂ ਨਾ ਰਹਿ ਸਕਿਆ। ਪੀਤੀ ਭਾਵੇਂ ਪਰਦੇ ਨਾਲ
ਹੀ ਪਰ ਲੁਕੀ ਨਾ ਰਹੀ। ਦਿੱਲੀ ਉਹ ਅੰਮ੍ਰਿਤਾ ਪ੍ਰੀਤਮ ਦਾ ਮਹਿਮਾਨ ਸੀ। ਉਹਦੇ ਲਈ ਹਰ ਘਰ ਦੇ
ਬੂਹੇ ਖੁੱਲ੍ਹੇ ਸਨ। ਉਹਦੀ ਉਦੋਂ ਉਹ ਗੱਲ ਸੀ-ਰਾਤਾਂ ਛੋਟੀਆਂ ਤੇ ਯਾਰ ਬਥੇਰੇ, ਕੀਹਦਾ
ਕੀਹਦਾ ਮਾਣ ਰੱਖਲਾਂ...।
ਤੁਰਦੇ ਤੁਰਦੇ ਮੈਨੂੰ ਯਾਦ ਆਇਆ ਕਿ ਸਿ਼ਵ ਕੁਮਾਰ ਜਦੋਂ ਸਿਖਰ ‘ਤੇ ਸੀ, ਉਹਦੇ ਆਲੋਚਕਾਂ
ਵੱਲੋਂ ਉਹਦੀ ਬਦਖੋਹੀ ਵੀ ਹੋਣ ਲੱਗ ਪਈ ਸੀ। ਉਹਦੇ ਗੀਤਾਂ ਦੀਆਂ ਪੈਰੋਡੀਆਂ ਚੱਲ ਪਈਆਂ ਸਨ
ਜਿਨ੍ਹਾਂ ਵਿਚ ਉਹਦਾ ਮਜ਼ਾਕ ਉਡਾਇਆ ਜਾਂਦਾ। ਕਿਹਾ ਜਾਂਦਾ ਕਿ ਉਸ ਦੀ ਸ਼ਾਇਰੀ ਵਿਚ ਰੋਣ ਧੋਣ
ਤੋਂ ਸਿਵਾ ਹੋਰ ਹੈ ਵੀ ਕੀ? ਅਗਾਂਹਵਧੂ ਆਲੋਚਕ ਸੁਆਲ ਕਰਦੇ ਕਿ ਉਹ ਸੰਦੇਸ਼ ਕੀ ਦਿੰਦੈ? ਹਾਏ
ਬੂ ਦੀਆਂ ਦੁਹਾਈਆਂ ਤੋਂ ਬਿਨਾਂ ਕੀ ਹੈ ਉਹਦੀ ਕਵਿਤਾ ਵਿਚ? ਮੈਨੂੰ ਯਾਦ ਹੈ ਐੱਮ. ਏ. ‘ਚ
ਪ੍ਰੋ. ਜੋਗਿੰਦਰ ਸਿੰਘ ਸੋਢੀ ਸਾਨੂੰ ਆਧੁਨਿਕ ਕਵਿਤਾ ਦਾ ਪੇਪਰ ਪੜ੍ਹਾਉਂਦੇ ਸਨ। ਉਨ੍ਹਾਂ ਦੀ
ਪਤਨੀ ਸੁਰਿੰਦਰ ਕੌਰ ਬੇਸ਼ੱਕ ਸਿ਼ਵ ਕੁਮਾਰ ਦੇ ਗੀਤ ਗਾਉਂਦੀ ਸੀ ਪਰ ਉਹ ਆਪ ਸਿ਼ਵ ਦੇ ਗੀਤਾਂ
ਦੀ ਖੱਲ ਲਾਹੁੰਦੇ ਰਹਿੰਦੇ ਸਨ। ਕਹਿੰਦੇ ਸਨ, “ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚੋਂ
ਬਿਰਹੋਂ ਦੀ ਰੜਕ ਪਵੇ ਵੀ ਕੋਈ ਗੱਲ ਐ? ਨਿਰੀਆਂ ਝੱਲ ਵਲੱਲੀਆਂ ਨੇ। ਵੈਣ ਨੇ, ਕੀਰਨੇ ਨੇ!”
ਇਸ ਦੇ ਬਾਵਜੂਦ ਸਿ਼ਵ ਹੋਰ ਮਸ਼ਹੂਰੀ ਫੜਦਾ ਗਿਆ। ਉਹ ਸਭ ਤੋਂ ਛੋਟੀ ਉਮਰ ਦਾ ਪੰਜਾਬੀ ਕਵੀ
ਸੀ ਜਿਸ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਅਵਾਰਡ ਮਿਲਿਆ। ਉਸ ਦੇ ਮਹਾਂ ਕਾਵਿ ‘ਲੂਣਾ’ ਨੂੰ
ਬੇਹੱਦ ਵਡਿਆਇਆ ਗਿਆ। ਸਿ਼ਵ ਕੁਮਾਰ ਬਾਰੇ ਲਿਖਿਆ ਵੀ ਬਹੁਤ ਗਿਆ ਤੇ ਪੜ੍ਹਿਆ ਵੀ ਬਹੁਤ।
ਪਰਸੰਸਾ ਵੀ ਹੋਈ ਤੇ ਨਿੰਦਿਆ ਵੀ। ਯਾਰੀਆਂ ਲੱਗੀਆਂ ਵੀ ਤੇ ਟੁੱਟੀਆਂ ਵੀ। ਉਸ ਨੂੰ ਸੁਣਿਆਂ
ਵੀ ਬਹੁਤ ਲੋਕਾਂ ਨੇ। ਪੈਸੇ ਬਣਾਏ ਵੀ ਬਹੁਤ ਤੇ ਉਜਾੜੇ ਵੀ ਰੱਜ ਕੇ। ਮੈਂ ਨਾ ਆਲੋਚਕ ਹਾਂ
ਤੇ ਨਾ ਉਸ ਦੀ ਕਵਿਤਾ ਦੀ ਚੀਰ ਫਾੜ ਕਰਨੀ ਚਾਹੁੰਨਾਂ। ਪਰ ਇਕ ਜ਼ਰੂਰ ਕਹਿਣੀ ਚਾਹੁੰਨਾਂ ਕਿ
ਜਦੋਂ ਸਿ਼ਵ ਬਿਰਹਾ/ਵਿਛੋੜੇ ਦੀਆਂ ਵਿਲਕਣੀਆਂ ਤੇ ਜੋਬਨ ਰੁੱਤੇ ਮਰ ਜਾਣ ਦੇ ਗੀਤ ਗਾ ਰਿਹਾ
ਸੀ ਉਦੋਂ ਸੰਤ ਰਾਮ ਉਦਾਸੀ ਉਸ ਤੋਂ ਵੀ ਉੱਚੀ ਹੇਕ ਵਿਚ ਇਨਕਲਾਬੀ ਕੂਕਾਂ ਮਾਰ ਰਿਹਾ ਸੀ-ਉੱਠ
ਕਿਰਤੀਆ ਉੱਠ ਵੇ ਉੱਠਣ ਦਾ ਵੇਲ਼ਾ, ਜੜ੍ਹ ਵੈਰੀ ਪੁੱਟ ਵੇ ਪੁੱਟਣ ਦਾ ਵੇਲ਼ਾ...। ਅਸੀਂ
ਤੋੜੀਆਂ ਗ਼ੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ
ਉਹ ਗਹਿਣੇ ਸਾਡਾ ਦੇਸ਼ ਨਾ ਧਰੇ...। ਮਾਂ ਧਰਤੀਏ ਤੇਰੀ ਗੋਦ ਨੂੰ ਚੰਦ ਹੋਰ ਬਥੇਰੇ, ਮਘਦਾ
ਰਹੀਂ ਤੂੰ ਸੂਰਜਾ ਕੰਮੀਆਂ ਦੇ ਵਿਹੜੇ...।
ਦੋਹਾਂ ਕਵੀਆਂ ਦੇ ਸਰੋਤਿਆਂ ਦੀ ਗਿਣਤੀ ਅਣਗਿਣਤ ਸੀ। ਦੋਹਾਂ ਦੀ ਸ਼ਾਇਰੀ ਐਸੀ ਸੀ ਜੋ
ਉਨ੍ਹਾਂ ਦੇ ਮੂੰਹੋਂ ਹੀ ਫਬਦੀ ਸੀ। ਉਨ੍ਹਾਂ ਦੇ ਨਾਂ ਨਾਲ ਕਵੀ ਦਰਬਾਰਾਂ ਦੇ ਪੰਡਾਲ ਭਰ
ਜਾਂਦੇ। ਸਿ਼ਵ ਦੀਆਂ ਦਰਦੀਲੀਆਂ ਹੂਕਾਂ ਤੇ ਉਦਾਸੀ ਦੀਆਂ ਲਲਕਾਰਵੀਆਂ ਹੇਕਾਂ ਸਮਾਂ ਬੰਨ੍ਹ
ਦਿੰਦੀਆਂ। ਇਕ ਦੀ ਸ਼ਾਇਰੀ ਨਾਲ ਸਰੋਤਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਤੇ ਦੂਜੇ ਦੇ
ਲਲਕਾਰਵੇਂ ਬੋਲਾਂ ਨਾਲ ਬੰਦ ਹੋਈਆਂ ਅੱਖਾਂ ‘ਚ ਅੱਗ ਦਗਣ ਲੱਗਦੀ। ਹੁਣ ਉਨ੍ਹਾਂ ਦੀਆਂ
ਕਿਤਾਬਾਂ ‘ਚੋਂ ਉਨ੍ਹਾਂ ਦੀ ਰਚਨਾ ਪੜ੍ਹਨ ਨਾਲ ਉਹ ਗੱਲ ਨਹੀਂ ਬਣਦੀ। ਕੈਸੀ ਵਿਡੰਬਣਾ ਹੈ ਕਿ
ਚੜ੍ਹਦੀ ਉਮਰ ਦੇ ਉਨ੍ਹਾਂ ਦੋਹਾਂ ਹੋਣਹਾਰ ਕਵੀਆਂ ਨੂੰ ਅੱਗੇ ਪਿੱਛੇ ਸ਼ਰਾਬ ਨੇ ਪੀ ਲਿਆ।
ਹੁਣ ਉਨ੍ਹਾਂ ਦੀਆਂ ਯਾਦਾਂ ਹੀ ਬਾਕੀ ਹਨ ਜੋ ਬਰਸੀਆਂ ਮੌਕੇ ਯਾਦ ਆਉਂਦੀਆਂ ਹਨ।
ਬਲਵੰਤ ਗਾਰਗੀ ਸਿ਼ਵ ਬਟਾਲਵੀ ਨੂੰ ‘ਕੌਡੀਆਂ ਵਾਲਾ ਸੱਪ’ ਕਹਿੰਦਾ ਸੀ। ਉਸ ਨੇ ਲਿਖਿਆ ਹੈ,
“ਸਿ਼ਵ ਬਟਾਲਵੀ ਨਾਲ ਮੇਰਾ ਠੇਕਾ ਸੀ। ਜਦੋਂ ਮੈ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿਚ
ਜਾਂਦਾ ਤਾਂ ਉਸ ਨੂੰ ਨਾਲ ਚੱਲਣ ਲਈ ਆਖਦਾ। ਰਸਤੇ ਵਿਚ ਬੀਅਰ ਦੀਆਂ ਦੋ ਬੋਤਲਾਂ, ਭੁੰਨਿਆ
ਹੋਇਆ ਮੁਰਗਾ ਤੇ ਤੀਹ ਰੁਪਏ ਨਕਦ...। ਉਂਜ ਸਿ਼ਵ ਨੂੰ ਨਾ ਸ਼ਰਾਬ ਪਿਆਉਣ ਵਾਲਿਆਂ ਦਾ ਘਾਟਾ
ਸੀ, ਨਾ ਮੁਰਗਾ ਖੁਆਉਣ ਵਾਲਿਆਂ ਦਾ। ਦਰਅਸਲ ਉਹਦੇ ਬਾਰੇ ਇਹ ਗੱਲ ਵੀ ਗ਼ਲਤ ਧੁੰਮੀ ਹੋਈ ਸੀ
ਕਿ ਲੋਕ ਉਸ ਨੂੰ ਸ਼ਰਾਬ ਪਿਆਉਂਦੇ ਸਨ। ਉਸ ਕੋਲ ਜੇਬ ਵਿਚ ਜੇ ਇਕ ਹਜ਼ਾਰ ਹੁੰਦਾ ਤਾਂ ਉਹ
ਦਿਨਾਂ ਵਿਚ ਹੀ ਦੋਸਤਾਂ ਨੂੰ ਸ਼ਰਾਬ ਪਿਆਉਣ ਤੇ ਖੁਆਣ ਉਤੇ ਖਰਚ ਦੇਂਦਾ। ਉਹ ਸ਼ਾਹੀ ਬੰਦਾ
ਸੀ ਤੇ ਸ਼ਾਹੀ ਫ਼ਕੀਰ। ਉਸ ਵਿਚ ਆਪਣੇ ਆਪ ਨੂੰ ਉਜਾੜਨ ਦੀ ਬਹੁਤ ਸ਼ਕਤੀ ਸੀ।”
ਗਾਰਗੀ ਦੇ ਸ਼ਬਦਾਂ ਵਿਚ ਹੀ, “...ਸਟੇਜ ਦੇ ਪਿਛਾੜੀ ਸ਼ਰਾਬ ਦੀ ਛਬੀਲ ਲੱਗੀ ਹੋਈ ਸੀ। ਸਿ਼ਵ
ਨੂੰ ਤੇ ਮੈਨੂੰ ਦੇਖਣ ਸਾਰ ਦੋ-ਤਿੰਨ ਕਰਮਚਾਰੀ ਅੱਗੇ ਵਧੇ, ਸੁਆਗਤੀ ਜੱਫੀਆਂ ਪਾਈਆਂ ਤੇ
ਵਿਸਕੀ ਦੇ ਗਲਾਸ ਪੇਸ਼ ਕੀਤੇ। ਸਿ਼ਵ ਨੇ ਪੰਜ-ਸੱਤ ਘੁੱਟਾਂ ਵਿਚ ਗਲਾਸ ਖਾਲੀ ਕੀਤਾ...।
ਸਿ਼ਵ ਕਵੀ ਦਰਬਾਰ ‘ਚ ਪੁੱਜਾ ਤਾਂ ਸਾਰੇ ਹਾਲ ਵਿਚ ਲੂਹਰੀ ਦੌੜ ਗਈ। ਅੱਖਾਂ ਬੰਦ ਕਰ ਕੇ ਤੇ
ਬਾਂਹ ਉਲਾਰ ਕੇ ਉਹ ਮਾਈਕ੍ਰੋਫੋਨ ਸਾਹਮਣੇ ਗੁਣ-ਗਣਾਇਆ। ਨਸ਼ੀਲੇ ਧੀਮੇ ਸੁਰ ਲਰਜ਼ੇ ਤੇ
ਲੋਕਾਂ ਦੇ ਦਿਲਾਂ ਦੀਆਂ ਤਰਬਾਂ ਨੂੰ ਕਿਸੇ ਨੇ ਮਿਜ਼ਰਾਬ ਨਾਲ ਛੇੜਿਆ। ਯਕਦਮ ਉਸ ਦੀ ਆਵਾਜ਼
ਟੀਪ ਦੇ ਸੁਰਾਂ ਉਤੇ ਗੂੰਜੀ...। ਹਾਲ ਵਿਚ ਸੱਨਾਟਾ ਸੀ। ਕਿਸੇ-ਕਿਸੇ ਵੇਲੇ ਹਲਕੀ ਜਿਹੀ
‘ਆਹ’ ਨਿਕਲਦੀ। ਫਿਰ ਟੂਣੇਹਾਰੀ ਮੁਗਧਤਾ। ਨਜ਼ਮ ਖ਼ਤਮ ਹੋਈ ਤਾਂ ਕੁੜੀਆਂ ਨੇ ਹਾਕਾਂ ਮਾਰੀਆਂ
‘ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ।’ ਸਿ਼ਵ ਮੁਸਕਰਾਇਆ ਤੇ ਨਵਾਂ ਮੂਡ ਤਾਰੀ ਕਰਨ ਲਈ ਫਿਰ
ਗੁਣ-ਗੁਣਾਇਆ। ਜਦੋਂ ਉਸ ਨੇ ਉੱਚੀ ਹੇਕ ਲਾ ਕੇ ਗਾਇਆ:
ਤਕਦੀਰ ਤਾਂ ਸਾਡੀ ਸੌਂਕਣ ਸੀ, ਤਦਬੀਰਾਂ ਸਾਥੋਂ ਨਾ ਹੋਈਆਂ,
ਨਾ ਝੰਗ ਛੁੱਟਿਆ ਨਾ ਕੰਨ ਪਾਟੇ, ਝੁੰਡ ਲੰਘ ਗਿਆ ਇੰਜ ਹੀਰਾਂ ਦਾ,
ਕੀ ਪੁਛਦੇ ਓ ਹਾਲ ਫ਼ਕੀਰਾਂ ਦਾ...।
ਹਾਲ ਵਿਚ ਬੈਠੇ ਲੋਕ ਤੜਪ ਉੱਠੇ। ਕਾਲਜ ਦੀਆਂ ਕੁੜੀਆਂ ਦੇ ਸੀਨੇ ਵਿਚ ਹੂਕ ਉੱਠੀ। ਉਹ ਹੀਰਾਂ
ਦਾ ਹੀ ਰੂਪ ਸਨ। ਜਵਾਨਾਂ ਦੇ ਸੀਨੇ ਵਿਚ ਸੱਪਾਂ ਨੇ ਡੰਗ ਮਾਰੇ ਕਿਉਂਕਿ ਉਹ ਸਾਰੇ ਅਜਿਹੇ
ਰਾਂਝੇ ਸਨ ਜੋ ਕੰਨ ਨਹੀਂ ਸਨ ਪੜਵਾ ਸਕੇ।”
ਸਿ਼ਵ ਬਾਹਰ ਨਿਕਲਿਆ। ਉਸ ਨੇ ਇਕ ਕਰਮਚਾਰੀ ਨੂੰ ਆਖਿਆ, “ਕੁੱਤਿਓ, ਵਿਸਕੀ ਸਿਰਫ਼ ਆਉਣ
ਲੱਗਿਆਂ ਹੀ ਪਿਆਉਣੀ ਸੀ? ਗਲਾਸ ਲਿਆਓ।”
“ਨਵੇਂ ਸ਼ਾਇਰ, ਮਸ-ਫੁਟੇ ਸ਼ਾਇਰ, ਇਨਕਲਾਬੀ ਸ਼ਾਇਰ, ਪ੍ਰਯੋਗਵਾਦੀ ਸ਼ਾਇਰ ਉਸ ਦੇ ਖਿ਼ਲਾਫ਼
ਬੋਲਦੇ। ਉਸ ਨੂੰ ਸਮਾਜੀ ਚੇਤਨਾ ਤੋਂ ਵਾਂਝਾ ਆਖਦੇ। ਭਲਾ ਅਜਿਹੀ ਕਵਿਤਾ ਦਾ ਕੀ ਮਤਲਬ ਜਦੋਂ
ਕਿ ਮੁਲਕ ਵਿਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੁੱਖ ਹੈ ਤੇ ਸਿ਼ਵ, ਚੰਦ ਸੂਰਜ ਤੇ ‘ਕੱਚੀ
ਕੰਧ ਮਲੇ ਦੰਦਾਸਾ’ ਦੀਆਂ ਗੱਲਾਂ ਕਰਦਾ ਹੈ। ਉਹ ਸਮਾਜ ਤੋਂ ਕਟ ਗਿਆ ਹੈ।”
“ਪਰ ਸਿ਼ਵ ਸ਼ੋਹਲੇ ਵਾਂਗ ਮਚਦਾ ਰਿਹਾ ਤੇ ਰੌਸ਼ਨੀ ਸੁਟਦਾ ਰਿਹਾ। ਉਹ ਆਖਦਾ, ਸਾਰੀ
ਪ੍ਰਕਿਰਤੀ ਇਕ ਦੂਜੇ ਦੀ ਨਿੰਦਿਆ ਤੇ ਪ੍ਰਸੰ਼ਸਾ ਹੈ। ਸਾਡਾ ਜਨਮ ਹੀ ਨਿੰਦਿਆ ਤੇ ਪ੍ਰਸ਼ੰਸਾ
ਦੇ ਸੰਭੋਗ ਤੋਂ ਹੁੰਦਾ ਹੈ। ਆਪਣੀ ਪੀੜ ਦੀ ਨਿੰਦਿਆ ਮੈਂ ਆਪਣੇ ਗੀਤਾਂ ਨਾਲ ਕੀਤੀ। ਤੇ ਮੇਰੇ
ਗੀਤਾਂ ਦੀ ਨਿੰਦਿਆ ਲੋਕਾਂ ਨੇ ਕੀਤੀ। ਇਸ ਦਾ ਕਾਰਨ ਮੇਰੀ ਸ਼ੁਹਰਤ ਪ੍ਰਤੀ ਸਾੜੇ ਤੋਂ ਸਿਵਾ
ਕੁਝ ਨਹੀਂ। ਸਾੜਾ ਹਮੇਸ਼ਾ ਘਟੀਆ ਨੂੰ ਵਧੀਆ ਨਾਲ ਹੁੰਦਾ ਹੈ।”
ਫਿਰ ਅਖ਼ਬਾਰ ਦੇ ਉਸ ਉਡੇ ਵਰਕੇ ਵੱਲ ਹੀ ਪਰਤਦਾਂ ਜੋ ਇਸ ਲਿਖਤ ਦਾ ਸਬੱਬ ਬਣਿਆ। ਉਸ ਉਤੇ
ਬਲਬੀਰ ਸਿੰਘ ਮੋਮੀ ਦਾ ਲੇਖ ‘ਸਿ਼ਵ ਤੇ ਮੈਂ’ ਛਪਿਆ ਸੀ। ਉਸ ਨੇ ਲਿਖਿਆ ਕਿ ਸਿ਼ਵ 11 ਸਾਲ
ਦਾ ਸੀ ਜਦੋਂ ਪਾਕਿਸਤਾਨ ਬਣਿਆ। ਉਹ ਸਿਆਲਕੋਟ ਦੇ ਪਿੰਡ ਲੋਹਟੀਆਂ ਤੋਂ ਉੱਜੜ ਕੇ ਬਟਾਲੇ
ਆਇਆ। ਦਸ ਜਮਾਤਾਂ ਪੜ੍ਹ ਕੇ ਕਾਲਜ ਪੜ੍ਹਨ ਲੱਗਾ ਤਾਂ ਉਸ ਦੇ ਨਾਇਬ ਤਸੀਲਦਾਰ ਪਿਤਾ ਨੇ
ਕਾਲਜੋਂ ਹਟਾ ਕੇ ਪਟਵਾਰੀ ਬਣਾ ਦਿੱਤਾ। ਉਸ ਦਾ ਇਸ਼ਕ ਬੈਜਨਾਥ ਦੇ ਮੇਲੇ ‘ਤੇ ਮਿਲੀ ਕੁੜੀ
ਮੀਨਾ ਨਾਲ ਹੋਇਆ ਜੋ ਮਿਆਦੀ ਬੁਖ਼ਾਰ ਨਾਲ ਮਰ ਗਈ। ਉਹਦੀ ਯਾਦ ਵਿਚ ਕਵਿਤਾਵਾਂ ਲਿਖਦਾ ਉਹ
ਸ਼ਾਇਰ ਬਣ ਗਿਆ। ਇਕ ਹੋਰ ਕੁੜੀ ਨਾਲ ਇਸ਼ਕ ਹੋਇਆ ਤਾਂ ਉਹ ਇੰਗਲੈਂਡ ਉਡਾਰੀ ਮਾਰ ਗਈ ਜਿਸ
ਨੂੰ ਉਸ ਨੇ ਇਕ ਸਿ਼ਕਰਾ ਯਾਰ ਬਣਾਇਆ ਕਿਹਾ।
ਸਿ਼ਵ ਦਾ ਵਿਆਹ 5 ਫਰਵਰੀ 1967 ਨੂੰ ਅਰੁਣਾ ਨਾਲ ਹੋਇਆ ਸੀ ਜਿਸ ਦੀ ਕੁੱਖੋਂ ਧੀ ਪੂਜਾ ਤੇ
ਪੁੱਤਰ ਮਿਹਰਬਾਨ ਪੈਦਾ ਹੋਏ। ਅਰੁਣਾ ਲਾਇਬ੍ਰੇਰੀਅਨ ਦੀ ਨੌਕਰੀ ਤੋਂ ਰਿਟਾਇਰ ਹੋ ਚੁੱਕੀ ਹੈ,
ਮਿਹਰਬਾਨ ਲੈਕਚਰਾਰ ਹੈ, ਪੂਜਾ ਅਮਰੀਕਾ ਵਿਚ ਵਸਦੀ ਹੈ। ਸਿ਼ਵ ਦੀ ਯਾਦ ਵਿਚ ਬਟਾਲੇ
ਆਡੀਟੋਰੀਅਮ ਬਣਿਆ ਹੋਇਐ। ਉਸ ਦੀਆਂ ਕਿਤਾਬਾਂ ਅੱਜ ਵੀ ਵਿਕਦੀਆਂ ਜਿਵੇਂ ਵਾਰਸ ਦੀ ਹੀਰ
ਵਿਕਦੀ ਹੈ। ਵਾਰਸ ਸ਼ਾਹ ਤੋਂ ਬਾਅਦ ਪੰਜਾਬੀ ਵਿਚ ਸਿ਼ਵ ਸਭ ਤੋਂ ਵੱਧ ਮਕਬੂਲ ਹੋਇਆ। ਇਥੋਂ
ਤਕ ਕਿ ਵਧੀਆ ਕਵੀ ਪਾਸ਼ ਤੇ ਪਾਤਰ ਵੀ ਪਿੱਛੇ ਹਨ। ਸਿ਼ਵ ਸੋਗ ਤੇ ਬਿਰਹਾ ਦਾ ਚੈਂਪੀਅਨ ਸੀ।
ਉਹਦੀ ਕਵਿਤਾ ਵਿਚ ਕਫ਼ਨ, ਮੌਤ, ਗ਼ਮ, ਉਜਾੜ, ਮੋਏ ਮਿੱਤਰ, ਹਿਜਰ, ਹੰਝੂ, ਕਲੇਜਾ, ਅਰਥੀ,
ਕਬਰਾਂ ਤੇ ਸਿਵਿਆਂ ਵਰਗੇ ਸ਼ਬਦ ਵਾਰ ਵਾਰ ਆਉਂਦੇ ਸਨ।
ਗਾਰਗੀ ਨੇ ਲਿਖਿਆ, ਸ਼ਰਾਬ ਨਾਲ ਭੰਨੇ ਸਿ਼ਵ ਦੇ ਅੰਤਲੇ ਦਿਨ ਉਸ ਦੇ ਸਹੁਰੇ ਘਰ ਬੀਤੇ। ਉਸ
ਨੂੰ ਰਾਤ ਨੂੰ ਨੀਂਦ ਨਾ ਆਉਂਦੀ। ਕਈ ਵਾਰ ਉਹ ਮੌਤ ਨੂੰ ਹਾਕਾਂ ਮਾਰਦਾ ਤੇ ਰੋਂਦਾ, “ਮੈ
ਇਕੱਲਾ ਹਾਂ ਲੋਕੋ! ਮੈਂ ਇਕੱਲਾ ਰਹਿ ਗਿਆ। ਕਿਥੇ ਨੇ ਮੇਰੇ ਯਾਰ?” ਦੂਰ ਖੇਤਾਂ ਵਿਚ ਗਿੱਦੜ
ਰੋਂਦੇ ਤੇ ਭਾਂ-ਭਾਂ ਕਰਦੀ ਰਾਤ ਵਿਚ ਸਿ਼ਵ ਦੀਆਂ ਹਾਕਾਂ ਗੁਆਚ ਜਾਂਦੀਆਂ।
ਆਖ਼ਰ 6 ਮਈ 1973 ਦੀ ਰਾਤ ਨੂੰ ਸਿ਼ਵ ਦੀ ਕੂਕਦੀ ਰੂਹ ਸ਼ਾਂਤ ਹੋਈ।
-0-
|