(ਇਸ ਮਈ ਮਹੀਨੇ ਦੀ 23
ਤਰੀਕ ਨੂੰ ਪੂਰਾ ਸੌ ਸਾਲ ਹੋ ਜਾਣਾ ਹੈ ਜਦੋਂ ਕਾਮਾਗਾਟਾ ਮਾਰੂ ਜਹਾਜ਼ ਕਨੇਡਾ ਦੇ ਪਾਣੀਆਂ
ਵਿਚ ਆਣ ਪੁੱਜਾ ਸੀ। ਉਸ ਦੁਖਦਾਈ ਇਤਿਹਾਸ ਨੂੰ ਯਾਦ ਕਰ ਰਹੇ ਹਾਂ-ਸੰਪਾਦਕ)
ਅਸੀਂ ਪੜ੍ਹ ਆਏ ਹਾਂ ਕਿ ਕਨੇਡਾ ਦੇ ਗੋਰੇ ਲੋਕ ਤਾਂ ਹਿੰਦੀਆਂ ਖਿ਼ਲਾਫ਼ ਨਸਲੀ ਨਫ਼ਰਤ ਨਾਲ
ਸੜੇ-ਭੁੱਜੇ ਸਨ ਹੀ, ਕਨੇਡਾ ਸਰਕਾਰ ਵੀ ਹਿੰਦੀਆਂ ਦੀ ਦਿਨੋਂ ਦਿਨ ਹੁੰਦੀ ਤਰੱਕੀ ਵੇਖ ਕੇ
ਅਤੇ ਉਹਨਾਂ ਵਿਚ ਪੈਦਾ ਹੋਈ ਰਾਜਸੀ ਚੇਤਨਾ ਕਾਰਨ ਡਾਢੀ ਪਰੇਸ਼ਾਨ ਸੀ ਤੇ ਹਰ ਹਾਲਤ ਵਿਚ
ਭਾਰਤੀਆਂ ਦਾ ਕਨੇਡਾ ਵਿਚ ਦਾਖ਼ਲਾ ਬੰਦ ਕਰਨਾ ਚਾਹੁੰਦੀ ਸੀ। ਗਵਰਨਰ ਜਨਰਲ ਨੇ ਕਾਨੂੰਨ ਦੀ
ਦਫ਼ਾ 38 (ੳ) ਅਧੀਨ ਇਕ ਬਦਨਾਮ ਹੁਕਮ ਨੰ: 220 ਪਾਸ ਕਰ ਦਿੱਤਾ। 9 ਮਈ 1910 ਨੂੰ ਲਾਗੂ
ਹੋਏ ਇਸ ਕਾਨੂੰਨ ਅਨੁਸਾਰ ਕਨੇਡਾ ਸਰਕਾਰ ਨੇ ਕਨੇਡਾ ਆਉਣ ਵਾਲੇ ਹਰ ਉਸ ਬੰਦੇ ‘ਤੇ ਪਾਬੰਦੀ
ਲਾ ਦਿੱਤੀ ਜਿਹੜਾ ਆਪਣੇ ਮੁਲਕ ਤੋਂ ਸਿੱਧਾ ਜਹਾਜ਼ ‘ਤੇ ਚੜ੍ਹ ਕੇ ਨਾ ਆਇਆ ਹੋਵੇ ਤੇ ਜਿਸ
ਕੋਲ ਕਨੇਡਾ ਜਾਂ ਆਪਣੇ ਮੁਲਕ ਤੱੋਂ ਖ਼ਰੀਦੀ ਹੋਈ ਕਨੇਡਾ ਦੀ ਸਿੱਧੀ ਟਿਕਟ ਨਾ ਹੋਵੇ। ਇਹ
ਸ਼ਰਤਾਂ ਪੂਰੀਆਂ ਕਰਨ ਵਾਲਾ ਬੰਦਾ ਦੋ ਸੌ ਡਾਲਰ ਵਿਖਾ ਕੇ ਕਨੇਡਾ ਉੱਤਰ ਸਕਦਾ ਹੈ। ਇਸ ਹੁਕਮ
ਨਾਲ ਹਿੰਦੀਆਂ ਦਾ ਕਨੇਡਾ ਜਾਣਾ ਅਸੰਭਵ ਹੋ ਗਿਆ ਕਿਉਂਕਿ ਉਦੋਂ ਕੋਈ ਵੀ ਜਹਾਜ਼ੀ ਕੰਪਨੀ
ਹਿੰਦੁਸਤਾਨ ਤੋਂ ਕਨੇਡਾ ਨੂੰ ਸਿੱਧਾ ਜਹਾਜ਼ ਨਹੀਂ ਸੀ ਚਲਾਉਂਦੀ। 25 ਨਵੰਬਰ 1913 ਨੂੰ
ਕਨੇਡਾ ਪਹੁੰਚੇ 35 ਹਿੰਦੀਆਂ ਨੂੰ ਰੋਕਣ ‘ਤੇ ਲੜੇ ਕੇਸ ਵਿਚ ਕਨੇਡਾ ਦੇ ਚੀਫ਼ ਜਸਟਿਸ ਨੇ ਇਹ
ਫ਼ੈਸਲਾ ਦਿੱਤਾ, “ਧੁਰੋਂ ਸਿੱਧੇ ਸਫ਼ਰ ਦੀ ਸ਼ਰਤ ਲਾਉਣਾ, ਉਹਨਾਂ ਅਖ਼ਤਿਆਰਾਂ ਦੀ ਉਲੰਘਣਾ
ਹੈ ਜਿਹੜੇ ਕਨੇਡੀਅਨ ਪਾਰਲੀਮੈਂਟ ਨੇ ਕਨੇਡਾ ਸਰਕਾਰ ਨੂੰ ਦੇ ਰੱਖੇ ਹਨ।” ਜ਼ਾਹਿਰ ਹੈ ਕਿ ਇਸ
ਕਾਨੂੰਨ ਦੀ ਕਨੇਡੀਅਨ ਨਿਆਂ ਪ੍ਰਣਾਲੀ ਤਹਿਤ ਵੀ ਕੋਈ ਕਾਨੂੰਨੀ ਵਾਜਬੀਅਤ ਨਹੀਂ ਸੀ ਬਣਦੀ।
ਪਰ ਸਰਕਾਰ ਆਪਣੀ ਅੜੀ ‘ਤੇ ਬਜਿ਼ਦ ਸੀ। ਮਜਬੂਰੀ ਵੱਸ ਉਹਨੇ ਉਹਨਾਂ 35 ਹਿੰਦੀਆਂ ਨੂੰ ਤਾਂ
ਉੱਤਰਨ ਦੀ ਆਗਿਆ ਦੇ ਦਿੱਤੀ ਪਰ ਅੱਗੇ ਤੋਂ ਪਰਨਾਲਾ ਫਿਰ ਵੀ ਓਥੇ ਦਾ ਓਥੇ ਹੀ ਰੱਖਿਆ।
ਸਿੱਧੇ, ਅਣਟੁੱਟਵੇਂ ਸਫ਼ਰ ਅਤੇ ਦੋ ਸੌ ਡਾਲਰ ਦੀ ਸ਼ਰਤ ਨੂੰ ਧਿਆਨ ਵਿਚ ਰੱਖਦਿਆਂ ਗੁਰਦਿੱਤ
ਸਿੰਘ ਸਰਹਾਲੀ ਨੇ ਤਿਜਾਰਤੀ ਮਕਸਦ ਤਹਿਤ ‘ਗੁਰੂ ਨਾਨਕ ਜਹਾਜ਼ੀ ਕੰਪਨੀ’ ਬਣਾ ਕੇ ਇਕ ਜਪਾਨੀ
ਜਹਾਜ਼ ‘ਕਾਮਾਗਾਟਾ ਮਾਰੂ’ ਕਿਰਾਏ ‘ਤੇ ਲੈ ਲਿਆ। ਬਾਬਾ ਸ਼ੇਰ ਸਿੰਘ ਵੇਈਂਪੋਈਂ ਨੇ ਆਪਣੇ
ਬਿਆਨ ਵਿਚ ਦੱਸਿਆ ਸੀ ਕਿ ਜਦੋਂ ਭਾਈ ਬਲਵੰਤ ਸਿੰਘ ਖੁਰਦੁਪੁਰ ਡੈਪੂਟੇਸ਼ਨ ਲੈ ਕੇ ਭਾਰਤ ਗਿਆ
ਸੀ ਤਾਂ ਉਹਦਾ ਮੇਲ ਸਹਿਵਨ ਹੀ ਭਾਈ ਗੁਰਦਿੱਤ ਸਿੰਘ ਨਾਲ ਹੋ ਗਿਆ ਸੀ। ਉਸਨੇ ਹੀ ਭਾਈ
ਗੁਰਦਿੱਤ ਸਿੰਘ ਨੂੰ ਜਹਾਜ਼ ਲੈ ਕੇ ਕਨੇਡਾ ਜਾਣ ਦੀ ਪ੍ਰੇਰਨਾ ਦਿੱਤੀ ਸੀ ਅਤੇ ਨਾਲ ਹੀ
ਆਰਥਿਕ ਸਹਾਇਤਾ ਕਰਨ ਦਾ ਵਚਨ ਵੀ ਦਿੱਤਾ ਸੀ। ਭਾਈ ਬਲਵੰਤ ਸਿੰਘ ਖੂਰਦਪੁਰ ਜਹਾਜ਼ ਲੈਜਾਣ
ਨੂੰ ਇਕ ਪ੍ਰੀਖਿਆ ਵਜੋਂ ਵਰਤਣਾ ਚਾਹੁੰਦੇ ਸਨ ਕਿਉਂਕਿ ਉਹਨਾਂ ਦਾ ਖਿ਼ਆਲ ਸੀ ਕਿ ਜੇ ਜਹਾਜ਼
ਦੇ ਮੁਸਾਫ਼ਰਾਂ ਨੂੰ ਕਨੇਡਾ ਦੀ ਧਰਤੀ ‘ਤੇ ਉਤਰਨ ਦੀ ਆਗਿਆ ਮਿਲ ਗਈ ਤਾਂ ਹਿੰਦੀਆਂ ਦੇ
ਕਨੇਡਾ ਵਿਚ ਦਾਖ਼ਲੇ ਦਾ ਰਾਹ ਖੁੱਲ੍ਹ ਜਾਵੇਗਾ ਤੇ ਜੇ ਇਹ ਆਗਿਆ ਨਾ ਮਿਲੀ ਤਾਂ ਕਨੇਡੀਅਨ
ਸਰਕਾਰ ਦੀ ਹੀਜ-ਪਿਆਜ਼ ਖੁੱਲ੍ਹ ਜਾਵੇਗਾ।
ਕਾਮਾਗਾਟਾ ਮਾਰੂ ਜਹਾਜ਼ ਹਾਂਗਕਾਂਗ ਤੋਂ 376 ਮੁਸਾਫ਼ਰ ਲੈ ਕੇ ਚਾਰ ਅਪ੍ਰੈਲ 1914 ਨੂੰ ਚੱਲ
ਪਿਆ। ਇਹਨਾਂ ਵਿਚੋਂ 351 ਸਿੱਖ ਤੇ 21 ਪੰਜਾਬੀ ਮੁਸਲਮਾਨ ਸਨ। ਜਹਾਜ਼ ਦੇ ਮੁਸਾਫ਼ਰ ਸਿਆਸੀ
ਨੁਕਤਾ ਨਿਗਾਹ ਤੋਂ ਕੋਰੇ ਸਨ। ਪਰ ਕਨੇਡਾ ਤੋਂ ਡੈਪੂਟੇਸ਼ਨ ‘ਤੇ ਆਏ ਭਾਈ ਬਲਵੰਤ ਸਿੰਘ
ਖ਼ੁਰਦਪੁਰ ਮੌਜੀ ਤੋਂ ਕੰਬੋ ਤੱਕ ਏਸੇ ਜਹਾਜ਼ ਵਿਚ ਗਏ ਸਨ। ਭਾਈ ਭਗਵਾਨ ਸਿੰਘ ਤੇ ਮੌਲਵੀ
ਬਰਕੁਤਉਲਾ ਯੋਕੋਹਾਮਾ ਵਿਚ ਜਹਾਜ਼ ਦੇ ਮੁਸਾਫ਼ਰਾਂ ਨੂੰ ਮਿਲੇ। ਇਹਨਾਂ ਨੇ ਕਨੇਡਾ ਅਤੇ
ਅਮਰੀਕਾ ਦੀ ਸਾਰੀ ਸਥਿਤੀ ਮੁਸਾਫ਼ਰਾਂ ਨੂੰ ਬਿਆਨ ਕੀਤੀ। ਹਰੇਕ ਬੰਦਰਗਾਹ ‘ਤੇ ਗ਼ਦਰ ਅਖ਼ਬਾਰ
ਤੇ ਹੋਰ ਗ਼ਦਰੀ ਸਾਹਿਤ ਵੰਡਿਆ ਜਾਂਦਾ ਰਿਹਾ। ਇਸ ਪਰਚਾਰ ਨੇ ਨਿਸਚੈ ਹੀ ਮੁਸਾਫ਼ਰਾਂ ਦੀ
ਚੇਤਨਾ ਵਿਚ ਚਿਣਗ ਬਾਲ ਦਿੱਤੀ ਜਿਹੜੀ ਪਿੱਛੋਂ ਜਾ ਕੇ ਮੁਸਾਫ਼ਰਾਂ ਨੂੰ ਗ਼ਦਰ ਲਹਿਰ ਨਾਲ
ਸਰਗਰਮ ਨਾਤਾ ਜੋੜਨ ਦਾ ਵਸੀਲਾ ਬਣੀ।
23 ਮਈ 1914 ਨੂੰ ਜਦੋਂ ਇਹ ਜਹਾਜ਼ ਵੈਨਕੂਵਰ ਪੁੱਜਾ ਤਾਂ ਇਮੀਗ੍ਰੇਸ਼ਨ ਵਿਭਾਗ ਨੇ ਉਸਨੂੰ
ਕਿਨਾਰੇ ‘ਤੇ ਨਾ ਲੱਗਣ ਦਿੱਤਾ ਅਤੇ ਸਮੁੰਦਰ ਵਿਚ ਹੀ ਰੁਕਣ ਵਾਸਤੇ ਮਜਬੂਰ ਕਰ ਦਿਤਾ। ਕਿਸੇ
ਵੀ ਮੁਸਾਫ਼ਰ ਨੂੰ ਜਹਾਜ਼ ਤੋਂ ਉੱਤਰਨ ਦੀ ਆਗਿਆ ਨਾ ਦਿੱਤੀ ਗਈ। ਇਮੀਗ੍ਰੇਸ਼ਨ ਅਫ਼ਸਰ ਮੈਲਕਮ
ਰੀਡ ਤੋਂ ਬਿਨਾਂ ਕੋਈ ਵੀ ਆਦਮੀ ਮੁਸਾਫ਼ਰਾਂ ਨੂੰ ਨਹੀਂ ਸੀ ਮਿਲ ਸਕਦਾ। ਸਰਕਾਰੀ ਗਸ਼ਤੀ
ਕਿਸ਼ਤੀਆਂ ਜਹਾਜ਼ ਦੀ ਕਰੜੀ ਨਿਗਰਾਨੀ ਤੇ ਪਹਿਰੇਦਾਰੀ ਕਰ ਰਹੀਆਂ ਸਨ ਤਾਕਿ ਨਾ ਕੋਈ ਜਹਾਜ਼
ਤੋਂ ਉਤਰ ਸਕੇ ਤੇ ਨਾ ਹੀ ਜਹਾਜ਼ ਵਿਚ ਦਾਖਲ਼ ਹੋ ਸਕੇ। ਕਨੇਡਾ ਵਿਚ ਵੱਸਦੇ ਹਿੰਦੀਆਂ ਨੇ
ਆਪਣੇ ਮੁਸਾਫ਼ਰ ਭਰਾਵਾਂ ਦੀ ਸਹਾਇਤਾ ਲਈ ਕਨੇਡਾ ਦੇ ਗਵਰਨਰ ਜਨਰਲ, ਭਾਰਤ ਸਰਕਾਰ ਤੇ ਲੰਡਨ
ਵਿਚਲੇ ਅਧਿਕਾਰੀਆਂ ਨੂੰ ਤਾਰਾਂ ਦਿੱਤੀਆਂ ਪਰ ਕੋਈ ਜਵਾਬ ਨਾ ਮਿਲਿਆ। ਏਥੋਂ ਤੱਕ ਕਿ ਵਕੀਲਾਂ
ਨੂੰ ਵੀ ਜਹਾਜ਼ ‘ਤੇ ਜਾਣ ਦੀ ਆਗਿਆ ਨਾ ਦਿੱਤੀ ਗਈ।
ਜਹਾਜ਼ ਠੇਕੇ ‘ਤੇ ਕੀਤਾ ਗਿਆ ਸੀ ਅਤੇ ਉਸਨੂੰ ਹਾਂਗਕਾਂਗ ਵਿਚਲੇ ਮਾਲਕਾਂ ਨੂੰ ਨਿਸਚਿਤ ਸਮੇਂ
‘ਤੇ ਵਾਪਸ ਕਰਨਾ ਪੈਣਾ ਸੀ। ਠੇਕੇ ਦਾ ਬਕਾਇਆ ਅਦਾ ਕਰਨ ਦੀ ਤਰੀਕ ਵੀ ਨੇੜੇ ਆ ਰਹੀ ਸੀ ਪਰ
ਪੁੱਛ-ਪੜਤਾਲ ਵਾਸਤੇ ਬਣੀ ਕਮੇਟੀ ਪੜਤਾਲ ਨੂੰ ਲਮਕਾਈ ਜਾ ਰਹੀ ਸੀ। ਸ਼੍ਰੀ ਮਤੀ ਐਨਾ ਰੋਸ ਨੇ
ਟਰਾਂਟੋ ਦੇ ਅਖ਼ਬਾਰ ਵਿਚ ਇਸ ਮਸਲੇ ‘ਤੇ ਆਪਣੀ ਨਿਰਪੱਖ ਰਾਇ ਦਿੰਦਿਆਂ ਲਿਖਿਆ:
‘ਪਰ ਇਹ ਆਦਮੀ, ਜਿਨ੍ਹਾਂ ਕਨੇਡੀਅਨ ਕਾਇਦੇ ਦੀ ਪਾਲਣਾ ਕੀਤੀ ਸੀ, ਜਿਹੜੇ ਤਕਰੀਬਨ ਸਤਵੰਜਾ
ਹਜ਼ਾਰ ਡਾਲਰ ਖ਼ਰਚ ਕੇ ਲਗਾਤਾਰ ਸਫ਼ਰ ਰਾਹੀਂ ਪੁੱਜੇ ਸਨ, ਜਿਹੜੇ ਹੁਣ ਨਿਮਰਤਾ ਨਾਲ
ਬਰਤਾਨਵੀਂ ਸ਼ਹਿਰੀ ਦੀ ਹੈਸੀਅਤ ਵਿਚ ਦਾਖ਼ਲਾ ਮੰਗਦੇ ਸਨ, ਅਤੇ ਇਸਦੀ ਆਸ ਰੱਖਦੇ ਸਨ,
ਦਾਖ਼ਲੇ ਦੀ ਇਜਾਜ਼ਤ ਦੀ ਬਜਾਇ ਜ਼ਲਾਲਤ ਦਰ ਜ਼ਲਾਲਤ ਦਾ ਸਿ਼ਕਾਰ ਹੋਏ। ਇਹਨਾਂ ਮਜ਼ਬੂਤ,
ਸਵੈਮਾਣ ਵਾਲੇ ਅਤੇ ਆਜ਼ਾਦ ਆਦਮੀਆਂ ਨਾਲ ਜਿਸ ਹੱਦ ਤੱਕ ਸਰਕਾਰੀ ਨਿਰਾਦਰੀ ਨੇ ਵਰਤਾਓ ਕੀਤਾ,
ਉਸਦਾ ਤਕਰੀਬਨ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਕੰਢੇ ਉਤੇ ਸਿੱਖਾਂ ਨਾਲ ਉਹਨਾਂ ਨੂੰ
ਮੇਲ-ਮਿਲਾਪ ਜਾਂ ਗੱਲ-ਬਾਤ ਨਾ ਕਰਨ ਦਿੱਤੀ ਗਈ। ਉਹਨਾਂ ਨੂੰ ਆਪਣੇ ਵਕੀਲ ਨਾਲ ਵੀ ਮੁਲਾਕਾਤ
ਨਾ ਕਰਨ ਦਿੱਤੀ ਗਈ। ਜਦੋਂ ਦਾਖ਼ਲੇ ਸੰਬੰਧੀ ਉਹਨਾਂ ਦਾ ਮੁਕੱਦਮਾ ਅਦਾਲਤ ਵਿਚ ਸੀ, ਉਹਨਾਂ
ਦੇ ਵਕੀਲ ਮਿਸਟਰ ਬਰਡ ਨੂੰ ਉਹਨਾਂ ਵਿਚੋਂ ਕਿਸੇ ਨਾਲ ਵੀ ਜ਼ਾਤੀ ਮੁਲਾਕਾਤ ਕਰਨ ਦੀ ਆਗਿਆ ਨਾ
ਦਿੱਤੀ ਗਈ, ਜਿਸ ਕਰਕੇ ਉਹ ਉਹਨਾਂ ਦਾ ਮੁਕੱਦਮਾ ਹਨੇਰੇ ਵਿਚ ਲੜਦਾ ਰਿਹਾ। ਇਹਨਾਂ ਹਾਲਾਤ
ਵਿਚ ਜਦ ਮੁਕੱਦਮੇ ਦਾ ਫ਼ੈਸਲਾ ਉਹਨਾਂ ਦੇ ਬਰਖਿ਼ਲਾਫ਼ ਹੋ ਗਿਆ, ਮਿਸਟਰ ਬਰਡ ਨੂੰ ਉਹਨਾਂ
ਨੂੰ ਜਹਾਜ਼ ਉੱਤੇ ਮਿਲਣ ਦਿੱਤਾ ਗਿਆ ਅਤੇ ਉਸਨੂੰ ਪਤਾ ਲੱਗਾ ਕਿ ਉਹ (ਮਿਸਟਰ ਬਰਡ) ਮੁਕੱਦਮੇ
ਦੇ ਕਈ ਜ਼ਰੂਰੀ ਪੱਖ ਸਮਝਾ ਹੀ ਨਹੀਂ ਸਕਿਆ ਅਤੇ ਨਾ ਉਹ ਪੇਸ਼ ਕੀਤੇ ਗਏ। ਜੇ ਇਹ ਕਨੇਡੀਅਨ
ਇਨਸਾਫ਼ ਹੈ ਤਾਂ ਇਹ ਬਰਤਾਨਵੀਂ ਇਨਸਾਫ਼ ਨਹੀਂ।’
ਕਾਮਾਗਾਟਾ ਮਾਰੂ ਜਹਾਜ਼ ਦੇ ਪਹੁੰਚਣ ‘ਤੇ ਕਨੇਡਾ ਦੇ ਪਰਵਾਸੀਆਂ ਨੇ ਮੁਸਾਫ਼ਰਾਂ ਦੀ ਸਹਾਇਤਾ
ਲਈ ਭਾਗ ਸਿੰਘ, ਹਸਨ ਰਹੀਮ, ਸੋਹਣ ਲਾਲ ਪਾਠਕ ਤੇ ਹਰਨਾਮ ਸਿੰਘ ਸਾਹਰੀ ‘ਤੇ ਅਧਾਰਿਤ ਇਕ
ਕਮੇਟੀ ਬਣਾ ਦਿੱਤੀ। 31 ਮਈ 1914 ਨੂੰ ‘ਖ਼ਾਲਸਾ ਦੀਵਾਨ ਸੁਸਾਇਟੀ’ ਤੇ ‘ਯੂਨਾਈਟਡ ਇੰਡੀਆ
ਲੀਗ’ ਦੀ ਸਾਂਝੀ ਇਕੱਤਰਤਾ ਵਿਚ ਹਸਨ ਰਹੀਮ ਦੀ ਪ੍ਰਧਾਨਗੀ ਵਿਚ ਹੋਏ ਇਕੱਠ ਵਿਚ ਕਾਮਾਗਾਟਾ
ਮਾਰੂ ਦੇ ਮੁਸਾਫ਼ਰਾਂ ਲਈ ਪੰਜ ਹਜ਼ਾਰ ਡਾਲਰ ਇਕੱਠਾ ਹੋ ਇਆ ਅਤੇ ਛਿਆਹਠ ਹਜ਼ਾਰ ਡਾਲਰ ਦੇਣ
ਦੇ ਲੋਕਾਂ ਨੇ ਵਚਨ ਦਿੱਤੇ। ਇਸ ਮੁੱਦੇ ਤੇ ਸਾਰੇ ਲੋਕ ਮਜ਼੍ਹਬ ਤੇ ਇਲਾਕਾਬੰਦੀ ਦੇ ਵਿਤਕਰੇ
ਭੁਲਾ ਕੇ ਕਿਵੇਂ ਹਿੰਦੁਸਤਾਨੀ ਬਣ ਕੇ ਸਾਹਮਣੇ ਆਏ ਇਸਦਾ ਸਬੂਤ ਉਸ ਪੈਂਫ਼ਲਿਟ ਦੀ ਇਬਾਰਤ
ਤੋਂ ਮਿਲਦਾ ਹੈ ਜੋ ਹਿੰਦੀਆਂ ਕੋਲੋਂ ਜਹਾਜ਼ ਦੇ ਮੁਸਾਫ਼ਰਾਂ ਲਈ ਮਾਇਕ ਸਹਾਇਤਾ ਲੈਣ ਦੇ
ਮਕਸਦ ਨਾਲ ਛਾਪ ਕੇ ਵੰਡਿਆ ਗਿਆ ਸੀ। ਉਸਦੀ ਇਬਾਰਤ ਸੀ: ਭਰਾਓ! ਇਕ ਉਹ ਵਕਤ ਸੀ ਕਿ
ਹਿੰਦੁਸਤਾਨੀ ਕੌਮਾਂ ਆਪਣੇ ਧਰਮ ਅਸਤਾਨਾਂ ਤੋਂ ਲੜਦੀਆਂ ਸਨ ਅਰ ਨਫ਼ਰਤ ਨਾਲ ਦੂਰ ਦੂਰ
ਰੈਂਹਦੀਆਂ ਸਨ। ਅੱਜ ਇਹ ਵਕਤ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਵਿਚ ਇਕ ਤ੍ਰਫ਼ ਗੁਰਦਵਾਰਾ ਤੇ
ਦੂਜੀ ਤ੍ਰਫ਼ ਮਸੀਤ ਹੈ। …ਹਿੰਦੁਸਤਾਨੀ ਭਰਾਓ ਤੁਹਾਡਾ ਫ਼ਰਜ਼ ਹੈ ਕਿ ਤੇਤੀ ਕਰੋੜ
ਹਿੰਦੁਸਤਾਨੀਆਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਗਫ਼ਲਤ ਦੀ ਨੀਂਦ ਤੋਂ ਜਾਗੋ।”
ਕਨੇਡਾ ਵੱਸਦੇ ਹਿੰਦੀ ਭਰਾਵਾਂ ਨੇ ਖੁਲ੍ਹੇ ਦਿਲ ਨਾਲ ਮੁਸਾਫ਼ਰਾਂ ਦੀ ਮਦਦ ਕਰਨ ਲਈ ਮਾਇਆ
ਦਿੱਤੀ ਜਿਸ ਸਦਕਾ ਹਸਨ ਰਹੀਮ ਨੇ ਦਸ ਜੂਨ ਨੂੰ ਗਿਆਰਾਂ ਹਜ਼ਾਰ ਡਾਲਰ ਦਾ ਚੈੱਕ ਦੇ ਕੇ
ਜਹਾਜ਼ ਦੀ ਕਿਸ਼ਤ ਤਾਰ ਦਿਤੀ ਤੇ ਵੀਹ ਜੂਨ ਨੂੰ ਅਠਾਰਾਂ ਹਜ਼ਾਰ ਡਾਲਰ ਹੋਰ ਇਕੱਠਾ ਕਰਕੇ
ਜਹਾਜ਼ ਦਾ ਪਟਾ ਗੁਰਦਿੱਤ ਸਿੰਘ ਦੇ ਨਾਂ ਤੋਂ ਬਦਲ ਕੇ ਭਾਗ ਸਿੰਘ ਤੇ ਹਸਨ ਰਹੀਮ ਦੇ ਨਾਂ
ਕਰਵਾ ਲਿਆ ਗਿਆ। ਉਸ ਵੇਲੇ ਕਨੇਡੀਅਨ ਸੋਸ਼ਲਿਸਟ ਪਾਰਟੀ ਨੇ, ਜਿਸ ਵਿਚ ਖ਼ਾਲਸਾ ਦੀਵਾਨ
ਸੁਸਾਇਟੀ ਦੇ ਆਗੂ ਵੀ ਸ਼ਾਮਲ ਸਨ, ਜੂਨ ਦੇ ਮਹੀਨੇ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨਾਲ
ਇਨਸਾਫ਼ ਕੀਤੇ ਜਾਣ ਦੀ ਮੰਗ ਕਰਦਾ ਮਤਾ ਪਾਸ ਕੀਤਾ ਤੇ 21 ਜੂਨ 1914 ਨੂੰ ਖ਼ਾਲਸਾ ਦੀਵਾਨ
ਸੁਸਾਇਟੀ ਵੱਲੋਂ ਵੈਨਕੂਵਰ ਵਿਚ ਇਕ ਵੱਡਾ ਇਕੱਠ ਬੁਲਾਇਆ ਗਿਆ ਜਿਸ ਵਿਚ 800 ਹਿੰਦੁਸਤਾਨੀ
ਤੇ 200 ਗੋਰੇ ਵੀ ਸ਼ਾਮਲ ਹੋਏ। ਇਸ ਇਕੱਠ ਨੂੰ ਮੁਸਾਫ਼ਰਾਂ ਦੇ ਵਕੀਲ ਐਡਵਰਡ ਬਰਡ ਨੇ
ਸੰਬੋਧਨ ਕੀਤਾ। ਇਸਤਰ੍ਹਾ ਮਾਹੌਲ ਬਹੁਤ ਉਤੇਜਨਾ ਭਰਪੂਰ ਹੋ ਗਿਆ।
ਜਹਾਜ਼ ਦੇ ਮੁਸਾਫ਼ਰਾਂ ਨੂੰ ਉਤਰਨ ਦੀ ਆਗਿਆ ਦੇਣ ਸੰਬੰਧੀ ਚੱਲ ਰਹੇ ਮੁਕੱਦਮੇ ਵਿਚ ਇਨਸਾਫ਼
ਦੇਣ ਦਾ ਕਨੇਡੀਅਨ ਸਰਕਾਰ ਦਾ ਕੋਈ ਇਰਾਦਾ ਹੀ ਨਹੀਂ ਸੀ। ਸੋ ਮੁਕੱਦਮਾ ਖਿ਼ਲਾਫ਼ ਹੋ ਹੀ
ਜਾਣਾ ਸੀ। ਮੁਸਾਫ਼ਰ 17 ਜੁਲਾਈ ਨੂੰ ਮੁਕੱਦਮਾ ਹਾਰ ਗਏ ਤੇ ਜਹਾਜ਼ ਨੂੰ ਵਾਪਸੀ ਦੇ ਹੁਕਮ ਹੋ
ਗਏ। ਮੁਸਾਫ਼ਰਾਂ ਨੂੰ ਕਿਹਾ ਗਿਆ ਕਿ ਉਹ ਜਹਾਜ਼ ਕਨੇਡਾ ਦੇ ਪਾਣੀਆਂ ਵਿਚੋਂ ਬਾਹਰ ਲੈ ਜਾਣ।
ਉਹ ਵਾਪਸ ਜਾਣ ਲਈ ਮੰਨ ਗਏ ਪਰ ਉਹਨਾਂ ਨੇ ਮੰਗ ਰੱਖ ਦਿੱਤੀ ਕਿ ਉਹਨਾਂ ਨੂੰ ਵਾਪਸੀ ਸਫ਼ਰ
ਵਾਸਤੇ ਰਾਸ਼ਨ-ਪਾਣੀ ਮੁਹੱਈਆ ਕਰਵਾਇਆ ਜਾਵੇ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰਾਸ਼ਨ ਦੇਣੋਂ
ਸਾਫ਼ ਨਾਂਹ ਕਰ ਦਿੱਤੀ ਅਤੇ ਕਪਤਾਨ ਨੂੰ ਤੁਰਤ ਜਹਾਜ਼ ਰਵਾਨਾ ਕਰਨ ਦਾ ਹੁਕਮ ਸੁਣਾ ਦਿੱਤਾ।
ਹੁਣ ਜਹਾਜ਼ ਦੇ ਮੁਸਾਫ਼ਰਾਂ ਨੂੰ ਲੱਗਣ ਲੱਗਾ ਕਿ ਉਹਨਾਂ ਨੂੰ ਬੇ-ਵਜ੍ਹਾ ਛੇ ਹਫ਼ਤੇ ਪਾਣੀ
ਵਿਚ ਰੋਕ ਕੇ ਖੱਜਲ ਅਤੇ ਜ਼ਲੀਲ ਕੀਤਾ ਗਿਆ ਹੈ। ਉਹਨਾਂ ਨੇ ਜਹਾਜ਼ ਦੇ ਕਪਤਾਨ ਦਾ ਹੁਕਮ
ਮੰਨਣ ਤੋਂ ਇਨਕਾਰ ਕਰ ਦਿੱਤਾ। ਕਨੇਡੀਅਨ ਭਰਾਵਾਂ ਦੀ ਮਦਦ ਦੇ ਸਹਾਰੇ ਮੁਸਾਫ਼ਰ ਵੀ ਹੁਣ ਹਰ
ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਸਨ। ਮੁਸਾਫ਼ਰਾਂ ਨੇ ਜਹਾਜ਼ ਦੇ ਕਪਤਾਨ ਤੇ ਹੋਰ
ਅਫ਼ਸਰਾਂ ਨੂੰ ਜਹਾਜ਼ ਦੇ ਕਮਰੇ ਵਿਚ ਬੰਦ ਕਰ ਦਿੱਤਾ। ਜਹਾਜ਼ ਦੇ ਮੁਸਾਫ਼ਰਾਂ ਨੂੰ ਬੇਦਿਲ
ਕਰਨ ਲਈ 135 ਬੰਦਿਆਂ ਦੀ ਵੱਡੀ ਪੁਲਸੀ ਧਾੜ ਨੇ ਅੱਗ ਬੁਝਾਉਣ ਵਾਲੇ ਇੰਜਣਾਂ ਰਾਹੀਂ ਜਹਾਜ਼
ਦੇ ਮੁਸਾਫ਼ਰਾਂ ਉਤੇ ਪਾਣੀ ਸੁੱਟਿਆ ਗਿਆ। ਇਸਤੋਂ ਮੁਸਾਫ਼ਰਾਂ ਦਾ ਕਨੇਡੀਅਨ ਪੁਲਿਸ ਨਾਲ
ਟਕਰਾ ਹੋ ਗਿਆ। ਇੱਟਾਂ, ਕੋਲੇ ਤੇ ਲੋਹੇ ਦੀਆਂ ਸੀਖਾਂ ਨਾਲ ਮੁਸਾਫ਼ਰਾਂ ਨੇ ਮੁਕਾਬਲਾ ਕੀਤਾ
ਤੇ ਪੁਲਿਸ ਨੂੰ ਜਹਾਜ਼ ਦੇ ਨੇੜੇ ਨਾ ਲੱਗਣ ਦਿੱਤਾ। ਮੁਸਾਫ਼ਰਾਂ ਤੇ ਪੁਲਿਸ ਦੇ ਝਗੜੇ ਕਾਰਨ
ਕਨੇਡੀਅਨ ਹਿੰਦੀ ਹੋਰ ਵੀ ਸਿ਼ੱਦਤ ਨਾਲ ਇਕੱਠੇ ਹੋ ਕੇ ਮੁਸਾਫ਼ਰਾਂ ਦੀ ਮਦਦ ਲਈ ਸਰਗਰਮ ਹੋ
ਗਏ।
ਜਹਾਜ਼ ਨੂੰ ਕਨੇਡਾ ਦੇ ਪਾਣੀਆਂ ‘ਚੋਂ ਬਾਹਰ ਲਿਜਾਣ ਦਾ ਹੁਕਮ ਨਾ ਮੰਨੇ ਜਾਣ ‘ਤੇ ਸੀਅ
ਲਾਇਅਨ ਨਾਮੀ ਜਹਾਜ਼ ਨਾਲ ਬੰਨ੍ਹ ਕੇ ਬਾਹਰ ਕੱਢਣ ਦੀ ਕੋਸਿ਼ਸ਼ ਕੀਤੀ ਗਈ ਪਰ ਮੁਸਾਫ਼ਰਾਂ
ਵੱਲੋਂ ਰੋਕ ਪਾਈ ਗਈ। ਓਧਰ ਆਪਣੇ ਯਤਨ ਵਿਚ ਅਸਫ਼ਲ ਰਹਿਣ ਤੋਂ ਬਾਅਦ ਕਨੇਡਾ ਸਰਕਾਰ ਨੇ ਆਪਣੇ
‘ਰੇਨਬੋ’ ਨਾਮੀ ਵੱਡੇ ਜੰਗੀ ਜਹਾਜ਼ ਨੂੰ ਕਾਮਾਗਾਟਾ ਮਾਰੂ ਦੇ ਨਜ਼ਦੀਕ ਖੜੇ ਕਰ ਕੇ ਉਸ ਵੱਲ
ਤੋਪਾਂ ਸੇਧ ਦਿੱਤੀਆਂ। ਦੂਜੇ ਪਾਸੇ ਜਹਾਜ਼ ਦੇ ਮੁਸਾਫ਼ਰਾਂ ਨੇ ਵੀ ਫ਼ੈਸਲਾ ਲੈ ਲਿਆ ਕਿ
ਕਨੇਡੀਅਨ ਸਰਕਾਰ ਆਪਣਾ ਰਵੱਈਆ ਨਹੀਂ ਬਦਲਦੀ ਤੇ ਜਿ਼ਆਦਤੀ ਜਾਰੀ ਰੱਖਦੀ ਹੈ ਤਾਂ ਉਹ
ਵਹਿਸ਼ੀਆਨਾ ਜਬਰ ਦਾ ਮੁਕਾਬਲਾ ਕਰਦੇ ਹੋਏ ਕੁਰਬਾਨ ਹੋ ਜਾਣਗੇ।
ਆਖ਼ਰ ਕਨੇਡੀਅਨ ਸਰਕਾਰ ਨੂੰ ਫ਼ੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ। ਕਨੇਡੀਅਨ ਪਰਵਾਸੀਆਂ ਦੀ
ਸਰਗਰਮ ਸਹਾਇਤਾ ਦੇ ਰੂਬਰੂ ਅਤੇ ਮੁਸਾਫ਼ਰਾਂ ਦੀ ਜਿ਼ਦ ਨੂੰ ਸਾਹਮਣੇ ਰੱਖ ਕੇ ਆਖ਼ਰਕਾਰ
ਸਰਕਾਰ ਮੁਸਾਫ਼ਰਾਂ ਨੂੰ ਵਾਪਸੀ ਦੇ ਪੂਰੇ ਸਮੇਂ ਲਈ ਰਾਸ਼ਨ ਪਾਣੀ ਤੇ ਹੋਰ ਲੋੜੀਂਦੀਆਂ
ਸਹੂਲਤਾਂ ਦੇਣੀਆਂ ਮੰਨਣ ਲਈ ਮਜਬੂਰ ਹੋ ਗਈ। ਹੁਣ ਅਧਿਕਾਰੀਆਂ ਨੇ ਕੰਢੇ ‘ਤੇ ਵੱਸਦੇ ਸਿੱਖ
ਆਗੂਆਂ ਨੂੰ ਵੀ ਜਹਾਜ਼ ‘ਤੇ ਭੇਜਿਆ ਤੇ ਮੁਸਾਫ਼ਰਾਂ ਦੀਆਂ ਮੰਗਾਂ ਮੰਨ ਲੈਣ ਦਾ ਭਰੋਸਾ
ਦਿੱਤਾ। ਕਨੇਡਾ ਦੀ ਐਕਸ਼ਨ ਕਮੇਟੀ ਨੇ ਵੀ ਫ਼ੈਸਲਾ ਲੈ ਲਿਆ ਕਿ ਜਹਾਜ਼ ਬਿਨਾ ਕਿਸੇ ਨੁਕਸਾਨ
ਤੋਂ ਵਾਪਸ ਰਵਾਨਾ ਹੋ ਜਾਏ ਤਾਂ ਚੰਗਾ ਹੈ। ਉਹਨਾਂ ਨੇ ਸੱਠ ਹਜ਼ਾਰ ਡਾਲਰ ਇਕੱਠੇ ਕਰਕੇ
ਜਪਾਨੀ ਜਹਾਜ਼ ਦੇ ਮਾਲਕ ਨੂੰ ਕਿਰਾਏ ਵਜੋਂ ਵੀ ਦਿੱਤੇ।
ਜਹਾਜ਼ ਵਾਪਸ ਚਲਾ ਗਿਆ। ਮੁਸਾਫ਼ਰਾਂ ਵਿਚ ਭੜਕੀ ਗੁੱਸੇ ਦੀ ਲਹਿਰ ਨੂੰ ਦਿਸ਼ਾ ਦੇਣ ਲਈ ਗ਼ਦਰ
ਪਾਰਟੀ ਨੇ ਬਾਬਾ ਸੋਹਨ ਸਿੰਘ ਭਕਨਾ ਨੂੰ ਮੁਸਾਫ਼ਰਾਂ ਨਾਲ ਸੰਪਰਕ ਕਰਨ ਤੇ ਲਹਿਰ ਨਾਲ ਜੋੜਨ
ਲਈ ਭੇਜਿਆ। ਉਹ ਹਥਿਆਰਾਂ ਤੇ ਗ਼ਦਰੀ ਸਾਹਿਤ ਸਮੇਤ ਯੋਕੋਹਾਮਾ ਤੋਂ ਜਹਾਜ਼ ਦੇ ਮੁਸਾਫ਼ਰਾਂ
ਨੂੰ ਜਾ ਮਿਲੇ। ਹਥਿਆਰ ਤੇ ਹੋਰ ਸਾਰਾ ਸਮਾਨ ਉਹਨਾਂ ਨੂੰ ਸੌਂਪਦਿਆਂ ਉਹਨਾਂ ਨੇ ਮੁਸਾਫ਼ਰਾਂ
ਨੂੰ ਬਹਿਸਾਂ ਅਤੇ ਵਿਚਾਰ ਚਰਚਾ ਰਾਹੀਂ ਗ਼ਦਰ ਪਾਰਟੀ ਦਾ ਮਕਸਦ ਸਮਝਾਇਆ। ਕਿਸੇ ਮੁਸਾਫ਼ਰ
ਨੂੰ ਵੀ ਜਹਾਜ਼ ਵਿਚੋਂ ਉੱਤਰਨ ਨਾ ਦਿੱਤਾ ਗਿਆ। ਸਰਕਾਰੀ ਕਰਮਚਾਰੀਆਂ ਦੀ ਨੀਅਤ ਵੇਖ ਕੇ
ਹਿੰਦੁਸਤਾਨ ਦੇ ਨੇੜੇ ਪੁੱਜਣ ‘ਤੇ ਗੁਰਦਿੱਤ ਸਿੰਘ ਨੇ ਬਾਬਾ ਸੋਹਨ ਸਿੰਘ ਭਕਨਾ ਵੱਲੋਂ
ਦਿੱਤੇ ਹਥਿਆਰ ਅਤੇ ਗ਼ਦਰੀ ਸਾਹਿਤ ਸਮੁੰਦਰ ਵਿਚ ਸੁਟਵਾ ਦਿੱਤੇ। ਸਿਰਫ਼ ਦੋ ਰੀਵਾਲਵਰ ਪਾਣੀ
ਦੀ ਟੈਂਕੀ ਵਿਚ ਭੁਲੇਖੇ ਨਾਲ ਰਹਿ ਗਏ।
26 ਸਤੰਬਰ 1914 ਨੂੰ ਜਹਾਜ਼ ਡਾਇਆਮੰਡ ਬੰਦਰਗਾਹ ‘ਤੇ ਪੁੱਜਾ। ਚਾਰ ਪੰਜਾਬੀ ਪੁਲਿਸ ਅਫ਼ਸਰ,
ਇਕ ਅੰਗਰੇਜ਼ ਤੇ ਇਕ ਮਜਿਸਟਰੇਟ ਜਹਾਜ਼ ‘ਤੇ ਆਣ ਚੜ੍ਹੇ। 27-28 ਸਤੰਬਰ, ਦੋ ਦਿਨ ਜਹਾਜ਼ ਦੀ
ਤਲਾਸ਼ੀ ਹੁੰਦੀ ਰਹੀ। ਕੁਝ ਵੀ ਇਤਰਾਜ਼ ਯੋਗ ਨਾ ਮਿਲਿਆ। 29 ਸਤੰਬਰ ਨੂੰ ਜਹਾਜ਼ ਬਜਬਜ ਘਾਟ
‘ਤੇ ਆਣ ਲੱਗਾ। ਸਾਹਮਣੇ ਲੱਗੀ ਸਪੈਸ਼ਲ ਗੱਡੀ ਵਿਚ 17 ਮੁਸਲਿਮ ਮੁਸਾਫ਼ਰ ਤਾਂ ਸਵਾਰ ਹੋ ਗਏ
ਪਰ ਦੂਜੇ ਮੁਸਾਫ਼ਰਾਂ ਨੇ ਕਲਕੱਤੇ ਜਾਣ ਦੀ ਮੰਗ ਰੱਖੀ। ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ
ਨਾਲ 19 ਮੁਸਾਫ਼ਰ ਤੇ ਇਕ ਪਬਲਿਕ ਦਾ ਆਦਮੀ ਮਾਰਿਆ ਗਿਆ। 96 ਮੁਸਾਫ਼ਰ ਫੜ ਲਏ ਗਏ ਤੇ ਉਹਨਾਂ
ਨੂੰ ਜੇਲ੍ਹ ਵਿਚ ਡੱਕ ਦਿੱਤਾ। ਅਮਰ ਸਿੰਘ ਤੇ ਨੌਧ ਸਿੰਘ ਨੂੰ ਮੀਆਂਵਾਲੀ ਜੇਲ੍ਹ ਵਿਚ ਕੁੱਟ
ਕੁੱਟ ਕੇ ਮਾਰ ਦਿੱਤਾ। ਦੋ ਸਿੰਧੀਆਂ ਨੂੰ ਲੰਮੀ ਸਜ਼ਾ ਦਿੱਤੀ ਗਈ। ਗੁਰਦਿੱਤ ਸਿੰਘ ਤੇ ਕੁਝ
ਹੋਰ ਬਚ ਕੇ ਨਿਕਲ ਗਏ। ਪਿੱਛੋਂ ਜਨਤਕ ਦਬਾਅ ਪੈਣ ‘ਤੇ ਪੜਤਾਲੀਆਂ ਕਮਿਸ਼ਨ ਬੈਠਾ ਤੇ ਤੇਤੀ
ਜਣੇ ਜੇਲ੍ਹ ਵਿਚ ਰੱਖ ਕੇ ਬਾਕੀਆਂ ਨੂੰ ਰਿਹਾਅ ਕਰ ਦਿੱਤਾ। ਕਾਮਾਗਾਟਾ ਮਾਰੂ ਜਹਾਜ਼ ਦੇ
ਮੁਸਾਫ਼ਰਾਂ ਨਾਲ ਕੀਤੇ ਵਹਿਸ਼ੀਆਨਾ ਸਲੂਕ ਕਾਰਨ ਅੰਗਰੇਜ਼ ਸਰਕਾਰ ਦਾ ਹੀਜ-ਪਿਆਜ਼ ਖੁੱਲ੍ਹ
ਗਿਆ। ਕਨੇਡਾ ਵਿਚ ਰੋਸ ਦੀ ਲਹਿਰ ਹੋਰ ਵੀ ਤਿੱਖੀ ਹੋ ਗਈ। ਭਾਰਤ ਅਤੇ ਵਿਸ਼ੇਸ਼ ਤੌਰ ‘ਤੇ
ਪੰਜਾਬ ਵਿਚ ਤਾਂ ਬਜਬਜ ਘਾਟ ‘ਤੇ ਹੋਏ ਵਹਿਸ਼ੀਆਨਾ ਗੋਲੀ-ਕਾਂਡ ਨੂੰ ਲੈ ਕੇ ਲੋਕਾਂ ਵਿਚ
ਹਾਹਾਕਾਰ ਮੱਚ ਗਈ ਤੇ ਅੰਗਰੇਜ਼ ਸਰਕਾਰ ਦੇ ਜ਼ੁਲਮ ਦੀਆਂ ਗੱਲਾਂ ਘਰ ਘਰ ਹੋਣ ਲੱਗੀਆਂ।
ਮੁਸਾਫ਼ਰਾਂ ਨੂੰ ਵੀ ਚਾਨਣ ਹੋ ਚੁੱਕਾ ਸੀ ਤੇ ਅੰਗਰੇਜ਼ੀ ਹਕੂਮਤ ਖਿ਼ਲਾਫ਼ ਉਹਨਾਂ ਦੇ ਮਨ
ਵਿਚ ਲਾਟਾਂ ਬਲਣ ਲੱਗੀਆਂ। ਇਸ ਅੱਗ ਨੂੰ ਹਵਾ ਤਾਂ ਪਹਿਲਾਂ ਹੀ ਜਹਾਜ਼ ਵਿਚ ਜਾਣ ਸਮੇਂ ਤੇ
ਵਾਪਸੀ ਸਮੇਂ ਮਿਲਣ ਵਾਲੇ ਗ਼ਦਰੀਆਂ ਨੇ ਦੇ ਦਿੱਤੀ ਸੀ। ਨਤੀਜੇ ਵਜੋਂ ਜਹਾਜ਼ ਦੇ ਮੁਸਾਫ਼ਰਾਂ
ਵਿਚੋਂ ਕਈ ਜਣੇ ਪੂਰੀ ਤਨਦੇਹੀ ਤੇ ਸਰਗਰਮੀ ਨਾਲ ਗ਼ਦਰ ਲਹਿਰ ਵਿਚ ਜੁੱਟ ਪਏ। ਕਾਮਾਗਾਟਾ
ਮਾਰੂ ਜਹਾਜ਼ ਦੇ ਮੁਸਾਫ਼ਰਾਂ ਵਿਚੋਂ ਪਿੱਛੋਂ ਬਾਬਾ ਗੁਰਮੁਖ ਸਿੰਘ ਲਲਤੋਂ ਜਿਹੇ ਲੋਕ ਗ਼ਦਰ
ਪਾਰਟੀ ਦੇ ਸਰਗਰਮ ਆਗੂ ਤੇ ਕਾਰਕੁਨ ਬਣੇ।
ਜਿੱਥੇ ਕਮਾਗਾਟਾ ਮਾਰੂ ਦੀ ਘਟਨਾ ਨਾਲ ਭਾਰਤ ਵਿਚ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਵਿਚ ਰੋਸ
ਦੀ ਲਹਿਰ ਉਠ ਖੜੀ ਹੋਈ ਓਥੇ ਇਸ ਘਟਨਾ ਨੇ ਕਨੇਡਾ ਰਹਿੰਦੇ ਹਿੰਦਵਾਸੀਆਂ ਨੂੰ ਹੋਰ ਵੀ
ਮਜ਼ਬੂਤੀ ਨਾਲ ਏਕੇ ਦੀ ਲੜੀ ਵਿਚ ਪਰੋ ਦਿੱਤਾ। ਕਾਮਾਗਾਟਾ ਮਾਰੂ ਦੇ ਕਨੇਡਾ ਆਉਣ ਤੋਂ
ਪਹਿਲਾਂ ਵੀ ਭਾਈ ਭਗਵਾਨ ਸਿੰਘ ਨੇ ਹਿੰਦ ਵਾਸੀਆਂ ਨੂੰ ‘ਤਲਵਾਰ ਫੜਨ’ ਲਈ ਵੰਗਾਰਿਆ ਸੀ ਪਰ
ਕਾਮਾਗਾਟਾ ਮਾਰੂ ਕਾਂਡ ਉਪਰੰਤ ਤਾਂ ਗ਼ਦਰ ਤੇ ਇਨਕਲਾਬ ਦੀਆਂ ਗੱਲਾਂ ਹੋਣ ਲੱਗ ਪਈਆਂ।
ਇਕੱਠਾਂ ਵਿਚ ਇਹ ਵੀ ਐਲਾਨ ਕੀਤਾ ਗਿਆ ਕਿ ਜੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਤਾਂ
ਕਨੇਡਾ ਰਹਿੰਦੇ ਹਿੰਦੀਆਂ ਨੂੰ ਵੀ ਦੇਸ ਜਾ ਕੇ ਅੰਗਰੇਜ਼ਾਂ ਨੂੰ ਕੱਢਣ ਲਈ ਲੜਾਈ ਲੜਨੀ
ਚਾਹੀਦੀ ਹੈ। ਗੁਰਦਵਾਰੇ ਵਿਚ ਰੋਜ਼ ਤਕਰੀਰਾਂ ਹੁੰਦੀਆਂ। ਹਰ ਹਫ਼ਤੇ ‘ਗ਼ਦਰ’ ਅਖ਼ਬਾਰ
ਮੰਗਵਾਇਆ ਜਾਂਦਾ ਤੇ ‘ਗ਼ਦਰ ਦੀ ਗੂੰਜ’ ਦੀਆਂ ਕਵਿਤਾਵਾਂ ਸੁਣਾਈਆਂ ਜਾਂਦੀਆਂ।
ਜਿੱਥੇ ਅੰਗਰੇਜ਼ ਵਿਰੋਧੀ ਭਾਵਨਾਵਾਂ ਜ਼ੋਰ ਫੜ ਰਹੀਆਂ ਸਨ ਓਥੇ ਅੰਗਰੇਜ਼ ਹਿਤੈਸ਼ੀ ਤਾਕਤਾਂ
ਵੀ ਸਰਗਰਮ ਸਨ। ਉਹ ਵੈਨਕੂਵਰ ਦੇ ਗੁਰਦਵਾਰੇ ਦੇ ਪ੍ਰਬੰਧਕਾਂ ‘ਤੇ ਵਾਰ ਕਰਨ ਦਾ ਮੌਕਾ ਤਲਾਸ਼
ਕਰ ਰਹੀਆਂ ਸਨ। ਹਾਪਕਿਨਸਨ ਅੰਗਰੇਜ਼ ਸਰਕਾਰ ਦਾ ਏਜੰਟ ਸੀ ਤੇ ਉਸਨੇ ਬੇਲਾ ਸਿੰਘ ਜਿਆਣ ਵਰਗੇ
ਕੁਝ ਮੁਖ਼ਬਰ ਇਮੀਗ੍ਰੇਸ਼ਨ ਅਧਿਕਾਰੀਆਂ ਕੋਲੋਂ ਰਿਆਇਤਾਂ ਦੇ ਦਿਵਾ ਕੇ ਆਪਣੇ ਨਾਲ ਮਿਲਾਏ
ਹੋਏ ਸਨ। 5 ਸਤੰਬਰ 1914 ਨੂੰ ਬੇਲਾ ਸਿੰਘ ਨੇ ਮੌਕਾ ਤਕਾ ਕੇ ਭਾਈ ਭਾਗ ਸਿੰਘ ਦੀ ਪਿੱਠ ਵਿਚ
ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਕ ਹੋਰ ਸਿੱਖ ਭਾਈ ਬਤਨ ਸਿੰਘ ਵੀ ਗੋਲੀ ਲੱਗਣ ਨਾਲ
ਸ਼ਹੀਦ ਹੋ ਗਿਆ। ਗੁਰਦਵਾਰੇ ਵਿਚ ਵਾਪਰੀ ਇਹ ਦੁਖਦਾਈ ਘਟਨਾ ਜੱਗ-ਜ਼ਾਹਿਰ ਸੀ। ਇਸ ਕੇਸ ਵਿਚ
ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਭੁਗਤਣ ਆਏ ਹਾਪਕਿਨਸਨ ਨੂੰ ਮੇਵਾ ਸਿੰਘ ਲੋਪੋਕੇ ਨੇ
ਗੋਲੀਆਂ ਮਾਰ ਕੇ ਥਾਂਏਂ ਢੇਰੀ ਕਰ ਦਿੱਤਾ। ਉਹਨੇ ਆਪਣੇ ਦੋਸ਼ ਨੂੰ ਸਵੀਕਾਰਦਿਆਂ ਬੜਾ
ਖੜਕਵਾਂ ਬਿਆਨ ਦਿੱਤਾ। ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫਾਂਸੀ ਲਾ ਕੇ ਸ਼ਹੀਦ
ਕੀਤਾ ਗਿਆ।
ਕਾਮਾਗਾਟਾ ਮਾਰੂ ਕਾਂਡ ਤੋਂ ਪਿੱਛੋਂ ਵਾਪਰੀਆਂ ਇਹਨਾਂ ਘਟਨਾਵਾਂ ਨੇ ਅਮਰੀਕਾ, ਕਨੇਡਾ ਤੇ
ਦੂਰ ਪੂਰਬ ਵਿਚ ਵੱਸਦੇ ਹਿੰਦੀਆਂ ਵਿਚ ਅੰਗਰੇਜ਼ ਹਕੂਮਤ ਵਿਰੁੱਧ ਹੋਰ ਵੀ ਜੋਸ਼ ਤੇ ਉਭਾਰ
ਪੈਦਾ ਕਰ ਦਿੱਤਾ ਤੇ ਉਹ ਇਸ ਜ਼ਾਲਮ ਰਾਜ ਦੀ ਜੜ੍ਹ ਪੁੱਟਣ ਲਈ ਤਿਆਰ ਹੋ ਗਏ। ਪਰ ਦੂਜੇ ਪਾਸੇ
ਪੰਜਾਬ ਦੀਆਂ ਭਾਰੂ ਸਿੱਖ ਤਾਕਤਾਂ ਨੇ ਅਕਾਲ ਤਖ਼ਤ ਤੋਂ ਮਤਾ ਪਾਸ ਕਰਕੇ ਬਜਬਜ ਘਾਟ ਵਾਲਿਆਂ
ਤੇ ਗ਼ਦਰੀਆਂ ਨੂੰ ਨਾਸਤਿਕ ਤੇ ਅਸਿੱਖ ਹੋਣ ਦਾ ਫ਼ਤਵਾ ਜਾਰੀ ਕਰ ਦਿੱਤਾ।
-0-
|