Welcome to Seerat.ca
Welcome to Seerat.ca

ਸੁਖ਼ਨ ਸੁਰਜੀਤ ਪਾਤਰ ਦੇ/ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆਂ

 

- ਸੁਰਜੀਤ ਪਾਤਰ

ਬਟਾਲਵੀ ਦੀ ਬਰਸੀ ਉਤੇ
ਸਿ਼ਵ ਕੁਮਾਰ ਬਟਾਲਵੀ ਦੀ ਯਾਦ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਾਂਬਾ

 

- ਹਰਜੀਤ ਅਟਵਾਲ

ਅਵਤਾਰ ਜੰਡਿਆਲਵੀ, ਤਲਵਿੰਦਰ ਅਤੇ ਰਾਮ ਸਰੂਪ ਅਣਖੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਸਾਡਾ ਵੱਡਾ ਮੰਜਾ

 

- ਸੁਖਦੇਵ ਸਿੱਧੂ

ਸਾਡੀ ਬੀਬੀ-ਸਾਡੀ ਮਾਂ

 

- ਰਜਵੰਤ ਕੌਰ ਸੰਧੂ

40ਵੀਂ ਬਰਸੀ ਤੇ / ਸਿ਼ਵ ਤੇ ਮੈਂ

 

- ਬਲਬੀਰ ਮੋਮੀ

ਸੁਰ ਸਿ਼ੰਗਾਰ

 

- ਪੂਰਨ ਸਿੰਘ ਪਾਂਧੀ

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਇੱਕ ਹੋਰ ਚਾਰਦੀਵਾਰੀ

 

- ਸੁਖਬੀਰ

ਥੱਲੀ ਦੀ ਵਿਰਾਸਤ

 

- ਸੁਭਾਸ਼ ਰਾਬਰਾ

ਹਲਫ਼ੀਆ ਬਿਆਨ

 

- ਰਾਜਪਾਲ ਬੋਪਾਰਾਇ

ਸੁਰਾਲ

 

- ਅਮਰਜੀਤ ਟਾਂਡਾ

ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ

 

- ਡਾ. ਰਵਿੰਦਰ ਕੌਰ ‘ਰਵੀ‘

ਅਥਰੂਆਂ ਦਾ ਦਿੱਤਾ ਦਰਦ

 

- ਬੇਅੰਤ ਗਿੱਲ ਮੋਗਾ

ਲੰਮੀ ਲੰਮੀ ਨਦੀ ਵਹੈ

 

- ਜੌਨ੍ਹ ਬਰਜਰ

ਕਤਲਗਾਹ

 

- ਵਰਿੰਦਰ

ਆਮ ਆਦਮੀ

 

- ਜਸਪ੍ਰੀਤ ਸਿੰਘ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਤੇਰੇ ਨਾਂ

 

- ਦਿਲਜੋਧ ਸਿੰਘ

ऐसे ही किसी दिन

 

- गाब्रिएल गार्सिया मार्केज

ਗ਼ਜ਼ਲ

 

- ਅਜੇ ਤਨਵੀਰ

ਕਾਮਾਗਾਟਾ ਮਾਰੂ

 

- ਵਰਿਆਮ ਸਿੰਘ ਸੰਧੂ

 

Online Punjabi Magazine Seerat

ਸੁਰ ਸਿ਼ੰਗਾਰ
- ਪੂਰਨ ਸਿੰਘ ਪਾਂਧੀ

 

ਹਰ ਸੋਧੀ ਤੇ ਸਿ਼ੰਗਾਰੀ ਵਸਤੂ ਮਨ ਨੂੰ ਗਹਿਰਾ ਪ੍ਰਭਾਵਤ ਕਰਦੀ ਤੇ ਖਿੱਚਾਂ ਪਾਉਂਦੀ ਹੈ। ਪੰਜੇ ਗਿਆਨ ਇੰਦਰੇ ਸਿੰ਼ਗਾਰੇ ਹੁਸਨ ਦੇ ਮਤਵਾਲੇ ਹਨ। ਸੁਹਣੀਆਂ ਸੀਨਰੀਆਂ ਅੱਖਾਂ ਤ੍ਰਿਪਤ ਕਰਦੀਆਂ, ਭਿੰਨੀ ਮਹਿਕ ਆਪਣੇ ਵੱਲ ਖਿੱਚਦੀ ਅਤੇ ਰਿਆਜ਼ ਦੁਆਰਾ ਸੋਧੇ ਤੇ ਸੁਰੀਲੇ ਬੋਲ ਕੰਨਾਂ ਵਿਚ ਰਸ ਘੋਲ਼ਦੇ ਅਤੇ ਮਨਾਂ ਨੂੰ ਮੋਂਹਦੇ ਹਨ। ਰਿਆਜ਼ ਕਰਨਾ, ਅਵਾਜ਼ ਨੂੰ ਸੋਧਣਾ ਤੇ ਸੁਰੀਲਾਂ ਬਨਾਉਣਾ ਅਵਾਜ਼ ਦਾ ਸਿ਼ੰਗਾਰ ਕਰਨਾ ਹੈ। ਸੁਰੀਲੇ ਕੰਠ ਲਈ ਤੇ ਕੋਮਲ ਅਵਾਜ਼ ਲਈ ਰਿਆਜ਼ ਦਾ ਬਹੁਤ ਵੱਡਾ ਮਹੱਤਵ ਹੈ। ਸੁਹਣੀ, ਸਚਿਆਰੀ ਤੇ ਸਿੰ਼ਗਾਰੀ ਜੀਵਨ ਜਾਚ ਦੇ ਮਾਲਕਾਂ ਦੀਆ ਸੋਚਾਂ ਵਿਚ, ਬੋਲਾਂ ਵਿਚ ਤੇ ਤੱਕਾਂ ਵਿਚ ਕਈ ਕ੍ਰਾਂਤੀਆਂ ਦੀ ਝਲਕ ਹੁੰਦੀ ਹੈ।
ਹਰ ਕਲਾਕਾਰ ਆਪਣੀ ਕਲਾ ਸਾਕਾਰ ਕਰਨ ਤੋਂ ਪਹਿਲਾਂ ਕਲਾ ਨਾਲ਼ ਇੱਕ ਸੁਰ ਹੁੰਦਾ ਹੈ। ਪਹਿਲਾਂ ਉਸ ਦੇ ਮਨ ਮਸਤਕ ਵਿਚ ਕਲਾ ਦੀ ਤਸਵੀਰ ਜਨਮ ਲੈਂਦੀ ਹੈ। ਅਜਿਹੇ ਮੌਕੇ ਕਈ ਵਾਰ ਆਉਂਦੇ ਹਨ; ਜਦੋਂ ਮਹਿਬੂਬ ਦੇ ਗੋਰੇ ਮੂੰਹ ਕੋਲ ਫੁੱਲ ਰੱਖ ਕੇ ਫੈਸਲਾ ਕਰਨਾ ਔਖਾ ਹੁੰਦਾ ਹੈ, “ਇੰਨ੍ਹਾਂ ਦੋਹਾਂ ਵਿਚੋਂ ਕੌਣ ਸੁਹਣਾ ਹੈ?”
ਸੰਗੀਤਕ ਧੁਨਾਂ ਦੀ ਲੈਅ ਵਿਚ ਮਸਤ ਟੈਗੋਰ ਨੇ ਆਖਿਆ, “ਮੈਨੂੰ ਬਹੁਤ ਪਛਤਾਵਾ ਹੋਇਆ, ਮੈਨੂੰ ਪਤਾ ਹੀ ਨਾ ਲੱਗਾ, ਜਦੋਂ ਭਾਵਨਾ ਦੇ ਵਹਿਣ ਵਿਚ ਮੈ ਤੈਨੂੰ ਆਪਣਾ ਮਿੱਤਰ ਆਖ ਬੈਠਾ, ਜਦੋਂ ਕਿ ਤੂੰ ਮੇਰਾ ਭਗਵਾਨ ਸੀ।”
ਕੋਈ ਮਤਵਾਲੀ ਤੇ ਸੁਰੀਲੀ ਸੋਚ ਸੀ, ਜੋ ਪੁੱਛ ਬੈਠੀ, “ਭੈਣ ਮੇਰੀਏ, ਤੇਰੀ ਅਵਾਜ਼ ਬੜੀ ਮਿੱਠੀ, ਤੂੰ ਬਹੁਤ ਕੋਮਲ ਤੇ ਤੇਰੇ ਨਗਮੇ ਹੁਸੀਨ, ਪਰ ਪਿਆਰੀ, ਤੂੰ ਏਨੀ ਕਾਲ਼ੀ ਕਿਵੇਂ ਹੋ ਗਈ, ਸਿਆਹ ਕਾਲੀ?” ਅੱਗੋਂ ਕੋਇਲ ਨੇ ਅੱਖਾਂ ਭਰ ਕੇ ਆਖਿਆ, “ਕੀ ਦੱਸਾਂ ਭੈਣੇ, ਮੈਨੂੰ ਮੇਰੇ ਪਿਆਰੇ ਪ੍ਰੀਤਮ ਦੇ ਵਿਯੋਗ ਨੇ ਬਿਰਹਾ ਦੀ ਅੱਗ ਵਿਚ ਸੁੱਟ ਦਿੱਤਾ ਅਤੇ ਮੈ ਉਸ ਬਿਰਹਾ ਦੀ ਵਿਚ ਸੜ ਸੜ ਕੇ ਕਾਲ਼ੀ ਹੋ ਗਈ ਹਾਂ।” ਕੁਝ ਇਹੋ ਜਹੀ ਗੱਲ ਹੀਰ ਨੇ ਆਖੀ ਸੀ, “ਇਹ ਜੋ ਅੰਬਰ ਕਾਲ਼ਾ ਦਿਖਾਈ ਦਿੰਦਾ ਹੈ, ਇਹ ਆਪੇ ਕਾਲ਼ਾ ਨਹੀਂ ਹੋਇਆ, ਇਹ ਸਾਡੇ ਵਰਗੇ ਦਰਦਮੰਦਾਂ ਦੀਆਂ ਆਹਾਂ ਨਾਲ਼ ਕਾਲ਼ਾ ਹੋਇਆ ਹੈ।” ਪਰ ਪਿਆਰ ਦੇ ਕਿਸੇ ਮਤਵਾਲੇ ਨੇ ਹੁੱਬ ਕੇ ਆਖਿਆ ਸੀ, “ਲੋਕਾਂ ਦੀਆਂ ਨਜ਼ਰਾਂ ਵਿਚ ਤੂੰ ਕਾਲ਼ੀ ਹੋਵੇਂਗੀ ਪਰ ਤੂੰ ਕਾਲ਼ੀ ਨਹੀਂ, ਤੂੰ ਮੇਰੀ ਪਿਆਰੀ ਗੋਰੀ ਲੈਲਾ ਹੈਂ।”
ਰਬਾਬ ਦੀਆਂ ਧੁਨਾਂ ਵਿਚ ਸੁਰ ਹੋਈ ਬਲਵਾਨ ਆਤਮਾ ਹੀ ਧਰਮ ਦੇ ਇੱਕ ਵੱਡੇ ਗੜ੍ਹ ਵਿਚ, ਇੱਕ ਵੱਡੇ ਹਜੂਮ ਨੂੰ ਉੱਚੀ ਬਾਂਹ ਕਰ ਕੇ ਆਖ ਸਕਦੀ ਹੈ, “ਠਹਿਰੋ, ਕਿਓਂ ਐਨਾ ਸ਼ੋਰ ਮਚਾਇਆ ਹੈ?” ਅੱਗੋ ਸਹਿਮੀ ਖਲਕਤ ਆਖਦੀ ਹੈ, “ਸ਼ੋਰ ਨਹੀਂ, ਅਸੀਂ ਭਗਵਾਨ ਦੀ ਆਰਤੀ ਕਰਦੇ ਪਏ ਹਾਂ।” ਤੇ ਫਿਰ ਜਦੋਂ ਉਹ ਸੁਹਣੀ ਆਤਮਾ ਆਪਣੇ ਸੁਰੀਲੇ ਕੰਠ ਵਿਚੋਂ ਅਸਲ ਆਰਤੀ ਦੇ ਅਸਲ ਅਰਥ ਉਜਾਗਰ ਕਰਦੀ ਹੈ ਤਾਂ ਸੁੰਨ ਹੋਈ ਖਲਕਤ ਦੇਖਦੀ ਰਹਿ ਜਾਂਦੀ ਹੈ।
ਫਕੀਰ ਡਾਇਓਜਨੀਸ ਸੀ ਤਾਂ ਹੱਡੀਆਂ ਮੁੱਠ, ਗੁੱਛੀ ਮੁੱਛੀ ਹੋਇਆ, ਸਮੁੰਦਰ ਦੇ ਕਿਨਾਰੇ, ਰੇਤੇ ‘ਤੇ ਆਪਣੀ ਮਸਤੀ ਵਿਚ ਧੁੱਪੇ ਬੈਠਾ ਸੀ; ਕਿਸੇ ਅਨਹਦ ਨਾਦ ਦੀ ਧੁਨੀ ਵਿਚ ਮਸਤ। ਸੰਸਾਰ ਦੀ ਬਲਵਾਨ ਹਸਤੀ ਸਕੰਦਰ ਜਦੋਂ ਉਸ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤੇ ਉਸ ਤੋਂ ਸੰਸਾਰ ਨੂੰ ਫਤੇਹ ਕਰਨ ਲਈ ਅਸ਼ੀਰਬਾਦ ਮੰਗਦਾ ਹੈ ਤਾਂ ਉਸ ਬਲਵਾਨ ਆਤਮਾਂ ਦੇ ਬੋਲ ਸਨ, “ਪਰ੍ਹਾਂ ਹੋ, ਸੰਸਾਰ ਨੂੰ ਫੇਰ ਫਤੇਹ ਕਰੀਂ, ਪਹਿਲਾਂ ਮੇਰੀ ਧੁੱਪ ਛੱਡ।”
ਸੁਰ ਹੋਏ ਗਿਆਨ ਦੀ ਸੀਮਾ ਦੇਖੋ ਕੀ ਦਾ ਰੂਪ ਵਟਾਉਂਦੀ ਤੇ ਕੀ ਦਾ ਕੀ ਰੁਖ ਬਦਲ ਕੇ ਰੱਖ ਦਿੰਦੀ ਹੈ। ਕਦੇ ਉਹ ਰੰਕ ਤੋਂ ਰਾਜਾ ਤੇ ਕਦੇ ਰਾਜੇ ਤੋਂ ਰੰਕ ਵੱਲ ਮੋੜਾ ਦਿੰਦੀ, ਕਦੇ ਪੱਥਰਾਂ ਨੂੰ ਮੋਮ ਕਰਦੀ ਤੇ ਮੋਮ ਨੂੰ ਪੱਥਰ ਬਣਾ ਧਰਦੀ ਹੈ। ਮਹਾਨ ਅਸ਼ੋਕ ਨੇ ਜਦੋਂ ਕਲਿੰਗਾ ਦੀ ਲੜਾਈ ਵਿਚ ਮਨੁੱਖੀ ਜਾਨਾਂ ਦਾ ਬੇਤਹਾਸ਼ਾ ਘਾਣ ਦੇਖਿਆ, ਹਰ ਪਾਸੇ ਲਹੂ ਲੁਹਾਣ ਤੇ ਹਾਹਾਕਾਰ ਮੱਚੀ ਦੇਖੀ। ਇਹ ਭਿਆਨਕ ਦ੍ਰਿਸ਼ ਉਸ ਤੋਂ ਸਹਾਰਿਆ ਨਾ ਗਿਆ। ਉਸ ਦੇ ਅੰਦਰੋਂ ਪਛਤਾਵੇ ਦੇ ਤੜਪਦੇ ਲਹੂ ਭਰੇ ਅੱਥਰੂ ਫੁੱਟ ਤੁਰੇ, ਉਹ ਬੱਚਿਆਂ ਵਾਂਗ ਫੁਟ ਫੁਟ ਕੇ ਰੋਣ ਲੱਗਾ, ਉਸ ਨੇ ਕਲਿੰਗਾ ਵਿਚ ਚੁੱਕੇ ਹੋਏ ਹਥਿਆਰ ਸੁੱਟ ਮਾਰੇ ਤੇ ਉਹ ਅਸਲੋਂ ਨਿੱਸਲ, ਨਿਤਾਣਾ ਤੇ ਨਿਮਾਣਾ ਹੋ ਗਿਆ ਸੀ। ਪਰ ਮਾਨਸਿਕਤਾ ਦੀ ਇੱਕ ਹੋਰ ਭਿਆਨਕ ਕੰਬਣੀ ਦੇਖੋ ਜਦੋਂ ਕੁਰਕਸ਼ੇਤਰ ਦੇ ਮੈਦਾਨ ਵਿਚ ਅਰਜਨ ਡਿੱਗੇ ਹੋਏ ਹਥਿਆਰ ਚੁੱਕ ਲੈਂਦਾ ਹੈ ਤੇ ਮਹਾਂਭਾਰਤ ਵਿਚ ਚਾਲੀ ਲੱਖ ਜਾਨਾਂ ਦਾ ਘਾਣ ਕੀਤਾ ਜਾਂਦਾ ਹੈ।
ਛੇ ਸਾਲ ਦੀ ਘੋਰ ਤਪੱਸਿਆ ਪਿੱਛੋਂ, ਹੱਡੀਆਂ ਦੀ ਮੁੱਠ ਬਣੇ, ਨਿਰਬਲ ਤੇ ਕਮਜ਼ੋਰ ਗੋਤਮ ਦੇ ਅੰਦਰੋਂ ਜਦੋਂ ਗਿਆਨ ਦਾ ਤਰਾਨਾ ਗੂੰਜਿਆ ਤਾਂ ਸਭ ਤੋਂ ਪਹਿਲਾਂ ਉਸ ਨੂੰ ਜੰਗਲ ਵਾਸੀ ਸ਼ੂਦਰ ਇਸਤਰੀ ਮਿਲੀ-ਸੁਜਾਤਾ। ਛੇ ਸਾਲ ਪਿੱਛੋਂ ਪਹਿਲੀ ਵਾਰ ਉਸ ਨੇ ਸੁਜਾਤਾ ਤੋਂ ਮੰਗ ਕੇ ਭੋਜਨ ਖਾਧਾ। ਭੋਜਨ ਵੀ ਖੀਰ, ਉਹ ਵੀ ਇੱਕ ਸ਼ੂਦਰ ਇਸਤਰੀ ਦੀ ਬਣੀ ਹੋਈ, ਖਾਧੀ ਵੀ ਰਾਤ ਨੂੰ, ਜੋ ਵੈਦਕ ਰੀਤੀ ਦੇ ਉਲਟ ਹੈ, ਭੋਜਨ ਦਿਨੇ ਕਰਨਾ ਉਚਿਤ ਹੈ। ਇਹ ਦੇਖ ਉਸ ਦੇ ਮੁੱਢਲੇ ਪੰਜੇ ਭਗਤ ਉਸ ਦਾ ਸਾਥ ਛੱਡ ਗਏ ਕਿ ਇਹ ਭਰਿਸ਼ਟ ਹੋ ਗਿਆ ਹੈ। ਹੁਣ ਇਸ ਪਾਪੀ ਦਾ ਸਾਥ ਕਾਹਦਾ ਹੈ? ਪਰ ਉੱਨ੍ਹਾਂ ਨੂੰ ਪਤਾ ਨਹੀ ਸੀ ਉਹ ਤਾਂ ਉਸੇ ਰਾਤ ਏਸ਼ੀਆ ਦਾ ਚਾਨਣ ਬਣ ਗਿਆ ਸੀ।
ਬਸਤਰ ਪਹਿਨਣੇ, ਤਨ ਢਕਣਾ ਤੇ ਸਿੰ਼ਗਾਰ ਕਰਨਾ ਮਨੁੱਖੀ ਸਮਾਜ ਦੀ ਮਰਿਯਾਦਾ ਹੈ। ਪਰ ਲੋਕ ਹੈਰਾਨ ਰਹਿ ਗਏ ਜਦੋਂ ਅਨੰਤ ਸੁਰਾਂ ਦੀ ਸਿ਼ੰਗਾਰੀ ਗਾਰਗੀ ਨੇ ਆਪਣੇ ਬਸਤਰ ਲਾਹ ਮਾਰੇ ਤੇ ਨਗਨ ਹੋ ਕੇ ਗਲੀਆਂ ਬਜ਼ਾਰਾਂ ਵਿਚ ਘੁੰਮਣ ਲੱਗੀ। ਲੋਕਾਂ ਸਮਝਿਆ ਇਹ ਲੋਕ-ਲੱਜਾ ਛੱਡ ਗਈ, ਪਾਗਲ ਹੋ ਗਈ ਹੈ, ਪਰ ਨਹੀਂ ਉਹ ਗਿਆਨਵਾਨ ਹੋ ਗਈ ਸੀ ਤੇ ਉਸ ਦੇ ਅੰਦਰੋਂ ਦੁਨਿਆਵੀ ਵਾਸ਼ਨਾਵਾਂ ਦੀਆਂ ਕੰਧਾਂ ਢਹਿ ਢੇਰੀ ਹੋ ਗਈਆਂ ਸਨ ਤੇ ਉਹ ਬ੍ਰਹਮ ਨਾਦ ਵਿਚ ਲੀਨ ਹੋ ਗਈ ਸੀ।
ਢੇਰ ਚਿਰ ਪਿੱਛੋਂ ਉਸ ਦੀ ਇਸ ਅਵਸਥਾ ਦਾ ਖੁਲਾਸਾ ਸੁਆਮੀ ਮਹਾਂਵੀਰ ਨੇ ਕੀਤਾ। ਉਸ ਆਖਿਆ, “ਲੋਕੋ, ਪਰਦਾ ਉਸ ਲਈ ਪਰਦਾ ਹੈ, ਜਿਸ ਦੀ ਆਤਮਾ ‘ਤੇ ਅੰਧਕਾਰ ਦਾ ਪਰਦਾ ਹੈ। ਮੇਰੀ ਆਤਮਾ ਕਿਸੇ ਪਰਦੇ ਦੀ ਮੁਥਾਜ ਨਹੀਂ” ਸਾਰੀ ਆਯੂ ਨਗਨ ਰਹੇ ਮਹਾਂਵੀਰ ਨੂੰ ਉਸ ਦੇ ਭਗਤਾਂ ਉਸ ਨੂੰ “ਭਗਵਾਨ ਮਹਾਂਵੀਰ” ਮੰਨ ਲਿਆ।
ਮੀਰਾਂਬਾਈ ਜਦੋਂ ਵਿੰਦ੍ਰਾਵਨ ਮੰਦਰ ਵਿਚ ਗਈ ਤਾਂ ਉਸ ਦੇ ਅੰਦਰ ਇਕਤਾਰੇ ਦੀ ਧੁਨੀ ਤੇ ਅਨਹਦ ਨਾਦ ਦੀ ਗੂੰਜ ਸੀ। ਪਰ ਭੋਗਵਾਦੀ ਦ੍ਰਿਸ਼ਟੀ ਵਿਚ ਉਹ ਕੇਵਲ ਕਾਮਣੀ ਸੀ। ਇਸ ਲਈ ਉੱਥੋਂ ਦੇ ਕ੍ਰਿਸ਼ਨ ਭਗਤ ਸੁਵਾਮੀ ਜੀਵਾ ਨੰਦ ਨੇ ਇਸਤ੍ਰੀ ਜਾਣ ਕੇ ਉਸ ਦੇ ਮੱਥੇ ਲੱਗਣੋਂ ਇਨਕਾਰ ਕਰ ਦਿੱਤਾ। ਹੈਰਾਨ ਹੋਈ ਮੀਰਾ ਨੇ ਆਖਿਆ, “ਮੈਨੂੰ ਅੱਜ ਪਤਾ ਲੱਗੈ ਕਿ ਵਿੰਦਰਾਵਨ ਵਿਚ ਕ੍ਰਿਸ਼ਨ ਤੋਂ ਬਿਨਾ ਹੋਰ ਕੋਈ ਵੀ ਪੁਰਸ਼ ਹੈ, ਉਸ ਨੂੰ ਤਾਂ ਸਾਰੇ ਪੁਰਸ਼ ਉਸ ਦੀਆਂ ਸਾਰੀਆਂ ਗੋਪੀਆਂ ਨਜ਼ਰ ਆਉਂਦੀਆਂ ਹਨ।” ਸੁਰ ਹੋਈ ਆਤਮਾ ਦੇ ਇੰਨ੍ਹਾਂ ਬੋਲਾਂ ਨੇ ਜੀਵਾ ਨੰਦ ਨੂੰ ਇੰਨ੍ਹਾਂ ਪ੍ਰਭਾਵਤ ਕੀਤਾ ਕਿ ਉਹ ਆਪ ਮੀਰਾਂਬਾਈ ਕੋਲ ਚੱਲ ਕੇ ਗਏ।
ਬਸਰੇ ਦੀ ਰਾਬੀਆ ਦੀ ਅੰਤਰ ਆਤਮਾ ਵਿਚ ਇਨਕਲਾਬੀ ਸੁਰਾਂ ਦੀ ਗੂੰਜ ਹੈ। ਦਿਖਾਵੇ ਦੇ ਨਰਕ ਸੁਰਗ ਪ੍ਰਤੀ ਵਿਦਰੋਹ ਦਾ ਉਬਾਲ ਹੈ। ਇੱਕ ਦਿਨ ਉਸ ਦੇ ਇੱਕ ਹੱਥ ਵਿਚ ਅੱਗ ਤੇ ਦੂਜੇ ਹੱਥ ਵਿਚ ਪਾਣੀ ਦੇਖ ਉਸ ਦੇ ਭਗਤਾਂ ਨੇ ਪੁਛਿਆ, “ਰਾਬੀਆ, ਅੱਜ ਸਵੇਰੇ ਸਵੇਰੇ ਇਹ ਤੂੰ ਕੀ ਅਨੋਖਾ ਵੇਸ ਬਣਾਇਆ ਹੈ?” ਸੁਰ ਹੋਈ ਉੱਚੀ ਅਵਸਥਾ ਦੀ ਮਾਲਕ ਰਾਬੀਆ ਦੇ ਇਨਕਲਾਬੀ ਬੋਲ ਸਨ, “ਦੇਖੋ, ਸੱਜੇ ਹੱਥ ਵਿਚ ਫੜੀ ਅੱਗ ਨਾਲ਼ ਮੈ ਸੁਰਗਾਂ ਨੂੰ ਸੁਆਹ ਕਰਾਂਗੀ ਤੇ ਖੱਬੇ ਹੱਥ ਦੇ ਪਾਣੀ ਨਾਲ਼ ਨਰਕਾਂ ਦੀ ਬਲ਼ਦੀ ਅੱਗ ਦੇ ਭਾਂਬੜ ਬੁਝਾਵਾਂਗੀ।”
ਇਸਲਾਮ ਵਿਚ ਵਾਹਦ ਅੱਲਾ ਪਾਕ ਲਾ ਮਹਿਦੂਦ, ਲਾ ਮਿਸਾਲ ਹੈ। ਉਸ ਵਰਗਾ ਹੋਰ ਕੋਈ ਨਹੀਂ। ਉਹ ਸਭ ਤੋਂ ਉੱਚਾ ਸੁਚਾ ਤੇ ਪਾਕ-ਪਵਿੱਤਰ ਹੈ। ਪਰ ਸਰ੍ਹਾ ਦੇ ਪਾਬੰਦ ਭਗਤਾਂ ਨੂੰ ਮਨਸੂਰ ਦੀ ਜ਼ਬਾਨ ਤੋਂ ਜਦੋਂ “ਅਨਲਹੱਕ” ਦੀ ਅਵਾਜ਼ ਸੁਣਾਈ ਦਿੱਤੀ, ਉਹ ਹੱਕੇ ਬੱਕੇ ਰਹਿ ਗਏ। ਇਸ ਦਾ ਅਰਥ ਸੀ ਕਿ ਮੈ ਖੁਦਾ ਹਾਂ। ਇਹ ਸਰ੍ਹਾ ਦੀ ਘੋਰ ਉਲੰਘਣਾ ਸੀ ਤੇ ਇਸ ਦੀ ਸਜ਼ਾ ਘੋਰ ਭਿਆਨਕ ਸੀ। ਮਨਸੂਰ ਦਾ ਮੁਰਸ਼ਦ ਜੁਨੇਦ ਬਹੁਤ ਆਲਮ ਫਾਜ਼ਲ ਸੀ ਤੇ ਮਨਸੂਰ ਨੂੰ ਬਹੁਤ ਪਿਆਰ ਕਰਦਾ ਸੀ। ਬਹੁਤ ਫਿਕਰ ਨਾਲ਼ ਤੇ ਬਹੁਤ ਪਰਦੇ ਨਾਲ਼ ਉਹ ਇੱਕ ਦਿਨ ਮਨਸੂਰ ਨੂੰ ਇੱਕ ਮਸੀਤ ਵਿਚ ਲੈ ਕੇ ਗਿਆ ਅਤੇ ਕਸਮ ਚੁਕਾਈ ਕਿ ਅੱਗੋਂ ਤੋਂ ਉਹ ਕਦੇ ਅਨਲਹੱਕ ਨਹੀਂ ਆਖੇਗਾ। ਮਨਸੂਰ ਨੇ ਸਿਰ ਝੁਕਾ ਕੇ ਇਸ ਨਸੀਹਤ ‘ਤੇ ਅਮਲ ਕਰਨ ਦਾ ਪ੍ਰਣ ਕੀਤਾ ਪਰ ਮਸੀਤੋਂ ਬਾਹਰ ਨਿਕਲਦੇ ਹੀ ਉਹ ਆਪਣਾ ਕੀਤਾ ਪ੍ਰਣ ਭੁੱਲ ਗਿਆ। ਅਨਲਹੱਕ ਦਾ ਨਾਹਰਾ ਫਿਰ ਗੂੰਜਣ ਲੱਗਾ। ਹੋਈ ਉਹ, ਜਿਸਦੀ ਸੰਭਾਵਨਾ ਸੀ। ਸਰ੍ਹਾ ਦੇ ਨਿਯਮਾਂ ਅਨੁਸਾਰ ਮੁਲਾਣਿਆਂ ਨੇ ਮਨਸੂਰ ਨੂੰ ਸੂਲੀ ‘ਤੇ ਚਾੜ੍ਹਣ ਤੇ ਤੜਫਾਅ ਤੜਫਾਅ ਕੇ ਮਾਰਨ ਦੀ ਸਜ਼ਾ ਸੁਣਾ ਦਿੱਤੀ। ਸ਼ਹਿਰ ਦੇ ਇੱਕ ਚੌਂਕ ਵਿਚ ਸੂਲੀ ‘ਤੇ ਚੜ੍ਹੇ ਮਨਸੂਰ ਨੂੰ ਲੋਕ ਜਦੋਂ ਰੋੜੇ ਮਾਰ ਸਨ ਤੇ ਉਹ ਬੇੜੀਆਂ ਵਿਚ ਜਕੜਿਆ ਲਹੁ ਲੁਹਾਣ ਖੜ੍ਹਾ ਸੀ, ਉਸ ਨੂੰ ਉਸ ਦੇ ਮੁਰਸ਼ਦ ਜੁਨੇਦ ਨੇ ਹੰਝੂ ਭਰੀਆਂ ਅੱਖਾਂ ਨਾਲ਼ ਦੇਖਿਆ, ਉਸ ਕੋਲ ਗਿਆ, ਬੇਵਸੀ ਦੇ ਅੱਥਰੂ ਕੇਰਦਿਆਂ ਮਨਸੂਰ ਨੂੰ ਉਸ ਦੀ ਕਸਮ ਤੋੜਨ ਦਾ ਚੇਤਾ ਕਰਾਇਆ। ਅੱਗੋਂ ਖੁਦਾ ਦੇ ਨੂਰਿ-ਨਜ਼ਰ ਮਨਸੂਰ ਨੇ ਕੰਨਾਂ ਨੂੰ ਹੱਥ ਲਾਏ ਤੇ ਅਸਮਾਨ ਵੱਲ ਬਾਹਾਂ ਉੱਚੀਆਂ ਕਰ ਕੇ ਆਖਿਆ, “ਮੇਰੇ ਪਿਆਰੇ ਮੁਰਸ਼ਦ, ਮੈ ਤਾਂ ਬੋਲ ਹੀ ਨਹੀਂ ਰਿਹਾ, ਮੇਰੇ ਅੰਦਰ ਬੋਲਣ ਦੀ ਔਕਾਤ ਹੀ ਕੋਈ ਨਹੀਂ, ਪਰ ਜੇ ਮੇਰੇ ਅੰਦਰੋਂ ਖੁਦ ਖੁਦਾ ਬੋਲ ਪਵੇ ਤਾਂ ਮੈ ਕੀ ਕਰਾਂ?
ਕਿਸੇ ਅਗੰਮੀ ਰੰਗ ਵਿਚ ਰੱਤੇ ਸੁਕਰਾਤ ਨੇ ਆਖਰੀ ਸਮੇ ਇਹੋ ਬਚਨ ਉਚਾਰੇ, “ਮੇਰੇ ਪਿਆਰੇ ਸਾਥੀਓ, ਮੇਰੇ ਹਾਲਾਤ ‘ਤੇ ਤੁਹਾਨੂੰ ਰੋਣ ਦੀ ਲੋੜ ਨਹੀਂ। ਮੈ ਉਸ ਅਵਸਥਾ ਦਾ ਮਾਲਕ ਹਾਂ ਜਿੱਥੇ ਜ਼ਹਿਰ ਤੇ ਅੰਮ੍ਰਿਤ ਵਿਚ ਅਤੇ ਜੀਵਨ ਤੇ ਮੌਤ ਵਿਚ ਕੋਈ ਫਰਕ ਨਹੀਂ” ਅਤੇ ਉਹ ਸ਼ਾਂਤ ਅਡੋਲ ਵਕਤ ਦੇ ਹਾਕਮਾ ਵੱਲੋਂ ਦਿੱਤਾ ਜ਼ਹਿਰ ਦਾ ਪਿਆਲਾ ਗਟ ਗਟ ਕਰ ਕੇ ਪੀ ਗਿਆ।
ਵਕਤ ਦੇ ਜਾਬਰ ਤੇ ਘੁਮੰਡੀ ਬਾਦਸ਼ਾਹ ਨਮਰੂਦ ਨੇ ਆਖਰੀ ਫੈਸਲਾ ਦਿੱਤਾ ਕਿ “ਇਬਰਾਹੀਮ, ਜਾ ਤਾਂ ਆਪਣੇ ਰੱਬੀ ਨੂਰ ਦਾ ਕੋਈ ਜਲਵਾ ਦਿਖਾ, ਨਹੀਂ ਤੈਨੂੰ ਸੜਦੇ ਬਲ਼ਦੇ ਅੰਗਿਆਰਿਆਂ ‘ਤੇ ਤੋਰਿਆ ਜਾਵੇਗਾ।” ਰੁਹਾਨੀ ਸੀਤਲ ਧੁਨਾਂ ਨੇ ਜਲਵਾ ਦਿਖਾਇਆ ਤਾਂ ਇਹ ਕਿ ਖੁਦਾ ਦਾ ਪਿਆਰਾ, ਮਸਤ ਦਰਵੇਸ਼ ਫਕੀਰ ਇਬਰਾਹੀਮ ਬੇਖੌਫ ਨੰਗੇ ਪੈਰੀਂ ਸੜਦੇ ਕੋਲਿਆਂ ‘ਤੇ ਚੜ੍ਹ ਗਿਆ। ਲੋਕਾਂ ਦੇਖਿਆ ਰੱਬੀ ਨੂਰ ਦੇ ਪੈਰਾਂ ਦੀ ਛੋਹ ਨਾਲ਼ ਸੜਦੇ ਬਲਦੇ ਅੰਗਿਆਰੇ ਰੰਗ ਬਿਰੰਗੇ ਫੁੱਲ ਬਣ ਗਏ ਅਤੇ ਉਹ ਅਰਾਮ ਨਾਲ਼ ਉੱਨ੍ਹਾਂ ਉੱਤੇ ਚਲਦਾ ਰਿਹਾ।
ਆਪਣੇ ਸਮੇ ਦਾ ਬੇਹੱਦ ਸ਼ਕਤੀਸ਼ਾਲੀ ਭਿਆਨਕ ਯੋਧਾ ਉਮਰ, ਹਜਰਤ ਮੁਹੰਮਦ ਦਾ ਜਾਨੀ ਦੁਸ਼ਮਣ, ਇੱਕ ਦਿਨ ਕ੍ਰੋਧ ਦੀ ਅੱਗ ਬਲਦਾ ਨੰਗੀ ਤਲਵਾਰ ਲੈ ਕੇ ਮੁਹੰਮਦ ਨੂੰ ਮਾਰਨ ਆਇਆ। ਇਹ ਦੇਖ ਲੋਕ ਥਰ ਥਰ ਕੰਬਣ ਲੱਗੇ, ਇੱਧਰ ਉੱਧਰ ਭੱਜਣ ਲੱਗੇ, ਆਪਣੇ ਦਰਵਾਜੇ ਬੰਦ ਕਰਨ ਲੱਗੇ। ਪਰ ਨਿਰਭੈ ਦੀ ਮੂਰਤ ਮੁਹੰਮਦ ਨੇ ਉਸ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਆਖਿਆ, “ਉਮਰ, ਤੂੰ ਕਦ ਤੱਕ ਖੁਦਾ ਤੇ ਉਸ ਦੇ ਰਸੂਲ ਦੇ ਖਿਲਾਫ ਲੜਦਾ ਰਹੇਂਗਾ?” ਪਤਾ ਨਹੀਂ ਇੰਨ੍ਹਾ ਬੋਲਾਂ ਵਿਚ ਕੀ ਸੀ? ਉਮਰ ਦੇ ਹੱਥੋਂ ਤਲਵਾਰ ਹੱਥੋਂ ਡਿੱਗ ਪਈ ਅਤੇ ਉਹ ਮੁਹੰਮਦ ਦੇ ਪੈਰਾਂ ਵਿਚ ਢੇਰੀ ਹੋ ਗਿਆ। ਪਿੱਛੋਂ ਇਹੋ ਉਮਰ ਇਸਲਾਮ ਦਾ ‘ਖਲੀਫਾ’ ਬਣਿਆਂ।
ਕਿਸੇ ਅਨੋਖੀ, ਅਗੰਮੀ ਤੇ ਸੁਰੀਲੀ ਧੁਨ ਵਿਚ ਮਸਤ ਇੱਕ ਵਿਅਕਤੀ ਨੂੰ ਸੁੰਨ ਸਾਨ ਉਜਾੜ ਰਾਹਾਂ ਵਿਚ ਹਰ ਰੋਜ਼ ਝਾੜੂ ਮਾਰਦਾ ਦੇਖ ਕੇ ਕੋਈ ਭਲਾ ਵਿਅਕਤੀ ਹਮਦਰਦੀ ਨਾਲ਼ ਪੁਛਦਾ ਹੈ, “ਭਲੇ ਪੁਰਸ਼, ਇੱਥੇ ਕੋਈ ਸ਼ਹਿਰ ਨਹੀਂ, ਨਗਰ ਨਹੀਂ, ਅਬਾਦੀ ਨਹੀਂ, ਤੂੰ ਇਨ੍ਹਾਂ ਸੁੰਨ ਸਾਨ ਰਾਹਾਂ ‘ਤੇ ਝਾੜੂ ਕਿਓਂ ਮਾਰਦੈਂ, ਇਹ ਵਿਅਰਥ ਕੰਮ ਕਰਦਾ ਕਿਓਂ ਔਖਾ ਹੁੰਦਾ ਏਂ?” ਸਰਸ਼ਾਰੀ ਸੁਰਾਂ ਨਾਲ਼ ਸੁਰ ਹੋਈ ਉਸ ਸੁੱਚੀ ਆਤਮਾ ਨੇ ਆਖਿਆ, “ਮੇਰੇ ਪਿਆਰੇ, ਮੈ ਵਿਅਰਥ ਕੰਮ ਨਹੀਂ ਕਰਦਾ ਪਿਆ, ਮੈ ਔਖਾ ਨਹੀਂ ਹੋ ਰਿਹਾ; ਇਹ ਮੇਰੇ ਮਾਹੀ ਦੇ ਅਨੰਦਪੁਰ ਨੂੰ ਰਾਹ ਜਾਂਦੈ, ਉਜਾੜ ਵਿਚ ਮਤੇ ਕਿਸੇ ਦੇ ਪੈਰ ਵਿਚ ਕੰਡਾ ਪੁੜ ਜਾਏ, ਮੈ ਰਾਹਾਂ ਦੇ ਕੰਡੇ ਸਾਫ ਕਰਦਾ ਪਿਆ ਹਾਂ।”
ਕੁਝ ਇਹੋ ਜਹੀ ਗੱਲ ਭਾਈ ਘਨ੍ਹਈਆ ਨੇ ਗੁਰੂ ਜੀ ਨੂੰ ਉਦੋਂ ਆਖੀ ਸੀ ਜਦੋਂ ਸਿੱਖਾਂ ਦੀ ਇਸ ਸ਼ਕਾਇਤ ‘ਤੇ ਉਸ ਦੀ ਪੇਸ਼ੀ ਹੋਈ ਕਿ ਇਹ ਯੁੱਧ ਵਿਚ ਮਾਰੇ ਸਾਡੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦਾ ਹੈ। ਗਲ ਵਿਚ ਪੱਲਾ ਪਾ ਕੇ ਤੇ ਅੱਖਾਂ ਭਰਕੇ ਉਸ ਗੁਰੂ ਜੀ ਨੂੰ ਆਖਿਆ “ਨਹੀਂ ਮਹਾਰਾਜ, ਮੈ ਕਿਸੇ ਓਪਰੇ, ਬਿਗਾਨੇ ਜਾਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਮੈ ਜਿਸ ਦੇ ਮੂੰਹ ਵਿਚ ਵੀ ਪਾਣੀ ਦੀ ਕੋਈ ਬੂੰਦ ਚੋਈ, ਮੈਨੂੰ ਉਸ ਵਿਚੋਂ ਤੇਰੇ ਸੁਹਣੇ ਮੁੱਖੜੇ ਦੇ ਦਿਦਾਰ ਹੋਏ ਹਨ।”
ਸੰਸਾਰ ਦੇ ਸਮੂਹ ਸੰਗੀਤਕਾਰਾਂ ਤੇ ਗਾਇਕ ਸ਼ਾਸਤਰਕਾਰਾਂ ਨੇ ਗਾਇਕੀ ਲਈ ਸੋਧੀਆਂ ਸੁਰਾਂ ਤੇ ਭਿੰਨ ਭਿੰਨ ਰਾਗਾਂ ਦੀ ਪਹਿਚਾਣ ਦਿੱਤੀ, ਬੇਅੰਤ ਧੁਨਾਂ, ਤਾਲਾਂ, ਪੜਤਾਲਾਂ ਤੇ ਲੈਅਕਾਰੀ ਦੇ ਵਿਧੀ-ਵਿਧਾਨ ਸਥਾਪਤ ਕੀਤੇ, ਸੰਗੀਤ ਵਿਚ ਬੇਅੰਤ ਵਾਧਾ ਤੇ ਵਿਸਥਾਰ ਕੀਤਾ। ਮਾਨਵਤਾ ਲਈ ਸਰਸ਼ਾਰੀ ਗੀਤ ਸੰਗੀਤ ਦੀ ਰੌਣਕ, ਮੁਹੱਬਤ ਦੇ ਹੁਸੀਨ ਨਗਮੇ ਅਤੇ ਮਨੁੱਖੀ ਸੋਚਾਂ ਤੇ ਸੁਰਾਂ ਦਾ ਸਿ਼ੰਗਾਰ ਕੀਤਾ। ਧਰਤੀ ਦੀ ਸਮੂਹ ਲੁਕਾਈ ਨੂੰ, ਕੰਠ ਦੀ ਸੁਰੀਲੀ ਅਵਾਜ਼ ਦੁਆਰਾ, ਪ੍ਰਕਿਰਤੀ ਨਾਲ਼ ਇੱਕ ਸੁਰ ਹੋਣ ਲਈ, ਸੋਧੀ ਤੇ ਸਿ਼ੰਗਾਰੀ ਨਿਰਮਲ ਜੀਵਨ ਜਾਚ ਦਾ ਸੰਦੇਸ਼ ਤੇ ਸੁਨੇਹਾਂ ਦਿੱਤਾ ਹੈ।
ਛਪ ਰਹੀ ਕਿਤਾਬ “ਸੁਰ ਸਿ਼ੰਗਾਰ” ਵਿਚੋਂ

ਟਰਾਂਟੋ ਕਨੇਡਾ (905-789-6670)

-0-