ਜੱਥੇ ਦੇ ਬਾਕੀ ਯਾਤਰੀਆਂ ਨਾਲ , ਪੂਜਾ ਅਰਚਨਾ ਕਰਣ ਤੋਂ ਬਾਅਦ , ਉਸ
ਚੌਦਾਂ ਪੰਦਰਾਂ ਸੌ ਸਾਲ ਪੁਰਾਣੇ ਮੰਦਰ ਦੀਆਂ ਪੌੜੀਆਂ ਉੱਤਰ ਰਿਹਾ ਸਾਂ
ਜਦੋਂ ਓਹ ਮੈਨੂੰ ਪਹਿਲੀ ਵਾਰ ਮਿਲਿਆ I ਮਿਕਤਾਨੀਸੀ ਦਿੱਖ ਮੁੱਖ। .. ਇੱਕ
ਵਾਰ ਵੇਖੋ ਤੇ ਬਸ ਵੇਖਦੇ ਹੀ ਰਹਿ ਜਾਓ। ... ਸਰੂ ਵਰਗਾ ਕੱਦ ਬੁੱਤ ,
ਕਮਾਇਆ ਹੋਇਆ ਜੁੱਸਾ , ਬਿਲੌਰੀ ਅੱਖਾਂ ਤੇ ਤਿੱਖੇ ਨੈਣ ਨਕ਼ਸ਼ I ਗੋਡਿਆਂ
ਵੱਲ ਝੁਕਿਆ ਤੇ ਫਿਰ ਨਿਰੋਲ ਇਲਾਕਾਈ ਅਦਬ ਨਾਲ ਆਪਣਾ ਸੱਜਾ ਹਥ ਦਿਲ ਤੇ
ਰੱਖਦਿਆਂ ਉਸ ਸੁਆਲ ਕੀਤਾ ," ਤੁਸਾਂ ਕਿਥੂੰ ਵੱਡਿਓ ?"
ਪਛਾਣ ਨਹੀਂ ਸਾਂ ਸਕਿਆ I ਸੋਚਿਆ ,ਜੱਥੇ ਵਿਚਲਾ ਕੋਈ ਯਾਤਰੀ ਹੋਵੇਗਾ I ਦੋ
ਸੌ ਦੇ ਕਰੀਬ ਕਰੀਬ ਯਾਤਰੀ। ਹਿੰਦ ਦੇ ਵੱਖ ਵੱਖ ਸੂਬਿਆਂ ਤੋਂ ਆਏ ਹੋਏ ..
ਦੋਆਂ ਕੁ ਦਿਨਾਂ ਚ ਕਿਸੇ ਨਾਲ ਜਾਣ ਪਛਾਣ ਵੀ ਕਿੰਨੀਂ ਕੁ ਹੋਣੀ ਸੀ I
ਹਥ ਆਪ ਮੁਹਾਰੇ ਹੀ ਉਸ ਦੀ ਪਿੱਠ ਤੇ ਚਲਾ ਗਿਆ " ਜਿਓੰਦੇ ਰਹੋ , ਜੁਆਨੀਆਂ
ਮਾਣੋ !! ਮੈਂ ਫਰੀਦਕੋਟ ਪੰਜਾਬ ਤੋਂ ",ਮੈਂ ਕਿਹਾ I
" ਮੈਨੂੰ ਲੱਗਿਆ ਤੁਸਾਂ ਇਥੂੰ ਦੇ ਓ " , ਉਸ ਕਿਹਾ I
" ਇਥੂੰ ਦੇ ਵੀ ਕਹਿ ਸਕਦੇ ਓ। ..ਮੇਰੇ ਨਾਨਕੇ ਭੋਣ ਚਕਵਾਲ ਦੇ ਤੇ ਦਾਦਕੇ
ਪਿੰਡੀ ਘੇਬ ਜ਼ਿਲਾ ਅੱਟਕ ਦੇ। .....ਤੇ ਤੁਸੀਂ ? " ਮੈਂ ਕਿਹਾ
" ਮੈਂ ....ਰਵਿੰਦਰ। ... ਰਵਿੰਦਰ ਛਿੱਬੜ .... ਭੱਲੇ ਕਰਿਆਲਿਓਂ "
" ਵਾਹ !! " ਮੇਰੇ ਮੂਹੋਂ ਨਿੱਕਲਿਆ " ਭੱਲੇ ਕਰਿਆਲੇ ਤਾਂ ਸਾਡੀਆਂ ਵੀ
ਬਥੇਰੀਆਂ ਰਿਸ਼ਤੇਦਾਰੀਆਂ .. ਮਾਂ ਦੱਸਿਆ ਕਰਦੀ ਸੀ। .... ਭਾਈ ਸਤੀ ਦਾਸ
ਦਾ ਗਿਰਾਂ ... ਦਿਲ ਤਾਂ ਬਹੁਤ ਕਰਦੈ।... ਇਥੂੰ ਪੈਂਡਾ ਤਾਂ ਅਧੇ ਘੰਟੇ
ਦਾ । ....ਪਰ ਓਥੇ ਜਾਣ ਕਿਸ ਦੇਣੈਂ ?"
" ਠੀਕ ਕਹਿਨੇ ਓਂ ਵੱਡਿਓ !! ...... ਮਿਲਦੇ ਆਂ ਫਿਰ !! " ਕਹਿੰਦਿਆਂ ਓਹ
ਬਾਕੀਆਂ ਨੂੰ ਮਿਲਣ ਤੁਰ ਪਿਆ। .... ਜਿਵੇਂ ਕੁਝ ਤਲਾਸ਼ ਰਿਹਾ ਹੋਵੇ I
ਇੰਤਿਜ਼ਾਮਿਆਂ ਨੇਂ ਆਏ ਹੋਏ ਯਾਤਰੀਆਂ ਲਈ ਇਸਤਕ਼ਬਾਲਿਆ , ਮੰਦਰ ਦੇ ਸਾਹਮਣੇ
ਬਣੀ ਬਿਲਡਿੰਗ ' ਚ ਰੱਖਿਆ ਹੋਇਆ ਸੀ , ਸੋ , ਸਾਰੇ ਉਸ ਚ ਮਸਰੂਫ ਹੋ ਗਏ I
ਦੋਆਂ ਕੁ ਘੰਟਿਆਂ ਬਾਅਦ ਜਦੋਂ ਵਾਪਸ ਠਹਿਰਾਅ ਵਾਲੀ ਜਗਾਹ ਵਾਲੀ ਜਾਣ ਲੱਗੇ
ਤਾਂ ਓਹ ਰਾਹ ਚ ਪੈਂਦੀ ਇੱਕ ਦੁਕਾਨ ਕੋਲ ਖਲੋਤਾ ਵੇਖਿਆ। ... ਸ਼ਾਇਦ ਆਪਣੀ
ਕਾਰ ਦੇ ਨੇੜੇ। .... ਯਾਤਰੀਆਂ ਦੇ ਇੱਕ ਸਮੂਹ ਨਾਲ ਘਿਰਿਆ ਗੱਲਾਂ ਕਰਦਾ
ਹੋਇਆ I ਯਾਤਰੀਆਂ ਦੀ ਹਿਫ਼ਾਜ਼ਤ ਦੇ ਮੱਦੇ ਨਜਰ ਚੁਫੇਰੇ ਤੈਨਾਤ ਸੀਕਿਉਰਟੀ
ਵਾਲਿਆਂ ਵਿੱਚੋ ਇੱਕ ਬਾਜ਼ ਵਰਗੀਆਂ ਅੱਖਾਂ ਵਾਲਾਸ਼ਾਇਦ ਉਸ ਕੋਲੋਂ ਉਸ ਦੀ
ਪਹਿਚਾਣ ਦਰਿਆਫਤ ਕਰ ਰਿਹਾ ਸੀ I ਚਿਹਰੇ ਉੱਤੇ ਥੋੜੀ ਜਿਹੀ ਬੇ ਮਾਲੂਮੀ
ਸ਼ਿਕਨ ਲਿਆਉਂਦਿਆਂ ਉਸ ਪਰਸ ਚੋਂ ਆਪਣਾ ਆਈ ਡੀ ਕਾਰਡ ਕਢਦਿਆਂ ਉਸ ਕਿਹਾ ,"
ਮੈਂ ਰਵਿੰਦਰ ਛਿੱਬੜ ...ਭੱਲੇ ਕਰਿਆਲੇ ਤੋਂ। ... ਚਕਵਾਲ ਜ਼ਿਲਾ ਕਮੇਟੀ ਦਾ
ਮੈਂਬਰ। ... ਹੁਣ ਤਾਂ ਜ਼ਿਲਾ ਕਮੇਟੀਆਂ ਨਹੀਂ ਰਹੀਆਂ। ...ਪਰ ਫਿਰ ਵੀ।
... ਐਹ ਤੱਕੋ !! " ਲੱਗਦਾ ਸੀ ਜਿਵੇਂ ਆਪਣੇ ਹੀ ਵਤਨ ਚ ਆਪਣੀ ਹੀ ਪਛਾਣ
ਦੇਣ ਨੂੰ ਗਲੋਂ ਥੱਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ I ਸੀਕਿਉਰਟੀ ਵਾਲਾ
ਮੁਸਕਰਾਇਆ ਤੇ ਪਿਛੇ ਮੁੜ ਗਿਆ I ਮੈਂ ਵੀ ਥੋੜਾ ਹੋਰ ਨੇੜੇ ਜਾ ਖੜੋਇਆ I
ਓਹ ਯਮੁਨਾ ਨਗਰ ਤੋਂ ਆਏ ਇੱਕ ਬਜੁਰਗ ਜੋੜੇ ਨਾਲ ਗੱਲਾਂ ਕਰ ਰਿਹਾ ਸੀ I
ਬਜੁਰਗ ਔਰਤ ਮਿਸਿਜ਼ ਬਾਲੀ ਕਹਿ ਰਹੇ ਸਨ ," ਵੇ ਰਵਿੰਦਰ !! ਵਹੁਟੀ ਕਿੱਥੇ
ਆ ਵੇ ? ਮੈਂ ਤਾਂ ਭੈੜਿਆ ਉਨਹੂੰ ਘੁੱਟ ਕੇ ਮਿਲੀ ਵੀ ਨਾ " I ਉਹਦੀਆਂ
ਅੱਖਾਂ ਪਲ ਦੀ ਪਲ ਜਿਵੇਂ ਸੇਜਲ ਹੋਈਆਂ ਤੇ ਉਸ ਬਜੁਰਗ ਔਰਤ ਨੂੰ ਨਿਘੇ ਮੋਹ
ਨਾਲ ਘੁੱਟਦਿਆਂ ਅਤੇ ਇੱਕ ਪਾਸੇ ਇਸ਼ਾਰਾ ਕਰਦਿਆਂ ਉਸ ਕਿਹਾ , " ਭੈਣ ਜੀ
ਔਧਰ ਤੱਕੋ ਔਹ ਪਈ ਆਉਂਦੀ ਏ। ... ਓਹ ਵਿਚਾਰੀ ਤਾਂ ਤੁਹਾਨੂੰ ਈ ਪਈ ਲਭਦੀ
ਏ ਸਵੇਰ ਤੋਂ "I ਮੁਖਾਤਾਬੀ ਸਬਦਾਂ ਤੋਂ ਇਓਂ ਲੱਗਿਆ ਬਈ ਇਹ ਬਜ਼ੁਰਗ ਔਰਤ
ਰਿਸਤੇ ਚ ਤਾਂ ਭਾਵੇਂ ਰਵਿੰਦਰ ਦੀ ਭੈਣ ਲੱਗਦੀ ਸੀ ਪਰ ਮਾਵਾਂ ਵਰਗੀ I ਓਹ
ਉਸ ਬਜ਼ੁਰਗ ਔਰਤ ਨੂੰ ਇਓਂ ਬਾਹਾਂ ਚ ਲਈ ਖੜਾ ਸੀ ਜਿਵੇਂ ਕੋਈ ਛੋਟਾ ਜਿਹਾ
ਬੱਚਾ ਆਪਣੀ ਮਾਂ ਦੀਆਂ ਲੱਤਾਂ ਨੂੰ ਚੰਬੜਿਆ ਹੋਇਆ ਹੋਵੇ ਇਸ ਡਰੋਂ ਕਿ ਉਸ
ਤੋਂ ਦੂਰ ਨਾਂ ਹਲੀ ਜਾਏ I
ਐਨੇੰ ਨੂੰ ਇਸ਼ਾਰਾ ਕਰ ਗੱਡੀ ਬੁਲਾ ਲਈ ਗਈ ਅਤੇ ਦੋਵੇਂ ਪਰਿਵਾਰ ਉਸ ਠਿਕਾਣੇ
ਵੱਲ ਚਲੇ ਗਏ ਜਿਹੜਾ ਮੁਸ਼ਕਿਲ ਨਾਲ ਦੋ ਚਾਰ ਸੌ ਮੀਟਰ ਦੂਰ ਸੀ I ਜਦੋ ਤੱਕ
ਅਸੀਂ ਓਥੇ ਪਹੁੰਚੇ ਰਵਿੰਦਰ ਉਨ੍ਹਾਂ ਨੂੰ ਛ੍ਹੱਡ ਕੇ ਵਾਪਿਸ ਆ ਰਿਹਾ ਸੀ।
... ਸ਼ਾਇਦ ਉਸ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂ ਉਸ ਨੇ ਜਾਣਾ ਠੀਕ
ਨਹੀਂ ਸੀ ਸਮਝਿਆ I ਵੈਸੇ ਯਾਤਰੀਆਂ ਦੀ ਆਮਦ ਓ ਰਫਤ ਵੀ ਠਹਿਰਾ ਠਿਕਾਣੇ
ਤੋਂ ਮੰਦਰ ਤੱਕ ਹੀ ਮਹਿਦੂਦ ਕੀਤੀ ਹੋਈ ਸੀ। ... ਕੋਈ ਕਿਲੋਮੀਟਰ ਕੁ ਦਾ
ਸਿਧਾ ਪਧਰਾ ਰਸਤਾ। ....ਸੀਕਿਉਰਟੀ ਦੀਆਂ ਬਾਜ਼ ਅੱਖਾਂ ਦੀ ਲਗਾਤਾਰ
ਨਿਗਰਾਨੀ ਹੇਠ। .... ਹੋਣੀ ਜਾਇਜ਼ ਵੀ ਸੀ। .... ਜਦੋਂ ਕੋਈ ਮੁਲਕੀ ਖਿੱਤਾ
ਖੁਦ ਨੂੰ ਦਰ ਪੇਸ਼ ਮਸਲਿਆਂ ਤੋਂ ਹੀ ਸੁਰਖਰੂ ਨਾਂ ਹੋ ਰਿਹਾ ਹੋਵੇ ਓਹ
ਬਿਗਾਨਾ ਭਾਰ ਵੀ ਵਾਧੂ ਹੱਦ ਤੱਕ ਕਿਓਂ ਚੱਕੇ ? ਹਸਾਈਆਂ ਦਾ ਨਾਂ ਕਿੱਥੇ ?
ਨਾਂ ਤਾਂ ਰੁਆਇਆ ਦਾ ਹੁੰਦੈ I
ਅਗਲਾ ਦਿਨ ਵੀ ਇਵੇਂ ਹੀ ਲੰਘ ਗਿਆ। ...ਤੇ ਫਿਰ 375 ਕਿਲੋ ਮੀਟਰ ਦਾ
ਪੈਂਡਾ ਕਛ ਕਿਟਾਸ ਰਾਜੋਂ ਵਾਪਿਸ ਲਾਹੌਰ ਆ ਗਏ .... ਪਰ ਇੱਕ ਸੁਆਲ ਵਾਰ
ਵਾਰ ਦਿਮਾਗੀ ਦਰ ਖੜਕਾਉਂਦਾ ਰਿਹਾ। .... ਕੱਲਾ ਕਾਰਾ ਟੱਬਰ। .... ਮੀਲੋਂ
ਮੀਲ ਨਾਂ ਕੋਈ ਆਪਣਾ ਨਾਂ ਕੋਈ ਆਪਣੇ ਵਰਗਾ। ...ਹਾਂ ਬੋਲੀ ਅਤੇ ਲਿਬਾਸ
ਜ਼ਰੂਰ ਸਾਂਝਾ। ... ਪਰ ਕੱਲੇ ਬੋਲੀ ਅਤੇ ਲਿਬਾਸ ਨਾਲ ਕੀ ਹੁੰਦੈ I ਕਿਓਂ
ਰਹਿ ਰਿਹਾ ਹੈ ਕੱਲਮ ਕੱਲਾ ? ਕਿਓਂ ਲਿਆ ਹੋਵੇਗਾ ਉਸ ਜਾਂ ਉਸ ਦੇ ਪਰਿਵਾਰ
ਨੇੰ ਓਸੇ ਗਿਰਾਂ ਚ ਰਹਿਣ ਦਾ ਫੈਸਲਾ ? ਐਥੋਂ ਵਾਲੇ ਮੁਰੱਬੇ ਉਧਰ ਭਾਵੇਂ
ਮੁਰੱਬੇ ਨਾਂ ਵੀ ਹੁੰਦੇ ਪਰ ਚੰਗੇ ਚੋਖੇ ਤਾਂ ਹੁੰਦੇ।...ਆਪਣਿਆਂ ਕੋਲ ਤਾਂ
ਰਹਿੰਦਾ I ਸੁਆਲ ਰਫਤਾਰ ਫੜਦੇ ਰਹੇ I
ਸ਼ਾਮ ਨੂੰ ਗੁਰਦੁਆਰਾ ਡੇਰਾ ਸਾਹਿਬ ( ਜਿੱਥੇ ਰਿਹਾਇਸ਼ ਦਾ ਪਰਬੰਧ ਸੀ ) ਦੇ
ਲੰਗਰ ਚੋਂ ਪਰਸ਼ਾਦੇ ਛਕਣ ਤੋਂ ਬਾਅਦ ਯਮੁਨਾ ਨਗਰ ਦੇ ਬਜੁਰਗ ਜੋੜੇ ਦੀ ਤਲਾਸ਼
ਚ ਚਾਰ ਕੁ ਕਮਰੇ ਵੇਖੇ ਤੇ ਓਹ ਮਿਲ ਗਏ I ਦਸ਼ਨ ਲਾਲ ਬਾਲੀ। ... ਉਮਰ
ਅੱਸੀਆਂ ਤੋਂ ਉੱਪਰ। .... ਜਾਣ ਕਾਰੀ ਗੂਗਲ ਸਰਚ ਵਰਗੀ ਅਤੇ ਯਾਦਾਸ਼ਤ ਵੀ
ਤੇਜ਼। ....
ਰਵਿੰਦਰ ਛਿੱਬੜ ਦੇ ਜ਼ਿਕਰ ਤੋਂ ਚੱਲਿਆ ਗੱਲਾਂ ਦਾ ਸਿਲਸਿਲਾ ਰਹਾਬ ਦੱਤ ਤੱਕ
ਵੀ ਪਹੁੰਚਿਆ ,ਬਾਬੇ ਪਰਾਗੇ ਤੱਕ ਵੀ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ
ਅਤੇ ਭਾਈ ਜਤੀ ਦਾਸ ਤੱਕ ਵੀ I
ਉਨ੍ਹਾਂ ਕਹਿਣਾ ਸ਼ੁਰੂ ਕੀਤਾ ," ਅਸੀਂ ਮੋਹਿਆਲ ਬ੍ਰਾਹਮਣ ਹਾਂ। ... ਦੱਤ ,
ਛਿੱਬੜ , ਬਾਲੀ ,ਮੋਹਨ। ...ਸ਼ਸ਼ਤਰ ਧਾਰੀ। .... ਕੱਲੇ ਸ਼ਸ਼ਤਰ ਧਾਰੀ ਹੀ
ਨਹੀਂ।.... ਸ਼ਾਸ਼ਤਰ ਧਾਰੀ ਵੀ। ... ਕੁਲ ਪੱਤਰੀ ਮੁਤਾਬਿਕ ਬਾਬਾ ਪਰਾਗਾ
ਕੁਲ ਸਿਰਜਕ ਸੀ। ...ਬਾਬਰ ਅਤੇ ਗੁਰੂ ਨਾਨਕ ਦਾ ਸਮਕਾਲੀਨ। .. ਇੱਕ ਛੋਟੀ
ਜਿਹੀ ਰਿਆਸਤ ' ਭੇਰਾ ' ਦਾ ਪ੍ਰਮੁੱਖ। ...ਭੇਰਾ। .. ਲਾਹੌਰ ਇਸਲਾਮਾਬਾਦ
ਐਕਸਪਪ੍ਰੇਸ ਵੇ ਦੇ ਅਧ ਚ..ਰਾਜ ਦੀ ਨੀਹਂ ਬਾਬੇ ਪਰਾਗੇ ਦੇ ਪਿਤਾ ਗੌਤਮ
ਨੇੰ ਰੱਖੀ ....ਸਿੱਖ ਗੁਰੂ ਸਾਹਿਬਾਨ ਉਨ੍ਹਾਂ ਨੂੰ /ਪਰਿਵਾਰ ਵਾਲਿਆਂ ਨੂੰ
ਆਪਣਾ ਦੀਵਾਨ ਥਾਪੀ ਰੱਖਿਆ। .... ਸਿਲਸਿਲਾ ਛੇਵੀ ਪੀੜੀ ਤੱਕ ਚੱਲਦਾ ਰਿਹਾ
ਜਦੋਂ ਛੇਵੇਂ ਪਾਤਸ਼ਾਹ ਨੇੰ ਮੀਰੀ ਅਤੇ ਪੀਰੀ ਦੋਵੇਂ ਹੀ ਧਾਰਣ ਕੀਤੀਆਂ।
... ਕਿਹਾ ਜਾਂਦੈ ਉਸ ਆਪਣੀ ਆਖਰੀ ਲੜਾਈ ਪੈਂਦੇ ਖਾਂ ਨਾਲ ਲੜੀ। .... ਉਹ
ਵੀ ਜਦੋਂ ਓਹ ਸੌ ਸਾਲਾਂ ਤੋਂ ਉੱਪਰ ਦਾ ਸੀ। ... ਉਸ ਬਾਬਰ ਨਾਲ ਵੀ ਲੋਹਾ
ਲਿਆ। ... ਗੌਤਮ ਹੁਰਾਂ ਦੀ ਥੱਲੀ ਅੱਜ ਵੀ ਕਾਬੁਲ ਦੇ ਚਾਰ ਬਾਗ
ਅਫਗਾਨਿਸਤਾਨ ਚ ਸਥਿਤ ਹੈ ਅਤੇ ਉਸ ਨੂੰ ਮੁਸਲਮਾਨ ਵੀ ਮੰਨਨੇਂ ਨੇਂ "
" ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਜਤੀ ਦਾਸ..... ?" , ਮੈਂ
ਗੱਲ ਨੂੰ ਜਾਰੀ ਰੱਖਣ ਲਈ ਪੁਛਿਆ I
"ਬਾਬੇ ਪਰਾਗੇ ਦੇ ਕੁਲ ਚੋਂ ਹੀ ਅੱਗੇ ਚੱਲ ਕੇ ਭਾਈ ਸਾਹਿਬਾਨ ਸਤੀ ਦਾਸ
ਮਤੀ ਦਾਸ ਅਤੇ ਜਤੀ ਦਾਸ ਹੋਏ। ਇਹ ਆਰਿਆਂ ਨਾਲ ਵੀ ਚੀਰੇ ਗਏ ਅਤੇ ਰੂੰ ਬੰਨ
ਕੇ ਸਾੜੇ ਵੀ ਗਏ ....ਸ਼ਹਾਦਤਾਂ ਦਾ ਇਹ ਸਿਲਸਿਲਾ ਇੱਥੇ ਈ ਨਹੀਂ ਰੁਕਿਆ।
.. ਮੁਕੰਦ ਰਾਏ ਤੇ ਸਾਹਿਬ ਸਿੰਘ ਦਸਮ ਗੁਰੂ ਦੇ ਨਾਲ ਚਮਕੌਰ ਦੀ ਗੜੀ ਦੀ
ਜੰਗ ਦੌਰਾਨ ਸ਼ਾਨਾਂ ਬਸ਼ਾਨਾਂ ਖੜੇ ਰਹੇ I ਸਾਹਿਬ ਸਿੰਘ ਦੇ ਬੇਟੇ ਗੁਰਬਖਸ਼
ਨੇੰ ਤਾਂ ਅਹਮਦ ਸ਼ਾਹ ਅਬਦਾਲੀ ਨਾਲ ਵੀ ਜੰਗ ਲੜੀ I ਭਾਈ ਮਤੀ ਦਾਸ ਦੀਆਂ ਵੀ
ਤੇ ਭਾਈ ਜਤੀ ਦਾਸ ਦੀਆਂ ਵੀ ਦੋ ਦੋ ਪੀੜੀਆਂ ਨੇਂ ਸ਼ਹਾਦਤ ਕਬੂਲੀ " , ਓਹ
ਰੁਕੇ ਅਤੇ ਫਿਰ ਕਿਹਾ ," ਬ੍ਰਾਹਮਣਾਂ ' ਚ ' ਗੰਗੂ ' ਵੀ ਹੁੰਦੇ ਰਹੇ
ਹੋਣਗੇ। .... ਕਿਹੜੀ ਕੌਮ ਚ ਨਹੀਂ ਹੁੰਨੇ ਜਾਂ ਹੋਣਗੇ ? ਪਰ ਐਹ ਵੀ ਤਾਂ
ਸਮਝੋ ਬਈ ਬਾਬੇ ਪਰਾਗੇ ਹੁਣਾਂ ਚੋਂ ਵੀ ਹੁੰਦੇ ਨੇੰ "I
" ਤੇ ਰਵਿੰਦਰ ਹੁਣ ਵੀ ਇੱਥੇ ਹੀ ? ਕੱਲਾ ਕਾਰਾ !! " ਗੱਲ ਨੂੰ ਅੱਗੇ
ਤੋਰਨ ਲਈ ਮੈਂ ਪੁਛਿਆ I
" ਜੱਦ ਸੰਭਾਲੀ ਬੈਠੈ ਵੱਡਿਆਂ ਨੀਂ । .... ਕਿਸੇ ਨੇਂ ਤਾਂ ਵਿਰਾਸਤ
ਸੰਭਾਲਣੀ ਹਈ ਨਾਂ " , ਜੁਆਬ ਸੀ
" ਵਿਰਾਸਤ ?" ਮੈਂ ਜਿਵੇਂ ਹੈਰਾਨੀ ਪ੍ਰਗਟਾਈ
" ਹਾਂ ਜੀ !! ...ਵਿਰਾਸਤ। ... ਵੱਡਿਆਂ ਨੀ । .... ਭਾਈ ਮਤੀ ਦਾਸ ਦੀ
ਥੱਲੀ ... ਉਸ ਦੇ ਕੁਲ ਚੋਂ ਐ। ... ਕਰਨਾ ਈ ਐ ਉਸ ...ਹੋਰ ਕੌਣ ਕਰੇ ? "
" ਪਰ। ....... ? " ਮੈਂ ਜਿਵੇਂ ਆਪਣੇ ਸਾਰੇ ਸੁਆਲ ਇਕੱਠੇ ਹੀ ਸਾਹਮਣੇ
ਧਰ ਦਿੱਤੇ "
"ਮੰਨਨਾਂ ਤੁਸਾਂ ਨੀਂ ਗੱਲ। ... ਪਰ ਤੱਕੋ ਨਾਂ। ... ਕਿਵੇਂ ਰਿਹਾ ਹੋਇਆ
" I
" ਪਰ.... ਇੱਕਲਾ ...ਆਪਣਾ ਵੀ ਕੋਈ ਨਹੀਂ। ...ਉਨ੍ਹਾਂ ਚ ਹੀ ਜਿਨ੍ਹਾਂ
ਖਿਲਾਫ਼ ਲੜਦੇ ਰਹੇ ", ਕੋਲ ਬੈਠੇ ਕਰਿਸ਼ਨ ਜੀ ਨੇਂ ਜਿਵੇਂ ਖਦਸ਼ਾ ਜਿਹਾ
ਪ੍ਰਗਟ ਕੀਤਾ I
" ਪਰ ਤੁਸਾਂ ਨੇਂ ਕੇ ਲਗਨਾਂ ਕਿ ਇਨ੍ਹਾਂ ਨੀਂ ਲੜਾਈ ਮੁਸਲਮਾਨਾਂ ਖਿਲਾਫ਼
ਹੀ ਰਹੀ ? ਮੁਗਾਲਤੇ ਚ ਓ। .. ਮੈਨੂੰ ਲਗਨਾਂ।... ਓਹ ਤੇ ਅੱਜ ਵੀ ਇਸ ਥਲੀ
ਨੂੰ ਮਨਨੇੰ ਨੇਂ "
" ਓਹ ਕਿਵੇਂ। ...? " ਸਾਡੇ ਵੱਲੋਂ ਜਿਵੇਂ ਹੈਰਾਨੀ ਪ੍ਰਗਟ ਹੋਈ I "
" ਮੁਹਾਲਾਂ ਬਾਰੇ ਕਹਿਨੇੰ ਨੇਂ। .... ਦੱਤ ਕੀ ਸੰਤਾਨ , ਹਿੰਦੂ ਕਾ ਧਰਮ
, ਮੁਸਲਮਾਨ ਕਾ ਈਮਾਨ।.... ਮੁਹਾਲਾਂ ਨੇਂ ਤਾਂ ਕਰਬਲਾ ਦੀ ਲੜਾਈ ਚ ਵੀ
ਆਪਣੀਆਂ ਸ਼ਹਾਦਤਾਂ ਦਿੱਤੀਆਂ। ...ਜਿਹਦੇ ਨਾਲ ਵੀ ਜੁਲਮ ਹੁੰਦਿਆਂ ਤੱਕਿਆ
ਓਹਦੇ ਨਾਲ ਹੀ ਖਲੋ ਗਏ "
" ਹਾਂ ਪੜਿਆ ਤੇ ਥੋੜਾ ਬਹੁਤ ਮੈਂ ਵੀ। ... ਇਹਦੇ ਬਾਰੇ। .. ਕੁਰਤੁਲ ਦੀਨ
ਹੈਦਰ ਦੀ ਇੱਕ ਕਿਤਾਬ। .... ਏਕ ਕਤਰਾ ਖੂਨ ਚ। ... ਪਰ ਐਨਾਂ ਨਹੀਂ ਪੱਤਾ
", ਮੈਂ ਕਿਹਾ
" ਮੈਂ ਦਸਨਾ ਨਾਂ ਤੁਸਾਂ ਨੂੰ। .... ਹੋਇਆ ਇੰਝ ਕੇ ਰਹਾਬ ਚੰਦ ਦੱਤ ਦੇ
ਵੱਡੇ ਵਡੇਰਿਆਂ ਚੋਂ ਕਿਸੇ ਹਿੱਕ ਨੂੰ ਪੋਰਸ ਨੇੰ ਸਿਕੰਦਰ ਕੋਲ ਸਫੀਰ ਬਣਾ
ਕੇ ਭੇਜਿਆ। ... ਸਿਕੰਦਰ ਮੁਲਤਾਨ ਕੋਲ ਪਹੁੰਚਣ ਵੇਲੇ ਮਰ ਗਿਆ। .. ਓਹ
ਸਫੀਰ ਯੂਨਾਨ ਨਾਂ ਜਾ ਕੇ ਅਰਬ ਦੇਸ਼ ਚ ਵੱਸ ਗਿਆ। ... ਇਹ ਗੱਲ 326 ਬੀ ਸੀ
ਦੀ। .... ਹਜਰਤ ਮੁਹਮੰਦ ਸਾਹਿਬ ਦੀ ਪੈਦਾਇਸ਼ ਹੋਈ 570 ਈਸਵੀ ਚ। ... ਨੌਂ
ਸੌ ਸਾਲ ਦਾ ਵਕਫਾ। ...ਰਹਾਬ ਚੰਦ ਦੱਤ ਦੀ ਹਜਰਤ ਮੁਹਮੰਦ ਸਾਹਿਬ ਨਾਲ
ਬਹੁਤ ਹੀ ਨਜਦੀਕੀ। ....ਬਾਅਦ ਵਿਚ ਕਰਬਲਾ ਦੀ ਲੜਾਈ ਵੇਲੇ ਰਹਾਬ ਦੱਤ ਅਤੇ
ਉਸ ਦੇ ਸੱਤ ਪੁੱਤਰ ਹਸਨ ਅਤੇ ਹੁੱਸੈਨ ਵੱਲੋਂ ਲੜੇ ਜਦੋਂ ਯਜੀਦ ਨੇਂ ਪਾਣੀ
ਬੰਦ ਕਰ ਕੇ ਲੜ ਰਹੀਆਂ ਫੌਜਾਂ ਨੂੰ ਪਿਆਸਾ ਰੱਖ ਕੇ ਮਾਰਿਆ।... ਇਸੇ ਲੜਾਈ
ਚ ਰਹਾਬ ਦੱਤ ਅਤੇ ਉਸ ਦੇ ਸੱਤ ਪੁੱਤਰਾਂ ਵੀ ਕੁਰਬਾਨੀ ਦਿੱਤੀ। .... ਇਸੇ
ਕਰ ਕੇ ਤਾਂ ਮੁਹਾਲਾਂ ਨੂੰ ਹੁਸਸੈਨੀ ਬ੍ਰਾਹਮਨ ਵੀ ਕਹਿਨੇੰ ਨੇੰ " , ਬਾਲੀ
ਜੀ ਨੇਂ ਜਿਵੇਂ ਗੱਲ ਨੂੰ ਸੰਖਿਪਤ ਕੀਤਾ I
" ਵਾਹ !! ਵਾਹ !! ਇੰਝ ਤਾਂ ਫਿਰ ਇਹ ਵਿਰਾਸਤ ਸਾਂਝੀ ਵਿਰਾਸਤ ਹੋਈ ਨਾਂ
.... ਸਾਰਿਆਂ ਦੀ। ...." , ਕਰਿਸ਼ਨ ਜੀ ਨੇਂ ਜਿਵੇਂ ਹਾਮੀ ਭਰੀ I
" ਵਿਰਾਸਤ ਕਹਿ ਲਵੋ ਤੇ ਤੁਸਾਂ ਨੀਂ ਮਰਜ਼ੀ .... ਤ੍ਰਿਵੇਣੀ ਕਹਿ ਲਵੋ ਤਾਂ
ਤੁਸਾਂ ਨੀਂ ਮਰਜ਼ੀ ", ਬਾਲੀ ਸਾਹਿਬ ਨੇਂ ਗੱਲ ਨੂੰ ਸ਼ਾਇਦ ਸਾਫ਼ ਕਰਨ ਲਈ
ਕਿਹਾ ," ਵੇਖੋ ਨਾਂ ਰੱਬ ਤਾਂ ਪੱਤਾ ਨਹੀਂ ਕਿਸੇ ਤੱਕਿਆ ਕੇ ਨਹੀਂ ਤੱਕਿਆ
, ਭਾਈ ਚਾਰਾ ਤੇ ਸਾਰਿਆਂ ਤੱਕਿਆ। .... ਉਸੇ ਚ ਜੰਮਿਆਂ ਪਲਿਆ। ... ਉਸੇ
ਚ ਵੱਡਾ ਹੋਇਆ। .... ਉਸ ਨਾਂ ਚੰਗਾ ਮਾੜਾ ਤੇ ਤੱਕੇ ਨਾਂ। ... ਮਾੜੇ ਨੂੰ
ਰੋਕੇ ਤੇ ਚੰਗੇ ਨਾਲ ਖਲੇ "
" ਬਿਲਕੁਲ ਠੀਕ ਕਹਿ ਰਹੇ ਹੋਂ ਤੁਸੀਂ ਬਾਲੀ ਸਾਹਿਬ !! ਹੋਣਾ ਤਾਂ ਇੰਝੇ ਈ
ਚਾਹੀਦਾ ", ਮੈਂ ਕਿਹਾ , " ਪਰ ਸੁਣੇ ਕੌਣ ? "
" ਪਰ ਲੱਗਦਾ ਹੈ ਹੁਣ ਰਵਿੰਦਰ ਵਿਰਾਸਤ ਸੰਭਾਲ ਸੰਭਾਲ ਥੱਕ ਜਿਹਾ ਗਿਆ ਹੈ।
... ਓਦਣ ਤੱਕਦਾ ਪਿਆ ਸਾਂ ਕਿਵੇਂ ਓਹ ਬੱਚਿਆਂ ਵਾਂਗ ਮਿਸਿਜ਼ ਬਾਲੀ ਨੂੰ
ਜੱਫੀ ਪਾਈ ਖੜਾ ਸੀ। ... ਓਵੇਂ ਈ ਜਿਵੇਂ ਕੋਈ ਜਾਤਕ ਕਿਸੇ ਕੋਲੋਂ ਡਰਦਾ
ਹੋਇਆ ਆਪਣੀ ਮਾਂ ਨੂੰ ਜੱਫੀ ਪਾਈ ਬੈਠਾ ਹੋਵੇ। ...ਜਿਹਦੀ ਬੁੱਕਲ ਉਨਹੂੰ
ਹਰ ਕਾਲੇ ਮਾੜੇ ਤੋਂ ਬਚਾ ਲਵੇਗੀ ", ਮੈਂ ਕਿਹਾ I
" ਕਰੇ ਵੀ ਕੇ ਜਾਤਕ !! ਮੇਰਾ ਤੇ ਸਭ ਤੂੰ ਛੋਟੇ ਮਾਮੇ ਦਾ ਮੁੰਡਾ ਏ। ...
ਰਿਹਾ ਤੇ ਹੁਣ ਵੀ ਜੱਬੇ ਨਾਲ ਏ। .... ਪਰ ਉਸ ਦਿਨ ਅੱਖਾਂ ਭਰ ਆਇਆ। ...
ਕਹਿਣ ਲੱਗਾ। ... ਭੈਣ !! ਮੇਰਿਆਂ ਮਾਮਿਆਂ ਨੂੰ ਜਾ ਕੇ ਕਿਹਾ ਜੇ ਭਈ
ਮੈਨੂੰ ਕੱਲਾ ਛੱਡ ਗਏ ਓ " ਮਿਸਿਜ਼ ਬਾਲੀ ਨੇਂ ਕਿਹਾ ਤੇ ਗੱਲ ਜਾਰੀ ਰੱਖੀ
," ਇਹਦੇ ਵਿਆਹ ਤੋਂ ਪਹਿਲਾਂ ਮਾਮਾ ਜਗਤ ਸਿੰਘ ਨੇਂ ਇਨ੍ਹਾਂ ਨੂੰ ਚਿੱਠੀ
ਲਿੱਖੀ ਅਈ ਬਈ ਜਾਤਕ ਦਾ ਵਿਆਹ ਕਰਨੈਂ। ... ਕੋਈ ਕੁੜੀ ਲਭੋ ਆਪਣੀ
ਬਿਰਾਦਰੀ ਚੂੰ। ...ਜੇ ਤੇ ਇਹ ਹੁੰਦਾ ਉੱਥੇ। ...ਐਨੇੰ ਮੁਰੱਬਿਆਂ ਦਾ
ਮਾਲਿਕ। .... ਛੱਤੀ ਰਿਸ਼ਤੇ ਆਂਦੇ। .... ਪਰ ਉਧਰੂੰ ਕਿਹੜੀ ਨਢੀ ਇਧਰ ਆਵੇ
ਤੇ ਕਿਹੜੀ ਨੂੰ ਮਾਪੇ ਭੇਜਣ "
" ਫਿਰ ?", ਮੈਂ ਪੁਛਿਆ
" ਕੇ ਕਰਦੇ ਵਿਚਾਰੇ। ...ਹਾਰ ਕੇ ਇਧਰ ਈ ਵੇਖੀ। .... ਕਰਾਚੀ ਤੋਂ ਐ।
... ਭਾਟੀਏ ਨੇੰ। ....ਵਹੁੱਟੀ ਬੜੀ ਈ ਚੰਗੀ। ... ਓਦਣ ਕਹਿਣ ਲੱਗੀ। ...
ਭੈਣ ਜੀ ! ਤਿਥ ਵਰਤ ਕਰਦੀ ਆਂ ਸਭੇ। .... ਸ਼ਿਵ ਪੁਰਾਣ ਵੀ ਪੜਦੀ ਆਂ। ...
ਬੜੀ ਈ ਚੰਗੀ। .... ਪਰ ਵਿਚਾਰੀ ਦੀ ਕਿਸਮਤ !!" ਮਿਸਿਜ਼ ਬਾਲੀ ਨੇਂ ਹੌਕਾ
ਜਿਹਾ ਭਰਿਆ "I
" ਕਿਓਂ ਤੁਸੀਂ ਉਦਾਸ ਜਿਹੇ ਕਿਓਂ ਹੋ ਗਏ ?", ਮੈਂ ਪੁਛਿਆ I
" ਕਿਸਮਤਾਂ ਦੀਆਂ ਕੜਛੀਆਂ ਵੇ ਪੁੱਤਰਾ !!.... ਜਾਤਕ ਦਾ ਅੱਗੋਂ ਕੋਈ
ਮੁੰਡਾ ਕੋਈ ਨਹੀਂ। .....ਦੋਵੇਂ ਕੁੜੀਆਂ।...."
" ਤੇ ਥੱਲੀ ਦੀ ਵਿਰਾਸਤ। ..." ਪਤਾ ਨਹੀਂ ਕਿ ਮੈਂ ਸੁਆਲ ਕਿ ਮੈਂ ਸੁਆਲ
ਕੀਤਾ ਜਾਂ ਚੱਲ ਰਹੀ ਗੱਲ ਨੂੰ ਪੂਰਾ I
" ਕੁੜੀਆਂ ਕਿੱਥੇ। ...." I ਜੇ ਮੈਂ ਚਾਹੁੰਦਾ ਵੀ ਤਾਂ ਵੀ ਸ਼ਾਇਦ ਆਪਣੀ
ਗੱਲ ਪੂਰੀ ਨਾਂ ਕਰ ਸਕਦਾ I ਕੁੜੀਆਂ ਦੀ ਵਿਰਾਸਤ ਬਾਰੇ ਖ਼ੁਦ ਵੀ ਸਾਫ਼ ਨਹੀਂ
ਸਾਂ I
" ਵੇ ਪੁੱਤਰਾ ਵਿਰਾਸਤਾਂ ਕੱਲੀਆਂ ਜਮੀਨ ਜਾਇਦਾਦਾਂ ਤਾਂ ਨਹੀਓਂ ਹੁੰਦੀਆਂ।
..... ਜਿਹੜੀਆਂ ਵਾਘਾ ਟੱਪਣ ਤੋਂ ਡਰਦੀਆਂ , ਇਧਰ ਨਾਂ ਆ ਵੱਸਣ।
...ਉਨ੍ਹਾਂ ਥੱਲੀ ਦੀ ਵਿਰਾਸਤ ਕਿਥੂੰ ਸੰਭਾਲਣੀ " ਮਿਸਿਜ਼ ਬਾਲੀ ਮੋੜਵਾਂ
ਸੁਆਲ ਕੀਤਾ I
" ਫਿਰ। ..?" ਮੈਂ ਪੁਛਿਆ I
"ਵੇਖੋ !! ਕੋਸ਼ਿਸ਼ ਕਰੇਗਾ ਤਾਂ ਸਹੀ। .... ਜੇ ਉਧਰੂੰ ਕੋਈ ਆ ਗਿਆ ਤਾਂ।
..." , ਜੁਆਬ ਸੀ I
" ਨਹੀਂ ਤਾਂ। ...?" ਸੁਆਲ ਅਧੂਰਾ ਸੀ I
" ਨਹੀਂ ਤੇ ਕੇ ? ਕੋਈ ਨਾਂ ਕੋਈ ਤਾ ਵਾਰਸ ਉਠੇਗਾ ਈ । .... ਥੱਲੀ ਦਾ "
ਮਿਸਿਜ਼ ਬਾਲੀ ਨੇਂ ਕਿਹਾ I
-----ਫਿਰ ਜਿਵੇਂ ਚੁਫੇਰੇ ਇੱਕ ਚੁੱਪ ਪੱਸਰ ਗਈ I
ਵਾਘਾ ਲੰਘ ਕੇ ਫਿਰ ਘਰ ਵਾਪਿਸ ਆ ਗਿਆ ਹਾਂ I ਕਈ ਦਿਨਾਂ ਤੋਂ ਗੂਗਲ ਸਰਚ
ਉੱਤੇ ਵਿਰਾਸਤ ਦੇ ਮਾਨੇ ਤਲਾਸ਼ਣ ਦੀ ਕੋਸ਼ਿਸ਼ ਕਰ ਰਿਹਾ ਹਾਂ। .......
ਲੇਖਾਂ ਰਾਹੀਂ। .... ਤਸਵੀਰਾਂ ਰਾਹੀਂ। .....ਪਰ ਮਨੁੱਖੀ ਜ਼ਹਨ ਨਾਲ ਦੋ
ਚਾਰ ਹਰ ਸੁਆਲ ਦਾ ਜੁਆਬ ਗੂਗਲ ਸਰਚ ਵਿਚ ਕਿੱਥੇ ?
-0- |