ਸਹੂਲਤਾਂ ਦੀ ਥੋੜ ਵਾਲ਼ੇ
ਘਰ ਚ ਵੱਡੇ ਮੰਜੇ ਦੀ ਅਪਣੀ ਠਾਠ ਬਣੀ ਰਹੀ। ਇਹਦੀ ਅਪਣੀ ਸ਼ਾਨ ਹੁੰਦੀ ਸੀ; ਅਪਣੀ ਹਸਤੀ। ਏਡਾ
ਮੰਜਾ ਨਾਂ ਤਾਂ ਘਰ ਚ ਹੋਰ ਸੀ; ਨਾ ਆਲ਼ੇ-ਦੁਆਲ਼ੇ ਤੇ ਨਾ ਕਿਧਰੇ ਰਿਸ਼ਤੇਦਾਰੀ ਚ। ਇਹ ਪਲੰਘ
ਨਾਲ਼ੋਂ ਵੀ ਵੱਡਾ ਸੀ। ਹਲਕੇ ਚੌਖਟੇ ਵਾਲੇ ਚਾਰ-ਪੰਜ ਸਰੀਰਾਂ ਨੂੰ ਇਹ ਸੌਖਿਆਂ ਝੱਲ ਲੈਂਦਾ
ਸੀ – ਤਕੜਿਆਂ ਤਿੰਨਾਂ ਨੂੰ ਵੀ। ਨੌਵੀਂ-ਦਸਵੀਂ ਜਮਾਤੇ ਪਹੁੰਚੇ ਨੂੰ ਇਹ ਮੇਰਾ ਮੰਜਾ ਹੋ
ਗਿਆ ਸੀ। ਪਹਿਲਾਂ ਇਹ ਮੇਰੇ ਤੋਂ ਹਿਲਦਾ ਵੀ ਨਹੀਂ ਸੀ ਹੁੰਦਾ, ਚੱਕ ਲੈਣਾ ਤਾਂ ਹੋਰ ਗੱਲ
ਸੀ। ਜਾਂ ਮੇਰਾ ਬਾਪ ਚੱਕਦਾ ਸੀ ਜਾਂ ਚਾਚਾ। ਮਾਂ ਵੀ ਚੱਕ ਲੈਂਦੀ ਸੀ ਪਰ ਉਹਨੂੰ ਨਾਲ਼ ਆਸਰੇ
ਦੀ ਲੋੜ ਪੈਂਦੀ ਸੀ। ਪਹਿਲਾਂ ਪਹਿਲਾਂ ਮੈਂ ਮੌਰਾਂ ਤੇ ਚੱਕਣ ਦੀ ਕੋਸ਼ਿਸ਼ ਕਰਦਾ ਰਿਹਾ ਸੀ।
ਕੰਧਿਆਂ ਤੇ ਚੁੱਕਿਆ ਮੰਜਾ ਏਨਾ ਝੂਲਦਾ ਕਿ ਮੇਰੀ ਕੋਈ ਵਾਹ ਪੇਸ਼ ਨਾ ਜਾਣ ਦਿੰਦਾ, ਕਦੇ
ਮੋਹਰਲੇ ਪਾਵੇ ਜ਼ਮੀਨ ਨੂੰ ਜਾ ਲਗਦੇ ਤੇ ਕਦੇ ਪਿਛਲੇ ਜਾ ਖਹਿੰਦੇ; ਇਹ ਝੋਲਾ-ਝੁਲਾਈ ਮੈਨੂੰ
ਤੰਗ ਕਰਦੀ ਸੀ। ਝੂਲਦਾ ਮੰਜਾ ਧੌਣ ਨੂੰ ਜਰਬ ਪਹੁੰਚਾਉਂਦਾ ਸੀ। ਕਦੇ ਕਦੇ ਮੇਰੀ ਲੰਮੀ
ਕੰਮਜ਼ੋਰ ਧੌਣ ਨੂੰ ਮਚਕੋੜ ਵੀ ਆ ਜਾਂਦੀ ਸੀ। ਧੌਣ ਮਲਾਉਣੀ ਪੈਂਦੀ, ਸੇਕ ਦੇਣਾ ਪੈਂਦਾ। ਦਾਦੀ
ਕੁਆਸੀ ਰੋਟੀ ਬਣਾ ਕੇ ਧੌਣ ਤੇ ਬੰਨ੍ਹਦੀ ਤਾਂ ਕਿਤੇ ਜਾ ਕੇ ਕੰਮ ਸੂਤ ਆਉਂਦਾ; ਮਾਂ ਅੱਗੇ
ਤੋਂ ਮੰਜਾ ਨਾ ਚੱਕਣ ਦੀ ਹਦਾਇਤ ਵੀ ਕਰਦੀ। ਮੇਰਾ ਅਪਣਾ ਮਨ ਵੀ ਇਹਨੂੰ ਚੱਕਣ ਤੋਂ ਜਕਦਾ ਤਾਂ
ਸਹੀ, ਪਰ ਮਨ ਚ ਉੱਠਦਾ ਹਠ ਕਹਿੰਦਾ ਕਿ ਇਹ ਮੰਜਾ ਮੈਂ ਕਿਸੇ ਦਿਨ ਚੱਕਣਾ ਹੀ ਚੱਕਣਾ ਹੈ। ਜਦ
ਮੈਂ ਇਹਨੂੰ ਸਿਰ ਤੇ ਸਾਂਭਣ ਜੋਗਾ ਹੋ ਗਿਆ, ਤਾਂ ਏਨੀ ਛੋਟੀ ਗੱਲ ਵੀ ਮਾਣ ਕਰਨ ਵਾਲ਼ੀ ਬਣ ਗਈ
ਸੀ।
ਛੇ ਕੁ ਮਹੀਨੇ ਬਾਅਦ ਵੰਡ-ਉਜਾੜੇ ਦੇ ਝੰਬੇ ਮੇਰੇ ਘਰ ਦੇ ਜੇਹਲਮੀਆਂ ਦੇ ਸੱਦੇ ਤੇ ਸਿੰਘਪੁਰੇ
ਜਾ ਟਿਕੇ ਸੀ – ਐਨ ਸਤਲੁਜ ਦਰਿਆ ਦੇ ਕੰਢੇ ਕਰਕੇ। ਠੇਕੇ-ਭੌਲ਼ੀ ਤੇ ਵਾਹੀ ਕਰਨ ਲਈ – ਵੱਡੇ
ਸਾਰੇ ਟੱਬਰ ਦਾ ਪੇਟ ਪਾਲਣ ਲਈ। ਬਾਕੀ ਪੰਜਾਬ ਵਾਂਗ ਏਸ ਪਿੰਡੋਂ ਵੀ ਕਈ ਵਸਦੇ ਰਸਦੇ
ਮੁਸਲਮਾਨ ਉੱਜੜ ਕੇ ਗਏ ਸੀ- ਅਣਚਾਹੇ ਮਨ ਨਾਲ਼; ਅਪਣੇ ਵਤਨੋਂ। ਬਹੁਤੇ ਜਾਨਾਂ ਬਚਾ ਕੇ, ਸਾਰਾ
ਸਮਾਨ ਛੱਡ ਕੇ ਨਿਕਲ਼ ਤੁਰੇ ਹੋਣੇ ਸੀ। ਕੁਝ ਕੀਮਤੀ ਗਹਿਣੇ ਗੱਟੇ ਤੇ ਪੈਸੇ ਧੇਲੇ ਲੈ ਗਏ
ਹੋਣਗੇ। ਮਗਰਲੇ ਸੁਆਰਥੀਆਂ ਦੀਆਂ ਮੌਜਾਂ ਲੱਗ ਗਈਆਂ। ਪਿੱਛੇ ਰਹਿ ਗਿਆ ਚੱਜ ਭਲੇ ਦਾ ਸਾਰਾ
ਸਮਾਨ ਤਾਂ ਪਹਿਲਾਂ ਲੁੱਟਿਆ ਗਿਆ ਸੀ ਜਾਂ ਸਾਂਭ ਲਿਆ ਸੀ। ਬਚੇ ਸਾਮਾਨ ਚੋਂ ਕੰਮ ਦੇ ਤੇ
ਤਕੜਿਆਂ ਸਰਦਾਰਾਂ ਜਾਂ ਜਬ੍ਹੇ ਵਾਲ਼ਿਆਂ ਅਪਣਾ ਗੁਣਾ ਪਾ ਲਿਆ। ਬਾਕੀ ਦਾ ਬਚਿਆ-ਖੁਚਿਆ
ਹਮਾਤੜਾਂ ਲਈ ਰਹਿਣ ਦਿੱਤਾ। ਉਨ੍ਹਾਂ ਚੋਂ ਵੀ ਰਹਿੰਦ-ਖੂੰਹਦ ਪਾਕਿਸਤਾਨੋਂ ਉੱਜੜ ਕੇ ਆਏ
ਪਨਾਹਗੀਰਾਂ ਲਈ ਬਚੀ ਰਹਿ ਗਈ ਸੀ।
ਉਜਾੜਿਆਂ ਤੋਂ ਨੌਈਂ ਦਸੀਂ ਮਹੀਨੀਂ ਬਾਅਦ ਟਿਕ-ਟਿਕਾ ਹੋਏ ਤੋਂ ਮੇਰੇ ਬਾਪ ਨੂੰ ਕਿਸੇ ਨੇ
ਸਲਾਹ ਦਿੱਤੀ ਸੀ ਕਿ ਸਿੰਘਪੁਰੇ ਸਕੂਲ ਕੋਲ਼ ਸਾਮਾਨ ਦਾ ਢੇਰ ਪਿਆ ਹੈ, ਜੇ ਕੋਈ ਚੀਜ਼ ਤੇਰੇ
ਕੰਮ ਦੀ ਹੈ, ਤਾਂ ਤੂੰ ਵੀ ਲੈ ਆ। ਚੱਜ ਦੀਆਂ ਸਭ ਚੀਜਾਂ ਤੇ ਤਾਂ ਲੋਕਾਂ ਨੇ ਪਹਿਲਾਂ ਹੀ
ਮੱਲਾਂ ਮਾਰ ਲਈਆਂ ਸੀ। ਆਪ ਲੁਟ-ਪੁੱਟ ਹੋ ਕੇ ਆਇਆਂ ਲਈ ਕੀ ਬਚਣਾ ਸੀ? ਰਹਿੰਦ-ਖੂੰਦ ਹੀ
ਹੋਣੀ ਸੀ। ਮੇਰੇ ਬਾਪ ਨੂੰ ਮੰਜੇ ਦਾ ਫਰੇਮ ਭਾਅ ਗਇਆ। ਹੋਰ ਤਾਂ ਬਚਿਆ ਵੀ ਕਬਾੜ ਹੀ ਸੀ। ਇਹ
ਇਹੋ ਹੀ ਘਰ ਲੈ ਆਇਆ। ਇਹ ਵੀ ਘਰੇ ਕੋਠੇ ਤੇ ਕਈ ਮਹੀਨੇ ਪਿਆ ਰਿਹਾ। ਫਿਰ ਹੱਥੀਂ ਵਾਣ ਵੱਟ
ਕੇ ਇਹਨੂੰ ਬੁਣਿਆ; ਇਸ ਚੁਗਾਠ ਦਾ ਮੰਜਾ ਬਣਾਇਆ। ਜਦੋਂ ਇਹ ਮੰਜਾ ਹੋ ਗਿਆ, ਤਾਂ ਇਹਦਾ ਟੌਹਰ
ਝੱਲਿਆ ਨਾ ਜਾਵੇ। ਠਾਠ ਮੁੜ ਕਾਇਮ ਹੋ ਗਿਆ। ਇਹਦੇ ਰੁਲ਼ੇ ਰੰਗ ਮੁੜ ਲਿਸ਼ਕਾਰੇ ਮਾਰਨ ਲੱਗ ਪਏ।
ਫਿਰ ਇਹ ਰੁਤਬਾ ਬੜਾ ਚਿਰ ਕਾਇਮ ਦਾਇਮ ਰਿਹਾ।
ਇਹਨੂੰ ਬੁਣਨ ਤੋਂ ਪਹਿਲਾਂ ਮੇਰੇ ਬਾਪ ਨੇ ਇਹਦੇ ’ਤੇ ਹੱਥ ਫੇਰਿਆ; ਧੁੱਪੇ ਰੱਖ ਕੇ ਤੇਲ
ਲਾ-ਲਾ ਕੇ ਲਿਸ਼ਕਾਇਆ। ਕਾਲ਼ੀ ਟਾਹਲੀ ਦੇ ਮਜ਼ਬੂਤ ਪਾਵਿਆਂ, ਸੇਰੂਆਂ ਤੇ ਬਾਹੀਆਂ ਤੇ ਕੀਤਾ
ਪੀਲ਼ਾ ਤੇ ਲਾਲ ਰੰਗ ਪੂਰਾ ਨਿੱਖਰ ਆਇਆ ਸੀ। ਰੂਪ ਫਿਰ ਚੜ੍ਹ ਆਇਆ ਸੀ। ਰੰਗ-ਬਰੰਗੇ ਨਮੂਨੇ
ਫਿਰ ਲਿਸ਼ਕ ਪਏ। ਬਕੌਲ ਬਾਪ, ਪੰਜ–ਛੇ ਕਿੱਲੋ, ਕੱਲੇ-ਕੱਲੇ ਪਾਵੇ ਦਾ ਭਾਰ ਸੀ। ਉਦੋਂ ਖਰਾਦਾਂ
ਨਾ ਹੋਣ ਦੇ ਬਾਵਜੂਦ ਵੀ, ਇਹਦੇ ਮੋਟੇ ਮੋਟੇ ਸੇਰੂ ਤੇ ਬਾਹੀਆਂ ਪੂਰੀ ਗੋਲ਼ਾਈ ਚ ਸੀ - ਜਿਵੇਂ
ਅੱਜਕੱਲ੍ਹ ਖਰਾਦਾਂ ਨਾਲ਼ ਕਰਦੇ ਨੇ। ਕਾਰੀਗਰ ਦੇ ਹੱਥਾਂ ਦੇ ਹੁਨਰ ਦੀ ਬਰਕਤ ਦੇ ਦੰਮ ਦਾ
ਸਬੂਤ ਸੀ। ਪਾਵਿਆਂ ਦੀਆਂ ਤਾਂ ਗੱਲਾਂ ਹੀ ਛੱਡੋ: ਭਾਰੇ ਸਾਢੇ ਤਿੰਨ ਤਿੰਨ ਫੁੱਟੇ ਪਾਵੇ;
ਉਪਰਲਾ ਇੱਕ ਫੁੱਟ ਦਾ ਸਿਰ -ਪੂਰਾ ਗੋਲ਼। ਰਤਾ ਕੁ ਹੇਠੋਂ ਖਰਾਦ ਲਾ ਕੇ ਝਰੀਆਂ ਪਾ ਕੇ
ਥੋੜ੍ਹਾ ਘਟਾਇਆ ਹੋਇਆ, ਫਿਰ ਉਭਾਰਿਆ ਹੋਇਆ। ਏਦਾਂ ਹੀ ਫਿਰ ਪੰਜ ਛੇ ਵਾਰ ਇਸ ਵਾਧੇ ਘਾਟੇ
ਨਾਲ਼ ਪਿੰਜਣੀਆਂ ਤੀਕ ਕਈ ਤਰਾਂ ਦੇ ਨਮੂਨੇ ਵਾਲ਼ੇ ਪੈਟਰਨ ਬਣਾਏ ਹੋਏ ਸੀ। ਬਿਲਕੁਲ ਹੇਠਾਂ ਜਾ
ਕੇ ਵਾਹਵਾ ਚੌੜਾ ਅੱਠ ਇੰਚ ਦੇ ਗੇੜ ਦਾ ਪੌੜ। ਚਾਰ ਇੰਚ ਗੋਲ਼ਾਈ ਦੇ ਸੇਰੂ ਤੇ ਬਾਹੀਆਂ।
ਕਾਰੀਗਰ ਦਿਆਂ ਦਸਤਾਂ ਦੀ ਸੁਧੀ ਕਰਾਮਾਤ ਸੀ, ਇਹ। ਇਹਦੇ ਆਕਾਰ, ਮੀਨਾਕਾਰੀ ਤੇ ਠਾਠ ਤੋਂ
ਲੱਗਦਾ ਕਿ ਇਹ ਮੰਜਾ ਨਹੀਂ ਸੀ। ਅਪਣੇ ਜਲੌਅ ਵਾਲ਼ੇ ਦਿਨਾਂ ਚ ਇਹ ਪਲੰਘ ਹੋਣਾ; ਕਿਸੇ
ਮੁਸਲਮਾਨ ਚੌਧਰੀ ਦੇ ਘਰ ਦੇ ਰੁਤਬੇ ਦਾ ਹਿੱਸਾ। ਪਰ ਸਾਡੇ ਕੋਲ਼ ਆ ਕੇ ਇਹ ਵੱਡਾ ਮੰਜਾ ਹੀ
ਰਿਹਾ। ਇਹਦੇ ਨਾਲ਼ ਵੀ ਪਰਸੂ, ਪਰਸਾ ਪਰਸ ਰਾਮ ਵਾਲ਼ੀ ਹੋਈ ਲੱਗੀ।
ਦਰਿਆ ਦੇ ਕੰਢੇ ਸੰਘਣੇ ਝੱਲ ਚ ਬੂਝੇ-ਸਲਵਾੜ ਦਾ ਕੋਈ ਅੰਤ ਨਹੀਂ ਸੀ। ਸਾਂਅ ਸਾਂਅ ਕਰਦਾ
ਜੰਗਲ ਹੀ ਜੰਗਲ ਸੀ, ਆਲ਼ੇ-ਦੁਆਲ਼ੇ। ਬਾਪ ਨੇ ਹੱਥੀ ਨਾਕੂਆਂ ਦੀ ਮੁੰਜ ਕੱਢੀ, ਫਿਰ ਸਲਾਭ ਦੇ
ਕੇ ਕੁੱਟੀ ਤੇ ਬਾਅਦ ਚ ਮਸ਼ੀਨ ’ਤੇ ਇਹਦਾ ਵਾਣ ਬਣਾਇਆ। ਮੇਰਾ ਬਾਪ ਸਾਰੇ ਕੰਮ ਵਾਹਿਗੁਰੂ ਦਾ
ਨਾਂ ਲੈ ਕੇ ਸ਼ੁਰੂ ਕਰਦਾ ਤੇ ਪੂਰਾ ਮਨ ਲਾ ਕੇ ਤਨ ਦੇਹੀ ਨਾਲ਼ ਸੰਤੋਖਦਾ ਰਿਹਾ ਹੈ।
ਬਾਪ ਨੇ ਸਭ ਤੋਂ ਪਹਿਲਾਂ ਦੰਦੀ ਆਪੇ ਬੰਨ੍ਹੀ; ਐਨ ਵਿਚਾਲ਼ੇ ਕਰਕੇ ਡੰਡਾ ਪਾ ਕੇ ਦੰਦੀ ਨੂੰ
ਵੱਟ ਚਾੜ੍ਹ ਕੇ ਕੱਸ ਲਿਆ। ਫਿਰ ਚੌਂਹ ਰੱਸੀਆਂ ਦਾ ਜੀਅ ਪਾਇਆ। ਬਾਅਦ ਚ ਸਾਂਘੇ ਭੰਨ-ਭੰਨ
ਬੁਣਿਆ। ਸੋਹਣੇ ਨਮੂਨੇ ਬਣਾਏ। ਫਿਰ ਅੱਧੀ ਕੁ ਪਰ ਢਿੱਲੀ ਦੌਣ ਪਾ ਦਿੱਤੀ; ਅਖ਼ੀਰ ਚ ਦੰਦੀ
ਚੋਂ ਸੋਟੀ ਕੱਢ ਕੇ ਪੈਂਦ ਪੂਰੀ ਕੱਸ ਦਿੱਤੀ। ਸਾਰਾ ਕੰਮ ਪੂਰਾ ਹੋਏ ਤੋਂ ਮੰਜੇ ਨੂੰ ਵੱਖੀ
ਪਰਨੇ ਖੜ੍ਹਾ ਕੀਤਾ; ਜਿੱਥੋਂ ਚੁੱਕਿਆ ਸੀ, ਓਥੇ ਪੈਰ ਫੇਰਿਆ। ਫਿਰ ਡਾਹਿਆ, ਤਾਂ ਇਹ ਪੂਰਾ
ਮੰਜਾ ਕਹਾਇਆ। ਬਕੌਲ ਬਾਪ ਇਹਨੂੰ ਪੂਰਾ ਅੱਠ ਕਿੱਲੋ ਵਾਣ ਲੱਗਾ ਸੀ।
ਵੱਡਾ ਮੰਜਾ ਘਰ ਆਏ ਚਾਰ-ਚਾਰ ਪ੍ਰਾਹੁਣੇ ਵੀ ਸਾਂਭ ਲੈਂਦਾ ਸੀ। ਬਹੁਤਾ ਚਿਰ ਮੈਂ ਤੇ ਮੇਰੀ
ਦਾਦੀ ਇਹਦੇ ’ਤੇ ਪੈਂਦੇ ਰਹੇ। ਫਿਰ ਮੈਂ ਤੇ ਮੇਰਾ ਚਾਚਾ ਪੈਂਦੇ ਰਹੇ। ਉਦੋਂ ਗਰਮੀਆਂ ਨੂੰ
ਜਦੋਂ ਲੋਕ ਕੋਠਿਆਂ ’ਤੇ ਪੈਂਦੇ ਸੀ, ਵੱਡਾ ਮੰਜਾ ਕਦੇ ਕੋਠੇ ’ਤੇ ਕਦੇ ਨਹੀਂ ਸੀ ਚੜ੍ਹਿਆ।
ਹੇਠਾਂ ਵਿਹੜੇ ਚ ਹੀ ਡੱਠਾ ਸ਼ਾਨ ਬਣਾਈ ਰੱਖਦਾ।
ਪਹਿਲੀਆਂ ਚ ਜਦੋਂ ਪਿੰਡਾਂ ਚ ਬਰਾਤਾਂ ਆਉਣੀਆਂ, ਤਾਂ ਭਾਈਚਾਰੇ ਹਿੱਤ ਪਿੰਡ ਚੋਂ
ਮੰਜੇ-ਬਿਸਤਰੇ ਕੱਠੇ ਕਰਕੇ ਬਰਾਤੀਆਂ ਦਾ ਸੁਆਗਤ ਕਰਨ ਦੀ ਪਿਰਤ ਹੁੰਦੀ ਸੀ। ਉਦੋਂ,
ਵਿਆਹਾਂ-ਸ਼ਾਦੀਆਂ ਚ ਆਏ ਮਹਿਮਾਨ ਸਾਰੇ ਪਿੰਡ ਦੇ ਹੀ ਹੁੰਦੇ ਸੀ। ਜਨੇਤੀ ਆ ਕੇ ਮੰਜਿਆਂ ’ਤੇ
ਬੈਠੇ-ਪਏ ਰਹਿੰਦੇ; ਖਾਂਦੇ ਪੀਂਦੇ; ਸ਼ੁਗਲ ਮੇਲਾ ਕਰਦੇ। ਗੌਣ-ਪਾਣੀ ਵੀ ਸੁਣਦੇ। ਵਿਆਹ ਵਾਲ਼ੇ
ਘਰ ਲਈ, ਅਗਲਿਆਂ ਦੀ ਆਸ ਸੱਭ ਤੋਂ ਵੱਡਾ ਮੰਜਾ ਚੱਕਣ ਦੀ ਹੁੰਦੀ ਸੀ। ਪਰ ਸਾਡਾ ਵੱਡਾ ਮੰਜਾ
ਇਸ ਤੋਂ ਬਚ ਜਾਂਦਾ ਰਿਹਾ। ਇੱਕ ਤਾਂ ਮੰਜੇ-ਬਿਸਤਰੇ ਕੱਠੇ ਕਰਨ ਵਾਲ਼ੇ ਨਿਆਣੇ ਹੁੰਦੇ ਸੀ ਤੇ
ਇਹ ਉਨ੍ਹਾਂ ਤੋਂ ਚੱਕਿਆ ਹੀ ਨਹੀਂ ਸੀ ਜਾਣਾ ਹੁੰਦਾ, ਦੂਜਾ ਮੇਰੀ ਮਾਂ ਇਹਦੇ ਲਈ ਕਦੇ ਰਾਜੀ
ਵੀ ਨਹੀਂ ਸੀ ਹੁੰਦੀ। ਇਹ ਜ਼ਹਿਮਤ ਵੱਡੇ ਮੰਜੇ ਨੂੰ ਮਸਾਂ ਇਕ ਅੱਧੀ ਵਾਰੀ ਹੀ ਝੱਲਣੀ ਪਈ ਸੀ;
ਉਹ ਵੀ ਮਾਣ-ਤਾਣ ਰੱਖਣ ਖ਼ਾਤਿਰ।
ਸਾਲੋ-ਸਾਲ ਬਾਪ ਮਈ ਜੂਨ ਚ ਇਹਨੂੰ ਬਾਹਰ ਕੱਢ ਕੇ ਧੁੱਪੇ ਰੱਖ ਲੈਂਦਾ। ਜਿੱਥੇ ਕਿਤੇ ਘੁਣ
ਲੱਗਾ ਦਿਸਦਾ, ਉਨ੍ਹਾਂ ਮੋਰੀਆਂ ਚ ਮਿੱਟੀ ਦਾ ਤੇਲ ਪਾ ਦਿੰਦਾ ਤੇ ਸਿਖਰ ਦੁਪਿਹਰ ਦੀ ਧੁੱਪ
ਦੇ ਅੱਗ ਵਰਗੇ ਸੇਕ ਅਤੇ ਤੇਲ ਦੇ ਹਮਕ ਨਾਲ਼ ਸਿਓਂਕ ਭੁਰਨ ਭੁਰਨ ਕਰਕੇ ਬਾਹਰ ਆ ਜਾਂਦੀ ਸੀ-
ਢੇਰ ਲੱਗ ਜਾਂਦੇ। ਇਓਂ ਇਹਦਾ ਸਾਲ ਭਰ ਚੰਗਾ ਲੰਘ ਜਾਂਦਾ। ਹਰ ਵਰ੍ਹੇ ਦੇ ਘੁਣ ਨੇ ਆਖ਼ਿਰ ਇਕ
ਪਾਵਾ ਖੋਖਲ਼ਾ ਕਰ ਹੀ ਲਿਆ ਸੀ। ਇਹ ਪਾਵਾ ਰਤਾ ਕੁ ਹਿੱਲਦਾ ਹਿੱਲਦਾ ਅਖ਼ੀਰ ਚ ਢਿਲ਼ਕ-ਢਿਲ਼ਕ ਕਰਨ
ਲੱਗ ਪਿਆ ਸੀ; ਇਹਦਾ ਬਚਾਅ ਰੱਖਣਾ ਪੈਂਦਾ ਸੀ। ਪਹਿਲਾਂ ਬਾਪ ਨੇ ਅਪਣੇ ਓਹੜ-ਪੋਹੜ ਕੀਤੇ ਸੀ।
ਗੱਲ ਨਾ ਬਣਦੀ ਦੇਖ, ਬਾਪ ਨੇ ਪਿੰਡ ਦੇ ਭਰੱਪੇ ਵਾਲ਼ੇ, ਮਿਸਤਰੀ ਪਾਲ ਸਿਓਂ ਨਾਲ਼ ਗੱਲ ਕੀਤੀ।
ਉਹ ਕਹਿੰਦਾ: ਕਿਸੇ ਦਿਨ ਲੈ ਆਈਂ, ਦੇਖ ਲਵਾਂਗੇ। ਤਾਏ ਪਾਲ ਸਿਓਂ ਕੋਲ਼ ਲੈ ਕੇ ਗਿਆ, ਤਾਂ
ਉਹਨੇ ਕਾਲ਼ੀ ਕਿੱਕਰ ਦਾ ਚੌਰਸ ਢਾਂਚਾ ਜਿਹਾ ਬਣਾ ਕੇ ਫਿੱਟ ਕਰ ਦਿੱਤਾ। ਇਹ ਪਾਵਾ ਭਾਵੇਂ
ਕਾਲੀ ਸ਼ਾਹ ਕਿੱਕਰ ਦਾ ਸੀ ਪਰ ਮੇਲ਼ ਤਾਂ ਕੋਈ ਨਹੀਂ ਸੀ ਹੋਇਆ। ਇਕ ਹਿਸਾਬ ਨਾਲ਼ ਤਾਏ ਪਾਲ
ਸਿਓਂ ਨੇ ਅਪਣੀ ਤਰਫੋਂ ਹੱਥ ਹੀ ਖੜ੍ਹੇ ਕਰ ਦਿੱਤੇ ਸੀ। ਕਹਿੰਦਾ: ਏਡੀਆਂ ਏਡੀਆਂ ਤਾਂ
ਖਰਾਦਾਂ ਵੀ ਹੈ ਨਹੀਂ; ਮੈਂ ਤਾਂ ਏਨਾ ਕੁ ਹੀ ਕਰ ਸਕਦਾਂ। ਤਾਏ ਨੇ ਅਪਣੀ ਵੱਲੋਂ ਮੰਜਾ
ਬਣਾਉਣ ਵਾਲ਼ੇ ਦੀ ਸਰਦਾਰੀ ਮੰਨੀ ਸੀ। ਜਾਣੋਂ ਉਹਦੇ ਹੱਥਾਂ ਨੂੰ ਨਮਸਕਾਰ ਹੀ ਕੀਤਾ ਸੀ। ਅੱਧ
ਮਸੋਸੇ ਮਨ ਨਾਲ਼ ਬਾਪ ਮੰਜਾ ਘਰ ਲੈ ਆਇਆ ਸੀ। ਮੰਜਾ ਬਚ ਤਾਂ ਗਿਆ ਸੀ, ਪਰ ਬਿੱਜ ਪੈ ਗਈ ਸੀ।
ਤਾਏ ਦਾ ਕੀਤਾ ਤੁੱਥ ਮੁੱਥ। ਹੁਣ ਨਵਾਂ ਕੁਢੱਬਾ ਪਾਵਾ, ਬਾਹਰਵਾਰ ਸੀ ਤੇ ਦੇਖਣ ਨੂੰ ਭੈੜਾ
ਲੱਗਦਾ ਸੀ। ਬਾਪ ਨੇ ਮਾਂ ਨੂੰ ਨਾਲ਼ ਲੈ ਕੇ ਮੰਜਾ ਫਿਰ ਉਧੇੜਿਆ। ਇਸ ਹਿਸਾਬ ਨਾਲ਼ ਬੁਣਿਆ ਕਿ
ਨਵਾਂ ਪਾਵਾ ਕੰਧ ਵਾਲ਼ੇ ਪਾਸੇ ਚਲਿਆ ਜਾਵੇ ਤੇ ਲੁਕਿਆ ਰਹੇ। ਵੱਡੇ ਮੰਜੇ ਦਾ ਕੱਜ ਢਕਿਆ ਗਿਆ
ਤੇ ਵੱਡੇ ਮੰਜੇ ਦੀ ਟੌਹਰ ਮੁੜ ਕਾਇਮ ਹੋ ਗਈ।
ਘਰ ਦੇ ਜਦੋਂ ਸਿੰਘਪੁਰਿਓਂ ਉੱਠੇ, ਤਾਂ ਵੱਡਾ ਮੰਜਾ ਵੀ ਪਿੰਡ ਨੂੰ ਨਾਲ਼ ਹੀ ਲੈ ਆਂਦਾ।
ਇਹਨੂੰ ਗੱਡੇ ਤੇ ਮੂਧਾ ਮਾਰ ਕੇ ਰੱਖਿਆ; ਪਾਵੇ ਤਾਂਹ ਨੂੰ ਕਰਕੇ। ਉੱਤੇ ਦੂਸਰਾ ਹੋਰ ਕੰਮ ਦਾ
ਸਮਾਨ ਰੱਖ ਲਿਆ। ਪੰਜਾਬ ਚ ਕਾਲ਼ੀ ਨ੍ਹੇਰੀ ਵਗੀ; ਕੁਝ ਉਥਲ ਪੁਥਲ ਹੋਈ। ਇਹਦੇ ਡਰ ਕਾਰਨ ਚਾਚੇ
ਦੇ ਘਰਦੇ ਪਿੰਡੋਂ ਉੱਠੇ ਤਾਂ ਇਹ ਪਿੰਡੋਂ ਨਕੋਦਰ ਵੀ ਨਾਲ਼ ਹੀ ਆ ਗਿਆ। ਫਿਰ ਚਾਚੇ ਦੇ ਘਰ ਦੇ
ਜਦੋਂ ਅਪਣੇ ਆਪ ਨੂੰ ਜਰਾ ਕੁ ‘ਸਰਦੇ’ ਸਮਝਣ ਲੱਗ ਪਏ, ਤਾਂ ਵੱਡੀ ਸਾਰੀ ਬੈੱਡ ਲੈ ਆਂਦੀ।
ਨਿੱਗਰ ਮੰਜੇ ਦੀ ਹੋਂਦ ਖ਼ਤਰੇ ਚ ਪੈ ਗਈ; ਇਹਦਾ ਰੁਤਬਾ ਘਟਣ ਲੱਗ ਗਿਆ; ਬੇਕਦਰੀ ਹੋਣ ਲੱਗ
ਪਈ। ਬੱਸ ਕਦੇ ਏਧਰ ਕਦੇ ਓਧਰ ਪਿਆ ਰਹਿਣਾ। ਸੁੱਟ-ਪਸੁੱਟ ਹੋਣ ਲੱਗ ਪਈ ਤਾਂ ਆਖ਼ਰ ਮੇਰੀ ਛੋਟੀ
ਭੂਆ ਇਹਨੂੰ ਅਪਣੇ ਘਰ ਲੈ ਗਈ। ਭੂਆ ਨੇ ਵੱਡਾ ਮੰਜਾ ਛੋਟੀ ਹੁੰਦੀ ਤੋਂ ਦੇਖਿਆ ਹੋਇਆ ਸੀ।
ਸ਼ਾਇਦ ਭੂਆ ਵੀ ਨਾ ਲੈ ਕੇ ਜਾਂਦੀ ਜੇ ਇਹਦੇ ਘਰਦੇ ਹਾਲਤ ਪਹਿਲਾਂ ਵਰਗੇ ਰਹੇ ਹੁੰਦੇ। ਭੂਆ ਦੇ
ਘਰ ਦਿਆਂ ਨੇ ਬੜੇ ਪੁੱਠੇ ਕੰਮ ਕੀਤੇ- ਸਿਰੇ ਦੇ। ਉਨ੍ਹਾਂ ਦੀ ਅਕਲ ਅਸਲੋਂ ਨਿਆਰੀ ਸੀ।
ਬਾਰਾਂ ਕਿੱਲੇ ਪੈਲ਼ੀ ਵੇਚ ਵੱਟ ਕੇ ਰਕਮ ਕੁੱਤਿਆਂ ਗੁਆਉਣੀ ਕਰ ਦਿੱਤੀ ਸੀ। ਚੋਣਾਂ ਲੜ ਲਈਆਂ
ਤੇ ਹੋਰ ਬੇਥੱਵੇ ਪੈਸੇ ਉਡਾਏ। ਏਸੇ ਕਰਕੇ ਮਗਰੋਂ ਘਰੋਂ ਬੇਘਰ ਹੋਏ ਸੀ। ਅੰਤਾਂ ਦੇ ਬੁਰੇ
ਦਿਨ ਦੇਖੇ ਸੀ ਇਨ੍ਹਾਂ ਨੇ। ਭੂਆ ਦੇ ਘਰਦਿਆਂ ਦਾ ਸਾਰਾ ਲਾਣਾ ਸਿਰੇ ਦਾ ਨਿਕੰਮਾ ਨਿਕਲ਼ਿਆ।
ਮੇਰੇ ਬਾਪ ਨੇ ਧੀਆਂ ਹਾਰ ਪਾਲ਼ੀ ਭੈਣ ਦਾ ਨਾਤਾ ਜ਼ਮੀਨ-ਭਾਂਡੇ ਵਾਲ਼ੇ ਹੋਣ ਕਰਕੇ ਕੀਤਾ ਸੀ। ਇਹ
ਲਾਲਚ ਭੂਆ ਲਈ ਪੁੱਠਾ ਪੈ ਗਿਆ; ਵਿੱਚੋਂ ਗੱਲ ਹੋਰ ਹੀ ਨਿਕਲ਼ ਆਈ। ਇਹਨੇ ਵਿਚਾਰੀ ਨੇ ਸਾਰੀ
ਉਮਰ ਦੁੱਖ ਹੀ ਝੇਲਿਆ। ਵੱਡਾ ਮੰਜਾ ਹੁਣ ਉਨ੍ਹਾਂ ਦੀ ਬੈਠਕ ਮੱਲੀ ਬੈਠਾ ਹੈ। ਮੰਜੇ ਦੀ ਭਲੀ
ਕਿਸਮਤ ਨੂੰ ਇਹ ਵੀ ਚੰਗਾ ਹੋਇਆ ਕਿ ਭੂਆ ਲੈ ਗਈ, ਨਹੀਂ ਤਾਂ ਚਾਚੇ ਦੇ ਘਰਦਿਆਂ ਨੇ ਇਹਨੂੰ
ਬਾਲਣ ਬਣਾ ਕੇ ਕੰਮ ਮੁਕਾ ਦੇਣਾ ਸੀ।
ਵੱਡੇ ਮੰਜੇ ਦੇ ਭਾਗ ਦੇਖੋ: ਪਹਿਲਾਂ ਇਹੋ ਮੰਜਾ ਮੁਸਲਮਾਨਾਂ ਦੀ ਠਾਠ ਦਾ ਹਿੱਸਾ ਦਾ ਸੀ।
ਵਿੱਚੇ ਕਈ ਮਹੀਨੇ ਲਾਵਾਰਿਸ ਰੁਲ਼ਦਾ ਰਿਹਾ – ਵਿਚਾਰਾ। ਫਿਰ ਸਿੱਖਾਂ ਦਾ ਹੋ ਗਿਆ ਸੀ ਤੇ ਹੁਣ
ਹਿੰਦੂ ਘਰ ਚ ਟਿਕਿਆ ਹੈ। ਇਹਨੂੰ ਵਿਤਕਰਾ ਆਉਂਦਾ ਹੀ ਨਹੀਂ ਸੀ। ਜਿੱਥੇ ਗਿਆ ਡਹਿ ਗਿਆ। ਸੱਭ
ਥਾਈਂ ਵਸ ਗਿਆ। ਸਾਡਾ ਬਾਬਾ ਫਰੀਦਾ ਕਹਿੰਦਾ: ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ;
ਇਹਦੇ ਕੋਲ ਤਾਂ ਪਹਿਲਾਂ ਹੀ ਸੀ।
ਇਹਨੂੰ ਬਣਾਉਣ ਵਾਲ਼ੇ ਹੱਥ ਪਤਾ ਨਹੀਂ ਹੁਣ ਹੋਣਗੇ ਵੀ ਕਿ ਨਹੀਂ; ਪਰ ਵੱਡੇ ਮੰਜੇ ਦੀ ਬਦੌਲਤ
ਉਨ੍ਹਾਂ ਦਸਤਾਂ ਦੀ ਮਹਿਮਾ ਅਜੇ ਵੀ ਸਾਬਤ-ਸਬੂਤੀ ਹੈ।
-0-
|