ਰਾਣੀ ਜਿੰਦ ਕੋਰ ਦੀ ਅਚਾਨਕ ਹੋਈ ਮੌਤ ਨੇ ਮਹਾਂਰਾਜੇ ਨੂੰ ਝਟਕ ਕੇ ਰੱਖ ਦਿਤਾ। ਉਸ ਨੂੰ ਦਿਸ
ਤਾਂ ਰਿਹਾ ਸੀ ਕਿ ਬੀਬੀ ਜੀ ਦੀ ਸਿਹਤ ਠੀਕ ਨਹੀਂ ਚੱਲ ਰਹੀ ਪਰ ਉਹ ਇੰਨੀ ਜਲਦੀ ਚਲੇ ਵੱਸੇਗੀ
ਇਸ ਦਾ ਅੰਦਾਜ਼ਾ ਕਦੇ ਵੀ ਮਹਾਂਰਾਜੇ ਨੇ ਨਹੀਂ ਸੀ ਲਗਾਇਆ। ਉਸ ਦੀ ਦਵਾ-ਦਾਰੂ ਚੰਗੀ ਭਲੀ
ਚੱਲ ਰਹੀ ਸੀ। ਜਦ ਵੀ ਉਹ ਮਿਲਣ ਜਾਂਦਾ ਤਾਂ ਬੀਬੀ ਜੀ ਢੇਰ ਸਾਰੀਆਂ ਗੱਲਾਂ ਕਰਦੀ। ਅਜਕੱਲ
ਉਸ ਦਾ ਦੋ ਗੱਲਾਂ ਤੇ ਜ਼ੋਰ ਹੁੰਦਾ; ਇਕ ਤਾਂ ਉਹ ਮਹਾਂਰਾਜੇ ਨੂੰ ਵਿਆਹ ਕਰਾਉਣ ਲਈ ਪ੍ਰੇਰਦੀ
ਰਹਿੰਦੀ ਕਿ ਜੇ ਹਿੰਦੁਸਤਾਨੀ ਕੁੜੀ ਨਹੀਂ ਤਾਂ ਅੰਗਰੇਜ਼ ਕੁੜੀ ਹੀ ਸਹੀ ਪਰ ਵਿਆਹ ਜਲਦੀ ਤੋਂ
ਜਲਦੀ ਕਰਾ ਲਵੇ। ਉਸ ਨੂੰ ਮਹਾਂਰਾਜੇ ਦਾ ਇਕੱਲਾ ਰਹਿਣਾ ਪਸੰਦ ਨਹੀਂ ਸੀ। ਉਹ ਮਹਾਂਰਾਜੇ ਦੀ
ਇਕੱਲ ਨੂੰ ਮਹਿਸੂਸ ਕਰ ਸਕਦੀ ਸੀ। ਦੂਜਾ ਉਹ ਕਹਿੰਦੀ ਕਿ ਮੌਤ ਤੋਂ ਬਾਅਦ ਉਸ ਦੀ ਦੇਹ ਪੰਜਾਬ
ਲੈ ਜਾਈ ਜਾਵੇ ਤੇ ਮਹਾਂਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਕੋਲ ਹੀ ਉਸ ਦਾ ਸਸਕਾਰ ਕੀਤਾ
ਜਾਵੇ। ਮਹਾਂਰਾਜੇ ਨੇ ਸਰ ਲੋਗਨ ਨੂੰ ਰਾਣੀ ਜਿੰਦ ਕੋਰ ਦੀ ਪੰਜਾਬ ਲੈ ਜਾਣੀ ਵਾਲੀ ਆਖਰੀ
ਇੱਛਿਆ ਦੱਸੀ ਤਾਂ ਉਹ ਸੋਚਾਂ ਵਿਚ ਪੈ ਗਿਆ ਤੇ ਆਖਣ ਲਗਿਆ,
“ਯੋਅਰ ਹਾਈਨੈੱਸ, ਮੈਨੂੰ ਨਹੀਂ ਲਗਦਾ ਕਿ ਇੰਡੀਆ ਹਾਊਸ ਇਸ ਦੀ ਇਜਾਜ਼ਤ ਦੇਵੇਗਾ ਪਰ ਫਿਰ ਵੀ
ਆਪਾਂ ਕੋਸਿ਼ਸ਼ ਤਾਂ ਕਰ ਸਕਦੇ ਆਂ। ਸਾਡੇ ਕੋਲ ਆਪਣੀ ਗੱਲ ਕਹਿਣ ਦਾ ਭਾਵੁਕ-ਆਧਾਰ ਮਜ਼ਬੂਤ
ਕਾਰਨ ਹੈ ਵੇ ਪਰ ਯੋਅਰ ਹਾਈਨੈੱਸ, ਤੁਸੀਂ ਆਪਣੇ ਆਪ ਨੂੰ ਸੰਭਾਲੋ ਤੇ ਇਹ ਸਭ ਮੇਰੇ ਹੱਥ ਵਿਚ
ਛੱਡ ਦਿਓ।”
ਸਰ ਲੋਗਨ ਦੀ ਆਪਣੀ ਸਿਹਤ ਵੀ ਢਿੱਲੀ ਜਿਹੀ ਹੀ ਰਹਿੰਦੀ ਸੀ ਪਰ ਉਹ ਰਾਣੀ ਦੇ ਅੰਤਮ ਸਸਕਾਰ
ਦੀਆਂ ਤਿਆਰੀਆਂ ਵਿਚ ਰੁੱਝ ਗਿਆ। ਉਸ ਨੇ ਇੰਡੀਆ ਹਾਊਸ ਵਿਚ ਰਾਣੀ ਦੀ ਦੇਹ ਪੰਜਾਬ ਲੈ ਜਾਣ
ਲਈ ਇਜਾਜ਼ਤ ਲਈ ਅਰਜ਼ੀ ਦੇ ਦਿਤੀ ਪਰ ਇਸ ਅਰਜ਼ੀ ਨੇ ਇਕ ਲੰਮਾ ਸਫਰ ਤੈਅ ਕਰਨਾ ਸੀ ਇਸ ਲਈ ਇਸ
ਨੂੰ ਬਹੁਤ ਸਾਰਾ ਵਕਤ ਲਗ ਜਾਣਾ ਸੀ। ਜਦ ਤਕ ਰਾਣੀ ਦੀ ਦੇਹ ਦੀ ਸੰਭਾਲ ਜ਼ਰੂਰੀ ਸੀ। ਸਰ
ਲੋਗਨ ਨੇ ਇੰਡੀਆ ਹਾਊਸ ਦੇ ਫੈਸਲੇ ਤਕ ਰਾਣੀ ਦੇ ਸਰੀਰ ਨੂੰ ਉਤਰੀ ਲੰਡਨ ਦੇ ਕੈਸਲ ਗਰੀਨ
ਸਮਿਟਰੀ ਦੇ ਟੌਂਬ ਵਿਚ ਰੱਖਣ ਦਾ ਇੰਤਜ਼ਾਮ ਕਰ ਲਿਆ।
ਰਾਣੀ ਜਿੰਦ ਕੋਰ ਦੀ ਮੌਤ ਦੀ ਖ਼ਬਰ ਸਾਰੇ ਲੰਡਨ ਵਿਚ ਇਕ ਦਮ ਹੀ ਫੈਲ ਗਈ। ਹਿੰਦੁਸਤਾਨੀ,
ਖਾਸ ਤੌਰ ‘ਤੇ ਪੰਜਾਬੀ ਲੋਕ ਆ ਆ ਕੇ ਐਬਿੰਗਡਨ ਹਾਊਸ ਦੇ ਬਾਹਰ ਇਕੱਠੇ ਹੋਣ ਲਗੇ। ਭਾਵੇਂ ਇਹ
ਗਿਣਤੀ ਵਿਚ ਥੋੜੇ ਹੀ ਸਨ ਪਰ ਆ ਕੇ ਕਾਫੀ ਦੇਰ ਤਕ ਖੜੇ ਰਹਿੰਦੇ। ‘ਰਾਣੀ ਜਿੰਦ ਕੋਰ – ਅਮਰ
ਰਹੇ’ ਦੇ ਨਾਹਰੇ ਵੀ ਲਾਉਣ ਲਗਦੇ। ਮਹਾਂਰਾਜੇ ਦੇ ਖੈਰ-ਖੁਆਹ ਵੀ ਐਬਿੰਗਡਨ ਹਾਊਸ ਪੁੱਜਣੇ
ਸ਼ੁਰੂ ਹੋ ਗਏ ਸਨ। ਐਬਿੰਗਡਨ ਹਾਊਸ ਵਿਚੋਂ ਰਾਣੀ ਦੀ ਦੇਹ ਕੈਸਲ ਗਰੀਨ ਦੀ ਸਮਿਟਰੀ ਲੈ ਜਾਣ
ਤੋਂ ਪਹਿਲਾਂ ਧਾਰਮਿਕ ਰਸਮਾਂ ਦਾ ਇੰਤਜ਼ਾਮ ਕੀਤਾ ਗਿਆ ਜਿਸ ਵਿਚ ਵੱਡੇ ਵੱਡੇ ਨਾਵਾਂ ਵਾਲੇ
ਲੋਕ ਵੀ ਸ਼ਾਮਲ ਹੋਏ। ਮੈਥੋਡਿਸਟ ਮਿਨਿਸਟਰ ਨੇ ਇਸਾਈ ਰਸਮਾਂ ਅਨੁਸਾਰ ਆਪਣੀ ਸਰਵਿਸ ਨਿਭਾਈ।
ਕਾਬਲ ਸਿੰਘ ਨੇ ਆਪਣੇ ਸਿੱਖੀ ਢੰਗ ਨਾਲ ਅਰਦਾਸ ਕੀਤੀ। ਕਾਬਲ ਸਿੰਘ ਨੇ ਰਾਣੀ ਦੀ ਦੇਹ ਕੋਲ
ਬੈਠ ਕੇ ਪੂਰੀ ਸਵੇਰ ਪਾਠ ਕੀਤਾ। ਮਹਾਂਰਾਜੇ ਨੂੰ ਕਾਬਲ ਸਿੰਘ ਦਾ ਇਵੇਂ ਕਰਨਾ ਬਹੁਤ ਚੰਗਾ
ਲਗਿਆ। ਇਸ ਮੌਕੇ ‘ਤੇ ਕੁਝ ਲੋਕਾਂ ਨੇ ਭਾਸ਼ਨ ਦੇ ਕੇ ਰਾਣੀ ਜਿੰਦ ਕੋਰ ਨੂੰ ਸ਼ਰਧਾਂਜਲੀਆਂ
ਭੇਂਟ ਵੀ ਕੀਤੀਆਂ। ਮਹਾਂਰਾਜੇ ਨੇ ਆਪ ਵੀ ਭਾਵੁਕ ਹੋ ਕੇ ਭਾਸ਼ਨ ਕੀਤਾ। ਉਸ ਨੇ ਆਪਣੇ ਭਾਸ਼ਨ
ਵਿਚ ਇਸਾਈ ਧਰਮ ਤੇ ਸਿੱਖ ਧਰਮ ਦਾ ਮੁਕਾਬਲਾ ਕਰਦਿਆਂ ਦੋਨਾਂ ਧਰਮਾਂ ਦੀਆਂ ਖਾਸੀਅਤਾਂ
ਦੱਸੀਆਂ। ਇਹ ਪਹਿਲੀ ਵਾਰ ਸੀ ਕਿ ਮਹਾਂਰਾਜਾ ਸਿੱਖ ਧਰਮ ਬਾਰੇ ਗੱਲ ਹੀ ਨਹੀਂ ਸੀ ਕਰ ਰਿਹਾ
ਬਲਕਿ ਇਸ ਦੀਆਂ ਸਿਫਤਾਂ ਵੀ ਕਰ ਰਿਹਾ ਸੀ। ਸਰ ਲੋਗਨ ਦੀਆਂ ਭਵਾਂ ਉਪਰ ਨੂੰ ਚੜ੍ਹ ਰਹੀਆਂ
ਸਨ। ਉਸ ਲਈ ਖਤਰੇ ਦੀਆਂ ਘੰਟੀਆਂ ਵੱਜਣ ਲਗੀਆਂ ਸਨ।
ਰਾਣੀ ਜਿੰਦ ਕੋਰ ਦੀ ਮੌਤ ਦੀ ਖ਼ਬਰ ਪੰਜਾਬ ਤਕ ਪਹੁੰਚ ਗਈ ਸੀ। ਮਹਾਂਰਾਜੇ ਨੂੰ ਅਫਸੋਸ ਦੀਆਂ
ਕੁਝ ਚਿੱਠੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਇਹਨਾਂ ਵਿਚੋਂ ਬਹੁਤੀਆਂ ਚਿੱਠੀਆਂ ਇੰਡੀਆ
ਹਾਊਸ ਰਾਹੀਂ ਹੋ ਕੇ ਹੀ ਪੁੱਜਦੀਆਂ ਸਨ ਪਰ ਇਹਨਾਂ ਚਿੱਠੀਆਂ ਨਾਲ ਮਹਾਂਰਾਜਾ ਆਪਣੇ-ਆਪ ਨੂੰ
ਪੰਜਾਬ ਨਾਲ ਜੁੜਿਆ ਮਹਿਸੂਸ ਕਰਨ ਲਗਦਾ। ਠਾਕਰ ਸਿੰਘ ਸੰਧਾਵਾਲੀਆ ਤੇ ਹੋਰ ਬਹੁਤ ਸਾਰੇ
ਲੋਕਾਂ ਦੀਆਂ ਅਫਸੋਸ ਦੇ ਸੁਨੇਹੇ ਪੁੱਜ ਰਹੇ ਸਨ।
ਮਹਾਂਰਾਜਾ ਮਾਤਾ ਦੀ ਦੇਹ ਇੰਡੀਆ ਲੈ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇੰਡੀਆ ਹਾਊਸ ਦੇ
ਅਧਿਕਾਰੀ ਪਰਾਂ ‘ਤੇ ਪਾਣੀ ਨਹੀਂ ਸਨ ਪੈਣ ਦੇ ਰਹੇ। ਸਰ ਲੋਗਨ ਦੇ ਇੰਡੀਆ ਹਾਊਸ ਦੇ ਕਈ ਗੇੜੇ
ਲਗ ਚੁੱਕੇ ਸਨ। ਮਹਾਂਰਾਜੇ ਦੇ ਵਕੀਲ ਵੀ ਉਸ ਦੀ ਅਰਜ਼ੀ ਦੀ ਸਹਾਇਤਾ ਕਰਦਿਆਂ ਬਹੁਤ ਸਾਰੇ
ਹੋਰ ਚਿੱਠੀਆਂ ਇੰਡੀਆ ਹਾਊਸ ਨੂੰ ਲਿਖ ਚੁੱਕੇ ਸਨ ਪਰ ਗੱਲ ਕਿਸੇ ਵੀ ਕੰਢੇ ਨਹੀਂ ਸੀ ਲਗ
ਰਹੀ। ਇਵੇਂ ਕਰਦਿਆਂ ਕਰਦਿਆਂ ਦੋ ਮਹੀਨੇ ਨਿਕਲ ਗਏ ਪਰ ਕੋਈ ਜਵਾਬ ਨਾ ਮਿਲਿਆ। ਮਹਾਂਰਾਜਾ
ਹੁਣ ਕਾਹਲਾ ਪੈਣ ਲਗਿਆ ਸੀ। ਇੰਗਲੈਂਡ ਦੇ ਬਹੁਤ ਸਾਰੇ ਲੋਕ ਮਹਾਂਰਾਜੇ ਨਾਲ ਹਮਦਰਦੀ ਦਿਖਾਉਣ
ਲਗੇ। ਹਰ ਕੋਈ ਕਹਿ ਰਿਹਾ ਸੀ ਕਿ ਆਪਣੀ ਮਾਂ ਦੀ ਆਖਰੀ ਇਛਿਆ ਪੂਰੀ ਕਰਨ ਦਾ ਪੂਰਾ ਹੱਕ ਸੀ
ਉਸ ਨੂੰ। ਮਹਾਂਰਾਣੀ ਦੀ ਦੇਹ ਅੰਤਿਮ ਰਸਮਾਂ ਦਾ ਇੰਤਜ਼ਾਰ ਕਰ ਰਹੀ ਸੀ, ਇਸ ਨੂੰ ਲੈ ਕੇ
ਲੋਕਾਂ ਵਿਚ ਇਕ ਬਹਿਸ ਜਿਹੀ ਛਿੜ ਗਈ ਸੀ। ਸਰਕਾਰ ਰਾਣੀ ਜਿੰਦ ਕੋਰ ਦਾ ਇਸੇ ਮੁਲਕ ਵਿਚ ਹੀ
ਸਸਕਾਰ ਕਰਨਾ ਚਾਹੁੰਦੀ ਸੀ। ਮਹਾਂਰਾਜੇ ਦਾ ਰਾਣੀ ਜਿੰਦ ਕੋਰ ਦੀ ਦੇਹ ਨੂੰ ਹਿੰਦੁਸਤਾਨ ਲੈ
ਕੇ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਇਕ ਤਾਂ ਮਹਾਂਰਾਜਾ ਮਾਂ ਦੀ ਮੌਤ ਕਾਰਨ ਦੁਖੀ ਸੀ ਤੇ
ਦੂਜੇ ਇੰਡੀਆ ਹਾਊਸ ਵਾਲੇ ਉਸ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸਨ।
ਮਹਾਂਰਾਜਾ ਹਾਲੇ ਇਸ ਸਦਮੇ ਦੇ ਵਿਚ-ਵਿਚਕਾਰ ਹੀ ਫਸਿਆ ਹੋਇਆ ਸੀ ਕਿ ਉਸ ਨੂੰ ਇਕ ਹੋਰ ਦੁੱਖ
ਨੇ ਆ ਘੇਰਿਆ। ਉਸ ਦਾ ਸਭ ਤੋਂ ਪਿਆਰਾ ਵਿਅਕਤੀ ਇਸ ਜਹਾਨ ਤੋਂ ਤੁਰ ਗਿਆ। ਰਾਣੀ ਜਿੰਦ ਕੋਰ
ਦੀ ਮੌਤ ਨੂੰ ਹਾਲੇ ਢਾਈ ਮਹੀਨੇ ਹੀ ਹੋਏ ਸਨ ਕਿ ਸਰ ਲੋਗਨ ਵੀ ਸਦਾ ਦੀ ਨੀਂਦ ਸੌਂ ਗਿਆ। ਉਹ
ਆਪਣੇ ਘਰ ਉਪਰਲੇ ਕਮਰੇ ਵਿਚ ਨਿਤ ਵਾਂਗ ਜੀਸਸ ਮੁਹਰੇ ਪ੍ਰਾਰਥਨਾ ਕਰ ਰਿਹਾ ਸੀ ਕਿ ਉਸ ਨੂੰ
ਦਿਲ ਦਾ ਦੌਰਾ ਪੈ ਗਿਆ ਤੇ ਥਾਵੇਂ ਹੀ ਢੇਰੀ ਹੋ ਗਿਆ। ਇਹ ਖ਼ਬਰ ਪੌਲ ਸ਼ੀਨ ਮਹਾਂਰਾਜੇ ਕੋਲ
ਲੈ ਕੇ ਆਇਆ ਤਾਂ ਉਹ ਉਸ ਦੇ ਗਲ ਲਗਦਾ ਧਾਹਾਂ ਮਾਰਦਾ ਕਹਿਣ ਲਗਿਆ,
“ਓ ਜੀਸਸ, ਮੈਂ ਆਪਣਾ ਪਿਤਾ ਵੀ ਗੁਆ ਲਿਆ ਏ!”
ਮਹਾਂਰਾਜਾ ਜਿਵੇਂ ਟੁੱਟ ਗਿਆ ਹੋਵੇ। ਇੰਨੇ ਥੋੜੇ ਸਮੇਂ ਵਿਚ ਦੋ ਮੌਤਾਂ ਝੱਲਣੀਆਂ ਔਖੀਆਂ ਹੋ
ਰਹੀਆਂ ਸਨ। ਉਹ ਲੇਡੀ ਲੋਗਨ ਕੋਲ ਚਲੇ ਜਾਂਦਾ ਤੇ ਘੰਟਿਆਂ ਬੱਧੀ ਉਦਾਸ ਬੈਠਾ ਰਹਿੰਦਾ। ਹਾਲੇ
ਲੇਡੀ ਲੋਗਨ ਇਸ ਮਾਮਲੇ ਵਿਚ ਮਜ਼ਬੂਤ ਦਿਲ ਵਾਲੀ ਸੀ। ਉਸ ਨੇ ਆਪਣੀ ਡਾਇਰੀ ਵਿਚ ਲਿਖਿਆ;
‘...ਮੇਰੇ ਪਤੀ ਦੀ ਮੌਤ ਸਮੇਂ ਦਲੀਪ ਸਿੰਘ ਦਾ ਦੁੱਖ ਬਿਲਕੁਲ ਸੱਚਾ ਦੁੱਖ ਸੀ ਜਿਸ ਨੂੰ ਸਭ
ਨੇ ਮਹਿਸੂਸ ਕੀਤਾ ਤੇ ਉਸ ਦੇ ਇਸ ਦੁੱਖ ਦਾ ਸਭ ਨੇ ਜਿ਼ਕਰ ਵੀ ਕੀਤਾ। ....ਮਹਾਂਰਾਜਾ ਨੇ
ਕਿਹਾ ਕਿ ਜੇ ਸਰ ਲੋਗਨ ਨੂੰ ਸਵਰਗ ਨਹੀਂ ਮਿਲੇਗਾ ਤਾਂ ਇਸਦਾ ਮਤਲਵ ਕਿ ਬਾਈਬਲ ਦਾ ਹਰ ਸ਼ਬਦ
ਝੂਠਾ ਹੈ।’
ਇਹ ਵੀ ਸੱਚ ਸੀ ਕਿ ਉਹ ਆਪਣੀ ਮਾਂ ਨਾਲੋਂ ਸਰ ਲੋਗਨ ਦੇ ਜਿ਼ਆਦਾ ਨੇੜੇ ਰਿਹਾ ਸੀ। ਆਪਣੀ ਮਾਂ
ਨਾਲੋਂ ਉਹ ਸਰ ਲੋਗਨ ਦੀ ਆਤਮਾ ਦੀ ਸ਼ਾਂਤੀ ਵਾਸਤੇ ਵਧੇਰੇ ਦੁਆਵਾਂ ਕਰਿਆ ਕਰਦਾ। ਉਸ ਨੂੰ
ਦੁੱਖ ਸੀ ਕਿ ਉਸ ਨੇ ਆਪਣੀ ਐੱਲਵੇਡਨ ਇਸਟੇਟ ਕੀਤੀਆਂ ਨਵ-ਉਸਾਰੀਆਂ ਤੇ ਤਬਦੀਲੀਆਂ ਹਾਲੇ ਸਰ
ਲੋਗਨ ਨੂੰ ਚੰਗੀ ਤਰ੍ਹਾਂ ਨਹੀਂ ਸੀ ਦਿਖਾਈਆਂ। ਉਹ ਲੇਡੀ ਲੋਗਨ ਨੂੰ ਕਹਿਣ ਲਗਿਆ,
“ਮੈਅਮ, ਸਰ ਲੋਗਨ ਮੇਰੇ ਲਈ ਪਿਤਾ ਹੀ ਸਨ ਤੇ ਮੈਂ ਚਾਹੁੰਨਾਂ ਕਿ ਉਹਨਾਂ ਨੂੰ ਮੇਰੀ ਇਸਟੇਟ
ਵਿਚ ਹੀ ਦਫਨਾਇਆ ਜਾਵੇ।”
“ਯੋਅਰ ਹਾਈਨੈੱਸ, ਤੁਹਾਡੇ ਜਜ਼ਬਿਆਂ ਦੀ ਮੈਂ ਕਦਰ ਕਰਦੀ ਆਂ ਪਰ ਇਹ ਗੱਲ ਬਹੁਤ ਸਾਰੇ ਲੋਕਾਂ
ਨੂੰ ਪਸੰਦ ਨਹੀਂ ਆਏਗੀ, ਖਾਸ ਤੌਰ ‘ਤੇ ਮੇਰੀ ਔਲਾਦ ਨੂੰ। ਸਰ ਲੋਗਨ ਦੀ ਅਰਾਮ ਆਖਰੀ ਜਗਾਹ
ਫਲੈਕਸਟੋ ਵਿਚ ਹੀ ਹਵੇਗੀ ਕਿਉਂਕਿ ਇਥੇ ਹੀ ਉਹਨਾਂ ਆਖਰੀ ਸਾਹ ਲਿਆ ਏ।”
ਮਹਾਂਰਾਜੇ ਨੇ ਸਰ ਲੋਗਨ ਦੀਆਂ ਸਾਰੀਆਂ ਅੰਤਿਮ ਰਸਮਾਂ ਮੁਹਰੇ ਹੋ ਕੇ ਕੀਤੀਆਂ। ਉਸ ਦੀ ਯਾਦ
ਵਿਚ ਬਹੁਤ ਹੀ ਖੂਬਸੂਰਤ ਸੰਗਮਰਮਰ ਦਾ ਮੌਨੂਮੈਂਟ ਵੀ ਬਣਵਾਇਆ। ਬਾਅਦ ਵਿਚ ਵੀ ਲੇਡੀ ਲੋਗਨ
ਦਾ ਇਕ ਬੇਟੇ ਵਾਂਗ ਹੀ ਧਿਆਨ ਰੱਖਣ ਲਗਿਆ। ਉਸ ਦੀ ਪੈਨਸ਼ਨ ਬਾਰੇ ਭੱਜ-ਦੌੜ ਕਰਕੇ ਲੇਡੀ
ਲੋਗਨ ਦੇ ਨਾਂ ਕਰਵਾਈ। ਹੋਰ ਵੀ ਜਾਇਦਾਦ ਨਾਲ ਸਬੰਧਿਤ ਸਾਰੀ ਕਾਨੂੰਨੀ ਕਾਰਵਾਈ ਵਿਚ ਉਸ ਨੇ
ਲੇਡੀ ਲੋਗਨ ਦੀ ਪੂਰੀ ਮੱਦਦ ਕੀਤੀ।
ਮਹਾਂਰਾਜੇ ਦੇ ਇਹ ਦਿਨ ਸਦਮਿਆਂ ਭਰੇ ਸਨ। ਇਕ ਪਾਸੇ ਹਾਲੇ ਮਾਂ ਦੀ ਦੇਹ ਅੰਤਿਮ ਸੰਸਕਾਰ ਨੂੰ
ਉਡੀਕ ਰਹੀ ਸੀ ਤੇ ਨਾਲ ਹੀ ਸਰ ਲੋਗਨ ਦੀ ਮੌਤ ਹੋ ਗਈ। ਮੌਤ ਨੇ ਇਸ ਤੋਂ ਅਗਾਂਹ ਹੋ ਕੇ ਵੀ
ਹਮਲੇ ਕੀਤੇ। ਉਸ ਦਾ ਇਕ ਬਹੁਤ ਹੀ ਵਫਾਦਾਰ ਕਰਮਚਾਰੀ ਸੀ ਥੌਰਟਨ, ਉਹ ਵੀ ਅਚਾਨਕ ਸਦਾ ਲਈ
ਤੁਰ ਗਿਆ। ਥੌਰਟਨ ਨਾਲ ਉਹ ਬਹੁਤ ਸਾਰੇ ਭੇਦ ਸਾਂਝੇ ਕਰਿਆ ਕਰਦਾ ਸੀ। ਥੌਰਟਨ ਉਸ ਨਾਲ ਯੌਰਪ
ਦੇ ਟੂਰ ‘ਤੇ ਵੀ ਜਾਂਦਾ ਰਿਹਾ ਸੀ। ਉਸ ਤੋਂ ਕੁਝ ਦਿਨ ਬਾਅਦ ਹੀ ਉਸ ਦਾ ਇਕ ਸੈਕਟਰੀ ਕਾਵੁੱਡ
ਵੀ ਪੂਰਾ ਹੋ ਗਿਆ। ਮੌਤ ਇਥੇ ਹੀ ਨਾ ਰੁਕੀ, ਉਸ ਨੇ ਰਾਜਕੁਮਾਰੀ ਗੋਰੈਹਮਾ ਨੂੰ ਵੀ ਖਿੱਚ
ਲਿਆ। ਗੋਰੈਹਮਾ ਬੱਚੇ ਨੂੰ ਜਨਮ ਦੇਣ ਲਗੀ ਮੌਤ ਦੇ ਮੂੰਹ ਵਿਚ ਜਾ ਪਈ ਸੀ। ਹੋਰ ਤੇ ਹੋਰ
ਗੋਰੈਹਮਾ ਦਾ ਪਤੀ ਕਰਨਲ ਜੌਹਨ ਕੈਂਪਬੈੱਲ ਜੋ ਕਿ ਮਹਾਂਰਾਜੇ ਦਾ ਖਾਸ ਦੋਸਤ ਸੀ ਵੀ ਇਕ ਦਿਨ
ਅਚਾਨਕ ਕਿਧਰੇ ਗਾਇਬ ਹੋ ਗਿਆ ਤੇ ਮੁੜ ਕੇ ਨਾ ਲੱਭਿਆ। ਥੋੜੇ ਚਿਰ ਵਿਚ ਹੀ ਬਹੁਤ ਕੁਝ ਵਾਪਰ
ਗਿਆ।
ਮੌਤਾਂ ਦਾ ਇਹ ਰੇਲਾ ਮਹਾਂਰਾਜੇ ਨੂੰ ਪੈਰਾਂ ਤਕ ਹਿਲਾ ਗਿਆ। ਇਸ ਸਮੇਂ ਸਭ ਤੋਂ ਵੱਡਾ ਸਹਾਰਾ
ਉਸ ਲਈ ਬਾਈਬਲ ਹੀ ਸੀ। ਉਹ ਹਰ ਹਰ ਰੋਜ਼ ਚਰਚ ਜਾਂਦਾ ਤੇ ਵਿਛੜੀਆਂ ਰੂਹਾਂ ਲਈ ਕਿੰਨੀ ਕਿੰਨੀ
ਦੇਰ ਤਕ ਦੁਆਵਾਂ ਮੰਗਦਾ ਰਹਿੰਦਾ। ਉਹ ਜੀਸਸ ਅਗੇ ਅਰਦਾਸ ਕਰਦਾ ਕਿ ਕਿ ਮੌਤ ਦੇ ਇਸ ਸਿਲਸਿਲੇ
ਨੂੰ ਖਤਮ ਕੀਤਾ ਜਾਵੇ, ਉਸ ਤੋਂ ਹੋਰ ਨਹੀਂ ਸਹਿਆ ਜਾ ਰਿਹਾ। ਇਹਨਾਂ ਦਿਨਾਂ ਵਿਚ ਮਹਾਂਰਾਜਾ
ਬਹੁਤ ਹੀ ਇਕੱਲਾ ਮਹਿਸੂਸ ਕਰਨ ਲਗਿਆ। ਆਪਣੀ ਵੱਡੀ ਸਾਰੀ ਇਸਟੇਟ ਵਿਚ ਤਾਂ ਉਹ ਇਕੱਲਾ ਹੁੰਦਾ
ਹੀ ਸੀ। ਉਸ ਦੇ ਹਮਦਰਦ ਆਉਂਦੇ ਰਹਿੰਦੇ ਸਨ ਪਰ ਉਸ ਦੀ ਇਕੱਲ ਦੂਰ ਨਹੀਂ ਸੀ ਹੁੰਦੀ। ਇਹਨਾਂ
ਦਿਨਾਂ ਵਿਚ ਕਾਬਲ ਸਿੰਘ ਕੁਝ ਦੇਰ ਉਸ ਦੇ ਨਾਲ ਆ ਕੇ ਰਿਹਾ ਪਰ ਉਸ ਦਾ ਆਪਣਾ ਕਾਰੋਬਾਰ ਸੀ
ਇਸ ਕਰਕੇ ਉਹ ਬਹੁਤੇ ਦਿਨ ਨਹੀਂ ਸੀ ਰਹਿ ਸਕਦਾ। ਹੁਣ ਉਸ ਸਮਝਣ ਲਗ ਪਿਆ ਸੀ ਕਿ ਉਸ ਦੀ ਬੀਬੀ
ਜੀ ਕਿਹੜੀ ਇਕੱਲ ਦੀ ਗੱਲ ਕਰਦੀ ਹੁੰਦੀ ਸੀ। ਇਸੇ ਮੌਕੇ ਕੁਝ ਔਰਤਾਂ ਨੇ ਵੀ ਉਸ ਵਲ ਕਦਮ
ਵਧਾਏ। ਮਹਾਂਰਾਜਾ ਵੀ ਚਾਹੁੰਦਾ ਸੀ ਕਿ ਜੇ ਕੋਈ ਚੰਗੇ ਜਿਹੇ ਸਬੰਧ ਬਣ ਜਾਣ ਤਾਂ ਉਹ ਵਿਆਹ
ਕਰਾ ਲਵੇ ਪਰ ਅਜਿਹਾ ਕੁਝ ਹੋਇਆ ਨਾ। ਇਕ ਲੌਰਡ ਦੀ ਕੁੜੀ ਨਾਲ ਉਸ ਦੇ ਸਬੰਧ ਕੁਝ ਬਣਨੇ
ਸ਼ੁਰੂ ਹੋ ਗਏ ਸਨ, ਕੁਝ ਦਿਨ ਉਹਨਾਂ ਇਕੱਠਿਆਂ ਵੀ ਗੁਜ਼ਾਰੇ ਪਰ ਉਸ ਕੁੜੀ ਨੂੰ ਕੋਈ ਹੋਰ
ਮੁੰਡਾ ਮਿਲ ਗਿਆ ਤੇ ਉਹ ਮਹਾਂਰਾਜੇ ਦੇ ਦਿਲ ਨੂੰ ਠੋਕਰ ਮਾਰਦੀ ਤੁਰ ਗਈ। ਮਹਾਂਰਾਜਾ ਉਦਾਸ
ਰਹਿਣ ਲਗਿਆ। ਲੇਡੀ ਲੋਗਨ ਨੂੰ ਸਾਰੀ ਗੱਲ ਦਾ ਪਤਾ ਸੀ। ਇਕ ਦਿਨ ਉਹ ਹਮਦਰਦੀ ਜਤਾਉਂਦੀ
ਮਹਾਂਰਾਜੇ ਨੂੰ ਪੁੱਛਣ ਲਗੀ,
“ਯੋਅਰ ਹਾਈਨੈੱਸ, ਮੈਂ ਕੁਝ ਚੰਗੇ ਘਰਾਣਿਆਂ ਨੂੰ ਜਾਣਦੀ ਆਂ, ਉਹਨਾਂ ਵਿਚ ਕੁੜੀਆਂ ਵੀ ਨੇ,
ਕਹੋਂ ਤਾਂ ਕਿਸੇ ਨਾਲ ਗੱਲ ਤੋਰਾਂ?”
“ਨਹੀਂ ਮੈਅਮ, ਮੈਂ ਹੁਣ ਸੋਚਦਾਂ ਕਿ ਹਿੰਦੁਸਤਾਨੀ ਕੁੜੀ ਹੀ ਲੱਭਾਂ, ਹਿੰਦੁਸਤਾਨੀ ਵੀ ਹੋਵੇ
ਤੇ ਕੱਟੜ ਇਸਾਈ ਵੀ, ਮੇਰੇ ਵਰਗੀ।”
ਮਹਾਂਰਾਜੇ ਦਾ ਗੋਰੇ ਰੰਗ ਤੋਂ ਕੁਝ ਕੁਝ ਭਰੋਸਾ ਉਠਦਾ ਜਾ ਰਿਹਾ ਸੀ। ਰਾਣੀ ਜਿੰਦ ਕੋਰ ਦੀ
ਮੌਤ ਤੋਂ ਬਾਅਦ ਉਸ ਦਾ ਹਿੰਦੁਸਤਾਨੀਆਂ ਨਾਲ ਕੁਝ ਮੇਲ-ਜੋਲ ਜਿਹਾ ਵੀ ਬਣਨ ਲਗਿਆ ਸੀ। ਬਹੁਤ
ਸਾਰੇ ਹਿੰਦੁਸਤਾਨ ਕੈਸਲ ਗਰੀਨ ਦੀ ਸਮਿਟਰੀ ਵਿਚ, ਜਿਥੇ ਰਾਣੀ ਜਿੰਦ ਕੋਰ ਦੀ ਦੇਹ ਪਈ ਸੀ,
ਅਰਦਾਸ ਕਰਨ ਲਈ ਇਕੱਠੇ ਹੋ ਜਾਂਦੇ। ਕਾਬਲ ਸਿੰਘ ਸਿੱਖ ਧਰਮ ਅਨੁਸਾਰ ਅਰਦਾਸ ਕਰਦਾ। ਸਮੁੰਦ
ਸਿੰਘ ਉਸ ਦੇ ਨਾਲ ਹੁੰਦਾ। ਹੁਣ ਮਹਾਂਰਾਜੇ ਨੂੰ ਆਪਣੇ ਰੰਗ ਦੇ ਬੰਦੇ ਚੰਗੇ ਲਗਣ ਲਗ ਪਏ ਸਨ।
ਆਮ ਤੌਰ ‘ਤੇ ਮਹਾਂਰਾਜਾ ਹਿੰਦੁਸਤਾਨੀ ਲੋਕਾਂ ਵਿਚ ਕਦੇ ਵਿਚ ਘੁਲ਼ਦਾ ਨਹੀਂ ਸੀ ਕਿਉਂਕਿ ਉਹ
ਸਾਰੇ ਹੇਠਲੀ ਜਮਾਤ ਦੇ ਲੋਕ ਸਨ।
ਇਹਨਾਂ ਦਿਨਾਂ ਵਿਚ ਹੀ ਮਹਾਂਰਾਜੇ ਦੇ ਉਦਾਸੇ ਦਿਨਾਂ ਵਿਚ ਉਮੀਦ ਦੀ ਇਕ ਕਿਰਨ ਦਿਖਾਈ ਦੇਣ
ਲਗੀ। ਇੰਡੀਆ ਹਾਊਸ ਵਾਲੇ ਉਸ ਨੂੰ ਰਾਣੀ ਜਿੰਦ ਕੋਰ ਦੇ ਸਸਕਾਰ ਲਈ ਹਿੰਦੁਸਤਾਨ ਜਾਣ ਦੀ
ਇਜਾਜ਼ਤ ਦੇਣ ਲਈ ਤਿਆਰ ਸਨ ਪਰ ਨਾਲ ਹੀ ਉਹ ਸ਼ਰਤ ਰੱਖ ਰਹੇ ਸਨ ਕਿ ਉਹ ਪੰਜਾਬ ਨਹੀਂ
ਜਾਵੇਗਾ। ਮਹਾਂਰਾਜੇ ਨੇ ਹਰਦੁਆਰ ਜਾਣ ਦੀ ਮਨਜ਼ੂਰੀ ਮੰਗੀ ਪਰ ਹਰਦੁਆਰ ਪੰਜਾਬ ਤੋਂ ਨੇੜੇ ਸੀ
ਤੇ ਉਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਸਨ ਇਸ ਕਰਕੇ ਉਥੇ ਦੀ ਆਗਿਆ ਨਾ ਮਿਲੀ। ਮਹਾਂਰਾਜੇ
ਨੂੰ ਬੰਬੇ ਤਕ ਜਾਣ ਦੀ ਤੇ ਉਥੇ ਹੀ ਕਿਤੇ ਸਸਕਾਰ ਕਰਨ ਦੀ ਇਜਾਜ਼ਤ ਮਿਲ ਗਈ। ਉਸ ਲਈ
ਹਿੰਦੁਸਤਾਨ ਜਾਣਾ ਹੀ ਵੱਡੀ ਗੱਲ ਸੀ। ਉਹ ਤਿਆਰੀ ਕਰਨ ਲਗਿਆ। ਹਿੰਦੁਸਤਾਨ ਜਾਣ ਦੀ ਤਿਆਰੀ
ਦੇ ਨਾਲ ਉਹ ਕਈ ਹੋਰ ਸੁਫਨੇ ਵੀ ਦੇਖਣ ਲਗਿਆ। ਇਕ ਸੁਫਨਾ ਇਹ ਵੀ ਸੀ ਕਿ ਸ਼ਾਇਦ ਉਥੇ ਹੀ
ਵਿਆਹ ਲਈ ਕੋਈ ਕੁੜੀ ਮਿਲ ਜਾਵੇ। ਉਸ ਦੇ ਜਾਣ ਤੋਂ ਕੁਝ ਦਿਨ ਪਹਿਲਾਂ ਲੇਡੀ ਲੋਗਨ ਬੋਲੀ,
“ਲੌਰਡ ਹਾਰਲੋ ਦੀ ਕੁੜੀ ਬਹੁਤ ਖੂਬਸੂਰਤ ਏ, ਮੈਨੂੰ ਯਕੀਨ ਏ ਕਿ ਤੁਹਾਨੂੰ ਪਸੰਦ ਵੀ ਆ
ਜਾਵੇਗੀ। ਕਹੋਂ ਤਾਂ ਮੈਂ ਤੁਹਾਡੀ ਮਿਲਣੀ ਦਾ ਇੰਤਜ਼ਾਮ ਕਰ ਦਿੰਨੀ ਆਂ।”
“ਮੈਅਮ, ਹਾਲੇ ਮੇਰੇ ਮਨ ਵਿਚ ਕੁਝ ਹੋਰ ਏ। ਮੈਂ ਕਿਹਾ ਸੀ ਨਾ ਕਿ ਮੈਨੂੰ ਹਿੁੰਦਸਤਾਨੀ ਇਸਾਈ
ਕੁੜੀ ਦੀ ਤਾਲਾਸ਼ ਵਿਚ ਹਾਂ।”
“ਯੋਅਰ ਹਾਈਨੈੱਸ, ਅਜਿਹੀ ਕੁੜੀ ਕਿਥੋਂ ਮਿਲੇਗੀ! ਬਿਲਕੁਲ ਅਸੰਭਵ ਏ।”
“ਮੈਅਮ, ਸ਼ਰਤ ਲਗਾਓ ਪੰਜਾਹ ਪੌਂਡ ਦੀ, ਅਗਲੇ ਸਾਲ ਦੀ ਪਹਿਲੀ ਜੂਨ ਤਕ ਵਿਆਹ ਕਰਾ ਲਵਾਂਗਾ
ਬਸ਼ਰਤੇ ਮੇਰੀ ਸਿਹਤ ਠੀਕ ਰਹੇ।”
ਆਖਦਾ ਮਹਾਂਰਾਜਾ ਹੱਸਣ ਲਗਿਆ।
ਰਾਣੀ ਜਿੰਦ ਕੋਰ ਨੂੰ ਪੂਰੀ ਹੋਈ ਨੂੰ ਸਾਢੇ ਪੰਜ ਮਹੀਨੇ ਪੂਰੇ ਹੋਏ ਸਨ ਜਿਸ ਦਿਨ ਮਹਾਂਰਾਜਾ
ਉਸ ਦੀ ਮ੍ਰਿਤਕ ਦੇਹ ਲੈ ਕੇ ਹਿੰਦੁਸਤਾਨ ਲਈ ਤੁਰਿਆ। ਉਸ ਨੇ ਮੈਡੀਟੇਰੀਅਨ ਸਮੁੰਦਰ ਵਿਚ ਦੀ
ਹੁੰਦੇ ਹੋਏ ਕਿਆਰੋ ਪੁੱਜਣਾ ਸੀ ਤੇ ਫਿਰ ਅਗੇ ਸੁਏਜ ਤੋਂ ਲਾਲ ਸਾਗਰ ਵਿਚ ਦਾਖਲ ਹੋਣਾ ਸੀ ਤੇ
ਅਗੇ ਅਦਨ ਸਾਗਰ, ਅਰਬ ਸਾਗਰ ਵਿਚ ਦੀ ਲੰਘਦੇ ਹੋਏ ਹਿੰਦ ਮਹਾਂਸਾਗਰ ਵਿਚ ਪੈਣਾ ਸੀ। ਇਹੋ
ਰਸਤਾ ਸੀ ਬੰਬੇ ਪੁੱਜਣ ਦਾ। ਜੇ ਉਸ ਨੇ ਕਲਕੱਤੇ ਜਾਣਾ ਹੁੰਦਾ ਤਾਂ ਅਫਰੀਕਾ ਦੇ ਸਾਗਰ ਵਿਚ
ਦੀ ਹੁੰਦਾ ਹੋਇਆ ਜਾਂਦਾ ਪਰ ਬੰਬੇ ਨੂੰ ਇਹ ਠੀਕ ਪੈਣਾ ਸੀ। ਨਹਿਰ ਸੁਏਜ ਹਾਲੇ ਪੂਰੀ ਤਰ੍ਹਾਂ
ਤਿਆਰ ਨਹੀਂ ਸੀ ਹੋਈ ਇਸ ਲਈ ਮਿਸਰ ਪੁੱਜ ਕੇ ਖੁਸ਼ਕੀ ਰਸਤੇ ਜਾ ਕੇ ਫਿਰ ਅਗਿਓਂ ਸੁਏਜ਼ ਤੋਂ
ਜਹਾਜ਼ ਲੈਣ ਦਾ ਫੈਸਲਾ ਸੀ ਮਹਾਂਰਾਜੇ ਦਾ। ਜਦ ਉਹ ਸੁਏਜ਼ ਪੁੱਜਿਆ ਤਾਂ ਪਤਾ ਚੱਲਿਆ ਕਿ
ਹਿੰਦੁਸਤਾਨ ਜਾਣ ਵਾਲਾ ਜਹਾਜ਼ ਕੁਝ ਦਿਨ ਠਹਿਰ ਕੇ ਜਾਣਾ ਸੀ, ਮਹਾਂਰਾਜੇ ਨੇ ਸੋਚਿਆ ਕਿ
ਕਿਉਂ ਨਾ ਕੁਝ ਦਿਨ ਕਿਆਰੋ ਘੁੰਮ ਲਿਆ ਜਾਵੇ।
ਮਹਾਂਰਾਜੇ ਦੀ ਇਕ ਖਾਸ ਗੱਲ ਸੀ ਕਿ ਉਸ ਨੇ ਕਿਤੇ ਵੀ ਜਾਣਾ ਹੋਵੇ ਉਸ ਜਗਾਹ ਬਾਰੇ ਪੂਰੀ
ਜਾਣਕਾਰੀ ਹਾਸਲ ਕਰ ਲਿਆ ਕਰਦਾ। ਯੌਰਪ ਘੁੰਮਣ ਆਇਆ ਉਹ ਕਿਆਰੋ ਵੀ ਆ ਚੁੱਕਿਆ ਸੀ ਇਸ ਲਈ
ਕਿਆਰੋ ਸ਼ਹਿਰ ਦਾ ਉਹ ਵਾਕਫ ਸੀ। ਇਥੇ ਦੇ ਇਕ ਅਮਰੀਕਨ ਪਰੋਟੈਸਟੈਂਟ ਸਕੂਲ ਦਾ ਬੜਾ ਨਾਮ ਸੀ।
ਇਸਾਈ ਧਰਮ ਦੀ ਸਿਖਿਆ ਤੇ ਨਿਰੰਤਣ ਲਈ ਇਹ ਸਕੂਲ ਦੁਨੀਆਂ ਭਰ ਵਿਚ ਮਸ਼ਹੂਰ ਸੀ। ਪਿਛਲੀ ਵਾਰ
ਆਇਆ ਇਸ ਸਕੂਲ ਦਾ ਗੇੜਾ ਮਾਰ ਗਿਆ ਸੀ। ਇਸ ਸਕੂਲ ਦਾ ਵਾਤਾਵਰਣ ਉਸ ਨੂੰ ਬਹੁਤ ਪਸੰਦ ਆਇਆ
ਸੀ। ਪਿਛਲੀ ਵਾਰ ਉਸ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੌ ਡਾਲਰ ਦਾਨ ਵਜੋਂ ਵੀ ਦੇ ਗਿਆ
ਸੀ। ਉਸ ਨੇ ਕਿਆਰੋ ਪੁੱਜ ਕੇ ਹੋਟਲ ਬੁੱਕ ਕਰਾਇਆ ਤੇ ਸ਼ਹਿਰ ਦਾ ਗੇੜਾ ਮਾਰਨ ਚਲੇ ਗਿਆ। ਉਸ
ਨੇ ਸਕੂਲ ਦੇ ਮੁੱਖ ਅਧਿਆਪਕ ਨੂੰ ਚਿੱਠੀ ਲਿਖ ਕੇ ਇਸ ਵਾਰ ਫਿਰ ਸਕੂਲ ਦੇਖਣ ਦੀ ਗੱਲ ਕਹੀ।
ਉਹ ਨਿਰਧਾਰਤ ਤਰੀਕ ਨੂੰ ਸਕੂਲ ਦੇਖਣ ਚਲੇ ਗਿਆ। ਸਕੂਲ ਦੇ ਵਿਦਿਆਰਥੀ ਆਪਣੀ ਸਿਖਿਆ ਵਿਚ
ਰੁੱਝੇ ਹੋਏ ਸਨ। ਮਹਾਂਰਾਜੇ ਨੇ ਸਾਰੇ ਸਕੂਲ ਦਾ ਗੇੜਾ ਮਾਰਿਆ। ਉਸ ਦੀ ਮੱਦਦ ਲਈ ਇਕ
ਅਧਿਆਪਕਾ ਉਸ ਦੇ ਨਾਲ ਸੀ। ਉਹ ਜਾਂਦਾ ਜਾਂਦਾ ਅਚਾਨਕ ਇਕ ਕਲਾਸ ਮੁਹਰੇ ਰੁਕ ਗਿਆ। ਵਿਦਿਆਰਥੀ
ਪ੍ਰਾਰਥਨਾ ਕਰ ਰਹੇ ਸਨ। ਉਸ ਦੀ ਨਜ਼ਰ ਪੰਦਰਾਂ ਕੁ ਸਾਲ ਦੀ ਹਿੰਦੁਸਤਾਨੀ ਕੁੜੀ ਉਪਰ ਪਈ ਜੋ
ਪੂਰੇ ਧਿਆਨ ਨਾਲ ਆਪਣੀ ਪ੍ਰਾਰਥਨਾ ਵਿਚ ਲੀਨ ਸੀ। ਅਧਿਆਪਕਾ ਤੋਂ ਪੁੱਛਣ ‘ਤੇ ਪਤਾ ਚਲਿਆ ਕਿ
ਇਹ ਕੋਈ ਨਵੀਂ ਵਿਦਿਆਰਥਣ ਸੀ। ਮਹਾਂਰਾਜੇ ਨੇ ਪਹਿਲਾਂ ਕਦੇ ਵੀ ਕਿਸੇ ਨੂੰ ਏਨਾ ਡੁੱਬ ਕੇ
ਜੀਸਸ ਨਾਲ ਜੁੜਿਆਂ ਨਹੀਂ ਸੀ ਦੇਖਿਆ। ਉਸ ਨੂੰ ਕੁੜੀ ਸੁਹਣੀ ਵੀ ਬਹੁਤ ਲਗੀ। ਉਹ ਉਸੇ ਵਕਤ
ਉਸ ਨੂੰ ਦਿਲ ਦੇ ਬੈਠਾ। ਉਹ ਕੁਝ ਦੇਰ ਤਕ ਉਥੇ ਖੜਾ ਕੁੜੀ ਵਲ ਨਿਰੰਤਰ ਦੇਖਦਾ ਰਿਹਾ।
ਅਧਿਆਪਕਾ ਦੇ ਕਹਿਣ ‘ਤੇ ਉਸ ਨੂੰ ਅਗੇ ਤੁਰਨਾ ਪਿਆ। ਉਹ ਉਸ ਕੁੜੀ ਨੂੰ ਦੇਖਣ ਲਈ ਸਕੂਲ ਵਿਚ
ਹੋਰ ਵਕਤ ਬਿਤਾਉਣ ਦਾ ਬਹਾਨਾ ਲੱਭਣ ਲਗਿਆ। ਉਹ ਲਾਇਬ੍ਰੇਰੀ ਵਿਚ ਚਲੇ ਗਿਆ। ਉਥੇ ਢਾਈ ਸੌ
ਡਾਲਰ ਦਾਨ ਵਜੋਂ ਦਿਤੇ। ਉਹ ਇਕ ਵਾਰ ਫਿਰ ਉਸੇ ਕਲਾਸ ਵਿਚ ਚਲੇ ਗਿਆ। ਕਲਾਸ ਦੀ ਅਧਿਆਪਕਾ
ਰਾਹੀਂ ਉਸ ਨੇ ਕੁੜੀ ਨਾਲ ਗੱਲ ਕਰਨੀ ਚਾਹੀ ਤਾਂ ਪਤਾ ਲਗਿਆ ਕਿ ਕੁੜੀ ਨੂੰ ਤਾਂ ਅੰਗਰੇਜ਼ੀ
ਹੀ ਨਹੀਂ ਸੀ ਆਉਂਦੀ। ਉਹ ਸਿਰਫ ਅਰਬੀ ਹੀ ਬੋਲ ਸਕਦੀ ਸੀ। ਉਸ ਦਾ ਨਾਂ ਬਾਂਬਾ ਮੁਲਰ ਸੀ।
ਮਹਾਂਰਾਜੇ ਨੇ ਦੁਭਾਸ਼ੀਏ ਰਾਹੀਂ ਉਸ ਨਾਲ ਅਰਬੀ ਵਿਚ ਕੁਝ ਗੱਲਾਂ ਕੀਤੀਆਂ ਤੇ ਫੈਸਲਾ ਕਰ
ਲਿਆ ਕਿ ਜੇ ਉਹ ਵਿਆਹ ਕਰਾਵੇਗਾ ਤਾਂ ਇਸੇ ਕੁੜੀ ਨਾਲ ਹੀ। ਉਹ ਹਿੰਦੁਸਤਾਨੀ ਵੀ ਸੀ ਤੇ ਇਸਾਈ
ਵੀ। ਇਹੋ ਉਸ ਦੀ ਮੰਜਿ਼ਲ ਸੀ। ਵੈਸੇ ਤਾਂ ਅਜਿਹੇ ਫੈਸਲੇ ਉਹ ਪਹਿਲਾਂ ਵੀ ਕਈ ਵਾਰ ਕਰ
ਚੁੱਕਿਆ ਸੀ ਪਰ ਇਸ ਵਾਰੀ ਉਹ ਸੋਚ ਰਿਹਾ ਸੀ ਕਿ ਇਹੋ ਉਹ ਕੁੜੀ ਹੈ ਜਿਸ ਦੀ ਉਹ ਭਾਲ ਕਰ
ਰਿਹਾ ਸੀ। ਆਪਣੇ ਹੋਟਲ ਵਿਚ ਆ ਕੇ ਉਸ ਨੇ ਸਕੂਲ ਦੀ ਮੁੱਖ ਅਧਿਆਪਕਾ ਦੇ ਨਾਂ ਇਕ ਲੰਮੀ
ਚਿੱਠੀ ਲਿਖੀ। ਜਿਸ ਵਿਚ ਉਸ ਨੇ ਆਪਣੇ ਬਾਰੇ ਵੀ ਲਿਖਿਆ ਤੇ ਆਪਣੇ ਇਰਾਦੇ ਬਾਰੇ ਵੀ। ਉਸ ਨੇ
ਦੱਸਿਆ ਕਿ ਉਹ ਉਸ ਕੁੜੀ ਨਾਲ ਵਿਆਹ ਕਰਾਉਣ ਲਈ ਕਿੰਨਾ ਚਾਹਵਾਨ ਸੀ। ਇਹ ਵੀ ਦੱਸ ਦਿਤਾ ਕਿ
ਕੱਲ ਹੀ ਉਹ ਸੁਏਜ਼ ਵਲ ਜਾ ਰਿਹਾ ਹੈ ਤੇ ਵਾਪਸ ਮੁੜਦਾ ਹੋਇਆ ਉਹ ਇਕ ਵਾਰ ਫਿਰ ਸਕੂਲ ਵਿਚ
ਆਵੇਗਾ ਤੇ ਜਦ ਤਕ ਸਕੂਲ ਦੀ ਕਮੇਟੀ ਜਾਂ ਅਧਿਆਪਕ ਜੋ ਵੀ ਫੈਸਲਾ ਕਰਨਾ ਚਾਹੁੰਦੇ ਹੋਣ ਕਰ
ਲੈਣ।
ਮਹਾਂਰਾਜਾ ਜਿਸ ਕੁੜੀ ਨੂੰ ਹਿੰਦੁਸਤਾਨੀ ਸਮਝਦਾ ਸੀ ਅਸਲ ਵਿਚ ਉਸ ਦੀ ਸ਼ਕਲ ਹੀ ਹਿੰਦੁਸਤਾਨੀ
ਕੁੜੀਆਂ ਵਰਗੀ ਸੀ ਪਰ ਉਹ ਰਲਵੀਂ ਨਸਲ ਦੀ ਕੁੜੀ ਸੀ। ਉਸ ਦੀ ਮਾਂ ਇਥੋਪੀਅਨ ਸੀ ਤੇ ਪਿਓ
ਜਰਮਨ ਸੀ। ਉਸ ਦਾ ਪਿਓ ਮਿਸਟਰ ਮਿਲਰ ਭਾਵੇਂ ਕਾਫੀ ਅਮੀਰ ਆਦਮੀ ਸੀ ਪਰ ਇਹ ਕੁੜੀ ਇਸ
ਮਿਸ਼ਨਰੀ ਸਕੂਲ ਵਿਚ ਹੀ ਰਹਿ ਰਹੀ ਸੀ। ਮਹਾਂਰਾਜੇ ਨੂੰ ਇਸ ਗੱਲ ਦਾ ਪਤਾ ਵੀ ਚੱਲ ਗਿਆ ਪਰ
ਜੋ ਵੀ ਸੀ ਉਸ ਨੂੰ ਮਨਜ਼ੂਰ ਸੀ। ਉਹ ਤਾਂ ਹੁਣ ਦਿਲ ਦੇ ਚੁੱਕਿਆ ਸੀ। ਉਸ ਦੀ ਚਿੱਠੀ ਪੜ੍ਹ
ਕੇ ਸਕੂਲ ਦੀ ਮੁੱਖ-ਅਧਿਆਪਕਾ ਨੂੰ ਚਾਅ ਚੜ੍ਹ ਗਿਆ। ਉਹ ਮਹਾਂਰਾਜੇ ਦੀ ਇਸ ਪੇਸ਼ਕਸ਼ ‘ਤੇ
ਹੈਰਾਨ ਵੀ ਸੀ ਤੇ ਖੁਸ਼ ਵੀ। ਮਹਾਂਰਾਜੇ ਦੇ ਰੁਤਬੇ ਦਾ ਉਸ ਨੂੰ ਪਤਾ ਸੀ। ਉਹ ਸੱਚੇ ਦਿਲੋਂ
ਚਾਹੁੰਦੀ ਸੀ ਕਿ ਇਹ ਰਿਸ਼ਤਾ ਹੋ ਜਾਵੇ ਪਰ ਅੜਿੱਕਾ ਇਹ ਸੀ ਕਿ ਕੁੜੀ ਦੀ ਉਮਰ ਹਾਲੇ ਪੰਦਰਾਂ
ਸਾਲ ਦੀ ਹੀ ਸੀ। ਤੇ ਨਾਲ ਦੀ ਨਾਲ ਉਹ ਡਰ ਵੀ ਰਹੀ ਸੀ ਕਿਉਂਕਿ ਮਹਾਂਰਾਜਾ ਬਹੁਤ ਵੱਡਾ ਬੰਦਾ
ਸੀ ਤੇ ਬਾਂਬਾ ਮਿਲਰ ਦਾ ਕਿਸੇ ਪਾਸਿਓਂ ਵੀ ਉਸ ਨਾਲ ਮੇਲ ਨਹੀਂ ਸੀ। ਇਸ ਮਸਲੇ ਨੂੰ ਲੈ ਕੇ
ਸਕੂਲ ਦੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹੋਈ। ਜੇ ਇਹ ਰਿਸ਼ਤਾ ਤੈਅ ਹੋ ਜਾਂਦਾ ਤਾਂ ਸਕੂਲ ਦਾ
ਨਾਂ ਬਹੁਤ ਵੱਡਾ ਬਣ ਜਾਣਾ ਸੀ। ਦੂਰ-ਦੂਰ ਤਕ ਦੀਆਂ ਅਖ਼ਬਾਰਾਂ ਨੇ ਉਹਨਾਂ ਦੇ ਸਕੂਲ ਦਾ
ਜਿ਼ਕਰ ਕਰਨਾ ਸੀ ਤੇ ਉਹਨਾਂ ਦੀ ਸਿਖਿਆ ਦੀ ਉਚਤਮਤਾ ਦੀਆਂ ਗੱਲਾਂ ਹੋਣੀਆਂ ਸਨ। ਕਮੇਟੀ ਨੇ
ਇਸ ਰਿਸ਼ਤੇ ਦੀ ਗੱਲ ਅਗੇ ਤੋਰਨ ਦਾ ਫੈਸਲਾ ਕਰ ਲਿਆ। ਉਸੇ ਵੇਲੇ ਹੀ ਬਾਂਬਾ ਮੁਲਰ ਦੇ ਪਿਤਾ
ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਬਾਂਬਾ ਦੇ ਪਿਤਾ ਨੇ ਇਸ ਰਿਸ਼ਤੇ ਲਈ ਇਕ ਦਮ ਹਾਂ ਕਰ
ਦਿਤੀ। ਉਹ ਵੀ ਮਹਾਂਰਾਜੇ ਨੂੰ ਜਾਣਦਾ ਸੀ। ਅਖ਼ਬਾਰਾਂ ਰਾਹੀਂ ਮਹਾਂਰਾਜੇ ਨੂੰ ਬਹੁਤ ਸਾਰੇ
ਲੋਕ ਜਾਣਦੇ ਸਨ ਤੇ ਉਸ ਦੇ ਰੁਤਬੇ ਦੇ ਮਾਹਿਨੇ ਵੀ ਸਮਝਦੇ ਸਨ। ਇਸ ਰਿਸ਼ਤੇ ਲਈ ਸਾਰੇ ਹੀ
ਮੰਨਦੇ ਸਨ ਪਰ ਬਾਂਬਾ ਦੀ ਅਧਿਆਪਕਾ ਹਾਲੇ ਵੀ ਦੁਚਿੱਤੀ ਵਿਚ ਸੀ।
ਕਿਸੇ ਨਾ ਕਿਸੇ ਤਰ੍ਹਾਂ ਇਹ ਖ਼ਬਰ ਬਾਹਰ ਨਿਕਲ ਗਈ ਤੇ ਸਕੂਲ ਨਾਲ ਜੁੜੇ ਵੱਡੇ ਲੋਕਾਂ ਦੇ
ਸਕੂਲ ਦੀ ਕਮੇਟੀ ਨੂੰ ਵਧਾਈਆਂ ਦੇ ਸੁਨੇਹੇ ਆਉਣ ਲਗ ਪਏ। ਇਸ ਖ਼ਬਰ ਨਾਲ ਸਾਰੇ ਸਕੂਲ ਦਾ
ਮਹੌਲ ਹੀ ਖੁਸ਼ਗਵਾਰ ਹੋਇਆ ਪਿਆ ਸੀ। ਸਕੂਲ ਦੀ ਕਮੇਟੀ ਨੇ ਮਹਾਂਰਾਜੇ ਬਾਰੇ ਹੋਰ ਜਾਣਕਾਰੀ
ਹਾਸਲ ਕਰਨ ਲਈ ਕਿਆਰੋ ਵਿਚਲੀ ਬ੍ਰਿਟਿਸ਼ ਕੌਂਸਲ ਤਕ ਪਹੁੰਚ ਕਰ ਲਈ। ਮਹਾਂਰਾਜੇ ਦੇ ਇਸ ਇਸ਼ਕ
ਦੀ ਖ਼ਬਰ ਕਿਆਰੋ ਵਿਚਲੇ ਬ੍ਰਤਾਨਵੀ ਹਲਕਿਆਂ ਵਿਚ ਵੀ ਫੈਲ ਗਈ।
ਮਹਾਂਰਾਜਾ ਦੇ ਕਿਆਰੋ ਤੋਂ ਤੁਰਨ ਵੇਲੇ ਤਕ ਸਕੂਲ ਵਲੋਂ ਕੋਈ ਵੀ ਜਵਾਬ ਨਹੀਂ ਸੀ ਦਿਤਾ ਗਿਆ
ਪਰ ਉਹ ਪੂਰੀ ਤਰ੍ਹਾਂ ਆਸਵੰਦ ਸੀ। ਉਸ ਨੇ ਸੁਏਜ਼ ਪੁੱਜ ਕੇ ਮੁੱਖ ਅਧਿਆਪਕਾ ਦੇ ਨਾਂ ਇਕ ਹੋਰ
ਚਿੱਠੀ ਲਿਖੀ ਤੇ ਨਾਲ ਹੀ ਬਾਂਬਾ ਦੇ ਕੰਨਾਂ ਲਈ ਵਾਲੀਆਂ ਵੀ ਭੇਜੀਆਂ। ਉਹ ਬੇਹੱਦ ਖੁਸ਼ ਸੀ।
ਵਿਆਹ ਵਾਲੇ ਲੱਡੂ ਤਾਂ ਉਸ ਦੇ ਮਨ ਵਿਚ ਭੁਰ ਹੀ ਰਹੇ ਸਨ ਪਰ ਇਹ ਗੱਲ ਉਸ ਨੂੰ ਬਹੁਤ ਵੱਡੀ
ਲਗ ਰਹੀ ਸੀ ਕਿ ਉਸ ਨੂੰ ਏਨੀ ਧਾਰਮਿਕ ਕੁੜੀ ਮਿਲ ਰਹੀ ਸੀ। ਇਸ ਦੀ ਉਸ ਨੇ ਕਦੇ ਆਸ ਹੀ ਨਹੀਂ
ਸੀ ਰੱਖੀ। ਲੇਡੀ ਲੋਗਨ ਨਾਲ ਤਾਂ ਉਹ ਪੰਜਾਹ-ਪੰਜਾਹ ਪੌਂਡ ਦੀ ਸ਼ਰਤ ਉਹ ਮਜ਼ਾਕ ਵਿਚ ਹੀ ਲਗਾ
ਬੈਠਾ ਸੀ ਪਰ ਪਤਾ ਨਹੀਂ ਸੀ ਕਿ ਉਹ ਸ਼ਰਤ ਜਿੱਤ ਵੀ ਜਾਵੇਗਾ। ਪਹਿਲਾਂ ੳਸ ਦਾ ਦਿਲ ਕੀਤਾ ਕਿ
ਲੇਡੀ ਲੋਗਨ ਨੂੰ ਹੁਣੇ ਹੀ ਚਿੱਠੀ ਲਿਖ ਦੇਵੇ ਪਰ ਫਿਰ ਸੋਚਣ ਲਗਿਆ ਕਿ ਗੱਲ ਨੂੰ ਹਾਲੇ ਹੋਰ
ਪੱਕ ਲੈਣ ਦੇਣਾ ਚਾਹੀਦਾ ਹੈ।
ਵਿਆਹ ਦੇ ਸੁਫਨੇ ਦੇਖਦਾ ਦੇਖਦਾ ਉਸ ਮਾਤਾ ਦਾ ਸਸਕਾਰ ਕਰਨ ਲਈ ਬੰਬੇ ਪੁੱਜ ਗਿਆ। ਬੰਬੇ ਉਸ
ਉਪਰ ਪੂਰੀਆਂ ਪਾਬੰਦੀਆਂ ਸਨ। ਪੰਜਾਬ ਵਲ ਤਾਂ ਉਸ ਨੂੰ ਬਿਲਕੁਲ ਜਾਣ ਹੀ ਨਹੀਂ ਸੀ ਦੇਣਾ। ਉਹ
ਬੰਬੇ ਦੇ ਨੇੜੇ ਹੀ ਸਸਕਾਰ ਲਈ ਢੁਕਵੀ ਜਗਾਹ ਲੱਭਣ ਲਗਿਆ। ਉਸ ਦੇ ਬੰਬੇ ਪੁੱਜਣ ਦਾ ਪਤਾ ਉਥੇ
ਵਸਦੇ ਸਿੱਖਾਂ ਨੂੰ ਚਲਿਆ ਤਾਂ ਉਹ ਸਾਰੇ ਉਸ ਨੂੰ ਮਿਲਣ ਆ ਗਏ। ਮਹਾਂਰਾਜੇ ਨੇ ਉਹਨਾਂ ਦੀ
ਮੱਦਦ ਨਾਲ ਸਸਕਾਰ ਦੀ ਤਿਅਰੀ ਸ਼ੁਰੂ ਕਰ ਲਈ। ਸਸਕਾਰ ਲਈ ਉਹ ਗਦਾਵਰੀ ਨਦੀ ਦੇ ਕਿਨਾਰੇ ਕੋਈ
ਜਗਾਹ ਲੱਭਣ ਲਗੇ। ਇਹ ਨਦੀ ਬੰਬੇ ਤੋਂ ਕੁਝ ਦੂਰ ਵਸਦੇ ਨਾਸਿਕ ਸ਼ਹਿਰ ਵਿਚ ਦੀ ਲੰਘਦੀ ਸੀ।
ਰਾਣੀ ਜਿੰਦ ਕੋਰ ਦਾ ਸਸਕਾਰ ਸਿੱਖ ਰਸਮਾਂ ਅਨੁਸਾਰ ਕਰ ਦਿਤਾ ਗਿਆ ਤੇ ਉਸ ਦੇ ਫੁੱਲ ਵੀ
ਗੁਦਾਵਰੀ ਨਦੀ ਵਿਚ ਹੀ ਵਹਾ ਦਿਤੇ ਗਏ। ਮਹਾਂਰਾਜੇ ਨੂੰ ਇਸ ਗੱਲ ਦਾ ਕੁਝ ਅਫਸੋਸ ਸੀ ਕਿ
ਮਾਤਾ ਦੀ ਆਖਰੀ ਇੱਛਿਆ ਅਨੁਸਾਰ ਉਹ ਉਸ ਦੀ ਦੇਹ ਨੂੰ ਪੰਜਾਬ ਨਹੀਂ ਸੀ ਲੈ ਕੇ ਜਾ ਸਕਿਆ ਪਰ
ਇਸ ਗੱਲ ਦੀ ਤਸੱਲੀ ਵੀ ਸੀ ਕਿ ਉਸ ਦੀ ਮਰਜ਼ੀ ਮੁਤਾਬਕ ਸਿੱਖ ਰਸਮਾਂ ਦੇ ਅਨੁਸਾਰ ਸਸਕਾਰ
ਕੀਤਾ ਗਿਆ ਸੀ। ਉਹ ਦਿਲੋਂ ਚਾਹੁੰਦਾ ਸੀ ਕਿ ਇਹ ਰਸਮਾਂ ਇਸਾਈ ਧਰਮ ਅਨੁਸਾਰ ਹੋਣੀਆਂ
ਚਾਹੀਦੀਆਂ ਸਨ ਕਿਉਂਕਿ ਉਸ ਦੀ ਆਸਥਾ ਉਸ ਧਰਮ ਵਿਚ ਹੀ ਸੀ ਪਰ ਮਾਂ ਦੀ ਇਛਿਆ ਨੂੰ ਵੀ ਨਹੀਂ
ਸੀ ਠੁਕਰਾ ਸਕਦਾ। ਉਹ ਕੁਝ ਦਿਨ ਨਾਸਿਕ ਵਿਚ ਰਿਹਾ ਤੇ ਮਾਤਾ ਦੀ ਯਾਦ ਵਿਚ ਉਥੇ ਇਕ ਸਤੰਬ ਵੀ
ਬਣਾ ਦਿਤਾ ਗਿਆ। ਵਾਪਸ ਬੰਬੇ ਆ ਕੇ ਉਸ ਨੇ ਆਪਣੇ ਕੁਝ ਜ਼ਰੂਰੀ ਕੰਮ ਮੁਕਾਏ ਤੇ ਵਾਪਸ ਮਿਸਰ
ਵਲ ਚਾਲੇ ਪਾ ਲਏ। ਉਸ ਦਾ ਸਾਰਾ ਧਿਆਨ ਤਾਂ ਕਿਆਰੋ ਦੇ ਇਸਾਈ ਸਕੂਲ ਵਿਚ ਪੜ੍ਹਦੀ ਬਾਂਬਾ
ਮੁਲਰ ਵਲ ਸੀ। ਉਸ ਨੂੰ ਇਸ ਅਲੜ੍ਹ ਜਿਹੀ ਕੁੜੀ ਵਿਚ ਆਪਣਾ ਸਾਰਾ ਭਵਿੱਖ ਦਿਸ ਰਿਹਾ ਸੀ। ਕਦੇ
ਕਦੇ ਉਹ ਲੇਡੀ ਲੋਗਨ ਕੋਲੋਂ ਪੰਜਾਹ ਪੌਂਡ ਵਾਲੀ ਸ਼ਰਤ ਜਿੱਤ ਜਾਣ ਕਾਰਨ ਖੁਸ਼ ਹੁੰਦਾ ਮਨ ਹੀ
ਮਨ ਹੱਸਣ ਲਗਦਾ ਸੀ।
ਕਿਆਰੋ ਦਾ ਮਿਸ਼ਨਰੀ ਸਕੂਲ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝ ਰਿਹਾ ਸੀ ਕਿ ਮਹਾਂਰਾਜੇ
ਵਰਗਾ ਬੰਦਾ ਉਸ ਦੀ ਇਕ ਵਿਦਿਆਰਥਣ ਨਾਲ ਵਿਆਹ ਕਰਾ ਰਿਹਾ ਹੈ। ਸਕੂਲ ਦੇ ਸਾਰੇ ਸਟਾਫ ਨੂੰ
ਅਜੀਬ ਜਿਹਾ ਚਾਅ ਸੀ। ਬਾਂਬਾ ਮੁਲਰ ਨੂੰ ਮਹਾਂਰਾਜੇ ਦੀ ਪਤਨੀ ਬਣਾਉਣ ਦੀ ਤਿਆਰੀ ਹੋਣ ਲਗ
ਪਈ। ਉਸ ਨੂੰ ਵਿਸ਼ੇਸ਼ ਸੰਗੀਤ ਸਿਖਾਇਆ ਜਾ ਰਿਹਾ ਸੀ। ਉਸ ਨੂੰ ਵੱਡੇ ਲੋਕਾਂ ਵਿਚਕਾਰ
ਬੈਠਣ-ਉਠਣ ਦੀ ਟਰੇਨਿੰਗ ਦਿਤੀ ਜਾਣ ਲਗੀ। ਮਹਿਫਲਾਂ ਵਿਚ ਕਿਵੇਂ ਵਰਤੀਦਾ ਹੈ ਬਾਰੇ ਦੱਸਿਆ
ਜਾਣ ਲਗਿਆ। ਛੁਰੀ-ਕਾਂਟੇ ਨਾਲ ਖਾਣਾ ਕਿਵੇਂ ਖਾਇਆ ਜਾਂਦਾ ਹੈ ਬਾਰੇ ਸਮਝਾਇਆ ਜਾ ਰਿਹਾ ਸੀ।
ਉਸ ਨੂੰ ਹੇਠਲੇ ਸਮਾਜ ਵਿਚੋਂ ਉਪਰਲੇ ਸਮਾਜ ਵਿਚ ਜਾਣ ਦੀ ਪੂਰੀ ਸਿਖਿਆ ਦਿਤੀ ਜਾਣੀ ਸੀ। ਉਸ
ਦੇ ਵਿਆਹ ਦੀ ਰਸਮ ਯੌਰਪੀਅਨ ਢੰਗ ਨਾਲ ਹੋਣੀ ਸੀ ਇਸ ਲਈ ਇਸ ਬਾਰੇ ਉਸ ਦੇ ਅਭਿਆਸ ਕਰਾਏ ਗਏ।
ਮਹਾਂਰਾਜਾ ਦੇ ਪੁੱਜਣ ਤੋਂ ਪਹਿਲਾਂ ਹੀ ਬਾਂਬਾ ਦਾ ਪਿਤਾ ਲੁਡਵਿਗ ਮੁਲਰ ਕਿਆਰੋ ਆਇਆ ਤੇ
ਬਾਂਬਾ ਨੂੰ ਆਪਣੇ ਨਾਲ ਅਲੈਗਜ਼ੈਂਡਰੀਆ ਲੈ ਗਿਆ। ਇਕ ਤਾਂ ਕਾਰਨ ਸੀ ਕਿ ਬਾਂਬਾ ਨੂੰ ਜੋੜਾਂ
ਦੀ ਬਿਮਾਰੀ ਦੀ ਸਿ਼ਕਾਇਤ ਸੀ, ਉਥੇ ਉਸ ਲਈ ਦਵਾਈ ਦਾ ਇੰਤਜ਼ਾਮ ਕੀਤਾ ਜਾ ਸਕਦਾ ਸੀ ਤੇ ਦੂਜੇ
ਉਸ ਦੇ ਵਿਆਹ ਦੀ ਤਿਆਰੀ ਵੀ ਕਰਨੀ ਸੀ।
ਮਹਾਂਰਾਜਾ ਅਪਰੈਲ ਵਿਚ ਇੰਗਲੈਂਡ ਤੋਂ ਚੱਲਿਆ ਸੀ, ਕਿਆਰੋ ਰੁਕ ਕੇ ਤੇ ਫਿਰ ਹਿੰਦੁਸਤਾਨ ਜਾ
ਕੇ ਸਸਕਾਰ ਦੀਆਂ ਸਾਰੀਆਂ ਰਸਮਾਂ ਕਰਕੇ ਅਪਰੈਲ ਦੇ ਅਖੀਰ ਵਿਚ ਉਹ ਵਾਪਸ ਕਿਆਰੋ ਪੁੱਜ ਗਿਆ।
ਉਸ ਨੇ ਕਿਤੇ ਵੀ ਵਾਧੂ ਵਕਤ ਖਰਾਬ ਨਹੀਂ ਸੀ ਕੀਤਾ। ਵਾਪਸ ਕਿਆਰੋ ਪੁੱਜਦਾ ਹੀ ਉਹ ਆਪਣੇ
ਵਿਆਹ ਦੀ ਤਿਆਰੀ ਵਿਚ ਰੁੱਝ ਗਿਆ। ਉਹ ਬ੍ਰਿਟਿਸ਼ ਕੌਂਸਲੇਟ ਵਿਚ ਜਾ ਕੇ ਕੌਂਸਲਰ ਰੌਬ੍ਰਟ
ਕੌਲਕੁਹੋਮ ਨੂੰ ਮਿਲਿਆ ਤੇ ਆਪਣੇ ਵਿਆਹ ਦੇ ਇਰਾਦੇ ਬਾਰੇ ਸੂਚਨਾ ਦਿਤੀ। ਬ੍ਰਤਾਨਵੀ
ਸ਼ਹਿਰੀਆਂ ਨੂੰ ਕਿਆਰੋ ਵਿਚ ਵਿਆਹ ਕਰਾਉਣ ਵਾਸਤੇ ਕਾਨੂੰਨੀ ਤੌਰ ‘ਤੇ ਇਵੇਂ ਸੂਚਨਾ ਦੇਣੀ ਹੀ
ਪੈਂਦੀ ਸੀ। ਰੌਬ੍ਰਟ ਕੌਲਕੁਹੋਮ ਉਸ ਦਾ ਨੋਟੀਫਿਕੇਸ਼ਨ ਦੇਖ ਕੇ ਬਹੁਤ ਖੁਸ਼ ਹੋਇਆ।
ਮਹਾਂਰਾਜੇ ਦੇ ਵਿਆਹ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਦੇ ਹੀ ਰਹਿੰਦੇ ਸਨ।
ਕੌਂਸਲਰ ਨੇ ਅੱਗੇ ਇਸ ਨੋਟੀਫਿਕੇਸ਼ਨ ਨੂੰ ਵਿਦੇਸ਼ ਮੰਤਰਾਲੇ ਦੇ ਮੁਖੀ ਲੌਰਡ ਪਾਮਰਸਟਨ ਨੂੰ
ਭੇਜ ਦਿਤਾ। ਉਸ ਤੋਂ ਅਗਾਂਹ ਕਰਨਲ ਫਿਪਸ ਰਾਹੀ ਹੁੰਦੀ ਹੋਈ ਖ਼ਬਰ ਮਹਾਂਰਾਣੀ ਵਿਕਟੋਰੀਆ ਤਕ
ਪੁੱਜ ਗਈ। ਇੰਗਲੈਂਡ ਵਿਚ ਮਹਾਂਰਾਜੇ ਦਾ ਵਿਆਹ ਦਿਲਚਸਪੀ ਦਾ ਵਿਸ਼ਾ ਬਣਿਆਂ ਰਿਹਾ ਸੀ।
ਅਖ਼ਬਾਰਾਂ ਵਾਲੇ ਤੇ ਹੋਰ ਲੋਕ ਉਸ ਦੇ ਵਿਆਹ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਫੇ
ਲਾਉਂਦੇ ਰਹਿੰਦੇ ਸਨ। ਮਹਾਂਰਾਜੇ ਨੇ ਆਪ ਇਸ ਬਾਰੇ ਆਪਣੇ ਦੋਸਤ ਰੌਨਲਡ ਲੈਜ਼ਲੇ-ਮੈਲਵਿਲ ਨੂੰ
ਲਿਖਿਆ ਤੇ ਉਸ ਨੇ ਅਗੇ ਕਰਨਲ ਓਲੀਫੈਂਟ ਨੂੰ ਜਿਸ ਨੇ ਅਗੇ ਇਹ ਖ਼ਬਰ ਮਹਾਂਰਾਣੀ ਦੇ ਮਹਿਲਾਂ
ਤਕ ਪੁਜਦੀ ਕੀਤੀ। ਕਰਨਲ ਓਲੀਫੈਂਟ ਨੂੰ ਮਹਾਂਰਾਜੇ ਦੇ ਕਿਆਰੋ ਦੇ ਇਸ ਇਸ਼ਕ ਦੀ ਥੋੜੀ ਬਹੁਤ
ਭਿਣਕ ਪੈ ਚੁੱਕੀ ਸੀ ਪਰ ਪੂਰੀ ਖ਼ਬਰ ਹਾਲੇ ਵੀ ਨਹੀਂ ਸੀ ਪੁੱਜ ਰਹੀ। ਮਹਾਂਰਾਣੀ ਵਿਕਟੋਰੀਆ
ਵੀ ਇਸ ਵਿਆਹ ਤੋਂ ਖੁਸ਼ ਸੀ ਭਾਵੇਂ ਉਹ ਆਸ ਰੱਖਦੀ ਸੀ ਕਿ ਮਹਾਂਰਾਜਾ ਇਹ ਖ਼ਬਰ ਆਪ ਉਸ ਨੂੰ
ਸੁਣਾਵੇਗਾ। ਮਹਾਂਰਾਣੀ ਵਿਕਟੋਰੀਆ ਨੇ ਲੇਡੀ ਲੋਗਨ ਨੂੰ ਇਕ ਸੁਨੇਹੇ ਵਿਚ ਇਸ ਖ਼ਬਰ ਬਾਰੇ
ਪੁੱਛਿਆ ਪਰ ਉਸ ਨੂੰ ਵੀ ਕੁਝ ਨਹੀਂ ਸੀ ਪਤਾ। ਦੋ ਹਫਤੇ ਮਹਾਂਰਾਜੇ ਦੀ ਚਿੱਠੀ ਮਹਾਂਰਾਣੀ
ਨੂੰ ਮਿਲੀ। ਲਿਖਿਆ ਸੀ;
‘...ਮੈਂ ਕੁਝ ਗੱਲਾਂ ਕਰਕੇ ਹਰ ਮੈਜਿਸਟੀ ਨੂੰ ਇਹ ਖ਼ਬਰ ਦੇਣੋਂ ਝਿਜਕ ਰਿਹਾ ਸਾਂ। ਝਿਜਕ
ਵਾਲੀ ਗੱਲ ਇਹ ਹੈ ਕਿ ਬਾਂਬਾ ਮੁਲਰ ਆਪਣੇ ਮਾਂਪਿਓ ਦੀ ਵਿਆਹ ਤੋਂ ਬਿਨਾਂ ਹੋਈ ਨਜ਼ਾਇਜ ਔਲਾਦ
ਹੈ। ਵੈਸੇ ਇਸ ਵੇਲੇ ਇਸ ਦੇ ਪਿਓ ਨੇ ਇਸ ਨੂੰ ਬੇਟੀ ਦੇ ਤੌਰ ਤੇ ਅਡੌਪਟ ਕੀਤਾ ਹੋਇਆ ਹੈ,
...ਇਹ ਰਿਸ਼ਤਾ ਸ਼ਾਇਦ ਇੰਗਲੈਂਡ ਵਿਚ ਮਨਜ਼ੂਰ ਨਾ ਕੀਤਾ ਜਾਵੇ ਇਸ ਲਈ ਮੈਂ ਕੁਝ ਡਰ ਰਿਹਾ
ਸਾਂ। ਪਰ ਇਹ ਕੁੜੀ ਸੱਚੀ ਇਸਾਈ ਕੁੜੀ ਹੈ ਜੋ ਆਪਣਾ ਸਾਰਾ ਜੀਵਨ ਜੀਸਸ ਕਰਾਈਸਟ ਦੇ ਨਾਂ ਤੇ
ਹੀ ਜੀਉਣ ਵਿਚ ਯਕੀਨ ਰਖਦੀ ਹੈ। ਇਸ ਦਾ ਪਿਓ ਭਾਵੇਂ ਜਰਮਨ ਹੈ ਪਰ ਇਹ ਅਸਲ ਵਿਚ ਪੂਰਬ ਦੀ
ਕੁੜੀ ਹੈ ਜੋ ਕਿ ਮੇਰੇ ਲਈ ਯੌਰਪੀਅਨ ਕੁੜੀ ਨਾਲੋਂ ਬੇਹਤਰ ਪਤਨੀ ਸਾਬਤ ਹੋ ਸਕਦੀ ਹੈ।’
ਮਹਾਂਰਾਣੀ ਵਿਕਟੋਰੀਆ ਨੂੰ ਮਹਾਂਰਾਜੇ ਦੀ ਮੰਗੇਤਰ ਦੇ ਨਜ਼ਾਇਜ਼ ਹੋਣ ਬਾਰੇ ਕੋਈ ਚਿੰਤਾ
ਨਹੀਂ ਸੀ। ਉਸ ਨੂੰ ਤਾਂ ਇਹੋ ਬਹੁਤ ਖੁਸ਼ੀ ਸੀ ਕਿ ਮਹਾਂਰਾਜਾ ਵਿਆਹ ਕਰਾ ਰਿਹਾ ਸੀ ਤੇ ਆਪਣੀ
ਜਿ਼ੰਦਗੀ ਵਿਚ ਸੈੱਟਲ ਹੋ ਰਿਹਾ ਸੀ। ਦੂਜੇ ਪਾਸੇ ਲੇਡੀ ਲੋਗਨ ਇਸ ਤੋਂ ਬਹੁਤੀ ਖੁਸ਼ ਨਹੀਂ
ਸੀ ਕਿਉਂਕਿ ਮਹਾਂਰਾਜੇ ਦਾ ਇਹ ਬਹੁਤ ਹੀ ਕਾਹਲੀ ਵਿਚ ਕੀਤਾ ਹੋਇਆ ਫੈਸਲਾ ਸੀ। ਉਹ ਮਹਾਂਰਾਜੇ
ਦੀ ਤਬੀਅਤ ਨੂੰ ਜਾਣਦੀ ਸੀ ਕਿ ਕਈ ਫੈਸਲੇ ਇਵੇਂ ਜਲਦੀ ਨਾਲ ਕਰ ਲਿਆ ਕਰਦਾ ਸੀ। ਉਹ ਚਾਹੁੰਦੀ
ਸੀ ਕਿ ਮਹਾਂਰਾਜੇ ਨੂੰ ਰੋਕਿਆ ਜਾਵੇ ਕਿਉਂਕਿ ਕੁੜੀ ਕਿਸੇ ਵੀ ਪੱਖੋਂ ਉਸ ਦੇ ਬਰਾਬਰ ਦੀ
ਨਹੀਂ ਸੀ। ਹੋ ਸਕਦਾ ਸੀ ਕਿ ਮਹਾਂਰਾਜਾ ਜਲਦੀ ਹੀ ਉਸ ਤੋਂ ਅੱਕ ਜਾਵੇ ਤੇ ਫਿਰ ਅਜਿਹੇ
ਫੈਸਲਿਆਂ ਨੂੰ ਵਾਪਸ ਲੈਣਾ ਔਖਾ ਹੋ ਜਾਂਦਾ ਹੈ। ਮਹਾਂਰਾਜੇ ਦੇ ਬਹੁਤੇ ਦੋਸਤ ਇਵੇਂ ਹੀ ਸੋਚ
ਰਹੇ ਸਨ ਪਰ ਉਹ ਜਾਣਦੇ ਸਨ ਕਿ ਹੁਣ ਮਹਾਂਰਾਜਾ ਕਿਸੇ ਦੀ ਗੱਲ ਸੁਣਨ ਵਾਲਾ ਨਹੀਂ ਸੀ। ਉਸ ਨੇ
ਜੋ ਫੈਸਲਾ ਕਰ ਲਿਆ ਸੀ ਉਸ ਤੇ ਹੀ ਟਿਕਿਆ ਰਹਿਣਾ ਸੀ।
ਅਖ਼ਬਾਰ ਟਾਈਮਜ਼ ਹਮੇਸ਼ਾ ਹੀ ਮਹਾਂਰਾਜੇ ਬਾਰੇ ਕੋਈ ਨਾ ਕੋਈ ਖ਼ਬਰ ਛਾਪਦਾ ਹੀ ਰਹਿੰਦਾ ਸੀ,
ਆਮ ਤੌਰ ਤੇ ਟਾਈਮਜ਼ ਦਾ ਰੁਖ਼ ਉਸ ਪ੍ਰਤੀ ਨਾਂਹ-ਪੱਖੀ ਹੀ ਹੁੰਦਾ ਸੀ। ਮਹਾਂਰਾਜੇ ਦੇ ਵਿਆਹ
ਦੀ ਖ਼ਬਰ ਸਭ ਤੋਂ ਪਹਿਲਾਂ ਜਿਸ ਅਖ਼ਬਾਰ ਨੇ ਦਿਤੀ ਉਹ ਟਾਈਮਜ਼ ਹੀ ਸੀ;
‘...7 ਜੂਨ ਨੂੰ ਮਹਾਂਰਾਜੇ ਦੀ ਸ਼ਾਦੀ ਅਲੈਗਜ਼ੈਂਡਰੀਆ ਦੇ ਬ੍ਰਿਟਿਸ਼ ਕੌਂਸਲੇਟ ਵਿਚ ਕੁਝ
ਗਵਾਹਾਂ ਦੀ ਹਾਜ਼ਰੀ ਵਿਚ ਹੋ ਗਈ ਹੈ। ਮਹਾਂਰਾਣੀ ਬਣਨ ਵਾਲੀ ਕੁੜੀ ਇਕ ਯੌਰਪੀਅਨ ਵਿਓਪਾਰੀ
ਦੀ ਬੇਟੀ ਹੈ, ਉਸ ਦੀ ਮਾਂ ਐਬੀਸੀਨੀਅਨ ਹੈ। ਉਮਰ ਪੰਦਰਾਂ ਸੋਲਾਂ ਦੇ ਵਿਚਕਾਰ, ਕੱਦ ਬਹੁਤਾ
ਨਹੀਂ, ਖੂਬਸੂਰਤ ਸ਼ਕਲ, ਰੰਗ ਮਹਾਂਰਾਜੇ ਦੇ ਰੰਗ ਤੋਂ ਜ਼ਰਾ ਸਾਫ ਹੈ। ...ਵਿਆਹ ਸਮੇਂ
ਮਹਾਂਰਾਜੇ ਨੇ ਯੌਰਪੀਅਨ ਪਹਿਰਾਵਾ ਪਹਿਨਿਆ ਸੀ ਤੇ ਨਾਲ ਹੀ ਲਾਲ ਰੰਗ ਦੀ ਪਗੜੀ ਵੀ। ਦੁਲਹਨ
ਨੇ ਵੀ ਬਹੁਤਾ ਕਰਕੇ ਯੌਰਪੀਅਨ ਡਰੈੱਸ ਹੀ ਪਾਇਆ ਹੋਇਆ ਸੀ। ਨਾਲ ਹੀ ਉਹ ਹੀਰਿਆਂ ਨਾਲ ਲੱਦੀ
ਪਈ ਸੀ। ਮਹਾਂਰਾਜੇ ਨੇ ਵਿਆਹ ਦੀ ਰਸਮ ਅੰਗਰੇਜ਼ੀ ਵਿਚ ਪੜ੍ਹੀ ਤੇ ਦੁਲਹਨ ਨੇ ਅਰਬੀ ਵਿਚ।
ਬਾਂਬਾ ਮੁਲਰ ਹੁਣ ਮਹਾਂਰਾਣੀ ਬਣ ਗਈ ਹੈ। ਧਾਰਮਿਕ ਰਸਮ ਇਕ ਅਮਰੀਕਨ ਪਾਦਰੀ ਨੇ ਦੁਲਹਨ ਦੇ
ਪਿਤਾ ਦੇ ਘਰ ਅਲੈਗਜ਼ੈਂਡਰੀਆ ਵਿਖੇ ਨਿਭਾਈ। ਵਿਆਹ ਤੋਂ ਬਾਅਦ ਇਹ ਜੋੜੀ ਮਹਾਂਰਾਜੇ ਦੇ ਕੁਝ
ਦੂਰ ਮੀਲ ਘਰ ਰੁਮਾਲਾ ਵਿਚ ਚਲੇ ਗਏ।’...
ਮਹਾਂਰਾਜੇ ਦੇ ਇੰਗਲੈਂਡ ਵਸਦੇ ਦੋਸਤਾਂ ਨੇ ਉਸ ਦੇ ਵਿਆਹ ਦੀਆਂ ਖੁਸ਼ੀਆਂ ਮਨਾਉਣੀਆਂ ਸ਼ੁਰੂ
ਕਰ ਦਿਤੀਆ ਸਨ। ਉਸ ਦੇ ਇੰਗਲੈਂਡ ਪੁੱਜਣ ਦੀ ਖ਼ਬਰ ਸੁਣਦਿਆਂ ਹੀ ਕਰਨਲ ਓਲੀਫੈਂਟ ਤੇ ਉਸ ਦੀ
ਪਤਨੀ ਨੇ ਕਲਿਅਰਿੱਜ ਹੋਟਲ ਵਿਚ ਸਵਾਗਤੀ ਪਾਰਟੀ ਦਾ ਇੰਤਜ਼ਾਮ ਕਰ ਲਿਆ। ਉਸ ਦੇ ਬਹੁਤ ਸਾਰੇ
ਦੋਸਤ ਇਸ ਪਾਰਟੀ ਵਿਚ ਸ਼ਾਮਲ ਹੋਏ ਪਰ ਲੇਡੀ ਲੋਗਨ ਸਿਹਤ ਠੀਕ ਹੋਣ ਕਰਕੇ ਆ ਨਾ ਸਕੀ। ਉਸ ਦਾ
ਪੁੱਤ ਐਡਵੀ ਜ਼ਰੂਰ ਸ਼ਾਮਲ ਹੋਇਆ। ਇਸ ਤੋਂ ਬਾਅਦ ਮਹਾਂਰਾਜੇ ਦੇ ਦੋਸਤ ਨਵੀਂ ਜੋੜੀ ਲਈ
ਧੜਾ-ਧੜ ਪਾਰਟੀਆਂ ਕਰਨ ਲਗੇ। ਮਹਾਂਰਾਣੀ ਬਾਂਬਾ ਜੋੜਾਂ ਦੀ ਮਰੀਜ਼ ਰਹੀ ਹੋਣ ਕਰਕੇ
ਮਹਾਂਰਾਜਾ ਪਾਰਟੀਆਂ ਤੋਂ ਜਾਣ ਤੋਂ ਬਚਦਾ ਰਹਿੰਦਾ ਪਰ ਦੋਸਤ ਅਜਿਹਾ ਨਹੀਂ ਸਨ ਕਰਨ ਦਿੰਦੇ।
ਮਹਾਂਰਾਜੇ ਨੂੰ ਇਹ ਚੰਗਾ ਵੀ ਲਗਦਾ ਕਿ ਦੋਸਤ ਉਸ ਨੂੰ ਏਨਾ ਪਿਆਰ ਕਰਦੇ ਸਨ।
ਮਹਾਂਰਾਜੇ ਨੂੰ ਵਿਆਹ ਦੀਆਂ ਵਧਾਈਆਂ ਤੇ ਵਧਾਈਆਂ ਆ ਰਹੀਆਂ ਸਨ। ਪੰਜਾਬ ਵਿਚ ਮਹਾਂਰਾਜੇ ਦੇ
ਵਿਆਹ ਦੀ ਖ਼ਬਰ ਫੈਲ ਚੁੱਕੀ ਸੀ। ਬਹੁਤ ਸਾਰੇ ਲੋਕ ਨਿਰਾਸ਼ ਸਨ ਕਿ ਮਹਾਂਰਾਜੇ ਨੇ ਕਿਸੇ
ਇਸਾਈ ਕੁੜੀ ਨਾਲ ਹੀ ਵਿਆਹ ਕਰਾ ਲਿਆ ਹੈ। ਲੋਕ ਆਸ ਰੱਖਦੇ ਸਨ ਕਿ ਸ਼ਾਇਦ ਮਹਾਂਰਾਜਾ ਕਿਸੇ
ਪੰਜਾਬੀ ਕੁੜੀ ਨਾਲ ਹੀ ਵਿਆਹ ਕਰਾਏਗਾ ਪਰ ਉਹਨਾਂ ਦੀਆਂ ਆਸਾਂ ਗਲਤ ਨਿਕਲੀਆਂ। ਬਹੁਤ ਸਾਰੇ
ਅਜਿਹੇ ਲੋਕ ਵੀ ਸਨ ਜੋ ਇਸ ਖੁਸ਼ੀ ਨੂੰ ਮਨਾ ਰਹੇ ਸਨ। ਮਹਾਂਰਾਜੇ ਨੂੰ ਟੈਲੀਗਰਾਮਾਂ ਆ
ਰਹੀਆਂ ਸਨ ਤੇ ਹੋਰ ਚਿੱਠੀਆਂ ਵੀ। ਬ੍ਰਤਾਨੀਆਂ ਵਿਚ ਵਸਦੇ ਹਿੰਦੁਸਤਾਨੀ ਲੋਕ ਵੀ ਮਹਾਂਰਾਜੇ
ਨੂੰ ਵਧਾਈਆਂ ਭੇਜ ਰਹੇ ਸਨ। ਕੁਝ ਲੋਕ ਮਹਾਂਰਾਜੇ ਨੂੰ ਮਿਲਣ ਦੀ ਇਛਿਆ ਵੀ ਰਖਦੇ ਸਨ ਪਰ
ਮਹਾਂਰਾਜਾ ਸੁਰੱਖਿਆ ਦੇ ਕਾਰਨਾਂ ਕਰਕੇ ਆਮ ਲੋਕਾਂ ਨੂੰ ਘੱਟ ਮਿਲ ਰਿਹਾ ਸੀ। ਐੱਲਵੇਡਨ ਹਾਲ
ਵਿਚ ਹਾਲੇ ਉਸਾਰੀ ਦਾ ਕੰਮ ਪੂਰਾ ਨਹੀਂ ਸੀ ਹੋਇਆ ਇਸ ਲਈ ਮਹਾਂਰਾਜੇ ਨੇ ਆਪਣੀ ਰਿਹਾਇਸ਼
ਸਕੌਟਲੈਂਡ ਦੇ ਔਚਲਿਨ ਵਿਖੇ ਰੱਖੀ ਹੋਈ ਸੀ। ਕਾਬਲ ਸਿੰਘ ਤੇ ਸਮੁੰਦ ਸਿੰਘ ਕੁਝ ਹੋਰ
ਹਿੰਦੁਸਤਾਨੀਆਂ ਨੂੰ ਲੈ ਕੇ ਮਹਾਂਰਾਜੇ ਨੂੰ ਇਥੇ ਹੀ ਮਿਲਣ ਆ ਗਏ।
ਮਹਾਂਰਾਣੀ ਬਾਂਬਾ ਲਈ ਇਹ ਦੁਨੀਆਂ ਇਕਦਮ ਓਪਰੀ ਸੀ। ਇਕ ਤਾਂ ਉਹ ਉਮਰ ਦੀ ਹਾਲੇ ਛੋਟੀ ਸੀ ਸੋ
ਤਜਰਬੇ ਦੀ ਘਾਟ ਸੀ ਤੇ ਦੂਜੇ ਇਹ ਅਜਨਬੀ ਜਿਹੇ ਲੋਕ, ਇਹਨਾਂ ਦੀ ਅਜੀਬ ਜਿਹੀ ਜਿ਼ੰਦਗੀ,
ਉਪਰੋਂ ਬੋਲੀ ਦੀ ਵੀ ਸਮੱਸਿਆ। ਉਸ ਨੂੰ ਇਸ ਸਭ ਨਾਲ ਸਿੱਝਣਾ ਕਾਫੀ ਮੁਸ਼ਕਲ ਪੈ ਰਿਹਾ ਸੀ।
ਭਾਵੇਂ ਜਿ਼ਆਦਾ ਵਕਤ ਆਪਣਾ ਉਹ ਬਾਈਬਲ ਪੜ੍ਹ ਕੇ ਜਾਂ ਚਰਚ ਜਾ ਕੇ ਬਤੀਤ ਕਰਦੀ ਪਰ ਫਿਰ ਵੀ
ਉਹ ਬਹੁਤ ਇਕੱਲੀ ਇਕੱਲੀ ਮਹਿਸੂਸ ਕਰਨ ਲਗਦੀ। ਇਹਨਾਂ ਦਿਨਾਂ ਵਿਚ ਹੀ ਪਤਾ ਚਲਿਆ ਕਿ
ਮਹਾਂਰਾਣੀ ਬਾਂਬਾ ਗਰਭਵਤੀ ਹੈ। ਮਹਾਂਰਾਜਾ ਖੁਸ਼ੀ ਵਿਚ ਉੜਿਆ ਫਿਰਨ ਲਗਾ। ਉਸ ਨੇ ਪਤਨੀ ਦੀ
ਦੇਖ-ਰੇਖ ਲਈ ਵਾਧੂ ਕਰਮਚਾਰੀ ਰੱਖ ਲਏ। ਇਕ ਇਕ ਕਰਕੇ ਮਹਾਂਰਾਣੀ ਬਾਂਬਾ ਦੇ ਦਿਨ ਪੂਰੇ ਹੋਣ
ਦੇ ਨੇੜੇ ਹੋਣ ਲਗੇ ਪਰ ਰਾਣੀ ਬਾਂਬਾ ਦਾ ਜਿਸਮ ਹਾਲੇ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ ਸੀ
ਹੋਇਆ। ਅਜਿਹੀ ਹਾਲਤ ਵਿਚ ਹੀ ਉਸ ਨੇ ਇਕ ਬੇਟੇ ਨੂੰ ਜਨਮ ਦਿਤਾ ਪਰ ਬੱਚੇ ਦਾ ਜਨਮ ਬਹੁਤ ਔਖੀ
ਹਾਲਤ ਵਿਚ ਹੋਇਆ। ਇਹ ਬੱਚਾ ਦੋ ਦਿਨ ਵਿਚ ਹੀ ਚਲ ਵਸਿਆ। ਮਹਾਂਰਾਜਾ ਤੇ ਮਹਾਂਰਾਣੀ ਉਦਾਸੀ
ਵਿਚ ਘਿਰ ਗਏ। ਬੱਚੇ ਨੂੰ ਟੇਮਾਊਥ ਦੀਆਂ ਕਬਰਾਂ ਵਿਚ ਦਫਨਾ ਦਿਤਾ ਗਿਆ।
ਬੱਚੇ ਦੀ ਮੌਤ ਵਿਚੋਂ ਮਹਾਂਰਾਜਾ ਤਾਂ ਛੇਤੀ ਹੀ ਬਾਹਰ ਨਿਕਲ ਆਇਆ ਪਰ ਮਹਾਂਰਾਣੀ ਬਾਂਬਾ
ਹਾਲੇ ਵੀ ਸ਼ੋਕ ਵਿਚ ਘਿਰੀ ਬੈਠੀ ਸੀ। ਡਾਕਟਰਾਂ ਨੇ ਸਲਾਹ ਦਿਤੀ ਕਿ ਇਸ ਨੂੰ ਇਸ ਜਗਾਹ ਤੋਂ
ਕਿਧਰੇ ਦੂਰ ਲੈ ਜਾਇਆ ਜਾਵੇ। ਮਹਾਂਰਾਜਾ ਉਸ ਨੂੰ ਲੈ ਕੇ ਮਿਸਰ ਨੂੰ ਤੁਰ ਪਿਆ। ਕਿਆਰੋ ਜਾ
ਕੇ ਉਸ ਦੀਆਂ ਅਧਿਆਪਕਾਂ ਮਿਲਵਾਈਆਂ। ਮਹਾਂਰਾਣੀ ਵੀ ਆਪਣੇ ਪੁਰਾਣੇ ਦੋਸਤਾਂ ਨੂੰ ਤੇ ਆਪਣੇ
ਸਕੂਲ ਨੂੰ ਦੇਖ ਕੇ ਬਹੁਤ ਖੁਸ਼ ਸੀ। ਉਸ ਦੀ ਪੁਰਾਣੀ ਮੁੱਖ ਅਧਿਆਪਕਾ ਆਪਣੀ ਵਿਦਿਆਰਥਣ ਨੂੰ
ਦੇਖ ਕੇ ਹੈਰਾਨ ਹੋਈ ਜਾਂਦੀ ਸੀ। ਇਹ ਬਹੁਤ ਹੀ ਬਦਲੀ ਹੋਈ ਕੁੜੀ ਸੀ। ਸਿਹਤ ਵਲੋਂ ਬਹੁਤ
ਕਮਜ਼ੋਰ ਹੋ ਗਈ ਸੀ। ਉਸ ਨੇ ਮਹਾਂਰਾਜੇ ਨੂੰ ਕਿਹਾ,
“ਯੋਅਰ ਹਾਈਨੈੱਸ, ਜਦ ਤੁਹਾਡੇ ਨਾਲ ਬਾਂਬਾ ਦਾ ਵਿਆਹ ਹੋਇਆ ਸੀ ਤਾਂ ਅਸੀਂ ਤੁਹਾਨੂੰ ਕਿਹਾ
ਸੀ ਕਿ ਬਾਂਬਾ ਬਿਲਕੁਲ ਵੱਖਰੇ ਪਿਛੋਕੜ ਵਿਚੋਂ ਏ ਤੇ ਤੁਹਾਨੂੰ ਇਸ ਦਾ ਬਹੁਤਾ ਧਿਆਨ ਰੱਖਣਾ
ਪਵੇਗਾ ਤੇ ਤੁਸੀਂ ਕਿਹਾ ਸੀ ਕਿ ਤੁਸੀਂ ਰੱਖੋਗੇ ਪਰ ਇਸ ਦੀ ਇਹ ਹਾਲਤ ਕਿਉਂ ਏ?”
“ਮੈਅਮ, ਇਹ ਬੱਚਾ ਗੁਆ ਲੈਣ ਕਾਰਨ ਏ, ਮੇਰੀ ਕੋਸਿ਼ਸ਼ ਹੁੰਦੀ ਏ ਕਿ ਮਹਾਂਰਾਣੀ ਬਾਂਬਾ
ਬਿਲਕੁਲ ਓਪਰਾਪਨ ਮਹਿਸੂਸ ਨਾ ਕਰੇ। ਮੈਂ ਯਕੀਨ ਦਵਾਉਂਦਾ ਹਾਂ ਕਿ ਸਭ ਜਲਦੀ ਠੀਕ ਹੋ
ਜਾਵੇਗਾ।”
ਕੁਝ ਦਿਨ ਉਹ ਕਿਆਰੋ ਰਹਿ ਕੇ ਦਰਿਆ ਨੀਲ ਰਾਹੀਂ ਬੋਟਿੰਗ ਕਰਦੇ ਤੇ ਨਾਲ ਹੀ ਫਿਸਿ਼ੰਗ ਕਰਦੇ
ਡੈਲਟਾ ਤਕ ਨਿਕਲ ਗਏ। ਮਹਾਂਰਾਜਾ ਮਹਾਂਰਾਣੀ ਬਾਂਬਾ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਇਸ
ਟੂਰ ਤੋਂ ਵਾਪਸ ਆ ਕੇ ਮਹਾਂਰਾਜਾ ਆਪਣੀ ਇਸਟੇਟ ਵਲ ਧਿਆਨ ਦੇਣ ਲਗਿਆ।
ਐੱਲਵੇਡਨ ਹਾਲ ਥੈਟਫੋਰਡ ਦੇ ਰੇਲਵੇ ਸਟੇਸ਼ਨ ਤੋਂ ਪੰਜ ਕੁ ਮੀਲ ਦੀ ਦੂਰੀ ਤੇ ਹੀ ਸੀ। ਇਹ
ਸਫੱਕ ਤੇ ਨੌਰਫੋਕ ਦੇ ਦੁਰਮਿਆਨ ਪੈਂਦੀ ਸੀ। ਪਹਿਲਾਂ ਇਸ ਦਾ ਮਾਲਕ ਐਡਮਿਰਲ ਕੈਂਪਲ ਸੀ ਜੋ
ਕਿ ਅਲਬੈਮਾਰਲ ਦਾ ਅਰਲ ਸੀ ਪਰ ਪਿਛਲੇ ਪੰਜਾਹ ਸਾਲ ਤੋਂ ਵਿਲੀਅਮ ਨਿਊਟਨ ਇਸ ਨੂੰ ਸਿ਼ਕਾਰਗਾਹ
ਦੇ ਤੌਰ ਤੇ ਵਰਤ ਰਿਹਾ ਸੀ। ਕੀਮਤ ਜ਼ਰਾ ਕੁ ਇਧਰ-ਓਧਰ ਕਰਕੇ ਮਹਾਂਰਾਜੇ ਨੂੰ ਇਹ ਜਾਇਦਾਦ ਇਕ
ਲੱਖ ਤਿੰਨ ਹਜ਼ਾਰ ਪੌਂਡ ਵਿਚ ਮਿਲ ਗਈ ਤੇ ਇੰਡੀਆ ਔਫਿਸ ਨੇ ਇਹ ਰਕਮ ਮਹਾਂਰਾਜੇ ਨੂੰ ਚਾਰ ਫੀ
ਸਦੀ ਸੂਦ ਦੀ ਦਰ ਤੇ ਕਰਜ਼ੇ ਦੇ ਤੌਰ ਤੇ ਦੇ ਦਿਤੀ। ਨਾਲ ਹੀ ਏਰਿਸਵੈੱਲ ਦੀ ਇਸਟੇਟ ਦਾ ਕੁਝ
ਹਿੱਸਾ ਵੀ ਨਾਲ ਰਲ਼ਾ ਲਿਆ ਗਿਆ ਸੀ ਤੇ ਹੁਣ ਕੁਲ ਮਿਲਾ ਕੇ ਸਤਾਰਾਂ ਹਜ਼ਾਰ ਏਕੜ ਤੋਂ ਕੁਝ
ਵੱਧ ਰਕਬਾ ਬਣਦਾ ਸੀ ਜਿਸ ਦਾ ਵਿਆਸ ਪੰਜਾਹ ਮੀਲ ਦੇ ਕਰੀਬ ਸੀ।
ਇਸ ਇਸਟੇਟ ਨੂੰ ਨਵਿਆਉਣ ਦਾ ਕੰਮ ਜੌਹਨ ਨੌਰਟਨ ਕਰ ਰਿਹਾ ਸੀ। ਜੌਹਨ ਨੌਰਟਨ ਨੇ ਕਾਫੀ ਸਾਰੀ
ਹਿੁੰਦਸਤਾਨੀ ਇਮਾਰਤਾਂ ਦਾ ਅਧਿਐਨ ਵੀ ਕੀਤਾ ਤੇ ਨਾਲ ਹੀ ਕੁਝ ਮੁਗਲ ਸਮੇਂ ਦੀਆਂ ਇਮਾਰਤਾਂ
ਦਾ ਵੀ। ਕੁਝ ਇਟਾਲੀਅਨ ਇਮਾਰਤਸਾਜ਼ੀ ਦੀ ਮੱਦਦ ਵੀ ਲਈ। ਮਹਾਂਰਾਜੇ ਦੀ ਸਭ ਤੋਂ ਵੱਡੀ ਚਾਹ
ਇਸ ਇਮਾਰਤ ਵਿਚ ਸ਼ੀਸ਼ ਮਹੱਲ ਬਣਾਉਣ ਦੀ ਸੀ, ਲਗਭਗ ਉਹੋ ਜਿਹਾ ਜਿਵੇਂ ਕਿ ਉਸ ਦੇ ਲਹੌਰ
ਵਾਲੇ ਕਿਲ੍ਹੇ ਵਿਚ ਹੋਇਆ ਕਰਦਾ ਸੀ। ਸਾਰੀ ਇਮਾਰਤ ਦੀ ਅਜਿਹੀ ਤਿਆਰੀ ਕੀਤੀ ਗਈ ਕਿ ਜਦ
ਗਵਾਂਢੀਆਂ ਨੂੰ ਪਹਿਲੀ ਵਾਰ ਇਸ ਨੂੰ ਦੇਖਣ ਲਈ ਸੱਦਿਆ ਗਿਆ ਤਾਂ ਹਰ ਕੋਈ ਹੈਰਾਨ ਹੋ ਰਿਹਾ
ਸੀ। ਹਰ ਕੋਈ ‘ਬਲੈਕ ਪਰਿੰਸ’ ਦੀ ਚੋਣ ਦੀ ਦਾਦ ਦੇ ਰਿਹਾ ਸੀ। ਮਹਾਂਰਾਜਾ ਉਸ ਇਲਾਕੇ ਵਿਚ
‘ਬਲੈਕ ਪਰਿੰਸ’ ਦੇ ਤੌਰ ਤੇ ਮਸ਼ਹੂਰ ਸੀ। ਸਾਰੇ ਉਸ ਨੂੰ ਇਸ ਨਾਂ ਨਾਲ ਹੀ ਚੇਤੇ ਕਰਦੇ ਸਨ।
ਬਾਕੀ ਦੀ ਇਸਟੇਟ ਨੂੰ ਵੀ ਅਜਿਹੀ ਸਿ਼ਕਾਰਗਾਹ ਦੇ ਤੌਰ ਤੇ ਤਿਆਰ ਕੀਤਾ ਗਿਆ ਕਿ ਦੁਨੀਆਂ ਭਰ
ਵਿਚੋਂ ਉੱਚੇ ਦਰਜ਼ੇ ਦੀਆਂ ਸੈਰਗਾਹਾਂ ਵਿਚੋਂ ਇਕ ਸੀ। ਨਕਸ਼ਾ ਨਵੀਸ ਜੌਹਨ ਨੌਰਟਨ ਵੀ ਇਕ
ਸਿ਼ਕਾਰੀ ਸੀ ਤੇ ਮਹਾਂਰਾਜਾ ਆਪ ਵੀ। ਤੁਰ ਕੇ ਸਿ਼ਕਾਰ ਖੇਡਣ ਵਾਲਾ ਇਲਾਕਾ ਅਲੱਗ ਤਿਆਰ ਕੀਤਾ
ਗਿਆ, ਘੋੜੇ ਤੇ ਸਿ਼ਕਾਰ ਤੇ ਜਾਣ ਵਾਲਾ ਅਲੱਗ। ਮਚਾਨ ਤੇ ਪਲੇਟਫਾਰਮ ਵੀ ਸਿ਼ਕਾਰ ਖੇਡਣ ਲਈ
ਬਣਾਏ ਗਏ ਸਨ। ਇਵੇਂ ਹੀ ਮੱਛੀ ਦੇ ਸਿ਼ਕਾਰ ਲਈ ਵੀ ਜਗਾਹ ਰਾਖਵੀਂ ਰੱਖੀ ਗਈ। ਤੇ ਨਵੇਂ
ਜਾਨਵਰਾਂ ਦੇ ਪਾਲਣ ਪੋਸਣ ਦਾ ਇੰਤਜ਼ਾਮ ਵੀ ਸੀ। ਤਿੱਤਰ, ਤਿਲੀਅਰ, ਬਟੇਰੇ, ਜੰਗਲੀ ਬੱਤਖਾਂ,
ਖਰਗੋਸ਼, ਸਿਹੇ, ਹਿਰਨ ਤੇ ਹੋਰ ਬਹੁਤ ਸਾਰੇ ਜਾਨਵਰਾਂ ਨੂੰ ਸਿ਼ਕਾਰ ਲਈ ਪਾਲਿ਼ਆ ਵੀ ਜਾਂਦਾ
ਸੀ। ਸਭ ਤੋਂ ਵਧ ਮਹਾਂਰਾਜੇ ਨੇ ਆਪਣੇ ਬਾਜ਼ ਦੇ ਸਿ਼ਕਾਰ ਲਈ ਵਿਸ਼ੇਸ਼ ਇੰਤਜ਼ਾਮ ਕਰਾਇਆ ਸੀ।
ਇੰਗਲੈਂਡ ਦਾ ਕਿਹੜਾ ਮਸ਼ਹੂਰ ਵਿਅਕਤੀ ਹੋਵੇਗਾ ਜਿਹੜਾ ਮਹਾਂਰਾਜੇ ਦੀ ਇਸਟੇਟ ਵਿਚ ਸਿ਼ਕਾਰ
ਖੇਡਣ ਨਹੀਂ ਆਇਆ ਹੋਵੇਗਾ! ਪਰਿੰਸ ਔਫ ਵੇਲਜ਼ ਜਿਹਨੇ ਮਹਾਂਰਾਣੀ ਵਿਕਟੋਰੀਆ ਤੋਂ ਬਾਅਦ ਰਾਜਾ
ਬਣਨਾ ਸੀ, ਤਾਂ ਮਹਾਂਰਾਜੇ ਕੋਲ ਸਿ਼ਕਾਰ ਖੇਡਣ ਆਇਆ ਹੀ ਰਹਿੰਦਾ ਸੀ। ਉਸ ਤੋਂ ਬਿਨਾਂ
ਲੈਸਟਰ, ਕਿੰਬਰਲੇ, ਬਰਿਸਟਲ, ਡਾਕਰੇ, ਰੈਂਡਲਸ਼ੈਮ, ਐਬਿਨਗਰ, ਸਕਿਲਮਰਸਡੇਲ, ਰਿਪਨ,
ਹੈਨੀਕਰ, ਵਾਲਸਿੰਘੰਮ, ਵੈਸਟਬਰੀ, ਲੌਵਟ, ਬਾਲਫੋਰ ਔਫ ਬਰਲੀ, ਮਾਨਚੈਸਟਰ ਤੇ ਹੋਰ ਪਤਾ ਨਹੀਂ
ਕਿਹੜੀ ਕਿਹੜੀ ਜਗਾਹ ਦੇ ਲੌਰਡਜ਼ ਤੇ ਅਰਲਜ਼ ਐੱਲਵੇਡਨ ਹਾਲ ਵਿਚ ਆ ਕੇ ਡੇਰੇ ਜਮਾਈ ਰੱਖਦੇ
ਸਨ। ਨਿਸ਼ਾਨੇਬਾਜ਼ੀ ਵਿਚ ਮਹਾਂਰਾਜਾ ਪੂਰੇ ਬਰਤਾਨੀਆਂ ਵਿਚ ਚੌਥੇ ਨੰਬਰ ਤੇ ਸੀ। ਉਸ ਤੋਂ
ਉਪਰ ਵਾਲਸਿੰਘੰਮ, ਰਿਪਨ ਤੇ ਹਾਰਟਿੰਗਟਨ ਦੇ ਲੌਰਡ ਹੀ ਸਨ। ਤਿੱਤਰਾਂ ਦੇ ਸਿ਼ਕਾਰ ਵਿਚ
ਮਹਾਂਰਾਜੇ ਦਾ ਥੋੜਾ ਵੱਖਰਾ ਤਰੀਕਾ ਸੀ। ਉਹ ਸਿ਼ਕਾਰ ਦੇ ਵਿਚਕਾਰ ਲੰਮਾ ਪੈ ਕੇ ਗੋਲੀ
ਚਲਾਉਂਦਾ। ਇਸ ਸਿ਼ਕਾਰ ਵਿਚ ਉਸ ਦੇ ਦੋ ਰਿਕਾਰਡ ਸਨ ਜੋ ਕਿਸੇ ਹੋਰ ਤੋਂ ਤੋੜੇ ਨਹੀਂ ਸਨ ਗਏ।
ਉਸ ਨੇ ਇਕ ਦਿਨ ਵਿਚ ਆਪਣੀ ਬੰਦੂਕ ਨਾਲ 440 ਤਿੱਤਰ ਪਰਥਸ਼ਾਇਰ ਦੀ ਗਰੈਂਡਚਲੀ ਇਸਟੇਟ ਵਿਚ
ਫੁੰਡੇ ਸਨ ਤੇ ਦੂਜੇ ਰਿਕਾਰਡ ਵਿਚ ਉਸ ਨੇ ਐੱਲਵੇਡਨ ਇਸਟੇਟ ਵਿਚ ਹੀ ਹਜ਼ਾਰ ਰੌਂਦਾਂ ਨਾਲ
780 ਪਾਰਟਰਿੱਜ ਮਾਰੇ। ਐੱਵਲਡਨ ਇਸਟੇਟ ਵਿਚ ਹਰ ਸਾਲ ਦਸ ਹਜ਼ਾਰ ਪੰਛੀਆਂ ਦਾ, ਤਿੰਨ ਹਜ਼ਾਰ
ਖਰਗੋਸ਼ਾਂ ਦਾ ਤੇ ਸੱਤਰ ਹਜ਼ਾਰ ਸਿਹਿਆਂ ਦਾ ਸਿ਼ਕਾਰ ਖੇਡ ਹੋਣ ਲਗ ਪਿਆ ਸੀ। ਐਨੇ ਹੀ ਪੰਛੀ
ਤੇ ਜਾਨਵਰ ਹਰ ਸਾਲੇ ਪਾਲ਼ੇ ਜਾਂਦੇ ਸਨ। ਮਹਾਂਰਾਜੇ ਦੀ ਇਸਟੇਟ ਵਿਚ ਇੰਨੇ ਜਾਨਵਾਰ ਮਾਰੇ
ਜਾਣ ਲਗੇ ਕਿ ਆਲੇ ਦੁਆਲੇ ਦੀਆਂ ਖੱਲ੍ਹਾਂ ਦੇ ਹੈਟ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਧੜਾ-ਧੜ
ਵਾਧਾ ਹੋਣ ਲਗਿਆ। ਮਹਾਂਰਾਜੇ ਨੂੰ ਸਿ਼ਕਾਰ ਖੇਡਣ ਵਿਚ ਇੰਨੀ ਮੁਹਾਰਤ ਹਾਸਲ ਸੀ ਕਿ ਹਰ ਕੋਈ
ਉਸ ਵਰਗਾ ਬਣਨਾ ਲੋਚਦਾ।
ਆਪਣੀ ਇਸਟੇਟ ਵਿਚ ਮਹਾਂਰਾਜੇ ਨੇ ਕਈ ਗਰਮ ਦੇਸ਼ਾਂ ਦੇ ਪੰਛੀਆਂ ਨੂੰ ਪਾਲਣ ਦੇ ਯਤਨ ਵੀ ਕੀਤੇ
ਪਰ ਕਾਮਯਾਬ ਨਾ ਰਹੇ। ਕੁਝ ਯੌਰਪੀਅਨ ਸੈਰਗਾਹਾਂ ਦੇ ਪੰਛੀਆਂ ਦੀ ਨਰਸਰੀ ਵੀ ਬਣਾਈ ਪਰ
ਅੰਗਰੇਜ਼ੀ ਪੰਛੀ ਹੀ ਕਾਮਯਾਬੀ ਨਾਲ ਕੰਮ ਆਉਂਦੇ ਰਹੇ। ਸਿ਼ਕਾਰ ਖੇਡਣ ਲਈ ਆਈਸਲੈਂਡ ਤੋਂ
ਵਖਰੀ ਕਿਸਮ ਦੇ ਬਾਜ਼ ਵੀ ਲਿਆਂਦੇ ਪਰ ਉਹ ਵੀ ਕਾਮਯਾਬ ਨਹੀਂ ਸਨ। ਈਸਟ ਐਂਗਲੀਆ ਦਾ ਖਾਸ
ਕਿਸਮ ਦਾ ਮੌਸਮ ਸਾਰੇ ਜਾਨਵਰਾਂ ਲਈ ਢੁਕਵਾਂ ਨਹੀਂ ਸੀ। ਮਹਾਂਰਾਜੇ ਨੇ ਰਸ਼ੀਅਨ ਬਾਜ਼ ਵੀ
ਰੱਖੇ ਸਨ ਪਰ ਉਹ ਉਲਾਮੇ ਲੈ ਕੇ ਆਉਣ ਲਗੇ। ਉਹ ਦੂਰੋਂ ਦੂਰੋਂ ਛੋਟੇ ਲੇਲੇ ਚੁੱਕ ਲਿਆਇਆ
ਕਰਦੇ ਸਨ।
ਮਹਾਂਰਾਣੀ ਬਾਂਬਾ ਨੂੰ ਸਿ਼ਕਾਰ ਵਿਚ ਕੋਈ ਦਿਲਚਸਪੀ ਨਹੀਂ ਸੀ। ਮਹਾਂਰਾਣੀ ਬਾਂਬਾ ਨੂੰ
ਮਹਾਂਰਾਜੇ ਦੇ ਕਿਸੇ ਵੀ ਸ਼ੌਂਕ ਵਿਚ ਦਿਲਚਸਪੀ ਨਹੀਂ ਸੀ। ਉਹ ਕੋਸਿ਼ਸ਼ ਕਰ ਕੇ ਵੀ
ਮਹਾਂਰਾਜੇ ਦੇ ਹਾਣ ਦੀ ਨਹੀਂ ਸੀ ਬਣ ਸਕੀ। ਅੰਗਰੇਜ਼ੀ ਵੀ ਹਾਲੇ ਪੂਰੀ ਤਰ੍ਹਾਂ ਨਹੀਂ ਸੀ
ਸਿਖ ਸਕੀ। ਮਹਾਂਰਾਜੇ ਨੇ ਸੰਗੀਤ ਲਈ ਟਿਊਟਰ ਰੱਖਿਆ ਪਰ ਉਸ ਦਾ ਮਨ ਨਾ ਖੁੱਭਦਾ। ਭਾਵੇਂ
ਮਹਾਂਰਾਜਾ ਐੱਲਵੇਡਨ ਇਸਟੇਟ ਵਿਚ ਹੀ ਹੁੰਦਾ ਪਰ ਉਹ ਸਾਰਾ ਦਿਨ ਸਿ਼ਕਾਰ ਖੇਡਦਾ ਰਹਿੰਦਾ ਤੇ
ਮਹਾਂਰਾਣੀ ਬਾਂਬਾ ਘਰ ਇਕੱਲੀ ਬੈਠੀ ਰਹਿੰਦੀ। ਨੌਕਰ-ਚਾਕਰ ਘਰ ਵਿਚ ਸਨ ਪਰ ਉਹ ਕਿਸੇ ਨਾਲ
ਬਹੁਤੀ ਗੱਲ ਨਹੀਂ ਸੀ ਕਰਦੀ। ਬੱਚੇ ਦੀ ਮੌਤ ਵਾਲੀ ਘਟਨਾ ਵਿਚੋਂ ਉਹ ਨਿਕਲ ਚੁੱਕੀ ਸੀ ਪਰ
ਇਕੱਲ ਉਸ ਨੂੰ ਮਨੋਰੋਗੀ ਬਣਨ ਵਲ ਧਕੇਲ ਰਹੀ ਸੀ। ਉਸ ਦੀ ਮੁੱਖ ਅਧਿਆਪਕਾ ਉਸ ਨੂੰ ਚਿੱਠੀਆਂ
ਲਿਖਦੀ ਰਹਿੰਦੀ ਸੀ ਤੇ ਉਸ ਬਾਰੇ ਜਾਣਨ ਦੀ ਕੋਸਿ਼ਸ਼ ਕਰਦੀ ਰਹਿੰਦੀ ਪਰ ਹੁਣ ਉਸ ਨੇ ਇਹਨਾਂ
ਚਿੱਠੀਆਂ ਦਾ ਜਵਾਬ ਦੇਣਾ ਵੀ ਬੰਦ ਕਰ ਦਿਤਾ ਸੀ। ਕਿਆਰੋ ਵਿਚ ਬੈਠੀ ਮੁੱਖ ਅਧਿਆਪਕਾ
ਮਹਾਂਰਾਣੀ ਬਾਂਬਾ ਦਾ ਫਿਕਰ ਕਰਨ ਲਗੀ। ਉਹ ਡਰਦੀ ਸੀ ਕਿ ਮਹਾਂਰਾਣੀ ਬਾਂਬਾ ਜਦ ਮਹਾਂਰਾਜੇ
ਦੇ ਬਰਾਬਰ ਨਹੀਂ ਚੱਲ ਸਕੇਗੀ ਤਾਂ ਉਹ ਉਸ ਨੂੰ ਅਣਗੌਲਣ ਲਗ ਪਵੇਗਾ। ਅਜਿਹੇ ਫਿਕਰਾਂ ਵਿਚ
ਫਸੀ ਮੁੱਖ ਅਧਿਆਪਕਾ ਇਕ ਦਿਨ ਆਪ ਐੱਲਵੇਡਨ ਹਾਲ ਆ ਪੁੱਜੀ। ਉਸ ਨੇ ਦੇਖਿਆ ਕਿ ਮਹਾਂਰਾਜਾ
ਤਾਂ ਆਪਣੇ ਕੀਤੇ ਕਿਸੇ ਵੀ ਵਾਅਦੇ ਉਪਰ ਖਰਾ ਨਹੀਂ ਸੀ ਉਤਰ ਰਿਹਾ। ਆਪਣੀ ਹੀ ਇਸਟੇਟ ਵਿਚ
ਸਿ਼ਕਾਰ ਖੇਡਣ ਗਿਆ ਉਹ ਕਈ ਵਾਰ ਰਾਤ ਨੂੰ ਬਾਹਰ ਰਹਿ ਜਾਇਆ ਕਰਦਾ ਸੀ। ਜੇ ਐੱਲਵੇਡਨ ਹਾਲ
ਵਿਚ ਵੀ ਹੁੰਦਾ ਤਾਂ ਸਾਰੀ ਸਾਰੀ ਰਾਤ ਆਪਣੇ ਦੋਸਤਾਂ ਨਾਲ ਅਯਾਸ਼ੀਆਂ ਕਰਦਾ ਰਹਿੰਦਾ ਤੇ
ਮਹਾਂਰਾਣੀ ਬਾਂਬਾ ਇਕੱਲ ਨਾਲ ਘੁਲ਼ਦੀ ਰਹਿੰਦੀ। ਉਸ ਦੇ ਐੱਲਵੇਡਨ ਹਾਲ ਵਿਚ ਪੁੱਜਣ ਤੋਂ ਦੋ
ਦਿਨ ਬਾਅਦ ਹੀ ਮਹਾਂਰਾਜਾ ਉਸ ਨੂੰ ਵੀ ਮਿਲ ਸਕਿਆ ਸੀ। ਇਕ ਦਿਨ ਉਸ ਨੇ ਮਹਾਂਰਾਜੇ ਨੂੰ ਆਪਣੇ
ਕੋਲ ਬੈਠਾਇਆ ਤੇ ਗੁੱਸੇ ਵਿਚ ਚੀਕਦੀ ਜਿਹੀ ਬੋਲੀ,
“ਯੋਅਰ ਹਾਈਨੈੱਸ, ਤੁਹਾਨੂੰ ਕੁਝ ਯਾਦ ਏ ਕਿ ਤੁਸੀਂ ਸਾਡੇ ਨਾਲ ਕੀ ਵਾਅਦਾ ਕੀਤਾ ਸੀ?
...ਤੁਸੀਂ ਕਿਹਾ ਸੀ ਕਿ ਬਾਂਬਾ ਨੂੰ ਕਦੇ ਵੀ ਇਕੱਲੀ ਨਹੀਂ ਛੱਡੋਂਗੇ, ...ਇਸ ਦੀ ਪੂਰੀ
ਪ੍ਰਵਾਹ ਕਰੋਂਗੇ ਪਰ ਇਹ ਕੀ ਹੋ ਰਿਹਾ ਏ? ...ਤੁਹਾਨੂੰ ਤਾਂ ਇਸ ਦਾ ਜ਼ਰਾ ਜਿੰਨਾ ਵੀ ਫਿਕਰ
ਨਹੀਂ ਏ! ...ਇਹ ਕੁੜੀ ਸਾਡੇ ਸਕੂਲ ਦਾ ਮਾਣ ਏਂ, ਇੱਜ਼ਤ ਏ, ਇਹ ਕੋਈ ਵਰਤਣ ਵਾਲੀ ਚੀਜ਼
ਨਹੀਂ! ...ਮੈਂ ਸੋਚ ਰਹੀ ਆਂ ਕਿ ਇਹਨੂੰ ਆਪਣੇ ਨਾਲ ਵਾਪਸ ਕਿਆਰੋ ਲੈ ਜਾਵਾਂ।”
ਮੁੱਖ ਅਧਿਆਪਕਾ ਆਪਣੀ ਗੱਲ ਕਰਕੇ ਮਹਾਂਰਾਜੇ ਵਲ ਦੇਖਣ ਲਗੀ। ਮਹਾਂਰਾਜਾ ਠਗਿਆ ਜਿਹਾ ਖੜਾ
ਸੀ। ਉਸ ਨੂੰ ਏਨੇ ਗੁੱਸੇ ਵਿਚ ਕਦੇ ਕੋਈ ਨਹੀਂ ਸੀ ਬੋਲਿਆ। ਉਸ ਨੇ ਆਖਿਆ,
“ਇਹ ਕਿਵੇਂ ਹੋ ਸਕਦਾ ਏ ਮੈਅਮ? ...ਇਹ ਮੇਰੀ ਪਤਨੀ ਏ, ਮੈਂ ਇਸ ਨੂੰ ਪੂਰੇ ਕਾਨੂੰਨ ਨਾਲ
ਵਿਆਹ ਕੇ ਲਿਆਇਆਂ।”
“ਯੋਅਰ ਹਾਈਨੈੱਸ, ਸਾਨੂੰ ਇਸ ਗੱਲ ਤੋਂ ਇਨਕਾਰ ਨਹੀਂ ਪਰ ਇਸ ਦੀ ਹਾਲਤ ਤੋਂ ਸਖ਼ਤ ਇਤਰਾਜ਼
ਏ। ਦੇਖੋ ਇਸ ਦੀ ਸ਼ਕਲ, ਜਿਵੇਂ ਕਦੇ ਮੁਸਕ੍ਰਾਈ ਹੀ ਨਾ ਹੋਵੇ! ਦੇਖੋ ਇਸ ਦਾ ਸਰੀਰ, ਜਿਵੇਂ
ਕਿਸੇ ਭਿਆਨਕ ਬਿਮਾਰੀ ਦੀ ਸਿ਼ਕਾਰ ਹੋਵੇ! ਇਹ ਨਹੀਂ ਚਲੇਗਾ, ਜੇ ਤੁਸੀਂ ਏਹਨੂੰ ਆਪਣੇ ਨਾਲ
ਰੱਖਣਾ ਏ ਤਾਂ ਇਸ ਦਾ ਪੂਰਾ ਧਿਆਨ ਰੱਖਣਾ ਹੋਵੇਗਾ, ਜਿਵੇਂ ਇਕ ਪਤੀ ਆਪਣੀ ਪਤਨੀ ਦਾ ਰੱਖਦਾ
ਹੀ ਏ।”
ਮਹਾਂਰਾਜੇ ਨੇ ਇਕ ਵਾਰ ਧਿਆਨ ਨਾਲ ਬਾਂਬਾ ਵਲ ਦੇਖਿਆ ਤੇ ਬੋਲਿਆ,
“ਮੈਅਮ, ਤੁਸੀਂ ਸ਼ਾਇਦ ਠੀਕ ਕਹਿ ਰਹੇ ਹੋ, ਸ਼ਾਇਦ ਮੈਂ ਇਸ ਦਾ ਉਹ ਫਿਕਰ ਨਹੀਂ ਕਰ ਸਕਿਆ ਜੋ
ਕਰਨਾ ਚਾਹੀਦਾ ਸੀ, ...ਮੈਨੂੰ ਆਪਣੇ ਕੀਤੇ ਦਾ ਪਛਤਾਵਾ ਏ, ਮੈਂ ਯਕੀਨ ਦੁਆਉਂਨਾਂ ਕਿ ਅਗੇ
ਤੋਂ ਇਸ ਦੀ ਪੂਰੀ ਪ੍ਰਵਾਹ ਕਰਾਂਗਾ।”
ਮਹਾਂਰਾਜਾ ਦਿਲੋਂ ਪਛਤਾਵਾ ਕਰ ਰਿਹਾ ਸੀ। ਉਸ ਦਿਨ ਤੋਂ ਬਾਅਦ ਉਹ ਸੱਚ ਹੀ ਆਪਣੀ ਪਤਨੀ ਦਾ
ਵਿਸ਼ੇਸ਼ ਧਿਆਨ ਰੱਖਣ ਲਗ ਪਿਆ।
ਇਹਨਾਂ ਦਿਨਾਂ ਵਿਚ ਉਹਨਾਂ ਦੋਨਾਂ ਨੂੰ ਮਹਾਂਰਾਣੀ ਵਿਕਟੋਰੀਆ ਵਲੋਂ ਵਿੰਡਸਰ ਕੈਸਲ ਵਿਚ ਰਾਤ
ਰਹਿਣ ਦਾ ਤੇ ਖਾਣਾ ਖਾਣ ਦਾ ਸੱਦਾ ਆ ਗਿਆ। ਏਨਾ ਚਿਰ ਹੋ ਗਿਆ ਸੀ ਉਹਨਾਂ ਦੇ ਵਿਆਹ ਨੂੰ ਪਰ
ਮਹਾਂਰਾਣੀ ਵਿਕਟੋਰੀਆ ਨੇ ਹਾਲੇ ਤਕ ਮਹਾਂਰਾਣੀ ਬਾਂਬਾ ਨੂੰ ਦੇਖਿਆ ਨਹੀਂ ਸੀ। ਜਦ ਵੀ
ਮਹਾਂਰਾਣੀ ਨੂੰ ਮਿਲਣਾ ਹੁੰਦਾ ਤਾਂ ਮਹਾਂਰਾਜਾ ਇਕੱਲਾ ਹੀ ਜਾਂਦਾ। ਮਹਾਂਰਾਣੀ ਦਾ ਇਹ ਸੱਦਾ
ਦੇਣ ਦਾ ਮਕਸਦ ਮਹਾਂਰਾਣੀ ਬਾਂਬਾ ਨੂੰ ਦੇਖਣਾ ਹੀ ਸੀ। ਮਹਾਂਰਾਣੀ ਬਾਂਬਾ ਮਹਾਂਰਾਣੀ
ਵਿਕਟੋਰੀਆ ਨੂੰ ਮਿਲਣ ਜਾਣ ਦੀ ਤਿਆਰੀ ਕਰਨ ਲਗੀ।
(ਤਿਆਰੀ ਅਧੀਨ ਨਾਵਲ ‘ਆਪਣਾ’ ਵਿਚੋਂ)
-0-
|