ਮੈਂ
ਪ੍ਰੇਸ਼ਾਨ ਹਾਂ,ਅਜੇ ਮੇਰੀ ਸੋਚ ਤੇ ਉਮਰ ਪ੍ਰਰਿਪੱਕਤਾ ਦੀ ਉਸ ਪੌੜੀ ਤੱਕ
ਤਾਂ ਨਹੀ ਪਹੁੰਚੀ ਕਿ ਸਮਾਜਿਕ ਸਦਾਚਾਰਾਂ , ਸਰੋਕਾਰਾਂ ਤੇ ਵਿਹਾਰਾਂ ਦਾ
ਸਹੀ ਸਹੀ ਵਿਵੇਚਨ , ਮੁਲਾਂਕਣ ਤੇ ਆਲੋਚਨਾ ਕਰ ਸਕਾਂ । ਪਰ ਫਿਰ ਵੀ ਕੁਝ
ਵਿਹਾਰ , ਸਿਖਾਏ ਤੇ ਪੜਾਏ ਗਏ ਅਸੂਲਾਂ ਨਾਲ ਮੇਲ ਨਹੀ ਖਾਂਦੇ ਜਾਂ ਫਿਰ
ਇਹਨਾਂ ਦਾ ਕੋਈ ਆਪਸੀ ਸਮਤੋਲ ਹੀ ਨਹੀ ਹੈ।ਸੱਚਾਈ ਤੇ ਸੱਚ ਦਾ ਸਾਥ ਦੇਣਾ
ਵੀ ਇਕ ਆਦਰਸ਼ ਸਿਖਿਆ ਹੈ। ਜਿਸਨੂੰ ਅਮਲੀ ਜੀਵਣ ਵਿਚ ਢਾਲਣਾ ਇਕ ਆਪਣੇ ਆਪ
ਵਿਚ ਵੱਡੀ ਚੁਣੋਤੀ ਹੈ।
ਅਜੋਕੇ ਭਾਰਤੀ ਸੱਭਿਆਚਾਰ ਅਤੇ ਸਮਾਜ ਦੇ ਅਖੌਤੀ ਜਿੰਮੇਦਾਰ ਜਾਂ ਖੁਦ ਨੂੰ
ਸੱਭਿਅਕ ਸਮਝਣ ਵਾਲੇ ਨਾਗਿਰਕਾਂ ਵਿਚ ਸੂਝਬੂਝ ਤੇ ਪ੍ਰਰਿਪੱਕਤਾ ਨਹੀ ਨਜਰ
ਆਉਦੀਂ ਬਲਕਿ ਜਿਦ ਜਿਆਦਾ ਭਾਰੂ ਦਿਖਾਈ ਦਿੰਦੀ ਹੈ।ਇਹ ਸਮਾਜ ਕਿਸ ਦਿਸ਼ਾ
ਨੰੂ ਜਾ ਰਿਹਾ ਹੈ,ਇਹ ਸਮਝਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।ਇਸੇ ਲਈ ਆਮ
ਤੌਰ ਤੇ ਹੀ ਬਜ਼ੁਰਗ ਲੋਕ ,ਛੋਟਿਆਂ ਨੰੂ ਬਚਪਨ ਤੋਂ ਹੀ ਉਹਨਾਂ ਦੀ ਨਾਸਮਝੀ
ਤੇ ਸਮਾਜਿਕ ਸਿਆਣਪ ਵਿਚ ਕਮੀ ਬਾਰੇ ਚੇਤੰਨ ਕਰਦੇ ਰਹਿੰਦੇ ਹਨ। ਇਹ ਸਮਝਣਾ
ਜਵਾਨ ਹੁੰਦੀ ਪੀੜੀ ਲਈ ਔਖਾ ਵੀ ਹੈ, ਕਿਉਂਕਿ ਸਕੂਲਾਂ ਦੇ ਪਾਠ ਤੇ
ਸਿਖਿਆਵਾਂ ਅਸਲ ਵਿਚ ਸਿਰਫ਼ ਆਦਰਸ਼ ਮਾਤਰ ਹੀ ਹਨ , ਜੋ ਕਿ ਬਾਹਰ ਸਮਾਜ
ਵਿਚ ਲਾਗੂ ਹੀ ਨਹੀ ਹੋ ਸਕਦੇ। ਅਸਲੀਅਤ ਵਿਚ ਉਹ ਬੱਚਿਆਂ ਨੰੂ
ਨੈਤਿਕਤਾ,ਸੱਚ ਤੇ ਪਿਆਰ ਦੀ ਨਸੀਹਤ ਨਹੀਂ ਦੇ ਰਹੇ ਹੁੰਦੇ ਬਲਕਿ ਮੌਕੇ ਦੀ
ਨਜ਼ਾਕਤ ਅਨੁਸਾਰ ਵਿਹਾਰ ਕਰਨ ਬਾਬਤ ਕਹਿ ਰਹੇ ਹੁੰਦੇ ਹਨ। ਜੋ ਕਿ ਸਪਸ਼ਟ
ਰੂਪ ਵਿਚ ਮੌਕਾਪ੍ਰਸਤੀ ਦੀ ਸਲਾਹ ਹੁੰਦੀ ਹੈ।
ਮੋਹ ਦੀਆਂ ਤੰਦਾਂ ਚ' ਬੱਝਿਆ ਤੇ ਪਿਆਰ ਦੇ ਨਗੰਦਿਆਂ ਚ' ਕਸਿਆ ਮਨੁੱਖ
ਕਦੋਂ ਸਮਾਜ ਦੇ ਦੁ-ਅਰਥੀ ਸ਼ਾਸ਼ਨ ਤੇ ਵਹਾਅ ਦੇ ਉਲਟ ਵਹਿਣ ਦਾ ਖਮਿਆਜਾ ਤੇ
ਕਦੋਂ ਸਮਾਜਿਕ ਰਾਜਨੀਤੀ ਦਾ ਸ਼ਿਕਾਰ ਹੋ ਕੇ ਬੇਵੱਸ ਹੋ ਜਾਂਦਾ ਹੈ , ਇਸਦਾ
ਭੋਰਾ ਭਰ ਅੰਦਾਜਾ ਲਾਉਣਾ ਵੀ ਮੁਸ਼ਕਿਲ ਹੈ।ਸ਼ਾਇਦ ਇਹ ਸਮਾਜ ਦਾ ਅੰਗ ਹੋਣ
ਸਮੇਂ ਆਪ ਪਹਿਰੇਦਾਰ ਬਣ ਕੇ ਘੜੇ ਅਸੂਲਾਂ ਚ' ਉਲਝ ਕੇ ਫਿਰ ਉਸੇ ਸਮਾਜ ਨੰੂ
ਹੀ ਦੋਸ਼ ਦੇਣ ਦੀ ਪ੍ਰਕਿਰਿਆ ਹੈ। ਕਿਉਕਿ ਆਮ ਹਾਲਾਤਾ ਵਿਚ ਜਿਆਦਾਤਰ
ਲੋਕਾਂ ਨੇ ਨਿਰਦੋਸ਼ ਮੁਲਜਿਮ ਨਾਲੋਂ ,ਸਨਸਨੀਖੇਜ ਝੂਠ ਨੰੂ ਵਧੇਰੇ
ਪ੍ਰਭਾਵੀ ਸਮਝਿਆ ਹੁੰਦਾ ਹੈ।
ਸਾਫਗੋਈ ਤੇ ਸਦਾਚਾਰ ਦਾ ਪਰਛਾਂਵਾਂ ਵੀ ਮਾੜਾ ਹੋ ਚੁਕਿਆ ਹੈ।ਅੱਤ ਦੀ
ਚਾਪਲੂਸੀ ਖਿਤਾਬੀ ਹੈ ਜਦੋਂਕਿ ਆਲੋਚਨਾ ਕਿਤਾਬੀ ਅਤੇ ਨਿਰੀ ਵਿਗਾੜ ਦੀ
ਨੀਂਹ ਬਣ ਗਈ ਹੈ। ਉਸਾਰੂ ਆਲੋਚਨਾ ਵੀ ਪ੍ਰਵਾਨ ਨਹੀ ਕੀਤੀ ਜਾਂਦੀ।
ਖੁਸ਼ਾਮਦ ਵੀ ਸੱਚ ਨੰੂ ਅਛੋਪਲੇ ਜਹੇ ਵਿਸਾਰ ਕੇ ਸਵਾਰਥ ਹਿੱਤ ਕੀਤੀ ਝੂਠੀ
ਪ੍ਰਸੰਸਾ ਹੀ ਹੁੰਦੀ ਹੈ। ਕਿਹਾ ਜਾਂਦਾ ਸੀ ਕਿ " ਮੂੰਹ ਤੇ ਕੀਤੀ
ਪ੍ਰਸ਼ੰਸ਼ਾ ਵੀ ਖੁਸ਼ਾਮਦ ਬਣ ਜਾਂਦੀ ਹੈ ।"ਪਰ ਹੁਣ " ਅੱਗ ਲਾਕੇ ਡੱਬੂ
ਕੰਧ ਤੇ " ਵਾਲੇ ਡੱਬੂਆਂ ਦਾ ਸਿਕਾ ਚੱਲਦਾ ਹੈ।ਸੱਚ -ਝੂਠ ਦੀ ਜੰਗ ਦਾ ਸੇਕ
ਥੋੜਾ ਬਹੁਤਾ ਤਾਂ ਹਰ ਸਮਾਜਿਕ ਰਿਸ਼ਤੇ ਨੇ ਹੀ ਝੱਲਿਆ ਹੈ। ਪਰ ਇਸ ਸੱਚ
ਝੂਠ ਨੂੰ ਨਾਂ ਪਛਾਨਣ ਕਰਕੇ ਵੱਡਾ ਖੋਰਾ ਮਿਤਰਤਾ ਦੇ ਰਿਸ਼ਤੇ ਨੰੂ ਲਗਿਆ
ਹੈ।ਕਿਉਕਿ ਇਹ ਇਕ ਸਵੈ ਸਿਰਜਿਆ ਰਿਸ਼ਤਾ ਹੈ। ਜੋ ਕਿ ਜਿੰਦਗੀ ਦੀ ਉਭੜ
ਖਾਭੜ ਧਰਾਤਲ ਤੇ ਯਕੀਨ ਦੀਆਂ ਨੀਹਾਂ ਤੇ ਖੜਾ ਹੁੰਦਾ ਹੈ।ਕਦੋਂ ਕੋਈ ਸੱਜਣ
ਮਿਤਰ ਆਪਣੇ ਅਹੰਕਾਰ ਤੇ ਈਰਖਾ ਨੰੂ ਪੱਠੇ ਪਾਉਣ ਲਈ ਡੱਬੂ ਦਾ ਰੂਪ ਅਖਤਿਆਰ
ਕਰ ਲਵੇ, ਤੇ ਆਪਣੇ ਆਪ ਨੰੂ ਸੱਚ ਦਾ ਸਾਰਥੀ ਦੱਸ ਕਿ ਕਿਸਨੂੂੰ ਇਲਜਾਮਾਂ
ਦੇ ਕਟਹਿਰੇ ਵਿਚ ਖੜਾ ਦੇਵੇ,ਸਿਰਫ਼ ਵਖਤ ਦੀ ਗੱਲ ਹੈ।ਭੀੜ ਦੇ ਰੂਪ ਵਿਚ ਹੀ
ਰੌਲਾ ਪਾਕੇ ਸੱਚਾ ਸਾਬਿਤ ਹੋਣ ਦੀ ਕੋਸ਼ਿਸ਼ ਕਰਦਾ ਹੈ। ਉਦੋਂ ਕੁਝ ਹਮਦਰਦ
ਤੇ ਸੱਚੇ ਦੋਸਤ ਇਹਨਾਂ ਹਾਲਾਤਾਂ ਵਿਚ ਨਾਲ ਮੋਢਾ ਜੋੜ ਕੇ ਖੜਦੇ ਹਨ ਤੇ
ਤੁਹਾਡੀ ਜਿੰਦਗੀ ਦੇ ਤਪਦੇ ਰੇਗਿਸਤਾਨ ਨੰੂ ਆਪਣੇ ਖੂੰਨ ਨਾਲ ਤੁਪਕਾ ਤੁਪਕਾ
ਕਰਕੇ ਸਿੰਜਦੇ ਵੀ ਹਨ।ਉਥੇ ਉਦੋਂ ਝੋਲੀ ਚੁਕ ਬਿਨਾਂ ਰੀੜ ਦੀ ਹੱਡੀ ਵਾਲੇ
ਦੋਸਤ ਵੀ ਹੁੰਦੇ ਨੇ, ਜਿਨਾਂ ਦਾ ਨਫਾ,ਨੁਕਸਾਨ ਤੇ ਸਵਾਰਥ ਦੇ ਜਮਾਂ ਤਕਸੀਮ
ਪਿਛੋਂ ਹੀ ਦੋਸਤੀ ਦਾ ਰੰਗ ਉਘੜਦਾ ਹੈ। ਫਿਰ ਉਹ ਜਾਂ ਤਾ ਸਾਂਝੀਵਾਲਤਾ ਦਾ
ਉਪਦੇਸ਼ ਦਿੰਦੇ ਹਨ ਜਾਂ ਤਕੜੀ ਧਿਰ ਵੱਲ ਵੋਟ ਵਾਂਗ ਭੁਗਤ ਜਾਂਦੇ ਹਨ।ਇਹ
ਖੁਦ ਨੰੂ ਨਿਰਪੱਖ ਦਰਸਾਉਣ ਦੀ ਕੋਸ਼ਿਸ਼ ਵਿਚ ਇਹ ਨਹੀਂਂ ਸਮਝਦੇ ਕਿ ਇਸ
ਤਰੀਕੇ ਵੀ ਉਹ ਝੂਠ ਦਾ ਹੀ ਸਾਥ ਦਿੰਦੇ ਨੇ।ਆਮ ਤੌਰ ਤੇ ਅਜਿਹੇ ਵਿਵਾਦ ਤੋਂ
ਕਿਨਾਰਾ ਕਰਨ ਲਈ ਸੱਚ ਤੇ ਝੂਠ ਦਾ ਨਿਤਾਰਾ ਕਰਨ ਵਾਲੀਆਂ ਗੱਲਾਂ ਦਾ
ਯਾਦਸ਼ਕਤੀ ਵਿਚੋਂ ਮਨਫ਼ੀ ਹੋਣ ਦਾ ਟੋਟਕਾ ਵਰਤਦੇ ਜਾਂ ਆਪਣੇ ਭੋਲੀ ਬਿਰਤੀ
ਦਾ ਵਿਖਿਆਣ ਕਰਕੇ ਬਤੌਰ ਗਵਾਹ ਪੇਸ਼ ਹੋਣ ਤੋਂ ਕਿਨਾਰਾ ਕਰਕੇ ਝੂਠ ਦੇ ਹੱਥ
ਮਜਬੂਤ ਕਰਦੇ ਹਨ।
ਇਖਲਾਕੀ ਤੌਰ ਤੇ ਸੱਚੇ ਵਿਚਾਰਾਂ ਦਾ ਪ੍ਰਗਟਾਵਾ ਤੇ ਸਹੀ ਗਲਤ ਦੀ ਧਾਰਣਾ ,
ਸਵਾਰਥੀ ਹਿਤਾਂ ਵਿਚ ਦੱਬ ਕੇ ਮਨਫ਼ੀ ਹੋ ਚੱੁਕੀ ਹੈ।ਭਾਵਨਾਵਾਂ ਤੇ ਅਸੂਲ
ਸ਼ਾਇਦ ਝੂਠ ਤੇ ਚਰਿਤਰਿਕ ਗਿਰਾਵਟ ਦੇ ਦਿਤੇ ਜ਼ਖਮਾਂ ਦੀ ਤਾਬ ਨਾ ਝਲਦੇ
ਸਹਿਜੇ ਸਹਿਜੇ ਦਮ ਤੋੜ ਰਹੇ ਹਨ।ਪਰ ਝੂਠ ਮੌਕੇ ਦੀ ਭੀੜ ਇਕੱਠੀ ਤਾਂ ਕਰ
ਸਕਦਾ ਹੈ , ਪਰ ਅੰਤ ਵਿਚ ਜਿਤ ਸੱਚਾਈ ਤੇ ਨੈਤਿਕਤਾ ਦੀ ਹੀ ਹੰੁਦੀ ਹੈ
ਕਿਉਂਕਿ ਸੌ ਵਾਰ ਝੂਠ ਦੁਹਰਾਇਆ ਜਾਵੇ ਤਾਂ ਉਹ ਸੱਚ ਪ੍ਰਤੀਤ ਤਾਂ ਹੋ ਸਕਦਾ
ਹੈ ਪਰ ਉਹ ਸਿਰਫ਼ ਬਿੰਬ ਮਾਤਰ ਹੀ ਹੋਵੇਗਾ । ਵੈਸੇ ਵੀ ਸੱਚਾਈ ਵਖਤੀ ਤੌਰ
ਤੇ ਮਜ਼ਬੂਰ ਤਾਂ ਹੋ ਸਕਦੀ ਹੈ ਪਰ ਹਾਰਦੀ ਨਹੀਂ।ਜੇ ਇੰਝ ਵਾਪਰ ਗਿਆ ਤਾਂ
ਇਹ ਨੇਕੀ ਉਪਰ ਬਦੀ ਦੀ ਜਿੱਤ ਹੋ ਜਾਵੇਗੀ। ਸੱਚ ਸਥਿਰ ਪ੍ਰਭਾਵੀ ਹੰੁਦਾ
ਹੈ, ਇਕੱਲਾ ਖੜ ਕੇ ਵੀ ਹਿੱਕ ਤਾਣਦਾ ਹੈ ਤੇ ਅਚੇਤ ਹਿਰਦਿਆਂ ਤੇ
ਸਦ-ਪ੍ਰਭਾਵ ਪਾ ਕੇ ਸਹਿਚਾਰ ਨਾਲ ਕਾਫਿਲਾ ਬਣਾਉਂਦਾ ਹੈ। ਸੱਚ ਦੇ ਰਾਹ
ਦੀਆਂ ਔਕੜਾਂ ਤੇ ਇਸ ਦੇ ਸੰਘਰਸ਼ਮਈ ਰਾਹ ਦਾ ਬਿਆਨ ਪ੍ਰਸਿਧ ਸਤਿਕਾਰਤ ਕਵਿ
ਜਨਾਬ ਸਰਦਾਰ ਸੁਰਜੀਤ ਪਾਤਰ ਜੀ ਨੇ ਵੀ ਕੀਤਾ ਹੈ ।
"ਇਨਾਂ ਸੱਚ ਵੀ ਨਾ ਬੋਲ ਕੇ ਕੱਲਾ ਰਹਿ ਜਾਂਵੇ
ਬੱਸ ਚਾਰ ਕੁ ਬੰਦੇ ਛੱਡ ਲੈ ,ਮੋਢਾ ਦੇਣ ਲਈ"
-0-
|