ਪਸੀਨਾ ਡੋਲ ਕੇ ਹੁਣ ,
ਫ਼ਸਲ ਰੀਝਾਂ ਦੀ ਹੈ ਮਹਕਾਣੀ ।
ਅਸੀਂ ਮਜਦੂਰ ਮਿਹਨਤਕਸ਼ ਕਿਤੇ ਮਜਬੂਰ ਨਾ ਜਾਣੀ ।
ਕਦੇ ਖੰਜ਼ਰ , ਕਦੇ ਤਲਵਾਰ 'ਤੇ ਨੱਚੇ ਇਸੇ ਕਾਰਨ ,
ਅਸੀਂ ਇਹ ਫੈਸਲਾ ਕਰਨਾ ਕਿਸੇ ਤੋਂ ਮਾਤ ਨਾ ਖਾਣੀ ।
ਜਦੋਂ ਇਹ ਕਾਫ਼ਿਲਾ ਤੁਰਿਆ ਨਵਾਂ ਸੂਰਜ ਚੜਾਏਗਾ ,
ਨਵਾਂ ਇਤਿਹਾਸ ਸਿਰਜੇਗਾ ਖ਼ਬਰ ਘਰ ਘਰ ਹੈ ਪਹੁੰਚਾਣੀ ।
ਬੜਾ ਹੀ ਸੇਕ ਲਗਣਾ ਹੈ ਬਣੀ ਜਦ ਲਾਟ ਧੁਖਦੀ ਅੱਗ ,
ਉਨ੍ਹਾ ਨੂੰ ਸਾੜ ਦੇਵੇਗੀ ਜੋ ਕਰਦੇ ਵੰਡ ਹਨ ਕਾਣੀ ।
ਜਿਨ੍ਹਾ ਦੇ ਨਾਲ ਬਚਪਨ ਦੇ ਕਈ ਪਲ ਸੀ ਗੁਜ਼ਾਰੇ ਮੈਂ ,
ਵਗਣ ਹੰਝੂ ਖੁਸ਼ੀ ਦੇ ਨਾਲ ਮਿਲਦੇ ਹਨ ਜਦੋਂ ਹਾਣੀ ।
ਗ਼ਜ਼ਲ ਕਹਿਣੀ ਨਹੀਂ ਆਈ ਬੜਾ ਚਿਰ ਮਸ਼ਕ ਹੈ ਕੀਤੀ ,
ਲਹੂ ਦੇ ਕੇ ਜਿਗਰ ਦਾ ਮੈਂ ਇਹ ਪਾਲੀ ਰੀਝ ਮਰ ਜਾਣੀ ।
ਤਮੰਨਾ ਜੀਣ ਦੀ ਮੇਰੀ ਨਵੇਂ ਰਾਹਾਂ ਨੂੰ ਲੱਭ ਲੈਂਦੀ ,
ਹਵਾ ਬਣਕੇ ਗੁਜ਼ਰ ਜਾਵਾਂ ਮੈਂ ਅਕਸਰ ਅੱਖ ਦੇ ਥਾਣੀ ।
ਬੁਰਾ ਕਰਨੋ ਨਾ ਹਟਦਾ ਜੋ ਬੁਰਾ ਕਰਨੋ ਹਟਾਉਣਾ ਹੈ ,
ਬੁਰੇ ਦੇ ਘਰ 'ਚ ਜਾ ਉਸਨੂੰ ਸਬਕ ਦੇਣਾ ਅਸੀਂ ਠਾਣੀ ।
ਗਿਲਾ ' ਤਨਵੀਰ " ਨੂੰ ਹੱਥੀਂ ਲਗਾਏ ਪੌਦਿਆਂ ਉੱਤੇ ,
ਰਿਹਾ ਧੁੱਪਾਂ 'ਚ ਸੜਦਾ ਪਰ ਕਿਸੇ ਦੀ ਛਾਂ ਨਹੀਂ ਮਾਣੀ ।
-0- |