ਜਨਮ: 23 ਜੁਲਾਈ, 1936, ਨੂੰ ਪਿਤਾ ਪੰਡਤ ਕਿਸ਼ਨ ਗੋਪਾਲ ਦੇ ਘਰ ਬੜਾ ਪਿੰਡ ਲੋਹਟੀਆਂ,
ਤਹਿਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿਚ ਹੋਇਆ।
ਬੜਾ ਪਿੰਡ ਜਿ਼ਲਾ ਸਿਆਲਕੋਟ (ਪਾਕਿਸਤਾਨ) ਵਿਚ ਸਿ਼ਵ ਕੁਮਾਰ ਦਾ ਘਰ ਜਿਥੇ ਉਹ ਜੰਮਿਆ
ਵਿਆਹ: ਅਰੁਣਾ ਨਾਲ 5 ਫਰਵਰੀ, 1967 ਨੂੰ ਪਠਾਨਕੋਟ ਦੇ ਗੁਲਮੋਹਰ ਹੋਟਲ ਵਿਚ। ਦੋ ਬੱਚੇ,
ਲੜਕਾ ਮਿਹਰਬਾਨ ਤੇ ਬੇਟੀ ਪੂਜਾ
ਮੌਤ: 6 ਮਈ, 1973, ਸਹੁਰੇ ਪਿੰਡ ਕਿਰ ਮੰਗਿਆਲ, ਤਹਿਸੀਲ ਪਠਾਨਕੋਟ, ਜ਼ਿਲਾ ਗੁਰਦਾਸਪੁਰ
ਸਿ਼ਵ ਦੀ ਲੋਕ ਪ੍ਰਿਅਤਾ ਵਾਰਸ ਸ਼ਾਹ ਤੋਂ ਬਾਅਦ ਦੂਜੇ ਨੰਬਰ ਤੇ ਗਿਣੀ ਜਾਂਦੀ ਹੈ।
ਉਹ 11 ਸਾਲ ਦਾ ਸੀ ਜਦ 1947 ਵਿਚ ਪਾਕਿਸਤਾਨ ਬਣਿਆ ਤੇ ਉਹ ਆਪਣੇ ਮਾਪਿਆਂ ਨਾਲ ਆਪਣਾ ਜੱਦੀ
ਪਿੰਡ ਲੋਹਟੀਆਂ, ਜ਼ਿਲਾ ਸਿਆਲਕੋਟ ਛਡ
ਕੇ ਬਟਾਲੇ ਆ ਗਿਆ। 1953 ਵਿਚ ਮੈਟਰਿਕ ਪਾਸ ਕਰਨ ਉਪਰੰਤ ਸਿ਼ਵ ਕੁਝ ਚਿਰ ਬੇਰਿੰਗ ਯੂਨੀਅਨ
ਕ੍ਰਿਸਚੀਅਨ ਕਾਲਜ ਬਟਾਲਾ ਤੇ ਫਿਰ ਐਸ. ਐਨ. ਕਾਲਜ ਕਾਦੀਆਂ ਅਗਲੇਰੀ ਪੜ੍ਹਾਈ ਲਈ ਦਾਖਲ ਹੋਇਆ
ਪਰ ਪੜ੍ਹਾਈ ਪੂਰੀ ਨਾ ਕੀਤੀ। ਕਿਓਂਕਿ ਉਹਦਾ ਪਿਤਾ ਮਾਲ ਮਹਿਕਮੇ ਵਿਚ ਨਾਇਬ ਤਹਿਸੀਲਦਾਰ ਸੀ,
ਉਸ ਨੇ ਸਿ਼ਵ ਨੂੰ ਪਟਵਾਰੀ ਦੀ ਨੌਕਰੀ ਤੇ ਲਗਵਾ ਦਿਤਾ। ਉਹਨੂੰ ਜ਼ਮੀਨਾਂ ਦੀਆਂ ਗਰਦੌਰੀਆਂ ਤੇ
ਇੰਤਕਾਲ ਕਰਨ, ਸ਼ਜਰੇ ਬਨਾਉਣ, ਖਸਰੇ ਨੰਬਰ ਦੇਣ, ਸੋਕੇ ਤੇ ਹੜ ਮਾਰੇ ਇਲਾਕਿਆਂ ਦਾ ਹਿਸਾਬ
ਰੱਖਣ, ਜ਼ਮੀਨ ਮਾਲਕਾਂ ਤੇ ਹਲ ਵਾਹਕ ਮੁਜ਼ਾਰਿਆਂ ਦੇ ਝਗੜੇ ਨਿਪਟਾਉਣ, ਜ਼ਮੀਨ ਮਾਲਕੀ ਦੀਆਂ
ਨਕਲਾਂ ਦੇਣ ਤੇ ਜ਼ਰਬਾਂ ਤਕਸੀਮਾਂ ਕਰਨ ਦਾ ਕੰਮ ਰਾਸ ਨਾ ਆਇਆ। ਉਹਦੇ ਧੁਰ ਅੰਦਰ ਰਚੇ ਸ਼ਾਇਰ
ਮਨ ਨੇ ਇਹ ਨੌਕਰੀ ਛਡਵਾ ਦਿਤੀ ਪਰ ਪੇਂਡੂ ਜੀਵਨ, ਪੰਜਾਬ ਦੇ ਸਭਿਆਚਾਰ ਅਤੇ ਨਜ਼ਾਰਿਆਂ ਦੇ
ਸੈਂਕੜੇ ਸ਼ਬਦ ਪਟਵਾਰੀ ਦੀ ਨੌਕਰੀ ਕਰਦਿਆਂ ਤਜਰਬੇ ਵਜੋਂ ਉਹਦੇ ਜ਼ਿਹਨ ਦੇ ਆਰ ਪਾਰ ਖੁਭ ਗਏ।
ਇਸ ਅਮੀਰ ਸ਼ਬਦਾਵਲੀ ਨੂੰ ਉਸ ਅਜਿਹੇ ਕਲਾਤਮਕ ਢੰਗ ਨਾਲ ਆਪਣੇ ਬ੍ਰਿਹੋਂ ਭਰਪੂਰ ਗੀਤਾਂ ਵਿਚ
ਪਰੋਇਆ ਕਿ ਇਹਨਾਂ ਗੀਤਾਂ ਦੇ ਅਰਥਾਂ ਵਿਚੋਂ ਲੋਕ ਆਪਣੀਆਂ ਪੀੜਾਂ ਹਰਨ ਲਗੇ ਜਿਵੇਂ:-
“ਯਾਦਾਂ ਦਾ ਕਰ ਲੋਗੜ ਕੋਸਾ ਦਿਲ ਨੂੰ ਕਰਾਂ ਟਕੋਰਾਂ ਮੈਂ
ਪਈ ਬ੍ਰਿਹੋਂ ਦੀ ਸੋਜ ਕਲੇਜੇ ਮੋਇਆਂ ਬਾਝ ਨਾ ਜਾਣੀ ਨੀ
ਰਾਤਾਂ ਨੂੰ ਸੁਪਨੇ ਵਿਚ ਆਉਣ ਵਾਲੀ ਮੀਨਾ ਸਿ਼ਵ ਦੀ ਜ਼ਿੰਦਗੀ ਦੀ ਪਹਿਲੀ ਕੁੜੀ ਸੀ ਜੋ ਉਸ
ਨੂੰ ਬੈਜਨਾਥ ਦੇ ਮੇਲੇ ਤੇ ਮਿਲੀ ਸੀ। ਮੀਨਾ ਕੱਚੀ ਨਹੀਂ ਸੀ ਪਰ ਜ਼ਿੰਦਗੀ ਕੱਚੀ ਨਿਕਲੀ ਤੇ
ਉਹ ਮਿਆਦੀ ਬੁਖਾਰ ਨਾਲ ਮਰ ਗਈ। ਅਲਬੇਲੇ ਤੇ ਆਸ਼ਕ ਸੁਭਾਅ ਦੇ ਮਾਲਕ, ਸਿ਼ਵ ਨੂੰ ਚੜ੍ਹਦੀ
ਜਵਾਨੀ ਵਿਚ ਪਿਆਰ ਚੋਂ ਮਿਲੀ ਨਿਰਾਸਤਾ ਤੇ ਦੁਖ ਨਾਲ ਉਹਦੇ ਅੰਦਰੋਂ ਬਿਰਹਾ ਦੇ ਗੀਤ ਲਾਵੇ
ਵਾਂਗ ਫੁਟ ਉਠੇ ਜਿਵੇਂ:-
ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਸੂਲਾਂ ਕਰ ਗਈ ਦਾਨ ਵੇ
ਅਜ ਫੁੱਲਾਂ ਦੇ ਘਰ ਮਹਿਕ ਦੀ ਆਈ ਦੂਰੋਂ ਚੱਲ ਮਕਾਣ ਵੇ
ਸਾਡੇ ਵਿਹੜੇ ਪੱਤਰ ਅੰਬ ਦੇ ਗਏ ਟੰਗ ਮਰਾਸੀ ਆਣ ਵੇ
ਕਾਗਜ਼ ਦੇ ਤੋਤੇ ਲਾ ਗਏ ਮੇਰੀ ਅਰਥੀ ਨੂੰ ਤਰਖਾਣ ਵੇ
ਤੇਰੇ ਮੋਹ ਦੇ ਲਾਲ ਗੁਲਾਬ ਦੀ ਆਏ ਮੰਜਰੀ ਡੋਰ ਚੁਰਾਣ ਵੇ
ਸਾਡੇ ਸੁੱਤੇ ਮਾਲੀ ਆਸ ਦੇ ਅਜ ਕੋਰੀ ਚਾਦਰ ਤਾਣ ਵੇ
ਮੇਰੇ ਦਿਲ ਦੇ ਮਾਨਸਰੋਵਰਾਂ ਵਿਚ ਬੈਠੇ ਹੰਸ ਪਰਾਣ ਵੇ
ਤੇਰਾ ਬਿਰਹਾ ਲਾ ਲਾ ਤੌੜੀਆਂ ਆਏ ਮੁੜ ਮੁੜ ਆਣ ਉਡਾਣ ਵੇ
ਨੀ ਮੇਰੇ ਪਿੰਡ ਦੀਓ ਕੁੜੀਓ ਚਿੜੀਓ ਆਓ ਮੈਨੂੰ ਦਿਓ ਦਿਲਾਸਾ ਨੀ
ਪੀ ਚਲਿਆ ਨੀ ਮੈਨੂੰ ਘੁਟ ਘੁਟ ਕਰ ਕੇ ਗ਼ਮ ਦਾ ਮਿਰਗ ਪਿਆਸਾ ਨੀ
ਡੋਲ੍ਹ ਇਤਰ ਮੇਰੀਂ ਜ਼ੁਲਫੀਂ ਮੈਨੂੰ ਲੈ ਚਲੋ ਕਬਰਾਂ ਵੱਲੇ ਨੀ
ਖਵਰੇ ਭੂਤ ਭੁਤਾਣੇ ਹੀ ਬਣ ਚੰਬੜ ਜਾਵਣ ਹਾਣੀ ਨੀਂ
ਸਿ਼ਵ ਮੀਨਾ ਦੇ ਸੋਗ ਵਿਚ ਫੂਹੜੀ ਪਾ ਬੈਠਾ ਰਹਿੰਦਾ ਤੇ ਉਹਦੀਆਂ ਯਾਦਾਂ ਮੁਕਾਣੇ ਔਣੋ ਨਾ
ਹਟਦੀਆਂ, ਤਾਂ ਉਸ ਲਿਖਿਆ:
ਜਿੰਦੂ ਦੇ ਬਾਗੀਂ ਦਰਦਾਂ ਦਾ ਬੂਟੜਾ ਗੀਤਾਂ ਦਾ ਮਿਰਗ ਚਰੇ
ਹਿਜਰਾਂ ਦੀ ਵਾਉ ਵਗੇ ਅਧਰੈਣੀ ਕੋਈ ਕੋਈ ਪੱਤ ਕਿਰੇ
ਸਿ਼ਵ ਛੇਤੀ ਹੀ ਪੰਜਾਬ ਦਾ ਹਰਮਨ ਪਿਆਰਾ ਸ਼ਾਇਰ ਬਣ ਗਿਆ। ਕੁੜੀਆਂ ਓਸ ਦੇ ਗੀਤ ਆਪਣੀਆਂ
ਕਾਪੀਆਂ ਵਿਚ ਉਤਾਰ ਲੈਂਦੀਆਂ ਤੇ ਕਈ ਸੂਈਆਂ ਮਾਰ ਪੋਟੇ ਚੋਂ ਖੂੰਨ ਕਢ ਆਪਣਾ ਨਾਂ ਕਾਗਜ਼ ਤੇ
ਲਿਖ ਕੇ ਉਹਨੂੰ ਦੇ ਦੇਂਦੀਆਂ। ਇਹ ਉਹ ਸਮਾਂ ਸੀ ਜਦ ਓਸਦੀ ਦੂਜੀ ਮਹਿਬੂਬਾ ਜੋ ਪੰਜਾਬੀ ਦੇ
ਪ੍ਰਸਿਧ ਲੇਖਕ ਮਿਸਟਰ ਸਿੰਘ ਦੀ ਕੁੜੀ ਵੀ ਉਹਨੂੰ ਛਡ ਕੇ ਬਦੇਸ਼ ਚਲੀ ਗਈ ਤੇ ਉਸ ਦੀ ਜੁਦਾਈ
ਦੀ ਤੜਪ ਵਿਚ ਸਿ਼ਵ ਨੇ ਮਸ਼ਹੂਰ ਗੀਤ ‘ਸਿ਼ਕਰਾ‘ ਲਿਖਿਆ:-
ਮਾਏ ਨੀ ਮਾਏ ਮੈਂ ਇਕ ਸਿ਼ਕਰਾ ਯਾਰ ਬਣਾਇਆ
ਇਕ ਉਹਦੇ ਰੂਪ ਦੀ ਧੁਪ ਤਿਖੇਰੀ ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ
ਇਕ ਉਡਾਰੀ ਓਸ ਐਸੀ ਮਾਰੀ ਉਹ ਮੁੜ ਵਤਨੀ ਨਾ ਆਇਆ
ਇਸ਼ਕੇ ਦਾ ਇਕ ਪਲੰਘ ਨਵਾਰੀ ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ ਉਸ ਪੈਰ ਜਾਂ ਪਲੰਘੇ ਪਾਇਆ
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ ਉਹਨੂੰ ਦਿਲ ਦਾ ਮਾਸ ਖਵਾਇਆ
ਮਾਏ ਨੀ ਮਾਏ ਮੈਂ ਇਕ ਸਿ਼ਕਰਾ ਯਾਰ ਬਣਾਇਆ
ਨੀ ਮੈਂ ਵਾਰੀ ਜਾਂ------
ਅਤੇ ਇਸ ਤਰ੍ਹਾਂ ਦੇ ਹੋਰ ਗੀਤ:
ਇਹ ਕਿਸ ਦੀ ਅਜ ਯਾਦ ਹੈ ਆਈ
ਚੰਨ ਦਾ ਲੌਂਗ ਬੁਰਜੀਆਂ ਵਾਲਾ, ਪਾ ਕੇ ਨੱਕ ਵਿਚ ਰਾਤ ਹੈ ਆਈ
ਪੁਤਰ ਪਲੇਠੀ ਦਾ ਮੇਰਾ ਬਿਰਹਾ, ਫਿਰੇ ਚਾਨਣੀ ਕੁੱਛੜ ਚਾਈ
ਸੱਜਣ ਜੀ, ਅਸਾਂ ਕਿਸ ਖਾਤਰ ਹੁਣ ਜੀਣਾ
ਸਾਡੇ ਮੁਖ ਦਾ ਮੈਲਾ ਚਾਨਣ, ਕਿਸ ਚੁੰਮਣਾ ਕਿਸ ਪੀਣਾ
ਸੱਜਣ ਜੀ, ਅਸਾਂ ਕਿਸ ਖਾਤਰ ਹੁਣ ਜੀਣਾ
ਜੇ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲੀ ਤੇ ਲਾਏ ਵੇ
ਕਰਮਾਂ ਦੀ ਮਹਿੰਦੀ ਦਾ ਸਜਨਾ ਰੰਗ ਕਿਵੇਂ ਦੱਸ ਚੜ੍ਹਦਾ ਵੇ
ਲੋਕਣ ਪੂਜਣ ਰੱਬ ਮੈਂ ਪੂਜਾਂ ਤੇਰਾ ਬਿਰਹੜਾ
ਸਾਨੂੰ ਸੌ ਮਕਿਆਂ ਦਾ ਹੱਜ ਵੇ ਤੇਰਾ ਬਿਰਹੜਾ
1965 ਵਿਚ ਉਸ ਨੇ ਲੂਣਾ ਲਿਖੀ ਜਿਸ ਵਿਚ ਉਸ ਨੇ ਇਸ ਸੰਕਲਪ ਨੂੰ ਅਸਵੀਕਾਰ ਕੀਤਾ ਕਿ ਲੂਣਾ
ਗਲਤ ਸੀ।
ਲੂਣਾ ਹੋਵੇ ਤਾਂ ਅਪਰਾਧਨ
ਜੇਕਰ ਅੰਦਰੋਂ ਹੋਏ ਸੁਹਾਗਣ
ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ਤੈਨੂੰ ਸ਼ਰਮ ਨਾ ਆਵੇ
ਮੈਂ ਪੂਰਨ ਦੀ ਮਾਂ
ਪੂਰਨ ਦੇ ਹਾਣ ਦੀ
1967 ਵਿਚ ਸਿ਼ਵ ਨੂੰ ਲੂਣਾ ਲਿਖਣ ਤੇ ਭਾਰਤ ਸਾਹਿਤ ਅਕਾਡਮੀ ਦਾ ਪੰਜ ਹਜ਼ਾਰ ਦਾ ਇਨਾਮ
ਮਿਲਿਆ। ਇਹ ਪ੍ਰਤਿਸ਼ਠਾਵਾਨ ਇਨਾਮ ਹਾਸਲ ਕਰਨ ਵਾਲਾ ਸਿ਼ਵ ਸਭ
ਤੋਂ ਛੋਟੀ ਉਮਰ
ਦਾ ਲੇਖਕ ਸੀ। ਆਪਣੇ ਟਿੱਚਰੀ ਸੁਭਾਅ ਕਾਰਨ ਟਿਪਣੀ ਕਰਦਿਆਂ ਉਸ ਇਕ ਮਹਿਫਲ ਵਿਚ ਕਹਿ ਦਿਤਾ
ਕਿ ਪੰਜ ਹਜ਼ਾਰ ਦਾ ਇਨਾਮ ਲੈਣ ਲਈ ਮੇਰਾ ਸੱਤ ਹਜ਼ਾਰ ਉਤੇ ਲੱਗ ਗਏ ਹਨ।
5 ਫਰਵਰੀ, 1967 ਨੂੰ ਅਰੁਣਾ ਨਾਲ ਸਿ਼ਵ ਦਾ ਵਿਆਹ ਪਠਾਨਕੋਟ ਦੇ ਗੁਲਮੋਹਰ ਹੋਟਲ ਵਿਚ ਹੋਇਆ।
ਓਸ ਦੇ ਦੋ ਬੱਚੇ ਹਨ ਮਿਹਰਬਾਨ ਤੇ ਪੂਜਾ। ਉਸਦੀ ਮੌਤ ਤੋਂ ਬਾਅਦ ਬੱਚੇ ਤੇ ਉਹਦੀ ਪਤਨੀ
ਅਰੁਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਰਹੇ ਤੇ ਪੜ੍ਹੇ। ਅਰੁਨਾ ਯੂਨੀਵਰਸਿਟੀ ਦੀ ਲਾਇਬਰੇਰੀ
ਵਿਚ ਨੌਕਰੀ ਕਰਦੀ ਸੀ ਜਿਥੋਂ ਹੁਣ ਸੇਵਾ ਮੁਕਤ ਹੋ ਚੁਕੀ ਹੈ। ਪੂਜਾ ਅਮਰੀਕਾ ਵਿਚ ਹੈ।
ਮਿਹਰਬਾਨ ਲੈਕਚਰਰ ਲੱਗਾ ਹੋਇਆ ਹੈ। ਅਕਸਰ ਕਈ ਲੋਕ ਮੈਨੂੰ ਪੁਛਦੇ ਹਨ ਕਿ ਕੀ ਸਿ਼ਵ ਵਿਆਹਿਆ
ਹੋਇਆ ਸੀ? ਮੈਨੂੰ ਉਹਨਾਂ ਦੀ ਅਗਿਆਣਤਾ ਤੇ ਹਾਸਾ ਆਉਂਦਾ ਹੈ। ਸ਼ਿਵ ਦੇ ਦੋਹਾਂ ਬੱਚਿਆਂ ਚੋਂ
ਕੋਈ ਵੀ ਲੇਖਕ ਤਾਂ ਨਹੀਂ ਬਣਿਆ ਜੋ ਜ਼ਰੂਰੀ ਵੀ ਨਹੀਂ ਪਰ ਅਰੁਨਾ ਨੂੰ ਕੋਈ ਭੁਲੇਖਾ ਨਹੀਂ
ਹੈ ਕਿ ਉਸ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਸਿ਼ਵ ਕੁਮਾਰ ਬਟਾਲਵੀ ਦੀ ਪਤਨੀ ਹੋਣ ਦਾ ਮਾਣ
ਹਾਸਲ ਹੋਇਆ। ਇਕ ਸ਼ਾਇਰ ਨਾਲ ਉਸ ਨੇ ਆਪਣੀ ਜਵਾਨੀ ਦੇ ਦਿਨ ਕਿਸ ਤਰ੍ਹਾਂ ਬਿਤਾਏ ਤੇ ਉਸਦੀ
ਮੌਤ ਤੋਂ ਬਾਅਦ ਜੀਵਨ ਕਿਵੇਂ ਬੀਤਿਆ? ਇਸ ਵਿਸ਼ੇ ਤੇ ਬਹੁਤ ਵਡੀ ਖੋਜ ਹੋ ਸਕਦੀ ਹੈ ਅਤੇ ਇਕ
ਨਹੀਂ, ਕਈ ਫਿਲਮਾਂ ਬਣ ਸਕਦੀਆਂ ਹਨ। ਪਤਾ ਨਹੀਂ ਕਿਸੇ ਨੇ ਹੌਸਲਾ ਕਿਉਂ ਨਹੀਂ ਕੀਤਾ। “ਖੇਡਣ
ਦੇ ਦਿਨ ਚਾਰ” ਫਿਲਮ ਦਾ ਹੀਰੋ ਮਨੋਹਰ ਦੀਪਕ ਕਦੇ ਕਦੇ ਸਿ਼ਵ ਦੇ ਜੀਵਨ ਬਾਰੇ ਫਿਲਮ ਬਨਾਉਣ
ਦੀ ਗੱਲ ਕਰਿਆ ਕਰਦਾ ਸੀ ਜੋ ਪੂਰੀ ਨਾ ਹੋਈ।
ਕਾਲਜੇ ਨੂੰ ਧੂ ਪਾਉਣ ਵਾਲੇ ਬਿਰਹਾ ਦੇ ਗੀਤ ਲਿਖਣ ਕੇ ਸੁਰੀਲੀ ਤੇ ਸੋਗਮਈ ਆਵਾਜ਼ ਵਿਚ ਕੰਨ
ਤੇ ਹਥ ਰਖ ਕੇ ਗਾਉਣ ਵਾਲਾ ਸ਼ਿਵ ਕੁਮਾਰ 6 ਮਈ, 1973 ਨੂੰ ਆਪਣੇ ਸਹੁਰੇ ਪਿੰਡ ਕਿਰ ਮੰਗਿਆਲ,
ਤਹਿਸੀਲ ਪਠਾਨਕੋਟ ਵਿਖੇ ਸਾਥੋਂ ਸਦਾ ਲਈ ਵਿਛੜ ਗਿਆ ਸੀ। ਜ਼ਿਆਦਾ ਸ਼ਰਾਬ ਪੀਣ ਕਰ ਕੇ ਉਹ
ਲਿਵਰ ਆਦਿ ਕਈ ਬੀਮਾਰੀਆਂ ਤੋਂ ਪੀੜਤ ਸੀ ਅਤੇ ਯਾਦਦਾਸ਼ਤ ਵੀ ਕਾਫੀ ਕਮਜ਼ੋਰ ਹੋ ਗਈ ਸੀ।
ਅੰਤਲੇ ਦਿਨਾਂ ਵਿਚ ਲਿਖੀਆਂ ਕਵਿਤਾਵਾਂ ਵੀ ਮਨ ਦੀ ਵਧ ਰਹੀ ਉਪਰਾਮਤਾ ਵਾਲੀਆਂ ਸਨ। ਉਸ ਦੇ
ਗੀਤ ਕਈ ਸਿੰਗਰਜ਼ ਜਿਵੇਂ ਜਗਜੀਤ ਸਿੰਘ ਚਿਤਰਾ ਸਿੰਘ, ਦੀਦਾਰ ਸਿੰਘ ਪਰਦੇਸੀ, ਸੁਰਿੰਦਰ
ਕੌਰ, ਜਗਜੀਤ ਜ਼ੀਰਵੀ, ਮਹਿੰਦਰ ਕਪੂਰ, ਹੰਸ ਰਾਜ ਹੰਸ ਤੇ ਹੋਰ ਕਈਆਂ ਨੇ ਗਾਏ ਹਨ। ਪੰਜਾਬ
ਯੂਨੀਵਰਸਿਟੀ ਦਾ ਅੰਗਰੇਜ਼ੀ ਦਾ ਪ੍ਰੋਫੈਸਰ ਓ. ਪੀ. ਸ਼ਰਮਾ ਉਸਨੂੰ ਪੰਜਾਬੀ ਦਾ ਕੀਟਸ ਅਤੇ
ਸ਼ੈਲੇ ਕਹਿੰਦਾ ਹੁੰਦਾ ਸੀ।
40 ਸਾਲਾਂ ਦੇ ਏਨੇ ਲੰਮੇ ਸਮੇਂ ਬਾਅਦ ਵੀ ਬਿਰਹਾ ਦੇ ਕਵੀ ਸ਼ਿਵ ਕੁਮਾਰ ਨੂੰ ਲੋਕਾਂ ਨੇ ਨਹੀਂ
ਭੁਲਾਇਆ। ਪੰਜਾਬ ਤੇ ਪੰਜਾਬੋਂ ਬਾਹਰ ਦੁਨੀਆ ਵਿਚ ਜਿੱਥੇ ਜਿੱਥੇ ਪੰਜਾਬੀ ਜਾ ਵੱਸੇ ਹਨ,
ਉਹਨਾਂ ਨੇ ਸ਼ਿਵ ਕੁਮਾਰ ਦੇ ਗੀਤਾਂ ਨੂੰ ਸੁਣਿਆ, ਮਾਣਿਆ, ਮਹਿਸੂਸਿਆ ਅਤੇ ਆਪਣੀਆਂ ਪੀੜਾਂ ਦਾ
ਕਥਾਰਸਜ਼ ਕੀਤਾ ਹੈ। ਸ਼ਿਵ ਬਿਰਹਾ ਦੀ ਕਾਵਿ-ਪੀੜਾ ਦੇ ਸੰਕਲਪ ਵਿਚ ਸੁਲਤਾਨਾਂ ਦਾ ਸੁਲਤਾਨ ਸੀ।
ਉਸ ਜਿਹਾ ਦਰਦ ਉਸ ਤੋਂ ਪਹਿਲਾਂ ਤੇ ਪਿੱਛੋਂ ਕੋਈ ਵੀ ਸ਼ਾਇਰ ਅਜ ਤਕ ਆਪਣੀਆਂ ਰਚਨਾਵਾਂ ਵਿਚ
ਪੇਸ਼ ਨਹੀਂ ਕਰ ਸਕਿਆ ਅਤੇ ਸ਼ਾਇਦ ਕਦੀ ਕੋਈ ਹੋਰ ਕਰ ਵੀ ਨਾ ਸਕੇ। ਉਸ ਨੇ ਆਪਣੀਆਂ ਕਵਿਤਾਵਾਂ
ਤੇ ਗੀਤਾਂ ਵਿਚ ਜਿੱਥੇ ਮਨ ਦੀ ਵੇਦਨਾ, ਪੀੜਾਂ ਤੇ ਹੂਕਾਂ ਨੂੰ ਸਾਰੇ ਹੱਦਾਂ ਬੰਨੇ ਤੋੜ ਕੇ
ਸਿਖਰ ਤੋਂ ਸਿਖਰ ਤੀਕ ਪੁਚਾਇਆ, ਉਸ ਦੇ ਨਾਲ ਨਾਲ ਉਸ ਆਪਣੇ ਜੀਵਨ ਵਿਚ ਵੀ ਪੀੜਾਂ ਹੰਢਾਈਆਂ।
ਉਸ ਆਪਣੀਆਂ ਰਚਨਾਵਾਂ ਵਿਚ ਅਕਸਰ ਮੌਤ, ਕਫ਼ਨ, ਗ਼ਮ, ਕਬਰਾਂ, ਯਾਦਾਂ, ਪੀੜਾਂ, ਫਰਿਆਦਾਂ,
ਕਲੇਜਾ, ਹਿਜਰ, ਹੰਝੂ, ਮੋਏ ਮਿੱਤਰ, ਅਰਥੀ, ਤਤੀਰੀ, ਰੜਕ, ਭੂਤ ਆਦਿ ਸ਼ਬਦਾਂ ਦਾ ਖੁਲ੍ਹ ਕੇ
ਵਰਨਣ ਕੀਤਾ। ਇਹ ਸ਼ਬਦ ਉਸ ਦੀ ਡੂੰਘੀ ਮਾਨਸਿਕ ਅਸੰਤੁਸ਼ਟਤਾ, ਬੇਆਰਾਮੀ, ਬੇਚੈਨੀ ਤੇ ਮੌਤ
ਨਾਲ ਸਾਂਝ ਦਾ ਰਿਸ਼ਤਾ ਦਰਸਾਉਂਦੇ ਹਨ ਜਿਵੇਂ:
ਡੋਲ੍ਹ ਇਤਰ ਮੇਰੀ ਜ਼ੁਲਫੀਂ ਮੈਨੂੰ ਲੈ ਚੱਲੋ ਕਬਰਾਂ ਵੱਲੇ ਨੀ
ਖਵਰੇ ਭੂਤ ਭੁਤਾਣੇ ਹੀ ਬਣ ਚੰਬੜ ਜਾਵਣ ਸਾਡੇ ਹਾਣੀ ਨੀ
ਕਈ ਵਾਰ ਅਤਿ ਗ਼ਮਗੀਨ ਅਵਸਥਾ ਵਿਚ ਉਹ ਖ਼ੁਦ ਵੀ ਪੀੜ ਦਾ ਮੁਜੱਸਮਾ ਲਗਦਾ ਸੀ ਤੇ ਉਸ ਕੋਲ ਆਪਣੇ
ਖੂਬਸੂਰਤ ਚਿਹਰੇ ਨੂੰ ਗ਼ਮਗੀਨ ਬਣਾਉਣ ਦੀ ਕਲਾ ਵੀ ਸੀ। ਉਹਦਾ ਇਹ ਵੀ ਕਹਿਣਾ ਸੀ ਕਿ ਇਕ
ਨਿਰੰਤਰ ਪੀੜ ਮੇਰੇ ਧੁਰ ਅੰਦਰ ਵੱਸੀ ਹੋਈ ਹੈ। ਜਿਸ ਦਾ ਕੋਈ ਇਲਾਜ ਨਹੀਂ ਹੈ ਤੇ ਨਾ ਹੀ ਉਸ
ਪੀੜ ਨੂੰ ਫੜ੍ਹਿਆ ਜਾ ਸਕਦਾ ਹੈ। ਵਕਤੀ ਤੌਰ ‘ਤੇ ਉਸ ਪੀੜ ਤੋਂ ਛੁਟਕਾਰਾ ਪਾਉਣ ਲਈ ਮੈਂ
ਸ਼ਰਾਬ ਪੀਂਦਾ ਹਾਂ ਤੇ ਸ਼ਰਾਬ ਦੇ ਨਸ਼ੇ ਵਿਚ ਉਸ ਨੂੰ ਅਣਡਿੱਠ ਕਰਨਾ ਚਾਹੁੰਦਾ ਹਾਂ ਪਰ
ਕਾਮਯਾਬੀ ਨਹੀਂ ਹੁੰਦੀ। ਸ਼ਰਾਬ ਨੇ ਮੇਰੇ ਸਾਰੇ ਜਿਸਮਾਨੀ ਤੇ ਦਿਮਾਗ਼ੀ ਢਾਂਚੇ ਨੂੰ
ਤਹਿਸ-ਨਹਿਸ ਕਰ ਦਿੱਤਾ ਹੈ। ਮੌਤ ਸਭ ਪਾਸਿਆਂ ਤੋਂ ਮੇਰੇ ਕਰੀਬ ਖੜ੍ਹੀ ਹੈ, ਪੀਣ ਨਾਲ ਵੀ,
ਨਾ ਪੀਣ ਨਾਲ ਵੀ।
ਮੈਨੂੰ 1962 ਤੋਂ 1973 ਤੀਕ ਸਿ਼ਵ ਨਾਲ ਨਾਲ ਟੁਰਨ ਤੇ ਵਿਚਰਣ ਦਾ ਮੌਕਾ ਮਿਲਿਆ। ਸੰਨ 1970
ਤੀਕ ਦਾ ਸਮਾਂ ਤਾਂ ਅਜਿਹਾ ਸੀ ਕਿ ਉਹ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਤੇ ਜੇ
ਮਿੱਟੀ ਨੂੰ ਵੀ ਹੱਥ ਲਾਉਂਦਾ ਸੀ ਤਾਂ ਉਹ ਸੋਨਾ ਬਣ ਜਾਂਦੀ ਸੀ। ਸਾਡੀਆਂ ਮੁਲਾਕਾਤਾਂ ਵਧੇਰੇ
ਕਰ ਕੇ ਅੰਮ੍ਰਿਤਸਰ ਸੁਰਗਵਾਸੀ ਕਹਾਣੀਕਾਰ ਜਗਜੀਤ ਸਿੰਘ ਆਹੂਜਾ ਦੇ ਘਰ, ਜੋ ਉਸਦੀਆਂ
ਕਵਿਤਾਵਾਂ ਦਾ ਬਹੁਤ ਵੱਡਾ ਉਪਾਸ਼ਕ ਸੀ, ਹੋਇਆ ਕਰਦੀਆਂ ਸਨ। ਆਪਣੀ ਸਟੇਟ ਬੈਂਕ ਆਫ ਪਟਿਆਲਾ
ਦੀ ਨੌਕਰੀ ਦੇ ਸਬੰਧ ਵਿਚ ਚੰਡੀਗੜ੍ਹ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਉਹਦੀਆਂ ਹਰ ਪ੍ਰਕਾਰ
ਦੀਆਂ ਗਤੀਵਿਧੀਆਂ ਦਾ ਘਰ ਸੀ ਜਿਵੇਂ ਸਾਹਿਤਕ, ਰੋਮਾਂਟਿਕ ਤੇ ਸ਼ਰਾਬ ਨੋਸ਼ੀ ਆਦਿ। ਗਰੈਂਡ
ਹੋਟਲ, ਲਾਰੰਸ ਰੋਡ ਤੇ ਮਾਲ ਰੋਡ ਤੇ ਰਿਟਜ਼ ਹੋਟਲ ਉਹਦੇ ਸ਼ਰਾਬ ਪੀਣ ਵਾਲੇ ਕੁਝ ਅੱਡਿਆਂ
ਵਿਚੋਂ ਇਕ ਸਨ। ਇਥੋਂ ਕਈ ਵਾਰ ਉਹ ਗਈ ਰਾਤ ਨੂੰ ਸ਼ਰਾਬੀ ਹਾਲਤ ਵਿਚ ਬੱਸ ਫੜ੍ਹ ਕੇ ਬਟਾਲੇ
ਚਲਾ ਜਾਂਦਾ ਸੀ। ਅਮੀਰਾਂ ਦੇ ਇਸ ਇਲਾਕੇ ਵਿਚ ਉਸ ਨੂੰ ਸ਼ਰਾਬ ਪੀਣ ਪਿਲਾਣ ਵਾਲਿਆਂ ਦੀ ਕੋਈ
ਕਮੀ ਨਹੀਂ ਸੀ। ਇਥੇ ਹੀ ਕੁਝ ਸਾਲ ਪਹਿਲਾਂ ਬਲਰਾਜ ਸਾਹਨੀ ਤੇ ਫ਼ਿਲਮੀ ਟੋਲਿਆਂ ਦੇ ਕਈ
ਕਲਾਕਾਰ ਉਹਦੀ ਸੁਹਬਤ ਤੇ ਸ਼ਰਾਬਨੋਸ਼ੀ ਦਾ ਆਨੰਦ ਮਾਣਦੇ ਤੇ ਸਾਹਿਤਕ ਮਹਿਫਲਾਂ ਜੁੜਦੀਆਂ ਅਤੇ
ਗੁਰਸ਼ਰਨ ਸਿੰਘ ਦੇ ਅਗਾਂਹ ਵਧੂ ਡਰਾਮਿਆਂ ਵਿਚ ਕੰਮ ਕਰਨ ਵਾਲੀ ਅਦਾਕਾਰਾ ਦਲਜੀਤ ਉਹਨੂੰ
ਆਪਣੀਆਂ ਅੱਖਾਂ ਵਿਚ ਬਿਠਾ ਕੇ ਝਿੰਮਣਾਂ ਦੀ ਝੱਲ ਮਾਰਦੀ।
1962 ਤੋਂ 1973 ਦੀ ਗਿਆਰਾਂ ਸਾਲਾਂ ਦੀ ਦੋਸਤੀ ਦੇ ਦੌਰਾਨ ਮੈਂ ਸ਼ਿਵ ਕੁਮਾਰ ਨੂੰ ਜ਼ਾਤੀ ਤੌਰ
ਤੇ ਬਹੁਤ ਘੱਟ ਕਵਿਤਾ ਲਿਖਦਿਆਂ ਤੇ ਗਾਉਂਦਿਆਂ ਵੇਖਿਆ ਸੀ। ਮੈਂ ਉਹਦੀਆਂ ਕਵਿਤਾਵਾਂ
ਰਸਾਲਿਆਂ ਵਿਚ ਪੜ੍ਹੀਆਂ ਸਨ ਜਾਂ ਕਿਤਾਬਾਂ ਵਿਚ। ਜਿੰਨੀਆਂ ਵੀ ਮਹਿਫਲਾਂ ਇਨ੍ਹਾਂ ਸਾਲਾਂ
ਵਿਚ ਉਸ ਨਾਲ ਜੁੜੀਆਂ, ਉਨ੍ਹਾਂ ਵਿਚ ਲੇਖਕਾਂ ਦੀ ਨਿੰਦਿਆ ਚੁਗਲੀ, ਕੁੜੀਆਂ ਦੀ ਪਿਆਰ ਤੜਫ,
ਰੜ੍ਹੇ ਹੋਏ ਗੋਟ ਮੀਟ, ਚਾਂਪਾਂ, ਤਲੀ ਹੋਈ ਮੱਛੀ, ਪੋਰਕ ਦੇ ਲੋਹ ਤੇ ਤਲੇ ਹੋਏ ਟਿੱਕੇ,
ਮੁਰਗੇ, ਤਿੱਤਰ, ਬਟੇਰੇ, ਮਾਂਹ ਦੀ ਤੜਕੀ ਹੋਈ ਦਾਲ, ਹਰੀ ਮਿਰਚ, ਹਰਾ ਪਿਆਜ਼, ਤਾਜ਼ਾ ਅਧਰਕ
ਦੀਆਂ ਫਾਂਕਾਂ, ਸ਼ਰਾਬ ਦੇ ਪੈੱਗਜ਼ ਤੇ ਪੈਸੇ ਬਣਾਉਣ ਦੇ ਢੰਗਾਂ ਬਾਰੇ ਗੱਲਾਂ ਚਲਦੀਆਂ
ਰਹਿੰਦੀਆਂ। ਪੈਸੇ ਬਣਾਉਣ ਦੇ ਢੰਗਾਂ ਦਾ ਉਹ ਗੁਰੂ ਸੀ। ਉਹਨੂੰ ਪੈਸਾ ਬਣਾਉਣਾ ਵੀ ਆਉਂਦਾ ਸੀ
ਤੇ ਉਜਾੜਨਾ ਵੀ। ਨਾ ਹੋਣ ‘ਤੇ ਉਹ ਜਿਸ ਅੱਗੇ ਵੀ ਸਵਾਲ ਪਾਂਦਾ ਸੀ, ਉਹਨੂੰ ਕੋਈ ਨਾਂਹ ਨਹੀਂ
ਸੀ ਕਰਦਾ। ਜਿਨ੍ਹਾਂ ਕਦੇ ਆਪਣੇ ਸਿਰ ਵਿਚੋਂ ਜੂੰ ਵੀ ਨਾ ਕੱਢ ਕੇ ਦਿੱਤੀ ਹੋਵੇ, ਉਹ ਇਹੋ
ਜਿਹੇ ਕੰਜੂਸ ਲੇਖਕਾਂ ਦੀਆਂ ਪਤਨੀਆਂ ਤੋਂ ਵੀ ਮਰਨ ਵਾਲਾ ਮੂੰਹ ਬਣਾ ਕੇ ਪੈਸੇ ਕਢਵਾ ਲੈਂਦਾ
ਸੀ। ਉਹ ਸਿੱਧਾ ਵਾਰ ਹੀ ਕਰਦਾ ਸੀ। “ਭਰਜਾਈ, ਦਈਂ ਅਹਿ ਵੀਹ ਕੁ ਰੁਪਏ, ਮੈਂ ਬੋਤਲ ਲੈਣੀ
ਆ।”
“ਵੇ ਬਹੁਤੀ ਨਾ ਪੀਆ ਕਰ ਰੁੜ੍ਹ ਜਾਣਿਆ, ਮਰ ਜੇਂਗਾ ਪੀ ਪੀ ਕੇ। ਅਹਿ ਲੈ ਦਸ ਤੇ ਅੱਧਾ ਲੈ
ਕੇ ਪੀ ਲਵੀਂ।” ਉਹਨੂੰ ਪਤਾ ਹੁੰਦਾ ਸੀ ਕਿ ਇਥੋਂ ਦਸ ਤੋਂ ਵੱਧ ਮਿਲਣੇ ਹੀ ਨਹੀਂ ਤੇ ਇਸੇ ਲਈ
ਉਥੋਂ ਉਹ ਮੰਗਦਾ ਈ ਵੀਹ ਹੁੰਦਾ ਸੀ।
ਸ਼ਿਵ ਕੁਮਾਰ ਦੀ ਦੋਸਤੀ ਦਾ ਘੇਰਾ ਬਹੁਤ ਵੱਡਾ ਸੀ। ਵਜ਼ੀਰਾਂ, ਅਮੀਰਾਂ, ਆਈ. ਏ. ਐੱਸ., ਆਈ.
ਪੀ. ਐਸ. ਅਫਸਰਾਂ ਤੋਂ ਲੈ ਕੇ ਦਫਤਰਾਂ ਦੇ ਚਪੜਾਸੀ ਤੇ ਰਿਕਸ਼ਿਆਂ ਟਾਂਗਿਆਂ ਵਾਲੇ ਉਹਦੇ ਯਾਰ
ਸਨ। ਜਦੋਂ ਉਹਦੀ ਜੇਬ ਵਿਚ ਪੈਸੇ ਹੁੰਦੇ ਸਨ ਤਾਂ ਉਹ ਨਹੁੰ ਲੁਹਾਈ ਜਾਂ ਚੱਪਲ ਪਾਲਸ਼ ਕਰਾਈ
ਦੇ ਉਨ੍ਹਾਂ ਸਮਿਆਂ ਵਿਚ ਦਸ ਰੁਪਏ ਦਿੰਦਾ ਸੀ। ਧੋਬੀਆਂ, ਮੋਚੀਆਂ, ਜੁਲਾਹਿਆਂ, ਪੇਂਜਿਆਂ
ਲਲਾਰੀਆਂ, ਹਲਵਾਈਆਂ, ਨਾਈਆਂ, ਚੂੜੀਗਰਾਂ, ਮਾਲਸ਼ੀਆਂ, ਸੁਨਿਆਰਿਆਂ, ਲੁਹਾਰਾਂ, ਤਰਖਾਣਾਂ,
ਬਾਜ਼ੀਗਰਾਂ, ਜੋਗੀਆਂ, ਮਾਂਦਰੀਆਂ, ਵੈਦਾਂ, ਹਕੀਮਾਂ, ਟਿੰਡਾਂ ਵਾਲੇ ਖੂਹ, ਢੋਲ ਝਵੱਕਲੀ,
ਕੁੱਤਾ ਤੇ ਗਾਧੀਆਂ ਆਦਿ ਨੂੰ ਉਹ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਦਾ ਇਕ ਵੱਡਾ ਹਿੱਸਾ
ਸਮਝਦਾ। ਜਦੋਂ ਉਹ ਮਰਨ ਦੀਆਂ ਗੱਲਾਂ ਆਮ ਕਰਦਾ ਤਾਂ ਅਸੀਂ ਉਹਦੇ ਦੋਸਤ ਉਹਨੂੰ ਮਖੌਲ ਕਰਦੇ
ਕਿ ਸ਼ਿਵ ਤੂੰ ਮਰਨਾ ਮੁਰਨਾ ਕੋਈ ਨਹੀਂ, ਸਿਰਫ ਪੀੜਾਂ ਤੇ ਮੌਤ ਦੇ ਡਰਾਮੇ ਨੂੰ ਕੈਸ਼ ਕਰਵਾ
ਰਿਹਾ ਹੈਂ। ਮੌਤ ਦੇ ਡਰਾਵੇ ਦੇ ਕੇ ਤੂੰ ਮਹਿਬੂਬ ਕੁੜੀਆਂ ਅਤੇ ਜਾਨ ਵਾਰਨ ਵਾਲੇ ਦੋਸਤਾਂ
ਨੂੰ ਬਲੈਕਮੇਲ ਕਰ ਰਿਹਾ ਹੈਂ। ਇਹੋ ਜਿਹੀਆਂ ਟਿੱਚਰਾਂ ਸੁਣ ਕੇ ਉਹ ਕਦੀ ਕਦੀ ਬੜਾ ਗੰਭੀਰ ਹੋ
ਜਾਂਦਾ ਤੇ ਸਿਗਰਟ ਲਾ ਕੇ ਧੂੰਆਂ ਛੱਡਣਾ ਸ਼ੁਰੂ ਕਰ ਦਿੰਦਾ ਜਾਂ ਗੱਲ ਨੂੰ ਹਾਸੇ ਵਿਚ ਪਾ ਕੇ
ਲਤੀਫੇਬਾਜ਼ੀ ‘ਤੇ ਉਤਰ ਆਉਂਦਾ। ਹਰ ਤਰ੍ਹਾਂ ਦੇ ਲਤੀਫਿਆਂ ਦਾ ਉਹ ਗੁਰੂ ਸੀ। ਪੇਸ਼ ਹਨ ਸ਼ਿਵ
ਕੁਮਾਰ ਦੀ ਜ਼ਿੰਦਗੀ ਦੇ ਕੁਝ ਅਜਿਹੇ ਪੱਖ ਜੋ ਇਸ ਮਹਾਨ ਸ਼ਾਇਰ ਬਾਰੇ ਜਾਣਕਾਰੀ ਵਿਚ ਹੋਰ
ਵਾਧਾ ਕਰਨਗੇ। ਚੇਤੇ ਰਹੇ ਕਿ ਹੁਣ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਵੀ ਅਦਾਰਾ “ਸੱਚ
ਸੰਗ” ਸਿ਼ਵ ਕੁਮਾਰ ਬਟਾਲਵੀ ਦੀ ਬਰਸੀ ਬੜੀ ਧੂਮ ਧਾਮ ਮਨਾਈ ਜਾਂਦੀ ਹੈ ਅਤੇ ਸਿ਼ਵ ਦਾ ਸਾਰਾ
ਕਲਾਮ ਓਥੇ ਸ਼ਾਹਮੁਖੀ ਵਿਚ ਛਪ ਚੁਕਾ ਹੈ। ਪਾਕਿਸਤਾਨ ਦੇ ਨੌਜਵਾਨ ਕੁੜੀਆਂ ਮੁੰਡੇ ਉਹਦੇ ਰੰਗ
ਵਰਗੀ ਕਵਿਤਾ ਲਿਖਣ ਲਗ ਪਏ ਹਨ।
1.
ਇਕ ਵਾਰ ਉਹਦੇ ਦੋਸਤ ਜਿਨ੍ਹਾਂ ਵਿਚ ਮਨਮੋਹਨ ਸਿੰਘ ਆਈ. ਏ. ਐੱਸ. ਵੀ ਸ਼ਾਮਿਲ ਸੀ, ਉਹਨੂੰ 16
ਸੈਕਟਰ ਚੰਡੀਗੜ੍ਹ ਦੇ ਹਸਪਤਾਲ ਦਾਖ਼ਲ ਕਰਵਾ ਆਏ ਜਿੱਥੇ ਉਹਦੀ ਸ਼ਰਾਬ ਦਾ ਇਲਾਜ ਚਲਦਾ ਸੀ। ਮੈਂ
ਇਕ ਸ਼ਾਮ ਮਿਲਣ ਗਿਆ ਤਾਂ ਕਹਿਣ ਲੱਗਾ, ਜਾ ਸਤਾਰਾਂ ਸੈਕਟਰ ‘ਚੋਂ ਵਿਸਕੀ ਦਾ ਪਊਆ ਫੜ ਲਿਆ।
ਮੈਂ ਇਨਕਾਰ ਕਰਦਿਆਂ ਕਿਹਾ ਕਿ ਜੇ ਡਾਕਟਰ ਜਾਂ ਨਰਸਾਂ ਨੂੰ ਪਤਾ ਲਗ ਗਿਆ ਤਾਂ ਫੇਰ ਕੀ
ਬਣੂੰ। ਮੈਨੂੰ ਕਹਿਣ ਲੱਗਾ ਕਿ ਤੂੰ ਯਾਰ ਹੋ ਕੇ ਡਰਦਾ ਹੈਂ। ਮੈਂ ਕਿਹਾ ਕਿ ਡਰਨ ਵਾਲੀ ਗੱਲ
ਨਹੀਂ, ਗੱਲ ਤੇਰੀ ਸਿਹਤ ਤੇ ਹਸਪਤਾਲ ਦੇ ਨੇਮਾਂ ਦੀ ਹੈ। ਫਿਰ ਕਹਿਣ ਲੱਗਾ ਕਿ ਮੇਰੇ ਮੰਜੇ
ਹੇਠਾਂ ਝਾਤੀ ਮਾਰ। ਜਦ ਮੈਂ ਝਾਤੀ ਮਾਰੀ ਤਾਂ ਉਥੇ ਵਿਸਕੀ ਦੇ ਕਈ ਖ਼ਾਲੀ ਪਊਏ ਪਏ ਹੋਏ ਸਨ।
2.
ਉਸ ਨੂੰ ਆਪਣੇ ਬਾਰੇ ਕੋਈ ਭੁਲੇਖਾ ਨਹੀਂ ਸੀ ਕਿ ਉਹ ਪੰਜਾਬੀ ਦਾ ਚੋਟੀ ਦਾ ਸ਼ਾਇਰ ਹੈ। ਕਵੀ
ਦਰਬਾਰਾਂ ਆਦਿ ‘ਤੇ ਉਹ ਦੂਜੇ ਕਵੀਆਂ ਨੂੰ ਟਿੱਚਰਾਂ ਕਰਿਆ ਕਰਦਾ ਸੀ। ਮੋਹਨ ਸਿੰਘ ਤੇ
ਅੰਮ੍ਰਿਤਾ ਪ੍ਰੀਤਮ ਦੀ ਉਹ ਕਦਰ ਕਰਦਾ ਸੀ ਪਰ ਦਿੱਲੀ ਵਾਲੇ ਡਾ. ਹਰਿਭਜਨ ਸਿੰਘ ਨੂੰ ਆਪਣੀ
ਦਾੜ੍ਹੀ ਓਹਲੇ ਲੁਕਣ ਵਾਲਾ ਫਰਾਡ ਕਹਿੰਦਾ ਸੀ। ਪਿਛੋਂ ਉਹ ਗਾਰਗੀ ਤੇ ਅੰਮ੍ਰਿਤਾ ਦੇ ਵੀ ਉਲਟ
ਬੋਲਣ ਲਗ ਪਿਆ ਸੀ ਤੇ ਅੰਤਲੇ ਦਿਨਾਂ ਵਿਚ ਤਾਂ ਸਾਰੇ ਪੰਜਾਬੀ ਲੇਖਕਾਂ ਨੂੰ ਗਾਲ੍ਹਾਂ ਕੱਢਦਾ
ਤੇ ਕੁੱਤੇ ਕਹਿੰਦਾ ਸੀ। ਆਪਣੇ ਅੰਦਰ ਦੀ ਜਵਾਲਾ ਉਸ ‘ਕੁੱਤੇ‘ ‘ਕੰਧਾਂ’ ਆਦਿ ਨਜ਼ਮਾਂ ਆਪਣੇ
ਵਿਰੁੱਧ ਬੋਲਣ ਵਾਲਿਆਂ ਨੂੰ ਤਾਅਨਾ ਮਾਰਨ ਤੇ ਭੜਾਸ ਕੱਢਣ ਲਈ ਲਿਖੀਆਂ ਸਨ। ਉਹ ਇੰਗਲੈਂਡ
ਵਾਲਿਆਂ ਨੂੰ ਗਾਲ੍ਹਾਂ ਕੱਢਦਾ ਸੀ ਜਿਨ੍ਹਾਂ ਉਸ ਨੂੰ ਬੁਲਾ ਕੇ ਪੌਂਡ ਘੱਟ ਦਿੱਤੇ ਸਨ ਤੇ
ਸਕਾਚ ਵਿਚ ਜ਼ਿਆਦਾ ਨੁਹਾਇਆ ਸੀ ਜੋ ਉਹਦੇ ਜਲਦੀ ਮਰਨ ਦੇ ਕਾਰਨਾਂ ਵਿਚ ਹੋਰ ਮਦਦਗਾਰ ਸਿੱਧ
ਹੋਈ। ਅੰਤਲੇ ਦਿਨਾਂ ਵਿਚ ਇਸ ਤਰ੍ਹਾਂ ਹੋ ਜਾਣਾ ਉਹਦੀ ਡਿਗ ਰਹੀ ਸਿਹਤ ਕਰ ਕੇ ਵੀ ਸੀ।
3.
ਸ਼ਿਵ ਨੂੰ ਸਾਹਿਤ ਅਧਿਅਨ ਦਾ ਕਾਫ਼ੀ ਸ਼ੌਕ ਸੀ ਤੇ ਪੁਰਾਤਨ ਕਾਵਿ ਦਾ ਉਸ ਨੂੰ ਡੂੰਘਾ ਗਿਆਨ ਸੀ।
ਸ਼ਰਤ ਚੰਦਰ ਚੈਟਰਜੀ ਦਾ ਨਾਵਲ ‘ਦੇਵਦਾਸ‘ ਉਹਨੂੰ ਬਹੁਤ ਪਸੰਦ ਸੀ ਤੇ ਫ਼ਿਲਮ ‘ਦੇਵਦਾਸ‘ ਵਿਚ
ਦਲੀਪ ਕੁਮਾਰ ਦੀ ਐਕਟਿੰਗ ਨੂੰ ਦੇਵਦਾਸ ਦੇ ਅੰਦਰਲੇ ਦਰਦ ਦੀ ਸਹੀ ਪ੍ਰਤੀਨਿਧਤਾ ਮੰਨਦਾ ਸੀ।
ਉਹ ਦੇਵਦਾਸ ਦੇ ਆਖਰੀ ਸਫਰ ਬਾਰੇ ਜਦੋਂ ਉਹ ਇਕ ਉਜਾੜ ਬੀਆਬਾਨ ਰੇਲਵੇ ਸਟੇਸ਼ਨ ਤੇ ਰੇਲ ਗੱਡੀ
‘ਚੋਂ ਉਤਰ ਕੇ ਬੈਲ ਗੱਡੀ ਰਾਹੀਂ ਬੀਮਾਰੀ ਦੀ ਹਾਲਤ ਵਿਚ ਆਪਣੀ ਬਚਪਨ ਦੀ ਸਹੇਲੀ ਪਾਰੋ ਦੇ
ਸਹੁਰੇ ਪਿੰਡ ਪਹੁੰਚਣਾ ਚਾਹੁੰਦਾ ਹੈ, ਦੀ ਮਾਨਸਿਕ ਸਥਿਤੀ ਬਾਰੇ ਇਕ ਮਹਾਂ-ਕਾਵਿ ਲਿਖਣਾ
ਚਾਹੁੰਦਾ ਸੀ ਅਤੇ ਇਕ ਐਸੀ ਸੁੰਦਰੀ ਬਾਰੇ ਵੀ ਲੰਮੀ ਕਵਿਤਾ ਲਿਖਣੀ ਚਾਹੁੰਦਾ ਸੀ ਜਿਸ ਦਾ ਭਰ
ਜਵਾਨੀ ਵਿਚ ਵਿਆਹ ਨਾ ਹੋ ਸਕਿਆ ਤੇ ਆਪਣੇ ਜਜ਼ਬਿਆਂ ਦੀ ਅੱਗ ਸੇਕਦੀ ਸੇਕਦੀ ਉਹ ਬੁਢਾਪੇ ਦੀ
ਠੰਢ ਵੱਲ ਵਧ ਰਹੀ ਸੀ।
4.
ਬਹੁਤ ਘੱਟ ਲੋਕੀਂ ਜਾਣਦੇ ਹਨ ਕਿ ਸ਼ਿਵ ਕੁਮਾਰ ਨੂੰ ਸ਼ਿਕਾਰ ਖੇਡਣ ਦਾ ਵੀ ਬਹੁਤ ਸ਼ੌਕ ਸੀ ਤੇ
ਉਹ ਹਰ ਤਰ੍ਹਾਂ ਦੇ ਸ਼ਿਕਾਰ ਦਾ ਸ਼ੌਕੀਨ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਬੋਲਦੇ ਤਿੱਤਰਾਂ
ਦੀਆਂ ਆਵਾਜ਼ਾਂ ਉਹਨੂੰ ਮਸਤੀ ਵਿਚ ਲਿਆਉਂਦੀਆਂ ਸਨ। ਤਿੱਤਰ, ਬਟੇਰੇ, ਖਰਗੋਸ਼ ਜਾਂ ਤਿਲੀਅਰ
ਤਾਂ ਘੱਟ ਹੀ ਹੱਥ ਆਉਂਦੇ ਪਰ ਸ਼ਾਮੀਂ ਕਿਸੇ ਸ਼ਿਕਾਰੀ ਨੂੰ ਕਾਰਤੂਸ ਵੇਚ ਕੇ ਦਾਰੂ ਦਾ ਪ੍ਰਬੰਧ
ਕਰਨ ਵਿਚ ਆਸਾਨੀ ਹੋ ਜਾਂਦੀ ਸੀ। ਉਸ ਖ਼ੁਦ ਵੀ ਰਿਵਾਲਵਰ ਦਾ ਲਾਇਸੈਂਸ ਬਣਵਾਇਆ ਹੋਇਆ ਸੀ ਪਰ
ਮੌਤ ਤੀਕ ਰਿਵਾਲਵਰ ਖਰੀਦਣ ਦੀਆਂ ਸਲਾਹਾਂ ਹੀ ਕਰਦਾ ਰਿਹਾ।
5.
ਦਸੰਬਰ 1971 ਦੀ ਇਕ ਸ਼ਾਮ ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਕੁਝ ਮੁੰਡੇ
ਉਹਨੂੰ ਲੱਭਦੇ ਲੱਭਦੇ ਮੇਰੇ ਘਰ ਆ ਗਏ। ਮੈਂ ਤੇ ਸ਼ਿਵ ਸ਼ਾਮ ਦੀ ਦਾਰੂ ਦੇ ਫਿਕਰ ਵਿਚ ਉਦਾਸ
ਬੈਠੇ ਉਬਾਸੀਆਂ ਲੈ ਰਹੇ ਸਾਂ। ਉਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ
ਹੋ ਰਹੇ ਕਵੀ ਦਰਬਾਰ ਲਈ ਉਹਨੂੰ ਕਹਿਣ ਆਏ ਸਨ। ਸ਼ਿਵ ਨੇ ਕਿਹਾ ਤੁਹਾਨੂੰ ਮੇਰੀ ਫੀਸ ਦਾ ਪਤਾ
ਹੈ? ਮੁੰਡੇ ਕਹਿਣ ਲੱਗੇ ਤਿੰਨ ਸੌ। ਤਿੰਨ ਸੌ ਤਾਂ ਸਾਹਿਤ ਅਕਾਦਮੀ ਦਾ ਐਵਾਰਡ ਲੈਣ ਤੋਂ
ਪਹਿਲਾਂ ਲਿਆ ਕਰਦਾ ਸਾਂ। ਹੁਣ ਮੇਰੀ ਫੀਸ ਪੰਜ ਸੌ ਹੈ। ਚਾਰ ਸੌ ‘ਤੇ ਸੌਦਾ ਹੋ ਗਿਆ। ਟੈਕਸੀ
ਤੇ ਵਿਸਕੀ ਦੇ ਪੈਸੇ ਵੱਖਰੇ। ਤਿੰਨ ਸੌ ਅਡਵਾਂਸ ਦੇ ਕੇ ਉਹ ਮੁੰਡੇ ਲੁਧਿਆਣੇ ਨੂੰ ਟੁਰ ਗਏ
ਤੇ ਅਸੀਂ ਠੇਕੇ ਨੂੰ। ਜਿੰਨਾ ਚਿਰ ਪੈਸੇ ਖਤਮ ਨਾ ਹੋਏ, ਸਿ਼ਵ ਘਰ ਨਾ ਮੁੜਿਆ।
6.
ਗਰਮੀਆਂ ਦੀ ਇਕ ਤਪਦੀ ਤੇ ਲੂਸਦੀ ਦੋਪਹਿਰ ਨੂੰ ਸਿ਼ਵ ਅਮ੍ਰਿਤਸਰ ਸੁਰਗਵਾਸੀ ਕਹਾਣੀਕਾਰ
ਜਗਜੀਤ ਸਿੰਘ ਆਹੂਜਾ ਦੇ ਘਰ ਆਇਆ। ਠੰਢਾ ਪਾਣੀ ਨਾ ਮਿਲਣ ਤੇ ਕਹਿਣ ਲੱਗਾ, ‘‘ਐਡਾ ਵਡਾ
ਠੇਕੇਦਾਰ ਬਣਿਆ ਫਿਰਦਾ ਏਂ, ਕੋਈ ਫਰਿਜ ਵੀ ਨਹੀਂ ਰਖਿਆ ਤੂੰ?‘‘
‘‘ਤੂੰ ਰਖਿਆ ਏ?” ਅਗੋਂ ਆਹੂਜੇ ਨੇ ਪੁਛਿਆ
‘‘ਹੋਰ ਨਹੀਂ ਰਖਿਆ, ਬਟਾਲੇ ਆ ਕੇ ਵੇਖ ਲਵੀਂ‘‘
ਬਟਾਲੇ ਗਿਆਂ ਕੋਕਾ ਕੋਲਾ ਵਾਲੀ ਬਰਫ ਦੀ ਪੇਟੀ ਨੂੰ ਚਿੱਟਾ ਰੰਗ ਰੋਗਣ ਹੋਇਆ ਵੇਖ ਆਹੂਜਾ
ਕਹਿਣ ਲਗਾ, ‘‘ਤੇਰੇ ਫਰਿਜ ਦੀਆਂ ਤਾਰਾਂ ਕਿਥੇ ਨੇ?‘‘
‘‘ਇਹ ਤਾਰਾਂ ਨਾਲ ਨਹੀਂ ਪਿਆਰੇ, ਬਰਫ ਨਾਲ ਚਲਦਾ ਏ‘‘। ਸਿ਼ਵ ਦਾ ਜਵਾਬ ਸੀ।
7.
ਸ਼ਿਵ ਨੂੰ ਅਤੇ ਉਸ ਨਾਲ ਬਤਾਏ ਦਿਨਾਂ ਨੂੰ ਭੁੱਲਣਾ ਬਹੁਤ ਮੁਸ਼ਕਿਲ ਹੈ। ਕਈ ਘੱਟ ਜਾਣਕਾਰੀ
ਰਖਣ ਵਾਲੇ ਲੋਕ ਅਕਸਰ ਪੁਛਦੇ ਹਨ ਕਿ ਕੀ ਸਿ਼ਵ ਦਾ ਵਿਆਹ ਹੋਇਆ ਸੀ। ਕੁਝ ਸਾਲ ਪਹਿਲਾਂ ਸਿ਼ਵ
ਦੀ ਪਤਨੀ ਅਰੁਣਾ ਟਰਾਂਟੋ ਦੇ ਪ੍ਰਸਿਧ ਟੀ ਵੀ ਹੋਸਟ ਇਕਬਾਲ ਮਾਹਲ ਅਤੇ ਕੁਲਦੀਪ ਦੀਪਕ ਆਦਿ
ਨੂੰ ਮਿਲਣ ਕੈਨੇਡਾ ਆਈ ਮੇਰੀ ਲੜਕੀ ਦੇ ਫਾਰਮ ਤੇ ਵੀ ਮਿਲਣ ਆਈ ਸੀ। ਉਹ ਪਿਛੇ ਜਹੇ ਹੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ ਰੀਟਾਇਰ ਹੋਈ ਹੈ। ਸਿ਼ਵ ਦੀ ਲੜਕੀ ਅਜ ਕੱਲ ਨਿਊਯਾਰਕ
ਰਹਿੰਦੀ ਹੈ ਤੇ ਲੜਕਾ ਲੈਕਚਰਰ ਲੱਗਾ ਹੋਇਆ ਹੈ। ਪਰਵਾਰ ਪੂਰੀ ਤਰ੍ਹਾਂ ਸੈਟਲ ਹੈ ਪਰ ਲਿਖਣ
ਵੱਲ ਅਜੇ ਤਕ ਕੋਈ ਨਹੀਂ ਗਿਆ।
8.
ਇਕ ਵਾਰ ਸਿ਼ਵ ਕੁਮਾਰ ਬਟਾਲਵੀ ਵਾਘਾ ਬਾਰਡਰ ਤੇ ਆਪਣੇ ਪਾਸਪੋਰਟ ਤੇ ਪਾਕਿਸਤਾਨ ਦੇ ਲਗੇ
ਵੀਜੇ਼ ਦੇ ਬਗੈਰ ਪਾਕਿਸਤਾਨ ਅੰਦਰ ਦਾਖਲ ਹੋਣ ਲਈ ਚਲਾ ਗਿਆ। ਜਦ ਅਧਿਕਾਰੀਆਂ ਨੇ ਕਿਹਾ ਕਿ
ਤੇਰੇ ਕੋਲ ਤਾਂ ਪਾਕਿਸਤਾਨ ਦਾ ਵੀਜ਼ਾ ਹੀ ਨਹੀਂ ਹੈ ਤਾਂ ਅਗੋਂ ਕਹਿਣ ਲੱਗਾ, ਮੈਂ ਦੋਹਾਂ
ਪੰਜਾਬਾਂ ਦੀ ਪੰਜਾਬੀ ਬੋਲੀ ਦਾ ਮੰਨਿਆ ਹੋਇਆ ਸ਼ਾਇਰ ਹਾਂ ਅਤੇ ਮੈਨੂੰ ਆਪਣੀ ਬੋਲੀ ਵਾਲੇ
ਪੰਜਾਬ ਅੰਦਰ ਦਾਖਲ ਹੋਣ ਲਈ ਵੀਜ਼ੇ ਦੀ ਕੋਈ ਲੋੜ ਨਹੀਂ ਹੈ। ਬਾਰਡਰ ਅਧਿਕਾਰੀਆਂ ਨੇ ਉਸ ਨੂੰ
ਵੀਜ਼ਾ ਨਾ ਲੱਗਾ ਹੋਣ ਤੇ ਪਿਛੇ ਮੋੜ ਦਿਤਾ। ਬਾਰਡਰਜ਼ ਤੇ ਲੱਗੇ ਅਧਿਕਾਰੀ ਕੀ ਜਾਣਦੇ ਸਨ ਕਿ
ਦੋਹਾਂ ਧਰਤੀਆਂ ਦੇ ਲੋਕਾਂ ਦੀ ਸਾਂਝੀ ਬੋਲੀ ਪੰਜਾਬੀ ਨੂੰ ਪਿਛੇ ਮੋੜ ਕੇ ਅਤੇ ਆਪਣੇ ਦਰ ਭੇੜ
ਕੇ ਉਹਨਾਂ ਨੇ ਕਿਡੀ ਵਡੀ ਇਤਿਹਾਸਕ ਅਤੇ ਅਦਬੀ ਭੁੱਲ ਕੀਤੀ ਸੀ।
ਸਿ਼ਵ ਨਾਲ ਨਿੱਜੀ ਨੇੜਤਾ ਕਰ ਕੇ ਏਨੀਆਂ ਕੁ ਯਾਦਾਂ ਜੁੜੀਆਂ ਹੋਈਆਂ ਹਨ ਕਿ ਉਹਨਾਂ ਸਭ ਨੂੰ
ਲਿਖਣਾ ਮੁਸ਼ਕਲ ਹੈ। ਸਿ਼ਵ ਨੂੰ ਯਾਦ ਰਖਣਾ ਸਭ ਪੰਜਾਬੀਆਂ ਦਾ ਫਰਜ਼ ਬਣਦਾ ਹੈ। 1966 ਵਿਚ ਉਸ
ਨੇ ਮੇਰੀ 18 ਕਹਾਣੀਆਂ ਦੀ ਕਿਤਾਬ “ਜੇ ਮੈਂ ਮਰ ਜਾਵਾਂ” ਸੰਪਾਦ ਕੀਤੀ ਸੀ ਤੇ ਜਲੰਧਰ ਦੀ
ਨਿਊ ਬੁਕ ਕੰਪਨੀ ਨੇ ਇਸ ਨੂੰ ਬਹੁਤ ਖੂਬਸੂਰਤ ਜਿਲਦ ਵਿਚ ਛਾਪਿਆ ਸੀ। ਜਦੋਂ ਉਹਦੀ ਯਾਦ
ਆਉਂਦੀ ਹੈ ਤਾਂ ਆਪ ਮੁਹਾਰੇ ਮੂੰਹ ਵਿਚੋਂ ਉਸਦੀ ਕਵਿਤਾ ਦੇ ਸ਼ਬਦ ਕਿਰ ਪੈਂਦੇ ਹਨ:-
ਰੋਜ਼ ਜਦ ਆਥਣ ਦਾ ਤਾਰਾ ਅੰਬਰਾਂ ਤੇ ਚੜ੍ਹੇਗਾ
ਕੋਈ ਯਾਦ ਤੈਨੂੰ ਕਰੇਗਾ
ਪਰਦੇਸ ਵਸਣ ਵਾਲਿਆ-----
ਲਖ ਭਾਵੇਂ ਛੁੰਗ ਕੇ
ਚੱਲਾਂ ਮੈਂ ਲਹਿੰਗਾ ਸਬਰ ਦਾ
ਯਾਦ ਤੇਰੀ ਦੇ ਕਰੀਰਾਂ
ਨਾਲ ਹੀ ਜਾ ਅੜੇਗਾ
ਪਰਦੇਸ ਵੱਸਣ ਵਾਲਿਆ-----
-0-
|