Welcome to Seerat.ca
Welcome to Seerat.ca

ਸੁਖ਼ਨ ਸੁਰਜੀਤ ਪਾਤਰ ਦੇ/ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆਂ

 

- ਸੁਰਜੀਤ ਪਾਤਰ

ਬਟਾਲਵੀ ਦੀ ਬਰਸੀ ਉਤੇ
ਸਿ਼ਵ ਕੁਮਾਰ ਬਟਾਲਵੀ ਦੀ ਯਾਦ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਬਾਂਬਾ

 

- ਹਰਜੀਤ ਅਟਵਾਲ

ਅਵਤਾਰ ਜੰਡਿਆਲਵੀ, ਤਲਵਿੰਦਰ ਅਤੇ ਰਾਮ ਸਰੂਪ ਅਣਖੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਸਾਡਾ ਵੱਡਾ ਮੰਜਾ

 

- ਸੁਖਦੇਵ ਸਿੱਧੂ

ਸਾਡੀ ਬੀਬੀ-ਸਾਡੀ ਮਾਂ

 

- ਰਜਵੰਤ ਕੌਰ ਸੰਧੂ

40ਵੀਂ ਬਰਸੀ ਤੇ / ਸਿ਼ਵ ਤੇ ਮੈਂ

 

- ਬਲਬੀਰ ਮੋਮੀ

ਸੁਰ ਸਿ਼ੰਗਾਰ

 

- ਪੂਰਨ ਸਿੰਘ ਪਾਂਧੀ

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਜਗਦੇ-ਬੁਝਦੇ ਦੀਵੇ

 

- ਵਰਿਆਮ ਸਿੰਘ ਸੰਧੂ

ਇੱਕ ਹੋਰ ਚਾਰਦੀਵਾਰੀ

 

- ਸੁਖਬੀਰ

ਥੱਲੀ ਦੀ ਵਿਰਾਸਤ

 

- ਸੁਭਾਸ਼ ਰਾਬਰਾ

ਹਲਫ਼ੀਆ ਬਿਆਨ

 

- ਰਾਜਪਾਲ ਬੋਪਾਰਾਇ

ਸੁਰਾਲ

 

- ਅਮਰਜੀਤ ਟਾਂਡਾ

ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ

 

- ਡਾ. ਰਵਿੰਦਰ ਕੌਰ ‘ਰਵੀ‘

ਅਥਰੂਆਂ ਦਾ ਦਿੱਤਾ ਦਰਦ

 

- ਬੇਅੰਤ ਗਿੱਲ ਮੋਗਾ

ਲੰਮੀ ਲੰਮੀ ਨਦੀ ਵਹੈ

 

- ਜੌਨ੍ਹ ਬਰਜਰ

ਕਤਲਗਾਹ

 

- ਵਰਿੰਦਰ

ਆਮ ਆਦਮੀ

 

- ਜਸਪ੍ਰੀਤ ਸਿੰਘ

ਸੱਚ ਆਖਾਂ ਤਾਂ ਭਾਂਬੜ ਮੱਚਦਾ ਹੈ

 

- ਅਰਸ਼ਦੀਪ ਸਿੰਘ ਦਿਉਲ

ਤੇਰੇ ਨਾਂ

 

- ਦਿਲਜੋਧ ਸਿੰਘ

ऐसे ही किसी दिन

 

- गाब्रिएल गार्सिया मार्केज

ਗ਼ਜ਼ਲ

 

- ਅਜੇ ਤਨਵੀਰ

ਕਾਮਾਗਾਟਾ ਮਾਰੂ

 

- ਵਰਿਆਮ ਸਿੰਘ ਸੰਧੂ

 
Online Punjabi Magazine Seerat

ਸਾਡੀ ਬੀਬੀ-ਸਾਡੀ ਮਾਂ
- ਰਜਵੰਤ ਕੌਰ ਸੰਧੂ

 

ਮਾਵਾਂ ਕਿਸ ਨੂੰ ਪਿਆਰੀਆਂ ਨਹੀਂ ਹੁੰਦੀਆਂ! ਕਿਸੇ ਲਈ ਠੰਡੀ-ਮਿੱਠੀ ਸਵਰਗੀ ਛਾਂ, ਕਿਸੇ ਲਈ ਧਰਤੀ ਵਰਗਾ ਧੀਰਜ ਤੇ ਧਰਵਾਸ, ਕਿਸੇ ਲਈ ਬੇਫਿ਼ਕਰੀ ਵਾਲੀ ਡੂੰਘੀ ਨੀਂਦੇ ਸੌਣ ਵਾਲੀ ਨਿੱਘੀ ਗੋਦ।
ਧੀਆਂ ਦੀ ਤਾਂ ਧਿਰ ਹੁੰਦੀਆਂ ਨੇ ਮਾਵਾਂ। ਸਭ ਤੋਂ ਨੇੜਲੀਆਂ ਹਮਰਾਜ਼। ਮਿਲ ਬੈਠ ਕੇ ‘ਨਿੱਕੀਆਂ ਨਿੱਕੀਆਂ ਗਲੋੜੀਆਂ ਕਰਨ ਵਾਲੀਆਂ।’ ਪਰਿਵਾਰਾਂ ਦਾ ਦੁੱਖ ਚੁੱਕਣ ਵਾਲੀਆਂ। ਧੀਆਂ ਦਾ ਭਾਰ ਹੌਲਾ ਕਰਨ ਵਾਲੀਆਂ। ਸਭ ਤੋਂ ਵੱਡਾ ਆਸਰਾ।
ਸਾਰੀਆਂ ਮਾਵਾਂ ਅਜਿਹੀਆਂ ਹੀ ਹੁੰਦੀਆਂ ਨੇ। ਪਰ ਮੇਰੀ ਮਾਂ ਤਾਂ ਮੇਰੀ ਮਾਂ ਹੈ। ਮੈਂ ਤਾਂ ਆਪਣੀ ਮਾਂ ਦੀ ਗੱਲ ਹੀ ਕਰ ਸਕਦੀ ਹਾਂ। ਮਾਂ ਨੂੰ ਜਹਾਨੋਂ ਤੁਰ ਗਿਆਂ ਇਕ ਦਹਾਕਾ ਲੰਘ ਚੁੱਕਾ ਹੈ ਪਰ ਮੈਂ ਤਾਂ ਅਜੇ ਵੀ ਉਹਦੀ ਗੋਦ ਵਿਚ ਸਿਰ ਰੱਖ ਕੇ ਸੁਤੀ ਹਾਂ। ਸੁਪਨੇ ਵਿਚ ਰੀਲ ਚੱਲਦੀ ਹੈ। ਮਾਂ ਦਾ ਜੀਵਨ ਮੁੱਢ ਤੋ ਲੈ ਕੇ ਉਧੜਨਾ ਸ਼ੁਰੂ ਹੋ ਜਾਂਦਾ ਹੈ।
ਮਾਂ ਔਰਤ ਵੀ ਤਾਂ ਹੁੰਦੀ ਹੈ। ਔਰਤ ਦੀ ਹੋਣੀ ਭੋਗਣਾ ਉਹਦੀ ਸਮਾਜ ਵੱਲੋਂ ਨਿਸਚਿਤ ਕਰ ਦਿੱਤੀ ਕਿਸਮਤ ਵੀ ਆਖੀ ਜਾ ਸਕਦੀ ਹੈ। ਦੁਆਬੇ ਦੇ ਪਿੰਡ ਸਾਰੋਬਾਦ ਵਿਚ ‘ਜਾਗੀਰਦਾਰ’ ਵੱਜਦੇ ਹੁੰਦਲਾਂ ਦੇ ਘਰ ਜੰਮੀ ਸੀ ਮੇਰੀ ਮਾਂ। ‘ਜਾਗੀਰਦਾਰੀ’ ਘਰ ਵਿਚ ਜੰਮੀ ਕੁੜੀ ਨੂੰ ਜਾਗੀਰਦਾਰੀ ਕਦਰਾਂ ਕੀਮਤਾਂ ਦਾ ਦੁਖਾਂਤ ਵੀ ਤਾਂ ਭੋਗਣਾ ਸੀ। ਉਹ ਆਪਣੇ ਬਾਪ ਦੀ ਦੂਜੀ ਔਲਾਦ ਸੀ। ਦੂਜੀ ਧੀ। ਦੂਜਾ ਪੱਥਰ। ਪੱਥਰ ਕੀ ਕਿਸੇ ਨੇ ਸਿਰ ‘ਚ ਮਾਰਨਾ ਸੀ! ਪਿਉ ਤਾਂ ਪਹਿਲੇ ਪੱਥਰ ਦੀ ਪੀੜ ਨਾਲ ‘ਸੀਅ! ਸੀ!!’ ਕਰ ਰਿਹਾ ਸੀ। ਉਹ ਤਾਂ ਉਡੀਕ ਰਿਹਾ ਸੀ ਪੁੱਤ ਨੂੰ। ਪੀੜਾਂ ਨੂੰ ਹਰ ਲੈਣ ਵਾਲੇ ਖ਼ਾਨਦਾਨੀ ਇਲਾਜ ਨੂੰ। ਪਰ ਦੂਜੀ ਧੀ ਤੋਂ ਬਾਅਦ ਵੀ ਤੀਜਾ ਪੱਥਰ ਸਿਰ ਵਿਚ ਆਣ ਵੱਜਾ ਤਾਂ ਪਿਓ ਨੂੰ ਲੱਗਾ ਧੀਆਂ ਤਾਂ ਉਹਨੂੰ ਉਮਰ ਤੇ ਟੱਬਰ ਦਾ ਰੋਗ ਬਣ ਕੇ ਆ ਚੰਬੜੀਆਂ ਹਨ। ਹੇਠ ਉਤੇ ਜੰਮੀਆਂ ਤਿੰਨ ਧੀਆਂ ਨੇ ਤਾਂ ਪਿਉ ਦੀ ਲਾਡਲੀ ਵਹੁਟੀ ਦੀ ਏਨੀ ਕਦਰ ਘਟਾ ਦਿੱਤੀ ਕਿ ‘ਧੀਆਂ ਨੂੰ ਜੰਮਣ ਵਾਲੀ ਇਸ ਮਸ਼ੀਨ’ ਨਾਲੋਂ ਪਿਓ ਹੌਲੀ ਹੌਲੀ ਦੂਰ ਹੋਣ ਲੱਗਾ। ਕੁਝ ਵੱਖਰਾ ਸੋਚਣ ਲੱਗਾ। ਸ਼ਾਇਦ ਠੀਕ ਹੀ ਸੋਚਦਾ ਸੀ। ਧੀਆਂ ਤਾਂ ਜੱਗ ਦਾ ਨਿਸ਼ਾਨ ਨਹੀਂ ਨਾ ਹੁੰਦੀਆਂ! ਧੀਆਂ ਤਾਂ ਪਰਾਇਆ ਧਨ ਹੁੰਦੀਆਂ ਨੇ! ਖ਼ਾਨਦਾਨ ਦੀ ਜੜ੍ਹ ਤਾਂ ਪੁੱਤ ਹੀ ਹੁੰਦਾ ਹੋਇਆ! ਉਹਨੇ ਨਵਾਂ ਵਿਆਹ ਕਰਵਾ ਲਿਆ। ਪਿਓ ਨੇ ਸਾਰਾ ਪਿਆਰ ਨਵ-ਵਿਆਹੁਤਾ ਦੀ ਝੋਲੀ ਵਿਚ ਉਲਟ ਦਿੱਤਾ।
ਹਾਲਾਤ ਦੀ ਕੈਸੀ ਟੇਢ ਵੱਜੀ। ਬੀਬੀ ਦੱਸਦੀ ਹੁੰਦੀ ਸੀ:ਨਵੀਂ ਵਿਆਹੀ ਦੇ ਘਰ ਵੀ ਧੀ ਜੰਮ ਪਈ ਪਰ ਓਧਰ ਸਾਡੀ ਨਾਨੀ ਦੇ ਘਰ ਪੁੱਤ ਜੰਮ ਪਿਆ। ਖ਼ਾਨਦਾਨ ਦਾ ਪਹਿਲਾ ਪੁੱਤ। ਨਾਨਾ ਸਾਡੀ ਨਾਨੀ ਵੱਲ ਪਰਤਣ ਲੱਗਾ ਤਾਂ ਨਵੀਂ ਵਿਆਹੀ ਦੇ ਸੱਤੀਂ ਕੱਪੜੀਂ ਅੱਗ ਲੱਗਣੀ ਹੀ ਸੀ। ਉਹਨੂੰ ਆਪਣੀ ਚੜ੍ਹਦੀ ਜਵਾਨੀ ਤੇ ਨਵੇਂ ਹੁਸਨ ਦਾ ਮਾਣ ਵੀ ਸੀ। ਉਹ ਕਿਵੇਂ ਆਪਣੇ ਪਤੀ ਨੂੰ ਸੌਕਣ ਦੇ ਨੇੜੇ ਢੁੱਕਣ ਦਿੰਦੀ। ਉਂਜ ਵੀ ਕੁਝ ਦਿਨਾਂ ਬਾਦ ਹੀ ਉਹਦੀ ਨਵ-ਜਨਮੀ ਧੀ ਦੀ ਮੌਤ ਹੋ ਗਈ। ਸੌਂਕਣ-ਸਾੜਾ ਏਨਾ ਕਿ ਨਿੱਕੀ ਨਿੱਕੀ ਗੱਲ ‘ਤੇ ਪਤੀ ਕੋਲ ਸਾਡੀ ਨਾਨੀ ਦੀਆਂ ਝੂਠੀਆਂ ਸਿ਼ਕਾਇਤਾਂ ਕਰਦੀ ਰਹਿੰਦੀ। ਸਿਰ ‘ਤੇ ਪੱਟੀ ਬੰਨ੍ਹ ਕੇ ‘ਖਣਵੱਟੀ-ਪੱਟੀ’ ਲੈ ਕੇ ਲੇਟੀ ਰਹਿੰਦੀ। ਸਾਡੇ ਮਾਮੇ ਨੂੰ ਖਿਡਾਉਂਦੀਆਂ ਤੇ ਖਿੜ-ਖਿੜ ਹੱਸਦੀਆਂ ਤਿੰਨੇ ਭੈਣਾਂ ਉਹਨੂੰ ‘ਹਿੜ-ਹਿੜ’ ਕਰਦੀਆਂ ਲੱਗਦੀਆਂ। ਮੇਰਾ ਮਾਮਾ ਉਹਨੂੰ ਫੁੱਟੀ ਅੱਖ ਨਾ ਭਾਉਂਦਾ। ਜੇ ਕਿਤੇ ਪਿਓ ਖ਼ੁਸ਼ੀ ਵਿਚ ਪੁੱਤ ਨੂੰ ਕੁੱਛੜ ਚੁੱਕਦਾ ਤਾਂ ਕਹਿਰੀ ਅੱਖਾਂ ਨਾਲ ਉਸ ਵੱਲ ਵਿੰਹਦੀ। ਗੱਲੇ ਗੱਲੇ ਸਾਡੀ ਨਾਨੀ ਨਾਲ ਲੜਨ ਬਹਿ ਜਾਂਦੀ। ਚੱਤੋ ਪਹਿਰ ਦਾ ਕਲੇਸ਼।
ਇਹ ਅਨੁਮਾਨ ਲਾਉਣਾ ਜਿ਼ਆਦਤੀ ਹੋਵੇਗਾ ਕਿ ਨਵ-ਜਾਤ ਆਪੇ ਮਰ ਗਈ ਸੀ ਜਾਂ ਮਾਰ ਦਿੱਤੀ ਗਈ ਸੀ। ਜਦੋਂ ਮੈਂ ਮਾਂ ਨੂੰ ਪੁੱਛਦੀ, “ਬੀ ਜੀ! ਮੈਨੂੰ ਤਾਂ ਲੱਗਦੈ ਕਿ ਬਾਪੂ ਜੀ ਨਾਲ ਮਿਲ ਕੇ ਦੂਜੀ ਛੋਟੀ ਨਾਨੀ ਨੇ ਕੁੜੀ ਨੂੰ ਮਾਰ ਦਿੱਤਾ ਹੋਣਾ। ਉਦੋਂ ਤਾਂ ਧੀਆਂ ਮਾਰਨ ਦਾ ਆਮ ਰਿਵਾਜ ਸੀ।”
ਬੀਬੀ ਆਖਦੀ, “ਧੀਏ! ਰੱਬ ਨੂੰ ਜਾਨ ਦੇਣੀ ਹੈ। ਨਾ ਮੈਂ ਝੂਠ ਬੋਲਾਂ ਤੇ ਨਾ ਜੂਠ ਖਾਵਾਂ। ਜਦੋਂ ਪਤਾ ਨਹੀਂ ਤਾਂ ਕਿਵੇਂ ਆਖ ਦਿਆਂ ਕਿ ਉਹਨਾਂ ਨੇ ਧੀ ਆਪ ਮਾਰੀ ਸੀ। ਕੁੜੀ ਆਪੇ ਮਰ ਗਈ ਹੋਣੀ। ਮਾਰਨਾ ਹੁੰਦਾ ਤਾਂ ਅਸੀਂ ਤਿੰਨ ਧੀਆਂ ਜੰਮੀਆਂ ਸਾਂ, ਪਿਓ ਦੇ ਘਰ। ਉਹਨੇ ਮਾਰੀਆਂ ਨਹੀਂ। ਦੂਜਾ ਵਿਆਹ ਤਾਂ ਉਹਨੇ ਪੁੱਤ ਦੀ ਆਸ ਵਿਚ ਕੀਤਾ।”
ਸੋਚਦੀ ਕਿ ਮਾਂ ਕੋਲ ਏਨਾ ਕੁ ਝੂਠ ਮਾਰਨ ਦੀ ਗੁੰਜਾਇਸ਼ ਤਾਂ ਸੀ। ਪਰ ਉਹ ਇਸ ਗੁੰਜਾਇਸ਼ ਦਾ ਲਾਭ ਨਾ ਲੈਂਦੀ। ਉਹਦੀ ਗੱਲ ਠੀਕ ਸੀ। ਮੇਰੀ ਮਾਂ ਜੂਠ ਤੇ ਝੂਠ ਦੀ ਸਖ਼ਤ ਵਿਰੋਧੀ ਸੀ। ਉਹ ਕਿਸੇ ਨੂੰ ਖਾਣ ਲਈ ਜੂਠੀ ਚੀਜ਼ ਨਾ ਦਿੰਦੀ ਤੇ ਨਾ ਕਿਸੇ ਦਾ ਜੂਠਾ ਖਾਂਦੀ ਸੀ। ਝੂਠ ਦੀ ਵੀ ਸਖ਼ਤ ਵਿਰੋਧੀ ਸੀ। ਇਹ ਦਾਅਵਾ ਨਹੀ ਕਰਦੀ ਕਿ ਉਹਨੇ ਕਦੀ ਝੂਠ ਬੋਲਿਆ ਹੀ ਨਾ ਹੋਵੇ। ਸਦਾ ਸੱਚ ਤਾਂ ਧਰਮ-ਪੁੱਤਰ ਯੁਧਿਸ਼ਟਰ ਵਰਗਿਆਂ ਤੋਂ ਵੀ ਨਾ ਬੋਲਿਆ ਗਿਆ। ਮੇਰੀ ਬੀਬੀ ਸਵਰਨ ਕੌਰ ਕੀਹਦੀ ਪਾਣੀਹਾਰ ਸੀ। ਰੋਜ਼ਮੱਰਾ ਦੀ ਜਿ਼ੰਦਗੀ ਵਿਚ ਉਹਨੂੰ ਵੀ ਸ਼ਾਇਦ ਕਈ ਵਾਰ ਝੂਠ ਬੋਲਣਾ ਪਿਆ ਹੋਵੇਗਾ। ਪਰ ਝੂਠ ਬੋਲਣ ਜਾਂ ਨਾ ਬੋਲਣ ਬਾਰੇ ਉਹਦੀਆਂ ਦੋ ਮਿਸਾਲਾਂ ਜ਼ਰੂਰ ਦੇਣਾ ਚਾਹੁੰਦੀ ਹਾਂ।
ਨਿੱਕੇ ਹੁੰਦਿਆਂ ਦੀ ਗੱਲ ਹੈ। ਸਾਡੇ ਘਰ ਦਾ ਵਿਹੜਾ ਸਾਡੇ ਚਾਚੇ ਤਾਇਆਂ ਨਾਲ ਸਾਂਝਾ ਸੀ। ਚੌਂਤਰਿਆਂ ਦੀਆਂ ਕੰਧੋਲੀਆਂ ਦਾ ਹੀ ਓਹਲਾ ਸੀ। ਲੋਹੜੀ ਦਾ ਦਿਨ ਸੀ। ਸਕਿਆਂ ‘ਚੋਂ ਭਰਜਾਈ ਨੇ ਮੀਟ ਬਣਾਇਆ। ਬੀਬੀ ਕਮਰੇ ਵਿਚ ਪਾਠ ਕਰਦੀ ਸੀ। ਭਾਬੀ ਨੇ ਮੌਕਾ ਤਕਾ ਕੇ ਵਿਹੜੇ ਵਿਚ ਖੇਡਦੀਆਂ ਸਾਨੂੰ ਦੋਵਾਂ ਨਿੱਕੀਆਂ ਭੈਣਾਂ ਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ ਤੇ ਕੌਲੀ ਵਿਚ ਮੀਟ ਪਾ ਕੇ ਖਾਣ ਨੂੰ ਦਿੱਤਾ। ਬੀਬੀ ਮੀਟ ਨਹੀਂ ਸੀ ਖਾਂਦੀ। ਖਾਣ ਵੀ ਨਹੀਂ ਸੀ ਦਿੰਦੀ। ਖਾਣਾ ਵੀ ਕੀ ਸੀ, ਜਦੋਂ ਘਰ ਵਿਚ ਬਣਨਾ ਹੀ ਨਹੀਂ ਸੀ ਤਾਂ।
“ਛੇਤੀ ਛੇਤੀ ਖਾ ਲੌ। ਚਾਚੀ ਨਾ ਵੇਖ ਲਵੇ।”
ਅਸੀਂ ਮੂੰਹ ਪੂੰਝਦੀਆਂ ਉਠੀਆਂ ਤਾਂ ਬੀਬੀ ਕਮਰੇ ਵਿਚੋਂ ਬਾਹਰ ਆ ਗਈ। ਪੁੱਛਣ ਲੱਗੀ, “ਕੀ ਖਾਧਾ ਜੇ?”
ਮੇਰੇ ਤੋਂ ਨਿੱਕੀ ਤਾਂ ਡਰਦੀ ਭੱਜ ਗਈ। ਮੈਂ ਚੁੱਪ ਕੀਤੀ ਖਲੋਤੀ ਰਹੀ। ਬੀਬੀ ਨੇ ਜ਼ੋਰ ਦੇ ਕੇ ਪੁੱਛਿਆ ਤਾਂ ਮੇਰੇ ਮੂੰਹੋਂ ਐਵੇਂ ਹੀ ਨਿਕਲ ਗਿਆ, “ਕੁਛ ਨ੍ਹੀਂ।”
ਬੀਬੀ ਨੇ ਚਪੇੜ ਮੇਰੀ ਗੱਲ੍ਹ ‘ਤੇ ਮਾਰੀ, “ਕਿਉਂ ਝੂਠ ਬੋਲਦੀ ਏਂ।”
ਮੈਂ ਸੱਚ ਦੱਸ ਦਿੱਤਾ ਕਿ ਇਕੋ ਕੌਲੀ ਵਿਚ ਦੋਵਾਂ ਭੈਣਾਂ ਨੇ ਭਾਬੀ ਵੱਲੋਂ ਦਿੱਤਾ ਮੀਟ ਖਾਧਾ ਸੀ। ਭਾਬੀ ਨੇ ਵੀ ਆ ਕੇ ਕਿਹਾ, “ਚਾਚੀ ਜੀ, ਇਹਨਾਂ ਦਾ ਕਸੂਰ ਨਹੀਂ। ਮੈਂ ਦਿੱਤਾ ਸੀ ਖਾਣ ਨੂੰ। ਦਿਨ-ਸੁਧ ਨੂੰ ਖਾ ਵੀ ਲਿਆ ਤਾਂ ਕਿਹੜੀ ਗੱਲ ਏ। ਲਾਗੇ ਬਣਦਾ ਵੇਖ ਮਨ ਕਰ ਆਉਂਦਾ ਏ ਨਿਆਣੀਆਂ ਦਾ।”
“ਹਰਜੀਤ ਕੁਰੇ! ਨਿਰ੍ਹਾ ਮੀਟ ਖਾਣ ਦੀ ਗੱਲ ਨਹੀਂ। ਇਹਨਾਂ ਜੂਠ ਵੀ ਖਾਧੀ ਤੇ ਝੂਠ ਵੀ ਬੋਲਿਆ।”
ਬਾਹੋਂ ਫੜ ਕੇ ਬੀਬੀ ਮੈਨੂੰ ਕਮਰੇ ਵਿਚ ਲੈ ਗਈ। ਮੈਂ ਰੋਣ ਲੱਗੀ ਤਾਂ ਬੀਬੀ ਨੇ ਗਲ਼ ਨਾਲ ਲਾ ਲਿਆ। ਮੈਨੂੰ ਗੋਦੀ ਵਿਚ ਲੈ ਲਿਆ ਤੇ ਅੱਖਾਂ ਭਰ ਕੇ ਕਹਿੰਦੀ, “ਧੀਏ! ਝੂਠ ਨਹੀਂ ਬੋਲੀਦਾ। ਮਾਵਾਂ ਨਾਲ ਤਾਂ ਕਦੀ ਵੀ ਨਹੀਂ। ਤੁਹਾਡੇ ਸਿਰ ‘ਤੇ ਪਿਓ ਦੀ ਛਾਂ ਨਹੀਂ ਰਹੀ। ਭਰ ਜਵਾਨੀ ਵਿਚ ਰੰਡੀ ਹੋਈ ਮੈਂ ਤੁਹਾਡੇ ਪਿਓ ਦੀ ਪਤ ਸਾਂਭ ਕੇ ਬੈਠੀ ਆਂ। ਆਪਾਂ ਮਾਵਾਂ-ਧੀਆਂ ਦੀ ਇੱਜ਼ਤ ਵੀ ਸਾਂਝੀ ਤੇ ਦੁਖ-ਸੁਖ ਵੀ। ਸਾਡੇ ਵਿਚੋਂ ਇਕ ਵੀ ਡੋਲ ਗਈ। ਸਮਝੀਂ ਇਹਨਾਂ ਮਹਿਲਾਂ ਦੀਆਂ ਨੀਹਾਂ ਹਿੱਲ ਗਈਆਂ। ਆਪਾਂ ਇਕ ਦੂਜੀ ਨਾਲ ਜੁੜ ਕੇ ਇਕ ਦੂਜੀ ਦਾ ਆਸਰਾ ਬਣਨੈਂ। ਜੇ ਆਪਣਾ ਇਕ ਦੂਜੀ ‘ਚੋਂ ਯਕੀਨ ਈ ਉਠ ਗਿਆ ਤਾਂ ਜਾਹ ਜਾਂਦੀਏ ਹੋ ਜੂ। ਧੀਏ! ਮਾਂ ਨਾਲ ਕਦੀ ਝੂਠ ਨਾ ਬੋਲੀਂ।” ਮਾਂ ਮੇਰੇ ਅੱਥਰੂ ਵੀ ਪੂੰਝ ਰਹੀ ਸੀ ਤੇ ਆਪਣੇ ਵੀ।
ਉਸਤੋਂ ਬਾਅਦ ਮੈਂ ਮੀਟ ਵੀ ਕਦੀ ਨਾ ਖਾਧਾ ਤੇ ਵਾਹ ਲੱਗਦਿਆਂ ਮਾਂ ਨਾਲ ਝੂਠ ਵੀ ਨਾ ਬੋਲਿਆ।
ਇਕ ਵਾਰ ਕਨੇਡਾ ਤੋਂ ਪਰਤ ਕੇ ਆਇਆ ਮੇਰਾ ਪੁੱਤ ਸੁਪਨ ਆਪਣੀ ਨਾਨੀ ਨਾਲ ਲਾਡ ਕਰ ਰਿਹਾ ਸੀ। ਕਹਿੰਦਾ, “ਬੀਬੀ! ਮੇਰੀਆਂ ‘ਉਹ ਗੱਲਾਂ’ ਇਹਨਾਂ ਨੂੰ ਦੱਸ ਤਾਂ ਨਹੀਂ ਦਿੱਤੀਆਂ?”
ਬੀਬੀ ਮੁਸਕਰਾ ਕੇ ਸਾਡੇ ਵੱਲ ਵੇਖਣ ਲੱਗੀ। ਬੋਲੀ ਕੁਝ ਨਾ। ਫਿਰ ਸੁਪਨ ਵੱਲ ਮੂੰਹ ਕਰਕੇ ਕਹਿੰਦੀ, “ਨਾ; ਮੈਂ ਨਹੀਂ ਦੱਸੀਆਂ।”
ਬੀਬੀ ਦਾ ਜਵਾਬ ਸੁਣ ਕੇ ਅਸੀਂ ਹੈਰਾਨ ਹੋਏ। ਸੰਧੂ ਸਾਹਿਬ ਕਹਿੰਦੇ, “ਬੀਬੀ! ਹੁਣ ਈ ਦੱਸ ਦੇ। ਕੀ ਲੁਕਾਅ ਰੱਖਦੇ ਰਹੇ ਜੇ ਸਾਡੇ ਕੋਲੋਂ ਨਾਨੀ ਦੋਹਤਾ ਰਲ ਕੇ?”
ਸੁਪਨ ਨੇ ਬੀਬੀ ਨੂੰ ਜੱਫੀ ਪਾ ਲਈ, “ਨਾ ਬੀਬੀ! ਆਪਣੇ ਰਾਜ਼ ਦੀਆਂ ਗੱਲਾਂ ਨੇ। ਇਨ੍ਹਾਂ ਨੂੰ ਨਹੀਂ ਦੱਸਣੀਆਂ।”
ਬੀਬੀ ਕਹਿੰਦੀ, “ਨਹੀਂ ਦੱਸਦੀ।”
“ਕਿਸੇ ਕੁੜੀ ਦੀ ਗੱਲ ਹੋਊ?” ਸੰਧੂ ਸਾਹਿਬ ਨੇ ਕੁਰੇਦਿਆ।
“ਤੁਹਾਨੂੰ ਕਿਉਂ ਦੱਸੀਏ, ਇਹ ਰਾਜ਼ ਦੀਆ ਗੱਲਾਂ।” ਉਹ ਮੱਛਰ ਗਿਆ। ਬੀਬੀ ਨੂੰ ਬਾਹਵਾਂ ਵਿਚ ਘੁੱਟ ਕੇ ਗਾਉਣ ਲੱਗਾ, “ਅਸੀਂ ਕਿਹਨੂੰ ਕਿਹਨੂੰ ਦੱਸੀਏ, ਇਹ ਰਾਜ਼ ਦੀਆਂ ਗੱਲਾਂ। ਚੱਲ ਬੀਬੀ, ਮੇਰੇ ਨਾਲ ਗੌਂ। ਨੀਂ ਮੈਂ ਕੀਹਨੂੰ ਕੀਹਨੂੰ ਦੱਸਾਂ ਇਹ ਰਾਜ਼ ਦੀਆਂ ਗੱਲਾਂ।”
ਬੀਬੀ ਵੀ ਸੁਪਨ ਨਾਲ ਮਿਲ ਕੇ ਬੁੱਢੇ ਕਮਜ਼ੋਰ ਹੱਥਾਂ ਨਾਲ ਤਾੜੀ ਮਾਰ ਕੇ ਬੋਲੀ, “ਮੈਂ ਕੀਹਨੂੰ ਕੀਹਨੂੰ ਦੱਸਾਂ ਰਾਜ਼ ਦੀਆਂ ਗੱਲਾਂ।” ਉਹ ਸੁਪਨ ਨਾਲ ਸਦਾ ਬੱਚਾ ਬਣ ਜਾਂਦੀ।
ਉਸਤੋਂ ਬਾਅਦ ਵੀ ਕਈ ਵਾਰ ਪੁੱਛਣ ਦੇ ਬਾਵਜੂਦ ਕਦੀ ਬੀਬੀ ਨੇ ਰਾਜ਼ ਦੀਆਂ ਗੱਲਾਂ ਸਾਨੂੰ ਨਾ ਦੱਸੀਆਂ। ਹੱਸ ਕੇ ਆਖਣਾ, “ਮੇਰੇ ਪੁੱਤ ਨੇ ਆਖਿਆ ਸੀ, ਕਿਸੇ ਨੂੰ ਨਹੀਂ ਦੱਸਣਾ।”
ਬੀਬੀ ਦੇ ਤੁਰ ਜਾਣ ਤੋਂ ਬਾਦ ਸੁਪਨ ਨੇ ਦੱਸਿਆ ਕਿ ਬੀਬੀ ਨੇ ਉਹਦੇ ਕਿਹੜੇ ਕਿਹੜੇ ਭੇਤ ਸਾਂਭੇ ਹੋਏ ਸਨ। ਸਾਨੂੰ ਬੀਬੀ ਦੇ ਭੇਤ ਨੂੰ ਪਚਾਅ ਕੇ ਰੱਖਣ ਵਾਲੇ ‘ਹਾਜ਼ਮੇ’ ‘ਤੇ ਹੈਰਾਨੀ ਹੋਈ। ਮੈਨੂੰ ਕਿਸੇ ਸਿਆਣੇ ਦੇ ਬੋਲ ਚੇਤੇ ਆਏ, “ਜੇ ਤੁਸੀਂ ਸੱਚ ਨਹੀਂ ਬੋਲ ਸਕਦੇ ਤਾਂ ਝੂਠ ਵੀ ਨਾ ਬੋਲੋ। ਬੱਸ ਚੁੱਪ ਕਰ ਜਾਵੋ।”
ਭੇਤ ਤਾਂ ਭਾਵੇਂ ਕੋਈ ਏਡੇ ਵੱਡੇ ਨਹੀਂ ਸਨ। ਕੋਈ ਕੁੜੀ ਚੰਗੀ ਲੱਗਣੀ ਤਾਂ ਉਹਨੇ ਬੀਬੀ ਨੂੰ ਦੱਸਣਾ। ਕਿਸੇ ਯਾਰ ਦੋਸਤ ਨਾਲ ਮਿਲ ਕੇ ਕੋਈ ਖ਼ੁਰਾਫ਼ਾਤ ਕੀਤੀ ਹੋਣੀ ਤਾਂ ਬੀਬੀ ਨਾਲ ਸਾਂਝ ਕਰ ਲੈਣੀ। ਸਕੂਲ ਪੜ੍ਹਦੇ ਸਮੇਂ, ਸਾਨੂੰ ਬਿਨ ਦੱਸਿਆਂ, ਕਿਸੇ ਦੂਜੇ ਸ਼ਹਿਰ ਮੇਲਾ-ਗੇਲਾ ਵੇਖਣ ਯਾਰਾਂ ਨਾਲ ਤੁਰ ਜਾਣਾ। ਸਾਡੀ ਫਿਕਰ ਵਿਚ ਜਾਨ ਸੁੱਕਣੀ। ਪਰ ਬੀਬੀ ਨੂੰ ਗੱਲ ਦਾ ਪਤਾ ਹੋਣਾ। ਪਤਾ ਛੱਡੋ, ਜਾਣ ਲਈ ਖ਼ਰਚਾ-ਪਾਣੀ ਵੀ ਬੀਬੀ ਨੇ ਦਿੱਤਾ ਹੋਣਾ। ਬੀਬੀ ਨੇ ਸੱਚ ਤਾਂ ਨਾ ਦੱਸਣਾ ਪਰ ਝੂਠ ਵੀ ਕਦੀ ਨਾ ਬੋਲਣਾ। ਬੱਸ ਚੁੱਪ ਰਹਿਣਾ।

ਮਨ ਪਿੱਛੇ ਪਰਤਦਾ ਹੈ:
ਫਿਰ ਛੋਟੀ ਨਾਨੀ ਦੀ ਰੱਬ ਨੇ ਵੀ ਸੁਣ ਲਈ ਸੀ। ਕੁੜੀ ਦੀ ਮੌਤ ਪਿੱਛੋਂ ਉਹਦੇ ਘਰ ਵੀ ਪੁੱਤ ਨੇ ਜਨਮ ਲਿਆ। ਛੋਟੀ ਨਾਨੀ ਪਹਿਲਾਂ ਹੀ ਜ਼ੋਰਾਵਰ ਸੀ। ਹੁਣ ਪੂਰੀ ਘਰਵਾਲੀ ਬਣ ਗਈ। ਇਕ ਤੋਂ ਬਾਅਦ ਇਕ ਪੁੱਤ ਜੰਮਦਾ ਗਿਆ। ਪੂਰੇ ਚਾਰ ਪੁੱਤਾਂ ਦੀ ਮਾਂ ਘਰ ਦੀ ਪੂਰੀ ਮਾਲਕਣ ਬਣ ਗਈ। ਵੱਡੇ ਘਰ ਤੇ ਵੱਡੀ ਹਵੇਲੀ ਵਾਲੀ ਸਾਡੀ ਨਾਨੀ ਦਾ ਥਾਂ ਉਸ ਘਰ ਵਿਚ ਘਟਦਾ ਘਟਦਾ ਏਨਾ ਘਟ ਗਿਆ ਕਿ ਆਪਣੇ ਚਾਰ ਜੀਆਂ ਨੂੰ ਲੈ ਕੇ ਉਹ ਇਕ ਕੋਠੜੀ ਵਿਚ ਸੁੰਗੜ ਗਈ। ਨੌਕਰਾਣੀ ਬਣ ਕੇ ਦਿਨ ਲੰਘਾਉਣ ਲੱਗੀ। ਮਾਵਾਂ ਧੀਆਂ ਰਲ ਕੇ ਘਰ ਦਾ ਚੁੱਲ੍ਹਾ-ਚੌਂਕਾ ਕਰਦੀਆਂ, ਕੱਪੜੇ ਧੋਂਦੀਆਂ, ਭਾਂਡੇ ਮਾਂਜਦੀਆਂ। ਮੇਰੀ ਮਾਂ ਤੇ ਮਾਸੀਆਂ ਆਪਣੇ ਪੁੱਤ ਤੇ ਭਰਾ ਨੂੰ ਛੱਡ ਕੇ ਮਤਰੇਏ ਪੁੱਤਾਂ ਤੇ ਭਰਾਵਾਂ ਦੀਆਂ ਖਿਡਾਵੀਆਂ ਬਣ ਕੇ ਰਹਿ ਗਈਆਂ। ਮਾਂ-ਧੀਆਂ ਦੀ ਘਰ ਵਿਚ ਕਾਮਿਆਂ ਤੋਂ ਭੈੜੀ ਔਕਾਤ ਸੀ। ਨੌਕਰਾਂ ਤੋਂ ਵਧ ਕੇ ਕੰਮ ਕਰਨ ਦੇ ਬਾਵਜੂਦ ਉਹਨਾਂ ਨੂੰ ਨਿੱਤ ਝਿੜਕਾਂ ਪੈਂਦੀਆਂ।
ਇਹ ਬੇਇਨਸਾਫ਼ੀ ਸਾਡੇ ਨਾਨੇ ਨੂੰ ਵੀ ਤਾਂ ਦਿਸਦੀ ਹੋਊ। ਸ਼ਾਇਦ ਏਸੇ ਕਾਰਨ ਉਹਨੇ ਧੀਆਂ ਦੇ ਵਿਆਹ ਛੋਟੀ ਉਮਰ ਵਿਚ ਕਰਨ ਦੀ ਸੋਚੀ। ਕਿਸੇ ਰਿਸ਼ਤੇਦਾਰ ਦੀ ਦੱਸ ‘ਤੇ ਮਾਝੇ ਦੇ ਮਸ਼ਹੂਰ ਪਿੰਡ ਝਬਾਲ ਵਿਚ ਸਾਡੀ ਵੱਡੀ ਮਾਸੀ ਦਾ ਰਿਸ਼ਤਾ ਚੰਗੇ ਸਰਦੇ-ਪੁੱਜਦੇ ਜੱਟਾਂ ਦੇ ਘਰ ਕਰ ਦਿੱਤਾ। ਵੱਡੀ ਮਾਸੀ ਨੇ ਮੇਰੀ ਮਾਂ ਦਾ ਰਿਸ਼ਤਾ ਵੀ ਝਬਾਲ ਕਰਵਾ ਦਿੱਤਾ। ਉਸਤੋਂ ਬਾਅਦ ਛੋਟੀ ਮਾਸੀ ਦਾ ਵੀ। ਤਿੰਨੇ ਭੈਣਾਂ ਇਕੋ ਪਿੰਡ। ਦੁੱਖ-ਸੁਖ ਦੀਆਂ ਭਿਆਲ ਬਣ ਗਈਆਂ। ਵੱਡੀ ਮਾਸੀ ਮਾਮੇ ਨੂੰ ਵੀ ਕੋਲ ਲੈ ਆਈ। ਡਰਦੀ ਸੀ ਕਿ ਕਿਤੇ ਮਤਰੇਈ ਉਹਦੇ ਨਾਲ ਕੁਝ ਬੁਰਾ ਈ ਨਾ ਕਰ ਦੇਵੇ। ਪਿੱਛੇ ਰਹਿ ਗਈ ਸੀ ਇਕੱਲੀ ਜਿੰਦ, ਸਾਡੀ ਨਾਨੀ। ਦੁੱਖ ਭੋਗਣ ਦਾ ਥਾਂ। ਚਰਖ਼ਾ ਚਲਾਉਂਦੀ, ਸੂਤ ਕੱਤਦੀ, ਭਾਂਡੇ ਮਾਂਜਦੀ। ਅਣਗੌਲੀ ਤੇ ਇਕੱਲੀ। ਰੋ ਰੋ ਕੇ ਅੱਖਾਂ ਦੀ ਰੋਸ਼ਨੀ ਮਧਮ ਪੈ ਗਈ। ਪਰ ਇਸ ਗੱਲੋਂ ਮਨ ਨੂੰ ਠੰਡ ਕਿ ਧੀਆਂ ਚੰਗੇ ਘਰੀਂ ਵਿਆਹੀਆਂ ਵਰੀਆਂ ਗਈਆਂ। ਏਨਾ ਯਾਦ ਹੈ ਕਿ ਜਦੋਂ ਨਾਨੀ ਨੇ ਆਪਣੀਆਂ ਧੀਆਂ ਨੂੰ ਮਿਲਣ ਆਉਣਾ ਤਾਂ ਪਹਿਲਾਂ ਚਰਖ਼ਾ ਮੰਗਣਾ ਤੇ ਧੀਆਂ ਦੇ ਰੋਕਦਿਆਂ ਕਰਦਿਆਂ ਵੀ ਬਦੋ ਬਦੀ ਸੂਤ ਕੱਤਣ ਬਹਿ ਜਾਣਾ। ਆਖਣਾ ਕਿ ਧੀ ਦੇ ਘਰੋਂ ਓਨਾ ਚਿਰ ਕੁਝ ਨਹੀਂ ਖਾਣਾ ਜਿੰਨਾਂ ਚਿਰ ਰੋਟੀ ਦੇ ਮੁੱਲ ਦਾ ਸੂਤ ਨਾ ਕੱਤ ਲਵਾਂ।
ਮੇਰੀ ਮਾਂ ਮਸਾਂ ਬਾਰਾਂ-ਤੇਰਾਂ ਸਾਲ ਦੀ ਸੀ ਜਦੋਂ ਉਹਦਾ ਵਿਆਹ ਹੋ ਗਿਆ। ਛੋਟੀ ਮਾਸੀ ਤਾਂ ਉਸਤੋਂ ਵੀ ਛੋਟੀ ਉਮਰ ਦੀ ਵਿਆਹੀ ਗਈ। ਬੀਬੀ ਦੱਸਦੀ ਸੀ ਕਿ ਇਕ ਵਾਰ ਨਵੀਂ ਨਵੀਂ ਸਹੁਰੇ ਆਈ ਤੇਰੀ ਛੋਟੀ ਮਾਸੀ ਨੇ ਗੁਆਂਢ ਦੀਆਂ ਹਮ-ਉਮਰ ਕੁੜੀਆਂ ਨਾਲ ਰਲ ਕੇ ‘ਘਰ ਘਰ’ ਖੇਡਣਾ ਸ਼ੁਰੂ ਕਰ ਦਿੱਤਾ। ਖੇਡਦਿਆਂ ਖੇਡਦਿਆਂ ਲਾਗੇ ਪਏ ਰੂੰ ਨੂੰ ਅੱਗ ਲਾ ਦਿੱਤੀ। ਬਾਹਰੋਂ ਆ ਕੇ ਉਹਦੀ ਸੱਸ ਨੇ ਛੇਤੀ ਛੇਤੀ ਅੱਗ ਬੁਝਾਈ ਤੇ ਵਿਚੋਲਣ, ਵੱਡੀ ਮਾਸੀ, ਨੂੰ ਉਲਾਹਮਾਂ ਦਿੱਤਾ ਕਿ ਤੇਰੀ ਭੈਣ ਸਾਡਾ ਤਾਂ ਘਰ ਲੂਹ ਦੇਣ ਲੱਗੀ ਸੀ। ਠੀਕ ਹੈ; ਉਦੋਂ ਛੋਟੀ ਉਮਰੇ ਧੀਆਂ ਨੂੰ ਵਿਆਹੁਣ ਦਾ ਰਵਾਜ ਸੀ ਪਰ ਕਦੀ ਕਦੀ ਲੱਗਦਾ ਹੈ ਨਾਨੇ ਨੇ ਛੋਟੀ ਨਾਨੀ ਦੇ ਜ਼ੋਰ ਦੇਣ ‘ਤੇ ਧੀਆਂ ਨੂੰ ਗਲੋਂ ਲਾਹੁਣ ਦੇ ਇਰਾਦੇ ਨਾਲ ਹੀ ਸ਼ਾਇਦ ਇੰਜ ਕੀਤਾ ਹੋਵੇ।
ਕੁਝ ਵੀ ਸੀ। ਵਿਆਹ ਤੋਂ ਬਾਅਦ ਮੇਰੀ ਮਾਂ ਦੇ ਕੁਝ ਸਮੇਂ ਲਈ ਤਾਂ ਸਾਰੇ ਦੁੱਖ ਕੱਟੇ ਗਏ। ਪਰ ਮਾਂ ਵਾਲਾ ਦੁੱਖ ਉਹਦੇ ਵੀ ਨਾਲ ਨਾਲ ਤੁਰਨ ਲੱਗਾ। ਪਹਿਲਾਂ ਧੀ ਜੰਮੀ। ਉਸਤੋਂ ਬਾਅਦ ਮੁੜ ਤੋਂ ਧੀ। ਪਰ ਸਾਡੇ ਪਿਉ ਨੂੰ ਮਾਂ ਫਿਰ ਵੀ ਕਰਮਾਂ ਵਾਲੀ ਲੱਗਦੀ। ਸਾਡੇ ਭਰਾ ਭਗਵੰਤ ਨੇ ਜਨਮ ਲੈ ਕੇ ਉਹਨਾਂ ਦੀ ਝੋਲੀ ਖ਼ੁਸ਼ੀਆਂ ਨਾਲ ਭਰ ਦਿੱਤੀ। ਉਹ ਪਹਿਲਾਂ ਫੌਜ ਵਿਚ ਸੀ। ਫਿਰ ਫੌਜ ਛੱਡ ਕੇ ਪੁਲਿਸ ਵਿਚ ਹੋ ਗਿਆ। ਛੇਤੀ ਤਰੱਕੀ ਕਰਦਾ ਵੱਡਾ ਥਾਣੇਦਾਰ ਬਣ ਗਿਆ। ਮੇਰੀ ਬੀਬੀ ਘਰ ਬੈਠੀ ਥਾਣੇਦਾਰਨੀ ਬਣ ਗਈ। ਘਰ ਦਾ ਕੰਮ ਕਰਨ ਲਈ ਪੱਕਾ ਨੌਕਰ। ਖਾਣ-ਪੀਣ, ਪਹਿਨਣ ਦੀਆਂ ਮੌਜਾਂ। ਉਹਨੂੰ ਲੱਗਦਾ ਇਹ ਸਰਦਾਰੀਆਂ ਉਹਦੀ ਪਤਨੀ ਦੀ ਕਿਸਮਤ ਕਰ ਕੇ ਮਿਲੀਆਂ ਨੇ। ਉਹ ਉਹਨੂੰ ਲਾਹੌਰ ਆਪਣੇ ਨਾਲ ਲੈ ਗਿਆ। ਏਥੇ ਉਹ ਕਿਲ੍ਹਾ ਗੁੱਜਰ ਸਿੰਘ ਵਿਚ ਥਾਣੇ ਦਾ ਇਨਚਾਰਜ ਸੀ। ਮਾਂ ਲਈ ਇਹ ਸਭ ਤੋਂ ਭਲੇ ਦਿਨ ਸਨ।
ਪਰ ਇਕ ਦਿਨ ਦੋ ਢਾਈ ਸਾਲ ਦਾ ਭਗਵੰਤ ਗਵਾਂਢੋਂ, ਪਿਤਾ ਦੇ ਸਹਿਕਰਮੀ ਮੁਸਲਮਾਨ ਹੌਲਦਾਰ ਦੇ ਘਰੋਂ, ਉਹਦੇ ਮੁੰਡੇ ਨਾਲ ਖੇਡਦਾ ਖੇਡਦਾ ਪਤਾ ਨਹੀਂ ਕੀ ਖਾ ਆਇਆ ਕਿ ਬੇਹੋਸ਼ੀ ਵਿਚ ਧੌਣ ਸੁੱਟ ਲਈ, ਅੱਖਾਂ ਤਾੜੇ ਲੱਗ ਗਈਆਂ। ਪਲਾਂ-ਛਿਣਾਂ ਵਿਚ ਭੌਰ ਉਡਾਰੀ ਮਾਰ ਗਿਆ। ਮਾਪਿਆਂ ਦਾ ਲੱਕ ਟੁੱਟ ਗਿਆ। ਮਾਂ ਤੇ ਭੈਣਾਂ ਦੀ ਜਿ਼ੰਦਗੀ ਵਿਚ ਰੋਣ ਘੁਲ ਗਿਆ। ਪਿਤਾ ਹੌਸਲਾ ਦਿੰਦਾ। ਪਰ ਇਸ ਨਾਲ ਕੀ ਹੋਣਾ ਸੀ! ਉਤੋਂ ਦੇਸ਼-ਵੰਡ ਦਾ ਕਹਿਰ ਵਾਪਰ ਗਿਆ।
ਦੇਸ਼ ਦੀ ਵੰਡ ਵੇਲੇ ਵੀ ਸਾਡਾ ਪਿਤਾ ਓਸੇ ਥਾਣੇ ਵਿਚ ਸੀ। ਆਪਣਾ ਟੱਬਰ ਹੀ ਨਹੀਂ, ਹੋਰ ਵੀ ਕਈਆਂ ਨੂੰ ਉਹ ਟਰੱਕ ‘ਤੇ ਲੱਦ ਕੇ ਭਾਰਤ ਵਿਚ ਲੈ ਆਇਆ। ਆਪ ਉਹਦੀ ਡਿਊਟੀ ਫਿ਼ਰੋਜ਼ਪੁਰ ਲੱਗ ਗਈ। ਬੀਬੀ ਝਬਾਲ ਆਪਣੇ ਪੁਤ-ਧੀਆਂ ਨੂੰ ਲੈ ਕੇ ਸਹੁਰੇ ਘਰ ਝਬਾਲ ਰਹਿਣ ਲੱਗੀ।
ਭਗਵੰਤ ਦੇ ਤੁਰ ਜਾਣ ਬਾਅਦ ਮੇਰਾ ਜਨਮ ਹੋਇਆ। ਬੀਬੀ ਦੱਸਦੀ, “ਤੇਰੇ ਭਾਪਾ ਜੀ ਤੈਨੂੰ ਬੜਾ ਪਿਆਰ ਕਰਦੇ। ਇਕ ਵਾਰ ਤੇਰੇ ਗਾਜਰੀ ਰੰਗ ਦੀ ਫਰਾਕ ਪਾਈ ਹੋਈ ਸੀ। ਤੇਰੇ ਭਾਪਾ ਜੀ ਛੁੱਟੀ ਆਏ ਹੋਏ ਸਨ। ਤੇਰੇ ‘ਤੇ ਲਾਡ ਆਇਆ ਤੇ ਕੁੱਛੜ ਚੁੱਕ ਕੇ ਅਸਮਾਨ ਵੱਲ ਉਲਾਰ ਕੇ ਵਾਰ ਵਾਰ ਬਾਹਵਾਂ ਵਿਚ ਬੋਚ ਕੇ ਆਖਣ, “ਮੇਰੀ ਧੀ ਦਾ ਰੰਗ ਤਾਂ ਵੇਖ। ਲਾਲ, ਦਗ ਦਗ ਕਰਦਾ। ਫਰਾਕ ਦੇ ਰੰਗ ਨਾਲ ਈ ਰਲੀ ਪਈ ਏ। ਵੇਖ ਤੇਰੇ ਤੋਂ ਵੀ ਇਹਦਾ ਰੰਗ ਵੱਧ ਲਾਲ ਤੇ ਗੋਰਾ।”
ਬੀਬੀ ਬਾਰੇ ਸਾਡੀ ਵਡੇਰੀ ਉਮਰ ਦੀ ਤਾਈ ਦੱਸਦੀ ਹੁੰਦੀ, “ਤੁਹਾਡੀ ਮਾਂ ਬੜੀ ਹੌਲੀ ਜਿਹੀ ਉਮਰ ਦੀ ਸੀ ਜਦੋਂ ਵਿਆਹੀ ਆਈ। ਬੜੀ ਸੋਹਣੀ, ਲਾਲ ਦਗਦਾ ਮਘਦਾ ਰੰਗ। ਜਦੋਂ ਸਾਲੂ ਵਿਚੋਂ ਤੇਰੀ ਮਾਂ ਦੇ ਗੋਰੇ ਚਿੱਟੇ ਹੱਥ ਬਾਹਰ ਨਿਕਲੇ ਤਾਂ ਤੇਰਾ ਪਿਓ ਮੈਨੂੰ ਆਖਣ ਲੱਗਾ, “ਭਾਬੀ ਇਹਦੇ ਹੱਥਾਂ ਨੂੰ ਟੋਹ ਟੋਹ ਕੇ ਨਾ ਵੇਖ। ਵੇਖੀਂ ਕਿਤੇ ਆਪਣੇ ਹੱਥਾਂ ਦਾ ਕਾਲਾ ਰੰਗ ਇਹਦੇ ਹੱਥਾਂ ‘ਤੇ ਚੜ੍ਹਾ ਕੇ ਇਹਦੇ ਹੱਥ ਮੈਲੇ ਕਰ ਦਏਂ।”
ਸਾਡੇ ਪਿਤਾ ਨੇ ਸੱਚ-ਮੁੱਚ ਮਾਂ ਦੇ ਹੱਥ ਮੈਲੇ ਨਹੀਂ ਸਨ ਹੋਣ ਦਿੱਤੇ। ਬਜ਼ੁਰਗ ਬਾਬਾ ਜਬਰੂ, ਇਕ ਰਾਜਾ ਸਿੰਘ, ਸਾਡੇ ਘਰ ਦਾ ਰੋਟੀ ਟੁੱਕ ਵੀ ਕਰਦਾ। ਹੱਟੀ ਭੱਠੀ ਦੇ ਕੰਮ ਵੀ ਕਰਦਾ। ਬੀਬੀ ਸਾਨੂੰ ਭੈਣ ਭਰਾਵਾਂ ਨੂੰ ਨਹਾਉਂਦੀ, ਧੁਆਉਂਦੀ। ਸਾਂਭਦੀ, ਸਜਾਉਂਦੀ ਸਵਾਰਦੀ।
ਤੇ ਫਿਰ ਅਚਨਚੇਤ ਬਿਜਲੀ ਡਿੱਗੀ। ਛੱਬੀ ਜਨਵਰੀ ਦਾ ਦਿਨ ਸੀ। ਸ਼ਾਮ ਹੁੰਦਿਆਂ ਪੁਲਿਸ ਦੀ ਗੱਡੀ ਝਬਾਲ ਪਿੰਡ ਵਿਚ ਪਹੁੰਚੀ। ਵਿਚ ਸਾਡੇ ਪਿਤਾ ਦੀ ਲਾਸ਼ ਸੀ। ਪਿਤਾ ਨਾਮਵਰ ਘੋੜ-ਸਵਾਰ ਸੀ। ਘੋੜ-ਖੇਡਾਂ ਵਿਚ ਕਈ ਤਗਮੇ ਜਿੱਤ ਚੁੱਕਾ ਸੀ। ਲਾਸ਼ ਲਿਆਉਣ ਵਾਲੇ ਪੁਲਸੀਆਂ ਦੱਸਿਆ। ਅੱਜ ਵੀ ਗਣਤੰਤਰ ਦਿਹਾੜੇ ‘ਤੇ ਘੋੜ-ਸਵਾਰ ਕਰਤੱਵ ਵਿਖਾ ਰਹੇ ਸਨ। ਪਿਤਾ ਦਾ ਘੋੜਾ ਉਛਲ ਉਛਲ ਰੁਕਾਵਟਾਂ ਪਾਰ ਕਰਦਾ ਜਾ ਰਿਹਾ ਸੀ। ਇਕ ਰੁਕਾਵਟ ‘ਤੇ ਘੋੜਾ ਥੋੜਾ ਕੁ ਝਿਜਕਿਆ ਤਾਂ ਪਿਤਾ ਨੇ ਹੱਲਾ-ਸ਼ੇਰੀ ਦੇਣ ਲਈ ਲਗਾਮ ਨੂੰ ਝਟਕਾ ਦਿੱਤਾ, ਪਿੰਡੇ ਨੂੰ ਅੱਡੀ ਛੁਹਾਈ। ਘੋੜੇ ਨੇ ਕੌੜ ਮੰਨੀ। ਘੋੜਾ ਸਿੱਧਾ ਸੀਖ-ਪੌ ਹੋ ਗਿਆ ਤੇ ਸੰਤੁਲਨ ਵਿਗੜ ਜਾਣ ਕਰਕੇ ਪਿੱਠ ਪਰਨੇ ਡਿੱਗ ਪਿਆ। ਸਾਡਾ ਪਿਤਾ ਘੋੜੇ ਹੇਠਾਂ ਦੱਬਿਆ ਗਿਆ ਤੇ ਨਾਲ ਹੀ ਸਾਡੀ ਸਭਨਾਂ ਦੀ, ਮਾਂ ਤੇ ਤਿੰਨਾਂ ਭੈਣਾਂ ਦੀ, ਕਿਸਮਤ ਵੀ ਦੱਬੀ ਗਈ। ਘੋੜਾ ਨਹੀਂ ਸੀ ਡਿੱਗਾ, ਸਾਡੀ ਕਿਸਮਤ ਦੇ ਕਿੰਗਰੇ ਢਹਿ ਗਏ ਸਨ।
ਮੈਨੂੰ ਉਹਨਾਂ ਕਹਿਰ ਦੀਆਂ ਘੜੀਆਂ ਦੀ ਸੰਭਾਲ ਨਹੀਂ। ਪੌਣੇ ਦੋ ਸਾਲ ਤਾਂ ਸਾਰੀ ਉਮਰ ਸੀ ਮੇਰੀ। ਪਰ ਮਾਂ ਦੇ ਚੇਤੇ ਵਿਚ ਤਾਂ ਉਹ ਦੁਖਦਾਈ ਘੜੀਆਂ ਸਦਾ ਜਿਊਂਦੀਆਂ ਰਹੀਆਂ ਸਨ। ਕਿੰਨੇ ਸਾਲ, ਕਿੰਨੀ ਵਾਰ ਉਹਨੇ ਹਉਕੇ ਭਰਦਿਆਂ, ਅੱਥਰੂ ਵਹਾਉਂਦਿਆਂ ਇਹ ਦੁਖਦ-ਕਥਾ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਅਸੀਂ ਤਿੰਨਾਂ ਭੈਣਾਂ ਨੇ ਪਥਰਾਈ ਚੁੱਪ ਵਿਚ ਉਹਦੇ ਹੰਝੂ ਹਉਕਿਆਂ ਨਾਲ ਆਪਣੇ ਹੰਝੂ ਹਉਕੇ ਰਲਾਏ ਸਨ। ਲੋਕ ਤਾਂ ਵੱਖਰੇ ਤੇ ਵੱਡੇ ਪਰਸੰਗ ਵਿਚ ਇਹ ਕਥਨ ਦੁਹਰਾਉਂਦੇ ਰਹੇ ਹਨ ਪਰ ਮੇਰੀ ਮਾਂ ਇਹਨੂੰ ਆਪਣੇ ਨਿੱਜੀ ਦੁੱਖ ਨਾਲ ਜੋੜ ਕੇ ਆਖਦੀ, “ਛੱਬੀ ਜਨਵਰੀ ਦਾ ਉਹ ਦਿਨ ਲੋਕਾਂ ਲਈ ਹੋਊ ਕਿਸੇ ਅਜਾਦੀ ਦਾ ਦਿਨ ਪਰ ਸਾਡੇ ਲਈ ਤਾਂ ਉਹ ਬਰਬਾਦੀ ਦਾ ਦਿਨ ਸੀ।” ਅਸੀਂ ਭੈਣਾਂ ਹਰ ਸਾਲ ਇਸ ਕੋਸਿ਼ਸ ਵਿਚ ਰਹਿੰਦੀਆਂ ਕਿ ਬੀਬੀ ਨੂੰ ਸਾਲ ਬਾਅਦ ਆਉਣ ਵਾਲੇ ਛੱਬੀ ਜਨਵਰੀ ਦੇ ਦਿਨ ਦਾ ਪਤਾ ਨਾ ਲੱਗੇ ਕਿ ਅੱਜ ਛੱਬੀ ਜਨਵਰੀ ਹੈ। ਪਤਾ ਲੱਗਣ ‘ਤੇ ਉਹ ਸਾਰੀ ਦਿਹਾੜੀ ਵੈਣ ਪਾਉਂਦੀ ਰਹਿੰਦੀ। ਉਹਨੂੰ ਲੱਗਦਾ ਕਿ ਉਹਦਾ ਪਤੀ ਜਿਵੇਂ ਹੁਣੇ ਮਰਿਆ ਹੋਵੇ ਤੇ ਵਿਹੜੇ ਵਿਚ ਇਕੱਠੀ ਹੋਈ ਭੀੜ ਦੀ ਕੁਰਲਾਹਟ ਵਿਚ ਉਹਦੀ ਫ਼ੀਰੋਜ਼ਪੁਰੋਂ ਅੱਪੜੀ ਲਾਸ਼ ਪਈ ਹੋਵੇ।
ਇਕ ਵਾਰ ਸਕਿਆਂ ‘ਚੋਂ ਸਾਡੇ ਸੰਵੇਦਨਸ਼ੀਲ ਤਾਏ ਸੋਹਣ ਸਿੰਘ ਨੇ ਮੇਰੇ ਸਿਰ ‘ਤੇ ਪਿਆਰ ਦੇ ਕੇ ਅੱਖਾਂ ‘ਚ ਹੰਝੂ ਭਰ ਲਏ। ਮੈਂ ਉਦੋਂ ਨੌਕਰੀ ਕਰਨ ਲੱਗੀ ਸਾਂ। ਪਹਿਲਾਂ ਤਾਂ ਉਹਨੂੰ ਰੋਂਦਿਆਂ ਵੇਖ ਕੇ ਗੱਲ ਦੀ ਸਮਝ ਨਾ ਆਈ। ਫਿਰ ਕੁਝ ਸੋਚ ਕੇ ਮੇਰਾ ਹਾਸਾ ਨਿਕਲ ਗਿਆ। ਮੈਂ ਆਖਿਆ, “ਤਾਇਆ ਜੀ, ਅੱਜ ਪੰਦਰਾਂ ਅਗਸਤ ਹੈ, ਛੱਬੀ ਜਨਵਰੀ ਨਹੀਂ।” ਅਸਲ ਗੱਲ ਇਹ ਸੀ ਕਿ ਤਾਏ ਨੂੰ ਭੁਲੇਖਾ ਲੱਗ ਗਿਆ ਸੀ ਕਿ ਸਾਡੇ ਪਿਤਾ ਦੀ ਮੌਤ ਸ਼ਾਇਦ ਏਸ, ਪੰਦਰਾਂ ਅਗਸਤ ਵਾਲੇ ‘ਆਜ਼ਾਦੀ ਦਿਹਾੜੇ’ ਨੂੰ ਹੋਈ ਸੀ। ਪਰ ਇਕ ਗੱਲ ਤਾਂ ਜ਼ਰੂਰ ਸੀ ਕਿ ਏਨੇ ਸਾਲ ਬੀਤ ਜਾਣ ਦੇ ਬਾਅਦ ਵੀ ਸਾਡੇ ਪਿਤਾ ਦੇ ਭਰ ਜਵਾਨੀ ਵਿਚ ਤੁਰ ਜਾਣ ਦਾ ਦਰਦ ਉਹਦੇ ਭਰਾ ਦੇ ਮਨ ਵਿਚ ਤਰੋ-ਤਾਜ਼ਾ ਸੀ।
ਅਨੁਮਾਨ ਲਾਇਆ ਜਾ ਸਕਦਾ ਹੈ ਕਿ ਮੇਰੀ ਮਾਂ ਦੇ ਦਿਲ ਅੰਦਰ ਇਸ ਦਰਦ ਦੀ ਕਿੰਨੀ ਡੂੰਘੀ ਚੀਸ ਹੋਵੇਗੀ ਅਤੇ ਇਸ ਮਾਹੌਲ ਵਿਚ ਸਾਡਾ ਬਚਪਨ ਕਿਹੋ ਜਿਹਾ ਬੀਤਿਆ ਹੋਵੇਗਾ। ਪਰ ਇਸ ਅਨੁਮਾਨ ਵਿਚ ਕੁਝ ਹੋਰ ਵੀ ਜੋੜਨਾ ਚਾਹਵਾਂਗੀ। ਤਰਸ ਜਾਂ ਹਮਦਰਦੀ ਮੰਗਣ ਲਈ ਨਹੀਂ। ਜੀਵਨ ਦਾ ਸੱਚ ਬਿਆਨਣ ਲਈ। ਪੰਝੀ ਕੁ ਸਾਲ ਦੀ ਉਮਰ ਹੋਵੇਗੀ ਮਾਂ ਦੀ ਜਦੋਂ ਉਹ ਵਿਧਵਾ ਹੋ ਗਈ। ਜਿਓਂ ਜੰਮੀ ਤੇ ਬੋਦੀਓਂ ਲੰਮੀ ਵਾਲੀ ਕਹਾਵਤ ਸਾਡੀ ਮਾਂ ‘ਤੇ ਢੁਕਦੀ ਹੈ। ਪਤੀ ਦੇ ਘਰ ਵਿਚ ਲਗਭਗ ਬਾਰਾਂ ਤੇਰਾਂ ਵਰ੍ਹੇ ਦੇ ਵਿਆਹੁਤਾ ਤੇ ਲਗਭਗ ਹਰਿਆਲੇ ਜੀਵਨ ਦੇ ਉਰਾਰ ਪਾਰ ਉਹਦੇ ਲਈ ਭੁੱਜਦਾ ਹੋਇਆ ਮਾਰੂਥਲ ਸੀ। ਤਪਦੀ ਰੇਤ, ਪੈਰਾਂ ਵਿਚ ਛਾਲੇ, ਹੋਠਾਂ ‘ਤੇ ਤਪਦੀ ਪਿਆਸ। ਪਰ ਉਹਨੇ ਮਾਰੂਥਲ ਵਿਚ ਵੀ ਤਾਂ ਤੁਰਨਾ ਸੀ। ਉਹ ਆਪਣੀਆਂ ਬੋਟਾਂ ਵਰਗੀਆਂ ਧੀਆਂ ਨੂੰ ਕਿਵੇਂ ਮਾਰੂਥਲ ਦੀ ਤਪਸ਼ ਵਿਚ ਭੁੱਜਣ ਦਿੰਦੀ! ਉਹ ਡਿਗਦੀ, ਢਹਿੰਦੀ, ਉਠਦੀ ਤੇ ਅੱਗੇ ਤੁਰ ਪੈਂਦੀ। ਸਿਰ ਦੇ ਸਾਈਂ ਦੇ ਤੁਰ ਜਾਣ ਨਾਲ ਉਹਦੇ ਨਾਲ ਜੁੜੀਆਂ ਸਰਦਾਰੀਆਂ ਵੀ ਤੁਰ ਗਈਆਂ। ਪਤੀ ਦੀ ਮੌਤ ਸਮੇਂ ਮਾਂ ਗਰਭਵਤੀ ਸੀ। ਆਸ ਸੀ ਕਿ ਘਰ ਦਾ ਭਾਰ ਮੋਢਿਆਂ ‘ਤੇ ਚੁੱਕਣ ਲਈ ਸ਼ਾਇਦ ਇਸ ਵਾਰੀ ਪੁੱਤ ਜੰਮ ਪਵੇ। ਪਰ ਨਹੀਂ, ਇਕ ਧੀ ਹੋਰ ਆ ਗਈ।
ਮਾਂ ਬਹੁਤ ਦੁਖੀ ਹੋ ਗਈ। ਚਾਰ ਧੀਆਂ ਨੂੰ ਕਿਸਤਰ੍ਹਾਂ ਪਾਲੇ। ਪਿਤਾ ਦੀ ਪੈਨਸ਼ਨ ਬਹੁਤ ਥੋੜੀ ਲੱਗੀ। ਮੇਰਾ ਇਕੋ ਇਕ ਸਕਾ ਤਾਇਆ ਵੀ ਪਹਿਲਾਂ ਹੀ ਗੁਜ਼ਰ ਚੁੱਕਾ ਸੀ। ਉਸਦੇ ਲੜਕੇ ਸਾਡੇ ਤੋਂ ਕਾਫ਼ੀ ਵੱਡੇ ਸਨ ਤੇ ਫੌਜ ਵਿਚ ਨੌਕਰੀ ਕਰਦੇ ਸਨ। ਇੰਜ ਸਾਡੀ ਸਾਰੀ ਜ਼ਮੀਨ ਪਹਿਲਾਂ ਹੀ ਹਿੱਸੇ ਠੇਕੇ ‘ਤੇ ਵਗਦੀ ਸੀ। ਬੰਦਿਆਂ ਦੀ ਛਾਂ ਸਿਰ ‘ਤੇ ਨਾ ਹੋਣ ਕਰ ਕੇ ਹਿੱਸੇ-ਠੇਕੇ ਵਾਲੇ ਵੀ ਪੂਰਾ ਇਨਸਾਫ਼ ਨਾ ਕਰਦੇ। ਸਾਡਾ ਦੋਵਾਂ ਟੱਬਰਾਂ ਦਾ ਸਾਂਝਾ ਬਾਗ ਸੀ। ਦੋ ਕਿਲੇ ਵਿਚ। ਬਾਗ ਵਿਚ ਅੰਬ, ਜਾਮਨੂੰ, ਅਨਾਰ, ਅਮਰੂਦ, ਨਿੰਬੂ, ਆੜੂ ਤੇ ਸੰਤਰੇ ਦੇ ਬੂਟਿਆਂ ਨੂੰ ਫ਼ਲ ਲੱਗਦਾ ਮੈਂ ਆਪਣੀ ਸੰਭਾਲ ਵਿਚ ਆਪ ਵੇਖਿਆ। ਇਕ ਬੁੱਢੇ ਅੰਬ ‘ਤੇ ਚੜ੍ਹ ਕੇ ਰਸੇ ਅੰਬ ਤੋੜਨ ਦਾ ਮੈਨੂੰ ਅੱਜ ਵੀ ਚੇਤਾ ਹੈ। ਬੰਦਿਆਂ ਬਿਨਾਂ ਇਹ ਬਾਗ ਵੀ ਲੋਕਾਂ ਜੋਗਾ ਹੋ ਗਿਆ। ਬਾਗ ਨੂੰ ਤਬਾਹ ਹੁੰਦਾ ਵੇਖ ਕੇ ਛੁੱਟੀ ਆਏ ਮੇਰੇ ਤਾਏ ਦੇ ਛੋਟੇ ਲੜਕੇ ਨੇ ਬੀਬੀ ਦੀ ਸਲਾਹ ਨਾਲ ਬਾਗ ਕਟਵਾ ਦਿੱਤਾ ਕਿ ਚੱਲੋ ਫ਼ਸਲ ਬੀਜਣ ਲਈ ਤਾਂ ਜ਼ਮੀਨ ਵਿਹਲੀ ਹੋ ਜਾਏਗੀ।
ਮਾਂ ਦੇ ਦੁੱਖ ਨੂੰ ਰਬੜ ਵਾਂਗ ਖਿੱਚਣ ਦਾ ਕੋਈ ਇਰਾਦਾ ਨਹੀਂ ਪਰ ਜੋ ਕੁਝ ਉਹਦੀ ਜਿ਼ੰਦਗੀ ਵਿਚ ਵਾਪਰਿਆ, ਉਸਦਾ ਸੰਖੇਪ ਜਿ਼ਕਰ ਕਰਨ ਤੋਂ ਬਿਨਾਂ ਗੱਲ ਸੰਪੂਰਨ ਨਹੀਂ ਹੋਣੀ। ਇਕਲੌਤੇ ਪੁੱਤਰ ਦੇ ਮਰਨ ਤੋਂ ਬਾਅਦ ਪਿਤਾ ਜੀ ਦੀ ਮੌਤ ਦੇ ਸਦਮੇਂ ਦਾ ਅਸਰ ਅਜੇ ਖ਼ਤਮ ਨਹੀਂ ਸੀ ਹੋਇਆ ਕਿ ਇਕ ਹੋਰ ਭਿਆਨਕ ਮੌਤ ਉਹਦੀਆਂ ਬਰੂਹਾਂ ‘ਤੇ ਆਣ ਖਲੋਤੀ। ਸਾਡਾ ਮਾਮਾ ਜਿਹੜਾ ਹੁਣ ਆਪਣੀ ਜ਼ਮੀਨ ‘ਤੇ ਯੂ ਪੀ ਵਿਚ ਚਲਾ ਗਿਆ ਸੀ ਤੇ ਜੋ ਸਾਡੀ ਮਾਂ ਦਾ ਦੁੱਖ ਵੰਡਣ ਵਾਲਾ ਇਕੋ ਇਕ ਆਸਰਾ ਸੀ, ਇਹ ਆਸਰਾ ਵੀ ਖੁੱਸ ਗਿਆ। ਯੂ ਪੀ ਵਿਚ ਉਹਨੂੰ ਸ਼ੇਰ ਨੇ ਖਾ ਲਿਆ। ਬੀਬੀ ਕਦੀ ਸਾਡੇ ਭਰਾ, ਕਦੀ ਪਿਉ ਤੇ ਕਦੀ ਭਰਾ ਦਾ ਨਾਂ ਲੈ ਕੇ ਵੈਣ ਪਾਉਂਣ ਲੱਗਦੀ। ਕੁਝ ਚਿਰ ਬਾਅਦ ਬੀਬੀ ਦਾ ਸਾਕ ਲੈ ਕੇ ਆਉਣ ਵਾਲੀ ਸਾਡੀ ਵੱਡੀ ਧਿਰ, ਵੱਡੀ ਮਾਸੀ ਦਾ ਪਤੀ, ਸਾਡਾ ਮਾਸੜ ਵੀ ਤੁਰ ਗਿਆ। ਹਰ ਵੇਲੇ ਸਾਡੇ ਘਰ ਮਕਾਣਾਂ ਦੇ ਉਚੀ ਉਚੀ ਰੋਣ ਦੀ ਆਵਾਜ਼ ਆਉਂਦੀ। ਮੈਂ ਬੱਚੀ ਸਾਂ। ਮਾਂ ਨੂੰ ਰੋਜ਼ ਰੋਂਦਿਆਂ ਵੇਖ ਕੇ ਘਬਰਾ ਜਾਂਦੀ। ਰੋਣ ਲੱਗਦੀ। ਦਰੱਖਤਾਂ ‘ਤੇ ਬੋਲਦੇ ਪੰਛੀ ਵੀ ਰੋਂਦੇ ਲੱਗਦੇ। ਚਰਖ਼ੇ ਦੀ ਘੂੰ ਘੂੰ ਵੀ ਵੈਣ ਪਾਉਂਦੀ ਲੱਗਦੀ। ਹਰ ਵੇਲੇ ਕੁਝ ਮੰਦਾ ਵਾਪਰ ਜਾਣ ਦਾ ਡਰ ਲੱਗਾ ਰਹਿੰਦਾ। ਆਸਰਾ ਭਾਲਣ ਲਈ ਆਪਣੇ ਪਿਉ ਦੇ ਜਿਊਂਦੇ ਹੋਣ ਦੇ ਚੰਗੇ ਸਮੇਂ ਦੀਆਂ ਗੱਲਾਂ ਸੁਨਾਉਣ ਲਈ ਬੀਬੀ ਨੂੰ ਆਖਦੀ। ਬੀਬੀ ਨਾਲੇ ਰੋਂਦੀ ਨਾਲੇ ਦੱਸਦੀ, “ਤੇਰੇ ਭਾਪਾ ਜੀ ਜਦੋਂ ਘਰ ਆਉਂਦੇ ਤਾਂ ਹੱਸਦੇ ਗਾਉਂਦੇ ਆਉਂਦੇ। ਬੂਹਾ ਲੰਘਦਿਆਂ ਮਖ਼ੌਲ ਨਾਲ ਕਹਿਣਾ , ‘ਘਰ ਆਏ ਪ੍ਰਾਹੁਣੇ ਤੇ ਆਲੂ ਬਨਾਉਣੇ।’ ਗਲੀ ਗਵਾਂਢ ਦੇ ਨਿਆਣੇ ਭੱਜੇ ਆਉਂਦੇ। ਉਹਨਾਂ ਦੁਆਲੇ ਕੱਠੇ ਹੋ ਕੇ ਰੌਲਾ ਪਾਉਂਦੇ ਤੇ ਲਾਡ ਲਡਾਉਂਦੇ। ਉਹ ਉਹਨਾਂ ਵਿਚ ਪੈਸੇ, ਫ਼ਲ ਤੇ ਮਠਿਆਈਆਂ ਵੰਡਦੇ। ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।”
ਇਹ ਸੋਚ ਕੇ ਮੇਰੇ ਕਲੇਜੇ ਦਾ ਹੁਣ ਵੀ ਰੁੱਗ ਭਰਿਆ ਜਾਂਦਾ ਹੈ। ਸਾਨੂੰ ਤਾਂ ਕਿਸੇ ਨੇ ਵੀ ਏਦਾਂ ਲਾਡ ਨਾ ਲਡਾਏ। ਇਹ ਵੱਖਰੀ ਗੱਲ ਹੈ ਕਿ ਸਾਡੀ ਮਾਂ ਬਹੁਤ ਦੁਖੀ ਸੀ; ਇਸਦੇ ਬਾਵਜੂਦ ਉਹ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਸਾਡੀ ਹਰ ਲੋੜ ਪੂਰੀ ਕਰਨ ਦੀ ਕੋਸਿ਼ਸ਼ ਕਰਦੀ। ਚਾਚੀਆਂ-ਤਾਈਆਂ ਜੇ ਕਿਸੇ ਦਿਨ-ਦਿਹਾਰ, ਦੀਵਾਲੀ, ਵਿਸਾਖੀ ‘ਤੇ ਘਰ ਵਿਚ ਲੱਡੂ ਮਠਿਆਈ ਆਦਿ ਬਣਾਉਂਦੀਆਂ ਤਾਂ ਮੇਰੀ ਮਾਂ ਬਰਾਬਰ ਦਾ ਹਿੱਸਾ ਪਾ ਕੇ ਸਾਡੇ ਲਈ ਵੀ ਮਠਿਆਈ ਬਣਵਾਉਂਦੀ ਤੇ ਕਹਿੰਦੀ ਕਿ ਮੇਰੇ ਬੱਚੇ ਤਰਸਣ ਨਾ ਤੇ ਦੂਜਿਆਂ ਦੇ ਮੂੰਹ ਵੱਲ ਨਾ ਵੇਖਣ। ਪਰ ਪਿਉ ਦਾ ਪਿਆਰ ਕੀ ਹੁੰਦਾ ਹੈ, ਇਹ ਸੁਖ ਸਾਨੂੰ ਸਾਰੀ ਉਮਰ ਨਸੀਬ ਨਾ ਹੋਇਆ। ਪਿਉ ਨਾ ਹੋਣ ਦਾ ਦੁੱਖ, ਪੀੜ ਤੇ ਵਿਗੋਚਾ ਕੀ ਹੁੰਦਾ ਹੈ। ਇਹ ਸਾਡੇ ਬਿਨਾ ਹੋਰ ਕੌਣ ਦੱਸ ਸਕਦਾ ਹੈ।
ਮੇਰੀ ਮਾਂ ਤੇ ਅਸੀਂ ਪਿਤਾ ਦੀਆਂ ਯਾਦਾਂ ਨਾਲ ਦੁੱਖ ਦਾ ਭਾਰ ਹੌਲਾ ਕਰਨ ਦੀ ਕੋਸਿ਼ਸ਼ ਕਰਦੀਆਂ। ਕਈ ਵਾਰ ਸੁਪਨੇ ਵਿਚ ਬੀਬੀ ਨੂੰ ਪਿਤਾ ਜੀ ਮਿਲਣੇ ਤਾਂ ਉਹਨੂੰ ਦੱਬਾਅ ਪੈ ਜਾਣਾ। ਡਰ ਕੇ ਉਹਨੇ ਬੀਮਾਰ ਹੋ ਜਾਣਾ। ਇਸਦਾ ਅਸਰ ਕਈ ਕਈ ਦਿਨ ਰਹਿਣਾ। ਮਾਂ ਨੇ ਰੋਣਾ ਤੇ ਧੀਆਂ ਨੂੰ ਗਲ ਨਾਲ ਲਾ ਕੇ ਕਹਿਣਾ ਕਿ ਪਹਿਲਾਂ ਇਹਨਾਂ ਦਾ ਪਿਉ ਮਰ ਗਿਆ; ਜੇ ਮੈਂ ਮਰ ਗਈ ਤਾਂ ਮੇਰੀਆਂ ਧੀਆਂ ਦਾ ਕੀ ਬਣੇਗਾ? ਅਸੀਂ ਮਾਂ ਦੇ ਦੁੱਖ ਤੇ ਚਿੰਤਾ ਨੂੰ ਮਹਿਸੂਸ ਕਰ ਕੇ ਮਾਂ ਦੇ ਸਿਰਹਾਣੇ ਬੈਠ ਕੇ ਰੋਂਦੀਆਂ। ਸਾਡੀਆਂ ਅੱਖਾਂ ਅੱਗੇ ਹਨੇਰਾ ਤੇ ਡਰਾਉਣਾ ਭਵਿੱਖ ਫ਼ੈਲ ਜਾਂਦਾ। ਜੇ ਮਾਂ ਵੀ ਮਰ ਗਈ ਤਾਂ ਕੀ ਕਰਾਂਗੀਆਂ?
ਇਕ ਹਸਾਉਣੀ ਗੱਲ ਚੇਤੇ ਆ ਗਈ। ਇਕ ਵਾਰ ਸੰਧੂ ਸਾਹਿਬ ਸ਼ੁਗਲ ਸ਼ੁਗਲ ਵਿਚ ਬੀਬੀ ਨੂੰ ਪੁੱਛਦੇ, “ਬੀਬੀ! ਤੂੰ ਏਨੀ ਸੋਹਣੀ ਸੈ; ਬੜਾ ਪਿਆਰ ਕਰਦੇ ਹੁਣੇ ਨੇ ਤੈਨੂੰ ਭਾਪਾ ਜੀ। ਤੂੰ ਕਿੰਨਾ ਕੁ ਪਿਆਰ ਕਰਦੀ ਸੈਂ ਉਨ੍ਹਾਂ ਨੂੰ?”
ਬੀਬੀ ਨਿਰਭਾਵ ਹੋ ਕੇ ਕਹਿੰਦੀ, “ਨਾ, ਮੋਇਆਂ ਨਾਲ ਕਾਹਦਾ ਪਿਆਰ ਕਰਨਾ ਹੋਇਆ!”
ਇਸਦਾ ਪਿਛੋਕੜ ਚੇਤੇ ਆਉਂਦਾ ਹੈ:
ਸਾਡੀ ਵੱਡੀ ਮਾਸੀ ਬੀਬੀ ਦੀ ਮਾਨਸਿਕ ਹਾਲਤ ਵੱਲ ਵੇਖ ਕੇ ਕਿਸੇ ਸਿਆਣੇ ਕੋਲ ਲੈ ਕੇ ਗਈ। ਪਿਤਾ ਜੀ ਦੇ ਸੁਪਨੇ ਵਿਚ ਮਿਲਣ ਦੀ ਸਾਰੀ ਕਹਾਣੀ ਦੱਸ ਕੇ ਆਖਿਆ ਕਿ ਇਹਨੂੰ ਦੱਬਾਅ ਪੈ ਜਾਂਦਾ ਹੈ ਤੇ ਫਿਰ ਕਈ ਕਈ ਦਿਨ ਇਹ ਸਦਮੇਂ ‘ਚੋਂ ਬਾਹਰ ਨਹੀਂ ਨਿਕਲਦੀ। ਸਿਆਣਾ ਸਾਡੇ ਪਿੰਡ ਦਾ ਜਵਾਈ ਸੀ ਤੇ ਸਾਡੇ ਟੱਬਰਾਂ ਦਾ ਜਾਣਕਾਰ ਸੀ। ਉਸਨੇ ਕਿਹਾ ਕਿ ਮੋਏ ਕਿਸੇ ਦੇ ਮਿੱਤ ਨਹੀਂ ਹੁੰਦੇ। ਉਹਨਾਂ ਨੂੰ ਯਾਦ ਨਹੀਂ ਕਰਨਾ ਚਾਹੀਦਾ। ਜਦੋਂ ਵੀ ਯਾਦ ਆਉਣ ਲੱਗਣ ਤਾਂ ਪਾਠ ਕਰਨਾ ਸ਼ੁਰੂ ਕਰ ਲਓ। ਰਾਤ ਨੂੰ ਵੀ ਸੌਣ ਤੋਂ ਪਹਿਲਾਂ ਪਾਠ ਕਰੋ। ਮਰਿਆਂ ਵੱਲ ਧਿਆਨ ਹੀ ਨਾ ਖੜੋ। ਇਸਦਾ ਕੁਝ ਚੰਗਾ ਅਸਰ ਹੋਇਆ। ਉਹ ਰੱਬ ਦੇ ਲੜ ਲੱਗ ਗਈ। ਦਿਨੇ ਰਾਤ ਪਾਠ ਕਰਨ ਲੱਗੀ। ਸਕਿਆਂ ਵਿਚੋਂ ਸਾਡੇ ਇਕ ਤਾਏ ਦੀ ਧੀ ਵੀ ਦੁਖੀ ਸੀ। ਉਹਦੇ ਪਤੀ ਨੇ ਵੀ ਦੂਜਾ ਵਿਆਹ ਕਰਵਾ ਲਿਆ ਸੀ ਤੇ ਉਹ ਛੁੱਟੜ ਹੋ ਕੇ ਪੇਕੇ ਘਰ ਬੈਠੀ ਸੀ। ਉਹ ਵੀ ਰੱਬ ਦੀ ਭਗਤਣੀ ਸੀ। ਉਹਦਾ ਨਾਂ ਵੀ ਸਵਰਨੋ ਸੀ। ਦੋਵੇਂ ਕੱਠੀਆਂ ਹੋ ਕੇ ਉਚੀ ਉਚੀ ਸ਼ਬਦ ਪੜ੍ਹਦੀਆਂ। ਆਪਣੇ ਦੁੱਖ ਦਾ ਨਿਕਾਸ ਕਰਕੇ ਮਨ ਨੂੰ ਹੌਲਾ ਕਰਦੀਆਂ। ਜਿਵੇਂ ਪਹਿਲਾਂ ਦੱਸਿਆ ਹੈ ਕਿ ਸਾਡਾ ਵਿਹੜਾ ਸਾਂਝਾ ਸੀ। ਮੇਰੇ ਦਾਦੇ ਹੁਰੀਂ ਤਿੰਨ ਭਰਾ ਸਨ। ਮੇਰੇ ਦਾਦੇ ਦੇ ਦੋ ਪੁੱਤ ਸਨ। ਇਕ ਮੇਰਾ ਪਿਤਾ, ਇਕ ਸਾਡਾ ਤਾਇਆ। ਦੋਵੇਂ ਗੁਜ਼ਰ ਚੁੱਕੇ ਸਨ। ਦਾਦੇ ਦੇ ਦੂਜੇ ਭਰਾਵਾਂ ਦੇ ਪੁੱਤ ਤੇ ਅੱਗੋਂ ਉਹਨਾਂ ਦੇ ਪੁੱਤ। ਪੰਦਰਾਂ ਵੀਹ ਟੱਬਰ ਬਣ ਜਾਂਦੇ ਸਨ। ਸਾਡੀ ਸੰਭਾਲ ਤੱਕ ਕਈ ਟੱਬਰ ਥਾਂ ਦੀ ਘਾਟ ਕਰਕੇ ਬਾਹਰਲੇ ਨਵੇਂ ਬਣਾਏ ਘਰਾਂ ਵਿਚ ਜਾ ਚੁੱਕੇ ਸਨ। ਪਰ ਅਜੇ ਵੀ ਤਿੰਨ ਮੰਜਿ਼ਲੇ ਪੁਰਾਣੇ ਮਹਿਲਾਂ ਦੀ ਵੱਡੀ ਇਮਾਰਤ ਵਿਚ ਸਾਡੇ ਸਮੇਤ ਚਾਰ ਕੁ ਟੱਬਰ ਵੱਸਦੇ ਸਨ। ਬੀਬੀ ਹੁਰੀਂ ਸ਼ਬਦ ਪੜ੍ਹਦੀਆਂ ਤਾਂ ਕਈ ਵਾਰ ਸਕਿਆਂ ‘ਚੋਂ ਮੇਰੀਆਂ ਭਾਬੀਆਂ ਨੇ ਵੀ ਨਾਲ ਗਾਉਣ ਲੱਗ ਜਾਣਾ। ਮੈਨੂੰ ਸ਼ਬਦ ਗਾਉਣ ਦੀ ਧੁਨੀ ਵੀ ਰੋਣ ਵਾਂਗ ਲੱਗਦੀ। ਮੈਂ ਬੀਬੀ ਨਾਲ ਲੜਨਾ ਕਿ ਉਹ ਰੌਲਾ ਨਾ ਪਾਉਣ। ਸ਼ਬਦ ਗਾਉਣਾ ਬੰਦ ਕਰ ਦੇਣ। ਮੇਰੀ ਮੰਗ ਦੇ ਜਵਾਬ ਵਿਚ ਉਹਨਾਂ ਹੋਰ ਵੀ ਜ਼ੋਰ ਨਾਲ ਗਾਉਣ ਲੱਗ ਜਾਣਾ, “ਨਾਮ ਜਪਣ ਨਹੀਂ ਦਿੰਦੇ ਇਹ ਮਿੱਠੇ ਕੀੜੇ।”
ਰਾਤ ਨੂੰ ਉਹ ਸਾਨੂੰ ਪੈਂਤੀ-ਅੱਖਰੀ ਸੁਣਾਉਂਦੀ ਤੇ ਇਸ ਵਿਚ ਦੱਸੀ ਸਿੱਖਿਆ ਨਾਲ ਜੁੜਨ ਲਈ ਕਹਿੰਦੀ:
ੳ ਓਂਕਾਰ ਦਾ ਭਜਨ ਕਰੀਏ। ਕਾਮ ਤੇ ਕ੍ਰੋਧ ਦਿਲੋਂ ਚੁੱਕ ਧਰੀਏ।
ਅ ਅਸਲ ਮੂਰਤੀ ਜੋ ਏਕ ਹੈ। ਏਕ ਅੱਖਰ ਜਾਣ ਲੈ ਉਹੋ ਅਨੇਕ ਹੈ।
ੲ ਈਸ਼ਰ ਦਾ ਤੂੰ ਲੈ ਲੈ ਨਾਮ ਜੀ। ਛੱਡ ਦੇ ਘਰਾਂ ਦੇ ਤਮਾਮ ਕਾਮ ਜੀ।
ਸ ਸਤਿ-ਬਚਨ ਗੁਰਾਂ ਦਾ ਸਤਿ ਕਹਿਣਾ ਜੀ। ਥਿਰ ਨਾ ਜਹਾਨ ਵਿਚ ਕਿਸੇ ਰਹਿਣਾ ਜੀ।
ਹ ਹੰਕਾਰ ਵਾਲੀ ਗੱਲ ਵੱਢ ਦੇ। ਚੁਗਲੀ ਤੇ ਨਿੰਦਿਆ ਤਮਾਮ ਛੱਡ ਦੇ।
ਇੰਜ ਬੀਬੀ ਰੋਂਦੀ ਤਾਂ ਰਹੀ ਪਰ ਹਾਰੀ ਨਹੀਂ। ਹਾਲਾਤ ਨਾਲ ਲੜਦੀ ਰਹੀ। ਪੈਨਸ਼ਨ ਤੇ ਜ਼ਮੀਨ ਦੀ ਕਮਾਈ ਨਾਲ ਧੀਆਂ ਪਾਲਦੀ ਰਹੀ। ਵੱਡੀ ਭੈਣ ਨੂੰ ਸਿਲਾਈ ਦਾ ਕੋਰਸ ਕਰਵਾਇਆ। ਉਸਤੋਂ ਛੋਟੀ ਨੂੰ ਵੀ ਪੜ੍ਹਨੇ ਪਾਇਆ। ਮੈਨੂੰ ਤੇ ਮੇਰੇ ਤੋਂ ਛੋਟੀ ਨੂੰ ਪੜ੍ਹਾ ਕੇ ਅਧਿਆਪਕਾ ਬਣਾਇਆ। ਮੇਰੇ ਪਿਤਾ ਦੇ ਚਾਚੇ ਦਾ ਇਕ ਪੁੱਤ, ਸਾਡਾ ਤਾਇਆ ਸੋਹਣ ਸਿੰਘ ਸਾਡੀ ਮਾਂ ਨੂੰ ਸਮਝਾਉਂਦਾ, “ਸਵਰਨ ਕੁਰੇ! ਕਿਉਂ ਔਖੀ ਹੋ ਕੇ ਇਨ੍ਹਾਂ ਕੁੜੀਆਂ ਨੂੰ ਪੜ੍ਹਾਉਨੀਂ ਏਂ। ਇਹਨਾਂ ਤਾਂ ਅਗਲੇ ਘਰ ਚਲੇ ਜਾਣਾ ਹੈ।” ਸਾਡੀ ਮਾਂ ਨੇ ਘੁੰਡ ਦੇ ਓਹਲੇ ‘ਚੋਂ ਆਖਣਾ, “ਜੀ, ਮੈਂ ਤਾਂ ਔਖੀ ਹੋਈ ਆਂ। ਮੇਰੀਆਂ ਧੀਆਂ ਨਾ ਜਿ਼ੰਦਗੀ ਵਿਚ ਔਖੀਆਂ ਹੋਣ।”
ਪੈਨਸ਼ਨ ਤੋਂ ਇਲਾਵਾ ਸਾਡੀਆਂ ਫੀਸਾਂ, ਕਿਤਾਬਾਂ ਤੇ ਪੜ੍ਹਾਈ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਵਿਚ ਹੱਥ ਵਟਾਉਣ ਲਈ ਮੇਰੀ ਵੱਡੀ ਭੈਣ ਸਵਾਈ ‘ਤੇ ਕੱਪੜੇ ਸਿਊਣ ਲੱਗੀ। ਮਾਂ ਨੇ ਉਹਨੂੰ ਸਿੰਗਰ ਸਿਲਾਈ ਮਸ਼ੀਨ ਲੈ ਦਿੱਤੀ। ਉਹ ਹਰ ਤਰ੍ਹਾਂ ਦੇ ਸੂਟ, ਫਰਾਕਾਂ, ਪੈਂਟਾਂ, ਸਿਊਂਦੀ ਤੇ ਕਢਾਈ ਵੀ ਆਪ ਕਰ ਲੈਂਦੀ। ਦੂਜੇ ਨੰਬਰ ਦੀ ਭੈਣ ਘਰ ਦੀ ਸਫ਼ਾਈ ਕਰਕੇ ਸਕੂਲ ਜਾਂਦੀ। ਮਾਂ ਰੋਟੀ ਟੁੱਕ ਕਰਕੇ ਚਰਖ਼ਾ ਕੱਤਣ ਬਹਿ ਜਾਂਦੀ। ਧੀਆਂ ਨਾਲ ਰਲ ਕੇ ਨਵਾਰ ਬੁਣਦੀ, ਦਰੀਆਂ ਬਣਾਉਂਦੀ ਤੇ ਧੀਆਂ ਦੇ ਦਾਜ ਲਈ ਸੰਦੂਕ ਵਿਚ ਸਾਂਭ ਲੈਂਦੀ। ਇੰਜ ਸਾਰੀ ਦਿਹਾੜੀ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਚੱਲਦਾ। ਅਸੀਂ ਦੋਵੇਂ ਛੋਟੀਆਂ ਹੋਣ ਕਰਕੇ ਸਿਰਫ਼ ਪੜ੍ਹਦੀਆਂ, ਘਰ ਦੇ ਕੰਮ ਵਿਚ ਅਜੇ ਹੱਥ ਵਟਾਉਣ ਜੋਗੀਆਂ ਨਹੀਂ ਸਾਂ।
ਲੋਕ ਮਾਂ ਦੀ ਹਿੰਮਤ ਦੀ ਦਾਦ ਦਿੰਦੇ। ਉਮਰ ਦੀ ਸਿਖ਼ਰ ਦੁਪਹਿਰੇ ਉਹ ਧੀਆਂ ਦੇ ਸਿਰ ਦੀ ਛਾਂ ਬਣੀ ਹੋਈ ਸੀ। ਮਾਂ ਵਿਹਾਰ ਦੀ ਬੜੀ ਸਾਫ਼ ਸੀ। ਮਹੀਨਾ ਭਰ ਦੁਕਾਨ ਤੋਂ ਸੌਦਾ ਲਿਆਉਣਾ ਤੇ ਪੈਨਸ਼ਨ ਮਿਲਦੇ ਹੀ ਸਿੱਧੀ ਦੁਕਾਨ ‘ਤੇ ਜਾਂਦੀ ਤੇ ਪਿਛਲੇ ਮਹੀਨੇ ਦਾ ਹਿਸਾਬ ਚੁਕਤਾ ਕਰ ਦਿੰਦੀ।
ਮਾਂ ਨੂੰ ‘ਕੱਲ੍ਹੇ ਆਰਥਿਕ ਮੁਹਾਜ ‘ਤੇ ਹੀ ਲੜਾਈ ਨਹੀਂ ਸੀ ਲੜਨੀ ਪੈ ਰਹੀ ਸਗੋਂ ਸਮਾਜਿਕ ਤੇ ਸਭਿਆਚਾਰਕ ਪੱਧਰ ‘ਤੇ ਵੀ ਲੜਨਾ ਪਿਆ। ਉਹਦੀ ਅਜੇ ਭਰ ਜਵਾਨੀ ਦੀ ਉਮਰ ਸੀ। ਰੰਗ ਰੂਪ ਵੀ ਸੋਹਣਾ। ਇਕੱਲੀ, ਬੇਸਹਾਰਾ ਤੇ ਸੋਹਣੀ ਔਰਤ ਨੂੰ ਇਸ ਸਮਾਜ ਵਿਚ ਜਿਊਣਾ ਕਿਹੜਾ ਸੌਖਾ ਹੈ। ਮਾਂ ਇਸ ਪੱਖੋਂ ਡਰਦੀ ਵੀ ਤੇ ਚੌਕਸ ਵੀ ਰਹਿੰਦੀ ਸੀ ਕਿ ਉਹਦੇ ‘ਤੇ ਕੋਈ ਊਜ ਲੱਗਣ ਦਾ ਕਿਸੇ ਸ਼ਰੀਕ ਨੂੰ ਮੌਕਾ ਨਾ ਮਿਲੇ। ਜਦੋਂ ਕਿਤੇ ਕੰਮ-ਕਾਰ ਲਈ ਘਰੋਂ ਬਾਹਰ ਜਾਣਾ ਹੁੰਦਾ ਤਾਂ ਉਹ ਆਪਣੇ ਭਰਾ, ਸਾਡੇ ਮਾਮੇ ਨੂੰ, ਜਿਹੜਾ ਉਦੋਂ ਸਾਡੀ ਵੱਡੀ ਮਾਸੀ ਦੇ ਘਰ ਰਹਿੰਦਾ ਸੀ, ਨਾਲ ਲੈ ਕੇ ਜਾਂਦੀ। ਜੇ ਕਦੀ ਉਹ ਵਿਹਲਾ ਨਾ ਹੁੰਦਾ ਤਾਂ ਸਾਡੇ ਰਾਜੇ ਦੇ ਬਾਰਾਂ-ਤੇਰਾਂ ਕੁ ਸਾਲ ਦੇ ਲੜਕੇ ਨੂੰ ਨਾਲ ਲੈ ਕੇ ਜਾਣਾ।
ਸਿਆਣੇ ਕਹਿੰਦੇ ਨੇ ਕਿ ਰੰਡੀ ਤਾਂ ਰੰਡੇਪਾ ਕੱਟ ਲੈਂਦੀ ਹੈ ਪਰ ਮੁਸ਼ਟੰਡੇ ਨਹੀਂ ਕੱਟਣ ਦਿੰਦੇ। ਇਹ ਹਾਲ ਸਾਡੀ ਮਾਂ ਦਾ ਸੀ। ਜਿਹੜਾ ਉਠਦਾ, ਉਹੀ ਕਹਿੰਦਾ, ਏਨੀ ਛੋਟੀ ਉਮਰ ਤੇ ਏਨਾ ਹੁਸਨ! ਇਹ ਕਿੱਥੇ ਰੰਡੇਪਾ ਕੱਟਣ ਜੋਗੀ ਏ! ਇਹ ਗੱਲਾਂ ਮਾਂ ਦੇ ਦੁੱਖ ਵਿਚ ਹੋਰ ਵੀ ਵਾਧਾ ਕਰਦੀਆਂ। ਉਹਨੇ ਹੋਰ ਵੀ ਦਿੜ੍ਹ ਸੰਕਲਪ ਕਰ ਲਿਆ ਕਿ ਖ਼ਾਨਦਾਨ ਦੀ ਇੱਜ਼ਤ ਬਚਾਉਣੀ ਹੀ ਨਹੀਂ, ਸਗੋਂ ਬਣਾਉਣੀ ਵੀ ਹੈ।
ਸਾਡੇ ਆਪਣੇ ਸਕੇ ਤਾਏ ਦੇ ਪੁੱਤ ਤਾਂ ਫੌਜ ਵਿਚ ਨੌਕਰੀ ਕਰਦੇ ਸਨ ਪਰ ਜਦ ਵੀ ਛੁੱਟੀ ਆਉਂਦੇ ਆਪਣੀ ਵਿਧਵਾ ਚਾਚੀ ਦਾ ਬਹੁਤ ਮਾਣ ਕਰਦੇ। ਉਹਨਾਂ ਦੀਆਂ ਘਰਵਾਲੀਆਂ, ਸਾਡੀਆਂ ਭਾਬੀਆਂ ਵੀ, ਬੀਬੀ ਨੂੰ ਸੱਸਾਂ ਵਾਂਗ ਆਦਰ ਦਿੰਦੀਆਂ। ਸਾਂਝੇ ਵਿਹੜੇ ਵਾਲੇ ਘਰ ਵਿਚ ਰਹਿਣ ਵਾਲੇ ਦੂਜੇ ਸਕਿਆਂ ‘ਚੋਂ ਲੱਗਦੇ ਚਾਚੇ-ਤਾਏ ਤੇ ਉਹਨਾਂ ਦੇ ਲੜਕੇ ਵੀ ਸਾਡੀ ਮਾਂ ਤੇ ਸਾਡੀ ਇੱਜ਼ਤ ਨੂੰ ਆਪਣੇ ਘਰ ਦੀ ਇੱਜ਼ਤ ਸਮਝਦੇ ਸਨ। ਉਨ੍ਹਾਂ ਦਾ ਸਾਨੂੰ ਬੜਾ ਆਸਰਾ ਸੀ। ਪਰ ਬਾਹਰਲੇ ਘਰਾਂ ਵਿਚ ਰਹਿੰਦਾ ਸਕਿਆਂ ‘ਚੋਂ ਲੱਗਦਾ ਇਕ ਚਾਚਾ ਮਾਂ ‘ਤੇ ਮੈਲੀ ਨਜ਼ਰ ਰੱਖਦਾ। ਉਂਜ ਚੱਲਦਾ-ਪੁਰਜਾ ਸੀ ਪਰ ਉਹਦੀ ਸੋਭਾ ਚੰਗੀ ਨਹੀਂ ਸੀ। ਮਾਂ ਨੂੰ ਨੇੜੇ ਕਰਨ ਦੇ ਯਤਨ ਕਰਦਾ ਰਹਿੰਦਾ। ਪਰ ਉਹ ਹਮੇਸ਼ਾ ਉਸਤੋਂ ਦੂਰ ਰਹਿੰਦੀ। ਰਾਹ-ਖਹਿੜੇ ਮਿਲਦਾ ਤਾਂ ਬੁਲਾਉਣ ਦੀ ਕੋਸਿ਼ਸ਼ ਕਰਦਾ। ਉਹਨੇ ਬੀਬੀ ਨੂੰ ਨੇੜੇ ਕਰਨ ਦੇ ਕਈ ਕੁਯਤਨ ਕੀਤੇ। ਸਿਰਫ਼ ਇਕ ਦਾ ਜਿ਼ਕਰ ਹੀ ਕਾਫ਼ੀ ਹੋਵੇਗਾ। ਇਕ ਵਾਰ ਹਮਦਰਦ ਬਣ ਕੇ ਘਰ ਵੀ ਆ ਗਿਆ। ਬੀਬਾ ਬਣ ਕੇ ਕਹਿੰਦਾ, “ਸਵਰਨ ਕੌਰੇ! ਕੱਲ੍ਹ ਮੰਨਣ ਪਿੰਡ ਵਿਚ ਤਸੀਲਦਾਰ ਨੇ ਆਉਣਾ। ਉਹ ਮੇਰੀ ਮੰਨਦੈ, ਮੇਰੇ ਨਾਲ ਚੱਲ। ਉਹਨੂੰ ਆਖ ਕੇ ਤੈਨੂੰ ਮਸ਼ੀਨ ਦਿਵਾ ਦਊਂ।”
ਬੀਬੀ ਨੇ ਇਨਕਾਰ ਕਰ ਦਿੱਤਾ ਕਿ ਉਹਦੇ ਕੋਲ ਪਹਿਲਾਂ ਹੀ ਮਸ਼ੀਨ ਹੈਗੀ, ਉਹਨੂੰ ਲੋੜ ਨਹੀਂ। ਪਰ ਉਹ ਬਾਰ ਬਾਰ ਆਖੇ ਕਿ ਨਹੀਂ, ਮੁਫ਼ਤ ਮਸ਼ੀਨ ਮਿਲਦੀ ਹੈ, ਮੇਰੇ ਨਾਲ ਚੱਲ ਕੇ ਲੈ ਆ।
ਅਗਲੇ ਦਿਨ ਸਾਂਝੇ ਵਿਹੜੇ ਵਿਚ ਰਹਿੰਦੀ ਗਵਾਂਢਣ ਭਾਬੀ ਨੇ ਕਿਹਾ, “ਚਾਚੀ ਜੀ! ਤੁਸੀਂ ਉਹਨੂੰ ਨਾਂਹ ਕਰ ਕੇ ਬੜਾ ਚੰਗਾ ਕੀਤਾ। ਪਰ ਕੀ ਪਤਾ ਓਥੇ ਸੱਚੀਂ ਵਿਧਵਾਵਾਂ ਨੂੰ ਮਸ਼ੀਨਾਂ ਮਿਲਦੀਆਂ ਹੀ ਹੋਣ। ਤੁਸੀਂ ਆਪਣੇ ਜੈਲ ਨੂੰ ਨਾਲ ਲੈ ਜੋ। ਜੇ ਭਲਾ ਗੱਲ ਬਣ ਜੇ। ਜੇ ਉਹ ਕਲਮੂੰਹਾਂ ਗਿਆ ਵੀ ਹੋਇਆ ਤਾਂ ਜੈਲ ਦੇ ਹੁੰਦਿਆਂ ਤੁਹਾਨੂੰ ਕੀ ਆਖ ਲਊ।”
ਭਾਬੀ ਨੇ ਆਪਣਾ ਪੰਦਰਾਂ-ਸੋਲਾਂ ਸਾਲ ਦਾ ਦਿਓਰ ਬੀਬੀ ਨਾਲ ਤੋਰ ਦਿੱਤਾ। ਬੀਬੀ ਨੇ ਜਾ ਕੇ ਪਿੰਡ ਦੇ ਸਰਪੰਚ ਨੂੰ ਤਹਿਸੀਲਦਾਰ ਦੇ ਆਉਣ ਬਾਰੇ ਪੁੱਛਿਆ ਤਾਂ ਉਹ ਕਹਿੰਦਾ ਕਿ ਏਥੇ ਤਾਂ ਕਿਸੇ ਤੜੇ-ਤਸੀਲਦਾਰ ਨੇ ਕੋਈ ਨਹੀਂ ਸੀ ਆਉਣਾ।
ਬੀਬੀ ਨਾਲ ਕੁਝ ਕੁ ਸ਼ਰੀਕਾਂ ਵੱਲੋਂ ਕੀਤੀਆਂ ਜਿ਼ਆਦਤੀਆਂ ਦੀ ਸੂਚੀ ਤਾਂ ਬੜੀ ਲੰਮੀ ਹੈ। ਸਿਰਫ਼ ਇਕ ਹੋਰ ਦਾ ਜਿ਼ਕਰ ਕਰਾਂਗੀ। ਸਕਿਆਂ ‘ਚੋਂ ਹੀ ਇਕ ਤਾਇਆ ਉਹਨੀਂ ਦਿਨੀਂ ਸਰਪੰਚ ਸੀ ਜਦੋਂ ਵੱਡੇ ਹੜ੍ਹ ਆਏ। ਸਰਕਾਰ ਨੇ ਫ਼ਸਲਾਂ ਮਾਰੀਆਂ ਜਾਣ ਦੇ ਮੁਆਵਜ਼ੇ ਵਜੋਂ ਕਣਕ ਵੰਡੀ। ਬੀਬੀ ਆਪਣੇ ਹਿੱਸੇ ਦੀ ਕਣਕ ਲੈਣ ਪਹੁੰਚੀ ਤਾਂ ਪਤਾ ਲੱਗਾ ਕਿ ਸਰਪੰਚ ਉਹਦੇ ਹਿੱਸੇ ਦੀ ਕਣਕ ਵੀ ਚੁਕਾ ਕੇ ਲੈ ਗਿਆ ਸੀ। ਸਾਰੇ ਪਿੰਡ ਨੂੰ ਇਸਦਾ ਪਤਾ ਸੀ। ਲੋਕ ਫਿਟਕਾਂ ਪਾਉਣ ਕਿ ਮਹਿੱਟਰਾਂ ਦੀ ਕਣਕ ਲੈ ਗਿਆ। ਕਿੰਨਾਂ ਮਾੜਾ ਕੀਤਾ ਸੂ। ਦਿਲਚਸਪ ਗੱਲ ਇਹ ਕਿ ਸਾਡਾ ਉਹ ਤਾਇਆ ਪਿੰਡ ਦਾ ਮੁਖੀ ਸਰਪੰਚ ਹੋਣ ਦੇ ਨਾਲ ਨਾਲ ਇਲਾਕੇ ਦੇ ਮੰਨੇ ਪ੍ਰਮੰਨੇ ਕਮਿਊਨਿਸਟ ਕਾਰਕੁਨਾਂ ਵਿਚ ਵੀ ਗਿਣਿਆਂ ਜਾਂਦਾ ਸੀ।
ਇਹਨਾਂ ਹਾਲਤਾਂ ਵਿਚ ਬੀਬੀ ਨੇ ਚਹੁੰ ਧੀਆਂ ਨੂੰ ਪਾਲਿਆ। ਉਹਨਾਂ ਲਈ ਚੰਗੇ ਵਰ-ਘਰ ਵੀ ਲੱਭੇ। ਥੋੜਾ ਥੋੜਾ ਜੋੜ ਕੇ ਤਲਾਅ ਭਰ ਲੈਣ ਦੀ ਜੁਗਤ ਨਾਲ ਉਹ ਧੀਆਂ ਦੇ ਦਾਜ ਦੀਆਂ ਚੀਜ਼ਾਂ ਬਣਾਉਂਦੀ, ਖ਼ਰੀਦਦੀ ਤੇ ਜੋੜਦੀ ਰਹੀ ਸੀ। ਜਿੰਨਾਂ ਦਾਜ ਸਾਡੇ ਸ਼ਰੀਕੇ ਦੀਆਂ ਦੂਜੀਆਂ ਧੀਆਂ-ਭੈਣਾਂ ਦੇ ਵਿਆਹ ‘ਤੇ ਦਿੱਤਾ ਜਾਂਦਾ ਸੀ, ਬੀਬੀ ਨੇ ਉਹਨਾਂ ਤੋਂ ਰਤੀ-ਮਾਸਾ ਵੱਧ ਹੀ ਦਿੱਤਾ ਹੋਊ। ਧੀਆਂ ਦੇ ਵਿਆਹੇ ਜਾਣ ਪਿੱਛੋਂ ਮੈਂ ਤੇ ਸੰਧੂ ਸਾਹਿਬ ਬੀਬੀ ਨੂੰ ਮਨਾ ਕੇ ਆਪਣੇ ਕੋਲ ਲੈ ਆਏ। ਅਸੀਂ ਸੋਚਿਆ ਕਿ ਬੀਬੀ ਨੇ ਦੁੱਖ ਦੇ ਬੜੇ ਦਿਨ ਵੇਖ ਲਏ ਨੇ। ਹੁਣ ਅਸੀਂ ਉਸਦੇ ਦੁੱਖ ਧੋਣੇ ਹਨ। ਇਸ ਵਿਚ ਸਭ ਤੋਂ ਵੱਡੀ ਤਾਕਤ ਬਣਿਆਂ ਸਾਡੇ ਪੁੱਤਰ ਸੁਪਨ ਦਾ ਜਨਮ ਲੈਣਾ। ਬੀਬੀ ਨੂੰ ਲੱਗਾ ਜਿਵੇਂ ਵਰ੍ਹਿਆਂ ਬਾਅਦ ਉਹਦਾ ਗਵਾਚਾ ਭਗਵੰਤ ਉਹਨੂੰ ਮਿਲ ਗਿਆ ਹੋਵੇ। ਇਹ ਉਹ ਦਿਨ ਸਨ ਜਦੋਂ ਬੀਬੀ ਦਾ ਸਦੀਵੀ ਰੋਣਾ ਬੰਦ ਹੋ ਗਿਆ। ਉਹ ਸਾਡੇ ਬੱਚਿਆਂ ਨੂੰ ਸਾਂਭਦੀ, ਪਾਲਦੀ। ਖ਼ੁਸ਼ੀਆਂ ਉਹਦੇ ਮਨ ਦੇ ਵਿਹੜੇ ਵਿਚ ਪਰਤ ਆਈਆਂ ਸਨ। ਮੇਰੇ ਧੀਆਂ ਪੁੱਤ ਆਪਣੀ ਨਾਨੀ ਨੂੰ ਲਾਡ ਲਡਾਉਂਦੇ। ਨਾਨੀ ਉਹਨਾਂ ‘ਤੇ ਵਿਛ ਵਿਛ ਜਾਂਦੀ।
ਕਦੀ ਕਦੀ ਲੱਗਦਾ ਬੀਬੀ ਤਾਂ ਰੱਬੀ ਰੂਹ ਸੀ। ਕਿਸੇ ਨਾਲ ਤੇਰ ਮੇਰ ਨਹੀਂ। ਘਰ ਆਏ ਸਾਰੇ ਪ੍ਰਾਹੁਣੇ ਉਹਦੇ ਲਈ ਆਦਰ ਦਾ ਥਾਂ ਹੁੰਦੇ। ਸਾਡੇ ਪਿੰਡ ਰਹਿੰਦਿਆਂ ਇਕ ਵਾਰ ਖੇਤਾਂ ਵਿਚ ਰਹਿੰਦੇ, ਮੇਰੇ ਦਿਓਰ ਸੁਰਿੰਦਰ ਨੂੰ ਬੁਖ਼ਾਰ ਹੋ ਗਿਆ। ਸਾਡੇ ਘਰ ਦੇ ਗਵਾਂਢ ਡਾਕਟਰ ਲਾਲ ਦੀ ਦੁਕਾਨ ਤੋਂ ਦਵਾਈ ਲੈਣ ਆਇਆ ਤਾਂ ਵਾਪਸ ਜਾਣ ਦੀ ਹਿੰਮਤ ਨਾ ਰਹੀ। ਘਰ ਆ ਗਿਆ। ਅਸੀਂ ਦੋਵੇਂ ਜੀਅ ਸਕੂਲ ਗਏ ਹੋਏ ਸੀ। ਬੀਬੀ ਨੇ ਉਹਦੀ ਹਾਲਤ ਵੇਖੀ ਤਾਂ ਸੇਵਾ ਵਿਚ ਜੁੱਟ ਗਈ। ਪਾਣੀ ਦੀਆਂ ਪੱਟੀਆਂ ਭਿਉਂ ਭਿਉਂ ਕੇ ਕਈ ਘੰਟੇ ਉਹਦੇ ਮੱਥੇ, ਲੱਤਾਂ ਬਾਹਵਾਂ ‘ਤੇ ਫੇਰਦੀ ਰਹੀ। ਨਾਲ ਨਾਲ ਵਾਹਿਗੁਰੂ ਦਾ ਜਾਪ। ਜਿਵੇਂ ਉਹਦਾ ਆਪਣਾ ਪੁੱਤ ਬੀਮਾਰ ਹੋ ਗਿਆ ਹੋਵੇ। ਬੁਖ਼ਾਰ ਵਿਗੜ ਗਿਆ ਤੇ ਸੁਰਿੰਦਰ ਲਗ ਭਗ ਦਸ ਦਿਨ ਘਰੇ ਰਿਹਾ। ਅਸੀਂ ਤਾਂ ਡਿਊਟੀ ‘ਤੇ ਚਲੇ ਜਾਂਦੇ। ਬੀਬੀ ਨਾਲੇ ਤਾਂ ਖੇਤਾਂ ਵਿਚੋਂ ਸੁਰਿੰਦਰ ਦੀ ਸੁਰਤ ਲਈ ਆਉਣ ਵਾਲਿਆਂ ਦੀ ਜਲ-ਪਾਣੀ ਨਾਲ ਸੇਵਾ ਕਰਦੀ ਤੇ ਨਾਲੇ ਸੁਰਿੰਦਰ ਨੂੰ ਸਾਂਭਦੀ। ਸੁਰਿੰਦਰ ਸਦਾ ਆਖਦਾ, “ਇਹ ਮਾਸੀ ਹੀ ਸੀ ਜੀਹਨੇ ਮੇਰਾ ਸੇਵਾ ਕਰਕੇ ਮੈਨੂੰ ਬਚਾ ਲਿਆ ਸੀ।”
ਇਕ ਵਾਰ ਸੰਧੂ ਸਾਹਿਬ ਦੀ ਮਾਤਾ, ਸਾਡੀ ਬੀਜੀ ਵੀ ਬੜੀ ਬੀਮਾਰ ਹੋ ਗਈ। ਉਹ ਮਹੀਨਾ ਭਰ ਬੀਮਾਰ ਰਹੀ। ਬੀਬੀ ਨੇ ਉਹਨੂੰ ਵੀ ਸੁਰਿੰਦਰ ਵਾਂਗ ਹੀ ਸਾਂਭਿਆ। ਏਥੋਂ ਤੱਕ ਕਿ ਜਦੋਂ ਮੈਂ ਸਕੂਲ ਗਈ ਹੁੰਦੀ ਤਾਂ ਮਗਰੋਂ ਉਹਦੀ ਛਾਤੀ ਵਿਚੋਂ ਨਿਕਲਦੀ ਬਲਗਮ ਵੀ ਆਪ ਸਾਫ਼ ਕਰਦੀ। ਬੀਜੀ ਬੀਬੀ ਦਾ ਬੜਾ ਆਦਰ-ਮਾਣ ਕਰਦੀ ਤੇ ਦੋਵਾਂ ਦਾ ਇਕ-ਦੂਜੀ ਨੂੰ “ਭੈਣ ਜੀ, ਭੈਣ ਜੀ” ਕਹਿੰਦਿਆਂ ਮੂੰਹ ਸੁੱਕਦਾ।
ਬੀਬੀ ਤਾਂ ਹਰੇਕ ਦੇ ਦੁਖ-ਸੁਖ ਵਿਚ ਭਾਈਵਾਲ ਹੁੰਦੀ। ਕਿਸੇ ਦੇ ਘਰ ਮਰਗ ਹੁੰਦੀ ਤਾਂ ਭਿੱਜ ਭਿੱਜ ਜਾਂਦੀ। ਘਰ ਆ ਕੇ ਵੀ ਰੋਂਦੀ ਰਹਿੰਦੀ। ਕਿਸੇ ਘਰ ਖ਼ੁਸ਼ੀ ਹੋਣੀ ਤਾਂ ਵਧਾਈ ਦੇਣ ਭੱਜੀ ਜਾਣਾ ਤੇ ਘਰ ਆ ਕੇ ਵੀ ਉਹਨਾਂ ਦੀ ਖ਼ੁਸ਼ੀ ਦੀਆਂ ਗੱਲਾਂ ਕਰਦਿਆਂ ਖੀਵੀ ਹੋਈ ਜਾਣਾ। ਹੋਰ ਤੇ ਹੋਰ ਕਿਸੇ ਦੇ ਘਰ ਵਾਲਾ ਫੌਜ ਵਿਚੋਂ ਛੁੱਟੀ ਆਉਣਾ ਤਾਂ ਬੀਬੀ ਨੇ ਫੌਜਣ ਭਰਜਾਈ ਨੂੰ ਵਧਾਈ ਦੇਣ ਤੁਰ ਜਾਣਾ। ਬੀਬੀ ਲਈ ਪਤੀ ਦੇ ਛੁੱਟੀ ਆਉਣ ਦਾ ਕਿੰਨਾ ਵੱਡਾ ਮੁੱਲ ਹੋਵੇਗਾ; ਇਸ ਬਾਰੇ ਗੱਲ ਚੇਤੇ ਆ ਗਈ। ਇਕ ਵਾਰ ਸੁਪਨ ਬੀਬੀ ਨੂੰ ਲਾਡ ਲਡਾਉਂਦਿਆਂ ਕਹਿੰਦਾ, “ਬੀਬੀ! ਕੋਈ ਗੌਣ ਸੁਣਾ।”
ਬੀਬੀ ਗਾਉਣ ਲੱਗੀ:
“ਤੇਰਾ ਕੁੜਤਾ ਤਾਂ ਫੁੱਟੀਆਂ ਫੁੱਟੀਆਂ ਵੇ
ਤੈਨੂੰ ਸਾਹਬ ਨਾ ਦੇਂਦਾ ਛੁੱਟੀਆਂ ਵੇ।”
“ਤੇਰਾ ਕੁੜਤਾ ਤਾਂ ਦਾਣਾ ਦਾਣਾ ਵੇ
ਤਾਹੀਓਂ ਲੜਦਾਂ, ਸਵੇਰੇ ਉੱਠ ਜਾਣਾ ਵੇ।”
ਇਹਨਾਂ ਬੋਲੀਆਂ ਵਿਚ ਕਿਸੇ ਵਿਛੋੜੇ ਵਿਚ ਵਿਲਕਦੀ ਤੇ ਵਿਛੋੜੇ ਤੋਂ ਡਰਦੀ ਮੁਟਿਆਰ ਦੇ ਭਾਵਾਂ ਦੀ ਬੜੀ ਸੋਹਣੀ ਤਰਜਮਾਨੀ ਹੋਈ ਹੈ। ਅਸਲ ਵਿਚ ਇਹ ਭਾਵ ਤਾਂ ਬੀਬੀ ਦੇ ਆਪਣੇ ਸਨ। ਉਹ ਵੀ ਤਾਂ ਪਤੀ ਦੀ ਛੁੱਟੀ ਇੰਜ ਹੀ ਉਡੀਕਦੀ ਹੋਵੇਗੀ। ‘ਸਵੇਰੇ ਉਠ ਜਾਣ’ ਦਾ ਉਹਨੂੰ ਵੀ ਤਾਂ ਫਿਕਰ ਹੁੰਦਾ ਹੋਵੇਗਾ। ਕੀ ਪਤਾ ਸੀ ਇਕ ਦਿਨ ਸਵੇਰੇ ਉਠ ਕੇ ਉਹਦਾ ਪਤੀ ਅਜਿਹਾ ਜਾਵੇਗਾ ਕਿ ਮੁੜ ਕਦੀ ਨਹੀਂ ਪਰਤੇਗਾ।
ਕਦੀ ਸੋਚਦੀ ਹਾਂ, ਕੀ ਸੀ ਬੀਬੀ ਦੀ ਜਿ਼ੰਦਗੀ। ਇਹ ਜਿ਼ੰਦਗੀ ਸੀ ਜਾਂ ਕਈ ਸਾਲ ਲੰਮੀ ਮੌਤ। ਜਿਹੜੀ ਉਹ ਪਲ ਪਲ ਮਰਦੀ ਰਹੀ ਸੀ। ਫਿਰ ਸੋਚਦੀ ਹਾਂ ਨਹੀਂ, ਬੀਬੀ ਤਾਂ ਸੰਘਰਸ਼ ਦਾ ਨਾਂ ਸੀ, ਹਿੰਮਤ ਦਾ ਨਾਂ ਸੀ, ਸਬਰ ਦਾ ਨਾਂ ਸੀ, ਪ੍ਰੇਰਨਾ ਦਾ ਨਾਂ ਸੀ। ਬੀਬੀ ਸਾਡੇ ਜੀਆਂ ਦੀ ਧਰਤੀ ਹੇਠਲਾ ਧੌਲ ਸੀ।
ਬੀਬੀ ਨੇ ਦੁੱਖਾਂ ਦੇ ਪਹਾੜ ਆਪ ਚੁੱਕੇ ਤੇ ਸਾਨੂੰ ਜਿ਼ੰਦਗੀ ਦੇ ਸੁਖ ਦਿੱਤੇ। ਜਦੋਂ ਮੈਂ ਅਧਿਆਪਕਾ ਲੱਗੀ ਤਾਂ ਰਾਹ ਖਹਿੜੇ ਮਿਲਦਾ ਪਿੰਡ ਦਾ ਕੋਈ ਬਜ਼ੁਰਗ ਮੇਰੇ ਸਿਰ ‘ਤੇ ਪਿਆਰ ਦੇ ਕੇ ਆਖਦਾ, “ਸੁਖੀ ਵੱਸੇਂ ਧੀਏ! ਤੁਹਾਡੀ ਮਾਂ ਨੇ ਤੁਹਾਡੇ ਲਈ ਬੜੇ ਜਫ਼ਰ ਜਾਲੇ ਨੇ। ਨਰਕ ਦੀ ਅੱਗ ਵਿਚੋਂ ਆਪਣੀ ਬੁੱਕਲ ਵਿਚ ਲੁਕਾ ਕੇ ਤੁਹਾਨੂੰ ਚਹੁੰ ਭੈਣਾਂ ਨੂੰ ਸੁਖੀ-ਸਾਂਦੀ ਬਾਹਰ ਲੈ ਆਉਣਾ, ਓਸੇ ਦੀ ਹਿੰਮਤ ਸੀ। ਹੁਣ ਤੁਸਾਂ ਮਾਂ ਨੂੰ ਪੁੱਤ ਬਣ ਕੇ ਵਿਖਾਉਣਾ।”
ਬੀਬੀ ਗੁਜ਼ਰੀ ਤਾਂ ਅੰਤਮ ਇਸ਼ਨਾਨ ਕਰਾਉਣ ਵੇਲੇ ਆਲੇ-ਦੁਆਲੇ ਜੁੜੀਆਂ ਪਿੰਡ ਦੇ ਸ਼ਰੀਕੇ-ਭਾਈਚਾਰੇ ਦੀ ਔਰਤਾਂ ਆਖਣ, “ਮੈਨੂੰ ਵੀ ਮਾਤਾ ਨੂੰ ਹੱਥ ਲਾ ਲੈਣ ਦਿਓ। ਇਹ ਤਾਂ ਸਤਿਜੁਗੀ ਔਰਤ ਸੀ। ਇਹ ਤਾਂ ਦੇਵੀ ਸੀ।”
ਇਹ ਸੁਣ ਕੇ ਮੈਂ ਆਪਣੇ ਅੱਥਰੂ ਪੂੰਝੇ। ਧੁੰਦਲੀਆਂ ਅੱਖਾਂ ਨਾਲ ਬੀਬੀ ਦੇ ਚਿਹਰੇ ਵੱਲ ਵੇਖਿਆ। ਮਨ ਵਿਚ ਆਇਆ, ਦੇਵੀ ਬਣਨ ਦਾ ਕਿੰਨਾ ਵੱਡਾ ਮੁੱਲ ਤਾਰਨਾ ਪਿਆ ਸੀ ਸਾਡੀ ਬੀਬੀ ਨੂੰ।
ਹੁਣ ਖਿ਼ਆਲ ਆਉਂਦਾ ਹੈ ਕਿ ਅਕਸਰ ਉਹ ਮਾਈ ਭਾਗੋ ਦੇ ਪਿੰਡ ਦੀ ਨੂੰ੍ਹਹ ਸੀ। ਜਿ਼ੰਦਗੀ ਦੇ ਰਣ-ਤੱਤੇ ਵਿਚ ਪਿੱਠ ਕਿਵੇਂ ਵਿਖਾਉਂਦੀ। ਉਹਦੀ ਲੜਾਈ ਬੇਸ਼ੱਕ ਨਿੱਕੀ ਤੇ ਨਿੱਜੀ ਹੋਵੇਗੀ। ਪਰ ਉਹਨੇ ਹਾਰਨਾ ਨਹੀਂ ਸੀ, ਉਹਨੇ ਤਾਂ ਲੜਨਾ ਸੀ, ਜੂਝਣਾ ਸੀ। ਉਹਨੇ ਤਾਂ ਆਪਣੀ ਵਡੇਰੀ ਮਾਈ ਭਾਗੋ ਨਾਲ ਰਿਸ਼ਤੇ ਦੀ ਲੱਜ ਪਾਲਣੀ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346