Welcome to Seerat.ca
Welcome to Seerat.ca

ਸੰਪਾਦਕੀ

 

- ਗੁਰਨਾਮ ਢਿੱਲੋਂ

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ (1915 ਦੇ ਅੱਧ ਤੋਂ ਪਹਿਲਾਂ ਵਾਲੀ ਕਵਿਤਾ) ਦੇ ਸਰੋਕਾਰ ਤੇ ਪ੍ਰੇਰਨਾ ਸਰੋਤ

 

- ਸਵਰਾਜਬੀਰ

ਢਾਹਾਂ ਅੰਤਰਰਾਸ਼ਟਰੀ ਪੰਜਾਬੀ ਗਲਪ-ਪੁਰਸਕਾਰ ਸਮੇਂ ਕੀਤਾ ਮੁਢਲਾ ਭਾਸ਼ਨ

 

- ਵਰਿਆਮ ਸਿੰਘ ਸੰਧੂ

ਅਲ੍ਹੜ ਬਲ੍ਹੜ ਬਾਵੇ ਦਾ

 

- ਜਸਬੀਰ ਭੁੱਲਰ

ਡੂੰਘੇ ਪਾਣੀ

 

- ਹਰਜੀਤ ਅਟਵਾਲ

ਸ਼ਾਹਕਾਰ ਕਹਾਣੀ / ਗਡੱਰੀਆ

 

- ਅਸ਼ਫ਼ਾਕ਼ ਅਹਮਦ

ਐਮਰਜੈਂਸੀ ਰੂਮ

 

- ਸੁਰਜੀਤ

ਦੋ ਗ਼ਜ਼ਲਾਂ

 

- ਮੁਸ਼ਤਾਕ

ਦੋ ਗ਼ਜ਼ਲਾਂ

 

- ਗੁਰਦਾਸ ਪਰਮਾਰ

ਸੰਤ ਰਾਮ ਉਦਾਸੀ ਦੀ 28ਵੀਂ ਬਰਸੀ ‘ਤੇ / ਲੋਕ ਕਾਵਿ ਦਾ ਮਘਦਾ ਸੂਰਜ ਸੰਤ ਰਾਮ ਉਦਾਸੀ

 

- ਪਿੰ੍. ਸਰਵਣ ਸਿੰਘ

ਮੁਲਾਕਾਤ : ਜਸਵੰਤ ਦੀਦ

 

- ਸੁਖਿੰਦਰ

ਗੁਰਦਿਆਲ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਅੰਧ-ਵਿਸ਼ਵਾਸ ਦੀ ਪੌੜੀ ‘ਚ ਲਟਕੇ ਲੋਕ

 

- ਐਸ. ਅਸ਼ੋਕ ਭੌਰਾ

ਓਵਰ-ਟਾਈਮ

 

- ਚਰਨਜੀਤ ਸਿੰਘ ਪੰਨੂ

ਬੀਬੀ ਕੌਲਾਂ, ਕਾਜ਼ੀ ਤੇ ਕੌਲਸਰ

 

- ਗੱਜਣਵਾਲਾ ਸੁਖਮਿੰਦਰ ਸਿੰਘ

ਇਕ ਦੂਜੇ ਨੂੰ ਜਾਣੀਏਂ

 

- ਗੁਲਸ਼ਨ ਦਿਆਲ

ਆਦੀਵਾਸੀ ਭਾਸ਼ਾਵਾਂ ਅੱਗੇ ਹੀ ਹੋਂਦ ਬਣਾਈ ਰੱਖਣ ਦਾ ਗੰਭੀਰ ਸੰਕਟ

 

- ਡਾ. ਵੀਰ ਭਾਰਤ ਤਲਵਾਰ

ਖੇਤਰੀ ਭਾਸ਼ਾਵਾਂ ਦੇ ਮਸਲੇ ਉਰਦੂ ਦੇ ਸੰਦਰਭ ਵਿਚ

 

- ਡਾ. ਅਲੀ ਜਾਵੇਦ

ਆਪਣਾ ਹਿੱਸਾ-3

 

- ਵਰਿਆਮ ਸਿੰਘ ਸੰਧੂ

.....ਕਰਜੇ ਦਾ ਫੰਦਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਉੱਡਕੇ ਜਾਵੀਂ ਵੇ ਤੋਤਿਆ

 

- ਗੁਰਮੇਲ ਬੀਰੋਕੇ

ਔਰਤ

 

- ਅਮਰਦੀਪ ਸਿੰਘ ‘ਗੁਰੂ‘

ਸੱਚ । ਸਰੂਪਾ । ਰੰਗ

 

- ਉਂਕਾਰਪ੍ਰੀਤ

ਜੱਟ ਮਰ ਗਏ ਕਮਾਈਆਂ ਕਰਦੇ ਨੀ ਜੱਟੀਏ ਤੇਰੇ ਬੰਦ ਨਾ ਬਣੇ।

 

- ਕਰਨ ਬਰਾੜ

ਤਿੰਨ ਗ਼ਜ਼ਲਾਂ

 

-  ਗੁਰਨਾਮ ਢਿੱਲੋਂ

ਗੀਤ

 

- ਬੇਤਾਬ ਸੁਰਖਪੁਰੀ

 
Online Punjabi Magazine Seerat

ਡੂੰਘੇ ਪਾਣੀ
- ਹਰਜੀਤ ਅਟਵਾਲ

 

ਮਹਾਂਰਾਜਾ ਇਸ ਸਾਰੀ ਲੜਾਈ ਕਾਰਨ ਦਬਾਅ ਹੇਠ ਤਾਂ ਬਹੁਤ ਰਹਿੰਦਾ ਸੀ ਪਰ ਉਹ ਇਸ ਦਬਾਅ ਨੂੰ ਓਨਾ ਜ਼ਾਹਰ ਨਹੀਂ ਸੀ ਕਰਿਆ ਕਰਦਾ। ਉਹ ਪਹਿਲਾਂ ਵਾਂਗ ਹੀ ਸਿ਼ਕਾਰ ਖੇਡਦਾ। ਪਹਿਲਾਂ ਵਾਂਗ ਹੀ ਦੋਸਤਾਂ ਦੀਆਂ ਮਹਿਫਲਾਂ ਲਗਦੀਆਂ। ਆਪਣੇ ਪਰਿਵਾਰ ਦੀ ਸੰਭਾਲ ਵੀ ਉਹ ਵਧੀਆ ਤਰੀਕੇ ਨਾਲ ਕਰ ਰਿਹਾ ਸੀ। ਉਸ ਦੇ ਵੱਡੇ ਦੋ ਮੁੰਡੇ ਤਾਂ ਉਸ ਦੇ ਬਰਾਬਰ ਦੇ ਹੋਏ ਪਏ ਸਨ। ਵੱਡਾ ਵਿਕਟਰ ਉਸ ਤੋਂ ਵੀ ਲੰਮਾ ਹੋ ਗਿਆ ਸੀ। ਦੂਜੇ ਨੰਬਰ ਵਾਲਾ ਫਰੈਡਰਿਕ ਵੀ ਪੂਰਾ ਜਵਾਨ ਨਿਕਲਿਆ ਸੀ ਪਰ ਉਹ ਚੁੱਪ ਜਿਹੇ ਸੁਭਾਅ ਦਾ ਮਾਲਕ ਸੀ ਜਦਕਿ ਵੱਡਾ ਵਿਕਟਰ ਬਿਲਕੁਲ ਮਹਾਂਰਾਜੇ ਵਰਗਾ ਹੀ ਸੀ। ਵਿਕਟਰ ਪੈਸੇ ਦੇ ਮਾਮਲੇ ਵਿਚ ਵੀ ਮਹਾਂਰਾਜੇ ਵਾਂਗ ਹੀ ਖੁਲ੍ਹ-ਖੇਡ ਵਰਤਦਾ। ਮਹਾਂਰਾਜਾ ਇਸ ਗੱਲ ਦਾ ਬਿਲਕੁਲ ਬੁਰਾ ਨਹੀਂ ਸੀ ਮਨਾਉਂਦਾ ਸਗੋਂ ਉਹ ਖੁਸ਼ ਹੁੰਦਾ ਤੇ ਕਹਿੰਦਾ ਕਿ ਆਖਰ ਉਹ ਮਹਾਂਰਾਜੇ ਦਾ ਪੁੱਤਰ ਹੈ ਤੇ ਉਸ ਦੇ ਸ਼ੌਂਕ ਵੀ ਮਹਾਂਰਾਜਿਆਂ ਵਾਲੇ ਹੀ ਹੋਣੇ ਚਾਹੀਦੇ ਹਨ। ਉਸ ਦਾ ਤੀਜੇ ਨੰਬਰ ਦਾ ਪੁੱਤਰ ਅਲਬਰਟ ਸਭ ਤੋਂ ਛੋਟਾ ਸੀ। ਅਲਬਰਟ ਦੀ ਸਿਹਤ ਬਹੁਤੀ ਵੱਲ ਨਹੀਂ ਸੀ ਰਹਿੰਦੀ। ਕੁੜੀਆਂ ਵੀ ਹੁਣ ਵੱਡੀਆਂ ਹੋ ਗਈਆਂ ਸਨ। ਮਹਾਂਰਾਜੇ ਨੇ ਆਪਣੇ ਬੱਚੇ ਪਾਲਦੇ ਸਮੇਂ ਕੋਈ ਕੰਜੂਸੀ ਨਹੀਂ ਸੀ ਵਰਤੀ। ਹੁਣ ਵੀ ਉਹ ਬੱਚਿਆਂ ਖਾਤਰ ਹੀ ਤਾਂ ਬ੍ਰਤਾਨੀਆਂ ਦੀ ਸਰਕਾਰ ਨਾਲ ਮੱਥਾ ਲਈ ਬੈਠਾ ਸੀ।
ਮਹਾਂਰਾਜੇ ਦੇ ਘਰ ਦਾ ਮਹੌਲ ਬਹੁਤ ਸੁਖਾਵਾਂ ਸੀ। ਬਾਂਬਾ ਤੇ ਕੁੜੀਆਂ ਜਿ਼ਆਦਾਤਰ ਲੰਡਨ ਵਾਲੇ ਘਰ ਹੀ ਰਹਿੰਦੀਆਂ ਸਨ। ਬੱਚੇ ਸਾਰੇ ਹੀ ਪੜ੍ਹਦੇ ਸਨ। ਛੁੱਟੀਆਂ ਵਿਚ ਸਾਰੇ ਐੱਲਵੇਡਨ ਚਲੇ ਜਾਂਦੇ। ਬਾਂਬਾ ਮਹਾਂਰਾਜੇ ਨੂੰ ਕਿਸੇ ਗੱਲੋਂ ਨਹੀਂ ਸੀ ਰੋਕਦੀ। ਉਸ ਨੂੰ ਪਤਾ ਸੀ ਕਿ ਜੇ ਰੋਕੇਗੀ ਵੀ ਤਾਂ ਮਹਾਂਰਾਜਾ ਕਿਹੜੀ ਉਸ ਦੀ ਮੰਨੇਗਾ। ਬਾਂਬਾ ਸੀਮਤ ਜਿਹੀਆਂ ਲੋੜਾਂ ਵਾਲੀ ਔਰਤ ਸੀ। ਹੁਣ ਉਸ ਦਾ ਮਹਾਂਰਾਜੇ ਨਾਲ ਦੋ ਗੱਲਾਂ ਵਿਚ ਵਿਰੋਧ ਚਲ ਰਿਹਾ ਸੀ। ਉਸ ਨੂੰ ਪਤਾ ਸੀ ਕਿ ਚੱਲਣੀ ਤਾਂ ਅਖੀਰ ਵਿਚ ਮਹਾਂਰਾਜੇ ਦੀ ਹੀ ਹੈ ਪਰ ਉਹ ਖੁਲ੍ਹ ਕੇ ਵਿਰੋਧ ਕਰਨ ਲਗਦੀ। ਵਿਰੋਧ ਉਹ ਕਰਦੀ ਪਰ ਏਨਾ ਨਹੀਂ ਕਿ ਮਹਾਂਰਾਜੇ ਲਈ ਕੋਈ ਮੁਸ਼ਕਲ ਖੜੀ ਕਰ ਦੇਵੇ। ਮਹਾਂਰਾਣੀ ਬਾਂਬਾ ਦਾ ਇਕ ਵਿਰੋਧ ਸੀ ਕਿ ਉਹ ਬੱਚਿਆਂ ਨੂੰ ਲੈ ਕੇ ਹਿੰਦੁਸਤਾਨ ਨਹੀਂ ਸੀ ਜਾਣਾ ਚਾਹੁੰਦੀ। ਉਹ ਸੋਚਦੀ ਕਿ ਉਹ ਦੁਨੀਆਂ ਉਸ ਲਈ ਤੇ ਉਸ ਦੇ ਬੱਚਿਆਂ ਲਈ ਇਕਦਮ ਓਪਰੀ ਹੋਵੇਗੀ। ਉਸ ਵਿਚ ਸਮਾ ਸਕਣਾ ਬਹੁਤ ਔਖਾ ਹੋਵੇਗਾ। ਦੂਜਾ ਵਿਰੋਧ ਸੀ ਕਿ ਉਹ ਮੁੜ ਕੇ ਸਿੱਖ ਬਣ ਜਾਣ ਦੀ ਗੱਲ ਨਾ ਕਰੇ। ਉਸ ਨੇ ਬੱਚਿਆਂ ਨੂੰ ਸੱਚੇ ਇਸਾਈ ਬਣਾਇਆ ਸੀ। ਮਹਾਂਰਾਜੇ ਨੇ ਆਪ ਵੀ ਤਾਂ ਮੁਹਰੇ ਹੋ ਕੇ ਬੱਚਿਆਂ ਨੂੰ ਇਸਾਈ ਧਰਮ ਦੀ ਸਿਖਿਆ ਦਿਤੀ ਸੀ। ਹੁਣ ਮਹਾਂਰਾਜੇ ਦਾ ਸਿੱਖੀ ਵਲ ਝੁਕਣਾ ਉਸ ਨੂੰ ਤੰਗ ਕਰ ਰਿਹਾ ਸੀ। ਘਰ ਵਿਚ ਹੁਣ ਸਿੱਖੀ ਦਾ ਬੋਲ-ਬਾਲਾ ਹੋਣਾ ਸ਼ੁਰੂ ਹੋ ਗਿਆ ਸੀ। ਐੱਲਵੇਡਨ ਹਾਲ ਵਿਚ ਤਾਂ ਕਈ ਸਿੱਖ ਰਹਿ ਰਹੇ ਸਨ। ਹਿੁੰਦਸਤਾਨ ਤੋਂ ਵੀ ਕੋਈ ਨਾ ਕੋਈ ਸਿੱਖ ਆਇਆ ਹੀ ਰਹਿੰਦਾ। ਐਤਵਾਰ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਜਿਸ ਨੂੰ ਹੁਕਮ ਸਿੰਘ ਆਪਣੇ ਹੱਥੀਂ ਤਿਆਰ ਕਰਦਾ। ਕਿਸੇ ਹੋਰ ਨੌਕਰ ਨੂੰ ਹੱਥ ਤਕ ਨਾ ਲਾਉਣ ਦਿੰਦਾ। ਸੰਗਰਾਂਦ ਵਾਲੇ ਦਿਨ ਹੁਕਮ ਸਿੰਘ ਸਭ ਨੂੰ ਸ਼ੀਸ਼ ਮਹੱਲ ਵਿਚ ਇਕੱਠੇ ਕਰਕੇ ਭੋਗ ਪਾਉਂਦਾ। ਪਾਠ ਸੁਣਦੇ ਵਕਤ ਮਹਾਂਰਾਜਾ ਹੱਥ ਜੋੜ ਕੇ ਬੈਠਾ ਹੁੰਦਾ। ਉਸ ਦਿਨ ਮਹਾਂਰਾਜਾ ਸਿ਼ਕਾਰ ਦੀ ਖੇਡ ਦਾ ਸਮਾਂ ਵੀ ਬਦਲ ਲੈਂਦਾ। ਹੁਕਮ ਸਿੰਘ ਨੇ ਠਾਕੁਰ ਸਿੰਘ ਨੂੰ ਚਿੱਠੀ ਲਿਖ ਦਿਤੀ ਹੋਈ ਸੀ ਕਿ ਮਹਾਂਰਾਜੇ ਦੇ ਮੁੜ ਕੇ ਸਿੱਖ ਧਰਮ ਵਿਚ ਸ਼ਾਮਲ ਹੋਣ ਦੀ ਖੁਸ਼ਖਬਰੀ ਜਲਦੀ ਹੀ ਸੁਣਨ ਨੂੰ ਮਿਲੇਗੀ। ਮਹਾਂਰਾਜੇ ਨੇ ਤਾਂ ਠਾਕੁਰ ਸਿੰਘ ਸੰਧਾਵਾਲੀਆ ਨੂੰ ਇੰਗਲੈਂਡ ਆੳਣ ਦਾ ਸੱਦਾ ਵੀ ਭੇਜ ਦਿਤਾ ਹੋਇਆ ਸੀ। ਹੁਕਮ ਸਿੰਘ ਨੂੰ ਗਰੰਥ ਸਾਹਿਬ ਦੀ ਬੀੜ ਦੀ ਘਾਟ ਹੁਣ ਤਾਂ ਬਹੁਤੀ ਹੀ ਮਹਿਸੂਸ ਹੋਣ ਲਗੀ ਸੀ। ਮਹਾਂਰਾਜੇ ਨੂੰ ਆਪਣੇ ਚੌਗਿਰਦੇ ਦਾ ਬਦਲਾਵ ਚੰਗਾ ਲਗਣ ਲਗਿਆ ਸੀ। ਉਸ ਨੇ ਚਰਚ ਜਾਣਾ ਬਹੁਤ ਘੱਟ ਕਰ ਦਿਤਾ ਹੋਇਆ ਸੀ। ਕੋਈ ਵਿਸ਼ੇਸ਼ ਦਿਨ ਹੁੰਦਾ ਤਾਂ ਉਸ ਨੂੰ ਕੋਈ ਨਾ ਕੋਈ ਸੱਦਾ ਆ ਜਾਂਦਾ ਤਾਂ ਉਹ ਚਲੇ ਜਾਂਦਾ। ਐੱਲਵੇਡਨ ਦੇ ਸਾਰੇ ਇਲਾਕੇ ਵਿਚ ਹੀ ਮਹਾਂਰਾਜੇ ਦੀ ਬਹੁਤ ਇੱਜ਼ਤ ਸੀ। ਲੋਕ ਉਸ ਨੂੰ ਆਪਣੇ ਦਿਨਾਂ-ਵਿਹਾਰਾਂ ਉਪਰ ਸੱਦਾ ਦਿੰਦੇ ਤਾਂ ਮਹਾਂਰਾਜਾ ਪੂਰਾ ਤਿਆਰ ਹੋ ਕੇ ਪੁੱਜਦਾ। ਇਲਾਕੇ ਦੇ ਲੋਕ ਮਹਾਂਰਾਜੇ ਬਾਰੇ ਖ਼ਬਰਾਂ ਪੜ੍ਹਦੇ ਤਾਂ ਦੁਖੀ ਹੁੰਦੇ। ਕਈ ਲੋਕ ਸਰਕਾਰ ਨੂੰ ਮਹਾਂਰਾਜੇ ਦੇ ਹੱਕ ਵਿਚ ਚਿੱਠੀਆਂ ਵੀ ਲਿਖਦੇ। ਅਖ਼ਬਾਰਾਂ ਦੇ ਕਾਲਮ ‘ਲੈਟਰ ਟੂ ਐਡੀਟਰ’ ਵਿਚ ਵੀ ਇਥੋਂ ਦੇ ਪੜ੍ਹੇ-ਲਿਖੇ ਲੋਕ ਪਤਰ ਲਿਖਦੇ ਰਹਿੰਦੇ।
ਮਹਾਂਰਾਜੇ ਦਾ ਭਲਾ ਚਾਹੁਣ ਵਾਲਿਆਂ ਵਿਚ ਇਕ ਲੇਡੀ ਲੋਗਨ ਵੀ ਸੀ। ਉਮਰ ਵਿਚ ਉਹ ਹੁਣ ਬਹੁਤ ਸਿਆਣੀ ਹੋ ਚੁੱਕੀ ਸੀ ਤੇ ਡਿਗਦੀ ਸਿਹਤ ਕਾਰਨ ਕਿਧਰੇ ਆ-ਜਾ ਵੀ ਨਹੀਂ ਸੀ ਸਕਦੀ। ਮਹਾਂਰਾਜੇ ਬਾਰੇ ਉਹ ਵੀ ਅਖ਼ਬਾਰਾਂ ਵਿਚ ਪੜ੍ਹਦੀ ਹੀ ਰਹਿੰਦੀ ਸੀ ਤੇ ਫਿਕਰ ਵੀ ਕਰਦੀ। ਲੇਡੀ ਲੋਗਨ ਦਾ ਸ਼ਹਿਰ ਫਲੈਕਸਟੋ ਐੱਲਵੇਡਨ ਤੋਂ ਬਹੁਤੀ ਦੂਰ ਨਹੀਂ ਸੀ। ਮਹਾਂਰਾਜਾ ਅਕਸਰ ਆਪਣਾ ਦੁੱਖ ਸਾਂਝਾ ਕਰਨ ਉਸ ਕੋਲ ਚਲੇ ਜਾਇਆ ਕਰਦਾ ਸੀ। ਲੇਡੀ ਲੋਗਨ ਸਦਾ ਹੀ ਉਸ ਦਾ ਭਰਵਾਂ ਸਵਾਗਤ ਕਰਦੀ। ਇਕ ਦਿਨ ਮਹਾਂਰਾਜੇ ਦਾ ਮਨ ਕੁਝ ਉਦਾਸ ਸੀ ਤਾਂ ਉਹ ਲੇਡੀ ਲੋਗਨ ਨੂੰ ਮਿਲਣ ਚਲੇ ਗਿਆ। ਲੇਡੀ ਲੋਗਨ ਦੀ ਵੱਡੀ ਭੈਣ ਮੈਰੀਐਨ ਵੀ ਉਸ ਕੋਲ ਠਹਿਰੀ ਹੋਈ ਸੀ। ਲੇਡੀ ਲੋਗਨ ਸਦਾ ਵਾਂਗ ਖੁਸ਼ ਹੋ ਕੇ ਉਸ ਨੂੰ ਮਿਲੀ ਤੇ ਉਸ ਦੀ ਪਤਨੀ ਤੇ ਬੱਚਿਆਂ ਦਾ ਹਾਲ-ਚਾਲ ਪੁੱਛਣ ਲਗੀ। ਮਹਾਂਰਾਜੇ ਦੀਆਂ ਸਮੱਸਿਆਵਾਂ ਬਾਰੇ ਗੱਲ ਤੁਰੀ ਤਾਂ ਉਹ ਬੋਲਿਆ,
“ਦੇਖੋ ਮੈਅਮ, ਜੇ ਸਰ ਲੋਗਨ ਜਿਊਂਦੇ ਹੁੰਦੇ ਤਾਂ ਮੇਰੇ ਨਾਲ ਹੁੰਦੀ ਇਹ ਵਧੀਕੀ ਉਹਨਾਂ ਨੇ ਨਹੀਂ ਸੀ ਦੇਖ ਸਕਣੀ।”
“ਬਿਲਕੁਲ ਯੋਅਰ ਹਾਈਨੈੱਸ, ਇਸ ਸਰਕਾਰ ਨੇ ਤਾਂ ਜੌਹਨ ਦਾ ਕੀਤਾ-ਕਰਾਇਆ ਖਰਾਬ ਕਰ ਕੇ ਰੱਖ ਦਿਤਾ, ਕਿੰਨੇ ਮਾਣ ਤੇ ਚਾਅ ਨਾਲ ਉਹ ਤੁਹਾਨੂੰ ਇਸ ਮੁਲਕ ਵਿਚ ਲਿਆਇਆ ਸੀ ਤੇ ਤੁਹਾਡੇ ਹੱਕ ਤੁਹਾਨੂੰ ਦਵਾਏ ਸਨ।”
“ਮੈਅਮ, ਮੈਂ ਵੀ ਸਰਕਾਰ ਨੂੰ ਤਕੜੀ ਲੜਾਈ ਦੇ ਰਿਹਾਂ, ਸਭ ਲਈ ਮੈਂ ਮੁਸ਼ਕਲ ਬਣਿਆਂ ਪਿਆਂ!”
“ਯੋਅਰ ਹਾਈਨੈੱਸ, ਮੈਂ ਮੈਰੀਐਨ ਨਾਲ ਤੁਹਾਡੇ ਬਾਰੇ ਹੀ ਗੱਲਾਂ ਕਰ ਰਹੀ ਸੀ, ਮੇਰਾ ਮਨ ਵੀ ਅਸ਼ਾਂਤ ਏ ਪਰ ਜੀਸਸ ਸਭ ਠੀਕ ਕਰਨਗੇ।”
“ਮੈਨੂੰ ਵੀ ਪੂਰੀ ਆਸ ਏ ਮੈਅਮ!”
ਮਹਾਂਰਾਜੇ ਨੇ ਕਿਹਾ। ਲੇਡੀ ਲੋਗਨ ਨਾਲ ਗੱਲਾਂ ਕਰਕੇ ਉਸ ਨੂੰ ਏਨੀ ਤਸੱਲੀ ਹੋ ਰਹੀ ਸੀ ਕਿ ਉਹ ਰਾਤ ਉਥੇ ਹੀ ਠਹਿਰ ਗਿਆ। ਲੇਡੀ ਲੋਗਨ ਦੇ ਘਰ ਵਿਚ ਪਾਰਟੀ ਜਿਹਾ ਮਹੌਲ ਬਣ ਗਿਆ। ਮਹਾਂਰਾਜੇ ਨੇ ਸ਼ੈਰੀ ਦੀ ਬੋਤਲ ਚੁੱਕੀ ਤੇ ਦੋਨਾਂ ਔਰਤਾਂ ਨੂੰ ਸ਼ੈਰੀ ਦੇ ਪੈੱਗ ਬਣਾ ਦਿਤ ਤੇ ਆਪਣੇ ਲਈ ਵਿਸਕੀ ਪਾ ਲਈ। ਮੈਰੀਐਨ ਪਿਆਨੋ ਵਜਾਉਣ ਦੀ ਬਹੁਤ ਮਾਹਰ ਸੀ। ਮਹਾਂਰਾਜੇ ਨੂੰ ਇਸ ਗੱਲ ਦਾ ਪਤਾ ਸੀ। ਉਸ ਨੇ ਮੈਰੀਐਨ ਨੂੰ ਇਸ਼ਾਰੇ ਨਾਲ ਹੀ ਪਿਆਨੋ ਵਜਾਉਣ ਲਈ ਕਿਹਾ। ਉਹ ਉਠੀ ਤੇ ਪਿਆਨੋ ਦੇ ਸਟੂਲ ‘ਤੇ ਬੈਠ ਗਈ। ਪਿਆਨੋ ‘ਤੇ ਉਂਗਲਾਂ ਸਿੱਧੀਆਂ ਕਰਨ ਲਗੀ। ਮਹਾਂਰਾਜਾ ਵੀ ਉਠ ਕੇ ਖੜਾ ਹੋ ਗਿਆ ਤੇ ਪੈਰਾਂ ਨੂੰ ਨਚੱਣ ਲਈ ਤਿਆਰ ਕਰਨ ਲਗਿਆ। ਮੈਰੀਐਨ ਘੰਟਾ ਭਰ ਪਿਆਨੋ ਵਜਾਉਂਦੀ ਰਹੀ ਤੇ ਮਹਾਂਰਾਜਾ ਬਿਨਾਂ ਸਾਹ ਲਿਆਂ ਘੰਟਾ ਭਰ ਹੀ ਨੱਚਦਾ ਰਿਹਾ। ਇਵੇਂ ਨੱਚਣਾ ਉਸ ਨੂੰ ਬਹੁਤ ਪਸੰਦ ਸੀ। ਉਹ ਬਾਲ-ਡਾਂਸ ਦਾ ਮਾਹਰ ਸੀ। ਲੰਡਨ ਵਿਚ ਹੁੰਦਾ ਤਾਂ ਮਹਾਂਰਾਜੇ ਦੀ ਸ਼ਾਮ ਕਿਸੇ ਨਾਚ-ਘਰ ਵਿਚ ਹੀ ਗੁਜ਼ਰਦੀ। ਗਰੀਨ ਹਾਊਸ ਨਾਂ ਦੇ ਨਾਚ-ਘਰ ਵਿਚ ਉਸ ਦੀ ਹਾਜ਼ਰੀ ਮਹੱਤਵਪੂਰਨ ਗਿਣੀ ਜਾਂਦੀ ਸੀ। ਐੱਲਵੇਡਨ ਵਿਚ ਵੀ ਬਾਲ-ਡਾਂਸ ਦਾ ਪ੍ਰਬੰਧ ਕਰ ਲਿਆ ਕਰਦਾ। ਨਾਚ-ਘਰ ਤੇ ਸਿ਼ਕਾਰ ਉਸ ਦੇ ਮਾਨਸਿਕ ਤਣਾਵ ਨੂੰ ਘਟਾਉਣ ਵਿਚ ਸਹਾਈ ਹੁੰਦੇ।...
ਅੰਗਰੇਜ਼ੀ ਦੀ ਇਕ ਕਹਾਵਤ ਹੈ; ਡੂੰਘੇ ਪਾਣੀਆਂ ਵਲ ਤੁਰ ਜਾਣਾ। ਮਹਾਂਰਾਜੇ ਬਾਰੇ ਇਹ ਕਹਾਵਤ ਹੁਣ ਸ਼ਾਹੀ ਮਹੱਲ ਵਿਚ ਆਮ ਵਰਤੀ ਜਾਣ ਲਗੀ ਸੀ। ਮਹਾਂਰਾਣੀ ਦੇ ਕੁਝ ਰਿਸ਼ਤੇਦਾਰ ਤੇ ਕੁਝ ਕਰਮਚਾਰੀ ਮਹਾਂਰਾਜੇ ਦੇ ਖਿਲਾਫ ਹੋ ਚੁੱਕੇ ਸਨ। ਸਰ ਫਰਾਂਸਿਸ ਨੋਲੀ ਨੇ ਕੁਝ ਦਿਨਾਂ ਬਾਅਦ ਮਹਾਂਰਾਜੇ ਦੀ ਲਿਖੀ ਚਿੱਠੀ ਮਹਾਂਰਾਣੀ ਨੂੰ ਦਿਖਾ ਦਿਤੀ। ਉਹ ਸੋਚਾਂ ਵਿਚ ਪੈ ਗਈ ਕਿ ਮਹਾਂਰਾਜੇ ਨੂੰ ਕਿਵੇਂ ਸਮਝਾਇਆ ਜਾਵੇ, ਕਿਵੇਂ ਰੋਕਿਆ ਜਾਵੇ। ਮਹਾਂਰਾਜੇ ਨੂੰ ਡੂੰਘੇ ਪਾਣੀਆਂ ਵਲੋਂ ਕਿਵੇਂ ਮੋੜਿਆ ਜਾਵੇ। ਮਹਾਂਰਾਣੀ ਨੇ ਦੇਖ ਲਿਆ ਕਿ ਉਹ ਜ਼ੋਰ-ਜਬਰਦਸਤੀ ਨਾਲ ਰੁਕਣ ਵਾਲਾ ਨਹੀਂ ਸੀ। ਉਸ ਨੇ ਪਿਆਰ ਵੀ ਵਰਤ ਕੇ ਦੇਖ ਲਿਆ ਸੀ ਪਰ ਕਿਸੇ ਕੰਮ ਨਹੀਂ ਸੀ ਆ ਰਿਹਾ। ਸਰਕਾਰ ਦੀ ਕਿਸੇ ਨੀਤੀ ਦੇ ਖਿਲਾਫ ਉਹ ਬੋਲ ਨਹੀਂ ਸੀ ਸਕਦੀ। ਉਹ ਤਾਂ ਮਹਿਜ਼ ਨਾਂ ਦੀ ਹੀ ਮਹਾਂਰਾਣੀ ਸੀ, ਉਸ ਕੋਲ ਕੋਈ ਤਾਕਤ ਨਹੀਂ ਸੀ। ਮਹਾਂਰਾਜੇ ਦੇ ਮਾਮਲੇ ਵਿਚ ਵੀ ਚੁੱਪ ਰਹਿਣ ਤੋਂ ਬਿਨਾਂ ਉਹ ਕੁਝ ਨਹੀਂ ਸੀ ਕਰ ਸਕਦੀ। ਉਸ ਨੂੰ ਮਹਾਂਰਾਜੇ ਨਾਲ ਪੂਰੀ ਹਮਦਰਦੀ ਸੀ ਪਰ ਉਹ ਉਸ ਲਈ ਰੋ ਵੀ ਨਹੀਂ ਸੀ ਸਕਦੀ ਆਖਰ ਮਹਾਂਰਾਣੀ ਜਿਉਂ ਹੋਈ। ਉਹ ਹੁਣ ਵੀ ਨਾ ਗੱਸਾ ਕਰ ਸਕਦੀ ਸੀ ਤੇ ਨਾ ਹੀ ਖੁਸ਼ ਹੋ ਸਕਦੀ ਸੀ। ਉਹ ਚਾਹੁੰਦੀ ਸੀ ਕਿ ਇਹ ਜੋ ਝੱਖੜ ਝੁਲਣਾ ਸ਼ੁਰੂ ਹੋ ਚੁੱਕਾ ਹੈ ਇਹ ਕਿਸੇ ਤਰ੍ਹਾਂ ਸ਼ਾਂਤ ਹੋ ਜਾਵੇ।
ਇਹਨਾਂ ਦਿਨਾਂ ਵਿਚ ਹੀ ਮਹਾਂਰਾਣੀ ਦੇ ਛੋਟੇ ਪੁੱਤਰ ਪਰਿੰਸ ਲਿਓਪੋਲਡ, ਡਿਊਕ ਔਫ ਐਲਨਬੀ, ਦੀ ਮੌਤ ਹੋ ਗਈ। ਉਹ ਕਾਫੀ ਦੇਰ ਤੋਂ ਬਿਮਾਰ ਜਿਹਾ ਰਹਿੰਦਾ ਸੀ। ਜਦ ਪਰਿੰਸ ਲਿਓਪੋਲਡ ਨਿਕਾ ਜਿਹਾ ਸੀ ਤਾਂ ਮਹਾਂਰਾਜਾ ਉਸ ਨੂੰ ਘਨੇੜੀ ਚੁੱਕੀ ਫਿਰਦਾ ਹੁੰਦਾ ਸੀ। ਉਹਨਾਂ ਦਿਨਾਂ ਵਿਚ ਮਹਾਂਰਾਜਾ ਨਵਾਂ ਨਵਾਂ ਹਿੰਦੁਸਤਾਨ ਤੋਂ ਆਇਆ ਸੀ। ਮਹਾਂਰਾਜੇ ਨੂੰ ਪਤਾ ਚਲਿਆ ਤਾਂ ਉਹ ਫੁੱਟ ਫੁੱਟ ਕੇ ਰੋਣ ਲਗਿਆ। ਇਸ ਰੋਣ ਵਿਚ ਕਈ ਸਾਰੇ ਦੁੱਖ ਇਕੱਠੇ ਖੁਰ ਰਹੇ ਸਨ। ਪੁੱਤਰ ਦੀ ਮੌਤ ਤੋਂ ਜ਼ਰਾ ਕੁ ਉਭਰ ਕੇ ਮਹਾਂਰਾਣੀ ਨੇ ਮਹਾਂਰਾਜੇ ਨੂੰ ਚਿੱਠੀ ਲਿਖੀ;
12 ਸਤੰਬਰ 1884; ‘ਪਿਆਰੇ ਮਹਾਂਰਾਜਾ, ਮੈਨੂੰ ਪਤਾ ਹੈ ਮੇਰੇ ਲਾਡਲੇ ਲਿਓਪੋਲਡ ਨਾਲ ਤੁਸੀਂ ਉਸ ਦੇ ਬਚਪਨ ਤੋਂ ਹੀ ਜੁੜੇ ਹੋਏ ਹੋ, ਕਿੰਨੀਆਂ ਹੀ ਤਸਵੀਰਾਂ ਹਨ ਤੁਹਾਡੀਆਂ ਉਸ ਨਾਲ, ਕੁਝ ਭੇਜ ਰਹੀ ਹਾਂ। ...ਤੁਸੀਂ ਸਰ ਹੈਨਰੀ ਪੌਨਸਨਬੀ ਨੂੰ ਲਿਖੀ ਚਿੱਠੀ ਵਿਚ ਜੋ ਕੁਝ ਕਿਹਾ ਹੈ ਇਹ ਜਾਣ ਕੇ ਮੈਨੂੰ ਬਹੁਤ ਤਕਲੀਫ ਹੋਈ ਹੈ ਕਿ ਤੁਸੀਂ ਆਪਣੇ ਪਿਤਰੀ ਧਰਮ ਵਲ ਮੁੜ ਸਕਦੇ ਹੋ। ਹੁਣ ਤੀਹ ਤੋਂ ਚਾਲੀ ਸਾਲ ਤਕ ਏਨੇ ਚੰਗੇ ਇਸਾਈ ਬਣੇ ਰਹਿ ਕੇ ਮੈਨੂੰ ਨਹੀਂ ਯਕੀਨ ਆ ਰਿਹਾ ਕਿ ਤੁਸੀਂ ਇਸ ਪਵਿਤਰ ਧਰਮ ਦੀਆਂ ਅਸੀਸਾਂ ਤੋਂ ਮਹਿਰੂਮ ਹੋਣਾ ਚਾਹੋਂਗੇ ਤੇ ਉਸ ਧਰਮ ਨਾਲ ਇਸ ਪਵਿਤਰ ਧਰਮ ਦਾ ਮੁਕਾਬਲਾ ਕਰੋਂਗੇ ਜੋ ਕਿਸੇ ਕਿਸਮ ਦਾ ਆਤਮਿਕ ਸੰਤੋਖ ਤੇ ਅਸ਼ੀਰਵਾਦ ਦੇਣ ਦੇ ਕਾਬਲ ਨਹੀਂ ਹੈ। ਬਿਨਾਂ ਸ਼ੱਕ ਮੈਂ ਕਹਿ ਸਕਦੀ ਹਾਂ ਕਿ ਬਹੁਤ ਸਾਰੇ ਵਧੀਆ ਤੇ ਸ਼ਲਾਘਾਯੋਗ ਹਿੰਦੂ ਲੋਕ ਹਨ ਪਰ ਧਰਮ ਦੇ ਨਿਯਮ ਕੁਝ ਹੋਰ ਹੁੰਦੇ ਹਨ ਜਿਹਨਾਂ ਦੀ ਅਸੀਂ ਪ੍ਰਸੰਸਾ ਕਰ ਸਕਦੇ ਹੋਈਏ। ਮੁਆਫ ਕਰਨਾ, ਇਹ ਇਸ ਲਈ ਕਹਿ ਗਈ ਹਾਂ ਕਿ ਮੈਂ ਤੁਹਾਨੂੰ ਜਾਣਦੀ ਹਾਂ ਤੇ ਇੰਨੀ ਦੇਰ ਤੋਂ ਇਸ ਰਿਸ਼ਤੇ ਦੇ ਨਿੱਘ ਵਿਚ ਰਹੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਮਹਾਂਰਾਣੀ ਤੇ ਬੱਚੇ ਵੀ ਮੇਰੇ ਵਾਂਗ ਹੀ ਸੋਚਦੇ ਹੋਣਗੇ।’ (ਵਿਕਟੋਰੀਆ ਆਰ. ਆਈ.)
ਮਹਾਂਰਾਣੀ ਦੀ ਚਿੱਠੀ ਬਾਰੇ ਸਰ ਪੌਨਸਨਬੀ ਕਹਿਣ ਲਗਿਆ,
“ਯੋਅਰ ਮੈਜਿਸਟੀ, ਮਹਾਂਰਾਜਾ ਹੁਣ ਪਹਿਲੇ ਜਿਹਾ ਦੋਸਤ ਨਹੀਂ ਰਿਹਾ, ਸਗੋਂ ਹੁਣ ਤੁਹਾਡਾ ਵਾਹ ਇਕ ਖਤਰਨਾਕ ਦੋਸਤ ਨਾਲ ਏ। ਉਹ ਤੁਹਾਡੇ ਤੋਂ ਹੁਣ ਦੂਰ ਜਾ ਰਿਹਾ ਏ।”
ਇਹ ਗੱਲ ਸੱਚ ਵੀ ਸੀ। ਮਹਾਂਰਾਜਾ ਸਮਝਦਾ ਸੀ ਕਿ ਮਹਾਂਰਾਣੀ ਉਸ ਦੀ ਕੋਈ ਮੱਦਦ ਨਹੀਂ ਕਰ ਸਕਦੀ। ਉਹ ਹੁਣ ਅਗਾਂਹ ਦੀਆਂ ਗੱਲਾਂ ਸੋਚਣ ਲਗਿਆ ਸੀ। ਰਾਣੀ ਜਿੰਦ ਕੋਰ ਦੀ ਸੁਣਾਈ ਸਾਖੀ ਉਸ ਨੂੰ ਮੁੜ ਕੇ ਯਾਦ ਆਉਣ ਲਗੀ। ਇਕ ਦਿਨ ਕਾਬਲ ਸਿੰਘ ਉਸ ਨੂੰ ਮਿਲਣ ਆਇਆ ਤਾਂ ਮਹਾਂਰਾਜਾ ਉਸ ਨੂੰ ਪੁੱਛਣ ਲਗਿਆ,
“ਇਹ ਸਾਰੇ ਸੱਚੀ ਸਾਖੀ ਵਾਲੀ ਗੱਲ ਕਰਿਆ ਕਰਦੇ ਨੇ ਕਿ ਲਿਖਿਆ ਹੋਇਆ ਏ ਕਿ ਗੁਰੂ ਗੋਬਿੰਦ ਸਿੰਘ ਜੀ ਦੁਬਾਰਾ ਆਉਣਗੇ।”
“ਮਹਾਂਰਾਜਾ ਜੀਓ, ਮੇਰਾ ਇਕ ਰਿਸ਼ਤੇਦਾਰ ਨਾਮਧਾਰੀ ਏ, ਇਹ ਨਾਮਧਾਰੀ ਸਿੱਖਾਂ ਦਾ ਹੀ ਇਕ ਹਿੱਸਾ ਏ, ਉਹ ਸੱਚੀਆਂ ਸਾਖੀਆਂ ਨੂੰ ਸੱਚਾ ਮੰਨਦੇ ਨੇ, ਉਹਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਜੀ ਗਿਆਰਵੇਂ ਗੁਰੂ ਦੇ ਰੂਪ ਵਿਚ ਵਾਪਸ ਆਉਣਗੇ, ਉਹਨਾਂ ਦਾ ਨਾਂ ਦੀਪ ਸਿੰਘ ਹੋਵਗਾ। ਕੁਝ ਸਿੱਖ ਤੁਹਾਨੂੰ ਗਿਆਰਵੇਂ ਗੁਰੂ ਦਾ ਰੂਪ ਮੰਨਦੇ ਨੇ ਪਰ ਮੈਂ ਇਹ ਗੱਲ ਇਸ ਕਰਕੇ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਿੱਖਾਂ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਨੇ ਕਿ ਗਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਚਾਹੀਦਾ ਏ।”
“ਤੁਹਾਡੀ ਆਪਣੀ ਨਿੱਜੀ ਰਾਏ ਕੀ ਏ?”
“ਮਹਾਂਰਾਜਾ ਜੀਓ, ਮੈਂ ਤੇ ਸਮੁੰਦ ਸਿੰਘ ਤਾਂ ਤੁਹਾਡੇ ਮਗਰ ਉਸੇ ਦਿਨ ਦੇ ਤੁਰੇ ਫਿਰਦੇ ਆਂ ਜਿਸ ਦਿਨ ਤੁਸੀਂ ਹਿੰਦਸਤਾਨ ਤੋਂ ਆਏ ਹੀ ਸੀ, ਸਾਨੂੰ ਤੁਹਾਡੇ ਵਿਚ ਕੁਝ ਦਿਸਦਾ ਸੀ ਤਾਂ ਹੀ ਤਾਂ ਇਹ ਸਭ ਸੀ। ਸੱਚੀ ਗੱਲ ਇਹ ਵੇ ਕਿ ਜੇ ਤੁਸੀਂ ਇੰਗਲੈਂਡ ਵਿਚ ਨਾ ਹੁੰਦੇ ਤਾਂ ਅਸੀਂ ਆਪਣਾ ਬੁਢਾਪਾ ਪੰਜਾਬ ਜਾ ਕੇ ਲੰਘਾਇਆ ਹੁੰਦਾ ਪਰ ਤੁਹਾਡੇ ਕਰਕੇ ਅਸੀਂ ਨਹੀਂ ਗਏ। ਮਹਾਂਰਾਜਾ ਜੀਓ, ਮੈਨੂੰ ਤਾਂ ਹਾਲੇ ਵੀ ਇਹੋ ਲਗਦਾ ਏ ਕਿ ਤੁਸੀਂ ਜਲਦੀ ਹੀ ਅੰਮ੍ਰਿਤ ਛਕੋਗੇ ਤੇ ਸਤਿਗੁਰੂ ਦੇ ਲੜ ਲਗੋਂਗੇ ਤੇ ਸਿੱਖਾਂ ਦੀ ਕਮਾਂਡ ਸੰਭਾਲੋਂਗੇ।”
ਕਾਬਲ ਸਿੰਘ ਦੀ ਗੱਲ ਨੇ ਉਸ ਨੂੰ ਮੁੜ ਕੇ ਸ਼ਕਤੀ ਨਾਲ ਭਰ ਦਿਤਾ। ਅਜਿਹੀ ਸ਼ਕਤੀ ਦੀ ਉਸ ਨੂੰ ਸਖਤ ਲੋੜ ਸੀ। ਉਹ ਇਕ ਵਾਰ ਫਿਰ ਤੜ ਵਿਚ ਆ ਗਿਆ। ਅਸਲ ਵਿਚ ਮਹਾਂਰਾਣੀ ਦੀ ਚਿੱਠੀ ਨੇ ਉਸ ਦੇ ਹੌਂਸਲੇ ਨੂੰ ਢਾਅ ਲਾ ਦਿਤੀ ਸੀ। ਮਹਾਂਰਾਣੀ ਵਿਕਟੋਰੀਆ ਦੀ ਧਰਮ ਬਾਰੇ ਕਹੀ ਗੱਲ ਮਹਾਂਰਾਜੇ ਨੂੰ ਬਹੁਤੀ ਚੰਗੀ ਨਹੀਂ ਲਗੀ ਤੇ ਉਹ ਉਸ ਨੂੰ ਇਕ ਲੰਮੀ ਚਿੱਠੀ ਲਿਖਣ ਬੈਠ ਗਿਆ;
‘...ਯੋਅਰ ਮੈਜਿਸਟੀ, ਆਪ ਦੇ ਬਹੁਤ ਖੂਬਸੂਰਤ ਚਿੱਠੀ ਤੇ ਤੋਹਫੇ ਮਿਲੇ, ਬੇਨਤੀ ਹੈ ਕਿ ਮੇਰਾ ਤਹਿ ਦਿਲੋਂ ਧੰਨਵਾਦ ਕਬੂਲ ਕਰੋ, ...ਇਹ ਤੁਹਾਡੇ ਦੈਆ-ਦ੍ਰਿਸ਼ਟੀ ਦਾ ਹੀ ਅਗਲਾ ਪੜਾਅ ਹੈ। ...ਜਿਵੇਂ ਇਕ ਕੁੱਤਾ ਆਪਣੇ ਮਾਲਕ ਦੇ ਦੁੱਖਾਂ ਤੇ ਸੁੱਖਾਂ ਵਿਚ ਹਿੱਸੇਦਾਰ ਬਣਦਾ ਹੈ ਬਿਲਕੁਲ ਮੈਂ ਇਸੇ ਤਰ੍ਹਾਂ ਹੀ ਤੁਹਾਡੇ ਪ੍ਰਤੀ ਮਹਿਸੂਸ ਕਰਦਾ ਹਾਂ, ਜੋ ਹਰ ਮੈਜਿਸਟੀ ਉਪਰ ਅਸਰ ਹੋਵੇਗਾ ਉਹੀ ਮੇਰੇ ‘ਤੇ ਵੀ ਹੋਵੇਗਾ। ..ਮੈਨੂੰ ਤੋਪ ਨਾਲ ਉਡਾ ਵੀ ਦਿਤਾ ਜਾਵੇ ਤਾਂ ਵੀ ਮੈਂ ਹਰ ਮੈਜਿਸਟੀ ਦਾ ਵਫਾਦਾਰ ਸ਼ਹਿਰੀ ਰਹਾਂਗਾ ਬਸ਼ਰਤੇ ਕਿ ਇਹ ਸਰਕਾਰ ਮੈਨੂੰ ਇਸ ਮੁਲਕ ਵਿਚੋਂ ਕੱਢ ਕੇ ਕਿਸੇ ਹੋਰ ਦੇਸ਼ ਵਿਚ ਸ਼ਰਨ ਲੈਣ ਲਈ ਮਜਬੂਰ ਨਾ ਕਰੇ।
...ਮੈਂ ਆਪਣੇ ਪਿਤਰੀ ਧਰਮ ਵਲ ਮੁੜਨ ਦੀ ਗੱਲ ਸਿਰਫ ਸਰ ਹੈਨਰੀ ਪੌਨਸਨਬੀ ਨੂੰ ਹੀ ਲਿਖੀ ਹੈ, ਨਹੀਂ ਤਾਂ ਸਭ ਤੋਂ ਪਹਿਲਾਂ ਆਪਣਾ ਇਹ ਫੈਸਲਾ ਹਰ ਮੈਜਿਸਟੀ ਨਾਲ ਹੀ ਸਾਂਝਾ ਕਰਾਂਗਾ। ...ਮੈਂ ਹਿੰਦੁਸਤਾਨ ਤੋਂ ਇਕ ਗ੍ਰੰਥੀ ਨੂੰ ਆਉਣ ਲਈ ਲਿਖਿਆ ਹੈ ਜੋ ਕਿ ਸਿੱਖਾਂ ਦਾ ਧਾਰਮਿਕ ਗਰੰਥ ਵੀ ਲੈਂਦਾ ਆਵੇ ਤੇ ਆਕੇ ਮੈਨੂੰ ਇਹ ਗ੍ਰੰਥ ਪੜਨਾ ਸਿਖਾ ਦੇਵੇ। ...ਮੇਰੀ ਸਰਕਾਰ, ਸਿੱਖ ਧਰਮ ਤੇ ਹਿੰਦੂ ਧਰਮ ਅਜ ਦੇ ਦੌਰ ਵਿਚ ਇਕ ਦੂਜੇ ਤੋਂ ਬਹੁਤ ਵੱਖਰੇ ਹਨ। ਸਿੱਖ ਧਰਮ ਇਸਾਈ ਧਰਮ ਵਾਂਗ ਹੀ ਬੁੱਤ ਪੂਜਾ ਦੇ ਖਿਲਾਫ ਹੈ ਤੇ ਦਲੀਲ ਨਾਲ ਗੱਲ ਕਰਦਾ ਹੈ।
...ਮੇਰੀ ਸਰਕਾਰ, ਜਦੋਂ ਸਿੱਖਾਂ ਦੇ ਧਾਰਮਿਕ ਗਰੰਥ ਵਿਚੋਂ ਮੇਰਾ ਨਾਂ ਰੱਖਿਆ ਗਿਆ ਤਾਂ ਇਹ ਦਲੀਪ ਸਿੰਘ ਨਿਕਲਿਆ ਸੀ ਜੋ ਕਿ ਵਿਗੜ ਕੇ ਡੁਲੀਪ ਸਿੰਘ ਹੋ ਗਿਆ। ...ਜਦੋਂ ਮੈਂ ਰਾਜ ਗੱਦੀ ‘ਤੇ ਬੈਠਾ ਸਾਂ ਤਾਂ ਸਿੱਖ ਗਾਥਾਵਾਂ ਦੀ ਇਕ ਕਿਤਾਬ, ਜਿਸ ਨੂੰ ਸੱਚੀ-ਸਾਖੀ ਕਹਿੰਦੇ ਹਨ, ਵਿਚੋਂ ਇਹ ਲਿਖਿਆ ਮਿਲਿਆ ਸੀ ਮੇਰੇ ਨਾਂ ਦਾ ਆਦਮੀ ਜੋ ਰਾਜ-ਗੱਦੀ ਦਾ ਅਧਿਕਾਰੀ, ਤਖਤ ‘ਤੇ ਬੈਠ ਰਿਹਾ ਸੀ, ਇਕ ਦਿਨ ਇਹ ਆਪਣੀ ਸਭ ਵਿਰਾਸਤ ਗਵਾ ਦੇਵੇਗਾ ਤੇ ਬਾਹਰ ਦੇ ਕਿਸੇ ਮੁਲਕ ਵਿਚ ਜਾ ਕੇ ਰਹੇਗਾ ਤੇ ਸਿੱਖਾਂ ਦਾ ਗਿਆਰਵਾਂ ਗੁਰੂ ਬਣ ਕੇ ਵਾਪਸ ਪੰਜਾਬ ਪਰਤੇਗਾ ਤੇ ਇਕ ਨਵਾਂ ਧਰਮ ਚਲਾਵੇਗਾ। ...ਮੈਨੂੰ ਸਾਖੀ ਵਿਚਲੀ ਸਾਰੀ ਗਾਥਾ ਤੇ ਪੂਰਾ ਭਰੋਸਾ ਹੈ, ਤੇ ਯਕੀਨ ਹੈ ਕਿ ਉਹ ਬੰਦਾ ਮੈਂ ਹੀ ਹਾਂ ਤੇ ਲੱਖਾਂ-ਕਰੋੜਾਂ ਪੰਜਾਬੀ ਵੀ ਇਹ ਵਿਸ਼ਵਾਸ ਕਰਦੇ ਹਨ ਤੇ ਮੈਨੂੰ ਬਹੁਤ ਬੇਸਬਰੀ ਨਾਲ ਉਡੀਕ ਰਹੇ ਹਨ।...
...ਪਿਛਲੇ ਸਾਲ ਤਕ ਮੈਂ ਇਹ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਮੇਰੀ ਮਰਜ਼ੀ ਦੇ ਖਿਲਾਫ ਇੰਗਲੈਂਡ ਛੱਡਣਾ ਪਵੇਗਾ। ...ਮੈਂ ਇਹ ਗਾਥਾ ਵੀ ਆਪਣੀ ਮਾਤਾ ਦੇ ਮਰਨ ਤੋਂ ਕੁਝ ਦਿਨ ਪਹਿਲਾਂ ਹੀ ਉਸ ਤੋਂ ਸੁਣੀ ਸੀ ਤੇ ਉਸ ਨੇ ਕਿਹਾ ਸੀ ਕਿ ਮੈਂ ਹੀ ਉਹ ਵਿਅਕਤੀ ਹਾਂ ਜਿਸ ਦਾ ਇਸ ਗਾਥਾ ਵਿਚ ਜਿ਼ਕਰ ਹੈ। ਮੈਂ ਹੈਰਾਨੀ ਨਾਲ ਮਾਤਾ ਨੂੰ ਕਿਹਾ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਮੈਨੂੰ ਇਸਾਈ ਧਰਮ ਤਿਆਗਣਾ ਪਵੇਗਾ ਤੇ ਹਿੰਦੁਸਤਾਨ ਜਾਵਾਂਗਾ, ਫਿਰ ਮਾਤਾ ਨੇ ਕਿਹਾ ਸੀ ਕਿ ਮੇਰੇ ਬੋਲਾਂ ਨੂੰ ਯਾਦ ਰੱਖ ਇਕ ਦਿਨ ਇਵੇਂ ਹੀ ਹੋਵੇਗਾ, ਤੈਨੂੰ ਆਪਣੀ ਮਰਜ਼ੀ ਖਿਲਾਫ ਇੰਗਲੈਂਡ ਛੱਡਣਾ ਪਵੇਗਾ, ਸੋ ਮੇਰੀ ਸਰਕਾਰ ਇਹ ਸੱਭ ਸੱਚ ਹੋ ਰਿਹਾ ਹੈ। ਯੋਅਰ ਮੈਜਿਸਟੀ, ਯਾਦ ਕਰੋ ਇੰਡੀਅਨ ਕੌਂਸਲ ਕਿਵੇਂ ਮੇਰੇ ਨਾਲ ਫਰਕ ਕਰ ਕੇ ਜਾਣ ਲਈ ਮਜਬੂਰ ਕਰ ਦਿਤਾ ਹੈ...। ...ਯੋਅਰ ਮੈਜਿਸਟੀ, ਆਸ ਹੈ ਕਿ ਇਹਨਾਂ ਅਨੋਖੇ ਹਾਲਾਤ ਕਾਰਨ ਤੁਸੀਂ ਮੈਨੂੰ ਮੁਆਫ ਕਰ ਦੇਵੋਂਗੇ, ਮੈਂ ਆਪਣੀ ਹੋਣੀ ਉਪਰ ਯਕੀਨ ਕਰਨਾ ਸ਼ੁਰੂ ਕਰ ਦਿਤਾ ਹੈ। ਮੈਨੂੰ ਇਹ ਨਹੀਂ ਪਤਾ ਕਿ ਮੇਰੇ ਨਾਲ ਇਨਸਾਫ ਹੋਵੇਗਾ ਕਿ ਨਹੀਂ ਪਰ ਜਿਹੜੀ ਵੀ ਮੇਰੀ ਹੋਣੀ ਹੈ ਇਸ ਦਾ ਸਾਹਮਣਾ ਤਾਂ ਮੈਨੂੰ ਕਰਨਾ ਹੀ ਪਵੇਗਾ।...
...ਮੇਰੀ ਸਰਕਾਰ, ਮੇਰੀ ਨਿਮਰ ਰਾਏ ਹੈ ਕਿ ਰੱਬ ਦਾ ਧਰਮ ਉਹੋ ਹੈ ਜੋ ਉਸ ਨੂੰ ਫੈਲਾਉਣ ਵਾਲੇ ਆਪਣੇ ਕੰਮਾਂ ਰਾਹੀਂ ਅਸਰ ਪਾਉਂਦੇ ਹਨ। ਮੈਂ ਇਸਾਈ ਧਰਮ ਅਪਣਾਇਆ ਕਿਉਂਕਿ ਉਸ ਵੇਲੇ ਮੈਂ ਇਸ ਧਰਮ ਦੇ ਪੈਰੋਕਾਰਾਂ ਜਾਂ ਇਸ ਨੂੰ ਫੈਲਾਉਣ ਵਾਲਿਆਂ ਦੁਆਰਾ ਘਿਰਿਆ ਹੋਇਆ ਸਾਂ।...
...ਅਸੀਂ ਸਿੱਖ ਲੋਕ ਭਾਵੇਂ ਸੁਭਾਅ ਵਲੋਂ ਅੱਖੜ ਹਾਂ ਸਾਡੇ ਯਕੀਨ ਵਿਚ ਪੂਰੀ ਨੈਤਿਕਤਾ ਹੈ, ਇਹ ਧਰਮ ਇਵੇਂ ਨਹੀਂ ਕਰਦਾ ਕਿ ਸਿਖਾਇਆ ਕੁਝ ਹੋਰ ਜਾਵੇ ਤੇ ਕੀਤਾ ਕੁਝ ਹੋਰ।... ...ਯੋਅਰ ਮੈਜਿਸਟੀ, ਤੁਸੀਂ ਜਾਣੀਜਾਣ ਹੋ ਕਿ ਇਸਾਈ ਧਰਮ ਵਿਚ ਮੈਨੂੰ ਬਹੁਤ ਮਿਹਨਤ ਨਾਲ ਸਿਖਾਇਆ ਗਿਆ ਹੈ ਕਿ ਸਭ ਨਾਲ ਇਨਸਾਫ ਕਰੋ, ਪਿਅਰ ਕਰੋ ਤੇ ਮੁਆਫ ਕਰਨ ਵਿਚ ਯਕੀਨ ਰੱਖੋ, ਨਿਮਰ ਰਹੋ, ਕਿਸੇ ਨੂੰ ਧੋਖਾ ਨਾ ਦਿਓ, ਲੋਕਾਂ ਨਾਲ ਉਵੇਂ ਹੀ ਵਰਤੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਵਰਤਣ।...
...ਤੇ ਜੋ ਮੇਰੇ ਨਾਲ ਹੋ ਰਿਹਾ ਹੈ ਸਭ ਦੇ ਸਾਹਮਣੇ ਹੈ, ਇੰਡੀਆ ਕੌਂਸਲ ਦੇ ਮੈਂਬਰ ਮੇਰੇ ਨਾਲ ਉਹੋ ਕੁਝ ਕਰ ਰਹੇ ਹਨ ਜੋ ਉਹ ਆਪਣੇ ਨਾਲ ਹੁੰਦਾ ਨਹੀਂ ਦੇਖ ਸਕਣਗੇ। ਲੌਰਡ ਡਲਹੌਜ਼ੀ ਨੇ ਮੈਨੂੰ ਦਿਤੇ ਬਾਈਬਲ ਉਪਰ ਲਿਖਿਆ ਸੀ ‘ਇਸ ਕਿਤਾਬ ਰਾਹੀਂ ਉਸ ਨੇ ਰੱਬ ਦੀ ਸੱਚੀ ਵਿਰਾਸਤ ਪਾਈ ਹੈ ਜੋ ਕਿ ਇਸ ਦੁਨਿਆਵੀ ਬਾਦਸ਼ਾਹੀ ਤੋਂ ਕਿਤੇ ਅਮੀਰ ਹੈ ਤੇ ਇਹੋ ਕਿਤਾਬ ਇਸੇ ਆਸ ਵਿਚ ਆਪਣੇ ਸੱਚੇ ਦੋਸਤ ਨੂੰ ਭੇਂਟ ਕਰ ਰਿਹਾ ਹੈ।’ ਦੂਜੇ ਸ਼ਬਦਾਂ ਵਿਚ ਉਹ ਮੇਰੀ ਵਿਰਾਸਤ ਮੇਰੇ ਤੋਂ ਖੋਹ ਰਿਹਾ ਸੀ ਤੇ ਬਦਲੇ ਵਿਚ ਇਹ ਸੁਫਨਮਈ ਵਿਰਾਸਤ ਮੈਨੂੰ ਦੇ ਕੇ ਮੇਰੀ ਤਸੱਲੀ ਕਰਾ ਰਿਹਾ ਸੀ। ...ਯੋਅਰ ਹਾਈਨੈੱਸ, ਇਸਾਈਆਂ ਦਾ ਇਹੋ ਛੱਲ ਹੈ ਜੋ ਕਿ ਮੈਨੂੰ ਮੇਰੇ ਧਰਮ ਵਲ ਵਾਪਸ ਭੇਜ ਰਿਹਾ ਹੈ। ਸਿੱਖ ਧਰਮ ਬਹੁਤ ਅਸਾਨ ਹੈ, ਇਸ ਬ੍ਰਮੰਡ ਨੂੰ ਬਣਾਉਣ ਵਾਲੇ ਦੀ ਉਸਤਤ ਕਰਨੀ ਹੈ ਤੇ ਉਸ ਨੂੰ ਇਹ ਸਭ ਕਾਇਮ ਰੱਖਣ ਦੀ ਪ੍ਰਾਰਥਨਾ ਕਰਨੀ ਹੈ। ਮੈਂ ਹੁਣ ਆਪਣੇ ਪਿਤਰਾਂ ਵਾਂਗ ਰੱਬ ਦੀ ਪੂਜਾ ਕਰਾਂਗਾ ਤੇ ਇਸੇ ਰੱਬ ਲਈ ਜੀਵਾਂਗਾ ਤੇ ਮਰਾਂਗਾ।...
...ਮੇਰੀ ਪਤਨੀ ਮੇਰੇ ਸਿੱਖੀ ਨੂੰ ਅਪਣਾਉਣ ਤੇ ਖੁਸ਼ ਨਹੀਂ ਹੈ ਪਰ ਉਸ ਨੂੰ ਪਤਨੀ ਦੇ ਫਰਜ਼ਾਂ ਦਾ ਪਤਾ ਹੈ, ਮੈਂ ਕਦੇ ਵੀ ਉਸ ਦੇ ਰੱਬ ਨੂੰ ਮੰਨਣ ਦੇ ਰਾਹ ਵਿਚ ਰੁਕਾਵਟ ਨਹੀਂ ਬਣਾਂਗਾ। ਮੈਂ ਉਸ ਨੂੰ ਆਪਣੇ ਨਾਲ ਹਿੰਦੁਸਤਾਨ ਜਾਣ ਲਈ ਵੀ ਮਜਬੂਰ ਨਹੀਂ ਕਰਾਂਗਾ।...
...ਯੋਅਰ ਮੈਜਿਸਟੀ, ਏਨੀ ਲੰਮੀ ਚਿੱਠੀ ਲਈ ਮੁਆਫੀ ਚਾਹੁੰਦਾ ਹਾਂ,... ਮੇਰੀ ਸਰਕਾਰ, ਮੈਂ ਸਦਾ ਹੀ ਤੁਹਾਡਾ ਬਹੁਤ ਆਦਰ ਕਰਦਾ ਹਾਂ ਤੇ ਤੁਹਾਡਾ ਨਿਮਰ ਵਫਾਦਾਰ ਪਰਜਾ ਰਹਾਂਗਾ।’... (ਦਲੀਪ ਸਿੰਘ)
ਮਹਾਂਰਾਣੀ ਨੂੰ ਚਿੱਠੀ ਮਿਲੀ। ਉਸ ਨੇ ਸਾਹ ਲੈ ਲੈ ਕੇ ਪੜ੍ਹੀ ਤੇ ਨਾਲ ਹੀ ਨਾਲ ਆਖਦੀ ਗਈ ਕਿ ਕੀ ਪਾਗਲਪਨ ਹੈ ਇਹ। ਉਹ ਮਹਾਂਰਾਜੇ ਦੀ ਪੀੜ ਨੂੰ ਸਮਝਦੀ ਸੀ ਪਰ ਹੁਣ ਇਹ ਵੀ ਸਮਝ ਗਈ ਸੀ ਕਿ ਇਸ ਪੀੜ ਨੇ ਮਹਾਂਰਾਜੇ ਨੂੰ ਕਿੰਨਾ ਬਦਲ ਦਿਤਾ ਸੀ। ਹੁਣ ਉਹ ਪਹਿਲਾਂ ਵਾਲਾ ਤਾਂ ਰਿਹਾ ਹੀ ਨਹੀਂ ਸੀ। ਉਹ ਆਪਣੇ ਮੰਤਰੀਆ ਦੇ ਓਹਲੇ ਲੁਕਣਾ ਵੀ ਨਹੀਂ ਸੀ ਚਾਹੁੰਦੀ ਪਰ ਮਹਾਂਰਾਜੇ ਲਈ ਕੁਝ ਕਰ ਵੀ ਨਹੀਂ ਸੀ ਪਾ ਰਹੀ। ਉਸ ਨੇ ਮਹਾਂਰਾਜੇ ਦੇ ਕਲੇਮ ਲਈ ਜਿੰਨਾ ਕੁ ਕਰ ਸਕਣਾ ਸੀ ਕਰ ਚੁੱਕੀ ਸੀ। ਕੁਝ ਵੀ ਹੁੰਦਾ ਉਹ ਮਹਾਂਰਾਜੇ ਨੂੰ ਸਹੀ ਰਾਹੇ ਲਿਆਉਣ ਦੀ ਆਸ ਨਹੀਂ ਸੀ ਛੱਡਣੀ ਚਾਹੁੰਦੀ। ਉਸ ਨੇ ਮਹਾਂਰਾਜੇ ਨੂੰ ਚਿੱਠੀ ਲਿਖੀ;
25 ਸਤੰਬਰ, 1884, ਬੈਲਮੋਰਲ; ‘ਮਾਈ ਡੀਅਰ ਮਹਾਂਰਾਜਾ, ਭਾਵੇਂ ਤੁਹਾਡੀ ਚਿੱਠੀ ਮੇਰੀ ਚਿੱਠੀ ਦਾ ਜਵਾਬ ਹੀ ਸੀ ਪਰ ਕੁਝ ਗੱਲਾਂ ਦਾ ਧਿਆਨ ਦੇਣਾ ਬਣਦਾ ਹੈ। ਇਕ ਤਾਂ ਇਹ ਕਿ ਮੈਂ ਤੁਹਾਡੇ ਕਲੇਮ ਵਿਚ ਦਖਲ ਨਹੀਂ ਦੇ ਸਕਦੀ, ਇਹ ਸਬੰਧਤ ਸਲਾਹਕਾਰਾਂ ਦੀ ਜਿ਼ੰਮੇਵਾਰੀ ਹੈ ਤੇ ਸਿਰਫ ਉਹਨਾਂ ਰਾਹੀਂ ਹੀ ਫੈਸਲਾ ਹੋਵੇਗਾ। ਦੂਜੀ ਗੱਲ ਇਹ ਕਿ ਮੈਂ ਤੁਹਾਡੀ ਸੱਚੀ ਦੋਸਤ ਹਾਂ ਤੇ ਇਕੋ ਇਕ ਜਿਸ ਉਪਰ ਇਸ ਵੇਲੇ ਤੁਸੀਂ ਭਰੋਸਾ ਕਰ ਸਕਦੇ ਹੋ, ਇਹ ਜੋ ਲੋਕ ਇਸ ਵੇਲੇ ਤੁਹਾਡੇ ਆਲੇ ਦੁਆਲੇ ਹਨ ਇਹ ਤੁਹਾਡਾ ਕੁਝ ਸੰਵਾਰਨ ਦੀ ਥਾਂ ਵਿਗਾੜਨ ਤੇ ਲੱਗੇ ਹੋਏ ਹਨ। ਇਕ ਗੱਲ ਹੋਰ ਕਿ ਤੁਸੀਂ ਆਪਣੀਆਂ ਚਿੱਠੀਆਂ ਵਿਚ ਧਮਕੀਆਂ ਤੇ ਮਾੜੀ ਬੋਲੀ ਨਾ ਵਰਤੋ, ਅਜਿਹਾ ਕਰਨਾ ਤੁਹਾਡੇ ਕਲੇਮ ਦੀ ਸੁਣਵਾਈ ਨੂੰ ਨਿਰਪੱਖ ਨਹੀਂ ਰਹਿਣ ਦੇਵੇਗਾ। ਇਹਨਾਂ ਸਭ ਤੋਂ ਉਪਰ ਮੈਂ ਤੁਹਾਨੂੰ ਚੇਤਾਵਨੀ ਦੇਣਾ ਚਾਹੁੰਦੀ ਹਾਂ ਕਿ ਹਿੰਦੁਸਤਾਨ ਜਾ ਕੇ ਤੁਹਾਨੂੰ ਇਥੇ ਵਾਲੀ ਅਜ਼ਾਦੀ ਨਹੀਂ ਮਿਲੇਗੀ।
ਹਮੇਸ਼ਾ ਵਾਂਗ ਤੁਹਾਡੀ ਪਿਆਰੀ ਦੋਸਤ, ਵਿਕਟੋਰੀਆ, ਆਰ. ਆਈ.।’
ਮਹਾਂਰਾਜੇ ਨੂੰ ਚਿੱਠੀ ਮਿਲੀ ਤੇ ਉਹ ਉਸੇ ਵਕਤ ਹੀ ਉਤਰ ਲਿਖਣ ਬਹਿ ਗਿਆ। ਅਜਕੱਲ ਮਹਾਂਰਾਜੇ ਕੋਲ ਹੋਰ ਬਹੁਤਾ ਕੁਝ ਕਰਨ ਲਈ ਹੈ ਵੀ ਨਹੀਂ ਸੀ ਤੇ ਕੋਈ ਉਸ ਦੀ ਗੱਲ ਸੁਣਨ ਲਈ ਤਿਆਰ ਵੀ ਨਹੀਂ ਸੀ। ਇਹ ਤਾਂ ਮਹਾਂਰਾਣੀ ਵਿਕਟੋਰੀਆ ਚੰਗੀ ਕਿਸਮਤ ਨੂੰ ਉਸ ਨਾਲ ਖਤੋ-ਖਿਤਾਬਤ ਕਰ ਰਹੀ ਸੀ ਤੇ ਮਹਾਂਰਾਜਾ ਵੀ ਜਿਵੇਂ ਮਨ ਦੀ ਸਾਰੀ ਭੜਾਸ ਮਹਾਂਰਾਣੀ ਵਿਕਟੋਰੀਆ ਨੂੰ ਚਿੱਠੀ ਲਿਖ ਕੇ ਹੀ ਕੱਢ ਰਿਹਾ ਹੋਵੇ। ਉਸ ਨੇ ਲਿਖਣਾ ਸ਼ੁਰੂ ਕੀਤਾ,
‘ਯੋਅਰ ਮੈਜਿਸਟੀ, ...ਸਲਾਹ ਦੇਣ ਈ ਸ਼ੁਕਰੀਆ, ਤੁਹਾਡੀਆਂ ਇਹ ਸਲਾਹਾਂ ਮੈਂ ਪਿਛਲੀ ਚਿੱਠੀ ਵੇਲੇ ਹੀ ਮੰਨ ਚੁੱਕਾ ਸਾਂ। ...ਯੋਅਰ ਮੈਜਿਸਟੀ, ਮੈਂ ਸਿਰਫ ਆਪਣੀ ਸੁਣਵਾਈ ਦੀ ਨਿਰਪੱਖ ਜਾਂਚ ਚਾਹੁੰਦਾ ਹਾਂ, ਮੈਂ ਆਪਣੀ ਕਿਸਮਤ ਯੋਅਰ ਮੈਜਿਸਟੀ ਦੇ ਹੱਥ ਵਿਚ ਛੱਡ ਦੇਣਾ ਚਾਹੁੰਦਾ ਹਾਂ ਜੋ ਵੀ ਹੋਵੇਗਾ ਮੈਨੂੰ ਮਨਜ਼ੂਰ ਹੋਵੇਗਾ। ...ਜੋ ਮੇਰੇ ਹਿੰਦੁਸਤਾਨ ਜਾਣ ਵਾਲੀ ਗੱਲ ਹੈ, ਇਸ ਬਾਰੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੈਂ ਫੈਸਲਾ ਕਰ ਚੁਕਿਆ ਹਾਂ, ਸ਼ਾਇਦ ਇਹੋ ਮੇਰੀ ਹੋਣੀ ਹੈ, ...ਮੈਂ ਆਪਣੇ ਬੱਚੇ ਇੰਗਲੈਂਡ ਛੱਡ ਕੇ ਇਕ ਫਕੀਰ ਵਾਂਗ ਹਿੰਦੁਸਤਾਨ ਜਾਣ ਲਈ ਤਿਆਰ ਹਾਂ।
...ਮੇਰੀ ਸਰਕਾਰ, ਜੇ ਮੈਨੂੰ ਕੈਦ ਕਰ ਵੀ ਲਿਆ ਗਿਆ ਤਾਂ 45,000 ਪੰਜਾਬੀਆਂ ਨੇ ਹਿੰਦੁਸਤਾਨ ਸਰਕਾਰ ਦੀ 1857 ਦੇ ਗਦਰ ਵੇਲੇ ਮੱਦਦ ਕੀਤੀ ਹੈ ਜੋ ਕਿ ਮੇਰੇ ਪੈਰੋਕਾਰ ਹਨ ਤੇ ਮੈਨੂੰ, ਭਾਵ ਆਪਣੇ ਚੀਫ ਨੂੰ ਛੁਡਵਾਉਣ ਵਾਸਤੇ ਹਿੰਦੁਸਤਾਨ ਦੀ ਸਰਕਾਰ ਤਕ ਪਹੁੰਚ ਕਰਨਗੇ ਤੇ ਹਿੰਦੁਸਤਾਨ ਦੀ ਸਰਕਾਰ ਨਾਂਹ ਨਹੀਂ ਕਰ ਸਕੇਗੀ। ਫਿਰ ਮੈਂ ਪੈਂਤੀ ਸਾਲ ਬ੍ਰਿਟਿਸ਼ ਤਖਤ ਵਲ ਵਫਾਦਾਰ ਵੀ ਰਿਹਾ ਹਾਂ, ਮੇਰੇ ਵੀ ਤਾਂ ਕੁਝ ਹੱਕ ਬਣਦੇ ਹਨ। ...ਯੋਅਰ ਮੈਜਿਸਟੀ, ਮੇਰੀ ਦੁੱਖ ਭਰੀ ਕਹਾਣੀ ਤੁਹਾਨੂੰ ਤਕਲੀਫ ਦੇ ਰਹੀ ਹੈ ਇਸ ਦਾ ਮੈਨੂੰ ਅਫਸੋਸ ਹੈ ਪਰ ਮੈਂ ਕੀ ਕਰਾਂ, ਮੇਰੀ ਕਹਾਣੀ ਹੀ ਅਜਿਹੀ ਹੈ ਕਿ ਹਰ ਇਕ ਨੂੰ ਦੁਖੀ ਕਰ ਜਾਂਦੀ ਹੈ ਫਿਰ ਤੁਹਾਡੇ ਵਰਗੇ ਕੋਮਲ ਹਿਰਦੇ ਉਪਰ ਤਾਂ ਇਸ ਨੇ ਅਸਰ ਪਾਉਣਾ ਹੀ ਹੋਇਆ, ਇਸ ਸਭ ਤੋਂ ਬਿਨਾਂ ਹਿੰਦੁਸਤਾਨ ਸਰਕਾਰ ਦੀ ਬੇਇਨਸਾਫੀ ਨੇ ਮੇਰੇ ਮਨ ਵਿਚ ਕੁੜਤੱਣ ਭਰੀ ਹੋਈ ਹੈ, ਕਈ ਵਾਰ ਮੈਂ ਸੋਚਦਾ ਹਾਂ ਕਿ ਕੀ ਮੈਂ ਹੋਸ਼ ਵਿਚ ਹਾਂ ਜਾਂ ਪਾਗਲ ਹੋ ਗਿਆ ਹਾਂ.....।’ (ਦਲੀਪ ਸਿੰਘ)
ਮਹਾਂਰਾਜੇ ਨੇ ਇਸ ਚਿੱਠੀ ਰਾਹੀਂ ਆਪਣਾ ਸੁਨੇਹਾ ਦੇ ਦਿਤਾ ਕਿ 45,000 ਪੰਜਾਬੀ ਸਿਪਾਹੀ ਉਸ ਦੇ ਨਾਲ ਹਨ ਤੇ ਉਸ ਨਾਲ ਵਧੀਕੀ ਹੋਣ ਦੇ ਫਲਸਰੂਪ ਬਗਾਵਤ ਵੀ ਕਰ ਸਕਦੇ ਹਨ। ਸੁਨੇਹਾ ਮਹਾਂਰਾਣੀ ਤਕ ਵੀ ਪੁੱਜ ਗਿਆ ਸੀ ਤੇ ਸਰਕਾਰ ਤਕ ਵੀ। ਸਰਕਾਰ ਦਾ ਮਹਾਂਰਾਜੇ ਵਲ ਹੋਰ ਸਖਤ ਹੋਣਾ ਕੁਦਰਤੀ ਸੀ ਪਰ ਮਹਾਂਰਾਣੀ ਹਾਲੇ ਵੀ ਨਰਮ ਸੀ। ਉਸ ਦੀ ਮਮਤਾ ਵਾਲੀ ਪਹੁੰਚ ਹਾਲੇ ਵੀ ਕਾਇਮ ਸੀ। ਮੁੜ ਕੇ ਮਹਾਂਰਾਣੀ ਨੇ ਮਹਾਂਰਾਜੇ ਨੂੰ ਕੁਝ ਦੇਰ ਲਈ ਕੋਈ ਚਿੱਠੀ ਨਾ ਲਿਖੀ ਤੇ ਨਾ ਹੀ ਮਹਾਂਰਾਜੇ ਨੇ। ਹਿੰਦੁਸਤਾਨ ਸਰਕਾਰ ਤੇ ਇੰਡੀਆ ਔਫਿਸ ਵੀ ਚੁੱਪ ਕਰ ਗਏ। ਸਿਆਸਤਬਾਜ਼ ਵੀ ਬਹੁਤ ਨਰਮ ਹੋਏ ਪਏ ਸਨ। ਅਖ਼ਬਾਰਾਂ ਵਿਚ ਵੀ ਕੋਈ ਖਾਸ ਖ਼ਬਰ ਨਹੀਂ ਸੀ ਆ ਰਹੀ। ਜਿਵੇਂ ਸਾਰਿਆਂ ਨੇ ਮਹਾਂਰਾਜੇ ਨੂੰ ਇਕੱਲਿਆਂ ਛੱਡ ਦਿਤਾ ਹੋਵੇ। ਸੰਨ 1884 ਲੰਘ ਗਿਆ ਤੇ 1885 ਚੜ੍ਹ ਆਇਆ। ਸਰਦੀਆ ਲੰਘੀਆਂ ਤੇ ਬਸੰਤ ਸ਼ੁਰੂ ਹੋ ਗਈ। ਸਾਰੇ ਹੀ ਚੁੱਪ ਸਨ। ਮਹਾਂਰਾਜਾ ਸਿ਼ਕਾਰ ਖੇਡਦਾ, ਬਾਲ-ਡਾਂਸ ‘ਤੇ ਜਾਂਦਾ, ਦੋਸਤਾਂ ਨੂੰ ਮਿਲਦਾ। ਮਹਾਂਰਾਜੇ ਦੇ ਖਰਚੇ ਪਹਿਲਾਂ ਵਾਲੇ ਹੀ ਸਨ ਪਰ ਪੈਨਸ਼ਨ ਉਸ ਨੂੰ ਖਰਚਿਆਂ ਮੁਤਾਬਕ ਥੋੜੀ ਮਿਲਦੀ ਸੀ। ਉਸ ਦੇ ਕਰਜ਼ੇ ਵਿਚ ਵਾਧਾ ਹੋਣਾ ਕੁਦਰਤੀ ਸੀ।
ਮਹਾਂਰਾਜੇ ਦਾ ਪਰਿਵਾਰ ਹਿੰਦੁਸਤਾਨ ਜਾਣ ਵਿਚ ਬਿਲਕੁਲ ਖੁਸ਼ ਨਹੀਂ ਸੀ। ਉਸ ਦੇ ਵੱਡੇ ਦੋਵੇਂ ਮੁੰਡੇ ਤਾਂ ਹਿੰਦੁਸਤਾਨ ਜਾਣ ਲਈ ਤਿਆਰ ਨਹੀਂ ਸਨ। ਉਹ ਸਾਰੀ ਗੱਲ ਸਮਝਦੇ ਸਨ। ਸਾਰੇ ਮਾਮਲੇ ਵਿਚ ਉਹਨਾਂ ਦੀ ਇਹ ਸਮਝ ਬਣੀ ਹੋਈ ਸੀ ਕਿ ਉਹਨਾਂ ਦਾ ਪਿਤਾ ਗਲਤ ਹੈ ਪਰ ਉਸ ਦਾ ਵਿਰੋਧ ਕਰਨ ਦੀ ਵੀ ਉਹਨਾਂ ਵਿਚ ਹਿੰਮਤ ਨਹੀਂ ਸੀ। ਉਹ ਆਪਣੇ ਪਿਤਾ ਦੀ ਹਰ ਗੱਲ ਮੰਨਦੇ ਸਨ। ਮਹਾਂਰਾਣੀ ਬਾਂਬਾ ਤਾਂ ਪਤੀ ਦੀ ਗੱਲ ਮੰਨਣਾ ਆਪਣਾ ਧਰਮ ਸਮਝਦੀ ਸੀ। ਕੁੜੀਆਂ ਵੀ ਪਿਤਾ ਦੇ ਫੈਸਲੇ ਦੇ ਖਿਲਾਫ ਜਾਣ ਵਾਲੀਆਂ ਨਹੀਂ ਸਨ। ਸੋ ਮਨੋ-ਮਨ ਸਾਰਾ ਟੱਬਰ ਹੀ ਹਿੰਦੁਸਤਾਨ ਜਾਣ ਦੀ ਤਿਆਰੀ ਵਿਚ ਸੀ।
ਐੱਲਵੇਡਨ ਵਿਚ ਸਿੱਖ ਲੋਕਾਂ ਦੀ ਆਉਣੀ ਜਾਣੀ ਵਧ ਗਈ। ਹੁਣ ਹਿੰਦੁਸਤਾਨ ਤੋਂ ਆਉਣ ਵਾਲਿਆਂ ਦੀ ਗਿਣਤੀ ਵੀ ਵਧਣ ਲਗੀ ਸੀ ਤੇ ਹਰ ਕਿਸੇ ਦੀ ਕੋਸਿ਼ਸ਼ ਹੁੰਦੀ ਕਿ ਮਹਾਂਰਾਜੇ ਨਾਲ ਮੁਲਕਾਤ ਕੀਤੀ ਜਾਵੇ। ਕਈ ਲੋਕ ਹਿੰਦੁਸਤਾਨ ਤੋਂ ਠਾਕਰ ਸਿੰਘ ਦੇ ਸੁਨੇਹੇ ਲੈ ਕੇ ਵੀ ਆ ਜਾਂਦੇ। ਹਾਲੇ ਤਕ ਗਰੰਥ ਸਾਹਿਬ ਨਹੀਂ ਸੀ ਪੁਜਿਆ ਪਰ ਐੱਲਵੇਡਨ ਵਿਚ ਸਵੇਰੇ ਸ਼ਾਮ ਪਾਠ ਹੋਣ ਲਗਿਆ ਸੀ। ਮਹਾਂਰਾਜਾ ਅਕਸਰ ਮੁੜ ਕੇ ਸਿੰਘ ਸਜਣ ਦੀ ਪ੍ਰਕਿਰਿਆ ਬਾਰੇ ਸਲਾਹਾਂ ਕਰਨ ਲਗਦਾ। ਉਸ ਨੇ ਮੁੜ ਕੇ ਅੰਮ੍ਰਿਤ ਛਕਣਾ ਸੀ ਤੇ ਸਿੱਖੀ ਵਿਚ ਸ਼ਾਮਲ ਹੋਣਾ ਸੀ ਪਰ ਉਹ ਚਾਹੁੰਦਾ ਕਿ ਅੰਮ੍ਰਿਤਸਰ ਜਾ ਕੇ ਹਰਮੰਦਿਰ ਸਾਹਿਬ ਹੀ ਇਹ ਰਸਮ ਨਿਭਾਵੇ। ਪੰਜ ਸਿੱਖ ਉਸ ਲਈ ਅੰਮ੍ਰਿਤ ਤਿਆਰ ਕਰਨਗੇ, ਉਹ ਸਰੋਵਰ ਵਿਚ ਇਸ਼ਨਾਨ ਕਰਕੇ ਪਵਿਤਰ ਹੋਵੇਗਾ ਤੇ ਅੰਮ੍ਰਿਤ ਛਕੇਗਾ। ਉਸ ਨੂੰ ਆਪਣਾ ਸਾਰਾ ਬਚਪਨ ਹੀ ਯਾਦ ਸੀ ਪਰ ਹੁਣ ਕੁਝ ਜਿ਼ਆਦਾ ਹੀ ਸਿ਼ਦਤ ਨਾਲ ਚੇਤੇ ਆਉਣ ਲਗਿਆ ਸੀ। ਉਹ ਆਉਣ ਵਾਲੇ ਦਿਨਾਂ ਦੀ ਬਹੁਤ ਬੇਸਬਰੀ ਨਾਲ ਉਡੀਕ ਕਰਨ ਲਗਦਾ।
ਮਹਾਂਰਾਜੇ ਨੇ ਦੋਸਤਾਂ ਨਾਲ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਕਿ ਕਿਉਂ ਨਾ ਐੱਲਵੇਡਨ ਇਸਟੇਟ ਨੂੰ ਵੇਚ ਦਿਤਾ ਜਾਵੇ। ਜੇ ਇਸ ਨੂੰ ਬੋਲੀ ਰਾਹੀਂ ਵੇਚਿਆ ਜਾਵੇ ਤਾਂ ਜਲਦੀ ਵਿਕਣ ਦੇ ਬਹੁਤੇ ਮੌਕੇ ਹੋਣਗੇ। ਇਹ ਗੱਲ ਸਰਕਾਰ ਤਕ ਪੁੱਜੀ। ਇੰਡੀਆ ਔਫਿਸ ਦਾ ਵਿਚਾਰ ਸੀ ਕਿ ਮਹਾਂਰਾਜਾ ਧਮਕੀਆਂ ਹੀ ਦੇ ਰਿਹਾ ਹੈ। ਇੰਡੀਆ ਹਾਊਸ ਵਾਲੇ ਜਾਣਦੇ ਸਨ ਕਿ ਮਹਾਂਰਾਜੇ ਦੇ ਖਰਚੇ ਪਹਿਲਾਂ ਨਾਲੋਂ ਵੀ ਜਿ਼ਆਦਾ ਸਨ ਤੇ ਜਮਾਂ ਪੂੰਜੀ ਉਸ ਕੋਲ ਕੋਈ ਹੈ ਨਹੀਂ ਸੀ। ਇਹ ਵੀ ਪਤਾ ਸੀ ਕਿ ਮਹਾਂਰਾਜੇ ਦੇ ਬਹੁਤ ਸਾਰੇ ਬਿੱਲ ਅਦਾ ਹੋਣ ਖੁਣੋਂ ਪਏ ਸਨ। ਇਹਨਾਂ ਬਿੱਲਾਂ ਦਾ ਭੁਗਤਾਨ ਕਰਨ ਲਈ ਉਸ ਕੋਲ ਕੋਈ ਇੰਤਜ਼ਾਮ ਨਹੀਂ ਸੀ। ਇਕ ਵਾਰ ਫਿਰ ਉਸ ਨੇ ਇੰਡੀਆ ਔਫਿਸ ਦਾ ਦਰਵਾਜ਼ਾ ਖੜਕਾਇਆ। ਪੰਜ ਹਜ਼ਾਰ ਪੌਂਡ ਲਈ ਉਹ ਨੇ ਇੰਡੀਆ ਔਫਿਸ ਨੂੰ ਮਿੰਨਤਾਂ-ਬੇਨਤੀਆਂ ਭਰੀ ਚਿੱਠੀ ਲਿਖੀ ਕਿ ਅਗਲੇ ਫੈਸਲੇ ਤਕ ਉਸ ਨੂੰ ਸਾਹ ਆਉਂਦਾ ਰੱਖਣ ਲਈ ਇਹ ਰਕਮ ਦਿਤੀ ਜਾਵੇ।
ਇਸ ਲੜਾਈ ਦੇ ਬਾਵਜੂਦ ਮਹਾਂਰਾਜਾ ਸਰਕਾਰ ਦੇ ਮੰਤਰੀਆਂ ਨੂੰ ਤੇ ਮਹਾਂਰਾਣੀ ਵਿਕਟੋਰੀਆ ਦੇ ਕਰਮਚਾਰੀਆਂ ਨੂੰ ਵੀ ਆਮ ਮਿਲਦਾ ਰਹਿੰਦਾ ਸੀ। ਵੱਡੀਆਂ ਵੱਡੀਆਂ ਮਹਿਫਲਾਂ ਵਿਚ ਉਸ ਨੂੰ ਸੱਦਿਆ ਜਾਂਦਾ ਸੀ। ਅਜਿਹੀ ਹੀ ਇਕ ਮਹਿਫਲ ਵਿਚ ਇਕ ਦਿਨ ਉਸ ਨੂੰ ਹੈਨਰੀ ਪੌਨਸਨਬੀ ਮਿਲ ਪਿਆ। ਦੋਨੋਂ ਬਹੁਤ ਪਿਆਰ ਨਾਲ ਮਿਲੇ। ਮਹਾਂਰਾਜੇ ਨੇ ਆਪਣੇ ਕਲੇਮ ਦੀਆਂ ਗੱਲਾਂ ਸ਼ੁਰੂ ਕਰ ਲਈਆਂ। ਵਾਰਤਾਲਾਪ ਕਰਦਾ ਕਰਦਾ ਮਹਾਂਰਾਜਾ ਗੁੱਸੇ ਵਿਚ ਆਉਣ ਲਗਿਆ। ਪੌਨਸਨਬੀ ਨੇ ਕਿਹਾ,
“ਯੋਅਰ ਹਾਈਨੈੱਸ, ਇਹ ਵਕਤ ਅਜਿਹੀਆਂ ਗੱਲਾਂ ਲਈ ਨਹੀਂ ਏ। ...ਮੈਂ ਕਹਾਂਗਾ ਕਿ ਤੁਹਾਡੇ ਵਿਚ ਸਬਰ ਦੀ ਘਾਟ ਏ।”
“ਤੁਹਾਨੂੰ ਕਿਸੇ ਨੂੰ ਵੀ ਮੇਰੇ ਸਬਰ ਦੀ ਚਿੰਤਾ ਕਦੋਂ ਏ? ਹੁਣ ਜੇ ਮੇਰਾ ਐੱਲਵੇਡਨ ਵਾਲਾ ਘਰ ਵਿਕ ਗਿਆ ਤਾਂ ਮੈਂ ਕਿਸੇ ਵੀ ਹਾਲਤ ਵਿਚ ਇੰਗਲੈਂਡ ਵਿਚ ਨਹੀਂ ਰਹਿ ਸਕਦਾ। ਇਹੋ ਤਾਂ ਮੇਰਾ ਇਕ ਘਰ ਏ, ਜੇ ਇਹ ਹੀ ਨਾ ਰਿਹਾ ਤਾਂ ਫਿਰ ਬੇਸ਼ੱਕ ਮੈਨੂੰ ਇੰਡੀਆ ਔਫਿਸ ਵਲੋਂ ਵੀਹ ਲੱਖ ਪੌਂਡ ਸਲਾਨਾ ਮਿਲਦਾ ਹੋਵੇ ਮੈਂ ਇੰਗਲੈਂਡ ਵਿਚ ਨਹੀਂ ਰਹਿਣਾ।
ਇਹਨਾਂ ਦਿਨਾਂ ਵਿਚ ਰੂਸ ਤੇ ਬ੍ਰਤਾਨੀਆਂ ਵਿਚ ਕਿਸੇ ਗੱਲੋਂ ਖਿੱਚ-ਮ-ਖਿੱਚ ਵਧ ਗਈ। ਮਾਰਚ ਦੇ ਅਖੀਰ ਵਿਚ ਖ਼ਬਰ ਆਈ ਕਿ ਰੂਸ ਨੇ ਅਫਗਾਨਿਸਤਾਨ ਦੀ ਸੀਮਾ ਉਪਰ ਆਪਣੀਆਂ ਫੌਜਾਂ ਜਮ੍ਹਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ ਤੇ ਇਸ ਰਸਤੇ ਉਹ ਹਿੰਦੁਸਤਾਨ ਉਪਰ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਕੁਝ ਲੋਕ ਤਾਂ ਇਸ ਖ਼ਬਰ ਨੂੰ ਅਫਵਾਹ ਹੀ ਕਹਿ ਰਹੇ ਸਨ ਪਰ ਦੋਨਾਂ ਮੁਲਕਾਂ ਦੀ ਪੁਰਾਣੀ ਦੁਸ਼ਮਣੀ ਦੇਖਦਿਆਂ ਇਸ ਖ਼ਬਰ ਨੂੰ ਏਨੀ ਛੇਤੀ ਝੁਠਲਾਇਆ ਵੀ ਨਹੀਂ ਸੀ ਜਾ ਸਕਦਾ। ਮਹਾਂਰਾਜੇ ਨੇ ਇਸ ਖ਼ਬਰ ਦੀ ਆੜ ਲੈਂਦਿਆਂ ਸੋਚਿਆ ਕਿ ਇਹੋ ਉਹ ਸਮਾਂ ਹੈ ਜਦੋ ਉਹ ਇਸ ਮੁਲਕ ਪ੍ਰਤੀ ਤੇ ਮਹਾਂਰਾਣੀ ਪ੍ਰਤੀ ਆਪਣੀ ਵਫਾਦਾਰੀ ਦਾ ਸਬੂਤ ਕੁਝ ਗੂੜ੍ਹੇ ਤਰੀਕੇ ਨਾਲ ਦੇ ਸਕਦਾ ਹੈ ਤੇ ਲੋਕਾਂ ਦੇ ਮਨ ਵੀ ਆਪਣੇ ਹੱਕ ਵਿਚ ਜਿੱਤ ਸਕਦਾ ਹੈ। ਉਸ ਨੇ ਆਪਣੀਆਂ ਸੇਵਾਵਾਂ ਬ੍ਰਤਾਨਵੀ ਫੌਜ ਲਈ ਪੇਸ਼ ਕਰਨ ਦਾ ਸੋਚ ਕੇ ਹੈਨਰੀ ਪੌਨਸਨਬੀ ਨੂੰ ਚਿੱਠੀ ਲਿਖੀ;
‘...ਅਫਗਾਨ ਸੀਮਾ ਤੋਂ ਬੁਰੀਆਂ ਖ਼ਬਰਾਂ ਸੁਣਨ ਵਿਚ ਆ ਰਹੀਆਂ ਹਨ, ਮੇਰੀ ਬੇਨਤੀ ਹੈ ਕਿ ਮੈਨੂੰ ਹਰ ਮੈਜਿਸਟੀ ਦੀ ਫੌਜ ਵਿਚ ਜਾ ਕੇ ਲੜਨ ਦੀ ਆਗਿਆ ਦਿਤੀ ਜਾਵੇ ਤੇ ਮੈਨੂੰ ਡਿਊਕ ਔਫ ਕੌਨੌਟ ਦੇ ਸਟਾਫ ਔਫ ਇੰਡੀਆ ਵਿਚ ਏਡ-ਡੀ-ਕੈਂਪ ਨਿਯੁਕਤ ਕਰ ਦਿਤਾ ਜਾਵੇ। ਮੇਰੀ ਪਰਜਾ ਦੇ ਦੋ ਨੁਮਾਇੰਦੇ: ਕਸ਼ਮੀਰ ਦਾ ਮਹਾਂਰਾਜਾ ਤੇ ਸਿਰਦਾਰ ਕੋਟ ਸਿੰਘ ਤੇ ਹੋਰ ਬਹੁਤ ਸਾਰੇ ਰਾਜਕੁਮਾਰ ਪਹਿਲਾਂ ਹੀ ਇਸ ਅਹੁਦੇ ‘ਤੇ ਹੁੰਦੇ ਹੋਏ ਬ੍ਰਿਟਿਸ਼ ਆਰਮੀ ਵਿਚ ਹਰ ਮੈਜਿਸਟੀ ਦੀ ਸੇਵਾ ਕਰ ਰਹੇ ਹਨ। ਮੇਰੀ ਬਹੁਤ ਹੀ ਨਿਮਰ ਬੇਨਤੀ ਹੈ ਕਿ ਮੈਨੂੰ ਵੀ ਅਜਿਹੀ ਹੀ ਕੋਈ ਸੇਵਾ ਬਖਸ਼ੀ ਜਾਵੇ। ...ਇਹ ਤਾਂ ਮੇਰੇ ਕੋਲ ਇਸ ਵੇਲੇ ਆਪਣੀ ਕੋਈ ਫੌਜ ਨਹੀਂ ਹੈ ਨਹੀਂ ਤਾਂ ਮੈਂ ਹਰ ਮੈਜਿਸਟੀ ਲਈ ਸਭ ਤੋਂ ਮੁਹਰੇ ਹੋ ਕੇ ਲੜ ਰਿਹਾ ਹੁੰਦਾ ਪਰ ਇਸ ਵੇਲੇ ਮੇਰੀ ਆਪਣੀ ਜਾਨ ਤਾਂ ਹੈ, ਇਹ ਮੈਂ ਆਪਣੀ ਮਹਾਂਰਾਣੀ ਦੀ ਸਰਵਿਸ ਵਿਚ ਅਰਪਨ ਕਰ ਦੇਣੀ ਚਾਹੁੰਦਾ ਹਾਂ। ...ਜੇ ਮੇਰੀ ਵਫਾਦਾਰੀ ‘ਤੇ ਕਿਸੇ ਕਿਸਮ ਦਾ ਸ਼ੱਕ ਹੋਵੇ ਤਾਂ ਬਦਲੇ ਵਿਚ ਮੇਰੇ ਪਰਿਵਾਰ ਨੂੰ ਬੰਦੀ ਬਣਾ ਕੇ ਰੱਖਿਆ ਜਾ ਸਕਦਾ ਹੈ ਕਿ ਜਿੰਨਾ ਚਿਰ ਤੁਹਾਨੂੰ ਮੇਰੀ ਵਫਾਦਾਰੀ ਦਾ ਤੇ ਚੰਗੇ ਵਿਵਹਾਰ ਦਾ ਸਬੂਤ ਨਾ ਮਿਲੇ ਮੇਰਾ ਪਰਿਵਾਰ ਤੁਹਾਡੀ ਹਿਰਾਸਤ ਵਿਚ ਰਹੇ। ਇਹ ਵੀ ਹੋ ਸਕਦਾ ਹੈ ਕਿ ਮੈਂ ਹਿੰਦੁਸਤਾਨ ਵਿਚੋਂ ਸਵੈਇਛਕ ਸੈਨਾ ਦੀ ਇਕ ਰੈਜਮੈਂਟ ਹੀ ਖੜੀ ਕਰ ਦੇਵਾਂ ਜਿਸ ਨਾਲ ਇਹ ਸਿਧ ਹੋ ਜਾਵੇਗਾ ਕਿ ਮੈਂ ਵਿਸ਼ਵਾਸ ਕਰਨ ਦੇ ਅਯੋਗ ਨਹੀਂ ਹਾਂ...।’(ਦਲੀਪ ਸਿੰਘ)
ਮਹਾਂਰਾਜੇ ਦੀ ਇਸ ਚਿੱਠੀ ਦੀ ਖ਼ਬਰ ਸਿਆਸੀ ਹਲਕਿਆਂ ਵਿਚ ਇਕ ਦਮ ਫੈਲ ਗਈ। ਇਸ ਚਿੱਠੀ ਨੂੰ ਲੈ ਕੇ ਰਲਿਆ-ਮਿਲਿਆ ਪ੍ਰਤੀਕਰਮ ਆਉਣ ਲਗਿਆ। ਕੋਈ ਹੱਸ ਰਿਹਾ ਸੀ ਤੇ ਕੋਈ ਗੰਭੀਰ ਵੀ ਸੀ। ਕਈਆਂ ਨੂੰ ਮਹਾਂਰਾਜੇ ਦੀ ਇਹ ਚੁਸਤੀ ਜਾਪ ਰਹੀ ਸੀ। ਮਹਾਂਰਾਜੇ ਦੀ ਇਸ ਪੇਸ਼ਕਸ਼ ‘ਤੇ ਕਈ ਲੋਕ ਉਸ ਦਾ ਮਜ਼ਾਕ ਉਡਾ ਰਹੇ ਸਨ ਕਿ ਏਨਾ ਕੁਝ ਕਰਨ ਤੋਂ ਬਾਅਦ ਮਹਾਂਰਾਜਾ ਇੰਗਲੈਂਡ ਦੀ ਫੌਜ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ। ਅਖ਼ਬਾਰਾਂ ਵਾਲੇ ਉਸ ਦੇ ਵੱਡੇ ਸਾਰੇ ਢਿੱਡ ਦਾ ਤਮਾਸ਼ਾ ਬਣਾ ਕੇ ਲਿਖ ਰਹੇ ਸਨ ਕਿ ਜਿਸ ਬੰਦੇ ਨੂੰ ਆਪਣੇ ਪੈਰ ਹੀ ਨਹੀਂ ਦਿਸਦੇ ਉਹ ਯੁੱਧ ਵਿਚ ਕਿਵੇਂ ਭਾਗ ਲਵੇਗਾ। ਆਪਣੇ ਮੁਟਾਪੇ ਕਾਰਨ ਤਾਂ ਮਹਾਂਰਾਜਾ ਵੀ ਥੋੜਾ ਕੁ ਹੀਣ-ਭਾਵਨਾ ਦਾ ਸਿ਼ਕਾਰ ਰਹਿੰਦਾ ਸੀ। ਕੋਈ ਕਹਿੰਦਾ ਕਿ ਮਹਾਂਰਾਜੇ ਦਾ ਦਿਮਾਗ ਖਰਾਬ ਹੋ ਗਿਆ ਹੈ ਕਿ ਉਹ ਬਿਨਾਂ ਕਿਸੇ ਟਰੇਨਿੰਗ ਤੇ ਬਿਨਾਂ ਕਿਸੇ ਪੜ੍ਹਾਈ ਦੇ ਫੌਜ ਵਿਚ ਜਾਣ ਦੀਆਂ ਗੱਲਾਂ ਕਰ ਰਿਹਾ ਹੈ। ਕੋਈ ਸੋਚਦਾ ਕਿ ਇਸ ਗੱਲ ਦੇ ਪਿੱਛੇ ਮਹਾਂਰਾਜਾ ਕਿਹੜੀ ਚਾਲ ਚਲਦਾ ਹੋਇਆ। ਇਹ ਵੀ ਖਿਆਲ ਕੀਤਾ ਜਾਣ ਲਗਿਆ ਕਿ ਸ਼ਾਇਦ ਰੂਸ ਦੇ ਏਜੰਟ ਹੀ ਮਹਾਂਰਾਜੇ ਤਕ ਪਹੁੰਚ ਕਰ ਰਹੇ ਹੋਣਗੇ। ਰੂਸ ਦੇ ਏਜੰਟ ਇੰਗਲੈਂਡ ਵਿਚ ਆਮ ਸਨ ਪਰ ਉਹਨਾਂ ਨੂੰ ਪਛਾਨਣਾ ਬਹੁਤ ਮੁਸ਼ਕਲ ਹੋ ਜਾਂਦਾ। ਉਹ ਆਪਣਾ ਕੰਮ ਬਹੁਤ ਹੀ ਹੌਲੀ ਹੌਲੀ ਤੇ ਲੁਕਵੇਂ ਢੰਗ ਨਾਲ ਕਰਦੇ ਸਨ। ਪਹਿਲਾਂ ਹੀ ਮਹਾਂਰਾਜੇ ਉਪਰ ਸਰਕਾਰੀ ਏਜੰਟ ਨਜ਼ਰ ਰੱਖ ਰਹੇ ਸਨ ਪਰ ਮਹਾਂਰਾਜੇ ਦੀ ਇਸ ਚਿੱਠੀ ਤੋਂ ਬਾਅਦ ਮਹਾਂਰਾਜੇ ਦੀ ਇਸ ਗੱਲ ‘ਤੇ ਜਸੂਸੀ ਹੋਣ ਲਗੀ ਕਿ ਕਿਧਰੇ ਰੂਸੀ ਏਜੰਟਾਂ ਨਾਲ ਤਾਂ ਉਸ ਦੇ ਸਬੰਧ ਨਹੀਂ। ਸਰਕਾਰ ਦੀ ਇਹ ਸ਼ੱਕ ਤਾਂ ਛੇਤੀ ਹੀ ਨਿਰਮੂਲ ਸਾਬਤ ਹੋ ਗਈ। ਇਕ ਮਹਾਂਰਾਣੀ ਵਿਕਟੋਰੀਆ ਹੀ ਸੀ ਜਿਹੜੀ ਮਹਾਂਰਾਜੇ ਦੇ ਜਜ਼ਬੇ ਨੂੰ ਦਿਲੋਂ ਸਮਝਦੀ ਸੀ। ਉਸ ਨੂੰ ਮਹਾਂਰਾਜੇ ਦੀ ਇਹ ਵਫਾਦਾਰੀ ਚੰਗੀ ਵੀ ਲਗ ਰਹੀ ਸੀ ਪਰ ਉਹ ਬਹੁਤ ਕੁਝ ਕਹਿੰਦੀ ਨਹੀਂ ਸੀ।
ਹੈਨਰੀ ਪੌਨਸਨਬੀ ਵਲੋਂ ਕੁਝ ਦਿਨਾਂ ਵਿਚ ਜਵਾਬ ਆ ਗਿਆ;
‘ਯੋਅਰ ਹਾਈਨੈੱਸ, ਮੈਂ ਯਕੀਨ ਦਵਾਉਂਦਾ ਹਾਂ ਕਿ ਹਰ ਮੈਜਿਸਟੀ ਤਹਾਡੀਆਂ ਇਹਨਾਂ ਭਾਵਨਾਵਾਂ ਤੋਂ ਬਹੁਤ ਖੁਸ਼ ਹੈ ਪਰ ਹਰ ਮੈਜਿਸਟੀ ਨੂੰ ਆਸ ਹੈ ਕਿ ਰੂਸ ਨਾਲ ਸਾਡੇ ਸਬੰਧ ਹਾਲੇ ਇਥੋਂ ਤਕ ਵਿਗੜੇ ਨਹੀਂ ਹਨ। ਹਰ ਮੈਜਿਸਟੀ ਨੇ ਮੈਨੂੰ ਇਹ ਹੁਕਮ ਵੀ ਦਿਤਾ ਹੈ ਕਿ ਲੌਰਡ ਕਿੰਬਰਲੇ ਤੋਂ ਪਤਾ ਕਰ ਸਕਾਂ ਕਿ ਜੇ ਲੋੜ ਪਵੇ ਤਾਂ ਤੁਹਾਨੂੰ ਕਿਹੋ ਜਿਹੀ ਜਿ਼ੰਮੇਵਾਰੀ ਸੌਂਪੀ ਜਾਵੇ।’...
ਹੈਨਰੀ ਪੌਨਸਨਬੀ ਨੇ ਚਿੱਠੀ ਦੇ ਨਾਲ ਹੀ ਨੋਟ ਵੀ ਲਿਖ ਮਾਰਿਆ; ‘ਇਸ ਪੇਸ਼ਕਸ਼ ਤੋਂ ਮਹਾਂਰਾਣੀ ਹੈਰਾਨ ਹੈ।’
ਕਿੰਬਰਲੇ ਰਾਹੀਂ ਇਹੋ ਚਿੱਠੀ ਨਵੇਂ ਵੋਇਸਰਾਏ ਲੌਰਡ ਡੁਫਰਿਨ ਤਕ ਪੁੱਜੀ ਤਾਂ ਉਸ ਨੇ ਇਸ ਪੇਸ਼ਕਸ਼ ਨੂੰ ਫਜ਼ੂਲ ਕਹਿ ਕੇ ਬੁਰੀ ਤਰ੍ਹਾਂ ਠੁਕਰਾ ਦਿਤਾ। ਉਸ ਦਾ ਕਹਿਣਾ ਸੀ ਕਿ ਮਹਾਂਰਾਜੇ ਉਪਰ ਕਿਸੇ ਕਿਸਮ ਦਾ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਜੇ ਸੱਚਮੁੱਚ ਹੀ ਲੜਾਈ ਵਾਲੀ ਹਾਲਤ ਪੈਦਾ ਹੋ ਗਈ ਤਾਂ ਮਹਾਂਰਾਜੇ ਦਾ ਉਥੇ ਹੋਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ। ਉਹ ਕੋਈ ਵੀ ਉਲਟੀ-ਸਿੱਧੀ ਹਰਕਤ ਕਰ ਸਕਦਾ ਸੀ। ਵੋਇਸਰਾਏ ਤਾਂ ਮਹਾਂਰਾਜੇ ਦੀ ਹਿੰਦੁਸਤਾਨ ਵਿਚ ਮੌਜੂਦਗੀ ਕਾਰਨ ਪੈਦਾ ਹੋਣ ਵਾਲੀਆਂ ਉਲਝਣਾਂ ਤੋਂ ਵੀ ਫਿਕਰਵੰਦ ਸੀ। ਮਹਾਂਰਾਜੇ ਦੀ ਚਿੱਠੀ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਉਸ ਨੂੰ ਫੌਜ ਵਿਚ ਲੈਣ ਤੋਂ ਇਨਕਾਰ ਕਰ ਦਿਤਾ ਗਿਆ।
ਇਨਕਾਰ ਹੋਣ ‘ਤੇ ਮਹਾਂਰਾਜਾ ਪਰੇਸ਼ਾਨ ਹੋ ਗਿਆ। ਜਦ ਉਸ ਨੂੰ ਇਸ ਇਨਕਾਰ ਦਾ ਪਤਾ ਚਲਿਆ ਤਾਂ ਉਹ ਐੱਲਵੇਡਨ ਵਿਚ ਅਰੂੜ ਸਿੰਘ ਨਾਲ ਕੋਈ ਖਾਸ ਮਸ਼ਵਰਾ ਕਰ ਰਿਹਾ ਸੀ। ਉਹ ਉਦਾਸ ਹੁੰਦਾ ਬੋਲਿਆ,
“ਦੇਖੋ ਅਰੂੜ ਸਿੰਘ, ਇਹ ਲੋਕ ਮੈਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਸਗੋਂ ਮੇਰੇ ‘ਤੇ ਸ਼ੱਕ ਕਰ ਰਹੇ ਨੇ। ਮੇਰੇ ਉਪਰ! ਮੈਂ ਸ਼ੇਰੇ ਪੰਜਾਬ ਦਾ ਬੇਟਾ, ਮੇਰੇ ‘ਤੇ ਸ਼ੱਕ ਕਰ ਰਹੇ ਨੇ! ਪਰ ਰੁਕਣ ਵਾਲਾ ਮੈਂ ਵੀ ਨਹੀਂ। ਜੇ ਮੈਨੂੰ ਨਹੀਂ ਭਰਤੀ ਕਰਦੇ ਤਾਂ ਨਾ ਸਹੀ, ਮੈਂ ਵੋਲੰਟੀਅਰ ਬਣ ਕੇ ਬ੍ਰਤਾਨਵੀ ਫੌਜ ਵਿਚ ਚਲੇ ਜਾਵਾਂਗਾ।”
ਉਸ ਨੇ ਉਸੇ ਵੇਲੇ ਕਿੰਬਰਲੇ ਨੂੰ ਚਿੱਠੀ ਲਿਖਣ ਬੈਠ ਗਿਆ;
‘...ਤੁਸੀਂ ਮੈਨੂੰ ਭਰਤੀ ਨਾ ਵੀ ਕਰੋ ਪਰ ਜੇਕਰ ਮੰਦਭਾਗਾਂ ਨੂੰ ਇੰਗਲੈਂਡ ਤੇ ਰੂਸ ਵਿਚਕਾਰ ਲੜਾਈ ਛਿੜ ਪਈ ਤਾਂ ਮੈਂ ਯੋਯਨਾ ਬਣਾ ਰਿਹਾ ਹਾਂ ਕਿ ਮੈਂ ਬੰਬੇ ਤੋਂ ਕਰਾਚੀ ਰਾਹੀਂ ਤੇ ਫਿਰ ਬਲੋਚਿਸਤਾਨ ਹੁੰਦੇ ਹੋਏ ਅਫਗਾਨਿਸਤਾਨ ਵਲ ਵਧਾਂਗਾ, ...ਮੈਂ ਪੰਜਾਬ ਤੋਂ ਇਕ ਪਾਸੇ ਦੀ ਜਾਵਾਂਗਾ, ਮੈਂ ਇਹ ਵੀ ਮਨ ਵਿਚ ਪੱਕਾ ਧਾਰ ਲਿਆ ਹੈ ਕਿ ਇਸ ਗੱਲੋਂ ਮੈਂ ਬਿਲਕੁਲ ਨਹੀਂ ਰੁਕਾਂਗਾ।’
ਮਹਾਂਰਾਜੇ ਦੀ ਇਸ ਚਿੱਠੀ ਦੀ ਆਖਰੀ ਪੰਗਤੀ ਬਹੁਤ ਖਤਰਨਾਕ ਸੀ ਕਿ ਉਹ ਰੁਕੇਗਾ ਨਹੀਂ। ਹਾਲੇ ਲੜਾਈ ਸ਼ੁਰੂ ਨਹੀਂ ਸੀ ਹੋਈ ਤੇ ਨਾ ਹੀ ਏਨੇ ਆਸਾਰ ਸਨ ਪਰ ਮਹਾਂਰਾਜਾ ਕਿਸੇ ਖਿਆਲੀ ਲੜਾਈ ਨੂੰ ਬਹੁਤ ਵੱਡਾ ਮੁੱਦਾ ਬਣਾਈ ਬੈਠਾ ਸੀ। ਲੌਰਡ ਡੁਫਰਿਨ ਨੂੰ ਇਸ ਗੱਲ ਦਾ ਪਤਾ ਚਲਿਆ ਤਾਂ ਉਸ ਨੇ ਉਸੇ ਵਕਤ ਟੈਲੀਗਰਾਮ ਦੇ ਦਿਤੀ ਕਿ ਮਹਾਂਰਾਜੇ ਨੂੰ ਕਿਸੇ ਵੀ ਕੀਮਤ ਤੇ ਬ੍ਰਤਾਨਵੀ ਫੌਜ ਵਿਚ ਸ਼ਾਮਲ ਨਹੀਂ ਹੋਣ ਦਿਤਾ ਜਾਵੇਗਾ। ਮਹਾਂਰਾਣੀ ਕੋਲ ਇਹ ਟੈਲੀਗਰਾਮ ਪੁੱਜੀ ਤਾਂ ਉਸ ਨੂੰ ਇਸ ਦੀ ਇਬਾਰਤ ਪਸੰਦ ਚੰਗੀ ਨਾ ਲਗੀ। ਉਸ ਨੇ ਟੈਲੀਗਰਾਮ ਉਪਰ ਨੀਲੇ ਰੰਗ ਦੀ ਪੈਂਸਲ ਨਾਲ ਨੋਟ ਲਿਖਿਆ, ‘ਕਿਉਂ ਨਹੀਂ? ਉਹ ਸਿਰਫ ਨਿਰਾਸ਼ ਹੈ, ਨਹੀਂ ਤਾਂ ਉਹ ਸੱਚ ਹੀ ਮਹਾਂਰਾਣੀ ਪ੍ਰਤੀ ਵਫਾਦਾਰ ਹੈ।’
(ਤਿਆਰੀ ਅਧੀਨ ਨਾਵਲ ‘ਆਪਣਾ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346