ਮਾਂ ਧਰਤੀਏ ਤੇਰੀ ਗੋਦ
ਨੂੰ ਚੰਦ ਹੋਰ ਬਥੇਰੇ
ਮਘਦਾ ਰੲ੍ਹੀਂ ਤੂੰ ਸੂਰਜਾ ਕੰਮੀਆਂ ਦੇ ਵਿਹੜੇ
ਸੰਤ ਰਾਮ ਉਦਾਸੀ ਪੰਜਾਬੀ ਲੋਕ ਕਾਵਿ ਦਾ ਮਘਦਾ ਸੂਰਜ ਸੀ ਜੋ ਅਚਾਨਕ ਛਿਪ ਗਿਆ। ਉਹ ਆਪ
ਭਾਵੇਂ ਛਿਪ ਗਿਆ ਪਰ ਉਹਦੇ ਕਾਵਿ ਦਾ ਤਪ-ਤੇਜ ਸਦਾ ਤਪਦਾ ਰਹੇਗਾ ਤੇ ਕਿਰਤੀ ਕਾਮਿਆਂ ਅੰਦਰ
ਰੋਹ ਦੀਆਂ ਚਿਣਗਾਂ ਬਾਲ਼ਦਾ ਰਹੇਗਾ। ਉਦਾਸੀ ਨੇ ਆਪਣੇ ਗੀਤਾਂ ਤੇ ਨਜ਼ਮਾਂ ਨਾਲ ਜਮਾਤੀ
ਦੁਸ਼ਮਣਾਂ ਦੇ ਸਫਾਏ ਦੀ ਐਸੀ ਅੱਗ ਬਾਲ਼ੀ ਜੋ ਹਾਕਮਾਂ ਤੇ ਲੋਟੂਆਂ ਦੇ ਬੁਝਾਉਣ ਦੇ ਬਾਵਜੂਦ
ਬੁਝਣ ਵਾਲੀ ਨਹੀਂ। ਜਦੋਂ ਉਹ ਗਾਉਂਦਾ ਤਾਂ ਉਹਦੇ ਗੀਤਾਂ ਵਿਚਲੀ ਰੋਹੀਲੀ ਲਲਕਾਰ ਹੋਰ ਵੀ
ਪ੍ਰਚੰਡ ਹੋ ਜਾਂਦੀ। ਉਹ ਖੱਬਾ ਹੱਥ ਕੰਨ ‘ਤੇ ਧਰ ਕੇ ਸੱਜੀ ਬਾਂਹ ਆਕਾਸ਼ ਵੱਲ ਉਗਾਸਦਾ ਤਾਂ
ਉਹਦੇ ਹਾਕ ਮਾਰਵੇਂ ਬੋਲ ਦੂਰ ਤਕ ਗੂੰਜਦੇ। ਮਲਵਈ ਪੁੱਠ ਵਾਲੀ ਲਰਜ਼ਦੀ ਹੂਕ ਦੀਆਂ ਤਰੰਗਾਂ
ਨਾਲ ਚਾਰਚੁਫੇਰਾ ਲਰਜ਼ ਉੱਠਦਾ। ਉਹ ਸੰਖ ਵਰਗੀ ਗੂੰਜਵੀਂ ਆਵਾਜ਼ ਨਾਲ ਹਜ਼ਾਰਾਂ ਸਰੋਤਿਆਂ ਦੇ
‘ਕੱਠਾਂ ਨੂੰ ਕੀਲ ਲੈਂਦਾ। ਲੋਕ ਪੱਬਾਂ ਭਾਰ ਹੋ ਕੇ ਉਦਾਸੀ ਨੂੰ ਸੁਣਦੇ ਤੇ ਉਹਦੇ ਗੀਤਾਂ ਦੇ
ਰੰਗ ਵਿਚ ਰੰਗੇ ਜਾਂਦੇ। ਜਿੰਨੇ ਜਾਨਦਾਰ ਉਹਦੇ ਗੀਤ ਸਨ ਉਨੀ ਹੀ ਧੜੱਲੇਦਾਰ ਉਹਦੀ ਆਵਾਜ਼
ਸੀ। ਗੀਤਾਂ ਤੇ ਕਵਿਤਾਵਾਂ ਨੂੰ ਪੇਸ਼ ਕਰਨ ਦਾ ਉਹਦਾ ਅੰਦਾਜ਼ ਵੀ ਅਦੁੱਤੀ ਸੀ। ਉਹ ਹਿੱਕ ਦੇ
ਤਾਣ ਨਾਲ ਗਾਉਂਦਾ:
-ਦੇਸ਼ ਹੈ ਪਿਆਰਾ ਸਾਨੂੰ ਜਿ਼ੰਦਗੀ ਪਿਆਰੀ ਨਾਲੋਂ
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ
ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ...।
ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ
ਆਖਦੇ ਨੇ ਲੋਕੀਂ ਹਿੱਕਾਂ ਠੋਕ ਹਾਣੀਆਂ
ਹੜ੍ਹ ਲੋਕਤਾ ਦਾ, ਹੜ੍ਹ ਲੋਕਤਾ ਦਾ ਕਿਹੜਾ ਸਕੂ ਰੋਕ ਹਾਣੀਆਂ...।
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ
ਜ਼ਰਾ ਹੱਲਾ ਮਾਰੋ, ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ...।
ਉਦਾਸੀ ਮੈਥੋਂ ਇਕ ਸਾਲ ਵੱਡਾ ਸੀ ਤੇ ਅਸੀਂ ਕੁਝ ਸਾਲ ਨੇੜੇ ਤੇੜੇ ਵਿਚਰੇ। ਉਹ 20 ਅਪ੍ਰੈਲ
1939 ਨੂੰ ਜਿ਼ਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ ਸੀ। ਕੰਮੀ
ਵੀ ਉਹ ਜਿਨ੍ਹਾਂ ਨੂੰ ਮਜ਼੍ਹਬੀ ਸਿੱਖ ਕਿਹਾ ਜਾਂਦੈ। ਉਸ ਦੇ ਪਿਤਾ ਦਾ ਨਾਂ ਮੇਹਰ ਸਿੰਘ ਤੇ
ਮਾਤਾ ਦਾ ਧੰਨ ਕੌਰ ਸੀ। ਉਸ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ
ਸੀ। ਉਦਾਸੀ ਨੂੰ ਹੇਕਮਈ ਸੁਰੀਲੀ ਆਵਾਜ਼ ਪੜਦਾਦੇ ਤੋਂ ਵਿਰਸੇ ਵਿਚ ਮਿਲੀ। ਉਨ੍ਹਾਂ ਦੇ
ਵਡੇਰੇ ਦਿਆਲਪੁਰਾ ਭਾਈਕਾ ਤੋਂ ਉੱਠ ਕੇ ਰਾਏਸਰ ਆਏ ਸਨ। ਇਨ੍ਹਾਂ ਦੋਹਾਂ ਪਿੰਡਾਂ ਵਿਚਕਾਰ
ਵੀਹ ਪੱਚੀ ਮੀਲਾਂ ਦਾ ਫਾਸਲਾ ਹੈ। ਉਦਾਸੀ ਦੇ ਚਾਰ ਭਰਾ ਸਨ ਤੇ ਤਿੰਨ ਭੈਣਾਂ। ਸਭ ਤੋਂ ਵੱਡਾ
ਭਰਾ ਗੁਰਦਾਸ ਸਿੰਘ ਘਾਰੂ ਸੀ ਜਿਸ ਨੇ 'ਪਗਡੰਡੀਆਂ ਤੋਂ ਜੀਵਨ ਮਾਰਗ ਤੱਕ' ਸਵੈਜੀਵਨੀ ਲਿਖੀ।
ਉਹ ਆਪਣੇ ਵੱਡ ਵਡੇਰਿਆਂ ਦਾ ਵੇਰਵਾ ਦਿੰਦਿਆਂ ਦੱਸਦਾ ਹੈ ਕਿ ਉਨ੍ਹਾਂ ਦਾ ਪੜਦਾਦਾ ਪੂਰਨ
ਗੁਰਸਿੱਖ ਸੀ। ਲੋਕ ਉਸ ਨੂੰ ਸੰਤ ਬਾਬਾ ਕਾਹਲਾ ਸਿੰਘ ਕਹਿੰਦੇ ਸਨ। ਉਹ ਗੁਰਬਾਣੀ ਦਾ ਗਿਆਤਾ
ਸੀ ਤੇ ਰਸਭਿੰਨਾ ਕੀਰਤਨੀਆਂ ਸੀ। ਉਸ ਦੇ ਬਾਬੇ ਜੋਤਾ ਸਿੰਘ ਤੇ ਜੇਠਾ ਸਿੰਘ ਗੁਰੂ ਗੋਬਿੰਦ
ਸਿੰਘ ਜੀ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਸਮੇਂ ਸਰਸਾ ਨਦੀ ‘ਤੇ ਹੋਏ ਯੁੱਧ ਵਿਚ
ਸ਼ਹੀਦੀਆਂ ਪਾ ਗਏ ਸਨ।
ਬਾਬਾ ਕਾਹਲਾ ਸਿੰਘ ਦੇ ਵੱਡੇ ਭਾਈ ਬਾਬਾ ਚੇਤ ਸਿੰਘ ਭੰਗੀ ਮਿਸਲ ਦੇ 1400 ਘੋੜ ਸਵਾਰਾਂ ਦੀ
ਖਾਲਸਾ ਫੌਜ ਦੇ ਆਗੂ ਸਨ। 1798 ਵਿਚ ਰੰਗਰੇਟਾ ਭੰਗੀ ਮਿਸਲ ਦਾ ਇਹ ਜਰਨੈਲ ਮਿਸਲਾਂ ਦੀ ਲੜਾਈ
ਵਿਚ ਸ਼ਹੀਦੀ ਪਾ ਗਿਆ ਸੀ। ਸਿੱਖ ਸਿਧਾਂਤ ਤੋਂ ਥਿੜਕੀ ਲਹਿਰ ਤੋਂ ਉਪਰਾਮ ਹੋ ਕੇ ਬਾਬਾ
ਕਾਹਲਾ ਸਿੰਘ ਨੇ ਦਿਆਲਪੁਰੇ ਭਾਈਕੇ ਮਿਲੀ ਸੱਤ ਹਲਾਂ ਦੀ ਜ਼ਮੀਨ ਛੱਡ ਕੇ ਪਿੰਡ ਰਾਇਸਰ ਆ
ਵਸੇਬਾ ਕੀਤਾ। ਬਾਬਾ ਕਾਹਲਾ ਸਿੰਘ ਪੰਜਾਬੀ, ਉਰਦੂ, ਫਾਰਸੀ ਤੇ ਬ੍ਰਿਜ ਭਾਸ਼ਾ ਲਿਖਣੀ ਜਾਣਦੇ
ਸਨ। ਉਨ੍ਹਾਂ ਨੇ ਉਦਾਸੀ ਤੇ ਨਿਰਮਲੇ ਸਾਧੂਆਂ ਨੂੰ ਬੇਨਤੀ ਕੀਤੀ, ਮਹਾਰਾਜ ਜੀਓ, ਆਪਣੇ
ਭੰਡਾਰਿਆਂ ਵਿਚੋਂ ਬੱਚਿਆਂ ਨੂੰ ਵਿਦਿਆ ਦਾ ਦਾਨ ਵਰਤਾਓ। ਇਹ ਪੁੰਨ ਧੂਣੀਆਂ ਤਾਪਣ ਤੇ ਜਲ
ਧਾਰੇ ਕਰਨ ਨਾਲੋਂ ਵਧੇਰੇ ਫਲਦਾ ਹੈ। ਉਨ੍ਹਾਂ ਦੀ ਪ੍ਰੇਰਨਾ ਨਾਲ ਕਈ ਸਾਲ ਬਾਅਦ ਨੌਜੁਆਨ ਸੰਤ
ਨਿਰਮੋਹ ਦਾਸ ਨੇ 1882 ਵਿਚ ਪਿੰਡ ਮੂੰਮਾਂ ਵਿਖੇ 'ਨਿਰਮਾਣ ਸਰ ਵਿਦਿਆਲਾ' ਸ਼ੁਰੂ ਕੀਤਾ।
ਬਾਬਾ ਕਾਹਲਾ ਸਿੰਘ ਗਦਰ ਦੇ ਸਾਲ 1857 ਵਿਚ ਪਰਲੋਕ ਸਿਧਾਰ ਗਏ। ਉਦੋਂ ਉਨ੍ਹਾਂ ਦਾ ਵੱਡਾ
ਪੁੱਤਰ ਯਾਨੀ ਉਦਾਸੀ ਹੋਰਾਂ ਦਾ ਵੱਡਾ ਬਾਬਾ ਸਰਮੁੱਖ ਸਿੰਘ ਦਸ ਕੁ ਸਾਲ ਦਾ ਸੀ। ਉਦਾਸੀ
ਹੋਰਾਂ ਦਾ ਬਾਬਾ ਭਗਤ ਸਿੰਘ ਛੋਟਾ ਸੀ ਜੋ ਬਾਅਦ ਵਿਚ ਕੂਕਾ ਕਰ ਕੇ ਜਾਣਿਆ ਜਾਂਦਾ ਰਿਹਾ ਤੇ
ਉਸ ਦੇ ਪਰਿਵਾਰ ਨੂੰ ਕੂਕਿਆਂ ਦਾ ਟੱਬਰ ਕਿਹਾ ਜਾਣ ਲੱਗਾ। ਉਦਾਸੀ ਦੇ ਵੱਡੇ ਬਾਬੇ ਸਰਮੁੱਖ
ਸਿੰਘ ਦਾ ਪੁੱਤਰ ਯਾਨੀ ਉਦਾਸੀ ਹੋਰਾਂ ਤਾਇਆ ਕੇਹਰ ਸਿੰਘ 16 ਸਾਲ ਨਿਰਮਾਣ ਸਰ ਵਿਦਿਆਲੇ ਵਿਚ
ਪੜ੍ਹਿਆ ਜਿਥੇ ਪੰਜਾਬੀ, ਉਰਦੂ ਤੇ ਫਾਰਸੀ ਦੇ ਨਾਲ ਅੰਗਰੇਜ਼ੀ ਵੀ ਪੜ੍ਹਾਈ ਜਾਂਦੀ ਸੀ ਪਰ
ਡਿਗਰੀ ਕੋਈ ਨਹੀਂ ਸੀ ਦਿੱਤੀ ਜਾਂਦੀ। ਪਿੰਡ ਪੂਹਲੀ ਤੋਂ ਈਸ਼ਰ ਸਿੰਘ ਤੇ ਹਰਦਿੱਤ ਸਿੰਘ
ਪੂਹਲੀ (ਜੋ ਪੰਜਾਬੀ ਸੂਬਾ ਬਣ ਜਾਣ ਪਿੱਛੋਂ ਐੱਮ. ਐੱਲ. ਏ. ਬਣਿਆ) ਆਪਣੀ ਭੈਣ ਧੰਨ ਕੌਰ ਦਾ
ਰਿਸ਼ਤਾ ਕੇਹਰ ਸਿੰਘ ਨੂੰ ਕਰ ਗਏ। ਧੰਨ ਕੌਰ ਦੀ ਮਾਂ ਵਿਧਵਾ ਸੀ।
ਕੇਹਰ ਸਿੰਘ ਤੇ ਧੰਨ ਕੌਰ ਦਾ ਵਿਆਹ ਹੋ ਗਿਆ ਪਰ ਤਿੰਨ ਮਹੀਨਿਆਂ ਬਾਅਦ ਪਲੇਗ ਦੀ ਬਿਮਾਰੀ
ਨਾਲ ਕੇਹਰ ਸਿੰਘ ਗੁਜ਼ਰ ਗਿਆ। ਮੁਕਾਣਾਂ ਆਈਆਂ ਤਾਂ ਕੇਹਰ ਸਿੰਘ ਦੀ ਸੱਸ ਆਸ ਕੌਰ ਨੇ ਨਗਰ
ਨੂੰ ਬੇਨਤੀ ਕੀਤੀ ਕਿ ਮੈਂ ਆਪਣੀ ਧੀ ਨੂੰ ਰਾਇਸਰ ਦੀ ਨੂੰਹ ਬਣਾ ਚੁੱਕੀ ਹਾਂ। ਹੁਣ ਵਾਪਸ
ਪੂਹਲੀ ਕਿਵੇਂ ਲਿਜਾਵਾਂ? ਮੈਂ ਤਾਂ ਆਪ ਵਿਧਵਾ ਹੋਣ ਦਾ ਦੁੱਖ ਭੋਗ ਰਹੀ ਆਂ। ਉਹ ਚਾਹੁੰਦੀ
ਸੀ ਕਿ ਵਿਧਵਾ ਧੰਨ ਕੌਰ ਕਿਸੇ ਸਕੇ ਸੋਧਰੇ ਦੇ ਸਿਰ ਧਰ ਦਿੱਤੀ ਜਾਵੇ। ਕੇਹਰ ਸਿੰਘ ਦਾ ਕੋਈ
ਸਕਾ ਭਰਾ ਨਹੀਂ ਸੀ ਇਸ ਲਈ ਧੰਨ ਕੌਰ ਨੂੰ ਭਗਤ ਸਿੰਘ ਦੇ ਤੇਰਾਂ ਸਾਲਾਂ ਦੇ ਕੁਆਰੇ ਪੁੱਤਰ
ਮੇਹਰ ਸਿੰਘ ਦੇ ਸਿਰ ਧਰ ਦਿੱਤਾ ਗਿਆ।
ਜਵਾਨ ਜਹਾਨ ਧੰਨ ਕੌਰ ਨੇ ਆਪਣੇ ਸਿਰ ਦੇ ਨਿਆਣੇ ਸਾਈਂ ਭਗਤ ਸਿੰਘ ਨੂੰ ਸੰਤ ਨਿਰਮੋਹ ਦਾਸ ਦੇ
ਨਿਰਮਾਣ ਸਰ ਵਿਦਿਆਲੇ ਮੂੰਮਾਂ ਵਿਚ ਪੜ੍ਹਨੇ ਪਾਇਆ ਜਿਥੇ ਰਹਿ ਕੇ ਉਸ ਨੇ ਸਿੱਖਿਆ ਹਾਸਲ
ਕੀਤੀ ਤੇ ਮੁਕਲਾਵੇ ਲਈ ਭਰ ਜੁਆਨ ਹੋ ਕੇ ਪਿੰਡ ਪਰਤਿਆ। ਫਿਰ ਉਹ ਮਿਹਨਤ ਮਜ਼ਦੂਰੀ ਕਰ ਕੇ
ਪਰਿਵਾਰ ਪਾਲਣ ਲੱਗਾ। ਉਸ ਨੂੰ ਸਬਜ਼ੀਆਂ ਭਾਜੀਆਂ ਲਾਉਣ ਦਾ ਵੀ ਸ਼ੌਕ ਸੀ। ਇੰਜ ਘਰ ਦੇ ਸਾਰੇ
ਜੀਅ ਕੰਮੀਂ ਕਾਰੀਂ ਲੱਗੇ ਰਹਿੰਦੇ। ਮੇਹਰ ਸਿੰਘ ਦੀਆਂ ਤਿੰਨ ਭੂਆਂ ਤੇ ਚਾਚਿਆਂ ਤਾਇਆਂ ਦਾ
ਵੱਡਾ ਪਰਿਵਾਰ ਸੀ। ਅੱਗੋਂ ਮੇਹਰ ਸਿੰਘ ਤੇ ਧੰਨ ਕੌਰ ਦੇ ਘਰ ਪੰਜ ਪੁੱਤਰਾਂ ਤੇ ਤਿੰਨ ਭੈਣਾਂ
ਨੇ ਜਨਮ ਲਿਆ। ਬਾਅਦ ਵਿਚ ਸੰਤਾਨ ਸੰਜਮ ਦੇ ਸਮੇਂ ਸੰਤ ਰਾਮ ਉਦਾਸੀ ਦੇ ਘਰ ਵੀ ਤਿੰਨ ਧੀਆਂ
ਤੇ ਦੋ ਪੁੱਤਰ ਪੈਦਾ ਹੋਏ। ਕੰਮੀਆਂ ਕਾਰੀਆਂ ਦੀ ਉਲਾਦ ਬਾਰੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ
ਉਨ੍ਹਾਂ ਨੇ ਕਿਹੜਾ ਜਾਇਦਾਦਾਂ ਵੰਡਣੀਆਂ ਹੁੰਦੀਆਂ ਨੇ?
ਉਦਾਸੀ ਦੇ ਵੱਡੇ ਭਰਾ ਗੁਰਦਾਸ ਸਿੰਘ ਘਾਰੂ ਦਾ ਜਨਮ 1923 ਵਿਚ ਹੋਇਆ ਸੀ। ਹਰਦਾਸ ਸਿੰਘ
1927 ‘ਚ ਪੈਦਾ ਹੋਇਆ। ਉਹ ਵਿਆਹਿਆ ਗਿਆ ਸੀ ਪਰ ਅਫ਼ੀਮ ਦਾ ਅਮਲੀ ਹੋਣ ਕਰਕੇ 1964-65 ਵਿਚ
ਗੁਜ਼ਰ ਗਿਆ। ਉਹਦੀ ਘਰ ਵਾਲੀ ਪੇਕੀਂ ਜਾ ਬੈਠੀ ਸੀ। ਤੀਜਾ ਭਰਾ ਪ੍ਰਕਾਸ਼ ਸਿੰਘ 1933 ‘ਚ
ਜੰਮਿਆ। ਫਿਰ ਤਿੰਨ ਭੈਣਾਂ ਕਾਕੀ, ਘੁੱਕੋ ਤੇ ਨਿੱਕੀ ਜੰਮੀਆਂ। ਗੁਰਦੇਵ ਸਿੰਘ ਕੋਇਲ 1948
‘ਚ ਪੈਦਾ ਹੋਇਆ ਤੇ ਸੰਤ ਰਾਮ 1939 ਵਿਚ। ਗੁਰਦਾਸ ਸਿੰਘ ਤੇ ਉਦਾਸੀ ਦੇ ਜੰਮਣ ਵਿਚਕਾਰ 26
ਸਾਲਾਂ ਦਾ ਅੰਤਰ ਹੈ। ਸਾਰੇ ਭਰਾ ਕਿਸੇ ਨਾ ਕਿਸੇ ਖੇਤਰ ਦੇ ਕਲਾਕਾਰ ਨਿਕਲੇ। ਇਹਦਾ ਇਕ ਕਾਰਨ
ਸ਼ਾਇਦ ਉਨ੍ਹਾਂ ਦੇ ਵਿਰਸੇ ਦੇ ਜੀਨਜ਼ ਹੋਣ।
ਉਦਾਸੀ ਦੇ ਪਿੰਡ ਰਾਏਸਰ ਤੋਂ ਮੇਰਾ ਪਿੰਡ ਚਕਰ ਪੱਚੀ ਤੀਹ ਕਿਲੋਮੀਟਰ ਦੂਰ ਹੈ ਜਿਥੇ ਉਹ ਕਈ
ਵਾਰ ਆਇਆ। ਸਾਡੇ ਗੁਆਂਢੀ ਮਾਸਟਰ ਗੁਰਪ੍ਰੀਤ ਸਿੰਘ ਧੰਜਲ ਦਾ ਉਹ ਦੋਸਤ ਸੀ ਜੋ ਉਦਾਸੀ ਦੇ
ਗੀਤ ਵੀ ਗਾਇਆ ਕਰਦਾ ਸੀ। ਗੁਰਪ੍ਰੀਤ ਦੀ ਉਹਦੇ ਨਾਲ ਦੋਸਤੀ ਅਧਿਆਪਕ ਯੂਨੀਅਨ ਤੇ ‘ਕੱਠਿਆਂ
ਖਾਣ ਪੀਣ ਤੋਂ ਹੋਈ ਸੀ। ਜਦੋਂ ਉਹ ਚਕਰ ਆਇਆ ਹੁੰਦਾ ਤਾਂ ਉਹਦੇ ਗੀਤ ਸੁਣਨ ਦਾ ਮੈਨੂੰ ਵੀ
ਮੌਕਾ ਮਿਲ ਜਾਂਦਾ। ਉਹ ਕਦੇ ਕਦੇ ਢੁੱਡੀਕੇ ਕਾਲਜ ਵਿਚ ਵੀ ਫੇਰਾ ਪਾਉਂਦਾ ਜਿਥੇ ਮੈਂ ਤੀਹ
ਸਾਲ ਦੇ ਕਰੀਬ ਪੜ੍ਹਾਇਆ। ਉਹਦੀਆਂ ਕਵਿਤਾਵਾਂ ਤੇ ਗੀਤ ਕਾਲਜ ਦੇ ਵਿਦਿਆਰਥੀ ਹੁੱਬ ਕੇ ਸੁਣਦੇ
ਤੇ ਗਾਉਂਦੇ। ਉਥੇ ਗੁਰਚਰਨ ਸਿੰਘ ਸੰਘਾ ਪੜ੍ਹਦਾ ਹੁੰਦਾ ਸੀ ਜੋ ਉਦਾਸੀ ਦਾ ਸੰਗੀ ਸਾਥੀ
ਬਣਿਆ। ਮੈਨੂੰ ਉਦੋਂ ਇਸ ਦਾ ਪਤਾ ਨਹੀਂ ਸੀ।
1967 ਵਿਚ ਜਦੋਂ ਢੁੱਡੀਕੇ ਕਾਲਜ ਚਾਲੂ ਹੋਇਆ ਤੇ ਮੈਂ ਦਿੱਲੀ ਦੇ ਖਾਲਸਾ ਕਾਲਜ ਦੀ ਨੌਕਰੀ
ਛੱਡ ਕੇ ਢੁੱਡੀਕੇ ਆਇਆ ਉਦੋਂ ਉਦਾਸੀ ਦੇ ਗੀਤਾਂ ਦੀ ਗੁੱਡੀ ਚੜ੍ਹ ਰਹੀ ਸੀ। ਅਗਲੇ ਦੋ ਕੁ
ਸਾਲਾਂ ਵਿਚ ਮੋਗੇ-ਜਗਰਾਵਾਂ ਤੇ ਬਠਿੰਡੇ-ਬਰਨਾਲੇ ਦੇ ਇਲਾਕੇ ਵਿਚ ਉਦਾਸੀ-ਉਦਾਸੀ ਹੋ ਗਈ ਸੀ।
ਉਦੋਂ ਪੰਜਾਬ ਵਿਚ ਵੀ ਨਕਸਲਬਾੜੀ ਲਹਿਰ ਪਹੁੰਚ ਚੁੱਕੀ ਸੀ। ਉਹ ਨਕਸਲਬਾੜੀ ਲਹਿਰ ਵਿਚ ਕੁੱਦ
ਪਿਆ ਸੀ ਤੇ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ ਸੀ।
ਉਹਦੇ ਬੋਲ ਵੱਡੇ-ਵੱਡੇ ‘ਕੱਠਾਂ ਨੂੰ ਬੰਨ੍ਹ ਬਿਠਾਉਂਦੇ ਸਨ। ਟੋਲੀਆਂ ਦੀਆਂ ਟੋਲੀਆਂ ਉਹਨੂੰ
ਇਓਂ ਸੁਣਨ ਜਾਂਦੀਆਂ ਜਿਵੇਂ ਕਦੇ ਅਮਰ ਸਿੰਘ ਸੌ਼ਕੀ, ਸੋਹਣ ਸਿੰਘ ਸੀਤਲ ਤੇ ਕਰਨੈਲ ਸਿੰਘ
ਪਾਰਸ ਦੇ ਜਥੇ ਨੂੰ ਸੁਣਨ ਜਾਂਦੀਆਂ ਸਨ। ਉਨ੍ਹੀਂ ਦਿਨੀਂ ਸਿ਼ਵ ਕੁਮਾਰ ਦੀ ਆਪਣੀ ਥਾਂ ਸੀ ਤੇ
ਉਦਾਸੀ ਨੇ ਆਪਣੀ ਥਾਂ ਬਣਾ ਲਈ ਸੀ। ਸਿ਼ਵ ਕੁਮਾਰ ਪਿਆਰ ਮੁਹੱਬਤ, ਬਿਰਹਾ ਵਿਜੋਗ ਤੇ ਮੌਤ ਦੇ
ਨਗ਼ਮੇ ਗਾਉਂਦਾ ਸੀ। ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ ਸੀ। ਦੋਵੇਂ ਆਵਾਜ਼ ਦੇ ਧਨੀ ਸਨ
ਤੇ ਬਿਨਾਂ ਸਾਜ਼ਾਂ ਤੋਂ ਤਰੰਨਮ ਵਿਚ ਗਾਉਂਦੇ ਸਨ। ਸਿ਼ਵ ਦਰਦੀਲਾ ਸੀ ਉਦਾਸੀ ਰੋਹੀਲਾ।
ਦੋਹਾਂ ਨੂੰ ਜੀਂਦੇ ਜੀਅ ਸਰੋਤਿਆਂ ਦੀ ਕਦੇ ਤੋਟ ਨਹੀਂ ਆਈ।
ਸੰਤ ਰਾਮ ਉਦਾਸੀ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀ ਤੁਰਸ਼ੀ ਵਿਚ ਬੀਤਿਆ ਪਰ
ਇਸ ਗੱਲੋਂ ਉਹ ਖੁਸ਼ਕਿਸਮਤ ਰਿਹਾ ਕਿ ਪਛੜੇ ਇਲਾਕੇ ਦੇ ਪਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ
ਗਿਆ। ਰਾਇਸਰ ਅੱਧਾ ਪੰਜਾਬ ਦਾ ਪਿੰਡ ਸੀ ਤੇ ਅੱਧਾ ਰਿਆਸਤ ਪਟਿਆਲੇ ਦਾ। ਪਿੰਡ ਵਿਚ ਜੱਟਾਂ
ਦੀ ਪਾਰਟੀਬਾਜ਼ੀ ਮਰਨ ਮਾਰਨ ਤਕ ਸੀ ਜਿਸ ਕਰਕੇ ਕਤਲ ਹੁੰਦੇ ਰਹਿੰਦੇ ਸਨ। ਉਥੇ ਵੀਹ ਤੋਂ ਵੱਧ
ਕਤਲ ਹੋਏ। ਕੰਮੀਆਂ ਕਾਰੀਆਂ ਖ਼ਾਸ ਕਰ ਕੇ ਮਜ਼੍ਹਬੀਆਂ ਨੂੰ ਪਾਰਟੀਬਾਜ਼ ਭਾੜੇ ‘ਤੇ ਵਰਤਦੇ
ਸਨ। ਇਨਕਾਰ ਕਰਨ ‘ਤੇ ਦਾਬੇ ਦਿੰਦੇ ਸਨ। ਜੇ ਉਹ ਕਿਸੇ ਪਾਰਟੀ ਦੇ ਢਹੇ ਚੜ੍ਹਦੇ ਤਾਂ ਵੀ
ਮਰਦੇ, ਨਾ ਚੜ੍ਹਦੇ ਤਾਂ ਵੀ ਮਰਦੇ। ਕੰਮੀਆਂ ਨੂੰ ਦੂਹਰੀ ਦਬੇਲ ਝੱਲਣੀ ਪੈਂਦੀ ਸੀ। ਕਿਸੇ
ਕਵੀ/ਲੇਖਕ/ਕਲਾਕਾਰ ਨੂੰ ਸਮਝਣ ਲਈ ਉਸ ਦੇ ਪਿਛੋਕੜ ਤੇ ਬਚਪਨ ਦੇ ਮਾਹੌਲ ਨੂੰ ਜਾਨਣਾ ਜ਼ਰੂਰੀ
ਹੈ। ਸੰਤ ਰਾਮ ਉਦਾਸੀ ਨੂੰ ਇਸੇ ਪ੍ਰਸੰਗ ਵਿਚ ਸਮਝਿਆ ਜਾ ਸਕਦਾ ਹੈ।
ਭਗਤ ਸਿੰਘ ਦਾ ਪਰਿਵਾਰ ਨਾਮਧਾਰੀ ਬਣ ਗਿਆ ਸੀ ਜਿਨ੍ਹਾਂ ਨੂੰ ਕੂਕੇ ਕਿਹਾ ਜਾਂਦਾ ਸੀ। ਉਹ
ਚਿੱਟੀਆਂ ਗੋਲ ਪੱਗਾਂ ਬੰਨ੍ਹਦੇ। ਨਾਮਧਾਰੀ ਮਾਹੌਲ ਵਿਚ ਸੰਤ ਰਾਮ ਪੜ੍ਹਾਈ ਵੱਲ ਪ੍ਰੇਰਿਆ
ਗਿਆ। ਅੱਖਰਾਂ ਦੀ ਜਾਣਕਾਰੀ ਨੇ ਉਸ ਲਈ ਗਿਆਨ ਦੇ ਬੂਹੇ ਖੋਲ੍ਹ ਦਿੱਤੇ। ਪਰ ਪੜ੍ਹਾਈ ਲਈ
ਉਹਦਾ ਰਾਹ ਸਿੱਧਾ ਪੱਧਰਾ ਨਹੀਂ ਸੀ। 1952-53 ਦੇ ਆਸ ਪਾਸ ਮੇਹਰ ਸਿੰਘ ਦਾ ਪਰਿਵਾਰ
ਖੱਖੜੀਆਂ ਕਰੇਲੇ ਹੋ ਗਿਆ ਸੀ। ਉਸ ਦੇ ਪੁੱਤਰ ਅੱਡ-ਵਿੱਢ ਹੋ ਗਏ ਸਨ। ਮੇਹਰ ਸਿੰਘ ਰਾਏਸਰ
ਤੋਂ ਸਰਸੇ ਦੇ ਪਿੰਡ ਜਗਮਲੇਰੇ ਚਲਾ ਗਿਆ। ਗੁਰਦਾਸ ਸਿੰਘ ਤੇ ਪ੍ਰਕਾਸ਼ ਸਿੰਘ ਵੀ ਜਗਮਲੇਰੇ
ਚਲੇ ਗਏ ਜਿਸ ਨੂੰ ਜੀਵਨ ਨਗਰ ਕਿਹਾ ਜਾਣ ਲੱਗਾ। ਉਥੇ ਮੇਹਰ ਸਿੰਘ ਦੀ ਨਵੰਬਰ 1957 ਵਿਚ
ਮ੍ਰਿਤੂ ਹੋ ਗਈ। ਉਦੋਂ ਬਖਤਗੜ੍ਹ ਦੇ ਸਕੂਲ ਵਿਚ ਪੜ੍ਹ ਰਹੇ ਉਦਾਸੀ ਨੇ ਦਸਵੀਂ ਦਾ ਇਮਤਿਹਾਨ
ਦੇਣਾ ਸੀ। ਪਿਤਾ ਦੀ ਮੌਤ ਦੇ ਸਦਮੇ ਵਿਚ ਉਹ ਇਮਤਿਹਾਨ ਦੀ ਤਿਆਰੀ ਨਾ ਕਰ ਸਕਿਆ ਤੇ ਦਸਵੀਂ
‘ਚੋਂ ਫੇਲ੍ਹ ਹੋ ਗਿਆ।
ਫਿਰ ਅਗਲੇ ਸਾਲ ਪ੍ਰਾਈਵੇਟ ਦਾਖਲਾ ਭੇਜਿਆ ਤੇ ਮੈਟ੍ਰਿਕ ਦਾ ਇਮਤਿਹਾਨ ਪਾਸ ਕਰ ਲਿਆ। ਦਾਖਲੇ
ਦੇ ਪੈਸੇ ਉਦਾਸੀ ਤੇ ਉਹਦੇ ਵੱਡੇ ਭਰਾ ਗੁਰਦਾਸ ਸਿੰਘ ਨੇ ਦਿਹਾੜੀਆਂ ਕਰ ਕੇ ‘ਕੱਠੇ ਕੀਤੇ
ਸਨ। ਦਸਵੀਂ ਕਰ ਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਪੌਂਗ ਡੈਮ ‘ਤੇ ਮੁਣਸ਼ੀ ਦੀ
ਨੌਕਰੀ ਕੀਤੀ। ਫਿਰ ਉਹ ਬਖਤਗੜ੍ਹ ਤੋਂ ਜੇ. ਬੀ. ਟੀ. ਦਾ ਕੋਰਸ ਕਰ ਕੇ ਪ੍ਰਾਇਮਰੀ ਸਕੂਲ
ਬੀਹਲੇ ਵਿਚ ਅਧਿਆਪਕ ਲੱਗ ਗਿਆ ਜਿਸ ਨਾਲ ਉਹ ਪੈਰਾਂ ਸਿਰ ਹੋ ਗਿਆ ਤੇ ਪਜਾਮੇ ਦੀ ਥਾਂ ਪੈਂਟ
ਪਾਉਣ ਲੱਗਾ। ਉਦੋਂ ਪਿੰਡ ਦੇ ਜੱਟ ਉਸ ਨੂੰ ਛੇੜਦੇ, “ਲੈ ਢੇਡ ਪੈਂਟਾਂ ਪਾ-ਪਾ ਦਿਖਾਉਂਦੈ!”
ਮਾਸਟਰ ਲੱਗ ਕੇ ਉਹਦੇ ਗਿਆਨ ਤੇ ਤਜਰਬੇ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਅਧਿਆਪਕਾਂ ਵਿਚ
ਉਹਦਾ ਦਾਇਰਾ ਖੁੱਲ੍ਹ ਗਿਆ। ਬਚਪਨ ਵਿਚ ਉਹਦੀਆਂ ਅੱਖਾਂ ‘ਚ ਕੁੱਕਰੇ ਪੈ ਜਾਣ ਕਾਰਨ ਸਾਰੀ
ਉਮਰ ਉਹ ਚੁੰਨ੍ਹੀਆਂ ਅੱਖਾਂ ਵਾਲਾ ਅਖਵਾਉਂਦਾ ਰਿਹਾ। ਉਹਤੋਂ ਕੁੱਟ ਖਾਣ ਵਾਲੇ ਨਾਲਾਇਕ
ਵਿਦਿਆਰਥੀ ਉਹਨੂੰ ਚੁੰਨ੍ਹੀਆਂ ਅੱਖਾਂ ਵਾਲਾ ਮਾਸਟਰ ਕਹਿੰਦੇ। ਦਾੜ੍ਹੀ ਉਹਦੀ ਠੋਡੀ ਉਤੇ ਹੀ
ਸੀ ਜਿਸ ਕਰਕੇ ਕਈ ਮਨਚਲੇ ਉਹਨੂੰ ਬੋਕ ਦਾਹੜੀਆ ਵੀ ਕਹਿ ਦਿੰਦੇ। ਇਸ ਵਿਚ ਉਹਦਾ ਆਪਣਾ ਕੋਈ
ਕਸੂਰ ਨਹੀਂ ਸੀ। ਵਧੇਰੇ ਮਖੌਲ ਉਹਦਾ ਨੀਵੀਂ ਜਾਤ ਦਾ ਹੋਣ ਕਾਰਨ ਉਡਦਾ ਸੀ। ਉਸ ਦਾ ਇਹ
ਕਾਵਿ-ਬੰਦ ਉਹਦੀ ਤੇ ਉਹਦੇ ਵਿਹੜੇ ਦੇ ਜੁਆਕਾਂ ਦੀ ਹਾਲਤ ਹੀ ਬਿਆਨਦਾ ਹੈ:
-ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰੲ੍ਹੀਂ ਵੇ ਸੂਰਜਾ...
ਸੰਤ ਰਾਮ ਦੇ ਕੁੱਕਰਿਆਂ ਦਾ ਇਲਾਜ ਕਰਾਉਣ ਲਈ ਉਹਦੀ ਮਾਂ ਉਹਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ
ਡੇਰੇ ਪਿੰਡ ਮੂੰਮ ਲੈ ਗਈ ਸੀ। ਇਲਾਜ ਨਾਲ ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ
ਡੇਰੇ ਵਿਚ ਆਉਣ ਜਾਣ ਹੋ ਗਿਆ। ਉਹਦੇ ਦਾਦੇ ਨੇ ਉਹਨੂੰ ‘ਉਦਾਸੀ’ ਕਹਿਣਾ ਸ਼ੁਰੂ ਕਰ ਦਿੱਤਾ
ਜੋ ਸੰਤ ਰਾਮ ਦੇ ਨਾਂ ਨਾਲ ਤਖੱਲਸ ਵਾਂਗ ਹਮੇਸ਼ਾਂ ਲਈ ਜੁੜ ਗਿਆ। ਬਚਪਨ ਵਿਚ ਉਹ ਧਾਰਮਿਕ
ਕਵਿਤਾਵਾਂ ਕੰਠ ਕਰਦਾ ਤੇ ਧਾਰਮਿਕ ਸਮਾਗਮਾਂ ‘ਤੇ ਸੁਣਾਇਆ ਕਰਦਾ ਸੀ। ਉਹਦੇ ਮਾਪੇ ਨਾਮਧਾਰੀਏ
ਹੋਣ ਕਾਰਨ ਉਸ ਨੂੰ ਧਰਮ ਦੀ ਗੁੜ੍ਹਤੀ ਬਚਪਨ ਵਿਚ ਹੀ ਮਿਲ ਗਈ ਸੀ। ਸਿੱਖ ਧਰਮ ਦਾ ਵਿਰਸਾ
ਉਹਦੇ ਹੱਡਾਂ ‘ਚ ਰਚ ਗਿਆ ਸੀ ਜੋ ਉਹਦੀਆਂ ਰਚਨਾਵਾਂ ਵਿਚ ਨਮੂਦਾਰ ਹੁੰਦਾ ਰਿਹਾ। ਉਹ ਬਾਹਰੋਂ
ਖੁੱਗ ਕੇ ਲਿਆਂਦੀ ਕੋਰੀ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਨਹੀਂ ਸਗੋਂ ਪੰਜਾਬ ਦੀ ਧਰਤੀ
‘ਚੋਂ ਉੱਗੀ ਇਨਕਲਾਬੀ ਸਿੱਖ ਵਿਚਾਰਧਾਰਾ ਦੇ ਅਨੁਕੂਲ ਮਾਰਕਸੀ ਵਿਚਾਰਧਾਰਾ ਦਾ ਧਾਰਨੀ ਸੀ।
ਉਸ ਉਤੇ ਪ੍ਰੋ. ਸੰਤ ਸਿੰਘ ਸੇਖੋਂ ਨਾਲੋਂ ਪ੍ਰੋ. ਕਿਸ਼ਨ ਸਿੰਘ ਦੇ ਵਿਚਾਰਾਂ ਦਾ ਵਧੇਰੇ ਅਸਰ
ਸੀ। ਉਸ ਨੇ ਆਪਣੇ ਗੀਤਾਂ ਤੇ ਨਜ਼ਮਾਂ ਵਿਚ ਇਨਕਲਾਬੀ ਸਿੱਖ ਵਿਰਸੇ ਤੇ ਸਿੱਖ ਬਿੰਬਾਂ ਦੀ
ਰੂਹ ਨਾਲ ਵਰਤੋਂ ਕੀਤੀ। ਉਹ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬਾਂ ‘ਤੇ ਗਾਉਂਦਾ:
-ਮੈਂ ਏਸੇ ਲਈ ਮੰਨਿਆ ਸੀ ਆਪਣੇ ਆਪ ਨੂੰ ਗੁਰੂ-ਚੇਲਾ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ।
ਮੈਂ ਏਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ,
ਕਿ ਕੱਚੇ ਕੋਠੜੇ ਮੂਹਰੇ ਮਹਿਲ ਮਿਨਾਰ ਝੁਕ ਜਾਵੇ।
ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਹੈ,
ਤਾਂ ਮੈਂ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ।
ਮੈਂ ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ,
ਵਾਰ ਲੋਕਾਂ ਤੋਂ ਪਹਿਲਾਂ ਆਪਣਾ ਪਰਿਵਾਰ ਚੱਲਿਆ ਹਾਂ।
ਰੰਘਰੇਟੇ ਆਖ ਕੇ ਕਿਰਤੀ ਦਾ ਮੈਂ ਸਤਿਕਾਰ ਕਰਦਾ ਹਾਂ,
ਇਹਨਾਂ ਨੇ ਦਰਸ਼ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ।
ਮੈਂ ਨਾਈਆਂ, ਛੀਂਬਿਆਂ, ਝਿਊਰਾਂ ਤੋਂ ਜ਼ੁਲਮੀ ਛੱਟ ਲਾਹੁਣੀ ਸੀ,
ਮੈਂ ਸਾਂਝਾ ਪੰਥ ਸਾਜਣ ਦਾ ਤਾਹੀਓਂ ਕੌਤਕ ਰਚਾਇਆ ਸੀ।
ਤੇ ਗੁਰੂ ਨਾਨਕ ਦੇ ਗੁਰਪੁਰਬਾਂ ‘ਤੇ ਗੁਰੂ ਨੂੰ ਸਿਜਦਾ ਕਰਦਾ ਕਹਿੰਦਾ:
-ਕਿਰਤ ਕਰੋ ਤੇ ਆਪੋ ‘ਚ ਵੰਡ ਖਾਓ, ਸਾਰੀ ਧਰਤ ਦੇ ਉਤੇ ਪਰਚਾਰਿਆ ਸੀ।
ਭੱਜਾ ਆਇਓਂ ਮਰਦਾਨੇ ਦੀ ਰੱਖਿਆ ਨੂੰ, ਸੱਚੇ ਇਸ਼ਕ ਦਾ ਸਿਲਾ ਤੂੰ ਤਾਰਿਆ ਸੀ।
ਜਿਹੜਾ ਕਰੇ ਸੇਵਾ ਉਹੀ ਖਾਵੇ ਮੇਵਾ, ਦੈਵੀ ਹੱਕਾਂ ਨੂੰ ਤੂੰ ਲਲਕਾਰਿਆ ਸੀ।
ਰਾਜੇ ਅਫ਼ਸਰਾਂ ਤੋਂ ਕਦੇ ਭਲਾ ਨਾਹੀਂ, ਫਿਰਕੂ ਧਰਮ ਦਾ ਨਸ਼ਾ ਉਤਾਰਿਆ ਸੀ।
ਸੰਤ ਰਾਮ ਉਦਾਸੀ ਦੇ ਗੀਤਾਂ ਤੇ ਕਵਿਤਾਵਾਂ ਉਤੇ ਕੁਝ ਕੱਟੜ ਮਾਰਕਸਵਾਦੀ ਆਲੋਚਕਾਂ ਦਾ ਕਿੰਤੂ
ਹੈ ਕਿ ਉਸ ਵਿਚ ਸਿੱਖ ਧਾਰਮਿਕਤਾ ਦਾ ਅੰਸ਼ ਹੱਦੋਂ ਵੱਧ ਹੈ। ਇਸ ਦਾ ਕਾਰਨ ਇਹ ਹੈ ਕਿ ਉਦਾਸੀ
ਪੰਜਾਬ ਦੇ ਇਤਿਹਾਸ ਤੇ ਮਿਥਿਹਾਸ ਵਿਚ ਦਿਲ ਦੀਆਂ ਡੂੰਘਾਣਾਂ ਤਕ ਖੁੱਭਿਆ ਤੇ ਭਿੱਜਿਆ ਹੋਇਆ
ਸੀ। ਉਸ ਨੇ ਪੰਜਾਬ ਦੇ ਤੇ ਖ਼ਾਸ ਕਰ ਕੇ ਸਿੱਖ ਧਰਮ ਦੇ ਇਨਕਲਾਬੀ ਵਿਰਸੇ ਨੂੰ ਸਮਾਜਵਾਦੀ
ਇਨਕਲਾਬ ਲਿਆਉਣ ਲਈ ਰੱਜ ਕੇ ਵਰਤਿਆ। ਉਸ ਨੇ ਲਿਖਿਆ ਤੇ ਉੱਚੀ ਸੁਰ ਵਿਚ ਗਾਇਆ:
-ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ, ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।
ਉਸ ਦੀ ਕਵਿਤਾ ‘ਦਿੱਲੀਏ ਦਿਆਲਾ ਦੇਖ’ ਨੀਝ ਨਾਲ ਪੜ੍ਹਨ ਤੇ ਸੁਣਨ ਵਾਲੀ ਹੈ:
-ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਅਜੇ ਤੇਰਾ ਦਿਲ ਨਾ ਠਰੇ।
ਮਤੀ ਦਾਸ ਤਾਈਂ ਚੀਰ ਆਰੇ ਵਾਂਗੂੰ ਜੀਭ ਤੇਰੀ, ਅਜੇ ਮਨ ਮੱਤੀਆਂ ਕਰੇ।
ਲਾਲ ਕਿਲ੍ਹੇ ਵਿਚ ਲਹੂ ਲੋਕਾਂ ਦੋ ਜੋ ਕੈਦ ਹੈ, ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ, ਤੇਰੇ ਮਹਿਲੀਂ ਵੜੇ ਕਿ ਵੜੇ।
ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ, ਇਕ ਦਾ ਤੂੰ ਮੁੱਲ ਭਾਵੇਂ ਰੱਖਦੀਂ ਕਰੋੜ ਨੀ।
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ, ਸਿੰਘ ਤੈਥੋਂ ਜਾਣੇ ਨਾ ਫੜੇ...।
ਉਹ ਨਕਸਲਵਾੜੀਆਂ ਨੂੰ ਵੀ ਗੁਰੂ ਦੇ ਸਿੰਘ ਕਹਿੰਦਾ ਸੀ। ਉਹ ਧਰਮ ਦੇ ਨਾਂ ‘ਤੇ ਇਕ ਦੂਜੇ ਦਾ
ਵਿਰੋਧ ਕਰਨ ਨੂੰ ਬੇਹੱਦ ਮਾੜਾ ਸਮਝਦਾ ਸੀ। 1984 ਵਿਚ ਜੋ ਕੁਛ ਵਾਪਰਿਆ ਉਹਦੇ ਬਾਰੇ ਉਹਨੇ
ਇਥੋਂ ਤਕ ਲਿਖਿਆ:
-ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸਿ਼ਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸ ਨੂੰ ਵਤਨ ਕਹੂੰਗਾ...
ਸੰਤ ਰਾਮ ਉਦਾਸੀ ਕਿਤਾਬਾਂ ਦੇ ਵਿਦਵਾਨ ਪਾਠਕਾਂ ਦੀ ਥਾਂ ਆਮ ਲੋਕਾਂ ਦਾ ਕਵੀ ਸੀ। ਉਹਦੀ
ਸ਼ਬਦਾਵਲੀ, ਬਿੰਬਾਵਲੀ, ਛੰਦਾਬੰਦੀ, ਗੀਤਾਂ ਦੀ ਹੇਕ ਤੇ ਰੋਹੀਲੀ ਆਵਾਜ਼ ਸਿੱਧੀ ਲੋਕਾਂ ਦੇ
ਦਿਲਾਂ ਵਿਚ ਲਹਿ ਜਾਂਦੀ। ਉਸ ਦੇ ਗੀਤਾਂ ਤੇ ਨਜ਼ਮਾਂ ਦੇ ਵਿਸ਼ੇ ਵੀ ਵੰਨਗੀ ਭਰਪੂਰ ਹਨ। ਕਦੇ
ਉਹ ਕੰਮੀਆਂ ਦੇ ਵਿਹੜੇ ਦਾ ਗੀਤ ਲਿਖਦਾ, ਕਦੇ ਦੇਸ਼ ਪਿਆਰ ਦਾ, ਕਦੇ ਡੋਲੀ ਦਾ ਤੇ ਕਦੇ ਜਨਤਾ
ਦੀ ਅਰਦਾਸ ਦਾ। ਕਦੇ ਪੂੰਜੀਪਤੀਆਂ ਨੂੰ ਰਾਕਸ਼ਾਂ ਦੀ ਧਾੜ ਕਹਿੰਦਾ, ਕਦੇ ਮਜ਼ਦੂਰਾਂ ਦੀ
ਆਰਤੀ ਉਤਾਰਦਾ, ਕਦੇ ਮਲੰਗ ਲੱਖੇ ਦੇ ਨਾਂ ਗੀਤ ਲਿਖਦਾ ਤੇ ਕਦੇ ਕਿਰਤੀ ਨੂੰ ਉੱਠਣ ਦਾ ਸੱਦਾ
ਦਿੰਦਾ:
-ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ
ਜੜ੍ਹ ਵੈਰੀ ਪੁੱਟ ਵੇ, ਪੁੱਟਣ ਦਾ ਵੇਲਾ...।
ਉਸ ਨੇ ਚੂੜੀਆਂ ਦਾ ਹੋਕਾ ਵੀ ਦਿੱਤਾ ਤੇ ਮਾਰੇ ਗਏ ਮਿੱਤਰਾਂ ਦੇ ਵੈਣ ਵੀ ਪਾਏ:
-ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ, ਖ਼ੈਰ-ਸੁੱਖ ਦਾ ਸੁਨੇਹੜਾ ਲਿਆ।
ਓਸ ਮਾਂ ਦਾ ਬਣਿਆ ਕੀ, ‘ਆਂਦਰਾਂ ਦੀ ਅੱਗ’ ਜੀਹਦੀ, ਗਈ ਕਸਤੂਰੀਆਂ ਖਿੰਡਾ...।
ਉਹ ਇਨਕਲਾਬੀ ਜੁਝਾਰੂਆਂ ਵੱਲੋਂ ਵਾਰਸਾਂ ਦੇ ਨਾਂ ਲਿਖਦਾ ਹੈ:
-ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ।
ਬਦਲਾ ਲਏ ਤੋਂ ਵੀ ਜਿਹੜੀ ਟੁੱਟਣੀ ਨਾ, ਏਡੀ ਲੰਮੀ ਹੈ ਸਾਡੀ ਕਤਾਰ ਬਾਪੂ।
ਇਹ ਸਤਰਾਂ ਉਹਨੇ ਉਦੋਂ ਲਿਖੀਆਂ ਸਨ ਜਦੋਂ ਨਕਸਲਬਾੜੀਆਂ ਨੂੰ ਫੜ ਫੜ ਕੇ ਪੁਲਿਸ ਝੂਠੇ
ਮੁਕਾਬਲਿਆਂ ਵਿਚ ਬੇਦਰਦੀ ਨਾਲ ਮਾਰ ਰਹੀ ਸੀ। ਇਹਨਾਂ ਹੀ ਸਤਰਾਂ ਨੂੰ ਬਾਅਦ ਵਿਚ ਸੰਤ
ਭਿੰਡਰਾਂਵਾਲੇ ਦੇ ਖਾੜਕੂ ਆਪਣੇ ਇਸ਼ਤਿਹਾਰਾਂ ਵਿਚ ਵਰਤਦੇ ਰਹੇ। ਉਹ ਵੀ ਇਹੋ ਕਹਿੰਦੇ
ਰਹੇ-ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ...।
ਉਹਦੇ ਲੋਕ ਕਾਵਿ ਦੇ ਬਿੰਬ, ਤੁਲਨਾਵਾਂ ਤੇ ਅਲੰਕਾਰ ਮੌਲਿਕ ਸਨ ਜੋ ਕਿਰਤੀ ਕਾਮਿਆਂ ਦੇ
ਕਿੱਤੇ ਤੇ ਖੇਤਾਂ ਵਿਚੋਂ ਲਏ ਗਏ ਸਨ:
-ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ, ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ‘ਤੇ, ਅਸੀਂ ਲੁੱਟ ਦਾ ਤਾਪ ਨਾ ਚੜ੍ਹਨ ਦੇਣਾ।
ਅਸੀਂ ਗਭਰੂ ਤੂਤ ਦੀ ਛਿਟੀ ਵਰਗੇ ਜਿੰਨਾ ਛਾਂਗੋਗੇ ਓਨਾ ਹੀ ਫੈਲਰਾਂਗੇ...।
-ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ‘ਜੱਗਿਆ’।
ਸਾਡਾ ਘੁੱਟੀਂ ਘੁੱਟੀਂ ਖ਼ੂਨ ਤੇਲ ਪੀ ਗਿਆ, ਤੇ ਖਾਦ ਖਾ ਗੀ ਹੱਡ ਖਾਰ ਕੇ।
ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ, ਬੋਹਲ ਨੂੰ ਖੰਘੂਰਾ ਮਾਰ ਕੇ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸਧਰਾਂ ਨੂੰ ਲਾਂਬੂ ਲੱਗਿਆ।
ਗਲ ਲੱਗ ਕੇ...।
ਇਕ ਵਾਰ ਸਾਥੀਆਂ ਦੇ ਸੱਦੇ ਉਤੇ ਜਦੋਂ ਉਹ ਵਿਦੇਸ਼ਾਂ ਵਿਚ ਗਿਆ ਤਾਂ ਉਸ ਨੂੰ ਪਰਵਾਸੀਆਂ ਦੇ
ਦੁੱਖਾਂ ਦਾ ਨੇੜਿਓਂ ਅਹਿਸਾਸ ਹੋਇਆ। ਇਸੇ ਅਹਿਸਾਸ ਵਿਚੋਂ ਉਸ ਨੇ ਗੀਤ ਗਾਇਆ:
-ਮੈਨੂੰ ਲੈ ਜਾ ਨੀ ਹਵਾਏ ਮੇਰੇ ਦੇਸ਼, ਕਰੇ ਜੋਦੜੀ ਨੀ ਇਕ ਦਰਵੇਸ਼।
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ, ਮਿਲੂ ਕਿਹੜੀਆਂ ਵਲੈਤਾਂ ‘ਚੋਂ ਉਧਾਰ ਨੀ,
ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ, ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ,
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਕਰੇ ਜੋਦੜੀ ਨੀ ਇਕ ਦਰਵੇਸ਼...।
ਉਹਦੇ ਵਿਦੇਸ਼ ਜਾਣ ਦੀ ਵੱਡੀ ਪ੍ਰਾਪਤੀ ਇਹ ਹੋਈ ਕਿ ਉਥੇ ਉਹਦੇ ਗੀਤਾਂ ਦੀ ਉਹਦੀ ਆਵਾਜ਼ ਵਿਚ
ਹੀ ਕੈਸਿਟ ਰਿਕਾਰਡ ਕਰ ਲਈ ਗਈ। ਨਹੀਂ ਤਾਂ ਸੰਭਵ ਸੀ ਕਿ ਉਹਦੀ ਰੋਹੀਲੀ ਆਵਾਜ਼ ਅਗਲੀਆਂ
ਪੀੜ੍ਹੀਆਂ ਤਕ ਪੁੱਜਦੀ ਹੀ ਨਾ। ਅੱਜ ਵੀ ਅਸੀਂ ਉਸ ਨੂੰ ਉਸੇ ਤਰ੍ਹਾਂ ਸੁਣ ਸਕਦੇ ਹਾਂ ਜਿਵੇਂ
ਉਹ ਵੱਡੇ-ਵੱਡੇ ‘ਕੱਠਾਂ ਵਿਚ ਗਾਉਂਦਾ ਹੁੰਦਾ ਸੀ।
ਕੈਨੇਡਾ ਵਿਚ ਰਹਿੰਦੇ ਹਰਿੰਦਰ ਮਾਹਲ ਤੇ ਸੁਰਿੰਦਰ ਧੰਜਲ ਹੋਰਾਂ ਨਾਲ ਉਹਦਾ ਚਿੱਠੀ ਪੱਤਰ
ਹੁੰਦਾ ਰਹਿੰਦਾ ਸੀ। ਕਲਕੱਤੇ ਹਰਦੇਵ ਸਿੰਘ ਗਰੇਵਾਲ ਨਾਲ ਵੀ ਚਿੱਠੀ ਪੱਤਰ ਚਲਦਾ ਰਹਿੰਦਾ
ਸੀ। ਇਪਾਨਾ ਦੇ ਸੱਦੇ ‘ਤੇ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਉਸ ਨੇ ਇਕ ਦਮ ਤਿਆਰੀ ਕਰ
ਲਈ। ਉਹਦੀ ਮਾਤਾ ਉਦੋਂ ਆਪਣੇ ਤੀਜੇ ਪੁੱਤ ਗੁਰਦੇਵ ਸਿੰਘ ਕੋਇਲ ਕੋਲ ਜਲੰਧਰ ਗਈ ਹੋਈ ਸੀ। ਉਹ
ਮਾਤਾ ਨੂੰ ਮਿਲੇ ਬਿਨਾਂ ਹੀ ਜਹਾਜ਼ ਚੜ੍ਹ ਗਿਆ। ਮਾਤਾ ਪਿੰਡ ਆਈ ਤਾਂ ਆਪਣੀ ਨੂੰਹ ਨਸੀਬ ਕੌਰ
ਨਾਲ ਖ਼ਫਾ ਹੋਈ, “ਤੂੰ ਮੇਰਾ ਸਾਧ ਪੁੱਤ ਕਿਉਂ ਪਰਦੇਸ ਤੋਰਿਆ?”
ਪਰ ਪਰਦੇਸ ਉਹ ਬਹੁਤਾ ਸਮਾਂ ਨਹੀਂ ਰਿਹਾ। ਵਤਨ ਲਈ ਵੈਰਾਗਿਆ ਉਹ ਲੰਮੀਆਂ ਚਿੱਠੀਆਂ ਲਿਖਦਾ
ਤੇ ਅਚਾਨਕ ਵਾਪਸ ਆ ਗਿਆ। ਆਉਂਦੇ ਨੇ ਬੇਬੇ ਨੂੰ ਗੋਦੀ ਚੁੱਕ ਲਿਆ ਤੇ ਨਿਆਣਿਆਂ ਦੇ ਮੂੰਹ
ਮੱਥੇ ਚੁੰਮੇ। ਕੰਧਾਂ ਕੰਧੋਲੀਆਂ ਤੇ ਮੱਝਾਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਦੇ ਪਿੰਡਿਆਂ
‘ਤੇ ਹੱਥ ਫੇਰਦਾ ਰਿਹਾ। ਦੱਸੀ ਗਿਆ ਕਿ ਦੋਸਤਾਂ ਨੇ ਕਿੰਨੀ ਸੇਵਾ ਕੀਤੀ ਤੇ ਕਿਥੇ ਕਿਥੇ
ਪ੍ਰੋਗਰਾਮ ਕੀਤੇ। ਕਿਵੇਂ ਉਹਨੂੰ ਕੈਨੇਡੀਅਨ/ਅਮਰੀਕਨ ਬਣਨ ਲਈ ਚੋਗਾ ਪਾਇਆ ਗਿਆ ਤੇ ਕਿਵੇਂ
ਉਹਨੇ ਇਨਕਾਰ ਕੀਤਾ। ਕਾਹਦੀ ਖਿੱਚ ਸੀ ਉਸ ਨੂੰ ਆਪਣੇ ਵਤਨ ਦੀ? ਉਸ ਵਤਨ ਦੀ ਜਿਸ ਵਿਚ ਉਹ
ਕੁੱਤੇ-ਜੂੰਨ ਜਿਊਂ ਰਿਹਾ ਸੀ! ਉਹ ਜੁਗਾੜੀ ਕਿਉਂ ਨਾ ਬਣਿਆ?
ਦੁਨੀਆਦਾਰ ਹੈਰਾਨ ਸਨ ਕਿ ਉਹ ਕੈਨੇਡਾ/ਅਮਰੀਕਾ ਵਰਗੇ ਮੁਲਕਾਂ ‘ਚੋਂ ਮੁੜਿਆ ਕਿਉਂ? ਇੰਡੀਆ
‘ਚ ਉਹਦੇ ਕਿਹੜੇ ਕਿੱਲੇ ਗੱਡੇ ਸਨ? ਬਥੇਰੇ ਨਕਸਲਬਾੜੀਏ ਸਨ ਜੋ ਕਿਸੇ ਨਾ ਕਿਸੇ ਢੰਗ ਨਾਲ
ਕੈਨੇਡਾ/ਅਮਰੀਕਾ ਗਏ ਤੇ ਮੁੜ ਕੇ ਨਹੀਂ ਪਰਤੇ। ਉਹ ਉਥੇ ਰੰਗੀਂ ਵਸਦੇ ਹੋਏ ਇੰਡੀਆ ਵਿਚ
ਇਨਕਲਾਬ ਲਿਆਈ ਜਾਂਦੇ ਸਨ। ਇਨਕਲਾਬੀ ਹੋਣ ਦਾ ਵਧੇਰੇ ਨਾਮਣਾ ਖੱਟੀ ਜਾਂਦੇ ਸਨ। ਦੇਸ਼ ਵਿਚ
ਜਿਹੜਾ ਸਾਥੀ ਇਨਕਲਾਬੀ ਪੈਂਤੜੇ ਤੋਂ ਰਤਾ ਵੀ ਪਿੱਛੇ ਹਟਦਾ ਸੀ ਉਹਨੂੰ ਗ਼ਦਾਰ ਕਹੀ ਜਾਂਦੇ
ਸਨ। 'ਲੋਕ ਕਵੀ' ਨੂੰ 'ਨੋਟ ਕਵੀ' ਤੇ 'ਲਹੂ ਭਿੱਜੇ ਬੋਲਾਂ' ਵਾਲੇ ਨੂੰ 'ਸ਼ਰਾਬ ਭਿੱਜੇ
ਬੋਲਾਂ' ਬੋਲਾਂ ਵਾਲਾ ਕਹਿ ਕੇ ਮਖੌਲ ਉਡਾਉਂਦੇ ਸਨ। ਪਰ ਉਦਾਸੀ ਵਿਦੇਸ਼ਾਂ ‘ਚ ਟਿਕ ਜਾਣ
ਵਾਲੇ ਇਨਕਲਾਬੀਆਂ ਵਿਚ ਨਾ ਰਲਿਆ। ਉਹ ਉਥੇ ਹੀ ਪਰਤ ਆਇਆ ਜਿਥੇ ਉਸ ਦੀ ਵਧੇਰੇ ਲੋੜ ਸੀ।
1972 ਵਿਚ ਕੀਤੀ ਇਕ ਇੰਟਰਵਿਊ ਵਿਚ ਉਸ ਨੇ ਦੱਸਿਆ ਸੀ, “ਮੈਂ 1961 ਵਿਚ ਲਿਖਣਾ ਸ਼ੁਰੂ
ਕੀਤਾ। ਸਭ ਤੋਂ ਪਹਿਲਾਂ ਮੈਂ ਆਪਣੀਆਂ ਕਵਿਤਾਵਾਂ ਵਿਚ ਅਧਿਆਤਮਵਾਦ ਲਿਆਂਦਾ। ਅਧਿਆਤਮਿਕ
ਕੁਰੀਤੀਆਂ ਨੂੰ ਵੇਖ ਕੇ ਮੈਂ ਮਾਰਕਸੀ ਸੋਚ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ।
ਮੈਂ ਵਾਂਦਾ ਵਾਸਲਿਊਸਕਾ, ਗੋਰਕੀ, ਸ਼ੋਲੋਖ਼ੋਵ, ਆਸਤ੍ਰੋਵਸਕੀ, ਪਰਲ ਐੱਸ. ਬੱਕ ਤੇ ਜੂਲੀਅਸ
ਫਿਊਚਿਕ ਨੂੰ ਪੜ੍ਹਿਆ। ਪੰਜਾਬੀ ਵਿਚ ਮੈਂ ਬਹੁਤਾ ਕੰਵਲ, ਧੀਰ ਤੇ ਮੋਹਨ ਸਿੰਘ ਤੋਂ ਪ੍ਰਭਾਵਤ
ਹੋ ਕੇ ਸਾਧਾਰਨ ਲੋਕ ਪੱਧਰ ਦੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਤੇ ਹੁਣ ਮੈਂ ਬੁੱਧੀਜੀਵੀਆਂ
ਨੂੰ ਵੀ ਸੰਤੁਸ਼ਟ ਕਰ ਸਕਦਾ ਹਾਂ। ਕੂਕਾ ਲਹਿਰ ਤੇ ਕਿਸਾਨ ਲਹਿਰ ਨੇ ਮੇਰੇ ਗੀਤਾਂ ਨੂੰ
ਅਧਿਆਤਮਕ ਅਗਾਂਹ ਵਧੂ ਰਾਹ ਦੱਸਿਆ। ਅਧਿਆਤਮਵਾਦ ਤੋਂ ਮਗਰੋਂ ਮੈਂ ਮਾਰਕਸਇਜ਼ਮ ਨੂੰ ਘੋਖਿਆ
ਤੇ ਉਸ ਤੋਂ ਮਗਰੋਂ ਦੁਬਾਰਾ ਅਧਿਆਤਮਵਾਦ ਨੂੰ ਮਾਰਕਸੀ ਫਲਸਫ਼ੇ ‘ਤੇ ਪਰਖਿਆ ਤੇ ਮੈਨੂੰ
ਲੱਗਿਆ ਕਿ ਅਧਿਆਤਮਵਾਦ ਬਾਰੇ ਲਿਖੇ ਗੀਤ ਕਿਰਤੀ ਲੁੱਟ ਖਸੁੱਟ ਨੂੰ ਖ਼ਤਮ ਕਰਨ ਲਈ ਸਹਾਈ
ਨਹੀਂ ਹੋ ਸਕਦੇ।
“ਮੈਂ ਆਪਣੇ ਆਪ ਨੂੰ ਲੋਕ ਪੱਧਰ ਦਾ ਗੀਤਕਾਰ ਸਮਝਦਾ ਹਾਂ। ਸਾਡੇ ਸਾਧਾਰਨ ਲੋਕ ਅਜੇ ਵੀ ਬਹੁਤ
ਸਾਰੇ ਵਿਸ਼ਵਾਸਾਂ ਵਿਚ ਫਸੇ ਹੋਏ ਹਨ। ਮੈਂ ਜਿਹੜੇ ਗੀਤ ਅਧਿਆਤਮਵਾਦ ਦੇ ਵੀ ਲਿਖੇ ਹਨ,
ਉਹਨਾਂ ਵਿਚ ਵੀ ਉਸਾਰੂ ਪੱਖ ਨੂੰ ਵਿਖਾਇਆ ਹੈ ਜਿਵੇਂ ਬਾਬਾ ਰਾਮ ਸਿੰਘ, ਗੁਰੂ ਗੋਬਿੰਦ ਸਿੰਘ
ਜੀ ਦਾ ਅੰਤਿਮ ਸੁਨੇਹਾ, ਜ਼ਫ਼ਰਨਾਮਾ, ਬੂਬਨੇ ਸਾਧ ਆਦਿ। ਅੱਜ ਵੀ ਜਦੋਂ ਮੈਂ ਲੋਕਾਂ ਸਾਹਮਣੇ
ਇਹਨਾਂ ਗੀਤਾਂ ਨੂੰ ਗਾਉਂਦਾ ਹਾਂ ਤਾਂ ਇਹਨਾਂ ਵਿਚਲਾ ਉਸਾਰੂ ਭਾਵ ਮੈਨੂੰ ਚਿਰਜੀਵੀ ਲੱਗਦਾ
ਹੈ।”
ਉਸ ਦਾ ਕਥਨ ਹੈ, “ਰੇਡੀਓ ਤੇ ਸਪੀਕਰਾਂ ਦੇ ਰਿਕਾਰਡ ਲੋਕਾਂ ਦੀ ਸੋਚ ਨੂੰ ਖੱਸੀ ਕਰਨ ਲਈ
ਮਾਰਫੀਏ ਦਾ ਟੀਕਾ ਹਨ। ਸੌੜੇ ਕੌਮਵਾਦ ਦੀ ਭਾਵਨਾ ਲੋਕਾਂ ਵਿਚ ਜਗਾ ਕੇ ਲੋਕਾਂ ਨੂੰ ਆਪਣੇ
ਉੱਜਲੇ ਭਵਿੱਖ ਤੋਂ ਪਰ੍ਹੇ ਰੱਖਿਆ ਜਾਂਦਾ ਹੈ। ਪਰ ਹੁਣ ਲੋਕਾਂ ਦੇ ਕੰਨਾਂ ਵਿਚ ਚੇਤਨਾ ਘਰ
ਕਰ ਗਈ ਹੈ। ਉਹ ਸਮਝਦੇ ਹਨ ਕਿ ਕੱਲ੍ਹ ਪਾਕਿਸਤਾਨ ਦੇ ਉਲਟ ਬੋਲਿਆ ਗਿਆ ਰਿਕਾਰਡ ਕਿਵੇਂ ਅੱਜ
ਪਾਕਿਸਤਾਨ ਦੇ ਹੱਕ ਵਿਚ ਵੱਜ ਰਿਹਾ ਹੈ। ਇਹ ਪਾਕਿਸਤਾਨ ਦਾ ਮਜ਼ਦੂਰ ਵੀ ਜਾਣਦਾ ਹੈ।”
ਸੰਤ ਰਾਮ ਉਦਾਸੀ ਦਾ ਜੁੱਸਾ ਇਕਹਿਰਾ ਤੇ ਕੱਦ ਪੌਣੇ ਛੇ ਫੁੱਟ ਸੀ। ਉਹ ਨੰਗੇ ਪੈਰੀਂ ਤੁਰ ਕੇ
ਪੜ੍ਹਨ ਜਾਂਦਾ ਰਿਹਾ ਤੇ ਸਾਈਕਲ ਉਤੇ ਚੜ੍ਹ ਕੇ ਮਾਸਟਰੀ ਕਰਦਾ ਰਿਹਾ। ਤੀਹ ਚਾਲੀ ਮੀਲ ਸਾਈਕਲ
ਚਲਾਉਣਾ ਉਹਦੇ ਲਈ ਮਾਮੂਲੀ ਗੱਲ ਸੀ। ਸਾਈਕਲ ਉਹਨੇ ਚਲਾਇਆ ਵੀ ਬਹੁਤ ਤੇ ਸਾਈਕਲ ਚਲਾਉਂਦਿਆਂ
ਗੀਤ ਵੀ ਬਹੁਤ ਸਿਰਜੇ। ਉਹ ਆਪਣੇ ਗੀਤ ਕਾਗਜ਼ ਕਾਪੀ ਉਤੇ ਲਿਖਣ ਦੀ ਥਾਂ ਮੂੰਹ ਜ਼ਬਾਨੀ ਰਚ
ਕੇ ਯਾਦ ਰੱਖਿਆ ਕਰਦਾ ਸੀ। ਸਾਈਕਲ ਚਲਾਉਂਦਾ ਜਾਂ ਤੁਰਿਆ ਜਾਂਦਾ ਤੁਕਾਂ ਜੋੜਦਾ ਜਾਂਦਾ
ਜਿਨ੍ਹਾਂ ਦਾ ਗੀਤ ਬਣਦਾ ਜਾਂਦਾ। ਉਹੀ ਗੀਤ ਬਾਅਦ ਵਿਚ ਕਾਪੀ ‘ਤੇ ਨੋਟ ਕਰ ਲੈਂਦਾ। ਬਹੁਤੇ
ਗੀਤ ਉਹਦੇ ਅੰਦਰੋਂ ਉਦੋਂ ਨਿਕਲੇ ਜਦੋਂ ਉਹ ਘੁੱਟ ਪੀ ਕੇ ਸਰੂਰ ਵਿਚ ਸਾਈਕਲ ਚਲਾਉਂਦਾ ਹੁੰਦਾ
ਸੀ। ਕਈ ਵਾਰ ਉਹ ਆਪਣੀ ਪਤਨੀ ਤੋਂ ਇਹ ਕਹਿ ਕੇ ਵੀ ਪਊਆ ਪੀਣ ਲਈ ਪੈਸੇ ਲੈਂਦਾ ਕਿ ਉਸ ਦੇ
ਗੋਡੇ ਦੁਖਦੇ ਹਨ ਨਾਲੇ ਉਸ ਨੇ ਗੀਤ ਪੂਰਾ ਕਰਨੈਂ! ਉਦੋਂ ਉਹ ਨਸੀਬ ਕੌਰ ਨੂੰ ਕਾਮਰੇਡਣੀਏਂ
ਕਹਿ ਕੇ ਸੰਬੋਧਨ ਕਰਦਾ ਸੀ।
ਉਹਦੀਆਂ ਅੱਖਾਂ ਤਾਂ ਚੁੰਨ੍ਹੀਆਂ ਸਨ ਹੀ, ਦਾੜ੍ਹੀ ਵੀ ਖੋਦੀ ਸੀ ਜੋ ਠੋਡੀ ਉਤੇ ਵੱਧ ਤੇ
ਜਾਭਾਂ ਉਤੇ ਘੱਟ ਸੀ। ਜੂੜਾ ਜ਼ਰੂਰ ਵੱਡਾ ਸੀ। ਨੱਕ ਤਿੱਖਾ ਸੀ, ਮੁੱਛਾਂ ਪਤਲੀਆਂ ਤੇ ਰੰਗ
ਸਾਂਵਲਾ। ਉਹ ਬਣਦੀ ਸਰਦੀ ਸੁਕੀਨੀ ਵੀ ਲਾਉਂਦਾ ਸੀ ਪਰ ਫੈਸ਼ਨਾਂ ਨੇ ਨਹੀਂ ਸੀ ਪੱਟਿਆ। ਉਹਦੀ
ਖੱਬੀ ਅੱਖ ਵਿਚ ਟੀਰ ਸੀ ਤੇ ਪੁਲਿਸ ਦੇ ਅੰਨ੍ਹੇ ਤਸ਼ੱਦਦ ਨਾਲ ਅੱਖਾਂ ਦੀ ਜੋਤ ਹੋਰ ਵੀ ਘਟ
ਗਈ ਸੀ। ਉਹ ਅਕਸਰ ਕਾਲੀ ਐਨਕ ਲਾਉਂਦਾ ਸੀ। ਨਕਸਲਬਾੜੀ ਦੌਰ ਵਿਚ ਉਸ ਉਤੇ ਬੇਰਹਿਮੀ ਨਾਲ
ਤਸ਼ੱਦਦ ਢਾਹਿਆ ਗਿਆ ਸੀ।
ਉਹ 1960 ਤੋਂ 64 ਤਕ ਸੀ. ਪੀ. ਆਈ. ਦਾ ਹਮਦਰਦ ਸੀ, 64 ਤੋਂ 69 ਤਕ ਸੀ. ਪੀ. ਐੱਮ. ਨਾਲ
ਰਿਹਾ ਤੇ ਫਿਰ ਨਕਸਲੀ ਲਹਿਰ ਦੀ ਧਿਰ ਬਣ ਗਿਆ। ਨਕਸਲੀ ਖੱਖੜੀਆਂ ਕਰੇਲੇ ਹੋਏ ਤਾਂ ਗਰੁੱਪਾਂ
ਦੀ ਦੂਸ਼ਣਬਾਜ਼ੀ ਵਿਚ ਉਹ ਵੀ ਬਚ ਨਾ ਸਕਿਆ। ਜਿਵੇਂ ਕਿਰਤੀਆਂ ਦੀ ਕਿਰਤ ਲੁੱਟੀ ਜਾਂਦੀ ਹੈ
ਉਵੇਂ ਨਕਸਲੀਆਂ ਦੇ ਕੁਝ ਗਰੁੱਪਾਂ ਨੇ ਉਸ ਦੀ ਗੀਤਕਾਰੀ ਤੇ ਗਾਇਕੀ ਲੁੱਟਣ ਦੀ ਵੀ ਕਸਰ ਨਹੀਂ
ਛੱਡੀ। ਜਿਨ੍ਹਾਂ ਨੇ ਹਮਦਰਦੀ ਜਿਤਾਉਣੀ ਸੀ ਉਨ੍ਹਾਂ ‘ਚੋਂ ਕਈ ਉਸ ਨੂੰ ਬੇਦਰਦ ਬਣ ਕੇ
ਟੱਕਰੇ। ਉਸ ਦੀ ਇਨਕਲਾਬੀ ਸੁਰ ਨੂੰ ਸਲਾਹੁਣ ਵਾਲਿਆਂ ਨੇ ਹੀ ਉਸ ਨੂੰ ਰੱਜ ਕੇ ਨਾ ਜਿਊਣ
ਦਿੱਤਾ। ਉਹਦੇ 47 ਸਾਲ ਦੀ ਅੱਧਖੜ ਉਮਰੇ ਗੁਜ਼ਰ ਜਾਣ ਦੇ ਕਾਰਨਾਂ ਵਿਚ ਕੁਝ ਉਹ ਸਾਥੀ ਵੀ
ਸ਼ਾਮਲ ਸਨ ਜਿਨ੍ਹਾਂ ਕਰਕੇ ਉਹ ਵਾਰ ਵਾਰ ਗ੍ਰਿਫਤਾਰ ਹੋਇਆ ਸੀ। ਨਾ ਉਸ ਨੂੰ ਉਹ ਰੋਟੀ ਖਾਂਦਾ
ਵੇਖਦਿਆਂ ਜਰਦੇ ਸਨ ਤੇ ਨਾ ਲਾਲ ਕਿਲੇ ਦੇ ਵੱਡੇ ਮੰਚ ਤੋਂ ਲੋਕ ਹਿਤੈਸ਼ੀ ਨਜ਼ਮਾਂ ਪੜ੍ਹਦਿਆਂ
ਤੇ ਸੱਤਾ ਵਿਰੋਧੀ ਗੀਤ ਗਾਉਂਦਿਆਂ ਵੇਖ ਕੇ ਜਰਦੇ ਸਨ। ਉਸ ਨੂੰ ਮਾਨ ਸਨਮਾਨ ਮਿਲਦੇ ਤਾਂ ਉਹ
ਉਸ ਨੂੰ ਵਿਕ ਜਾਣ ਦੇ ਮਿਹਣੇ ਮਾਰਦੇ ਸਨ। ਉਦਾਸੀ ਇਨਟੈਰੋਗੇਸ਼ਨਾਂ ਦੇ ਤਸ਼ੱਦਦ ‘ਚ ਨਹੀਂ ਸੀ
ਡੋਲਿਆ ਪਰ ਸਾਥੀਆਂ ਦੀ ਬੇਰੁਖੀ ਉਸ ਨੂੰ ਲੈ ਬੈਠੀ ਸੀ। ਇਕ ਇੰਟਰਵਿਊ ਵਿਚ ਉਸ ਤੋਂ ਪੁੱਛਿਆ
ਗਿਆ ਕਿ ਇੰਟੈਰੋਗੇਸ਼ਨ ਸੈਂਟਰ ਵਿਚ ਕਿਹੋ ਜਿਹਾ ਟਾਰਚਰ ਹੋਇਆ?
ਉਦਾਸੀ ਦਾ ੳੁੱਤਰ ਸੀ, “ਖ਼ਾਸ ਤੌਰ ‘ਤੇ ਮੇਰੇ ਸਿਰ ਨੂੰ ਤੇ ਗੁਪਤ ਅੰਗਾਂ ਨੂੰ ਵੱਧ ਟਾਰਚਰ
ਕੀਤਾ ਗਿਆ। ਭੁੱਲੜ ਵੀਰਾਂ ਨੇ ਮੇਰੇ ਸਿਰ ਨੂੰ ਡੰਡਿਆਂ ਨਾਲ ਕੁੱਟ ਕੇ ਲੋਹੜੀ ਮਨਾਈ। ਘੋਟਣਾ
ਫੇਰਨਾ, ਕੁਰਸੀ ਲਾਉਣੀ, ਹੱਥਕੜੀਆਂ ਦੀ ਮਾਰ, ਜੋੜ ਕੁੱਟਣੇ ਤਾਂ ਆਮ ਜਿਹੀ ਗੱਲ ਹੈ। ਮੇਰੇ
ਸਿਰ ਨੂੰ ਏਨਾ ਕੁੱਟਿਆ ਜਿਸ ਦਾ ਇਲਾਜ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵੀ ਨਾ ਕਰ ਸਕਿਆ।
ਜਦੋਂ ਪੁਰੇ ਦੀ ਹਵਾ ਵਗਦੀ ਹੈ ਤਾਂ ਇੰਟੈਰੋਗੇਸ਼ਨ ਦੀਆਂ ਲਾਸਾਂ ਉਭਰ ਆਉਂਦੀਆਂ ਹਨ। ਦੂਜੀ
ਵੇਰ ਵੀ ਮੇਰੇ ਸਿਰ ਨੂੰ ਨਿਸ਼ਾਨਾ ਬਣਾਇਆ ਗਿਆ। ਤੀਸਰੀ ਵੇਰ ਮਾਨਸਿਕ ਤੌਰ ‘ਤੇ ਭੁਚਲਾਉਣ ਦੀ
ਕੋਸਿ਼ਸ਼ ਕੀਤੀ ਗਈ। ਚੌਥੀ ਵਾਰ ਹਸਪਤਾਲ ਵਿਚ ਹੋਣ ਕਰਕੇ ਬਚ ਗਿਆ।”
ਜਦੋਂ ਪੁੱਛਿਆ ਕਿ ਪੁਲਿਸ ਕਰਮੀਆਂ ਨੂੰ ਤੁਸੀਂ ਕੁਝ ਤਾਂ ਕਿਹਾ ਹੋਵੇਗਾ। ਉਦਾਸੀ ਦਾ ਜਵਾਬ
ਸੀ, “ਪੁਲੀਸ ਨੂੰ ਮੈਂ ਕਿਹਾ ਮੇਰੇ ਗੀਤ ਤੁਹਾਡੇ ਵੀ ਗੀਤ ਹਨ। ਤੁਸੀਂ ਇਹਨਾਂ ਨੂੰ ਸੁਣ ਲਵੋ
ਪਰ ਪੁਲੀਸ ਅਫ਼ਸਰ ਕਹਿੰਦਾ ਸੀ, ਅਸੀਂ ਕਿਹੜਾ ਸਟੇਜ ਲਾਈ ਐ। ਅਸੀਂ ਤਾਂ ਤੇਰੇ ਦਿਮਾਗ ‘ਚੋਂ
ਮਾਓ-ਜੇ-ਤੁੰਗ ਨੂੰ ਕੱਢਣਾ ਹੈ।”
ਪੰਜਾਬੀ ਦੇ ਇਸ ਅਜ਼ੀਮ ਸ਼ਾਇਰ ਨਾਲ ਜੱਗੋ ਤੇਰ੍ਹਵੀਆਂ ਹੋਈਆਂ। ਲੋਕ ਹਿਤਾਂ ਨੂੰ ਪ੍ਰਣਾਈਆਂ
ਨਜ਼ਮਾਂ ਲਿਖਣ ਤੇ ਉੱਚੀ ਆਵਾਜ਼ ਵਿਚ ਗਾਉਣ ਬਦਲੇ ਸਮੇਂ ਦੇ ਹਾਕਮਾਂ ਦੀ ਵਹਿਸ਼ੀ ਪੁਲਿਸ ਨੇ
11 ਜਨਵਰੀ 1971 ਨੂੰ ਪੋਹ ਦੀ ਠਰੀ ਰਾਤੇ ਉਸ ਨੂੰ ਚੁੱਕ ਲਿਆ ਤੇ ਲੱਡਾ ਕੋਠੀ ਦੇ ਕਸਾਈਖਾਨੇ
ਵਿਚ ਲਿਆ ਸੁੱਟਿਆ। ਬੁੱਢੀ ਮਾਤਾ ਤੇ ਬਿਮਾਰ ਵੱਡਾ ਭਰਾ ਜਿਵੇਂ ਕਿਵੇਂ ਲੱਡਾ ਕੋਠੀ ਪਹੁੰਚੇ।
ਡਰ ਸੀ ਕਿ ਉਦਾਸੀ ਨੂੰ ਕਿਤੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਖਪਾ ਨਾ ਦਿੱਤਾ ਹੋਵੇ। ਹੰਝੂ
ਕੇਰਦੀ ਮਾਤਾ ਨੇ ਡੀ. ਐੱਸ. ਪੀ. ਅੱਗੇ ਅਰਜ਼ ਗੁਜ਼ਾਰੀ, “ਵੇ ਵੀਰਾ ਮੈਂ ਸੰਤ ਰਾਮ ਉਦਾਸੀ
ਦੀ ਮਾਂ ਹਾਂ। ਮੈਂ ਉਹਦੇ ਨਾਲ ਮੁਲਾਕਾਤ ਕਰਨੀ ਐਂ। ਵੇ ਮੈਂ ਆਪਣੇ ਪੁੱਤ ਨੂੰ ਮਿਲਣ ਆਈ ਆਂ।
ਮਿਲਾ ਦਿਓ, ਰੱਬ ਥੋਡਾ ਭਲਾ ਕਰੇ।”
ਉਸ ਵੇਲੇ ਉਦਾਸੀ ਬੈਰਕ ਅੰਦਰ ਮੂੰਹ ਭਾਰ ਬੇਸੁਰਤ ਪਿਆ ਸੀ। ਉਸ ਨੂੰ ਏਨਾ ਕੁੱਟਿਆ ਮਾਰਿਆ
ਗਿਆ ਸੀ ਕਿ ਉੱਠ ਨਹੀਂ ਸੀ ਸਕਦਾ। ਉਹਨੂੰ ਰੱਸਿਆਂ ਨਾਲ ਪੁੱਠਾ ਟੰਗ ਕੇ ਸਿਰ ਡੰਡਿਆਂ ਨਾਲ
ਕੁੱਟਿਆ ਗਿਆ ਸੀ। ਸਿਰ ਹੇਠਾਂ ਵੱਡੀ ਮੋਮਬੱਤੀ ਬਾਲ ਕੇ ਸੇਕ ਦਿੱਤਾ ਗਿਆ ਸੀ ਤਾਂ ਕਿ ਦਿਮਾਗ
ਦੀ ਮਿੱਝ ਢਾਲ ਕੇ ਉਦਾਸੀ ਨੂੰ ਕਮਲ਼ਾ ਕਰ ਦਿੱਤਾ ਜਾਵੇ। ਮੁੜ ਕੇ ਨਾ ਕਦੇ ਉਹ ਲਿਖ ਸਕੇ ਤੇ
ਨਾ ਬੋਲ ਸਕੇ। ਹੱਥਾਂ ਦੇ ਪੋਟਿਆਂ ਨੂੰ ਸੂਈਆਂ ਮਾਰ-ਮਾਰ ਕੇ ਛਾਣਨੀ ਕੀਤਾ ਹੋਇਆ ਸੀ। ਸਿਰ
ਦੇ ਵਾਲ ਪੁੱਟ-ਪੁੱਟ ਕੇ ਖੋਪੜੀ ਰੋਡੀ ਕੀਤੀ ਹੋਈ ਸੀ। ਵਾਲ ਪੁੱਟਣ ਨਾਲ ਥਾਂ ਪੁਰ ਥਾਂ
ਸੋਜ਼ਸ਼ ਹੋਈ ਪਈ ਸੀ। ਉਤੋਂ ਪੋਹ ਦੀ ਕੱਕਰਮਾਰੀ ਠਾਰੀ। ਉਦਾਸੀ ਦੇ ਪੈਰਾਂ ਦੀਆਂ ਤਲ਼ੀਆਂ
ਵਿਚ ਖ਼ੂੰਨ ਜੰਮਿਆ ਹੋਇਆ ਸੀ। ਸਾਰੇ ਸਰੀਰ ਦੇ ਜੋੜ ਡੰਡੇ ਮਾਰ-ਮਾਰ ਸੁਜਾਏ ਹੋਏ ਸਨ।
ਡੀ. ਐੱਸ. ਪੀ. ਨੇ ਬੁੱਢੀ ਮਾਈ ਨੂੰ ਪੁੱਛਿਆ, “ਜੇ ਅਸੀਂ ਉਦਾਸੀ ਨੂੰ ਦੂਰੋਂ ਦਿਖਾ ਦੇਈਏ
ਤਾਂ ਠੀਕ ਐ? ਕੋਈ ਇਤਰਾਜ਼ ਤਾਂ ਨਹੀਂ?”
ਮਮਤਾ ਮਾਰੀ ਮਾਂ ਨੇ ਕਿਹਾ, “ਵੇ ਵੀਰਾ, ਮੈਂ ਗਰੀਬਣੀ ਨੇ ਕਾਹਦਾ ਇਤਰਾਜ਼ ਕਰਨੈਂ? ਥੋਡੇ
ਰਹਿਮ ਨਾਲ ਮੇਰਾ ਪੁੱਤਰ ਮੈਨੂੰ ਦਿਸ ਜੇ। ਮੈਂ ਸਮਝ ਲੂੰ ਮੇਰਾ ਪੁੱਤ ਜਿਊਂਦੈ! ਪੁਲਿਸ ਨੇ
ਮਾਰਿਆ ਨੀ। ਮੈਂ ਤਾਂ ਉਹਨੂੰ ਦੇਖਣਾ ਈ ਚਾਹੁੰਨੀ ਆਂ। ਜੇ ਮੇਰੇ ਨੇੜੇ ਨੀ ਲੈ ਕੇ ਆਉਣਾ
ਬੇਸ਼ਕ ਨਾ ਲਿਆਓ। ਮੈਨੂੰ ਦੂਰੋਂ ਈ ਖੜ੍ਹਾ ਦਿਖਾ ਦਿਓ। ਸੰਤ ਰਾਮ ਦੂਰੋਂ ਖੜ੍ਹਾ ਈ ਆਖ
ਦੇਵੇ, ਬੇਬੇ ਮੈਂ ਜਿਔਨਾਂ। ਤੂੰ ਜਾਹ ਘਰ ਨੂੰ।”
ਹਵਾਲਦਾਰ ਬੈਰਕ ਵਿਚ ਜਾ ਕੇ ਉਦਾਸੀ ਨੂੰ ਹਲੂਣਨ ਲੱਗਾ, “ਓਏ ਉਦਾਸੀ, ਓਏ ਉਦਾਸੀ। ਉੱਠ ਓਏ,
ਤੇਰੀ ਮਾਂ ਤੈਨੂੰ ਸਰਸੇ ਤੋਂ ਮਿਲਣ ਆਈ ਐ। ਬਾਹਰ ਖੜ੍ਹੀ ਐ ਤੇਰੀ ਮਾਂ। ਉੱਠ ਨਹੀਂ ਤਾਂ
ਮਰਜੂ ਓਹ ਵੀ।”
ਮਾਂ ਸ਼ਬਦ ਨੇ ਉਦਾਸੀ ਦੀ ਸੁਰਤ ਮੋੜੀ। ਕਿਤੇ ਉਹ ਸੱਚੀਂ ਨਾ ਸਾਹ ਖਿੱਚਜੇ। ਉਹ ਔਖਾ ਸੌਖਾ
ਮਾਂ ਤਕ ਪੁੱਜਾ ਤੇ ਦੂਰ ਸੀ ਸੋਚ ਕੇ ਬੋਲਿਆ, “ਮਾਂ, ਮੈਂ ਠੀਕ ਠਾਕ ਆਂ। ਤੂੰ ਕਿਤੇ ਮਮਤਾ
ਦੇ ਪਿਆਰ ਵਿਚ ਆ ਕੇ ਸਾਹ ਨਾ ਚੜ੍ਹਾ ਲਈਂ। ਏਥੇ ਫੇਰ ਤੈਨੂੰ ਕੌਣ ਸਾਂਭੂਗਾ?”
ਮਾਂ ਨੇ ਘਾਇਲ ਪੁੱਤਰ ਨੂੰ ਬੁਕਲ ‘ਚ ਲੈ ਕੇ ਪਿਆਰ ਦਿੱਤਾ ਤੇ ਕਿਹਾ, “ਪੁੱਤ ਤੇਰਾ ਰੱਬ
ਰਾਖਾ। ਪੁੱਤ ਹੁਣ ਮੇਰਾ ਸਾਹ ਨੀ ਚੜ੍ਹਦਾ। ਤੂੰ ਮੇਰਾ ਫਿਕਰ ਨਾ ਕਰੀਂ।”
ਬੱਸ ਏਨੀ ਹੀ ਹੋ ਸਕੀ ਮੁਲਾਕਾਤ। ਉਧਰ ਗੁਰਦਾਸ ਸਿੰਘ ਘਾਰੂ ਹੋਰੀਂ ਸੱਜੇ ਖੱਬੇ ਦੇ
ਕਾਮਰੇਡਾਂ ਨੂੰ ਨਾਲ ਲੈ ਕੇ ਐੱਮ. ਪੀ. ਤੇਜਾ ਸਿੰਘ ਸੁਤੰਤਰ ਰਾਹੀਂ ਉਦਾਸੀ ਨੂੰ ਜ਼ਮਾਨਤ
ਉਤੇ ਛੁਡਾਉਣ ਵਿਚ ਕਾਮਯਾਬ ਹੋ ਗਏ। ਫਿਰ ਉਸ ਨੂੰ ਮੋਗਾ ਗੋਲੀ ਕਾਂਡ ਵੇਲੇ ਗ੍ਰਿਫਤਾਰ ਕਰ
ਲਿਆ ਗਿਆ। ਉਧਰੋਂ ਬੰਦ ਖਲਾਸ ਹੋਈ ਤਾਂ ਐਮਰਜੈਂਸੀ ‘ਚ ਅੰਦਰ ਕਰ ਲਿਆ। ਚੌਥੀ ਵਾਰ ਡੀ. ਆਈ.
ਆਰ. ਤਹਿਤ ਫਿਰ ਪੁਲਿਸ ਲੈ ਗਈ। ਉਹਦੀ ਨੌਕਰੀ ਵੀ ਖ਼ਤਰੇ ਵਿਚ ਪਈ ਰਹੀ ਪਰ ਉਹ ਦੁੱਖ
ਤਕਲੀਫ਼ਾਂ ਸਹਿੰਦਾ ਗਾਉਂਦਾ ਰਿਹਾ:
-ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ, ਸਾਡੀ ਭਾਵੇਂ ਜੜ੍ਹ ਨਾ ਰਹੇ,
ਲੋਕ ਵੇ! ਅੱਗ ਵਿਚ ਜਿੰਦੜੀ ਨੂੰ ਦੇਣਾ ਝੋਕ ਵੇ।
ਜਿਹੜੀ ਖ਼ੂਨ ਹੈ ਕਿਰਤ ਦਾ ਪੀਂਦੀ, ਤੋੜ ਦੇਣੀ ਤਨ ਦੇ ਉਤੋਂ,
ਜੋਕ ਵੇ! ਲੋਕੀਂ ਹੁਣ ਨਿਕਲ ਪਏ ਹਿੱਕਾਂ ਠੋਕ ਵੇ।
ਉਦਾਸੀ ਨੇ ਆਪਣੇ ਗੀਤਾਂ ਨੂੰ ਲੋਕਾਂ ਦੇ ਮੂੰਹ ਚੜ੍ਹਾਉਣ ਲਈ ਲੋਕ ਗੀਤਾਂ ਤੇ ਕਿੱਸਾਕਾਰੀ ਦੇ
ਛੰਦਾਂ ਦੀ ਭਰਪੂਰ ਵਰਤੋਂ ਕੀਤੀ। ਕਿਤੇ ਕੋਰੜਾ ਛੰਦ ਵਰਤਿਆ, ਕਿਤੇ ਕਬਿੱਤ ਤੇ ਕਿਤੇ ਕਲੀ:
-ਤੇਰਾ ਭੋਲੂ ਤਾਂ ਨਿੱਤ ਰੀਂ ਰੀਂ ਕਰਦਾ ਰਹਿੰਦਾ ਹੈ,
ਧੀ ਹੈ ਤੇਰੀ ਜਾਂਦੀ ਬੰਗਲੀਂ ਬਾਲ ਖਿਡਾਉਣ ਨੂੰ।
ਤੇਰੇ ਮਿੱਠੂ ਦੀ ਨਿੱਤ ਜਾਏ ਤੜਾਗੀ ਢਿਲਕਦੀ,
ਭੁੱਖੀ ਪਤਨੀ ਨੂੰ ਨਾ ਉਤਰੇ ਦੁੱਧ ਚੁੰਘਾਉਣ ਨੂੰ।
ਤੈਨੂੰ ਪਿਆ ਭੁਲੇਖਾ ਭਗਤੀ ਦੇ ਵਿਚ ਭੰਗਣਾ ਦਾ,
ਤਾਹੀਓਂ ਸਾਧਾਂ ਤੋਂ ਨਿੱਤ ਫਿਰਦਾ ਉੱਨ ਲਹਾਉਣ ਨੂੰ।
ਤੇਰੀ ਕਿਰਤ ਤਾਂ ਭਾਵੇਂ ਜੱਸ ਖੱਟ ਲੈਂਦੀ ਰਾਠਾਂ ਦਾ,
ਐਪਰ ਜਾਤ ਤਾਂ ਤੇਰੀ, ਗਿੱਟਲ ਢੇਡ ਕਹਾਉਣ ਨੂੰ।
ਕਦੋਂ ਕੁ ਪਿੰਡੇ ਉਤੋਂ ਉਤਰੂਗੀ ਪੰਡ ਜੂਆਂ ਦੀ,
ਕਦੋਂ ਕੁ ਤੁਰਨਾ ਹੈ ਤੂੰ ਚਾਨਣ ਵਿਚ ਨਹਾਉਣ ਨੂੰ...।
ਜਦੋਂ ਉਹਦੀ ਪਹਿਲੀ ਗ੍ਰਿਫਤਾਰੀ ਹੋਈ ਸੀ ਉਦੋਂ ਉਹਦੀ ਪਤਨੀ ਨੂੰ ਬਾਲ ਬੱਚੇ ਚੁੱਕ ਕੇ ਪੇਕੀਂ
ਰਹਿਣਾ ਪਿਆ ਸੀ। ਉਥੇ ਹੀ ਉਹਦੀ ਤੀਜੀ ਧੀ ਦਾ ਜਨਮ ਹੋਇਆ ਸੀ। ਨਾਨਕੇ ਦਾਦਕੇ ਧੀਆਂ ਦੇ
ਉਪ੍ਰੋਥਲੀ ਜਨਮ ਤੋਂ ਦੁਖੀ ਸਨ। ਉਦਾਸੀ ਦੀ ਮਾਂ ਤਾਂ ਇਹੋ ਕਹਿੰਦੀ ਰਹਿੰਦੀ, “ਮੇਰੇ ਸਾਧ
ਪੁੱਤ ਨੂੰ ਕਿਥੋਂ ਪੱਥਰਾਂ ਦੀ ਮਾਰ ਪੈ ਗਈ? ਇਹ ਤਾਂ ਏਨੀ ਜੋਗਾ ਹੈ ਨੀ ਸੀ, ਇਹਨੇ ਤਾਂ ਕਦੇ
ਕਿਸੇ ਦਾ ਮਾੜਾ ਨੀ ਸੀ ਚਿਤਵਿਆ।”
ਜਦੋਂ ਉਹ ਰਿਹਾਅ ਹੋ ਕੇ ਆਪਣੇ ਸਹੁਰੀਂ ਆਇਆ ਤਾਂ ਉਸ ਨੇ ਤੀਜੀ ਧੀ ਦੇ ਜੰਮਣ ਨੂੰ ਸ਼ੁਭ
ਸ਼ਗਨ ਕਿਹਾ। ਉਹਦੀ ਪਤਨੀ ਬੇਸ਼ਕ ਰੋਈ ਜਾਂਦੀ ਸੀ ਪਰ ਉਦਾਸੀ ਲਈ ਧੀ ਪੁੱਤ ‘ਚ ਕੋਈ ਫਰਕ
ਨਹੀਂ ਸੀ। ਉਹਨੂੰ ਮਿਲਣ ਗਿਲਣ ਆਏ ਵਾਰ-ਵਾਰ ਸਮਝਾਉਂਦੇ, “ਤੂੰ ਸੋਹਣੇ ਰੁਜ਼ਗਾਰ ‘ਤੇ
ਲੱਗਿਐਂ, ਅਰਾਮ ਨਾਲ ਬੱਚੇ ਪਾਲ, ਚਲ ਹੋਰ ਨੀ ਤਾਂ ਤਿੰਨਾਂ ਕੁੜੀਆਂ ਦੇ ਮੂੰਹ ਵੱਲ ਈ ਦੇਖ।
ਸਰਕਾਰ ਨਾਲ ਪੰਗੇ ਲੈ ਕੇ ਕੀ ਕਰ ਲਏਂਗਾ ਤੂੰ? ਐਮੇ ਪੁਲਸ ਤੋਂ ਕੁੱਟ ਖਾਂਦਾ ਫਿਰਦੈਂ!”
ਉਦਾਸੀ ਇਹੋ ਜਵਾਬ ਦਿੰਦਾ, “ਮੈਂ ਕੋਈ ਚੋਰ ਡਾਕੂ ਨੀ। ਆਪਣੇ ਲਈ ਤਾਂ ਸਾਰੇ ਮਰਦੇ ਐ ਪਰ
ਲੋਕਾਂ ਲਈ ਕੋਈ-ਕੋਈ ਈ ਮਰਦੈ।”
ਪੁਲਿਸ ਉਹਦੇ ਮਗਰ ਪਈ ਰਹੀ ਤੇ ਉਹ ਰਾਤ ਬਰਾਤੇ ਘਰ ਆਉਂਦਾ ਰਿਹਾ। ਘਰ ਵਾਲੇ ਕੋਈ ਉੱਘ ਸੁੱਘ
ਨਾ ਦਿੰਦੇ। ਪਰ ਇਕ ਵਾਰ ਪੁਲਿਸ ਨੇ ਅਜਿਹਾ ਛਾਪਾ ਮਾਰਿਆ ਕਿ ਉਸ ਨੂੰ ਚੁੱਕਿਆ, ਧੂਹਿਆ
ਘਸੀਟਿਆ ਤੇ ਲੱਡਾ ਕੋਠੀ ਦੇ ਇੰਟੈਰੋਗੇਸ਼ਨ ਸੈਂਟਰ ਵਿਚ ਲੈ ਗਈ। ਕਈ ਦਿਨਾਂ ਦੀ ਕੁੱਟ ਮਾਰ
ਪਿੱਛੋਂ ਛੱਡਿਆ ਤਾਂ ਨਾ ਉਹਤੋਂ ਖੜ੍ਹਾ ਹੋਇਆ ਜਾਂਦਾ ਸੀ ਤੇ ਨਾ ਤੁਰਿਆ ਜਾਂਦਾ ਸੀ। ਪੈਰਾਂ
ਦੀਆਂ ਤਲੀਆਂ ਸੁੱਜੀਆਂ ਪਈਆਂ ਸਨ।
ਘਰ ਆ ਕੇ ਵੀ ਉਹਨੂੰ ਕੋਈ ਅਮਨ ਚੈਨ ਨਹੀਂ ਸੀ। ਉਹਦਾ ਬਿਸਤਰਾ ਨੀਰੇ ਵਾਲੇ ਅੰਦਰ ਤੂੜੀ ਉਤੇ
ਹੀ ਹੁੰਦਾ ਜਿਸ ਦੇ ਬਾਰ ਨੂੰ ਬਾਹਰੋਂ ਜਿੰਦਾ ਲੱਗਾ ਰਹਿੰਦਾ। ਰਾਤ ਬਰਾਤੇ ਨਕਸਲੀ ਕਾਮਰੇਡਾਂ
ਦੀਆਂ ਮਿਲਣੀਆਂ ਤੇ ਮੀਟਿੰਗਾਂ ਹੁੰਦੀਆਂ। ਸਹਿਣੇ ਠਾਣੇ ਦੀ ਪੁਲਿਸ ਦੇ ਛਾਪੇ ਤਾਂ ਪੈਂਦੇ ਹੀ
ਰਹਿੰਦੇ ਸਨ ਇਕੇਰਾਂ ਪਟਿਆਲੇ ਦੀ ਪੁਲਿਸ ਵੀ ਆ ਪਈ। ਉਹਨੇ ਘਰ ਵਾਲੀ ਤੇ ਜੁਆਕਾਂ ਦੀ ਵੀ ਧੂਹ
ਘੜੀਸ ਕੀਤੀ। ਘਰ ਦਾ ਸਾਮਾਨ ਭੰਨ ਤੋੜ ਦਿੱਤਾ। ਉਦਾਸੀ ਦੇ ਨਾਲ ਉਹਦੇ ਪਰਿਵਾਰ ਨੇ ਵੀ
ਅਤਿਅੰਤ ਦੁੱਖ ਦੇ ਦਿਨ ਦੇਖੇ।
ਫਿਰ ਐਮਰਜੈਂਸੀ ਲੱਗ ਗਈ। ਪੁਲਿਸ ਦਾ ਆਉਣਾ, ਫੜਨਾ, ਤਸ਼ੱਦਦ ਕਰਨਾ ਤੇ ਛੱਡ ਦੇਣਾ ਆਮ ਗੱਲ
ਸੀ। ਤਸੱ਼ਸ਼ਦ ਨਾਲ ਉਦਾਸੀ ਦੀ ਕਮਜ਼ੋਰ ਨਿਗ੍ਹਾ ਹੋਰ ਕਮਜ਼ੋਰ ਹੋ ਗਈ, ਹੱਡਾਂ ਦੇ ਜੋੜ ਦਰਦ
ਕਰਨ ਲੱਗੇ ਤੇ ਯਾਦਾਸ਼ਤ ਘਟ ਗਈ। ਉਹ ਆਪਣੀ ਪਤਨੀ ਨੂੰ ਅਕਸਰ ਕਹਿੰਦਾ, “ਮੇਰਾ ਕੀ ਪਤੈ,
ਮੈਨੂੰ ਕਦੋਂ ਪੁਲਸ ਮਾਰ ਦੇਵੇ। ਤੂੰ ਜੁਆਕਾਂ ਦਾ ਧਿਆਨ ਰੱਖੀਂ।” ਅੱਗੋਂ ਉਹਦੀ ਪਤਨੀ
ਕਹਿੰਦੀ, “ਕੋਈ ਮਾਰ ਕੇ ਤਾਂ ਦਿਖਾਵੇ ਜੇ ਢਿੱਡ ਨਾ ਪਾੜ ਦਿਆਂ ਅਗਲੇ ਦਾ।”
ਜਦ ਉਹਦਾ ਕੋਈ ਸਾਥੀ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਤਾਂ ਉਹ ਕਈ ਕਈ ਦਿਨ ਮਸੋਸਿਆ
ਰਹਿੰਦਾ। ਰਾਤਾਂ ਨੂੰ ਉਭੜਵਾਹੇ ਉਠਦਾ ਤੇ ਹੰਝੂ ਵਹਾਉਣ ਲੱਗਦਾ। ਮੋਏ ਸਾਥੀਆਂ ਦੀ ਯਾਦ ਵਿਚ
ਗੀਤ ਜੋੜਦਾ ਤੇ ‘ਕੱਠਾਂ ਵਿਚ ਰੋਹ ਨਾਲ ਗਾਉਂਦਾ:
-ਜਿਥੇ ਗਏ ਹੋ ਅਸੀਂ ਵੀ ਆਏ ਜਾਣੋ,
ਬਲਦੀ ਚਿਖਾ ਹੁਣ ਠੰਢੀ ਨੀ ਹੋਣ ਦੇਣੀ।
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀ...।
ਉਸ ਦੀ ਧੀ ਇਕਬਾਲ ਕੌਰ ਦਸਦੀ ਹੈ ਕਿ ਜਿੱਦਣ ਮੋਗਾ ਗੋਲੀ ਕਾਂਡ ਹੋਇਆ ਉਹਦੇ ਪਾਪਾ ਜੀ ਕਿਤੇ
ਪ੍ਰੋਗਰਾਮ ਕਰ ਕੇ ਆ ਰਹੇ ਸਨ। ਖ਼ਬਰ ਸੁਣਨ ਸਾਰ ਬੜੇ ਦੁਖੀ ਹੋਏ ਤੇ ਤਵਾਜ਼ਨ ਖੋਹ ਬੈਠੇ।
ਕਿਤੋਂ ਬੇਹੱਦ ਸ਼ਰਾਬ ਪੀ ਕੇ ਘਰ ਪਹੁੰਚੇ। ਘਰ ਦੇ ਉਹਦੀ ਹਾਲਤ ਵੇਖ ਕੇ ਘਬਰਾ ਗਏ।
ਪ੍ਰੋਗਰਾਮ ਵਿਚ ਜਿੰਨੇ ਨੋਟ ਮਿਲੇ ਸਨ ਉਹ ਸਾਰੇ ਪਾੜ ਦਿੱਤੇ ਤੇ ਟੋਟੇ-ਟੋਟੇ ਕਰ ਕੇ ਖਿਲਾਰ
ਦਿੱਤੇ। ਫਿਰ ਭੁੱਬਾਂ ਮਾਰ ਕੇ ਰੋਣ ਲੱਗੇ।
ਨਵੰਬਰ 84 ਵਿਚ ਦਿੱਲੀ ਦੇ ਘੱਲੂਘਾਰੇ ਤੋਂ ਬਾਅਦ ਉਸ ਨੂੰ ਲਾਲ ਕਿਲੇ ਦੇ ਕਵੀ ਦਰਬਾਰ ਵਿਚ
ਬੁਲਾਇਆ ਗਿਆ। ਉਥੇ ਉਹਨੇ ਢੱਠੇ ਗੁਰਦਵਾਰੇ ਤੇ ਸਿੱਖਾਂ ਦੇ ਸੜੇ ਮਕਾਨ ਵੇਖੇ ਤੇ ਉੱਜੜੇ
ਪਰਿਵਾਰਾਂ ਦੀ ਬਰਬਾਦੀ ਅਤੇ ਦਰਦਨਾਕ ਕਤਲਾਂ ਦੇ ਕਿੱਸੇ ਸੁਣੇ ਤਾਂ ਉਹ ਫਿਰ ਮਾਨਸਿਕ ਤੌਰ
‘ਤੇ ਹਿੱਲ ਗਿਆ। ਉਸ ਉਤੇ ਏਨਾ ਜਿ਼ਆਦਾ ਅਸਰ ਹੋਇਆ ਕਿ ਉਹ ਸੱਚਮੁੱਚ ਹੀ ਪਾਗ਼ਲਾਂ ਵਰਗਾ
ਵਰਤਾਵ ਕਰਨ ਲੱਗਾ। ਵਾਪਸ ਆਉਂਦਾ ਪਿੰਡ ਭੋਤਨੇ ‘ਚ ਵੜਦਾ ਕਹੀ ਜਾਵੇ, “ਸਾਡਾ ਘਰ ਬਾਰ ਸੜ
ਗਿਆ, ਓਥੇ ਪੁਲਿਸ ਬੈਠੀ ਐ, ਮੈਨੂੰ ਮਾਰ ਦੇਣਗੇ...।” ਦਿੱਲੀ ਦੇ ਕਤਲੇਆਮ ਦਾ ਉਹਦੇ ਅਚੇਤ
ਮਨ ‘ਤੇ ਏਨਾ ਡੂੰਘਾ ਅਸਰ ਪਿਆ ਕਿ ਉਹ ਰਾਤਾਂ ਨੂੰ ਉੱਠ ਕੇ ਭੱਜ ਪੈਂਦਾ ਤੇ ਅਚਾਨਕ ਰੋਣ ਲੱਗ
ਜਾਂਦਾ। ਲਗਭਗ ਇਕ ਸਾਲ ਉਹਦਾ ਏਹੀ ਹਾਲ ਰਿਹਾ ਜਿਸ ਨਾਲ ਪਰਿਵਾਰ ਵੀ ਪਰੇਸ਼ਾਨ ਰਿਹਾ।
ਜਿਥੇ ਉਦਾਸੀ ਦੇ ਕਾਵਿ ਵਿਚ ਲੋਹੜੇ ਦਾ ਵੇਗ ਤੇ ਗਾਉਣ ਦੀ ਬੁਲੰਦੀ ਸੀ ਉਥੇ ਉਸ ਦੀ ਸ਼ਖਸੀਅਤ
ਦੇ ਕੁਝ ਉਲਾਰ ਪੱਖ ਵੀ ਸਨ। ਉਹ ਪਲ ‘ਚ ਤੋਲਾ ਤੇ ਪਲ ‘ਚ ਮਾਸਾ ਹੋ ਜਾਂਦਾ ਸੀ। ਉਹਦੇ ਸੁਭਾਅ
ਨੂੰ ਹੋਰ ਤਾਂ ਕੀ ਉਹਦੇ ਘਰ ਵਾਲੇ ਵੀ ਨਹੀਂ ਸਨ ਸਮਝ ਸਕੇ। ਉਹ ਹੱਸਦਾ-ਹੱਸਦਾ ਰੋ ਪੈਂਦਾ ਸੀ
ਰੋਂਦਾ-ਰੋਂਦਾ ਹੱਸ ਪੈਂਦਾ ਸੀ। ਕਦੇ ਕੂਕਾਂ ਮਾਰਦਾ ਤੇ ਕਦੇ ਚੁੱਪ ਗੜੁੱਪ। ਲੰਘ ਜਾਣ ਤਾਂ
ਹਾਥੀ ਲੰਘ ਜਾਣ ਨਹੀਂ ਤਾਂ ਕੀੜੀ ਵੀ ਨਹੀਂ ਸੀ ਲੰਘ ਸਕਦੀ। ਅਜੀਬ ਸ਼ਖਸੀਅਤ ਦਾ ਮਾਲਕ ਸੀ
ਸੰਤ ਰਾਮ ਉਦਾਸੀ। ਕਦੇ ਸੋਫੀ ਤੇ ਸਾਊ, ਕਦੇ ਐਬੀ ਤੇ ਸ਼ਰਾਬੀ!
ਕੁਝ ਐਬ ਉਹਦੇ ਦੋਸਤਾਂ ਨੇ ਆਪਣੇ ਕੋਲੋਂ ਵੀ ਉਹਦੇ ਨਾਂ ਜੋੜ ਰੱਖੇ ਸਨ। ਮਸਲਨ ਉਹ
ਇੰਟੈਰੋਗੇਸ਼ਨ ਸੈਂਟਰ ਦਾ ਤਸ਼ੱਦਦ ਝੱਲ ਕੇ ਬਾਹਰ ਆਉਂਦਾ ਹੈ। ਕਿਸੇ ਸਭਾ ਦੇ ਸਮਾਗਮ ਵਿਚ
ਹੱਡਬੀਤੀ ਬਿਆਨ ਕਰਦਾ ਹੈ। ਦੱਸਦਾ ਹੈ ਕਿ ਇੰਟੈਰੋਗੇਸ਼ਨ ਸੈਂਟਰ ਵਿਚ ਉਹਦੇ ਉਤੇ ਅੰਨ੍ਹਾਂ
ਤਸ਼ੱਦਦ ਢਾਹਿਆ ਗਿਆ ਜਿਸ ਨਾਲ ਉਹਦੀ ਨਿਗ੍ਹਾ ਘਟ ਗਈ ਤੇ ਹੁਣ ਬੜਾ ਘੱਟ ਦਿਸਦੈ। ਸਾਹਮਣੇ
ਬੈਠੇ ਸਰੋਤਿਆਂ ਦਾ ਵੀ ਬੱਸ ਝੌਲਾ ਜਿਹਾ ਈ ਪੈਂਦੈ। ਸਿਰ ਸਿ਼ਕੰਜੇ ‘ਚ ਪੀੜਿਆ ਗਿਐ ਜਿਸ ਨਾਲ
ਯਾਦਾਸ਼ਤ ਘਟ ਗਈ ਐ...।
ਸਭਾ ਸਮਾਪਤ ਹੋਣ ਉਤੇ ਯਾਰਾਂ ਬੇਲੀਆਂ ਦੀਆਂ ਢਾਣੀਆਂ ਬਣ ਜਾਂਦੀਆਂ ਹਨ। ਉਦਾਸੀ ਦੀ ਢਾਣੀ
ਚਾਰ ਜਣਿਆਂ ਦੀ ਹੈ। ਸਭ ਨੇ ਸਾਈਕਲਾਂ ਉਤੇ ਆਪੋ ਆਪਣੇ ਪਿੰਡੀਂ ਜਾਣਾ ਹੈ ਜੋ ਕਈ-ਕਈ ਮੀਲ
ਦੂਰ ਹਨ। ਪ੍ਰੋਗਰਾਮ ਬਣਦਾ ਹੈ ਕਿ ਠੇਕੇ ਤੋਂ ਪਊਆ ਪਊਆ ਪੀ ਕੇ ਸਾਈਕਲਾਂ ‘ਤੇ ਲੱਤ ਦਿੱਤੀ
ਜਾਵੇ। ਉਦਾਸੀ ਨੂੰ ਇਹ ਪ੍ਰੋਗਰਾਮ ਪਸੰਦ ਹੈ ਕਿਉਂਕਿ ਸਾਈਕਲ ਉਤੇ ਜਾਂਦਿਆਂ ਉਸ ਨੇ ਕੋਈ ਗੀਤ
ਜੋੜ ਲੈਣਾ ਹੈ। ਐਨ ਉਵੇਂ ਜਿਵੇਂ ਬਾਬੂ ਰਜਬ ਅਲੀ ਨੇ ਕਾਫੀ ਸਾਰੀ ਕਵੀਸ਼ਰੀ ਨਹਿਰੀ ਬਾਬੂ ਬਣ
ਕੇ ਘੋੜੇ ਦੀ ਸਵਾਰੀ ਕਰਦਿਆਂ ਜੋੜੀ ਸੀ। ਉਹ ਘੋੜੇ ਦੀ ਚਾਲ ਨਾਲ ਛੰਦ ਜੋੜਦਾ ਜਾਂਦਾ ਸੀ।
ਉਦਾਸੀ ਪੈਡਲ ਮਾਰਦਾ ਤੁਕਾਂ ਜੋੜ ਲੈਂਦਾ।
ਉਨ੍ਹਾਂ ਦੀ ਢਾਣੀ ਠੇਕੇ ਨੇੜੇ ਜਾ ਖੜ੍ਹਦੀ ਹੈ। ਸਲਾਹਾਂ ਕਰਦੀ ਹੈ ਕਿ ਰਸਭਰੀ ਪੀਤੀ ਜਾਵੇ
ਜਾਂ ਸੰਤਰਾ ਮਾਲਟਾ? ਕੋਈ ਸੌਂਫੀਏ ਦਾ ਨਾਂ ਲੈਂਦਾ ਹੈ। ਉਨ੍ਹੀਂ ਦਿਨੀਂ ਸਭ ਤੋਂ ਸਸਤੀ ਬੋਤਲ
ਅੱਠ ਰੁਪਿਆਂ ਦੀ ਮਿਲਦੀ ਸੀ ਤੇ ਸਭ ਤੋਂ ਸਸਤਾ ਪਊਆ ਤਿੰਨਾਂ ਰੁਪਿਆਂ ਦਾ। ਜੇ ਚਾਰੇ ਜਣੇ
ਆਪੋ ਆਪਣੇ ਪਊਏ ਖਰੀਦਦੇ ਹਨ ਤਾਂ ਮਹਿੰਗੇ ਪੈਂਦੇ ਹਨ। ਸਰਫੇ-ਹੱਥੇ ਚਾਰੇ ਜਣੇ ਦੋ-ਦੋ ਰੁਪਏ
ਪਾਉਂਦੇ ਹਨ ਤੇ ਸਾਂਝੀ ਬੋਤਲ ਲੈ ਲੈਂਦੇ ਹਨ। ਚਾਰ ਗਲਾਸਾਂ ਦਾ ਪ੍ਰਬੰਧ ਵੀ ਹੋ ਜਾਂਦੈ।
ਉਤੋਂ ਦਿਨ ਛਿਪ ਰਿਹਾ ਹੁੰਦੈ। ਉਦਾਸੀ ਦੇ ਕਾਲੀਆਂ ਐਨਕਾਂ ਲਾਈਆਂ ਹੁੰਦੀਐਂ। ਗਲਾਸਾਂ ‘ਚ
ਪਊਆ ਪਊਆ ਪਾਉਣ ਵਾਲਾ ਸੋਚਦੈ, “ਉਦਾਸੀ ਨੂੰ ਕਿਹੜਾ ਦਿਸਦੈ?” ਉਹ ਉਹਦੇ ਗਲਾਸ ਵਿਚ ਘੱਟ
ਪਾਉਂਦੈ ਤੇ ਬਾਕੀ ਤਿੰਨਾਂ ‘ਚ ਵੱਧ। ਉਦਾਸੀ ਕਾਲੀਆਂ ਐਨਕਾਂ ਲਾਹ ਕੇ ਆਖਦੈ, “ਪਤੰਦਰੋ,
ਮੈਨੂੰ ਏਨਾ ਘੱਟ ਵੀ ਨੲ੍ਹੀਂ ਦੀਂਹਦਾ ਬਈ ਪਤਾ ਨਾ ਲੱਗੇ ਕਿ ਤੁਸੀਂ ਮੇਰੇ ਗਲਾਸ ‘ਚ ਪੂਰਾ
ਹਿੱਸਾ ਨੀ ਪਾਇਆ!”
ਬਣਦਾ ਹਿੱਸਾ ਲੈਣ ਬਾਰੇ ਤਾਂ ਉਸ ਨੇ ਕਵਿਤਾ ਵੀ ਲਿਖੀ ਸੀ:
-ਉੱਚੀ ਕਰ ਕੇ ਆਵਾਜ਼ ਮਜ਼ਦੂਰ ਨੇ ਹੈ ਕਹਿਣਾ,
ਹਿੱਸਾ ਦੇਸ਼ ਦੀ ਆਜ਼ਾਦੀ ਵਿਚੋਂ ਅਸੀਂ ਵੀ ਹੈ ਲੈਣਾ।
ਉਦਾਸੀ ਦਾ ਪਰਿਵਾਰ ਜਿਵੇਂ ਜਿਵੇਂ ਵਧ ਰਿਹਾ ਸੀ ਉਸ ਦੇ ਖਰਚੇ ਵੀ ਵਧ ਰਹੇ ਸਨ ਜੋ ਇਕੱਲੇ
ਜਣੇ ਦੀ ਤਨਖਾਹ ਨਾਲ ਪੂਰੇ ਨਹੀਂ ਸਨ ਹੋ ਰਹੇ। ਬਿਰਧ ਮਾਂ ਸਣੇ ਸੁੱਖ ਨਾਲ ਅੱਠਾਂ ਜੀਆਂ ਦਾ
ਟੱਬਰ ਸੀ। ਤਿੰਨ ਧੀਆਂ ਸਨ ਤੇ ਦੋ ਪੁੱਤ ਜੋ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਦੀਆਂ ਕਾਪੀਆਂ
ਕਿਤਾਬਾਂ, ਲੀੜੇ ਕਪੜੇ ਤੇ ਹੋਰ ਵੀਹ ਖਰਚੇ ਸਨ। ਪਹਿਲਾਂ ਤਾਂ ਉਹ ਦਿਨ ਦਿਹਾਰ ‘ਤੇ ਹੀ
ਪੀਂਦਾ ਤੇ ਮੀਟ ਖਾਂਦਾ ਸੀ। ਫਿਰ ਦਿਨ ਦਿਹਾਰ ਤੋਂ ਮਹੀਨੇਵਾਰ ਤੇ ਹਫ਼ਤੇਵਾਰ ‘ਤੇ ਉੱਤਰ
ਆਇਆ। ਜਦੋਂ ਉਹ ਸ਼ਹਿਰੋਂ ਤਨਖਾਹ ਲੈਣ ਜਾਂਦਾ ਤਾਂ ਰਸੋਈ ਦੇ ਹੋਰ ਸਮਾਨ ਨਾਲ ਮੀਟ ਵੀ ਲੈ
ਆਉਂਦਾ। ਨਾਲ ਨਿਆਣਿਆਂ ਨੂੰ ਵੀ ਮੀਟ ਖੁਆਉਂਦਾ। ਵੱਡੀ ਬੇਬੇ ਘਰ ‘ਚ ਮੁਰਗਾ ਨਹੀਂ ਸੀ ਵੱਢਣ
ਦਿੰਦੀ। ਉਹ ਨਾਮ ਬਾਣੀ ਦੀ ਭਗਤਣੀ ਸੀ ਤੇ ਮੀਟ ਸ਼ਰਾਬ ਤੋਂ ਖਿਝਦੀ ਸੀ। ਬਹੁਤੀ ਵਾਰ ਉਦਾਸੀ
ਬਾਹਰੇ ਬਾਹਰ ਹੀ ਪੀ ਖਾ ਆਉਂਦਾ।
ਉਹ ਸਾਹਿਤ ਸਭਾ ਬਰਨਾਲੇ ਤੇ ਹੋਰਨਾਂ ਮੀਟਿੰਗਾਂ ਵਿਚ ਵੀ ਜਾਂਦਾ ਰਹਿੰਦਾ। ਉੱਦਣ ਤਾਂ ਯਾਰਾਂ
ਬੇਲੀਆਂ ਸੰਗ ਘੁੱਟ ਲਾ ਕੇ ਹੀ ਘਰ ਮੁੜਦਾ। ਕੁਝ ਨਾ ਕੁਝ ਨਿਆਣਿਆਂ ਦੇ ਖਾਣ ਲਈ ਵੀ
ਲਿਆਉਂਦਾ। ਰਸੋਈ ਦਾ ਸਮਾਨ ਵੀ ਉਹਦੇ ਸਾਈਕਲ ਉਤੇ ਲੱਦਿਆ ਹੁੰਦਾ। ਘਰ ਆ ਕੇ ਧੀਆਂ ਪੁੱਤਾਂ
ਨਾਲ ਲਾਡ ਕਰਦਾ ਤੇ ਉਨ੍ਹਾਂ ਦੇ ਮੂੰਹ ਚੁੰਮਦਾ। ਬੇਬੇ ਧੀਆਂ ਨਾਲ ਅਜਿਹੇ ਲਾਡ ਕਰਨੋਂ ਰੋਕਦੀ
ਪਰ ਨਿਆਣੇ ਖੁਸ਼ੀ ਵਿਚ ਚਾਂਭਲਦੇ। ਉਹ ਕਦੇ ਲੱਤਾਂ ਨੂੰ ਚੰਬੜਦੇ ਕਦੇ ਮੋਢਿਆਂ ‘ਤੇ ਚੜ੍ਹਦੇ।
ਉੱਦਣ ਉਦਾਸੀ ਦੇ ਵਿਹੜੇ ਸੂਰਜ ਚੜ੍ਹਿਆ ਲੱਗਦਾ। ਨਿਆਣੇ ਉਡੀਕਦੇ ਰਹਿੰਦੇ ਕਿ ਪਾਪਾ ਕਦ
ਸ਼ਹਿਰ ਜਾਵੇ ਤੇ ਪੀ ਕੇ ਲਾਡ-ਬਾਡੀਆਂ ਕਰੇ। ਮਹੀਨੇ ਮਗਰੋਂ ਤਨਖਾਹ ਲੈਣ ਲਈ ਤਾਂ ਉਹ ਸ਼ਹਿਰ
ਜਾਂਦਾ ਹੀ ਸੀ। ਉਦਾਸੀ ਆਪਣੇ ਬੱਚਿਆਂ ਨਾਲ ਨਰਮ ਵੀ ਸੀ ਤੇ ਪੜ੍ਹਾਈ ਕਰਾਉਣ ਲਈ ਸਖ਼ਤ ਵੀ
ਸੀ। ਉਨ੍ਹਾਂ ਨੇ ਦੋ ਮੱਝਾਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਬੰਨ੍ਹਣ ਖੋਲ੍ਹਣ, ਚਾਰਨ,
ਪਾਣੀ ਪਿਆਉਣ, ਨਹਾਉਣ, ਪੱਠੇ ਪਾਉਣ ਤੇ ਗੋਹਾ ਕੂੜਾ ਕਰਨ ਵਿਚ ਸਾਰਾ ਟੱਬਰ ਰੁਝਿਆ ਰਹਿੰਦਾ।
ਜਦੋਂ ਉਦਾਸੀ ਸਹੁਰੀਂ ਜਾਂਦਾ ਤਾਂ ਮੱਛਰ ਵੀ ਜਾਂਦਾ। ਉਹ ਜਣੇ ਖਣੇ ਨੂੰ ਸਾਲਾ ਬਣਾ ਧਰਦਾ।
ਉਹਦਾ ਸਹੁਰਾ ਪਿੰਡ ਨੱਥੋਕੇ ਜਿ਼ਲ੍ਹਾ ਫਰੀਦਕੋਟ ਵਿਚ ਹੋਣ ਕਰਕੇ ਲਾਚੜਿਆ ਹੋਇਆ ਉਹ ਫਰੀਦਕੋਟ
ਦੇ ਕਾਮਰੇਡਾਂ ਨੂੰ ਵੀ ਸਾਲੇ ਆਖਣੋ ਨਾ ਟਲਦਾ। ਆਪਣੇ ਜੁਆਕਾਂ ਨੂੰ ਕਹਿੰਦਾ ਕਿ ਇਹ ਥੋਡੇ
ਮਾਮੇ ਨੇ! ਸਹੁਰੀਂ ਗਿਆ ਵਿਹੜੇ ਦੇ ਮੁਰਗੇ ਨਾ ਛੱਡਦਾ। ਜੀਹਦਾ ਕੁੱਕੜ ਕੋਲ ਦੀ ਲੰਘਦਾ ਫੜ
ਕੇ ਧੌਣ ਮਰੋੜ ਦਿੰਦਾ। ਅਗਲੇ ਜੁਆਈ ਭਾਈ ਸਮਝ ਕੇ ਚੁੱਪ ਰਹਿੰਦੇ। ਲੁਕ ਛਿਪ ਕੇ ਰਾਤ ਕੱਟਣ
ਵਾਲੇ ਉਹਦੇ ਨਕਸਲਬਾੜੀਏ ਸਾਥੀ ਕਹਿੰਦੇ ਕਿ ਉਦਾਸੀ ਦੇ ਸਹੁਰੇ ਆਏ ਗਏ ਦੀ ਬੜੀ ਖ਼ਾਤਰ ਕਰਦੇ
ਨੇ। ਜਦੋਂ ਉਹ ਰਾਏਸਰ ਜਾ ਕੇ ਉਦਾਸੀ ਦੇ ਸਹੁਰਿਆਂ ਦੀ ਵਡਿਆਈ ਕਰਦੇ ਤਾਂ ਉਦਾਸੀ ਘਰ ਵਾਲੀ
ਨੂੰ ਲਾ ਕੇ ਕਹਿੰਦਾ, “ਆਹੀ ਸੀਂਢਲ ਜੀ ਖ਼ਾਤਰ ਨੀ ਕਰਦੀ, ਉਹ ਤਾਂ ਬਥੇਰੀ ਖ਼ਾਤਰ ਕਰਦੇ ਆ
ਭਾਈ।”
ਉਹਦਾ ਹੱਥ ਹਮੇਸ਼ਾਂ ਤੰਗ ਰਹਿੰਦਾ ਸੀ। ਯਾਰ ਬੇਲੀ ਵੀ ਮਦਦ ਕਰਨ ਦੀ ਹੈਸੀਅਤ ਵਿਚ ਨਹੀਂ ਸਨ।
ਹੱਥ ਸੁਖਾਲਾ ਕਰਨ ਲਈ ਉਹ ਵਿਆਹਾਂ ਦੇ ਅਨੰਦ ਕਾਰਜਾਂ ਉਤੇ ਕਵਿਤਾਵਾਂ ਤੇ ਗੀਤ ਗਾਉਣ ਲੱਗ
ਪਿਆ ਸੀ। ਜਿਹੜੇ ਪੈਸੇ ਸਿਹਰੇ ਤੇ ਸਿੱਖਿਆ ਪੜ੍ਹਨ ਵਾਲਿਆਂ ਨੂੰ ਮਿਲਣੇ ਹੁੰਦੇ ਉਹ ਉਦਾਸੀ
ਨੂੰ ਮਿਲ ਜਾਂਦੇ ਬਲਕਿ ਉਹਦੇ ਪ੍ਰਸੰਸਕ ਕੁਝ ਵੱਧ ਹੀ ਦੇ ਦਿੰਦੇ। ਇੰਜ ਪੈਸੇ ਕਮਾਉਣ ਨੂੰ
ਉਹਦੇ ਕੁਝ ਸਾਥੀ ਚੰਗਾ ਨਾ ਸਮਝਦੇ ‘ਤੇ ਪਿੱਠ ਪਿੱਛੇ ਉਹਦੀ ਨਿੰਦਿਆ ਕਰਦੇ ਕਹਿੰਦੇ, “ਇਹਨੇ
ਭਾਈਆਂ ਵਾਲਾ ਕੰਮ ਕਿਉਂ ਫੜ ਲਿਆ?” ਪਰ ਉਦਾਸੀ ਨੂੰ ਪੈਸਿਆਂ ਦੀ ਲੋੜ ਸੀ ਤੇ ਉਹ ਅਨੰਦ
ਕਾਰਜਾਂ ਤੋਂ ਅਗਾਂਹ ਗੁਰਦਵਾਰਿਆਂ ਵਿਚ ਦੀਵਾਨਾਂ ਮੌਕੇ ਵੀ ਗੀਤ-ਕਵਿਤਾਵਾਂ ਗਾਉਣ ਲੱਗ ਪਿਆ
ਤੇ ਰਾਗੀਆਂ ਢਾਡੀਆਂ ਵਾਂਗ ਹੀ ਦਮੜੇ ਲੈਣ ਲੱਗ ਪਿਆ।
ਉਹ ਬੇਸ਼ੱਕ ਗੁਰਦਵਾਰੇ ਦੀ ਸਟੇਜ ‘ਤੇ ਗਾਉਂਦਾ, ਬੇਸ਼ਕ ਸਰਕਾਰੀ ਕਵੀ ਦਰਬਾਰਾਂ ਵਿਚ,
ਬੇਸ਼ੱਕ ਅਨੰਦ ਕਾਰਜਾਂ ਸਮੇਂ ਗਾਉਂਦਾ, ਉਹਦੇ ਗੀਤ ਹਮੇਸ਼ਾਂ ਇਨਕਲਾਬੀ ਤੇ ਉਸਾਰੂ ਹੁੰਦੇ।
ਕੋਈ ਉਸ ਦੇ ਗੀਤਾਂ ‘ਚ ਨੁਕਸ ਨਹੀਂ ਸੀ ਕੱਢ ਸਕਦਾ। ਉਹਦੇ ਇਨਕਲਾਬੀ ਸਾਥੀ ਉਦਾਸੀ ਦੇ ਇਸ
ਤਰ੍ਹਾਂ ਪੈਸੇ ਕਮਾਉਣ ਦੀ ਨੁਕਤਾਚੀਨੀ ਤਾਂ ਕਰਦੇ ਪਰ ਇਹਦਾ ਕੋਈ ਹੋਰ ਇਲਾਜ ਨਾ ਸੋਚਦੇ। ਕੋਈ
ਅਦਾਰਾ ਉਹਦੀ ਆਰਥਕ ਮਦਦ ਲਈ ਅੱਗੇ ਨਾ ਆਇਆ। ਉਦਾਸੀ ਨੂੰ ਘਰ ਦੇ ਗੁਜ਼ਾਰੇ ਲਈ ਪੈਸਿਆਂ ਦੀ
ਲੋੜ ਸੀ ਜੋ ਹੋਰ ਕਿਸੇ ਤਰ੍ਹਾਂ ਪੂਰੀ ਨਾ ਹੁੰਦੀ। ਇਸ ਸਥਿਤੀ ਵਿਚ ਜੋ ਉਦਾਸੀ ਦੇ ਦਿਲ ‘ਤੇ
ਬੀਤਦੀ ਉਹਦਾ ਦੁੱਖ ਓਹੀ ਜਾਣਦਾ ਸੀ। ਇਕੇਰਾਂ ਉਸ ਨੇ ਆਪਣੀ ਧੀ ਨੂੰ ਉਚੇਰੀ ਪੜ੍ਹਾਈ ਕਰਾਉਣ
ਦੇ ਖਰਚੇ ਦੀ ਗੱਲ ਮੇਰੇ ਕੋਲ ਵੀ ਕੀਤੀ ਸੀ। ਹੋਰਨਾਂ ਕੋਲ ਵੀ ਕਰਦਾ ਹੋਵੇਗਾ। ਇਹ ਸਾਡੇ
ਬਹੁਤ ਸਾਰੇ ਕਲਾਕਾਰਾਂ ਦਾ ਦੁਖਾਂਤ ਹੀ ਰਿਹਾ ਕਿ ਗ਼ਰੀਬੀ ਨੇ ਪੱਟੀ ਨਹੀਂ ਬੱਝਣ ਦਿੱਤੀ।
ਵਿਚਾਰਾ ਉਦਾਸੀ ਕੀ ਕਰਦਾ? ਵੱਡੇ ਪਰਿਵਾਰ ਦੀ ਪਾਲਣਾ ਪ੍ਰਾਇਮਰੀ ਮਾਸਟਰ ਦੀ ਤਨਖਾਹ ਨਾਲ
ਨਹੀਂ ਸੀ ਹੋ ਸਕਦੀ।
ਨਕਸਲਬਾੜੀ ਲਹਿਰ ਨਾਲ ਪਰਨਾਇਆ ਹੋਣ ਕਾਰਨ ਉਹ ਗੁਰਦਵਾਰਿਆਂ ਦੀਆਂ ਸਟੇਜਾਂ ਉਤੇ ਇਨਕਲਾਬੀ
ਸਿੱਖ ਵਿਰਸੇ ਦੀਆਂ ਬਾਤਾਂ ਹੀ ਪਾਉਂਦਾ। ਸਰਕਾਰੀ ਕਵੀ ਦਰਬਾਰਾਂ ਵਿਚ ਵੀ ਸਰਕਾਰ ਵਿਰੋਧੀ
ਕਵਿਤਾਵਾਂ ਪੜ੍ਹਦਾ। ਸਰਕਾਰੀ ਅਫ਼ਸਰਾਂ ਦੀ ਉਹਨੇ ਕਦੇ ਖ਼ੁਸ਼ਾਮਦ ਨਹੀਂ ਸੀ ਕੀਤੀ ਤੇ ਨਾ ਹੀ
ਸਰਕਾਰਾਂ ਦੇ ਸੋਹਲੇ ਗਾਏ। ਉਹ ਸਥਾਪਤੀ ਦੇ ਮੰਚ ਉਤੇ ਸਥਾਪਤੀ ਵਿਰੁੱਧ ਬੋਲਦਾ ਰਿਹਾ।
‘ਦਿੱਲੀਏ ਦਿਆਲਾ ਦੇਖ’ ਕਵਿਤਾ ਉਸ ਨੇ ਲਾਲ ਕਿਲੇ ਦੇ ਸਰਕਾਰੀ ਕਵੀ ਦਰਬਾਰ ਵਿਚ ਪੜ੍ਹੀ ਸੀ।
ਉਹ ਅਕਸਰ ਕਹਿੰਦਾ ਸੀ, “ਲਾਲ ਕਿਲੇ ‘ਤੇ ਕਵਿਤਾ ਹੀ ਨਹੀਂ ਪੜ੍ਹਨੀ, ਲਾਲ ਕਿਲੇ ‘ਤੇ ਲਾਲ
ਝੰਡਾ ਵੀ ਗੱਡਣੈਂ।”
ਅਨੰਦ ਕਾਰਜਾਂ ਉਤੇ ਉਹ ਅਕਸਰ ‘ਡੋਲੀ’ ਨਾਂ ਦੀ ਕਵਿਤਾ ਸੁਣਾਉਂਦਾ:
-ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ, ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ, ਮਾਂਗ ਮੇਰੀ ਮੰਗਦੀ ਸੰਧੂਰ...
ਇਕ ਤਲਵਾਰ ਮੇਰੀ ਡੋਲੀ ਵਿਚ ਰੱਖ ਦਿਓ, ਹੋਰ ਵੀਰੋ ਦਿਓ ਨਾ ਵੇ ਦਾਜ
ਸਾਡੇ ਵੱਲ ਕੈਰੀ ਅੱਖ ਝਾਕ ਨਾ ਵੇ ਸਕੇ, ਸਾਡਾ ਰਸਮੀ ਤੇ ਵਹਿਮੀ ਇਹ ਸਮਾਜ
ਰਾਹਾਂ ਵਿਚ ਪਿੰਡ ਦਿਆਂ ਲੰਬੜਾਂ ਨੇ ਘਾਤ ਲਾਈ, ਜੁਰਮਾਂ ਦਾ ਜਿਨ੍ਹਾਂ ਨੂੰ ਗ਼ਰੂਰ
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ, ਮਾਂਗ ਮੇਰੀ ਮੰਗਦੀ ਸੰਧੂਰ।
ਉਹ ਅਨੰਦ ਕਾਰਜਾਂ ‘ਤੇ ਜਾਂਦਾ ਤਾਂ ਵਿਆਹਾਂ ਵਾਲਾ ਖਾਣ ਪੀਣ ਵੀ ਕਰ ਲੈਂਦਾ। ਉਹਦੇ ਪ੍ਰਸੰਸਕ
ਉਹਨੂੰ ਦਾਰੂ ਪਿਆ ਕੇ ਗੀਤ ਸੁਣਦੇ ਤੇ ਪਿੱਛੋਂ ਉਹਦੀ ਪੀਤੀ ਦੀਆਂ ਗੱਲਾਂ ਕਰਦੇ। ਕਦੇ ਕਦੇ
ਸ਼ਰਾਬ ਉਹਦੇ ਉਤੋਂ ਦੀ ਵੀ ਹੋ ਜਾਂਦੀ ਤੇ ਉਹ ਜਿਥੇ ਹੁੰਦਾ ਉਥੇ ਹੀ ਡਿੱਗ ਢਹਿ ਪੈਂਦਾ। ਦਿਨ
ਦਿਹਾਰ ਤੋਂ ਹਫ਼ਤੇਵਾਰ ‘ਤੇ ਆਇਆ ਉਹ ਨਿੱਤ ਦਾ ਪਿਆਕੜ ਬਣ ਗਿਆ ਸੀ। ਪਊਆ ਪੀਤੇ ਬਿਨਾਂ
ਉਹਨੂੰ ਟੇਕ ਨਾ ਆਉਂਦੀ। ਕਈ ਵਾਰ ਅਧੀਆ ਤੇ ਵੱਧ ਵੀ ਖਿੱਚ ਜਾਂਦਾ। ਰੂੜੀ ਮਾਰਕਾ ਤੋਂ ਸੰਤਰਾ
ਤੇ ਵਿਸਕੀ ਤਕ ਜਿਹੋ ਜਿਹੀ ਮਿਲਦੀ ਉਹੋ ਜਿਹੀ ਪੀਈ ਜਾਂਦਾ। ਪੀਣ ਉਤੇ ਉਹਦਾ ਕੰਟਰੋਲ ਨਾ
ਰਹਿੰਦਾ। ਉਹ ਪੂਰਾ ਨਹੀਂ ਤਾਂ ਅਰਧ ਅਲਕੋਹਲਿਕ ਜ਼ਰੂਰ ਹੋ ਗਿਆ ਸੀ।
ਸ਼ਰਾਬ ਸਾਡੇ ਕਈ ਕਵੀਆਂ ਤੇ ਲੇਖਕਾਂ ਦੀ ਕਮਜ਼ੋਰੀ ਬਣੀ ਹੈ। ਸਿ਼ਵ ਕੁਮਾਰ ਬਟਾਲਵੀ ਕਮਾਲ ਦਾ
ਕਵੀ ਸੀ, ਉਸ ਨੂੰ ਇਸ਼ਕ ਮੁਸ਼ਕ ਨਾਲ ਸ਼ਰਾਬ ਵੀ ਲੈ ਬੈਠੀ। ਕਰਮਜੀਤ ਕੁੱਸਾ ਬੜਾ ਹੋਣਹਾਰ
ਨਾਵਲਕਾਰ ਸੀ ਪਰ ਸ਼ਰਾਬ ਨੇ ਉਹ ਛੋਟੀ ਉਮਰ ਵਿਚ ਹੀ ਨਿਗਲ ਲਿਆ। ਮੀਸ਼ੇ ਦੀ ਮੌਤ ਵੀ ਸ਼ਰਾਬ
ਨਾਲ ਜੋੜੀ ਜਾਂਦੀ ਹੈ। ਸਵਿਤੋਜ ਨੂੰ ਵੀ ਸ਼ਰਾਬ ਦਾ ਸੰਤਾਪ ਲੱਗਾ। ਨੰਦ ਲਾਲ ਨੂਰਪੁਰੀ
ਸ਼ਰਾਬ ਦੇ ਦੁੱਖੋਂ ਖੁਦਕਸ਼ੀ ਕਰ ਗਿਆ। ਸ਼ਰਾਬ ਨੇ ਹੋਰ ਵੀ ਕਈਆਂ ਦਾ ਖਾਨਾ ਖਰਾਬ ਕੀਤਾ। ਕੀ
ਪਤਾ ਉਦਾਸੀ ਦੇ ਅਧਖੜ ਉਮਰ ਵਿਚ ਹੀ ਗੁਜ਼ਰ ਜਾਣ ਦਾ ਇਕ ਕਾਰਨ ਸ਼ਰਾਬ ਵੀ ਹੋਵੇ। ਉਹਦੀ ਮੌਤ
ਅਜੇ ਵੀ ਬੁਝਾਰਤ ਹੈ।
ਮੈਂ ਉਦਾਸੀ ਨਾਲ ਆਪ ਤਾਂ ਘੱਟ ਹੀ ਪੀਤੀ ਪਰ ਉਹਨੂੰ ਰੱਜ ਕੇ ਪੀਂਦੇ ਜ਼ਰੂਰ ਵੇਖਿਆ। ਇਕ ਵਾਰ
ਅਸੀਂ ਪਿੰਡ ਕੁੱਸੇ ‘ਕੱਠੇ ਹੋਏ। ਕਰਮਜੀਤ ਕੁੱਸੇ ਦੀ ਭੈਣ ਦਾ ਵਿਆਹ ਸੀ। ਕੁਝ ਅਧਿਆਪਕ ਦੋਸਤ
ਮਿੱਤਰ ਬਾਹਰਲੇ ਘਰ ਜਾ ਬੈਠੇ ਜਿਥੇ ਦਾਰੂ ਦੀ ਮਹਿਫ਼ਲ ਜੰਮ ਗਈ। ਦਾਰੂ ਦੀ ਲੋਰ ਵਿਚ ਉਦਾਸੀ
ਚੜ੍ਹਦੇ ਤੋਂ ਚੜ੍ਹਦਾ ਗੀਤ ਗਾਉਂਦਾ ਗਿਆ। ਲੋਹੜਿਆਂ ਦਾ ਤਰੰਨਮ ਸੀ ਉਹਦੇ ਗਾਉਣ ਵਿਚ। ਮੰਝੇ
ਹੋਏ ਗਾਇਕਾਂ ਵਾਲਾ। ਗਰਾਰੀਆਂ ਵਾਲੀ ਦਿਲ ਧੂਹਵੀਂ ਆਵਾਜ਼। ਕਈ ਤਰਜ਼ਾਂ ਉਹਨੇ ਕਮਾਲ ਦੀਆਂ
ਕੱਢੀਆਂ। ਡੋਲੀ ਤੋਰਨ ਦਾ ਵਕਤ ਹੋਇਆ ਤਾਂ ਮਹਿਫ਼ਲ ਉੱਠ ਖੜ੍ਹੀ ਹੋਈ ਪਰ ਉਦਾਸੀ ਤੋਂ ਉਠਿਆ
ਨਾ ਗਿਆ। ਉਹ ਘਰੋੜੇ ਮੰਜੇ ਉਤੇ ਹੀ ਲਮਲੇਟ ਹੋ ਗਿਆ ਤੇ ਉਹਦੇ ਸਾਥੀ ਉਹਨੂੰ ਉਥੇ ਹੀ ਛੱਡ
ਗਏ। ਛੱਡ ਹੀ ਨਹੀਂ ਗਏ ਬਲਕਿ ਉਹਦੀ ਵੱਧ ਪੀਤੀ ਉਤੇ ਆਪਣੀ ਘੱਟ ਪੀਤੀ ਖੇੜਦੇ ਗਏ!
1982 ‘ਚ ਉਹ ਮੇਰੇ ਸਨਮਾਨ ਲਈ ਕੀਤੇ ਜਾ ਰਹੇ ਢੁੱਡੀਕੇ ਸਾਹਿਤ ਸਭਾ ਦੇ ਸਮਾਗਮ ਵਿਚ ਸਾਡੇ
ਪਿੰਡ ਚਕਰ ਆਇਆ। ਜਸਵੰਤ ਸਿੰਘ ਕੰਵਲ ਵੀ ਹਾਜ਼ਰ ਸੀ ਤੇ ਹਾਕੀ ਵਾਲਾ ਪ੍ਰਿਥੀਪਾਲ ਸਿੰਘ ਵੀ।
ਜਥੇਦਾਰ ਤੋਤਾ ਸਿੰਘ ਵੀ ਤੇ ਗੁਰਭਜਨ ਸਿੰਘ ਗਿੱਲ ਵੀ। ਸਮਾਗਮ ਉਹਦੇ ਗੀਤਾਂ ਨਾਲ ਸਰਸ਼ਾਰਿਆ
ਗਿਆ। ਸਰੋਤੇ ਬੜੇ ਖ਼ੁਸ਼ ਹੋਏ ਤੇ ਉਹਦਾ ਗੀਝਾ ਨੋਟਾਂ ਨਾਲ ਭਰ ਗਿਆ। ਮੈਨੂੰ ਡਰ ਕਿ ਖਾਣ
ਪੀਣ ਵੇਲੇ ਉਦਾਸੀ ਕਿਤੇ ਕੁੱਸੇ ਵਾਲੀ ਨਾ ਕਰ ਬਹੇ। ਪੈਸੇ ਨਾ ਡੇਗ ਬੈਠੇ। ਇਸ ਲਈ ਮੈਂ ਪੀਣ
ਪਿਆਉਣ ਦੀ ਸੁਲ੍ਹਾ ਨਾ ਮਾਰੀ ਤੇ ਉਦਾਸੀ ਬਿਨ ਪੀਤਿਆਂ ਉਦਾਸ ਜਿਹਾ ਰਾਏਸਰ ਚਲਾ ਗਿਆ। ਫਿਰ
ਉਹ ਮੇਰੇ ਭਰਾ ਦੇ ਵਿਆਹ ਤੇ ਅਮਰੀਕਾ ਜਾਣ ਦੀ ਖ਼ੁਸ਼ੀ ਵਿਚ ਰੱਖੇ ਅਖੰਡ ਪਾਠ ਦੇ ਭੋਗ ਮੌਕੇ
ਆਇਆ। ਉਸ ਨੇ ਕਵਿਤਾਵਾਂ ਸੁਣਾਈਆਂ ਜੋ ਸੰਗਤ ਵੱਲੋਂ ਸਲਾਹੀਆਂ ਗਈਆਂ। ਮਾਣ ਤਾਣ ਤਾਂ ਹੋਣਾ
ਹੀ ਸੀ। ਭੋਗ ਪੈ ਚੁੱਕਾ ਤਾਂ ਢੁੱਡੀਕੇ ਦੇ ਪ੍ਰੋਫੈਸਰ ਕਹਿਣ ਲੱਗੇ, “ਉਦਾਸੀ ਆਇਆ ਹੋਇਐ।
ਏਥੋਂ ਉਠੀਏ ਤੇ ਕਿਤੇ ਹੋਰ ਬਹਿ ਕੇ ਉਦਾਸੀ ਦੇ ਗੀਤ ਸੁਣਨ ਦੀ ਮਹਿਫ਼ਲ ਲਾਈਏ।”
ਉੱਦਣ ਸਾਹਿਤ ਸਭਾ ਦੇ ਸਮਾਗਮ ਥਾਂ ਭਰਾ ਦੇ ਵਿਆਹ ਦੀ ਖ਼ੁਸ਼ੀ ਮਨਾਉਣ ਦਾ ਮੌਕਾ ਸੀ। ਇਸ
ਖ਼ੁਸ਼ੀ ‘ਚ ਦਾਰੂ ਪੀਣ ਪਿਆਉਣ ਤੋਂ ਸੰਕੋਚ ਕਰਨਾ ਵਾਜਬ ਨਹੀਂ ਸੀ। ਮਾਸਟਰ ਗੁਰਪ੍ਰੀਤ ਦੇ
ਚੁਬਾਰੇ ਵਿਚ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ ਗਿਆ। ਬਾਅਦ ਦੁਪਹਿਰ ਲੱਗੀ ਮਹਿਫ਼ਲ ਡੂੰਘੀ
ਸ਼ਾਮ ਤਕ ਲੱਗੀ ਰਹੀ। ਚੁਬਾਰੇ ਦੀਆਂ ਕੰਧਾਂ ਉਦਾਸੀ ਦੇ ਗੀਤਾਂ ਨਾਲ ਲਰਜ਼ਦੀਆਂ ਰਹੀਆਂ।
ਮੇਰੀ ਤੇ ਗੁਰਪ੍ਰੀਤ ਦੀ ਕੋਸਿ਼ਸ਼ ਸੀ ਕਿ ਉਦਾਸੀ ਠੀਕ ਠਾਕ ਰਹੇ ਪਰ ਕਿਸੇ ਪ੍ਰੋਫੈਸਰ ਨੇ
ਪਤਾ ਨਹੀਂ ਕਦੋਂ ਉਹਨੂੰ ਭਰਵਾਂ ਹਾੜਾ ਲੁਆ ਕੇ ਤਾਲੋਂ ਬੇਤਾਲ ਕਰ ਦਿੱਤਾ। ਫਿਰ ਉਹੀ ਗੱਲ
ਹੋਈ ਜੀਹਦਾ ਡਰ ਸੀ। ਉਦਾਸੀ ਗੀਤ ਗਾਉਣ ਦੀ ਥਾਂ ਘਿਆਕੋ ਬਿੱਲੀਆਂ ਬੁਲਾਉਣ ਲੱਗਾ। ਉਸ ਨੇ
ਪੱਗ ਲਾਹ ਧਰੀ ਤੇ ਜਟਾਂ ਖਿਲਾਰ ਲਈਆਂ। ਬਾਕੀ ਤਾਂ ਸਾਰੇ ਆਪੋ ਆਪਣੇ ਰਾਹ ਪੈ ਗਏ ਪਰ ਉਦਾਸੀ
ਚੁਬਾਰੇ ‘ਚੋਂ ਉਤਰਨ ਜੋਗਾ ਵੀ ਨਾ ਰਿਹਾ। ਅਗਲੇ ਦਿਨ ਪਤਾ ਲੱਗਾ ਕਿ ਗੁਰਪ੍ਰੀਤ ਹੋਰੀਂ ਸਾਰੀ
ਰਾਤ ਜਾਗਦੇ ਰਹੇ ਕਿ ਹਾਏ ਹਾਏ ਕਰਦੇ ਉਦਾਸੀ ਨੂੰ ਕੁਝ ਹੋ ਹੀ ਨਾ ਜਾਵੇ। ਸਵੇਰੇ ਉਹ ਸ਼ਰਮ
ਦਾ ਮਾਰਿਆ ਮੈਨੂੰ ਮਿਲੇ ਬਿਨਾਂ ਹੀ ਚਲਾ ਗਿਆ। ਉਹਦੀ ਭਾਜੀ ਵੀ ਬੰਨ੍ਹੀ ਰਹਿ ਗਈ। ਇਹ 1984
ਦੀ ਗੱਲ ਸੀ।
ਇਕ ਵਾਰ ਜਗਰਾਓਂ ਦੇ ਲਾਲਾ ਲਾਜਪਤ ਰਾਏ ਕਾਲਜ ਵਿਚ ਗੁਰਭਜਨ ਗਿੱਲ ਹੋਰਾਂ ਨੇ ਕਵੀ ਦਰਬਾਰ
ਕਰਵਾਇਆ। ਹੋਰਨਾਂ ਕਵੀਆਂ ਤੋਂ ਬਿਨਾਂ ਸੂਬਾ ਸਿੰਘ ਨੂੰ ਵੀ ਸੱਦਿਆ ਗਿਆ ਤੇ ਸੰਤ ਰਾਮ ਉਦਾਸੀ
ਨੂੰ ਵੀ। ਸੂਬਾ ਸਿੰਘ ਦੀਆਂ ਹਾਸਰਸੀ ਕਵਿਤਾਵਾਂ ਰੰਗ ਬੰਨ੍ਹ ਦਿੰਦੀਆਂ ਸਨ ਪਰ ਉਥੇ ਇਸ ਕਰਕੇ
ਰੰਗ ਨਾ ਬੱਝਾ ਕਿ ਵਿਦਿਆਰਥੀ ਵਾਰ-ਵਾਰ ਉਦਾਸੀ ਦੀ ਮੰਗ ਕਰਦੇ ਰਹੇ। ਅੱਕ ਕੇ ਗੁਰਭਜਨ ਨੇ
ਕਿਹਾ, “ਓਏ ਚੁੱਪ ਵੀ ਕਰੋ। ਪਹਿਲਾਂ ਸੂਬਾ ਸਿੰਘ ਦੀ ਹਾਸੀ ਤਾਂ ਸੁਣ ਲਓ ਫੇਰ ਸੰਤ ਰਾਮ ਦੀ
ਉਦਾਸੀ ਵੀ ਵਰਤਾ ਦਿਆਂਗੇ! ਉਦਾਸੀ ਏਥੇ ਈ ਐ ਕਿਤੇ ਭੱਜ ਨਹੀਂ ਚੱਲਿਆ।”
ਸਾਹਿਤ ਟ੍ਰੱਸਟ ਢੁੱਡੀਕੇ ਵੱਲੋਂ ਪਹਿਲਾ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ 1978 ਵਿਚ ਸੰਤ
ਰਾਮ ਉਦਾਸੀ ਨੂੰ ਦਿੱਤਾ ਗਿਆ ਸੀ। ਜਸਵੰਤ ਸਿੰਘ ਕੰਵਲ ਨਾਲ ਅਸੀਂ ਢੁੱਡੀਕੇ ਤੋਂ ਲੁਧਿਆਣੇ
ਦੀ ਜ਼ਰਾਇਤੀ ਯੂਨੀਵਰਸਿਟੀ ਗਏ ਸਾਂ। ਸਮਾਗਮ ਪਾਲ ਆਡੀਟੋਰੀਅਮ ਵਿਚ ਸੀ ਜਿਸ ਦਾ ਇੰਤਜ਼ਾਮ
ਡਾ. ਐੱਸ. ਐੱਸ. ਦੁਸਾਂਝ ਨੇ ਕੀਤਾ ਸੀ। ਉਥੇ ਸੰਤ ਸਿੰਘ ਸੇਖੋਂ ਤੇ ਹੋਰ ਕਈ ਸਾਹਿਤਕਾਰ ਵੀ
ਹਾਜ਼ਰ ਸਨ। ਵਿਦਿਆਰਥੀਆਂ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ। ਉਦਾਸੀ ਆਪਣੇ ਪਰਿਵਾਰ ਨੂੰ ਨਾਲ
ਲੈ ਕੇ ਆਇਆ ਸੀ। ਉਦੋਂ ਤਕ ਉਹ ਸਟਾਰ ਸ਼ਾਇਰ ਬਣ ਚੁੱਕਾ ਸੀ ਜਿਸ ਦੇ ਆਟੋਗਰਾਫ ਯੂਨੀਵਰਸਿਟੀ
ਦੀਆਂ ਕੁੜੀਆਂ ਵੀ ਲੈ ਰਹੀਆਂ ਸਨ। ਉਥੇ ਉਸ ਨੂੰ ਕੰਬਲੀ ਨਾਲ 11 ਸੌ ਰੁਪਏ ਦੀ ਥੈਲੀ ਭੇਟ
ਕੀਤੀ ਗਈ ਜਿਸ ਨਾਲ ਉਸ ਨੇ ਖਰਚਿਆਂ ਦੀਆਂ ਕਈ ਖੁੱਡਾਂ ਬੰਦ ਕੀਤੀਆਂ। ਸਮਾਗਮ ਵਿਚ ਉਸ ਨੇ
ਕੰਮੀਆਂ ਦੇ ਵਿਹੜੇ ਦਾ ਗੀਤ ਆਪਣੀ ਬੁਲੰਦ ਆਵਾਜ਼ ਵਿਚ ਗਾਇਆ ਸੀ:
-ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰੲ੍ਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਜਿਥੇ ਜੰਮਦਾ ਬੰਦਾ ਸੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ,
ਜਿਥੇ ਕਰਜ਼ੇ ਹੇਠ ਪੰਜੀਰੀ ਹੈ...
ਜਿਥੇ ਹਾਰ ਮੰਨ ਲਈ ਚਾਵਾਂ ਨੇ, ਜਿਥੇ ਕੂੰਜ ਘੇਰ ਲਈ ਕਾਵਾਂ ਨੇ,
ਜਿਥੇ ਅਣਵਿਆਹੀਆਂ ਹੀ ਮਾਵਾਂ ਨੇ, ਜਿਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਤੂੰ ਮਘਦਾ ਰੲ੍ਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...।
ਇਸ ਗੀਤ ਨੂੰ ਏਨਾ ਪਸੰਦ ਕੀਤਾ ਗਿਆ ਕਿ ਹਾਲ ਦੇਰ ਤਕ ਤਾੜੀਆਂ ਨਾਲ ਗੂੰਜਦਾ ਰਿਹਾ।
ਫਿਰ ਜਗਦੇਵ ਸਿੰਘ ਜੱਸੋਵਾਲ ਨੇ ਐਲਾਨ ਕਰ ਦਿੱਤਾ ਕਿ ਉਦਾਸੀ ਦਾ ਸਨਮਾਨ ਸਿੱਕਿਆਂ ਨਾਲ ਤੋਲ
ਕੇ ਕੀਤਾ ਜਾਵੇਗਾ। ਉਦਾਸੀ ਕਈ ਦਿਨ ਫੈਸਲਾ ਨਾ ਕਰ ਸਕਿਆ ਕਿ ਅਜਿਹਾ ਸਨਮਾਨ ਲਵੇ ਜਾਂ ਨਾ?
ਆਖ਼ਰ ਉਸ ਨੇ ਇਹ ਸਨਮਾਨ ਲੈ ਲਿਆ ਤੇ ਆਪਣਾ ਭਾਰ ਸਿੱਕਿਆਂ ਨਾਲ ਤੁਲਵਾ ਲਿਆ। ਇਹਦੇ ਨਾਲ ਵੀ
ਕਈ ਖਰਚਿਆਂ ਦੀਆਂ ਖੁੱਡਾਂ ਮੁੰਦੀਆਂ ਗਈਆਂ। ਪਰ ਉਹਦੇ ਕਈ ਕਾਮਰੇਡ ਯਾਰਾਂ ਦੋਸਤਾਂ ਨੇ ਇਸ
ਦਾ ਬੁਰਾ ਮਨਾਇਆ ਤੇ ਮਤੇ ਪਾਸ ਕਰ ਦਿੱਤੇ ਕਿ ਉਦਾਸੀ ਨੂੰ ਹੁਣ ਨਕਸਲੀਆਂ ਦੀਆਂ ਸਟੇਜਾਂ ‘ਤੇ
ਨਹੀਂ ਬੋਲਣ ਦੇਣਾ। ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਸੰਤ ਰਾਮ ਉਦਾਸੀ ਹੁਣ
ਪਹਿਲਾਂ ਵਾਲਾ ਉਦਾਸੀ ਨੀ ਰਿਹਾ। ਉਹ ਪਰੋਲੇਤਾਰੀ ਬਣੇ ਰਹਿਣ ਦੀ ਥਾਂ ਪੈਸੇ ਦਾ ਪੁੱਤ ਬਣ
ਗਿਐ! ਪੈਸਿਆਂ ਬਦਲੇ ਵਿਕ ਗਿਐ!!
ਪਰ ਉਨ੍ਹਾਂ ਦਾ ਇਹ ਫਤਵਾ ਆਰਜ਼ੀ ਸਾਬਤ ਹੋਇਆ। ਉਦਾਸੀ ਦੀ ਮੌਤ ਤੋਂ ਪਿੱਛੋਂ ਉਹੀ ਕਾਮਰੇਡ
ਉਸ ਨੂੰ ਇਨਕਲਾਬੀ ਸ਼ਾਇਰ ਮੰਨ ਰਹੇ ਨੇ ਤੇ ਉਹਦੀ ਯਾਦ ਵਿਚ ਸਮਾਗਮ ਰਚਾ ਰਹੇ ਨੇ!
1984 ਤੋਂ ਬਾਅਦ ਮੇਰਾ ਉਦਾਸੀ ਨਾਲ ਮੇਲ ਨਹੀਂ ਹੋ ਸਕਿਆ। ਸੰਭਵ ਹੈ ਕਿਸੇ ਸਭਾ ਸਮਾਗਮ ‘ਚ
ਪਲ ਦੋ ਪਲ ਮਿਲੇ ਹੋਈਏ। ਉਂਜ ਉਹਦੀ ਖ਼ਬਰਸਾਰ ਮਿਲਦੀ ਰਹਿੰਦੀ ਸੀ। ਨਵੰਬਰ 1986 ਵਿਚ ਖ਼ਬਰ
ਮਿਲੀ ਕਿ ਉਸ ਦਾ ਰੇਲ ਗੱਡੀ ਵਿਚ ਸਫ਼ਰ ਕਰਦਿਆਂ ਦੇਹਾਂਤ ਹੋ ਗਿਆ। ਪੜ੍ਹਨ ਸੁਣਨ ਵਾਲਿਆਂ
ਨੂੰ ਪਹਿਲਾਂ ਤਾਂ ਇਸ ਖ਼ਬਰ ਦਾ ਸੱਚ ਨਾ ਆਇਆ ਪਰ ਇਹ ਸੱਚ ਸੀ। ਉਸ ਦੀ ਮੌਤ ਤੋਂ ਪਹਿਲਾਂ ਦਾ
ਵੇਰਵਾ ਉਸ ਦੀ ਧੀ ਇਕਬਾਲ ਕੌਰ ਨੇ ਤੇ ਮੌਤ ਸਮੇਂ ਦਾ ਵੇਰਵਾ ਉਸ ਦੇ ਹਮਸਫ਼ਰ ਪ੍ਰੋ. ਬਲਕਾਰ
ਸਿੰਘ ਨੇ ਕਲਮਬੰਦ ਕੀਤਾ। ਕਿਰਿਆ ਕਰਮ ਦਾ ਵੇਰਵਾ ਉਦਾਸੀ ਦੇ ਵੱਡੇ ਭਰਾ ਗੁਰਦਾਸ ਸਿੰਘ ਘਾਰੂ
ਨੇ ਲਿਖਿਆ।
ਉਦਾਸੀ ਆਏ ਸਾਲ ਦਿੱਲੀ, ਕਾਨਪੁਰ, ਕਲਕੱਤੇ ਤੇ ਨੇਪਾਲ ਦੇ ਕਵੀ ਦਰਬਾਰਾਂ ਵਿਚ ਜਾਣ ਲੱਗ ਪਿਆ
ਸੀ। ਅਗਲੇ ਮਾਣ ਨਾਲ ਸੱਦਦੇ ਤੇ ਮਾਣ ਸਨਮਾਨ ਕਰਦੇ। 1986 ਵਿਚ ਕਵੀ ਦਰਬਾਰ ਦਾ ਸੱਦਾ ਆਇਆ
ਤਾਂ ਪਹਿਲਾਂ ਉਹ ਦੁਚਿੱਤੀ ਵਿਚ ਪੈ ਗਿਆ ਫਿਰ ਜੱਕੋ-ਤਕੀ ਵਿਚ ਚਲਾ ਗਿਆ। ਰੇਲ ਗੱਡੀ ਵਿਚ
ਵਾਪਸ ਆਉਂਦਿਆਂ ਉਹਦੀ ਪੱਗ ਦਾੜ੍ਹੀ ਕਰਕੇ ਫਿਰਕੂ ਜਨੂੰਨੀਆਂ ਨੇ ਉਹਨੂੰ ਭੱਦੇ ਮਜ਼ਾਕ ਕੀਤੇ
ਤੇ ਉਹਦੇ ਉਤੇ ਬੀੜੀਆਂ ਸੁੱਟੀਆਂ। ਇਥੋਂ ਤਕ ਕਿ ਧੱਕਾ ਮਾਰ ਕੇ ਗੱਡੀ ‘ਚੋਂ ਬਾਹਰ ਸੁੱਟ
ਦਿੱਤਾ ਪਰ ਉਸ ਦਾ ਬਚਾਅ ਹੋ ਗਿਆ। ਘਰ ਪੁੱਜ ਕੇ ਉਸ ਨੇ ਸਾਰੀ ਵਾਰਦਾਤ ਪਰਿਵਾਰ ਨੂੰ ਦੱਸੀ
ਤੇ ਅੱਗੇ ਤੋਂ ਕਿਤੇ ਦੂਰ ਜਾਣੋ ਤੋਬਾ ਕਰ ਲਈ। ਪਰਿਵਾਰ ਨੇ ਉਸ ਦੇ ਬਚ ਜਾਣ ਦਾ ਸ਼ੁਕਰ
ਮਨਾਇਆ।
ਅਕਤੂਬਰ 1986 ਵਿਚ ਹਜ਼ੂਰ ਸਾਹਿਬ ਤੋਂ ਚਿੱਠੀ ਆ ਗਈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ
ਪੁਰਬ ਮਨਾ ਰਹੇ ਹਾਂ ਜਿਸ ਵਿਚ ਪੁੱਜਣ ਲਈ ਸਹਿਮਤੀ ਭੇਜੋ। ਗੱਡੀ ਦੇ ਸਫ਼ਰ ਤੋਂ ਡਰਿਆ ਉਹ
ਸਹਿਮਤੀ ਭੇਜਣ ਲਈ ਫਿਰ ਦੁਚਿੱਤੀ ਵਿਚ ਪੈ ਗਿਆ। ਇਕ ਪਾਸੇ ਸਫ਼ਰ ਵਿਚ ਅਣਹੋਣੀ ਹੋਣ ਦਾ ਡਰ
ਸੀ ਪਰ ਦੂਜੇ ਪਾਸੇ ਸਿੱਖ ਹੋਣ ਦੇ ਨਾਤੇ ਹਜ਼ੂਰ ਸਾਹਿਬ ਜਾਣ ਦੀ ਖਿੱਚ ਸੀ। ਆਖ਼ਰ ਉਸ ਨੇ
ਸਹਿਮਤੀ ਭੇਜ ਹੀ ਦਿੱਤੀ। ਹਜ਼ੂਰ ਸਾਹਿਬ ਤੋਂ ਇਸ਼ਤਿਹਾਰ ਆ ਗਿਆ ਜਿਸ ਵਿਚ ਉਹਦਾ ਨਾਂ ਛਪਿਆ
ਹੋਇਆ ਸੀ। ਉਹ ਕਹਿਣ ਲੱਗਾ, “ਲੈ ਪਤੰਦਰਾਂ ਨੇ ਇਸ਼ਤਿਹਾਰ ਵਿਚ ਨਾਂ ਵੀ ਦੇ ਦਿੱਤੈ। ਹੁਣ
ਤਾਂ ਲਾਜ਼ਮੀ ਜਾਣਾ ਪਵੇਗਾ।”
ਕਵੀ ਦਰਬਾਰ 3 ਨਵੰਬਰ ਨੂੰ ਸੀ। ਇਕ ਦਿਨ ਉਸ ਨੇ ਰੱਜ ਕੇ ਸ਼ਰਾਬ ਪੀਤੀ ਤੇ ਆਪਣੀ ਪਤਨੀ ਨੂੰ
ਕਿਹਾ, “ਹੁਣ ਮੈਂ ਹਜ਼ੂਰ ਸਾਹਿਬ ਜਾਣਾ ਤੇ ਓਦੋਂ ਤਕ ਸ਼ਰਾਬ ਨੀ ਪੀਣੀ। ਜੇ ਮੈਂ ਹੁਣ ਨਾ
ਛੱਡੀ ਤਾਂ ਹਜ਼ੂਰ ਸਾਹਿਬ ਜਾ ਕੇ ਔਖਾ ਹੋਊਂ।” ਘਰ ਦੇ ਦਸਦੇ ਹਨ ਕਿ ਅੱਠ ਨੌਂ ਦਿਨ ਉਹਨੇ
ਸ਼ਰਾਬ ਨੂੰ ਹੱਥ ਨਾ ਲਾਇਆ। ਫਿਰ ਕਦੇ ਕਹਿ ਦਿੰਦਾ ਜਾਣੈਂ, ਕਦੇ ਕਹਿ ਦਿੰਦਾ ਨਹੀਂ ਜਾਣਾ।
ਜਾਣ ਦੀ ਤਿਆਰੀ ਹੋ ਗਈ ਤੇ ਸਮਾਨ ਬੈਗ ਵਿਚ ਪੈਕ ਕਰ ਦਿੱਤਾ ਗਿਆ। ਉਹਦੀ ਧੀ ਦੇ ਦੱਸਣ ਮੂਜਬ
ਉਹਦੇ ਤੁਰਨ ‘ਚ ਅੱਧਾ ਕੁ ਘੰਟਾ ਰਹਿੰਦਾ ਸੀ ਕਿ ਅਚਾਨਕ ਕਹਿਣ ਲੱਗਾ, “ਬੇਟੇ ਸਾਰਾ ਸਮਾਨ
ਬੈਗ ‘ਚੋਂ ਕੱਢ ਦਿਓ, ਮੈਂ ਨੀ ਜਾਣਾ।” ਉਹਦੀ ਪਤਨੀ ਬੋਲੀ, “ਨਹੀਂ ਜਾਣਾ ਨਾ ਜਾਹ, ਖੇਡਾਂ
ਨਾ ਕਰ। ਇਹ ਕੋਈ ਬੰਦਿਆਂ ਆਲੀ ਗੱਲ ਐ?” ਅਸਲੀ ਗੱਲ ਸੀ ਕਿ ਘਰ ‘ਚ ਨਿੱਕੀ ਨਿੱਕੀ ਗੱਲ ਤੋਂ
ਕਲੇਸ਼ ਰਹਿਣ ਲੱਗ ਪਿਆ ਪਿਆ ਸੀ। ਉਦਾਸੀ ਮਾਨਸਿਕ ਤੌਰ ‘ਤੇ ਸਤਿਆ ਪਿਆ ਸੀ। ਉਸ ਨੇ ਸਕੂਲ
ਤੋਂ ਛੁੱਟੀ ਲੈਣ ਵਾਲੀ ਅਰਜ਼ੀ ਵਿਚ ਲਿਖਿਆ ਸੀ, ਜੇ ਉਹ ਵਾਪਸ ਨਾ ਆ ਸਕਿਆ ਤਾਂ ਉਸ ਦੀ
ਸਰਵਿਸ ਦੇ ਸਾਰੇ ਲਾਭ ਉਸ ਦੀ ਪਤਨੀ ਨੂੰ ਦਿੱਤੇ ਜਾਣ।
ਉਹ ਅੰਦਰ ਜਾ ਕੇ ਮੰਜੇ ‘ਤੇ ਪੈ ਗਿਆ ਤੇ ਕਹਿਣ ਲੱਗਾ, “ਮੈਨੂੰ ਅੱਧੇ ਘੰਟੇ ਤਕ ਜਗਾ ਦੇਣਾ।”
ਜਦੋਂ ਉਹਦੀ ਧੀ ਜਗਾਉਣ ਲਈ ਅੰਦਰ ਗਈ ਤਾਂ ਉਹ ਰੋ ਰਿਹਾ ਸੀ। ਧੀ ਨੇ ਪੁੱਛਿਆ, “ਪਾਪਾ ਜੀ ਕੀ
ਹੋ ਗਿਐ?” ਉਹ ਕਹਿਣ ਲੱਗਾ, “ਬੇਟੇ! ਪਹਿਲਾਂ ਮੈਂ ਮਸਾਂ ਬਚ ਕੇ ਆਇਆ ਸੀ, ਹੁਣ ਪਤਾ ਨੀ ਕੀ
ਹੋਊਗਾ? ਅਸਲ ਵਿਚ ਬੇਟੇ, ਮੇਰਾ ਘਰੋਂ ਜਾਣ ਨੂੰ ਦਿਲ ਨੀ ਕਰਦਾ।” ਧੀ ਨੇ ਪਾਣੀ ਫੜਾਇਆ। ਉਸ
ਨੇ ਪਾਣੀ ਦੀਆਂ ਦੋ ਕੁ ਘੁੱਟਾਂ ਪੀਤੀਆਂ ਤੇ ਘੜੀ ਵੇਖ ਕੇ ਬੋਲਿਆ, “ਇਹ ਬੱਸ ਤਾਂ ਨੰਘ ਗਈ,
ਮੈਂ ਅਗਲੀ ਬੱਸ ਤੇ ਜਾਊਂ, ਜਾਹ ਪੁੱਤ ਦੇਖ ਕੇ ਆ ਜਿਹੜੀ ਮਾਂਹਾਂ ਦੀ ਦਾਲ ਬਣਾਈ ਸੀ ਉਹ ਪਈ
ਐ?” ਉਸ ਨੇ ਮਾਹਾਂ ਦੀ ਦਾਲ ਵਿਚ ਦੋ ਆਂਡੇ ਪੁਆ ਕੇ ਰੋਟੀ ਖਾਧੀ ਤੇ ਅਗਲੀ ਬੱਸ ਚੜ੍ਹ ਕੇ
ਹਜ਼ੂਰ ਸਾਹਿਬ ਜਾਣ ਲਈ ਗੱਡੀ ਜਾ ਫੜੀ। 4 ਨਵੰਬਰ ਨੂੰ ਉਦਾਸੀ ਲਈ ਰੋਟੀ ਪਕਾ ਕੇ ਰੱਖੀ ਗਈ
ਕਿ ਹੋ ਸਕਦੈ ਰਾਤ ਦੀ ਗੱਡੀ ਆ ਜਾਵੇ। 5 ਨਵੰਬਰ ਨੂੰ ਦਿਨੇ ਵੀ ਤੇ ਰਾਤ ਨੂੰ ਵੀ ਉਹਦੀ ਉਡੀਕ
ਹੁੰਦੀ ਰਹੀ ਪਰ ਉਹ ਨਾ ਆਇਆ। 6 ਨਵੰਬਰ ਦਾ ਦਿਨ ਵੀ ਲੰਘ ਗਿਆ। 7 ਨਵੰਬਰ ਨੂੰ ਨਸੀਬ ਕੌਰ
ਬੱਚਿਆਂ ਨੂੰ ਕਹਿਣ ਲੱਗੀ, “ਅੱਜ ਤਾਂ ਥੋਡੇ ਭਾਪੇ ਨੇ ਜ਼ਰੂਰ ਈ ਰਾਤ ਆਲੀ ਗੱਡੀ ਆ ਜਾਣੈ।”
ਧੀਆਂ ਨੇ ਭਿੰਡੀਆਂ ਦੀ ਸਬਜ਼ੀ ਬਣਾਈ ਜੋ ਉਹਨਾਂ ਦੇ ਭਾਪੇ ਨੂੰ ਪਸੰਦ ਸੀ। ਉਨ੍ਹਾਂ ਦੀ ਬੀਬੀ
ਨੇ ਭਾਪੇ ਦੇ ਹਿੱਸੇ ਦਾ ਆਟਾ ਚੁੱਕ ਦੇਣ ਲਈ ਕਿਹਾ, “ਮੈਂ ਆਪੇ ਆਏ ਤੇ ਰੋਟੀ ਬਣਾ ਦੂੰ।”
ਪਰ ਭਾਪੇ ਦੇ ਆਉਣ ਦੀ ਥਾਂ ਤਾਰ ਆਈ ਕਿ ਸੰਤ ਰਾਮ ਉਦਾਸੀ ਮਨਵਾੜ ਰੇਲਵੇ ਸਟੇਸ਼ਨ ‘ਤੇ ਰੇਲ
ਗੱਡੀ ਵਿਚ ਮੁਰਦਾ ਪਾਇਆ ਗਿਆ। 8 ਨਵੰਬਰ ਨੂੰ ਰੇਲਵੇ ਪੁਲਿਸ ਦੀ ਤਾਰ ਆਈ ਕਿ ਸੰਤ ਰਾਮ
ਉਦਾਸੀ ਦੀ ਮ੍ਰਿਤਕ ਦੇਹ ਲੈ ਜਾਓ। 9 ਨਵੰਬਰ ਨੂੰ ਮਨਵਾੜ ਰੇਲਵੇ ਸਟੇਸ਼ਨ ਅਤੇ ਹਜ਼ੂਰ ਸਾਹਿਬ
ਤੋਂ ਵੀ ਤਾਰਾਂ ਆ ਗਈਆਂ। ਤਾਰਾਂ ਮਿਲਦਿਆਂ ਹੀ ਉਦਾਸੀ ਦਾ ਵੱਡਾ ਭਰਾ ਗੁਰਦਾਸ ਸਿੰਘ ਤੇ
ਨਸੀਬ ਕੌਰ ਦਾ ਭਰਾ ਕਾਕੂ ਮਹਾਰਾਸ਼ਟਰ ਦੇ ਮਨਵਾੜ ਸਟੇਸ਼ਨ ਵੱਲ ਚੱਲ ਪਏ। ਰਾਏਸਰ ਵਿਚ ਮਾਤਮ
ਛਾ ਗਿਆ। ਕੋਈ ਆਖੇ ਉਹਦਾ ਗੱਡੀ ਚੜ੍ਹਦੇ ਦਾ ਪੈਰ ਤਿਲ੍ਹਕ ਗਿਆ ਹੋਊ, ਕੋਈ ਕਹੇ ਕਿਸੇ ਨੇ
ਮਾਰਤਾ ਹੋਊ ਜਾਂ ਆਤਮਘਾਤ ਕਰ ਲਿਆ ਹੋਊ! ਜਿੰਨੇ ਮੂੰਹ ਉਨੀਆਂ ਗੱਲਾਂ।
ਗੁਰਦਾਸ ਸਿੰਘ ਘਾਰੂ ਲਿਖਦਾ ਹੈ ਕਿ ਉਹ ਉਦਾਸੀ ਦੇ ਵੱਡੇ ਲੜਕੇ ਇਕਬਾਲ ਸਿੰਘ ਬੱਲੀ ਨੂੰ
ਆਪਣੇ ਨਾਲ ਹਜ਼ੂਰ ਸਾਹਿਬ ਲਿਜਾਣਾ ਤੇ ਉਹਦੇ ਹੱਥੋਂ ਕਿਰਿਆ ਕਰਮ ਕਰਵਾਉਣਾ ਚਾਹੁੰਦਾ ਸੀ। ਪਰ
ਨਸੀਬ ਕੌਰ ਨੇ ਜਿ਼ਦ ਕਰ ਕੇ ਕਾਕੂ ਨੂੰ ਨਾਲ ਤੋਰ ਦਿੱਤਾ। ਕਾਕੂ ਅਫ਼ੀਮ ਦਾ ਅਮਲੀ ਸੀ।
ਦਿੱਲੀ ਜਾ ਕੇ ਅਫੀਮ ਬਗ਼ੈਰ ਗੱਡੀ ਨਹੀਂ ਸੀ ਚੜ੍ਹਦਾ। ਕਹਿਣ ਲੱਗਾ, ਮੈਂ 24 ਘੰਟੇ ਅਫ਼ੀਮ
ਬਗ਼ੈਰ ਨੀ ਬਚ ਸਕਦਾ। ਅਫ਼ੀਮ ਦਾ ਬੰਦੋਬਸਤ ਕਰਦਿਆਂ ਪੰਜਾਬ ਮੇਲ ਲੰਘ ਗਈ ਤੇ ਚਾਰ ਘੰਟਿਆਂ
ਬਾਅਦ ਸ਼ਾਰਦਾ ਐਕਸਪ੍ਰੈੱਸ ਫੜੀ। ਉਹ 24 ਘੰਟਿਆਂ ਬਾਅਦ ਮਨਵਾੜ ਰੇਲਵੇ ਸਟੇਸ਼ਨ ‘ਤੇ ਉਤਰੇ
ਤੇ ਗੁਰਦਵਾਰੇ ਚਲੇ ਗਏ ਜਿਥੇ ਉਨ੍ਹਾਂ ਦੀ ਉਡੀਕ ਹੋ ਰਹੀ ਸੀ। ਥੋੜ੍ਹੀ ਦੇਰ ਬਾਅਦ ਭਾਈ ਮੋਹਨ
ਸਿੰਘ ਆ ਗਏ ਜਿਨ੍ਹਾਂ ਨੇ ਮਨਵਾੜ ਦੇ ਰਾਮ ਬਾਗ ਸਮਸ਼ਾਨ ਘਾਟ ਵਿਚ ਉਦਾਸੀ ਦੀ ਚਿਖਾ ਨੂੰ
ਅਗਨੀ ਦਿਖਾਈ ਸੀ ਤੇ ਪੂਰੀ ਗੁਰ ਮਰਿਆਦਾ ਨਾਲ ਉਦਾਸੀ ਦਾ ਸੰਸਕਾਰ ਕੀਤਾ ਸੀ।
ਭਾਈ ਮੋਹਨ ਸਿੰਘ ਨੇ ਗੁਰਦਾਸ ਸਿੰਘ ਨੂੰ ਦੱਸਿਆ, “ਭਾਈ ਘਾਰੂ ਸਾਹਿਬ ਸਾਨੂੰ ਰੇਲਵੇ ਵਾਲਿਆਂ
ਤੋਂ ਉਦਾਸੀ ਦੀ ਡੈੱਡ ਬਾਡੀ 55 ਘੰਟਿਆਂ ਬਾਅਦ ਮਿਲੀ ਸੀ। ਪੋਸਟ ਮਾਰਟਮ ਨਾਲ ਬਾਡੀ ਬਿਲਕੁਲ
ਖਰਾਬ ਹੋ ਗਈ ਸੀ। ਉਹ ਕਿਸੇ ਵੀ ਹਾਲਤ ਵਿਚ ਪੰਜਾਬ ਪਹੁੰਚ ਨਹੀਂ ਸੀ ਸਕਦੀ, ਇਸੇ ਕਰਕੇ ਸਾਧ
ਸੰਗਤ ਨੇ ਇਥੇ ਹੀ ਸਸਕਾਰ ਕਰਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਸੀ। ਭਾਈ ਸਾਹਿਬ ਤੁਸੀਂ ਕਿਰਿਆ
ਕਰਮ ਵੱਲੋਂ ਕੋਈ ਫਿਕਰ ਨਾ ਕਰੋ, ਉਦਾਸੀ ਦਾ ਕਿਰਿਆ ਕਰਮ ਰਾਜੇ-ਮਹਾਰਾਜੇ ਤੋਂ ਵੀ ਵੱਧ ਸ਼ਾਨ
ਨਾਲ ਹੋਇਆ ਹੈ। ਅਸੀਂ ਆਪ ਜੀ ਦੀ ਉਡੀਕ ਵਿਚ ਅੰਗੀਠਾ ਨਹੀਂ ਫੋਲਿਆ। ਅੱਜ ਆਪਾਂ ਸਾਰੇ ਫੁੱਲ
ਚੁਗਣ ਜਾਵਾਂਗੇ। ਪ੍ਰੋਫੈ਼ਸਰ ਜੋਗਿੰਦਰ ਸਿੰਘ ਸਾਹਿਬ ਨੂੰ ਆ ਲੈਣ ਦੇਵੋ।”
ਪ੍ਰੋ. ਜੋਗਿੰਦਰ ਸਿੰਘ ਆਏ ਤਾਂ ਘਾਰੂ ਤੇ ਕਾਕੂ ਨਾਲ ਕਾਫੀ ਸਾਰੇ ਸੱਜਣ ਰਾਮ ਬਾਗ ਸਮਸ਼ਾਨ
ਘਾਟ ਗਏ ਤੇ ਉਦਾਸੀ ਦੇ ਫੁੱਲ ਚੁਗੇ। ਫੁੱਲ ਲੈ ਕੇ ਉਹ ਹਜ਼ੂਰ ਸਾਹਿਬ ਚਲੇ ਗਏ। ਉਥੇ ਗੁਰੂ
ਸਰਾਂ ਵਿਚ ਠਹਿਰੇ। ਬਹੁਤ ਸਾਰੇ ਸੱਜਣ ਅਫਸੋਸ ਕਰਨ ਆਏ। ਗੁਰਦਾਸ ਸਿੰਘ ਨੇ ਸੰਗਤ ਨਾਲ ਜਾ ਕੇ
ਉਦਾਸੀ ਦੇ ਫੁੱਲ ਗੋਦਾਵਰੀ ਨਦੀ ਦੇ ਨਗੀਨਾ ਘਾਟ ਵਿਖੇ ਤਾਰ ਦਿੱਤੇ ਤੇ ਸੱਚਖੰਡ ਸਾਹਿਬ ਵਿਚ
ਸਹਿਜ ਪਾਠ ਆਰੰਭ ਕਰਵਾ ਦਿੱਤਾ। ਪਾਠ ਆਰੰਭ ਕਰਨ ਸਮੇਂ ਜੋ ਹੁਕਮਨਾਮਾ ਮਿਲਿਆ ਉਹ ਲੈ ਕੇ
ਮਨਵਾੜ ਨੂੰ ਚੱਲ ਪਏ। ਮਨਵਾੜ ਸਟੇਸ਼ਨ ‘ਤੇ ਮਰਹੂਮ ਸੰਤ ਰਾਮ ਉਦਾਸੀ ਦੀ ਜਾਮਾ ਤਲਾਸ਼ੀ ਵੇਲੇ
ਜੋ ਸਮਾਨ ਰੇਲਵੇ ਪੁਲਿਸ ਨੇ ਪ੍ਰਾਪਤ ਕੀਤਾ ਸੀ ਉਹ ਵਾਪਸ ਲੈਣਾ ਸੀ। ਮੈਜਿਸਟ੍ਰੇਟ ਦੀ
ਹਾਜ਼ਰੀ ਜੋ ਸਮਾਨ ਗੁਰਦਾਸ ਸਿੰਘ ਨੂੰ ਦਿੱਤਾ ਗਿਆ ਉਸ ਵਿਚ 1300 ਰੁਪਏ, ਇਕ ਘੜੀ, ਦਸਤਾਰ,
ਜੁਰਾਬਾਂ ਦਾ ਜੋੜਾ, ਇਕ ਰੁਮਾਲ, ਕਾਲੀ ਐਨਕ, ਇਕ ਬੁਸ਼ਰਟ, ਇਕ ਪੀਲਾ ਪਰਨਾ, ਦੋ ਪਜਾਮੇ, ਇਕ
ਕਪੜੇ ਦਾ ਬੈਗ, ਰੋਟੀ ਵਾਲਾ ਡੱਬਾ ਤੇ ਇਕ ਹਵਾਈ ਚੱਪਲ ਸੀ। ਗੁਰਦਾਸ ਸਿੰਘ ਨੇ ਇਹ ਸਮਾਨ
ਆਪਣੀ ਮਾਤਾ ਦੀ ਹਾਜ਼ਰੀ ਵਿਚ ਨਸੀਬ ਕੌਰ ਦੀ ਝੋਲੀ ਜਾ ਪਾਇਆ। ਐਨਕ ਤੇ ਰੁਮਾਲ ਭਰਾ ਦੀ
ਨਿਸ਼ਾਨੀ ਵਜੋਂ ਉਸ ਨੇ ਆਪਣੇ ਪਾਸ ਰੱਖ ਲਏ।
ਦੋ ਵਿਅਕਤੀ ਹਨ ਜਿਨ੍ਹਾਂ ਉਦਾਸੀ ਦੀ ਮ੍ਰਿਤੂ ਤੋਂ ਪਹਿਲਾਂ ਉਸ ਦੇ ਅੰਤਲੇ ਪਲ ਵੇਖੇ ਸਨ। ਇਕ
ਹੈ ਡਰੋਲੀ ਭਾਈ ਦਾ ਗੁਰਚਰਨ ਸਿੰਘ ਸੰਘਾ ਜੋ ਸਾਡੇ ਕੋਲ ਢੁੱਡੀਕੇ ਕਾਲਜ ਵਿਚ ਪੜ੍ਹਦਾ ਸੀ।
ਉਦੋਂ ਉਹ ਅਲੂੰਆਂ ਜਿਹਾ ਮੁੰਡਾ ਸੀ। ਉਥੇ ਪੜ੍ਹਦਿਆਂ ਹੀ ਉਹ ਨਕਸਲਬਾੜੀ ਲਹਿਰ ਦਾ ਹਮਦਰਦ ਬਣ
ਗਿਆ ਤੇ ਕੁਝ ਸਾਲਾਂ ਬਾਅਦ ਸ੍ਰੀ ਹਜ਼ੂਰ ਸਾਹਿਬ ਗੁਰਦਵਾਰੇ ਦੀ ਸ਼ਰਨ ਲੈ ਕੇ 'ਸੱਚਖੰਡ'
ਮਾਸਕ ਪੱਤਰ ਦਾ ਐਡੀਟਰ ਲੱਗ ਗਿਆ। ਉਹ ਢੁੱਡੀਕੇ ਤੋਂ ਹੀ ਉਦਾਸੀ ਦੇ ਸੰਪਰਕ ਵਿਚ ਸੀ। ਉਸੇ
ਨੇ ਹਜ਼ੂਰ ਸਾਹਿਬ ਦੇ ਕਵੀ ਦਰਬਾਰ ਵਿਚ ਉਦਾਸੀ ਨੂੰ ਸੱਦਿਆ ਸੀ। ਉਸ ਨੇ ਹੋਰ ਵੀ ਕਈ ਕਵੀ ਤੇ
ਵਿਦਵਾਨ ਸੱਦੇ ਸਨ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਪ੍ਰੋ. ਬਲਕਾਰ ਸਿੰਘ
ਵੀ ਸੀ। ਗੁਰਦਾਸ ਸਿੰਘ ਉਦਾਸੀ ਦੇ ਕਿਰਿਆ ਕਰਮ ਤੋਂ ਵਿਹਲਾ ਹੋਇਆ ਤਾਂ ਸੰਘੇ ਨੇ ਉਸ ਨੂੰ
'ਸੱਚਖੰਡ' ਪੱਤਰ ਦੇ ਦਫ਼ਤਰ ਸੱਦਵਾ ਲਿਆ।
ਗੁਰਚਰਨ ਸਿੰਘ ਸੰਘੇ ਨੇ ਅਫਸੋਸ ਕਰਦਿਆਂ ਦੱਸਿਆ, “ਭਾਈ ਘਾਰੂ ਜੀ ਉਦਾਸੀ ਮੇਰੇ ਗਲ ਲੱਗ ਕੇ
ਰੋਇਆ। ......ਫੇਰ ਰੱਜ ਕੇ ਗੱਲਾਂ ਕਰਨੀਆਂ ਹਨ। ਮੈਂ ਘਰ ਦੀ ਜਿੰ਼ਦਗੀ ਤੋਂ ਤੰਗ ਆ ਗਿਆ
ਹਾਂ। ਮੈਂ ਆਖਿਆ, ਉਦਾਸੀ ਹੁਣ ਢਾਈ ਵੱਜ ਗਏ ਹਨ। ਹੁਣ ਆਪਾਂ ਨੂੰ ਆਰਾਮ ਕਰਨਾ ਚਾਹੀਦਾ ਹੈ।
ਆਪਾਂ ਸਵੇਰੇ ਗੱਲਾਂ-ਬਾਤਾਂ ਕਰਾਂਗੇ। ਉਦਾਸੀ ਨੇ ਫੇਰ ਆਖਿਆ, ਨਹੀਂ ਬਾਈ ਜੀ ਨਹੀਂ, ਆਪਾਂ
ਕਾਫੀ ਚਿਰਾਂ ਤੋਂ ਵਿਛੜੇ ਹੋਏ ਹਾਂ। ਅੱਜ ਵਰਗਾ ਮੌਕਾ ਫੇਰ ਨਹੀਂ ਮਿਲੇਗਾ। ...ਮੈਂ ਘਰ ਤੋਂ
ਸੰਨਿਆਸ ਲੈਣਾ ਚਾਹੁੰਦਾ ਹਾਂ। ...ਮੈਂ ਆਖਿਆ, ਤੂੰ ਕੁੜੀਆਂ ਮੁੰਡੇ ਵਿਆਹ ਲੈ ਫੇਰ ਜੋ
ਕਹੇਂਗਾ ਕਰਾਂਗਾ। ਤੂੰ ਕੋਈ ਫਿਕਰ ਨਾ ਕਰ। ਤੇਰੀ ਰਿਟਾਇਰਮੈਂਟ ਦੇ ਕਾਫੀ ਸਾਲ ਰਹਿੰਦੇ ਹਨ।
ਤੂੰ ਫਿਕਰ ਕਿਉਂ ਕਰਦਾ ਹੈਂ? ਅਸੀਂ ਜਿਊਂਦੇ ਹਾਂ...।”
ਉਦਾਸੀ ਦੀ ਵਿਗੜੀ ਦਸ਼ਾ ਦੇਖ ਕੇ ਸੰਘੇ ਨੇ ਉਸ ਨੂੰ ਆਪਣੇ ਕੋਲ ਰੱਖਣ ਦਾ ਬਹੁਤ ਯਤਨ ਕੀਤਾ
ਪਰ ਉਸ ਨੇ ਉਸ ਕੋਲ ਰਹਿਣ ਤੋਂ ਉੱਕਾ ਹੀ ਨਾਂਹ ਕਰ ਦਿੱਤੀ। ਸੰਘੇ ਨੇ ਇਹ ਵੀ ਬੇਨਤੀ ਕੀਤੀ
ਕਿ ਉਸ ਦੀ ਛੁੱਟੀ ਵਾਸਤੇ ਅਰਜ਼ੀ ਲਿਖ ਕੇ ਪ੍ਰੋ. ਬਲਕਾਰ ਸਿੰਘ ਨੂੰ ਦੇ ਦਿੰਦੇ ਹਾਂ ਜੋ
ਸਵੇਰ ਦੀ ਗੱਡੀ ਜਾ ਰਿਹੈ। ਪਰ ਉਦਾਸੀ ਅੜ ਗਿਆ ਕਿ ਉਹ ਬਲਕਾਰ ਸਿੰਘ ਨਾਲ ਹੀ ਪਿੰਡ ਨੂੰ ਚਲਾ
ਜਾਵੇਗਾ ਤੇ ਲੜਖੜਾਉਂਦਾ ਆਪਣੇ ਟਿਕਾਣੇ ‘ਤੇ ਜਾ ਸੁੱਤਾ।
ਗੁਰਚਰਨ ਸਿੰਘ ਸੰਘਾ ਲਿਖਦਾ ਹੈ, 5 ਨਵੰਬਰ ਦੀ ਰਾਤ ਨੂੰ ਕਵੀ ਦਰਬਾਰ ਹੋਇਆ ਸੀ। 17 ਕਵੀਆਂ
ਵਿਚੋਂ ਉਦਾਸੀ ਬਾਜ਼ੀ ਲੈ ਗਿਆ ਸੀ। ਉਸ ਨੂੰ ਸੁਣਨ ਲਈ ਦਰਸ਼ਕ ਦੋ ਵਜੇ ਤਕ ਬੈਠੇ ਰਹੇ ਸਨ।
ਉਦਾਸੀ ਦੀ ਦਰਦਭਰੀ ਲੰਮੀ ਹੇਕ ਨੇ ਸਰੋਤਿਆਂ ‘ਤੇ ਜਾਦੂ ਕਰ ਦਿੱਤਾ ਸੀ। ਉਸ ਨੇ ਆਖ਼ਰੀ ਗੀਤ
ਗਾਇਆ, ਜਦ ਠੰਢੇ ਬੁਰਜ ਵਿਚ ਬੈਠੀ ਮਾਤਾ ਗੁਜਰੀ ਆਪਣੇ ਛੋਟੇ ਪੋਤਰਿਆਂ ਨੂੰ ਗੋਦੀ ਵਿਚ ਲੈ
ਕੇ ਨਿੱਘ ਦੇ ਰਹੀ ਹੁੰਦੀ ਹੈ ਤਾਂ ਉਹ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਆਖਦੀ ਹੈ:
ਕਰੀਂ ਨਾ ਦਰੇਗ਼ ਪੁੱਤ ਵੇ, ਤੇਰੇ ਬਾਲਾਂ ਨੂੰ ਬੁਢਾਪੇ ‘ਚ ਲੁਕਾਵਾਂ
ਹੱਡੀਆਂ ਦੀ ਮੁੱਠ ਬਾਲ ਕੇ, ਤੇਰੀ ਆਂਦਰਾਂ ਦੀ ਅੱਗ ਨੂੰ ਸੇਕਾਵਾਂ
ਲੋਕਾਂ ਨੇ ਉਦਾਸੀ ਨੂੰ ਹੱਥਾਂ ‘ਤੇ ਚੁੱਕ ਲਿਆ। ਉਸ ਵਕਤ ਯਾਦ ਚੇਤੇ ਵੀ ਨਹੀਂ ਸੀ ਕਿ ਇਹ
ਆਵਾਜ਼ ਅੱਜ ਆਖ਼ਰੀ ਹੋਕਰਾ ਦੇ ਕੇ ਕੁਝ ਘੰਟਿਆਂ ਨੂੰ ਸਦਾ ਸਦਾ ਲਈ ਸ਼ਾਂਤ ਹੋ ਜਾਵੇਗੀ। ਇਸ
ਕਵੀ ਦਰਬਾਰ ਤੋਂ ਬਾਅਦ ਮੈਂ ਤੇ ਉਦਾਸੀ 2.45 ਵਜੇ ਤਕ ਇਕੱਠੇ ਰਹੇ। ਅਸੀਂ ਇਸ ਸਮੇਂ ਵਿਚ
ਬਹੁਤ ਗੱਲਾਂ ਕੀਤੀਆਂ....। ਉਦਾਸੀ ਨੇ ਤੇ ਡਾ. ਬਲਕਾਰ ਸਿੰਘ ਨੇ ਸਵੇਰੇ ਪਹਿਲੀ ਗੱਡੀ ‘ਤੇ
ਪੰਜਾਬ ਨੂੰ ਜਾਣ ਦਾ ਪ੍ਰੋਗਰਾਮ ਬਣਾਇਆ ਸੀ।
ਡਾ. ਬਲਕਾਰ ਸਿੰਘ ਲਿਖਦਾ ਹੈ, “ਦੋ ਸੀਟਾਂ ਦੀ ਰਿਜ਼ਰਵੇਸ਼ਨ ਦਾ ਪ੍ਰਬੰਧ ਕਿਵੇਂ ਨਾ ਕਿਵੇਂ
ਤਖਤ ਸਾਹਿਬ ਵੱਲੋਂ ਸ. ਗੁਰਚਰਨ ਸਿੰਘ ਸੰਘਾ ਨੇ ਕਰ ਲਿਆ ਸੀ। ...ਮੈਂ ਤਿਆਰ ਹੋਣ ਤੋਂ
ਪਹਿਲਾਂ ਉਦਾਸੀ ਨੂੰ ਜਗਾ ਆਇਆ ਸੀ, ਪਰ ਜਦੋਂ ਮੈਂ ਤਿਆਰ ਹੋ ਕੇ ਉਸ ਨੂੰ ਲੈਣ ਲਈ ਗਿਆ ਤਾਂ
ਉਹ ਅਜੇ ਸੁੱਤਾ ਪਿਆ ਸੀ। ਸੁਭਾਅ ਮੁਤਾਬਿਕ ਤਾਂ ਮੈਨੂੰ ਚਲੇ ਜਾਣਾ ਚਾਹੀਦਾ ਸੀ, ਪਰ ਪਤਾ
ਨਹੀਂ ਕਿਉਂ ਮੈਂ ਉਸ ਨੂੰ ਉਠਾਇਆ ਅਤੇ ਗੱਡੀ ਨਿਕਲ ਜਾਣ ਦੀ ਸੰਭਾਵਨਾ ਬਾਰੇ ਤਾੜਨਾ ਕੀਤੀ।
ਉਹ ਚਾਹ ਪੀਣੀ ਚਾਹੁੰਦਾ ਸੀ ਪਰ ਮੈਂ ਉਸ ਨੂੰ ਸਟੇਸ਼ਨ ‘ਤੇ ਚਾਹ ਪੀਣ ਲਈ ਮਨਾ ਲਿਆ। ਉਹ
ਦਾਇਮੀ ਬਿਮਾਰਾਂ ਵਾਂਗ ਤਿਆਰ ਹੋਇਆ ਸੀ। ਰਿਕਸ਼ੇ ‘ਚ ਬੈਠਣ ਵੇਲੇ ਮੈਨੂੰ ਪਤਾ ਲੱਗਿਆ ਕਿ ਉਸ
ਨੇ ਰਾਤੀਂ ਸ਼ਰਾਬ ਪੀਤੀ ਸੀ ਅਤੇ ਟੋਟ ਕਰਕੇ ਵੀ ਉਸ ਦਾ ਮਾੜਾ ਹਾਲ ਸੀ। ਮੈਂ ਖਿਝ ਗਿਆ ਸੀ
ਅਤੇ ਬੋਲਣਾ ਬਿਲਕੁਲ ਹੀ ਨਹੀਂ ਸੀ ਚਾਹੁੰਦਾ ਪਰ ਉਦਾਸੀ ਚੁੱਪ ਰਹਿਣ ਵਾਸਤੇ ਤਿਆਰ ਨਹੀਂ ਸੀ।
ਉਦਾਸੀ ਕੋਲੋਂ ਲੁਕਾਇਆ ਵੀ ਕੀ ਜਾ ਸਕਦਾ ਸੀ? ਉਸ ਨੇ ਸਟੇਸ਼ਨ ਤਕ ਜਾਂਦਿਆਂ ਬਹੁਤ ਸਾਰੀਆਂ
ਗੱਲਾਂ ਕੀਤੀਆਂ ਕਿਉਂਕਿ ਉਹ ਲਗਾਤਾਰ ਬੋਲੀ ਜਾ ਰਿਹਾ ਸੀ। ਉਦੋਂ ਮੈਨੂੰ ਵੀ ਚੇਤਾ ਨਹੀਂ ਸੀ
ਕਿ ਉਸ ਨੇ ਕੀ ਕਿਹਾ ਹੈ ਕਿਉਂਕਿ ਮੈਂ ਉਸ ਨੂੰ ਸੁਣ ਹੀ ਨਹੀਂ ਸੀ ਰਿਹਾ। ਗੱਡੀ ਕੁਝ ਲੇਟ ਸੀ
ਅਤੇ ਉਥੇ ਉਦਾਸੀ ਨੇ ਫਿਰ ਆਪਣੇ ਝੋਰਿਆਂ ਤੇ ਸਿ਼ਕਵਿਆਂ ਦਾ ਕਿੱਸਾ ਛੋਹ ਲਿਆ...।”
ਗੱਡੀ ਆਈ ਤਾਂ ਉਹ ਗੱਡੀ ਚੜ੍ਹ ਗਏ। ਉਦਾਸੀ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਸ ਨੂੰ ਉਪਰਲੇ
ਫੱਟੇ ‘ਤੇ ਸੁਆ ਦਿੱਤਾ ਗਿਆ। ਤਿੰਨ ਚਾਰ ਘੰਟਿਆਂ ਦੇ ਸਫ਼ਰ ਪਿੱਛੋਂ ਔਰੰਗਾਬਾਦ ਦੇ ਸਟੇਸ਼ਨ
‘ਤੇ ਗੱਡੀ ਕੁਝ ਵੱਧ ਸਮੇਂ ਲਈ ਰੁਕੀ ਤਾਂ ਬਲਕਾਰ ਸਿੰਘ ਨੇ ਸੋਚਿਆ, ਉਦਾਸੀ ਨੂੰ ਚਾਹ ਪਾਣੀ
ਪੁੱਛ ਲਵਾਂ। ਇਥੇ ਉਸ ਦਾ ਹੀ ਲਿਖਿਆ ਹਵਾਲਾ ਦੇਣਾ ਉਚਿਤ ਹੋਵੇਗਾ, “ਮੈਂ ਜਾ ਕੇ ਇਕ ਦੋ
ਆਵਾਜ਼ਾਂ ਮਾਰੀਆਂ ਉਹ ਬੋਲਿਆ ਨਹੀਂ। ਮੈਂ ਸੁੱਤਾ ਹੋਇਆ ਸਮਝ ਕੇ ਚੁੱਪ ਕਰ ਗਿਆ। ਮਨਮਾੜ ਤੋਂ
ਦੋ ਤਿੰਨ ਸਟੇਸ਼ਨ ਪਹਿਲਾਂ ਮੈਂ ਉਦਾਸੀ ਨੂੰ ਜਗਾਉਣ ਦਾ ਮਨ ਬਣਾ ਕੇ ਉਸ ਨੂੰ ਆਵਾਜ਼ਾਂ
ਮਾਰੀਆਂ। ਜਦੋਂ ਉਹ ਨਾ ਬੋਲਿਆ ਤਾਂ ਮੈਂ ਹਲੂਣ ਕੇ ਉਸ ਨੂੰ ਉਠਾਉਣ ਦੀ ਕੋਸਿ਼ਸ਼ ਕੀਤੀ। ਹੱਥ
ਲਾਉਂਦਿਆਂ ਹੀ ਮੇਰੀਆਂ ਲੱਤਾਂ ਦੀ ਜਾਨ ਜਾਂਦੀ ਰਹੀ। ਮਰਨ ਤੋਂ ਪਹਿਲਾਂ ਮਰਨ ਦੀ ਇਹ ਘੜੀ
ਅੱਜ ਵੀ ਮੇਰੇ ਅੰਦਰ ਕੰਬਣੀ ਛੇੜ ਜਾਂਦੀ ਹੈ।”
ਉਸੇ ਡੱਬੇ ਵਿਚ ਟੀ. ਟੀ. ਰਹਿ ਚੁੱਕਾ ਇਕ ਸਿੰਘ ਵੀ ਸਫ਼ਰ ਕਰ ਰਿਹਾ ਸੀ। ਬਲਕਾਰ ਸਿੰਘ ਦੇ
ਦੱਸਣ ਉਤੇ ਉਸ ਨੇ ਵੀ ਉਦਾਸੀ ਨੂੰ ਹਿਲਾ ਕੇ ਵੇਖਿਆ। ਉਸ ਨੇ ਬਲਕਾਰ ਸਿੰਘ ਨੂੰ ਸਲਾਹ ਦਿੱਤੀ
ਕਿ ਉਹ ਆਪਣੇ ਆਪ ਨੂੰ ਸੰਭਾਲੇ ਅਤੇ ਮਨਮਾੜ ਜਾ ਕੇ ਹੀ ਰਿਪੋਰਟ ਕਰੇ ਕਿਉਂਕਿ ਛੋਟੇ
ਸਟੇਸ਼ਨਾਂ ਉਤੇ ਪ੍ਰਬੰਧ ਬਹੁਤ ਘੱਟ ਹੁੰਦੇ ਹਨ ਅਤੇ ਇਹੋ ਜਿਹੇ ਕੇਸਾਂ ਵਿਚ ਖੱਜਲ ਖੁਆਰੀ ਦੀ
ਸੰਭਾਵਨਾ ਵਧ ਜਾਂਦੀ ਹੈ। ਉਸੇ ਸਿੰਘ ਨੇ ਸਮਝਾਇਆ ਕਿ ਸਭ ਤੋਂ ਪਹਿਲਾਂ ਰੇਲਵੇ ਪੁਲਿਸ ਨੂੰ
ਸੂਚਨਾ ਦਿੱਤੀ ਜਾਵੇ। ਮਨਵਾੜ ਰੇਲਵੇ ਸਟੇਸ਼ਨ ‘ਤੇ ਬਲਕਾਰ ਸਿੰਘ ਨੇ ਪੁਲਿਸ ਨੂੰ ਸੂਚਨਾ ਦੇ
ਦਿੱਤੀ ਕਿ ਮੇਰੇ ਦੋਸਤ ਦੀ ਸਫ਼ਰ ਦੌਰਾਨ ਮ੍ਰਿਤੂ ਹੋ ਗਈ ਹੈ। ਇੰਸਪੈਕਟਰ ਨੇ ਲਾਸ਼ ਦਾ
ਮੁਆਇਨਾ ਕੀਤਾ ਤਾਂ ਬਲਕਾਰ ਸਿੰਘ ਨੇ ਦੱਸਿਆ ਕਿ ਮਰਹੂਮ ਸਾਧਾਰਨ ਆਦਮੀ ਨਹੀਂ। ਕਵੀ ਵਜੋਂ
ਰਾਸ਼ਟਰਪਤੀ ਤੋਂ ਇਨਾਮ ਲੈ ਚੁੱਕਾ ਹੈ। ਤੁਸੀਂ ਰਾਸਟਰਪਤੀ ਭਵਨ ਨਾਲ ਸੰਪਰਕ ਕਰੋ ਅਤੇ ਗਿਆਨੀ
ਜ਼ੈਲ ਸਿੰਘ ਦੇ ਨਿੱਜੀ ਸਕੱਤਰ ਸ. ਕੁਲਵੰਤ ਸਿੰਘ ਨੂੰ ਦੱਸੋ ਕਿ ਉਦਾਸੀ ਨਾਲ ਇਹ ਘਟਨਾ ਵਾਪਰ
ਗਈ ਹੈ। ਇਹ ਵੀ ਕਿਹਾ ਕਿ ਹੋ ਸਕੇ ਤਾ ਮੇਰੇ ਨਾਲ ਗੱਲ ਕਰਵਾਉ। ਸ਼ਹਿਰ ਦੇ ਕੁਝ ਪਤਵੰਤੇ ਵੀ
ਪਹੁੰਚ ਗਏ। ਸਭ ਨੇ ਵਾਪਰੀ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਤੇ ਬਲਕਾਰ ਸਿੰਘ ਨੂੰ ਹੌਂਸਲਾ
ਦਿੱਤਾ। ਬਲਕਾਰ ਸਿੰਘ ਦੀ ਲਿਖਤ ਅਨੁਸਾਰ ਵਿਚਾਰ ਵਟਾਂਦਰੇ ਉਪਰੰਤ ਪੁਲਿਸ ਦੀ ਸੰਮਤੀ ਨਾਲ ਇਹ
ਨਿਰਣੇ ਲਏ ਗਏ:
1. ਲਾਸ਼ ਦਾ ਪੰਜਾਬ ਲਿਜਾਣਾ ਮੁਸ਼ਕਲ ਹੈ। ਬਹੁਤੇ ਪ੍ਰਾਂਤਾਂ ‘ਚੋਂ ਲੰਘਣ ਕਰਕੇ ਵੀ ਅਤੇ
ਗਰਮੀ ਹੋਣ ਕਰਕੇ ਵੀ।
2. ਮਰਹੂਮ ਦੇ ਬੱਚਿਆਂ ਨੂੰ ਤੁਰੰਤ ਸੂਚਿਤ ਕਰਨ ਦਾ ਕੰਮ ਮੇਰੇ ਜ਼ੁੰਮੇ ਲਾਇਆ ਗਿਆ।
3. ਤਖ਼ਤ ਸਾਹਿਬ ਨੰਦੇੜ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਅਗਲੇ ਦਿਨ
ਪਹੁੰਚਣ ਲਈ ਕਿਹਾ ਕਿਉਂਕਿ ਇੰਨਾ ਸਮਾਂ ਤਾਂ ਲੱਗਣਾ ਹੀ ਸੀ।
4. ਮੈਨੂੰ ਰਾਤ ਨੂੰ ਚੱਲਣ ਵਾਲੀ ਗੱਡੀ ਉਤੇ ਚੜ੍ਹਾ ਦਿੱਤਾ ਗਿਆ, ਜਿਸ ਲਈ ਸਾਡੇ ਦੋਹਾਂ ਦੀ
ਰੀਜ਼ਰਵੇਸ਼ਨ ਸੀ। ਉਦਾਸੀ ਦੀ ਖਾਲੀ ਸੀਟ ਨਾਲੋਂ ਉਸ ਦੀ ਲਾਸ਼ ਨਾਲ ਆਉਣਾ ਕਿਤੇ ਸੌਖਾ ਹੋਣਾ
ਸੀ।
“ਮੈਂ ਸਿੱਧਾ ਪ੍ਰੋ. ਪ੍ਰੀਤਮ ਸਿੰਘ ਰਾਹੀ ਦੀ ਦੁਕਾਨ ‘ਤੇ ਬਰਨਾਲੇ ਪਹੁੰਚਿਆ। ਉਥੇ ਸਾਹਿਤ
ਸਭਾ ਦੀ ਮੀਟਿੰਗ ਹੋ ਰਹੀ ਸੀ। ਪੁਰਾਣੇ ਦੋਸਤ ਮੈਨੂੰ ਦੇਖ ਕੇ ਖੁਸ਼ ਹੋ ਗਏ ਪਰ ਛੇਤੀ ਹੀ
ਮੇਰੀਆਂ ਉੱਡੀਆਂ ਹੋਈਆਂ ਹਵਾਈਆਂ ਦਾ ਸਬੱਬ ਪੁੱਛਿਆ। ਭਰੇ ਹੋਏ ਮਨ ਨਾਲ ਮੈਂ ਸੱਚ ਬਿਆਨ ਕਰ
ਦਿੱਤਾ। ਉਨ੍ਹਾਂ ਨੇ ਉਦਾਸੀ ਦੇ ਘਰਦਿਆਂ ਨੂੰ ਸੂਚਿਤ ਕਰਨ ਦਾ ਜ਼ੁੰਮਾ ਲੈ ਲਿਆ ਸੀ ਕਿਉਂਕਿ
ਮੈਨੂੰ ਤਾਂ ਅੱਜ ਵੀ ਉਦਾਸੀ ਦੇ ਪਿੰਡ ਜਾਂ ਘਰ ਵਾਲਿਆਂ ਦਾ ਅਤਾ ਪਤਾ ਨਹੀਂ ਹੈ।‘‘
ਬਲਕਾਰ ਸਿੰਘ ਉਥੋਂ ਪਟਿਆਲੇ ਚਲਾ ਗਿਆ। ਉਸ ਨੇ ਖ਼ੁਦ ਉਦਾਸੀ ਦੇ ਪਰਿਵਾਰ ਕੋਲ ਜਾਣ ਦੀ ਲੋੜ
ਨਾ ਸਮਝੀ ਜਿਸ ਕਰਕੇ ਪਰਿਵਾਰ ਨੂੰ ਪਤਾ ਨਾ ਲੱਗ ਸਕਿਆ ਕਿ ਆਖ਼ਰੀ ਸਮੇਂ ਉਦਾਸੀ ਨਾਲ ਕੀ
ਬੀਤੀ, ਕੀ ਹੋਇਆ, ਕੀ ਨਾ ਹੋਇਆ? ਉਹ ਲਿਖਦਾ ਹੈ, “ਇਹ ਸੱਚ ਹੈ ਕਿ ਉਦਾਸੀ ਦੇ ਅੰਤਲੇ ਪਲਾਂ
ਵਿਚ ਮੈਂ ਉਸ ਦੇ ਕੰਮ ਵੀ ਨਹੀਂ ਆਇਆ ਕਿਉਂਕਿ ਇਸ ਦਾ ਉਸ ਨੇ ਮੌਕਾ ਹੀ ਨਹੀਂ ਦਿੱਤਾ ਸੀ।
ਬੇਗਾਨੀ ਧਰਤੀ ‘ਤੇ ਉਦਾਸੀ ਦੇ ਚੱਲ ਵਸਣ ਨਾਲ ਜੁੜੇ ਹੋਏ ਪ੍ਰਸ਼ਨਾਂ ਦੀ ਕੋਈ ਲੋੜ ਹੀ ਨਹੀਂ
ਹੈ ਕਿਉਂਕਿ ਮੈਂ ਤਾਂ ਪਾਟੀ ਹੋਈ ਮਾਨਸਿਕਤਾ ਅਤੇ ਸਿ਼ਕਵਿਆਂ ਨਾਲ ਭਰੇ ਹੋਏ ਉਦਾਸੀ ਨੂੰ ਨਾਲ
ਲਿਆ ਰਿਹਾ ਸੀ। ਅੱਜ ਮੈਨੂੰ ਲੱਗਦਾ ਹੈ ਕਿ ਉਹ ਅੰਤਾਂ ਦਾ ਬਿਮਾਰ ਸੀ ਤੇ ਉਸ ਨੂੰ
ਤੀਮਾਰਦਾਰੀ ਦੀ ਬੜੀ ਲੋੜ ਸੀ। ਇਸ ਪਾਸੇ ਧਿਆਨ ਦੇਣ ਦੀ ਥਾਂ ਮੈਨੂੰ ਲੱਗਦਾ ਹੈ ਕਿ ਉਸ ਦੀ
ਵਿਦਰੋਹੀ ਸੁਰ ਨਾਲ ਸੰਤੁਸ਼ਟ ਹੋਣ ਵਾਲਿਆਂ ਨੇ ਉਸ ਨੂੰ ਰੱਜ ਕੇ ਨਹੀਂ ਜਿਊਣ ਦਿੱਤਾ। ਸ਼ਾਇਦ
ਉਦਾਸੀ ਵਰਗੇ ਫੜਫੜਾਉਂਦੇ ਜਿਊੜਿਆਂ ਦਾ ਇਹੀ ਅੰਤ ਹੁੰਦਾ ਹੈ ਅਤੇ ਹੁੰਦੇ ਰਹਿਣਾ ਹੈ...।”
ਸੰਤ ਰਾਮ ਉਦਾਸੀ ਪੰਜਾਬੀ ਦਾ ਅਜ਼ੀਮ ਸ਼ਾਇਰ ਸੀ ਜੋ 1939 ਤੋਂ 1986 ਤਕ ਸੰਤਾਲੀ ਸਾਲ
ਜੀਵਿਆ। ਉਸ ਦੇ ਤਿੰਨ ਕਾਵਿ ਸੰਗ੍ਰਹਿ ‘ਲਹੂ ਭਿੱਜੇ ਬੋਲ’, ‘ਚੌ-ਨੁਕਰੀਆਂ ਸੀਖਾਂ’ ਤੇ
‘ਸੈਨਤਾਂ’ ਉਸ ਦੀ ਹਯਾਤੀ ਵਿਚ ਛਪੇ। ਉਸ ਦੀਆਂ ਕੁਝ ਕਵਿਤਾਵਾਂ ਅਣਛਪੀਆਂ ਵੀ ਰਹਿ ਗਈਆਂ ਜੋ
ਬਾਅਦ ਵਿਚ ਛਪਦੀਆਂ ਰਹੀਆਂ। ਲਿਖਾਰੀ ਸਭਾ ਬਰਨਾਲਾ ਨੇ ਉਸ ਦੇ ਅਣਛਪੇ ਗੀਤਾਂ ਤੇ ਕਵਿਤਾਵਾਂ
ਦਾ ਸੰਗ੍ਰਹਿ ‘ਕੰਮੀਆਂ ਦਾ ਵਿਹੜਾ’ ਨਾਂ ਹੇਠ ਛਾਪਿਆ। ਇਹ ਨਾਂ ਉਦਾਸੀ ਨੇ ਜੀਂਦੇ ਜੀਅ
ਤਜਵੀਜ਼ ਕੀਤਾ ਸੀ। ਜੀਂਦੇ ਜੀਅ ਉਸ ਦੀ ਕਦਰ ਤਾਂ ਪਈ ਪਰ ਉਨੀ ਨਹੀਂ ਪੈ ਸਕੀ ਜਿੰਨੀ ਦਾ ਉਹ
ਹੱਕਦਾਰ ਸੀ। ਅਜੇ ਵੀ ਉਨੀ ਨਹੀਂ ਪੈ ਰਹੀ ਜਿੰਨੀ ਦਾ ਉਹ ਹੱਕਦਾਰ ਹੈ ਜਦ ਕਿ ਕੁਝ ਇਕਨਾਂ ਦੀ
ਹੱਦੋਂ ਵੱਧ ਪੈ ਰਹੀ ਹੈ।
ਉਦਾਸੀ ਦੀ ਦੇਹ ਦਾ ਅੰਤਮ ਸੰਸਕਾਰ ਧੜਿਆਂ ਵਿਚ ਵੰਡੇ ਕਾਮਰੇਡਾਂ ਵੱਲੋਂ ਲਾਲ ਸਲਾਮ ਕਹੇ
ਬਿਨਾਂ ਇਕ ਸਿੱਖ ਦੀ ਲਾਵਾਰਸ ਲਾਸ਼ ਵਜੋਂ ਮਨਵਾੜ ਦੇ ਸਿੱਖਾਂ ਨੇ ਕੀਤਾ। ਉਹਦੀ ਜਨਮ ਭੋਇੰ
ਰਾਏਸਰ ਨੂੰ ਆਪਣੇ ਲਾਲ ਦੀ ਮ੍ਰਿਤਕ ਦੇਹ ਦੇ ਦਰਸ਼ਨ ਨਾ ਨਸੀਬ ਹੋ ਸਕੇ। 12 ਨਵੰਬਰ ਨੂੰ
ਉਦਾਸੀ ਦੇ ਦੋਵੇਂ ਰਿਸ਼ਤੇਦਾਰਾਂ ਨੇ ਆ ਕੇ ਦੱਸਿਆ ਕਿ ਉਹਦੇ ਫੁੱਲ ਗੋਦਾਵਰੀ ਨਦੀ ਵਿਚ ਤਾਰ
ਆਏ ਹਨ ਤੇ ਉਹਦੇ ਸਮਾਨ ਵਾਲਾ ਬੈਗ ਲੈ ਆਏ ਹਨ। ਅਜਿਹੀ ਹੋਣੀ ਸੀ ਪੰਜਾਬੀ ਦੇ ਇਸ ਲੋਕ ਕਵੀ
ਦੀ!
ਉਦਾਸੀ ਦੀ ਵਸੀਅਤ ਹੈ:
ਮੇਰੀ ਮੌਤ ‘ਤੇ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ।
ਮੇਰੀ ਜਿ਼ੰਦਗੀ ਵੀ ਕੀ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ ਤੀਲੀ ਬੇਸ਼ੱਕ ਨਾ ਲਾਇਓ।
ਵਲਗਣ ‘ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ ‘ਤੇ ਹੀ ਜਲਾਇਓ।
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ।
-0-
|