1
ਇੱਕ ਵਕਤ ਸੀ ਖੁਸ਼ ਲੋਕ ਸਨ ਕੱਚਿਆਂ ਘਰਾਂ ਦੇ ਨਾਲ।
ਪੱਕਿਆਂ ਚ’ ਜੋ ਹੁਣ ਰੋ ਰਹੇ ਲੱਗ ਲੱਗ ਦਰਾਂ ਦੇ ਨਾਲ।
ਇਹ ਵੀ ਪਤਾ ਕੋਈ ਨਾ ਹੁਣ ਰਹਿੰਦਾ ਹੈ ਉਸ ਜਗ੍ਹਾ,
ਫਿਰ ਵੀ ਬੜੀ ਹੀ ਖਿੱਚ ਹੈ ਆਪਣੇ ਗਰਾਂ ਦੇ ਨਾਲ।
ਲਿਖਣਾ ਤਾਂ ਮੇਰਾ ਸ਼ੌਕ ਹੈ ਪੇਸ਼ਾ ਨਹੀਂ ਹੈ ਯਾਰ,
ਮੈਨੂੰ ਮਿਲਾਇਆ ਨਾ ਕਰੋ ਪੇਸ਼ਾਵਰਾਂ ਦੇ ਨਾਲ।
ਹੁੰਦਾ ਬੜਾ ਹੀ ਪਿਆਰ ਸੀ ਆਪਸ ਚ’ ਉਸ ਸਮੇਂ,
ਖਾਂਦੇ ਜਦੋਂ ਸਾਂ ਰੋਟੀਆਂ ਖੀਰੇ ਤਰਾਂ ਦੇ ਨਾਲ।
ਨਿਸਚੇ ਬਦਲ ਜਾਂਦਾ ਹੈ ਉਹ ਇੰਸਾਨ ਕੁਝ ਨਾ ਕੁਝ,
ਕਰਦਾ ਜੋ ਸੰਗਤ ਚਿੰਤਕਾਂ ਦਾਨਸ਼ਵਰਾਂ ਦੇ ਨਾਲ।
ਦੋਸਤ ਬਣਾਉਣਾਂ ਦੋਸਤਾ ਆਪਣੇ ਹੀ ਮੇਚ ਦਾ,
ਨਿਭਦੀ ਹੈ ਮੁਸ਼ਕਲ ਦੋਸਤੀ ਜ਼ੋਰਾਵਰਾਂ ਦੇ ਨਾਲ।
ਇਸ ਤੋਂ ਕਿਤੇ ਹੈ ਬਿਹਤਰ ਤੁਰਨਾ ਜ਼ਮੀਨ ਤੇ,
ਕਰਨੀ ਨਹੀਂ ਪਰਵਾਜ਼ ਮੈਂ ਮੰਗਵੇਂ ਪਰਾਂ ਦੇ ਨਾਲ।
******************
2
ਹਰ ਵਕਤ ਸ਼ਾਂਤ ਰਹਿਣਾ ਹਰ ਵਕਤ ਮੁਸਕੁਰਾਉਣਾ।
ਗੁੱਸੇ ‘ਚ ਆ ਕੇ ਅਪਣਾ ਸੰਤੁਲਨ ਨਾ ਗੁਆਉਣਾ।
ਅਪਰਾਧ ਹੈ ਇਹ ਭਾਰੀ ਹੈ ਕਥਨ ਬੁਲ੍ਹੇ ਸ਼ਾਹ ਦਾ
ਇਸ ਕਰਕੇ ਤੂੰ ਕਿਸੇ ਦਾ ਹਰਗਿਜ਼ ਨਾ ਦਿਲ ਦੁਖਾਉਣਾ।
ਚੰਗੀ ਨਹੀਂ ਇਹ ਆਦਤ ਪੂਰੀ ਕਮੀਨਗੀ ਹੈ
ਸੰਕਟ ‘ਚ ਤੱਕ ਪੜੋਸੀ ਦਿਲ ਵਿਚ ਖ਼ੁਸ਼ੀ ਮਨਾਉਣਾ।
ਸਾਰੀ ਦਿਹਾੜੀ ਸੁਸਤੀ ਛੱਡਦੀ ਨਹੀਂ ਹੈ ਪਿੱਛਾ
ਸੂਰਜ ਚੜ੍ਹਨ ਤੋਂ ਮਗਰੋਂ ਚੰਗਾ ਨਹੀਂ ਹੈ ਸਾਉਣਾ।
ਇਹ ਕਾਇਰਤਾ ਹੈ ਪੂਰੀ ਬਾਹਲਾ ਹੀ ਹੋਛਾਪਨ ਹੈ
ਗ਼ਲਤੀ ਤਾਂ ਆਪ ਕਰਨੀ ਨਾਂ ਦੂਸਰੇ ਦਾ ਲਾਉਣਾ।
ਦਿਲ ਨੂੰ ਸਕੂਨ ਮਿਲਦਾ ਨਾਲੇ ਵਿਹਾਰ ਬਣਦਾ
ਕਰਕੇ ਕਿਸੇ ‘ਨ ਵਾਦਾ ਚਾਹੀਦਾ ਫਿਰ ਨਿਭਾਉਣਾ।
************
-0-
|